ਪੂੰਜੀਵਾਦ ਅਤੇ ਮਜ਼ਦੂਰਾਂ ਦਾ ਪਰਵਾਸ

migration1

(ਪੀ.ਡੀ.ਐਫ਼ ਡਾਊਨਲੋਡ ਕਰੋ)

 ਰੋਜੀ ਰੋਟੀ ਅਤੇ ਬਿਹਤਰ ਜੀਵਨ ਦੇ ਲਈ ਇਨਸਾਨਾਂ ਦਾ ਇਕ ਥਾਂ ਤੋਂ ਦੂਜੀ ਥਾਂ ਪਰਵਾਸ ਯੁਗਾਂ ਪੁਰਾਣਾ ਵਰਤਾਰਾ ਹੈ। ਜਦੋਂ ਮਨੁੱਖੀ ਸਮਾਜ ਹਾਲੇ ਜਮਾਤਾਂ ਵਿੱਚ ਵੰਡਿਆ ਨਹੀਂ ਗਿਆ ਸੀ, ਉਸ ਸਮੇਂ ਵੀ ਇਨਸਾਨੀ ਅਬਾਦੀ ਮੈਦਾਨੀ ਇਲਾਕਿਆਂ, ਉਪਜਾਊ ਜਮੀਨਾਂ, ਚਾਰਗਾਹਾਂ ਅਤੇ ਬਿਹਤਰ ਸਹਿਣ ਯੋਗ ਮੌਸਮ ਵਾਲੇ ਇਲਾਕਿਆਂ ਦੀ ਤਲਾਸ਼ ਵਿੱਚ ਇੱਥੇ-ਉਥੇ ਆਪਣੇ ਟਿਕਾਣੇ ਬਦਲਦੀ ਰਹਿੰਦੀ ਸੀ। ਪਰ ਜਦੋਂ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਤਾਂ ਜਮਾਤੀ ਜਬਰ-ਜੁਲਮ ਲੋਕਾਂ ਦੇ ਪਰਵਾਸ ਦਾ ਮੁੱਖ ਕਾਰਨ ਬਣ ਗਿਆ। ਗੁਲਾਮਦਾਰੀ ਸਮਾਜ ਵਿੱਚ ਵੱਡੇ ਪੈਮਾਨੇ ‘ਤੇ ਗੁਲਾਮਾਂ ਦਾ ਵਪਾਰ ਹੁੰਦਾ ਸੀ, ਇਹਨਾਂ ਗੁਲਾਮਾਂ ਦੀ ਆਪਣੀ ਕੋਈ ਧਰਤੀ ਆਪਣਾ ਕੋਈ ਦੇਸ਼ ਨਹੀਂ ਹੁੰਦਾ ਸੀ। ਬੱਸ ਜਿੱਥੇ ਉਹਨਾਂ ਦੇ ਖਰੀਦਦਾਰ ਲੈ ਜਾਂਦੇ ਸਨ ਉਹੀ ਉਹਨਾਂ ਦਾ ‘ਆਪਣਾ ਦੇਸ਼’ ਹੋ ਜਾਂਦਾ ਸੀ। 

ਮਨੁੱਖੀ ਇਤਿਹਾਸ ਦੇ ਇਸ ਕਾਲ਼ੇ ਦੌਰ ਵਿੱਚ ਗੁਲਾਮਾਂ ਦਾ ਵਪਾਰ ਇਨਸਾਨਾਂ ਦੇ ਪਰਵਾਸ ਦੀ ਮੁੱਖ ਵਜ੍ਹਾ ਬਣਿਆ, ਗੁਲਾਮ-ਮਾਲਕਾਂ ਦੁਆਰਾ ਗੁਲਾਮਾਂ ਉਪਰ ਇਹ ਜ਼ੋਰ-ਜਬਰਦਸਤੀ ਨਾਲ਼ ਥੋਪਿਆ ਗਿਆ ਪਰਵਾਸ ਸੀ। ਗੁਲਾਮ ਮਾਲਕਾਂ ਦਾ ਜ਼ਬਰ-ਜ਼ੁਲਮ ਵੀ ਗੁਲਾਮਾਂ ਨੂੰ ਇਕ ਤੋਂ ਦੂਜੀ ਥਾਂ ਭੱਜਣ ਨੂੰ ਮਜਬੂਰ ਕਰ ਦਿੰਦਾ ਸੀ। 

ਜਗੀਰੂ ਦੌਰ ਵਿੱਚ ਅਕਾਲ ਪਰਵਾਸ ਦੀ ਮੁੱਖ ਵਜਾਹ ਬਣੇ। ਭੁੱਖਮਰੀ ਤੋਂ ਬਚਣ ਲਈ ਲੋਕ ਦੂਜੀਆਂ ਥਾਵਾਂ ‘ਤੇ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਨਿਕਲ ਪੈਂਦੇ ਸਨ। ਪੁੰਜੀਵਾਦ ਵਿੱਚ ਪੂੰਜੀ ਦੀ ਵਜਾਹ ਨਾਲ ਲੋਕ ਪਰਵਾਸ ਕਰਦੇ ਹਨ, ਜਾਣੀ ਕਿ ਉਹ ਵਿਕਸਿਤ ਪੂੰਜੀਵਾਦੀ ਇਲਾਕਿਆਂ ਅਤੇ ਦੇਸ਼ਾਂ ਵੱਲ, ਜਿੱਥੇ ਕਿ ਰੋਜ਼ਗਾਰ ਦੇ ਜ਼ਿਆਦਾ ਮੌਕੇ ਹੁੰਦੇ ਹਨ, ਜਾਣ ਲਗਦੇ ਹਨ। ਜਮਾਤੀ ਵੰਡ ਵਾਲ਼ੇ ਸਮਾਜ ਵਿੱਚ ਹਜ਼ਾਰਾਂ ਸਾਲ ਪਹਿਲਾਂ ਪਰਵਾਸ ਦੀ ਜੋ ਵਜਾਹ ਸੀ, ਉਤਪਾਦਕ ਸ਼ਕਤੀਆਂ ਦੇ ਸਾਰੇ ਵਿਕਾਸ ਦੇ ਬਾਵਜੂਦ ਅੱਜ ਵੀ ਪਰਵਾਸ ਦੀ ਮੂਲ ਵਜਹ ਉਹੀ ਹੈ- ਜਾਣੀ ਰੋਜ਼ੀ-ਰੁਜ਼ਗਾਰ ਦੀ ਤਲਾਸ਼।

ਪੂੰਜੀਵਾਦ ਵਿੱਚ ਪ੍ਰਵਾਸ 

ਅੱਜ ਅਸੀਂ ਇਨਸਾਨੀ ਆਬਾਦੀ ਦੇ ਵੱਡੇ ਪੈਮਾਨੇ ‘ਤੇ ਪਰਵਾਸ ਦੇ ਗਵਾਹ ਬਣ ਰਹੇ ਹਾਂ। ਇਹ ਪਰਵਾਸ ਇੱਕ ਹੀ ਦੇਸ਼ ਦੇ ਅੰਦਰ, ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵੱਲ ਹੋ ਰਿਹਾ ਹੈ। ਅੱਜ ਲੱਗਭੱਗ 20 ਕਰੋੜ ਲੋਕ ਜੋ ਕਿ ਦੁਨੀਆਂ ਦੀ ਅਬਾਦੀ ਦਾ 3% ਬਣਦੇ ਹਨ ਆਪਣੇ ਦੇਸ਼ ਤੋਂ ਬਾਹਰ ਕੰਮ ਕਰ ਰਹੇ ਹਨ। ਇਹ ਸੰਖਿਆ 25 ਸਾਲ ਪਹਿਲਾਂ ਦੇ ਪਰਵਾਸੀਆਂ ਦੀ ਸੰਖਿਆ ਤੋਂ ਦੋ ਗੁਣੀ ਹੈ।

ਅਸਾਵਾਂ ਆਰਥਿਕ ਵਿਕਾਸ ਪੂੰਜੀਵਾਦ ਦੀ ਵਜੂਦ ਸਮੋਈ ਵਿਸ਼ੇਸ਼ਤਾ ਹੈ। ਇਹ ਇੱਕ ਦੇਸ਼ ਦੇ ਅੰਦਰ ਵੀ ਹੁੰਦਾ ਹੈ ਅਤੇ ਸੰਸਾਰ ਦੇ ਪੈਮਾਨੇ ‘ਤੇ ਵੀ। ਜਿੱਥੇ ਵੀ ਪੂੰਜੀ ਨਿਵੇਸ਼ ਲਈ ਬਿਹਤਰ ਹਲਾਤ, ਜਾਣੀ ਆਲ-ਜੰਜਾਲ(Infrastructure) ਕੱਚੇ ਮਾਲ ਦੀ ਪੂਰਤੀ, ਤਿਆਰ ਮਾਲ ਲਈ ਮੰਡੀ ਆਦਿ ਹੁੰਦੇ ਹਨ ਪੂੰਜੀਪਤੀ ਉਹਨਾਂ ਥਾਵਾਂ ‘ਤੇ ਪੂੰਜੀ ਲਗਾਉਣਾ ਜਿਆਦਾ ਪਸੰਦ ਕਰਦੇ ਹਨ। ਇਸ ਨਾਲ਼ ਦੇਸ਼ ਦੇ ਅੰਦਰ ਪੂੰਜੀ ਦਾ ਮੁੱਠੀਭਰ ਉਦਯੋਗਿਕ ਖੇਤਰਾਂ ਦੇ ਆਲੇ-ਦੁਆਲੇ ਸੰਘਣਾ ਸੰਕੇਂਦਰਣ ਹੁੰਦਾ ਹੈ, ਤਾਂ ਦੇਸ਼ ਦੇ ਬਾਕੀ ਇਲਾਕਿਆਂ ਨੂੰ ਸਸਤੀ ਕਿਰਤ ਸ਼ਕਤੀ ਦੇ ਪੂਰਤੀ ਕੇਂਦਰਾਂ ਵਿੱਚ ਬਦਲ ਦਿੱਤਾ ਜਾਂਦਾ ਹੈ। ਭਾਰਤ ਵਿੱਚ ਇਹੀ ਪ੍ਰਕਿਰਿਆ ਅਸੀਂ ਅੱਜ ਆਪਣੀਆਂ ਅੱਖਾਂ ਸਾਹਮਣੇ ਦੇਖ ਸਕਦੇ ਹਾਂ। ਜਿੱਥੇ ਪਿਛੜੀ ਖੇਤੀ ਦੇ ਇਲਾਕੇ ਜਿਵੇਂ ਪੂਰਬੀ ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚੋਂ ਵੱਡੇ-ਪੈਮਾਨੇ ‘ਤੇ ਅਬਾਦੀ ਉਦਯੋਗਿਕ ਨਗਰਾਂ ਅਤੇ ਵਿਕਸਿਤ ਖੇਤੀ ਵਾਲੇ ਇਲਾਕਿਆਂ ਵੱਲ ਪਰਵਾਸ ਕਰ ਰਹੀ ਹੈ। ਇਹੋ ਪ੍ਰਕਿਰਿਆ ਦੁਨੀਆਂ ਦੇ ਹਰ ਪੂੰਜੀਵਾਦੀ ਦੇਸ਼ ਵਿੱਚ ਚੱਲੀ ਹੈ ਜਾਂ ਵਿਕਾਸਸ਼ੀਲ ਪੂੰਜੀਵਾਦੀ ਦੇਸ਼ਾਂ ਵਿੱਚ ਚੱਲ ਰਹੀ ਹੈ। 

ਸੰਸਾਰ ਪੱਧਰ ‘ਤੇ ਵੇਖੀਏ ਤਾਂ ਵੀ ਪੂੰਜੀਵਾਦ ਦਾ ਵਿਕਾਸ ਅਸਾਵਾਂ ਵਿਖਾਈ ਦਿੰਦਾ ਹੈ। ਇੱਕ ਪਾਸੇ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ ਹਨ, ਜਿੱਥੇ ਪੂੰਜੀ ਦਾ ਬਹੁਤ ਜਿਆਦਾ ਸੰਕੇਂਦਰਣ ਹੈ ਅਤੇ ਦੂਜੇ ਪਾਸੇ ਤੀਸਰੀ ਦੁਨੀਆਂ ਦੇ ਪਛੜੇ ਪੂੰਜੀਵਾਦੀ ਦੇਸ਼ ਹਨ ਜੋ ਕਿ ਕਦੇ ਸਾਮਰਾਜਵਾਦੀ ਦੇਸ਼ਾਂ ਦੀਆਂ ਬਸਤੀਆਂ ਅਤੇ ਅਰਧ-ਬਸਤੀਆਂ ਜਾਂ ਨਵ-ਬਸਤੀਆਂ ਰਹੇ ਹਨ। ਬਸਤੀਵਾਦੀ ਗੁਲਾਮੀ ਨੇ ਇਹਨਾਂ ਦੇਸ਼ਾਂ ਦੇ ਵਿਕਾਸ ਨੂੰ ਤੋੜਿਆ-ਮਰੋੜਿਆ ਹੈ, ਬਸਤੀਵਾਦੀ ਗੁਲਾਮੀ ਤੋਂ ਅਜ਼ਾਦ ਹੋਣ ਦੇ ਬਾਅਦ ਵੀ ਇਹ ਦੇਸ਼ ਸਾਮਰਾਜਵਾਦੀ ਲੁੱਟ-ਜਬਰ ਦੇ ਸ਼ਿਕਾਰ ਰਹੇ ਹਨ, ਜਿਸਦੇ ਕਾਰਨ ਇੱਥੇ ਪੂੰਜੀਵਾਦ ਦਾ ਸਿਹਤਮੰਦ ਵਿਕਾਸ ਨਾ ਹੋ ਸਕਿਆ, ਬਲਕਿ ਇਕ ਮਰੀਅਲ-ਅਪੰਗ ਪੂੰਜੀਵਾਦ ਪੈਦਾ ਹੋਇਆ, ਬਸਤੀਵਾਦੀ ਗੁਲਾਮੀ ਦੀ ਕੁੱਖ ‘ਚੋਂ ਪੈਦਾ ਹੋਇਆ ਇਹ 20ਵੀਂ ਸਦੀ ਦੇ ਮਗਰਲੇ ਅੱਧ ਦਾ ਅਜਿਹਾ ਪੂੰਜੀਵਾਦ ਸੀ ਜਿਸਨੂੰ ਜਵਾਨੀ ਵਿੱਚ ਹੀ ਬੁਢਾਪੇ ਵਾਲੇ ਰੋਗ ਲੱਗੇ ਸਨ। ਨਤੀਜਤਨ ਉਤਪਾਦਕ ਸ਼ਕਤੀਆਂ ਦੇ ਵਿਕਾਸ ਦੇ ਲਿਹਾਜ ਨਾਲ ਅੱਜ ਵੀ ਸਾਮਰਾਜਵਾਦੀ/ਵਿਕਸਿਤ ਪੂੰਜੀਵਾਦੀ ਦੇਸ਼ਾਂ ਤੋਂ ਦਹਾਕਿਆਂ ਬੱਧੀ ਪਿੱਛੇ ਹਨ। ਉਤਪਾਦਕ ਸ਼ਕਤੀਆਂ ਦੇ ਇਸੇ ਪਛੜੇਪਣ ਕਾਰਨ ਅੱਜ ਇਹ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਸਾਮਰਾਜਵਾਦੀ ਦੇਸ਼ਾਂ ਲਈ ਸਸਤੇ ਕੱਚੇ ਮਾਲ ਅਤੇ ਸਸਤੀ ਕਿਰਤ ਸ਼ਕਤੀ ਦੇ ਮੁੱਖ ਸੋਮੇ ਹਨ। 

ਅੱਜ ਦੀ ਦੁਨੀਆਂ ਵਿੱਚ ਜੋ ਅੰਤਰ ਦੇਸ਼ੀ ਅਤੇ ਅੰਤਰ ਮਹਾਂਦੀਪੀ ਪਰਵਾਸ ਹੋ ਰਿਹਾ ਹੈ, ਉਹ ਮੁੱਖ ਤੌਰ ‘ਤੇ ਤੀਸਰੀ ਦੁਨੀਆਂ ਦੇ ਪਛੜੇ ਪੂੰਜੀਵਾਦੀ ਦੇਸ਼ਾਂ ਤੋਂ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਵੱਲ ਹੋ ਰਿਹਾ ਹੈ। ਹਾਲਾਂਕਿ ਪਿਛੜੇ ਪੂੰਜੀਵਾਦੀ ਦੇਸ਼ਾਂ ਅਤੇ ਵਿਕਸਿਤ ਪੂੰਜੀਵਾਦੀ ਦੇਸ਼ਾਂ ਤੋਂ ਵੀ ਇੱਕ ਤੋਂ ਦੂਜੇ ਦੇਸਾਂ ਵਿੱਚ ਵੱਡੇ ਪੈਮਾਨੇ ‘ਤੇ ਪਰਵਾਸ ਜਾਰੀ ਹੈ। ਜਿਵੇਂ ਕਿ ਭਾਰਤ ਵਿੱਚ ਹੀ ਵੇਖੀਏ ਇੱਥੇ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀ ਲੰਕਾ ਤੋਂ ਲੱਖਾਂ ਪਰਵਾਸੀ ਭਾਰਤ ਦੀ ਕਿਰਤ ਮੰਡੀ ਵਿੱਚ ਵਿਕਣ ਲਈ ਆ ਵਸੇ ਹਨ। ਉਧਰ ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿੱਚ ਵੀ ਇੱਕ ਤੋਂ ਦੂਜੇ ਦੇਸ਼ਾਂ ਵਿੱਚ ਵੱਡੇ ਪੈਮਾਨੇ ‘ਤੇ ਪਰਵਾਸ ਜਾਰੀ ਹੈ। ਯੂਰਪੀ ਯੂਨੀਅਨ ਦੇ ਵਿਸਥਾਰ (ਇਸ ਵਿੱਚ ਪੂਰਬੀ ਯੂਰਪ ਦੇ 10 ਦੇਸ਼ਾਂ ਨੂੰ ਸ਼ਾਮਿਲ ਕਰਕੇ) ਦੇ ਬਾਅਦ ਪੂਰਬੀ ਯੂਰਪ ਤੋਂ ਪੱਛਮੀ ਯੂਰਪ ਵਿੱਚ ਵੱਡੇ ਪੈਮਾਨੇ ‘ਤੇ ਅਬਾਦੀ ਦਾ ਪਰਵਾਸ ਨਜ਼ਰ ਆਉਂਦਾ ਹੈ। ਮਈ 2004 ਤੋਂ ਜਦੋਂ ਤੋਂ ਪੂਰਬੀ ਯੂਰਪ ਦੇ ਦੇਸ਼ ‘ਯੂਰਪੀ ਯੂਨੀਅਨ’ ਵਿੱਚ ਸ਼ਾਮਿਲ ਹੋਏ ਹਨ, ਇਹਨਾਂ ਦੇਸਾਂ ਦੇ 290,000 ਨਾਗਰਿਕਾਂ ਨੇ ਬ੍ਰਿਟੇਨ ਵਿੱਚ ਨੌਕਰੀ ਲਈ ਅਪੀਲ ਕੀਤੀ ਹੈ। 

ਉਤਪਾਦਕ ਸ਼ਕਤੀਆਂ ਦੇ ਵਿਕਾਸ ਦੇ ਲਿਹਾਜ ਨਾਲ, ਸੰਸਾਰ ਕੁੱਲ ਘਰੇਲੂ ਉਤਪਾਦ(7.4.P.) ਵਿੱਚ ਆਪਣੇ ਹਿੱਸੇ ਦੇ ਲਿਹਾਜ ਨਾਲ, ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ ਨਾਲ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ ਬਾਕੀ ਦੁਨੀਆਂ ਤੋਂ ਬਹੁਤ ਅੱਗੇ ਹਨ। ਇਹਨਾਂ ਦੇਸ਼ਾਂ ਵਿੱਚ ਕਿਰਤੀਆਂ ਦਾ ਜੀਵਨ ਪੱਧਰ ਵੀ ਬਾਕੀ ਦੁਨੀਆਂ ਦੇ ਕਿਰਤੀਆਂ ਦੇ ਜੀਵਨ ਪੱਧਰ ਤੋਂ ਕਿਤੇ ਬਿਹਤਰ ਹੈ। ਇਨਾਂ ਦੇਸ਼ਾਂ ਵਿੱਚ ਕਿਰਤ ਸ਼ਕਤੀ ਦੀ ਕੀਮਤ ਕਾਫੀ ‘ਉਚੀ’ ਹੈ। ਸਾਮਰਾਜਵਾਦੀ ਦੇਸ਼ਾਂ ਵਿੱਚ ਕਿਸੇ ਕੰਪਨੀ ਦੀ 70% ਲਾਗਤ ਕਿਰਤ ਸ਼ਕਤੀ ‘ਤੇ ਲਗਦੀ ਹੈ ਅਤੇ 30% ਪੂੰਜੀ ‘ਤੇ ਚੀਨ ਅਤੇ ਭਾਰਤ ਜਿਹੇ ਦੇਸ਼ਾਂ ਵਿੱਚ ਸਥਿਤੀ ਇਸ ਦੇ ਠੀਕ ਉਲਟ ਹੈ। (Financial “Times, 27 september 2004)

ਇਹਨਾਂ ਦੇਸ਼ਾਂ ਵਿੱਚ ਜੀਵਨ ਦੀਆਂ ਮੁਕਾਬਲਤਨ ਬਿਹਤਰ ਹਾਲਤਾਂ ਦੇ ਕਾਰਨ, ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਦੇ ਪਛੜੇ ਪੂੰਜੀਵਾਦੀ ਦੇਸ਼ਾਂ ਤੋਂ ਲੱਖਾਂ ਕਿਰਤੀ ਕਾਨੂੰਨੀ, ਗੈਰ-ਕਾਨੂੰਨੀ ਤਰੀਕੇ ਨਾਲ ਇਨ੍ਹਾਂ ਦੇਸਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦੇਸ਼ਾਂ ਤੱਕ ਗੈਰ-ਕਾਨੂੰਨੀ ਤਰੀਕਿਆਂ ਨਾਲ਼ ਪਹੁੰਚਣ ਦੀ ਕੋਸ਼ਿਸ਼ ਵਿੱਚ ਅਨੇਕਾਂ ਲੋਕ ਆਪਣੀ ਜਾਨ ਤੱਕ ਖਤਰੇ ਵਿੱਚ ਪਾਉਂਦੇ ਹਨ, ਅਨੇਕਾਂ ਜਾਨਾਂ ਜਾਂਦੀਆਂ ਹਨ। ਗੈਰ-ਕਾਨੂੰਨੀ ਤਰੀਕੇ ਨਾਲ ਅਮੀਰ ਮੁਲਕਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਜੋ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਉਸ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਰਿਪੋਰਟਾਂ ਅਕਸਰ ਅਖਬਾਰਾਂ ਵਿੱਚ ਪੜਣ ਨੂੰ ਮਿਲ ਜਾਂਦੀਆਂ ਹਨ। ਤੀਸਰੀ ਦੁਨੀਆਂ ਦੇ ਪਛੜੇ ਪੂੰਜੀਵਾਦੀ ਦੇਸ਼ਾਂ ਤੋਂ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਵਾਲ ਅਬਾਦੀ ਦਾ ਇਹ ਪਰਵਾਸ ਇਨ੍ਹਾਂ ਦੇਸ਼ਾਂ ਦੇ ਪੂੰਜੀਪਤੀਆਂ ਦੇ ਲਈ ਸਸਤੀ ਕਿਰਤ ਦਾ ਵੱਡਾ ਜ਼ਰੀਆ ਹੈ। 

ਯੂਰਪ ਨੂੰ ਅੱਜ ਪਰਵਾਸੀਆਂ ਦਾ ਮਹਾਂਦੀਪ ਕਿਹਾ ਜਾਂਦਾ ਹੈ। ਬੇਸ਼ੱਕ ਪਰੰਪਰਾਗਤ ਤੌਰ ‘ਤੇ ਯੂਰਪ ਨੂੰ ਬਾਹਰ ਵੱਲ ਪ੍ਰਵਾਸ (Emigration) ਦਾ ਮਹਾਂਦੀਪ ਮੰਨਿਆ ਜਾਂਦਾ ਰਿਹਾ ਹੈ, ਪਰ ਇਹ ਵੀ ਇੱਕ ਨਿਰਵਿਵਾਦ ਤੱਥ ਹੈ ਪਰਵਾਸ(Immigration) ਵੀ ਯੂਰਪ ਦੀ ਧਰਤੀ ਦਾ ਅਟੁੱਟ ਅੰਗ ਰਿਹਾ ਹੈ। ਅੰਤਰ ਯੂਰਪੀ ਪਰਵਾਸ ਦੀਆਂ ਪਿਛਲੀਆਂ ਪੰਜ ਸਦੀਆਂ ਦੇ ਦੋਰਾਨ, ਯੂਰਪੀਅਨ ਮਿਲੀ-ਜੁਲੀ ਨਸਲ ਹਨ। ਅੱਜ ਫਰਾਂਸੀਸੀ ਅਬਾਦੀ ਦੀ ਇੱਕ ਚੌਥਾਈ ਅਬਾਦੀ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਵਿਦੇਸ਼ੀ ਮੂਲ ਦੇ ਹਨ, ਵਿਆਨਾਂ ਦੇ ਲਈ ਇਹ ਅੰਕੜਾ 40% ਹੈ। 

ਪਰਵਾਸ(Emigration) ਦੀ ਇਤਾਲਵੀ ਸਦੀ (1876-1976) ਦੀ ਮੁੱਖ ਭੂਮੀ ਯੂਰਪ ਰਿਹਾ ਹੈ। ਲੱਗਭੱਗ 12 ਕਰੋੜ 60 ਲੱਖ ਇਟਲੀ ਵਾਸੀ ਯੂਰਪੀ ਦੇਸ਼ਾਂ ਨੂੰ ਗਏ ਸਭ ਤੋਂ ਜ਼ਿਆਦਾ ਇਟਲੀ ਪਰਵਾਸੀਆਂ ਦੀ ਮੰਜਿਲ ਅਮਰੀਕਾ (57 ਲੱਖ) ਸੀ, ਫਰਾਂਸ ਵਿੱਚ 41 ਲੱਖ ਇਟਾਲੀਅਨ ਪਰਵਾਸੀ ਵਸੋਂ, ਛੋਟੇ ਜਿਹੇ ਸਵਿਟਜ਼ਰਲੈਂਡ ਵਿੱਚ 40 ਲੱਖ, ਜਰਮਨੀ ਵਿੱਚ 24 ਲੱਖ ਅਤੇ ਆਸਟ੍ਰੀਆ ਵਿੱਚ 12 ਲੱਖ। ਦੂਜੀ ਸੰਸਾਰ ਜੰਗ ਦੇ ਬਾਅਦ ਯੂਰਪ ਦੋ ਕਰੋੜ ਪਰਵਾਸੀਆਂ ਦਾ ਘਰ ਬਣਿਆ। 

ਪੂੰਜੀਵਾਦ ਜਦੋਂ ਸਾਮਰਾਜਵਾਦ ਦੇ ਪੜਾਅ ਵਿੱਚ ਦਾਖਲ ਹੋਇਆ ਤਾਂ ਸਾਮਰਾਜਵਾਦੀ ਦੇਸ਼ਾਂ ਤੋਂ ਪ੍ਰਵਾਸ ਵਿੱਚ ਕਮੀ ਆਈ ਜਦੋਂ ਕਿ ਉਨ੍ਹਾਂ ਦੇਸ਼ਾਂ ਵਿੱਚ ਪਛੜੇ ਦੇਸ਼ਾਂ ਤੋਂ ਪ੍ਰਵਾਸ ਵਧਿਆ। 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਸਾਮਰਾਜਵਾਦੀ ਦੇਸ਼ਾਂ ਤੋਂ ਬਾਹਰ ਵੱਲ ਅਤੇ ਹੋਰ ਪਿਛੜੇ ਗਰੀਬ ਦੇਸ਼ਾਂ ਤੋਂ ਸਾਮਰਾਜਵਾਦੀ ਦੇਸ਼ਾਂ ਵਿੱਚ ਪਰਵਾਸ ਦੇ ਪੈਟਰਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਆਪਣੀ ਪ੍ਰਸਿੱਧ ਕਿਰਤ ‘ਸਾਮਰਾਜਵਾਦ, ਪੂੰਜੀਵਾਦ ਦਾ ਸਰਵਉਚ ਪੜਾਅ’ ਵਿੱਚ ਲੈਨਿਨ ਇਸ ਪ੍ਰਕਿਰਿਆ ਨਾਲ਼ ਸੰਬੰਧਿਤ ਅੰਕੜੇ ਦਿੰਦੇ ਹਨ, ”1884 ਤੋਂ ਇੰਗਲੈਂਡ ‘ਚੋਂ ਪਰਵਾਸ(Emigration) ਘੱਟ ਹੋ ਰਿਹਾ ਹੈ। ਉਸ ਸਾਲ ਬਹਰ ਵੱਲ ਜਾਣ ਵਾਲ਼ੇ ਪ੍ਰਵਾਸੀਆਂ ਦੀ ਸੰਖਿਆ 242,000 ਸੀ ਜਦੋਂ ਕਿ 1900 ਵਿੱਚ ਇਹ ਸੰਖਿਆ 169, 000 ਸੀ। ਜਰਮਨੀ ਤੋਂ ਬਾਹਰ ਵੱਲ 1881  ਅਤੇ 1890 ਦੇ ਦਰਮਿਆਨ ਆਪਣੇ ਸਿਖਰ ‘ਤੇ ਸੀ, ਜਦੋਂ ਪ੍ਰਵਾਸੀਆਂ ਦੀ ਸੰਖਿਆ 1453,00 ਸੀ। ਬਾਅਦ ਦੇ ਦੋ ਦਹਾਕਿਆਂ ਵਿੱਚ ਇਹ ਘਟਕੇ 544,000 ਅਤੇ ਫੇਰ 341, 000 ਰਹਿ ਗਈ। ਦੂਜੇ ਪਾਸੇ ਆਸਟਰੀਆ ਇਟਲੀ ਅਤੇ ਰੂਸ ਤੋਂ ਜਰਮਨੀ ਵਿੱਚ ਦਾਖਿਲ ਹੋਣ ਵਾਲੇ ਮਜ਼ਦੂਰਾਂ ਦੀ ਸੰਖਿਆ ਵਿੱਚ ਇਜਾਫਾ ਹੋਇਆ। 1907 ਦੀ ਜਨਗਣਨਾ ਮੁਤਾਬਿਕ ਜਰਮਨੀ ਵਿੱਚ 1,342,294 ਵਿਦੇਸ਼ੀ ਸਨ, ਜਿੰਨਾਂ ਵਿੱਚੋਂ 440,800 ਸਨਅਤੀ ਮਜ਼ਦੂਰ ਸਨ ਅਤੇ 257,329 ਖੇਤ ਮਜ਼ਦੂਰ ਸਨ। ਫਰਾਂਸ ਵਿੱਚ ਖਾਣ (Mining) ਉਦਯੋਗ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ‘ਵੱਡਾ ਹਿੱਸਾ’ ਵਿਦੇਸ਼ੀਆਂ, ਪੋਲਾਂ, ਇਟਾਲੀਅਨਾਂ ਅਤੇ ਸਪੇਨੀਆਂ ਦਾ ਹੈ। 

ਸਾਮਰਾਜਵਾਦੀ ਦੇਸ਼ਾਂ ਵੱਲ ਪਰਵਾਸ ਦਾ ਇਹ ਰੁਝਾਨ ਬਾਅਦ ਵਿੱਚ ਵੀ ਜਾਰੀ ਰਿਹਾ। ਜਨੇਵਾ ਅਧਾਰਿਤ ਜਥੇਬੰਦੀ ‘ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ’ ਨੇ ਆਪਣੀ ਰਿਪੋਰਟ ‘ਵਰਲਡ ਮਾਈਗਰੇਸ਼ਨ ਰਿਪੋਰਟ 2003 ਮੈਨੇਜਿੰਗ ਮਾਈਗਰੇਸ਼ਨ’ ਵਿੱਚ ਕਿਹਾ ਹੈ, ”1990 ਦੇ ਦਹਾਕੇ ਵਿੱਚ ਯੂਰਪ ਪਰਵਾਸ (Immigration) ਦਾ ਮਹਾਂਦੀਪ ਬਣ ਗਿਆ” ਇਸ ਰਿਪੋਰਟ ਅਨੁਸਾਰ ਦੂਜੀ ਸੰਸਾਰ ਜੰਗ ਦੇ ਬਾਅਦ ਤੋਂ ਪੱਛਮੀ ਯੂਰਪ ਵਿੱਚ 38 ਲੱਖ ਵਿਦੇਸ਼ੀ ਨਾਗਰਿਕ ਸਨ, 2003 ਵਿੱਚ ਉਨ੍ਹਾਂ ਦੀ ਸੰਖਿਆ ਵਧਕੇ ਦੋ ਕਰੋੜ ਪੰਜ ਲੱਖ ਹੋ ਗਈ। ਇਸ ਤੋਂ ਇਲਾਵਾ ਕਰੋੜ ਦੀ ਸੰਖਿਆ ਉਹਨਾਂ ਪਰਵਾਸੀਆਂ ਦੀ ਸੀ ਜੋ ਹੁਣ ਵਿਦੇਸ਼ੀ ਨਾਗਰਿਕ ਨਹੀਂ ਰਹਿ ਗਏ ਸਨ। 

2000 ਤੱਕ ਅਮਰੀਕਾ ਵਿੱਚ ਕੁੱਲ ਸਾਢੇ ਤਿੰਨ ਕਰੋੜ, ਜਰਮਨੀ ਵਿੱਚ 73 ਲੱਖ, ਫਰਾਂਸ ਵਿੱਚ 63 ਲੱਖ, ਕਨੇਡਾ ਵਿੱਚ 58 ਲੱਖ, ਅਸਟਰੇਲੀਆ ਵਿੱਚ 47 ਲੱਖ ਅਤੇ ਇੰਗਲੈਂਡ ਵਿੱਚ 45 ਲੱਖ ਪਰਵਾਸੀ ਸਨ। 1980 ਤੋਂ 2003 ਦੇ ਦਰਮਿਆਨ ਸਿਰਫ 5 ਸਾਲਾਂ ਵਿੱਚ ਸਪੇਨ ਵਿੱਚ ਪਰਵਾਸੀਆਂ ਦੀ ਸੰਖਿਆ 4 ਗੁਣਾ ਵਧਕੇ 30 ਲੱਖ ਹੋ ਗਈ ਜੋ ਕਿ ਸਪੇਨ ਦੀ 4 ਕਰੋੜ 20 ਲੱਖ ਅਬਾਦੀ ਦਾ 7% ਸਨ। 

2001 ਦੀ ਜਨਗਨਣਾ ਦੇ ਅਨੁਸਾਰ ਇੰਗਲੈਂਡ ਦੀ ਅਬਾਦੀ ਦਾ 7.53% ਪਰਵਾਸੀ ਸਨ (ਇਨ੍ਹਾਂ ਵਿੱਚ ਉਤਰੀ ਆਇਰਲੈਂਡ ਦੇ ਪਰਵਾਸੀਆਂ ਦੀ ਸੰਖਿਆ ਸ਼ਾਮਿਲ ਨਹੀਂ ਹੈ)

1980 ਵਿੱਚ ਇੰਗਲੈਂਡ ਵਿੱਚ ਸਲਾਨਾਂ ਪਰਵਾਸ (Immigration) ਦੀ ਸੰਖਿਆ 40, 000 ਸੀ। 1994-97 ਦੇ ਦੌਰਾਨ ਇਹ ਵਧਕੇ 60, 000 ਸਲਾਨਾਂ ਹੋ ਗਈ। 1998 ਵਿੱਚ ਹੋਰ ਜ਼ਿਆਦਾ ਵਧਕੇ ਇਹ 133, 500 ਹੋ ਗਈ। ਇੰਗਲੈਂਡ ਵਿੱਚ ਆਉਣ ਵਾਲੇ ਪਰਵਾਸੀਆਂ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਅਮਰੀਕੀਆਂ ਦੀ ਸੀ ਉਸਦੇ ਬਾਅਦ ਪੂਰਬੀ ਯੂਰਪ ਅਤੇ ਫਿਰ ਭਾਰਤੀ ਉਪਮਹਾਂਦੀਪ ਤੋਂ ਆਉਣ ਵਾਲੇ ਪਰਵਾਸੀਆਂ ਦੀ ਸੀ। 

ਪੂੰਜੀਵਾਦੀ ਦੌਰ ਵਿੱਚ, ਪੂੰਜੀਵਾਦ ਦਾ ਅਸਾਵਾਂ ਵਿਕਾਸ ਪਛੜੇ ਇਲਾਕਿਆਂ ਅਤੇ ਦੇਸ਼ਾਂ ਤੋਂ, ਵਿਕਸਿਤ ਇਲਾਕਿਆਂ ਅਤੇ ਦੇਸ਼ਾਂ ਵੱਲ ਅਬਾਦੀ ਦੇ ਪਰਵਾਸ ਦੀ ਮੁੱਖ ਵਜ੍ਹਾ ਹੈ। ਭੁੱਖਮਰੀ ਅਤੇ ਗਰੀਬੀ ਤੋਂ ਬਚਣ ਲਈ ਲੋਕ, ਵਿੱਕਸਿਤ ਪੂੰਜੀਵਾਦੀ ਇਲਾਕਿਆਂ ਅਤੇ ਦੇਸ਼ਾਂ ਦੇ ਵੱਲ ਚੱਲ ਪੈਂਦੇ ਹਨ। 

ਸਾਮਰਾਜਵਾਦੀਆਂ ਦੁਆਰਾ ਦੂਜੇ ਦੇਸ਼ਾਂ ਉਪਰ ਥੋਪੇ ਜਾਣ ਵਾਲੇ ਯੁੱਧ ਅਤੇ ਦੂਜੇ ਮੁਲਕਾਂ ਅੰਦਰ ਭੜਕਾਏ ਜਾਣ ਵਾਲ਼ੇ ਗ੍ਰਹਿ-ਯੁੱਧ (Civil wars) ਵੀ ਲੋਕਾਂ ਨੂੰ ਆਪਣਾ ਦੇਸ਼ ਛੱਡਣ ਦੇ ਲਈ ਮਜਬੂਰ ਕਰਦੇ ਹਨ। ਇਸ ਨਾਲ ਦੂਸਰੇ ਦੇਸ਼ਾਂ ਵਿੱਚ ਸ਼ਰਣ ਲੈਣ ਵਾਲਿਆਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ। ਯੂ. ਐਨ. ਐਚ. ਸੀ. ਆਰ. ਅਨੁਸਾਰ 1990 ਦੇ ਦਹਾਕੇ ਵਿੱਚ 50 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਵਿੱਕਸਿਤ ਦੇਸ਼ਾਂ ਵਿੱਚ ਸ਼ਰਨ (Asylum) ਲੈਣ ਲਈ ਅਪਲਾਈ ਕੀਤਾ ਸੀ, ਇਹ ਸੰਖਿਆ 1980(22 ਲੱਖ) ਵਿੱਚ ਸ਼ਰਣ ਲਈ ਬੇਨਤੀ ਕਰਨ ਵਾਲਿਆਂ ਤੋਂ ਲਗਭਗ ਤਿੰਨ ਗੁਣਾ ਜਿਆਦਾ ਸੀ। 

ਪੂਰਬੀ ਬਲਾਕ ਦੇ ਡਿੱਗਣ, ਯੁਗੋਸਲਾਵੀਆ ਦੇ ਟੁੱਟਣ, ਜਿਸ ਵਿੱਚ ਯੂਰਪੀ ਅਤੇ ਅਮਰੀਕੀ ਸਾਮਰਾਜਵਾਦੀਆਂ ਦਾ ਵੱਡਾ ਹੱਥ ਸੀ, ਇਸਦੇ ਨਾਲ ਖਾੜੀ ਯੁੱਧ ਨੇ ਰਿਫੂਜੀਆਂ ਦੀ ਸੰਖਿਆ ਨੂੰ ਤੇਜੀ ਨਾਲ ਵਧਾਇਆ ਹੈ। 1988 ਵਿੱਚ ਯੂਰਪੀ ਯੂਨੀਅਨ ਦੇ 15 ਮੈਂਬਰ ਦੇਸ਼ਾਂ ਦੇ ਲਈ 2 ਲੱਖ ਸ਼ਰਨ ਲਈ ਅਰਜ਼ੀਆਂ ਆਈਆਂ ਸਨ ਜੋ ਕਿ 1992 ਵਿੱਚ ਬੋਸਨੀਆਂ ਦੀ ਜੰਗ ਦੇ ਦੌਰਾਨ ਵਧਕੇ 676,000 ਹੋ ਗਈਆ। 1999 ਵਿੱਚ ਕਸੋਵੋ ਜੰਗ ਦੇ ਦੋਰਾਨ 366,000 ਲੋਕਾਂ ਨੇ ਦੂਜੇ ਦੇਸ਼ਾਂ ਵਿੱਚ ਸ਼ਰਣ ਲਈ ਅਰਜ਼ ਕੀਤੀ। 2001 ਵਿੱਚ ਜਿੰਨ੍ਹਾਂ ਦੇਸ਼ਾਂ ਨੇ ਸਭ ਤੋਂ ਜ਼ਿਆਦਾ ਰਫਿਊਜੀਆਂ ਨੂੰ ਪੈਦਾ ਕੀਤਾ ਉਹ ਇਸ ਪ੍ਰਕਾਰ ਹਨ, ਸਭ ਤੋਂ ਜ਼ਿਆਦਾ ਅਫਗਾਨਿਸਤਾਨ ‘ਚੋਂ ਪੈਦਾ ਹੋਏ, ਫਿਰ ਬਰੂੰਦੀ, ਇਰਾਕ, ਸੂਡਾਨ, ਅੰਗੋਲਾ, ਬੋਸਨੀਆ, ਹਰਜੇਗੋਵਿਨਾ ਦੀ ਵਾਰੀ ਆਉਂਦੀ ਹੈ। ਇਹ ਸਾਰੇ ਦੇਸ਼ ਸਾਮਰਾਜਵਾਦੀਆਂ ਦੁਆਰਾ ਥੋਪੇ ਯੁੱਧਾਂ, ਨਸਲਕੁਸ਼ੀ ਅਤੇ ਸਾਮਰਾਜਵਾਦੀਆਂ ਦੁਆਰਾ ਭੜਕਾਈਆਂ ਗਈਆਂ ਘਰੇਲੂ-ਜੰਗਾਂ ਦੇ ਸ਼ਿਕਾਰ ਰਹੇ ਹਨ। 

ਲੱਗਭੱਗ ਸਾਰੇ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਵਿੱਚ ਇਸ ਸਮੇਂ ਜਨਸੰਖਿਆ ਦੀ ਵਾਧਾ ਦਰ ਨੈਗੇਟਿਵ ਹੈ। ਇਸ ਘਟ ਰਹੀ ਅਬਾਦੀ ਦੇ ਕਾਰਨ ਇਨਾਂ ਦੇਸ਼ਾਂ ਨੂੰ ਕਿਰਤ ਸ਼ਕਤੀ ਦੀ ਪੂਰਤੀ ਹੋਰ ਦੇਸ਼ਾਂ ਤੋਂ ਕਰਨੀ ਪੈਂਦੀ ਹੈ। ਵਿਕਸਿਤ ਪੂੰਜੀਵਾਦੀ ਦੇਸ਼ਾਂ ਵੱਲ ਹੋਰ ਦੇਸ਼ਾਂ ਤੋਂ ਅਬਾਦੀ ਦੇ ਪਰਵਾਸ ਦਾ ਇਹ ਵੀ ਇਕ ਮਹੱਤਵਪੂਰਨ ਕਾਰਨ ਹੈ। ਪੂੰਜੀਵਾਦ ਵਿੱਚ ਨਸਲੀ ਦਮਨ ਵੀ ਅਬਾਦੀ ਦੇ ਪਰਵਾਸ ਦਾ ਇੱਕ ਮਹੱਤਵਪੂਰਨ ਕਾਰਨ ਰਿਹਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵੱਡੇ-ਪੈਮਾਨੇ ‘ਤੇ ਜ਼ਾਰਸ਼ਾਹੀ ਰੂਸ ‘ਚੋਂ ਯਹੂਦੀਆਂ ਨੇ ਨਸਲੀ-ਦਮਨ ਤੋਂ ਬਚਣ ਲਈ ਆਪਣਾ ਦੇਸ਼ ਛੱਡਿਆ, ਇਸ ਤਰਾਂ ਹੀ 1930 ਦੇ ਦਹਾਕੇ ਵਿੱਚ ਜਰਮਨੀ ਵਿੱਚ ਫਾਸੀਵਾਦੀ ਦਹਿਸ਼ਤ ਤੋਂ ਬਚਣ ਲਈ ਵੱਡੀ ਪੱਧਰ ‘ਤੇ ਯਹੂਦੀਆਂ ਨੂੰ ਆਪਣਾ ਦੇਸ਼ ਛੱਡਣਾ ਪਿਆ ਸੀ। ਫਿਲਸਤੀਨ ਵਿੱਚ ਵੀ ਇਹੀ ਹੋਇਆ ਜਿੱਥੇ ਜ਼ਿਨੋਵਾਦ ਦੇ ਹੱਥੋਂ ਨਸਲੀ ਦਮਨ ਤੋਂ ਬਚਣ ਲਈ ਲੱਖਾਂ ਫਿਲਸਤੀਨੀਆਂ ਨੇ ਆਪਣਾ ਦੇਸ਼ ਛੱਡਿਆ ਹੈ। 

ਪਰਵਾਸ ਦੇ ਪ੍ਰਤੀ ਹਾਕਮ ਜਮਾਤਾਂ ਦਾ ਰਵੱਈਆ 

ਹਾਕਮ ਜਮਾਤ ਦੇ ਲਈ ਪਰਵਾਸੀ ਮਜ਼ਦੂਰ ਸਸਤੀ ਕਿਰਤ ਸ਼ਕਤੀ ਵੱਡਾ ਸੋਮਾ ਹਨ। ਇਸ ਸਸਤੀ ਕਿਰਤ ਸ਼ਕਤੀ ਦੀ ਲੁੱਟ ਨਾਲ ਹਾਕਮ ਜਮਾਤਾਂ ਅਪਾਰ ਮੁਨਾਫਾ ਕਮਾਉਂਦੀਆਂ ਹਨ। ਮਜ਼ਦੂਰਾਂ ਦਾ ਇਹ ਪਰਵਾਸ ਭਾਵੇਂ ਇੱਕ ਦੇਸ਼ ਦੇ ਅੰਦਰ ਹੋਵੇ ਜਾਂ ਇੱਕ ਤੋਂ ਦੂਜੇ ਦੇਸ਼ ਦੇ ਵੱਲ। 

ਸਾਮਰਾਜਵਾਦੀ ਦੇਸ਼ਾਂ ਵਿੱਚ ਕਿਰਤ ਸ਼ਕਤੀ ਦੀ ਕੀਮਤ ਪਿਛੜੇ ਪੂੰਜੀਵਾਦੀ ਦੇਸ਼ਾਂ ਤੋਂ ਕਿਤੇ ਜਿਆਦਾ ਹੈ। ਇਹਨਾਂ ਦੇਸ਼ਾਂ ਦੇ ਪੂੰਜੀਪਤੀਆਂ ਲਈ ਤਾਂ ਹੋਰ ਦੇਸ਼ਾਂ ਤੋਂ ਮਜ਼ਦੂਰਾਂ ਦਾ ਪਰਵਾਸ ਵਰਦਾਨ ਹੀ ਸਾਬਤ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕਾਨੂੰਨੀ ਪਰਵਾਸ ਦੇ ਨਾਲ਼-ਨਾਲ਼ ਵੱਡੇ ਪੈਮਾਨੇ ‘ਤੇ ਗੈਰ ਕਾਨੂੰਨੀ ਪਰਵਾਸ ਵੀ ਹੁੰਦਾ ਹੈ। ਇਨਾਂ ਪਰਵਾਸੀਆਂ ਨੂੰ ਖਾਸਕਰ ਗੈਰ-ਕਾਨੂੰਨੀ ਪਰਵਾਸੀਆਂ ਨੂੰ ਸਾਰੇ ਨਾਗਰਿਕ ਅਧਿਕਾਰਾਂ ਤੋਂ ਵਾਂਝਾ ਰਹਿਣਾ ਪੈਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਇਨ੍ਹਾਂ ਪਰਵਾਸੀਆਂ ਨੂੰ ਅਣਮਨੁੱਖੀ ਜਬਰ ਜੁਲਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਮਰੀਕੀ ਸਾਮਰਾਜਵਾਦੀਆਂ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਨਵਾਂ ‘ਗੈਸਟ ਵਰਕਰ ਪ੍ਰੋਗਰਾਮ’ ਇਸ ਦੀ ਇਕ ਉਦਾਹਰਣ ਹੈ। ਅਮਰੀਕਾ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਲਿਆਏ ਜਾਣ ਵਾਲੇ ਲੱਖਾਂ ਮੈਕਸੀਕਨ ਅਤੇ ਕੇਂਦਰੀ ਅਮਰੀਕੀ ਮਜ਼ਦੂਰਾਂ ਨੂੰ, ਅਮਰੀਕੀ ਮਜ਼ਦੂਰਾਂ ਨੂੰ ਆਮ ਤੌਰ ‘ਤੇ ਮਿਲਣ ਵਾਲ਼ੇ ਸਾਰੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਵੇਗਾ। 

ਕਿਉਂਕਿ ਪਰਵਾਸੀ ਮਜ਼ਦੂਰਾਂ ਦੀ ਸਸਤੀ ਕਿਰਤ ਇਨ੍ਹਾਂ ਦੇਸ਼ਾਂ ਦੇ ਪੂੰਜੀਪਤੀਆਂ ਲਈ ਅਪਾਰ ਮੁਨਾਫੇ ਦਾ ਸੋਮਾ ਹੈ। ਇਸ ਲਈ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਇਨਾਂ ਪੂੰਜੀਪਤੀਆਂ ਦੇ ਲਈ ਸਸਤੀ ਤੋਂ ਸਸਤੀ ਕਿਰਤ ਸ਼ਕਤੀ ਉਪਲਭਧ ਕਰਵਾਉਣ ਲਈ ਨਵੇਂ-ਨਵੇਂ ਪ੍ਰਵਾਸ ਕਨੂੰਨ/ਨੀਤੀਆਂ ਬਣਾਉਣ ਵਿੱਚ ਰੁਝੀਆਂ ਰਹਿੰਦੀਆਂ ਹਨ। ਸਤੰਬਰ 2000 ਵਿੱਚ ਇੰਗਲੈਂਡ ਦੇ ਤੱਤਕਾਲੀ ਹੋਮ ਆਫਿਸ ਮੰਤਰੀ ਬਾਰਬਰਾ ਰੋਚ ਨੇ ਆਪਣੇ ਇੱਕ ਭਾਸ਼ਣ ਵਿੱਚ ਬਰਤਾਨੀਆਂ ਦੇ ਪਰਵਾਸ ਕਾਨੂੰਨਾਂ ਨੂੰ ਨਰਮ ਬਣਾਏ ਜਾਣ ਦੀ ਗੱਲ ਕਹੀ ਸੀ। ਇਸੇ ਸਮੇਂ, ਲੰਬੀਆਂ ਬਹਿਸਾਂ ਦੇ ਬਾਅਦ ਜਰਮਨ ਕੈਬਨਿਟ ਨੇ ‘ਗਰੀਨ ਕਾਰਡ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਸੀ ਤਾਂ ਕਿ ਉਚ ਸਿੱਖਿਆ ਪ੍ਰਾਪਤ ਸੂਚਨਾ ਤਕਨੀਕੀ ਕਿਰਤੀਆਂ ਨੂੰ ਖਿੱਚਿਆ ਜਾ ਸਕੇ ਅਤੇ ਅਮਰੀਕੀ ਫੇਡਰਲ ਰਿਜ਼ਰਵ ਦੇ ਚੇਅਰਮੈਨ, ਐਲਾਨ ਗਰੀਨਸਪੈਨ ਤਾਂ ਵਿਕਾਸ ਦਰ ਵਧਾਉਣ ਦੇ ਲਈ ਪਰਵਾਸ ਨੂੰ ਉਤਸ਼ਾਹਿਤ ਕਰਨ ਲਈ ਵਾਰ-ਵਾਰ ਜ਼ੋਰ ਦਿੰਦੇ ਹਨ। 

ਜੁਲਾਈ 2000 ਵਿੱਚ ਯੂਰਪੀਅਨ ਯੂਨੀਅਨ ਦੇ ਗ੍ਰਹਿ(Interior) ਮੰਤਰੀਆਂ ਦੀ ਇਕ ਮੀਟਿੰਗ ਵਿੱਚ ਜੀਨ-ਪੇਰੇ-ਚੇਵਨੇਟ ਨੇ ਕਿਹਾ ਕਿ ਯੂਰਪੀ ਯੂਨੀਅਨ ਨੂੰ 2050 ਤੱਕ ਖਾਲੀ ਅਸਾਮੀਆਂ ਭਰਨ ਲਈ ਪੰਜ ਤੋਂ ਲੈ ਕੇ ਸਾਢੇ ਸੱਤ ਕਰੋੜ ਤੱਕ ਪਰਵਾਸੀਆਂ ਨੂੰ ਦਾਖਲਾ ਦੇਣਾ ਪਵੇਗਾ। 22 ਅਕਤੂਬਰ 2000 ਨੂੰ ਯੂਰਪੀ ਯੂਨੀਅਨ ਨੇ ਪਰਵਾਸ ‘ਤੇ ਇਕ ਬਹਿਸ ਦੀ ਸ਼ੁਰੂਆਤ ਕੀਤੀ ਤਾਂ ਕਿ ਪਰਵਾਸ ‘ਤੇ ਇਕ ਸਾਂਝੀ ਨੀਤੀ ਬਣਾਈ ਜਾ ਸਕੇ। 
ਸੰਯੁਕਤ ਰਾਸ਼ਟਰ ਦੀ ਜਨਸੰਖਿਆ ਡਿਵੀਜਨ ਦੀ ਇਕ ਰਿਪੋਰਟ ਅਨੁਸਾਰ ਜਨਮ ਦਰ ਘੱਟ ਹੋਣ ਅਤੇ ਉਮਰ ਦਰ(Life expectency) ਵਧਣ ਦੇ ਕਾਰਨ 2000 ਤੋਂ 2050 ਦੇ ਵਿੱਚ ਯੂਰਪ ਦੀ ਅਬਾਦੀ 13% ਤੱਕ ਘਟ ਜਾਵੇਗੀ। 

ਹੁਣ ਅਤੇ 2050 ਦੇ ਵਿੱਚ ਜਨਮ-ਮੌਤ ਦੀ ਵਰਤਮਾਨ ਦਰ ‘ਤੇ ਜਰਮਨੀ ਨੂੰ ਸਲਾਨਾ 487, 000 ਪਰਵਾਸੀਆਂ ਦੀ ਦਰਾਮਦ ਕਰਨੀ ਪਵੇਗੀ। ਫਰਾਂਸ ਨੂੰ 109, 000 ਅਤੇ ਪੂਰੇ ਯੂਰਪੀ ਯੂਨੀਅਨ ਨੂੰ 16 ਲੱਖ ਸਲਾਨਾ। ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਵਿੱਚ ਪਰਵਾਸ ਜਿੱਥੇ ਇਨ੍ਹਾਂ ਦੇਸ਼ਾਂ ਦੇ ਪੂੰਜੀਪਤੀਆਂ ਲਈ ਸਸਤੀ ਕਿਰਤ ਸ਼ਕਤੀ ਦਾ ਇੱਕ ਵੱਡਾ ਜ਼ਰੀਆ ਹੈ ਉਥੇ ਇਨ੍ਹਾਂ ਦੇਸ਼ਾਂ ਦੇ ਹਾਕਮਾਂ ਦੇ ਹੱਥਾਂ ਵਿੱਚ ਮਜ਼ਦੂਰਾਂ ਨੂੰ ਆਪਸ ਵਿੱਚ ਵੰਡਣ-ਲੜਾਉਣ ਦਾ ਇੱਕ ਹਥਿਆਰ ਵੀ ਹੈ। ਖਾਸ ਤੌਰ ‘ਤੇ ਮੰਦੀ ਦੇ ਸਮੇਂ, ਵਧਦੇ ਲੋਕ-ਰੋਹ ਤੋਂ ਬਚਣ ਲਈ, ਮਜ਼ਦੂਰਾਂ ਦਾ ਧਿਆਨ ਅਸਲ ਮੁਜ਼ਰਿਮ, ਸਾਰੀਆਂ ਮੁਸੀਬਤਾਂ ਦੀ ਜੜ੍ਹ ਇਸ ਪੂੰਜੀਵਾਦੀ ਸਮਾਜਿਕ-ਆਰਥਿਕ ਢਾਂਚੇ ਤੋਂ ਹਟਾਉਣ  ਲਈ, ਇਨ੍ਹਾਂ ਦੇਸ਼ਾਂ ਦੇ ਹਾਕਮ ਪਰਵਾਸੀਆਂ ਨੂੰ ਹੀ ਸਾਰੀਆਂ ਮੁਸੀਬਤਾਂ ਦੀ ਜੜ੍ਹ ਦੱਸਕੇ, ਸਥਾਨਕ ਮਜ਼ਦੂਰਾਂ ਵਿੱਚ ਪਰਵਾਸੀਆਂ ਵਿਰੋਧੀ ਭਾਵਨਾਵਾਂ, ਨਸਲਵਾਦ ਨੂੰ ਹਵਾ ਦਿੰਦੇ ਹਨ। ਲਗਭਗ ਸਾਰੇ ਸਾਮਰਾਜਵਾਦੀ ਦੇਸ਼ਾਂ ਵਿੱਚ ਅਜਿਹੀਆਂ ਪਾਰਟੀਆਂ ਹਨ ਜੋ ਖੁੱਲ੍ਹੇਆਮ ਪਰਵਾਸੀਆਂ ਵਿਰੋਧੀ ਭਾਵਨਾਵਾਂ ਨੂੰ ਹਵਾ ਦਿੰਦੀਆਂ ਹਨ। ਫਰਾਂਸ ਵਿੱਚ ਨਿਕੋਲਸ ਸਾਰਕੋਜੀ ਦੀ ‘ਯੂਨੀਅਨ ਫਾਰ ਦਾ ਪਾਪੂਲਰ ਮੂਵਮੈਂਟ’ ਇਟਲੀ ਵਿੱਚ ਉਮਬਰਟੋ ਬੋਸੀ ਦੀ ‘ਉਤਰੀ ਲੀਗ’, ਆਸਟਰੀਆ ਵਿੱਚ ਜੋਰਗ ਹੈਦਰ ਦੀ ‘ਫਰੀਡਮ ਪਾਰਟੀ’, ਨੀਦਰਲੈਂਡ ਵਿੱਚ ਪਿਮ ਫਾਰਟੁਇਨ ਦੀ ‘ਫਾਰਟੁਇਨ ਲਿਸਟ’ ਬੈਲਜੀਅਮ ਵਿੱਚ ਫਿਲਿਪ ਡੇ ਵਿੰਟਰ ਦੀ ‘ਵਲਾਮ ਬਲਾਕ’, ਡੈਨਮਾਰਕ ਵਿੱਚ ਪਿਆ ਜਏਰਸਗਾਰਦ ਦੀ ‘ਪੀਪਲਜ਼ ਪਾਰਟੀ’, ਨਾਰਵੇ ਵਿੱਚ ਕਾਰਲ ਹੇਗਨ ਦੀ ‘ਪਰੋਗਰੈਸ ਪਾਰਟੀ’ ਅਤੇ ਇੰਗਲੈਂਡ ਵਿੱਚ ਨਿਕ ਗਿਫਨ ਦੀ ‘ਬ੍ਰਿਟਿਸ਼ ਨੈਸ਼ਨਲ ਪਾਰਟੀ’ ਆਦਿ ਬਹੁਤੀਆਂ ਹੋਰ ਅਜਿਹੀਆਂ ਪਾਰਟੀਆਂ ਵਿੱਚੋਂ ਕੁੱਝ ਇੱਕ ਅਜਿਹੇ ਨਾਮ ਹਨ। 

ਇਹਨਾਂ ਦੇਸ਼ਾਂ ਦੀਆਂ ਚੋਣਾਂ ਵਿੱਚ ਹਰ ਵਾਰ ਇਨ੍ਹਾਂ ਦੇਸ਼ਾਂ ਵਿੱਚ ਹੋਣ ਵਾਲਾ ਪਰਵਾਸ ਇੱਕ ਅਹਿਮ ਮੁੱਦਾ ਹੁੰਦਾ ਹੈ। ਇਹ ਸੱਜੇਪੱਖੀ ਪਾਰਟੀਆਂ ਪਰਵਾਸੀਆਂ ਵਿਰੋਧੀ ਭਾਵਨਾਵਾਂ ਨੂੰ ਭੜਕਾ ਕੇ ਹੀ ਸੱਤ੍ਹਾ ਦੀ ਕੁਰਸੀ ਤੱਕ ਪਹੁੰਚਦੀਆਂ ਹਨ। ਫਰਾਂਸ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਨਿਕੋਲਸ ਸਾਰਕੋਜੀ ਨੇ ਸੱਤ੍ਹਾ ਤੱਕ ਪਹੁੰਚਣ ਲਈ ਇਹੋ ਹੱਥ ਕੰਡਾ ਅਪਣਾਇਆ ਹੈ। 

ਇਨ੍ਹਾਂ ਸਾਮਰਾਜਵਾਦੀ ਦੇਸ਼ਾਂ ਦੀਆਂ ਸਰਕਾਰਾਂ ਸਮੇਂ-ਸਮੇਂ ‘ਤੇ ਪਰਵਾਸ ਵਿਰੋਧੀ ਕਾਨੂੰਨ ਬਣਾਉਦੀਆਂ ਰਹਿੰਦੀਆਂ ਹਨ। ਭਾਵੇਂ ਅਜਿਹੇ ਕਾਨੂੰਨ ਕਦੇ ਵੀ ਪਰਵਾਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੁੰਦੇ ਬਸ, ਹਾਕਮ ਜਮਾਤ ਦੇ ਹੱਥਾਂ ਵਿੱਚ ਮਜ਼ਦੂਰਾਂ ਨੂੰ ਆਪਸ ਵਿੱਚ ਵੰਡਣ ਲਈ ਇੱਕ ਹਥਿਆਰ ਦੇ ਤੌਰ ‘ਤੇ ਜ਼ਰੂਰ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਕਦਮ-ਕਦਮ ‘ਤੇ ਪਰਵਾਸੀ ਮਜ਼ਦੂਰਾਂ ਨੂੰ ਨਸਲੀ ਨਫਰਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਤਿਹਾਸਿਕ ਤੌਰ ‘ਤੇ ਮਜ਼ਦੂਰਾਂ ਦਾ ਪਰਵਾਸ 
ਇੱਕ ਪ੍ਰਗਤੀਸ਼ੀਲ ਕਦਮ ਹੈ

ਮਜ਼ਦੂਰਾਂ ਦਾ ਪਰਵਾਸ ਵੱਖ-ਵੱਖ ਕੌਮੀਅਤਾਂ, ਭਾਸ਼ਾਵਾਂ, ਸੱਭਿਆਚਾਰ ਦੇ ਮਜ਼ਦੂਰਾਂ ਨੂੰ ਇੱਕ ਥਾਂ ਇਕੱਠੇ ਕਰਦਾ ਹੈ। ਉਹਨਾਂ ਵਿੱਚ ਭਾਸ਼ਾ, ਸੱਭਿਆਚਾਰ, ਕੌਮ ਦੀਆਂ ਵੰਡੀਆਂ ਨੂੰ ਤੋੜਕੇ ਉਹਨਾਂ ਨੂੰ ਜਮਾਤੀ ਅਧਾਰ ‘ਤੇ ਇੱਕ ਹੀ ਸਾਂਝੇ ਸੂਤਰ ਵਿੱਚ ਪਰੋ ਦਿੰਦਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਟਰੇਪਸ ਇਲਾਕੇ ਦੀ ਉਦਾਹਰਨ ਲਈਏ ਜਿੱਥੇ ਕਿ 70 ਕੌਮਾਂ ਦੇ ਮਜ਼ਦੂਰ ਇਕੋ ਜਿਹੀਆਂ ਹੀ ਜੀਵਨ ਹਾਲਤਾਂ ਵਿੱਚ ਰਹਿੰਦੇ ਹਨ। 

ਇਹ ਪਛੜੇ ਇਲਾਕਿਆਂ, ਦੇਸ਼ਾਂ ਦੇ ਮਜ਼ਦੂਰਾਂ ਨੂੰ ਉਨਤ ਉਤਪਾਦਕ ਸ਼ਕਤੀਆਂ, ਉਨਤ ਸੱਭਿਅਤਾ, ਸੱਭਿਆਚਾਰ ਦੇ ਸੰਪਰਕ ਵਿੱਚ ਲਿਆਕੇ ਉਹਨਾਂ ਦੀ ਚੇਤਨਾ ਦੀ ਧਾਰ ਨੂੰ ਤਿੱਖਾ ਕਰਦਾ ਹੈ। 

ਇਹ ਮਜ਼ਦੂਰਾਂ ਵਿੱਚ ਸੰਸਾਰ ਵਿਆਪੀ ਏਕਤਾ ਦਾ ਅਧਾਰ ਤਿਆਰ ਕਰਦਾ ਹੈ। ਮਜ਼ਦੂਰਾਂ ਦਾ ਪਰਵਾਸ ਉਹ ਜ਼ਮੀਨ ਤਿਆਰ ਕਰਦਾ ਹੈ ਜਿੱਥੇ ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ’ ਦੇ ਨਾਹਰੇ ਨੂੰ ਅਮਲ ਵਿੱਚ ਉਤਾਰਿਆ ਜਾ ਸਕਦਾ ਹੈ। 

ਜਦੋਂ ਮਜ਼ਦੂਰ ਲਹਿਰ ਕਮਜ਼ੋਰ ਹੁੰਦੀ ਹੈ ‘ਤੇ ਹਾਕਮ ਜਮਾਤਾਂ ਮਜ਼ਦੂਰਾਂ ਨੂੰ ਭਾਸ਼ਾ, ਜਾਤ-ਧਰਮ, ਸੱਭਿਆਚਾਰ ਆਦਿ ਦੇ ਅਧਾਰ ‘ਤੇ ਵੰਡਣ ਵਿੱਚ ਸਫਲ ਰਹਿੰਦੀਆਂ ਹਨ। ਜਿਵੇਂ ਕਿ ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ। ਪਰ ਪੂੰਜੀਵਾਦ ਆਪਣੇ ਹੀ ਤਰਕ ਨਾਲ ਆਪਣੀਆਂ ਹੀ ਜ਼ਰੂਰਤਾਂ ਨਾਲ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਇੱਕ ਜੁੱਟ ਵੀ ਕਰ ਰਿਹਾ ਹੈ। ਇਹ ਆਪਣੀ ਕਬਰ ਪੁੱਟਣ ਵਾਲਿਆਂ ਨੂੰ ਪੈਦਾ ਕਰਦਾ ਹੈ ਅਤੇ ਉਹਨਾਂ ਨੂੰ ਭਾਸ਼ਾ, ਨਸਲ, ਕੌਮੀਅਤ ਦੇ ਕਿਸੇ ਭੇਦਭਾਵ ਦੇ ਬਗੈਰ ਇਕੋ ਜਿਹੀਆਂ ਹੀ ਜੀਵਨ ਹਾਲਤਾਂ ਵਿੱਚ ਧੱਕਦਾ ਹੈ। 

ਸੰਸਾਰ ਪੂੰਜੀਵਾਦ ਦੇ ਕੇਂਦਰਾਂ ‘ਤੇ ਇੱਕਠੇ ਹੋ ਰਹੇ ਇਹ ਆਧੁਨਿਕ ਸਮੇਂ ਦੇ ਉਜ਼ਰਤੀ ਗੁਲਾਮ ਇਕ ਦਿਨ ਜ਼ਰੂਰ ਆਪਣੀ ਏਕਤਾ ਦਾ ਅਸਲ ਅਧਾਰ ਪਹਿਚਾਣਗੇ ਅਤੇ ਪੂੰਜੀਵਾਦ ਨੂੰ ਉਸਦੀ ਕਬਰ ਵਿੱਚ ਪਹੁੰਚਾ ਦੇਣਗੇ। ਅੱਜ ਖੁਦ ਪੂੰਜੀਵਾਦ ਨੇ ਹੀ ਇਸਦੀ ਪਹਿਲਾਂ ਕਿਸੇ ਵੀ ਸਮੇਂ ਨਾਲ਼ੋਂ ਵਧੇਰੇ ਪੁਖਤਾ ਜ਼ਮੀਨ ਤਿਆਰ ਕੀਤੀ ਹੈ। 

(ਨੋਟ ਇਸ ਲੇਖ ਵਿੱਚ ਦਿੱਤੇ ਜਿਆਦਾਤਰ ਤੱਥ ਹਰਪਾਲ ਬਰਾੜ ਦੇ ਲੇਖ, ‘ਪੂੰਜੀਵਾਦ ਅਤੇ ਪ੍ਰਵਾਸ’ ਵਿੱਚੋਂ ਲਏ ਗਏ ਹਨ)

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s