ਸਾਮਰਾਜੀ ਲੁੱਟ ਤੇ ਖਹਿਬਾਜ਼ੀ ਦਾ ਅਖਾੜਾ ਬਣਿਆ ਮੱਧ-ਪੂਰਬ -ਡਾ. ਅੰਮ੍ਰਿਤਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 

 ਸੀਰੀਆ ‘ਚ ਘਰੇਲੂ ਜੰਗ ਸ਼ੁਰੂ ਹੋਏ ਨੂੰ ਦੋ ਸਾਲ ਹੋ ਚੱਲੇ ਹਨ। ਅਮਰੀਕਾ ਤੇ ਇਜ਼ਰਾਈਲ ਦੀ ਹਮਾਇਤ ਪ੍ਰਾਪਤ ਬਾਗੀਆਂ”ਤੇ ਤਾਨਾਸ਼ਾਹ ਅਸਦ ਦੀ ਸਰਕਾਰੀ ਫੌਜ ਵਿਚਕਾਰ ਚੱਲ ਰਹੀ ਖਾਨਾਜੰਗੀ ਕਾਰਨ ਹੁਣ ਤੱਕ 30,000 ਤੋਂ ਉੱਪਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੱਖ ਲੋਕ ਬੇਘਰ ਹੋ ਕੇ ਸ਼ਰਨਾਰਥੀ ਬਣ ਚੁੱਕੇ ਹਨ। ਪੱਛਮੀ ਦੇਸ਼ਾਂ ਦੇ ਹੱਥਠੋਕੇ ਸੰਯੁਕਤ ਰਾਸ਼ਟਰ ਵੱਲੋਂ ਸੀਰੀਆ ਉੱਤੇ ਲਾਈਆਂ ਵਪਾਰਕ ਪਾਬੰਦੀਆਂ ਕਾਰਨ ਕਈ ਲੱਖ ਲੋਕਾਂ ਦੇ ਖੁਰਾਕ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਘਾਟ ਹੋ ਜਾਣ ਕਾਰਨ ਮੌਤ ਦੇ ਮੂੰਹ ਜਾ ਪੈਣ ਦਾ ਖਤਰਾ ਬਣਿਆ ਹੋਇਆ ਹੈ। ਉਧਰ ਜੰਗ ਰੁਕਣ ਦੇ ਫਿਲਹਾਲ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ, ਫਿਲਸਤੀਨ ਦਹਾਕਿਆਂ ਤੋਂ ਇਜ਼ਰਾਈਲ ਦੇ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ, ਫਿਲਸਤੀਨੀ ਅਰਬ ਆਪਣੇ ਘਰ ‘ਚ ਬੇਗਾਨੇ ਬਣਾ ਦਿੱਤੇ ਗਏ ਹਨ ਅਤੇ ਗਾਜ਼ਾ ਪੱਟੀ ਦੇ 15 ਲੱਖ ਲੋਕ ਤਾਂ ਇੱਕ ਤਰ੍ਹਾਂ ਜੇਲ੍ਹ ‘ਚ ਬੰਦ ਹਨ ਜਿਹਨਾਂ ਕੋਲ ਬਾਹਰਲੀ ਦੁਨੀਆਂ ਤੋਂ ਕੀ ਪਹੁੰਚੇਗਾ, ਇਹ ਤੈਅ ਕਰਨ ਦਾ ਅਧਿਕਾਰ ਇਜ਼ਰਾਈਲ ਨੂੰ ਹੈ। ਮੱਧ-ਪੂਰਬ ਦੇ ਇੱਕ ਹੋਰ ਅਹਿਮ ਦੇਸ਼ ਇਰਾਕ ਨੂੰ ਸਾਮਰਾਜੀ ਪਹਿਲਾਂ ਹੀ ਤਬਾਹ ਕਰ ਚੁੱਕੇ ਹਨ, ਅਤੇ ਹੁਣ ਇਰਾਨ ਨੂੰ ਤਬਾਹ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਸਾਊਦੀ ਅਰਬ, ਜਾਰਡਨ, ਓਮਾਨ ਅਮਰੀਕਾ ਦੇ ਪਿੱਠੂ ਰਾਜ ਬਣਕੇ ਰਹਿ ਗਏ ਹਨ। ਅਰਬ ਬਹਾਰ” ਤੋਂ ਬਾਅਦ ਦਾ ਮਿਸਰ ਉਹੀ ਕੁਝ ਬਣਦਾ ਜਾ ਰਿਹਾ ਹੈ ਜਿਹੋ ਜਿਹਾ ਇਹ ਹੁਸਨੀ ਮੁਬਾਰਕ ਦੀ ਤਾਨਾਸ਼ਾਹੀ ਥੱਲੇ ਸੀ ਭਾਵ ਅਮਰੀਕਾ ਦਾ ਮੱਧ-ਪੂਰਬ ‘ਚ ਭਰੋਸੇਯੋਗ ਭਾਈਵਾਲ। ਪੂਰੇ ਮੱਧ-ਪੂਰਬ ਦੇ ਖਿੱਤੇ ਦਾ ਪਿਛਲੀ ਇੱਕ ਸਦੀ ਦਾ ਇਤਿਹਾਸ ਹੀ ਲਗਾਤਾਰ ਜੰਗਾਂ, ਸਾਮਰਾਜੀ ਹਮਲਿਆਂ, ਸਾਜਿਸ਼ਾਂ, ਬਗਾਵਤਾਂ, ਤਖਤਾਪਲਟ ਦਾ ਇਤਿਹਾਸ ਬਣ ਕੇ ਰਹਿ ਗਿਆ, ਜਿਸਨੇ ਪਿਛਲੀ ਸਦੀ ਸ਼ੁਰੂ ‘ਚ ਇਸ ਖਿੱਤੇ ਦੇ ਬਹੁਤੇ ਦੇਸ਼ਾਂ ਵਿੱਚ ਲੜੇ ਗਏ ਸ਼ਾਨਦਾਰ ਸਾਮਰਾਜ-ਵਿਰੋਧੀ ਕੌਮੀ-ਮੁਕਤੀ ਸੰਘਰਸ਼ਾਂ ਨੂੰ ਪਿੱਠਭੂਮੀ ‘ਚ ਧੱਕ ਦਿੱਤਾ ਹੈ। ਸੀਰੀਆ ‘ਚ ਚੱਲ ਰਹੀ ਖਾਨਾਜੰਗੀ ਤੇ ਮੱਧ-ਪੂਰਬ ‘ਚ ਹੋ ਰਹੇ ਮੌਜੂਦਾ ਘਟਨਾਕ੍ਰਮ ਦੇ ਫੌਰੀ ਤੇ ਲੰਮੇ ਦਾਅ ਦੇ ਕਾਰਕਾਂ ਦਾ ਵਿਸ਼ਲੇਸ਼ਣ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਖਿੱਤੇ ਦੇ ਪਿਛਲੀ ਇੱਕ ਸਦੀ ਤੱਕ ਦੇ ਇਤਿਹਾਸ ‘ਤੇ ਸੰਖੇਪ ਝਾਤ ਪਾ ਲਈਏ ਕਿਉਂਕਿ ਹਾਦਸਾ ਇਕਦਮ ਨਹੀਂ ਹੋਤਾ, ਵਕਤ ਕਰਤਾ ਹੈ ਪਰਵਰਿਸ਼ ਵਰਸ਼ੋਂ…”

‘ਮੱਧ-ਪੂਰਬ’ ਇੱਕ ਯੂਰਪ-ਕੇਂਦਰਤ ਇਸਤਲਾਹ (“Term) ਹੈ। ਯੂਰਪ ਦੇ ਲੋਕ ਭਾਰਤ ਤੇ  ਏਸ਼ੀਆ ਦੇ ਪੂਰਬੀ ਹਿੱਸੇ ‘ਚ ਸਥਿਤ ਹੋਰ ਦੇਸ਼ਾਂ ਨੂੰ ਪੂਰਬ ਦੇ ਦੇਸ਼ ਕਹਿੰਦੇ ਸਨ, ਅਤੇ ਯੂਰਪ ਤੇ ਭਾਰਤ ਦੇ ਵਿਚਕਾਰ ਆਉਣ ਵਾਲ਼ੇ ਇਲਾਕੇ ਨੂੰ ਮੱਧ-ਪੂਰਬ ਕਿਹਾ ਜਾਂਦਾ ਸੀ। ਇਸ ਖਿੱਤੇ ਵਿੱਚ, ਜਿਵੇਂ ਕਿ ਉੱਪਰ ਆਇਆ ਹੈ, ਅੱਜ ਦੇ ਲਿਬਨਾਨ, ਇਜ਼ਰਾਈਲ, ਫਿਲਸਤੀਨ, ਇਰਾਨ, ਇਰਾਕ, ਸੀਰੀਆ, ਜਾਰਡਨ, ਸਾਊਦੀ ਅਰਬ, ਓਮਾਨ, ਯਮਨ, ਕੁਵੈਤ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਤੇ ਤੁਰਕੀ ਸ਼ਾਮਿਲ ਹਨ। ਵੀਹਵੀਂ ਸਦੀ ਦੇ ਸ਼ੁਰੂ ਤੱਕ ਇਹ ਸਮੁੱਚਾ ਖਿੱਤਾ, ਓਮਾਨ ਤੇ ਉਸਦੇ ਲਾਗਲੇ ਕੁਝ ਇਲਾਕੇ ਨੂੰ ਛੱਡ ਕੇ, ਓਟੋਮਨ ਸਾਮਰਾਜ ਦਾ ਹਿੱਸਾ ਸੀ। ਓਮਾਨ ਵੱਖਰੇ ਤੌਰ ‘ਤੇ ਇੱਕ ਰਾਜਵੰਸ਼ ਦੇ ਅਧੀਨ ਸੀ ਜੋ ਵੀਹਵੀਂ ਸਦੀ ਵਿੱਚ ਆ ਕੇ ਬ੍ਰਿਟੇਨ ਦੇ ਪ੍ਰਭਾਵ ਖੇਤਰ ‘ਚ ਆ ਗਿਆ ਸੀ। ਓਟੋਮਨ ਰਾਜਵੰਸ਼ ਨੇ ਇਸ ਇਲਾਕੇ ‘ਤੇ ਪੰਦਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਸ਼ੁਰੂ ਤੱਕ ਰਾਜ ਕੀਤਾ। ਓਟੋਮਨ ਰਾਜਵੰਸ਼ ਤੁਰਕ ਸੀ ਜਿਸ ਕਾਰਨ ਅਰਬ ਮੁਲਕਾਂ ਦੇ ਲੋਕਾਂ ਨੇ ਉਸਨੂੰ ਕਦੇ ਵੀ ਸਵੀਕਾਰ ਨਹੀਂ ਸੀ ਕੀਤਾ। ਸਮੁੱਚਾ ਅਰਬ ਜਗਤ ਓਟੋਮਨ ਸਾਮਰਾਜ ਦੇ ਕਬਜ਼ੇ ਨੂੰ ਨਫ਼ਰਤ ਕਰਦਾ ਸੀ ਤੇ ਇਹੀ ਨਫ਼ਰਤ ਦੀ ਭਾਵਨਾ ਉਹਨਾਂ ਨੂੰ ਇੱਕ ਧਾਗੇ ‘ਚ ਪਰੋਂਦੀ ਸੀ। ਇਸ ਸਮੁੱਚੇ ਅਰਸੇ ਦੌਰਾਨ ਵਿੱਚ-ਵਿੱਚ ਇਸ ਜਾਂ ਉਸ ਇਲਾਕੇ ‘ਚ ਓਟੋਮਨ ਸਾਮਰਾਜ ਖਿਲਾਫ਼ ਬਗਾਵਤਾਂ ਹੁੰਦੀਆਂ ਰਹੀਆਂ, ਕਈ ਰਾਜਵੰਸ਼ ਸਥਾਪਤ ਹੋਏ ਪਰ ਓਟੋਮਨ ਸਲਤਨਤ ਇਹਨਾਂ ਨੂੰ ਦਬਾਉਂਦੀ ਰਹੀ ਅਤੇ ਮੋਟੇ ਰੂਪ ‘ਚ ਉਸਦਾ ਪ੍ਰਭਾਵ ਬਣਿਆ ਰਿਹਾ। ਪਰ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂ ‘ਚ ਆਕੇ ਓਟੋਮਨ ਸਾਮਰਾਜ ਦਾ ਕੰਟਰੋਲ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ, ਪਹਿਲੀ ਸੰਸਾਰ ਜੰਗ ਤੋਂ ਬਾਅਦ ਇਹ ਪੂਰੀ ਤਰ੍ਹਾਂ ਢਹਿਢੇਰੀ ਹੋ ਗਿਆ ਹੈ ਅਤੇ ਵੱਖਰੇ-ਵੱਖਰੇ ਅਰਬ ਦੇਸ਼ ਹੋਂਦ ਵਿੱਚ ਆਏ।

ਪਹਿਲੀ ਸੰਸਾਰ ਜੰਗ ਵਿੱਚ ਓਟੋਮਨ ਸਾਮਰਾਜ ਜਰਮਨੀ ਤੇ ਆਸਟਰੀਆ-ਹੰਗਰੀ ਵੱਲੋਂ ਧੁਰੀ ਸ਼ਕਤੀਆਂ ਦੇ ਹਿੱਸੇ ਵਜੋਂ ਜੰਗ ਵਿੱਚ ਸ਼ਾਮਿਲ ਹੋਇਆ। ਜੰਗ ਵਿੱਚ ਧੁਰੀ ਸ਼ਕਤੀਆਂ ਦੀ ਹਾਰ ਹੋਈ ਅਤੇ ਜੰਗਬੰਦੀ ਦੀ ਸੰਧੀ ਤੋਂ ਬਾਅਦ ਓਟੋਮਨ ਸਾਮਰਾਜ ਦਾ ਨਿਸ਼ਾਨ ਦੁਨੀਆਂ ਦੇ ਨਕਸ਼ੇ ਤੋਂ ਮਿਟ ਗਿਆ। ਜੰਗ ਤੋਂ ਪਹਿਲਾਂ ਜਿੱਥੇ ਜਰਮਨੀ ਇਸ ਖਿੱਤੇ ‘ਚ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਵਿੱਚ ਸੀ, ਹੁਣ ਇਸ ਇਲਾਕੇ ਦੀ ਵੰਡ ਨੂੰ ਲੈ ਕੇ ਬ੍ਰਿਟੇਨ ਤੇ ਫਰਾਂਸ ਵਿੱਚ ਵਾਰਤਾਲਾਪ” ਸ਼ੁਰੂ ਹੋ ਗਈ। ਜੰਗ ਦੌਰਾਨ ਅਰਬਾਂ ਦੀ ਹਮਾਇਤ ਜੁਟਾਉਣ ਲਈ ਬ੍ਰਿਟੇਨ ਨੇ ਅਰਬਾਂ ਨਾਲ਼ ਜੰਗ ਦੇ ਖਤਮ ਹੋਣ ਤੋਂ ਬਾਅਦ ਅਜ਼ਾਦੀ ਦੇਣ ਦਾ ਸਮਝੌਤਾ ਕੀਤਾ। ਦੂਜੇ ਪਾਸੇ ਉਸਨੇ 1917 ਦੇ ਬਲਫੌਰ ਦੇ ਸਮਝੌਤੇ ਤਹਿਤ ਜ਼ਿਓਨਿਸਟਾਂ, ਫਿਲਸਤੀਨ ‘ਚ ਸਰਗਰਮ ਯਹੂਦੀ ਸੱਜ-ਪਿਛਾਖੜੀ ਜਥੇਬੰਦੀ ਨਾਲ਼ ਫਿਲਸਤੀਨ ਦੇ ਇਲਾਕੇ ‘ਚ ਯਹੂਦੀ ਹੋਮਲੈਂਡ ਰਾਜ ਬਣਾਉਣ ਦਾ ਵਾਅਦਾ ਕੀਤਾ। ਜੰਗ ਖਤਮ ਹੋਣ ਤੋਂ ਬਾਅਦ ਬ੍ਰਿਟੇਨ ਅਰਬਾਂ ਨਾਲ਼ ਕੀਤੇ ਆਪਣੇ ਸਮਝੌਤੇ ਤੋਂ ਮੁਕਰ ਗਿਆ ਅਤੇ ਹੱਥ ਆਏ ਇਸ ਬੇਹੱਦ ਕੀਮਤੀ ਇਲਾਕੇ ਨੂੰ (ਉਸ ਸਮੇਂ ਤੱਕ ਇਸ ਖਿੱਤੇ ਵਿੱਚ ਮੌਜੂਦ ਵਿਸ਼ਾਲ ਕੱਚੇ ਤੇਲ ਦੇ ਸ੍ਰੋਤਾਂ ਦਾ ਪਤਾ ਲੱਗ ਚੁੱਕਾ ਸੀ ਅਤੇ ਤੇਲ ਕੱਢਿਆ ਜਾਣਾ ਸ਼ੁਰੂ ਹੋ ਚੁੱਕਿਆ ਸੀ) ਪੱਕੇ ਤੌਰ ‘ਤੇ ਆਪਣੇ ਅਧਿਕਾਰ ‘ਚ ਕਰਨ ਲਈ ਤਰੀਕੇ ਲੱਭਣ ਲੱਗਾ। ਮੱਕੇ ਦਾ ਸ਼ਰੀਫ਼ (ਅਰਬਾਂ ਦਾ ਨੁਮਾਇੰਦਾ) ਵੀ ਅੰਗਰੇਜ਼ਾਂ ਸਾਹਮਣੇ ਝੁਕ ਗਿਆ ਅਤੇ ਅਮਿਰ ਫੈਸਲ ਨੇ ਸਿਰਫ਼ ਇਸ ਗੱਲ ‘ਤੇ ਸਮਝੌਤਾ ਕਰ ਲਿਆ ਕਿ ਅਰਬਾਂ ਨੂੰ ਇੰਨਾ ਹੱਕ ਦੇ ਦਿੱਤਾ ਜਾਏ ਕਿ ਉਹਨਾਂ ਬ੍ਰਿਟੇਨ ਦੇ ਅਧਿਕਾਰ ਖੇਤਰ ‘ਚ ਰਹਿਣਾ ਹੈ ਜਾਂ ਫਰਾਂਸ ਦੇ ਅਧਿਕਾਰ ਖੇਤਰ ‘ਚ। ਓਟੋਮਨ ਸਾਮਰਾਜ ਦੇ ਢਹਿਢੇਰੀ ਹੋਣ ਤੋਂ ਬਾਅਦ ਸਮੁੱਚੇ ਖਿੱਤੇ ‘ਚ, ਦੋ-ਚਾਰ ਪੁਰਾਣੇ ਰਾਜਵੰਸ਼ ਪਰਿਵਾਰਾਂ ਤੇ ਜਗੀਰੂ ਰਾਠਾਂ ਨੂੰ ਛੱਡ ਕੇ ਜਿਹਨਾਂ ਨੇ ਸਾਮਰਾਜੀਆਂ ਨਾਲ਼ ਸਮਝੌਤਾ ਕਰ ਲਿਆ ਸੀ, ਕੋਈ ਵੀ ਸਥਾਨਕ ਧਿਰ ਰਾਜਕੀ ਕੰਮ ਸੰਭਾਲਣ ਤੇ ਸਰਕਾਰ ਬਣਾਉਣ ਦੀ ਸਮਰੱਥਾ ‘ਚ ਨਹੀਂ ਸੀ, ਜਿਸਨੂੰ ਬਹਾਨਾ ਬਣਾ ਕੇ ਸੰਸਾਰ ਜੰਗ ਤੋਂ ਬਾਅਦ ਹੋਂਦ ‘ਚ ਆਈ ‘ਲੀਗ ਆਫ਼ ਨੇਸ਼ਨਜ਼’ ਨੇ ਬ੍ਰਿਟੇਨ ਤੇ ਫਰਾਂਸ ਨੂੰ ਮੱਧ-ਪੂਰਬ ਦੇ ਇਲਾਕੇ ‘ਚ ਹਕੂਮਤ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰਨਾਮਾ 1922 ‘ਚ ਪੂਰੀ ਤਰ੍ਹਾਂ ਲਾਗੂ ਹੋ ਗਿਆ। ਇਸ ਤਹਿਤ, ਅੱਜ ਦੇ ਸੀਰੀਆ ਤੇ ਲਿਬਨਾਨ ਦਾ ਇਲਾਕਾ ਫਰਾਂਸ ਦੇ ਅਧਿਕਾਰ ਵਿੱਚ ਆ ਗਿਆ ਤੇ ਟਰਾਂਸਜਾਰਡਨ, ਓਟੋਮਨ ਮੈਸੋਪਟਾਮੀਆ (ਅੱਜ ਦਾ ਇਰਾਕ), ਸਾਊਦੀ ਅਰਬ ਤੇ ਫਿਲਸਤੀਨ ਦਾ ਇਲਾਕਾ ਬ੍ਰਿਟੇਨ ਦੇ ਹੱਥ ਲੱਗ ਗਿਆ। ਇਹਨਾਂ ਸਾਰੇ ਦੇਸ਼ਾਂ ਵਿੱਚ ਬ੍ਰਿਟੇਨ ਤੇ ਫਰਾਂਸ ਨੇ ਆਪਣੀਆਂ ਕੱਠਪੁਤਲੀਆਂ ਸਰਕਾਰਾਂ ਖੜੀਆਂ ਕਰ ਦਿੱਤੀਆ, ਕੁਝ ਦੇਸ਼ਾਂ ਵਿੱਚ ਇਹ ਪਾਰਲੀਮਾਨੀ ਗਣਤੰਤਰ ਦੇ ਪਰਦੇ ਹੇਠ ਕੀਤਾ ਗਿਆ ਅਤੇ ਕੁਝ ਵਿੱਚ ਰਾਜਾਸ਼ਾਹੀ ਨੂੰ ਬਹਾਲ ਕਰ ਦਿੱਤਾ ਗਿਆ।

ਇਸੇ ਸਮੇਂ ਹੀ, 1917 ਵਿੱਚ ਰੂਸ ਵਿੱਚ ਸਮਾਜਵਾਦੀ ਇਨਕਲਾਬ ਹੋ ਚੁੱਕਾ ਸੀ। ਇਸ ਇਨਕਲਾਬ ਨੇ ਪੂਰੀ ਦੁਨੀਆਂ ‘ਚ ਲੋਕ-ਪੱਖੀ ਸੰਘਰਸ਼ਾਂ ਨੂੰ ਪ੍ਰਭਾਵਿਤ ਕੀਤਾ, ਮੱਧ-ਪੂਰਬ ਵੀ ਕੋਈ ਛੋਟ ਨਹੀਂ ਸੀ। ਓਟੋਮਨ ਸਾਮਰਾਜ ਦੇ ਖਿਲਾਫ਼ ਸਾਂਝੀ ਨਫ਼ਰਤ ਹੁਣ ਅਰਬ ਦੇਸ਼ਾਂ ‘ਚ ਕੌਮੀ ਲਹਿਰ ਦੀ ਸ਼ਕਲ ਅਖਤਿਆਰ ਕਰਨ ਲੱਗੀ ਸੀ। ਰੂਸੀ ਇਨਕਲਾਬ ਨੇ ਇਸ ਲਹਿਰ ਨੂੰ ਹੋਰ ਗਤੀ ਦਿੱਤੀ। ਰੂਸੀ ਇਨਕਲਾਬ ਦੇ ਪ੍ਰਭਾਵ ਥੱਲੇ ਆ ਕੇ ਕਈ ਦੇਸ਼ਾਂ ‘ਚ ਤਿੱਖੇ ਕੌਮੀ ਮੁਕਤੀ ਘੋਲ ਸ਼ੁਰੂ ਹੋ ਗਏ। ਤੁਰਕੀ ‘ਚ ਕੌਮੀ-ਮੁਕਤੀ ਸੰਘਰਸ਼ ਬਾਕੀ ਸਭ ਦੇਸ਼ਾਂ ਨਾਲ਼ੋਂ ਤਿੱਖਾ ਸੀ। ਮੁਸਤਫਾ ਕਮਾਲ ਪਾਸ਼ਾ ਦੀ ਅਗਵਾਈ ‘ਚ 1922 ਵਿੱਚ ਤੁਰਕੀ ਅੰਦਰ ਬੁਰਜੂਆ ਜਮਹੂਰੀ ਇਨਕਲਾਬ ਹੋਇਆ ਅਤੇ ਇਹ ਸਾਮਰਾਜੀ ਜੂਲੇ ਤੋਂ ਅਜ਼ਾਦ ਹੋ ਗਿਆ। ਬਾਕੀ ਦੇਸ਼ਾਂ ਵਿੱਚ ਕਿਸਾਨਾਂ ਤੇ ਹੋਰ ਸਮਾਜਕ ਤਬਕਿਆਂ ਦੀਆਂ ਬਗਾਵਤਾਂ ਹੋ ਰਹੀਆਂ ਸਨ ਪਰ ਇਹ ਬਗਾਵਤਾਂ ਸਾਮਰਾਜ ਦੀ ਗੁਲਾਮੀ ਨੂੰ ਖਤਮ ਕਰਨ ‘ਚ ਤੁਰੰਤ ਕਾਮਯਾਬ ਨਾ ਹੋਈਆਂ। ਇਹਨਾਂ ਦੇਸ਼ਾਂ ‘ਚ ਸੰਘਰਸ਼ ਜ਼ਾਰੀ ਰਿਹਾ ਅਤੇ ਅੰਤ ਦੂਜੀ ਸੰਸਾਰ ਜੰਗ ਤੋਂ ਬਾਅਦ, 1950ਵੇਂ ਦਾ ਦਹਾਕਾ ਖਤਮ ਹੋਣ ਤੱਕ ਲੱਗਭੱਗ ਸਾਰੇ ਮੱਧ-ਪੂਰਬੀ ਦੇਸ਼ ਬ੍ਰਿਟਿਸ਼ ਤੇ ਫਰਾਂਸਿਸੀ ਕਬਜ਼ੇ ਤੋਂ ਅਜ਼ਾਦ ਹੋ ਚੁੱਕੇ ਸਨ। ਅਰਬਾਂ ਦੀ ਕੌਮੀ-ਮੁਕਤੀ ਲਹਿਰ ਦੇ ਸਫ਼ਰ ਦੌਰਾਨ ਹੀ 1947 ਵਿੱਚ ਅਰਬ ਜਗਤ ਦੀ ਰੈਡੀਕਲ ਬੁਰਜੂਆ ਪਾਰਟੀ ‘ਬਾਥ ਪਾਰਟੀ’ ਦੀ ਸਥਾਪਨਾ ਹੋਈ। ਕਿਉਂਕਿ ਸਮੁੱਚੇ ਅਰਬ ਜਗਤ ਦੇ ਲੋਕਾਂ ‘ਚ ਖੁਦ ਨੂੰ ਇੱਕੋ ਕੌਮ ਮੰਨਣ ਦੀ ਭਾਵਨਾ ਵਿਆਪਕ ਸੀ, ਇਸ ਲਈ ਇਸ ਪਾਰਟੀ ਦਾ ਦਾਇਰਾ ਵੀ ਸਮੁੱਚੇ ਅਰਬ ਜਗਤ ਤੱਕ ਫੈਲਿਆ ਹੋਇਆ ਸੀ। ਇਸ ਪਾਰਟੀ ਨਾਹਰਾ ਸੀ – “ਏਕਤਾ, ਬਰਾਬਰੀ ਤੇ ਸਮਾਜਵਾਦ।” ਇਸ ਤਰ੍ਹਾਂ ਨਾਹਰੇ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਉੱਤੇ ਸੋਵੀਅਤ ਯੂਨੀਅਨ ਦਾ ਪ੍ਰਭਾਵ ਸੀ। ਇਹ ਪਾਰਟੀ ਅਰਬ ਦੇਸ਼ਾਂ ‘ਚ ਮੌਜੂਦ ਕੁਦਰਤੀ ਸ੍ਰੋਤਾਂ ਨੂੰ ਅਰਬਾਂ ਦੇ ਕੰਟਰੋਲ ‘ਚ ਲਿਆਉਣ, ਉਹਨਾਂ ਦੀ ਸਿਆਸੀ ਤੇ ਆਰਥਕ ਅਜ਼ਾਦੀ ਅਤੇ ਸਮੁੱਚੇ ਅਰਬ ਜਗਤ ਨੂੰ ਇੱਕ ਵੱਡੇ ਦੇਸ਼ ਵਜੋਂ ਜਥੇਬੰਦ ਕਰਨ ਦੀ ਹਾਮੀ ਸੀ। ਇਹ ਪਾਰਟੀ ਇੱਕ ਧਰਮ-ਨਿਰਪੱਖ ਪਾਰਟੀ ਸੀ ਅਤੇ ਇਸਦੇ ਸੰਸਥਾਪਕ ਮੈਂਬਰਾਂ ‘ਚੋਂ ਕਈ ਸਾਰੇ ਈਸਾਈ ਸਨ। ਇਸ ਤੋਂ ਇਲਾਵਾ ਇਹ ਔਰਤਾਂ ਦੇ ਹੱਕਾਂ ਦੀ ਹਾਮੀ ਪਾਰਟੀ ਸੀ। 1952 ‘ਚ “ਬਾਥ ਪਾਰਟੀ” ਦੀ ਅਰਬ ਸੋਸ਼ਲਿਸਟ ਪਾਰਟੀ ਨਾਲ਼ ਏਕਤਾ ਹੋ ਗਈ ਤੇ ਇਹ ਅਰਬ ਸੋਸ਼ਲਿਸਟ ਬਾਥ ਪਾਰਟੀ ਬਣ ਗਈ। ਇਸਦੀ ਤਾਕਤ ਵਧਣ ਲੱਗੀ ਸੀ। 1960ਵਿਆਂ ਦੇ ਦਹਾਕੇ ‘ਚ ਆਕੇ ਇਹ ਦੋ ਦੇਸ਼ਾਂ ਇਰਾਕ ਤੇ ਸੀਰੀਆ ‘ਚ ਰਾਜਸੱਤ੍ਹਾ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਹੋ ਗਈ। 1966 ‘ਚ ਇਸ ਵਿੱਚ ਫੁੱਟ ਪੈ ਗਈ ਅਤੇ ਸੀਰੀਆ ਤੇ ਇਰਾਕ ਦੀ ਬਾਥ ਪਾਰਟੀ ਦੀ ਅਲੱਗ-ਅਲੱਗ ਅਗਵਾਈ ਥੱਲੇ ਦੋ ਬਾਥ ਪਾਰਟੀਆਂ ਹੋਂਦ ‘ਚ ਆ ਗਈਆਂ। ਬਾਥ ਪਾਰਟੀ ਤੋਂ ਇਲਾਵਾ, ਕਈ ਮੱਧ-ਪੂਰਬ ਦੇਸ਼ਾਂ ਵਿੱਚ ਕਮਿਊਨਿਸਟ ਪਾਰਟੀਆਂ ਵੀ ਹੋਂਦ ‘ਚ ਆਈਆਂ ਅਤੇ ਕੁਝ ਦੇਸ਼ਾਂ ਵਿੱਚ ਤਾਂ ਇਹਨਾਂ ਦਾ ਕਾਫ਼ੀ ਜਨਤਕ ਅਧਾਰ ਤੇ ਪ੍ਰਭਾਵ ਵੀ ਰਿਹਾ, ਪਰ ਮੋਟੇ ਤੌਰ ‘ਤੇ ਉਹ ਜਨਤਕ ਲਹਿਰਾਂ ਨੂੰ ਆਪਣੀ ਅਗਵਾਈ ਥੱਲੇ ਲਿਆਉਣ ਵਿੱਚ ਅਸਫ਼ਲ ਰਹੀਆਂ।

ਬਾਥ ਪਾਰਟੀ ਅਤੇ ਹੋਰ ਰੈਡੀਕਲ ਕੌਮੀ ਬੁਰਜੂਆ ਲਹਿਰਾਂ ਸਾਮਰਾਜ ਲਈ ਬਿਲਕੁਲ ਵੀ ਰਾਸ ਨਹੀਂ ਆ ਰਹੀਆਂ ਸਨ। 1950ਵਿਆਂ ਵਿੱਚ ਅਜ਼ਾਦੀ ਹਾਸਲ ਮਿਲਣ ਤੋਂ ਬਾਅਦ ਇਸ ਖਿੱਤੇ ਵਿੱਚ ਬ੍ਰਿਟਿਸ਼ ਤੇ ਫਰੈਂਚ ਸਾਮਰਾਜੀਆਂ ਦਾ ਪ੍ਰਭਾਵ ਕਮਜ਼ੋਰ ਪੈ ਗਿਆ ਸੀ, ਪਰ ਹੁਣ ਸੰਸਾਰ ਸਰਮਾਏਦਾਰੀ ਦੇ ਨਵੇਂ ਚੌਧਰੀ ਅਮਰੀਕਾ ਨੇ ਆਪਣਾ ਪ੍ਰਭਾਵ ਵਧਾਉਣ ਸ਼ੁਰੂ ਕੀਤਾ। ਉਧਰ ਠੰਢੀ ਜੰਗ ਜ਼ਾਰੀ ਸੀ। ਇਸ ਲਈ ਮੱਧ-ਪੂਰਬ ‘ਚ ਆਰਥਕ ਤੇ ਕੁਦਰਤੀ ਸ੍ਰੋਤਾਂ ਦੀ ਲੁੱਟ ਤੋਂ ਇਲਾਵਾ ਸਿਆਸੀ ਹਿੱਤ ਵੀ ਅਮਰੀਕਾ ਤੇ ਸੋਵੀਅਤ ਯੂਨੀਅਨ ਦੇ ਟਕਰਾਅ ਦਾ ਕਾਰਨ ਬਣ ਰਹੇ ਸਨ। ਅਮਰੀਕੀ ਸਾਮਰਾਜ ਇਸ ਖਿੱਤੇ ਵਿੱਚ ਹਰ ਉਸ ਸਰਕਾਰ ਦਾ ਤਖਤਾਪਲਟ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਹੜੀ ਇਸ ਦੇ ਪ੍ਰਭਾਵ ਨੂੰ ਨਹੀਂ ਕਬੂਲਦੀ ਸੀ, ਸੋਵੀਅਤ ਪੱਖੀ ਜਾਂ ਅਜ਼ਾਦ ਵਿਦੇਸ਼ ਨੀਤੀ ‘ਤੇ ਚੱਲਦੀ ਸੀ ਅਤੇ ਆਪਣੇ ਦੇਸ਼ ਕੁਦਰਤੀ ਸ੍ਰੋਤ, ਕੱਚੇ ਤੇਲ ਤੇ ਗੈਸ ਦੇ ਖੇਤਰ ਨੂੰ ਅਮਰੀਕੀ ਸਾਮਰਾਜ ਦੀ ਲੁੱਟ ਲਈ ਨਹੀਂ ਖੋਲਦੀ ਸੀ। ਇਸ ਕੰਮ ਲਈ ਅਮਰੀਕਾ ਨੇ ਇਹਨਾਂ ਦੇਸ਼ਾਂ ਵਿੱਚ ਰਾਜਾਸ਼ਾਹੀਆਂ ਅਤੇ ਧਾਰਮਿਕ ਕੱਟੜਪੰਥੀਆਂ ਦਾ ਸਹਾਰਾ ਲਿਆ। ਜਿੱਥੇ ਸੰਭਵ ਹੋ ਸਕਿਆ, ਜਿਵੇਂ ਸਾਊਦੀ ਅਰਬ, ਜਾਰਡਨ, ਯਮਨ, ਓਮਾਨ ਆਦਿ, ਅਮਰੀਕਾ ਨੇ ਆਪਣੀ ਪਿੱਠੂ ਰਾਜਸ਼ਾਹੀ ਜਾਂ ਫੌਜੀ ਤਾਨਾਸ਼ਾਹੀ ਸਥਾਪਤ ਕਰਕੇ ਦੇਸ਼ ਨੂੰ ਆਪਣੇ ਕੰਟਰੋਲ ਹੇਠ ਲਿਆਂਦਾ। ਜਿੱਥੇ ਅਜਿਹਾ ਨਹੀਂ ਹੋ ਸਕਿਆ, ਉੱਥੇ ਇਸਨੇ ਲਗਾਤਾਰ ਇਸਲਾਮਿਕ ਕੱਟੜਪੰਥੀ ਜਥੇਬੰਦੀਆਂ ਤੇ ਦਹਿਸ਼ਤਗਰਦਾਂ ਨੂੰ ਮਾਲੀ ਤੇ ਹਥਿਆਰਾਂ ਦੀ ਇਮਦਾਦ ਦੇਕੇ ਸਬੰਧਿਤ ਦੇਸ਼ ਦੀਆਂ ਸਰਕਾਰਾਂ ਖਿਲਾਫ਼ ਖੜਾ ਕੀਤਾ ਤੇ ਬਗਾਵਤ ਕਰਵਾਈ, ਜਾਂ ਫਿਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਿੱਧੀ ਫੌਜੀ ਕਾਰਵਾਈ ਕਰਕੇ ਆਪਣੀ ਕੱਠਪੁਤਲੀ ਸਰਕਾਰ ਕਾਇਮ ਕੀਤੀ। ਅਮਰੀਕਾ ਨੇ ਸਮੁੱਚੇ ਅਰਬ ਜਗਤ ‘ਚ ਧਰਮ-ਨਿਰਪੱਖ ਤਾਕਤਾਂ, ਬੁਰਜੂਆ ਰੈਡੀਕਲ ਤਾਕਤਾਂ ਤੇ ਕਮਿਊਨਿਸਟਾਂ ਦੇ ਦਮਨ ਲਈ, ਸਮੇਤ ਉਹਨਾਂ ਦੇਸ਼ਾਂ ਵਿੱਚ ਜਿਹਨਾਂ ਵਿੱਚ ਇਸਦੀਆਂ ਕੱਠਪੁਤਲੀ ਸਰਕਾਰਾਂ ਸਨ, ਇਸਲਾਮਿਕ ਕੱਟੜਪੰਥੀਆਂ ਦਾ ਪਾਲਣ-ਪੋਸ਼ਣ ਕੀਤਾ ਤੇ ਅੱਜ ਵੀ ਕਰ ਰਿਹਾ ਹੈ। ਇਸ ਕੰਮ ਲਈ ਅਮਰੀਕਾ ਇਸਲਾਮਿਕ ਕੱਟੜਪੰਥੀਆਂ ਦੀ ਵਰਤੋਂ ਸੰਸਾਰ ਪੱਧਰ ‘ਤੇ ਵੀ ਕਰਦਾ ਰਿਹਾ ਹੈ, ਇੰਡੋਨੇਸ਼ੀਆ ‘ਚ ਕਮਿਊਨਿਸਟਾਂ ਦੇ ਕਤਲੇਆਮ ‘ਚ ਇਸਲਾਮਿਕ ਕੱਟੜਪੰਥੀ ਮੋਹਰੀ ਧਿਰ ਵਜੋਂ ਸ਼ਾਮਿਲ ਸਨ। ਇਸ ਤੋਂ ਇਲਾਵਾ, ਇਸਲਾਮਿਕ ਕੱਟੜਪੰਥੀਆਂ ਤੋਂ ਜੰਗ ਜ਼ਾਰੀ ਰੱਖਣ ਜਾਂ ਜੰਗ ਸ਼ੁਰੂ ਕਰਨ ਲਈ ਪਰੌਕਸੀ ਲੜਾਕੂਆਂ ਵਜੋਂ ਕੰਮ ਲਿਆ ਗਿਆ। ਸਰਕਾਰਾਂ ਦੀਆਂ ਨੀਤੀਆਂ ਨੂੰ ਲਗਾਤਾਰ ਪੱਛਮ-ਪ੍ਰਸਤ ਤੇ ਸੋਵੀਅਤ ਯੂਨੀਅਨ ਵਿਰੋਧੀ ਬਣਾਈ ਰੱਖਣ ਲਈ ਇਸਲਾਮਿਕ ਕੱਟੜਪੰਥੀਆਂ ਨੂੰ ਇੱਕ ਬਾਂਹ ਮਰੋੜੂ ਤਾਕਤ ਵਜੋਂ ਵੀ ਅਮਰੀਕਾ ਇਸਤੇਮਾਲ ਕਰਦਾ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੱਕ, ਠੰਢੀ ਜੰਗ ਜ਼ਾਰੀ ਰਹੀ ਅਤੇ ਅਮਰੀਕਾ ਤੇ ਸੋਵੀਅਤ ਯੂਨੀਅਨ ਦੀ ਖਹਿਬਾਜ਼ੀ ਦਾ ਸ਼ਿਕਾਰ ਮੱਧ-ਪੂਰਬ ਹੁੰਦਾ ਰਿਹਾ ਭਾਵੇਂ 1980 ਦੇ ਦਹਾਕੇ ‘ਚ ਸੋਵੀਅਤ ਯੂਨੀਅਨ ਦਾ ਪ੍ਰਭਾਵ ਇਸ ਖਿੱਤੇ ‘ਚ ਕਾਫ਼ੀ ਕਮਜ਼ੋਰ ਪੈ ਚੁੱਕਾ ਸੀ। 1980ਵਿਆਂ ਤੇ 90ਵਿਆਂ ਵਿੱਚ, ਇਸ ਖਿੱਤੇ ਅੰਦਰ ਅਮਰੀਕਾ ਲਈ ਕੋਈ ਹੋਰ ਸੰਸਾਰ ਪੱਧਰੀ ਸਰਮਾਏਦਾਰ ਧਿਰ ਚੁਣੌਤੀ ਨਹੀਂ ਸੀ, ਕੁਝ ਸਥਾਨਕ ਸਰਕਾਰਾਂ ਹੀ ਉਸ ਦੇ ਰਾਹ ‘ਚ ਰੋੜਾ ਬਣੀਆਂ ਹੋਈਆਂ ਸਨ। ਮਿਸਰ ਭਾਵੇਂ ਰੰਗ ਵਟਾ ਕੇ ਅਮਰੀਕਾ-ਪ੍ਰਸਤ ਹੋ ਚੁੱਕਾ ਸੀ ਪਰ ਇਰਾਨ, ਇਰਾਕ ਤੇ ਸੀਰੀਆ, ਲਿਬਨਾਨ ਉਸਦੀ ਅਧੀਨਗੀ ਮੰਨਣ ਤੋਂ ਆਕੀ ਸਨ। 1990 ਦੇ ਦਹਾਕੇ ‘ਚ ਪਹਿਲਾਂ ਖਾੜੀ ਯੁੱਧ ਤੇ ਫਿਰ ਵਪਾਰਕ ਪਾਬੰਦੀਆਂ ਲਗਾਕੇ ਇਹਨੇ ਇਰਾਕ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਤੇ 2003 ‘ਚ ਹਮਲਾ ਕਰ ਕੇ ਉਸਨੂੰ ਆਪਣੇ ਕੰਟਰੋਲ ਹੇਠ ਕਰ ਲਿਆ। ਪਰ ਹੁਣ ਇੱਕ ਵਾਰ ਫਿਰ ਹਾਲਤ ਬਦਲਦੇ ਜਾ ਰਹੇ ਸਨ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਸਰਮਾਏਦਾਰ ਰੂਸ ਫਿਰ ਤੋਂ ਆਰਥਕ ਸ਼ਕਤੀ ਵਜੋਂ ਉੱਭਰ ਆਇਆ ਸੀ ਤੇ ਸੋਧਵਾਦੀ ਚੀਨ ਵੀ ਅਮਰੀਕੀ ਆਰਥਕ ਹਿਤਾਂ ਨੂੰ ਚੁਣੌਤੀ ਦੇਣ ਲੱਗ ਪਿਆ ਸੀ। ਮੱਧ-ਪੂਰਬ ਦਾ ਖਿੱਤੇ ‘ਚ ਇੱਕ ਵਾਰ ਫਿਰ ਤੋਂ ਸੰਸਾਰ ਸਰਮਾਏਦਾਰੀ ਦੇ ਰਵਾਇਤੀ ਚੌਧਰੀਆਂ ਅਤੇ ਨਵੇਂ ਉੱਭਰੇ ਤੇ ਹਿੱਸਾ ਮੰਗ ਰਹੇ ਦੇਸ਼ਾਂ ਰੂਸ ਤੇ ਚੀਨ ‘ਚ ਆਪਸੀ ਖਹਿਬਾਜ਼ੀ ਦਾ ਅੱਡਾ ਬਣ ਗਿਆ।  

ਮੱਧ-ਪੂਰਬ ਦੇ ਦੇਸ਼ਾਂ ਦੀ ਇੰਨੀ ਕੁ ਇਤਿਹਾਸਕ ਪਿੱਠਭੂਮੀ ਨੂੰ ਵਾਚਣ ਤੋਂ ਬਾਅਦ ਅਸੀਂ ਇਸ ਖਿੱਤੇ ਦੀਆਂ ਅੱਜ ਦੀਆਂ ਹਾਲਤਾਂ ਤੇ ਖਾਸ ਕਰਕੇ ਸੀਰੀਆ ‘ਚ ਚੱਲ ਖਾਨਾਜੰਗੀ ਦੇ ਵਿਸ਼ਲੇਸ਼ਣ ਵੱਲ ਆਉਂਦੇ ਹਾਂ। ਅਸੀਂ ਦੇਖਾਂਗੇ ਕਿ ਇਹ ਖਿੱਤਾ ਫਿਲਹਾਲ ਸੰਸਾਰ ਸਰਮਾਏਦਾਰੀ ਦੇ ਚੌਧਰੀਆਂ ਦੇ ਆਪਸੀ ਅੰਤਰ-ਵਿਰੋਧਾਂ ਦਾ ਕੇਂਦਰ-ਬਿੰਦੂ ਬਣਿਆ ਹੈ। ਤਣਾਅ ਇੰਨਾ ਜ਼ਿਆਦਾ ਬਣਿਆ ਹੋਇਆ ਹੈ ਕਿ ਇੱਥੇ ਹੋਈ ਕੋਈ ਵੀ ਘਟਨਾ ਕਿਸੇ ਵੱਡੀ ਜੰਗ ਨੂੰ ਵੀ ਜਨਮ ਦੇ ਸਕਦੀ ਹੈ, ਭਾਵੇਂ ਕਈ ਕਾਰਨਾਂ ਜਿਵੇਂ ਬੀਤੀਆਂ ਦੋ ਸੰਸਾਰ ਜੰਗਾਂ ਦੀ ਤਬਾਹੀ, ਸਾਰੇ ਸਾਮਰਾਜੀ ਮੁਲਕਾਂ ਦੇ ਪਰਮਾਣੂ ਹਥਿਆਰਾਂ ਨਾਲ਼ ਲੈੱਸ ਹੋਣ ਕਰਕੇ ਪਰਮਾਣੂ ਜੰਗ ਦਾ ਖਤਰਾ ਤੇ ਇਸਦੇ ਨਾਲ਼ ਹੋਣ ਵਾਲੀ ਸੰਭਾਵਤ ਭਿਅੰਕਰ ਤਬਾਹੀ, ਸਭਨਾਂ ਸਰਮਾਏਦਾਰ ਦੇਸ਼ਾਂ ਦੇ ਸਰਮਾਏ ਦਾ ਇੱਕ-ਦੂਜੇ ਨਾਲ਼ ਬਹੁਤ ਬੁਰੀ ਤਰ੍ਹਾਂ ਗੁੰਦੇ ਹੋਣ ਕਰਕੇ ਨਵੀਂ ਸੰਸਾਰ ਜੰਗ ਦੀ ਸੰਭਾਵਨਾ ਮੱਧਮ ਹੈ।

ਮੱਧ-ਪੂਰਬ ਵਿੱਚ ਅੱਜ ਦੀਆਂ ਜੰਗਾਂ, ਸਾਮਰਾਜੀ ਦਖ਼ਲਅੰਦਾਜ਼ੀ ਤੇ ਆਉਣ ਵਾਲ਼ੀਆਂ ਇਹੋ ਜਿਹੀਆਂ ਘਟਨਾਵਾਂ ਪਿੱਛੇ ਮੁੱਖ ਰੂਪ ਚਾਰ ਕਾਰਕ ਕੰਮ ਰਹੇ ਹਨ। ਪਹਿਲਾ ਕਾਰਕ ਵੱਡੇ ਸਰਮਾਏਦਾਰ ਦੇਸ਼ਾਂ ਜਿਹਨਾਂ ਵਿੱਚ ਇੱਕ ਧਿਰ ਰਵਾਇਤੀ ਸਾਮਰਾਜੀ ਮੁਲਕਾਂ ਅਮਰੀਕਾ, ਬ੍ਰਿਟੇਨ ਤੇ ਫਰਾਂਸ ਦੀ ਹੈ, ਤੇ ਦੂਜੀ ਧਿਰ ਉੱਭਰ ਰਹੀ ਆਰਥਕ ਸ਼ਕਤੀ ਚੀਨ ਤੇ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਮੁੜ ਪੈਰਾਂ ਸਿਰ ਹੋਏ ਤੇ ਆਪਣਾ ਸਾਮਰਾਜੀ ਰਸੂਖ ਬਹਾਲ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ‘ਚ ਲੱਗੇ ਹੋਏ ਰੂਸ ਦੀ ਧਿਰ ਹੈ, ਵਿਚਕਾਰ ਇਸ ਖਿੱਤੇ ਵਿੱਚ ਤੇ ਸੰਸਾਰ ਪੱਧਰ ‘ਤੇ ਹਿਤਾਂ ਦਾ ਟਕਰਾਅ ਤੇ ਸਿੱਟੇ ਵਜੋਂ ਪੈਦਾ ਹੁੰਦਾ ਆਪਸੀ ਭੇੜ ਹੈ। ਇਹ ਭੇੜ ਮੌਜੂਦਾ ਦੌਰ ‘ਚ ਇਹਨਾਂ ਧਿਰਾਂ ‘ਚ ਖੁੱਲ੍ਹੀ ਜੰਗ ਦੇ ਰੂਪ ‘ਚ ਨਹੀਂ ਫੁੱਟ ਰਿਹਾ, ਜਿਸਦੇ ਆਪਣੇ ਤਤਕਾਲਿਕ ਤੇ ਇਤਿਹਾਸਿਕ ਕਾਰਨ ਹਨ। ਫਿਲਹਾਲ ਇਹ ਲੜਾਈ ਅਲੱਗ ਤਰੀਕਿਆਂ ਨਾਲ਼ ਲੜੀ ਜਾ ਰਹੀ ਹੈ ਜਿਸ ਵਿੱਚ ਆਰਥਕ ਜੰਗ ਇੱਕ ਰੂਪ ਹੈ ਅਤੇ ਪਰੌਕਸੀ (ਅਪ੍ਰਤੱਖ) ਜੰਗ ਇੱਕ ਰੂਪ ਹੈ। ਮੱਧ-ਪੂਰਬ ਇਹਨਾਂ ਵੱਡੀਆਂ ਸਰਮਾਏਦਾਰ ਧਿਰਾਂ ਵਿਚਾਲੇ ਪਰੌਕਸੀ”ਜੰਗ ਦੇ ਅਖਾੜੇ ਬਣੇ ਸੰਸਾਰ ਦੇ ਕਈ ਖਿੱਤਿਆਂ ਜਿਹਨਾਂ ਵਿੱਚ ਅਫਰੀਕਾ, ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼, ਪੂਰਬੀ ਯੂਰਪ ਦੇ ਦੇਸ਼ ਵੀ ਸ਼ਾਮਿਲ ਹਨ, ਵਿੱਚੋਂ ਇੱਕ ਖਿੱਤਾ ਹੈ। ਪਰੌਕਸੀ”ਜੰਗ ਵਿੱਚ ਵੱਡੇ ਸਾਮਰਾਜੀ ਮੁਲਕ ਸਿੱਧੇ ਤੌਰ ‘ਤੇ ਨਾ ਲੜਾਈ ਨਾ ਲੜਕੇ ਟੇਢੇ ਤਰੀਕੇ ਨਾਲ਼ ਸ਼ਹਿ-ਮਾਤ ਦੀਆਂ ਚਾਲਾਂ ਚਲਦੇ ਹਨ। ਉਹ ਆਪਣੇ-ਆਪਣੇ ਰਸੂਖ ਵਾਲ਼ੇ ਦੇਸ਼ਾਂ ਨੂੰ ਹਥਿਆਰਬੰਦ ਕਰਕੇ ਤੇ ਡਿਪਲੋਮੈਟਿਕ ਮਦਦ ਦੇਕੇ ਜੰਗਾਂ ਵਿੱਚ ਝੋਕਦੇ ਹਨ, ਜਾਂ ਫਿਰ ਇੱਕੋ ਦੇਸ਼ ਵਿੱਚ ਆਪੋ-ਆਪਣੇ ਪੱਖ ਦੀਆਂ ਸਿਆਸੀ ਧਿਰਾਂ ਨੂੰ ਘਰੇਲੂ ਜੰਗ ‘ਚ ਝੋਕਦੇ ਹਨ। ਮੱਧ-ਪੂਰਬ ਵਿੱਚ ਫਿਲਹਾਲ ਸੀਰੀਆ ਤੇ ਇਰਾਨ ਰੂਸ ਤੇ ਚੀਨ ਧੜੇ ਦੇ ਰਸੂਖ ਹੇਠਲੇ ਦੇਸ਼ ਹਨ, ਜਦਕਿ ਬਾਕੀ ਦੇਸ਼ ਅਮਰੀਕੀ ਪੱਖੀ ਹਨ। ਸੀਰੀਆ ਵਿੱਚ ਸਾਡੇ ਸਾਹਮਣੇ ਇਹ ਦੂਜੀ ਕਿਸਮ ਦੀ“ਪਰੌਕਸੀ ਜੰਗ ਹੈ। ਸੀਰੀਆ ਵਿੱਚ ਦੋਵਾਂ ਧਿਰਾਂ ਨੇ ਆਪੋ-ਆਪਣੀਆਂ ਧਿਰਾਂ ਲੱਭ ਰੱਖੀਆਂ ਹਨ – ਰੂਸ ਤੇ ਚੀਨ ਮੌਜੂਦਾ ਰਾਸ਼ਟਰਪਤੀ ਅਲ-ਅਸਦ ਦਾ ਪੱਖ ਪੂਰ ਰਹੇ ਹਨ, ਉਸਨੂੰ ਫੌਜ਼ੀ ਤੇ ਕੂਟਨੀਤਿਕ ਮਦਦ ਦੇ ਰਹੇ ਹਨ; ਦੂਜੇ ਪਾਸੇ ਅਮਰੀਕਾ ਤੇ ਨਾਟੋ ਜੁੰਡਲੀ ਨੇ ਸੀਰੀਆ ਦੀਆਂ ਇਸਲਾਮਿਕ ਕੱਟੜਪੰਥੀ ਜਥੇਬੰਦੀਆਂ ਦੇ ਲੜਾਕਿਆਂ ਨੂੰ ਟਰੇਨਿੰਗ, ਹਥਿਆਰ ਤੇ ਕੂਟਨੀਤਿਕ ਮਦਦ ਦੇ ਕੇ ਅਲ-ਅਸਦ ਦਾ ਤਖਤਾਪਲਟ ਕਰਨ ਲਈ ਤਾਣ ਲਾ ਰੱਖਿਆ ਹੈ। ਇਹਨਾਂ ਇਸਲਾਮਿਕ ਕੱਟੜਪੰਥੀਆਂ ‘ਚ ਅਲ-ਕਾਇਦਾ ਦਾ ਸੀਰੀਆ ‘ਚ ਮੌਜੂਦ ਧੜਾ ਨਾ ਸਿਰਫ਼ ਸ਼ਾਮਿਲ ਹੈ, ਸਗੋਂ ਅਗਵਾਈ ਕਰਨ ਵਾਲੇ ਗਰੁੱਪ ਵਜੋਂ ਸ਼ਾਮਿਲ ਹੈ। ਯਾਦ ਰਹੇ, ਇਹ ਉਹੀ ਅਲ-ਕਾਇਦਾ ਹੈ ਜਿਹੜਾ ਅਮਰੀਕਾ ਦਾ ਨੰਬਰ ਇੱਕ ਦੁਸ਼ਮਣ ਹੈ ਤੇ ਜਿਸ ਖਿਲਾਫ਼ ਇਸਨੇ ਪੂਰੀ ਦੁਨੀਆਂ ‘ਚ “ਦਹਿਸ਼ਤਗਰਦੀ ਖਿਲਾਫ਼ ਜੰਗ” ਵਿੱਢੀ ਹੋਈ ਹੈ ਤੇ ਜਿਸ ਦੇ ਮੁਖੀ ਉਸਾਮਾ ਬਿਨ-ਲਾਦੇਨ ਨੂੰ ਦੋ ਕੁ ਸਾਲ ਪਹਿਲਾਂ 2011 ਦੇ ਸਾਲ (ਸੀਰੀਆ ‘ਚ ਖਾਨਾਜੰਗੀ ਸ਼ੁਰੂ ਹੋਣ ਦੇ ਸਾਲ ਹੀ) ਮਾਰਨ ਦੀ ਪੂਰੀ ਦੁਨੀਆਂ ‘ਚ ਆਪਣੀ ਸ਼ੇਖੀ ਮਾਰੀ ਸੀ। ਅਮਰੀਕਾ, ਇਜ਼ਰਾਈਲ ਤੇ ਯੂਰਪੀ ਯੂਨੀਅਨ ਦੀ ਲਗਾਤਾਰ ਇਹ ਕੋਸ਼ਿਸ਼ ਹੈ ਕਿ ਸੀਰੀਆ ਵਿਚਲੇ “ਬਾਗੀਆਂ” ਦੇ ਪੱਖ ‘ਚ ਫੌਜ਼ੀ ਦਖ਼ਲ ਦੇਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ, ਇਸ ਮਕਸਦ ਲਈ ਅਮਰੀਕਾ ਸੁਰੱਖਿਆ ਕੌਂਸਲ ਤੇ ਸੰਯੁਕਤ ਰਾਸ਼ਟਰ ‘ਚ ਮਤੇ ਵੀ ਲੈ ਕੇ ਆਇਆ ਹੈ। ਪਰ ਸੀਰੀਆ ਵਿੱਚ ਸਿੱਧੀ ਫੌਜੀ ਕਾਰਵਾਈ ਕਰਨ ਦੀਆਂ ਅਮਰੀਕਾ ਤੇ ਨਾਟੋ ਜੁੰਡਲੀ ਦੀਆਂ ਕੋਸ਼ਿਸ਼ਾਂ ਦਾ ਉਹਨਾਂ ਦੇ ਵਿਰੋਧੀ ਗੁੱਟ ਖਾਸ ਕਰਕੇ ਰੂਸ ਇਸਦਾ ਹਰ ਸੰਸਾਰ ਮੰਚ ‘ਤੇ ਡਟ ਕੇ ਖਿਲਾਫ਼ਤ ਕਰ ਰਿਹਾ ਹੈ ਤੇ ਫਿਲਹਾਲ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ।

“ਅਰਬ ਬਹਾਰ”ਦੀਆਂ ਮਿਸਰ ਤੇ ਟੁਨੀਸ਼ੀਆ ‘ਚ ਹੋਈਆਂ ਘਟਨਾਵਾਂ ਦਾ ਅਸਰ ਪੂਰੇ ਅਰਬ ਜਗਤ ‘ਚ ਪਿਆ ਹੈ। ਮਿਸਰ ਦੀ ਬਗਾਵਤ ਤੋਂ ਪ੍ਰੇਰਨਾ ਲੈ ਕੇ ਸੀਰੀਆ ਦੇ ਲੋਕਾਂ ‘ਚ ਵਿੱਚ ਵੀ ਉੱਥੇ 1963 ਤੋਂ ਰਾਜ ਕਰਦੇ ਆ ਰਹੇ ਤਾਨਾਸ਼ਾਹਾਂ ਦੇ ਪਰਿਵਾਰ ਖਿਲਾਫ਼ ਤੇ ਜਮਹੂਰੀਅਤ ਦੀ ਬਹਾਲੀ ਖਾਤਰ ਸੰਘਰਸ਼ ਵਿੱਢਣ ਦੇ ਵੇਗ ਨੇ ਹੰਭਲਾ ਮਾਰਿਆ। ਲੋਕਾਂ ਦੇ ਮਨਾਂ ‘ਚ ਦਹਾਕਿਆਂ ਤੋਂ ਜਮ੍ਹਾਂ ਹੋ ਰਿਹਾ ਗੁੱਸਾ ਜਮਹੂਰੀਅਤ-ਪੱਖੀ ਮੁਜ਼ਾਹਰਿਆਂ ਦੇ ਰੂਪ ‘ਚ ਫੁੱਟ ਪਿਆ। ਅਸਦ ਸਰਕਾਰ ਦੇ ਖਿਲਾਫ਼ ਕਈ ਵੱਡੇ ਰੋਸ-ਵਿਖਾਵੇ ਹੋਏ ਤੇ ਇਹ ਲਹਿਰ ਕਈ ਹਫ਼ਤਿਆਂ ਤੱਕ ਚੱਲਦੀ ਰਹੀ। ਅਮਰੀਕਾ ਤੇ ਨਾਟੋ ਦੀਆਂ ਸਾਮਰਾਜੀ ਤਾਕਤਾਂ ਬਿਲਕੁਲ ਇਹੋ-ਜਿਹੇ ਮੌਕੇ ਦੀ ਹੀ ਤਲਾਸ਼ ਵਿੱਚ ਸਨ। ਅਸਦ ਵਿਰੋਧੀ ਜਮਹੂਰੀਅਤ-ਪੱਖੀ ਲਹਿਰ ਦੀ ਅਗਵਾਈ ਹਥਿਆਉਣ ਲਈ ਅਮਰੀਕੀ ਸਾਮਰਾਜੀਆਂ ਨੇ ਆਪਣੇ ਪਰਖੇ ਹੋਏ ਹਥਿਆਰ, ਇਸਲਾਮਿਕ ਕੱਟੜਪੰਥੀਆਂ ਨੂੰ ਬਾਖੂਬੀ ਵਰਤਿਆ ਹੈ। ਅਜਿਹੀ ਹੀ ਯੁੱਧਨੀਤੀ ਉਹ ਲਿਬੀਆ ਵਿੱਚ ਕਾਮਯਾਬੀ ਨਾਲ਼ ਅਜ਼ਮਾ ਚੁੱਕਾ ਹੈ। ਗੱਦਾਫੀ ਦੀ ਅਗਵਾਈ ਵਾਲ਼ਾ ਲਿਬੀਆ ਕੱਚੇ ਤੇਲ ਦਾ ਇੱਕ ਵੱਡਾ ਪੈਦਾਕਾਰ ਦੇਸ਼ ਸੀ, ਪਰ ਉਹ ਆਪਣਾ ਤੇਲ ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਬਰਾਮਦ ਨਾ ਕਰਕੇ ਮੁੱਖ ਤੌਰ ‘ਤੇ ਚੀਨ ਨੂੰ ਬਰਾਮਦ ਕਰਦਾ ਸੀ ਅਤੇ ਇਸ ਵਪਾਰ ਦਾ ਭੁਗਤਾਨ ਵੀ ਅਮਰੀਕੀ ਡਾਲਰਾਂ ਦੀ ਥਾਂ ਚੀਨੀ ਕਰੰਸੀ ਯੁਆਨ ਜਾਂ ਸੋਨੇ ਦੇ ਰੂਪ ‘ਚ ਕੀਤਾ ਜਾਂਦਾ ਸੀ। ਇਸ ਕਾਰਨ ਇੱਕ ਤਾਂ ਲਿਬੀਆ ਦੇ ਕੱਚੇ ਤੇਲ ਦੇ ਸ੍ਰੋਤਾਂ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਲਈ ਤੇ ਦੂਜਾ ਚੀਨ ਨੂੰ ਆਰਥਕ ਤੇ ਯੁੱਧਨੀਤਕ ਭਾਂਜ ਦੇਣ ਲਈ ਲਿਬੀਆ ‘ਚ ਤਖਤਾਪਲਟ ਕਰਨਾ ਅਮਰੀਕੀ ਸਾਮਰਾਜ ਦੀ ਜ਼ਰੂਰਤ ਬਣ ਗਿਆ ਸੀ। ਬੀਤੇ ‘ਚ ਸੱਦਾਮ ਹੁਸੈਨ ਦੀ ਅਗਵਾਈ ਵਾਲ਼ੇ ਇਰਾਕ ਵੀ ਇਹਨਾਂ ਹੀ ਕਾਰਨਾਂ ਕਰਕੇ ਬਰਬਾਦ ਕੀਤਾ ਗਿਆ ਹੈ। ਹੁਣ ਸੀਰੀਆ ਦੀ ਵਾਰੀ ਹੈ। ਸੀਰੀਆ ਤਾਂ ਹੋਰ ਵੀ ਕਈ ਕਾਰਨਾਂ ਕਰਕੇ ਅਮਰੀਕਾ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਜਿਹਨਾਂ ਦਾ ਜ਼ਿਕਰ ਅਸੀਂ ਅੱਗੇ ਕਰਾਂਗੇ। ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਗੈਰ-ਹਥਿਆਰਬੰਦ ਜਮਹੂਰੀਅਤ ਪੱਖੀ ਲਹਿਰ ਜਿਸ ਵਿੱਚ ਜ਼ਿਆਦਾਤਰ ਆਮ ਲੋਕ ਸ਼ਾਮਿਲ ਸਨ ਤੇ ਜੋ ਮੋਟੇ ਤੌਰ ‘ਤੇ ਆਪਮੁਹਾਰੀ ਲਹਿਰ ਸੀ, ਅਚਾਨਕ ਹੀ ਪੂਰੇ ਸਿਖਲਾਈ ਪ੍ਰਾਪਤ, ਆਧੁਨਿਕ ਹਥਿਆਰਾਂ ਨਾਲ਼ ਲੈੱਸ ਲੜਾਕਿਆਂ ਦੁਆਰਾ ਸਰਕਾਰ ਖਿਲਾਫ਼ ਵੱਡੀ ਫੌਜੀ ਟੱਕਰ ਵਿੱਚ ਬਦਲ ਗਈ। ਲਿਬੀਆ ‘ਚ ਇਹੀ ਹੋਇਆ, ਤੇ ਸੀਰੀਆ ਵਿੱਚ ਵੀ ਇਹੀ ਹੋਇਆ ਹੈ। ਅਸਲ ਵਿੱਚ ਅਮਰੀਕੀ ਸਾਮਰਾਜ ਜਿੰਨਾ ਮਰਜ਼ੀ ਆਪਣੇ ਚਾਕਰ ਚੈਨਲਾਂ, ਅਖਬਾਰਾਂ ਤੇ ਬੁਧੀਜੀਵੀਆਂ ਰਾਹੀਂ ਪ੍ਰਚਾਰ-ਪ੍ਰਾਪੇਗੰਡਾ ਕਰ ਲਵੇ, ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਹੈ ਕਿ ਇਹ ਬਾਗੀ”ਅਸਲ ਵਿੱਚ ਅਮਰੀਕੀ ਸ਼ਹਿ ਪ੍ਰਾਪਤ ਇਸਲਾਮਿਕ ਕੱਟੜਪੰਥੀ ਦਹਿਸ਼ਤਗਰਦ ਹਨ, ਜਾਂ ਫਿਰ ਭਾੜੇ ਦੇ ਸਿਪਾਹੀ। ਇਹ ਇਹਨਾਂ ਦੇ ਸਿਆਸੀ ਮਕਸਦਾਂ ਤੋਂ ਵੀ ਸਪੱਸ਼ਟ ਹੋ ਜਾਂਦਾ ਹੈ। ਇਹ ਕੱਟੜਪੰਥੀ ਗਿਰੋਹ ਸੀਰੀਆ ਵਿੱਚ ਕੋਈ ਜਮਹੂਰੀਅਤ-ਪੱਖੀ ਸਰਕਾਰ ਨਹੀਂ ਬਣਾਉਣਾ ਚਾਹੁੰਦੇ, ਸਗੋਂ ਇਸਲਾਮਿਕ ਕੱਟੜਪੰਥੀ ਸੱਤ੍ਹਾ ਕਾਇਮ ਕਰਨਾ ਚਾਹੁੰਦੇ ਹਨ ਜਿਸ ਵਿੱਚ ਔਰਤਾਂ ਤੇ ਘੱਟਗਿਣਤੀਆਂ, ਇੱਥੋਂ ਤੱਕ ਦੂਸਰੇ ਮੁਸਲਿਮ ਫਿਰਕਿਆਂ ਲਈ ਮਨੁੱਖੀ ਤੇ ਜਮਹੂਰੀ ਹੱਕਾਂ ਲਈ ਕੋਈ ਥਾਂ ਨਹੀਂ ਹੋਵੇਗੀ। ਦੂਜਾ ਇਹ ਵੀ ਸਾਫ਼ ਦਿਖਾਈ ਦਿੰਦਾ ਹੈ ਕਿ ਟੁਨੀਸ਼ੀਆ, ਮਿਸਰ, ਯਮਨ ‘ਚ ਜਮਹੂਰੀਅਤ ਪੱਖੀ ਲਹਿਰਾਂ ਨੂੰ ਅਮਰੀਕੀ ਸਾਮਰਾਜੀਆਂ ਨੇ ਉੱਕਾ ਹੀ ਕੋਈ ਮਦਦ ਨਹੀਂ ਕੀਤੀ, ਸਗੋਂ ਉਹਨਾਂ ਲਹਿਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਦੇ ਹਾਕਮਾਂ ਜਿੱਥੋਂ ਤੱਕ ਹੋ ਸਕਿਆ ਬਚਾਅ ਕਰਨ ਦੇ ਹੀਲੇ ਵਰਤੇ। ਫਿਰ ਲਿਬੀਆ ਤੇ ਸੀਰੀਆ ਦੇ ਬਾਗੀਆਂ ਲਈ ਅਮਰੀਕੀ ਸਾਮਰਾਜੀਆਂ ਦਾ ਹੇਜ ਕਿਉਂ ਜਾਗ ਪਿਆ? ਸਪੱਸ਼ਟ ਹੈ ਕਿ ਇੱਥੇ ਹਾਕਮਾਂ ਦਾ ਬਦਲਿਆ ਜਾਣਾ ਉਹਨਾਂ ਦੇ ਹਿਤ ਵਿੱਚ ਹੈ, ਇਸ ਲਈ ਇਸਲਾਮਿਕ ਕੱਟੜਪੰਥੀ ਦਹਿਸ਼ਤਗਰਦ ਗਰੁੱਪਾਂ ਦਾ ਹੱਥ ਫੜ ਕੇ ਚੱਲਣਾ ਪਵੇ ਤਾਂ ਅਮਰੀਕੀ ਸਾਮਰਾਜ ਇਸ ਵਿੱਚ ਕੋਈ ਹਰਜ਼ ਨਹੀਂ। ਜੇ ਇਹ ਕੱਟੜਪੰਥੀ ਗਰੁੱਪ ਸੱਤ੍ਹਾ ‘ਤੇ ਕਾਬਜ਼ ਹੋਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਸੀਰੀਆ ਵਾਸੀਆਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ ਤੇ ਸੀਰੀਆ ਲਿਬੀਆ ਦੀ ਤਰ੍ਹਾਂ ਭਿਅੰਕਰ ਅਰਾਜਕਤਾ ਜਾਂ ਜ਼ਾਬਰ ਹਕੂਮਤ ਦੇ ਅਧੀਨ ਆ ਜਾਵੇਗਾ।

ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ, ਸਾਮਰਾਜੀ ਦੇਸ਼ ਅਮਰੀਕਾ ਤੇ ਨਾਟੋ ਮੁਲਕਾਂ ਦੇ ਧੜੇ, ਅਤੇ ਦੁਨੀਆਂ ‘ਚ ਆਪਣਾ ਰਸੂਖ ਵਧਾ ਰਹੇ ਤੇ ਸੰਸਾਰ ਦੀ ਲੁੱਟ ਵਿੱਚ ਵਧੇਰੇ ਵੱਡੇ ਹਿੱਸੇ ਦੀ ਮੰਗ ਕਰ ਰਹੇ ਉੱਤਰ-ਸੋਵੀਅਤ ਰੂਸ ਤੇ ਸੋਧਵਾਦੀ ਚੀਨ ਦੇ ਧੜੇ ਦੇ ਆਪਸੀ ਭੇੜ ਦੇ ਕਾਰਨ ਅਸਲ ਵਿੱਚ ਇਹਨਾਂ ਦੇ ਆਰਥਿਕ ਹਿਤਾਂ ਵਿੱਚ ਪਏ ਹਨ ਜੋ ਨਾ ਸਿਰਫ਼ ਮੱਧ-ਪੂਰਬ ਸਗੋਂ ਪੂਰੀ ਦੁਨੀਆਂ ‘ਚ ਫੈਲੇ ਹੋਏ ਹਨ। ਇਹਨਾਂ ਆਰਥਕ ਹਿਤਾਂ ਵਿੱਚ ਇਸ ਸਮੇਂ ਸਭ ਤੋਂ ਪ੍ਰਮੁੱਖ ਊਰਜਾ ਦੇ ਲੰਮੇ ਸਮੇਂ ਤੱਕ ਸ੍ਰੋਤ ਯਕੀਨੀ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਕੱਚੇ ਤੇਲ ਦੇ ਭੰਡਾਰਾਂ ਨੂੰ ਆਪਣੇ ਕੰਟਰੋਲ ਹੇਠ ਕਰਨ ਦੀ ਹੋੜ੍ਹ ਹੈ। ਪਿਛਲੇ ਦਹਾਕੇ ‘ਚ, ਲਾਤੀਨੀ ਅਮਰੀਕਾ ਦਾ ਮੁੱਖ ਤੇਲ ਪੈਦਾਕਾਰ ਦੇਸ਼ ਵੈਨਜ਼ੂਏਲਾ ਅਮਰੀਕਾ ਪ੍ਰਭਾਵ ਥੱਲੋਂ ਨਿਕਲ ਕੇ ਰੂਸ ਤੇ ਚੀਨ ਦੇ ਪ੍ਰਭਾਵ ‘ਚ ਆ ਚੁੱਕਾ ਹੈ। ਵੈਨਜ਼ੂਏਲਾ ਦਾ ਆਗੂ ਹੂਗੋ ਸਾਵੇਜ਼ ਪੂਰੇ ਲਾਤੀਨੀ ਅਮਰੀਕਾ ‘ਚ ਅਮਰੀਕੀ ਸਾਮਰਾਜ ਲਈ ਚੁਣੌਤੀ ਬਣ ਚੁੱਕਾ ਹੈ। ਦੂਜੇ ਪਾਸੇ ਅਫਰੀਕੀ ਮਹਾਂਦੀਪ ਦੇ ਵੱਡੇ ਤੇਲ ਉਤਪਾਦਕ ਦੇਸ਼ ਲਿਬੀਆ ਤੇ ਸੂਡਾਨ ਵੀ ਪਿਛਲੇ ਦਹਾਕੇ ‘ਚ ਰੂਸ-ਚੀਨ ਦੇ ਪ੍ਰਭਾਵ ਖੇਤਰ ‘ਚ ਆ ਗਏ ਸਨ, ਅਮਰੀਕੀ ਤੇ ਨਾਟੋ ਦੇਸ਼ਾਂ ਨੇ ਫਿਲਹਾਲ ਇਹਨਾਂ ਦੇਸ਼ਾਂ ‘ਚ ਚੀਨੀ ਹਿਤਾਂ ਨੂੰ ਹਾਰ ਦਿੱਤੀ ਹੈ ਅਤੇ ਇੱਥੋਂ ਦੇ ਕੱਚੇ ਤੇਲ ਦੇ ਭੰਡਾਰਾਂ ਨੂੰ ਆਪਣੇ ਕੰਟਰੋਲ ਹੇਠ ਕਰ ਲਿਆ ਹੈ। ਅਰਬ ਮੁਲਕ ਵੀ ਕੱਚੇ ਤੇਲ ਦੇ ਪ੍ਰਮੁੱਖ ਭੰਡਾਰ ਹਨ। ਇਹਨਾਂ ‘ਚੋਂ ਸੀਰੀਆ ਤੇ ਇਰਾਨ ਪਹਿਲਾਂ ਹੀ ਅਮਰੀਕੀ ਪ੍ਰਭਾਵ ਖੇਤਰ ਤੋਂ ਬਾਹਰ ਹਨ। “ਅਰਬ ਬਹਾਰ” ਦੀਆਂ ਹੋਈਆਂ ਘਟਨਾਵਾਂ ਨੇ ਬਾਕੀ ਅਰਬ ਮੁਲਕਾਂ ਜਿਵੇਂ ਮਿਸਰ, ਯਮਨ ‘ਚ ਅਮਰੀਕੀ ਸਾਮਰਾਜ ਨੂੰ ਚੰਗਾ ਝਟਕਾ ਦਿੱਤਾ ਹੈ। ਫਿਲਹਾਲ ਭਾਵੇਂ ਅਮਰੀਕਾ ਇਹਨਾਂ ਦੇਸ਼ਾਂ ‘ਚ ਹਾਲਤ ਨੂੰ ਕਾਬੂ ਕਰਨ ‘ਚ ਕਾਮਯਾਬ ਰਿਹਾ ਹੈ, ਪਰ ਉਸਨੂੰ ਇਹ ਸਪੱਸ਼ਟ ਹੋ ਗਿਆ ਹੈ ਕਿ ਇਹਨਾਂ ਮੁਲਕਾਂ ‘ਚ ਅਮਰੀਕਾ ਲਈ“ਸਭ ਅੱਛਾ”ਨਹੀਂ ਹੈ। “ਅਰਬ ਬਹਾਰ” ਦੇ ਸ਼ੁਰੂ ਹੋਣ ਤੋਂ ਪਹਿਲਾਂ ਵੈਨਜ਼ੂਏਲਾ, ਲਿਬੀਆ, ਸੂਡਾਨ, ਸੀਰੀਆ ਤੇ ਇਰਾਨ ਜਿਹੇ ਵੱਡੇ ਤੇਲ ਉਤਪਾਦਕ ਦੇਸ਼ ਅਮਰੀਕੀ ਕੰਟਰੋਲ ਤੋਂ ਬਾਹਰ ਸਨ। ਅਰਬ ਬਹਾਰ ਨੇ ਇਹ ਲਿਸਟ ਲੰਮੀ ਹੋਣ ਦਾ ਖਤਰਾ ਅਮਰੀਕੀ ਤੇ ਨਾਟੋ ਮੁਲਕਾਂ ਅੱਗੇ ਖੜਾ ਕਰ ਦਿੱਤਾ ਸੀ। ਅਮਰੀਕਾ ਤੇ ਉਹਦੇ ਇਤਿਹਾਦੀ ਸਾਮਰਾਜੀ ਦੇਸ਼ਾਂ ਲਈ ਇਹ ਇੱਕ ਚੇਤਾਵਨੀ ਸੀ ਕਿ ਕਿਸੇ ਵੀ ਸਮੇਂ ਕੱਚੇ ਤੇਲ ਦੀ ਸਪਲਾਈ ਖਤਰੇ ‘ਚ ਪੈ ਸਕਦੀ ਹੈ। ਕੱਚੇ ਤੇਲ ਦੀ ਸਪਲਾਈ ਅਮਰੀਕਾ ਦੀ ਸੰਸਾਰ ਭਰ ‘ਚ ਜੰਗੀ ਮਸ਼ੀਨ ਲਈ ਬੇਹੱਦ ਜ਼ਰੂਰੀ ਹੈ ਤੇ ਇਹੀ ਜੰਗੀ ਮਸ਼ੀਨ ਉਸਦੀ ਸੰਸਾਰ ਚੌਧਰ ਦਾ ਅਹਿਮ ਥੰਮ੍ਹ ਹੈ। ਇਸ ਮਸ਼ੀਨ ਦੀ ਰਫ਼ਤਾਰ ਮੱਠੀ ਪੈਣ ਦਾ ਮਤਲਬ ਹੈ ਅਮਰੀਕੀ ਚੌਧਰ ਦਾ ਡਾਵਾਂਡੋਲ ਹੋਣਾ ਜਿਸਨੂੰ ਅਮਰੀਕਾ ਇਸ ਸਮੇਂ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰ ਸਕਦਾ ਹੈ। ਸਿਰਫ਼ ਫੌਜ਼ੀ ਮਸ਼ੀਨਰੀ ਹੀ ਨਹੀਂ, ਅਮਰੀਕਾ ਤੇ ਇਸਦੇ ਯੂਰਪੀ ਭਾਈਵਾਲਾਂ ਦੀ ਆਰਥਕਤਾ ਵੀ ਕਾਫ਼ੀ ਹੱਦ ਤੱਕ ਕੱਚੇ ਤੇਲ ਦੇ ਵਪਾਰ ਨਾਲ਼ ਜੁੜੀ ਹੋਈ ਹੈ। ਕੱਚੇ ਤੇਲ ਦਾ ਵਪਾਰ ਕਿਸ ਹੱਦ ਤੱਕ ਅਮਰੀਕੀ ਸਾਮਰਾਜੀ ਧੜੇ ਦੇ ਅਰਥਚਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ, ਇਹ ਜਾਣਨ ਲਈ ਆਓ ਅਸੀਂ ਇਸ ਵਪਾਰ ਦੇ ਗਣਿਤ ‘ਤੇ ਇੱਕ ਨਜ਼ਰ ਮਾਰੀਏ। ਅਮਰੀਕੀ ਕੰਟਰੋਲ ਹੇਠਲੇ ਜ਼ਿਆਦਾ ਦੇਸ਼ਾਂ ਵਿੱਚ ਤੇਲ ਕੱਢਣ ਤੇ ਵੇਚਣ ਦਾ ਕੰਮ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਹੈ। ਇਹ ਨਿੱਜੀ ਕੰਪਨੀਆਂ ਅਮਰੀਕਾ, ਬ੍ਰਿਟੇਨ ਤੇ ਫਰਾਂਸ ਦੇ ਐਕਸਨ ਆਇਲ, ਸ਼ੈਵਰਲੇ, ਬ੍ਰਿਟਿਸ਼ ਪੈਟਰੋਲੀਅਮ ਜਿਹੇ ਦੈਂਤਾਕਾਰ ਤੇਲ ਕਾਰਪੋਰੇਟ ਹਨ। ਤੇਲ ਭੰਡਾਰਾਂ ਦੇ ਮਾਲਿਕ ਦੇਸ਼ ਇਹਨਾਂ ਕੰਪਨੀਆਂ ਨੂੰ ਠੇਕੇ ਦਿੰਦੇ ਹਨ ਤੇ ਇਹਨਾਂ ਤੋਂ ਟੈਕਸ ਵਸੂਲਦੇ ਹਨ। ਇਹਨਾਂ ਸੌਦਿਆਂ ‘ਚ ਅਮਰੀਕਾ ਦੀ ਚੱਲਦੀ ਹੈ ਤੇ ਇਹ ਤੇਲ ਕਾਰਪੋਰੇਟ ਮੋਟੇ ਮੁਨਾਫ਼ੇ ਕਮਾਉਂਦੇ ਹਨ। ਦੂਸਰਾ, ਇਹ ਸੰਸਾਰ ਦੇ ਵੱਖ-ਵੱਖ ਦੇਸ਼ਾਂ ਨੂੰ ਤੇਲ ਸਪਲਾਈ ਦਾ ਕੰਟਰੋਲ-ਬਟਨ ਆਪਣੇ ਹੱਥ ‘ਚ ਰੱਖਦੇ ਹਨ ਜਿਸ ਕਾਰਨ ਕਿਸੇ ਹੋਰ ਆਰਥਕ ਸੌਦੇ ‘ਚ ਅੜੀ ਕਰਨ ਵਾਲ਼ੇ ਦੇਸ਼ ਦੀ ਬਾਂਹ ਮਰੋੜੀ ਜਾ ਸਕਦੀ ਹੈ। ਪਰ ਸਿਰਫ਼ ਇੰਨਾ ਹੀ ਨਹੀਂ, ਅਮਰੀਕਾ, ਬ੍ਰਿਟੇਨ ਤੇ ਫਰਾਂਸ ਇਹਨਾਂ ਤੇਲ ਉਤਪਾਦਕ ਦੇਸ਼ਾਂ ਨਾਲ਼ ਖਾਸ ਕਿਸਮ ਦੇ ਆਰਥਕ ਸਮਝੌਤੇ ਕਰਦੇ ਹਨ। ਇਹਨਾਂ ਆਰਥਕ ਸਮਝੌਤਿਆਂ ਤਹਿਤ, ਤੇਲ ਦਾ ਭੁਗਤਾਨ ਡਾਲਰ ‘ਚ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਤੇਲ ਉਤਪਾਦਕ ਦੇਸ਼ਾਂ ‘ਤੇ ਇਹ ਸ਼ਰਤ ਹੁੰਦੀ ਹੈ ਕਿ ਉਹ ਤੇਲ ਵਪਾਰ ‘ਚ ਹਾਸਿਲ ਹੋਈ ਧਨਰਾਸ਼ੀ ਦਾ ਵੱਡਾ ਹਿੱਸਾ ਮੁੜ ਕੇ ਅਮਰੀਕਾ, ਬ੍ਰਿਟੇਨ ਤੇ ਫਰਾਂਸ ਜਿਹੇ ਸਾਮਰਾਜੀ ਮੁਲਕਾਂ ‘ਚ ਨਿਵੇਸ਼ ਕਰਨ, ਅਤੇ ਸਾਮਰਾਜੀ ਮੁਲਕਾਂ ਤੋਂ ਚੀਜ਼ਾਂ ਖਾਸ ਕਰਕੇ ਜੰਗੀ ਸਾਜੋਸਮਾਨ ਦਰਾਮਦ ਕਰਨ ‘ਤੇ ਖਰਚ ਕਰਨ। ਇਸ ਤਰ੍ਹਾਂ ਅਮਰੀਕੀ ਸਾਮਰਾਜੀ ਧੜੇ ਦੀ ਆਰਥਿਕਤਾ ਕਾਫ਼ੀ ਹੱਦ ਤੱਕ ਤੇਲ ਵਪਾਰ ਨਾਲ਼ ਜੁੜੀ ਹੋਈ ਹੈ। ਤੇਲ ਵਪਾਰ ‘ਚ ਕੋਈ ਹੋਣ ਵਾਲ਼ੀ ਗੜਬੜ ਨਾ ਸਿਰਫ਼ ਇਹਨਾਂ ਦੇਸ਼ਾਂ ਦੀ ਫੌਜੀ ਚੌਧਰ ਲਈ ਖਤਰਾ ਬਣ ਸਕਦੀ ਹੈ, ਸਗੋਂ ਇਹ ਇਹਨਾਂ ਦੇ ਅਰਥਚਾਰੇ ਲਈ ਵੀ ਵੱਡਾ ਖਤਰਾ ਖੜਾ ਕਰ ਸਕਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਮੱਧ-ਪੂਰਬ ਤੇ ਉੱਤਰੀ ਅਫਰੀਕਾ ਦੇ ਖਿੱਤੇ ਵਿੱਚ ਅਮਰੀਕਾ ਤੇ ਉਸਦੇ ਭਾਈਵਾਲਾਂ ਨੇ ਆਪਣੀਆਂ ਸਰਗਰਮੀਆਂ ‘ਅਰਬ ਬਹਾਰ’ ਤੋਂ ਬਾਅਦ ਚੋਖੀਆਂ ਵਧਾ ਰੱਖੀਆਂ ਹਨ। ਲਿਬੀਆ ਤੇ ਸੂਡਾਨ ਨੂੰ ਸਾਮਰਾਜ ਨੇ ਨਜਿੱਠ ਲਿਆ ਹੈ, ਹੁਣ ਇਸਦਾ ਪੂਰਾ ਧਿਆਨ ਮੱਧ-ਪੂਰਬ ਦੇ ਦੇਸ਼ਾਂ ਵਿੱਚ ਆਪਣੇ ਫੌਰੀ ਤੇ ਲੰਮੇ ਦਾਅ ਦੇ ਆਰਥਕ ਹਿਤਾਂ ਨੂੰ ਸੁਰੱਖਿਅਤ ਕਰਨ ਅਤੇ ਰੂਸ ਤੇ ਚੀਨ ਨੂੰ ਇਸ ਇਲਾਕੇ ‘ਚੋਂ ਆਰਥਕ ਤੌਰ ‘ਤੇ ਪ੍ਰਭਾਵਹੀਣ ਕਰਨ ਵੱਲ ਹੈ। ਸੀਰੀਆ ‘ਚ ਚੱਲ ਖਾਨਾਜੰਗੀ ਜੋ ਅਸਲ ਵਿੱਚ ਸਾਮਰਾਜੀਆਂ ਦੀ ਆਪਸੀ ਜੰਗ ਹੈ, ਇਸ ਵੱਡੇ ਪ੍ਰੋਜੈਕਟ ਦਾ ਇੱਕ ਹਿੱਸਾ ਭਰ ਹੈ।

ਦੂਜਾ, ਮੱਧ-ਪੂਰਬ ਅਮਰੀਕੀ ਸਾਮਰਾਜੀ ਧੜੇ ਲਈ ਸਿਰਫ਼ ਆਰਥਕ ਪੱਖੋਂ ਹੀ ਅਹਿਮ ਨਹੀਂ ਹੈ, ਇਸ ਖਿੱਤੇ ਦੀ ਉਸ ਲਈ ਫੌਜੀ ਮਾਮਲਿਆਂ ਦੇ ਪੱਖੋਂ ਵੀ ਬਹੁਤ ਅਹਿਮੀਅਤ ਹੈ। ਸਾਮਰਾਜੀਆਂ ਦੇ ਆਰਥਕ ਹਿਤਾਂ ਦੇ ਆਪਸੀ ਟਕਰਾਅ ਇਹਨਾਂ ਨੂੰ ਇੱਕ ਦੂਜੇ ਖਿਲਾਫ਼ ਫੌਜੀ ਤਿਆਰੀਆਂ ਕਰਨ ਦੇ ਰਸਤੇ ਪਾਉਂਦੇ ਹਨ। ਇਹ ਫੌਜੀ ਟਕਰਾਅ ਨਾ ਸਿਰਫ਼ ਪਰੌਕਸੀ ਜੰਗਾਂ ਨੂੰ ਜਨਮ ਦਿੰਦੇ ਹਨ, ਸਗੋਂ ਇਸ ਟਕਰਾਅ ਵਿੱਚ ਸਿੱਧੀ ਜੰਗ ਦੀ ਸੰਭਾਵਨਾ ਵੀ ਹਮੇਸ਼ਾਂ ਬਣੀ ਰਹਿੰਦੀ ਹੈ। ਇਹ ਸੰਭਾਵਨਾ ਨੂੰ ਅੱਗੇ ਰੱਖ ਕੇ ਸਾਮਰਾਜੀ ਦੇਸ਼ ਲੰਮੇ ਦਾਅ ਦੀਆਂ ਫੌਜੀ ਤੇ ਕੂਟਨੀਤਕ ਤਿਆਰੀਆਂ ਕਰਦੇ ਹਨ। ਇਹ ਇੱਕ ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਤਹਿਤ ਇਹ ਇੱਕ-ਦੂਜੇ ਦੇ ਗੁਆਂਢ ‘ਚ ਆਪਣੇ ਫੌਜੀ ਟਿਕਾਣੇ ਬਣਾ ਕੇ ਰੱਖਦੇ ਹਨ ਜਾਂ ਨਵੇਂ ਟਿਕਾਣੇ ਬਣਾਉਂਦੇ ਹਨ। ਅਜਿਹਾ ਕਰਨ ਲਈ ਉਹਨਾਂ ਲਈ ਲਾਜ਼ਮੀ ਹੈ ਕਿ ਉਹ ਫੌਜੀ ਟਿਕਾਣਾ ਬਣਾਏ ਜਾਣ ਵਾਲ਼ੇ ਦੇਸ਼ ਵਿੱਚ ਆਪਣੀ ਕੱਠਪੁਤਲੀ ਸਰਕਾਰ ਬਣਾ ਕੇ ਰੱਖਣ। ਚੀਨ ਨੂੰ ਘੇਰਨ ਲਈ ਅਮਰੀਕਾ ਨੇ ਪੂਰਬ ‘ਚ ਤਾਇਵਾਨ, ਦੱਖਣੀ ਕੋਰੀਆ, ਜਾਪਾਨ, ਫਿਲਪਾਈਨਜ਼ ‘ਚ ਅਤੇ ਚੀਨ ਦੇ ਪੱਛਮ ਵਿੱਚ ਸਾਬਕਾ ਸੋਵੀਅਤ ਗਣਰਾਜਾਂ ਜਿਵੇਂ ਕਿਰਗੀਸਤਾਨ ਆਦਿ ਵਿੱਚ ਆਪਣੇ ਫੌਜੀ ਅੱਡੇ ਕਾਇਮ ਕੀਤੇ ਹੋਏ ਹਨ। ਰੂਸ ਨੂੰ ਘੇਰਨ ਲਈ ਅਮਰੀਕਾ ਤੇ ਨਾਟੋ ਮੁਲਕਾਂ ਨੇ ਸਾਬਕਾ ਸੋਵੀਅਤ ਦੇਸ਼ਾਂ ਜਿਵੇਂ ਜਾਰਜੀਆ, ਯੂਕਰੇਨ, ਅਜ਼ਰਬਾਈਜਾਨ ਆਦਿ, ਪੂਰਬੀ ਯੂਰਪੀ ਦੇਸ਼ਾਂ ਅਤੇ ਤੁਰਕੀ ਨੂੰ ਆਪਣੇ ਪ੍ਰਭਾਵ ਖੇਤਰ ‘ਚ ਕੀਤਾ ਹੋਇਆ ਹੈ ਤੇ ਬਹੁਤਿਆਂ ‘ਚ ਆਪਣੇ ਫੌਜੀ ਅੱਡੇ ਬਣਾਏ ਹੋਏ ਹਨ ਤੇ ਮਿਜ਼ਾਈਲਾਂ ਤੱਕ ਬੀੜਨ ਦਾ ਉਪਰਾਲਾ ਕਰ ਰਹੇ ਹਨ। ਪਰ ਮੱਧ-ਪੂਰਬ ‘ਚ ਸੀਰੀਆ ਤੇ ਇਰਾਨ ਰੂਸ ਤੇ ਚੀਨ ਦੇ ਅਹਿਮ ਭਾਈਵਾਲ ਹਨ ਜਿਸ ਕਾਰਨ ਇਹ ਘੇਰਾਬੰਦੀ ਪੂਰੀ ਨਹੀਂ ਹੈ, ਦੂਜਾ ਇਹਨਾਂ ਦੇਸ਼ਾਂ ‘ਚ ਆਪਣਾ ਰਸੂਖ ਹੋਣ ਕਰਕੇ ਰੂਸ ਤੇ ਚੀਨ ਨਾ ਸਿਰਫ਼ ਪੂਰੇ ਅਰਬ ਦੇਸ਼ਾਂ ਦੀ ਨਬਜ਼ ਨੂੰ ਫੜਨ ਦੇ ਕਾਬਿਲ ਹਨ, ਸਗੋਂ ਉਹ ਅਮਰੀਕਾ ਦੇ ਖੇਤਰੀ ਲੱਠਮਾਰ ਇਜ਼ਰਾਈਲ ਲਈ ਵੀ ਵੱਡੀ ਚੁਣੌਤੀ ਹਨ। ਇਸ ਕਰਕੇ ਉਹ ਇਸ ਖਿੱਤੇ ‘ਚੋਂ ਰੂਸ ਤੇ ਚੀਨ ਨੂੰ ਫੌਜੀ ਤੌਰ ‘ਤੇ ਖਦੇੜਨ ਅਤੇ ਭਵਿੱਖ ਦੀ ਸੰਭਾਵਿਤ ਫੌਜੀ ਝੜਪ ਜਾਂ ਪੂਰੀ-ਸੂਰੀ ਜੰਗ ਲਈ ਉਹਨਾਂ ਦੀ ਘੇਰਾਬੰਦੀ ਨੂੰ ਪੂਰਿਆਂ ਕਰਨਾ ਚਾਹੁੰਦਾ ਹੈ। ਦੂਜੇ ਪਾਸੇ, ਰੂਸ ਤੇ ਚੀਨ ਸੀਰੀਆ ਤੇ ਇਰਾਨ ਦੀ ਆਪਣੇ ਆਰਥਕ ਤੇ ਫੌਜੀ ਹਿਤਾਂ ਲਈ ਅਹਿਮੀਅਤ ਨੂੰ ਸਮਝਦੇ ਹਨ। ਲਿਬੀਆ ਜਿਹਾ ਮੁਲਕ ਅਮਰੀਕਾ ਦੇ ਕੰਟਰੋਲ ਆ ਜਾਣਾ ਚੀਨ ਲਈ ਆਰਥਕ ਨੁਕਸਾਨ ਤਾਂ ਸੀ, ਪਰ ਕੋਈ ਫੌਰੀ ਫੌਜੀ ਖਤਰਾ ਨਹੀਂ ਸੀ, ਪਰ ਮੱਧ-ਪੂਰਬ ‘ਚ ਹਾਲਤਾਂ ਇਕਦਮ ਭਿੰਨ ਹਨ। ਇੱਥੇ ਅਮਰੀਕਾ ਤੇ ਨਾਟੋ ਦਾ ਵਧਦਾ ਪ੍ਰਭਾਵ ਰੂਸ ਤੇ ਚੀਨ ਲਈ ਨਾ ਸਿਰਫ਼ ਆਰਥਕ, ਸਗੋਂ ਫੌਰੀ ਤੇ ਲੰਮੇ ਦਾਅ ਤੋਂ ਵੱਡੀ ਫੌਜੀ ਤੇ ਕੂਟਨੀਤਕ ਭਾਂਜ ਵੀ ਹੋਵੇਗੀ। ਇਸ ਕਰਕੇ ਇਹਨਾਂ ਦੋਵਾਂ ਮੁਲਕਾਂ ਦਾ ਅਮਰੀਕਾ ਤੇ ਨਾਟੋ ਦੀ ਪੇਸ਼ਕਦਮੀ ਰੋਕਣ ਲਈ ਪੂਰਾ ਜ਼ੋਰ ਲੱਗਾ ਹੋਇਆ ਹੈ।

ਸੀਰੀਆ ਅਤੇ ਮੱਧ-ਪੂਰਬ ਦੀ ਮੌਜੂਦਾ ਸਥਿਤੀ ਪਿੱਛੇ ਦੂਜਾ ਵੱਡਾ ਕਾਰਕ ਫਿਲਸਤੀਨ ਦਾ ਮਸਲਾ ਹੈ। ਇਜ਼ਰਾਈਲ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਇੱਕ ਸਾਮਰਾਜੀ ਫੌਜੀ ਟਿਕਾਣਾ ਤੇ ਸਾਮਰਾਜੀਆਂ ਦਾ ਖੇਤਰੀ ਲੱਠਮਾਰ ਹੈ। ਇਜ਼ਰਾਈਲ ਦੇ ਫਾਸੀਵਾਦੀ ਹਾਕਮ ਲਗਾਤਾਰ ਫਿਲਸਤੀਨੀ ਅਰਬਾਂ ‘ਤੇ ਜ਼ੁਲਮ ਕਰਦੇ ਆ ਰਹੇ ਹਨ ਅਤੇ ਫਿਲਸਤੀਨੀ ਅਰਬਾਂ ਦਾ ਦੇਸ਼ ਆਪਣੀ ਮਾਤਭੂਮੀ ‘ਚ ਹੀ ਸੁੰਗੜਕੇ ਗਾਜ਼ਾ ਪੱਟੀ ਤੇ “ਵੈਸਟ ਬੈਂਕ” ਦੇ ਦੋ ਛੋਟੇ-ਛੋਟੇ ਜ਼ਮੀਨੀ ਟੁਕੜਿਆਂ ਤੱਕ ਰਹਿ ਗਿਆ ਜਿਹਨਾਂ ‘ਚ ਆਪਸੀ ਮੇਲਜੋਲ ਦਾ ਸੰਭਵ ਹੋਣਾ ਜਾਂ ਨਾ ਹੋਣਾ ਪੂਰੀ ਤਰ੍ਹਾਂ ਇਜ਼ਰਾਈਲ ਦੀ ਮਰਜ਼ੀ ‘ਤੇ ਨਿਰਭਰ ਹੈ। ਫਿਲਸਤੀਨ ਦੇ ਇਹਨਾਂ ਦੋਵੇਂ ਹਿੱਸਿਆਂ ‘ਚ ਜ਼ਮੀਨੀ ਲਾਂਘਾ ਫਿਲਹਾਲ ਇਜ਼ਰਾਈਲ ਨੇ ਬੰਦ ਕਰ ਦਿੱਤਾ ਹੈ। ਗਾਜ਼ਾ ਪੱਟੀ ਤਾਂ ਖੁੱਲ੍ਹੇ ਆਸਮਾਨ ਥੱਲੇ ਇੱਕ ਵੱਡੀ ਜੇਲ੍ਹ ਬਣ ਚੁੱਕਾ ਹੈ ਜਿਸ ਵਿੱਚ 15 ਲੱਖ ਫਿਲਸਤੀਨੀ ਲੋਕ ਇੱਕ ਤਰ੍ਹਾਂ ਇਜ਼ਰਾਈਲ ਦੇ ਕੈਦੀ ਹਨ। ਇਸ ਮਸਲੇ ਨੂੰ ਲੈ ਕੇ ਸਮੁੱਚੇ ਅਰਬ ਜਗਤ ‘ਚ ਆਮ ਲੋਕ ਇਜ਼ਰਾਈਲ ਤੇ ਅਮਰੀਕਾ ਨੂੰ ਡੂੰਘੀ ਨਫ਼ਰਤ ਕਰਦੇ ਹਨ। ਪਰ ਇਜ਼ਰਾਈਲ ਲਗਾਤਾਰ ਫਿਲਸਤੀਨੀ ਅਰਬਾਂ ਨੂੰ ਉਜਾੜ ਰਿਹਾ ਹੈ ਤੇ ਉਹਨਾਂ ਦੇ ਖੇਤਾਂ, ਘਰਾਂ ‘ਤੇ ਕਬਜ਼ਾ ਕਰਕੇ ਯਹੂਦੀ ਬਸਤੀਆਂ ਵਸਾਉਂਦਾ ਜਾ ਰਿਹਾ ਹੈ ਜਿਸ ਕਾਰਨ ਫਿਲਸਤੀਨ ਦੀ ਹੋਂਦ ਹੀ ਖਤਰੇ ‘ਚ ਪੈ ਚੁੱਕੀ ਹੈ, ਭਾਵੇਂ ਪਿੱਛੇ ਜਿਹੇ ਸੰਯੁਕਤ ਰਾਸ਼ਟਰ ਨੇ ਫਿਲਸਤੀਨ ਨੂੰ ਇੱਕ ਦੇਸ਼ ਦੀ ਮਾਨਤਾ ਦਿੱਤੀ ਹੈ, ਪਰ ਅਮਰੀਕਾ ਤੇ ਇਜ਼ਰਾਈਲ ਨੂੰ ਅਜਿਹੇ ਮਤਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਇਹ ਮਤੇ ਅਕਸਰ ਮਹਿਜ਼ ਲੋਕ-ਦਿਖਾਵਾ ਹੀ ਹੁੰਦੇ ਹਨ, ਅਸਲ ਵਿੱਚ ਤਕੜੇ ਦਾ ਸੱਤੀਂ ਵੀਹੀਂ ਸੌ ਚੱਲਦਾ ਹੈ। ਇਜ਼ਰਾਈਲ ਦੁਆਰਾ ਹਰ ਜ਼ਬਰ ਦੇ ਬਾਵਜੂਦ ਫਿਲਸਤੀਨੀ ਲੋਕਾਂ ਨੇ ਆਪਣਾ ਸੰਘਰਸ਼ ਨਹੀਂ ਛੱਡਿਆ ਹੈ। ਭੁੱਖਮਰੀ ਦੀਆਂ ਹਾਲਤਾਂ ਤੇ ਹਰ ਵੇਲੇ ਜਾਨ ਦਾ ਖੌਅ ਬਣੇ ਰਹਿਣ ਦੇ ਬਾਵਜੂਦ ਇਜ਼ਰਾਈਲ ਫਿਲਸਤੀਨ ਦੇ ਲੋਕਾਂ ਨੂੰ ਝੁਕਾ ਨਹੀਂ ਸਕਿਆ ਹੈ। ਜਿੱਥੇ ਸਮੁੱਚੇ ਅਰਬ ਜਗਤ ਦੇ ਲੋਕ ਫਿਲਸਤੀਨ ਦੇ ਲੋਕਾਂ ਨਾਲ਼ ਹਮਦਰਦੀ ਰੱਖਦੇ ਹਨ, ਉੱਥੇ ਇਸ ਖਿੱਤੇ ਦੇ ਬਹੁਤ ਥੋੜੇ ਦੇਸ਼ਾਂ ਦੀਆਂ ਸਰਕਾਰਾਂ ਫਿਲਸਤੀਨੀ ਲੋਕਾਂ ਦੀ ਕੋਈ ਅਮਲੀ ਜਾਂ ਕੂਟਨੀਤਕ ਹਮਾਇਤ ਕਰਦੀਆਂ ਹਨ। ਫਿਲਸਤੀਨੀ ਲੋਕਾਂ ਦੇ ਸੰਘਰਸ਼ ਨੂੰ ਮੱਧ-ਪੂਰਬ ‘ਚੋਂ ਸਿਰਫ਼ ਸੀਰੀਆ, ਇਰਾਨ ਤੇ ਲਿਬਨਾਨ ‘ਚ ਸਰਗਰਮ ਹਿਜ਼ਬੁੱਲਾ ਵੱਲੋਂ ਹੀ ਕੋਈ ਮਦਦ ਮਿਲਦੀ ਹੈ। ਇਹਨਾਂ ਦੋਵੇਂ ਦੇਸ਼ਾਂ ਨੇ ਇਜ਼ਰਾਈਲ ਨੂੰ ਇੱਕ ਦੇਸ਼ ਵਜੋਂ ਵੀ ਅਜੇ ਤੱਕ ਮਾਨਤਾ ਨਹੀਂ ਦਿੱਤੀ ਹੈ। ਜਦਕਿ ਦੂਜੇ ਦੇਸ਼ ਜਿਹਨਾਂ ‘ਚ ਮਿਸਰ ਤੇ ਸਾਊਦੀ ਅਰਬ ਜਿਹੇ ਵੱਡੇ ਅਰਬ ਦੇਸ਼ ਵੀ ਸ਼ਾਮਿਲ ਹਨ, ਅਮਰੀਕਾ ਤੇ ਇਜ਼ਰਾਈਲ ਅੱਗੇ ਇਸ ਮਸਲੇ ‘ਤੇ ਗੋਡੇ ਟੇਕ ਚੁੱਕੇ ਹਨ। ਇਸ ਤਰ੍ਹਾਂ, ਅਮਰੀਕੀ ਸਾਮਰਾਜੀ ਸਮਝਦੇ ਹਨ ਕਿ ਫਿਲਸਤੀਨ ਦੇ ਲੋਕਾਂ ਦੇ ਸੰਘਰਸ਼ ਦੇ ਬਣੇ ਰਹਿਣ ਦਾ ਕਾਰਨ ਸੀਰੀਆ, ਇਰਾਨ ਤੇ ਹਿਜ਼ਬੁੱਲਾ ਤੋਂ ਮਿਲਦੀ ਹਮਾਇਤ ਹੈ। ਇਸ ਕਰਕੇ ਇਹ ਤਿੰਨੇ ਇਹਨਾਂ ਦੇ ਰਸਤੇ ਦਾ ਕੰਡਾ ਹਨ। ਜੇ ਅਮਰੀਕਾ ਤੇ ਇਜ਼ਰਾਈਲ ਸੀਰੀਆ ਤੇ ਇਰਾਨ ‘ਚ ਤਖਤਾਪਲਟ ਕਰਕੇ ਆਪਣੀ ਕੱਠਪੁਤਲੀ ਸਰਕਾਰ ਬਣਾ ਲੈਂਦੇ ਹਨ ਤਾਂ ਫਿਲਸਤੀਨੀ ਲੋਕਾਂ ਦੇ ਸੰਘਰਸ਼ ਨੂੰ ਮਿਲਣ ਮਦਦ ਵੱਡੀ ਹੱਦ ਤੱਕ ਬੰਦ ਹੋ ਜਾਵੇਗੀ ਤੇ ਉਹਨਾਂ ਦੇ ਅਜ਼ਾਦੀ ਲਈ ਘੋਲ ਨੂੰ ਵੱਡੀ ਢਾਹ ਲੱਗੇਗੀ। ਸੀਰੀਆ ਤੇ ਇਰਾਨ ਦੀ ਹਮਾਇਤ ਦੀ ਗੈਰ-ਹਾਜ਼ਰੀ ‘ਚ ਫਿਲਸਤੀਨੀ ਲੋਕਾਂ ਦੇ ਸੰਘਰਸ਼ ਨੂੰ ਸਦਾ ਲਈ ਜਾਂ ਘੱਟੋ-ਘੱਟ ਲੰਮੇ ਸਮੇਂ ਲਈ ਦਬਾ ਦੇਣਾ ਸੰਭਵ ਹੋ ਜਾਵੇਗਾ ਤੇ ਅਮਰੀਕਾ-ਇਜ਼ਰਾਈਲ ਦੇ ਇਸ ਖੇਤਰ ‘ਚ ਆਪਣੀ ਮਨਮਾਨੀ ਕਰਨ ਦੇ ਖਿਲਾਫ਼ ਬੋਲਣ ਵਾਲ਼ਾ ਕੋਈ ਨਹੀਂ ਰਹੇਗਾ। ਇਸ ਤਰ੍ਹਾਂ ਫਿਲਸਤੀਨ ਦਾ ਮਸਲਾ ਵੀ ਸੀਰੀਆ ਵਿੱਚ ਖਾਨਾਜੰਗੀ ਤੇ ਇਰਾਨ ਨੂੰ ਅਗਲਾ ਨਿਸ਼ਾਨਾ ਬਣਾਉਣ ਦੀਆਂ ਅਮਰੀਕੀ ਸਾਮਰਾਜੀਆਂ ਅਤੇ ਇਹਦੇ ਪਿੱਠੂ ਇਜ਼ਰਾਈਲ ਦੀਆਂ ਸਕੀਮਾਂ ਪਿੱਛੇ ਵੱਡਾ ਕਾਰਕ ਹੈ। ਫਿਲਹਾਲ ਸੀਰੀਆ ‘ਚ ਸੱਤ੍ਹਾ ਪਲਟ ਕਰਨ ਦਾ ਮੌਕਾ ਸਾਮਰਾਜੀਆਂ ਦੇ ਹੱਥ ਲੱਗ ਚੁੱਕਾ ਹੈ ਜਿਸਨੂੰ ਉਹ ਕਿਸੇ ਹਾਲਤ ‘ਚ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਕਿਉਂਕਿ ਤਹਿਰਾਨ ਨੂੰ ਜਾਂਦੀ ਸੜਕ ਦਮਸਕਸ ਵਿੱਚੋਂ ਹੋ ਕੇ ਲੰਘਦੀ ਹੈ।” ਅਰਬ ਜਗਤ ‘ਚ ਸੀਰੀਆ ਹੀ ਇਰਾਨ ਦਾ ਭਾਈਵਾਲ ਹੈ, ਸੀਰੀਆ ‘ਚ ਸੱਤ੍ਹਾ ਪਲਟੇ ਜਾਣ ਤੋਂ ਬਾਅਦ ਇਰਾਨ ਅਰਬ ਜਗਤ ‘ਚ ਮੁਕੰਮਲ ਤੌਰ ‘ਤੇ ਨਿੱਖੜ ਪੈ ਜਾਵੇਗਾ ਤੇ ਇਸਦਾ ਰਸੂਖ ਕਾਫ਼ੀ ਘਟ ਜਾਵੇਗਾ ਅਤੇ ਇਸ ਤਰ੍ਹਾਂ ਸਾਮਰਾਜੀਆਂ ਲਈ ਇਰਾਨ ਨਾਲ਼ ਨਜਿੱਠਣਾ ਕਿਤੇ ਆਸਾਨ ਹੋ ਜਾਵੇਗਾ। ਫਿਲਸਤੀਨ ਦਾ ਮਸਲਾ ਇੱਕ ਹੋਰ ਪੱਖੋਂ ਵੀ ਸਾਮਰਾਜੀਆਂ ਲਈ ਮੁਸ਼ਕਿਲ ਖੜੀ ਕਰਦਾ ਹੈ। ਅਰਬ ਜਗਤ ਵਿੱਚ ਸਥਾਪਤੀ ਖਿਲਾਫ਼ ਜਾਂ ਸਾਮਰਾਜ ਖਿਲਾਫ਼ ਸ਼ੁਰੂ ਹੋਣ ਵਾਲਾ ਕੋਈ ਵੀ ਸਥਾਨਕ ਸੰਘਰਸ਼ ਬੜੀ ਜਲਦੀ ਫਿਲਸਤੀਨ ਦੇ ਮਸਲੇ ਨਾਲ਼ ਜੁੜ ਜਾਂਦਾ ਹੈ ਅਤੇ ਕਿਉਂਕਿ ਫਿਲਸਤੀਨ ਦੇ ਮੁੱਦੇ ‘ਤੇ ਸਮੁੱਚਾ ਅਰਬ ਜਗਤ ਅਮਰੀਕਾ ਤੇ ਇਜ਼ਰਾਈਲ ਨੂੰ ਦਿਲੋਂ ਨਫ਼ਰਤ ਕਰਦਾ ਹੈ, ਇਹ ਮਸਲਾ ਕਿਸੇ ਵੀ ਸਥਾਨਕ ਸੰਘਰਸ਼ ਨੂੰ ਸਮੁੱਚੇ ਅਰਬ ਜਗਤ ਤੱਕ ਫੈਲਾਅ ਦੇਣ ਦਾ ਅਹਿਮ ਕਾਰਨ ਬਣ ਜਾਂਦਾ ਹੈ। ਦੂਜੇ ਪਾਸੇ, ਫਿਲਸਤੀਨੀ ਅਰਬਾਂ ਦਾ ਅਣਥੱਕ ਸੰਘਰਸ਼ ਅਰਬ ਲੋਕਾਂ ‘ਚ ਸਾਮਰਾਜ-ਵਿਰੋਧੀ ਸੰਘਰਸ਼ ਖੜੇ ਹੋਣ ਦਾ ਇੱਕ ਪ੍ਰੇਰਣਾਸ੍ਰੋਤ ਬਣਦਾ ਰਹਿੰਦਾ ਹੈ। ਫਿਲਸਤੀਨ ਦੇ ਲੋਕਾਂ ਦੇ ਘੋਲ ਨੂੰ ਲੰਮੇ ਸਮੇਂ ਲਈ ਦਬਾ ਦੇਣ, ਫਿਲਸਤੀਨ ਨੂੰ ਕਿਵੇਂ ਨਾ ਇਜ਼ਰਾਈਲ ਦੀ ਅਧੀਨਗੀ ‘ਚ ਲੈ ਆਉਣ, ਇਜ਼ਰਾਈਲ ਨੂੰ ਅਰਬ ਮੁਲਕਾਂ ‘ਚ ਮਾਨਤਾ ਦਿਵਾਉਣ, ਅਰਬ ਮੁਲਕਾਂ ਨਾਲ਼ ਇਸਦੇ ਵਪਾਰਕ ਸੰਬੰਧ ਕਾਇਮ ਕਰਨ ਤੇ ਇਸ ਮੁੱਦੇ ਨੂੰ ਬੇਮਾਅਨਾ ਕਰ ਦੇਣ ਦੀ ਅਮਰੀਕਾ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਫਿਲਸਤੀਨ ਦਾ ਵੈਸਟ ਬੈਂਕ ਵਾਲ਼ਾ ਹਿੱਸਾ ਜੋ ਕਿ ਫਿਲਸਤੀਨੀ ਜਥੇਬੰਦੀ ‘ਫਤਹ’ ਦੀ ਹਕੂਮਤ ਹੇਠ ਹੈ, ਪਹਿਲਾਂ ਹੀ ਕਾਫ਼ੀ ਹੱਦ ਤੱਕ ਅਜ਼ਾਦੀ ਦਾ ਸੰਘਰਸ਼ ਛੱਡ ਕੇ ਅਮਰੀਕਾ ਤੇ ਇਜ਼ਰਾਈਲ ਦੀ ਅਧੀਨਗੀ ਮੰਨ ਚੁੱਕਾ ਹੈ ਅਤੇ ਇਜ਼ਰਾਈਲ ਦੇ ਅਰਥਚਾਰੇ ਨਾਲ਼ ਜੁੜਨ ਦੇ ਰਾਹ ਪੈ ਚੁੱਕਾ ਹੈ ਜਿਸ ਬਾਰੇ ਅਸੀਂ ਅਗਲੇ ਹਿੱਸੇ ‘ਚ ਹੋਰ ਵਿਸਥਾਰ ‘ਚ ਗੱਲ ਕਰਾਂਗੇ। ਹੁਣ ਮੁੱਖ ਤੌਰ ‘ਤੇ ਗਾਜ਼ਾ ਪੱਟੀ ਤੇ ਇੱਥੋਂ ਦੀ ਅਗਵਾਈ ਕਰਨ ਵਾਲੀ ਜਥੇਬੰਦੀ ‘ਹਮਾਸ’ ਹੀ ਇਜ਼ਰਾਈਲ ਦੇ ਰਸਤੇ ਦਾ ਅੜਿੱਕਾ ਹੈ। ਅਮਰੀਕਾ ਦੀਆਂ ਇਜ਼ਰਾਈਲ ਨੂੰ ਅਰਬ ਜਗਤ ‘ਚ “ਹੱਕੀ” ਦਰਜਾ ਦਿਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ‘ਚ ਸੀਰੀਆ ਤੇ ਇਰਾਨ ਵੱਡਾ ਰੋੜਾ ਹਨ, ਸਿੱਟੇ ਵਜੋਂ ਇਹ ਦੇਸ਼ ਅਮਰੀਕੀ ਸਾਮਰਾਜੀਆਂ ਤੇ ਇਜ਼ਰਾਈਲ ਦੇ ਨਿਸ਼ਾਨੇ ‘ਤੇ ਹਨ।

ਤੀਜਾ ਅਹਿਮ ਕਾਰਕ, ਅਮਰੀਕੀ ਸਾਮਰਾਜੀਆਂ ਵੱਲੋਂ ਮੱਧ-ਪੂਰਬ ਖਿੱਤੇ ‘ਚ ਨਵ-ਉਦਾਰਵਾਦੀ ਨੀਤੀਆਂ ਨੂੰ ਹੋਰ ਖੁੱਲ੍ਹੇਆਮ ਤਰੀਕੇ ਨਾਲ਼ ਲਾਗੂ ਕਰਨ ਦਾ ਮਕਸਦ ਹੈ। ਅਮਰੀਕੀ ਸਾਮਰਾਜੀ ਧੜਾ ਸਮੁੱਚੇ ਅਰਬ ਜਗਤ ਨੂੰ ਇੱਕ ਵੱਡੇ “ਵਿਸ਼ੇਸ਼ ਆਰਥਕ ਖਿੱਤੇ (ਸਪੈਸ਼ਲ ਇਕਨਾਮਿਕ ਜ਼ੋਨ)” ਵਿੱਚ ਬਦਲ ਦੇਣਾ ਚਾਹੁੰਦਾ ਹੈ। ਮੱਧ-ਪੂਰਬ ਦਾ ਇਲਾਕਾ ਸਿਰਫ਼ ਕੱਚੇ ਤੇਲ ਤੇ ਕੁਦਰਤੀ ਗੈਸ ਨਾਲ਼ ਭਰਪੂਰ ਖੇਤਰ ਹੀ ਨਹੀਂ, ਇਸ ਇਲਾਕੇ ‘ਚ ਕਈ ਥਾਵਾਂ ‘ਤੇ ਬੇਹੱਦ ਉਪਜਾਊ ਜ਼ਮੀਨ ਵੀ ਹੈ ਖਾਸ ਕਰਕੇ ਭੂ-ਮੱਧ ਸਾਗਰ ਦੇ ਨਾਲ਼ ਲੱਗਦਾ ਇਲਾਕਾ। ਇਹੀ ਉਹ ਇਲਾਕਾ ਹੈ ਜਿੱਥੇ ਮਨੁੱਖਤਾ ਨੇ ਸਭ ਤੋਂ ਪਹਿਲਾਂ ਖੇਤੀ ਕਰਨੀ ਸਿੱਖੀ ਸੀ। ਇਸ ਖੇਤਰ ‘ਚ ਵੱਡੇ ‘ਐਗਰੀਬਿਜ਼ਨੈੱਸ’ ਨੂੰ ਵਿਕਸਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਨਾਲ਼ ਹੀ ਮੱਧ-ਪੂਰਬ ਦੇ ਪੂਰੇ ਇਲਾਕੇ ‘ਚ ਬੇਹੱਦ ਸਸਤੀ ਕਿਰਤ ਉਪਲਬਧ ਹੈ ਅਤੇ ਕਿਰਤ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਸਾਮਰਾਜੀ ਸਰਮਾਏ ਤੇ ਇਜ਼ਰਾਈਲੀ ਸਰਮਾਏਦਾਰਾਂ ਦੀ ਇਸ ਖਿੱਤੇ ‘ਤੇ ਗਿਰਝ ਅੱਖ ਹੈ। ਮੱਧ-ਪੂਰਬ ‘ਚ ਨਵ-ਉਦਾਰਵਾਦੀ ਨੀਤੀਆਂ ਦੇ ਫੈਲਾਅ ਦੇ ਦੋ ਮੁੱਖ ਪੱਖ ਹਨ – ਪਹਿਲਾ, ਫਿਲਸਤੀਨ ਦੇ ਅਰਥਚਾਰੇ ਨੂੰ ਇਜ਼ਰਾਈਲ ਦੇ ਸਰਮਾਏ ਨਾਲ਼ ਜੋੜਨਾ, ਇਸਨੂੰ ਇਜ਼ਰਾਈਲ ਦੇ ਸਰਮਾਏ ਲਈ ਇੱਕ ਸਸਤੀ ਕਿਰਤ ਸ਼ਕਤੀ ਦੇ ਸ੍ਰੋਤ ‘ਚ ਬਦਲ ਦੇਣਾ ਅਤੇ ਫਿਲਸਤੀਨ ਦੀ ’ਸਰਕਾਰ’ ਨੂੰ ਫਿਲਸਤੀਨ ‘ਚ ਇਜ਼ਰਾਈਲੀ ਸਰਮਾਏ ਦੇ ਹਿਤਾਂ ਦੀ ਰੱਖਿਆ ਕਰਨ ਵਾਲੇ ਸੰਤਰੀ ‘ਚ ਬਦਲ ਦੇਣਾ; ਦੂਜਾ, ਪੂਰੇ ਮੱਧ-ਪੂਰਬ ਨੂੰ ਇੱਕ ਮੁਕਤ ਵਪਾਰ ਖੇਤਰ ‘ਚ ਬਦਲ ਦੇਣਾ। ਇਸ ਦੋਵੇਂ ਅਮਲ ਲੱਗਭੱਗ ਨਾਲ਼ੋ-ਨਾਲ਼ ਚੱਲ ਰਹੇ ਹਨ। ਫਿਲਸਤੀਨ ਦੇ ਅਰਥਚਾਰੇ ਨੂੰ ਇਜ਼ਰਾਈਲੀ ਸਰਮਾਏ ਨਾਲ਼ ਨੱਥੀ ਕਰਨ ਦਾ ਅਮਲ ਦਸੰਬਰ, 2007 ‘ਚ ਅਮਰੀਕਾ, ਯੂਰਪੀ ਯੂਨੀਅਨ ਤੇ ਵੈਸਟ ਬੈਂਕ ‘ਚ ਸੱਤ੍ਹਾ ਸੰਭਾਲ ਰਹੀ ਮਹਿਮੂਦ ਅਬਾਸ ਦੀ ਅਗਵਾਈ ਵਾਲੀ ‘ਫਿਲਸਤੀਨੀ ਅਥਾਰਿਟੀ’ ਵਿਚਕਾਰ ਹੋਈ ਵਾਰਤਾ ਤੋਂ ਬਾਅਦ ‘ਫਿਲਸਤੀਨੀ ਸੁਧਾਰ ਤੇ ਵਿਕਾਸ ਯੋਜਨਾ’ (ਫਿਲਸਤੀਨੀਅਨ ਰੀਫਾਰਮ ਐਂਡ ਡਿਵੈਲਪਮੈਂਟ ਪਲਾਨ) ਐਲਾਨ ਹੋਣ ਨਾਲ਼ ਹੋਈ ਹੈ। ਇਸ ਪਲਾਨ ਦਾ ਖਰੜਾ ਵਰਲਡ ਬੈਂਕ, ਬ੍ਰਿਟਿਸ਼ ਡੀਪਾਰਟਮੈਂਟ ਆਫ਼ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਕੌਮਾਂਤਰੀ ਮੁਦਰਾ ਕੋਸ਼ ਜਿਹੇ ਨਵ-ਉਦਾਰਵਾਦੀ ਨੀਤੀਆਂ ਦੀਆਂ ਜਾਣੀਆਂ-ਪਛਾਣੀਆਂ ਖੈਰ-ਖਵਾਹ ਸੰਸਥਾਵਾਂ ਨੇ ਤਿਆਰ ਕੀਤਾ। ਇਸਦਾ ਮੁੱਖ ਨੁਕਤਾ ਇਹ ਹੈ ਕਿ “ਫਿਲਸਤੀਨੀ ਅਥਾਰਿਟੀ ਨਿੱਜੀ ਖੇਤਰ ਲਈ ਅਨੁਕੂਲ ਮਾਹੌਲ ਪੈਦਾ ਕਰੇ ਜੋ ਕਿ ਸਥਾਈ ਵਿਕਾਸ ਲਈ ਇੰਜਣ ਦੇ ਤੌਰ ‘ਤੇ ਕੰਮ ਕਰੇਗਾ।”ਅਤੇ ਇਸ ਕੰਮ ਲਈ ਫਿਲਸਤੀਨੀ ਅਥਾਰਿਟੀ ਲੜੀਬੱਧ ਵਿੱਤੀ ਸੁਧਾਰਾਂ ਦਾ ਪ੍ਰੋਗਰਾਮ ਚਲਾਏ। ਇਹਨਾ ਵਿੱਤੀ ਸੁਧਾਰਾਂ ‘ਚ 21% ਸਰਕਾਰੀ ਨੌਕਰੀਆਂ ‘ਤੇ ਕਟੌਤੀ ਤੇ ਤਿੰਨ ਸਾਲ ਤੱਕ ਤਨਖਾਹਾਂ ਤੇ ਉਜਰਤਾਂ ਨਾ ਵਧਾਉਣਾ ਸ਼ਾਮਿਲ ਸਨ। ਇਹ ਸੁਧਾਰ ਹੋਣ ਤੋਂ ਬਾਅਦ ਹੀ ਫਿਲਸਤੀਨ ਅਥਾਰਿਟੀ ਨੂੰ 7.7 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾਣੀ ਸੀ। ਇਹਨਾਂ ਵਿੱਤੀ ਸੁਧਾਰਾਂ ਤੋਂ ਇਲਾਵਾ, ਇਸ ਪਲਾਨ ਤਹਿਤ ਸਨਅੱਤੀ ਖੇਤਰਾਂ ਦੀ ਉਸਾਰੀ ਕੀਤੀ ਜਾਣੀ ਹੈ ਜਿੱਥੇ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਹੋਵੇਗਾ ਤੇ ਫਿਲਸਤੀਨ ਦੀਆਂ ਟਰੇਡ ਯੂਨੀਅਨਾਂ ਦੀ ਸਰਗਰਮੀ ਦੀ ਆਗਿਆ ਨਹੀਂ ਹੋਵੇਗੀ। ਇਹਨਾਂ ਸਨਅੱਤੀ ਖੇਤਰਾਂ ਦੀ ਉਸਾਰੀ ‘ਚ ਅਮਰੀਕੀ, ਯੂਰਪੀ ਯੂਨੀਅਨ ਤੇ ਇਜ਼ਰਾਈਲੀ ਸਰਮਾਏ ਦੀ ਭੂਮਿਕਾ ਮੁੱਖ ਰਹੇਗੀ, ਨਾਲ਼ ਹੀ ਖੇਤਰੀ ਸਰਮਾਏ ਨੂੰ ਵੀ ਮੌਕਾ ਦਿੱਤਾ ਜਾਏਗਾ। ਇਹਨਾਂ ਸਨਅੱਤੀ ਖੇਤਰਾਂ ‘ਚ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਬੇਹਾਲ ਹੋਈ ਫਿਲਸਤੀਨੀ ਕਿਰਤੀ ਅਬਾਦੀ ਦੀ ਸਸਤੀ ਕਿਰਤ ਦੀ ਲੁੱਟ ਕੀਤੀ ਜਾਵੇਗੀ। ਇਸਦੇ ਨਾਲ਼ ਹੀ ਜਾਰਡਨ ਘਾਟੀ ਦੀ ਉਪਜਾਊ ਜ਼ਮੀਨ ਨੂੰ ਜਿਹੜੀ ਕਿ ਸਦੀਆਂ ਤੋਂ ਫਿਲਸਤੀਨੀ ਕਿਸਾਨਾਂ ਦੀ ਖੇਤੀ ਦੀ ਮੁੱਖ ਟੇਕ ਰਹੀ ਸੀ ਪਰ 1967 ਦੀ ਛੇ-ਦਿਨਾਂ ਜੰਗ ਤੋਂ ਬਾਅਦ ਇਜ਼ਰਾਈਲ ਦੀ ਫੌਜ ਨੇ ਆਪਣੇ ਕਬਜ਼ੇ ‘ਚ ਕਰ ਲਈ ਸੀ, ਖੇਤੀ ਅਧਾਰਤ ਸਨਅੱਤ ਦਾ ਖੇਤਰ ਬਣਾਇਆ ਜਾਣਾ ਹੈ ਜਿਸ ਵਿੱਚ ਵੀ ਫਿਲਸਤੀਨੀ ਉਜਰਤੀ ਮਜ਼ਦੂਰਾਂ ਨੂੰ ਕੰਮ ‘ਤੇ ਲਗਾਇਆ ਜਾਵੇਗਾ। ਇਸਦੇ ਨਾਲ਼ ਫਿਲਸਤੀਨ ਦੇ ਪੜ੍ਹੇ-ਲਿਖੇ ਹਿੱਸੇ ਨੂੰ ਇਹਨਾਂ ਸਨਅੱਤੀ ਖੇਤਰਾਂ ‘ਚ ਕੋ-ਆਪਟ ਕਰ ਲਿਆ ਜਾਵੇਗਾ। ਵਿਕਾਸ ਦੀ ਇਹ ਪਲਾਨ ਫਿਲਸਤੀਨ ‘ਤੇ ਇਜ਼ਰਾਈਲੀ ਕਬਜ਼ੇ ਨੂੰ ਹੋਰ ਪੱਕਿਆਂ ਕਰੇਗੀ ਅਤੇ ਇਹ ਹੁਣ ਫਿਲਸਤੀਨੀ ਅਥਾਰਿਟੀ ਦੀ ਸਹਿਮਤੀ ਨਾਲ਼ ਤੇ ਸਹਾਇਤਾ ਨਾਲ਼ ਹੋਵੇਗਾ।

ਇਸ ਦੇ ਨਾਲ਼ ਅਮਰੀਕੀ ਸਾਮਰਾਜੀ ਪੂਰੇ ਮੱਧ-ਪੂਰਬ ਖਿੱਤੇ ਨੂੰ ਇੱਕ ਮੁਕਤ ਵਪਾਰਕ ਖਿੱਤਾ ਬਣਾਉਣ ਦੀ ਪਲਾਨ ਬਣਾ ਚੁੱਕੇ ਹਨ। ਮੱਧ-ਪੂਰਬ ਦੇ ਬਹੁਤੇ ਦੇਸ਼ ਕਾਫ਼ੀ ਹੱਦ ਤੱਕ ਪਹਿਲਾਂ ਹੀ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰ ਰਹੇ ਸਨ। ਇਸ ਪ੍ਰਕਿਰਿਆ ਨੂੰ ਹੋਰ ਅੱਗੇ ਵਧਾਉਣ ਤੇ ਪੱਕਿਆਂ ਕਰਨ ਲਈ ਮੱਧ-ਪੂਰਬ ਮੁਕਤ ਵਪਾਰ ਖੇਤਰ (ਮਿਡਲ ਈਸਟ ਫਰੀ ਟਰੇਡ ਏਰੀਆ) ਬਣਾਉਣ ਦਾ ਐਲਾਨ ਅਮਰੀਕਾ ਨੇ 2003 ‘ਚ ਕੀਤਾ ਸੀ ਅਤੇ 2013 ਤੱਕ ਇਸਨੂੰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਸ ਤਹਿਤ, ਅਮਰੀਕਾ ਨੇ ਵੱਖ-ਵੱਖ ਅਰਬ ਦੇਸ਼ਾਂ ਨਾਲ਼ ਮੁਕਤ-ਵਪਾਰ ਦੇ ਸਮਝੌਤੇ ਕੀਤੇ ਤੇ ਇਹਨਾਂ ਦੇਸ਼ਾਂ ਦੇ ਅਰਥਚਾਰਿਆਂ ਨੂੰ ਪੂਰੀ ਅਮਰੀਕਾ ਦੇ ਮਾਤਹਿਤ ਕਰ ਦਿੱਤਾ। ਫਿਰ ਇਹਨਾਂ ਵੱਖਰੇ-ਵੱਖਰੇ ਮੁਕਤ ਵਪਾਰ ਸਮਝੌਤਿਆਂ ਨੂੰ ਇੱਕ ਧਾਗੇ ‘ਚ ਪਰੋ ਕੇ ਸਮੁੱਚੇ ਮੱਧ-ਪੂਰਬ ਖਿੱਤੇ ਨੂੰ ਮੁਕਤ ਵਪਾਰ ਖੇਤਰ ਬਣਾਉਣ ਵੱਲ ਅੱਗੇ ਵਧ ਰਿਹਾ ਹੈ। ਸਮੁੱਚੇ ਤੌਰ ‘ਤੇ, ਇਸ ਖਿੱਤੇ ਨੂੰ ਅਮਰੀਕਾ ਦੀ ਮਨਸ਼ਾ ਅਜਿਹੇ ਖੇਤਰ ਵਜੋਂ ਵਿਕਸਤ ਕਰਨ ਦੀ ਹੈ ਜੋ ਅਮਰੀਕੀ ਕੰਪਨੀਆਂ ਲਈ ਚੀਨ ਤੇ ਦੱਖਣੀ ਏਸ਼ੀਆ ਦੇ ਵਿਕਲਪ ਦੇ ਤੌਰ ਵਿਕਸਤ ਹੋਵੇ। ਪਰ ਇਸ ਸਾਰੇ ਪ੍ਰੋਜੈਕਟ ‘ਚ ਸੀਰੀਆ ਤੇ ਇਰਾਨ ਇੱਕ ਵਾਰ ਫਿਰ ਅੜਿੱਕਾ ਬਣਦੇ ਹਨ ਕਿਉਂਕਿ ਇਹਨਾਂ ਦੇਸ਼ਾਂ ਦੇ ਸਰਮਾਏ ਦੇ ਹਿਤ ਸਾਮਰਾਜੀ ਸਰਮਾਏ ਦੇ ਹਿਤਾਂ ਨਾਲ਼ ਟਕਰਾਉਂਦੇ ਹਨ। ਦੂਸਰਾ, ਆਪਣੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਮੁਕੰਮਲ ਅੰਜ਼ਾਮ ਤੱਕ ਪਹੁੰਚਾਉਣ ਲਈ ਸਾਮਰਾਜ ਲਈ ਇਸ ਖਿੱਤੇ ‘ਚ ਸ਼ਾਂਤੀ”ਚਾਹੀਦੀ ਹੈ ਜੋ ਕਿ ਤਾਂ ਹੀ ਸੰਭਵ ਹੈ ਜੇ ਇਹ ਸਮੁੱਚਾ ਖਿੱਤਾ ਹੀ ਅਮਰੀਕੀ ਸਾਮਰਾਜੀਆਂ ਦੇ ਪ੍ਰਭਾਵ ‘ਚ ਹੋਵੇ। ਇਸ ਲਈ ਸੀਰੀਆ, ਇਰਾਨ, ਲਿਬਨਾਨ ਜਾਂ ਕਿਸੇ ਹੋਰ ਮੱਧ-ਪੂਰਬ ਦੇ ਦੇਸ਼ ‘ਤੇ ਕੋਈ ਵੀ ਹਮਲਾ ਜਾਂ ਸੱਤ੍ਹਾ ਪਲਟ ਦੀ ਕੋਸ਼ਿਸ਼ ਇਸ ਨਵ-ਉਦਾਰਵਾਦੀ ਸ਼ਾਂਤੀ ਬਹਾਲੀ ਦੇ ਅਮਲ ਦੇ ਸੰਦਰਭ ‘ਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ।

ਚੌਥਾ ਕਾਰਕ ਹੈ 2008 ਤੋਂ ਜ਼ਾਰੀ ਸੰਸਾਰ ਅਰਥਚਾਰੇ ਦਾ ਆਰਥਕ ਸੰਕਟ। ਇਸ ਕਾਰਕ ਨੇ ਮੱਧ-ਪੂਰਬ ‘ਚ ਖਾਨਾਜੰਗੀ, ਫੌਜੀ ਦਖ਼ਲਅੰਦਾਜ਼ੀ ਅਤੇ ਜੰਗੀ ਮਾਹੌਲ ਪੈਦਾ ਕਰਨ ‘ਚ ਇੱਕ ਤਤਕਾਲੀ ਕਾਰਕ ਵਜੋਂ ਭੂਮਿਕਾ ਨਿਭਾਈ ਹੈ। ਸੰਕਟ ‘ਚੋਂ ਨਿਕਲਣ ਲਈ ਸਰਮਾਏਦਾਰੀ ਕੋਲ ਦੋ ਹੀ ਮੁੱਖ ਰਸਤੇ ਹੁੰਦੇ ਹਨ – ਜਨਤਕ ਖਰਚਿਆਂ ‘ਤੇ ਕਟੌਤੀ ਅਤੇ ਜੰਗ। ਜੰਗ ਰਾਹੀਂ ਤਬਾਹੀ ਲਿਆਂਦੀ ਜਾਂਦੀ ਹੈ ਤਾਂ ਕਿ ਮੁੜ ਉਸਾਰੀ ਦੇ ਬਹਾਨੇ ਸਰਮਾਏ ਦੇ ਨਿਵੇਸ਼ ਲਈ ਥਾਂ ਪੈਦਾ ਹੋ ਸਕੇ, ਦੂਸਰਾ ਇਸ ਨਾਲ਼ ਹਥਿਆਰਾਂ ਦੀ ਸਨਅੱਤ ਵਧਦੀ-ਫੁਲਦੀ ਹੈ ਜੋ ਸਰਮਾਏਦਾਰਾ ਆਰਥਿਕਤਾ ਦਾ ਇੱਕ ਮੁੱਖ ਥੰਮ੍ਹ ਹੈ। ਇਹ ਕਾਰਕ ਜੰਗੀ ਮਾਹੌਲ ਦੇ ਹੋਰ ਵਿਗੜਨ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਆਰਥਕ ਸੰਕਟ ਤੋਂ ਸੰਸਾਰ ਸਰਮਾਏਦਾਰਾ ਢਾਂਚੇ ਨੂੰ ਇਸ ਸਾਲ ਵੀ ਕੋਈ ਰਾਹਤ ਮਿਲੇਗੀ, ਇਸ ਦੀ ਸੰਭਾਵਨਾ ਘੱਟ ਹੀ ਲੱਗ ਰਹੀ ਹੈ। 2012 ਦੇ ਸਾਲ ‘ਚ ਸਨਅੱਤੀ ਵਾਧਾ ਦਰ 3.3% ਰਹੀ ਹੈ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀ ਰਿਪੋਰਟ ਅਨੁਸਾਰ 2013 ਵਿੱਚ ਇਹ ਜ਼ਿਆਦਾ ਤੋਂ ਜ਼ਿਆਦਾ 3.6% ਹੋਵੇਗੀ ਤੇ ਹੋ ਸਕਦਾ ਇਸ ਤੋਂ ਥੱਲੇ ਵੀ ਲੁੜਕ ਜਾਵੇ। ਕੌਮਾਂਤਰੀ ਮੁਦਰਾ ਕੋਸ਼ ਹੁਣ ਰਾਇ ਦੇ ਰਿਹਾ ਹੈ ਕਿ ਬਜਟ ਕਟੌਤੀਆਂ ਤੇ ਕਿਫਾਇਤ ਦੀਆਂ ਨੀਤੀਆਂ ਨੇ ਸੰਕਟ ਨੂੰ ਦੂਰ ਕਰਨ ਦੀ ਥਾਂ ਸਗੋਂ ਲੰਮਾ ਖਿੱਚਿਆ ਹੈ। ਬੇਲ-ਆਊਟ ਪੈਕੇਜ ਦੇ ਕੇ ਸੰਕਟ ਨੂੰ ਰੋਕਣ ਜਾਂ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਫਲਾਪ ਹੋ ਚੁੱਕੀਆਂ ਹਨ। ਇਸ ਤਰ੍ਹਾਂ ਜੰਗ ਹੀ ਇੱਕੋ-ਇੱਕ ਰਾਹ ਹੈ ਜੋ ਸਰਮਾਏਦਾਰੀ ਨੂੰ ਜਲਦੀ ਤੋਂ ਜਲਦੀ ਸੰਕਟ ਤੋਂ ਛੁਟਕਾਰਾ ਦਵਾ ਸਕਦਾ ਹੈ। ਇਸ ਕਾਰਨ ਸਾਮਰਾਜੀ ਜੰਗਾਂ ਤੇ ਸੱਤ੍ਹਾ-ਪਲਟ ਦੇ ਸਿਲਸਿਲੇ ਪਹਿਲਾਂ ਨਾਲ਼ੋਂ ਵੀ ਤੇਜ਼ ਹੋ ਸਕਦੇ ਹਨ। ਅਮਰੀਕਾ ਵੱਲੋਂ ਪਹਿਲਾਂ ਹੀ ਸੀਰੀਆ ਵੱਲੋਂ ਰਸਾਇਣਿਕ ਤੇ ਜੈਵਿਕ ਹਥਿਆਰਾਂ ਦੀ ਵਰਤੋਂ ਕਰਨ ਦੇ ਖਤਰੇ”ਬਾਰੇ ਪ੍ਰਾਪੇਗੰਡਾ ਸ਼ੁਰੂ ਕੀਤਾ ਜਾ ਚੁੱਕਾ ਹੈ। ਸਾਮਰਾਜ ਦਾ ਟੁੱਕੜਬੋਚ ਮੀਡਿਆ ਇਸ ਪ੍ਰਾਪੇਗੰਡੇ ਨੂੰ ਪੂਰੀ ਹਵਾ ਦੇ ਰਿਹਾ ਹੈ। ਇਰਾਕ ਦੀ ਤਰ੍ਹਾਂ, ਸੀਰੀਆ ਉੱਤੇ ਰਸਾਇਣਿਕ ਤੇ ਜੈਵਿਕ ਹਥਿਆਰਾਂ ਦਾ ਬਹਾਨਾ ਬਣਾ ਕੇ ਸਾਮਰਾਜੀਆਂ ਵੱਲੋਂ ਸਿੱਧੀ ਫੌਜੀ ਕਾਰਵਾਈ ਵਿੱਢੀ ਜਾ ਸਕਦੀ ਹੈ ਜੋ ਕਿ ਫਿਲਹਾਲ ਰੂਸ ਤੇ ਚੀਨ ਦੇ ਵਿਰੋਧ ਕਾਰਨ ਉਹਨਾਂ ਨੂੰ ਟਾਲਣੀ ਪੈ ਰਹੀ ਹੈ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੱਧ-ਪੂਰਬ ਦਾ ਖਿੱਤਾ ਅਤੇ ਸਮੁੱਚਾ ਸੰਸਾਰ ਸਰਮਾਏਦਾਰਾ ਢਾਂਚਾ ਤੇ ਸਾਮਰਾਜੀ ਦੇਸ਼ ਜਵਾਲਾਮੁਖੀ ਦੇ ਮੁਹਾਣੇ ‘ਤੇ ਬੈਠੇ ਹਨ। ਛੋਟੀ ਜਿਹੀ ਲੜਾਈ ਜਾਂ ਕੂਟਨੀਤਕ ਸੰਕਟ ਵੱਡੀ ਲੜਾਈ ਦਾ ਰੂਪ ਧਾਰ ਸਕਦਾ ਹੈ। ਸੀਰੀਆ ਦੀ ਖਾਨਾਜੰਗੀ ਕਿਸ ਤਰ੍ਹਾਂ ਖਤਮ ਹੁੰਦੀ ਹੈ, ਅਤੇ ਅਮਰੀਕੀ ਸਾਮਰਾਜ ਇਰਾਨ ‘ਤੇ ਕਦੋਂ ਹਮਲਾ ਕਰਦਾ ਹੈ, ਇਹਨਾਂ ਸਵਾਲਾਂ ਦਾ ਜਵਾਬ ਤਾਂ ਕਾਫ਼ੀ ਹੱਦ ਤੱਕ ਭਵਿੱਖ ਹੀ ਦਏਗਾ, ਪਰ ਇੱਕ ਗੱਲ ਸਾਫ਼ ਹੈ ਕਿ ਮੱਧ-ਪੂਰਬ ਦੇਸ਼ਾਂ ਦੇ ਆਮ ਲੋਕਾਂ ਦੀ ਮੁਕਤੀ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਇਹਨਾਂ ਦੇਸ਼ਾਂ ਵਿੱਚ ਅਮਰੀਕੀ ਸਾਮਰਾਜ ਦਾ ਪ੍ਰਭਾਵ ਤੇ ਦਖ਼ਲਅੰਦਾਜ਼ੀ ਬਣੀ ਹੋਈ ਹੈ ਅਤੇ ਇਹ ਖਿੱਤਾ ਇੰਝ ਹੀ ਸਾਮਰਾਜੀ ਲੁੱਟ ਤੇ ਖਹਿਬਾਜ਼ੀ ਦਾ ਅਖਾੜਾ ਬਣਿਆ ਰਹੇਗਾ ਜਦ ਕਿ ਇੱਥੋਂ ਦੀਆਂ ਲੋਕ-ਪੱਖੀ ਤਾਕਤਾਂ ਸਰਮਾਏਦਾਰੀ ਢਾਂਚੇ ਦਾ ਬਦਲ ਉਸਾਰਨ ਦੇ ਰਸਤੇ ‘ਤੇ ਕਦਮ ਨਹੀਂ ਧਰਦੀਆਂ।

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s