ਵਲਾਦੀਮੀਰ ਇਲੀਚ ਲੈਨਿਨ

lenin

 ਪੀ.ਡੀ.ਐਫ਼ ਡਾਊਨਲੋਡ ਕਰੋ

 ”ਸਿਆਸੀ ਲਹਿਰ ਦੇ ਲੋੜੀਂਦੇ ਪਸਾਰ ਲਈ ਬੁਨਿਆਦੀ ਸ਼ਰਤ ਸਰਬੰਗੀ ਰਾਜਸੀ ਪਾਜ-ਉਘੜਾਈ ਨੂੰ ਜੱਥੇਬੰਦ ਕਰਨਾ ਹੈ। ਇਹੋ ਜਿਹੀਆਂ ਪਾਜ਼-ਉਘੜਾਈਆਂ ਤੋਂ ਛੁੱਟ ਹੋਰ ਕਿਸੇ ਸਾਧਨ ਰਾਹੀਂ ਵੀ ਲੋਕਾਂ ਨੂੰ ਸਿਆਸੀ ਚੇਤਨਤਾ ਤੇ ਇਨਕਲਾਬੀ ਸਰਗਰਮੀ ਵਿੱਚ ਸਿਖਲਾਈ ਨਹੀਂ ਦਿੱਤੀ ਜਾ ਸਕਦੀ। ਇਸ ਲਈ, ਇਸ ਤਰ੍ਹਾਂ ਦੀ ਸਰਗਰਮੀ ਸਮੁੱਚੇ ਤੌਰ ਉੱਤੇ ਕੌਮਾਂਤਰੀ ਸਮਾਜਿਕ-ਜਮਹੂਰੀਅਤ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿਚੋਂ ਇੱਕ ਹੈ, ਕਿਉਂਕਿ ਸਿਆਸੀ ਅਜ਼ਾਦੀ ਵੀ ਕਿਸੇ ਤਰ੍ਹਾਂ ਬੇਨਕਾਬ ਕਰਨ ਨੂੰ ਖਤਮ ਨਹੀਂ ਕਰਦੀ, ਇਹ ਸਿਰਫ਼ ਇਸਦੇ ਸੇਧ ਦੇ ਖੇਤਰ ਨੂੰ ਕੁੱਝ ਬਦਲ ਦੇਂਦੀ ਹੈ। ਇਸ ਤਰ੍ਹਾਂ, ਜਰਮਨ ਪਾਰਟੀ ਖਾਸ ਕਰਕੇ ਉਸ ਅਣਥੱਕ ਤਾਕਤ ਦੇ ਸਿਰ ਸਦਕਾ, ਜਿਸ ਨਾਲ਼ ਇਹ ਰਾਜਸੀ ਪਾਜ-ਉਘੜਾਈ ਦੀ ਆਪਣੀ ਮੁਹਿੰਮ ਚਲਾ ਰਹੀ ਹੈ, ਆਪਣੀਆਂ ਪੁਜ਼ੀਸ਼ਨਾਂ ਨੂੰ ਖਾਸ ਕਰਕੇ ਮਜ਼ਬੂਤ ਕਰ ਰਹੀ ਹੈ ਤੇ ਆਪਣੇ ਪ੍ਰਭਾਵ ਨੂੰ ਫੈਲਾ ਰਹੀ ਹੈ। ਮਜ਼ਦੂਰ ਜਮਾਤ ਚੇਤਨਤਾ ਅਸਲੀ ਰਾਜਸੀ ਚੇਤਨਤਾ ਨਹੀਂ ਹੋ ਸਕਦੀ ਜਦੋਂ ਤੱਕ ਮਜ਼ਦੂਰ ਨੂੰ ਜ਼ੁਲਮ, ਜਬਰ, ਹਿੰਸਾ ਤੇ ਦੁਰਵਿਹਾਰ ਦੀਆਂ ਸਾਰੀਆਂ ਘਟਨਾਵਾਂ ਵੱਲ ਪ੍ਰਤਿਕਰਮ ਦੇਣਾ ਨਹੀਂ ਸਿਖਲਾਇਆ ਜਾਂਦਾ, ਭਾਵੇਂ ਇਹਨਾਂ ਦੀ ਸ਼ਿਕਾਰ ਕੋਈ ਵੀ ਜਮਾਤ ਹੋ ਰਹੀ ਹੋਵੇ—ਜਦੋਂ ਤੱਕ, ਇਸ ਤੋਂ ਇਲਾਵਾ, ਉਹਨਾਂ ਨੂੰ ਸਮਾਜਕ-ਜਮਹੂਰੀ ਨਜ਼ਰੀਏ ਤੋਂ, ਨਾ ਕਿ ਕਿਸੇ ਹੋਰ ਤੋਂ, ਪ੍ਰਤਿਕਰਮ ਦੇਣਾ ਨਹੀਂ ਸਿਖਾਇਆ ਜਾਂਦਾ। ਮਜ਼ਦੂਰ ਲੋਕਾਂ ਦੀ ਚੇਤਨਤਾ ਅਸਲੀ ਜਮਾਤੀ ਚੇਤਨਤਾ ਨਹੀਂ ਹੋ ਸਕਦੀ, ਜਦੋਂ ਤੱਕ ਮਜ਼ਦੂਰ ਠੋਸ ਤੇ, ਪਹਿਲੀ ਥਾਂ ਉੱਤੇ, ਭਖਦੇ ਸਿਆਸੀ ਤੱਥਾਂ ਤੇ ਘਟਨਾਵਾਂ ਤੋਂ ਹਰ ਦੂਜੀ ਸਮਾਜਕ ਜਮਾਤ ਨੂੰ, ਉਸਦੇ ਬੌਧਕ, ਸਦਾਚਾਰਕ ਤੇ ਰਾਜਸੀ ਜੀਵਨ ਦੇ ਸਾਰੇ ਪ੍ਰਗਟਾਵਾਂ ਵਿੱਚ, ਦੇਖਣਾ ਨਹੀਂ ਸਿੱਖ ਲੈਂਦੇ; ਜਦੋਂ ਤੱਕ ਉਹ ਸਾਰੀਆਂ ਜਮਾਤਾਂ, ਵੱਸੋਂ ਦੇ ਸਾਰੇ ਤਬਕਿਆਂ ਤੇ ਗਰੁੱਪਾਂ ਦੇ ਜੀਵਨ ਤੇ ਸਰਗਰਮੀ ਦੇ ਸਾਰੇ ਪੱਖਾਂ ਦਾ ਪਦਾਰਥਵਾਦੀ ਵਿਸ਼ਲੇਸ਼ਣ ਕਰਨਾ ਤੇ ਪਦਾਰਥਵਾਦੀ ਜਾਇਜ਼ਾ ਲੈਣਾ ਨਹੀਂ ਸਿੱਖ ਲੈਂਦੇ। ਜਿਹੜੇ ਲੋਕ ਮਜ਼ਦੂਰ ਜਮਾਤ ਦਾ ਧਿਆਨ, ਨਿਰੀਖਣ ਤੇ ਚੇਤਨਤਾ ਨੂੰ ਨਿਰੋਲ ਤੌਰ ਉੱਤੇ, ਜਾਂ ਮੁੱਖ ਤੌਰ ਉੱਤੇ ਵੀ, ਸਿਰਫ਼ ਇਸਦੇ ਆਪਣੇ ਆਪ ਉੱਤੇ ਹੀ ਕੇਂਦਰਿਤ ਕਰਦੇ ਹਨ, ਉਹ ਸਮਾਜਕ-ਜਮਹੂਰੀ ਨਹੀਂ ਹਨ; ਕਿਉਂਕਿ ਮਜ਼ਦੂਰ ਜਮਾਤ ਦਾ ਸਵੈਵਿਗਿਆਨ ਨਾ ਸਿਰਫ਼ ਪੂਰੀ ਤਰ੍ਹਾਂ ਸਪੱਸ਼ਟ ਸਿਧਾਂਤਕ ਸੂਝ ਨਾਲ਼ ਹੀ… ਇਹ ਕਹਿਣਾ ਹੋਰ ਵੀ ਜ਼ਿਆਦਾ ਠੀਕ ਹੋਵੇਗਾ, ਏਨਾਂ ਸਿਧਾਂਤਕ ਸੂਝ ਨਾਲ਼ ਨਹੀਂ, ਜਿੰਨਾਂ ਆਧੁਨਿਕ ਸਮਾਜ ਦੀਆਂ ਸਾਰੀਆਂ ਵੱਖੋ-ਵੱਖਰੀਆਂ ਜਮਾਤਾਂ ਵਿਚਲੇ ਸਬੰਧਾਂ ਦੀ ਅਮਲੀ ਸੂਝ ਨਾਲ਼, ਜਿਹੜੀ ਰਾਜਸੀ ਜੀਵਨ ਦੇ ਤਜਰਬੇ ਰਾਹੀਂ ਪ੍ਰਾਪਤ ਕੀਤੀ ਗਈ ਹੋਵੇ, ਅਨਿੱਖੜ ਤੌਰ ਉੱਤੇ ਬੱਝਾ ਹੋਇਆ ਹੈ। ਇਸ ਕਰਕੇ ਲੋਕਾਂ ਨੂੰ ਰਾਜਸੀ ਸਰਗਰਮੀ ਵਿੱਚ ਖਿੱਚਣ ਦੇ ਸਭ ਤੋਂ ਵੱਧ ਵਿਸ਼ਾਲ ਤੌਰ ਉੱਤੇ ਵਰਤੋਂ ਵਿੱਚ ਆਉਣ ਯੋਗ ਸਾਧਨ ਵਜੋਂ ਆਰਥਕ ਘੋਲ਼ ਦਾ ਸੰਕਲਪ, ਜਿਸ ਨੂੰ ਸਾਡੇ ”ਆਰਥਕਤਾਵਾਦੀਏ” ਪ੍ਰਚਾਰਦੇ ਹਨ, ਆਪਣੀ ਅਮਲੀ ਮਹੱਤਤਾ ਵਿੱਚ ਏਨਾਂ ਅਤਿ ਦਾ ਹਾਨੀਕਾਰਕ ਤੇ ਪਿਛਾਂਹਖਿੱਚੂ ਹੈ। ਸਮਾਜਕ-ਜਮਹੂਰੀ ਬਣਨ ਲਈ, ਮਜ਼ਦੂਰ ਨੂੰ ਆਪਣੇ ਦਿਮਾਗ ਵਿੱਚ ਭੂਮੀਪਤੀ ਤੇ ਪਾਦਰੀ ਦੇ, ਉੱਚ ਰਾਜਕੀ ਅਧਿਕਾਰੀ ਤੇ ਕਿਸਾਨ ਦੇ, ਵਿਦਿਆਰਥੀ ਤੇ ਆਵਾਰਾ ਬੰਦੇ ਦੇ ਆਰਥਕ ਖਾਸੇ ਤੇ ਸਮਾਜਕ ਤੇ ਰਾਜਸੀ ਲੱਛਣਾਂ ਦੀ ਸਪੱਸ਼ਟ ਤਸਵੀਰ ਰੱਖਣੀ ਚਾਹੀਦੀ ਹੈ; ਉਸ ਨੂੰ ਉਨ੍ਹਾਂ ਦੇ ਤਗੜੇ ਤੇ ਕਮਜ਼ੋਰ ਨੁਕਤਿਆਂ ਦਾ ਪਤਾ ਹੋਣਾ ਚਾਹੀਦਾ ਹੈ; ਉਸ ਨੂੰ ਉਹ ਸਾਰੇ ਰਸਮੀ ਬੋਲੇ ਤੇ ਭੁਲਾਂਦਰੇ ਸਮਝਣੇ ਚਾਹੀਦੇ ਹਨ ਜਿਨ੍ਹਾਂ ਨਾਲ਼ ਹਰ ਜਮਾਤ ਤੇ ਹਰ ਤਬਕਾ ਆਪਣੀਆਂ ਖੁਦਗਰਜ਼ ਕੋਸ਼ਿਸ਼ਾਂ ਤੇ ਆਪਣੇ ਅਸਲੀ ”ਅੰਦਰਲੇ ਅਮਲਾਂ” ਨੂੰ ਲੁਕਾਉਂਦਾ ਹੈ; ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਿਸ਼ਚਿਤ ਸੰਸਥਾਵਾਂ ਤੇ ਨਿਸ਼ਚਿਤ ਕਨੂੰਨ ਕਿਹੜੇ ਹਿੱਤਾਂ ਨੂੰ ਪ੍ਰਗਟ ਕਰਦੇ ਹਨ ਤੇ ਕਿਵੇਂ ਪ੍ਰਗਟ ਕਰਦੇ ਹਨ। ਪਰ ਇਹ ”ਸਪੱਸ਼ਟ ਤਸਵੀਰ” ਕਿਸੇ ਕਿਤਾਬ ਤੋਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਇਹ ਸਿਰਫ਼ ਜਿਊਂਦੀਆਂ-ਜਾਗਦੀਆਂ ਉਦਾਹਰਣਾਂ ਤੋਂ, ਤੇ ਪਾਜ-ਉਘੜਾਈਆਂ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਹੜੀਆਂ ਉਸ ਸਭ ਕੁਝ ਦੇ ਬਿਲਕੁਲ ਮਗਰ ਮਗਰ ਚਲਦੀਆਂ ਹਨ ਜੋ ਕੁਝ ਕਿਸੇ ਖਾਸ ਘੜੀ ਸਾਡੇ ਦੁਆਲੇ ਵਾਪਰ ਰਿਹਾ ਹੁੰਦਾ ਹੈ; ਉਸ ਸਭ ਕੁਝ ਦੇ, ਜਿਸ ਉੱਪਰ ਹਰ ਕੋਈ ਆਪਣੇ ਹੀ ਤਰੀਕੇ ਨਾਲ਼, ਸ਼ਾਇਦ ਕਾਨਾਫੂਸੀ ਨਾਲ਼, ਬਹਿਸ ਕਰ ਰਿਹਾ ਹੈ; ਜੋ ਕੁਝ ਫਲਾਣੀ ਫਲਾਣੀ ਘਟਨਾ ਵਿੱਚ, ਫਲਾਣੇ ਫਲਾਣੇ ਅੰਕੜਿਆਂ ਵਿੱਚ, ਫਲਾਣੇ ਫਲਾਣੇ ਅਦਾਲਤੀ ਫੈਸਲਿਆਂ ਆਦਿ ਵਿੱਚ ਪ੍ਰਗਟ ਹੁੰਦਾ ਹੈ। ਇਹ ਸਰਬੰਗੀ ਰਾਜਸੀ ਪਾਜ-ਉਘੜਾਈਆਂ ਲੋਕਾਂ ਨੂੰ ਇਨਕਲਾਬੀ ਸਰਗਰਮੀ ਵਿੱਚ ਸਿਖਲਾਈ ਦੇਣ ਲਈ ਲਾਜ਼ਮੀ ਤੇ ਬੁਨਿਆਦੀ ਸ਼ਰਤ ਹਨ।

(ਲੈਨਿਨ; ਟਰੇਡ ਯੂਨੀਅਨਾਂ ਬਾਰੇ; ਪੰਨੇ 97-99;)

 ”ਸੋਸ਼ਲ-ਡੈਮੋਕਰੈਟ ਦਾ ਆਦਰਸ਼ ਟਰੇਡ ਯੂਨੀਅਨ ਸਕੱਤਰ ਨਹੀਂ ਹੋਣਾ ਚਾਹੀਦਾ, ਸਗੋਂ ਲੋਕਾਂ ਦਾ ਆਗੂ ਹੋਣਾ ਚਾਹੀਦਾ ਹੈ, ਜਿਹੜਾ ਜ਼ੁਲਮ ਤੇ ਜਬਰ ਦੇ ਹਰ ਪ੍ਰਗਟਾਅ ਵੱਲ ਪ੍ਰਤੀਕਰਮ ਦੇਣ ਦੇ ਯੋਗ ਹੋ ਸਕੇ, ਭਾਵੇਂ ਇਹ ਕਿਤੇ ਵੀ ਨਜ਼ਰ ਆਵੇ, ਭਾਵੇਂ ਇਹ ਲੋਕਾਂ ਦੇ ਕਿਸੇ ਵੀ ਤਬਕੇ ਜਾਂ ਜਮਾਤ ਉੱਪਰ ਅਸਰ ਪਾ ਰਿਹਾ ਹੋਵੇ; ਜਿਹੜਾ ਇਨ੍ਹਾਂ ਸਾਰੇ ਪ੍ਰਗਟਾਵਾਂ ਨੂੰ ਆਮਿਆਉਣ ਦੇ ਯੋਗ ਹੋਵੇ ਤੇ ਪੁਲਿਸ ਤਸ਼ੱਦਦ ਤੇ ਸਰਮਾਏਦਾਰਾ ਲੁੱਟ-ਖਸੁੱਟ ਦੀ ਇੱਕ ਤਸਵੀਰ ਪੇਸ਼ ਕਰ ਸਕੇ; ਜਿਹੜਾ ਹਰ ਘਟਨਾ ਤੋਂ, ਭਾਵੇਂ ਇਹ ਕਿੰਨੀਂ ਵੀ ਛੋਟੀ ਕਿਉਂ ਨਾ ਹੋਵੇ, ਆਪਣੇ ਸਮਾਜਵਾਦੀ ਵਿਸ਼ਵਾਸਾਂ ਤੇ ਆਪਣੀਆਂ ਜਮਹੂਰੀ ਮੰਗਾਂ ਨੂੰ ਸਾਰਿਆਂ ਸਾਹਮਣੇ ਰੱਖਣ ਲਈ, ਪ੍ਰੋਲੇਤਾਰੀਆਂ ਦੀ ਮੁਕਤੀ ਲਈ ਘੋਲ਼ ਦੀ ਸੰਸਾਰ ਇਤਿਹਾਸਕ ਮਹੱਤਤਾ ਸਾਰਿਆਂ ਲਈ ਤੇ ਹਰ ਇੱਕ ਲਈ ਸਪੱਸ਼ਟ ਕਰਨ ਵਾਸਤੇ ਲਾਭ ਉਠਾ ਸਕੇ। ”

(ਪੰਨਾ-107, ਉਪਰੋਕਤ)

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s