ਮਾਰਕਸ ਦੀਆਂ ਯਾਦਾਂ -ਪਾਲ ਲਫ਼ਾਰਗ1

marx engels(ਪੀ.ਡੀ.ਐਫ਼ ਡਾਊਨਲੋਡ ਕਰੋ)

 ਇਨਸਾਨ ਸਨ, ਹਰ ਚੀਜ਼ ਵਿੱਚ ਇਨਸਾਨ;
ਹੋਵੇਗਾ ਨਾ ਕੋਈ ਦੂਸਰਾ, ਕਦੇ ਉਹਨਾਂ ਸਮਾਨ!
(ਸ਼ੇਕਸਪੀਅਰ, ”ਹੈਮਲੇਟ” ਐਕਟ 1, ਦ੍ਰਿਸ਼ 2) 

1. 

ਮੈਂ ਕਾਰਲ ਮਾਰਕਸ ਨੂੰ ਪਹਿਲਾਂ ਪਹਿਲ 1865 ਵਿੱਚ ਮਿਲਿਆ। ਪਹਿਲੇ ਇੰਟਰਨੈਸ਼ਨਲ ਦੀ ਸਥਾਪਨਾ 28 ਦਸੰਬਰ 1864 ਨੂੰ ਲੰਡਨ ਦੇ ਸੇਂਟ ਮਾਰਟਿਨਸ ਹਾਲ ਵਿੱਚ ਹੋਈ ਇੱਕ ਮੀਟਿੰਗ ਵਿੱਚ ਹੋ ਚੁੱਕੀ ਸੀ ਅਤੇ ਮੈਂ ਮਾਰਕਸ ਨੂੰ ਪੈਰਿਸ ਤੋਂ ਨਵ-ਜਨਮੀ ਜਥੇਬੰਦੀ ਦੇ ਵਿਕਾਸ ਦੀਆਂ ਖਬਰਾਂ ਦੇਣ ਲੰਡਨ ਗਿਆ। ਸ਼੍ਰੀ ਤੋਲੈਂ ਨੇ, ਜੋ ਹੁਣ ਬੁਰਜੂਆ ਰੀਪਬਲਿਕ ਵਿੱਚ ਸੈਨੇਟਰ ਹਨ, ਮੇਰੇ ਲਈ ਜਾਣ ਪਛਾਣ ਦੀ ਚਿੱਠੀ ਦਿੱਤੀ। 

ਮੈਂ ਉਦੋਂ 24 ਸਾਲਾਂ ਦਾ ਸੀ। ਉਸ ਪਹਿਲੀ ਮੁਲਾਕਾਤ ਦੀ ਜੋ ਅਮਿੱਟ ਛਾਪ ਮੇਰੇ ਉੱਤੇ ਪਈ, ਮੈਂ ਉਸ ਨੂੰ ਸਾਰੀ ਉਮਰ ਭੁੱਲ ਨਹੀਂ ਸਕਾਂਗਾ। ਮਾਰਕਸ ”ਸਰਮਾਇਆ” ਦੇ ਪਹਿਲੇ ਭਾਗ ਦਾ ਕੰਮ ਕਰ ਰਹੇ ਸਨ ਜੋ ਕਿਤੇ ਦੋ ਸਾਲਾਂ ਬਾਅਦ, 1867 ਵਿੱਚ, ਵਿੱਚ ਪ੍ਰਕਾਸ਼ਤ ਹੋਇਆ। ਉਹ ਉਸ ਸਮੇਂ ਸਿਹਤ ਵੱਲੋਂ ਕੁੱਝ ਢਿੱਲੇ ਸਨ ਤੇ ਉਹਨਾਂ ਨੂੰ ਡਰ ਸੀ ਕਿ ਉਹ ਆਪਣਾ ਕੰਮ ਪੂਰਾ ਨਹੀਂ ਕਰ ਸਕਣਗੇ, ਇਸ ਲਈ ਨੌਜਵਾਨਾਂ ਦੇ ਮੁਲਾਕਾਤ ਲਈ ਆਉਣ ਉੱਤੇ ਪ੍ਰਸੰਨ ਹੁੰਦੇ ਸਨ। ”ਆਪਣੇ ਬਾਅਦ ਕਮਿਊਨਿਸਟ ਪ੍ਰਚਾਰ ਨੂੰ ਜ਼ਾਰੀ ਰੱਖਣ ਲਈ ਮੈਨੂੰ ਨੌਜਵਾਨਾਂ ਨੂੰ ਜ਼ਰੂਰ ਸਿੱਖਿਆ ਦੇਣੀ ਚਾਹੀਦੀ ਹੈ”, ਉਹ ਕਿਹਾ ਕਰਦੇ ਸਨ। 

ਕਾਰਲ ਮਾਰਕਸ ਉਹਨਾਂ ਵਿਰਲੇ ਲੋਕਾਂ ਵਿੱਚੋਂ ਸਨ ਜੋ ਵਿਗਿਆਨ ਤੇ ਪਬਲਿਕ ਜੀਵਨ, ਦੋਵਾਂ ਵਿੱਚ ਇੱਕੋ ਸਮੇਂ ਅਗਵਾਈ ਦੇ ਸਕਦੇ ਸਨ। ਇਹ ਦੋਵੇਂ ਪਹਿਲੂ ਉਨਾਂ ਵਿੱਚ ਇਨੇ ਮਿਲੇ ਹੋਏ ਸਨ ਕਿ ਵਿਦਵਾਨ ਮਾਰਕਸ ਤੇ ਸੋਸ਼ਲਿਸਟ ਯੋਧਾ ਮਾਰਕਸ, ਦੋਵਾਂ, ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ।

ਮਾਰਕਸ ਦਾ ਵਿਚਾਰ ਸੀ ਕਿ ਖੋਜ਼ ਦੇ ਅੰਤਮ ਸਿੱਟੇ ਦੀ ਚਿੰਤਾ ਕੀਤੇ ਬਗੈਰ ਵਿਗਿਆਨ ਦਾ ਅਧਿਐਨ ਖੁਦ ਵਿਗਿਆਨ ਲਈ ਹੀ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦੇ ਨਾਲ਼ ਹੀ ਪਬਲਿਕ ਜੀਵਨ ਵਿੱਚ ਸਰਗਰਮ ਸ਼ਮੂਲੀਅਤ ਦਾ ਤਿਆਗ ਕਰ ਕੇ ਜਾਂ ਖੁੱਡ ਦੇ ਚੂਹੇ ਵਾਂਗ ਆਪਣੇ ਆਪ ਨੂੰ ਅਧਿਐਨ ਕਮਰੇ ਜਾਂ ਪ੍ਰਯੋਗਸ਼ਾਲਾ ਵਿੱਚ ਬੰਦ ਕਰਕੇ ਅਤੇ ਸਮਕਾਲੀਆਂ ਦੇ ਪਬਲਿਕ ਜੀਵਨ ਤੇ ਰਾਜਨੀਤਕ ਸੰਘਰਸ਼ ਤੋਂ ਨਿੱਖੜੇ ਰਹਿ ਕੇ ਵਿਗਿਆਨ ਆਪਣੇ ਆਪ ਨੂੰ ਅਧਾਰ-ਹੀਣ ਹੀ ਬਣਾ ਸਕਦਾ ਹੈ। 

ਉਹ ਕਿਹਾ ਕਰਦੇ ਸਨ, ”ਵਿਗਿਆਨ ਸਵੈ-ਖੁਸ਼ੀ ਨਹੀਂ ਹੋਣਾ ਚਾਹੀਦਾ। ਜਿਹਨਾਂ ਨੂੰ ਆਪਣੇ ਆਪ ਨੂੰ ਵਿਗਿਆਨਕ ਖੋਜ ਵਿੱਚ ਲਾਉਣ ਦਾ ਸੁਭਾਗ ਪ੍ਰਾਪਤ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਨੁੱਖ ਜਾਤੀ ਦੀ ਸੇਵਾ ਵਿੱਚ ਅਰਪਣ ਕਰਨਾ ਚਾਹੀਦਾ ਹੈ।” ”ਮਨੁੱਖ ਜਾਤੀ ਲਈ ਕੰਮ ਕਰੋ” ਇਹ ਉਹਨਾਂ ਦਾ ਇੱਕ ਪਿਆਰਾ ਕਥਨ ਸੀ।

ਭਾਵੇਂ ਮਿਹਨਤਕਸ਼ ਵਰਗਾਂ ਦੀਆਂ ਮੁਸੀਬਤਾਂ ਪ੍ਰਤੀ ਮਾਰਕਸ ਡੂੰਘੀ ਹਮਦਰਦੀ ਰਖਦੇ ਸਨ, ਫਿਰ ਵੀ ਭਾਵੁਕਤਾ ਕਾਰਨ ਨਹੀਂ ਸਗੋਂ ਇਤਿਹਾਸ ਤੇ ਰਾਜਨੀਤਕ ਆਰਥਿਕਤਾ ਦੇ ਅਧਿਐਨ ਰਾਹੀਂ ਉਹ ਕਮਿਊਨਿਸਟ ਵਿਚਾਰਾਂ ਤੱਕ ਪਹੁੰਚੇ। ਉਹਨਾਂ ਦਾ ਦਾਅਵਾ ਸੀ ਕਿ ਨਿੱਜੀ ਹਿੱਤਾਂ ਦੇ ਪ੍ਰਭਾਵ ਅਤੇ ਜਮਾਤੀ ਵਿਰੋਧਾਂ ਦੇ ਧੁੰਦਲਕੇ ਤੋਂ ਮੁਕਤ ਕੋਈ ਵੀ ਨਿਰਪੱਖ ਵਿਅਕਤੀ ਲਾਜ਼ਮੀ ਤੌਰ ‘ਤੇ ਇਹਨਾਂ ਹੀ ਸਿੱਟਿਆਂ ਉੱਤੇ ਪਹੁੰਚੇਗਾ। 

ਪਰ ਕਿਸੇ ਪੂਰਵ ਨਿਸ਼ਚਿਤ ਵਿਚਾਰ ਤੋਂ ਬਿਨਾਂ ਮਨੁੱਖੀ ਸਮਾਜ ਦੇ ਆਰਥਕ ਤੇ ਰਾਜਸੀ ਵਿਕਾਸ ਦਾ ਅਧਿਐਨ ਕਰਦਿਆਂ ਵੀ ਮਾਰਕਸ ਨੇ ਸਿਰਫ ਆਪਣੀ ਖੋਜ ਦੇ ਨਤੀਜਿਆਂ ਦਾ ਪ੍ਰਚਾਰ ਕਰਨ ਦੇ ਇਰਾਦੇ ਅਤੇ ਉਸ ਸੋਸ਼ਲਿਸ਼ਟ ਲਹਿਰ ਲਈ ਵਿਗਿਆਨਕ ਅਧਾਰ ਪੇਸ਼ ਕਰਨ ਦੀ ਅਟੱਲ ਇੱਛਾ ਤੋਂ ਪ੍ਰੇਰਤ ਹੋ ਕੇ ਹੀ ਲਿਖਣ ਦਾ ਕਾਰਜ ਕੀਤਾ ਜੋ ਉਸ ਸਮੇਂ ਕਲਪਨਾ ਦੇ ਬੱਦਲਾਂ ਵਿੱਚ ਹੀ ਗੁਆਚਿਆ ਹੋਇਆ ਸੀ। ਉਹਨਾਂ ਮਜ਼ਦੂਰ ਜਮਾਤ ਨੂੰ ਜੇਤੂ ਬਣਾਉਣ ਲਈ ਹੀ, ਜਿਸ ਦਾ ਇਤਿਹਾਸਕ ਉਦੇਸ਼ ਸਮਾਜ ਦੀ ਆਰਥਿਕ ਤੇ ਰਾਜਨੀਤਕ ਅਗਵਾਈ ਕਰਦਿਆਂ ਹੀ ਕਮਿਊਨਿਜ਼ਮ ਦੀ ਸਥਾਪਨਾ ਕਰਨਾ ਹੈ, ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ। 

ਮਾਰਕਸ ਨੇ ਆਪਣੀ ਸਰਗਰਮੀ ਨੂੰ ਆਪਣੀ ਜਨਮ-ਭੂਮੀ ਤੱਕ ਹੀ ਸੀਮਤ ਨਹੀਂ ਰੱਖਿਆ। ਉਹ ਕਿਹਾ ਕਰਦੇ ਸਨ, ”ਮੈਂ ਸੰਸਾਰ ਦਾ ਸ਼ਹਿਰੀ ਹਾਂ, ਮੈਂ ਜਿੱਥੇ ਕਿਤੇ ਵੀ ਹਾਂ, ਸਰਗਰਮ ਹਾਂ।” ਅਸਲ ਵਿੱਚ ਫਰਾਂਸ, ਬੈਲਜੀਅਮ, ਬਰਤਾਨੀਆਂ, ਚਾਹੇ ਜਿਸ ਦੇਸ਼ ਵਿੱਚ ਵੀ ਘਟਨਾਵਾਂ ਤੇ ਰਾਜਨੀਤਕ ਅੱਤਿਆਚਾਰਾਂ ਦਾ ਸ਼ਿਕਾਰ ਹੋ ਕੇ ਉਹ ਗਏ, ਉੱਥੇ ਉਹਨਾਂ ਉੱਠਣ ਵਾਲ਼ੀਆਂ ਇਨਕਲਾਬੀ ਲਹਿਰਾਂ ਵਿੱਚ ਸਰਗਰਮ ਹਿੱਸਾ ਲਿਆ।

ਪਰ ਮੇਟਲੈਂਡ ਪਾਰਕ ਰੋਡ ‘ਤੇ ਉਹਨਾਂ ਦੇ ਅਧਿਐਨ-ਕਮਰੇ ਵਿੱਚ ਮੈਂ ਪਹਿਲਾਂ ਇੱਕ ਅਣਥੱਕ, ਬੇਮਿਸਾਲ ਸੋਸ਼ਲਿਸ਼ਟ ਪ੍ਰਚਾਰਕ ਨੂੰ ਨਹੀਂ ਸਗੋਂ ਵਿਗਿਆਨੀ ਨੂੰ ਵੇਖਿਆ। ਇਹ ਅਧਿਐਨ-ਕਮਰਾ ਹੀ ਉਹ ਕੇਂਦਰ ਸੀ, ਜਿੱਥੇ ਸੱਭਿਆ ਸੰਸਾਰ ਦੇ ਸਭ ਹਿੱਸਿਆਂ ਤੋਂ ਸੋਸ਼ਲਿਸਟ ਵਿਚਾਰਾਂ ਦੇ ਮਹਾਨ ਵਿਦਵਾਨ ਦੀ ਰਾਏ ਜਾਨਣ ਲਈ ਪਾਰਟੀ ਸਾਥੀ ਆਇਆ ਕਰਦੇ ਸਨ। ਉਸ ਇਤਿਹਾਸਕ ਕਮਰੇ ਨੂੰ ਜਾਨਣ ਤੋਂ ਬਾਅਦ ਹੀ ਮਾਰਕਸ ਦੇ ਭਾਵਨਾਤਮਕ ਜੀਵਨ ਦੇ ਅੰਦਰ ਪ੍ਰਵੇਸ਼ ਕੀਤਾ ਜਾ ਸਕਦਾ ਸੀ। ਇਹ ਦੂਜੀ ਮੰਜਿਲ ਉੱਤੇ ਸੀ ਤੇ ਪਾਰਕ ਵੱਲ ਖੁੱਲ੍ਹਣ ਵਾਲ਼ੀ ਇੱਕ ਚੌੜੀ ਖਿੜਕੀ ਤੋਂ ਆਉਣ ਵਾਲ਼ੀ ਰੋਸ਼ਨੀ ਨਾਲ਼ ਭਰਭੂਰ ਸੀ। ਖਿੜਕੀ ਦੀ ਉਲਟੀ ਸੇਧ ਵਿੱਚ ਤੇ ਅੰਗੀਠੀ ਦੇ ਦੋਵੇਂ ਪਾਸੇ ਕੰਧ ਨਾਲ਼ ਲੱਗੀਆਂ ਕਿਤਾਬਾਂ ਨਾਲ਼ ਭਰੀਆਂ ਅਲਮਾਰੀਆਂ ਦੀ ਕਤਾਰ ਸੀ ਜੋ ਅਖ਼ਬਾਰਾਂ ਤੇ ਖਰੜਿਆਂ ਨਾਲ਼ ਛੱਤ ਤੱਕ ਲੱਦੀਆਂ ਹੋਈਆਂ ਸਨ। ਅੰਗੀਠੀ ਤੋਂ ਦੂਸਰੇ ਪਾਸੇ ‘ਤੇ ਖਿੜਕੀ ਦੇ ਇੱਕ ਪਾਸੇ ਕਾਗਜ਼ਾਂ, ਕਿਤਾਬਾਂ ਤੇ ਅਖਬਾਰਾਂ ਨਾਲ਼ ਲੱਦੀਆਂ ਦੋ ਮੇਜ਼ਾਂ ਸਨ। ਕਮਰੇ ਦੇ ਵਿਚਕਾਰ ਕਾਫੀ ਰੌਸ਼ਨੀ ਵਿੱਚ ਇੱੱਕ ਛੋਟਾ (3 ਫੁੱਟ ਲੰਮਾ ਤੇ 2 ਫੁੱਟ ਚੌੜਾ) ਸਾਦਾ ਮੇਜ਼ ਸੀ ਅਤੇ ਲੱਕੜ ਦੀ  ਬਾਜੂਦਾਰ ਕੁਰਸੀ ਸੀ। ਕੁਰਸੀ ਤੇ ਅਲਮਾਰੀ ਵਿਚਕਾਰ ਖਿੜਕੀ ਦੀ ਉਲ਼ਟ ਦਿਸ਼ਾ ਵਿੱਚ ਚਮੜੇ ਨਾਲ਼ ਮੜ੍ਹਿਆ ਸੋਫਾ ਸੀ, ਜਿਸ ਉੱਤੇ ਮਾਰਕਸ ਕਦੇ ਕਦਾਈਂ ਲੇਟ ਕੇ ਆਰਾਮ ਕਰਿਆ ਕਰਦੇ ਸਨ। ਅੰਗੀਠੀ ਉਤੇ ਕਿਤਾਬਾਂ ਸਿਗਾਰ, ਦੀਆ-ਸਿਲਾਈ ਦੀਆਂ ਡੱਬੀਆਂ, ਤਮਾਕੂ ਦੇ ਡੱਬੇ, ਪੇਪਰ ਵੇਟ ਅਤੇ ਮਾਰਕਸ ਦੀ ਪਤਨੀ ਤੇ ਧੀਆਂ ਦੀਆਂ, ਵਿਲਹੇਲਮ ਵੋਲਫ2 ਅਤੇ ਫਰੈਂਡਰਿਕ ਏਂਗਲਜ਼ ਦੀਆਂ ਫੋਟੋਆਂ ਸਨ। ਮਾਰਕਸ ਤਮਾਕੂ ਪੀਂਦੇ ਸਨ। ਉਨਾਂ ਮੈਨੂੰ ਇਕ ਵਾਰ ਕਿਹਾ, ”ਸਰਮਾਇਆ’ ਤੋਂ ਉੱਨੇ ਪੈਸੈ ਵੀ ਨਹੀਂ ਮਿਲਣ ਲੱਗੇ ਜਿੰਨੇ ਦੇ ਸਿਗਾਰ ਮੈਂ ਉਸਨੂੰ ਲਿਖਣ ਵਿੱਚ ਫੂਕ ਦਿੱਤੇ” ਪਰ ਦੀਆ ਸਿਲਾਈ ਦਾ ਖਰਚ ਤਾਂ ਹੋਰ ਵੀ ਵੱਧ ਸੀ। ਪਾਈਪ ਜਾਂ ਸਿਗਾਰ ਦੀ ਆਮ ਤੌਰ ‘ਤੇ ਸੁਧ ਨਾ ਰਹਿਣ ‘ਤੇ ਥੋੜ੍ਹੇ ਹੀ ਸਮੇਂ ਵਿੱਚ ਉਸ ਨੂੰ ਵਾਰ-ਵਾਰ ਸੁਲਘਾਉਣ ਨਾਲ਼ ਦੀਆ-ਸਿਲਾਈ ਦੀਆਂ ਪਤਾ ਨਹੀਂ ਕਿੱਨੀਆਂ ਡੱਬੀਆਂ ਖਾਲੀ ਹੋ ਜਾਂਦੀਆਂ ਸਨ। 

ਉਹ ਆਪਣੀਆਂ ਕਿਤਾਬਾਂ ਜਾਂ ਕਾਗਜ਼ਾਂ ਨੂੰ ਤਰਤੀਬ ਨਾਲ਼ ਜਾਂ ਆਖੋ ਕਿ ਬੇਤਰਤੀਬ ਰੱਖਣ ਦੀ ਇਜ਼ਾਜਤ ਕਿਸੇ ਨੂੰ ਨਹੀਂ ਦਿੰਦੇ ਸਨ। ਸਿਰਫ ਦੇਖਣ ਨੂੰ ਹੀ ਅਜਿਹਾ ਲਗਦਾ ਸੀ ਕਿ ਉਹ ਬੇਤਰਤੀਬ ਹਨ। ਅਸਲ ਵਿੱਚ ਸਭ ਕੁੱਝ ਆਪਣੇ ਅਸਲੀ ਸਥਾਨ ‘ਤੇ ਹੁੰਦਾ ਸੀ, ਜਿਸ ਤੋਂ ਉਹਨਾਂ ਨੂੰ ਜ਼ਰੂਰੀ ਕਿਤਾਬ ਜਾਂ ਨੋਟ ਬੁੱਕ ਲੱਭ ਲੈਣਾ ਅਸਾਨ ਸੀ। ਗੱਲਬਾਤ ਦੌਰਾਨ ਵੀ ਉਹ ਜਿਕਰ ਵਾਲ਼ੀ ਪੁਸਤਕ ਵਿੱਚੋਂ ਕੋਈ ਅੰਸ਼ ਜਾਂ ਅੰਕੜਾ ਦਿਖਾਉਣ ਲਈ ਰੁਕ ਜਾਂਦੇ ਸਨ। ਆਪਣੇ ਅਧਿਐਨ ਕਮਰੇ ਨਾਲ਼ ਉਨਾਂ ਦੀ ਪੂਰੀ ਇੱਕਮਿਕਤਾ ਸੀ। ਉੱਥੋਂ ਦੀਆਂ ਪੁਸਤਕਾਂ ਤੇ ਕਾਗਜਾਂ ਉੱਤੇ ਉਨਾਂ ਹੀ ਕਾਬੂ ਸੀ, ਜਿੰਨਾਂ ਆਪਣੇ ਜਿਸਮ ਦੇ ਅੰਗਾਂ ਉੱਤੇ। 

ਮਾਰਕਸ ਲਈ ਉਨਾਂ ਦੀਆਂ ਕਿਤਾਬਾਂ ਦੀ ਰਸਮੀ ਤਰਤੀਬ ਦਾ ਕੋਈ ਲਾਭ ਨਹੀਂ ਸੀ-ਅੱਡ-ਅੱਡ ਕਿਸਮ ਦੀਆਂ ਜਿਲਦਾਂ ਤੇ ਪੈਂਫਲਟ ਇੱਕ ਦੂਸਰੇ ਨਾਲ਼ ਫਸ ਗਏ ਸਨ। ਉਨਾਂ ਨੂੰ ਅਕਾਰ ਦੇ ਪੱਖ ਤੋਂ ਹੀ ਨਹੀਂ ਸਗੋਂ ਵਿਸ਼ੇ ਦੇ ਪੱਖ ਤੋਂ ਵੀ ਤਰਤੀਬ ਦਿੰਦੇ ਸਨ। ਕਿਤਾਬਾਂ ਉਹਨਾਂ ਲਈ ਵਿਹਲੇ ਸਮੇਂ ਦਾ ਮੌਜ ਮੇਲਾ ਨਹੀਂ ਸਗੋਂ ਹਥਿਆਰ ਸਨ। ਉਹ ਕਿਹਾ ਕਰਦੇ ਸਨ, ”ਇਹ ਮੇਰੀਆਂ ਬਾਂਦੀਆਂ ਹਨ ਤੇ ਇਹਨਾਂ ਨੂੰ ਮੇਰੀ ਇੱਛਾ ਅਨੁਸਾਰ ਮੇਰੀ ਸੇਵਾ ਕਰਨੀ ਪਵੇਗੀ।” ਉਹ ਅਕਾਰ ਜਾਂ ਜਿਲਦਬੰਦੀ ਵੱਲ, ਕਾਗਜ਼ ਜਾਂ ਟਾਈਪ ਦੀ ਕਿਸਮ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ। ਉਹ ਵਰਕਿਆਂ ਦੇ ਕੰਨੇ ਮੋੜ ਦਿੰਦੇ, ਹਾਸ਼ੀਏ ਵਿੱਚ ਪੈਨਸਿਲ ਦੇ ਨਿਸ਼ਾਨ ਲਾ ਦਿੰਦੇ ਤੇ ਪੂਰੀਆਂ ਸਤਰਾਂ ਉੱਤੇ ਨਿਸ਼ਾਨ ਲਾ ਦਿੰਦੇ ਸਨ। ਉਹ ਕਿਤਾਬਾਂ ਉੱਤੇ ਕਦੇ ਕੁੱਝ ਨਹੀਂ ਲਿਖਦੇ ਸਨ, ਪਰ ਕਦੇ ਕਦੇ ਲੇਖਕ ਦੇ ਅੱਤ  ਕਰ ਦੇਣ ਉੱਤੇ ਵਿਸਮਕ ਚਿੰਨ੍ਹ ਜਾਂ ਸਵਾਲੀਆ ਚਿੰਨ੍ਹ ਲਾਏ ਬਿਨਾਂ ਨਹੀਂ ਸੀ ਰਹਿ ਸਕਦੇ। ਉਹਨਾਂ ਸਤਰਾਂ ਹੇਠਾਂ ਲਕੀਰਾਂ ਲਾਉਣ ਦੇ ਢੰਗ ਨਾਲ਼ ਲੋੜ ਪੈਣ ਉੱਤੇ ਕਿਸੇ ਪੁਸਤਕ ਵਿੱਚੋਂ ਕੋਈ ਅੰਸ਼ ਲੱਭ ਲੈਣਾ ਆਸਾਨ ਹੋ ਜਾਂਦਾ ਸੀ। ਉਹਨਾਂ ਨੂੰ ਆਪਣੀਆਂ ਨੋਟ-ਬੁੱਕਾਂ ਅਤੇ ਕਿਤਾਬਾਂ ਦੇ ਨਿਸ਼ਾਨ ਲਾਏ ਅੰਸ਼ਾਂ ਨੂੰ ਕਈ ਕਈ ਸਾਲਾਂ ਬਾਅਦ ਫਿਰ ਪੜ੍ਹਨ ਦੀ ਆਦਤ ਸੀ ਤਾਂ ਜੋ ਉਹਨਾਂ ਦੀ ਯਾਦ ਵਿੱਚ ਤਾਜਾ ਰਹਿਣ। ਉਹਨਾਂ ਦੀ ਯਾਦ ਸ਼ਕਤੀ ਅਸਾਧਾਰਣ ਸੀ, ਜਿਸ ਨੂੰ ਉਹਨਾਂ ਆਪਣੀ ਜਵਾਨੀ ਦੇ ਦਿਨਾਂ ਤੋਂ ਹੀਗਲ ਦੀ ਸਲਾਹ ਉੱਤੇ ਅਣਜਾਣੀਆਂ ਵਿਦੇਸ਼ੀ ਭਾਸ਼ਾਵਾਂ ਦੀਆਂ ਕਵਿਤਾਵਾਂ ਜਬਾਨੀ ਯਾਦ ਕਰਕੇ ਸ਼ਾਨਦਾਰ ਬਣਾਇਆ ਸੀ। 

ਉਹਨਾਂ ਨੂੰ ਹਾਈਨੇ ਤੇ ਗੈਟੇ ਜਬਾਨੀ ਯਾਦ ਸਨ ਅਤੇ ਗੱਲਬਾਤ ਦੌਰਾਨ ਅਕਸਰ ਜਿਕਰ ਕਰਦੇ ਸਨ। ਉਹ ਸਭ ਯੂਰਪੀ ਭਾਸ਼ਾਵਾਂ ਦੇ ਕਵੀਆਂ ਦੇ ਸੂਝਵਾਨ ਪਾਠਕ ਸਨ। ਉਹ ਹਰ ਸਾਲ ਏਸਕੀਲਸ3  ਨੂੰ ਮੂਲ ਯੂਨਾਨੀ ਵਿੱਚ ਪੜ੍ਹਦੇ ਸਨ। ਉਹ ਉਹਨਾਂ ‘ਤੇ ਸ਼ੇਕਸਪੀਅਰ ਨੂੰ ਨਾਟਕਕਾਰੀ ਦੇ ਖੇਤਰ ਵਿੱਚ ਮਨੁੱਖ ਜਾਤੀ ਦੀਆਂ ਮਹਾਨ ਪ੍ਰਤੀਭਾਵਾਂ ਮੰਨਦੇ ਸਨ। ਸ਼ੇਕਸਪੀਅਰ ਪ੍ਰਤੀ ਉਹਨਾਂ ਦਾ ਸਤਿਕਾਰ ਬੇਹੱਦ ਸੀ। ਉਹਨਾਂ ਦੀਆਂ ਕਿਰਤਾਂ ਦਾ ਵੇਰਵੇਵਾਰ ਅਧਿਐਨ ਕੀਤਾ ਸੀ ਅਤੇ ਉਹਨਾਂ ਦੇ ਮਾਮੂਲੀ ਤੋਂ ਮਾਮੂਲੀ ਪਾਤਰਾਂ ਤੱਕ ਨੂੰ ਜਾਣਦੇ ਸਨ। ਮਹਾਨ ਅੰਗਰੇਜੀ ਨਾਟਕਕਾਰ ਪ੍ਰਤੀ ਮਾਰਕਸ ਦਾ ਪੂਰਾ ਪਰਿਵਾਰ ਸੱਚੀ ਸ਼ਰਧਾ ਰੱਖਦਾ ਸੀ। ਉਨਾਂ ਦੀਆਂ ਤਿੰਨਾਂ ਧੀਆਂ ਨੂੰ ਸ਼ੇਕਸਪੀਅਰ ਦੀਆਂ ਅਨੇਕਾਂ ਕਿਰਤਾਂ ਜਬਾਨੀ ਯਾਦ ਸਨ। 1848 ਤੋਂ ਬਾਅਦ ਜਦੋਂ ਮਾਰਕਸ ਨੇ ਅੰਗਰੇਜੀ ਭਾਸ਼ਾ ਵਿੱਚ ਪਰਪੱਕ ਹੋ ਜਾਣਾ ਚਾਹਿਆ ਜਿਸ ਨੂੰ ਪੜ੍ਹ ਸਕਣ ਵਿੱਚ ਉਹ ਸਮਰੱਥ ਹੋ ਚੁੱਕੇ ਸਨ ਤਾਂ ਉਹਨਾਂ ਨੇ ਸ਼ੇਕਸਪੀਅਰ ਦੀਆਂ ਸਭ ਮੌਲਿਕ ਭਾਵਨਾਵਾਂ ਨੂੰ ਲੱਭ ਲਿਆ ਅਤੇ ਉਹਨਾਂ ਦਾ ਵਰਗੀਕਰਨ ਕੀਤਾ। ਵਿਲਿਅਮ ਕਾਵੇਟ4  ਦੀਆਂ ਵਾਦ-ਵਿਵਾਦੀ ਕਿਰਤਾਂ ਦੇ ਇੱਕ ਅੰਸ਼ ਨਾਲ਼ ਵੀ ਉਹਨਾਂ ਇਹੋ ਕੀਤਾ। ਕਾਬੇਟ ਬਾਰੇ ਉਹਨਾਂ ਦੀ ਰਾਏ ਉੱਚੀ ਸੀ। ਦਾਂਤੇ ਤੇ ਰਾਬਰਟ ਬਰਨਸ ਉਹਨਾਂ ਦੇ ਪਿਆਰੇ ਕਵੀਆਂ ਵਿੱਚੋਂ ਸਨ ਅਤੇ  ਉਹ ਸਕਾਟੀ ਕਵੀ ਦੇ ਵਿਅੰਗਾਂ ਜਾਂ ਸਰੋਦੀ ਕਵਿਤਾਵਾਂ ਦਾ ਆਪਣੀਆਂ ਧੀਆਂ ਤੋਂ ਗਾਇਨ ਬੜੇ ਆਨੰਦ ਨਾਲ਼ ਸੁਣਦੇ ਸਨ। 

ਵਿਗਿਆਨ-ਖੇਤਰ ਦੇ ਅਣਥੱਕ ਕਾਰਕੁਨ ਤੇ ਚੋਟੀ ਦੇ ਵਿਦਵਾਨ ਕੁਵੀਏ ਦੀ ਨਿੱਜੀ ਵਰਤੋਂ ਲਈ ਪੈਰਿਸ ਮਿਊਜੀਅਮ, ਜਿਸ ਦੇ ਉਹ ਸੰਚਾਲਕ ਸਨ, ਵਿੱਚ ਕਈ ਕਮਰੇ ਸਨ। ਹਰ ਕਮਰਾ ਕਿਸੇ ਵਿਸ਼ੇਸ਼ ਕਾਰਜ ਲਈ ਨਿਸ਼ਚਿਤ ਸੀ ਤੇ ਉਸ ਵਿੱਚ ਉਸੇ ਨਾਲ਼ ਸਬੰਧਤ ਪੁਸਤਕਾਂ, ਆਲ਼ੇ,  ਵਿਸ਼ਲੇਸ਼ਣਕਾਰੀ ਯੰਤਰ ਆਦਿ ਰੱਖੇ ਸਨ। ਜਦੋਂ ਉਹ ਇੱਕ ਤਰਾਂ ਦੇ ਕੰਮ ਤੋਂ ਥਕਾਵਟ ਮਹਿਸੂਸ ਕਰਦੇ ਤਾਂ ਦੂਸਰੇ ਵਿੱਚ ਜਾ ਕੇ ਦੂਸਰੇ ਕੰਮ ਲੱਗ ਜਾਂਦੇ। ਬੌਧਿਕ ਰੁਝੇਵੇਂ ਦੀ ਇਹ ਅਦਲਾ-ਬਦਲੀ ਹੀ ਉਹਨਾਂ ਲਈ ਆਰਾਮ ਹੁੰਦੀ ਸੀ। 

ਮਾਰਕਸ ਉਨੇ ਹੀ ਅਣਥੱਕ ਮਿਹਨਤੀ ਸਨ ਜਿੰਨੇ ਕੁਵੀਏ। ਉਹਨਾਂ ਕੋਲ਼ ਕਈ ਅਧਿਐਨ ਕਮਰਿਆਂ ਨੂੰ ਜ਼ਰੂਰੀ ਸਮੱਗਰੀ ਨਾਲ਼ ਸਜਾਉਣ ਵਾਲ਼ੇ ਸਾਧਨ ਨਹੀਂ ਸਨ। ਉਹ ਕਮਰੇ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਤੱਕ ਚਹਿਲ ਕਦਮੀ ਕਰਕੇ ਆਰਾਮ ਕਰਦੇ, ਜਿਸ ਨਾਲ਼ ਕਾਲੀਨ ਉੱਤੇ ਦਰਵਾਜ਼ੇ ਤੋਂ ਖਿੜਕੀ ਤੱਕ ਇੱਕ ਡੰਡੀ ਜਿਹੀ ਬਣ ਗਈ ਸੀ ਤੇ ਉਹ ਘਾਹ ਦੇ ਮੈਦਾਨ ਵਿੱਚ ਬਣੀ ਪਗਡੰਡੀ ਵਾਂਗ ਸਪੱਸ਼ਟ ਦਿਸਦੀ ਸੀ। 

ਵਿੱਚ-ਵਿਚਾਲੇ ਉਹ ਕਦੇ ਸੋਫੇ ਉੱਤੇ ਲੇਟ ਜਾਂਦੇ ਤੇ ਕੋਈ ਨਾਵਲ ਪੜ੍ਹਨ ਲਗਦੇ। ਕਦੇ ਕਦੇ ਇੱਕ ਦਮ ਹੀ ਦੋ ਜਾਂ ਤਿੰਨ ਨਾਵਲ ਵਾਰੀ-ਵਾਰੀ ਪੜ੍ਹਦੇ ਸਨ। ਡਾਰਵਿਨ ਵਾਂਗ ਉਹ ਵੀ ਨਾਵਲ ਪੜ੍ਹਨ ਦੇ ਬੜੇ ਸ਼ੌਕੀਨ ਸਨ ਅਤੇ 18ਵੀਂ ਸਦੀ ਦੇ ਨਾਵਲਾਂ ਨੂੰ, ਖਾਸਕਰ ਫੀਲਡਿੰਗ ਦੇ ”ਟਾਮ ਜੋਨਸ” ਨੂੰ ਪਹਿਲ ਦਿੰਦੇ ਸਨ। ਆਮ ਤੌਰ ‘ਤੇ ਆਧੁਨਿਕ ਨਾਵਲਕਾਰਾਂ ਵਿੱਚ, ਜਿਹੜੇ ਉਹਨਾਂ ਨੂੰ ਸਭ ਤੋਂ ਵੱਧ ਦਿਲਚਸਪ ਲਗਦੇ ਸਨ, ਪੋਲ ਦ’ ਕਾਕ, ਚਾਰਲਸ ਲੇਵਰ, ਸੀਨੀਅਰ ਅਲੈਗਜ਼ਾਂਦਰ ਡਿਊਮਾ ਤੇ ਵਾਲਟਰ ਸਕਾਟ ਸਨ। ਸਕਾਟ ਦੇ ”Old Mortality’’ਨੂੰ ਉਹ ਸਿਰੇ ਦੀ ਸਭ ਤੋਂ ਚੰਗੀ ਕਿਰਤ ਮੰਨਦੇ ਸਨ। ਦਲੇਰ ਕਾਰਨਾਮਿਆਂ ਹਾਸ-ਰਸ ਕਹਾਣੀਆਂ ਨੂੰ ਉਹ ਖਾਸ ਕਰ ਪਹਿਲ ਦਿੰਦੇ ਸਨ। 

ਉਹ ਸਰਵਾਂਤੇਸ ਅਤੇ ਬਾਲਜ਼ਾਕ ਨੂੰ ਹੋਰ ਸਾਰੇ ਨਾਵਲਕਾਰਾਂ ਨਾਲੋਂ ਉੱਚਾ ਸਥਾਨ ਦਿੰਦੇ ਸਨ। ”ਦੋਨ ਕਿਹੋਤੇ” ਉਹ ਉਸ ਦਮ ਤੋੜ ਦੇ ਸਾਊਪੁਣੇ ਦਾ ਮਹਾਂਕਾਵ ਸਮਝਦੇ ਸਨ ਜਿਸ ਦੇ ਗੁਣਾਂ ਦਾ ਬੁਰਜੂਆ ਸੰਸਾਰ ਵਿੱਚ ਮਜ਼ਾਕ ਉਡਾਇਆ ਜਾਂਦਾ ਸੀ, ਨੱਪਿਆ ਜਾਂਦਾ ਸੀ। ਉਹ ਬਾਲਜਾਕ ਨੂੰ ਇਨਾਂ ਸਰਾਹੁੰਦੇ ਸਨ ਕਿ ਰਾਜਨੀਤਕ ਆਰਥਿਕਤਾ ਬਾਰੇ ਆਪਣੀ ਕਿਰਤ ਨੂੰ ਸਮਾਪਤ ਕਰਦਿਆਂ ਹੀ ਉਹਨਾਂ ਦੀ ਮਹਾਨ ਰਚਨਾ ”La comedie Humanie’’ ਦਾ ਰਿਵਿਊ ਲਿਖਣਾ ਚਾਹੁੰਦੇ ਸਨ। ਉਹ ਬਾਲਜ਼ਾਕ ਨੂੰ ਸਿਰਫ ਆਪਣੇ ਯੁੱਗ ਦਾ ਹੀ ਇਤਿਹਾਸਕ ਲੇਖਕ ਨਹੀਂ ਸਗੋਂ ਅਜਿਹੇ ਭਾਵੀ ਪਾਤਰਾਂ ਦਾ ਸਿਰਜਣਹਾਰ ਵੀ ਮੰਨਦੇ ਸਨ, ਜੋ ਲੂਈ ਫਿਲਿਪ ਦੇ ਯੁੱਗ ਵਿੱਚ ਅਜੇ ਭਰੂਣ-ਰੂਪ ਵਿੱਚ ਸਨ ਅਤੇ ਜੋ ਬਾਲਜ਼ਾਕ ਦੀ ਮੌਤ ਤੋਂ ਬਾਅਦ ਨੈਪੋਲੀਅਨ ਤੀਜੇ ਦੇ ਰਾਜਕਾਲ ਵਿੱਚ ਹੀ ਪੂਰੀ ਤਰਾਂ ਵਿਕਸਿਤ ਹੋਏ ਸਨ। 

ਮਾਰਕਸ ਸਾਰੀਆਂ ਯੂਰਪੀ ਭਾਸ਼ਾਵਾਂ ਪੜ ਸਕਦੇ ਸਨ ਅਤੇ ਜਰਮਨ, ਫਰਾਂਸੀਸੀ ਤੇ ਅੰਗਰੇਜੀ ਭਾਸ਼ਾਵਾਂ ਲਿਖਦਿਆਂ ਆਪਣੇ ਆਪ ਨੂੰ ਇੰਨੇ ਸੁੰਦਰ ਢੰਗ ਨਾਲ਼ ਬਿਆਨਣ ਵਿੱਚ ਸਮਰੱਥ ਸਨ ਕਿ ਭਾਸ਼ਾ-ਪਾਰਖੂ ਵੀ ਮੋਹਤ ਹੋ ਜਾਂਦੇ ਸਨ। ਉਹ ਇੱਕ ਕਥਨ ਨੂੰ ਵਾਰ-ਵਾਰ ਦੁਹਰਾਉਣਾ ਪਸੰਦ ਕਰਦੇ ਸਨ ਕਿ ”ਜੀਵਨ ਸੰਘਰਸ਼ ਵਿੱਚ ਵਿਦੇਸ਼ੀ ਭਾਸ਼ਾ ਇੱਕ ਹਥਿਆਰ ਹੈ।”

ਭਾਸ਼ਾਵਾਂ ਲਈ ਉਨਾਂ ਦੀ ਪ੍ਰਤੀਭਾ ਤੇਜ਼ ਸੀ ਜਿਹੜੀ ਉਹਨਾਂ ਦੀਆਂ ਧੀਆਂ ਨੇ ਵਿਰਸੇ ਵਿੱਚ ਲੈ ਲਈ। ਉਹਨਾਂ ਨੇ ਰੂਸੀ ਭਾਸ਼ਾਵਾ ਦਾ ਅਧਿਐਨ ਉਦੋਂ ਸ਼ੁਰੂ ਕੀਤਾ ਜਦੋਂ ਉਹ ਪੰਜਾਹ ਸਾਲ ਦੇ ਹੋ ਚੁੱਕੇ ਸਨ ਅਤੇ ਇਸ ਭਾਸ਼ਾ ਦੇ ਔਖੇ ਹੋਣ ਦੇ ਬਾਵਜੂਦ 6 ਮਹੀਨਿਆਂ ਵਿੱਚ ਹੀ ਉਹਨਾਂ ਨੇ ਇਨੀ ਰੂਸੀ ਸਿੱਖ ਲਈ ਕਿ ਰੂਸੀ ਕਵੀਆਂ ਤੇ ਵਾਰਤਾਕਾਰਾਂ ਦੀਆਂ ਕਿਰਤਾਂ ਦਾ ਆਨੰਦ ਮਾਨਣ ਲੱਗੇ। ਉਹ ਪੁਸ਼ਕਿਨ, ਗੋਗੋਲ ਤੇ ਸ਼ਚੇਦਰੀਨ ਨੂੰ ਵੱਧ ਪਸੰਦ ਕਰਦੇ ਸਨ। ਉਹਨਾਂ ਰੂਸੀ ਭਾਸ਼ਾ ਵਿੱਚ ਇਸ ਵਾਸਤੇ ਸਿੱਖੀ ਕਿ ਸਰਕਾਰੀ ਜਾਂਚਾਂ ਦੀਆਂ ਉਹਨਾਂ ਦਸਤਾਵੇਜਾਂ ਨੂੰ ਪੜ੍ਹ ਸਕਣ ਜਿਹਨਾਂ ਦੇ ਪ੍ਰਕਾਸ਼ਨ ਉੱਤੇ ਰੂਸੀ ਸਰਕਾਰ ਨੇ ਇਸ ਵਾਸਤੇ ਰੋਕ ਲਾ ਦਿੱਤੀ ਸੀ ਕਿ ਉਹਨਾਂ ਤੋਂ ਭਿਆਨਕ ਤੱਥ ਸਾਹਮਣੇ ਆਉਂਦੇ ਸਨ। ਸ਼ਰਧਾਲੂ ਮਿੱਤਰਾਂ ਨੇ ਮਾਰਕਸ ਲਈ ਉਹ ਦਸਤਾਵੇਜ਼ਾਂ ਹਾਸਲ ਕੀਤੀਆਂ ਅਤੇ ਪੱਛਮੀ ਯੂਰਪ ਵਿੱਚ ਨਿਸ਼ਚੇ ਹੀ ਉਹ ਇਕੱਲੇ ਅਰਥ-ਸ਼ਾਸਤਰੀ ਸਨ ਜਿਸ ਨੂੰ ਇਹਨਾਂ ਦਸਤਾਵੇਜ਼ਾਂ ਦੀ ਜਾਣਕਾਰੀ ਸੀ। 

ਕਵੀਆਂ ਤੇ ਨਾਵਲਕਾਰਾਂ ਤੋਂ ਇਲਾਵਾ, ਮਾਰਕਸ ਦੇ ਬੌਧਿਕ ਆਰਾਮ ਦਾ ਇੱਕ ਅਦਭੁਤ ਸਾਧਨ ਗਣਿਤ ਸੀ ਜਿਸ ਵਿੱਚ ਉਹਨਾਂ ਦੀ ਵਿਸ਼ੇਸ਼ ਰੂਚੀ ਸੀ। ਬੀਜ਼-ਗਣਿਤ ਤੋਂ ਤਾਂ ਉਹਨਾਂ ਨੂੰ ਮਾਨਸਿਕ ਸ਼ਾਂਤੀ ਤੱਕ ਪ੍ਰਾਪਤ ਹੁੰਦੀ ਸੀ ਅਤੇ ਆਪਣੇ ਘਟਨਾਵਾਂ-ਭਰੇ ਜੀਵਨ  ਦੀਆਂ ਬਹੁਤੀਆਂ ਸੋਗ ਮਈ ਘੜੀਆਂ ਵਿੱਚ ਉਹ ਉਸ ਦਾ ਸਹਾਰਾ ਲੈਂਦੇ ਸਨ। ਆਪਣੀ ਪਤਨੀ ਦੀ ਅੰਤਿਮ ਬੀਮਾਰੀ ਦੌਰਾਨ ਉਹ ਆਪਣੇ ਨਿੱਤ ਦੇ ਵਿਗਿਆਨ ਕਾਰਜ ਵਿੱਚ ਖੁੱਭ ਜਾਣ ਤੋਂ ਅਸਮਰੱਥ ਸਨ ਤੇ ਉਹਨਾਂ ਲਈ ਪਤਨੀ ਦੇ ਦੁੱਖ ਤੋਂ ਪੈਦਾ ਹੋਣ ਵਾਲ਼ੇ ਅਫਸੋਸ ਤੋਂ ਛੁਟਕਾਰਾ ਪਾਉਣ ਦਾ ਇੱਕੋ ਰਸਤਾ ਗਣਿਤ ਵਿੱਚ ਡੁੱਬ ਜਾਣਾ ਸੀ। ਮਾਨਸਿਕ ਤਕਲੀਫ ਦੇ ਉਸ ਸਮੇਂ ਵਿੱਚ ਉਹਨਾਂ ਸੂਖਮ ਗਣਿਤ ਬਾਰੇ ਇੱਕ ਪੁਸਤਕ ਲਿਖੀ, ਜਿਸ ਦਾ ਮਾਹਰਾਂ ਦੀ ਰਾਏ ਵਿੱਚ ਵਿਗਿਆਨਕ ਮੁੱਲ ਹੈ ਅਤੇ ਜੋ ਉਹਨਾਂ ਦੀਆਂ ਯਾਦਗਾਰੀ ਲਿਖਤਾਂ ਵਿੱਚ ਪ੍ਰਕਾਸ਼ਤ ਕੀਤੀ ਜਾਵੇਗੀ। ਉਹਨਾਂ ਉੱਚ ਗਣਿਤ ਵਿੱਚ ਦਵੰਦਵਾਦੀ ਗਤੀ ਦਾ ਵਧੇਰੇ ਬਾ-ਦਲੀਲ ਤੇ ਨਾਲ਼ ਹੀ ਵਧੇਰੇ ਸਾਦਾ ਰੂਪ ਤਕਿਆ। ਉਹਨਾਂ ਦਾ ਵਿਚਾਰ ਸੀ ਕਿ ਜਦੋਂ ਤੱਕ ਕੋਈ ਵਿਗਿਆਨ ਗਣਿਤ ਦੀ ਵਰਤੋਂ ਕਰਨੀ ਨਹੀਂ ਸਿੱਖ ਜਾਂਦਾ ਉਦੋਂ ਤੱਕ ਅਸਲ ਵਿਕਸਿਤ ਰੂਪ ਪ੍ਰਾਪਤ ਨਹੀਂ ਕਰ ਸਕਦਾ। 

ਭਾਵੇਂ ਮਾਰਕਸ ਦੀ ਨਿੱਜੀ ਲਾਇਬਰੇਰੀ ਵਿੱਚ ਉਹਨਾਂ ਦੇ ਜੀਵਨ ਭਰ ਦੇ ਖੋਜ-ਕਾਰਜ ਦੌਰਾਨ ਯਤਨਾ ਨਾਲ਼ ਜਮ੍ਹਾ ਕੀਤੀਆਂ ਇੱਕ ਹਜ਼ਾਰ ਤੋਂ ਵੱਧ ਪੁਸਤਕਾਂ ਸਨ, ਫਿਰ ਵੀ ਉਹ ਉਹਨਾਂ ਲਈ ਨਾਕਾਫੀ ਸਨ ਅਤੇ ਮਾਰਕਸ ਸਾਲਾਂ ਤੱਕ ਬਕਾਇਦਾ ਤੌਰ ‘ਤੇ ਬਰਤਾਨਵੀ ਮਿਊਜੀਅਮ ਵਿੱਚ ਬੈਠ ਕੇ ਅਧਿਐਨ ਕਰਦੇ ਰਹੇ। ਉੱਥੋਂ ਦੇ ਪੁਸਤਕ ਭੰਡਾਰ ਦੀ ਉਹ ਬਹੁਤ ਸਰਾਹਨਾ ਕਰਦੇ ਸਨ। 

ਮਾਰਕਸ ਦੇ ਵਿਰੋਧੀਆਂ ਤੱਕ ਨੂੰ ਉਹਨਾਂ ਦੇ ਵਿਆਪਕ ਤੇ ਡੂੰਘੇ ਗਿਆਨ ਦਾ, ਉਹ ਵੀ ਨਾ ਕੇਵਲ ਉਹਨਾਂ ਦੇ ਖਾਸ ਵਿਸ਼ੇ-ਰਾਜਨੀਤਕ ਅਰਥਸ਼ਾਸਤਰ¸ਵਿੱਚ ਸਗੋਂ ਇਤਿਹਾਸ, ਦਰਸ਼ਨ ਤੇ ਸਾਰੇ ਦੇਸ਼ਾਂ ਦੇ ਸਾਹਿਤਕ ਖੇਤਰ ਵਿੱਚ ਵੀ ਸਿੱਕਾ ਮੰਨਣਾ ਪਿਆ।

ਮਾਰਕਸ ਰਾਤ ਨੂੰ ਬਹੁਤ ਦੇਰ ਨਾਲ਼ ਸੌਂਦੇ, ਪਰ ਇਸ ਦੇ ਬਾਵਜੂਦ ਸਵੇਰੇ ਅੱਠ ਤੇ ਨੌ ਵਜੇ ਵਿਚਕਾਰ ਉੱਠ ਜਾਂਦੇ। ਥੋੜ੍ਹੀ ਕਾਲ਼ੀ ਕਾਫੀ ਪੀਂਦੇ, ਅਖ਼ਬਾਰ ਪੜ੍ਹਦੇ ਅਤੇ ਫੇਰ ਆਪਣੇ ਅਧਿਐਨ-ਕਮਰੇ ਵਿੱਚ ਜਾ ਕੇ ਰਾਤ ਦੇ ਦੋ ਜਾਂ ਤਿੰਨ ਵਜੇ ਤੱਕ ਕੰਮ ਕਰਦੇ। ਉਹ ਕੇਵਲ ਖਾਣਾ ਖਾਣ ਤੇ ਮੌਸਮ ਢੁਕਵਾਂ ਹੋਣ ‘ਤੇ ਹੈ ਪਸਟੈਡ ਹੀਥ ਵਿੱਚ ਸ਼ਾਂਮ ਨੂੰ ਟਹਿਲਣ ਲਈ ਕੰਮ ਛਡਦੇ। ਦਿਨ ਵਿੱਚ ਕਦੇ ਕਦੇ ਉਹ ਸੋਫੇ ਉੱਤੇ ਘੰਟਾ ਸੌਂ ਲੈਂਦੇ ਸਨ। ਜਵਾਨੀ, ਵਿੱਚ ਉਹ ਅਕਸਰ ਸਾਰੀ ਰਾਤ ਕੰਮ ਕਰਦੇ। 

ਮਾਰਕਸ ਨੂੰ ਕੰਮ ਪ੍ਰਤੀ ਲਗਨ ਸੀ। ਉਹ ਕੰਮ ਵਿੱਚ ਏਨਾ ਡੁੱਬ ਜਾਂਦੇ ਕਿ ਅਕਸਰ ਖਾਣਾ ਭੁੱਲ ਜਾਂਦੇ। ਉਹ ਆਮ ਤੌਰ ‘ਤੇ ਕਈ ਵਾਰ ਬੁਲਾਉਣ ਪਿੱਛੋਂ ਹੀ ਹੇਠਾਂ ਖਾਣੇ ਵਾਲ਼ੇ ਕਮਰੇ ਵਿੱਚ ਆਉਂਦੇ ਤੇ ਆਖਰੀ ਬੁਰਕੀ ਵੀ ਖਾਂਦੇ ਖਾਂਦੇ ਹੀ ਮੁੜ ਆਪਣੇ ਅਧਿਐਨ-ਕਮਰੇ ਵਿੱਚ ਚਲੇ ਜਾਂਦੇ। 

ਉਹ ਬਹੁਤ ਘੱਟ ਖਾਂਦੇ ਸਨ ਤੇ ਭੁੱਖ ਦਾ ਸ਼ਿਕਾਰ ਸਨ। ਖੱਟੀਆਂ ਤੇ ਚਟਪਟੀਆਂ ਚੀਜ਼ਾਂ-ਜਿਵੇਂ ਕਿ ਹੈਮ, ਭੁੰਨੀ ਹੋਈ ਮੱਛੀ, ਕੇਵੀਅਰ ਤੇ ਅਚਾਰ ਆਦਿ¸ਖਾ ਕੇ ਉਹ ਭੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ। ਦਿਮਾਗ ਦੀ ਤੇਜ਼ ਕਾਰਜਸ਼ੀਲਤਾ ਦਾ ਫਲ ਪੇਟ ਨੂੰ ਭੁਗਤਣਾ ਪੈਂਦਾ। ਉਹਨਾਂ ਆਪਣੇ ਦਿਮਾਗ ਲਈ ਸ਼ਰੀਰ ਕੁਰਬਾਨ ਕਰ ਦਿੱਤਾ। ਚਿੰਤਨ ਉਹਨਾਂ ਦਾ ਸਭ ਤੋਂ ਵੱਡਾ ਮਨੋਰੰਜਨ ਸੀ। ਮੈਂ ਆਮ ਤੌਰ ‘ਤੇ ਉਹਨਾਂ ਨੂੰ ਆਪਣੀ ਜਵਾਨੀ ਦੇ ਫਲਾਸਫਰ ਗੁਰੂ ਹੀਗਲ ਦੇ ਸ਼ਬਦ ਦੁਹਰਾਉਂਦੇ ਸੁਣਿਆਂ, ”ਕਿਸੇ ਮੁਜ਼ਰਮ ਦੇ ਅਪਰਾਧ ਭਰੇ ਚਿੰਤਨ ਵਿੱਚ ਵੀ ਸੁਰਗ ਦੇ ਚਮਤਕਾਰਾਂ ਨਾਲ਼ੋਂ ਵੱਧ ਸ਼ਾਨ ਤੇ ਨਿੱਘ ਹੁੰਦਾ ਹੈ।” 

ਜੀਵਨ ਦੇ ਇਸ ਅਸਾਧਾਰਣ ਢੰਗ ਤੇ ਥਕਾ ਦੇਣ ਵਾਲ਼ੇ ਦਿਮਾਗੀ ਕੰਮ ਲਈ ਉਹਨਾਂ ਦੀ ਸਰੀਰਕ ਬਣਤਰ ਦਾ ਚੰਗਾ ਹੋਣਾ ਜ਼ਰੂਰੀ ਸੀ। ਦਰਅਸਲ ਉਹਨਾਂ ਦੀ ਕਾਠੀ ਬੜੀ ਮਜ਼ਬੂਤ ਸੀ। ਉਹ ਔਸਤ ਨਾਲ਼ੋਂ ਵੱਧ ਲੰਬੇ, ਚੌੜੇ ਮੋਢਿਆਂ, ਉੱਭਰੀ ਛਾਤੀ ਤੇ ਚੰਗੇ ਗੱਠੇ ਹੋਏ ਅੰਗਾਂ ਵਾਲ਼ੇ ਵਿਅਕਤੀ ਸਨ, ਭਾਵੇਂ ਲੱਤਾਂ ਦੇ ਮੁਕਾਬਲੇ ਪਿੱਠ ਵਧੇਰੇ ਲੰਮੀ ਸੀ, ਜਿਵੇਂ ਕਿ ਯਹੂਦੀਆਂ ਵਿੱਚ ਆਮ ਹੁੰਦਾ ਹੈ। ਜੇ ਉਹਨਾਂ ਜਵਾਨੀ ਵਿੱਚ ਕਸਰਤ ਕੀਤੀ ਹੁੰਦੀ ਤਾਂ ਉਹ ਬਹੁਤ ਹੀ ਬਲਵਾਨ ਬਣੇ ਹੁੰਦੇ। ਸਿਰਫ ਘੁੰਮਣਾ ਤੇ ਸੈਰ ਕਰਨਾ ਹੀ ਇੱਕ ਅਜਿਹੀ ਸਰੀਰਕ ਕਸਰਤ ਸੀ ਜੋ ਉਹਨਾਂ ਬਾਕਾਇਦਗੀ ਨਾਲ਼ ਕੀਤੀ। ਉਹ ਗੱਲਾਂ ਕਰਦੇ ਸਿਗਰਟ ਪੀਂਦੇ ਘੰਟਿਆਂ ਬੱਧੀ ਚਹਿਲ-ਕਦਮੀ ਕਰ ਸਕਦੇ ਸਨ ਜਾਂ ਪਹਾੜੀਆਂ ਚੜ੍ਹ ਸਕਦੇ ਸਨ ਤੇ ਬਿਲਕੁਲ ਨਹੀਂ ਸਨ ਥਕਦੇ। ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਕਮਰੇ ਵਿੱਚ ਟਹਿਲਦੇ ਹੀ ਕੰਮ ਕਰਦੇ ਸਨ ਅਤੇ ਟਹਿਲਦੇ ਹੋਏ ਜੋ ਕੁੱਝ ਸੋਚ ਲੈਂਦੇ ਸਨ ਉਹ ਨੂੰ ਲਿਖਣ ਲਈ ਹੀ ਥੋੜ੍ਹੀ-ਥੋੜ੍ਹੀ ਦੇਰ ਲਈ ਬੈਠਦੇ। ਉਹ ਗੱਲਬਾਤ ਕਰਦੇ ਕਮਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਟਹਿਲਣਾ ਪਸੰਦ ਕਰਦੇ ਸਨ ਅਤੇ ਜਦੋਂ ਵਾਰਤਾਲਾਪ ਵਧੇਰੇ ਗੰਭੀਰ ਹੋ ਜਾਂਦੀ ਤਾਂ ਅਧਵਾਟਿਓਂ ਰੁਕ ਜਾਂਦੇ। 

ਮੈਂ ਹੈਂਪਸਟੈਡ ਹੀਥ ਵਿੱਚ ਸ਼ਾਂਮ ਦੀਆਂ ਸੈਰਾਂ ਸਮੇਂ ਸਾਲਾਂ ਬੱਧੀ ਉਹਨਾਂ ਨਾਲ਼ ਰਿਹਾ ਤੇ ਉਹਨਾਂ ਨਾਲ਼ ਚਰਾਗਾਹਾਂ ਵਿੱਚ ਟਹਿਲਦਿਆਂ ਹੀ ਮੈਂ ਆਪਣੀ ਅਰਥਸ਼ਾਸਤਰ ਦੀ ਸਿੱਖਿਆ ਪ੍ਰਾਪਤ ਕੀਤੀ। ਉਹ ”ਸਰਮਾਇਆ” ਦਾ ਪਹਿਲਾ ਭਾਗ ਜਿਉਂ-ਜਿਉਂ ਲਿਖਦੇ ਜਾਂਦੇ ਸਨ ਤਿਉਂ-ਤਿਉਂ ਬਿਨਾਂ ਖੁਦ ਇਸ ਗੱਲ ਵੱਲ ਧਿਆਨ ਦਿੱਤਿਆਂ ਮੈਨੂੰ ਉਸ ਦਾ ਪੂਰਾ ਤੱਤ ਸਮਝਾਉਂਦੇ ਜਾਂਦੇ। 

ਮੈਂ ਜੋ ਕੁੱਝ ਉਹਨਾਂ ਤੋਂ ਸੁਣਦਾ ਸਾਂ, ਘਰ ਪਰਤ ਕੇ ਜਿੱਥੋਂ ਤੱਕ ਸੰਭਵ ਹੁੰਦਾ, ਉਸ ਦੇ ਚੰਗੇ ਨੋਟ ਤਿਆਰ ਕਰਦਾ। ਸ਼ੁਰੂ-ਸ਼ੁਰੂ ਵਿੱਚ ਮਾਰਕਸ ਦੇ ਗੁੰਦਵੇਂ ਪਰ ਗੁੰਝਲਦਾਰ ਤਰਕ ਨੂੰ ਸਮਝ ਸਕਣਾ ਮੇਰੇ ਲਈ ਮੁਸ਼ਕਲ ਹੁੰਦਾ ਸੀ। ਬਦ-ਕਿਸਮਤੀ ਨੂੰ ਉਹ ਕੀਮਤੀ ਨੋਟ ਹੁਣ ਮੇਰੇ ਕੋਲ਼ ਨਹੀਂ ਕਿਉਂਕਿ ਪੈਰਿਸ ਕਮਿਊਨ ਤੋਂ ਬਾਅਦ ਪੁਲਸ ਨੇ ਪੈਰਿਸ ਤੇ ਬੋਰਦੋ ਵਿੱਚ ਮੇਰੇ ਕਾਗਜ ਖੋਹ ਕੇ ਸਾੜ ਦਿੱਤੇ ਸਨ।

ਮੈਂਨੂੰ ਉਹਨਾਂ ਨੋਟਾਂ ਦੇ ਗੁਆਚਣ ਦਾ ਸਭ ਤੋਂ ਜਿਆਦਾ ਅਫਸੋਸ ਹੈ ਜੋ ਮੈਂ ਉਸ ਸ਼ਾਂਮ ਨੂੰ ਲਿਖੇ ਜਦੋਂ ਮਾਰਕਸ ਨੇ ਆਪਣੀ ਵਿਸ਼ੇਸ਼, ਬਾ-ਸਬੂਤ ਤੇ ਬਾ-ਦਲੀਲ ਵਾਰਤਾਲਾਪ ਰਾਹੀਂ ਮੈਨੂੰ ਮਨੁੱਖੀ ਸਮਾਜ ਦੇ ਵਿਕਾਸ ਸਬੰਧੀ ਆਪਣਾ ਤੇਜੱਸਵੀ ਸਿਧਾਂਤ ਸਮਝਾਇਆ ਸੀ। ਉਦੋਂ ਮੈਨੂੰ ਜਾਪਿਆ ਸੀ, ਜਿਵੇਂ ਮੇਰੀਆਂ ਅੱਖਾਂ ਤੋਂ ਪਰਦਾ ਲਹਿ ਗਿਆ ਹੋਵੇ। ਮੈਂ ਪਹਿਲੀ ਵਾਰ ਸੰਸਾਰ-ਇਤਿਹਾਸ ਦੇ ਮੰਤਕ ਨੂੰ ਸਪੱਸ਼ਟ ਤੌਰ ‘ਤੇ ਜਾਣਿਆਂ ਅਤੇ ਸਮਾਜਿਕ ਵਿਕਾਸ ਦੇ ਵਰਤਾਰਿਆਂ ਦਾ, ਜੋ ਦੇਖਣ ਨੂੰ ਇਨੇ ਅੰਤਰ-ਵਿਰੋਧੀ ਸਨ, ਉਨਾਂ ਦੇ ਪਦਾਰਥਕ ਕਾਰਨਾਂ ਨਾਲ਼ ਸੁਮੇਲ ਉਜਾਗਰ ਕਰ ਦਿੱਤਾ। ਮੈਂ ਹੈਰਾਨ ਰਹਿ ਗਿਆ ਤੇ ਉਸ ਦੀ ਮੁਹਰ-ਛਾਪ ਸਾਲਾਂ ਤੱਕ ਰਹੀ। 

ਜਦੋਂ ਮੈਂ ਪੂਰੀ ਸ਼ਕਤੀ ਦੀ ਵਰਤੋਂ ਕਰ ਕੇ ਮੈਡਰਿਡ ਦੇ ਸੋਸ਼ਲਿਸਟਾਂ5 ਸਾਹਮਣੇ ਮਾਰਕਸ ਦੇ ਉਸ ਸਭ ਤੋਂ ਵੱਧ ਰੌਸ਼ਨ ਸਿਧਾਂਤ ਦੀ ਵਿਆਖਿਆ ਕੀਤੀ, ਜੋ ਬੇਸ਼ੱਕ ਮਨੁੱਖੀ ਦਿਮਾਗ ਵੱਲੋਂ ਸਿਰਜਿਆ ਇੱਕ ਮਹਾਨ ਸਿਧਾਂਤ ਹੈ ਤਾਂ ਉਹਨਾਂ ਉੱਤੇ ਵੀ ਇਹੋ ਪ੍ਰਭਾਵ ਪਿਆ। 

ਮਾਰਕਸ ਦਾ ਦਿਮਾਗ ਇਤਿਹਾਸ ਅਤੇ ਪ੍ਰਕਿਰਤੀ ਵਿਗਿਆਨ ਦੇ ਤੱਥਾਂ ਤੇ ਦਾਰਸ਼ਨਿਕ ਸਿਧਾਂਤਾਂ ਦੇ ਅਸਧਾਰਨ ਭੰਡਾਰ ਨਾਲ਼ ਭਰਭੂਰ ਸੀ। ਵਰ੍ਹਿਆਂ ਦੇ ਬੌਧਿਕ ਕੰਮ ਦੌਰਾਨ ਇਕੱਠੇ ਕੀਤੇ ਗਿਆਨ ਤੇ ਧਿਆਨ ਦੀ ਵਰਤੋਂ ਕਰਨ ਵਿੱਚ ਉਹ ਅਦਭੁਤ ਸਮਰੱਥਾ ਰੱਖਦੇ ਸਨ। ਉਨਾਂ ਤੋਂ ਕਿਸੇ ਵੀ ਸਮੇਂ ਕਿਸੇ ਵੀ ਵਿਸ਼ੇ ਉੱਤੇ ਸਵਾਲ ਕਰ ਕੇ ਵੱਧ ਤੋਂ ਵੱਧ ਵੇਰਵੇ ਸਹਿਤ ਮਨ-ਚਾਹਿਆ ਉੱਤਰ ਪ੍ਰਾਪਤ ਕੀਤਾ ਜਾ ਸਕਦਾ ਸੀ, ਜੋ ਸਦਾ ਆਮ ਵਰਤੋਂ ਦੇ ਦਾਰਸ਼ਨਿਕ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਸੀ। ਉਹਨਾਂ ਦਾ ਦਿਮਾਗ ਚਿੰਤਨ ਦੇ ਕਿਸੇ ਵੀ ਖੇਤਰ ਵਿੱਚ ਕੁੱਦ ਪੈਣ ਲਈ ਬੰਦਰਗਾਹ ਵਿੱਚ ਭਾਫ-ਉਗਲਦੇ ਸਮੁੰਦਰੀ ਜ਼ਹਾਜ ਵਾਂਗ ਸੀ। 

ਬੇਸ਼ੱਕ, ”ਸਰਮਾਇਆ” ਦੇ ਰੂਪ ਵਿੱਚ ਸਾਨੂੰ ਹੈਰਾਨੀ-ਜਨਕ ਤੇਜ਼ ਤੇ ਪ੍ਰਪੱਕ ਗਿਆਨ ਨਾਲ਼ ਭਰਭੂਰ ਮੱਥੇ ਦੇ ਦਰਸ਼ਨ ਹੁੰਦੇ ਹਨ। ਪਰ ਮੇਰੇ ਲਈ ਤੇ ਮਾਰਕਸ ਨੂੰ ਨੇੜਿਓਂ! ਜਾਨਣ ਵਾਲ਼ੇ ਸਾਰੇ ਲੋਕਾਂ ਲਈ ਨਾ ਤਾਂ ”ਸਰਮਾਇਆ” ਅਤੇ ਨਾ ਹੀ ਕੋਈ ਹੋਰ ਕਿਰਤ ਉਹਨਾਂ ਦੀ ਪ੍ਰਤਿਭਾ ਦੀ ਸਾਰੀ ਵਿਸ਼ਾਲਤਾ ਤੇ ਉਹਨਾਂ ਦੇ ਗਿਆਨ ਦੀ ਸਾਰੀ ਸਮਰੱਥਾ ਨੂੰ ਜ਼ਾਹਰ ਕਰਦੀ ਹੈ। ਉਹ ਆਪਣੀਆਂ ਕਿਰਤਾਂ ਨਾਲ਼ੋਂ ਵੀ ਕਿਤੇ ਵਧੇਰੇ ਉੱਚੇ ਸਨ। 

ਮੈਂ ਮਾਰਕਸ ਨਾਲ਼ ਕੰਮ ਕੀਤਾ। ਮੈਂ ਕੇਵਲ ਲਿਖਣ ਵਾਲ਼ਾ ਸਾਂ ਜਿਸਨੂੰ ਉਹ ਬੋਲਕੇ ਲਿਖਾਂਉਦੇ ਸਨ। ਪਰ ਇਸ ਨਾਲ਼ ਮੈਨੂੰ ਉਹਨਾਂ ਦੇ ਸੋਚਣ ਤੇ ਲਿਖਣ ਢੰਗ ਨੂੰ ਦੇਖਣ ਦਾ ਮੌਕਾ ਮਿਲਿਆ। ਕੰਮ ਉਹਨਾਂ ਲਈ ਸੌਖਾ ਹੋਣ ਦੇ ਨਾਲ਼ ਨਾਲ਼ ਹੀ ਔਖਾ ਵੀ ਸੀ। ਸੌਖਾ ਇਸ ਲਈ ਕਿ ਢੁਕਵੇਂ ਤੱਥਾਂ ਤੇ ਵਿਚਾਰਾਂ ਨੂੰ ਉਹਨਾਂ ਦੀ ਪੂਰਨਤਾ ਤੱਕ ਗ੍ਰਹਿਣ ਕਰਨਾ ਉਨਾਂ ਦੇ ਦਿਮਾਗ ਲਈ ਸੌਖਾ ਸੀ। ਪਰ ਇਹ ਪੂਰਨਤਾ ਹੀ ਉਹਨਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਲੰਮਾ ਤੇ ਕਠਿਨ ਕੰਮ ਬਣਾ ਦਿੰਦੀ ਸੀ….। 

ਮਾਰਕਸ ਵਿਸ਼ੇ ਦੇ ਸਾਰ-ਤੱਤ ਨੂੰ ਗ੍ਰਹਿਣ ਕਰਦੇ ਸਨ। ਉਹ ਕੇਵਲ ਸਤਹੀ ਨਹੀਂ ਸਗੋਂ ਉਸ ਦੀ ਧੁਰ ਜੜ੍ਹ ਤੱਕ ਸੋਚਦੇ ਸਨ। ਉਹ ਸਮੁੱਚ ਦੇ ਹਿੱਸੇਦਾਰ ਅੰਗਾਂ ਨੂੰ ਉਹਨਾਂ ਦੇ ਆਪਸੀ ਕਰਮ-ਪ੍ਰਤੀਕਰਮ ਦੇ ਪ੍ਰਸੰਗ ਵਿੱਚ ਪਰਖਦੇ। ਉਹ  ਉਹਨਾਂ ਵਿੱਚੋਂ ਸਭ ਨੂੰ ਅੱਡ ਅੱਡ ਕਰਕੇ ਉਹਨਾਂ ਦੇ ਵਿਕਾਸ ਦੇ ਇਤਿਹਾਸ ਦਾ ਪਤਾ ਲਾਉਂਦੇ ਸਨ। ਉਸ ਤੋਂ ਬਾਅਦ ਉਹ ਵਿਸ਼ੇ ਤੋਂ ਉਸ ਦੇ ਆਲ਼ੇ-ਦੁਆਲ਼ੇ ਵਿੱਚ ਜਾਂਦੇ ਤੇ ਉਹਨਾਂ ਦੇ ਆਪਸੀ ਪ੍ਰਤੀਕਰਮ ਦਾ ਨਿਰੀਖਣ ਕਰਦੇ ਤੇ ਫਿਰ ਉਹ ਵਿਸ਼ੇ ਦੇ ਮੁੱਢ ਵੱਲ ਪਰਤਦੇ, ਉਸ ਵਿੱਚ ਵਾਪਰੀਆਂ ਤਬਦੀਲੀਆਂ ਤੇ ਘਟਨਾਵਾਂ ਦੇ ਵਿਕਾਸ ਦਾ ਪਤਾ ਲਾਉਂਦੇ ਅਤੇ ਅੰਤ ਵਿੱਚ ਉਸ ਦੇ ਦੂਰ-ਰਸ  ਪ੍ਰਭਾਵਾਂ ਦੀ ਜਾਂਚ ਵੱਲ ਵਧਦੇ। ਉਹ ਵਿਸ਼ੇ ਨੂੰ ਇਕੱਲੇ-ਇਕਹਿਰੇ ਤੌਰ ‘ਤੇ ਉਸ ਵਿੱਚ ਅਤੇ ਉਸੇ ਲਈ, ਉਸ ਦੇ ਮੁੱਢ ਨਾਲ਼ੋਂ ਵੱਖਰੇ ਕਰ ਕੇ ਨਹੀਂ ਸਗੋਂ ਇੱਕ ਅਤਿਅੰਤ ਗੁੰਝਲਦਾਰ, ਲਗਾਤਾਰ ਗਤੀਵਾਨ ਸੰਸਾਰ ਦੇ ਪ੍ਰਸੰਗ ਵਿੱਚ ਦੇਖਦੇ। 

ਮਾਰਕਸ ਉਸ ਪੂਰੇ ਸੰਸਾਰ ਨੂੰ ਉਸ ਦੀ ਸਮੁੱਚਤਾ ਤੇ ਲਗਾਤਾਰ ਵਧਦੇ ਘਟਦੇ ਕਰਮ ਤੇ ਪ੍ਰਤੀਕਰਮ ਵਿੱਚੋਂ ਵੇਖਦੇ। ਫਲੋਬੇਅਰ ਤੇ ਗੋਂਕੂਰ ਦੀ ਪ੍ਰੰਪਰਾ ਦੇ ਸਾਹਿਤਕਾਰ ਸ਼ਿਕਾਇਤ ਕਰਦੇ ਹਨ ਕਿ ਜੋ ਕੁੱਝ ਦਿਸਦਾ ਹੈ ਉਸਦਾ ਠੀਕ-ਠੀਕ ਵਰਨਣ ਕਰਨਾ ਕਿੰਨਾ ਔਖਾ ਹੈ। ਪਰ ਜੋ ਕੁੱਝ ਉਹ ਵਰਨਣ ਕਰਨਾ ਚਾਹੁੰਦੇ ਹਨ, ਉਹ ਸਿਰਫ ਸਤਹੀ ਹੈ, ਸਿਰਫ ਉਨਾਂ ਦੇ ਮਨ ਉੱਤੇ ਪਈ ਛਾਪ ਦਾ ਅਹਿਸਾਸ ਹੈ। ਉਹਨਾਂ ਦੀ ਸਾਹਿਤਕ ਕਿਰਤ ਮਾਰਕਸ ਦੀ ਕਿਰਤ ਦੇ ਮੁਕਾਬਲੇ ਬੱਚਿਆਂ ਵਾਲ਼ੀ ਖੇਡ ਹੈ। ਯਥਾਰਥ ਨੂੰ ਇੰਨੀ ਡੂੰਘਾਈ ਨਾਲ਼ ਸਮਝਣ ਲਈ ਅਸਾਧਾਰਨ ਚਿੰਤਨ-ਸ਼ਕਤੀ ਦੀ ਲੋੜ ਸੀ ਅਤੇ ਜੋ ਕੁੱਝ ਉਹਨਾਂ ਦੇਖਿਆ ਤੇ ਕਹਿਣਾ ਚਾਹਿਆ, ਉਸਦੇ ਵਰਨਣ ਲਈ ਨਿਵੇਕਲੀ ਕਿਸਮ ਦੀ ਕਲਾ ਦੀ ਲੋੜ ਕੋਈ ਛੋਟੀ ਲੋੜ ਨਹੀਂ ਸੀ। ਮਾਰਕਸ ਆਪਣੀ ਕਿਰਤ ਤੋਂ ਕਦੇ ਸੰਤੁਸ਼ਟ ਨਹੀਂ ਸਨ ਹੁੰਦੇ, ਉਸ ਤੋਂ ਬਾਅਦ ਵੀ ਸਦਾ ਤਬਦੀਲੀ ਕਰਦੇ ਰਹਿੰਦੇ ਸਨ ਤੇ ਲਗਾਤਾਰ ਦੇਖਦੇ ਸਨ ਕਿ ਉਹਨਾਂ ਦੀ ਵਿਆਖਿਆ ਉਹਨਾਂ ਦੇ ਚਿੰਤਨ ਦੀ ਉਚਾਈ ਤੱਕ ਨਹੀਂ ਪਹੁੰਚ ਸਕਦੀ।

ਮਾਰਕਸ ਵਿੱਚ ਇੱਕ ਤੇਜੱਸਵੀ ਚਿੰਤਕ ਦੇ ਦੋ ਗੁਣ ਮੌਜੂਦ ਸਨ। ਉਹ ਵਿਸ਼ੇ-ਵਸਤੂ ਨੂੰ ਉਸ ਦੇ ਹਿੱਸੇਦਾਰ ਅੰਗਾਂ ਵਿੱਚ ਬੇ-ਮਿਸਾਲ ਪ੍ਰਤਿਭਾ ਨਾਲ਼ ਵੰੰਡ ਲੈਂਦੇ ਸਨ ਤੇ ਬਾਅਦ ਵਿੱਚ ਉਸ ਦੇ ਸਾਰੇ ਵੇਰਵਿਆਂ ਤੇ ਉਸ ਦੇ ਵਿਕਾਸ ਦੇ ਅੱਡ-ਅੱਡ ਰੂਪਾਂ ਸਮੇਤ ਉਹਨਾਂ ਦੀ ਅੰਦਰੂਨੀ ਪ੍ਰਸਪਰ-ਨਿਰਭਰਤਾ ਨੂੰ ਜਾਹਰ ਕਰਦੇ ਉਹਨਾਂ ਨੂੰ ਮੁੜ ਜਥੇਬੰਦ ਕਰ ਦਿੰਦੇ । ਉਹਨਾਂ ਦਾ ਤਰਕ ਖਿਆਲੀ ਨਹੀਂ ਸੀ, ਜਿਵੇਂ ਕਿ ਚਿੰਤਨ ਕਰਨ ਵਿੱਚ ਅਸਮਰੱਥ ਰਹਿੰਦੇ ਅਰਥ-ਸ਼ਾਸਤਰੀ ਦਾਅਵਾ ਕਰਦੇ ਸਨ। ਉਨਾਂ ਦਾ ਢੰਗ ਤਰੀਕਾ ਕਿਸੇ ਪੱਕੇ ਰੇਖਾ-ਗਿਆਨੀ ਵਾਲ਼ਾ ਨਹੀਂ ਸੀ ਜੋ ਆਪਣੀਆਂ ਪ੍ਰੀਭਾਸ਼ਾਵਾਂ ਆਪਣੇ ਆਲ਼ੇ-ਦੁਆਲ਼ੇ ਤੋਂ ਲੈਂਦਾ ਹੈ ਤੇ ਆਪਣੇ ਸਿੱਟੇ ਕੱਢਣ ਵਿੱਚ ਯਥਾਰਥ ਨੂੰ ਪੂਰੀ ਤਰਾਂ ਨਜ਼ਰਅੰਦਾਜ ਕਰਦਾ ਹੈ। ”ਸਰਮਾਇਆ” ਵਿੱਚ ਅਸੀਂ ਖੰਡਿਤ ਤੇ ਖਿੰਡੀਆਂ ਪੁੰਡੀਆਂ ਪ੍ਰੀਭਾਸ਼ਾਵਾਂ ਦੇ ਫਾਰਮੂਲੇ ਨਹੀਂ ਦੇਖਦੇ ਸਗੋਂ ਯਥਾਰਥ ਦਾ ਚੋਟੀ ਦਾ ਸੂਖਮ ਲੜੀ-ਬੱਧ ਵਿਸ਼ਲੇਸ਼ਣ ਦੇਖਦੇ ਹਾਂ ਜੋ ਵੱਧ ਤੋਂ ਵੱਧ ਹਲਕੇ ਰੰਗਾਂ ‘ਤੇ ਛੋਟੇ-ਛੋਟੇ ਅੰਤਰਾਂ ਨੂੰ ਸਾਹਮਣੇ ਲਿਆਉਂਦਾ ਹੈ। 

ਮਾਰਕਸ ਇਸ ਪ੍ਰਤੱਖ ਹਕੀਕਤ ਦੇ ਕਥਨ ਤੋਂ ਆਰੰਭ ਕਰਦੇ ਹਨ ਕਿ ਉਸ ਸਮਾਜ ਦੀ ਦੌਲਤ, ਜਿਸ ਵਿੱਚ ਪੂੰਜੀਵਾਦੀ ਪੈਦਾਵਾਰੀ -ਪ੍ਰਣਾਲ਼ੀ ਦਾ ਬੋਲਬਾਲਾ ਹੈ, ਵਿਆਪਕ ਪੱਧਰ ‘ਤੇ ਜਿਣਸਾਂ ਦੇ ਇਕੱਠੇ ਹੋਣ ਤੋਂ ਦਿਸਦੀ ਹੈ। ਜਿਣਸ, ਜਿਹੜੀ ਕਿ ਨਿਰਾ ਹਿਸਾਬੀ ਖਾਮ-ਖਿਆਲੀ ਨਹੀਂ ਸਗੋਂ ਠੋਸ ਪਦਾਰਥ ਹੈ, ਪੂੰਜੀਵਾਦੀ ਦੌਲਤ ਦਾ ਇੱਕ ਅੰਗ ਹੈ, ਉਸਦਾ ਮੁਢਲਾ ਬੀਜ਼ ਹੈ। ਮਾਰਕਸ ਇਸ ਜਿਣਸ ਨੂੰ ਪਕੜਦੇ ਹਨ, ਉਸ ਨੂੰ ਹਰ ਪਹਿਲੂ ਤੋਂ ਉਲ਼ਟ-ਪੁਲ਼ਟ ਕੇ ਦੇਖਦੇ ਹਨ, ਜਿੱਥੋਂ ਤੱਕ ਕਿ ਉਸ ਦੇ ਅੰਦਰ-ਬਾਹਰ ਨੂੰ ਪਲਟ ਕੇ ਰੱਖ ਦਿੰਦੇ ਹਨ ਅਤੇ ਉਸ ਦੇ ਭੇਦਾਂ ਨੂੰ ਇੱਕ ਤੋਂ ਬਾਅਦ ਇੱਕ ਨੰਗੇ ਕਰਦੇ ਜਾਂਦੇ ਹਨ ਜਿਹਨਾਂ ਬਾਰੇ ਅਧਿਕਾਰਤ ਅਰਥਸ਼ਾਸਤਰੀ ਜ਼ਰਾ ਵੀ ਜਾਣੂ ਨਹੀਂ ਸਨ ਭਾਵੇਂ ਇਹ ਭੇਤ ਕੈਥੋਲਿਕ ਧਰਮ ਦੇ ਭੇਦਾਂ ਨਾਲ਼ੋਂ ਵਧੇਰੇ ਗਿਣਤੀ ਵਾਲ਼ੇ ਤੇ ਡੂੰਘੇ ਹਨ। ਜਿਣਸ ਦੇ ਸਵਾਲ ਦੀ ਸਰਵ-ਪੱਖੀ ਸਮੀਖਿਆ ਕਰਕੇ ਉਹ ਵਟਾਂਦਰੇ ਵਿੱਚ ਇੱਕ ਜਿਣਸ ਨਾਲ਼ ਦੂਜੀ ਜਿਣਸ ਦੇ ਸਬੰਧਾਂ ‘ਤੇ ਵਿਚਾਰ ਕਰਦੇ ਹਨ ਅਤੇ ਫਿਰ ਉਸ ਦੇ ਉਤਪਾਦਨ ਤੇ ਉਸ ਉਤਪਾਦਨ  ਦੇ ਵਿਕਾਸ ਦੀਆਂ ਇਤਿਹਾਸਕ ਸ਼ਰਤਾਂ ਵੱਲ ਆਉਂਦੇ ਹਨ। ਉਹ ਜਿਣਸ ਦੀ ਹੋਂਦ ਦੇ ਰੂਪਾਂ ‘ਤੇ ਵਿਚਾਰ ਕਰਕੇ ਦਰਸਾਉਂਦੇ ਹਨ ਕਿ ਕਿਵੇਂ ਉਹਨਾਂ ਵਿੱਚੋਂ ਇੱਕ ਰੂਪ ਦੂਸਰੇ ਰੂਪ ਵਿੱਚ ਵਟਦਾ ਹੈ, ਕਿਵੇਂ ਇੱਕ ਰੂਪ ਦੂਜੇ ਰੂਪ ਨੂੰ ਜਨਮ ਦਿੰਦਾ ਹੈ। ਉਹ ਵਪਾਰਾਂ ਦੇ ਵਿਕਾਸ ਦੀ ਮੰਤਕੀ ਗਤੀ ਨੂੰ ਇੰਨੀ ਖੁਸ਼ੀ ਤੇ ਕਮਾਲ ਨਾਲ਼ ਪੇਸ਼ ਕਰਦੇ ਹਨ ਕਿ ਉਹ ਖੁਦ ਮਾਰਕਸ ਦੀ ਕਲਪਨਾ ਜਾਪਦੀ ਹੈ, ਪਰ ਫਿਰ ਵੀ ਉਹ ਯਥਾਰਥ ਦੀ ਦੇਣ ਹੈ, ਜਿਣਸ ਦੀ ਅਸਲ ਦਵੰਦਾਤਮਕਤਾ ਦੀ ਹਕੀਕਤ ਤੇ ਉਪਜ ਹੈ। 

ਮਾਰਕਸ ਆਪਣੇ ਕੰਮ ਪ੍ਰਤੀ ਹਮੇਸ਼ਾ ਬਹੁਤ ਸੱਚੇ ਸਨ। ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਹਰ ਤੱਥ, ਹਰ ਅੰਕੜਾ ਸਭ ਤੋਂ ਭਰੋਸੇਯੋਗ ਅਧਿਕਾਰੀਆਂ ਦੇ ਹਵਾਲਿਆਂ ਨਾਲ਼ ਸਿੱਧ ਹੁੰਦਾ ਸੀ। ਉਹ ਅਸਿੱਧੀ ਸੂਚਨਾ ਨਾਲ਼ ਸੰਤੁਸ਼ਟ ਨਹੀਂ ਸਨ ਹੁੰਦੇ। ਉਹ ਹਮੇਸ਼ਾ ਖੁਦ ਮੂਲ ਸ੍ਰੋਤ ਤੱਕ ਪਹੁੰਚਦੇ, ਚਾਹੇ ਉਸ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਪੇਸ਼ ਆਉਣ। ਕਿਸੇ ਛੋਟੇ ਜਿਹੇ ਤੱਥ ਦੀ ਪੁਸ਼ਟੀ ਲਈ ਵੀ ਉਹ ਬਰਤਾਨਵੀ ਮਿਊਜੀਅਮ ਵਿੱਚ ਪੁਸਤਕਾਂ ਦੇਖਣ ਜਾਂਦੇ। ਉਹਨਾਂ ਦੇ ਅਲੋਚਕ ਇਹ ਕਦੇ ਸਿੱਧ ਨਹੀਂ ਕਰ ਸਕੇ ਕਿ ਉਹ ਲਾਪ੍ਰਵਾਹ ਸਨ ਜਾਂ ਆਪਣੀਆਂ ਦਲੀਲਾਂ ਨੂੰ ਅਜਿਹੇ ਤੱਥਾਂ ਉੱਤੇ ਅਧਾਰਤ ਕਰਦੇ ਸਨ ਜੋ ਜਾਂਚ ਦੀ ਕਰੜੀ ਕਸੌਟੀ ‘ਤੇ ਖਰੇ ਨਾ ਉੱਤਰ ਸਕਣ। 

ਮੂਲ-ਸ੍ਰੋਤ ਤੱਕ ਪਹੁੰਚਣ ਦੀ ਇਸੇ ਆਦਤ ਅਨੁਸਾਰ ਉਹ ਅਕਸਰ ਅਜਿਹੇ ਲੇਖਕਾਂ ਨੂੰ ਪੜ੍ਹਿਆ ਕਰਦੇ ਜੋ ਬਹੁਤ ਘੱਟ ਪ੍ਰਸਿੱਧ ਸਨ ਤੇ ਜਿਹਨਾਂ ਦਾ ਹਵਾਲਾ ਦੇਣ ਵਾਲ਼ੇ ਉਹ ਇਕੱਲੇ ਹੀ ਸਨ। ”ਸਰਮਾਇਆ” ਵਿੱਚ ਅਜਿਹੇ ਇਨੇ ਵੱਧ ਹਵਾਲੇ ਹਨ ਕਿ ਇਹ ਗੁਮਾਨ ਹੋ ਸਕਦਾ ਹੈ ਕਿ ਉਹਨਾਂ ਆਪਣੇ ਵਿਆਪਕ ਅਧਿਐਨ ਦਾ ਦਿਖਾਵਾ ਕਰਨ ਲਈ ਜਾਣ ਬੁੱਝ ਕੇ ਉਹਨਾਂ ਦੇ ਹਵਾਲੇ ਦਿੱਤੇ। ਮਾਰਕਸ ਅਜਿਹਾ ਕੁੱਝ ਨਹੀਂ ਕਰਦੇ ਸਨ। ਉਹ ਕਹਿੰਦੇ ਸਨ, ”ਮੈਂ ਤਾਂ ਇਤਿਹਾਸਕ ਨਿਆਂ ਵਰਤਦਾ ਹਾਂ, ਹਰੇਕ ਨੂੰ ਉਸ ਦੀ ਯੋਗ ਥਾਂ ਦਿੰਦਾ ਹਾਂ।” ਉਹ ਆਪਣੇ  ਆਪ ਨੂੰ ਉਸ ਲੇਖਕ ਦੇ ਨਾਂਅ ਦਾ ਹਵਾਲਾ ਦੇਣ ਦੇ ਪਾਬੰਦ ਸਮਝਦੇ ਸਨ, ਚਾਹੇ ਉਹ ਲੇਖਕ ਕਿੰਨਾ ਵੀ ਨਿਗੁਣਾ ਤੇ ਗੁਮਨਾਮ ਕਿਉਂ ਨਾ ਹੋਵੇ, ਜਿਸ ਨੇ ਕਿਸੇ ਵਿਚਾਰ ਨੂੰ ਸਭ ਤੋਂ ਪਹਿਲਾਂ ਪਰਗਟ ਕੀਤਾ ਹੈ ਜਾਂ ਉਸ ਨੂੰ ਵੱਧ ਤੋਂ ਵੱਧ ਸਹੀ ਢੰਗ ਨਾਲ਼ ਪ੍ਰਗਟਾਇਆ ਹੋਵੇ। 

ਮਾਰਕਸ ਦੀ ਸਾਹਿਤਕ ਇਮਾਨਦਾਰੀ ਵੀ ਇੰਨੀ ਹੀ ਜ਼ਬਰਦਸਤ ਸੀ ਜਿੰਨੀ ਵਿਗਿਆਨਕ ਇਮਾਨਦਾਰੀ। ਕੇਵਲ ਇਨਾ ਹੀ ਨਹੀਂ ਕਿ ਉਹਨਾਂ ਕਦੇ ਕਿਸੇ ਅਜਿਹੇ ਤੱਥ ਦਾ ਹਵਾਲਾ ਨਹੀਂ ਦਿੱਤਾ ਜਿਸ ਦਾ ਉਹਨਾਂ ਨੂੰ ਪੂਰਾ ਯਕੀਨ ਨਾ ਹੋਵੇ, ਸਗੋਂ ਪਹਿਲਾਂ ਪੂਰਾ ਅਧਿਐਨ ਕੀਤੇ ਬਿਨਾਂ ਉਹ ਕਿਸੇ ਵਿਸ਼ੇ ਉੱਤੇ ਗੱਲ ਕਰਨ ਦੀ ਇਜ਼ਾਜਤ ਨਹੀਂ ਲੈਂਦੇ ਸਨ। ਉਹਨਾਂ ਨੇ ਵਾਰ-ਵਾਰ ਸੋਧਣ ਤੋਂ ਬਿਨਾਂ ਆਪਣੀ ਇੱਕ ਵੀ ਕਿਰਤ ਨਹੀਂ ਛਪਾਈ। ਕਿਸੇ ਕੱਚੀ ਚੀਜ਼ ਨੂੰ ਲੈ ਕੇ ਜਨਤਾ ਸਾਹਮਣੇ ਲਿਆਉਣ ਦਾ ਵਿਚਾਰ ਉਹਨਾਂ ਲਈ ਅਸਹਿ ਸੀ। ਆਪਣੇ ਹੱਥ-ਖਰੜੇ ਨੂੰ ਚੰਗੀ ਤਰਾਂ ਮਾਂਜੇ ਸਵਾਰੇ ਬਿਨਾਂ ਦਿਖਾਉਣਾ ਤਾਂ ਉਹਨਾਂ ਲਈ ਸਜਾ ਸੀ। ਇਸ ਸਬੰਧ ਵਿੱਚ ਤਾਂ ਉਹ ਇਨੇ ਕਠੋਰ ਸਨ ਕਿ ਉਹਨਾਂ ਇੱਕ ਦਿਨ ਮੈਨੂੰ ਕਿਹਾ ਕਿ ਮੈਂ ਆਪਣੇ ਖਰੜੇ ਨੂੰ ਅਧੂਰਾ ਛੱਡ ਦੇਣ ਨਾਲ਼ੋਂ ਉਸ ਨੂੰ ਸਾੜ ਦੇਣਾ ਬਿਹਤਰ ਸਮਝਦਾ ਹਾਂ। 

ਉਹਨਾਂ ਦਾ ਕੰਮ ਕਰਨ ਦਾ ਢੰਗ ਅਕਸਰ ਉਹਨਾਂ ਉੱਤੇ ਅਜਿਹੇ ਕੰਮ ਲੱਦ ਦਿੰਦਾ ਸੀ, ਜਿਨਾਂ ਦੀ ਵਿਸ਼ਾਲਤਾ ਦੀ ਕਲਪਨਾ ਕਰ ਸਕਣਾ ਵੀ ਪਾਠਕ ਲਈ ਮੁਸ਼ਕਲ ਹੈ। ਮਿਸਾਲ ਵਜੋਂ, ”ਸਰਮਾਇਆ” ਵਿੱਚ ਬ੍ਰਿਟਿਸ਼ ਫੈਕਟਰੀ ਕਾਨੂੰਨ ਬਾਰੇ ਲੱਗਭੱਗ 20 ਸਫੇ ਲਿਖਣ ਲਈ ਉਹਨਾਂ ਇੰਗਲੈਂਡ ਤੇ ਸਕਾਟਲੈਂਡ ਦੇ ਮਜ਼ਦੂਰ ਕਮਿਸ਼ਨਾਂ ਤੇ ਫੈਕਟਰੀ ਇੰਸਪੈਕਟਰਾਂ ਦੀਆਂ ਸਰਕਾਰੀ ਰਿਪੋਰਟਾਂ ਦੇ ਢੇਰ ਪੜ੍ਹ ਸੁਟੇ। ਉਹਨਾਂ

ਇਹਨਾਂ ਨੂੰ ਸ਼ੁਰੂ ਤੋਂ ਅਖੀਰ ਤੱਕ ਪੜ੍ਹਿਆ, ਜਿਵੇਂ ਕਿ ਉਹਨਾਂ ਵਿੱਚ ਲਗੇ ਪੈਨਸਲ ਦੇ ਨਿਸ਼ਾਨਾਂ ਤੋਂ ਪ੍ਰਤੱਖ ਹੈ। ਉਹਨਾਂ ਰੀਪੋਰਟਾਂ ਨੂੰ ਉਹ ਪੈਦਾਵਾਰ ਦੀ ਪੂੰਜੀਵਾਦੀ ਪ੍ਰਣਾਲੀ ਦੇ ਅਧਿਐਨ ਲਈ ਸਭ ਤੋਂ ਵੱਧ ਮਹੱਤਵਪੁਰਣ ਤੇ ਪ੍ਰਮਾਣਿਕ ਦਸਤਾਵੇਜਾਂ ਮੰਨਦੇ ਸਨ। ਇਹ ਦਸਤਾਵੇਜਾਂ ਜਿਹਨਾਂ ਵਲੋਂ ਤਿਆਰ ਕੀਤੀਆਂ ਗਈਆਂ ਸਨ ਉਹਨਾਂ ਬਾਰੇ ਮਾਰਕਸ ਦੀ ਰਾਏ ਏਨੀ ਉੱਚੀ ਸੀ ਕਿ ਉਹਨਾਂ ਨੂੰ ”ਬ੍ਰਿਟਿਸ਼ ਫੈਕਟਰੀ ਇਨਸਪੈਕਰਾਂ ਜਿਹੇ ਯੋਗ, ਨਿਰਪੱਖ ਤੇ ਦ੍ਰਿੜ੍ਹ ਨਿਸ਼ਚੇ ਵਾਲੇ ਵਿਅਕਤੀ ਯੂਰਪ ਦੇ ਕਿਸੇ ਦੂਸਰੇ ਦੇਸ਼ ਵਿੱਚ ਮਿਲਣ” ਦੀ ਸੰਭਾਵਨਾਂ ਬਾਰੇ ਸ਼ੱਕ ਸੀ। ਉਹਨਾਂ ”ਸਰਮਾਇਆ” ਦੇ ਮੁੱਖ-ਬੰਦ ਵਿੱਚ ਉਹਨਾਂ ਦੀ ਪ੍ਰਸੰਸ਼ਾ ਕੀਤੀ ਹੈ।

ਮਾਰਕਸ ਨੇ ਉਹਨਾਂ ਹੀ ਸਰਕਾਰੀ ਰੀਪੋਰਟਾਂ ਤੋਂ ਇਕੱਠੀਆਂ ਕੀਤੀਆਂ ਸੂਚਨਾਵਾਂ ਦਾ ਇਕ ਭੰਡਾਰ ਪ੍ਰਾਪਤ ਕਰ ਲਿਆ। ਇਹਨਾਂ ਰੀਪੋਰਟਾਂ ਦੀਆਂ ਕਾਪੀਆਂ ਮੁਫਤ ਪ੍ਰਾਪਤ ਕਰਨ ਵਾਲੇ ਪਾਰਲੀਮੈਂਟ ਦੇ ਅਨੇਕਾਂ ਮੈਂਬਰ ਉਹਨਾਂ ਨੂੰ ਕੇਵਲ ਚਾਂਦਮਾਰੀ ਲਈ ਹੀ ਵਰਤਦੇ ਸਨ ਅਤੇ ਛੇਕੇ ਹੋਏ ਸਫ਼ਿਆਂ ਦੀ ਗਿਣਤੀ ਤੋਂ ਪਿਸਤੌਲ ਦੀ ਮਾਰੂ-ਸ਼ਕਤੀ ਦਾ ਹਿਸਾਬ ਲਾਉਂਦੇ ਸਨ। ਕੁਝ ਹੋਰ ਮੈਂਬਰ ਉਹਨਾਂ ਨੂੰ ਰੱਦੀ ਦੇ ਭਾਅ ਵੇਚ ਦਿੰਦੇ, ਅਤੇ ਇਹੋ ਸਭ ਤੋਂ ਵੱਧ ਸਮਝਦਾਰੀ ਵਾਲੀ ਗੱਲ ਸੀ ਜਿਹੜੀ ਉਹ ਕਰ ਸਕਦੇ ਸਨ ਕਿਉਂਕਿ ਇਸ ਤਰ੍ਹਾਂ ਮਾਰਕਸ ਉਹਨਾਂ ਨੂੰ ਲਾਂਗ ਏਕਰ ਵਿਚ ਪੁਰਾਣੀਆਂ ਕਿਤਾਬਾਂ ਤੇ ਦਸਤਾਵੇਜ਼ਾਂ ਦੀਆਂ ਦੁਕਾਨਾਂ ਤੋਂ,ਜਿੱਥੇ ਉਹ ਉਹਨਾਂ ਦੀ ਭਾਲ਼ ‘ਚ ਜਾਂਦੇ ਤੇ ਸਸਤੇ ਭਾਅ ਖਰੀਦ ਸਕਦੇ ਹਨ। ਪ੍ਰੋਫੈਸਰ ਬੀਸਲੇ ਦਾ ਕਹਿਣਾ ਹੈ ਕਿ ਮਾਰਕਸ ਨੇ ਹੀ ਬਰਤਾਨੀਆਂ ਦੀਆਂ ਸਰਕਾਰੀ ਜਾਂਚ ਰਿਪੋਰਟਾਂ ਦਾ ਵੱਧ ਤੋਂ ਵੱਧ ਅਧਿਐਨ ਕੀਤਾ ਅਤੇ ਦੁਨੀਆਂ ਨੂੰ ਉਹਨਾਂ ਦੀ ਜਾਣਕਾਰੀ ਦਿੱਤੀ। ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ 1845 ਤੋਂ ਪਹਿਲਾਂ ਹੀ ਬਰਤਾਨੀਆਂ ਦੀ ਮਜ਼ਦੂਰ ਜਮਾਤ ਦੀ ਦਸ਼ਾ ਉੱਤੇ ਆਪਣੀ ਪੁਸਤਕ ਲਿਖਦੇ ਸਮੇਂ ਏਂਗਲਜ਼ ਨੇ ਇਹਨਾਂ ਸਰਕਾਰੀ ਰਿਪੋਰਟਾਂ ਵਿੱਚੋਂ ਅਨੇਕਾਂ ਦਸਤਾਵੇਜ਼ਾਂ ਲਈਆਂ ਸਨ।

2.

ਮਾਰਕਸ ਦੇ ਸੀਨੇ ਵਿੱਚ ਧੜਕਦੇ ਦਿਲ ਨੂੰ ਜਾਨਣ ਤੇ ਪਿਆਰ ਕਰਨ ਲਈ ਤੁਹਾਡੇ ਲਈ ਉਹ ਸਮਾਂ ਦੇਖਣਾ ਜ਼ਰੂਰੀ ਹੈ ਜਦੋਂ ਉਹ ਆਪਣੀਆਂ ਕਿਤਾਬਾਂ ਤੇ ਡਾਇਰੀਆਂ ਬੰਦ ਕਰਕੇ ਆਪਣੇ ਪਰਿਵਾਰ ਵਿੱਚ, ਜਾਂ ਐਤਵਾਰ ਦੀਆਂ ਸ਼ਾਮਾਂ ਨੂੰ ਆਪਣੇ ਦੋਸਤਾਂ ਨਾਲ਼ ਹੁੰਦੇ ਸਨ। ਉਸ ਸਮੇਂ ਉਹ ਬਹੁਤ ਹੀ ਖੁਸ਼-ਗੁਆਰ ਸੰਗੀ ਸਾਬਤ ਹੁੰਦੇ ਸਨ¸ਹਾਜ਼ਰ ਦਿਮਾਗ, ਮਜ਼ਾਕ-ਪਸੰਦ ਤੇ ਦਿਲ ਖੋਲ੍ਹ ਕੇ ਹੱਸਣ ਵਿੱਚ ਸਮਰੱਥ। ਗੱਲਬਾਤ ਦੌਰਾਨ ਕੋਈ ਟੇਢੀ ਟਿੱਚਰ ਜਾਂ ਜਵਾਬੀ ਫ਼ਬਤੀ ਸੁਣ ਕੇ ਉਹਨਾਂ ਦੇ ਝੁਕੇ ਹੋਏ ਸੰਘਣੇ ਭਰਵੱਟਿਆਂ ਦੇ ਹੇਠਾਂ ਕਾਲ਼ੀਆਂ-ਕਾਲ਼ੀਆਂ ਅੱਖਾਂ ਖੁਸ਼ੀ ਤੇ ਵਿਅੰਗ ਨਾਲ਼ ਚਮਕ ਉਠਦੀਆਂ ਸਨ।  

ਉਹ ਸਨੇਹੀ ਤੇ ਦਿਆਲੂ ਪਿਤਾ ਸਨ। ਉਹ ਕਿਹਾ ਕਰਦੇ ਸਨ ਕਿ ”ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨੂੰ ਸਿੱਖਿਆ ਦੇਣੀ ਚਾਹੀਦੀ ਹੈ।” ਉਹਨਾਂ ਪ੍ਰਤੀ ਉਹਨਾਂ ਦੀਆਂ ਧੀਆਂ ਦਾ ਪਿਆਰ ਅਸਧਾਰਣ ਸੀ ਜਿਹਨਾਂ ਨਾਲ਼ ਉਹਨਾਂ ਦੇ ਸਬੰਧਾਂ ਵਿੱਚ ਹਾਕਮ ਪਿਤਾ ਦੀ ਕਦੇ ਝਲਕ ਵੀ ਨਹੀਂ ਸੀ। ਉਹ ਕਦੇ ਉਹਨਾਂ ਨੂੰ ਕੋਈ ਹੁਕਮ ਨਹੀਂ ਸਨ ਦਿੰਦੇ। ਜੇ ਉਹਨਾਂ ਨੂੰ ਕੁੱਝ ਕਹਿੰਦੇ ਸਨ ਤਾਂ ਸ਼ੁਕਰਾਨੇ ਵਜੋਂ ਕਰਵਾਉਂਦੇ ਸਨ ਅਤੇ ਜੋ ਕਦੇ ਕਿਸੇ ਕੰਮ ਤੋਂ ਰੋਕਦੇ ਸਨ ਤਾਂ ਉਹਨਾਂ ਨੂੰ ਮਹਿਸੂਸ ਕਰਾਉਂਦੇ ਸਨ ਕਿ ਉਹ ਨਹੀਂ ਕਰਨਾ ਚਾਹੀਦਾ। ਪਰ ਇਸ ਦੇ ਬਾਵਜੂਦ ਕਿਸੇ ਨੂੰ ਵਿਰਲੇ ਹੀ ਉਹਨਾਂ ਵਰਗੇ ਆਗਿਆਕਾਰੀ ਬੱਚੇ ਨਸੀਬ ਹੋਣਗੇ। ਧੀਆਂ ਉਹਨਾਂ ਨੂੰ ਆਪਣਾ ਦੋਸਤ ਸਮਝਦੀਆਂ ਤੇ ਉਹਨਾਂ ਨਾਲ਼ ਸਹੇਲੀਆਂ ਜਿਹਾ ਵਰਤਾਓ ਕਰਦੀਆਂ ਉਹ ਉਹਨਾਂ ਨੂੰ ਪਿਤਾ ਨਹੀਂ ਸਗੋਂ ”ਮੂਰ” ਕਹਿੰਦੀਆਂ ਸਨ ਇਹ ਮਜ਼ਾਕੀਆ ਨਾਂਅ ਉਹਨਾਂ ਨੂੰ ਆਪਣੇ ਸਾਂਵਲੇ ਰੰਗ ਤੇ ਗਹਿਰੇ ਕਾਲ਼ੇ ਵਾਲ਼ਾਂ ਤੇ ਦਾੜ੍ਹੀ ਕਾਰਨ ਪ੍ਰਾਪਤ ਹੋਇਆ। ਦੂਜੇ ਪਾਸੇ ਕਮਿਊਨਿਸਟ ਲੀਗ ਦੇ ਮੈਂਬਰ ਉਹਨਾਂ ਨੂੰ 1848 ਤੋਂ ਪਹਿਲਾਂ ਹੀ ”ਪਿਤਾ ਮਾਰਕਸ” ਕਹਿੰਦੇ ਸਨ ਹਾਂਲਾਕਿ ਉਦੋਂ ਉਹ ਅਜੇ ਤੀਹ ਸਾਲਾਂ ਦੇ ਵੀ ਨਹੀਂ ਸਨ ਹੋਏ………

ਮਾਰਕਸ ਆਪਣੇ ਬੱਚਿਆਂ ਨਾਲ਼ ਖੇਡਦੇ ਕਈ ਕਈ ਘੰਟੇ ਬਿਤਾ ਦਿੰਦੇ ਸਨ। ਪਾਣੀ ਭਰੇ ਵੱਡੇ ਟੱਬ ਵਿੱਚ ਹੋਣ ਵਾਲ਼ੇ ਸਮੁੰਦਰੀ ਯੁੱਧ ਦੇ ਉਹਨਾਂ ਕਾਗਜ਼ੀ ਜੰਗੀ ਜਹਾਜ਼ਾਂ ਦਾ ਸਾੜਿਆ ਜਾਣਾ ਉਹਨਾਂ ਨੂੰ ਅਜੇ ਤੱਕ ਯਾਦ ਹੈ ਜੋ ਮਾਰਕਸ ਉਹਨਾਂ ਲਈ ਬਣਾਇਆ ਕਰਦੇ ਸਨ ਤੇ ਫਿਰ ਉਹਨਾਂ ਵਿੱਚ ਅੱਗ ਲਾ ਦਿੰਦੇ ਸਨ ਜਿਹਨਾਂ ਨੂੰ ਸੜਦਿਆਂ ਦੇਖ ਬੱਚੇ ਬਹੁਤ ਖੁਸ਼ ਹੁੰਦੇ। 

ਐਤਵਾਰਾਂ ਨੂੰ ਉਹਨਾਂ ਦੀਆਂ ਧੀਆਂ ਉਹਨਾਂ ਨੂੰ ਕੰਮ ਨਹੀਂ ਸਨ ਕਰਨ ਦਿੰਦੀਆਂ। ਉਹ ਪੂਰਾ ਦਿਨ ਉਹਨਾਂ ਦੀ ਮਰਜ਼ੀ ਦੀ ਤਾਬਿਆ ਰਹਿੰਦੇ। ਜੇ ਮੌਸਮ ਚੰਗਾ ਹੁੰਦਾ ਤਾਂ ਸਾਰਾ ਟੱਬਰ ਪਿੰਡਾਂ ਵਿੱਚ ਸੈਰ ਲਈ ਜਾਂਦਾ। ਰਾਹ ਵਿੱਚ ਉਹ ਕਿਸੇ ਸਰਾਂ ਵਿੱਚ ਰੁਕ ਕੇ ਰੋਟੀ ਤੇ ਪਨੀਰ ਨਾਲ਼ ਅਦਰਕ ਦੀ ਝੱਗਦਾਰ ਬੀਅਰ ਪੀਂਦੇ। ਜਦੋਂ ਉਹਨਾਂ ਦੀਆਂ ਧੀਆਂ ਛੋਟੀਆਂ ਸਨ ਤਾਂ ਉਹ ਤੁਰੇ ਜਾਂਦੇ ਅਜ਼ੀਬ ਅੰਤਹੀਣ ਕਹਾਣੀਆਂ ਘੜ ਕੇ ਸੁਣਾਉਂਦੇ ਜਾਂਦੇ, ਦੂਰੀ ਤੇ ਨੇੜ ਦੇ ਹਿਸਾਬ ਨਾਲ਼ ਉਹਨਾਂ ਕਹਾਣੀਆਂ ਦੀਆਂ ਘਟਨਾਵਾਂ ਨੂੰ ਵਿਸਥਾਰ ਪੂਰਵਕ ਤੇ ਸੰਖੇਪ ਕਰਦੇ ਜਾਂਦੇ ਤਾਂ ਜੋ ਲੰਬੀ ਸੈਰ ਦਾ ਫਾਸਲਾ ਘੱਟ ਮਹਿਸੂਸ ਹੋਵੇ ਤੇ ਸਰੋਤੇ ਆਪਣੀ ਥਕਾਵਟ ਭੁੱਲ ਜਾਣ। 

ਉਹਨਾਂ ਦੀ ਕਲਪਨਾ ਬੇਮਿਸਾਲ ਉਪਜਾਊ ਕਲਪਨਾ ਸੀ। ਉਹਨਾਂ ਦੀਆਂ ਪਹਿਲੀਆਂ ਸਾਹਿਤਕ ਕਿਰਤਾਂ ਕਵਿਤਾਵਾਂ ਸਨ। ਉਹਨਾਂ ਦੀ ਪਤਨੀ ਨੇ ਆਪਣੇ ਪਤੀ ਵੱਲੋਂ ਜਵਾਨੀ ਵਿੱਚ ਲਿਖੀਆਂ ਕਵਿਤਾਵਾਂ ਧਿਆਨ ਨਾਲ਼ ਸੰਭਾਲ ਰੱਖੀਆਂ ਸਨ ਪਰ ਕਿਸੇ ਨੂੰ ਦਿਖਾਉਂਦੀ ਨਹੀਂ ਸੀ। ਮਾਰਕਸ ਦੇ ਮਾਤਾ ਪਿਤਾ ਨੇ ਉਹਨਾਂ ਦੇ ਸਾਹਿਤਕਾਰ ਤੇ ਪ੍ਰੋਫੈਸਰ ਬਣਨ ਦਾ ਸੁਪਨਾ ਪਾਲ਼ਿਆ ਸੀ ਅਤੇ ਇਹ ਸਮਝਦੇ ਸਨ ਕਿ ਸ਼ੋਸਲਿਸਟ ਲਹਿਰ ਵਿੱਚ ਪੈ ਕੇ ਤੇ ਰਾਜਨੀਤਕ ਆਰਥਿਕਤਾ ਨੂੰ ਆਪਣਾ ਵਿਸ਼ਾ ਚੁਣ ਕੇ, ਜਿਸ ਨੂੰ ਉਦੋਂ ਦੇ ਜਰਮਨੀ ਵਿੱਚ ਉਦਾਸੀਨਤਾ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਸੀ, ਉਹ ਆਪਣੇ ਆਪ ਨੂੰ ਹੀਣ ਬਣਾ ਰਹੇ ਹਨ। 

ਮਾਰਕਸ ਨੇ ਆਪਣੀਆਂ ਧੀਆਂ ਨਾਲ਼ ਗ੍ਰਾਖਸਾਂ6  ਉੱਤੇ ਇੱਕ ਨਾਟਕ ਲਿਖਣ ਦਾ ਵਾਅਦਾ ਕੀਤਾ ਸੀ। ਪਰ ਮੰਦੇ ਭਾਗਾਂ ਨੂੰ ਇਹ ਵਾਅਦਾ ਪੂਰਾ ਨਾ ਕਰ ਸਕੇ। ਉਹ, ਜੋ ”ਜਮਾਤੀ ਘੋਲ਼ ਦੇ ਸੂਰਮੇ” ਕਹਾਉਂਦੇ ਸਨ, ਪ੍ਰਾਚੀਨ ਇਤਿਹਾਸ ਦੇ ਜਮਾਤੀ ਘੋਲ਼ ਦੇ ਉਸ ਭਿਆਨਕ ਤੇ ਸ਼ਾਨਦਾਰ ਕਾਂਡ ਨੂੰ ਕਿਵੇਂ ਪੇਸ਼ ਕਰਦੇ, ਇਹ ਦੇਖਣਾ ਦਿਲਚਸਪ ਹੁੰਦਾ। ਮਾਰਕਸ ਦੀਆਂ ਅਨੇਕਾਂ ਯੋਜਨਾਵਾਂ ਸਨ ਜਿਨਾਂ ਨੂੰ ਅਮਲੀ ਸ਼ਕਲ ਕਦੇ ਨਾ ਦਿੱਤੀ ਜਾ ਸਕੀ। ਹੋਰ ਵਿਸ਼ਿਆਂ ਤੋਂ ਇਲਾਵਾ ਉਹ ਤਰਕ-ਵਿਗਿਆਨ ਤੇ ਫਲਸਫੇ ਦਾ ਇਤਿਹਾਸ, ਜੋ ਚੜ੍ਹਦੀ ਉਮਰ ਵਿੱਚ ਉਹਨਾਂ ਦਾ ਮਨ-ਭਾਉਂਦਾ ਵਿਸ਼ਾ ਸੀ, ਲਿਖਣ ਦਾ ਇਰਾਦਾ ਰਖਦੇ ਸਨ। ਆਪਣੀਆਂ ਸਾਰੀਆਂ ਸਾਹਿਤਕ ਯੋਜਨਾਵਾਂ ਦੀ ਤਾਮੀਲ ਤੇ ਸੰਸਾਰ ਨੂੰ ਆਪਣੇ ਦਿਮਾਗ ਦੇ ਛੁਪੇ ਖਜ਼ਾਨੇ ਦਾ ਇੱਕ ਅੰਸ਼ ਵੀ ਭੇਂਟ ਕਰਨ ਲਈ ਉਹਨਾਂ ਨੂੰ ਘੱਟੋ-ਘੱਟ ਇੱਕ ਸੌ ਸਾਲ ਜਿਉਂਦੇ ਰਹਿਣਾ ਚਾਹੀਦਾ ਸੀ। 

ਮਾਰਕਸ ਦੀ ਪਤਨੀ ਵੱਧ ਤੋਂ ਵੱਧ ਸੱਚੇ ਤੇ ਪੂਰੇ ਅਰਥਾਂ ਵਿੱਚ ਸਾਰਾ ਜੀਵਨ ਉਹਨਾਂ ਦੀ ਸਾਥਣ ਰਹੀ। ਉਹ ਬਚਪਨ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਤੇ ਇਕੱਠੇ ਹੀ ਵੱਡੇ ਹੋਏ ਸਨ। ਮੰਗਣੀ ਸਮੇਂ ਮਾਰਕਸ ਦੀ ਉਮਰ 17 ਸਾਲ ਸੀ। ਨੌਜਵਾਨ ਜੋੜੇ ਨੂੰ ਸੱਤ ਸਾਲ ਦੀ ਉਡੀਕ ਕਰਨੀ ਪਈ, ਫਿਰ ਕਿਤੇ ਜਾ ਕੇ 1843 ਵਿੱਚ ਉਹਨਾਂ ਦਾ ਵਿਆਹ ਹੋਇਆ। ਉਸ ਤੋਂ ਬਾਅਦ ਉਹ ਕਦੇ ਵੱਖ ਨਾ ਹੋਏ। ਮਾਰਕਸ ਦੀ ਪਤਨੀ ਉਹਨਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਚੱਲ ਵਸੀ। ਭਾਵੇਂ ਉਹ ਰਈਸ ਜਰਮਨ ਪਰਿਵਾਰ ਵਿੱਚ ਪੈਦਾ ਹੋਈ, ਫਿਰ ਵੀ ਉਹਨਾਂ ਨਾਲ਼ੋਂ ਵਧਕੇ ਬਰਾਬਰੀ ਦੀ ਭਾਵਨਾਂ ਪਹਿਲਾਂ ਕਦੇ ਕਿਸੇ ਵਿੱਚ ਨਹੀਂ ਰਹੀ ਹੋਵੇਗੀ। ਉਹ ਆਪਣੇ ਘਰ ਵਿੱਚ ਤੇ ਆਪਣੇ ਕੰਮ ਵਾਲ਼ੀ ਥਾਂ ਕੰਮ ਦੀ ਵਰਦੀ ਪਹਿਨੇ ਮਿਹਨਤਕਸ਼ਾਂ ਦਾ ਉਸੇ ਨਿਮਰਤਾ ਤੇ ਸ਼ਿਸ਼ਟਤਾ ਨਾਲ਼ ਸਤਿਕਾਰ ਕਰਦੀ ਸੀ ਜਿਵੇਂ ਕਿ ਉਹ ਰਾਜਾ-ਰਈਸ ਹੋਣ। ਬਹੁਤ ਸਾਰੇ ਦੇਸ਼ਾਂ ਦੇ ਅਨੇਕਾਂ ਮਜ਼ਦੂਰਾਂ ਨੂੰ  ਉਸ ਦੀ ਮਹਿਮਾਨ ਨਿਮਾਜੀ ਹਾਸਲ ਹੋਈ ਤੇ ਮੈਨੂੰ ਵਿਸ਼ਵਾਸ਼ ਹੈ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੁਪਨਾ ਵੀ ਨਹੀਂ ਆਇਆ ਹੋਣਾ ਕਿ ਆਪਣੇ ਵਰਤਾਓ ਵਿੱਚ ਦਿਆਲੂ ਤੇ ਨਿਰ-ਅਡੰਬਰ  ਦੀ ਭਾਵਨਾ ਦਿਖਾਉਣ ਵਾਲ਼ੀ ਇਹ ਔਰਤ ਆਪਣੇ ਮਾਪਿਆਂ ਵੱਲੋਂ ਆਰਗਾਈਲ ਤੇ ਡਿਊਕ ਦੇ ਪਰਿਵਾਰ ਵਿੱਚੋਂ ਸੀ ਤੇ ਉਸ ਦਾ ਭਰਾ ਪ੍ਰਸ਼ੀਆਈ ਬਾਦਸ਼ਾਹ ਦਾ ਮੰਤਰੀ ਸੀ। ਆਪਣੇ ਕਾਰਲ ਦੀ ਪੈਰੋਕਾਰ ਬਣਨ ਲਈ ਉਸ ਨੇ ਸਭ ਕੁੱਝ ਤਿਆਗ ਦਿੱਤਾ ਸੀ ਤੇ ਘੋਰ ਕਮੀਆਂ ਦੀ ਹਾਲਤ ਵਿੱਚ ਵੀ ਉਸ ਨੂੰ ਇਸ ਦਾ ਕਦੇ ਪਛਤਾਵਾ ਨਹੀਂ ਸੀ ਹੋਇਆ। 

ਉਸ ਦਾ ਦਿਮਾਗ ਬੜਾ ਸਾਫ ਤੇ ਰੌਸ਼ਨ ਸੀ। ਆਪਣੇ ਮਿੱਤਰਾਂ ਦੇ ਨਾਂਅ ਲਿਖੇ ਉਸ ਦੇ ਪਿਆਰੇ ਖਤ ਉਸ ਦੇ ਮੌਲਿਕ ਚਿੰਤਨ ਦੀਆਂ ਪ੍ਰਾਪਤੀਆਂ ਹਨ। ਸ਼੍ਰੀ ਮਤੀ ਮਾਰਕਸ ਦਾ ਖਤ ਮਿਲਣਾ ਖੁਸ਼ੀ ਵਾਲ਼ੀ ਗੱਲ ਹੁੰਦੀ ਸੀ। ਜੌਹਨ ਫਿਲਿਪ ਬੇਕਰ7  ਨੇ ਉਸਦੇ ਕਈ ਖਤ ਪ੍ਰਕਾਸ਼ਤ ਕਰਵਾਏ। ਬੇ-ਲਿਹਾਜ਼ ਵਿਅੰਗਕਾਰ ਹਾਈਨੇ ਮਾਰਕਸ ਦੀ ਟਕੋਰ ਤੋਂ ਡਰਦਾ ਸੀ ਤੇ ਉਹ ਉਹਨਾਂ ਦੀ ਪਨਤੀ ਦੀ ਤੀਖਣ ਤੇ ਸੂਖਮ ਬੁੱਧੀ ਦੀ ਬਹੁਤ ਸ਼ਲਾਘਾ ਕਰਦਾ ਸੀ। ਜਦੋਂ ਮਾਰਕਸ ਪਰਿਵਾਰ ਪੈਰਿਸ ਵਿੱਚ ਰਹਿੰਦਾ ਸੀ ਉਦੋਂ ਹਾਈਨੇ ਉਹਨਾਂ ਦੇ ਘਰ ਬਾਕਾਇਦਾ ਆਉਣ ਜਾਣ ਵਾਲ਼ਿਆਂ ਵਿੱਚੋਂ ਸੀ। ਖੁਦ ਮਾਰਕਸ ਆਪਣੀ ਪਤਨੀ ਦੀ ਬੁੱਧੀ ਤੇ ਅਲੋਚਨਾ-ਸ਼ਕਤੀ ਦਾ ਇਨਾ ਵੱਧ ਸਤਿਕਾਰ ਕਰਦੇ ਸਨ ਕਿ ਉਹਨਾਂ ਨੂੰ ਆਪਣੇ ਸਾਰੇ ਹੱਥ ਖਰੜੇ ਦਿਖਾਉਂਦੇ ਸਨ ਤੇ ਉਸ ਦੀ ਰਾਏ ਨੂੰ ਬੜਾ ਮਹੱਤਵ ਦਿੰਦੇ ਸਨ, ਜਿਵੇਂ ਕਿ ਉਹਨਾਂ ਖੁਦ 1866 ਵਿੱਚ ਮੈਂਨੂੰ ਆਖਿਆ ਸੀ। ਮਾਰਕਸ ਦੀ ਪਤਨੀ ਆਪਣੇ ਪਤੀ ਦੇ ਖਰੜਿਆਂ ਦੀਆਂ ਪ੍ਰੈਸ ਲਈ ਨਕਲਾਂ ਤਿਆਰ ਕਰਦੀ ਸੀ। 

ਸ਼੍ਰੀਮਤੀ ਮਾਰਕਸ ਨੂੰ ਕਈ ਬੱਚੇ ਹੋਏ। ਉਹਨਾਂ ਵਿੱਚੋਂ ਤਿੰਨ ਬਹੁਤ ਛੋਟੀ ਉਮਰ ਵਿੱਚ ਉਹਨਾਂ ਮੁਸ਼ਕਲਾਂ ਦੇ ਦੌਰ ਵਿੱਚ ਮਰ ਗਏ ਜੋ 1848 ਦੇ ਇਨਕਲਾਬ ਤੋਂ ਬਾਅਦ ਪਰਿਵਾਰ ਨੂੰ ਸਹਿਣੀਆਂ ਪਈਆਂ। ਉਸ ਸਮੇਂ ਉਹ ਸੋਹੋ ਸਕੁਏਅਰ ਦੀ ਡੀਨ ਸਟ੍ਰੀਟ ਵਿੱਚ ਦੋ ਛੋਟੇ-ਛੋਟੇ ਕਮਰਿਆਂ ਵਿੱਚ ਪ੍ਰਵਾਸੀ ਜੀਵਨ ਬਿਤਾ ਰਹੇ ਸਨ। ਮੈਂ ਸਿਰਫ ਤਿੰਨ ਧੀਆਂ ਨੂੰ ਹੀ ਜਾਣਦਾ ਹਾਂ। 1865 ਵਿੱਚ ਜਦੋਂ ਮੇਰੀ ਮਾਰਕਸ ਨਾਲ਼ ਜਾਣ ਪਛਾਣ ਹੋਈ ਉਦੋਂ ਉਹਨਾਂ ਦੀ ਸਭ ਤੋਂ ਛੋਟੀ ਧੀ ਏਲਯੋਨੋਰਾ, ਹੁਣ ਸ਼੍ਰ੍ਰੀਮਤੀ ਏਵੇਲਿੰਗ, ਲੜਕਿਆਂ ਵਰਗੇ ਸੁਭਾਅ ਵਾਲ਼ੀ ਬੜੀ ਪਿਆਰੀ ਬੱਚੀ ਸੀ। ਮਾਰਕਸ ਕਿਹਾ ਕਰਦੇ ਸਨ ਕਿ ਉਹਨਾਂ ਦੀ ਪਤਨੀ ਨੇ ਉਸ ਨੂੰ ਧੀ ਦੇ ਰੂਪ ਵਿੱਚ ਜੰਮ ਕੇ ਗਲਤੀ ਕੀਤੀ ਸੀ। ਦੂਜੀਆਂ ਦੋਵੇਂ ਧੀਆਂ ਹਰ ਪੱਖ ਤੋਂ ਭਿੰਨ-ਰੂਪਤਾ ਦਾ ਅਦਭੁਤ ਨਮੂਨਾ ਸਨ। ਸਭ ਤੋਂ ਵੱਡੀ, ਹੁਣ ਸ਼੍ਰੀਮਤੀ ਲਾਂਗੇ, ਨੂੰ ਪਿਤਾ ਵਾਂਗ ਸਾਂਵਲਾ ਸਰੀਰ ਤੇ ਆਬਨੂਸੀ ਵਾਲ ਮਿਲੇ ਸਨ। ਦੂਜੀ, ਹੁਣ ਸ਼੍ਰੀ ਮਤੀ ਲਫਾਰਗ, ਮਾਂ ਵਰਗੀ ਸੀ-ਗੁਲਾਬੀ ਰੰਗ, ਸੁਨਹਿਰੀ ਭਾ ਮਾਰਦੇ ਘੁੰਗਰਾਲੇ ਵਾਲ, ਜਿਹਨਾਂ ਵਿੱਚ ਜਿਵੇਂ ਡੁੱਬ ਰਹੇ ਸੂਰਜ ਦੀਆਂ ਕਿਰਨਾਂ ਹਰ ਸਮੇਂ ਵਸਦੀਆਂ ਹੋਣ।

ਮਾਰਕਸ ਪਰਿਵਾਰ ਦੀ ਇੱਕ ਹੋਰ ਵਰਨਣਯੋਗ ਦੋਸਤ ਦੇਮੁਤ ਸੀ। ਕਿਸਾਨ ਪਰਿਵਾਰ ਦੀ ਇਹ ਔਰਤ  ਆਪਣੇ ਬਚਪਨ ਵਿੱਚ ਸ਼੍ਰੀਮਤੀ ਮਾਰਕਸ ਦੀ ਸ਼ਾਦੀ ਤੋਂ ਪਹਿਲਾਂ ਹੀ ਉਸ ਦੀ ਸੇਵਕਾ ਬਣ ਗਈ ਤੇ ਮਾਲਕਣ ਦੀ ਸ਼ਾਦੀ ਤੋਂ ਬਾਅਦ ਵੀ ਉਸਦੇ ਨਾਲ਼ ਹੀ ਰਹੀ। ਆਪਣੀ ਜ਼ਰਾ ਵੀ ਪਰਵਾਹ ਕੀਤੇ ਬਿਨਾਂ ਉਸ ਨੇ ਮਾਰਕਸ ਪਰਿਵਾਰ ਲਈ ਆਪਣੇ ਆਪ ਨੂੰ ਸਮਰਪਤ ਕਰ ਦਿੱਤਾ ਸੀ। ਉਹ ਆਪਣੀ ਮਾਲਕਣ ਤੇ ਉਸ ਦੇ ਪਤੀ ਦੇ ਸਾਰੇ ਯੂਰਪੀ ਦੌਰਿਆਂ ਸਮੇਂ ਉਹਨਾਂ ਨਾਲ਼ ਤੇ ਉਹਨਾਂ ਦੀ ਜਲਾਵਤਨੀ ਵਿੱਚ ਭਾਈਵਾਲ ਰਹੀ। ਉਹ ਘਰ ਦੀ ਸਚਮੁੱਚ ਹੀ ਦਿਲਕਸ਼ ਪ੍ਰਤੀਭਾ ਸੀ ਅਤੇ ਬਹੁਤ ਔਖੀਆਂ ਹਾਲਤਾਂ ਵਿੱਚ ਵੀ ਰਾਹ ਲੱਭ ਲੈਂਦੀ ਸੀ। ਉਸੇ ਦੀ ਸੋਝੀ, ਬੱਚਤ ਤੇ ਚੌਕਸੀ ਸਦਕਾ ਮਾਰਕਸ ਪਰਿਵਾਰ ਨੂੰ ਘੱਟੋ-ਘੱਟ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਦੀ ਸਖਤ ਕਿੱਲਤ ਕਦੇ ਨਹੀਂ ਸਹਿਣੀ ਪਈ। ਉਹ ਖਾਣਾ ਪਕਾਉਂਦੀ ਸੀ, ਘਰ ਸੰਭਾਲਦੀ ਸੀ, ਬੱਚਿਆਂ ਦੇ ਕੱਪੜਿਆਂ ਦੀ ਦੇਖਭਾਲ਼ ਕਰਦੀ ਸੀ, ਉਹਨਾਂ ਦੇ ਕੱਪੜਿਆਂ ਦੀ ਕਟਾਈ-ਸਿਲਾਈ ਵੀ ਸ਼੍ਰੀ ਮਤੀ ਮਾਰਕਸ ਨਾਲ਼ ਮਿਲ ਕੇ ਕਰਦੀ ਸੀ। ਉਹ ਘਰ ਦੀ ਸੇਵਕਾ ਤੇ ਮਾਲਕਣ ਦੋਵੇਂ ਸੀ। ਉਹ ਹੀ ਸਾਰੀ ਗ੍ਰਹਿਸਥੀ ਨੂੰ ਚਲਾਉਂਦੀ ਸੀ। 

ਬੱਚੇ ਮਾਂ ਵਾਂਗ ਉਸ ਨੂੰ ਪਿਆਰ ਕਰਦੇ ਸਨ ਤੇ ਉਹਨਾਂ ਪ੍ਰਤੀ ਉਸ ਦੀ ਮਾਤ੍ਰੀਭਾਵਨਾ ਉਸ ਨੂੰ ਮਾਂ ਦਾ ਅਧਿਕਾਰ ਬਖਸ਼ਦੀ ਸੀ। ਸ਼੍ਰੀਮਤੀ ਮਾਰਕਸ ਉਸ ਨੂੰ ਜਿਗਰੀ ਦੋਸਤ ਮੰਨਦੀ ਸੀ ਅਤੇ ਖੁਦ ਮਾਰਕਸ ਉਸ ਪ੍ਰਤੀ ਅਤਿਅੰਤ ਦੋਸਤੀ ਵਾਲ਼ੇ ਭਾਵ ਰਖਦੇ ਸਨ। ਉਹ ਉਸ ਨਾਲ਼ ਸ਼ਤਰੰਜ ਖੇਡਦੇ ਤੇ ਉਸ ਤੋਂ ਅਕਸਰ ਹਾਰ ਜਾਂਦੇ ਸਨ। 

ਮਾਰਕਸ ਪਰਿਵਾਰ ਪ੍ਰਤੀ ਹੇਲੇਨ ਨੂੰ ਬੇਹੱਦ ਪਿਆਰ ਸੀ। ਇਸ ਪਰਿਵਾਰ ਦੇ ਮੈਂਬਰ ਜੋ ਕੁੱਝ ਵੀ ਕਰਦੇ ਸਨ, ਉਸ ਦੀ ਨਜ਼ਰ ਵਿੱਚ ਚੰਗਾ ਹੋਣ ਤੋਂ ਇਲਾਵਾ ਕੁੱਝ ਹੋਰ ਹੋ ਹੀ ਨਹੀਂ ਸੀ ਸਕਦਾ। ਉਸ ਨੂੰ ਲਗਦਾ ਸੀ ਕਿ ਮਾਰਕਸ ਦੀ ਨੁਕਤਾਚੀਨੀ ਕਰਨ ਵਾਲ਼ੇ ਜਿਵੇਂ ਖੁਦ  ਉੱਤੇ ਨੁਕਤਾਚੀਨੀ ਕਰ ਰਹੇ ਹੋਣ। ਪਰਿਵਾਰ ਨਾਲ਼ ਜਿਸਦਾ ਵੀ ਗੂੜ੍ਹਾ ਸਨੇਹ ਹੋ ਗਿਆ, ਉਸੇ ਨਾਲ਼ ਉਸ ਨੇ ਮਾਵਾਂ ਵਾਲ਼ਾ ਰਖਵਾਲੀ ਵਾਲ਼ਾ ਪਿਆਰ ਤੇ ਵਰਤਾਓ ਕੀਤਾ। ਇੰਝ ਲਗਦਾ ਸੀ ਜਿਵੇਂ ਉਸ ਨੇ ਸਾਰਿਆਂ ਨੂੰ, ਪੂਰੇ ਪਰਿਵਾਰ ਨੂੰ, ਗੋਦ ਲਿਆ ਹੋਵੇ। ਉਹ ਮਾਰਕਸ ਤੇ ਉਹਨਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਵੀ ਜਿਊਂਦੀ ਰਹੀ ਤੇ ਫਿਰ ਏਂਗਲਜ਼ ਦੇ ਘਰ ਜਾ ਕੇ ਉਹਨਾਂ ਦਾ ਫਿਕਰ ਕਰਨ ਲੱਗੀ। ਜਦੋਂ ਉਹ ਲੜਕੀ ਸੀ, ਉਦੋਂ ਤੋਂ ਹੀ ਏਂਗਲਜ਼ ਨੂੰ ਜਾਣਦੀ ਸੀ ਅਤੇ ਉਹਨਾਂ ਪ੍ਰਤੀ ਵੀ ਮਾਰਕਸ ਪਰਿਵਾਰ ਜਿੰਨਾ ਪਿਆਰ ਸੀ। 

ਕਹਿਣਾ ਚਾਹੀਦਾ ਹੈ ਕਿ ਏਂਗਲਜ਼ ਵੀ ਮਾਰਕਸ ਪਰਿਵਾਰ ਦੇ ਮੈਂਬਰ ਹੀ ਸਨ। ਮਾਰਕਸ ਦੀਆਂ ਧੀਆਂ ਉਹਨਾਂ ਨੂੰ ਆਪਣਾ ਦੂਸਰਾ ਪਿਤਾ ਮੰਨਦੀਆਂ ਸਨ। ਉਹ ਮਾਰਕਸ ਦਾ ਦੂਸਰਾ ਰੂਪ ਸਨ। ਜਰਮਨੀ ਵਿੱਚ ਬਹੁਤ ਦਿਨਾਂ ਤੱਕ ਉਹਨਾਂ ਦੇ ਨਾਵਾਂ ਨੂੰ ਅੱਡ ਨਹੀਂ ਕੀਤਾ ਗਿਆ ਤੇ ਇਤਿਹਾਸ ਵਿੱਚ ਉਹ ਸਦਾ ਹੀ ਜੁੜੇ ਰਹਿਣਗੇ। 

ਮਾਰਕਸ ਤੇ ਏਂਗਲਜ਼ ਸਾਡੇ ਯੁੱਗ ਵਿੱਚ ਪ੍ਰਾਚੀਨ ਕਵੀਆਂ ਵੱਲੋਂ ਬਿਆਨੀ ਮਿੱਤਰਤਾ ਦੇ ਆਦਰਸ਼ ਦਾ ਸਾਕਾਰ ਰੂਪ ਸਨ। ਜਵਾਨੀ ਵਿੱਚ ਹੀ ਉਹਨਾਂ ਦੋਵਾਂ ਦਾ ਇੱਕੋ ਸੇਧ ਇਕੱਠਾ ਵਿਕਾਸ ਹੋਇਆ, ਉਹਨਾਂ ਵਿੱਚ ਵਿਚਾਰਾਂ ਤੇ ਭਾਵਨਾਵਾਂ ਦੀ ਗੂੜ੍ਹੀ ਸਾਂਝ ਰਹੀ ਤੇ ਇੱਕੋ ਹੀ ਇਨਕਲਾਬੀ ਲਹਿਰ ਵਿੱਚ ਹਿੱਸਾ ਪਾਇਆ। 

ਉਹ ਜਦੋਂ ਤੱਕ ਇਕੱਠੇ ਰਹੇ ਉਦੋਂ ਤੱਕ ਮਿਲ ਕੇ ਕੰਮ ਕਰਦੇ ਰਹੇ। ਜੇ ਘਟਨਾਵਾਂ ਨੇ ਲਗਭਗ ਵੀਹ ਸਾਲ ਲਈ ਉਹਨਾਂ ਨੂੰ ਵੱਖਰੇ ਨਾ ਕਰ ਦਿੱਤਾ ਹੁੰਦਾ ਤਾਂ ਉਹ ਸ਼ਾਇਦ ਜੀਵਨ-ਭਰ ਇਕੱਠੇ ਹੀ ਕੰਮ ਕਰਦੇ ਰਹਿੰਦੇ। ਪਰ 1848 ਦੇ ਇਨਕਲਾਬ ਦੀ ਹਾਰ ਤੋਂ ਬਾਅਦ ਏਂਗਲਜ਼ ਨੂੰ ਮਾਨਚੈਸਟਰ ਜਾਣਾ ਪਿਆ ਅਤੇ ਮਾਰਕਸ ਲੰਡਨ ਵਿੱਚ ਰਹਿਣ ਲਈ ਮਜ਼ਬੂਰ ਹੋਏ। 

ਫਿਰ ਵੀ ਇੱਕ ਦੂਜੇ ਨੂੰ ਤਕਰੀਬਨ ਹਰ ਰੋਜ ਖਤ ਲਿਖ ਕੇ, ਵਿਗਿਆਨਕ ਤੇ ਰਾਜਨੀਤਕ ਘਟਨਾਵਾਂ ਅਤੇ ਉਹਨਾਂ ਦੀਆਂ ਕਿਰਤਾਂ ਬਾਰੇ ਆਪਣੀਆਂ ਰਾਵਾਂ ਪ੍ਰਗਟ ਕਰ ਕੇ ਉਹਨਾਂ ਆਪਣਾ ਸਾਂਝਾ ਬੌਧਿਕ ਜੀਵਨ ਜ਼ਾਰੀ ਰੱਖਿਆ। ਜਿਉਂ ਹੀ ਏਂਗਲਜ਼ ਆਪਣੇ ਕੰਮ ਤੋਂ ਵਿਹਲੇ ਹੋ ਸਕੇ ਤਿਉਂ ਹੀ ਉਹ ਮਾਨਚੈਸਟਰ ਤੋਂ ਲੰਡਨ ਆ ਗਏ ਅਤੇ ਆਪਣੇ ਪਿਆਰੇ ਮਾਰਕਸ ਤੋਂ ਦਸ ਮਿੰਟ ਦੀ ਦੂਰੀ ‘ਤੇ ਰਹਿਣ ਲੱਗੇ।  1870 ਤੋਂ ਮਾਰਕਸ ਦੀ ਮੌਤ ਤੱਕ ਕੋਈ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਦੋਵੇਂ ਵਿਅਕਤੀ ਕਦੇ ਇੱਕ ਤੇ ਕਦੇ ਦੂਜੇ ਦੇ ਘਰ ਇੱਕ ਦੂਸਰੇ ਨੂੰ ਨਾ ਮਿਲੇ ਹੋਣ। 

ਉਹ ਦਿਨ, ਜਦੋਂ ਏਂਗਲਜ਼ ਨੇ ਸੂਚਨਾ ਦਿੱਤੀ ਕਿ ਮੈਂ ਮਾਨਚੈਸਟਰ ਤੋਂ ਲੰਡਨ ਆ ਰਿਹਾ ਹਾਂ, ਮਾਰਕਸ ਪਰਿਵਾਰ ਲਈ ਤਿਉਹਾਰ ਬਣ ਗਿਆ। ਉਹਨਾਂ ਦੇ ਆਉਣ ਦੀ ਚਰਚਾ ਬਹੁਤ ਪਹਿਲਾਂ ਹੋਣ ਲੱਗ ਪਈ ਅਤੇ ਉਹਨਾਂ ਦੇ ਆਉਣ ਵਾਲ਼ੇ ਦਿਨ ਤਾਂ ਮਾਰਕਸ ਇੰਨੇ ਉਤੇਜਤ ਸਨ ਕਿ ਕੰਮ ਹੀ ਨਾ ਕਰ ਸਕੇ। ਦੋਵੇਂ ਮਿੱਤਰ ਇਕੱਠੇ ਹੀ ਧੂੰਆਂ ਉਡਾਉਂਦੇ, ਪੀਂਦੇ-ਪਿਆਉਂਦੇ ਸਾਰੀ ਰਾਤ ਉਹਨਾਂ ਘਟਨਾਵਾਂ ਦਾ ਜਿਕਰ ਕਰਦੇ ਰਹੇ ਜੋ ਉਹਨਾਂ ਦੀ ਪਿਛਲੀ ਮੁਲਾਕਾਤ ਤੋਂ ਬਾਅਦ ਵਾਪਰੀਆਂ ਸਨ। 

ਹੋਰ ਕਿਸੇ ਵੀ ਵਿਅਕਤੀ ਦੇ ਟਾਕਰੇ ਮਾਰਕਸ-ਏਂਗਲਜ਼ ਦੀ ਰਾਏ ਦੀ ਵਧੇਰੇ ਕਦਰ ਕਰਦੇ ਸਨ ਕਿਉਂਕਿ ਮਾਰਕਸ ਦੇ ਖਿਆਲ ਵਿੱਚ ਏਂਗਲਜ਼ ਹੀ ਉਹ ਵਿਅਕਤੀ ਸੀ ਜੋ ਉਹਨਾਂ ਦਾ ਭਾਈਵਾਲ ਹੋ ਸਕਦਾ ਸੀ। ਏਂਗਲਜ਼ ਵਿੱਚ ਹੀ ਉਹ ਆਪਣੇ ਪਾਠਕਾਂ ਦਾ ਸਮੂਹਕ ਰੂਪ ਦੇਖਦੇ ਸਨ। ਉਹ ਏਂਗਲਜ਼ ਨੂੰ ਕਿਸੇ ਗੱਲ ਲਈ ਕਾਇਲ ਕਰਨ ਲਈ, ਉਹਨਾਂ ਨੂੰ ਆਪਣਾ ਕੋਈ ਵਿਚਾਰ ਮਨਵਾਉਣ ਲਈ ਕੋਈ ਵੀ ਕੋਸ਼ਿਸ਼ ਬਾਕੀ ਨਹੀਂ ਸਨ ਛਡਦੇ। ਮਿਸਾਲ ਵਜੋਂ, ਅਲਬੀਗੋਈਆ ਦੀਆਂ ਰਾਜਨੀਤਕ ਤੇ ਧਾਰਮਿਕ ਜੰਗਾਂ8 ਨਾਲ਼ ਸਬੰਧਤ ਕਿਸੇ ਸਵਾਲ ਉੱਤੇ, ਜੋ ਹੁਣ ਮੈਨੂੰ ਯਾਦ ਨਹੀਂ ਰਿਹਾ, ਏਂਗਲਜ਼ ਦੀ ਰਾਇ ਨੂੰ ਬਦਲਣ ਵਾਸਤੇ ਜ਼ਰੂਰੀ ਤੱਥ ਢੁੰਡਣ ਖਾਤਰ ਮੈਂ ਉਹਨਾਂ ਨੂੰ ਪੂਰੀਆਂ ਦੀਆਂ ਪੂਰੀਆਂ ਪੋਥੀਆਂ ਵਾਰ ਵਾਰ ਪੜ੍ਹਦੇ ਦੇਖਿਆ ਸੀ। ਏਂਗਲਜ਼ ਨੂੰ ਆਪਣੀ ਰਾਏ ਨਾਲ਼ ਸਹਿਮਤ ਕਰ ਕੇ ਉਹਨਾਂ ਨੂੰ ਬੇਹੱਦ ਖੁਸ਼ੀ ਹੁੰਦੀ ਸੀ। 

ਮਾਰਕਸ ਨੂੰ ਏਂਗਲਜ਼ ਉੱਤੇ ਬੜਾ ਮਾਣ ਸੀ। ਉਹਨਾਂ ਨੂੰ ਮੇਰੇ ਕੋਲ਼ ਏਂਗਲਜ਼ ਦੇ ਸਾਰੇ ਇਖਲਾਕੀ ਤੇ ਬੌਧਿਕ ਗੁਣਾਂ ਦਾ ਜਿਕਰ ਕਰਨ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਸੀ। ਉਹ ਇੱਕ ਵਾਰ ਮੈਨੂੰ ਏਂਗਲਜ਼ ਨਾਲ਼ ਮਿਲਾਉਣ ਲਈ ਹੀ ਮਾਨਚੈਸਟਰ ਉਚੇਰੇ ਤੌਰ ‘ਤੇ ਲੈ ਕੇ ਗਏ। ਉਹ ਏਂਗਲਜ਼ ਦੇ ਬਹੁ-ਰੰਗੀ ਗਿਆਨ ਦੀ ਵਡਿਆਈ ਕਰਦਿਆਂ ਥਕਦੇ ਨਹੀਂ ਸਨ ਤੇ ਉਹਨਾਂ ਨੂੰ ਜ਼ਰਾ ਜਿੰਨਾ ਵੀ ਕੁੱਝ ਹੋ ਜਾਣ ‘ਤੇ ਚਿੰਤਤ ਹੋ ਉਠਦੇ ਸਨ। ਉਹਨਾਂ ਮੈਨੂੰ ਕਿਹਾ ਸੀ ਕਿ ”ਮੈਂ ਇਸ ਡਰ ਨਾਲ਼ ਲਗਾਤਾਰ ਕੰਬਦਾ ਰਹਿੰਦਾ ਹਾਂ ਕਿ ਸ਼ਿਕਾਰ ਸਮੇਂ ਏਂਗਲਜ਼ ਜਦੋਂ ਕਿਸੇ ਦੀ ਪਰਵਾਹ ਕੀਤੇ ਬਿਨਾਂ ਮੈਦਾਨਾਂ ਵਿੱਚ ਘੋੜਾ ਸਰਪੱਟ ਦੜਾਉਂਦੇ ਸਨ ਤਾਂ ਉਹਨਾਂ ਨਾਲ਼ ਕੋਈ ਹਾਦਸਾ ਨਾ ਹੋ ਜਾਵੇ।” 

ਮਾਰਕਸ ਜਿਨੇ ਸਨੇਹੀ ਪਤੀ ਤੇ ਪਿਤਾ ਸਨ, ਉਨੇ ਹੀ ਚੰਗੇ ਮਿੱਤਰ ਵੀ ਸਨ। ਉਹਨਾਂ ਦੀ ਪਤਨੀ, ਧੀਆਂ, ਏਂਗਲਜ਼ ਤੇ ਹੇਲੇਨ ਉਹਨਾਂ ਜਿਹੇ ਵਿਅਕਤੀਆਂ ਦੇ ਸਨੇਹ-ਪਾਤਰ ਹੋਣ ਦੇ ਯੋਗ ਵੀ ਸਨ। 

3. 

ਮਾਰਕਸ ਨੇ ਤਿੱਖੀ ਬੁਰਜੂਆ ਜਮਾਤ ਦੇ ਆਗੂ ਵਜੋਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਸਨ। ਪਰ ਜਿਉਂ ਹੀ ਉਹਨਾਂ ਦੇ ਵਿਰੋਧ ਵਿੱਚ ਵਧੇਰੇ ਤੀਖਣਤਾ ਆਈ ਉਦੋਂ ਹੀ ਉਹਨਾਂ ਆਪਣੇ ਆਪ ਨੂੰ ਨਿੱਖੜੇ ਸਮਝਿਆ ਅਤੇ ਸ਼ੋਸਲਿਸਟ ਬਣਦਿਆਂ ਹੀ ਦੁਸ਼ਮਣ ਸਮਝੇ ਜਾਣ ਲੱਗੇ। ਉਹਨਾਂ ਨੂੰ ਸਤਾਇਆ ਗਿਆ ਤੇ ਜਰਮਨੀ ਵਿੱਚੋਂ ਜਲਾਵਤਨ ਕਰ ਦਿੱਤਾ ਗਿਆ। ਉਹਨਾਂ ਨੂੰ ਬਦਨਾਮ ਕੀਤਾ ਗਿਆ ਤੇ ਉਹਨਾਂ ਉੱਤੇ ਦੂਸ਼ਣ ਲਾਏ ਗਏ। ਅੰਤ ਵਿੱਚ ਉਹਨਾਂ ਦੀ ਸ਼ਖਸੀਅਤ ਤੇ ਕਾਰਜ ਵਿਰੁੱਧ ਚੁੱਪ ਦੀ ਸ਼ਾਜਸ਼ ਰਚੀ ਗਈ। ਅਠਾਰਵੀਂ ਬਰੂਮੇਰ ਤੋਂ ਸਿੱਧ ਹੁੰਦਾ ਹੈ ਕਿ ਮਾਰਕਸ 2 ਦਸੰਬਰ 1851 ਦੇ ਰਾਜਪਲਟੇ9 ਦੇ ਕਾਰਨਾਂ ਤੇ ਸਿੱਟਿਆਂ ਦੇ ਸੱਚੇ ਕਿਰਦਾਰ ਨੂੰ ਸਮਝਣ ਤੇ ਜ਼ਾਹਰ ਕਰਨ ਵਾਲ਼ੇ 1848 ਦੇ ਇੱਕੋ ਇੱਕ ਇਤਿਹਾਸਕਾਰ ਤੇ ਰਾਜਨੀਤੀਵਾਨ ਸਨ, ਪਰ ਉਹਨਾਂ ਦੀ ਉਪਰੋਕਤ ਕਿਰਤ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਗਿਆ। ਇਸਦੇ ਬਾਵਜੂਦ ਕਿ ਉਹ ਸਮੇਂ ਦੀ ਪ੍ਰਚੰਡ ਹਕੀਕਤ ਬਾਰੇ ਲਿਖੀ ਰਚਨਾ ਸੀ, ਕਿਸੇ ਵੀ ਪੂੰਜੀਵਾਦੀ ਅਖ਼ਬਾਰ ਨੇ ਉਸ ਦਾ ਜਿਕਰ ਤੱਕ ਨਹੀਂ ਕੀਤਾ। 

 ਕੰਗਾਲੀ ਦਾ ਫਲਸਫਾ10  ਦੇ ਉੱਤਰ ਵਿੱਚ ਲਿਖੀ ਫਲਸਫੇ ਦੀ ਕੰਗਾਲੀ ਤੇ ਰਾਜਨੀਤਕ ਆਰਥਿਕਤਾ ਦੀ ਪੜਚੋਲ ਨਾਮੀ ਕਿਰਤਾਂ ਨੂੰ ਵੀ ਇਸੇ ਤਰਾਂ ਨਜ਼ਰ ਅੰਦਾਜ ਕੀਤਾ ਗਿਆ। ਖਾਮੋਸ਼ੀ ਦੀ ਇਸ ਸ਼ਾਜ਼ਸ਼ ਨੂੰ ਪਹਿਲੇ ਇੰਟਰਨੈਸ਼ਨਲ ਤੇ ”ਸਰਮਾਇਆ” ਦੇ ਪਹਿਲੇ ਭਾਗ ਨੇ ਪੰਦਰਾਂ ਸਾਲਾਂ ਬਾਅਦ ਤੋੜਿਆ। ਹੁਣ ਮਾਰਕਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਸੀ। ਇੰਟਰਨੈਸ਼ਨਲ ਨੇ ਵਿਕਸਿਤ ਹੋ ਕੇ ਸੰਸਾਰ ਨੂੰ ਆਪਣੀਆਂ ਪ੍ਰਾਪਤੀਆਂ ਦੀ ਰੌਸ਼ਨੀ ਦਿੱਤੀ, ਭਾਵੇਂ ਮਾਰਕਸ ਹੋਰਨਾਂ ਨੂੰ ਅੱਗੇ ਵਧਾਉਂਦੇ ਹੋਏ ਆਪ ਪਰਦੇ ਪਿੱਛੇ ਹੀ ਰਹੇ, ਪਰ ਛੇਤੀ ਹੀ ਇਹ ਗੱਲ ਕਿਸੇ ਕੋਲ਼ੋਂ ਲੁਕੀ ਨਹੀਂ ਰਹੀ ਕਿ ਸੂਤਰਧਾਰ ਕੌਣ ਹੈ।

ਜਰਮਨੀ ਵਿੱਚ ਸ਼ੋਸ਼ਲ ਡੈਮੋਕਰੇਟਕ ਪਾਰਟੀ ਦੀ ਸਥਾਪਨਾ ਹੋਈ ਤੇ ਉਹ ਇੱਕ ਅਜਿਹੀ ਸ਼ਕਤੀ ਬਣ ਗਈ ਜਿਸ ਦਾ ਦਮਨ ਕਰਨ ਤੋਂ ਪਹਿਲਾਂ ਬਿਸਮਾਰਕ11  ਨੇ ਉਸ ਨਾਲ਼ ਮੁਆਸ਼ਕਾ ਪਾਲਣ ਦੀ ਕੋਸ਼ਿਸ਼ ਕੀਤੀ। ਲਾਸਾਲਵਾਦੀ12 ਸ਼ਵੀਟਜ਼ਰ ਨੇ ਮਜ਼ਦੂਰ ਜਮਾਤ ਨੂੰ ”ਸਰਮਾਇਆ” ਦੀ ਜਾਣਕਾਰੀ ਕਰਾਉਣ ਲਈ ਇੱਕ ਲੇਖ-ਲੜੀ ਪ੍ਰਕਾਸ਼ਤ ਕਰਵਾਈ, ਜਿਸ ਦੀ ਮਾਰਕਸ ਨੇ ਬਹੁਤ ਸਲਾਘਾ ਕੀਤੀ। ਜੌਹਨ ਫਿਲਿਪ ਬੇਕਰ ਦੇ ਸੁਝਾਅ ਉੱਤੇ ਇੰਟਰਨੈਸ਼ਨਲ ਦੀ ਕਾਂਗਰਸ ਨੇ ਸਾਰੇ ਦੇਸ਼ਾਂ ਦੇ ਸੋਸ਼ਲਿਸਟਾਂ ਨੂੰ ”ਸਰਮਾਇਆ” ਵੱਲ ਮਜ਼ਦੂਰ ਜਮਾਤ ਦੀ ਅੰਜੀਲ ਦੇ ਰੂਪ ਵਿੱਚ ਧਿਆਨ ਦੇਣ ਦੀ ਸਿਫਾਰਸ਼ ਕੀਤੀ। 

18 ਮਾਰਚ, 1871 ਦੀ ਬਗਾਵਤ ਤੋਂ ਬਾਅਦ, ਜਿਸ ਨੂੰ ਇੰਟਰਨੈਸ਼ਨਲ ਦਾ ਕੰਮ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਕਮਿਊਨ ਦੀ ਹਾਰ ਤੋਂ ਬਾਅਦ, ਜਿਸ ਦੀ ਸਾਰੇ ਦੇਸ਼ਾਂ ਦੇ ਪੂੰਜੀਵਾਦੀ ਅਖਬਾਰਾਂ ਦੇ ਹਮਲੇ ਤੋਂ ਰਾਖੀ ਕਰਨ ਦਾ ਜਿੰਮਾ ਇੰਟਰਨੈਸ਼ਨਲ ਦੀ ਜਨਰਲ ਕੌਂਸਲ ਨੇ ਆਪਣੇ ਉੱਪਰ ਲੈ ਲਿਆ ਸੀ, ਮਾਰਕਸ ਦਾ ਨਾਂਅ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਿਆ। ਉਹ ਵਿਗਿਆਨਕ ਸਮਾਜਵਾਦ ਦੇ ਮਹਾਨ ਸਿਧਾਂਤਕਾਰ ਤੇ ਕੌਮਾਂਤਰੀ ਮਜ਼ਦੂਰ ਲਹਿਰ ਦੇ ਪਹਿਲੇ ਜਥੇਬੰਦਕ ਦੇ ਰੂਪ ਵਿੱਚ ਮੰਨੇ ਗਏ। 

”ਸਰਮਾਇਆ”  ਸਾਰੇ ਦੇਸ਼ਾਂ ਦੇ ਸੋਸ਼ਲਿਸਟਾਂ ਦੀ ਪਾਠ-ਪੁਸਤਕ ਬਣ ਗਈ। ਸੋਸ਼ਲਿਸਟਾਂ ਤੇ ਮਜ਼ਦੂਰ ਜਮਾਤ ਦੇ ਸਾਰੇ ਅਖ਼ਬਾਰ ਉਸ ਦੇ ਵਿਗਿਆਨਕ ਸਿਧਾਂਤਾਂ ਦਾ ਪ੍ਰਚਾਰ ਕਰਨ ਲੱਗੇ ਅਤੇ ਨਿਉਯਾਰਕ ਦੀ ਇੱਕ ਹੜਤਾਲ ਦੌਰਾਨ ਮਜ਼ਦੂਰਾਂ ਨੂੰ ਡਟੇ ਰਹਿਣ ਦੀ ਪ੍ਰੇਰਨਾ ਦੇਣ ਤੇ ਉਹਨਾਂ ਦੀਆਂ ਮੰਗਾਂ ਦੇ ਹੱਕੀ ਹੋਣ ਨੂੰ ਦਰਸਾਉਣ ਲਈ ”ਸਰਮਾਇਆ” ਦੇ ਹਵਾਲੇ ਪਰਚਿਆਂ ਦੇ ਰੂਪ ‘ਚ ਛਾਪੇ ਤੇ ਵੰਡੇ ਗਏ। 

ਮੁੱਖ ਯੂਰਪੀ ਭਾਸ਼ਾਵਾਂ¸ਰੂਸੀ, ਫਰਾਂਸੀਸੀ ਤੇ ਅੰਗਰੇਜ਼ੀ¸ਵਿੱਚ ”ਸਰਮਾਇਆ” ਦੇ ਅਨੁਵਾਦ ਹੋਏ ਅਤੇ ਜਰਮਨ, ਇਤਾਲਵੀ, ਫਰਾਂਸੀਸੀ, ਸਪੈਨਿਸ਼ ਤੇ ਡੱਚ ਭਾਸ਼ਾਵਾਂ ਵਿੱਚ ਉਸ ਦੇ ਹਿੱਸੇ ਛਾਪੇ ਗਏ। ਯੂਰਪ ਜਾਂ ਅਮਰੀਕਾ ਵਿੱਚ ਵਿਰੋਧੀਆਂ ਨੇ ਜਦੋਂ ਵੀ ਉਹਨਾਂ ਦੇ ਸਿਧਾਂਤਾਂ ਦਾ ਖੰਡਣ ਕਰਨ ਦੇ ਯਤਨ ਕੀਤੇ ਤਾਂ ਮਾਰਕਸਵਾਦੀਆਂ ਨੇ ਉਹਨਾਂ ਦੇ ਐਸੇ ਜਵਾਬ ਦਿੱਤੇ ਕਿ ਉਹਨਾਂ ਦੇ ਮੂੰਹ ਬੰਦ ਹੋ ਗਏ। ਅੱਜ  ”ਸਰਮਾਇਆ” ਸੱਚਮੁੱਚ ਹੀ ”ਮਜ਼ਦੂਰ ਜਮਾਤ ਦੀ ਅੰਜੀਲ”  ਬਣ ਗਈ ਹੈ ਜਿਵੇਂ ਕਿ ਇੰਟਰਨੈਸ਼ਨਲ ਦੀ ਕਾਂਗਰਸ ਨੇ ਆਖਿਆ ਸੀ। 

ਕੌਮਾਂਤਰੀ ਸੋਸ਼ਲਿਸਟ ਲਹਿਰ ਵਿੱਚ ਸਰਗਰਮ ਹਿੱਸਾ ਲੈਣ ਕਾਰਨ ਮਾਰਕਸ ਨੂੰ ਵਿਗਿਆਨਕ ਕੰਮ ਲਈ ਘੱਟ ਸਮਾਂ ਮਿਲਦਾ ਸੀ। ਉਹਨਾਂ ਦੀ ਪਤਨੀ ਤੇ ਸਭ ਤੋਂ ਵੱਡੀ ਧੀ, ਸ਼੍ਰੀਮਤੀ ਲਾਂਗੇ, ਦੀ ਮੌਤ ਨਾਲ਼ ਵੀ ਕੰਮ ਦਾ ਨੁਕਸਾਨ ਹੋਇਆ। 

ਆਪਣੀ ਪਤਨੀ ਪ੍ਰਤੀ ਮਾਰਕਸ ਦਾ ਪਿਆਰ ਬੜਾ ਡੂੰਘਾ ਸੀ। ਉਸ ਦੀ ਸੁੰਦਰਤਾ ਉੱਤੇ ਮਾਰਕਸ ਨੂੰ ਮਾਣ ਸੀ। ਪਤਨੀ ਦੇ ਸਨਿਮਰ ਤੇ ਕੋਮਲ ਸੁਭਾਅ ਸਦਕਾ ਮਾਰਕਸ ਦੇ ਚਿੰਤਾ-ਭਰੇ ਅਤੇ ਲਾਜ਼ਮੀ ਤੌਰ ‘ਤੇ ਕਮੀਆਂ ਦਾ ਸ਼ਿਕਾਰ ਇਨਕਲਾਬੀ ਸੋਸ਼ਲਿਸਟ ਜੀਵਨ ਦਾ ਬੋਝ ਹਲਕਾ ਹੋਇਆ। ਜੈਨੀ ਦੀ ਬੀਮਾਰੀ ਨੇ, ਜੋ ਉਸ ਦੀ ਮੌਤ ਦਾ ਕਾਰਨ ਬਣੀ, ਉਸ ਦੇ ਪਤੀ ਦੀ ਉਮਰ ਵੀ ਘੱਟ ਕਰ ਦਿੱਤੀ। ਉਸ ਦੀ ਲੰਮੀ ਤੇ ਦਰਦਨਾਕ ਬੀਮਾਰੀ ਦੌਰਾਨ ਉਨੀਂਦਰੇ ਕਾਰਨ ਅਤੇ ਕਸਰਤ ਤੇ ਤਾਜ਼ਾ ਹਵਾ ਦੀ ਘਾਟ ਵਿੱਚ ਹਾਰੇ ਹੰਭੇ ਮਾਰਕਸ ਨੂੰ ਨਮੋਨੀਆਂ ਹੋ ਗਿਆ ਜੋ ਆਖਰ ਨੂੰ ਉਹਨਾਂ ਦੀ ਜਾਨ ਲੈ ਕੇ ਹੀ ਰਿਹਾ। 

ਸ਼੍ਰੀਮਤੀ ਮਾਰਕਸ ਕਮਿਊਨਿਸਟ ਤੇ ਭੌਤਿਕਵਾਦੀ ਰਹਿੰਦੇ ਹੋਏ ਹੀ ਦੋ ਦਸੰਬਰ 1881 ਨੂੰ ਇਸ ਸੰਸਾਰ ਤੋਂ ਵਿਦਾ ਹੋ ਗਈ। ਮੌਤ ਉਸ ਲਈ ਕੋਈ ਦਹਿਸ਼ਤ ਨਹੀਂ ਸੀ। ਜਦੋਂ ਉਸ ਨੇ ਆਪਣਾ ਅੰਤ ਨੇੜੇ ਆਉਂਦਾ ਦੇਖਿਆ ਤਾਂ ਬੋਲੀ, ”ਕਾਰਲ! ਮੇਰੀ ਸ਼ਕਤੀ ਜਵਾਬ ਦੇ ਰਹੀ ਹੈ!” ਇਹ ਹੀ ਉਸ ਦੇ ਅੰਤਮ ਸਪੱਸ਼ਟ ਉਚਾਰੇ ਸ਼ਬਦ ਸਨ। 

ਉਹ ਹਾਈਗੇਟ ਕਬਰਸਤਾਨ ਵਿੱਚ ਪੰਜ ਦਸੰਬਰ ਨੂੰ ਦਫਨਾਈ ਗਈ। ਉਸ ਦੇ ਤੇ ਮਾਰਕਸ ਦੇ ਸੁਭਾਅ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ ਸਾਵਧਾਨੀ ਵਰਤੀ ਗਈ ਸੀ ਕਿ ਉਸ ਦੇ ਸਸਕਾਰ ਨੂੰ ਆਮ ਨਾ ਪ੍ਰਚਾਰਿਆ ਜਾਵੇ ਅਤੇ ਚੰਦ ਨਜ਼ਦੀਕੀ ਮਿੱਤਰ ਹੀ ਉਸ ਦੇ ਅੰਤਮ ਟਿਕਾਣੇ ਤੱਕ ਨਾਲ਼ ਗਏ। ਮਾਰਕਸ ਦੇ ਪੁਰਾਣੇ ਮਿੱਤਰ ਏਂਗਲਜ਼ ਨੇ ਸਰਧਾਂਜ਼ਲੀ ਭਾਸ਼ਣ ਕੀਤਾ……

ਪਤਨੀ ਦੀ ਮੌਤ ਤੋਂ ਬਾਅਦ ਮਾਰਕਸ ਦਾ ਜੀਵਨ ਸਰੀਰਕ ਤੇ ਨੈਤਿਕ ਦੁਖ ਭੋਗਣ ਦੀ ਇੱਕ ਲੜੀ ਬਣ ਗਿਆ ਜਿਸ ਨੂੰ ਉਹਨਾਂ ਬੜੇ ਧੀਰਜ ਨਾਲ਼ ਬਰਦਾਸ਼ਤ ਕੀਤਾ। ਸਾਲ ਭਰ ਬਾਅਦ ਹੀ ਉਹਨਾਂ ਦੀ ਵੱਡੀ ਧੀ, ਸ਼੍ਰੀਮਤੀ ਲਾਂਗੇ, ਦੀ ਮੌਤ ਪਿੱਛੋਂ ਇਹ ਹੋਰ ਵੀ ਦੁਖਦਾਈ ਹੋ ਗਿਆ। ਉਹ ਟੁੱਟ ਚੁੱਕੇ ਸਨ ਤੇ ਫਿਰ ਕਦੇ ਸੰਭਲ ਨਾ ਸਕੇ। 

ਉਹ 65 ਸਾਲ ਦੀ ਉਮਰ ਵਿੱਚ 14 ਮਾਰਚ, 1883 ਨੂੰ ਕੰਮ ਕਰਦੇ ਹੋਏ ਹੀ ਸਦਾ ਲਈ ਸੌਂ ਗਏ। 

-ਅਨੁਵਾਦ-ਬਲਜੀਤ ਪੰਨੂੰ

ਨੋਟ

1.ਲਫਾਰਗ, ਪਾਲ (1842-1911) ¸ਫਰਾਂਸੀਸੀ ਤੇ ਕੌਮਾਂਤਰੀ ਮਜ਼ਦੂਰ ਲਹਿਰ ਦਾ ਪ੍ਰਸਿੱਧ ਆਗੂ ਮਾਰਕਸ ਤੇ ਏਂਗਲਜ਼ ਦਾ ਮਿੱਤਰ ਤੇ ਪੈਰੋਕਾਰ, ਮਾਰਕਸ ਦੀ ਧੀ ਲਾਉਰਾ ਦੇ ਪਤੀ। ਲਫਾਰਗ ਦੀਆਂ ਯਾਦਾਂ 1890 ਵਿੱਚ ਪ੍ਰਕਾਸ਼ਤ ਕੀਤੀਆਂ ਗਈਆਂ-ਸੰ.

2. ਵੋਲਫ, ਵਿਲਹੇਲਮ (1809-1864)¸ਜਰਮਨ ਪ੍ਰੋਲੇਤਾਰੀ ਇਨਕਲਾਬੀ, ਮਾਰਕਸ ਤੇ ਏਂਗਲਜ਼ ਦਾ ਮਿੱਤਰ ਤੇ ਸਹਿਯੋਗੀ। ਮਾਰਕਸ ਨੇ ਆਪਣੀ ਮਹਾਨ ਕਿਰਤ ”ਸਰਮਾਇਆ” ਉਸ ਨੂੰ ਹੀ ਸਮਰਪਤ ਕੀਤੀ ਹੈ।-ਸੰ.

3. ਏਸਕੀਲਸ (525-456 ਪੂਰਬ ਈਸਵੀ)-ਪ੍ਰਸਿੱਧ ਪ੍ਰਾਚੀਨ ਯੂਨਾਨੀ ਨਾਟਕਕਾਰ, ਕਲਾਸਕੀ ਦੁਖਾਂਤ ਦਾ ਕਰਤਾ।-ਸੰ. 

4. ਕਾਵੇਟ, ਵਿਲੀਅਮ, (1762-1835)¸ਅੰਗਰੇਜੀ ਰਾਜਨੀਤੀਵਾਨ ਤੇ ਲੇਖਕ ਬਰਤਾਨਵੀ ਰਾਜਨੀਤਕ ਢਾਂਚੇ ਦੇ ਜਮਹੂਰੀਕਰਨ ਦਾ ਯੋਧਾ-ਸੰ.

5. ਪੈਰਿਸ ਕਮਿਊਨ ਦੀ ਹਾਰ ਤੋਂ ਬਾਅਦ ਲਫ਼ਾਰਗ ਅਰਾਜਕਤਾਵਾਦੀ ਬਾਕੂਨਿਨਿਸਟਾਂ ਵਿਰੁੱਧ ਲੜਨ ਲਈ ਮਾਰਕਸ ਤੇ ਪ੍ਰਥਮ ਇੰਟਰਨੈਸ਼ਨਲ ਦੀ ਜਨਰਲ ਕੌਂਸਲ ਦੇ ਕਹਿਣ ਉੱਤੇ ਸਪੇਨ ਚਲਾ ਗਿਆ-ਸੰ.

6. ਗ੍ਰਾਖਸ, ਟਾਈਬੇਰੀਅਸ (163-133 ਈ. ਪੂ.) ਤੇ ਗੈਯਸ (153-121 ਈ. ਪੂ.) ਭਰਾ, ਪ੍ਰਾਚੀਨ ਰੋਮ ਦੇ ਲੋਕ ਬੁਲਾਰੇ, ਇਹਨਾਂ ਵੱਡੀਆਂ ਜ਼ਮੀਨੀ ਮਿਲਖਾਂ ਨੂੰ ਸੀਮਤ ਕਰਨ ਲਈ ਖੇਤੀ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਣ ਲਈ ਸੰਘਰਸ਼ ਕੀਤਾ।-ਸੰ.

7. ਬੇਕਰ, ਜੌਹਨ ਫਿਲਿਪ (1809-1886) ਜਰਮਨ ਤੇ ਕੌਮਾਂਤਰੀ ਮਜ਼ਦੂਰ ਲਹਿਰ ਦਾ ਪ੍ਰਸਿੱਧ ਆਗੂ, ਪਹਿਲੇ ਇੰਟਰਨੈਸ਼ਨਲ ਦਾ ਮੈਂਬਰ, ਪੇਸ਼ੇ ਵੱਲੋਂ ਬਰੱਸ਼ਰ ਬਣਾਉਣ ਵਾਲ਼ਾ, ਮਾਰਕਸ ਤੇ ਏਂਗਲਜ਼ ਦਾ ਮਿੱਤਰ ਤੇ ਸਹਾਇਕ-ਸੰ.

8. ਅਲਬੀ ਗੋਇਨ ਜੰਗ (1209-1229) ਇਹ ਜੰਗ ਪੋਪ ਨਾਲ਼ ਮਿਲ ਕੇ ਉੱਤਰੀ ਫਰਾਂਸ ਦੇ ਸਾਮੰਤਸ਼ਾਹਾਂ ਨੇ ਦੱਖਣੀ ਫਰਾਂਸ ਦੇ ”ਕਾਫਰਾਂ” ਵਿਰੁੱਧ ਲੜੀ ਤੇ ਦੱਖਣੀ ਫਰਾਂਸ ਦੇ ਅਲਬੀ ਸ਼ਹਿਰ ਦੇ ਨਾਂਅ ਉੱਤੇ ਅਲਬੋਗੋਇਨ ਦੇ ਨਾਂਅ ਨਾਲ਼ ਪ੍ਰਸਿੱਧ ਸਨ। ਅਲਬੀਗੋਇਨ, ਜੋ ਠਾਠਦਾਰ ਕੈਥੋਲਿਕ ਸੰਸਕਾਰਾਂ ਤੇ ਧਾਰਮਿਕ ਗੱਦੀਗੀਰੀ ਦੇ ਵਿਰੁੱਧ ਸੀ, ਸਾਮੰਤਸ਼ਾਹਾਂ ਵਿਰੁੱਧ ਦੱਖਣੀ ਸ਼ਹਿਰਾਂ ਦੀ ਵਪਾਰੀ-ਦਸਤਕਾਰ ਜਨਤਾ ਦਾ ਵਿਰੋਧ ਧਾਰਮਿਕ ਪੱਖ ਤੋਂ ਪ੍ਰਗਟ ਕਰਦੇ ਸਨ। -ਸੰ.

9. 2 ਦਸੰਬਰ 1851 ਨੂੰ ਫਰਾਂਸੀਸੀ ਗਣਰਾਜ ਦੇ ਪ੍ਰਧਾਨ ਲੂਈ ਬੋਨਾਪਾਰਟ ਨੇ (ਨੈਪੋਲੀਅਨ ਪ੍ਰਥਮ ਦਾ ਭਤੀਜਾ) ਰਾਜ ਪਲ਼ਟਾ ਕੀਤਾ, ਸੰਵਿਧਾਨ ਸਭਾ ਭੰਗ ਕੀਤੀ ਤੇ ਆਪਣੇ ਆਪ ਨੂੰ ਜਿੰਦਗੀ ਭਰ ਲਈ ਪ੍ਰਧਾਨ ਐਲਾਨ ਦਿੱਤਾ। -ਸੰ.

10. ਕੰਗਾਲੀ ਦਾ ਫਲਸਫਾ¸ਫਰਾਂਸੀਸੀ ਪੈਟੀ-ਬੁਰਜੂਆ ਪ੍ਰਚਾਰਕ-ਲੇਖਕ ਪਰੂਦੋਂ ਦੀ ਪੁਸਤਕ। -ਸੰ.

11. ਬਿਸਮਾਰਕ , ਓਟੋ (1815-1898)¸ਪ੍ਰਸ਼ੀਆ ਦਾ ਸਿਆਸਤਦਾਨ। 1871 ਤੋਂ ਜਰਮਨ ਸਾਮਰਾਜ ਦਾ ਚਾਂਸਲਰ। 

12. ਲਾਸਾਲਵਾਦੀ¸ ਪੈਟੀ-ਬੁਰਜੂਆ ਸੋਸ਼ਲਿਸਟ ਫਰਦੀਨਾਂਦ ਲਾਸਾਲ (1825-1864) ਦੇ ਪੈਰੋਕਾਰ। ਮਾਰਕਸ ਤੇ ਏਂਗਲਜ਼ ਨੇ ਲਾਸਾਲਵਾਦ ਦੇ ਸਿਧਾਤਾਂ, ਕਾਰਜ-ਨੀਤੀ ਤੇ ਜਥੇਬੰਦਕ ਅਸੂਲਾਂ ਦੀ ਜਰਮਨ ਮਜ਼ਦੂਰ ਲਹਿਰ ਵਿੱਚ ਮੌਕਾਪ੍ਰਸਤ ਰੁਝਾਣ ਕਹਿ ਕੇ ਅਲੋਚਨਾ ਕੀਤੀ ਹੈ। -ਸੰ.  

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਮਾਰਕਸ ਦੀਆਂ ਯਾਦਾਂ -ਪਾਲ ਲਫ਼ਾਰਗ1

  1. SP Singh ਨੇ ਕਿਹਾ:

    Undoubtedly Marx was a great philosopher he favored the labour class wanted equal distribution of Economic resources. His philosophy of life still relevant what use of tambokoo is really dangerous for health it is proved by science. so we should shun smoking.

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s