ਮਜ਼ਬੂਰੀ ਵਿੱਚ ਦਿੱਤਾ ਗਿਆ ਜੁਆਬ •ਮਿਖਾਈਲ ਲਿਫ਼ਸ਼ਿਤਜ਼

10

ਪੀ.ਡੀ.ਐਫ਼ ਡਾਊਨਲੋਡ ਕਰੋ

‘ਪ੍ਰਤੀਬੱਧ’ ਦੇ ਪਿਛਲੇ ਅੰਕ ਤੋਂ ਅਸੀਂ ਸਾਮਰਾਜਵਾਦੀ ਸੋਵੀਅਤ ਯੂਨੀਅਨ ‘ਚ ਸਾਹਿਤ ਦੇ ਅਹਿਮ ਸਿਧਾਂਤਕ ਸਵਾਲਾਂ ਉੱਪਰ ਚੱਲੀ ਇੱਕ ਮਹੱਤਵਪੂਰਨ ਬਹਿਸ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਹੈ, ਜਿਸ ਤਹਿਤ ਇਸ ਅੰਕ ਵਿੱਚ ਦੋ ਹੋਰ ਲੇਖ ਛਾਪੇ ਜਾ ਰਹੇ ਹਨ। ਉਮੀਦ ਕਰਦੇ ਹਾਂ ਕਿ ਬਹਿਸ ਪਾਠਕਾਂ ਲਈ ਸਿੱਖਿਆਦਾਈ ਹੋਵੇਗੀ ਅਤੇ ਸਾਹਿਤ ਬਾਰੇ ਉਹਨਾਂ ਦੇ ਗਿਆਨ ਨੂੰ ਵਧੇਰੇ ਡੂੰਘਾ ਕਰੇਗੀ।
– ਸੰਪਾਦਕ

ਪ੍ਰੋ. ਆਈ. ਨੋਸੀਨੋਵ ਮੇਰੇ ਲੇਖ ‘ਲੈਨਿਨਵਾਦੀ ਸਮੀਖਿਆ’ ਵਿੱਚ ਪ੍ਰਗਟਾਏ ਗਏ ਕੁਝ ਕੁ ਵਿਚਾਰਾਂ ਨਾਲ਼ ਸਹਿਮਤ ਨਹੀਂ ਹਨ। ਹਾਲੇ ਪਿਛਲੇ ਦਿਨੀਂ ਹੋਈ ਇੱਕ ਵਿਗਿਆਨਕ ਵਿਚਾਰ ਗੋਸ਼ਟੀ ਵਿੱਚ ਉਨ੍ਹਾਂ ਨੇ ਗੱਜਦਿਆਂ ਵੱਜਦਿਆਂ ਮੇਰੇ ਲੇਖ ਦੀ ਨੁਕਤਾਚੀਨੀ ਕੀਤੀ ਅਤੇ ਮੈਨੂੰ ਬਹੁਤ ਸਾਰੇ ਭਿਅੰਕਰ ਪਾਪਾਂ ਦਾ ਦੋਸ਼ੀ ਗ਼ਰਦਾਨਿਆ ਜਿਸ ਵਿੱਚ ਇਹ ਪਾਪ ਵੀ ਸ਼ਾਮਲ ਹੈ ਕਿ ਮੈਂ ਜਮਾਤੀ ਘੋਲ਼ ਦੇ ਨਜ਼ਰੀਏ ਤੋਂ ਸਾਹਿਤ ਨੂੰ ਨਹੀਂ ਦੇਖਦਾ ਹਾਂ। ਇਸ ਗੋਸ਼ਟੀ ਦਾ ਕੋਈ ਲੇਖਾ-ਜੋਖਾ ਸੁਰੱਖਿਅਤ ਨਹੀਂ ਰੱਖਿਆ ਗਿਆ ਹੈ, ਸਿਰਫ਼ ‘ਈਵਨਿੰਗ ਮਾਸਕੋ’ ਨਾਮੀ ਰਸਾਲੇ ਵਿੱਚ ਕੁਝ ਅੰਸ਼ ਦਿੱਤੇ ਗਏ ਹਨ। ਇੱਕ ਰਿਪੋਟਰ ਨੇ ਹੇਠਾਂ ਦਿੱਤੀਆਂ ਗਈਆਂ ਮਹੱਤਵਪੂਰਣ ਤਫ਼ਸੀਲਾਂ ਦਿੱਤੀਆਂ ਹਨ :

ਗੋਸ਼ਟੀ ਦਾ ਅੰਤ ਪ੍ਰੋ. ਨੋਸੀਨੋਵ ਦੀ ਇੱਕ ਮਜ਼ੇਦਾਰ ਰਿਪੋਰਟ ਨਾਲ਼ ਹੋਇਆ ਜੋ ਸ਼ੇਕਸਪੀਅਰ ਦੀਆਂ ਰਚਨਾਵਾਂ ਦੇ ਜਮਾਤੀ ਖ਼ਾਸੇ ਨਾਲ਼ ਸਬੰਧਤ ਸੀ। ਪ੍ਰੋ. ਨੋਸੀਨੋਵ ਦੀ ਇਸ ਰਿਪੋਰਟ ਵਿੱਚ ਸਾਹਿਤ ਦੇ ਅਨੇਕ ਵਿਗਿਆਨਕ ਸਮੀਖਿਅਕਾਂ ਦੀ ਬੁਰੀ ਤਰ੍ਹਾਂ ਮੰਜੀ ਠੋਕੀ ਗਈ ਸੀ। ਖਾਸ ਕਰਕੇ ਉਨ੍ਹਾਂ ਦਾ ਹਮਲਾ ਮਿਖਾਈਲ ਲਿਫਿਸ਼ਤਜ਼ ਦੇ ਸੰਕਲਪਾਂ ‘ਤੇ ਹੋਇਆ ਸੀ। ਲਿਫਿਸ਼ਤਜ਼ ਨੇ ਇਹ ਸਿਧਾਂਤ ਪੇਸ਼ ਕੀਤਾ ਹੈ ਕਿ ਸੰਸਾਰ ਸਹਿਤ ਦੇ ਮਹਾਨ ਪੁਰਾਤਨ ਰਚਨਾਕਾਰਾਂ ਦੇ ਜਮਾਤੀ ਖਾਸੇ ਨੂੰ ਤੈਅ ਕਰਨਾ ਫਜ਼ੂਲ ਹੈ ਕਿਉਂਕਿ, ਉਨ੍ਹਾਂ ਅਨੁਸਾਰ, 1848 ਤੋਂ ਪਹਿਲਾਂ ਪੱਛਮੀ ਦੁਨੀਆਂ ਵਿੱਚ ਅਤੇ 1905 ਤੋਂ ਪਹਿਲਾਂ ਸਾਡੇ ਆਪਣੇ ਦੇਸ਼ (ਭਾਵ: ਰੂਸ -ਅਨੁ) ਦੀਆਂ ਸਾਰੀਆਂ ਜਮਾਤਾਂ, ਭਰਮ ਦੀਆਂ ਸ਼ਿਕਾਰ ਸਨ, ਜਦ ਕਿ ਲੋਕ ਇਨਕਲਾਬ ਅਤੇ ਪਿਛਾਖੜ ਦੇ ਖਿਲਾਫ਼ ਸ਼ਸ਼ੋਪੰਜ਼ ਵਿੱਚ ਪਏ ਹੋਏ ਸਨ।

ਇਹ ਇਲਜ਼ਾਮ ਕਾਫੀ ਗੰਭੀਰ ਹੈ। ਮੇਰਾ ਲੇਖ ਪ੍ਰੋ. ਨੋਸੀਨੋਵ ਨੂੰ ਉੱਕਾ ਹੀ ਪਸੰਦ ਨਹੀਂ ਆਇਆ, ਪਰ ਕੋਈ ਵੀ ਪਾਠਕ ਇਹ ਦੇਖ ਸਕਦਾ ਹੈ ਕਿ ਇਸ ਤਰ੍ਹਾਂ ਦੀ ਬੇਹੂਦਗੀ ਮੇਰੇ ਲੇਖ ਵਿੱਚ ਕਿਤੇ ਨਹੀਂ ਹੈ। ਉਸ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ‘ਸੰਸਾਰ ਦੇ ਮਹਾਨ ਪੁਰਾਤਨ ਰਚਨਾਕਾਰਾਂ ਦੇ ਜਮਾਤੀ ਖ਼ਾਸੇ ਨੂੰ ਤੈਅ ਕਰਨਾ ਫਜ਼ੂਲ ਹੈ। ਜੇ ‘ਈਵਨਿੰਗ ਮਾਸਕੋ’ ਦੀ ਰਿਪੋਰਟ ਸਹੀ ਹੈ ਤਾਂ ਉਕਤ ਗੱਲਬਾਤ ‘ਲੈਨਿਨਵਾਦੀ ਸਮੀਖਿਆ’ ਦੇ ਹੇਠਾਂ ਦਿੱਤੇ ਅੰਸ਼ ਨਾਲ਼ ਸਬੰਧਤ ਹੋ ਸਕਦੀ ਹੈ :

ਸੁਚੇਤ ਇਨਕਲਾਬੀ ਵਿਚਾਰਾਂ ਵੱਲ ਜਾਣੇ-ਅਣਜਾਣੇ ਰੂੜੀਵਾਦੀ ਵਿਚਾਰਾਂ ਅਤੇ ਝੂਠ ਦੀ ਵਕਾਲਤ ਹਰ ਯੁੱਗ ਵਿੱਚ ਮਿਲ਼ਦੀ ਹੈ। ਪਰ ਇਸ ਸਿੱਧੀ-ਸਿੱਧੀ ਜਮਾਤੀ ਵਿਰੋਧ ਦੀ ਵੰਡ ਰੇਖਾ ਦੇ ਇਲਾਵਾ ਵੀ ਅਜਿਹੇ ਹਜ਼ਾਰਾਂ ਲੋਕ ਮਿਲ਼ਣਗੇ ਜੋ ਜਾਬਰਾਂ  ਖਿਲਾਫ਼ ਨਫ਼ਰਤ ਦੀ ਅੱਗ ਉਗਲ਼ਦੇ ਹੋਣ; ਅਤੇ ਫਿਰ ਵੀ ਸੁਚੇਤ ਅਤੇ ਵਿਧੀਵਤ ਘੋਲ਼ ਕਰਨ ਦੀ ਮੰਜ਼ਲ ਤੱਕ ਹਾਲੇ ਨਹੀਂ ਪਹੁੰਚ ਸਕੇ ਹੋਣ। ਇਹ ਬਾਹਰਮੁਖੀ ਜਮਾਤੀ ਭਰਮ, ਜਮਾਤਾਂ ਦੀ ਨਾਕਾਫ਼ੀ ਵੰਡ ਅਤੇ ਲੋਕਾਂ ਅੰਦਰ ਇਸ ਵਜ੍ਹਾ ਨਾਲ਼ ਮੌਜੂਦ ਢਿੱਲਾਪਣ ਹੀ ਅਤੀਤ ਦੇ ਮਹਾਨ ਲੇਖਕਾਂ, ਕਲਾਕਾਰਾਂ ਅਤੇ ਮਨੁੱਖਤਾਵਾਦੀਆਂ ਦੀਆਂ ਰਚਨਾਵਾਂ ਵਿੱਚ ਮੌਜੂਦ ਵਿਰੋਧਤਾਈਆਂ ਦੀ ਸਹੀ ਢੰਗ ਨਾਲ਼ ਵਿਆਖਿਆ ਕਰਦਾ ਹੈ। (ਮਿਸਾਲ ਵਜੋਂ, ਇਸ ਤਰ੍ਹਾਂ ਦੀ ਹਾਲਤ ਰੂਸ ਵਿੱਚ 1861 ਤੋਂ 1905 ਤੱਕ ਅਤੇ ਫਰਾਂਸ ਅਤੇ ਜਰਮਨੀ ਵਿੱਚ 1789 ਤੋਂ 1848 ਤੱਕ ਰਹੀ ਸੀ) ਪੁਰਾਣੇ ਸੱਭਿਆਚਾਰ ਦੇ ਵੱਡੇ ਨੁਮਾਇੰਦਿਆਂ ਦੀ ਚੇਤਨਾ ਅੰਦਰ ਇਨਕਲਾਬੀ ਅਤੇ ਪਿਛਾਖੜੀ ਪ੍ਰਵਿਰਤੀਆਂ ਦਾ ਘਾਲ਼ਾ-ਮਾਲ਼ਾ ਰਹਿੰਦਾ ਸੀ; ਇਹ ਇੱਕ ਇਤਿਹਾਸਕ ਸੱਚਾਈ ਹੈ। ਸਾਹਿਤ ਵਿੱਚ ਇਨਕਲਾਬੀ ਆਦਰਸ਼ ਸਿੱਧੇ ਸਿੱਧੇ ਅਤੇ ਫੌਰਨ ਸ਼ਾਇਦ ਹੀ ਕਦੇ ਪ੍ਰਗਟਾਏ ਗਏ ਹੋਣ। ਆਪਣੇ ਤੋਂ ਪਹਿਲੇ ਯੁੱਗਾਂ ਦੇ ਪੁਰਾਣੇ ਸਮਾਜਾਂ ਦੇ ਸਿਧਾਂਤਾਂ ਨਾਲ਼ੋਂ ਆਪਣਾ ਤੋੜ-ਵਿਛੋੜਾ ਕਰਨ ਦੌਰਾਨ ਲੇਖਕਾਂ – ਕਲਾਕਾਰਾਂ ਨੂੰ ਮਨੁੱਖੀ ਇਤਿਹਾਸ ਦੀਆਂ ਗੁੰਝਲ਼ਦਾਰ ਵਿਰੋਧਤਾਈਆਂ ਦਾ ਹੱਲ ਆਪਣੇ ਆਲ਼ੇ ਦੁਆਲ਼ੇ ਦੀ ਦੁਨੀਆਂ ਵਿੱਚ ਨਹੀਂ ਮਿਲ਼ ਰਿਹਾ ਸੀ। ਇਹੀ ਵਜ੍ਹਾ ਹੈ ਕਿ ਇਸ ਹੱਲ ਲਈ ਉਹ ਆਪਣੀ ਰਚਨਾ ਵਿੱਚ ਕਦੀ ਬਾਦਸ਼ਾਹ ਦਾ ਚਮੜੇ ਦਾ ਕੋੜਾ ਲੈ ਆਉਂਦੇ ਸਨ; ਕਦੀ ਸੈਨਾਪਤੀ ਦਾ ਡੰਡਾ, ਕਦੀ ਧਰਮ ਤਾਂ ਕਦੀ ਰਵਾਇਤੀ ਨੈਤਿਕਤਾ ਦੀ ਸ਼ਰਣ ਲੈਂਦੇ ਸਨ। ਇਸ ਤਰ੍ਹਾਂ ਉਹ ਲੋਟੂ ਹਾਕਮ ਜਮਾਤਾਂ ਦੇ ਹਿਤਾਂ ਨੂੰ ਪੂਰਾ ਕਰਨ ਦੇ ਬਦਲੇ ਵਿੱਚ ਉਨ੍ਹਾਂ ਜਮਾਤਾਂ ਤੋਂ ਸ਼ਹਿ ਵੀ ਹਾਸਲ ਕਰਦੇ ਸਨ।

ਕੀ ਉਕਤ ਹਿੱਸੇ ਵਿੱਚ, ਸਾਹਿਤ ਦੇ ਇਤਿਹਾਸ ਵਿੱਚ ਜਮਾਤੀ ਘੋਲ਼ ਦੀ ਭੂਮਿਕਾ ਨੂੰ ਖਾਰਜ ਕੀਤਾ ਗਿਆ ਹੈ? ਮੇਰੇ ਲੇਖ ਵਿੱਚ ਥੋੜ੍ਹਾ ਅੱਗੇ ਜਾ ਕੇ ਸਾਹਿਤਕ ਕ੍ਰਿਤਾਂ ਦੇ ‘ਜਮਾਤੀ ਖ਼ਾਸੇ’ ਨਾਲ਼ ਸਬੰਧਤ ਇੱਕ ਨਿਸ਼ਚਿਤ ਬਿਆਨ ਅੰਕਤ ਹੈ। ਇਹ ਜਮਾਤੀ ਖ਼ਾਸਾ ਕ੍ਰਿਤਾਂ ਦੇ ਅੰਤਮ ਵਿਸ਼ਲੇਸ਼ਣ ਵਿੱਚ ਰਚਨਾਕਾਰ ਦੇ ਆਪਣੇ ਦੌਰ ਦੇ ਦੋ ਬੁਨਿਆਦੀ ਸੁਆਲਾਂ – ਜਾਇਦਾਦ ਅਤੇ ਸੱਤਾ ਦੇ ਸੁਆਲਾਂ – ਵੱਲ ਉਨ੍ਹਾਂ ਦੇ ਨਜ਼ਰੀਏ ਤੋਂ ਤੈਅ ਹੁੰਦਾ ਹੈ। ਪ੍ਰੋ. ਨੋਸੀਨੋਵ ਨੂੰ ਇਹ ਉਦਾਹਰਣ ਮਨਜ਼ੂਰ ਨਹੀਂ। ਉਨ੍ਹਾਂ ਨੂੰ, ਇਸ ਦੇ ਉਲ਼ਟ, ਆਪਣੀਆਂ ਉਹ ਆਪੇ ਬਣਾਈਆਂ ‘ਪ੍ਰੀਭਾਸ਼ਾਵਾਂ’ ਹੀ ਪਸੰਦ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਮਾਜਸ਼ਾਸਤਰੀ ਮਨੋਵਿਸ਼ਲੇਸ਼ਣ ਦੁਆਰਾ ਘੜਿਆ ਹੈ। ‘ਖ਼ਾਸੇ ਜਾਂ ਸੁਭਾਅ’ ਦੀ ਉਹ ਅੱਖਰ-ਅੱਖਰ ਸਰੀਰ ਸਾਸ਼ਤਰ ਦੇ ਅਧਾਰ ‘ਤੇ ਵਿਆਖਿਆ ਕਰਦੇ ਹਨ। ਠੀਕ! ਅਸੀਂ ਕੀ ਕਰੀਏ, ਮਾਰਕਸਵਾਦ ਕੋਲ਼ ਕਿਸੇ ਵਿਚਾਰਧਾਰਾ ਦੇ ਜਮਾਤੀ ਖ਼ਾਸੇ ਨੂੰ ਪ੍ਰੀਭਾਸ਼ਤ ਕਰਨ ਦਾ ਹੋਰ ਕੋਈ ਪੈਮਾਨਾ ਵੀ ਤਾਂ ਨਹੀਂ ਹੈ।

ਪ੍ਰੋ. ਨੋਸੀਨੋਵ ਦੇ ਇਸ ਗੱਜਣ ਵਜਣ ਦਾ ਕੀ ਕਾਰਨ ਹੈ? ਕਾਰਨ ਸਪੱਸ਼ਟ ਹੈ। ਮੇਰੇ ਲੇਖ ਵਿੱਚ ਭ੍ਰਿਸ਼ਟ ਸਮਾਜਸ਼ਾਸਤਰ ਦੀ ਕਾਫੀ ਤਿੱਖੀ ਅਲੋਚਨਾ ਸੀ ਅਤੇ ਨਾਲ਼ ਹੀ ਇਹ ਸਬੂਤ ਵੀ ਸੀ ਕਿ ਇਸ ਸਮਾਜਸ਼ਾਸਤਰ ਨੂੰ ਮੈਨਸ਼ੇਵਿਕਾਂ ਦੇ ਕੱਟੜਵਾਦੀ ਮਾਰਕਸਵਾਦ ਵਿੱਚ ਲੱਭਿਆ ਜਾ ਸਕਦਾ ਹੈ। ਪ੍ਰੋ. ਨੋਸੀਨੋਵ ਨੂੰ ਲੱਗਿਆ ਹੋਵੇਗਾ ਕਿ ਇਹ ਅਲੋਚਨਾ ਖੁਦ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਲਿਖੀ ਗਈ ਹੈ, ਉਨ੍ਹਾਂ ਦਾ ਇਹ ਸੰਕਲਪ ਨਿਰਾਧਾਰ ਨਹੀਂ ਹੈ। ਆਖਰ, ਸ਼ੁਰੂ ਤੋਂ ਹੁਣ ਤੱਕ ਉਨ੍ਹਾਂ ਦੀਆਂ ਸਾਹਿਤਕ ਕਾਰਗੁਜ਼ਾਰੀਆਂ ਵਿੱਚ ਮੈਨਸ਼ੇਵਿਕਾਂ ਦਾ ਸਮਾਜਸ਼ਾਸਤਰ ਭਰਪੂਰ ਹੈ ਹੀ। ਨਤੀਜੇ ਵਜੋਂ, ਸਮਾਜ ਦੀਆਂ ਜਮਾਤਾਂ ਦੀ ਭ੍ਰਿਸ਼ਟ ਸਮਾਜਸ਼ਾਸਤਰੀ ਵਿਆਖਿਆ ਦੀ ਜੋ ਕੋਈ ਵੀ ਅਲੋਚਨਾ ਕਰੇਗਾ, ਉਸ ਨਾਲ਼ ਉਨ੍ਹਾਂ ਨੂੰ ਲੱਗੇਗਾ ਹੀ ਕਿ ਜਮਾਤੀ ਘੋਲ਼ ਦੇ ਆਮ ਸਿਧਾਂਤ ਨੂੰ ਨਕਾਰਿਆ ਜਾ ਰਿਹਾ ਹੈ। ਅਜਿਹਾ ਲੱਗਣਾ ਨਿਰਾਧਾਰ ਨਹੀਂ, ਇਹ ਸੁਭਾਵਕ ਹੀ ਹੈ।

ਆਪਣੇ ਦੌਰ ਦੇ ਜਮਾਤੀ ਘੋਲ਼ ਦੇ ਬੁਨਿਆਦੀ ਅਰਥ ਵੱਲ ਕਿਸੇ ਵੀ ਰਚਨਾਕਾਰ ਦਾ ਨਜ਼ਰੀਆ ਆਮ ਤੌਰ ਤੇ ਗੁੰਝਲ਼ਦਾਰ ਅਤੇ ਵਿਰੋਧੀਤਾਈਆਂ ਵਾਲ਼ਾ ਹੁੰਦਾ ਹੈ; ਉਸ ਦੇ ਅੰਦਰ ਵੱਖ ਵੱਖ ਪ੍ਰਵਿਰਤੀਆਂ ਮੌਜੂਦ ਹੋ ਸਕਦੀਆਂ ਹਨ। ਜਿਸ ਤਰ੍ਹਾਂ ਦੀਆਂ ਖੋਖਲੀਆਂ ‘ਪ੍ਰੀਭਾਸ਼ਾਵਾਂ’, ਜਿਵੇਂ ਕੁਲੀਨ ਮੱਧਵਰਗੀ ਜ਼ਮੀਨ ਮਾਲਕ, ਨਿੱਕ ਬੁਰਜੂਆ ਆਦਿ, ਪ੍ਰੋ. ਨੋਸੀਨੋਵ ਵਰਤਦੇ ਹਨ, ਉਨ੍ਹਾਂ ਨਾਲ਼ ਰਚਨਾਕਾਰ ਦੇ ਜਮਾਤੀ ਖਾਸੇ ਨੂੰ ਸਮਝਣ ਵਿੱਚ ਕੋਈ ਜ਼ਿਆਦਾ ਮਦਦ ਨਹੀਂ ਮਿਲ਼ਦੀ। ਇਹ ਪ੍ਰੀਭਾਸ਼ਾਵਾਂ ਤਾਂ ਸਿਰਫ਼ ਲੇਖਕ ਦੇ ਨਿੱਜੀ ਸਮਾਜਕ ਅਹੁਦੇ ਦਾ, ਜਾਂ ਉਸ ਦੀ ਉਸ ਉੱਚੀ ਵਿਚਾਰਧਾਰਕ ਹੱਦ ਦਾ ਇਸ਼ਾਰਾ ਕਰਦੀਆਂ ਹਨ ਜਿਸ ਦੀ ਉਹ ਉਲੰਘਣਾ ਨਹੀਂ ਕਰ ਸਕਦਾ। ਪਰ ਇਨ੍ਹਾਂ ਹੱਦਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਰਚਨਾਕਾਰ ਜਿਸ ਵਿਸ਼ੇਸ਼ ਅਤੇ ਗੁੰਝਲ਼ਦਾਰ ਵਿਕਾਸ ਦੀ ਪ੍ਰਕਿਰਿਆ ‘ਚੋਂ ਲੰਘਦਾ ਹੈ; ਜਿਸ ਵਿਕਾਸ ਦੇ ਕਾਰਨ ਹੀ ਉਹ ਸ਼ੇਕਸਪੀਅਰ ਜਾਂ ਤਾਲਸਤਾਏ ਬਣਦਾ ਹੈ, ਉਸ ਦੀ ਸਮਝ ਸਾਡੇ ਸਮਾਜਸ਼ਾਸਤਰੀਆਂ ਤੋਂ ਕੋਹਾਂ ਦੂਰ ਹੈ।

ਗਾਹੇ-ਬਗਾਹੇ ਸਾਡੇ ਸਾਹਿਤ ਇਤਿਹਾਸ ਦੇ ਰਚਨਾਕਾਰ ਖੁਦ ਭੈਅਭੀਤ ਹੋ ਕੇ ਇਹ ਪ੍ਰਵਾਨ ਕਰਦੇ ਹਨ ਕਿ ਇੱਕ ਹੀ ਰਚਨਾਕਾਰ (ਜਿਵੇਂ ਕਿ ਸ਼ੇਕਸਪੀਅਰ ਜਾਂ ਪੁਸ਼ਕਿਨ) ਦੇ ਜਮਾਤੀ ਖਾਸੇ ਦੀ ਵਿਆਖਿਆ ਕਰਨ ਲਈ ਵੀਹ ਜਾਂ ਤੀਹ ‘ਜਮਾਤੀ ਪ੍ਰੀਭਾਸ਼ਾਵਾਂ’ ਮੌਜੂਦ ਹਨ। ਇਹ ਹਾਲਤ ਕਿੰਨੀ ਹਾਸੋਹੀਣੀ ਹੈ! ਇਹ ਪ੍ਰੀਭਾਸ਼ਾਵਾਂ ਜੋ  ‘ਇਕਦਮ ਠੀਕ’ ਵੀ ਹਨ ਅਤੇ ਇੱਕ ਦੂਜੇ ਨਾਲ਼ੋਂ ਪੂਰੀ ਤਰ੍ਹਾਂ ਵੱਖਰੀਆਂ ਵੀ ਹਨ, ਸ਼ੱਕਵਾਦ ਦੇ ਇਲਾਵਾ ਹੋਰ ਕੀ ਪ੍ਰਭਾਵ ਪੈਦਾ ਕਰਨਗੀਆਂ? ਪ੍ਰੀਭਾਸ਼ਾਵਾਂ ਦੀ ਇਹ ਬਹੁਤਾਤ ਕਿੱਥੋਂ ਆ ਗਈ? ਇਸ ਦੇ ਜ਼ਰੂਰ ਕੁਝ ਕਾਰਨ ਹਨ। ਇੱਕ ਸਿੱਧਪੱਧਰੀ ਅਤੇ ਜਾਣੀ ਪਛਾਣੀ ਸੱਚਾਈ ਹੈ ਕਿ ਪੁਸ਼ਕਿਨ ਅਤੇ ਸ਼ੇਕਸਪੀਅਰ ਨੇ ਕੁਲੀਨ ਜਮਾਤ ਦੇ ਸਮਾਜਕ ਢਾਂਚੇ ਦੇ ਵਿਚਾਰਾਂ ਨੂੰ ਪ੍ਰਗਟਾਇਆ ਹੈ। ਬਸ, ਇਸ ਸੱਚਾਈ ਨੇ ਜਮਾਤੀ ਖਾਸੇ ਨੂੰ ਤੈਅ ਕਰਨ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਿਆਦਾ ਆਮ ਪ੍ਰੀਭਾਸ਼ਾ ਦਾ ਜਨਮ ਦਿੱਤਾ। ਪਰ, ਇਹ ਪ੍ਰੀਭਾਸ਼ਾ ਪੂਰੀ ਤਰ੍ਹਾਂ ਨਾਕਾਫ਼ੀ ਹੈ। ਕੁਲੀਨ ਜਮਾਤ ਦੇ ਰਾਜਤੰਤਰ ਦੀ ਵਿਚਾਰਧਾਰਾ ਵੱਖ ਵੱਖ ਯੁੱਗਾਂ ਵਿੱਚ ਅਤੇ ਵੱਖ ਵੱਖ ਢੰਗਾਂ ਨਾਲ਼ ਅਨੇਕ ਰਚਨਾਕਾਰਾਂ ਅਤੇ ਗ਼ੈਰ ਰਚਨਾਕਾਰਾਂ ਨੇ ਅਪਣਾਈ ਸੀ ਪਰ ਉਹ ਸਾਰੇ ਦੇ ਸਾਰੇ ਸ਼ੇਕਸਪੀਅਰ ਨਹੀਂ ਬਣ ਸਕੇ। ਇਹ ਗੱਲ ਸਾਡੇ ਸਮਾਜਸ਼ਾਸਤਰੀਆਂ ਦੇ ਦਿਮਾਗ਼ ਵਿੱਚ ਵੀ ਸਾਫ਼ ਹੈ। ਇਹੀ ਵਜਾ ਹੈ ਕਿ ਉਹ ਉਸ ਨਾ ਸੁਲਝਣ ਵਾਲ਼ੀ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹਨ; ਉਹ ਉਸ ਮਿਸ਼ਰਣ ਦੀ ਤਲਾਸ਼ ਵਿੱਚ ਹਨ ਜਿਸ ਵਿੱਚ ਪੁਸ਼ਕਿਨ ਜਾਂ ਸ਼ੇਕਸਪੀਅਰ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਸਾਰੇ ਕਾਵਿਕ ਗੁਣ ਸਮਾ ਸਕਣ। ਏਸੇ ਵਜ੍ਹਾ ਨਾਲ਼ ਉਹ ਪੂਰੀ ਤਰ੍ਹਾਂ ਬੇਹੂਦੀ ਅਤੇ ਪੂਰੀ ਤਰ੍ਹਾਂ ਸਟੀਕ ਬੈਠਣ ਵਾਲ਼ੀ ਗੁੰਝਲ਼ਦਾਰ ਪ੍ਰੀਭਾਸ਼ਾ ਨੂੰ ਘੜਦੇ ਫਿਰਦੇ ਹਨ। ਕਦੀ ਸਰਮਾਏਦਾਰੀ ਦੇ ਸੰਗਰਾਂਦੀ ਦੌਰ ਵਿੱਚ ਉਦਾਰਵਾਦੀ ਬੁਰਜੂਆ ਕੁਲੀਨ ਜਿਹੀ ਪ੍ਰੀਭਾਸ਼ਾ ਘੜਦੇ ਹਨ, ਕਦੀ ਵਿਉਪਾਰੀ ਬੁਰਜੂਆ ਜਮਾਤ ਦੇ ਕਾਰਕੁਨਾਂ ਵਿੱਚ ਸ਼ਾਮਲ ਹੋ ਰਹੇ ਸਰਮਾਏਦਾਰ ਜ਼ਮੀਨ ਮਾਲਕ, ਕਦੀ ਨਿੱਕ ਬੁਰਜੂਆ ਕੁਲੀਨ ਜਮਾਤ ਦੇ ਖੱਬੇਪੱਖ ਦੇ ਸੱਜੇਪੱਖ ਜਿਹੀ ਪ੍ਰੀਭਾਸ਼ਾਵਾਂ ਘੜਦੇ ਹਨ … ਮੇਰੇ ਪਿਆਰੇ ਦੋਸਤੋ! ਇਨ੍ਹ੍ਹਾਂ ਪ੍ਰੀਭਾਸ਼ਾਵਾਂ ਵਿੱਚ ਕੀ ਕਿਤੇ ਕੋਈ ਸਟੀਕਤਾ ਹੈ? ਜਿਸ ਕਿਸੇ ਦੇ ਕੋਲ਼ ਵੀ ਥੋੜ੍ਹੀ ਜਿਹੀ ਅਕਲ ਹੈ ਉਹ ਇਹ ਸਾਫ਼ ਤੌਰ ‘ਤੇ ਦੇਖ ਸਕਦਾ ਹੈ ਕਿ ਇਥੇ ਸਟੀਕ ਪ੍ਰੀਭਾਸ਼ਾ ਦੀ ਤਲਾਸ਼ ਦਾ ਨਤੀਜਾ ਠੀਕ ਪੁੱਠਾ ਹੋ ਗਿਆ ਹੈ।

ਸਾਹਿਤ ਦਾ ਇਤਿਹਾਸ ਇਸ ਤਰ੍ਹਾਂ ਅਬੁੱਝ ਹੀ ਰਹਿ ਜਾਂਦਾ ਹੈ। ਸੱਚਾਈ ਇਹ ਹੈ ਕਿ ਕੋਈ ਸਮੀਖਿਅਕ, ਲੋਟੂ ਹਾਕਮ ਜਮਾਤਾਂ ਦੇ ਵੱਖ-ਵੱਖ ਹਿੱਸਿਆਂ ਦੇ ਸੌੜੇ, ਮਾਮੂਲੀ ਅਤੇ ਛੋਟੇ ਤੋਂ ਛੋਟੇ ਹਿਤਾਂ ਦੀ ਡੂੰਘਾਈ ਵਿੱਚ ਜਿੰਨਾ ਹੀ ਜ਼ਿਆਦਾ ਜਾਂਦਾ ਹੈ ਓਨਾ ਹੀ ਉਹ ਕਲਾਕ੍ਰਿਤ ਦੇ ਸਹੀ ਅਤੇ ਸੰਸਾਰ ਇਤਿਹਾਸਕ ਸਾਰਤੱਤ ਤੋਂ ਦੂਰ ਹੁੰਦਾ ਜਾਂਦਾ ਹੈ। ਰਚਨਾਕਾਰ ਦੀ ਜਮਾਤੀ ਪੁਜ਼ੀਸ਼ਨ ਨੂੰ ਪ੍ਰੀਭਾਸ਼ਤ ਕਰਨ ਦਾ ਸਧਾਰਣ ਕਾਰਜ ਸਾਡੇ ਸਮਾਜਸ਼ਾਸਤਰੀਆਂ ਦੇ ਹੱਥਾਂ ਵਿੱਚ ਗਿੱਦੜਸਿੰਗੀ ਦੀ ਤਲਾਸ਼ ਬਣ ਜਾਂਦਾ ਹੈ। ਇੱਕ ਅਜਿਹਾ ਗੱਠਜੋੜ ਤਲਾਸ਼ ਕਰੋ ਜਿਸ ਦਾ ਮਹੱਤਵ ਪੁਸ਼ਕਿਨ ਦੀ ਕਵਿਤਾ ਦੀ ਬਰਾਬਰੀ ਦਾ ਹੋਵੇ, ਭਾਵ ਉਹ ਉਸ ਕਵਿਤਾ ਦਾ ‘ਸਮੀਕਰਣ’ ਹੋਵੇ! ਇਹ ਕੰਮ ਫਜ਼ੂਲ ਦਾ ਹੈ। ਅਜਿਹਾ ਗੱਠਜੋੜ ਤੁਸੀਂ ਨਹੀਂ ਲੱਭ ਸਕਦੇ। ਅਸਲ ਵਿਚ, ਪੁਸ਼ਕਿਨ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ; ਕੁਲੀਨ ਤਬਕਾ ਅਤੇ ਸਰਮਾਏਦਾਰ ਜਮਾਤ – ਭਾਵੇਂ ਉਹ ਇੱਕਜੁਟ ਹੋਣ ਜਾਂ ਵੰਡੇ ਹੋਏ – ਸਮਾਜ ਦੀਆਂ ਦੋ ਪਰਜੀਵੀ ਜਮਾਤਾਂ ਹੀ ਸਨ।      

ਕੁਲੀਨ ਜਮਾਤ ਦੀ ਵਿਚਾਰਧਾਰਾ ਦੇ ਨੁਮਾਇੰਦੇ ਹੋਣ ਕਾਰਨ ਪੁਸ਼ਕਿਨ ਇੱਕ ਜਮਾਤ ਸੀਮਤ ਕਲਾਕਾਰ ਸਨ। ਪਰ, ਇੱਕ ਮਹਾਨ ਕਲਾਕਾਰ ਵਜੋਂ ਉਨ੍ਹਾਂ ਨੇ ਆਪਣੀਆਂ ਕਲਾਕ੍ਰਿਤਾਂ ਵਿੱਚ ਕੁਝ ਅਜਿਹਾ ਰਚਿਆ ਜੋ ਰੂਸ ਦੇ ਜਗੀਰਦਾਰਾਂ ਦੇ ਹਿਤਾਂ ਨਾਲ਼ ਨਹੀਂ ਸਗੋਂ ਸਾਰੇ ਕੁਲੀਨ ਤਬਕੇ ਦੀਆਂ ਕਾਰਗੁਜ਼ਾਰੀਆਂ ਤੋਂ ਵੀ ਪਰ੍ਹੇ ਦਾ ਸੀ। ਭ੍ਰਿਸ਼ਟ ਸਮਾਜਸ਼ਾਸਤਰੀ ਇਸ ਸੱਚਾਈ ਨੂੰ ਪ੍ਰਵਾਨ ਕਰਦੇ ਹਨ, ਭਾਵੇਂ ਇਸ ਨੂੰ ਉਹ ਕਾਫੀ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਇਨ੍ਹਾਂ ਨੂੰ ਰੂਪਵਾਦ ਤੋਂ ਕਾਫ਼ੀ ਕੁਝ ਉਧਾਰ ਲੈਣਾ ਪੈਂਦਾ ਹੈ। ਉਹ ਜਿੱਤ ਦਾ ਐਲਾਨ ਕਰਦੇ ਹੋਏ ਕਹਿੰਦੇ ਹਨ ਕਿ ਪੁਸ਼ਕਿਨ ਇੱਕ ਬੁਰਜੂਆ ਜ਼ਮੀਨ ਮਾਲਕ ਸਨ, ਜਾਂ ਉਹ ਇਸ ਜ਼ਮੀਨ ਗ਼ੁਲਾਮਾਂ ਦੇ ਸਰਮਾਏਦਾਰ ਮਾਲਕ ਸਨ; ਉਹ ਨਿਰੰਕੁਸ਼ ਹਾਕਮ ਦੇ ਗੋਡੇ ਫੜ੍ਹਨ ਵਾਲ਼ੇ ਸਨ; ਉਹ ਇੱਕ ਅਜਿਹੇ ਸਾਹਿਤਕ ਵਿਉਪਾਰੀ ਸਨ ਜੋ ਆਪਣੀ ਕਵਿਤਾ ਰਾਹੀਂ ਆਪਣਾ ਸਮਾਜਕ ਮਾਣ-ਤਾਣ ਵਧਾਉਣਾ ਚਾਹੁੰਦੇ ਸਨ; ਇਨ੍ਹਾਂ ਗੱਲਾਂ ਨਾਲ਼ ਸਾਡੇ ਸਮਾਜਸ਼ਾਸਤਰੀ ਖੁਦ ਮਹਿਸੂਸ ਕਰਦੇ ਹਨ ਕਿ ਉਹ ਸੱਚ ਤੋਂ ਕਾਫੀ ਦੂਰ ਚਲੇ ਗਏ ਹਨ। ਪਲੈਖਾਨੋਵ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਮਾਜਕ ‘ਸਮੀਕਰਣ’ ਲੱਭਣਾ ਕਲਾਕ੍ਰਿਤ ਦੀ ਮਾਰਕਸਵਾਦੀ ਸਮੀਖਿਆ ਦਾ ਪਹਿਲਾ ਕਦਮ ਹੀ ਹੈ; ਉਸ ਦੇ ਬਾਅਦ ਉਸ ਦੇ ਰੂਪ ਸ਼ਿਲਪ ਦਾ ਮੁਲਾਂਕਣ ਵੀ ਕਰਨਾ ਚਾਹੀਦਾ ਹੈ। ਪਲੈਖਾਨੋਵ ਦੇ ਇਸ ਵਿਚਾਰ ਨੇ ਸਾਡੇ ਸਮਾਜਸ਼ਾਸਤਰੀਆਂ ਦੇ ਵਿਹਾਰ ਵਿੱਚ ਇੱਕ ਅਜੀਬ ਸੋਧ ਨੂੰ ਜਨਮ ਦਿੱਤਾ। ਜੇ ਪੁਸ਼ਕਿਨ ਸਿਰਫ਼ ਕਿਸੇ ਸੌੜੇ ਜਮਾਤੀ ਹਿਤਾਂ (ਕੁਲੀਨਾਂ ਦੇ ਛੋਟੇ ਜਿਹੇ ਸਮੂਹ ਦੇ ਹਿਤਾਂ) ਦੇ ਹੀ ਆਤਮਕ ਧੂਤਰੂ ਸਨ, ਤਾਂ ਫਿਰ ਕਵੀ ਵਜੋਂ ਉਨ੍ਹਾਂ ਦੀ ਮਹਾਨਤਾ ਕੀ ਸੀ? ਸਮਾਜਵਾਦੀ ਯੁੱਗ ਲਈ ਉਨ੍ਹਾਂ ਦਾ ਮਹੱਤਵ ਕੀ ਰਹਿ ਗਿਆ ਹੈ? ਇਨ੍ਹਾਂ ਸੁਆਲਾਂ ਦੇ ਜੁਆਬ ਵਿੱਚ ਸਾਡੇ ਸਮਾਜਸ਼ਾਸਤਰੀਆਂ ਕੋਲ਼ ਕੁਝ ਰਟੇ-ਰਟਾਏ ਫਿਕਰਿਆਂ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੈ ਜਿਵੇਂ ਕਿ ਪੁਸ਼ਕਿਨ ਮਾਹਰ ਸ਼ਿਲਪੀ ਸਨ, ਪ੍ਰਤਿਭਾਵਾਨ ਸਨ, ਗ਼ੈਰ ਸਧਾਰਣ ਗੁਣਾਂ ਦੇ ਭੰਡਾਰ ਸਨ ਆਦਿ।

ਇਸ ਤਰ੍ਹਾਂ ਨਤੀਜਾ ਇਹ ਨਿੱਕਲ਼ਦਾ ਹੈ ਕਿ ਇਹ ਬੇਸ਼ਰਮ ਵਿਅਕਤੀ (ਸਮਾਜਸ਼ਾਸਤਰੀਆਂ ਦੀ ਨਜ਼ਰ ਵਿੱਚ ਬੇਸ਼ਰਮ) ਮਹਾਨ ਸ਼ਿਲਪੀ ਸੀ, ਉਹ ਕੋਈ ਵੀ ਮਾਮੂਲੀ ਸਵਾਰਥ ਭਰਿਆ ਵਿਚਾਰ ਲੈ ਕੇ ਰੂਪ ਦੀ ਨਜ਼ਰ ਤੋਂ ਅਦਭੁੱਤ ਕ੍ਰਿਤ ਰਚ ਸਕਦਾ ਸੀ। ਸਾਨੂੰ ਅਤੀਤ ਦੇ ਮਹਾਨ ਕਲਾਕਾਰਾਂ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਇੱਕ ਸੌੜੇ ਅਤੇ ਸਤਹੀ ਕਥਾਨਕ ਨੂੰ ਪੂਰਣਤਾ ਅਤੇ ਸੁੰਦਰਤਾ ਵਿੱਚ ਢਾਲ਼ਿਆ ਜਾ ਸਕਦਾ ਹੈ; ਸਾਨੂੰ ਧੂੰਏ ਦਾ ਪਰਦਾ ਬਣਾਉਣ ਦੀ ਚਲਾਕੀ ਸਿੱਖਣੀ ਚਾਹੀਦੀ ਹੈ। ਭ੍ਰਿਸ਼ਟ ਸਮਾਜਸ਼ਾਸਤਰ ਦੇ ਤਰਕਾਂ ਵਿੱਚ ਇਹੀ ਸੰਭਾਵੀ ਨਤੀਜਾ ਨਿੱਕਲਦਾ ਹੈ। ਅਸਲ ਵਿੱਚ, ਲੇਖਕ ਦੀ ਸਮਾਜਕ ਭੂਮਿਕਾ ਬਾਰੇ ਇਹ ਇੱਕ ਦੋਸ਼ਪੂਰਣ ਅੱਤਵਾਦੀ ਨਜ਼ਰੀਆ ਹੈ। ਇਹ ਨਜ਼ਰੀਆ ਸਮਕਾਲੀ ਸਾਹਿਤਕ ਕਾਰਜ ਦੀ ਮਦਦ ਨਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਂਦਾ ਹੈ। ਇਸ ਸਿਧਾਂਤ ਅਨੁਸਾਰ, ਕਲਾਕਾਰ ਇੱਕ ਅਜਿਹਾ ਵਪਾਰਕ ਕਲਾ ਨਿਪੁੰਨ ਜੀਵ ਹੁੰਦਾ ਹੈ ਜੋ ਸਮਾਜਕ ਆਲ਼ੇ ਦੁਆਲ਼ੇ ਦੁਆਰਾ ਦਿੱਤੀ ਹੋਈ ਵਿਸ਼ਾਵਸਤੂ ਦੀ ਮਹਾਨਤਾ ਜਾਂ ਨਿਗੂਣੇਪਨ ਬਾਰੇ ਉਦਾਸੀਨ ਰਹਿੰਦਾ ਹੈ, ਨਾ ਉਸ ਸਭ ਨਾਲ਼ ਉਸ ਦਾ ਕੋਈ ਸਰੋਕਾਰ ਹੁੰਦਾ ਹੈ। ਪੁਸ਼ਕਿਨ ਆਪਣੀ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ‘ਪੋਲਤਾਵਾ’ ਲਿਖੀ। ਸ਼ੇਕਸਪੀਅਰ ਇੱਕਤੰਤਰਵਾਦ ਅਤੇ ਕੁਲੀਨ ਜਮਾਤ ਦੀ ਸੱਤਾ ਦੇ ਸੋਹਲੇ ਗਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਆਪਣੇ ਵਚਿੱਤਰ ਇਤਿਹਾਸਕ ਨਾਟਕ ਲਿਖੇ। ਇਸ ਤਰ੍ਹਾਂ ਦੀ ਸਮੀਖਿਆ ਨਾਲ਼ ਭ੍ਰਿਸ਼ਟ ਸਮਾਜਸ਼ਾਸਤਰ ਨੰਗੇ ਰੂਪਵਾਦ ਵਿੱਚ ਤਬਦੀਲ ਹੋ ਜਾਂਦਾ ਹੈ। ਕਲਾਕਾਰ ਦੀ ਪ੍ਰਤਿਭਾ ਉਹ ਗੁਣ ਹੈ ਜੋ ਸਾਰੇ ਇਤਿਹਾਸਕ ਸਬੰਧਾਂ ਤੋਂ ਪਰ੍ਹੇ ਹੈ, ਸਮਾਜਸ਼ਾਸਤਰ, ‘ਜਮਾਤੀ ਵਿਸ਼ਲੇਸ਼ਣ’ ਨਾਲ਼ ਸਬੰਧਤ ਆਪਣੇ ਐਲਾਨਾਂ ਦੇ ਬਾਵਜੂਦ ਕਲਾਰੂਪਾਂ ਨੂੰ ਸਮਾਜਕ ਸਬੰਧਾਂ ਦੀ ਚਾਰਦੀਵਾਰੀ ਤੋਂ ਬਾਹਰ ਸੁੱਟ ਦਿੰਦਾ ਹੈ; ਉਹ ਰੂਪਕ ਪੱਖ ਨੂੰ ਜਮਾਤਾਂ ਤੋਂ ਬਾਹਰੀ ਚੀਜ਼ ਮੰਨਦਾ ਹੈ, ਜਦ ਕਿ ਕਲਾਕਾਰ ਦੇ ਸੁਹਜਾਤਮਕ ਵਿਸਥਾਰ ਨੂੰ ਅਜਿਹੀ ਮਿਕਦਾਰ ਸਮਝਿਆ ਜਾਂਦਾ ਹੈ ਜਿਸ ਦਾ ਇਤਿਹਾਸਕ ਮੁਲਾਂਕਣ ਹੋ ਹੀ ਨਹੀਂ ਸਕਦਾ।

ਅਜਿਹਾ ਸੋਚਿਆ ਜਾਂਦਾ ਹੈ ਕਿ ਕਲਾਕਾਰ ਦਾ ਕੰਮ ਤਾਂ ਵਧੀਆ ਰੂਪ ਦੀ ਓਟ ਵਿੱਚ ਸੌੜੀ ਜਮਾਤੀ ਵਿਸ਼ਾਵਸਤੂ ਨੂੰ ਛੁਪਾਉਣਾ ਹੈ। ਅੰਤਰਦ੍ਰਿਸ਼ਟੀ ਨਾਲ਼ ਲੈਸ ਸਮਾਜਸ਼ਾਸਤਰੀ ਦਾ ਕੰਮ ਕਲਾਕਾਰ ਦੀ ਪੋਲ ਖੋਲ੍ਹਣਾ ਜਾਂ ਗ਼ੈਰ ਸਧਾਰਣ ਮੁਹਾਰਤ ਨਾਲ਼ ਲੁਕਾਏ ਗਏ ਜਮਾਤੀ ਇਰਾਦਿਆਂ ਨੂੰ ਜ਼ਾਹਰ ਕਰਨਾ ਹੈ।

ਜਦ ਕਦੀ ਭ੍ਰਿਸ਼ਟ ਸਮਾਜਸ਼ਾਸਤਰ ਸਿਰਜਣਾਤਮਕ ਕਲਾ ਦੇ ਸੁਹਜਾਤਮਕ ਮਹੱਤਵ ‘ਤੇ ਨਜ਼ਰਸਾਨੀ ਕਰਦਾ ਹੈ ਤਾਂ ਉਹ ਮਾਰਕਸਵਾਦੀ ਸ਼ਬਦਾਂ ਤੱਕ ਨੂੰ ਭੁਲਾ ਬੈਠਦਾ ਹੈ ਅਤੇ ਥੋਥੇ ‘ਰੂਪਕ ਪੱਖ ਦੇ ਵਿਸ਼ਲੇਸ਼ਣ’ ਜਾਂ ਖੁਦ ਦੇ ਘੜੇ ਘੜਾਏ ਸੰਕਲਪਾਂ ਵੱਲ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਹੈ।

ਤਦ, ਜਮਾਤੀ ਵਿਸ਼ਲੇਸ਼ਣ ਨੂੰ ਨਕਾਰਨ ਦਾ ਕੰਮ ਕੌਣ ਕਰਦਾ ਹੈ? ਇਹੀ ਲੋਕ ਜੋ ਸਾਹਿਤਕ ਵਿਗਿਆਨਕ ਹੋਣ ਦਾ ਦਾਅਵਾ ਕਰਦੇ ਹਨ ਅਤੇ ਜੋ ਪ੍ਰੋ. ਨੋਸੀਨੋਵ ਦੇ ਨਾਲ਼ ਨਾਲ਼ ਨਵੀਂ ਕੁਲੀਨ ਜਮਾਤ ਦਾ, ਵਿਉਪਾਰੀ ਜ਼ਮੀਨ ਮਾਲਕ ਜਮਾਤ ਆਦਿ ਦਾ ਰਾਤ ਦਿਨ ਰੋਣਾ ਰੋਂਦੇ ਰਹਿੰਦੇ ਹਨ। ਇਸ ਤਰ੍ਹਾਂ, ਇਹ ਲੋਕ ਸਾਹਿਤ ਇਤਿਹਾਸ ਦੀ ਬੁਨਿਆਦੀ ਸਮੱਸਿਆ ਨੂੰ ਅੱਖੋਂ ਪਰੋਖੇ ਕਰਦੇ ਹਨ – ਭਾਵ ਇਹ ਭੁੱਲ ਜਾਂਦੇ ਹਨ ਕਿ ਮਨੁੱਖ ਜਾਤੀ ਦੇ ਕਲਾ ਵਿਕਾਸ ਦੀ, ਖਾਸ ਕਰਕੇ ਜਮਾਤੀ ਘੋਲ਼ ਦੇ ਸਾਰੇ ਇਤਿਹਾਸ ਨਾਲ਼ ਜੋੜ ਕੇ, ਵਿਆਖਿਆ ਕਿੰਝ ਕੀਤੀ ਜਾਵੇ। ਸਾਹਿਤ ਇਤਿਹਾਸ ਦੀ ਵਿਆਖਿਆ ਇਸ ਤਰ੍ਹਾਂ ਤਾਂ ਕਾਫੀ ਸੌਖਾਲੀ ਹੋ ਜਾਂਦੀ ਜੇ ਇਤਿਹਾਸਕਾਰ ਦੇ ਜਿੰਮੇ ਮਹਾਨ ਰਚਨਾਕਾਰਾਂ ਨੂੰ ਸਿਰਫ਼ ਰੰਗੇ ਹੱਥੀਂ ਫੜ੍ਹਨ ਦਾ ਕੰਮ ਅਤੇ ਇਹ ਦਰਸਾਉਣ ਦਾ ਕੰਮ ਹੀ ਹੁੰਦਾ ਕਿ ਉਹ ਆਪਣੇ ਜਨਮ, ਸਿੱਖਿਆ ਅਤੇ ਸਿਆਸੀ ਵਿਸ਼ਵਾਸਾਂ ਅਨੁਸਾਰ ਲੋਟੂ ਹਾਕਮ ਜਮਾਤਾਂ ਦੇ ਹੀ ਸਕੇ ਸਨ।

ਪ੍ਰੋ. ਨੋਸੀਨੋਵ ਨੇ ਜਿਸ ਤਰ੍ਹਾਂ ਦੀਆਂ ਪ੍ਰੀਭਾਸ਼ਾਵਾਂ ਦਿੱਤੀਆਂ ਹਨ ਉਸ ਤਰ੍ਹਾਂ ਦੀਆਂ ਭ੍ਰਿਸ਼ਟ ਸਮਾਜਸ਼ਾਸਤਰੀ ਪ੍ਰੀਭਾਸ਼ਾਵਾਂ ਸਿਰਜਣਾਤਮਕ ਕਲਾ ਦੇ ਅਧਿਐਨ ਵਿੱਚ ਬਹੁਤ ਘੱਟ ਮਦਦਗਾਰ ਸਾਬਤ ਹੁੰਦੀਆਂ ਹਨ। ਪਰ, ਇਨ੍ਹਾਂ ਪ੍ਰੀਭਾਸ਼ਾਵਾਂ ਨਾਲ਼ ਸ਼ਾਇਦ ਸਮਾਜਕ ਵਿਚਾਰ ਪ੍ਰਵਾਹ ਦੇ ਇਤਿਹਾਸ ਹੇਠ ਹਰ ਕਲਾਕਾਰ ਦੇ ਉਸ ਦੀ ਆਪਣੀ ਥਾਂ ਦੀ ਤੈਅਕਾਰੀ ਵਿੱਚ ਅਤੇ ਉਸ ਦੇ ਸਿਆਸੀ ਵਿਚਾਰਾਂ ਨੂੰ ਸਮਝਣ ਵਿੱਚ, ਸੰਖੇਪ ਵਿੱਚ, ਉਸ ਦੇ ਜਮਾਤੀ ਸਬੰਧਾਂ ਨੂੰ ਤੈਅ ਕਰਨ ਵਿੱਚ ਮਦਦ ਜ਼ਰੂਰ ਮਿਲ਼ਦੀ ਹੈ। ਪਰ, ਮੇਰੇ ਵਿਚਾਰ ਵਿੱਚ, ਉੱਥੇ ਵੀ ਉਹ ਸਿਰਫ਼ ਭਰਮਾਂ ਦੀ ਰਚਨਾ ਹੀ ਕਰਦੇ ਹਨ। ਸਾਡੇ ਭ੍ਰਿਸ਼ਟ ਸਮਾਜਸ਼ਾਸਤਰੀਆਂ ਨੇ ਪਿਛਲੇ ਦਿਨੀਂ ਪੁਸ਼ਕਿਨ ਦੇ ਰਾਜਤੰਤਰਵਾਦ ‘ਤੇ ਹੀ ਜ਼ਿਆਦਾ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਫਰੇਬ ਤਲਾਸ਼ਿਆ ਹੈ। ਪਰ ਸਾਡੇ ਇਨ੍ਹਾਂ ਮਹਾਂਗਿਆਨੀਆਂ ਨੂੰ ਕੀ ਇਹ ਪਤਾ ਹੈ ਕਿ ਅਠਾਰਵੀਂ ਸਦੀ ਦੀ ਇਨਕਲਾਬੀ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਦੇ ਬੁਲਾਰਿਆਂ (ਵਲਤੇਅਰ, ਮੋਨਤੇਸਕਿਊ, ਆਗ੍ਰੇਨਸਾਂ, ਰੂਸੋ, ਹੇਲਵੇਤਿਅਸ, ਦਿਦਰੋ ਆਦਿ) ਦੇ ਵਿੱਚ ਇੱਕ ਵੀ ਗਣਤੰਤਰਵਾਦੀ ਨਹੀਂ ਸੀ। ਕੀ ਉਨ੍ਹਾਂ ਨੂੰ ਪਤਾ ਹੈ ਕਿ ਪੁਸ਼ਕਿਨ ਦੇ ਮੁਕਾਬਲੇ ਵਾਲਤੇਅਰ ਨੇ ਰਾਜਤੰਤਰਵਾਦੀ ਵਿਸ਼ਾ ਵਸਤੂ ਦੀਆਂ ਕਵਿਤਾਵਾਂ ਜ਼ਿਆਦਾ ਲਿਖੀਆਂ ਸਨ? ਕੁਲੀਨ ਜਮਾਤ ਜਾਂ ਸੰਸਦੀ ਜਮਹੂਰੀਅਤ ਦੇ ਸਿਖ਼ਰਲੇ ਆਗੂਆਂ ਦੇ ਮੁਕਾਬਲੇ, ਜਾਗ੍ਰਿਤੀ ਫੈਲਾਉਣ ਵਾਲ਼ੇ ਨਿਰੰਕੁਸ਼ ਤੰਤਰ ਵਿੱਚ ਕਿਤੇ ਜ਼ਿਆਦਾ ਵਿਸ਼ਵਾਸ ਕਰਦੇ ਸਨ। ਹਾਲਾਂ ਕਿ ਇਨ੍ਹਾਂ ਜਾਗ੍ਰਿਤੀ ਫੈਲਾਉਣ ਵਾਲ਼ਿਆਂ ਦੇ ਨਿਰੰਕੁਸ਼ ਤੰਤਰਵਾਦ ਵਿਚ, ਨਿਆਂ ਦਾ ਮੁਕਟ ਧਾਰਨ ਕਰਨ ਵਾਲ਼ੇ ਹੰਕਾਰੀ ਲੋਕਾਂ ਜਾਂ ਪੜ੍ਹੇ ਲਿਖੇ ਥੋੜ੍ਹੇ ਜਿਹੇ ਬੁੱਧੀਜੀਵੀਆਂ ਦੇ ਸਵਾਰਥ ਦੇ ਮੁਕਾਬਲੇ ਕਿਤੇ ਜ਼ਿਆਦਾ ਜਮਹੂਰੀਅਤ ਸੀ। ਇਸ ਤਰ੍ਹਾਂ ਦੀਆਂ ਵਿਰੋਧਤਾਈਆਂ ਇਤਿਹਾਸ ਦੇ ਸਫ਼ਿਆਂ ਵਿੱਚ ਭਰੀਆਂ ਪਈਆਂ ਹਨ।

ਸ਼ੇਕਸਪੀਅਰ ਦਾ ਪਿੱਤਰਸੱਤਾਵਾਦੀ, ਰਾਜਤੰਤਰਵਾਦੀ ਯੂਟੋਪੀਆ ਇੱਕ ਵੱਖਰੀ ਚੀਜ਼ ਹੈ; ਅਤੇ ‘ਨਵੀਂ ਕੁਲੀਨ ਜਮਾਤ’ ਦੇ ਸਿਆਸੀ ਕਾਰਨਾਮੇ ਪੂਰੀ ਤਰ੍ਹਾਂ ਦੂਜੀ ਚੀਜ਼। ਮੱਧ ਯੁੱਗਾਂ ਵਿੱਚ ਲੋਕਾਈ ਆਪਣੇ ਸਮਾਜ ਨੂੰ ਉਸ ਅਤੀਤ ਦੇ ਯੁੱਗ ਵਿੱਚ ਵਾਪਸ ਲੈ ਜਾਣਾ ਚਾਹੁੰਦੀ ਸੀ ਜਿਸ ਵਿੱਚ ਆਦਮ ਫਲ਼ ਫੁੱਲ ਲੱਭਦਾ ਫਿਰਦਾ ਸੀ ਅਤੇ ਉਸ ਦੀ ਪਤਨੀ ਹਵਾ ਸੂਤ ਕੱਤਦੀ ਸੀ। ਇਹ ਰੁਝਾਨ ਬਿਨਾਂ ਸ਼ੱਕ ਪਿਛਾਖੜੀ ਸੀ। ਪਰ ਸੰਸਾਰ ਇਤਿਹਾਸ ਦੇ ਨਜ਼ਰੀਏ ਤੋਂ ਇਸ ਪਿਛਾਖੜ ਅੰਦਰ, ਬਾਅਦ ਦੇ ਯੁੱਗਾਂ ਦੇ ਜ਼ਿਆਦਾਤਰ ਤਰੱਕੀਪਸੰਦ ਰਚਨਾਕਾਰਾਂ ਦੇ ਮੁਕਾਬਲੇ, ਕਿਤੇ ਜ਼ਿਆਦਾ ਬਗ਼ਾਵਤ ਲੁਕੀ ਸੀ।

ਇਸ ਦੇ ਬਾਅਦ ਵੀ ਨੋਸੀਨੋਵ ਸਾਹਿਬ ਸੋਚਦੇ ਹਨ ਕਿ ਕਿਸੇ ਪੁਰਾਤਨ ਰਚਨਾਕਾਰ ਦੀ ਪ੍ਰਗਤੀਸ਼ੀਲਤਾ ਸਿੱਧ ਕਰਨ ਲਈ ਉਸ ਨੂੰ ‘ਸਰਮਾਏਦਾਰ ਜ਼ਮੀਨ ਮਾਲਕ’ ਵਜੋਂ ਵਰਗੀਕ੍ਰਿਤ ਕਰਨਾ ਲਾਜ਼ਮੀ ਹੈ। ਇਹ ਸਲੂਕ ਸ਼ੇਕਸਪੀਅਰ ਦੇ ਨਾਲ਼ ਵੀ ਹੋਇਆ ਹੈ। ਪੁਸ਼ਕਿਨ ਦੀ ਤਰ੍ਹਾਂ, ਸ਼ੇਕਸਪੀਅਰ ਨੂੰ ਵੀ ਪਿਛਲੇ ਦਿਨੀਂ ‘ਨਵ ਸਰਮਾਏਦਾਰੀ ਕੁਲੀਨ ਜਮਾਤ ਦੇ ਹਿਤਾਂ ਦਾ ਬੁਲਾਰਾ’ ਗ਼ਰਦਾਨਿਆ ਗਿਆ ਹੈ। ਸ਼ੇਕਸਪੀਅਰ ਦੇ ਮਨੁੱਖਤਾਵਾਦ ਨੂੰ ਇਸ ਅਧਾਰ ਤੱਤ ਦੇ ਨਿਚੋੜ ਵਜੋਂ ਸਮਝਣਾ ਬੜਾ ਹੀ ਹੈਰਾਨੀਜਨਕ ਲਗਦਾ ਹੈ। ਸ਼ੇਕਸਪੀਅਰ ਦੀ ਪ੍ਰਤਿਭਾ ਨੂੰ ਉਨ੍ਹਾਂ ਲੁਟੇਰੀਆਂ ਜਮਾਤਾਂ ਨਾਲ਼ ਜੋੜ ਕੇ ਦੇਖਣ ਦੀ ਸਿਤਮ ਜ਼ਰੀਫ਼ੀ ਦੀ ਕਲਪਨਾ ਕਰੋ ਜੋ ਲੋਕਾਈ ਦੇ ਹਿਤਾਂ ਦੀਆਂ ਵਿਰੋਧੀ ਸਨ।

ਲੈਨਿਨਵਾਦ ਸੰਸਾਰ ਸਾਹਿਤ ਦੇ ਪੂਰਾਤਨ ਮਹਾਨ ਗ੍ਰੰਥਾਂ ਵਲ ਪੂਰੀ ਤਰ੍ਹਾਂ ਵੱਖਰਾ ਰਵੱਈਆ ਅਪਣਾਉਣ ਦੀ ਮੰਗ ਕਰਦਾ ਹੈ। ਕੀ ਵਜਾ ਸੀ ਕਿ ਲੈਨਿਨ ਨੇ ਵਾਰ ਵਾਰ ਪੂਰੀ ਲਗਨ ਅਤੇ ਪਿਆਰ ਨਾਲ਼ ਤਾਲਸਤਾਏ ਦੇ ਸੁਆਲ ‘ਤੇ ਚਿੰਤਨ-ਮਨਨ ਕੀਤਾ? ਸਿਰਫ਼ ਇਸ ਵਜਾ ਕਰਕੇ ਕਿ ਉਨ੍ਹਾਂ ਨੇ ਤਾਲਸਤਾਏ ਦੀਆਂ ਸਿਰਜਣਾਤਮਕ ਕ੍ਰਿਤਾਂ ਵਿੱਚ ਆਪਾਵਿਰੋਧੀ ਅਤੇ ਗੁੰਝਲ਼ਦਾਰ ਇਤਿਹਾਸਕ ਲੋਕ ਲਹਿਰਾਂ ਦੇ ਵਿਕਾਸ ਦੀ ਝਾਕੀ ਦੇਖੀ ਸੀ। ਅਸੀਂ ਜਾਣਦੇ ਹਾਂ ਕਿ ਅਤੀਤ ਦੀਆਂ ਸਭ ਤੋਂ ਡੂੰਘੀਆਂ ਅਤੇ ਸਭ ਤੋਂ ਇਨਕਲਾਬੀ ਲਹਿਰਾਂ ਨੇ ਆਪਣੇ ਅੰਦਰ ਅਕਸਰ ਪਿੱਤਰਸੱਤਾਵਾਦੀ, ਧਾਰਮਿਕ ਅਤੇ ਵੈਰਾਗੀ ਤੱਤ ਲੁਕਾਏ ਹੋਏ ਸਨ (ਮੱਧ ਯੁੱਗ ਦੀਆਂ ਲੋਕ ਧਰਮ ਉਲੰਘਣ ਦੀਆਂ ਘਟਨਾਵਾਂ ਅਤੇ ਜਰਮਨੀ ਦੇ ਕਿਸਾਨ ਯੁੱਧਾਂ ਨੂੰ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ)। ਅਸੀਂ ਇਹ ਵੀ ਜਾਣਦੇ ਹਾਂ ਕਿ ਕੁਲੀਨ ਜਮਾਤ ਅਤੇ ਸਰਮਾਏਦਾਰੀ ਤਬਕਿਆਂ ਨਾਲ਼ ਆਏ ਅਨੇਕ ਪ੍ਰਤਿਭਾਸ਼ਾਲੀ ਵਿਅਕਤੀ ਆਪਣੇ ਪੈਦਾਇਸ਼ੀ ਅਤੇ ਹਾਸਲ ਕੀਤੇ ਗਏ ਜਮਾਤੀ ਤੁਅੱਸਬਾਂ ਦੇ ਬਾਵਜੂਦ ਅਕਸਰ ਲੋਕਾਂ ਦੇ ਸੱਚੇ ਰਚਨਾਕਾਰ ਹੋਏ ਹਨ। ਤਾਲਸਤਾਏ ਅਤੇ ਸ਼ੇਕਸਪੀਅਰ ਦੀਆਂ ਕ੍ਰਿਤਾਂ ਵਿੱਚ ਜੀਵੰਤ ਅਤੇ ਮ੍ਰਿਤ ਤੱਤ ਇੱਕ ਦੂਜੇ ਨਾਲ਼ ਡੂੰਘੇ ਰੂਪ ਵਿੱਚ ਗੁੱਥੇ ਹੋਏ ਹਨ। ਪਰ ਜੀਵੰਤ ਤੱਤ ਬਾਜ਼ੀ ਮਾਰ ਜਾਂਦੇ ਹਨ। ਭਾਵੇਂ ਕਿ, ਜਿਉਂ ਜਿਉਂ ਜਮਾਤੀ ਘੋਲ਼ ਤੇਜ਼ ਹੁੰਦਾ ਜਾਂਦਾ ਹੈ ਅਤੇ ਸਮਾਜਕ ਤਾਕਤਾਂ ਦਾ ਧਰੁਵੀਕਰਨ ਹੋਣ ਲਗਦਾ ਹੈ, ਉਵੇਂ ਉਵੇਂ ਹੀ ਰੂੜ੍ਹੀਵਾਦੀ ਅਤੇ ਲੋਕਵਾਦੀ ਰੁਝਾਨਾਂ ਦਾ ਇਹ ਸਹਿਜ ਮਿਸ਼ਰਣ ਵੀ ਸਾਫ਼ ਹੋਣ ਲਗਦਾ ਹੈ। ਅੱਜ ਦੇ ਯੁੱਗ ਵਿਚ, ਲੇਖਕ ਤੋਂ ਘੋਲ਼ ਕਰ ਰਹੀ ਲੋਕਾਈ ਦਾ ਸੁਚੇਤ ਸਹਿਯੋਗੀ ਬਣਨ ਦੀ ਉਮੀਦ ਕੀਤੀ ਜਾਂਦੀ ਹੈ। ਤਾਲਸਤਾਏ ਦਾ ਥਾਂ ਅੱਜ ਗੋਰਕੀ ਲੈ ਲੈਂਦੇ ਹਨ।

ਜਮਾਤੀ ਘੋਲ਼ ਦੀਆਂ ਅਵਿਕਸਤ ਮੰਜ਼ਲਾਂ ਦੌਰਾਨ ਹੀ ਇੱਕ ਮਹਾਨ ਲੇਖਕ ਬਣਨਾ ਅਤੇ ਨਾਲ਼ ਹੀ ਇੱਕ ਪਿਛਾਖੜੀ ਵਿਚਾਰਵਾਦੀ ਚਿੰਤਕ ਜਾਂ ਉਦਾਰਚਿਤ ਰੂੜ੍ਹੀਵਾਦੀ ਬਣਨਾ ਸੰਭਵ ਸੀ। ਮਾਰਕਸ ਨੇ ਜਰਮਨੀ ਵਿੱਚ ਗੇਟੇ ਅਤੇ ਸ਼ਿਲਰ ਦੇ ਯੁੱਗ ਬਾਰੇ ਲਿਖਿਆ : ‘ਅਸੀਂ ਇੱਥੇ ਜਾਇਦਾਦਾਂ ਜਾਂ ਜਮਾਤਾਂ ਦੀਆਂ ਗੱਲਾਂ ਨਹੀਂ ਕਰ ਸਕਦੇ, ਅਸੀਂ ਤਾਂ ਸਿਰਫ਼ ਪਿਛਲੇ ਜ਼ਮਾਨੇ ਦੀ ਜਾਇਦਾਦਾਂ ਅਤੇ ਅਣਜੰਮੀਆਂ ਜਮਾਤਾਂ ਦੀਆਂ ਗੱਲਾਂ ਕਰ ਸਕਦੇ ਹਾਂ।’1 ਲੈਨਿਨ ਨੇ ਤਾਲਸਤਾਏ ਬਾਰੇ ਲਿਖਿਆ ਕਿ ਉਨ੍ਹਾਂ ਦੇ ਯੁੱਗ ਵਿੱਚ ਪੁਰਾਣੀਆਂ ਚੀਜ਼ਾਂ ਖ਼ਤਮ ਹੋ ਰਹੀਆਂ ਸਨ ਪਰ ਉਨ੍ਹਾਂ ਦੀ ਥਾਂ ਨਵੀਆਂ ਚੀਜ਼ਾਂ ਨੇ ਨਹੀਂ ਲਈ ਸੀ। ਇਸ ਤਰ੍ਹਾਂ ਦੇ ਇਤਿਹਾਸਕ ਹਾਲਾਤ ਦੌਰਾਨ ਸੱਚਮੁੱਚ ਬੁਹਤ ਜ਼ਿਆਦਾ ਭਰਮ ਪੈਦਾ ਹੋ ਜਾਂਦਾ ਹੈ (ਖ਼ਾਸ ਕਰਕੇ ਲੋਕਾਂ ਦੀ ਚੇਤਨਾ ਵਿਚ); ਅਜਿਹੀਆਂ ਬਹੁਤ ਸਾਰੀਆਂ ਗੁੰਝਲ਼ਦਾਰ ਗੁੱਥੀਆਂ ਉਲ਼ਝੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਇਤਿਹਾਸ ਸੁਲ਼ਝਾਉਦਾ ਚਲਦਾ ਹੈ। ਲੈਨਿਨ ਲਈ, ਉਦਾਰਵਾਦੀ ਮੈਨਸ਼ੇਵਿਕ ਕਠਮੁੱਲਾਵਾਦੀ ਨਾਲ਼ ਘੋਲ਼ ਕਰਦੇ ਹੋਏ, ਇਤਿਹਾਸਕ ਵਿਕਾਸ ਦੇ ਵਿਸ਼ੇਸ਼ ਅਤੇ ਵਿਰੋਧਤਾਈ ਵਾਲ਼ੇ ਸੁਭਾਅ ਨੂੰ ਰੇਖਾਂਕਤ ਕਰਨਾ ਅਤੀ ਜ਼ਰੂਰੀ ਸੀ।

ਪ੍ਰੋ. ਨੋਸੀਨੋਵ ‘ਭਰਮ’ ਸ਼ਬਦ ਦੀ ਵਰਤੋਂ ਤੋਂ ਬੜੇ ਨਰਾਜ਼ ਹਨ ਜਿਵੇਂ ਕਿ ‘ਈਵਨਿੰਗ ਮਾਸਕੋ’ ਵਿੱਚ ਛਪੀ ਰਿਪੋਰਟ ਤੋਂ ਪਤਾ ਲਗਦਾ ਹੈ। ਉਨ੍ਹਾਂ ਨੂੰ ਇਸ ਵਿੱਚ ‘ਜਮਾਤੀ ਪ੍ਰੀਭਾਸ਼ਾਵਾਂ’ ਦਾ ਨਿਸ਼ਚਿਤ ਨਿਖੇਧ ਨਜ਼ਰ ਆਉਂਦਾ ਹੈ। ਇਸ ਦੀ ਵਜ੍ਹਾ ਕੀ ਹੈ? ਕਿਉਂਕਿ ਇਤਿਹਾਸ ਵਿੱਚ ਪੂਰੀ ਤਰ੍ਹਾਂ ਭਰਮ ਦੀ ਅਜਿਹੀ ਹਾਲਤ ਕਦੀ ਵੀ ਨਹੀਂ ਆਉਂਦੀ ਜੋ ਸਮਝ ਤੋਂ ਪਰ੍ਹੇ ਹੋਵੇ; ਪਰ ਸਾਪੇਖਕ ਅਤੇ ਅਸਥਾਈ ਭਰਮ ਦੀ ਹਾਲਤ ਜ਼ਰੂਰ ਪੈਦਾ ਹੁੰਦੀ ਹੈ। ਸ਼ਾਇਦ ਪ੍ਰੋ. ਨੋਸੀਨੋਵ ਨੂੰ ਇਸ ਸੱਚਾਈ ਦਾ ਗਿਆਨ ਨਹੀਂ ਹੈ ਕਿ 1905 ਦੇ ਇਨਕਲਾਬ ਬਾਰੇ ਲੈਨਿਨ ਨੇ ਆਪਣੇ ਲੇਖ, ‘ਲੋਕਤੰਤਰ ਦੇ ਖਿਲਾਫ਼ ਇੱਕ ਹੋਰ ਹਮਲਾ’ ਵਿੱਚ ਲਿਖਿਆ ਸੀ: ਹੁਣ ਤੱਕ ਲੋਕਾਈ ਪਿੱਤਰਸੱਤਾਵਾਦੀ ਜਬਰ ਅਤੇ ਜਮਹੂਰੀਅਤ ਦੇ ਮੇਲ਼ ਜੋਲ਼ ਦੇ ਕਾਰਨ ਬੇਹੂਦਗੀ ਦੀ ਹੱਦ ਤੱਕ ਭਰਮ ਅਤੇ ਅਸਪੱਸ਼ਟਤਾ ਦੀ ਸ਼ਿਕਾਰ ਸੀ। ਇਹ ਗੱਲ ਜੁਵਾਤੋਫ ਅਤੇ ਗੇਪਨ ਜਿਹੀਆਂ ਲਹਿਰਾਂ ਦੇ ਬਾਹਰਮੁਖੀ ਤੱਥਾਂ ਤੋਂ ਜਾਹਰ ਹੁੰਦੀ ਹੈ। 2

ਇਸ ਪ੍ਰਸੰਗ ‘ਤੇ ਜ਼ਿਆਦਾ ਰੋਸ਼ਨੀ ਪਾਉਂਦੇ ਹੋਏ ਲੈਨਿਨ ਨੇ ਇਹ ਵੀ ਲਿਖਿਆ ਸੀ :

1905 ਵਿੱਚ ਆ ਕੇ ਹੀ ਇਸ ਬੇਹੂਦਗੀ ਦਾ ਸਦਾ ਸਦਾ ਦੇ ਲਈ ਖ਼ਾਤਮਾ ਹੋਇਆ। ਇਸ ਤੋਂ ਪਹਿਲਾਂ ਰੂਸ ਦੇ ਇਤਿਹਾਸ ਵਿੱਚ ਕਿਸੇ ਵੀ ਯੁੱਗ ਵਿੱਚ, ਲੱਫ਼ਾਜੀ ਨਾਲ਼ ਨਹੀਂ, ਅਮਲ ਦੁਆਰਾ, ਉਨ੍ਹਾਂ ਸਬੰਧਾਂ ਨੂੰ ਪੂਰੀ ਸਪੱਸ਼ਟਤਾ ਨਾਲ਼ ਨਹੀਂ ਵੱਖਰਿਆਇਆ ਸੀ ਜੋ ਰੁਕਾਵਟਾਂ ਅਤੇ ਜ਼ਮੀਨ ਗ਼ੁਲਾਮੀ ਦੇ ਯੁੱਗਾਂ ਨੇ ਉਲ਼ਝਾ ਕੇ ਰੱਖ ਦਿੱਤੇ ਸਨ। ਕਿਸੇ ਵੀ ਹੋਰ ਯੁੱਗ ਨੇ ਜਮਾਤਾਂ ਨੂੰ ਏਨੇ ਸਾਫ਼ ਢੰਗ ਨਾਲ਼ ਪ੍ਰੀਭਾਸ਼ਤ ਨਹੀਂ ਕੀਤਾ ਸੀ, ਨਾ ਲੋਕਾਈ ਨੂੰ ਇਸ ਤਰ੍ਹਾਂ ਜਮਾਤ ਚੇਤੰਨ ਬਣਾਇਆ ਸੀ; ਨਾ ‘ਬੁੱਧੀਜੀਵੀਆਂ’ ਦੇ ਸਿਧਾਂਤਾ ਅਤੇ ਪ੍ਰੋਗਰਾਮਾਂ ਨੂੰ ਹਜ਼ਾਰਾਂ ਹਜ਼ਾਰ ਆਦਮੀਆਂ ਨੇ ਅਮਲ ਦੀ ਕਸੌਟੀ ‘ਤੇ ਪਰਖਿਆ ਸੀ। 3

ਪਰ ਸਮਾਜਕ ਸਬੰਧਾਂ ਵਿੱਚ ‘ਭੰਬਲਭੂਸੇ’ ਦੇ ਸੁਆਲ ਦੀ ਸਾਹਿਤਕ ਇਤਿਹਾਸ ਵਿੱਚ ਕੀ ਕੋਈ ਅਹਿਮੀਅਤ ਹੈ? ਹਾਂ, ਵੱਡੀ ਅਹਿਮੀਅਤ ਹੈ। ਇਸ ਜਮਾਤੀ ਭੇਦ ਦੇ ਰੇਖਾਂਕਨ ਵਿੱਚ ਸਮਰੱਥ ਨਾ ਹੋ ਸਕਣਾ ਹੀ ਉਹ ਵਜ੍ਹਾ ਸੀ ਜਿਸ ਨੂੰ ਲੈਨਿਨ ਨੇ ਮਹਾਨਤਮ ਰੂਸੀ ਰਚਨਾਕਾਰ, ਤਾਲਸਤਾਏ ਦੀਆਂ ਰਚਨਾਵਾਂ ਦੀਆਂ ਵਿਰੋਧਤਾਈਆਂ ਦਾ ਕਾਰਨ ਮੰਨਿਆ ਸੀ।

ਜੇ ਅਸੀਂ ਪ੍ਰੋ. ਨੋਸੀਨੋਵ (ਅਤੇ ਉਨ੍ਹਾਂ ਜਿਹੇ ਵਿਚਾਰਾਂ ਵਾਲ਼ੇ ਹੋਰਨਾ ਪ੍ਰੋਫੈਸਰਾਂ) ਦੀ ਗੱਲ ਤੇ ਯਕੀਨ ਕਰ ਲਈਏ ਤਾਂ ਲੈਨਿਨ ਨੇ ਤਾਲਸਤਾਏ ਦੀਆਂ ਸਿਰਜਣਸ਼ੀਲ ਰਚਨਾਵਾਂ ਦਾ ਜਮਾਤੀ ਵਿਸ਼ਲੇਸ਼ਣ ਕੀਤਾ ਹੀ ਨਹੀਂ। ਸੱਚਾਈ ਇਹ ਹੈ ਕਿ ਲੈਨਿਨ ਦਾ ਵਿਚਾਰ ਸੀ ਕਿ ਤਾਲਸਤਾਏ ਦੇ ਜਮਾਨੇ ਵਿੱਚ ਜਮਾਤਾਂ ਵਿਚਲੀਆਂ ਫਰਕ ਰੇਖਾਵਾਂ ਬਹੁਤ ਘੱਟ ਸਪੱਸ਼ਟ ਸਨ ਜਦ ਕਿ ਲੋਕਾਈ ਅੰਦਰ ਭੰਬਲਭੂਸਾ ਬਹੁਤ ਜ਼ਿਆਦਾ ਸੀ। ਤਾਲਸਤਾਏ ‘ਤੇ ਲਿਖੇ ਲੈਨਿਨ ਦੇ ਲੇਖਾਂ ਦੀ ਨੀਂਹ ਏਸੇ ਸਮਝ ‘ਤੇ ਟਿਕੀ ਹੋਈ ਸੀ; ਪਰ ਨੁਸੀਨੋਵ ਇਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਦੇ ਇਲਾਵਾ, ਲੈਨਿਨ ਦੀਆਂ ਰਚਨਾਵਾਂ ਵਿੱਚ ਕਿਤੇ ਵੀ ਸਾਨੂੰ ਤਾਲਸਤਾਏ ਦੇ ਜਮਾਤੀ ਖਾਸੇ ਦੀਆਂ ਤੱਥਾਤਮਕ ਭਿਸ਼੍ਰਟ ਪ੍ਰੀਭਾਸ਼ਾਵਾਂ ਜਿਨ੍ਹਾਂ ਨੂੰ ਇਹ ਲੋਕ ਪੂਰੀ ਤਰ੍ਹਾਂ ਸਟੀਕ ਮੰਨ ਬੈਠੇ ਹਨ, ਨਹੀਂ ਮਿਲ਼ਦੀਆਂ। ਇਹ ਪ੍ਰੀਭਾਸ਼ਾਵਾਂ ਤਾਂ ਸਾਡੇ ‘ਸਮਾਜਸ਼ਾਸਤਰੀਆਂ’ ਨੂੰ ਬਹੁਤ ਪਸੰਦ ਹਨ। ਇਹ ਅਣਕਿਆਸਾ ਨਹੀਂ ਹੈ ਕਿ ਇਸ ਤਰ੍ਹਾਂ ਦੀਆਂ ਪ੍ਰੀਭਾਸ਼ਾਵਾਂ ਤ੍ਰਾਤਸਕੀ ਦੀਆਂ ਰਚਨਾਵਾਂ ਵਿੱਚ ਜ਼ਰੂਰ ਮਿਲ਼ਦੀਆਂ ਹਨ। ਤਾਲਸਤਾਏ ‘ਤੇ ਲਿਖੇ ਉਨ੍ਹਾਂ ਦੇ ਇੱਕ ਲੇਖ ਵਿੱਚ (ਜੋ ਕਿ ‘ਨਿਊ ਜੀਤ’, 1908, ਅੰਕ 11 ਵਿੱਚ ਛਪਿਆ ਸੀ) ਇਸ ਮਹਾਨ ਰੂਸੀ ਰਚਨਾਕਾਰ ਦੀ ਸਿਰਜਣਾਤਮਕ ਸਰਗਰਮੀ ਦੀ ਜ਼ਮੀਨ ਮਾਲਕ ਜਮਾਤਾਂ ਦੇ ਹਿਤਾਂ ਦੇ ਸੰਦਰਭ ਵਿੱਚ ਅਤੇ ਕੁਲੀਨ ਜਮਾਤ ਦੀ ਮਨੋਰਚਨਾ ਦੇ ਪਰਿਪੇਖ ਵਿੱਚ ਵਿਆਖਿਆ ਕੀਤੀ ਗਈ ਹੈ। ਫ੍ਰੀਖੇ ਨੇ ਵੀ ਤਾਲਸਤਾਏ ‘ਤੇ ਲਿਖੇ ਆਪਣੇ ਲੇਖ ਦੀ ਸ਼ੁਰੂਆਤ, ਟਰਾਟਸਕੀ ਦੀਆਂ ਪੈੜਾਂ ‘ਤੇ, ਜਮਾਤੀ ਵਿਸ਼ਲੇਸ਼ਣ ਨਾਲ਼ ਹੀ ਕੀਤੀ ਹੈ। ਨੋਸੀਨੋਵ ਸਾਹਿਬ ਨੇ ਵੀ ਇਹੀ ਕੀਤਾ ਹੈ।

ਇਸ ਤੋਂ ਇਹ ਨਤੀਜਾ ਕੱਢਣਾ ਸੁਭਾਵਕ ਹੀ ਹੈ ਕਿ ਨੋਸੀਨੋਵ ਲੈਨਿਨ ਦੀ ਇਸ ਨੀਤੀ ਨੂੰ ਖਾਰਜ ਕਰ ਰਹੇ ਹਨ ਕਿ ਕੁਲੀਨ ਜਮਾਤ ਜਾਂ ਸਰਮਾਏਦਾਰੀ ਜਮਾਤ ‘ਚੋਂ ਆਉਣ ਵਾਲ਼ਾ ਕੋਈ ਮਹਾਨ ਕਲਾਕਾਰ ਆਪਣੇ ਜਮਾਤੀ ਤੁਅੱਸਬਾਂ ਅਤੇ ਪਿਛਾਖੜੀ ਰੁਝਾਨਾਂ ਦੇ ਬਾਵਜੂਦ, ਆਪਣੇ ਯੁੱਗ ਦੀਆਂ ਲੋਕ ਲਹਿਰਾਂ ਦੇ ਕੁਝ ਪੱਖਾਂ ਨੂੰ ਪ੍ਰਤੀਬਿੰਬਨ ਕਰ ਸਕਦਾ ਹੈ। ਲੈਨਿਨ ਨੇ ਆਪਣੇ ਲੇਖ, ‘ਤਾਲਸਤਾਏ, ਰੂਸੀ ਇਨਕਲਾਬ ਦਾ ਸ਼ੀਸ਼ਾ’ ਦੀ ਸ਼ੁਰੂਆਤ ਇਨ੍ਹਾਂ ਸਤਰਾਂ ਨਾਲ਼ ਕੀਤੀ ਹੈ :

ਸ਼ਾਇਦ ਪਹਿਲੀ ਨਜ਼ਰੇ, ਇਸ ਮਹਾਨ ਕਲਾਕਾਰ ਦੇ ਨਾਂ ਨੂੰ ਉਸ ਇਨਕਲਾਬ ਨਾਲ਼ ਜੋੜਨਾ ਅਜੀਬ ਅਤੇ ਬਨਾਉਟੀ ਲੱਗ ਸਕਦਾ ਹੈ ਜਿਸ ਨੂੰ ਉਹ ਸਿੱਧੇ ਰੂਪ ਵਿੱਚ ਸਮਝ ਨਹੀਂ ਸਕਿਆ ਸੀ ਅਤੇ ਜਿਸ ਤੋਂ ਪ੍ਰਤੱਖ ਰੂਪ ਵਿੱਚ ਉਹ ਵੱਖਰਾ ਹਟ ਗਿਆ ਸੀ। ਲਾਜ਼ਮੀ ਹੀ ਜੋ ਦ੍ਰਿਸ਼ਾਂ ਨੂੰ ਸਹੀ ਸਹੀ ਢੰਗ ਨਾਲ਼ ਪ੍ਰਤੀਬਿੰਬਤ ਨਹੀਂ ਕਰ ਸਕਦਾ, ਉਸ ਨੂੰ ਸ਼ੀਸ਼ੇ ਦਾ ਨਾਂ ਕਿਵੇਂ ਦਿੱਤਾ ਜਾ ਸਕਦਾ ਹੈ? ਪਰ ਸਾਡਾ ਇਨਕਲਾਬ ਇੱਕ ਅਤਿਅੰਤ ਗੁੰਝਲ਼ਦਾਰ ਚੀਜ਼ ਹੈ। ਇਸ ਦੇ ਫੌਰੀ ਹਮਾਇਤੀਆਂ ਅਤੇ ਹਿੱਸੇਦਾਰਾਂ ਦੇ ਸਮੂਹ ਵਿੱਚ ਅਜਿਹੇ ਅਨੇਕ ਸਮਾਜਕ ਅਨਸਰ ਹਨ ਜੋ ਸਪੱਸ਼ਟ ਰੂਪ ਨਾਲ਼ ਇਹ ਨਹੀਂ ਸਮਝਦੇ ਕਿ ਇਹ ਸਭ ਕੀ ਸੀ ਅਤੇ ਜੋ ਉਸ ਜ਼ਰੂਰੀ ਇਤਿਹਾਸਕ ਕਾਰਜ ਤੋਂ ਮੂੰਹ ਮੋੜ ਗਏ ਸਨ ਜਿਸ ਨੂੰ ਘਟਨਾਕ੍ਰਮ ਨੇ ਉਨ੍ਹਾਂ ਨੂੰ ਸੋਂਪਿਆ ਸੀ। ਸੱਚੇ ਅਰਥਾਂ ਵਿੱਚ ਮਹਾਨ ਕਲਾਕਾਰ ਨੇ ਇਸ ਇਨਕਾਲਬ ਦੇ ਘੱਟੋ ਘੱਟ ਕੁਝ ਪੱਖਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਲਾਜ਼ਮੀ ਹੀ ਪ੍ਰਤੀਬਿੰਬਤ ਕੀਤਾ ਹੋਵੇਗਾ।

ਨੋਸੀਨੋਵ ਇਸ ‘ਭਰਮ’ ਤੋਂ ਸੰਤੁਸ਼ਟ ਨਹੀਂ ਹਨ। ਪ੍ਰੋਫੈਸਰ ਸਾਹਿਬ ਦੇ ਤਰਕ ਦੇ ਅਨੁਸਾਰ ਇਹ ਤਾਂ ਜਮਾਤੀ ਵਿਸ਼ਲੇਸ਼ਣ ਤੋਂ ਦੂਰ ਚਲੇ ਜਾਣ ਦੀ ਸਪੱਸ਼ਟ ਗੱਲ ਹੈ। ਉਹ ਆਪਣੇ ਤਰਕ ਨੂੰ ਫੌਰਨ ਪੇਸ਼ ਕਰਦੇ ਹੋਏ ਕਹਿੰਦੇ ਹਨ :

ਸਿਰਫ ਉਹੀ ਆਦਮੀ ਪ੍ਰਤਿਭਾਸ਼ਾਲੀ ਜਾਂ ਬੁੱਧੀਮਾਨ ਕਿਹਾ ਜਾ ਸਕਦਾ ਹੈ ਜੋ ਯਥਾਰਥ ਨੂੰ ਸਭ ਤੋਂ ਜ਼ਿਆਦਾ ਪੂਰਨਤਾ ਅਤੇ ਡੂੰਘਾਈ ਨਾਲ਼ ਉਸੇ ਨਜ਼ਰ ਨਾਲ਼ ਚਿਤਰਣ ਵਿੱਚ ਸਮਰੱਥ ਹੋਵੇ, ਜਿਸ ਨਾਲ਼ ਉਸ ਦੀ ਜਮਾਤ ਉਸ ਯਥਾਰਥ ਨੂੰ ਦੇਖਦੀ ਹੈ। ਠੀਕ ਉਸੇ ਤਰ੍ਹਾਂ ਉਸ ਨੂੰ ਉਹ ਚਿਤਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਦੀ ਜਮਾਤ ਉਸ ਨੂੰ ਦੇਖਦੀ ਅਤੇ ਸਮਝਦੀ ਹੈ। ਇਹ ਸੋਚਣਾ ਕਿ ਆਪਣੀ ਕਲਾਤਮਕ ਯੋਗਤਾ ਦੇ ਅਧਾਰ ‘ਤੇ ਕੋਈ ਪ੍ਰਤਿਭਾਸ਼ਾਲੀ ਵਿਅਕਤੀ ਯਥਾਰਥ ਦੇ ਬੁਨਿਆਦੀ ਪੱਖਾਂ ਨੂੰ ਪ੍ਰਤੀਬਿੰਬਤ ਕਰ ਸਕਦਾ ਹੈ, ਭਾਵੇਂ ਹੀ ਉਹ ਉਸ ਯਥਾਰਥ ਨੂੰ ਉੱਕਾ ਹੀ ਨਾ ਸਮਝ ਸਕਿਆ ਹੋਵੇ, ਉਸ ਕਲਾਕਾਰ ਦੇ ਅਤੇ ਉਸ ਦੀ ਕਲਾ ਸਿਰਜਣਾ ਦੇ ਚਰਿੱਤਰ ਚਿੱਤਰਣ ਨੂੰ ਤਿਲਾਂਜਲੀ ਦੇਣਾ ਹੈ; ਇਸ ਨਜ਼ਰੀਏ ਲਈ ਚਾਹੇ ਅਸੀਂ ਕੋਈ ਬਹਾਨੇ ਜਾਂ ਸਧਾਰਣੀਕਰਨ ਲੱਭੀਏ। 4

ਬਈ ਵਾਹ! ਲੈਨਿਨ “ਬਹਾਨੇ” ਲੱਭ ਰਹੇ ਹਨ ਅਤੇ “ਦੋਸ਼ ਘਟਾਈ ਕਰ ਰਹੇ ਹਨ”  ਅਤੇ ਨੋਸੀਨੋਵ ਉਨ੍ਹਾਂ ਨੂੰ ‘ਜਮਾਤੀ ਵਿਸ਼ਲੇਸ਼ਣ’ ਦਾ ਉਪਦੇਸ਼ ਪਿਆ ਰਹੇ ਹਨ – ਇਹ ਤਾਂ ਉਨ੍ਹਾਂ ਨੇ ਸੱਚਮੁੱਚ ਹੀ ਹੱਦ ਕਰ ਦਿੱਤੀ।

(ਅਨੁਵਾਦ – ਕੁਲਵਿੰਦਰ)

ਹਵਾਲੇ : 1. Deutsche Ideologie    
2. ਲੈਨਿਨ: ਸਮੁੱਚੀਆਂ ਲਿਖਤਾਂ, ਸੈਂਚੀ 16, ਸਫ਼ਾ 133, ਰੂਸੀ ਐਡੀਸ਼ਨ
3. ਉਪਰੋਕਤ
4. ਆਈ ਨੂਸੀਨੋਵ: ‘ਮੈਕਸਿਮ ਗੋਰਕੀ ਐਡ 2 ਪ੍ਰੋਬਲਮ ਆਫ ਸ਼ੋਸ਼ਸਿਟ ਰੀਅਲਿਜ਼ਮ’, IKP NoA1, 1934, P87

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ