ਮਈ ਦਿਨ ਦੇ ਸ਼ਹੀਦਾਂ ਦੀਆਂ ਯਾਦਾਂ ਸੰਗ ਵਿਚਰਦਿਆਂ •ਲੇਸਲੀ ਵਿਸਕਮੈਨ

ਪੀ.ਡੀ.ਐਫ਼ ਡਾਊਨਲੋਡ ਕਰੋ

ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਸੰਸਾਰ ਭਰ ਦੇ ਮਜ਼ਦੂਰਾਂ ਦੇ ਦਹਾਕਿਆਂ ਚੱਲੇ ਘੋਲ਼ ਅਤੇ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਇਹ ਮੰਗ ਮੰਨੀ ਗਈ ਸੀ। ਅੱਜ ਜਦੋਂ ਸੰਸਾਰੀਕਰਨ ਦੇ ਬੁਲਡੋਜਰ ਨਾਲ਼ ਮਜ਼ਦੂਰ ਲਹਿਰ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਕੁਚਲਿਆ ਜਾ ਰਿਹਾ ਹੈ, ਮਜ਼ਦੂਰਾਂ ਤੋਂ 12-12, 14-14 ਘੰਟੇ ਕੰਮ ਲੈ ਕੇ ਜਿਉਂਦੇ ਰਹਿਣ ਲਈ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਅਤੇ ਮਜ਼ਦੂਰਾਂ ਨੂੰ ਬੇਜੁਬਾਨੇ ਸੰਦਾਂ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸ਼ਿਕਾਗੋ ਦੇ ਉਹਨਾਂ ਬਹਾਦਰ ਮਜ਼ਦੂਰ ਨਾਇਕਾਂ ਦੀ ਯਾਦ ਪ੍ਰੇਰਣਾਦਾਇਕ ਹੈ ਜਿਹਨਾਂ ਨੇ ਅੱਠ ਘੰਟੇ ਕੰਮ ਦਿਹਾੜੀ ਦੀ ਲੜਾਈ ਵਿੱਚ ਆਪਣੀ ਸ਼ਹਾਦਤ ਨਾਲ਼ ਮਜ਼ਦੂਰਾਂ ਨੂੰ ਉਹਨਾਂ ਦਾ ਲਾਲ ਝੰਡਾ ਅਤੇ ਮਈ ਦਿਵਸ ਦਾ ਤਿਉਹਾਰ ਦਿੱਤਾ।

4 ਮਈ, 1970 ਮੁਜ਼ਾਹਰਾ, ਵਿਦਿਆਰਥੀਆਂ ਦੇ ਇੱਕ ਸਮੂਹ ‘ਤੇ ਅੋਹਾਯੋ ਦੇ ਨੈਸ਼ਨਲ ਗਾਰਡ ਪਲਟ ਕੇ ਗੋਲ਼ੀਆਂ ਵਰ੍ਹਾਉਂਦੇ ਹਨ। ਚਾਰ ਵਿਦਿਆਰਥੀ ਮਾਰੇ ਜਾਂਦੇ ਹਨ ਅਤੇ ਨੌ ਜ਼ਖਮੀ ਹੋ ਜਾਂਦੇ ਹਨ। ਵਿਰੋਧ ਵਿੱਚ ਦੇਸ਼ ਭਰ ਵਿੱਚ ਇੱਕ ਜਬਰਦਸਤ ਅਵਾਜ਼ ਉੱਠ ਖੜ੍ਹੀ ਹੁੰਦੀ ਹੈ— ਇੱਕ ਛੋਟਾ ਤਬਕਾ ਸਿਆਸੀ ਸ਼ਹਿ ‘ਤੇ ਕੀਤੇ ਕਤਲਾਂ ਦੀ ਨਿੰਦਿਆ ਕਰਦਾ ਹੈ, ਪਰ ਵਿਸ਼ਾਲ ਬਹੁਗਿਣਤੀ ਅਬਾਦੀ ”ਕਨੂੰਨ ਅਤੇ ਢਾਂਚੇ” ਨੂੰ ਬਣਾਈ ਰੱਖਣ ਲਈ ਸਲਾਹੁੰਦੀ ਹੈ।

10

ਵੀਅਤਨਾਮ ਜੰਗ ਦੇ ਵਿਰੋਧ ਨੇ, ਜਿਸ ਵਿੱਚ ਵਿਦਿਆਰਥੀਆਂ ਨੇ ਇੱਕ ਅਹਿਮ ਭੂਮਿਕਾ ਨਿਭਾਈ, ਦੇਸ਼ ਨੂੰ  ਵੰਡ ਦਿੱਤਾ ਸੀ। ਅਫਸਰਾਂ ਨੇ ਲੋਕਾਈ ਦਾ ਮੂੰਹ ਬੰਦ ਕਰਨ ਲਈ ਕੁੱਝ ਕੁ ਨੂੰ ਮੌਤ ਦੇ ਘਾਟ ਉਤਾਰਨ ਦੀ ਚਿਰਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਦਾ ਸਹਾਰਾ ਲਿਆ ਅਤੇ ਹਮੇਸ਼ਾ ਦੀ ਤਰ੍ਹਾਂ ਇਹ ਯੁੱਧਨੀਤੀ ਕੰਮ ਆਈ। ਕੇਂਟ ਰਾਜ ਸਿਖ਼ਰ ‘ਤੇ ਪਹੁੰਚੀ ਵਿਦਿਆਰਥੀਆਂ ਦੀ ਵਿਰੋਧੀ ਲਹਿਰ ਦਾ ਗਵਾਹ ਬਣਿਆ।

ਇਹ ਦੁਵਿਧਾ ਹੀ ਹੈ ਕਿ ਜਿਸ ਸਮੇਂ ਨੈਸ਼ਨਲ ਗਾਰਡ ਕੇਂਟ ਰਾਜ ਵਿੱਚ ਵਿਦਿਆਰਥੀਆਂ ਨੂੰ ਗੋਲ਼ੀਆਂ ਨਾਲ਼ ਭੁੰਨ ਰਹੇ ਸਨ, ਮੇਅਰ ਰਿਚਰਡ ਡੇਲੀ ਉਸ ਹੇ ਮਾਰਕੀਟ ਸਕੁਏਅਰ ਪੁਲਿਸ ਮੈਮੋਰੀਅਲ ਦਾ ਮੁੜ ਉਦਘਾਟਨ ਕਰ ਰਹੇ ਸਨ, ਜਿਸਨੂੰ ਐਸ.ਡੀ.ਐਸ ਨਾਲ਼ ਜੁੜੇ ਰੈਡੀਕਲ ਤੱਤਾਂ ਨੇ 6 ਅਕਤੂਬਰ, 1969 ਨੂੰ ਬੰਬ ਦਾ ਨਿਸ਼ਾਨਾ ਬਣਾਇਆ ਸੀ। ”4 ਮਈ, 1886 ਦੇ ਹਲਚਲ ਵਿੱਚ ਆਪਣੇ ਰਖਵਾਲੇ ਨੂੰ… ਸ਼ਿਕਾਗੋ ਦੁਆਰਾ ਸਮਰਪਿਤ” ਹੇ ਮਾਰਕੀਟ ਸਕੁਏਅਰ ਮੈਮੋਰੀਅਲ ਕਨੂੰਨ ਦੇ ਰਖਵਾਲੇ ਅਫਸਰਾਂ ਦਾ ਸਨਮਾਨ ਕਰ ਰਿਹਾ ਸੀ, ਜਿਹਨਾਂ ਨੇ ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਫੁੱਟ ਪੈਣ ਵਾਲ਼ੀਆਂ ਮਜ਼ਦੂਰ ਲਹਿਰਾਂ ਨੂੰ ਕੁਚਲਣ ਲਈ ਜਬਰ ਦਾ ਗੇੜ ਚਲਾਇਆ ਸੀ।

1850 ਦੇ ਦਹਾਕੇ ਵਿੱਚ, 8 ਘੰਟੇ ਕੰਮ ਦਿਹਾੜੀ ਦੀ ਮੰਗ ਦੇ ਆਲ਼ੇ-ਦੁਆਲ਼ੇ ਲਗਾਤਾਰ ਵਧਦੀ ਗਿਣਤੀ ਵਿੱਚ ਮਜ਼ਦੂਰ ਜਥੇਬੰਦ ਹੋਣ ਲੱਗੇ ਸਨ। ਦੇਸ਼ ਭਰ ਵਿੱਚ ‘ਅੱਠ ਘੰਟੇ ਲੀਗ’ ਨਾਮ ਦੀਆਂ ਸੈਂਕੜੇ ਜਥੇਬੰਦੀਆਂ ਪੈਦਾ ਹੋ ਗਈਆਂ। ਦਬਾਅ ਵਿੱਚ ਆ ਕੇ ਏਲਿਨਾਏ ਜਨਰਲ ਅਸੈਂਬਲੀ ਨੇ ਮਾਰਚ 1867 ਵਿੱਚ 8 ਘੰਟੇ ਨੂੰ ‘ਏਲਿਨਾਏ ਰਾਜ ਵਿੱਚ ਵਿਧਾਨਿਕ ਕੰਮ ਦਿਹਾੜੀ’ ਐਲਾਨ ਦਿੱਤਾ ਗਿਆ। ਪਰ ਮਜ਼ਦੂਰਾਂ ਨੂੰ 10,12 ਅਤੇ 14 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ। ਜੇ ਕੋਈ ਮਜ਼ਦੂਰ ਇੰਨੇ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਮਨ੍ਹਾ ਕਰਦਾ ਸੀ ਤਾਂ ਉਸਦੀ ਜਗ੍ਹਾ ਲੈਣ ਲਈ ਬੇਰੁਜ਼ਗਾਰਾਂ ਦੀ ਸਥਾਈ ਭੀੜ ਮੌਜੂਦ ਰਹਿੰਦੀ ਸੀ।

ਫੈਡਰੇਸ਼ਨ ਆਫ ਆਰਗੇਨਾਈਜ਼ਡ ਟ੍ਰੇਡ ਐਂਡ ਲੇਬਰ (ਜੋ ਬਾਅਦ ਵਿੱਚ ਅਮਰੀਕਨ ਫੈਡਰੇਸ਼ਨ ਆਫ ਲੇਬਰ ਬਣੀ) ਨੇ 8 ਘੰਟੇ ਕੰਮ ਦਿਹਾੜੀ ਨੂੰ ਲਾਗੂ ਕਰਨ ਦੀ ਆਖਰੀ ਸਮਾਂ ਸੀਮਾਂ 1 ਮਈ, 1886— ਪਹਿਲਾ ਮਈ ਦਿਨ— ਨੂੰ ਐਲਾਨ ਦਿੱਤਾ। ਮਈ ਦੇ ਉਸ ਦਿਨ 12,000 ਕਾਰਖਾਨਿਆਂ ਦੇ 340,000 ਮਜ਼ਦੂਰ, ਟੇਰੇਂਸ ਪਾਉਡਰਲੀ ਤੇ ‘ਨਾਈਟਸ ਆਫ ਲੇਬਰ’ ਦੀ ਕੌਮੀ ਲੀਡਰਸ਼ਿਪ ਦੇ ਵਿਰੋਧ ਦੇ ਬਾਵਜੂਦ, ਦੇਸ਼ ਪੱਧਰੀ ਹੜਤਾਲ਼ ਵਿੱਚ ਸ਼ਾਮਲ ਹੋਏੇ। ‘ਸ਼ਿਕਾਗੋ ਨਾਈਟਸ’ ਨੇ, ਜਿਸ ‘ਤੇ ਅਲਬਰਟ ਪਾਰਸਨਜ਼ ਦਾ ਪ੍ਰਭਾਵ ਸੀ, ਇਸ ਫੈਸਲੇ ਦਾ ਪੁਰਜ਼ੋਰ ਹਮਾਇਤ ਕੀਤੀ।

ਪਹਿਲੀ ਮਈ ਨੂੰ ਅਲਬਰਟ ਪਾਰਸਨਜ਼ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਲ਼ ਲੈ ਕੇ ਸ਼ਿਕਾਗੋ ਦੀਆਂ ਸੜਕਾਂ ‘ਤੇ 80,000 ਲੋਕਾਂ ਦੇ ਮੁਜਾਹਰੇ ਦੀ ਅਗਵਾਈ ਕਰ ਰਹੇ ਸਨ। ਜਿਹਨਾਂ 1500 ਮਜ਼ਦੂਰਾਂ ਨੂੰ ਮੈਕਾਰਮਿਕ ਪਲਾਂਟ ਵਿੱਚ ਤਾਲਾਬੰਦੀ ਦੇ ਕਾਰਨ 16 ਫਰਬਰੀ ਤੋਂ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਬਹੁਤੇ ਇਸ ਮੁਜਾਹਰੇ ਵਿੱਚ ਸ਼ਾਮਲ ਹੋ ਗਏ। ਪੁਲਸ ਦੇ ਸਿਪਾਹੀ ਅਤੇ ਪਿੰਕਰਟਨ (ਸਰਮਾਏਦਾਰਾਂ ਦੇ ਭਾੜੇ ਦੇ ਗੁੰਡੇ) ਦੇ ਆਦਮੀ ਉੱਚੀਆਂ ਛੱਤਾਂ ਤੋਂ ਬੰਦੂਕਾਂ ਤਾਣੀ ਇਸ ਮੁਜਾਹਰੇ ਨੂੰ ਦੇਖ ਰਹੇ ਸਨ। ਪਰ ਪਾਰਸਨਜ਼, ਆਗਸਟ ਸਪਾਇਸ ਅਤੇ ਦੂਜੇ ਲੋਕਾਂ ਦੇ ਜੋਸ਼ੀਲੇ ਭਾਸ਼ਣਾਂ ਨੂੰ ਸੁਣਨ ਤੋਂ ਬਾਅਦ ਉਤਸ਼ਾਹਿਤ ਭੀੜ ਬਿਨ੍ਹਾਂ ਕਿਸੇ ਹਾਦਸੇ ਤੋਂ ਖਿੰਡ ਗਈ। ਦੋ ਦਿਨਾਂ ਦੇ ਅੰਦਰ-ਅੰਦਰ ਲਗਭਗ ਪੈਂਹਠ ਤੋਂ ਅੱਸੀ ਹਜ਼ਾਰ ਸ਼ਿਕਾਗੋ ਦੇ ਮਜ਼ਦੂਰਾਂ ਨੇ ਹੜਤਾਲ਼ ਕਰ ਦਿੱਤੀ।

3 ਮਈ ਨੂੰ ਆਰਬਿਟਰ ਜ਼ਾਇਟੁੰਗ ਦੇ ਸੰਪਾਦਕ, ਆਗਸਟ ਸਪਾਈਸ ਨੇ ਲੱਕੜੀ ਕਾਰਖਾਨੇ ਦੇ 6000 ਹੜਤਾਲ਼ੀ ਮਜ਼ਦੂਰਾਂ ਦੀ ਭੀੜ ਨੂੰ ਸੰਬੋਧਨ ਕੀਤਾ, ਜੋ ਮੈਕਾਰਮਿਕ ਕਾਰਖਾਨੇ ਕੋਲ਼ ਸਭਾ ਕਰ ਰਹੇ ਸਨ। ਜਿਉਂ ਹੀ ਸ਼ਿਫਟ ਦੀ ਘੰਟੀ ਵੱਜੀ, ਭੀੜ ‘ਚੋਂ ਨਿੱਕਲ਼ਕੇ ਕੁੱਝ ਲੋਕ ਮੈਕਾਰਮਿਕ ਦੇ ਹੜਤਾਲ਼ੀ ਭੇਤੀਆਂ ਨੂੰ ਫਟਕਾਰਨ ਅਤੇ ਲਾਅਨਤਾਂ ਪਾਉਣ ਲਈ ਗੇਟ ਵੱਲ ਵਧਣ ਲੱਗੇ। ਲਗਭਗ ਉਸੇ ਸਮੇਂ ਪੁਲਸ ਇੰਸਪੈਕਟਰ ਜਾਨ ਬਾਨਫੀਲਡ ਆ ਪਹੁੰਚਿਆ ਅਤੇ ਗੜਬੜੀ ਸ਼ੁਰੂ ਹੋ ਗਈ। ਕੀ ਹੋ ਰਿਹਾ ਹੈ ਇਹ ਦੇਖਣ ਲਈ ਸਪਾਇਸ ਜਿਉਂ ਉੱਥੇ ਪਹੁੰਚਿਆ, ਉਸਨੇ ਖੁਦ ਨੂੰ ਪੁਲਸ ਦੀਆਂ ਚਲਦੀਆਂ ਡਾਂਗਾਂ ਅਤੇ ਗੋਲ਼ੀਆਂ ਦੀ ਵਾਛੜ ਵਿੱਚ ਘਿਰਿਆ ਵੇਖਿਆ। ਮਾਰੇ ਗਏ ਅਤੇ ਜ਼ਖਮੀ ਹੋਏ ਮਜ਼ਦੂਰਾਂ ਦੀ ਸਹੀ-ਸਹੀ ਗਿਣਤੀ ਦਾ ਕਦੇ ਵੀ ਯਕੀਨੀ ਤੌਰ ‘ਤੇ ਪਤਾ ਨਹੀਂ ਲੱਗ ਸਕੀ। ਕਈ ਇੰਨੇ ਡਰ ਗਏ ਸਨ ਕਿ ਉਨਾਂ ਨੇ ਡਾਕਟਰੀ ਜਾਂਚ ਵੀ ਨਹੀਂ ਕਰਵਾਈ।

ਗੁੱਸੇ ਨਾਲ਼ ਭਖਦਾ ਸਪਾਇਸ ਭੱਜ ਕੇ ਆਪਣੇ ਦਫ਼ਤਰ ਪਹੁੰਚਿਆ ਅਤੇ ਉੱਥੇ ”ਮਜ਼ਦੂਰੋ, ਹਥਿਆਰ ਸੰਭਾਲ਼ੋ” ਸਿਰਲੇਖ ਹੇਠ ਉਸਨੇ ਇੱਕ ਗੁੱਸੇ ਨਾਲ਼ ਭਰਪੂਰ ਪਰਚਾ ਲਿਖਿਆ। ਇੱਕ ਕੰਪੋਜ਼ੀਟਰ ਨੇ ਉਸ ਵਿੱਚ ਮੋਟੇ ਅੱਖਰਾਂ ਵਿੱਚ ”ਬਦਲਾ!” ਸ਼ਬਦ ਇਸ ਖਿਆਲ ਨਾਲ਼ ਜੋੜ ਦਿੱਤਾ ਕਿ ਇਸ ਨਾਲ਼ ਸਿਰਲੇਖ ਹੋਰ ਵੀ ਵਧੀਆ ਬਣ ਜਾਵੇਗਾ। ਇਸ ਅਖੌਤੀ ”ਬਦਲਾਖੋਰ ਪਰਚੇ” ਦੀਆਂ ਕੋਈ 1500 ਪ੍ਰਤੀਆਂ ਵੰਡੀਆਂ ਗਈਆਂ। ਸ਼ਿਕਾਗੋ ਦੇ ਗੁੱਸੇ ‘ਚ ਆਏ ਮਜ਼ਦੂਰ ਆਰਬਿਟਰ ਜ਼ੇਤੰਗ ਦੇ 4 ਮਈ ਦੇ ਅੰਕ ਵਿੱਚ ਸਪਾਇਸ ਦੇ ਮੈਕਾਰਮਿਕ ਹਾਦਸੇ ਦਾ ਬਿਓਰਾ ਪੜ੍ਹ ਕੇ ਹੋਰ ਵੀ ਅੱਗ ਭੰਬੂਕਾ ਹੋ ਉੱਠੇ, ਇਸ ਅੰਕ ਵਿੱਚ ਲਿਖਿਆ ਗਿਆ ਮਾਈਕਲ ਛਵੈਬ ਦਾ ਇੱਕ ਲੇਖ ਵੀ ਇਸ ਗੱਲ ਦਾ ਐਲਾਨ ਕਰ ਰਿਹਾ ਸੀ ਕਿ ”ਜਮਾਤਾਂ ਦੀ ਜੰਗ ਨਜ਼ਦੀਕ ਹੈ।”

ਇਸੇ ਵਿੱਚ ਐਡੋਲਫ ਫਿਗਰ ਅਤੇ ਜਾਰਜ ਏਂਜੇਲ ਸਹਿਤ ਆਗੂਆਂ ਦੇ ਇੱਕ ਸਮੂਹ ਨੇ ਉਸੇ ਸ਼ਾਮ ਹੇ ਮਾਰਕੀਟ ਵਿੱਚ ਇੱਕ ਰੈਲੀ ਅਯੋਜਿਤ ਕੀਤੀ। ਬੁਲਾਰਿਆਂ ਨੂੰ ਲਿਆਉਣ ਤੇ ਪਰਚਾ ਛਪਾਉਣ ਦੀ ਜਿੰਮੇਵਾਰੀ ਫਿਸ਼ਰ ਦੀ ਸੀ। ਮੂਲ ਪਰਚੇ ਦੇ ਅਖੀਰ ਵਿੱਚ ਇਹ ਸੱਦਾ ਦਿੱਤਾ ਗਿਆ ਸੀ ”ਕਿਰਤੀ ਲੋਕੋ, ਹਥਿਆਰਬੰਦ ਹੋਕੇ ਪੂਰੀ ਤਾਕਤ ਨਾਲ਼ ਸ਼ਾਮਲ ਹੋਵੋ।” ਪਰ ਆਗਸਟ ਸਪਾਈਸ ਭਾਸ਼ਣ ਦੇਣ ਲਈ ਰਾਜ਼ੀ ਤਾਂ ਹੀ ਹੋਇਆ, ਜਦੋਂ ਇਸ ਵਾਕ ਨੂੰ ਕੱਟ ਦਿੱਤਾ ਗਿਆ। ਪਰਚੇ ਦਾ ਦੂਸਰਾ ਖਰੜਾ ਤਿਆਰ ਕੀਤਾ ਗਿਆ ਫਿਰ ਵੀ ਕੁੱਝ ਪਹਿਲਾਂ ਵਾਲ਼ੇ ਪਰਚੇ ਵੰਡੇ ਜਾ ਚੁੱਕੇ ਸਨ।

ਉਸ ਰਾਤ ਲਗਭਗ 2500 ਲੋਕ ਇਕੱਠੇ ਹੋਏ ਸਨ। ਔਡੋਲਫ ਫਿਸ਼ਰ ਥੋੜ੍ਹਾ ਚਿਰ ਉੱਥੇ ਠਹਿਰਿਆ ਅਤੇ ਫਿਰ ਕੁੱਝ ਪੀਣ ਲਈ ਜੇਫ ਹਾਲ ਵੱਲ ਵਧ ਗਿਆ, ਜਾਰਜ ਏਂਜੇਲ ਆਪਣੀ ਪਤਨੀ ਅਤੇ ਕੁੱਝ ਦੋਸਤਾਂ ਨਾਲ਼ ਤਾਸ਼ ਖੇਡਣ ਲਈ ਘਰੇ ਹੀ ਰੁਕ ਗਿਆ। ਜਦੋਂ ਕੋਈ ਬੁਲਾਰਾ ਨਾ ਆਇਆ ਤਾਂ ਭੀੜ ਵਿੱਚ ਬੇਚੈਨੀ ਵਧਣ ਲੱਗੀ।

ਸਪਾਇਸ ਸਾਢੇ ਅੱਠ ਵਜੇ ਦੇ ਲਗਭਗ ਪਹੁੰਚਿਆ। ਉਸਨੇ ਜਰਮਨ ਭਾਸ਼ਾ ਵਿੱਚ ਭਾਸ਼ਣ ਦੇਣਾ ਸੀ। ਕਿਉਂਕਿ ਵਿਦੇਸ਼ੀ ਭਾਸ਼ਣਾਂ ਦੀ ਵਾਰੀ ਆਮ ਤੌਰ ‘ਤੇ ਸਭ ਤੋਂ ਅਖੀਰ ਵਿੱਚ ਆਉਂਦੀ ਸੀ, ਇਸ ਲਈ ਸਪਾਈਸ ਨੂੰ ਕੋਈ ਕਾਲ੍ਹ ਨਹੀਂ ਸੀ। ਪਰ ਜਦੋਂ ਉਸਨੇ ਦੇਖਿਆ ਕਿ ਸਭਾ ਖਿੰਡ ਰਹੀ ਹੈ ਤਾਂ ਉਹ ਤੁਰੰਤ ਇੱਕ ਪੁਰਾਣੀ ਗੱਡੀ ‘ਤੇ ਚੜ੍ਹ ਗਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਸਾਥੀ ਉਸਦੀ ਸਹਾਇਤਾ ਲਈ ਭੀੜ ਵਿੱਚ ਹੋਰ ਬੁਲਾਰਿਆਂ ਨੂੰ ਭਾਲਣ ਲੱਗੇ।

ਅਲਬਰਟ ਪਾਰਸਨਜ਼ ਜੋ ਹਾਲੇ ਸਿਨਸਿਨਾਟੀ ਤੋਂ ਮੁੜਿਆ ਹੀ ਸੀ ਲਗਭਗ 15 ਮਿੰਟ ਬਾਅਦ ਉੱਥੇ ਪਹੁੰਚ ਗਿਆ ਅਤੇ ਉਸਨੇ ਮੰਚ ਸੰਭਾਲ਼ ਲਿਆ। ਲਗਭਗ 10 ਵਜੇ ਪਾਰਸਨਜ਼ ਨੇ ਗੱਲ ਖਤਮ ਕੀਤੀ ਅਤੇ ਸੈਮੂਅਲ ਫੀਲਡੇਨ ਨੂੰ ਬੋਲਣ ਲਈ ਮੰਚ ‘ਤੇ ਬੁਲਾਇਆ, ਫਿਰ ਉਹ ਆਪਣੀ ਪਤਨੀ ਲੂਸੀ ਨਾਲ਼ ਫਿਸ਼ਰ ਨੂੰ ਮਿਲਣ ਨੇੜੇ ਦੇ ਢਾਬੇ ‘ਤੇ ਚਲਿਆ ਗਿਆ।

ਫੀਲਡਨ ਨੇ 4 ਮਈ ਦਾ ਸਾਰਾ ਦੁਪਹਿਰਾ ਵਾਲਢਾਇਮ ਕਬਰਸਤਾਨ ਦੇ ਰਾਹ ਵਿੱਚ ਵਿਛਾਉਣ ਲਈ ਰੋੜੀ ਢੋਣ ਦੇ ਕੰਮ ਵਿੱਚ ਰੁੱਝਿਆ ਰਿਹਾ ਅਤੇ ਅਯੋਜਿਤ ਸਭਾ ਦੀ ਉਸਨੂੰ ਕੋਈ ਜਾਣਕਾਰੀ ਨਹੀਂ ਸੀ, ਹੇ ਮਾਰਕੀਟ ਪਹੁੰਚਣ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਇਸ ਮੀਟਿੰਗ ਬਾਰੇ ਉਸਨੂੰ ਪਤਾ ਲੱਗਿਆ। ਭਾਸ਼ਣ ਦੀ ਕਿਸੇ ਪਹਿਲਾਂ ਤਿਆਰੀ ਤੋਂ ਬਿਨ੍ਹਾਂ ਉਸਨੇ ਭੀੜ ਨੂੰ ਬੰਨ੍ਹਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਆਪਣੀ ਗੱਲ ਨੂੰ ਸਮੇਟ ਹੀ ਰਿਹਾ ਸੀ ਕਿ ਪੁਲਸ ਇੰਸਪੈਕਟਰ ਬੋਨਫੀਲਡ ਅਤੇ ਉਸਦੇ 180 ਆਦਮੀ ਆ ਗਏ।

ਬੋਨਫੀਲਡ ਨੇ ਸਭਾ ਨੂੰ ਤਤਕਾਲ ਅਤੇ ਸ਼ਾਂਤੀਪੂਰਨ ਤਰੀਕੇ ਨਾਲ਼ ਭੰਗ ਕਰਨ ਦਾ ਹੁਕਮ ਦਿੱਤਾ। ਹੁਣ ਫੀਲਡੇਨ ਨੇ ਇਹ ਜਵਾਬ ਦਿੱਤਾ ਹੀ ਸੀ ਕਿ ”ਕੈਪਟਨ, ਅਸੀਂ ਸ਼ਾਂਤੀ ਬਣਾਈ ਹੋਈ ਹੈ।” ਕਿ ਭੀੜ ਵਿੱਚ ਇੱਕ ਧਮਾਕਾ ਹੋਇਆ। ਪੁਲਸ ਦੀਆਂ ਕਤਾਰਾਂ ‘ਤੇ ਬੰਬ ਸੁੱਟਿਆ ਗਿਆ ਸੀ। ਪੁਲਸ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਤੱਕ ਇਹ ਸਭ ਖ਼ਤਮ ਹੋਇਆ 7 ਸਿਪਾਹੀ ਅਤੇ 4 ਸ਼ਹਿਰੀ ਮਾਰੇ ਜਾ ਚੁੱਕੇ ਸਨ। ਸੌ ਤੋਂ ਦੋ ਸੌ ਦੀ ਗਿਣਤੀ ਵਿੱਚ ਪੁਲਸ ਵਾਲ਼ੇ ਅਤੇ ਸ਼ਹਿਰੀ ਜਖਮੀ ਹੋਏ ਸਨ। ਜ਼ਖਮੀ ਹੋਣ ਵਾਲ਼ਿਆਂ ਵਿੱਚ ਸੈਮੁਅਲ ਫੀਲਡੇਨ ਅਤੇ ਆਗਸਟ ਸਪਾਈਸ ਦਾ ਭਰਾ ਵੀ ਸਨ। ਸਿਰਫ ਇੱਕ ਸਿਪਾਹੀ ਮੈਥਿਯਾਸ ਡੇਗਨ ਦੀ ਬੰਬ ਵਿਸਫੋਟ ਨਾਲ਼ ਮੌਤ ਹੋਈ ਸੀ, ਬਾਕੀ ਪੁਲਸ ਦੀਆਂ ਗੋਲ਼ੀਆਂ ਨਾਲ਼ ਜਖਮੀ ਹੋਏ ਸਨ।

ਇੱਕ ਅਣਜਾਣ ਪੁਲਸ ਵਾਲ਼ੇ ਨੇ 27 ਜੂਨ ਨੂੰ ਸ਼ਿਕਾਗੋ ਟ੍ਰਿਬਿਊਨ ਨੂੰ ਦੱਸਿਆ ਕਿ, ”ਮੈਂ ਇਸ ਤੱਥ ਤੋਂ ਜਾਣੂ ਸੀ ਕਿ ਪੁਲਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਇੱਕ ਦੂਜੇ ਦੀਆਂ ਬੰਦੂਕਾਂ ਨਾਲ਼ ਚੱਲੀਆਂ ਗੋਲ਼ੀਆਂ ਨਾਲ਼ ਜਖਮੀ ਹੋਈ ਸੀ… ਇਹ ਉਸ ਆਦਮੀ ਦੀ ਵੱਡੀ ਗਲਤੀ ਦੀ ਵਜ੍ਹਾ ਨਾਲ਼ ਹੋਇਆ, ਜੋ ਹੇ ਮਾਰਕੀਟ ‘ਤੇ ਕਤਲ ਵਾਲ਼ੀ ਰਾਤ ਨੂੰ ਪੁਲਸ ਵਾਲ਼ਿਆਂ ਨੂੰ ਨਿਰਦੇਸ਼ ਦੇ ਰਿਹਾ ਸੀ। ਨਹੀਂ ਤਾਂ ਅਜਿਹਾ ਭਿਆਨਕ ਕਤਲੇਆਮ ਨਹੀਂ ਹੋਇਆ ਹੁੰਦਾ। ਬੋਨਫੀਲਡ ਨੇ ਇਹ ਭਿਅੰਕਰ ਭੁੱਲ ਕੀਤੀ ਸੀ ਅਤੇ ਇਸਦੇ ਲਈ ਉੱਥੇ ਜਖਮੀ ਹਰੇਕ ਵਿਅਕਤੀ ਨੇ ਉਸਨੂੰ ਜ਼ਿੰਮੇਵਾਰ ਮੰਨਿਆ।”

ਬੰਬ ਕਿਸਨੇ ਸਿੱਟਿਆ ਸੀ ਇਹ ਰਹੱਸ ਬਣਿਆ ਹੋਇਆ ਸੀ। ਪੁਲਸ ਦਾ ਇਹ ਦਾਅਵਾ ਸੀ ਕਿ ਇਹ ਕਿਸੇ ਅਰਾਜਕਤਾਵਾਦੀ ਨੇ ਕੀਤਾ ਸੀ, ਅਲਬਰਟ ਪਾਰਸਨਜ਼ ਇਹ ਮੰਨਦਾ ਸੀ ਕਿ ਇਹ ਕਿਸੇ ਉਕਸਾਵੇਬਾਜ ਦਲਾਲ ਦਾ ਕੰਮ ਸੀ। ਗਵਰਨਰ ਜਾਨ ਏਲਟਜੇਲਡ 1893 ਵਿੱਚ ਇਸ ਨਤੀਜੇ ‘ਤੇ ਪਹੁੰਚਿਆ ਕਿ ”ਪੂਰੀ ਸੰਭਾਵਨਾ ਇਸ ਗੱਲ ਦੀ ਹੈ ਕਿ ਇਹ ਬੰਬ ਕਿਸੇ ਅਜਿਹੇ ਵਿਅਕਤੀ ਦੁਆਰਾ ਸੁੱਟਿਆ ਗਿਆ ਹੋਵੇ ਜੋ ਆਪਣਾ ਨਿੱਜੀ ਬਦਲਾ ਲੈਣ ਚਾਹੁੰਦਾ ਸੀ।”

ਡੂੰਘੇ ਅਧਿਐਨ ਤੋਂ ਬਾਅਦ ਲਿਖੀ ਆਪਣੀ ਕਿਤਾਬ ਵਿੱਚ ਪਾਲ ਇਵਰਿਚ ਇਸ ਸਿੱਟੇ ‘ਤੇ ਪਹੁੰਚੇ ਹਨ ਕਿ ਬੰਬ ਕਿਸੇ ਅਰਾਜਕਤਾਵਾਦੀ ਦੁਆਰਾ ਸੁੱਟਿਆ ਗਿਆ ਸੀ। ਇਸ ਮਾਮਲੇ ਵਿੱਚ ਸਭ ਤੋਂ ਵੱਧ ਸ਼ੱਕੀ ਸਮਝਿਆ ਜਾਣ ਵਾਲ਼ਾ ਵਿਅਕਤੀ ਮਾਈਕਲ ਸ਼ਵੈਬ ਦਾ ਭਣੋਈਆ ਰੂਡੋਲਫ ਸ਼ਨੋਬੈਲਟ ਸੀ। ਪਰ ਇਵਰਿਚ ਨੇ ਇਸ ਨੂੰ ਖਾਰਜ ਕਰ ਦਿੱਤਾ। ਸ਼ਨੌਬੈਲਟ ਬੰਬ ਧਮਾਕੇ ਤੋਂ ਬਾਅਦ ਦੋ ਵਾਰ ਫੜਿਆ ਗਿਆ ਅਤੇ ਦੋਵੇਂ ਵਾਰੀ ਛੱਡ ਦਿੱਤਾ ਗਿਆ।

ਸ਼ਨੌਬੈਲਟ ਦਾ ਹੁਲੀਆ ਜਾਨ ਬਰਨੇਟ, ਜੋ ਇਕੱਲਾ ਨਿਰਪੱਖ ਗਵਾਹ ਸੀ ਅਤੇ ਜਿਸਨੇ ਬੰਬ ਸੁੱਟਣ ਵਾਲ਼ੇ ਨੂੰ ਦੇਖਿਆ ਸੀ, ਦੁਆਰਾ ਦੱਸੇ ਗਏ ਵੇਰਵੇ ਨਾਲ਼ ਮੇਲ਼ ਨਹੀਂ ਖਾਂਦਾ ਸੀ ਅਤੇ ਇਵਰਿਚ ਨੇ ਇਹ ਸਪੱਸ਼ਟ ਤੌਰ ‘ਤੇ ਕਿਹਾ ਕਿ ਸ਼ਨੌਬੈਲਟ ਦੀਆਂ ਖੁਦ ਦੀਆਂ ਸਰਗਰਮੀਆਂ ਬੰਬ ਸੁੱਟਣ ਵਾਲ਼ੇ ਜਿਹੀਆਂ ਨਹੀਂ ਸਨ। ਉਸਦਾ ਕਹਿਣਾ ਹੈ, ”ਜੇ ਸ਼ਨੌਬੈਲਟ ਨੇ ਆਪਣੀ ਜੇਬ ਵਿੱਚ ਬੰਬ ਰੱਖਿਆ ਹੋਇਆ ਸੀ ਤਾਂ ਕੀ ਉਹ ਬੁਲਾਰਿਆਂ ਵਾਲ਼ੀ ਗੱਡੀ ‘ਤੇ ਖੜ੍ਹਾ ਹੋਇਆ ਹੁੰਦਾ? ਇਸ ਤੋਂ ਵੀ ਵੱਡੀ ਗੱਲ ਹੈ ਕਿ ਕੀ ਇਸ ਹਾਦਸੇ ਦੇ ਦੂਜੇ ਹੀ ਦਿਨ (ਮਾਈਕਲ) ਸ਼ਵੈਬ ਦੀ ਰਿਹਾਈ ਦੀ ਕੋਸ਼ਿਸ਼ ਕਰਨ ਉਹ ਪੁਲਸ ਹੈਡਕੁਆਟਰ ਗਿਆ ਹੁੰਦਾ? ਇਕੱਲੇ ਇਹੀ ਗੱਲ ਉਸਦੇ ਖਿਲਾਫ ਲੱਗੇ ਦੋਸ਼ਾਂ ‘ਤੇ ਸ਼ੱਕ ਪੈਦਾ ਕਰਦੀ ਹੈ।

ਇਰਵਿੱਚ ਦਾ ਇਹ ਸਿੱਟਾ ਕਿ ਬੰਬ ਸੁੱਟਣ ਵਾਲ਼ਾ ਇੱਕ ਅਰਾਜਕਤਾਵਾਦੀ ਸੀ, ਮੁੱਖ ਤੌਰ ‘ਤੇ ਰਾਬਰਟ ਰੀਟਜੇਲ ਅਤੇ ਡਾਇਰ ਲੁਮ ਜਿਹੇ ਅਰਾਜਕਤਾਵਾਦੀਆਂ ਦੇ ਬਿਆਨਾਂ ‘ਤੇ ਅਧਾਰਿਤ ਹੈ। (ਪਾਰਸਨਜ਼, ਫਿਸਰ, ਸਪਾਇਸ ਅਤੇ ਏਂਜੇਲ ਨੂੰ-ਅਨੁ.) ਫਾਂਸੀ ਦਿੱਤੇ ਜਾਣ ਤੋਂ ਬਾਅਦ ਰੀਟਜੇਲ ਨੇ ਡਾ. ਅਰਬਨ ਹਾਰਟੁੰਗ ਨੂੰ ਦੱਸਿਆ ਸੀ ਕਿ ”ਬੰਬ ਸੁੱਟਣ ਵਾਲ਼ੇ ਵਿਅਕਤੀ ਨੂੰ ਅਸੀਂ ਜਾਣਦੇ ਹਾਂ, ਪਰ ਛੱਡੋ ਇਸ ਗੱਲ ਨੂੰ, ਉਸਨੂੰ ਜੇ ਇਸਨੂੰ ਕਬੂਲ ਵੀ ਕਰ ਲਿਆ ਹੁੰਦਾ ਤਾਂ ਵੀ ਅਸੀਂ ਆਪਣੇ ਸਾਥੀਆਂ ਦੀ ਜਿੰਦਗੀ ਬਚਾ ਨਹੀਂ ਸਕਦੇ ਸੀ।”

10

ਡਾਇਰ ਲੁਮ 1891 ਵਿੱਚ ਲਿਖੇ ਗਏ ਇੱਕ ਲੇਖ ਵਿੱਚ ਸਪੱਸ਼ਟ ਕਰਦੇ ਹਨ ਕਿ 4 ਮਈ ਦੀ ਦੁਪਹਿਰ ਅਗਸਟ ਸਪਾਇਸ ਨੇ ਬਾਲਥਸਰ ਰਾਊ ਨੂੰ ਕੱਟੜ ਲੜਾਕੂਆਂ ਕੋਲ਼ ਇਹ ਤਾਕੀਦ ਕਰਨ ਲਈ ਭੇਜਿਆ ਸੀ ਕਿ ਹੇ ਮਾਰਕੀਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਨਾ ਲਿਆਇਆ ਜਾਵੇ। ਪਰ, ਜਿਵੇਂ ਕਿ ਲੁਮ ਲਿਖਦੇ ਹਨ, ”ਇੱਕ ਵਿਅਕਤੀ ਨੇ ਇਸ ਨਿਰਦੇਸ਼ ਦਾ ਉਲੰਘਣ ਕੀਤਾ ਸੀ, ਸਦਾ ਆਪਣੇ ਇਰਾਦੇ ‘ਤੇ  ਪੱਕਾ, ਉਹ ਕੋਈ ਵੀ ਕੰਮ ਆਪਣੀ ਜ਼ਿੰਮੇਵਾਰੀ ‘ਤੇ ਕਰਦਾ ਅਤੇ ਸਿਰ ਝੁਕਾਕੇ ”ਬਲੀ ਦਾ ਬੱਕਰਾ” ਬਣ ਜਾਣ ਦੀ ਥਾਂ ਕਿਸੇ ਵੀ ਘਾਤਕ ਹਮਲੇ ਨਾਲ਼ ਮੁਕਾਬਲੇ ਲਈ ਤਿਆਰ ਰਹਿਣ  ਨੂੰ ਬਿਹਤਰ ਸਮਝਦਾ ਸੀ।”

ਲੁਮ ਦਾ ਕਹਿਣਾ ਸੀ ਕਿ ਮੁਕੱਦਮੇ ਦੇ ਅੱਠ ਵਿਰੋਧੀਆਂ ਨੂੰ ਬੰਬ ਸੁੱਟਣ ਵਾਲ਼ੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਭਾਵੇਂ ਬਾਅਦ ਵਿੱਚ ਦੋ ਜਣਿਆਂ ਨੂੰ ਉਸਦਾ ਪਤਾ ਲੱਗ ਗਿਆ ਸੀ ”ਪਰ ਨਾ ਸਪਾਇਸ ਅਤੇ ਨਾ ਹੀ ਪਾਰਸਨਜ਼ ਉਸ ਵਿਅਕਤੀ ਤੋਂ ਜਾਣੂ ਸਨ”… ਇਵਰਿਚ ਦਾ ਇਹ ਮੰਨਣਾ ਹੈ ਕਿ ਉਸਨੂੰ ਜਾਨਣ ਵਾਲ਼ੇ ਦੋਵੇਂ ਵਿਅਕਤੀ ਏਂਜੇਲ ਅਤੇ ਫਿਸ਼ਰ ਸਨ। ਲੁਮ ਦੇ ਅਨੁਸਾਰ ਬੰਬ ਧਮਾਕਾ ਕਰਨ ਵਾਲ਼ੇ ਵਿਅਕਤੀ ਦੀ ”ਚਰਚਾ ਮੁਕੱਦਮੇ ਦੌਰਾਨ ਕਦੇ ਵੀ ਨਹੀਂ ਹੋਈ ਅਤੇ ਅੱਜ ਵੀ ਉਹ ਲੋਕਾਂ ਲਈ ਅਣਜਾਣ ਹਨ।”

ਡਾਇਰ ਲੁਮ ਦੀ ਪੱਕੀ ਦੋਸਤ ਅਤੇ ਪ੍ਰਸਿੱਧ ਮਹਿਲਾ ਅਰਾਜਕਤਾਵਾਦੀ ਵੋਲਟਾਯਰਿਨ ਡਿ ਕਲੇਅਰ ਨੇ ਵੀ ਬੰਬ ਸੁੱਟਣ ਵਾਲ਼ੇ ਦੀ ਪਹਿਚਾਣ ਬਾਰੇ ਇੱਕ ਸੰਕੇਤ ਦਿੱਤਾ ਸੀ। 1899 ਵਿੱਚ ਇਸ ਘਟਨਾ ਦੀ ਯਾਦ ਵਿੱਚ ਆਪਣੇ ਭਾਸ਼ਣ ਵਿੱਚ ਡਿ ਕਲੇਅਰ ਨੇ ਕਿਹਾ, ”ਹੇ ਮਾਰਕੀਟ ਦਾ ਬੰਬ ਧਮਾਕਾ ਇੱਕ ਅਜਿਹੇ ਵਿਅਕਤੀ ਦੀ ਆਤਮਰੱਖਿਆ ਦੀ ਕਾਰਵਾਈ ਸੀ ਜੋ ਇਸ ਸੰਵਿਧਾਨਕ ਐਲਾਨ ਵਿੱਚ ਯਕੀਨ ਰੱਖਦਾ ਸੀ ਕਿ ਬੋਲਣ ਅਤੇ ਸ਼ਾਂਤੀਮਈ ਢੰਗ ਨਾਲ਼ ਸਭਾ ਕਰਨ ਦੀ ਅਜ਼ਾਦੀ ਵਿੱਚ ਕੋਈ ਕੱਟ-ਵੱਢ ਨਹੀਂ ਕੀਤੀ ਜਾ ਸਕਦੀ।”

ਅਤੇ 1907 ਵਿੱਚ, ਡਿ ਕਲੇਅਰ ਨੇ ਕਿਹਾ… ”ਹੁਣ ਜਦੋਂ ਕਿ ਸਾਡੇ ਸਾਥੀ ਮਾਰੇ ਜਾ ਚੁੱਕੇ ਹਨ, ਮੈਂ ਨਹੀਂ ਸਮਝਦੀ ਕਿ ਬੰਬ ਸੁੱਟਣ ਵਾਲ਼ੇ ਵਿਅਕਤੀ ਦੀ ਪਹਿਚਾਣ ਦੱਸਣ ਦੀ ਕੋਈ ਲੋੜ ਹੈ। ਇੱਕ ਖਾਮੋਸ਼ ਅਤੇ ਅਨਾਮ ਵਿਅਕਤੀ ਇਸ ਦੁਨੀਆਂ ਤੋਂ ਚਲਿਆ ਗਿਆ ਅਤੇ ਆਪਣਾ ਨਿਸ਼ਾਨ ਛੱਡ ਗਿਆ। ਹੁਣ ਇਸ ਨਾਲ਼ ਕੀ ਫਰਕ ਪੈਂਦਾ ਹੈ ਕਿ ਉਹ ਵਿਅਕਤੀ ਕੌਣ ਸੀ। ਇਸ ਜੁਲਮ ਲਈ ਰਾਜ ਨੇ ਜਿਹਨਾਂ ਅੱਠ ਜਣਿਆਂ ਨੂੰ ਸਜ਼ਾ ਦਿੱਤੀ, ਉਹਨਾਂ ਵਿੱਚ ਉਹ ਨਹੀਂ ਸੀ।”

ਇਹਨਾਂ ਸਬੂਤਾਂ ਦੇ ਅਧਾਰ ‘ਤੇ ਇਵਰਿਚ ਨੇ ਇਹ ਸਿੱਟਾ ਕੱਢਿਆ ਕਿ ਬੰਬ ਸੁੱਟਣ ਵਾਲ਼ਾ ਕਦੇ ਵੀ ਅਰਾਜਕਤਾਵਦੀਆਂ ਦੇ ਫੌਜੀ ਵਿਭਾਗ ਦਾ ਇੱਕ ਜਰਮਨ ਮੈਂਬਰ ਸੀ, ਜਿਸਦੇ ਨਾਲ਼ ਬਾਲਥਸਰ ਰਾਓ ਨੇ ਸੰਪਰਕ ਕੀਤਾ, ਕਿ ਉਹ ਲਹਿਰ ਵਿੱਚ ਜਾਣਿਆ-ਪਹਿਚਾਣਿਆ ਵਿਅਕਤੀ ਸੀ, ਪਰ ਕੋਈ ਮਹੱਤਵਪੂਰਨ ਹਸਤੀ ਨਹੀਂ ਸੀ ਕਿ ਦਹਿਸ਼ਤਗਰਦ ਅਰਾਜਕਤਾਵਾਦੀ ਦੇ ਇੱਕ ਛੋਟੇ ਜਿਹੇ ਧੜੇ ਤੋਂ ਬਿਨ੍ਹਾਂ ਉਸਦੀ ਪਹਿਚਾਣ ਕੋਈ ਨਹੀਂ ਜਾਣਦਾ ਸੀ ਅਤੇ ਇਹ ਜਾਨ ਬਰਨੇਟ ਦੀ ਗਵਾਹੀ ਅਨੁਸਾਰ, ਉਸਦੀ ਲੰਬਾਈ ਪੰਜ ਫੁੱਟ ਨੌ ਜਾਂ ਦਸ ਇੰਚ ਸੀ, ਉਸਨੇ ਮੁੱਛਾਂ ਰੱਖੀਆਂ ਹੋਈਆਂ ਸਨ ਪਰ ਦਾੜ੍ਹੀ ਸਫਾ ਚੱਟ ਸੀ।

ਇਵਿਰਚ ਦੀ ਕਿਤਾਬ ਦੇ ਛਪ ਕੇ ਆਉਣ ਤੋਂ ਬਾਅਦ ਕੈਲੇਫੋਰਨੀਆ ਦੇ ਬਰਕਲੇ ਸ਼ਹਿਰ ਤੋਂ ਇੱਕ ਮਨੋਵਿਗਿਆਨਕ ਡਾ. ਏਡਾ ਮੌਰਰ ਦਾ ਖ਼ਤ ਉਨਾਂ ਨੂੰ ਮਿਲ਼ਿਆ। ਉਨਾਂ ਨੇ ਕਿਸੇ ”ਜੇ. ਪੀ. ਮੇਂਗ” ਬਾਰੇ ਪੜਤਾਲ ਕੀਤੀ ਸੀ। ਇਵਰਿਚ ਦੇ ਇਸਦਾ ਜਿਕਰ ਸ਼ਿਕਾਗੋ ਦੇ ਉਸ ਅਰਾਜਕਤਾਵਾਦੀ ਨੁਮਾਇੰਦਾਮੰਡਲ ਦੇ ਇੱਕ ਅਜਿਹੇ ਮੈਂਬਰ ਦੇ ਰੂਪ ਵਿੱਚ ਕੀਤਾ ਹੈ, ਜੋ 1883 ਦੇ ਪੀਟਰਜ਼ਬਰਗ ਦੀ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ। ਸ਼੍ਰੀਮਾਨ ਮੌਰਰ ਨੇ ਪੁੱਛਿਆ ਸੀ ਕਿ ਨਾਮ ਦੇ ਪਹਿਲੇ ਅੱਖਰਾਂ ਵਿੱਚ ਕਿਸੇ ਗਲਤੀ ਦੀ ਸੰਭਾਵਨਾ ਤਾਂ ਨਹੀਂ ਹੋਈ ਹੈ ਕਿਉਂਕਿ ਉਨਾਂ ਨੂੰ ਯਕੀਨ ਸੀ ਕਿ ਇਹ ਉਹਨਾਂ ਦੇ ਨਾਨਾ ਜਾਰਜ ਮੇਂਗ ਦਾ ਨਾਮ ਹੈ। ਮੌਰਰ ਨੂੰ ਵੀ ਇਹ ਸ਼ੱਕ ਸੀ ਕਿ ਬੰਬ ਧਮਾਕਾ ਉਹਨਾਂ ਦੇ ਨਾਨੇ ਨੇ ਕੀਤਾ ਸੀ।

ਜਾਂਚ ਕਰਨ ਤੋਂ ਬਾਅਦ ਇਵਰਿਚ ਨੇ ਇਹ ਵੇਖਿਆ ਕਿ ਪ੍ਰਤੀਨਿਧੀਮੰਡਲ ਦੇ ਮੈਂਬਰ ਦਾ ਨਾਮ ਅਸਲ ਵਿੱਚ ਜਾਰਜ ਸੀ, ਜੇ. ਪੀ. ਮੇਂਗ ਨਹੀਂ। ਤਾਂ, ਡਾ. ਮੌਰਰ ਦੇ ਇਸ ਸ਼ੰਕੇ ਦਾ ਕੀ ਹੋਇਆ ਕਿ ਮੇਂਗ ਹੀ ਬੰਬ ਸੁੱਟਣ ਵਾਲ਼ਾ ਵਿਅਕਤੀ ਸੀ। ਇਵਰਿਚ ਨੂੰ ਡਾ. ਮੌਰਰ ਨੇ ਹੇਠ ਲਿਖੀ ਸੂਚਨਾ ਦਿੱਤੀ—ਮੇਂਗ ਦਾ ਜਨਮ 1840 ਦੇ ਨੇੜੇ ਤੇੜੇ ਬਵੇਰਿਆ ਵਿੱਚ ਹੋਇਆ ਸੀ ਅਤੇ ਜਿਸ ਸਮੇਂ ਉਹ ਸੰਯੁਕਤ ਰਾਜ ਅਮਰੀਕਾ ਪਹੁੰਚਿਆ, ਉਹ ਜਵਾਨ ਹੋ ਚੁੱਕਿਆ ਸੀ। ਉਹ ਸ਼ਿਕਾਗੋ ਆ ਕੇ ਵਸ ਗਿਆ, ਉੱਥੇ ਇੱਕ ਬਲਦ ਹੱਕਣ ਦਾ ਕੰਮ ਕਰਨ ਲੱਗਿਆ, ਉੱਥੇ ਉਸਨੇ ਵਿਆਹ ਕੀਤਾ ਅਤੇ ਉਸਦੀਆਂ ਦੋ ਧੀਆਂ ਕੇਟ ਅਤੇ ਲੁਈਸਾ ਪੈਦਾ ਹੋਈਆਂ। ਲੂਈਸਾ ਹੀ ਡਾ. ਮੌਰਰ ਦੀ ਮਾਂ ਸੀ। 1883 ਤੱਕ ਆਉਂਦੇ-ਆਉਂਦੇ ਮੇਂਗ ਇੰਟਰਨੈਸ਼ਨਲ ਵਰਕਿੰਗ ਪੀਪਲਜ਼ ਐਸੋਸੀਏਸ਼ਨ ਦੇ ਦਹਿਸ਼ਤਗਰਦ ਨਾਰਥ ਸਾਈਡ ਗਰੁੱਪ ਨਾਲ਼ ਜੁੜ ਗਿਆ, ਜਿਸਦੇ ਮੈਂਬਰ ਆਸਕਰ ਨੀਬ, ਬਾਲਥਸਰ ਰਾਓ, ਰੂਡੋਲਫ ਸ਼ਨੌਬੈਲਟ ਅਤੇ ਲੂਈਸ ਲਿੰਗ ਸਨ।

ਲੂਈਸਾ ਨੇ ਆਪਣੀ ਧੀ ਨੂੰ ਇਹ ਕਈ ਵਾਰ ਦੱਸਿਆ ਕਿ ਬੰਬ ਸੁੱਟਣ ਵਾਲ਼ਾ ਵਿਅਕਤੀ ਮੇਂਗ ਸੀ, ਪਰ ਉਹ ਅਜਿਹਾ ਕਿਉਂ ਸੋਚਦੀ ਸੀ ਇਸ ਬਾਰੇ ਕੁੱਝ ਨਹੀਂ ਕਿਹਾ। ”ਉਨਾਂ ਨੇ ਹੀ ਇਹ ਕੰਮ ਕੀਤਾ ਸੀ।” ਉਹ ਕਹਿੰਦੀ। ਲੂਈਸਾ ਉਸ ਰਾਤ ਦੀ ਵੀ ਚਰਚਾ ਕਰਦੀ, ਜਦੋਂ ਹੇ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਉਸ ਰਾਤ ਧਮਾਕੇ ਤੋਂ ਥੋੜ੍ਹਾ ਚਿਰ ਬਾਅਦ ਹੀ ਉਨਾਂ ਨੇ ਦੇਖਿਆ ਕਿ ਰੂਡੋਲਫ ਨਾਮ ਦਾ ਇੱਕ ਆਦਮੀ ਉਹਨਾਂ ਦੀ ਬੁਖਾਰੀ ਵਿੱਚ ਲੁਕਿਆ ਹੋਇਆ ਸੀ। ਰੁਡੋਲਫ ਉਨਾਂ ਦੇ ਪਿਤਾ ਦਾ ਕਾਮਰੇਡ ਸੀ ਅਤੇ, ”ਉਹ ਸਾਰੀ ਰਾਤ ਰਸੋਈਘਰ ਵਿੱਚ ਗੱਲਾਂ ਕਰਦੇ ਰਹੇ।”

ਮੌਰਰ ਦੇ ਅਨੁਸਾਰ 1907 ਵਿੱਚ ਉਸਦੇ ਜਨਮ ਤੋਂ ਕੁੱਝ ਸਾਲ ਪਹਿਲਾਂ ਹੀ ਮੇਂਗ ਦੀ ਇੱਕ ਸੈਲੂਨ ਵਿੱਚ ਅੱਗ ਲੱਗਣ ਦੌਰਾਨ ਮੌਤ ਹੋ ਗਈ ਸੀ, ਜਿਸ ਕਾਰਨ ਮੇਂਗ ਦਾ ਹੂਲ਼ੀਆ ਦੱਸਣ ਵਿੱਚ ਉਹ ਅਸਮਰੱਥ ਸੀ। ਫਿਰ ਵੀ ਮੌਰਰ ਦੀ ਇਸ ਕਹਾਣੀ ਨੂੰ ਇਵਰਿਚ ਨੇ ਭਰੋਸੇਯੋਗ ਮੰਨਿਆ, ”ਕਿਉਂਕਿ ਹੁਣ ਦੇ ਪ੍ਰਾਪਤ ਤੱਥਾਂ ਨਾਲ਼ ਇਹ ਮੇਲ਼ ਖਾਂਦਾ ਹੈ। ਉਦਾਹਰਨ ਲਈ, ਇਸ ਵਿੱਚ ਰੁਡੋਲਫ ਸ਼ਨੌਬੇਲਟ ਸਬੰਧੀ ਅਜਿਹੀ ਸੂਚਨਾ ਦਾ ਹਵਾਲਾ ਮਿਲ਼ਦਾ ਹੈ, ਆਮ ਤੌਰ ‘ਤੇ, ਜਿਸਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਇਹ ਬਿਓਰਾ ਉਸ ਸਾਂਚੇ ਵਿੱਚ ਫਿੱਟ ਬੈਠਦਾ ਹੈ, ਜਿਹਾ ਕਿ ਇੱਕ ਜਰਮਨ ਅਰਾਜਕਤਾਵਾਦੀ, ਡਾਇਰ ਲੁਮ ਨੇ ਬੰਬ ਸੁੱਟਣ ਵਾਲ਼ੇ ਵਿਅਕਤੀ ਬਾਰੇ ਦਿੱਤਾ ਸੀ— ਸ਼ਿਕਾਗੋ ਦੇ ਗਰੁੱਪ ਵਿੱਚ ਇੱਕ ‘ਪੱਕੇ ਇਰਾਦੇ’ ਵਾਲ਼ਾ ਦਹਿਸ਼ਤਗਰਦ ਵਿਅਕਤੀ, ਲਹਿਰ ਵਿੱਚ ਇੱਕ ਜਾਣਿਆ-ਪਹਿਚਾਣਿਆ ਨਾਮ— ਪਰ ਜਿਸਦੀ ਗਿਣਤੀ ਪ੍ਰਮੁੱਖ ਆਗੂਆਂ ਵਿੱਚ ਨਹੀਂ ਹੁੰਦੀ ਸੀ ਅਤੇ ਮੁਕੱਦਮੇ ਵਿੱਚ ਜਿਸਦਾ ਜ਼ਿਕਰ ਨਹੀਂ ਆਇਆ ਸੀ। ਡਾ. ਮੌਰਰ ਦੀ ਕਹਾਣੀ ਵਿੱਚ ਸੱਚ ਦਾ ਅੰਸ਼ ਹੈ ਅਤੇ ਮੈਨੂੰ ਇਸ ‘ਤੇ ਵਿਸ਼ਵਾਸ਼ ਹੈ।

ਬੰਬ ਸੁੱਟਣ ਵਾਲ਼ੇ ਵਿਅਕਤੀ ਦੀ ਪਹਿਚਾਣ ਦਾ ਮਸਲਾ ਬੁੱਧੀਜੀਵੀਆਂ ਵਿੱਚ ਇੰਨੀ ਉਥਲ-ਪੁਥਲ ਮਚਾ ਰਿਹਾ ਸੀ, ਉੱਥੇ ਇਹ ਹੇ ਮਾਰਕੀਟ ਮੁਕੱਦਮੇ ਲਈ ਅਪ੍ਰਸੰਗਿਕ ਬਣਿਆ ਹੋਇਆ ਸੀ। ਅਲਬਰਟ ਪਾਰਸਨਜ਼, ਆਗਸਟ ਸਪਾਈਸ, ਜਾਰਜ ਏਂਜੇਲ, ਸੈਮੂਅਲ ਫੀਲਡੇਨ, ਏਡੋਲਫ ਫਿਸ਼ਰ, ਮਾਇਕਲ ਸ਼ਵੈਬ, ਆਸਕਰ ਨੀਬੇ ਅਤੇ ਲੂਈਸ ਲਿੰਗ ‘ਤੇ ਹੱਤਿਆ ਦੀ ਸ਼ਾਜਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ, ਬੰਬ ਸੁੱਟਣ ਦਾ ਨਹੀਂ। ਇੰਨਾਂ ਅੱਠਾਂ ਵਿੱਚੋਂ ਸਿਰਫ ਫੀਲਡੇਨ ਅਤੇ ਸਪਾਇਸ ਉੱਥੇ ਮੌਜੂਦ ਸਨ, ਜਦੋਂ ਬੰਬ ਧਮਾਕਾ ਹੋਇਆ ਸੀ। ਪਰ ਸਰਕਾਰੀ ਵਕੀਲ ਜੂਲੀਅਸ ਐਸ. ਗ੍ਰਿਨੇਲ ਨੇ ਇਹ ਐਲਾਨ ਕੀਤਾ, ”ਇਹਨਾਂ ਵਿਅਕਤੀਆਂ ਨੂੰ ਦੋਸ਼ੀ ਐਲਾਨੋ, ਲੋਕਾਂ ਸਾਹਮਣੇ ਇਨਾਂ ਦੀ ਉਦਾਹਰਨ ਰੱਖੋ, ਇਨਾਂ ਨੂੰ ਫਾਂਸੀ ‘ਤੇ ਲਟਕਾ ਦਿਓ ਅਤੇ ਤਾਂ ਹੀ ਸਾਡੀਆਂ ਸੰਸਥਾਵਾਂ ਨੂੰ ਤੁਸੀਂ ਬਚਾ ਸਕੋਗੇ।”

ਆਖਰ ਉਹ ਕਿਹੜੇ ਵਿਚਾਰ ਸਨ, ਜੋ ਇਸ ਸਮਾਜਿਕ ਸੰਰਚਨਾ ਲਈ ਇੰਨਾ ਖ਼ਤਰਨਾਕ ਸਾਬਤ ਹੋ ਰਹੇ ਹਨ। ਅਲਬਰਟ ਪਾਰਸਨਜ਼ ਨੇ ਅਰਾਜਕਤਾਵਾਦ ਨੂੰ ਇਸ ਰੂਪ ਵਿੱਚ ਪਰਿਭਾਸ਼ਤ ਕੀਤਾ ਇਹ, ”ਤਾਕਤ ਦੀ ਵਰਤੋਂ ਦਾ ਨਿਖੇਧ ਹੈ, ਸਮਾਜਿਕ ਮਾਮਲਿਆਂ ਵਿੱਚ ਹਰ ਤਰ੍ਹਾਂ ਦੇ ਵਿਸ਼ੇਸ਼ਾਧਿਕਾਰ ਦਾ ਖਾਤਮਾ ਹੈ। ਇਹ ਇੱਕ ਵਿਅਕਤੀ ਦੁਆਰਾ ਦੂਜੇ ‘ਤੇ ਰਾਜ ਕਰਨ ਦੇ ਹੱਕ ਦਾ ਵਿਰੋਧ ਹੈ। ਇਹ ਅਰੋਕ ਅਤੇ ਬਰਾਬਰਤਾ ਅਧਾਰਤ ਲੋਕਾਂ ਵਿੱਚ ਤਾਕਤ ਦਾ, ਹੱਕਾ ਅਤੇ ਫਰਜ਼ਾਂ ਦੀ ਵੰਡ ਹੈ।” ਸਪਾਈਸ ਦਾ ਕਹਿਣਾ ਸੀ ਕਿ, ”ਅਰਾਜਕਤਾਵਾਦ ਦਾ ਅਰਥ ਖੂਨ ਵਹਾਉਣਾ ਨਹੀਂ ਹੈ, ਅੱਗਾਂ ਲਾਉਣਾ ਜਾਂ ਲੁੱਟ ਖੋਹ ਨਹੀਂ ਹੈ। ਇਸਦੇ ਉਲ਼ਟ ਇਹ ਵਿਗਾੜ ਸਰਮਾਏਦਾਰੀ ਸਮਾਜ ਦੇ ਲੱਛਣ ਹਨ। ਅਰਾਜਕਤਾਵਾਦ ਦਾ ਅਰਥ ਹੈ ਸਾਰਿਆਂ ਲਈ ਅਮਨ ਅਤੇ ਸ਼ਾਂਤੀ।” ਲੁਈਸ ਲਿੰਗ ਲਈ, ”ਅਰਾਜਕਤਾ ਦਾ ਅਰਥ ਹੈ ਇੱਥੇ ਇੱਕ ਵਿਅਕਤੀ ਦਾ ਦੂਜੇ ‘ਤੇ ਰਾਜ ਵਿਸ਼ੇਸ਼ ਹੱਕ ਨਹੀਂ ਹੋਵੇਗਾ…।”

ਇੰਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਦੋਂ 21 ਜੂਨ, 1886 ਨੂੰ ਮੁਕੱਦਮੇ ਦੀ ਸ਼ੁਰੂਆਤ ਹੋਈ ਤਾਂ ਕਚਹਿਰੀ ਵਿੱਚ ਮੌਜੂਦ ਵਿਅਕਤੀਆਂ ਬਾਰੇ ਲੋਕਾਂ ਵਿੱਚ ਉਹੀ ਬੰਬ ਸੁੱਟਣ ਵਾਲ਼ਾ, ਖੂਨ-ਚੂਸਣ ਵਾਲ਼ਾ, ਅਪਰਾਧੀ ਪ੍ਰਵਿਰਤੀ ਦੇ ਪਾਗਲ ਵਿਅਕਤੀ ਦੀ ਪੁਰਾਣੀ ਘਸੀ-ਪਿਟੀ ਧਾਰਨਾ ਬਣੀ ਹੋਈ ਸੀ। ਮੁਕੱਦਮੇ ਦੀ ਸੁਣਵਾਈ ਦੇ ਸਮੇਂ ਸਿਰਫ ਸੱਤ ਵਿਅਕਤੀ ਹੀ ਕੈਦ ਵਿੱਚ ਸਨ। ਪਾਰਸਨਜ਼ ਨੇ ਬੰਬ ਧਮਾਕੇ ਤੋਂ ਬਾਅਦ ਭਿਅੰਕਰ ਹੋਈ ਹਾਲਤ ਦਾ ਅੰਦਾਜ਼ਾ ਹੁੰਦਿਆਂ ਹੀ ਸ਼ਿਕਾਗੋ ਸ਼ਹਿਰ ਛੱਡ ਦਿੱਤਾ ਸੀ ਅਤੇ ਛੇ ਹਫ਼ਤੇ ਤੱਕ ਗ੍ਰਿਫਤਾਰੀ ਤੋਂ ਬਚਣ ਵਿੱਚ ਕਾਮਯਾਬ ਰਿਹਾ। ਪਰ ਆਪਣੇ ਵਕੀਲ ਅਤੇ ਆਪਣੀ ਪਤਨੀ ਨਾਲ਼ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਾਰਸਨਜ਼ ਨੇ ਸਮਰਪਣ ਕਰ ਦੇਣ ਅਤੇ ਆਪਣੇ ਸਾਥੀਆਂ ਨਾਲ਼ ਖੁਦ ‘ਤੇ ਵੀ ਮੁਕੱਦਮਾ ਚਲਾਏ ਜਾਣ ਦੇ ਪੱਖ ਵਿੱਚ ਫੈਸਲਾ ਲਿਆ। ਹਰ ਕੋਈ ਇਸ ਗੱਲ ਨਾਲ਼ ਸਹਿਮਤ ਸੀ ਕਿ ਇਸ ਕਾਰਵਾਈ ਨਾਲ਼ ਉਨਾਂ ਦੇ ਪੱਖ ਵਿੱਚ ਮਹੌਲ ਬਣੇਗਾ। ਇਸ ਤਰਾਂ, ਮੁਕੱਦਮੇ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਪਾਰਸਨਜ਼ ਅਦਾਲਤ ਵਿੱਚ ਹਾਜ਼ਰ ਹੋਇਆ ਅਤੇ ਨਾਟਕੀ ਢੰਗ ਨਾਲ਼ ਖੁਦ ਨੂੰ ਅਫਸਰਾਂ ਦੇ ਸਾਹਮਣੇ ਪੇਸ਼ ਕਰ ਦਿੱਤਾ।

ਸ਼ੁਰੂ ਤੋਂ ਹੀ ਮੁਕੱਦਮਾ ਇੱਕ ਨਾਟਕ ਸੀ। ਅਦਾਲਤ ਦੇ ਅਫਸਰਾਂ ਨੇ ਛਾਂਟ-ਛਾਂਟ ਕੇ ਜਿਊਰੀ ਦੇ ਮੈਂਬਰਾਂ ਦੀ ਚੋਣ ਕੀਤੀ ਸੀ, ਉਸਨੇ ਆਪਣੀ ਯੋਜਨਾ ਨੂੰ ਲੁਕਾਇਆ ਵੀ ਨਹੀਂ, ”ਮੈਂ ਜਿਊਰੀ ਵਿੱਚ ਬੈਠਣ ਲਈ ਮੈਂਬਰਾਂ ਨੂੰ ਚੁਣ ਰਿਹਾ ਹਾਂ, ਜਿਨ੍ਹਾਂ ਨੂੰ ਵਿਰੋਧੀ ਲਾਜ਼ਮੀ ਚੁਣੌਤੀ ਤਾਂ ਦੇਣਗੇ, ਪਰ ਉਹਨਾਂ ਦੀ ਚੁਣੌਤੀ ਅਤੇ ਉਨਾਂ ਦਾ ਸਮਾਂ ਵਿਅਰਥ ਜਾਵੇਗਾ ਅਤੇ ਤਾਂ ਉਹਨਾਂ ਨੂੰ  ਉਹਨਾਂ ਵਿਅਕਤੀਆਂ ਨੂੰ ਸਵੀਕਾਰ ਕਰਨਾ ਹੀ ਪਵੇਗਾ, ਜਿੰਨਾਂ ਨੂੰ ਮੁਕੱਦਮਾ ਕਰਨ ਵਾਲ਼ਾ ਪੱਖ ਰੱਖਣਾ ਚਾਹੇਗਾ।” ਇਹ ਯੁੱਧਨੀਤੀ ਕੰਮ ਆ ਗਈ। ਇਸ ਹਾਦਸੇ ਵਿੱਚ ਸ਼ਿਕਾਰ ਹੋਏ ਪੁਲਸ ਮੁਲਾਜ਼ਮ ਦਾ ਇੱਕ ਰਿਸ਼ਤੇਦਾਰ ਅਤੇ ਸਿੱਧੇ-ਸਿੱਧੇ ਤੁਅੱਸਬਾਂ ਵਾਲ਼ੇ ਕੁੱਝ ਹੋਰ ਲੋਕ ਵੀ ਇਸ ਜਿਊਰੀ ਵਿੱਚ ਬੈਠੇ।

ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਗਵਾਹਾਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ, ਬਿਆਨ ਬਦਲੇ ਅਤੇ ਆਪਾ-ਵਿਰੋਧੀ ਗੱਲਾਂ ਕਹੀਆਂ। ਸਰਕਾਰੀ ਪੱਖ ਵਿੱਚ ਜਾਂ ਤਾਂ ਸਬੂਤ ਘੜੇ ਗਏ ਜਾਂ ਉਹਨਾਂ ਨੂੰ ਦਬਾ ਦਿੱਤਾ ਗਿਆ। ਮੁਕੱਦਮਾ ਕਰਨ ਵਾਲ਼ੇ ਪੱਖ ਦੀਆਂ ਦਲੀਲਾਂ ਦਾ ਜਿਆਦਾਤਰ ਹਿੱਸਾ ਵਿਰੋਧੀਆਂ ਤੇ ਹੋਰਾਂ ਦੁਆਰਾ ਸ਼ਿਕਾਗੋ ਦੇ ਰੈਡੀਕਲ ਅਖ਼ਬਾਰਾਂ ਵਿੱਚ ਲਿਖੇ ਗਏ ਖਾੜਕੂ ਲੇਖਾਂ ‘ਤੇ ਅਧਾਰਿਤ ਸੀ।

ਇਹ ਮੁਕੱਦਮਾ ਸ਼ਹਿਰ ਵਿੱਚ ਚੱਲਣ ਵਾਲ਼ਾ ਸਭ ਤੋਂ ਵਧੀਆ ਤਮਾਸ਼ਾ ਸੀ, ਜਿੱਥੇ ਭਾਰੀ ਭੀੜ ਜੁੜਦੀ ਸੀ। ਪੂਰੀ ਕਾਰਵਾਈ ਦੇ ਦੌਰਾਨ ਜਿਊਰੀ ਦੇ ਮੈਂਬਰ ਤਾਸ਼ ਖੇਡਦੇ ਅਤੇ ਫੈਸ਼ਨਪ੍ਰਸਤ ਨੌਜਵਾਨ, ਸੁੰਦਰ ਕੁਲੀਨ ਔਰਤਾਂ ਜੱਜ ਗੈਰੀ ਨਾਲ਼ ਨਿਆਂਪੀਠ ‘ਤੇ ਬੈਠਦੀਆਂ। ਜੋ ਲੋਕ ਦੇਖਣ ਅਤੇ ਖੁਦ ਨੂੰ ਦਿਖਾਉਣ ਆਉਂਦੇ, ਉਹਨਾਂ ਵਿੱਚੋਂ ਇੱਕ ਵਾਸਰ ਦੀ ਸਨਾਤਕ ਅਤੇ ਵਿਸ਼ਾਲ ਧਨ ਸੰਪਤੀ ਦੀ ਵਾਰਸ ਰੋਜ ਸਾਰਾ ਨੀਮਾ ਸਟੁਅਰਟ ਕਲਾਰਕ ਵਾਨ ਜਾਂਟ ਵੀ ਸੀ।

ਵਾਨ ਜਾਂਟ ਨੇ ਬਾਅਦ ਵਿੱਚ ਨਿਆਂ ਦੇ ਇਸ ਨਾਟਕ ਦੀ ਚਰਚਾ ਕਰਦੇ ਹੋਏ ਦੱਸਿਆ, ”ਮੁਕੱਦਮੇ ਦੀ ਸੁਣਵਾਈ  ਦੇ ਨਾਮ ‘ਤੇ ਖੇਡੇ ਜਾਣ ਵਾਲ਼ੇ ਇਸ ਮਜ਼ਾਕ ਨੂੰ ਦੇਖਣ ਲਈ, ਜਿਸ ਸਮੇਂ ਮੈਂ ਅਦਾਲਤ ਵਿੱਚ ਦਾਖਲ ਹੋਈ ਉਦੋਂ ਤੱਕ ਉਹਨਾਂ ਵਿੱਚ ਕਿਸੇ ਵੀ ਮੁਲਜ਼ਮ ਨੂੰ ਮੈਂ ਨਹੀਂ ਜਾਣਦੀ ਸੀ—ਮੂਰਖ ਤੇ ਦੋਖੀ ਸੁਭਾਅ ਵਾਲ਼ੇ ਅਤੇ ਅਪਰਾਧੀ ਚਿਹਰੇ-ਮੋਹਰੇ ਵਾਲ਼ੇ ਵਿਅਕਤੀਆਂ ਦੇ ਇੱਕ ਔਖਿਆਂ ਵਾਲ਼ੇ ਲੱਭਣ ਸਮੂਹ ਨੂੰ ਦੇਖਣ ਦੀ ਉਮੀਦ ਕਰ ਰਹੀ ਸੀ। ਇਹ ਦੇਖਕੇ ਮੈਨੂੰ ਬੇਹੱਦ ਹੈਰਾਨੀ ਹੋਈ ਕਿ ਇਸ ਬਿਓਰੇ ਦੇ ਬਿਲਕੁਲ ਉਲਟ ਉਹਨਾਂ ਵਿੱਚੋਂ ਬਹੁਤੇਰੇ ਹਮਦਰਦੀ ਭਰੇ, ਦਿਆਲੂ ਅਤੇ ਭਲੇ ਚਿਹਰੇ ਵਾਲ਼ੇ ਲੋਕ ਸਨ। ਮੇਰੀ ਦਿਲਚਸਪੀ ਵਧ ਗਈ। ਮੈਂ ਛੇਤੀ ਹੀ ਇਹ ਜਾਣ ਲਿਆ ਕਿ ਅਦਾਲਤ ਦੇ ਅਫਸਰ ਅਤੇ ਸਮੁੱਚੀ ਪੁਲਸ ਅਤੇ ਸਰਕਾਰੀ ਜਸੂਸਾਂ ਦੀ ਤਾਕਤ ਇਹਨਾਂ ਨੂੰ ਦੋਸ਼ੀ ਸਿੱਧ ਕਰਨ ‘ਤੇ ਤੁਲੀ ਹੋਈ ਸੀ—ਇਸ ਲਈ ਨਹੀਂ ਕਿ ਉਹਨਾਂ ਨੇ ਕੋਈ ਜੁਰਮ ਕੀਤਾ  ਸੀ, ਸਗੋਂ ਇਸ ਵਜ੍ਹਾ ਕਰਕੇ ਕਿ ਇਹ ਮਜ਼ਦੂਰ ਲਹਿਰ ਨਾਲ਼ ਜੁੜੇ ਹੋਏ ਸਨ।”

ਵਾਨ ਜਾਂਟ ਕੁਕ ਕਾਉਂਟੀ ਜੇਲ ਵਿੱਚ ਇੰਹਨਾਂ ਕੈਦੀਆਂ ਨਾਲ਼ ਜਾ ਕੇ ਮਿਲਣ-ਜੁਲਣ ਲੱਗੀ ਅਤੇ ਆਗਸਟ ਸਪਾਈਸ ਨਾਲ਼ ਉਸਦੀ ਦੋਸਤੀ ਛੇਤੀ ਹੀ ਗੂੜੀ ਨੇੜਤਾ ਵਿੱਚ ਬਦਲ ਗਈ। ਪਰ ਉਹਨਾਂ ਨੇ ਨਵੇਂ ਨਿਯਮਾਂ ਜ਼ਰੀਏ ਵਾਨ ਜਾਂਟ ਨਾਲ਼ ਮਿਲਣ-ਜੁਲਣ ਵਿੱਚ ਰੁਕਾਵਟ ਪਾਈ ਗਈ, ਜਿਸਦੇ ਮੁਤਾਬਿਕ ਤੈਅ ਸਮੇਂ ਤੋਂ ਬਾਅਦ ਸਿਰਫ ਕੈਦੀਆਂ ਦੀਆਂ ਪਤਨੀਆਂ ਨੂੰ ਹੀ ਮਿਲਣ-ਜੁਲਣ ਦੀ ਇਜ਼ਾਜਤ ਸੀ। ”ਇਹ ਗੱਲ ਮੇਰੇ ਲਈ ਸਾਫ ਹੋ ਚੁੱਕੀ ਸੀ ਕਿ ਕੈਦੀਆਂ ਲਈ, ਨਿਆਂ ਲਈ ਮੇਰਾ ਯਤਨ ਕੁੱਝ ਅਜਿਹੇ ਲੋਕਾਂ ਦੇ ਸਮੂਹ ਨੂੰ ਨਾ ਰਾਸ ਆਇਆ ਜੋ ਉਹਨਾਂ ਨੂੰ ਮਿਟਾ ਦੇਣਾ ਚਾਹੁੰਦੇ ਸਨ—ਉਹਨਾਂ ਦੀ ਇਹ ਭਾਵਨਾ ਮੇਰੇ ਸਮਾਜਿਕ ਰੁਤਬੇ ਅਤੇ ਸਮਾਜਿਕ ਸਬੰਧਾਂ ਕਾਰਨ ਹੋਰ ਮਜ਼ਬੂਤ ਹੋ ਗਈ ਸੀ।” ਸਪਾਇਸ ਅਤੇ ਵਾਨ ਜਾਂਟ ਨੇ ਵਿਆਹ ਕਰਨ ਦਾ ਫੈਸਲਾ ਲਿਆ, ਪਰ ਇਸ ਲਈ ਅਫਸਰਾਂ ਨੇ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਪਾਇਸ ਦੇ ਭਰਾ ਨੂੰ ਪ੍ਰਤੱਖ ਨੁਮਾਇੰਦੇ ਦੇ ਤੌਰ ‘ਤੇ ਖੜ੍ਹਾ ਕਰਕੇ ਵਿਆਹ ਦੀ ਰਸਮ ਨੂੰ ਪੂਰਾ ਕੀਤਾ ਗਿਆ।  

ਵਿਆਹ ਤੋਂ ਬਾਅਦ ਵਾਨ ਜਾਂਟ ਦੀ ਅਖ਼ਬਾਰਾਂ ਵਿੱਚ ਖੂਬ ਨਿੰਦਿਆ ਹੋਈ, ਗੁਆਂਢਣਾ ਨੇ ਜਿਉਣਾ ਦੁੱਭਰ ਕਰ ਦਿੱਤਾ ਅਤੇ ਉਸਦੀ ਚਾਚੀ ਨੇ ਉਸਨੂੰ ਕਰੋੜਾਂ ਡਾਲਰ ਦੇ ਵਾਰਿਸਤਾ ਤੋਂ ਬੇਦਖ਼ਲ ਕਰ ਦਿੱਤਾ, ਕਿਉਂਕਿ ਨੀਨਾ ਇੱਕ ”ਢੁੱਕਵਾਂ ਵਿਆਹ” ਕਰਨ ਵਿੱਚ ਅਸਫਲ ਰਹੀ ਸੀ। ਪਰ ਵਾਨ ਜਾਂਟ ਸਪਾਇਸ ਆਪਣੇ ਟੀਚੇ ਪ੍ਰਤੀ ਸਮਰਪਿਤ ਸੀ, ਸਪਾਇਸ ਦੀ ਸਵੈਜੀਵਨੀ ਪ੍ਰਕਾਸ਼ਤ ਕਰਵਾਉਣ ਅਤੇ ਆਪਣੇ ਪਤੀ ਨੂੰ ਫਾਂਸੀ ਤੋਂ ਬਾਅਦ ਹੇ ਮਾਰਕੀਟ ਦੀਆਂ ਘਟਨਾਵਾਂ ਨੂੰ ਲਗਾਤਾਰ ਪ੍ਰਸਾਰਿਤ ਕਰਨ ਵਿੱਚ ਲੱਗੀ ਰਹੀ।

10

ਵਿਰੋਧੀਆਂ ਦੇ ਪੱਖ ਦਾ ਸਭ ਤੋਂ ਮੁੱਖ ਗਵਾਹ ਸ਼ਿਕਾਗੋ ਦਾ ਮੇਅਰ ਕਾਰਟਨ ਹੈਰਿਸਨ ਸੀ। ਗੜਬੜੀ ਫੈਲਣ ਦੀ ਦੇ ਸ਼ੰਕੇ ਕਰਕੇ ਉਹ 4 ਮਈ ਨੂੰ ਹੇ ਮਾਰਕੀਟ ਦੇ ਜਲੂਸ ਵਿੱਚ ਗਿਆ ਸੀ। ਕੁੱਝ ਚਿਰ ਉੱਥੇ ਰਹਿਣ ਤੋਂ ਬਾਅਦ ਉਸਨੂੰ ਖ਼ਤਰੇ ਦੀ ਕੋਈ ਵਜ੍ਹਾ ਦਿਖਾਈ ਨਾ ਦਿੱਤੀ ਅਤੇ ਉਹ ਪੁਲਸ ਸਟੇਸ਼ਨ ਆ ਗਿਆ, ਉੱਥੇ ਉਸਨੇ ਬਾਨਫੀਲਡ ਨਾਲ਼ ਆਪਣੇ ਆਦਮੀਆਂ ਨੂੰ ਵਾਪਸ ਘਰ ਭੇਜ ਦੇਣ ਲਈ ਕਿਹਾ। ਬਾਨਫੀਲ਼ਡ ਸਹਿਮਤ ਹੋ ਗਿਆ, ਪਰ ਮੇਅਰ ਦੇ ਜਾਂਦੇ ਹੀ ਉਸਨੇ ਆਪਣੇ ਆਦਮੀਆਂ ਨੂੰ ਹੇ ਮਾਰਕੀਟ ਵੱਲ ਭੇਜ ਦਿੱਤਾ।

ਹੈਰਿਨ ਦੇ ਗਵਾਹੀ ਦੇ ਬਾਵਜੂਦ ਜਿਵੇਂ ਕਿ ਪਤਾ ਹੀ ਸੀ, ਅਰਾਜਕਤਾਵਾਦੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਸੱਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਸੱਤ ਪੁਲਸ ਵਾਲ਼ਿਆਂ ਲਈ ਸੱਤ ਅਰਾਜਕਤਾਵਾਦੀ। ਅੱਠਵੇਂ ਵਿਰੋਧੀ ਆਸਕਰ ਨੀਬੇ ਦੇ ਖਿਲਾਫ ਦੋਸ਼ ਖਾਰਜ ਕਰਨ ਦੀ ਰਾਜ ਦੇ ਸਰਕਾਰੀ ਵਕੀਲ ਦੀ ਬੇਨਤੀ ਦੇ ਬਾਵਜੂਦ ਉਸਨੂੰ 15 ਸਾਲ ਦੀ ਸਜਾ ਦਿੱਤੀ ਗਈ।

ਇੱਕ ਸਾਲ ਤੱਕ ਕਨੂੰਨੀ ਅਤੇ ਸਰਕਾਰੀ ਲੜਾਈ ਚਲਦੀ ਰਹੀ ਪਰ ਇਸਦਾ ਕੋਈ ਸਿੱਟਾ ਨਾ ਨਿੱਕਲ਼ਿਆ। ਆਖਰੀ ਦਿਨਾਂ ਵਿੱਚ ਫੀਲਡੇਨ, ਸਪਾਇਸ ਅਤੇ ਸ਼ਵੈਬ ਨੇ ਗਵਰਨਰ ਕੋਲ਼ ਮਾਫ਼ੀ ਦੀ ਅਰਜ਼ੀ ਭੇਜੀ, ਜਿਸ ਲਈ ਉਹਨਾਂ ਨੂੰ ਆਪਣੇ ਬਹੁਤੇਰੇ ਕਾਮਰੇਡਾਂ ਦੀ ਨਿੰਦਿਆਂ ਝੱਲਣੀ ਪਈ। ਤਾਂ ਫਾਂਸੀ ਦੇ ਤੈਅ ਦਿਨ ਤੋਂ ਦੋ ਦਿਨ ਪਹਿਲਾਂ ਸਪਾਇਸ ਨੇ ਆਪਣੀ ਬੇਨਤੀ ਵਾਪਸ ਲੈ ਲਈ ਅਤੇ ਗਵਰਨਰ ਨੂੰ ਆਪਣੇ ਦੂਸਰੇ ਖਤ ਵਿੱਚ ਉਸਨੇ ਲਿਖਿਆ, ”ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸੱਤ ਵਿਅਕਤੀਆਂ ਦੇ ਕਤਲੋਗਾਰਦ ਨੂੰ ਰੋਕ ਲਓ ਜਿਹਨਾਂ ਦਾ ਅਪਰਾਧ ਸਿਰਫ ਇੰਨਾ ਹੀ ਹੈ ਕਿ ਉਹ ਆਦਰਸ਼ਵਾਦੀ ਹਨ, ਕਿ ਉਹ ਸਾਰੇ ਲੋਕਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਵਿੱਚ ਜਿਉਣ ਵਾਲ਼ੇ ਲੋਕ ਹਨ। ਜੇ ਕਾਨੂੰਨੀ ਹੱਤਿਆ ਜ਼ਰੂਰੀ ਹੀ ਹੈ ਤਾਂ ਇਸ ਲਈ ਸਿਰਫ ਇੱਕ ਹੀ, ਸਿਰਫ ਮੇਰੇ ਕਤਲ ਨਾਲ਼ ਕੰਮ ਚੱਲ ਜਾਵੇਗਾ।” ਗਵਰਨਰ ਨੇ ਫੀਲਡੇਨ ਅਤੇ ਸ਼ਵੈਬ ਦੀ ਅਰਜ਼ੀ ਸਵੀਕਾਰ ਕਰ ਲਈ, ਉਹਨਾਂ ਦੀ ਮੌਤ ਦੀ ਸਜਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲ ਦਿੱਤਾ।

ਜਿਸ ਦਿਨ ਫਾਂਸੀ ਦੀ ਸਜਾ ਨਿਸ਼ਚਿਤ ਕੀਤੀ ਗਈ ਸੀ, ਉਸਤੋਂ 5 ਦਿਨ ਪਹਿਲਾਂ 6 ਨਵੰਬਰ ਨੂੰ ਕੈਦੀਆਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਕੋਠੜੀਆਂ ਦੀ ਤਲਾਸ਼ੀ ਲਈ ਗਈ। ਪੁਲਸ ਨੇ ਐਲਾਨ ਕੀਤਾ ਕਿ ਲੂਇਸ ਲਿੰਗ ਦੀ ਕੋਠੜੀ ਵਿੱਚ ਚਾਰ ਬੰਬ ਮਿਲ਼ੇ ਹਨ। ਪਾਰਸਨਜ਼ ਨੂੰ ਇਸਦਾ ਯਕੀਨ ਨਹੀਂ ਹੋਇਆ। ਉਹਨਾਂ ਦਾ ਮੰਨਣਾ ਸੀ ਕਿ ਲੋਕਾਂ ਦੀ ਵਧਦੀ ਹਮਦਰਦੀ ਲਹਿਰ ਨੂੰ ਖਤਮ ਕਰਨ ਲਈ ਇਹ ਸ਼ਾਜਿਸ਼ ਰਚੀ ਗਈ ਸੀ। ਕੁੱਝ ਲੋਕਾਂ ਦਾ ਇਹ ਸੋਚਣਾ ਸੀ ਕਿ ਲਿੰਗ ਨੇ ਗੁਪਤ ਤੌਰ ‘ਤੇ ਲੁਕੋ ਰੱਖਿਆ ਸੀ।

ਲੂਈਸ ਲਿੰਗ, ਜੋ ਫਾਂਸੀ ਦੇ ਸਮੇਂ 23 ਸਾਲ ਦਾ ਸੀ, ਸ਼ਹਾਦਤ ਦੇਣ ਵਾਲ਼ਿਆਂ ਵਿੱਚ ਸਭ ਤੋਂ ਵੱਧ ਨੌਜਵਾਨ, ਸਭ ਤੋਂ ਵੱਧ ਰੈਡੀਕਲ ਸੀ। ਲਿੰਗ ਪਹਿਲਾਂ ਬੰਬ ਬਣਾ ਚੁੱਕਿਆ ਸੀ, ਤਾਕਤ ਵਰਤਣ ਦਾ ਹਮਾਇਤੀ ਸੀ ਅਤੇ ਪੂਰੇ ਮੁਕੱਦਮੇ ਦੇ ਸਮੇਂ ਚੱਲਣ ਵਾਲ਼ੀ ਕਾਰਵਾਈ ਦੇ ਦੌਰਾਨ ਉਸ ਵਿੱਚ ਇੱਕ ਜ਼ਜਬਾਤੀ ਉਦਾਸੀਨਤਾ ਦਿਖਾਈ ਦਿੰਦੀ ਸੀ। ਗਵਾਹਾਂ ਨੂੰ ਸੁਣਨ ਦੀ ਥਾਂ ਉਸਨੂੰ ਕੁੱਝ ਪੜ੍ਹਨਾ ਰੋਚਕ ਲਗਦਾ।

ਕੈਪਟਨ ਸ਼ਾਕ ਨੇ ਬਾਅਦ ਦੇ ਦਿਨਾਂ ਵਿੱਚ ਲਿਖਿਆ ਕਿ ਲਿੰਗ ”ਪੂਰੇ ਗੁੱਸੇ ਨਾਲ਼ ਦੰਦ ਕਿਰਚਦਾ ਸੀ ਅਤੇ ਆਦਿਮ ਨਫ਼ਰਤ ਨਾਲ਼ ਉਸਦੀਆਂ ਅੱਖਾਂ ਬਾਹਰ ਨਿੱਕਲ਼ ਜਾਂਦੀਆਂ ਸਨ… ਉਹ ਪਿੰਜਰੇ ਵਿੱਚ ਕੈਦ ਜੰਗਲੀ ਜਾਨਵਰ ਦੀ ਤਰ੍ਹਾਂ ਗੁੱਸੇ ਹੋਈ ਜਾਂਦਾ ਅਤੇ ਉਸਦੀ ਹਰ ਗਤੀ ਵਿੱਚ ਭਾਵਨਾਵਾਂ ਦੀ ਅਜਿਹੀ ਤਾਕਤ ਸੀ ਜਿਸ ਨੂੰ ਰੋਕਣਾ ਭਿਅੰਕਰ ਹੁੰਦਾ।” ਸ਼ਾਕ ਦੇ ਅਨੁਸਾਰ ਲਿੰਗ ‘ਪੂਰੇ ਸ਼ਿਕਾਗੋ ਵਿੱਚ ਸਭ ਤੋਂ ਖ਼ਤਰਨਾਕ ਅਰਾਜਕਤਾਵਾਦੀ ਸੀ।”

ਅਰਾਜਕਤਾਵਾਦੀਆਂ ਅਤੇ ਉਹਨਾਂ ਦੇ ਸਮਰਥਕਾਂ ਦੀ ਵੀ ਲਿੰਗ ਨਾਲ਼ ਅਸਹਿਮਤੀ ਸੀ। ਸਪਾਇਸ ਉਸਨੂੰ ‘ਗੈਰ ਜ਼ਿੰਮੇਵਾਰ” ਅਤੇ ”ਸਨਕੀ” ਕਹਿੰਦਾ ਸੀ। ਮਾਇਕਲ ਸ਼ਵੈਬ ਇਸ ਗੱਲ ਨੂੰ ਸਵੀਕਾਰ ਕਰਦਾ ਸੀ ਕਿ ਲਿੰਗ ਨਾਲ਼ ‘ਉਸਦੇ ”ਦੋਸਤਾਨਾ ਸਬੰਧ ਨਹੀਂ ਸਨ”, ”ਉਹ ਪੱਕਾ ਹੀ ਅਜਿਹਾ ਸੀ… ਇੱਕ ਅਜਿਹਾ ਵਿਅਕਤੀ ਜਿਸਦੇ ਨਾਲ਼ ਤੁਸੀਂ ਜਾਣ-ਪਛਾਣ ਕਰਨੀ ਪਸੰਦ ਨਹੀਂ ਕਰੋਗੇ।” ਕੁੱਝ ਸਮਰਥਕਾਂ ਨੂੰ ਇਹ ਉਮੀਦ ਵੀ ਸੀ ਕਿ ਉਸਨੂੰ ਪਾਗਲ ਸਿੱਧ ਕਰਕੇ ਫੈਸਲੇ ਨੂੰ ਇੱਕਦਮ ਪਲਟਿਆ ਜਾ ਸਕਦਾ ਹੈ।

ਪਰ ਹੋਰ ਦੂਜੇ ਲੋਕ ਉਸਨੂੰ ਨਾਇਕ ਮੰਨਦੇ ਸਨ। ਵੋਲਟੇਰਾਇਨ ਡਿ ਕਲੇਅਰ ਨੇ ਲਿੰਗ ਦੀ ਚਰਚਾ ”ਇੱਕ ਬਹਾਦਰ, ਖੂਬਸੂਰਤ ਲੜਕੇ” … ਦੇ ਤੌਰ ‘ਤੇ ਕੀਤੀ ਹੈ ਅਤੇ ਏਮਾ ਗੋਲਡਮੈਨ ਦਾ ਉਸ ਬਾਰੇ ਕਹਿਣਾ ਸੀ ਕਿ ਉਹ ”ਅੱਠਾਂ ਵਿੱਚੋਂ ਇੱਕ ਉਦਾਤ ਨਾਇਕ ਸੀ। ਉਸਦੀ ਅਡਿੱਗ ਸਪਿਰਟ, ਜੱਜਾਂ ਅਤੇ ਖੁਦ ‘ਤੇ ਦੋਸ਼ ਮੜ੍ਹਨ ਵਾਲ਼ਿਆਂ ਦੇ ਖਿਲਾਫ, ਉਸਦਾ ਅੱਤ ਦਾ ਅਪਮਾਨ, ਉਸਦੀ ਦ੍ਰਿੜ ਇੱਛਾ ਸ਼ਕਤੀ… ਬਾਈ ਸਾਲ ਦੇ ਉਸ ਲੜਕੇ ਦੀਆਂ ਇਹ ਸਾਰੀਆਂ ਗੱਲਾਂ ਉਸਦੀ ਸ਼ਖਸੀਅਤ ਨੂੰ ਰੁਮਾਨੀਅਤ ਅਤੇ ਖੂਬਸੂਰਤੀ ਪ੍ਰਦਾਨ ਕਰਦੀਆਂ ਸਨ। ਉਹ ਸਾਡੇ ਜੀਵਨ ਦਾ ਚਾਨਣ ਮੁਨਾਰਾ ਬਣ ਗਿਆ।”

ਲਿੰਗ ਦਾ ਅਦਾਲਤ ਵਿੱਚ ਦਿੱਤਾ ਗਿਆ ਧਾਰਾਪ੍ਰਵਾਹ ਆਖਰੀ ਭਾਸ਼ਣ ਉਸ ਵਿਅਕਤੀ ਦੀ ਇੱਕ ਝਲਕ ਦਿਖਾਉਂਦਾ ਹੈ :

“ਮੈਂ ਸਪੱਸ਼ਟਤਾ ਅਤੇ ਖੁੱਲ੍ਹੇ ਤੌਰ ‘ਤੇ ਤੈਨੂੰ ਕਹਿਣਾ ਚਾਹੁੰਦਾ ਹਾਂ। ਮੈਂ ਬਲ-ਪ੍ਰਯੋਗ ਵਿੱਚ ਵਿਸ਼ਵਾਸ਼ ਕਰਦਾ ਹਾਂ। ਮੈਂ ਕੈਪਟਨ ਸ਼ਾਕ ਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ‘ਜੇ ਉਹ ਸਾਡੇ ‘ਤੇ ਗੋਲ਼ੇ ਵਰਾਉਣਗੇ ਤਾਂ ਮੈਂ ਉਨਾਂ ਨੂੰ ਡਾਇਨਾਮਾਈਟ ਨਾਲ਼ ਉਡਾ ਦੇਵਾਂਗਾਂ, ਮੈਂ ਦੁਹਰਾਅ ਦੇਣਾ ਚਾਹੁੰਦਾ ਹਾਂ ਕਿ ਮੈਂ ਅੱਜ ਦੇ ਇਸ ‘ਢਾਂਚੇ’ ਦਾ ਦੁਸ਼ਮਣ ਹਾਂ ਕਿ ਮੈਂ ਫਿਰ ਕਹਿੰਦਾ ਹਾਂ ਕਿ ਜਦੋਂ ਤੱਕ ਮੇਰੇ ਸਾਹ ਚਲਦੇ ਨੇ ਮੈਂ ਆਪਣੀ ਪੂਰੀ ਤਾਕਤ ਨਾਲ਼ ਇਸਦੇ ਵਿਰੁੱਧ ਲੜਾਂਗਾ। ਮੈਂ ਦੁਬਾਰਾ ਇਹ ਐਲਾਨ ਕਰਦਾ ਹਾਂ। ਸਪੱਸ਼ਟਤਾ ਨਾਲ਼ ਅਤੇ ਖੁੱਲ੍ਹੇ ਰੂਪ ਵਿੱਚ, ਕਿ ਮੈਂ ਬਲ ਪ੍ਰਯੋਗ ਦੇ ਪੱਖ ਵਿੱਚ ਹਾਂ… ਬਿਲੁਕਲ ਤੁਸੀਂ ਸੋਚਦੇ ਹੋ ਕਿ ਹੁਣ ਕੋਈ ਬੰਬ ਨਹੀਂ ਸੁੱਟੇਗਾ, ਪਰ ਮੈਂ ਤੁਹਾਨੂੰ ਇਹ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਮੈਂ ਫਾਂਸੀ ਦੇ ਫੰਦੇ ‘ਤੇ ਖੁਸ਼ੀ ਨਾਲ਼ ਝੂਲ ਜਾਵਾਂਗਾ ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਹ ਸੈਂਕੜੇ ਹਜ਼ਾਰ ਲੋਕ ਜਿਹਨਾਂ ਨਾਲ਼ ਮੈਂ ਗੱਲ ਕੀਤੀ ਹੈ ਮੇਰੇ ਸ਼ਬਦਾਂ ਨੂੰ ਯਾਦ ਰੱਖਣਗੇ ਅਤੇ ਜਦੋਂ ਤੁਸੀਂ ਸਾਨੂੰ ਫਾਂਸੀ ‘ਤੇ ਲਟਕਾ ਦੇਓਗੇ ਤਾਂ—ਮੇਰੀ ਗੱਲ ਨੂੰ ਯਾਦ ਰੱਖਿਓ—ਬੰਬ ਸੁੱਟਣ ਦਾ ਕੰਮ ਉਹ ਕਰਨਗੇ। ਇਸੇ ਉਮੀਦ ਨਾਲ਼ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਤੁਹਾਡੇ ਨਾਲ਼ ਨਫ਼ਰਤ ਹੈ, ਨਫ਼ਰਤ ਕਰਦਾ ਹਾਂ ਮੈਂ ਤੁਹਾਡੇ ਇਸ ਢਾਂਚੇ ਨਾਲ਼, ਤੁਹਾਡੇ ਕਨੂੰਨ ਨਾਲ਼, ਤਾਕਤ ਨਾਲ਼ ਹਾਸਲ ਤੁਹਾਡੀ ਇਸ ਸੱਤ੍ਹਾ ਨਾਲ਼। ਇਸ ਲਈ ਮੈਨੂੰ ਫਾਂਸੀ ‘ਤੇ ਚੜ੍ਹਾ ਦਿਓ।”

11 ਨਵੰਬਰ 1889 ਨੂੰ ”ਸ਼ੁੱਕਰਵਾਰ ਦੇ ਕਾਲ਼ੇ ਦਿਨ” ਆਗਸਟ ਸਪਾਇਸ, ਜਾਰਜ ਏਂਜੇਲ, ਏਡੋਲਫ ਫਿਸ਼ਰ ਅਤੇ ਅਲਬਰਟ ਪਾਰਸਨਜ਼ ਨੂੰ ਫਾਂਸੀ ਦੇ ਦਿੱਤੀ ਗਈ।
ਆਪਣੇ ਦੋਵਾਂ ਬੱਚਿਆਂ ਨੂੰ ਅਤੇ ਆਪਣੀ ਪੱਕੀ ਦੋਸਤ ਲਿਜੀ ਹੋਮਸ ਨੂੰ ਨਾਲ਼ ਲੈ ਕੇ ਪਹੁੰਚੀ ਲੂਸੀ ਪਾਰਸਨਜ਼ ਨੇ ਫਾਂਸੀ ਤੋਂ ਪਹਿਲਾਂ ਆਖਰੀ ਵਾਰ ਆਪਣੇ ਪਤੀ ਨਾਲ਼ ਮਿਲਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲਸ ਉਹਨਾਂ ਨੂੰ ਮਦਦ ਦਾ ਵਾਅਦਾ ਕਰਦੇ ਹੋਏ ਉੱਪਰ ਤੋਂ ਹੇਠਾਂ ਤੱਕ ਇੱਕ ਚੌਂਕੀ ਤੋਂ ਦੂਜੀ ਚੌਂਕੀ ‘ਤੇ ਭੇਜਦੀ ਰਹੀ। ਸਮਾਂ ਤੇਜੀ ਨਾਲ਼ ਭੱਜ ਰਿਹਾ ਸੀ ਅਤੇ ਬੱਚੇ ਠੰਢ ਨਾਲ਼ ਕੰਬ ਰਹੇ ਸਨ ਅਤੇ ਰੋ ਰਹੇ ਸਨ ਤਾਂ ਲੂਸੀ ਨੇ ਪੁਲਸ ਬੈਰੀਅਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਿੱਜੀ ਅਤੇ ਦੋਵੇਂ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸ਼ਿਕਾਗੋ ਐਵਿਨਿਊ ਪੁਲਸ ਸਟੇਸ਼ਨ ‘ਤੇ ਲਿਜਾਇਆ ਗਿਆ, ਉਨਾਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਅਤੇ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ।

10

ਦੁਪਹਿਰ ਤੋਂ ਮਗਰੋਂ ਇੱਕ ਮੈਟ੍ਰਨ ਆਈ ਅਤੇ ਇਹ ਐਲਾਨ ਕੀਤਾ, ”ਸਭ ਕੁੱਝ ਖਤਮ ਹੋ ਗਿਆ।” ਅਤੇ ਉਸਤੋਂ ਬਾਅਦ ਤਿੰਨ ਘੰਟਿਆਂ ਤੱਕ ਉਹਨਾਂ ਨੂੰ ਛੱਡ ਦਿੱਤੇ ਜਾਣ ਦੇ ਸਮੇਂ ਤੱਕ ਲਿੱਜ਼ੀ ਹੋਮਸ ਆਪਣੀ ਦੋਸਤ ਦੀ ”ਨਾਉਮੀਦੀ ਭਰੀ ਦੱਬੀ ਦਬੀ ਕਰਾਹ ਸੁਣਦੀ ਰਹੀ।

ਲੂਈਸ ਲਿੰਗ, ਬੇਸ਼ੱਕ ਫਾਂਸੀ ਚੜ੍ਹਨ ਤੋਂ ਬਚ ਗਿਆ। ਫਾਂਸੀ ਤੋਂ ਇੱਕ ਦਿਨ ਪਹਿਲਾਂ ਲਿੰਗ ਨੇ ਸਿਗਾਰ ਪੀਣ ਤੋਂ ਬਾਅਦ ਡਾਇਨਾਮਾਈਟ ਦਾ ਪਲੀਤਾ ਆਪਣੇ ਮੂੰਹ ਵਿੱਚ ਰੱਖਿਆ ਅਤੇ ਉਸਨੂੰ ਜਲਦੀ ਤੀਲੀ ਲਾ ਦਿੱਤੀ। ਧਮਾਕੇ ਨਾਲ਼ ਉਸਦਾ ਅੱਧਾ ਚਿਹਰਾ ਉੱਡ ਗਿਆ। ਮੌਤ ਤੋਂ ਪਹਿਲਾਂ ਕਈ ਘੰਟੇ ਉਹ ਭਿਆਨਕ ਪੀੜਾ ਨਾਲ਼ ਜੂਝਦਾ ਰਿਹਾ। ਕਈਆਂ ਦਾ ਇਹ ਮੰਨਣਾ ਸੀ ਕਿ ਪੁਲਸ ਨੇ ਉਸਦੇ ਸਿਗਾਰ ਵਿੱਚ ਡਾਇਨਾਮਾਈਟ ਰੱਖ ਦਿੱਤਾ, ਪਰ ਜਿਆਦਾਤਰ ਲੋਕਾਂ ਨੂੰ ਵਿਸ਼ਵਾਸ਼ ਸੀ ਕਿ ਜੱਲਾਦ ਨੂੰ ਧੋਖਾ ਦੇਣ ਲਈ ਹੰਕਾਰੀ ਲਿੰਗ ਨੇ ਖੁਦ ਨੂੰ ਮਾਰ ਦਿੱਤਾ।

ਏਮਾ ਗੋਲਡਮੈਨ ਨੂੰ ਆਪਣੇ ਖ਼ਤ ਵਿੱਚ ਅਲੈਗਜੈਂਡਰ ਵਰਕਮੈਨ ਨੇ ਲਿਖਿਆ — ”(ਪੁਲਸ) ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਲਿੰਗ ਦੀ ਮੌਤ ਪੱਕੀ ਹੈ। ਫਿਰ ਉਹ ਉਸਨੂੰ ਕਿਉਂ ਮਾਰਨਾ ਚਾਹੁੰਦੀ? ਜਦੋਂ ਕਿ ਦੂਜੇ ਪਾਸੇ ਲਿੰਗ ਬਿਲਕੁਲ ਇੱਕ ਇਸ ਤਰ੍ਹਾਂ ਦਾ ਵਿਅਕਤੀ ਸੀ, ਜੋ ਆਪਣੇ ਹੱਥੀਂ ਮਰਨਾ ਪਸੰਦ ਕਰਦਾ।”

ਵੋਲਟਰਾਈਨ ਡਿ ਕਲੇਅਰ ਇਸ ਗੱਲ ਨੂੰ ਜਾਣਦੀ ਸੀ ਕਿ ਲਿੰਗ ਨੇ ਖੁਦ ਆਪਣੀ ਜਾਨ ਲਈ ਅਤੇ 1897 ਦੇ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਅਜਿਹਾ ਕਿਹਾ ਵੀ-”16 ਨਵੰਬਰ! ਲਿੰਗ ਨੇ ਸਿਗਾਰ ਵਿੱਚ ਮਿੱਤਰ ਦੁਆਰਾ ਦਿੱਤੇ ਗਏ ਇੱਕ ਡਾਇਨਾਮਾਈਟ ਕਾਰਤੂਸ ਦੀ ਬਦੌਲਤ ਕਨੂੰਨ ‘ਤੇ ਜਿੱਤ ਹਾਸਲ ਕੀਤੀ।” ਉਹ ਮਿੱਤਰ ਡਾਇਰ ਲੂਮ ਸੀ ਇਹ ਗੱਲ ਡਿ ਕਲੇਅਰ ਨੇ ਆਪਣੇ ਬੇਟੇ ਨੂੰ ਦੱਸੀ ਸੀ। ਆਪਣੇ ਮਿੱਤਰ ਬਾਰੇ ਡਾਇਰ ਲੁਮ ਲਿਖਦੇ ਹਨ, ”ਇੱਕ ਪਲ ਲਈ ਵੀ ਕੋਈ ਝੂਠੀ ਉਮੀਦ ਸਿਧਾਂਤਾਂ ਦੇ ਰਾਹ ਤੋਂ ਜਿਸਨੂੰ ਕਦੇ ਭਟਕਾ ਨਹੀਂ ਸਕਦੀ ਸੀ, ਉਸ ਸਮਰਪਿਤ ਅਤੇ ਨਿਡਰ ਲਿੰਗ ਨੇ ਮੌਤ ਨੂੰ ਉਵੇਂ ਹੀ ਗਲ਼ੇ ਲਾਇਆ ਜਿਵੇਂ ਉਸਨੇ ਜ਼ਿੰਦਗੀ ਮਾਣੀ ਸੀ— ਕੁਦਰਤ ਦੀ ਸੰਤਾਨ ਦੀ ਤਰ੍ਹਾਂ।”

ਫਾਂਸੀ ਤੋਂ ਬਾਅਦ ਸ਼ਹੀਦਾਂ ਦੀਆਂ ਲਾਸ਼ਾਂ ਉਹਨਾਂ ਦੇ ਘਰ ਵਾਲ਼ਿਆਂ ਨੂੰ ਸੌਂਪ ਦਿੱਤੀਆਂ ਗਈਆਂ। ਲਿੰਗ ਦਾ ਕੋਈ ਪਰਿਵਾਰ ਨਾ ਹੋਣ ਕਰਕੇ ਉਸਦੇ ਮ੍ਰਿਤ ਦੇਹ ਨੂੰ ਜਾਰਜ ਏਂਜੇਲ ਦੇ ਘਰ ਖਿਡੌਣਿਆਂ ਦੀ ਦੁਕਾਨ ‘ਤੇ ਲਿਆਂਦਾ ਗਿਆ, ਜਿਸਦੇ ਨਾਲ਼ ਉਸਦੀ ਬਹੁਤ ਨੇੜਤਾ ਬਣ ਗਈ ਸੀ। ਕੁੱਝ ਲੋਕ ਲਿੰਗ ਦੇ ਸਰੀਰ ਦੀ ਸੜਕਾਂ ‘ਤੇ ਨੁਮਾਇਸ਼ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਕਈ ਹਜ਼ਾਰ ਡਾਲਰ ਦੀ ਪੇਸ਼ਕਸ਼ ਵੀ ਕੀਤੀ, ਪਰ ਏਂਜੇਲ ਦੀ ਵਿਧਵਾ ਨੇ ਗੁੱਸੇ ਨਾਲ਼ ਇਸਨੂੰ ਠੁਕਰਾ ਦਿੱਤਾ।

ਅਲਬਰਟ ਦੀ ਮ੍ਰਿਤਕ ਦੇਹ ਨੂੰ ਜਦੋਂ ਤੀਜੀ ਮੰਜਲ ‘ਤੇ ਸਥਿਤ ਉਸਦੇ ਛੋਟੇ ਜਿਹੇ ਅਪਾਰਟਮੈਂਟ ਵਿੱਚ ਲਿਆਂਦਾ ਗਿਆ ਤਾਂ ਲੂਸੀ ਭੁੱਬੀਂ ਰੋਈ ਅਤੇ ਬੇਹੋਸ਼ ਹੋ ਗਈ। ਲਿਜ਼ੀ ਹੋਮਸ ਸਾਰਾ ਦਿਨ ਉਸਦੇ ਨਾਲ਼ ਰਹੀ ਅਤੇ ਉਸਦੇ ਦੋਵੇਂ ਬੱਚਿਆਂ ਨੂੰ ਸੈਮੂਅਲ ਫੀਲਡੇਨ ਦੀ ਪਤਨੀ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ।

ਉਹ ਮਕਾਨ ਜਿੱਥੇ ਆਗਸਟ ਸਪਾਇਸ ਆਪਣੀ ਮਾਂ, ਭਾਈ ਅਤੇ ਭੈਣਾਂ ਨਾਲ਼ ਰਹਿੰਦਾ ਸੀ, ਹਾਲੇ ਵੀ ਸ਼ਿਕਾਗੋ ਦੇ ਵਿਕਰ ਪਾਰਕ ਵਿੱਚ ਮੌਜੂਦ ਹੈ ਅਤੇ 1887 ਦੇ ‘ਡੇਲੀ ਨਿਊਜ਼’ ਵਿੱਚਲੇ ਵਰਨਣ ਮੁਤਾਬਿਕ ਉਸ ਦ੍ਰਿਸ਼ ਦੀ ਅਸਾਨੀ ਨਾਲ਼ ਕਲਪਨਾ ਕੀਤੀ ਜਾ ਸਕਦੀ ਹੈ, ”ਦਰਵਾਜੇ ‘ਤੇ ਲੱਗੀ ਘੰਟੀ ਨਾਲ਼ ਕਾਲ਼ੇ ਅਤੇ ਸਫੈਦ ਪੱਟੀਆਂ ਵਾਲ਼ੀ ਕ੍ਰੇਪ ਲਟਕੀ ਹੋਈ ਸੀ। ਉੱਪਰ ਵੱਲ ਜਿਵੇਂ ਗਮੀ ਦਾ ਪ੍ਰਤੀਕ ਇੱਕ ਵੱਡਾ ਕਾਲ਼ਾ ਗੁਲਾਬ ਸੀ ਉਹ ਵੀ ਕ੍ਰੇਪ ਦਾ ਬਣਿਆ ਹੋਇਆ ਅਤੇ ਵਿੱਚੋਂ ਲਾਲ ਝੰਡੇ ਹਵਾ ਵਿੱਚ ਲਹਿਰਾ ਰਹੇ ਸਨ…”

13 ਨਵੰਬਰ ਨੂੰ ਮ੍ਰਿਤ-ਦੇਹ ਯਾਤਰਾ ਸ਼ੁਰੂ ਹੋਈ। ਸਪਾਇਸ ਦਾ ਤਬੂਤ ਵੈਗਨ ‘ਤੇ ਚੜ੍ਹਾ ਦਿੱਤਾ ਗਿਆ ਅਤੇ ਉਸਦੇ ਪਰਿਵਾਰ ਦੇ ਮੈਂਬਰ ਇੰਤਜ਼ਾਰ ਕਰਦੇ ਖੜ੍ਹੀ ਇੱਕ ਹੋਰ ਗੱਡੀ ‘ਤੇ ਬੈਠ ਗਏ।

ਸ਼ਿਕਾਗੋ ਦੀਆਂ ਸੜਕਾਂ ਤੋਂ ਲੰਘਦੀ ਹੋਈ ਇਹ ਮ੍ਰਿਤ ਦੇਹ ਹਰੇਕ ਸ਼ਹੀਦ ਦੇ ਘਰ ਰੁਕਦੀ ਅਤੇ ਉਸਦੀ ਮ੍ਰਿਤਕ ਦੇਹ ਲੈ ਕੇ ਅੱਗੇ ਤੁਰ ਜਾਂਦੀ। ਜਿੱਧਰ-ਜਿੱਧਰ ਇਹ ਗੱਡੀਆਂ ਅਤੇ ਵੈਗਨ ਸ਼ਿਕਾਗੋ ਦੀਆਂ ਸੜਕਾਂ ‘ਤੇ ਜਾਂਦੀਆਂ ਲੋਕ ਮੌਨ ਹੋ ਕੇ ਗੰਭੀਰਤਾ ਨਾਲ਼ ਉਸਦੇ ਪਿੱਛੇ ਹੋ ਤੁਰਦੇ। ਮ੍ਰਿਤਕ ਦੀ ਅੰਤਮ-ਕਿਰਿਆ ਲਈ ਇਹ ਮੁਜ਼ਾਹਰਾ ਸ਼ਿਕਾਗੋ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮੁਜ਼ਾਹਰਾ ਕਿਹਾ ਜਾਂਦਾ ਹੈ, ਅੰਦਾਜਾ ਹੈ ਕਿ 200,000 ਲੋਕਾਂ ਦੀ ਭੀੜ ਅਰਥੀ ਦੇ ਪਿੱਛੇ ਕਦਮ ਨਾਲ਼ ਕਦਮ ਮਿਲਾਉਂਦੇ ਹੋਏ ਸੜਕਾਂ ‘ਤੇ ਚੱਲ ਰਹੀ ਸੀ।

ਡਰੇ ਹੋਏ ਅਫਸਰਾਂ ਨੇ ਮੁਸ਼ਕਿਲ ਸ਼ਰਤਾਂ ਰੱਖੀਆਂ ਸਨ—ਕਿਸੇ ਕਿਸਮ ਦਾ ਬੈਨਰ, ਝੰਡਾ ਅਤੇ ਹਥਿਆਰ ਲੈ ਜਾਣ ਦੀ ਇਜ਼ਾਜਤ ਨਹੀਂ ਸੀ, ਸਿਰਫ ਸ਼ੋਕ ਗੀਤ ਦੀ ਧੁਨ ਬਜਾਈ ਜਾ ਸਕਦੀ ਸੀ, ਭਾਸ਼ਣ ਅਤੇ ਮੁਜ਼ਾਹਰੇ ‘ਤੇ ਰੋਕ ਲਾਈ ਗਈ ਸੀ ਅਤੇ ਇਸ ਮ੍ਰਿਤ ਦੇਹ ਨੂੰ ਸ਼ਹਿਰ ਦੇ ਮੁੱਖ ਬਜ਼ਾਰ ਤੋਂ ਹੋ ਕੇ ਦੁਪਹਿਰ ਤੋਂ 2 ਵਜੇ ਦੇ ਵਿੱਚ ਹੀ ਲੰਘਣ ਦੀ ਇਜ਼ਾਜਤ ਸੀ। ਇਹਨਾਂ ਪਬੰਦੀਆਂ ਦਾ ਸਿਰਫ ਇੱਕ ਵਾਰ ਉਲੰਘਣ ਹੋਇਆ। ਜਿਵੇਂ ਹੀ ਮੁਜ਼ਾਹਰਾ ਮਿਲਵੌਕੀ ਐਵਨਿਊ ਤੋਂ ਹੋ ਕੇ ਲੰਘਣ ਲੱਗਿਆ ਘਰੇਲੂ ਜੰਗ ਦਾ ਸਾਬਕਾ ਫੌਜੀ ਪਹਿਲੀ ਕਤਾਰ ਦੇ ਅੱਗੇ ਵਧ ਆਇਆ ਅਤੇ ਇੱਕ ਛੋਟਾ ਜਿਹਾ ਅਮਰੀਕੀ ਝੰਡਾ ਖੋਲ੍ਹ ਕੇ ਤੁਰਨ ਲੱਗਿਆ। ਬੁੱਢੇ ਫੌਜੀ ਨੂੰ ਪੁਲਸ ਨੇ ਤੰਗ ਨਹੀਂ ਕੀਤਾ ਅਤੇ ਉਹ ਅੰਤ ਤੱਕ ਝੰਡਾ ਲੈ ਕੇ ਮੁਜ਼ਾਹਰੇ ਨਾਲ਼ ਤੁਰਦਾ ਰਿਹਾ।

ਪੁਰਾਣੇ ਵਿਸਕਾਨਸਿਨ ਸੈਂਟਰਲ ਸਟੇਸ਼ਨ ‘ਤੇ ਆ ਕੇ ਮੁਜ਼ਾਹਰਾ ਰੁਕ ਗਿਆ ਜਿੱਥੇ ਇਸ ਕੰਮ ਲਈ ਖਾਸ ਤੌਰ ‘ਤੇ ਕਿਰਾਏ ‘ਤੇ ਲਈ ਗਈ ਰੇਲ ਅਰਥੀ ਦੇ ਨਾਲ਼ ਆਏ ਪਰਿਵਾਰ ਦੇ ਮੈਂਬਰਾਂ ਨੂੰ ਫਾਰੇਸਟ ਪਾਰਕ ਸਥਿਤ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਲਈ ਖੜ੍ਹੀ ਸੀ। ਦੂਜੇ ਲੋਕਾਂ ਨੇ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਦਾ ਖੁਦ ਇੰਤਜ਼ਾਮ ਕੀਤਾ। ਉੱਥੇ 10,000 ਲੋਕ ਅਰਾਜਕਤਾਵਾਦੀਆਂ ਦੇ ਵਕੀਲ, ਵਿਲਿਅਮ ਬਲੈਕ ਦਾ ਸਰਧਾਂਜਲੀ ਭਾਸ਼ਣ ਸੁਣਨ ਲਈ ਇਕੱਠੇ ਹੋਏ :

“ਉਹਨਾਂ ਨੂੰ ਅਰਾਜਕਤਾਵਾਦੀ ਕਿਹਾ ਜਾਂਦਾ ਹੈ। ਉਹਨਾਂ ਨੂੰ ਕਲੰਕਿਤ ਕੀਤਾ ਗਿਆ ਅਤੇ ਦੁਨੀਆਂ ਸਾਹਮਣੇ ਅਜਿਹੇ ਆਦਮੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਜੋ ਆਪਣੀ ਖੁਸ਼ੀ ਦੀ ਖਾਤਰ ਹਿੰਸਾ, ਦੰਗਾ-ਫਸਾਦ ਅਤੇ ਖੂਨ ਖਰਾਬਾ ਪਸੰਦ ਕਰਦੇ ਸਨ, ਜੋ ਵਰਤਮਾਨ ਢਾਂਚੇ ਦੇ ਵਿਰੁੱਧ ਬੇਵਜ੍ਹਾ ਅਤੇ ਕਦੇ ਵੀ ਨਾ ਬੁਝਣ ਵਾਲ਼ੀ ਨਫਰਤ ਨਾਲ਼ ਲਬਰੇਜ਼ ਸਨ। ਇਹ ਸੱਚਾਈ ਤੋਂ ਕੋਹਾਂ ਦੂਰ ਸੀ। ਉਹ ਅਜਿਹੇ ਲੋਕ ਸਨ ਜੋ ਸ਼ਾਂਤੀ ਚਾਹੁੰਦੇ ਸਨ, ਜੋ ਦਿਆਲੂ ਪ੍ਰਵਿਰਤੀ ਦੇ ਸਨ ਉਹ ਕੋਮਲ ਦਿਲਾਂ ਦੇ ਭੱਦਰ ਲੋਕ ਸਨ। ਉਨਾਂ ਨੂੰ ਜਾਨਣ ਵਾਲ਼ੇ ਲੋਕ ਉਹਨਾਂ ਨਾਲ਼ ਪਿਆਰ ਕਰਦੇ ਅਤੇ ਜੋ ਉਹਨਾਂ ਦੀ ਜਿੰਦਗੀ ਦੀ ਇਮਾਨਦਾਰੀ ਅਤੇ ਪਵਿੱਤਰਤਾ ਨੂੰ ਜਾਣ ਲੈਂਦੇ ਉਨਾਂ ‘ਤੇ ਭਰੋਸਾ ਕਰਦੇ… ਅਤੇ ਅਰਾਜਕਤਾਵਾਦੀ ਦੇ ਰੂਪ ਵਿੱਚ ਉਹਨਾਂ ਦਾ ਵਿਚਾਰ ਅਤੇ ਫਲਸਫਾ ਇੱਕ ਅਜਿਹੇ ਸਮਾਜ ਢਾਂਚੇ ਨੂੰ ਕਾਇਮ ਕਰਨਾ ਸੀ ਜਿਸਦਾ ਪ੍ਰਤੀਕ ਸ਼ਬਦ ਹੁੰਦਾ ”ਜ਼ੋਰ-ਜ਼ਬਰਦਸਤੀ ਤੋਂ ਮੁਕਤ ਢਾਂਚਾ”।

ਸੂਰਜ ਛਿਪਦੇ ਹੀ ਆਗਸਟ ਸਪਾਇਸ, ਅਲਬਰਟ ਪਾਰਸਨਜ਼, ਲੁਈਸ ਲਿੰਗ, ਜਾਰਜ ਏਂਜੇਲ ਅਤੇ ਏਡੋਲਫ ਫਿਸ਼ਰ ਦੇ ਮ੍ਰਿਤ ਸਰੀਰ ਨੂੰ ਅਸਥਾਈ ਕਬਰ ਵਿੱਚ ਦਫਨਾਇਆ ਗਿਆ। 18 ਦਸੰਬਰ ਨੂੰ ਉਨਾਂ ਦੇ ਸਰੀਰ ਸਥਾਈ ਸਮਾਧੀ ਵਿੱਚ ਰੱਖ ਦਿੱਤੇ ਗਏ।

ਅੱਜ ਮੂਰਤੀਕਾਰ ਅਲਬਰਟ ਵੀਨਰ ਦੁਆਰਾ ਬਣਾਈ ਸ਼ਾਨਦਾਰ ਯਾਦਗਾਰ ਹੇ ਮਾਰਕੀਟ ਸਮਾਧੀ ਨੂੰ ਚਾਰ ਚੰਦ ਲਾ ਰਹੀ ਹੈ। ਕਾਂਸੇ ਵਿੱਚ ਢਲ਼ਿਆ ਅਤੇ ”ਮਾਰਸਇਏਜ਼” (ਇਨਕਲਾਬ ਵਿੱਚੋਂ ਜਨਮਿਆਂ ਫਰਾਂਸ ਦਾ ਕੌਮੀ ਗੀਤ-ਅਨੁ.) ਤੋਂ ਪ੍ਰੇਰਿਤ ਇਸ ਯਾਦਗਾਰ ਵਿੱਚ ਘੋਲ਼ ਲਈ ਤੱਤਪਰ ਇੱਕ ਔਰਤ ਇੱਕ ਸ਼ਹੀਦ ਮਜ਼ਦੂਰ ਦੇ ਸਿਰ ‘ਤੇ ਸ਼ਾਨ ਦਾ ਤਾਜ਼ ਰੱਖ ਰਹੀ ਹੈ। ਯਾਦਗਾਰ ਵਿੱਚ ਹੇਠਾਂ ਵੱਲ ਆਗਸਟ ਸਪਾਇਸ ਦੇ ਉਹ ਸ਼ਬਦ ਉਕੇਰੇ ਹਨ ਜਿੰਨਾਂ ਨੂੰ ਫਾਂਸੀ ਦੇ ਤਖਤੇ ‘ਤੋਂ ਉਸਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਸੀ—

”ਉਹ ਦਿਨ ਆਵੇਗਾ ਜਦੋਂ ਸਾਡਾ ਮੌਨ ਉਸ ਅਵਾਜ਼ ਤੋਂ ਜ਼ਿਆਦਾ ਤਾਕਤਵਰ ਹੋਵੇਗਾ, ਜਿਸਦਾ ਗਲ਼ਾ ਅੱਜ ਤੁਸੀਂ ਘੁੱਟ ਰਹੇ ਹੋ।” ਗਵਰਨਰ ਜਾਨ ਏਲਟਜੇਲਡ ਦੇ ਮਾਫੀਨਾਮੇ ਦੇ ਸੰਦੇਸ਼ ਦਾ ਇੱਕ ਅੰਸ਼ ਪਿੱਛੇ ਲਿਖਿਆ ਹੈ। ਅੱਠਾਂ ਸ਼ਹੀਦਾਂ ਵਿੱਚ ਸੈਮੂਅਲ ਫੀਲਡੇਨ ਨੂੰ ਛੱਡਕੇ ਸਾਰੇ ਇੱਥੇ ਦਫਨਾਏ ਗਏ ਹਨ।

ਹੇ ਮਾਰਕੀਟ ਯਾਦਗਾਰ ਦੂਜੇ ਪ੍ਰਸਿੱਧ ਮਜ਼ਦੂਰ ਕਾਰਕੁੰਨਾ ਦੀਆਂ ਸਮਾਧੀਆਂ ਨਾਲ਼ ਘਿਰਿਆ ਹੋਇਆ ਹੈ। ਅਲਬਰਟ ਪਾਰਸਨਜ਼ ਦੀ ਪਤਨੀ ਲੂਸੀ ਅਤੇ ਉਸਦੇ ਦੋਵੇਂ ਬੱਚਿਆਂ ਦੀਆਂ ਕਬਰਾਂ ਕੋਲ਼ ਹੀ ਹਨ ਅਤੇ ਨੀਨਾ ਜਾਂਟ ਸਪਾਇਸ ਦੀ ਵੀ। ਵਾਨ ਜਾਂਟ ਸਪਾਇਸ ਦੀ ਕਬਰ ‘ਤੇ ਕੋਈ ਚਿੰਨ੍ਹ ਨਹੀਂ ਬਣਿਆਂ ਹੈ, ਕਿਉਂਕਿ ਕਬਰ ਦਾ ਪੱਥਰ ਖਰੀਦਣ ਲਈ ਪੈਸਾ ਉਪਲਬਧ ਨਹੀਂ ਹੋ ਸਕਿਆ ਸੀ।

ਯਾਦਗਰ ਦੇ ਨੇੜੇ ‘ਡਿਸੇਂਟਰਸ ਰੋ’ (ਵਿਰੋਧ ਮੁਜ਼ਾਹਰਾ ਕਰਨ ਵਾਲ਼ਿਆਂ ਦਾ ਸਥਾਨ) ਹੈ ਜਿੱਥੇ ਖਾਸ ਤੌਰ ‘ਤੇ ਨਿੱਕਲ਼ਿਆ ਇੱਕ ਕਬਰ ਦਾ ਪੱਥਰ ਏਮਾ ਗੋਲਡਮੈਨ ਦੀ ਸਮਾਧੀ ਵੱਲ ਧਿਆਨ ਖਿੱਚਦਾ ਹੈ, 1940 ਵਿੱਚ ਕਨੇਡਾ ਵਿੱਚ ਉਹਨਾਂ ਨੂੰ ਦਫਨਾਇਆ ਗਿਆ ਸੀ। ਕਬਰ ਦੇ ਪੱਥਰ ‘ਤੇ ਕਾਂਸੇ ਨਾਲ਼ ਬਣੀ ਉਹਨਾਂ ਦੀ ਤਸਵੀਰ ਲੱਗੀ ਹੈ। ਉਸਦੇ ਨਾਲ਼ ਹੀ ਕੁੱਝ ਘੱਟ ਪ੍ਰਸਿੱਧ ਲੋਕਾਂ ਹੈਰੀ ਕੇਲੀ, ਐਲੀਜ਼ਾਬੈਥ ਗਰਲੀ ਫਿਨ, ਵਿਲੀਅਮ ਜ਼ੇਡ. ਫੋਸਟਰ, ਯੂਜੀਨ ਡੇਨਿਸ, ਵੋਲਟੇਰਾਇਨ ਡਿ ਕਲੇਅਰ, ਬੇਨ ਰਾਇਟਮੈਨ ਅਤੇ ਅਲੈਗਜੈਂਡਰ ਟ੍ਰੇਕਟਨਬਰਗ ਦੀ ਸਮਾਧੀ ਬਣੀ ਹੋਈ ਹੈ।

1928 ਵਿੱਚ ਜਦੋਂ ‘ਬਿੱਗ ਬਿਲ’ ਹੇਬੁੱਡ ਦੀ ਮਾਸਕੋ ਵਿੱਚ ਮੌਤ ਹੋ ਗਈ ਤਾਂ ਦਾਹ ਸੰਸਕਾਰ ਤੋਂ ਬਾਅਦ ਉਸਦੀਆਂ ਅਸਥੀਆਂ ਦਾ ਅੱਧਾ ਹਿੱਸਾ ਕ੍ਰੇਮਲਿਨ ਦੀ ਕੰਧ ਵਿੱਚ ਦਫਨਾ ਦਿੱਤਾ ਗਿਆ ਅਤੇ ਦੂਜਾ ਅੱਧਾ ਹਿੱਸਾ ਵਾਲਢਾਇਮ ਵਿੱਚ ਯਾਦਗਾਰ ਦੇ ਹੇਠਾਂ ਖਿੰਡਾ ਦਿੱਤਾ ਗਿਆ।

ਜੋ ਹਿਲ ਨੂੰ 19 ਨਵੰਬਰ, 1915 ਨੂੰ ਉਟਾ ਰਾਜ ਨੇ ਫਾਂਸੀ ਦੇ ਦੇਣ ਤੋਂ ਬਾਅਦ ਆਈ.ਡਬਲਯੂ.ਡਬਲਯੂ. ਉਨਾਂ ਦੇ ਸਰੀਰ ਨੂੰ ਸ਼ਿਕਾਗੋ ਲਿਆਂਦਾ ਗਿਆ। ਪੰਜ ਹਜ਼ਾਰ ਲੋਕ ਉਸਦੀ ਅੰਤਮ ਯਾਤਰਾ ਵਿੱਚ ਸ਼ਾਮਿਲ ਹੋਏ ਤੇ ਉਸ ਤੋਂ ਬਾਅਦ ਜੋ ਹਿੱਲ ਦੇ ਮ੍ਰਿਤਕ ਸਰੀਰ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਉਸਦੀਆਂ ਅਸਥੀਆਂ ਨੂੰ ਵੱਖ-ਵੱਖ ਲਿਫਾਫਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਉਟਾ ਨੂੰ ਛੱਡ ਕੇ ਅਮਰੀਕਾ ਦੇ ਹਰ ਰਾਜ ਨੂੰ ਅਤੇ ਦੱਖਣੀ ਅਮਰੀਕਾ, ਯੂਰਪ, ਏਸ਼ੀਆ, ਦੱਖਣੀ ਅਫਰੀਕਾ, ਨਿਉਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਭੇਜ ਦਿੱਤਾ ਗਿਆ। 1 ਮਈ, 1916 ਨੂੰ ਲਿਫਾਫਿਆਂ ਨੂੰ ਇਕੱਠੇ ਖੋਲ੍ਹਿਆ ਗਿਆ। ਇਲਿਨਾਏ ਰਾਜ ਵਿੱਚ ਅਸਥੀਆਂ ਵਾਲਢਾਇਮ ਕੋਲ਼ ਖਿੰਡਾਈਆਂ ਗਈਆਂ।

ਅਤੇ ਫਿਰ ਮਾਰਟ ਸ਼ੈਫਨਰ ਹੈ, ਜਿਸਦੀ 1973 ਵਿੱਚ ਮੌਤ ਹੋ ਗਈ ਸੀ। ਹਾਈ ਸਕੂਲ ਵਿੱਚ ਸ਼ੈਫਨਰ ਨੇ ਉਨਾਂ ਚਾਰ ਅਧਿਆਪਕਾਂ ਦੀ ਬਰਖ਼ਾਸਤਗੀ ਦਾ ਵਿਰੋਧ ਕੀਤਾ ਸੀ ਜਿਹਨਾਂ ਨੂੰ ਉਹਨਾਂ ਦੀ ਵਿਅਤਨਾਮ-ਜੰਗ ਵਿਰੋਧੀ ਸਰਗਰਮੀਆਂ ਕਰਕੇ ਹਟਾਇਆ ਗਿਆ ਸੀ। 18 ਸਾਲ ਦੀ ਉਮਰ ਵਿੱਚ ਉਸਨੇ ਨਾਈਲਸ ਟਾਉਨਸ਼ਿਪ ਸਕੂਲ ਬੋਰਡ ਲਈ ਚੋਣ ਵਿੱਚ ਖੜ੍ਹੇ ਹੋ ਕੇ ਚੋਣ ਕਨੂੰਨ ਨੂੰ ਚੁਣੌਤੀ ਦਿੱਤੀ। ਵੋਟਰ ਸੂਚੀ ‘ਚੋਂ ਉਸਦਾ ਨਾਮ ਕੱਟ ਦਿੱਤਾ ਗਿਆ, ਪਰ ਤਿੰਨ ਹਫਤਿਆਂ ਬਾਅਦ ਕਨੂੰਨ ਨੂੰ ਬਦਲਨਾ ਪਿਆ। 20 ਸਾਲ ਦੀ ਉਮਰ ਵਿੱਚ ਜਦੋਂ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਰਕੇ ਉਸਦੀ ਮੌਤ ਹੋ ਗਈ ਤਾਂ ਉਸਦੇ ਪਰਿਵਾਰ ਵਾਲ਼ਿਆਂ ਨੇ ਉਸਨੂੰ ਇੱਥੇ ਹੀ ਦਫਨਾਉਣਾ ਪਸੰਦ ਕੀਤਾ ਤਾਂ ਕਿ ਵਾਲਢਾਇਮ ਦੀ ਯਾਤਰਾ ‘ਤੇ ਆਉਣ ਵਾਲ਼ਿਆਂ ਨੂੰ ਇਹ ਯਾਦ ਰਹੇ ਕਿ ਸਮਾਜਿਕ ਬਦਲਾਅ ਦਾ ਘੋਲ਼ ਅਜੇ ਜਾਰੀ ਹੈ।
(1986)    

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s