ਮਈ ਦਿਵਸ ਅਤੇ ਮਜ਼ਦੂਰ ਲਹਿਰ

may day

(ਪੀ.ਡੀ.ਐਫ਼ ਡਾਊਨਲੋਡ ਕਰੋ)

ਲੁੱਟਣ ਅਤੇ ਲੁੱਟ ਹੋਣ ਵਾਲ਼ਿਆਂ ਦਰਮਿਆਨ ਸੰਘਰਸ਼ ਸਦੀਆਂ ਪੁਰਾਣਾ ਹੈ। ਜਦੋਂ ਤੋਂ ਮਨੁੱਖੀ ਸਮਾਜ ਦੀ ਜਮਾਤਾਂ ਵਿੱਚ ਵੰਡ ਹੋਈ ਹੈ ਉਦੋਂ ਤੋਂ ਹੀ ਦੋਹਾਂ ਜਮਾਤਾਂ ਦਰਮਿਆਨ ਸੰਘਰਸ਼ ਵੀ ਜਾਰੀ ਹੈ। ਇਹ ਸੰਘਰਸ਼ ਕਦੇ ਬਹੁਤ ਉੱਗਰ ਰੂਪ ਧਾਰਦਾ ਹੈ, ਕਦੀ ਮੱਧਮ ਹੁੰਦਾ ਹੈ, ਪਰ ਕਦੇ ਰੁਕਦਾ ਨਹੀਂ। ਇਹੋ ਮਨੁੱਖੀ ਸਮਾਜ ਦੇ ਵਿਕਾਸ ਦਾ ਇੰਜਣ ਹੈ। ਲੋਟੂ ਜਮਾਤਾਂ ਨੇ ਆਪਣੇ ਲੁੱਟ-ਜ਼ਬਰ ਦੇ ਢਾਂਚੇ ਨੂੰ ਬਰਕਰਾਰ ਰੱਖਣ ਲਈ, ਲੁਟੀਂਦੀਆਂ ਜਮਾਤਾਂ ਲਈ ਅਨੇਕਾਂ ਫਲਸਫੇ ਘੜੇ, ਜਨਮ-ਕਰਮਾਂ ਦੇ ਸਿਧਾਂਤ ਘੜੇ। ਜ਼ਾਬਰ ਢਾਂਚਿਆਂ ਦੇ ਪਿਆਦੇ ਧਰਮ ਉਪਦੇਸ਼ਕਾਂ ਨੇ ਲੁੱਟੇ ਜਾਂਦੇ ਲੋਕਾਂ ਨੂੰ ਉਪਦੇਸ਼ ਦਿੱਤੇ ਕਿ ਉਹ ਲੁੱਟ ਜਬਰ ਨੂੰ ਆਪਣੀ ਹੋਣੀ ਮੰਨਦੇ ਹੋਏ ਸਬਰ ਸੰਤੋਖ ਦੀ ਜ਼ਿੰਦਗੀ ਜੀਉਣ। ਇਸ ਸਭ ਦੇ ਬਾਵਜੂਦ ਵੀ ਜੇਕਰ ਲੁੱਟੀਂਦੇ ਲੋਕ ਬਗਾਵਤ ਕਰਦੇ ਸਨ ਤਾਂ ਉਹਨਾਂ ਬਗਾਵਤਾਂ ਨੂੰ ਲਹੂ ਦੀਆਂ ਨਦੀਆਂ ਵਿੱਚ ਡੋਬ ਕੇ, ਲੋਕਾਂ ਦੇ ਦਿਲਾਂ ਅੰਦਰ ਰਾਜਕੀ ਜ਼ਬਰ ਦਾ ਭੈਅ ਬਿਠਾਉਣ ‘ਚ ਵੀ ਲੋਟੂ ਜਮਾਤਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਲੁੱਟ ਜ਼ਬਰ ਨੂੰ ਨਾ ਤਾਂ ਲੁੱਟੀਂਦੀਆਂ ਜਮਾਤਾਂ ਨੇ ਆਪਣੀ ਹੋਣੀ ਮੰਨ ਕੇ ਸਬਰ ਕੀਤਾ ਅਤੇ ਨਾ ਹੀ ਰਾਜਕੀ ਜਬਰ ਹੀ ਲੋਕ ਵਿਦਰੋਹਾਂ ਦੇ ਸਿਲਸਿਲੇ ਨੂੰ ਰੋਕ ਸਕਿਆ। ਹਾਕਮ ਜਮਾਤਾਂ ਦੇ ਹਰ ਜ਼ਬਰ ਦਾ ਸਾਹਮਣਾ ਕਰਦੇ ਹੋਏ, ਅਥਾਹ ਕਸ਼ਟ ਝੱਲਕੇ, ਅਥਾਹ ਕੁਰਬਾਨੀਆਂ ਜ਼ਰੀਏ ਲੁੱਟੀਂਦੇ ਕਿਰਤੀ ਲੋਕਾਂ ਨੇ ਅਨੇਕਾਂ ਜ਼ਾਬਰ ਢਾਂਚਿਆਂ ਨੂੰ ਮਿੱਟੀ ‘ਚ ਮਿਲ਼ਾ ਦਿੱਤਾ। ਗੁਲਾਮਦਾਰੀ, ਜਗੀਰਦਾਰੀ ਜਿਹੇ ਜ਼ਾਬਰ ਢਾਂਚਿਆਂ ਨੂੰ ਇਤਿਹਾਸ ਦੇ ਕੁੜੇਦਾਨ ਵਿੱਚ ਸੁੱਟ ਦਿੱਤਾ। 

ਮਨੁੱਖੀ ਇਤਿਹਾਸ ਵਿੱਚ ਪੂੰਜੀਵਾਦੀ ਸਮਾਜੀ-ਆਰਥਿਕ ਪ੍ਰਬੰਧ ਦੀ ਆਮਦ ਨਾਲ਼ ਜਮਾਤੀ ਸੰਘਰਸ਼ ਇੱਕ ਨਵੇਂ ਪੜਾਅ ਵਿੱਚ ਦਖਲ ਹੋਇਆ। ਪੂੰਜੀਵਾਦ ਨੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਨਵਾਂ ਸੰਵੇਗ ਦਿੱਤਾ ਅਤੇ ਇਹਨਾਂ ਨੂੰ ਵਿਕਾਸ ਦੀਆਂ ਅਣਕਿਆਸੀਆਂ ਸਿਖਰਾਂ ਤੱਕ ਪਹੁੰਚਾ ਦਿੱਤਾ। ਪੈਦਾਵਾਰ ਦੇ ਸਮਾਜੀਕਰਨ ਅਤੇ ਜਮਾਤੀ ਧਰੁਵੀਕਰਨ ਨੇ ਇੱਕ ਲੁੱਟ ਰਹਿਤ, ਜਮਾਤੀ ਵੰਡੀਆਂ ਤੋਂ ਮੁਕਤ ਇੱਕ ਨਵੇਂ ਸਮਾਜ ਦੀ ਉਸਾਰੀ ਦਾ ਪਦਾਰਥਕ ਅਧਾਰ ਤਿਆਰ ਕੀਤਾ। ਲੁੱਟ ਜਬਰ ਤੋਂ ਮੁਕਤੀ ਦਾ ਸੁਪਨਾ ਸਦੀਆਂ ਤੋਂ ਲੁਟੀਂਦੀਆਂ ਜਮਾਤਾਂ ਦੇ ਦਿਲਾਂ ‘ਚ ਖਿੱਚ ਪੈਦਾ ਕਰਦਾ ਰਿਹਾ ਹੈ। ਪੂੰਜੀਵਾਦ ਨੇ ਇਸ ਸੁਪਨੇ ਦੀ ਪੂਰਤੀ ਦੀਆਂ ਅਥਾਹ ਸੰਭਾਵਨਾਵਾਂ ਪੈਦਾ ਕੀਤੀਆਂ ਅਤੇ ਨਾਲ਼ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕਣ ਦੇ ਸਮਰੱਥ, ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਇਨਕਲਾਬੀ ਜਮਾਤ ਸੱਨਅਤੀ ਮਜ਼ਦੂਰ ਜਮਾਤ ਨੂੰ ਵੀ ਪੈਦਾ ਕੀਤਾ। ਵੱਡੇ ਪੈਮਾਨੇ ਦੀ ਸੱਨਅਤ ਨੇ ਲੱਖਾਂ-ਕਰੋੜਾਂ ਮਜ਼ਦੂਰਾਂ ਨੂੰ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਿੱਚ ਲਿਆ ਸੁੱਟਿਆ। ਆਧੁਨਿਕ ਤਕਨੀਕ ਨਾਲ਼ ਜੁੜੇ ਹੋਣ ਕਾਰਨ ਉਚੇਰੇ ਚੇਤਨਾ ਪੱਧਰ, ਪੂੰਜੀਵਾਦੀ ਪੈਦਾਵਾਰੀ ਪ੍ਰਣਾਲ਼ੀ ਵਿੱਚ ਅਹਿਮ ਥਾਂ ‘ਤੇ ਹੋਣ ਕਾਰਨ ਅਤੇ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਿੱਚ ਲੱਖਾਂ ਕਰੋੜਾਂ ਦੀ ਸੰਖਿਆ ਵਿੱਚ ਸੰਕੇਂਦਰਤ ਹੋਣ ਕਾਰਨ ਸੱਨਅਤੀ ਮਜ਼ਦੂਰ ਜਮਾਤ ਨਾ ਸਿਰਫ ਖੁਦ ਨੂੰ ਸਗੋਂ ਹੋਰ ਸਭ ਦੱਬੀਆਂ ਕੁਚਲੀਆਂ ਕਿਰਤੀ ਜਮਾਤਾਂ ਨੂੰ ਪੂੰਜੀ ਦੇ ਜੂਲੇ ਤੋਂ ਮੁਕਤ ਕਰਵਾ ਸਕਣ ਦੇ ਸਮਰੱਥ ਹੈ। 

ਪੂੰਜੀਵਾਦੀ ਨਿਜ਼ਾਮ ਦੇ ਜਨਮ ਤੋਂ ਕਦੇ ਛੋਟੀਆਂ ਮੋਟੀਆਂ ਝੜੱਪਾਂ ਦੇ ਰੂਪ ਵਿੱਚ ਅਤੇ ਕਦੇ ਬਗਾਵਤਾਂ ਦੇ ਵਿਸਫੋਟ ਦੇ ਰੂਪ ਵਿੱਚ ਪੂੰਜੀਪਤੀਆਂ ਅਤੇ ਮਜ਼ਦੂਰਾਂ ਦਰਮਿਆਨ ਜਮਾਤੀ ਜੰਗ ਦਾ ਇੱਕ ਅਰੁੱਕ ਸਿਲਸਿਲਾ ਚੱਲਦਾ ਹੀ ਰਿਹਾ ਹੈ ਜੋ ਅੱਜ ਤੱਕ ਜਾਰੀ ਹੈ। ਮਜ਼ਦੂਰ ਜਮਾਤ ਨੇ ਪੂੰਜੀ ਦੇ ਕਿਲਿਆਂ ‘ਤੇ ਵਾਰ-ਵਾਰ ਧਾਵੇ ਬੋਲੇ ਹਨ। ਪੈਰਿਸ ਕਮਿਊਨ (1871), ਰੂਸ ਦਾ ਸਮਾਜਵਾਦੀ ਇਨਕਲਾਬ (1917), ਚੀਨ ਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966) ਮਜ਼ਦੂਰ ਜਮਾਤ ਦੇ ਪੂੰਜੀ ਦੀ ਸੱਤਾ ਖਿਲਾਫ ਸੰਘਰਸ਼ ਦੇ ਮੀਲ ਦੇ ਪੱਥਰ ਹਨ, ਜਿਹਨਾਂ ਨਾ ਸਿਰਫ਼ ਇਹ ਸਾਬਤ ਕੀਤਾ ਕਿ ਮਜ਼ਦੂਰ ਜਮਾਤ ਨਵੇਂ ਬਰਾਬਰੀ ਅਧਾਰਤ ਸਮਾਜ ਦੀ ਉਸਾਰੀ ਦੇ ਸਮਰੱਥ ਹੈ ਸਗੋਂ ਸਭ ਪਛਾੜਾਂ ਦੇ ਬਾਵਜੂਦ ਮਜ਼ਦੂਰ ਜਮਾਤ ਨੇ ਮੁਕਤੀ ਦੇ ਫ਼ਲਸਫ਼ੇ ਨੂੰ ਵਿਕਾਸ ਦੇ ਨਵੇਂ ਸਿਖਰਾਂ ਤੱਕ ਪਹੁੰਚਾਇਆ ਹੈ। 

ਪੂੰਜੀ ਖਿਲਾਫ਼ ਕਿਰਤ ਦੇ ਲੰਬੇ ਅਤੇ ਲਮਕਵੇਂ ਸੰਘਰਸ਼ ਵਿੱਚ ਮਈ ਦਿਵਸ ਦੀ ਅਹਿਮ ਥਾਂ ਹੈ। 19ਵੀਂ ਸਦੀ ਦੇ ਮਗਰਲੇ ਅੱਧ ਵਿੱਚ ਅਮਰੀਕਾ ਦੇ ਮਜ਼ਦੂਰਾਂ ਨੇ ਆਪਣੇ ਅਣਮਨੁੱਖੀ ਜੀਵਨ, ਜੋ ਪੂੰਜੀ ਨੇ ਉਹਨਾਂ ‘ਤੇ ਥੋਪਿਆ ਸੀ, ਵਿਰੁੱਧ ਸੰਘਰਸ਼ ਦਾ ਝੰਡਾ ਚੁੱਕਿਆ। ਜਦੋਂ ਮਜ਼ਦੂਰਾਂ ਤੋਂ ਰੋਜ਼ਾਨਾ ਅਣਮਿੱਥੇ ਸਮੇਂ ਲਈ ਡੰਗਰਾਂ ਵਾਂਗ ਕੰਮ ਲਿਆ ਜਾਂਦਾ ਸੀ ਤਾਂ ਅਮਰੀਕੀ ਮਜ਼ਦੂਰਾਂ ਨੇ ‘ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ, ਅੱਠ ਘੰਟੇ ਮਨੋਰੰਜਨ’ ਦਾ ਨਾਹਰਾ ਬੁਲੰਦ ਕੀਤਾ। 1886 ਤੱਕ ਆਉਂਦੇ-ਆਉਂਦੇ ਅਮਰੀਕੀ ਮਜ਼ਦੂਰਾਂ ਦਾ ਅੱਠ ਘੰਟੇ ਦੀ ਕੰਮ ਦਿਹਾੜੀ ਲਈ ਸੰਘਰਸ਼ ਪੂਰੇ ਉਭਾਰ ‘ਤੇ ਸੀ। ਪਰ ਪੂੰਜੀਵਾਦੀ ਸੱਤਾ ਵੀ ਚੁੱਪ ਚਾਪ ਨਹੀਂ ਸੀ ਬੈਠੀ। ਪੂੰਜੀਪਤੀ ਵੀ ਮਜ਼ਦੂਰਾਂ ਦੀ ਇਸ ਲਹਿਰ ਨੂੰ ਕੁਚਲਣ ਦੀਆਂ ਗੋਂਦਾ ਗੁੰਦ ਰਹੇ ਸਨ। 1886 ਦੇ ਮਈ ਮਹੇਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇ-ਮਾਰਕੀਟ ਵਿੱਚ ਮੁਜ਼ਾਹਰਾ ਕਰ ਰਹੇ ਮਜ਼ਦੂਰਾਂ ਨੂੰ ਪੁਲ਼ਸ ਜ਼ਬਰ ਦਾ ਸਾਹਮਣਾ ਕਰਨਾ ਪਿਆ। ਕਈ ਮਜ਼ਦੂਰ ਸ਼ਹੀਦ ਹੋਏ। ਬਾਅਦ ਵਿੱਚ ਝੂਠੇ ਕੇਸ ਪਾ ਕੇ ਇਸ ਮਜ਼ਦੂਰ ਸੰਘਰਸ਼ ਦੇ ਆਗੂਆਂ ਅਲਬਰਟ ਪਾਰਸਨਜ਼, ਆਗਸਤ ਸਪਾਈਸ, ਏਡਾਲਫ ਫਿਸ਼ਰ, ਜਾਰਜ ਏਂਜਲ ਆਦਿ ਨੂੰ ਫਾਂਸੀ ਦਿੱਤੀ ਗਈ ਅਤੇ ਹੋਰ ਅਨੇਕਾਂ ਨੂੰ ਜੇਲ੍ਹੀਂ ਡੱਕ ਦਿੱਤਾ। ਬਾਅਦ ਵਿੱਚ ਮਜ਼ਦੂਰਾਂ ਦੀ ਕੌਮਾਂਤਰੀ ਜਥੇਬੰਦੀ ਦੂਜੀ ਇੰਟਰਨੈਸ਼ਨਲ ਨੇ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ। 1890 ਦੀ 1 ਮਈ ਨੂੰ ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਵਿੱਚ ਪਹਿਲਾ ਮਈ ਦਿਨ ਮਨਾਇਆ ਗਿਆ। ਉਦੋਂ ਤੋਂ ਹੀ ਅੱਜ ਤੱਕ ਮਜ਼ਦੂਰਾਂ ਦੀ ਕੌਮਾਂਤਰੀ ਇੱਕਮੁੱਠਤਾ ਦੇ ਪ੍ਰਤੀਕ ਦੇ ਰੂਪ ਵਿੱਚ ਮਈ ਦਿਨ ਲਗਭਗ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। 

ਅੱਜ ਇੱਕ ਵਾਰ ਫਿਰ ਅਨੇਕਾਂ ਸੰਭਾਵਨਾਵਾਂ ਅਤੇ ਚੁਣੌਤੀਆਂ ਨਾਲ਼ ਭਰਪੂਰ ਸਮੇਂ ਵਿੱਚ ਦੁਨੀਆਂ ਦੇ ਮਜ਼ਦੂਰ ਕੌਮਾਂਤਰੀ ਮਜ਼ਦੂਰ ਦਿਹਾੜਾ ਮਈ ਦਿਨ ਮਨਾਉਣ ਜਾ ਰਹੇ ਹਨ। ਅੱਜ ਪੂੰਜੀ ਦਾ ਸੰਸਾਰ ਵਿਆਪੀ ਪਸਾਰ ਹੋ ਚੁੱਕਾ ਹੈ। ਨਾਲ਼ ਹੀ ਇਸ ਦੇ ਕਬਰਪੁੱਟਾਂ ਮਜ਼ਦੂਰਾਂ ਦੀਆਂ ਧਾੜਾਂ ਵੀ ਸੰਸਾਰ ਦੇ ਹਰ ਕੋਨੇ ਵਿੱਚ ਪੈਦਾ ਹੋ ਗਈਆਂ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਤੀਸਰੀ ਦੁਨੀਆਂ ਦੇ ਬਸਤੀਵਾਦ ਦੇ ਜੂਲੇ ਤੋਂ ਅਜ਼ਾਦ ਹੋਏ ਮੁਲਕਾਂ ਵਿੱਚ ਅੱਜ ਪੂੰਜੀਵਾਦੀ ਪੈਦਾਵਾਰੀ ਸਬੰਧ ਭਾਰੂ ਹੈਸੀਅਤ ਅਖ਼ਤਿਆਰ ਕਰ ਚੁੱਕੇ ਹਨ। ਪ੍ਰੋਲੇਤਾਰੀ, ਅਰਧ-ਪ੍ਰੋਲੇਤਾਰੀ ਅਬਾਦੀ ਇਹਨਾਂ ਵਿੱਚੋਂ ਜ਼ਿਆਦਾਤਰ ਦੇਸ਼ਾਂ ਦੀ ਕੁੱਲ ਅਬਾਦੀ ਦੇ ਅੱਧ ਤੋਂ ਵੀ ਵਧ ਚੁੱਕੀ ਹੈ। ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ’ ਦਾ ਨਾਹਰਾ ਅੱਜ ਪਹਿਲਾਂ ਦੇ ਹਰ ਸਮੇਂ ਨਾਲ਼ੋਂ ਵਧੇਰੇ ਪ੍ਰਸੰਗਕ ਹੋ ਗਿਆ ਹੈ। ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਵਿੱਚ ਤਾਂ ਹੁਕਮਰਾਨ ‘ਕਲਿਆਣਕਾਰੀ ਰਾਜ’ ਦੀਆਂ ਨੀਤੀਆਂ ਅਤੇ ਹੋਰ ਹਥਕੰਡਿਆਂ ਜ਼ਰੀਏ ਵਕਤੀ ਤੌਰ ‘ਤੇ ਜਮਾਤੀ ਵਿਰੋਧਤਾਈਆਂ ਨੂੰ ਖੁੰਢਿਆਂ ਕਰਨ ਵਿੱਚ ਕਾਮਯਾਬ ਹੋ ਗਏ। ਪਰ ਤੀਸਰੀ ਦੁਨੀਆਂ ਦੇ ਪੂੰਜੀਵਾਦੀ ਦੇਸ਼ਾਂ ਦੀ ਸਥਿਤੀ ਇਸਦੇ ਇੱਕ ਦਮ ਉਲਟ ਹੈ। ਇਹਨਾਂ ਦੇਸ਼ਾਂ ਵਿੱਚ ਪੂੰਜੀਵਾਦੀ ਵਿਕਾਸ ਨੇ ਸਮਾਜ ਨੂੰ ਬੁਰੀ ਤਰਾਂ ਧਰੁਵੀਕ੍ਰਿਤ ਕਰ ਦਿੱਤਾ ਹੈ। ਇਹਨਾਂ ‘ਚੋਂ ਜ਼ਿਆਦਾਤਰ ਦੇਸ਼ਾਂ ਵਿੱਚ ਪੂੰਜੀਵਾਦੀ ਵਿਕਾਸ ਨੇ ਸਮਾਜ ਦੀ ਵੱਡੀ ਬਹੁਗਿਣਤੀ ਨੂੰ ਪ੍ਰੋਲਤਾਰੀ-ਅਰਧ ਪ੍ਰੋਲਤਾਰੀਆਂ ਵਿੱਚ ਬਦਲ ਦਿੱਤਾ ਹੈ ਅਤੇ ਸਭ ਪੂੰਜੀਵਾਦੀ ਵਿਕਾਸ ਦੀ ਬਦੌਲਤ ਕਿਰਤੀਆਂ ਦੇ ਹਿੱਸੇ ਤਬਾਹੀ ਬਦਹਾਲੀ ਹੀ ਆਈ ਹੈ। ਪੂੰਜੀਵਾਦੀ ਵਿਕਾਸ ਜ਼ਰੀਏ ਧਰੁਵੀਕ੍ਰਿਤ ਹੋਏ ਇਹਨਾਂ ਸਮਾਜਾਂ ਵਿੱਚ ਜਮਾਤੀ ਵਿਰੋਧਤਾਈਆਂ ਬੇਹੱਦ ਤਿੱਖੀਆਂ ਹਨ। ਅੱਜ ਇਹ ਦੇਸ਼ ਜਮਹੂਰੀ, ਨਵਜਮਹੂਰੀ ਇਨਕਲਾਬਾਂ ਦਾ ਪੜਾਅ ਪਾਰ ਕਰਕੇ ਨਵੇਂ ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ। ਇਤਿਹਾਸ ਦੇ ਵਹਿਣ ਨੇ ਪ੍ਰੋਲੇਤਾਰੀ ਇਨਕਲਾਬੀਆਂ ਨੂੰ ਉਸ ਸਾਰੇ ਬੋਝ ਤੋਂ ਮੁਕਤ ਕਰ ਦਿੱਤਾ ਹੈ ਜੋ ਇਤਿਹਾਸ ਨੇ ਹੀ ਕਦੇ ਉਹਨਾਂ ਦੇ ਮੋਢਿਆ ‘ਤੇ ਲੱਦ ਦਿੱਤਾ ਸੀ। ਭਾਵ ਅੱਜ ਇਹਨਾਂ ਦੇਸ਼ਾਂ ਦੀ ਮਜ਼ਦੂਰ ਜਮਾਤ ਨੂੰ ਉਹਨਾਂ ਸਾਰੇ ਕਾਰਜਾਂ ਤੋਂ ਮੁਕਤੀ ਮਿਲ਼ ਗਈ ਹੈ, ਜੋ ਉਸਨੇ ਨਹੀਂ ਸਗੋਂ ਬੁਰਜੂਆਜ਼ੀ ਨੇ ਨੇਪਰੇ ਚਾੜ੍ਹਨੇ ਸਨ, ਜਿਵੇਂ ਕਿ ਜਮਹੂਰੀ ਇਨਕਲਾਬ ਆਦਿ। 

ਅੱਜ ਸੰਸਾਰ ਪੂੰਜੀਵਾਦੀ ਅਰਥਚਾਰਾ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਵਧੇਰੇ ਜੁੜ ਚੁੱਕਾ ਹੈ। ਤਕਨੀਕ ਖਾਸ ਕਰ ਸੂਚਨਾ ਤਕਨੀਕ ਦੇ ਅਣਕਿਆਸੇ ਵਿਕਾਸ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦਰਮਿਆਨ ਭੌਤਿਕ ਦੂਰੀਆਂ ਨੂੰ ਸੁੰਗੇੜ ਕੇ, ਦੁਨੀਆਂ ਨੂੰ ਬਹੁਤ ਛੋਟੀ ਕਰ ਦਿੱਤਾ ਹੈ। ਅਜੇਹੇ ਸਮੇਂ ਵਿੱਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਮਜ਼ਦੂਰ ਲਹਿਰਾਂ ਵਿੱਚ ਆਪਸੀ ਤਾਲਮੇਲ ਕਾਇਮ ਕਰ ਸਕਣਾ, ਪਹਿਲਾਂ ਦੇ ਸਮਿਆਂ ਨਾਲ਼ੋਂ ਵਧੇਰੇ ਅਸਾਨ ਹੋ ਗਿਆ ਹੈ। ਅੱਜ ਦੇ ਸਮੇਂ ਵਿੱਚ ਕਿਸੇ ਇੱਕ ਦੇਸ਼ ਵਿੱਚ ਜੇਕਰ ਮਜ਼ਦੂਰ ਸੰਘਰਸ਼ ਦਾ ਲਾਵਾ ਫੁੱਟਦਾ ਹੈ ਤਾਂ ਉਸਦੇ ਤੇਜ਼ੀ ਨਾਲ਼ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲਣ ਦੀਆਂ ਸੰਭਾਵਨਾਵਾਂ ਵੀ ਵਧੇਰੇ ਹਨ। 

ਜਿੱਥੇ ਪੂਰੇ ਸੰਸਾਰ ਵਿੱਚ ਹੋਏ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੇ ਮਜ਼ਦੂਰ ਲਹਿਰ ਦੇ ਵਿਕਾਸ ਲਈ ਅਨੇਕਾਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ ਉੱਥੇ ਚੁਣੌਤੀਆਂ ਵੀ ਕੋਈ ਘੱਟ ਨਹੀਂ ਹਨ। ਇਤਿਹਾਸ ਦੇ ਰੰਗਮੰਚ ‘ਤੇ ਪੂੰਜੀਵਾਦੀ ਪ੍ਰਬੰਧ ਦੇ ਪ੍ਰਗਟ ਹੋਣ ਨਾਲ਼ ਪੂੰਜੀਵਾਦੀ ਲੁੱਟ-ਜਬਰ ਵਿਰੁੱਧ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਅਨੇਕਾਂ ਉਤਾਰ-ਚੜ੍ਹਾਵਾਂ ਵਿੱਚੋਂ ਹੋਕੇ ਗੁਜ਼ਰਿਆ ਹੈ। 19ਵੀਂ ਅਤੇ 20ਵੀਂ ਸਦੀ ਵਿੱਚ ਮਜ਼ਦੂਰ ਜਮਾਤ ਨੇ ਵਾਰ-ਵਾਰ ਪੂੰਜੀ ਦੀ ਸੱਤਾ ਨੂੰ ਚੁਣੌਤੀ ਦਿੱਤੀ। 20ਵੀਂ ਸਦੀ ਵਿੱਚ ਸੰਸਾਰ ਦੇ ਕਈ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਦੀ ਸੱਤਾ ਸਥਾਪਿਤ ਹੋਈ ਅਤੇ ਜਮਾਤ ਰਹਿਤ ਸਮਾਜ ਦੀ ਉਸਾਰੀ ਦੀ ਦਿਸ਼ਾ ਵਿੱਚ ਮਨੁੱਖਤਾ ਦਾ ਮਾਰਚ ਸ਼ੁਰੂ ਹੋਇਆ। ਲਗਭਗ ਇੱਕ ਤਿਹਾਈ ਧਰਤੀ ‘ਤੇ ਲਾਲ ਝੰਡਾ ਝੂਲਣ ਲੱਗਾ। ਪਰ 1956 ਵਿੱਚ ਸੋਵੀਅਤ ਯੂਨੀਅਨ ਵਿੱਚ ਪੂੰਜੀਵਾਦ ਦੀ ਮੁੜਬਹਾਲੀ ਨਾਲ਼ ਇਸ ਪ੍ਰੀਕ੍ਰਿਆ ਨੂੰ ਵੱਡਾ ਧੱਕਾ ਲੱਗਾ। ਸੋਵੀਅਤ ਯੂਨੀਅਨ ‘ਚ ਪੂੰਜੀਵਾਦੀ ਮੁੜ ਬਹਾਲੀ ਤੋਂ ਬਾਅਦ ਪੂਰਬੀ ਯੂਰਪ ਦੇ ਇੱਕ ਤੋਂ ਬਾਅਦ ਇੱਕ ਦੇਸ਼ਾਂ ਵਿੱਚ ਪੂੰਜੀਵਾਦੀ ਮੁੜ ਬਹਾਲੀ ਦੀ ਪ੍ਰੀਕ੍ਰਿਆ ਨੇਪਰੇ ਚੜ੍ਹੀ। 1976 ਵਿੱਚ ਮਾਓ ਜ਼ੇ-ਤੁੰਗ ਦੀ ਮੌਤ ਤੋਂ ਬਾਅਦ ਚੀਨ ਵਿੱਚ ਪੂੰਜੀਵਾਦ ਦੀ ਮੁੜ ਬਹਾਲੀ ਨਾਲ਼, ਸਮਾਜਵਾਦੀ ਦੇਸ਼ਾਂ ਵਿੱਚ ਪੂੰਜੀਵਾਦੀ ਮੁੜ ਬਹਾਲੀ ਦੀ ਪ੍ਰੀਕ੍ਰਿਆ ਮੁਕੰਮਲ ਹੋਈ। ਸੰਸਾਰ ਮਜ਼ਦੂਰ ਜਮਾਤ ਤੋਂ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਸਾਰੇ ਅਧਾਰ ਇਲਾਕੇ ਖੁੱਸ ਗਏ। ਅੱਜ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਸਮਾਜਵਾਦੀ ਪ੍ਰਬੰਧ ਨਹੀਂ ਹੈ। 

20ਵੀਂ ਸਦੀ ਦੇ ਮਗਰਲੇ ਅੱਧ ਵਿੱਚ ਲੱਗੀ ਪਛਾੜ ਤੋਂ ਸੰਸਾਰ ਮਜ਼ਦੂਰ ਜਮਾਤ ਅਜੇ ਤੱਕ ਉੱਭਰ ਨਹੀਂ ਸਕੀ ਹੈ। ਕਿਰਤੀਆਂ ਅਤੇ ਲੋਕ ਪੱਖੀ ਬੁੱਧੀਜੀਵੀਆਂ ਅੰਦਰ ਸਮਾਜਵਾਦੀ ਪ੍ਰਬੰਧ ਦੀ ਵਿਵਹਾਰਕਤਾ ‘ਤੇ ਹੀ ਸਵਾਲ ਉੱਠ ਖੜੇ ਹੋਏ ਹਨ। ਸਮਾਜਵਾਦ ਅੰਦਰ ਪੂੰਜੀਵਾਦੀ ਮੁੜ ਬਹਾਲੀ ਦੀ ਪ੍ਰੀਕ੍ਰਿਆ ਨੂੰ ਕਿਵੇਂ ਸਮਝਿਆ ਜਾਵੇ, ਇਸ ਬਾਰੇ ਪੂਰੀ ਦੁਨੀਆਂ ਦੇ ਪ੍ਰੋਲੇਤਾਰੀ ਇਨਕਲਾਬੀਆਂ ਅੰਦਰ ਵਿਚਾਰਧਾਰਕ ਘਚੋਲ਼ਾ ਖੜਾ ਹੋਇਆ ਹੈ। ਦੂਜੇ ਪਾਸੇ ਸੰਸਾਰ ਬੁਰਜੂਆਜ਼ੀ ਵੱਲੋਂ ਮਜ਼ਦੂਰ ਜਮਾਤ ਦੀ ਵਿਚਾਰਧਾਰਾ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। 

ਅੱਜ ਸੰਸਾਰ ਪੱਧਰ ‘ਤੇ ਮਜ਼ਦੂਰ ਲਹਿਰ ਦਾ ਕੋਈ ਕੌਮਾਂਤਰੀ ਮੰਚ ਮੌਜੂਦ ਨਹੀਂ ਹੈ ਜੋ ਅਜਿਹੇ ਸਮੇਂ ਵਿੱਚ ਸੰਸਾਰ ਮਜ਼ਦੂਰ ਲਹਿਰ ਨੂੰ ਅਗਵਾਈ ਦੇ ਸਕੇ ਅਤੇ ਨਾ ਹੀ ਕੋਈ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਲੀਡਰਸ਼ਿੱਪ ਹੀ ਹੈ। ਦੁਨੀਆਂ ਭਰ ਦੀ ਇਨਕਲਾਬੀ ਲਹਿਰ ਟੁੱਟ ਫੁੱਟ ਦੀ ਸ਼ਿਕਾਰ ਹੈ। 

ਅੱਜ ਸੰਸਾਰ ਪੱਧਰ ‘ਤੇ ਹੀ 19ਵੀਂ ਸਦੀ ਜਾਂ 20ਵੀਂ ਸਦੀ ਦੇ ਪਹਿਲੇ ਅੱਧ ਵਾਂਗ ਮਜ਼ਦੂਰ ਸੰਘਰਸ਼ਾਂ ਦੀ ਕੋਈ ਕਾਂਗ ਉੱਠਦੀ ਨਜ਼ਰ ਨਹੀਂ ਆਉਂਦੀ। ਪੂਰੀ ਦੁਨੀਆਂ ਵਿੱਚ ਹੀ ਇੱਕ ਚੁੱਪੀ ਭਰਿਆ ਮਾਹੌਲ ਹਾਵੀ ਹੈ, ਹਾਂ ਕਿਧਰੇ-ਕਿਧਰੇ ਕੁੱਝ ਛੋਟੀਆਂ-ਮੋਟੀਆਂ ਝੜੱਪਾਂ ਜ਼ਰੂਰ ਨਜ਼ਰ ਆਉਂਦੀਆਂ ਹਨ। ਪਰ ਕਿਧਰੇ ਮਜ਼ਦੂਰਾਂ ਦੇ ਅਜੇਹੇ ਸੰਘਰਸ਼ ਨਜ਼ਰ ਨਹੀਂ ਆ ਰਹੇ ਜੋ ਪੂੰਜੀਵਾਦੀ ਪ੍ਰਬੰਧ ਲਈ ਸੰਕਟ ਪੈਦਾ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ। ਜਿੱਥੇ ਕਿਧਰੇ ਮਜ਼ਦੂਰਾਂ ਦੇ ਵੱਡੇ ਸੰਘਰਸ਼ ਨਜ਼ਰ ਆਉਂਦੇ ਹਨ, ਜਿਵੇਂ ਕਿ ਪਿਛਲੀ ਸਦੀ ਦੇ ਆਖਰੀ ਦਹਾਕੇ ‘ਚ ਅਤੇ ਇਸ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਲਾਤੀਨੀ ਅਮਰੀਕੀ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ, ਉੱਥੇ ਸਹੀ ਅਗਵਾਈ ਦੀ ਘਾਟ ਵਿੱਚ ਇਹ ਸੰਘਰਸ਼ ਦਮ ਤੋੜ ਜਾਂਦੇ ਹਨ। ਮਜ਼ਦੂਰਾਂ ਦਾ ਆਪ ਮੁਹਾਰਾ ਕੋਈ ਵੀ ਸੰਘਰਸ਼ ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਸਹੀ ਇਨਕਲਾਬੀ ਅਗਵਾਈ ਦੀ ਅਣਹੋਂਦ ਵਿੱਚ ਉਹ ਸੰਘਰਸ਼ ਕਦੇ ਵੀ ਇਸ ਲੁਟੇਰੇ ਪ੍ਰਬੰਧ ਦੀ ਹੋਂਦ ਲਈ ਖਤਰਾ ਨਹੀਂ ਬਣ ਸਕਦਾ। ਅਜਿਹੀ ਹਾਲਤ ਵਿੱਚ ਵੱਡੇ ਤੋਂ ਵੱਡੇ ਮਜ਼ਦੂਰ ਸੰਘਰਸ਼ ਦੀ ਹੋਣੀ ਮੁੜ ਇਸੇ ਪ੍ਰਬੰਧ ਵਿੱਚ ਸਮੋ ਜਾਣ ਹੀ ਹੁੰਦੀ ਹੈ। 

ਸਤਹੀ ਤੌਰ ‘ਤੇ ਦੇਖਿਆਂ ਅੱਜ ਦੀਆਂ ਹਾਲਤਾਂ ਬਹੁਤ ਨਿਰਾਸ਼ਾਜਨਕ ਨਜ਼ਰ ਆਉਂਦੀਆਂ ਹਨ। ਅਜੇਹੇ ਸਮੇਂ ਵਿੱਚ ਕੁੱਝ ਕੱਚੇ ਪਿੱਲੇ ‘ਇਨਕਲਾਬੀਆਂ’ ਦੀ ਮਜ਼ਦੂਰ ਲਹਿਰ ਪ੍ਰਤੀ ਪ੍ਰਤੀਬੱਧਤਾ ਜੇਕਰ ਡੋਲ ਰਹੀ ਹੈ ਤਾਂ ਕੋਈ ਅਲੋਕਾਰੀ ਗੱਲ ਨਹੀਂ। ਅਜੇਹੇ ਸਮਿਆਂ ਵਿੱਚ ਇਹ ਕੁੱਝ ਹੁੰਦਾ ਹੀ ਹੈ। ਅੱਜ ਦੇ ਇਸ ਨਿਰਾਸ਼ਾਜਨਕ ਦੌਰ ਦਾ ਦੂਸਰਾ ਪੱਖ ਇਹ ਵੀ ਹੈ ਕਿ ਨਾ ਤਾਂ ਕਿਰਤੀ ਲੋਕਾਂ ਦੀ ਲੁੱਟ ਜ਼ਬਰ ਤੋਂ ਮੁਕਤ ਜ਼ਿੰਦਗੀ ਦੀ ਤਾਂਘ ਹੀ ਖਤਮ ਹੋਈ ਹੈ ਅਤੇ ਨਾ ਹੀ ਦੁਨੀਆਂ ਵਿੱਚ ਜਮਾਤੀ ਸੰਘਰਸ਼ਾਂ ਦਾ ਸਿਲਸਿਲਾ ਹੀ ਰੁਕਿਆ ਹੈ। ਹਾਂ, ਅੱਜ ਦੀ ਸਥਿਤੀ ਦਾ ਇਹ ਪੱਖ ਮੁੱਖ ਪੱਖ ਨਹੀਂ ਹੈ। ਅਜੇ ਵੀ ਪੂਰੀ ਦੁਨੀਆਂ ਵਿੱਚ ਇਨਕਲਾਬ ਦੀ ਧਾਰਾ ਉੱਪਰ ਉਲਟ ਇਨਕਲਾਬ ਦੀ ਧਾਰਾ ਹਾਵੀ ਹੈ। 

ਅੱਜ ਪੂਰੀ ਦੁਨੀਆਂ ਵਿੱਚ ਵਿਸ਼ਵੀਕਰਨ ਦੇ ਬੁਰਕੇ ਹੇਠ ਬੁਰਜੂਆਜ਼ੀ ਨੇ ਮਜ਼ਦੂਰ ਜਮਾਤ ਵਿਰੁੱਧ ਇੱਕ ਜੰਗ ਵਿੱਢੀ ਹੋਈ ਹੈ। ਕੁਰਬਾਨੀਆਂ ਭਰੇ ਸੰਘਰਸ਼ਾਂ ਦੀ ਬਦੌਲਤ ਮਜ਼ਦੂਰਾਂ ਨੇ ਇਸੇ ਪੂੰਜੀਵਾਦੀ ਪ੍ਰਬੰਧ ਤੋਂ ਜੋ ਹੱਕ ਲਏ ਸਨ, ਉਹ ਇੱਕ-ਇੱਕ ਕਰਕੇ ਖੋਹੇ ਜਾ ਰਹੇ ਹਨ। ਸੰਸਾਰ ਭਰ ‘ਚ ਬੁਰਜੂਆਜ਼ੀ ਵੱਲੋਂ ਵਿੱਢੇ ਇਸ ਹਮਲੇ ਦਾ ਮਜ਼ਦੂਰ ਜਮਾਤ ਵੱਲੋਂ ਪ੍ਰਤੀਰੋਧ ਵੀ ਜਾਰੀ ਹੈ ਭਾਵੇਂ ਇਹ ਬਹੁਤ ਕਮਜ਼ੋਰ ਹੈ। 

ਪੂਰੀ ਦੁਨੀਆਂ ‘ਤੇ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਅੱਜ ਵੀ ਦੁਨੀਆਂ ‘ਚ ਉਹ ਸਭ ਕਾਰਨ ਮੌਜੂਦ ਹਨ ਜਿਹਨਾਂ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਮਜ਼ਦੂਰ ਲਹਿਰ ਦੇ ਤੂਫਾਨਾਂ ਨੂੰ ਜਨਮ ਦਿੱਤਾ ਸੀ। ਇਸ ਗੱਲ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ ਕਿ ਅੱਜ ਮੁੜ ਤੋਂ ਮਜ਼ਦੂਰ ਲਹਿਰ ਦੇ ਤੂਫਾਨ ਨਹੀਂ ਉੱਠਣਗੇ। ਬਸ ਕਮੀ ਹੈ ਤਾਂ ਅਜੇਹੀ ਲੀਡਰਸ਼ਿਪ ਦੀ, ਜੋ 20ਵੀਂ ਸਦੀ ‘ਚ ਮਜ਼ਦੂਰ ਲਹਿਰ ਨੂੰ ਲੱਗੀਆਂ ਪਛਾੜਾਂ ਤੋਂ ਠੀਕ ਸਬਕ ਹਾਸਿਲ ਕਰੇ। ਇਸਦੀ ਗੈਰ ਹਾਜ਼ਰੀ ਵਿੱਚ ਮਜ਼ਦੂਰਾਂ ਦੇ ਆਪ ਮੁਹਾਰੇ ਸੰਘਰਸ਼ ਉੱਠਦੇ ਰਹਿਣਗੇ ਅਤੇ ਦਮ ਤੋੜਦੇ ਰਹਿਣਗੇ। 

ਪ੍ਰੋਲੇਤਾਰੀ ਇਨਕਲਾਬੀਆਂ ਅੱਗੇ ਅੱਜ ਸਭ ਤੋਂ ਪਹਿਲਾ ਕਾਰਜ ਵਿਚਾਰਧਾਰਕ ਸਫ਼ਾਈ ਦਾ ਹੈ। ਵੀਹਵੀਂ ਸਦੀ ਦੇ ਸਮਾਜਵਾਦੀ ਪ੍ਰਯੋਗਾਂ ਨੂੰ ਲੱਗੀ ਪਛਾੜ ਤੋਂ ਠੀਕ ਸਬਕ ਹਾਸਲ ਕਰਨਾ ਹੈ ਅਤੇ ਸੰਸਾਰ ਬੁਰਜੂਆਜ਼ੀ ਵੱਲੋਂ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਉੱਪਰ ਕੀਤੇ ਜਾਣ ਵਾਲ਼ੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣਾ ਹੈ। ਮਜ਼ਦੂਰ ਜਮਾਤ ਦੇ ਹਿਰਾਵਲ ਦਸਤੇ ਜੱਥੇਬੰਦ ਕਰਨਾ ਹੈ। 

ਬਿਨਾਂ ਸ਼ੱਕ ਵਿਚਾਰਧਾਰਕ ਸੰਘਰਸ਼ ਦੀ ਇਹ ਪ੍ਰਕਿਰਿਆ ਮਜ਼ਦੂਰ ਜਮਾਤ ਨੂੰ ਜਗਾਉਣ, ਜੱਥੇਬੰਦ ਕਰਨ ਅਤੇ ਲਾਮਬੰਦ ਕਰਨ ਦੀ ਪ੍ਰਕਿਰਿਆ ਤੋਂ ਨਿਖੜੀ ਹੋਈ ਨਹੀਂ ਹੋ ਸਕਦੀ। ਬੁਨਿਆਦੀ ਜਮਾਤਾਂ ਖਾਸਕਰ ਸੱਨਅਤੀ ਮਜ਼ਦੂਰਾਂ ਵਿੱਚ ਗਹਿਰੇ ਖੁੱਭਣਾ ਹੋਵੇਗਾ। ਮਜ਼ਦੂਰਾਂ ਵਿੱਚ ਆਮ ਰਾਜਨੀਤਕ ਅਤੇ ਵਿਚਾਰਧਾਰਕ ਪ੍ਰਚਾਰ ਦੀ ਕਾਰਵਾਈ ਪੂਰੇ ਧੀਰਜ ਅਤੇ ਸੰਜੀਦਗੀ ਨਾਲ਼ ਚਲਾਉਣੀ ਹੋਵੇਗੀ। ਇੱਕ ਪਾਸੇ ਜਿੱਥੇ ਮਜ਼ਦੂਰਾਂ ਦੀ ਰਾਜਨੀਤਕ-ਵਿਚਾਰਧਾਰਕ ਸਿੱਖਿਆ ‘ਤੇ ਜ਼ੋਰ ਦੇਣਾ ਹੋਵੇਗਾ ਉੱਥੇ ਨਾਲ਼ ਦੀ ਨਾਲ਼ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਹੋਵੇਗੀ ਅਤੇ ਸੰਭਵ ਹੋਵੇ ਤਾਂ ਆਪਣੀ ਪਹਿਲ ਉੱਪਰ ਮਜ਼ਦੂਰ ਜਮਾਤ ਦੇ ਸੰਘਰਸ਼ ਵਿਕਸਿਤ ਕਰਨੇ ਹੋਣਗੇ। ਜਦੋਂ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ਼ ਗੁੰਦ-ਪਰੋ ਕੇ ਰਾਜਸੀ-ਵਿਚਾਰਧਾਰਕ ਪ੍ਰਚਾਰ-ਪ੍ਰਸਾਰ ਦੀ ਸਰਗਰਮੀ ਚਲਾਈ ਜਾਵੇਗੀ ਤਾਂ ਇਸ ਦੀ ਮਜ਼ਦੂਰਾਂ ਵਿੱਚ ਵਧੇਰੇ ਰਸਾਈ ਹੋਵੇਗੀ।

ਅੱਜ ਦੀਆਂ ਹਾਲਤਾਂ ਭਾਵੇਂ ਕਿੰਨੀਆਂ ਵੀ ਨਿਰਾਸ਼ਾਪੂਰਨ ਅਤੇ ਕਠਿਨ ਨਜ਼ਰ ਆਉਣ ਪਰ ਆਸ ਦੀਆਂ ਕਿਰਨਾਂ ਇਸੇ ਪ੍ਰਕਿਰਿਆ ਚੋਂ ਹੀ ਫੁੱਟਣਗੀਆਂ। ਮਜ਼ਦੂਰ ਬਸਤੀਆਂ ‘ਚ ਛਾਈ ਚੁੱਪ ਇੱਕ ਸਤਹੀ ਯਥਾਰਥ ਹੈ। ਇਹ ਤੁਫ਼ਾਨ ਦੀ ਆਮਦ ਤੋਂ ਪਹਿਲਾਂ ਦੀ ਚੁੱਪ ਹੈ। ਇਕ ਸੱਚੇ ਵਿਗਿਆਨਕ ਦੀ ਦ੍ਰਿਸ਼ਟੀ ਅਤੇ ਹੌਸਲੇ ਨਾਲ਼ ਇਸ ਸਥਿਤੀ ਨੂੰ ਸਮਝਣਾ ਹੋਵੇਗਾ ਅਤੇ ਮਜ਼ਦੂਰ ਸੰਘਰਸ਼ਾਂ ਦੇ ਆਉਣ ਵਾਲ਼ੇ ਤੁਫ਼ਾਨਾ ਦੇ ਸ਼ਾਹ ਸਵਾਰ ਬਣਨ ਲਈ ਖੁਦ ਨੂੰ ਤਿਆਰ ਕਰਨਾ ਹੋਵੇਗਾ।

“ਪ੍ਰਤੀਬੱਧ”, ਅੰਕ 09, ਅਪ੍ਰੈਲ-ਜੂਨ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s