ਲੈਨਿਨਵਾਦੀ ਅਲੋਚਨਾ ਵਿਧੀ •ਮਿਖਾਈਲ ਲਿਫ਼ਿਸ਼ਤਜ਼

2

ਪੀ.ਡੀ.ਐਫ਼ ਡਾਊਨਲੋਡ ਕਰੋ

(‘ਪ੍ਰਤੀਬੱਧ’ ਦੇ ਇਸ ਅੰਕ ਤੋਂ ਅਸੀਂ ਸਾਮਰਾਜਵਾਦੀ ਸੋਵੀਅਤ ਯੂਨੀਅਨ ‘ਚ ਸਾਹਿਤ ਦੇ ਅਹਿਮ ਸਿਧਾਂਤਕ ਸਵਾਲਾਂ ਉੱਪਰ ਚੱਲੀ ਇੱਕ ਮਹੱਤਵਪੂਰਨ ਬਹਿਸ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕਰ ਰਹੇ ਹਾਂ। ਇਸ ਉਮੀਦ ਨਾਲ਼ ਕਿ ਬਹਿਸ ਪਾਠਕਾਂ ਲਈ ਸਿੱਖਿਆਦਾਈ ਹੋਵੋਗੀ ਅਤੇ ਸਾਹਿਤ ਬਾਰੇ ਉਹਨਾਂ ਦੇ ਗਿਆਨ ਨੂੰ ਵਧੇਰੇ ਡੂੰਘਾ ਕਰੇਗੀ। – ਸੰਪਾਦਕ)

ਪਿਛਲੇ ਦਿਨੀਂ ‘ਲਿਤਰੇਨਾਰਿਆ ਗਜ਼ਤਾ’ (ਸਾਹਿਤਕ ਗਜ਼ਟ) ਨਾਂ ਦੇ ਰੂਸੀ ਰਸਾਲੇ ਵਿੱਚ ਉਲਾਨ-ਓਦੇ ਨਾਂ ਦੇ  ਸਥਾਨ ਦੇ ਮਾਡਲ ਸਕੂਲ ਦੇ ਇੱਕ ਅਧਿਆਪਕ ਬਾਰੇ ਇੱਕ ਟਿੱਪਣੀ ਛਪੀ ਸੀ। ਇਸ ਉਤਸਾਹੀ ਸ਼੍ਰੀਮਾਨ ਨੇ ਤਾਲਸਤਾਏ ਦਾ ਹੇਠਾਂ ਲਿਖੇ ਸ਼ਬਦਾਂ ਵਿੱਚ ਚਿਤਰਣ ਕਰਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਸੀ :

“ਲਿਓ ਤਾਲਸਤਾਏ ਉਸ ਕੁਲੀਨ, ਪਿੱਤਰਸੱਤਾਵਾਦੀ, ਪੇਂਡੂ ਕੁਲੀਨ ਜਮਾਤ ਦੇ ਨੁਮਾਇੰਦੇ ਸਨ ਜੋ ਅਫ਼ਸਰਸ਼ਾਹ ਨਿਰੰਕੁਸ਼ ਤੰਤਰ ਦਾ ਹਿੱਸਾ ਨਹੀਂ ਬਣ ਸਕਿਆ ਸੀ ਅਤੇ ਜੋ ਹੌਲ਼ੀ ਹੌਲ਼ੀ ਆਰਥਿਕ ਕੰਗਾਲੀ  ਦੀ ਲਪੇਟ ਵਿੱਚ ਆ ਕੇ ਤਬਾਹ ਹੋ ਰਿਹਾ ਸੀ।”

ਉਪਰੋਕਤ ਚਰਿੱਤਰਕਾਰੀ ਨੂੰ ਤੁਸੀਂ ਹੱਸ ਕੇ ਟਾਲ਼ ਸਕਦੇ ਹੋ; ਪਰ ਸੱਚਾਈ ਇਹ ਹੈ ਕਿ ਉਪਰੋਕਤ ਅਧਿਆਪਕ ਤਾਂ ਵਿਚਾਰਾ ਅਖੌਤੀ ‘ਸਾਹਿਤਕ ਵਿਗਿਆਨ’ ਦੇ ਸਮਕਾਲੀ ਪ੍ਰਚੱਲਤ ਕੱਟੜ ਵਿਚਾਰਾਂ ‘ਚੋਂ ਇੱਕ ਵਿਚਾਰ ਨੂੰ ਆਮ ਭਾਸ਼ਾ ਵਿੱਚ ਸਿਰਫ਼ ਦੁਹਰਾ ਰਿਹਾ ਸੀ। ਇਸ ਵਿਚਾਰ ਦੀ ਉਤਪਤੀ ਬਾਰੇ ਜਾਣਨਾ ਕਾਫ਼ੀ ਮਜ਼ੇਦਾਰ ਰਹੇਗਾ। ਮਰਹੂਮ ਫ੍ਰੀਖੇ ਸਾਹਬ* ਨੇ ਤਾਲਸਤਾਏ ਦੀ ਕਲਾ ਨੂੰ ‘ਸੰਸਾਰਕ ਕੁਲੀਨ ਜਮਾਤ ਦਾ ਯਥਾਰਥਵਾਦ’ ਕਹਿ ਕੇ ਪ੍ਰੀਭਾਸ਼ਤ ਕੀਤਾ ਸੀ। ਇਸ ਸਾਹਿਬ ਦੇ ਅਣਗਿਣਤ ਚੇਲੇ ਬਾਲਕੇ ਇਸ ਕੁਲੀਨ ਜਮਾਤ ਦੀਆਂ ਕਈ ਸੂਖ਼ਮ ਵੰਡਾਂ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫ੍ਰੀਖੇ ਸਾਹਬ ਨੇ ਆਪਣੀ ਪ੍ਰੀਭਾਸ਼ਾ ਅਤੇ ਵਿਆਖਿਆ ਪਲੈਖਾਨੋਵ ਤੋਂ ਉਧਾਰ ਲਈ ਸੀ। ਪਲੈਖਾਨੋਵ ਅਨੁਸਾਰ ਤਾਲਸਤਾਏ ‘ਕੁਲੀਨਾਂ ਦੇ ਆਲ੍ਹਣਿਆਂ ਦੇ ਇਤਿਹਾਸਕਾਰ’ ਸਨ। ਪਲੈਖਾਨੋਵ ਨੇ ਇਸ ਮਹਾਨ ਰਚਨਾਕਾਰ ਨੂੰ ਸਿਰਫ਼ ‘ਕੁਲੀਨ ਕਲਾਕਾਰ ਦੀ ਮਨੋਰਚਨਾ’ ਦੇ ਘੇਰੇ ਵਿੱਚ ਸੁੰਗੋੜ ਦਿੱਤਾ ਸੀ।

(* ਵੀ.ਐਮ.ਫ੍ਰੀਖੇ ਨੇ ਸੁਹਜਸਾਸ਼ਤਰ ਅਤੇ ਸਾਹਿਤ ਦੇ ਇਤਿਹਾਸ ‘ਤੇ ਕਾਫੀ ਕੁਝ ਲਿਖਿਆ ਸੀ। ਉਨ੍ਹਾਂ ਦੀ ਰਚਨਾ ‘ਯੂਰਪੀ ਸਾਹਿਤ ਦਾ ਇਤਿਹਾਸ’ ਵਿਆਪਕ ਰੂਪ ਵਿੱਚ ਪੜ੍ਹੀ ਗਈ ਸੀ।)

ਜਿਹਾ ਕਿ ਸਰਵਗਿਆਤ ਹੈ, ਤਾਲਸਤਾਏ ਵੱਲ ਲੈਨਿਨ ਦਾ ਰਵੱਈਆ ਇਸ ਨਾਲ਼ੋਂ ਪੂਰੀ ਤਰ੍ਹਾਂ ਵੱਖਰਾ ਸੀ। ਪਲੈਖਾਨੋਵ ਅਨੁਸਾਰ ਮਹਾਨ ਰੂਸੀ ਲੇਖਕ ਤਾਲਸਤਾਏ ਦੀਆਂ ਰਚਨਾਵਾਂ ਇਸ ਗੱਲ ਦੀ ਇੱਕ ਹੋਰ ਉਦਾਹਰਣ ਪੇਸ਼ ਕਰਦੀਆਂ ਹਨ ਕਿ ਕਿਸ ਤਰ੍ਹਾਂ ਕਿਸੇ ਕਲਾਕਾਰ ਦਾ ਜਮਾਂਦਰੂ ਸਮਾਜਕ ਆਲ਼ਾ-ਦੁਆਲ਼ਾ ਉਸ ਦੀ ਮਨੋਰਚਨਾ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਸ ਦੀਆਂ ਰੁਚੀਆਂ ਨੂੰ ਕੰਟਰੋਲ ਕਰਦਾ ਹੈ। ‘ਹੋਂਦ ਚੇਤਨਾ ਨੂੰ ਤੈਅ ਕਰਦੀ ਹੈ’, ਇਸੇ ਪਦਾਰਥਵਾਦੀ ਫਾਰਮੂਲੇ ਨੂੰ ਲੈਨਿਨ ਨੇ ਕਿਤੇ ਜ਼ਿਆਦਾ ਵਿਆਪਕ ਅਰਥਾਂ ਵਿੱਚ ਸਮਝਿਆ ਸੀ। ਲੈਨਿਨ ਨੇ ਤਾਲਸਤਾਏ ਵਿੱਚ ਕਿਸੇ ਖ਼ਾਸ ਸਮਾਜਕ ਤਬਕੇ ਦੀਆਂ ‘ਨੈਤਿਕ ਕਦਰਾਂ’ ਦੇ ਮਨੋਵਿਗਿਆਨਕ ਅਸਰ ਨੂੰ ਨਹੀਂ ਤਲਾਸ਼ਿਆ ਸੀ। ਆਮ ਤੌਰ ‘ਤੇ, ਉਨ੍ਹਾਂ ਨੇ ਆਪਣੇ ਵਿਸ਼ਲੇਸ਼ਣ ਦਾ ਅਧਾਰ ਕੁਲੀਨ ਜਮਾਤ ਦੀਆਂ ਆਰਥਿਕ ਕਦਰਾਂ ਨੂੰ ਨਹੀਂ ਬਣਾਇਆ ਸੀ ਸਗੋਂ ਉਨ੍ਹਾਂ ਨੇ ਵਿਆਪਕ ਇਤਿਹਾਸਕ ਅਰਥ ਵਿੱਚ, ਭਾਵ ਸਮਾਜ ਦੀਆਂ ਸਾਰੀਆਂ ਜਮਾਤਾਂ ਦੇ ਆਪਸੀ ਸਬੰਧਾਂ ਅਤੇ ਘੋਲ਼ਾਂ ਦੇ ਅਰਥ ਵਿੱਚ, ਸਮਾਜਕ ਹੋਂਦ ਨੂੰ ਆਪਣੇ ਵਿਸ਼ਲੇਸ਼ਣ ਦਾ ਅਧਾਰ ਬਣਾਇਆ ਸੀ।

ਤਾਲਸਤਾਏ ਦੀ ਮਹੱਤਤਾ ਦਾ ਭੇਤ ਕੀ ਹੈ? ਲੈਨਿਨ ਦੇ ਦੱਸਿਆ ਕਿ ‘ਤਾਲਸਤਾਏ ਦੀ ਸੰਸਾਰ ਭਰ ਵਿੱਚ ਇੱਕ ਕਲਾਕਾਰ ਵਜੋਂ ਮਹੱਤਤਾ ਅਤੇ ਇੱਕ ਵਿਚਾਰਕ ਅਤੇ ਉਪਦੇਸ਼ਕ ਵਜੋਂ ਉਨ੍ਹਾਂ ਦੀ ਸੋਭਾ, ਆਪੋ-ਆਪਣੇ ਢੰਗ ਨਾਲ਼, ਰੂਸੀ ਇਨਕਲਾਬ ਦੇ ਦੁਨੀਆਂ ਭਰ ਲਈ ਮਹੱਤਵ ਨੂੰ ਹੀ ਪ੍ਰਤੀਬਿੰਬਤ ਕਰਦੀ ਹੈ (ਲੈਨਿਨ : ‘ਆਨ ਲਿਟਰੇਟਚਰ ਐਂਡ ਆਰਟ’, ਮਾਸਕੋ, 1970, ਪੰਨਾ 48)। ਤਾਲਸਤਾਏ ਸਿਰਫ਼ ਕਲਾਤਮਕ ਸ਼ਬਦ ਦੇ ਜਾਦੂਗਰ ਹੀ ਨਹੀਂ ਸਨ। ਉਹ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੂੰ ਕਰੋੜਾਂ ਲੋਕ ਸਦਾ ਪਿਆਰ ਕਰਦੇ ਰਹਿਣਗੇ। ਉਨ੍ਹਾਂ ਦੀਆਂ ਰਚਨਾਵਾਂ ਦੀ ਕਲਾਤਮਕ ਮਹਾਨਤਾ ਇਸ ਸੱਚਾਈ ਵਿੱਚ ਲੁਕੀ ਹੋਈ ਹੈ ਕਿ “ਉਨ੍ਹਾਂ ਨੇ ਆਪਣੀ ਬੇਮਿਸਾਲ ਪ੍ਰਤਿਭਾ ਨਾਲ਼ ਉਸ ਵੇਲੇ ਦੀ ਸੱਤਾ ਦੁਆਰਾ ਸਤਾਈ ਲੋਕਾਈ ਦੀ ਮਨੋਦਸ਼ਾ ਨੂੰ ਅਵਾਜ਼ ਦਿੱਤੀ, ਉਨ੍ਹਾਂ ਨੇ ਲੋਕਾਂ ਦੀਆਂ ਹਾਲਤਾਂ ਦਾ ਚਿੱਤਰਣ ਕੀਤਾ, ਉਨ੍ਹਾਂ ਦੇ ਦਿਲਾਂ ਵਿੱਚ ਬਗ਼ਾਵਤ ਅਤੇ ਨਫ਼ਰਤ ਦੀ ਸੁਲ਼ਗਦੀ ਅੱਗ ਨੂੰ ਪਗ੍ਰਟਾਇਆ।” (ਉਹੀ)। ਇਹ ਗੱਲ ਲੈਨਿਨ ਨੇ 1910 ਵਿੱਚ ਲਿਖੀ ਸੀ। ਪਲੈਖਾਨੋਵ ਦੁਆਰਾ ਕੀਤਾ ਗਿਆ ਮੁਲਾਂਕਣ ਇਸ ਮੁਲਾਂਕਣ ਨਾਲ਼ੋਂ ਕਿੱਨਾ ਵੱਖਰਾ ਹੈ। ਪਲੈਖਾਨੋਵ ਅਨੁਸਾਰ ਤਾਲਸਤਾਏ ‘ਕੁਲੀਨਾਂ ਦੇ ਆਲ੍ਹਣਿਆਂ ਦੇ ਇਤਿਹਾਸਕਾਰ’ ਹਨ; ਲੈਨਿਨ ਅਨੁਸਾਰ ਤਾਲਸਤਾਏ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਵਿੱਚ ਕਿਸਾਨੀ ਦੀ ਵਿਆਪਕ ਲਹਿਰ ਦੀ ਤਾਕਤ ਅਤੇ ਹੱਦਾਂ ਦਾ ਝਲਕਾਰਾ ਮਿਲ਼ਦਾ ਹੈ। ਲੈਨਿਨ ਨੇ ਆਪਣੇ ਲੇਖ, ‘ਤਾਲਸਤਾਏ ਅਤੇ ਪ੍ਰੋਲੇਤਾਰੀ ਘੋਲ਼’ ਵਿੱਚ ਸੁਆਲ ਕੀਤਾ ਕਿ “ਤਾਂ ਫਿਰ, ਤਾਲਸਤਾਏ ਦੇ ਉਪਦੇਸ਼ਾਂ ਵਿੱਚ ਕਿਸ ਦਾ ਨਜ਼ਰੀਆ ਪ੍ਰਤੀਬਿੰਬਤ ਹੋਇਆ ਹੈ?” ਅਤੇ ਫਿਰ ਦੱਸਿਆ ਕਿ “ਉਨ੍ਹਾਂ ਦੇ ਮੂੰਹ ‘ਚੋਂ ਰੂਸ ਦੀ ਲੋਕਾਈ ਅਤੇ ਉਹ ਹਜ਼ਾਰਾਂ ਲੋਕ ਬੋਲ ਰਹੇ ਸਨ ਜਿਨ੍ਹਾਂ ਨੇ ਅੱਜ ਦੇ ਜਾਬਰਾਂ ਨੂੰ ਪਹਿਲਾਂ ਹੀ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਜੋ ਹਾਲੇ ਤੱਕ ਇਨ੍ਹਾਂ ਖਿਲਾਫ਼ ਇੱਕ ਸੁਚੇਤ, ਅਰੁੱਕ, ਫੈਸਲਾਕੁੰਨ ਅਤੇ ਸਮਝੌਤਾਹੀਣ ਲੜਾਈ ਛੇੜਨ ਦੇ ਪੜਾਅ ਤੱਕ ਨਹੀਂ ਪਹੁੰਚ ਸਕੇ ਹਨ।” (ਉਹੀ, ਪੰਨਾ 56)।

ਕੀ ਇੱਕ ‘ਕੁਲੀਨ ਜਮਾਤ ਦਾ ਕਲਾਕਾਰ’ ਆਪਣੇ ਦੇਸ਼ ਦੀ ਲੋਕਾਈ ਦੀ ਲਹਿਰ ਦਾ ਚਿਤਰਣ ਕਰ ਸਕਦਾ ਹੈ? ਪਲੈਖਾਨੋਵ ਦੇ ਨਜ਼ਰੀਏ ਅਨੁਸਾਰ ਇਸ ਤਰ੍ਹਾਂ ਦੇ ਵਿਚਾਰ ਦਾ ਅਰਥ ਮਾਰਕਸਵਾਦ ਨੂੰ ਨਕਾਰਨਾ ਹੋਵੇਗਾ। ਤਾਲਸਤਾਏ ਦੀਆਂ ਰਚਨਾਵਾਂ ਬਾਰੇ ਇਸ ਤਰ੍ਹਾਂ ਦਾ ਨਜ਼ਰੀਆ ਸੱਚਮੁਚ ਹੀ ਕੱਟੜਪੰਥੀ ਮੈਨਸ਼ੇਵਿਕਾਂ ਦੇ ਕੱਟੜਪੰਥੀ (ਡਾਗਮੈਟਿਕ) ਮਾਰਕਸਵਾਦ ਨਾਲ਼ ਮੇਲ਼ ਨਹੀਂ ਖਾਂਦਾ ਹੈ। ਪਲੈਖਾਨੋਵ ਨੇ ਸਮਾਜਕ ਜੀਵਨ ‘ਤੇ ਸਾਹਿਤ ਦੇ ਅਧਾਰਤ ਹੋਣ ਨੂੰ, ਆਲ਼ੇ-ਦੁਆਲ਼ੇ ਉੱਤੇ ਕਲਾਕਾਰ ਦੀ ਮਨੋਰਚਨਾ ਦੇ ਅਧਾਰਤ ਹੋਣ ਵਜੋਂ ਸਮਝ ਰੱਖਿਆ ਸੀ। ਇਤਿਹਾਸ ਦੀ ਪਦਾਰਥਵਾਦੀ ਵਿਆਖਿਆ ਦੇ ਇਸ ਪੱਖ ਨੂੰ ਪਲੈਖਾਨੋਵ ਨੇ ਏਨਾ ਇਕਹਿਰੇ ਢੰਗ ਨਾਲ਼ ਵਿਕਸਤ ਕੀਤਾ ਸੀ ਕਿ ਉਹ ਇਸ ਇਤਿਹਾਸਕ ਤੱਥ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਗਏ ਕਿ ਕਲਾ ਅਤੇ ਸਾਹਿਤ ਬਾਹਰੀ ਯਥਾਰਥ ਦਾ ਪਰਤੌ ਹੁੰਦੇ ਹਨ ਭਾਵ ਬਾਹਰਮੁਖੀ ਸਰਬੰਗੀ ਮਨੁੱਖੀ ਵਿਹਾਰ ਦਾ ਪਰਤੌ ਹੁੰਦੇ ਹਨ। ਤਾਲਸਤਾਏ ਦੀਆਂ ਰਚਨਾਵਾਂ ਦੀ ਵਿਆਖਿਆ ਕਰਦੇ ਸਮੇਂ ਲੈਨਿਨ ਨੇ ਲਗਭਗ ਏਸੇ ਤੱਥ ਨਾਲ਼ ਵਿਸ਼ਲੇਸ਼ਣ ਦੀ ਸ਼ੁਰੂਆਤ ਕੀਤੀ ਸੀ।

ਪਲੈਖਾਨੋਵ ਦੇ ‘ਕਲਾ ਦਾ ਸਮਾਜਸ਼ਾਸਤਰ’ ਦੇ ਇਕਹਿਰੇਪਨ ਨੇ ਅਲੋਚਨਾ ਅਤੇ ਸਹਿਤ ਇਤਿਹਾਸ  ਦੇ ਲੇਖਣ ‘ਤੇ ਬੁਰਾ ਅਸਰ ਪਾਇਆ ਹੈ। ਪਲੈਖਾਨੋਵ ਹੀ ਉਹ ਨੀਂਹ ਉਸਾਰ ਗਏ ਜਿਸ ‘ਤੇ ਸਾਡੇ ਭ੍ਰਿਸ਼ਟ (ਵਲਗਰ) ਸਮਾਜਸ਼ਾਸਤਰੀਆਂ ਨੇ ਆਪਣੀ-ਆਪਣੀ ਅਲੋਚਨਾ ਦੀਆਂ ਇਮਾਰਤਾਂ ਖੜ੍ਹੀਆਂ ਕੀਤੀਆਂ ਹਨ। ਇੱਕ ਇਸ ਤਰ੍ਹਾਂ ਦਾ ਸਮਾਜਸ਼ਾਸਤਰੀ ਸਿਧਾਂਤ ਹੋਂਦ ਵਿੱਚ ਹੈ ਕਿ ਹਰ ਕਲਾਕਾਰ ਸਿਰਫ਼ ਕੁਝ ਅਜਿਹੇ ਬੁਨਿਆਦੀ ਮਨੋਵਿਗਿਆਨਕ ਅਨੁਭਵਾਂ ਨੂੰ ਪ੍ਰਗਟਾਉਂਦਾ ਹੈ ਜੋ ਉਸ ਨੂੰ ਆਪਣੇ ਆਲ਼ੇ-ਦੁਆਲ਼ੇ, ਪਾਲ਼ਣ ਪੋਸ਼ਣ ਅਤੇ ਉਸ ਦੇ ਆਪਣੇ ਸਮਾਜਕ ਸਮੂਹ ਦੇ ਹਿਤਾਂ ਨੇ ਪ੍ਰਦਾਨ ਕੀਤੇ ਹਨ। ਇਹ ਅਨੁਭਵ ਨਾ ਚਾਹੁੰਦੇ ਆਪਣੇ-ਆਪ ਪੈਦਾ ਹੋ ਜਾਂਦੇ ਹਨ, ਠੀਕ ਉਸ ਤਰ੍ਹਾਂ ਹੀ ਜਿਵੇਂ ਉਂਗਲ਼ ਕੱਟਣ ‘ਤੇ ਦਰਦ ਮਹਿਸੂਸ ਹੁੰਦਾ ਹੈ। ਹਰ ਜਮਾਤ ਇੱਕ ਅਜ਼ਾਦ ਆਤਮਕ ਜ਼ਿੰਦਗੀ ਜਿਉਂਦੀ ਹੈ, ਉਹ ਜ਼ਿੰਦਗੀ ਦੁਖਦਾਈ ਹੋ ਸਕਦੀ ਹੈ ਜਾਂ ਖੁਸ਼ੀਆਂ ਨਾਲ਼ ਭਰੀ ਹੋਈ, ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੋ ਸਕਦੀ ਹੈ ਅਤੇ ਆਮ ਤੌਰ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਮਨੋਦਸ਼ਾਵਾਂ ‘ਚੋਂ ਲੰਘਦੀ ਹੈ। ਕਲਾ ਤਾਂ ਸਿਰਫ਼ ਆਪਣੀ ਜਮਾਤ ਦੀਆਂ ਮਨੋਦਸ਼ਾਵਾਂ ਨੂੰ ਇਕੱਠਾ ਕਰਕੇ ਉਨ੍ਹਾਂ ਵਿਸ਼ੇਸ਼ ਭੰਡਾਰਾਂ ਦਾ ਸਿਰਜਣ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਕਲਾਤਮਕ ਰਚਨਾਵਾਂ ਕਹਿੰਦੇ ਹਾਂ। ਇਸ ਅਰਥ ਵਿੱਚ ਕਿਸੇ ਕਲਾਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਤੁਸੀਂ ਨਾ ਤਾਂ ਉਸ ਨੂੰ ਕੋਈ ਗੱਲ ਸਮਝਾ ਕੇ ਮਨਾ ਸਕਦੇ ਹੋ ਅਤੇ ਨਾ ਉਸ ਨੂੰ ਉਸਦੇ ਰਾਹ ਤੋਂ ਹਟਾ ਸਕਦੇ ਹੋ ਅਤੇ ਸਪੱਸ਼ਟ ਗੱਲ ਇਹ ਹੈ ਕਿ ਉਸ ਵਿਚਾਰੇ ਦੀ ਪ੍ਰਸ਼ੰਸਾ ਜਾਂ ਨਿੰਦਾ ਕਰਨ ਦਾ ਕੋਈ ਅਰਥ ਹੀ ਨਹੀਂ ਹੈ। ਉਹ ਤਾਂ ਆਪਣੇ ਆਲ਼ੇ-ਦੁਆਲ਼ੇ ਦੀ ਹੱਕੀ ਪੈਦਾਵਾਰ ਹੈ। ਆਪਣੇ ਅੰਤਮ ਵਿਸ਼ਲੇਸ਼ਣ ਵਿੱਚ ਹਰ ਕਲਾਕਾਰ ਸਿਰਫ਼ ਆਪਣੀ ਪਛਾਣ ਨੂੰ, ਆਪਣੀ ਖ਼ੁਦ ਦੀ ਜ਼ਿੰਦਗੀ ਨੂੰ, ਆਪਣੀ ਜਮਾਤ ਦੀ ਜ਼ਿੰਦਗੀ ਨੂੰ, ਆਪਣੇ ਸਮੂਹ ਦੀ ਜ਼ਿੰਦਗੀ ਨੂੰ, ਆਪਣੇ ਤਬਕੇ ਦੀ ਜ਼ਿੰਦਗੀ ਨੂੰ ਭਾਵ ਆਪਣੇ ਖ਼ੁਦ ਦੇ ਕੂੜੇ ਦੇ ਢੇਰ ਨੂੰ ਹੀ ਪ੍ਰਗਟਾ ਸਕਦਾ ਹੈ। ਕਲਾਕਾਰ ਨੂੰ ਜਿੱਨੇ ਹੀ ਸੰਘਣੇਪਨ ਨਾਲ਼ ਅਸੀਂ ਇਸ ਕੂੜੇ ਦੇ ਢੇਰ ਨਾਲ਼ ਜੁੜਿਆ ਹੋਇਆ ਸਿੱਧ ਕਰ ਦੇਵਾਂਗੇ, ਸਾਡੀ ਵਿਆਖਿਆ ਓਨੀ ਹੀ ਜ਼ਿਆਦਾ ਸਟੀਕ ਅਤੇ ਵਿਗਿਆਨਕ ਹੋਵੇਗੀ। ਠੀਕ ਏਸੇ ਤਰ੍ਹਾਂ ਅਤੇ ਲਗਭਗ ਏਸੇ ਤਰ੍ਹਾਂ ‘ਸਮਾਜਸ਼ਾਸਤਰ’ ਦੇ ਅਣਗਿਣਤ ਬੁਲਾਰੇ ਲਗਾਤਾਰ ਤਰਕ ਪੇਸ਼ ਕਰ ਰਹੇ ਹਨ ਅਤੇ ਕਿਤੇ-ਕਿਤੇ ਤਾਂ ਪਲੈਖਾਨੋਵ ਨਾਲ਼ੋਂ ਵੀ ਅੱਗੇ ਚਲੇ ਗਏ ਹਨ।

ਸਾਹਿਤ ਕੀ ਹੁੰਦਾ ਹੈ? ਕੀ ਉਹ ਯਥਾਰਥ ਦਾ ਪ੍ਰਤੀਬਿੰਬ ਜਾਂ ਕਲਾਕਾਰ ਦੇ ਆਲ਼ੇ-ਦੁਆਲ਼ੇ ਫੈਲੇ ਬਾਹਰਮੁਖੀ ਸੰਸਾਰ ਦੀ, ਉਸ ਦੀ ਜਮਾਤ ਦੀ, ਉਸ ਦੇ ਆਪਣੇ ਸਮਾਜਕ ਤਬਕੇ ਦੀ ਤਸਵੀਰ ਹੁੰਦਾ ਹੈ?, ਨਹੀਂ, ਬਿਲਕੁਲ ਨਹੀਂ। ‘ਸਾਹਿਤ ਜਮਾਤੀ ਚੇਤਨਾ ਦਾ ਇੱਕ ਕਲਪਨਾ ਵਾਲ਼ਾ ਰੂਪ ਹੁੰਦਾ ਹੈ।’ ਉਹ ਤਾਂ ‘ਜਮਾਤੀ ਚੇਤਨਾ ਦਾ ਇੱਕ ਵਿਸ਼ੇਸ਼ ਰੂਪ ਹੁੰਦਾ ਹੈ ਜੋ ਸ਼ਬਦਿਕ ਬਿੰਬਾਂ ਰਾਹੀਂ ਪ੍ਰਗਟ ਹੁੰਦੀ ਹੈ।’ ‘ਲਿਟਰੇਰੀ ਇਨਸਾਈਕਲੋਪੀਡੀਆ’ ਦੇ ਪਾਠਕਾਂ ਨੂੰ ਉਕਤ ਪ੍ਰੀਭਾਸ਼ਾ ਪਿਆਈ ਜਾ ਰਹੀ ਹੈ। ਇਸ ਤਰ੍ਹਾਂ, ਸਾਹਿਤ ਦਾ ਵਿਸ਼ਾ-ਵਸਤੂ ਬਾਹਰੀ ਦੁਨੀਆਂ ਤੋਂ ਉਪਲੱਬਧ ਨਹੀਂ ਹੁੰਦਾ, ਉਹ ਤਾਂ ਇੱਕ ਖ਼ਾਸ ਜਮਾਤ ਦੀ ਮਨੋਰਚਨਾ ਦੀਆਂ ਡੂੰਘਾਈਆਂ ਤੋਂ ਹਾਸਲ ਹੁੰਦਾ ਹੈ। ਸਾਹਿਤ ਦੇ ਕੁਝ ਇਤਿਹਾਸਕਾਰ ਤਾਂ ਇਸ ਰਾਹ ‘ਤੇ ਹੋਰ ਵੀ ਅੱਗੇ ਚਲੇ ਗਏ ਅਤੇ ਇਹ ਨਤੀਜ਼ਾ ਕੱਢ ਬੈਠੇ ਕਿ ਆਮ ਤੌਰ ‘ਤੇ ਕਲਾਕਾਰ ਆਪਣੀ ਜਮਾਤ ਦੇ ਇਲਾਵਾ ਕੁਝ ਵੀ ਚਿੱਤਰਤ ਨਹੀਂ ਕਰ ਸਕਦਾ। ਇਸ ਲਈ ਜਦ ਦੂਨਾਈਪਰ ਕੋਸੇਕੋਂ ਬਾਰੇ ਗੋਗੋਲ ਲਿਖ ਰਹੇ ਹੁੰਦੇ ਹਨ, ਤਾਂ ਸਾਡੇ ਅਲੋਚਕਾਂ ਦੀ ਤਿੱਖੀ ਨਜ਼ਰ ਜਾਣਦੀ ਹੈ ਕਿ ਉਹ ਪਾਤਰ ਦੂਨਾਈਪਰ ਕੋਸੇਕੋਂ ਨਾ ਹੋ ਕੇ ਗੋਗੋਲ ਦੀ ਆਪਣੀ ਜਮਾਤ ਦੇ ਹੀ ਭੱਦਰਪੁਰਖ ਹਨ, ਉਨ੍ਹਾਂ ਨੂੰ ਸਿਰਫ਼ ਯੁਕਰੇਨ ਖੇਤਰ ਦਾ ਪਹਿਰਾਵਾ ਅਤੇ ਗਰਮ ਕੋਟ ਪੁਆ ਦਿੱਤਾ ਗਿਆ ਹੈ।

ਇਸ ਤਰ੍ਹਾਂ ਹਰ ਸਾਹਿਤਕ ਰਚਨਾ ਨੂੰ ਇਹ ਲੋਕ ਸੰਕੇਤਕ ਭਾਸ਼ਾ ਦਾ ਟੈਲੀਗ੍ਰਾਮ ਸਮਝਦੇ ਹਨ ਅਤੇ ਕਲਾ ਦੇ ਸਮੁੱਚੇ ਇਤਿਹਾਸ ਨੂੰ ਅਜਿਹੀਆਂ ਸ਼ਬਦ ਬੁਝਾਰਤਾਂ ਅਤੇ ਪ੍ਰਤੀਕਾਤਮਕ ਆਕ੍ਰਿਤੀਆਂ ਦਾ ਕੋਸ਼ ਮਾਤਰ ਮੰਨਦੇ ਹਨ ਜਿਨ੍ਹਾਂ ਵਿੱਚ ਕੋਈ ਨਾ ਕੋਈ ਜਮਾਤੀ ਅਰਥ ਲੁਕਿਆ ਹੋਇਆ ਹੈ। ਅਸੀਂ ਤਾਂ ਸਿਰਫ਼ ਇਨ੍ਹਾਂ ਚਿੱਤਰ ਭਾਸ਼ਾਵਾਂ ਦਾ ਅਰਥ ਲੱਭਣਾ ਹੈ ਤਾਂ ਕਿ ਇਨ੍ਹਾਂ ਦੇ ‘ਸਮਾਜਸ਼ਾਸਤਰੀ ਸਮਾਨਾਰਥ’ ਤੈਅ ਹੋ ਸਕਣ। ਭ੍ਰਿਸ਼ਟ (‘ਵਲਗਰ’) ਸਮਾਜਸ਼ਾਸਤਰ ਦੇ ਪੰਡਤ ਇਸ ਲਈ ਲੇਖਕ ਨੂੰ ਉਸ ਮੌਕੇ ਰੰਗੇ ਹੱਥੀ ਫੜ੍ਹਨ ਦੀ ਤਾੜ ਵਿੱਚ ਰਹਿੰਦੇ ਹਨ ਜਿਸ ਵੇਲੇ ਉਹ ਕਿਤੇ ਰਚਨਾ ਵਿੱਚ ਅਚਾਨਕ ਆਪਣੀ ਜਮਾਤ ਦੀ ਚੇਤਨਾ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਨੂੰ ਜਾਹਰ ਕਰ ਦਿੰਦਾ ਹੈ। ਜਿਵੇਂ ਕਿ, ਜੇ ਸ਼ੇਕਸਪੀਅਰ ਦੀ ਜੂਲੀਅਟ ਨਾਂ ਦੀ ਨਾਇਕਾ ਇਹ ਕਹਿੰਦੀ ਹੈ ਕਿ ‘ਟੁੱਟ! ਐ ਮੇਰੇ ਦਿਲ ਟੁੱਟ! ਮੇਰੇ ਗਰੀਬ ਦਿਵਾਲੀਏ ਦਿਲ! ਤੂੰ ਇਕਦਮ ਟੁੱਟ ਜਾ!’ ਤਾਂ ਸਾਡੇ ਚਲਾਕ ਸਮਾਜਸ਼ਾਸਤਰੀ ਅਲੋਚਕ ਸਾਹਬ ਬਿਨਾਂ ਉੱਕੇ ਇਸ ਬੌਧਿਕ ਦਲੀਲ ਨੂੰ ਪੇਸ਼ ਕਰ ਦੇਣਗੇ ਕਿ ਮਹਾਨ ਨਾਟਕਕਾਰ ਦਾ ਸਬੰਧ ਲੰਡਨ ਦੀ ਵਿਉਪਾਰੀ ਜਮਾਤ ਦੇ ਹਿਤਾਂ, ਵਿਉਪਾਰੀ ਕੁਲੀਨ ਜਮਾਤ ਜਾਂ ‘ਬੁਰਜੂਆ ਬਣੀ ਜਮੀਨ ਮਾਲਕ ਜਮਾਤ’ ਨਾਲ਼ ਰਿਹਾ ਹੋਵੇਗਾ।

ਲੈਨਿਨਵਾਦੀ ਅਲੋਚਨਾ ਵਿਧੀ ਦਾ ਇਸ ਤਰ੍ਹਾਂ ਦੀ ਟੁੱਚੀ ਵਕਾਲਤ ਨਾਲ਼ ਕੋਈ ਸਰੋਕਾਰ ਨਹੀਂ ਹੈ। ਆਖ਼ਰਕਾਰ ਦੁਨੀਆਂ ਦੇ ਲੋਕ ਹੋਸ਼ੋ-ਹਵਾਸ ਵਿੱਚ ਹਨ। ਉਨ੍ਹਾਂ ਦੀ ਚੇਤਨਾ ਕਿਸੇ ਵਿਅਕਤੀਗਤ ਨਜ਼ਰੀਏ ਦਾ ਮਨੋਵਿਗਿਆਨਕ ਪਰਤੌ ਤਾਂ ਨਹੀਂ ਹੈ। ਉਹ ਤਾਂ ਬਾਹਰਮੁਖੀ ਸੰਸਾਰ ਦੀ ਤਸਵੀਰ ਪੇਸ਼ ਕਰਦੀ ਹੈ; ਉਹ ਬਾਹਰੀ ਯਥਾਰਥ ਨੂੰ ਪ੍ਰਤੀਬਿੰਬਤ ਕਰਦੀ ਹੈ। ਲੇਖਕ ਅਤੇ ਕਲਾਕਾਰ ਇਸ ਯਥਾਰਥ ਨੂੰ ਲਗਭਗ ਸਹੀ ਅਤੇ ਕਲਾਤਮਕ ਰੂਪ ਵਿੱਚ ਪੇਸ਼ ਕਰਦੇ ਹਨ। ਇਸ ਬਹੁਪ੍ਰਚੱਲਤ ਸਮਾਜਸ਼ਾਸਤਰੀ ਸਿਧਾਂਤ ਦੀ ਮੁੱਖ ਕਮਜ਼ੋਰੀ ਇਸ ਤੱਥ ਵਿੱਚ ਮੌਜੂਦ ਹੈ ਕਿ ਇਹ ਸਿਧਾਂਤ ਲੈਨਿਨ ਦੇ ਪ੍ਰਤੀਬਿੰਬਨ ਸਿਧਾਂਤ ਦੀ ਥਾਂ ਜਮਾਤੀ ਪ੍ਰਤੀਕਤਵ ਨੂੰ ਸਥਾਪਤ ਕਰਦਾ ਹੈ ਅਤੇ ਇਹੀ ਉਹ ਨੁਕਤਾ ਹੈ ਜਿੱਥੋਂ ਉਹ ਮਾਰਕਵਾਦ ਨਾਲ਼ੋਂ ਅੱਡ ਹੋ ਜਾਂਦਾ ਹੈ।

ਪਰ ਸੁਆਲ ਇਹ ਉਂੱਠਦਾ ਹੈ ਕਿ ਫਿਰ ਪ੍ਰਤੀਬਿੰਬਨ ਸਿਧਾਂਤ ਨੂੰ ਜਮਾਤੀ ਨਜ਼ਰੀਏ ਨਾਲ਼ ਕਿੰਝ ਜੋੜਿਆ ਜਾਵੇ? ਭ੍ਰਿਸ਼ਟ (ਵਲਗਰ) ਸਮਾਜਸ਼ਾਸਤਰੀ ਇਸ ਨੂੰ ਸਮਝ ਨਹੀਂ ਪਾਉਂਦਾ। ਜੇ ਸਾਹਿਤ ਬਾਹਰੀ ਯਥਾਰਥ ਨੂੰ ਪ੍ਰਤੀਬਿੰਬਤ ਕਰਦਾ ਹੈ ਤਾਂ ਜਮਾਤੀ ਵਿਸ਼ਲੇਸ਼ਣ ਕਿੱਥੇ ਜਾਵੇਗਾ? ਇਸ ਤਰ੍ਹਾਂ ਦੇ ਸ਼ੰਕੇ ਆਪਣੇ ਸਮੇਂ ਦੇ ਅਰਥਵਾਦੀਆਂ ਅਤੇ ਬਾਅਦ ਦੇ ਦਿਨਾਂ ਵਿੱਚ ਪਲੈਖਨੋਵ ਅਤੇ ਮੈਨਸ਼ੇਵਿਕਾਂ ਦੁਆਰਾ ਪ੍ਰਗਟਾਈਆਂ ਗਈਆਂ ਸ਼ੰਕਾਵਾਂ ਦਾ ਦੁਹਰਾਅ ਹਨ ਜੋ ਉਨ੍ਹਾਂ ਨੇ ਲੈਨਿਨ ਦੀ ਪ੍ਰਸਿੱਧ ਰਚਨਾ ‘ਕੀ ਕਰਨਾ ਲੋੜੀਏ’ ਨੂੰ ਲੈ ਕੇ ਪ੍ਰਗਟਾਈਆਂ ਸਨ। ਇਹ ਸਰਵਗਿਆਤ ਹੈ ਕਿ ਉਨ੍ਹਾਂ ਨੇ ਲੈਨਿਨ ‘ਤੇ ਵਿਚਾਰਵਾਦੀ ਹੋਣ ਅਤੇ ਚੇਤਨਾ ਦੇ ਜਮਾਤੀ ਸੁਭਾਅ ਨੂੰ ਭੁਲਾ ਦੇਣ ਦਾ ਇਲਜ਼ਾਮ ਲਗਾਇਆ ਸੀ।

ਕੱਟੜਵਾਦੀ ਮਾਰਕਸਵਾਦ ਜਮਾਤੀ ਵਿਸ਼ਲੇਸ਼ਣ ਨੂੰ ਵਿਚਾਰਾਂ ਦੇ ਅਜਿਹੇ ਮੁੱਢਲੇ ਸਮਾਜਕ ਮਨੋਵਿਗਿਆਨਕ ਪਾਤਰਾਂ ਅਤੇ ਚਿੰਤਨ ਸ਼ੈਲੀਆਂ ਦੇ ਅਰਥ ਵਿੱਚ ਹਾਸਲ ਕਰਦਾ ਹੈ ਜੋ ਲੇਖਕਾਂ ਦੇ ਆਪਣੇ ਖ਼ੁਦ ਦੀਆਂ ਜਮਾਤਾਂ ਦੇ ਨਜ਼ਰੀਏ ਦੇ ਅਨੁਸਾਰ ਸੱਚ ਸਿੱਧ ਹੋਣ ਅਤੇ ਵਿਰੋਧੀ ਜਮਾਤਾਂ ਦੇ ਨਜ਼ਰੀਏ ਤੋਂ ਗ਼ਲਤ ਸਾਬਤ ਹੋ ਰਹੀਆਂ ਹੋਣ। ਸਮਾਜਸ਼ਾਸਤਰੀ ਅਲੋਚਕ ਬਸ ਇਨ੍ਹਾਂ ਪਾਤਰਾਂ ਦੀ ਵਿਆਖਿਆ ਕਰਦਾ ਹੈ। ਉਹ ਵਾਲਟੇਅਰ ਦੇ ਡਾਕਟਰ ਪੇਂਗਲੈਸ ਦੀ ਤਰ੍ਹਾਂ ਤਰਕ ਦਿੰਦਾ ਹੈ ਕਿ ‘ਹਰ ਸ਼ੈਅ ਜਿਹੀ ਹੈ ਉਸੇ ਤਰ੍ਹਾਂ ਦੀ ਹੈ, ਅਤੇ ਉਹ ਕਿਸੇ ਹੋਰ ਤਰ੍ਹਾਂ ਦੀ ਨਹੀਂ ਹੋ ਸਕਦੀ।’ (ਵਾਲਟੇਅਰ, ‘ਫੈਂਡਿਡੀ, ਪਾਠ 5)

ਲੈਨਿਨਵਾਦ ਇਸ ਨਾਲ਼ੋਂ ਪੂਰੀ ਤਰ੍ਹਾਂ ਵੱਖਰੀ ਚੀਜ਼ ਹੈ। ਆਤਮਕ ਦ੍ਰਿਸ਼ ਦਾ ਜਮਾਤੀ ਖਾਸਾ ਵਿਅਕਤੀਗਤ ਰੰਗਤ ਦੇ ਅਧਾਰ ਤੇ ਤੈਅ ਨਹੀਂ ਹੁੰਦਾ। ਉਹ ਤਾਂ ਯਥਾਰਥ ਦੀ ਡੂੰਘੀ ਪਛਾਣ ਤੋਂ ਤੈਅ ਹੁੰਦਾ ਹੈ। ਇਸ ਬਾਹਰਮੁਖੀ ਸੰਸਾਰ ਤੋਂ ਸਾਡੀ ਵਿਅਕਤੀਗਤ ਰੰਗਤ ਤੈਅ ਹੁੰਦੀ ਹੈ। ਵਿਅਕਤੀਗਤ ਰੰਗਤ ਤਾਂ ਨਤੀਜਾ ਹੈ, ਅਧਾਰ ਸੂਤਰ ਨਹੀਂ। ਅਜਿਹਾ ਮਨੁੱਖ ਜੋ ਆਪਣੇ ਯੁੱਗ ਦੇ ਸਮਾਜਕ ਜੀਵਨ ਵਿੱਚ ਅਨੇਕ ਰੂਪਾਂ ਅਤੇ ਢੰਗਾਂ ਵਿੱਚ ਪ੍ਰਗਟ ਹੋ ਰਹੇ ਜਬਰ ਜੁਲਮ ਲਈ ਨਫ਼ਰਤ ਅਤੇ ਬਗ਼ਾਵਤ ਪ੍ਰਗਟਾਉਣ ਵਿੱਚ ਸਮਰੱਥ ਹੈ, ਇਨਕਲਾਬੀ ਜਮਾਤ ਦੀ ਵਿਚਾਰਧਾਰਾ ਦਾ ਬੁਲਾਰਾ ਬਣ ਜਾਂਦਾ ਹੈ। ਅਜਿਹਾ ਆਦਮੀ, ਜੋ ਪੂਰੀ ਤਰ੍ਹਾਂ ਆਪਣੀ ਨਿੱਜੀ ਹੋਂਦ ਵਿੱਚ, ਆਪਣੀ ਬੁਨਿਆਦੀ ਆਤਮ ਤੈਅਕਾਰੀ ਵਿੱਚ ਡੁੱਬਿਆ ਹੋਇਆ ਰਹਿੰਦਾ ਹੈ, ਸਦਾ ਹੀ ਪਿਛਾਖੜੀ ਵਿਚਾਰਧਾਰਾ ਦੇ ਪ੍ਰਭਾਵ ਵਿੱਚ ਹੁੰਦਾ ਹੈ। ਮੈਨਸ਼ੇਵਿਕਾਂ ਅਤੇ ਅਰਥਵਾਦੀਆਂ ਦੇ ਕੱਟੜਵਾਦੀ ਮਾਰਕਸਵਾਦ ਦੇ ਉਲ਼ਟ ਲੈਨਿਨ ਨੇ ਸਾਬਤ ਕੀਤਾ ਕਿ ਜਮਾਤੀ ਚੇਤਨਾ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ। ਕੋਈ ਵੀ ਵਿਅਕਤੀ ਕਿਸੇ ਖ਼ਾਸ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਵਜੋਂ ਪੈਦਾ ਨਹੀਂ ਹੁੰਦਾ, ਉਹ ਤਾਂ ਵੱਡਾ ਹੋ ਕੇ ਹੀ ਉਸ ਦਾ ਬੁਲਾਰਾ ਬਣਦਾ ਹੈ। ਪ੍ਰੋਲੇਤਾਰੀ ਦੀ ਵਿਚਾਰਧਾਰਾ ਭਾਵ ਮਾਰਕਸਵਾਦ ਮਜ਼ਦੂਰ ਦੀ ਮਨੋਰਚਨਾ ਨੂੰ ਸਿਰਫ਼ ਡੂੰਘਾ ਕਰਨ ਦੀ ਹੀ ਚੀਜ਼ ਨਹੀਂ ਹੈ, ਅਤੇ ਨਾ ਹੀ ਫੈਕਟਰੀ ਦੇ ਹਾਲਾਤ ਦਾ ਉਹ ਆਪ ਮੁਹਾਰਾ ਨਤੀਜਾ ਹੈ। ਹਕੀਕੀ ਜਮਾਤੀ ਚੇਤਨਾ ਸਮਾਜ ਦੀਆਂ ਵੱਖ ਵੱਖ ਜਮਾਤਾਂ ਦੀ ਜ਼ਿੰਦਗੀ ਨੂੰ ਉਨ੍ਹਾਂ ਦੇ ਸਾਰੇ ਪ੍ਰਗਟ ਰੂਪਾਂ, ਮਾਨਸਕ, ਨੈਤਿਕ ਅਤੇ ਸਿਆਸੀ ਰੂਪਾਂ ਵਿੱਚ ਬਰੀਕੀ ਨਾਲ਼ ਦੇਖਣ ਨਾਲ਼ ਵਿਕਸਤ ਹੁੰਦੀ ਹੈ।

ਦੂਜੇ ਪਾਸੇ, ਪਲੈਖਾਨੋਵ ਤੋਂ ਲੈ ਕੇ ਮੈਕਸ ਵੈਬਰ, ਤ੍ਰਾਲਸ਼, ਮੈਨਹਾਈਮ, ਹੌਸੇਨਸਟਾਈਨ ਆਦਿ ਦਾ ਬੁਰਜੂਆ ਸਮਾਜਸ਼ਾਸਤਰੀ ਨਜ਼ਰੀਆ ਹੈ ਜਿਸ ਅਨੁਸਾਰ ਜਮਾਤੀ ਵਿਚਾਰਧਾਰਾ ਉੱਨਾ ਹੀ ਸ਼ੁੱਧ ਹੋਵੇਗੀ ਜਿੰਨੀ ਉਹ ਖੂਹ ਦੇ ਡੱਡੂ ਦੀ ਤਰ੍ਹਾਂ ਬਾਹਰੀ ਦੁਨੀਆਂ ਨੂੰ ਅਣਡਿੱਠ ਕਰੇਗੀ ਅਤੇ ਆਪਣੇ ਹੀ ਹਨੇਰੇ ਖੂਹ ਵਿੱਚ ਪਈ ਰਹੇਗੀ। ਬਿਨਾਂ ਸ਼ੱਕ ਇਹ ਦਰੁਸਤ ਹੈ ਕਿ ਹਰ ਹੱਦ ਆਪਣੇ ਅੰਤਮ ਨਤੀਜੇ ਵਿੱਚ ਕਿਸੇ ਖ਼ਾਸ ਜਮਾਤ ਦੇ ਹਿਤਾਂ, ਵਿਸ਼ੇਸ਼ ਕਰਕੇ ਪਿਛਾਖੜ ਦੇ ਹਿਤਾਂ ਦੀ ਰੱਖਿਆ ਵੱਲ ਲੈ ਜਾਂਦੀ ਹੈ। ਪਰ ਕਿਰਤੀ ਲੋਕਾਈ ਖ਼ੁਦ ਹੀ ਤਦ ਤੱਕ ਲੋਟੂ ਹਾਕਮ ਜਮਾਤਾਂ ਦੀ ਪਿਛਾਖੜੀ ਵਿਚਾਰਧਾਰਾ ਦੇ ਪ੍ਰਭਾਵ ਵਿੱਚ ਬਣੀ ਰਹਿੰਦੀ ਹੈ ਜਦ ਤੱਕ ਉਹ ਆਪਣੀ ਸਮਾਜਕ ਹਾਲਤ ਨੂੰ ਸਮਝਣਾ ਸ਼ੁਰੂ ਨਹੀਂ ਕਰਦੀ। ਇਸ ਬਾਹਰੀ ਦੁਨੀਆਂ ਦੀ ਸਮਝ ਹਾਸਲ ਕਰਨ ਤੇ ਹੀ ਉਹ ਆਪਣੀ ਇਤਿਹਾਸਕ ਭੂਮਿਕਾ ਵੱਲ ਸੁਚੇਤ ਹੁੰਦੇ ਹਨ, ਭਾਵ ਉਹ ਜਮਾਤ ਚੇਤਨ ਹੁੰਦੇ ਹਨ। ਲੈਨਿਨ ਨੇ ਕਿਹਾ ਹੈ:

“ਮਨੁੱੱਖ ਦਾ ਗਿਆਨ ਇੱਕ ਸਿੱਧੀ ਰੇਖਾ ਵਿੱਚ ਨਹੀਂ, ਸਗੋਂ ਇੱਕ ਅਜਿਹੀ ਚੱਕਰੀ ਰੇਖਾ ਵਿੱਚ ਵਿਕਸਤ ਹੋਇਆ ਹੈ ਜਿਸ ਵਿੱਚ ਅਨੰਤ ਚੱਕਰਾਂ ਦੀ ਪ੍ਰਣਾਲ਼ੀ ਰਹੀ ਹੈ ਜਿਸ ਤਰ੍ਹਾਂ ਇੱਕ ਸਪ੍ਰਿੰਗ ਦੀ ਹੁੰਦੀ ਹੈ। ਇਸ ਚੱਕਰੀ ਪ੍ਰਣਾਲ਼ੀ ਦਾ ਹਰ ਅੰਸ਼, ਹਰ ਟੁੱਕੜਾ, ਹਰ ਚੱਕਰੀ ਹਿੱਸਾ ਇੱਕ ਅਜ਼ਾਦ ਅਤੇ ਪੂਰਨ ਅਤੇ ਸਿੱਧੀ ਰੇਖਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ (ਇਕਹਿਰੇ ਤੌਰ ‘ਤੇ ਤਬਦੀਲ ਕੀਤਾ ਜਾਂਦਾ ਰਿਹਾ ਹੈ)। ਇਸ ਸਿੱਧੀ ਰੇਖਾ ਨੂੰ ਜੇ ਉਸੇ ਨਜ਼ਰ ਨਾਲ਼ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਕੋਈ ਜੰਗਲ਼ ਦੀ ਥਾਂ ਸਿਰਫ਼ ਦਰੱਖ਼ਤ ਦੇਖਦਾ ਹੈ ਤਾਂ ਉਹ ਸਿੱਧੇ ਸਿੱਧੇ ਚਿੱਕੜ ਵਿੱਚ ਖੁੱਭ ਰਿਹਾ ਹੈ, ਪਾਦਰੀਵਾਦ ਵੱਲ ਜਾ ਰਿਹਾ ਹੈ, ਜਿਸ ਨਾਲ਼ ਹਾਕਮ ਲੋਟੂ ਜਮਾਤ ਦੇ ਹਿਤਾਂ ਤੋਂ ਤਾਕਤ ਹਾਸਲ ਹੋ ਰਹੀ ਹੈ।” (ਵੀ. ਆਈ. ਲੈਨਿਨ; ‘ਮਟੀਰਿਅਲਿਜ਼ਮ ਐਂਡ ਇੰਪੀਰੀਓ ਕ੍ਰਿਟੀਸਿਜ਼ਮ’, ਨਿਊਯਾਰਕ, 1927, ਪੰਨਾ 327)

ਸੁਚੇਤ ਇਨਕਲਾਬੀ ਵਿਚਾਰਾਂ ਦੀ ਅਤੇ ਜਾਣੇ-ਅਣਜਾਣੇ ਰੂੜੀਵਾਦੀ ਵਿਚਾਰਾਂ ਅਤੇ ਝੂਠ ਦੀ ਵਕਾਲਤ ਕਰਨ ਵਾਲ਼ੇ ਹਰ ਯੁੱਗ ਵਿੱਚ ਪਾਏ ਜਾਂਦੇ ਹਨ। ਪਰ ਇਸ ਸਿੱਧੇ-ਸਿੱਧੇ ਜਮਾਤੀ ਵਿਰੋਧ ਦੀ ਵੰਡ ਰੇਖਾ ਦੇ ਇਲਾਵਾ ਵੀ ਅਜਿਹੇ ਹਜ਼ਾਰਾਂ ਲੋਕ ਮਿਲ਼ਣਗੇ ਜੋ ਜਾਬਰਾਂ ਦੇ ਖਿਲਾਫ਼ ਨਫ਼ਰਤ ਦੀ ਅੱਗ ਉੱਗਲ਼ਦੇ ਹੋਣ, ਫਿਰ ਵੀ ਸੁਚੇਤ ਅਤੇ ਯੋਜਨਾਬੱਧ ਢੰਗ ਨਾਲ਼ ਘੋਲ਼ ਕਰਨ ਦੀ ਮੰਜ਼ਲ ਤੱਕ ਹਾਲੇ ਨਹੀਂ ਪਹੁੰਚ ਸਕੇ ਹੋਣ। ਇਹ ਬਾਹਰਮੁਖੀ ਜਮਾਤੀ ਭਰਮ, ਜਮਾਤਾਂ ਦੀ ਨਾਕਾਫ਼ੀ ਵੰਡ ਲੋਕਾਂ ਅੰਦਰ ਇਸ ਵਜ੍ਹਾ ਨਾਲ਼ ਮੌਜੂਦ ਢਿੱਲਾਪਨ ਹੀ ਅਤੀਤ ਦੇ ਮਹਾਨ ਲੇਖਕਾਂ, ਕਲਾਕਾਰਾਂ ਅਤੇ ਮਨੁੱਖਤਾਵਾਦੀਆਂ ਦੀਆਂ ਰਚਨਾਵਾਂ ਵਿੱਚ ਮੌਜੂਦ ਵਿਰੋਧਤਾਈਆਂ ਦੀ ਸਹੀ ਤਰ੍ਹਾਂ ਨਾਲ਼ ਵਿਆਖਿਆ ਕਰਦਾ ਹੈ। (ਮਿਸਾਲ ਵਜੋਂ, ਇਸ ਤਰ੍ਹਾਂ ਦੀ ਹਾਲਤ ਰੂਸ ਵਿੱਚ 1861 ਤੋਂ 1905 ਤੱਕ, ਅਤੇ ਫਰਾਂਸ ਅਤੇ ਜਰਮਨੀ ਵਿੱਚ 1789 ਤੋਂ 1848 ਤੱਕ ਰਹੀ ਸੀ) ਪੁਰਾਣੇ ਸੱਭਿਆਚਾਰ ਦੇ ਵੱਡੇ ਨੁਮਾਇੰਦਿਆਂ ਦੀ ਚੇਤਨਾ ਅੰਦਰ ਇਨਕਲਾਬੀ ਅਤੇ ਪਿਛਾਖੜੀ ਪ੍ਰਵਿਰਤੀਆਂ ਦਾ ਘਾਲ਼ਾ-ਮਾਲ਼ਾ ਰਹਿੰਦਾ ਸੀ; ਇਹ ਇੱਕ ਇਤਿਹਾਸਕ ਸੱਚਾਈ ਹੈ। ਸਾਹਿਤ ਵਿੱਚ ਇਨਕਲਾਬੀ ਆਦਰਸ਼ ਸਿੱਧੇ ਸਿੱਧੇ ਅਤੇ ਫੌਰਨ ਸ਼ਾਇਦ ਹੀ ਕਦੇ ਪ੍ਰਗਟ ਹੋਏ ਹੋਣ। ਆਪਣੇ ਤੋਂ ਪਹਿਲੇ ਯੁੱਗਾਂ ਵਿੱਚ ਪੁਰਾਣੇ ਸਮਾਜਾਂ ਦੇ ਸਿਧਾਂਤਾਂ ਨਾਲ਼ੋਂ ਆਪਣਾ ਨਾਤਾ ਤੋੜਨ ਦੌਰਾਨ ਲੇਖਕਾਂ ਅਤੇ ਕਲਾਕਾਰਾਂ ਨੂੰ ਮਨੁੱਖੀ ਇਤਿਹਾਸ ਦੀਆਂ ਗੁੰਝਲ਼ਦਾਰ ਵਿਰੋਧਤਾਈਆਂ ਦਾ ਹੱਲ ਆਪਣੇ ਆਲ਼ੇ-ਦੁਆਲ਼ੇ ਦੀ ਦੁਨੀਆਂ ਵਿੱਚ ਨਹੀਂ ਮਿਲ਼ ਰਿਹਾ ਸੀ। ਇਹੀ ਵਜ੍ਹਾ ਹੈ ਕਿ ਇਸ ਹੱਲ ਲਈ ਉਹ ਆਪਣੀ ਰਚਨਾ ਵਿੱਚ ਕਦੀ ਬਾਦਸ਼ਾਹ ਦਾ ਚਮੜੇ ਦਾ ਕੋੜਾ ਲੈ ਆਉਂਦੇ ਸਨ, ਕਦੀ ਸੈਨਾਪਤੀ ਦਾ ਡੰਡਾ, ਕਦੀ ਧਰਮ ਤਾਂ ਕਦੀ ਰਵਾਇਤੀ ਨੈਤਿਕਤਾ ਦੀ ਸ਼ਰਣ ਲੈਂਦੇ ਸਨ। ਇਸ ਤਰ੍ਹਾਂ ਉਹ ਲੋਟੂ ਹਾਕਮ ਜਮਾਤਾਂ ਦੇ ਹਿਤਾਂ ਨੂੰ ਪੂਰਾ ਕਰਨ ਬਦਲੇ ਉਨ੍ਹਾਂ ਜਮਾਤਾਂ ਤੋਂ ਸ਼ਹਿ ਵੀ ਹਾਸਲ ਕਰਦੇ ਸਨ।

ਜੇ ਤਾਲਸਤਾਏ ਨੇ ਸਿਰਫ਼ ਮੁਸੀਬਤ ਵਿੱਚ ਪਈ ਕੁਲੀਨ ਜਮਾਤ ਦੀ ਮਨੋਦਸ਼ਾ ਦਾ ਹੀ ਚਿੱਤਰਣ ਕੀਤਾ ਹੁੰਦਾ, ਜਾਂ ਪੁਸ਼ਕਿਨ ਨੇ ‘ਬੁਰਜੂਆ ਬਣੇ ਜ਼ਮੀਨ ਮਾਲਕਾਂ’ ਦੇ ਦੁੱਖ ਸੁੱਖ ਦੇ ਹੀ ਗੀਤ ਗਾਏ ਹੁੰਦੇ, ਤਾਂ ਸਾਹਿਤ ਦਾ ਇਤਿਹਾਸ ਬਿਲਕੁਲ ਸਰਲ ਹੁੰਦਾ। ਲੈਨਿਨ ਨੇ ਕਿਹਾ ਸੀ ਕਿ ‘ਜੋ ਕਲਾਕਾਰ ਸੱਚਮੁੱਚ ਮਹਾਨ ਹੈ ਉਹ ਆਪਣੀ ਰਚਨਾ ਵਿੱਚ ਇਨਕਲਾਬ ਦੇ ਘੱਟੋ-ਘੱਟ ਕੁਝ ਬੁਨਿਆਦੀ ਪੱਖਾਂ ਨੂੰ ਜ਼ਰੂਰ ਪ੍ਰਤੀਬਿੰਬਤ ਕਰੇਗਾ (ਲੈਨਿਨ: ‘ਆਨ ਲਿਟਰੇਟਚਰ ਐਂਡ ਆਰਟ’, ਪੰਨਾ 28) ਲੈਨਿਨ ਨੇ ਆਪਣੀ ਵਿਆਖਿਆ ਦੁਆਰਾ ਇਹ ਦਰਸਾਇਆ ਵੀ ਹੈ ਕਿ ਮਹਾਨ ਕਲਾਕਾਰ ਤਾਲਸਾਤਾਏ ਨੇ ਕਿਸ ਤਰ੍ਹਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਮਨੋਵਿਗਿਆਨਕ ਹੱਦਾਂ ‘ਤੇ ਜਿੱਤ ਹਾਸਲ ਕੀਤੀ ਅਤੇ ਲੱਖਾਂ ਲੋਕਾਂ ਦੀਆਂ ਤਕਲੀਫਾਂ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਉੱਠੀ ਨਫ਼ਰਤ ਦੇ ਬੁਲਾਰੇ ਬਣ ਗਏ। ਤਾਲਸਤਾਏ ਨੇ ਆਪਣੀਆਂ ਰਚਨਾਵਾਂ ਵਿੱਚ ਉਸ ਮੁੱਢ ਕਦੀਮੀ ਕਿਸਾਨ ਜਮਹੂਰੀਅਤ ਦੀ ਮਨੋਰਚਨਾ ਦਾ ਸੁਮੇਲ਼ ਵੀ ਕੀਤਾ, ਜੋ ਬੁਨਿਆਦੀ ਰੂਪ ਵਿੱਚ ਉਸ ਲਈ ਆਪਣੇ ਦੇਸ਼, ਦੌਰ ਦੀ ਚੀਜ਼ ਨਹੀਂ ਸੀ। ਪਰ ਲੈਨਿਨ ਨੇ ਇਹ ਵੀ ਦਰਸਾਇਆ ਕਿ ਇਸ ਮਨੋਰਚਨਾ ਦੀਆਂ ਹੱਦਾਂ ਦੀ ਛਾਪ 1861 ਤੋਂ ਲੈ ਕੇ 1905 ਤੱਕ ਸਮੁੱਚੀ ਕਿਸਾਨੀ ਲਹਿਰ ਤੇ ਸੀ ਜਦ ਰੂਸ ਦੇ ਪਿੱਤਰਸੱਤਾਵਾਦੀ ਕਿਸਾਨ ਨੇ ਆਪਣੀ ਹੀ ਭਾਸ਼ਾ ਵਿੱਚ ਜ਼ਮੀਨ ਦੇ ਸਮਾਜੀਕਰਨ ਦੇ ਵਿਚਾਰ ਨੂੰ ਪੇਸ਼ ਕੀਤਾ ਤਾਂ ਉਸ ਨੇ ਕਿਹਾ : ‘ਜ਼ਮੀਨ ਕਿਸੇ ਦੇ ਪਿਉ ਦੀ ਨਹੀਂ, ਸਰਵ ਭੂਮੀ ਭਗਵਾਨ ਦੀ।’ ਇਸ ਕਿਸਾਨ ਦੇ ਅਸਥਿਰ ਮਨੋਭਾਵਾਂ ਨੂੰ ਪ੍ਰਗਟਾਉਣ ਵਾਲ਼ਾ ਤਾਲਸਤਾਏ ਨਾਲ਼ੋਂ ਬਿਹਤਰ ਕੌਣ ਹੋ ਸਕਦਾ ਸੀ। ਕਹਿਣ ਦੀ ਲੋੜ ਨਹੀਂ ਕਿ ਲੈਨਿਨ ਨੇ ਹਰਜ਼ਨ ਨੂੰ ਵੀ ਏਸੇ (ਉਹੀ, ਪੰਨਾ 64) ਕਸੌਟੀ ਤੇ ਪਰਖਿਆ ਸੀ :

“ਹਰਜ਼ਨ ਅੰਦਰ 1848 ਦੇ ਬਾਅਦ ਜੋ ਆਤਮਕ ਨਿਘਾਰ, ਡੂੰਘਾ ਸ਼ੱਕਵਾਦ ਅਤੇ ਨਿਰਾਸ਼ਾਵਾਦ ਨਜ਼ਰ ਆਉਂਦਾ ਹੈ ਉਹ ਸਮਾਜਵਾਦ ਵੱਲ ਬੁਰਜੂਆ ਮੋਹਭੰਗ ਦਾ ਨਤੀਜਾ ਸੀ। ਹਰਜ਼ਨ ਦਾ ਆਤਮਕ ਨਾਟਕ ਸੰਸਾਰ ਇਤਿਹਾਸ ਦੇ ਉਸ ਯੁੱਗ ਦੀ ਪੈਦਾਵਾਰ ਅਤੇ ਉਸ ਦਾ ਪ੍ਰਤੀਬਿੰਬ ਸੀ ਜਦ (ਯੂਰੋਪ ਵਿੱਚ) ਇਨਕਲਾਬੀ ਬੁਰਜੂਆ ਜਮਹੂਰੀਅਤ ਉਸ ਵੇਲ਼ੇ ਮਰਨ ਪਹਿਰੇ ਸੀ ਅਤੇ ਇਨਕਾਲਬੀ ਸਮਾਜਵਾਦੀ ਪ੍ਰੋਲੇਤਾਰੀ ਤਦ ਤੱਕ ਪ੍ਰਪੱਕ ਹਾਲਤ ਵਿੱਚ ਨਹੀਂ ਸੀ।”

ਅੱਜ ਦੀ ਸਰਮਾਏਦਾਰੀ ਦੁਨੀਆਂ ਵਿੱਚ ਵੀ ਅਜਿਹੇ ਬਹੁਤ ਸਾਰੇ ਲੋਕ ਮਿਲ਼ ਜਾਣਗੇ ਜਿਨ੍ਹਾਂ ਦਾ ਬੁਰਜੂਆ ਜਮਹੂਰੀਅਤ ਨਾਲ਼ੋਂ ਮੋਹ ਭੰਗ ਹੋ ਚੁੱਕਿਆ ਹੈ ਪਰ ਜੋ ਪ੍ਰੋਲੇਤਾਰੀ ਦੀ ਜਮਹੂਰੀਅਤ ਦੀ ਪੱਧਰ ਨੂੰ ਹਾਸਲ ਨਹੀਂ ਕਰ ਸਕੇ ਹਨ। ਉਨ੍ਹਾਂ ਦਾ ਇਹ ਢਿੱਲਾਪਨ ਪੱਛਮੀਂ ਦੁਨੀਆਂ ਦੇ ਟਾਮਸ ਮਾਨ ਤੋਂ ਲੈ ਕੇ ਸੇਲੀਨ ਜਿਹੇ ਵੱਖ-ਵੱਖ ਲੇਖਕਾਂ ਦੀਆਂ ਕਲਾਤਮਕ ਖੋਜਾਂ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਨ੍ਹਾਂ ਲੋਕਾਂ ਦੀ ਜਮਾਤੀ ਪੁਜ਼ੀਸ਼ਨ, ਆਪਣੇ ਅੰਤਮ ਵਿਸ਼ਲੇਸ਼ਣ ਵਿੱਚ, ਉਨ੍ਹਾਂ ਦੇ ਯੁੱਗ ਦੀ ਕੇਂਦਰੀ ਸਮੱਸਿਆ ਵੱਲ ਅਤੇ ਜਾਇਦਾਦ ਅਤੇ ਸੱਤਾ ਦੇ ਸੁਆਲ ਵੱਲ ਉਨ੍ਹਾਂ ਦੇ ਰਵੱਈਏ ਤੋਂ ਤੈਅ ਹੁੰਦੀ ਹੈ।

ਇਸ ਨਾਲ਼ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਪ੍ਰਵਿਰਤੀਆਂ ਨੂੰ ਨਿੱਕ ਬੁਰਜੂਆ ਤਬਕੇ ਦੀ ਮਨੋਰਚਨਾ ਵਿੱਚ ਲੱਭਣ ਨਾਲ਼ ਕਿੰਨਾ ਖ਼ਤਰਨਾਕ ਭੁਲੇਖਾ ਪੈਦਾ ਹੁੰਦਾ ਹੈ। ਸਾਡੀਆਂ ਪਾਠ ਪੁਸਤਕਾਂ ਵਿੱਚ ਅਨਾਤੋਲੇ ਫਰਾਂਸ ਜਿਹੇ ਲੇਖਕ ‘ਮੱਧਵਰਗੀ ਸਰਮਾਏਦਾਰ’ ਦੀ ਵਿਚਾਰਧਾਰਾ ਦੇ ਬੁਲਾਰੇ ਵਜੋਂ ਹਾਲੇ ਤੱਕ ਦਰਸਾਏ ਗਏ ਹਨ, ਰੋਮਾਂ ਰੋਲਾ ਨੂੰ ‘ਨਿੱਕ ਬੁਰਜੂਆ ਮਨੁੱਖਤਾਵਾਦੀ’ ਦੱਸਿਆ ਗਿਆ ਹੈ। ਇਸ ਤਰ੍ਹਾਂ ਦੇ ਮਨੋਵਿਗਿਆਨਕ ਪ੍ਰਤੀਨਿਧਾਂ ਵਿੱਚ ਵਰਗੀਕਰਨ ਕਰਨ ਨਾਲ਼ ਇਨਕਲਾਬ ਵੱਲ ਲੇਖਕ ਦੇ ਰਵੱਈਏ ਦਾ ਬੁਨਿਆਦੀ ਸੁਆਲ ਪੂਰੀ ਤਰ੍ਹਾਂ ਅਣਡਿੱਠ ਹੋ ਜਾਂਦਾ ਹੈ। ਇੱਥੇ ਹੀ ਭ੍ਰਿਸ਼ਟ ਸਮਾਜਸ਼ਾਸਤਰ ‘ਆਤਮ-ਸੰਤੁਸ਼ਟ ਸੰਕੀਰਣਵਾਦ’ ਨਾਲ਼ ਇਕਮਿਕ ਹੋ ਜਾਂਦਾ ਹੈ।

ਸਾਹਿਤ ਦੇ ਇਤਿਹਾਸ ‘ਤੇ ਲਿਖੀਆਂ ਗਈ ਭ੍ਰਿਸ਼ਟ ਸਮਾਜਸ਼ਾਸਤਰੀ ਪਾਠ ਪੁਸਤਕਾਂ ਅੰਦਰ ਉਕਤ ਲੇਖਕਾਂ ਦੀਆਂ ਰਚਨਾਵਾਂ ਦੇ ਨਾਲ਼ ਅਤਿਅੰਤ ਜ਼ਾਲਮਾਨਾ ਸਲੂਕ ਕੀਤਾ ਗਿਆ ਹੈ। ਪੁਸ਼ਕਿਨ, ਗੋਗੋਲ ਅਤੇ ਤਾਲਸਤਾਏ ਦੀਆਂ ਰਚਨਾਵਾਂ ਨੂੰ ਕੁਲੀਨ ਜਮਾਤ ਦੇ ਘਰੇਲੂ ਮਾਮਲਿਆਂ ਦੀ ਛਾਂਵੇ, ਉਸ ਜਮਾਤ ਦੀ ‘ਬੁਰਜੂਆ ਕਾਇਆਪਲਟੀ’, ਉਸ ਦੇ ‘ਦਿਨੋ ਦਿਨ ਗਰੀਬ ਹੋਣ’ ਦੇ ਸੰਦਰਭ ਨਾਲ਼ ਜੋੜਕੇ ਵਿਆਖਿਆ ਕੀਤੀ ਗਈ ਹੈ। ਏਸੇ ਤਰ੍ਹਾਂ ਸ਼ੇਕਸਪੀਅਰ, ਮੋਲਿਅਰ, ਗੇਟੇ ਨਾਲ਼ ਵੀ ਹੋਇਆ ਹੈ। ਪਰ ਇਹ ਕਾਰਨਾਮੇ ਮਨੁੱਖਤਾ ਦੇ ਕਲਾ ਇਤਿਹਾਸ ਨੂੰ ਦੂਸ਼ਤ ਅਤੇ ਨਿੰਦਤ ਕਰਦੇ ਹਨ, ਇਹ ਕੰਮ ਲੈਨਿਨ ਦੇ ਉਸ ਜਮਾਤੀ ਵਿਸ਼ਲੇਸ਼ਣ ਨਾਲ਼ੋਂ ਪੂਰੀ ਤਰ੍ਹਾਂ ਉਲ਼ਟ ਹੈ ਜਿਸ ਵਿੱਚ, ਕਲਾ ਦੇ ਇਤਿਹਾਸ ਵਿੱਚ ਜੋ ਕੁਝ ਮਹਾਨ ਰਚਿਆ ਗਿਆ ਹੈ, ਉਸ ਨੂੰ ਪੇਸ਼ ਕੀਤਾ ਗਿਆ ਹੈ ਅਤੇ ਜਿਸ ਵਿੱਚ ਪੁਰਾਣੇ ਸਭਿਆਚਾਰ ਦੇ ਜਮਹੂਰੀ ਅਤੇ ਸਮਾਜਵਾਦੀ ਤੱਤਾਂ ਨਾਲ਼ ਉਨ੍ਹਾਂ ਰਚਨਾਵਾਂ ਦੇ ਸਬੰਧ ਨੂੰ ਵੀ ਰੇਖਾਂਕਤ ਕੀਤਾ ਗਿਆ ਹੈ। ਲੈਨਿਨਵਾਦ ਸਾਨੂੰ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਕਲਾ ਕ੍ਰਿਤਾਂ ਦੇ ਇਤਿਹਾਸਕ ਸਾਰਤੱਤ ਨੂੰ ਵੱਖਰਾਇਆ ਜਾਵੇ, ਉਨ੍ਹਾਂ ਦੇ ਅੰਦਰ ਦੇ ਤੱਤਾਂ ‘ਚੋਂ ਮ੍ਰਿਤ ਅਤੇ ਜੀਵਤ ਨੂੰ ਕਿਸ ਤਰਾਂ ਛਾਂਟਿਆ ਜਾਵੇ ਅਤੇ ਇਹ ਕਿਸ ਤਰ੍ਹਾਂ ਤੈਅ ਕੀਤਾ ਜਾਵੇ ਕਿ ਉਨ੍ਹਾਂ ‘ਚੋਂ ਭਵਿੱਖ ਦੇ ਕੰਮ ਦੀਆਂ ਕੀ-ਕੀ ਚੀਜਾਂ ਹਨ ਅਤੇ ਗ਼ੁਲਾਮੀ ਭਰੇ ਅਤੀਤ ਦੀ ਛਾਪ ਕਿਸ-ਕਿਸ ਚੀਜ਼ ‘ਤੇ ਹੈ। ਇਸ ਤਰ੍ਹਾਂ ਦੀ ਠੋਸ ਸਮੀਖਿਆ ਦੁਆਰਾ ਹੀ ਸੱਚੇ ਅਰਥਾਂ ਵਿੱਚ ਜਮਾਤੀ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਇੱਥੇ ਸਾਨੂੰ ਭ੍ਰਿਸ਼ਟ ਸਮਾਜਸ਼ਾਸਤਰੀਆਂ ਦੀ ਇੱਕ ਭਾਰੀ ਗ਼ਲਤੀ ਨਜ਼ਰ ਆ ਜਾਂਦੀ ਹੈ। ਇਹ ਲੋਕ ਜੋ ਜਮਾਤਾਂ ਦੀਆਂ ਅਤੇ ਸਾਹਿਤ ਦੀਆਂ ਏਨੀਆਂ ਲੰਮੀਆਂ ਚੌੜੀਆਂ ਗੱਲਾਂ ਕਰਦੇ ਰਹਿੰਦੇ ਹਨ, ਯਥਾਰਥ ਵਿੱਚ ਜਮਾਤੀ ਘੋਲ਼ ਬਾਰੇ ਉੱਕਾ ਹੀ ਸਮਝ ਨਹੀਂ ਰੱਖਦੇ। ਅਸਲ ਵਿੱਚ ਤਾਂ ਉਹ ਜਮਾਤੀ ਘੋਲ਼ ਨੂੰ ਸਮਾਜਵਾਦ ਨਾਲੋਂ ਅੱਡ ਕਰ ਰਹੇ ਹਨ। ਭ੍ਰਿਸ਼ਟ ਸਮਾਜਸ਼ਾਸਤਰ ਦੇ ਖੋਖਲ਼ੇਪਣ ਦਾ ਅਧਾਰ ਲੈਨਿਨਵਾਦ ਨਹੀਂ ਸਗੋਂ ਜਮਾਤਾਂ ਦਾ ਬੁਰਜੂਆ ਮੈਨਸ਼ੇਵਿਕ ਸੰਕਲਪ ਹੀ ਹੈ।

ਅਸਲ ਵਿੱਚ, ਸਾਡੇ ਸਾਹਿਤ ਦੇ ਇਤਿਹਾਸਕਾਰਾਂ ਦਾ ਮੁੱਖ ਧੰਦਾ ਕੀ ਰਿਹਾ ਹੈ?  ਉਹ ਸਰਮਾਏਦਾਰੀ ਜਮਾਤ ਅਤੇ ਕੁਲੀਨ ਜਮਾਤ ਦੇ ਸਿਖ਼ਰਲੇ ਸਮੂਹਾਂ ਨੂੰ ਤਲਾਸ਼ਦੇ ਹਨ ਅਤੇ ਫਿਰ ਸ਼ੇਕਸਪੀਅਰ ਅਤੇ ਬਾਲਜ਼ਾਕ ਦੀਆਂ ਰਚਨਾਵਾਂ ਦਾ ਸਿਹਰਾ ਉਨ੍ਹਾਂ ਦੇ ਸਿਰ ਬੰਨ ਦਿੰਦੇ ਹਨ। ਸਾਡੇ ਸਮਾਜਸ਼ਾਸਤਰੀਆਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਲੱਗੇਗਾ ਕਿ ਜਿਵੇਂ ਦੁਨੀਆਂ ਦੀ ਕਲਾ ਦਾ ਸਾਰਾ ਇਤਿਹਾਸ ਕਿਸੇ ਸ਼ਿਕਾਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਪਰਜੀਵੀਆਂ ਦੇ ਝਗੜਿਆਂ ਨੂੰ ਪ੍ਰਗਟਾਉਂਦਾ ਹੈ, ਕੀ ਜਮਾਤੀ ਘੋਲ਼ ਸਿਰਫ਼ ਏਨੀ ਹੀ ਛੋਟੀ ਚੀਜ਼ ਹੈ? ਫਿਰ ਹਰ ਇਤਿਹਾਸਕ ਯੁੱਗ ਦੀਆਂ ਬੁਨਿਆਦੀ ਵਿਰੋਧਤਾਈਆਂ ਕਿੱਥੇ ਗਈਆਂ? ਜਾਇਦਾਦਧਾਰੇ ਅਤੇ ਜਾਇਦਾਦ ਵਿਹੂਣੀਆਂ ਜਮਾਤਾਂ ਦੇ ਅਰੁੱਕ ਘੋਲ਼ ਦਾ ਕੀ ਬਣਿਆ? ਲੋਕ ਕਿੱਥੇ ਗਏ? ਇਹ ਸੁਆਲ ਨਾ ਪੁੱਛੋ! ਇਹ ਸਭ ਪੁੱਛਣਾ ਫਜ਼ੂਲ ਹੈ। ਇਸਦੇ ਜੁਆਬ ਸਾਡੇ ਸਮਾਜਸ਼ਾਸਤਰੀਆਂ ਦੀਆਂ ਇਤਿਹਾਸਕ ਯੋਜਨਾਵਾਂ ਦੇ ਘੇਰੇ ਵਿੱਚ ਨਹੀਂ ਆਉਂਦੇ। ਉਹ ਤਾਂ ਸਿਰਫ਼ ‘ਨਵ ਜਨਮੀ’, ‘ਤਰੱਕੀਪਸੰਦ’ ‘ਉੱਭਰਦੀ ਹੋਈ’, ‘ਤਾਕਤਵਰ ਹੁੰਦੀ ਹੋਈ’, ‘ਪ੍ਰਪੱਕ ਹੁੰਦੀ ਹੋਈ’ ਸਰਮਾਏਦਾਰੀ ਜਮਾਤ ਦੇ ਕਸੀਦੇ ਪੜ੍ਹਨ ਵਿੱਚ ਹੀ ਸਭ ਤੋਂ ਜ਼ਿਆਦਾ ਮਾਹਰ ਹਨ। ਬੜੀ ਮਿਹਨਤ ਕਰਕੇ ਉਹ ਕਲਾ ਨੂੰ ਲੋਕਾਂ ਨਾਲ਼ੋਂ ਵੱਖਰਾ ਕਰ ਦਿੰਦੇ ਹਨ ਅਤੇ ਉਸ ਨੂੰ ਬੰਦ ਸ਼ਾਹੀ ਮਹਿਲਾਂ ਦੇ ਪਰਜੀਵੀਆਂ ਅਤੇ ਉੱਭਰਦੇ ਅਮੀਰਾਂ ਦੀ ਅਮਾਨਤ ਬਣਾ ਦਿੰਦੇ ਹਨ। ਇਸ ਤਰ੍ਹਾਂ ਪੁਸ਼ਕਿਨ ਦੀ ਕਵਿਤਾ ਦਾ ਸਿਹਰਾ ”ਸਰਮਾਏਦਾਰੀ ਜਮਾਤ ਵਿੱਚ ਵਟੀ ਜਮੀਨ ਮਾਲਕ ਜਮਾਤ’ ਨੂੰ ਦੇ ਦਿੰਦੇ ਹਨ, ਗੋਗੋਲ ‘ਹੇਠਲੀ ਕੁਲੀਨ ਜਮਾਤ’ ਨੂੰ ਭੇਂਟ ਕਰ ਦਿੱਤਾ ਜਾਂਦਾ ਹੈ। ਇਹ ਸਲੂਕ ਹੋਰਾਂ ਨਾਲ਼ ਹੁੰਦਾ ਹੈ।

ਪਰ ਸਾਨੂੰ ਦੱਸਿਆ ਜਾਂਦਾ ਹੈ ਕਿ ਅਤੀਤ ਦੀ ਕਲਾ ਵਿੱਚ ਲੋਕਾਂ ਦਾ ਆਪਣਾ ਕੋਈ ਬੁਲਾਰਾ ਨਹੀਂ ਹੁੰਦਾ; ਲਗਭਗ ਕੋਈ ਨਹੀਂ। ਕੁਝ ਹੱਦ ਤੱਕ ਇਹ ਠੀਕ ਹੈ। ਪਰ ਇਸ ਦਾ ਇਹ ਅਰਥ ਉੱਕਾ ਹੀ ਨਹੀਂ ਕਿ ਕਲਾ ਅਤੇ ਸਾਹਿਤ ਦਾ ਵਿਕਾਸ ਵਿਸ਼ਾਲ ਮਨੁੱਖੀ ਲੋਕ ਸਮੂਹ ਦੇ ਕਿਸੇ ਵੀ ਪ੍ਰਭਾਵ ਦੇ ਬਿਨਾਂ ਹੀ ਹੋ ਗਿਆ ਹੈ। ਸਾਲਤੀਕੋਵ-ਸ਼ਚੇਦ੍ਰੀਨ, ਇਸ ਮਾਮਲੇ ਵਿੱਚ, ਸਾਡੇ ਅਰਧ-ਮਾਰਕਸਵਾਦੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਲੈਨਿਨ ਦੇ ਨੇੜੇ ਹੈ। ਸ਼ਚੇਦ੍ਰੀਨ ਨੇ ਕਿਹਾ ਹੈ :

“ਚੰਗੀਆਂ ਅਤੇ ਬੁਰੀਆਂ ਸਰਗਰਮ ਤਾਕਤਾਂ ਦੇ ਇਲਾਵਾ ਇੱਕ ਅਜਿਹਾ ਨਿਸ਼ਚਤ ਨਿੱਸਲ਼ ਕਾਰਕ ਵੀ ਕੰਮ ਕਰਦਾ ਰਹਿੰਦਾ ਹੈ ਜੋ ਪ੍ਰਭਾਵ ਦੇ ਰੂਪ ਵਿੱਚ ਸਰਗਰਮ ਰਿਹਾ ਹੈ। ਇਸ ਕਾਰਕ ਨੂੰ ਅੱਖੋਂ ਪਰੋਖੇ ਕਰਨਾ ਨਾ ਮੁਮਕਿਨ ਹੈ, ਭਾਵੇਂ ਕੋਈ ਲੇਖਕ ਸਮੱਗਰੀ ਨੂੰ ਇਕੱਠਾ ਕਰਨ ਦਾ ਬਹਾਨਾ ਹੀ ਕਿਉਂ ਨਾ ਕਰ ਰਿਹਾ ਹੋਵੇ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਇਸ ਕਾਰਕ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਜਾਂਦਾ, ਇਸ ਲਈ ਲਗਦਾ ਹੈ ਕਿ ਉਸ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ; ਪਰ ਇਹ ਉਮੀਦ ਇੱਕ ਭਰਮ ਹੈ। ਸੱਚਾਈ ਇਹ ਹੈ ਕਿ ਉਹ ਨਿੱਸਲ਼ ਕਾਰਕ ਕਿਸੇ ਵੀ ਲੇਖਕ ਦੁਆਰਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਏਸੇ ਕਾਰਕ ਅੰਦਰ ‘ਇਹ ਆਦਮੀ ਲੁਕਿਆ ਹੈ ਜੋ ਜੂਠੀਆਂ ਹੱਡੀਆਂ ਚੱਬ ਕੇ ਜਿਉਂਦਾ ਰਹਿੰਦਾ ਹੈ।’ ਕੀ ਉਹ ਸੱਚਮੁੱਚ ਹੀ ਕਿਤੇ ਹੋਂਦ ਵਿੱਚ ਹੈ ਜਾਂ ਲੁਕਿਆ ਹੋਇਆ ਰਹਿੰਦਾ ਹੈ?  ਮੈਨੂੰ ਲਗਦਾ ਹੈ ਕਿ, ਭਾਵੇਂ ਉਹ ਜ਼ਿਆਦਾਤਰ ਲੁਕਿਆ ਰਹਿੰਦਾ ਹੈ, ਫਿਰ ਵੀ ਕਾਫ਼ੀ ਹੱਦ ਤੱਕ ਉਹ ਆਪਣੀ ਹੋਂਦ ਦਾ ਬੋਧ ਕਰਾਉਂਦਾ ਰਹਿੰਦਾ ਹੈ।”

‘ਉਹ ਆਦਮੀ ਜੋ ਜੂਠੀਆਂ ਹੱਡੀਆਂ ਚੱਬ ਕੇ ਜਿਉਂਦਾ ਰਹਿੰਦਾ ਹੈ’ ਅਜਿਹਾ ਕਿਸਾਨ ਹੈ ਜੋ ਇੱਕ ਅਜੀਬ ਜੀਵ ਹੈ, ਜਿਸ ਵੱਲ ਕਦੀ ਲਾ ਬੂਇਆ ਦਾ ਧਿਆਨ ਗਿਆ ਸੀ। ਉਹ ਉਸ ਨੂੰ ਫਰਾਂਸ ਦੇ ਪੇਂਡੂ ਇਲਾਕੇ ਵਿੱਚ ਦਿਸਿਆ ਸੀ। ਇਹ ਉਹੀ ਕਿਸਾਨ ਹੈ, ਜੋ ਪ੍ਰਸਿਧ ਫਰਾਂਸੀਸੀ ਲੇਖ ਲੇਖਕ ਮੋਨਤੇਨ ਦੀ ਇੱਕ ਟਿੱਪਣੀ ਦੀ ਅਨੁਸਾਰ, ਰਾਜਿਆਂ ਨਾਲ਼ੋਂ ਸਿਰਫ਼ ਇਸ ਗੱਲ ਵਿੱਚ ਵੱਖਰਾ ਹੈ ਕਿ ਉਸ ਦਾ ਪਜਾਮਾ ਵੱਖਰੀ ਤਰ੍ਹਾਂ ਦਾ ਹੈ। ਇਹ ਗੱਲ ਕੋਈ ਕਿਵੇਂ ਕਹਿ ਸਕਦਾ ਹੈ ਕਿ ਸਾਹਿਤ ਦਾ ਵਿਕਾਸ ਇਸ ਕਿਸਾਨ, ਇਸ ਮਜ਼ਦੂਰ ਅਤੇ ਸਾਮਰਾਜਵਾਦੀ ਯੁੱਧ ਲੜ ਕੇ ਯੁੱਧ ਭੂਮੀ ‘ਚੋਂ ਪਰਤਦੇ ਫੌਜੀ ਦੇ ਪ੍ਰਭਾਵ ਦੇ ਬਿਨਾਂ ਹੀ ਹੋ ਗਿਆ? ਲੈਨਿਨ ਨੇ ‘ਵੇਖੀ’ ਗਰੁੱਪ ਦੇ ਉਨ੍ਹਾਂ ਸਮਾਜਸ਼ਾਸਤਰੀ ਲੇਖਕਾਂ ਦੇ ਵਿਚਾਰਾਂ ਦਾ ਜ਼ੋਰਦਾਰ ਖੰਡਨ ਕੀਤਾ ਸੀ ਜੋ ਉੱਨੀਵੀਂ ਸਦੀ ਦੇ ਲੇਖਕਾਂ ਅਤੇ ਅਲੋਚਕਾਂ ਨੂੰ ਕਿਸਾਨਾਂ ਅਤੇ ਜ਼ਮੀਨ ਗ਼ੁਲਾਮਾਂ ਦੀ ਮਨੋਦਸ਼ਾ ਨਾਲ਼ੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਾਲਸਤਾਏ ਦੀ ਉਦਾਹਰਣ ਤੋਂ ਅਸੀਂ ਜਾਣ ਚੁੱਕੇ ਹਾਂ ਕਿ ਕਿਸ ਤਰ੍ਹਾਂ ਕੁਲੀਨ ਜਮਾਤ ਵਿੱਚ ਪੈਦਾ ਹੋਇਆ ਇਹ ਮਹਾਨ ਲੇਖਕ ਲੋਕਾਂ ਦੀਆਂ ਵਿਰੋਧਤਾਈਆਂ ਨੂੰ ਪ੍ਰਤੀਬਿੰਬਤ ਕਰ ਰਿਹਾ ਸੀ। ਕਲਾ ਦੀ ਲੋਕਪ੍ਰਿਅਤਾ ਦੀਆਂ ਜੜ੍ਹਾਂ ਕਿੱਥੇ ਹੁੰਦੀਆਂ ਹਨ; ਕਿਸ ਤਰ੍ਹਾਂ ਕਲਾ ਸਿਰਜਣਾ ਨੂੰ ਉਸ ਵਕਤ ਖੋਰਾ ਲੱਗਣ ਲੱਗਦਾ ਹੈ ਜਦ ਸੱਭਿਆਚਾਰ ਦੇ ਜਮਹੂਰੀ ਅਧਾਰ ਨਾਲ਼ੋਂ ਕਲਾਕਾਰ ਜਾਂ ਲੇਖਕ ਨਿੱਖੜ ਜਾਂਦੇ ਹਨ ਅਤੇ ‘ਹਾਕਮ ਜਮਾਤ ਦੇ ਵਿਚਾਰਧਾਰਕ ਪੁਰਜੇ’ (ਜਿਹਾ ਕਿ ਮਾਰਕਸ ਨੇ ਮਗਰਲੇ ਦਿਨਾਂ ਵਿੱਚ ਦੱਸਿਆ ਸੀ) ਬਣ ਜਾਂਦੇ ਹਨ; ਇਨ੍ਹਾਂ ਮੁੱਦਿਆਂ ਨੂੰ ਅਠਾਰਵੀਂ ਸਦੀ ਦੇ ਵੀਕੋ, ਵਿੰਕਲਮਾਨ, ਫਰਗੁਸਨ ਅਤੇ ਹੋਰ ਅਨੇਕ ਜਮਹੂਰੀ ਲੇਖਕਾਂ ਨੇ ਸਪਸ਼ੱਟ ਰੇਖਾਂਕਤ ਕੀਤਾ ਸੀ, ਇਹ ਸਮਝ ਅਤੀਤ ਦੇ ਸਾਰੇ ਇਨਕਲਾਬੀ ਰਚਨਾਕਾਰਾਂ ਵਿਚਾਰਕਾਂ ਵਿੱਚ ਆਮ ਤੌਰ ‘ਤੇ ਪਾਈ ਜਾਂਦੀ ਸੀ। ਇਸ ਆਸਥਾ ਨੇ ਬੇਲਿੰਸਕੀ ਨੂੰ ਪ੍ਰੇਰਤ ਕੀਤਾ ਸੀ ਜੋ ਗੋਗੋਲ ਦੇ ਨਾਂ ਲਿਖੇ ਉਨ੍ਹਾਂ ਦੇ ਖ਼ਤਾਂ ਵਿੱਚ ਝਲਕਦੀ ਹੈ। ਇਹੀ ਆਸਥਾ ਲੈਨਿਨ ਦੁਆਰਾ ਪ੍ਰਗਟਾਏ ਤਾਲਸਤਾਏ ਬਾਰੇ ਉਨ੍ਹਾਂ ਦੇ ਵਿਚਾਰਾਂ ਵਿੱਚ ਮੌਜੂਦ ਹੈ। ਲੈਨਿਨ ਨੇ ਕਲਾਰਾ ਜੈਟਕਿਨ ਨੂੰ ਕਿਹਾ ਸੀ : “ਕਲਾ ਲੋਕਾਂ ਦੀ ਅਮਾਨਤ ਹੈ। ਇਸ ਦੀਆਂ ਜੜ੍ਹਾਂ ਮਜ਼ਦੂਰ ਜਮਾਤ ਦੇ ਵਿਆਪਕ ਸਮੂਹ ਅੰਦਰ ਸਭ ਤੋਂ ਡੂੰਘੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਕਲਾ ਨੂੰ ਸਮਝਣਾ ਅਤੇ ਪਿਆਰ ਕਰਨਾ ਚਾਹੀਦਾ ਹੈ।” (ਉਹੀ, ਪੰਨਾ 251)

ਸਾਹਿਤ ਵਿੱਚ ਜਮਾਤੀ ਘੋਲ਼ ਦਾ ਅਰਥ ਗਲਬੇ ਅਤੇ ਗ਼ੁਲਾਮੀ ਦੀ ਵਿਚਾਰਧਾਰਾ ਖਿਲਾਫ਼ ਲੋਕਾਂ ਦੀਆਂ ਪ੍ਰਵਿਰਤੀਆਂ ਅਤੇ ਘੋਲ਼, ਧਾਰਮਿਕ ਬਾਂਝਪਨ, ਬੇਰਹਿਮੀ, ਹਲੀਮੀ, ਗੁਸਤਾਖ਼ੀ ਅਤੇ ਚਾਪਲੂਸੀ ਦੇ ਖਿਲਾਫ਼ ਉਨ੍ਹਾਂ ਦਾ ਘੋਲ਼ ਹੈ। ਇਸ ਜਮਾਤੀ ਨਜ਼ਰੀਏ ਨੂੰ ਸੰਸਾਰ ਦੀ ਕਲਾ ਦੇ ਸਮੁੱਚੇ ਇਤਿਹਾਸ ‘ਤੇ ਲਾਗੂ ਕਰਨ ਦਾ ਅਰਥ ਇਹ ਉੱਕਾ ਹੀ ਨਹੀਂ ਕਿ ਕਲਾਕ੍ਰਿਤਾਂ ਨੂੰ ਵੱਖ-ਵੱਖ ਸਮਾਜਕ ਸਮੂਹਾਂ ਦੇ ਖਾਨਿਆਂ ਜਾਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਵੇ। ਇਹ ਬਿਲਕੁਲ ਠੀਕ ਨਹੀਂ; ਜ਼ਰੂਰੀ ਇਹ ਹੈ ਕਿ ਕਲਾ ਦੀ ਵਿਰਾਸਤ ਨੂੰ ਯਥਾਰਥਵਾਦੀ ਢੰਗ ਨਾਲ਼ ਸਮਝਿਆ ਜਾਵੇ ਅਤੇ ਉਸ ਦੇ ਅੰਦਰ ਜੋ ਕੁਝ ਮਹਾਨ ਹੈ ਉਸ ਦਾ ਮੁਲਾਂਕਣ ਕੀਤਾ ਜਾਵੇ; ਉਸ ਦੇ ਭਟਕਾਵਾਂ, ਉਸ ਦੇ ਨਿਘਾਰ, ਉਸ ਦੀਆਂ ਵਿਰੋਧਤਾਈਆਂ ਨੂੰ ਸਮਝਿਆ ਜਾਵੇ ਅਤੇ ਬਾਅਦ ਵਿੱਚ ਮੁਕਾਬਲਤਨ ਜ਼ਿਆਦਾ ਸਪੱਸ਼ਟ ਹੋਏ ਜਮਾਤੀ ਵੰਡ ਦੀ ਰੇਖਾ ਦੇ ਪ੍ਰਕਾਸ਼ ਵਿੱਚ, ਪ੍ਰੋਲੇਤਾਰੀ ਦੇ ਸਮਕਾਲੀ ਘੋਲ਼ ਦੇ ਪ੍ਰਕਾਸ਼ ਵਿੱਚ, ਉਸ ਨੂੰ ਪਰਖਿਆ ਜਾਵੇ।

ਅਖੌਤੀ ‘ਸਮਾਜਸ਼ਾਸਤਰ’ ਜਿਸ ਵਿੱਚ ਮਾਰਕਸਵਾਦ ਦੇ ਨਾਂ ‘ਤੇ ਪਥਰਾਈ ਤਫ਼ਸੀਲਬਾਜ਼ੀ ਪੇਸ਼ ਕੀਤੀ ਜਾ ਰਹੀ ਹੈ, ਲੈਨਿਨਵਾਦ ਦੀ ਥਾਂ ਸਮਕਾਲੀ ਬੁਰਜੂਆ ਚਿੰਤਨ ਦੇ ਆਧੁਨਿਕ ਸੰਸਕਰਣਾਂ ਦੇ ਜ਼ਿਆਦਾ ਨੇੜੇ ਹੈ (ਉਦਾਹਰਣ ਵਜੋਂ ਜਰਮਨੀ ਵਿੱਚ ਪ੍ਰਚੱਲਤ ‘ਗਿਆਨ ਦਾ ਸਮਾਜਸਾਸਤਰ’ ਨੂੰ ਦੇਖਿਆ ਜਾ ਸਕਦਾ ਹੈ।) ਇਸ ਤਰ੍ਹਾਂ ਦਾ ਸਮਾਜਸ਼ਾਸਤਰ ਬੇਲਿੰਸਕੀ, ਚੇਰਨੀਸ਼ਵੇਕਸੀ ਅਤੇ ਦੋਬਰੋਲਿਉਲੋਵ ਦੀ ਸਰਵੋਤਮ ਰੂਸੀ ਜਮਹੂਰੀ ਸਮੀਖਿਆ ਰਵਾਇਤ ਨਾਲ਼ ਵੀ ਨਹੀਂ ਜੁੜਦਾ, ਉਹ ਉਸ ਨਾਲ਼ੋਂ ਨਿੱਖੜਿਆ ਹੋਇਆ ਹੈ। ਉਸ ਰਚਨਾਤਮਕ ਮਾਰਕਸਵਾਦ ਵਿੱਚ ਜਿਸ ਨੇ ਸਾਡੇ ਇਨਕਲਾਬ ਨੂੰ ਪੈਰ ਪੈਰ ‘ਤੇ ਰਾਹ ਦਿਖਾਇਆ ਹੈ ਅਤੇ ਅਕਾਉ ਅਤੇ ਬਣਾਉਟੀ ਮਾਰਕਸਵਾਦੀ ਪੰਡਤਾਊ ਪ੍ਰਦਰਸ਼ਨ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ ਜੋ ਸਾਡੇ ਸਾਹਿਤ ਦਾ ਹਾਲੇ ਤੱਕ ਗਲ਼ਾ ਘੁੱਟ ਰਿਹਾ ਹੈ। ਇਸ ਨੂੰ ਸਾਡੀ ਸਾਹਿਤ ਸਮੀਖਿਆ ਦਾ ਪਛੜੇਵਾਂ ਜਾਂ ਕੁਝ ਹੋਰ ਮੰਨਿਆ ਜਾ ਸਕਦਾ ਹੈ, ਪਰ ਹੈ ਇਹ ਇੱਕ ਸੱਚਾਈ। ਇੱਕ ਪਾਸੇ ਕੱਟੜਵਾਦੀ ਮਾਰਕਸਵਾਦ ਹੈ ਅਤੇ ਦੂਜੇ ਪਾਸੇ ਅਜਿਹਾ ਮਾਰਕਸਵਾਦ ਹੈ ਜੋ ਰਚਨਾਤਮਕ ਹੈ, ਜੀਵੰਤ ਹੈ, ਵੰਨ-ਸੁਵੰਨਾ ਹੈ, ਸਾਰੇ ਅਧਿਆਪਕੀ ਅਤੇ ਸੰਕੀਰਣਵਾਦੀ ਇਲਜ਼ਾਮਾਂ ਤੋਂ ਮੁਕਤ ਹੈ। ਇਹ ਮਾਰਕਸਵਾਦ ਇਨਕਲਾਬੀ ਦਵੰਦਵਾਦ ਦੀ ਭਾਵਨਾ ਨਾਲ਼ ਭਰਪੂਰ ਹੈ। ਇਹੀ ਲੈਨਿਨਵਾਦ ਹੈ ਅਤੇ ਏਸੇ ਦੀ ਅਸੀਂ ਹਮਾਇਤ ਕਰਦੇ ਹਾਂ।  

ਅਨੁਵਾਦ – ਕੁਲਵਿੰਦਰ          

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s