ਮਾਕਪਾ ਅੰਦਰ ਫ਼ਾਸੀਵਾਦ ‘ਤੇ ਬਹਿਸ : ਚੁਣਾਵੀ ਜੋੜ-ਜੁਗਾੜ ਲਈ ਸਮਾਜਕ-ਜਮਹੂਰੀਅਤ ਦੀ ਬੇਸ਼ਰਮ ਮਸ਼ਕ •ਆਨੰਦ ਸਿੰਘ

ਪੀ.ਡੀ.ਐਫ਼ ਡਾਊਨਲੋਡ ਕਰੋ

ਪਿੱਛੇ ਜਿਹੇ ਸੰਸਦੀ ਖੱਬੇ-ਪੱਖ ਦੀ ਸਿਰਕੱਢ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਅੰਦਰ ਪ੍ਰਕਾਸ਼ ਕਰਾਤ ਧੜੇ ਅਤੇ ਸੀਤਾਰਾਮ ਯੇਚੁਰੀ ਧੜੇ ਵਿੱਚ ਫ਼ਾਸੀਵਾਦ ‘ਤੇ ਚੱਲ ਰਹੀ ਬਹਿਸ ਸੁਰਖ਼ੀਆਂ ਵਿੱਚ ਰਹੀ। ਜ਼ਿਕਰਯੋਗ ਹੈ ਕਿ ਫ਼ਾਸੀਵਾਦ ਜਿਹੇ ਗੰਭੀਰ ਮੁੱਦੇ ‘ਤੇ ਸਮਾਜਕ ਜਮਹੂਰੀਆਂ ਦੀਆਂ ਦੋ ਧਾਰਾਵਾਂ ਵਿੱਚਲੀ ਬਹਿਸ ਦਾ ਕੇਂਦਰੀ ਨੁਕਤਾ ਇਹ ਹੈ ਕਿ ਚੋਣਾਂ (ਫਰਵਰੀ 2017 ਦੀਆਂ ਸੂਬਾਈ ਚੋਣਾਂ – ਅਨੁ) ਵਿੱਚ ਕਾਂਗਰਸ ਨਾਲ਼ ਸਾਂਝ-ਭਿਆਲੀ ਪਾਈ ਜਾਵੇ ਜਾਂ ਨਹੀਂ। ਸੰਸਦ ਦੇ ਸੂਰਾਂ ਦੇ ਵਾੜੇ ਵਿੱਚ ਲੋਟਣੀਆਂ ਲਾਉਣ ਲਈ ਬਚੇ-ਖੁਚੇ ਖੂੰਜੇ ਵੀ ਖੁੱਸਣ ਦੀ ਸੰਭਾਵਨਾ ਨਾਲ਼ ਲੋਹੇ-ਲਾਖ਼ੇ ਹੋਏ ਸਮਾਜਕ ਜਮਹੂਰੀ ਆਉਣ ਵਾਲ਼ੀਆਂ ਚੋਣਾਂ ਵਿੱਚ ਆਪਣੀ ਫੱਟੀ ਪੋਚੀ ਜਾਣ ਤੋਂ ਬਚਾਉਣ ਲਈ ਜੋੜ-ਤੋੜ ਦੇ ਮੌਕਿਆਂ ਨੂੰ ਤਲਾਸ਼ਣ ਦੀ ਮਸ਼ਕ ਵਿੱਚ ਲੱਗੇ ਹਨ। ਬੇਸ਼ਰਮੀ ਭਰੀ ਇਸ ਮਸ਼ਕ ‘ਤੇ ਗੰਭੀਰਤਾ ਦਾ ਚੋਲ਼ਾ ਪਾਉਣ ਲਈ ਉਹ ਇਸ ਨੂੰ ਫ਼ਾਸੀਵਾਦ ‘ਤੇ ਬਹਿਸ ਦਾ ਨਾਂ ਦੇ ਰਹੇ ਹਨ। ਮਜ਼ਦੂਰ ਜਮਾਤ ਦੇ ਇਨ੍ਹਾਂ ਵਿਸ਼ਵਾਸਘਾਤੀਆਂ ਤੋਂ ਇਸ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਕਿਉਂਕਿ ਇਸ ਰਸਮ-ਪੂਰਤੀ ਦੀ ਓਟ ਵਿੱਚ ਇਹ ਸਮਾਜਕ-ਜਮਹੂਰੀ ਫ਼ਾਸੀਵਾਦ ਨੂੰ ਲੈ ਕੇ ਭਰਮ ਦਾ ਧੂੰਆਂ ਛੱਡ ਰਹੇ ਹਨ, ਇਸ ਲਈ ਇਸ ਦੀ ਸਪੱਸ਼ਟਤਾ ਬੇਹੱਦ ਜ਼ਰੂਰੀ ਹੈ।

ਪ੍ਰਕਾਸ਼ ਕਰਾਤ ਦਾ ਵਿਚਾਰਕ ਦਿਵਾਲ਼ੀਆਪਨ: ਫ਼ਾਸੀਵਾਦ ਨਹੀਂ ਨਿਰੰਕੁਸ਼ਤਾ

ਲੰਘੇ 6 ਸਤੰਬਰ ਨੂੰ ਅੰਗਰੇਜ਼ੀ ਰੋਜ਼ਾਨਾ ਦੇ ‘ਇੰਡੀਅਨ ਐਕਸਪ੍ਰੈਸ’ ਵਿੱਚ ਲਿਖੇ ਆਪਣੇ ਇੱਕ ਲੇਖ ਵਿੱਚ ਮਾਕਪਾ ਦੇ ਪੋਲਿਤ ਬਿਊਰੋ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਦਲੀਲ ਦਿੱਤੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਦੇ ਬਾਅਦ ਵੀ ਭਾਰਤ ਵਿੱਚ ਫ਼ਾਸੀਵਾਦ ਦੀ ਕੋਈ ਸੰਭਾਵਨਾ ਨਹੀਂ ਹੈ, ਭਾਵੇਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਾਲ਼ ਸਬੰਧ ਰੱਖਣ ਦੇ ਕਾਰਨ ਉਹ ਸਮਾਂ ਆਉਣ ‘ਤੇ ਨਿਰੰਕੁਸ਼ ਰਾਜਸੱਤਾ ਥੋਪ ਸਕਦੀ ਹੈ। ਸੰਘ ਪਰਿਵਾਰ ਨੂੰ ਕਲੀਨ ਚਿੱਟ ਦਿੰਦੇ ਹੋਏ ਕਰਾਤ ਲਿਖਦੇ ਹਨ ਕਿ ਭਾਜਪਾ ਫ਼ਾਸੀਵਾਦੀ ਪਾਰਟੀ ਨਹੀਂ ਹੈ ਸਗੋਂ ਉਹ ਬਹੁਸੰਖਿਆਵਾਦੀ ਫਿਰਕਾਪ੍ਰਸਤੀ ਨਾਲ਼ ਲੈਸ ਇੱਕ ਸੱਜੇ-ਪੱਖੀ ਪਾਰਟੀ ਹੈ। ਕਰਾਤ ਅਨੁਸਾਰ ਆਰ. ਐੱਸ. ਐੱਸ. ਦੀ ਵਿਚਾਰਧਾਰਾ ਵੀ ਫ਼ਾਸੀਵਾਦੀ ਨਹੀਂ ਸਗੋਂ ਅਰਧ-ਫ਼ਾਸੀਵਾਦੀ ਹੈ, ਭਾਵੇਂ ਇਸ ਦਾ ਕੋਈ ਕਾਰਨ ਦੱਸਣ ਦੀ ਖੇਚਲ਼ ਨਹੀਂ ਕਰਦੇ ਕਿ ਇਸ ਵਿਚਾਰਧਾਰਾ ਨੂੰ ਫ਼ਾਸੀਵਾਦੀ ਕਿਉਂ ਨਾ ਕਿਹਾ ਜਾਵੇ। ਜ਼ਾਹਿਰਾ ਤੌਰ ‘ਤੇ ਫ਼ਾਸੀਵਾਦ ਦੇ ਸੰਦਰਭ ਵਿੱਚ ਕਰਾਤ ਦੇ ਗਿਆਨ ਦੀਆਂ ਅੱਖਾਂ ਹੁਣੇ ਜਿਹੇ ਹੀ ਖੁੱਲ੍ਹੀਆਂ ਹਨ, ਕਿਉਂਕਿ ਇਸ ਲੇਖ ਤੋਂ ਪਹਿਲਾਂ ਤੱਕ ਮਾਕਪਾ ਦੇ ਸਾਰੇ ਪ੍ਰਕਾਸ਼ਨਾਂ ਵਿੱਚ ਸੰਘ ਅਤੇ ਭਾਜਪਾ ਨੂੰ ਫ਼ਾਸੀਵਾਦੀ ਹੀ ਕਿਹਾ ਜਾਂਦਾ ਰਿਹਾ ਹੈ।

ਕਰਾਤ ਦੇ ਇਸ ਲੇਖ ਨੂੰ ਪੜ੍ਹਨ ਨਾਲ਼ ਸਮਾਜਕ ਉਥਲ-ਪੁਥਲ ਤੋਂ ਦੂਰ ਆਪਣੀ ਅਰਾਮਗਾਹ ਵਿੱਚ ਬੈਠੇ ਇੱਹ ਕੁਰਸੀਤੋੜ ਨੌਕਰਸ਼ਾਹ ਬੁੱਧੀਜੀਵੀ ਦੀ ਨਿਸ਼ਚਿੰਤਤਾ ਸਾਫ਼ ਉੱਭਰਕੇ ਆਉਂਦੀ ਹੈ। ਨਰਿੰਦਰ ਮੋਦੀ ਦੇ ਕਾਰਜਕਾਲ ਦੇ ਢਾਈ ਸਾਲਾਂ ਵਿੱਚ ਜਿਸ ਤਰ੍ਹਾਂ ਸੰਘ ਪਰਿਵਾਰ ਨੇ ਪੂਰੇ ਦੇਸ਼ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਲਗਾਤਾਰ ਬਣਾਇਆ ਹੋਇਆ ਹੈ ਜਿਸ ਢੰਗ ਨਾਲ਼ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਧੜੱਲੇ ਨਾਲ਼ ਹਮਲੇ ਹੋ ਰਹੇ ਹਨ, ਜਿਸ ਹੱਦ ਤੱਕ ਅੰਨਾ-ਕੌਮਪ੍ਰਸਤ ਜਨੂੰਨ ਯੋਜਨਾਵੱਧ ਢੰਗ ਨਾਲ਼ ਪੂਰੇ ਦੇਸ਼ ਵਿੱਚ ਫੈਲਾਇਆ ਜਾ ਰਿਹਾ ਹੈ, ਜਿਸ ਤਰ੍ਹਾਂ ਸੰਘੀ ਗੁੰਡਾ-ਲਾਣਾ ਘੱਟਗਿਣਤੀਆਂ, ਦਲਿਤਾਂ, ਤਰੱਕੀਪਸੰਦ ਅਤੇ ਧਰਮ-ਨਿਰਪੱਖ ਬੁੱਧੀਜੀਵੀਆਂ, ਸਾਹਿਤਕਾਰਾਂ, ਪੱਤਰਕਾਰਾਂ ਅਤੇ ਭਾਜਪਾ ਅਤੇ ਮੋਦੀ ਵੱਲ਼ ਅਲੋਚਨਾਤਮਕ ਰਵੱਈਆ ਰੱਖਣ ਵਾਲ਼ਿਆਂ ‘ਤੇ ਹਮਲੇ ਕਰ ਰਿਹਾ ਹੈ, ਜਿਸ ਤਰ੍ਹਾਂ ਨਾਲ਼ ਨਰਿੰਦਰ ਮੋਦੀ ਦੀ ਵਿਅਕਤੀ-ਪੂਜਾ ਦਾ ਸੱਭਿਆਚਾਰ ਵਧ-ਫੁੱਲ ਰਿਹਾ ਹੈ ਉਸ ਨੂੰ ਦੇਖਣ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਫ਼ਾਸੀਵਾਦ ਦੀ ਆਹਟ ਨਾ ਸੁਣ ਸਕਦਾ ਹੋਵੇ ਤਾਂ ਉਸ ਨੂੰ ਵੇਹਲੜ ਨੌਕਰਸ਼ਾਹ ਬੁੱਧੀਜੀਵੀ ਨਹੀਂ ਤਾਂ ਹੋਰ ਕੀ ਕਿਹਾ ਜਾਵੇ!

ਆਪਣੇ ਨਿਸ਼ਚਿੰਤ ਨਤੀਜੇ ਦੇ ਪੱਖ ਵਿੱਚ ਦਲੀਲ ਦਿੰਦੇ ਹੋਏ ਕਰਾਤ 1935 ਵਿੱਚ ਹੋਈ ਕੋਮਿੰਟਰਨ ਦੀ ਸੱਤਵੀਂ ਕਾਂਗਰਸ ਦੁਆਰਾ ਦਿੱਤੇ ਗਏ ਸੂਤਰੀਕਰਨ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ ਕਿਹਾ ਗਿਆ ਸੀ ਕਿ ”ਫ਼ਾਸੀਵਾਦ ਵਿੱਤੀ ਸਰਮਾਏ ਦੇ ਸੱਭ ਤੋਂ ਪਿਛਾਖੜੀ, ਸਭ ਤੋਂ ਅੰਨੇ-ਕੌਮਪ੍ਰਸਤ, ਸਭ ਤੋਂ ਸਾਮਰਾਜੀ ਅਨਸਰਾਂ ਦੀ ਖੁੱਲੀ ਦਹਿਸ਼ਤੀ ਤਾਨਾਸ਼ਾਹੀ ਹੁੰਦੀ ਹੈ।” ਕਰਾਤ ਅਨੁਸਾਰ ਭਾਰਤ ਵਿੱਚ ਅਜਿਹੀਆਂ ਆਰਥਿਕ, ਸਿਆਸੀ ਅਤੇ ਜਮਾਤੀ ਹਾਲਤਾਂ ਨਹੀਂ ਹਨ ਅਤੇ ਇਸ ਸਮੇਂ ਅਜਿਹਾ ਕੋਈ ਸੰਕਟ ਨਹੀਂ ਹੈ ਜਿਸ ਨਾਲ਼ ਸਰਮਾਏਦਾਰ ਢਾਂਚਾ ਡਿੱਗਣ ਵਾਲ਼ਾ ਹੋਵੇ ਅਤੇ ਭਾਰਤ ਦੀਆਂ ਹਾਕਮ ਜਮਾਤਾਂ ਦੀ ਜਮਾਤੀ ਸੱਤਾ ਦੇ ਖ਼ਤਮ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਅਨੁਸਾਰ ਹਾਕਮ ਜਮਾਤ ਦਾ ਕੋਈ ਵੀ ਹਿੱਸਾ ਬੁਰਜੂਆ ਸੰਸਦੀ ਢਾਂਚੇ ਨੂੰ ਉਖਾੜ ਸੁੱਟਣ ਲਈ ਕਾਰਜਸ਼ੀਲ ਨਹੀਂ ਹੈ। ਕਰਾਤ ਦੀ ਮੰਨੀਏ ਤਾਂ ਹਾਕਮ ਜਮਾਤ ਆਪਣੇ ਜਮਾਤੀ ਹਿੱਤਾਂ ਲਈ ਫ਼ਾਸੀਵਾਦ ਨਹੀਂ ਸਗੋਂ ਸਿਰਫ਼ ਨਿਰੰਕੁਸ਼ਤਾ ਦੇ ਰੂਪਾਂ ਨੂੰ ਹੀ ਪਰਖਣਾ ਚਾਹ ਰਹੀ ਹੈ।

ਕਰਾਤ ਦੇ ਲੇਖ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੇ ਕੋਮਿੰਟਰਨ ਦੇ ਸੂਤਰੀਕਰਨ ਤੋਂ ਇਲਾਵਾ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅਤੇ ਬਾਅਦ ਦੇ ਸਾਰੇ ਮਾਰਕਸਵਾਦੀ ਇਨਕਲਾਬੀਆਂ ਅਤੇ ਮਾਰਕਸਵਾਦੀ ਬੁੱਧੀਜੀਵੀਆਂ ਨੇ ਫ਼ਾਸੀਵਾਦ ਦੀ ਸਿਧਾਂਤਕੀ ਵਿਕਸਤ ਕਰਨ ਦਾ ਜੋ ਸਰਵੋਤਮ ਕੰਮ ਕੀਤਾ ਹੈ, ਉਸ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ ਹੈ ਅਤੇ ਫ਼ਾਸੀਵਾਦ ਦੇ ਪੂਰੇ ਵਰਤਾਰੇ ਨੂੰ ਸਿਰਫ਼ ਇੱਕ ਹਵਾਲੇ ਵਿੱਚ ਸਮੇਟ ਦਿੱਤਾ ਹੈ। ਭਾਵ ਉਨ੍ਹਾਂ ਨੇ ਇੱਕ ਕੁਰਸੀ-ਤੋੜੂ ਬੁੱਧੀਜੀਵੀ ਜਿੰਨੀ ਵੀ ਮਿਹਨਤ ਨਹੀਂ ਕੀਤੀ ਹੈ, ਬੱਸ ਪਰੀਖਿਆ ਵਿੱਚ ਨੰਬਰ ਲੈਣ ਵਾਲ਼ੇ ਰੱਟਾ-ਮਾਰੂ ਵਿਦਿਆਰਥੀ ਦੀ ਤਰ੍ਹਾਂ ਇੱਕ ਹਵਾਲੇ ਨੂੰ ਰਟਕੇ ਫ਼ਾਸੀਵਾਦ ‘ਤੇ ਬਹਿਸ ਕਰਨ ਕੁੱਦ ਪਏ ਹਨ।

ਜੇ ਕਰਾਤ ਨੇ ਕੌਮਿੰਟਰਨ ਦੇ ਸੂਤਰੀਕਰਨ ਦੇ ਉਸ ਪ੍ਰਸਿੱਧ ਹਵਾਲੇ (ਜੋ ਦਿਮਿਤ੍ਰੋਵ ਥੀਸਸ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ) ਤੋਂ ਇਲਾਵਾ ਵੀ ਫ਼ਾਸੀਵਾਦ ਦੀ ਸਿਧਾਂਤਕੀ ‘ਤੇ ਬਹੁਤ ਸਾਰੇ ਮਾਰਕਸਵਾਦੀਆਂ ਨੇ ਜੋ ਕੰਮ ਕੀਤਾ ਹੈ ਉਸ ਨੂੰ ਪੜ੍ਹਨ ਦੀ ਖੇਚਲ ਕੀਤੀ ਹੁੰਦੀ ਤਾਂ ਉਹ ਅਜਿਹੀ ਬਚਕਾਨੀ ਹਵਾਲੇਬਾਜ਼ੀ ਦੀ ਥਾਂ ਫ਼ਾਸੀਵਾਦ ਦੇ ਵਰਤਾਰੇ ਦੇ ਬੁਨਿਆਦੀ ਲੱਛਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਅਤੇ ਉਹ ਦੇਖਦੇ ਕਿ ਸੱਤਾ ਵਿੱਚ ਪਹੁੰਚਣ ਤੋਂ ਪਹਿਲਾਂ ਫ਼ਾਸੀਵਾਦ ਇੱਕ ਪਿਛਾਖੜੀ ਲਹਿਰ ਵਜੋਂ ਸਮਾਜ ਵਿੱਚ ਮੌਜੂਦ ਰਹਿੰਦਾ ਹੈ, ਜਿਸ ਦਾ ਇੱਕ ਵਿਆਪਕ ਸਮਾਜਕ ਅਧਾਰ ਹੁੰਦਾ ਹੈ ਜੋ ਮੁੱਖ ਰੂਪ ਵਿੱਚ ਨਿੱਕ-ਬੁਰਜੂਆ ਜਮਾਤ ਅਤੇ ਮਜ਼ਦੂਰ ਜਮਾਤ ਦੇ ਇੱਕ ਹਿੱਸੇ ਚੋਂ ਉਸਰਦਾ ਹੈ। ਫ਼ਾਸੀਵਾਦ ਮੁੱਖ ਰੂਪ ਵਿੱਚ ਨਿੱਕ-ਬੁਰਜੂਆ ਜਮਾਤ ਦਾ ਇੱਕ ਰੋਮਾਂਸਵਾਦੀ ਅਤੇ ਰਹੱਸਮਈ ਉਭਾਰ ਹੁੰਦਾ ਹੈ, ਜਿਸਦੀ ਅਗਵਾਈ ਫ਼ਾਸੀਵਾਦ ਦੀ ਆਧੁਨਿਕ ਵਿਚਾਰਧਾਰਾ ਨਾਲ਼ ਲੈਸ ਇੱਕ ਕਾਡਰ ਅਧਾਰਤ ਪਾਰਟੀ ਕਰਦੀ ਹੈ। ਫ਼ਾਸੀਵਾਦ ਵੱਡੇ ਸਰਮਾਏ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ ਕਿਉਂਕਿ ਮੁਨਾਫ਼ੇ ਦੀ ਡਿੱਗਦੀ ਦਰ ਨਾਲ਼ ਆਉਣ ਵਾਲ਼ੇ ਸਰਮਾਏਦਾਰੀ ਦੇ ਸੰਕਟ ਦੀ ਹਾਲਤ ਵਿੱਚ ਜਦ ਇਜ਼ਾਰੇਦਾਰ ਸਰਮਾਏਦਾਰ ਜਮਾਤ ਬੁਰਜੂਆ ਜਮਹੂਰੀਅਤ ਦੇ ਪੁਰਾਣੇ ਢੰਗ ਨਾਲ਼ ਸੱਤਾ ਨਹੀਂ ਚਲਾ ਸਕਦੀ ਤਾਂ ਉਹ ਫ਼ਾਸੀਵਾਦੀ ਬਦਲ ਨੂੰ ਚੁਣਦੀ ਹੈ ਅਤੇ ਇਸ ਤਰ੍ਹਾਂ ਫ਼ਾਸੀਵਾਦੀ ਲਹਿਰ ਸੱਤਾ ਤੱਕ ਪਹੁੰਚ ਜਾਂਦੀ ਹੈ।

ਕਰਾਤ ਫ਼ਾਸੀਵਾਦ ਦੇ ਬੁਨਿਆਦੀ ਲੱਛਣਾਂ ਨੂੰ ਸਮਝਕੇ ਸਮੇਂ ਅਤੇ ਸਥਾਨ ਵਿੱਚ ਆਈਆਂ ਤਬਦੀਲੀਆਂ ਅਨੁਸਾਰ ਉਸ ਵਿੱਚ ਆਈਆਂ ਤਬਦੀਲੀਆਂ ਨੂੰ ਸਮਝਣ ਦੀ ਥਾਂ ਦੋ ਸੰਸਾਰ ਜੰਗਾਂ ਵਿੱਚ ਜਰਮਨੀ ਅਤੇ ਇਟਲੀ ਦੀ ਹਾਲਤ ਦੀ ਅੱਜ ਦੇ ਭਾਰਤ ਦੀ ਹਾਲਤ ਨਾਲ਼ ਦ੍ਰਿਸ਼-ਪੇਸ਼ਕਾਰੀ ਕਰਦੇ ਹਨ ਅਤੇ ਕਿਉਂਕਿ ਇਹ ਹਾਲਤਾਂ ਇੰਨ-ਬਿੰਨ ਮੇਲ਼ ਨਹੀਂ ਖਾਂਦੀਆਂ, ਇਸ ਲਈ ਉਨ੍ਹਾਂ ਦਾ ਸ਼ਾਂਤ ਮਨ ਨਿਸ਼ਚਿੰਤ ਹੋ ਜਾਂਦਾ ਹੈ ਕਿ ਚਲੋ ਭਾਰਤ ਵਿੱਚ ਫ਼ਾਸੀਵਾਦ ਦਾ ਕੋਈ ਖ਼ਤਰਾ ਨਹੀਂ ਹੈ। ਜੇ ਉਹ ਦਿਮਿਤ੍ਰੋਵ ਦੇ ਥੀਸਸ ਨੂੰ ਵੀ ਪੂਰਾ ਪੜ੍ਹਨ ਦੀ ਖੇਚਲ ਕਰਦੇ ਤਾਂ ਦੇਖਦੇ ਕਿ ਉਸ ਵਿੱਚ ਵੀ ਇਹ ਲਿਖਿਆ ਸੀ ਕਿ ਫ਼ਾਸੀਵਾਦ ਵੱਖ-ਵੱਖ ਹਾਲਤਾਂ ਵਿੱਚ ਵੱਖ-ਵੱਖ ਰੂਪ ਧਾਰਨ ਕਰ ਸਕਦਾ ਹੈ।

21ਵੀਂ ਸਦੀ ਦੇ ਭਾਰਤ ਦੀ ਤੁਲਨਾ ਦੋ ਸੰਸਾਰ ਜੰਗਾਂ ਵਿੱਚ ਜਰਮਨੀ ਅਤੇ ਇਟਲੀ ਦੀਆਂ ਹਾਲਤਾਂ ਨਾਲ਼ ਕਰਨ ‘ਤੇ ਅਸੀਂ ਕੁਝ ਸਮਾਨਤਾਵਾਂ ਤੋਂ ਇਲਾਵਾ ਬਹੁਤ ਸਾਰੀਆਂ ਅਸਮਾਨਤਾਵਾਂ ਨੂੰ ਦੇਖਦੇ ਹਾਂ। ਇਨ੍ਹਾਂ ਦੋਵਾਂ ਕਾਲ-ਖੰਡਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਇਹ ਦੋਵੇਂ ਇਜ਼ਾਰੇਦਾਰ ਸਰਮਾਏਦਾਰੀ ਦੇ ਸੰਕਟ ਦੇ ਦੌਰ ਹਨ, ਭਾਵੇਂ ਅਜੋਕੇ ਦੌਰ ਦੇ ਸਰਮਾਏਦਾਰੀ ਸੰਕਟ ਪਹਿਲਾਂ ਦੇ ਮੁਕਾਬਲੇ ਢਾਂਚਾਗਤ ਹਨ ਅਤੇ ਇਨ੍ਹਾਂ ਵਿੱਚ ਅਣਕਿਆਸਤਾ ਦੇ ਪੱਖ ਦੀ ਥਾਂ ਲਗਾਤਾਰਤਾ ਦਾ ਪੱਖ ਭਾਰੂ ਹੈ। ਸੰਸਾਰ ਸਰਮਾਏਦਾਰੀ 1970 ਦੇ ਦਹਾਕੇ ਤੋਂ ਹੀ ਇਸ ਢਾਂਚਾਗਤ ਮੰਦੀ ਦੀ ਸ਼ਿਕਾਰ ਹੈ ਜਿਸ ਦੇ ਬਾਅਦ ਉਸ ਨੇ ਕੋਈ ਤੇਜ਼ੀ ਦਾ ਦੌਰ ਨਹੀਂ ਦੇਖਿਆ ਹੈ, ਇਸ ਦੌਰ ਵਿੱਚ ਮੰਦੀ ਦੀ ਤੀਬਰਤਾ ਕਦੀ ਵਧ ਜਾਂਦੀ ਹੈ ਤਾਂ ਕਦੀ ਘੱਟ। 2007 ਵਿੱਚ ਅਮਰੀਕਾ ਵਿੱਚ ਰਿਹਾਇਸ਼ੀ ਬੁਲਬਲਾ ਫਟਣ ਨਾਲ਼ ਸੰਸਾਰ ਵਿਆਪੀ ਮੰਦੀ ਦਾ ਜੋ ਮੌਜੂਦਾ ਪੜਾਅ ਸ਼ੁਰੂ ਹੋਇਆ ਹੈ ਉਸ ਦੀ ਤੁਲਨਾ 1930 ਦੇ ਦਹਾਕੇ ਦੀ ਮੰਦੀ ਨਾਲ਼ ਕੀਤੀ ਜਾ ਰਹੀ ਹੈ, ਭਾਵੇਂ ਸਰਮਾਏਦਾਰੀ ਨੂੰ ਅਜੌਕੇ ਦੌਰ ਦੀ ਮੰਦੀ ਤੋਂ ਨਿਜਾਤ ਹਾਸਲ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਅਜਿਹੇ ਵਿੱਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੀ-ਸੱਜੇਪੱਖੀ ਉਭਾਰ ਦੀਆਂ ਵੱਖ-ਵੱਖ ਕਿਸਮਾਂ ਦੇਖਣ ਵਿੱਚ ਆ ਰਹੀਆਂ ਹਨ।

ਭਾਰਤ ਵਿੱਚ ਅਤੀ-ਸੱਜੇਪੱਖ ਦਾ ਜੋ ਉਭਾਰ ਦੇਖਣ ਵਿੱਚ ਆਇਆ ਹੈ ਉਹ ਫ਼ਾਸੀਵਾਦੀ ਇਸ ਲਈ ਹੈ ਕਿਉਂਕਿ ਇਸ ਦੇ ਪਿੱਛੇ ਨਿੱਕ-ਬੁਰਜੂਆ ਜਮਾਤ ਦੀ ਇੱਕ ਪਿਛਾਖੜੀ ਲਹਿਰ ਹੈ ਜਿਸ ਦੀ ਅਗਵਾਈ ਸੰਘ ਵਜੋਂ ਫ਼ਾਸੀਵਾਦੀ ਵਿਚਾਰਧਾਰਾ ਵਾਲ਼ੀ ਇੱਕ ਕਾਡਰ ਅਧਾਰਤ ਜਥੇਬੰਦੀ ਕਰ ਰਹੀ ਹੈ। ਇਹ ਸੱਚ ਹੈ ਕਿ 2014 ਵਿੱਚ ਜਦ ਨਰਿੰਦਰ ਮੋਦੀ ਵਜੋਂ ਭਾਜਪਾ ਸੱਤਾ ਵਿੱਚ ਆਈ, ਉਸ ਸਮੇਂ ਭਾਰਤ ਦੀ ਸਰਮਾਏਦਾਰ ਜਮਾਤ ਅੱਗੇ ਆਪਣੀ ਜਮਾਤੀ ਸੱਤਾ ਦੀ ਹੋਂਦ ਦਾ ਕੋਈ ਸੰਕਟ ਨਹੀਂ ਸੀ, ਪਰ ਇਹ ਵੀ ਸੱਚ ਹੈ ਕਿ ਮੁਨਾਫ਼ੇ ਦੀ ਡਿੱਗਦੀ ਦਰ ਅਤੇ ਆਮ ਲੋਕਾਂ ਦਾ ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਅੱਕ ਕੇ ਮੋਹਭੰਗ ਹੋਣ ਦੀ ਹਾਲਤ ਵਿੱਚ ਭਾਰਤ ਦੀ ਸਰਮਾਏਦਾਰ ਜਮਾਤ ਕੋਲ਼ ਭਾਜਪਾ ਦਾ ਬਦਲ ਹੀ ਸਭ ਤੋਂ ਕਾਰਗਰ ਬਦਲ ਸੀ ਜੋ ਸੱਭ ਤੋਂ ਜ਼ਿਆਦਾ ਚੁਸਤੀ ਨਾਲ਼ ਉਸ ਦੇ ਹਿੱਤਾਂ ਵਿੱਚ ਨੀਤੀਆਂ ਬਣਾਕੇ ਉਸ ਦੇ ਮੁਨਾਫ਼ੇ ਦੀ ਦਰ ਨੂੰ ਵਧਾ ਸਕਦੀ ਸੀ ਅਤੇ ਮਜ਼ਦੂਰ ਜਮਾਤ ਦੇ ਹੱਕਾਂ ਨੂੰ ਸੱਭ ਤੋਂ ਵਹਿਸ਼ੀ ਢੰਗ ਨਾਲ਼ ਖੋਹ ਸਕਦੀ ਸੀ। ਅਜਿਹੇ ਵਿੱਚ ਸਿਰਫ਼ ਇਸ ਅਧਾਰ ‘ਤੇ ਇਸ ਸੱਤਾ ਨੂੰ ਫ਼ਾਸੀਵਾਦੀ ਨਾ ਕਹਿਣਾ ਮੂੜਮੱਤ ਦੀ ਨਿਸ਼ਾਨੀ ਹੀ ਕਹੀ ਜਾਵੇਗੀ ਕਿ ਭਾਰਤ ਦੀ ਸਰਮਾਏਦਾਰ ਜਮਾਤ ਨੇ ਸਮੇਂ ਤੋਂ ਪਹਿਲਾਂ ਹੀ ਇਸ ਬਦਲ ਨੂੰ ਚੁਣ ਲਿਆ। ਕਰਾਤ ਜਿਹੇ ਲੋਕ ਫ਼ਾਸੀਵਾਦ ਦੀ ਪ੍ਰਕਿਰਿਆ ਨੂੰ ਸਮਝਣ ਦੀ ਥਾਂ ਸਿਰਫ਼ ਉਸ ਦੀ ਅੰਤਮ-ਪੈਦਾਵਾਰ ਨੂੰ ਹੀ ਫ਼ਾਸੀਵਾਦੀ ਮੰਨ ਬਹਿੰਦੇ ਹਨ। ਅਜਿਹੇ ਲੋਕ ਫ਼ਾਸੀਵਾਦ ਦੀ ਹੋਂਦ ਨੂੰ ਤਦ ਤੱਕ ਪ੍ਰਵਾਨ ਨਹੀਂ ਕਰਨਗੇ ਜਦ ਤੱਕ ਬੁਰਜੂਆ ਜਮਹੂਰੀਅਤ ਦਾ ਢਾਂਚਾ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ ਅਤੇ ਜਦ ਲੋਕ ਗੈਸ ਚੈਂਬਰਾਂ ਵਿੱਚ ਨਾ ਭੇਜੇ ਜਾਣ ਲੱਗਣ। ਜਿਕਰਯੋਗ ਹੈ ਕਿ ਫ਼ਾਸੀਵਾਦ ਨੇ ਵੀ ਆਪਣੇ ਅਤੀਤ ਤੋਂ ਸਬਕ ਸਿੱਖਿਆ ਹੈ ਅਤੇ ਅੱਜ ਉਸ ਨੂੰ ਆਪਣੀਆਂ ਘ੍ਰਿਣਿਤ ਕਰਤੂਤਾਂ ਨੂੰ ਨੇਪਰੇ ਚਾੜਨ ਲਈ ਬੁਰਜੂਆ ਜਮਹੂਰੀਅਤ ਦਾ ਰਸਮੀ ਢਾਂਚਾ ਡਿਗਾਉਣ ਦੀ ਲੋੜ ਹੀ ਨਹੀਂ ਹੈ। ਉਪਰੋਂ ਇਸ ਰਸਮੀਂ ਢਾਂਚੇ ਨੂੰ ਕਾਇਮ ਰੱਖਦੇ ਹੋਏ ਲੋਕਾਂ ਦੇ ਹੱਕਾਂ ਨੂੰ ਖੋਹ ਕੇ ਅਤੇ ਰਾਜਸੱਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਕਤ ਦੇ ਕੇ ਇਸ ਨੂੰ ਅੰਦਰੋਂ ਖੋਖਲਾ ਕਰਕੇ ਉਹ ਸਭ ਕੁਝ ਕੀਤਾ ਜਾ ਸਕਦਾ ਹੈ ਜੋ ਇੱਕ ਨੰਗੀ ਤਾਨਾਸ਼ਾਹੀ ਵਿੱਚ ਕੀਤਾ ਜਾ ਸਕਦਾ ਹੈ। ਨੌਕਰਸ਼ਾਹੀ, ਨਿਆਪਾਲਿਕਾ ਅਤੇ ਫੌਜ ਵਿੱਚ ਫ਼ਾਸੀਵਾਦੀਆਂ ਦੀ ਘੁਸਪੈਠ ਨਾਲ਼ ਇਹ ਕੰਮ ਕਰਨਾ ਹੋਰ ਵੀ ਸੌਖਾਲਾ ਹੋ ਗਿਆ ਹੈ। ਅਜਿਹੇ ਵਿੱਚ ਬੁਰਜੂਆ ਜਮਹੂਰੀਅਤ ਦਾ ਰਸਮੀਂ ਢਾਂਚਾ ਅਸਲ ਵਿੱਚ ਫ਼ਾਸੀਵਾਦੀਆਂ ਦੀਆਂ ਕਰਤੂਤਾਂ ‘ਤੇ ਪਰਦੇ ਦਾ ਕੰਮ ਕਰਦਾ ਹੈ। ਇਸੇ ਪਰਦੇ ਨੂੰ ਦੇਖ ਕੇ ਪ੍ਰਕਾਸ਼ ਕਰਾਤ ਅਤੇ ਉਨ੍ਹਾਂ ਦਾ ਧੜਾ ਨਿਸ਼ਚਿੰਤ ਹੈ ਕਿ ਭਾਰਤ ਵਿੱਚ ਫ਼ਾਸੀਵਾਦ ਨਾ ਤਾਂ ਆਇਆ ਹੈ ਅਤੇ ਨਾ ਹੀ ਇਸ ਦੇ ਆਉਣ ਦੀ ਕੋਈ ਸੰਭਾਵਨਾ ਹੈ। ਜ਼ਿਆਦਾ ਤੋਂ ਜ਼ਿਆਦਾ ਕਰਾਤ ਇਸ ਨੂੰ ਨਿਰੰਕੁਸ਼ਤਾ ਦਾ ਨਾਂ ਦਿੰਦੇ ਹਨ। ਪਰ ਉਹ ਇਹ ਨਹੀਂ ਦੱਸਦੇ ਕਿ ਜੇ ਇਹ ਨਿਰੰਕੁਸ਼ਤਾ ਹੈ ਤਾਂ ਨਵ-ਉਦਾਰਵਾਦੀ ਯੁੱਗ ਵਿੱਚ ਗ਼ੈਰ-ਭਾਜਪਾ ਪਾਰਟੀਆਂ ਦੀ ਅਗਵਾਈ ਵਿੱਚ ਬਣੀਆਂ ਸਰਕਾਰਾਂ ਕੀ ਸਨ? ਇਸ ਦਾ ਕਾਰਨ ਸਮਝਣਾ ਔਖਾ ਨਹੀਂ ਹੈ। ਆਖ਼ਰ ਮਾਕਪਾ ਨੇ ਵੀ ਇਸ ਦੌਰ ਵਿੱਚ ਕਾਂਗਰਸੀ ਅਗਵਾਈ ਵਾਲ਼ੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਨੂੰ ਹਮਾਇਤ ਦਿੱਤੀ ਸੀ ਤਾਂ ਉਹ ਨਿਰੰਕੁਸ਼ ਕਿਵੇਂ ਹੋ ਸਕਦੀ ਹੈ। ਕਰਾਤ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਜੇ ਨਵ-ਉਦਾਰਵਾਦੀ ਦੌਰ ਵਿੱਚ ਹੋਰਨਾਂ ਸਰਕਾਰਾਂ ਦੀ ਨਿਰੰਕੁਸ਼ ਕਹਿਣ ਦਾ ਜੋਖ਼ਮ ਉਠਾਉਣਗੇ ਤਾਂ ਉਨ੍ਹਾਂ ਨੂੰ ਨੰਦੀਗ੍ਰਾਮ ਅਤੇ ਸਿੰਗੂਰ ਨੂੰ ਨੇਪਰੇ ਚਾੜਨ ਵਾਲ਼ੀ ਪੱਛਮੀਂ ਬੰਗਾਲ ਦੀ ਮਾਕਪਾ ਸਰਕਾਰ ਨੂੰ ਵੀ ਨਿਰੰਕੁਸ਼ ਕਹਿਣਾ ਹੋਵੇਗਾ।    

ਫ਼ਾਸੀਵਾਦ ‘ਤੇ ਯੇਚੁਰੀ ਦੀ ਲਾਈਨ : ਕਾਂਗਰਸ ਨਾਲ਼ ਚੋਣ-ਗੱਠਜੋੜ ਦੀ ਤਿਆਰੀ

ਪ੍ਰਕਾਸ਼ ਕਰਾਤ ਦੇ ਲੇਖ ਦੇ ਬਾਅਦ ਮਾਕਪਾ ਜਰਨਲ ਸਕੱਤਰ ਸੀਤਾਰਾਮ ਨੇ ਉਨ੍ਹਾਂ ਦੀ ਲਾਈਨ ਨਾਲ਼ ਮੱਤਭੇਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਭਾਵੇਂ ਹੀ ਕਲਾਸਕੀ ਅਰਥਾਂ ਵਿੱਚ ਫ਼ਾਸੀਵਾਦੀ ਨਾ ਹੋਵੇ ਪਰ ਉਹ ਆਰ. ਐੱਸ. ਐੱਸ ਦਾ ਸਿਆਸੀ ਧੜਾ ਹੈ ਜੋ ਫ਼ਾਸੀਵਾਦੀ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਯੇਚੁਰੀ ਨੇ ਇਹ ਵੀ ਕਿਹਾ ਕਿ ਭਾਵੇਂ ਹੀ ਅੱਜ ਭਾਰਤ ਦੀਆਂ ਹਾਲਤਾਂ ਹਿਟਲਰ ਦੇ ਜਰਮਨੀ ਜਿਹੀਆਂ ਨਹੀਂ ਹਨ, ਪਰ ਭਵਿੱਖ ਵਿੱਚ ਅਜਿਹੀਆਂ ਹਾਲਤਾਂ ਬਣ ਵੀ ਸਕਦੀਆਂ ਹਨ। ਉਨ੍ਹਾਂ ਨੇ ਪਾਰਟੀ ਦੀ ਪਿਛਲੀ ਕਾਂਗਰਸ ਵਿੱਚ ਪਾਸ ਕੀਤੇ ਪਾਰਟੀ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਵਿੱਚ ਸਪੱਸ਼ਟ ਰੂਪ ਵਿੱਚ ਐਰ.ਐੱਸ.ਐੱਸ-ਭਾਜਪਾ ਨੂੰ ਫਿਰਕੂ ਫ਼ਾਸੀਵਾਦੀ ਪਾਰਟੀ ਕਿਹਾ ਗਿਆ ਹੈ। ਯੇਚੁਰੀ ਨੇ ਇਹ ਵੀ ਕਿਹਾ ਕਿ ਕੇਂਦਰੀ ਕਮੇਟੀ ਨੇ ਜਮਹੂਰੀ ਅਤੇ ਧਰਮ-ਨਿਰਪੱਖ ਤਾਕਤਾਂ ਨਾਲ਼ ਫਿਰਕਾਪ੍ਰਸਤ ਵਿਰੋਧੀ ਮੰਚ ਬਣਾਉਣ ਦਾ ਫ਼ੈਸਲਾ ਲਿਆ ਸੀ। ਜਾਹਿਰ ਹੈ ਯੇਚੁਰੀ ਦਾ ਇਸ਼ਾਰਾ ਇਸ ਵੱਲ ਸੀ ਕਿ ਕਰਾਤ ਨੇ ਪਾਰਟੀ ਲਾਈਨ ਦੇ ਖ਼ਿਲਾਫ਼ ਲਿਖਿਆ ਹੈ।

ਕਿਸੇ ਨੂੰ ਇਹ ਭਰਮ ਹੋ ਸਕਦਾ ਹੈ ਕਿ ਇਸ ਮੁੱਦੇ ‘ਤੇ ਯੇਚੁਰੀ ਜਿਹੇ ਅਨੁਭਵਵਾਦ ਨੇ ਸਿਧਾਂਤਕ ਰੂਪ ਵਿੱਚ ਮੁਕਾਬਲਤਨ ਸਹੀ ਪੁਜ਼ੀਸ਼ਨ ਅਪਣਾਈ ਹੈ। ਪਰ ਸੱਚ ਤਾਂ ਇਹ ਹੈ ਕਿ ਯੇਚੁਰੀ ਦੀ ਇਸ ਪੁਜ਼ੀਸ਼ਨ ਪਿੱਛੇ ਵੀ ਉਨ੍ਹਾਂ ਦਾ ਅਨੁਭਵਵਾਦ ਹੀ ਕੰਮ ਕਰ ਰਿਹਾ ਹੈ। ਪਾਰਟੀ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਭਾਜਪਾ-ਵਿਰੋਧੀ ਜਿਸ ਜਮਹੂਰੀ ਅਤੇ ਧਰਮ-ਨਿਰਪੱਖ ਤਾਕਤਾਂ ਦੇ ਮੰਚ ਦੀ ਗੱਲ ਯੇਚੁਰੀ ਕਰ ਰਹੇ ਸਨ ਉਨ੍ਹਾਂ ਨੂੰ ਸਰਲ ਸਿਆਸੀ ਸ਼ਬਦਾਵਲੀ ਵਿੱਚ ਸਮਝਿਆ ਜਾਵੇ ਤਾਂ ਉਨ੍ਹਾਂ ਦਾ ਅਰਥ ਕਾਂਗਰਸ ਨਾਲ਼ ਗੱਠਜੋੜ ਬਨਾਉਣ ਦਾ ਸੀ। ਅਸਲ ਵਿੱਚ, ਜਿਸ ਨੂੰ ਫ਼ਾਸੀਵਾਦ ‘ਤੇ ਬਹਿਸ ਦਾ ਨਾਂ ਦਿੱਤਾ ਜਾ ਰਿਹਾ ਹੈ ਉਸ ਦੀ ਬੁਨਿਆਦ ਵਿੱਚ ਕੋਈ ਸਿਧਾਂਤਕ ਸੁਆਲ ਨਹੀਂ ਸਗੋਂ, ਇਹ ਸਮਾਜਕ ਜਮਹੂਰੀਆਂ ਦੇ ਦੋ ਧੜਿਆਂ ਵਿੱਚ ਇਸ ਸੁਆਲ ‘ਤੇ ਚੱਲ ਰਹੀ ਖਿੱਚ-ਧੂਹ ਹੈ ਕਿ ਚੋਣਾਂ ਵਿੱਚ ਮਾਕਪਾ ਨੂੰ ਕਾਂਗਰਸ ਨਾਲ਼ ਗੱਠਜੋੜ ਬਣਾਉਣਾ ਚਾਹੀਦਾ ਸੀ ਜਾਂ ਨਹੀਂ। ਯੇਚੁਰੀ ਧੜੇ ਦਾ ਮੰਨਣਾ ਹੈ ਕਿ ਕਾਂਗਰਸ ਨਾਲ਼ ਗੱਠਜੋੜ ਬਨਾਉਣਾ ਚਾਹੀਦਾ ਹੈ ਜਦ ਕਿ ਕਰਾਤ ਦਾ ਧੜਾ ਅਜਿਹੇ ਗੱਠਜੋੜ ਦੇ ਖ਼ਿਲਾਫ਼ ਹੈ। ਮਾਕਪਾ ਦੀ ਪੱਛਮੀਂ ਬੰਗਾਲ ਇਕਾਈ ਯੇਚੁਰੀ ਦੀ ਲਾਈਨ ਦੀ ਹਮਾਇਤ ਵਿੱਚ ਹੈ, ਜਦ ਕਿ ਕੇਰਲ ਇਕਾਈ ਕਰਾਤ ਦੀ ਲਾਈਨ ਦੀ ਹਮਾਇਤ ਵਿੱਚ ਹੈ ਕਿਉਂਕਿ ਕੇਰਲ ਵਿੱਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ। ਇਸ ਚੁਣਾਵੀ ਤਿਕੜਮ ਵਿੱਚ ਯੇਚੁਰੀ ਦੇ ਪੱਲੇ ਵਿੱਚ ਉਸ ਸਮੇਂ ਇੱਕ ਵੱਡਾ ਵੱਟਾ ਪਿਆ ਜਦ ਕਰਾਤ ਦੇ ਲੇਖ ਦੇ ਕੁਝ ਦਿਨ ਬਾਅਦ ਹੀ ਮੰਨੇ ਪ੍ਰਮੰਨੇ ਮਾਰਕਸਵਾਦੀ ਇਤਿਹਾਸਕਾਰ ਇਰਫ਼ਾਨ ਹਬੀਬ ਨੇ ਮਾਕਪਾ ਦੀ ਲੀਡਰਸ਼ਿਪ ਨੂੰ ਚਿੱਠੀ ਲਿਖ ਕੇ ਭਾਜਪਾ ਦੇ ਖਿਲਾਫ਼ ਕਾਂਗਰਸ ਨਾਲ਼ ਗੱਠਜੋੜ ਬਨਾਉਣ ਦੀ ਜ਼ੋਰਦਾਰ ਵਕਾਲਤ ਕੀਤੀ। ਇਰਫ਼ਾਨ ਹਬੀਬ ਜਦ ਤੱਕ ਮੱਧਕਾਲ ਦੇ ਇਤਿਹਾਸ ‘ਤੇ ਲਿਖਦੇ ਹਨ ਤਦ ਤੱਕ ਤਾਂ ਉਹ ਮਾਰਕਸਵਾਦੀ ਸੰਦਾਂ ਦੀ ਸ਼ਾਨਦਾਰ ਵਰਤੋਂ ਕਰਦੇ ਹਨ, ਪਰ ਜਿਉਂ-ਜਿਉਂ ਆਧੁਨਿਕ ਕਾਲ ਤੋਂ ਹੁੰਦੇ ਹੋਏ ਸਮਕਾਲੀ ਇਤਿਹਾਸ ‘ਤੇ ਆਉਂਦੇ ਹਨ ਤਾਂ ਮਾਰਕਸਵਾਦੀ ਸੰਦਾਂ ਦੀ ਵਰਤੋਂ ਦੀ ਉਨ੍ਹਾਂ ਦੀ ਸਮਰਥਾ ਹੈਰਾਨੀਜਨਕ ਰੂਪ ਵਿੱਚ ਗੁੰਮ ਹੋ ਜਾਂਦੀ ਹੈ ਅਤੇ ਉਹ ਖੋਖਲੀਆਂ ਅਕਾਦਮਿਕ ਮਾਰਕਸਵਾਦੀ ਰਚਨਾਵਾਂ ਨਾਲ਼ ਸਮਾਜਕ ਜਮਹੂਰੀਅਤ ਦੀ ਸੇਵਾ ਕਰਦੇ ਨਜ਼ਰ ਆਉਂਦੇ ਹਨ।

ਯੇਚੁਰੀ ਧੜੇ ਦੀ ਹਮਾਇਤ ਵਿੱਚ ਦਲੀਲ ਦੇਣ ਵਾਲ਼ੇ ਅਕਸਰ 1935 ਵਿੱਚ ਕੌਮਿੰਟਰਨ ਦੀ ਸੱਤਵੀਂ ਕਾਂਗਰਸ ਵਿੱਚ ਪਾਸ ‘ਪਾਪੂਲਰ ਫਰੰਟ’ ਦੀ ਲਾਈਨ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ ਉਦਾਰ ਸਰਮਾਏਦਾਰੀ ਅਤੇ ਫ਼ਾਸੀਵਾਦੀ ਤਾਨਾਸ਼ਾਹੀ ਵਿੱਚ ਫ਼ਰਕ ਕੀਤਾ ਗਿਆ ਸੀ ਅਤੇ ਫ਼ਾਸੀਵਾਦ ਨਾਲ਼ ਲੜਨ ਲਈ ਮਜ਼ਦੂਰ ਜਮਾਤ ਦੀਆਂ ਤਾਕਤਾਂ ਨੂੰ ਉਦਾਰ ਬੁਰਜੂਆ ਤਾਕਤਾਂ ਨਾਲ਼ ਮਿਲ਼ ਕੇ ਮੋਰਚਾ ਬਨਾਉਣਾ ਚਾਹੀਦਾ ਹੈ। ਪਰ ਅਜਿਹੀ ਦਲੀਲ ਦੇਣ ਵਾਲ਼ੇ ਲੋਕ ਇਹ ਭੁੱਲ ਜਾਂਦੇ ਹਨ ਕਿ ਪਾਪੂਲਰ ਫਰੰਟ ਦੀ ਲਾਈਨ ਕੋਈ ਅਜਿਹੀ ਸਰਵ-ਵਿਆਪਕ ਲਾਈਨ ਨਹੀਂ ਹੈ ਜੋ ਫ਼ਾਸੀਵਾਦ ਨਾਲ਼ ਲੜਾਈ ਵਿੱਚ ਹਰ ਥਾਂ ਅਤੇ ਹਰ ਸਮੇਂ ਲਾਗੂ ਕਰਨੀ ਹੀ ਹੈ। ਕੌਮਿੰਟਰਨ ਦੀ ਖ਼ੁਦ ਦੀ ਲਾਈਨ ਵੀ ਸਦਾ ‘ਪਾਪੂਲਰ ਫਰੰਟ’ ਦੀ ਨਹੀਂ ਸੀ। 1921-28 ਤੱਕ ਕੌਮਿੰਟਰਨ ਦੀ ਲਾਈਨ ‘ਯੁਨਾਇਟਿਡ ਫਰੰਟ’ ਦੀ ਸੀ ਜਿਸ ਵਿੱਚ ਸਿਰਫ ਮਜ਼ਦੂਰ ਜਮਾਤ ਦੀਆਂ ਤਾਕਤਾਂ ਨਾਲ਼ ਸਾਂਝਾ ਮੋਰਚਾ ਬਨਾਉਣ ਦੀ ਗੱਲ ਕੀਤੀ ਗਈ ਸੀ। 1924 ਵਿੱਚ ਕੌਮਿੰਟਰਨ ਦੀ ਪੰਜਵੀਂ ਕਾਂਗਰਸ ਵਿੱਚ ਫ਼ਾਸੀਵਾਦ ਦੇ ਉਭਾਰ ਵਿੱਚ ਸਮਾਜਕ ਜਮਹੂਰੀਆਂ ਦੀ ਭੂਮਿਕਾ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਸਮਾਜਕ ਫ਼ਾਸੀਵਾਦੀ ਕਹਿੰਦੇ ਹੋਏ ਬੇਨਕਾਬ ਕਰਨ ਦੀ ਗੱਲ ਵੀ ਕੀਤੀ ਗਈ ਸੀ।

‘ਪਾਪੂਲਰ ਫਰੰਟ’ ਦੀ ਲਾਈਨ ਇੱਕ ਵਿਸ਼ੇਸ਼ ਹਾਲਤ ਵਿੱਚ ਦਿੱਤੀ ਕੀਤੀ ਗਈ ਸੀ, ਜਦ ਯੂਰੋਪ ਦੇ ਸਾਰੇ ਦੇਸ਼ਾਂ ਵਿੱਚ ਮਜ਼ਦੂਰ ਲਹਿਰ ਫੈਸਲਾਕੁੰਨ ਤੌਰ ‘ਤੇ ਹਾਰ ਚੁੱਕੀ ਸੀ ਅਤੇ ਜਰਮਨੀ ਅਤੇ ਇਟਲੀ ਵਿੱਚ ਫ਼ਾਸੀਵਾਦੀ ਤਾਨਾਸ਼ਾਹੀ ਮਜ਼ਬੂਤੀ ਨਾਲ਼ ਜੜ੍ਹਾਂ ਜਮਾ ਚੁੱਕੀ ਸੀ ਅਤੇ ਮਨੁੱਖਤਾ ਉੱਪਰ ਭਿਆਨਕ ਨਸਲਕੁਸ਼ੀ ਅਤੇ ਵਿਨਾਸ਼ ਦਾ ਖ਼ਤਰਾ ਮੌਜੂਦ ਸੀ। ਉਂਝ ਇਹ ਵੀ ਪੱਕੇ ਦਾਅਵੇ ਨਾਲ਼ ਨਹੀਂ ਕਿਹਾ ਜਾ ਸਕਦਾ ਕਿ ਜਿੱਥੇ ‘ਪਾਪੂਲਰ ਫਰੰਟ’ ਬਣਿਆ ਉੱਥੇ ਉਦਾਰ ਬੁਰਜੂਆ ਤਾਕਤਾਂ ਨੇ ਫ਼ਾਸੀਵਾਦ-ਵਿਰੋਧੀ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਸੀ ਜਿਸ ਨੇ ਫ਼ਾਸੀਵਾਦ ਨੂੰ ਹਰਾਉਣ ਵਿੱਚ ਵਿਚਾਰਨ ਯੋਗ ਮਦਦ ਮਿਲ਼ੀ ਹੋਵੇ।

ਗ਼ੌਰ ਕਰਨ ਵਾਲ਼ੀ ਗੱਲ ਇਹ ਵੀ ਹੈ ਕਿ ਪਾਪੂਲਰ ਫਰੰਟ ਦੀ ਲਾਈਨ ਵੀ ਚੁਣਾਵੀ ਮੋਰਚੇ ਸਬੰਧੀ ਨਹੀਂ, ਸਗੋਂ ਫ਼ਾਸੀਵਾਦ-ਵਿਰੋਧੀ ਕਾਰਵਾਈਆਂ ਸਬੰਧੀ ਸੀ। ਵੈਸੇ ਵੀ ਇਜ਼ਾਰੇਦਾਰ ਸਰਮਾਏਦਾਰੀ ਅੱਜ ਜਿਸ ਹਾਲਤ ਵਿੱਚ ਪਹੁੰਚ ਚੁੱਕੀ ਹੈ, ਉਸ ਵਿੱਚ ਉਦਾਰ ਸਰਮਾਏਦਾਰ ਜਮਾਤ ਦੇ ਥੋੜ੍ਹਾ ਵੀ ਅਗਾਂਹਵਧੂ ਹੋਣ ‘ਤੇ ਬਹੁਤ ਵੱਡਾ ਸੁਆਲੀਆ ਨਿਸ਼ਾਨ ਹੈ। ਭਾਰਤ ਦੀ ਗੱਲ ਕਰੀਏ ਤਾਂ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਕਾਂਗਰਸ ਦੀ ਸਰਕਾਰ ਨੇ ਕੀਤੀ ਸੀ। ਇਨ੍ਹਾਂ ਨੀਤੀਆਂ ਨੇ ਫ਼ਾਸੀਵਾਦ ਲਈ ਜ਼ਰਖੇਜ਼ ਜ਼ਮੀਨ ਮੁਹੱਈਆ ਕੀਤੀ। ਜਿਸ ਦੀ ਬਦੌਲਤ ਅੱਜ ਫ਼ਾਸੀਵਾਦੀ ਸੱਤਾ ਵਿੱਚ ਪੁਹੰਚੇ ਹਨ। ਗ਼ੌਰ ਕਰਨ ਵਾਲ਼ੀ ਗੱਲ ਹੈ ਕਿ ਨਵ-ਉਦਾਰਵਾਦੀ ਨੀਤੀਆਂ ‘ਤੇ ਸਾਰੀਆਂ ਵੋਟ ਵਟੋਰੂ ਪਾਰਟੀਆਂ ਵਿੱਚ ਆਮ-ਸਹਿਮਤੀ ਹੈ। ਸੰਸਦੀ ਖੱਬੇਪੱਖੀ ਵੀ ਥੋੜੀ ਨਾ-ਨੁੱਕਰ ਕਰਨ ਤੋਂ ਬਾਅਦ ਇਨ੍ਹਾਂ ਹੀ ਨੀਤੀਆਂ ਨੂੰ ਲਾਗੂ ਕਰਨ ‘ਤੇ ਆਪਣੀ ਸਹਿਮਤੀ ਜਤਾਉਂਦੇ ਹਨ ਅਤੇ ਕੇਰਲ ਅਤੇ ਪੱਛਮੀਂ ਬੰਗਾਲ ਵਿੱਚ ਰਾਜ ਕਰਨ ਦੌਰਾਨ ਉਹ ਇਨ੍ਹਾਂ ਹੀ ਨੀਤੀਆਂ ਨੂੰ ਲਾਗੂ ਕਰਦੇ ਹਨ। ਅਜਿਹੇ ਵਿੱਚ ਅੱਜ ਦੀਆਂ ਹਾਲਤਾਂ ਵਿੱਚ ‘ਪਾਪੂਲਰ ਫਰੰਟ’ ਦੀ ਲਾਈਨ ਦੇ ਸਫ਼ਲ ਹੋਣ ਦੀ ਸੰਭਾਵਨਾ ਨਿਗੂਣੀ ਹੈ। ਸਮਾਜਕ ਜਮਹੂਰੀਅਤ ਤੋਂ ਇਹ ਉਮੀਦ ਕਰਨਾ ਫਿਜ਼ੂਲ ਹੋਵੇਗਾ ਕਿ ਉਹ ਹਾਲਤਾਂ ਦਾ ਦਵੰਦਵਾਦੀ ਵਿਸ਼ਲੇਸ਼ਣ ਕਰਕੇ ਆਪਣੀ ਕਾਰਜਸੇਧ ਤੈਅ ਕਰਨਗੇ, ਪਰ ਇਨਕਲਾਬੀ ਤਾਕਤਾਂ ਨੂੰ ਇਸ ਵਿਸ਼ੇ ਵਿੱਚ ਆਪਣੀ ਨਜ਼ਰ ਸਪੱਸ਼ਟ ਰੱਖਣੀ ਚਾਹੀਦੀ ਹੈ।

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ