ਐੱਨ. ਜੀ. ਓ. : ਸਾਮਰਾਜਵਾਦ ਦੇ ਚਾਕਰ -ਜੇਮਸ ਪੇਤ੍ਰਾਸ ਤੇ ਹੇਨਰੀ ਬੇਲਤਮੇਅਰ

ngo(ਪੀ.ਡੀ.ਐਫ਼ ਡਾਊਨਲੋਡ ਕਰੋ)

(ਸਾਮਰਾਜੀਆਂ ਦੁਆਰਾ ਦਿੱਤੇ ਜਾਂਦੇ ‘ਦਾਨ’ ਸਹਾਰੇ ਹਿੰਦੋਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਰਸਰਕਾਰੀ ਜਥੇਬੰਦੀਆਂ ਨੇ ਸਮਾਜ ਸੁਧਾਰ ਦੇ ਨਾਂ ‘ਤੇ ਪਹਿਲਾਂ ਹੀ ਆਪਣਾ ਜਾਲ਼ ਵਿਛਾ ਕੇ ਇਨਕਲਾਬੀ ਲਹਿਰ ਅੱਗੇ ਤਕੜੀ ਚੁਣੌਤੀ ਪੇਸ਼ ਕੀਤੀ ਹੈ। ਭਾਰਤੀ ਅਰਥਚਾਰੇ ਦੇ ਵਿਸ਼ਵੀਕਰਨ ਦੇ ਪਿਛਲੇ ਡੇਢ ਦਹਾਕੇ ਦੌਰਾਨ ਪੂਰੇ ਦੇਸ਼ ਅੰਦਰ ਹੀ ਗੈਰ-ਸਰਕਾਰੀ ਜਥੇਬੰਦੀਆਂ (ਐੱਨ. ਜੀ. ਓ.) ਦਾ ਹੜ ਜਿਹਾ ਆ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਅੰਦਰ ਵੀ ਕਈ ਐੱਨ. ਜੀ. ਓ. ਸਰਗਰਮ ਹੋ ਗਈਆਂ ਹਨ। ਜੋ ਸਮਾਜਿਕ ਤਬਦੀਲੀ ਪ੍ਰਤੀ ਸਰੋਕਾਰ ਰੱਖਣ ਵਾਲੇ ਨੌਜਵਾਨਾਂ ਅਤੇ ਬੁੱਧੀਜੀਵੀਆਂ ਨੂੰ ਭਰਮਾ ਰਹੀਆਂ ਹਨ। ਇਸ ਲਈ  ਜ਼ਰੂਰੀ ਹੈ ਕਿ ਐੱਨ. ਜੀ. ਓ. ਵਰਤਾਰੇ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇ। ਪ੍ਰਤੀਬੱਧ ਦੇ ਆਉਣ ਵਾਲੇ ਅੰਕਾਂ ਵਿੱਚ ਅਸੀਂ ਇਸ ਸੰਬੰਧੀ ਹੋਰ ਲੇਖ ਵੀ ਛਾਪਾਂਗੇ। -ਸੰਪਾਦਕ)

(ਜੇਮਸ ਪੇਤ੍ਰਾਸ ਸਟੇਟ ਯੁਨੀਵਰਸਿਟੀ ਆਫ ਨਿਊਯਾਰਕ, ਬਿੰਘਮਟਨ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਐਮੀਰੇਟਸ ਅਤੇ ਸੇਂਟ ਮੇਰੀ’ਜ਼ ਯੂਨੀਵਰਸੀਟੀ, ਹੇਲੀਫੈਕਸ, ਕਨੇਡਾ ਵਿੱਚ ਕੌਮਾਂਤਰੀ ਵਿਕਾਸ ਅਧਿਐਨ ਦੇ ਅਡਜੰਕਟ ਪ੍ਰੋਫੈਸਰ ਹਨ। ਉਨ੍ਹਾਂ ਨੇ ਲਾਤੀਨੀ ਅਮਰੀਕਾ, ਤੀਜੀ  ਦੁਨੀਆ ਦੇ ਦੇਸ਼ਾਂ ਅਤੇ ਸੰਸਾਰ ਵਿਕਾਸ ਉਪਰ 36 ਕਿਤਾਬਾਂ ਅਤੇ 300 ਤੋਂ ਵੀ ਵਧੇਰੇ ਲੇਖ ਲਿਖੇ ਹਨ। 

ਹੇਨਰੀ ਵੇਲਤਮੇਅਰ  ਯੂਨੀਵਰਸਿਡਾਡ ਆਟੋਨਾਮਾ ਡਿ ਜਕਾਟੇਕਾਸ, ਮੇਕਸਿਕੋ ਵਿੱਚ ਸਮਾਜ ਸ਼ਾਸਤਰ ਅਤੇ ਕੌਮਾਂਤਰੀ ਵਿਕਾਸ ਅਧਿਐਨ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਕਨੇਡਾ ਦੇ ਰਾਜਨੀਤਿਕ ਅਰਥਸ਼ਾਸਤਰ ਅਤੇ ਲਾਤੀਨੀ ਅਮਰੀਕਾ ਵਿੱਚ ਵਿਕਾਸ ਦੇ ਮੁੱਦਿਆਂ ਉੱਪਰ ਕਈ ਕਿਤਾਬਾਂ ਲਿਖੀਆਂ ਹਨ। 

ਇਹ ਲੇਖ ਉਨ੍ਹਾਂ ਦੀ ਨਵੀਂ ਪੁਸਤਕ ‘ਗਲੋਬਲਾਈਜ਼ੇਸ਼ਨ ਅਨਮਾਸਕਡ’ ਵਿੱਚੋਂ ਲਿਆ ਗਿਆ ਹੈ।)

ਪੂਰੇ ਇਤਿਹਾਸ ਵਿੱਚ, ਮੁੱਠੀਭਰ ਘੱਟ ਗਿਣਤੀ ਦੀ ਅਗਵਾਈ ਕਰਨ ਵਾਲ਼ੀ ਹਾਕਮ ਜਮਾਤ ਆਪਣੀ ਸੱਤ੍ਹਾ, ਮੁਨਾਫੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਹਿਫਾਜਤ ਲਈ ਰਾਜਤੰਤਰ ਅਤੇ ਸਮਾਜਿਕ ਸੰਸਥਾਵਾਂ ‘ਤੇ ਨਿਰਭਰ ਕਰਦੀ ਰਹੀ ਹੈ। ਬੀਤੇ ਸਮੇਂ ਵਿੱਚ, ਖਾਸ ਕਰਕੇ ਤੀਜੀ ਦੁਨੀਆਂ ਵਿੱਚ, ਸਾਮਰਾਜਵਾਦੀ ਹਾਕਮ ਜਮਾਤਾਂ ਨੇ ਲੁੱਟੇ ਜਾ ਰਹੇ ਲੋਕਾਂ ਨੂੰ ਕਾਬੂ ਕਰਕੇ ਅਤੇ ਉਨਾਂ ਦੇ ਅਸੰਤੋਸ਼ ਨੂੰ ਧਾਰਮਿਕ ਤੇ ਫਿਰਕੂ ਟਕਰਾਵਾਂ ਤੇ ਘੋਲ਼ਾਂ ਵੱਲ ਮੋੜ ਦੇਣ ਲਈ ਵਿਦੇਸ਼ੀ ਅਤੇ ਸਥਾਨਕ ਧਾਰਮਿਕ ਸੰਸਥਾਵਾਂ ਨੂੰ ਪੈਸਾ ਤੇ ਸਹਾਰਾ ਦਿੱਤਾ। 

ਚਾਹੇ ਇਹ ਕੰਮ ਅੱਜ ਵੀ ਜਾਰੀ ਹੈ, ਪਰ ਹਾਲ ਦੇ ਦਹਾਕਿਆਂ ਵਿੱਚ ਇੱਕ ਨਵੀਂ ਸਮਾਜਿਕ ਸੰਸਥਾ ਉੱਭਰੀ ਹੈ ਜੋ ਨਿਯੰਤਰਣ ਦੇ ਵਿਚਾਰਕ ਭਰਮਜਾਲ਼ ਫੈਲਾਉਣ ਦੇ ਉਸੇ ਕੰਮ ਨੂੰ ਬਾਖੂਬੀ ਪੂਰਾ ਕਰ ਰਹੀ ਹੈ¸ਇਹ ਹਨ ਅਖੌਤੀ ”ਗੈਰ ਸਰਕਾਰੀ ਸੰਸਥਾਵਾਂ” (ਐੱਨ. ਜੀ. ਓ. ¸ਇਹ ਨਾਮ ਇਨਾਂ ਨੇ ਹੀ ਖੁਦ ਨੂੰ ਦਿੱਤਾ ਹੈ)। ਅੱਜ ਘੱਟ ਤੋਂ ਘੱਟ 50, 000 ਐੱਨ. ਜੀ. ਓ. (ਅਤੇ ਉਨਾਂ ਦੀਆਂ ਅਨਗਿਣਤ ਸ਼ਾਖਾਵਾਂ-ਪ੍ਰਸ਼ਾਖਾਵਾਂ-ਉਪਸ਼ਾਖਾਵਾਂ-ਸੰ.) ਪੂਰੀ ਤੀਜੀ ਦੁਨੀਆਂ ਵਿੱਚ ਛਾਈਆਂ ਹੋਈਆਂ ਹਨ ਅਤੇ ਕੌਮਾਂਤਰੀ ਵਿੱਤੀ ਸੰਸਥਾਵਾਂ, ਯੂਰਪੀ, ਅਮਰੀਕੀ ਅਤੇ ਜਪਾਨੀ ਸਰਕਾਰੀ ਏਜੰਸੀਆਂ ਅਤੇ ਸਥਾਨਕ ਸਰਕਾਰਾਂ ਤੋਂ ਫੰਡ ਦੇ ਰੂਪ ‘ਚ ਕੁੱਲ 10 ਅਰਬ ਡਾਲਰ ਤੋਂ ਜਿਆਦਾ ਪ੍ਰਾਪਤ ਕਰ ਰਹੀਆਂ ਹਨ। ਇਹ ਕੌਮਾਂਤਰੀ ਕਾਨਫਰੰਸਾਂ ਵਿੱਚ ਭਾਗ ਲੈਣ ਲਈ ਹਵਾਈ ਯਾਤਰਾਵਾਂ ਕਰਦੇ ਹਨ, ਚੋਟੀ ਦੇ ਉਦਯੋਗਿਕ ਅਤੇ ਵਿੱਤੀ ਡਾਇਰੈਕਟਰਾਂ ਨਾਲ਼ ਮੀਟਿੰਗਾਂ ਕਰਦੇ ਹਨ ਅਤੇ ਅਜਿਹੇ ਨੀਤੀਗਤ ਫੈਸਲੇ ਲੈਂਦੇ ਹਨ ਜੋ ਕਿ ਲੱਖਾਂ ਲੋਕਾਂ, ਖਾਸਕਰ ਗਰੀਬਾਂ ਅਤੇ ਅਸੰਗਠਤ ਖੇਤਰ ਵਿੱਚ ਲੱਗੇ ਕਿਰਤੀਆਂ ਨੂੰ ਪ੍ਰਭਾਵਿਤ ਕਰਦੇ ਹਨ¸ਜਿਆਦਾਤਰ ਮਾਮਲਿਆਂ ਵਿੱਚ ਉਨਾਂ ਨੂੰ ਹਾਨੀਕਾਰਕ ਰੂਪ ਨਾਲ਼ ਪ੍ਰਭਾਵਿਤ ਕਰਦੇ ਹਨ। 

ਐੱਨ. ਜੀ. ਓ. ਸੰਸਾਰ ਵਿਆਪੀ ਰਾਜਨੀਤਕ ਅਤੇ ਸਮਾਜਿਕ ਮੰਚ ‘ਤੇ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ। ਉਹ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫਰੀਕਾ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਦੇ ਹਨ ਅਤੇ ਯੂਰਪ, ਅਮਰੀਕਾ ਅਤੇ ਜਪਾਨ ਵਿੱਚ ਸਥਿਤ ਆਪਣੇ ਪ੍ਰਮੁੱਖ ਦਾਤਿਆਂ ਨਾਲ਼ ਮਾਤਹਤੀ ਭੂਮਿਕਾ ਵਿੱਚ ਲਗਾਤਾਰ ਜੁੜੇ ਰਹਿੰਦੇ ਹਨ। ਇਹ ਐੱਨ. ਜੀ. ਓ. ਦੇ ਵਿਆਪਕ ਪ੍ਰਭਾਵ  ਅਤੇ ਅਖੌਤੀ ”ਪ੍ਰਗਤੀਸ਼ੀਲ ਸੰਸਾਰ” ਉੱਤੇ ਉਨਾਂ ਦੀ ਆਰਥਿਕ ਤੇ ਰਾਜਨੀਤਕ ਤਾਕਤ ਦਾ ਹੀ ਇੱਕ ਲੱਛਣ ਹੈ ਕਿ ਉਨਾਂ ਦੇ ਨਾਕਾਰਾਤਮਕ ਪ੍ਰਭਾਵਾਂ ਦੀ ਸੁਸੰਗਤ ਖੱਬੇਪੱਖੀ ਅਲੋਚਨਾ ਬਹੁਤ ਘੱਟ ਹੋਈ ਹੈ। ਵਡੇਰੇ ਰੂਪ ਵਿੱਚ ਇਹ ਅਸਫਲਤਾ ਜਥੇਬੰਦ ਖੱਬੇਪੱਖੀ ਲਹਿਰਾਂ ਨੂੰ ਵਿਸਥਾਪਿਤ ਅਤੇ ਬਰਬਾਦ ਕਰਨ ਅਤੇ ਉਨਾਂ  ਦੇ ਬੁੱਧੀਜੀਵੀ ਯੁੱਧਨੀਤੀਕਾਰਾਂ ਤੇ ਜਥੇਬੰਦਕ ਆਗੂਆਂ ਨੂੰ ਤੋੜ ਲੈਣ ਵਿੱਚ ਐੱਨ. ਜੀ. ਓ. ਦੀ ਸਫਲਤਾ ਦਾ ਹੀ ਨਤੀਜਾ ਹੈ। 

ਅੱਜ ਜਿਆਦਾਤਰ ਖੱਬੇ ਪੱਖੀ ਲਹਿਰਾਂ ਅਤੇ ਲੋਕਾਂ ਦੇ ਬੁਲਾਰੇ ਆਪਣੀ ਅਲੋਚਨਾ ਦਾ ਨਿਸ਼ਾਨਾ ਆਈ. ਐਮ.ਐਫ. ਸੰਸਾਰਬੈਂਕ, ਬਹੁਕੌਮੀ ਨਿਗਮਾਂ, ਪ੍ਰਾਈਵੇਟ ਬੈਂਕਾਂ ਆਦਿ ਨੂੰ ਬਣਾਉਂਦੇ ਹਨ ਜੋ ਕਿ ਤੀਜੀ ਦੁਨੀਆਂ ਦੀ ਲੁੱਟ ਦਾ ਵਡੇਰਾ ਆਰਥਿਕ ਏਜੰਡਾ ਤੈਅ ਕਰਦੇ ਹਨ। ਇਹ ਇੱਕ ਮਹੱਤਵਪੂਰਨ ਕੰਮ ਹੈ। ਪਰ ਤੀਜੀ ਦੁਨੀਆਂ ਦੇ ਉਦਯੋਗਿਕ ਅਧਾਰ, ਅਜ਼ਾਦੀ ਅਤੇ ਜੀਵਨ ਪੱਧਰ ‘ਤੇ ਹਮਲਾ ਬਹੁਤੇਰੇ ਆਰਥਿਕ ਤੇ ਸੂਖਮ-ਸਮਾਜਿਕ-ਰਾਜਨੀਤਕ, ਦੋਹਾਂ ਧਰਾਤਲਾਂ ‘ਤੇ ਹੋ ਰਿਹਾ ਹੈ। ਮਜ਼ਦੂਰਾਂ, ਤਨਖਾਹਦਾਰ ਕਿਰਤੀਆਂ, ਕਿਸਾਨਾਂ ਅਤੇ ਛੋਟਾ ਮੋਟਾ ਕਾਰੋਬਾਰ ਕਰਨ ਵਾਲ਼ੇ ਲੋਕਾਂ ‘ਤੇ ਢਾਂਚਾਗਤ ਸਮਾਯੋਜਨ ਦੀਆਂ ਨੀਤੀਆਂ ਦੇ ਭਿਆਨਕ ਸਿੱਟੇ ਕੌਮੀ ਲੋਕ ਰੋਹ ਪੈਦਾ ਕਰ ਰਹੇ ਹਨ ਅਤੇ ਇਹੀ ਐੱਨ. ਜੀ. ਓ. ਸਾਹਮਣੇ ਆਉਂਦੇ ਹਨ ਜੋ ਲੋਕਾਂ ਨੂੰ ਪੱਟੀ ਪੜ੍ਹਾਕੇ ਇਸ ਰੋਹ ਨੂੰ ਕਾਰਪੋਰੇਟ/ ਬੈਂਕਿੰਗ ਸੱਤ੍ਹਾ ਸੰਰਚਨਾਵਾਂ ਅਤੇ ਮੁਨਾਫਿਆਂ ‘ਤੇ ਸਿੱਧੇ ਹਮਲੇ ਤੋਂ ਹਟਾਕੇ ਸਥਾਨਕ ਮਾਈਕਰੋ ਪ੍ਰੋਜੈਕਟਾਂ, ਗੈਰ-ਰਾਜਨੀਤਕ ”ਗ੍ਰਾਸਰੂਟੀ” ਸਵੈ-ਸ਼ਾਸਨ ਅਤੇ ‘ਲੋਕ ਸਿੱਖਿਆ” ਵੱਲ ਮੋੜ ਦਿੰਦੇ ਹਨ ਜਿਸ ਵਿੱਚ ਸਾਮਰਾਜਵਾਦੀ ਅਤੇ ਪੂੰਜੀਵਾਦੀ ਮੁਨਾਫਾਖੋਰੀ ਦੇ ਜਮਾਤੀ ਵਿਸ਼ਲੇਸ਼ਣ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। 

ਮਹੱਤਵਕਾਂਕਸ਼ੀ ਸਿੱਖਿਅਤ ਵਰਗਾਂ ਦੀ ਉੱਪਰ ਵੱਲ ਗਤੀਸ਼ੀਲਤਾ ਲਈ ਦੁਨੀਆਂ ਭਰ ਵਿੱਚ ਐੱਨ. ਜੀ. ਓ. ਅੱਜ ਨਵੀਂ ਕਿਸਮ ਦੇ ਵਾਹਕ ਬਣ ਚੁੱਕੇ ਹਨ। ਵੱਡੀ ਸੰਖਿਆ ਵਿੱਚ ਅਕੈਡਮਿਕਾਂ, ਪੱਤਰਕਾਰਾਂ ਅਤੇ ਅਜ਼ਾਦ ਪੇਸ਼ਾ ਵਿਅਕਤੀਆਂ ਨੇ ਐੱਨ. ਜੀ. ਓ. ਨਾਲ਼ ਲੱਗ ਕੇ ਫਲਦਾਈ ਕੈਰੀਅਰ ਬਣਾਉਣ ਲਈ ਖੱਬੇਪੱਖੀ ਅੰਦੋਲਨਾਂ ਤੋਂ ਮੂਹ ਮੋੜ ਲਿਆ ਹੈ, ਜਿੱਥੇ ਜਾਹਿਰ ਹੈ, ਉਨਾਂ ਨੂੰ ਕੋਈ ਖਾਸ ਭੌਤਿਕ ਲਾਭ ਨਹੀਂ ਮਿਲ਼ਦਾ ਸੀ। ਉਹ ਆਪਣੇ ਨਾਲ਼ ਜਥੇਬੰਦਕ ਅਤੇ ਗੱਲਬਾਤ ਦਾ ਹੁਨਰ ਇੱਕ ਖਾਸ ਲੋਕਪ੍ਰਿਅ ਸ਼ਬਦਾਵਲੀ ਲੈ ਕੇ ਆਏ। ਅੱਜ ਹਜ਼ਾਰਾਂ ਐੱਨ. ਜੀ. ਓ. ਡਾਇਰੇਕਟਰ ਆਪਣੇ ਫੈਸ਼ਨੇਬਲ ਉਪਨਗਰੀ ਅਵਾਸਾਂ ਜਾਂ ਅਪਾਰਟਮੈਂਟਸ ਨਾਲ਼ ਆਪਣੇ ਸਜੇ-ਧਜੇ ਦਫ਼ਤਰਾਂ ਅਤੇ ਬਿਲਡਿੰਗ ਕੰਪਲੈਕਸਾਂ ਵਿੱਚ 40,000 ਡਾਲਰ ਦੀ ਸਪੋਰਟਸ ਕਾਰ ਵਿੱਚ ਸਵਾਰ ਹੋ ਕੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਅਤੇ ਘਰੇਲੂ ਕੰਮਾਂ ਕਾਰਾਂ ਨੂੰ ਨੌਕਰਾਂ ਅਤੇ ਬਗੀਚਿਆਂ ਨੂੰ ਮਾਲੀ ਦੀ ਦੇਖ-ਰੇਖ ਵਿੱਚ ਛੱਡ ਜਾਂਦੇ ਹਨ। ਉਹ ਆਪਣੇ ਦੇਸ਼ ਦੇ ਧੂੜ ਚਿੱਕੜ ਭਰੇ ਪਿੰਡਾਂ ਦੇ ਮੁਕਾਬਲੇ ਗਰੀਬੀ ‘ਤੇ ਹੋਣ ਵਾਲ਼ੇ ਕੌਮਾਂਤਰੀ ਸੰਮੇਲਨਾਂ ਦੀ ਥਾਂ (ਵਾਸ਼ਿਗਟਨ, ਬੈਂਕਾਕ, ਟੋਕੀਓ, ਬ੍ਰਸੇਲਸ, ਰੋਮ ਆਦਿ) ਤੋਂ ਜਿਆਦਾ ਵਾਕਿਫ ਹੁੰਦੇ ਹਨ ਅਤੇ ਆਪਣਾ ਜਿਆਦਾ ਸਮਾਂ ਵੀ ਉੱਥੇ ਹੀ ਗੁਜ਼ਾਰਦੇ ਹਨ। ਉਹ ਘੱਟ ਤਨਖਾਹ ਵਿਰੁੱਧ ਪੇਂਡੂ ਅਧਿਆਪਕਾਂ ਦੇ ਪ੍ਰਦਰਸ਼ਨ ‘ਤੇ ਧਾਵਾ ਬੋਲਦੀ ਪੁਲਸ ਦੀ ਲਾਠੀ ਸਿਰ ‘ਤੇ ਖਾਣ ਦਾ ਜੋਖਮ ਉਠਾਉਣ ਦੀ ਬਜਾਇ ”ਯੋਗ ਪ੍ਰੋਫੈਸ਼ਨਲਾਂ” ਨੂੰ ਨਕਦ ਨਾਰਾਇਣ ਉਪਲਪਧ ਕਰਾਉਣ ਦੇ ਨਵੇਂ-ਨਵੇਂ ਪ੍ਰਸਤਾਵ ਤਿਆਰ ਕਰਨ ਵਿੱਚ ਜਿਆਦਾ ਪ੍ਰਵੀਣ ਹੁੰਦੇ ਹਨ। ਐੱਨ. ਜੀ. ਓ. ਦੇ ਚੌਧਰੀਆਂ ਦਾ ਸਮੂਹ ਇੱਕ ਨਵੀਂ ਜਮਾਤ ਹੈ ਜੋ ਸੰਪਤੀ ਦੀ ਮਾਲਕੀ ਜਾਂ ਸਰਕਾਰੀ ਸਾਧਨਾਂ ‘ਤੇ ਅਧਾਰਤ ਨਹੀਂ ਹੈ। ਸਗੋਂ ਸਾਮਰਾਜਵਾਦੀ ਫੰਡਾਂ ਅਤੇ ਮਹੱਤਵਪੂਰਨ ਜਨਸਮੂਹਾਂ ਨੂੰ ਕੰਟਰੋਲ ਕਰਨ ਦੀ ਖੁਦ ਦੀ ਯੋਗਤਾ ਵਿੱਚੋਂ ਪੈਦਾ ਹੋਇਆ ਹੈ। ਐੱਨ. ਜੀ. ਓ. ਚੌਧਰੀਆਂ ਨੂੰ ਇੱਕ ਨਵੀਂ ਤਰਾਂ ਦੇ ਕਮਪ੍ਰਾਡੋਰ ਸਮੂਹ (ਦਲਾਲ ਪੂੰਜੀਪਤੀ) ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜੋ ਕਿਸੇ ਵੀ ਉਪਯੋਗੀ ਵਸਤੂ ਦਾ ਉਤਪਾਦਨ ਨਹੀਂ ਕਰਦੇ ਸਗੋਂ ਦਾਤਾ ਦੇਸ਼ਾਂ ਲਈ ਉਪਯੋਗੀ ਸੇਵਾਵਾਂ ਮਹੱਈਆ ਕਰਾਉਂਦੇ ਹਨ, ਨਿੱਜੀ ਲਾਭਾਂ ਲਈ ਆਪਣੇ ਦੇਸ਼ ਦੀ ਗਰੀਬੀ ਦਾ ਸੌਦਾ ਕਰਦੇ ਹਨ। 

ਆਪਣੀ ਸਥਿਤੀ ਦੀ ਸਫਾਈ ਦੇਣ ਲਈ ਐੱਨ. ਜੀ. ਓ. ਡਾਇਰੈਕਟਰਾਂ ਦੁਆਰਾ ਕੀਤੇ ਜਾਣ ਵਾਲ਼ੇ ਰਸਮੀ ਦਾਅਵੇ¸ਕਿ ਉਹ ਗਰੀਬੀ, ਗੈਰ ਬਰਾਬਰੀ ਆਦਿ ਨਾਲ਼ ਲੜ ਰਹੇ ਹਨ¸ਸਰਵਥਾਪੂਰਨ ਅਤੇ ਪਾਖੰਡ ਪੂਰਨ ਹਨ। ਐੱਨ. ਜੀ. ਓ. ਦੇ ਵਾਧੇ ਅਤੇ ਆਮ ਜੀਵਨ-ਪੱਧਰ ਦੀ ਗਿਰਾਵਟ ਵਿੱਚ ਸਿੱਧਾ ਸਬੰਧ ਹੈ : ਐੱਨ. ਜੀ. ਓ ਦੀ ਸੰਖਿਆ ਵਿੱਚ ਵਾਧੇ ਨੇ ਢਾਂਚਾਗਤ ਬੇਰੁਜ਼ਗਾਰੀ ਜਾਂ ਕਿਸਾਨਾਂ ਦੇ ਵੱਡੇ ਪੈਮਾਨੇ ‘ਤੇ ਵਿਸਥਾਪਨ ਨੂੰ ਘੱਟ ਨਹੀਂ ਕੀਤਾ ਹੈ ਅਤੇ ਨਾ ਹੀ ਅਸੰਗਠਤ ਮਿਹਨਤਕਸ਼ਾਂ ਦੀ ਵਧਦੀ ਹੋਈ ਫੌਜ ਲਈ ਜੀਵਨ ਜਿਊਣ ਯੋਗ ਮਜ਼ਦੂਰੀ-ਪੱਧਰ ਹੀ ਪ੍ਰਦਾਨ ਕੀਤਾ ਹੈ। ਐਨ ਜੀ. ਓ ਨੇ ਜੋ ਕੀਤਾ ਹੈ ਉਹ ਇਹ ਕਿ ਉਸਨੇ ਪ੍ਰੋਫੈਸ਼ਨਲਾਂ ਦਾ ਇੱਕ ਛੋਟਾ ਜਾ ਤਬਕਾ ਤਿਆਰ ਕੀਤਾ ਹੈ ਜੋ ਵਿਦੇਸ਼ੀ ਮੁਦਰਾ ਵਿੱਚ ਆਮਦਨੀ ਦੇ ਜ਼ਰੀਏ ਨਵ-ਉਦਾਰਵਾਦੀ ਅਰਥਵਿਵਸਥਾ ਦੀਆਂ ਉਨਾਂ ਤਬਾਹੀਆਂ ਤੋਂ ਬਚ ਨਿੱਕਲ਼ਦੇ ਹਨ ਜੋ ਉਨਾਂ ਦੇ ਦੇਸ਼ ਅਤੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਵਰਤਮਾਨ  ਸਮਾਜਿਕ ਜਮਾਤੀ ਢਾਂਚੇ ਵਿੱਚ ਉੱਪਰ ਚੜ੍ਹਨ ਦੀਆਂ ਪੌੜੀਆਂ ਹਾਸਲ ਕਰ ਲੈਂਦੇ ਹਨ। 

ਭਾਵੇਂ, ਇਹ ਅਸਲੀਅਤ ਐਨ. ਜੀ. ਓ ਸੰਚਾਲਕਾਂ ਦੀ ਉਸ ਦਿੱਖ ਦੇ ਬਿਲਕੁਲ ਉਲ਼ਟ ਹੈ ਜੋ ਉਨਾਂ ਨੇ ਆਪਣੇ ਲਈ ਬਣਾ ਰੱਖੀ ਹੈ। ਉਨਾਂ ਦੀ ਪ੍ਰੈਸ ਬਿਆਨਾਂ ਅਤੇ ਸਰਵਜਨਕ ਬਿਆਨਾਂ ਦੇ ਅਨੁਸਾਰ, ਉਹ  ”ਨਿਰੰਕੁਸ਼ ਰਾਜਸੱਤ੍ਹਾਵਾਦ” ਅਤੇ ”ਬਰਬਰ ਬਜ਼ਾਰ ਪੂੰਜੀਵਾਦ” ਵਿੱਚ ਇੱਕ ”ਤੀਜਾ ਰਾਹ” ਪੇਸ਼ ਕਰਦੇ ਹਨ : ਉਹ ਖੁਦ ਨੂੰ  ”ਸੰਸਾਰ ਅਰਥਚਾਰੇ” ਵਿੱਚ ਉੱਭਰੀਆਂ ਦਰਾਰਾਂ ਵਿੱਚ ਸਰਗਰਮ ‘ਸਿਵਿਲ ਸੁਸਾਇਟੀ” ਦੇ ਹਿਰਾਵਲ ਦਸਦੇ ਹਨ। ਐੱਨ. ਜੀ. ਓ. ਸੰਮੇਲਨਾਂ ਵਿੱਚ ਜੋ ਆਮ ਉਦੇਸ਼ ਹਮੇਸ਼ਾਂ ਸੁਣਾਈ ਦਿੰਦਾ ਹੈ, ਉਹ ਹੈ ”ਵੈਕਲਪਿਕ ਵਿਕਾਸ”। 

”ਸਿਵਲ ਸੋਸਾਇਟੀ” ਬਾਰੇ ਤਰਾਂ-ਤਰਾਂ ਦੇ ਸ਼ਬਦ ਅਤੇ ਟੋਟਕੇ ਘੜਨਾ ਇੱਕ ਫਜੂਲ ਦੀ ਕਸਰਤ ਹੈ। ”ਸਿਵਲ ਸੁਸਾਇਟੀ” ਕੋਈ ਇੱਕਜੁੱਟ ਬੇਕਲੰਕ ਸੱਤ੍ਹਾ ਨਹੀਂ ਹੈ¸ਇਹ ਉਨਾਂ ਜਮਾਤਾਂ ਨੂੰ ਮਿਲਾ ਕੇ ਬਣਿਆਂ ਹੈ ਜਿਨਾਂ ਵਿੱਚ ਬਟਵਾਰਾ ਅੱਜ ਜਿੰਨਾ ਗਹਿਰਾ ਹੈ ਉਨਾਂ ਇਸ ਸਦੀ (20 ਵੀਂ ਸਦੀ -ਅਨੁ:) ਵਿੱਚ ਪਹਿਲਾਂ ਕਦੇ ਨਹੀਂ ਸੀ। ਸੱਭਿਆ ਸਮਾਜ ਵਿੱਚ ਕਿਰਤੀਆਂ ਦੇ ਖਿਲਾਫ ਜਿਆਦਾਤਰ ਭਿਆਨਕ ਅਨਿਆ ਵੱਡੇ ਬੈਂਕਰਾਂ ਦੁਆਰਾ ਕੀਤੇ ਜਾਂਦੇ ਹਨ ਜੋ ਘਰੇਲੂ ਕਰਜ਼ਿਆਂ ‘ਤੇ ਬੇਹਿਸਾਬ ਵਿਆਜ ਨਿਚੋੜਦੇ ਹਨ ; ਭੂਮੀਪਤੀਆਂ ਦੁਆਰਾ ਕੀਤੇ ਜਾਂਦੇ ਹਨ ਜੋ ਗਰੀਬ-ਕਿਸਾਨਾਂ ਨੂੰ ਉਨਾਂ ਦੀ ਜਗ੍ਹਾ-ਜਮੀਨ ਤੋਂ ਉਜ਼ਾੜ ਦਿੰਦੇ ਹਨ ਅਤੇ ਉਦਯੋਗਿਕ ਪੂੰਜੀਪਤੀਆਂ ਦੁਆਰਾ ਕੀਤੇ ਜਾਂਦੇ ਹਨ ਜੋ ਬਹੁਤ ਹੀ ਘੱਟ ਮਜ਼ਦੂਰੀ ‘ਤੇ ਕਮਰਤੋੜ ਮਿਹਨਤ ਕਰਵਾਕੇ ਮਜ਼ਦੂਰਾਂ ਦਾ ਖੂਨ ਪਸੀਨਾਂ ਨਿਚੋੜ ਲੈਂਦੇ ਹਨ। ”ਸੱਭਿਆ ਸਮਾਜ” ਦੀ ਗੱਲ ਕਰਦੇ ਸਮੇਂ ਐਨ. ਜੀ. ਓ ਸੰਚਾਲਕ ਉਸ ਪ੍ਰਚੰਡ  ਜਮਾਤੀ ਵੰਡ, ਜਮਾਤੀ ਸ਼ੋਸ਼ਣ ਅਤੇ ਜਮਾਤੀ ਘੋਲ਼ ‘ਤੇ ਪਰਦਾ ਪਾਉਂਦੇ ਹਨ ਜਿਸਨੇ ਮੌਜੂਦਾ ”ਸੱਭਿਆ ਸਮਾਜ” ਨੂੰ ਧਰੁਵੀਕ੍ਰਿਤ ਕਰ ਦਿੱਤਾ ਹੈ। ਵਿਸ਼ਲੇਸ਼ਣ ਦੇ ਪੱਧਰ ਤੱਕ ਨਿਰਰਥਕ ਅਤੇ ਅਸਪੱਸ਼ਟ ਹੁੰਦੇ ਹੋਏ ਵੀ ”ਸੱਭਿਆ ਸਮਾਜ” ਦੀ ਧਾਰਨਾ ਐਨ. ਜੀ. ਓ. ਦੀ ਪੂੰਜੀਪਤੀਆਂ ਨਾਲ਼ ਗੰਢ ਸੰਢ ਨੂੰ ਸੌਖਾ ਬਣਾਉਂਦੀ ਹੈ ਜੋ ਸੰਸਥਾਵਾਂ ਨੂੰ ਪੈਸਾ ਦਿੰਦੇ  ਹਨ ਅਤੇ ਉਨਾਂ ਦੇ ਪ੍ਰੋਜੈਕਟਾਂ ਅਤੇ ਅਨੁਯਾਈਆਂ ਨੂੰ ਉਨਾਂ ਵੱਡੇ ਕਾਰੋਬਾਰੀ ਹਿੱਤਾਂ ਦੇ ਅਧੀਨ ਬਣਾਉਣ ਦੀ ਛੋਟ ਦਿੰਦੇ ਹਨ ਜੋ ਨਵ-ਉਦਾਰਵਾਦੀ ਅਰਥਚਾਰਿਆਂ ਨੂੰ ਨਿਰਦੇਸ਼ਿਤ ਕਰਦੇ ਹਨ। ਇਸਤੋਂ ਇਲਾਵਾ ਐਨ. ਜੀ. ਓ ਸੰਚਾਲਕਾਂ ਦਾ ”ਸੱਭਿਆ ਸਮਾਜ” ਸਬੰਧੀ ਸ਼ਬਦਜ਼ਾਲ਼ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਵਾਲ਼ੇ ਵਿਆਪਕ ਲੋਕ-ਪ੍ਰੋਗਰਾਮਾਂ  ਅਤੇ ਰਾਜਕੀ ਸੰਸਥਾਵਾਂ ‘ਤੇ ਹਮਲਾ ਕਰਨ ਦਾ ਸੰਦ ਵੀ ਬਣ ਜਾਂਦਾ ਹੈ। ਐਨ. ਜੀ. ਓ ਸੰਚਾਲਕ ਵੱਡੇ  ਕਾਰੋਬਾਰੀਆਂ ਦੇ ‘ਰਾਜਸੱਤ੍ਹਾਵਾਦ” ਵਿਰੋਧੀ ਸ਼ਬਦਜ਼ਾਲ ਵਿੱਚ ਉਨਾਂ ਦਾ ਸਾਥ ਦਿੰਦੇ ਹਨ¸ ਇੱਕ ਇਹ ਕੰਮ ”ਸੱਭਿਆ ਸਮਾਜ” ਦੇ ਨਾਮ ‘ਤੇ ਕਰਦਾ ਹੈ ਅਤੇ ਦੂਸਰਾ ”ਮੰਡੀ” ਦੇ ਨਾਮ ‘ਤੇ ਤਾਂ ਕਿ ਰਾਜਕੀ ਸ੍ਰੋਤਾਂ ਦੀ ਨਵੇਂ ਸਿਰੇ ਤੋਂ ਵੰਡ ਕੀਤੀ ਜਾਵੇ। ਨਿਰਯਾਤ ਨੂੰ ਸਬਸਿਡੀ ਦੇਣ ਅਤੇ ਵਿੱਤੀ ਜਮਾਨਤਾਂ ਦੇ ਜ਼ਰੀਏ ਲੋਕ ਵਿਧੀਆਂ ਨੂੰ ਵਧਾਉਣ ਲਈ ਪੂੰਜੀਪਤੀਆਂ ਦੇ ‘ਰਾਜਸੱਤ੍ਹਾਵਾਦ ਵਿਰੋਧ” ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਦੋਂ ਕਿ ਐਨ. ਜੀ.ਓ. ਸੰਚਾਲਕ  ‘ਉੱਪ-ਠੇਕੇ (Sub-contract)” ਦੁਆਰਾ ਥੋੜ੍ਹੇ ਜਿਹੇ ਲਾਭਪਾਤਰਾਂ ਨੂੰ ਘਟੀਆ ਸੇਵਾ ਪ੍ਰਦਾਨ ਕਰਕੇ ਇੱਕ ਛੋਟਾ ਹਿੱਸਾ ਹਥਿਆਉਣ ਯਤਨ ਕਰਦੇ ਹਨ। 

ਐਨ. ਜੀ. ਓ ਸੰਚਾਲਕਾਂ ਦੀ ਨਵ ਪਰਿਵਰਤਨਵਾਦੀ ‘ਗ੍ਰਾਸਰੂਟੀ’ ਨੇਤਾਵਾਂ ਵਾਲ਼ੀ ਦਿੱਖ ਦੇ ਉਲ਼ਟ, ਉਹ ਅਸਲ ਵਿੱਚ ‘ਗ੍ਰਾਸਰੂਟੀ’ ਪਿਛਾਖੜੀ ਹਨ ਜੋ ਨਿੱਜੀਕਰਨ ਨੂੰ ”ਹੇਠਲੇ ਪੱਧਰ ਤੋਂ” ਉਤਸਾਹਿਤ ਕਰਦੇ ਹੋਏ ਅਤੇ ਲੋਕ ਲਹਿਰਾਂ ਨੂੰ ਢਾਹ ਲਾਉਂਦੇ ਹੋਏ ਅਤੇ ਇਸ ਤਰਾਂ ਪ੍ਰਤੀਰੋਧਾਂ ਨੂੰ ਖਤਮ ਕਰਦੇ ਹੋਏ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ. ਐਫ) ਦੇ ਕੰਮਾਂ ਵਿੱਚ ਸੰਪੂਰਕ ਦੀ ਭੂਮਿਕਾ ਨਿਭਾਉਂਦੇ ਹਨ। 

ਇਸ ਤਰਾਂ, ਸਰਬਵਿਆਪੀ ਐਨ. ਜੀ. ਓ ਖੱਬੇਪੱਖ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ ਖੜ੍ਹੀ ਕਰਦੇ ਹਨ ਜੋ ਉਨਾਂ ਦੇ ਜਨਮ, ਢਾਂਚੇ ਅਤੇ ਵਿਚਾਰਧਾਰਾ ਦੇ ਅਲੋਚਨਾਤਮਕ-ਰਾਜਨੀਤਕ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ। 

ਐੱਨ.ਜੀ. ਓ. ਦਾ ਜਨਮ, ਢਾਂਚਾ ਅਤੇ ਸਿਧਾਂਤ

ਐੱਨ. ਜੀ. ਓ. ਰਾਜਨੀਤੀ ਵਿੱਚ ਇੱਕ ਅੰਤਰਵਿਰੋਧੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ। ਇੱਕ ਪਾਸੇ ਤਾਂ ਉਹ ਤਾਨਾਸ਼ਾਹੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਅਲੋਚਨਾ ਕਰਦੇ ਹਨ। ਦੂਜੇ ਪਾਸੇ, ਉਹ ਰੈਡੀਕਲ ਸਮਾਜਿਕ-ਰਾਜਨੀਤਕ ਲਹਿਰਾਂ ਨਾਲ਼ ਸ਼ਰੀਕਾ-ਭੇੜ ਕਰਦੇ ਹੋਏ ਲੋਕ ਲਹਿਰਾਂ ਨੂੰ ਪ੍ਰਭਾਵਸ਼ਾਲੀ ਨਵ-ਉਦਾਰਵਾਦੀ ਕੁਲੀਨਾਂ ਨਾਲ਼ ਸਹਿਯੋਗਪੂਰਨ ਸਬੰਧ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਮੋੜਨ ਦਾ ਯਤਨ ਕਰਦੇ ਹਨ। ਅਸਲ ਵਿੱਚ, ਇਹ ਰਾਜਨੀਤਕ ਸਥਿਤੀਆਂ ਇਨੀਆਂ ਅੰਤਰਵਿਰੋਧੀ ਨਹੀਂ ਹਨ ਜਿੰਨੀਆਂ ਦਿਖਾਈ ਦਿੰਦੀਆਂ ਹਨ। 

ਐਨ. ਜੀ. ਓ. ਦੇ ਵਿਕਾਸ ਅਤੇ ਵਧਾਰੇ ਦਾ ਪਿਛਲੇ ਪੱਚੀ ਸਾਲਾਂ ਦਾ ਸਰਵੇਖਣ ਕਰਨ ਤੋਂ ਸਾਨੂੰ ਪਤਾ ਲਗਦਾ ਹੈ ਕਿ ਐਨ.ਜੀ. ਓ. ਦਾ ਜਨਮ ਤਿੰਨ ਘਟਨਾ ਕ੍ਰਮਾਂ ਦੇ ਸਮੁੱਚ ਵਿੱਚ ਹੋਇਆ। ਸਭ ਤੋਂ ਪਹਿਲਾਂ ਇਹ ਇੱਕ ਸੁਰੱਖਿਅਤ ਆਸਰੇ ਦੇ ਰੂਪ ਵਿੱਚ ਤਾਨਾਸ਼ਾਹੀ ਸ਼ਾਸਨਾਂ ਦੌਰਾਨ ਹੋਂਦ ਵਿੱਚ ਆਇਆ ਇੱਥੇ ਵੱਖ-ਵੱਖ ਮੱਤਾਂ ਵਾਲ਼ੇ ਬੁੱਧੀਜੀਵੀ ਮਨੁੱਖੀ ਅਧਿਕਾਰ ਉਲੰਘਣ ਦੇ ਮੁੱਦੇ ਉਠਾ ਸਕਦੇ ਸਨ ਅਤੇ ਕਠੋਰ ਆਰਥਿਕ ਪ੍ਰੋਗਰਾਮਾਂ ਤੋਂ ਪੀੜਤਾਂ ਲਈ ‘ਰਾਹਤ ਪ੍ਰੋਗਰਾਮ” (ਸਰਵਾਈਵਲ ਸਟ੍ਰੈਟੇਜੀ) ਆਯੋਜਿਤ ਕਰ ਸਕਦੇ ਸਨ। ਪਰ ਇਹ ਮਾਨਵਤਾਵਾਦੀ ਐਨ.ਜੀ. ਓ ਇਸ ਗੱਲ ਪ੍ਰਤੀ ਚੌਕਸ ਸਨ ਕਿ ਸਥਾਨਕ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਿੱਚ ਲੱਗੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਕੁਕ੍ਰਮਾਂ ਦੀ ਪੋਲ ਨਾ ਖੁੱਲ੍ਹ ਜਾਵੇ ਜਾਂ ਲੋਕਾਂ ਨੂੰ ਗਰੀਬ ਬਣਾਉਣ ਵਾਲ਼ੀਆਂ ”ਮੁਕਤ ਬਜ਼ਾਰ” ਨੀਤੀਆਂ ‘ਤੇ ਪ੍ਰਸ਼ਨਚਿੰਨ੍ਹ ਨਾ ਲੱਗੇ। ਇਸ ਤਰਾਂ ਐਨ. ਜੀ.ਓ. ਯੁੱਧਨੀਤਕ ਤੌਰ ‘ਤੇ ”ਡੈਮੋਕਰੇਟਸ” ਦੇ ਰੂਪ ਵਿੱਚ ਸਥਾਪਿਤ ਕੀਤੇ ਗਏ ਜੋ ਦਮਨਕਾਰੀ ਲੋਕਲ ਸ਼ਾਸਕਾਂ ਸਾਹਮਣੇ ਵਿਆਪਕ ਲੋਕ ਲਹਿਰਾਂ ਦੀ ਗੰਭੀਰ ਚੁਣੌਤੀ ਪੇਸ਼ ਹੋਣ ‘ਤੇ ਹਾਕਮ ਜਮਾਤਾਂ ਅਤੇ ਸਾਮਰਾਜਵਾਦੀ ਨੀਤੀ-ਨਿਰਧਾਰਕਾਂ ਲਈ ਰਾਜਨੀਤਕ ਵਿਕਲਪ ਦੇ ਰੂਪ ਵਿੱਚ ਮੌਜੂਦ ਰਹਿੰਦੇ ਸਨ। ਅਲੋਚਕਾਂ ਦੇ ਰੂਪ ਵਿੱਚ ਐਨ. ਜੀ. ਓ. ਨੂੰ ਦਿੱਤਾ ਜਾਣ ਵਾਲ਼ਾ ਪੱਛਮੀ ਫੰਡ ਬੀਮੇ ਵਿੱਚ ਨਿਵੇਸ਼ ਜਿਹਾ ਸੀ ਜੋ ਦਲਾਲ ਪਿਛਾਖੜੀ ਹਾਕਮਾਂ ਦੇ ਲੜਖੜਾ ਜਾਣ ਦੀ ਦਸ਼ਾ ਵਿੱਚ ਸੁਰੱਖਿਆ ਕਵਚ  ਦਾ ਕੰਮ ਕਰਦਾ ਸੀ। ਇਹ ਸਥਿਤੀ ”ਕ੍ਰਿਟਿਕਲ” ਐਨ.ਜੀ. ਓ ਬਾਰੇ ਸੀ ਜੋ ਫਿਲਪੀਨਸ ਵਿੱਚ ਮਾਕਰੋਸ ਦੇ ਸ਼ਾਸਨ ਵੱਚ ਦਿਖਾਈ ਦਿੱਤੀ, ਚੀਲੇ ਵਿੱਚ ਪਿਨੋਸ਼ੇ ਦੇ ਸ਼ਾਸਨਕਾਲ਼ ਵਿੱਚ ਦਿਖਾਈ ਦਿੱਤੀ, ਕੋਰੀਆ ਵਿੱਚ ਪਾਰਕ ਤਾਨਾਸ਼ਾਹੀ ਦੌਰਾਨ ਦਿਖਾਈ ਦਿੱਤੀ ਅਤੇ ਅਜਿਹੀਆਂ ਅਨੇਕਾਂ ਉਦਾਹਰਨਾਂ ਹਨ।

ਐਨ. ਜੀ. ਓ. ਦਾ ਦਿਨ ਦੁੱਗਣਾ ਤੇ ਰਾਤ ਚੌਗਣਾ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਸਾਮਰਾਜਵਾਦੀ ਹੋਂਦ ਨੂੰ ਲਲਕਾਰਨ ਵਾਲ਼ੀ ਵਿਆਪਕ ਲੋਕ ਲਹਿਰ ਉਭਰਨ ਦੇ ਸੰਕੇਤ ਮਿਲ ਰਹੇ ਹਨ। ਰੈਡੀਕਲ ਸਮਾਜਿਕ-ਰਾਜਨੀਤਕ ਲਹਿਰਾਂ ਅਤੇ ਘੋਲ਼ਾਂ ਨੇ ਇੱਕ ਤਰਾਂ ਦਾ ਮੁਨਾਫੇ ਦਾਰ ਮਾਲ ਪੇਸ਼ ਕੀਤਾ ਹੈ ਜਿਸਨੂੰ ਸਾਬਕਾ ਰੈਡੀਕਲ ਤੇ ਨਕਲੀ ਲੋਕ ਪ੍ਰੇਮੀ ਬੁੱਧੀਜੀਵੀ ਤਮਾਮ ਯੂਰਪੀ ਅਤੇ ਅਮਰੀਕੀ ਬਹੁਕੌਮੀ ਨਿਗਮਾਂ ਤੇ ਸਰਕਾਰਾਂ ਨਾਲ਼ ਨੇੜੇ ਤੋਂ ਜੁੜੇ ਮਾਲਦਾਰ ਨਿੱਜੀ ਤੇ ਸਰਵਜਨਕ ਫਾਉਂਡੇਸ਼ਨਾਂ ਹੱਥੋਂ ਵੇਚਣ ਵਿੱਚ ਕਾਮਯਾਬ ਰਹੇ। ਫੰਡ ਦਾਤਿਆਂ ਨੇ ਸਮਾਜਿਕ ਵਿਗਿਆਨ ਦੇ ਖੇਤਰ ਵਿੱਚ ਇਸ ਤਰਾਂ ਦੀ ਬੌਧਿਕਤਾ ਵਿੱਚ ਦਿਲਚਸਪੀ ਦਿਖਾਈ ਹੈ, ਜਿਵੇਂ¸”ਸ਼ਹਿਰਾਂ ਦੇ ਗਰੀਬ ਇਲਾਕੇ ਵਿੱਚ ਹਿੰਸਾ ਦੀਆਂ ਪ੍ਰਵਿਰਤੀਆਂ ਦਾ ਅਧਿਐਨ” (ਚੀਲੇ ਵਿੱਚ 1983-86 ਦੇ ਲੋਕ ਉਭਾਰ ਦੌਰਾਨ ਐਨ. ਜੀ.ਓ. ਦਾ ਇੱਕ ਪ੍ਰੋਜੈਕਟ), ਲੋਕ ਸਮੁਦਾਇਆਂ ਵਿੱਚ ਘੁਸਪੈਠ ਕਰਨ ਅਤੇ ਉਨਾਂ ਦੀ ਸਾਰੀ ਊਰਜਾ ਸਮਾਜਿਕ ਰੁਪਾਂਤਰਣ ਦੀ ਬਜਾਇ ‘ਸੇਲਫ ਹੈਲਪ’ (ਸਵੈ-ਸਹਾਇਤਾ) ਪ੍ਰੋਜੈਕਟਾਂ ਵਿੱਚ ਸਮੇਟ ਦੇਣ ਦੀ ਐਨ.ਜੀ.ਓ ਦੀ ਯੋਗਤਾ ਅਤੇ ”ਨਵੇਂ ਪਹਿਚਾਣ-ਮੂਲਕ ਵਿਮਰਸ਼” ਵਿੱਚ ਲਿਪਟੀ ਹੋਈ ਜਮਾਤੀ ਸਹਿਯੋਗਵਾਦੀ ਭਾਸ਼ਾ ਸ਼ੈਲੀ ਦਾ ਚਮਤਕਾਰ ਜੋ ਇਨਕਲਾਬੀ ਕਾਰਕੁੰਨਾ ਨੂੰ ਸਾਖਹੀਣ ਅਤੇ ਤਿਤਰ-ਬਿਤਰ ਕਰਨ ਵਿੱਚ ਮਦਦ ਕਰੇ। 

ਪੱਛੜੇ ਦੇਸ਼ਾਂ ਵਿੱਚ ਲੋਕ ਵਿਦਰੋਹਾਂ ਨੇ ਸਮੁੰਦਰ ਪਾਰ ਏਜੰਸੀਆਂ ਦੀਆਂ ਥੈਲੀਆਂ ਢਿੱਲੀਆਂ ਕਰ ਦਿੱਤੀਆਂ ਅਤੇ ਸੱਤਰ ਦੇ ਦਹਾਕੇ ਵਿੱਚ ਇੰਡੋਨੇਸ਼ੀਆ, ਥਾਈਲੈਂਡ ਤੇ ਪੇਰੂ ਵਿੱਚ, ਅੱਸੀ ਦੇ ਦਹਾਕੇ ਵਿੱਚ ਨਿਕਾਰਾਗੁਆ, ਚੀਲੇ ਅਤੇ ਫਿਲੀਪੀਂਸ ਵਿੱਚ ਅਤੇ ਨੱਬੇ ਦੇ ਦਹਾਕੇ ਵਿੱਚ ਅਲ ਸਲਵਾਡੋਰ, ਗਵਾਟੇਮਾਲਾ ਅਤੇ ਕੋਰੀਆ ਵਿੱਚ ਲੱਖਾਂ ਡਾਲਰ ਵਹਾਏ ਗਏ। ਐਨ.ਜੀ. ਓ ਵਾਲ਼ੇ ਜ਼ਰੂਰੀ ਤੌਰ ‘ਤੇ ਉੱਥੇ ”ਅੱਗ ਠੰਡੀ ਕਰਨ” ਲਈ ਹੀ ਸਨ। ਰਚਨਾਤਮਕ ਪ੍ਰੋਜੈਕਟਾਂ ਦੇ ਓਹਲੇ ਵਿੱਚ ਉਨਾਂ ਨੇ ਵਿਚਾਰਕ ਲਹਿਰਾਂ ਵਿੱਚ ਸ਼ਾਮਿਲ ਹੋਣ ਵਿਰੁੱਧ ਵਕਾਲਤ ਕੀਤੀ। ਇਸ ਤਰਾਂ ਉਨਾਂ ਨੇ ਆਪਣੇ ਅਨੁਕੂਲ ਲੋਕਲ ਲੀਡਰਸ਼ਿੱਪ ਦੀ ਭਰਤੀ ਕਰਨ, ਉਨਾਂ ਨੂੰ ਵਿਦੇਸ਼ੀ ਕਾਨਫਰੰਸਾਂ ਵਿੱਚ ਭੇਜਣ ਅਤੇ ਖੇਤਰੀ ਸਮੂਹਾਂ ਨੂੰ ਨਵ-ਉਦਾਰਵਾਦ ਦੀ ਅਸਲੀਅਤ ਦੇ ਅਨੁਕੂਲ ਢਲਣ ਨੂੰ ਉਤਸ਼ਾਹਿਤ ਕਰਨ ਵਿੱਚ ਵਿਦੇਸ਼ੀ ਧਨ ਦੀ ਪ੍ਰਭਾਵੀ ਵਰਤੋਂ ਕੀਤੀ। 

ਬਾਹਰੀ ਮਾਲ-ਪੱਤਾ ਜਿਵੇਂ-ਜਿਵੇਂ ਹੱਥ ਲਗਦਾ ਗਿਆ ਉਵੇਂ ਉਵੇਂ ਐਨ. ਜੀ. ਓ ਦੀ ਗਿਣਤੀ ਵਧਦੀ ਗਈ ਅਤੇ ਵੱਖ-ਵੱਖ ਵਰਗਾਂ ਨੂੰ ਹਰ ਛੋਟੀ-ਛੋਟੀ ਗੱਲ ‘ਤੇ ਲੜਨ ਵਾਲ਼ੀਆਂ ਜੰਗਖੋਰ ਜਗੀਰਦਾਰੀਆਂ ਵਿੱਚ ਵੰਡਕੇ ਵਧਦੇ ਫੁਲਦੇ ਰਹੇ। ਹਰ ”ਗਰਾਸਰੂਟ ਏਕਟੀਵਿਸਟ” ਨੇ ਇੱਕ ਨਵਾਂ ਐਨ. ਜੀ. ਓ ਸਥਾਪਤ ਕਰਨ ਲਈ ਗਰੀਬ ਵਾਂਝੀ ਅਬਾਦੀ ਦੇ ਕਿਸੇ ਨਵੇਂ ਹਿੱਸੇ (ਇਸਤਰੀਆਂ, ਘੱਟ ਗਿਣਤੀਆਂ ਦੇ ਨੌਜਵਾਨ ਆਦਿ) ‘ਤੇ ਆਪਣਾ ਅੱਡਾ ਜਮਾ ਲਿਆ ਅਤੇ ਆਪਣੇ ਪ੍ਰੋਜੈਕਟ, ਸਰਗਰਮੀ ਜਾਂ ਸਮਾਜਸੇਵਾ ਖੇਤਰ ਦਾ ”ਮਾਲ ਵੇਚਣ” ਲਈ ਏਮਸਟਡਰਮ, ਸਟਾਕਹੋਮ ਆਦਿ ਦੀ ਤੀਰਥਯਾਤਰਾ ‘ਤੇ ਨਿੱਕਲ ਗਿਆ। 

ਤੀਜੀ ਘਟਨਾ ਜਿਸ ਵਿੱਚ ਐਨ.ਜੀ. ਓ ਦਾ ਮੋਟਾਪਾ ਹੋਰ ਵੀ ਵਧਿਆ, ਤਦ ਦੇਖਣ ਨੂੰ ਮਿਲਦਾ ਹੈ ਜਦੋਂ ਮੁਕਤ ਬਜ਼ਾਰ ਪੂੰਜੀਵਾਦ ਕਰਕੇ ਲਗਾਤਾਰ ਵੱਡੇ ਆਰਥਿਕ ਸੰਕਟ ਉਭਰਨ ਲੱਗੇ। ਬਜਟ ਵਿੱਚ ਕਟੌਤੀ ਕਾਰਨ ਬੁੱਧੀਜੀਵੀਆਂ, ਅਕੈਡਮਿਕਾਂ , ਪ੍ਰੋਫੈਸ਼ਨਲਾਂ ਦੇ ਹੱਥਾਂ ਵਿੱਚੋਂ ਨੌਕਰੀ ਖਿਸਕਦੀ ਗਈ ਜਾਂ ਤਨਖਾਹਾਂ ਘੱਟ ਹੁੰਦੀਆਂ ਗਈਆਂ ਅਤੇ ਕੰਸਲਟੇਂਸੀਆਂ ਉਨਾਂ ਸੰਭਾਵਿਤ ਨਿੱਘਰ ਰਹੇ ਬੁੱਧੀਜੀਵੀਆਂ ਲਈ ਸੁਰੱਖਿਆ ਕਬਚ ਬਣ ਗਏ ਜੋ ਸੱਭਿਆ ਸਮਾਜ-ਮੁਕਤ ਬਜ਼ਾਰ ਦੇ ਵਿਕਲਪਕ ਵਿਕਾਸ ਦੀ ਭਾਸ਼ਾ ਬੋਲਣ ਅਤੇ ਨਵ-ਉਦਾਰਵਾਦੀ ਹਕੂਮਤੀ ਢਾਂਚੇ ਅਤੇ ਕੌਮਾਂਤਰੀ ਵਿੱਤੀ ਸੰਸਥਾਵਾਂ ਨਾਲ਼ ਗੰਢ-ਸੰਢ ਵਾਲ਼ੀਆਂ ਨੀਤੀਆਂ ਚਲਾਉਣ ‘ਤੇ ਉਤਾਰੂ ਸਨ। ਜਦੋਂ ਲੱਖਾਂ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਦੇ ਹਨ ਅਤੇ ਗਰੀਬੀ ਪੂਰੀ ਅਬਾਦੀ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਆਪਣੀ ਜਕੜ ਵਿੱਚ ਲੈ ਲੈਂਦੀ ਹੈ, ਉਦੋਂ ਐਨ.ਜੀ. ਓ ਰੋਕਥਾਮ ਵਿੱਚ ਜੁਟ ਜਾਂਦੇ ਹਨ : ਉਹ ”ਸਰਵਾਈਵਲ ਸਟ੍ਰੈਟੇਜੀ” ‘ਤੇ ਕੇਂਦਰਿਤ ਕਰਦੇ ਹਨ, ਆਮ ਹੜਤਾਲਾਂ ‘ਤੇ ਨਹੀਂ :ਉਹ ਮੁਫ਼ਤ ਲੰਚਪੈਕ ਦੇ ਕੈਂਪ ਆਯਜਿਤ ਕਰਦੇ ਹਨ, ਜਮ੍ਹਾਂਖੋਰਾਂ, ਨਵ-ਉਦਾਰਵਾਦੀ ਸੱਤ੍ਹਾ ਜਾਂ ਅਮਰੀਕੀ ਸਾਮਰਾਜਵਾਦ ਦੇ ਖਿਲਾਫ ਵਿਰਾਟ ਪ੍ਰਦਰਸ਼ਨ ਨਹੀਂ। 

ਅਖੌਤੀ ”ਜਮਹੂਰੀ ਸੰਕਰਮਣ (“Transition)” ਦੇ ਦੌਰਾਨ ਜਦੋਂ ਪੁਰਾਣਾ ਢਾਂਚਾ ਚਰਮਰਾ ਰਿਹਾ ਸੀ, ਭ੍ਰਿਸ਼ਟ ਹਾਕਮ ਨਿਯੰਤਰਣ ਖੋ ਰਹੇ ਸਨ ਅਤੇ  ਲੋਕ ਘੋਲ਼ ਤੇਜ਼ੀ ਨਾਲ਼ ਉੱਭਰ ਰਹੇ ਸਨ, ਉਸ ਸਮੇਂ ਐਨ. ਜੀ. ਓ ਨੂੰ ਆਪਣੇ ਕੰਮਾਂ ਨੂੰ ਥੋੜ੍ਹੀ ਬਹੁਤ ”ਪ੍ਰਗਤੀਸ਼ੀਲ” ਰੰਗਤ ਦੇਣ ਦਾ ਮੌਕਾ ਮਿਲ ਗਿਆ। ਪੁਰਾਣੀਆਂ ਸੱਤਾਵਾਂ ਨੂੰ ਹਟਾਕੇ ਕੰਜਰਵੇਟਿਵ ਚੁਣਾਵੀ ਰਾਜਨੀਤੀਵਾਨਾਂ ਲਈ ਰਾਹ ਸਾਫ ਕਰਨ ਵਿੱਚ ਐਨ. ਜੀ. ਓ ਜ਼ਰੀਆ ਬਣੇ, ਐਨ.ਜੀ. ਓ ਨੇ ਆਪਣੇ ਗ੍ਰਾਸਰੂਟੀ ਸ਼ਬਦਜਾਲ਼, ਸੰਗਠਨਾਤਮਕ ਸ੍ਰੋਤਾਂ ਅਤੇ ”ਜਮਹੂਰੀ” ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਦੀ ਹੈਸੀਅਤ ਦਾ ਪ੍ਰਯੋਗ ਕੇਵਲ ਕਨੂੰਨੀ ਰਾਜਨੀਤਕ ਸੁਧਾਰਾਂ ਦੇ ਸੰਕਰਮਣ ਤੱਕ ਸੀਮਤ ਰਾਜਨੇਤਾਵਾਂ ਅਤੇ ਪਾਰਟੀਆਂ ਦੇ ਪੱਖ ਵਿੱਚ ਲੋਕ ਸਮੱਰਥਨ ਦਾ ਰਾਹ ਪੱਧਰਾ ਕਰਨ ਲਈ ਕੀਤਾ, ਸਮਾਜਿਕ-ਆਰਥਿਕ ਤਬਦੀਲੀਆਂ ਲਈ ਨਹੀਂ। ਐਨ.ਜੀ. ਓ. ਨੇ ਆਮ ਲੋਕਾਂ ਦੀ ਲਾਮਬੰਦੀ ਨੂੰ ਭੰਗ ਕਰ ਦਿੱਤਾ ਅਤੇ ਲਹਿਰਾਂ ਨੂੰ ਟੁਕੜੇ-ਟੁਕੜੇ ਵਿੱਚ ਵੰਡ ਦਿੱਤਾ। 1980 ਦੇ ਅਤੇ 1990 ਦੇ ਸਾਲਾਂ ਵਿੱਚ ਚੀਲੇ ਤੋਂ ਲੈ ਕੇ ਫਿਲੀਪੀਂਸ, ਦੱਖਣੀ ਕੋਰੀਆ ਅਤੇ ਉਸਦੇ ਪਾਰ ਤੱਕ ਸਾਰੇ ਦੇਸ਼ਾਂ ਵਿੱਚ ਜਿੱਥੇ ਵੀ ”ਚੁਣਾਵੀ ਕਾਰੋਬਾਰ” ਪੂਰਾ ਹੋਇਆ, ਐੱਨ.ਜੀ.ਓ. ਨੇ ਅਜਿਹੇ ਸ਼ਾਸਕਾਂ ਦੇ ਪੱਖ ਵਿੱਚ ਵੋਟ ਵਟੋਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਨਾਂ ਨੇ ਸਮਾਜਿਕ ਆਰਥਿਕ ਯਥਾਸਥਿਤੀ ਨੂੰ ਬਰਕਰਾਰ ਰੱਖਿਆ ਜਾਂ ਹੋਰ ਵੀ ਗਹਿਰਾ ਬਣਾ ਦਿੱਤਾ। ਬਦਲੇ ਵਿੱਚ, ਬਹੁਤ ਸਾਰੇ ਪਹਿਲੇ ਐੱਨ.ਜੀ.ਓ. ਸੰਚਾਲਕ ਸਰਕਾਰੀ ਏਜੰਸੀਆਂ ਚਲਾਉਣ ਲੱਗੇ ਜਾਂ ਲੋਕ ਹਿਤਕਾਰੀ ਹੋਣ ਦਾ ਭਰਮ ਪੈਦਾ ਕਰਨ ਵਾਲ਼ੇ ਵਿਭਾਗਾਂ (ਜਿਵੇਂ ਨਾਰੀ ਅਧਿਕਾਰ, ਲੋਕ ਸ਼ਮੂਲੀਅਤ, ਲੋਕ ਅਧਿਕਾਰਿਤਾ ਆਦਿ) ਵਿੱਚ ਮੰਤਰੀ ਬਣ ਗਏ। 

ਐੱਨ.ਜੀ.ਓ. ਦੀ ਪਿਛਾਖੜੀ ਭੂਮਿਕਾ ਉਨਾਂ ਸੰਰਚਨਾਵਾਂ ਵਿੱਚ ਨਿਹਿਤ ਹੈ ਜਿਨਾਂ ‘ਤੇ ਉਹ ਅਧਾਰਿਤ ਹਨ।

ਐਨ.ਜੀ. ਓ. ਢਾਂਚਾ :  ਅੰਦਰੋਂ ਕੁਲੀਨ ਬਾਹਰੋਂ ਚਾਪਲੂਸ

ਐਨ.ਜੀ.ਓ. ”ਗੈਰ ਸਰਕਾਰੀ” ਸੰਗਠਨ ਨਹੀਂ ਹੈ। ਉਹ ਵਿਦੇਸ਼ੀ ਸਰਕਾਰਾਂ ਤੋਂ ਧਨ ਪ੍ਰਾਪਤ ਕਰਦੇ ਹਨ, ਲੋਕਲ ਸਰਕਾਰਾਂ ਲਈ ਨਿੱਜੀ ਉਪ ਠੇਕੇਦਾਰਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਰਾਜ ਨਾਲ਼ ਗਹਿਰੇ ਰੂਪ ਨਾਲ਼ ਜੁੜੇ ਕਾਰਪੋਰੇਟ ਘਰਾਣਿਆਂ ਤੋਂ ਮਿਲਣ ਵਾਲ਼ੇ ਧਨ ਨਾਲ਼ ਸੰਚਾਲਿਤ ਨਿੱਜੀ ਸੰਸਥਾਵਾਂ ਤੋਂ ਆਰਥਿਕ ਮਦਦ ਪ੍ਰਾਪਤ ਕਰਦੇ ਹਨ। ਲਗਾਤਾਰ ਅਤੇ ਖੁੱਲ੍ਹਮਖੁੱਲ੍ਹਾ, ਉਹ ਘਰੇਲੂ ਵਿਦੇਸ਼ੀ ਸਰਕਾਰੀ ਏਜੰਸੀਆਂ ਦੇ ਨਾਲ਼ ਗੰਢ ਸੰਢ ਕਰਦੇ ਹਨ। ਉਨਾਂ ਦੇ ਪ੍ਰੋਗਰਾਮ ਸਥਾਨਕ ਜਨਤਾ ਪ੍ਰਤੀ ਜਵਾਬਦੇਹ ਨਹੀਂ ਹੁੰਦੇ ਸਗੋਂ ਵਿਦੇਸ਼ੀ ਦਾਤਿਆਂ ਪ੍ਰਤੀ ਜਵਾਬਦੇਹ ਹੁੰਦੇ ਹਨ ਜੋ ਆਪਣੇ ਆਪ ਦੇ ਪੈਮਾਨਿਆਂ ਅਤੇ ਸਵਾਰਥਾਂ ਦੇ ਅਨੁਰੂਪ ਐੱਨ.ਜੀ.ਓ. ਦੇ ਕਰਤੱਵਾਂ ਦੀ ”ਸਮੀਖਿਆ” ਅਤੇ ”ਜਾਂਚ ਪਰਖ” ਕਰਦੇ ਹਨ। ਐਨ.ਜੀ.ਓ ਦੇ ਅਹੁਦੇਦਾਰ ਸਵੈ ਨਿਯੁਕਤ ਹੁੰਦੇ ਹਨ ਅਤੇ ਉਨਾਂ ਦਾ ਪ੍ਰਮੁੱਖ ਕੰਮ ਅਜਿਹੇ ਪ੍ਰਸਤਾਵਾਂ ਨੂੰ ਤਿਆਰ ਕਰਨਾ ਹੁੰਦਾ ਹੈ ਜਿਸ ਨਾਲ਼ ਧਨ ਦੀ ਵੰਡ ਅਸਾਨ ਹੋ ਸਕੇ। ਜਿਆਦਾਤਰ ਮਾਮਲਿਆਂ ਵਿੱਚ ਐੱਨ.ਜੀ.ਓ ਪ੍ਰਮੁੱਖਾਂ ਨੇ ਉਨਾਂ ਮੁੱਦਿਆਂ ਨੂੰ ਤਲਾਸ਼ਣਾ ਹੁੰਦਾ ਹੈ ਜੋ ਪੱਛਮੀ ਧਨ ਦਾਤਿਆਂ ਦੀਆਂ ਦਿਲਚਸਪੀਆਂ ਦੇ ਅਨੁਰੂਪ ਹੋਣ ਅਤੇ ਇਸ ਅਨੁਸਾਰ ਹੀ ਉਹ ਪ੍ਰਸਤਾਵਾਂ ਨੂੰ ਆਕਾਰ ਦਿੰਦੇ ਹਨ। (ਉਦਾਹਰਣ ਦੇ ਤੌਰ ‘ਤੇ, ਭਾਰਤ ਵਿੱਚ ਏਡਜ਼ ਦਾ ਮੁੱਦਾ-ਸੰ.) ਇਸ ਤਰਾਂ, 1980 ਦੇ ਸਾਲਾਂ ਵਿੱਚ, ”ਗਵਰੇਨਬਿਲਟੀ” ਅਤੇ ਡੈਮੋਕਰੇਟਿਕ ਟਰਾਂਜ਼ੀਸ਼ਨਜ਼” ਦੇ ਅਧਿਐਨ ਅਤੇ ਰਾਜਨੀਤਕ ਪ੍ਰਸਤਾਵ ਤਿਆਰ ਕਰਨ ਲਈ ਐਨ.ਜੀ.ਓ.-ਫੰਡ ਉਪਲਬਧ ਹੋਏ¸ਸਾਮਰਾਜਵਾਦੀ ਤਾਕਤਾਂ ਦੀ ਇਸ ਚਿੰਤਾਂ ਨੂੰ ਉਜ਼ਾਗਰ ਕਰਦੇ ਹੋਏ ਕਿ ਤਾਨਾਸ਼ਾਹਾਂ ਦੇ ਪਤਨ ਨਾਲ਼ ਲੋਕ ਲਹਿਰਾਂ ਜਿਹੀ ‘ਅਨ-ਗਵਰੇਨਬਿਲਟੀ’ ਨਾ ਪੈਦਾ ਹੋ ਜਾਵੇ ਜੋ ਘੋਲ਼ ਨੂੰ ਹੋਰ ਡੂੰਘਾ ਬਣਾ ਸਕਦੀ ਹੈ। ਆਪਣੇ ਜਮਹੂਰੀ ਤੇ ਗ੍ਰਾਸਰੂਟੀ ਸ਼ਬਦਜਾਲ਼ ਦੇ ਬਾਵਜੂਦ ਐੱਨ.ਜੀ.ਓ ਦੇ ਅੰਦਰ ਲਗਾਤਾਰ ਜਬਰਦਸਤ ਅਹੁਦਿਆਂ ਦਾ ਕ੍ਰਮ ਚਲਦਾ ਹੈ¸ਜਿਸ ਵਿੱਚ ਡਾਇਰੈਕਟਰ ਦਾ ਪ੍ਰੋਜੈਕਟਾਂ ‘ਤੇ ਪੂਰਾ ਕੰਟਰੋਲ ਹੁੰਦਾ ਹੈ ਅਤੇ ਉਹੀ ਇਹ ਫੈਸਲਾ ਕਰਦਾ ਹੈ ਕਿ ਕਿਸਨੂੰ ਹੇਠਾਂ ਲਾਹੁਣਾ ਹੈ ਜਾਂ ਕਿਸੇ ਕੌਮਾਂਤਰੀ ਕਾਨਫਰੰਸਾਂ ਵਿੱਚ ਭੇਜਣਾ ਹੈ। ਅਸਲੀ ”ਗ੍ਰਾਸਰੂਟ” ਜ਼ਰੂਰੀ ਤੌਰ ‘ਤੇ ਇਸ ਅਹੁਦੇਦਾਰੀ ਦੇ ਕ੍ਰਮ ਦੀ ਸਭ ਤੋਂ ਹੇਠਲੀ ਪੌੜੀ ‘ਤੇ ਹੁੰਦੇ ਹਨ, ਅਤੇ ਇਹ ”ਗ੍ਰਾਸਰੂਟ” ਸ਼ਾਇਦ ਹੀ ਕਦੇ ਉਸ ਪੈਸੇ ਨੂੰ ਦੇਖ ਸਕਦੇ ਹੋਣ ਜੋ ”ਉਨਾਂ ਦੇ” ਐੱਨ.ਜੀ.ਓ. ਬਟੋਰ ਕੇ ਲਿਆਉਂਦੇ ਹਨ, ਨਾ ਹੀ ਉਨਾਂ ਨੂੰ ਵਿਦੇਸ਼ ਯਾਤਰਾ ‘ਤੇ ਜਾਣ ਦਿੱਤਾ ਜਾਂਦਾ ਹੈ ਜਾਂ ਨਾ ਹੀ ਉਹ ਆਪਣੇ ”ਗ੍ਰਾਸਰੂਟੀ” ਲੀਡਰਾਂ ਨੂੰ ਮਿਲਣ ਵਾਲ਼ੀ ਤਨਖਾਹ-ਭੱਤੇ ਹਾਸਲ ਕਰਨ ਬਾਰੇ ਸੋਚ ਸਕਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿੱਚ ਕੋਈ ਵੀ ਫੈਸਲਾ ਸਮੂਹਿਕ ਫੈਸਲਾ ਨਹੀਂ ਹੁੰਦਾ। ਜਿਆਦਾ ਤੋਂ ਜਿਆਦਾ, ਜਦੋਂ ਡਾਇਰੈਕਟਰ  ਅਤੇ ਵਿਦੇਸ਼ੀ ਦਾਤਿਆਂ ਵਿੱਚ ‘ਡੀਲ’ ਪੱਕੀ ਹੋ ਚੁੱਕੀ ਹੁੰਦੀ ਹੈ, ਉਦੋਂ ਐੱਨ.ਜੀ.ਓ. ਦਾ ਸਟਾਫ ਗਰੀਬਾਂ ਲਈ ਪ੍ਰੋਜੈਕਟ ਦੀ ਮਨਜ਼ੂਰੀ ਲਈ ”ਗ੍ਰਾਸਰੂਟ ਕਾਰਕੁੰਨਾਂ” ਦੀ ਮੀਟਿੰਗ ਬੁਲਾਉਂਦਾ ਹੈ। ਜਿਆਦਾਤਰ ਮਾਮਲਿਆਂ ਵਿੱਚ ਐੱਨ.ਜੀ.ਓ ਮੈਂਬਰਸ਼ਿੱਪ ‘ਤੇ ਅਧਾਰਿਤ ਸੰਸਥਾ ਵੀ ਨਹੀਂ ਹੁੰਦੇ ਸਗੋਂ ਇੱਕ ਸਵੈ-ਨਿਯੁਕਤ ਕੁਲੀਨ ਹੁੰਦੇ ਹਨ ਜੋ ਲੋਕ ਲਹਿਰਾਂ ਲਈ ”ਰਿਸੋਰਸ ਪੀਪਲ” ਹੋਣ ਦਾ ਦਿਖਾਵਾ ਕਰਦੇ ਹਨ, ਪਰ ਅਸਲ ਵਿੱਚ ਇਹ ਉਨਾਂ ਨਾਲ਼ ਸ਼ਰੀਕੇਬਾਜ਼ੀ ਕਰਦੇ ਹਨ ਅਤੇ ਉਨਾਂ ਦੀਆਂ ਜੜਾਂ ਖੋਦਦੇ ਹਨ। ਇਸ ਤਰਾਂ ਐੱਨ. ਜੀ. ਓ ਸਮਾਜਿਕ ਪ੍ਰੋਗਰਾਮਾਂ ਅਤੇ ਆਮ  ਬਹਿਸਾਂ ਨੂੰ ਉੱਥੋਂ ਦੇ ਲੋਕਾਂ ਅਤੇ ਉਨਾਂ ਵਿੱਚੋਂ ਚੁਣੇ ਗਏ ਕੁਦਰਤੀ ਨੇਤਾਵਾਂ ਦੇ ਹੱਥਾਂ ਵਿੱਚੋਂ ਖੋਹ ਕੇ ਅਤੇ ਚੁਣੇ ਨਾ ਹੋਏ ਵਿਦੇਸ਼ੀ ਅਧਿਕਾਰੀਆਂ ਅਤੇ ਉਨਾਂ ਦੁਆਰਾ ਥੋਪੇ ਗਏ ਸਥਾਨਕ ਅਧਿਕਾਰੀਆਂ ‘ਤੇ ਨਿਰਭਰਤਾ ਪੈਦਾ ਕਰਦੇ ਹੋਏ ਲੋਕਤੰਤਰ ਦੀਆਂ ਜੜਾਂ ਪੁਟਦੇ ਹਨ।

ਐੱਨ.ਜੀ.ਓ ਇੱਕ ਨਵੀਂ ਤਰਾਂ ਦੇ ਸੱਭਿਆਚਾਰਕ ਅਤੇ ਆਰਥਿਕ ਬਸਤੀਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ¸ਨਵੇਂ ਕੌਮਾਂਤਰੀਵਾਦ ਦੇ ਪਰਦੇ ਵਿੱਚ।  ਹਜ਼ਾਰਾਂ ਲੋਕ ਉੱਚ ਸ਼ਕਤੀਸ਼ਾਲੀ ਕਪਿੰਊਟਰਾਂ ਦੇ ਸਾਹਮਣੇ ਬੈਠ ਕੇ ਆਪਸ ਵਿੱਚ ਐਲਾਨਾਂ, ਮਤਿਆਂ ਅਤੇ ਕੌਮਾਂਤਰੀ ਕਾਨਫਰੰਸ ਸੱਦਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਉਸਤੋਂ ਬਾਅਦ ਉਹ ਸੁਸਜਿੱਤ ਕਾਨਫਰੰਸ ਹਾਲਾਂ ਵਿੱਚ ਆਪਣੇ ”ਸਮਾਜਿਕ-ਅਧਾਰ” ਦੇ ਵਰਤਮਾਨ ਘੋਲ਼ਾਂ ਅਤੇ ਤਿਆਗਾਂ ਬਾਰੇ ਚਰਚਾਵਾਂ ਕਰਦੇ ਹਨ¸ਅਤੇ ਫਿਰ ਇਨਾਂ ਦਾ ”ਸਮਾਜਿਕ ਅਧਾਰ” ਯਾਣੀ ਤਨਖਾਹਦਾਰ  ਸਟਾਫ ਇਨਾਂ ਮਤਿਆਂ ਨੂੰ ”ਆਮਲੋਕਾਂ” ਤੱਕ ਖੂਬਸੂਰਤ ਰੰਗੀਨ ਕਾਗਜ ‘ਤੇ ਛਪੇ ਬਰੋਸ਼ਰਾਂ ਅਤੇ ‘ਬੁਲੇਟਿਨਾਂ ਦੁਆਰਾ ਪਹੁੰਚਾਉਂਦਾ ਹੈ। ਜਦੋਂ ਵਿਦੇਸ਼ੀ ਦਾਤਾ ਪਧਾਰਦੇ ਹਨ ਤਾਂ ਉਨਾਂ ਨੂੰ ‘ਏਕਸਪੋਜ਼ਰ ਟੂਰ” ‘ਤੇ ਲਿਜਾਇਆ ਜਾਂਦਾ ਹੈ ਜਿੱਥੇ ਉਹ ਅਜਿਹੇ ਸ਼ੋ-ਕੇਸ ਪ੍ਰੋਜੈਕਟਾਂ ਦਾ ਨਿਰੀਖਣ ਕਰਦੇ ਹਨ ਜਿਸ ਵਿੱਚ ਗਰੀਬ ਆਪਣੀ ਸਹਾਇਤਾ ਆਪ ਕਰ ਰਿਹਾ ਹੁੰਦਾ ਹੈ ਅਤੇ ਕਾਮਯਾਬ ਛੋਟੇ ਉਦਮੀਆਂ ਨਾਲ਼ ਗੱਲ ਬਾਤ ਕਰਦੇ ਹਨ ( ਉਹਨਾਂ ਬਹੁਗਿਣਤੀਆਂ ਦੀ ਅਣਦੇਖੀ ਕਰਦੇ ਹੋਏ ਜੋ ਪਹਿਲੇ ਹੀ ਸਾਲ ਅਸਫਲ ਹੋ ਜਾਂਦੇ ਹਨ)। 

ਜਿਸ ਤਰੀਕੇ ਨਾਲ਼ ਇਹ ਨਵਾਂ ਬਸਤੀਵਾਦ ਕੰਮ ਕਰ ਰਿਹਾ ਹੈ, ਉਸਦੀਆਂ ਗੁੰਝਲਾਂ ਨੂੰ ਸਮਝ ਸਕਣਾ ਔਖਾ ਨਹੀਂ ਹੈ। ਸਾਰੇ ਪ੍ਰੋਜੈਕਟ ਸਾਮਰਾਜਵਾਦੀ ਕੇਂਦਰਾਂ ਅਤੇ ਉਸਦੀਆਂ ਸੰਸਥਾਵਾਂ ਦੁਆਰਾ ਤੈਅ ਗਾਈਡਲਾਈਨ ਅਤੇ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਪਰਿਕਲਿਪਤ ਕੀਤੇ ਜਾਂਦੇ ਹਨ। ਉਸਤੋਂ ਬਾਅਦ ਉਹ ਲੋਕਾਂ ਨੂੰ ਵੇਚੇ ਜਾਂਦੇ ਹਨ। ਆਕਲਨ (Asessment)  ਸਾਮਰਾਜਵਾਦੀ ਸੰਸਥਾਵਾਂ ਦੁਆਰਾ ਉਨਾਂ ਲਈ ਹੀ ਕੀਤਾ ਜਾਂਦਾ ਹੈ। ਧਨ ਦੀ ਵੰਡ ਦੀਆਂ ਪ੍ਰਥਮਿਕਤਾਵਾਂ ਬਦਲੀਆਂ ਜਾਂ ਗਲਤ ਆਕਲਨ ਹੋਇਆ ਤਾਂ ਸਮੂਹਾਂ, ਸਮੁਦਾਇਆਂ, ਕਿਸਾਨਾਂ ਅਤੇ ਸਹਿਕਾਰਤਾਵਾਂ ਨੂੰ ਬੇਝਿਜਕ ਵਿਚਾਲ਼ੇ ਹੀ ਛੱਡ ਦਿੱਤਾ ਜਾਂਦਾ ਹੈ। ਦਾਤਿਆਂ ਦੇ ਮੁਕਾਬਲੇ ਅਤੇ ਉਨਾਂ ਦੇ ਪ੍ਰੋਜੈਕਟ-ਆਕਲਨਕਰਤਾਵਾਂ ਦੇ ਆਗਿਆਪਾਲਣ ਲਈ ਹਰ ਵਿਅਕਤੀ ਨੂੰ ਹੋਰ ਵਧੇਰੇ  ਅਨੁਸ਼ਾਸ਼ਿਤ ਬਣਾਇਆ ਜਾਂਦਾ ਹੈ। ਐੱਨ.ਜੀ. ਓ. ਡਾਇਰੈਕਟਰ ਨਵੇਂ ਵਾਇਸਰਾਇਆਂ ਦੀ ਤਰਾਂ ਧਨ ਦੇ ਸਦਉਪਯੋਗ ਦਾ ਨਿਰੀਖਣ ਕਰਦੇ ਹਨ ਅਤੇ ਦਾਤਿਆਂ ਦੇ ਉਦੇਸ਼ਾਂ, ਕਦਰਾਂ-ਕੀਮਤਾਂ ਅਤੇ ਸਿਧਾਂਤ ਨਾਲ਼ ਅਨੁਰੂਪਤਾ ਯਕੀਨੀ ਬਣਾਉਂਦੇ ਹਨ। 

ਐੱਨ.ਜੀ.ਓ. ਬਨਾਮ ਰੈਡੀਕਲ ਸਮਾਜਿਕ-ਰਾਜਨੀਤਕ ਲਹਿਰਾਂ

ਐੱਨ.ਜੀ.ਓ. ਪ੍ਰੋਜੈਕਟਾਂ ‘ਤੇ ਜ਼ੋਰ ਦਿੰਦੇ ਹਨ, ਅੰਦੋਲਨਾਂ ‘ਤੇ ਨਹੀਂ। ਉਹ ਲੋਕਾਂ ਨੂੰ ਹਾਸ਼ੀਏ ‘ਤੇ ਰੱਖਕੇ ਉਤਪਾਦਨ ਕਰਨ ਲਈ ”ਲਾਮਬੰਦ” ਕਰਦੇ ਹਨ, ਉਤਪਾਦਨ ਅਤੇ ਸੰਪਤੀ ਦੇ ਮੂਲ ਸਾਧਨਾਂ ਨੂੰ ਕੰਟਰੋਲ ਕਰਨ ਲਈ ਘੋਲ਼ ਦੇ ਵਾਸਤੇ ਨਹੀਂ। ਉਹ ਪ੍ਰੋਜੈਕਟਾਂ ਦੀ ਤਕਨੀਕੀ ਅਤੇ ਵਿੱਤੀ-ਸਹਾਇਤਾ ਦੇ ਦ੍ਰਿਸ਼ਟੀਕੋਣ ‘ਤੇ ਕੇਂਦਰਤ ਹੁੰਦੇ ਹਨ, ਉਨਾਂ ਦੇ ਸੰਚਰਾਤਮਕ ਪਹਿਲੂਆਂ ‘ਤੇ ਨਹੀਂ ਜਿਨਾਂ ਤੋਂ ਲੋਕਾਂ ਦੀ ਰੋਜ਼ਾਨਾ ਦੀ ਜਿੰਦਗੀ ਤੈਅ ਹੁੰਦੀ ਹੈ। ਐੱਨ.ਜੀ.ਓ. ਖੱਬੇਪੱਖੀ ਭਾਸ਼ਾ ਨੂੰ ਸਹਿਯੋਜਿਤ (ਕੋਆਪਟ) ਕਰਦੇ ਹਨ¸”ਲੋਕਸ਼ਕਤੀ” (ਪਾਪੁਲਰ ਪਾਵਰ), ”ਅਧਿਕਾਰ ਪ੍ਰਾਪਤੀ” (ਏਮਪਾਵਰਮੇਂਟ), ”ਲਿੰਗਕ-ਸਮਾਨਤਾ” (ਜੇਂਡਰ ਇਕਵੈਲਿਟੀ) ”ਟਿਕਾਊ ਵਿਕਾਸ” (ਸਸਟੇਨੇਬਲ ਡੇਵੇਲਪਮੇਂਟ), ”ਹੇਠਾਂ ਤੋਂ ਅਗਵਾਈ ਪੈਦਾ ਕਰਨ” (ਬਾਟਮ-ਅਪ ਲੀਡਰਸ਼ਿੱਪ) ਆਦਿ। ਸਮੱਸਿਆ ਇਹ ਹੈ ਕਿ ਇਸ ਭਾਸ਼ਾ ਨੂੰ ਦਾਤਿਆਂ ਅਤੇ ਸਰਕਾਰੀ ਏਜੰਸੀਆਂ ਨਾਲ਼ ਗੰੰਢਤੁੱਪ ਦੇ ਉਸ ਫ੍ਰੇਮਵਰਕ ਨਾਲ਼ ਜੋੜ ਦਿੱਤਾ ਗਿਆ ਹੈ, ਜੋ ਸੰਘਰਸ਼ ਦੀ ਰਾਜਨੀਤੀ ਦੇ ਵਿਰੋਧ ਦੇ ਪ੍ਰਤੀ ਸਮਰਪਿਤ ਹੈ। ਐੱਨ.ਜੀ.ਓ. ਦੇ ਕੰਮ ਦੀ ਸਥਾਨ ਪ੍ਰਵਿਰਤੀ ਦਾ ਕੁੱਲ ਅਰਥ ਇਹ ਹੈ ਕਿ ”ਏਮਪਾਵਰਮੇਂਟ” ਕਦੇ ਵੀ ਸੀਮਤ ਸਾਧਨਾਂ ਨਾਲ਼ ਸਮਾਜਿਕ ਜੀਵਨ ਦੇ ਇੱਕ ਛੋਟੇ ਜਿਹੇ ਖੇਤਰ ਨੂੰ ਪ੍ਰਭਾਵਿਤ ਕਰਨ ਤੋਂ ਅੱਗੇ ਨਹੀਂ ਜਾਂਦਾ ਤੇ ਹਮੇਸ਼ਾਂ ਉਸੇ ਸੀਮਾਂ ਵਿੱਚ ਰਹਿੰਦਾ ਹੈ ਜੋ ਨਵ-ਉਦਾਰਵਾਦੀ ਸੱਤ੍ਹਾ ਅਤੇ ਮੈਕਰੋ ਅਰਥਚਾਰੇ ਦੁਆਰਾ ਰੇਖਾਕਿਤ ਕੀਤੀ ਜਾਂਦੀ ਹੈ। 

ਐੱਨ.ਜੀ.ਓ. ਅਤੇ ਉਸਦੇ ਪ੍ਰ੍ਰੋ੍ਰਫੈਸ਼ਨਲ ਸਟਾਫ ਗਰੀਬਾਂ, ਔਰਤਾਂ, ਜਾਤੀ ਵਿਤਕਰਿਆਂ ਦੇ ਸ਼ਿਕਾਰਾਂ ਆਦਿ ਵਿੱਚ ਆਪਣਾ ਪ੍ਰਭਾਵ ਜਮਾਉਣ ਲਈ ਸਿੱਧੇ ਸਮਾਜਿਕ-ਰਾਜਨੀਤਕ ਅੰਦੋਲਨਾਂ ਦੇ ਨਾਲ਼ ਸਰੀਕਾ ਭੇੜ ਕਰਦੇ ਹਨ। ਉਨਾਂ ਦੀ ਵਿਚਾਰਧਾਰਾ ਅਤੇ ਕਾਰਜਪ੍ਰਣਾਲ਼ੀ ਗਰੀਬੀ ਦੇ ਸ੍ਰੋਤਾਂ ਅਤੇ ਉਸਦੇ ਹੱਲਾਂ ਵੱਲੋਂ ਧਿਆਨ ਹਟਾ ਦਿੰਦੇ ਹਨ (ਉੱਪਰ ਅਤੇ ਬਾਹਰ ਵੱਲ ਦੇਖਣ ਦੀ ਬਜਾਇ ਹੇਠਾਂ ਅਤੇ ਅੰਦਰ ਵੱਲ ਦੇਖਦੇ ਹੋਏ) ਅਤੇ ਸੂਖਮ ਉੱਦਮਾਂ (ਮਾਈਕਰੋਇੰਟਰਪ੍ਰਾਈਜੇਜ) ਦਾ ਤਾਂ ਕੀ ਕਹਿਣਾ! ਵਿਦੇਸ਼ੀ ਬੈਂਕਾਂ ਦੁਆਰਾ ਲੁੱਟ ਦੀ ਸਮਾਪਤੀ  ਦੇ ਸਥਾਨ ‘ਤੇ, ਗਰੀਬੀ ਦਾ ਹੱਲ ਉਸਦੀ ਇਸ ਗਲਤ ਧਾਰਨਾ ‘ਤੇ ਅਧਾਰਿਤ ਹੈ ਕਿ ਮੁੱਖ ਸਮੱਸਿਆ ਲੋਕਾਂ ਦੀ ਵਿਅਕਤੀਗਤ ਪਹਿਲਕਦਮੀ ਦੀ ਹੈ ਨਾ ਕਿ ਦੇਸ਼ ਦੀ ਆਮਦਨੀ ਦੇ ਵਿਦੇਸ਼ਾਂ ਵਿੱਚ ਜਾਣ ਦੀ। ਐੱਨ.ਜੀ.ਓ. ਨੂੰ ਮਿਲਣ ਵਾਲ਼ੀ ”ਆਰਥਿਕ ਮਦਦ” ਸੀਮਤ ਸਾਧਨਾਂ ਲਈ ਸਮੁਦਾਇਆਂ ਵਿੱਚ ਮੁਕਾਬਲਾ ਪੈਦਾ ਕਰਦੇ ਹੋਏ, ਵਿਸ਼ਵਾਸ਼ਘਾਤੀ ਭੇਦਭਾਵ ਅਤੇ ਫਿਰਕਿਆਂ ਵਿੱਚ ਅਤੇ ਫਿਰਕਿਆਂ ਦਰਮਿਆਨ ਖਹਿ ਪੈਦਾ ਕਰਦੇ ਹੋਏ ਅਤੇ ਜਮਾਤੀ ਅਖੰਡਤਾ ਨੂੰ ਖੰਡਿਤ ਕਰਦੇ ਹੋਏ ਅਬਾਦੀ ਦੇ ਛੋਟੇ-ਛੋਟੇ ਸੈਕਟਰਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹੀ ਗੱਲ ਪ੍ਰੋਫੈਸ਼ਨਲਾਂ ਦੇ ਲਈ ਵੀ ਸਹੀ ਹੈ : ਇਹ ਵਿਦੇਸ਼ੀ ਫੰਡ ਮੰਗਣ ਲਈ ਆਪਣੇ-ਆਪਣੇ ਐੱਨ.ਜੀ.ਓ. ਬਣਾਉਂਦੇ ਹਨ। ਇਹ ਵਿਦੇਸ਼ੀ ਦਾਤਿਆਂ ਦੀਆਂ ਰੁਚੀਆਂ ਨਾਲ਼ ਜਿਆਦਾਤਰ ਮਿਲਦਾ ਜੁਲਦਾ ਮਤਾ ਪੇਸ਼ ਕਰਨ, ਘੱਟ ਖਰਚੇ ਅਤੇ ਜਿਆਦਾ ਤੋਂ ਜਿਆਦਾ ਸਮੱਰਥਕਾਂ ਵੱਲੋਂ ਬੋਲਣ ਦਾ ਦਾਅਵਾ ਕਰਦੇ ਹੋਏ ਆਪਸ ਵਿੱਚ ਸ਼ਰੀਕੇਬਾਜ਼ੀ ਕਰਦੇ ਹਨ। ਇਸਦਾ ਕੁੱਲ ਸਿੱਟਾ ਐੱਨ.ਜੀ.ਓ. ਦੀ ਗਿਣਤੀ ਵਿੱਚ ਭਾਰੀ ਵਾਧੇ ਦੇ ਰੂਪ ਵਿੱਚ ਹੁੰਦਾ ਹੈ ਜੋ ਗਰੀਬ ਸਮੁਦਾਇ ਨੂੰ ਖੰਡੀ ਅਤੇ ਉੱਪਖੰਡੀ ਸਮੂਹਾਂ ਵਿੱਚ ਵੰਡਦੇ ਹਨ ਤਾਂ ਕਿ ਉਹ ਉਸ ਵਡੇਰੇ ਸਮਾਜਿਕ ਦ੍ਰਿਸ਼ ਨੂੰ ਦੇਖਣ ਵਿੱਚ ਅਸਮਰੱਥ ਹੋ ਜਾਣ ਜੋ ਉਨਾਂ ਦੇ ਕਸ਼ਟਾਂ ਲਈ ਜਿਮੇਵਾਰ ਹੈ ਅਤੇ ਵਿਵਸਥਾ ਦੇ ਖਿਲਾਫ,  ਘੋਲ਼ ਲਈ ਇੱਕਜੁੱਟ ਹੋਣ ਵਿੱਚ ਹੋਰ ਵੀ ਘੱਟ ਸਮਰੱਥ ਹੋ ਸਕਣ। 

ਤਾਜ਼ਾ ਤਜ਼ਰਬੇ ਵੀ ਇਹੀ ਪ੍ਰਮਾਣਿਤ ਕਰਦੇ ਹਨ ਕਿ ਵਿਦੇਸ਼ੀ ਦਾਤਾ ”ਸੰਕਟਾਂ” (ਯਥਾਸਥਿਤੀ ਦੇ ਵਿਰੱਧ ਰਾਜਨੀਤਕ ਅਤੇ ਸਮਾਜਿਕ ਚੁਣੌਤੀਆਂ) ਦੇ ਸਮੇਂ ਪ੍ਰੋਜੈਕਟਾਂ ਨੂੰ ਫਾਇਨੇਂਸ ਕਰਦੇ ਹਨ। ਇੱਕ ਵਾਰ ਜਦੋਂ ਅੰਦੋਲਨ ਸ਼ਾਂਤ ਹੋ ਜਾਂਦੇ ਹਨ ਤਾਂ ਉਹ ਆਪਣੇ ਫੰਡ ਨੂੰ ਐੱਨ.ਜੀ.ਓ. / ਸੱਤ੍ਹਾ ”ਗੱਠਜੋੜ” ਵੱਲ ਮੋੜ ਦਿੰਦੇ ਹਨ¸ਐੱਨ.ਜੀ.ਓ. ਪ੍ਰੋਜੈਕਟਾਂ ਨੂੰ ਨਵ-ਉਦਾਰਵਾਦੀ ਏਜੰਡੇ ਵਿੱਚ ਇੱਕ-ਮਿੱਕ ਕਰਦੇ ਹੋਏ। ਸਮਾਜਿਕ ਤਬਦੀਲੀ ਲਈ ਸਮਾਜਿਕ ਸੰਗਠਨ ਦੀ ਬਜਾਇ ”ਮੁਕਤ ਬਜ਼ਾਰ” ਦੇ ਹਿੱਤ ਵਿੱਚ, ਆਰਥਿਕ ਵਿਕਾਸ ਫੰਡਿਗ ਏਜੰਡੇ ਦਾ ਮੁੱਖ ਵਿਸ਼ਾ ਬਣ ਜਾਂਦਾ ਹੈ। 

ਐੱਨ.ਜੀ.ਓ. ਦਾ ਢਾਂਚਾ ਅਤੇ ਇਸਦਾ ਖਾਸਾ ਆਪਣੇ ”ਗੈਰ-ਰਾਜਨੀਤਕ” ਬਾਹਰੀ ਰੂਪ ‘ਤੇ ਅਪਾਣੇ ਫੋਕਸ ਰਾਹੀਂ ਗਰੀਬਾਂ ਨੂੰ ਖਿੰਡਾਅ ਰਹੇ ਹਨ ਅਤੇ ਉਨਾਂ ਨੂੰ ਰਾਜਨੀਤੀ ਦੇ ਪ੍ਰਤੀ ਗੈਰ-ਸਰਗਰਮ ਕਰ ਰਹੇ ਹਨ। ਉਹ ਨਵ-ਉਦਾਰਵਾਦੀ ਪਾਰਟੀਆਂ ਅਤੇ ਜਨਸੰਚਾਰ ਮਾਧਿਅਮਾਂ ਦੁਆਰਾ ਪ੍ਰੋਤਸਾਹਿਤ ਕੀਤੀਆਂ ਜਾ ਰਹੀਆਂ ਚੋਣ ਪ੍ਰਕਿਰਿਆਵਾਂ ਨੂੰ ਮਜ਼ਬੂਤ ਬਣਾਉਂਦੇ ਹਨ। ਸਾਮਰਾਜਵਾਦ ਦੇ ਸਵਰੂਪ, ਨਵ-ਉਦਾਰਵਾਦ ਦੇ ਜਮਾਤੀ ਅਧਾਰ ਅਤੇ ਨਿਰਯਾਤਕਾਂ ਤੇ ਅਸਥਾਈ ਮਜ਼ਦੂਰਾਂ ਵਿੱਚ ਜਮਾਤੀ ਘੋਲ਼ ਬਾਰੇ ਰਾਜਨੀਤਕ ਸਿੱਖਿਆ ਤੋਂ ਬਚਿਆ ਜਾਂਦਾ ਹੈ। ਬਦਲੇ ਵਿੱਚ, ਐੱਨ.ਜੀ.ਓ. ”ਬਾਈਕਾਟ ਕੀਤੇ” ,  ”ਕਮਜ਼ੋਰ”, ”ਬੇਹੱਦ ਗਰੀਬੀ” ਅਤੇ ਲਿੰਗਕ ਤੇ ਸੰਪਰਦਾਇਕ ਵਿਭੇਦੀਕਰਨ” ਦੀ ਗੱਲ ਕਰਦੇ ਹਨ, ਪਰ ਉਸ ਸਮਾਜਿਕ ਵਿਵਸਥਾ ਦੇ ਉੱਪਰੀ ਲੱਛਣਾ ਦੇ ਦਾਇਰੇ ਤੋਂ ਬਾਹਰ ਕਦੇ ਨਹੀਂ ਜਾਂਦੇ ਜਿਸ ਨੇ ਅਜਿਹੀਆਂ ਹਾਲਤਾਂ ਪੈਦਾ ਕੀਤੀਆਂ ਹਨ। ਗਰੀਬੀ ਨੂੰ ਨਵ-ਉਦਾਰਵਾਦੀ ਅਰਥਚਾਰੇ ਵਿੱਚ ਸ਼ੁੱਧ ”ਨਿੱਜੀ ਸਵੈ-ਇੱਛਕ ਕਾਰਵਾਈ” ਦੁਆਰਾ ਸਮੇਟਦੇ ਹੋਏ, ਐੱਨ.ਜੀ.ਓ. ਇੱਕ ਅਜਿਹਾ ਰਾਜਨੀਤਕ ਸਾਮਰਾਜ ਸਥਾਪਿਤ ਕਰ ਰਹੇ ਹਨ ਜਿੱਥੇ ਇੱਕਜੁਟਤਾ ਅਤੇ ਸਮਾਜਿਕ ਕਾਰਵਾਈ ਦਾ ਦਿਖਾਵਾ ਕੌਮਾਂਤਰੀ ਅਤੇ ਕੌਮੀ ਸੱਤ੍ਹਾ-ਢਾਂਚੇ ਦੀ ਅਣਉਦਾਰਵਾਦੀ ਅਨੁਰੂਪਤਾ ‘ਤੇ ਪਰਦਾ ਪਾ ਦਿੰਦੀ ਹੈ। 

ਇਹ ਕੋਈ ਸੰਯੋਗ ਦੀ ਗੱਲ ਨਹੀਂ ਕਿ ਜਿਵੇਂ-ਜਿਵੇਂ ਐੱਨ.ਜੀ.ਓ. ਕਿਸੇ ਇਲਾਕੇ ਵਿੱਚ ਪ੍ਰਭਾਵੀ ਹੁੰਦੇ ਜਾਂਦੇ ਹਨ, ਅਜ਼ਾਦ ਜਮਾਤੀ ਰਾਜਨੀਤਕ ਕਾਰਵਾਈ ਕਮਜ਼ੋਰ ਹੋਈ ਅਤੇ ਨਵ-ਉਦਾਰਵਾਦ ਨਿਰ ਵਿਰੋਧ ਹੁੰਦਾ ਗਿਆ। ਅਸਲੀਅਤ ਇਹ ਹੈ ਕਿ ਐੱਨ.ਜੀ.ਓ. ਦੇ ਵਾਧੇ ਦਾ ਨਵ-ਉਦਾਰਵਾਦੀਆਂ ਦੀ ਵਧੀ ਹੋਈ ਫੰਡਿੰਗ ਅਤੇ ਗਰੀਬੀ ਦੀ ਭੀਸ਼ਣਤਾ ਵਿੱਚ ਚੌਤਰਫਾ ਵਾਧੇ ਦੇ ਬਾਵਜੂਦ ਨਵ-ਉਦਾਰਵਾਦ ਦੀ ਸਾਰੀ ਸ਼ਕਤੀ ਚੁਣੌਤੀ ਰਹਿਤ ਖੜ੍ਹੀ ਹੈ ਅਤੇ ਐੱਨ.ਜੀ.ਓ. ਸੱਤ੍ਹਾ ਦੀ ਹਰ ਦਰਾਰ ਵਿੱਚ ਆਪਣੀ ਪੈਠ ਬਣਾਉਣ ਵਿੱਚ ਲੱਗੇ ਹੋਏ ਹਨ। 

ਵਿਕਲਪਾਂ ਨੂੰ ਸੂਤਰਤ ਕਰਨ ਦੀ ਸਮੱਸਿਆ ਦੂਜੇ ਤਰੀਕੇ ਨਾਲ਼ ਰੁਕੀ ਹੋਈ ਹੈ। ਗੁਰੀਲਾ ਅਤੇ ਸਮਾਜਿਕ ਅੰਦੋਲਨਾਂ, ਟ੍ਰੇਡ ਯੁਨੀਅਨਾਂ ਅਤੇ ਲੋਕਪ੍ਰਿਯ ਮਹਿਲਾ ਜਥੇਬੰਦੀਆਂ ਦੇ ਪੁਰਾਣੇ ਲੀਡਰਾਂ ਨੂੰ ਐੱਨ.ਜੀ.ਓ. ਦੁਆਰਾ ਸਹਿਯੋਜਿਤ ਕਰ ਲਿਆ ਜਾਂਦਾ ਹੈ ਅਤੇ ਪ੍ਰਸਤਾਵ ਕਾਫੀ ਦਿਲ-ਖਿੱਚ ਹੁੰਦਾ ਹੈ :ਉੱਚੀ ਤਨਖਾਹ (ਕਦੇ ਕਦਾਈ ਵਿਦੇਸ਼ੀ ਮੁਦਰਾ ਵਿੱਚ) ਵਿਦੇਸ਼ੀ ਦਾਤਿਆਂ ਦੁਆਰਾ ਇੱਜ਼ਤ ਅਤੇ ਪਹਿਚਾਣ, ਵਿਦੇਸ਼ਾਂ ਵਿੱਚ ਕਾਨਫਰੰਸ ਅਤੇ ਨੈੱਟਵਰਕ, ਆਫਿਸ ਦੇ ਸਟਾਫ ਅਤੇ ਸਕੇ ਸਬੰਧੀਆਂ ਨੂੰ ਕਿਸੇ ਵੀ ਲੁੱਟ ਤੋਂ ਸੁਰੱਖਿਆ। ਇਸਦੇ ਉਲ਼ਟ, ਸਮਾਜਿਕ-ਰਾਜਨੀਤਕ ਅੰਦੋਲਨ ਚਾਹੇ ਕੇਵਲ ਬਹੁਤ ਹੀ ਥੋੜ੍ਹ੍ਹੇ ਜਿਹੇ ਭੌਤਿਕ ਲਾਭ ਦੀ ਸੰਭਾਵਨਾ ਪੇਸ਼ ਕਰਦੇ ਹਨ ਪਰ ਉੱਚਾ ਮਾਣ-ਸਨਮਾਨ  ਤੇ ਅਜ਼ਾਦੀ ਅਤੇ ਹੋਰ ਵੀ ਮਹੱਤਵਪੂਰਨ, ਰਾਜਨੀਤਕ-ਆਰਥਿਕ ਢਾਂਚੇ ਨੂੰ ਚੁਣੌਤੀ ਦੇਣ ਦੀ ਅਜ਼ਾਦੀ ਪ੍ਰਦਾਨ ਕਰਦੇ ਹਨ। ਐੱਨ.ਜੀ.ਓ. ਅਤੇ ਉਨਾਂ ਦੇ ਵਿਦੇਸ਼ੀ ਬੈਂਕਿੰਗ ਸਹਿਯੋਗੀ ( ਦਿ ਇੰਟਰ ਅਮੇਰਿਕਨ  ਬੈਂਕ, ਦਿ ਏਸ਼ੀਅਨ ਬੈਂਕ, ਦਿ ਵਰਲਡ ਬੈਂਕ) ਛੋਟੇ ਉੱਦਮਾਂ ਤੇ ਹੋਰ ਸਵੈ ਸਹਾਇਤਾ ਪ੍ਰੋਜੈਕਟਾਂ ਦੀਆਂ ਸਫਲਤਾਵਾਂ ਦੇ ਬਿਰਤਾਂਤਾਂ ਦੇ ਫੀਚਰਾਂ ਨਾਲ਼ ਭਰੇ ਨਿਊਜਲੇਟਰ ਪ੍ਰਕਾਸ਼ਿਤ ਕਰਦੇ ਹਨ, ਬਿਨਾਂ ਇਸਦਾ ਜਿਕਰ ਕੀਤੇ ਕਿ ਉਪਭੋਗ ਵਿੱਚ ਵਿਆਪਕ ਗਿਰਾਵਟ ਦੇ ਰੂਪ ਵਿੱਚ ਅਸਫਲਤਾਵਾਂ ਦੀ ਸੰਖਿਆ ਵਧੀ ਹੈ, ਅਲਪ ਦਰਾਂ ‘ਤੇ ਆਯਾਤ ਨਾਲ਼ ਬਜ਼ਾਰ ਭਰ ਗਿਆ ਹੈ ਅਤੇ ਵਿਆਜ ਦਰਾਂ ਵਧਦੀਆਂ ਰਹੀਆਂ ਹਨ¸ਜਿਵੇਂ ਕਿ 1990 ਦੇ ਸਾਲਾਂ ਵਿੱਚ ਬ੍ਰਾਜੀਲ ਤੇ ਇੰਡੋਨੇਸ਼ੀਆ ਵਿੱਚ ਵਾਪਰਿਆ ਹੈ। 

ਇੱਥੋਂ ਤੱਕ ਕਿ ”ਸਫਲਤਾਵਾਂ” ਗਰੀਬਾਂ ਦੇ ਇੱਕ ਬਹੁਤ ਹੀ ਛੋਟੇ ਹਿੱਸੇ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਕੇਵਲ ਉਸ ਹੱਦ ਤੱਕ ਸਫਲ ਹੁੰਦੀਆਂ ਹਨ ਕਿ ਉਸੇ ਮੰਡੀ ਵਿੱਚ ਦੂਜੇ ਨਾ ਵੜ ਸਕਣ। ਜਦੋਂ ਕਿ ਇਸ ਭਰਮ ਦੇ ਪੋਸ਼ਣ ਵਿੱਚ ਕਿ ਨਵ-ਉਦਾਰਵਾਦ ਇੱਕ ਸਰਵਜਨਕ ਘਟਨਾ ਹੈ, ਵਿਅਕਤੀਗਤ ਛੋਟੇ ਉੱਦਮਾਂ ਦੀ ਸਫਲਤਾ ਦਾ ਪ੍ਰਚਾਰਾਤਮਕ ਮੁੱਲ ਮਹੱਤਵਪੂਰਨ ਹੈ। ਸੂਖਮ ਉੱਦਮ ਪਰਵਰਤਨ ਦੇ ਇਲਾਕਿਆਂ ਵਿੱਚ ਵਾਰ-ਵਾਰ ਹਿੰਸਾਤਮਕ ਵਿਸਫੋਟ ਦਸਦੇ ਹਨ ਕਿ ਉਨਾਂ ਦੇ ਵਿਚਾਰ ਭਾਰੂ ਨਹੀਂ ਹੋ ਸਕੇ ਹਨ ਅਤੇ ਇਹ ਵੀ ਕਿ ਐੱਨ.ਜੀ.ਓ.  ਅਜ਼ਾਦ ਜਮਾਤੀ ਅੰਦੋਲਨਾਂ ਨੂੰ ਅਜੇ ਤੱਕ ਬੇਦਖਲ ਨਹੀਂ ਕਰ ਸਕੇ ਹਨ। 

ਐੱਨ.ਜੀ.ਓ. ਦੀ ਵਿਚਾਰਧਾਰਾ ਮੁੱਖ ਤੌਰ ‘ਤੇ ਪਹਿਚਾਣ ਦੀ ਰਾਜਨੀਤੀ ‘ਤੇ ਅਧਾਰਤ ਹੁੰਦੀ ਹੈ ਜੋ ਜਮਾਤੀ ਵਿਸ਼ਲੇਸ਼ਣ ‘ਤੇ ਅਧਾਰਤ ਰੈਡੀਕਲ ਅੰਦੋਲਨਾਂ ਦੇ ਨਾਲ਼ ਬੇਈਮਾਨੀ ਭਰਿਆ ਵਾਦ-ਵਿਵਾਦ ਚਲਾਉਂਦੀ ਹੈ। ਉਹ ਇਸ ਗਲਤ ਧਾਰਨਾ ਤੋਂ ਸ਼ੁਰੂ ਕਰਦੇ ਹਨ ਕਿ ਜਮਾਤੀ ਵਿਸ਼ਲੇਸ਼ਣ ”ਘਟਾਓਵਾਦੀ” (ਰਿਡਕਸ਼ਨਿਸਟ) ਹੈ ਅਤੇ ਮਾਰਕਸਵਾਦ ਅੰਦਰ ਨਸਲੀ, ਫਿਰਕੂ ਅਤੇ ਲਿੰਗਕ ਸਮਾਨਤਾ ਦੇ ਸਵਾਲਾਂ ‘ਤੇ ਹੋਏ ਲੰਬੇ ਬਹਿਸ ਮੁਬਾਹਿਸਿਆਂ ਨੂੰ ਅਣਦੇਖਾ ਕਰ ਦਿੰਦੇ ਹਨ। ਇਸਤੋਂ ਵੀ ਵਧਕੇ , ਉਹ ਇਸ ਮੀਮਾਂਸਾ ਨੂੰ ਟਾਲ਼  ਜਾਂਦੇ ਹਨ ਕਿ ਵੱਖ-ਵੱਖ ਪਹਿਚਾਣਾਂ ਖੁਦ ਜਮਾਤੀ ਭੇਦਾਂ ਦੁਆਰਾ ਸਪੱਸ਼ਟਤਾ ਅਤੇ ਗਹਿਨਤਾ ਦੇ ਨਾਲ਼ ਵੰਡੀਆਂ ਹੋਈਆਂ ਹਨ। ਉਦਾਹਰਣ ਲਈ ਪੌਸ਼ ਇਲਾਕੇ ਵਿੱਚ ਰਹਿਣ ਵਾਲੀ ਚੀਲੇ ਜਾਂ ਭਾਰਤ ਦੀਆਂ ਨਾਰੀਵਾਦੀਆਂ ਨੂੰ ਹੀ ਲਓ ਜੋ ਆਪਣੇ ਘਰੇਲੂ ਨੌਕਰਾਂ ਦੀ ਤੁਲਨਾ ਵਿੱਚ ਪੰਦਰਾਂ ਤੋਂ ਵੀਹ ਗੁਣਾ ਵੱਧ ਤਨਖਾਹ ਹਾਸਲ ਕਰਦੀਆਂ ਹਨ ਜਦੋਂ ਕਿ ਉਹ ਹਫਤੇ ਵਿੱਚ ਛੇ ਜਾਂ ਸੱਤੇ ਦਿਨ ਕੰਮ ਕਰਦੇ ਹਨ। ਇੱਕ ਲਿੰਗਕ-ਸਮੂਹ ਦੇ ਅੰਦਰ ਹੀ ਜਮਾਤੀ ਭੇਦ, ਰਿਹਾਇਸ਼, ਰਹਿਣ ਸਹਿਣ ਦਾ ਪੱਧਰ, ਸਿਹਤ ਅਤੇ ਸਿੱਖਿਆ ਦੇ ਮੌਕਿਆਂ ਨੂੰ ਤੈਅ ਕਰਦਾ ਹੈ ਅਤੇ ਇਸ ਗੱਲ ਨੂੰ ਕਿ ਵਾਫ਼ਰ ਕਦਰ ਨੂੰ ਕੌਣ ਹੜੱਪੇਗਾ। ਫਿਰ ਵੀ, ਜਿਆਦਾਤਰ ਐੱਨ.ਜੀ.ਓ. ਪਹਿਚਾਣ ਦੀ ਰਾਜਨੀਤੀ (ਆਈਡੇਨਟਿਟੀ ਪਾਲਿਟਿਕਸ) ਦੇ ਅਧਾਰ ‘ਤੇ ਸੰਚਾਲਨ ਕਰ ਰਹੇ ਹਨ ਅਤੇ ਤਰਕ ਦਿੰਦੇ ਹਨ ਕਿ ਨਵੀਂ ਤੇ ਉੱਤਰ-ਆਧੁਨਿਕ ਰਾਜਨੀਤੀ ਲਈ ਇਹ ਪ੍ਰਸਥਾਨ ਬਿੰਦੂ ਹੈ। ਪਹਿਚਾਣ ਦੀ ਰਾਜਨੀਤੀ ਆਈ. ਐਮ. ਐਫ. ਨਿਰਦੇਸ਼ਿਤ ਨਿੱਜੀਕਰਨ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਸਥਾਨਕ ਭੂ-ਸਵਾਮੀਆਂ ਦੇ ਪੁਰਸ਼-ਪ੍ਰਧਾਨ ਕੁਲੀਨ ਸੰਸਾਰ ਨੂੰ ਚੁਣੌਤੀ ਨਹੀਂ ਦਿੰਦੀ ਹੈ। ਸਗੋਂ, ਪਰਿਵਾਰ ਵਿੱਚ ”ਪਿੱਤਰੀ ਸੱਤ੍ਹਾ”, ਪਰਿਵਾਰਕ ਹਿੰਸਾ , ਤਲਾਕ, ਪਰਿਵਾਰ ਨਿਯੋਜਨ ਆਦਿ ‘ਤੇ ਹੀ ਧਿਆਨ ਕੇਂਦਰਿਤ ਕਰਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਸ਼ੋਸ਼ਿਤ ਅਤੇ ਉਸ ਛੋਟੇ ਸੰਸਾਰ ਦੇ ਅੰਦਰ ਲਿੰਗਕ-ਸਮਾਨਤਾ ਦੇ ਲਈ ਲੜਦੀ ਹੈ ਜਿਸ ਵਿੱਚ ਸ਼ੋਸ਼ਿਤ ਤੇ ਕੰਗਾਲ ਪੁਰਸ਼ ਮਜ਼ਦੂਰ ਜਾਂ ਕਿਸਾਨ ਮੁੱਖ ਖਲਨਾਇਕ ਦੇ ਰੂਪ ਵਿੱਚ ਉੱਭਰਦਾ ਹੈ ਭਾਵੇਂ ਲਿੰਗਕ-ਭੇਦਭਾਵ ਜਾਂ ਸ਼ੋਸ਼ਣ ਨੂੰ ਕਿਸੇ ਵੀ ਪੱਧਰ ‘ਤੇ ਸਮਰਥਨ ਨਹੀਂ ਦਿੱਤਾ ਜਾਣਾ ਚਾਹੀਦਾ, ਫਿਰ ਵੀ ਨਾਰੀਵਾਦੀ ਐੱਨ.ਜੀ.ਓ. ਨੇ ਘੋਰ ਸ਼ੋਸ਼ਣ ਵਾਲ਼ੇ ਕਮਰਤੋੜ ਕੰਮਾਂ ਵਿੱਚ ਕੰਮਕਾਜੀ ਔਰਤਾਂ ਨੂੰ ਲਾ ਕੇ ਉਨਾਂ ਦਾ ਕਾਫੀ ਨੁਕਸਾਨ ਕੀਤਾ ਹੈ। ਜਿਸ ਵਿੱਚ ਉੱਚ ਵਰਗ ਦੇ ਪੁਰਸ਼ਾਂ ਅਤੇ ਔਰਤਾਂ ਨੂੰ, ਕਿਰਾਇਆ ਵਸੂਲਣ ਵਾਲ਼ੇ ਪੁਰਸ਼ ਤੇ ਮਹਿਲਾ ਭੂਮੀਪਤੀਆਂ ਨੂੰ ਅਤੇ ਮਰਦ ਅਤੇ ਔਰਤ ਸੀ.ਈ.ਓ. ਨੂੰ ਮੁਨਾਫਾ ਮਿਲਦਾ ਹੈ। ਨਾਰੀਵਾਦੀ ਐੱਨ.ਜੀ.ਓ. ”ਵਿਸ਼ਾਲ ਦ੍ਰਿਸ਼” ਦੀ ਅਣਦੇਖੀ ਕਰਦੇ ਹਨ ਅਤੇ ਸਥਾਨਕ ਮੁੱਦਿਆਂ ਅਤੇ ਵਿਅਕਤੀਗਤ ਰਾਜਨੀਤੀ ‘ਤੇ ਕੇਂਦਰਤ ਹੁੰਦੇ ਹਨ, ਇਸਦਾ ਕਾਰਨ ਇਹ ਹੈ ਕਿ , ਹਰ ਸਾਲ ਅਰਬਾਂ ਡਾਲਰ ਉਸੇ ਦਿਸ਼ਾ ਵਿੱਚ ਜਾਂਦੇ ਹਨ। ਜੇ ਨਾਰੀਵਾਦੀ ਐੱਨ.ਜੀ.ਓ. ਬ੍ਰਾਜੀਲ, ਇੰਡੋਨੇਸ਼ੀਆ, ਥਾਈਲੈਂਡ ਜਾਂ ਫਿਲੀਪੀਂਸ ਵਿੱਚ ਭੂਮੀਹੀਣ ਪੁਰਸ਼ ਤੇ ਔਰਤ ਮਜ਼ਦੂਰਾਂ ਨਾਲ਼ ਮਿਲਕੇ ਖੇਤਾਂ ‘ਤੇ ਕਬਜਾ ਕਰਨ ਲੱਗਣ, ਜਾਂ ਢਾਂਚਾਗਤ ਸਮਾਯੋਜਨ ਦੀਆਂ ਨੀਤੀਆਂ ਦੇ ਵਿਰੁੱਧ ਮੁੱਖ ਤੌਰ ‘ਤੇ ਘੱਟ ਤਨਖਾਹੀ ਪੇਂਡੂ ਸਕੂਲਾਂ ਦੀ ਮਹਿਲਾ ਟੀਚਰਾਂ ਦੀਆਂ ਆਮ ਹੜਤਾਲਾਂ ਵਿੱਚ ਸ਼ਾਮਿਲ ਹੋਣ ਲੱਗਣ, ਤਾਂ ਉਨਾਂ ਦੇ ਸਾਮਰਾਜਵਾਦੀ ਦਾਤਿਆਂ ਦੁਆਰਾ ਐੱਨ.ਜੀ.ਓ. ਦਾ ਰਸਦ ਪਾਣੀ ਬੰਦ ਕਰ ਦਿੱਤਾ ਜਾਵੇਗਾ। ਤਾਂ ਬਿਹਤਰ ਇਹੀ ਰਹੇਗਾ ਕਿ ਲੂਜੋਂ ਦੇ ਕਿਸੇ ਦੂਰ ਦੁਰਾਡੇ ਪਿੰਡ ਵਿੱਚ ਕਿਸੇ ਤਰਾਂ ਗੁਜਰ ਬਸਰ ਕਰ ਰਹੇ ਸਥਾਨਕ ਮੁਖੀਏ ਦੀ ਪਿੱਤਰ ਸੱਤ੍ਹਾ ਦੇ ਖਿਲਾਫ ਘੋਲ਼ ਵਿੱਚ ਉਲਝਾਏ ਰੱਖਿਆ ਜਾਵੇ। 

ਜਮਾਤੀ ਇੱਕਜੁਟਤਾ ਬਨਾਮ ਵਿਦੇਸ਼ੀ ਦਾਤਿਆਂ 
ਨਾਲ਼ ਐੱਨ.ਜੀ.ਓ. ਇੱਕਜੁਟਤਾ

”ਇੱਕਜੁਟਤਾ” ਸ਼ਬਦ ਨਾਲ਼ ਇੰਨੀ ਬਦਸਲੂਕੀ ਕੀਤੀ ਗਈ ਹੈ ਕਿ ਇਸਦਾ ਚਿਹਰਾ ਹੀ ਬਦਲ ਗਿਆ ਹੈ। ਐੱਨ.ਜੀ.ਓ. ਸੰਚਾਲਕਾਂ ਲਈ ”ਇੱਕਜੁਟਤਾ” ਪਦ ਵਿਦੇਸ਼ੀ ਮਦਦ ਲਈ ਹੁੰਦਾ ਹੈ ਅਤੇ ਨਿਸ਼ਾਨੇ ਕਿਸੇ ਵੀ ”ਸਾਧਨਹੀਣ” ਵਰਗ ਤੱਕ ਪ੍ਰਵਾਹਤ ਹੁੰਦਾ ਹੈ। ਪ੍ਰੋਫੈਸ਼ਨਲਾਂ ਦੁਆਰਾ ਗਰੀਬਾਂ ‘ਤੇ  ”ਰਿਸਰਚ” ਜਾਂ ”ਪਾਪੁਲਰ ਐਜੁਕੇਸ਼ਨ” ਇੱਕਜੁਟਤਾ ਕਹਾਉਂਦੀ ਹੈ। ਕਈ ਮਾਮਲਿਆਂ ਵਿੱਚ ”ਏਡ” ਅਤੇ ”ਟਰੇਨਿੰਗ” ਦੇ ਸੰਚਾਰਣ ਦੇ ਤੰਤਰਾਤਮਕ ਢਾਂਚੇ ਅਤੇ ਤਰੀਕੇ ਉੱਨੀਵੀਂ ਸਦੀ ਦੀ ਚੈਰੀਟੀ ਨਾਲ਼ ਮੇਲ ਖਾਂਦੇ ਹਨ ਅਤੇ ਇਸਦੇ ਪ੍ਰੋਮੋਟਰਜ਼ ਕ੍ਰਿਸ਼ਿਚਅਨ ਮਿਸ਼ਨਰੀਆਂ ਤੋਂ ਜਿਆਦਾ ਵੱਖਰੇ ਨਹੀਂ ਹਨ। 

ਐੱਨ.ਜੀ.ਓ. ਸੰਚਾਲਕ ਸੱਤ੍ਹਾ ਦੇ ”ਪਿੱਤਰੀਵਾਦ ਅਤੇ ਨਿਰਭਰਤਾ ‘ਤੇ ਹਮਲੇ ਕਰਨ ਵਿੱਚ ”ਸਵੈ-ਸਹਾਇਤਾ” ‘ਤੇ ਜ਼ੋਰ ਦਿੰਦੇ ਹਨ। ਨਵਉਦਾਰਵਾਦ ਦੇ ਸ਼ਿਕਾਰ ਲੋਕਾਂ ਨੂੰ ਅਧੀਨ ਕਰਨ ਲਈ ਐੱਨ.ਜੀ.ਓ. ਅੰਦਰਲੇ ਮੁਕਾਬਲੇ ਵਿੱਚ ਉਹ ਯੂਰਪ ਅਤੇ ਅਮਰੀਕਾ ਵਿੱਚ ਬੈਠੀਆਂ ਆਪਣੀਆਂ ਦਾਤਾ ਸੰਸਥਾਵਾਂ ਤੋਂ ਮਹੱਤਵਪੂਰਨ ਸਬਸਿਡੀ ਪ੍ਰਾਪਤ ਕਰਦੇ ਹਨ। ਸਵੈ-ਸਹਾਇਤਾ ਦੀ ਵਿਚਾਰਧਾਰਾ ਸਰਕਾਰੀ ਕਰਮਚਾਰੀਆਂ ਦਾ ਸਥਾਨ ਉਨਾਂ ਸਵੈਸੇਵਕਾਂ ਅਤੇ ਪ੍ਰ੍ਰੋਫੈਸ਼ਨਲਾਂ ਦੁਆਰਾ ਲਏ ਜਾਣ ‘ਤੇ ਬਲ ਦਿੰਦੀ ਹੈ, ਜੋ ਅਸਥਾਈ ਤੌਰ ‘ਤੇ ਅਨੁਬੰਧਿਤ ਕੀਤੇ ਜਾਂਦੇ ਹਨ। ਐੱਨ.ਜੀ.ਓ. ਦਾ ਮੌਲਿਕ ਫਲਸਫਾ ਹੈ, ”ਇੱਕਜੁਟਤਾ” ਨੂੰ ਨਵਉਦਾਰਵਾਦ ਦੇ ਵਡੇਰੇ ਅਰਥਚਾਰੇ ਨਾਲ਼ ਗੱਠਜੋੜ ਅਤੇ ਮਾਤਹਤੀ ਵਿੱਚ ਬਦਲ ਦੇਣਾ¸ਧਨੀ ਜਮਾਤਾਂ ਦੇ ਰਾਜਕੀ ਸ੍ਰੋਤਾਂ ਤੋਂ ਧਿਆਨ ਹਟਾਕੇ ਗਰੀਬਾਂ ਦੇ ਸਵ-ਸ਼ੋਸ਼ਣ ਵੱਲ ਕਰਦੇ ਹੋਏ। 

ਇਸਦੇ ਉਲ਼ਟ, ਮਾਰਕਸਵਾਦ ਦੇ ਅੰਦਰ ਜਮਾਤੀ ਏਕਤਾ (ਇੱਕਜੁਟਤਾ) ਅਤੇ ਦੇਸ਼ੀ-ਵਿਦੇਸ਼ੀ ਲੋਟੂਆਂ ਵਿਰੁੱਧ ਦੱਬੇ ਕੁਚਲੇ ਲੋਕਾਂ (ਔਰਤਾਂ ਅਤੇ ਕਾਲ਼ਿਆਂ) ਦੀ ਇੱਕਜੁਟਤਾ ‘ਤੇ ਜ਼ੋਰ ਦਿੰਦਾ ਹੈ। ਮੁੱਖ ਧਿਆਨ ”ਡੋਨੇਸ਼ਨਾਂ” ‘ਤੇ ਕੇਂਦਰਿਤ ਹੁੰਦਾ ਹੈ ਜਮਾਤਾਂ ਨੂੰ ਵੰਡਦੇ ਹਨ ਅਤੇ ਛੋਟੇ-ਛੋਟੇ ਸਮੂਹਾਂ ਨੂੰ ਇੱਕ ਸੀਮਤ ਸਮੇਂ ਲਈ ਸ਼ਾਂਤ ਕਰ ਦਿੰਦੇ ਹਨ। ਇੱਕਜੁਟਤਾ ਦੀ ਮਾਰਕਸਵਾਦੀ ਧਾਰਨਾ ਜਮਾਤ ਦੇ ਮੈਂਬਰਾਂ ਦੀ ਸਾਂਝੀ ਕਾਰਵਾਈ ‘ਤੇ ਕੇਂਦਰਤ ਹੁੰਦੀ ਹੈ¸ਸਮਾਨ ਆਰਥਿਕ ਦੁਰਦਸ਼ਾ ਨੂੰ ਝਲਦੇ ਹੋਏ ਅਤੇ ਸਮੂਹਿਕ ਸੁਧਾਰ ਲਈ ਘੋਲ਼ ਕਰਦੇ ਹੋਏ। ਇਹ ਉਨਾਂ ਬੁੱਧੀਜੀਵੀਆਂ ਨੂੰ ਸਮਾਹਿਤ ਕਰਦੀ ਹੈ ਜੋ ਘੋਲ਼ ਵਿੱਚ ਸਮਾਜਿਕ ਅੰਦੋਲਨਾਂ ਲਈ ਲਿਖਦੇ ਅਤੇ ਬੋਲਦੇ ਹਨ ਅਤੇ ਜੋ ਉਨਾਂ ਰਾਜਨੀਤਕ ਸਿੱਟਿਆਂ ਵਿੱਚ ਹਿੱਸੇਦਾਰੀ ਦੇ ਲਈ ਬਚਨਬੱਧ ਹਨ। ਇੱਕਜੁਟਤਾ ਦੀ ਧਾਰਨਾ ”ਆਰਗੇਨਿਕ” ਬੁੱਧੀਜੀਵੀਆਂ ਨਾਲ਼ ਜੁੜੀ ਹੁੰਦੀ ਹੈ ਜੋ ਬੁਨਿਆਦੀ ਤੌਰ ‘ਤੇ ਅੰਦੋਲਨ ਦਾ ਹਿੱਸਾ ਹੁੰਦੇ ਹਨ, ਜਮਾਤੀ ਘੋਲ਼ ਲਈ ਵਿਸ਼ਲੇਸ਼ਣ ਅਤੇ ਸਿੱਖਿਆ ਉਪਲਬਧ ਕਰਾਉਂਦੇ ਹਨ ਅਤੇ ਸਿੱਧੀ ਕਾਰਵਾਈ ਵਿੱਚ ਸਭ ਦੇ ਨਾਲ਼ ਰਾਜਨੀਤਕ ਖਤਰੇ ਨੂੰ ਮੁੱਲ ਲੈਂਦੇ ਹਨ। ਇਸਦੇ ਉਲ਼ਟ ਐੱਨ.ਜੀ.ਓ. ਸੰਚਾਲਕ ਸੰਸਥਾਵਾਂ, ਅਕੈਡਮਿਕ ਸੈਮੀਨਾਰਾਂ, ਵਿਦੇਸ਼ੀ ਫਾਉਂਡੇਸ਼ਨਾਂ ਅਤੇ ਕੌਮਾਂਤਰੀ ਸਮੇਲਨਾਂ ਦੇ ਸੰਸਾਰ ਦੇ ਨਾਲ਼ ਇੱਕ ਰੂਪ ਹੁੰਦੇ ਹਨ, ਜੋ ਅਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਜਿਸਨੂੰ ਉਹੀ ਸਮਝ ਸਕਦੇ ਹਨ ਅਤੇ ਬੁਨਿਆਦੀ ਪਹਿਚਾਣਾਂ ਦੇ ਆਤਮਵਾਦੀ ਪੰਥ ਵਿੱਚ ”ਹੰਢੇ ਤਪੇ ” ਹੁੰਦੇ ਹਨ। ਮਾਰਕਸਵਾਦੀ ਇੱਕਜੁਟਤਾ ਨੂੰ ਜਮਾਤੀ ਰਾਜਨੀਤਕ ਅੰਦੋਲਨਾਂ ਦੇ ਖਤਰਿਆਂ ਵਿੱਚ ਬਰਾਬਰ ਹਿੱਸੇਦਾਰੀ ਦੇ ਰੂਪ ਵਿੱਚ ਦੇਖਦੇ ਹਨ, ਉਹਨਾਂ ਬਾਹਰੀ ਸਮਾਲੋਚਕਾਂ ਦੀ ਤਰਾਂ ਨਹੀਂ ਜੋ ਸਵਾਲ ਉਠਾਉਂਦੇ ਤਾਂ ਹਨ ਪਰ ਪ੍ਰਤੀਵਾਦ ਕੁੱਝ ਨਹੀਂ ਕਰਦੇ। ਐੱਨ.ਜੀ.ਓ. ਸੰਚਾਲਕਾਂ ਦਾ ਇੱਕ ਮੂਲ ਉਦੇਸ਼ ਆਪਣੇ ”ਪ੍ਰੋਜੈਕਟ” ਲਈ ਵਿਦੇਸ਼ੀ ਫੰਡ ”ਹਥਿਆਉਣਾ” ਹੁੰਦਾ ਹੈ। ਮਾਰਕਸਵਾਦੀਆਂ ਲਈ ਮੁੱਖ ਮੁੱਦਾ ਹੁੰਦਾ ਹੈ¸ਸਮਾਜਿਕ ਬਦਲਾਅ ਲਿਆਉਣ ਲਈ ਰਾਜਨੀਤਕ ਘੋਲ਼ ਅਤੇ ਸਿੱਖਿਆ ਦੀ ਪ੍ਰੀਕ੍ਰਿਆ। ਅੰਦੋਲਨ ਹੀ ਸਭ ਕੁੱਝ ਹੈ, ਯਾਣੀ ਸਮਾਜਿਕ ਤਬਦੀਲੀ ਦੇ ਉਦੇਸ਼ ਦੀ ਚੇਤਨਾ ਜਾਗ੍ਰਿਤ ਕਰਨ ਦੇ ਸਾਧਨ ਅਤੇ ਅਜਿਹੀ ਰਾਜਨੀਤਕ ਸੱਤ੍ਹਾ ਦਾ ਨਿਰਮਾਣ ਕਰਨਾ ਜੋ ਬਹੁਗਿਣਤੀ ਲੋਕਾਂ ਦੀ ਦਸ਼ਾ ਸੁਧਾਰਨ ਲਈ ਸਮਰਪਤ ਹੋਵੇ। 

ਐੱਨ.ਜੀ.ਓ. ਸੰਚਾਲਕਾਂ ਲਈ, ”ਇੱਕਜੁਟਤਾ” ਮੁਕਤੀ ਦੇ ਆਮ ਉਦੇਸ਼ ਨਾਲ਼ੋਂ ਵਿੱਛੜ ਚੁੱਕੀ ਹੈ। ਇਹ ਲੋਕਾਂ ਨੂੰ ਕੇਵਲ ਕਿਸੇ ਨੌਕਰੀ ‘ਤੇ ਲਾਉਣ, ਸੈਮੀਨਾਰ ਦੀ ਮੁੜ ਟਰੇਨਿੰਗ ਜਾਂ ਟਾਇਲਟ ਨਿਰਮਾਣ ਲਈ ਇਕੱਠੇ ਕਰਨ ਦਾ ਰਾਹ ਹੈ। ਮਾਰਕਸਵਾਦੀਆਂ ਲਈ, ਸਮੂਹਿਕ ਘੋਲ਼ ਦੀ ਇੱਕਜੁਟਤਾ ਵਿੱਚ ਭਵਿੱਖੀ ਜਮਹੂਰੀ ਸਮੂਹਵਾਦੀ ਸਮਾਜ ਦੇ ਵਿੱਚ ਛੁਪੇ ਹੁੰਦੇ ਹਨ। ਵਿਆਪਕ ਦੂਰਦਰਸ਼ਤਾ ਜਾਂ ਇਸਦਾ ਭਾਵ ਹੀ ”ਇੱਕਜੁਟਤਾ” ਦੇ ਸਵਰੂਪ ਨੂੰ ਤੈਅ ਕਰਦਾ ਹੈ। 

ਜਮਾਤੀ ਘੋਲ਼ ਅਤੇ ਸਹਿਯੋਗ

ਐੱਨ.ਜੀ.ਓ. ਸੰਚਾਲਕ ਨਵ-ਉਦਾਰਵਾਦੀ ਹਕੂਮਤਾਂ ਅਤੇ ਵਿਦੇਸ਼ੀ ਫੰਡਿੰਗ ਏਜੰਸੀਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਲੋੜੀਂਦੀਆਂ ਕੀਮਤਾਂ ਅਤੇ ਸ਼ਰਤਾਂ ਦੇ ਭਵਸਾਗਰ ਵਿੱਚ ਬਿਨਾਂ ਗਹਿਰਾਈ ਵਿੱਚ ਡੁਬਕੀ ਲਾਏ ਹੀ ਹਰੇਕ ਦੇ ਸਰਬਪੱਖੀ ”ਸਹਿਯੋਗ” ਬਾਰੇ ਬਕਦੇ ਰਹਿੰਦੇ ਹਨ। ਜਮਾਤੀ ਘੋਲ਼ ਨੂੰ ਅਤੀਤ ਦੇ ਆਦਿ-ਮਾਨਵ ਕਾਲੀਨ ਘੋਲ਼ਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜੋ ਹੁਣ ਹੋਂਦ ਵਿੱਚ ਨਹੀਂ ਹਨ। ਅੱਜ ਸਾਨੂੰ ਦੱਸਿਆ ਜਾਂਦਾ ਹੈ ਕਿ ”ਗਰੀਬ” ਨਵਜੀਵਨ ਦੇ ਨਿਰਮਾਣ ਲਈ ਦ੍ਰਿੜ ਸੰਕਲਪ ਹਨ। ਉਹ ਪ੍ਰੰਪਰਾਗਤ ਰਾਜਨੀਤੀ, ਸਿਧਾਂਤ ਅਤੇ ਰਾਜਨੀਤੀਵਾਨਾਂ ਤੋਂ ਅੱਕ ਚੁੱਕੇ ਹਨ। ਬਹੁਤ ਠੀਕ। ਪਰ ਸਮੱਸਿਆ ਇਹ ਹੈ ਕਿ ਵਿਚੋਲਿਆਂ ਅਤੇ ਦਲਾਲਾਂ ਦੇ ਰੂਪ ਵਿੱਚ ਵਿਦੇਸ਼ੀ ਫੰਡ ਹਥਿਆਉਣ ਵਿੱਚ ਐੱਨ.ਜੀ.ਓ. ਸੰਚਾਲਕ ਆਪਣੀ ਭੂਮਿਕਾ ਬਹੁਤ ਘੱਟ ਦਿਖਾਉਂਦੇ ਹਨ। ਸਹਿਯੋਗ, ਸੂਖਮ ਉਦਮ ਅਤੇ ਸਵੈ-ਸਹਾਇਤਾ ਦਾ ਸਾਲਾਂ ਤੱਕ ਉਪਦੇਸ਼ ਦਿੰਦੇ ਰਹਿਣ ਤੋਂ ਬਾਅਦ ਵੀ ਆਮਦਨੀ ਦਾ ਸੰਕੇਦਰਣ ਅਤੇ  ਗੈਰ ਬਰਾਬਰੀਆਂ ਵਿੱਚ ਬੇਤਹਾਸ਼ਾ ਵਾਧਾ ਪਹਿਲਾਂ ਤੋਂ ਜਿਆਦਾ ਹੈ। ਅੱਜ ਵਿਸ਼ਵ ਬੈਂਕ ਜਿਹੇ ਬੈਂਕਾਂ ਦੁਆਰਾ  ਖੇਤੀ-ਕਿੱਤਿਆਂ ਨਿਰਯਾਤ ‘ਤੇ ਮਾਈਕਰੋ-ਪ੍ਰੋਜੈਕਟਾਂ ਨੂੰ ਫੰਡ ਦਿੱਤਾ ਜਾਂਦਾ ਹੈ ਜੋ ਖੇਤ ਮਜ਼ਦੂਰਾਂ ਨੂੰ ਸ਼ੋਸ਼ਿਤ ਅਤੇ ਵਿਸ਼ਾਕਤ ਕਰਦਾ ਹੈ। ਮਾਈਕਰੋ-ਪ੍ਰੋਜੈਕਟਾਂ ਵਿੱਚ ਐੱਨ.ਜੀ.ਓ. ਦੀ ਭੂਮਿਕਾ ਹੇਠਲੇ ਪੱਧਰ ‘ਤੇ ਨਵ-ਉਦਾਰਵਾਦ ਨੂੰ ਹੱਲਾ ਛੇਰੀ ਦਿੱਤੀ ਜਾਂਦੀ  ਹੈ। ਸਹਿਯੋਗ ਦੀ ਵਿਚਾਰਧਾਰਾ ਲਾਚਾਰ ਲੋਕਾਂ ਨੂੰ, ਐੱਨ.ਜੀ.ਓ. ਰਾਹੀਂ, ਨਵਉਦਾਰਵਾਦੀਆਂ ਨਾਲ਼ ਜੋੜਦੀ ਹੈ। 

ਬੌਧਿਕ ਰੂਪ ਨਾਲ਼ ਐੱਨ.ਜੀ.ਓ. ਬੁੱਧੀਜੀਵੀ ਥਾਣੇਦਾਰ ਹੁੰਦੇ ਹਨ ਜੋ ”ਪ੍ਰਵਾਨਤ”  ਰਿਸਰਚ ਨੂੰ ਪਰਿਭਾਸ਼ਤ ਕਰਦੇ ਹਨ, ਰਿਸਰਚ ਫੰਡਾਂ ਦੀ ਵੰਡ ਕਰਦੇ ਹਨ ਅਤੇ ਉਨਾਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਰੇਖਾਕਿਤ ਕਰਦਾ ਹੈ। ਮਾਰਕਸਵਾਦੀ ਕਾਨਫਰੰਸਾਂ ਤੋਂ ਅਲੱਗ ਰੱਖੇ ਜਾਂਦੇ ਹਨ ਅਤੇ ”ਸਿਧਾਂਤਾ ਦੇ ਪੈਰੋਕਾਰ” ਦੇ ਰੂਪ ਵਿੱਚ ਕਲੰਕਤ ਕੀਤੇ ਜਾਂਦੇ ਹਨ, ਜਦੋਂ ਕਿ ਐੱਨ.ਜੀ.ਓ. ਆਪਣੇ ਆਪਨੂੰ ”ਸਮਾਜ ਵਿਗਿਆਨਕਾਂ” ਦੇ ਰੂਪ ਵਿੱਚ ਪੇਸ਼ ਕਰਦੇ ਹਨ। ਬੁੱਧੀਜੀਵੀ ਫੈਸ਼ਨ, ਪ੍ਰਕਾਸ਼ਨਾਂ, ਕਾਨਫਰੰਸਾਂ ਅਤੇ ਰਿਸਰਚ ਫੰਡਾਂ ‘ਤੇ ਨਿਯੰਤਰਣ ਉਤਰ-ਮਾਰਕਸਵਾਦੀਆਂ ਨੂੰ ਇੱਕ ਮਹੱਤਵਪੂਰਨ ਸ਼ਕਤੀ-ਪੀਠ ਪ੍ਰਦਾਨ ਕਰਨਾ ਹੈ, ਪਰ ਅੰਤ ਨੂੰ ਆਪਣੇ ਬਾਹਰੀ ਧਨ-ਦਾਤਿਆਂ ਨਾਲ ਹਮੇਸ਼ਾਂ ਕਿਸੇ ਝਗੜੇ ਲੜਾਈ ਨੂੰ ਟਾਲ਼ਦੇ ਰਹਿਣ  ਦੇ ਲਈ ਸੁਚੇਤ ਰਹਿਣਾ ਪੈਂਦਾ ਹੈ। 

ਮਾਰਕਸਵਾਦੀ ਬੁੱਧੀਜੀਵੀ ਅਲੋਚਕ ਇਸ ਤੱਥ ਨਾਲ਼ ਮਜ਼ਬੂਤੀ ਪ੍ਰਾਪਤ ਕਰਦੇ ਹਨ ਕਿ ਉਨਾਂ ਦੇ ਵਿਚਾਰ ਸਮਾਜਿਕ ਅਸਲੀਅਤਾਂ ਦੇ ਉਭਾਰ ਨਾਲ਼ ਸਹੀ ਸਿੱਧ ਹੁੰਦੇ ਹਨ। ਜਮਾਤਾਂ ਦਾ ਧਰੁਵੀਕਰਨ  ਅਤੇ ਹਿੰਸਕ ਮੁਕਾਬਲੇ ਵਧਦੇ ਜਾ ਰਹੇ ਹਨ, ਜਿਵੇਂ ਕਿ ਉਨਾਂ ਦੇ ਸਿਧਾਂਤ ਪਹਿਲਾਂ ਸੂਚਤ ਕਰਦੇ ਹਨ। ਇਸ ਪਰਿਪੇਖ ਵਿੱਚ ਮਾਰਕਸਵਾਦੀ ਐੱਨ.ਜੀ.ਓ. ਦੇ ਸਾਹਮਣੇ ਭਾਵੇਂ ਕਮਜ਼ੋਰ ਹਨ ਜਦੋਂ ਕਿ ਯੁੱਧਨੀਤਕ ਤੌਰ ‘ਤੇ ਮਜ਼ਬੂਤ। 

ਵੈਕਲਪਿਕ ਐੱਨ.ਜੀ.ਓ.

ਕੋਈ ਤਰਕ ਦੇ ਸਕਦਾ ਹੈ ਕਿ ਬਹੁਤ ਸਾਰੇ ਵੱਖਰੀ ਤਰਾਂ ਦੇ ਐੱਨ.ਜੀ.ਓ. ਹਨ ਅਤੇ ਉਨਾਂ ਵਿੱਚੋਂ ਕਈ ਸਮਾਯੋਜਨ ਤਰੀਕਿਆਂ, ਆਈ. ਐਮ. ਐਫ. ਕਰਜ ਭੁਗਤਾਨ ਆਦਿ ਦੇ ਵਿਰੁੱਧ ਜਥੇਬੰਦ ਹੁੰਦੇ ਹਨ ਅਤੇ ਵਿਰੋਧ ਕਰਦੇ ਹਨ ਅਤੇ ਇਹ ਕਿ ਸਭ ਨੂੰ ਇੱਕ ਹੀ ਸ਼੍ਰੇਣੀ ਵਿੱਚ ਰੱਖਣਾ ਅਣਉਚਿਤ ਹੈ। ਇਸ ਵਿੱਚ ਸੱਚਾਈ ਦੇ ਕੁੱਝ ਅੰਸ਼ ਜ਼ਰੂਰ ਹਨ, ਪਰ ਇਹ ਸਥਿਤੀ ਇੱਕ ਬਹੁਤ ਹੀ ਮੌਲਿਕ ਮੁੱਦੇ ਨੂੰ ਸਾਰ ਭਰਭੂਰ ਬਣਾਉਂਦੀ ਹੈ। ਏਸ਼ੀਆ ਤੇ ਲਾਤਿਨ ਅਮਰੀਕਾ ਦੇ ਕਿਸਾਨ ਨੇਤਾਵਾਂ ਦਾ ਜਿਕਰ ਕਰਨਾ ਉਚਿਤ ਹੋਵੇਗਾ ਜਿਨਾਂ ਦੇ ਨਾਲ਼ , ਇੱਥੇ ਤੱਕ ਕਿ , ”ਪ੍ਰਗਤੀਵਾਦੀ” ਐੱਨ.ਜੀ.ਓ. ਵੀ ‘ਫੁੱਟ ਪਾਓ ਤੇ ਰਾਜ ਕਰੋ’ ਵਾਲ਼ੀ ਭੂਮਿਕਾ ਅਦਾ ਕਰਦੇ ਹਨ : ਐੱਨ.ਜੀ.ਓ. ਕਿਸਾਨ ਨੇਤਾਵਾਂ ਨੂੰ ਆਪਣੇ ਸੰਗਠਨਾਂ ਵਿੱਚ ਮਾਤਹਤੀ ਵਾਲ਼ੀ ਭੂਮਿਕਾ ਵਿੱਚ ਰੱਖਣਾ ਚਾਹੁੰਦੇ ਹਨ ਅਤੇ ਗਰੀਬਾਂ ਦੀ ਅਗਵਾਈ ਕਰਨਾ ਚਾਹੁੰਦੇ ਹਨ ਅਤੇ ਉਨਾਂ ਲਈ ਬੋਲਣ ਦਾ ਪਾਖੰਡ ਰਚਦੇ ਹਨ। ਪਰ ਉਹ ਮਾਤਹਤ ਭੂਮਿਕਾ ਸਵੀਕਾਰ ਨਹੀਂ ਕਰਦੇ। ਪ੍ਰਗਤੀਵਾਦੀ ਐੱਨ.ਜੀ.ਓ. ਕਿਸਾਨਾਂ ਅਤੇ ਗਰੀਬਾਂ ਨੂੰ   ਆਪਣੇ ਰਿਸਰਚ-ਪ੍ਰੋਜੈਕਟਾਂ ਲਈ ਵਰਤਦੇ ਹਨ ਅਤੇ ਉਨਾਂ ਦੇ ਪ੍ਰਕਾਸ਼ਨ ਤੋਂ ਲਾਭ ਕਮਾਉਂਦੇ ਹਨ। ਉਨਾਂ ਤੱਕ ਕੁੱਝ ਵੀ ਵਾਪਸ ਨਹੀਂ ਆਉਂਦਾ, ਉਨਾਂ ਦੇ ਨਾਮ ‘ਤੇ ਕੀਤੇ ਗਏ ਅਧਿਐਨਾਂ ਦੀ ਕਾਪੀਆਂ ਵੀ ਨਹੀਂ! ਜਦੋਂ ਕਿਸਾਨ ਨੇਤਾ ਪੁਛਦੇ ਹਨ ਕਿ ਐੱਨ.ਜੀ.ਓ. ਸਿੱਖਿਅਕ ਸੈਮੀਨਾਰਾਂ ਤੋਂ ਬਾਅਦ ਕਦੇ ਵੀ ਆਪਣਾ ਗਲ਼ਾ ਕਿਉਂ ਨਹੀਂ ਫਸਾਉਂਦੇ? ਉਹ ਧਨੀ ਤੇ ਸ਼ਕਤੀਸ਼ਾਲੀ ਲੋਕਾਂ ਦਾ ਅਧਿਐਨ ਕਿਉਂ ਨਹਂੀ ਕਰਦੇ। ਸਾਡਾ ਹੀ ਕਿਉਂ? 

ਇਹ ਮੰਨ ਲੈਣ ‘ਤੇ ਵੀ ਕਿ ”ਪ੍ਰਗਤੀਵਾਦੀ ਐੱਨ.ਜੀ.ਓ.” ਦੇ ਅੰਦਰ ਹੀ ਕੁੱਝ ਅਜਿਹੇ ਘੱਟ ਗਿਣਤੀ ਹਨ ਜੋ ਕਿ ਸੁਧਾਰਵਾਦੀ ਸਮਾਜਿਕ-ਰਾਜਨੀਤਕ ਅੰਦੋਲਨਾਂ ਦੇ ਲਈ ”ਰਿਸੋਰਸ ਪਰਸਨ” ਦਾ ਕੰਮ ਕਰਦੇ ਹਨ, ਅਸਲੀਅਤ ਇਹ ਹੈ ਕਿ ਐੱਨ.ਜੀ.ਓ. ਤੱਕ ਜਾਣ ਵਾਲ਼ੇ ਫੰਡਾਂ ਦਾ ਇੱਕ ਤੁੱਛ ਭਾਗ ਹੀ ਲੋਕਾਂ ਨੂੰ ਮਿਲ ਪਾਉਂਦਾ ਹੈ। ਇਸਤੋਂ ਬਿਨਾਂ, ਐੱਨ.ਜੀ.ਓ. ਦਾ ਵਿਸ਼ਾਲ ਸਮੂਹ ਉਪਰੋਕਤ ਰੇਖਾਕਿਤ ਵਰਣਨ ਵਿੱਚ ਸਟੀਕ ਬੈਠਦਾ ਹੈ। ਕੇਵਲ ਕੁੱਝ ਅਪਵਾਦ ਹੋ ਸਕਦੇ ਹਨ ਜੋ ਹੋਰ ਤਰਾਂ ਸਿੱਧ ਹੋਣ। ”ਪ੍ਰਗਤੀਵਾਦੀ ਐੱਨ.ਜੀ.ਓ.” ਲਈ ਇੱਕ ਵੱਡਾ ਪ੍ਰਗਤੀਵਾਦੀ ਕਦਮ ਇਹ ਹੈ ਕਿ ਉਹ ਆਪਣੇ ਸਹਿਕਰਮੀਆਂ ਦੀ ਸਾਮਰਾਜਵਾਦ ਤੇ ਇਸਦੇ ਦੇਸੀ ਪੱਤਲ਼ ਚੱਟਾਂ ਨਾਲ਼ ਗੱਠਜੋੜਾਂ, ਸੱਤ੍ਹਾਵਾਦੀ-ਵਿਸ਼ਿਟਤਾਵਾਦੀ ਢਾਂਚਿਆਂ ਦੀ ਵਿਧਿਵਤ ਅਲੋਚਨਾ ਅਤੇ ਸਮਾਲੋਚਨਾ ਕਰਨ। ਉਦੋਂ ਉਨਾਂ ਲਈ ਆਪਣੇ ਪੱਛਮੀ ਸਮਕਕਸ਼ੀ ਐੱਨ.ਜੀ.ਓ. ਨੂੰ ਇਹ ਕਹਿਣਾ ਅਰਥਪੂਰਨ ਹੋਵੇਗਾ ਕਿ ਉਹ ਸੰਸਥਾ / ਸਰਕਾਰੀ ਢਾਂਚਿਆਂ ਤੋਂ ਬਾਹਰ ਨਿੱਕਲ਼ ਜਾਣ ਅਤੇ ਯੂਰਪ ਅਤੇ ਉੱਤਰੀ ਅਮਰੀਕਾ ਦੇ ਆਪਣੇ ਹੀ ਲੋਕਾਂ ਨੂੰ ਜਥੇਬੰਦ ਅਤੇ ਸਿੱਖਿਅਤ ਕਰਨ ਲਈ ਵਾਪਸ ਚਲੇ ਜਾਣ ਅਤੇ ਅਜਿਹੇ ਸਮਾਜਿਕ-ਰਾਜਨੀਤਕ ਅੰਦੋਲਨ ਖੜ੍ਹੇ ਕਰਨ ਜੋ ਉਨਾਂ ਪ੍ਰਭਾਵੀ ਸੱਤ੍ਹਾਵਾਂ ਅਤੇ ਪਾਰਟੀਆਂ ਨੂੰ ਚੁਣੌਤੀ ਦੇ ਸਕਣ ਜੋ ਸਿਰਫ ਬੈਂਕਾਂ ਅਤੇ ਬਹੁਕੌਮੀ ਨਿਗਮਾਂ ਦਾ ਹਿੱਤ ਪੂਰਦੀਆਂ ਹਨ।

ਦੂਜੇ ਸ਼ਬਦਾਂ ਵਿੱਚ ਐੱਨ.ਜੀ.ਓ. ਨੂੰ ਐੱਨ.ਜੀ.ਓ. ਹੋਣ ਤੋਂ ਬਾਜ ਆਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸਮਾਜਿਕ-ਰਾਜਨੀਤਕ ਅੰਦੋਲਨਾਂ ਦੇ ਮੈਂਬਰਾਂ ਦੇ ਰੂਪ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਇਹੀ ਇੱਕ ਰਾਹ ਹੈ ਜਿਸ ਨਾਲ਼ ਉਨਾਂ ਲੱਖਾਂ ਐੱਨ.ਜੀ.ਓ. ਦੇ ਝੁੰਡ ਵਿੱਚ ਫਸਣ ਤੋਂ ਬਚ ਸਕਦੇ ਹਨ ਜੋ ਦਾਤਿਆਂ ਦਾ ਪੇਟ ਭਰਨ ਦਾ ਕੰਮ ਕਰਦੇ ਹਨ। 

ਨਤੀਜਾ : ਐੱਨ.ਜੀ.ਓ. ਦੇ ਸਿਧਾਂਤ ਬਾਰੇ

ਸੰਰਚਨਾ ਦੇ ਲਿਹਾਜ ਨਾਲ਼ ਐੱਨ.ਜੀ.ਓ. ਇੱਕ ਨਵੇਂ ਪੈਟੀ ਬੁਰਜੂਆ ਵਰਗ ਦੇ ਜਨਮ ਨੂੰ ਪ੍ਰਤੀਬਿੰਬਤ ਕਰਦੇ ਹਨ ਜੋ ”ਪੁਰਾਣੇ” ਦੁਕਾਨਦਾਰਾਂ, ਅਜ਼ਾਦੀ ਪੇਸ਼ਾ ਵਿਅਕਤੀਆਂ ਅਤੇ ”ਨਵੇ” ਸਰਕਾਰੀ ਕਰਮਚਾਰੀ ਸਮੂਹਾਂ ਤੋਂ ਭਿੰਨ ਹਨ। ਇਹ ਉੱਪਠੇਕੇ ਵਾਲ਼ਾ ਖੇਤਰ ਪਹਿਲਾਂ ਦੇ ”ਦਲਾਲ” ਬੁਰਜੂਆ ਦੇ ਨਿਕਟ ਹਨ, ਕਿਉਂਕਿ ਇਹ ਕੋਈ ਅਸਲੀ ਮਾਲ ਨਹੀਂ ਉਤਪਾਦਿਤ ਕਰਦਾ, ਪਰ ਸਾਮਰਾਜਵਾਦੀ ਉੱਦਮਾਂ ਵਿੱਚ ਘਿਓ ਖਿਚੜੀ ਹਨ। ਇਹ ਨਵਾਂ ਪੈਟੀ-ਬੁਰਜੂਆ ਇਸ ਤੱਥ ਨਾਲ਼ ਚਿੜਦਾ ਹੁੰਦਾ ਹੈ ਕਿ ਉਸ ਵਿੱਚ ਬਹੁਤ ਸਾਰੇ ਪੂਰਵ ਮਾਰਕਸਵਾਦੀ ਹਨ ਜੋ ਇੱਕ ”ਪ੍ਰਚੱਲਿਤ ਸ਼ਬਦਾਵਲੀ” ਅਤੇ ਕੁੱਝ ਮਾਮਲਿਆਂ ਵਿੱਚ ਵਿਸ਼ਿਸ਼ਟਵਾਦੀ, ”ਹਿਰਾਵਲ ਪੰਥੀ” ਧਾਰਨਾ ਆਪਣੇ ਨਾਲ਼ ਲੈ ਕੇ ਆਉਂਦੇ ਹਨ। ਬਿਨਾਂ ਕਿਸੇ ਸੰਪਤੀ ਜਾਂ ਸੱਤ੍ਹਾ ਵਿੱਚ ਕਿਸੇ ਨਿਸਚਿਤ ਅਹੁਦੇ ‘ਤੇ ਬਿਰਾਜਮਾਨ ਹੋਏ, ਇਹ ਨਵੀਂ ਜਮਾਤ ਆਪਣੇ ਵੰਸ਼ ਵਾਧੇ ਲਈ ਬਾਹਰੀ ਫੰਡਿੰਗ ‘ਤੇ ਬਹੁਤ ਜਿਆਦਾ ਨਿਰਭਰ ਹੁੰਦਾ ਹੈ। ਪਰ ਜਨਤਾ ਵਿੱਚ ਇਨਾਂ ਮਾਰਕਸਵਾਦ ਵਿਰੋਧੀ ਅਤੇ ਸੱਤ੍ਹਾ ਵਿਰੋਧੀ ਨਾਹਰਿਆਂ ਨੂੰ ਜਮਹੂਰੀ  ਸ਼ਬਦ ਅਡੰਬਰਾਂ ਨਾਲ਼ ਸੰਯੁਕਤ ਕਰਨਾ ਹੁੰਦੀ ਹੈ¸ਫਲਸਰੂਪ  ”ਤੀਜੇ ਰਾਹ” ਅਤੇ ”ਸੱਭਿਆ ਸਮਾਜ” ਦੀ ਧਾਰਨਾ ਦਾ ਸੂਤਰਪਾਤ ਹੁੰਦਾ ਹੈ ਜੋ ਦੋਵੇਂ ਧੜਿਆਂ  ਨੂੰ ਸਮੇਟਣ ਲਈ ਕਾਫੀ ਹੱਦ ਤੱਕ ਅਸਪੱਸ਼ਟਤਾਪੂਰਨ ਹੁੰਦਾ ਹੈ। ਇਹ ਨਵਾਂ ਪੈਟੀ ਬੁਰਜੂਆ ਆਪਣੀ ਹੋਂਦ ਲਈ ਕੌਮਾਂਤਰੀ ਜਲਸਿਆਂ ਵਿੱਚ ਹਿੱਸੇਦਾਰੀ ‘ਤੇ ਖਾਸ ਭਰੋਸਾ ਕਰਦਾ ਹੈ, ਜਦੋਂਕਿ ਆਪਣੇ ਹੀ ਦੇਸ਼ ਵਿੱਚ ਇਸਦਾ ਕੋਈ ਠੋਸ ਜਥੇਬੰਦਕ ਅਧਾਰ ਨਹੀਂ ਹੁੰਦਾ। ”ਭੂਮੰਡਲਵਾਦੀ” ਨਾਅਰਾ ਇੱਕ ਤਰਾਂ ਦੇ ਨਕਲੀ ”ਕੌਮਾਂਤਰੀਵਾਦ” ‘ਤੇ ਪਰਦਾ ਪਾਉਣਾ ਹੈ ਜੋ ਸਾਮਰਾਜਵਾਦ ਵਿਰੋਧੀ ਸੰਕਲਪਾਂ ਤੋਂ ਵਾਂਝਾ ਹੁੰਦਾ ਹੈ। ਸੰਖੇਪ ਵਿੱਚ, ਇਹ ਨਵਾਂ ਪੈਟੀ ਬੁਰਜੂਆ ਨਵ-ਉਦਾਰਵਾਦੀ  ਢਾਂਚੇ ਦਾ ”ਸੁਧਾਰਵਾਦੀ ਵਿੰਗ” ਬਣਾ ਹੈ। 

ਰਾਜਨੀਤਕ ਤੌਰ ‘ਤੇ ਐੱਨ.ਜੀ.ਓ. ਸਾਮਰਾਜਵਾਦੀ-ਯੁੱਧਨੀਤੀਵਾਦੀ ਨਵੇਂ ਵਿਚਾਰਾਂ ਵਿੱਚ ਸਹੀ ਬੈਠਦੇ ਹਨ। ਇੱਕ ਪਾਸੇ ਇੱਥੇ   ਆਈ. ਐਮ. ਐੱਫ. ਵਿਸ਼ਵ ਬੈਂਕ ਅਤੇ ਬਹੁਕੌਮੀ ਨਿਗਮ ਅਰਥਚਾਰੇ ਨੂੰ ਲੁੱਟਣ ਲਈ ਘਰੇਲੂ ਕੁਲੀਨਾਂ ਦੇ ਨਾਲ਼ ਉੱਚ ਪੱਧਰ ‘ਤੇ ਕੰਮ ਕਰ ਰਹੇ ਹਨ, ਉਹ ਦੂਜੇ ਪਾਸੇ ਐੱਨ.ਜੀ.ਓ. ਹੇਠਲੇ ਪੱਧਰ ‘ਤੇ ਸੰਪੂਰਕ ਕਿਰਿਆਵਾਂ ਵਿੱਚ ਰੁੱਝੇ ਰਹਿੰਦੇ ਹਨ¸ਉਸ ਉੱਭਰਦੇ ਅਸੰਤੋਸ਼ ਨੂੰ ਠੰਡਾ ਅਤੇ ਵਿਖੰਡਿਤ ਕਰਦੇ ਹੋਏ ਜੋ ਅਰਥਚਾਰੇ ਦੀ ਬਰਬਰਤਾ ਤੋਂ ਪੈਦਾ ਹੁੰਦਾ ਹੈ। ਜਿਸ ਤਰਾਂ ਸਾਮਰਾਜਵਾਦ ਸ਼ੋਸ਼ਣ ਅਤੇ ਵਿਰੋਧਨੀਤੀ ਦੀ ਦੋਧਾਰੀ ਮੈਕ੍ਰੋ ਤੇ ਮਾਈਕਰੋ ਸਟ੍ਰੈਟਜੀ ਦਾ ਪ੍ਰਯੋਗ ਕਰ ਰਿਹਾ ਹੈ, ਉਸੇ ਤਰਾਂ ਰੈਡੀਕਲ ਅੰਦੋਲਨਾਂ ਨੂੰ ਦੋਧਾਰੀ ਸਾਮਰਾਜਵਾਦ ਵਿਰੋਧੀ ਯੁੱਧਨੀਤੀ ਘੜਨੀ ਹੋਵੇਗੀ। 

ਐੱਨ.ਜੀ.ਓ. ਨੇ ਉਨਾਂ ਸਾਰੇ ਲੋਕਾਂ ਨੂੰ ਆਪਣੇ ਵਿੱਚ ਸਮਾ ਲਿਆ ਹੈ ਜੋ ”ਫ੍ਰੀ ਫਲੋਟਿੰਗ” ਬੁੱਧੀਜੀਵੀ ਹੋਇਆ ਕਰਦੇ ਸਨ ਅਤੇ ਆਪਣੇ ਜਮਾਤੀ ਸਰੋਤਾਂ ਦਾ ਤਿਆਗ ਕਰਕੇ ਲੋਕ ਲਹਿਰਾਂ ਵਿੱਚ ਸ਼ਾਮਿਲ ਹੁੰਦੇ ਸਨ। ਫਲਸਰੂਪ ਪੂੰਜੀਵਾਦ ਦੇ ਗਹਿਰੇ ਸੰਕਟਾਂ (ਏਸ਼ੀਆ ਅਤੇ ਲਾਤਿਨ ਅਮਰੀਕਾ ਵਿੱਚ ਮੰਦੀ ਦਾ ਦੌਰ, ਸਾਬਕਾ ਸੋਵੀਅਤ ਸੰਘ ਦਾ ਖਿੰਡਾਅ) ਅਤੇ ਸਾਰਥਕ ਜਥੇਬੰਦ ਇਨਕਲਾਬੀ ਲਹਿਰਾਂ ਵਿੱਚ ਇੱਕ ਅਸਥਾਈ ਖਾਈ ਪੈਦਾ ਹੋ ਗਈ-ਸਿਰਫ ਬ੍ਰਾਜੀਲ, ਕੋਲੰਬੀਆ  ਅਤੇ ਸੰਭਵ ਤੌਰ ‘ਤੇ  ਦੱਖਣੀ ਕੋਰੀਆ ਇਸਦੇ ਅਪਵਾਦ ਕਹੇ ਜਾ ਸਕਦੇ ਹਨ। ਮੌਲਿਕ ਸਵਾਲ ਇਹ ਹੈ ਕਿ ਕੀ ਆਰਗੇਨਿਕ ਬੁੱਧੀਜੀਵੀਆਂ ਦੀ ਨਵੀ ਪੀੜ੍ਹੀ ਇਨਾਂ ਰੈਡੀਕਲ ਸਮਾਜਿਕ ਲਹਿਰਾਂ ਨਾਲ਼ ਪ੍ਰਗਟ ਹੋ ਸਕਦੀ ਹੈ, ਐਨ.ਜੀ. ਓ. ਦੇ ਪ੍ਰਲੋਭਨਾਂ ਤੋਂ ਦੂਰ ਰਹਿ ਸਕਦੀ ਹੈ ਅਤੇ ਕੀ ਉਹ ਅਗਲੀ ਇਨਕਲਾਬੀ ਲਹਿਰ ਦਾ ਅਟੁੱਟ ਹਿੱਸਾ ਬਣ ਸਕਦੀ ਹੈ।

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s