ਮਾਰਕਸਵਾਦ ਦੇ ਅਲੋਚਕ ”ਸੱਚ, ਸਿਰਫ ਸੱਚ ਆਪਣੇ ਪੂਰੇ ਤਿੱਖੇਪਣ ਸਹਿ।” -ਦਾਂਤੋਂ*

engles and marx

(ਪੀ.ਡੀ.ਐਫ਼ ਡਾਊਨਲੋਡ ਕਰੋ)

ਮਾਰਕਸਵਾਦ ਦੇ ਜਨਮ ਤੋਂ ਹੀ ਹਰ ਪੰਜ-ਸੱਤ ਸਾਲ ਬਾਅਦ ਮਾਰਕਸਵਾਦ ਦੇ ਦੁਸ਼ਮਣਾਂ, ਸਰਮਾਏਦਾਰ ਜਮਾਤ ਅਤੇ ਉਸ ਦੇ ਬੌਧਿਕ ਚਾਕਰਾਂ ਵਲੋਂ ਮਾਰਕਸਵਾਦ ਦੀ ਮੌਤ ਦਾ ਐਲਾਨ ਹੁੰਦਾ ਹੈ। ਇਤਿਹਾਸ ਦੇ ਇੱਕ ਖਾਸ ਪੜਾਅ ‘ਤੇ ਉਪਜੀਆਂ ਬਾਹਰਮੁਖੀ ਹਾਲਤਾਂ ਅਤੇ ਆਪਣੇ ਤੋਂ ਪਹਿਲਾਂ ਦੇ ਦਾਰਸ਼ਨਿਕਾਂ ਦੇ ਯੁਟੋਪਿਆਈ ਅਤੇ ਗੈਰ ਵਿਗਿਆਨਕ ਸਿਧਾਂਤਾਂ, ਜੋ ਕੁਦਰਤ ਅਤੇ ਸਮਾਜ ਦੇ ਵੱਖ ਵਰਤਾਰਿਆਂ ਦੀ ਵਿਗਿਆਨਕ ਵਿਆਖਿਆ ਕਰਨ ਸਕਣ ਦੇ ਅਸਮਰੱਥ ਸਨ, ਦੀ ਅਲੋਚਨਾ ਰਾਹੀਂ ਮਾਰਕਸਵਾਦ ਦੇ ਵਿਗਿਆਨਕ ਫਲਸਫ਼ੇ ਦਾ ਜਨਮ ਹੋਇਆ। ਪਹਿਲੀ ਵਾਰ ਮਨੁੱਖ ਜਾਤੀ ਦੀਆਂ ਅੱਖਾਂ ਤੋਂ ਭਰਮ ਦੀ ਚਾਦਰ ਹਟੀ ਅਤੇ ਮਨੁੱਖ ਕੁਦਰਤ ਅਤੇ ਸਮਾਜ ਦੇ ਵਰਤਾਰਿਆਂ ਨੂੰ ਵਿਗਿਆਨਕ ਢੰਗ ਨਾਲ ਸਮਝਣ ਦੇ ਸਮਰੱਥ ਹੋ ਸਕਿਆ। ਕਮਿਊਮਿਜ਼ਮ ਦਾ ਭੂਤ ਤਾਂ ਪਹਿਲਾਂ ਹੀ ਯੂਰਪ ਦੀ ਬੁਰਜੂਆਜ਼ੀ ਨੂੰ ਡਰਾ ਰਿਹਾ ਸੀ ਅਤੇ ਮਾਰਕਸਵਾਦ ਜਿਹੇ ਵਿਗਿਆਨਕ ਸਿਧਾਂਤ ਦੇ ਜਨਮ ਨੇ ਬੁਰਜੂਆਜ਼ੀ ਦੇ ਡਰ ਨੂੰ ਹੋਰ ਵਧਾ ਦਿੱਤਾ ਅਤੇ ਇਸਨੇ ਮਾਰਕਸਵਾਦ ‘ਤੇ ਮੋੜਵਾਂ ਹਮਲਾ ਵਿੱਢਿਆ, ਅਫਵਾਹਾਂ ਅਤੇ ਕੂੜ ਪ੍ਰਚਾਰ ਦਾ ਸਹਾਰਾ ਲੈ ਕੇ ਮਾਰਕਸਵਾਦ ਦੇ ਇਸ ਹਥਿਆਰ ਨੂੰ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋਕਣ ਦੀਆਂ ਬਦਹਵਾਸ, ਨਿਹਫਲ਼ ਕੋਸ਼ਿਸ਼ਾਂ ਕੀਤੀਆਂ। ਬੁਰਜੂਆਜ਼ੀ ਅਤੇ ਉਸਦੇ ਬੌਧਿਕ ਚਾਕਰਾਂ ਦੇ ਹਮਲਿਆਂ ਵਿਰੁੱਧ ਟੱਕਰ ਵਿੱਚ ਹੀ ਮਾਰਕਸਵਾਦ ਦਾ ਵਿਕਾਸ ਹੋਇਆ ਹੈ।

ਆਪਣੇ ਜਮਾਤੀ ਖਾਸੇ ਅਨੁਸਾਰ ਬੁਰਜੁਆਜ਼ੀ ਅਤੇ ਉਸਦੇ ਬੌਧਿਕ ਚਾਕਰਾਂ ਨੇ ਮਾਰਕਸਵਾਦ ਦੀ ਭੰਨ ਤੋੜ, ਅਫਵਾਰਾਂ ਅਤੇ ਕੂੜ-ਪ੍ਰਚਾਰ ਵਿੱਚ ਭਾਵੇਂ ਕਦੇ ਵੀ ਕਮੀ ਨਹੀਂ ਆਉਣ ਦਿੱਤੀ ਪਰ ਬੀਤੀ ਸਦੀ ਦੇ ਆਖਰੀ ਦਹਾਕੇ ਦੇ ਸ਼ੁਰੂ ਤੋਂ ਜਦੋਂ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੇ ਬੁਰਕੇ ਹੇਠ ਲੁਕੀਆਂ ਨੌਕਰਸ਼ਾਹ ਪੂੰਜੀਵਾਦੀ ਸੱਤਾਵਾਂ ਢਹਿ ਢੇਰੀ ਹੋ ਗਈਆਂ ਤਾਂ ਬੁਰਜੁਆਜ਼ੀ ਦੇ ਬੌਧਿਕ ਚਾਕਰਾਂ ਦੀ ਮਾਰਕਸਵਾਦ ਵਿਰੋਧੀ ਕਾਵਾਂ ਰੌਲੀ ਹੋਰ ਉੱਚੀ ਹੋ ਗਈ। ਬੁਰਜੂਆ ਪ੍ਰੋਫੈਸਰਾਂ ਅਤੇ ਅਖ਼ਵਾਰੇ ਕਾਲਮਾਂ ਦੇ ਇੰਚ ਮਿਣਕੇ ਤੋਰੀ ਫੁਲਕਾ ਚਲਾਉਣ ਵਾਲੇ ਦੋ ਟਕੇ ਦੇ ਕਲਮ ਘਸੀਟਾਂ ਨੇ ਮਾਰਕਸਵਾਦ ਨੂੰ ਭੰਡਣ ਦਾ ਇੱਕੋ-ਇੱਕ ਧੰਦਾ ਅਪਣਾ ਲਿਆ। ਦੁਨੀਆਂ ਭਰ ਵਿੱਚ ਮਾਰਕਸਵਾਦ ਦੀ ਮੌਤ ਦੇ ਐਲਾਨ ਹੋਣ ਲੱਗੇ। ਬੇਸ਼ੱਕ ਬੁਰਜੂਆਜ਼ੀ ਅਤੇ ਉਸਤੇ ਬੌਧਿਕ ਚਾਕਰ ਬਹੁਤ ਪੀਹਲਾਂ ਹੀ ਮਾਰਕਸਵਾਦ ਦੀ ਮੌਤ ਦਾ ਐਲਾਨ ਕਰ ਚੁੱਕੇ ਹਨ, ਪਰ ਅੱਜ ਵੀ ਦੁਨੀਆਂ ਭਰ ‘ਚ ਇਸ ‘ਮਰ’ ਚੁੱਕੇ ਫਲਸਫੇ ਖਿਲਾਫ ਹੀ ਸਭ ਤੋਂ ਵੱਧ ਕੂੜ ਪ੍ਰਚਾਰ ਦੀ ਉਹਨਾਂ ਨੂੰ ਜ਼ਰੂਰਤ ਪੈ ਰਹੀ ਹੈ। ਇਹ ਵੀ ਮਾਰਕਸਵਾਦ ਦੀ ਤਾਕਤ, ਇਹ ਵੀ ਮਾਰਕਸਵਾਦ ਦੇ ਜਿਉਂਦੇ ਹੋਣ ਦਾ ਸਬੂਤ ਹੈ। ਇਹ ਤੱਥ ਦਿਖਾਉਂਦਾ ਹੈ ਕਿ ਅੱਜ ਵੀ ਮਾਰਕਸਵਾਦ ਨੇ ਹੀ ਬੁਰਜੂਆਜ਼ੀ ਦੀ ਨੀਂਦ ਹਰਾਮ ਕੀਤੀ ਹੋਈ ਹੈ।

ਪੰਜਾਬੀ ਵਿੱਚ ਛਪਣ ਵਾਲੇ ਰੰਗ-ਬਿਰੰਗੇ ਸਾਹਿਤਕ ਮੈਗਜ਼ੀਨ ਵੀ ਮਾਰਕਸਵਾਦ ਵਿਰੋਧੀ ਭੰਡੀ-ਪ੍ਰਚਾਰ ਮੁਹਿੰਮ ਵਿੱਚ ਪਿੱਛੇ ਨਹੀਂ। ਕੁਝ ਅਜਿਹੇ ਹਨ ਜੋ ਖੁਦ ਨੂੰ ਮਾਰਕਸਵਾਦੀ ਅਤੇ ਪ੍ਰਗਤੀਸ਼ੀਲ ਐਲਾਨਦੇ ਹੋਏ ‘ ਮਾਰਕਸਵਾਦ’ ਨਵ-ਮਾਰਕਸਵਾਦ, ਸੋਧਵਾਦ, ਸੁਧਾਰਵਾਦ, ਉੱਤਰ ਆਧੁਨਿਕਤਾਵਾਦ ਦੀ ਖਿਚੜੀ ਪਕਾ ਰਹੇ ਹਨ ਅਤੇ ਸਾਹਿਤ ਦੇ ਖੇਤਰ ਵਿੱਚ ਲੋਕ ਪੱਖ ਅਤੇ ਲੋਕ ਦੁਸ਼ਮਣਾਂ ਵਿਚਕਾਰ ਨਿਖੇੜੇ ਦੀ ਲੀਕ ਨੂੰ ਧੁੰਦਲੀ ਕਰ ਰਹੇ ਹਨ।

ਦੁਨੀਆਂ ਭਰ ਵਿੱਚ ਮਜ਼ਦੂਰ ਲਹਿਰ ਨੂੰ ਦਰਪੇਸ਼ ਸੰਕਟਾਂ/ਸਮੱਸਿਆਵਾਂ, ਬੀਹੜ ਚੁਣੌਤੀਆਂ ਦੇ ਇਸ ਦੌਰ ਵਿੱਚ ਬਹੁਤ ਸਾਰੀਆਂ ਪਰਾਜਿਤ, ਥੱਕੀਆਂ ਨਿਰਾਸ਼ ‘ਮਾਰਕਸਵਾਦੀ’ ਆਤਮਾਵਾਂ ਨੇ ਸਾਹਿਤ ਸੰਸਕ੍ਰਿਤੀ ਦੇ ਖੇਤਰ ‘ਚ ਸ਼ਰਨ ਲੈ ਲਈ ਹੈ। ਸੰਸਕ੍ਰਿਤੀ ਦਾ ਖੇਤਰ ਇਹਨਾਂ ਲਈ ਵਿਚਾਰਧਾਰਕ ਵਰਗ ਸੰਘਰਸ਼ ਦਾ ਖੇਤਰ ਨਹੀਂ ਸਗੋਂ ਸੁਵਿਧਾ-ਆਰਾਮ ਦਾ ਖੇਤਰ ਹੈ। ਕੁੱਝ ਇਹਨਾਂ ਤੋਂ ਵਧੇਰੇ ‘ ਇਮਾਨਦਾਰ’ ਹਨ ਜੋ ਐਲਾਨੀਆਂ ਮਾਰਕਸਵਾਦ ਵਿਰੋਧੀ ਪੈਂਤੜੇ ‘ਤੇ ਹਨ।

ਇਸੇ ਪੈਂਤੜੇ ਤੋਂ ਲਿਖਿਆ ਗਿਆ ਸਤੀ ਕੁਮਾਰ ਦਾ ਲੇਖ ‘ਹੁਣ’ ਮੈਗਜ਼ੀਨ ਦੇ ਮਈ-ਅਗਸਤ 2006 ਅੰਕ ਵਿੱਚ ਛਪਿਆ ਹੈ। ਇਸ ਲੇਖ ਦਾ ਸਿਰਲੇਖ ਹੈ ” ਕਾਰਲ ਮਾਰਕਸ ਅਤੇ ਭਸਮਾਸੁਰ”। ਲੇਖ ਬੇਹੱਦ ਸਤੱਹੀ ਅਤੇ ਕੱਚਘਰੜ ਹੈ। ਲੇਖਕ ਦੇ ਉਜੱਡਪੁਣੇ ਦੀ ਗਵਾਹੀ ਭਰਦਾ ਹੈ। ਲੇਖ ਵਿੱਚ ਕੁੱਝ ਬਹੁਤ ਹੀ ਹਲਕੀਆਂ ਅਤੇ ਘਟੀਆ ਟਿੱਪਣੀਆਂ ਵੀ ਹਨ। ਕਿਉਂਕਿ ਸਤੀ ਕੁਮਾਰ ਜਿਹਿਆਂ ਦੇ ਇਹ ਗੰਧਲੇ ਵਿਚਾਰ ਵੀ ਸਮਾਜ ਦੇ ਚੇਤੰਨ ਹਿੱਸਿਆਂ ਦੇ ਅੱਛੇ ਖਾਸੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਇਸ ਲਈ ਸਤੀ ਕੁਮਾਰ ਵੱਲੋਂ ਇਸ ਲੇਖ ਵਿੱਚ ਉਠਾਏ ਗਏ ਕੁੱਝ ਮੁੱਦਿਆਂ ਬਾਰੇ ਆਪਣੀ ਰਾਇ ਰੱਖਣਾ ਅਸੀਂ ਜ਼ਰੂਰੀ ਸਮਝਦੇ ਹਾਂ।

ਸਤੀ ਕੁਮਾਰ ਵੱਲੋਂ ਉਠਾਇਆ ਗਿਆ ਇੱਕ ਸਵਾਲ ਮਾਰਕਸਵਾਦ ਵੱਲੋਂ ਲੁਟੇਰੀ ਸਰਮਾਏਦਾਰ ਜਮਾਤ ਦੀ ਰਾਜਸੀ ਸੱਤਾ ਨੂੰ ਉਲਟਾਉਣ ਲਈ, ਮਜ਼ਦੂਰ ਜਮਾਤ ਵੱਲੋਂ ਅਪਣਾਏ ਜਾਣ ਵਾਲ਼ੇ ਹਿੰਸਕ ਤੌਰ ਤਰੀਕਿਆਂ ਦੀ ਵਕਾਲਤ ਨਾਲ ਸਬੰਧਤ ਹੈ। ਬੁਰਜੁਆਜ਼ੀ ਅਤੇ ਉਸ ਦੇ ਬੌਧਿਕ ਚਾਕਰ ਹਮੇਸ਼ਾਂ ਹੀ ਮਾਰਕਸਵਾਦ ਵੱਲੋਂ ਹਿੰਸਾ ਦੀ ਵਕਾਲਤ ਨੂੰ ਮਾਰਕਸਵਾਦ ਨੂੰ ਬਦਨਾਮ ਕਰਨ ਲਈ ਇਸਤੇਮਾਲ ਕਰਦੇ ਹਨ।

ਬਿਨਾਂ ਸ਼ੱਕ ਮਾਰਕਸਵਾਦ ਦਾ ਇਹ ਦ੍ਰਿੜ ਮੱਤ ਹੈ ਕਿ ਸਮਾਜਵਾਦ ਦੀ ਸਥਾਪਨਾ ਲਈ ਬੁਰਜ਼ੁਆ ਰਾਜ ਮਸ਼ੀਨਰੀ ਨੂੰ ਚਕਨਾਚੂਰ ਕਰਨਾ ਜ਼ਰੂਰੀ ਹੈ। ਹਿੰਸਕ ਸਾਧਨਾਂ ਦੇ ਇਸਤੇਮਾਲ ਤੋਂ ਬਿਨਾਂ ਮਜ਼ਦੂਰ ਜਮਾਤ ਆਪਣੇ ਇਸ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਦੀ। ਮਾਰਕਸਵਾਦੀਆਂ ਦਾ ਇਹ ਮੱਤ ਲੰਬੇ ਇਤਿਹਾਸ ਤਜ਼ਰਬੇ ‘ਤੇ ਅਧਾਰਿਤ ਹੈ। ਬੁਰਜੁਆ ਰਾਜ ਸੱਤਾਵਾਂ ਰਾਹੀਂ ਛੋਟੇ ਮੋਟੇ ਸੁਧਾਰਾਂ ਤੱਕ ਲਈ ਉੱਠਣ ਵਾਲ਼ੇ ਮਜ਼ਦੂਰ ਅੰਦੋਲਨਾਂ ਨੂੰ ਲਹੂ ਦੀਆਂ ਨਦੀਆਂ ਵਿੱਚ ਡੁਬੋਇਆ ਜਾਂਦਾ ਰਿਹਾ ਹੈ। ਸੰਸਾਰ ਮਜ਼ਦੂਰ ਲਹਿਰ ਦਾ ਪਿਛਲੇ ਲਗਭਗ ਦੋ ਸੌ ਸਾਲਾਂ ਦਾ ਇਤਿਹਾਸ ਇਸ ਤਰਾਂ ਦੀਆਂ ਉਦਾਹਰਣਾ ਨਾਲ ਭਰਿਆ ਪਿਆ ਹੈ। ਜਿਨ੍ਹਾਂ ਵੀ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਦੇ ਹਿਰਾਵਲਾਂ ਨੇ ਬੁਰਜੂਆ ਸੰਸਦੀ ਭਰਮ-ਭੁਲੇਖਿਆਂ ਦਾ ਸ਼ਿਕਾਰ ਹੋਕੇ, ਬੁਰਜ਼ੁਆ ਸੰਸਦ ਵਿੱਚ ਬਹੁਮਤ ਹਾਸਲ ਕਰਕੇ ਪੂੰਜੀਵਾਦ ਨੂੰ ਸਮਾਜਵਾਦ ਵਿੱਚ ਬਦਲ ਦੇਣ ਦਾ ਭਰਮ ਪਾਲ਼ਿਆ, ਉੱਥੇ ਜਾਂ ਤਾਂ ਇਸ ਤਰਾਂ ਦੀਆਂ ਕੋਸ਼ਿਸ਼ਾਂ ਨੂੰ ਬੁਰਜੁਆ ਰਾਜ ਮਸ਼ੀਨਰੀ ਦੁਆਰਾ ਬੁਰੀ ਤਰਾਂ ਕੁਚਲ ਦਿੱਤਾ ਗਿਆ ਅਤੇ ਜਾਂ ਫਿਰ ਕਮਿਉਨਿਸਟ ਪਾਰਟੀਆਂ ਤੇ ਪਾਬੰਦੀਆਂ ਲਗਾਕੇ ਜਾਂ ਹੋਰ ਅੜਿੱਕੇ ਡਾਹ ਕੇ ਬੁਰਜੁਆ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਂਦਾ ਰਿਹਾ ਹੈ। ਇੰਡੋਨੇਸ਼ੀਆ ਅਤੇ ਚਿੱਲੀ ‘ਚ ਪਹਿਲੀ ਤਰਾਂ ਦੀ ਉਦਾਹਰਣ ਮਿਲਦੀ ਹੈ ਅਤੇ 50ਵਿਆਂ ਦੇ ਫਰਾਂਸ ਵਿੱਚ ਦੂਸਰੀ ਤਰਾਂ ਦੀ ਉਦਾਹਰਣ ਵੇਖੀ ਜਾ ਸਕਦੀ ਹੈ।

ਮਾਰਕਸਵਾਦੀ ਹਿੰਸਾ ਦੇ ਉਪਾਸ਼ਕ ਨਹੀਂ ਹੁੰਦੇ। ਉਹਨਾਂ ਲਈ ਹਿੰਸਾ ਆਖਰੀ ਹੀਲਾ ਹੈ। ਲੈਨਿਨ ਨੇ ਕਿਹਾ ਸੀ ਕਿ ਮਜ਼ਦੂਰ ਜ਼ਮਾਤ ਨਿਰਸੰਦੇਹ ਸ਼ਾਂਤੀਪੂਰਨ ਤਰੀਕੇ ਨਾਲ ਰਾਜਸੱਤਾ ਉੱਪਰ ਕਾਬਜ਼ ਹੋਣਾ ਚਾਹੇਗੀ ਪਰ ਬੁਰਜੁਆਜੀ ਇਸ ਦੀ ਇਜ਼ਾਜ਼ਤ ਹਰਗਿਜ਼ ਨਹੀਂ ਦੇਵੇਗੀ। ਇਹ ਬੁਰਜੁਆਜੀ ਹੈ ਜਿਸ ਨੂੰ ਹਿੰਸਾ ਦੀ ਲੋੜ ਹੈ। ਕਰੋੜਾਂ ਮਜ਼ਦੂਰਾਂ ਦੀ ਖੂਨ-ਪਸੀਨੇ ਦੀ ਕਮਾਈ ‘ਤੇ ਉੱਸਰੇ ਆਪਣੀ ਅੱਯਾਸ਼ੀ ਨੇ ਮੀਨਾਰਾਂ ਦੀ ਰਾਖੀ ਲਈ ਉਸ ਨੂੰ ਹਿੰਸਾ ਦੀ ਲੋੜ ਹੈ।

ਸਤੀ ਕੁਮਾਰ ਜੇਹੇ, ਮਾਰਕਸਵਾਦੀਆਂ ਦੁਆਰਾ ਲੁਟੇਰੀਆਂ ਜਮਾਤਾਂ ਖਿਲਾਫ ਇਨਕਲਾਬਾਂ ਵਿੱਚ ਵਰਤੇ ਹਿੰਸਕ ਤੌਰ ਤਰੀਕਿਆਂ ਤੇ ਤਾਂ ਖੂਬ ਛਾਤੀ ਪਿਟਦੇ ਹਨ, ਪਰ ਉਹ 1830 ਦੇ ਲਿਓਨ (ਫਰਾਂਸ)* 1848 ਅਤੇ 1871 ਦੇ ਪੈਰਿਸ ਨੂੰ ‘ਭੁੱਲ’ ਜਾਂਦੇ ਹਨ। ਉਹ ਹਿਟਲਰ, ਮੁਸੋਲਿਨੀ ਅਤੇ ਉਹਨਾਂ ਦੀਆਂ ਔਲਾਦਾਂ ਇੰਡੋਨੇਸ਼ੀਆ ਦੇ ਸੁਹਾਰਤੋ ਅਤੇ ਚਿੱਲੇ ਦੇ ਪਿਨੌਸ਼ੇ ਦੀ ਚਰਚਾ ਤੱਕ ਨਹੀਂ ਕਰਦੇ ਜਿੰਨਾਂ ਨੇ ਲੱਖਾਂ ਕਮਿਊਨਿਸਟਾਂ, ਟਰੇਡ ਯੁਨੀਆਨਿਸਟਾਂ ਦੇ ਖੂਨ ਨਾਲ਼ ਹੱਥ ਰੰਗੇ ਹਨ। ਇਸੇ ਤਰਾਂ ਦੀਆਂ ਉਦਾਹਰਣਾਂ ਦੀ ਲਿਸਟ ਬਹੁਤ ਲੰਬੀ ਹੈ।

ਸਤੀ ਕੁਮਾਰ ਨੇ ਧਨਾਡਾਂ, ਕੰਮਚੋਰ, ਵਿਹਲੜਾਂ ਵਿਰੁੱਧ ਹਿੰਸਾ ਦੇ ਇਸਤੇਮਾਲ ਸਬੰਧੀ ਲੈਨਿਨ ਦਾ ਵੀ ਇੱਕ ਹਵਾਲਾ ਦਿੱਤਾ ਹੈ। ਸਤੀ ਕੁਮਾਰ ਅਨੁਸਾਰ ਲੈਨਿਨ ਦਾ ਇਹ ਲੇਖ (ਜਿਸ ਚੋਂ ਸਤੀ ਕੁਮਾਰ ਨੇ ਇਹ ਹਵਾਲਾ ਦਿੱਤਾ ਹੈ) ਪਰਾਵਦਾ ਵਿੱਚ 1928 ‘ਚ ਛਪਿਆ ਸੀ। ਪਰ ਲੈਨਿਨ ਦੀ ਤਾਂ ਮੌਤ 1924 ਵਿੱਚ ਹੋ ਗਈ ਸੀ। ਸਤੀ ਕੁਮਾਰ ਨੇ ਇਹ ਸਪੱਸ਼ਟ ਕੀਤਾ ਕਿ ਲੈਨਿਨ ਦੀ ਮੌਤ ਤੋਂ ਚਾਰ ਸਾਲ ਬਾਅਦ ਇਹ ਲੇਖ ਕਿਸ ਪ੍ਰਸੰਗ ‘ਚ ਕਿਸ ਲੋੜ ‘ਚੋਂ ਛਾਪਿਆ ਗਿਆ ਸੀ। ਸਤੀ ਕੁਮਾਰ ਨੇ ਇਹ ਹਵਾਲਾ ਲੈਨਿਨ ਦੀਆਂ ਸਮੁੱਚੀਆਂ ਲਿਖਤਾਂ ਦੀ 16ਵੀਂ ਸੈਂਚੀ ਵਿੱਚੋਂ ਲਏ ਹੋਣ ਦਾ ਦਾਅਵਾ ਕੀਤਾ ਹੈ। ਲੈਨਿਨ ਦੀ 16ਵੀਂ ਸੈਂਚੀ ਦੀ 1942 ਵਾਲੀ ਛਾਪ ਸਾਡੇ ਕੋਲ ਇਹ ਪੁਸਤਕ ਉੁਪਲਭਦ ਨਾ ਹੋਣ ਕਾਰਨ ਅਸੀਂ ਅਤੇ ਸਤੀ ਕੁਮਾਰ ਵੱਲੋਂ ਦਿੱਤੇ ਹਵਾਲੇ ਦੀ ਪੜਤਾਲ ਨਹੀਂ ਕਰ ਸਕੇ। ਕਿਉਂਕਿ ਅਫਵਾਹਾਂ ਫੈਲਾਉਣਾ ਅਤੇ ਝੂਠੇ ਤੱਥ/ਹਵਾਲੇ ਦੇਣਾ ਸਤੀ ਕੁਮਾਰ ਜੇਹਿਆਂ ਦੀ ਚਰਿੱਤਰਕ ਵਿਸ਼ੇਸ਼ਤਾ ਹੈ। ਇਸ ਲਈ ਲੈਨਿਨ ਦੇ ਇਸ ਹਵਾਲੇ ਬਾਰੇ ਕੁੱਝ ਵੀ ਕਹਿਣ ਤੋਂ ਪਹਿਲਾਂ ਅਸੀਂ ਲੈਨਿਨ ਦਾ ਇਹ ਲੇਖ ਪੜ੍ਹ ਲੈਣਾ ਚਾਹੁੰਦੇ ਹਾਂ। ਸਤੀ ਕੁਮਾਰ ਜਿਹੇ ਕਿਵੇਂ ਝੂਠੇ ਤੱਥ/ਹਵਾਲੇ ਪੇਸ਼ ਕਰਦੇ ਹਨ, ਇਹ ਉਸ ਵੱਲੋਂ ਦਿੱਤੇ ਗਏ ਕਾਰਲ ਮਾਰਕਸ ਦੇ ਇੱਕ ਖਤ ਦੇ ਹਵਾਲੇ ਤੋਂ ਦੇਖਿਆ ਜਾ ਸਕਦਾ ਹੈ। ਸਤੀ ਕੁਮਾਰ ਲਿਖਦਾ ਹੈ ”ਮਾਰਕਸਵਾਦ ਦੀ ਸਭ ਤੋਂ ਵੱਡੀ ਸਮੱਸਿਆ ਇਸ ਨਾਲ ਜੁੜਿਆ ਰੂੜ੍ਹੀਵਾਦ ਹੈ। ਮਾਰਕਸਵਾਦ ਨੂੰ ਅੰਤਿਮ ਸੱਚ ਮੰਨ ਕੇ ਕਬੂਲਿਆ ਜਾਂਦਾ ਰਿਹਾ ਹੈ। ਇਹ ਨਾ ਸਵਾਲ ਨੂੰ ਝਲਦਾ ਹੈ ਅਤੇ ਨਾ ਹੀ ਸਵਾਲੀਆਂ ਨੂੰ। ਇਸ ਸਿਧਾਂਤ ਦੇ ਮੂਲ ਨਜ਼ਰੀਏ ਵਰਗ-ਸੰਘਰਸ਼ ਤੇ ਪ੍ਰਸ਼ਨ ਚਿੰਨ੍ਹ ਲਾਉਣ ‘ਤੇ ਮਨਾਹੀ ਸੀ। (ਪੜ੍ਹੋ ਕਾਰਲ ਮਾਰਕਸ ਦਾ ਕੁਗੱਲਮੈਨ ਨੂੰ ਲਿਖਿਆ ਪ੍ਰਸਿੱਧ ਖਤ 11.7.1868)” ਪਾਠਕਾਂ ਨੂੰ ਬੇਨਤੀ ਹੈ ਕਿ ਉਪਰੋਕਤ ਖਤ ਜ਼ਰੂਰ ਪੜ੍ਹਨ, ਤਾਂ ਕਿ ਉਹ ਜਾਣ ਸਕਣ ਕਿ ਸਤੀ ਕੁਮਾਰ ਜੇਹੇ ਝੂਠ ਬੋਲਣ ਅਤੇ ਅਫਵਾਹਾਂ ਫੈਲਾਉਣ ਲਈ ਕਿਸ ਹੱਦ ਤੱਕ ਜਾਂਦੇ ਹਨ। ਕਾਰਲ ਮਾਰਕਸ ਦੇ ਉਪਰੋਕਤ ਖਤ ਵਿੱਚ ਅਜਿਹੀ ਕਿਸੇ ਮਨਾਹੀ ਦਾ ਕਿਧਰੇ ਜ਼ਿਕਰ ਨਹੀਂ ਆਉਂਦਾ। ਵਰਗ ਸੰਘਰਸ਼ ਇਸ ਖਤ ਦਾ ਵਿਸ਼ਾ ਹੀ ਨਹੀਂ ਹੈ ਤੇ ਨਾ ਹੀ ਇਸ ਬਾਰੇ ਕੋਈ ਚਰਚਾ ਹੈ, ਇਹ ਖਤ ਮਾਰਕਸ ਦੇ ਕਦਰ ਦੇ ਸਿਧਾਂਤ ਸਬੰਧੀ ਲਿਖਿਆ ਗਿਆ ਹੈ।

ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਮਾਰਕਸਵਾਦ ਦਾ ਜਨਮ ਅਤੇ ਵਿਕਾਸ ਹੀ ਬੁਰਜ਼ੁਆ, ਨਿੱਕ ਬੁਰਜੁਆ ਵਿਚਾਰਾਂ ਦੀ ਅਲੋਚਨਾ ਅਤੇ ਉਨ੍ਹਾਂ ਨਾਲ਼ ਟੱਕਰ ਚੋਂ ਹੋਇਆ ਹੈ। ਮਾਰਕਸਵਾਦ ਆਪਣੇ ਸੁਭਾਅ ਪੱਖੋਂ ਅਲੋਚਨਾਤਮਕ ਅਤੇ ਇਨਕਲਾਬੀ ਹੈ।, ”ਹਰ ਸ਼ੈ ‘ਤੇ ਸ਼ੱਕ ਕਰੋ” ਅਤੇ ”ਵਜੂਦ ਵਿੱਚ ਆਈ ਹਰ ਸ਼ੈ ਦੀ ਬੇਕਿਰਕ ਅਲੋਚਨਾ” ਆਦਿ ਕਾਰਲ ਮਾਰਕਸ ਦੇ ਪਸੰਦੀਦਾ ਮਾਟੋ ਸਨ। ਮਾਰਕਸਵਾਦ ਇਹਨਾਂ ਧਾਰਨਾਵਾਂ ਨੂੰ ਖੁਦ ‘ਤੇ ਵੀ ਲਾਗੂ ਕਰਦਾ ਹੈ। ਮਾਰਕਸਵਾਦ ਇੱਕ ਗਤੀਸ਼ੀਲ ਵਿਗਿਆਨ ਹੈ ਕੋਈ ਜੜ੍ਹ-ਸੂਤਰ ਨਹੀਂ। ਮਾਰਕਸ ਤੋਂ ਬਾਅਦ ਲੈਨਿਨ ਅਤੇ ਫਿਰ ਮਾਓ-ਜੇ-ਤੁੰਗ ਨੇ ਮਾਰਕਸਵਾਦੀ ਫਲਸਫੇ ਨੂੰ ਨਵੀਆਂ ਉਚਾਈਆਂ ਤੱਕ ਵਿਕਸਿਤ ਕੀਤਾ ਹੈ। ਦੁਨੀਆਂ ਦੀਆਂ ਅਨੇਕਾਂ ਕਮਿਉਨਿਸਟ ਇਨਕਲਾਬੀ ਪਾਰਟੀਆਂ ਅਤੇ ਗਰੁੱਪ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਨੂੰ ਅੱਜ ਦੇ ਯੁੱਗ ਦਾ ਮਾਰਕਸਵਾਦ ਮੰਨਦੇ ਹਨ। ਵਿਚਾਰਧਾਰਾ ਦੇ ਵਿਕਾਸ ਵਿੱਚ ਨਿਖੇਧ ਦਾ ਤੱਤ ਵੀ ਸ਼ਾਮਲ ਹੁੰਦਾ ਹੈ। ਸਵੈ ਸਿੱਧ ਹੈ ਕਿ ਜੇਕਰ ਮਾਰਕਸਵਾਦ ਦਾ ਅੱਗੇ ਵਿਕਾਸ ਹੋਇਆ ਹੈ ਤਾਂ ਇਸ ਦੀਆਂ ਕੁੱਝ ਧਾਰਨਾਵਾਂ ਜੋ ਬਦਲੇ ਹਾਲਾਤ ‘ਤੇ ਲਾਗੂ ਨਹੀਂ ਹੁੰਦੀਆਂ, ਦਾ ਨਿਖੇਧ ਵੀ ਹੋਇਆ ਹੈ। ਮਾਰਕਸਵਾਦ ਕੱਟੜਵਾਦ ਦਾ ਵੀ ਓਨਾ ਹੀ ਵੈਰੀ ਹੈ ਜਿੰਨਾ ਕਿ ਸੋਧਵਾਦ ਦਾ। ਮਾਰਕਸਵਾਦੀਆਂ ਲਈ ਕੁੱਝ ਵੀ ਅੰਤਿਮ ਸੱਚ ਨਹੀਂ ਹੈ, ਇਹ ਸਤੀ ਕੁਮਾਰ ਜਿਹਿਆਂ ਦੀ ਦਿਮਾਗੀ ਘਾੜਤ ਹੈ। ਮਾਰਕਸਵਾਦੀ ਅਲੋਚਨਾ ਤੋਂ ਨਹੀਂ ਘਬਰਾਉਂਦੇ ਸਗੋਂ ਅਲੋਚਨਾਵਾਂ ਨੂੰ ਆਮੰਤ੍ਰਿਤ ਕਰਦੇ ਹਨ। ਚੀਨੀ ਕਮਿਉਨਿਸਟ ਪਾਰਟੀ ਵੱਲੋਂ ਦਿੱਤਾ ਗਿਆ ਨਾਹਰਾ ” ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ” ਸ਼ਾਇਦ ਸਤੀ ਕੁਮਾਰ ਜੇਹੇ ਕਲਮ ਘਸੀਟਾਂ ਦੀਆਂ ਯਾਦਾਂ ਚੋਂ ਵਿਸਰ ਗਿਆ ਹੈ। ਮਾਓ ਵਾਰ-ਵਾਰ ਕਿਹਾ ਕਰਦੇ ਸਨ ਕਿ ਸਾਨੂੰ (ਕਮਿਉਨਿਸਟਾਂ ਨੂੰ) ਲੋਕਾਂ ਦੀਆਂ ਅਲੋਚਨਾਵਾਂ ਤੋਂ ਨਹੀਂ ਘਬਰਾਉਣਾਂ ਚਾਹੀਦਾ, ਸਗੋਂ ਲੋਕਾਂ ਸੱਦਾ ਨੂੰ ਦੇਣਾ ਚਾਹੀਂਦਾ ਹੈ ਕਿ ਪਾਰਟੀ ਦੇ ਕੰਮ-ਕਾਜ਼ ਅਤੇ ਪਾਰਟੀ ਲੀਡਰਾਂ ਦੀ ਜੀਵਨ ਸ਼ੈਲੀ, ਕਾਰਜ ਦੀ ਸ਼ੈਲੀ ਦੀ ਅਲੋਚਨਾ ਕਰਨ। ਪਾਰਟੀ ਨੌਕਰਸ਼ਾਹੀ ਖਿਲਾਫ ਲੌਕਾਂ ਦੇ ਅੰਦੋਲਨ ਜਥੇਬੰਦ ਕੀਤੇ ਜਾਣੇ ਚਾਹੀਦੇ ਹਨ। ਪ੍ਰੋਲੇਤਾਰੀ ਸੱਭਿਆਚਾਰ ਇਨਕਲਾਬ ਦੌਰਾਨ ਪਾਰਟੀ ਨੌਕਰਸ਼ਾਹੀ ਅਤੇ ਉਨ੍ਹਾਂ ਖਿਲਾਫ ਜੋ ਪਾਰਟੀ ਦੀਆਂ ਚੋਟੀ ਦੀਆਂ ਪੁਜ਼ੀਸ਼ਨਾਂ ‘ਤੇ ਬੈਠੇ ਪੂੰਜੀਵਾਦੀ ਰਾਹ ਅਪਣਾ ਰਹੇ ਸਨ, ਛੋਟੇ-ਛੋਟੇ ਅੰਦੋਲਨ ਇੱਕ ਵੱਡੀ ਲੋਕ ਲਹਿਰ ਬਣ ਗਏ। ਮਨੱਖਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਹੁਕਮਰਾਨ (ਪਾਰਟੀ) ਨੇ ਆਪਣੀ ਪਾਰਟੀ ਦੀ ਸੱਤਾ ਵਿਰੁੱਧ ਹੀ ਲੋਕਾਂ ਨੂੰ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ। ਇਹੋ ਜੇਹੀ ਜ਼ਮਹੂਰੀਅਤ ਮਨੁੱਖਤਾ ਨੇ ਆਪਣੇ ਸੰਪੂਰਨ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਮਾਣੀ ਸੀ।

ਅੱਗੇ ਸਤੀ ਕੁਮਾਰ ਲਿਖਦਾ ਹੈ, ” ਮਾਰਕਸਵਾਦ ਮਨੁੱਖੀ ਅਜ਼ਾਦੀ ਦਾ ਰਾਹ ਦਰਸਾਉਂਦਾ ਹੈ, ਪਰ ਇਸ ਦੇ ਲੌਜੀਕਲ ਢਾਂਚੇ ‘ਚ ਕਿਤੇ ਅਜੇਹਾ ਵਿਰੋਧਾਭਾਸ ਹੈ ਜੋ ਕਿ ਇਸ ਦੇ ਆਪਣੇ ਮਕਸਦ ਤੋਂ ਉਲਟ ਜਾਂਦਾ ਹੈ।” ਅੱਗੇ ਉਹ ਇਸ ਨੂੰ ਉਦਾਹਰਨਾਂ ਰਾਹੀਂ ਦਿਖਾਉਣ ਦਾ ਯਤਨ ਕਰਦਾ ਹੈ। ” ਇਸ ਉਦਾਹਰਨ ਨੂੰ ਮਾਓ-ਜੇ-ਤੁੰਗ ਤੇ ਲਾਕੇ ਵੇਖੋ। ਮਾਓ ਦਾ ਵਿਸ਼ਵ ਵਿਖਿਆਤ ਕਥਨ ਹੈ ” ਬਗਾਵਤ ਕਰਨਾ ਮਨੁੱਖ ਦਾ ਹੱਕ ਹੈ।” ਜੇ ਬਗਾਵਤ ਕਰਨ ਦਾ ਹੱਕ ਹੈ ਤਾਂ ਇਹ ਹੁਕਮ ਨੂੰ ਲਾਗੂ ਕਰਨ ਵਾਲੇ (ਮਾਓ) ਦੇ ਖਿਲਾਫ ਵੀ ਬਗਾਵਤ ਕਰਨ ਦਾ ਹੱਕ ਹੋ ਜਾਂਦਾ ਹੈ। ਜਾਂ ਨਹੀਂ?

ਸਮੱਸਿਆ ਇੱਥੋਂ ਤੱਕ ਹੀ ਸ਼ੁਰੂ ਹੁੰਦੀ ਹੈ ਜੇ ਮਾਓ ਦੇ ਖਿਲਾਫ ਬਗਾਵਤ ਦਾ ਹੱਕ ਨਹੀਂ, ਜੇ ਉਸ ਵਿਰੁੱਧ ਇਸ ਹੱਕ ਨੂੰ ਨਹੀਂ ਵਰਤਿਆ ਜਾ ਸਕਦਾ, ਤਾਂ ਇਸ ਦਾ ਮਤਲਬ ਇੱਕੋ ਹੋ ਸਕਦਾ ਹੈ: ਬਗਾਵਤ ਦੇ ਹੱਕ ਵਾਲਾ ਕਥਨ ਝੂਠਾ ਹੈ।

ਉਪਰੋਕਤ ਉਦਾਹਰਨ ਮਾਰਕਸ ‘ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਮਾਰਕਸ ਅਨੁਸਾਰ ਉਹਨਾਂ ਹਾਲਤਾਂ ਨੂੰ ਮਿਟਾਉਣਾ ਜ਼ਰੂਰੀ ਹੈ, ਜਿੰਨ੍ਹਾਂ ਵਿੱਚ ਮਨੁੱਖ ਦਾ ਸ਼ੋਸ਼ਣ ਅਤੇ ਦਮਨ ਹੁੰਦਾ ਹੇਵੇ। ਇਸ ਦੇ ਅਰਥ ਇਹ ਹੋਏ ਕਿ ਜੇਕਰ ਮਾਰਕਸਵਾਦ ਆਪ ਮਨੁੱਖੀ ਸ਼ੋਸ਼ਣ ਅਤੇ ਦਮਨ ਦਾ ਕਾਰਨ ਬਣਦਾ ਹੈ ਤਾਂ ਮਾਰਕਸਵਾਦ ਨੂੰ ਵੀ ਮਿਟਾਉਣਾ ਜ਼ਰੂਰੀ ਹੈ।”

ਮਾਓ ਨੇ ਕਿਹਾ ਸੀ ਕਿ ਲੁੱਟ ਜ਼ਬਰ ਖਿਲਾਫ ਬਗਾਵਤ ਕਰਨਾ ਹੱਕੀ ਹੈ। ਮਜ਼ਦੂਰ ਜ਼ਮਾਤ ਪੂੰਜੀਵਾਦੀ ਲੁੱਟ ਜ਼ਬਰ ਵਿਰੁੱਧ ਬਗਾਵਤ ਕਰਦੀ ਹੈ, ਤਾਂ ਬੁਰਜ਼ੂਆਜ਼ੀ ਆਪਣੇ ਲੁੱਟ ਅਧਾਰਤ ਸਵਰਗ ਨੂੰ ਬਚਾਉਣ ਲਈ ਇਸ ਬਗਾਵਤ ਨੂੰ ਹਰ ਵਹਿਸ਼ੀ ਢੰਗ ਨਾਲ ਕੁਚਲਣ ਦਾ ਯਤਨ ਕਰਦੀ ਹੈ। ਇਸ ਤਰਾਂ ਜਦੋਂ ਮਜ਼ਦੂਰ ਜ਼ਮਾਤ ਸੱਤਾ ‘ਤੇ ਕਾਬਜ਼ ਹੁੰਦੀ ਹੈ ਤਾਂ ਬੁਰਜ਼ੂਆਜ਼ੀ ਅਤੇ ਹੋਰ ਲੁਟੇਰੀਆਂ ਜਮਾਤਾਂ ਮਜ਼ਦੂਰ ਜਮਾਤ ਦੀ ਸੱਤਾ ਨੂੰ ਉਲਟਾਉਣ ਅਤੇ ਆਪਣੇ ਖੁੱਸੇ ਹੋਏ ਸਵਰਗ ਨੂੰ ਮੁੜ ਬਹਾਲ ਕਰਾਉਣ ਲਈ ਮਜ਼ਦੂਰ ਜਮਾਤ ਦੀ ਸੱਤਾ ਵਿਰੁੱਧ ਬਗਾਬਤਾਂ ਜਥੇਬੰਦ ਕਰਦੀਆਂ ਹਨ ਅਤੇ ਮਜ਼ਦੂਰ ਜਮਾਤ ਦਾ ਇਹਨਾਂ ਬਗਾਵਤਾਂ ਨੂੰ ਬੇਰਹਿਮੀ ਨਾਲ਼ ਕੁਚਲਣਾ ਬਿਲਕੁਲ ਹੱਕੀ ਹੈ। 1917 ਤੋਂ 1956 ਤੱਕ ਦਾ ਰੂਸ ਅਤੇ ਸਮੁੱਚੇ ਸੋਵੀਅਤ ਯੂਨੀਅਨ ਦਾ ਇਤਿਹਾਸ ਅਤੇ 1949 -1976 ਤੱਕ ਚੀਨ ਦਾ ਇਤਿਹਾਸ ਬੁਰਜ਼ੂਆਜ਼ੀ ਦੁਆਰਾ ਮਜ਼ਦੂਰ ਜ਼ਮਾਤ ਦੀ ਸੱਤਾ ਵਿਰੁੱਧ ਬਗਾਵਤਾਂ ਨਾਲ਼ ਭਰਿਆ ਪਿਆ ਹੈ। ਸਤੀ ਕੁਮਾਰ ਨੂੰ ਚਾਹੀਦਾ ਹੈ ਕਿ ਐਵੇਂ ਅੱਲਵਲੱਲੀਆਂ ਮਾਰਨ ਦੀ ਬਜਾਏ ਇਸ ਇਤਿਹਾਸ ‘ਤੇ ਨਜ਼ਰ ਮਾਰੇ ਅਤੇ ਪ੍ਰਸੰਗ ਨਾਲ਼ੋਂ ਤੋੜ ਕੇ ਐਵੇਂ ਹੀ ਕੁੱਝ ਫਿਕਰੇ ਮਾਰਕਸ ਅਤੇ ਮਾਓ ਦੇ ਮੂੰਹ ‘ਚ ਨਾ ਪਾਵੇ।

ਮਾਰਕਸ ਅਨੁਸਾਰ ਉਹਨਾਂ ਹਾਲਤਾਂ ਨੂੰ ਮਿਟਾਉਣਾ ਭਾਵ ਸਮਾਜ ਦੀ ਜਮਾਤੀ ਵੰਡ ਨੂੰ ਮਿਟਾਉਣਾ ਜ਼ਰੂਰੀ ਹੈ ਤਾਂ ਕਿ ਮਨੁੱਖ ਦੇ ਸ਼ੋਸ਼ਣ ਅਤੇ ਦਮਨ ਦਾ ਅੰਤ ਹੋ ਸਕੇ ਅਤੇ ਜਦੋਂ ਸਮਾਜ ਦੀ ਜਮਾਤੀ ਵੰਡ ਖਤਮ ਹੋ ਗਈ ਤਾਂ ਮਾਰਕਸਵਾਦ ਨੂੰ ਮਿਟਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਵੇਗੀ। ਇਹ ਖੁਦ ਹੀ ਮਿਟ ਜਾਵੇਗਾ।

ਇੱਥੇ ਸਵੀਡਨ ਦੇ ਬਿਨਾ ਕ੍ਰਾਂਤੀ ਤੋਂ ਸੋਸ਼ਲਿਜ਼ਮ ਬਾਰੇ ਕੁੱਝ ਚਰਚਾ ਵੀ ਜ਼ਰੂਰੀ ਹੈ। ਸਤੀ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਸਵੀਡਨ ਨੇ ਲੋਕਾਂ ਦੀ ਅਜ਼ਾਦੀ ਖੋਹੇ ਬਿਨਾਂ ਕਲਾਸਲੈਸ ਸੋਸਾਇਟੀ ਉਸਾਰ ਲਈ ਹੈ। ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਉਸ ਨੇ ਕੋਈ ਤੱਥ ਪੇਸ਼ ਕਿ ਨਹੀਂ ਕੀਤੇ ਸਵੀਡਨ ਇੱਕ ਵਰਗਹੀਣ (ਕਲਾਸਲੈੱਸ) ਸਮਾਜ ਕਿਵੇਂ ਹੈ? ਕੀ ਸਵੀਡਨ ‘ਚ ਮਾਲਕ ਅਤੇ ਮਜ਼ਦੂਰ ਨਹੀਂ ਹਨ? ਕੀ ਸਵੀਡਨ ‘ਚ ਰਾਜ ਸੱਤਾ ਦੀ ਮੌਜੂਦਗੀ ਨਹੀਂ ਹੈ? ਲਗਦਾ ਹੈ ਸਤੀ ਕੁਮਾਰ ਨੂੰ ਵਰਗ ਦੀ ਪ੍ਰੀਭਾਸ਼ਾ ਦੀ ਵੀ ਵਾਕਫ਼ੀ ਨਹੀਂ ਹੈ।

ਅਸਲ ‘ਚ ਦੂਜੀ ਸੰਸਾਰ ਜੰਗ ਤੋਂ ਬਾਅਦ ਮਜ਼ਦੂਰ ਲਹਿਰ ਦੀ ਚੜ੍ਹਤ ਅਤੇ ਆਪਣੇ ਅੰਦਰੂਨੀ ਸੰਕਟਾਂ ਦੇ ਭੰਨੇ ਪੱਛਮੀ ਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਆਦਿ ਨੇ ਕੀਨਜ਼ ਦੀਆਂ ਨੀਤੀਆਂ ‘ਤੇ ਅਧਾਰਿਤ ” ਕਲਿਆਣਕਾਰੀ ਰਾਜ” ਦਾ ਮਾਡਲ ਆਪਣਾਇਆ। ਜਿਸ ਵਿੱਚ ਉੱਥੋਂ ਦੀ ਮਜ਼ਦੂਰ ਜ਼ਮਾਤ ਨੂੰ ਕਈ ਸੁਖ-ਸਹੂਲਤਾਂ ਮਿਲੀਆਂ। ਉਸਦੇ ਜੀਵਨ ਪੱਧਰ ਵਿੱਚ ਸੁਧਾਰ ਆਇਆ। ਇਸ ਨੇ ਕਈ ਘੱਟ ਅਕਲ ਵਾਲ਼ੇ ਬੁੱਧੀਜੀਵੀਆਂ ਨੂੰ ਭਰਮਗ੍ਰਸਤ ਕੀਤਾ ਕਿ ਇਹਨਾਂ ਦੇਸ਼ਾਂ ਵਿੱਚ ਤਾਂ ਬੁਰਜ਼ੁਆਜ਼ੀ ਹੀ ਸਮਾਜਵਾਦ ਉਸਾਰ ਰਹੀ ਹੈ। ਪਰ ਪੂੰਜੀ ਦੇ ਵਿਸ਼ਵੀਕਰਨ ਦੇ ਮੌਜ਼ੂਦਾ ਦੌਰ ਵਿੱਚ ਇਹ ਅਖੌਤੀ ਕਲਿਆਣਕਾਰੀ ਰਾਜ ਟੁੱਟ ਖਿੰਡ ਰਿਹਾ ਹੈ। 19ਵੀਂ ਸਦੀ ਦਾ ਬਰਬਰ ਕਲਾਸਿਕੀ ਪੂੰਜੀਵਾਦ ਪੂਰੀ ਦੁਨੀਆਂ ਵਿੱਚ ਫਿਰ ਸਾਹਮਣੇ ਆ ਰਿਹਾ ਹੈ। ਸਤੀ ਕੁਮਾਰ ਜੇ ਅਜੇਹੀਆਂ ਬੇਥਵੀਆਂ ਗੱਲਾਂ ਅੱਜ ਤੋਂ 25-30 ਸਾਲ ਪਹਿਲਾਂ ਕਰਦਾ ਤਾਂ ਸ਼ਾਇਦ ਕਿਸੇ ਨੂੰ ਭਰਮਾਉਣ ਵਿੱਚ ਕਾਮਯਾਬ ਵੀ ਹੋ ਜਾਂਦਾ। ਪਰ ਅੱਜ ਜਦੋਂ ਇਹਨਾਂ ਦੇਸ਼ਾਂ ਦੇ ਅਖੌਤੀ ਪੂੰਜੀ ਦੇ ‘ਸਵਰਗਾਂ’ ਦਾ ਅਸਲ ਰੂਪ ਲੋਕਾਂ ਸਾਹਮਣੇ ਆ ਚੁੱਕਾ ਹੈ, ਤਦ ਵੀ ਸਤੀ ਕੁਮਾਰ ਜੇਹੇ ਕਵੱਲੀਆਂ ਕਰਨੋਂ ਬਾਜ਼ ਨਹੀਂ ਆ ਰਹੇ। ਵੈਸੇ ਵੀ ਸ਼੍ਰੀ ਸਤੀ ਕੁਮਾਰ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਜੋ ਸੁਖ ਸੁਵਿਧਾਵਾਂ ਮਿਲ਼ੀਆਂ ਸਨ, ਉਹ ਮਾਰਕਸਵਾਦ ਦੀ ਹੀ ਦੇਣ ਸਨ।

ਕਿਸੇ ਪੱਛਮੀ ਬੁੱਧੀਜੀਵੀ ਦੇ ਹਵਾਲੇ ਨਾਲ਼ ਸਤੀ ਕੁਮਾਰ ਕਹਿੰਦਾ ਹੈ ਕਿ ਮਾਰਕਸਵਾਦ ਮਨੁੱਖਤਾ ਲਈ ਅੰਤਮ ਅਤੇ ਇੱਕੋ ਇੱਕ ਹੱਲ ਲੈ ਕੇ ਪੇਸ਼ ਹੁੰਦਾ ਹੈ। ਇਹ ਵੀ ਸਤੀ ਕੁਮਾਰ ਜੇਹਿਆਂ ਦੇ ਮਨ ਦੀ ਘਾੜਤ ਹੈ।

ਮਾਰਕਸਵਾਦ ਅਜੇਹਾ ਕੋਈ ਅੰਤਮ ਅਤੇ ਇੱਕੋ-ਇੱਕ ਹੱਲ ਲੈ ਕੇ ਪੇਸ਼ ਨਹੀਂ ਹੁੰਦਾ। ਸਮਾਜਵਾਦ ਨੂੰ ਮਾਰਕਸਵਾਦ ਸਮਾਜੀ ਸਮੱਸਿਆਵਾਂ ਦੇ ਕਿਸੇ ਮਨੋਕਲਪਿਤ ਹੱਲ ਦੇ ਰੂਪ ਵਿੱਚ ਪੇਸ਼ ਨਹੀਂ ਕਰਦਾ ਸਗੋਂ ਮਾਰਕਸਵਾਦ ਸਮਾਜਵਾਦ ਨੂੰ ਉਹਨਾਂ ਵਸਤੂਗਤ ਹਾਲਤਾਂ ਦੇ ਤਾਰਕਿਕ ਨਤੀਜੇ ਦੇ ਰੂਪ ਵਿੱਚ ਵੇਖਦਾ ਹੈ, ਜਿਹਨਾਂ ਨੂੰ ਖ਼ੁਦ ਪੂੰਜੀਵਾਦ ਸਿਰਜਦਾ ਹੈ। ਇਹ ਸਮਾਜਵਾਦ ਨੂੰ ਪੂੰਜੀਵਾਦੀ ਸਮਾਜੀ-ਆਰਥਿਕ ਢਾਂਚੇ ਅੰਦਰ ਲਗਾਤਾਰ ਤਿੱਖੇ ਹੁੰਦੇ ਜ਼ਮਾਤ -ਵਿਰੋਧਾਂ, ਜਮਾਤੀ ਧਰੂਵੀਕਰਨ ਅਤੇ ਕਿਰਤ ਦੇ ਦਿਨੋ-ਦਿਨ ਵਧਦੇ ਸਮਾਜੀਕਰਨ ਦੀ ਲਾਜ਼ਮੀ ਉਪਜ਼ ਦੇ ਰੂਪ ਵਿੱਚ ਵੇਖਦਾ ਹੈ। ਖ਼ੁਦ ਮਾਰਕਸ ਦਾ ਕਹਿਣਾ ਹੈ, ” ਜਿੱਥੋਂ ਤੱਕ ਮੇਰਾ ਸਬੰਧ ਹੈ ਆਧੁਨਿਕ ਸਮਾਜ ਵਿੱਚ ਜਮਾਤੀ ਘੋਲ਼ ਜਾਂ ਜਮਾਤਾਂ ਦੀ ਹੋਂਦ ਖੋਜਣ ਦਾ ਸਿਹਰਾ ਮੈਨੂੰ ਨਹੀਂ ਜਾਂਦਾ। ਮੇਰੇ ਤੋਂ ਬਹੁਤ ਪਹਿਲਾਂ ਬੁਰਜ਼ੁਆ ਅਰਥਸ਼ਾਸਤਰੀਆਂ ਨੇ ਜਮਾਤਾਂ ਦੀ ਬਣਤਰ ਅਤੇ ਬੁਰਜ਼ੂਆ ਇਤਿਹਾਸਕਾਰਾਂ ਦੇ ਜਮਾਤੀ ਸੰਘਰਸ਼ ਦੇ ਇਤਿਹਾਸਕ ਵਿਕਾਸ ਦੀ ਨਿਸ਼ਾਨਦੇਹੀ ਕੀਤੀ ਸੀ। ਮੈਂ ਜੋ ਨਵਾਂ ਕੰਮ ਕੀਤਾ ਉਹ ਇਹ ਸੀ (1) ਕਿ ਜਮਾਤਾਂ ਦੀ ਹੋਂਦ ਪੈਦਾਵਾਰ ਦੇ ਵਿਕਾਸ ਦੇ ਕੁੱਝ ਖਾਸ ਪੜਾਵਾਂ ਨਾਲ਼ ਸਬੰਧਤ ਹੈ (2) ਕਿ ਜਮਾਤੀ ਘੋਲ਼ ਲਾਜ਼ਮੀ ਹੀ ਮਜ਼ਦੂਰ ਜ਼ਮਾਤ ਦੀ ਤਾਨਾਸ਼ਾਹੀ ਵੱਲ ਲੈ ਜਾਂਦਾ ਹੈ (3) ਕਿ ਇਹ ਤਾਨਾਸ਼ਾਹੀ ਆਪਣੇ ਆਪ ਵਿੱਚ ਸਿਰਫ ਜਮਾਤਾਂ ਦੇ ਖਾਤਮੇ ਅਤੇ ਜਮਾਤ ਰਹਿਤ ਸਮਾਜ ਵੱਲ ਸੰਕਰਮਣ (“Transition) ਹੈ। ( ਮਾਰਕਸ ਵੱਲੋਂ ਜ਼ੋਸਫ ਵੇਡਮੇਅਰ ਦੇ ਨਾਂ ਖਤ, ਲੰਡਨ 5 ਮਾਰਚ 1852)

* ਦਾਂਤੋਂ : (1759-94), ਫਰਾਂਸੀਸੀ ਇਨਕਲਾਬ ਦੇ ਆਗੂਆਂ ਵਿੱਚੋਂ ਇਕ

* ਫਰਾਂਸ ਦੇ ਲਿਓਨ ਸ਼ਹਿਰ ਵਿੱਚ ਪੂੰਜੀਵਾਦੀ ਲੁੱਟ ਜ਼ਬਰ ਦੇ ਸਤਾਏ ਮਜ਼ਦੂਰਾਂ ਨੇ ਵਿਦਰੋਹ ਕੀਤਾ। ਇਕ ਹਫਤੇ ਤੱਕ ਲਿਓਨ ਸ਼ਹਿਰ ਮਜ਼ਦੂਰਾਂ ਦੇ ਕਬਜ਼ੇ ਵਿੱਚ ਰਿਹਾ। ਇਕ ਫਰਾਂਸੀਸੀ ਬੁਰਜੂਆਜ਼ੀ ਦੁਆਰਾ ਮਜ਼ਦੂਰਾਂ ਦੇ ਇਸ ਵਿਦਰੋਹ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ। ਪੂੰਜੀਵਾਦੀ ਲੁੰਟ ਜ਼ਬਰ ਵਿਰੁੱਧ ਇਹ ਮਜ਼ਦੂਰ ਜਮਾਤ ਦੀ ਪਹਿਲੀ ਵੱਡੀ ਬਗਾਵਤ ਸੀ।

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s