ਲੈਨਿਨ ਦਾ ਕਾਣਾ ਮੀਣਾ ਇਨਕਲਾਬ •ਤਸਕੀਨ

images

ਪੀ.ਡੀ.ਐਫ਼ ਡਾਊਨਲੋਡ ਕਰੋ

ਲੈਨਿਨਵਾਦ ਇਕ ਅਜਿਹਾ ਹਾਈਬ੍ਰਿਡ ਬੀਜ ਹੈ, ਜੋ ਭਰਪੂਰ ਝਾੜ ਤਾਂ ਦੇ ਸਕਦਾ ਹੈ ਪਰ ਜਿਸ ਵਿਚ ਮੁੜ ਉਗਮਣ ਦੀ ਸਮਰੱਥਾ ਨਹੀਂ ਹੁੰਦੀ। ਜਿਸ ਵਿਚਾਰਕ ਬੀਜ ਵਿਚ ਮੁੜ ਉਗਮਣ ਦੀ ਸਮਰੱਥਾ ਨਾ ਹੋਵੇ ਉਹ ਸਿਧਾਂਤ ਦੀ ਕੋਟੀ ਵਿਚ ਨਹੀਂ ਰੱਖਿਆ ਜਾ ਸਕਦਾ ਅਤੇ ਜੋ ਸਿਧਾਂਤ ਦੀ ਕੋਟੀ ‘ਚ ਨਾ ਰੱਖਿਆ ਜਾ ਸਕੇ ਉਹ ਵਾਦ ਜਾਂ ਵਿਗਿਆਨ ਦਾ ਹਿੱਸਾ ਨਹੀਂ ਹੋ ਸਕਦਾ, ਜਿਵੇਂ ਮਾਰਕਸ ਦਾ ਸਿਧਾਂਤ ਪ੍ਰਕਿਰਤੀ ਦਾ ਹਿੱਸਾ ਹੈ ਅਤੇ ਜੋ ਵਿਸ਼ਵ ਦੀਆਂ ਇਕੋ ਜਿਹੀਆਂ ਸਥਿਤੀਆਂ ਵਿਚ ਇਕੋ ਜਿਹੇ ਸਿੱਟਿਆਂ ਤੱਕ ਪਹੁੰਚਦਾ ਹੈ। ‘ਲੈਨਿਨਵਾਦ’ ਮਾਰਕਸਵਾਦ ਦਾ ਅਗਲਾ ਵਿਕਾਸ ਕ੍ਰਮ ਵੀ ਨਹੀਂ ਸਗੋਂ ਮਾਰਕਸ ਦੇ ਪ੍ਰਕਿਰਤਿਕ ਸਿਧਾਂਤਕ ਕਰਮ ਨੂੰ ਹਾਈਬ੍ਰਿਡ ਪੇਂਦ ਦਿੰਦਾ ਅਪ੍ਰਕਿਰਤਿਕ ਤਜਰਬਾਕਾਰੀ  ਅਮਲ ਹੈ। ਜੋ ਡਾਰਵਨ ਦੇ ਐਵੋਲਿਊਸ਼ਨ ਸਿਧਾਂਤ ‘ਚ ਵਿਕਾਸ ਅੰਦਰ ਪੈਦਾ ਹੁੰਦੀ ਰੁਕਾਵਟ ਹੈ ਅਤੇ ਮਾਰਕਸ ਮੁਤਾਬਿਕ ਵਿਰੋਧ ਵਿਕਾਸੀ ਨਹੀਂ ਹੈ। ਲੈਨਿਨ ਵਿਚਾਰ (thought) ਕ੍ਰਾਂਤੀਕਾਰੀ ਰਾਜਨੀਤਕ ਤਬਦੀਲੀ ਦਾ ਇਕ ਸ਼ੁੱਧ ਯੁੱਧਨੀਤਕ+ਦਾਅਪੇਚਕ ਅਮਲ ਹੈ। ਅਸਲ ‘ਚ ਇਹ ਕਾਲ ਦਾ ਉਹ ਹਿੱਸਾ ਹੈ ਜਿਸ ਲਈ ਰੂਸੀ ਧਰਤ ਜਰਖੇਜ਼ ਸਾਬਤ ਹੋ ਨਿੱਬੜੀ।

‘ਲੈਨਿਨਵਾਦ’ ਮਾਰਕਸਵਾਦ ਦੇ ਇਤਿਹਾਸਕ ਕਾਲ ਕ੍ਰਮ ਨੂੰ ਅਗਵਾ ਕਰਕੇ ਲੈਨਿਨੀ ਉੜਨ ਤਸ਼ਤਰੀ ਰਾਹੀਂ ਪੂੰਜੀਵਾਦ ਦੇ ਸਮੁੰਦਰ ਨੂੰ ਟੱਪ ਜਾਣ ਦਾ ਯੁੱਧਨੀਤਕ ਅਮਲ ਹੈ ਪਰ ਇਤਿਹਾਸ ਦੀ ‘ਦਾਨਵ’ ਪ੍ਰਕਿਰਤੀ ਦਾ ਤੂਫ਼ਾਨ ਇਸਨੂੰ ਉਸੇ ਗਹਿਰੇ ਸਮੁੰਦਰ ਵਿਚ ਦਫ਼ਨ ਕਰ ਦਿੰਦਾ ਹੈ ਜਿਸਨੂੰ ਇਹ ਟੱਪਣਾ ਚਾਹੁੰਦਾ ਸੀ। ਮਾਰਕਸ ਲਈ ਪੂੰਜੀਵਾਦ ਪ੍ਰੋਲੇਤਾਰੀ ਸ਼ਕਤੀ ਰਾਹੀਂ ਆਪਣਾ ਵਿਨਾਸ਼ੀ ”ਕਬਰਪੁੱਟ” ਪੈਦਾ ਕਰਦਾ ਹੈ। ਪ੍ਰੋਲੇਤਾਰੀ ਚੇਤਨਾ ਦੀ ਵਧਦੀ ਹੋਈ ਗੁਣਾਤਮਿਕ ਸ਼ਕਤੀ ਆਪਣੀ ਸਿਫ਼ਤੀ ਤਬਦੀਲੀ ਦੇ ਤੂਫ਼ਾਨ ਸਦਕਾ ਪੂੰਜੀਵਾਦ ਨੂੰ ਅਜਿਹੀ ਡੂੰਘੀ ਕਬਰ ਵਿਚ ਦਫ਼ਨ ਕਰ ਦਿੰਦੀ ਹੈ, ਜਿੱਥੇ ਇਹ ਇਤਿਹਾਸ ਦੇ ਅਤੀਤਕਾਲ ਦਾ ਬਿੰਦੂ ਬਣ ਕੇ ਰਹਿ ਜਾਂਦਾ ਹੈ; ਪਰ ‘ਲੈਨਿਨਵਾਦ’ ਜਿਸ ਇਨਕਲਾਬੀ ਸ਼ਕਤੀ ਨੂੰ ਜਨਮ ਦਿੰਦਾ ਹੈ ਉਸ ਅੰਦਰ ਉਸਦਾ ਭਵਿੱਖੀ ‘ਕਬਰਪੁੱਟ’ ਪੂੰਜੀਵਾਦ ਨੇ ਬਣਨਾ ਸੀ। ਬਾਅਦ ‘ਚ ਲੈਨਿਨ ਨੇ ”ਨੈੱਪ” (ਨਵੀਂ ਆਰਥਕ ਨੀਤੀ) ਦੇ ਖਰੜੇ ਰਾਹੀਂ ਇਹ ਦਰਸਾ ਵੀ ਦਿੱਤਾ ਸੀ ਕਿ ਉਸ ਨੇ ਇਤਿਹਾਸ ਦੇ ਜਿਸ ਕਾਲ-ਖੰਡ ਨੂੰ ਅਗਵਾ ਕੀਤਾ ਹੈ ਉਸਦੀ ਪ੍ਰਕਿਰਤੀ ਸੌਖਿਆਂ ਇਸ ਇਨਕਲਾਬ ਦਾ ਖਹਿੜਾ ਛੱਡਣ ਵਾਲੀ ਨਹੀਂ ਸੀ ਅਤੇ ਉਸਦੇ ‘ਵਾਰਸ’ ਕੋਲ ਅਜਿਹੀ ਕੋਈ ਬੌਧਿਕ ਸ਼ਕਤੀ ਨਹੀਂ ਸੀ ਕਿ ਉਹ ਆਪਣੇ ਮਹਾਨ ਜਰਨੈਲ ਦੇ ਇਤਿਹਾਸ ਹੱਥੋਂ ਖੋਹ ਲਏ ਕਾਲ-ਖੰਡ ਨੂੰ ਊਰਜਾ ਮੁਹੱਈਆ ਕਰਵਾ ਸਕਦਾ। ਉਹ ਇਸ ਜਗਦੇ ਚਿਰਾਗ਼ ਨੂੰ ‘ਤੂਫ਼ਾਨੀ ਹਵਾਵਾਂ’ ‘ਚ ਬੁਝਣੋਂ ਰੋਕਣ ਦੇ ਦਾਅਪੇਚ ਤਾਂ ਜਾਣਦਾ ਸੀ ਪਰ ਉਹ ਇਸ ਚਿਰਾਗ਼ ਵਿਚ ਪਾਉਣ ਲਾਇਕ ‘ਸਿਧਾਂਤਕ ਤੇਲ’ ਨਹੀਂ ਸੀ ਮੁਹੱਈਆ ਕਰਵਾ ਸਕਦਾ। ‘ਨੈੱਪ’ ਰਾਹੀਂ ਲੈਨਿਨ ਨੇ ਦਰਸਾਇਆ ਕਿ ਇਤਿਹਾਸ ਉਹ ਬੱਚਾ ਹੈ ਜਿਸਦੀ ਉਂਗਲ਼ ਫੜ ਕੇ ਉਸ ਨੂੰ ਆਪਣੇ ਅਨੁਸਾਰ ਚੱਲਣਾ ਸਿਖਾਇਆ ਜਾ ਸਕਦਾ ਹੈ ਅਤੇ ਪੂੰਜੀਵਾਦੀ ਉਤਪਾਦਨ ਪੱਧਤੀ ਪ੍ਰੋਲੇਤਾਰੀ ਦੀ ਧੌਂਸ ਰਾਹੀਂ ਉਸਦੀ ਕਹਿਣੇਕਾਰ ਹੋਵੇਗੀ। ਪਰ ਦਿਨ ਰਾਤ ਦੀ ਉਂਗਲ਼ ਨਹੀਂ ਫੜ ਸਕਦਾ ਅਤੇ ਰਾਤ ਦਿਨ ਦੀ, ਕਿਉਂਕਿ ਇਹਨਾਂ ਦੋਵਾਂ ਵਿਚ ਇਕ ਪ੍ਰਕਿਰਤਿਕ ਵਿਰੋਧ ਸ਼ਾਮਿਲ ਹੈ। ਮਾਰਕਸ ਨੇ ਕਿਸੇ ਥਾਂ ਲਿਖਿਆ ਹੈ ਕਿ ‘ਇਹ ਠੀਕ ਹੈ ਕਿ ਲੋਕ ਇਤਿਹਾਸ ਬਦਲਦੇ ਹਨ ਪਰ ਉਹ ਇਸ ਨੂੰ ਉਸ ਤਰ੍ਹਾਂ ਨਹੀਂ ਬਦਲ ਸਕਦੇ ਜਿਵੇਂ ਉਹ ਚਾਹੁਣ।’ ‘ਲੈਨਿਨਵਾਦ’ ਨੈੱਪ ਰਾਹੀਂ ‘ਪ੍ਰੋਲੇਤਾਰੀ’ ਹੱਥ ਪੂੰਜੀਵਾਦੀ ਝੋਟੀ ਦਾ ਸੰਗਲ਼ ਫੜਾਉਣਾ ਚਾਹੁੰਦਾ ਹੈ ਪਰ ਉਹ ਇਹ ਭੁੱਲ ਕਰ ਗਿਆ ਕਿ ਝੋਟੀ ਔਂਸਰ ਤੇ ਮਾਰਨਖੰਡੀ ਵੀ ਹੈ ਅਤੇ ਉਸ ਦਾ ਕਾਮਾ ਫੁੱਲ ਭਰ ‘ਜੁਆਕ’ ਜੋ ਆਪ ਅਜੇ ‘ਮਾਲਕਾਂ’ (ਕਮਿਊੁਨਿਸਟ ਪਾਰਟੀ) ਦੀ ‘ਉਂਗਲ਼’ ਫੜ ਕੇ ਤੁਰਨਾ ਸਿੱਖ ਰਿਹਾ ਹੈ।

ਉਪਰ ਦਿੱਤੇ ਵਿਚਾਰ ਨੂੰ ਜਾਂਚਣ ਲਈ ਲੈਨਿਨ ਦਾ ਮਹਾਨ ‘ਸਿਧਾਂਤ’ ਜੋ ਸੰਸਾਰ ਕਮਿਊੁਨਿਸਟ ਲਹਿਰ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਰਿਹਾ, ਉਹ ਸੀ, ‘ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ ਹੈ’। ਪਰ ਸਵਾਲ ਹੈ ਕਿ ਕੀ ਸਾਮਰਾਜਵਾਦ ਦਾ ਅੰਤ ਹੋ ਜਾਣ ਨਾਲ ਪੂੰਜੀਵਾਦ ਦੀ ਮੌਤ ਹੋ ਗਈ? ਕੀ ਉਹ ਕਾਰਪੋਰੇਟ/ਗਲੋਬਲੀਕਰਨ ਦੇ ਨਾਂ ‘ਤੇ ਵਿਸ਼ਵੀ ਗਲੀਆਂ ‘ਚ ‘ਇਤਿਹਾਸ ਦੇ ਅੰਤ’ ਵਾਲੇ ਕੰਨ ਪਾੜਵੇਂ ਲਲਕਾਰਿਆਂ ਨਾਲ ਦੁੜੰਗੇ ਨਹੀਂ ਮਾਰਦਾ ਫਿਰਦਾ? ਕੀ ਉਸ ਨੇ ਲੈਨਿਨ ਦੇ ਕਹੇ ਮੁਤਾਬਕ ਕਿ ‘ਸਾਮਰਾਜਵਾਦ ਸਮਾਜਵਾਦੀ ਇਨਕਲਾਬ ਦੀ ਪੂਰਵ ਸੰਧਿਆ’ ‘ਚੋਂ ਉਪਜੇ ਇਨਕਲਾਬੀ ਘਰ ਸੋਵੀਅਤਾਂ ਨੂੰ ‘ਪ੍ਰੋਲੇਤਾਰੀ’ ਮਾਲਕਾਂ ਹੱਥੋਂ ਖੋਹ ਕੇ ਆਪਣਾ ਡੇਰਾ ਨਹੀਂ ਬਣਾ ਲਿਆ?

ਲੈਨਿਨ ਨੇ ਸਾਮਰਾਜਵਾਦ ਨੂੰ ਪੂੰਜੀਵਾਦ ਦੀ ਉੱਚਤਮ ਅਵਸਥਾ ਜਾਣਿਆ ਅਤੇ ਮਾਰਕਸ ਨੇ ਕਾਰਪੋਰੇਟ ਪੂੰਜੀ ਨੂੰ ਉੱਚਤਮ ਅਵਸਥਾ ਵਜੋਂ ਪਛਾਣਿਆ। ਲੈਨਿਨ ਦਾ ਸਾਮਰਾਜਵਾਦ ਇਸ ਵਕਤ ਅਲੋਪ ਹੋ ਚੁੱਕਾ ਹੈ, ਕਿਉਂਕਿ ਸਾਮਰਾਜਵਾਦ ਨੂੰ ਸਾਮਰਾਜਵਾਦ ਬਣਾਉਣ ਦੇ ਜ਼ਰੂਰੀ ਤੱਤ ਇਸ ਵੇਲੇ ਦੇ ਕਾਰਪੋਰੇਟ ਹਿੱਤਾਂ ਲਈ ਜ਼ਰੂਰੀ ਨਹੀਂ ਹਨ। ਮਾਰਕਸ ਵਾਂਗ ਹੀ ਲੈਨਿਨ ਵੀ ਸਮਾਜਕ ਤੰਤਰ ਦਾ ਆਧਾਰ ਅਰਥਚਾਰੇ ਨੂੰ ਮਿਥਦਾ ਹੈ ਅਤੇ ਇਹ ਆਧਾਰ ਪਦਾਰਥਕ ਹੈ, ਜਿਸ ਵਿਚ ਤਬਦੀਲੀ ਜਮਾਤੀ ਖਹਿ ਦੇ ਵਿਰੋਧ ਵਿਕਾਸੀ ਸਿਧਾਂਤ ਦਾ ਸਿੱਟਾ ਹੁੰਦੀ ਹੈ ਅਤੇ ਇਸ ਪਦਾਰਥਕ ਗਤੀ ਦਾ ਵਿਕਾਸੀ ਨਿਯਮ ਕਦੇ ਵੀ ਪਿਛਲਖੁਰੀ ਨਹੀਂ ਹੋ ਸਕਦਾ, ਜਿਵੇਂ ਬੱਚੇ ਤੋਂ ਵਿਕਸਤ ਹੋ ਕੇ ਜੁਆਨ ਹੋ ਗਿਆ ਮਨੁੱਖ ਮੁੜ ਬੱਚਾ ਨਹੀਂ ਬਣ ਸਕਦਾ। ਮਾਰਕਸ ਦੇ ਸ਼ਬਦਾਂ ‘ਚ ਜੇ ਉਹ ਬੱਚਿਆਂ ਵਾਲੀਆਂ ਹਰਕਤਾਂ ਕਰੇਗਾ ਤਾਂ ”ਬਚਗਾਨਾ” ਕਹਿਲਾਏਗਾ, ਬੱਚਾ ਨਹੀਂ। ਇਸੇ ਤਰ੍ਹਾਂ ਜਗੀਰਦਾਰੀ ‘ਉਤਪਾਦਨ ਵਿਧੀ’ ਪੂੰਜੀਵਾਦੀ ‘ਉਤਪਾਦਨ ਵਿਧੀ’ ਦੇ ਵਿਕਸਤ ਹੋ ਜਾਣ ‘ਤੇ ਆਪਣੀ ਹੋਂਦ ਨੂੰ ਮੁੜ ਉਤਪੰਨ ਨਹੀਂ ਕਰ ਸਕਦੀ ਅਤੇ ਇਸੇ ਤਰ੍ਹਾਂ ਕਾਰਪੋਰੇਟ ਉਤਪਾਦਨੀ ਅਮਲ ਸ਼ੁਰੂ ਹੋ ਜਾਣ ਨਾਲ ਉਦਯੋਗਿਕ ਪੂੰਜੀਵਾਦ ਦਾ ਯੁੱਗ ਵਾਪਸ ਨਹੀਂ ਪਰਤ ਸਕਦਾ, ਕਿਉਂਕਿ ਇਹ ਪੂੰਜੀਵਾਦੀ ‘ਵਿਕਾਸ’ ਦਾ ਅਗਲਾ ਮਰਹਲਾ ਹੈ। ਲੈਨਿਨ ਅਤੇ ਉਸਦੇ ਬਾਅਦ ਵਾਲੇ ਅਨੁਯਾਈ ਸਾਮਰਾਜਵਾਦ ਦੀ ਜਾਂਚ ਸਿਰਫ ਆਰਥਿਕ ਪੱਖੋਂ ਹੀ ਕਰਦੇ ਰਹੇ ਹਨ ਪਰ ਇਸ ਦੀ ਸਰਗਰਮੀ/ਵਿਰੋਧ-ਵਿਕਾਸ ਵਿਚ ਹੋਰ ਵੀ ਅਹਿਮ ਤੱਤ ਨਿਹਤ ਹੁੰਦੇ ਹਨ। ਜਿਸਦੀ ਵਿਆਖਿਆ ਅਸੀਂ ਅੱਗੇ ਕਰਾਂਗੇ; ਪਹਿਲਾਂ ਕਾਰਪੋਰੇਟ ਦੇ ਸੰਕਲਪ ਬਣਨ ਅਤੇ ਇਸ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਬੁਰਜੂਆਜ਼ੀ ਦੇ ਕਾਰਪੋਰੇਟ ਸ਼ਕਲ ਗ੍ਰਹਿਣ ਕਰ ਲੈਣ ਦੀ ਤੋਰ ਨੂੰ ਮਾਰਕਸ ਨੇ ਭਾਂਪ ਲਿਆ ਸੀ ਅਤੇ ਏਂਗਲਜ਼ ਨੇ ਇਸ ਵਿਚ ਤੱਥਾਤਮਿਕ ਵਾਧਾ ਕੀਤਾ। ਬੁਰਜੂਆਜ਼ੀ ਦੇ ਗਹਿ-ਗੱਚ ਮੁਕਾਬਲੇ ਦਰਮਿਆਨ ਸਸਤੇ ਉਤਪਾਦਾਂ ਦੇ ਵਾਧੇ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਲਈ ਜੋ ਮਹਿੰਗੇ ਉਤਪਾਦ ਤਿਆਰ ਕਰਦੇ ਹਨ ਉਹ ਮੁਕਾਬਲੇ ਵਿਚੋਂ ਹਟਦੇ ਜਾਂਦੇ ਹਨ, ਜਿਸ ਨੂੰ ਆਜ਼ਾਦ ਮੁਕਾਬਲੇ ਦਾ ਨਾਂ ਦਿੱਤਾ ਗਿਆ। ਏਂਗਲਜ਼ ਮੁਤਾਬਿਕ ਇਥੇ ਕਾਰਪੋਰੇਸ਼ਨਾਂ ਦੇ ਮੁਢਲੇ ਰੂਪ ਨੂੰ ਇੰਗਲੈਂਡ ‘ਚ ਤੀਹ ਕਾਰਖਾਨੇਦਾਰਾਂ ਨੇ ਆਪਣੇ ਸਟਾਕ ਨੂੰ ਇਕੱਠਾ ਕਰਕੇ ਬਾਕੀ ਪੂੰਜੀ ਦੀ ਹਿੱਸੇਦਾਰੀ ਸ਼ੇਅਰਾਂ ਰਾਹੀਂ ਜਨਤਕ ਬਣਾਈ ਅਤੇ ਇਸ ਤਰ੍ਹਾਂ ਇਸ ਨੇ ਪੁਰਾਣੇ ਮੱਧਕਾਲੀ ਤਰਜ਼ ‘ਤੇ ਮਿਲ ਜੁਲ ਕੇ ਕੰਮ ਕਰਨ ਦੀ ਪਿਰਤ ਦਾ ਨਵਾਂ ਮੁਹਾਂਦਰਾ ਸਿਰਜਿਆ ਜਿਵੇਂ ‘ਜਗੀਰਾਂ’ ਜਾਂ ‘ਗਿਲਡਾਂ’ ਵਿਚ ਹੁੰਦਾ ਸੀ। ਇਸ ਰੂਪ ਨੇ ਉਤਪਾਦਨ ਉੱਪਰ ਬਹੁਤ ਜਲਦੀ ਕਾਰਪੋਰੇਟੀ ਅਜਾਰੇਦਾਰੀ ਕਾਇਮ ਕਰ ਲਈ, ਕਿਉਂਕਿ ਨੇਸ਼ਨ ਸਟੇਟ ਇਸਦੀ ਪੂਰਨ ਸਹਿਯੋਗੀ ਹੋ ਗਈ ਸੀ ਅਤੇ ਵੱਡੇ ਬੈਂਕ ਇਸ ਵਿਚ ਵੱਡੇ ਪੱਧਰ ‘ਤੇ ਸਹਿਭਾਗੀ ਹੋ ਗਏ ਸਨ, ਜੋ ਪਹਿਲਾਂ ਉਦਯੋਗਿਕ ਪੂੰਜੀਪਤੀ ਪ੍ਰਬੰਧਕਾਂ (ਕਿਉਂਕਿ ਪੂੰਜੀਪਤੀ ਦੂਜੇ ਲੋਕਾਂ ਦੀ ਪੂੰਜੀ ਦਾ ਪ੍ਰਬੰਧਕ/ਪ੍ਰਬੰਧਕਰਤਾ ਹੀ ਹੁੰਦਾ ਹੈ, ”ਪ੍ਰਬੰਧਕ ਦੀ ਤਨਖਾਹ ਕੇਵਲ ਇਕ ਹੁਨਰਮੰਦ ਕਿਰਤੀ ਦੀ ਉਜਰਤ ਹੀ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ, ਜੀਹਦੀ ਕੀਮਤ ਕਿਰਤ-ਮੰਡੀ ਵਿਚ ਹੋਰ ਕਿਸੇ ਵੀ ਕਿਰਤ ਦੀ ਕੀਮਤ ਵਾਂਗ ਨੇਮਬੱਧ ਕੀਤੀ ਜਾਂਦੀ ਹੈ।”) ਨੂੰ ਕਰਜ਼ੇ ਮੁਹੱਈਆ ਕਰਦੇ ਸਨ ਅਤੇ ਇਸ ਬੁਰਜੂਆ ਜਮਾਤ ਨੇ ਹੀ ਪਰਜੀਵੀ ਰੂੜੀਵਾਦੀ ਪੂੰਜੀਪਤੀਆਂ ਦੀ ਜਮਾਤ ਉੱਪਰ ਇਨਕਲਾਬੀ ਫ਼ਤਿਹ ਪ੍ਰਾਪਤ ਕਰਕੇ ਬੁਰਜੂਆਜ਼ੀ ਨੂੰ ਪ੍ਰਗਤੀਸ਼ੀਲ ਦਿੱਖ ਪ੍ਰਦਾਨ ਕੀਤੀ ਸੀ। ਪਰ ਮੁਕਾਬਲੇ ਦੇ ਕਾਰਪੋਰੇਟ ਰੂਪ ਧਾਰਨ ਕਰ ਜਾਣ ‘ਤੇ ਪਛਾੜੀ ਗਈ ਪਿਛਾਖੜੀ ਪਰਜੀਵੀ ਧਾਰਾ ਦੇ ਸੂਦਖੋਰਾਂ ਨੇ ਬੈਂਕੀ ਰੂਪ ਰਾਹੀਂ ਆਪਣੇ ਆਪ ਨੂੰ ਮੁੜ ਕੇਂਦਰ ‘ਚ ਲੈ ਆਂਦਾ। ਇੱਥੇ ਪਰਜੀਵੀਆਂ ਦੀ ਵੱਡੀ ਜਮਾਤ ਵਿੱਤੀ ਪੂੰਜੀ ਦੀ ਛਤਰ ਛਾਇਆ ਹੇਠ ਇਕੱਠੀ ਹੋਣ ਲੱਗੀ ਜਿਸ ਨੇ ਵੀਹਵੀਂ ਸਦੀ ਚੜ੍ਹਨ ਤੱਕ ਬੇ-ਬਹਾ ਪੂੰਜੀ ਇਕੱਤਰ ਕਰ ਲਈ ਸੀ। ਮਾਰਕਸ ਅਨੁਸਾਰ, ”ਇਹ ਖ਼ੁਦ ਪੈਦਾਵਾਰ ਦੀ ਪੂੰਜੀਵਾਦੀ ਵਿਧੀ ਦੇ ਅੰਦਰ ਪੈਦਾਵਾਰ ਦੀ ਪੂੰਜੀਵਾਦੀ ਵਿਧੀ ਦਾ ਖਾਤਮਾ ਹੈ ਅਤੇ ਇਸ ਲਈ ਇਹ ਆਪਣੇ ਆਪ ਨੂੰ ਹੀ ਖ਼ਤਮ ਕਰਨ ਵਾਲੀ ਵਿਰੋਧਤਾਈ ਹੈ, ਜਿਹੜੀ ਪਹਿਲੀ ਨਜ਼ਰੇ ਕੇਵਲ ਪੈਦਾਵਾਰ  ਦੀ ਇਕ ਨਵੀਂ ਸ਼ਕਲ ਵੱਲ ਤਬਦੀਲੀ ਦੇ ਦੌਰ ਦੀ ਹੀ ਪ੍ਰਤੀਕ ਹੈ। ਇਹ ਆਪਣੇ ਆਪ ਨੂੰ ਆਪਣੇ ਪ੍ਰਭਾਵਾਂ ਵਿਚ ਅਜਿਹੀ ਵਿਰੋਧਤਾਈ ਵਜੋਂ ਪ੍ਰਗਟ ਕਰਦੀ ਹੈ। ਇਹ ਕੁਝ ਖੇਤਰਾਂ ਵਿਚ ਅਜਾਰੇਦਾਰੀ ਕਾਇਮ ਕਰ ਲੈਂਦੀ ਹੈ ਅਤੇ ਇਸ ਪ੍ਰਕਾਰ ਰਾਜਕੀ ਦਖਲ ਲੋੜਦੀ ਹੈ। ਇਹ ਇਕ ਨਵੀਂ ਵਿੱਤੀ ਅਮੀਰਸ਼ਾਹੀ ਨੂੰ, ਉੱਨਤਕਾਰਾਂ, ਸੱਟੇਬਾਜ਼ਾਂ ਤੇ ਕੇਵਲ ਨਾਂ-ਮਾਤਰ ਡਾਇਰੈਕਟਰਾਂ ਦੀ ਸ਼ਕਲ ਵਿਚ ਦੂਜਿਆਂ ਦੀ ਕਮਾਈ ਖਾਣ ਵਾਲਿਆਂ (ਪਰਜੀਵੀਆਂ) ਦੀ ਇਕ ਨਵੀਂ ਕਿਸਮ ਨੂੰ ਮੁੜ-ਪੈਦਾ ਕਰ ਦਿੰਦੀ ਹੈ। ਕਾਰਪੋਰੇਸ਼ਨਾਂ ਦੀ ਉੱਨਤੀ, ਸਟਾਕ ਜਾਰੀ ਕੀਤੇ ਜਾਣ ਅਤੇ ਸਟਾਕਾਂ ਸਬੰਧੀ ਸੱਟੇਬਾਜ਼ੀ ਰਾਹੀਂ ਹੇਰਾਫੇਰੀ ਅਤੇ ਧੋਖਾਦੇਹੀ ਦੀ ਪੂਰੀ ਪ੍ਰਣਾਲੀ ਹੋਂਦ ਵਿਚ ਆ ਜਾਂਦੀ ਹੈ। ਇਹ ਨਿੱਜੀ ਸੰਪਤੀ ਦੇ ਕਬਜ਼ੇ ਤੋਂ ਬਿਨਾਂ ਨਿੱਜੀ ਪੈਦਾਵਾਰ ਹੈ।”

ਮਾਰਕਸ ਦੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ”ਰਾਜਕੀ ਦਖ਼ਲ ਲੋੜਦੀ ਹੈ” ਭਾਵ ਕਿ ਪੈਦਾ ਹੋਈ ਇਸ ਨਵੀਂ ਜਮਾਤ ਦਾ ਸਟੇਟ ਸਰਕਾਰ ਵਿਚ ਅਜੇ ਪੂਰਣ ਦਖਲ ਨਹੀਂ ਹੈ। ਕਾਰਪੋਰੇਟ ਦੇ ਇਸ ਮੁਢਲੇ ਪ੍ਰਬੰਧ ਵਿਚ ਨਿੱਜੀ ਸੰਪਤੀ ਆਧਾਰਤ ਪੂੰਜੀਪਤੀ ਦੀ ਬਜਾਏ ‘ਸਮਾਜਕ ਧਨ’ ਉੱਪਰ ਪਰਜੀਵੀਆਂ ਦੇ ਮਾਲਕ ਬਣਨ ਵਾਲੇ ਲੱਛਣ ਸਨ; ਇਸ ਲਈ ਇਸ ਨੂੰ ”ਰਾਜਕੀ ਦਖ਼ਲ” ਦੀ ਸਖਤ ਜ਼ਰੂਰਤ ਸੀ। ਇਸ ਤੋਂ ਭਾਵ ਕਿ ਨੇਸ਼ਨ ਸਟੇਟ ਦਾ ਲੋਕਤੰਤਰਿਕ ਸੱਭਿਆਚਾਰ ਕੇਵਲ ਕਾਰਪੋਰੇਟ ਦੀ ਪੂੰਜੀ ਹੇਠਾਂ ਰੈਣ ਨਹੀਂ ਹੁੰਦਾ। ਇਸ ਦੀ ਆਜ਼ਾਦ ਅਜਾਰੇਦਾਰਾਨਾ ਲੁੱਟ ਲਈ ਨੇਸ਼ਨ ਸਟੇਟ ਦੇ ਸਟੇਟ ਸੱਭਿਆਚਾਰ ਨੂੰ ਤਬਾਹ ਕਰਨਾ ਅਤੀ ਜ਼ਰੂਰੀ ਲੋੜ ਬਣ ਜਾਂਦਾ ਹੈ। ਕਾਰਪੋਰੇਟ ਨੇਸ਼ਨ ਸਟੇਟ ਦੇ ਸਟੇਟ ਸੱਭਿਆਚਾਰ ਵਿਚ ਆਪਣੀ ਹੋਂਦ ਨੂੰ ਖਲਤ-ਮਲਤ ਕਰਦਾ ਹੈ ਤਾਂ ਇਹ ‘ਕਾਰਪੋਰੇਟ ਸਟੇਟ’ ਦਾ ਰੂਪ ਧਾਰ ਜਾਂਦਾ ਹੈ, ਕਿਉਂਕਿ ਇੱਥੇ ਅਜੇ ਕਾਰਪੋਰੇਟ ਸਰਮਾਏਦਾਰੀ (ਜੋ ਕੌਮੀ ਬੁਰਜੂਆਜ਼ੀ ਦਾ ਭਰਮ ਵੀ ਸਿਰਜਦੀ ਹੈ) ਨੇਸ਼ਨ ਸਟੇਟ ਆਧਾਰਤ ਹੁੰਦੀ ਹੈ ਅਤੇ ਉਹ ਆਪਣੇ ਹਿੱਤਾਂ ਲਈ ਰਾਸ਼ਟਰੀ ਗੌਰਵ/ਰਾਸ਼ਟਰਵਾਦ ਦੇ ਨਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਣ ਦੇ ਸਮਰੱਥ ਹੁੰਦੀ ਹੈ। ਇਸ ਲਈ ਕਾਰਪੋਰੇਟ ਸਿੱਧਾ ਨੇਸ਼ਨ ਸਟੇਟ ਉੱਤੇ ਕਬਜ਼ੇ ਲਈ ਉਹਨਾਂ ਰਾਜਨੀਤਕ ਸਮੂਹਾਂ ਨੂੰ ਇਕ ਪਾਰਟੀ ਅਧੀਨ ਗੌਰਵਾਂ ਦੇ ਨਾਅਰੇ ਹੇਠ ਇਕੱਤਰ ਕਰਕੇ; ਰਾਸ਼ਟਰਵਾਦੀ ਭਾਵਨਾ ਨੂੰ ਉਤੇਜਿਤ ਕਰਦਿਆਂ ਲੋਕਤੰਤਰੀ ਜਿੱਤ ਨਾਲ ਸੰਸਦ ਵੱਲ ਕੂਚ ਕਰਦਾ ਹੈ ਅਤੇ ਇਸ ਉੱਪਰ ਕਬਜ਼ਾ ਕਰ ਲੈਂਦਾ ਹੈ (ਕਿਉਂਕਿ ਨੇਸ਼ਨ ਸਟੇਟ ਸੱਭਿਆਚਾਰ ਅੰਦਰ ਮੌਜੂਦ ਰਾਸ਼ਟਰੀ, ਨਸਲੀ, ਕੌਮੀ ਗੌਰਵਾਂ ਦੇ ਜ਼ਰੂਰੀ ਤੱਤ ਲੁਪਤ ਪਏ ਹੁੰਦੇ ਹਨ ਜਿਸ ਨੂੰ ਇਹ ਆਪਣੇ ਨਾਲ ਤੋਰ ਲੈਂਦਾ ਹੈ। ਬੁਰਜੂਆ ਰਾਸ਼ਟਰਵਾਦੀ/ਅੰਧਰਾਸ਼ਟਰਵਾਦੀ ਭਾਵਨਾ ਅਧੀਨ ਵਿਚਰਨ ਵਾਲੀ ਜਮਾਤ ਕੋਲ ਭੁੱਖ/ਦਮਨ ਸਹਿ ਰਹੀ ਜਮਾਤ ਦੇ ਹਿੱਤਾਂ ਨਾਲੋਂ ਰਾਸ਼ਟਰ ਹਿੱਤ ਸਰਵ-ਪ੍ਰਥਮ ਹੁੰਦੇ ਹਨ)। ਇਸ ਕੂਚ ਦਾ ਦਰ ਸਿੱਧਾ ਫਾਸ਼ੀਵਾਦ ਦੀ ਬੰਜਰ ਭੋਂ ‘ਚ ਜਾ ਖੁੱਲ੍ਹਦਾ ਹੈ, ਜਿਸ ਨਾਲ ਰਾਜਨੀਤਕ ਸੰਸਥਾਵਾਂ ਅਤੇ ਟਰੇਡ ਯੂਨੀਅਨਾਂ ਪੰਗੂ ਬਣ ਕੇ ਰਹਿ ਜਾਂਦੀਆਂ ਹਨ। ਮਿਸਾਲ ਵਜੋਂ, ਜਿਸ ਦੀ ਮਾਰ ਜਰਮਨ, ਇਟਲੀ ਅਤੇ ਜਪਾਨ ਦੀ ਜਨਤਾ ਨੇ ਹੀ ਨਹੀਂ ਕੁੱਲ ਆਲਮ ਨੇ ਵੀਹਵੀਂ ਸਦੀ ਦੇ ਅੱਧ ਤੱਕ ਝੱਲੀ। ਪਰ ਦੂਸਰੇ ਪਾਸੇ ਵਿਰੋਧਤਾਈ ਵਜੋਂ ਇਸ ਨੇ ਸਾਮਰਾਜਾਂ ਦੇ ਪ੍ਰੰਪਰਿਕ ਸਾਮਰਾਜਵਾਦੀ ਜਾਂ ਲੈਨਿਨ ਦੁਆਰਾ ਨਿਰਧਾਰਤ ਕੀਤੇ ‘ਆਲਮੀ ਕਬਜ਼ਿਆਂ ਲਈ ਲੜਾਈ’ ਲੜਨ ਵਾਲੇ ਸਾਮਰਾਜਵਾਦ ਦੇ ਰੂਪ ਨੂੰ ਤਬਾਹ ਕਰ ਦਿੱਤਾ ਅਤੇ ਵਿਸ਼ਵ ਦੀਆਂ ਕਾਰਪੋਰੇਸ਼ਨਾਂ ਵੱਲੋਂ ਕੁੱਲ ਆਲਮ ਦੀ ਲੋਕਾਈ ਨੂੰ ਮਿਲ-ਜੁਲ ਕੇ ਲੁੱਟਣ ਅਤੇ ਕੁੱਟਣ ਦਾ ਭਵਿੱਖੀ ਰਾਹ ਪੱਧਰਾ ਕਰ ਦਿੱਤਾ।  

ਵੀਹਵੀਂ ਸਦੀ ਵਿਚਲੇ ‘ਕਾਰਪੋਰੇਟ ਸਟੇਟ’ ਦੇ ਯੂਰਪੀ ਸਿਧਾਂਤ ਅਤੇ ਉਸ ਦੇ ਅਮਲ ਵੱਲ ਇਕ ਝਾਤ ਮਾਰਨੀ ਜ਼ਰੂਰੀ ਹੈ। ”ਕਾਰਪੋਰੇਟ ਸਟੇਟ ਦਾ ਸਿਧਾਂਤਕ ਆਧਾਰ ਕਿ ਰਾਜਨੀਤਕ ਕਮਿਊਨਿਟੀ ਅਨੇਕਾਂ ਆਰਥਿਕ ਅਤੇ ਹੋਰ ਕੰਮ ਕਰ ਰਹੇ ਸਮੂਹਾਂ ਨੂੰ ਆਪਣੇ ਨਾਲ ਜੋੜਦੀ ਹੈ, ਜਿਸ ਦਾ ਮਹੱਤਵ ਵਿਅਕਤੀਗਤ ਹਿੱਤਾਂ ਤੋਂ ਉੱਪਰ ਸਟੇਟ ਨੂੰ ਉਮਰ-ਦਰਾਜ਼ ਕਰਨਾ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀਗਤ ਅਤੇ ਸਥਾਨਕ ਪੀੜਾ ਨੂੰ ਛੱਡ ਕੇ ਇਸ ਦੀ ਸ਼ਕਲ ਦਾ ਆਧਾਰ ਰਾਜਨੀਤਕ ਪ੍ਰਤੀਨਿਧਤਾ ਹੈ। ਸਿਧਾਂਤਕ ਰੂਪ ‘ਚ ਇਸ ਦੇ ਨਿਰੀਖਣ ਲਈ ਪਿਛਾਂਹ ਰਹਿ ਗਏ ਮੱਧਯੁੱਗ ਦੇ ‘ਗਿਲਡਾਂ’ ਜਾਂ ‘ਜਗੀਰਾਂ’ ਦੇ ਕਾਰਪੋਰੇਟ ਪ੍ਰਤੀਨਿਧਤਾ ਵਾਲੇ ਮਾਡਲ ਨੂੰ ਵੇਖਿਆ ਜਾ ਸਕਦਾ ਹੈ। ਅਮਲ ਵਿਚ ਕਾਰਪੋਰੇਟ ਸਟੇਟ ਦਾ ਸਿਧਾਂਤ ਇਸ ਦੇ ਫਾਸ਼ਿਜ਼ਮ ਨਾਲ ਮੇਲ-ਮਿਲਾਪ ਦੁਆਰਾ ਗੰਧਲ਼ਾ ਹੋ ਚੁੱਕਾ ਹੁੰਦਾ ਹੈ, ਜਿਸ ਕਰ ਕੇ ਫਾਸ਼ੀਵਾਦੀ ਅਮਲ ਅਧੀਨ ਸਭ ਸੰਸਥਾਵਾਂ ਸੱਤਾਹੀਣਤਾ ਦੀ ਪ੍ਰਕਿਰਿਆ ‘ਚੋਂ ਲੰਘਦੀਆਂ ਆਪਣੀ ਸੱਤਾ ਨੂੰ ਪਾਰਟੀ (ਰਾਜਨੀਤਕ ਕਮਿਊਨਿਟੀ) ਅਤੇ ਇਸ ਦੇ ਨੇਤਾ ਦੇ ਹੱਥਾਂ ਵਿਚ ਸੌਂਪਦੀਆਂ ਦਿਖਾਈ ਦਿੰਦੀਆਂ ਹਨ।” ਬਹੁਤ ਸਾਰੇ ਯੂਰਪੀ ਲੇਖਕਾਂ ਦਾ ਵਿਚਾਰ ਹੈ ਕਿ ‘ਆਧੁਨਿਕ ਸਟੇਟ, ਵਪਾਰਕ ਸੰਸਥਾਵਾਂ ਅਤੇ ਸੰਗਠਿਤ ਕਾਮਿਆਂ ਦੇ ਰਲ ਮਿਲ ਕੇ ਚੱਲਣ ਵਾਲੇ ਪ੍ਰਬੰਧ ਨੂੰ ਚਲਾਉਣ ‘ਚ ਇਸ ਲਈ ਨਿਪੁੰਸਕ ਸਾਬਤ ਹੁੰਦੀ ਹੈ, ਕਿਉਂਕਿ ਆਧੁਨਿਕ ਆਰਥਿਕ ਪ੍ਰਬੰਧ ਨੂੰ ਇਹ ਉਹਨਾਂ ਗਰੁੱਪਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਚਲਾ ਸਕਦੀ ਜਿਹੜੇ ਤਨਖਾਹਾਂ, ਕੀਮਤਾਂ, ਨਿਵੇਸ਼ ਅਤੇ ਸਰਵਜਨਕ ਸੇਵਾਵਾਂ ਦੀਆਂ ਨੀਤੀਆਂ ਤੈਅ ਕਰਨ ‘ਚ ਸ਼ਾਮਲ ਹੁੰਦੇ ਹਨ।’ ਭਾਵ ਉਦਯੋਗਿਕ ਆਰਥਿਕਤਾ ਵਾਲੀ ਆਧੁਨਿਕ ਸਟੇਟ ਇਕ ਅਜਿਹੀ ਲੋਕਤੰਤਰੀ ਘੁੰਮਣਘੇਰੀ ਵਿਚ ਫਸ ਜਾਂਦੀ ਹੈ, ਜਿੱਥੇ ਉਹ ਮਜ਼ਦੂਰ ਹਿੱਤਾਂ ਨੂੰ ਕੁਚਲ ਨਹੀਂ ਸਕਦੀ; ਜਿਸ ਕਾਰਣ ਆਰਥਿਕ ਕਬਜ਼ਾ ਰੱਖਣ ਵਾਲਿਆਂ ਦੇ ਹਿੱਤ ਸੁਰੱਖਿਅਤ ਨਹੀਂ ਰਹਿੰਦੇ, ਇਸ ਲਈ ਪੂੰਜੀਵਾਦ (ਵਿੱਤੀ ਰੂਪ ਕਾਰਨ) ਦੇ ਅੰਦਰ ਹੀ ਅਜਿਹੀ ਸਟੇਟ (ਨੇਸ਼ਨ ਸਟੇਟ) ਦਾ ਅੰਤ ਕਰਨਾ ਲਾਜ਼ਮੀ ਬਣ ਜਾਂਦਾ ਹੈ, ਜਿਹੜੀ ਚੰਦ ਧਨਾਡਾਂ ਦੀ ਲੁੱਟ ਨੂੰ ਖੁੱਲ੍ਹਾ ਮਹੌਲ ਦੇਣ ਦੀ ਬਜਾਏ ਮਜ਼ਦੂਰ ਜਮਾਤ/ਸਰਵਜਨਕ ਹਿੱਤਾਂ ਵਿਚ ਭੁਗਤਦੀ ਹੈ।

ਅੱਜ ਕਾਰਪੋਰੇਟਾਂ ਦੁਆਰਾ ਅਮਲ ‘ਚ ਨੇਸ਼ਨ ਸਟੇਟ ਦੇ ਸਟੇਟ ਸੱਭਿਆਚਾਰ ਨੂੰ ਹੱਥਲ਼ ਕਰ ਦਿੱਤਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਆਰਥਿਕ ਹਿੱਤਾਂ ਨੇ ਸਭ ਹਿੱਤਾਂ ਦੇ ਉੱਤੇ ਕਬਜ਼ਾ ਕਰ ਲਿਆ ਹੈ। ਸਮੁੱਚੇ ਵਿਸ਼ਵ ਦੇ ਪ੍ਰਕਿਰਤਿਕ ਮਾਲ ਖਜ਼ਾਨਿਆਂ ਨੂੰ ‘ਵਿਕਾਸ’ ਦੇ ਨਾਂ ‘ਤੇ ਇਹਨਾਂ ਚੰਦ ਕਾਰਪੋਰੇਟ ਹੱਥਾਂ ‘ਚ ਇਕੱਤਰ ਕੀਤਾ ਜਾ ਰਿਹਾ ਹੈ। ਮਾਰਕਸ ਜਿਸ ਨੂੰ ਪੂੰਜੀਵਾਦੀ ਵਿਕਾਸ ਦੀ ਗੁਣਾਤਮਕ ਤਬਦੀਲੀ ਪ੍ਰਭਾਸ਼ਿਤ ਕਰਦਿਆਂ ਆਖਦਾ ਹੈ ਕਿ ‘ਸਾਰੀ ਦੁਨੀਆ ਦੇ ਮਾਲ ਖਜ਼ਾਨੇ ਚੰਦ ਹੱਥਾਂ ‘ਚ ਇਕੱਠੇ (ਪੂੰਜੀ ਦਾ ਇਕੱਤਰੀਕਰਨ) ਹੋ ਜਾਂਦੇ ਹਨ ਅਤੇ ਦੂਸਰੇ ਪਾਸੇ ਇਸ ਦੀ ਵਿਰੋਧੀ ਤਾਕਤ ਵਜੋਂ ਬਾਕੀ ਸਭ ਲੋਕ ਮਾਲਕੀ ਹੱਕਾਂ ਤੋਂ ਹੱਥ ਧੋ ਗੁਣਾਤਮਕ ਤਬਦੀਲੀ ਦੇ ਆਖਰੀ ਸਿਰੇ ਤੱਕ ਪਹੁੰਚ ਜਾਂਦੇ ਹਨ’ (ਅਸਲ ‘ਚ ਕਾਰਪੋਰੇਟਾਂ ਲਈ ਸਾਮਰਾਜਵਾਦ ਦਾ ਰਾਸ਼ਟਰੀ ਰੂਪ ਉਹਨਾਂ ਦੀ ਕੌਮੀ ਪਛਾਣ ਨਿਰਧਾਰਤ ਕਰ ਦਿੰਦਾ ਸੀ ਜਿਹੜੀ ਵਿਰੋਧਤਾਈ ਸਿਖਰਲੇ ਰੂਪ ‘ਚ ਖੂਨੀ ਜੰਗਾਂ ਦਾ ਸਿੱਟਾ ਬਣ ਜਾਂਦੀ ਸੀ ਅਤੇ ਜਿਸ ਦਾ ਸਿੱਟਾ ਹੋਰ ‘ਜਮਾਤਾਂ ਦੇ ਹਿੱਤ’ ‘ਚ ਨਿਕਲਦਾ ਸੀ)। ਇਸ ਤਰ੍ਹਾਂ ਇਕ ਨਿਸ਼ਚਿਤ ਬਿੰਦੂ ‘ਤੇ ਜਾ ਕੇ ਪੂੰਜੀਵਾਦੀ ਉਤਪਾਦਨ ਵਿਧੀ ਦਾ ਵਿਕਾਸ ਅੰਤਿਮ ਰੂਪ ‘ਚ ਸਿਫਤ ਅੰਦਰ ਬਦਲ ਜਾਂਦਾ ਹੈ। ਪਰ ਲੈਨਿਨ ਪੂੰਜੀਵਾਦ ਨੂੰ 1917 ਵੇਲੇ ਹੀ ਪੂਰਣ ਰੂਪ ‘ਚ ਵਿਕਸਿਤ ਹੋ ਚੁੱਕਾ ਮੰਨਦਾ ਹੈ ਅਤੇ ਇਸ ਨੂੰ ‘ਮਰਣਊ’ ਘੋਸ਼ਿਤ ਕਰ ਦਿੰਦਾ ਹੈ, ਜਦੋਂ ਕਿ ਉਹ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਸੀ। ਅਸੀਂ ਹੁਣ ਇਹ ਵੇਖਾਂਗੇ ਕਿ ਲੈਨਿਨ ਦੁਆਰਾ ਨਿਰਧਾਰਤ ‘ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ’ ਕਿਨ੍ਹਾਂ ਹਾਲਤਾਂ ‘ਚ ਨਿਰਧਾਰਤ ਹੁੰਦੀ ਹੈ।

ਅਸੀਂ ਇਹ ਦੇਖ ਚੁੱਕੇ ਹਾਂ ਕਿ ਮਾਰਕਸ ਨੇ ਖੁਦ ਪੂੰਜੀਵਾਦ ਦੇ ਵਿੱਤੀ/ਕਾਰਪੋਰੇਟ ਵਿਕਾਸ ਰੂਪ ਨੂੰ ਜਾਣ ਲਿਆ ਸੀ ਅਤੇ ਉਦੋਂ ਇਹ ਮਾਲਕ ਪੂੰਜੀਪਤੀਆਂ ਵਲੋਂ ਪੂੰਜੀ ਇਕੱਤਰ ਕਰਨ ਵਾਲੀ ਹੌਲੀ ਰਫਤਾਰ ਦੀ ਬਜਾਏ ਪੂੰਜੀ ਦੇ ਵਿੱਤੀ ਰੂਪ ਸਦਕਾ ‘ਸਰਮਾਏ ਦੇ ਇਕੱਤਰੀਕਰਨ’ ਕਰਨ ਦੀ ਤੂਫ਼ਾਨੀ ਰਫ਼ਤਾਰ ‘ਤੇ ਸਵਾਰ ਹੋ ਗਿਆ ਸੀ। ਲੈਨਿਨ ਨੇ ਇਸ ਨੂੰ ਇਹਨਾਂ ਅਰਥਾਂ ਵਿਚ ਹੀ ‘ਮਰਨਊ’ ਸਮਝਿਆ ਕਿ ਕੁਝ ਸਾਮਰਾਜਾਂ ਦੁਆਰਾ ਕੁੱਲ ਆਲਮ ਨੂੰ ਆਪਣੀਆਂ ਬਸਤੀਆਂ ਬਣਾ ਲੈਣ ਨਾਲ ਪੂੰਜੀਵਾਦ ਆਪਣੇ ਪੂਰਣ ਵਿਕਾਸ ਦੀ ਸਿਖਰ ਤੱਕ ਪਹੁੰਚ ਗਿਆ ਹੈ ਅਤੇ ਹੁਣ ਇਹਨਾਂ ਤਿੰਨ+ਤਿੰਨ ਸਾਮਰਾਜਾਂ ਵਿਚਾਲੇ ਬਸਤੀਆਂ ਨੂੰ ਖੋਹਣ ਲਈ ਜੰਗਾਂ ਹੀ ਬਣਿਆ ਰਹੇਗਾ, ਜਿਸ ਨਾਲ ‘ਬਸਤੀ ਸੰਸਾਰ’ ਦੇ ਪ੍ਰਕਿਰਤਿਕ ਖਜ਼ਾਨਿਆਂ ਵਿਚਲਾ ਕੱਚਾ ਮਾਲ ਇਹਨਾਂ ਸਾਮਰਾਜੀ ਦੇਸ਼ਾਂ ਵਿਚ ਪਹੁੰਚਦਾ ਰਹੇਗਾ ਅਤੇ ਉਤਪਾਦਨ ਦੇ ਰੂਪ ਵਿਚ ਢਲ ਕੇ ਵਾਪਸ ਇਹਨਾਂ ਬਸਤੀਆਂ ਦੀਆਂ ਮੰਡੀਆਂ ਵਿਚ ਵਿਕਦਾ ਰਹੇਗਾ। ਦੁਨੀਆ ਦੇ ਉਹਨਾਂ ਬਾਕੀ ਮੁਲਕਾਂ ਨੂੰ ਵੀ ਇਹ ਵਿੱਤੀ ਰਕਮਾਂ ਵੇਚ ਕੇ ਆਪਣੀਆਂ ਬਸਤੀਆਂ ਦੇ ਜਾਲ ਵਿਚ ਫਸਾ ਲਵੇਗਾ ਜੋ ਅਜੇ ਆਜ਼ਾਦ ਨਜ਼ਰ ਆਉਂਦੇ ਹਨ। ਇਸ ਲਈ ਹਰ ਸਾਮਰਾਜ ਦਾ ਜ਼ੋਰ ਵੱਧ ਤੋਂ ਵੱਧ ਬਸਤੀਆਂ ਉੱਪਰ ਕਬਜ਼ਾ ਹੋਵੇਗਾ, ਜਿਸ ਲਈ ਇਹ ਆਲਮੀ ਜੰਗਾਂ ਹਮੇਸ਼ਾ ਹੁੰਦੀਆਂ ਰਹਿਣਗੀਆਂ। ਬਸਤੀਆਂ ਵਿਚਲੇ ਲੋਕ-ਹਿਤੈਸ਼ੀ ਰਾਜਨੀਤਕ ਸਮੂਹਾਂ ਨੂੰ ਕਮਿਊਨਿਸਟਾਂ ਦੁਆਰਾ ਏਕਤਾਬਧ ਕਰਕੇ ਉਸ ਸਮੇਂ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ, ਜਦੋਂ ਇਸ ਦੀ ਕੜੀ ਜੰਗਾਂ ‘ਚ ਮਸਰੂਫ ਹੋਣ ਕਰ ਕੇ ਕਮਜ਼ੋਰ ਹੋ ਗਈ ਹੋਵੇ ਤਾਂ ਇਸ ਲੋਕ ਪਾਰਟੀ (ਕਮਿਊਨਿਸਟ ਪਾਰਟੀ, ਧਿਆਨ ਰਹੇ ਕਿ ਇਹ ਦਮਿਤ ਲੋਕਾਂ ਦਾ ਰਾਜਨੀਤਕ ਸੰਗਠਨ ਹੁੰਦਾ ਹੈ, ਜਿਹੜੇ ਅਜੇ ਪ੍ਰੋਲੇਤਾਰੀ ਰੂਪ ਵਿਚ ਰਾਜਨੀਤਕ ਚੇਤਨਾ ਨਾਲ ਲੈਸ ਹੋ ਕੇ ਪੂੰਜੀਵਾਦ ਨਾਲ ਲੜਨ ਵਾਲੀ ਸਥਿਤੀ ਦੀ ਬਜਾਏ ਸਾਮੰਤੀ ਵਿਵਸਥਾ ਤੋਂ ਮੁਕਤੀ ਲਈ ਏਕਤਾਬਧ ਹੋਏ ਹੁੰਦੇ ਹਨ ਅਤੇ ਜਿਹਨਾਂ ਦੀਆਂ ਮਾਰਕਸ ਦੇ ਇਤਿਹਾਸਕ ਵਿਕਾਸ ਕ੍ਰਮ ਅਨੁਸਾਰ, ਪੂੰਜੀਵਾਦੀ ਇਤਿਹਾਸਕ ਕਾਲ-ਖੰਡ ‘ਚੋਂ ਲੰਘਣ ਦੀਆਂ ਅਜੇ ਪੂਰਨ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਇਸ ਵਾਸਤੇ ਇਸ ਰਾਜਨੀਤਕ ਪਾਰਟੀ/ਕਮਿਊਨਿਸਟ ਪਾਰਟੀ ਦੇ ਆਪਣੇ ਸੰਗਠਨ ਅੰਦਰ ਹੀ ਪੂੰਜੀਵਾਦੀ ਬਿਰਤੀ ਦੇ ਫੁੱਟ ਪੈਣ ਅਤੇ ਇਸ ਦੇ ਸਿਫ਼ਤ ‘ਚ ਬਦਲ ਜਾਣ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਅਸੀਂ ਦੇਖਦੇ ਹਾਂ ਜਿਵੇਂ ਇਤਿਹਾਸ ਨੇ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਅਜਿਹਾ ਸਾਬਤ ਵੀ ਕੀਤਾ ਹੈ) ਨੂੰ ਏਕਤਾਬਧ ਤਰੀਕੇ ਨਾਲ ਉਸ ਕਮਜ਼ੋਰ ਕੜੀ ‘ਤੇ ਹਮਲਾ ਕਰਨਾ ਚਾਹੀਦਾ ਹੈ, ਜਿਸ ਨਾਲ ਇਹ ਟੁੱਟ ਜਾਂਦੀ ਹੈ।

ਸਾਮਰਾਜਵਾਦੀ ਵਿਰੋਧਤਾਈਆਂ ‘ਚੋਂ ਬਸਤੀਆਂ ਜਾਂ ਬਸਤੀਆਂ ਬਣ ਜਾਣ ਵਾਲੇ ਮੁਲਕਾਂ ਅੰਦਰ ਇਨਕਲਾਬ ਕਰਨਾ ਸਿਧਾਂਤ ਨਹੀਂ ਯੁੱਧ ਨੀਤੀ (strategy) ਹੈ। ਲੈਨਿਨ ਦਾ ਸਿਧਾਂਤ ਹੈ ‘ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ’ ਅਤੇ ਇਸ ਦਾ ‘ਮਰਣਊਪਣ’। ਉਦਯੋਗਿਕ ਪੂੰਜੀਵਾਦ ਦੀ ਬਜਾਏ ਵਿੱਤੀ ਪੂੰਜੀਵਾਦ ਦੇ ਸੰਸਾਰਕ ਕਬਜ਼ੇ ਦੀ ਪਰਿਭਾਸ਼ਾ ਉੱਪਰ ਤਾਂ ਯੂਰਪੀ ਚਿੰਤਕ ਵੀ ਇਕ ਮੱਤ ਸਨ। ਪਰ ਪੂੰਜੀਵਾਦ ਦੇ ਸਾਮਰਾਜਵਾਦ ਰੂਪ ਵਿਚ ਤਬਦੀਲ ਹੋ ਜਾਣ ਤੋਂ ਬਾਅਦ ਇਸ ਦੇ ਕਿਸੇ ਵੀ ਹੋਰ ਰੂਪ ‘ਚ ਢਲ ਜਾਣ ਵਾਲੀ ਸੰਭਾਵਨਾ ਤੋਂ ਲੈਨਿਨ ਪੂਰੀ ਤਰ੍ਹਾਂ ਇਨਕਾਰੀ ਸਨ (ਜਦੋਂ ਕਿ ਵਿਰੋਧ ਵਿਕਾਸ ਕਿਸੇ ਵੀ ਸੰਭਾਵਨਾ ਤੋਂ ਇਨਕਾਰੀ ਨਹੀਂ। ਸੰਭਾਵਨਾ ਤੋਂ ਇਨਕਾਰ ਨਿਸ਼ਚਤਾਵਾਦ/ਮਕਾਨਕੀ ਭੌਤਿਕਵਾਦ ਹੈ)। ਇਸੇ ਵਾਸਤੇ ਕਮਜ਼ੋਰ ਕੜੀਆਂ ਨੂੰ ਤੋੜਨ ਵਾਲੀ ਆਪਣੀ ‘ਯੁੱਧ ਨੀਤੀ’ ਉੱਪਰ ਹਮਲਾ ਕਰਦੇ ਕਿਸੇ ਵੀ ਵਿਚਾਰ ਨੂੰ ਲੈਨਿਨ ਪੂੰਜੀਵਾਦ/ਸਾਮਰਾਜਵਾਦ ਦੀ ਹਮਾਇਤ ਮੰਨਦਾ ਹੈ ਜਾਂ ‘ਖੱਬੇਪੱਖੀ ਬਚਗਾਨਾ ਰੋਗ’ ਨਿਰਧਾਰਤ ਕਰਦਾ ਹੈ। ਲੈਨਿਨ ਆਪਣੀ ‘ਯੁੱਧ-ਨੀਤੀ’ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਹਾਨ ਨੇਤਾ ਸਨ, ਸਿਧਾਂਤਕਾਰ ਨਹੀਂ। ਸੰਸਾਰਕ ਹਾਲਤਾਂ ਦੀ ਬਦਲਦੀ ਸਥਿਤੀ ‘ਚ ਇਹ ‘ਯੁੱਧ ਨੀਤੀ’ ਆਵਾਗੌਣ ਸਾਬਤ ਹੋ ਸਕਦੀ ਸੀ ਅਤੇ ਹੋਈ, ਕਿਉਂਕਿ ਯੁੱਧਨੀਤੀ ਅਤੇ ਦਾਅਪੇਚ ਆਪਣੇ ਹਾਲਾਤ ਦਾ ਸਿੱਟਾ ਹੁੰਦੇ ਹਨ, ਆਲਮੀ ਸਿਧਾਂਤਕ ਵਰਤਾਰਾ ਨਹੀਂ ਹੁੰਦੇ।

‘ਸਾਮਰਾਜਵਾਦ ਪੁਰਾਣੇ ਸਾਮਰਾਜ ਸ਼ਬਦ ਦਾ ਹੀ ਨਵਾਂ ਸੰਕਲਪੀ ਰੂਪ ਹੈ ਅਤੇ ਜਿਸ ਨੂੰ ਅੰਗਰੇਜ਼ੀ ਵਿਚ ਜੋਸਫ਼ ਚੈਂਬਰਲੇਨ ਨੇ 1890 ਵਿਚ ਸੰਕਲਪਬੱਧ ਕੀਤਾ ਸੀ। ਇਹ ਸ਼ਬਦ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਨਾਲ ਇੰਗਲੈਂਡ ਦੇ ਵਿਕਾਸ ਨੂੰ ਜੋੜਦਾ ਹੈ ਪਰ ਇਸ ਸ਼ਬਦ ਨੂੰ ਹੋਰਨਾਂ ਭਾਸ਼ਾਵਾਂ ਨੇ ਅਪਣਾਉਂਦਿਆਂ ਇਸ ਦੀ ਵਿਆਖਿਆ ਤਿੱਖੇ ਰੂਪ ‘ਚ ਉੱਭਰ ਰਹੀਆਂ ਯੂਰਪੀਅਨਾਂ ਤਾਕਤਾਂ ਵਿਚਾਲੇ ਆਪਣੀਆਂ ਬਸਤੀਆਂ ਨੂੰ ਸੁਰੱਖਿਅਤ ਰੱਖਣ ਦੇ ਮੁਕਾਬਲੇ ਵਜੋਂ ਕੀਤੀ। ਅਫਰੀਕਾ ਵਿਚ ਇਸ ਮਹੌਲ ਦੀ ਗਰਮਾ-ਗਰਮੀ ਦੇ ਪ੍ਰਭਾਵਾਂ ਤੋਂ ਇਲਾਵਾ ਇਕ ਮੁਕਾਬਲਾ ਸੀ ਜਿਹੜਾ ਕਾਬਜ਼ ਸੰਸਾਰਕ ਸਿਆਸਤ ਵਿਚ 1880 ਤੋਂ 1914 ਤੱਕ ਹੁੰਦਾ ਰਿਹਾ ਅਤੇ ਜਿਸ ਯੁੱਗ ਦਾ ਨਾਂ ‘ਸਾਮਰਾਜਵਾਦ ਦਾ ਯੁੱਗ’ ਰੱਖ ਦਿੱਤਾ ਗਿਆ। ਬਰਤਾਨਵੀ ਅਤੇ ਯੂਰਪੀ ਮਹਾਂਦੀਪ ਦੇ ਹੋਰ ਸਾਮਰਾਜਵਾਦੀ ਮੁਲਕ ਆਪਣੀਆਂ ਨੀਤੀਆਂ ਨੂੰ ਇਸ ਦਾਅਵੇ ਰਾਹੀਂ ਨਿਆਂਇਕ ਸਾਬਤ ਕਰਦੇ ਸਨ ਕਿ ਉਹ ‘ਸੱਭਿਅਤਾ’ ਦੇ ਭਲੇ ਲਈ ਇਸ ਦਾ ਵਿਸਥਾਰ ਕਰ ਰਹੇ ਹਨ, ਜਿਸ ਦਾ ਆਧਾਰ ਨੀਵੇਂ ਦਰਜੇ ਦੇ ਲੋਕਾਂ ਦੀ ਪੱਛੜੀ ਧਰਤ ਨੂੰ ਚਿੱਟੀ ਨਸਲ ਦੀ ਨਸਲੀ, ਪਦਾਰਥਕ ਅਤੇ ਸੱਭਿਆਚਾਰਕ ਸਰਵ-ਉੱਚਤਾ ਪ੍ਰਦਾਨ ਕਰਨਾ ਸੀ। ਪਹਿਲੀ ਸੰਸਾਰ ਜੰਗ ਨੇ ਸਾਬਤ ਕੀਤਾ ਕਿ ਉਹਨਾਂ ਦੇ ਵਿਚਾਰ ਫਾਸ਼ੀਵਾਦੀ ਅਤੇ ਨਾਜ਼ੀਵਾਦੀ ਵਿਚਾਰਧਾਰਾ ਵਿਚ ਗੁੰਨ੍ਹੇ ਹੋਏ ਸਨ।’

‘ਆਧੁਨਿਕ ਸਾਮਰਾਜਵਾਦ ਦੀ ਸਹੀ ਅਤੇ ਤਿੱਖੀ ਅਲੋਚਨਾ ਅੰਗਰੇਜ਼ੀ ਚਿੰਤਕ ਜੇ ਏ ਹੌਬਸਨ ਨੇ 1902 ਵਿਚ ਕੀਤੀ, ਉਸ ਨੇ ਸਾਮਰਾਜਵਾਦ ਦੀ ਮੁਢਲੀ ਵਿਆਖਿਆ ਸਿਰਫ਼ ਆਰਥਿਕ ਪੱਖ ਤੋਂ ਕੀਤੀ। ਜਿਸ ਨੂੰ ਲੈਨਿਨ ਨੇ ਅਪਣਾ ਕੇ ਵਿਕਸਿਤ ਕਰਦਿਆਂ ਇਸ ਦੀ ਵਿਆਖਿਆ ‘ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ’ ਵਜੋਂ ਕੀਤੀ। ਲੈਨਿਨ ਪੂੰਜੀਵਾਦ ਦੇ ਅਜਾਰੇਦਾਰੀ ਰੂਪ ਨੂੰ ਉਤਪਾਦਨ ਦੇ ਬਹੁਤ ਉੱਚੇ ਦਰਜ਼ੇ ‘ਤੇ ਉੱਭਰਿਆ ਮੰਨਦਾ ਹੈ,”ਇਹ ਅਵਸਥਾ ਹੈ ਪੂੰਜੀਪਤੀਆਂ ਦੇ ਅਜਾਰੇਦਾਰ ਸੰਘਾਂ, ਕਾਰਟਲਾਂ, ਸਿੰਡੀਕੇਟਾਂ ਅਤੇ ਟਰੱਸਟਾਂ ਦੇ ਉੱਸਰ ਜਾਣ ਦੀ ਅਵਸਥਾ।…. ਅਜਾਰੇਦਾਰੀ ਵਰਤਾਰੇ ਦਾ ਕਾਰਨ ਬੈਂਕ ਹਨ। ਪਹਿਲਾਂ ਵਿਚੋਲੀਏ ਵਾਲੇ ਛੋਟੇ ਮੋਟੇ ਸਾਧਨ ਦਾ ਕੰਮ ਕਰਨ ਵਾਲੇ ਬੈਂਕ ਵਧ ਕੇ ਅੱਜ ਵਿੱਤੀ ਪੂੰਜੀ ਵਾਲੇ ਅਜਾਰੇਦਾਰ ਬਣ ਗਏ ਹਨ। ਪ੍ਰਮੁੱਖ ਪੂੰਜੀਵਾਦੀ ਮੁਲਕਾਂ ਵਿਚੋਂ ਹਰ ਮੁਲਕ ਅੰਦਰਲੇ ਤਿੰਨ ਤੋਂ ਪੰਜ ਸਭ ਤੋਂ ਵੱਡੇ ਬੈਂਕਾਂ ਨੇ ਉਦਯੋਗਾਂ ਅਤੇ ਬਾਕੀ ਬੈਂਕਾਂ ਦੀ ਪੂੰਜੀ ਨਾਲ ਵੱਡਾ ‘ਨਜ਼ਦੀਕੀ ਜੋੜ’ ਕਾਇਮ ਕਰ ਲਿਆ ਹੈ। ਉਹਨਾਂ ਨੇ ਅਰਬਾਂ-ਖਰਬਾਂ ਦੀ ਰਕਮ ‘ਤੇ ਕਬਜ਼ਾ ਕਾਇਮ ਕਰ ਲਿਆ ਹੈ।… ਇਹ ਵਿੱਤੀ ਅਲਪਤੰਤਰ ਆਧੁਨਿਕ ਬੁਰਜੂਆ ਸਮਾਜ ਦੀਆਂ ਬਹੁਤ ਸਾਰੀਆਂ ਆਰਥਿਕ ਅਤੇ ਰਾਜਨੀਤਕ ਸੰਸਥਾਵਾਂ ਉੱਤੇ ਨਿਰਭਰਤਾ ਦੇ ਸਬੰਧਾਂ ਦਾ ਇਕ ਸੰਘਣਾ ਜਾਲ਼ ਵਿਛਾਅ ਦਿੰਦਾ ਹੈ।

”ਅਜਾਰੇਦਾਰੀ ਵਰਤਾਰਾ ਬਸਤੀਵਾਦੀ ਨੀਤੀ ‘ਚੋਂ ਉੱਭਰਿਆ ਹੈ। ਬਸਤੀਵਾਦੀ ਨੀਤੀ ਨੇ ਅਨੇਕਾਂ ‘ਪੁਰਾਣੇ’ ਮਕਸਦਾਂ ਦੇ ਨਾਲ-ਨਾਲ ਵਿੱਤੀ ਪੂੰਜੀ ਦਾ ਇਕ ਨਵਾਂ ਮਕਸਦ ਵੀ ਜੋੜ ਦਿੱਤਾ ਹੈ।”

ਲੈਨਿਨ ਵਿੱਤੀ ਪੂੰਜੀ ਦੇ ਅਜਾਰੇਦਾਰ ਕਬਜ਼ਿਆਂ ਵਾਲੇ ਉਗਰ ਰੂਪ ਨੂੰ ਵਿਸ਼ਵੀ ਬਸਤੀਆਂ ਲਈ ਜੰਗਾਂ ਦਾ ਕਾਰਨ ਮਿਥਦਾ ਹੈ, ”ਸਾਮਰਾਜਵਾਦ ਪੂੰਜੀਵਾਦ ਦੇ ਵਿਕਾਸ ਦੀ ਉਹ ਅਵਸਥਾ ਹੈ ਜਿਸ ਨਾਲ ਅਜਾਰੇਦਾਰ ਸੰਘਾਂ ਅਤੇ ਉਹਨਾਂ ਦੀ ਵਿੱਤੀ ਪੂੰਜੀ ਦਾ ਗਲਬਾ ਕਾਇਮ ਹੋ ਗਿਆ ਹੈ… ਅੰਤਰਰਾਸ਼ਟਰੀ ਟਰੱਸਟਾਂ ਦੇ ਵਿਚ ਦੁਨੀਆ ਦਾ ਬਟਵਾਰਾ ਸ਼ੁਰੂ ਹੋ ਗਿਆ ਹੈ ਅਤੇ ਸਭ ਤੋਂ ਵੱਡੀਆਂ ਪੂੰਜੀਵਾਦੀ ਤਾਕਤਾਂ ਦੇ ਦਰਮਿਆਨ ਦੁਨੀਆ ਦੇ ਸਾਰੇ ਇਲਾਕਿਆਂ ਦੀ ਵੰਡ ਪੂਰੀ ਹੋ ਚੁੱਕੀ ਹੈ।” ਪਰ ਸਵਾਲ ਇਹ ਹੈ ਕਿ ਕੀ ਵਿੱਤੀ ਪੂੰਜੀ ਤੋਂ ਪਹਿਲਾਂ ਵਾਲੇ ਯੁੱਗ ‘ਚ ਵੱਖ-ਵੱਖ ਯੂਰਪੀ ਸਾਮਰਾਜ ਸਾਮਰਾਜਵਾਦੀ ਕਬਜ਼ੇ ਦੀ ਜੰਗ ਨਹੀਂ ਸਨ ਲੜ ਰਹੇ?  ਉਹਨਾਂ ਵਿਚ ਇਹ ਵਿਰੋਧਤਾਈ ਪਹਿਲਾਂ ਹੀ ਮੌਜੂਦ ਸੀ, ਵਿੱਤੀ ਪੂੰਜੀ ਵਾਲੇ ਪੂੰਜੀਵਾਦੀ ਵਰਤਾਰੇ ਨੇ ਤਾਂ ਇਹਨਾਂ ਹਾਬੜੇ ਹੋਏ ਸਾਮਰਾਜਾਂ ਦਰਮਿਆਨ ਵਿਰੋਧਤਾਈਆਂ ਨੂੰ ਖੂਨੀ ਜੰਗਾਂ ‘ਚ ਤਬਦੀਲ ਕਰਨ ਲਈ ਅੱਗ ‘ਤੇ ਪੈਟਰੌਲ ਹੀ ਛਿੜਕਿਆ ਸੀ। ਪਹਿਲੇ ਸਮੇਂ ‘ਚ ਅਜੇ ਵਿਸ਼ਵੀ ਧਰਤ ‘ਤੇ ਕਬਜ਼ੇ ਦੀ ਹੋੜ੍ਹ ਚੱਲ ਰਹੀ ਸੀ ਪਰ ਜਦੋਂ ਪੂਰੀ ਧਰਤ ਇਹਨਾਂ ਸਾਮਰਾਜੀ ਸ਼ਕਤੀਆਂ ਦੇ ਹੱਥਾਂ ਹੇਠ ਆ ਗਈ ਤਾਂ ਇਹਨਾਂ ਤਾਕਤਾਂ ਦਰਮਿਆਨ ਇਕ ਦੂਸਰੇ ਦੀਆਂ ਬਸਤੀਆਂ ਨੂੰ ਖੋਹਣ ਦੀ ਖੂਨੀ ਵਿਰੋਧਤਾਈ ਨੇ ਜਨਮ ਲਿਆ ਜਿਸ ਦਾ ਸਿੱਟਾ ਫਾਸ਼ਿਜ਼ਮ/ਨਾਜ਼ੀਵਾਦ ਹੋ ਨਿੱਬੜਿਆ।

ਲੈਨਿਨ ਨੇ ਸਪੱਸ਼ਟ ਕੀਤਾ ਕਿ ਇਹ ‘ਅਜਾਰੇਦਾਰ ਪੂੰਜੀਵਾਦ’ ਪੂੰਜੀਵਾਦ ਦੀ ‘ਉੱਚਤਮ ਅਵਸਥਾ’ ਹੈ ਜੋ ਸਾਨੂੰ ਸਾਮਰਾਜਵਾਦਾਂ ਦਰਮਿਆਨ ਭੇੜ ਵਜੋਂ ਦਿਖਾਈ ਦਿੰਦੀ ਹੈ। ਇਹ ਵਿਰੋਧਤਾਈ ਦਾ ਚਰਮ ਸਿਖਰ ਜੰਗਾਂ ਹਨ ਅਤੇ ਜੰਗਾਂ ਇਨਕਲਾਬ ਲਿਆਉਂਦੀਆਂ ਹਨ। ਇਨਕਲਾਬ ਅੰਤਿਮ ਰੂਪ ‘ਚ ਪੂੰਜੀਵਾਦ ਅਤੇ ਸਾਮਰਾਜਵਾਦ ਦੋਵਾਂ ਦਾ ਵਿਨਾਸ਼ ਕਰ ਦੇਵੇਗਾ। ਸਵਾਲ ਹੈ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਉੱਪਰ ਦੱਸੇ ਸਾਮਰਾਜਾਂ ਦਾ ਅੰਤ ਹੋ ਗਿਆ ਪਰ ਕੀ ਪੂੰਜੀਵਾਦ ਦਾ ਅੰਤ ਹੋਇਆ? ਇਹ ਠੀਕ ਹੈ ਕਿ ਅਜਾਰੇਦਾਰ/ਕਾਰਪੋਰੇਟ ਪੂੰਜੀਵਾਦ ਦੀ Àੁੱਚਤਮ ਅਵਸਥਾ ਹੈ ਪਰ ਸਾਮਰਾਜਵਾਦ ਨਾਲ ਇਸ ਦੇ ‘ਯੁੱਧਨੀਤਕ’ ਸਬੰਧ ਸਨ। ਇਸ ਲਈ ਸਾਮਰਾਜਵਾਦ ਦੇ ਅੰਤ ਤੋਂ ਬਾਅਦ ਇਹਨਾਂ ਸਮੁੱਚੇ ਅਜਾਰੇਦਾਰਾਂ/ਕਾਰਪੋਰੇਟਾਂ ਨੇ ਅਮਰੀਕਾ ਦੀ ਧਰਤ ਨੂੰ ਆਪਣਾ ਰਣ-ਖੇਤਰ ਬਣਾ ਕੇ ਆਈ. ਐਮ. ਐਫ ਅਤੇ ਸੰਸਾਰ ਬੈਂਕ ਦੀ ਨੀਤੀ ਰਾਹੀਂ ਜੰਗ ਦੀ ਬਜਾਏ ਰਲ ਕੇ ਖੇਡਣ ਦੀ ਯੋਜਨਾ ਬਣਾ ਲਈ ਅਤੇ ਅੱਜ ਨਿਰਵਿਘਨ ਸਫਲਤਾਪੂਰਵਕ ਚੱਲ ਰਹੀ ਹੈ, ਜਿਸ ਨੇ ਲੈਨਿਨ ਦੀ ‘ਯੁੱਧ ਨੀਤੀ’ ਚੋਂ ਪੈਦਾ ਹੋਏ ਇਨਕਲਾਬਾਂ ਨੂੰ ਵੀ ਨਿਗਲ਼ ਲਿਆ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਮਰਾਜਵਾਦਾਂ ਵਿਚ ਵੱਡਾ ਤੱਤ ਆਰਥਿਕ ਸੀ ਪਰ ਇਸ ਦੇ ਸੱਭਿਆਚਾਰਕ ਅਤੇ ਰਾਜਨੀਤਕ ਤੱਤਾਂ ਦੀ ਅਣਦੇਖੀ ਕਰਨੀ ਲੈਨਿਨ ਵਿਚਾਰਾਂ ਅਤੇ ਉਸ ਦੇ ਉੱਤਰਾਧਿਕਾਰੀਆਂ ਦੀ ਭਾਰੀ ਕਮਜ਼ੋਰੀ ਰਹੀ ਹੈ ਅਤੇ ਜਿਸ ਕਾਰਨ ਇਹ ਉੱਪਰ ਦੱਸੇ ਸਿੱਟਿਆਂ ‘ਤੇ ਪਹੁੰਚਿਆ। ਸਾਮਰਾਜਵਾਦ ਆਰਥਿਕ ਪੱਖ ਦੇ ਨਾਲ-ਨਾਲ ਜ਼ਬਰਦਸਤ ਰਾਸ਼ਟਰਵਾਦ (ਨੇਸ਼ਨ ਸਟੇਟ ਆਧਾਰਤ ਹੋਣ ਕਰਕੇ) ਅਤੇ ਨਸਲਵਾਦ ਦੇ ਸਿਰ ‘ਤੇ ਜੰਗਾਂ ਦਾ ਕਾਰਨ ਬਣਿਆ। ਅਸਲ ‘ਚ ਸਾਮਰਾਜਵਾਦ ਦੀਆਂ ਤੋਪਾਂ ‘ਚ ਰਾਸ਼ਟਰਵਾਦ ਅਤੇ ਨਸਲਵਾਦ ਦਾ ਬਾਰੂਦ ਅਹਿਮ ਪੱਖ ਸੀ ਅਤੇ ਇਸੇ ‘ਚੋਂ ਫਾਸ਼ੀਵਾਦ/ਨਾਜ਼ੀਵਾਦ ਨੇ ਜਨਮ ਲਿਆ ਅਤੇ ਇਹੋ ਕਾਰਨ ਹੀ ਇਸ ਨੂੰ ਅੰਤ ਵੱਲ ਲੈ ਗਿਆ, ਕਿਉਂਕਿ ਅਜਾਰੇਦਾਰ ਲੁੱਟ ਲਈ ਮੁਕਾਬਲਾ ਸ਼ਾਂਤ ਤਰੀਕੇ ਨਾਲ ਵੀ ਕਰ ਸਕਦੇ ਹਨ, ਜਿਸ ਦੀ ਪਰਿਕਲਪਨਾ ਕਾਊਟਸਕੀ ਨੇ ਕੀਤੀ ਸੀ ਅਤੇ ਜਿਸ ਨੂੰ ਲੈਨਿਨ ਦੀ ‘ਯੁੱਧ ਨੀਤੀ’ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ, ਕਿਉਂਕਿ ਕਾਊਟਸਕੀ ਦੇ ਵਿਚਾਰ ਲੈਨਿਨੀ ‘ਯੁੱਧ ਨੀਤੀ’ ਵਾਸਤੇ ਹਾਨੀਕਾਰਕ ਸਨ।

ਕਾਊਟਸਕੀ ਲਿਖਦਾ ਹੈ ਕਿ ‘ਅਸ਼ੁੱਧ ਆਰਥਿਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਅਸੰਭਵ ਨਹੀਂ ਹੈ ਕਿ ਪੂੰਜੀਵਾਦ ਇਕ ਹੋਰ ਅਵਸਥਾ ‘ਚੋਂ ਹੋ ਕੇ ਲੰਘੇ। ਇਹਨਾਂ ਕਾਰਟਲਾਂ (ਵਪਾਰਕ ਸੰਘ) ਨੂੰ ਉਸਾਰਨ ਦੀ ਨੀਤੀ ਵਿਦੇਸ਼ ਨੀਤੀ ਦੇ ਖੇਤਰ ਦਾ ਪਸਾਰਾ ਕਰਨ ਦੀ ਅਵਸਥਾ ਹੋਵੇਗੀ। ਇਹ ਅਵਸਥਾ ਚਰਮ ਸਾਮਰਾਜਵਾਦ ਦੀ ਅਰਥਾਤ ਮਹਾਂਸਾਮਰਾਜਵਾਦ ਦੀ ਹੋਵੇਗੀ। ਇਸ ਵਿਚ ਸਾਰੀ ਦੁਨੀਆਂ ਦੇ ਸਾਮਰਾਜਵਾਦਾਂ ਦੇ ਵਿਚਕਾਰ ਸੰਘਰਸ਼ ਦੀ ਸਥਿਤੀ ਨਹੀਂ ਰਹਿ ਜਾਵੇਗੀ। ਉਹਨਾਂ ਦਾ ਇਕ ਸੰਘ ਬਣ ਜਾਵੇਗਾ। ਉਹ ਇਕ ਅਜਿਹੀ ਅਵਸਥਾ ਹੋਵੇਗੀ ਜਿਸ ਵਿਚ ਪੂੰਜੀਵਾਦ ਦੇ ਦਰਮਿਆਨ ਯੁੱਧ ਬੰਦ ਹੋ ਜਾਣਗੇ, ਵਿਸ਼ਵ ਪੱਧਰ ਤੱਕ ਏਕਤਾਬਧ ਹੋ ਕੇ ਵਿੱਤੀ ਪੂੰਜੀ ਰਾਹੀਂ ਦੁਨੀਆ ਦਾ ਮਿਲ ਜੁਲ ਕੇ ਸ਼ੋਸ਼ਣ ਕਰਨ ਦੀ ਅਵਸਥਾ ਹੋਵੇਗੀ।’ ਲੈਨਿਨ ਦੇ ਇਨਕਲਾਬੀ ‘ਸਿਧਾਂਤ’/ਯੁੱਧ ਨੀਤੀ ਨੂੰ ਇਹ ਵਿਚਾਰ ਰਾਸ ਨਹੀਂ ਆ ਸਕਦੇ ਸਨ, ਕਿਉਂਕਿ ਉਸ ਨੇ ਸਾਮਰਾਜਵਾਦ ਨੂੰ ‘ਪੂੰਜੀਵਾਦ ਦੀ ਉੱਚਤਮ ਅਵਸਥਾ’ ਨਿਰਧਾਰਤ ਕਰ ਦਿੱਤਾ ਸੀ। ਇਸੇ ਕਰਕੇ ਲੈਨਿਨ ਆਪਣੇ ਗੁੱਸੇ ਦੀ ਚਰਮ ਸਿਖਰ ‘ਤੇ ਪਹੁੰਚ ਕੇ ਆਖਦਾ ਹੈ, ”ਉਹ (ਕਾਊਟਸਕੀ) ਮਾਰਕਸਵਾਦ ਤੋਂ ਕਿੰਨੇ ਫੈਸਲਾਕੁੰਨ ਤਰੀਕੇ ਨਾਲ ਕੱਟਿਆ ਹੋਇਆ ਹੈ।… ‘ਅਸ਼ੁੱਧ ਆਰਥਿਕ ਨਜ਼ਰੀਏ ਤੋਂ’ ਕੀ ‘ਚਰਮ ਸਾਮਰਾਜਵਾਦ’ ਸੰਭਵ ਜਾਪਦਾ ਹੈ ਜਾਂ ਫਿਰ ਇਹ ਬਕਵਾਸ ਦਾ ਚਰਮ ਹੈ।”

”ਆਰਥਿਕ ਵਿਕਾਸ ਏਕਾਅਧਿਕਾਰ ਦੀ ਸੰਸਥਾ ਦੇ ਵੱਲ ਅਤੇ ਇਸ ਲਈ ਇਕ ਵਿਸ਼ਵਵਿਆਪੀ ਏਕਾਅਧਿਕਾਰ ਦੇ ਵੱਲ ਭਾਵ ਇਕ ਇਕੱਲੇ ਵਿਸ਼ਵ ਵਿਆਪੀ ਟਰੱਸਟ ਦੀ ਉਸਾਰੀ ਵੱਲ ਵਧ ਰਿਹਾ ਹੈ। ਇਹ ਨਿਰਵਿਵਾਦ ਹੈ। ਨਾਲ ਹੀ ਇਹ ਓਨਾ ਹੀ ਅਰਥਹੀਣ ਹੈ ਜਿੰਨਾ ਕਿ ਇਹ ਕਹਿਣਾ ਕਿ ‘ਪ੍ਰਯੋਗਸ਼ਾਲਾਵਾਂ ‘ਚ ਅਨਾਜਾਂ ਦੇ ਉਤਪਾਦਨ ਦੀ ਸੰਭਾਵਨਾ ਵਧਦੀ ਜਾ ਰਹੀ ਹੈ।’ ਇਸ ਲਿਹਾਜ ਨਾਲ ਚਰਮ ਸਾਮਰਾਜਵਾਦ ਦਾ ‘ਸਿਧਾਂਤ’ ਓਨਾ ਹੀ ਫਜ਼ੂਲ ਹੈ ਜਿੰਨਾ ‘ਚਰਮ ਖੇਤੀ’ ਦਾ ਸਿਧਾਂਤ।… ‘ਚਰਮ ਸਾਮਰਾਜਵਾਦ’ ਇਕ ਨਿਰਜੀਵ ਕਾਲਪਨਿਕ ਸੁਪਨਾ ਮਾਤਰ ਹੈ। ਇਹ ਸੁਪਨਾ ਮੌਜੂਦਾ ਟੁਕੜਿਆਂ ਦੀ ਗਹਿਰਾਈ ਵੱਲੋਂ ਧਿਆਨ ਹਟਾਉਂਦਾ ਬਹੁਤ ਹੀ ਪ੍ਰਤੀਕਿਰਿਆਵਾਦੀ ਮਕਸਦ ਨੂੰ ਪੂਰਾ ਕਰਦਾ ਦਿਖਾਈ ਦਿੰਦਾ ਹੈ।” ਚਰਮ ਸਾਮਰਾਜਵਾਦ ਨੂੰ ਜੇ ਸੰਸਾਰੀਕਰਨ ਤਸਲੀਮ ਲਿਆ ਜਾਵੇ ਤਾਂ ਕਾਰਪੋਰੇਟਾਂ (ਬਹੁ-ਕੌਮੀ ਕਾਰਪੋਰੇਸ਼ਨਾਂ) ਦੀ ਸ਼ਾਂਤਭਰੀ ਮੁਕਾਬਲੇਬਾਜ਼ੀ ਦੁਆਰਾ ਵਿਸ਼ਵ ਦੀ ਲੁੱਟ ਨੂੰ ਸਰਅੰਜਾਮ ਦੇਣਾ ਕਾਊਟਸਕੀ ਦੀ ਚਰਮ ਸਾਮਰਾਜਵਾਦ ਦੀ ਪਰਿਕਲਪਨਾ ਤੋਂ ਭਿੰਨ ਕੁਝ ਨਹੀਂ ਜਾਪਦਾ। ਲੈਨਿਨ ਦੁਆਰਾ ‘ਚਰਮ ਸਾਮਰਾਜਵਾਦ’ ਦੀ ‘ਪ੍ਰਯੋਗਸ਼ਾਲਾਵਾਂ ‘ਚ ਅਨਾਜਾਂ ਦੇ ਉਤਪਾਦਨ ਦੀ ਸੰਭਾਵਨਾ ਵਧਦੀ ਜਾ ਰਹੀ ਹੈ’ ਨਾਲ ਕੀਤੀ ਤਸ਼ਬੀਹ ਵੀ ਇਤਿਹਾਸਕ ਵਿਕਾਸ ਦੇ ਪੂੰਜੀਵਾਦੀ ਮਾਡਲ ਵਿਚ ਝੂਠੀ ਜਿਹੀ ਪ੍ਰਤੀਤ ਹੁੰਦੀ ਹੈ। ਲੈਨਿਨ ਜਿਨ੍ਹਾਂ ਸਿੱਟਿਆਂ ‘ਤੇ ਪਹੁੰਚਦਾ ਹੈ ਉਸਦੀਆਂ ਵਿਰੋਧੀ ਸੰਭਾਵਨਾਵਾਂ ਤੋਂ ਉੱਕਾ ਇਨਕਾਰ ਕਰ ਦਿੰਦਾ ਹੈ। ਗ੍ਰਾਮਸ਼ੀ ਨੇ ਸੰਭਾਵਨਾਵਾਂ ਤੋਂ ਇਨਕਾਰ ਦੀ ਬਿਰਤੀ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ, ”ਮਕਾਨਕੀ ਇਤਿਹਾਸਕ ਭੌਤਿਕਵਾਦ ਗ਼ਲਤੀ ਦੀ ਸੰਭਾਵਨਾ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਇਹ ਮੰਨ ਲੈਂਦਾ ਹੈ ਕਿ ਹਰ ਰਾਜਨੀਤਕ ਕੰਮ ਨੂੰ ਸੰਰਚਨਾ (structure) ਰਾਹੀਂ ਤੁਰੰਤ ਨਿਰਧਾਰਤ ਕਰ ਦਿੱਤਾ ਜਾਂਦਾ ਹੈ। ਇਸ ਲਈ ਸੰਰਚਨਾ ‘ਚ ਇਸ ਦੇ ਸਿੱਟੇ ਵਜੋਂ ਇਕ ਵਾਸਤਵਿਕ ਅਤੇ ਸਥਾਈ (ਉਪਲਬਧ ਹੋਣ ਦੇ ਅਰਥਾਂ ਵਿਚ) ਪਰਿਵਰਤਨ ਹੋ ਜਾਂਦਾ ਹੈ। ਗ਼ਲਤੀ ਦਾ ਸਿਧਾਂਤ ਬਹੁਤ ਗੁੰਝਲਦਾਰ ਹੈ: ਇਹ ਦੋਸ਼ਪੂਰਨ ਕਿਆਫੇ ਦੇ ਆਧਾਰ ‘ਤੇ ਵਿਅਕਤੀਗਤ ਇੱਛਾ-ਭਾਵਨਾ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਹਨਾਂ ਕੋਸ਼ਿਸ਼ਾਂ ਦੇ ਰਾਹੀਂ ਉਹ ਪਾਰਟੀ/ਸੰਸਥਾ ਦੇ ਅੰਦਰ ਆਪਣੀ ਨੁਮਾਇੰਦਗੀ ਕਾਇਮ ਕਰਨਾ ਚਾਹੁੰਦਾ ਹੋਵੇ। ਇਹ ਕੋਸ਼ਿਸ਼ਾਂ ਅਸਫਲ ਵੀ ਹੋ ਸਕਦੀਆਂ ਹਨ।” ਪਰਿਕਲਪਨਾ ਰਾਹੀਂ ‘ਦੋਸ਼ਪੂਰਨ ਕਿਆਫੇ’ ‘ਗ਼ਲਤੀ ਦਾ ਸਿਧਾਂਤ’ ਹੈ ਜੋ ਵਿਗਿਆਨਕ ਸੰਰਚਨਾ ਦਾ ਆਧਾਰ ਹੈ ਪਰ ਕਮਿਊਨਿਸਟ ਪਾਰਟੀ ਦੀ ਸੰਰਚਨਾ ਨੂੰ ਇਹ ਰਾਸ ਨਹੀਂ ਆਉਂਦੇ ਅਤੇ ਉਹ ਮਨੁੱਖੀ ਮਨੋਚੇਤਨਾ ਦੀ ਸੰਰਚਨਾ ਨੂੰ ਵਿਰੋਧ ਵਿਕਾਸੀ ਹੋਣ ਦੀ ਬਜਾਏ ਮਕਾਨਕੀ ਨਿਰਧਾਰਤ ਕਰ ਦਿੰਦੀ ਹੈ। ਲੈਨਿਨ ਕਾਊਟਸਕੀ ਦੇ ਉੱਪਰ ਦਿੱਤੇ ਵਿਖਿਆਨ ਬਾਰੇ ਅਜਿਹਾ ਹੀ ਨਿਰਧਾਰਤ ਕਰ ਰਿਹਾ ਹੈ ਜਿਸ ਦਾ ਹਵਾਲਾ ਇਸ਼ਾਰਤਨ ਗ੍ਰਾਮਸ਼ੀ ਕਰ ਰਿਹਾ ਹੈ।

ਪ੍ਰਭਾਤ ਪਟਨਾਇਕ ਨੇ ‘ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ’ ਦੀ ਭੂਮਿਕਾ ਲਿਖਦਿਆਂ ਕਾਊਟਸਕੀ ਦੀ ‘ਚਰਮ ਸਾਮਰਾਜਵਾਦੀ’ ਪਰਿਕਲਪਨਾ ਅਤੇ ਲੈਨਿਨ ਦੀ ਸਾਮਰਾਜਵਾਦ ਵਿਚਾਲੇ ਬਸਤੀਆਂ ਖੋਹਣ ਦੀ ਜੰਗ ਦੇ ਥੀਸਸ ਨੂੰ ਸਵਾਲੀਆ ਨਿਸ਼ਾਨਾਂ ਦੇ ਘੇਰੇ ਅੰਦਰ ਲੈ ਆਂਦਾ, ”ਦੁਨੀਆ ਲੈਨਿਨ ਦੇ ਅਗਾਊਂ ਐਲਾਨ ਮੁਤਾਬਿਕ ‘ਸਾਮਰਾਜਵਾਦੀ ਦੇਸਾਂ ਵਿਚਾਲੇ ਤਾਕਤੀ ਤੋਲਾਂ ਵਿਚ ਡੁੱਬੀ ਰਹਿਣ ਦੀ ਬਜਾਏ ਉਸ ‘ਚਰਮ ਸਾਮਰਾਜਵਾਦ’ ਦੇ ਦੌਰ ਵਿਚ ਪਹੁੰਚ ਗਈ ਹੈ ਜਿਸਦੀ ਕਾਊਟਸਕੀ ਨੇ ਕਲਪਨਾ ਕੀਤੀ ਸੀ। ਅਜਿਹਾ ਵੀ ਲੱਗ ਸਕਦਾ ਹੈ ਕਿ ਵਾਸਤਵਿਕ ਦੁਨੀਆ ਦੀਆਂ ਘਟਨਾਵਾਂ ਨੇ ਲੈਨਿਨ ਨੂੰ ਨਹੀਂ ਕਾਊਟਸਕੀ ਨੂੰ ਸਹੀ ਸਾਬਤ ਕੀਤਾ ਹੈ।” ਪਰ ਪਟਨਾਇਕ ਨੇ ਕਾਊਟਸਕੀ ਦੇ ਚਰਮ ਸਾਮਰਾਜਵਾਦੀ ਮਾਡਲ ਨੂੰ ਸੱਚ ਸਾਬਤ ਹੁੰਦਾ ਨਹੀਂ ਦਿਖਾਇਆ, ”ਦੂਸਰੇ ਮਹਾਂ-ਯੁੱਧ ਦੇ ਬਾਅਦ ‘ਬ੍ਰਿਟੇਨ ਵੁਡਜ਼ ਵਿਵਸਥਾ’ ਦੇ ਅਧੀਨ ਅਮਰੀਕੀ ਡਾਲਰ ਨੂੰ ‘ਸੋਨੇ ਵਰਗਾ ਕੀਮਤੀ’ ਐਲਾਨ ਕਰ ਦਿੱਤਾ ਗਿਆ ਸੀ। ਇਸ ਨਵੀਂ ਵਿਵਸਥਾ ਅਧੀਨ ਕੁਝ ਸਮੇਂ ਤੱਕ ਤਾਂ ਅਮਰੀਕਾ ਦਾ ਇਕਹਿਰਾ ਦਬਦਬਾ ਰਿਹਾ। ਇਸ ਨੂੰ ਕੁਝ ਲੋਕਾਂ ਨੇ ‘ਚਰਮ-ਸਾਮਰਾਜਵਾਦ’ ਵੀ ਕਿਹਾ ਹੈ। ਸੱਤਰ ਦੇ ਦਹਾਕੇ ਵਿਚ ਅਜਿਹਾ ਲੱਗਣ ਲੱਗਾ ਕਿ ਸਾਮਰਾਜਵਾਦੀ ਦੇਸਾਂ ਵਿਚ ਹੋੜ੍ਹ ਇਕ ਵਾਰ ਫਿਰ ਸ਼ੁਰੂ ਹੋਵੇਗੀ। ਪਰ ਸਾਮਰਾਜਵਾਦੀ ਦੇਸ ਤਿੰਨਾਂ ਬ੍ਰਿਟੇਨ ਵੁਡਜ਼ ਸੰਸਥਾਵਾਂ (ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਅਤੇ ਵਪਾਰ) ਦੇ ਜ਼ਰੀਏ ਤੀਸਰੀ ਦੁਨੀਆ ਉੱਤੇ ‘ਉਦਾਰੀਕਰਨ’ ਦੇ ਪੈਕੇਜ਼ ਨੂੰ ਥੋਪਣ ‘ਚ ਕਾਮਯਾਬ ਰਹੇ। ਇਹ  ਸਰੂਪ ‘ਅੰਤਰਰਾਸ਼ਟਰੀ ਪੱਧਰ ‘ਤੇ ਏਕਤਾਬਧ ਵਿੱਤੀ ਪੂੰਜੀ’ ਵਾਲੀ ਕਾਊਟਸਕੀ ਧਾਰਨਾ ਦੇ ਨੇੜੇ ਪੈਂਦਾ ਦਿਸਦਾ ਹੈ। ਪੂੰਜੀ ਨੂੰ ਰਾਜਸੱਤਾ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ। ਅਗਰ ਪੂੰਜੀ ਦੁਨੀਆ ਭਰ ਵਿਚ ਗਤੀਸ਼ੀਲ ਹੈ ਤਾਂ ਇਸ ਨੂੰ ਕੁਝ ਅਜਿਹੇ ਮੁਲਕਾਂ ਦੀਆਂ ਰਾਜਸੱਤਾਵਾਂ ਦੇ ਸਮਰਥਨ ਦੀ ਜ਼ਰੂਰਤ ਹੈ ਜਿਹਨਾਂ ਦਾ ਦਬਦਬਾ ਦੁਨੀਆਂ ਭਰ ਵਿਚ ਚਲਦਾ ਹੈ। ਪਰ ਅੱਜ ਪੂੰਜੀ ਖੁਦ ਵਿਭਿੰਨ ਦੇਸਾਂ ‘ਚੋਂ ਨਿਕਲੀ ਇਕ ਆਜ਼ਾਦ ਸੰਯੁਕਤ ਸਮੂਹ ਹੈ।” ਸਵਾਲ ਇਹ ਨਹੀਂ ਕਿ ਲੈਨਿਨ ‘..ਉੱਚਤਮ ਅਵਸਥਾ’ ਦਾ ‘ਸਿਧਾਂਤ’ ਘੜ੍ਹ ਰਿਹਾ ਸੀ ਅਤੇ ਕਾਊਟਸਕੀ ਉਸ ਨੂੰ ਰੱਦ ਕਰਨ ਦੀ ‘ਬਕਵਾਸ’ ਕਰ ਰਿਹਾ ਸੀ। ਲੈਨਿਨ ਨੇ ਸਾਮਰਾਜਵਾਦਾਂ ਦੀ ਨੀਤੀ ਨੂੰ ਚਿੱਤਰਿਆ ਜੋ ਵਿਸ਼ਵ ਵੰਡ ਨੂੰ ਲੈ ਕੇ ਖੂਨੀ ਭੇੜਾਂ ‘ਚ ਰੁੱਝੇ ਹੋਏ ਸਨ। ਇਸ ਲਈ ਲੈਨਿਨ ਨੇ ਇਹਨਾਂ ਸਾਮਰਾਜੀ ਜੰਗਾਂ ਦਰਮਿਆਨ ਫਸੀ ਬਸਤੀਆਂ ਬਣਦੀ ਜਾ ਰਹੀ ਦੁਨੀਆ ਵਾਸਤੇ ਇਨਕਲਾਬ ਦੀ ‘ਯੁੱਧ ਨੀਤੀ’ ਤਿਆਰ ਕੀਤੀ। ਲੈਨਿਨ ਨੂੰ ਪੂਰਣ ਰੂਪ ‘ਚ ਇਹ ਮਹਿਸੂਸ ਹੋ ਰਿਹਾ ਸੀ ਕਿ ਕਾਊਟਸਕੀ ਦੇ ਵਿਚਾਰ ਉਸ ਦੀ ‘ਯੁੱਧ ਨੀਤੀ’ ਵਿਚ ਅੜਿੱਕਾ ਬਣ ਰਹੇ ਹਨ। ਇਸ ਲਈ ਇਹਨਾਂ ਵਿਰੋਧੀ ਵਿਚਾਰਾਂ ਨੂੰ ਰੱਦ ਕਰਨਾ ‘ਜ਼ਰੂਰੀ’ ਸੀ, ਕਿਉਂਕਿ ਕਮਿਊਨਿਸਟ ਪਾਰਟੀ ਦਾ ਜ਼ਾਬਤਾ ‘ਯੁੱਧ ਨੀਤੀ’ ਖਿਲਾਫ ਕਿਸੇ ਵੀ ‘.. ਗ਼ਲਤੀ ਦੀ ਸੰਭਾਵਨਾ ਦੀ ਇਜ਼ਾਜਤ ਨਹੀਂ ਦਿੰਦਾ।’ ਹਾਲਾਂਕਿ ਦੂਸਰੀ ਸੰਸਾਰ ਜੰਗ ਦੇ ਅੰਤ ‘ਤੇ 1945 ਤੋਂ ਬਾਅਦ ਲੈਨਿਨ ਦੀ ਕਮਿਊਨਿਸਟ ਪਾਰਟੀਆਂ ਲਈ ਬਣਾਈ ”ਯੁੱਧ ਨੀਤੀ” ਕਿ ‘ਜੰਗਾਂ ‘ਚ ਕਮਜ਼ੋਰ ਹੋਈ ਸਾਮਰਾਜਵਾਜ ਦੀ ਕੜੀ ਨੂੰ ਇਨਕਲਾਬ ਰਾਹੀਂ ਤੋੜਿਆ ਜਾ ਸਕਦਾ ਹੈ’ ਜਿਸ ਨੂੰ ਸਤਾਲਿਨ ਨੇ ਸਿਰਫ਼ ਆਪਣੇ ਰਾਸ਼ਟਰਵਾਦੀ ਹਿੱਤਾਂ ਵਿਚ ਭੁਗਤਾਉਂਦਿਆਂ ਸਮੁੱਚੀ ਦੁਨੀਆਂ ਦੇ ਕਮਿਊਨਿਸਟਾਂ ਦਾ ਰਾਸ਼ਟਰ ਸੋਵੀਅਤ ਯੂਨੀਅਨ ਬਣਾ ਦਿੱਤਾ; ਸੋਵੀਅਤ ਹਿੱਤ ਲਈ ਉਸ ਦੇ ਗੁੱਟ ਪੱਖੀ ਸਾਮਰਾਜਾਂ ਖ਼ਿਲਾਫ਼ ਉਹਨਾਂ ਦੀਆਂ ਬਸਤੀਆਂ ਅੰਦਰ ਕਮਿਊਨਿਸਟ ਇਨਕਲਾਬੀ ਜੱਦੋ-ਜਹਿਦ ਨੂੰ ਮੁਲਤਵੀ ਕਰਨਾ ਇਸੇ ਦਾ ਸਿੱਟਾ ਸੀ; ਜਿਸ ਨੇ ਕਮਿਊਨਿਸਟਾਂ ਨੂੰ ਬੁਰਜੂਆ ਰਾਸ਼ਟਰਵਾਦ ਦਾ ‘ਰਾਸ਼ਟਰਵਾਦੀ’ ਸਬਕ ਪੜ੍ਹਾਇਆ ਅਤੇ ਲੈਨਿਨ ਦੀ ਸਾਮਰਾਜੀ ਜੰਗਾਂ ਦਰਮਿਆਨ ਕਮਿਊਨਿਸਟ ਇਨਕਲਾਬਾਂ ਦੀ ‘ਯੁੱਧ-ਨੀਤੀ’ ਦਾ ਭੋਗ ਪਾ ਦਿੱਤਾ। ਮਾਉ ਨੇ ਇਸ ਸੋਵੀਅਤ ਰਾਸ਼ਟਰਵਾਦੀ ਮੱਕੇ ਦੀ ਭਗਤੀ ਦੇ ਸਿਧਾਂਤ ਤੋਂ ਆਕੀ ਹੋ ਕੇ ਲੈਨਿਨੀ ‘ਯੁੱਧ ਨੀਤੀ’ ਵਰਤਦਿਆਂ ਚੀਨ ਵਿਚਲੀ ਆਪਣੀ ਪਾਰਟੀ ਸਦਕਾ ਕਮਿਊਨਿਸਟ ਕਬਜ਼ਾ/ਇਨਕਲਾਬ ਕਰ ਲਿਆ। ਭਾਵ ਕਿ 1945 ਤੋਂ ਬਾਅਦ ਲੈਨਿਨੀ ‘ਯੁੱਧ ਨੀਤੀ’ ਵਾਲੀ ‘ਜੰਗਾਂ ਦਰਮਿਆਨ ਇਨਕਲਾਬ’ ਦੀ ਸੰਭਾਵਨਾ ਮੁੱਕ ਗਈ ਅਤੇ ਹੱਥਲ਼ ਹੋਈਆਂ ਵਿਸ਼ਵ ਦੀਆਂ ਕਮਿਊਨਿਸਟ ਪਾਰਟੀਆਂ ਇਨਕਲਾਬ ਦੀ ਬਜਾਏ ਸੋਵੀਅਤ ਆਰਥਿਕ, ਰਾਜਨੀਤਕ ਅਤੇ ਸਿਧਾਂਤਕ ਸਹਾਰੇ ਚਲਦੀਆਂ ਡਿੱਕੋ-ਡੋਲੇ ਖਾਂਦੀਆਂ ਸੋਵੀਅਤ ਸਮਾਜਵਾਦ ਦੀ ਭਗਤੀ ਵਿਚ ਲੀਨ ਹੋ ਗਈਆਂ।

ਅਸੀਂ ਇਹ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਲੈਨਿਨ ਦੁਆਰਾ ‘…ਉੱਚਤਮ ਅਵਸਥਾ’ ਦੇ ਐਲਾਨ ਮੁਤਾਬਿਕ ਸਾਮਰਾਜਵਾਦੀ ਜੰਗਾਂ ਦਰਮਿਆਨ ਵੱਖ-ਵੱਖ ਜਮਾਤੀ ਗਰੁੱਪਾਂ ਨੂੰ ਕਮਿਊਨਿਸਟ ਪਾਰਟੀ ਦੇ ਰਾਜਨੀਤਕ ਝੰਡੇ ਹੇਠਾਂ ਇਕੱਤਰ ਕਰਕੇ ਸਟੇਟ ਉੱਪਰ ਕਬਜ਼ਾ ਕਰਨ ਦੀ ‘ਯੁੱਧ ਨੀਤੀ’ ਹੀ ਸੀ ਅਤੇ ਉਦੋਂ ਅਜੇ ਪੂੰਜੀਵਾਦੀ ਵਿਕਾਸ ਮਾਡਲ ਦੀਆਂ ਸੰਪੂਰਨ ਉਤਪਾਦਕ ਸ਼ਕਤੀਆਂ ਵਿਕਸਿਤ ਹੋ ਕੇ ਸਿਫ਼ਤ ਬਦਲਣ ਦੇ ਮੋੜ ਤੱਕ ਨਹੀਂ ਸਨ ਪਹੁੰਚੀਆਂ। ਉਦੋਂ ਅਜੇ ਸਾਰੀ ਦੁਨੀਆ ਅੰਦਰ ਪੈਦਾ ਹੋ ਰਹੇ ਸਾਮਰਾਜਵਾਦ ਵਿਰੁੱਧ ਕੌਮੀ ਬੁਰਜੂਆਜ਼ੀਆਂ ਦੇ ਕੌਮਵਾਦੀ ਸੰਘਰਸ਼ ਪੂੰਜੀਵਾਦੀ ਉਤਪਾਦਨ ਵਿਧੀ ਦੇ ਵਿਕਸਿਤ ਹੋਣ ਲਈ ਅਜੇ ਭਰਪੂਰ ਰੂਪ ‘ਚ ਤਿਆਰ ਹੋ ਰਹੇ ਸਨ।  ਉਹਨਾਂ ਦੀ ਜੰਗ ਤਾਂ ਅਜੇ ਸਥਾਨਕ ਸਾਮੰਤਵਾਦ ਦੇ ਨਾਲ-ਨਾਲ ਸਾਮਰਾਜਵਾਦੀ ਤਾਕਤਾਂ ਵਿਰੁੱਧ ਹੋ ਰਹੀ ਸੀ। ਇਸ ਲਈ ਪੱਛਮੀ ਯੂਰਪ ਤੋਂ ਇਲਾਵਾ ਬਾਕੀ ਸਾਰੀ ਦੁਨੀਆ ਪੂੰਜੀਵਾਦੀ ਉਤਪਾਦਨ ਵਿਧੀ ਦੇ ਗੇੜ ‘ਚ ਪੈਣ ਦੀ ਬਜਾਏ ਸਾਮਰਾਜੀ ਦੇਸਾਂ ਨੂੰ ਕੱਚਾ ਮਾਲ ਸਪਲਾਈ ਕਰਨ ਦਾ ਸਾਧਨ ਮਾਤਰ ਬਣ ਕੇ ਰਹਿ ਗਈ ਸੀ, ਜਿਹਨਾਂ ਦੀਆਂ ਖਾਣਾਂ ਉੱਤੇ ਸਾਮਰਾਜੀ ਕਬਜ਼ੇ ਸਨ।

ਇਕ ਲਾਤੀਨੀ ਰੈਡੀਕਲ ਚਿੰਤਕ ਆਮਿਰ ਸੀਡਰ ਆਪਣੀ ਕਿਤਾਬ (“The New mole) ਵਿਚ ਇਹ ਸਵਾਲ ਉਠਾਉਂਦਾ ਹੈ ਕਿ, ‘ਕੁਝ ਸਿਧਾਂਤ ਇਹ ਕਬੂਲਦੇ ਹਨ ਕਿ ‘ਇਤਿਹਾਸ ਦਾ ਪਹੀਆ ਪਿਛਾਂਹ ਨੂੰ ਨਹੀਂ ਗਿੜਦਾ’। ਇਹ ਮਾਰਕਸਵਾਦ ਦੁਆਰਾ ਕਬੂਲੀ ਗਈ ਧਾਰਨਾ ਹੈ ਜਿਸ ਨੂੰ ਹੋਰ ਲੋਕ ਵੀ ਕਬੂਲਦੇ ਹਨ। ਸਾਡੇ ਸਮੇਤ ਬਹੁਤਿਆਂ ਨੇ ਇਹ ਧਾਰਨਾ ਸਵੀਕਾਰ ਕਰ ਲਈ ਸੀ ਕਿ ‘ਪੂੰਜੀਵਾਦ ਦੀ ਉੱਚਤਮ ਅਵਸਥਾ’ ਦੀ ਨੁਮਾਇੰਦਗੀ ਸਾਮਰਾਜਵਾਦ ਕਰਦਾ ਹੈ ਅਤੇ ਇਹ ਪੂੰਜੀਵਾਦ ਦਾ ਅੰਤਿਮ ਫੇਜ਼ ਹੈ, ਪਰ ਇਹ ਗ਼ੈਰਹਾਜ਼ਿਰ ਨਹੀਂ ਹੋਇਆ। ਉਹ ਵੀ ਜਿਹੜੇ ਨਿਸ਼ਚਤਾਵਾਦ ਜਾਂ ਆਰਥਿਕਤਾਵਾਦ ਨੂੰ ਨਹੀਂ ਕਬੂਲਦੇ ਅਤੇ ਇਹ ਆਖਦੇ ਹਨ ਕਿ ਇਤਿਹਾਸ ਅਟੱਲ ਰੂਪ ‘ਚ ਅੱਗੇ ਨੂੰ ਇਕ ਉਤਪਾਦਨ ਦੀ ਵਿਧੀ ਤੋਂ ਦੂਸਰੀ ਉਤਪਾਦਨ ਵਿਧੀ ਵੱਲ ਤੁਰਦਾ ਹੈ, ਹਰ ਸਰਵ ਉੱਤਮ ਵਿਧੀ ਪੁਰਾਤਨ ਨੂੰ ਖਾ ਜਾਂਦੀ ਹੈ, ਜਿਵੇਂ ਮੁਢਲੇ ਸਾਮਵਾਦ ਤੋਂ ਇਸ ਨੇ ਗ਼ੁਲਾਮਦਾਰੀ ਰਾਹੀਂ, ਸਾਮੰਤਵਾਦ ਅਤੇ ਪੂੰਜੀਵਾਦ ਵੱਲ ਕਦਮ ਪੁੱਟਿਆ ਅਤੇ ਇਸੇ ਸੰਭਾਵਨਾ ਤਹਿਤ ਸਮਾਜਵਾਦ ਘਟਿਤ ਹੁੰਦਾ ਹੈ — ਇਹ ਸੰਭਾਵਨਾ ਕਦੇ ਵੀ ਕਲਪੀ ਨਹੀਂ ਗਈ ਸੀ ਕਿ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਕੈਂਪ ਏਨੇ ਅਸਾਨ ਤਰੀਕੇ ਨਾਲ ਦ੍ਰਿਸ਼ ਤੋਂ ਲਾਂਭੇ ਹੋ ਸਕਦੇ ਹਨ ਅਤੇ ਪੂੰਜੀਵਾਦ ਦੀ ਵਾਪਸੀ ਹੋ ਸਕਦੀ ਹੈ।’ ਸੀਡਰ ਦਾ ਇਹ ਬਹੁਤ ਗਹਿਰਾ ਸਵਾਲ ਹੈ ਜੋ ਮਕਾਨਕੀ ਭੌਤਿਕਵਾਦੀ ਸਿਧਾਂਤ ਦੀ ਇਸੇ ਗ਼ਲਤ ਧਾਰਨਾ ਉੱਪਰ ਉਂਗਲ਼ ਧਰਦਾ ਹੈ। ਇਸੇ ਕਰਕੇ ਮਾਰਕਸ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ”ਕੋਈ ਵੀ ਸਮਾਜਿਕ ਵਿਵਸਥਾ ਤਦ ਤੱਕ ਖ਼ਤਮ ਨਹੀਂ ਹੁੰਦੀ ਜਦ ਤੱਕ ਉਸਦੇ ਅੰਦਰ ਲੁਕੀਆਂ ਬਹੁਤ ਸਾਰੀਆਂ ਉਤਪਾਦਕ ਸ਼ਕਤੀਆਂ ਵਿਕਸਿਤ ਨਹੀਂ ਹੋ ਜਾਂਦੀਆਂ।”

ਸਵਾਲ ਇੱਥੇ ਇਹ ਬਣਦਾ ਹੈ ਕਿ ਕੀ ‘ਯੁੱਧ ਨੀਤੀ’ ਰਾਹੀਂ ਕਾਲ ਦੇ ਕਿਸੇ ਟੁਕੜੇ ਨੂੰ ਅਗਵਾ ਕਰਕੇ ਮਾਰਕਸਵਾਦੀ ਇਤਿਹਾਸਕਾਰੀ ਦਾ ਹਿੱਸਾ ਬਣਾਇਆ ਜਾ ਸਕਦਾ? ਜੇ ਕਦੇ ਕਾਲ ਦਾ ਕੋਈ ਟੁਕੜਾ ਅਗਵਾ ਹੋ ਵੀ ਜਾਵੇ ਤਾਂ ਉਸ ਅੰਦਰ ਵਿਰੋਧ ਵਿਕਾਸ ਦੀਆਂ ਪੂਰਣ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ ਜੋ ਆਪਣੇ ਬਾਕੀ ਇਤਿਹਾਸ ਦੀ ਰਵਾਨਗੀ ‘ਚ ਚੱਲਣ ਲਈ ਕਾਹਲ਼ੀਆਂ ਹੁੰਦੀਆਂ ਹਨ, ਕਿਉਂਕਿ ਅਗਵਾ ਕੀਤੇ ਟੁਕੜੇ ‘ਚ ਇਤਿਹਾਸਕ ਵਿਕਾਸ ਦੀਆਂ ਅਜੇ ਹੋਰ ਜ਼ਰੂਰੀ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਕਮਿਊਨਿਸਟ ਪਾਰਟੀ ਵੱਲੋਂ ਯੁੱਧਨੀਤਕ ਪ੍ਰਾਪੇਗੰਡਾ ਰਾਹੀਂ ਉਹਨਾਂ ਲੋਕਾਂ ਨੂੰ ਵਰਗਲਾਇਆ ਤਾਂ ਜਾ ਸਕਦਾ ਹੈ ਜੋ ਪ੍ਰੋਲੇਤਾਰੀ ਚੇਤਨਾ (ਮਜ਼ਦੂਰ-ਕਿਸਾਨ) ਤੋਂ ਸੱਖਣੇ ਹੁੰਦੇ ਹਨ ਪਰ ਉਹਨਾਂ ਨੂੰ ਵਰਚਾਇਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦੀ ਚੇਤਨਾ ਅਜੇ ਇਤਿਹਾਸਕ ਵਿਕਾਸ ਦੇ ਵਿਰੋਧ ਵਿਕਾਸੀ ਅਮਲ ਰਾਹੀਂ ਇਤਿਹਾਸ ਦੀ ਪੂੰਜੀਵਾਦੀ ਉਤਪਾਦਨ ਵਿਧੀ ਦੇ ਨਿਖੇਧ ਦਾ ਹਿੱਸਾ ਨਹੀਂ ਬਣੀ ਹੁੰਦੀ। ਇਸੇ ਲਈ ਲੈਨਿਨ ਅਤੇ ਮਾਉ ਦੇ ਇਨਕਲਾਬ ਅੰਦਰ ਪੂੰਜੀਵਾਦ ਦੇ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਸਨ, ਜਿਸ ਨੂੰ ਸਾਮੰਤਵਾਦੀ ਉਤਪਾਦਨ ਵਿਧੀ ਤੋਂ ਸਿੱਧਾ ਅਗਵਾ ਕਰਕੇ ‘ਸਮਾਜਵਾਦੀ ਵਿਧੀ’ ਅਧੀਨ ਕਰ ਦਿੱਤਾ ਗਿਆ ਸੀ। ਇਸੇ ਲਈ ਹੀ ਮਾਉ ਨੂੰ ਬੁਰਜੂਆਜ਼ੀ ਪਾਰਟੀ ਦੀ ਕੇਂਦਰੀ ਕਮੇਟੀ ਉੱਪਰ ਕਾਬਜ਼ ਨਜ਼ਰ ਆ ਰਹੀ ਸੀ। ਸੀਡਰ ਦੇ ਸਵਾਲ ਦਾ ਜਵਾਬ ਇਹੋ ਹੈ ਕਿ ਕਿਸੇ ਉਤਪਾਦਨ ਵਿਧੀ ਦਾ ਅੰਤ ਵਿਕਾਸ ਦੇ ਪੂਰਣ ਸਿਖਰ ‘ਤੇ ਜਾ ਕੇ ਹੁੰਦਾ ਹੈ। ਕਿਸੇ ਪੌਦੇ ਵਿਚ ਅਜੇ ਬੀਜ ਦੇ ਪੱਕਣ ਤੱਕ ਦਾ ਵਿਕਾਸ ਨਾ ਹੋਇਆ ਹੋਵੇ ਤਾਂ ਉਹ ਅਗਲੇ ਨਿਖੇਧ ਦੇ ਗੇੜ ਵਿਚ ਨਹੀਂ ਪਹੁੰਚ ਸਕਦਾ। ਦੋਧੇ ਦਾਣੇ ਆਪਣੀ ਪਹਿਲੀ ਹਾਲਤ ‘ਚ ਅਤੇ ਹਾਈਬ੍ਰਿਡ ਪੇਂਦ ਦੇ ‘ਚੁੰਗਲ’ ‘ਚ ਫਸੇ ਦਾਣੇ ਆਪਣੀਆਂ ਅਗਲੀਆਂ ਨਿਖੇਧੀ ਹਾਲਤਾਂ ਅਧੀਨ ਵਿਰੋਧੀ ਸਥਿਤੀ ਦੇ ਵੱਸ ਆਪਣੇ ਵਿਨਾਸ਼ ਤੱਕ ਪਹੁੰਚ ਜਾਂਦੇ ਹਨ। ਗ੍ਰਾਮਸ਼ੀ ਮਾਰਕਸ ਦੇ ਉੱਪਰ ਦਿੱਤੇ ਵਿਚਾਰ ਦੀ ਪੈੜ ਨੱਪਦਿਆਂ ਕਹਿੰਦਾ ਹੈ,”ਕੋਈ ਸਮਾਜਿਕ ਵਿਵਸਥਾ ਤਦ ਤੱਕ ਨਹੀਂ ਮਰਦੀ ਜਦ ਤੱਕ ਉਸ ਵਿਚਲੀਆਂ ਸਾਰੀਆਂ ਉਤਪਾਦਕ ਸ਼ਕਤੀਆਂ ਵਿਕਸਿਤ ਨਾ ਹੋ ਜਾਣ ਜਿਹਨਾਂ ਲਈ ਅਜੇ ਗੁੰਜ਼ਾਇਸ਼ ਹੈ ਅਤੇ ਉਤਪਾਦਨ ਦੇ ਨਵੇਂ ਅਤੇ ਉਚਤਰ ਸਬੰਧ ਉਹਨਾਂ ਦੀ ਥਾਂ ਨਾ ਲੈ ਲੈਣ ਅਤੇ ਨਵੇਂ ਸਬੰਧਾਂ ਦੀਆਂ ਭੌਤਿਕ ਦਿਸ਼ਾਵਾਂ ਪੁਰਾਣੇ ਸਮਾਜ ਦੇ ਗਰਭ ‘ਚ ਪੂਰੀ ਤਰ੍ਹਾਂ ਆਪਣਾ ਵਿਕਾਸ ਨਾ ਕਰ ਲੈਣ। ਕੇਵਲ ਇਸੇ ਆਧਾਰ ‘ਤੇ ਹੀ ਸਮੁੱਚੇ ਮਕਾਨਕੀਵਾਦ ਅਤੇ ਅੰਧਵਿਸ਼ਵਾਸਪੂਰਣ ‘ਚਮਤਕਾਰ’ ਦੇ ਹਰ ਨਿਸ਼ਾਨ ਨੂੰ ਨਕਾਰਿਆ ਜਾ ਸਕਦਾ ਹੈ।”

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s