ਲਹਿੰਦੇ ਪੰਜਾਬ ਦੇ ਕਿਰਤੀਆਂ ਦੇ ਜੀਵਨ ਦੀ ਯਥਾਰਥਕ ਪੇਸ਼ਕਾਰੀ -ਭੁੱਬਲ਼ •ਕੁਲਦੀਪ

13

ਪੀ.ਡੀ.ਐਫ਼ ਡਾਊਨਲੋਡ ਕਰੋ

ਲਹਿੰਦੇ ਪੰਜਾਬ ਦੇ ਲੇਖਕ ਫ਼ਰਜ਼ੰਦ ਅਲੀ ਦਾ ਨਾਵਲ ‘ਭੁੱਬਲ਼’ ਪੰਜਾਬੀ ਨਾਵਲਕਾਰੀ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਜੋ 1950ਵਿਆਂ ਤੋਂ 1990ਵਿਆਂ (ਪਹਿਲੇ ਅੱਧ) ਦੇ ਪਾਕਿਸਤਾਨੀ ਪੰਜਾਬੀ ਭੂ-ਖੰਡ ਦੇ ਇਤਿਹਾਸ ਨੂੰ ਆਪਣੇ ਕਲ਼ਾਵੇ ਵਿੱਚ ਸਮੋਈ ਬੈਠਾ ਹੈ। ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਇਸ ਨਾਵਲ ਵਿੱਚ ਇਤਿਹਾਸ ਦੀ ਪੇਸ਼ਕਾਰੀ ਬਹੁਤ ਹੀ ਦਵੰਦਵਾਦੀ ਤਰੀਕੇ ਨਾਲ਼ ਹੋਈ ਹੈ। ਇਸੇ ਕਰਕੇ ਜੇਕਰ ਅਸੀਂ ‘ਭੁੱਬਲ਼’ ਨਾਵਲ ਨੂੰ ਪੰਜਾਬੀ ਨਾਵਲਕਾਰੀ ਦੇ ਇਤਿਹਾਸ ਦਾ ਪਹਿਲਾ ਸਮਾਜਵਾਦੀ ਯਥਾਰਥਵਾਦੀ ਨਾਵਲ ਵੀ ਕਹੀਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਪੰਜਾਬੀ ਨਾਵਲਕਾਰੀ ਵਿੱਚ ਨਾਨਕ ਸਿੰਘ ਦੇ ਆਦਰਸ਼ਵਾਦ ਤੋਂ ਲੈ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਕਰਮਜੀਤ ਕੁੱਸਾ, ਸੁਰਿੰਦਰ ਸਿੰਘ ਨਰੂਲਾ, ਬਲਦੇਵ ਸਿੰਘ ਆਦਿ ਲੇਖਕਾਂ ਦੇ ਯਥਾਰਥਵਾਦੀ ਨਾਵਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਯਥਾਰਥ ਦੀ ਪੇਸ਼ਕਾਰੀ – ਆਪਣੀਆਂ ਕੁੱਲ ਪ੍ਰਾਪਤੀਆਂ ਦੇ ਬਾਵਜੂਦ – ਇਕਹਿਰੀ, ਉਲਾਰ, ਗ਼ੈਰ-ਵਿਗਿਆਨਕ ਜਾਂ ਅਣ-ਇਤਿਹਾਸਕ ਹੈ। ਜਿਵੇਂ ‘ਮੜ੍ਹੀ ਦਾ ਦੀਵਾ’ ਨਾਵਲ ਵਿੱਚ ਜਗਸੀਰ ਵਰਗੇ ਖੇਤ-ਮਜ਼ਦੂਰ ਤੇ ਭੌਂ-ਮਾਲਕ ਧਰਮ ਸਿੰਘ ਦੇ ਸਬੰਧਾਂ ਰਾਹੀਂ ਉਸ ਸਮੇਂ ਦੇ ਯਥਾਰਥ ਦਾ ਪੂਰਾ ਵੇਰਵਾ ਹੀ ਅਣ-ਇਤਿਹਾਸਕ ਹੈ। ਇਸੇ ਤਰ੍ਹਾਂ ‘ਅੰਨ੍ਹੇ ਘੋੜੇ ਦਾ ਦਾਨ’ ਨਾਵਲ ਦੀ ਉਦਾਹਰਨ ਲਈ ਜਾ ਸਕਦੀ ਹੈ ਜਿਸ ਵਿੱਚ ਮਜ਼ਦੂਰਾਂ ਦੇ ਜੀਵਨ ਦੀ ਪੇਸ਼ਕਾਰੀ ਇਕਹਿਰੀ ਤੇ ਅਣ-ਇਤਿਹਾਸਕ ਹੈ ਅਤੇ ਉਹਨਾਂ ਨੂੰ ਪ੍ਰਤੀਕਿਰਿਆ ਰਹਿਤ ਸਿੱਥਲ ਸਮੂਹ ਦੇ ਰੂਪ ‘ਚ ਪੇਸ਼ ਕੀਤਾ ਹੈ, ਦੂਜਾ ਜੋ ਮਜ਼ਦੂਰ ਚੁਣਿਆ ਹੈ ਉਹ ਵੀ ਉਸ ਸਮੇਂ ਮਜ਼ਦੂਰ ਜਮਾਤ ਦਾ ਨੁਮਾਇੰਦਾ ਨਹੀਂ ਸਗੋਂ ਇੱਕ ਅੰਸ਼ ਹੈ ਭਾਵ ਅੰਸ਼ ਨੂੰ ਸਮੁੱਚ ਬਣਾ ਕੇ ਪੇਸ਼ ਕੀਤਾ ਗਿਆ ਹੈ। ਏਗਲਜ਼ ਨੇ ਮਾਰਗਰੇਟ ਹਾਰਕਨੇਸ ਦੇ ਨਾਵਲ ‘ਸ਼ਹਿਰ ਦੀ ਕੁੜੀ’ ਦੇ ਮੁੱਖ ਪਾਤਰ ਦੀ ਯਥਾਰਥਕ ਤਸਵੀਰਕਸ਼ੀ ਦੀ ਪ੍ਰਸ਼ੰਸਾ ਕਰਨ ਬਾਅਦ ਉਹਦੀ ਇੱਕ ਭੁੱਲ ਬਾਰੇ ਧਿਆਨ ਦਵਾਉਂਦੇ ਕਿਹਾ ਸੀ, “ਇਸ ਨਾਵਲ ਵਿੱਚ ਮਜ਼ਦੂਰ ਜਮਾਤ ਇੱਕ ਸਿੱਥਲ ਸਮੂਹ ਵਜੋਂ ਸਾਹਮਣੇ ਆਉਂਦੀ ਹੈ ਜਿਹੜੀ ਆਪਣੀ ਸਹਾਇਤਾ ਕਰਨ ਤੋਂ ਅਸਮਰੱਥ ਹੈ ਅਤੇ ਸਗੋਂ ਆਪਣੀ ਸਹਾਇਤਾ ਕਰਨ ਦੀ ਇੱਛਾ ਨਾਲ਼ ਕੋਈ ਯਤਨ ਤੱਕ ਨਹੀਂ (ਕਰਦਾ) ਦਰਸਾਉਂਦਾ। ਇਸਨੂੰ ਇਸਦੇ ਡਾਢੇ ਸੰਤਾਪ ਵਿੱਚੋਂ ਬਾਹਰ ਕੱਢਣ ਦੇ ਸਾਰੇ ਯਤਨ ਬਾਹਰੋਂ, ਉੱਪਰੋਂ ਹੁੰਦੇ ਹਨ। ਹੁਣ ਜੇਕਰ ਇਹ ਸਾਂ-ਸੀਮੋ ਅਤੇ ਰਾਬਰਟ ਓਵਨ ਦੇ ਦਿਨਾਂ ਵਿੱਚ, 1800 ਜਾਂ 1810 ਬਾਰੇ ਇਹ ਸਹੀ ਵਰਣਨ ਸੀ, ਤਾਂ ਇਹ 1887 ਵਿੱਚ ਇੱਕ ਅਜਿਹੇ ਬੰਦੇ ਨੂੰ ਉਸ ਤਰ੍ਹਾਂ ਨਹੀਂ ਜਾਪ ਸਕਦਾ ਜਿਸਨੂੰ ਲਗਪਗ ਪੰਜਾਹ ਵਰ੍ਹਿਆਂ ਤੋਂ ਜੁਝਾਰੂ ਪ੍ਰੋਲੇਤਾਰੀ ਦੀਆਂ ਬਹੁਤੀਆਂ ਲੜਾਈਆਂ ਵਿੱਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਏ” (ਏਂਗਲਜ਼ ਵੱਲੋਂ ਮਾਰਗਰੇਟ ਹਾਰਕਨੈਸ ਦੇ ਨਾਂ ਇੱਕ ਚਿੱਠੀ, ਅਪ੍ਰੈਲ, 1888)। ਪਰ ਸਾਡੇ ਲੇਖਕ ਨੂੰ 80 ਸਾਲ ਬਾਅਦ ਵੀ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਹੈ, ਸਗੋਂ ਉਸ ਤੋਂ ਵੀ ਵਿਗੜੇ ਤੇ ਪੁੱਠੇ ਰੂਪ ‘ਚ। ਬਲਦੇਵ ਸਿੰਘ ਦਾ ਨਾਵਲ ‘ਅੰਨਦਾਤਾ’ ਵੀ ਨਿੱਕੀ-ਮਾਲਕੀ ਦੇ ਉਜਾੜੇ ਦਾ ਵਿਰਲਾਪ ਹੈ ਅਤੇ ਇਸੇ ਤਰ੍ਹਾਂ ‘ਰੋਹੀ-ਬੀਆਬਾਨ’, ‘ਲਹੂ ਦੀ ਲੋਅ’, ‘ਪਰਸਾ’, ‘ਲਹੂ ਮਿੱਟੀ’, ‘ਬਾ-ਮੁਲਾਜ਼ਾ ਹੋਸ਼ਿਆਰ’, ‘ਪਿਤਾ-ਪੁੱਤਰ’, ਆਦਿ ਹੋਰ ਬਹੁਤ ਸਾਰੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ, ਪਰ ਇਹ ਗੱਲ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ ਜਿਸ ਬਾਰੇ ਅਸੀਂ ਫਿਰ ਕਿਸੇ ਲੇਖ ਵਿੱਚ ਤੱਥਾਂ ਸਹਿਤ ਪੰਜਾਬੀ ਦੇ ਯਥਾਰਥਵਾਦੀ ਨਾਵਲਾਂ ਬਾਰੇ ਆਪਣੀ ਗੱਲ ਰੱਖਾਂਗੇ। ਹੁਣ ਅਸੀਂ ਆਪਣੇ ਵਿਸ਼ੇ ‘ਤੇ ਆਉਂਦੇ ਹਾਂ।

ਮੁੱਖ ਤੌਰ ‘ਤੇ ਦੋ ਗੱਲਾਂ ਕਰਕੇ ‘ਭੁੱਬਲ਼’ ਨਾਵਲ ਦੀ ਦੇਣ ਪੰਜਾਬੀ ਨਾਵਲਕਾਰੀ ਵਿੱਚ ਇਤਿਹਾਸਕ ਮਹੱਤਵ ਰੱਖਦੀ ਹੈ। ਪਹਿਲੀ ਗੱਲ ਤਾਂ ਇਹ ਕਿ ‘ਭੁੱਬਲ਼’ ਨਾਵਲ ਵਿੱਚ ਇਤਿਹਾਸ ਦੀ ਪੇਸ਼ਕਾਰੀ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਨਾਲ਼ ਹੋਈ ਹੈ। ਭਾਵ ਨਾਵਲ ਜਗੀਰੂ ਸਬੰਧਾਂ ਤੋਂ ਸਰਮਾਏਦਾਰਾ ਸਬੰਧਾਂ ਦੀ ਸਥਾਪਤੀ ਤੱਕ ਦੇ ਸਮਾਜਿਕ ਵਿਕਾਸ ਨੂੰ ਲਗਾਤਾਰਤਾ ਅਤੇ ਤਬਦੀਲੀ ਦੇ ਦਵੰਦ ਰਾਹੀਂ ਬਹੁਤ ਹੀ ਯਥਾਰਥਕ ਢੰਗ ਨਾਲ਼ ਪਰਤ-ਦਰ-ਪਰਤ ਲੜੀਵਾਰਤਾ ਨਾਲ਼ ਪੇਸ਼ ਕਰਦਾ ਹੈ। ਦੂਜੀ ਇਹ ਕਿ ਸਾਡੀ ਹਾਕਮ ਜਮਾਤ ਸੰਨੀ ਦਿਓਲ ਮਾਰਕਾ ਬਾਲੀਵੁੱਡ ਫ਼ਿਲਮਾਂ ਰਾਹੀਂ ਪਾਕਿਸਤਾਨ ਦੇ ਲੋਕਾਂ ਨੂੰ ਦਹਿਸ਼ਤਗਰਦ ਬਣਾ ਕੇ ਪੇਸ਼ ਕਰਦੇ ਹੋਏ ਜੋ ਕੂੜ ਪ੍ਰਚਾਰ ਕਰਦੀ ਹੈ, ‘ਭੁੱਬਲ਼’ ਨਾਵਲ ਪੜ੍ਹ ਕੇ ਉਹ ਮਿੱਥ ਟੁੱਟਦੀ ਹੈ। ਨਾਵਲ ਪੜ੍ਹ ਕੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਵਿੱਚ ਵੀ ਆਮ ਲੋਕਾਂ ਦੀ ਹਾਲਤ ਅਜ਼ਾਦੀ ਤੋਂ ਬਾਅਦ ਲਗਾਤਾਰ ਬਦ ਤੋਂ ਬਦਤਰ ਹੋ ਰਹੀ ਹੈ। ਸਾਡੇ ਲੋਕਾਂ ਵਾਂਗ ਹੀ ਉੱਥੋਂ ਦੇ ਆਮ ਲੋਕਾਂ ਨੇ ਪਹਿਲਾਂ ਮੁਜਾਰ੍ਹਿਆਂ ਦੇ ਰੂਪ ਵਿੱਚ ਭਿਅੰਕਰ ਜ਼ਿੰਦਗੀ ਬਿਤਾਈ ਅਤੇ ਹੁਣ ਮਜ਼ਦੂਰਾਂ ਦੇ ਰੂਪ ਵਿੱਚ ਸਰਮਾਏਦਾਰਾ ਲੁੱਟ-ਖਸੁੱਟ ਦਾ ਸ਼ਿਕਾਰ ਹਨ। ਉਹਨਾਂ ਨੇ ਵੀ ਵੰਡ ਦਾ ਦੁਖਾਂਤ ਭੋਗਿਆ, ਉਹ ਵੀ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਅਲਾਮਤਾਂ ਦੇ ਸ਼ਿਕਾਰ ਹਨ। ਉੱਥੇ ਵੀ ਸਿੱਖਿਆ, ਸਿਹਤ, ਮਨੋਰੰਜਨ ਦੀਆਂ ਸਹੂਲਤਾਂ ਕੇਵਲ ਮੁੱਠੀਭਰ ਧਨ ਪਸ਼ੂਆਂ ਲਈ ਹਨ। ਆਮ ਲੋਕ ਉੱਥੇ ਵੀ ਢਿੱਡ-ਪੇਟ ਬੰਨ੍ਹ ਕੇ ਗੁਜ਼ਾਰਾ ਕਰਨ ਲਈ ਬੇਵੱਸ ਹਨ, ਉੱਚ-ਪੱਧਰੀ ਮੈਡੀਕਲ ਸਹੂਲਤਾਂ ਹੋਣ ਦੇ ਬਾਵਜੂਦ ਉੱਥੇ ਵੀ ਬਹੁ-ਗਿਣਤੀ ਲੋਕ ਇਲਾਜ ਖੁਣੋਂ ਮਰਦੇ ਹਨ, ਅਨਾਜ ਦੇ ਅੰਬਾਰ ਹੋਣ ਦੇ ਬਾਵਜੂਦ ਲੋਕ ਭੁੱਖ-ਨੰਗ ਦਾ ਜੀਵਨ ਬੀਤਾਉਂਦੇ ਹਨ, ਔਰਤਾਂ ਨੂੰ ਰੋਟੀ ਲਈ ਆਪਣਾ ਸਰੀਰ ਵੇਚਣਾ ਪੈਂਦਾ ਹੈ, ਆਦਿ। ਆਪਣੇ ਸਮੇਂ ਦੇ ਸਮਾਜ ਦੇ ਗੁੰਝਲਦਾਰ ਤਾਣੇ-ਬਾਣੇ ਨੂੰ ਲੇਖਕ ਜੀਵੰਤ ਤੇ ਪ੍ਰਤੀਨਿਧ ਘਟਨਾਵਾਂ ਦੀ ਲੜੀ ਵਿੱਚ ਪਰੋ ਕੇ ਪੇਸ਼ ਕਰਦਾ ਹੈ।

ਨਾਵਲ ਦੀ ਸ਼ੁਰੂਆਤ ਮੁਜਾਹਰਿਆਂ ਦੇ ਵਿਹੜੇ ਦੀ ਝਾਕੀ ਤੋਂ ਹੁੰਦੀ ਹੈ। ਇਸ ਵਿੱਚ ਲੇਖਕ ਉਹਨਾਂ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਕੰਗਾਲ ਜ਼ਿੰਦਗੀ ਦੇ ਸੱਚ ‘ਤੇ ਚਾਨਣਾ ਪਾਉਂਦਾ ਹੈ। ਨਾਵਲ ਦਾ ਪਾਤਰ ਗੋਗੀ ਇੱਕ ਮੁਜਾਰ੍ਹਾ ਪਰਿਵਾਰ ਨਾਲ਼ ਸਬੰਧ ਰੱਖਦਾ ਹੈ। ਗੋਗੀ ਅਤੇ ਉਹਨਾਂ ਦੇ ਭਾਈਚਾਰੇ ਦੇ ਹੋਰ ਬਹੁਤੇ ਮੁਜਾਰ੍ਹੇ ਸ਼ੇਖੂਪੁਰਾ-ਲਾਹੌਰ ਨੇੜਲੇ ਕਿਸੇ ਇਲਾਕੇ ਦੇ ਜਗੀਰਦਾਰ ਦੇ ਮੁਜਾਰ੍ਹੇ ਹਨ। ਇਹਨਾਂ ਦੀ ਜ਼ਿੰਦਗੀ ਰਾਹੀਂ ਨਾਵਲਕਾਰ ਨੇ ਜਗੀਰੂ ਸਮੇਂ ਦੇ ਮੁਜਾਹਰਿਆਂ ਦੀ ਜ਼ਿੰਦਗੀ ਦੀ ਭਿਅੰਕਰਤਾ ਨੂੰ ਦਿਖਾਇਆ ਹੈ। ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਦੋ ਡੰਗ ਦੀ ਰੋਟੀ ਲਈ ਬਹੁਤ ਹੀ ਜ਼ਲੀਲਤਾ ਦੀ ਜ਼ਿੰਦਗੀ ਬਿਤਾਉਂਣੀ ਪੈਂਦੀ ਹੈ। ਜਗੀਰਦਾਰ ਮੁਜਾਰ੍ਹਿਆਂ ਤੋਂ ਬਹੁਤ ਜ਼ਿਆਦਾ ਕੰਮ ਲੈਂਦਾ ਹੈ। ਇਸਦੇ ਬਾਵਜੂਦ ਵੀ ਸਾਰੇ ਮੁਜਾਰ੍ਹੇ ਭੁੱਖ-ਨੰਗ ਨਾਲ਼ ਘੁਲਦੇ ਹਨ। ਪਰ ਇੱਥੇ ਵੀ ਮੁਜਾਰ੍ਹਿਆਂ ਦੇ ਜੀਵਨ ਦੀ ਪੇਸ਼ਕਾਰੀ ਇਕਹਿਰੀ ਨਹੀਂ ਹੈ ਸਗੋਂ ਉਹ ਹੱਸਦੇ-ਖੇਡਦੇ ਵੀ ਹਨ, ਵਿਆਹ-ਸ਼ਾਦੀਆਂ ‘ਚ ਇਕੱਠੇ ਹੋ ਕੇ ਨੱਚਦੇ ਵੀ ਹਨ, ਨੌਜਵਾਨਾਂ-ਮੁਟਿਆਰਾਂ ਦੇ ਪਿਆਰ ਮਚਲਦੇ ਹਨ ਆਦਿ। ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਰਕਿਆਂ ‘ਤੇ ਇਹਨਾਂ ਪਲਾਂ ਦੀਆਂ ਦੀਆਂ ਲਕੀਰਾਂ ਵਿਰਲੀਆਂ-ਟਾਂਵੀਆਂ ਹੀ ਹੋਣ। ਪਰ ਦੂਜੇ ਪਾਸੇ ਜਗੀਰਦਾਰ ਦੀ ਦੌਲਤ ਦਿਨੋਂ-ਦਿਨ ਵਧਦੀ ਜਾਂਦੀ ਹੈ। ਮੁਜਾਰ੍ਹੇ ਫਾਕੇ ਕੱਟਦੇ ਹੋਏ ਬਸ ਦਿਨ ਕਟੀ ਕਰਦੇ ਹਨ। ਫਿਰ ਅਚਾਨਕ ਇਹਨਾਂ ਮੁਜਾਰ੍ਹਿਆਂ ਵਿੱਚ ਇੱਕ ਗੱਲ ਘੁੰਮਦੀ ਹੈ ਕਿ ਸਿੰਧ ਵਿੱਚ ਕਿਸੇ ਜਗੀਰਦਾਰ ਨੂੰ ਮੁਜਾਹਰੇ ਚਾਹੀਦੇ ਹਨ ਜੋ ਉਹਨਾਂ ਦਾ ਕਰਜ਼ ਵੀ ਭਰੇਗਾ ਅਤੇ ਰਹਿਣ ਨੂੰ ਥਾਂ ਵੀ ਦੇਵੇਗਾ। ਬਹੁਤ ਸਾਰੇ ਮੁਜਾਰ੍ਹੇ ਵਹੀਰਾਂ ਘੱਤ ਕੇ ਸਿੰਧ ਪਹੁੰਚਦੇ ਹਨ। ਪਰ ਥੋੜ੍ਹੇ ਸਮੇਂ ਵਿੱਚ ਹੀ ਸੁਖਾਲ਼ੇ ਜੀਵਨ ਦਾ ਉਹਨਾਂ ਦਾ ਭਰਮ ਟੁੱਟ ਜਾਂਦਾ ਹੈ। ਕਿਉਂਕਿ ਉੱਥੇ ਵੀ ਮੁਜਾਰ੍ਹਿਆਂ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਜਿੱਥੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਭ ਥਾਂ ਮੁਜਾਰ੍ਹਿਆਂ ਦੀ ਹਲਾਤ ਇੱਕੋ ਜਿਹੀ ਹੈ। ਫਿਰ ਉਹ ਵਾਪਸ ਆਪਣੇ ਹੀ ਜਗੀਰਦਾਰ ਕੋਲੋਂ ਜ਼ਲੀਲ ਹੋ ਕੇ ਉੱਥੇ ਹੀ ਦਿਨ ਕਟੀ ਕਰਦੇ ਹਨ। ਪਰ 60ਵੀਆਂ ਤੋਂ ਬਾਅਦ ਸਮਾਜ ਵਿੱਚ ਇੱਕ ਸੰਗਰਾਂਦੀ ਦੌਰ ਸ਼ੁਰੂ ਹੁੰਦਾ ਹੈ ਅਤੇ ਦੇਸ਼ ਵਿੱਚ ਸਰਾਮਏਦਾਰਾ ਸਬੰਧ ਪ੍ਰਭਾਵੀ ਹੁੰਦੇ ਜਾ ਰਹੇ ਹਨ। ਨਵੀਂਆਂ ਤਕਨੀਕਾਂ ਆ ਰਹੀਆਂ ਹਨ, ਭਾਵ ਖੇਤਾਂ ਵਿੱਚ ਟ੍ਰੈਕਟਰ ਆ ਰਹੇ ਹਨ, ਟਿਊਬਵੈੱਲ ਲੱਗ ਰਹੇ ਹਨ ਪਰ ਮੁਜਾਰ੍ਹਿਆਂ ਦੀ ਹਾਲਤ ਵਿੱਚ ਕੇਵਲ ਇੱਕੋ ਫ਼ਰਕ ਆ ਰਿਹਾ ਹੈ ਕਿ ਉਹ ਮਜ਼ਦੂਰਾਂ ਵਿੱਚ ਵੱਟਦੇ ਜਾ ਰਹੇ ਹਨ ਤੇ ਪਹਿਲਾਂ ਨਾਲ਼ੋਂ ਭਿੰਨ ਇੱਕੇ ਮਾਲਕ ਤੋਂ ਲੁੱਟੇ ਜਾਣ ਦੀ ਬਜਾਏ ਕਿਸੇ ਵੀ ਸਰਮਾਏਦਾਰ ਕੋਲੋਂ ਲੁੱਟੇ ਜਾਣ ਲਈ “ਅਜ਼ਾਦ” ਨੇ, ਉਸੇ ਤਰ੍ਹਾਂ ਫਾਕੇ ਕੱਟਣ ਤੇ ਜ਼ਲੀਲਤਾ ਦੀ ਜ਼ਿੰਗਗੀ ਜਿਉਣ ਲਈ ਮਜ਼ਬੂਰ ਨੇ। ਪਰ ਨਾਲ਼ ਹੀ ਮੁਜਾਰ੍ਹੇ ਸਿੱਥਲ ਸਮੂਹ ਵਜੋਂ ਨਾਵਲ ਵਿੱਚ ਪੇਸ਼ ਨਹੀਂ ਹੁੰਦੇ ਸਗੋਂ ਜਿਵੇਂ-ਜਿਵੇਂ ਸਮਾਜ ਵਿਕਾਸ ਕਰਦਾ ਹੈ ਨਵੀਂ ਪੀੜ੍ਹੀ ਦੇ ਮੁੰਡੇ ਜਗੀਰਦਾਰਾਂ ਦੇ ਵਿਰੁੱਧ ਅਵਾਜ਼ ਉਠਾਉਣੀ ਸ਼ੁਰੂ ਕਰਦੇ ਹਨ, ਜਿਵੇਂ ਨਜ਼ੀਰ ਦੇ ਪਾਤਰ ਰਾਹੀਂ ਲੇਖਕ ਨੇ ਦਿਖਾਇਆ ਹੈ, ਉਹ ਮੁਜਾਰ੍ਹਿਆਂ ਵਿੱਚ ਆ ਰਹੀ ਜਮਾਤੀ ਸੂਝ ਦਾ ਵਾਹਕ ਹੈ। ਜਿਸ ਬਾਰੇ ਲੇਖਕ ਲਿਖਦਾ ਹੈ, “ਨਜ਼ੀਰ ਦੇ ਸੀਨਾ ਤਾਣ ਕੇ ਖਲੋ ਜਾਵਣ ਨਾਲ਼ ਪੂਰੀ ਜੂਹ ਵਿੱਚ ਜਿਮੀਂਦਾਰ ਕੁਝ-ਕੁਝ ਸੰਭਲ ਕੇ ਰਾਹਕਾਂ ਨਾਲ਼ ਵਰਤਾਰਾ ਕਰਦੇ ਸਨ। ਕੁਝ ਹੋਰ ਰਾਹਕਾਂ ਦੇ ਮੁੰਡੇ ਵੀ ਨਜ਼ੀਰ ਨਾਲ਼ ਰਲਣ ਲੱਗ ਗਏ ਸਨ। ਇੰਜ ਲੱਗਦਾ ਸੀ ਜਿਵੇਂ ਜੂਹ ‘ਚ ਕੋਈ ਖ਼ਾਮੋਸ਼ ਤਬਦੀਲੀ ਆ ਰਹੀ ਸੀ।… ਸਹਿਮੇ-ਸਹਿਮੇ ਰਾਹਕ ਕੁਝ-ਕੁਝ ਬੋਲਣ ਲੱਗ ਪਏ ਸਨ।” (ਪੰਨਾ-186-187) ਦੂਜੇ ਪਾਸੇ ਸ਼ਹਿਰਾਂ ਦੇ ਲਾਗੇ-ਤਾਗੇ ਮਿੱਲਾਂ ਅਤੇ ਫੈਕਟਰੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਹਨ। ਜਿੱਥੇ ਬਹੁਤ ਸਾਰੇ ਮੁਜਾਰ੍ਹੇ ਮਜ਼ਦੂਰ ਵਜੋਂ ਕੰਮ ਕਰਨ ਲੱਗਦੇ ਹਨ। ਇੱਥੇ ਨਾਵਲ ਰਾਹਕਾਂ ਨੂੰ ਮਜ਼ਦੂਰਾਂ ਵਿੱਚ ਵਟਦੇ ਦਿਖਾਉਂਦਾ ਹੈ। ਗੋਗੀ ਵੀ ਇੱਕ ਮਿੱਲ ਵਿੱਚ ਮਜ਼ਦੂਰ ਭਰਤੀ ਹੁੰਦਾ ਹੈ। ਇੱਥੇ ਪਹਿਲਾਂ ਤਾਂ ਮਜ਼ਦੂਰ ਆਪਣੇ ਆਪ ਨੂੰ ਮਜ਼ਦੂਰ ਅਖਵਾਉਣਾ ਪਸੰਦ ਨਹੀਂ ਕਰਦੇ ਪਰ ਫਿਰ ਹੌਲ਼ੀ-ਹੌਲ਼ੀ ਉਹਨਾਂ ਦੇ ਜਾਤੀ ਤੁਅੱਸਬ ਟੁੱਟਦੇ ਦਿਖਾਏ ਹਨ। ਮਜ਼ਦੂਰ ਯੂਨੀਅਨਾਂ ਬਣਨ ਲੱਗਦੀਆਂ ਹਨ। ਸਮਾਜਵਾਦ ਦੇ ਨਾਅਰੇ ਲੱਗਦੇ ਹਨ। ਹੜਤਾਲਾਂ ਹੁੰਦੀਆਂ ਹਨ। ਪਰ ਨਾਲ਼ ਹੀ ਸਰਕਾਰਾਂ ਦੁਆਰਾ ਨਕਲੀ ਟ੍ਰੇਡ ਯੂਨੀਅਨਾਂ ਖੜ੍ਹੀਆਂ ਕਰਕੇ ਮਜ਼ਦੂਰ ਘੋਲ਼ ਨੂੰ ਗੁੰਮਰਾਹ ਹੁੰਦਾ ਵੀ ਦਿਖਾਇਆ ਗਿਆ ਹੈ। ਇਸ ‘ਤੇ ਵੀ ਉਸਤਾਦ ਦਾਮਨ ਤੇ ਗੋਗੀ ਰਾਹੀਂ ਨਾਵਲਕਾਰ ਇਹਨਾਂ ਨਕਲੀ ਟ੍ਰੇਡ ਯੂਨੀਅਨਾਂ ਤੇ ਉਹਨਾਂ ਦੇ ਮਾਲਕਾਂ ਹੱਥ ਵਿਕੇ ਹੋਏ ਲੀਡਰਾਂ ਦਾ ਪਾਜ ਉਘਾੜਦਾ ਹੈ। ਦਾਮਨ ਕਹਿੰਦਾ ਹੈ, “ ਸਿਰਫ਼ ਨਾਅਰਾ ਹੈ। ਮੈਨੂੰ ਤਾਂ ਇਹਦੇ ਵਿੱਚ ਕੋਈ ਖਲੂਸ ਨਜ਼ਰ ਆਵਾਂਦਾ ਏ।” ਇੱਥੇ ਹੀ ਗੋਗੀ ਉਸਤਾਦ ਦਾਮਨ ਨੂੰ ਮਿਲਣਾ ਸ਼ੁਰੂ ਕਰਦਾ ਹੈ। ਉਸਤਾਦ ਦਾਮਨ ਦੀ ਸ਼ਖ਼ਸ਼ੀਅਤ ਵੀ ਨਾਵਲ ਵਿੱਚ ਪ੍ਰਭਾਵੀ ਹੈ ਜੋ ਸੱਤਾ ਨਾਲ਼ ਸਮਝੌਤਾ ਨਾ ਕਰਦਾ ਹੋਇਆ ਲਗਾਤਾਰ ਅਵਾਮ ਦੀ ਅਜ਼ਾਦੀ ਲਈ ਕੰਮ ਕਰਦਾ ਹੈ।

‘ਭੁੱਬਲ਼’ ਨਾਵਲ ਇੱਕ ਹੱਡਵਰਤੀ ਨਾਵਲ ਹੈ ਜਿਸ ਵਿੱਚ ਲੇਖਕ ਦੇ ਕਹਿਣ ਅਨੁਸਾਰ ਭਾਵੇਂ ਉਸਨੇ ਉਸਤਾਦ ਦਾਮਨ ਦੇ ਜੀਵਨ ਬਾਰੇ ਲਿਖਿਆ ਹੈ। ਲੇਖਕ ਨੇ ਫਾਕੇ ਕੱਟਦਿਆਂ, ਪੈਰ-ਪੈਰ ‘ਤੇ ਜ਼ਲੀਲ ਹੁੰਦਿਆਂ – ਪਹਿਲਾਂ ਮੁਜਾਰ੍ਹੇ ਦੇ ਰੂਪ ‘ਚ ਤੇ ਫਿਰ ਮਜ਼ਦੂਰ ਵਜੋਂ – ਤੰਗੀਆਂ-ਤੁਰਸ਼ੀਆਂ ਵਾਲ਼ੀ ਜ਼ਿੰਦਗੀ ਬਿਤਾਈ। ਅਜਿਹੇ ਜੀਵਨ ਦੇ ਡੂੰਘੇ ਤੇ ਲੰਬੇ ਤਜ਼ਰਬੇ ਦੇ ਅਹਿਸਾਸ ਸਦਕਾ ਅਤੇ ਮੁਜਾਰ੍ਹਿਆਂ ਮਜ਼ਦੂਰਾਂ ਨਾਲ਼ ਨੇੜਲੇ ਲਗਾਅ ਸਦਕਾ ਅਤੇ ਸਮਾਜ ਵਿਗਿਆਨ ਦੀ ਆਪਣੇ ਸਮੇਂ ਮੁਤਾਬਿਕ ਸਮਝ ਸਦਕਾ ਉਹ ਸਮਾਜ ਦੇ ਕਿਰਤੀ ਹਿੱਸੇ ਦੇ ਜੀਵਨ ਨੂੰ ਯਥਾਰਥਕ ਢੰਗ ਨਾਲ਼ ਤੇ ਇਤਿਹਾਸਕ ਗਤੀਸ਼ੀਲਤਾ ਤੇ ਵਿਕਾਸਮਾਨਤਾ ‘ਚ ਚਿਤਰ ਸਕਿਆ ਹੈ। ਇਸ ਕਰਕੇ ਇਹ ਨਾਵਲ ਉਸਤਾਦ ਦਾਮਨ ਦੀ ਜ਼ਿੰਦਗੀ ਦੇ ਬਿਰਤਾਂਤ ਤੋਂ ਕੁਝ ਵਧਕੇ ਹੈ, ਜਿਸ ਵਿੱਚ 1947 ਤੋਂ ਬਾਅਦ ਮੁਜ਼ਾਰ੍ਹਿਆਂ ਦੀ ਦੁੱਖ-ਭਰੀ ਤੇ ਬਰਬਰ ਜ਼ਿੰਦਗੀ ਅਤੇ ਫਿਰ 1960ਵੀਆਂ ਤੋਂ ਬਾਅਦ ਮਜ਼ਦੂਰਾਂ ਦਾ ਜੀਵਨ, ਪਾਕਿਸਤਾਨ ਦੇ ਆਰਥਿਕ ਤੇ ਸਿਆਸੀ ਮਾਹੌਲ (1983 ਤੱਕ) ਦੀ ਦਾਸਤਾਨ ਵੀ ਨਾਲ਼-ਨਾਲ਼ ਚੱਲਦੀ ਹੈ।

ਅਜ਼ਾਦੀ ਤੋਂ ਬਾਅਦ ਪਾਕਿਸਤਾਨ ਦੀ ਹਾਕਮ ਜਮਾਤ ਨੇ ਵੀ ਸਰਮਾਏਦਾਰਾ ਵਿਕਾਸ ਦਾ ‘ਪਰਸ਼ੀਅਨ ਰਾਹ’ ਹੀ ਚੁਣਿਆ ਸੀ ਜਿਸਦੇ ਤਹਿਤ ਸਰਮਾਏਦਾਰਾ ਵਿਕਾਸ ਜਗੀਰਦਾਰਾਂ ਨਾਲ਼ ਗੰਢ-ਤੁੱਪ ਕਰਕੇ ਬਹੁਤ ਹੀ ਮਰੀਅਲ ਤੇ ਧੀਮੀ ਗਤੀ ਨਾਲ਼ ਹੋਇਆ। ਭਾਰਤ ਦੇ ਆਮ ਮਿਹਨਤਕਸ਼ ਲੋਕਾਂ ਵਾਂਗ ਪਾਕਿਸਤਾਨ ਦੇ ਲੋਕਾਂ ਨੇ ਵੀ ਇਸ ਵਿਕਾਸ ਦਾ ਖਮਿਆਜ਼ਾ ਲਹੂ ਦੇ ਹੰਝੂ ਡੋਲ੍ਹ ਕੇ ਭੁਗਤਿਆ ਅਤੇ ਹਾਲੇ ਵੀ ਭੁਗਤ ਰਹੇ ਹਨ। ਇਤਿਹਾਸ ਦੇ ਇਸ ਸੱਚ ਦੀ ਤਸਵੀਰ ਨੂੰ ‘ਭੁੱਬਲ਼’ ਬਾਖੂਬੀ ਪੇਸ਼ ਕਰਦਾ ਹੈ। ਨਾਵਲ ਇਹ ਮਿਸਾਲ ਪੇਸ਼ ਕਰਦਾ ਹੈ ਕਿ ਜਿਹਨਾਂ ਦੇਸ਼ਾਂ ਵਿੱਚ ਸਰਮਾਏਦਾਰਾ ਵਿਕਾਸ ਧੀਮੀ ਗਤੀ ਤੇ ਸਮਝੌਤਿਆਂ ਨਾਲ਼ ਹੋਇਆ ਹੈ ਉੱਥੇ ਕਿਵੇਂ ਆਮ ਕਿਰਤੀਆਂ ਨੂੰ ਲਹੂ ਦੇ ਹੰਝੂ ਪੀ-ਪੀ ਕੇ ਅਜ਼ਾਦੀ ਤੋਂ ਬਾਅਦ ਵੀ ਗ਼ੁਲਾਮੀ ਦੀ ਜ਼ਿੰਦਗੀ ਗੁਜਾਰਨੀ ਪੈ ਰਹੀ ਹੈ। ਅਰਧ-ਜਗੀਰੂ ਰਾਜ ਵਿੱਚ ਮੁਜਾਹਰੇ ਜਗੀਰਦਾਰਾਂ ਦੇ ਜ਼ਬਰ ਤੋਂ ਦੁਖੀ ਸਨ। ਸਖ਼ਤ ਮਿਹਨਤ ਕਰਨ ਦੇ ਬਾਵਜੂਦ ਪੈਰ-ਪੈਰ ‘ਤੇ ਜ਼ਲੀਲ ਹੁੰਦੇ, ਫਾਕੇ ਕੱਟਦੇ ਤੇ ਢਿੱਡ ਪੇਟ ਬੰਨ੍ਹ ਕੇ ਉਹਨਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਪੂਰੇ ਜੀਵਨ ਦੀ ਬਰਬਰਤਾ ਦੀਆਂ ਤਫ਼ਸੀਲਾਂ ਨਾਵਲ ਵਿੱਚ ਥਾਂ-ਥਾਂ ਮਿਲਦੀਆਂ ਹਨ। ਇੱਕ ਥਾਂ ਉਸਤਾਦ ਦਾਮਨ ਕਹਿੰਦਾ ਹੈ, “ਅਸਾਡੀ ਹਯਾਤੀ ਵਿੱਚ ਤਸ਼ੱਦਦ ਹੀ ਤਸ਼ੱਦਦ ਏ। ਬਾਲਪੁਣੇ ਤੋਂ ਲੈ ਕੇ ਮਰਨ ਤੱਕ ਕੁੱਟ ਪੈਂਦੀ ਰਹਿੰਦੀ ਏ। ਜਿਹਨੀ ਤਸ਼ੱਦਦ ਵੱਖਰਾ ਏ।”

1960 ਵਿਆਂ ਦੇ ਸੰਗਰਾਂਦੀ ਦੌਰ ਤੋਂ ਬਾਅਦ ਹੌਲ਼ੀ-ਹੌਲ਼ੀ ਸਰਮਾਏਦਾਰਾ ਸਬੰਧ ਹਾਵੀ ਹੁੰਦੇ ਹਨ। ਇਸ ਧੀਮੇ ਸਰਮਾਏਦਾਰਾ ਵਿਕਾਸ ਦੌਰਾਨ ਭਾਵੇਂ ਕੁਝ ਮੁਜਾਹਰੇ ਛੋਟੇ ਕਿਸਾਨਾਂ ਵਿੱਚ ਵਟ ਗਏ ਪਰ ਜ਼ਿਆਦਾਤਰ ਅਜੋਕੇ ਯੁੱਗ ਦੇ ਉਜਰਤੀ ਮਜ਼ਦੂਰਾਂ ਵਿੱਚ ਕਾਇਆਪਲਟ ਹੋਏ। ਥੋਥੇ-ਬੋਦੇ ਭੂਮੀ ਸੁਧਾਰਾਂ ਨਾਲ਼ ਕੁਝ ਕੁ ਕਾਸ਼ਤਕਾਰਾਂ ਨੂੰ ਲਾਭ ਹੋਇਆ। ਲੈਂਡ ਸੀਲਿੰਗ ਧੋਖਾਧੜੀ ਸਾਬਤ ਹੋਈ। 70 ਵਿਆਂ ਤੱਕ ਆਉਂਦੇ-ਆਉਂਦੇ ਮੁੱਖ ਤੌਰ ‘ਤੇ ਸਰਮਾਏਦਾਰਾ ਸਬੰਧ ਸਥਾਪਿਤ ਹੋ ਜਾਂਦੇ ਹਨ ਅਤੇ ਸਮਾਜ ਵਿੱਚ ਕਿਰਤ ਤੇ ਸਰਮਾਏ ਦੀ ਵਿਰੋਧਤਾਈ ਪ੍ਰਧਾਨ ਹੋ ਜਾਂਦੀ ਹੈ। ਪਰ ਮੁਜਾਰ੍ਹਿਆਂ ਤੋਂ ਮਜ਼ਦੂਰ ਬਣੇ ਕਾਮਿਆਂ ਦੇ ਜੀਵਨ ਵਿੱਚ ਸਰਮਾਏਦਾਰਾ ਵਿਕਾਸ ਦੌਰਾਨ ਵੀ ਉਹੀ ਭਿਅੰਕਰਤਾ ਬਣੀ ਰਹਿੰਦੀ ਹੈ। ਉਹਨਾਂ ਨੂੰ 12-12 ਘੰਟੇ ਲਗਾਤਾਰ ਕੰਮ ਕਰਨਾ ਪੈਂਦਾ ਹੈ। ਉਹੀ ਫਾਕੇ ਕੱਟਣੇ ਪੈਂਦੇ ਹਨ। ਪਰ ਬੀਤੇ ਦੇ ਮੁਕਾਬਲਤਨ ਉਹਨਾਂ ਦਾ ਜੀਵਨ ਗਤੀਮਾਨ ਹੁੰਦਾ ਹੈ। ਉਹ ਸਿਆਸੀ ਤੌਰ ‘ਤੇ ਚੇਤੰਨ ਹੁੰਦੇ ਹਨ। ਉਹਨਾਂ ਦੇ ਜਾਤੀ ਤੁਅੱਸਬ ਟੁੱਟਦੇ ਹਨ। ਜਿਵੇਂ ਗੋਗੀ ਜਦ ਮਜ਼ਦੂਰ ਬਣਦਾ ਹੈ ਤਾਂ ਉਹ ਕਹਿੰਦਾ ਹੈ, “ਉਹਨਾਂ ਦਿਨਾਂ ਵਿੱਚ ਵਾਹੀਵਾਨਾਂ ਦਾ ਮਿੱਲਾਂ ‘ਚ ਮਜ਼ਦੂਰੀ ਕਰਨਾ ਤੌਹੀਨ ਸਮਝਿਆ ਜਾਂਦਾ ਸੀ। ਮੇਰੇ ਲਈ ਤਾਂ ਖੁਰਾਕ ਦਾ ਮਸਲਾ ਸੀ, ਗੱਲ ਇੱਜਤ ਯਾ ਤੌਹੀਨ ਦੀ ਨਹੀਂ ਸੀ। “ਢਿੱਡ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ।” (ਪੰਨਾ-195) ਮਜ਼ਦੂਰ ਯੂਨੀਅਨਾਂ ਬਣਾਉਂਦੇ ਹਨ। ਸਮਾਜਵਾਦੀ ਵਿਚਾਰਾਂ ਤੋਂ ਜਾਣੂ ਹੁੰਦੇ ਹਨ, ਹੜਤਾਲਾਂ, ਧਰਨਿਆਂ, ਮੁਜਾਹਰਿਆਂ ਸ਼ਾਮਲ ਹੁੰਦੇ ਹਨ, ਅਖ਼ਬਾਰਾਂ ਪੜ੍ਹਦੇ ਹਨ ਆਦਿ। ਜਿਵੇਂ ਗੋਗੀ ਕਹਿੰਦਾ ਹੈ, “ਅਣਪੜ੍ਹ ਮਜ਼ਦੂਰ ਵੀ ਨਵੇਂ ਲਫ਼ਜ਼ਾਂ ਨੂੰ ਪੂਰੀ ਸ਼ਾਨ ਨਾਲ਼ ਬੋਲਦੇ ਸਨ।” ਕਹਿਣ ਦਾ ਭਾਵ ਨਾਵਲ ਮਜ਼ਦੂਰਾਂ ਵਿੱਚ ਆ ਰਹੀ ਜਮਾਤੀ ਸੂਝ ਨੂੰ ਵੀ ਬਾਖੂਬੀ ਦਿਖਾਉਂਦਾ ਹੈ। ਜਗੀਰੂ ਸਮਾਜ ਵਿੱਚ ਮੁਜਾਰ੍ਹੇ ਯੂਨੀਅਨਾਂ ਬਣਾਉਣੀਆਂ ਤਾਂ ਦੂਰ ਸਗੋਂ ਆਪਣੇ ਖੇਤ ਵਿੱਚ ਦਾਣਿਆਂ ਦੀਆਂ ਹੋਲ਼ਾਂ ਭੁੰਨ ਕੇ ਵੀ ਨਹੀਂ ਖਾ ਸਕਦੇ ਸਨ, ਉਸ ਲਈ ਵੀ ਜੇਕਰ ਮਾਲਕ ਨੂੰ ਪਤਾ ਲੱਗ ਜਾਂਦਾ ਤਾਂ ਮੁਜਾਰ੍ਹੇ ਦੇ ਸਾਰੇ ਪਰਿਵਾਰ ਦੇ ਕੁੱਟ ਪੈਂਦੀ ਸੀ। ਇਤਿਹਾਸਕ ਅਰਥਾਂ ਵਿੱਚ ਮਜ਼ਦੂਰ ਮੁਜਾਰ੍ਹਿਆਂ ਨਾਲੋਂ ਵੱਧ ਚੇਤੰਨ ਅਤੇ ਜਾਗਰੂਕ ਸਨ ਅਤੇ ਉਹ ਭਵਿੱਖੀ ਸਮਾਜ ਦੇ ਵਾਹਕ ਸਨ। ਪਰ ਉਹਨਾਂ ਦੇ ਆਰਥਿਕ ਜੀਵਨ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਪਿਆ ਸੀ। ਨਾ ਕੇਵਲ ਆਰਥਿਕ ਪੱਧਰ ‘ਤੇ ਜਿੱਥੇ ਲੋਕਾਂ ਦੀ ਹਾਲਤ ਬਹੁਤ ਹੀ ਭਿਅੰਕਰ ਤੇ ਬਦਤਰ ਸੀ ਉੱਥੇ ਸਮਾਜਿਕ-ਸੱਭਿਆਚਾਰਕ ਪੱਧਰ ‘ਤੇ ਵੀ ਉਹ ਬੀਤੇ ਦੇ ਖੋਖਲੇ ਰੀਤੀ-ਰਿਵਾਜਾਂ ਨੂੰ ਚਿੰਬੜੇ ਹੋਏ ਸਨ, ਕਿਉਂਕਿ ਧੀਮੀ ਗਤੀ ਦੇ ਸਰਮਾਏਦਾਰਾ ਵਿਕਾਸ ਦੇ ਕਾਰਨ ਸੱਭਿਆਚਾਰਕ ਪੱਧਰ ‘ਤੇ ਜਗੀਰੂ ਕਦਰਾਂ ਕੀਮਤਾਂ ਦੀ ਭਰਮਾਰ ਸੀ। ਭਾਵੇਂ ਨਾਵਲ ਵਿੱਚ ਜਾਤੀ, ਧਾਰਮਿਕ ਆਦਿ ਤੁਅੱਸਬ ਟੁੱਟਦੇ ਵੀ ਦਿਖਾਏ ਹਨ ਪਰ ਉਹ ਬਾਹਰਮੁਖੀ ਹਾਲਤਾਂ ਦੇ ਨਤੀਜਤਨ ਹੈ ਨਾ ਕਿ ਕਿਸੇ ਸੱਭਿਆਚਾਰਕ ਮੁਹਿੰਮ ਕਰਕੇ।

ਨਾਵਲ ਰਾਹੀਂ ਅਸੀਂ ਦੇਖਦੇ ਹਾਂ ਕਿ ਜਦ ਸਰਮਾਏਦਾਰਾ ਵਿਕਾਸ ਹੁੰਦਾ ਹੈ ਤਾਂ ਬੁਰਜ਼ੂਆ ਵਿਚਾਰਧਾਰਾ ਦਾ ਪ੍ਰਤੀਪੱਖ ਮਜ਼ਦੂਰ ਜਮਾਤ ਦੇ ਵਿਚਾਰ ਵੀ ਲੋਕਾਂ ਤੱਕ ਪਹੁੰਚਦੇ ਹਨ। ਪਰ ਕਿਉਂਕਿ 1956 ‘ਚ ਸੋਵੀਅਤ ਯੂਨੀਅਨ ਰੰਗ ਵਟਾ ਚੁੱਕਾ ਸੀ ਅਤੇ ਉੱਥੇ ਸਰਮਾਏਦਾਰਾ ਮੁੜ-ਬਹਾਲੀ ਹੋ ਚੁੱਕੀ ਸੀ, ਇਸ ਕਰਕੇ ਮਜ਼ਦੂਰ ਜਮਾਤ ਦੇ ਵਿਚਾਰ ਬਹੁਤ ਹੀ ਵਿਗੜੇ ਭੱਦੇ ਰੂਪ ਵਿੱਚ ਪਾਕਿਸਤਾਨ ਵੀ ਪਹੁੰਚਦੇ ਹਨ। ਦੂਜਾ ਉੱਥੋਂ ਦੀ ਹਾਕਮ ਜਮਾਤ ਵੀ ਨਹਿਰੂ ਦੇ “ਸੋਸ਼ਲਿਜ਼ਮ” ਵਾਂਗ ਇਸ ਸ਼ਬਦ ਦੀ ਆਪਣੇ ਹਿੱਤ ਵਿੱਚ ਵਰਤੋਂ ਕਰਦੀ ਹੈ। ਹਾਕਮ ਜਮਾਤ ਨਕਲੀ ਟ੍ਰੇਡ ਯੂਨੀਅਨਾਂ ਖੜੀਆਂ ਕਰਦੀ ਹੈ। ਮਜ਼ਦੂਰ ਲੀਡਰ ਮਾਲਕਾਂ ਨਾਲ਼ ਸਾਂਡਾ-ਗਾਂਢਾ ਕਰਦੇ ਹੋਏ ਆਪਣੇ ਭਰਾਵਾਂ ਨਾਲ਼ ਹੀ ਧੋਖਾ ਕਰਦੇ ਹਨ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਸੀਟੂ, ਏਟਕ, ਇੰਟਕ, ਭਾਰਤੀ ਮਜ਼ਦੂਰ ਸੰਘ ਆਦਿ ਜਿਹੀਆਂ ਨਕਲੀਆਂ ਮਜ਼ਦੂਰ ਯੂਨੀਅਨਾਂ ਸਾਡੇ ਦੇਸ਼ ਵਿੱਚ ਮਜ਼ਦੂਰਾਂ ਨਾਲ਼ ਕਰ ਰਹੀਆਂ ਹਨ। ਇਹੀ ਹੂ-ਬ-ਹੂ ਉੱਥੇ ਵੀ ਮਜ਼ਦੂਰਾਂ ਨਾਲ਼ ਹੋਇਆ। ਇਹਨਾਂ ਦੇ ਪਾਜ ਨੂੰ ਨਾਵਲ ਵਿੱਚ ਉਸਤਾਦ ਦਾਮਨ ਉਘਾੜਦਾ ਹੈ। ਗੋਗੀ ਵੀ ਪਹਿਲਾਂ ਤਾਂ ਇਹਨਾਂ ਯੂਨੀਅਨਾਂ ਦਾ ਸਾਥ ਦਿੰਦਾ ਹੈ ਪਰ ਜਿਵੇਂ-ਜਿਵੇਂ ਸੋਝੀ ਆਉਂਦੀ ਹੈ ਅਤੇ ਇਹਨਾਂ ਯੂਨੀਅਨਾਂ ਦੇ ਲੀਡਰਾਂ ਦੀ ਸਮੁੱਚੀ ਕਾਰਜ-ਪ੍ਰਣਾਲੀ ਦੇਖਦਾ ਹੈ ਤਾਂ ਅਖੀਰ ‘ਚ ਸਮਝਦਾ ਹੈ ਇਹ ਸਭ ਧੋਖਾ ਹੈ।

ਪਰ ਇਹ ਸਾਰਾ ਵਿਕਾਸ ਇਤਿਹਾਸਕ ਗਤੀਸ਼ੀਲਤਾ ‘ਚ ਪੇਸ਼ ਹੋਇਆ ਹੈ। ਜਗੀਰੂ ਸਮਾਜ ਤੋਂ ਜੁੰਕਰ ਟਾਇਪ ਸਰਮਾਏਦਾਰਾ ਵਿਕਾਸ ਦੇ ਸੰਗਰਾਂਦੀ ਦੌਰ ਦੌਰਾਨ ਮੁਜਾਰ੍ਹੇ ਕਿਸਾਨਾਂ ਦੀ ਜ਼ਿੰਦਗੀ ਦੇ ਖਿੰਡਦੇ-ਟੁੱਟਦੇ ਤਾਣੇ-ਬਾਣੇ ਦੀ ਅਸਹਿ ਘੁੱਟਣ, ਜ਼ਿੱਲਤ ਦੀ ਤਰਾਸਦਿਕ ਗਾਥਾ ਦੇ ਨਾਲ਼ ਹੀ ਸਰਮਾਏਦਾਰਾ ਵਿਕਾਸ ਦੌਰਾਨ ਉਹਨਾਂ ਦੇ ਮਜ਼ਦੂਰਾਂ ਵਿੱਚ ਕਾਇਆਪਲਟੀ ਦੇ ਦ੍ਰਿਸ਼ ਨੂੰ ਤਬਦੀਲੀ ਤੇ ਲਗਾਤਾਰਤਾ ਰਾਹੀਂ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸਮਾਜ ਨੂੰ ਵਿਕਾਸ ਦੇ ਰੂਪ ਵਿੱਚ, ਗਤੀ ਦੇ ਰੂਪ ਵਿੱਚ ਦਿਖਾਇਆ ਹੈ। ਇਸੇ ਕਰਕੇ ਅਸੀਂ ਇਸ ਨਾਵਲ ਨੂੰ ਸਮਾਜਵਾਦੀ ਯਥਾਰਥਵਾਦੀ ਮੰਨਦੇ ਹਾਂ। ਏਂਗਲਜ਼ ਨੇ ਮਿਨਾ ਕਾਉਟਸਕੀ ਦੇ ਨਾਂ ਇੱਕ ਚਿੱਠੀ ਵਿੱਚ ਸਮਾਜਵਾਦੀ ਯਥਾਰਥਵਾਦ ਬਾਰੇ ਲਿਖਿਆ ਹੈ, “ ਮੇਰੀ ਰਾਏ ਵਿੱਚ ਸਮਾਜਵਾਦੀ ਸਮੱਸਿਆ ਦਾ ਨਾਵਲ ਆਪਣੇ ਆਸ਼ੇ ਨੂੰ ਭਰਪੂਰ ਕਰ ਲੈਂਦਾ ਹੈ ਜੇ ਇਹ ਯਥਾਰਥਕ ਪ੍ਰਸਥਿਤੀਆਂ ਦਾ ਵਫ਼ਾਦਾਰੀ ਨਾਲ਼ ਚਿਤਰਣ ਕਰਕੇ ਉਹਨਾਂ ਨਾਲ਼ ਸਬੰਧਤ ਤੀਖਣ, ਰਵਾਇਤੀ ਭੁਲਾਂਦਰੇ ਤੋੜ ਦਿੰਦਾ ਹੈ।” ਇਸੇ ਸਮਝ ਨੂੰ ਲੂਨਾਚਰਸਕੀ ਆਪਣੇ ਇੱਕ ਲੇਖ ‘ਸਮਾਜਵਾਦੀ ਯਥਾਰਥਵਾਦ’ ਵਿੱਚ ਸਟੀਕ ਢੰਗ ਨਾਲ਼ ਪੇਸ਼ ਕਰਦਾ ਹੋਇਆ ਲਿਖਦਾ ਹੈ, “ਸਮਾਜਵਾਦੀ ਯਥਾਰਥਵਾਦ ਯਥਾਰਥ ਨੂੰ ਵਿਕਾਸ ਦੇ ਰੂਪ ਵਿੱਚ, ਗਤੀ ਦੇ ਰੂਪ ਵਿੱਚ, ਵਿਰੋਧਾਂ ਦੇ ਲਗਾਤਾਰ ਘੋਲ਼ ਦੇ ਰੂਪ ਵਿੱਚ ਦੇਖਦਾ ਤੇ ਸਮਝਦਾ ਹੈ।”

‘ਭੁੱਬਲ਼’ ਨਾਵਲ ਵੀ ਆਪਣੇ ਸਮੇਂ ਦੇ ਵਿਰੋਧਾਂ ਨੂੰ ਗਤੀ ਅਤੇ ਵਿਕਾਸ ਵਿੱਚ ਦਿਖਾਉਂਦਾ ਹੈ। ਨਾਵਲਕਾਰ ਕਿਤੇ ਵੀ ਇਕਹਿਰੀ, ਅਣਇਤਿਹਾਸਕ ਜਾਂ ਮਨਘੜਤ ਮਨੌਤਾਂ ਸਥਾਪਿਤ ਨਹੀਂ ਕਰਦਾ। ਅਰਧ-ਜਗੀਰੂ ਸਮਾਜ ਵਿਚਲੇ ਜਗੀਰਦਾਰਾਂ ਅਤੇ ਮੁਜਾਹਰਿਆਂ ਦੇ ਸਬੰਧਾਂ ਨੂੰ ਯਥਾਰਥ ਦੀ ਠੋਸ ਜਮੀਨ ‘ਤੇ ਰੱਖ ਕੇ ਪੇਸ਼ ਕੀਤਾ ਗਿਆ ਹੈ। ਜਗੀਰੂ ਸਮਾਜਾਂ ਵਿੱਚ ਇਸੇ ਤਰ੍ਹਾਂ ਹੀ ਮੁਜਾਹਰੇ-ਕਿਸਾਨਾਂ ਨਾਲ਼ ਜਗੀਰਦਾਰ ਅੱਤਿਆਚਾਰ ਕਰਦੇ ਸਨ। ਉਹਨਾਂ ਤੋਂ ਬਹੁਤ ਸਾਰਾ ਕੰਮ ਲੈਂਦੇ ਸਨ, ਸਾਰੀ ਫਸਲ ਧੋਖੇ ਨਾਲ਼ ਹੜੱਪ ਲੈਂਦੇ ਸਨ, ਕਿਸਾਨਾਂ ਨੂੰ ਕਰਜ਼ ਦਿੰਦੇ ਅਤੇ ਉਸਨੂੰ ਦੂਨ-ਸਵਾਇਆ ਕਰਦੇ ਰਹਿੰਦੇ ਸਨ। ਇਸ ਕਰਕੇ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਮੁਜਾਹਰੇ-ਕਿਸਾਨ ਭੁੱਖ-ਨੰਗ ਦੀ ਜ਼ਿੰਦਗੀ ਬਿਤਾਉਂਦੇ ਸਨ। ਜਿਮੀਂਦਾਰ ਜ਼ਮੀਨਾਂ ਦੇ ਨਾਲ਼ ਮੁਜਾਹਰਿਆਂ ਦਾ ਵੀ ਮਾਲਕ ਹੁੰਦਾ ਸੀ ਜਿੱਥੇ ਮੁਜਾਹਰਿਆਂ ਨੂੰ ਸਾਰੀ ਜ਼ਿੰਦਗੀ ਗ਼ੁਲਾਮਾਂ ਵਾਂਗ ਬਿਤਾਉਣੀ ਪੈਂਦੀ ਸੀ। ਇਹ ਗੱਲਾਂ ਨਾਵਲ ਵਿੱਚੋਂ ਬਾਖੂਬੀ ਉੱਭਰਦੀਆਂ ਹਨ। ਦੂਜਾ ਸਿੰਧ ਦੇ ਜਗੀਰਦਾਰ ਦੀ ਕਹਾਣੀ ਰਾਹੀਂ ਨਾਵਲ ਇਹ ਵੀ ਦਿਖਾਉਂਦਾ ਹੈ ਕਿ ਸਾਰੇ ਜਗੀਰਦਾਰ ਹੀ ਮੁਜਾਰ੍ਹਿਆਂ ਨਾਲ਼ ਇੱਕੋ ਜਿਹਾ ਵਰਤਾਉ ਕਰਦੇ ਸਨ।

ਇਸੇ ਤਰ੍ਹਾਂ ਹੀ ਜਦ ਸਰਮਾਏਦਾਰੀ ਵਿਕਾਸ ਹੁੰਦਾ ਹੈ ਤਾਂ ਸਰਮਾਏਦਾਰ ਅਤੇ ਮਜ਼ਦੂਰਾਂ ਦੇ ਵਿਰੋਧੀ ਸਬੰਧਾਂ ਨੂੰ ਵੀ ਬੜੇ ਯਥਾਰਥਵਾਦੀ ਢੰਗ ਨਾਲ਼ ਪੇਸ਼ ਕੀਤਾ ਹੈ। ਮਾਲਕ ਸਰਮਾਏਦਾਰ ਕਿਵੇਂ ਮਜ਼ਦੂਰਾਂ ਦੀ ਕਿਰਤ ਨੂੰ ਨਿਚੋੜਦੇ ਹਨ। ਉਹਨਾਂ ਤੋਂ ਬਹੁਤ ਸਾਰਾ ਕੰਮ ਲੈਂਦੇ ਹਨ। ਪਰ ਲੇਖਕ ਇੱਥੇ ਲਿਆ ਕੇ ਛੱਡ ਨਹੀਂ ਦਿੰਦਾ ਸਗੋਂ ਉਹ ਦੱਸਦਾ ਹੈ ਕਿ ਇੱਥੇ ਆ ਕੇ ਮਜ਼ਦੂਰ ਵੀ ਜਾਗਰੂਕ ਹੋਣਾ ਸ਼ੁਰੂ ਕਰਦੇ ਹਨ। ਉਹ ਵੀ ਸੋਸ਼ਲਿਜ਼ਮ ਦੇ ਹਾਮੀ ਬਣਦੇ ਹਨ। ਭਾਵੇਂ 1956 ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੀਆਂ ਮਾਲਕ ਜਮਾਤਾਂ ਨੇ ਸੋਸ਼ਲਿਜ਼ਮ ਦੇ ਨਾਅਰੇ ਹੇਠ ਮਜ਼ਦੂਰਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦਾ ਕੰਮ ਕੀਤਾ ਪਰ ‘ਭੁੱਬਲ਼’ ਨਾਵਲ ਵਿੱਚ ਅਜੋਕੇ ਇਤਿਹਾਸ ਦੀ ਚਾਲਕ ਸ਼ਕਤੀ ‘ਮਜ਼ਦੂਰ ਜਮਾਤ’ ਨੂੰ ਸਿੱਥਲ, ਠਹਿਰੀ, ਨਿਰਬਲ, ਕਮਜ਼ੋਰ ਜਮਾਤ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ ਸਗੋਂ ਉਸਨੂੰ ਆਪਣੀਆਂ ਸਮੱਸਿਆਵਾਂ ਪ੍ਰਤੀ ਚੇਤੰਨ ਹੁੰਦੇ, ਲੜਦੇ ਅਤੇ ਆਪਣੀ ਇਤਿਹਾਸਕ ਅਹਿਮੀਅਤ ਪਛਾਣਦੇ ਦਿਖਾਇਆ ਹੈ। ਉਹ ਗੱਲ ਵੱਖਰੀ ਹੈ ਕਿ ਵਕਤੀ ਤੌਰ ‘ਤੇ ਹਾਕਮ ਜਮਾਤਾਂ ਦੇ ਛਲ ਹੇਠ ਆ ਕੇ ਜਾਂ ਕੌਮਾਂਤਰੀ ਪੱਧਰ ‘ਤੇ ਮਜ਼ਦੂਰ ਜਮਾਤ ਦੀ ਵਕਤੀ ਹਾਰ ਦੇ ਕਾਰਨ ਉਹ ਨਕਲੀ ਟ੍ਰੇਡ ਯੂਨੀਅਨਾਂ ਦੇ ਝੰਡੇ ਹੇਠ ਲੜਦੇ ਹਨ। ਪਰ ਇਹ ਇਸ ਗੱਲ ਦਾ ਸੰਕੇਤ ਹੈ ਕਿ ਮਜ਼ਦੂਰਾਂ ਨੇ ਆਪਣੀ ਤਾਕਤ ਨੂੰ ਪਛਾਣ ਲਿਆ ਹੈ। ਹੁਣ ਭਾਵੇਂ ਉਹ ਨਕਲੀ ਝੰਡੇ ਹੇਠ ਲੜ ਰਹੇ ਹਨ ਪਰ ਆਉਣ ਵਾਲ਼ੇ ਸਮੇਂ ‘ਚ ਆਪਣੇ ਅਸਲੀ ਝੰਡੇ ਹੇਠ ਅਤੇ ਆਪਣੀ ਸੱਚੀ ਖਰੀ ਪਾਰਟੀ ਦੀ ਅਗਵਾਈ ਮਾਤਹਿਤ ਵੀ ਲੜਨਗੇ ਅਤੇ ਇਸ ਮਨੁੱਖ ਦੋਖੀ ਪ੍ਰਬੰਧ ਨੂੰ ਇਸਦੀ ਕਬਰ ਤੱਕ ਪਹੁੰਚਾ ਕੇ ਹੀ ਦਮ ਲੈਣਗੇ।

ਸਮਾਜ ਦੇ ਅੰਦਰੂਨੀ ਤੇ ਬਾਹਰੀ ਦਵੰਦਾਂ ਨੂੰ ਲੇਖਕ ਨੇ ਬਹੁਤ ਹੀ ਸੁਭਾਵਿਕ ਪ੍ਰਕਿਰਿਆ ਵਿੱਚ ਘਟਦੇ ਦਿਖਾਇਆ ਹੈ। ਜਿਵੇਂ ਜਗੀਰਦਾਰਾਂ ਅਤੇ ਮੁਜਾਰ੍ਹਿਆਂ ਜਾਂ ਸਰਮਾਏਦਾਰਾਂ ਅਤੇ ਮਜ਼ਦੂਰਾਂ ਦੇ ਸਬੰਧਾਂ ਅਜਿਹੇ ਹੀ ਹੋ ਸਕਦੇ ਹਨ ਕਿਉਂਕਿ ਇਹ ਦੁਸ਼ਮਣ ਜਮਾਤਾਂ ਹਨ ਅਤੇ ਉਹਨਾਂ ਵਿਚਲੀਆਂ ਵਿਰੋਧਤਾਈਆਂ ਵੀ ਦੁਸ਼ਮਣਾਨਾ ਘੇਰੇ ਵਿੱਚ ਹੀ ਆÀਂਦੀਆਂ ਹਨ। ਨਾ ਕਿ ਜਿਵੇਂ ਗੁਰਦਿਆਲ ਸਿੰਘ ਨੇ ‘ਮੜ੍ਹੀ ਦਾ ਦੀਵਾ’ ਵਿੱਚ ਧਰਮ ਸਿੰਘ ਤੇ ਜਗਸੀਰ ਦੇ ਰਿਸ਼ਤੇ ਰਾਹੀਂ ਦਿਖਾਇਆ ਹੈ। ਦੂਜਾ ਨਾਵਲਕਾਰ ਨੇ ਕਿਤੇ ਵੀ ਆਪਣੀਆਂ ਰਾਵਾਂ ਥੋਪੀਆਂ ਨਹੀਂ ਹਨ ਸਗੋਂ ਸਹਿਜ-ਸਰਲ ਢੰਗ ਨਾਲ਼ ਕਥਾ ਬਿਆਨ ਕੀਤੀ ਹੈ। ਨਾਵਲ ਦਾ ਕੁੱਲ ਕਾਰਜ ਹੀ ਨਾਵਲ ਦੇ ਉਦੇਸ਼ ਨੂੰ ਬਿਆਨਦਾ ਹੈ। ਭਾਵੇਂ ਲੇਖਕ ਨੇ ਆਪਣੀ ਜ਼ਿੰਦਗੀ ਇੱਕ ਮਜ਼ਦੂਰ ਤੇ ਮੁਜਾਰ੍ਹੇ ਵਜੋਂ ਬਿਤਾਈ ਹੈ ਪਰ ਕਿਤੇ ਵੀ ਮੁਜਾਰ੍ਹੇ ਜਾਂ ਜਗੀਰਦਾਰ ਦੇ ਸਬੰਧ ਜਾਂ ਸਰਮਾÂਦਾਰ ਤੇ ਮਜ਼ਦੂਰ ਦੇ ਸਬੰਧ ਚਿਤਰਨ ਵੇਲ਼ੇ ਭਾਵੁਕਤਾ, ਉਲਾਰਤਾ ਜਾਂ ਨਤੀਜੇ ਕੱਢਣ ਦੀ ਕੋਈ ਕਾਹਲ਼ ਦਿਖਾਈ ਨਹੀਂ ਦਿੰਦੀ। ਆਪਣੇ ਕਹੇ ਅਨੁਸਾਰ ਲੇਖਕ ਨੇ ਜੋ ਦੇਖਿਆ, ਜੋ ਸਮਝ ਆਈ ਪੂਰੀ ਸੱਚਾਈ ਨਾਲ਼ ਲਿਖਣ ਦਾ ਚਾਰਾ ਕੀਤਾ ਹੈ। ਏਗਲਜ਼ ਨੇ ਲਿਖਿਆ ਹੈ ਕਿ “ਲੇਖਕ ਦੀਆਂ ਰਾਵਾਂ ਜਿੰਨਾ ਵਧੇਰੇ ਛੁਪੀਆਂ ਰਹਿਣ, ਕਲਾ ਕਿਰਤ ਲਈ ਓਨਾ ਹੀ ਚੰਗਾ ਹੁੰਦਾ ਹੈ।” ‘ਭੁੱਬਲ਼’ ਨਾਵਲ ਵਿੱਚ ਵੀ ਲੇਖਕ ਦਾ ਨਜ਼ਰੀਆ ਕੁਝ ਅਜਿਹਾ ਹੀ ਜਾਪਦਾ ਹੈ। ਉਹ ਕਿਤੇ ਵੀ ਆਪਣਾ ਉਦੇਸ਼ ਪਾਠਕਾਂ ‘ਤੇ ਥੋਪਦਾ ਨਹੀਂ ਸਗੋਂ ਨਾਵਲ ਵਿਚਲਾ ਘਟਨਾਵਾਂ ਦਾ ਵੇਰਵਾ ਅਤੇ ਨਾਵਲ ਦਾ ਕਾਰਜ ਹੀ ਸਥਿਤੀ ਬਿਆਨ ਕਰਦੇ ਹਨ। ਦੂਜਾ ਨਾਵਲਕਾਰ ਹੱਲ ਪੇਸ਼ ਕਰਨ ਦੇ ਸਿੱਧ-ਪੱਧਰੇ, ਸਥੂਲ ਅਤੇ ਅਮੂਰਤਨ-ਰਹਿਤ ਢੰਗ ਤੋਂ ਬਚਦਾ ਹੈ। ਪਾਕਿਸਤਾਨੀ ਜੀਵਨ ਦੇ ਉਸ ਦੌਰ ਦੇ ਯਥਾਰਥ ਵਿਚਲੀ ਕਰੂਪਤਾ ਅਤੇ ਭਿਅੰਕਰਤਾ ਨੂੰ ਨਾਵਲਕਾਰ ਬਿਨਾਂ ਕਿਸੇ ਤੱਤ-ਫੜੱਤ ਦੇ ਅਤੇ ਭਾਵਾਂ ਦੇ ਵਹਿਣ ਵਿੱਚ ਵਹਿ ਕੇ ਬਿਨਾਂ ਕਿਸੇ ਨਕਲੀ ਵਿਦਰੋਹ ਤੇ ਕਾਲਪਨਿਕ ਹੱਲ ਦੇ ਬਾਹਰਮੁਖੀ ਹਾਲਤਾਂ ਦਾ ਬਹੁਤ ਹੀ ਸਾਦਗੀ ਨਾਲ਼ ਬਿਆਨ ਕਰਦਾ ਹੈ। ਨਾਵਲ ਦਾ ਉਦੇਸ਼ ਥੋਪਿਆ ਹੋਇਆ ਜਾਂ ਸਿੱਧੇ ਨਾਅਰੇ ਦੇ ਰੂਪ ਵਿੱਚ ਪ੍ਰਗਟ ਨਹੀਂ ਹੋਇਆ ਹੈ ਸਗੋਂ ਨਾਵਲ ਦੇ ਕਾਰਜ ਵਿੱਚ ਇਸ ਤਰ੍ਹਾਂ ਸਮਾਇਆ ਹੋਇਆ ਹੈ ਜਿਵੇਂ ਕਿਸੇ ਤੱਤ ਦੇ ਪ੍ਰਮਾਣੂ ਉਸ ਵਿੱਚ ਸਮਾਏ ਹੁੰਦੇ ਹਨ। ਸਾਹਿਤ ਦੇ ਉਦੇਸ਼ਮੁਖੀ ਹੋਣ ਬਾਰੇ ਏਂਗਲਜ਼ ਨੇ ਲਿਖਿਆ ਹੈ, “ਪਰ ਮੈਂ ਸਮਝਦਾ ਹਾਂ ਕਿ ਸਾਫ਼ ਸਪੱਸ਼ਟ ਬਿਆਨ ਕੀਤੇ ਜਾਣ ਦੀ ਥਾਂ ਮਨੋਰਥ ਖੁਦ ਸਥਿਤੀ ਅਤੇ ਕਾਰਜ ਵਿੱਚੋਂ ਉੱਭਰਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਲੇਖਕ ਨੂੰ ਉਹਨਾਂ ਸਮਾਜਿਕ ਟੱਕਰਾਂ ਸਬੰਧੀ ਜਿੰਨ੍ਹਾਂ ਦਾ ਉਹ ਵਰਣਨ ਕਰਦਾ ਹੈ, ਭਵਿੱਖੀ ਹੱਲ ਪਰੋਸ ਕੇ ਪਾਠਕ ਅੱਗੇ ਨਹੀਂ ਰੱਖਣਾ ਚਾਹੀਦਾ।” (ਏਂਗਲਜ਼, ਮਿਨਾ ਕਾਉਟਸਕੀ ਦੇ ਨਾਂ, 25 ਨਵੰਬਰ, 1885)। ਫਰਜ਼ੰਦ ਅਲੀ ਦਾ ਨਾਵਲ ਵੀ ਘਟਨਾਵਾਂ-ਕਿਰਦਾਰਾਂ ਦੀਆਂ ਵਿਰੋਧਤਾਈਆਂ ਅਤੇ ਟੱਕਰਾਂ ਰਾਹੀਂ ਸਮੇਂ ਸਥਾਨ ਦੀ ਸਾਪੇਖਿਕਤਾ ਦੇ ਹਿਸਾਬ ਨਾਲ਼ ਅਛੋਪਲੇ ਜਿਹੇ ਸਭ ਕੁਝ ਕਹਿ ਜਾਂਦਾ ਹੈ। ਬਾਹਰਮੁਖਤਾ ਤੇ ਅੰਤਰਮੁੱਖਤਾ ਦਾ ਦਵੰਦਾਤਮਕ ਸੁਮੇਲ਼ ਪੂਰੇ ਨਾਵਲ ਦੇ ਕਥਾਨਕ ਨੂੰ ਗਤੀ ਪ੍ਰਦਾਨ ਕਰਦਾ ਹੈ ਅਤੇ ਇਕਹਿਰੇਪਣ ਤੋਂ ਬਚਾਉਂਦਾ ਹੈ। ਬਾਹਰਮੁਖੀ ਸਮਾਜੀ ਸਬੰਧਾਂ ਦੇ ਦਵੰਦਾਤਮਕ ਵਰਣਨ ਦੇ ਨਾਲ਼ ਹੀ ਅੰਦਰੂਨੀ ਸਬੰਧਾਂ ਵਿੱਚ ਵੀ ਦਵੰਦਾਤਮਕਤਾ ਹੈ ਭਾਵੇਂ ਉਹ ਮੁਜਾਰ੍ਹਿਆਂ, ਮਜ਼ਦੂਰਾਂ ਜਾਂ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਅੰਦਰੂਨੀ ਜੀਵਨ ਹੋਵੇ, ਭਾਵੇਂ ਪਰਿਵਾਰਾਂ ਦਾ ਅੰਦਰੂਨੀ ਜੀਵਨ।

ਨਾਵਲ ਪੰਜਾਬੀ ਬੌਧਿਕ ਜਗਤ ਵਿੱਚ ਚਲਦੀ ਸਮਾਜਵਾਦੀ ਯਥਾਰਥਵਾਦ ਦੀ ਗ਼ਲਤ ਸਮਝ ਅਤੇ ਇਸ ਮਿੱਥ ਨੂੰ ਤੋੜਦਾ ਹੈ ਕਿ ਸਮਾਜਵਾਦੀ ਯਥਾਰਥਵਾਦੀ ਨਾਵਲ ਤਾਂ ਨਾਅਰਾਮੁਖੀ ਕਿਸਮ ਦਾ ਨਾਵਲ ਹੁੰਦਾ ਹੈ। ਜਾਂ ਇਹ ਕਿ ਕੇਵਲ ਉਹੀ ਨਾਵਲ ਸਮਾਜਵਾਦੀ ਯਥਾਰਥਵਾਦੀ ਹੁੰਦਾ ਹੈ ਜੋ ਸਮਾਜਵਾਦ ਦੌਰਾਨ ਲਿਖਿਆ ਜਾਵੇ ਜਾਂ ਜੋ ਸਮਾਜਵਾਦ ਦਾ ਗੁਣਗਾਨ ਕਰੇ। ਅਜਿਹੇ ਵਿਚਾਰਾਂ ਵਾਲ਼ੇ ਬੁੱਧੀਜੀਵੀਆਂ ਦਾ ਤਾਂ ਰੱਬ ਹੀ ਰਾਖਾ। ਪਰ ਅਸੀਂ ਉਹਨਾਂ ਨੂੰ ‘ਭੁੱਬਲ਼’ ਪੜ੍ਹਣ ਦੀ ਸਲਾਹ ਦੇਵਾਂਗੇ ਤਾਂ ਜੋ ਉਹ ਸਮਾਜਵਾਦੀ ਯਥਾਰਥਵਾਦ ਦੀ ਆਪਣੀ ਪਰਿਭਾਸ਼ਾ ‘ਤੇ ਮੁੜ ਵਿਚਾਰ ਕਰ ਸਕਣ।

ਨਾਵਲ ਅਜ਼ਾਦੀ ਤੋਂ ਬਾਅਦ ਦੇ ਸਮਾਜ ਦਾ ਜੋ ਵੇਰਵਾ ਤਫ਼ਸੀਲ ‘ਚ ਪੇਸ਼ ਕਰਦਾ ਹੈ ਉਸ ‘ਚ ਕਿਤੇ ਵੀ ਪਾਠਕ ਪੜ੍ਹ ਕੇ ਬੀਤੇ ਦੇ ਹੇਰਵੇ ਦਾ ਸ਼ਿਕਾਰ ਨਹੀਂ ਹੁੰਦਾ। ਉਸ ਸਮੇਂ ਆਮ ਲੋਕਾਂ ਦੀ ਜੋ ਹਾਲਤ ਸੀ ਉਸਦੀ ਪੇਸ਼ਕਾਰੀ ਬਹੁਤ ਹੀ ਯਥਾਰਥਕ ਹੈ ਨਾਂ ਕਿ ਬੀਤੇ ਦੇ ਹੇਰਵੇ ਨੂੰ ਨਕਲੀ ਰੁਮਾਂਸਵਾਦ ਦੇ ਖੰਭ ਲਾ ਕੇ ਪਾਠਕ ਨੂੰ ਬੀਤੇ ਦੀ ਵਾਹ-ਵਾਹ ਕਰਨ ਲਈ ਤੇ ਉਸ ‘ਤੇ ਮੰਤਰ-ਮੁਗਧ ਹੋਣ ਲਈ ਪ੍ਰੇਰਿਆ ਹੈ। ਸਗੋਂ ਉਹਨਾਂ ਲੋਕਾਂ ਦੇ ਜੀਵਨ ਦੀ ਭਿਅੰਕਰਤਾ ਦੇ ਇੱਕ-ਇੱਕ ਪੱਖ ਨੂੰ ਬਹੁਤ ਹੀ ਬਰੀਕ ਤੇ ਵਿੰਨ੍ਹਵੀਂ ਨਜ਼ਰ ਨਾਲ਼ ਘੋਖਿਆ ਅਤੇ ਜੀਵਨ ਤਜ਼ਰਬੇ ਦੇ ਅਧਾਰ ‘ਤੇ ਵਿਸਥਾਰ ਨਾਲ਼ ਪੇਸ਼ ਕੀਤਾ ਹੈ।

ਭਾਵੇਂ ਕਿ ਇੱਕ ਰਚਨਾ ਇਤਿਹਾਸ ਦੇ ਕਿਸੇ ਕਾਲਖੰਡ ਨੂੰ ਜਦ ਪੇਸ਼ ਕਰਦੀ ਹੈ ਤਾਂ ਉਹ ਉਸ ਵਿਚਲੀਆਂ ਘਟਨਾਵਾਂ ਦੇ ਸਮੁੱਚ ਤੇ ਪ੍ਰਤੀਨਿਧ ਪੱਖ ਨੂੰ ਪੇਸ਼ ਕਰਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਸਾਹਿਤ ਵਿੱਚ ਅੰਸ਼ ਅਤੇ ਗੌਣ ਪੱਖ ਨੂੰ ਪੇਸ਼ ਕੀਤਾ ਹੀ ਨਹੀਂ ਜਾ ਸਕਦਾ, ਪਰ ਇਹ ਸਮੇਂ, ਸਥਾਨ ਦੇ ਸੰਦਰਭ ਵਿੱਚ ਸੋਚਣ ਵਾਲ਼ਾ ਮੁੱਦਾ ਹੈ। ਅਜਿਹੇ ਸਮੇਂ ਜਿੱਥੇ ਅੰਸ਼ ਸਮੁੱਚ ਬਣਨ ਵੱਲ ਨੂੰ ਜਾ ਰਿਹਾ ਹੋਵੇ ਅਤੇ ਗੌਣ ਪੱਖ ਮੁੱਖ ਬਣਨ ਵੱਲ ਨੂੰ ਜਾ ਰਿਹਾ ਹੋਵੇ ਬੇਸ਼ੱਕ ਅੰਸ਼ ਤੇ ਗੌਣ ਪੱਖ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ, ਜਿਵੇਂ ਸਤੇਂਦਾਲ ਨੇ ਆਪਣੇ ਸਮੇਂ ਦੇ ਸਮਾਜ ਦੇ ਪਾਤਰ ਪੇਸ਼ ਕਰਨ ਦੇ ਨਾਲ਼ ਭਵਿੱਖੀ ਪਾਤਰਾਂ ਦੀ ਤਸਵੀਰ ਵੀ ਉਲੀਕੀ। ਪਰ ਤਾਂ ਅਜਿਹੇ ਸਮੇਂ ਕੁਝ ਪੱਖ ਕਈ ਵਾਰ ਛੁੱਟ ਵੀ ਜਾਂਦੇ ਹਨ। ‘ਭੁੱਬਲ਼’ ਨਾਵਲ ਵਿੱਚ ਜਗੀਰੂ ਦੌਰ ਵਿੱਚ ਔਰਤਾਂ ਦੀ ਹਾਲਤ ਬਾਰੇ ਵੇਰਵੇ ਤਫਸੀਲ ਵਿੱਚ ਨਹੀਂ ਹਨ। ਉਹਨਾਂ ਸਮਿਆਂ ਵਿੱਚ ਜੋ ਉਹਨਾਂ ‘ਤੇ ਕੁੱਟ ਪੈਂਦੀ ਸੀ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਨਵੀਂ ਵਿਆਹੀ ਨਾਲ਼ ਪਹਿਲੀ ਰਾਤ ਸੌਣ ਦਾ ਹੱਕ ਜਗੀਰਦਾਰ ਨੂੰ ਸੀ, ਮੁਜਾਹਰਿਆਂ ਦੀਆਂ ਕੁੜੀਆਂ ‘ਤੇ ਜਗੀਰਦਾਰਾਂ ਦੇ ਮੁੰਡਿਆਂ ਦੇ ਜ਼ਬਰ, ਘਰਾਂ ‘ਚ ਉਹਨਾਂ ਦਾ ਕੈਦੀਆਂ ਵਰਗਾ ਜੀਵਨ ਆਦਿ ਇਹਨਾਂ ਪੱਖਾਂ ਦੀ ਕਿਤੇ-ਕਿਤੇ ਅਣਦੇਖੀ ਹੋਈ ਹੈ। ਦੂਜਾ ਲੇਖਕ ਨੇ ਮੁਜਾਹਰਿਆਂ ਅਤੇ ਮਜ਼ਦੂਰਾਂ ਦੇ ਜੀਵਨ ਦੀ ਕੰਗਾਲੀ, ਭਿਅੰਕਰਤਾ, ਦੁੱਖਾਂ, ਕਲੇਸ਼ਾਂ, ਮੁਸੀਬਤਾਂ ਆਦਿ ਦਾ ਵਰਣਨ ਤਾਂ ਬਹੁਤ ਹੀ ਮੁਹਾਰਤ ਨਾਲ਼ ਕੀਤਾ ਹੈ ਪਰ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਅੱਯਾਸ਼ੀ, ਫਜ਼ੂਲ-ਖਰਚੀ, ਧਨ ਉਡਾਊ ਜੀਵਨ ‘ਤੇ ਧਿਆਨ ਨਹੀਂ ਮਾਰਿਆ। ਸਤੇਂਦਾਲ ਨੇ ਲਿਖਿਆ ਹੈ ਕਿ “ਨਾਵਲ ਮੁੱਖ ਮਾਰਗ ‘ਤੇ ਘੁੰਮਦਾ ਇੱਕ ਦਰਪਣ ਹੈ। ਕਦੇ ਉਹ ਅਕਾਸ਼ ਦੇ ਨੀਲੇਪਣ ਨੂੰ ਪ੍ਰਤੀਬਿੰਬਤ ਕਰਦਾ ਹੈ ਤਾਂ ਕਦੇ ਪੈਰਾਂ ਦੇ ਚਿੱਕੜ ਨੂੰ।” ਪਰ ਇਸਦੇ ਬਾਵਜੂਦ ਵੀ ਨਾਵਲ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਅੰਗਿਆ ਜਾ ਸਕਦਾ।

ਇੱਕ ਗੱਲ ਹੋਰ ਜੋ ‘ਭੁੱਬਲ਼’ ਨਾਵਲ ਨੂੰ ਪੰਜਾਬੀ ਨਾਵਲਕਾਰੀ ਦੇ ਇਤਿਹਾਸ ਦਾ ਵਿਲੱਖਣ ਨਾਵਲ ਬਣਾਉਂਦੀ ਹੈ, ਉਹ ਇਹ ਕਿ ਨਾਵਲ ਵਿੱਚ ਪਾਤਰਾਂ ਦਾ ਟ੍ਰੀਟਮੈਂਟ ਬਹੁਤ ਹੀ ਦਵੰਦਵਾਦੀ ਢੰਗ ਨਾਲ਼ ਹੋਇਆ ਹੈ। ਨਾਵਲ ਵਿੱਚ ਮੁਜਾਰ੍ਹਿਆਂ ਦੀ ਜ਼ਿੰਦਗੀ ਭਾਵੇਂ ਕਿੰਨੀ ਵੀ ਤੰਗੀਆਂ-ਤੁਰਸ਼ੀਆਂ ਮਾਰੀ, ਖੁਸ਼ਕ, ਬੋਝਲ, ਅਕਾਊ, ਮੁਸੀਬਤਾਂ ਭਰੀ ਅਤੇ ਭਿਅੰਕਰ ਹੈ ਪਰ ਇਸਦੇ ਬਾਵਜੂਦ ਵੀ ਉਹ ਹੱਸਦੇ-ਖੇਡਦੇ ਹਨ। ਭਾਵ ਪਾਤਰਾਂ ਦੇ ਦੋਵੇਂ ਪੱਖਾਂ ਨੂੰ ਪੇਸ਼ ਕੀਤਾ ਹੈ। ਜਿਵੇਂ ਇੱਕ ਵਾਰ ਮਿਸਤਰੀ ਮੁਹੰਮਦ ਸ਼ਫ਼ੀ ਦੀ ਪਤਨੀ ਭੁੱਖੀ ਹੁੰਦੀ ਹੈ ਕਿਉਂਕਿ ਘਰ ਆਟਾ ਨਹੀਂ ਹੁੰਦਾ ਪਰ ਉਸਦੇ ਬਾਵਜੂਦ ਵੀ ਗੋਗੀ ਨਾਲ਼ ਹਾਸਾ-ਮਖੌਲ ਕਰਦੀ ਹੈ। ਹੋਸ਼ਾਂ ਦੇ ਪਿਆਰ ‘ਚ ਪਾਗਲ ਹੋਇਆ ਲੰਡੂ ਭਾਵੇਂ ਕਿੰਨਾ ਹੀ ਦੁਖੀ ਹੁੰਦਾ ਹੈ ਪਰ ਉਹ ਵੀ ਕਦੇ-ਕਦੇ ਹਾਸਾ-ਮਜ਼ਾਕ ਕਰਦਾ ਹੈ। ਇਸੇ ਤਰ੍ਹਾਂ ਗੋਗੀ ਜੇਕਰ ਇੱਕ ਪਾਸੇ ਸਾੜੇ ਦੀ ਅੱਗ ‘ਚ ਭੁੱਜਦਾ ਹੋਇਆ ਖਿਝਿਆ ਰਹਿੰਦਾ ਹੈ ਉੱਥੇ ਦੋਸਤਾਂ ਮਿੱਤਰਾਂ ਨਾਲ਼ ਹਾਸਾ-ਮਜਾਕ ਵੀ ਕਰਦਾ ਹੈ। ਥੁੜ੍ਹਾਂ ਮਾਰੀ ਜ਼ਿੰਦਗੀ ਅਤੇ ਰੁਝੇਵਿਆਂ ਦੇ ਕਰਕੇ ਜ਼ੋਹਰਾ ਵਰਗੀ ਕੁੜੀ ਨਾਲ਼ ਪਿਆਰ ਕਰਦਾ ਹੈ। ਨਾਵਲ ਦੇ ਸਾਰੇ ਹੀ ਪਾਤਰ ਆਪਣੇ-ਆਪਣੇ ਹਲਾਤਾਂ ਦੁਆਰਾ ਸੰਚਾਲਿਤ ਹੁੰਦੇ ਦਿਖਾਏ ਗਏ ਹਨ। ਕਿਤੇ ਵੀ ਕੋਈ ਬਣਾਉਟੀਪਣ ਨਹੀਂ ਹੈ। ਨਾਵਲ ਦੇ ਮੁੱਖ ਪਾਤਰ ਉਸਤਾਦ ਦਾਮਨ ਦਾ ਕਿਰਦਾਰ ਖ਼ਾਸ ਤਵੱਜੋ ਦੀ ਮੰਗ ਕਰਦਾ ਹੈ। ਨਾਵਲ ਦੇ ਨਾਇਕ ਬਾਰੇ ਹੀਗਲ ਨੇ ਲਿਖਿਆ ਹੈ ਕਿ “ ਨਾਵਲ ਦੇ ਨਾਇਕ ਨੂੰ ਮਹਾਂਕਾਵਿ ਜਾਂ ਤ੍ਰਾਸਦੀ ਦੇ ਨਾਇਕ ਦੀ ਨਕਲ ਨਹੀਂ ਹੋਣਾ ਚਾਹੀਦਾ, ਉਸ ਵਿੱਚ ਸਕਾਰਾਮਤਕ-ਨਾਕਾਰਾਤਮਕ, ਵਧੀਆ-ਘਟੀਆ, ਮਖੌਲੀਆ-ਗੰਭੀਰ ਇਹ ਸਾਰੀਆਂ ਅੰਤਰ-ਵਿਰੋਧੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਨਾਇਕ ਨੂੰ ਇੱਕ ਤਹਿਸ਼ੁਦਾ ਅਬਦਲ ਕਿਰਦਾਰ ਦੇ ਰੂਪ ਵਿੱਚ ਨਹੀਂ ਸਗੋਂ ਵਿਕਾਸਮਈ, ਪਰਿਵਰਤਨਸ਼ੀਲ, ਜੀਵਨ ਦੁਆਰਾ ਢਾਲੇ ਜਾ ਰਹੇ ਕਿਰਦਾਰ ਦੇ ਰੂਪ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ।”

ਉਸਤਾਦ ਦਾਮਨ ਦਾ ਕਿਰਦਾਰ ਨਾਵਲ ਵਿੱਚ ਕੁਝ ਅਜਿਹਾ ਹੀ ਹੈ। ਜਿੱਥੇ ਇੱਕ ਪਾਸੇ ਉਸਦਾ ਕਿਰਦਾਰ ਦਵੰਦਵਾਦੀ ਹੈ। ਭਾਵ ਉਹ ਬਹੁਤ ਦਲੇਰ, ਖੁਦਦਾਰ, ਅਣਖੀ, ਮਜ਼ਬੂਤ ਹਿਰਦੇ ਵਾਲ਼ਾ ਹੈ ਤਾਂ ਉੱਥੇ ਗੋਗੀ ਕੋਲ ਪੁਰਾਣੀਆਂ ਗੱਲਾਂ ਯਾਦ ਕਰਕੇ ਰੋਂਦਾ ਵੀ ਹੈ, ਭਾਵੇਂ ਜੀਵਨ ਵਿੱਚ ਕਿਸੇ ਵੀ ਚੀਜ਼ ਦੇ ਗਵਾਚਣ ਦਾ ਉਸਨੂੰ ਕੋਈ ਦੁੱਖ ਨਹੀਂ ਪਰ ਬਸ਼ੀਰੇ ਦੀ ਮਾਂ ਨਾਲ਼ ਆਪਣੀ ਅਧੂਰੀ ਪ੍ਰੇਮ-ਕਹਾਣੀ ਦਾ ਦੁੱਖ ਵੀ ਹੈ। ਦੂਜੇ ਪਾਸੇ ਉਸਦੇ ਕਿਰਦਾਰ ਵਿੱਚ ਬਹੁਤ ਸਾਰੇ ਚੰਗੇ ਗੁਣ ਹਨ। ਉਹ ਇੱਕ ਸੱਚਾ ਲੋਕ-ਪੱਖੀ ਕਵੀ ਹੈ, ਜਿਸਨੇ ਸਾਰੀ ਉਮਰ ਲੋਕਾਂ ਦੀ ਅਜ਼ਾਦੀ ਲਈ ਘੋਲ਼ ਕੀਤਾ। ਲੋਕ ਮੁਕਤੀ ਨੂੰ ਪ੍ਰਣਾਇਆ ਇੱਕ ਸੱਚਾ-ਸੁੱਚਾ ਜੀਵਨ ਉਹ ਬਿਤਾਉਂਦਾ ਹੈ। ਸਵੈਮਾਨੀ ਹੈ, ਸੱਤ੍ਹਾ ਨਾਲ਼ ਕੋਈ ਸਮਝੌਤਾ ਨਹੀਂ ਕਰਦਾ। ਜਦ ਸਰਕਾਰ ਦੇ ਮੰਤਰੀ ਉਸਨੂੰ ਪੈਸੇ, ਘਰ ਆਦਿ ਦਾ ਲਾਲਚ ਦਿੰਦੇ ਹਨ ਤਾਂ ਉਹ ਵਿਅੰਗ ਨਾਲ਼ ਮਨ੍ਹਾਂ ਕਰ ਦਿੰਦਾ ਹੈ। ਇੱਥੋਂ ਤੱਕ ਕਿ ਅੰਤਿਮ ਸਮੇਂ ਵੀ ਹਸਪਤਾਲ ਦੇ ਬਿਸਤਰੇ ‘ਤੇ ਪਿਆ ਮੰਤਰੀ ਨੂੰ ਨਹੀਂ ਮਿਲ਼ਦਾ। ਬਹਾਦਰ ਹੈ ਜੋ ਬਿਨਾਂ ਕਿਸੇ ਦੀ ਪ੍ਰਵਾਹ ਕਰੇ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਹੈ। ਬੇਖ਼ੌਫ਼ ਹੋ ਕੇ ਹਕੂਮਤ ਦੇ ਲੋਕ ਵਿਰੋਧੀ ਕਿਰਦਾਰ ਵਿਰੁੱਧ ਬੋਲਦਾ ਹੈ। ਸਟੇਜਾਂ ‘ਤੇ ਬੈਠੇ ਨੌਕਰਸ਼ਾਹਾਂ, ਮੰਤਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਦੁਸ਼ਮਣਾਂ ਨੂੰ ਖਰੀਆਂ-ਖਰੀਆਂ ਸੁਣਾਉਂਦਾ ਹੈ। ਕਿਸੇ ਵੀ ਕੀਮਤ ‘ਤੇ ਸੱਤ੍ਹਾ ਨਾਲ਼ ਸਮਝੌਤਾ ਨਹੀਂ ਕਰਦਾ। ਸਰਕਾਰਾਂ ਦੇ ਮੰਤਰੀਆਂ ਆਦਿ ਨਾਲ਼ ਬਹੁਤ ਹੀ ਖੁਸ਼ਕ ਢੰਗ ਨਾਲ਼ ਪੇਸ਼ ਆਉਂਦਾ ਹੈ ਨਾ ਕਿ ਉਹਨਾਂ ਦੀ ਚਾਪਲੂਸੀ ਕਰਦਾ ਹੈ। ਸੁਭਾਅ ਦਾ ਜਮਹੂਰੀ ਹੈ ਜੋ ਆਪਣੇ ਹੁਜਰੇ ਵਿੱਚ ਹਰ ਕਿਸੇ ਨੂੰ ਬੋਲਣ ਦਾ ਮੌਕਾ ਦਿੰਦਾ ਹੈ, ਹਰ ਕਿਸੇ ਦੀ ਸੁਣਨ ਤੋਂ ਬਾਅਦ ਆਪਣੀ ਰਾਏ ਦਿੰਦਾ ਹੈ। ਦੂਜਾ, ਰੂਸ ਅਤੇ ਚਰਚਲ ਪ੍ਰਤੀ ਉਸਦੇ ਕੁਝ ਭੁਲੇਖੇ ਹਨ ਪਰ ਕੁੱਲ ਮਿਲ਼ਾ ਕੇ ਉਹ ਸਮਾਜਵਾਦੀ ਵਿਚਾਰਾਂ ਨੂੰ ਸਹੀ ਮੰਨਦਾ ਹੈ। ਇੰਨਾ ਨਿਡਰ ਤੇ ਕਠੋਰ ਮਨੁੱਖ ਜਦ ਰੋਂਦਾ ਹੈ ਤਾਂ ਬਾਲਾਂ ਵਰਗੀ ਮਾਸੂਮੀਅਤ ਆਪਣੇ ਚਿਹਰੇ ‘ਤੇ ਲੈ ਆਉਂਦਾ ਹੈ। ਦਾਮਨ ਦਾ ਕਿਰਦਾਰ ਸਾਡੇ ਅਜੋਕੇ ਮੌਕਾਪ੍ਰਸਤ, ਸੱਤ੍ਹਾ ਦੀ ਚਾਪਲੂਸੀ ਕਰਨ ਵਾਲ਼ੇ ਕਬੂਤਰ ਦਿਲ ਸਾਹਿਤਕਾਰਾਂ ਲਈ ਇੱਕ ਚੰਗੇ ਸਾਹਿਤਕਾਰ ਦੀ ਮਿਸਾਲ ਪੇਸ਼ ਕਰਦਾ ਹੈ।

ਕਿਸੇ ਸਮੇਂ ਸੋਵੀਅਤ ਯੂਨੀਅਨ ਵਿੱਚ ਇਹ ਪ੍ਰਭਾਵ ਰਿਹਾ ਸੀ ਕਿ ਸਮਾਜਵਾਦੀ ਨਾਇਕ ਦਾ ਮਾੜਾ ਪੱਖ ਨਹੀਂ ਆਉਣਾ ਚਾਹੀਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਨਾਵਲ ਸੋਵੀਅਤ ਯੂਨੀਅਨ ਵਿੱਚ ਲਿਖੇ ਗਏ। ਜਿਵੇਂ ‘ਕਬੂਹ ਨਾ ਛਾਡੇ ਖੇਤ’ ਨਾਵਲ ਦਾ ਪਵੇਲ ਕੋਰਚਾਗਿਨ, ‘ਪਹਿਲੀ ਉਮੰਗੇਂ’ ਤੇ ‘ਅਗਨੈ ਵਰਸ਼’ ਦੇ ਰਾਗੋਜ਼ਿਨ, ਕਰਿੱਲ ਅਿਦ। ਇਹਨਾਂ ਪਾਤਰਾਂ ਦਾ ਟ੍ਰੀਟਮੈਂਟ ਗ਼ੈਰ-ਦਵੰਵਾਦੀ ਹੈ, ਪਰ ਇਹਨਾਂ ਨਾਵਲਾਂ ਵਿੱਚ ਜੋ ਗ਼ੈਰ-ਕਮਿਊਨਿਸਟ ਲੋਕ ਹਨ ਉਹਨਾਂ ਦਾ ਟ੍ਰੀਟਮੈਂਟ ਦਵੰਦਵਾਦੀ ਹੈ। ਇਸ ਸੋਚ ਕਿਸੇ ਸਮੇਂ ਭਾਰੂ ਸੀ ਕਿ ਕਮਿਊਨਿਸਟ ਪਾਤਰ ਦੀ ਕਮਜ਼ੋਰੀ ਦਿਖਾਉਣ ਨਾਲ਼ ਪਾਠਕ ‘ਤੇ ਮਾੜਾ ਅਸਰ ਪਵੇਗਾ। ਪਰ ਅਸਲ ਵਿੱਚ ਇਹ ਗ਼ਲਤ ਹੈ। ਅਜਿਹੇ ਸੱਚੇ, ਸੁੱਚੇ, ਉੱਚੇ ਆਦਰਸ਼ ਨੂੰ ਪ੍ਰਣਾਏ ਹੋਏ ਮਹਾਂ-ਮਾਨਵੀ ਕਿਰਦਾਰ ਪੇਸ਼ ਕਰਨ ਨਾਲ਼ ਪਾਠਕ ਹੀਣ ਭਾਵਨਾ ਦਾ ਸ਼ਿਕਾਰ ਹੋਣਗੇ। ਦੂਜਾ, ਨਾ ਹੀ ਇਹ ਯਥਾਰਥਵਾਦੀ ਗੱਲ ਹੋਵੇਗੀ, ਕਿਉਂਕਿ ਇਹ ਇਨਸਾਨੀ ਸੁਭਾਅ ਹੈ ਕਿ ਮਨੁੱਖ ਦੀਆਂ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਹਨ। ਕਮਜ਼ੋਰੀਆਂ ਸਹਿਤ ਲੋਕ ਮਹਾਨ ਹੁੰਦੇ ਹਨ। ਪਰ ‘ਭੁੱਬਲ਼’ ਨਾਵਲ ਪੜ੍ਹ ਕੇ ਇਹ ਭਰਮ ਟੁੱਟਦਾ ਹੈ। ਇਸ ਨਾਵਲ ਦੇ ਪਾਤਰ ਆਪਣੇ-ਆਪਣੇ ਹਲਾਤਾਂ ਵਿੱਚ ਆਪਣੇ ਗੁਣ-ਔਗੁਣਾਂ ਦੇ ਬਾਵਜੂਦ ਘੋਲ਼ ਕਰਦੇ ਹਨ। ਜੋ ਉਹਨਾਂ ਵਿਚਲੇ ਗੁਣ-ਔਗੁਣ ਨੇ, ਉਹ ਹਲਾਤਾਂ ਦੀ ਦੇਣ ਹਨ। ਕੁੱਲ ਮਿਲ਼ਾ ਕੇ ਪਾਠਕ ਦੀ ਪਾਤਰਾਂ ਨਾਲ਼ ਹਮਦਰਦੀ ਜੁੜਦੀ ਹੈ। ਗੋਗੀ, ਉਸਤਾਦ ਦਾਮਨ, ਲੰਡੂ ਚਾਚਾ, ਜ਼ੋਹਰਾਂ, ਮਿਸਤਰੀ ਦੀ ਪਤਨੀ ਆਦਿ ਸਭ ਪਾਤਰਾਂ ਦੀ ਪੇਸ਼ਕਾਰੀ ਇੱਕ ਸੁਭਾਵਿਕ ਢੰਗ ਨਾਲ਼ ਹੋਈ ਹੈ। ਕੋਈ ਵੀ ਪਾਤਰ ਓਪਰਾ ਜਾਂ ਜਾਅਲੀ ਜਿਹਾ ਨਹੀਂ ਲੱਗਦਾ ਸਗੋਂ ਹਰ ਪਾਤਰ ਹਲਾਤਾਂ ਦੇ ਅਨੁਸਾਰ ਜ਼ਿੰਦਗੀ ਜਿਉਂ ਰਿਹਾ ਦਿਖਾਇਆ ਗਿਆ ਹੈ। ਪਾਤਰਾਂ ‘ਤੇ ਆਪਣੇ ਬਾਹਰਮੁਖੀ ਹਲਾਤਾਂ ਦੇ ਸੁਭਾਵਿਕ ਪ੍ਰਗਟਾਵੇ ਤੋਂ ਬਿਨਾਂ ਕੁਝ ਵੀ ਬਾਹਰੋਂ ਥੋਪਿਆ ਹੋਇਆ ਨਹੀਂ ਜਾਪਦਾ। ਪਰ ਇਹ ਪਾਤਰ ਇੱਥੇ ਖੜ੍ਹੇ ਹੋ ਕੇ ਵੀ ਉੱਪਰ ਨੇ। ਜਿਵੇਂ ਦੇ ਇਨਸਾਨ ਹੁੰਦੇ ਨੇ, ਨਾਵਲ ਉਹਨਾਂ ਨੂੰ ਉਹਨਾਂ ਦੇ ਬਾਹਰਮੁਖੀ ਯਥਾਰਥ ਦੇ ਅਨੁਸਾਰ ਉਸੇ ਰੂਪ ਵਿੱਚ ਦਿਖਾਉਂਦਾ ਹੈ। ‘ਭੁੱਬਲ਼’ ਦੇ ਪਾਤਰਾਂ ਨੂੰ ਚੇਰਨੀਸ਼ੇਵਸਕੀ, ਬਾਲਾਜ਼ਾਕ, ਦੋਸਤੋਵਸਕੀ ਆਦਿ ਨਾਵਲਕਾਰਾਂ ਦੇ ਪਾਤਰਾਂ ਨਾਲ਼ ਤੁਲਨਾਇਆ ਜਾ ਸਕਦਾ ਹੈ।

ਸਤੇਂਦਾਲ ਨੇ ਆਪਣੇ ਨਾਵਲ ‘ਸੁਰਖ਼ ਅਤੇ ਸਿਆਹ’ ਦੀ ਭੂਮਿਕਾ ਵਿੱਚ ਲਿਖਿਆ ਹੈ, “ਇੱਕ ਨਾਵਲ ਵਿੱਚ ਬੁਨਿਆਦੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਪਾਠਕ ਜਦੋਂ ਕਿਸੇ ਇੱਕ ਸ਼ਾਮ ਉਸਨੂੰ ਸ਼ੁਰੂ ਕਰ ਦੇਵੇ ਤਾਂ ਫਿਰ ਖ਼ਤਮ ਕਰਨ ਲਈ ਸਾਰੀ ਰਾਤ ਜਾਗਦਾ ਰਹੇ।” ਪੰਜਾਬੀ ਵਿੱਚ ਪਹਿਲੀ ਵਾਰ ਕੋਈ ਨਾਵਲ ਪੜ੍ਹਕੇ ਇਸ ਗੱਲ ਦੇ ਅਰਥ ਸਮਝ ਆਏ ਹਨ।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ