ਮੱਧ ਪੂਰਬ ਦਾ ਸੰਕਟ, ਸਾਮਰਾਜੀ ਸ਼ਾਜਸ਼ਾਂ ਤੇ ਸਾਡਾ ਵਰਤਮਾਨ ਸਮਾਂ •ਡਾ. ਸੁਖਦੇਵ

4

ਪੀ.ਡੀ.ਐਫ਼ ਡਾਊਨਲੋਡ ਕਰੋ

ਪਿਛਲੇ ਲੰਬੇ ਸਮੇਂ ਤੋਂ ਮੀਡੀਆ ਵਿੱਚ, ਮੱਧ ਪੂਰਬ ਦਾ ਖਿੱਤਾ ਖ਼ਬਰਾਂ ਦੀ ਮੁੱਖ ਸੁਰਖੀ ਬਣਿਆ ਰਿਹਾ ਹੈ। ਲੰਬੇ ਅਰਸੇ ਤੋਂ ਸੰਸਾਰ ਦੇ ਯੁੱਧ ਗ੍ਰਸਤ ਖੇਤਰਾਂ ਵਿੱਚ ਮੱਧ ਪੂਰਬ ਦਾ ਨਾਮ ਸ਼ਾਮਲ ਹੈ। ਪਰ ਮੱਧ ਪੂਰਬ ਦੇ ਸੰਕਟ ਸਬੰਧੀ ਗੱਲ ਕਰਦਿਆਂ, ਸਾਡੇ ਲਈ ਇਹ ਸਮਝਣਾ ਜਰੂਰੀ ਹੈ ਕਿ ਇਹ ਕੋਈ ਉਹਨਾਂ ਦੇਸ਼ਾਂ ਦੇ ਵਿਸ਼ੇਸ਼ ਚਰਿੱਤਰਗਤ ਸੁਭਾਅ ਕਰਕੇ, ਉਹਨਾਂ ਦੇਸ਼ਾਂ ਦੀ ਖੇਤਰੀ ਸਮੱਸਿਆ ਹੈ ਜਾਂ ਇਹ ਸੰਸਾਰ ਵਿਆਪੀ ਸਰਮਾਏਦਾਰਾ ਸੰਕਟ ਦਾ ਹੀ ਪ੍ਰਗਟਾਵਾ ਹੈ। ਮੱਧ ਪੂਰਬ ਦਾ ਨਾਂ ਆਉਂਦਿਆਂ ਹੀ ਸਭ ਤੋਂ ਪਹਿਲਾਂ ਫਿਲਸਤੀਨ ਅਤੇ ਇਜਰਾਇਲ ਦੇ ਝਗੜੇ ਦਾ ਨਾਂ ਆਉਂਦਾ ਹੈ, ਫਿਲਸਤੀਨ ਦੇ ਲੋਕਾਂ ਦਾ ਮੁਕਤੀ ਸੰਗ੍ਰਾਮ, ਇਜਰਾਇਲ ਦੀ ਫਾਸਿਸਟ ਜਾਇਨਵਾਦੀ ਹਾਕਮਾਂ ਨੂੰ ਦਿੱਤੀ ਜਾਣ ਵਾਲ਼ੀ ਸਾਮਰਾਜੀ ਦੇਸ਼ਾਂ ਦੀ ਸਹਾਇਤਾ, ਠੰਡੀ ਜੰਗ ਦੇ ਸਮੇਂ ਦੀਆਂ ਸਾਮਰਾਜੀ ਸਾਜਸ਼ਾਂ, ਹਥਿਆਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ, ਇੱਥੋਂ ਦੇ ਕੁਦਰਤੀ ਖਜਾਨਿਆਂ ਦੀ ਲੁੱਟ ਅਤੇ ਹਥਿਆਰਾਂ ਦੀ ਮੰਡੀ ਬਣਾਉਣ ਲਈ, ਇਹਨਾਂ ਦੇਸ਼ਾਂ ਦੇ ਲੋਕ ਵਿਰੋਧੀ ਅਤੇ ਪਿਛਾਂਹ ਖਿੱਚੂ ਹਾਕਮਾਂ ਨਾਲ਼ ਮਿਲ਼ੀ ਭੁਗਤ ਅਤੇ ਫਿਰਕਾਪ੍ਰਸਤੀ ਦੇ ਨਾਂ ‘ਤੇ ਕਿਰਤੀ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਸ਼ਰਮਨਾਕ ਕਾਰਵਾਈਆਂ, ਰਾਜਪਲਟੇ ਅਤੇ ਹਥਿਆਰਬੰਦ ਅੱਤਵਾਦੀ ਸੰਗਠਨ ਖੜ੍ਹੇ ਕਰਕੇ ਆਪਣੀਆਂ ਨੀਤੀਆਂ ਨੂੰ ਅਮਲ ਵਿੱਚ ਲਿਆਉਣਾ ਸਾਹਮਣੇ ਆਉਂਦਾ ਹੈ। ਇਹਨਾਂ ਸਾਰੀਆਂ ਘਟਨਾਵਾਂ ਨੂੰ, ਅੱਜ ਦੇ ਸੰਸਾਰ ਸਰਮਾਏਦਾਰੀ ਪ੍ਰਬੰਧ ਤੋਂ ਨਿਖੇੜ ਕੇ ਨਹੀਂ ਸਮਝਿਆ ਜਾ ਸਕਦਾ। ਇਹਨਾਂ ਦੇਸ਼ਾਂ ‘ਚ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਲੁੱਟ ਦਾ ਸ਼ਿਕਾਰ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਪ੍ਰਤੀਕ੍ਰਿਆ ਦਾ ਵੀ ਆਪਣਾ ਇਤਿਹਾਸ ਹੈ। ਸਰਮਾਏ ਅਤੇ ਕਿਰਤ ਦੇ ਮਹਾਂਸੰਗ੍ਰਾਮ ਦੇ ਇਸ ਉੱਚੇ ਇਤਿਹਾਸਕ ਦੌਰ ਵਿੱਚ, ਜਮਾਤੀ ਸੰਘਰਸ਼, ਸਾਡੇ ਵਰਤਮਾਨ ਇਤਿਹਾਸ ਦੀ ਸਿਰਜਣਾ ਦਾ ਹਮੇਸ਼ਾਂ ਵਾਂਗ ਅੱਜ ਵੀ ਬੁਨਿਆਦੀ ਪੱਖ ਹੈ। ਇਸ ਲਈ ਚੀਜਾਂ ਨੂੰ ਉਹਨਾਂ ਦੇ ਆਪਣੇ ਇਤਿਹਾਸਕ ਵਿਕਾਸ ਅਤੇ ਅੰਦਰੂਨੀ ਤੇ ਬਾਹਰੀ ਸਬੰਧਾਂ ਦੇ ਚੌਖਟੇ ਵਿੱਚ ਸਮਝਣ ਦੀ ਕੋਸ਼ਿਸ਼ ਹੀ, ਇਸ ਲੇਖ ਦਾ ਮਕਸਦ ਹੈ।

ਸੰਸਾਰ ਸਰਮਾਏਦਾਰੀ ਦੇ ਵਰਤਮਾਨ ਸੰਕਟ ਦੇ ਸੰਦਰਭ ਚੌਖਟੇ ‘ਚ ਮੱਧ ਪੂਰਬ

21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹੀ ਸਾਰੀ ਦੁਨੀਆਂ ਸੰਸਾਰ ਵਿਆਪੀ ਸਰਮਾਏਦਾਰਾ ਮੰਦਵਾੜੇ ਦਾ ਸ਼ਿਕਾਰ ਹੋ ਗਈ। ਚਾਹੇ ਅਮਰੀਕਾ ਅਤੇ ਯੋਰਪ ਦੇ ਵਿਕਸਤ ਦੇਸ਼ ਹੋਣ ਜਾਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਹੋਣ, ਸਭ ਥਾਵਾਂ ‘ਤੇ ਮਜ਼ਦੂਰਾਂ ਦੇ ਹੱਕਾਂ ‘ਤੇ ਹਮਲੇ ਤੇਜ ਹੋ ਗਏ। ਨਤੀਜੇ ਵਜੋਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਵੱਲੋਂ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ 21 ਵੀਂ ਸਦੀ ਦੇ ਅਰੰਭ ਵਿੱਚ ਹੀ, ਇੱਕ ਕੌਮਾਂਤਰੀ ਵਰਤਾਰੇ ਦੇ ਰੂਪ ਵਿੱਚ ਸਾਹਮਣੇ ਆਇਆ। ਪਰ ਮੱਧ ਪੂਰਬ ਦੇ ਦੇਸ਼ਾਂ ਵਿੱਚ ਇਹ ਬਹੁਤ ਜਬਰਦਸਤ ਲੋਕ ਵਿਦਰੋਹ ਦੇ ਰੂਪ ਵਿੱਚ ਸਾਹਮਣੇ ਆਇਆ। ਅਰਬ ਬਹਾਰ ਦੇ ਨਾਂ ਨਾਲ ਜਾਣਿਆਂ ਜਾਣ ਵਾਲ਼ਾ ਇਹ ਸੰਘਰਸ਼ 21ਵੀਂ ਸਦੀ ਦੇ ਇਤਿਹਾਸ ਦਾ ਪਹਿਲਾ ਵੱਡਾ ਲੋਕ ਵਿਦਰੋਹ ਹੈ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਸਭ ਤੋਂ ਪਹਿਲਾਂ ਇਸ ਸੰਘਰਸ਼ ਨੇ ਲੋਕਾਂ ਦੀ ਅਥਾਹ ਸਮਰੱਥਾ ਨੂੰ ਪ੍ਰਗਟ ਕੀਤਾ ਹੈ। ਦੂਜੇ ਪਾਸੇ ਇਸ ਸੰਘਰਸ਼ ਦੀ ਹਾਰ ਦੇ ਗੰਭੀਰ ਅਧਿਐਨ ਦੀ ਜਰੂਰਤ ਹੈ। ਇਹ ਹਾਰ ਤੋਂ ਬਾਅਦ, ਮੱਧ ਪੂਰਬ ਵਿੱਚ ਕੱਟੜਪੰਥੀ, ਫਿਰਕਾਪ੍ਰਸਤ ਤੇ ਫਾਸੀਵਾਦੀ ਤਾਕਤਾਂ ਲਈ ਰਾਹ ਪੱਧਰਾ ਹੋਇਆ ਹੈ। ਇੱਕ ਵਾਰ ਫੇਰ ਉਸ ਇਤਿਹਾਸਕ ਸਬਕ ਦੀ ਪੁਸ਼ਟੀ ਹੋਈ ਹੈ ਜਿਸ ਦਾ ਖਦਸ਼ਾ ਜਰਮਨੀ ਵਿੱਚ ਫਾਸੀਵਾਦ ਦੇ ਆਉਣ ਤੋਂ ਪਹਿਲਾਂ ਰੋਜ਼ਾ ਲਗਜ਼ਮਬਰਗ ਨੇ ਪ੍ਰਗਟ ਕੀਤਾ ਸੀ ਕਿ ਇਨਕਲਾਬ ਨਾ ਹੋਣ ਦੀ ਸਜ਼ਾ ਫਾਸੀਵਾਦ ਦੇ ਰੂਪ ਵਿੱਚ ਮਿਲ਼ੇਗੀ। ਮੱਧ ਪੂਰਬ ਦੇ ਦੇਸ਼ਾਂ ਦਾ ਵਿਦਰੋਹ, ਉਸਦੀ ਹਾਰ ਦਾ ਵਿਸ਼ਲੇਸ਼ਣ ਇੱਕ ਵੱਖਰਾ ਵਿਸ਼ਾ ਹੈ। 21 ਵੀਂ ਸਦੀ ਦੇ ਚੜ੍ਹਦਿਆਂ ਹੀ ਸੰਸਾਰ ਸਰਮਾਏਦਾਰੀ ਪ੍ਰਬੰਧ ਹੱਲ ਨਾ ਹੋ ਸਕਣ ਵਾਲੇ ਸੰਕਟ ਵਿੱਚ ਫਸ ਗਿਆ ਹੈ। ਇੱਕ ਪਾਸੇ ਇਹ ਲੋਕਾਂ ਲਈ ਅਥਾਹ ਮੁਸੀਬਤਾਂ ਲੈ ਕੇ ਆਇਆ ਹੈ, ਦੂਜੇ ਪਾਸੇ 20ਵੀਂ ਸਦੀ ਦੇ ਅੰਤ ਵਿੱਚ ਨਜ਼ਰ ਆਉਂਦੀ, ਅੰਤਰ-ਸਾਮਰਾਜੀ ਸ਼ਾਂਤੀ, ਸਾਮਰਾਜ ਦੇ ਵੱਖ-ਵੱਖ ਧੜਿਆਂ ਦੀ ਖਹਿ-ਭੇੜ ਅਤੇ ਦੁਸ਼ਮਣੀ ਦਾ ਰੂਪ ਧਾਰਣ ਲੱਗੀ ਹੈ। ਮੱਧ ਪੂਰਬ ਅਤੇ ਖਾਸ ਕਰਕੇ ਸੀਰੀਆ ਵਿੱਚ, ਰੂਸੀ-ਅਮਰੀਕੀ ਟਕਰਾਅ ਇਸ ਦੀ ਉੱਘੜਵੀ ਮਿਸਾਲ ਹੈ। ਜਿਸ ਸਾਮਰਾਜੀ ਖਹਿ-ਭੇੜ ਨੇ ਦੋ ਸੰਸਾਰ ਜੰਗਾਂ ਨੂੰ ਜਨਮ ਦਿੱਤਾ ਸੀ, ਉਹ ਸਾਮਰਾਜੀ ਖਹਿਭੇੜ ਇੱਕ ਵਾਰ ਫਿਰ ਆਪਣੇ ਨੰਗੇ ਚਿੱਟੇ ਬੇਸ਼ਰਮ ਰੂਪ ਵਿੱਚ, ਬੇਪਰਦ ਹੋ ਗਿਆ ਹੈ। ਦੁਨੀਆਂ ਭਰ ਦੇ ਲੋਕਾਂ ਨੂੰ ਜਮਹੂਰੀਅਤ ਦੀ ਸਿੱਖਿਆ ਦੇਣ ਤੇ ਅੱਤਵਾਦ ਤੋਂ ਬਚਾਉਣ ਵਾਲ਼ੇ ਇੱਕ ਮਾਤਰ ਮਸੀਹੇ ਵਾਲ਼ਾ ਉਸ ਦਾ ਚੋਲ਼ਾ ਲੀਰੋਲੀਰ ਹੋ ਗਿਆ ਹੈ। ਭਾਵੇਂ ਸਮਝਦਾਰ ਲੋਕਾਂ ਲਈ ਤਾਂ ਪਹਿਲਾਂ ਵੀ ਇਹ ਕੋਈ ਰਹੱਸ ਨਹੀਂ ਸੀ।

ਕਿਰਤ ਸ਼ਕਤੀ ਦੇ ਕੁਦਰਤੀ ਵਸੀਲਿਆਂ ਦੀ ਬੇਕਿਰਕ ਲੁੱਟ, ਅਜੋਕੀ ਸਰਮਾਏਦਾਰੀ ਨੂੰ ਜਿਉਂਦਾ ਰੱਖਣ ਦੀ ਜਰੂਰਤ ਬਣ ਗਿਆ ਹੈ ਜਾਂ ਸਮਝੋ ਕਿ ਮਨੁੱਖਤਾ ਅਤੇ ਕੁਦਰਤ ਦੀ ਤਬਾਹੀ, ਸਰਮਾਏਦਾਰੀ ਨੂੰ ਚੱਲਦੇ ਰੱਖਣ ਦੀ ਸ਼ਰਤ ਬਣ ਗਈ ਹੈ। ਪੈਟਰੋਲੀਅਮ ਪਦਾਰਥ ਅਤੇ ਧਰਤੀ ਹੇਠਲੇ ਹੋਰ ਖਣਿਜ ਪਦਾਰਥ, ਜੰਗਲ਼ਾਂ ਦੀ ਤਬਾਹੀ ਅਤੇ ਹਰ ਤ੍ਹਾਂ ਦੇ ਕੁਦਰਤੀ ਵਸੀਲਿਆਂ ਦਾ ਬੇਕਿਰਕ ਉਜਾੜਾ, ਅਜੋਕੇ ਸਰਮਾਏਦਾਰਾ ਵਿਕਾਸ ਦਾ ਅਹਿਮ ਲੱਛਣ ਹੈ। ਵਿਕਾਸ ਦੇ ਇਸ ਮਾਡਲ ਦੇ ਕੇਂਦਰ ਵਿੱਚੋਂ ਮਨੁੱਖ ਗਾਇਬ ਹੈ। ਮਜਦੂਰ ਜਮਾਤ ਦੀ ਕਿਰਤ ਸ਼ਕਤੀ ਨਾਲ਼ ਹੋ ਰਿਹਾ ਇਹ ਵਿਕਾਸ, ਕਿਰਤੀਆਂ ਦੀ ਜ਼ਿੰਦਗੀ ਨੂੰ ਤਾਂ ਨਰਕ ਬਣਾ ਹੀ ਰਿਹਾ ਹੈ, ਧਰਤੀ ਜਾਂ ਕੁਦਰਤ ਦੀ ਹੋਂਦ ਲਈ ਵੀ ਖਤਰਾ ਬਣ ਗਿਆ ਹੈ। ਪਿੱਛੇ ਜਿਹੇ ਚੇਨੱਈ ਵਿੱਚ ਹੋਈ ਹੜ੍ਹ ਨਾਲ਼ ਤਬਾਹੀ ਜਾਂ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਰਸਾਤ ਅਤੇ ਹੜ੍ਹ ਨਾਲ ਵਾਪਰਨ ਵਾਲੀ ਤ੍ਰਾਸਦੀ, ਇਸ ਵਿਕਾਸ ਦਾ ਨਮੂਨਾ ਹੈ। ਪ੍ਰਦੂਸ਼ਣ ਦੀ ਸਮੱਸਿਆ, ਓਜ਼ੋਨ ਪਰਤ ਵਿਚਲੇ ਛੇਕ, ਇਸ ਵਿਕਾਸ ਦੀ ਬਦੌਲਤ ਧਰਤੀ ‘ਤੇ ਵਾਪਰਨ ਵਾਲ਼ੀਆਂ ਤਬਾਹੀਆਂ, ਹੜ੍ਹ, ਸੋਕੇ, ਭੂਚਾਲ ਜਾਂ ਵਾਤਾਵਰਣ ਦੇ ਅਸੰਤੁਲਨ ਕਾਰਨ ਵਾਪਰਨ ਵਾਲ਼ੀਆਂ ਤਬਾਹੀਆਂ ਲਈ ਬਹਿਸ ਚੱਲ ਰਹੀ ਹੈ। ਸਰਮਾਏਦਾਰਾਂ ਦੇ ਟੁਕੜਿਆਂ ‘ਤੇ ਪਲਣ ਵਾਲ਼ਿਆਂ ਬੁੱਧੀਜੀਵੀਆਂ ਅਤੇ ਜਥੇਬੰਦੀਆਂ, ਜਿਹਨਾਂ ਦਾ ਸ਼ਿਕਾਰ ਸਾਡੇ ਨਿਮਨ-ਬੁਰਜੂਆ ਬੁੱਧੀਜੀਵੀਆਂ ਵਿਚਲੀਆਂ ਕਈ ਭੋਲੀਆਂ ਆਤਮਾਵਾਂ ਵੀ ਸ਼ਿਕਾਰ ਹੋ ਜਾਂਦੀਆਂ ਹਨ, ਦਿਨ-ਰਾਤ ਮਗਜਪੱਚੀ ਕਰਦੇ ਹੋਈ, ਨਵੇਂ-ਨਵੇਂ ਸੁਧਾਰਵਾਦੀ ਨੁਸਖੇ ਸੁਝਾਉਂਦੇ ਹਨ। ਬਹੁਤ ਸਾਰੇ ਸੁਹਿਰਦ ਲੋਕ ਵੀ ਇਹਨਾਂ ਦੇ ਡੰਗ ਟਪਾਊ ਸੁਝਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰੰਤੂ ਇਹਨਾਂ ਬਹਿਸਾਂ ਦੀ ਇੱਕ ਸੀਮਾਂ ਮਿਥ ਲਈ ਜਾਂਦੀ ਹੈ। ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦਿਆਂ, ਮਗਰਮੱਛੀ ਹੰਝੂ ਵਹਾਉਣੇ ਅਤੇ ਇਹਨਾਂ ਸਾਰੀਆਂ ਤਰਾਸਦੀਆਂ (ਜੰਗਾਂ-ਯੁੱਧਾਂ ਤੇ ਅਖੌਤੀ ਕੁਦਰਤੀ ਕਰੋਪੀਆਂ) ਦੀ ਅਸਲ ਦੋਸ਼ੀ ਸਰਮਾਏਦਾਰੀ ਦੇ ਗੁਨਾਹਾਂ ਨੂੰ ਛੁਪਾਉਣਾ। ਸਰਮਾਏਦਾਰੀ ਦੀ ਸੇਵਾ ਵਿੱਚ ਲੱਗੇ ਇਹਨਾਂ ਭਾੜੇ ਦੇ ਬੁੱਧੀਜੀਵੀਆਂ ਅਤੇ ਉਹਨਾਂ ਦਾ ਸਾਥ ਦੇ ਰਹੇ ਕੁਝ ਲੋਕ-ਹਿਤੈਸ਼ੀ ਭੋਲੇ ਬੁੱਧੀਜੀਵੀਆਂ ਦੇ ਜਾਲ਼ ਵਿੱਚੋਂ ਕੱਢਣ ਦੇ ਬੇਹੱਦ ਜਰੂਰੀ ਵਿਚਾਰਧਾਰਕ ਕੰਮ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿੱਥੋਂ ਤੱਕ ਮਜਦੂਰ ਜਮਾਤ ਦੀ ਗੱਲ ਹੈ, ਇਸ ਨੇ ਤਾਂ 19 ਵੀਂ ਸਦੀ ਵਿੱਚ ਪ੍ਰਵਾਨ ਚੜ੍ਹ ਰਹੀ ਸਰਮਾਏਦਾਰੀ ਦੀ ਚੜ੍ਹਤ ਦੇ ਦੌਰ ਵਿੱਚ ਹੀ, ਪੈਰਿਸ ਕਮਿਊਨ ਦੇ ਰੂਪ ਵਿੱਚ ਪਹਿਲੀ ਚੁਣੌਤੀ ਦੇ ਕੇ, ਆਪਣੀ ਮਹਾਨ ਸ਼ਕਤੀ ਦੇ ਦਰਸ਼ਨ ਕਰਾ ਦਿੱਤੇ ਸਨ। 1917 ਦੇ ਰੂਸੀ ਇਨਕਲਾਬ ਨਾਲ ਸ਼ੁਰੂ ਹੋਏ ਇਸ ਸੰਘਰਸ਼ ਨੇ ਦੁਨੀਆਂ ਦੀ ਇੱਕ ਤਿਹਾਈ ਅਬਾਦੀ ਨੂੰ ਆਪਣੇ ਕਲ਼ਾਵੇ ਵਿੱਚ ਲੈ ਲਿਆ। ਪਰ 1956 ਵਿੱਚ ਸੋਵੀਅਤ ਸੰਘ ਅਤੇ 1976 ਵਿੱਚ ਚੀਨ ਵਿੱਚ ਸਰਮਾਏਦਾਰਾ ਰਾਹੀਆਂ ਦੀ ਜਿੱਤ ਨਾਲ਼ ਇਸ ਮਹਾਨ ਜਮਾਤੀ ਸੰਘਰਸ਼ ਵਿੱਚ ਇੱਕ ਵਾਰ ਫਿਰ ਸਰਮਾਏਦਾਰਾਂ ਦਾ ਪਲੜ੍ਹਾ ਭਾਰੀ ਹੋ ਗਿਆ। ਇਸੇ ਦਰਮਿਆਨ ਦੁਨੀਆਂ ਦੇ ਬਾਕੀ ਸਮਾਜਵਾਦੀ ਦੇਸ਼ਾਂ ਵਿੱਚ ਵੀ ਸਰਮਾਏਦਾਰੀ ਦੀ ਬਹਾਲੀ ਹੋ ਗਈ। ਜਿੱਥੋਂ ਤੱਕ ਕੌਮੀ ਮੁਕਤੀ ਲਹਿਰਾਂ ਦੀ ਗੱਲ ਹੈ ਇਹ ਲਤੀਨੀ ਅਮਰੀਕਾ, ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਚੱਲੀਆਂ। ਪਰ ਅੱਜ ਇਹ ਦੇਸ਼ ਵਿਕਾਸ ਦੇ ਪੂਰਵ ਸਮਾਜਵਾਦੀ ਰੂਪਾਂ ਨੂੰ ਪਿੱਛੇ ਛੱਡਦੇ ਹੋਏ ਸਰਮਾਏਦਾਰੀ ਮੰਜ਼ਲ ਵਿੱਚ ਦਾਖਲ ਹੋ ਚੁੱਕੇ ਹਨ। ਦੁਨੀਆਂ ਭਰ ਵਿੱਚ ਸਮਾਜਵਾਦੀ ਖੇਮੇ ਦੀ ਹਾਰ ਤੋਂ ਬਾਅਦ ਸਾਰਾ ਸੰਸਾਰ ਸਰਮਾਏਦਾਰੀ ਦੇ ਤਰਕ ਨਾਲ ਚੱਲ ਰਿਹਾ ਹੈ। ਇਸ ਸਰਮਾਏਦਾਰੀ ਪ੍ਰਬੰਧ ਨੂੰ ਇੱਕ ਤੋਂ ਬਾਅਦ ਇੱਕ ਜਾਨਲੇਵਾ ਸੰਕਟਾਂ ਨਾਲ਼ ਜੂਝਣਾ ਪੈ ਰਿਹਾ ਹੈ। ਵਰਤਮਾਨ ਸੰਕਟ ਇਸਦਾ ਸਭ ਤੋਂ ਭਿਆਨਕ ਸੰਕਟ ਹੈ ਪਰ 21 ਵੀਂ ਸਦੀ ਦੀ ਇਸ ਪਹਿਲੀ ਮਹਾਂਮੰਦੀ ਅਤੇ 1930 ਦੀ ਮਹਾਂਮੰਦੀ ਵਿੱਚ ਫ਼ਰਕ ਹੈ। ਉਦੋਂ ਬੇਸ਼ੱਕ ਸਰਮਾਏਦਾਰੀ ਦੀ ਮੌਤ ਬੜੀ ਨੇੜੇ ਨਜ਼ਰ ਆ ਰਹੀ ਸੀ ਅਤੇ ਸਮਾਜਵਾਦ ਦੀ ਚੁਣੌਤੀ ਵੀ ਸਾਹਮਣੇ ਖੜੀ ਸੀ, ਫਿਰ ਵੀ ਮਰਨ ਕੰਢੇ ਪਈ ਸਰਮਾਏਦਾਰੀ ਦੀ ਜਾਨ ਬਚਾਉਣ ਲਈ ਕੀਨਜ਼ਵਾਦੀ ਨੁਸਖੇ ਕੰਮ ਆ ਗਏ। ਇਹਨਾਂ ਨੇ ਵਕਤੀ ਤੌਰ ‘ਤੇ ਸਰਮਾਏਦਾਰੀ ਨੂੰ ਮਰਨੋਂ ਬਚਾ ਲਿਆ। ਮਨੁੱਖੀ ਇਤਿਹਾਸ ਦੇ ਜਿਸ ਪੜਾਅ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਇਸ ਬਾਰੇ ਪ੍ਰਸਿੱਧ ਇਤਿਹਾਸਕਾਰ ਐਰਿਕ ਹਾਬਸਬਾਮ ਨੇ ਆਪਣੀ ਮੌਤ ਤੋਂ ਥੋੜਾ ਚਿਰ ਪਹਿਲਾਂ ਕਿਹਾ ਸੀ ਕਿ “ਮੰਡੀ ਰੂੜ੍ਹੀਵਾਦ ਦੇ ਵਧਦੇ ਹੋਏ ਮਹੱਤਵ ਕਾਰਨ ਦੇਸ਼ਾਂ ਅਤੇ ਖੇਤਰਾਂ ਵਿੱਚ ਬੇਹੱਦ ਵਾਧਾ ਹੋਇਆ ਹੈ ਅਤੇ ਸਰਮਾਏਦਾਰੀ ਅਰਥਚਾਰੇ ਦੀ ਬੁਨਿਆਦੀ ਗਤੀ ਵਿੱਚ ਮਹਾਂ ਬਿਪਤਾ ਦਾ ਉਹੋ ਜਿਹਾ ਤੱਤ, ਦੁਬਾਰਾ ਆ ਗਿਆ ਹੈ ਜਿਸ ਕਾਰਨ 1930 ਦੇ ਬਾਅਦ ਦਾ ਸਭ ਤੋਂ ਵੱਧ ਗੰਭੀਰ ਭੂਮੰਡਲੀ ਖਤਰਾ ਮੰਡਰਾ ਰਿਹਾ ਹੈ” ਇਹ ਮੰਡੀ ਰੂੜ੍ਹੀਵਾਦ ਕੀ ਹੈ, ਇਸ ਨੂੰ ਸਮਝਣ ਲਈ ਥੋੜਾ ਪਿੱਛੇ ਜਾਣਾ ਪਏਗਾ। 1930 ਦੇ ਸਰਮਾਏਦਾਰਾ ਸੰਕਟ ਵਿੱਚੋਂ ਨਿੱਕਲਣ ਲਈ, ਸਾਮਰਾਜ ਵਿੱਚ ਬਦਲ ਚੁੱਕੀ ਸਰਮਾਏਦਾਰੀ ਦੀ ਮਰਨਾਊ ਹਾਲਤ ਤੋਂ ਛੁਟਕਾਰੇ ਵਾਸਤੇ, ਸਰਮਾਏਦਾਰਾ ਹਕੀਮਾਂ ਜਾਂ ਚਿੰਤਕਾ ਵਿੱਚੋਂ ਇੱਕ ਪ੍ਰਸਿੱਧ ਅਰਥਸ਼ਾਸਤਰੀ ਕੀਨਜ਼ ਦੇ ਸੁਝਾਅ ਨੂੰ ਲਾਗੂ ਕੀਤਾ ਗਿਆ। ਉਸ ਦੌਰ ਨੂੰ ਕੀਨਜ਼ਵਾਦੀ ਆਰਥਿਕਤਾ ਦਾ ਦੌਰ ਕਿਹਾ ਜਾਂਦਾ ਹੈ। ਇੱਕ ਪਾਸੇ ਸਰਮਾਏਦਾਰੀ ਮੰਦਵਾੜਾ ਸੀ ਅਤੇ ਦੂਜੇ ਪਾਸੇ ਸਫਲ ਸਮਾਜਵਾਦੀ ਇਨਕਲਾਬਾਂ ਦਾ ਖਤਰਾ ਸਾਹਮਣੇ ਖੜ੍ਹਾ ਸੀ। ਉਸ ਸਮੇਂ ਇਹਨਾਂ ਨੀਤੀਆਂ ਦਾ ਮੁੱਖ ਨੁਕਤਾ ਇਹ ਸੀ ਕਿ ਅਰਥਚਾਰੇ ਦੇ ਮਾਮਲੇ ਵਿੱਚ ਪਹਿਲਕਦਮੀ ਰਾਜ ਆਪਣੇ ਹੱਥ ਵਿੱਚ ਲਵੇ। ਕਲਿਆਣਕਾਰੀ ਰਾਜ ਦਾ ਸੰਕਲਪ ਸਾਹਮਣੇ ਆਇਆ। ਸਮਾਜ ਕਲਿਆਣ ਜਾਂ ਲੋਕ ਭਲਾਈ ਦੇ ਕੁਝ ਕੰਮ ਰਾਜ ਨੇ ਆਪਣੇ ਹੱਥ ਵਿੱਚ ਲੈ ਕੇ, ਲੋਕ ਰੋਹ ਨੂੰ ਸ਼ਾਂਤ ਕਰਨ ਦੀ ਨੀਤੀ ਅਪਣਾਈ। ਆਰਥਕਤਾ ਦੇ ਕੁਝ ਖੇਤਰ ਸਰਮਾਏਦਾਰਾ ਰਾਜ ਦੀ ਦੇਖ-ਰੇਖ ਵਿੱਚ ਕੰਮ ਕਰਨ ਲੱਗੇ। ਜਿਸ ਨੂੰ ਰਾਜਕੀ ਖੇਤਰ ਕਿਹਾ ਜਾਂਦਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਪਬਲਿਕ ਸੈਕਟਰ ਕਿਹਾ ਗਿਆ।

ਠੰਢੀ ਜੰਗ ਦੇ ਦੌਰ ਵਿੱਚ ਵੀ ਇਹ ਮੁਕਾਬਲਤਨ ਸਥਿਰਤਾ ਦਾ ਦੌਰ ਬਣਿਆ ਰਿਹਾ। ਉਸ ਦੌਰ ਵਿੱਚ ਵੀ ਸਾਮਰਾਜ ਵਿਰੋਧੀ, ਕੌਮੀ ਮੁਕਤੀ ਦੇ ਘੋਲਾਂ ਵਿੱਚ ਸੰਸਾਰ ਸਰਮਾਏਦਾਰੀ ਪ੍ਰਬੰਧ ਨੂੰ ਚੁਣੌਤੀ ਮਿਲ਼ਦੀ ਹੀ ਰਹੀ ਹੈ। ਉਂਝ ਆਰਥਿਕ ਸੰਕਟ ਤੋਂ ਮੁਕਤ ਸਰਮਾਏਦਾਰੀ ਸੰਸਾਰ ਦੀ ਹੋਂਦ ਤਾਂ ਕਦੀ ਵੀ ਨਹੀਂ ਰਹੀ, ਪਰ ਫਿਰ ਵੀ ਦੂਜੀ ਸੰਸਾਰ ਜੰਗ ਤੋਂ ਲੈ ਕੇ 1974 ਤੱਕ ਸੰਸਾਰ ਸਰਮਾਏਦਾਰੀ ਦੇ ਮੁਕਾਬਲਤਨ ਸਥਿਰਤਾ ਵਾਲ਼ੇ ਦੌਰ ਨੂੰ ਸਰਮਾਏਦਾਰੀ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। 80ਵਿਆਂ ਤੱਕ ਇਹ ਸਥਿਰਤਾ ਡਗਮਗਾ ਜਾਂਦੀ ਹੈ। ਰੀਗਨ-ਥੈਚਰ ਦੇ ਦੌਰ, ਨਵ-ਉਦਾਰਵਾਦੀ ਜਾਂ ਆਰਥਕ ਰੂੜ੍ਹੀਵਾਦ ਦਾ ਦੌਰ ਸ਼ੁਰੂ ਹੁੰਦਾ ਹੈ। ਕੀਨਜ਼ ਦੇ ਕਲਿਆਣਕਾਰੀ ਰਾਜ ਨੂੰ ਅਲਵਿਦਾ ਕਹਿੰਦੇ ਹੋਏ ਸੰਸਾਰੀਕਰਨ, ਨਿਜੀਕਰਨ ਅਤੇ ਕੰਟਰੋਲ ਮੁਕਤੀ (Deregulation) ਦੀਆਂ ਨੀਤੀਆਂ ਦੀ ਸ਼ੁਰੂਆਤ ਹੋ ਗਈ। ਆਰਥਕ ਰੂੜ੍ਹੀਵਾਦ ਦੇ ਦੌਰ ਵਿੱਚ ਮਜ਼ਦੂਰਾਂ ਦੇ ਹੱਕਾਂ ‘ਤੇ ਹਮਲੇ ਤੇਜ਼ ਹੋ ਗਏ। ਸੰਸਾਰ  ਸਰਮਾਏਦਾਰੀ ਪ੍ਰਬੰਧ ਦਾ ਆਰਥਕ ਤੇ ਸਿਆਸੀ ਢਾਂਚਾ ਅਤੇ ਉਸ ਦੀਆਂ ਸੰਸਥਾਵਾਂ, ਹੁਣ ਨਵੇ ਦੌਰ ਦੀਆਂ ਤਬਦੀਲੀਆਂ ਸਾਹਮਣੇ ਪੁਰਾਣੀਆਂ ਤੇ ਵੇਲ਼ਾ ਵਿਹਾ ਚੁੱਕੀਆਂ ਸੰਸਥਾਵਾਂ ਬਣਨ ਲੱਗੀਆਂ ਹਨ। ਇਹਨਾਂ ਚੁਣੌਤੀਆਂ ਵਿੱਚੋਂ ਨਿੱਕਲਣ ਦੀ ਕੋਸ਼ਿਸ਼ ਹੈ ਇਹ ਨਵ ਉਦਾਰਵਾਦੀ ਦੌਰ। ਬਿਮਾਰ, ਬੁੱਢੀ ਸਰਮਾਏਦਾਰੀ, ਸੰਸਾਰ ਪੱਧਰ ‘ਤੇ ਇਨਕਲਾਬੀ ਤਾਕਤਾਂ ਦੀ ਕਮਜ਼ੋਰੀ ਦੀ ਲਾਭ ਉਠਾਉਂਦੇ ਹੋਏ, ਆਪਣੇ ਲੰਬੇ ਤਜ਼ਰਬੇ ਦੇ ਸਿਰ ‘ਤੇ ਡੰਗ ਟਪਾ ਰਹੀ ਹੈ। ਬਸਤੀਵਾਦੀ ਦੌਰ ਦਾ ਸਰਦਾਰ ਬਰਤਾਨੀਆਂ ਜੋ ਦੂਜੀ ਸੰਸਾਰ ਜੰਗ ਸਮੇਂ ਆਪਣੀ ਚੌਧਰ ਗੁਆ ਚੁੱਕਾ ਸੀ, ਬਾਅਦ ਦੇ ਦੌਰ  ਦੇ ਚੌਧਰੀ ਅਮਰੀਕਾ ਦਾ ਛੋਟਾ ਭਿਆਲ਼ ਬਨਣ ਲਈ ਮਜ਼ਬੂਰ ਹੈ। ਇੱਕ ਧਰੁਵੀ ਸੰਸਾਰ ਦੇ ਸੁਪਨੇ ਲੈਣ ਵਾਲ਼ੇ ਅਮਰੀਕਾ ਦੀਆਂ ਚੁਣੌਤੀ ਰਹਿਤ ਚੌਧਰ ਦੀਆਂ ਗਿਣਤੀਆਂ ਮਿਣਤੀਆਂ ਪਹਿਲਾਂ ਹੀ ਚਕਨਾਚੂਰ ਹੋ ਗਈਆਂ ਹਨ।  ਮਗਰਲੇ ਦੌਰ ਦੇ ਇਸ ਸਰਦਾਰ ਦੀ ਸਰਦਾਰੀ ਦੇ ਦਿਨ ਵੀ ਪੁੱਗ ਗਏ ਹਨ। ਅੱਜ ਤੀਸਰੀ ਦੁਨੀਆਂ ਦੇ ਨਵਂੇ ਅਜਾਦ ਹੋਏ ਮੁਲਕਾਂ ਦੀਆਂ ਹਾਕਮ ਜਮਾਤਾਂ ਅਤੇ ਸਾਮਰਾਜੀ ਸਰਮਾਏਦਾਰਾਂ ਦੇ ਹਿਤ, ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨਾਲ ਸਿੱਧੇ ਟਕਰਾਅ ਵਿੱਚ ਆ ਗਏ ਹਨ। ਅੱਜ ਸੰਸਾਰ ਸਰਮਾਏਦਾਰੀ ਸਭ ਤੋਂ ਖੂੰਖਾਰ ਰੂਪ ਵਿੱਚ ਹਾਜ਼ਰ ਹੈ। ਆਪਣੇ ਇਤਿਹਾਸ ਦੇ ਮੁੱਢ ਵਿੱਚ, ਮੱਧ ਯੁੱਗੀ ਜਗੀਰਦਾਰੀ ਪ੍ਰਬੰਧਾਂ ਦਾ ਭੋਗ ਪਾਉਣ ਵਾਲ਼ੇ ਇਤਿਹਾਸਕ ਕਾਰਜ ਨੂੰ ਸਿਰੇ ਚੜਾਉਣ ਵਾਲ਼ੀ ਸਰਮਾਏਦਾਰੀ, ਅੱਜ ਆਪਣੇ ਸਭ ਤੋਂ ਵੱਧ ਪਰਜੀਵੀ, ਜੁਆਰੀ ਤੇ ਜੁਗਾੜੀ ਰੂਪ ਵਿੱਚ ਪੇਸ਼ ਹੈ। ਇਹ ਬੁੱਢੇ ਬਿਮਾਰ ਪਰਜੀਵੀ ਸਰਮਾਏਦਾਰੀ ਪ੍ਰਬੰਧ ਨੂੰ ਕਿਰਤੀਆਂ ਦੇ ਖੂਨ ਦੀਆਂ ਬੋਤਲਾਂ ਚੜ੍ਹਾ ਕੇ ਜਿੰਦਾ ਰੱਖਿਆ ਜਾ ਰਿਹਾ ਹੈ।

90ਵਿਆਂ ਵਿੱਚ ਸੋਵੀਅਤ ਸਮਾਜਿਕ ਸਾਮਰਾਜ ਵੀ ਢਹਿ ਢੇਰੀ ਹੋ ਗਿਆ। ਇਉਂ ਸਮਝਿਆ ਜਾਣ ਲੱਗਾ ਕਿ ਅਮਰੀਕਾ ਦੀ ਅਗਵਾਈ ਹੇਠ ਇੱਕ ਧਰੁਵੀ ਸੰਸਾਰ, ਹੁਣ ਸਾਮਰਾਜੀ ਖਹਿਭੇੜ੍ਹ ਤੋਂ ਛੁਟਕਾਰਾ ਦਿਵਾ ਕੇ ਸਰਮਾਏਦਾਰੀ ਨੂੰ ਕੁਝ ਸਥਿਰਤਾ ਦੇਵੇਗਾ। ਪਰ ਸਰਮਾਏਦਾਰੀ ਵਿੱਚ ਜੇ ਆਪਸੀ ਦੁਸ਼ਮਣੀ ਅਤੇ ਮੁਕਾਬਲੇਬਾਜੀ ਖਤਮ ਹੋ ਜਾਵੇ ਤਾਂ ਇਹ ਸਰਮਾਏਦਾਰੀ ਹੀ ਨਹੀਂ ਰਹਿ ਜਾਵੇਗੀ। ਸਾਡੇ ਵੇਖਦੇ ਹੀ ਵੇਖਦੇ ਇੱਕ ਧਰੁਵੀ ਸੰਸਾਰ ਦੀ ਮਿੱਥ ਕਾਫੂਰ ਹੋ ਗਈ। ਸਾਮਰਾਜੀ ਸੰਸਾਰ ਦੇ ਵੱਖ-ਵੱਖ ਖੇਮੇ, ਆਪਣੇ ਆਰਥਕ ਸੰਕਟਾਂ ਦੇ ਕਾਰਨ ਆਰਥਕ ਤੇ ਫੌਜੀ ਟਕਰਾਅ ਦੇ ਰਾਹ ਪੈਣ ਲੱਗ ਪਏ।

ਪਰ ਅਸੀਂ ਅੱਜ ਵੀ ਸਾਮਰਾਜ ਦੇ ਦੌਰ ਵਿੱਚ ਰਹਿ ਰਹੇਂ ਹਾਂ। ਜਿਵੇਂ ਕਿ ਕਾ. ਲੈਨਿਨ ਨੇ ਕਿਹਾ ਸੀ ਕਿ ਸਾਮਰਾਜ ਸਰਮਾਏਦਾਰੀ ਦਾ ਅੰਤਿਮ ਪੜਾਅ ਹੈ, ਇਹ ਮਰਨਾਊ ਅਵਸਥਾ ਵਿੱਚ ਹੈ ਅਤੇ ਸਾਡਾ ਯੁੱਗ ਸਮਾਜਵਾਦ ਦੀ ਪੂਰਵ-ਬੇਲਾ ਵੀ ਹੈ। ਇਹ ਗੱਲ ਅੱਜ ਵੀ ਓਨੀ ਹੀ ਸੱਚ ਹੈ। ਪਰ ਇਹ ਵੀ ਹਕੀਕਤ ਹੈ ਕਿ ਸਰਮਾਏਦਾਰੀ ਨੇ ਮਜ਼ਦੂਰ ਜਮਾਤ ਦੇ ਅਧਿਆਪਕਾਂ ਦੀ ਆਸ ਤੋਂ ਵੱਧ ਹੰਢਣਸਾਰਤਾ ਵਿਖਾਈ ਹੈ। ਬੇਸ਼ਕ ਇਤਿਹਾਸ ਦੀ ਦਿਸ਼ਾ ਨੂੰ ਸਮੇਂ ਦੀਆਂ ਬਾਹਰਮੁਖੀ ਪਦਾਰਥਕ ਹਾਲਤਾਂ ਤੈਅ ਕਰਦੀਆਂ ਹਨ। ਸਰਮਾਏਦਾਰਾ ਪ੍ਰਬੰਧ ਆਪਣਾ ਸਫਰ ਪੂਰਾ ਕਰਦਾ ਹੋਇਆ ਸਮਾਜਵਾਦ ਲਈ ਅਧਾਰ ਵੀ ਤਿਆਰ ਕਰਦਾ ਜਾਂਦਾ ਹੈ। ਮਨੁੱਖਤਾ ਦਾ ਭਵਿੱਖ ਜਮਾਤ-ਰਹਿਤ ਕਮਿਊਨਿਸਟ ਸਮਾਜ ਹੀ ਹੈ। ਪਰ ਦੂਜਾ ਸੱਚ ਇਹ ਵੀ ਹੈ ਕਿ ਇਹ ਸਭ ਕੁਝ ਆਪਣੇ ਆਪ ਨਹੀਂ ਵਾਪਰਦਾ। ਇਨਕਲਾਬ ਇਤਿਹਾਸ ਦੀ ਚਾਲਕ ਸ਼ਕਤੀ ਹਨ। ਇਨਕਲਾਬ ਸਾਡੇ ਸੰਸਾਰ ਦੀ ਸਭ ਤੋਂ ਸੁਚੇਤ ਮਨੁੱਖੀ ਸਰਗਰਮੀ ਵੀ ਹੈ। ਜਿਸ ਲਈ ਅਧਾਰ ਤਾਂ ਭਾਵੇਂ ਬਾਹਰਮੁਖੀ ਆਰਥਿਕ ਸਬੰਧ ਸਿਰਜਦੇ ਹਨ ਪਰ ਸਿਰੇ ਚੜ੍ਹਾਉਣ ਦਾ ਕੰਮ ਅੰਤਰਮੁਖੀ ਕਾਰਵਾਈ ਹੈ। ਇਸ ਲਈ ਇਨਕਲਾਬ ਦੀ ਚਾਲਕ ਮਜ਼ਦੂਰ ਜਮਾਤ ਦੀ ਅੰਤਰਮੁਖੀ ਤਿਆਰੀ ਦੇ ਪੱਖ ਦੀਆਂ ਕਮੀਆਂ ਪੇਸ਼ੀਆਂ ਵੀ ਸਰਮਾਏਦਾਰੀ ਦੀ ਅੰਤਿਮ ਅਵਸਥਾ ਨੂੰ ਲੰਬਾ ਕਰਨ ਵਿੱਚ ਕੁਝ ਹੱਦ ਤੱਕ ਜ਼ਿੰਮੇਵਾਰ ਹਨ। ਸਰਮਾਏਦਾਰੀ ਦੀ ਇਸ ਯਾਤਰਾ ਵਿੱਚ ਸਭ ਕੁਝ ਸ਼ੁਰੂ ਵਾਂਗ ਹੀ ਨਹੀਂ ਰਿਹਾ। ਕਈ ਚੀਜਾਂ ਬਦਲ ਗਈਆਂ ਹਨ। ਬਸਤੀਵਾਦ ਦਾ ਯੁੱਗ ਬੀਤ ਚੁੱਕਾ ਹੈ। ਬਸਤੀਵਾਦ ਜਿਸ ਦਾ ਸਰਦਾਰ ਬਰਤਾਨੀਆਂ ਸੀ ਇਤਿਹਾਸ ਦੀ ਚੀਜ਼ ਬਣ ਚੁੱਕਾ ਹੈ। ਅਮਰੀਕਾ ਦੀ ਸਰਦਾਰੀ ਵਾਲ਼ੇ ਦੌਰ ਦਾ ਅਧਾਰ ਵੀ ਖਤਮ ਹੋ ਗਿਆ ਹੈ। ਕੌਮੀ ਮੁਕਤੀ ਘੋਲ਼ਾਂ ਦਾ ਦੌਰ ਵੀ ਨਹੀਂ ਰਿਹਾ। 20 ਵੀਂ ਸਦੀ ਵਿੱਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਵਕਤੀ ਤੌਰ ‘ਤੇ ਹਾਰ ਚੁੱਕੇ ਹਨ। ਉਹਨਾਂ ਦੇ ਸ਼ਾਨਦਾਰ ਪ੍ਰਯੋਗ ਦੀ ਵਿਰਾਸਤ ਮਜਦੂਰ ਜਮਾਤ ਦੇ ਅਗਲੇ ਸੰਗਰਾਮਾਂ ਲਈ ਪ੍ਰੇਰਣਾ ਸ੍ਰੋਤ ਦੇ ਰੂਪ ਵਿੱਚ ਮੌਜੂਦ ਹੈ। ਨਵੇਂ ਆਜਾਦ ਹੋਏ ਤੀਸਰੀ ਦੁਨੀਆਂ ਦੇ ਦੇਸ਼ਾਂ ਅਤੇ ਸਾਮਰਾਜੀ ਦੇਸ਼ਾਂ ਵਿਚਲੀ ਵਿਰੋਧਤਾਈ ਹੁਣ ਦੁਸ਼ਮਣਾਂਨਾ ਨਹੀਂ ਰਹੀ। ਇਹਨਾਂ ਦੇਸ਼ਾਂ ਦੇ ਸਰਮਾਏਦਾਰ ਛੋਟੇ ਭਿਆਲ ਦੇ ਰੂਪ ਵਿੱਚ ਸੰਸਾਰ ਸਰਮਾਏਦਾਰੀ ਪ੍ਰਬੰਧ ਵਿੱਚ ਆਪਣੀ ਥਾਂ ਸੁਨਿਸ਼ਚਿਤ ਕਰਨ ਦੇ ਯਤਨ ਵਜੋਂ, ਛੋਟੇ ਮੋਟੇ ਰੋਸਿਆਂ ਤੋਂ ਅੱਗੇ ਜਾਣ ਦੀ ਹਾਲਤ ਵਿੱਚ ਨਹੀਂ ਹਨ।

ਮੱਧ ਪੂਰਬ ਦੇ ਸੰਕਟ ਦੀ ਇਤਿਹਾਸਕ ਪਿੱਠਭੂਮੀ

ਇਹ ਵਿਸ਼ਵ ਵਿਆਪੀ ਚੋਖਟੇ ਵਿੱਚ ਮੱਧ ਪੂਰਬ ਦੇ ਸੰਕਟ ਨੂੰ ਸਮਝਣ ਦੀ ਸਾਡੀ ਕੋਸ਼ਿਸ਼ ਹੈ। ਵਿਚਾਰ ਅਧੀਨ ਦੇਸ਼ਾਂ ਦਾ ਸਮੂਹ ਜਿਸ ਨੂੰ ਆਮ ਤੌਰ ‘ਤੇ ਮੱਧ ਪੂਰਬ ਦੇ ਦੇਸ਼ ਕਿਹਾ ਜਾਂਦਾ ਹੈ, ਇਸਦਾ ਜਿਆਦਾਤਰ ਹਿੱਸਾ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਓਟੋਮਾਨ ਸ਼ਹਿਨਸ਼ਾਹੀ ਦਾ ਅੰਗ ਸੀ। ਪਹਿਲੀ ਸੰਸਾਰ ਜੰਗ ਤੋਂ ਬਾਅਦ ਇੱਥੇ ਕਈ ਦੇਸ਼ ਹੋਂਦ ਵਿੱਚ ਆਏ, ਜਿਨ੍ਹਾਂ ਦਾ ਆਪਣਾ ਵੱਖਰਾ-ਵੱਖਰਾ ਇਤਿਹਾਸ ਸਾਡੇ ਲੇਖ ਦਾ ਵਿਸ਼ਾ ਨਹੀਂ ਹੈ, ਪਰ ਫਿਰ ਵੀ ਇਹਨਾਂ ਸਾਰੇ ਦੇਸ਼ਾਂ ਦਾ, ਆਪਣੇ ਪੁਰਾਤਨ ਕਬਾਇਲੀ ਸਮਾਜ ਤੋਂ ਵਰਤਮਾਨ ਸਰਮਾਏਦਾਰੀ ਪ੍ਰਬੰਧ ਤੱਕ ਪਹੁੰਚਣ ਦਾ ਆਪਣਾ ਇਤਿਹਾਸ ਹੈ। ਇਹਨਾਂ ਸਾਰੇ ਦੇਸ਼ਾਂ ਦੀ ਜਗੀਰਦਾਰੀ ਅਤੇ ਸਾਮਰਾਜ ਦੇ ਵਿਰੋਧ ਦਾ ਸ਼ਾਨਦਾਰ ਇਤਿਹਾਸ ਹੈ। ਪੁਰਾਣੇ ਸਮੇਂ ਵਿੱਚ ਏਸ਼ੀਆ, ਅਫਰੀਕਾ ਤੇ ਯੂਰੋਪ ਵਾਸਤੇ ਇਹ ਇਲਾਕਾ ਇੱਕ ਵੱਡਾ ਵਪਾਰਕ ਲਾਂਘਾ ਸੀ। ਇਸ ਤੋਂ ਵੀ ਪਹਿਲਾਂ ਮੈਸੋਪੋਟਾਮੀਆਂ, ਸੁਮੇਰੀਅਨ ਅਤੇ ਮਿਸਰ ਆਦਿ ਸੱਭਿਆਤਾਵਾਂ ਦੀ ਇਹ ਧਰਤੀ ਸੱਤਵੀਂ ਤੋਂ ਗਿਆਰਵੀਂ ਸਦੀ ਤੱਕ, ਗਿਆਨ-ਵਿਗਿਆਨ ਅਤੇ ਦਰਸ਼ਨ ਦੇ ਖੇਤਰ ਵਿੱਚ ਵੀ ਸੰਸਾਰ ਦੀ ਮੋਹਰੀ ਹੈ। ਓਟੋਮਾਨ ਸ਼ਹਿਨਸ਼ਾਹੀ ਦੇ ਖਿੰਡਣ ਤੋਂ ਬਾਅਦ ਯੁੱਧਨੀਤਕ ਅਤੇ ਵਪਾਰਕ ਲਾਂਘੇ ਦੇ ਤੌਰ ‘ਤੇ ਇਸ ਦੇ ਵੱਡੇ ਮਹੱਤਵ ਕਾਰਨ, ਸਾਮਰਾਜੀ ਦੇਸ਼ਾਂ ਦੀ ਨਿਗਾਹ ਹਮੇਸ਼ਾ ਇਸ ਇਲਾਕੇ ‘ਤੇ ਰਹੀ ਹੈ। ਕੁਦਰਤੀ ਵਸੀਲਿਆਂ ਅਤੇ ਸਸਤੀ ਕਿਰਤ ਸ਼ਕਤੀ ਦੇ ਸ੍ਰੋਤ ਦੇ ਰੂਪ ਵਿੱਚ ਵੀ ਸਾਮਰਾਜੀ ਦੇਸ਼ਾਂ ਲਈ ਇਸ ਦਾ ਬਹੁਤ ਮਹੱਤਵ ਸੀ। ਤੀਸਰੀ ਦੁਨੀਆਂ ਦੇ ਹੋਰ ਦੇਸ਼ਾਂ ਵਾਂਗ, ਬਸਤੀਵਾਦੀ ਤੇ ਨਵ ਬਸਤੀਵਾਦੀ ਦੌਰ ਵਿੱਚ ਇਹ ਦੇਸ਼ ਵੀ ਸਾਮਰਾਜੀ ਸਾਜਸ਼ਾਂ ਦਾ ਅਖਾੜਾ ਬਣੇ ਰਹੇ। ਜਾਇਨਵਾਦ ਦੀ ਹਮਾਇਤ, ਇਸ ‘ਤੇ ਅਧਾਰਤ ਯਹੂਦੀ ਦੇਸ਼ ਦੀ ਸਥਾਪਨਾ ਨੂੰ ਇਸ ਖਿੱਤੇ ਦੇ ਥਾਣੇਦਾਰ ਦੇ ਤੌਰ ‘ਤੇ ਤਿਆਰ ਕਰਨਾ, ਸਾਮਰਾਜੀਆਂ ਦੀਆਂ ਬੇਕਿਰਕ ਅਤੇ ਸ਼ਰਮਨਾਕ ਕਾਰਵਾਈਆਂ ਵਿੱਚੋਂ ਇੱਕ ਹੈ। ਓਟੋਮਾਨ ਸਾਮਰਾਜ ਦੇ ਟੁੱਟਣ ਤੋਂ ਬਾਅਦ, ਇਰਾਕ, ਟਰਾਂਸ-ਜਾਰਡਨ ਅਤੇ ਫਿਲਸਤੀਨ ਬਰਤਾਨੀਆਂ ਦੇ ਅਤੇ ਸੀਰੀਆ ਤੇ ਲਿਬਨਾਨ ਫਰਾਂਸ ਦੇ ਕੰਟਰੋਲ ਵਿੱਚ ਗਏ। ਆਪਣੇ ਪ੍ਰਭਾਵ ਨੂੰ ਵਰਤਦੇ ਹੋਏ, ਬਾਲਫੋਰ ਐਲਾਨ ਦੇ ਨਾਲ ਹੀ ਬਰਤਾਨੀਆਂ ਨੇ “ਯਹੂਦੀਆਂ ਦੇ ਘਰ” ਦੇ ਤੌਰ ‘ਤੇ ਫਿਲਸਤੀਨ ਵਿੱਚ ਉਹਨਾਂ ਦੇ ਪ੍ਰਵਾਸ ਨੂੰ, ਇੱਕ ਫਾਸਿਸਟ, ਜਾਇਨਵਾਦੀ ਕੌਮਵਾਦ ਦੇ ਰੂਪ ਵਿੱਚ ਹੱਲਾਸ਼ੇਰੀ ਦੇ ਕੇ, ਮੱਧ ਪੂਰਬ ਨੂੰ ਲਗਾਤਾਰ ਰਿਸਣ ਵਾਲਾ ਨਾਸੂਰ ਦੇ ਦਿੱਤਾ। ਇਹ ਇੱਕ ਐਸਾ ਕੌਮਵਾਦ ਸੀ ਜਿਸ ਦੀ ਨਾ ਕੋਈ ਜਗੀਰਦਾਰੀ ਵਿਰੋਧੀ ਵਿਰਾਸਤ ਸੀ ਅਤੇ ਨਾ ਹੀ ਸਾਮਰਾਜ ਵਿਰੋਧੀ। ਕਬਜ਼ਾ ਕਰਕੇ ਬਸਤੀਆਂ ਬਣਾਉਣਾ ਅਤੇ ਫਿਲਸਤੀਨੀ ਲੋਕਾਂ ਨੂੰ ਉਹਨਾਂ ਦੇ ਘਰ ‘ਚੋਂ ਖਦੇੜ ਕੇ ਆਪਣੇ ਰਾਜ ਦਾ ਵਿਸਥਾਰ ਕਰਨਾ ਇਹਨਾਂ ਦੀ ਨੀਤੀ ਸੀ। 1948 ਵਿੱਚ ਅਮਰੀਕੀ ਸਾਮਰਾਜ ਦੇ ਦੌਰ ਵਿੱਚ ਇਜ਼ਰਾਈਲ ਦੇਸ਼ ਦੀ ਸਥਾਪਨਾ ਨਾਲ, ਸਾਮਰਾਜੀਆਂ ਨੇ ਆਪਣਾ ਪੱਕਾ ਅੱਡਾ ਬਣਾ ਕੇ ਮੱਧ ਪੂਰਬ ਦੇ ਖੇਤਰ ਨੂੰ ਨਾ ਹੱਲ ਹੋਣ ਵਾਲੇ ਯੁੱਧ ਖੇਤਰ ਵਿੱਚ ਬਦਲ ਦਿੱਤਾ। ਆਪਣੇ ਹਥਿਆਰਾਂ ਦੀ ਪੱਕੀ ਵਿਕਰੀ ਦਾ ਪ੍ਰਬੰਧ ਤਾਂ ਕਰ ਹੀ ਲਿਆ, ਨਾਲ਼ ਦੀ ਨਾਲ਼ ਯੁੱਧਨੀਤਕ ਤੌਰ ਤੇ ਇਜਰਾਈਲ ਨੂੰ ਮੱਧ ਪੂਰਬ ਤੇ ਆਪਣੀਆਂ ਦਾਬੇ ਦੀਆਂ ਨੀਤੀਆਂ ਲਾਗੂ ਕਰਨ ਦਾ ਹਥਿਆਰ ਵੀ ਬਣਾ ਲਿਆ। ਅਰਬ ਕੌਮਵਾਦੀ ਲਹਿਰ ਦੇ ਦਬਾਅ ਵਿੱਚ ਜਦੋਂ ਨਵੇਂ ਦੇਸ਼ ਹੋਂਦ ਵਿੱਚ ਆ ਰਹੇ ਸਨ ਤਾਂ ਸਾਮਰਾਜੀ ਦੇਸ਼ਾਂ ਨੇ ਹੱਦਬੰਦੀਆਂ ਨੂੰ ਪ੍ਰਭਾਵਿਤ ਕਰਨ ਲਈ ਧਾਰਮਿਕ, ਕਬਾਇਲੀ ਤੇ ਨਸਲੀ ਤੁਅੱਸਬਾਂ ਨੂੰ ਲਗਾਤਾਰ ਹਵਾ ਦੇ ਕੇ ਨਵੇਂ ਦੇਸ਼ਾਂ ਦੀਆਂ ਹੱਦਬੰਦੀਆਂ ਨੂੰ ਵੀ ਪ੍ਰਭਾਵਿਤ ਕੀਤਾ। ਅਰਬੀ ਕੌਮਵਾਦੀ ਭਾਵਨਾਵਾਂ, ਜਿਹੜੀਆਂ ਪਹਿਲਾਂ ਓਟੋਮਾਨ ਸ਼ਹਿਸ਼ਨਸ਼ਾਹੀ ਤੋਂ ਮੁਕਤੀ ਦੇ ਸੰਘਰਸ਼ ਦੀ ਤਰਜਮਾਨੀ ਕਰਦੀਆਂ ਸਨ, ਬਾਅਦ ਵਿੱਚ ਓਟੋਮਾਨ ਦੇ ਖੰਡਰ ਤੁਰਕੀ ਦੇ ਤੁਰਕੀਕਰਨ ਦੇ ਵਿਰੋਧ ਦੇ ਰੂਪ ਵਿੱਚ ਸਾਹਮਣੇ ਆਇਆ। ਇਜਰਾਈਲ ਦੇ ਬਣਨ ਤੋਂ ਬਾਅਦ ਸਾਮਰਾਜ ਵਿਰੋਧ ਵਿੱਚੋਂ ਆਪਣਾ ਅਧਾਰ ਲੱਭਣ ਲੱਗੀਆਂ। ਅਰਬ ਕੌਮਵਾਦੀ ਲਹਿਰ ਇੱਕ ਵਿਸ਼ਾਲ ਅਰਬੀ ਕੌਮ ਦੀ ਸਿਰਜਣਾ ਵਿੱਚ ਸਫਲ ਨਹੀਂ ਹੋ ਸਕੀ। ਜਿਹੜੀਆਂ ਕੌਮਾਂ ਨੇ ਰੂਪ ਧਾਰਿਆ ਉਹਨਾਂ ਦੀ ਪਛਾਣ ਵਿੱਚ ਵੀ ਉਹਨਾਂ ਦਾ ਖੇਤਰੀ ਚਰਿੱਤਰ ਹਾਵੀ ਰਿਹਾ, ਜਿਵੇਂ ਮਿਸਰੀ ਕੌਮ। ਅਰਬ ਕੌਮਵਾਦ ਦੀ ਅਸਫਲਤਾ ਨੇ ਧਾਰਮਿਕ ਪਛਾਣ ‘ਤੇ ਅਧਾਰਤ, ਸ਼ੀਆ-ਸੁੰਨੀ ਝਗੜਿਆਂ ਲਈ ਰਾਹ ਪੱਧਰਾ ਕਰ ਦਿੱਤਾ। ਸਾਮਰਾਜੀਆਂ ਨੇ ਅਰਬ ਕੌਮਵਾਦ ਨੂੰ ਨਿਰ-ਉਤਸ਼ਾਹਿਤ ਕਰਕੇ ਧਾਰਮਿਕ ਤੇ ਨਸਲੀ ਅਧਾਰ ‘ਤੇ ਛੋਟੇ-ਛੋਟੇ ਕਈ ਦੇਸ਼ਾਂ ਦੀ ਸਥਾਪਨਾ ਨੂੰ ਹੱਲਾਸ਼ੇਰੀ ਦਿੱਤੀ। ਇਸ ਖਿੱਤੇ ਨੂੰ ਸਦੀਵੀ ਲੜਾਈਆਂ ਦੇ ਖੇਤਰ ਵਿੱਚ ਬਦਲ ਕੇ, ਹਥਿਆਰਾਂ ਦੀ ਵਿਕਰੀ ਦੀ ਮੰਡੀ ਬਣਾਉਣਾਂ, ਉਹਨਾਂ ਦੀ ਨੀਤੀ ਦਾ ਹਿੱਸਾ ਸੀ। ਫਿਰ ਵੀ ਮੱਧ ਪੂਰਬ ਦੀ ਕੌਮਵਾਦੀ ਲਹਿਰ ਨੇ ਅਬਦਿਲ ਨਾਸਰ ਵਰਗੇ ਤਾਕਤਵਰ ਆਗੂ ਵੀ ਪੈਦਾ ਕੀਤੇ। ਨਾਸਰਵਾਦ ਅਤੇ ਬਾਥਵਾਦ ਅਰਬੀ ਕੌਮਵਾਦ ਦੇ ਹੀ ਖੇਤਰੀ ਨਮੂਨੇ ਹਨ। ਕੌਮਾਂ ਦੀ ਸਿਰਜਣਾ ਦਾ ਇਤਿਹਾਸਕ ਸਮਾਂ ਬੀਤ ਜਾਣਾ ਇਸਦਾ ਇੱਕ ਕਰਨ ਹੋ ਸਕਦਾ ਹੈ। ਹੁਣ ਇਤਿਹਾਸ ਦੇ ਇਹਨਾਂ ਅਧੂਰੇ ਕਾਰਜਾਂ ਨਾਲ ਸਬੰਧਤ ਜਮਹੂਰੀ ਹੱਕਾਂ ਦੀਆਂ ਲੜਾਈਆਂ ਦਾ ਕੰਮ ਵੀ, ਮਜਦੂਰ ਜਮਾਤ ਦੇ ਜੁੰਮੇਂ ਆ ਗਿਆ ਹੈ।

ਤੇਲ ਦੀ ਖੋਜ ਨੇ ਇੱਥੋਂ ਦੀਆਂ ਖੇਤਰੀ ਹਾਕਮ ਜਮਾਤਾਂ ਅਤੇ ਸਾਮਰਾਜੀਆਂ ਦੀ ਧਨ ਦੀ ਲਾਲਸਾ ਨੂੰ ਬੇਹੱਦ ਤੇਜ਼ ਕਰ ਦਿੱਤਾ। 1930 ਵਿੱਚ ਕੈਲੀਫੋਰਨੀਆਂ ਸਟੈਂਡਰਡ ਆਇਲ ਕੰਪਨੀ ਨੇ ਸਾਉਦੀ ਅਰਬ ਦੇ ਪੂਰਬੀ ਕਿਨਾਰੇ ‘ਤੇ ਤੇਲ ਖੋਜਿਆ। ਉਸ ਤੋਂ ਬਾਅਦ ਅਮਰੀਕਨ ਹਿੱਤਾਂ ਦੀ ਰਾਖੀ, ਮੱਧ ਪੂਰਬ ਦੇ ਦੇਸ਼ਾਂ ਵਿੱਚ ਅਮਰੀਕੀ ਨੀਤੀ ਦਾ ਮੁੱਖ ਪੱਖ ਬਣ ਗਈ। ਇਹ ਨੀਤੀ ਤੇਲ ਦੇ ਵਿਸ਼ਾਲ ਭੰਡਾਰਾਂ ਨੂੰ ਹੜੱਪਣ ਦੀ ਨੀਤੀ ਸੀ। ਇਸ ਕੰਮ ਵਿੱਚ ਕੋਈ ਵੀ ਦਖਲ ਅਮਰੀਕਨ ਹਿੱਤਾਂ ਦਾ ਵਿਰੋਧ ਗਰਦਾਨਿਆਂ ਗਿਆ। ਅਗਲੇ ਦੌਰ ਵਿੱਚ ਕਠਪੁਤਲੀ ਹਕੂਮਤ ਕਾਇਮ ਕਰਨਾ, ਫੌਜੀ ਜੁੰਡਲੀਆਂ ਦੀ ਸੱਤ੍ਹਾ ਨਾਲ ਗੱਠਜੋੜ, ਰਾਜਪਲਟੇ ਅਤੇ ਸਾਜਸ਼ਾਂ ਦਾ ਲਗਾਤਾਰ ਸਿਲਸਿਲਾ ਸਾਮਰਾਜੀ ਨੀਤੀਆਂ ਦਾ ਹਿੱਸਾ ਬਣ ਗਿਆ। ਅਰਬ ਦੇ ਪਿਛਾਖੜੀ ਤਾਨਾਸ਼ਾਹ ਦੁਨੀਆਂ ਦੇ ਵੱਡੇ ਅਮੀਰਾਂ ਵਿੱਚ ਸ਼ੁਮਾਰ ਹੋ ਗਏ। 1945 ਵਿੱਚ ਸਾਉਦੀ ਅਰਬ ਦਾ ਬਾਦਸ਼ਾਹ ਅਬਦਲ ਅਜ਼ੀਜ਼ ਬਿਨ ਸਾਦ ਅਮਰੀਕਨ ਰਾਸ਼ਟਰਪਤੀ ਫਰੈਕਲਿਨ ਡੀ.ਰੂਜ਼ਵੈਲਟ ਦਾ ਮੰਨਪਸੰਦ ਮਹਿਮਾਨ ਸੀ। ਕਿਰਤੀ ਲੋਕਾਂ ਦੀ ਲੁੱਟ ਨਾਲ ਉੱਸਰ ਰਹੇ ਅਯਾਸ਼ੀ ਦੇ ਟਾਪੂ ਜਨਤਕ ਰੋਸ ਦਾ ਨਿਸ਼ਾਨਾ ਬਣ ਗਏ। ਅਮਰੀਕਾ ਨੂੰ ਹਥਿਆਰਬੰਦ ਦਖਲਅੰਦਾਜੀ ਦਾ ਹੋਰ ਬਹਾਨਾ ਮਿਲ਼ ਗਿਆ। ਖਾਸਕਰ 1970 ਤੋਂ ਬਾਅਦ ਖਾੜੀ ਦੇ ਦੇਸ਼ ਲੋਕ ਲਹਿਰਾਂ ਅਤੇ ਜੰਗ ਦਾ ਅਖਾੜਾ ਬਣ ਗਏ। 1960 ਵਿੱਚ ਪੈਟਰੋਲੀਅਮ ਬਰਾਮਦ ਕਰਨ ਵਾਲ਼ੇ ਦੇਸ਼ਾਂ ਦੀ ਜਥੇਬੰਦੀ ਓਪੇਕ ਦੀ ਸਥਾਪਨਾ ਹੋਈ। ਇਸ ਦੇ ਨਾਲ ਹੀ ਅਰਬ ਦੇ ਤਾਨਾਸ਼ਾਹ ਰਾਜਾਂ ਦੇ ਫੌਜੀਕਰਨ ਦੀ ਨੀਤੀ ਸ਼ੁਰੂ ਹੋਈ। 1973 ਵਿੱਚ ਓਪੇਕ ਦੇਸ਼ਾਂ ਅਤੇ ਅਮਰੀਕਾ ਵਿੱਚ ਇਸ ਬੇਹਿਸਾਬ ਦੌਲਤ ਦੀ ਕੁੱਤਾ-ਖੋਹੀ ਕਾਰਨ ਕੁਝ ਮੱਤਭੇਦ ਵੀ ਉੱਭਰੇ। ਸਾਮਰਾਜੀਆਂ ਨੇ ਕੁਝ ਰਿਆਇਤਾਂ ਦੇ ਕੇ ਆਪਸੀ ਸਹਿਯੋਗ ਲਈ ਸਹਿਮਤ ਕਰ ਲਿਆ। ਹੋਰ ਕਾਰੋਬਾਰਾਂ ਵਿੱਚ ਵੀ ਸਰਮਾਇਆ ਨਿਵੇਸ਼ ਹੋਣ ਲੱਗਾ। ਜਿਹੜੇ ਦੇਸ਼ ਸਾਮਰਾਜੀਆਂ ਦੀ ਇਸ ਨੀਤੀ ਤੋਂ ਪਾਸੇ ਜਾਂਦੇ, ਉੱਥੇ ਰਾਜ ਪਲਟੇ ਕਰਵਾਉਣ ਦੀ ਨੀਤੀ ਅਪਣਾਈ ਗਈ। ਸੀ.ਆਈ.ਏ ਨੇ 1953 ਵਿੱਚ ਵੋਟਾਂ ਨਾਲ਼ ਚੁਣੇ ਗਏ ਇਰਾਨੀ ਪ੍ਰਧਾਨ ਮੰਤਰੀ ਮੁਹੰਮਦ ਮੋਸਾਦਿਕ ਦਾ ਤਖਤਾ ਪਲਟਾ ਕੇ ਤਾਨਾਸ਼ਾਹ ਰਜ਼ਾ ਪਹਿਲਵੀ ਨੂੰ ਹਾਕਮ ਬਣਾ ਦਿੱਤਾ। ਇਜਰਾਈਲ ਤੋਂ ਬਾਅਦ ਇਰਾਨ ਦਾ ਸ਼ਾਹ ਅਤੇ ਸਾਉਦੀ ਅਰਬ ਦਾ ਬਾਦਸ਼ਾਹ ਅਮਰੀਕੀ ਹਿੱਤਾਂ ਦੇ ਹਿਤੈਸ਼ੀ ਬਣ ਗਏ। ਹਥਿਆਰਾਂ ਦੀ ਵਿੱਕਰੀ ਦਾ ਵਪਾਰ ਇਸ ਖਿੱਤੇ ਵਿੱਚ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਸੀ। 1970-1979 ਤੱਕ ਅਮਰੀਕਾ ਨੇ ਇਰਾਨ ਨੂੰ 22 ਬਿਲੀਅਨ ਡਾਲਰ ਦੇ ਹਥਿਆਰ ਵੇਚੇ, ਜਿਹੜੇ ਇਰਾਨੀ ਹਥਿਆਰਾਂ ਦੀ ਕੁੱਲ ਖਰੀਦ ਦਾ ਤਿੰਨ ਚੌਥਾਈ ਬਣਦੇ ਸਨ। ਇਸ ਤਰ੍ਹਾਂ ਦੇ ਸੌਦੇ ਸਾਰੀਆਂ ਹਾਕਮ ਜੁੰਡਲੀਆਂ ਨਾਲ਼ ਹੋ ਰਹੇ ਸਨ। ਨਤੀਜੇ ਵਜੋਂ ਅੱਗੇ ਚੱਲ ਕੇ ਮੱਧ ਪੂਰਬ ਵਿੱਚ ਫੌਜੀ ਸੱਨਅਤ ਖੜੀ ਹੋ ਗਈ। ਸੋਵੀਅਤ ਸਮਾਜਿਕ ਸਾਮਰਾਜ ਵੀ ਇਸ ਦੌੜ ਵਿੱਚ ਸ਼ਾਮਿਲ ਸੀ। ਇਰਾਕ ਉਸ ਦਾ ਮਹੱਤਵਪੂਰਨ ਗਾਹਕ ਸੀ। ਬਾਅਦ ਵਾਲੇ ਦੌਰ ਵਿੱਚ ਸੀਰੀਆ ਅਤੇ ਲੀਬੀਆ ਵੀ ਉਸਦੇ ਗਾਹਕ ਬਣ ਗਏ। ਜਨਤਕ ਵਿਦਰੋਹ ਦਾ ਸਿਲਸਿਲਾ ਵੀ ਚਲਦਾ ਰਿਹਾ। 1979 ਵਿੱਚ ਸਾਉਦੀ ਅਰਬ ਦਾ ਵਿਦਰੋਹ, ਸ਼ੀਆ ਵਿਦਰੋਹੀਆਂ ਨੇ ਮੱਕੇ ਦੀ ਮੁੱਖ ਮਸਜਿਦ ‘ਤੇ ਕਬਜ਼ਾ ਕਰ ਲਿਆ ਸੀ ਜੋ ਸਾਉਦੀ ਅਰਬ ਤੇ ਫਰਾਂਸ ਦੇ ਵਿਸ਼ੇਸ਼ ਬਲਾਂ ਦੀ ਸਾਂਝੀ ਕਾਰਵਾਈ ਨਾਲ਼ ਛੁਡਵਾਇਆ ਗਿਆ। ਇਰਾਨ ਵਿੱਚ ਵਿਦਰੋਹ ਇਸਲਾਮਿਕ ਇਨਕਲਾਬ ਨਾਂ ‘ਤੇ ਫੁੱਟ ਪਿਆ। 1979 ਵਿੱਚ ਸ਼ੀਆ ਧਾਰਮਿਕ ਨੇਤਾ ਖੂਮੈਨੀ ਦੀ ਅਗਵਾਈ ਵਿੱਚ ਇਰਾਨ ਦੇ ਸ਼ਾਹ ਦਾ ਤਖਤਾ ਪਲਟ, ਅਮਰੀਕਾ ਲਈ ਭਾਰੀ ਸੱਟ ਸੀ। 1979 ਵਿੱਚ ਸਮਾਜਿਕ ਸਾਮਰਾਜੀ ਸੋਵੀਅਤ ਸੰਘ ਅਫਗਾਨਿਸਤਾਨ ਵਿੱਚ ਦਾਖਲ ਹੋਇਆ। ਵੱਡੀਆਂ ਮਹਾਂਸ਼ਕਤੀਆਂ ਵਿੱਚ ਠੰਢੀ ਜੰਗ ਦੇ ਦੌਰ ਵਿੱਚ ਹਥਿਆਰਾਂ ਦੀ ਦੌੜ ਤਾਂ ਚੱਲ ਹੀ ਰਹੀ ਸੀ, ਕਿਤੇ-ਕਿਤੇ ਇਹ ਖਹਿਭੇੜ ਥੋੜਾ ਗਰਮ ਵੀ ਹੋ ਜਾਂਦਾ ਸੀ। ਸੋਵੀਅਤ ਸੰਘ ਨੂੰ ਅਫਗਾਨਿਸਤਾਨ ਵਿੱਚੋਂ ਖਦੇੜਨ ਲਈ ਮੁਸਲਿਮ ਮੂਲਵਾਦੀ ਅੱਤਵਾਦੀ ਜਥੇਬੰਦੀਆਂ ਨੂੰ ਅਮਰੀਕਾ ਨੇ ਹਥਿਆਰਾਂ ਦੇ ਨਾਲ਼-ਨਾਲ਼ ਸਿਖਲਾਈ ਵੀ ਦੇਣੀ ਸ਼ੁਰੂ ਕਰ ਦਿੱਤੀ। ਅਲ-ਕਾਇਦਾ ਵਰਗੀ ਖੁੰਖਾਰ ਜਥੇਬੰਦੀ ਅਮਰੀਕੀ ਸਹਾਇਤਾ ਨਾਲ ਹੀ ਮਜ਼ਬੂਤ ਹੋਈ। ਅੱਜਕਲ ਬਹੁਚਰਚਿਤ ਅੱਤਵਾਦੀ ਗਰੁੱਪ ਆਈ.ਐਸ.ਐਸ ਵੀ ਅਮਰੀਕੀ ਮਦਦ ਨਾਲ਼ ਹੀ ਐਨਾ ਤਕੜਾ ਹੋਇਆ ਹੈ। ਭਾਵੇਂ ਕਿ ਫਿਰਕਾਪ੍ਰਸਤੀ ਅਤੇ ਅੱਤਵਾਦ ਦੇ ਪੈਦਾ ਹੋਣ ਦੇ ਬੁਨਿਆਦੀ ਕਾਰਨ ਉਹਨਾਂ ਦੇਸ਼ਾਂ ਦੇ ਅੰਦਰੂਨੀ ਹਾਲਾਤਾਂ ਵਿੱਚ ਵੀ ਮੌਜੂਦ ਹਨ। 1980 ਵਿੱਚ ਇਰਾਨ ਤੇ ਇਰਾਕ ਵਿੱਚ ਯੁੱਧ ਛਿੜ ਗਿਆ ਜੋ 1988 ਤੱਕ ਚੱਲਿਆ।  ਅਮਰੀਕਾ ਨੇ ਇਸ ਯੁੱਧ ਵਿੱਚ ਇਰਾਕ ਦੀ ਸਹਾਇਤਾ ਕੀਤੀ। ਇੱਥੇ ਅਸੀ ਇਸ ਖੇਤਰ ਦੇ ਹਾਲਾਤਾਂ ਨੂੰ ਸਮਝਣ ਲਈ ਸਿਰਫ ਕੁਝ ਮਿਸਾਲਾਂ ਹੀ ਦੇ ਰਹੇ ਹਾਂ, ਇਹ ਇਸ ਖੇਤਰ ਦਾ ਪੂਰਾ ਇਤਿਹਾਸ ਨਹੀਂ ਹੈ। 1990 ਵਿੱਚ ਇਰਾਕ ਨੇ ਕੁਵੈਤ ‘ਤੇ ਹਮਲਾ ਕਰ ਦਿੱਤਾ। ਅਮਰੀਕਾ ਨੇ ਆਪਣੀ ਪੁਰਾਣੀ ਨੀਤੀ ਤਹਿਤ ਸੱਦਾਮ ਹੁਸੈਨ ਦੇ ਰਾਜ ਪਲਟੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਸਫਲਤਾ ਨਾ ਮਿਲਣ ‘ਤੇ 2003 ਵਿੱਚ ਇਰਾਕ ‘ਤੇ ਸਿੱਧਾ ਹਮਲਾ ਕਰ ਦਿੱਤਾ। ਉਦੋਂ ਤੋਂ ਇਰਾਕ ਤੇ ਉਸਦੇ ਆਸਪਾਸ ਦਾ ਇਲਾਕਾ ਖਾਨਾਜੰਗੀ ਦਾ ਖੇਤਰ ਬਣ ਗਿਆ ਹੈ। 2014 ਤੇ ਫਿਰ 2015 ਵਿੱਚ ਇਜਰਾਈਲ ਦੇ ਫਿਲਸਤੀਨ ਲੋਕਾਂ ‘ਤੇ ਹਮਲੇ ਨਾਲ਼ ਪੈਦਾ ਹੋਏ ਹਾਲਾਤ, ਸੀਰੀਆ ਦਾ ਗ੍ਰਹਿ ਯੁੱਧ, ਕੁਰਦਾਂ ਦਾ ਸੰਘਰਸ਼, ਨਾਟੋ ਦੇ ਸਹਿਯੋਗੀ ਦੇ ਰੂਪ ਵਿੱਚ ਤੁਰਕੀ ਦੀ ਇਸ ਵਿੱਚ ਦਖਲਅੰਦਾਜੀ ਨਾਲ਼, ਇਸ ਵੱਡੇ ਖੇਤਰ ਵਿੱਚ ਹਾਲਾਤ ਇੰਨੇ ਭਿਆਨਕ ਬਣ ਗਏ ਹਨ ਕਿ ਲੱਖਾਂ ਦੀ ਗਿਣਤੀ ਵਿੱਚ ਬੇਘਰ ਹੋਏ ਲੋਕ 21 ਵੀਂ ਸਦੀ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਬਣ ਗਏ ਹਨ। ਅਮਰੀਕਾ ਤੇ ਪੱਛਮੀ ਯੂਰੋਪ ਬਾਅਦ ਰੂਸ ਨੇ ਵੀ ਇੱਥੇ ਪੱਕੇ ਮੋਰਚੇ ਖੋਲ਼ ਲਏ ਹਨ। ਇਨਕਲਾਬੀ ਬਦਲ ਦੀ ਅਣਹੋਂਦ ਵਿੱਚ ਪੈਦਾ ਹੋਏ ਆਈ.ਐਸ.ਆਈ.ਐਸ. ਵਰਗੇ ਗਰੁੱਪ ਜਿੱਥੇ ਕਰੂਰਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ Àੁੱਥੇ ਸਾਮਰਾਜੀ ਦੇਸ਼ਾਂ ਦੇ ਹਮਲੇ ਵੀ, ਆਈ.ਐਸ.ਆਈ.ਐਸ ਦੇ ਜੁਲਮਾਂ ਤੋਂ ਘੱਟ ਨਹੀਂ ਹਨ। ਪੈਰਿਸ ਦੇ ਸੰਗੀਤ ਥੀਏਟਰ ‘ਤੇ ਅੱਤਵਾਦੀਆਂ ਦੇ ਘ੍ਰਿਣਤ ਹਮਲੇ ਦਾ ਬਦਲਾ ਨਿਰਦੋਸ਼ ਲੋਕਾਂ ਅਤੇ ਖਾਸ ਕਰਕੇ ਮਾਸੂਮ ਬੱਚਿਆਂ ਤੇ ਔਰਤਾਂ ‘ਤੇ ਬੰਬਾਰੀ ਕਰਕੇ ਲਿਆ ਜਾ ਰਿਹਾ ਹੈ। ਜਮਹੂਰੀਅਤ ਅਤੇ ਮਨੁੱਖੀ ਹੱਕਾਂ ਦੇ ਮਸੀਹੇ ਦੇ ਤੌਰ ‘ਤੇ ਸਾਮਰਾਜੀ ਬੇਨਕਾਬ ਹੋ ਗਏ ਹਨ। ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਲਈ ਪੱਛਮੀ ਦੇਸ਼ਾਂ ਦੇ ਨਾਲ-ਨਾਲ ਮੱਧ ਪੂਰਬ ਦੇ ਪਿਛਾਖੜੀ ਹਾਕਮਾਂ ਨੇ ਵੀ ਆਪਣੇ ਦਰਵਾਜ਼ੇ ਬੰਦ ਕਰ ਲਏ ਹਨ।

ਸਾਮਰਾਜੀਆਂ ਅਤੇ ਸਰਮਾਏਦਾਰ ਲੁਟੇਰੀਆਂ ਹਾਕਮ ਜਮਾਤਾਂ ਤੋਂ ਬਿਨਾਂ, ਮੱਧ ਪੂਰਬ ਦੇ ਕਿਰਤੀ ਲੋਕਾਂ ਦਾ ਪੱਖ

‘ਅਰਬ ਬਹਾਰ’ ਦੇ ਨਾਂ ਤੇ 2011 ਦਾ ਜਨਤਕ ਵਿਦਰੋਹ ਜੋ ਇਸ ਖਿਤੇ ਦੇ ਸਾਰੇ ਦੇਸ਼ਾਂ ਵਿੱਚ ਫੈਲ ਗਿਆ ਸੀ। ਇਸ ਦੀ ਅਗਵਾਈ, ਮਜ਼ਦੂਰ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਖੱਬੇ ਪੱਖੀ ਪਾਰਟੀਆਂ ਅਤੇ ਕੁਝ ਉਦਾਰਵਾਦੀ ਅਤੇ ਇਸਲਾਮਿਕ ਪਾਰਟੀਆਂ ਨੇ ਕੀਤੀ।  ਇਸ ਲਹਿਰ ਦਾ ਸ਼ਾਨਦਾਰ ਪੱਖ ਇਹ ਸੀ ਕਿ ਇਸਨੇ ਧਾਰਮਿਕ ਤੁਅਸੱਬਾਂ ਤੇ ਫਿਰਕਾਪ੍ਰਸਤ ਮੂਲਵਾਦੀ ਤਾਕਤਾਂ ਨੂੰ ਪਿੱਛੇ ਧੱਕ  ਦਿੱਤਾ। ਤਹਿਰੀਕ ਚੌਂਕ ਵਿੱਚ ਲੋਕਾਂ ਦੀ ਜਿੱਤ ਵਿੱਚ ਫਰਵਰੀ 2011 ਦੀ ਦੇਸ਼ ਵਿਆਪੀ ਹੜਤਾਲ ਨੇ ਫੈਸਲਾਕੁੰਨ ਭੁਮਿਕਾ ਨਿਭਾਈ। ਹੜਤਾਲ ਮਿਲਟਰੀ ਫੈਕਟਰੀਆਂ ਤੱਕ ਫੈਲ ਗਈ। ਟੁਨੀਸ਼ੀਆ ਦੀ ਮਜ਼ਦੂਰ ਯੂਨੀਅਨ ਯੂ.ਜੀ.ਟੀ.ਟੀ ਦੇ ਸੱਦੇ ‘ਤੇ ਹੋਈ ਆਮ ਹੜਤਾਲ ਤੋਂ ਬਾਅਦ ਤਾਨਾਸ਼ਾਹ ਬੇਨ-ਅਲੀ ਨੂੰ ਅਸਤੀਫਾ ਦੇਣਾ ਪਿਆ। ਇਸੇ ਤਰਾਂ ਲੀਬੀਆ, ਸੀਰੀਆ ਤੇ ਯਮਨ ਵਿੱਚ ਹੇਠਲੇ ਪੱਧਰ ‘ਤੇ ਇਨਕਲਾਬੀ ਕਮੇਟੀਆਂ ਬਣਨ ਦੀ ਲਹਿਰ ਵਿੱਚ ਮਜ਼ਦੂਰਾਂ ਨੇ ਅਹਿਮ ਭੂਮਿਕਾ ਨਿਭਾਈ। ਕੁਵੈਤ, ਸਾਊਦੀ ਅਰਬ ਅਤੇ ਯੂਨਾਈਟਡ ਅਰਬ ਅਮੀਰਾਤ ਵਿੱਚ ਹੜਤਾਲਾਂ ਦੀ ਲਹਿਰ ਫੈਲ ਗਈ। ਇਸ ਸਾਰੀ ਲਹਿਰ ਵਿੱਚ ਮਜ਼ਦੂਰਾਂ ਦੀ ਸ਼ਾਨਦਾਰ ਸ਼ਮੂਲੀਅਤ ਦੇ ਗੰਭੀਰ ਵਿਸ਼ਲੇਸ਼ਣ ਦੀ ਜਰੂਰਤ ਹੈ। ਦੂਜੇ ਪਾਸੇ ਇਸ ਲਹਿਰ ਦੇ ਪਤਨ ਸਮੇਂ, ਸੋਧਵਾਦੀ ਟਰੇਡ ਯੂਨੀਅਨ ਦੇ ਆਗੂਆਂ ਦੀਆਂ, ਹਾਕਮ ਜਮਾਤ ਦੀਆਂ ਪਾਰਟੀਆਂ ਅਤੇ ਹਾਕਮਾਂ ਨਾਲ ਸਾਂਝ ਭਿਆਲੀ ਦੀਆਂ ਖਬਰਾਂ ਵੀ ਨਿੱਕਲ਼ੀਆਂ, ਜਿਨਾਂ ਨੇ ਮਜਦੂਰਾਂ ਦੀ ਇਸ ਮਹਾਨ ਪਹਿਲਕਦਮੀ ਨੂੰ ਕਮਜ਼ੋਰ ਕੀਤਾ। ਇਸਲਾਮਿਕ ਉਦਾਰਵਾਦੀ ਪਾਰਟੀਆਂ ਦਾ ਪਹਿਲਾਂ ਤਾਂ ਇਸ ਲਹਿਰ ਵਿੱਚ ਸ਼ਾਮਲ ਹੋਣ ਸਮੇਂ ਦੀ ਹਿਚਕਿਚਾਹਟ ਅਤੇ ਜਦੋਂ ਲੋਕ ਰਲ਼ ਤੁਰੇ ਤਾਂ ਇਸ ਦੀ ਅਗਵਾਈ ਹਥਿਆਉਣ ਦੀਆਂ ਚਾਲਾਂ ਨੇ ਸਾਬਤ ਕਰ ਦਿੱਤਾ ਕਿ ਰਵਾਇਤੀ ਬੁਰਜੁਆ ਪਾਰਟੀਆਂ ਦੀ ਪ੍ਰਤੀਬੱਧਤਾ ਲੋਕਾਂ ਦੀ ਬਜਾਏ, ਸਰਮਾਏਦਾਰਾਂ ਨਾਲ਼ ਹੈ। ਇਹਨਾਂ ਪਾਰਟੀਆਂ ਨੇ ਤਸੱਲੀ ਦਿਵਾਈ ਕਿ ਉਹ ਉਦਾਰੀਕਰਨ ਦੇ ਏਜੰਡੇ ਤੋਂ ਬਾਹਰ ਨਹੀਂ ਹਨ, ਪਰ ਮਜ਼ਦੂਰਾਂ, ਦੁਕਾਨਦਾਰਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਮੁਲਾਜਮਾਂ ਦੁਆਰਾ ਏਡੀ ਜਬਰਦਸਤ ਲਹਿਰ ਖੜੀ ਕਰ ਦੇਣ ਦੇ ਆਰਥਕ-ਸਮਾਜਕ-ਸਿਆਸੀ ਕਾਰਕਾਂ ਦਾ ਵਿਸ਼ਲੇਸ਼ਣ ਕਰਨਾ ਜਰੂਰੀ ਹੈ। ਮੱਧ ਪੂਰਬ ਵਿੱਚ, ਸੰਸਾਰਵਿਆਪੀ ਉਦਾਰੀਕਰਣ ਦੇ ਦੌਰ ਦੀਆਂ ਤਬਦੀਲੀਆਂ ਨੂੰ ਸਮਝਣ ਦੀ ਕੋਸ਼ਿਸ਼ ਹੈ ਤਾਂ ਕਿ ਇਸ ਵਿਸ਼ੇ ‘ਤੇ ਬਹਿਸ ਅੱਗੇ ਚੱਲ ਸਕੇ। ਕੀਨਜ਼ਵਾਦੀ ਦੌਰ ਵਿੱਚ, ਇੱਥੋਂ ਦੀਆਂ ਸਰਕਾਰਾਂ ਦਾ ਚਰਿੱਤਰ, ਰਾਜ ਦੇ ਕੰਟਰੋਲ ਵਿੱਚ, ਰਾਜਕੀ ਖੇਤਰ ਉਸਾਰ ਕੇ ਸਰਮਾਏਦਾਰੀ ਦਾ ਵਿਕਾਸ ਕਰਨਾ ਸੀ। ਕਿਉਕਿ ਤੇਲ ਕੰਪਨੀਆਂ ਅਤੇ ਵਿਦੇਸ਼ੀ ਫੌਜੀ ਅੱਡਿਆਂ ਤਂੋ ਪ੍ਰਾਪਤ ਲਗਾਨ ਰਾਜ ਦਾ ਮੁੱਖ ਆਰਥਿਕ ਸ੍ਰੋਤ ਸੀ। ਪਛੜੇ ਪੂਰਵ ਸਰਮਾਏਦਾਰੀ ਸਬੰਧਾਂ ਵਾਲ਼ੇ ਦੇਸ਼ਾਂ ਵਿੱਚ ਸਰਮਾਏਦਾਰਾ ਵਿਕਾਸ ਲਈ, ਮੁੱਢਲੇ ਸਰਮਾਏ ਦੀ ਥੁੜ ਪੂਰੀ ਕਰਨ ਦੀ ਲੋੜ ਵਿੱਚੋਂ ਹੀ, ਰਾਜਕੀ ਖੇਤਰ ਹੋਂਦ ਵਿੱਚ ਆਇਆ। ਸਾਮਰਾਜੀ ਨੀਤੀਆਂ ਦੀ ਬਦੌਲਤ, ਫੌਜੀ ਸਨਅਤ ਇੱਥੋਂ ਦੀ ਮਹੱਤਵਪੂਰਣ ਸਨਅਤ ਬਣਦੀ ਗਈ। ਲਗਾਨ ਵਸੂਲਣ ਵਾਲ਼ੇ ਹਾਕਮ ਤਾਨਾਸ਼ਾਹ, ਫੌਜੀ ਅਫਸਰ ਅਤੇ ਉਹਨਾਂ ਦੇ ਨਜਦੀਕੀ ਰਾਜਕੀ ਖੇਤਰ ਵਿੱਚ ਉਸਾਰੀ ਜਾਣ ਵਾਲ਼ੀ ਇਸ ਫੌਜੀ ਸਨਅਤ ਦੇ ਮੁਨਾਫਿਆਂ ਨਾਲ਼ ਅਮੀਰ ਹੋਣ ਨਾਲ਼, ਨਿੱਜੀ ਸਨਅਤਾਂ ਵਿੱਚ ਲਾਉਣ ਜੋਗੇ ਮੁੱਢਲੇ ਸਰਮਾਏ ਦੇ ਮਾਲਕ ਹੋ ਗਏ। ਫੌਜੀ ਸੱਨਅਤ ਨਾਲ਼ ਸਬੰਧਤ ਸੱਨਅਤਾਂ ਵਿੱਚ, ਨਿੱਜੀ ਸਰਮਾਇਆ ਨਿਵੇਸ਼ ਨਾਲ ਐਲੂਮੀਨਿਅਮ, ਸਟੀਲ ਸਨਅਤ ਦਾ ਵਿਸਥਾਰ ਅਤੇ ਫਿਰ ਖਪਤ ਦੀਆਂ ਵਸਤੂਆਂ, ਸ਼ਾਪਿੰਗ ਮਾਲਾਂ ਨਾਲ ਸਰਮਾਏਦਾਰੀ ਦਾ ਵਿਕਾਸ ਹੋਣ ਲੱਗਾ। ਮਿਲਟਰੀ ਅਫਸਰਾਂ ਦੀ ਇਸ ਵਿਕਾਸ ਮਾਡਲ ਵਿੱਚ ਅਹਿਮ ਭੂਮਿਕਾ ਰਹੀ ਹੈ। ਖੇਤੀ ਅਧਾਰਤ ਕਾਰੋਬਾਰ, ਦੁੱਧ ਦੀ ਪੈਕਿੰਗ ਦਾ ਕਾਰੋਬਾਰ, ਆਟਾ ਮਿੱਲਾਂ, ਡੱਬਾਬੰਦ ਤਿਆਰ ਭੋਜਨ ਦਾ ਕਾਰੋਬਾਰ, ਪੋਲਟਰੀ ਫਾਰਮ ਬਣਾਉਣਾ ਸਰਮਾਏਦਾਰਾ ਕਿਸਮ ਦੀਆਂ ਕੁਝ ਮਿਸਾਲਾਂ ਹਨ। ਐਸੀ ਹਾਲਤ ਵਿੱਚ, ਮੂਲ ਤੌਰ ‘ਤੇ ਰਾਜਕੀ ਖੇਤਰ ‘ਤੇ ਅਧਾਰਤ ਰਾਜ, ਜੋ ਕਲਿਆਣਕਾਰੀ ਰਾਜ ਦਾ ਮੱਧ ਪੂਰਬੀ ਸੰਸਕਰਣ ਸੀ, ਨਿੱਜੀ ਖੇਤਰ ਵਿੱਚ ਸਰਮਾਏਦਾਰੀ ਦੇ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਕੇ, ਆਪਣੀ ਇਤਿਹਾਸਕ ਭੂਮਿਕਾ ਨਿਭਾਅ ਚੁੱਕਾ ਸੀ ਅਤੇ ਹੁਣ ਮੱਧ ਪੂਰਬ ਨਵਉਦਾਰੀਕਰਨ ਦੇ, ਸੰਸਾਰ ਸਰਮਾਏਦਾਰੀ ਦੇ ਏਜੰਡੇ, ਸੰਸਾਰੀਕਰਨ, ਨਿੱਜੀਕਰਨ ਅਤੇ ਕੰਟਰੋਲ ਮੁਕਤੀ ਲਈ ਪ੍ਰਪੱਕ ਸੀ। ਹੁਣ ਪੁਰਾਣੇ ਰਾਜਕੀ ਖੇਤਰ ਦੀ ਸਰਕਾਰੀ ਲਗਾਨ ਵਸੂਲੀ ਵਾਲਾ ਰਾਜ, ਸੰਕਟਗ੍ਰਸਤ ਸੀ। ਹੁਣ ਤੇਲ ਦੇ ਭੰਡਾਰ ਅਤੇ ਸਰਕਾਰੀ ਨਿਅੰਤਰਣ ਵਾਲ਼ੀਆਂ ਸਨਅਤਾਂ ਨੂੰ, ਦੇਸ਼ੀ ਵਿਦੇਸ਼ੀ ਸਰਮਾਏਦਾਰ ਰਲ਼ਮਿਲ਼ ਕੇ ਹੜੱਪਣ ਦੀ ਹਾਲਤ ਵਿੱਚ ਆ ਗਏ ਸਨ। ਉਹਨਾਂ ਲਈ ਬਾਕੀ ਸਾਰੇ ਬਦਲ ਬੰਦ ਹੋ ਗਏ ਹਨ। ਮਿਸਰ ਵਿੱਚ 1981 ਤੋਂ ਬਾਅਦ ਫੌਜੀ ਅਧਿਕਾਰੀਆਂ ਨੇ, ਹਥਿਆਰ ਪੈਦਾਵਾਰ ਸਮੇਤ, ਹੋਰ ਕਈ ਕਾਰੋਬਾਰਾਂ ਵਿੱਚ ਪੈਸਾ ਲਾਇਆ। ਖੇਤੀ ਖੇਤਰ ਤੇ ਮਕਾਨ ਉਸਾਰੀ ਤੋਂ ਬਿਨ੍ਹਾਂ ਫੌਜੀ ਸਨਅਤਾਂ ਦੇ ਡਾਇਰੈਕਟਰ ਹੋਣ ਦੀ ਸਹੂਲਤ ਵੀ ਮਾਣਦੇ ਸਨ।

ਇਹਨਾਂ ਨੂੰ ਜੋ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ, ਉਹਨਾਂ ਵਿੱਚ ਸਰਕਾਰੀ ਸਬਸਿਡੀਆਂ ਦੀ ਵਰਤੋਂ, ਸਰਕਾਰੀ ਜਮੀਨਾਂ ਦੀ ਵਰਤੋਂ ਤੋਂ ਬਿਨ੍ਹਾਂ ਮਜਦੂਰਾਂ ‘ਤੇ ਮਿਲਟਰੀ ਅਨੁਸ਼ਾਸਨ ਲਾਗੂ ਕਰਨਾ ਵੀ ਸ਼ਾਮਿਲ ਸੀ। ਇਸ ਨਾਲ਼ ਇਹਨਾਂ ਦੇ ਮੁਨਾਫੇ ਬਹੁਤ ਤੇਜੀ ਨਾਲ਼ ਵਧੇ। ਇਸ ਤੋਂ ਬਿਨਾਂ ਇਹਨਾਂ ਨੂੰ ਸਰਕਾਰੀ ਆਡਿਟਿੰਗ ਤੋਂ ਵੀ ਛੋਟ ਸੀ। ਮਿਸਰ ਦੇ ਫੌਜੀ ਜਰਨੈਲਾਂ ਅਤੇ ਖਾੜੀ ਦੇਸ਼ਾਂ ਦੇ ਸਰਮਾਏਦਾਰਾਂ ਦਾ ਮਿਸਰ ਦੀ ਭੋਜਨ ਸਨਅਤ ਅਤੇ ਸੇਵਾਵਾਂ ਦੇ ਖੇਤਰ ਵਿੱਚ ਪੂਰਾ ਬੋਲਬਾਲਾ ਸੀ। 2007 ਵਿੱਚ ਅਲੈਗਜ਼ਾਂਡਰੀਆ ਸ਼ਿਪ ਯਾਰਡ ਦੇ ਨਿੱਜੀਕਰਨ ਵੇਲ਼ੇ 3600 ਮਜਦੂਰਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ। ਇਸ ਤਰ੍ਹਾਂ ਨਿੱਜੀਕਰਨ ਦਾ ਸਿਲਸਿਲਾ ਤੇਜ ਹੁੰਦਾ ਗਿਆ। ਇਸ ਸੰਦਰਭ ਵਿੱਚ ਮਿਸਰ ਦੀ ਸਿਆਸਤ ਵਿੱਚ ਫੌਜੀ ਅਫ਼ਸਰਾਂ ਦੀ ਭੂਮਿਕਾ ਨੂੰ ਸਮਝਿਆ ਜਾ ਸਕਦਾ ਹੈ।

ਇਸ ਸਾਰੇ ਪ੍ਰਸੰਗ ਵਿੱਚ ਹੀ ਮੱਧ ਪੂਰਬ  ਦੀ ਸਿਆਸਤ ਵਿੱਚ ਮਜ਼ਦੂਰ ਜਮਾਤ ਦੀ ਭੂਮਿਕਾ ਦਾ ਵਿਸ਼ਾ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਰਵਾਇਤੀ ਕੌਮਵਾਦੀ, ਉਦਾਰਵਾਦੀ ਅਤੇ ਇਸਲਾਮਿਕ ਜਮਹੂਰੀ, ਮੁਸਲਿਮ ਬ੍ਰਦਰਹੁਡ ਵਰਗੀਆਂ ਪਾਰਟੀਆਂ, ਨਵ ਉਦਾਰਵਾਦੀ ਦੌਰ ਦੇ ਸਿਆਸੀਕਰਨ ਅਤੇ ਨਿੱਜੀਕਰਨ ਦੇ ਏਜੰਡੇ ਨਾਲ ਸਹਿਮਤ ਹਨ। ਮਜਦੂਰ ਜਮਾਤ ਦੀਆਂ ਇਨਕਲਾਬੀ ਪਾਰਟੀਆਂ ਦੇ ਨਾ ਹੋਣ ਕਰਕੇ ਇਹਨਾਂ ਦੇਸ਼ਾਂ ਵਿੱਚ 2011 ਦੇ ਲੋਕ-ਉਭਾਰ ਦੇ ਪਤਨ ਤੋਂ ਬਾਅਦ ਪੈਦਾ ਹੋਈ ਹਾਲਤ ਨੇ ਧਾਰਮਿਕ ਮੂਲਵਾਦੀ ਅਤੇ ਅੱਤਵਾਦੀ ਰੁਝਾਨਾਂ ਨੂੰ ਪੈਦਾ ਕੀਤਾ ਹੈ ਕਿਉਂਕਿ ਰਵਾਇਤੀ ਬੁਰਜੂਆ ਪਾਰਟੀਆਂ ‘ਤੇ ਲੋਕਾਂ ਦਾ ਭਰੋਸਾ ਲਗਭਗ ਖਤਮ ਹੋ ਰਿਹਾ ਹੈ। ਬੇਸ਼ਕ ਮਜ਼ਦੂਰ ਜਮਾਤ ਦੀ ਵਿਚਰਧਾਰਾ ਮਾਰਕਸਵਾਦ ਲੈਨਿਨਵਾਦ ਦੀ ਗੱਲ ਕਰਨ ਵਾਲ਼ੇ ਛੋਟੇ-ਛੋਟੇ ਗਰੁੱਪਾਂ ਅਤੇ ਲਹਿਰਾਂ ਦੀਆਂ ਖਬਰਾਂ ਕਦੀ-ਕਦੀ ਸਾਹਮਣੇ ਆਉਂਦੀਆਂ ਹਨ ਪਰ ਇਸ ਬਾਰੇ ਜਾਣਕਾਰੀ ਦੀ ਅਣਹੋਂਦ ਕਰਕੇ ਅਸਲ ਸਥਿਤੀ ਬਾਰੇ ਗੱਲ ਕਰਨੀ ਮੁਸ਼ਕਿਲ ਹੈ। ਫਿਰ ਵੀ 2011 ਦੇ ਸੰਘਰਸ਼ ਦੀ ਅਸਫਲਤਾ, ਲੀਬੀਆ ਦੀ ਲੋਕ ਪਹਿਲ ਕਦਮੀ ਨਾਲ਼ ਪੈਦਾ ਹੋਏ ਰੋਸ ਨੂੰ ਸਾਮਰਾਜੀਆਂ ਦੁਆਰਾ ਹਥਿਆ ਲੈਣ, ਸੀਰੀਆ ਦੀਆਂ ਸਥਾਨਕ ਇਨਕਲਾਬੀ ਕਮੇਟੀਆਂ ਦੀ ਅਸਫਲਤਾ ਤੋਂ ਬਾਅਦ ਲਹਿਰ ਦਾ ਉਲਟ ਇਨਕਲਾਬੀ ਤਾਕਤਾਂ ਦੇ ਹੱਥ ਆ ਜਾਣਾ, ਇਨਕਲਾਬ ਦੀ ਹਾਰ ਤੋਂ ਬਾਅਦ ਫਿਰਕਾਪ੍ਰਸਤ ਤਾਕਤਾਂ ਅਤੇ ਅੱਤਵਾਦੀਆਂ ਦੀ ਤਾਕਤ ਦਾ ਵਧਣਾ, ਇਹ ਸਾਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਮੱਧਪੂਰਬ ਦੇ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਦੀਆਂ ਬਾਲਸ਼ਵਿਕ ਚਰਿੱਤਰ ਵਾਲ਼ੀਆਂ ਇਨਕਲਾਬੀ ਪਾਰਟੀਆਂ ਮੌਜੂਦ ਨਹੀਂ ਹਨ। ਫਿਰ ਵੀ, ਜਿਸ ਤਰ੍ਹਾਂ ਅਰਬ ਬਹਾਰ ਦੇ ਇਨਕਲਾਬੀ ਉਭਾਰ ਵਿੱਚ, ਮਜ਼ਦੂਰ ਜਮਾਤ ਨੇ ਆਪਣੀ ਤਾਕਤ ਦਰਜ ਕਰਾਈ ਹੈ, ਇਸ ਤੋਂ ਕੋਈ ਸ਼ੱਕ ਨਹੀਂ ਰਹਿੰਦਾ ਕਿ ਮਜਦੂਰ ਜਮਾਤ ਦੀਆਂ ਇਨਕਲਾਬੀ ਸਿਆਸੀ ਪਾਰਟੀਆਂ ਦੀ ਉਸਾਰੀ, ਮੱਧ ਪੂਰਬ ਦੀ ਮਜਦੂਰ ਲਹਿਰ ਦਾ ਅਗਲਾ ਏਜੰਡਾ ਹੋਵੇਗਾ। 21 ਵੀਂ ਸਦੀ ਵਿੱਚ ਚੱਲਣ ਵਾਲ਼ੇ ਕਿਰਤ ਅਤੇ ਸਰਮਾਏ ਦੇ ਇਸ ਮਹਾਂਯੁੱਧ ਵਿੱਚ ਮੱਧ-ਪੂਰਬ ਦੇ ਕਿਰਤੀਆਂ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।  

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ