ਮਾਓ ਦੇ ਸਮੇਂ ਦੇ ਚੀਨ ਵਿੱਚ ਮਾਰਕਸਵਾਦ -ਜਾਰਜ ਥਾਮਸਨ

mao5

(ਪੀ.ਡੀ.ਐਫ਼ ਡਾਊਨਲੋਡ ਕਰੋ)

ਪੰਜਾਹ ਸਾਲ ਪਹਿਲਾਂ ਲੈਨਿਨ ਨੇ ਲਿਖਿਆ ਸੀ ”ਮਾਰਕਸ ਹੀ ਉਹ ਪ੍ਰਤਿਭਾਸ਼ਾਲੀ ਵਿਅਕਤੀ ਸੀ, ਜਿਸ ਨੇ 19ਵੀਂ ਸਦੀ ਵਿੱਚ ਮਨੁੱਖਤਾ ਦੀ ਨੁਮਾਇੰਦਗੀ ਕਰਨ ਵਾਲੇ ਤਿੰਨ ਸਭ ਤੋਂ ਵਿਕਸਿਤ ਦੇਸ਼ਾਂ ਦੇ ਤਿੰਨ ਪ੍ਰਮੁੱਖ ਵਿਚਾਰਧਾਰਾ ਪ੍ਰਵਾਹਾਂ¸ਕਲਾਸੀਕਲ ਜਰਮਨ ਫਲਸਫਾ, ਕਲਾਸੀਕਲ ਅੰਗਰੇਜ਼ੀ ਰਾਜਨੀਤਿਕ ਅਰਥਸ਼ਾਸ਼ਤਰ, ਫਰਾਂਸੀਸੀ ਇਨਕਲਾਬੀ ਸਿਧਾਂਤਾਂ ਨਾਲ ਲਬਰੇਜ਼ ਫਰਾਂਸੀਸੀ ਸਮਾਜਵਾਦ ਦਾ ਸਿਲਸਿਲਾ ਅੱਗੇ ਵਧਾਇਆ ਅਤੇ ਉਸ ਨੂੰ ਪੂਰਨਤਾ ਤੱਕ ਪਹੁੰਚਾਇਆ।”

ਇਸ ਭਾਸ਼ਨ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਸਮੇਂ ਲੈਨਿਨ ਨੇ ਤਿੰਨ ਵਿਚਾਰਧਾਰਕ ਪ੍ਰਵਾਹਾਂ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਉਹਨਾਂ ਵਿੱਚ ਇੱਕ ਚੌਥਾ ਭਾਵ ਚੀਨੀ ਕਲਾਸੀਕਲ ਫਲਸਫਾ ਵੀ ਆ ਜੁੜਿਆ ਹੈ ਅਤੇ ਕਿ ਇਹ ਚੌਥਾ ਪ੍ਰਵਾਹ, ਜਿਸ ਨੂੰ ਅੱਜ ਚੀਨ ਦੇ ਮਜ਼ਦੂਰ ਅਤੇ ਕਿਸਾਨ ਅਮਲ ਵਿੱਚ ਲਿਆ ਰਹੇ ਹਨ, ਮਾਓ ਦੁਆਰਾ ਵਿਕਸਿਤ ਮਾਰਕਸਵਾਦੀ ਸਿਧਾਂਤ ਦੀਆਂ ਕੁੱਝ ਸਪੱਸ਼ਟ ਵਸ਼ਿਸ਼ਟਤਾਂਵਾਂ ਦਾ ਸਰੋਤ ਹੈ।

ਵਿਚਾਰਧਾਰਕ ਵਾਤਾਵਰਣ

ਲਿਓ-ਸਾਓ-ਚੀ ਨੇ 1945 ਵਿੱਚ ਨਵੇਂ ਪਾਰਟੀ ਸੰਵਿਧਾਨ ਬਾਰੇ ਆਪਣੀ ਰਿਪੋਰਟ ਵਿੱਚ ਲਿਖਿਆ¸

”ਮਾਰਕਸ, ਏਂਗਲਜ਼, ਲੈਨਿਨ ਅਤੇ ਸਟਾਲਿਨ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਨੇ ਇਹ ਕੀਤਾ ਹੈ ਕਿ ਮਾਰਕਸਵਾਦ ਦੇ ਸਿਧਾਂਤਾਂ ਨੂੰ ਚੀਨੀ ਇਨਕਲਾਬ ਦੇ ਅਸਲ ਅਭਿਆਸ ਨਾਲ ਜੋੜ ਦਿੱਤਾ ਹੈ ਅਤੇ ਇਸ ਤਰਾਂ ਚੀਨੀ ਕਮਿਊਨਿਜ਼ਮ-ਮਾਓ-ਜ਼ੇ-ਤੁੰਗ ਦੀ ਵਿਚਾਰਧਾਰਾ ਦੀ ਦੇਣ ਦਿੱਤੀ ਹੈ, ਜਿਸ ਨੇ ਪੂਰਨ ਮੁਕਤੀ ਹਾਸਿਲ ਕਰਨ ਲਈ ਚੀਨੀ ਲੋਕਾਂ ਦੀ ਰਹਿਨੁਮਾਈ ਕੀਤੀ ਹੈ ਅਤੇ ਕਰ ਰਹੀ ਹੈ। ਇਹ ਸਾਰੇ ਲੋਕਾਂ ਅਤੇ ਖਾਸ ਤੌਰ ‘ਤੇ ਪੂਰਬ ਦੇ ਲੋਕਾਂ ਦੇ ਮੁਕਤੀ ਸੰਘਰਸ਼ ਵਿੱਚ ਇੱਕ ਮਹਾਨ ਯੋਗਦਾਨ ਹੈ।

”ਮਾਓ-ਜ਼ੇ-ਤੁੰਗ ਦੀ ਵਿਚਾਰਧਾਰਾ, ਉਹਨਾਂ ਦੀ ਕਾਰਜਸ਼ੈਲੀ ਦੇ ਸੰਸਾਰ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ, ਚੀਨ ਵਿੱਚ ਵਿਕਾਸ ਅਤੇ ਪ੍ਰਵੀਨੀਕਰਨ ਦੀ ਪ੍ਰਕਿਰਿਆ ਵਿੱਚ ਇਸਤੇਮਾਲ ਕੀਤਾ ਗਿਆ ਮਾਰਕਸਵਾਦ ਹੈ। ਇਸ ਵਿੱਚ ਵਰਤਮਾਨ ਸੰਸਾਰ ਹਾਲਤ ਅਤੇ ਚੀਨ ਦੀਆਂ ਵਸ਼ਿਸ਼ਟ ਹਾਲਤਾਂ ਬਾਰੇ ਉਹਨਾਂ ਦਾ ਵਿਸ਼ਲੇਸ਼ਣ ਸਮੋਇਆ ਹੈ। ਇਹ ਨਵੀਂ ਜ਼ਮਹੂਰੀਅਤ, ਕਿਸਾਨਾਂ ਦੀ ਮੁਕਤੀ, ਇਨਕਲਾਬੀ ਸਾਂਝੇ ਮੋਰਚੇ, ਇਨਕਲਾਬੀ ਯੁੱਧ, ਇਨਕਲਾਬੀ ਅਧਾਰ, ਨਵੇਂ ਜ਼ਮਹੂਰੀ ਗਣਤੰਤਰ ਦੀ ਸਥਾਪਨਾ, ਪਾਰਟੀ ਉਸਾਰੀ ਅਤੇ ਸਭਿਆਚਾਰ ਬਾਰੇ ਉਹਨਾਂ ਦੇ ਸਿਧਾਂਤਾਂ ਅਤੇ ਉਹਨਾਂ ਦੀਆਂ ਨੀਤੀਆਂ ਦਾ ਸਮੁੱਚ ਹੈ। ਇਹ ਸਾਰੇ ਦੇ ਸਾਰੇ ਸਿਧਾਂਤ ਅਤੇ ਇਹ ਸਾਰੀਆਂ ਦੀਆਂ ਸਾਰੀਆਂ ਨੀਤੀਆਂ ਇੱਕਦਮ ਮਾਰਕਸਵਾਦੀ ਵੀ ਹਨ ਅਤੇ ਚੀਨੀ ਵੀ, ਭਾਵ ਇਹ ਚੀਨੀ ਲੋਕਾਂ ਦੀ ਪ੍ਰਤਿਭਾ ਦੀ ਸਰਵਉੱਚ ਸਿਧਾਂਤਕ ਪ੍ਰਾਪਤੀ ਵੀ ਹਨ।”

ਗੱਲ ਨੂੰ ਦੂਜੇ ਢੰਗ ਨਾਲ ਇਉਂ ਕਿਹਾ ਜਾ ਸਕਦਾ ਹੈ ਕਿ ਮਾਰਕਸ ਅਤੇ ਏਂਗਲਜ਼ ਜਿਸ ਵਿਚਾਰਧਾਰਕ ਵਾਤਾਵਰਣ ਵਿੱਚ ਪੈਦਾ ਹੋਏ ਸਨ ਉਹ ਪੂੰਜੀਵਾਦੀ ਅਤੇ ਪ੍ਰਭਾਵੀ ਤੌਰ ‘ਤੇ ਇਸਾਈ ਵਾਤਾਵਰਨ ਸੀ। ਆਪਣੀ ਜਵਾਨੀ ਵਿੱਚ ਉਹ ਮਹਾਨ ਬੁਰਜ਼ੂਆ ਫਲਾਸਫਰ, ਹੇਗੇਲ ਦੇ ਵਿਦਿਆਰਥੀ ਸਨ, ਜਿਸ ਦੇ ਰਚਨਾ-ਕਰਮ ਦੇ ਸਰੋਤ ਯੂਰਪੀਨ ਫਲਸਫਾਨਾ ਪਰੰਪਰਾ ਦੇ ਮੋਢੀ, ਪਲੇਟੋ ਅਤੇ ਅਰਸਤੂ ਤੋਂ ਲੈ ਕੇ ਹੇਰਾਕਲੀਟਸ ਅਤੇ ਪਾਇਥਾਗੋਰਸ ਤੱਕ ਵਿੱਚ ਦੇਖੇ ਜਾ ਸਕਦੇ ਹਨ।

ਪਰ ਮਾਓ-ਜ਼ੇ-ਤੁੰਗ ਜਿਸ ਵਾਤਾਵਰਨ ਵਿੱਚ ਪੈਦਾ ਹੋਏ ਸਨ ਉਹ ਪ੍ਰਭਾਵੀ ਤੌਰ ‘ਤੇ ਜਗੀਰੂ ਅਤੇ ਕਨਫਿਊਸ਼ਿਆਈ ਸੀ। ਆਪਣੀ ਜਵਾਨੀ ਵਿੱਚ ਉਹਨਾਂ ਨੇ ਕਨਫਿਊਸ਼ਿਅਸ ਦੀਆਂ ਰਚਨਾਵਾਂ ਅਤੇ ਚੀਨੀ ਫਲਸਫੇ ਦੇ ਹੋਰ ਕਲਾਸੀਕਲ ਗ੍ਰੰਥਾਂ ਦਾ ਅਧਿਐਨ ਕੀਤਾ, ਜਿਨ੍ਹਾਂ ਦਾ ਇਤਿਹਾਸ ਓਨਾ ਹੀ ਪੁਰਾਣਾ ਸੀ ਜਿੰਨ੍ਹਾ ਕਿ ਯੂਰਪੀਨ ਫਲਸਫੇ ਦਾ ਅਤੇ ਕਨਫਿਊਸ਼ੀਅਸ ਤਾਂ ਪਾਇਥਾਗੋਰਸ ਦਾ ਸਮਕਾਲੀ ਹੀ ਸੀ, ਪਰ ਇਹਨਾਂ ਦੋਹਾਂ ਫਲਸਫਿਆਂ ਦੇ ਇਤਿਹਾਸ ਵਿੱਚ ਬਹੁਤ ਫਰਕ ਸੀ ਅਤੇ ਇਹ ਫਰਕ ਯੂਰਪੀਨ ਅਤੇ ਚੀਨੀ ਸਮਾਜ ਦੇ ਇਤਿਹਾਸਕ ਵਿਕਾਸ ਦੇ ਅੰਤਰਾਂ ਕਾਰਨ ਸੀ। ਮਾਓ-ਜ਼ੇ-ਤੁੰਗ ਜਦੋਂ 20 ਸਾਲ ਦੇ ਸਨ, ਤਾਂ ਉਹਨਾਂ ਨੇ ਚੀਨੀ ਭਾਸ਼ਾ ਵਿੱਚ ਅਨੁਵਾਦਿਤ ਹੋਣ ਵਾਲੀ ਪਹਿਲੀ ਮਾਰਕਸਵਾਦੀ ਕਲਾਸੀਕਲ ਰਚਨਾ ‘ਕਮਿਊਨਿਸਟ ਮੈਨੀਫੈਸਟੋ’ ਪੜ੍ਹੀ ਅਤੇ ਉਸ ਸਮੇਂ ਤੱਕ ਉਹ ਚੀਨੀ ਕਲਾਸੀਕਲ ਫਲਸਫੇ ਵਿੱਚ ਵੀ ਮਾਹਿਰ ਹੋ ਚੁੱਕੇ ਸਨ।

ਯੂਨਾਨੀ ਫਲਸਫੇ ਵਿੱਚ ਪਦਾਰਥਵਾਦ ਅਤੇ ਵਿਚਾਰਵਾਦ

ਮਾਰਕਸਵਾਦ ਵਿੱਚ, ਮਾਓ-ਜ਼ੇ-ਤੁੰਗ ਦਾ ਫਲਸਫਾਨਾ ਨਜ਼ਰੀਏ ਤੋਂ, ਸਭ ਤੋਂ ਵੱਧ ਵਰਣਨਯੋਗ ਯੋਗਦਾਨ ਦਵੰਦਵਾਦ ਬਾਰੇ ਉਹਨਾਂ ਦੀ ਪੇਸ਼ਕਾਰੀ ਵਿੱਚ ਹੈ : ਅਤੇ ਦਵੰਦਵਾਦ ਨਿਸ਼ਚਿਤ ਹੀ ਮਾਰਕਸਵਾਦ ਦੇ ਸਾਰ ਤੱਤ ਨਾਲ ਸੰਬੰਧਿਤ ਹੈ, ਜੋ ਇਸ ਕਾਰਨ ਇੱਕ ਪਾਸੇ ਫਰਾਂਸੀਸੀ-ਬੁਰਜੂਆ ਫਲਸਫੇ ਦੇ ਮਸ਼ੀਨੀ ਪਦਾਰਥਵਾਦ ਤੋਂ ਅਤੇ ਦੂਜੇ ਪਾਸੇ, ਹੇਗੇਲ ਦੇ ਦਵੰਦਾਤਮਕ ਵਿਚਾਰਵਾਦ ਨਾਲੋਂ ਫਰਕ ਕਰਨ ਲਈ ਦਵੰਦਾਤਮਕ ਪਦਾਰਥਵਾਦ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਲਈ ਮੇਰੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮੈਂ ਹੇਰਾਕਲੀਟਸ ਤੋਂ ਲੈ ਕੇ ਹੇਗੇਲ ਤੱਕ ਦੇ ਯੂਰਪੀਨ ਫਲਸਫੇ ਵਿੱਚ ਦਵੰਦਵਾਦ ਦੇ ਇਤਿਹਾਸ ਬਾਰੇ ਅਤੇ ਨਾਲ ਹੀ ਕਲਾਸੀਕਲ ਚੀਨੀ ਫਲਸਫੇ ਵਿੱਚ ਇਸ ਦੁਆਰਾ ਹਾਸਲ ਕੀਤੀ ਗਈ ਥਾਂ ਬਾਰੇ ਵੀ ਕੁੱਝ ਕਹਾਂ।

ਸ਼ੁਰੂਆਤੀ ਯੂਨਾਨੀ ਫਲਾਸਫਰਾਂ ਦੀ ਪੋਜੀਸ਼ਨ ਨੂੰ ਮੁੱਢਕਦੀਮੀ ਪਦਾਰਥਵਾਦ ਜਾਂ ਪਦਾਰਥਵਾਦ ਕਿਹਾ ਜਾ ਸਕਦਾ ਹੈ। ਇਹ ਬਾਅਦ ਦੇ ਦੌਰਾਂ ਦੇ ਪਦਾਰਥਵਾਦ ਤੋਂ ਇਸ ਕਰਕੇ ਵੱਖਰਾ ਹੈ ਕਿ ਇਹ ਵਿਚਾਰਵਾਦ ਸੁਚੇਤ ਰੂਪ ਵਿੱਚ ਵਿਰੋਧੀ ਨਹੀਂ ਹੈ, ਜੋ ਕਿ ਅਜੇ ਇੱਕ ਫਲਸਫਾਨਾ ਸਿਧਾਂਤ ਦੇ ਰੂਪ ਵਿੱਚ ਪੈਦਾ ਹੀ ਨਹੀਂ ਹੋਇਆ ਸੀ ਅਤੇ ਜੋ ਅੰਤਰਨਿਹਿਤ ਤੌਰ ‘ਤੇ ਦਵੰਦਾਤਮਕ ਸੀ। ਹੇਰਾਕਲੀਟਸ ਦੇ ਸ਼ਬਦਾਂ ਵਿੱਚ ਇਸ ਦਾ ਨਿਚੋੜ ਇਸ ਤਰਾਂ ਹੈ, ”ਇਹ ਹੈ ਅਤੇ ਇਹ ਨਹੀਂ ਹੈ।”

ਪੁਰਾਤਨ ਯੂਨਾਨ ਵਿੱਚ ਦਾਸ ਸਮਾਜ ਦੇ ਪੱਕੇ ਪੈਰੀਂ ਹੋਣ ਦੇ ਨਾਲ ਹੀ, ਹਾਕਮ ਜਮਾਤ ਪੈਦਾਵਾਰੀ ਮਿਹਨਤ ਤੋਂ ਵੱਖ ਹੋ ਗਈ ਅਤੇ ਉਸ ਨੇ ਇੱਕ ਅਜਿਹਾ ਨਜ਼ਰੀਆ ਵਿਕਸਿਤ ਕੀਤਾ ਜੋ ਪ੍ਰਭਾਵੀ ਤੌਰ ‘ਤੇ ਵਿਚਾਰਵਾਦੀ ਅਤੇ ਅਧਿਆਤਮਵਾਦੀ ਸੀ; ਭਾਵ ਇਸ ਵਿੱਚ ਪਦਾਰਥ ਤੋਂ ਪਹਿਲਾਂ ਚੇਤਨਾ ਦਾ ਦਾਅਵਾ ਕੀਤਾ ਗਿਆ ਅਤੇ ਬਦਲਾਅ ਦੀ ਅਸਲੀਅਤ ਨੂੰ ਨਕਾਰ ਦਿੱਤਾ ਗਿਆ। ਇਹ ਨਵੀਂ ਪ੍ਰਵਿਰਤੀ ਪਲੇਟੋ ਅਤੇ ਅਰਸਤੂ ਦੇ ਸਮਿਆਂ ਵਿੱਚ ਆਪਣੀ ਚਰਮਸੀਮਾਂ ‘ਤੇ ਪਹੁੰਚੀ, ਜਿਹਨਾਂ ਦੀਆਂ ਰਚਨਾਵਾਂ ਨੇ ਯੂਰਪੀਨ ਚਿੰਤਨ ਦੇ ਬਾਅਦ ਦੇ ਇਤਿਹਾਸ ‘ਤੇ ਇੱਕ ਲਮਕਵਾਂ ਪ੍ਰਭਾਵ ਪਿਆ। ਪਲੇਟੋ ਫਲਸਫਾਨਾ ਵਿਚਾਰਵਾਦ ਦਾ ਜਨਮਦਾਤਾ ਸੀ ਅਤੇ ਅਰਸਤੂ ਰਸਮੀ ਤਰਕ ਦਾ।

ਅਰਸਤੂ ਦੇ ਅਨੁਸਾਰ, ਇੱਕ ਚੀਜ਼ ”ਜਾਂ ਤਾਂ ਅ ਹੈ ਜਾਂ ਅ ਨਹੀਂ ਹੈ” ਭਾਵ ਅ ਅਤੇ ਅ ਨਹੀਂ, ਦੋਵੇਂ ਨਹੀਂ ਹੋ ਸਕਦੀ। ਇਸ ਹੇਰਾਕਲੀਟਸ ਦੁਆਰਾ ਸੂਤਰਤ ਸਿਧਾਂਤ ਭਾਵ ”ਇਹ ਹੈ ਅਤੇ ਇਹ ਨਹੀਂ ਹੈ।” ਤੋਂ ਪ੍ਰਤੱਖ ਇਨਕਾਰ ਸੀ।

ਪਲੇਟੋ ਦੇ ਵਿਚਾਰ-ਸਿਧਾਂਤ ਅਤੇ ਅਰਸਤੂਵਾਦੀ ਤਰਕ ਨੇ ਇਸਾਈ ਧਰਮਸ਼ਾਸ਼ਤਰ ਦਾ ਫਲਸਫਾਨਾ ਅਧਾਰ ਤਿਆਰ ਕੀਤਾ, ਜੋ ਹੁਣ ਤੱਕ ਯੂਰਪੀਨ ਚਿੰਤਨ ‘ਤੇ ਭਾਰੂ ਰਿਹਾ। ਫਿਰ, ਆਧੁਨਿਕ ਬੁਰਜੂਆਜ਼ੀ ਦੀ ਪੈਦਾਇਸ਼ ਨਾਲ, ਪਦਾਰਥਵਾਦ ਅਤੇ ਵਿਚਾਰਵਾਦ ਵਿਚਕਾਰ, ਦਵੰਦਵਾਦ ਅਤੇ ਅਧਿਆਤਮਵਾਦ ਵਿੱਚ, ਨਵੇਂ ਸਿਰੇ ਤੋਂ ਮੱਤਭੇਦ ਉਠ ਖੜ੍ਹਾ ਹੋਇਆ। ਇਸ ਦਾ ਚਰਮ ਵਿਕਾਸ ਮਹਾਨ ਜਰਮਨ ਫਲਾਸਫਰਾਂ ਕਾਂਟ , ਹੇਗੇਲ ਦੀਆਂ ਰਚਨਾਵਾਂ ਵਿੱਚ ਹੋਇਆ ਅਤੇ ਜਦੋਂ ਮਜ਼ਦੂਰ ਜਮਾਤ ਦਾ ਜਨਮ ਹੋਇਆ, ਫਿਰ ਇਸ ਦਾ ਹੱਲ ਨਵੇਂ ਦਵੰਦਵਾਦੀ ਪਦਾਰਥਵਾਦ ਦੇ ਸਿਧਾਂਤ ਮਾਰਕਸਵਾਦ ਦੇ ਰੂਪ ਵਿੱਚ ਹੋਇਆ ਜੋ ਭਵਿੱਖ ਵਿੱਚ ਕਮਿਊਨਿਜ਼ਮ ਦੀ ਦਿਸ਼ਾ ਦਾ ਸੰਕੇਤ ਕਰਦਾ ਹੈ। ਇਸ ਤਰਾਂ ਮਾਰਕਸਵਾਦ ਨੂੰ ਉਸ ਨਜ਼ਰੀਏ ਦੀ ਇੱਕ ਅਪਰਿਮਿਤ ਰੂਪ ਵਿੱਚ ਵਿਕਸਿਤ ਪੱਧਰ ‘ਤੇ ਮੁੜਪੁਸ਼ਟੀ ਮੰਨਿਆ ਜਾ ਸਕਦਾ ਹੈ, ਜਿਸ ਨੂੰ ਸ਼ੁਰੂਆਤੀ ਯੂਨਾਨੀ ਫਲਾਸਫਰਾਂ ਨੇ ਮੁੱਢ ਕਦੀਮੀ ਕਮਿਊਨਿਜ਼ਮ ਦੀ ਵਿਰਾਸਤ ਦੇ ਰੂਪ ਵਿੱਚ ਪ੍ਰਾਪਤ ਕੀਤਾ ਹੋਇਆ ਸੀ, ਜੋ ਬਾਅਦ ਦੇ ਦੌਰ ਵਿੱਚ, ਜਿਵੇਂ ਕਿ ਮਾਰਕਸ ਨੇ ਕਿਹਾ ਹੈ, ਜਮਾਤੀ ਸਮਾਜ ਦੇ ‘ਰਹੱਸ ਦੇ ਪਰਦੇ’ ਵਿੱਚ ਧੁੰਦਲਾ ਹੋ ਗਿਆ ਸੀ।

ਪੁਰਾਤਨ ਚੀਨ ਵਿੱਚ ਦਵੰਦਵਾਦ ਦਾ ਅਰਥ

ਜਦੋਂ ਅਸੀਂ ਚੀਨ ਵੱਲ ਮੁੜਦੇ ਹਾਂ, ਤਾਂ ਉਥੇ ਵੀ ਸਾਨੂੰ ਸ਼ੁਰੂਆਤੀ ਫਲਾਸਫਰਾਂ ਵਿੱਚ ਅਜਿਹਾ ਹੀ ਨਜ਼ਰੀਆਂ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਇੱਕ ਜ਼ੋਰਦਾਰ ਦਵੰਦਾਤਮਕ ਅਰਥ ਵਾਲਾ ਮੁੱਢ ਕਦੀਮੀ ਪਦਾਰਥਵਾਦੀ (ਨਜ਼ਰੀਆ-ਅਨੁਵਾਦਕ) ਕਿਹਾ ਜਾ ਸਕਦਾ ਹੈ, ਜਿਸ ਦਾ ਕਾਰਨ ਵੀ ਉਹੀ ਸੀ ( ਜੋ ਯੂਨਾਨ ਵਿੱਚ ਅਜਿਹੇ ਸ਼ੁਰੂਆਤੀ ਨਜ਼ਰੀਏ ਦਾ ਸੀ¸ਅਨੁ.) : ਜਾਣੀ ਜਿਸ ਤਰਾਂ ਯੂਨਾਨ ਵਿੱਚ, ਉਸੇ ਤਰਾਂ ਚੀਨ ਵਿੱਚ ਵੀ ਫਲਸਫੇ ਦੀ ਸ਼ੁਰੂਆਤ ਜਮਾਤਾਂ ਤੋਂ ਪਹਿਲਾਂ ਦੇ ਸਮਾਜ ਤੋਂ ਵਿਰਾਸਤ ਵਿੱਚ ਮਿਲੇ ਵਿਚਾਰਾਂ ਦੇ ਸੂਤਰੀਕਰਨ ਦੇ ਨਾਲ ਹੀ ਹੋਈ। ਪਰ ਚੀਨ ਵਿੱਚ ਫਲਸਫੇ ਦਾ ਬਾਅਦ ਦਾ ਇਤਿਹਾਸ ਵੱਖਰਾ ਹੋ ਗਿਆ। ਉੱਥੇ ਗੁਲਾਮਦਾਰੀ ਉਨੀ ਵਿਕਸਿਤ ਨਹੀਂ ਹੋਈ ਜਿੰਨੀ ਕਿ ਯੂਨਾਨ ਵਿੱਚ। ਇਸ ਲਈ (ਚੀਨ ਵਿੱਚ-ਅਨੁ.) ਚਿੰਤਨ ਦੀਆਂ ਅਹਿਮ ਵਿਧੀਆਂ ਨਾਲੋਂ ਤੋੜ ਵਿਛੋੜਾ ਘੱਟ ਮੁਕੰਮਲ ਰਿਹਾ।

ਇਹ ਸੱਚ ਹੈ ਕਿ ਕਨਫਿਊਸ਼ਿਅਸ ਦੇ ਸਮੇਂ ਤੋਂ ਲੈ ਕੇ ਬਾਅਦ ਤੱਕ ਵਿਚਾਰਵਾਦ ਪ੍ਰਚੱਲਤ ਰਿਹਾ, ਪਰ ਚੀਨੀ ਫਲਾਸਫਰਾਂ ਦਾ ਨਜ਼ਰੀਆ ਅਧਿਆਤਮਵਾਦ ਦੀ ਬਜਾਏ ਅਨੁਤਵਿਕ ਹੀ ਬਣਿਆ ਰਿਹਾ ਅਤੇ ਉਹਨਾਂ ਨੇ ਰਸਮੀ ਤਰਕ ਦੀ ਇੱਕ ਪ੍ਰਣਾਲੀ ਕਦੇ ਵਿਕਸਿਤ ਨਹੀਂ ਕੀਤੀ। ਇਸ ਵਿੱਚ ਨਫ਼ਾ ਅਤੇ ਨੁਕਸਾਨ ਦੋਵੇਂ ਸ਼ਾਮਲ ਸਨ। ਖ਼ਾਸ ਤੌਰ ‘ਤੇ ਦਵੰਦਵਾਦ ਦਾ ਅਰਥ ਜਿਵੇਂ ਦਾ ਜਿਵੇਂ ਬਣਿਆ ਰਿਹਾ। ਇਸ ਦੇ ਲਈ ਉਦਾਹਰਣ ਦੇ ਤੌਰ ‘ਤੇ ਚੀਨ ਵਿੱਚ ਸਭ ਤੋਂ ਵੱਡੇ ਕਲਾਸੀਕਲ ਰਚਨਕਾਰਾਂ ਵਿੱਚੋਂ ਇੱਕ, ਤਾਓ-ਤੇ-ਚਿੰਗ ਦਾ ਇਹ ਕਥਨ ਧਿਆਨ ਦੇਣ ਯੋਗ ਹੈ :¸

”ਹੋਂਦ ਅਣਹੋਂਦ ਨੂੰ ਅਤੇ ਅਣਹੋਂਦ ਹੋਂਦ ਨੂੰ ਜਨਮ ਦਿੰਦੀ ਹੈ, ਔਖਾ ਅਸਾਨ ਨੂੰ ਅਤੇ ਅਸਾਨ ਔਖੇ ਨੂੰ ਪੂਰਾ ਕਰ ਕਰਦਾ ਹੈ, ਲੰਬਾ ਲਘੂ ਨੂੰ ਅਤੇ ਲਘੂ ਲੰਬੇ ਨੂੰ ਦਰਸਾਉਂਦਾ ਹੈ, ਉੱਚਾ ਨੀਵੇਂ ਅਤੇ ਨੀਵਾਂ ਉੱਚੇ ਨੂੰ ਪ੍ਰਗਟ ਕਰਦਾ ਹੈ, ਪਹਿਲ ਦਾ ਬਾਅਦ ਵਾਲੇ ਨੂੰ ਅਤੇ ਬਾਅਦ ਵਾਲੇ ਪਹਿਲਾਂ ਵਾਲੇ ਦਾ ਨਿਰਧਾਰਨ ਕਰਦਾ ਹੈ।

ਇਸ ਵਿੱਚ ਮੈਨੂੰ ਅਰਸਤੂਵਾਦੀ ਤਰਕ ‘ਤੇ ਡਾ. ਜੋਸੇਫ ਨੀਡੋਹਮ ਦੀ ਟਿੱਪਣੀ ਵੀ ਜੋੜ ਦੇਣ ਦਿਓ। ਉਸ ਦਾ ਕਹਿਣਾ ਹੈ ਕਿ ਅਰਸਤੂਵਾਦੀ ਤਰਕ ਨੇ, ”ਕੁਦਰਤੀ ਵਿਗਿਆਨਾਂ, ਕੁਦਰਤ ਦੇ ਉਸ ਸਭ ਤੋਂ ਮਹਾਨ ਤੱਥ ਤਬਦੀਲੀ ਨੂੰ ਸਮਝਣ ਦਾ ਇੱਕ ਨਾਕਾਫੀ ਔਜ਼ਾਰ ਵੀ ਪ੍ਰਦਾਨ ਕੀਤਾ ਜਿਸ ਨੂੰ ਇੰਨੇ ਚੰਗੇ ਢੰਗ ਨਾਲ ਤਾਓਵਾਦੀਆਂ ਨੇ ਪੇਸ਼ ਕੀਤਾ ਸੀ, ਏਕਤਾ, ਵਿਰੋਧਤਾਈ ਅਤੇ ਬਾਈਕਾਟ ਕੀਤੇ ਮੱਧ ਦੇ ਅਖੌਤੀ ਨਿਯਮ, ਜਿਹਨਾਂ ਅਨੁਸਾਰ ਯ ਜਾਂ ਤਾਂ ਅ ਹੋਵੇਗਾ ਜਾਂ ਯ ਅ ਨਹੀਂ ਹੋਵੇਗਾ ਅਤੇ ਜਾਂ ਤਾਂ ਬ ਹੋਵੇਗਾ ਜਾਂ ਬ ਨਹੀਂ ਹੋਵੇਗਾ, ਲਗਾਤਾਰ ਮਜ਼ਾਕ ਦੇ ਪਾਤਰ ਬਣਦੇ ਰਹੇ। ਕੁਦਰਤੀ ਵਿਗਿਆਨ ਤਾਂ ਹਮੇਸ਼ਾ ਇਹੀ ਕਹਿਣ ਦੀ ਸਥਿਤੀ ਵਿੱਚ ਰਹੇ ਕਿ ‘ਇਹ ਹੈ ਅਤੇ ਇਹ ਨਹੀਂ ਵੀ ਹੈ।’ ਇਸ ਲਈ ਅੱਗੇ ਚੱਲ ਕੇ ਉੱਤਰ-ਹੇਗੇ ਲਿਆਈ ਸੰਸਾਰ ਦੇ ਦਵੰਦਵਾਤਮਕ ਅਤੇ ਵੱਖ-ਵੱਖ ਮਾਨ ਵਾਲੇ ਤਰਕ ਹੋਂਦ ਵਿੱਚ ਆਏ। ਇਸ ਲਈ ਪੁਰਾਤਨ ਚੀਨੀ ਚਿੰਤਕਾਂ ਦੇ ਦਵੰਦਾਤਮਕ ਜਾ ਗਤੀਸ਼ੀਲ ਤਰਕ ਦੇ ਸੰਕੇਤਾਂ ਦੇ ਪ੍ਰਤੀ ਅਸਾਧਾਰਣ ਦਿਲਚਸਪੀ ਪੈਦਾ ਹੋਈ…..।” (ਸਾਇੰਸ ਐਂਡ ਸਿਵਿਲਾਈਜੇਸ਼ਨ ਵਿੱਚ ਚਾਇਨਾ, ਭਾਗ¸ ਦੂਜਾ ਪੰਨਾ 201)

ਮਾਓ-ਜ਼ੇ-ਤੁੰਗ ਦਾ ਵਰਣਨਯੋਗ ਯੋਗਦਾਨ

ਇਹੀ ਉਹ ਪਿੱਠਭੂਮੀ ਹੈ ਜਿਸ ਦੇ ਮੱਦੇ ਨਜ਼ਰ ਸਾਨੂੰ ਮਾਰਕਸਵਾਦੀ ਫਲਸਫੇ ਵਿੱਚ ਮਾਓ-ਜ਼ੇ-ਤੁੰਗ ਦੇ ਯੋਗਦਾਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ, ਜੋ ਮੁੱਖ ਰੂਪ ਨਾਲ ਵਿਰੋਧਤਾਈਆਂ ਬਾਰੇ ਉਹਨਾਂ ਦੀ ਪੇਸ਼ਕਾਰੀ ਸਿਧਾਂਤ ਅਤੇ ਅਭਿਆਸ ਵਿਚਕਾਰ ਸੰਬੰਧ ਬਾਰੇ ਉਹਨਾਂ ਦੇ ਦਵੰਦਾਤਮਕ ਸਿਧਾਂਤ ਵਿੱਚ ਸ਼ਾਮਿਲ ਹੈ। ਹੇਗੇਲ ‘ਤੇ ਟਿਪੱਣੀ ਕਰਦੇ ਹੋਏ ਲੈਨਿਨ ਨੇ ਲਿਖਿਆ¸

”ਵਿਰੋਧਾਂ ਦੀ ਏਕਤਾ….ਮਨ ਅਤੇ ਸਮਾਜ ਸਮੇਤ ਕੁਦਰਤ ਦੇ ਸਾਰੇ ਵਰਤਾਰਿਆਂ ਅਤੇ ਪ੍ਰਕਿਰਿਆਵਾਂ ਦੀ ਅੰਤਰਵਿਰੋਧੀ, ਪਰਸਪਰ ਖਾਰਜ ਕਰਨ ਵਾਲੀਆਂ ਵਿਰੋਧੀ ਪ੍ਰਵਿਰਤੀਆਂ ਦੀ ਪ੍ਰਵਾਨਗੀ ਹੈ, ਖੋਜ ਹੈ। ਸੰਸਾਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਆਪ ਮੁਹਾਰੀ ਗਤੀ, ਉਹਨਾਂ ਦੇ ਆਪ ਮੁਹਾਰੇ ਵਿਕਾਸ ਅਤੇ ਉਹਨਾਂ ਦੀ ਯਥਾਰਥ ਦੀ ਪ੍ਰਾਣਵੱਤਾ ਦਾ ਗਿਆਨ, ਵਿਰੋਧਾਂ ਦੀ ਏਕਤਾ ਦਾ ਹੀ ਗਿਆਨ ਹੈ। ਵਿਕਾਸ ਵਿਰੋਧਾਂ ਦਾ ਹੀ ‘ਸੰਘਰਸ਼’ ਹੈ……।”

ਫਲਸਫੇ ਦੇ ਅਜਿਹੇ ਵਿਦਿਆਰਥੀਆਂ ਨੂੰ ਜੋ ਮਾਰਕਸਵਾਦ ਦੇ ਗਿਆਨ ਦੇ ਬਿਨਾਂ ਹੀ ਟਰੇਂਡ ਹੋਏ ਹਨ, ਜਿਵੇਂ ਕਿ ਅੱਜ ਵੀ ਬਹੁਤ ਅਜਿਹੇ ਹੀ ਹਨ, ਇਹ ਗੱਲ ਲਗਭਗ ਅਰਥਹੀਣ ਹੀ ਜਾਪੇਗੀ ; ਪਰ ਇਸ ਨੂੰ ਸਮਝਣ ਵਿੱਚ ਪੁਰਾਣੇ ਚੀਨ ਦੇ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਨਹੀਂ ਆਈ, ਕਾਰਨ ਕਿ ਉਹ ਸਾਰੇ ਪੁਰਾਤਨ ਚੀਨੀ ਕਲਾਸੀਕਲ ਸਾਹਿਤ ਨਾਲ ਹੀ ਪਲ਼ੇ-ਵੱਡੇ ਹੋਏ ਸਨ।

ਪ੍ਰੰਪਰਾਵਾਦੀ ਚੀਨੀ ਫਲਸਫੇ ਦੇ ਇਸ ਵਿਸ਼ੇ ਨੂੰ ਛੇੜ ਕੇ ਅੱਗੇ ਵਧਣ ਤੋਂ ਪਹਿਲਾਂ, ਮੈਂ ਕੁੱਝ ਸ਼ਬਦ ਕਨਫਿਊਸ਼ਿਅਸਵਾਦ ਬਾਰੇ ਵੀ ਕਹਿਣਾ ਜ਼ਰੂਰੀ ਸਮਝਦਾ ਹਾਂ, ਕਾਰਨ ਕਿ ਇਹ ਹਾਨ ਰਾਜਵੰਸ਼ ਤੋਂ ਲੈ ਕੇ ਵਰਤਮਾਨ ਸਦੀ ਤੱਕ ਜਾਂ ਇਹ ਕਹਿ ਲਓ ਕਿ ਪੂਰੇ ਚੀਨੀ ਸਾਮਰਾਜੀ ਦੌਰ ਦਾ ਇੱਕ ਸਥਾਪਿਤ ਧਰਮ ਰਿਹਾ ਹੈ। ਕਨਫਿਊਸ਼ਿਅਸਵਾਦ ਕੁਦਰਤ ਦੇ ਨਾਲ ਮਨੁੱਖ ਦੇ ਆਚਰਣ ਅਤੇ ਸਮਾਜ ਦੇ ਨਾਲ ਵਿਅਕਤੀ ਦੇ ਆਚਰਣ ਨਾਲ ਸੰਬੰਧਤ ਹੈ; ਇਹ ਇਸਾਈਅਤ ਦੇ ਉਲਟ, ਮਨੁੱਖਤਾਵਾਦੀ ਅਤੇ ਦੁਨਿਆਵੀ ਹੈ। ਪੱਛਮੀ ਨੀਤੀਸ਼ਾਸ਼ਤਰ ਦਾ ਵਿਅਕਤੀਵਾਦ ਚਾਹੇ ਉਹ ਕੈਥੋਲਿਕ ਰਹੱਸਵਾਦ ਦਾ ਖੁਦ ਨੂੰ ਭੁਲਾ ਦੇਣ ਵਾਲਾ ਵਿਅਕਤੀਵਾਦ ਹੋਵੇ ਜਾਂ ਕਲਿਆਣਵਾਦ ਦਾ ਆਤਮ ਪੇਸ਼ਕਾਰੀ ਕਰਨ ਵਾਲਾ ਵਿਅਕਤੀਵਾਦ ਹੋਵੇ¸ਕਨਫਿਊਸ਼ੀਅਸਆਈ ਨੀਤੀਸ਼ਾਸ਼ਤਰ ਦੇ ਲਈ ਬੇਗਾਨਾ ਹੀ ਰਿਹਾ ਹੈ। ਕਨਫਿਊਸ਼ਿਅਸਵਾਦ ਲਾਜ਼ਮੀ : ਯੁੱਧ ਮੁਕਤ ਹੋਣ ਕਾਰਨ ਵੀ ਇਸਾਈਅਤ ਤੋਂ ਵੱਖਰਾ ਰਿਹਾ ਹੈ।

ਸਟਾਲਿਨ ਅਤੇ ਮਾਓ-ਜ਼ੇ-ਤੁੰਗ ਦੀਆਂ ਤਜ਼ਵੀਜਾਂ ਦੀ ਤੁਲਨਾ

ਆਓ ਹੁਣ ਅਸੀਂ ਦਵੰਦਵਾਦ ਬਾਰੇ ਮਾਓ-ਜ਼ੇ-ਤੁੰਗ ਦੀ ਖੋਜ ਦੀ ਤੁਲਨਾ ਸਟਾਲਿਨ ਦੀ ਖੋਜ਼ ਨਾਲ ਕਰੀਏ। ਇਹ ਤੁਲਨਾ, ਕੁੱਲ ਮਿਲਾ ਕੇ, ਬਹੁਤ ਸਿੱਖਿਆਦਾਇਕ ਹੈ, ਕਿਉਂਕਿ ਇਹਨਾਂ ਦੋਨਾਂ ਨਾਲ ਸੰਬੰਧਿਤ ਦੋ ਖੋਜ¸ਪ੍ਰਬੰਧਾਤਮਕ ਲਿਖਤਾਂ¸ਵਿਰੋਧਤਾਈਆਂ ਬਾਰੇ ਅਤੇ ਦਵੰਦਾਤਮਕ ਅਤੇ ਇਤਿਹਾਸ ਪਦਾਰਥਵਾਦ ਲਗਭਗ ਇੱਕ ਹੀ ਸਮੇਂ ਵਿੱਚ, 1937-38 ਦੇ ਸਾਲਾਂ ਵਿੱਚ, ਪ੍ਰਕਾਸ਼ਿਤ ਹੋਈਆਂ ਅਤੇ ਇਹ ਵੀ ਕਿ ਦੋਵੇਂ ਇੱਕ ਦੂਜੇ ਤੋਂ ਆਜ਼ਾਦ ਰੂਪ ਵਿੱਚ ਲਿਖੀਆਂ ਗਈਆਂ ਸਨ।

ਸਟਾਲਿਨ ਦੁਆਰਾ ਖੋਜੇ ਦਵੰਦਵਾਦ ਦੇ ਚਾਰ ਸਿਧਾਂਤਾਂ ਨੂੰ ਸੰਖੇਪ ਰੂਪ ਵਿੱਚ ਇਉਂ ਕਿਹਾ ਜਾ ਸਕਦਾ ਹੈ :

1. ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਅੰਤਰ-ਸੰਬੰਧਿਤ ਹਨ।

2. ਸਾਰੀਆਂ ਚੀਜ਼ਾਂ ਲਗਾਤਾਰ ਤਬਦੀਲ ਹੁੰਦੀਆਂ ਹਨ।

3. ਵਿਕਾਸ ਮਾਤਰਾਤਮਕ ਤਬਦੀਲੀਆਂ ਤੋਂ ਗੁਣਾਤਮਕ ਤਬਦੀਲੀਆਂ ਵਿੱਚ ਰੂਪ ਬਦਲੀ ਰਾਹੀਂ ਹੁੰਦਾ ਹੈ।

4. ਵਿਕਾਸ ਵਿਰੋਧਾਂ ਦੀ ਏਕਤਾ ਰਾਹੀਂ ਅੰਦਰੂਨੀ ਵਿਰੋਧਤਾਈਆਂ ਦੇ ਵਾਧੇ ਜ਼ਰੀਏ ਹੁੰਦਾ ਹੈ।

ਸਟਾਲਿਨ ਦੇ ਚਾਰ ਸਿਧਾਂਤਾਂ ਵਾਲੇ ਸੂਤਰੀਕਰਨ ਦਾ ਸਦਾ ਸਮੁੱਚੇ ਰੂਪ ਵਿੱਚ ਇਸ ਤਰਾਂ ਹਵਾਲਾ ਦਿੱਤਾ ਜਾ ਸਕਦਾ ਹੈ: ”ਅੰਦਰੂਨੀ ਵਿਰੋਧਤਾਈਆਂ ਕੁਦਰਤ ਦੀਆਂ ਸਾਰੀਆਂ ਚੀਜ਼ਾਂ ਅਤੇ ਵਰਤਾਰਿਆਂ ਵਿੱਚ ਵਜ਼ੂਦ ਸਮੋਈਆਂ ਹਨ ਇਨ੍ਹਾਂ ਸਾਰੀਆਂ ਵਿੱਚ ਇਹਨਾਂ ਦੇ ਨਕਾਰਾਤਕਮ ਅਤੇ ਸਾਕਾਰਾਤਮਕ ਪੱਖ ਹੁੰਦੇ ਹਨ, ਇੱਕ ਅਤੀਤ ਹੁੰਦਾ ਹੈ ਅਤੇ ਇੱਕ ਭਵਿੱਖ, ਕੋਈ ਚੀਜ਼ ਖਤਮ ਹੋ ਰਹੀ ਹੁੰਦੀ ਅਤੇ ਕੋਈ ਚੀਜ਼ ਵਿਕਸਿਤ ਹੋ ਰਹੀ ਹੁੰਦੀ ਹੈ: ਅਤੇ ਇਨ੍ਹਾਂ ਵਿਰੋਧਾਂ ਵਿਚਕਾਰ ਦਾ ਸੰਘਰਸ਼, ਪੁਰਾਣੇ ਅਤੇ ਨਵੇਂ ਦੇ ਵਿਚਕਾਰ ਸੰਘਰਸ਼, ਖ਼ਤਮ ਹੋ ਰਹੀ ਹੈ ਅਤੇ ਵਿਕਸਿਤ ਹੋ ਰਹੀ ਚੀਜ਼ ਵਿਚਕਾਰ ਸੰਘਰਸ਼ ਹੀ ਵਿਕਾਸ ਪ੍ਰਕਿਰਿਆ ਦਾ ਅੰਦਰੂਨੀ ਤੱਤ, ਮਾਤਰਕ ਤਬਦੀਲੀਆਂ ਤੋਂ ਗੁਣਾਤਮਕ ਤਬਦੀਲੀਆਂ ਦੇ ਰੂਪ ਵਿੱਚ ਰੂਪਬਦਲੀ ਦਾ ਤੱਤ ਉਸਾਰਦਾ ਹੈ।”

ਮਾਓ ਦੁਆਰਾ ਵਿਰੋਧਤਾਈਆਂ ਦੀ ਪੇਸ਼ਕਾਰੀ ਮੁਕਾਲਬਤਨ ਜ਼ਿਆਦਾ ਸੂਖ਼ਮ ਅਤੇ ਜ਼ਿਆਦਾ ਘਣੀ ਹੈ। ਇਸ ਨੂੰ ਉਹਨਾਂ ਦੇ ਸ਼ਬਦਾਂ ਵਿੱਚ ਇਸ ਪ੍ਰਕਾਰ ਸੰਖੇਪ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ :¸

”ਵਿਰੋਧਤਾਈ ਬਾਹਰਮੁਖੀ ਤੌਰ ‘ਤੇ ਹੋਂਦ ਰਖਦੀਆਂ ਸਾਰੀਆਂ ਚੀਜ਼ਾਂ ਅਤੇ ਵਿਅਕਤੀਗਤ ਚਿੰਤਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਮੌਜੂਦ ਹੁੰਦੀ ਹੈ ਅਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨਾਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸ਼ਾਮਿਲ ਰਹਿੰਦੀ ਹੈ; ਇਹ ਵਿਰੋਧਤਾਈ ਦੀ ਸਰਵਵਿਆਪਕਤਾ ਅਤੇ ਨਿਰਪੇਖਤਾ ਹੈ। ਹਰ ਵਿਰੋਧਤਾਈ ਦੇ ਅਤੇ ਉਸ ਦੇ ਹਰੇਕ ਪੱਖ ਦੇ ਆਪਣੇ-ਆਪਣੇ ਵਿਸ਼ੇਸ਼ ਲੱਛਣ ਹੁੰਦੇ ਹਨ; ਇਹ ਵਿਰੋਧਤਾਈ ਦੀ ਵਸ਼ਿਸ਼ਟਤਾ ਅਤੇ ਸਪੇਖਤਾ ਹੈ। ਦਿੱਤੀਆਂ ਗਈਆਂ ਹਾਲਤਾਂ ਵਿੱਚ, ਵਿਰੋਧਾਂ ਵਿੱਚ ਏਕਤਾ ਹੁੰਦੀ ਹੈ ਅਤੇ ਇਸੇ ਕਾਰਨ ਉਹ ਇੱਕ ਹੀ ਹੋਂਦ ਵਿੱਚ ਨਾਲ-ਨਾਲ ਰਹਿ ਸਕਦੇ ਹਨ ਅਤੇ ਆਪਣੇ ਆਪ ਨੂੰ ਇੱਕ ਦੂਜੇ ਵਿੱਚ ਤਬਦੀਲ ਕਰ ਸਕਦੇ ਹਨ; ਇਹ ਵੀ ਵਿਰੋਧਤਾਈ ਦੀ ਵਸ਼ਿਸ਼ਟਤਾ ਅਤੇ ਸਪੇਖਤਾ ਹੀ ਹੈ। ਪਰ ਵਿਰੋਧਾਂ ਦਾ ਸੰਘਰਸ਼ ਅਰੁਕ ਹੁੰਦਾ ਹੈ : ਇਹ ਉਦੋਂ ਵੀ ਚਲਦਾ ਹੈ ਜਦੋਂ ਦੋਵੇ ਨਾਲ-ਨਾਲ ਰਹਿੰਦੇ ਹਨ ਅਤੇ ਉਦੋਂ ਵੀ ਚਲਦਾ ਹੈ ਜਦ ਉਹ ਆਪਣੇ ਆਪ ਨੂੰ ਇੱਕ ਦੂਜੇ ਵਿੱਚ ਤਬਦੀਲ ਕਰ ਰਹੇ ਹੁੰਦੇ ਹਨ; ਇਹ ਮੁੜ ਵਿਰੋਧਤਾਈ ਦੀ ਸਰਵ ਵਿਅਪਕਤਾ ਅਤੇ ਨਿਰਪੇਖਤਾ ਹੈ। ਵਿਰੋਧਤਾਈ ਦੀ ਵਸ਼ਿਸ਼ਟਤਾ ਅਤੇ ਸਪੇਖਤਾ ਦੇ ਅਧਿਐਨ ਵਿੱਚ ਸਾਨੂੰ ਨਿਸ਼ਚਿਤ ਹੀ ਪ੍ਰਧਾਨ ਅਤੇ ਗੈਰ-ਪ੍ਰਧਾਨ ਵਿਰੋਧਤਾਈਆਂ ਵਿਚਲੇ ਫਰਕ ਦੇ ਪ੍ਰਧਾਨ ਪੱਖ ਅਤੇ ਗੈਰ ਪ੍ਰਧਾਨ ਪੱਖ ਵਿਚਾਲੇ ਫਰਕ ‘ਤੇ ਧਿਆਨ ਦੇਣਾ ਚਾਹੀਦਾ ਹੈ; ਵਿਰੋਧਤਾਈ ਦੀ ਸਰਵ ਵਿਆਪਕਤਾ ਅਤੇ ਵਿਰੋਧਤਾਈ ਵਿੱਚ ਵਿਰੋਧਾਂ ਦੇ ਸੰਘਰਸ਼ ਦੇ ਅਧਿਐਨ ਵਿੱਚ ਨਿਸ਼ਚਿਤ ਤੌਰ ‘ਤੇ ਸਾਨੂੰ ਸੰਘਰਸ਼ ਦੇ ਵੱਖ-ਵੱਖ ਰੂਪਾਂ ਵਿਚਾਲੇ ਫਰਕ ‘ਤੇ ਧਿਆਨ ਦੇਣਾ ਚਾਹੀਦਾ ਹੈ।”

ਇੰਨੇ ਕਸੇ ਹੋਏ ਰੂਪ ਵਿੱਚ ਪੇਸ਼ ਹੋਣ ਦੇ ਕਾਰਨ, ਇਸ ਦਾ ਤਰਕ ਅਮੂਰਤ ਬਣ ਗਿਆ ਹੈ ਅਤੇ ਇਸ ਲਈ ਸਮਝਣ ਵਿੱਚ ਮੁਸ਼ਕਲ ਲਗਦਾ ਹੈ, ਪਰ ਇਸ ਦੀ ਵਿਸਥਾਰਪੂਰਵਕ ਕੀਤੀ ਜਾਣ ਵਾਲੀ ਖੋਜ ਵਿੱਚ, ਜਿਸ ਬਾਰੇ ਇਹ ਸਾਰੇ ਨਤੀਜੇ ਸਾਰੰਸ਼ ਹੀ ਹੈ, ਇਸ ਤਰਕ ਦਾ ਹਰ ਪੜਾਅ ਸੌਖੀਆਂ ਸਰਲ ਅਤੇ ਠੋਸ ਉਦਾਹਰਣਾਂ ਦੁਆਰਾ ਵਿਚਾਰਿਆ ਗਿਆ ਹੈ।

ਮੈਂ ਮਾਓ ਦੁਆਰਾ ਸੰਘਰਸ਼ ਦੇ ਵੱਖ-ਵੱਖ ਰੂਪਾਂ ‘ਤੇ ਦਿੱਤੇ ਜ਼ੋਰ ਵੱਲ ਵਿਸ਼ੇਸ਼ ਧਿਆਨ ਖਿੱਚਣਾ ਚਾਹਾਂਗਾ। ਇਹ ਦੁਸ਼ਮਣਾਨਾਂ ਅਤੇ ਗੈਰ ਦੁਸ਼ਮਣਾਨਾ ਵਿਰੋਧਤਾਈਆਂ ਵਿੱਚ ਦੇ ਫਰਕ ‘ਤੇ ਇੱਕ ਅਜਿਹੇ ਫਰਕ ‘ਤੇ ਅਧਾਰਤ ਹੈ ਜਿਸ ‘ਤੇ ਇਸ ਵਿਸ਼ੇ ਨਾਲ ਸੰਬੰਧਤ ਚਰਚਾ ਸਟਾਲਿਨ ਦੀ ਖੋਜ-ਪ੍ਰਬੰਧਾਤਮਕ ਕਿਰਤ ਵਿੱਚ ਨਹੀਂ ਕੀਤੀ ਗਈ, ਭਾਵੇਂ ਇਹ (ਫਰਕ ਅਨੁ.) ਲੈਨਿਨ ਪਹਿਲਾਂ ਹੀ ਕਰ ਚੁੱਕੇ ਸਨ। ਮਾਓ ਸਿਰਫ ਏਨਾ ਹੀ ਨਹੀਂ ਕਰਦੇ ਕਿ ਇਸ ਫਰਕ ਵੱਲ ਧਿਆਨ ਖਿੱਚਦੇ ਹਨ, ਸਗੋਂ ਕਈ ਵਾਰ ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਕਿਸੇ ਚੀਜ਼ ਦੇ ਵਿਕਾਸ ਵਿੱਚ, ਦੁਸ਼ਮਣਾਨਾ ਵਿਰੋਧਤਾਈਆਂ ਜੇਕਰ ਸਹੀ ਤਰੀਕੇ ਨਾਲ ਨਜਿੱਠੀਆਂ ਜਾਣ ਤਾਂ ਗੈਰ ਦੁਸ਼ਮਣਾਨਾ ਬਣ ਸਕਦੀਆਂ ਹਨ, ਅਤੇ ਇਸ ਦੇ ਉਲਟ, ਗੈਰ-ਦੁਸ਼ਮਣਾਨਾਂ ਵਿਰੋਧਤਾਈਆਂ ਗਲਤ ਢੰਗ ਨਾਲ ਨਜਿੱਠੀਆਂ ਜਾਣ ਤਾਂ ਦੁਸ਼ਮਣਾਨਾਂ ਵੀ ਬਣ ਸਕਦੀਆਂ ਹਨ।

”ਵਿਰੋਧਤਾਈਆਂ ਨੂੰ ਸਹੀ ਢੰਗ ਨਾਲ ਨਜਿੱਠਣ ਬਾਰੇ”

ਇਸ ਗੱਲ ਨੂੰ ਉਹਨਾਂ ਨੇ ਅੱਗੇ ਚੱਲ ਕੇ ਆਪਣੀ ਖੋਜ ਪ੍ਰਬੰਧਾਤਮਕ ਕਿਰਤ, ਲੋਕਾਂ ਦਰਮਿਆਨ ਵਿਰੋਧਤਾਈਆਂ ਨੂੰ ਸਹੀ ਢੰਗ ਨਾਲ ਨਜਿੱਠਣ ਬਾਰੇ ਵਿੱਚ ਵਿਕਸਿਤ ਕੀਤਾ, ਜੋ 1957 ਵਿੱਚ ਪ੍ਰਕਾਸ਼ਿਤ ਹੋਈ। ਮੇਰਾ ਵਿਸ਼ਵਾਸ਼ ਹੈ ਕਿ ਇਹ ਮਾਰਕਸਵਾਦ ਨੂੰ ਉਹਨਾਂ ਦੀਆਂ ਸਭ ਤੋਂ ਮਹੱਤਵਪੂਰਨ ਦੇਣਾਂ ਵਿੱਚੋਂ ਇੱਕ ਹੈ। ਉਸ ਤੋਂ ਕਾਫੀ ਜ਼ਿਆਦਾ ਨੇੜਿਓਂ ਧਿਆਨ ਦੇਣ ਦੀ ਜ਼ਰੂਰਤ ਹੈ।

ਇਸ ਤੋਂ ਮੈਂ ਸਮਝਦਾ ਹਾਂ ਕਿ ਇੱਕ ਪਾਸੇ ਇਹ ਸਪੱਸ਼ਟ ਹੋ ਜਾਵੇਗਾ ਕਿ ਸਟਾਲਿਨ ਦੀਆਂ ਗਲਤੀਆਂ ਜ਼ਿਆਦਾਤਰ ਦੁਸ਼ਮਣਾਨਾਂ ਅਤੇ ਗੈਰ ਦੁਸ਼ਮਣਾਨਾਂ ਵਿਰੋਧਤਾਈਆਂ ਨੂੰ ਸਹੀ ਢੰਗ ਨਾਲ ਨਾ ਸਮਝ ਸਕਣ ਕਾਰਨ ਹੋਈਆਂ ਅਤੇ ਦੂਜੇ ਪਾਸੇ, ਇਹ ਵੀ ਕਿ ਦਵੰਦਵਾਦ ਦੇ ਇਸ ਪੱਖ ਦਾ ਮਾਓ-ਜ਼ੇ-ਤੁੰਗ ਦੁਆਰਾ ਕੀਤਾ ਗਿਆ ਵਿਕਾਸ ਅਕਤੂਬਰ ਇਨਕਲਾਬ ਅਤੇ ਸੋਵੀਅਤ ਸੰਘ ਵਿੱਚ ਸਮਾਜਵਾਦੀ ਉਸਾਰੀ ਦੇ ਇਤਿਹਾਸਕ ਅਨੁਭਵ ਤੋਂ ਬਿਨਾਂ ਸੰਭਵ ਨਹੀਂ ਹੋਇਆ ਹੁੰਦਾ, ਦੂਜੇ ਸ਼ਬਦਾਂ ਵਿੱਚ, ਉਹ ਮਾਰਕਸ, ਏਂਗਲਜ਼, ਲੈਨਿਨ ਅਤੇ ਸਟਾਲਿਨ ਦੁਆਰਾ ਕੀਤੇ ਗਏ ਕੰਮ ਨੂੰ ਹੀ ਹੋਰ ਅੱਗੇ ਵਧਾ ਰਹੇ ਸਨ। ²

ਇਸ ਦੇ ਨਾਲ ਹੀ, ਮੇਰੇ ਵਿਚਾਰ ਨਾਲ, ਇਹ ਕੋਈ ਅਣਕਿਆਸੀ ਘਟਨਾ ਨਹੀਂ ਸੀ ਕਿ ਮਾਰਕਸਵਾਦੀ ਦਵੰਦਵਾਦ ਦਾ ਇਹ ਵਿਕਾਸ ਇੱਕ ਅਜਿਹੀ ਪੁਰਾਤਨ ਫਲਸਫਾਨਾ ਪ੍ਰੰਪਰਾ ਵਾਲੇ ਦੇਸ਼ ਵਿੱਚ ਹੋਇਆ ਜੋ ਯੂਰਪੀਨ ਪ੍ਰੰਪਰਾ ਤੋਂ ਇਸ ਅਰਥ ਵਿੱਚ ਵੱਖਰੀ ਸੀ ਕਿ ਇਸ ਨੇ ਚਿੰਤਨ ਦੀ ਦਵੰਦਾਤਮਕ ਵਿਧੀ ਨੂੰ ਕਦੀ ਨਹੀਂ ਛੱਡਿਆ। ਸੰਖੇਪ ਵਿੱਚ, ਇਹ ਮਾਰਕਸਵਾਦੀ ਸਿਧਾਂਤ ਦੇ ਅਮੀਰ ਹੋਣ ਦਾ ਉਦਾਹਰਣ ਹੈ ਜਿਸ ਬਾਰੇ ਉਮੀਦ ਕੀਤੀ ਜਾ ਸਕਦੀ ਹੈ ਕਿ ਮਾਰਕਸਵਾਦ ਦੀਆਂ ਸਰਵਵਿਆਪੀ ਸੱਚਾਈਆਂ ਨੂੰ ਇੱਕ ਪੱਛੜੇ ਹੋਏ ਦੇਸ਼ ਦੀਆਂ ਠੋਸ ਹਾਲਤਾਂ ਵਿੱਚ ਸਫਲਤਾਪੂਰਵਕ ਲਾਗੂ ਕਰਕੇ ਉਸ ਨੂੰ ਹੋਰ ਵੀ ਅਮੀਰ ਕੀਤਾ ਜਾ ਸਕਦਾ ਹੈ।

ਹੁਣ ਇਹ ਦੇਖਣ ਲਈ ਕਿ ਕਿਵੇਂ ਮਾਰਕਸਵਾਦੀ ਦਵੰਦਵਾਦ ਨੂੰ ਚੀਨ ਦੀਆਂ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਲਈ ਲਾਗੂ ਕੀਤਾ ਜਾ ਰਿਹਾ ਹੈ, ਆਓ ਅਸੀਂ ਮਾਓ-ਜ਼ੇ-ਤੁੰਗ ਦੁਆਰਾ ਸਾਮਰਾਜਵਾਦ ਦੇ ਕਾਗਜ਼ੀ ਸ਼ੇਰ ਦੇ ਰੂਪ ਵਿੱਚ ਕੀਤੇ ਗਏ ਬਹੁਚਰਚਿਤ ਚਰਿੱਤਰ-ਚਿਤਰਣ ‘ਤੇ ਵਿਚਾਰ ਕਰੀਏ।

ਲੈਨਿਨ ਨੇ ਸਾਮਰਾਜਵਾਦ ਦਾ ‘ਮਿੱਟੀ ਦੇ ਪੈਰ ਵਾਲੀ ਇੱਕ ਵਿਸ਼ਾਲ ਮੂਰਤੀ ਦੇ ਰੂਪ ਵਿੱਚ ਵਰਣਨ ਕੀਤਾ ਸੀ। ਇੱਕ ਵਿਸ਼ਾਲ ਭਾਰੀ ਭਰਕਮ ਮੂਰਤੀ ਪੱਥਰ ਦੀ ਬਣੀ ਹੋਣ ਦੇ ਕਾਰਨ ਬਹੁਤ ਮਜ਼ਬੂਤ ਹੁੰਦੀ ਹੈ, ਪਰ ਇਸ ਮੂਰਤੀ ਦੇ ਪੈਰ ਮਿੱਟੀ ਦੇ ਹਨ ਅਤੇ ਇਸ ਲਈ ਇਹ ਟੁਕੜੇ-ਟੁਕੜੇ ਹੋ ਸਕਦੀ ਹੈ। ਇਹ ਮਜ਼ਬੂਤ ਅਤੇ ਕਮਜੋਰ ਦੋਵੇਂ ਹੀ ਹੈ। ਇਹ ਵਿਰੋਧਾਂ ਦੀ ਏਕਤਾ ਹੈ। ਵਿਸ਼ਾਲ ਮੂਰਤੀ ਦੀ ਇਹ ਧਾਰਨਾ ਪੁਰਾਤਨ ਯੂਨਾਨੀਆਂ ਤੋਂ ਲਈ ਗਈ ਹੈ। ਇਸ ਲਈ ਇਸ ਦਾ ਸੰਬੰਧ ਵੀ ਯੂਰਪੀ ਪ੍ਰੰਪਰਾ ਨਾਲ ਹੀ ਹੈ।

ਪਰ ਚੀਨੀ ਲੋਕ ਇੱਕ ਦੂਜੀ ਧਾਰਨਾ ਦੀ ਵਰਤੋਂ ਕਰਦੇ ਹਨ, ਜੋ ਉਹਨਾਂ ਦੀ ਆਪਣੀ ਪ੍ਰੰਪਰਾ ਤੋਂ ਲਈ ਗਈ ਹੈ। ਉਹ ਕਹਿੰਦੇ ਹਨ ਕਿ ਸਾਮਰਾਜਵਾਦ ਇੱਕ ‘ਕਾਗਜ਼ੀ ਸ਼ੇਰ’ ਹੈ, ਪਰ ਇਹ ਵੀ ਕਿ ਉਸ ਦੇ ਨਾਲ ਹੀ ਉਹ ਅਸਲੀ ਸ਼ੇਰ ਵੀ ਹੈ, ਇਹ ਸੇਰ ਹੈ ਅਤੇ ਸੇਰ ਨਹੀਂ ਵੀ ਹੈ। ਇਸ ਢੰਗ ਨਾਲ ਮਾਓ-ਜ਼ੇ-ਤੁੰਗ ਨੇ ਇਸ ਵਿਸੇ ਨੂੰ ਸਪੱਸ਼ਟ ਕੀਤਾ ਹੈ।

”ਜਿਸ ਤਰਾਂ ਦੁਨੀਆਂ ਵਿੱਚ ਇੱਕ ਵੀ ਅਜਿਹੀ ਚੀਜ ਨਹੀਂ ਹੈ ਜਿਸ ਦਾ ਦੋਹਰਾ ਖਾਸਾ, ਨਾ ਹੋਵੇ (ਇਹੋ ਤਾਂ ਵਿਰੋਧਾਂ ਦੀ ਏਕਤਾ ਦਾ ਨਿਯਮ ਹੈ) ਠੀਕ ਉਸੇ ਤਰਾਂ ਸਾਮਰਾਜਵਾਦ ਅਤੇ ਸਾਰੇ ਦੇ ਸਾਰੇ ਪਿਛਾਖੜੀਆਂ ਦਾ ਵੀ ਦੋਹਰਾ ਖਾਸਾ ਹੈ¸ਉਹ ਇੱਕੋ ਵੇਲੇ ਤਾਂ ਅਸਲੀ ਸ਼ੇਰ ਵੀ ਹਨ ਅਤੇ ਨਾਲ ਹੀ ਕਾਗਜ਼ੀ ਸ਼ੇਰ ਵੀ। ਬੀਤੇ ਇਤਿਹਾਸ ਵਿੱਚ ਗੁਲਾਮ ਮਾਲਕ, ਜਗੀਰਦਾਰ ਅਤੇ ਬੁਰਜ਼ੂਆਜ਼ੀ, ਰਾਜ ਸੱਤ੍ਹਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਅਤੇ ਉਸ ਤੋਂ ਕੁੱਝ ਸਮੇਂ ਬਾਅਦ ਤੱਕ, ਉਰਜਾਵਾਨ ਇਨਕਲਾਬੀ ਅਤੇ ਪ੍ਰਗਤੀਸ਼ੀਲ ਰਹੇ ਉਦੋਂ ਉਹ ਅਸਲੀ ਸ਼ੇਰ ਰਹੇ। ਪਰ ਸਮਾਂ ਗੁਜਰਨ ਦੇ ਨਾਲ-ਨਾਲ, ਜਦੋਂ ਉਹਨਾਂ ਦੇ ਵਿਰੋਧੀ ਗੁਲਾਮ, ਕਿਸਾਨ ਅਤੇ ਮਜ਼ਦੂਰ ਕਦਮ-ਬ-ਕਦਮ ‘ਤੇ ਤਾਕਤਵਰ ਹੁੰਦੇ ਗਏ, ਉਹਨਾਂ ਵਿਰੁੱਧ ਸੰਘਰਸ਼ ਕਰਨ ਲੱਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਅਜਿੱਤ ਹੁੰਦੇ ਗਏ, ਤਦ ਉਹ ਹਾਕਮ ਜਮਾਤਾਂ ਪਿਛਾਖੜੀ ਬਣ ਗਈਆਂ, ਕਾਗਜ਼ੀ ਸ਼ੇਰ ਬਣ ਗਈਆਂ ਅਤੇ ਅੰਤ ਨੂੰ ਲੋਕਾਂ ਦੁਆਰਾ ਉਖਾੜ ਸੁੱਟੇ ਗਏ ਜਾਂ ਉਖਾੜ ਸੁੱਟੇ ਜਾਣਗੇ। ਇਸ ਤਰ੍ਹਾਂ, ਉਹ ਪਹਿਲਾਂ ਤਾਂ ਅਸਲੀ ਸ਼ੇਰ ਸਨ, ਜੋ ਲੋਕਾਂ ਨੂੰ ਖਾਂਦੇ ਸਨ, ਲੱਖਾਂ-ਕਰੋੜਾਂ ਲੋਕਾਂ ਨੂੰ ਖਾ ਜਾਂਦੇ ਸਨ…….। ”ਤਦ ਫਿਰ ਕੀ ਇਹ ਜਿਉਂਦੇ ਸ਼ੇਰ, ਲੋਹੇ ਦੇ ਸ਼ੇਰ, ਅਸਲੀ ਸ਼ੇਰ ਨਹੀਂ ਸਨ? ਪਰ ਅਖੀਰ ਵਿੱਚ ਉਹ ਕਾਗਜੀ ਸ਼ੇਰ, ਮੁਰਦੇ ਸ਼ੇਰ, ਨੁਮਾਇਸ਼ੀ ਸ਼ੇਰ ਵਿੱਚ ਬਦਲ ਗਏ…..। ਇਸ ਲਈ ਸਾਮਰਾਜਵਾਦ ਅਤੇ ਸਾਰੇ ਪਿਛਾਖੜੀਆਂ ਦੇ ਸਾਰ ਤੱਤ ‘ਤੇ ਇੱਕ ਲਮਕਵੀਂ ਨਿਗਾਹ ਨਾਲ, ਇੱਕ ਯੁੱਧਨੀਤਕ ਨਿਗਾਹ ਨਾਲ, ਗੌਰ ਕਰਦੇ ਹੋਏ, ਇਹ ਜਾਨਣਾ ਜ਼ਰੂਰੀ ਹੈ ਕਿ ਉਹ ਕਾਗਜ਼ੀ ਸ਼ੇਰ ਹਨ। ਇਸ ਅਧਾਰ ‘ਤੇ ਸਾਨੂੰ ਆਪਣੀ ਯੁੱਧਨੀਤਕ ਸੋਚ ਬਣਾਉਣੀ ਚਾਹੀਦੀ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਉਹ ਜਿਉਂਦੇ ਸ਼ੇਰ, ਲੋਹੇ ਦੇ ਸ਼ੇਰ ਅਸਲੀ ਸ਼ੇਰ ਵੀ ਹਨ, ਜੋ ਲੋਕਾਂ ਨੂੰ ਖਾ ਸਕਦੇ ਹਨ ਅਤੇ ਇਸ ਆਧਾਰ ‘ਤੇ ਸਾਨੂੰ ਆਪਣੀ ਦਾਅਪੇਚਕ ਸੋਚ ਬਣਾਉਣੀ ਚਾਹੀਦੀ ਹੈ।”

ਗਿਆਨ ਦਾ ਸਿਧਾਂਤ

ਆਓ ਹੁਣ ਅਸੀਂ ਗਿਆਨ ਦੇ ਉਸ ਮਾਰਕਸਵਾਦੀ ਸਿਧਾਂਤ ‘ਤੇ ਚਰਚਾ ਕਰੀਏ ਜਿਸ ਦੀ ਖੋਜ ਮਾਓ ਨੇ ਕੀਤੀ ਹੈ ਅਤੇ ਦੇਖੀਏ ਕਿ ਕਿਵੇਂ ਇਹ ‘ਜਨਤਕ ਲੀਹ’ ਸੰਬੰਧੀ ਚੀਨੀ ਸਿਧਾਂਤ ਅਭਿਆਸ ਦਾ ਅਧਾਰ ਬਣਦਾ ਹੈ।

ਮਨੁੱਖੀ-ਗਿਆਨ ਸਮਾਜਿਕ ਅਭਿਆਸ ਨਾਲ, ਭਾਵ ਬਾਹਰੀ ਦੁਨੀਆਂ ਨਾਲ ਅਤੇ ਖਾਸ ਤੌਰ ‘ਤੇ, ਪੈਦਾਵਾਰੀ ਕਿਰਤ ਨਾਲ ਭੋਤਿਕ ਸੰਪਰਕ ਰਾਹੀਂ ਪੈਦਾ ਹੁੰਦਾ ਹੈ। ਆਪਣੀ ਸ਼ੁਰੂਆਤੀ ਸਥਿਤੀ ਵਿੱਚ ਇਹ ਅਨੁਭਵੀ ਗਿਆਨ ਹੁੰਦਾ ਹੈ ਭਾਵ ਅਜਿਹਾ ਗਿਆਨ ਹੁੰਦਾ ਹੈ; ਜੋ ਸਿੱਧੇ ਰੂਪ ਵਿੱਚ ਇੰਦਰੀਆਂ ਦੁਆਰਾ ਗ੍ਰਹਿਣ ਕੀਤੀਆਂ ਛਾਪਾਂ ਜਾਂ ਪ੍ਰਭਾਵਾਂ ‘ਤੇ ਅਧਾਰਤ ਹੁੰਦਾ ਪਰ ਚਿੰਤਨ ਅਤੇ ਵਿਚਾਰ ਵਟਾਂਦਰੇ ਦੇ ਰਾਹੀਂ ਅਤੇ ਅਸਲੀ ਸਰਗਰਮੀਆਂ ਰਾਹੀਂ ਇਹ ਇੱਕ ਉਚੇਰੇ ਪੱਧਰ ‘ਤੇ ਤਰਕਸੰਗਤ ਗਿਆਨ ਦੇ ਪੱਧਰ ਤੱਕ ਵਿਕਸਿਤ ਹੋ ਜਾਂਦਾ ਹੈ ਅਤੇ ਸਿਧਾਂਤਾਂ ਨੂੰ ਜਨਮ ਦਿੰਦਾ ਹੈ। ਫਿਰ ਇਸ ਤਰਕਸੰਗਤ ਗਿਆਨ ਨੂੰ ਬਾਹਰੀ ਦੁਨੀਆਂ ਨੂੰ ਬਦਲਣ ਦੇ ਉਦੇਸ਼ ਨਾਲ ਅਭਿਆਸ ਵਿੱਚ ਲਾਗੂ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਦੇ ਸਮੇਂ ਇਹ ਗਿਆਨ ਆਪਣੇ-ਆਪ ਵਿੱਚ ਹੋਰ ਡੂੰਘਾ ਤੇ ਅਮੀਰ ਬਣਦਾ ਜਾਂਦਾ ਹੈ।

ਬਾਹਰੀ ਦੁਨੀਆਂ ਵਿੱਚ ਸਮਾਜ ਅਤੇ ਕੁਦਰਤ ਦੋਵੇਂ ਸ਼ਾਮਲ ਹਨ ਅਤੇ ਮਨੁੱਖ ਜੋ ਇਸ ਨੂੰ ਬਦਲਦੇ ਅਤੇ ਆਪ ਇਸ ਦੁਆਰਾ ਬਦਲੇ ਜਾਂਦੇ ਹਨ, ਕੋਈ ਅਲੱਗ-ਅਲੱਗ ਵਿਅਕਤੀ ਨਹੀਂ ਸਗੋਂ ਇੱਕ ਸਮੂਹ ਜਾਂ ਸਮੁਦਾਇ ਜਾਂ ਸਮਾਜਿਕ ਜਮਾਤ ਵਿੱਚ ਨਾਲ ਨਾਲ ਜ਼ਿੰਦਗੀ ਜੀਉਣ ਅਤੇ ਕੰਮ ਕਰਨ ਵਾਲੇ ਵਿਅਕਤੀ ਹੁੰਦੇ; ਇਸ ਲਈ ਉਹਨਾਂ ਦੇ ਗਿਆਨ ਵਿੱਚ ਕੇਵਲ ਉਨੀਆਂ ਗੱਲਾਂ ਹੀ ਸ਼ਾਮਲ ਨਹੀਂ ਹੁੰਦੀਆਂ ਜਿਹਨਾਂ ਨੂੰ ਉਹ ਖੁਦ ਦੇ ਅਭਿਆਸ ਤੋਂ ਹਾਸਲ ਕਰਦੇ ਹਨ, ਸਗੋਂ ਉਹ ਗੱਲ ਵੀ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਨੂੰ ਉਹਨਾਂ ਨੇ ਬੋਲ-ਚਾਲ ਅਤੇ ਲਿਖਣ-ਪੜ੍ਹਨ ਤੋਂ ਵਿਰਾਸਤ ਵਿੱਚ ਪ੍ਰਾਪਤ ਕੀਤਾ ਹੁੰਦਾ ਹੈ। ਇਸ ਤਰ੍ਹਾਂ ਇਹ ਸਮੁੱਚੀ ਪ੍ਰਕਿਰਿਆ ਗਿਆਨ ਅਤੇ ਅਭਿਆਸ ਦੇ ਵਿੱਚ ਇੱਕ ਚੱਕਰੀ ਕਿਰਿਆ ਹੈ।

ਮਾਓ ਦੇ ਆਪਣੇ ਸ਼ਬਦਾਂ ਵਿੱਚ

”ਸਚਾਈ ਨੂੰ ਅਭਿਆਸ ਜ਼ਰੀਏ ਖੋਜੋ ਅਤੇ ਫਿਰ ਅਭਿਆਸ ਜ਼ਰੀਏ ਹੀ ਉਸ ਸੱਚਾਈ ਨੂੰ ਜਾਂਚੋ ਅਤੇ ਵਿਕਸਿਤ ਕਰੋ, ਅਨੁਭਵੀ ਗਿਆਨ ਨਾਲ ਸ਼ੁਰੂਆਤ ਕਰੋ ਅਤੇ ਸਰਗਰਮ ਰੂਪ ਨਾਲ ਉਸ ਨੂੰ ਤਰਕ ਸੰਗਤ ਗਿਆਨ ਵਿਕਸਿਤ ਕਰੋ, ਫਿਰ ਤਰਕਸੰਗਤ ਗਿਆਨ ਨਾਲ ਸ਼ੁਰੂਆਤ ਕਰੋ ਅਤੇ ਅੰਤਰਮੁੱਖੀ ਅਤੇ ਬਾਹਰਮੁਖੀ ਦੁਨੀਆ ਨੂੰ ਬਦਲਣ ਲਈ ਸਰਗਰਮ ਰੂਪ ਨਾਲ ਇਨਕਲਾਬੀ ਅਭਿਆਸ ਦੀ ਰਹਿਨੁਮਾਈ ਕਰੋ। ਅਭਿਆਸ, ਗਿਆਨ, ਫਿਰ ਅਭਿਆਸ ਅਤੇ ਫਿਰ ਗਿਆਨ। ਇਸ ਢੰਗ ਨਾਲ ਇਹ ਕਿਰਿਆ ਵਿਧਾਨ ਅੰਤਹੀਣ ਚੱਕਰਾਂ ਵਿੱਚ ਦੁਹਰਾਇਆ ਜਾਂਦਾ ਰਹਿੰਦਾ ਹੈ ਅਤੇ ਹਰੇਕ ਚੱਕਰ ਦੇ ਨਾਲ ਅਭਿਆਸ ਅਤੇ ਗਿਆਨ ਦਾ ਤੱਤ ਇੱਕ ਉਚੇਰੇ ਪੱਧਰ ਤੇ ਉੱਠ ਜਾਂਦਾ ਹੈ। ਇਹੋ ਹੈ ਗਿਆਨ ਦਾ ਸਮੁੱਚਾ ਦਵੰਦਾਤਮਕ ਪਦਾਰਥਵਾਦੀ ਸਿਧਾਂਤ ਅਤੇ ਇਹੋ ਹੈ ਗਿਆਨ ਅਤੇ ਕੰਮ ਦੀ ਏਕਤਾ ਦਾ ਦਵੰਦਾਤਮਕ ਭੌਤਿਕਵਾਦੀ ਸਿਧਾਂਤ।”

ਅਮਲੀ ਵਰਤੋਂ

ਚੀਨੀ ਕਮਿਊਨਿਸਟ ਪਾਰਟੀ ਨੇ ਜਨਤਕ ਲੀਹ ਦੇ ਸਿਧਾਂਤ ਦੇ ਅਨੁਸਾਰ ਲੋਕਾਂ ਨੂੰ ਸਹੀ ਅਗਵਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਪਣੀਆਂ ਅਮਲੀ ਕਾਰਵਾਈਆਂ ਗਿਆਨ ਦੇ ਇਸ ਸਿਧਾਂਤ ਦੀ ਤਰਤੀਬਬੱਧ ਢੰਗ ਨਾਲ ਵਰਤੋਂ ਕੀਤੀ ਹੈ।

ਫਿਰ ਮਾਓ ਦਾ ਹਵਾਲਾ ਦੇਈਏ

”ਸਾਡੀ ਪਾਰਟੀ ਦੇ ਸਮੁੱਚੇ ਅਭਿਆਸ ਵਿੱਚ, ਸਹੀ ਅਗਵਾਈ ਕੇਵਲ ‘ਲੋਕਾਂ ਤੋਂ ਲੋਕਾਂ ਵੱਲ ਦੇ ਸਿਧਾਂਤ ‘ਤੇ ਹੀ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਦਾ ਭਾਵ ਹੈ ਲੋਕਾਂ ਦੇ ਵਿਚਾਰਾਂ (ਭਾਵ ਖਿੰਡੇ ਅਤੇ ਅਤਰਤੀਬਬੱਧ ਵਿਚਾਰਾਂ) ਦਾ ਨਿਚੋੜ (ਭਾਵ ਚੇਤੰਨ ਅਧਿਐਨ ਦੇ ਬਾਅਦ ਤਰਤੀਬ ਦੇਣਾ) ਕੱਢਣਾ ਫਿਰ ਨਤੀਜਿਆਂ ਨੂੰ ਲੋਕਾਂ ਤੱਕ ਪਹੁੰਚਾਉਣਾਂ, ਉਨ੍ਹਾਂ ਨੂੰ ਉਦੋਂ ਤੱਕ ਸਪੱਸ਼ਟ ਅਤੇ ਪ੍ਰਚਾਰਦੇ ਰਹਿਣਾ ਜਦੋਂ ਤੱਕ ਕਿ ਲੋਕ ਖੁਦ ਉਹਨਾਂ ਨੂੰ ਆਪਣੇ ਵਿਚਾਰ ਸਮਝ ਕੇ ਆਪਣੇ ਦਿਲਾਂ ਵਿੱਚ ਰਚਾ-ਵਸਾ ਨਾ ਲੈਣ, ਫਿਰ ਉਹਨਾਂ ਨੂੰ ਲੈ ਕੇ ਉਠ ਖੜ੍ਹੇ ਹੋਣਾ ਅਤੇ ਉਹਨਾਂ ਦੇ ਸਹੀਪਣ ਦੀ ਜਾਂਚ ਕਰਦੇ ਹੋਏ ਮੁੜ ਉਹਨਾਂ ਨੂੰ ਕਾਰਵਾਈ ਵਿੱਚ ਉਤਾਰ ਦੇਣਾ। ਉਦੋਂ ਤੱਕ ਇੱਕ ਵਾਰ ਫਿਰ ਲੋਕਾਂ ਦੇ ਵਿਚਾਰਾਂ ਦਾ ਨਿਚੋੜ ਕੱਢਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਲੋਕ ਤਹਿ ਦਿਲੋਂ ਆਪਣੀ ਹਮਾਇਤ ਦੇ ਸਕਣ……। ਇਹੀ ਕ੍ਰਮ ਵਾਰ-ਵਾਰ ਦੁਹਰਾਉਣਾ ਹੋਵੇਗਾ, ਤਾਂ ਕਿ ਹਰ ਵਾਰ ਇਹ ਵਿਚਾਰ ਹੋਰ ਜ਼ਿਆਦਾ ਸਹੀਪਣ ਦੇ ਨਾਲ ਨਿਖਰਦੇ ਜਾਣ ਅਤੇ ਵੱਧ ਤੋਂ ਵੱਧ ਜੀਵੰਤ ਅਤੇ ਸਾਰਥਕ ਬਣਦੇ ਜਾਣ। ਗਿਆਨ ਦਾ ਮਾਰਕਸਵਾਦੀ ਸਿਧਾਂਤ ਸਾਨੂੰ ਇਹੋ ਸਿੱਖਿਆ ਦਿੰਦਾ ਹੈ।”

ਨਾਲ ਹੀ, ਪਾਰਟੀ ਜਨਤਕ ਲੀਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕੇ, ਇਸ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਵਿਰੋਧਤਾਈਆਂ ‘ਤੇ ਵੀ ਧਿਆਨ ਦਿੱਤਾ ਜਾਵੇ ਜੋ ਖ਼ੁਦ ਪਾਰਟੀ ਦੇ ਅੰਦਰ ਮੌਜੂਦ ਹਨ, ਲੋਕ ਸਮੂਹਾਂ ਅੰਦਰ ਮੌਜੂਦ ਹਨ ਅਤੇ ਲੋਕਾਂ ਅਤੇ ਪਹਿਲਾਂ ਦੀਆਂ ਹਾਕਮ ਜਮਾਤਾਂ ਜਿਵੇਂ ਭੂਮੀਪਤੀਆਂ ਤੇ ਪੂੰਜੀਪਤੀਆਂ ਦੀ ਰਹਿੰਦ ਖੂੰਹਦ ਦਰਮਿਆਨ ਮੌਜੂਦ ਹਨ।

ਵਿਰੋਧਤਾਈਆਂ ਨੂੰ ਹੱਲ ਕਰਨਾ

ਪਾਰਟੀ ਦੇ ਅੰਦਰ ਲੀਡਰਸ਼ਿਪ ਅਤੇ ਸਫਾਂ ਦਰਮਿਆਨ ਇੱਕ ਵਿਰੋਧਤਾਈ ਹੁੰਦੀ ਹੈ। ਇਸ ਨੂੰ ਜਮਹੂਰੀ ਕਦਰਵਾਦ ਦੇ ਸਿਧਾਂਤ ਜ਼ਰੀਏ ਹੱਲ ਕੀਤਾ ਜਾਂਦਾ ਹੈ, ਜੋ ਕਿ ਉਸੇ ਤਰਾਂ ਦੀ ਇੱਕ ਅੰਤਹੀਣ ਚੱਕਰੀ ਕਿਰਿਆ ਹੈ ਜੋ ਪਾਰਟੀ ਅਤੇ ਲੋਕਾਂ ਦਰਮਿਆਨ ਚੱਲਦੀ ਰਹਿੰਦੀ ਹੈ, ਸਿਵਾਏ ਇਸ ਛੋਟ ਦੇ ਪਾਰਟੀ ਦੇ ਅੰਦਰ ਇਹ ਇੱਕ ਉੱਚੇਰੇ ਪੱਧਰ ‘ਤੇ ਚੱਲਦੀ ਹੈ।

ਇੱਕ ਹੋਰ ਵੀ ਵਿਰੋਧਤਾਈ ਹੈ ਜੋ ਲੀਡਰਸ਼ਿਪ ਅਤੇ ਸਫਾਂ ਦੋਨਾਂ ਦੇ ਹੀ ਅੰਦਰ ਵਧੇਰੇ ਵਿਕਸਿਤ ਮੈਂਬਰਾਂ ਅਤੇ ਘੱਟ ਵਿਕਸਿਤ ਮੈਂਬਰਾਂ ਵਿਚਕਾਰ ਹੁੰਦੀ ਹੈ। ਇਸ ਨੂੰ ਅਲੋਚਨਾ ਅਤੇ ਆਤਮਲੋਚਨਾ ਦੇ ਸਿਧਾਂਤ ਰਾਹੀਂ ਹੱਲ ਕੀਤਾ ਜਾਂਦਾ ਹੈ।

ਲੈਨਿਨ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਆਪਣੀਆਂ ਸਫਾਂ ਦੇ ਅੰਦਰ ਉਹਨਾਂ ਦੀਆਂ ਗਲਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਤੋਂ ਜ਼ਰੂਰੀ ਸਿੱਟੇ ਕੱਢਣ ਦੇ ਨਜ਼ਰੀਏ ਤੋਂ ਅਲੋਚਨਾ ਦੀ ਕਾਰਵਾਈ ਚਲਾਏ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਕਿ ਪਾਰਟੀ ਲੋਕਾਂ ਪ੍ਰਤੀ ਆਪਣੀ ਜਿਮੇਂਵਾਰੀਆਂ ਨੂੰ ਪੂਰਾ ਕਰ ਸਕੇ। ਚੀਨੀ ਕਮਿਊਨਿਸਟ ਪਾਰਟੀ ਵਿੱਚ ਆਲੋਚਨਾ ਅਤੇ ਆਤਮਾਲੋਚਨਾ ਦਾ ਤਰਤੀਬ ਬੱਧ ਅਭਿਆਸ ਹੋਰਾਂ ਥਾਵਾਂ ਦੇ ਮੁਕਾਬਲੇ ਇੱਕ ਉਚੇਰੇ ਪੱਧਰ ‘ਤੇ ਵਿਕਸਿਤ ਹੋ ਚੁੱਕਾ ਹੈ ਅਤੇ ਨਿਸ਼ਚਿਤ ਹੀ ਇਹ ਪਾਰਟੀ ਸਫਾਂ ਤੋਂ ਬਾਹਰ ਵੀ ਫੈਲ ਚੁੱਕਿਆ ਹੈ, ਜਿਸ ਨੂੰ ਮਜ਼ਦੂਰਾਂ, ਕਿਸਾਨਾਂ, ਸੈਨਿਕਾਂ ਅਤੇ ਬੁੱਧੀਜੀਵੀਆਂ ਤੱਕ ਨੇ ਵੀ ਅਪਣਾ ਲਿਆ ਹੈ, ਜੋ ਇਸ ਨੂੰ ਇੱਕ ਆਦਤ ਦੀ ਤਰਾਂ ਆਪਣੀਆਂ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਵਿੱਚ ਐਨੀ ਜ਼ਿਆਦਾ ਵਰਤੋਂ ਕਰ ਰਹੇ ਹਨ ਕਿ ਪੱਛਮ ਤੋਂ ਆਉਣ ਵਾਲੇ ਟੂਰਿਸਟ ਦੇਖ ਕੇ ਅਕਸਰ ਦੰਗ ਰਹਿ ਜਾਂਦੇ ਹਨ।

ਇਸ ਮਾਮਲੇ ਵਿੱਚ ਵੀ, ਚੀਨੀ ਮਾਰਕਸਵਾਦੀ ਲੋਕਾਂ ਦੀ ਸੇਵਾ ਲਈ ਵਿਅਕਤੀ ਦੇ ਆਤਮ ਸੁਧਾਰ ਦੀ ਪੁਰਾਤਨ ਕਨਫਿਊਸ਼ਿਆਈ ਪ੍ਰੰਪਰਾ ਦਾ ਫਾਇਦਾ ਲੈਂਦੇ ਰਹੇ ਹਨ।

ਲੋਕਾਂ ਵਿੱਚ ਇੱਕ ਵਿਰੋਧਤਾਈ ਸੱਨਅਤੀ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਹੈ, ਜੋ ਹੁਣ ਤੱਕ ਖੇਤੀ ਦੇ ਮਸ਼ੀਨੀਕਰਨ ਅਤੇ ਲੋਕ ਕਮਿਊਨਾਂ ਦੇ ਵਿਕਾਸ ਰਾਹੀਂ ਹੱਲ ਕੀਤੀ ਜਾ ਰਹੀ ਹੈ। ਸੱਨਅਤੀ ਮਜ਼ਦੂਰ ਜਮਾਤ ਅਤੇ ਕਿਸਾਨਾਂ ਵਿੱਚ ਇੱਕ ਗੱਠਜੋੜ ਕਾਇਮ ਕੀਤੇ ਬਿਨਾਂ ਸੰਭਵ ਹੀ ਨਹੀਂ ਸੀ।

ਗੱਠਜੋੜਾਂ ਅੰਦਰ ਵਿਰੋਧਤਾਈਆਂ

ਮੈਂ ਸਨਅਤੀ ਮਜ਼ਦੂਰ ਜਮਾਤ ਅਤੇ ਕਿਸਾਨਾਂ ਦਰਮਿਆਨ ਵਿਰੋਧਤਾਈ ਦੀ ਵੀ ਚਰਚਾ ਕਰਦੇ ਹੋਏ, ਸੱਨਅਤੀ ਮਜ਼ਦੂਰ ਜਮਾਤ ਅਤੇ ਕਿਸਾਨਾਂ ਦੇ ਗੱਠਜੋੜ ਵਿੱਚ ਮੌਜੂਦ ਵਿਰੋਧਤਾਈ ਦੀ ਵੀ ਚਰਚਾ ਕਰਨਾ ਚਹਾਂਗਾ। ਗੱਠਜੋੜ ਦੇ ਖਾਸੇ ਵਿੱਚ ਵੀ ਵਿਰੋਧਤਾਈ ਸ਼ਾਮਿਲ ਹੈ। ਮਜ਼ਦੂਰ ਅਤੇ ਕਿਸਾਨ ਆਪਣੇ ਸਾਂਝੇ ਦੁਸ਼ਮਨ ਨਾਲ ਲੜਨ ਅਤੇ ਇਸ ਤਰਾਂ ਪ੍ਰਧਾਨ ਵਿਰੋਧਤਾਈ ਹੱਲ ਕਰਨ ਲਈ ਆਪਸ ਵਿੱਚ ਗੱਠਜੋੜ ਕਾਇਮ ਕਰਦੇ ਹਨ, ਪਰ ਇਸੇ ਵਿੱਚ ਉਹਨਾਂ ਦੇ ਵਿੱਚ ਇੱਕ ਗੈਰ-ਪ੍ਰਧਾਨ ਵਿਰੋਧਤਾਈ ਵੀ ਮੌਜੂਦ ਹੁੰਦੀ ਹੈ, ਜਿਸ ਨੂੰ ਵਿਚਾਰਧਾਰਕ ਸੰਘਰਸ਼ ਰਾਹੀਂ ਹੱਲ ਕੀਤਾ ਜਾਂਦਾ ਹੈ, ਜਿਸ ਦੀ ਬਦੌਲਤ ਵਧੇਰੇ ਪੱਛੜੀ ਜਮਾਤ ਵਧੇਰੇ ਵਿਕਸਿਤ ਜਮਾਤ ਦੀ ਪੱਧਰ ਤੱਕ ਉੱਠ ਜਾਂਦੀ ਹੈ।

ਮਜ਼ਦੂਰ ਜਮਾਤ ਅਤੇ ਕਿਸਾਨਾਂ ਵਿੱਚ ਗੱਠਜੋੜ ਦਾ ਇਹ ਮਸਲਾ ਸਮਾਜਿਕ ਇਨਕਲਾਬ ਵਿੱਚ ਇੱਕ ਫੈਸਲਾਕੁਨ ਕਾਰਕ ਹੈ। ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕਿਵੇਂ ਸਮਾਜਵਾਦੀ ਇਨਕਲਾਬ ਇੱਕ ਅਜਿਹੇ ਦੇਸ਼ ਵਿੱਚ (ਭਾਵ ਰੂਸ ਵਿੱਚ¸ਅਨੁਵਾਦਕ) ਸਫਲ ਹੋ ਗਿਆ ਜਿੱਥੇ ਸੱਨਅਤੀ ਮਜ਼ਦੂਰ ਜਮਾਤ ਅਬਾਦੀ ਦੀ ਉਨੀ ਹੀ ਘੱਟ ਗਿਣਤੀ ਵਿੱਚ ਸੀ ਜਿੰਨੀ ਕਿ ਉਹ ਮੁਕਤੀ ਤੋਂ ਪਹਿਲਾਂ ਚੀਨ ਵਿੱਚ ਸੀ?

ਇਸ ਦੇ ਜਵਾਬ ਵਿੱਚ ਦੋ ਮਹੱਤਵਪੂਰਨ ਗੱਲਾਂ ‘ਤੇ ਵਿਚਾਰ ਕਰਨਾ ਜ਼ਰੂਰੀ ਹੈ ਪਹਿਲੀ ਗੱਲ ਬਾਹਰਮੁਖੀ ਹਾਲਤਾਂ ਵਿੱਚ ਮੌਜੂਦ ਵਿਰੋਧਤਾਈਆਂ ਅਤੇ ਉਹਨਾਂ ਦੁਆਰਾ ਪੈਦਾ ਕੀਤੇ ਜਾਣ ਵਾਲੇ ਇਨਕਲਾਬ ਦੀ ਸੰਭਾਵਨਾ ਨਾਲ ਸੰਬੰਧਤ ਹੈ, ਦੂਜੀ ਗੱਲ ਮਜ਼ਦੂਰ ਜਮਾਤ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਅਗਵਾਈ ਦੇ ਖਾਸੇ ਨਾਲ ਸੰਬੰਧਤ ਹੈ¸ ਦੂਜੇ ਸ਼ਬਦਾਂ ਵਿੱਚ, ਸਵਾਲ ਮਜ਼ਦੂਰ ਜਮਾਤ ਦੀ ਗਿਣਤੀ ਦਾ ਨਹੀਂ ਸਗੋਂ ਰਾਜਨੀਤਿਕ ਤਾਕਤ ਦਾ ਹੈ। ਇਸ ਦੀ ਅਗਵਾਈ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਇਹ ਬਾਹਰਮੁਖੀ ਵਿਰੋਧਤਾਈਆਂ, ਭਾਵ ਲੋਕਾਂ ਅਤੇ ਦੁਸ਼ਮਨ ਦੇ ਵਿਚਕਾਰ ਦੀਆਂ ਵਿਰੋਧਤਾਈਆਂ ਅਤੇ ਲੋਕਾਂ ਦਰਮਿਆਨ ਵਿਰੋਧਤਾਈਆਂ¸ਇਹਨਾਂ ਦੋਨਾਂ ਨੂੰ ਹੀ ਸਹੀ ਢੰਗ ਨਾਲ ਵਰਤ ਸਕਣ ਵਿੱਚ ਕਿੰਨੀ ਅਤੇ ਕਿਵੇਂ ਸਮਰੱਥ ਹੁੰਦੀ ਹੈ।

ਜਦੋਂ ਮਾਰਕਸ ਅਤੇ ਏਂਗਲਜ਼ ਨੇ ਕਮਿਊਨਿਸਟ ਮੈਨੀਫੈਸਟੋ ਲਿਖਿਆ ਤਾਂ ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜਰਮਨੀ ਇੱਕ ਬੁਰਜੂਆ ਇਨਕਲਾਬ ਦੇ ਕੰਢੇ ‘ਤੇ ਸੀ, ਜਿਸ ਤੋਂ ਤੁਰੰਤ ਮਗਰੋਂ ਹੀ ਇੱਕ ਮਜ਼ਦੂਰ ਇਨਕਲਾਬ ਹੁੰਦਾ। ਪਰ ਘਟਨਾਵਾਂ ਨੇ ਹੋਰ ਹੀ ਮੋੜ ਲਿਆ। ਫਿਰ ਵੀ ਇਹ ਗੌਰਤਲਬ ਹੈ ਕਿ ਉਹਨਾਂ ਦੇ ਵਿਚਾਰਾਂ ਨਾਲ ਪਹਿਲਾ ਮਜ਼ਦੂਰ ਇਨਕਲਾਬ ਇੰਗਲੈਂਡ ਵਿੱਚ ਨਹੀਂ ਹੋਣ ਵਾਲਾ ਸੀ, ਭਾਵੇਂ ਉਹ ਸਭ ਤੋਂ ਵਿਕਸਿਤ ਅਤੇ ਸਭ ਤੋਂ ਵੱਧ ਗਿਣਤੀ ਵਿੱਚ ਮਜ਼ਦੂਰ ਜਮਾਤ ਰੱਖਣ ਵਾਲਾ ਦੇਸ਼ ਸੀ, ਸਗੋਂ ਉਹਨਾਂ ਦੇ ਵਿਚਾਰਾਂ ਨਾਲ ਇਹ ਪਹਿਲਾ ਮਜ਼ਦੂਰ ਇਨਕਲਾਬ ਜਰਮਨੀ ਵਿੱਚ ਹੀ ਹੋਣ ਵਾਲਾ ਸੀ, ਜੋ ਕਿ ਅਜੇ ਵੀ ਇੱਕ ਜਗੀਰੂ ਦੇਸ਼ ਸੀ, ਜਿੱਥੇ ਕਿਸਾਨੀ ਅਤੇ ਜਗੀਰਦਾਰਾਂ ਦੇ ਵਿਚਲੀ ਪੁਰਾਣੀ ਵਿਰੋਧਤਾਈ ਜਗੀਰਦਾਰੀ ਅਤੇ ਬੁਰਜੂਆਜ਼ੀ ਵਿਚਕਾਰ ਤੇ ਬੁਰਜ਼ੂਆਜ਼ੀ ਅਤੇ ਮਜ਼ਦੂਰ ਜਮਾਤ ਦੇ ਵਿਚਕਾਰ ਵੱਧਦੀ ਵਿਰੋਧਤਾਈ ਦੇ ਨਾਲ-ਨਾਲ ਮੌਜੂਦ ਸੀ।

ਇੱਕ ਬੁਰਜ਼ੂਆ ਇਨਕਲਾਬ ਅਤੇ ਉਸ ਦੇ ਫੌਰੀ ਬਾਅਦ ਇੱਕ ਮਜ਼ਦੂਰ ਇਨਕਲਾਬ ਅਖੀਰ ਹੋਇਆ ਜ਼ਰੂਰ ਪਰ ਜਰਮਨੀ ਵਿੱਚ ਨਹੀਂ, ਨਾ ਹੀ ਕਿਸੇ ਵੀ ਵਿਕਸਿਤ ਪੂੰਜੀਵਾਦੀ ਦੇਸ਼ ਵਿੱਚ ਸਗੋਂ ਪੱਛੜੇ ਦੇਸ਼ ਰੂਸ ਵਿੱਚ, ਜਿੱਥੇ ਸੰਖਿਆ ਵਿੱਚ ਘੱਟ ਪਰ ਰਾਜਨੀਤਿਕ ਰੂਪ ‘ਚ ਵਿਕਸਿਤ ਮਜ਼ਦੂਰ ਜਮਾਤ ਲੈਨਿਨ ਦੀ ਅਗਵਾਈ ਵਿੱਚ ਕਿਸਾਨੀ ਨਾਲ ਗੱਠਜੋੜ ਕਾਇਮ ਕਰਨ ਵਿੱਚ, ਜਾਰਸ਼ਾਹੀ ਨੂੰ ਪੁੱਟ ਸੁੱਟਣ ਵਿੱਚ ਅਤੇ ਬੁਰਜੂਆ ਇਨਕਲਾਬ ਨੂੰ ਮਜ਼ਦੂਰ ਇਨਕਲਾਬ ਵਿੱਚ ਬਦਲ ਦੇਣ ਵਿੱਚ ਸਮਰੱਥ ਹੋਈ।

ਏਕਤਾ ਨੂੰ ਸੰਘਰਸ਼ ਨਾਲ ਜੋੜਨਾ

ਜਿਵੇਂ ਕਿ ਮਾਓ-ਜ਼ੇ-ਤੁੰਗ ਨੇ ਕਿਹਾ ਹੈ ਕਿ ਅਕਤੂਬਰ ਇਨਕਲਾਬ ਦੀ ਲਹਿਰ ਹੀ ਸੀ ਜਿਸ ਨੇ ਮਾਰਕਸਵਾਦ ਨੂੰ ਚੀਨ ਤੱਕ ਪਹੁੰਚਾਇਆ। ਉਸ ਸਮੇਂ ਚੀਨ ਜਾਰਸ਼ਾਹੀ ਰੂਸ ਤੋਂ ਵੀ ਕਿਤੇ ਵੱਧ ਪਛੜਿਆ ਹੋਇਆ ਸੀ¸ਜੋ ਕੇਵਲ ਜਗੀਰੂ ਹੀ ਨਹੀਂ ਸਗੋਂ ਅਰਧ ਬਸਤੀ ਵੀ ਸੀ ਇਸ ਵਿੱਚ ਇੱਥੇ ਮਜ਼ਦੂਰ ਜਮਾਤ ਵੀ ਗਿਣਤੀ ਪੱਖੋਂ ਨਾ ਮਾਤਰ ਹੀ ਸੀ। ਪਰ ਇਸ ਨੂੰ ਇੱਕ ਅਜਿਹੀ ਪਾਰਟੀ ਦੀ ਅਗਵਾਈ ਮਿਲੀ ਜੋ ਸਿਰਫ ਮਾਰਕਸਵਾਦ ਹੀ ਨਹੀਂ ਸਗੋਂ ਮਾਰਕਸਵਾਦ ਦੇ ਅਮਲੀ ਪ੍ਰਯੋਗ ਵਿੱਚ ਅਕਤੂਬਰ ਇਨਕਲਾਬ ਦੁਆਰਾ ਪ੍ਰਦਾਨ ਕੀਤੇ ਗਏ ਤਜਰਬੇ ਨਾਲ ਵੀ ਲੈਸ ਸੀ।

ਇਸ ਤਰਾਂ ਸਾਰੀਆਂ ਵਿਰੋਧਤਾਈਆਂ ਦਾ ਪੂਰਾ-ਪੂਰਾ ਫਾਇਦਾ ਲੈਂਦੇ ਹੋਏ, ਪਾਰਟੀ ਆਪਣੇ ਇਰਦ ਗਿਰਦ ਆਬਾਦੀ ਦੀ ਵੱਡੀ ਬਹੁ ਗਿਣਤੀ ਕਿਸਾਨੀ ਨਿੱਕ ਸਰਮਾਏਦਾਰੀ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਅਤੇ ਕੌਮੀ ਸਰਮਾਏਦਾਰੀ ਨੂੰ ਜਗੀਰਦਾਰਾਂ ਅਤੇ ਵਿਦੇਸ਼ੀ ਸਾਮਰਾਜਵਾਦੀਆਂ ਵਿਰੁੱਧ ਲਾਮਬੰਦ ਕਰ ਲੈਣ, ਮੁੱਖ ਦੁਸ਼ਮਣ ਨੂੰ ਨਿਖੇੜਨ ਵਿੱਚ ਅਤੇ ਲੋਕਾਂ ਦਰਮਿਆਨ ਵਿਰੋਧਤਾਈਆਂ ਦਾ ਕੁਸ਼ਲ ਸੰਚਾਲਨ ਕਰਦੇ ਹੋਏ ਏਕਤਾ ਨੂੰ ਸੰਘਰਸ਼ ਨਾਲ ਜੋੜਨ ਵਿੱਚ ਸਮਰੱਥ ਹੋ ਗਈ। ਇਸ ਤਰਾਂ, ਜਿਵੇਂ-ਜਿਵੇਂ ਸਮਾਜਵਾਦੀ ਇਨਕਲਾਬ ਦੁਨੀਆਂ ਵਿੱਚ ਫੈਲਦਾ ਰਿਹਾ ਹੈ, ਉਵੇਂ-ਉਵੇਂ ਜੋ ਦੇਸ਼ ਅਜੇ ਵੀ ਸਾਮਰਾਜਵਾਦ ਦੁਆਰਾ ਲੁੱਟੇ ਜਾਂਦੇ ਹਨ¸ਉਹਨਾਂ ਦੇਸ਼ਾਂ ਦੀ ਮਜ਼ਦੂਰ ਜਮਾਤ ਦੇ ਛੋਟੇ ਆਕਾਰ ਦੀ ਘਾਟਾ-ਪੂਰਤੀ ਜਮਾਤੀ ਵਿਰੋਧਤਾਈਆਂ ਦੀ ਵਧਦੀ ਪ੍ਰਚੰਡਤਾ ਅਤੇ ਜਮ੍ਹਾਂ ਹੁੰਦੇ ਇਨਕਲਾਬੀ ਤਜ਼ਰਬੇ ਨਾਲ ਹੁੰਦੀ ਜਾ ਰਹੀ ਹੈ। ਇਹਨਾਂ ਸਭ ਗੱਲਾਂ ਨੂੰ ਜੋੜ ਕੇ ‘ਮਾਓ-ਜ਼ੇ-ਤੁੰਗ ਵਿਚਾਰਧਾਰਾ’ ਬਣੀ ਹੈ ਜੋ ਅਜੇ ਤੱਕ ਮੁਕਤੀ ਸੰਘਰਸ਼ ਵਿੱਚ ਲੱਗੇ ਹੋਏ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਲਈ ਅਤਿਅੰਤ ਮਹੱਤਵਪੂਰਨ ਬਣੀ ਹੋਈ ਹੈ।

ਹਥਿਆਰਬੰਦ ਸੰਘਰਸ਼ ਦਾ ਸਿਧਾਂਤ

ਇਹ ਸਾਰੀਆਂ ਦੀਆਂ ਸਾਰੀਆਂ ਪ੍ਰਾਪਤੀਆਂ, ਖੜੋਤ ਧੱਕਿਆਂ ਅਤੇ ਗਲਤੀਆਂ ਦੇ ਬਿਨਾਂ ਹੀ ਹਾਸਲ ਨਹੀਂ ਹੋਈਆਂ। 1949 ਦੀ ਦੇਸ਼ ਵਿਆਪੀ ਜਿੱਤ ਤੋਂ ਪਹਿਲਾਂ ਦੇ ਸਾਲਾਂ ਦੇ ਹਥਿਆਰਬੰਦ ਸੰਘਰਸ਼ ਅਤੇ ਮੁਕਤ ਇਲਾਕਿਆਂ ਨੂੰ ਪ੍ਰਸ਼ਸਿਤ ਕਰਨ ਦੇ ਤਜ਼ਰਬੇ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਇਹ ਪਾਰਟੀ ਦੀ ਅਗਵਾਈ ਦੇ ਹੀ ਤਹਿਤ ਹੋਇਆ ਕਿ ਲੋਕ-ਮੁਕਤੀ ਸੈਨਾ ਨੇ ਆਪਣਾ ਸਰੂਪ ਗ੍ਰਹਿਣ ਕੀਤਾ ਅਤੇ ਹਥਿਆਰਬੰਦ ਸੰਘਰਸ਼ ਦਾ ਇੱਕ ਨਵਾਂ ਸਿਧਾਂਤ ਵਿਕਸਿਤ ਕੀਤਾ ਜਿਸ ਨੂੰ ਲਗਾਤਾਰ ਅਜ਼ਮਾਇਆ ਗਿਆ, ਜਾਂਚਿਆ ਪਰਖਿਆ ਗਿਆ, ਸੰਘਰਸ਼ ਦੀਆਂ ਵਧਦੀਆਂ ਕਾਰਵਾਈਆਂ ਵਿੱਚ ਜਿੱਤਾਂ-ਹਾਰਾਂ ਰਾਹੀਂ ਲੰਘਦੇ ਹੋਏ ਵਿਕਸਿਤ ਕੀਤਾ ਗਿਆ। ਇਹ ਲੋਕ ਮੁਕਤੀ ਸੈਨਾ ਇੱਕ ਅਜਿਹੀ ਤਾਕਤ ਸੀ ਜੋ ਪਹਿਲਾਂ ਮੁਕਤ ਇਲਾਕਿਆਂ ਵਿੱਚ ਅਤੇ ਫਿਰ ਪੂਰੇ ਦੇਸ਼ ਵਿੱਚ, ਸ਼ਾਂਤੀਪੂਰਨ ਨਿਰਮਾਣ ਦੇ ਕੰਮਾਂ ਲਈ ਵੀ ਅਨੁਕੂਲਿਤ ਸੀ, ਜੋ ਸਿਰਫ ਪੈਦਾਵਾਰੀ ਕਿਰਤ ਵਿੱਚ ਨਹੀਂ ਸਗੋਂ ਆਪਣੀ ਉਦਾਹਰਣਾਂ ਕਾਇਮ ਕਰਦੀ ਹੋਈ ਸਮੁੱਚੀ ਜਨਤਾ ਦੇ ਵਿਚਾਰਧਾਰਕ ਅਤੇ ਨੈਤਿਕ ਪੱਧਰ ਨੂੰ ਵਿਕਸਿਤ ਕਰਨ ਵਿੱਚ ਵੀ ਸਰਗਰਮ ਸੀ।

ਅਤੇ ਫਿਰ, ਤਜ਼ਰਬੇ ਦੀ ਕਮੀ ਅਤੇ ਅਤਿ-ਵਿਸ਼ਵਾਸ਼ ਦੇ ਕਾਰਨ ਲੋਕ ਕਮਿਊਨਾਂ ਦੇ ਨਿਰਮਾਣ ਵਿੱਚ ਗਲਤੀਆਂ ਵੀ ਹੋਈਆਂ, ਜਿਸ ਵਿੱਚ ਬਾਹਰਮੁਖੀ ਮੁਸ਼ਕਲਾਂ ਵੀ ਇੱਕ ਕਾਰਨ ਸਨ, ਪਰ ਜਨਤਕ ਲੀਹ ਦੀ ਵਰਤੋਂ ਨਾਲ ਇਹਨਾਂ ਗਲਤੀਆਂ ਨੂੰ ਪਛਾਣਿਆ ਅਤੇ ਠੀਕ ਕੀਤਾ ਗਿਆ। ਇਹ ਲੋਕ ਕਮਿਊਨ ਹੀ ਸਨ ਜੋ 1956-61 ਦੇ ਬੁਰੇ ਸਾਲਾਂ ਵਿੱਚ, ਅਰਥਚਾਰੇ ਨੂੰ ਬਿਨਾਂ ਕਿਸੇ ਜਾਨ ਮਾਲ ਦੀ ਹਾਨੀ ਦੇ ਖੜੇ ਰਹਿਣ ਵਿੱਚ ਸਮਰੱਥ ਬਣਾ ਸਕੇ, ਪਰ ਇਸ ਦੇ ਨਾਲ ਹੀ ਉਹਨਾਂ ਸਾਲਾਂ ਦੀਆਂ ਮੁਸ਼ਕਲਾਂ ਨੇ ਕਮਿਊਨਾਂ ਦੀਆਂ ਕਮਜ਼ੋਰੀਆਂ ਨੂੰ ਵੀ ਉਜਾਗਰ ਕਰ ਦਿੱਤਾ, ਜਿਸ ਦੇ ਨਾਲ ਇਹ ਜਰੂਰੀ ਹੈ ਗਿਆ ਕਿ ਉਹਨਾਂ ਨੂੰ ਦੂਰ ਕੀਤਾ ਜਾਵੇ। ਇਸ ਢੰਗ ਨਾਲ ਖ਼ਰਾਬ ਚੀਜ਼ ਚੰਗੀ ਚੀਜ਼ ਵਿੱਚ ਤਬਦੀਲ ਕਰ ਲਈ ਗਈ।

ਵਿਚਾਰਧਾਰਕ ਸੰਘਰਸ਼ ਜਾਰੀ ਰੱਖਣਾ

ਪਰ ਨਿਸ਼ਚਿਤ ਹੀ ਇਸ ਤੋਂ ਨਹੀਂ ਮੰਨ ਲੈਣਾ ਚਾਹੀਦਾ ਕਿ ਚੀਨ ਵਿੱਚ ਜਮਾਤੀ ਸੰਘਰਸ਼ ਖ਼ਤਮ ਹੋ ਗਿਆ ਹੈ। ਬੇਸ਼ਕ ਅਰਥਚਾਰੇ ਨੂੰ ਇੱਕ ਸਮਾਜਵਾਦੀ ਅਧਾਰ ‘ਤੇ ਮੁੜ ਗਠਤ ਕਰ ਲਿਆ ਗਿਆ ਤੇ ਫਿਰ ਵੀ ਬੁਰਜੂਆ ਅਤੇ ਨਿਮਨ-ਬੁਰਜੂਆ ਅਤੇ ਇੱਥੋਂ ਤੱਕ ਜਗੀਰ ਵਿਚਾਰ ਵੀ ਅਜੇ ਮੌਜੂਦ ਹਨ, ਇਸ ਲਈ ਜ਼ਰੂਰੀ ਹੈ ਕਿ ਇਹ ਸੰਘਰਸ਼ ਵਿਚਾਰਧਾਰਕ ਅਤੇ ਆਰਥਿਕ ਦੋਵਾਂ ਹੀ ਪੱਧਰਾਂ ‘ਤੇ ਜ਼ਾਰੀ ਰਹੇ। ਸਮਾਜਵਾਦੀ ਢਾਂਚੇ ਦਾ ਪੱਕੇ ਪੈਰੀਂ ਹੋਣਾ ਅਤੇ ਕਮਿਊਨਿਜ਼ਮ ਵਿੱਚ ਤਬਦੀਲੀ ਇੱਕ ਲੰਬੀ ਇਤਿਹਾਸਕ ਪ੍ਰਕਿਰਿਆ ਹੈ, ਜੋ ਵਿਚਾਰਧਾਰਕ ਸੰਘਰਸ਼ ਵਿੱਚ ਕੋਈ ਵੀ ਢਿੱਲ ਦਿੱਤੇ ਜਾਣ ‘ਤੇ ਰੁਕ ਸਕਦੀ ਹੈ ਜਾਂ ਇਥੋਂ ਤੱਕ ਕਿ ਉਲਟ ਵੀ ਸਕਦੀ ਹੈ। ਇਹ ਗੱਲ ਵੀ ਮਾਓ-ਜ਼ੇ-ਤੁੰਗ ਦੇ ਵਿਰੋਧਤਾਈਆਂ ਦੇ ਸਿਧਾਂਤ ਦੇ ਅਨੁਸਾਰੀ ਹੀ ਹੈ।

ਆਮ ਤੌਰ ‘ਤੇ, ਜਿਵੇਂ ਕਿ ਉਹ ਸਪੱਸ਼ਟ ਕਰਦੇ ਹਨ, ਸਮਾਜ ਨੂੰ ਗਤੀ ਦੇਣ ਵਿੱਚ ਵਿਚਾਰਧਾਰਕ ਉਸਾਰ ਢਾਂਚੇ ਦੇ ਉਲਟ, ਆਰਥਿਕ ਅਧਾਰ ਹੀ ਵਿਰੋਧਤਾਈ ਦਾ ਪ੍ਰਧਾਨ ਪੱਖ ਹੁੰਦਾ ਹੈ, ਜਦ ਕਿ ਵਿਚਾਰਧਾਰਕ ਉਸਾਰ ਢਾਂਚਾ ਉਸ ਦਾ ਗੈਰ-ਪ੍ਰਧਾਨ ਪੱਖ ਹੁੰਦਾ ਹੈ, ਪਰ ਕੁੱਝ ਨਿਸ਼ਚਿਤ ਹਾਲਤਾਂ ਵਿੱਚ ਵਿਰੋਧਤਾਈ ਦਾ ਇਹ ਗੈਰ-ਪ੍ਰਧਾਨ ਪੱਖ ਠੀਕ ਉਸੇ ਤਰਾਂ ਹੀ ਉਸ ਦੇ ਪ੍ਰਧਾਨ ਪੱਖ ਵਿੱਚ ਤਬਦੀਲ ਹੋ ਸਕਦਾ ਹੈ, ਜਿਵੇਂ ਇੱਕ ਗੈਰ ਦੁਸ਼ਮਣਾਨਾ ਵਿਰੋਧਤਾਈ, ਗਲਤ ਢੰਗ ਨਾਲ ਸੰਚਾਲਿਤ ਹੋਣ ‘ਤੇ ਦੁਸ਼ਮਣਾਨਾ ਬਣ ਸਕਦੀ ਹੈ।

ਪੁਰਾਣੇ ਵਿਚਾਰ ਆਪਣੇ-ਆਪ ਹੀ ਖ਼ਤਮ ਨਹੀਂ ਹੁੰਦੇ। ਇਸ ਦੇ ਉਲਟ ਉਹ ਮੌਜੂਦ ਰਹਿੰਦੇ ਹਨ ਅਤੇ ਜੇ ਉਹਨਾਂ ਵਿਰੁੱਧ ਲੜਿਆ ਨਾ ਜਾਵੇ ਤਾਂ ਉਹ ਮੁੜ ਆਰਥਿਕ ਅਧਾਰ ਨੂੰ ਪ੍ਰਭਾਵਿਤ ਕਰਨ ਤੱਕ ਵੀ ਪ੍ਰਭਾਵੀ ਬਣ ਸਕਦੇ ਹਨ ਅਤੇ ਇਸ ਤਰਾਂ ਪੁਰਾਣੀਆਂ ਜਮਾਤੀ ਵੰਡਾਂ ਨੂੰ ਫਿਰ ਤੋਂ ਪ੍ਰਗਟ ਵੀ ਕਰ ਸਕਦੇ ਹਨ।

ਇਸ ਮਸਲੇ ਵਿੱਚ, ਨੌਜਵਾਨਾਂ ਦੀ ਦੇਖ-ਰੇਖ ‘ਤੇ ਖ਼ਾਸ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇੱਕ ਪਾਸੇ, ਨੌਜਵਾਨਾਂ ਨੂੰ ਆਪਣੇ ਮਾਂ-ਪਿਓ ਨਾਲੋਂ ਵੱਧ ਅਨੁਕੂਲ ਸਥਿਤੀ ਤਾਂ ਪ੍ਰਾਪਤ ਹੋਈ ਹੈ ਕਿ ਉਹਨਾਂ ਦੀ ਦੇਖਭਾਲ ਅਤੇ ਪੜ੍ਹਾਈ-ਲਿਖਾਈ ਇੱਕ ਸਮਾਜਵਾਦੀ ਵਾਤਾਵਰਣ ਵਿੱਚ ਹੋ ਰਹੀ ਹੈ। ਪਰ, ਦੂਜੇ ਪਾਸੇ ਇਸ ਦੇ ਨਾਲ ਇਹ ਵੀ ਹੈ ਕਿ ਉਹਨਾਂ ਕੋਲ ਜਮਾਤੀ ਦਾਬੇ ਜਾਂ ਤਕਲੀਫ ਝੱਲਣ ਦਾ ਅਜਿਹਾ ਕੋਈ ਪ੍ਰਤੱਖ ਅਨੁਭਵ ਨਹੀਂ ਹੈ ਜਿਵੇਂ ਉਹਨਾਂ ਦੇ ਬਾਪ-ਦਾਦਿਆਂ ਨੂੰ ਸਮਾਜਵਾਦ ਦੇ ਲਈ ਸੰਘਰਸ਼ ਕਰਦੇ ਹੋਏ ਝੱਲਣਾ ਪਿਆ ਸੀ।

ਸਕੂਲਾਂ ਵਿੱਚ ਵਿਸ਼ੇਸ਼ ਕੋਸ਼ਿਸ਼ਾਂ ਇਹ ਸੁਨਿਸ਼ਚਿਤ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਹਨ ਕਿ ਉਹ ਉਸ ਸੰਘਰਸ਼ ਤੋਂ ਪੂਰੀ ਤਰਾਂ ਜਾਣੂ ਹੁੰਦੇ ਹੋਏ ਵੱਡੇ ਹੋਣਾ ਜੋ ਉਹਨਾਂ ਨੂੰ ਪ੍ਰਾਪਤ ਹੋਏ ਮੌਕਿਆ ਨੂੰ ਪੈਦਾ ਕਰਨ ਦੇ ਲਈ ਕਰਨਾ ਪਿਆ ਸੀ। ਫੈਕਟਰੀਆਂ ਵਿੱਚ, ਅਜਿਹੇ ਬਜ਼ੁਰਗ ਮਜ਼ਦੂਰਾਂ ਨੂੰ ਜਿਹਨਾਂ ਨੇ ਅਜਿਹੇ ਸੰਘਰਸ਼ਾਂ ਵਿੱਚ ਹਿੱਸਾ ਲਿਆ ਸੀ, ਵਿਸ਼ੇਸ਼ ਅਹੁਦੇ ਦਿੱਤੇ ਜਾਂਦੇ ਹਨ¸ਉਦਾਹਰਣ ਵਜੋਂ ਫ਼ੈਕਟਰੀ ਲਾਇਬਰੇਰੀ ਦਾ ਕੰਮ ਅਤੇ ਆਪਣੇ ਅਨੁਭਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਲੋਕ ਕਮਿਊਨਾਂ ਵਿੱਚ ਜਦੋਂ ਨਵੇਂ ਘਰ ਬਣਦੇ ਹਨ ਤਾਂ ਇੱਕ ਜਾਂ ਦੋ ਪੁਰਾਣੀਆਂ ਝੱਗੀਆਂ ਨੂੰ ਉਸੇ ਤਰਾਂ ਹੀ ਰਹਿਣ ਦਿੱਤਾ ਜਾਂਦਾ ਹੈ, ਤਾਂ ਕਿ ਬਜ਼ੁਰਗ ਉਹਨਾਂ ਵੱਲ ਦੇਖ ਕੇ ਇਹ ਕਹਿ ਸਕਣ ਕਿ ”ਇਹੋ ਉਹ ਥਾਂ ਹੈ ਜਿੱਥੇ ਅਸੀਂ ਅਜ਼ਾਦੀ ਤੋਂ ਪਹਿਲਾਂ ਰਿਹਾ ਕਰਦੇ ਸੀ।” ਇਸ ਸਭ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਨਕਲਾਬੀ ਭਾਵਨਾ ਨਵੀਂ ਪੀੜ੍ਹੀ ਵਿੱਚ ਰਿਸਦੀ ਰਹੇ।

ਵਿਚਾਰਧਾਰਕ ਸੰਘਰਸ਼ ਬਹਿਸ ਮੁਬਾਹਸਿਆਂ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ¸ਕਿਰਤੀ ਸਮੂਹਾਂ ਦੇ ਮੈਂਬਰਾਂ ਵਿੱਚ ਬਹਿਸ, ਫੈਕਟਰੀ ਅਖ਼ਬਾਰ ਵਿੱਚ ਬਹਿਸ, ਸਥਾਨਿਕ ਪ੍ਰੈਸ ਵਿੱਚ ਬਹਿਸ ਅਤੇ ਕੌਮੀ ਪ੍ਰੈਸ ਵਿੱਚ ਬਹਿਸ। ਹਰ ਥਾਂ ਬਹਿਸਾਂ ਚਲਦੀਆਂ ਰਹਿੰਦੀਆਂ ਹਨ, ਕੌਮੀ ਅਤੇ ਕੌਮਾਂਤਰੀ ਦੋਵਾਂ ਹੀ ਮੁੱਦਿਆਂ ‘ਤੇ ਅਤੇ ਸਿਰਫ ਚਲੰਤ ਮੁੱਦਿਆਂ ‘ਤੇ ਹੀ ਨਹੀਂ ਸਗੋਂ ਸਿਧਾਂਤਕ ਸਵਾਲਾਂ ‘ਤੇ ਵੀ, ਜਿਨ੍ਹਾਂ ਦੀ ਚਰਚਾ ਵਿੱਚ ਇਸ ਭਾਸ਼ਨ ਵਿੱਚ ਕਰਦਾ ਆ ਰਿਹਾ ਹਾਂ। ਹੁਣ ਅੱਗੇ ਇਹਨਾਂ ਹੀ ਸਿਧਾਂਤਕ ਬਹਿਸਾਂ ਦੀ ਚਰਚਾ ਕਰਾਂਗਾ ਜੋ ਖ਼ਾਸ ਤੌਰ ‘ਤੇ ਮਾਰਕਸਵਾਦ ਦੇ ਅਧਿਐਨ ਨਾਲ ਸਬੰਧਿਤ ਹਨ।

ਸਿਧਾਂਤ ਲੋਕ-ਸਮੂਹਾਂ ਨੂੰ ਓਤਪ੍ਰੋਤ ਕਰ ਦਿੰਦਾ ਹੈ

ਮਾਰਕਸ ਨੇ ਕਿਹਾ ਸੀ ਕਿ ਜਦੋਂ ਸਿਧਾਂਤ ਲੋਕਾਂ ਨੂੰ ਓਤਪ੍ਰੋਤ ਕਰ ਦਿੰਦਾ ਹੈ ਤਾਂ ਉਹ ਇੱਕ ਪਦਾਰਥਕ ਤਾਕਤ ਬਣ ਜਾਂਦਾ ਹੈ। ਅੱਜ ਪੂਰੇ ਚੀਨ ਵਿੱਚ ਇਹੋ ਤਾਂ ਹੋ ਰਿਹਾ ਹੈ।

ਇਸ ਦੇ ਨਾਲ਼-ਨਾਲ਼ ਐਨਾ ਹੋਰ ਕਿਹਾ ਜਾ ਸਕਦਾ ਹੈ ਕਿ ਜਦੋਂ ਸਿਧਾਂਤ ਮਜ਼ਦੂਰ ਜਮਾਤ ਦੇ ਸਮੂਹਾਂ ਨੂੰ ਓਤਪ੍ਰੋਤ ਕਰ ਦਿੰਦਾ ਹੈ, ਤਦ ਬੁੱਧੀਜੀਵੀ ਫਿਰ ਤੋਂ ਅਭਿਆਸ ਨਾਲ ਜੁੜਨ ਲਗਦੇ ਹਨ ਅਤੇ ਇਸ ਤਰਾਂ ਸਰੀਰਕ ਕਿਰਤ ਅਤੇ ਮਾਨਸਿਕ ਕਿਰਤ ਵਿਚਾਕਰ ਵੰਡ, ਜੋ ਕਿ ਜਮਾਤੀ ਸਮਾਜ ਦੀ ਲਖਣਾਇਕ ਖਾਸੀਅਤ ਹੈ ਲੋਪ ਹੋਣ ਲਗਦੀ ਹੈ।

ਦਸ ਸਾਲ ਪਹਿਲਾਂ ਮੈਂ ਚੀਨੀ ਭਾਸ਼ਾ ਦਾ ਅਧਿਐਨ ਕਰਨ ਦੇ ਸਿਲਸਿਲੇ ਵਿੱਚ 6 ਮਹੀਨੇ ਪੀਕਿੰਗ ਯੂਨੀਵਰਸਿਟੀ ਵਿੱਚ ਗੁਜ਼ਾਰੇ, ਮੇਰੇ ਕਮਰੇ ਦੀ ਦੇਖਭਾਲ ਇੱਕ ਮਜ਼ਦੂਰ ਕਰਦਾ ਸੀ ਜੋ ਲੱਗਭੱਗ 30 ਸਾਲਾਂ ਦਾ ਸੀ, ਜਿਸ ਦਾ ਮੈਂ ਚੰਗੀ ਤਰਾਂ ਜਾਣੂ ਹੋ ਗਿਆ ਸੀ। ਕਾਰਨ ਕਿ ਅਸੀਂ ਦੋਵੇਂ ਰੋਜ਼ਾਨਾਂ ਕਈ-ਕਈ ਵਾਰ ਮਿਲਦੇ ਰਹਿੰਦੇ ਸੀ। ਉਹ ਸ਼ਾਮ ਵੇਲੇ ਦੀਆਂ ਕਲਾਸਾਂ ਲਾਉਂਦਾ ਸੀ, ਜਿਸ ਵਿੱਚ ਉਹ ਪੜ੍ਹਨਾ ਲਿਖਣਾ ਸਿੱਖਦਾ ਸੀ ਅਤੇ ਅਸੀਂ ਦੋਵੇਂ ਲਿੱਪੀ ਨੂੰ ਪੂਰੀ ਤਰਾਂ ਸਿੱਖਣ ਲਈ ਆਪਣੇ ਸੰਘਰਸ਼ ਵਿੱਚ ਇੱਕ ਦੂਜੇ ਦੀ ਮਦਦ ਵੀ ਕਰਿਆ ਕਰਦੇ ਸੀ।

ਜਿਥੋਂ ਤੱਕ ਮਾਰਕਸਵਾਦ ਦੀ ਗੱਲ ਹੈ, ਤਾਂ ਉਹ ਇਹੀ ਕਿਹਾ ਕਰਦਾ ਸੀ ਕਿ ਉਹ ਮਾਰਕਸਵਾਦ ਵਿੱਚ ਯਕੀਨ ਕਰਦਾ ਹੈ¸ਭਲਾ ਉਹ ਅਜਿਹਾ ਕਿਉਂ ਨਹੀਂ ਕਹਿੰਦਾ, ਉਹ ਦੇਖ ਰਿਹਾ ਸੀ ਕਿ ਪਾਰਟੀ ਇਸ ਵਿੱਚ ਯਕੀਨ ਕਰਦੀ ਸੀ ਅਤੇ ਪਾਰਟੀ ਨੇ ਹੀ ਉਸਦੇ ਲਈ ਐਨਾ ਸਭ ਕੁੱਝ ਕੀਤਾ ਵੀ ਸੀ ਫਿਰ ਉਹ ਆਪਣੀਆਂ ਅੱਖਾਂ ਵਿੱਚ ਅੱਥਰੂ ਭਰ ਕੇ ਪੁਰਾਣੇ ਚੀਨ ਵਿੱਚ ਆਪਣੀ ਜ਼ਿੰਦਗੀ ਦਾ ਬਿਆਨ ਕਰਦਾ ਅਤੇ ਉਹਨਾਂ ਤਬਦੀਲੀਆਂ ਦੀ ਚਰਚਾ ਕਰਦਾ ਜੋ ਅਜ਼ਾਦੀ ਦੇ ਬਾਅਦ ਹੋ ਚੁੱਕੀਆਂ ਸਨ, ਇਹਨਾਂ ਸਭ ਦਾ ਸਿਹਰਾ ਉਹ ਪਾਰਟੀ ਨੂੰ ਹੀ ਦਿੰਦਾ ਹੈ, ਪਰ ਜਿੱਥੋਂ ਤੱਕ ਮਾਰਕਸਵਾਦ ਦੀ ਗੱਲ ਸੀ ਤਾਂ ਉਹ ਉਸ ਨੂੰ ਸਮਝਣ ਦੀ ਉਮੀਦ ਨਹੀਂ ਕਰ ਸਕਦਾ ਸੀ, ਕਾਰਨ ਕਿ ਉਸ ਨੇ ਹੁਣੇ-ਹੁਣੇ ਤਾਂ ਪੜ੍ਹਨਾ ਸਿੱਖਣ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਤੰਬਰ ਵਿੱਚ ਮੈਂ ਫਿਰ ਪੀਕਿੰਗ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਉਸ ਨਾਲ ਮੁਲਾਕਾਤ ਕੀਤੀ। ਹੁਣ ਉਹ ਮਾਰਕਸਵਾਦ ਦਾ ਅਧਿਐਨ ਕਰ ਰਿਹਾ ਸੀ।

ਜਮਾਤੀ ਚੇਤਨਾ ਅਤੇ ਸਿੱਖਿਆ ਦਾ ਪੱਧਰ

ਬੁੱਧੀਜੀਵੀਆਂ ਦੀ ਤੁਲਨਾ ਵਿੱਚ ਉਥੋਂ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਜਮਾਤੀ ਚੇਤਨਾ ਉੱਚੀ ਹੈ, ਪਰ ਉਨ੍ਹਾਂ ਦਾ ਸਿੱਖਿਆ ਪੱਧਰ ਨੀਵਾਂ ਸੀ। ਇਸ ਕਾਰਨ ਲੰਬੇ ਸਮੇਂ ਤੱਕ ਉਹਨਾਂ ਲਈ ਮਾਰਕਸਵਾਦੀ ਸਿਧਾਂਤ ਦਾ ਅਧਿਐਨ ਕਰਨਾ ਔਖਾ ਬਣਿਆ ਰਿਹਾ ਪਰ ਹੁਣ ਇਹ ਮੁਸ਼ਕਲ ਦੂਰ ਹੁੰਦੀ ਜਾ ਰਹੀ ਹੈ।

1958 ਵਿੱਚ ਜਹਾਜ਼ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਕੁੱਝ ਮਜ਼ਦੂਰਾਂ ਨੇ ਆਪ ਆਪਣੀ ਪਹਿਲ ਕਦਮੀ ‘ਤੇ ਸ਼ੰਘਾਈ ਵਿੱਚ ਫਲਸਫੇ ‘ਤੇ ਇੱਕ ਕਲਾਸ ਦਾ ਪ੍ਰਬੰਧ ਕੀਤਾ ਅਤੇ ਇਹ ਬਹੁਤ ਹੀ ਸਫਲ ਰਹੀ। ਇਸ ਦੀ ਰਿਪੋਰਟ ਪ੍ਰੈਸ ਵਿੱਚ ਪ੍ਰਕਾਸ਼ਿਤ ਹੋਈ ਅਤੇ ਉਹਨਾਂ ਦੇ ਇਸ ਉਦਾਹਰਣ ਦਾ ਪਾਲਣ ਪੂਰੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਮੂਹਾਂ ਨੇ ਕੀਤਾ। ਉਂਝ ਇਸ ਮੁਹਿੰਮ 1959-61 ਦੇ ਸਾਲਾਂ ਵਿੱਚ ਇੱਕ ਖੜੋਤ ਦਾ ਧੱਕਾ ਵੀ ਲੱਗਿਆ, ਪਰ ਉਸ ਦੇ ਬਾਅਦ ਇਸ ਨੇ ਆਪਣੀ ਰਫ਼ਤਾਰ ਫਿਰ ਫੜ ਲਈ ਅਤੇ ਹੁਣ ਤਾਂ ਇਹ ਪਹਿਲਾਂ ਹਮੇਸ਼ਾਂ ਤੋਂ ਕਿਤੇ ਵੱਧ ਵੇਗਮਈ ਅਤੇ ਵਿਆਪਕ ਬਣ ਚੁੱਕੀ ਹੈ।

ਪਿਛਲੇ ਸਾਲਾਂ ਦੇ ਸ਼ੁਰੂ ਵਿੱਚ, ਪਾਰਟੀ ਦੀ ਕੇਂਦਰੀ ਕਮੇਟੀ ਦੇ ਇੱਕ ਮੈਂਬਰ ਯਾਂਗ ਸਿਏਨ-ਚੇਨ ਨੇ ਇੱਕ ਅਖ਼ਬਾਰ ਵਿੱਚ ਦਵੰਦਵਾਦ ‘ਤੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਇਸ ਨੂੰ ਲੈ ਕੇ ਦੇਸ਼ ਵਿਆਪੀ ਵਿਵਾਦ ਉੱਠ ਖੜਾ ਹੋਇਆ ਹੈ। ਇਸ ਲੇਖ ਵਿੱਚ ਯਾਂਗ-ਸਿਏਨ-ਚੇਨ ਨੇ ਕਲਾਸੀਕਲ ਚੀਨੀ ਦਰਸ਼ਨ ਦੇ ਇੱਕ ਸੂਤਰ ‘ਦੋ ਇੱਕ ਵਿੱਚ ਸ਼ਾਮਿਲ’ ਨੂੰ ਲੈ ਕੇ ਆਪਣੀ ਗੱਲ ਦੀ ਸ਼ੁਰੂਆਤ ਕਰਦੇ ਹੋਏ ਇਸ ਦੀ ਅਜਿਹੀ ਵਿਆਖਿਆ ਕੀਤੀ ਸੀ ਕਿ ਇਸ ਤੋਂ ਇਹ ਨਤੀਜਾ ਨਿਕਲਦਾ ਸੀ ਕਿ ਦਵੰਦਵਾਦ ਦਾ ਮੁੱਖ ਕੰਮ ਵਿਰੋਧਤਾਈਆਂ ਨੂੰ ਵਿਰੋਧਾਂ ਦੇ ਵਿੱਚ ਉਭਰਨਾ ਨਹੀਂ, ਸਗੋਂ ਇਸ ਦੇ ਉਲਟ ਉਹਨਾਂ ਵਾਸ਼ਿਸ਼ਟਤਾਵਾਂ ‘ਤੇ ਜ਼ੋਰ ਦੇਣਾ ਹੈ ਜੋ ਉਨ੍ਹਾਂ ਵਿੱਚ ਹੈ। ਦੂਜੇ ਸ਼ਬਦਾਂ ਵਿੱਚ, ਉਸ ਦਾ ਦਾਅਵਾ ਇਹ ਸੀ ਕਿ ਵਿਰੋਧਾਂ ਦੀ ਏਕਤਾ ਪਹਿਲਾਂ ਹੈ ਅਤੇ ਵਿਰੋਧਾਂ ਦੇ ਵਿਚਕਾਰ ਸੰਘਰਸ਼ ਗੌਣ।

ਇਸ ਨਜ਼ਰੀਏ ਨੂੰ ਤੁਰੰਤ ਚਣੌਤੀ ਦਿੱਤੀ ਗਈ। ਦੇਸ਼ ਦੇ ਸਾਰੇ ਭਾਗਾਂ ਤੋਂ ਸੈਂਕੜੇ ਲੇਖ ਪ੍ਰਕਾਸ਼ਿਤ ਹੋਏ, ਜਿਸ ਵਿੱਚ ਜ਼ਿਆਦਾਤਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਲੇਖ ਸਨ। ਸ਼ੁਰੂ-ਸ਼ੁਰੂ ਵਿੱਚ ਜੋ ਵਿਚਾਰ ਪ੍ਰਗਟ ਹੋਏ ਉਹ ਘੱਟ ਵੱਧ ਸਮਾਨ ਰੂਪ ਨਾਲ ਦੋ ਨਜ਼ਰੀਆਂ ਵਿੱਚ ਵੰਡੇ ਗਏ ਅਤੇ ਵਿਵਾਦ ਉਸ ਰੂਪ ਵਿੱਚ ਹੋ ਗਿਆ ਕਿ ‘ਦੋ ਇੱਕ ਵਿੱਚ ਜਾਂ ਇੱਕ ਦੋ ਵਿੱਚ,’ ਪਰ ਉਸ ਤੋਂ ਬਾਅਦ ਸੰਤੁਲਨ ਬਦਲਣ ਲੱਗਾ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਵਿਵਾਦ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਵੱਡੀ ਬਹੁਗਿਣਤੀ ਦੂਜੇ ਨਜ਼ਰੀਏ ਦੀ ਹਿਮਾਇਤੀ ਬਣ ਚੁੱਕੀ ਹੈ, ਜੋ ਦਵੰਦਵਾਦ ‘ਤੇ ਲੈਨਿਨ ਦੀ ਇਸ ਵਿਆਖਿਆ ਦੇ ਅਨੁਸਾਰੀ ਕਿ ਵਿਰੋਧਾਂ ਦੇ ਵਿਚਾਲੇ ਸੰਬੰਧ ਦੇ ਮਾਮਲੇ ਵਿੱਚ ਸੰਘਰਸ਼ ਨਿਰਪੱਖ ਹੈ ਅਤੇ ਏਕਤਾ ਸਪੇਖਕ। ਪਹਿਲਾਂ ਕਦੇ ਵੀ ਫਲਸਫੇ ਦੇ ਇਤਿਹਾਸ ਵਿੱਚ ਇੱਕ ਸਿਧਾਂਤਕ ਸਵਾਲ ਨੂੰ ਲੈ ਕੇ ਐਨੇ ਵੱਡੇ ਪੈਮਾਨੇ ‘ਤੇ ਲੋਕਾਂ ਵਿੱਚ ਬਹਿਸ ਨਹੀਂ ਸੀ ਹੋਈ।

ਸਿਧਾਂਤਕ ਗਿਆਨ ਨੂੰ ਪੈਦਾਵਾਰ ਵਿੱਚ ਲਗਾਉਣਾ

ਪਿਛਲੇ ਕੁੱਝ ਸਾਲਾਂ ਦੌਰਾਨ, ਇੱਕ ਲਗਾਤਾਰ ਵਧਦੇ ਪੈਮਾਨੇ ‘ਤੇ ਫੈਕਟਰੀਆਂ ਵਿੱਚ, ਖੇਤਾਂ ਵਿੱਚ ਅਤੇ ਲੋਕ ਮੁਕਤੀ ਸੈਨਾ ਦੀਆਂ ਯੂਨਿਟਾਂ ਵਿੱਚ ਮਜ਼ਦੂਰ ਅਤੇ ਕਿਸਾਨ ਆਪਣੇ ਸਿਧਾਂਤਕ ਗਿਆਨ ਨੂੰ ਸਿੱਧੇ ਪੈਦਾਵਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਲਗਾਉਣ ਲੱਗੇ ਹਨ ਅਤੇ ਇਹ ਵਾਰ-ਵਾਰ ਦੇਖਣ ਵਿੱਚ ਆ ਰਿਹਾ ਹੈ ਕਿ ਮਾਰਕਸਵਾਦੀ ਫਲਸਫੇ ‘ਤੇ ਕਲਾਸਾਂ ਦਾ ਇੱਕ ਸਿਲਸਿਲਾ ਚੱਲਣ ਤੋਂ ਮਗਰੋਂ ਪੈਦਾਵਾਰ ਵਿੱਚ ਵਾਧਾ ਹੋ ਰਿਹਾ ਹੈ। ਉੱਥੇ ਅਭਿਆਸ ਬਾਰੇ ਵਿਰੋਧਤਾਈ ਬਾਰੇ ਅਤੇ ਲੋਕਾਂ ਦਰਮਿਆਨ ਵਿਰੋਧਤਾਈਆਂ ਨੂੰ ਸਹੀ ਢੰਗ ਨਾਲ ਨਾ ਕਰਨ ਬਾਰੇ ਸਭ ਤੋਂ ਹਰਮਨ ਪਿਆਰੀਆਂ ਪਾਠ-ਪੁਸਤਕਾਂ ਹਨ ਮੈਨੂੰ ਇੱਕ ਜਿਹੇ ਫੈਕਟਰੀ ਮਜ਼ਦੂਰ ਬਾਰੇ ਦੱਸਿਆ ਗਿਆ ਜੋ ‘ਵਿਰੋਧਤਾਈ ਬਾਰੇ’ ਦਾ ਅਧਿਐਨ ਕਰ ਲੈਣ ਤੋਂ ਬਾਅਦ ਉਹ ਜਿਸ ਫੈਕਟਰੀ ਵਿੱਚ ਕੰਮ ਕਰਦਾ ਸੀ, ਉਸ ਵਿੱਚ ਪੈਦਾਵਾਰੀ ਪ੍ਰਕਿਰਿਆ ਵਿੱਚ ਪ੍ਰਧਾਨ ਵਿਰੋਧਤਾਈ ਨੂੰ ਪਹਿਚਾਨਣ ਦੇ ਕੰਮ ਵਿੱਚ ਲੱਗ ਗਿਆ ਅਤੇ ਕੁੱਝ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰ ਲੈਣ ਵਿੱਚ ਸਫ਼ਲ ਹੋ ਗਿਆ ਜਿਸ ਨੂੰ ਪਹਿਲਾਂ ਉਹ ਮਸ਼ੀਨਾਂ ਦੇ ਇੰਚਾਰਜ ਤਕਨੀਸ਼ਨਾਂ ਦੇ ਜਿੰਮੇ ਛੱਡ ਚੁੱਕਾ ਸੀ। ਉਸ ਨੇ ਆਪਣੇ ਨਤੀਜਿਆਂ ਵਿੱਚ ਉੱਪਰ ਆਪਣੇ ਕਾਮੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਸ ਦੇ ਕਿਰਤੀ ਸਮੂਹ ਨੇ ਮਤਾ ਪਾਸ ਕਰਕੇ ਤਰਕਸੰਗਤ ਪੇਸ਼ਕਾਰੀ ਲਈ ਅੱਗੇ ਭੇਜ ਦਿੱਤਾ, ਜਿਸ ਨੂੰ ਮੈਨੇਜ਼ਮੈਂਟ ਨੇ ਪ੍ਰਵਾਨ ਕਰ ਲਿਆ।

ਮੈਨੂੰ ਇੱਕ ਕਿਸਾਨ ਔਰਤ ਬਾਰੇ ਦੱਸਿਆ ਗਿਆ ਜੋ ਪੰਜ ਬੱਚਿਆਂ ਦੀ ਮਾਂ ਸੀ ਅਤੇ ਖੇਤਾਂ ਵਿੱਚ ਕੰਮ ਕਰਦੀ ਸੀ। ਆਪਣੇ ਕੰਮ ਤੋਂ ਫੁਰਸਤ ਦੇ ਸਮੇਂ ‘ਚ ਉਸ ਨੇ ਮਾਓ-ਜ਼ੇ-ਤੁੰਗ ਦੀਆਂ ਸਾਰੀਆਂ ਰਚਨਾਵਾਂ ਅਤੇ ਕੌਮਾਂਤਰੀ ਵਿਵਾਦ ਦੇ ਮੁੱਦਿਆਂ ‘ਤੇ ਪੱਖ-ਵਿਪੱਖ ਦੇ ਸਾਰੇ ਮੁੱਖ ਦਸਤਾਵੇਜ਼ਾਂ ਦਾ ਅਧਿਐਨ ਕੀਤਾ। ਉਸ ਤੋਂ ਮਗਰੋਂ ਉਸ ਨੂੰ ਆਪਣੇ ਕਮਿਊਨ ਦੇ ਹੋਰ ਹਿੱਸਿਆਂ ਅਤੇ ਕਮਿਊਨਾਂ ਵਿੱਚ ਖੁੱਲੀਆਂ ਬਹਿਸਾਂ ਵਿੱਚ ਹਿੱਸਾ ਲੈਣ ਅਤੇ ਇਹ ਦੱਸਣ ਲਈ ਸੱਦਿਆ ਜਾਣ ਲੱਗਿਆ ਕਿ ਕਿਵੇਂ ਉਹ ਸਿਧਾਂਤ ਅਤੇ ਅਭਿਆਸ ਨੂੰ ਇਸ ਢੰਗ ਨਾਲ ਸੁਮੇਲਣ ਵਿੱਚ ਸਫ਼ਲ ਹੋਈ ਕਿ ਪੈਦਾਵਾਰ ਦਾ ਪੱਧਰ ਵੱਧ ਸਕੇ।

ਇਸ ਤਰਾਂ ਲੋਕ ਆਪਣੇ ਸਿਧਾਂਤਕ ਪੱਧਰ ਨੂੰ ਵਿਕਸਿਤ ਕਰਕੇ ਆਪਣੇ ਅਭਿਆਸ ਨੂੰ ਵਿਕਸਿਤ ਕਰ ਰਹੇ ਹਨ ਅਤੇ ਅਜਿਹਾ ਕਰਦੇ ਹੋਏ ਆਪਣੇ ਉਹਨਾਂ ਮਜ਼ਦੂਰ ਸਾਥੀਆਂ ਲਈ ਇੱਕ ਉਦਾਹਰਣ ਕਾਇਮ ਕਰ ਰਹੇ ਹਨ ਜੋ ਇਸ ਦਾ ਪਾਲਣ ਕਰਦੇ ਹੋਏ ਹੋਰ ਵੀ ਵਿਸ਼ਾਲ ਅਧਿਐਨ ਸਮੂਹਾਂ ਦੇ ਨਿਊਕਲੀਅਸ ਬਣਦੇ ਜਾ ਰਹੇ ਹਨ ਅਤੇ ਪੈਦਾਵਾਰ ਵਿੱਚ ਹੋਰ ਸੁਧਾਰ ਕਰਦੇ ਹੋਏ ਕ੍ਰਮਵਾਰ ਪੂਰੇ ਸਮੂਹ ਦੇ ਵਿਚਾਰਧਾਰਕ ਅਤੇ ਨੈਤਿਕ ਪੱਧਰ ਨੂੰ ਵਿਕਸਿਤ ਕਰਦੇ ਜਾ ਰਹੇ ਹਨ।

ਇਸ ਤਰਾਂ ਮਾਓ ਨੇ ਅਭਿਆਨ ਗਿਆਨ ਫਿਰ ਅਭਿਆਸ ਅਤੇ ਫਿਰ ਗਿਆਨ ਦੀ ਜੋ ਚੱਕਰੀ ਪ੍ਰਕਿਰਿਆ ਦੱਸੀ, ਉਹ ਹੁਣ ਪੂਰੇ ਚੀਨ ਵਿੱਚ ਫੈਲਦੀ ਜਾ ਰਹੀ ਹੈ ਅਤੇ ਇਹ ਤਾਂ ਅਜੇ ਸ਼ੁਰੂਆਤ ਹੀ ਹੈ।

ਸਰੀਰਕ ਅਤੇ ਮਾਨਸਿਕ ਕਿਰਤ ਵਿਚਾਲੇ ਖੱਪੇ ਨੂੰ ਭਰਨਾਂ

ਮੈਂ ਜਿਸ ਮਜ਼ਦੂਰ ਦਾ ਜ਼ਿਕਰ ਕੀਤਾ ਹੈ ਉਸ ਤੋਂ ਇਲਾਵਾ ਮੇਰੇ ਸਭ ਤੋਂ ਨੇੜਲੇ ਮਿੱਤਰ ਪੀਕਿੰਗ ਯੂਨੀਵਰਸਿਟੀ ਦੇ ਅਧਿਆਪਕ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਸਨ ਅਤੇ ਇੱਕ ਨੂੰ ਛੱਡ ਕੇ ਸਾਰੇ ਦੇ ਸਾਰੇ ਨਿੱਕ ਬੁਰਜ਼ੂਆਜ਼ੀ ‘ਚੋਂ ਆਏ ਹੋਏ ਸਨ। ਇੱਕ ਛੋਟ ਸੀ ਜੋ ਇੱਕ ਸਾਬਕਾ ਜਗੀਰਦਾਰ ਪਰਿਵਾਰ ਵਿੱਚੋਂ ਸੀ। ਉਹਨਾਂ ਸਾਰਿਆਂ ਨੇ ਮਾਰਕਸਵਾਦ ਨੂੰ ਖੂਬ ਚੰਗੀ ਤਰਾਂ ਪੜ੍ਹਿਆ ਸੀ, ਪਰ ਮਜ਼ਦੂਰਾਂ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਸੀ। ਇਹ ਉਹਨਾਂ ਲਈ ਇੱਕ ਵੱਡੀ ਸਮੱਸਿਆ ਸੀ। ਉਹਨਾਂ ਦੇ ਲਈ ਸੁਝਾਅ ਰੱਖਿਆ ਗਿਆ ਸੀ ਕਿ ਉਹ ਮਾਰਕਸਵਾਦ ‘ਤੇ ਮਜ਼ਦੂਰਾਂ ਦੀਆਂ ਕਲਾਸਾਂ ਲਗਾਉਣ, ਪਰ ਜਦੋਂ ਅਜਿਹੀਆਂ ਕਲਾਸਾਂ ਦਾ ਪ੍ਰਯੋਗ ਕੀਤਾ ਗਿਆ ਤਾਂ ਸਫਲ ਨਹੀਂ ਹੋ ਸਕਿਆ, ਕਾਰਨ ਇਹ ਸੀ ਕਿ ਉਹਨਾਂ ਦੀ ਸਮਝ ਵਿੱਚ ਹੀ ਨਹੀਂ ਸੀ ਆਉਂਦਾ ਕਿ ਮਜ਼ਦੂਰ ਕੀ ਚਾਹੁੰਦੇ ਹਨ। ਅਸੀਂ ਵੀ ਇਸ ਸਮੱਸਿਆ ‘ਤੇ ਕਈ ਵਾਰ ਵਿਚਾਰ-ਵਟਾਂਦਰਾ ਕੀਤਾ ਪਰ ਕੋਈ ਹੱਲ ਨਹੀਂ ਨਿੱਕਲ ਸਕਿਆ।

ਪਰ ਇਹ ਗਲਤੀ ਹੁਣ ਬਦਲ ਚੁੱਕੀ ਹੈ। ਕਾਰਨ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਾਰਟੀ ਅਤੇ ਸਰਕਾਰ ਨੇ ਸਾਰੇ ਅਹੁਦੇਦਾਰਾਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਆਪਣਾ ਇੱਕ ਨਿਸ਼ਚਿਤ ਸਮਾਂ ਸਰੀਰਕ ਕਿਰਤ ਵਿੱਚ ਲਗਾਉਣ। ਹੁਣ ਕੰਮ ਦੇ ਨਿਯਮਿਤ ਸਮੇਂ ਲਈ-ਜਿਵੇਂ ਕਿ ਸਾਲ ਵਿੱਚ ਮਹੀਨੇ ਲਈ-ਫੈਕਟਰੀ ਮੈਨੇਜ਼ਰ ਵਰਕਸ਼ਾਪ ਵਿੱਚ ਕੰਮ ਕਰਦਾ ਹੈ ਲੋਕ ਕਮਿਊਨ ਦਾ ਚੇਅਰਮੈਨ ਖੇਤਾਂ ਵਿੱਚ ਕੰਮ ਕਰਦਾ ਹੈ ਅਤੇ ਫੌਜੀ ਜਨਰਲ ਆਮ ਸੈਨਿਕਾਂ ਦੀਆਂ ਸਫਾਂ ਵਿੱਚ ਕੰਮ ਕਰਦਾ ਹੈ।

ਪੇਸ਼ਾਵਰ ਵਰਗਾਂ ਦੇ ਦੂਜੇ ਤਬਕਿਆਂ ਵਿੱਚ ਸਰੀਰਕ ਮਿਹਨਤ ਸਵੈ¸ਇੱਛਕ ਹੈ, ਪਰ ਸਵੈ ਇੱਛਕ ਕੰਮ ਕਰਨ ਵਾਲਿਆਂ ਦੀ ਵੀ ਕੋਈ ਘੱਟ ਨਹੀਂ ਹੈ। ਪੀਕਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਲੈਕਚਰਾਰ ਪੱਛਮੀ ਪਹਾੜੀਆਂ ਵਿੱਚ ਇੱਕ ਗਰੀਬ ਪੇਂਡੂ ਕਿਰਤੀ ਵਾਂਗ ਕੰਮ ਕਰਨ ਜਾਂਦੇ ਹਨ, ਕਾਰਨ ਇਹ ਕਿ ਉੱਥੋਂ ਦੀ ਲਗਭਗ ਸਾਰੀ ਬਾਲਗ ਮਰਦ ਆਬਾਦੀ ਨੂੰ ਜਪਾਨੀਆਂ ਨੇ ਮਾਰ ਦਿੱਤਾ ਸੀ। ਉੱਥੇ ਉਹ ਕੰਮ ਕਰਦੇ ਹਨ, ਕਿਸਾਨਾਂ ਦੇ ਨਾਲ ਰਹਿੰਦੇ ਹਨ, ਦਿਨੇ ਉਹਨਾਂ ਦੇ ਨਾਲ ਕੰਮ ਵਿੱਚ ਹਿੱਸਾ ਲੈਂਦੇ ਹਨ ਅਤੇ ਸ਼ਾਮ ਵੇਲੇ ਉਹਨਾਂ ਦੀਆਂ ਕਲਾਸਾਂ ਅਤੇ ਲੈਕਚਰਾਂ ਦਾ ਪ੍ਰਬੰਧ ਕਰਦੇ ਹਨ। ਮਜ਼ਦੂਰਾਂ ਦੇ ਨਾਲ ਇਸ ਸੰਪਰਕ ਦੀ ਬਦੌਲਤ ਉਹਨਾਂ ਦੀ ਜਮਾਤੀ ਚੇਤਨਾ ਵਿਕਸਿਤ ਹੋ ਗਈ ਹੈ।

ਵਿਦਿਆਰਥੀਆਂ ‘ਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ। ਉਹ ਹਰ ਸਾਲ ਇੱਕ ਜਾਂ ਦੋ ਮਹੀਨੇ, ਤਿੰਨ¸ਇੱਕੋ ਵੇਲੇ। ‘ਇਕੱਠੇ ਰਹੋ, ਇਕੱਠੇ ਖਾਓ, ਇਕੱਠੇ ਕੰਮ ਕਰੋ’¸ਦੇ ਸਿਧਾਂਤ ਅਨੁਸਾਰ, ਫੈਕਟਰੀਆਂ ਵਿੱਚ ਜਾਂ ਖੇਤਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਕੰਮ ਕਰਦੇ ਹੋਏ ਗੁਜ਼ਾਰਦੇ ਹਨ।

ਇਸੇ ਸਮੇਂ ਯੂਨੀਵਰਸਿਟੀਆਂ ਵਿੱਚ ਮਜ਼ਦੂਰ ਜਮਾਤ ਨਾਲ ਸਬੰਧਿਤ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਹੁਣ ਇੱਕ ਨਵੀਂ ਤਰਾਂ ਦੇ ਸਕੂਲ ਦੇ ਪ੍ਰਯੋਗ ਵੀ ਸ਼ੁਰੂ ਕੀਤੇ ਗਏ ਹਨ, ਜਿਹਨਾਂ ਵਿੱਚ ਬੱਚੇ ਪੈਦਾਵਾਰੀ ਕਿਰਤ ਨਾਲ ਜੋੜ ਕੇ ਪੜਾਈ ਕਰਦੇ ਹਨ। ਇਸ ਤਰਾਂ ਮਾਨਸਿਕ ਕਿਰਤ ਕਰਨ ਵਾਲੇ ਸਰੀਰਕ ਕਿਰਨ ਵਾਲੇ ਬਣ ਰਹੇ ਹਨ ਅਤੇ ਸਰੀਰਕ ਮਿਹਨਤ ਕਰਨ ਵਾਲੇ ਮਾਨਸਿਕ ਕਿਰਤ ਕਰਨ ਵਾਲੇ ਬਣ ਰਹੇ ਹਨ।

ਕਲਾਵਾਂ ‘ਤੇ ਪ੍ਰਭਾਵ

ਯੂਨੀਵਰਸਿਟੀਆਂ ਅਤੇ ਸਕੂਲਾਂ ਤੋਂ ਬਾਹਰ ਸਰੀਰਕ ਮਿਹਨਤ ਵਿੱਚ ਹਿੱਸੇਦਾਰੀ ਦੀ ਇਹ ਲਹਿਰ ਸਾਰੇ ਪੇਸ਼ਾਵਰ ਲੋਕਾਂ ਵਿੱਚ ਫੈਲਦੀ ਜਾ ਰਹੀ ਹੈ। ਇਸ ਵਿੱਚ ਲੇਖਕ, ਚਿੱਤਰਕਾਰ, ਬੁੱਤਸਾਜ਼, ਐਕਟਰ, ਸੰਗੀਤਕਾਰ, ਡਾਂਸਰ ਸਾਰੇ ਦੇ ਸਾਰੇ ਸ਼ਾਮਲ ਹਨ। ਭਾਵੇਂ ਇਹ ਅਜੇ ਕੁੱਝ ਕੁ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਹੈ, ਪਰ ਫਿਰ ਵੀ ਇਸ ਦਾ ਕਲਾ ‘ਤੇ ਪ੍ਰਭਾਵ ਹੁਣੇ ਤੋਂ ਹੀ ਦਿਖਾਈ ਦੇਣ ਲੱਗਾ ਹੈ।

ਚੀਨ ਵਿੱਚ ਚਿੱਤਰਕਾਰੀ, ਕਵਿਤਾ, ਸੰਗੀਤ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ। ਚਿੱਤਰਕਾਰੀ ਅਤੇ ਓਪੇਰਾ ਦੋਨਾਂ ਵਿੱਚ ਹੀ ਪ੍ਰੰਪਰਾਗਤ ਸ਼ੈਲੀ ਨੂੰ ਸਮਕਾਲੀ ਵਿਸ਼ਾ-ਵਸਤੂ ਦੇ ਤੌਰ ‘ਤੇ ਅਪਨਾਇਆ ਜਾ ਰਿਹਾ ਹੈ। ਭਾਵੇਂ ਕਿ ਇਸ ਗੱਲ ਨੂੰ ਵੀ ਸਮਝਿਆ ਜਾ ਰਿਹਾ ਹੈ ਕਿ ਤੱਤ ਵਿੱਚ ਤਬਦੀਲੀ ਲਿਆਉਂਣੀ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਕਿ ਰੂਪ ਵਿੱਚ ਤਬਦੀਲੀ ਨਾ ਲਿਆਂਦੀ ਜਾਵੇ ਇੱਥੇ ਵੀ ਸਾਨੂੰ ਵਿਰੋਧੀਆਂ ਦੀ ਏਕਤਾ ਦਿਖਾਈ ਦਿੰਦੀ ਹੈ ਪਰ ਇਸ ਦਾ ਉਦੇਸ਼ ਇਹ ਹੈ ਕਿ ਤੱਤ ਨੂੰ ਵਿਕਸਿਤ ਕਰਕੇ ਉਸ ਨੂੰ ਅਜਿਹੇ ਢੰਗ ਨਾਲ ਵਿਰੋਧਤਾਈ ਦਾ ਪ੍ਰਧਾਨ ਪੱਖ ਬਣਾ ਦਿੱਤਾ ਜਾਵੇ ਕਿ ਜੈਵਿਕ ਰੂਪ ਨਾਲ ਇੱਕ ਅਜਿਹੀ ਨਵੀਂ ਏਕਤਾ ਵਿਕਸਿਤ ਹੋ ਜਾਵੇ ਜੋ ਕਲਾਕਾਰਾਂ ਅਤੇ ਲੋਕਾਂ ਵਿਚਾਲੇ ਇੱਕ ਨਵੀਂ ਏਕਤਾ ਦੇ ਅਨੁਸਾਰੀ ਹੋਵੇ।

ਬੇਸ਼ੱਕ ਇਸ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਹਨ ਜਿਨ੍ਹਾਂ ਨੂੰ ਹੱਲ ਕਰਨਾ ਜ਼ਰੂਰੀ ਹੈ ਅਤੇ ਜਦਂੋ ਵੀ ਕੋਈ ਨਵੀਂ ਚਿੱਤਰ ਪ੍ਰਦਰਸ਼ਨੀ ਲੱਗਦੀ ਹੈ, ਜਦੋਂ ਵੀ ਕੋਈ ਨਵਾਂ ਉਪੇਰਾ ਪੇਸ਼ ਹੁੰਦਾ ਹੈ, ਇਹਨਾਂ ਸਮੱਸਿਆਵਾਂ ‘ਤੇ ਬੜੀ ਸ਼ਿੱਦਤ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਕਈ ਅਹਿਮ ਕਦਮ ਉਠਾਏ ਵੀ ਗਏ ਹਨ। ਹੁਣ ਕਲਾਕਾਰ ਇਹ ਸਮਝ ਚੁੱਕਿਆ ਹੈ ਕਿ ਲੋਕਾਂ ਨੂੰ ਪ੍ਰੇਰਨਾ ਦੇਣ ਦੇ ਲਈ ਉਸ ਨੂੰ ਖ਼ੁਦ ਵੀ ਲੋਕਾਂ ਤੋਂ ਪ੍ਰੇਰਨਾ ਲੈਣੀ ਹੋਵੇਗੀ ਅਤੇ ਇਸੇ ਪ੍ਰਕਿਰਿਆ ਤਹਿਤ ਕਲਾਕਾਰਾਂ ਨਾਲ ਨੇੜਲੇ ਸੰਪਰਕਾਂ ਦੀ ਬਦੌਲਤ ਲੋਕਾਂ ਦਾ ਕਲਾਤਮਕ ਪੱਧਰ ਵੀ ਉੱਚਾ ਉੱਠਦਾ ਜਾ ਰਿਹਾ ਹੈ।

ਦੇਸ਼ ਦੇ ਸਾਰੇ ਭਾਗਾਂ ਵਿੱਚ ਲੋਕ ਪ੍ਰਚਲੱਤ ਗੀਤਾਂ, ਕਲਾਵਾਂ ਅਤੇ ਸ਼ਿਲਪ ਨੂੰ ਫਿਰ ਤੋਂ ਜਿਉਂਦਾ ਕੀਤਾ ਜਾ ਰਿਹਾ ਹੈ¸ਜਿਹਨਾਂ ਵਿੱਚ ਕੁੱਝ ਕੁ ਤਾਂ ਪੰਜਾਹ ਸਾਲ ਪਹਿਲਾਂ ਹੀ, ਲੁਪਤ ਹੋਣ ਦੇ ਕਿਨਾਰੇ ‘ਤੇ ਜਾ ਪਹੁੰਚੇ ਸਨ; ਪੱਛਮੀ ਸੰਗੀਤ ਅਤੇ ਬੈਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ, ਜਿਹਨਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਤਾਂ ਹਨ ਹੀ ਸਗੋਂ ਉਨ੍ਹਾਂ ਵਿੱਚ ਅਜਿਹੇ ਤੱਤ ਵੀ ਹਨ, ਜਿਹਨਾਂ ਨਾਲ ਕੌਮੀ ਪ੍ਰੰਪਰਾਵਾਂ ਨੂੰ ਵਿਕਸਿਤ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਢੰਗ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਕਲਾਤਮਕ ਪ੍ਰਤਿਭਾਵਾਂ ਆਪਣੇ ਪ੍ਰਗਟਾਵੇ ਦੇ ਨਵੇਂ ਅਯਾਮ ਗ੍ਰਹਿਣ ਕਰ ਰਹੀਆਂ ਹਨ। ਹੁਣ ਕਲਾਵਾਂ ਵੱਧ ਤੋਂ ਵੱਧ ਸਮੁੱਚੇ ਲੋਕਾਂ ਦੀਆਂ ਸਿਰਜਣਾਤਮਕ ਸਰਗਰਮੀਆਂ ਬਣਦੀਆਂ ਜਾ ਰਹੀਆਂ ਹਨ।

ਇਸ ਦਾ ਪ੍ਰਤੱਖ ਸਬੂਤ ਮੈਨੂੰ ਇੱਕ ਅਕਤੂਬਰ ਦੇ ਵਿਸ਼ਾਲ ਜਲੂਸ ਵਿੱਚ ਦੇਖਣ ਨੂੰ ਮਿਲਿਆ। ਮੈਂ 1952 ਵਿੱਚ ਇਸ ਮੌਕੇ ‘ਤੇ ਮੌਜੂਦ ਸੀ। ਇਹ ਮੁਕਤੀ ਦੀ ਤੀਜੀ ਵਰ੍ਹੇ ਗੰਢ ਸੀ। ਦੂਜੀ ਵਾਰ ਮੈਂ ਇਸ ਦੀ ਪੰਜਵੀਂ ਵਰ੍ਹੇ ਗੰਢ ਦੇ ਮੌਕੇ ‘ਤੇ ਸ਼ਾਮਲ ਹੋਇਆ ਸੀ। ਉਸ ਸਮੇਂ ਤੱਕ ਹਾਲਤਾਂ ਵਿੱਚ ਵੀ ਜਬਰਦਸਤ ਤਬਦੀਲੀ ਆ ਚੁੱਕੀ ਸੀ।

ਹੁਣ ਸਵਰਗੀ ਸ਼ਾਂਤੀ ਦਾ ਦਰਵਾਜਾ ਇੱਕ ਵਿਸ਼ਾਲ ਵਿਹੜੇ ਵਿੱਚ ਖੁੱਲ੍ਹਦਾ ਹੈ ਜਿਸਦੇ ਖੱਬੇ ਪਾਸੇ ਇਨਕਲਾਬ ਦਾ ਆਰਕਾਈਵ ਹੈ ਅਤੇ ਸੱਜੇ ਪਾਸੇ ਲੋਕ ਕਾਂਗਰਸ ਦਾ ਸਭਾ ਹਾਲ ਹੈ ਅਤੇ ਸਾਹਮਣੇ ਇਕਹਿਰਾ ਸਮਾਰਕ ਜੋ ਇਸ ਦ੍ਰਿਸ਼ ਦੇ ਆਖ਼ਰੀ ਕੋਨੇ ਤੱਕ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਹਨਾਂ ਨੇ ਮੁਕਤੀ ਯੁੱਧ ਵਿੱਚ ਸ਼ਹੀਦੀ ਦਾ ਜਾਮ ਪੀਤਾ ਸੀ। ਜਲੂਸ ਠੀਕ ਦਸ ਵਜੇ ਸ਼ੁਰੂ ਹੋ ਕੇ ਠੀਕ 12 ਵਜੇ ਖ਼ਤਮ ਹੋਇਆ¸ਲੋਕਾਂ ਦੇ ਸਾਰੇ ਤਬਕਿਆਂ ਅਤੇ ਕੌਮੀ ਜੀਵਨ ਦੇ ਹਰੇਕ ਖੇਤਰ ਤੋਂ ਆਏ ਸਾਢੇ ਸੱਤ ਲੱਖ ਲੋਕਾਂ ਦਾ ਝੰਡੇ ਲਹਿਰਾਉਂਦੇ ਹੋਏ ਸੰਗੀਤ ਦੀ ਲੈਅ-ਤਾਲ ਨਾਲ ਗੁਜ਼ਰਨਾ¸ਇਹ ਸਭ ਇੱਕ ਅਜਿਹਾ ਹੈਰਾਨੀਜਨਕ ਦ੍ਰਿਸ਼ ਸੀ ਕਿ ਕਦੇ-ਕਦੇ ਤਾਂ ਸਾਹ ਹੀ ਰੁੱਕ ਜਾਂਦਾ ਸੀ ਅਤੇ ਇਹ ਸਭ ਬੇਹੱਦ ਖੂਬਸੂਰਤ ਸੀ¸ਇੱਕ ਅਤਿ ਪੁਰਾਤਨ ਅਤੇ ਅਮੀਰ ਸੱਭਿਅਤਾ ਦੀ ਅਜਿਹਾ ਸ਼ਾਨਦਾਰ ਪ੍ਰਗਟਾਵਾ ਜੋ ਮਾਰਕਸਵਾਦ ਤੋਂ ਮੁੜ-ਉਰਜਾ ਲੈ ਕੇ ਇੱਕੋ ਵਾਰ ਇੱਕ ਨਵੇਂ ਜੀਵਨ ਦੇ ਰੂਪ ਵਿੱਚ ਫੁੱਟ ਪਿਆ ਸੀ।

ਉਸੇ ਸ਼ਾਮ ਉਹ ਵਿਹੜਾ ਆਤਿਸ਼ਬਾਜੀਆਂ ਦੀ ਝੜੀ ਦੇ ਵਿਚਕਾਰ ਇੱਕ ਵਾਰ ਫਿਰ ਦਸ ਲੱਖ ਤੋਂ ਵੀ ਵੱਧ ਲੋਕਾਂ ਨਾਲ ਭਰ ਗਿਆ, ਜੋ ਲਗਾਤਾਰ ਰਾਤ ਭਰ ਨੱਚਦੇ-ਕੁੱਦਦੇ ਰਹੇ ਖ਼ੁਸ਼ੀਆਂ ਮਨਾਉਂਦੇ ਰਹੇ ਅਤੇ ਬੀਥੋਵਨ ਦੀ ਕੋਰਲ ਸਿੰਫਨੀ ਦੀ ਇਨਸਾਨੀ ਭਾਈਚਾਰੇ ਦੀ ਪੈਗਾਮਭਰੀ ਸੁਰ ਦੀ ਉਤੇਜਨਾ ਦੇ ਗਵਾਹ ਜੀਵੰਤ ਰੂਪ ਬਣਦੇ ਰਹੇ।

ਦਰਸ਼ਕਾਂ ਵਿੱਚ ਕੌਮੀ ਆਗੂਆਂ ਅਤੇ ਸੰਸਾਰ ਦੀਆਂ ਸਾਰੀਆਂ ਥਾਵਾਂ ਤੋਂ ਆਏ ਵਿਦੇਸ਼ੀ ਦਰਸ਼ਕਾਂ ਦੇ ਨਾਲ, ਮਾਓ-ਜ਼ੇ-ਤੁੰਗ ਵੀ ਸਨ।

ਉਹਨਾਂ ਦੇ ਸ਼ਬਦਾਂ ਵਿੱਚ

”ਇਹ ਪ੍ਰਕਿਰਿਆ ਦੁਨੀਆਂ ਨੂੰ ਬਦਲਣ ਦਾ ਇਹ ਅਭਿਆਸ, ਜੋ ਵਿਗਿਆਨਕ ਗਿਆਨ ਦੇ ਅਨੁਸਾਰ ਨਿਰਧਾਰਤ ਹੈ,ਹੁਣ ਇਸ ਦੁਨੀਆਂ ਵਿੱਚ ਅਤੇ ਚੀਨ ਵਿੱਚ ਆਪਣੇ ਇੱਕ ਇਤਿਹਾਸਕ ਮੁਕਾਮ ‘ਤੇ, ਭਾਵ ਮਨੁੱਖੀ ਇਤਿਹਾਸ ਦੇ ਇੱਕ ਅਜਿਹੇ ਵੱਡੇ ਵਿਸ਼ਾਲ ਮੁਕਾਮ ‘ਤੇ ਆ ਪਹੁੰਚਿਆ ਹੈ। ਜੋ ਇਸ ਦੁਨੀਆਂ ਤੋਂ ਅਤੇ ਚੀਨ ਤੋਂ ਹਨੇਰੇ ਨੂੰ ਪੂਰੀ ਤਰਾਂ ਮਿਟਾ ਦੇਣ ਅਤੇ ਦੁਨੀਆਂ ਨੂੰ ਇੱਕ ਅਜਿਹੇ ਰੌਸ਼ਨ-ਲੋਕ ਵਿੱਚ ਬਦਲਣ ਦਾ ਮੁਕਾਮ ਹੈ ਜੋ ਪਹਿਲਾਂ ਕਦੇ ਨਹੀਂ ਰਿਹਾ।”

ਨਿੱਜੀ ਸਵਾਰਥ ਵਿਰੁੱਧ ਲੜੋ

ਚੀਨ ਵਿੱਚ ਸੱਭਿਆਚਾਰਕ ਇਨਕਲਾਬ ਦੇ ਇਸ ਖਾਸ ਪੜਾਅ ਵਿੱਚ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਨਿੱਜੀ ਸਵਾਰਥ ਵਿਰੁੱਧ ਲੜਨ ਅਤੇ ਸੋਧਵਾਦ ਨੂੰ ਉਖਾੜ ਸੁੱਟਣ। ਇਹਨਾਂ ਦੋਨਾਂ ਧਾਰਨਾਵਾਂ ਵਿਚਾਲੇ ਕੀ ਸੰਬੰਧ ਹੈ? ਇਸ ਦਾ ਇੱਕ ਸਮਾਜਵਾਦੀ ਸਮਾਜ ਦੀ ਰਚਨਾ ਦੇ ਸੰਦਰਭ ਵਿੱਚ ਕੀ ਅਰਥ ਹੈ?

ਬ੍ਰਿਟੇਨ ਜਿਹੇ ਇੱਕ ਬੁਰਜੂਆ ਸਮਾਜ ਵਿੱਚ¸ਜਾਂ ਅਜਿਹੇ ਕਿਸੇ ਵੀ ਦੇਸ਼ ਵਿੱਚ¸ਮਨੁੱਖੀ ਅਮਲ ਦੀ ਪ੍ਰਮੁੱਖ ਪ੍ਰਰੇਨਾ ਨਿੱਜੀ ਸਵਾਰਥ ਹੀ ਹੈ। ਅਜਿਹੇ ਸਮਾਜ ਵਿੱਚ ਹਰੇਕ ਆਦਮੀ ਨੂੰ ਬਾਕੀਆਂ ਨਾਲ ਇੱਥੋਂ ਤੱਕ ਕਿ ਆਪਣੇ ਕਾਮੇ ਸਾਥੀਆਂ ਅਤੇ ਗੁਆਂਢੀਆਂ ਨਾਲ ਵੀ ਮੁਕਾਬਲੇਬਾਜ਼ੀ ਕਰਨ ਵਿੱਚ ਆਪਣੇ ਨਿੱਜੀ ਸਵਾਰਥ ਹਿੱਤ ਲਈ ਲੜਨਾ ਪੈਂਦਾ ਹੈ। ਇਸ ਮੁਕਾਬਲੇਬਾਜ਼ੀ ਨੂੰ ਸੁਭਾਵਿਕ ਅਤੇ ਤਰੱਕੀ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਇਸ ਦਾ ਸਿਧਾਂਤ ਇਹ ਹੈ ਕਿ ਜਦੋਂ ਸਮਾਜ ਦੇ ਸਾਰੇ ਵਿਅਕਤੀਆਂ ਵਿੱਚੋਂ ਹਰ ਕੋਈ ਆਪਣੇ-ਆਪਣੇ ਨਿੱਜੀ ਸਵਾਰਥ ਅਤੇ ਲਾਭ ਦੇ ਮਗਰ ਲੱਗਿਆ ਰਹਿੰਦਾ ਹੈ ਸਭ ਦੀ ਕਾਰਵਾਈਆਂ ਮਿਲਕੇ ਆਪਣੇ ਆਪ ਹੀ ਕਾਰਵਾਈਆਂ ਦਾ ਇੱਕ ਅਜਿਹਾ ਯੋਗਫ਼ਲ ਬਣ ਜਾਂਦੀਆਂ ਹਨ ਜੋ ਸਮੁੱਚੇ ਸਮਾਜ ਦੇ ਲਈ ਲਾਭਦਾਇਕ ਹੁੰਦਾ ਹੈ।

ਜਿਵੇਂ ਕਿ ਐਡਮ ਸਮਿੱਥ ‘ਵੇਲਥ ਆਫ ਨੇਸ਼ਨਜ਼’ ਵਿੱਚ ਲਿਖਦੇ ਹਨ,”ਅਸੀਂ ਕਸਾਈ, ਸ਼ਰਾਬ ਦੀ ਭੱਠੀ ਚਲਾਉਣ ਵਾਲੇ ਅਤੇ ਕੁੱਕ ਦੀ ਕ੍ਰਿਪਾ ਨਾਲ ਆਪਣੇ ਡਿਨਰ ਦੀ ਉਮੀਦ ਨਹੀਂ ਕਰਦੇ, ਸਗੋਂ ਉਹਨਾਂ ਦੀ ਆਪਣੀ ਸਵਾਰਥ ਸਿੱਧੀ ਕਾਰਨ ਉਮੀਦ ਕਰਦੇ ਹਾਂ। ਅਸੀਂ ਉਹਨਾਂ ਵੱਲ ਉਹਨਾਂ ਦੇ ਮਨੁੱਖ ਹੋਣ ਦੇ ਨਾਤੇ ਨਹੀਂ ਸਗੋਂ ਉਹਨਾਂ ਦੇ ਨਿੱਜੀ ਸਵਾਰਥ-ਪ੍ਰੇਮ ਦੇ ਨਾਤੇ ਮੁਖਾਤਿਬ ਹੁੰਦੇ ਹਾਂ ਅਤੇ ਕਦੇ ਵੀ ਆਪਣੀਆਂ ਜ਼ਰੂਰਤਾਂ ਦੇ ਕਾਰਨ ਨਹੀਂ, ਸਗੋਂ ਉਹਨਾਂ ਦੇ ਲਾਭਾਂ ਕਰਕੇ ਉਹਨਾਂ ਦੀ ਚਰਚਾ ਕਰਦੇ ਹਾਂ।”

ਕਿਉਂਕਿ ਪੂੰਜੀਵਾਦੀ ਸਮਾਜ ਦਾ ਮੁੱਖ ਪ੍ਰੇਰਕ ਉਸ ਦਾ ਨਿੱਜੀ ਸਵਾਰਥ ਹੀ ਹੈ, ਇਸ ਲਈ ਇਸ ਦਾ ਮਤਲਬ ਇਹ ਹੋਇਆ ਕਿ ਇਸ ਨੂੰ ਇੱਕ ਸਮਾਜਵਾਦੀ ਸਮਾਜ ਦੁਆਰਾ ਵਿਸਥਾਪਤ ਕਰਨ ਲਈ ਬੁਰਜੂਆ ਉਪਯੋਗਤਾਵਾਦੀ ਆਚਾਰ-ਸ਼ਾਸਤਰ ਵਾਲ਼ੀ ਸਵਾਰਥ ਪੂਜਾ ਤੋਂ ਕੁੱਝ ਅਲੱਗ ਪ੍ਰੇਰਨਾ ਦੀ ਦਰਕਾਰ ਹੋਵੇਗੀ। ਕੀ ਇਹ ਮੰਨਣਾ ਤਰਕਸੰਗਤ ਹੋਵੇਗਾ ਕਿ ਪੂੰਜੀਵਾਦੀ ਸਮਾਜ ਦਾ ਚਰਿੱਤਰ ਤੈਅ ਕਰਨ ਵਾਲੇ ਉਤਪ੍ਰੇਰਣ ਅਤੇ ਪ੍ਰੋਤਸਾਹਨ ਸਮਾਜਵਾਦ ਨੂੰ ਜਨਮ ਦੇ ਸਕਦੇ ਹਨ?

ਪਰੰਤੂ ਬ੍ਰਿਟੇਨ ਵਰਗੇ ਦੇਸ਼ ਦੇ ਸਮਾਜਿਕ ਜਮਹੂਰੀ, ਫੇਬੀਅਨ ਅਤੇ ਲੇਬਰ ਪਾਰਟੀ ਦੇ ਵਰਤਮਾਨ ਸਿਧਾਂਤਕਾਰ ਹਰ ਸਮੇਂ ਇਹੀ ਕਹਿੰਦੇ ਆ ਰਹੇ ਹਨ ਕਿ ਅਜਿਹਾ ਹੋਣਾ ਤਰਕਸੰਗਤ ਹੈ। ਉਹਨਾਂ ਦੁਆਰਾ ਪੂੰਜੀਵਾਦੀ ਸਮਾਜ ਦੀ ਅਲੋਚਨਾ, ਉਸ ਨੂੰ ਸੰਚਾਲਤ ਕਰਨ ਵਾਲੀਆਂ ਪ੍ਰੇਰਨਾਵਾਂ ਨੂੰ ਨਾਕਾਰਨ ਨਾਲ ਹੀ ਨਹੀਂ ਸਗੋਂ ਮੁਕਾਬਲੇਬਾਜ਼ੀ ਵਿੱਚ ਬਰਾਬਰ ਮੌਕਿਆ ਦੀ ਕਮੀ ‘ਤੇ ਅਧਾਰਤ ਹੁੰਦੀ ਹੈ। ਉਹਨਾਂ ਦਾ ਤਰੀਕਾ ਆਪ ਇਸ ਮੁਕਾਬਲੇਬਾਜ਼ੀ ‘ਤੇ ਕਿੰਤੂ ਕਰਨ ਦੀ ਬਜਾਏ ਹਰ ਥਾਂ ਇਸ ਦੀਆਂ ਸੁਧਾਰਵਾਦੀ ਕੋਸ਼ਿਸ਼ਾਂ ਦਾ ਹੀ ਹੁੰਦਾ ਹੈ ਕਿ ਸਭ ਦੇ ਲਈ ਖੁੱਲ੍ਹੇ ਰੂਪ ਨਾਲ ਵਧੇਰੇ ਅਨੁਕੂਲ ਸ਼ਰਤਾਂ ਦਾ ਪ੍ਰਬੰਧ ਕੀਤਾ ਜਾਵੇ।

ਪਰ ਪੂੰਜੀਵਾਦੀ ਸਮਾਜ ਦੀ ਮਾਰਕਸਵਾਦੀ ਅਲੋਚਨਾ ਇਸ ਤੋਂ ਡੂੰਘਾਈ ‘ਚ ਜਾਂਦੀ ਹੈ। ਸਮਾਜਿਕ ਪ੍ਰੇਰਨਾ ਅਤੇ ਉਸਦੇ ਨਤੀਜਿਆਂ ਦੇ ਆਮ ਮੁੱਦਿਆਂ ‘ਤੇ ਮਾਰਕਸ ਨੇ ਦੋ ਗੱਲਾਂ ਸਪੱਸ਼ਟ ਕਹੀਆਂ ਹਨ :- 1. ਪੂੰਜੀਵਾਦੀ ਪ੍ਰਬੰਧ ਦੇ ਤਹਿਤ ਜਿਸ ਨਿੱਜੀ ਸਵਾਰਥ ਵਾਲੀਆਂ ਕਾਰਵਾਈਆਂ ਨੂੰ ਇੱਕ ਕਲਿਆਣਕਾਰੀ ਸਮਾਜਿਕ ਪ੍ਰਬੰਧ ਲੈ ਕੇ ਆਉਣ ਦੇ ਹਿੱਤ ‘ਚ ਮੰਨਿਆ ਜਾਂਦਾ ਹੈ, ਉਹ ਇੱਕ ਹਕੀਕਤ ‘ਚ ਲੁੱਟ ਨੂੰ ਹੀ ਜਨਮ ਦਿੰਦੀਆਂ ਹਨ। ਇਸ ਲੁੱਟ ਦੇ ਸ਼ਿਕਾਰ ਖੁਦ ਪੂੰਜੀਵਾਦੀ ਦੇਸ਼ ਦੇ ਆਪਣੇ ਮਜ਼ਦੂਰ ਤਾਂ ਹੁੰਦੇ ਹੀ ਹਨ, ਇਸ ਤੋਂ ਵੀ ਜ਼ਿਆਦਾ ਲੁੱਟ ਦੇ ਸ਼ਿਕਾਰ ਬਸਤੀਆਂ ਦੇ ਮਜ਼ਦੂਰ ਅਤੇ ਕਿਸਾਨ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਜਿੱਤਣ ਦੇ ਨਾਲ-ਨਾਲ ਪੂੰਜੀਵਾਦ ਵੀ ਲਾਜ਼ਮੀ ਹੀ ਆਪਣਾ ਵਿਸਤਾਰ ਕਰਦਾ ਜਾਂਦਾ ਹੈ :- 2. ਇਹ ਲੁੱਟ ਬੁਰਜੂਆਜ਼ੀ ਦੀ ਭਾਰੂ ਹੈਸੀਅਤ ‘ਤੇ ਅਧਾਰਿਤ ਹੈ, ਜੋ ਪੈਦਾਵਾਰ ਦੇ ਸਾਧਨਾਂ ‘ਤੇ ਆਪਣੇ ਕੰਟਰੋਲ ਦੇ ਰਾਹੀਂ ਹਮੇਸ਼ਾਂ ਹੀ ਆਪਣੀਆਂ ਨਿੱਜੀ ਸ਼ਰਤਾਂ ਥੋਪਣ ਦੀ ਸਥਿਤੀ ਵਿੱਚ ਰਹਿੰਦੀ ਹੈ-ਅਤੇ ਉਹ ਦੀ ਸਿਰਫ ਆਰਥਿਕ ਸੱਤ੍ਹਾ ਦੇ ਜ਼ਰੀਏ ਹੀ ਨਹੀਂ, ਸਗੋਂ ਉਸ ਸਮੁੱਚੀ ਰਾਜ ਸੱਤਾ ਦੀ ਵਰਤੋਂ ਦੇ ਰਾਹੀਂ ਵੀ, ਜਿਸ ‘ਤੇ ਇਸੇ ਦਾ ਕੰਟਰੋਲ ਹੈ। ਅਖੀਰ ‘ਚ; ਇਹ ਉਮੀਦ ਕਰਨਾ ਇੱਕਦਮ ਕਲਪਨਾ ਦੀ ਉਡਾਰੀ ਭਰਨਾ ਹੀ ਹੈ ਕਿ ਲੁੱਟ ਜਮਾਤੀ ਸਬੰਧਾਂ ਵਿੱਚ ਇੱਕ ਬੁਨਿਆਦੀ ਤਬਦੀਲੀ ਲਿਆਏ ਬਿਨਾਂ, ਉਂਝ ਹੀ ਖ਼ਤਮ ਹੋ ਸਕਦਾ ਹੈ, ਜਦੋਂ ਕਿ ਇਸ ਤਰਾਂ ਦੀ ਤਬਦੀਲੀ ਹੀ ਸਮਾਜਿਕ ਪ੍ਰੇਰਨਾ ਦੇ ਇੱਕ ਬਿਲਕੁਲ ਵੱਖਰੇ ਸੰਕਲਪ ਦਾ ਆਧਾਰ ਅਤੇ ਜ਼ਰੂਰਤਾਂ ਪੈਦਾ ਕਰ ਸਕਦੀ ਹੈ।

ਪਰ ਅਖੌਤੀ ਮਾਰਕਸਵਾਦੀਆਂ ਵਿੱਚ ਵੀ ਅਜਿਹੇ ਲੋਕ ਹਨ ਜੋ ਪੂੰਜੀਵਾਦ ਨਾਲ ਸਮਾਜਵਾਦ ਵਿੱਚ ਠੀਕ ਉਸ ਤਰਾਂ ਹੀ ਸ਼ੁੱਧ ਮਸ਼ੀਨੀ ਤਬਦੀਲੀ ਦਾ ਵਿਸ਼ਵਾਸ਼ ਰੱਖਦੇ ਹਨ ਜਿਵੇਂ ਪੂੰਜੀਵਾਦ ਦੇ ਸਮਰਥਕ ਨਿੱਜੀ ਸਵਾਰਥਾਂ ਦੇ ਸਰਵਜਨਕ ਹਿੱਤ ਵਿੱਚ ਸ਼ੁੱਧ ਮਸ਼ੀਨੀ ਤਬਦੀਲੀ ਦਾ ਵਿਸ਼ਵਾਸ਼ ਰੱਖਦੇ ਰਹੇ ਹਨ।

ਸ਼ੁਰੂਆਤੀ ਦੌਰ ਦੇ ਸੋਧਵਾਦੀ ਕਾਊਟਸਕੀ ਨੇ ਮਾਰਕਸ ਦੀ ਇਹ ਕਹਿ ਕੇ ਅਲੋਚਨਾ ਕੀਤੀ ਕਿ ਉਸ ਨੇ ‘ਦਾਸ ਕੈਪੀਟਲ’ ਵਿੱਚ ਨੈਤਿਕ ਗਰਮਜੋਸ਼ੀ ਦਿਖਾਈ ਸੀ, ਜਿਸ ਦੇ ਵਿਰੋਧ ਉਸ ਦੀ ਇਹ ਦਲੀਲ ਸੀ ਕਿ ਨੀਤੀ ਸ਼ਾਸ਼ਤਰੀ ਸੋਚ ਵਿਚਾਰ ਦਾ ਵਿਗਿਆਨਕ ਸਮਾਜਵਾਦ ਵੱਚ ਕੋਈ ਸਥਾਨ ਨਹੀਂ ਹੈ : ਕਿ ਪੂੰਜੀਵਾਦੀ ਸਮਾਜ ਦੀਆਂ ਆਰਥਿਕ ਵਿਰੋਧਤਾਈਆਂ ਤਾਂ ਖ਼ੁਦ-ਬ-ਖ਼ੁਦ ਹੀ ਇੱਕ ਅਜਿਹਾ ਸੰਕਟ ਲਿਆ ਦੇਣਗੀਆਂ ਕਿ ਉਸ ਦਾ ਹੱਲ ਸਮਾਜਵਾਦ ਵਿੱਚ ਹੀ ਹੋ ਸਕੇਗਾ। ਫਿਰ ਤਾਂ ਇਸ ਦਾ ਮਤਲਬ ਇਹ ਸੀ ਕਿ ਲੁੱਟ ਦੇ ਸ਼ਿਕਾਰ ਲੋਕਾਂ ਨੂੰ ਮਹਿਜ ਚੁੱਪ ਚਾਪ ਬੈਠੇ ਰਹਿਣ ਅਤੇ ਇਹ ਉਡੀਕ ਕਰਦੇ ਰਹਿਣ ਦੀ ਜ਼ਰੂਰਤ ਸੀ ਕਿ ਕਦੋਂ ਅਜਿਹਾ ਹੋਵੇਗਾ।

ਇਨਕਲਾਬੀ ਮਨੁੱਖਤਾਵਾਦ

ਲੈਨਿਨ ਨੇ ਇਸ ਤਰਾਂ ਦੀ ਚਿੰਤਨ ਧਾਰਾ ਦੇ ਪੂਰਨ ਗੈਰ ਮਾਰਕਸਵਾਦੀ ਖਾਸੇ ਨੂੰ ਬੇਨਕਾਬ ਕਰਦਿਆਂ ਸਪੱਸ਼ਟ ਕੀਤਾ ਕਿ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਤਿਲਾਂਜਲੀ ਦੇਣਾ ਅਸਲ ਵਿੱਚ ਬੁਰਜ਼ੂਆਜ਼ੀ ਦੇ ਹਿੱਤਾਂ ਦੀ ਸੇਵਾ ਕਰਨਾ ਹੀ ਹੈ। ਇਸ ਦੇ ਉਲਟ ਇਨਕਲਾਬੀ ਸਿਧਾਂਤ ਦੇ ਰਾਹਨੁਮਾਈ ਵਿੱਚ ਅਤੇ ਇਨਕਲਾਬੀ ਨੈਤਿਕਤਾ ਨਾਲ ਲਬਰੇਜ਼ ਹੋ ਕੇ ਚੱਲਣ ਵਾਲੀ ਇਨਕਲਾਬੀ ਲਹਿਰ ਹੀ ਸਮਾਜ ਦੀ ਇਸ ਰੂਪ ਵਿੱਚ ਰੂਪਬਦਲੀ ਕਰਨ ਵਿੱਚ ਸਮੱਰਥ ਹੋ ਸਕਦਾ ਹੈ ਕਿ ਲੁੱਟ-ਖਸੁੱਟ ਦਾ ਖ਼ਾਤਮਾ ਹੋ ਸਕੇ ਅਤੇ ਇਹ ਇਨਕਲਾਬੀ ਨੈਤਿਕਤਾ ਮਜ਼ਦੂਰ ਜਮਾਤੀ ਨੈਤਿਕਤਾ ਹੀ ਹੋ ਸਕਦੀ ਹੈ (ਜਿਵੇਂ ਕਿ ਚੀਨ ਵਿੱਚ ਮੌਜੂਦ ਹੈ) ਕਿਉਂਕਿ ਸਿਰਫ ਮਜ਼ਦੂਰ ਜਮਾਤ ਹੀ ਅਜਿਹਾ ਇਨਕਲਾਬ ਕਰ ਸਕਦੀ ਹੈ।

ਪਰ ਅੱਜ ਵੀ, ਖ਼ੁਦ ਲੈਨਿਨ ਦੇ ਹੀ ਦੇਸ਼ ਵਿੱਚ ਵਰਤਮਾਨ ਸੋਵੀਅਤ ਲੀਡਰਸ਼ਿਪ ਉਸੇ ਪੁਰਾਣੀ ਸੋਧਵਾਦੀ ਗਲਤੀ ਵੱਲ ਬਹਿਕ ਗਈ ਹੈ, ਜਿਸ ਦਾ ਕਾਰਨ ਉਸ ਦਾ ਇਹ ਮੰਨ ਲੈਣਾ ਹੀ ਹੈ ਕਿ ਸਮਾਜਵਾਦੀ ਜਾਣੀ ਮਜ਼ਦੂਰ ਜਮਾਤੀ ਨੈਤਿਕਤਾ ਦੇ ਬਿਨਾਂ ਵੀ ਸਮਾਜਵਾਦੀ ਸਮਾਜ ਬਣਾਇਆ ਜਾ ਸਕਦਾ ਹੈ। ਇਸਦੇ ਕਾਰਨ ਉੱਥੇ ਦੀ ਲੀਡਰਸ਼ਿਪ ਗੈਰ-ਬੁਰਜੂਆ ਸਮਾਜਿਕ ਪ੍ਰਾਪਤੀਆਂ ਹਾਸਿਲ ਕਰਨ ਲਈ ਬੁਰਜੂਆ ਪ੍ਰੋਤਸਾਹਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਮੰਨ ਕਿ ਚੱਲ ਰਹੀ ਹੈ ਕਿ ਅਰਥਚਾਰੇ ਦੀ ਦਰੁਸਤੀ ਤਾਂ ਆਪਣੇ ਆਪ ਹੀ ਚੰਗਾ ਸਮਾਜ ਪੈਦਾ ਕਰ ਸਕਦੀ ਹੈ। ਇਸ ਲਈ ਚੀਨੀ ਲੀਡਰਸ਼ਿਪ ਲੈਨਿਨ ਦਾ ਕਿਹਾ ਮੰਨਦੇ ਹੋਏ ਭੋਤਿਕ ਫਾਇਦਿਆਂ ਰਾਹੀਂ ਲੋਕਾਂ ਨੂੰ ਰਿਸ਼ਵਤ ਦੇਣ ਦੀ ਇਸ ਨੀਤੀ ਨੂੰ ‘ਅਰਥਵਾਦ’ ਕਹਿੰਦੀ ਹੈ। ਚੀਨ ਦਾ ਸੱਭਿਆਚਾਰਕ ਇਨਕਲਾਬ ਦੀ ਅਲੋਚਨਾ ਦੇ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਨਿਸ਼ਾਨਾ ਸਮਾਜਿਕ ਪ੍ਰਰੇਨਾ ਦੇ ਲਈ ਕੀਤੀ ਜਾ ਰਹੀ ਇਹੀ ਕੋਸ਼ਿਸ਼ ਹੀ ਹੈ।

ਸੋਵੀਅਤ ਸੰਘ ਵਿੱਚ ਸਮਾਜਿਕ ਵਿਕਾਸ ਦੇ ਇਹਨਾਂ ਤਾਜ਼ੇ ਅਨੁਭਵਾਂ ਨੇ ਕੇਵਲ ਐਨ ਹੀ ਦਰਸਾਇਆ ਹੈ ਕਿ ਪੈਦਾਵਾਰ ਦੇ ਸਾਧਨਾਂ ‘ਤੇ ਕਬਜਾ ਨਿੱਜੀ ਮਾਲਕਾਂ ਦਾ ਸਭ ਕੁੱਝ ਲੁੱਟ ਲੈਣ ਕਰਕੇ ਸਮਾਜ ਦੇ ਆਰਥਿਕ ਅਧਾਰ ਨੂੰ ਬਦਲ ਦੇਣ ਨਾਲ ਸਮਾਜਵਾਦ ਦੀ ਕੇਵਲ ਬੁਨਿਆਦੀ ਸੰਭਾਵਨਾ ਪੈਦਾ ਹੁੰਦੀ ਹੈ, ਪਰ ਬੁਰਜੂਆ ਆਦਤਾਂ, ਬੁਰਜੂਆ ਪ੍ਰੇਰਣਾ ਅਤੇ ਸਮੁੱਚੇ ਬੁਰਜੂਆ ਨਜ਼ਰੀਏ ਨਾਲ ਵਿਚਾਰਧਾਰਕ ਪੱਧਰ ‘ਤੇ ਅਜੇ ਵੀ ਲੜਨ ਅਤੇ ਉਸ ਨੂੰ ਹਰਾਉਣ ਦੀ ਜ਼ਰੂਰਤ ਹੈ ਤਾਂ ਕਿ ਸਮਾਜਵਾਦੀ ਮਨੁੱਖ ਦਾ ਜਨਮ ਹੋ ਸਕੇ। ਆਪਣੇ ਨਿੱਜੀ ਸਵਾਰਥਾਂ ਨਾਲ ਨਹੀਂ ਸਗਂੋ ਹੋਰਾਂ ਨੂੰ ਪਹਿਲ ਦੇਣ ਅਤੇ ਆਪਣੇ ਨਿੱਜੀ ਭੌਤਿਕ ਲਾਭ ਦੇ ਲਈ ਨਹੀਂ ਸਗੋਂ ਸਮਾਜ ਦੇ ਹਿੱਤਾ ਲਈ ਕੰਮ ਕਰਨ ਦੇ ਸਮਾਜਵਾਦੀ ਸੰਵੇਗ ਤੋਂ ਪ੍ਰੇਰਿਤ ਸਮਾਜਵਾਦੀ ਮਨੁੱਖ ਦੇ ਬਿਨਾਂ ਸਮਾਜਵਾਦੀ ਪ੍ਰਬੰਧ ਪੱਕੇ ਪੈਰੀ ਨਹੀਂ ਹੋ ਸਕਦਾ।

ਚੀਨ ਵਿੱਚ ਸਭਿਆਚਾਰਕ ਇਨਕਲਾਬ ਇਸ ਗੱਲ ਨੂੰ ਲੈ ਕੇ ਚੱਲ ਰਿਹਾ ਹੈ। ਇਹ ਬੁਰਜੂਆ ਸੋਚ ਅਤੇ ਕਾਰਵਾਈ ਦੇ ਪੁਰਾਣੇ ਸਵਾਰਥਪੂਰਨ ਰੂਪਾਂ ਨੂੰ ਬੇਪਰਦ ਕਰਨ ਅਤੇ ਖਤਮ ਕਰਨ ਅਤੇ ਉਨ੍ਹਾਂ ਦੀ ਥਾਂ ‘ਤੇ ਸੋਚ ਅਤੇ ਕਾਰਵਾਈ ਦੇ ਮਜ਼ਦੂਰ ਜਮਾਤੀ, ਭਾਵ ਗੈਰ ਨਿੱਜੀ ਰੂਪਾਂ ਨੂੰ ਸਥਾਪਿਤ ਕਰਨ ਦੇ ਕੰਮ ਵਿੱਚ ਲੱਗ ਹੋਇਆ ਹੈ। ਇਹ ਕੋਈ ਯੂਟੋਪਿਆਈ, ਭਾਵਵਾਦੀ ਜਾਂ ਨੀਤੀਸ਼ਾਸ਼ਤਰੀ ਲਹਿਰ ਨਹੀਂ ਹੈ, ਕਾਰਨ ਕਿ ਸੋਚ ਅਤੇ ਕਾਰਵਾਈ ਦੇ ਨਵੇਂ ਤੌਰ ਤਰੀਕਿਆਂ ਦਾ ਸਮਾਜਵਾਦੀ ਆਰਥਿਕ ਅਧਾਰ ਤਾਂ ਪਹਿਲਾਂ ਹੀ ਤਿਆਰ ਹੋ ਚੁੱਕਿਆ ਹੈ।

ਸਭਿਆਚਾਰਕ ਇਨਕਲਾਬ ਇਸ ਪਿਛਾਖੜੀ ਬੁਰਜੂਆ ਮੁਹਾਵਰੇ ਦਾ ਸਮਾਜਵਾਦੀ ਪ੍ਰਤੀਉੱਤਰ ਹੈ ਕਿ ‘ਤੁਸੀਂ ਮਨੁੱਖੀ ਸੁਭਾਅ ਨੂੰ ਨਹੀਂ ਬਦਲ ਸਕਦੇ।’ ਚੀਨ ਵਿੱਚ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀ ਰਹਿਨੁਮਾਈ ਵਿੱਚ ਅਤੇ ਨਾਲ ਹੀ ਪੂਰੇ ਦੇਸ਼ ਦੀ ਤਸਵੀਰ ਬਦਲ ਰਹੀਆਂ ਪ੍ਰਚੰਡ ਤਬਦੀਲੀਆਂ ਕਾਰਨ ਮਨੁੱਖੀ ਸੁਭਾਅ ਆਪੇ ਬਦਲਦਾ ਜਾ ਰਿਹਾ ਹੈ। ਭਾਵੇਂ ਅਜਿਹਾ ਰਾਤੋ ਰਾਤ ਨਹੀਂ ਹੋ ਸਕਦਾ। ਇੱਕ ਨਿੱਜੀ ਸਵਾਰਥ ‘ਤੇ ਅਧਾਰਿਤ ਅਤੇ ਦੂਜੀ ਲੋਕਾਂ ਦੀ ਸੇਵਾ ‘ਤੇ ਅਧਾਰਿਤ, ਇਹਨਾਂ ਦੋ ਜਮਾਤੀ ਵਿਚਾਰਧਾਰਾਵਾਂ ਦਰਮਿਆਨ ਸੰਘਰਸ਼ ‘ਲੰਬੇ ਸਮੇਂ ਤੱਕ ਅਤੇ ਗੁੰਝਲਦਾਰ ਢੰਗ ਨਾਲ ਚਲਦਾ ਰਹੇਗਾ ਭਾਵ ਸਮੇਂ-ਸਮੇਂ ‘ਤੇ ਬਹੁਤ ਤਿੱਖਾ ਵੀ ਹੁੰਦਾ ਰਹੇਗਾ।’

ਇਹੋ ਮਾਓ ਦੀਆਂ ਮਹਾਨ ਦੇਣਾ ਵਿੱਚੋਂ ਇੱਕ ਹੈ ਜੋ ਦ੍ਰਿੜਤਾਪੂਰਕ ਕਿਸੇ ਵੀ ਅਜਿਹੀ ਕੋਸ਼ਿਸ਼ ਨੂੰ ਰੱਦ ਕਰਦੀ ਹੈ ਜੋ ਮਾਰਕਸਵਾਦ ਨੂੰ ਇੱਕ ਅਜਿਹੇ ਮਸ਼ੀਨੀ ਸੂਤਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ, ਜਿਸ ਵਿੱਚੋਂ ਮਨੁੱਖੀ ਕਦਰਾਂ ਕੀਮਤਾਂ ਅਤੇ ਅਕਾਂਖਿਆਵਾਂ ਦੀ ਕੋਈ ਗੁੰਜਾਇਸ਼ ਨਾ ਰਹੇ। ‘ਵਿਰੋਧਤਾਈ ਬਾਰੇ’ ਜੇਹੀਆਂ ਕਿਰਤਾਂ ਵਿੱਚ ਆਰਥਿਕ ਅਧਾਰ ਅਤੇ ਵਿਚਾਰਧਾਰਕ ਉਸਾਰ ਢਾਂਚੇ ਦੀ ਦਵੰਦਤਾਮਕ ਅੰਤਰਕਿਰਿਆ ਦੀ ਗੱਲ ਕਰਦੇ ਹੋਏ ਉਹਨਾਂ ਨੇ ਸਪੱਸ਼ਟ ਦਿਖਾਇਆ ਹੈ ਕਿ ਇੱਕ ਅਜਿਹਾ ਮੁਕਾਮ ਆਉਂਦਾ ਹੀ ਹੈ ਜਦੋਂ ਉਸਾਰ ਢਾਂਚਾ, ਜਿਸ ਵਿੱਚ ਨੀਤੀਸ਼ਾਸਤਰ ਅਤੇ ਸੱਭਿਆਚਾਰ ਸ਼ਾਮਿਲ ਹਨ, ਸਮਾਜਵਾਦੀ ਆਰਥਿਕ ਅਧਾਰ ਦੇ ਹੋਰ ਵਿਕਾਸ ਵਿੱਚ ਰੁਕਾਵਟ ਬਣ ਜਾਂਦਾ ਹੈ। ਇਸ ਲਈ ਇੱਕ ਸਭਿਆਚਾਰਕ ਇਨਕਲਾਬ ਰਾਹੀਂ ਇਸ ਰੁਕਾਵਟ ਨੂੰ ਪਾਰ ਕਰਨਾ ਜ਼ਰੂਰੀ ਤੌਰ ‘ਤੇ ਸਮਾਜ ਦਾ ਇੱਕ ਪ੍ਰਮੁੱਖ ਸਰੋਕਾਰ ਬਣ ਜਾਂਦਾ ਹੈ। ਉਦਾਹਰਣ ਲਈ, ਜੇਕਰ ਇੱਕ ਕਮਿਊਨ ਵਿੱਚ, ਕੋਈ ਕਿਸਾਨ, ਪੁਰਾਣੇ ਵਿਚਾਰਾਂ ਨਾਲ ਚਿਪਕੇ ਰਹਿ ਕੇ ਸਿਰਫ ਇਹੀ ਸੋਚਦਾ ਰਹੇ ਕਿ ਆਪਣੇ ਨਿੱਜੀ ਖੇਤ ਨੂੰ ਕਿਵੇਂ ਉਪਜਾਊ ਬਣਾ ਲਵੇ ਅਤੇ ਕਿਵੇਂ ਇੱਕ ਹੋਰ ਸੂਰ ਰੱਖ ਲਵੇ, ਤਾਂ ਉਹ ਸਮੂਹ ਨੂੰ ਅਤੇ ਅੰਤ ਨੂੰ ਖੁਦ ਨੂੰ ਹੀ ਬਰਬਾਦ ਕਰਦਾ ਰਹੇਗਾ।

ਮਾਓ ਪੂੰਜੀਵਾਦ ਦੇ ਸਮੱਰਥਕਾਂ ਅਤੇ ਮਾਰਕਸਵਾਦ ਨੂੰ ਸੋਧਣ ਵਾਲਿਆਂ ਵਿਰੁੱਧ ਜਿਸ ਗੱਲ ਦੀ ਜ਼ੋਰਦਾਰ ਢੰਗ ਨਾਲ ਹਮਾਇਤ ਕਰਦੇ ਹਨ ਉਹ ਮਾਨਵਤਾਵਾਦ ਦੀ ਭੂਮਿਕਾ ਹੀ ਹੈ ਜੋ ਸਮਾਜਿਕ ਵਿਕਾਸ ਵਿੱਚ ਅਦਾ ਕੀਤੀ ਜਾਣੀ ਹੈ¸ਪਰ ਉਦਾਰ ਮਾਨਵਵਾਦ ਨਹੀਂ ਹੈ ਜੋ ਇਹ ਮੰਨਕੇ ਚਲਦਾ ਹੈ ਕਿ ਹਰੇਕ ਸਵਾਲ ਦੇ ਦੋ ਪੱਖ ਹੁੰਦੇ ਹਨ, ਸਗੋਂ ਇਨਕਲਾਬੀ ਮਾਨਵਵਾਦ ਹੈ ਜੋ ਦੱਬੇ ਕੁਚਲਿਆਂ ਦੇ ਪੱਖ ਵਿੱਚ ਖੜ੍ਹਾ ਹੋ ਕੇ, ਸਾਡੇ ਸਮੇਂ ਦੀਆਂ ਮਹਾਨ ਇਤਿਹਾਸਿਕ ਘਟਨਾਵਾਂ ਦਾ ਸਰੂਪ ਤੈਅ ਕਰ ਰਿਹਾ ਹੈ। ਜਿੱਥੇ ਕੁੱਝ ਲੋਕ ਇਸ ਭੁਲੇਖੇ ਵਿੱਚ ਹਨ ਕਿ ਗਰੀਬ ਦੇਸ਼ਾਂ ਦੇ ਆਰਥਿਕ ਵਿਕਾਸ ਦੇ ਲਈ ਬਾਹਰੋਂ ਭੌਤਿਕ ਮਦਦ ਜ਼ਰੂਰੀ ਹੈ, ਉਥੇ ਮਾਓ ਸਾਨੂੰ ਦੱਸਦੇ ਹਨ ਕਿ ਦੇਸ਼ ਦੀ ਦੌਲਤ ਤਾਂ ਲੋਕ ਹੀ ਹੁੰਦੇ ਹਨ ਜੋ, ਇੱਕ ਵਾਰ ਸਾਮਰਾਜਵਾਦੀ ਦਾਬੇ ਦੇ ਚੁੰਗਲ ਤੋਂ ਮੁਕਤੀ ਹਾਸਲ ਕਰ ਲੈਣ ਤੋਂ ਮਗਰੋਂ, ਲੋਕ ਖੁਦ ਆਪਣੀ ਗਰੀਬੀ ਨੂੰ ਖਤਮ ਕਰ ਸਕਦੇ ਹਨ। ਜਿੱਥੇ ਕੁੱਝ ਲੋਕ ਇਸ ਭੈਅ ਦੇ ਵੀ ਸ਼ਿਕਾਰ ਹੋ ਸਕਦੇ ਹਨ¸ਇਹ ਜਾਣ ਕੇ, ਕਿ ਅੱਜ ਦੁਨੀਆਂ ਵਿੱਚ ਪਰਮਾਣੂ ਬੰਬਾਂ ਦੀ ਤਬਾਹਕੁਨ ਸ਼ਕਤੀ ਇੱਕ ਪ੍ਰਮੁੱਖ ਸ਼ਕਤੀ ਬਣ ਚੁੱਕੀ ਹੈ, ਉਥੇ ਮਾਓ ਇਹ ਦੱਸਦੇ ਹਨ (ਅਤੇ ਵੀਅਤਨਾਮ ਦੇ ਲੋਕ ਇਸ ਨੂੰ ਸਾਬਤ ਕਰ ਰਹੇ ਹਨ) ਕਿ ਮਨੁੱਖ ਹਥਿਆਰਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੈ ਅਤੇ ਇਹ ਕਿ ਸਭ ਤੋਂ ਵੱਧ ਹਥਿਆਰਬੰਦ ਹਮਲਾਵਰਾਂ ਦੇ ਵਿਰੁੱਧ ਲੋਕਾਂ ਦੁਆਰਾ ਆਰੰਭ ਕੀਤੇ ਯੁੱਧਾਂ ਵਿੱਚ ਨੈਤਿਕਤਾ ਦੀ ਹੀ ਫੈਸਲਾਕੁਨ ਕਾਰਕ ਬਣਦੀ ਹੈ।

ਅੱਜ ਚੀਨ ਵਿੱਚ, ਸਮਾਜਵਾਦ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਇੱਕ ਪੜਾਅ ਦੇ ਰੂਪ ਵਿੱਚ, ਅਸੀਂ ਜੋ ਕੁੱਝ ਦੇਖ ਰਹੇ ਹਾਂ ਉਹ ਸਮਾਜਵਾਦੀ ਮਨੁੱਖ ਦੇ ਵਿਕਾਸ ਦਾ ਪੜਾਅ ਹੈ ਜੋ ਨਿੱਜੀ ਸਵਾਰਥ ਤੋਂ ਨਹੀਂ ਸਗੋਂ ਹੋਰਾਂ ਦੇ ਹਿੱਤਾਂ ਤੋਂ ਪ੍ਰੇਰਿਤ ਹੈ, ਚਾਹੇ ਉਹ ਦੇਸ਼ ਦੇ ਵਾਸੀ ਹੋਣ ਜਾਂ ਪੂਰੀ ਦੁਨੀਆਂ ਦੇ ਲੱਖਾਂ ਕਰੋੜਾਂ ਲੋਕ ਹੋਣ ਜਿਹਨਾਂ ਨੇ ਲੁੱਟ ਅਤੇ ਜ਼ਬਰ ਤੋਂ ਮੁਕਤ ਹੋਣਾ ਹੈ। ਇਹੀ ਸੱਚਾ ਅਰਥ ਹੈ ਮਾਓ ਦੇ ਇਹਨਾਂ ਸ਼ਬਦਾਂ ਦਾ :

”ਨਿੱਜੀ ਸਵਾਰਥ ਨਾਲ ਲੜੋ ਅਤੇ ਸੋਧਵਾਦ ਨੂੰ ਉਖਾੜ ਸੁੱਟੋ।”

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s