ਆਧੁਨਿਕ “ਲੋਕ” ਮੀਡੀਏ ਦਾ ਜਨਮ ਤੇ ਵਿਕਾਸ, ਸਰਮਾਏਦਾਰ ਜਮਾਤ ਦਾ ਗਲਬਾ ਅਤੇ ਇੱਕ ਇਨਕਲਾਬੀ ਬਦਲਵੇਂ ਮੀਡੀਏ ਦੀ ਲੋੜ -ਸ਼ਿਸ਼ਿਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)media 1

ਇਤਾਲਵੀ ਕਮਿਊਨਿਸਟ ਐਨਤੋਨੀਓ ਗ੍ਰਾਮਸ਼ੀ ਨੇ ਦੱਸਿਆ ਸੀ ਕਿ ਸਾਰਮਾਏਦਾਰ ਜਮਾਤ ਜਮਾਤੀ ਸਮਾਜ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਜਮਾਤ ਹੈ, ਜਿਸਦਾ ਰਾਜ ਕਿਸੇ ਇੱਕਪੱਖੀ ਦਬਦਬੇ ‘ਤੇ ਨਿਰਭਰ ਨਹੀਂ ਕਰਦਾ ਹੈ। ਇਹ ਪਹਿਲੀ ਹਾਕਮ ਜਮਾਤ ਹੈ ਜੋ ਆਪਣੇ ਰਾਜ ਦੀ ਵਾਜ਼ਬੀਅਤ ਪ੍ਰਮਾਤਮਾ, ਧਰਮ ਜਾਂ ਕਿਸੇ ਵੀ ਮੁਢ ਕਦੀਮੀ ਜਾਂ ਪੂਰਵ-ਆਧੁਨਿਕ ਸੰਸਥਾ ਜਾਂ ਸੱਤਾ ਤੋਂ ਨਹੀਂ ਪ੍ਰਾਪਤ ਕਰਦੀ। ਸਰਮਾਏਦਾਰੀ ਦੇ ਉਭਾਰ ਤੋਂ ਪਹਿਲਾਂ ਜੋ ਪੂਰਵ-ਸਰਮਾਏਦਾਰੀ ਢਾਂਚੇ ਸਨ, ਉਹ ਇੱਕਪਾਸੜ ਅਤੇ ਪੂਰਨ ਦਬਦਬੇ ‘ਤੇ ਅਧਾਰਿਤ ਸਨ। ਇਹੀ ਕਾਰਨ ਸੀ ਕਿ ਉਹ ਅੰਦਰੋਂ ਜਿਆਦਾ ਕਮਜ਼ੋਰ ਸਨ, ਅਤੇ ਬੁਰਜ਼ੂਆ ਇਨਕਲਾਬਾਂ ਦੁਆਰਾ ਉਹਨਾਂ ਦੇ ਵਿਨਾਸ਼ ਦੀ ਪ੍ਰਕ੍ਰਿਆ, ਗਿਆਰਗੀ ਲੁਕਾਚ ਦੇ ਸ਼ਬਦਾਂ ਵਿਚ, ਉੱਤਮ ਰੂਪ ਨਾਲ਼ ਮਨੋਹਰ ਢੰਗ ਨਾਲ਼ ਅੱਗੇ ਵਧੀ। ਜਗੀਰੂ ਹਾਕਮ ਜਮਾਤ ਆਪਣੀ ਸੱਤਾ ਦੀ ਵਾਜ਼ਬੀਅਤ ਲਈ ਚਰਚ ਅਤੇ ਧਰਮ ‘ਤੇ ਨਿਰਭਰ ਕਰਦੀ ਸੀ। ਉਸਦਾ ਰਾਜ ਪ੍ਰਤੱਖ ਅਤੇ ਨੰਗੀ ਹਕੂਮਤ ‘ਤੇ ਨਿਰਭਰ ਕਰਦਾ ਸੀ, ਅਤੇ ਲੋਕਾਂ ਦੇ ਵਿੱਚ ਮੌਜੂਦ ਪਿਛੜੀ ਧਾਰਮਿਕ ਚੇਤਨਾ ਦੀ ਪ੍ਰਬਲ ਮੌਜੂਦਗੀ ਕਾਰਣ, ਧਰਮ ਅਤੇ ਚਰਚ ਤੋਂ ਵਾਜਬਤਾ ਪ੍ਰਾਪਤ ਕਰਨਾ ਇਸਦੇ ਲਈ ਮੁਕਾਬਲਤਨ ਸਹਿਜ ਸੀ। ਇਹੀ ਕਾਰਣ ਸੀ ਕਿ ਲਗਭਗ ਸਾਰੇ ਸਮਾਜਾਂ ਵਿੱਚ ਪੂਰਵ-ਸਰਮਾਏਦਾਰੀ ਰਾਜ ਢਾਂਚੇ ਨੇੜਤਾ ਦੇ ਨਾਲ਼ ਧਾਰਮਿਕ ਉੱਚ-ਉਸਾਰ ਨਾਲ਼ ਜੁੜੇ ਰਹੇ ਸਨ। ਕਈ ਥਾਂ ਤਾਂ ਇਸਦੇ ਵਿਚਲੀ ਇਕਮਿਕਤਾ ਇਸ ਕਿਸਮ ਦੀ ਸੀ ਕਿ ਰਾਜਸੱਤਾ ਅਤੇ ਧਾਰਮਿਕ ਸੰਸਥਾਵਾਂ ਵਿਚ ਫ਼ਰਕ ਕਰਨਾ ਵੀ ਮੁਸ਼ਕਿਲ ਸੀ। ਅਲੌਕਿਕ ਰੂਪ ਨਾਲ਼ ਦਿੱਤੇ ਗਏ ਅਧਿਕਾਰ ਨਾਲ਼ ਜਗੀਰੂ ਹਾਕਮ ਜਮਾਤ ਰਾਜ ਕਰਦੀ ਸੀ। ਰਾਜਾ ਪ੍ਰਮਾਤਮਾ ਦੀ ਛਾਂ ਸੀ, ਅਤੇ ਉਹ ਜੋ ਬੋਲਦਾ ਸੀ ਉਹ ਕਨੂੰਨ ਹੁੰਦਾ ਸੀ। ਵੱਖ-ਵੱਖ ਦੇਸ਼ਾਂ ਵਿਚ ਇਸ ਪੂਰੀ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਵਿੱਚ ਕਈ ਅੰਤਰ ਮੌਜੂਦ ਸਨ। ਮਿਸਾਲ ਦੇ ਤੌਰ ‘ਤੇ, ਯੂਰਪ ਵਿੱਚ ਇਹ ਪ੍ਰਕ੍ਰਿਆ ਇਕ ਅਲੱਗ ਤਰੀਕੇ ਨਾਲ਼ ਘਟਦੀ ਸੀ, ਜਦ ਕਿ ਭਾਰਤੀ ਸਮਾਜ ਵਿੱਚ ਇਸਦਾ ਸਰੂਪ ਬਹੁਤ ਵੱਖਰਾ ਸੀ। ਪਰ ਗੁਣਾਤਮਕ ਰੂਪ ਤੋਂ ਮੂਲ ਤਰਕ ਇਕੋ ਜਿਹਾ ਸੀ। ਪੂਰਵ-ਸਰਮਾਏਦਾਰੀ ਢਾਂਚਿਆਂ ਵਿਚ ਹਾਕਮ ਜਮਾਤ ਨੂੰ ਆਪਣੇ ਰਾਜ ਨੂੰ ਜਾਰੀ ਰੱਖਣ ਲਈ ਧਾਰਮਿਕ ਵਾਜ਼ਬੀਅਤ ਪ੍ਰਾਪਤ ਸੀ ਅਤੇ ਉਸਦਾ ਰਾਜ ਲਗਪਗ ਪੂਰਨ ਅਤੇ ਇਕਪਾਸੜ ਦਬਦਬੇ ‘ਤੇ ਅਧਾਰਿਤ ਸੀ।

ਅਜਿਹਾ ਨਹੀਂ ਕਿ ਇਸ ਇਕਪਾਸੜ ਦਬਦਬੇ ਦੇ ਵਿਰੁੱਧ ਸਮਾਜ ਵਿੱਚ ਕੋਈ ਟਾਕਰੇ ਦੇ ਸੁਰ ਨਹੀਂ ਮੌਜੂਦ ਸਨ। ਇਕ ਪਾਸੇ ਕਿਸਾਨ ਵਿਦਰੋਹਾਂ ਨੇ ਜਗੀਰੂ (ਜਾਂ ਪੂਰਵ-ਸਰਮਾਏਦਾਰੀ) ਸਮਾਜਾਂ ਦੀ ਬੁਨਿਆਦ ਨੂੰ ਹਿਲਾ ਕੇ ਰੱਖ ਦਿੱਤਾ ਸੀ, ਤਾਂ ਉਥੇ ਹੀ ਉੱਭਰਦੀ ਹੋਈ ਸਰਮਾਏਦਾਰੀ ਜਮਾਤ ਵੀ ਆਪਣੀ ਵਧਦੀ ਆਰਥਿਕ ਤਾਕਤ ਦੇ ਨਾਲ਼-ਨਾਲ਼ ਆਪਣੇ ਆਪ ਨੂੰ ਸਿਆਸੀ ਰੂਪ ਨਾਲ਼ ਜਿਆਦਾ ਤੋਂ ਜਿਆਦਾ ਜੱਥੇਬੰਦ ਕਰ ਰਹੀ ਸੀ। ਇਸ ਸਰਮਾਏਦਾਰੀ ਜਮਾਤ ਵਿੱਚ ਇਕ ਹਿੱਸਾ ਮੱਧਯੁਗੀ ਵਪਾਰੀਆਂ ਦਾ ਸੀ ਜੋ ਇਕ ਸਿਲਸਿਲੇਵਾਰ ਪ੍ਰਕ੍ਰਿਆ ਵਿੱਚ ਪੈਦਾਵਾਰ ਨੂੰ ਸੰਚਾਲਿਤ ਕਰਨ ਲੱਗੇ ਸਨ, ਅਤੇ ਸਿਰਫ਼ ਪੈਦਾ ਮਾਲ ਦੀ ਸੌਦਾਗਿਰੀ ਵਿੱਚ ਨਹੀਂ ਲੱਗੇ ਸਨ (ਜਿਸਨੂੰ ਮਾਰਕਸ ਨੇ ‘ਉੱਤੇ ਤੋਂ ਸਰਮਾਏਦਾਰੀ’ ਦਾ ਨਾਂ ਦਿੱਤਾ ਸੀ); ਜੋ ਦਸਤਕਾਰ ਉਹਨਾਂ ਲਈ ਪੈਦਾਵਾਰ ਕਰਦੇ ਸਨ, ਉਹ ਸਿਲਸਿਲੇਵਾਰ ਪ੍ਰਕ੍ਰਿਆ ਵਿੱਚ ਉਹਨਾਂ ਦੇ ਮਜ਼ਦੂਰ ਬਣ ਗਏ ਸਨ, ਅਤੇ ਹੁਣ ਪੈਦਾਵਾਰ ਦੇ ਫੈਸਲਿਆਂ ਵਿਚ ਉਹਨਾਂ ਦੀ ਕੋਈ ਖੁਦਮੁਖਤਿਆਰੀ ਨਹੀਂ ਬਚੀ ਸੀ। ਇਸ ਮਾਮਲੇ ਵਿਚ ਪੈਦਾਵਾਰੀ ਜਮਾਤ ਦੇ ਪ੍ਰੋਲੇਤਾਰੀਕਰਨ ਦੀ ਪ੍ਰਕ੍ਰਿਆ ਅਸਪਸ਼ਟ, ਸਿਲਸਿਲੇਵਾਰ ਅਤੇ ਅਪੂਰਣ ਰੂਪ ਨਾਲ਼ ਪੂਰੀ ਹੋਈ। ਇਸ ਲਈ ਮਾਰਕਸ ਨੇ ਇਸਨੂੰ ‘ਅਸਲੋਂ ਇਨਕਲਾਬੀ ਰਾਹ’ ਨਹੀਂ ਕਿਹਾ ਸੀ। ਦੂਜਾ ਰਾਹ, ਜਿਸਨੂੰ ਮਾਰਕਸ ਨੇ ‘ਹੇਠੋਂ ਸਰਮਾਏਦਾਰੀ’ ਦੇ ਉਭਾਰ ਦਾ ਰਾਹ ਦੱਸਿਆ, ਦਸਤਕਾਰਾਂ ਦੇ ਵਿੱਚੋਂ ਹੀ ਸਰਮਾਏਦਾਰੀ ਜਮਾਤ ਪੈਦਾ ਹੋਣ ਦੀ ਗੱਲ ਕਰਦਾ ਸੀ। ਦਸਤਕਾਰਾਂ ਦੀ ਜਮਾਤ ਵਿਚੋਂ ਕੁਝ ਦਸਤਕਾਰ ਅਮੀਰ ਹੋ ਕੇ ਉਜਰਤੀ ਕਿਰਤ ਦਾ ਸ਼ੋਸ਼ਣ ਸ਼ੁਰੂ ਕਰ ਦਿੰਦੇ ਹਨ। ਜੋ ਦਸਤਕਾਰ ਮੰਡੀ ਦੇ ਮੁਕਾਬਲੇ ਵਿਚ ਕਿਸੇ ਵੀ ਕਾਰਣ ਤਬਾਹ ਹੋ ਗਏ ਸਨ, ਕਈ ਵਾਰ ਉਹ ਖੁਦ ਅਮੀਰ ਦਸਤਕਾਰਾਂ ਦੀਆਂ ਵਰਕਸ਼ਾਪਾਂ ਵਿਚ ਕੰਮ ਕਰਦੇ ਸਨ।ਇਥੋਂ ਹੀ ਉਹ ਅਬਾਦੀ ਪੈਦਾ ਹੋਈ ਜੋ ਇਕ ਲੰਬੀ ਸਿਲਸਿਲੇਵਾਰ ਪ੍ਰਕ੍ਰਿਆ ਵਿਚ ਸਰਮਾਏਦਾਰੀ ਜਮਾਤ ਦੀ ਉਸਾਰੀ ਦਾ ਕਾਰਣ ਬਣੀ। ਕਿਤੇ ਪਹਿਲੀ ਪ੍ਰਕ੍ਰਿਆ ਸਰਮਾਏਦਾਰੀ ਜਮਾਤ ਦੇ ਉਭਾਰ ਵਿੱਚ ਜ਼ਿਆਦਾ ਜਿੰਮੇਵਾਰ ਸੀ ( ਜਿਵੇਂ ਕਿ ਇਟਲੀ) ਤਾਂ ਕਿਤੇ ਦੂਜੀ ਪ੍ਰਕ੍ਰਿਆ ( ਜਿਵੇਂ ਬ੍ਰਿਟੇਨ, ਫਰਾਂਸ ਆਦਿ)। ਇਸ ਨਵੀਂ ਉੱਠੀ ਸਰਮਾਏਦਾਰ ਜਮਾਤ ‘ਕੱਲੇ ਆਪਣੇ ਜ਼ੋਰ ‘ਤੇ ਜਗੀਰੂ ਜਮਾਤ ਨਾਲ਼ ਨਹੀਂ ਟਕਰਾ ਸਕਦੀ ਸੀ। ਉਹ ਇਸ ਗੱਲ ਲਈ ਮਜ਼ਬੂਰ ਸੀ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਮੱਧਵਰਗ ਨੂੰ ਆਪਣੇ ਨਾਲ਼ ਲਵੇ। ਇਹਨਾਂ ਹੀ ਜਮਾਤਾਂ ਨੂੰ ਨਾਲ਼ ਲੈਣ ਲਈ ਸਰਮਾਏਦਾਰ ਜਮਾਤ ਨੇ ਆਪਣੇ ਰਾਜ ਨੂੰ ਜਮਹੂਰੀ ਰਾਜ ਦੇ ਤੌਰ ‘ਤੇ ਪੇਸ਼ ਕੀਤਾ ਜੋ ਕਿ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਗੱਲ ਕਰਦਾ ਸੀ। ਜਿਵੇਂ ਕਿ ਏਂਗਲਜ਼ ਨੇ ‘ਸਮਾਜਵਾਦ: ਯੂਟੋਪੀਆ ਅਤੇ ਵਿਗਿਆਨਕ’ ਵਿੱਚ ਲਿਖਿਆ ਹੈ, ਸਰਮਾਏਦਾਰੀ ਦਾ ਰਾਜ ਸਥਾਪਿਤ ਹੋਣ ਤੋਂ ਬਾਅਦ ਕੁਝ ਸਮੇਂ ਵਿਚ ਇਹ ਪਤਾ ਲੱਗ ਗਿਆ ਕਿ ਸਰਮਾਏਦਾਰ ਜਮਾਤ ਜਦੋਂ ਅਜ਼ਾਦੀ ਦੀ ਗੱਲ ਕਰ ਰਹੀ ਸੀ, ਤਾਂ ਉਹ ਆਪਣੇ ਲਈ ਮੁਨਾਫ਼ਾ ਕਮਾਉਣ ਦੀ ਅਜ਼ਾਦੀ ਅਤੇ ਮਜ਼ਦੂਰਾਂ ਦੇ ਲਈ ਆਪਣੀ ਕਿਰਤ ਸ਼ਕਤੀ ਵੇਚਣ ਤੇ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਤੋਂ ਅਜ਼ਾਦੀ ਦੀ ਗੱਲ ਕਰ ਰਹੀ ਸੀ ਅਤੇ ਜਦੋਂ ਉਹ ਬਰਾਬਰੀ ਦੀ ਗੱਲ ਕਰ ਰਹੀ ਸੀ ਤਾਂ ਉਸਦਾ ਅਰਥ ਸੀ ਸਰਮਾਏਦਾਰੀ ਕਨੂੰਨ ਦੇ ਸਾਹਮਣੇ ਰਸਮੀ ਬਰਾਬਰੀ। ਨਿਸ਼ਚਿਤ ਤੌਰ ‘ਤੇ, ਪ੍ਰਬੋਧਨ ਦੇ ਮਹਾਨ ਦਾਰਸ਼ਨਿਕਾਂ ਨੇ ਕਿਸੇ ਸਾਜਸ਼ ਦੇ ਤੌਰ ‘ਤੇ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਬੁਰਜ਼ੂਆ ਸਿਧਾਂਤ ਦੀ ਰਚਨਾ ਨਹੀਂ ਕੀਤੀ ਸੀ, ਅਤੇ ਨਾ ਹੀ ਉਹਨਾਂ ਨੇ ਸੋਚ-ਸਮਝ ਕੇ ਸਾਜਿਸ਼ਮਈ ਤੌਰ ‘ਤੇ ਬੁਰਜ਼ੂਆ ਜਮਹੂਰੀਅਤ ਨੂੰ ਕੁਦਰਤੀ ਢਾਂਚੇ ਦਾ ਨਾਂ ਦਿੱਤਾ ਸੀ। ਉਹ ਸੱਚੀਓਂ ਮੰਨਦੇ ਸਨ ਕਿ ਸਰਮਾਏਦਾਰੀ ਢਾਂਚਾ ਲੋਕਾਂ ਨੂੰ ਅਜ਼ਾਦੀ, ਬਰਾਬਰੀ ਅਤੇ ਭਾਈਚਾਰਾ ਮੁਹੱਇਆ ਕਰਵਾਏਗਾ। ਇਥੋਂ ਤੱਕ ਕਿ ਇਨਕਲਾਬੀ ਸਰਮਾਏਦਾਰ ਜਮਾਤ ਦਾ ਇਕ ਵੱਡਾ ਹਿੱਸਾ ਵੀ ਇਸ ਨਾਅਰੇ ਨੂੰ ਸ਼ਬਦੀ ਤੌਰ ‘ਤੇ ਲਾਗੂ ਕਰਨਾ ਚਾਹੁੰਦਾ ਸੀ, ਜਿਵੇਂ ਕਿ ਫਰਾਂਸ ਵਿਚ ਜੈਕੋਬਿਨਾਂ ਦੇ ਦਹਿਸ਼ਤ ਦੇ ਰਾਜ ਦੌਰਾਨ ਦਿਖਾਈ ਦਿੱਤਾ। ਬੁਰਜ਼ੂਆ ਪ੍ਰਬੋਧਨ ਦੇ ਦਰਾਸ਼ਨਿਕਾਂ ਦਾ ਬੁੱਧੀਵਾਦ ਅਤੇ ਵਿਚਾਰਵਾਦ ਮੁੜ ਦੇਖਣ ‘ਤੇ ਹੀ ਸਮਝਿਆ ਜਾ ਸਕਦਾ ਹੈ। ਉਹ ਆਪਣੇ ਯੁੱਗ ਦੇ ਇਨਕਲਾਬੀ ਦਾਰਸ਼ਨਿਕ ਸਨ, ਜਿਹਨਾਂ ਨੇ ਆਪਣੇ ਯੁੱਗ ਦੇ ਮਾਨਸਿਕ, ਦਾਰਸ਼ਨਿਕ, ਸਿਆਸੀ ਅਤੇ ਸਭਿਆਚਰਕ ਦਿਸਹੱਦੇ ਨੂੰ ਵਿਸਥਾਰਤ ਕੀਤਾ। ਪਰ ਉਹ ਆਪਣੇ ਯੁੱਗ ਦੀਆਂ ਸੀਮਾਵਾਂ ਦਾ ਉਲੰਘਣ ਨਹੀਂ ਕਰ ਸਕਦੇ ਸਨ। ਮਨੁੱਖ ਉਹਨਾਂ ਹੀ ਸਵਾਲਾਂ ਨੂੰ ਆਪਣੇ ਸਾਹਮਣੇ ਰੱਖਦਾ ਹੈ, ਜਿਹਨਾਂ ਦੇ ਹੱਲ ਦੀਆਂ ਪੂਰਬ ਸ਼ਰਤਾਂ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਹੋਣ, ਜਿਵੇਂ ਕਿ ਮਾਰਕਸ ਨੇ ਕਿਹਾ ਸੀ।

    ਸਰਮਾਏਦਾਰੀ ਜਮਾਤ ਨੇ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਨਾਲ਼ ਏਕਤਾ ਬਣਾਕੇ ਬੁਰਜ਼ੂਆ ਇਨਕਲਾਬਾਂ ਨੂੰ ਅੰਜਾਮ ਦਿੱਤਾ। ਉਸਨੇ ਆਪਣੇ ਰਾਜ ਨੂੰ ਕੁਦਰਤ ਦੇ ਨਿਯਮਾਂ ਦੇ ਅਨੁਰੂਪ ਅਤੇ ਸੁਭਾਵਿਕ ਦੱਸਿਆ। ਉਸਨੇ ਆਪਣੇ ਕਨੂੰਨ ਨੂੰ ਕੁਦਰਤੀ ਕਨੂੰਨ ਕਰਾਰ ਦਿੱਤਾ। ਉਸਨੇ ਜਮਹੂਰੀਅਤ, ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਵਾਅਦਾ ਕੀਤਾ। ਬੁਰਜ਼ੂਆਜ਼ੀ ਦਾ ਇਹ ਦਾਅਵਾ ਹੀ ਉਸਦੇ ਰਾਜ ਦੇ ਰੂਪ, ਯਾਨੀ ਬੁਰਜ਼ੂਆ ਜਮਹੂਰੀਅਤ ਦਾ ਅਧਾਰ ਹੈ। ਅੱਜ ਵੀ ਜਦ ਕਿ ਇਹ ਦਾਅਵਾ ਇੱਕਦਮ ਨੰਗਾ ਹੋ ਚੁੱਕਿਆ ਹੈ ਅਤੇ ਕਾਫ਼ੀ ਹੱਦ ਤੱਕ ਇਸਦੀ ਸੱਚਾਈ ਲੋਕਾਂ ਸਾਹਮਣੇ ਹੈ, ਤਾਂ ਵੀ ਬਰਜ਼ੂਆਜ਼ੀ ਆਪਣੇ ਰਾਜ ਨੂੰ ਜਾਰੀ ਰੱਖਣ ਲਈ ਆਪਣੇ ਇਸੇ ਦਾਅਵੇ ਨੂੰ ਪੁਸ਼ਟ ਕਰਨ ਦਾ ਯਤਨ ਕਰਦੀ ਹੈ। ਗ੍ਰਾਮਸ਼ੀ ਨੇ ਇਸੇ ਨੂੰ ਆਪਣੇ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ ਅਤੇ ਦੱਸਿਆ ਹੈ ਕਿ ਸਰਮਾਏਦਾਰੀ ਦਾ ਰਾਜ ਇਕਪਾਸੜ ਦਬਦਬੇ ‘ਤੇ ਅਧਾਰਿਤ ਨਹੀਂ ਹੁੰਦਾ। ਇਹ ਅਸਲ ਵਿੱਚ ਦਬਦਬੇ ਦੇ ਨਾਲ਼ ਨਾਲ਼ ਲੋਕਾਂ ਦੇ ਇੱਕ ਹਿੱਸੇ ਨੂੰ ਆਪਣੇ ਰਾਜ ਵਿਚ ਸਹਿਯੋਜਿਤ ਕਰਦਾ ਹੈ; ਸਰਮਾਏਦਾਰ ਜਮਾਤ ਰਾਜ ਕਰਦੀ ਹੈ ਪਰ ਨਾਲ਼-ਨਾਲ਼ ਉਹ ਲੋਕਾਂ ਤੋਂ ਰਸਮੀ ਤੌਰ ‘ਤੇ ‘ਸਹਿਮਤੀ’ ਲੈ ਕੇ ਰਾਜ ਕਰਦੀ ਹੈ। ਇਸੇ ਨੂੰ ਗ੍ਰਮਸ਼ੀ ਨੇ ਗਲਬੇ (ਹੇਜੇਮਨੀ) ਦਾ ਨਾਂ ਦਿੱਤਾ।

ਗਲਬੇ ਦੀ ਪ੍ਰਣਾਲੀ ਵਿਚ ਜੋ ਚੀਜ਼ ਸਭ ਤੋਂ ਮਹੱਤਵਪੂਰਣ ਹੈ ਉਹ ਲੋਕਾਂ ਵਿਚ ਸਰਮਾਏਦਾਰ ਜਮਾਤ ਦੇ ਰਾਜ ਲਈ ਇਕ ‘ਸਹਿਮਤੀ’ ਦੀ ਉਸਾਰੀ ਕਰਨਾ ਅਤੇ ਉਸਦੇ ਇਕ ਹਿੱਸੇ ਨੂੰ ਸਹਿਯੋਜਿਤ ਕਰਨਾ। ਬੁਰਜੂਆ ਜਮਹੂਰੀਅਤ ਦਾ ਪੂਰਾ ਸਿਆਸੀ ਰੂਪ ਅਤੇ ਢਾਂਚਾ, ਯਾਨੀ ਪ੍ਰਤੀਨਿਧਕ ਜਮਹੂਰੀਅਤ, ਇਸੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਬਣਿਆ ਹੋਇਆ ਹੈ। ਸੰਸਦ ਖੁਦ ਇੱਕ ਪ੍ਰਕਾਰ ਨਾਲ਼ ਲੋਕਾਂ ਦੇ ਇਕ ਹਿੱਸੇ ਨੂੰ ਸਹਿਯੋਜਿਤ ਕਰਦੀ ਹੈ ਅਤੇ ਬਰੁਜ਼ੂਆਜ਼ੀ ਦੇ ਰਾਜ ਦੇ ਲਈ ‘ਸਹਿਮਤੀ’ ਬਣਾਉਂਦੀ ਹੈ। ਪਰ ਨਿਸ਼ਚਿਤ ਤੌਰ ‘ਤੇ ਸੰਸਦ ਇਹ ਕੰਮ ਪੂਰੀ ਤਰ੍ਹਾਂ ਨਾਲ਼ ਅਜ਼ਾਦ ਅਤੇ ਖੁਦਮੁਖਤਿਆਰ ਰੂਪ ਵਿਚ ਨਹੀਂ ਕਰ ਸਕਦੀ। ਇਸਦੇ ਲਈ ਕਿਸੇ ਅਜਿਹੇ ਸੰਦ ਦੀ ਲੋੜ ਹੋਵੇਗੀ, ਜੋ ਕਿ ਸਮਾਜ ਦੇ ਅੰਦਰ ਹਾਕਮ ਜਮਾਤ ਦੇ ਵਿਚਾਰਾਂ ਦਾ ਗਲਬਾ ਸਥਾਪਿਤ ਕਰੇ। ਸਰਮਾਏਦਾਰੀ ਮੀਡੀਆ ਇਸੇ ਸੰਦ ਦੀ ਭੂਮਿਕਾ ਨਿਭਾਉਂਦਾ ਹੈ। ਅਸੀਂ ਕਿਸੇ ਜਗੀਰੂ ਮੀਡੀਏ ਦੀ ਗੱਲ ਨਹੀਂ ਸੁਣੀ, ਕਿਉਂਕਿ ਅਜਿਹਾ ਕੋਈ ਮੀਡੀਆ ਕਦੇ ਸੀ ਨਹੀਂ। ਜਗੀਰੂ ਜਮਾਤ ਨੂੰ ਆਪਣੇ ਰਾਜ ਦੇ ਲਈ ਗਲਬੇ ਦੀ ਪ੍ਰਣਾਲ਼ੀ ਦੀ ਲੋੜ ਨਹੀਂ ਸੀ। ਉਹ ਅਲੌਕਿਕ ਰੂਪ ‘ਚ ਵਾਜ਼ਬ ਸੀ। ਪਰ ਸਰਮਾਏਦਾਰ ਜਮਾਤ ਦੇ ‘ਸੈਕੁਲਰ’ ਰਾਜ ਨੂੰ ਕਿਸੇ ਹੋਰ ਸੰਸਾਰ ਤੋਂ ਵਾਜ਼ਬੀਅਤ ਹਾਸਲ ਨਹੀਂ ਹੈ। ਉਸਦਾ ਤਾਂ ਦਾਅਵਾ ਹੀ ਇਹ ਹੈ ਕਿ ਉਹ ਜਮਹੂਰੀ ਹੈ, ਲੋਕਾਂ ਦੀਆਂ ਇਛਾਵਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਨਾਅਰਾ ਦਿੰਦਾ ਹੈ। ਪਰ ਕਿਉਂਕਿ ਅਸਲ ਵਿਚ, ਇਹਨਾਂ ਸਾਰੇ ਸੱਦਿਆਂ ਅਤੇ ਜੁਮਲਿਆਂ ਦੇ ਬਾਵਜੂਦ ਸਰਮਾਏਦਾਰ ਜਮਾਤ ਦਾ ਰਾਜ ਸਰਮਾਏ ਦੀ ਤਾਨਾਸ਼ਾਹੀ ਹੀ ਹੁੰਦਾ ਹੈ, ਇਸ ਲਈ ਉਸਨੂੰ ਅਜਿਹੇ ਗਾਲਬ ਸੰਦ ਦੀ ਲੋੜ ਪੈਂਦੀ ਹੈ, ਜੋ ਲੋਕਾਂ ਵਿਚ ਇਕ ਨਕਲੀ ਚੇਤਨਾ ਦੀ ਉਸਾਰੀ ਕਰੇ, ਉਹਨਾਂ ਇਹ ਯਕੀਨ ਦਵਾਏ ਕਿ ਬੁਰਜ਼ੂਆ ਰਾਜ ਉਸੇ ਦੁਆਰਾ ਚੁਣਿਆ ਗਿਆ ਹੈ, ਇਹ ਉਸੇ ਦੀ ਸੇਵਾ ਕਰਦਾ ਹੈ, ਅਤੇ ਸਰਮਾਏਦਾਰੀ ਸਮਾਜ ਦੀਆਂ ਬੁਰਾਈਆਂ ਨੂੰ ਉਹ ਜਰੂਰੀ ਬੁਰਾਈਆਂ ਦੇ ਤੌਰ ‘ਤੇ ਦੇਖੇ, ਕੁਦਰਤੀ ਮੰਨੇ ਅਤੇ ਉਸਦੇ ਲਈ ਢਾਂਚੇ ਨੂੰ ਜਿੰਮੇਵਾਰ ਨਾ ਮੰਨੇ। ਇਹ ਪੂਰਾ ਕੰਮ ਕਰਨ ਦੇ ਲਈ ਸੰਸਦ, ਨੌਕਰਸ਼ਾਹੀ, ਨਿਆਂਪਾਲਕਾ ਤਾਂ ਲਗਾਤਾਰ ਸਰਗਰਮ ਰਹਿੰਦੇ ਹੀ ਹਨ, ਪਰ ਰਾਜਸੱਤਾ ਦੇ ਇਹਨਾਂ ਤਿੰਨ ਸਮੂਹਾਂ ਦੇ ਇਲਾਵਾ ਉਹਨਾਂ ਨੂੰ ਕਿਸੇ ਅਜਿਹੇ ਸਮੂਹ ਦੀ ਲੋੜ ਹੁੰਦੀ ਹੈ ਜੋ ਕਿ ਸਮਾਜ ਵਿੱਚ ਜ਼ਮੀਨੀ ਅਧਾਰ ‘ਤੇ ਖੁਦਮੁਖਤਿਆਰ ਦਿੱਸਦੇ ਹੋਏ ਬੁਰਜ਼ੂਆਜ਼ੀ ਦੇ ਪੱਖ ਵਿਚ ਰਾਏ ਤਿਆਰ ਕਰਨ ਦਾ ਕੰਮ ਕਰੇ। ਇਹੀ ਕਾਰਨ ਹੈ ਕਿ ਮੀਡੀਆ ਦੀ ਅਖੌਤੀ ਖੁਦਮੁਖਤਿਆਰੀ, ਅਜ਼ਾਦੀ ਅਤੇ ਨਿਰਪੱਖਤਾ ‘ਤੇ ਬੁਰਜ਼ੂਆਜ਼ੀ ਇੰਨਾ ਜ਼ੋਰ ਦਿੰਦੀ ਹੈ; ਇਹ ਇੱਕ ਦੂਜੀ ਗੱਲ ਹੈ ਕਿ ਉਹਨਾਂ ਦਾ ਇਹ ਦਾਅਵਾ ਹੁਣ ਕਾਫ਼ੀ ਹੱਦ ਤੱਕ ਅ-ਪ੍ਰਭਾਵੀ ਬਣ ਚੁੱਕਿਆ ਹੈ, ਕਿਉਂਕਿ ਲੋਕਾਂ ਦਾ ਵੀ ਇੱਕ ਚੰਗਾ-ਖਾਸਾ ਹਿੱਸਾ ਇਹ ਸਮਝਣ ਲੱਗਿਆ ਕਿ ਮੀਡੀਆ ਨਿਰਪੱਖ ਨਹੀਂ ਹੁੰਦਾ। ਪਰ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਬੁਰਜ਼ੂਆ ਮੀਡੀਆ ਖੁਦ ਆਪਣੀ ਇਹ ਆਤਮ-ਅਲੋਚਨਾ ਕਰਦਾ ਹੈ! ਇਹ ਇਕ ਵਾਰ ਨਵੇਂ ਸਿਰੇ ਤੋਂ ਬੁਰਜ਼ੂਆ ਮੀਡੀਏ ਦੀ ਨਿਰਪੱਖਤਾ, ਉਸਦੀ ਸੁਧਾਰਨ ਯੋਗਤਾ ਅਤੇ ਉਸਦੀ “ਆਤਮ-ਅਲੋਚਨਾ ਕਰਨ ਦੀ ਯੋਗਤਾ” ‘ਤੇ ਲੋਕਾਂ ਵਿਚ ਭਰੋਸਾ ਪੈਦਾ ਕਰਦਾ ਹੈ। ਕਹਿ ਸਕਦੇ ਹਾਂ ਬੁਰਜ਼ੂਆ ਮੀਡੀਆ ਅੱਜ ਨਾ ਸਿਰਫ਼ ਬੁਰਜ਼ੂਆਜ਼ੀ ਨੂੰ ਸਥਾਪਿਤ ਕਰਨ ਦਾ ਕੰਮ ਕਰ ਰਿਹਾ ਹੈ, ਸਗੋਂ ਉਸਦੇ ਲਈ ਇਕ ਕੰਮ ਇਹ ਵੀ ਹੋ ਗਿਆ ਹੈ ਕਿ ਉਹ ਖੁਦ ਆਪਣੀ ਪ੍ਰਣਾਲੀ ਦੇ ਗਲਬੇ ਨੂੰ ਕਾਇਮ ਰੱਖੇ। ਨਤੀਜੇ ਵਜੋਂ, ਮੀਡੀਆ ਦੁਆਰਾ ਸਹਿਮਤੀ ਉਸਾਰੀ ਅਤੇ ਗਲਬਾ ਸਥਾਪਿਤ ਕਰਨ ਦੀ ਪੂਰੀ ਪ੍ਰੀਕ੍ਰਿਆ ਅੱਜ ਬਹੁ-ਪੱਧਰੀ ਹੋ ਚੁੱਕੀ ਹੈ। ਜੇਕਰ ਤੁਹਾਡੇ ਕੋਲ਼ ਇੱਕ ਸਪੱਸ਼ਟ ਜਮਾਤੀ ਨਜ਼ਰੀਆ ਨਾ ਹੋਵੇ, ਇਕ ਸਹੀ ਵਿਚਾਰਧਾਰਕ ਧੁਰੀ ਨਾ ਹੋਵੇ ਤਾਂ ਤੁਸੀਂ ਖੁਦ ਇਸ ਗਲਬੇ ਦੇ ਅਧੀਨ ਆ ਸਕਦੇ ਹੋ। ਅਸੀਂ ਕੁਝ ਮਾਰਕਸਵਾਦੀਆਂ ਨੂੰ ਵੀ ਮੀਡੀਆ ਦੇ ਜਮਾਤੀ ਕਿਰਦਾਰ ਦਾ ਜ਼ਿਕਰ ਆਉਂਦੇ ਹੀ ਚਿੜ੍ਹਦੇ ਹੋਏ ਦੇਖਦੇ ਹਾਂ, ਜੋ ਕਹਿੰਦੇ ਹਨ ਕਿ ਇਹ ਪੁਰਾਣਾ ਅਰੰਭਿਕ ਮਾਰਕਸਵਾਦੀ ਨਜ਼ਰੀਆ ਅੱਜ ਦੇ ਮੀਡੀਏ ‘ਤੇ ਲਾਗੂ ਨਹੀਂ ਹੁੰਦਾ ਅਤੇ ਇਹ ਜਮਾਤੀ ਘਟਾਉਵਾਦ ਹੈ ਅਤੇ ਅੱਜ ਦੇ ਮੀਡੀਏ ਦੀਆਂ ਬਰੀਕੀਆਂ ਨੂੰ ਨਹੀਂ ਸਮਝਦਾ। ਪਰ ਇੱਥੇ ਸਾਰੇ ਮਾਰਕਸਵਾਦੀ ਮੂਲ ਨੁਕਤਾ ਹੀ ਨਹੀਂ ਫੜ ਪਾ ਰਹੇ ਹਨ। ਅਸਲ ਵਿਚ ਅੱਜ ਮੀਡੀਏ ਦੇ ਗਲਬੇ ਦੇ ਪੂਰੇ ਸੰਦ ਦੀ ਗੁੰਝਲ਼ ਵਿੱਚ  ਉਹਨਾਂ ਦੀ ਅਲੋਚਨਾਤਮਕ ਨਜ਼ਰ ਗਵਾਚ ਜਾਂਦੀ ਹੈ। ਬੁਰਜ਼ੂਆ ਰਾਜ ਅਤੇ ਬੁਰਜ਼ੂਆ ਮੀਡੀਏ ਦਾ ਗਲਬਾ ਓਨਾ ਹੀ ਡੂੰਘਾ ਮੰਨਿਆ ਜਾਵੇਗਾ, ਜਿੰਨਾ ਉਹ ਆਪਣੇ ਵਿਰੋਧ ਨੂੰ ਸਹਿਯੋਜਿਤ ਕਰ ਲਵੇਗਾ; ਜਿੰਨੀ ਕਿ ਉਹ ਖੁਦ ਆਪਣੀ “ਅਲੋਚਨਾ” ਕਰ ਸਕੇਗਾ ਅਤੇ ਜਿੰਨਾ ਵੱਧ ਇਹ ਆਪਣੇ ਆਪ ਨੂੰ ਭਾਂਤ-ਸੁਭਾਂਤਾ ਦਿਖਾ ਸਕੇਗਾ। ਕਈ ਵਾਰ ਤਾਂ ਇਹ ਮੀਡੀਆ ਆਪਣਾ ਵਿਰੋਧ ਨਾ ਮੌਜੂਦ ਹੋਣ ‘ਤੇ ਇੱਕ (ਹਾਜਮੇ ਯੋਗ) ਵਿਰੋਧ ਨੂੰ ਖੁਦ ਪੈਦਾ ਕਰਦਾ ਹੈ। ਪਰ ਇਹ ਇਹ ਭਾਂਤ-ਸੁਭਾਂਤ ਉਸ ਦੇ ਜਮਾਤੀ ਕਿਰਦਾਰ, ਉਸਦੀ ਸਿਆਸਤ ਅਤੇ ਵਿਚਾਰਧਾਰਾ ਵਿੱਚ ਨਹੀਂ ਹੈ। ਉਸਦੀ ਸਪੱਸ਼ਟ ਵਿਚਾਰਧਾਰਾ ਅਤੇ ਸਿਆਸਤ ਹੈ ਜਿਸਦਾ ਜਮਾਤੀ ਕਿਰਦਾਰ ਬੁਰਜ਼ੂਆ ਹੈ। ਭਾਂਤ ਸੁਭਾਂਤ ਉਸਦੇ ਰੂਪ ਅਤੇ ਪੇਸ਼ਕਾਰੀ ਵਿੱਚ ਹੈ ਅਤੇ ਇਹ ਭਾਂਤ ਸੁਭਾਂਤ ਇੰਨੀ ਗੁੰਝਲਦਾਰ ਅਤੇ ਵਿਸ਼ਾਲ ਹੈ ਕਿ ਕਈ ਮਾਰਕਸਵਾਦੀ ਵਿਸ਼ਲੇਸ਼ਕ ਵੀ ਉਸ ਵਿੱਚ ਗਵਾਚ ਜਾਂਦੇ ਹਨ, ਅਤੇ ਆਪਣੀ ਵਿਚਾਰਧਾਰਕ ਧੁਰੀ ਤੋਂ ਭਟਕ ਜਾਂਦੇ ਹਨ। ਇਸ ਲਈ ਮੀਡੀਆ ਦੇ ਵਿਸ਼ਲੇਸ਼ਣ ਅਤੇ ਅਧਿਐਨ ਵਿੱਚ ਸਭ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਇਸਦਾ ਜਮਾਤੀ ਕਿਰਦਾਰ ਕੀ ਹੈ ਅਤੇ ਇਹ ਕੀਹਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਇਹ ਕਿਸ ਜਮਾਤ ਦੇ ਵਿਚਾਰਧਾਰਕ, ਸਿਆਸੀ ਅਤੇ ਸੱਭਿਆਚਾਰਕ ਗਲਬੇ ਦਾ ਸੰਦ ਹੈ।

    ਜਿਵੇਂ ਕਿ ਅਸੀਂ ਦੱਸਿਆ ਕਿ ਮੀਡੀਆ ਦੇ ਵਿਸ਼ਲੇਸ਼ਣ ਅਤੇ ਅਧਿਐਨ ਦਾ ਸਵਾਲ ਵੀ ਸਰਮਾਏਦਾਰੀ ਦੇ ਵਿਕਾਸ ਦੇ ਨਾਲ਼ ਹੀ ਪੈਦਾ ਹੋਇਆ। ਜਗੀਰੂ ਹਾਕਮ ਜਮਾਤ  ਨੂੰ ਕਿਸੇ ਮੀਡੀਆ ਦੀ ਲੋੜ ਨਹੀਂ ਸੀ। ਪਰ ਸਰਮਾਏਦਾਰੀ ਨੂੰ ਇਸਦੀ ਲੋੜ ਸੀ।ਅਖਬਾਰਾਂ ਅਤੇ ਪਰਚਿਆਂ ਦੇ ਸੱਭਿਆਚਾਰ ਦਾ ਵਿਕਾਸ ਹੀ ਮੂਲ ਤੌਰ ‘ਤੇ ਬੁਰਜ਼ੂਆਜ਼ੀ ਦੀ ਲਹਿਰ ਨਾਲ਼ ਹੋਇਆ। ਬਾਅਦ ਵਿੱਚ, ਇਸਦੀ ਵਰਤੋਂ ਬੁਰਜ਼ੂਆਜ਼ੀ ਨੇ ਆਪਣੀ ਹਕੂਮਤ  ਨੂੰ ਜਾਰੀ ਰੱਖਣ ਵਿੱਚ ਵੀ ਕਰਨੀ ਸ਼ੁਰੂ ਕਰ ਦਿੱਤੀ। ਸੰਚਾਰ ਦੇ ਸਮਾਜਿਕ ਢਾਂਚੇ ‘ਤੇ ਦਾਰਸ਼ਨਿਕਾਂ ਦੀਆਂ ਟਿੱਪਣੀਆਂ ਤਾਂ ਸਾਨੂੰ ਪ੍ਰਚੀਨ ਦੌਰ ਵਿਚ ਵੀ ਮਿਲ਼ ਜਾਂਦੀਆਂ ਹਨ, ਪਰ ਸਰਮਾਏਦਾਰੀ ਮੀਡੀਆ ਦੇ ਉਭਾਰ ਦੇ ਨਾਲ਼ ਹੀ ਪਹਿਲੀ ਵਾਰ ਮੀਡੀਆ ਦੇ ਵੱਖ ਵੱਖ ਸਿਧਾਂਤ ਹੋਂਦ ਵਿਚ ਆਏ। ਛਾਪੇਖਾਨੇ ਦੀ ਖੋਜ ਪੰਦਰਵੀਂ ਸਦੀ ਵਿਚ ਹੋਈ। ਛਾਪੇਖਾਨੇ ਦੇ ਸੱਭਿਆਚਾਰ ਦਾ ਵਿਕਾਸ 16ਵੀਂ-17ਵੀਂ ਸਦੀ ਤੱਕ ਆਪਣੇ ਸਿਖ਼ਰ ‘ਤੇ ਪਹੁੰਚ ਰਿਹਾ ਸੀ। ਪਹਿਲਾਂ ਕਿਤਾਬਾਂ ਅਤੇ ਹੋਰ ਛਾਪੇਖਾਨੇ ਦੀਆਂ ਸਮੱਗਰੀਆਂ ਦੀ ਪਹੁੰਚ ਵੱਡੇ ਪੈਮਾਨੇ ‘ਤੇ ਮੌਜੂਦ ਨਹੀਂ ਸੀ।ਪਰ ਛਾਪੇਖਾਨੇ ਦੇ ਸੱਭਿਆਚਾਰ ਦੇ ਵਿਕਾਸ ਦੇ ਨਾਲ਼ ਅਤੇ 1440 ਵਿਚ ਛਪਾਈ ਪ੍ਰੈਸ ਦੀ ਖੋਜ ਦੇ ਨਾਲ਼ ਪਿੰਰਿੰਟ ਮੀਡੀਆ ਦਾ ਜਨਮ ਹੋ ਚੁੱਕਾ ਸੀ। ਦੁਨੀਆਂ ਦਾ ਪਹਿਲਾ ਅਖਬਾਰ 1605 ਵਿਚ ਜਰਮਨ ਭਾਸ਼ਾ ਵਿੱਚ ਨਿਕਲਣਾ ਸ਼ੁਰੂ ਹੋਇਆ ਸੀ। ਸਭ ਸਿਧਾਂਤਕਾਰਾਂ ਨੇ ਸਿੱਖਿਆ ਦੇ ਵਿਸਥਾਰ, ਛਾਪੇਖਾਨੇ ਦੇ ਸੱਭਿਆਚਾਰ ਦੇ ਵਿਕਾਸ ਅਤੇ ਇਕ ਬੁਰਜ਼ੂਆ ‘ਪਬਲਿਕ ਸਫਿਅਰ’ ਦੀ ਉਸਾਰੀ ‘ਤੇ ਕੰਮ ਕੀਤਾ ਹੈ, ਅਸੀਂ ਇੱਥੇ ਉਸਦੇ ਵਿਸਥਾਰ ਵਿੱਚ ਨਹੀਂ ਜਾ ਸਕਦੇ ਅਤੇ ਅੱਗੇ ਅਸੀਂ ਇਸ ‘ਤੇ ਜਰੂਰ ਲਿਖਾਂਗੇ। ਪਰ ਇਕ ਗੱਲ ਤਾਂ ਤੈਅ ਹੈ ਕਿ ਆਪਣਾ ਪ੍ਰਬੰਧ ਕਇਮ ਹੋਣ ਤੋਂ ਪਹਿਲਾਂ ਵੀ ਬੁਰਜ਼ੂਆਜ਼ੀ ਨੇ ਪ੍ਰਿੰਟ ਸੱਭਿਆਚਾਰ ਦੀ ਕੁਸ਼ਲਤਾਪੂਵਕ ਵਰਤੋਂ ਕੀਤੀ ਸੀ ਅਤੇ ਆਪਣੇ ਪ੍ਰਬੰਧ ਦੇ ਸਥਾਪਿਤ ਹੋਣ ਤੋਂ ਬਾਅਦ ਵੀ ਉਸਨੇ ਆਪਣੀ ਹਕੂਮਤ ਦੇ ਪੱਖ ਵਿਚ ਸਹਿਮਤੀ ਦੀ ਉਸਾਰੀ ਦੇ ਲਈ ਮੀਡੀਆ ਦੀ ਇਕ ਗਲਬਾ ਪਾਊ ਪ੍ਰਣਾਲੀ ਦੇ ਤੌਰ ‘ਤੇ ਵਰਤੋਂ ਜਾਰੀ ਰੱਖੀ ਹੈ।

    ਬੁਰਜ਼ੂਆ ਮੀਡੀਆ ਕਿਸ ਤਰੀਕੇ ਨਾਲ਼ ਬੁਰਜ਼ੂਆਜ਼ੀ ਦੇ ਰਾਜ ਲਈ ਜਨਤਾ ਵਿਚ ਸਹਿਮਤੀ ਦੀ ਉਸਾਰੀ ਕਰਦਾ ਹੈ, ਇਹ ਸਮਝਣਾ ਵੀ ਜਰੂਰੀ ਹੈ। ਬੁਰਜ਼ੂਆ ਮੀਡੀਆ ਆਖਰ ਕਰਦਾ ਕੀ ਹੈ? ਇਹ ਅਸਲ ਵਿੱਚ ਬੁਰਜ਼ੂਆਜ਼ੀ ਦੇ ਵਿਚਾਰਾਂ, ਉਸਦੇ ਸੰਸਾਰ ਨਜ਼ਰੀਏ, ਉਸਦੇ ਦਰਸ਼ਨ, ਸਿਆਸਤ ਅਤੇ ਸੱਭਿਆਚਾਰ ਦਾ ਲੋਕਾਂ ਵਿੱਚ ਲਗਾਤਾਰ ਪ੍ਰਚਾਰ ਕਰਦਾ ਹੈ। ਨਿਸ਼ਚਿਤ ਤੌਰ ‘ਤੇ ਇਹ ਕੰਮ ਮਸ਼ੀਨੀ ਢੰਗ ਨਾਲ਼ ਨਹੀਂ ਹੁੰਦਾ, ਸਗੋਂ ਬੇਹੱਦ ਗੂੰਝਲਦਾਰ, ਵਿਰੋਧਾਭਾਸੀ ਅਤੇ ਅੰਤਰ-ਵਿਰੋਧੀ ਤਰੀਕੇ ਨਾਲ਼ ਹੁੰਦਾ ਹੈ, ਪਰ ਇਸ’ਤੇ ਅੱਗੇ ਆਵਾਂਗੇ। ਇਸ ਪ੍ਰਕ੍ਰਿਆ ਵਿਚ ਮੀਡੀਆ ਲੋਕਾਂ ਨੂੰ ਚੀਜ਼ਾਂ ਨੂੰ ਵੇਖਣ ਦਾ ਇਕ ਨਜ਼ਰੀਆ ਦਿੰਦਾ ਹੈ। ਇਹ ਵੱਖ-ਵੱਖ ਘਟਨਾਵਾਂ ਲਈ ਲੋਕਾਂ ਨੂੰ ਇਕ ਵਿਆਖਿਆਤਮਕ ਚੌਖਟਾ ਦਿੰਦਾ ਹੈ। ਇਹ ਵਿਆਖਿਆਤਮਕ ਚੌਖਟਾ ਲੋਕਾਂ ਨੂੰ ਅਸਲ ਅਲੋਚਨਾਤਮਕਤਾ ਤੋਂ ਵਾਂਝਾ ਕਰਦਾ ਹੈ, ਅਤੇ ਉਹਨਾਂ ਨੂੰ ਇਕ ਨਕਲੀ ਅਲੋਚਨਾ ਦਿੰਦਾ ਹੈ। ਅਸਲ ਵਿਚ, ਇਹ ਬੁਰਜ਼ੂਆ ਰਾਜ ਅਤੇ ਸੱਭਿਆਚਾਰ ਦੀ ਸਬਵਰਸਿਵ ਅਲੋਚਨਾ ਪੇਸ਼ ਕਰ ਸਕਣ ਦੀ ਯੋਗਤਾ ‘ਤੇ ਚੋਟ ਕਰਦਾ ਹੈ। ਅਜਿਹਾ ਨਹੀਂ ਕਿ ਇਹ ਬੁਰਜ਼ੂਆ ਢਾਂਚੇ ਅਤੇ ਸਮਾਜ ਦੇ ਬਾਰੇ ਲੋਕਾਂ ਨੂੰ ਕੋਈ ਅਲੋਚਨਾਤਮਕਤਾ ਨਹੀਂ ਦਿੰਦਾ। ਕਈ ਵਾਰ ਤਾਂ ਜੇਕਰ ਲੋਕ ਖੁਦ ਬੁਰਜ਼ੂਆਜ਼ੀ ਦੇ ਰਾਜ ਦੇ ਪ੍ਰਤੀ ਕੋਈ ਅਲੋਚਨਾਤਮਕ ਰੂਪ ਪ੍ਰਗਟ ਨਹੀਂ ਕਰਦੇ, ਤਾਂ ਖੁਦ ਬੁਰਜ਼ੂਆ ਮੀਡੀਆ ਉਸਦੀ ਇਕ ਅਲੋਚਨਾ ਪੇਸ਼ ਕਰ ਦਿੰਦਾ ਹੈ। ਪਰ ਇਹ ਅਲੋਚਨਾ ਸੁਧਾਰਤਮਕ ਹੁੰਦੀ ਹੈ, ਤਬਦੀਲੀਕਾਰੀ ਨਹੀਂ, ਅਤੇ ਇਹੀ ਲੋਕਾਂ ਦੇ ਵਿਚ ਹਾਵੀ ਹੋ ਜਾਂਦੀ ਹੈ। ਸਰਮਾਏਦਾਰੀ ਢਾਂਚਾ ਸਵਾਲਾਂ ਦੇ ਦਾਇਰੇ ਤੋਂ ਬਾਹਰ ਕਦੇ ਵੀ ਨਹੀਂ ਰਹਿਣਾ ਚਾਹੁੰਦਾ। ਉਹ ਕਈ ਵਾਰ ਖੁਦ ਹੀ ਸਵਾਲਾਂ ਨੂੰ ਉਠਾਉਂਦਾ ਹੈ ਅਤੇ ਆਪਣੇ-ਆਪ ਨੂੰ ਕਟਹਿਰੇ ਵਿਚ ਖੜਾ ਕਰਦਾ ਹੈ। ਪਰ ਇਹ ਨਿਪੁੰਸਕ ਸਵਾਲ ਹੁੰਦੇ ਹਨ, ਜੋ ਕਿਸੇ ਵੀ ਰੂਪ ਵਿੱਚ ਉਹਨਾਂ ਲਈ ਖਤਰਾ ਨਹੀਂ ਬਣ ਸਕਦੇ। ਅਜਿਹੇ ਵਿੱਚ, ਬੁਰਜ਼ੂਆਜ਼ੀ ਆਪਣੇ ਆਪ ਨੂੰ ਜ਼ਿਆਦਾ ਸਧਾਰਣ, ਅਸਲੀ ਅਤੇ ਕੁਦਰਤੀ ਦਿਖਾਉਂਦੀ ਹੈ, ਤਾਂ ਕਿ ਲੋਕ ਉਸ ਨਾਲ਼ ਆਪਣੇ ਆਪ ਨੂੰ ਜੋੜ ਕੇ ਦੇਖਣ। ਇਲੈਕਟ੍ਰੋਨਿਕ ਅਤੇ ਪਿੰਰਿੰਟ ਮੀਡੀਆ ਦੋਨੇਂ ਹੀ ਇਸ ਕੰਮ ਨੂੰ ਬਾਖੂਬੀ ਅੰਜ਼ਾਮ ਦਿੰਦੇ ਹਨ। ਚਾਹੇ ਤੁਸੀਂ ਫਿਲਮਾਂ ਨੂੰ ਦੇਖੋ, ਜਾਂ ਫਿਰ ਮਨੋਰੰਜਨ ਚੈਨਲ ਅਤੇ ਸਮਾਚਾਰ ਚੈਨਲਾਂ ਨੂੰ (ਭਾਵੇਂ ਹੁਣ ਦੋਵਾਂ ਦੇ ਵਿਚ ਦੀ ਹੱਦਬੰਦੀ ਕਾਫ਼ੀ ਧੁੰਦਲੀ ਹੁੰਦੀ ਜਾਂ ਰਹੀ ਹੈ), ਤੁਸੀਂ ਇਸ ਪ੍ਰਣਾਲੀ ਨੂੰ ਕੰਮ ਕਰਦੇ ਹੋਏ ਦੇਖ ਸਕਦੇ ਹੋ।

ਬੁਰਜ਼ੂਆ ਮੀਡੀਆ ਲੋਕਾਂ ਨੂੰ ਇਕ ਵਿਆਖਿਆਤਮਕ ਢਾਂਚਾ ਦਿੰਦੇ ਹੋਏ ਦਰਅਸਲ ਬੁਰਜ਼ੂਆਜ਼ੀ ਦੇ ਨਜ਼ਰੀਏ, ਉਸਦੀਆਂ ਕਦਰਾਂ ਅਤੇ ਵਿਚਾਰਾਂ ਨੂੰ ‘ਸਧਾਰਨ ਬੋਧ’ ਦੇ ਰੂਪ ਵਿਚ ਸਥਾਪਿਤ ਕਰਦਾ ਹੈ। ਮਿੱਥਕਾਂ ਨੂੰ ਸਧਾਰਨ ਬੋਧ ਬਣਾ ਦਿੱਤਾ ਜਾਂਦਾ ਹੈ; ਹਰੇਕ ਪ੍ਰੇਸ਼ਾਨੀਜਨਕ ਯਥਾਰਥ ਅਤੇ ਅਸਲੀਅਤ ਨੂੰ ਲਾਜ਼ਮੀ ਬੁਰਾਈ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ; ਬੁਰਜ਼ੂਆਜ਼ੀ ਦੇ ਰਾਜ ਨੂੰ ਉੱਚ ਅਤੇ ਸਰਵੋਤਮ ਸਿਆਸਤ ਦਾ ਰੂਪ ਕਰਾਰ ਦੇ ਦਿੱਤਾ ਜਾਂਦਾ ਹੈ, ਜਿਸ ਵਿੱਚ ਨਿਸ਼ਚਿਤ ਤੌਰ ‘ਤੇ ਕੁਝ ਦਿੱਕਤਾਂ ਹਨ, ਪਰ ਜਿਸ ਤੋਂ ਚੰਗੇ ਦੀ ਮਨੁੱਖਤਾ ਆਸ ਨਹੀਂ ਰੱਖ ਸਕਦੀ। ਸਰਮਾਏਦਾਰ ਜਮਾਤ ਦੇ ਰਾਜ ਨੂੰ ਕੁਦਰਤ ਦੀ ਗਤੀ ਦਾ ਚੌਥਾ ਨਿਯਮ ਕਰਾਰ ਦਿੱਤਾ ਜਾਂਦਾ ਹੈ। ਇਸ ਮਾਇਨੇ ਵਿੱਚ ਫਰਾਂਸਿਸ ਫੂਕੋਯਾਮਾ ਨੇ ਕੋਈ ਨਵਾਂ ਕੰਮ ਨਹੀਂ ਕੀਤਾ ਸੀ, ਜਦ ਉਸਨੇ ਦਾਵਾ ਕੀਤਾ ਸੀ ਕਿ ਉਦਾਰ ਬੁਰਜ਼ੂਆ ਜਮਹੂਰੀਅਤ ਇਤਿਹਾਸ ਦਾ ਅੰਤ ਹੈ! ਪ੍ਰਬੋਧਨ ਦੇ ਬੁਰਜ਼ੂਆ ਦਾਰਸ਼ਨਿਕਾਂ ਨੇ ਵੀ ਇਹੀ ਦਾਅਵਾ ਕੀਤਾ ਸੀ; ਬਸ ਫਰਕ ਇਹ ਹੈ ਕਿ ਉਹਨਾਂ ਨੇ ਇਹ ਦਾਆਵਾ ਇਨਕਲਾਬੀ ਇਰਾਦੇ ਅਤੇ ਨੀਤ ਨਾਲ਼ ਕੀਤਾ ਸੀ ਅਤੇ ਇਹ ਉਹਨਾਂ ਦੀ ਜਮਾਤੀ ਨਜ਼ਰ ਦੀ ਹੱਦ ਸੀ ਕਿ ਉਹ ਬੁਰਜ਼ੂਆਜ਼ੀ ਦੇ ਰਾਜ ਨੂੰ ਕੁਦਰਤੀ ਅਤੇ ਸਭਾਵਿਕ ਰਾਜ ਦੇ ਰੂਪ ਵਿੱਚ ਦੇਖ ਰਹੇ ਸਨ। ਆਪਣੇ ਯੁੱਗ ਦੀਆਂ ਸੀਮਾਵਾਂ ਦੇ ਬਾਵਜੂਦ ਪ੍ਰਬੋਧਨ ਦੇ ਦਾਰਸ਼ਨਿਕਾਂ ਦਾ ਦਾਅਵਾ ਇਕ ਇਨਕਲਾਬੀ ਦਾਅਵਾ ਸੀ, ਬੁਰਜ਼ੂਆਜ਼ੀ ਦੀ ਭੂਮਿਕਾ ਉਸ ਸਮੇਂ ਇਤਿਹਾਸਕ ਤੌਰ ‘ਤੇ ਅਗਾਂਵਧੂ ਸੀ। ਪਰ ਫਰਾਂਸਿਸ ਫੂਕੋਯਾਮਾ ਜਰਜਰ, ਖੋਖਲੇ ਅਤੇ ਮਰਨਾਊ ਸਰਮਾਏਦਾਰੀ ਢਾਂਚੇ ਦੀ ਪੈਦਾਵਾਰ ਹੈ, ਅਤੇ ਇਹ ਬੁੱਢੇ-ਬੀਮਾਰ ਸਰਮਾਏਦਾਰੀ ਢਾਂਚੇ ਦੇ ਸੱਭਿਆਚਾਰਕ ਤਰਕ ਨੂੰ ਪੇਸ਼ ਕਰਨ ਦਾ ਕੰਮ ਕਰ ਰਿਹਾ ਸੀ। ਦਾਅਵਾ ਉਹੀ ਸੀ, ਪਰ ਇਤਿਹਾਸਕ ਸੰਦਰਭ ਦੇ ਬਦਲਣ ਦਾ ਨਾਲ਼ ਦਾਅਵੇ ਦੇ ਵੀ ਅਰਥ ਬਦਲ ਗਏ। ਬੁਰਜ਼ੂਆਜ਼ੀ ਵਰਗ ਜੋ ਵਿਆਖਿਆਤਮਕ ਢਾਂਚਾ ਜਾਂ ਚੌਖਟਾ ਲੋਕਾਂ ਨੂੰ ਮੁਹੱਈਆ ਕਰਾਉਂਦੀ ਹੈ ਅਤੇ ਜਿਸ ‘ਸਧਾਰਣ ਬੋਧ’ ਨੂੰ ਉਹ ਸਥਾਪਿਤ ਕਰਦੀ ਹੈ, ਉਸਦੇ ਬਦਲ ਦੇ ਤੌਰ ‘ਤੇ ਲੋਕਾਂ ਦੇ ਕੋਲ਼ ਕੋਈ ਸਹਿਜ ਰੂਪ ਨਾਲ਼ ਮੁਹੱਈਆ ਅਤੇ ਫੌਰੀ ਉਪਲਬਧ ਬਦਲਵਾਂ ਵਿਆਖਿਆਤਮਕ ਢਾਂਚਾ ਅਤੇ ਅਰਥਾਂ ਦਾ ਪ੍ਰਬੰਧ (ਮੀਨਿੰਗ ਸਿਸਟਮ) ਨਹੀਂ ਹੁੰਦਾ ਹੈ। ਇਹ ਢਾਂਚਾ ਕਦੇ ਸੁਤੇ-ਸਿੱਧ ਤੌਰ ‘ਤੇ ਉਪਲਬਧ ਹੋ ਵੀ ਨਹੀਂ ਸਕਦਾ, ਅਤੇ ਇਸਨੂੰ ਕੇਵਲ ਸਚੇਤਨ ਤੌਰ ‘ਤੇ ਖੜ੍ਹਾ ਕੀਤਾ ਜਾ ਸਕਦਾ ਹੈ। ਇਸ ਬਦਲਵੇਂ ਇਲਕਲਾਬੀ ਮੀਡੀਆ ਦੇ ਸਵਾਲ ‘ਤੇ ਅਸੀਂ ਅੱਗੇ ਆਵਾਂਗੇ। ਪਹਿਲਾਂ ਬੁਰਜ਼ੂਆ ਮੀਡੀਆ ਨੂੰ ਲੈ ਕੇ ਜੋ ਸਿਧਾਂਤ ਦਿੱਤੇ ਗਏ ਹਨ,ਉਹਨਾਂ ‘ਤੇ ਸੰਖੇਪ ਨਜ਼ਰ ਮਾਰ ਲੈਣਾ ਸਾਡੀ ਅੱਗੇ ਦੀ ਚਰਚਾ ਲਈ ਉਪਯੋਗੀ ਹੋਵੇਗਾ।

    ਜਿਸ ਤਰੀਕੇ ਨਾਲ਼ ਬੁਰਜ਼ੂਆ ਮੀਡੀਆ ਬੁਰਜ਼ੂਆਜ਼ੀ ਦੇ ਵਿਚਾਰਾਂ, ਦਰਸ਼ਨ ਅਤੇ ਸਭਿਆਚਾਰ ਦੇ ਗਲਬੇ ਨੂੰ ਸਥਾਪਿਤ ਕਰਦਾ ਹੈ, ਜਿਸ ਪ੍ਰਕਾਰ ਨਾਲ਼ ਉਹ ਲੋਕਾਂ ਨੂੰ ਆਗਿਆਕਾਰੀ, ਗੁਲਾਮ ਅਤੇ ਆਪਣੀ ਇਸ ਅਧੀਨ ਸਥਿਤੀ ਦੇ ਪ੍ਰਤੀ ਅਸਚੇਤਨ ਬਣਾਉਂਦਾ ਹੈ, ਅਤੇ ਅਜ਼ਾਦੀ ਦੀ ਨਕਲੀ ਚੇਤਨਾ ਦੀ ਉਸਾਰੀ ਕਰਦਾ ਹੈ, ਉਸ ‘ਤੇ ਸਭ ਸਿਧਾਂਤਕਾਰਾਂ ਨੇ ਗੰਭੀਰ ਕੰਮ ਕੀਤਾ ਹੈ। ਕੁਝ ਪ੍ਰੇਖਕਾਂ ਨੇ ਮੀਡੀਆ ਦੀ ਸਿਆਸੀ ਆਰਥਿਕਤਾ ‘ਤੇ ਧਿਆਨ ਕੇਂਦਰਿਤ ਕੀਤਾ ਹੈ, ਕੁਝ ਨੇ ਉਸਦੇ ਸਭਿਆਚਾਰਕ-ਸਿਆਸੀ ਅਤੇ ਵਿਚਾਰਧਾਰਕ ਤੱਤ ‘ਤੇ, ਤਾਂ ਕੁਝ ਹੋਰਨਾਂ ਨੇ ਮੀਡੀਏ ਦੁਆਰਾ ਪੇਸ਼ ਸਮੱਗਰੀ ਨੂੰ ਲੋਕਾਂ ਦੁਆਰਾ ਗ੍ਰਹਿਣ ਕਰਨ ਦੀ ਪ੍ਰਕ੍ਰਿਆ’ਤੇ ਖੋਜ ਕੀਤੀ ਹੈ। ਕੁਝ ਹੋਰ ਨਜ਼ਰੀਏ ਹਨ ਜਿਹਨਾਂ ਨੇ ਮੀਡੀਆ ਦੁਆਰਾ ਵਿਸ਼ੇਸ਼ ਤੌਰ ‘ਤੇ ਮਜ਼ਦੂਰ ਜਮਾਤ ਨੂੰ ਸਿਆਸੀ ਤੌਰ ‘ਤੇ ਅਧੀਨ ਕਰਨ, ਉਸਨੂੰ ਅਸੱਭਿਅਤਾ ਦੇ ਹਨ੍ਹੇਰੇ ਵਿਚ ਡੋਬ ਦੇਣ ਅਤੇ ਅਫੀਮ ਦੇ ਸਮਾਨ ਨਸ਼ੇ ਵਿਚ ਰੱਖਣ ਦੇ ਪਖ ‘ਤੇ ਕੰਮ ਕੀਤਾ ਹੈ। ਮੰਨਣਾ ਪਵੇਗਾ ਕਿ ਵੱਖ-ਵੱਖ ਮਾਰਕਸਵਾਦੀ ਸਕੂਲਾਂ ਦਾ ਮੀਡੀਆ ‘ਤੇ ਜੋ ਨਜ਼ਰੀਆ ਹੈ, ਉਸ ਵਿਚ ਅੰਸ਼ਕ ਸੱਚਾਈਆਂ ਹਨ। ਪਰ ਇਹਨਾਂ ਸਾਰੇ ਦ੍ਰਿਸ਼ਟੀਕੋਣਾਂ ਵਿੱਚ ਅਲੱਗ-ਅਲੱਗ ਤਰੀਕੇ ਨਾਲ਼ ਗੈਰ-ਦਵੰਦਾਤਮਕਤਾ ਵਜੂਦ ਸਮੋਈ ਹੈ।

    ਮਾਰਕਸ ਨੇ ‘ਜਰਮਨ ਵਿਚਾਰਧਾਰਾ’ ਵਿਚ ਲਿਖਿਆ ਸੀ, “ਜਿਸ ਜਮਾਤ ਦੇ ਕੋਲ਼ ਪਦਾਰਥਕ ਪੈਦਾਵਾਰ ਦੇ ਸਾਧਨ ਹੁੰਦੇ ਹਨ, ਉਹੀ ਮਾਨਸਿਕ ਪੈਦਾਵਾਰ ਦੇ ਸਾਧਨਾਂ ‘ਤੇ ਵੀ ਕੰਟਰੋਲ ਰੱਖਦਾ ਹੈ, ਜਿਸਦੇ ਨਤੀਜੇ ਦੇ ਤੌਰ ‘ਤੇ, ਆਮ ਤੌਰ ‘ਤੇ ਕਹੀਏ ਤਾਂ ਉਹ ਲੋਕ ਜਿਹਨਾਂ ਕੋਲ਼ ਮਾਨਸਿਕ ਪੈਦਾਵਾਰ ਦੇ ਸਾਧਨ ਨਹੀਂ ਹੁੰਦੇ, ਉਹ ਹਾਕਮ ਜਮਾਤ ਦੇ ਅਧੀਨ ਹੋ ਜਾਂਦੇ ਹਨ।” ਇਸੇ ਦੇ ਅਧਾਰ ‘ਤੇ ਮਾਰਕਸ ਨੇ ਕਿਹਾ ਸੀ ਕਿ ਹਰ ਯੁੱਗ ਦੇ ਹਾਕਮ ਵਿਚਾਰ ਹਾਕਮ ਜਮਾਤਾਂ ਦੇ ਵਿਚਾਰ ਹੁੰਦੇ ਹਨ। ਨਿਸ਼ਚਿਤ ਤੌਰ ‘ਤੇ, ਇਸਦਾ ਅਰਥ ਇਹ ਨਹੀਂ ਹੈ ਕਿ ਹਾਕਮ ਜਮਾਤ ਦੇ ਵਿਚਾਰਾਂ ਦਾ ਕੋਈ ਟਾਕਰਾ ਮੌਜੂਦ ਨਹੀਂ ਹੁੰਦਾ। 20ਵੀਂ ਸਦੀ ਵਿਚ ਕਈ ਮਾਰਕਸਵਾਦੀ ਮੀਡੀਆ ਸਿਧਾਂਤਕਾਰਾਂ ਨੇ ਮਾਰਕਸ ਦੀ ਇਸ ਸੋਚ ਨੂੰ ਤਕਨੋਲਾਜੀਕਲ ਜੜਤਾਵਾਦ ਅਤੇ ਆਰਥਿਕ ਨਿਰਧਾਰਣਵਾਦ ਦੇ ਤੌਰ ‘ਤੇ ਦੇਖਿਆ ਹੈ। ਪਰ ਇਹ ਦ੍ਰਿਸ਼ਟੀਕੋਣ ਮਾਰਕਸ ਦੇ ਵਿਚਾਰਾਂ ਦੇ ਨਾਲ਼ ਨਿਆਂ ਨਹੀਂ ਕਰਦਾ।ਮਾਰਕਸ ਦਾ ਮੰਨਣਾ ਸੀ ਕਿ ਪੈਦਾਵਾਰ ਦੇ ਸਬੰਧਾਂ ਦਾ ਕੁੱਲ ਯੋਗ ਸਮਾਜ ਦੇ ਆਰਥਿਕ ਅਧਾਰ ਦੀ ਰਚਨਾ ਕਰਦਾ ਹੈ, ਅਤੇ ਹਰ ਆਰਥਿਕ ਅਧਾਰ ਆਪਣੀ ਸੇਵਾ ਕਰਨ ਵਾਲ਼ਾ ਉੱਚ-ਉਸਾਰ ਖੜ੍ਹਾ ਕਰਦਾ ਹੈ। ਸੰਸਦ, ਨੌਕਰਸ਼ਾਹੀ, ਨਿਆਂਪਾਲਕਾ, ਪੁਲਸ ਅਤੇ ਫੌਜ ਤੋਂ ਲੈ ਕੇ ਸਿਆਸੀ ਪ੍ਰਚਾਰ ਦੇ ਸਭ ਸੰਦ, ਜਿਵੇਂ ਅਖਬਾਰ, ਫਿਲਮਾਂ, ਸਾਹਿਤ ਆਦਿ ਇਸੇ ਉੱਚ-ਉਸਾਰ ਦਾ ਅੰਗ ਹੁੰਦੇ ਹਨ।ਮਾਰਕਸ  ਇੱਥੇ ਇਸ ਗੱਲ ਨੂੰ ਲੈ ਕੇ ਸਚੇਤ ਹਨ ਕਿ ਉੱਚ-ਉਸਾਰ ਆਰਥਿਕ ਅਧਾਰ ਤੋਂ ਤੈਅ ਹੋਣ ਤੋਂ ਬਾਅਦ ਉਸਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਉਹਨਾਂ ਵਿੱਚ ਇਕ ਦਵੰਦਾਤਮਕ ਸਬੰਧ ਹੁੰਦਾ ਹੈ। ਇਹ ਗੌਰ ਤਲਬ ਹੈ ਕਿ ਮਾਰਕਸ ਆਪਣੇ ਯੁੱਗ ਦੇ ਕਈ ਸਮਾਜਿਕ ਅਲੋਚਕਾਂ ਦੇ ਪ੍ਰਸ਼ੰਸਕ ਸਨ, ਜੋ ਕਿ ਬੁਰਜ਼ੂਆ ਸਮਾਜ ਅਤੇ ਸੱਭਿਆਚਾਰ ਦੀ ਅਲੋਚਨਾ ਪੇਸ਼ ਕਰ ਰਹੇ ਸਨ। ਮਿਸਾਲ ਦੇ ਤੌਰ ‘ਤੇ ਚਾਰਲਸ ਡਿਕਨਜ਼ ਅਤੇ ਬਾਲਜਾਕ ਵਰਗੇ ਲੋਕ। ਅਜਿਹੇ ਸਾਹਿਤਕਾਰ ਅਤੇ ਅਲੋਚਕ ਬੁਰਜ਼ੂਆ ਉੱਚ-ਉਸਾਰ ਦੀ ਸਾਪੇਖਕ ਖੁਦਮੁਖਤਿਆਰੀ ਦੇ ਫਲ ਸਰੂਪ ਹੀ ਪੈਦਾ ਹੋ ਸਕਦੇ ਸਨ। ਪਰ ਬਾਅਦ ਦੇ ਕਈ ਮਾਰਕਸਵਾਦੀ ਸਿਧਾਂਤਕਾਰਾਂ ਨੇ ਮਾਰਕਸ ‘ਤੇ ਇਹ ਦੋਸ਼ ਲਗਾਇਆ ਉਹ ਆਰਥਿਕ ਅਧਾਰ ਨੂੰ ਹੀ ਹਰ ਪਲ ਵਿੱਚ ਪ੍ਰਭਾਵੀ ਰੂਪ ਨਾਲ਼ ਤੈਅ ਕਰਨ ਵਾਲ਼ਾ ਅੰਤਿਮ ਨਿਰਧਾਰਕ ਤੱਤ ਮੰਨਦੇ ਸਨ। ਮਾਰਕਸ ਦਾ ਅਜਿਹਾ ਵਿਚਾਰ ਨਹੀਂ ਸੀ ਅਤੇ ਉਹਨਾਂ ਦਾ ਅਜਿਹਾ ਵਿਚਾਰ ਹੋ ਵੀ ਨਹੀਂ ਸਕਦਾ ਸੀ, ਕਿਉਕਿ ਫਿਰ ਮਾਰਕਸ ਦੁਨੀਆਂ ਨੂੰ ਬਦਲਣ ਦਾ, ਇਨਕਲਾਬ ਕਰਨ ਦਾ ਕੋਈ ਸਿਧਾਂਤ ਖੋਜ ਨਹੀਂ ਸਕਦੇ ਸਨ। ਮਜ਼ਦੂਰ ਸਿਆਸੀ ਇਨਕਲਾਬ ਉੱਚ-ਉਸਾਰ ਵਿਚ ਹੀ ਸ਼ੁਰੂ ਹੁੰਦਾ ਹੈ, ਅਤੇ ਆਰਥਿਕ ਅਧਾਰ ਦੀ ਇਨਕਲਾਬੀ ਕਾਇਆਪਲਟੀ ਦਾ ਕੰਮ ਮਜ਼ਦੂਰ ਜਮਾਤ ਦੀ ਤਾਨਸ਼ਾਹੀ ਦੀ ਸਥਾਪਨਾ ਦੇ ਬਾਅਦ ਹੀ ਸ਼ੁਰੂ ਹੁੰਦਾ ਹੈ। ਪਰ ਇਸਦੇ ਬਾਵਜੂਦ ਬਾਅਦ ਦੇ ਮਾਰਕਸਵਾਦੀ ਮੀਡੀਆ ਸਿਧਾਂਤਕਾਰਾਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਅਤੇ ਮਾਰਕਸ ‘ਤੇ ਤਕਨਾਲੋਜ਼ੀਕਲ ਅਤੇ ਆਰਥਿਕ ਜੜਵਾਦ ਦੇ ਦੋਸ਼ ਲਗਾਏ ਹਨ। ਮਾਰਕਸ ਨੇ ਇੱਕ ਨਿਗਾਹ, ਇਕ ਪਹੁੰਚ ਅਤੇ ਇਕ ਤਰੀਕਾਕਾਰ ਪੇਸ਼ ਕੀਤਾ। ਮੀਡੀਆ ਦਾ ਵਿਸ਼ਲੇਸ਼ਣ ਉਹਨਾਂ ਦਾ ਪ੍ਰਮੁੱਖ ਕਾਰਜ ਨਹੀਂ ਸੀ। ਪਰ ਮਾਰਕਸਵਾਦੀ ਨਜ਼ਰੀਆ ਇੱਕ ਬੇਹੱਦ ਵਿਗਿਆਨਕ ਅਤੇ ਦਵੰਦਵਾਦੀ ਪਦਾਰਥਵਾਦੀ ਤਰੀਕਾਕਾਰ ਦਿੰਦਾ ਹੈ, ਜਿਸ ਨਾਲ਼ ਕਿ ਮੀਡੀਆ ਦਾ ਇਕ ਸੰਤੁਲਿਤ ਅਲੋਚਨਾਤਮਕ ਮੁਲਾਂਕਣ ਕੀਤਾ ਜਾ ਸਕਦਾ ਹੈ। ਮਾਰਕਸਵਾਦੀ ਨਜ਼ਰੀਏ ਮੁਤਾਬਿਕ ਬੁਰਜ਼ੂਆਜ਼ੀ ਦੇ ਗਲਬੇ ਨੂੰ ਕਾਇਮ ਕਰਨ ਦੀ ਪ੍ਰਕ੍ਰਿਆ ਵਿਚ ਮੀਡੀਆ ਜੋ ਕੰਮ ਕਰਦਾ ਹੈ ਉਹ ਹੈ ਸਿਆਸੀ ਅਤੇ ਸੱਭਿਆਚਾਰਕ ਰੂਪ ਨਾਲ਼ ਮੌਜੂਦਾ ਸਥਿਤੀ ਦੀ ਮੁੜ-ਪੈਦਾਵਾਰ ਕਰਨਾ, ਜਿਸ ਨਾਲ਼ ਕਿ ਆਰਥਿਕ ਸਬੰਧਾਂ ਦੀ ਵੀ ਮੁੜ-ਪੈਦਾਵਾਰ ਜਾਰੀ ਰੱਖੀ ਜਾ ਸਕੇ; ਦੂਜਾ ਕੰਮ ਮਜ਼ਦੂਰ ਜਮਾਤ ਵਿੱਚ ਇਕ ਨਕਲੀ ਚੇਤਨਾ ਦੀ ਉਸਾਰੀ ਕਰਨਾ, ਜੋ ਕਿ ਬੁਰਜ਼ੂਆ ਵਿਚਾਰਧਾਰਾ ਦਾ ਇਕ ਪ੍ਰਮੁੱਖ ਕਾਰਜ ਹੈ; ਤੀਜਾ ਕਾਰਜ ਜੋ ਮੀਡੀਆ ਕਰਦਾ ਹੈ ਉਹ ਹੈ ਲੋਕਾਂ ਨੂੰ ਹਾਕਮ ਜਮਾਤ ਦੇ ਨਜ਼ਰੀਏ ਨਾਲ਼ ਚੀਜ਼ਾਂ ਨੂੰ ਦੇਖਣ ਦੀ ਆਦਤ ਪਾਉਣਾ; ਅਤੇ ਚੌਥਾ ਹੈ ਹਰ ਬੁਰਜ਼ੂਆ ਆਸਥਾ, ਨਜ਼ਰੀਏ ਅਤੇ ਮਿੱਥਕ ਨੂੰ ‘ਸਧਾਰਣ ਬੋਧ’ ਦੇ ਤੌਰ ‘ਤੇ ਸਥਾਪਿਤ ਕਰਨਾ। ਇਸ ਪੂਰੀ ਪ੍ਰਕ੍ਰਿਆ ਦੇ ਰਾਹੀਂ ਮੀਡੀਆ (ਅਤੇ ਹੋਰ ਬੁਰਜ਼ੂਆ ਵਿਚਾਰਧਾਰਕ ਸੰਦ) ਇਕ ਬੁਰਜ਼ੂਆ ਸਬਜੈਕਟ ਦੀ ਰਚਨਾ ਕਰਦੇ ਹਨ। ਬੁਰਜ਼ੂਆ ਸਬਜੈਕਟ ਪੈਦਾ ਨਹੀਂ ਹੁੰਦਾ ਸਗੋਂ ਉਸਦੀ ਉਸਾਰੀ ਕੀਤੀ ਜਾਂਦੀ ਹੈ। ਬੰਦੇ ‘ਤੇ ਬੁਰਜ਼ੂਆ ਵਿਚਾਰਧਾਰਾ ਦੇ ਗਲਬੇ ਨੂੰ ਸਥਾਪਿਤ ਕਰਕੇ ਹੀ ਬੁਰਜ਼ੂਆ ਸਬਜੈਕਟ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪਰ ਕੀ ਇਹ ਬੁਰਜ਼ੂਆ ਸਬਜੈਕਟ ਪ੍ਰਤੀਕ੍ਰਿਆਤਮਕ ਨਹੀਂ ਹੈ? ਕੀ ਉਹ ਬੁਰਜ਼ੂਆ ਵਿਚਾਰਧਾਰਾ ਦਾ ਨਿਸ਼ਕ੍ਰਿਆ ਸ਼ਿਕਾਰ ਹੈ? ਕੀ ਉਹ ਬਸ ਗ਼ੈਰ ਸਰਗਰਮ ਪ੍ਰਾਪਤੀ ਵਾਲ਼ਾ ਜਾਂ ਗਾਹਕ ਹੈ? ਜਾਂ ਉਸਦੇ ਬੁਰਜ਼ੂਆ ਵਿਚਾਰਧਾਰਾ, ਕਦਰਾਂ ਅਤੇ ਸਭਿਆਚਾਰ ਨੂੰ ਗ੍ਰਹਿਣ ਕਰਨ ਦੀ ਉਸਦੀ ਪੂਰੀ ਪ੍ਰਕ੍ਰਿਆ ਖੁਦ ਇਕ ਦਵੰਦਾਤਮਕ ਪ੍ਰਕ੍ਰਿਆ ਹੈ, ਇੱਕ ਸੰਘਰਸ਼ ਦਾ ਸਥਾਨ ਹੈ? ਇਸਨੂੰ ਲੈ ਕੇ ਮਾਰਕਸਵਾਦੀ ਮੀਡੀਆ ਸਿਧਾਂਤਕਾਰਾਂ ਵਿੱਚ ਕਾਫ਼ੀ ਬਹਿਸ ਹੈ। ਮੋਟੇ ਤੌਰ ‘ਤੇ, ਉਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਦਾ ਮੰਨਣਾ ਹੈ ਕਿ ‘ਸੂਚਨਾ ਸਮਾਜ’, ‘ਉੱਤਰ-ਸੱਨਅਤੀ ਸਮਾਜ’ ਅਤੇ ਆਧੁਨਿਕ ਮੀਡੀਆ ਦੇ ਉਭਾਰ ਦੇ ਨਾਲ਼ ਮਜ਼ਦੂਰ ਜਮਾਤ ਆਪਣੇ ਬਦਲਾਅ ਦੇ ਸੰਦ ਨੂੰ ਗੁਆ ਬੈਠਾ ਹੈ; ‘ਸੱਭਿਆਚਾਰ ਸੱਨਅਤ’ ਨੇ ਟਾਕਰੇ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਮਜ਼ਦੂਰ ਜਮਾਤ (ਅਤੇ ਅਡੋਰਨੋ ਦੇ ਅਨੁਸਾਰ ਖੁਦ ਬਰਜ਼ੂਆਜ਼ੀ ਵੀ!) ਸਿਆਸੀ ਤੌਰ ‘ਤੇ ਟੁੱਟ ਚੁੱਕੀ ਹੈ। ਇਸ ਸ਼੍ਰੇਣੀ ਵਿੱਚ ਆਉਣ ਵਾਲ਼ੇ ਮਾਰਕਸਵਾਦੀ ਸਿਧਾਂਤਕਾਰ (ਆਪਣੀਆਂ ਸਭ ਭਿੰਨਤਾਵਾਂ ਦੇ ਨਾਲ਼) ਨਿਰਾਸ਼ਾਵਾਦ ਦੇ ਟੋਏ ਵਿੱਚ ਚਲੇ ਗਏ ਹਨ, ਕੁੱਝ ਮਾਮਲਿਆਂ ਵਿੱਚ ਸਚੇਤਨ ਤੌਰ ‘ਤੇ ਅਤੇ ਕੁਝ ਮਾਮਲਿਆਂ ਵਿੱਚ ਭੁਲੇਖੇ ਵਿੱਚ। ਇਹਨਾਂ ਦਾ ਮੰਨਣਾ ਹੈ ਕਿ ਮੀਡੀਆ ਦੁਆਰਾ ਦਿਮਾਗ਼ਾਂ ‘ਤੇ ਜੋ ਗਲਬਾ ਸਥਾਪਿਤ ਕੀਤਾ ਗਿਆ ਹੈ, ਉਹ ਪੂਰਨ ਹੈ, ਵਿਆਪਕ ਹੈ ਅਤੇ ਇੰਨਾ ਸੰਘਣਾ ਹੈ ਕਿ ਉਸਨੇ ਹਰ ਪ੍ਰਕਾਰ ਦੀਆਂ ਮਾਤਹਿਤ ਜਮਾਤਾਂ ਦੀ ਹਰ ਪ੍ਰਕਾਰ ਦੀ ਦੇ ਸੰਦ ਨੂੰ ਨਿਪੁੰਸਕ ਬਣਾ ਦਿੱਤਾ ਹੈ। ਇੱਕ ਅਰਥ ਤੋਂ ਤਾਂ ਉਹਨਾਂ ਦੀ ਸੋਚ ਪੂਰਨ ਮਾਨਸਿਕ ਕੰਟਰੋਲ ਦੀ ਹੈ। ਪਰ ਇਹ ਸਿਧਾਂਤਕਾਰ ਇਹ ਭੁੱਲ ਜਾਂਦੇ ਹਨ ਕਿ ਮਹਿਕੂਮ ਲੋਕਾਂ ਵਿਚ ਸ਼ਾਮਲ ਸਭ ਵਿਅਕਤੀ ਜੋ ਇਸ ਬੁਰਜ਼ੂਆ ਮੀਡੀਏ ਦੁਆਰਾ ਪਰੋਸੀ ਜਾ ਰਹੀ ਸਮੱਗਰੀ ਨੂੰ ਦੇਖਦੇ ਹਨ, ਉਹ ਆਪਣੀ ਚੇਤਨਾ ਦਾ ਨਿਰਧਾਰਣ ਸਿਰਫ਼ ਇਸੇ ਕਾਰਕ ਤੋਂ ਨਹੀਂ ਕਰਦੇ ਸਗੋਂ ਆਪਣੇ ਜੀਵਨ ਦੀਆਂ ਭੌਤਿਕ ਹਾਲਤਾਂ ਤੋਂ ਵੀ ਕਰਦੇ ਹਨ। ਅਸਲ ਵਿੱਚ, ਹਾਕਮ ਜਮਾਤਾਂ ਦੁਅਰਾ ਪਰੋਸੀ ਜਾ ਰਹੀ ਸੱਭਿਆਚਾਰਕ ਸਮੱਗਰੀ ਨੂੰ ਗ੍ਰਹਿਣ ਕਰਨ ਦੀ ਉਹਨਾਂ ਦੀ ਪੂਰੀ ਪ੍ਰਕ੍ਰਿਆ ਹੀ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਸਮਾਜ ਦੇ ਜਮਾਤੀ ਢਾਂਚੇ ਵਿੱਚ ਉਸਦੀ ਸਥਿਤੀ ਅਤੇ ਸਥਾਨ ਕੀ ਹੈ। ਉਹ ਸਭਿਆਚਾਰ ਨੂੰ ਇੱਕ ਸਜਾਤੀ, ਇਕਹਿਰਾ ਤਾਣਾ-ਬਾਣਾ ਮੰਨਦੇ ਹਨ ਅਤੇ ਉਸਦੇ ਅੰਦਰੂਨੀ ਦਵੰਦ ਨੂੰ ਨਹੀਂ ਸਮਝਦੇ। ਨਤੀਜੇ ਵਜੋਂ, ਅਡੋਰਨੋ ਅਤੇ ਹੋਰਕਹਾਇਮਰ ਵਰਗੇ ਸਿਧਾਂਤਕਾਰ ਸਮੁੱਚੇ ਮਾਸ ਸਭਿਆਚਾਰ ਨੂੰ ਕੋਸਦੇ ਹੋਏ, ਵਸਤੂਗਤ ਤੌਰ ‘ਤੇ ਮੈਥਿਊ ਅਰਨਾਲਡ, ਟੀਐਸ,ਇਲੀਅਟ, ਹਕਸਲੇ, ਆਦਿ ਵਰਗੇ ਰੂੜ੍ਹੀਵਾਦੀ ਬੁਰਜ਼ੂਆ ਵਿਸ਼ਲੇਸ਼ਕਾਂ ਦੀ ਪੁਜੀਸ਼ਨ ‘ਤੇ ਜਾ ਕੇ ਖੜ੍ਹੇ ਹੋ ਜਾਂਦੇ ਹਨ।

    ਮਾਰਕਸਵਾਦੀ ਸਿਧਾਂਤਕਾਰਾਂ ਦਾ ਇਕ ਸਕੂਲ ਮੀਡੀਆ ਦੀ ਸਿਆਸੀ ਆਰਥਿਕਤਾ ‘ਤੇ ਆਪਣਾ ਵਿਸ਼ਲੇਸ਼ਣ ਕਰਦਾ ਹੈ। ਇਹ ਸਕੂਲ  ਮੀਡੀਆ ਦੇ ਖੇਤਰ ਵਿੱਚ ਮਾਲਕੀ ਸਬੰਧਾਂ ਦਾ ਅਧਿਐਨ ਕਰਦੇ ਹੋਏ, ਉੱਥੇ ਹੋ ਰਹੀ ਇਜ਼ਾਰੇਦਾਰੀ ਵੱਲ ਧਿਆਨ ਦਿੰਦੇ ਹਨ ਅਤੇ ਦੱਸਦੇ ਹਨ ਕਿ ਇਹ ਆਰਥਿਕ ਪਖ ਬੁਰਜ਼ੂਆ ਮੀਡੀਏ ਦੇ ਪੂਰੇ ਕਿਰਦਾਰ ਨੂੰ ਤੈਅ ਕਰਦਾ ਹੈ। ਅਰਾਜਕਤਾਵਾਦੀ ਚਿੰਤਕ ਨੌਮ ਚੌਮਸਕੀ ਇਸ ਨਜ਼ਰੀਏ ਦੇ ਕਾਫ਼ੀ ਨੇੜੇ ਹੈ, ਭਾਵੇਂ ਉਸਦੀ ਸ਼ਬਦਾਵਲ਼ੀ ਮਾਰਕਸਵਾਦੀ ਸ਼ਬਦਾਵਲੀ ਤੋਂ ਬਿਲਕੁਲ ਵੱਖ ਹੈ। ਉਹਨਾਂ ਦੇ ਵਿਚਾਰ ਵਿੱਚ ਮੀਡੀਆ ਜਮਾਤੀ ਚੌਧਰ ਦਾ ਸੰਦ ਹੈ। ਚੌਮਸਕੀ ‘ਮੈਨੂਫੈਕਰਿੰਗ ਕਨਸੈਂਟ’ ਵਿੱਚ ਇੱਕ ‘ਪ੍ਰੇਪੇਗੰਡਾ ਮਾਡਲ’ ਪੇਸ਼ ਕਰਦੇ ਹਨ, ਜਿਸਦੇ ਮੁਤਾਬਿਕ ਅਧੁਨਿਕ ਮੀਡੀਆ ਦੀਆਂ ਚਾਰ ਉਦੇਸ਼ ਯੁਕਤ ਵਿਸ਼ੇਸ਼ਤਾਵਾਂ ਹਨ। ਪਹਿਲਾ, ਮਾਲਕੀ ਵਿਚ ਸੰਕੇਂਦਰਣ, ਦੂਜਾ, ਸਰਮਾਏਦਾਰਾਂ ਦੁਆਰਾ ਕੀਤੇ ਜਾਣ ਵਾਲ਼ੇ ਪ੍ਰਚਾਰ ਦਾ ਮੀਡੀਆ ਦੀ ਤਨਖਾਹ ਦਾ ਮੁੱਖ ਸ੍ਰੋਤ ਬਣਨਾ; ਤੀਜਾ, ਪੱਤਰਕਾਰਾਂ ਦੀ ਸੂਚਨਾ ਦੇ ਲਈ ਰਾਜ ਦੁਆਰਾ ਦਿੱਤੇ ਹੋਏ ਸ੍ਰੋਤਾਂ ‘ਤੇ ਨਿਰਭਰਤਾ; ਚੌਥਾ, ਕਮਿਊਨਿਜ਼ਮ-ਵਿਰੋਧ ਨੂੰ ਇੱਕ ਕੌਮੀ ਧਰਮ ਵਿੱਚ ਤਬਦੀਲ ਕਰ ਦਿੱਤਾ ਜਾਣਾ। ਚੌਮਸਕੀ ਦੇ ਮਾਡਲ ਅਤੇ ਮਾਰਕਸਵਾਦੀ ਸਿਆਸੀ ਆਰਥਿਕਤਾ ਦੇ ਮਾਡਲ ਵਿੱਚ ਜੋ ਗੱਲ ਸਮਾਨ ਹੈ, ਉਹ ਹੈ ਆਰਥਿਕ ਅਧਾਰ ਅਤੇ ਉੱਚ-ਉਸਾਰ ਵਿਚਲੇ ਸਬੰਧਾਂ ਦਾ ਗੈਰ-ਦਵੰਦਾਤਮਕ ਸਰਲੀਕਰਣ, ਜਿੱਥੇ ਉੱਚ-ਉਸਾਰ ਹਰੇਕ ਪਲ ਆਰਥਿਕ ਅਧਾਰ ਦੀ ਸੇਵਾ ਕਰ ਰਿਹਾ ਹੈ, ਪੂਰੀ ਤਰ੍ਹਾਂ ਪ੍ਰਬੰਧਿਤ ਅਤੇ ਜੜ ਹੈ। ਸਹਿਮਤੀ ਦੀ ਉਸਾਰੀ ਵਿਚ ਐਨਤੋਨੀਓ ਗ੍ਰਾਮਸ਼ੀ ਦਾ ਦ੍ਰਿਸ਼ਟੀਕੋਣ ਜਿਆਦਾ ਦਵੰਦਾਤਮਕ ਸੀ। ਉਸਦੇ ਅਨੁਸਾਰ ਬੁਰਜ਼ੂਆ ਵਿਚਾਰਧਾਰਕ ਸੰਦਾਂ ਦਾ ਕੰਮ ਹੈ, ਲੋਕਾਂ ਵਿੱਚ ਬੁਰਜ਼ੂਆਜ਼ੀ ਦੀ ਹਕੂਮਤ ਦੇ ਲਈ ਸਹਿਮਤੀ ਦੀ ਉਸਾਰੀ। ਪਰ ਜਿਸ ਉੱਚ-ਉਸਾਰ ਦੇ ਸੰਦਰਭ ਵਿਚ ਇਹ ਸੰਦ ਕੰਮ ਕਰਦੇ ਹਨ, ਉਹ ਹਰ ਪਲ ਆਰਥਿਕ ਅਧਾਰ ਤੋਂ ਸਮਾਨ-ਅਨੁਪਾਤਕ ਰੂਪ ਨਾਲ਼ ਤੈਅ ਨਹੀਂ ਹੁੰਦੇ ਹਨ। ਰਾਜਨੀਤਿਕ ਅਤੇ ਸਭਿਆਚਾਰਕ ਉੱਚ-ਉਸਾਰ ਦੀ ਇੱਕ ਸਾਪੇਖਕ ਖੁਦਮੁਖਤਿਆਰੀ ਹੁੰਦੀ ਹੈ। ਹੇਜੇਮਨੀ ਕੋਈ ਦਿੱਤਾ ਗਿਆ ਤੱਥ ਨਹੀਂ ਹੈ, ਸਗੋਂ ਬੁਰਜ਼ੂਆਜ਼ੀ ਨੇ ਇਸਨੂੰ ਵਾਰ-ਵਾਰ ਉਸਾਰਨਾ ਹੁੰਦਾ ਹੈ, ਜਿੱਤਣਾ ਹੁੰਦਾ ਹੈ ਅਤੇ ਕਾਇਮ ਰੱਖਣਾ ਹੁੰਦਾ ਹੈ। ਇਸ ਕਾਰਜ ਵਿਚ ਵਿਵਚਾਰਧਾਰਾ ਅਤੇ ਸਭਿਆਚਾਰ ਦੀ ਭੂਮਿਕਾ ਕੇਂਦਰੀ ਹੋ ਜਾਂਦੀ ਹੈ; (ਬੁਰਜ਼ੂਆ) ਬੁੱਧੀਜੀਵੀ ਵਿਚਾਰਧਾਰਾ ਅਤੇ ਸੱਭਿਆਚਾਰ ਦੇ ਸੰਦਾਂ ਦੀ ਵਰਤੋਂ ਬੁਰਜ਼ੂਆਜ਼ੀ ਦੇ ਗਲ਼ਬੇ ਨੂੰ ਵਾਰ-ਵਾਰ ਸਥਾਪਿਤ ਕਰਨ ਲਈ ਕਰਦੇ ਹਨ।ਪਰ ਕਿਉਂਕਿ ਇਹ ਪੂਰੀ ਪ੍ਰਕ੍ਰਿਆ ਇਕਹਿਰੀ ਨਹੀਂ ਹੈ, ਸਗੋਂ ਦਵੰਦਾਤਮਕ ਹੈ, ਇਸ ਲਈ ਹੇਜੇਮਨੀ ਖੁਦ ਇੱਕ ਸੰਘਰਸ਼ ਦੀ ਥਾਂ ਬਣ ਜਾਂਦੀ ਹੈ। ਕਮਿਊਨਿਸਟਾਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਸਪੇਸ ਵਿਚ ਦਖਲ ਦੇਣ ਅਤੇ ਪ੍ਰਤੀ-ਗਲ਼ਬਾ (ਕਾਉਂਟਰ-ਹੇਜੇਮਨੀ) ਉਸਾਰਨ। ਇਸ ਲਈ ਗ੍ਰਾਮਸ਼ੀ ਦਾ ਸਿਧਾਂਤ ਲੋਕ-ਟਾਕਰੇ ਅਤੇ ਤਬਦੀਲੀ ਨੂੰ ਇਕ ਸੰਦ ਮੁਹੱਇਆ ਕਰਦਾ ਹੈ, ਅੰਤਰਮੁੱਖ ਤਾਕਤਾਂ ਦੇ ਸਚੇਤਨ ਯਤਨਾਂ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਾ ਹੈ।

    ਫ੍ਰੈਂਕਫਰਟ ਸਕੂਲ ਦੇ ਨਜ਼ਰੀਏ ਨੂੰ ਅਕਸਰ ”ਉਜੱਡ” ਨਿਰਧਾਰਨਵਾਦੀ ਅਤੇ ਰਿਵਾਇਤੀ ਮਾਰਕਸਵਾਦੀ ਨਜ਼ਰੀਏ ਦਾ ਖੰਡਣ ਮੰਨਿਆ ਜਾਂਦਾ ਹੈ। ਪਰ ਜੇਕਰ ਅਸੀਂ ਅਡੋਰਨੋ ਅਤੇ ਹੋਰਕਹਾਇਮਰ ਦੇ ‘ਸੱਭਿਆਚਾਰਕ ਸੱਨਅਤ’ ਦੇ ਵਿਸ਼ਲੇਸ਼ਣ ਨੂੰ ਦੇਖੀਏ ਤਾਂ ਅਸਲ ਵਿਚ ਉਹਨਾਂ ਦਾ ਨਜ਼ਰੀਆ ਖੁਦ ਇਕ ਹਾਰਵਾਦੀ, ਨਿਰਾਸ਼ਾਵਾਦੀ ਜੜਵਾਦ ਦਾ ਸ਼ਿਕਾਰ ਹੈ ਅਤੇ ਉਹ ਖੁਦ ਮਾਰਕਸਵਾਦ ਦੀ ਅਰਥਵਾਦੀ ਅਤੇ ਨਿਰਧਾਰਣਵਾਦੀ ਸਮਝਦਾਰੀ ਦੇ ਨਜਦੀਕ ਪੈਂਦੇ ਹਨ। ਉਹਨਾਂ ਅਨੁਸਾਰ, ਕਲਪਨਿਕ ਰਚਨਾਵਾਂ ਦੇ ਮਸ਼ੀਨੀ ਮੁੜ-ਪੈਦਾਵਾਰ ਦੇ ਯੁੱਗ ਵਿਚ ਸਭਿਆਚਾਰਕ ਸੱਨਅਤ ਹੋਂਦ ਵਿਚ ਆਈ ਹੈ। ਇਹ ਸਭਿਆਚਾਰਕ ਸੱਨਅਤ ਸੱਭਿਆਚਾਰਕ ਜਿਣਸਾਂ ਦੀ ਵੱਡੇ ਪੈਮਾਨੇ ‘ਤੇ ਪੈਦਾਵਾਰ ਕਰਦੀ ਹੈ। ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਦਸਤਕਾਰੀ ਦੇ ਯੁੱਗ ਵਿੱਚ, ਮੈਨੁਫੈਕਚਰਿੰਗ ਅਤੇ ਮੈਨੂਫੈਕਚਰਿੰਗ ਦੇ ਯੁੱਗ ਤੋਂ ਮਸ਼ੀਨੋਫੈਕਚਰਿੰਗ ਦੇ ਯੁੱਗ ਵਿਚ ਭੌਤਿਕ ਪੈਦਾਵਾਰ ਦੀ ਟਰਾਂਜੀਸ਼ਨ। ਪਹਿਲਾਂ ਪੈਦਾਵਰ ‘ਤੇ ਕਾਰੀਗਰ ਦੀ ਛਾਪ ਹੁੰਦੀ ਸੀ, ਉਸਦਾ ਇੱਕ ਵਿਅਕਤੀਗਤ ‘ਪ੍ਰਕਾਸ਼ ਮੰਡਲ’ ਹੁੰਦਾ ਸੀ। ਪਰ ਜਿਵੇਂ ਹੀ ਸੱਭਿਆਚਾਰ ਪੈਦਾਵਾਰ ਵੱਡੇ ਪੈਮਾਨੇ ਦੀ ਪੈਦਾਵਾਰ ਵਿਚ ਬਦਲ ਗਈ, ਅਤੇ ਇੱਕ ਸੱਭਿਆਚਰਕ ਸੱਨਅਤ ਹੋਂਦ ਵਿੱਚ ਆਈ ਉਵੇਂ ਹੀ ਸਾਰੀਆਂ ਸੱਭਿਆਚਰਕ ਪੈਦਾਵਾਰਾਂ ਦੀ ਵਿਸ਼ੇਸ਼ਤਾ ਖਤਮ ਹੋ ਗਈ; ਉਹਨਾਂ ਦਾ ‘ਪ੍ਰਕਾਸ਼ ਮੰਡਲ’ ਜਾਂਦਾ ਰਿਹਾ; ਸੱਭਿਆਚਾਰ ਦੀ ਖੁਦਮੁਖਤਿਆਰੀ ਖਤਮ ਹੋ ਗਈ ਅਤੇ ਸੱਭਿਆਚਾਰਕ ਪੈਦਾਵਾਰ ਬੁਰਜ਼ੂਆਜ਼ੀ ਦੇ ਹੱਥਾਂ ਵਿੱਚ ਹਕੂਮਤ ਦਾ ਇੱਕ ਅਚੁੱਕ ਸੰਦ ਬਣ ਗਿਆ। ਅਡੋਰਨੋ ਕਹਿੰਦੇ ਹਨ ਕਿ ਮਾਰਕਸ ਇਸ ਬਾਰੇ ਵਿੱਚ ਗਲਤ ਸਨ ਕਿ ਪੈਦਾਵਾਰੀ ਤਾਕਤਾਂ (ਜਿਸਨੂੰ ਅਡੋਰਨੋ ਸਿਰਫ਼ ਤਕਨੋਲੋਜੀ ਦੇ ਰੂਪ ਵਿੱਚ ਦੇਖ ਰਹੇ ਹਨ) ਦਾ ਵਿਕਾਸ ਇਨਕਲਾਬੀ ਸਥਿਤੀਆਂ ਪੈਦਾ ਕਰੇਗਾ। ਅਡੋਰਨੋ ਦੇ ਅਨੁਸਾਰ ਪੈਦਾਵਾਰ ਸੱਭਿਆਚਾਰ ਦੇ ਖੇਤਰ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੇ ਅਸਲ ਵਿੱਚ ਇੱਕ ਸਥਾਈ ਪ੍ਰਤੀਕ੍ਰਿਆ ਦੀ ਹਾਲਤ ਪੈਦਾ ਕਰ ਦਿੱਤੀ ਹੈ। ਸੱਭਿਆਚਾਰ, ਜਿਸਦਾ ਪਹਿਲਾਂ ਇਹ ਕੰਮ ਸੀ ਕਿ ਲੋਕ-ਸਮੂਹਾਂ ਨੂੰ ਗੈਰ-ਹਾਜ਼ਰ ਅਗਾਂਹਵਧੂ ਕਦਮ ਦੀ ਪੂਰਤੀ ਕਰੇ, ਜਿਸਦਾ ਪਹਿਲਾਂ ਇਹ ਕੰਮ ਸੀ ਕਿ ਉਹ ਜਨਤਾ ਨੂੰ ਇਕ ਅਗਾਂਹਵਧੂ ਯੂਟੋਪੀਆ ਦੇਵੇ; ਜਿਸਦਾ ਕੰਮ ਸੀ ਦਵੰਦਾਤਮਕ ਰੂਪ ਨਾਲ਼ ਅਗਾਂਹਵਧੂ ਭਵਿੱਖ ਦੀ ਕਲਪਣਾ ਕਰਨਾ; ਉਹ ਸੱਭਿਆਚਾਰ ਹੁਣ ਸਿਰਫ਼ ਬੁਰਜ਼ੂਆਜ਼ੀ ਦੇ ਗਲ਼ਬੇ ਦੀ ਮੁੜ-ਪੈਦਾਵਾਰ ਦਾ ਸੰਦ ਬਣ ਗਿਆ ਹੈ। ਸਭਿਆਚਾਰ ਦਾ ਕਾਰਜ ਸਿਰਫ਼ ਬੁਰਜ਼ੂਆ ਆਰਥਿਕ ਅਤੇ ਰਾਜਨੀਤਿਕ ਸਬੰਧਾਂ ਦੀ ਮੁੜ-ਪੈਦਾਵਾਰ ਕਰਨਾ ਰਹਿ ਗਿਆ ਹੈ। ਇਹ ਸਮੂਹਿਕ ਕਪਟ (ਮਾਸ ਡਿਸੈਪਸ਼ਨ) ਦਾ ਸੰਦ ਬਣ ਚੁੱਕੀ ਹੈ, ਇਹੀ ਬੁਰਜ਼ੂਆ ਮਾਸ ਸੱਭਿਆਚਾਰ ਦਾ ਕੰਮ ਹੈ, ਜਿਸਦੀ ਸੱਭਿਆਚਾਰਕ ਸੱਨਅਤ ਪੈਦਾਵਾਰ ਕਰ ਰਹੀ ਹੈ। ਹਰਬਰਟ ਮਾਕਯੂਰਸ ਨੇ ਕਿਹਾ ਕਿ ਬੁਰਜ਼ੂਆ ਮਾਸ ਸੱਭਿਆਚਾਰ ਨੇ ਜੋ ਇੱਕਰੂਪੀਕਰਨ, ਸਾਜਤੀਕਰਨ ਕੀਤਾ ਹੈ ਉਸਨੇ ਇਸ ਸਭਿਆਚਰ ਨੂੰ ਗ੍ਰਹਿਣ ਕਰਨ ਵਾਲ਼ੇ ਮਨੁੱਖਾਂ ਦਾ ਵੀ ਇੱਕ ਫਾਸੀਵਾਦੀ ਮਨੁੱਖੀਕਰਨ ਕਰ ਦਿੱਤਾ ਹੈ। ਇਸ ਨੇ ਇੱਕ-ਪੱਖੀ ਮਨੁੱਖ ਨੂੰ ਜਨਮ ਦਿੱਤਾ ਹੈ ਜੋ ਕਿਸੇ ਵੀ ਕਿਸਮ ਦਾ ਟਾਕਰਾ ਕਰਨ ਵਿੱਚ ਅਯੋਗ ਹੈ ਅਤੇ ਪੂਰੀ ਤਰ੍ਹਾਂ ਬੁਰਜ਼ੂਆ ਵਿਚਾਰਧਾਰਾ ਦੇ ਕੰਟਰੋਲ ਵਿੱਚ ਹੈ। ਫਿਰ ਅਡੋਰਨੋ, ਹੋਰਕਹਾਇਮਰ ਅਤੇ ਮਾਕਯੂਰਸ ਇਸ ਪੂਰੀ ਘਟਨਾ ਨੂੰ ਪ੍ਰਬੋਧਨ ਅਤੇ ਤਾਰਕਿਤਾ ਨਾਲ਼ ਜੋੜ ਦਿੰਦੇ ਹਨ; ਨਤੀਜੇ ਵਜੋਂ ਪੂਰਾ ਦਾ ਪੂਰਾ ਪ੍ਰਬੋਧਨ ਬੁਰਜ਼ੂਆਜ਼ੀ ਦੀ ਚੌਧਰ ਨੂੰ ਨੂੰ ਸਥਪਿਤ ਕਰਨ ਵਾਲ਼ਾ ਪ੍ਰੋਜੈਕਟ ਬਣ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਫੈਂਰਕਫਰਟ ਸਕੂਲ ਉਹਨਾਂ ਨਤੀਜਿਆਂ ਦੇ ਨੇੜੇ ਪਹੁੰਚ ਜਾਂਦਾ ਹੈ, ਜਿਸਦੇ ਨੇੜੇ ਅੱਜ ਦੇ ਪੂਰਬਵਾਦੀ, ਉੱਤਰ-ਸੰਰਚਨਾਵਾਦੀ, ਉੱਤਰ-ਬਸਤੀਵਾਦੀ ਵਿਚਾਰ ਦੇ ਹਾਮੀ, ਅਤੇ ਉੱਤਰ-ਆਧੁਨਿਕਤਾਵਾਦੀ ਹਨ। ਅਜਿਹੇ ਕਿਸੇ ਵੀ ਸਿਧਾਂਤ ਵਿੱਚ ਇਹ ਵਜੂਦ ਸਮੋਇਆ ਹੁੰਦਾ ਹੈ, ਕਿ ਮਾਰਕਸਵਾਦ, ਜਾਂ ਘੱਟੋ-ਘੱਟ “ਰਵਾਇਤੀ” ਅਤੇ “ਰੂੜ੍ਹੀਵਾਦੀ” ਮਾਰਕਸਵਾਦ ਵੀ ਇਸੇ ਯੋਜਨਾ ਦਾ ਇੱਕ ਅੰਗ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਨਜ਼ਰੀਆ ਹੀ ਟਾਕਰੇ ਜਾਂ ਤਬਦੀਲੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੰਦਾ ਹੈ। ਇਹ ਇੱਕ ਪ੍ਰਕਾਰ ਨਾਲ਼ ਮਜ਼ਦੂਰ ਜਮਾਤ ਦੇ ਸਿਆਸੀ ਖਿੰਡਾਅ ਦੀ ਗੱਲ ਕਰਦਾ ਹੈ। ਜਮਾਤੀ ਚੇਤਨਾ ਖਤਮ ਹੋ ਜਾਂਦੀ ਹੈ ਅਤੇ ਮਜ਼ਦੂਰ ਜਮਾਤ ਐਟਮੀਕ੍ਰਿਤ ਇੱਕਪੱਖੀ ਵਿਅਕਤੀਆਂ ਦਾ ਇੱਕ ਏਗ੍ਰੀਗੇਸ਼ਨ ਬਣ ਜਾਂਦਾ ਹੈ। ਇਹ ਪੂਰੀ ਸੋਚ ਹਾਰਵਾਦ ਵਿੱਚ ਖਤਮ ਹੋ ਜਾਂਦੀ ਹੈ। ਭਾਵੇਂ ਬਾਅਦ ਵਿਚ ਆਪਣੇ ਲੇਖ ‘ਫ੍ਰੀ ਟਾਇਮ’ ਅਤੇ ‘ਕਲਚਰ ਇੰਡਸਟ੍ਰੀ ਰੀਕੰਸਿਡਰਡ’ ਵਿੱਚ ਅਡੋਰਨੋ ਆਪਣੀ ਥੀਸਸ ਵਿੱਚ ਕੁਝ ਮਹੱਤਵਪੂਰਨ ਬਦਲਾਅ ਲਿਅਉਂਦੇ ਹਨ ਅਤੇ ਸੱਭਿਆਚਾਰ ਸੱਨਅਤ ਦੀ ਇੱਕਪਾਸੜ ਚੌਧਰ ਦੀ ਗੱਲ ਰੱਦ ਕਰਦੇ ਹਨ, ਪਰ ਕੁਲ ਮਿਲ਼ਾ ਕੇ ਨਤੀਜੇ ਵਿੱਚ ਕੋਈ ਵੱਡਾ ਗੁਣਾਤਮਕ ਫਰਕ ਨਜ਼ਰ ਨਹੀਂ ਆਉਂਦਾ। ਫ੍ਰੈਂਕਫਰਟ ਸਕੂਲ ਦੇ ਅਲੋਚਨਾਤਮਕ ਸਿਧਾਂਕਾਰਾਂ ਦੇ ਨਿਰਾਸ਼ਾਵਾਦ ਦਾ ਇੱਕ ਕਾਰਨ ਜਰਮਨੀ ਵਿਚ ਨਾਜ਼ੀਵਾਦ ਦਾ ਉਭਾਰ ਵੀ ਸੀ, ਜਿਸ ਵਿੱਚ ਕਿ ਉਹ ਸੱਭਿਆਚਾਰਕ ਸੱਨਅਤ, ਪ੍ਰਬੋਧਨ ਅਤੇ ਤਾਰਕਿਤਾ ਦੇ ਨਤੀਜੇ ਦੇਖਦੇ ਸਨ ਅਤੇ ਬਾਅਦ ਵਿਚ ਅਮਰੀਕਾ ਵਿੱਚ ਹਾਲੀਵੁੱਡ, ਜਾਜ਼ ਸੰਗੀਤ ਆਦਿ ਦੇ ਵਿਸ਼ਲੇਸ਼ਣ ਰਾਹੀਂ ਵੀ ਉਹਨਾਂ ਦੀ ਇਹ ਧਾਰਣਾ ਉਹਨਾਂ ਦੀ ਨਜ਼ਰ ਵਿੱਚ ਪੁਸ਼ਟ ਹੋਈ। ਪਰ ਇਹ ਪੂਰਾ ਦ੍ਰਿਸ਼ਟੀਕੋਣ ਬੁਰੀ ਤਰ੍ਹਾਂ ਨਾਲ਼ ਇੱਕਪਾਸੜ ਸੀ ਅਤੇ ਅਜਿਹਾ ਲੱਗਦਾ ਹੈ ਕਿ ਫੈਂਰਕਫਰਟ ਸਕੂਲ ਦੇ ਸਿਧਾਂਤਕਾਰਾਂ ਦਾ ਪੂਰਾ ਸਿਧਾਂਤੀਕਰਨ ਉਹਨਾਂ ਦੀ ਆਪਣੀ ਮਾਨਸਿਕ ਚੋਟ ਤੋਂ ਕਾਫ਼ੀ ਜਿਆਦਾ ਪ੍ਰਭਾਵਿਤ ਸੀ!

    ਵਾਲਰ ਬੈਂਜਾਮਿਨ ਦਾ ਦ੍ਰਿਸ਼ਟੀਕੋਣ ਇਹ ਸੀ ਕਿ ਇੱਕ ਵੱਡੇ ਪੈਮਾਨੇ ‘ਤੇ ਸੱਭਿਆਚਾਰਕ ਵਸਤੂਆਂ ਦੀ ਪੈਦਾਵਾਰ ਹੋਣਾ, ਉਹਨਾਂ ਦੇ ਮਸ਼ੀਨੀ ਮੁੜ-ਪੈਦਾਵਰ ਦਾ ਸੰਭਵ ਬਣਨਾ, ਸੱਭਿਆਚਾਰਕ ਰਚਨਾ ਦੇ ‘ਪ੍ਰਕਾਸ਼ ਮੰਡਲ’ ਦਾ ਖਤਮ ਹੋਣਾ ਅਤੇ ਉਸ ਚੀਜ਼ ਦਾ ਹੋਂਦ ਵਿੱਚ ਆਉਣਾ ਜਿਸਨੂੰ ਅਡੋਰਨੋ ਸੱਭਿਆਚਾਰਕ ਸੱਨਅਤ ਦਾ ਨਾਂ ਦਿੰਦੇ ਹਨ, ਇੱਕ ਸਾਕਾਰਾਮਕ ਬਦਲਾਅ ਹੈ। ਅਸਲ ਵਿੱਚ, ਇਸਨੇ ਸੱਭਿਆਚਾਰ ਦਾ ਜਮਹੂਰੀਕਰਨ ਕੀਤਾ ਹੈ, ਇਸਦੀ ਪਹੁੰਚ ਨੂੰ ਵਿਅਪਕ ਅਤੇ ਗਹਿਰਾ ਬਣਾਇਆ ਹੈ, ਲੋਕਾਂ ਦੁਆਰਾ ਇਸ ਵਿੱਚ ਦਖਲ ਨੂੰ ਸੰਭਵ ਬਣਾ ਦਿੱਤਾ ਗਿਆ ਹੈ। ਇਸਦਾ ਕਾਰਨ ਇਹ ਹੈ ਕਿ ਸੱਭਿਆਚਾਰਕ ਜਿਣਸ ਦੀ ਸੱਨਅਤ ਦਾ ਉਪਭੋਗ ਕਰਨ ਵਾਲ਼ਾ ਉਪਭੋਗਤਾ ਖੁਦ ਇੱਕ ਵਸਤੂ (ਔਬਜੈਕਟ) ਨਹੀਂ ਹੈ, ਜਿਵੇਂ ਕਿ ਅਡੋਰਨੋ ਦਾ ਮੰਨਣਾ ਹੈ, ਸਗੋਂ ਉਹ ਖੁਦ ਇੱਕ ਸਬਜੈਕਟ ਹੈ। ਉਹ ਸੋਚ ਸਕਦਾ ਹੈ ਅਤੇ ਉਸਦੀ ਸੋਚ ਕੇਵਲ ਸੱਭਿਆਚਾਰ ਸੱਨਅਤ ਇੱਕਪਾਸੜ ਢੰਗ ਨਾਲ਼ ਤੈਅ ਨਹੀਂ ਕਰਦੀ।

    ਫਰਾਂਸੀਸੀ ਸੰਰਚਨਾਵਾਦੀ ਮਾਰਕਸਵਾਦੀ ਲੁਈਸ ਅਲਥੂਸਰ ਨੇ ਵੀ ਕੁਝ ਸਿਧਾਤ ਪੇਸ਼ ਕੀਤੇ ਜਿਸਦੀ ਮੀਡੀਆ ਅਧਿਐਨ ਵਿੱਚ ਕਾਫ਼ੀ ਵਰਤੋਂ ਹੋਈ ਹੈ। ਅਲਥੂਸਰ ਦਾ ਮੰਨਣਾ ਸੀ ਕਿ ਆਰਥਿਕ ਅਧਾਰ ਉੱਚ-ਉਸਾਰ ਨੂੰ ਇਤਿਹਾਸਕਤਾ ਵਿਚ ਤੈਅ ਕਰਦਾ ਹੈ, ਪਰ ਪਲ਼ਟਕੇ ਉੱਚ-ਉਸਾਰ ਵੀ ਆਰਥਿਕ ਅਧਾਰ ਨੂੰ ਤੈਅ ਕਰਦਾ ਹੈ। ਦੂਜੀ ਗੱਲ ਇਹ ਹੈ ਕਿ ਆਰਥਿਕ ਤੌਰ ‘ਤੇ ਨਿਰਧਾਰਤ ਹੋਣ ਤੋਂ ਬਾਅਦ, ਚੀਜ਼ਾਂ ਹੋਰ ਕਾਰਕਾਂ ਰਾਹੀਂ ਅਤਿ-ਤੈਅ ਵੀ ਹੁੰਦੀਆਂ ਹਨ। ਮਨੁੱਖਾਂ ਦੀ ਚੇਤਨਾ ਵਿਚਾਰਧਾਰਾ ਦੀ ਉਸਾਰੀ ਨਹੀਂ ਕਰਦੀ, ਬਲਕਿ ਵਿਚਾਰਧਾਰਾ ਹੈ ਜੋ ਕਿ ਮਨੁੱਖਾਂ ਦੀ ਚੇਤਨਾ ‘ਤੇ ਕੰਟਰੋਲ ਕਰਨ ਦਾ ਪ੍ਰਮੁੱਖ ਸੰਦ ਹੈ। ਇਹ ਸੰਦ ਖੁਦ ਆਰਥਿਕ ਢਾਂਚਿਆ ਤੋਂ ਤੈਅ ਹੁੰਦਾ ਹੈ, ਪਰ ਅਸਲ ਵਿੱਚ ਇਸਦਾ ਕਾਰਜ ਹੀ ਇਹ ਹੈ ਕਿ ਲੋਕਾਂ ਦੀ ਚੇਤਨਾ ਅਤੇ ਉਸਦੀਆਂ ਪਦਾਰਥਕ ਹਾਲਤਾਂ ਵਿੱਚ ਇਕ ਅੰਤਰ ਪੈਦਾ ਕੀਤਾ ਜਾਵੇ। ਵਿਚਾਰਧਾਰਾ ਹੋਰ ਕੁਝ ਨਹੀਂ ਸਗੋਂ ਮਨੁੱਖ ਦੁਆਰਾ ਆਪਣੀਆਂ ਪਦਾਰਥਕ ਸਥਿਤੀਆਂ ਦੀ ਕਲਪਣਾ ਹੈ, ਜੋ ਕਿ ਯਥਾਰਥ ਨੂੰ ਪ੍ਰਤੀਬਿੰਬਤ ਨਹੀਂ ਕਰਦੀ। ਹਾਕਮ ਜਮਾਤ ਦੇ ਵਿਚਾਰਧਾਰਕ ਸੰਦ ਵਿਚਾਰਧਾਰਾ ਦੇ ਇਸ ਕਾਰਜ ਦੁਆਰਾ ਬੁਰਜ਼ੂਆ ਸਬਜੈਕਟ ਦੀ ਉਸਾਰੀ ਕਰਦੇ ਹਨ। ਇਸੇ ਨੂੰ ਅਲਥੂਸਰ ਇੰਟਰਪਿਲੇਸ਼ਨ ਦਾ ਨਾਂ ਦਿੰਦਾ ਹੈ, ਜਿਸਦੇ ਅਨੁਸਾਰ ਪਹਿਲਾਂ ਤੋਂ ਮੌਜੂਦ ਢਾਂਚਿਆਂ ਤੋਂ ਤੈਅ ਸਥਿਤੀਆਂ ਇੱਕ ਵਿਅਕਤੀ ਨੂੰ ਸਬਜੈਕਟ ਵਿਚ ਤਬਦੀਲ ਕਰਦੀਆਂ ਹਨ। ਇਹ ਵਿਚਾਰ ਕਾਫੀ ਹੱਦ ਤੱਕ ਜੈਕਸ ਲਾਕਾਂ ਦੇ ਮਿਰਰ ਸਟੇਜ ਦੇ ਸਿਧਾਂਤ ਤੋਂ ਪ੍ਰਭਾਵਿਤ ਸੀ। ਇਸ ‘ਤੇ ਅਸੀਂ ਅੱਗੇ ਕਿਤੇ ਵਿਸਥਾਰ ਵਿੱਚ ਲਿਖਾਂਗੇ।ਅਲਥੂਸਰ ਵੀ ਆਪਣੇ ਅਲੱਗ ਸਿਧਾਂਤੀਕਰਨ ਦੇ ਬਾਵਜੂਦ, ਇੱਕ ਅਰਥ ਤੋਂ ਅਣਕਹੇ ਢੰਗ ਨਾਲ਼ ਉਸੇ ਸਿੱਟੇ ‘ਤੇ ਪਹੁੰਚ ਜਾਂਦਾ ਹੈ ਜਿਸ ‘ਤੇ ਕਿ ਅਡੋਰਨੋ ਪਹੁੰਚੇ ਸਨ। ਅਲਥੂਸਰ ਦੇ ਵਿਚਾਰਧਾਰਕ ਰਾਜ ਸੰਦ ਦੇ ਸਿਧਾਂਤ ਵਿੱਚ ਵੀ ਸਬਜੈਕਟ ਵਿਚਾਰਧਾਰਾ ਦਾ ਗ਼ੈਰ ਸਰਗਰਮ ਸ਼ਿਕਾਰ ਬਣ ਜਾਂਦਾ ਹੈ। ਨਿਸ਼ਚਿਤ ਤੌਰ ‘ਤੇ, ਵਿਚਾਰਧਾਰਾ ਦੀ ਆਪਣੀ ਪਰਿਭਾਸ਼ਾ ਵਿੱਚ ਅਲਥੂਸਰ ਮਾਰਕਸ ਵੱਲ ਵਾਪਸ ਪਰਤ ਜਾਂਦਾ ਹੈ, ਕਿਉਂਕਿ ਮਾਰਕਸ ਖੁਦ ਬੁਰਜ਼ੂਆ ਵਿਚਾਰਧਾਰਾ ਦੀ ਅਲੋਚਨਾ ਪੇਸ਼ ਕਰ ਰਹੇ ਸੀ, ਜਿਸਦਾ ਕਿ ਕਾਰਜ ਹੀ ਇਕ ਨਕਲ਼ੀ ਚੇਤਨਾ ਦੀ ਉਸਾਰੀ ਹੁੰਦਾ ਹੈ। ਪਰ ਅਲਥੂਸਰ ਲਈ ਵਿਚਾਰਧਾਰਕ ਰਾਜ ਸੰਦ ਦੁਅਰਾ ਇੰਟਰਪਿਲੇਸ਼ਨ ਦੀ ਪ੍ਰਕ੍ਰਿਆ ਦੇ ਰਾਹੀਂ ਸਬਜੈਕਟ ਦੀ ਉਸਾਰੀ ਵਿੱਚ ਵਿਅਕਤੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਉਹ ਇੱਕ ਗ਼ੈਰ ਸਰਗਰਮ ਕਾਰਕ ਬਣ ਜਾਂਦਾ ਹੈ, ਜਿਸ ‘ਤੇ ਵਿਚਾਰਧਾਰਾ ਆਪਣਾ ਕੰਮ ਕਰਦੀ ਹੈ। ਅਲਥੂਸਰ ਨੇ ਕਦੇ ਇਸ ਸਿੱਟੇ ਨੂੰ ਸ਼ਬਦਾਂ ਵਿੱਚ ਲਿਖਿਆ ਨਹੀਂ ਹੈ। ਪਰ ਉਸਦਾ ਸਿਧਾਂਤ ਇਸੇ ਵੱਲ ਜਾਂਦਾ ਹੈ।

    ਅਲਥੂਸਰ ਅਤੇ ਫ੍ਰੈਂਕਫਰਟ ਸਕੂਲ ਦੇ ਸਿਧਾਤਕਾਰਾਂ ਦੇ ਬਰਕਸ ਗ੍ਰਾਮਸ਼ੀ ਅਤੇ ਵਾਲਟਰ ਬੈਂਜਾਮਿਨ ਦਾ ਨਜ਼ਰੀਆ ਜਿਆਦਾ ਦਰੁਸਤ ਲਗਦਾ ਹੈ, ਘੱਟੋ-ਘੱਟ ਇਸ ਮਾਮਲੇ ਵਿੱਚ ਕਿ ਉਹਨਾਂ ਦੇ ਸਿਧਾਂਤੀਕਰਨ ਵਿੱਚ ਤੁਸੀਂ ਮੀਡੀਆ ਦੇ ਬੇ-ਆਸਰੇ ਸ਼ਿਕਾਰ ਨਹੀਂ ਦਿਖਦੇ ਹੋ! ਤੁਹਾਡੇ ਕੋਲ਼ ਟਾਕਰਾ ਕਰਨ ਦਾ ਸੰਦ ਹੈ। ਤੁਸੀਂ ਖੁਦ ਇਕ ਕਰਤਾ ਹੋ। ਇਸੇ ਪਖ ‘ਤੇ ਬ੍ਰਿਟਿਸ਼ ਸੱਭਿਆਚਾਰਕ ਸਿਧਾਂਤਕਾਰ ਸਟੁਅਰਟ ਹਾਲ ਨੇ ਵੀ ਜ਼ੋਰ ਦਿੱਤਾ ਹੈ ਅਤੇ ਦੱਸਿਆ ਹੈ ਕਿ ਲੋਕਾਂ ਦੁਆਰਾ ਮੀਡੀਏ ਦੀ ਸਮੱਗਰੀ ਨੂੰ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਨੂੰ ਹਾਲੇ ਤੱਕ ਬਹੁਤ ਸਰਲੀਕ੍ਰਿਤ ਅਤੇ ਇਕਪਾਸੜ ਤੌਰ ‘ਤੇ ਦੇਖਿਆ ਗਿਆ ਹੈ, ਜਦ ਕਿ ਇਕ ਪ੍ਰਕ੍ਰਿਆ ਇਕ ਬੇਹੱਦ ਜਟਿਲ ਪ੍ਰਕ੍ਰਿਆ ਹੈ ਅਤੇ ਲੋਕਾਂ ਦੀ ਜਮਾਤੀ ਪੋਜ਼ੀਸ਼ਨ ਤੋਂ ਤੈਅ ਹੁੰਦੀ ਹੈ। ਹਾਲ ਦਾ ਮੰਨਣਾ ਹੈ ਕਿ ਕਿਸੇ ਵੀ ਸੱਭਿਆਚਾਰਕ ਵਸਤੂ ਦੇ ਤਿੰਨ ਪ੍ਰਕਾਰ ਦੇ ਪਾਠ ਹੁੰਦੇ ਹਨ। ਹਰ ਸੱਭਿਆਚਾਰਕ ਵਸਤੂ ਵਿੱਚ ਹਾਕਮ ਜਮਾਤ ਦਾ ਵਿਚਾਰਧਾਰਕ ਸੰਦ ਕੁਝ ਅਰਥਾਂ ਦੀ ਇਨਕੋਡਿੰਗ ਕਰਦਾ ਹੈ। ਇਹ ਅਰਥ ਦੇਖਣ, ਸੁਣਨ ਅਤੇ ਪੜ੍ਹਨ ਵਾਲ਼ੇ ਕੋਲ਼ ਉਸੇ ਰੂਪ ਵਿੱਚ ਨਹੀਂ ਪਹੁੰਚਦੇ ਹਨ। ਇਸ ਸੱਭਿਆਚਾਰਕ ਵਸਤੂ ਨੂੰ ਗ੍ਰਹਿਣ ਕਰਨ ਵਾਲ਼ਾ ਵਿਅਕਤੀ ਇਸਦਾ ਆਪਣਾ ਪਾਠ ਕਰਦਾ ਹੈ, ਜੋ ਕਿ ਉਸਦੀ ਜਮਾਤੀ ਪੁਜੀਸ਼ਨ ਤੋਂ ਤਹਿ ਹੁੰਦਾ ਹੈ। ਉਸਦਾ ਵਿਆਖਿਆਤਮਕ ਢਾਂਚਾ ਬਿਲਕੁਲ ਓਵੇਂ ਨਹੀਂ ਹੁੰਦਾ ਹੈ, ਜਿਵੇਂ ਕਿ ਹਾਕਮ ਜਮਾਤ ਚਾਹੁੰਦੀ ਹੈ। ਉਹ ਆਪਣੇ ਵਿਆਖਿਆਤਮਕ ਚੌਖਟੇ ਦੁਆਰਾ ਇਨਕੋਡਿਡ ਅਰਥਾਂ ਦਾ ਪਾਠ ਕਰਦਾ ਹੈ, ਉਹਨਾਂ ਨੂੰ ਡੀਕੋਡ ਕਰਦਾ ਹੈ। ਸਟੂਅਰਟ ਹਾਲ ਤਿੰਨ ਪ੍ਰਕਾਰ ਦੇ ਪਾਠਾਂ ਦੀ ਗੱਲ ਕਰਦੇ ਹਨ। ਪਹਿਲਾ ਹੈ ਪ੍ਰਭਾਵੀ ਪਾਠ, ਜਿਸ ਵਿਚ ਵਿਅਕਤੀ ਲਗਪਗ ਉਸੇ ਵਿਆਖਿਆਤਮਕ ਢਾਂਚੇ ਦੀ ਵਰਤੋਂ ਕਰਦਾ ਹੈ, ਜੋ ਕਿ ਹਾਕਮ ਜਮਾਤ ਚਾਹੁੰਦੀ ਹੈ। ਯਾਨੀ, ਕਿ ਹਾਕਮ ਜਮਾਤ ਦੇ ਨਰਜ਼ਰੀਏ ਤੋਂ ਹੀ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਜੋ ਅਰਥ ਸੰਚਾਰ ਕਰਨਾ ਹਾਕਮ ਜਮਾਤ ਦਾ ਇਰਾਦਾ ਸੀ, ਉਹੀ ਅਰਥ ਸੰਚਾਰਿਤ ਹੋਇਆ ਹੈ। ਇੱਕ ਦੂਜੇ ਕਿਸਮ ਦਾ ਪਾਠ ਹੁੰਦਾ ਹੈ ਸਮਝੋਤਾ ਕਰਨ ਵਾਲ਼ਾ ਪਾਠ (ਨੇਗੋਸ਼ਿਏਟਿਡ ਰੀਡਿੰਗ)। ਇਸ ਵਿੱਚ ਵਿਅਕਤੀ ਕੁਝ ਅਰਥਾਂ ਨੂੰ ਉਸੇ ਰੂਪ ਵਿਚ ਅਪਣਾਉਂਦਾ ਹੈ, ਜਿਸ ਰੂਪ ਵਿੱਚ ਹਾਕਮ ਜਮਾਤ ਚਾਹੁੰਦੀ ਹੈ, ਪਰ ਹੋਰ ਅਰਥਾਂ ਨੂੰ ਉਹ ਆਪਣੀ ਜਮਾਤੀ ਪੁਜੀਸ਼ਨ ਦੇ ਮੁਤਬਿਕ ਬਦਲ ਦਿੰਦਾ ਹੈ ਅਤੇ ਤੀਜੀ ਪੁਜੀਸ਼ਨ ਹੁੰਦੀ ਹੈ ਉਸ ਵਿਅਕਤੀ ਦੀ ਜੋ ਕਿ ਵਿਰੋਧਾਤਮਕ ਪਾਠ (ਔਪੋਜੀਸ਼ਨਲ ਰੀਡਿੰਗ) ਕਰਦਾ ਹੈ। ਇਸ ਵਿੱਚ ਵਿਅਕਤੀ ਹਾਕਮ ਜਮਾਤਾਂ ਦੇ ਇਰਾਦਿਆਂ ਨੂੰ ਤੋੜਨ (ਡੀਕੰਸਟਰਕਟ) ਦਾ ਯਤਨ ਕਰਦਾ ਹੈ, ਉਹਨਾਂ ਦੁਆਰਾ ਸੰਚਾਰਿਤ ਅਰਥਾਂ ਦੀ ਚੀੜ-ਫਾੜ ਕਰਦਾ ਹੈ ਅਤੇ ਇਸਦਾ ਇਕ ਸਬਵਰਸਿਵ ਪਾਠ ਕਰਦਾ ਹੈ। ਕਿਹੜਾ ਵਿਅਕਤੀ ਕਿਸ ਕਿਸਮ ਦਾ ਪਾਠ ਕਰੇਗਾ, ਕਿਸ ਕਿਸਮ ਨਾਲ਼ ਬੁਰਜ਼ੂਆ ਸਭਿਆਚਾਰ ਸੱਨਅਤ ਦੀਆਂ ਜਿਣਸਾਂ ਦਾ ਉਪਭੋਗ ਕਰੇਗਾ, ਉਹ ਉਸ ਵਿਅਕਤੀ ਦੀ ਜਮਾਤੀ ਪੁਜੀਸ਼ਨ, ਸਿਆਸੀ ਪੁਜੀਸ਼ਨ, ਇਤਿਹਾਸ ਅਤੇ ਸੱਭਿਆਚਾਰ ‘ਤੇ ਨਿਰਭਰ ਕਰਦਾ ਹੈ। ਇੱਥੇ ਸਟੂਅਰਟ ਹਾਲ ਵੋਲੋਸ਼ਿਨੋਵ ਦੇ ਕਾਫੀ ਨੇੜੇ ਪੈਂਦੇ ਹਨ, ਜਿਸਦਾ ਮੰਨਣਾ ਸੀ ਕਿ ਅਰਥ ਕੋਈ ਪਹਿਲਾਂ ਦਿੱਤੀ ਹੋਈ ਵਸਤੂ ਨਹੀਂ ਹੈ, ਸਗੋਂ ਅਰਥਾਂ ਦੇ ਲਈ ਇੱਕ ਜਮਾਤੀ ਸੰਘਰਸ਼ ਹੁੰਦਾ ਹੈ। ਅਲਥੂਸਰ ਅਤੇ ਫ੍ਰੈਂਕਫਰਟ ਸਕੂਲ ਇੱਥੇ ਇੱਕ ਹਾਰਵਾਦੀ ਨਿਰਧਾਰਣਵਾਦ ਦਾ ਸ਼ਿਕਾਰ ਹੈ। ਗ੍ਰਾਮਸ਼ੀ ਇਸੇ ਨਿਰਧਾਰਨਵਾਦ ਦਾ ਆਪਣੇ ਢੰਗ ਨਾਲ਼ ਵਿਰੋਧ ਕਰਦੇ ਹਨ ਅਤੇ ਵੋਲੋਸ਼ਿਨੋਵ ਆਪਣੇ ਢੰਗ ਨਾਲ਼। ਹੋਰ ਕਈ ਮਾਰਕਸਵਾਦੀ ਵਿਚਾਰਕ ਅਤੇ ਸਕੂਲ ਹਨ, ਜਿਹਨਾਂ ਦੇ ਸਿਧਾਂਤਾਂ ਦਾ ਅਸੀਂ ਅੱਗੇ ਦੇ ਅੰਕਾਂ ਵਿਚ ਇੱਕ-ਇੱਕ ਕਰਕੇ ਵਿਸ਼ਲੇਸ਼ਣ ਪੇਸ਼ ਕਰਾਂਗੇ, ਪਰ ਮੋਟੇ ਤੌਰ ‘ਤੇ ਵਿਸ਼ਲੇਸ਼ਣ ਦੀਆਂ ਸ੍ਰੇਣੀਆਂ ਇਹੀ ਹਨ।

    ਸਾਡਾ ਮੰਨਣਾ ਹੈ ਕਿ ਅੱਜ ਦੇ ਯੁੱਗ ਵਿੱਚ ਕੋਈ ਵੀ ਗੰਭੀਰ ਪ੍ਰੇਖਕ ਜਾਂ ਵਿਸ਼ਲੇਸ਼ਣ ਕਰਨ ਵਾਲ਼ਾ ਉਹਨਾਂ ਉਦਾਰ ਬੁਰਜ਼ੂਆ ਸਿਧਾਂਤਾਂ ਨੂੰ ਨਹੀਂ ਮੰਨਦਾ ਹੈ ਜਿਸਦੇ ਅਨੁਸਾਰ ਮੀਡੀਆ ਇੱਕ ਬਹੁਲਤਾਵਾਦੀ ਸਮਾਜ ਨੂੰ ਜਨਮ ਦਿੰਦਾ ਹੈ ਅਤੇ ਇੱਕ ਅਜ਼ਾਦ ਮੀਡੀਆ ਮਜ਼ਬੂਤ ਜਮਹੂਰੀਅਤ ਦੀ ਸ਼ਰਤ ਹੈ, ਵਗੈਰਾ। ਇਹ ਪੂਰਾ ਵਿਚਾਰ ਮੀਡੀਆ ਨੂੰ ਇੱਕ ਨਿਰਪੱਖ , ਅਜ਼ਾਦ ਏਜੰਸੀ ਮੰਨਦਾ ਹੈ ਜੋ ਕਿ ਮੀਡੀਆ ਨਹੀਂ ਹੈ। ਦੂਜੇ ਪਾਸੇ, ਅਜਿਹੇ “ਮਾਰਕਸਵਾਦੀ” ਵਿਸ਼ਲੇਸ਼ਣਾਂ ਨੂੰ ਵੀ ਅਸੀਂ ਖਾਰਜ ਕਰਦੇ ਹਾਂ ਜੋ ਕਿ ਅਧਾਰ ਅਤੇ ਉਚ-ਉਸਾਰ ਵਿਚਲੇ ਸਬੰਧਾਂ ਨੂੰ ਕਿਸੇ ਵੀ ਰੂਪ ਵਿੱਚ ਇੱਕ-ਪਾਸੜ ਤੌਰ ‘ਤੇ ਪੇਸ਼ ਕਰਦੇ ਹਨ। ਸਾਡਾ ਮੰਨਣਾ ਹੈ ਕਿ ਮਾਰਕਸਵਾਦੀ ਮੀਡੀਆ ਸਿਧਾਂਤ ਵਿੱਚ ਮੌਜੂਦ ਨਿਰਾਸ਼ਾਵਾਦੀ ਜੜਵਾਦ ਦੀ ਧਾਰਾ ਵੀ, ਅੰਸ਼ਕ ਤੌਰ ‘ਤੇ ਕੁਝ ਸੱਚਾਈਆਂ ਨੂੰ ਫੜਨ ਦੇ ਬਾਵਜੂਦ ਇੱਕ ਦਵੰਦਵਾਦੀ ਪੁਜੀਸ਼ਨ ਨਹੀਂ ਅਪਣਾਉਂਦੀ ਹੈ ਅਤੇ ਜਨਤਾ ਨੂੰ ਕੋਈ ਸੰਦ ਨਹੀਂ ਦਿੰਦੀ ਹੈ। ਕੁਝ ਮਾਰਕਸਵਾਦੀ ਸਿਧਾਂਤਕਾਰਾਂ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਲੋਕ ਬੁਰਜ਼ੂਆ ਸੱਭਿਆਚਾਰ ਦਾ ਆਪਣਾ ਪਾਠ ਕਰਦੇ ਹਨ ਅਤੇ ਇਸ ਵਿਚ ਉਹਨਾਂ ਦੇ ਆਪਣੇ ਟਾਕਰੇ ਦੀ ਗੁੰਜਾਇਸ਼ ਹੁੰਦੀ ਹੈ; ਇਸ ਗੱਲ ਨਾਲ਼ ਅਸੀਂ ਸਹਿਮਤ ਹਾਂ, ਪਰ ਇਸ ਵਿੱਚ ਵੀ ਇਹ ਘਾਟ ਹੈ ਕਿ ਅੰਤ ਵਿੱਚ ਇਹ ਪਾਠ ਦਾ ਸਵਾਲ ਭਾਸ਼ਾ ਦੇ ਸਵਾਲ ‘ਤੇ ਜਾ ਕੇ ਕੇਂਦਰਿਤ ਹੋ ਜਾਂਦਾ ਹੈ ਅਤੇ ਭਾਸ਼ਾ ਆਪਣੇ ਆਪ ਵਿੱਚ ਇੱਕ ਖੁਦਮੁਖਤਿਆਰ ਅਤੇ ਅਜ਼ਾਦ ਕਾਰਕ ਬਣ ਜਾਂਦੀ ਹੈ, ਅਤੇ ਕਈ ਵਾਰ ਅਜਿਹੇ ਵਿਸ਼ਲੇਸ਼ਣ ਦਾ ਭਾਸ਼ਾਈ ਨਿਰਧਾਰਨਵਾਦ ਵਿੱਚ ਡਿੱਗਣ ਦਾ ਖਤਰਾ ਹੁੰਦਾ ਹੈ। ਇਸ ਵਿੱਚ ਦੂਜੀ ਘਾਟ ਇਹ ਹੈ ਕਿ ਲੋਕਾਂ ਦਾ ਟਾਕਰਾ ਉਸਦੇ ਬਦਲਵੇਂ ਪਾਠ ਅਤੇ ਗ੍ਰੁਹਣਸ਼ਲਿਤਾ ਨਾਲ਼ ਹੀ ਉਸਰ ਜਾਵੇਗਾ, ਅਜਿਹਾ ਸੋਚਣਾ ਗਲਤ ਹੈ। ਲੋਕਾਂ ਨੂੰ ਆਪਣਾ ਟਾਕਰਾ ਜੱਥੇਬੰਦ ਕਰਨ ਲਈ ਆਪਣਾ ਬਦਲਵਾਂ ਮੀਡੀਆ ਖੜਾ ਕਰਨਾ ਹੋਵੇਗਾ; ਕਮਿਊਨਿਸਟ ਲਹਿਰ ਨੂੰ ਮੀਡੀਆ ਦੇ ਮੋਰਚੇ ‘ਤੇ ਕੰਮ ਕਰਦੇ ਹੋਏ ਸਮਾਂਤਰ ਸੰਸਥਾਵਾਂ ਖੜੀਆਂ ਕਰਨੀਆਂ ਹੋਣਗੀਆਂ; ਇਸ ‘ਤੇ ਇਹ ਨਵ-ਮਾਰਕਸਵਾਦੀ ਸਿਧਾਂਤਕਾਰ ਧਿਆਨ ਨਹੀਂ ਦਿੰਦੇ ਹਨ।

   ਇਸ ਲਈ ਸਾਡੇ ਵਿਚਾਰ ਵਿੱਚ ਜਿੱਥੇ ਤੱਕ ਇੱਕ ਪਾਸੇ ਇਹ ਗੱਲ ਸੱਚ ਹੈ ਕਿ ਲੋਕਾਂ ਮੀਡੀਆ ਦੇ ਗ਼ੈਰਸਰਗਰਮ ਅਤੇ ਨਿਰਬਲ ਸ਼ਿਕਾਰ ਨਹੀਂ ਹੁੰਦੇ ਹੈ, ਜਿਵੇਂ ਕਿ ਫ੍ਰੈਂਕਫਰਟ ਸਕੂਲ ਦੇ ਸਿਧਾਂਤਕਾਰ ਅਤੇ ਅਲਥੂਸਰ ਦੇ ਵਿਚਾਰਧਾਰਕ ਰਾਜ ਸੰਦ ਦਾ ਸਿਧਾਂਤ ਕਹਿੰਦਾ ਹੈ; ਉੱਥੇ ਇਹ ਵੀ ਸਹੀ ਹੈ ਕਿ ਵੱਧ ਤੋਂ ਵੱਧ ਸਬਵਰਸਿਵ ਪਾਠ ਕਰਨ ਵਾਲ਼ੇ ਵਿਅਕਤੀ ਦੇ ਕੋਲ਼ ਵੀ ਕੋਈ ਕੋਈ ਸਕਾਰਾਤਮਕ ਵਿਆਖਿਆਤਮਕ ਢਾਂਚਾ ਨਹੀਂ ਹੁੰਦਾ ਹੈ, ਜਿਸ ਵਿੱਚ ਕਿ  ਉਹ ਦੁਨੀਆਂ ਨੂੰ  ਦੇਖੇ ਅਤੇ ਸਮਝੇ। ਉਸਦੇ ਕੋਲ਼ ਕੋਈ ਇਨਕਲਾਬੀ ਨਜ਼ਰੀਆ ਸੁਤੇ-ਸਿੱਧ ਨਹੀਂ ਹੁੰਦਾ ਹੈ, ਭਾਵੇਂ ਹੀ ਉਹ ਬੁਰਜ਼ੁਆ ਵਿਚਾਰਧਾਰਕ ਸੰਦ ਦੁਆਰਾ ਪਰੋਸੀ ਜਾ ਰਹੀ ਸਮੱਗਰੀ ‘ਤੇ ਅੱਖ ਬੰਦ ਕਰਕੇ ਭਰੋਸਾ ਨਾ ਕਰਦਾ ਹੋਵੇ। ਇੱਕ ਮਜ਼ਦੂਰ ਚਾਹੇ ਆਪਣੀ ਜਮਾਤੀ ਪੁਜੀਸ਼ਨ ਅਤੇ ਆਪਣੇ ਜੀਵਨ ਦੀਆਂ ਠੋਸ ਸੱਚਾਈਆਂ ਦੇ ਬਲਬੂਤੇ ਉਸਾਰੀ ਚੇਤਨਾ ਦੀ ਜ਼ਮੀਨ ‘ਤੇ ਖੜ੍ਹਾ ਹੋ ਕੇ ਸਾਰੇ ਬੁਰਜ਼ੂਆ ਪ੍ਰਚਾਰ ਨੂੰ ਅਵਿਸ਼ਵਾਸ਼ ਦੀ ਨਜ਼ਰ ਨਾਲ਼ ਦੇਖਦਾ ਹੋਵੇ ਅਤੇ ਉਸਨੂੰ ਖਾਰਜ ਕਰਦਾ ਹੋਵੇ ਤਾਂ ਵੀ ਉਸਦੇ ਕੋਲ਼ ਕੋਈ ਬਣਿਆ-ਬਣਾਇਆ ਇਨਕਲਾਬੀ ਵਿਆਖਿਆਤਮਕ ਢਾਂਚਾ ਨਹੀਂ ਹੁੰਦਾ ਹੈ। ਇਹ ਸਿਰਫ਼ ਬੁਰਜ਼ੂਆ ਪ੍ਰਚਾਰ ਦਾ ਨਕਾਰ ਹੈ, ਕੋਈ ਸਕਾਤਰਤਮਕ ਅਤੇ ਸਚੇਤਨ ਪ੍ਰਾਪਤ ਕੀਤਾ ਗਿਆ ਇਨਕਲਾਬੀ ਨਜ਼ਰੀਆ ਨਹੀਂ ਹੈ। ਅਜਿਹਾ ਨਜ਼ਰੀਆ ਮਜ਼ਦੂਰ ਦੀ ਪੁਜੀਸ਼ਨ ਨੂੰ ਅਪਨਾਉਣ ਵਾਲ਼ੀ ਸਿਆਸੀ ਤਾਕਤ ਨੂੰ ਯਤਨਾਂ ਨਾਲ਼ ਅਤੇ ਸਚੇਤਨ ਤੌਰ ‘ਤੇ ਪ੍ਰਚਾਰਣਾ ਹੋਵੇਗਾ; ਮਜ਼ਦੂਰ ਜਮਾਤੀ ਸੰਸਾਰ ਨਜ਼ਰੀਆ ਕੋਈ ਪਹਿਲਾਂ ਦਿੱਤਾ ਹੋਇਆ ਅਤੇ ਸੁਤੇ-ਸਿੱਧ ਨਜ਼ਰੀਆ ਨਹੀਂ ਹੈ; ਇਹ ਇੱਕ ਅਜਿਹਾ ਨਜ਼ਰੀਆ ਹੈ ਜਿਸਨੂੰ ਲਗਾਤਾਰ ਸੰਘਰਸ਼ ਨਾਲ਼ ਪ੍ਰਾਪਤ ਕੀਤਾ ਜਾ ਸਕਦਾ ਹੈ। ਅਸਲ ਵਿੱਚ, ਇਹੀ ਇੱਕ ਕਮਿਊਨਿਸਟ ਤਾਕਤ ਦਾ ਕੰਮ ਹੈ। ਇਸੇ ਸਮਝ ਦੀ ਰੌਸ਼ਨੀ ਵਿਚ ਸਾਡਾ ਸਮਝਣਾ ਹੈ ਕਿ ਇੱਕ ਬਦਲਵਾਂ ਮੀਡੀਆ ਖੜ੍ਹਾ ਕਰਨਾ ਅੱਜ ਮਜ਼ਦੂਰ ਜਮਾਤ ਦੇ ਸੰਘਰਸ਼ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਮਜ਼ਦੂਰ ਜਮਾਤ ਦੀ ਪੁਜੀਸ਼ਨ ਨੂੰ ਆਪਣਾਉਣ ਵਾਲ਼ੇ ਬੁੱਧੀਜੀਵੀਆਂ, ਸੱਭਿਆਚਾਰਕ ਕਾਮਿਆਂ, ਸਾਹਿਤਕਾਰਾਂ, ਸਿੱਖਿਅਕਾਂ ਅਤੇ ਪੱਤਰਕਾਰਾਂ ਨੂੰ ਅਜਿਹਾ ਬਦਲਵਾਂ ਮੀਡੀਆ ਖੜ੍ਹਾ ਕਰਨ ਲਈ ਅੱਗੇ ਆਉਣਾ ਹੋਵੇਗਾ, ਜੋ ਕਿ ਨਾ ਸਿਰਫ਼ ਮਜ਼ਦੂਰ ਜਮਾਤ ਨੂੰ ਇੱਕ ਇਨਕਲਾਬੀ ਵਿਆਖਿਆਤਮਕ ਚੌਖਟਾ ਦਿੰਦਾ ਹੋਵੇ, ਸਗੋਂ ਤਬਦੀਲੀ ਪਸੰਦ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਜਨਤਾ ਦੇ ਹੋਰ ਰੈਡੀਕਲ ਅਤੇ ਜੁਝਾਰੂ ਹਿੱਸੇ ਨੂੰ ਇੱਕ ਸਹੀ ਇਨਕਲਾਬੀ ਨਜ਼ਰੀਆ ਮੁਹਈਆ ਕਰਵਾਏ। ਨਿਸ਼ਚਿਤ ਤੌਰ ‘ਤੇ, ਅਜਿਹੇ ਸੱਭਿਆਚਾਰਕ ਕਾਮਿਆਂ ਨੂੰ ਵੀ ਸਹੀ ਨਜ਼ਰੀਏ ਦੇ ਲਈ ਲਗਾਤਰ ਸੰਘਰਸ਼ ਕਰਨਾ ਹੋਵੇਗਾ, ਪਰਾਏ ਵਿਚਾਰਾਂ, ਗੰਦੇ ਸੱਭਿਆਚਾਰ ਦੇ ਹਨੇਰੇ ਅਤੇ ਹਾਕਮ ਜਮਾਤ ਦੇ ਪ੍ਰਚਾਰ ਦਾ ਹਰ ਮੌਕੇ ‘ਤੇ ਜ਼ਿੱਦ ਦੇ ਨਾਲ਼ ਮੁਕਾਬਲਾ ਕਰਨਾ ਹੋਵੇਗਾ। ਇਸ ਬਦਲਵੇਂ ਮੀਡੀਏ ਦੇ ਤੌਰ ‘ਤੇ ਇਨਕਲਾਬੀ ਸਾਹਿਤ ਦੇ ਪ੍ਰਕਾਸ਼ਨ-ਘਰ ਖੜ੍ਹੇ ਕਰਨੇ ਹੋਣਗੇ, ਲੋਕਾਂ ਦੇ ਅਲੱਗ-ਅਲੱਗ ਹਿੱਸਿਆਂ ਲਈ ਇਨਕਲਾਬੀ ਅਖਬਾਰ, ਪਰਚੇ ਆਦਿ ਪ੍ਰਕਾਸ਼ਿਤ ਕਰਨੇ ਹੋਣਗੇ, ਇਨਕਲਾਬੀ ਗਾਇਕ ਮੰਡਲੀਆਂ, ਨਾਟਕ ਟੋਲੀਆਂ ਬਣਾਉਣੀਆਂ ਹੋਣਗੀਆਂ, ਤਬਦੀਲੀ ਦਾ ਹੋਕਾ ਦੇਣ ਵਾਲ਼ੇ ਵਿਚਾਰਾਂ ਨਾਲ਼ ਲੈਸ ਫਿਲਮਾਂ ਬਣਾਉਣ ਲਈ ਫਿਲਮ ਪ੍ਰੋਡਕਸ਼ਨ ਹਾਊਸ ਬਣਾਉਣੇ ਹੋਣਗੇ, ਅਤੇ ਨਾਲ਼ ਹੀ ਕਮਿਊਨਟੀ ਰੇਡੀਓ, ਨਵਾਂ ਮੀਡੀਆ ਵਰਗੇ ਮਾਧਿਅਮਾਂ ਵਿੱਚ ਵੀ ਦਖਲ ਦੇਣਾ ਹੋਵੇਗਾ। ਇਹ ਸਾਰੇ ਮਾਧਿਅਮ ਸੰਘਰਸ਼ ਦੇ ਸਥਾਨ ਹਨ, ਜਿੱਥੇ ਸਾਨੂੰ ਸਹੀ ਮਜ਼ਦੂਰ ਜਮਾਤ ਦੀ ਪੁਜੀਸ਼ਨ ਤੋਂ ਦਖਲ ਦੇਣਾ ਹੋਵੇਗਾ। ਇਸ ਬਦਲਵੇਂ ਮੀਡੀਏ ਦਾ ਇੱਕ ਕਾਰਜ  ਅੱਜ ਦੀ ਬੇਹਿੰਮਤੀ ਅਤੇ ਨਿਰਾਸ਼ਾ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ ਆਪਣੀ ਇਨਕਲਾਬੀ ਵਿਰਾਸਤ ਨੂੰ ਮੁੜ-ਜਿਉਂਦਾ ਕਰਨਾ ਅਤੇ ਆਮ ਲੋਕਾਂ ਵਿੱਚ ਪੇਸ਼ ਕਰਨਾ ਹੋਵੇਗਾ। ਯਾਨੀ ਇੱਕ ਇਨਕਾਲਬੀ ਬਦਲਵੇਂ ਮੀਡੀਏ ਦਾ ਕਾਰਜ ਅੱਜ ਦੇ ਸਮੇਂ ਵਿੱਚ ਇਨਕਲਾਬੀ ਮਜ਼ਦੂਰ ਜਮਾਤ ਦਾ ਪੁਨਰ-ਜਾਗਰਣ ਦਾ ਹੋਵੇਗਾ, ਤਾਂ ਕਿ ਲੋਕਾਂ ਨੂੰ ਫਿਰ ਤੋਂ ਆਪਣੀ ਊਰਜਾ, ਆਪਣੀ ਸ਼ਕਤੀ ‘ਤੇ ਭਰੋਸਾ ਪੈਦਾ ਹੋਵੇ। ਆਪਣੇ ਦੇਸ਼ ਅਤੇ ਪੂਰੀ ਦੁਨੀਆਂ ਦੀ ਇਨਕਲਾਬੀ ਵਿਰਾਸਤ ਨੂੰ ਸਾਨੂੰ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਹੋਵੇਗਾ। ਪਰ ਕੇਵਲ ਆਪਣੀ ਇਨਕਲਾਬੀ ਵਿਰਾਸਤ ਨੂੰ ਮੁੜ-ਜਿਉਂਦਾ ਕਰਨ ਨਾਲ਼ ਅੱਜ ਦੇ ਯੁੱਗ ਦੇ ਗੰਭੀਰ ਪ੍ਰਸ਼ਨਾਂ ਦਾ ਹੱਲ ਨਹੀਂ ਹੋ ਸਕਦਾ ਹੈ। ਇਸਦੇ ਲਈ ਅੱਜ ਦੀ ਸਰਮਾਏਦਾਰੀ ਦੀ ਆਰਥਿਕ ਕਾਰਜ-ਪ੍ਰਣਾਲੀ, ਉਸਦੀ ਸਿਆਸੀ, ਉਸਦਾ ਸੱਭਿਆਚਾਰ, ਉਸਦੇ ਮੀਡੀਆ ਅਤੇ ਪ੍ਰਚਾਰ ਦੇ ਤਰੀਕੇ ਵਿੱਚ ਆਉਣ ਵਾਲ਼ੇ ਬਦਲਾਵਾਂ ਨੂੰ ਸਮਝਣਾ ਹੋਵੇਗਾ। ਇਸਦੇ ਬਿਨਾਂ ਮਜ਼ਦੂਰ ਜਮਾਤ ਦੀਆਂ ਇਨਕਲਾਬੀ ਤਾਕਤਾਂ ਅੱਜ ਦੇ ਸੰਸਾਰ ਸਰਮਾਏਦਾਰੀ ਢਾਂਚੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਹਨ। ਇਹ ਕੰਮ ਹੈ ਨਵੇਂ ਦੀ ਭਾਲ਼ ਦਾ, ਤਬਦੀਲੀ ਦੇ ਪਖ ਦੀ ਖੋਜ ਦਾ, ਜਿਸਨੂੰ ਅਸੀਂ ਇਨਕਲਾਬੀ ਪ੍ਰਬੋਧਨ ਦਾ ਨਾਂ ਦੇ ਸਕਦੇ ਹਾਂ।

    ਇਸ ਨਵੇਂ ਮਜ਼ਦੂਰ ਜਮਾਤ ਦੇ ਇਨਕਲਾਬੀ ਪੁਨਰਜਾਗਰਣ ਅਤੇ ਪ੍ਰਬੋਧਨ ਰਾਹੀਂ ਹੀ ਅਸੀ ਇੱਕ ਨਵਾਂ ਇਨਕਲਾਬੀ ਵਿਆਖਿਆਤਮਕ ਢਾਂਚਾ ਅਤੇ ਅਰਥਾਂ ਦਾ ਪ੍ਰਬੰਧ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹਾਂ। ਨਿਸ਼ਚਿਤ ਤੌਰ ‘ਤੇ, ਅਜਿਹਾ ਕੋਈ ਵੀ ਇਨਕਲਾਬੀ ਬਦਲਵਾਂ ਮੀਡੀਆ ਕਦੇ ਵੀ ਕਾਰਪੋਰੇਟ ਮੀਡੀਏ ਨਾਲ਼ ਮੁਕਾਬਲਾ ਨਹੀਂ ਕਰ ਸਕਦਾ ਹੈ। ਪਰ ਇਸ ਮੁਕਾਬਲੇ ਦੀ ਕੋਈ ਲੋੜ ਨਹੀਂ ਹੈ; ਇਹ ਇਨਕਲਾਬੀ ਬਦਲਵੇਂ ਮੀਡੀਏ ਦਾ ਉਦੇਸ਼ ਨਹੀਂ ਹੈ। ਇਸਦੀ ਪੂਰੀ ਕਾਰਜਸ਼ੈਲੀ ਹੀ ਵੱਖ ਹੋਵੇਗੀ; ਇਸਦਾ ਲੋਕਾਂ ਤੱਕ ਪਹੁੰਚਣ ਦਾ ਢੰਗ ਵੱਖ ਹੋਵੇਗਾ; ਇਸ ਕਾਰਜਸ਼ੈਲੀ ਵਿੱਚ ਸਰਮਾਏ ਦਾ ਸਥਾਨ ਕੇਂਦਰੀ ਨਹੀਂ ਹੋਵੇਗਾ ਅਤੇ ਨਾ ਹੀ ਇਹ ਤਨਖਾਹਦਾਰਾਂ ‘ਤੇ ਨਿਰਭਰ ਕਰੇਗਾ। ਇਹ ਪ੍ਰਤੀਬੱਧ ਸਿਆਸੀ ਕਾਮਿਆਂ ਦੇ ਬਲਬੂਤੇ ‘ਤੇ ਚੱਲੇਗਾ। ਇਸਦੇ ਰਾਹੀਂ ਇਹ ਆਪਣੀ ਪਹੁੰਚ ਮਜ਼ਦੂਰ ਬਸਤੀਆਂ, ਨਿਮਨ ਮੱਧਵਰਗੀ ਕਲੋਨੀਆਂ ਅਤੇ ਯੂਨੀਵਰਸਿਟੀ ਕੈਂਪਸਾਂ ਤੱਕ ਬਣਾਏਗਾ।ਇਨਕਲਾਬੀ ਸਾਹਿਤ, ਇਨਕਲਾਬੀ ਸੰਗੀਤ ਤੇ ਫਿਲਮਾਂ ਅਤੇ ਅਜਿਹੀ ਹੀ ਇਨਕਲਾਬੀ ਸਭਿਆਚਾਰਕ ਸਮੱਗਰੀ ਨੂੰ ਬਦਲਵਾਂ ਮੀਡੀਆ ਆਪਣੀ ਲੋਕ ਤਾਕਤ ਦੇ ਬਲਬੂਤੇ ਸਮਾਜ ਦੇ ਕੋਨੇ-ਕੋਨੇ ਤੱਕ ਪਹੁੰਚਾਏਗਾ। ਇਸੇ ਰਾਹੀਂ ਬੁਰਜ਼ੂਆ ਵਿਚਾਰਧਾਰਾ ਦੀ ਹੇਜੇਮਨੀ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਸਕਦਾ ਹੈ, ਇਸੇ ਰਾਹੀਂ ਬੁਰਜ਼ੂਆ ਵਿਚਾਰਧਾਰਾ ਦੇ ਹਮਲਿਆਂ ਸਾਹਮਣੇ ਅਸੀਂ ਆਪਣੇ ਵਿਚਾਰਧਾਰਕ ਬੈਰੀਕੇਡ ਖੜ੍ਹੇ ਕਰ ਸਕਦੇ ਹਾਂ, ਇਸੇ ਰਾਹੀਂ ਲੋਕਾਂ ਦੀ ਜਮਾਤੀ ਚੇਤਨਾ ਦੀ ਇਨਕਲਾਬੀ ਕਾਇਆਪਲਟੀ ਕੀਤੀ ਜਾ ਸਕਦੀ ਹੈ ਅਤੇ ਇਸੇ ਦੇ ਰਾਹੀਂ ਅਸੀਂ ਆਪਣੇ ਉੱਨਤ ਤੱਤਾਂ ਨੂੰ ਖੋਜਣ, ਉਨ੍ਹਾਂ ਦੀ ਇਨਕਲਾਬੀ ਸਿੱਖਿਆ-ਟਰੇਨਿੰਗ ਦਾ ਕੰਮ ਕਰ ਸਕਦੇ ਹਾਂ।

    ਨਿਸ਼ਚਿਤ ਤੌਰ ‘ਤੇ, ਅਜਿਹੇ ਇਨਕਲਾਬੀ ਬਦਲਵੇਂ ਮੀਡੀਏ ਨੂੰ ਖੜ੍ਹਾ ਕਰਨਾ ਇੱਕ ਬਹੁਤ ਵੱਡੀ ਚਣੌਤੀ ਹੈ। ਪਰ  ਇਹ ਅੱਜ ਅਹਿਮ ਲੋੜ ਹੈ। ਮਜ਼ਦੂਰ ਜਮਾਤ ਦੇ ਪੁਨਰਜਾਗਰਣ ਅਤੇ ਪ੍ਰਬੋਧਨ ਦੇ ਕਾਰਜਾਂ ਨੂੰ ਹੱਥ ਵਿੱਚ ਲਏ ਬਿਨਾਂ ਅਸੀਂ ਅੱਗੇ ਨਹੀਂ ਜਾ ਸਕਦੇ। ਇਸਦੇ ਲਈ ਵੱਡੇ ਪੈਮਾਨੇ ‘ਤੇ ਇਨਕਲਾਬੀ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨ ਇਨਕਲਾਬੀ ਬੁੱਧੀਜੀਵੀਆਂ, ਸੱਭਿਆਚਾਰਕ ਕਾਮਿਆਂ ਅਤੇ ਸਾਹਿਤਕਾਰਾਂ ਦੀ ਲੋੜ ਹੋਵੇਗੀ। ਇਹ ਇੱਕ ਲੰਬਾ ਅਤੇ ਗੁੰਝਲ਼ਦਾਰ ਕੰਮ ਹੈ, ਪਰ ਇਹ ਹੁਣ ਇੱਕ ਲਾਜ਼ਮੀ ਲੋੜ ਬਣ ਚੁੱਕਿਆ ਹੈ। ਇਸਦੇ ਲਈ ਅਜਿਹੇ ਸਾਰੇ ਪ੍ਰਤੀਬੱਧ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਹੀ ਹੋਵੇਗਾ, ਜਿਹਨਾਂ ਨੇ ਲੋਕਾਂ ਦਾ ਪੱਖ ਚੁਣਿਆ ਹੈ, ਜੋ ਯਥਾਸਥਿਤੀ ਨੂੰ ਪ੍ਰਵਾਨ ਕਰਕੇ ਹਾਕਮ ਜਮਾਤ ਦੀ ਚਾਕਰੀ ਕਰਨ ਦੇ ਹਾਮੀ ਨਹੀਂ ਬਣੇ ਹਨ, ਅਤੇ ਜੋ ਅੱਜ ਦੇ ਸ਼ੱਕਵਾਦ ਦੀ ਹਵਾ ਵਿੱਚ ਨਹੀਂ ਵਹਿ ਰਹੇ ਹਨ ਅਤੇ ਇਸ ਸੱਚ ‘ਤੇ ਉਹਨਾਂ ਦੀ ਪਕੜ ਢਿੱਲੀ ਨਹੀਂ ਪਈ ਹੈ ਕਿ ਤਬਦੀਲੀ ਹੀ ਇਕੋ-ਇੱਕ ਹੋਣੀ ਹੈ! 

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s