ਮਨੁੱਖ ਅਤੇ ਕੁਦਰਤ -ਜਾਰਜ ਥਾਮਸਨ

nature (1)(ਪੀ.ਡੀ.ਐਫ਼ ਡਾਊਨਲੋਡ ਕਰੋ)

1. ਜੀਵਨ ਅਤੇ ਚੇਤਨਾ

ਪਦਾਰਥਵਾਦੀ ਉਹ ਹੈ ਜਿਹੜਾ ਪਦਾਰਥ ਨੂੰ ਚੇਤਨਾ ਤੋਂ ਪਹਿਲੋਂ ਮੰਨਦਾ ਹੈ। ਮਨ, ਆਤਮਾ, ਸੋਚ, ਚੇਤਨਾ ਦੇ ਵੱਖ-ਵੱਖ ਨਾਵਾਂ ਨਾਲ਼ ਜਿਸ ਚੀਜ ਨੂੰ ਸੰਬੋਧਿਤ ਕੀਤਾ ਜਾਂਦਾ ਹੈ, ਉਹ ਪਦਾਰਥ ਦੀ ਸਰਗਰਮੀ ਹੈ। ਸੋਚ ਦਿਮਾਗ ਦਾ ਕੰਮ ਹੈ ਜਿਹੜਾ ਇੱਕ ਪਦਾਰਥਕ ਜੀਵ-ਅੰਗ ਹੈ। ਪਦਾਰਥ ਸੋਚ ਤੋਂ ਬਿਨਾਂ ਹੋਂਦ ਵਿੱਚ ਹੁੰਦਾ ਹੈ, ਪਰ ਸੋਚ ਪਦਾਰਥ ਬਿਨਾਂ ਹੋਂਦ ਨਹੀਂ ਰੱਖ ਸਕਦੀ। ਇਸ ਲਈ ਪਦਾਰਥ ਹੀ ਇੱਕੋ ਇੱਕ ਬਾਹਰਮੁਖੀ ਯਥਾਰਥ ਹੈ:

 ਪਦਾਰਥ ਬਾਹਰਮੁਖੀ ਯਥਾਰਥ ਨੂੰ ਦਰਸਾਉਂਦੀ ਇੱਕ ਫਲਸਫਾਨਾ ਕੋਟੀ ਹੈ ਜਿਹੜਾ ਮਨੁੱਖ ਨੂੰ ਉਸਦੀਆਂ ਗਿਆਨ-ਇੰਦਰੀਆਂ ਰਾਹੀਂ ਮਹਿਸੂਸ ਹੁੰਦਾ ਹੈ, ਅਤੇ ਜਿਹੜਾ ਸਾਡੀਆਂ ਗਿਆਨ-ਇੰਦਰੀਆਂ ਦੁਆਰਾ ਉਹਨਾਂ ਤੋਂ ਅਜ਼ਾਦ ਹੋਂਦ ਰੱਖਦੇ ਹੋਏ ਕਾਪੀ ਕੀਤਾ ਜਾਂਦਾ ਹੈ, ਤਸਵੀਰ ਲਈ ਜਾਂਦੀ ਹੈ ਤੇ ਪ੍ਰਤੀਬਿੰਬਤ ਕੀਤਾ ਜਾਂਦਾ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 14, ਸਫਾ 130) 

ਪਦਾਰਥ ਸਦੀਵੀ ਗਤੀ ਤੇ ਬਦਲਾਅ ਦੀ ਹਾਲਤ ਵਿੱਚ ਰਹਿੰਦਾ ਹੈ। ਸਭਨਾਂ ਬਦਲਾਵਾਂ ਵਿੱਚ ਗਤੀ ਸਮੋਈ ਹੁੰਦੀ ਹੈ ਅਤੇ ਗਤੀ ਵਿੱਚ ਬਦਲਾਅ ਛੁਪੇ ਹੁੰਦੇ ਹਨ:

 ਪਦਾਰਥ ਸਿਰਫ ਗਤੀ ਵਿੱਚ ਹੀ ਹੋਂਦ ‘ਚ ਰਹਿ ਸਕਦਾ ਹੈ। ਨਾ ਤਾਂ ਕਿਤੇ ਗਤੀ ਤੋਂ ਵਗੈਰ ਪਦਾਰਥ ਰਿਹਾ ਹੈ, ਅਤੇ ਨਾ ਹੀ ਹੋ ਸਕਦਾ ਹੈ। ਬ੍ਰਹਿਮੰਡੀ ਪੁਲਾੜ ਵਿੱਚ ਗਤੀ, ਵੱਖ-ਵੱਖ ਬ੍ਰਹਿਮੰਡੀ ਪਿੰਡਾਂ ਉੱਤੇ ਛੋਟੀਆਂ ਚੀਜ਼ਾਂ ਦੀ ਗਤੀ, ਤਾਪ ਜਾਂ ਬਿਜਲੀ ਜਾਂ ਚੁੰਬਕੀ ਤਰੰਗਾਂ ਦੇ ਰੂਪ ਵਿੱਚ ਅਣੂਆਂ ਦੀ ਗਤੀ, ਰਸਾਇਣਿਕ ਵਿਖੰਡਨ ਤੇ ਜੁੜਨ ਦੇ ਅਮਲ, ਜੈਵਿਕ ਜੀਵਨ ਕਿਸੇ ਦਿੱਤੇ ਪਲ ‘ਚ ਸੰਸਾਰ ਵਿੱਚ ਪਦਾਰਥ ਦਾ ਹਰ ਪ੍ਰਮਾਣੂ ਇੱਕ ਜਾਂ ਦੂਸਰੀ ਕਿਸਮ ਦੀ ਗਤੀ ਵਿੱਚ ਹੈ, ਜਾਂ ਇੱਕੋ ਵੇਲੇ ਕਈ ਕਿਸਮ ਦੀਆਂ ਗਤੀਆਂ ਵਿੱਚ ਹੈ। ਬਾਕੀ ਸਭ, ਦਿਖਾਈ ਦਿੰਦਾ ਸੰਤੁਲਨ ਸਿਰਫ ਸਾਪੇਖਕ ਹੈ, ਅਤੇ ਇੱਕ ਜਾਂ ਦੂਜੇ ਕਿਸਮ ਦੀ ਗਤੀ ਦੇ ਸਬੰਧ ਵਿੱਚ ਹੀ ਕੋਈ ਅਰਥ ਰੱਖਦਾ ਹੈ। (ਡਿਊਰਿੰਗ ਵਿਰੁੱਧ, ਸਫਾ 70)

ਇਹ ਨਾ ਸਿਰਫ ਕੁਦਰਤੀ ਵਰਤਾਰਿਆਂ ਬਾਰੇ ਸੱਚ ਹੈ, ਸਗੋਂ ਮਨੁੱਖੀ ਸਮਾਜ ਬਾਰੇ ਵੀ ਸੱਚ ਹੈ। ਸਾਰੇ ਸਮਾਜਿਕ ਤੇ ਮਾਨਸਿਕ ਅਮਲ ਗਤੀ ਤੇ ਬਦਲਾਅ ਦੇ ਉਹੀ ਬੁਨਿਆਦੀ ਨਿਯਮਾਂ ਅਧੀਨ ਚੱਲਦੇ ਹਨ। ਇਹਨਾਂ ਨਿਯਮਾਂ ਦੇ ਅਧਿਐਨ ਨੂੰ ਅਸੀਂ ਦਵੰਦਾਤਮਕਤਾ ਕਹਿੰਦੇ ਹਾਂ:

 ਦਵੰਦਾਤਮਕਤਾ ਹੋਰ ਕੁਝ ਨਹੀਂ ਸਗੋਂ ਕੁਦਰਤ, ਮਨੁੱਖੀ ਸਮਾਜ ਤੇ ਸੋਚ ਦੀ ਗਤੀ ਤੇ ਵਿਕਾਸ ਦੇ ਆਮ ਨਿਯਮਾਂ ਦਾ ਵਿਗਿਆਨ ਹੈ। (ਡਿਊਰਿੰਗ ਵਿਰੁੱਧ, ਸਫਾ 158)

 ਕੁਦਰਤ ਦੇ ਪਸਾਰੇ ਅੰਦਰ ਵਾਪਰ ਰਹੇ ਅਨਗਿਣਤ ਬਦਲਾਵਾਂ ਵਿੱਚ ਉਹੀ ਦਵੰਦਾਤਮਕ ਨਿਯਮ ਕੰਮ ਕਰਦੇ ਹਨ ਜਿਹੜੇ ਇਤਿਹਾਸ ਅੰਦਰ ਸਬੱਬੀਂ ਹੁੰਦੇ ਦਿਖਦੇ ਵਰਤਾਰਿਆਂ ਪਿੱਛੇ ਕੰਮ ਕਰਦੇ ਹਨ, ਉਹੀ ਨਿਯਮ ਜਿਹੜੇ ਮਨੁੱਖੀ ਸੋਚ ਦੇ ਇਤਿਹਾਸ ਵਿੱਚ ਸਾਂਝੀ ਤੰਦ ਬਣਦੇ ਹਨ, ਤੇ ਮਨੁੱਖੀ ਮਨ ਦੀ ਚੇਤਨਾ ਪੈਦਾ ਕਰਦੇ ਹਨ। (ਡਿਊਰਿੰਗ ਵਿਰੁੱਧ, ਸਫਾ 15)

ਦਵੰਦਾਤਮਕਤਾ ਦੇ ਨਿਯਮ ਵਿਰੋਧਤਾਈ ਦੇ ਸਿਧਾਂਤ ਉੱਤੇ ਟਿਕੇ ਹੋਏ ਹਨ। ਸਾਰੀ ਗਤੀ, ਸਾਰੇ ਬਦਲਾਅ, ਕੁਦਰਤ ਦੀਆਂ ਚੀਜ਼ਾਂ ਅੰਦਰ ਵਜੂਦਸਮੋਈਆਂ ਵਿਰੋਧਤਾਈਆਂ ਦੇ ਵਿਕਾਸ ਦਾ ਸਿੱਟਾ ਹੁੰਦੇ ਹਨ:

 ਜਦੋਂ ਹੀ ਅਸੀਂ ਚੀਜ਼ਾਂ ਨੂੰ ਉਹਨਾਂ ਦੀ ਗਤੀ, ਉਹਨਾਂ ਦੇ ਬਦਲਾਵਾਂ, ਉਹਨਾਂ ਦੇ ਜੀਵਨ, ਉਹਨਾਂ ਦੇ ਇੱਕ-ਦੂਜੇ ਉੱਤੇ ਪੈਂਦੇ ਅਸਰਾਂ ਸਮੇਤ ਦੇਖਦੇ ਹਾਂ, ਉਸੇ ਸਮੇਂ ਹੀ ਅਸੀਂ ਵਿਰੋਧਤਾਈਆਂ ਵਿੱਚ ਆ ਖੜੇ ਹੁੰਦੇ ਹਾਂ। ਗਤੀ ਖੁਦ ਹੀ ਇੱਕ ਵਿਰੋਧਤਾਈ ਹੈ। ਇੱਕ ਸਧਾਰਨ ਮਸ਼ੀਨੀ ਥਾਂ-ਬਦਲੀ ਵੀ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਇੱਕ ਚੀਜ ਇੱਕ ਵੇਲੇ ਇੱਕ ਜਗ੍ਹਾ ‘ਤੇ ਹੋਵੇ ਤੇ ਨਾਲ਼ ਹੀ ਉਸੇ ਪਲ ਹੀ ਦੂਜੀ ਜਗ੍ਹਾ ‘ਤੇ ਵੀ ਹੋਵੇ, ਇੱਕੋ ਜਗ੍ਹਾ ‘ਤੇ ਹੋਵੇ ਵੀ ਤੇ ਹੋਵੇ ਵੀ ਨਾ। ਇਸ ਵਿਰੋਧਤਾਈ ਦਾ ਲਗਾਤਾਰ ਪ੍ਰਗਟ ਹੋਣਾ ਤੇ ਨਾਲ਼ ਹੀ ਹੱਲ ਹੋਈ ਜਾਣਾ ਹੀ ਅਸਲ ਵਿੱਚ ਗਤੀ ਹੈ।…

 ਅਤੇ ਜੇ ਸਧਾਰਨ ਮਸ਼ੀਨੀ ਥਾਂ-ਬਦਲੀ ਵੀ ਵਿਰੋਧਤਾਈ ਸਮੋਈ ਬੈਠੀ ਹੈ, ਤਾਂ ਇਹ ਗਤੀ ਦੀਆਂ ਹੋਰ ਉੱਚੀਆਂ ਕਿਸਮਾਂ ਲਈ, ਖਾਸ ਤੌਰ ‘ਤੇ ਜੈਵਿਕ ਜੀਵਨ ਤੇ ਇਸਦੇ ਵਿਕਾਸ ਲਈ ਤਾਂ ਹੋਰ ਵੀ ਵਧੇਰੇ ਸੱਚ ਹੈ।… ਇਸ ਲਈ ਜੀਵਨ ਵੀ ਇੱਕ ਵਿਰੋਧਤਾਈ ਹੈ ਜਿਹੜਾ ਖੁਦ ਚੀਜ਼ਾਂ ਤੇ ਅਮਲਾਂ ਵਿੱਚ ਮੌਜੂਦ ਹੁੰਦਾ ਹੈ, ਅਤੇ ਜਿਹੜਾ ਲਗਾਤਾਰ ਖੁਦ ਨੂੰ ਪ੍ਰਗਟਾਉਂਦਾ ਹੈ ਤੇ ਹੱਲ ਹੁੰਦਾ ਜਾਂਦਾ ਹੈ, ਅਤੇ ਜਿਉਂ ਹੀ ਵਿਰੋਧਤਾਈ ਦੀ ਹੋਂਦ ਖਤਮ ਹੋ ਜਾਂਦੀ ਹੈ, ਜੀਵਨ ਵੀ ਖਤਮ ਹੋ ਜਾਂਦਾ ਹੈ ਅਤੇ ਮੌਤ ਆ ਢੁੱਕਦੀ ਹੈ। (ਡਿਊਰਿੰਗ ਵਿਰੁੱਧ, ਸਫਾ 135-36)

 ਹਰ ਜੈਵਿਕ ਜੀਵ ਇੱਕੋ ਵੇਲੇ ਉਹੀ ਹੁੰਦਾ ਵੀ ਹੈ ਅਤੇ ਨਹੀਂ ਵੀ ਹੁੰਦਾ; ਹਰ ਪਲ ਇਹ ਬਾਹਰੋਂ ਖਿੱਚੇ ਪਦਾਰਥ ਨੂੰ ਪਚਾਉਂਦਾ ਰਹਿੰਦਾ ਹੈ, ਅਤੇ ਹੋਰ ਪਦਾਰਥ ਨੂੰ ਬਾਹਰ ਕੱਢਦਾ ਰਹਿੰਦਾ ਹੈ; ਹਰ ਪਲ ਇਸਦੇ ਸਰੀਰ ਦੀਆਂ ਕੋਸ਼ਿਕਾਵਾਂ ਮਰਦੀਆਂ ਰਹਿੰਦੀਆਂ ਹਨ ਤੇ ਨਵੀਂਆਂ ਬਣਦੀਆਂ ਰਹਿੰਦਿਆਂ ਹਨ; ਅਸਲ ਵਿੱਚ, ਲੰਬੇ ਜਾਂ ਛੋਟੇ ਸਮੇਂ ਅੰਤਰਾਲ ਵਿੱਚ ਇਸਦਾ ਪੂਰਾ ਸਰੀਰ ਹੀ ਮੁੜ-ਸਿਰਜਿਆ ਜਾਂਦਾ ਹੈ ਅਤੇ ਪਦਾਰਥ ਦੇ ਹੋਰ ਪ੍ਰਮਾਣੂ ਪਹਿਲਾਂ ਵਾਲ਼ਿਆਂ ਦੀ ਥਾਂ ਲੈ ਲੈਂਦੇ ਹਨ, ਇਸ ਲਈ ਹਰੇਕ ਜੈਵਿਕ ਜੀਵ ਹਰ ਸਮੇਂ ਉਹੀ ਹੁੰਦਾ ਹੈ ਅਤੇ ਇਸਦੇ ਬਾਵਜੂਦ ਉਸ ਤੋਂ ਅਲੱਗ ਵੀ ਹੁੰਦਾ ਹੈ। (ਡਿਊਰਿੰਗ ਵਿਰੁੱਧ, ਸਫਾ 28)

ਇਸ ਤਰ੍ਹਾਂ ਦਵੰਦਾਤਮਕਤਾ ਨੂੰ ਅਸੀਂ ਪਦਾਰਥ ਦੇ ਸੁਭਾਅ ਵਿੱਚ ਵਜੂਦਸਮੋਏ ਵਿਰੋਧਾਂ ਦੇ ਘੋਲ਼ ਦਾ ਅਧਿਐਨ ਕਹਿ ਸਕਦੇ ਹਾਂ:

 ਵਿਰੋਧੀਆਂ ਦਾ ਏਕਾ ਕੁਦਰਤ ਦੇ ਸਾਰੇ ਵਰਤਾਰਿਆਂ ਤੇ ਅਮਲਾਂ (ਸਮੇਤ ਚੇਤਨਾ ਤੇ ਸਮਾਜ) ਵਿੱਚ ਸਮੋਈਆਂ ਵਿਰੋਧੀ, ਇੱਕ ਦੂਜੇ ਤੋਂ ਪੂਰੀ ਤਰ੍ਹਾਂ ਅਲੱਗ ਤੇ ਉਲਟ ਪ੍ਰਵਿਰਤੀਆਂ ਦੀ ਪਛਾਣ (ਖੋਜ) ਕਰਨਾ ਹੈ। ਸੰਸਾਰ ਦੇ ਸਾਰੇ ਅਮਲਾਂ ਦੇ, ਉਹਨਾਂ ਦੇ ਅਸਲੀ ਹਾਲਤਾਂ ਵਿੱਚ, ਗਿਆਨ ਨੂੰ ਪ੍ਰਾਪਤ ਕਰਨ ਲਈ ਸ਼ਰਤ ਉਹਨਾਂ ਨੂੰ ਇੱਕ ਵਿਰੋਧੀਆਂ ਦਾ ਏਕਾ ਸਮਝਣ ਵਿੱਚ ਹੈ। ਵਿਕਾਸ ਵਿਰੋਧੀਆਂ ਦਾ ‘ਘੋਲ਼’ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 38, ਸਫਾ 359)

ਅੰਦਰੂਨੀ ਵਿਰੋਧਤਾਈਆਂ ਦਾ ਵਿਕਾਸ ਪਦਾਰਥ ਦੇ ਸਾਰੇ ਰੂਪਾਂ ਦੀ ਸਰਵਵਿਆਪਕ ਵਜੂਦਸਮੋਈ ਖਾਸੀਅਤ ਹੈ, ਗਤੀ ਤੇ ਬਦਲਾਅ ਹਰੇਕ ਖਾਸ ਕਿਸਮ ਦੀ ਆਪਣੀ ਇੱਕ ਖਾਸ ਵਿਰੋਧਤਾਈ ਹੁੰਦੀ ਹੈ, ਅਤੇ ਇਹ ਅਲੱਗ-ਅਲੱਗ ਖਾਸ ਵਿਰੋਧਤਾਈਆਂ ਹੀ ਵਿਗਿਆਨ ਦੀਆਂ ਵੱਖੋ-ਵੱਖਰੀਆਂ ਸ਼ਾਖਾਵਾਂ ਵਿੱਚ ਫਰਕ ਦੀ ਬੁਨਿਆਦ ਹਨ:

 ਵਰਤਾਰੇ ਦੇ ਕਿਸੇ ਖਾਸ ਹਿੱਸੇ ਵਿੱਚ ਸਮੋਈ ਵਿਸ਼ੇਸ਼ ਵਿਰੋਧਤਾਈ ਵਿਗਿਆਨ ਦੀ ਇੱਕ ਖਾਸ ਸ਼ਾਖਾ ਲਈ ਅਧਿਐਨ ਦਾ ਵਿਸ਼ਾ ਹੈ। ਉਦਾਹਰਨ ਲਈ, ਗਣਿਤ ਵਿੱਚ ਧਨ ਅਤੇ ਰਿਣ ਅੰਕ; ਮਕੈਨਿਕਸ ਵਿੱਚ ਕਿਰਿਆ ਅਤੇ ਪ੍ਰਤੀਕਿਰਿਆ; ਭੌਤਿਕ ਵਿਗਿਆਨ ਵਿੱਚ ਧਨ ਤੇ ਰਿਣ ਬਿਜਲੀ; ਰਸਾਇਣ ਵਿਗਿਆਨ ਵਿੱਚ ਵਿਖੰਡਨ ਤੇ ਜੁੜਨਾ; ਸਮਾਜ ਵਿਗਿਆਨ ਵਿੱਚ ਪੈਦਾਵਾਰੀ ਤਾਕਤਾਂ ਤੇ ਪੈਦਾਵਾਰੀ ਸਬੰਧ, ਜਮਾਤਾਂ ਤੇ ਜਮਾਤੀ ਘੋਲ਼; ਜੰਗੀ ਵਿਗਿਆਨ ਵਿੱਚ ਹਮਲਾ ਤੇ ਬਚਾਅ; ਫਲਸਫੇ ਵਿੱਚ ਵਿਚਾਰਵਾਦ ਤੇ ਪਦਾਰਥਵਾਦ, ਅਧਿਆਤਮਕ ਸੰਸਾਰ ਨਜਰੀਆ ਤੇ ਦਵੰਦਾਤਮਕ ਸੰਸਾਰ ਨਜਰੀਆ; ਅਤੇ ਇਸ ਤਰ੍ਹਾਂ ਹੋਰ ਇਹ ਸਭ ਵਿਗਿਆਨ ਦੀਆਂ ਅਲੱਗ-ਅਲੱਗ ਸ਼ਾਖਾਵਾਂ ਵਿੱਚ ਅਧਿਐਨ ਦਾ ਵਿਸ਼ਾ ਹਨ ਕਿਉਂਕਿ ਹਰੇਕ ਸ਼ਾਖਾ ਦੀ ਆਪਣੀ ਖਾਸ ਵਿਰੋਧਤਾਈ ਅਤੇ ਖਾਸ ਤੱਤ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 320)

ਅਕਾਰਬਨਿਕ (ਨਿਰਜੀਵ) ਪਦਾਰਥ ਤੋਂ ਕਾਰਬਨਿਕ ਪਦਾਰਥ ਵੱਲ ਤਬਦੀਲੀ ਉਦੋਂ ਹੋਈ ਜਦੋਂ ਕੁਝ ਅਲਬਿਊਮਨ (ਪ੍ਰੋਟੀਨ) ਦੇ ਪਿੰਡਾਂ ਨੇ ਗਤੀ ਦੀ ਇੱਕ ਕਿਸਮ ਵਿਕਸਤ ਕਰ ਲਈ ਜਿਸਨੂੰ ਆਪਾ-ਨਵਿਆਉਣਾ ਕਿਹਾ ਜਾ ਸਕਦਾ ਹੈ:

 ਜੀਵਨ ਅਲਬਿਊਮਨ ਦੇ ਪਿੰਡਾਂ ਦੀ ਹੋਂਦ ਦਾ ਤਰੀਕਾ ਹੈ, ਅਤੇ ਹੋਂਦ ਦਾ ਇਹ ਤਰੀਕਾ ਮੂਲ ਰੂਪ ਵਿੱਚ ਇਹਨਾਂ ਪਿੰਡਾਂ ਦੇ ਰਸਾਇਣਿਕ ਘਟਕਾਂ ਦਾ ਲਗਾਤਾਰ ਆਪਾ-ਨਵਿਆਉਣਾ ਹੈ। (ਡਿਊਰਿੰਗ ਵਿਰੁੱਧ, ਸਫਾ 93)

ਅਲਬਿਊਮਨ ਦਾ ਪਿੰਡ ਆਪਣੇ ਆਲ਼ੇ-ਦੁਆਲ਼ੇ ਵਿੱਚੋਂ ਕੁਝ ਚੀਜ਼ਾਂ ਸੋਖ ਕੇ ਤੇ ਪਹਿਲਾਂ ਸੋਖੀਆਂ ਚੀਜ਼ਾਂ ਨੂੰ ਬਾਹਰ ਕੱਢ ਕੇ ਭਾਵ ਕਿ, ਪੋਸ਼ਣ ਤੇ ਮਲਤਿਆਗ ਰਾਹੀਂ ਖੁਦ ਨੂੰ ਨਵਿਆਉਂਦਾ ਹੈ। ਜੀਵ ਅਤੇ ਵਾਤਾਵਰਣ ਵਿੱਚ ਇਹ ਲਗਾਤਾਰ ਹੋਣ ਵਾਲ਼ਾ ਪਦਾਰਥ ਦਾ ਪ੍ਰਵਾਹ ਹੀ ਉਹ ਚੀਜ ਹੈ ਜਿਸਨੂੰ ਜੀਵਨ ਕਿਹਾ ਜਾਂਦਾ ਹੈ। ਜਦੋਂ ਇਹ ਰੁਕ ਜਾਂਦਾ ਹੈ ਤਾਂ ਜੀਵਨ ਸਮਾਪਤ ਹੋ ਜਾਂਦਾ ਹੈ। ਸਜੀਵ ਪਦਾਰਥ ਦੀਆਂ ਸਾਰੀਆਂ ਖਾਸ ਵਿਸ਼ੇਸ਼ਤਾਵਾਂ ਇਸੇ ਸ੍ਰੋਤ ਤੋਂ ਪੈਦਾ ਹੁੰਦੀਆਂ ਹਨ:

 ਅਲਬਿਊਮਨ ਦੇ ਮੂਲ ਕੰਮ ਵਜੋਂ ਪੋਸ਼ਣ ਤੇ ਮਲਤਿਆਗ ਦੁਆਰਾ ਪਦਾਰਥ ਦੇ ਪ੍ਰਵਾਹ ਤੋਂ, ਅਤੇ ਇਸਦੀ ਖਾਸ ਲਚਕਦਾਇਕਤਾ ਤੋਂ ਜੀਵਨ ਦੇ ਬਾਕੀ ਸਾਰੇ ਸਧਾਰਨ ਲੱਛਣ ਪੈਦਾ ਹੁੰਦੇ ਹਨ; ਉਤੇਜਕ ਵੱਲ ਪ੍ਰਤੀਕਿਰਿਆ, ਜਿਹੜੀ ਕਿ ਅਲਬਿਊਮਨ ਤੇ ਇਸਦੀ ਖੁਰਾਕ ਵਿਚਾਲੇ ਕਿਰਿਆ-ਪ੍ਰਤੀਕਿਰਿਆ ਵਿੱਚ ਸ਼ਾਮਲ ਹੁੰਦੀ ਹੈ; ਸੁੰਗੜਨਾ, ਜਿਹੜਾ ਕਿ ਬਹੁਤ ਮੁਢਲੇ ਰੂਪਾਂ ਵਿੱਚ ਖੁਰਾਕ ਨੂੰ ਹਾਸਲ ਕਰਨ ਸਮੇਂ ਦਿਖਾਈ ਦਿੰਦਾ ਹੈ; ਅਤੇ ਵਾਧੇ ਦੀ ਸੰਭਾਵਨਾ, ਜਿਹੜੀ ਕਿ ਮੁਢਲੇ ਰੂਪਾਂ ਵਿੱਚ ਵਿਖੰਡਨ ਰਾਹੀਂ ਗਿਣਤੀ ‘ਚ ਵਾਧਾ, ਅੰਦਰੂਨੀ ਗਤੀ ਜਿਸ ਬਿਨਾ ਨਾ ਤਾਂ ਖੁਰਾਕ ਦੀ ਖਪਤ ਕਰਨਾ ਤੇ ਨਾ ਹੀ ਇਸ ਨੂੰ ਸਰੀਰ ਵਿੱਚ ਜਜ਼ਬ ਕਰਨਾ ਸੰਭਵ ਹੋ ਸਕਦਾ ਹੈ। (ਡਿਊਰਿੰਗ ਵਿਰੁੱਧ, ਸਫਾ 95)

ਨਿਰਜੀਵ ਪਦਾਰਥ ਤੋਂ ਸਜੀਵ ਪਦਾਰਥ ਵੱਲ ਤਬਦੀਲੀ ਵਾਂਗ ਹੀ ਜੀਵ ਜਗਤ ਵਿੱਚੋਂ ਮਨੁੱਖ ਦਾ ਵਿਕਾਸ ਹੋਣਾ ਵੀ ਘੱਟ ਸਬੱਬੀਂ ਨਹੀਂ ਸੀ। ਮਨੁੱਖ ਦੂਜੇ ਜਾਨਵਰਾਂ ਤੋਂ ਇਸ ਗੱਲੇ ਵੱਖਰਾ ਹੈ ਕਿ ਉਸ ਵਿੱਚ ਉਸਦੇ ਤੇ ਉਸਦੇ ਵਾਤਾਵਰਣ ਵਿਚਕਾਰ ਪਦਾਰਥ ਦਾ ਪ੍ਰਵਾਹ ਉਸਦੇ ਸਚੇਤਨ ਕੰਟਰੋਲ ਅਧੀਨ ਆ ਜਾਂਦਾ ਹੈ। ਜਾਨਵਰ ਆਪਣੇ ਵਾਤਾਵਰਣ ਪ੍ਰਤੀ ਸਚੇਤ ਹੁੰਦੇ ਹਨ, ਪਰ ਸਿਰਫ ਅਕਰਮਿਕ ਰੂਪ ਵਿੱਚ, ਇਸਦੇ ਇੱਕ ਹਿੱਸੇ ਦੇ ਤੌਰ ‘ਤੇ ਹੀ। ਮਨੁੱਖ ਆਪਣੇ ਵਾਤਾਵਰਣ ਪ੍ਰਤੀ ਸਚੇਤ ਹੋਣ ਸਮੇਂ ਇਸ ਨੂੰ ਖੁਦ ਤੋਂ ਨਿਖੇੜ ਕੇ ਵੇਖਦਾ ਹੈ, ਪੈਦਾਵਾਰ ਲਈ ਕਿਰਤ ਦੌਰਾਨ ਆਪਣੀ ਸਰਗਰਮੀ ਦੇ ਕਰਮ ਵਜੋਂ ਵੇਖਦਾ ਹੈ; ਅਤੇ ਇਸ ਲਈ, ਕੁਦਰਤ ਨੂੰ ਇੱਕ ਬਾਹਰਮੁਖੀ ਵਸਤੂ ਵਜੋਂ ਸਮਝਣ ਕਾਰਨ, ਉਹ ਖੁਦ ਨੂੰ ਇੱਕ ਕਰਤੇ ਵਜੋਂ ਦੇਖਦਾ ਹੈ:

 ਜਾਨਵਰ ਆਪਣੀ ਜੀਵਨ ਸਰਗਰਮੀ ਨਾਲ਼ ਇੱਕਰੂਪ ਹੁੰਦਾ ਹੈ। ਇਹ ਖੁਦ ਨੂੰ ਇਸਤੋਂ ਵੱਖਰਾ ਨਹੀਂ ਦੇਖਦਾ। ਇਹ ਹੀ ਉਸਦੇ ਜੀਵਨ ਦੀ ਸਰਗਰਮੀ ਹੈ। ਮਨੁੱਖ ਆਪਣੀ ਜੀਵਨ ਸਰਗਰਮੀ ਨੂੰ ਆਪਣੀ ਇੱਛਾ ਤੇ ਚੇਤਨਾ ਦੇ ਅਧੀਨ ਕਰ ਲੈਂਦਾ ਹੈ। ਉਸਦੀ ਜੀਵਨ ਸਰਗਰਮੀ ਸਚੇਤਨ ਹੁੰਦੀ ਹੈ। (ਮਾਰਕਸ, ਆਰਥਕ ਤੇ ਦਾਰਸ਼ਨਿਕ ਹੱਥਲਿਖਤਾਂ, ਸਫਾ 75)

‘ਕਰਤਾ, ਮਨੁੱਖ, ਅਤੇ ਕਰਮ, ਕੁਦਰਤ’ ਵਿਚਾਲੇ ਇਹ ਵਿਰੋਧਤਾਈ (ਮਾਰਕਸ, ਸਿਆਸੀ ਆਰਥਿਕਤਾ ਦੀ ਅਲੋਚਨਾ ਨੂੰ ਇੱਕ ਦੇਣ, ਸਫਾ 190) ਕਿਰਤ ਦੇ ਅਮਲ ਦਾ ਵਜੂਦਸਮੋਇਆ ਹਿੱਸਾ ਹੋਣ ਕਰਕੇ ਮਨੁੱਖ ਦੀਆਂ ਸਾਰੀਆਂ ਸਰਗਰਮੀਆਂ ਦੀ ਬੁਨਿਆਦ ਹੈ:

 ਕਿਰਤ, ਸਭ ਤੋਂ ਪਹਿਲਾਂ, ਇੱਕ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਤੇ ਕੁਦਰਤ ਦੋਵੇਂ ਸ਼ਾਮਲ ਹੁੰਦੇ ਹਨ, ਅਤੇ ਜਿਸ ਵਿੱਚ ਮਨੁੱਖ ਆਪਣੀ ਮਰਜ਼ੀ ਨਾਲ਼ ਆਪਣੇ ਤੇ ਕੁਦਰਤ ਵਿਚਾਲੇ ਪਦਾਰਥਕ ਕਿਰਿਆਵਾਂ ਨੂੰ ਨਿਯਮਤ ਤੇ ਕੰਟਰੋਲ ਕਰਦਾ ਹੈ। ਉਹ ਖੁਦ ਨੂੰ ਕੁਦਰਤ ਦੇ ਵਿਰੁੱਧ ਕੁਦਰਤ ਦੀਆਂ ਤਾਕਤਾਂ ਦੇ ਰੂਪ ਵਿੱਚ ਖੜਾ ਕਰਦਾ ਹੈ, ਆਪਣੇ ਸਰੀਰ ਦੀਆਂ ਕੁਦਰਤੀ ਤਾਕਤਾਂ ਆਪਣੀਆਂ ਲੱਤਾਂ ਤੇ ਬਾਹਾਂ, ਸਿਰ ਤੇ ਹੱਥਾਂ ਨੂੰ ਗਤੀ ਦਿੰਦਾ ਹੈ ਤਾਂ ਕਿ ਕੁਦਰਤ ਦੀਆਂ ਉਪਜਾਂ ਨੂੰ ਆਪਣੀਆਂ ਲੋੜਾਂ ਦੇ ਅਨੁਸਾਰ ਢਾਲ਼ ਸਕੇ। (ਸਰਮਾਇਆ, ਸੈਂਚੀ 1, ਸਫਾ 177) 

ਇਸ ਤਰ੍ਹਾਂ, ਮਨੁੱਖ ਜਾਨਵਰਾਂ ਤੋਂ ਇਸ ਗੱਲ ਵਿੱਚ ਵੱਖਰਾ ਹੈ ਕਿ ਉਸਦੀ ਕੁਦਰਤ ਉੱਤੇ ਕੀਤੀ ਗਈ ਸਰਗਰਮੀ ਉਸਨੂੰ ਆਪਣੇ ਚੇਤਨ ਕੰਟਰੋਲ ਹੇਠ ਲਿਆਉਣ ਲਈ ਹੁੰਦੀ ਹੈ:

 ਸੰਖੇਪ ਵਿੱਚ, ਜਾਨਵਰ ਸਿਰਫ ਬਾਹਰੀ ਕੁਦਰਤ ਦੀ ਵਰਤੋਂ ਕਰਦਾ ਹੈ ਅਤੇ ਆਪਣੀ ਹੋਂਦ ਕਾਰਨ ਇਸ ਵਿੱਚ ਬਦਲਾਅ ਲਿਆਉਂਦਾ ਹੈ; ਮਨੁੱਖ ਜਿਹੜੇ ਬਦਲਾਅ ਕੁਦਰਤ ਵਿੱਚ ਲਿਆਉਂਦਾ ਹੈ ਉਹਨਾਂ ਨਾਲ਼ ਉਹ ਕੁਦਰਤ ਨੂੰ ਆਪਣੀ ਸੇਵਾ ਵਿੱਚ ਲਾਉਂਦਾ ਹੈ, ਭਾਵ ਉਸ ਉੱਤੇ ਮਾਲਕੀ ਕਾਇਮ ਕਰ ਲੈਂਦਾ ਹੈ। (ਮਾਰਕਸ-ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 3 ਸਫਾ 74)

ਪੈਦਾਵਾਰ ਲਈ ਕਿਰਤ ਵਿੱਚ ਕੁਦਰਤ ਉੱਤੇ ਮਨੁੱਖ ਦੀ ਸਰਗਰਮੀ ਦੀ ਸਚੇਤਨ ਜਥੇਬੰਦੀ ਸ਼ਾਮਲ ਹੈ, ਅਤੇ ਇਸ ਲਈ, ਸਹਿਕਾਰ ਵਿੱਚ ਕੰਮ ਕਰਨ ਕਰਨ ਵਾਲ਼ਾ ਹੋਣ ਕਰਕੇ, ਇਸ ਵਿੱਚ ਉਸਦੇ ਦੂਸਰੇ ਮਨੁੱਖਾਂ ਸਬੰਧਾਂ ਦੀ ਚੇਤਨ ਜਥੇਬੰਦੀ ਵੀ ਸ਼ਾਮਲ ਹੈ। ਇੱਕ ਸ਼ਬਦ ਵਿੱਚ ਕਿਹਾ ਜਾਵੇ, ਇਹ ਸਮਾਜਕ ਹੈ:

 ਪੈਦਾਵਾਰ ਦੌਰਾਨ ਮਨੁੱਖ ਨਾ ਸਿਰਫ ਕੁਦਰਤ ਉੱਤੇ ਪ੍ਰਭਾਵ ਪਾਉਂਦੇ ਹਨ, ਸਗੋਂ ਇੱਕ ਦੂਜੇ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਉਹ ਇੱਕ ਨਿਸ਼ਚਿਤ ਢੰਗ ਦੇ ਸਹਿਕਾਰ ਰਾਹੀਂ ਤੇ ਆਪਣੀਆਂ ਸਰਗਰਮੀਆਂ ਨੂੰ ਇੱਕ-ਦੂਜੇ ਨਾਲ਼ ਵਟਾਉਂਦੇ ਹੋਏ ਹੀ ਪੈਦਾਵਾਰ ਕਰ ਸਕਦੇ ਹਨ। ਪੈਦਾਵਾਰ ਕਰਨ ਲਈ ਉਹਨਾਂ ਨੂੰ ਲਾਜਮੀ ਹੀ ਇੱਕ ਦੂਜੇ ਨਾਲ਼ ਜੁੜਨਾ ਤੇ ਸਬੰਧ ਕਾਇਮ ਕਰਨਾ ਪੈਂਦਾ ਹੈ, ਅਤੇ ਇਹਨਾਂ ਸਮਾਜਿਕ ਜੋੜਾਂ ਤੇ ਸਬੰਧਾਂ ਦੇ ਘੇਰੇ ਅੰਦਰ ਹੀ ਕੁਦਰਤ ਉੱਤੇ ਉਹਨਾਂ ਦੀ ਸਰਗਰਮੀ, ਭਾਵ ਪੈਦਾਵਾਰ ਸੰਭਵ ਹੁੰਦੀ ਹੈ। (ਮਾਰਕਸ-ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 1 ਸਫਾ 159)

ਇਸ ਤਰ੍ਹਾਂ ਇਹ ਸਿੱਟਾ ਨਿੱਕਲ਼ਦਾ ਹੈ ਕਿ ਮਨੁੱਖੀ ਚੇਤਨਾ ਸਿਰਫ ਇੱਕ ਵਿਅਕਤੀ ਤੇ ਉਸਦੇ ਵਾਤਾਵਰਣ ਵਿਚਾਲੇ ਦਾ ਸਬੰਧ ਹੀ ਨਹੀਂ ਹੈ; ਇਹ ਬਹੁਤ ਸਧਾਰਨ ਅਰਥਾਂ ਵਿੱਚ ਵੀ ਇੱਕ ਸਮਾਜਿਕ ਤਸਵੀਰ ਸਮਾਜ ਅਤੇ ਵਾਤਾਵਰਣ ਵਿਚਾਲੇ ਇੱਕ ਸਬੰਧ ਹੈ ਜਿਹੜਾ ਵਿਅਕਤੀ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਸੰਕਲਪਾਂ ਦਾ ਉਹ ਢਾਂਚਾ ਜਿਸ ਵਿੱਚ ਮਨੁੱਖ ਆਪਣੇ ਇੰਦਰਿਆਵੀ ਅਨੁਭਵਾਂ ਨੂੰ ਤਰਤੀਬ ਦਿੰਦਾ ਹੈ, ਉਸਦੇ ਸਮਾਜਿਕ ਸਬੰਧਾਂ ਵਿੱਚੋਂ ਰੂਪ ਧਾਰਦਾ ਹੈ। ਜਿਵੇਂ ਕਿ ਮਾਰਕਸ ਨੇ ਲਿਖਿਆ ਹੈ:

 ਇਹ ਮਨੁੱਖ ਦੀ ਚੇਤਨਾ ਨਹੀਂ ਹੈ ਜਿਹੜੀ ਉਸ ਦੀ ਹੋਂਦ ਤੈਅ ਕਰਦੀ ਹੈ, ਸਗੋਂ ਇਸ ਦੇ ਉਲਟ, ਇਹ ਉਸਦੀ ਸਮਾਜਿਕ ਹੋਂਦ ਹੈ ਜਿਹੜੀ ਉਸਦੀ ਚੇਤਨਾ ਨੂੰ ਤੈਅ ਕਰਦੀ ਹੈ। (ਮਾਰਕਸ-ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 1 ਸਫਾ 503)

2. ਪੈਦਾਵਾਰ ਅਤੇ ਖਪਤ

ਪੈਦਾਵਾਰ ਲਈ ਕਿਰਤ ਖਾਤਰ ਮਨੁੱਖ ਖੁਦ ਨੂੰ ਆਪਣੇ ਆਲ਼ੇ-ਦੁਆਲ਼ੇ ਦੇ ਵਿਰੁੱਧ ਖੜਾ ਕਰਦਾ ਹੈ, ਉਸਨੂੰ ਆਪਣੇ ਸਚੇਤਨ ਕੰਟਰੋਲ ਥੱਲੇ ਲੈ ਕੇ ਆਉਂਦਾ ਹੈ, ਅਤੇ ਇਸ ਤਰ੍ਹਾਂ ਆਪਣੇ ਗੁਜ਼ਾਰੇ ਦੇ ਸਾਧਨ ਪ੍ਰਾਪਤ ਕਰਦਾ ਹੈ। ਇਹ ਮਨੁੱਖ ਤੋਂ ਕੁਦਰਤ ਵੱਲ, ਕਰਤੇ ਤੋਂ ਕਰਮ ਵੱਲ ਪਹਿਲੀ ਹਰਕਤ ਹੈ, ਅਤੇ ਇਹ ਹਰਕਤ ਤੋਂ ਬਾਅਦ ਕੁਦਰਤ ਤੋਂ ਮਨੁੱਖ ਵੱਲ ਮੋੜਵੀਂ ਹਰਕਤ ਹੁੰਦੀ ਹੈ। ਜੋ ਕੁਝ ਉਸਨੇ ਪੈਦਾ ਕੀਤਾ, ਉਸਦੀ ਖਪਤ ਕਰਕੇ ਮਨੁੱਖ ਆਪਣੀ ਸਰੀਰਕ ਊਰਜਾ ਨੂੰ ਮੁੜ-ਪੈਦਾ ਕਰਦਾ ਹੈ ਜਿਹੜੀ ਉਸਨੇ ਪੈਦਾਵਾਰ ਦੌਰਾਨ ਖਰਚ ਕੀਤੀ ਹੁੰਦੀ ਹੈ, ਅਤੇ ਉਸੇ ਸਮੇਂ ਹੀ ਪੂਰੇ ਅਮਲ ਨੂੰ ਕਾਮਯਾਬੀ ਨਾਲ਼ ਪੂਰਾ ਕਰਕੇ ਉਹ ਉਸਨੂੰ ਕੰਟਰੋਲ ਕਰਨ ਲਈ ਆਪਣੀ ਮਾਨਸਿਕ ਸਮਰੱਥਾ ਨੂੰ ਵਧਾਉਂਦਾ ਹੈ:

 ਇਸ ਤਰ੍ਹਾਂ ਬਾਹਰੀ ਸੰਸਾਰ ਉੱਤੇ ਕੰਮ ਕਰਦਿਆਂ ਅਤੇ ਇਸਨੂੰ ਬਦਲਦਿਆਂ, ਉਸੇ ਸਮੇਂ ਹੀ ਖੁਦ ਦੇ ਖਾਸੇ ਨੂੰ ਬਦਲਦਾ ਹੈ। ਉਹ ਆਪਣੀਆਂ ਸੁੱਤੀਆਂ ਤਾਕਤਾਂ ਨੂੰ ਵਿਕਸਤ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਲਿਆਉਂਦਾ ਹੈ। (ਸਰਮਾਇਆ, ਸੈਂਚੀ 1, ਸਫਾ 177)

ਇਹਨਾਂ ਦੋ ਹਰਕਤਾਂ ਵਿੱਚੋਂ, ਪਹਿਲੀ ਆਪਣੇ ਆਰੰਭ ਤੋਂ ਹੀ ਸਚੇਤਨ ਹੈ ਕਿਉਂਕਿ ਇਸ ਵਿੱਚ ਸੰਦਾਂ ਦੀ ਵਰਤੋਂ ਸ਼ਾਮਲ ਹੈ। ਇਸ ਤੋਂ ਪਹਿਲਾਂ ਕਿ ਮਨੁੱਖ ਕੋਈ ਸੰਦ ਬਣਾਏ, ਉਸ ਉਦੇਸ਼ ਲਈ ਸਚੇਤ ਹੋਣਾ ਜਰੂਰੀ ਹੈ ਜਿਸ ਲਈ ਉਹ ਵਰਤਿਆ ਜਾਣਾ ਹੈ; ਅਤੇ ਇਸ ਤੋਂ ਪਹਿਲਾਂ ਕਿ ਉਸ ਉਸਨੂੰ ਅਸਰਦਾਰ ਢੰਗ ਨਾਲ਼ ਵਰਤੇ, ਲਾਜਮੀ ਹੈ ਕਿ ਉਸਨੇ ਉਸ ਚੀਜ ਦਾ ਜੋ ਉਹ ਪੈਦਾ ਕਰਨਾ ਚਾਹੁੰਦਾ ਹੈ, ਇੱਕ ਵਿਚਾਰ ਜਾਂ ਤਸਵੀਰ ਆਪਣੀ ਚੇਤਨਾ ਵਿੱਚ ਬਣਾ ਲਈ ਹੋਵੇ। ਇਹ ਕੁਦਰਤ ਉੱਤੇ ਮਨੁੱਖ ਦੇ ਕੰਮ ਅਤੇ ਜਾਨਵਰਾਂ ਦੀ ਸਰਗਰਮੀ ਵਿਚਕਾਰ ਮੂਲ ਫਰਕ ਹੈ:

 ਇੱਕ ਮੱਕੜੀ ਇੱਕ ਜੁਲਾਹੇ ਨਾਲ਼ ਮਿਲ਼ਦੀਆਂ-ਜੁਲ਼ਦੀਆਂ ਕਿਰਿਆਵਾਂ ਨੂੰ ਅੰਜ਼ਾਮ ਦਿੰਦੀ ਹੈ, ਅਤੇ ਇੱਕ ਮੱਖੀ ਆਪਣੇ ਛੱਤੇ ਨੂੰ ਬਣਾਉਣ ਲੱਗਿਆਂ ਬਥੇਰੇ ਆਰਕੀਟੈਕਟਾਂ ਨੂੰ ਵੀ ਮਾਤ ਪਾਉਂਦੀ ਹੈ। ਪਰ ਭੈੜੇ ਤੋਂ ਭੈੜੇ ਆਰਕੀਟੈਕਟ ਨੂੰ ਸਭ ਤੋਂ ਵਧੀਆ ਮੱਖੀ ਤੋਂ ਇਹ ਗੱਲ ਵੱਖਰਾ ਕਰਦੀ ਹੈ ਕਿ ਆਰਕੀਟੈਕਟ ਆਪਣੀ ਇਮਾਰਤ ਨੂੰ ਸੱਚਮੁਚ ਉਸਾਰਨ ਤੋਂ ਪਹਿਲਾਂ ਆਪਣੀ ਕਲਪਨਾ ਵਿੱਚ ਉਸਾਰਦਾ ਹੈ। ਹਰ ਕਿਰਤ ਅਮਲ ਦੇ ਅੰਤ ਵਿੱਚ ਅਸੀਂ ਉਹ ਨਤੀਜਾ ਹਾਸਲ ਕਰਦੇ ਹਾਂ ਜਿਹੜਾ ਕਿਰਤ ਕਰਨ ਵਾਲ਼ੇ ਦੀ ਕਲਪਨਾ ਵਿੱਚ ਕਿਰਤ ਕਰਨ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ। ਉਹ ਨਾ ਸਿਰਫ ਉਸ ਪਦਾਰਥ ਜਿਸ ਉੱਤੇ ਕੰਮ ਕਰਦਾ ਹੈ, ਦਾ ਰੂਪ ਬਦਲ ਦਿੰਦਾ ਹੈ, ਸਗੋਂ ਉਹ ਆਪਣਾ ਉਦੇਸ਼ ਵੀ ਹਾਸਲ ਕਰ ਲੈਂਦਾ ਹੈ ਜਿਹੜਾ ਉਸਦੇ ਕੰਮ-ਢੰਗ ਨੂੰ ਨੇਮਬੱਧ ਕਰਦਾ ਹੈ ਅਤੇ ਜਿਸ ਅੱਗੇ ਉਸਨੂੰ ਆਪਣੀ ਇੱਛਾ ਨੂੰ ਝੁਕਾਉਣਾ ਪੈਂਦਾ ਹੈ। (ਸਰਮਾਇਆ, ਪਹਿਲੀ ਸੈਂਚੀ, ਸਫਾ 178)

ਇਹ ਪਹਿਲੋਂ ਚਿਤਵੀ ਤਸਵੀਰ ਦੇ ਦੋ ਪੱਖ ਹਨ। ਇੱਕ ਪਾਸੇ ਇਸ ਵਿੱਚ ਪੈਦਾਵਾਰ ਲਈ ਪਹਿਲਾਂ ਕੀਤੇ ਕੰਮ ਤੋਂ ਹਾਸਲ ਹੋਇਆ ਗਿਆਨ ਰੂਪ ਧਰਦਾ ਹੈ ਜਿਸ ਨਾਲ਼ ਪੈਦਾਕਾਰ ਅਮਲ ਨੂੰ ਇਸ ਢੰਗ ਨਾਲ਼ ਚਲਾਉਣ ਦੇ ਯੋਗ ਹੁੰਦਾ ਹੈ ਕਿ ਉਹ ਆਪਣਾ ਉਦੇਸ਼ ਹਾਸਲ ਕਰਨ ਵਿੱਚ ਸਫਲ ਹੋ ਸਕੇ। ਇਹ ਬਾਹਰਮੁਖੀ ਜਾਂ ਬੋਧਮੁਖੀ ਪੱਖ ਹੈ। ਦੂਜੇ ਪਾਸੇ, ਇਸ ਵਿੱਚ ਖਪਤ ਦੇ ਪਹਿਲਾਂ ਹੋਏ ਅਮਲ ਤੋਂ ਪੈਦਾ ਹੋਈ ਇੱਛਾ ਰੂਪ ਧਰਦੀ ਹੈ ਜੋ ਪੈਦਾਕਾਰ ਨੂੰ ਪੈਦਾਵਾਰ ਲਈ ਉਕਸਾਉਂਦੀ ਹੈ। ਕਿਰਤ ਅਮਲ ਦੇ ਇਹਨਾਂ ਦੋ ਅਮਲਾਂ ਉਦੇਸ਼ ਅਤੇ ਇੱਛਾ ਵਿੱਚ ਅਸੀਂ ਵਿਗਿਆਨ ਅਤੇ ਕਲਾ ਵਿਚਾਲੇ ਫਰਕ ਦੇ ਭਰੂਣ ਰੂਪ ਨੂੰ ਦੇਖਦੇ ਹਾਂ।

3. ਵੰਡਾਰਾ

ਵੰਡਾਰਾ ਪੈਦਾਵਾਰ ਅਤੇ ਖਪਤ ਵਿਚਾਲ਼ੇ ਪੈਦਾ ਹੋਈ ਦੂਰੀ ਕਾਰਨ ਲਾਜ਼ਮੀ ਹੋਇਆ ਸਮਾਜਿਕ ਅਮਲ ਹੈ। ਜਾਨਵਰਾਂ ਵਿੱਚ ਜਿਵੇਂ ਕੋਈ ਪੈਦਾਵਾਰ ਨਹੀਂ ਹੁੰਦੀ, ਉਸੇ ਤਰ੍ਹਾਂ ਵੰਡਾਰਾ ਵੀ ਨਹੀਂ ਹੁੰਦਾ, ਸਿਰਫ ਮੁਢਲਾ ਹੜੱਪਣਾ ਹੁੰਦਾ ਹੈ ਜਿਸ ਵਿੱਚ ਖਪਤ ਵੀ ਸ਼ਾਮਲ ਹੈ। ਅਰੰਭਕ ਸਮਾਜ ਵਿੱਚ ਵੰਡਾਰਾ ਇੱਕ ਤੰਦ ਸੀ ਜੋ ਪੈਦਾਵਾਰ ਤੇ ਖਪਤ ਨੂੰ ਜੋੜਦੀ ਸੀ। ਭਾਈਚਾਰੇ ਦੇ ਮੈਂਬਰ ਜੋ ਉਹਨਾਂ ਨੇ ਆਪਣੀ ਸਾਂਝੀ ਕਿਰਤ ਰਾਹੀਂ ਪੈਦਾ ਕੀਤਾ ਹੁੰਦਾ ਸੀ, ਨੂੰ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਵਰਤ ਲੈਂਦੇ ਸਨ। ਹਿੱਸੇ ਲਾਜਮੀ ਹੀ ਬਰਾਬਰ ਹੁੰਦੇ ਸਨ ਕਿਉਂਕਿ ਜਿਉਂਦੇ ਰਹਿਣ ਲਈ ਪੂਰੇ ਭਾਈਚਾਰੇ ਦੀਆਂ ਇੱਕਜੁੱਟ ਕੋਸ਼ਿਸ਼ਾਂ ਲੋੜੀਂਦੀਆਂ ਹੁੰਦੀਆਂ ਸਨ। ਕੋਈ ਵਾਫਰ ਨਹੀਂ ਹੁੰਦਾ ਸੀ।

ਵਧੇਰੇ ਵਧੀਆ ਸੰਦਾਂ ਦੀ ਵਰਤੋਂ ਸਦਕਾ ਸੰਭਵ ਹੋਈ ਵਾਫਰ ਪੈਦਾਵਾਰ ਨੇ ਉਹ ਬੁਨਿਆਦ ਤਿਆਰ ਕੀਤੀ ਜਿਸ ਦੇ ਅਧਾਰ ਉੱਤੇ ਕਿਰਤ ਦੀ ਵੰਡ ਉੱਭਰੀ। ਭਾਈਚਾਰੇ ਅੰਦਰ ਵੱਖ-ਵੱਖ ਗਰੁੱਪ ਕਿਰਤ ਦੀਆਂ ਵੱਖੋ-ਵੱਖਰੀਆਂ ਕਿਸਮਾਂ ਵਿੱਚ ਮਾਹਿਰ ਹੁੰਦੇ ਹਨ ਅਤੇ ਆਪਣੀਆਂ ਉਪਜਾਂ ਨੂੰ ਸਾਂਝੇ ਖਾਤੇ ਵਿੱਚ ਪਾ ਦਿੰਦੇ ਹਨ ਜਿੱਥੋਂ ਉਹ ਅੱਡ-ਅੱਡ ਪੈਦਾਕਾਰਾਂ ਵਿਚਾਲੇ ਵੰਡੀਆਂ ਜਾਂਦੀਆਂ ਹਨ। ਜਿਵੇਂ ਜਿਵੇਂ ਕਿਰਤ ਦੀ ਪੈਦਾਵਾਰਿਕਤਾ ਵਧਦੀ ਜਾਂਦੀ ਹੈ, ਇਸਦੀ ਸਮੂਹਕਤਾ ਘਟਦੀ ਜਾਂਦੀ ਹੈ। ਕਾਮਾ ਖੁਦ ਆਪਣੇ ਲਈ ਵਾਫਰ ਪੈਦਾ ਕਰਨ ਦੇ ਕਾਬਲ ਹੁੰਦਾ ਹੈ। ਸਿੱਟੇ ਵਜੋਂ, ਉਹ ਆਪਣੀ ਲਾਜਮੀ ਕਿਰਤ ਜਿਹੜੀ ਅਜੇ ਵੀ ਭਾਈਚਾਰੇ ਲਈ ਕੀਤੀ ਜਾਂਦੀ ਹੈ, ਅਤੇ ਆਪਣੀ ਵਾਫਰ ਕਿਰਤ ਜਿਹੜੀ ਉਹ ਆਪਣੇ ਲਈ ਕਰਦਾ ਹੈ, ਵਿਚਾਲੇ ਫਰਕ ਕਰਨ ਲੱਗਦਾ ਹੈ; ਅਤੇ ਉਹ ਆਪਣੀ ਵਾਫਰ ਪੈਦਾਵਾਰ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਦਾ ਹੱਕ ਜਤਾਉਂਦਾ ਹੈ। ਇਸ ਤਰ੍ਹਾਂ ਉਸਦੀ ਉਪਜ ਇੱਕ ਜਿਣਸ ਬਣ ਜਾਂਦੀ ਹੈ। ਵਰਤੋਂ ਲਈ ਪੈਦਾਵਾਰ ਦੀ ਥਾਂ ਵਟਾਂਦਰੇ ਲਈ ਪੈਦਾਵਾਰ ਲੈ ਲੈਂਦੀ ਹੈ।

ਇਹਨਾਂ ਬਦਲਾਵਾਂ ਦੇ ਨਤੀਜੇ ਵਜੋਂ ਇੱਕ ਨਵੀਂ ਕਿਰਤ ਵੰਡ ਭਾਵ ਮਾਨਸਿਕ ਤੇ ਸਰੀਰਿਕ ਕਿਰਤ ਵਿਚਕਾਰ ਵੰਡ ਉੱਭਰ ਆਉਂਦੀ ਹੈ। ਭਾਈਚਾਰੇ ਦੇ ਇੱਕ ਹਿੱਸੇ ਨੂੰ ਸਰੀਰਿਕ ਕਿਰਤ ਤੋਂ ਉੱਕਾ ਹੀ ਛੋਟ ਮਿਲ ਜਾਂਦੀ ਹੈ ਤਾਂ ਕਿ ਉਹ ਖੁਦ ਨੂੰ ਪੈਦਾਵਾਰ ਦੇ ਹੋਰ ਅਗਲੇਰੇ ਵਿਕਾਸ ਲਈ ਤਕਨੀਕੀ ਤੇ ਜਥੇਬੰਦਕ ਕਾਰਜਾਂ ਲਈ ਸਮਰਪਤ ਕਰ ਸਕੇ। ਪੈਦਾਵਾਰ ਦੇ ਸਾਧਨਾਂ ਉੱਤੇ ਆਪਣੇ ਕੰਟਰੋਲ ਦੀ ਪੋਜ਼ੀਸ਼ਨ ਦਾ ਲਾਹਾ ਲੈਂਦੇ ਹੋਏ ਇਹ ਜਥੇਬੰਦਕ ਸਮਾਂ ਪਾ ਕੇ ਖੁਦ ਨੂੰ ਹਾਕਮ ਜਮਾਤ ਵਜੋਂ ਕਾਇਮ ਕਰਦੇ ਹਨ।

ਜਿਵੇਂ ਮੁੱਢਲਾ ਸਮਾਜ ਵਰਤੋਂ-ਕਦਰਾਂ ਦੀ ਪੈਦਾਵਾਰ ਦੀ ਬੁਨਿਆਦ ਉੱਤੇ ਟਿਕਿਆ ਹੋਇਆ ਸੀ, ਉਸੇ ਤਰ੍ਹਾਂ ਮੁੱਢਲੀ ਸੋਚ ਵੀ ਠੋਸ, ਗੁਣਾਤਮਕ ਤੇ ਅੰਤਰਮੁਖੀ ਸੀ। ਅਮੂਰਤ ਸੋਚ-ਵਿਚਾਰ ਦੀ ਸਮਰੱਥਾ ਜਿਹੜੀ ਇੱਕ ਸੱਭਿਅਕ ਮਨੁੱਖ ਨੂੰ ਜਾਂਗਲੀ ਤੋਂ ਵੱਖਰਿਆਂ ਕਰਦੀ ਹੈ, ਜਿਣਸ ਪੈਦਾਵਾਰ ਦੇ ਵਿਕਾਸ ਦੇ ਨਤੀਜੇ ਵਜੋਂ ਵਿਕਸਤ ਹੋਈ। ਖਪਤ ਦੀ ਇੱਕ ਚੀਜ ਵਜੋਂ ਜਿਣਸ ਇੱਕ ਵਰਤੋਂ-ਕਦਰ ਹੈ; ਵਟਾਂਦਰੇ ਦੀ ਇੱਕ ਚੀਜ ਵਜੋਂ ਇਹ ਇੱਕ ਵਟਾਂਦਰਾ ਕਦਰ ਹੈ। ਇਸਦਾ ਵਟਾਂਦਰਾ ਹੋ ਸਕੇ, ਇਸ ਲਈ ਲਾਜਮੀ ਹੈ ਕਿ ਪੈਦਾਕਾਰਾਂ ਦੇ ਦਿਮਾਗਾਂ ਵਿੱਚ ਇਸਦੀਆਂ ਠੋਸ, ਸਿਫ਼ਤੀ ਵਿਸ਼ੇਸ਼ਤਾਵਾਂ ਦੀ ਥਾਂ ਇਸਦਾ ਸ਼ੁੱਧ ਮਿਕਦਾਰੀ ਅਮੂਰਤ ਰੂਪ ਲੈ ਲਵੇ। ਜਦੋਂ ਮਨੁੱਖ ਆਪਣੀਆਂ ਚੀਜ਼ਾਂ ਨੂੰ ਪਹਿਲੀ ਵਾਰ ਮੰਡੀ ਵਿੱਚ ਲੈ ਕੇ ਗਿਆ ਉਦੋਂ ਤੋਂ ਹੀ ਵਰਤੋਂ-ਕਦਰ ਤੇ ਵਟਾਂਦਰਾ-ਕਦਰ ਵਿਚਾਲੇ ਇਸ ਵਿਰੋਧਤਾਈ ਨੂੰ ਸਿੱਝਣ ਸਮੇਂ ਇੱਕ ਮਾਨਸਿਕ ਸਰਗਰਮੀ ਹੁੰਦੀ ਹੈ ਜਿਸਨੂੰ ਮਨੁੱਖਾਂ ਨੇ ਬੜੀ ਸਫਲਤਾ ਨਾਲ਼ ਪੂਰਿਆਂ ਕੀਤਾ ਹੈ, ਭਾਵੇਂ ਉਹਨਾਂ ਨੂੰ ਇਸ ਅਮਲ ਦੀ ਕੋਈ ਵੀ ਸਿਧਾਂਤਕ ਜਾਣਕਾਰੀ ਨਹੀਂ ਸੀ; ਅਤੇ ਇਸ ਤਰ੍ਹਾਂ ਜਿਣਸ ਵਟਾਂਦਰੇ ਦੇ ਸਮਾਜਕ ਅਮਲ ਦੌਰਾਨ ਉਹਨਾਂ ਨੇ ਠੋਸ ਤੇ ਅਮੂਰਤ, ਖਾਸ ਤੇ ਆਮ, ਪ੍ਰਤੱਖ ਅਤੇ ਅੰਦਰੂਨੀ ਤੱਤ, ਅੰਤਰਮੁਖੀ ਤੇ ਬਾਹਰਮੁਖੀ ਵਿਚਾਲੇ ਫਰਕ ਕਰਨ ਦੀ ਯੋਗਤਾ ਹਾਸਲ ਕੀਤੀ। ਇਹ ਯੋਗਤਾ ਵਿਗਿਆਨਕ ਸੋਚਣ-ਸ਼ਕਤੀ ਦੇ ਵਿਕਾਸ ਲਈ ਇੱਕ ਜਰੂਰੀ ਪੂਰਵ-ਸ਼ਰਤ ਸੀ।

ਪ੍ਰੰਤੂ ਉਸੇ ਸਮੇਂ ਹੀ, ਵਟਾਂਦਰੇ ਦੇ ਵਿਕਸਤ ਹੋਣ ਨਾਲ਼, ਪੈਦਾਕਾਰ ਆਪਣੀ ਹੀ ਉਪਜ ਉੱਤੇ ਕੰਟਰੋਲ ਗਵਾ ਬਹਿੰਦਾ ਹੈ। ਉਹ ਹੁਣ ਨਹੀਂ ਜਾਣਦਾ ਕਿ ਉਸਦਾ ਕੀ ਬਣਿਆ ਹੋਵੇਗਾ। ਮੰਡੀ ਵਿੱਚ ਪੈਦਾਵਾਰ ਅਤੇ ਖਪਤ ਵਿਚਾਲੇ ਸਬੰਧ ਅੱਖੋਂ ਓਝਲ ਹੋ ਜਾਂਦਾ ਹੈ। ਉਦੇਸ਼ ਜਿਸ ਲਈ ਉਹ ਪੈਦਾ ਕਰਦਾ ਹੈ, ਲਗਾਤਾਰ ਨਤੀਜੇ ਨਾਲ਼ ਵਿਰੋਧਤਾਈ ਵਿੱਚ ਬਣਿਆ ਰਹਿੰਦਾ ਹੈ। ਇਸ ਲਈ ਜਿਣਸ-ਪੈਦਾਵਾਰੀ ਸਮਾਜ ਦੀ “ਉਲਟੀ ਚੇਤਨਾ” ਪੈਦਾ ਹੁੰਦੀ ਹੈ ਜਿਹੜੀ ਕਾਰਨ ਅਤੇ ਪ੍ਰਭਾਵ ਵਿਚਕਾਰਲੇ ਰਿਸ਼ਤੇ ਨੂੰ ਉਲਟਾ ਕਰ ਦਿੰਦੀ ਹੈ, ਫਲਸਫਾਨਾ ਵਿਚਾਰਵਾਦ, ਅਧਿਆਤਮਕਤਾ ਅਤੇ ਗੈਰ-ਵਿਗਿਆਨਕ ਸੋਚ ਦੀਆਂ ਹੋਰਨਾਂ ਕਿਸਮਾਂ ਨੂੰ ਜਨਮ ਦਿੰਦੀ ਹੈ। ਪਦਾਰਥ ਨੂੰ ਪਹਿਲਾਂ ਤੇ ਚੇਤਨਾ ਨੂੰ ਬਾਅਦ ਵਿੱਚ ਰੱਖਣ ਦੀ ਥਾਂ ਵਿਚਾਰਵਾਦੀ ਚੇਤਨਾ ਨੂੰ ਪਹਿਲੋਂ ਰੱਖਦਾ ਹੈ ਅਤੇ ਪਦਾਰਥ ਨੂੰ ਉਸਤੋਂ ਬਾਅਦ; ਗਤੀ ਨੂੰ ਨਿਰਪੇਖ ਅਤੇ ਵਿਰਾਮ ਨੂੰ ਸਾਪੇਖਕ ਮੰਨਣ ਦੀ ਥਾਂ ਅਧਿਆਤਮਵਾਦੀ ਵਿਰਾਮ ਨੂੰ ਨਿਰਪੇਖ ਮੰਨਦਾ ਹੈ ਅਤੇ ਗਤੀ ਨੂੰ ਸਾਪੇਖਕ। ਸੱਚਾਈ ਨੂੰ ਸਿਰ ਪਰਨੇ ਖੜਾ ਕਰ ਦਿੱਤਾ ਜਾਂਦਾ ਹੈ।

ਵਿਗਿਆਨ ਉਹ ਰੂਪ ਹੈ ਜਿਸ ਵਿੱਚ ਮਨੁੱਖ ਆਪਣੇ ਬੌਧਿਕ ਤਜ਼ਰਬੇ ਨੂੰ ਸਮੇਟਦਾ ਹੈ; ਕਲਾ ਉਹ ਰੂਪ ਹੈ ਜਿਸ ਵਿੱਚ ਮਨੁੱਖ ਆਪਣੇ ਅਹਿਸਾਸ ਦੇ ਤਜ਼ਰਬੇ ਨੂੰ ਸਮੇਟਦਾ ਹੈ। “ਬੋਧ” ਅਤੇ “ਅਹਿਸਾਸ” ਸ਼ਬਦ ਸੋਚਣ-ਵਿਚਾਰਨ ਅਤੇ ਮਹਿਸੂਸ ਕਰਨ ਵਿਚਾਲੇ ਫਰਕ ਨੂੰ ਦਰਸਾਉਂਦੇ ਹਨ। ਮੁੱਢਲੇ ਸਮਾਜ ਵਿੱਚ ਨਾ ਵਿਗਿਆਨ ਸੀ ਨਾ ਹੀ ਕਲਾ, ਸਿਰਫ ਜਾਦੂ ਸੀ। ਵਿਗਿਆਨ ਤੇ ਕਲਾ ਦੇ ਵਿਕਾਸ ਲਈ, ਜਿਵੇਂ ਕਿ ਇਹਨਾਂ ਬਾਰੇ ਅਸੀਂ ਜਾਣਦੇ ਹਾਂ, ਜਿਣਸ ਪੈਦਾਵਾਰ ਦਾ ਵਿਕਾਸ, ਮਾਨਸਿਕ ਤੇ ਸਰੀਰਿਕ ਕਿਰਤ ਵਿਚਕਾਰ ਵਿਰੋਧ ਦਾ ਪੈਦਾ ਹੋਣਾ ਅਤੇ ਸਮਾਜ ਦੀ ਜਮਾਤਾਂ ਵਿੱਚ ਵੰਡ ਪੂਰਵ ਸ਼ਰਤ ਹਨ।

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s