‘ਲਾਲ ਪਰਚਮ’ ਨੂੰ ਜਵਾਬ ਪ੍ਰਚੂਨ ਵਪਾਰ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ ਨਹੀਂ? —ਸੁਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ‘ਲਾਲ ਪਰਚਮ’ ਦੇ ਮਾਰਚ-ਅਪ੍ਰੈਲ 2013 ਅੰਕ ਵਿੱਚ ਮੋਹਨ ਸਿੰਘ ਦਾ ਲੇਖ ‘ਭਾਰਤ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਓਂ?’ ਸਿਰਲੇਖ ਤਹਿਤ ਛਪਿਆ ਹੈ। ਜਿਸ ਵਿੱਚ ਉਸਨੇ ‘ਆਪਣੇ ਆਪ ਨੂੰ ਮਾਰਕਸਵਾਦੀ ਕਹਾਉਣ ਵਾਲ਼ੇ ਕੁੱਝ’ ਅਗਿਆਤ ਵਿਅਕਤੀਆਂ ਦੀ ਅਲੋਚਨਾ ਕੀਤੀ ਹੈ ਜੋ ਕਿ ਉਸ ਮੁਤਾਬਕ ’ਸਰਕਾਰ ਨਾਲ਼ੋਂ ਵੀ ਅਗੇ ਵੱਧ ਕੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਏ ਹਨ’। ਜਿਵੇਂ ਕਿ ਪੰਜਾਬ ਦੇ ਕਮਿਊਨਿਸਟ ਗਰੁੱਪਾਂ ਦੇ ਸਾਹਿਤ ਤੋਂ ਜਾਣੂ ਕੋਈ ਵੀ ਵਿਅਕਤੀ ਜਾਣ ਸਕਦਾ ਹੈ ਕਿ ਇਹ ਅਲੋਚਨਾ ਮੁਖ ਰੂਪ ਵਿੱਚ ਤਾਂ ਪਿਛਲੇ ਦਿਨੀਂ ਦਰਸ਼ਨ ਖੇੜੀ ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਛਪੇ ਇੱਕ ਲੇਖ ਵੱਲ ਸੇਧਤ ਅਤੇ ਦੋਮ ਰੂਪ ਵਿੱਚ ਇਹ ‘ਪ੍ਰਤੀਬੱਧ’ ਦੁਆਰਾ ਪ੍ਰਚਾਰੀਆਂ ਜਾਂਦੀਆਂ ਪੋਜ਼ੀਸ਼ਨਾਂ ਦੀ ਅਲੋਚਨਾ ਹੈ। ਦਰਅਸਲ ਮੋਹਨ ਸਿੰਘ ਦਾ ਇਹ ”ਸਿਧਾਂਤਕ ਹਮਲਾ” ਦਰਸ਼ਨ ਖੇੜੀ ਦੇ ਲੇਖ ਨੂੰ ਨਮਿਤ ਬਣਾਕੇ ‘ਪ੍ਰਤੀਬੱਧ’ ਵੱਲ ਹੀ ਸੇਧਤ ਹੈ। ਜਿੱਥੋਂ ਤੱਕ ਦਰਸ਼ਨ ਖੇੜੀ ਦਾ ਲੇਖ ਦਾ ਸਬੰਧ ਹੈ, ਇਹ ਸ਼ੁਰੂ ‘ਚ ਹੀ ਸਪਸ਼ਟ ਕਰ ਦੇਈਏ ਕਿ ਇਹ ਉਹਨਾਂ ਦੇ ਵਿਅਕਤੀਗਤ ਵਿਚਾਰ ਹਨ। ਉਹਨਾਂ ਦੇ ਲੇਖ ਦੀ ਮੂਲ ਪੋਜ਼ੀਸ਼ਨ ਨਾਲ਼ ਸਹਿਮਤ ਹੁੰਦਿਆਂ ਵੀ ਉਹਨਾਂ ਦੇ ਲੇਖ ਦੀਆਂ ਕਈ ਗੱਲਾਂ ਨਾਲ਼ ਸਾਡੀ ਵੀ ਸਹਿਮਤੀ ਨਹੀਂ ਹੈ। ਇਥੇ ਅਸੀਂ ਮੋਹਨ ਸਿੰਘ ਦੇ ਲੇਖ ਦੀਆਂ ਉਹਨਾਂ ਹੀ ਅਲੋਚਨਾਵਾਂ ਦਾ ਜਵਾਬ ਦੇਵਾਂਗੇ ਜਿਹਨਾਂ ਦਾ ਸਬੰਧ ‘ਪ੍ਰਤੀਬੱਧ’ ਨਾਲ਼ ਹੈ। 

ਮੋਹਨ ਸਿੰਘ ਦੇ ਲੇਖ ਵਿੱਚ ਮਸਲੇ ਪ੍ਰਤੀ ਮਾਰਕਸਵਾਦੀ ਪਹੁੰਚ-ਤਰੀਕਾਕਾਰ ਤਾਂ ਉੱਕਾ ਹੀ ਗਾਇਬ ਹੈ ਪਰ ਗਲਤ ਬਿਆਨੀ, ਤੱਥਾਂ ਦੀ ਭੰਨ ਤੋੜ ਭਰਪੂਰ ਮਾਤਰਾ ‘ਚ ਹੈ। ਲੇਖਕ ਨੇ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਦੇ ਹਵਾਲਿਆਂ ਨੂੰ ਪ੍ਰਸੰਗ ਨਾਲ਼ੋਂ ਤੋੜ ਕੇ ਪੇਸ਼ ਕੀਤਾ ਹੈ। ਕਈ ਅਜਿਹੀਆਂ ਗੱਲਾਂ ਉਹਨਾਂ ਦੇ ਮੂੰਹ ਵਿੱਚ ਤੁੰਨ੍ਹੀਆਂ ਹਨ ਜੋ ਉਹਨਾਂ ਕਦੇ ਕਹੀਆਂ ਹੀ ਨਹੀਂ। ਇਹੋ ਢੰਗ ਲੇਖਕ ਨੇ ਸਾਡੀ ਅਲੋਚਨਾ ਕਰਨ ਵੇਲੇ ਵੀ ਵਰਤਿਆ ਹੈ। ਉਸਨੇ ਕਈ ਗੱਲਾਂ ਸਾਡੇ ਵੀ ਮੂੰਹ ਵਿੱਚ ਤੁੰਨ੍ਹ ਕੇ ਫਿਰ ਉਹਨਾਂ ਹੀ ਗੱਲਾਂ ਲਈ ਸਾਡੀ ਅਲੋਚਨਾ ਕਰ ਛੱਡੀ ਹੈ। ਅਜਿਹੀਆਂ ਹਰਕਤਾਂ ਜ਼ਰੀਏ ਉਸ ਨੇ ਲਾਲ ਪਰਚਮ ਦੇ ਪਾਠਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਲੇਖ ਪੜ੍ਹ ਕੇ ਇਹ ਪ੍ਰਭਾਵ ਉਪਜਦਾ ਹੈ ਕਿ ਉਸ ਨੇ ਬਹਿਸ ਅਧੀਨ ਮਸਲੇ ਉੱਪਰ ਨਾ ਤਾਂ ਮਾਰਕਸ, ਏਂਗਲਜ਼, ਲੈਨਿਨ, ਸਤਾਲਿਨ ਦੀਆਂ ਰਚਨਾਵਾਂ ਦਾ ਹੀ ਕੋਈ ਅਧਿਐਨ ਕੀਤਾ ਹੈ ਅਤੇ ਨਾ ਹੀ ਸਾਡੀਆਂ ਲਿਖਤਾਂ ਦਾ। 

ਆਪਣੇ ਲੇਖ ਦੇ ਸ਼ੁਰੂ ਵਿੱਚ ਹੀ ਲੇਖਕ ਪ੍ਰਚੂਨ ਵਪਾਰ ਦੇ ਖੇਤਰ ਵਿੱਚ ਸਿਧੇ ਵਿਦੇਸ਼ੀ ਸਰਮਾਇਆ ਨਿਵੇਸ਼ ਦੇ ਹੱਕ ਵਿੱਚ ਸਰਕਾਰੀ ਦਲੀਲਾਂ ਦੀ ਇਕ ਸੂਚੀ ਦਿੰਦਾ ਹੈ ਅਤੇ ਫਿਰ ਲਿਖਦਾ ਹੈ, ”ਸਰਕਾਰ ਦੀਆਂ ਇਹਨਾਂ ਦਲੀਲਾਂ ਵਿੱਚ ਕੋਈ ਦਮ ਨਹੀਂ ਹੈ ਅਤੇ ਇਹ ਸਾਰੀਆਂ ਦਲੀਲਾਂ ਲੋਕਾਂ ਨੂੰ ਗੁਮਰਾਹ ਕਰਨ ਵਾਲ਼ੀਆਂ ਹਨ। ਪਰ ਇਸਦੇ ਬਾਵਜੂਦ ਸਰਕਾਰ ਨਾਲ਼ੋਂ ਵੀ ਅਗੇ ਵਧਕੇ ਆਪਣੇ ਆਪ ਨੂੰ ਮਾਰਕਸਵਾਦੀ ਕਹਾਉਣ ਵਾਲ਼ੇ ਕੁੱਝ ਵਿਅਕਤੀ ਸਿਧੇ ਵਿਦੇਸ਼ੀ ਨਿਵੇਸ਼ ਦੇ ਪਖ ਵਿੱਚ ਨਿੱਤਰ ਕੇ ਸਾਹਮਣੇ ਆਏ ਹਨ।” (ਲਾਲ ਪਰਚਮ ਮਾਰਚ ਅਪ੍ਰੈਲ 2013 ਪੰਨਾ 29)। ਇਥੇ ਲੇਖਕ ਵਿਦੇਸ਼ੀ ਨਿਵੇਸ਼ ਪ੍ਰਤੀ ਸਾਡੇ ਅਤੇ ਭਾਰਤ ਸਰਕਾਰ ਦੇ ਸਟੈਂਡ ਨੂੰ ਇੱਕ ਬਣਾਕੇ ਪੇਸ਼ ਕਰ ਰਿਹਾ ਹੈ। ਇਹ ਸਰਾਸਰ ਗ਼ਲਤ ਬਿਆਨੀ ਹੈ। ਸਾਡਾ ਮੰਨਣਾ ਹੈ ਕਿ ਭਾਰਤੀ ਅਰਥਚਾਰੇ ਨੂੰ ਵਿਦੇਸ਼ੀ ਸਰਮਾਏ ਲਈ ਖੋਲ੍ਹਣ ਨਾਲ਼ ਇਥੇ ਪੈਦਾਵਾਰੀ ਤਾਕਤਾਂ ਦਾ ਵਿਕਾਸ ਹੋਵੇਗਾ, ਜਮਾਤੀ ਧਰੁਵੀਕਰਨ ਤੇਜ਼ ਹੋਵੇਗਾ, ਪੈਦਾਵਾਰ ਦਾ ਸਮਾਜੀਕਰਨ ਹੋਰ ਉਚੇਰਾ ਹੋਵੇਗਾ। ਇਸ ਨਾਲ਼ ਵਰਤਮਾਨ ਲੁਟੇਰੇ ਸਰਮਾਏਦਾਰਾ ਢਾਂਚੇ ਦਾ ਸੰਕਟ ਹੋਰ ਤਿੱਖਾ ਹੋਵੇਗਾ ਅਤੇ ਇਸ ਪ੍ਰਬੰਧ ਨੂੰ ਉਲਟਾਉਣ ਦੀ ਪਦਾਰਥਕ ਜ਼ਮੀਨ ਹੋਰ ਵਧੇਰੇ ਤਿਆਰ ਹੋਵੇਗੀ। ਆਪਣੇ ਸਮੇਂ ਵਿੱਚ ਮਾਰਕਸ, ਏਂਗਲਜ਼, ਲੈਨਿਨ ਨੇ ਵੀ ਮਸਲੇ ਪ੍ਰਤੀ ਇਹੋ ਪਹੁੰਚ ਅਪਣਾਈ ਸੀ। ਜਾਂ ਇੰਝ ਕਹਿ ਲਵੋਂ ਕਿ ਸਾਡੀ ਪੋਜ਼ੀਸ਼ਨ ਮਾਰਕਸ, ਏਂਗਲਜ਼, ਲੈਨਿਨ ਦੀ ਪੋਜ਼ੀਸ਼ਨ ਦੀ ਅਨੁਸਾਰੀ ਹੈ। ਦੂਜੇ ਪਾਸੇ ਭਾਰਤੀ ਹਾਕਮ ਭਾਰਤੀ ਅਰਥਚਾਰੇ ‘ਚ ਵਿਦੇਸ਼ੀ ਸਰਮਾਏ ਦੀ ਆਮਦ ਨੂੰ ਵਰਤਮਾਨ ਆਰਥਿਕ ਸੰਕਟ ‘ਚੋਂ ਰਾਹਤ ਦੇ ਰੂਪ ਵਿੱਚ ਦੇਖਦੇ ਹਨ। ਇਸ ਲੁਟੇਰੇ ਢਾਂਚੇ ਦੀ ਉਮਰ ਲੰਮੇਰੀ ਕਰਨ ਦੇ ਸਾਧਨ ਵਜੋਂ ਦੇਖਦੇ ਹਨ। ਕੀ ਵਿਦੇਸ਼ੀ ਸਰਮਾਏ ਪ੍ਰਤੀ ਸਾਡੀ ਅਤੇ ਭਾਰਤੀ ਹਾਕਮਾਂ ਦੀ ਪਹੁੰਚ ਇਕੋ ਹੀ ਹੈ ਜਾਂ ਇਕ ਦੂਸਰੇ ਦੇ ਉਲ਼ਟ ਹੈ? ਕੋਈ ਸਧਾਰਨ ਪਾਠਕ ਵੀ ਸਮਝ ਸਕਦਾ ਹੈ ਕਿ ਇਹ ਦੋਵੇਂ ਪੈਂਤੜੇ ਇਕ ਦੂਸਰੇ ਦੇ ਉਲ਼ਟ ਹਨ। ਪਰ ਸਿਆਸੀ ਮੋਤੀਆਬਿੰਦ ਦੇ ਸ਼ਿਕਾਰ ‘ਲਾਲ ਪਰਚਮ’ ਦੇ ਇਸ ਸਿਧਾਂਤਕਾਰ ਨੂੰ ਏਨਾ ਸਪਸ਼ਟ ਫਰਕ ਵੀ ਨਜ਼ਰ ਨਹੀਂ ਆਉਂਦਾ। 

ਜਿਸ ਤਰਾਂ ਲਾਲ ਪਰਚਮ ਸਿਧੇ ਵਿਦੇਸ਼ੀ ਨਿਵੇਸ਼ ਬਾਰੇ ਸਾਡੇ ਸਟੈਂਡ ਨੂੰ ਸਰਕਾਰੀ ਸਟੈਂਡ ਦੱਸ ਰਿਹਾ ਹੈ ਉਸੇ ਤਰਾਂ ਕੋਈ ਲਾਲ ਪਰਚਮ ਦੇ ਇਸ ਮੁਦੇ ਉੱਪਰ ਸਟੈਂਡ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਵਦੇਸ਼ੀ ਜਾਗਰਣ ਮੰਚ ਜਾਂ ਕਿਸੇ ਹੋਰ ਬੁਰਜੂਆ ਪਾਰਟੀ ਦਾ ਸਟੈਂਡ ਦੱਸ ਸਕਦਾ ਹੈ। ਪਰ ਅਸੀਂ ਅਜਿਹਾ ਕੰਮ ਨਹੀਂ ਕਰਾਂਗੇ। ਅਜੇਹੀ ਗ਼ਲਤ ਬਿਆਨੀ ਅਤੇ ਭੰਨ-ਤੋੜ ਲਾਲ ਪਰਚਮ ਨੂੰ ਮੁਬਾਰਕ। 

ਆਪਣੇ ਸਮਿਆਂ ਵਿੱਚ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਮਾਰਕਸ, ਏਂਗਲਜ਼ ਅਤੇ ਲੈਨਿਨ ਨੇ ਸੁਤੰਤਰ ਵਪਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ। (ਦੇਖੋ ਸੁਤੰਤਰ ਵਪਾਰ ਦਾ ਸਵਾਲ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ)। ਉਸ ਸਮੇਂ ਉਹਨਾਂ ਦੇ ਵਿਚਾਰ ਅਧੀਨ ਜਿਣਸਾਂ ਦਾ (ਜਿਣਸ ਸਰਮਾਇਆ) ਆਯਾਤ-ਨਿਰਯਾਤ ਸੀ, ਇਥੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ਸਾਡਾ ਮੁਦਰਾ ਸਰਮਾਏ ਦੇ ਅਯਾਤ ਨਿਰਯਾਤ ਨਾਲ਼ ਹੈ। ਪਰ ਇਸ ਨਾਲ਼ ਮਾਮਲੇ ਦੇ ਤੱਤ ਉੱਪਰ ਕੋਈ ਅਸਰ ਨਹੀਂ ਪੈਂਦਾ। ਮਾਰਕਸ, ਏਂਗਲਜ਼ ਅਤੇ ਲੈਨਿਨ ਨੇ ਮੁਖ ਤੌਰ ‘ਤੇ ਹੇਠ ਲਿਖੇ ਕਾਰਨਾਂ ਕਰਕੇ ਸੁਤੰਤਰ ਵਪਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ —

1) ਇਹ ਪੈਦਾਵਾਰੀ ਤਾਕਤਾਂ ਨੂੰ ਵਿਕਸਿਤ ਕਰਦਾ ਹੈ। 
2) ਕਿਰਤ ਦਾ ਉਚੇਰਾ ਸਮਾਜੀਕਰਨ ਕਰਦਾ ਹੈ।
3) ਜਮਾਤੀ ਧਰੁਵੀਕਰਨ ਤੇਜ਼ ਕਰਦਾ ਹੈ
4) ਸਰਮਾਏਦਾਰੀ ਢਾਂਚੇ ਦੇ ਸੰਕਟ ਨੂੰ ਵਧਾਉਂਦਾ ਹੈ। ਜਲਦੀ ਲਿਆਉਂਦਾ ਹੈ। 
(ਦੇਖੋ ਸੁਤੰਤਰ ਵਪਾਰ ਦਾ ਸਵਾਲ, ਉਪਰੋਕਤ)

ਕਾਰਲ ਮਾਰਕਸ ਦੇ ਸ਼ਬਦਾਂ ਵਿੱਚ, ”ਪਰ ਆਮ ਤੌਰ ‘ਤੇ, ਸਾਡੇ ਸਮੇਂ ਦਾ ਰੱਖਿਅਕ ਪ੍ਰਬੰਧ ਪਿਛਾਂਹ ਖਿਚੂ ਹੈ ਜਦਕਿ ਸੁਤੰਤਰ ਵਪਾਰ ਦਾ ਪ੍ਰਬੰਧ ਤਬਾਹਕੁੰਨ ਹੈ। ਇਹ ਪੁਰਾਣੀਆਂ ਕੌਮੀਅਤਾਂ ਨੂੰ ਭੰਗ ਕਰ ਦੇਂਦਾ ਹੈ ਅਤੇ ਪ੍ਰੋਲੇਤਾਰੀ ਅਤੇ ਬੁਰਜੂਆਜ਼ੀ ਵਿਚਲੇ ਵਿਰੋਧ ਨੂੰ ਸਿਖ਼ਰ ਤੱਕ ਧੱਕ ਕੇ ਲੈ ਜਾਂਦਾ ਹੈ। ਮੂਲ ਮੁਦਾ ਕੀ ਕਿ ਸੁਤੰਤਰ ਵਪਾਰ ਦਾ ਪ੍ਰਬੰਧ ਸਮਾਜਕ ਇਨਕਲਾਬ ਨੂੰ ਛੇਤੀ ਲੈ ਆਉਂਦਾ ਹੈ। ਸਿਰਫ਼ ਇਸ ਇਕ ਅਰਥ ਵਿੱਚ ਸੱਜਣੋਂ, ਮੈਂ ਸੁਤੰਤਰ ਵਪਾਰ ਦੇ ਹੱਕ ਵਿੱਚ ਆਪਣੀ ਰਾਏ ਦੇਂਦਾ ਹੈ।” (ਉਪਰੋਕਤ ਪੰਨਾ —47)

ਏਂਗਲਜ਼ ਦਾ ਕਹਿਣਾ ਹੈ, ”ਸਿਰਫ਼ ਸੁਤੰਤਰ ਵਪਾਰ ਅਧੀਨ ਹੀ ਭਾਫ, ਬਿਜਲੀ ਅਤੇ ਮਸ਼ੀਨਰੀ ਦੀਆਂ ਅਥਾਹ ਪੈਦਾਵਾਰੀ ਤਾਕਤਾਂ, ਪੂਰਨ ਰੂਪ ਵਿੱਚ ਵਿਕਸਿਤ ਹੋ ਸਕਦੀਆਂ ਹਨ। ਇਸ ਵਿਕਾਸ ਦੀ ਗੱਡੀ ਜਿੰਨੀ ਤੇਜ਼ ਹੋਵੇਗੀ, ਓਨੀ ਹੀ ਜਲਦੀ ਅਤੇ ਵਧੇਰੇ ਪੂਰਨ ਰੂਪ ਵਿੱਚ ਇਸ ਦੇ ਅਟੱਲ ਨਤੀਜੇ ਸਾਹਮਣੇ ਆਉਣਗੇ, ਸਮਾਜ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ, ਇਕ ਬੰਨੇ ਸਰਮਾਏਦਾਰ ਅਤੇ ਦੂਸਰੇ ਬੰਨੇ ਉਜਰਤੀ ਮਜ਼ਦੂਰ, ਜੱਦੀ ਪੁਸ਼ਤੀ ਧਨ ਦੌਲਤ ਇੱਕ ਬੰਨੇ, ਜੱਦੀ ਪੁਸ਼ਤੀ ਗਰੀਬੀ ਦੂਸਰੇ ਬੰਨੇ, ਪੂਰਤੀ ਮੰਗ ਤੋਂ ਵੱਧ ਜਾਂਦੀ ਹੈ, ਬਜ਼ਾਰ ਲਗਾਤਾਰ ਵੱਧ ਰਹੇ ਉਦਯੋਗਿਕ ਉਤਪਾਦਨ ਨੂੰ ਖਪਾਉਣ ਤੋਂ ਅਸਮਰੱਥ ਹੋ ਜਾਂਦੇ ਹਨ, ਖੁਸ਼ਹਾਲੀ, ਵਾਧੂ ਪੈਦਾਵਾਰ, ਸੰਕਟ, ਦਹਿਸ਼ਤ, ਦੀਰਘਕਾਲੀ ਮੰਦੀ ਅਤੇ ਵਪਾਰ ਦੇ ਧੀਮੇ ਮੁੜ ਉਭਾਰ ਦੇ ਹਮੇਸ਼ਾ ਵਾਰ-ਵਾਰ ਪ੍ਰਗਟ ਹੋਣ ਵਾਲ਼ੇ ਚੱਕਰ, ਸਥਾਈ ਸੁਧਾਰ ਦਾ ਨਹੀਂ ਸਗੋਂ ਨਵੇਂ ਵਾਧੂ ਪੈਦਾਵਾਰ ਅਤੇ ਸੰਕਟ ਦਾ ਸੰਕੇਤ ਹਨ, ਸੰਖੇਪ ਵਿੱਚ, ਪੈਦਾਵਾਰੀ ਸ਼ਕਤੀਆਂ ਇਸ ਹੱਦ ਤੱਕ ਵਿਕਸਿਤ ਹੋ ਜਾਂਦੀਆਂ ਹਨ ਕਿ ਉਹ ਅਸਹਿ ਰੋਕਾਂ, ਉਹਨਾਂ ਸਮਾਜਿਕ ਸੰਸਥਾਵਾਂ ਜਿਹਨਾਂ ਅਧੀਨ ਉਹ ਕੰਮ ਕਰ ਰਹੀਆਂ ਹਨ, ਵਿਰੁੱਧ ਬਗਾਵਤ ਕਰ ਦਿੰਦੀਆਂ ਹਨ, ਇਸ ਦਾ ਇਕੋ-ਇਕ ਸੰਭਵ ਹੱਲ ਹੈ, ਇਕ ਸਮਾਜਿਕ ਇਨਕਲਾਬ, ਵੇਲਾ ਵਿਹਾ ਚੁੱਕੇ ਸਮਾਜਿਕ ਢਾਂਚੇ ਦੇ ਬੰਧਨਾਂ ਤੋਂ ਸਮਾਜੀ ਪੈਦਾਵਾਰੀ ਤਾਕਤਾਂ ਦਾ ਛੁਟਕਾਰਾ ਅਤੇ ਅਸਲ ਉਤਪਾਦਕ, ਵਿਸ਼ਾਲ ਲੋਕਾਈ ਦਾ ਉਜਰਤੀ ਗੁਲਾਮੀ ਤੋਂ ਛੁਟਕਾਰਾ। ਉਸ ਆਰਥਿਕ ਮਾਧਿਅਮ ਲਈ ਜਿਸ ਵਿੱਚ ਅਟੱਲ ਸਮਾਜੀ ਇਨਕਲਾਬ ਦੀਆਂ ਹਾਲਤਾਂ ਜਲਦੀ ਤੋਂ ਜਲਦੀ ਨਾਲ਼ ਪੈਦਾ ਹੋਣਗੀਆਂ, ਸੁਤੰਤਰ ਵਪਾਰ ਇਕ ਕੁਦਰਤੀ ਅਤੇ ਆਮ ਵਾਤਾਵਰਣ ਹੈ, ਇਸ ਕਾਰਨ ਅਤੇ ਸਿਰਫ਼ ਇਸੇ ਕਾਰਨ, ਮਾਰਕਸ ਨੇ ਸੁਤੰਤਰ ਵਪਾਰ ਦੇ ਹੱਕ ਵਿੱਚ ਹੋਣ ਦਾ ਐਲਾਨ ਕੀਤਾ।” (ਉਪਰੋਕਤ ਪੰਨਾ — 3-4)

ਲੈਨਿਨ ਦਾ ਕਹਿਣਾ ਹੈ, ”ਅਜ਼ਾਦ ਵਪਾਰੀਆਂ ਦੀਆਂ ਦਲੀਲਾਂ ਦੀ ਵਿਗਿਆਨਕ ਆਲੋਚਨਾ ਕਰਕੇ ਉਹ (ਮਾਰਕਸ—ਸੰਪ.) ਉਸ ਗ਼ਲਤੀ ਤੋਂ ਬਚਣ ਦੇ ਯੋਗ ਹੋਏ, ਜਿਹੜੀ ਰੋਮਾਂਚਵਾਦੀਆਂ ਨੇ ਆਮ ਕਰਕੇ ਕੀਤੀ ਸੀ ਜਿਹੜੇ, ਇਸ ਗੱਲ ਤੋਂ ਇਨਕਾਰ ਕਰਕੇ ਕਿ ਦਲੀਲਾਂ ਦੀ ਕੋਈ ਮਹੱਤਤਾ ਹੁੰਦੀ ਹੈ, ”ਛਿੱਲੜਾਂ ਨਾਲ਼ ਗਿਰੀ ਵੀ ਸੁੱਟ ਦੇਂਦੇ ਹਨ”; ਉਹ ਉਹਨਾਂ ਦੀ ਨਿੱਗਰ ਗਿਰੀ ਚੁੱਕ ਲੈਣ ਦੇ ਯੋਗ ਹੋ ਗਿਆ ਸੀ, ਅਰਥਾਤ, ਓੜਕ ਦੀ ਤਕਨੀਕੀ ਪ੍ਰਗਤੀ ਦਾ ਸੰਦੇਹ-ਰਹਿਤ ਤੱਥ।” (ਉਪਰੋਕਤ, ਪੰਨਾ — 46)

ਪਰ ਲਾਲ ਪਰਚਮ ਦੇ ਅਤਿਮੌਲਿਕ ਸਿਧਾਂਤਕਾਰ ਲਈ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਹੀਆਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੈ। ਉਸਦਾ ਕਹਿਣਾ ਹੈ, ”ਜਿੱਥੋਂ ਤੱਕ ਸੁਤੰਤਰ ਵਪਾਰ ਦਾ ਸਵਾਲ ਹੈ ਇਸ ਦੇ ਹੱਕ ‘ਚ ਮਾਰਕਸ ਨੇ 1848, ਏਂਗਲਜ਼ ਨੇ 1888 ਅਤੇ ਲੈਨਿਨ ਨੇ 1897 ਵਿੱਚ ਲੇਖ ਲਿਖੇ ਸਨ ਜਦੋਂ ਸਰਮਾਏਦਾਰੀ? ਮੁਖ ਤੌਰ ‘ਤੇ ਖੁਲ੍ਹੇ ਮੁਕਾਬਲੇ ਦੇ ਦੌਰ ਵਿੱਚ ਸੀ। ਪਰ ਲੈਨਿਨ ਨੇ ਆਪਣੀ ਕਿਤਾਬ ‘ਸਾਮਰਾਜ ਸਰਮਾਏਦਾਰੀ ਦੀ ਉੱਚਤਮ ਅਵਸਥਾ, ਵਿੱਚ ਵਾਰ ਲਿਖਿਆ ਹੈ ਕਿ ਸਾਮਰਾਜੀ ਦੌਰ ਅਜਾਰੇਦਾਰ ਸਰਮਾਏਦਾਰੀ ਦਾ ਦੌਰ ਹੈ ਅਤੇ ਇਹ ਆਜਾਰੇਦਾਰੀਆਂ ਖੁਲ੍ਹੇ ਮੁਕਾਬਲੇ ਵਿੱਚ ਪੈਦਾ ਹੋਈਆਂ ਹਨ ਅਤੇ ਇਸ ਦੌਰ ਅਦਰ ਸੁਤੰਤਰ ਵਪਾਰ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।” ( ਲਾਲ ਪਰਚਮ ਮਾਰਚ-ਅਪ੍ਰੈਲ 2013 ਪੰਨਾ 31)

ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁੱਝ ਸਮਾਂ ਪਹਿਲਾਂ ਲਾਲ ਪਰਚਮ ਵੱਲੋਂ ਮਜ਼ਦੂਰ ਘਰਾਂ ਦੇ ਸਵਾਲ ਉੱਪਰ ਪ੍ਰਤੀਬੱਧ ਨਾਲ਼ ਬਹਿਸ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਲਾਲ ਪਰਚਮ ਇਕਤਰਫਾ ਤੌਰ ‘ਤੇ ਬਹਿਸ ਬੰਦ ਕਰਕੇ ਮੈਦਾਨੋਂ ਭੱਜ ਗਿਆ ਸੀ। ਉਦੋਂ ਅਸੀਂ ਏਂਗਲਜ਼ ਦੀ ਕਿਤਾਬ ‘ਰਿਹਾਇਸ਼ੀ ਘਰਾਂ ਦਾ ਸਵਾਲ’ ਨੂੰ ਅਧਾਰ ਬਣਾ ਕੇ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਸੀ ਜੋ ਮਜ਼ਦੂਰਾਂ ਨੂੰ ਛੋਟੇ ਸੰਪਤੀਵਾਨ ਬਣਾਕੇ ਮੌਜੂਦਾ ਲੁਟੇਰੇ ਢਾਂਚੇ ਦੀ ਸੇਵਾ ਕਰਨ ਦੀਆਂ ਖਾਹਿਸ਼ਾਂ ਪਾਲ਼ ਰਹੇ ਜਾਂ ਪਾਲ਼ਦੇ ਹਨ। ਉਦੋਂ ਵੀ ਲਾਲ ਪਰਚਮ ਦਾ ਕੇਂਦਰੀ ਤਰਕ ਇਹੋ ਸੀ ਕਿ ਏਂਗਲਜ਼ ਦੀ ਕਿਤਾਬ ਕਿਉਂਕਿ ਖੁਲ੍ਹੇ ਮੁਕਾਬਲੇ ਦੀ ਸਰਮਾਏਦਾਰੀ ਵੇਲੇ ਲਿਖੀ ਗਈ ਸੀ, ਇਸ ਲਈ ਮੌਜੂਦਾ ਸਾਮਰਾਜਵਾਦੀ ਯੁੱਗ ਅੰਦਰ ਇਹ ਵੇਲਾ ਵਿਹਾ ਚੁੱਕੀ ਹੈ। ਇਹੋ ਤਰਕ ਇਹ ਹੁਣ ਸੁਤੰਤਰ ਵਪਾਰ ਦੇ ਸਵਾਲ ਉੱਪਰ ਮਾਰਕਸ, ਏਂਗਲਜ਼, ਲੈਨਿਨ ਦੇ ਲੇਖਾਂ ਬਾਰੇ ਦੇ ਰਹੇ ਹਨ। ਅਸੀਂ ਇਥੇ ਆਪਣਾ ਫਿਰ ਉਹੋ ਸਵਾਲ ਦੁਹਰਾਉਂਦੇ ਹਾਂ ਜਿਹੜਾ ਇਹਨਾਂ ਨੂੰ ‘ਘਰਾਂ ਦੇ ਸਵਾਲ ਉੱਪਰ ਬਹਿਸ’ ਵੇਲੇ ਪੁਛਿਆ ਸੀ (ਜਿਸਦਾ ਜਵਾਬ ਦੇਣ ਦੀ ਇਹਨਾਂ ਨੇ ਕਦੇ ਵੀ ਖੇਚਲ਼ ਨਹੀਂ ਕੀਤੀ) ਕਿ ਕੀ ਸਾਮਰਾਜੀ ਯੁੱਗ ਵਿੱਚ ਸੰਸਾਰ ਮਜ਼ਦੂਰ ਜਮਾਤ ਦੀ ਅਗਵਾਈ ਕਰਨ ਵਾਲ਼ੇ ਆਗੂਆਂ ਲੈਨਿਨ, ਸਤਾਲਿਨ ਜਾਂ ਮਾਓ (ਜਿਹਨਾਂ ਦੇ ਪੈਰੋਕਾਰ ਹੋਣ ਦਾ ਇਹ ਦਾਅਵਾ ਕਰਦੇ ਹਨ) ਨੇ ਕਿਤੇ ਵੀ ਇਹ ਲਿਖਿਆ ਹੈ ਕਿ ਸਾਮਰਾਜ ਦੇ ਯੁੱਗ ਵਿੱਚ ਸੁਤੰਤਰ ਵਪਾਰ ਦੇ ਸਵਾਲ ਉੱਪਰ ਮਾਰਕਸ, ਏਂਗਲਜ਼, ਲੈਨਿਨ ਦੇ ਵਿਚਾਰ ਅਪ੍ਰਸੰਗਕ ਹੋ ਗਏ ਹਨ?

ਸਾਡਾ ਦੂਜਾ ਸਵਾਲ ਹੈ ਜਿਹਨਾਂ ਕਾਰਨਾਂ ਕਰਕੇ (ਜਿਹਨਾਂ ਕਾਰਨਾਂ ਦੀ ਸੂਚੀ ਅਸੀਂ ਉੱਪਰ ਦਿੱਤੀ ਹੈ) ਮਾਰਕਸ, ਏਂਗਲਜ਼, ਲੈਨਿਨ ਨੇ ਸੁਤੰਤਰ ਵਪਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ ਕੀ ਉਹ ਕਾਰਨ ਅਜ ਨਹੀਂ ਰਹੇ? ਕੀ ਹੁਣ ਸੁਤੰਤਰ ਵਪਾਰ ਦਾ ਕਿਸੇ ਦੇਸ਼ ਦੀ ਆਰਥਿਕਤਾ ਉੱਪਰ ਪਹਿਲਾਂ ਤੋਂ ਵੱਖਰਾ ਅਸਰ ਹੋਵੇਗਾ? ਭਾਵ ਜੇਕਰ ਹੁਣ ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਮਾਏ ਦੀ ਆਮਦ ਹੁੰਦੀ ਹੈ ਤਾਂ ਕੀ ਇਹ ਪੈਦਾਵਾਰੀ ਤਾਕਤਾਂ ਦਾ ਵਿਕਾਸ ਨਹੀਂ ਕਰੇਗਾ, ਕਿਰਤ ਦਾ ਸਮਾਜੀਕਰਨ ਨਹੀਂ ਕਰੇਗਾ, ਜਮਾਤੀ ਧਰੁਵੀਕਰਨ ਨੂੰ ਤਿੱਖਾ ਨਹੀਂ ਕਰੇਗਾ?

ਉੱਪਰ ਦਿੱਤੇ ਹਵਾਲੇ ਵਿੱਚ ਲਾਲ ਪਰਚਮ ਦੇ ਲੇਖਕ ਨੇ ਇੱਕ ਕੋਰਾ ਝੂਠ ਬੋਲਿਆ ਹੈ ਜਦੋਂ ਉਹ ਕਹਿੰਦਾ ਹੈ ”ਲੈਨਿਨ ਨੇ ਆਪਣੀ ਕਿਤਾਬ ‘ਸਾਮਰਾਜਵਾਦ ਸਰਮਾਏਦਾਰੀ ਦੀ ਉੱਚਤਮ ਅਵਸਥਾ’ ਵਿੱਚ ਵਾਰ ਵਾਰ ਲਿਖਿਆ ਕਿ ਸਾਮਰਾਜੀ… ਦੌਰ ਅੰਦਰ ਸੁਤੰਤਰ ਵਪਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।” ਅਸੀਂ ਲਾਲ ਪਰਚਮ ਦੇ ਲੇਖਕ ਨੂੰ ਪੁਛਣਾ ਚਾਹੁੰਦੇ ਹਾਂ ਕਿ ਲੈਨਿਨ ਨੇ ਆਪਣੀ ਪੁਸਤਕ ਦੇ ਕਿਹੜੇ ਕਿਹੜੇ (ਵਾਰ-ਵਾਰ) ਪੰਨੇ ‘ਤੇ ਇਹ ਲਿਖਿਆ ਹੈ? ਲਗਦਾ ਹੈ ਕਿ ਲਾਲ ਪਰਚਮ ਦੇ ਇਸ ਲੇਖਕ ਨੇ ਜਾਂ ਤਾਂ ਲੈਨਿਨ ਦੀ ਉਪਰੋਕਤ ਕਿਤਾਬ ਪੜ੍ਹੀ ਹੀ ਨਹੀਂ ਅਤੇ ਜਾਂ ਸੱਤਰਵਿਆਂ ਦੇ ਸ਼ੁਰੂ ਵਿੱਚ ਪੜ੍ਹੀ ਹੋਵੇਗੀ ਅਤੇ ਹੁਣ ਉਹ ਸਭ ਕੁੱਝ ਭੁੱਲ ਗਿਆ ਹੋਵੇਗਾ। ਸਾਡਾ ਇਹ ਦਾਅਵਾ ਹੈ ਕਿ ਲੈਨਿਨ ਨੇ ਆਪਣੀ ਉਪਰੋਕਤ ਪੁਸਤਕ ਵਿੱਚ ਇਹ ਗੱਲ ਬਿਲਕੁਲ ਵੀ ਨਹੀਂ ਕਹੀ ਹੈ। ਇਹ ਤਾਂ ਲਾਲ ਪਰਚਮ ਹੈ ਜੋ ਆਵਦੇ ਪਾਠਕਾਂ ਨੂੰ ਆਵਦੀਆਂ ਗ਼ਲਤ ਪੋਜ਼ੀਸ਼ਨਾਂ ‘ਤੇ ਟਿਕਾਈ ਰੱਖਣ ਲਈ ਝੂਠ ਫਰੇਬ ਦਾ ਸਹਾਰਾ ਲੈ ਰਿਹਾ ਹੈ। ਇਸ ਮਸਲੇ ਉੱਪਰ ਕਾਫੀ ਕੁੱਝ ਲਿਖਿਆ ਜਾ ਸਕਦਾ ਹੈ। ਪਰ ਫਿਲਹਾਲ ਅਸੀਂ ਆਪਣੇ ਸਵਾਲ ਦੇ ਲਾਲ ਪਰਚਮ ਵਲੋਂ ਦਿੱਤੇ ਜਾਣ ਵਾਲ਼ੇ ਜਵਾਬ ਦੀ ਉਡੀਕ ਕਰਾਂਗੇ। ਉਸ ਤੋਂ ਬਾਅਦ ਹੀ ਇਸ ਨੁਕਤੇ ‘ਤੇ ਹੋਰ ਵਧੇਰੇ ਲਿਖਾਂਗੇ। 

ਅਗੇ ਲਾਲ ਪਰਚਮ ਦਾ ਲੇਖਕ ਲਿਖਦਾ ਹੈ, ”ਇਸ ਤੋਂ ਇਲਾਵਾ ਸਿੱਧੇ ਵਿਦੇਸ਼ੀ ਨਿਵੇਸ਼ ਤੋਂ ਭਾਰਤ ਅੰਦਰ ਤੇਜ਼ ਵਿਕਾਸ ਦੀ ਆਸ ਕਰਨਾ ਵੀ ਨਿਰਮੂਲ ਗੱਲ ਹੈ।” ਅਗਲੀ ਹੀ ਲਾਈਨ ‘ਚ ਉਹ ਆਵਦੀ ਹੀ ਗੱਲ ਨੂੰ ਕੱਟ ਦਿੰਦਾ ਹੈ, ”ਇਸਦਾ ਇਹ ਅਰਥ ਨਹੀਂ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨਾਲ਼ ਪੂੰਜੀਵਾਦ ਦਾ ਵਿਕਾਸ ਉੱਕਾ ਹੀ ਨਹੀਂ ਹੁੰਦਾ।” ਅਗਲੀ ਲਾਈਨ ਵਿੱਚ ਆਪਣੀ ਇਸ ਗੱਲ ਨੂੰ ਕੱਟਦਾ ਹੋਇਆ ਕਹਿੰਦਾ ਹੈ, ”ਪਰ ਸਾਮਰਾਜਵਾਦ ਜਿਸ ਢੰਗ ਦਾ ਵਿਕਾਸ ਮਾਡਲ (ਕਿਸ ਤਰਾਂ ਦਾ ਵਿਕਾਸ ਮਾਡਲ ਸ਼੍ਰੀਮਾਨ ਜੀ? —ਲੇਖਕ) ਉਹ ਨਾ ਦੇਸ਼ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਭਾਰਤ ਦੇ ਲੋਕਾਂ ਦੇ ਹਿੱਤ ਵਿੱਚ (ਕੀ ਦੇਸ਼ ਦੇ ਹਿੱਤ ਅਤੇ ਭਾਰਤ ਦੇ ਲੋਕਾਂ ਦੇ ਹਿਤ ਵੱਖ ਵੱਖ ਗੱਲਾਂ ਹਨ? —ਲੇਖਕ) ਅਤੇ ਨਾ ਹੀ ਇਸ ਨਾਲ਼ ਪੈਦਾਵਾਰੀ ਸ਼ਕਤੀਆਂ ਦਾ ਤੇਜ਼ੀ ਨਾਲ਼ ਵਿਕਾਸ ਹੋਵੇਗਾ ਕਿਉਂਕਿ ਪੈਦਾਵਾਰੀ ਸ਼ਕਤੀਆਂ ਦੇ ਤੇਜ਼ ਵਿਕਾਸ ਲਈ ਇਹਨਾਂ ਅਗੇ ਰੋੜਾ ਬਣੇ ਪਿਛਾਂਹਖਿਚੂ ਪੈਦਾਵਾਰੀ ਸਬੰਧਾਂ ਅਤੇ ਉਸਾਰ ਢਾਂਚੇ ਨੂੰ ਤਬਦੀਲ ਕਰਨ ਦੀ ਲੋੜ ਹੈ।” (ਉਪਰੋਕਤ) ਪਰ ਸਰਮਾਏਦਾਰੀ ਨੂੰ ਸਾਮਰਾਜਵਾਦ ਦੇ ਪੜਾਅ ਵਿੱਚ ਦਾਖਲ ਹੋਇਆਂ ਤਾਂ ਲਗਭਗ ਇਕ ਸਦੀ ਬੀਤ ਚੁੱਕੀ ਹੈ। ਕੀ ਇਸ ਸਮੇਂ ਦੌਰਾਨ ਪੈਦਾਵਾਰੀ ਤਾਕਤਾਂ ਦਾ ਕੋਈ ਵਿਕਾਸ ਨਹੀਂ ਹੋਇਆ ਹੈ? ਤੀਜੀ ਦੁਨੀਆਂ ਦੇ ਦੇਸ਼ ਜਿਹਨਾਂ ਨੂੰ ਤੁਸੀਂ ‘ਦੱਬੇ ਕੁਚਲੇ ਮੁਲਕ’ ਕਹਿੰਦੇ ਹੋ ਕੀ ਇਥੇ ਦੂਜੀ ਸੰਸਾਰ ਜੰਗ ਤੋਂ ਬਾਅਦ ਪੈਦਾਵਾਰੀ ਤਾਕਤਾਂ ਦਾ ਤੇਜ਼ ਵਿਕਾਸ ਨਹੀਂ ਹੋਇਆ ਹੈ? ਸਿਰਫ਼ ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਹੀ ਅਜ ਸਰਮਾਏਦਾਰਾ ਪੈਦਾਵਾਰੀ ਰਿਸ਼ਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਵਿੱਚ ਰੋੜਾ ਬਣੇ ਹੋਏ ਹਨ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹਨਾਂ ਸਬੰਧਾਂ ਦੇ ਅੰਦਰ-ਅੰਦਰ ਪੈਦਾਵਾਰੀ ਤਾਕਤਾਂ ਦਾ ਵਿਕਾਸ ਰੁਕ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਅਜ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੀਆਂ ਜੋ ਅਥਾਹ ਸੰਭਾਵਨਾਵਾਂ ਮੌਜੂਦ ਹਨ ਉਹ ਇਹਨਾਂ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਅਦਰ ਸਾਕਾਰ ਨਹੀਂ ਹੋ ਸਕਦੀਆਂ। ਪੈਦਾਵਾਰੀ ਤਾਕਤਾਂ ਦੇ ਵਿਕਾਸ ਦੀਆਂ ਪੈਦਾ ਹੋ ਚੁੱਕੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਵਰਤਮਾਨ ਸਰਮਾਏਦਾਰੀ ਪੈਦਾਵਾਰੀ ਸਬੰਧਾਂ ਨੂੰ ਬਦਲਕੇ ਸਮਾਜਵਾਦੀ ਪੈਦਾਵਾਰੀ ਸਬੰਧਾਂ ਦੀ ਸਥਾਪਤੀ ਜ਼ਰੀਏ ਹੀ ਸਾਕਾਰ ਹੋ ਸਕਦੀਆਂ ਹਨ। ਮੌਜੂਦਾ ਸੰਸਾਰ ਸਾਮਰਾਜੀ ਪ੍ਰਬੰਧ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਰੋਕਦਾ ਵੀ ਹੈ ਅਤੇ ਪੈਦਾਵਾਰੀ ਤਾਕਤਾਂ ਨੂੰ ਵਿਕਸਿਤ ਵੀ ਕਰਦਾ ਹੈ। ਇਸ ਵਿਰੋਧਤਾਈ ਦਾ ਮੁਖ ਪਖ ਵਰਤਮਾਨ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੁਆਰਾ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਰੋਕਣਾ ਹੈ। ਪਰ ਪੈਦਾਵਾਰੀ ਤਾਕਤਾਂ ਦਾ ਵਿਕਾਸ ਭਾਵੇਂ ਇਸ ਵਿਰੋਧਤਾਈ ਦਾ ਗੌਣ ਰੂਪ ਹੈ, ਪਰ ਇਹ ਵਿਕਾਸ ਲਗਾਤਾਰ ਜਾਰੀ ਰਹਿੰਦਾ ਹੈ। ਕਿਉਂਕਿ ਸਰਮਾਏਦਾਰੀ ਪ੍ਰਬੰਧ ਪੈਦਾਵਾਰੀ ਤਾਕਤਾਂ ਦੇ ਲਗਾਤਾਰ ਵਿਕਾਸ ਬਿਨ੍ਹਾਂ ਜਿਉਂਦਾ ਹੀ ਨਹੀਂ ਰਹਿ ਸਕਦਾ। ਆਓ ਦੇਖਦੇ ਹਾਂ ਇਸ ਸਵਾਲ ਉੱਪਰ ਲੈਨਿਨ ਕੀ ਕਹਿੰਦੇ ਹਨ। ਆਪਣੀ ਪ੍ਰਸਿੱਧ ਪੁਸਤਕ ‘ਸਾਮਰਾਜਵਾਦ, ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਲੈਨਿਨ ਲਿਖਦੇ ਹਨ, ”ਵੱਡੇ ਬੈਂਕ ਕਾਰੋਬਾਰ, ਜਿਹੜੇ ਕਈ ਕਰੋੜਾਂ ਦੇ ਮਾਲਕ ਹਨ, ਅਜਿਹੇ ਸਾਧਨਾਂ ਰਾਹੀਂ ਟੈਕਨੀਕਲ ਉੱਨਤੀ ਨੂੰ ਤਿਖੇਰਾ ਕਰ ਸਕਦੇ ਹਨ, ਜਿਸਦਾ ਬੀਤੇ ਦੇ ਸਾਧਨਾਂ ਨਾਲ਼ ਮੁਕਾਬਲਾ ਕਰਨਾ ਵੀ ਸੰਭਵ ਨਹੀਂ।” (ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, ਪੰਨਾ 44)

ਅਗੇ ਲੈਨਿਨ ਲਿਖਦੇ ਹਨ, ”ਸਰਮਾਏ ਦੀ ਬਰਾਮਦ ਉਹਨਾਂ ਦੇਸ਼ਾਂ ਦੇ ਵਿਕਾਸ ਉੱਪਰ ਅਸਰ ਪਾਉਂਦੀ ਹੈ ਅਤੇ ਇਹਨੂੰ ਤੇਜ਼ ਕਰਦੀ ਹੈ, ਜਿਥੇ ਇਹ ਬਰਾਮਦ ਕੀਤਾ ਜਾਂਦਾ ਹੈ। ਸੋ, ਜਿੱਥੇ ਸਰਮਾਏ ਦੀ ਬਰਾਮਦ ਸਰਮਾਇਆ ਬਰਾਮਦ ਕਰਨ ਵਾਲ਼ੇ ਦੇਸ਼ਾਂ ਵਿੱਚ ਵਿਕਾਸ ਨੂੰ ਕੁੱਝ ਹੱਦ ਤੱਕ ਰੋਕ ਦਿੰਦੀ ਹੈ, ਇਹ ਸਮੁਚੇ ਸੰਸਾਰ ਵਿੱਚ ਹਰ ਥਾਂ ਸਰਮਾਏਦਾਰੀ ਦੇ ਹੋਰ ਵਿਕਾਸ ਨੂੰ ਵਿਸ਼ਾਲ ਅਤੇ ਡੂੰਘਾ ਕਰਕੇ ਹੀ ਅਜੇਹਾ ਕਰ ਸਕਦੀ ਹੈ।” (ਉਪਰੋਕਤ ਪੰਨਾ 64)। ਅਗੇ ਲੈਨਿਨ ਲਿਖਦੇ ਹਨ, ”ਬਸਤੀਆਂ ਵਿੱਚ ਅਤੇ ਸਾਗਰ ਪਾਰ ਦੇਸ਼ਾਂ ਵਿੱਚ ਸਰਮਾਏਦਾਰੀ ਸਭ ਤੋਂ ਵੱਧ ਤੇਜ਼ੀ ਨਾਲ਼ ਵਧ ਰਹੀ ਹੈ।” (ਉਪਰੋਕਤ ਪੰਨਾ 99)। ਅਗੇ ਲੈਨਿਨ ਲਿਖਦੇ ਹਨ, ”ਸਾਮਰਾਜਵਾਦ ਦੇ ਝੁਕਾਵਾਂ ਵਿੱਚ ਇਕ ਵਜੋਂ, ”ਲਾਭੰਸ਼ਾ ਸਹਾਰੇ ਜਿਊਣ ਵਾਲ਼ੇ ਰਾਜ,” ਸੂਦਖੋਰ ਰਾਜ, ਦੀ ਸਿਰਜਣਾ ਦਿਨੋ ਦਿਨ ਵਧੇਰੇ ਉੱਘੜਵੀਂ ਤਰ੍ਹਾਂ ਸਾਹਮਣੇ ਆਉਂਦੀ ਹੈ, ਜਿਸ ਵਿੱਚ ਬੁਰਜੂਆਜ਼ੀ ਸਦਾ ਵਧਦੀ ਹੱਦ ਤੱਕ ਸਰਮਾਏ ਦੀ ਬਰਾਮਦ ਤੋਂ ਹੁੰਦੀ ਆਮਦਨ ਤੇ ”ਪਰਚੀਆਂ ਪਾੜ ਕੇ” ਜਿਊਂਦੀ ਹੈ। ਇਹ ਸੋਚਣਾ ਭੁੱਲ ਹੋਵੇਗੀ ਕਿ ਪਤਨ ਦਾ ਇਹ ਝੁਕਾਅ ਸਰਮਾਏਦਾਰੀ ਦੇ ਤੇਜ਼ ਵਾਧੇ ਨੂੰ ਰੋਕ ਦਿੰਦਾ ਹੈ। ਇਹ ਨਹੀਂ ਰੋਕਦਾ। ਸਾਮਰਾਜਵਾਦ ਦੇ ਯੁੱਗ ਵਿੱਚ, ਸੱਨਅਤ ਦੀਆਂ ਕੁੱਝ ਸ਼ਾਖਾਵਾਂ ਬੁਰਜੂਆਜ਼ੀ ਦੇ ਕੁੱਝ ਵਰਗ ਤੇ ਕੁੱਝ ਦੇਸ਼, ਘਟ ਜਾਂ ਵੱਧ ਹੱਦ ਤੱਕ ਇਹਨਾਂ ਝੁਕਾਆਂ ਵਿੱਚੋਂ ਕਦੀ ਇੱਕ ਅਤੇ ਕਦੀ ਦੂਜੇ ਨੂੰ ਪ੍ਰਗਟ ਕਰਦੇ ਹਨ। ਸਮੁਚੇ ਤੌਰ ‘ਤੇ, ਸਰਮਾਏਦਾਰੀ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਤੇਜ਼ੀ ਨਾਲ਼ ਵੱਧ ਰਹੀ ਹੈ, ਪਰ ਇਹ ਵਾਧਾ ਆਮ ਤੌਰ ‘ਤੇ ਨਾ ਸਿਰਫ਼ ਦਿਨੋਂ-ਦਿਨ ਵਧੇਰੇ ਅਸਾਵਾਂ ਹੀ ਹੁੰਦਾ ਜਾ ਰਿਹਾ ਹੈ, ਸਗੋਂ ਇਹਦਾ ਅਸਾਵਾਂਪਣ ਖਾਸ ਤੌਰ ‘ਤੇ ਉਹਨਾਂ ਦੇਸ਼ਾਂ ਦੇ ਪਤਣ ਵਿੱਚ ਪ੍ਰਗਟ ਹੁੰਦਾ ਹੈ, ਜਿਹੜੇ ਸਰਮਾਏ ਵਿੱਚ ਸਭ ਤੋਂ ਅਮੀਰ ਹਨ (ਬਰਤਾਨੀਆ)।” (ਉਪਰੋਕਤ ਪੰਨਾ 126, ਸ਼ਬਦਾਂ ‘ਤੇ ਜ਼ੋਰ ਸਾਡਾ)

ਪਰ ਲਾਲ ਪਰਚਮ ਦਾ ਲੇਖਕ ਲੈਨਿਨ ਦੇ ਉਲ਼ਟ ਫਰਮਾਉਂਦਾ ਹੈ। ਉਸ ਦਾ ਕਹਿਣਾ ਹੈ ਕਿ, ”ਸਿੱਧੇ ਵਿਦੇਸ਼ੀ ਨਿਵੇਸ਼ ਨਾਲ਼ ਹੋਣ ਵਾਲ਼ੇ ਅਥਾਹ ਮੁਨਾਫ਼ੇ ਵਿਦੇਸ਼ੀ ਨਿਵੇਸ਼ਕ ਆਪਣੇ ਦੇਸ਼ਾਂ ਨੂੰ ਵਾਪਿਸ ਭੇਜਦੇ ਹਨ ਜਿਸ ਨਾਲ਼ ਦੇਸ਼ ਦੀ ਕਿਰਤੀ ਜਮਾਤ ਦੀ ਲੁੱਟ ਰਾਹੀਂ ਪੈਦਾ ਹੁੰਦੀ ਵਾਧੂ ਕਦਰ ਦਾ ਬਹਰਲੇ ਦੇਸ਼ਾਂ ਨੂੰ ਨਿਕਾਸ ਹੋਣ ਨਾਲ਼ ਕੌਮੀ ਆਰਥਿਕਤਾ ਦਾ ਨੁਕਸਾਨ ਹੁੰਦਾ ਹੈ।” ਪਰ ਲੈਨਿਨ ਦਾ ਤਾਂ ਇਹ ਕਹਿਣਾ ਹੈ ਕਿ ਸਰਮਾਏ ਦੀ ਬਰਾਮਦ ਨਾਲ਼ ਬਰਾਮਦਕਾਰ ਦੇਸ਼ ਦਾ ਵਿਕਾਸ ਕੁੱਝ ਹੱਦ ਤੱਕ ਰੁਕ ਜਾਂਦਾ ਹੈ, ਪਰ ਦਰਾਮਦਕਾਰ ਦੇਸ਼ ਦਾ ਵਿਕਾਸ ਤੇਜ਼ ਹੋ ਜਾਂਦਾ ਹੈ। ਪਰ ਲਾਲ ਪਰਚਮ ਦੇ ਸਿਧਾਂਤਕਾਰ ਤਾਂ ਲੈਨਿਨ ਤੋਂ ਵੀ ਅਗੇ ਲੰਘ ਗਏ ਹਨ ਇਸੇ ਲਈ ਉਹ ਲੈਨਿਨ ਦੇ ਵਿਰੁੱਧ ਜਾਕੇ ਮੌਲਿਕ ਸਿਧਾਂਤ ਪੇਸ਼ ਕਰ ਰਹੇ ਹਨ। ਲਾਲ ਪਰਚਮ ਅਤੇ ਅਜੇਹੇ ਹੀ ਹੋਰ ਹੁਣ ਤੱਕ ਪ੍ਰਚੂਨ ਵਪਾਰ ਦੇ ਖੇਤਰ ਵਿੱਚ ਸਿਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਏਸ ਕਰਕੇ ਕਰਦੇ ਆਏ ਹਨ ਕਿ ਇਸ ਨਾਲ਼ ਇਸ ਖੇਤਰ ਦੇ ਛੋਟੇ ਵਪਾਰੀ ਉੱਜੜ ਜਾਣਗੇ। ਇਸ ਦੇ ਜਵਾਬ ਵਿੱਚ ਅਸੀਂ ਇਹ ਸਿਧਾ ਸਾਦਾ ਸਵਾਲ ਉਠਾਇਆ ਸੀ ਕਿ ਜੇਕਰ ਪ੍ਰਚੂਨ ਵਪਾਰ ਵਿੱਚ ਵਿਦੇਸ਼ੀ ਸਰਮਾਇਆ ਨਾ ਆਵੇ ਤਾਂ ਕੀ ਛੋਟੇ ਵਪਾਰੀ ਬਚੇ ਰਹਿਣਗੇ? ਕੀ ਦੇਸ਼ ਵਿੱਚ ਪਹਿਲਾਂ ਹੀ ”ਦੇਸੀ” ਵੱਡੇ ਸਰਮਾਏ ਦੀ ਇਸ ਖੇਤਰ ਵਿੱਚ ਪ੍ਰਭਾਵੀ ਮੌਜੂਦਗੀ ਨਹੀਂ ਹੈ? ਕੀ ”ਦੇਸੀ” ਵੱਡਾ ਸਰਮਾਇਆ ਪਹਿਲਾਂ ਹੀ ਛੋਟੇ ਵਪਾਰੀਆਂ ਨੂੰ ਇਸ ਖੇਤਰ ਤੋਂ ਬਾਹਰ ਨਹੀਂ ਕਰ ਰਿਹਾ? ਇਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਬਚਣ ਲਈ ਲਾਲ ਪਰਚਮ ਦਾ ਲੇਖਕ ਹੋਰ ਹੀ ਗੱਲਾਂ ਕਰਨ ਲੱਗ ਜਾਂਦਾ ਹੈ। ਉਹ ਕਹਿੰਦਾ ਹੈ, ”ਭਾਰਤ ਦੀ ਵੱਡੀ ਪੂੰਜੀ ਅਤੇ ਵਿਦੇਸ਼ੀ ਅਜਾਰੇਦਾਰ ਪੂੰਜੀ ਦੋਨੇਂ ਰਲ਼ ਕੇ ਦੇਸ਼ ਦੀ ਮਿਹਨਤਕਸ਼ ਜਨਤਾ ਦੀ ਲੁੱਟ ਕਰ ਰਹੀਆਂ ਹਨ ਅਤੇ ਇਹ ਦੋਨੇਂ ਦੇਸ਼ ਦੇ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਹਨ ਅਤੇ ਇਹਨਾਂ ਦੋਨਾਂ ਦਾ ਹੀ ਵਿਰੋਧ ਕਰਨਾ ਚਾਹੀਦਾ ਹੈ।” (ਲਾਲ ਪਰਚਮ, ਮਾਰਚ-ਅਪ੍ਰੈਲ 2013 ਪੰਨਾ 30)। ਬਿਲਕੁਲ ਠੀਕ, ਅਜਿਹਾ ਹੀ ਕਰਨਾ ਚਾਹੀਦਾ ਹੈ। ਇਸ ਉੱਪਰ ਤਾਂ ਸਾਡਾ ਕੋਈ ਮਤਭੇਦ ਹੀ ਨਹੀਂ ਹੈ। ਪਰ ਉਸ ਸਵਾਲ ਦਾ ਜਵਾਬ ਕਿੱਥੇ ਹੈ ਜਿਹੜਾ ਅਸੀਂ ਪੁਛਿਆ ਸੀ? 

ਲਾਲ ਪਰਚਮ ਦਾ ਲੇਖਕ ਅਗੇ ਲਿਖਦਾ ਹੈ, ”ਇਕ ਇਹ ਧਾਰਨਾ ਕਿ ਜੇ ਵਿਦੇਸ਼ੀ ਅਤੇ ਦੇਸੀ ਪੂੰਜੀ ਨਾਲ਼ ਛੋਟੇ ਦਸਤਕਾਰ, ਛੋਟੇ ਵਪਾਰੀ ਅਤੇ ਕਿਸਾਨ ਆਦਿ ਤਬਾਹ ਹੁੰਦੇ ਹਨ ਅਤੇ ਉਹ ਮਜ਼ਦੂਰ ਬਣਦੇ ਹਨ ਅਤੇ ਇਸ ਨਾਲ਼ ਮਜ਼ਦੂਰਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ। ਇਸ ਨਾਲ਼ ਪ੍ਰੋਲੇਤਾਰੀ ਅਤੇ ਬੁਰਜੂਆਜ਼ੀ ਵਿੱਚ ਧਰੁਵੀਕਰਨ ਦਾ ਅਮਲ ਤੇਜ਼ ਹੁੰਦਾ ਹੈ ਤੇ ਇਸ ਨਾਲ਼ ਸਮਾਜਵਾਦੀ ਇਨਕਲਾਬ ਲਈ ਪਦਾਰਥਕ ਹਾਲਤਾਂ ਪੈਦਾ ਹੁੰਦੀਆਂ ਹਨ।” (ਉਪਰੋਕਤ ਪੰਨਾ 31) ਉਪਰੋਕਤ ਹਵਾਲਾ ਦਿੱਤੇ ਪੈਰ੍ਹੇ ਵਿੱਚ ਕੀ ਗ਼ਲਤ ਹੈ? ਕੀ ਅਜਿਹਾ ਹੁੰਦਾ ਹੈ ਜਾਂ ਨਹੀਂ? ਕੀ ਉਪਰੋਕਤ ਪੋਜ਼ੀਸ਼ਨ ਮਾਰਕਸਵਾਦ, ਲੈਨਿਨਵਾਦ ਦੇ ਉਲ਼ਟ ਹੈ ਜਾਂ ਅਨੁਸਾਰੀ ਹੈ? ਇਸ ਬਾਰੇ ਲਾਲ ਪਰਚਮ ਦਾ ਲੇਖਕ ਪੂਰੀ ਤਰਾਂ ਮੌਨ ਧਾਰ ਕੇ ਅਗੇ ਆਵਦਾ ਪ੍ਰਵਚਨ ਜ਼ਾਰੀ ਰੱਖਦਾ ਹੋਇਆ ਕਹਿੰਦਾ ਹੈ, ”ਇਸ ਕਰਕੇ ਜੇ ਕਿਸਾਨੀ, ਛੋਟੇ ਵਪਾਰੀ, ਛੋਟੇ ਦਸਤਕਾਰ ਆਦਿ ਮਰਦੇ ਹਨ ਤਾਂ ਇਸਨੂੰ ਮਰਨ ਦਿਓ ਅਤੇ ਜੇਕਰ ਕੋਈ ਇਹਨਾਂ ਦੇ ਪਖ ਵਿੱਚ ਖੜ੍ਹਦਾ ਹੈ ਤਾਂ ਰੂਸ ਦੇ ਨਰੋਦਵਾਦੀਆਂ ਨਾਲ਼ ਜਾ ਖੜ੍ਹਦਾ ਹੈ।” ਇਥੇ ਲਾਲ ਪਰਚਮ ਅਤੇ ਉਸਦੇ ਲੇਖਕ ਦੀ ਸਮਝ ਦਾ ਦੀਵਾਲ਼ੀਆਪਣ ਪੂਰੀ ਤਰਾਂ ਉੱਘੜ ਆਉਂਦਾ ਹੈ। ਇਥੇ ਲਾਲ ਪਰਚਮ ਦਾ ਲੇਖਕ ਵਿਗਿਆਨ ਨੂੰ ਅਧਾਰ ਬਣਾ ਕੇ ਤਰਕ ਕਰਨ ਦੀ ਬਜਾਏ ਜਜ਼ਬਾਤੀ ਬਲੈਕਮੇਲਿੰਗ ‘ਤੇ ਉੱਤਰ ਆਇਆ ਹੈ। ਲੇਖਕ ਜੀ ਕੀ ਛੋਟੇ ਦਸਤਕਾਰ, ਛੋਟੇ ਵਪਾਰੀ ਅਤੇ ਕਿਸਾਨ ਆਪਣੀ, ਛੋਟੀ ਜਿਹੀ ਮਾਲਕੀ ਗਵਾਕੇ ਮਰ ਜਾਂਦੇ ਹਨ? ਜਾਂ ਉਹ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਇਨਕਲਾਬੀ ਜਮਾਤ ਮਜ਼ਦੂਰ ਜਮਾਤ ਦਾ ਅੰਗ ਬਣ ਜਾਂਦੇ ਹਨ? 

ਕੀ ਗਰੀਬ ਕਿਸਾਨਾਂ ਦੇ ਮਾਮਲੇ ‘ਚ ਫੌਰੀ ਤੌਰ ‘ਤੇ ਵੀ, ਛੋਟੀ ਮਾਲਕੀ ਤੋਂ ਸੁਰਖਰੂ ਹੋਣ ਤੋਂ ਬਾਅਦ ਉਹਨਾਂ ਦੀ ਹਾਲਤ ਬਿਹਤਰ ਨਹੀਂ ਹੋ ਜਾਵੇਗੀ? ਕੀ ਗਰੀਬ ਕਿਸਾਨਾਂ ਜੋ ਕਿ ਵਰਤਮਾਨ ਹਾਲਤਾਂ ਵਿੱਚ ਅਰਧ ਪ੍ਰੋਲੇਤਾਰੀ ਹਨ, ਦੀ ਕਿਰਤ ਸ਼ਕਤੀ ਦੀ ਮੁੜ ਪੈਦਾਵਾਰ ਦੀ ਕੀਮਤ ਭਾਵ ਉਜਰਤ ਨਹੀਂ ਵੱਧ ਜਾਵੇਗੀ? ਕੀ ਇਸ ਨਾਲ਼ ਉਸਨੂੰ ਦੂਹਰੀ ਕਿਰਤ (ਫੈਕਟਰੀ ਜਾਂ ਹੋਰ ਥਾਵੇਂ ਕਿਰਤ ਸ਼ਕਤੀ ਦੀ ਵਿਕਰੀ ਅਤੇ ਫਿਰ ਆਪਣੇ ਛੋਟੇ ਜੇਹੇ ਖੇਤ ‘ਚ ਪਰਿਵਾਰ ਸਮੇਤ ਹੱਡ ਭੰਨਵੀਂ ਮਿਹਨਤ) ਤੋਂ ਮੁਕਤੀ ਨਹੀਂ ਮਿਲ਼ੇਗੀ? ਸਾਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ। 

ਲਾਲ ਪਰਚਮ ਦਾ ਸਿਧਾਂਤਕਾਰ ਲਿਖਦਾ ਹੈ ਜੇਕਰ ਕੋਈ ਇਹਨਾਂ ਦੇ ਹੱਕ ਵਿੱਚ ਖੜਦਾ ਹੈ ਤਾਂ ਉਹ ਰੂਸ ਦੇ ਨਰੋਦਵਾਦੀਆਂ ਨਾਲ਼ ਜਾ ਖੜ੍ਹਦਾ ਹੈ। ਨਹੀਂ ਸ਼੍ਰੀਮਾਨ ਤੁਹਾਨੂੰ ਭਰਮ ਹੋਇਆ ਹੈ। ਅਸੀਂ ਸਿਰਫ਼ ਇਸੇ ਕਾਰਨ ਤੁਹਾਨੂੰ ਰੂਸ ਦੇ ਨਰੋਦਵਾਦੀਆਂ ਨਾਲ਼ ਨਹੀਂ ਖੜ੍ਹਾ ਕਰਦੇ। ਹੋਰ ਵੀ ਕਾਰਨ ਹਨ। ਜਿਹਨਾਂ ਕਰਕੇ ਅਸੀਂ ਤੁਹਾਨੂੰ ਅਤੇ ਤੁਹਾਡੇ ਜੇਹੇ ਹੋਰਾਂ ਨੂੰ ਨਾ ਸਿਰਫ਼ ਰੂਸ ਦੇ ਨਰੋਦਵਾਦੀਆਂ, ਸਗੋਂ ਪਰੂਦੋਂ, ਸਿਸਮਾਂਦੀ ਆਦਿ ਸਭ ਨਿੱਕ ਬੁਰਜੂਆ ਸਮਾਜਵਾਦ ਦੇ ਪੈਰੋਕਾਰਾਂ ਨਾਲ਼ ਖੜ੍ਹੇ ਕਰਦੇ ਹਾਂ। ਇਹਨਾਂ ਕਾਰਨਾਂ ਨੂੰ ਸਪਸ਼ਟ ਕਰਨ ਲਈ ਅਸੀਂ ‘ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ ‘ਚੋਂ ਇਹ ਹਵਾਲਾ ਦੇਣਾ ਚਾਹਾਂਗੇ, ”ਰੂਸ ਦੇ ਨਰੋਦਵਾਦੀ ਰੂਸ ਵਿੱਚ ਸਰਮਾਏਦਾਰੀ ਵਿਕਾਸ ਤੋਂ ਉੱਕਾ ਹੀ ਇਨਕਾਰੀ ਸਨ। ਉਹਨਾਂ ਦੀਆਂ ਨਜ਼ਰਾਂ ਵਿੱਚ ਰੂਸ ਵਿੱਚ ਸਰਮਾਏਦਾਰੀ ਇਕ ‘ਵਿਗਾੜ’ ਹੈ ਅਤੇ ”ਰੂਸ ਸਰਮਾਏਦਾਰੀ ਰਾਹ ਤੋਂ ਬਚ ਸਕਦਾ” ਸੀ। ਉਹਨਾਂ ਦਾ ਮੰਨਣਾ ਸੀ ਕਿ ਰੂਸ ਵਿੱਚ ਸਰਮਾਏਦਾਰੀ ਵਿਕਾਸ ਨਾ ਮੁਮਕਿਨ ਹੈ, ਜਦ ਕਿ ਰੂਸੀ ਮਾਰਕਸਵਾਦੀਆਂ, ਪਹਿਲਾਂ ਪਲੈਖਾਨੋਵ ਅਤੇ ਫਿਰ ਲੈਨਿਨ ਨੇ ਨਾ ਰੱਦ ਕੀਤੇ ਜਾ ਸਕਣ ਵਾਲ਼ੇ ਤੱਥਾਂ ਰਾਹੀਂ ਰੂਸ ਵਿੱਚ ਸਰਮਾਏਦਾਰਾ ਵਿਕਾਸ ਸਿੱਧ ਕੀਤਾ। ਉਹਨਾਂ ਦਿਖਾਇਆ ਕਿ ਰੂਸ ਵਿੱਚ ਸਰਮਾਏਦਾਰਾ ਵਿਕਾਸ ਨਾ ਸਿਰਫ਼ ਮੁਨਕਿਨ ਹੈ ਸਗੋਂ ਸਭ ਦੀਆਂ ਅਖਾਂ ਸਾਹਮਣੇ ਵਾਪਰ ਰਿਹਾ ਵਰਤਾਰਾ ਹੈ। ਪਰ ਨਰੋਦਵਾਦੀਆਂ ਨੇ ਮਾਰਕਸਵਾਦੀਆਂ ਦੀਆਂ ਇਹਨਾਂ ਦਲੀਲਾਂ ‘ਤੇ ਕੰਨ ਨਾ ਧਰਿਆ। ਠੀਕ ਰੂਸੀ ਨਰੋਦਵਾਦੀਆਂ ਵਾਂਗ ਹੀ ਸਾਡੇ ਮ. ਲ. ਗਰੁੱਪ ਵੀ ਪਿਛਲੀ ਅਧੀ ਸਦੀ ਵਿੱਚ ਭਾਰਤ ਵਿੱਚ ਹੋਏ ਸਰਮਾਏਦਾਰਾ ਵਿਕਾਸ ਤੋਂ ਇਨਕਾਰੀ ਹਨ। ਉਹ ਇਹ ਅਜ ਵੀ ਭਾਰਤ ਨੂੰ ਜਗੀਰੂ ਬੇੜੀਆਂ ਵਿੱਚ ਨਰੜਿਆ ਹੋਇਆ ਵੇਖਦੇ ਹਨ। ਇਹਨਾਂ ਮੁਤਾਬਕ ਅਜ ਵੀ ਦੁਨੀਆਂ ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਦੇ ਸਮੇਂ ਵਾਂਗ ਹੀ ਦੱਬੀਆਂ ਕੁਚਲੀਆਂ ਅਤੇ ਦਬਾਉਣ ਵਾਲ਼ੀਆਂ ਕੌਮਾਂ ਵਿੱਚ ਵੰਡੀ ਹੋਈ। ਇਹਨਾਂ ਦੀਆਂ ਧਾਰਨਾਵਾਂ ਤੋਂ ਤਾਂ ਇੰਝ ਲੱਗਦਾ ਹੈ ਜਿਵੇਂ ਸਮਾਂ ਠਹਿਰ ਗਿਆ ਹੋਵੇ, ਜਿਵੇਂ ਦੁਨੀਆਂ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਦੇ ਸਮੇਂ ‘ਚ ਹੀ ਖੜ੍ਹ ਗਈ ਹੋਵੇ। ਇਹ ਨਵੀਂ ਦੁਨੀਆਂ ਨੂੰ ਪੁਰਾਣੀ ਐਨਕ ਨਾਲ਼ ਵੇਖਣ ਦੇ ਆਦੀ ਹੋ ਚੁੱਕੇ ਹਨ। ਇਹਨਾਂ ਮੁਤਾਬਕ ਪੂਰੀ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਤਰਾਂ ਭਾਰਤ ਵੀ ਸਾਮਰਾਜੀ ਦਾਬੇ ਹੇਠ ਹੈ, ਕਿ ਭਾਰਤ ਇੱਕ ਅਰਧ ਜਗੀਰੂ-ਅਰਧ ਬਸਤੀਵਾਦੀ ਦੇਸ਼ ਹੈ ਕਿਉਂਕਿ ਸਾਮਰਾਜ ਆਪਣੇ ਅਧੀਨ ਮੁਲਕਾਂ ‘ਚ ਜਗੀਰੂ ਤਾਕਤਾਂ ਨਾਲ਼ ਗਠਜੋੜ ਕਰਕੇ ਇਥੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਬੰਨ੍ਹ ਮਾਰਦਾ ਹੈ। ਇਸ ਲਈ ਇੱਥੇ ਸਰਮਾਏਦਾਰੀ ਵਿਕਾਸ ਹੋ ਹੀ ਨਹੀਂ ਸਕਦਾ। 

ਰੂਸੀ ਨਰੋਦਵਾਦੀਆਂ ਦਾ ਨਿਸ਼ਚਾ ਸੀ ਕਿ ਸਰਮਾਏਦਾਰੀ ਰੂਸ ਵਿੱਚ ਇਕ ਸਬੱਬੀ ਵਰਤਾਰਾ ਹੈ, ਜਿਸ ਦੇ ਵਿਕਸਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਉਹ ਮਜ਼ਦੂਰ ਜਮਾਤ ਨੂੰ ਨਹੀਂ ਸਗੋਂ ਕਿਸਾਨੀ ਨੂੰ ਮੁਖ ਇਨਕਲਾਬੀ ਤਾਕਤ ਸਮਝਦੇ ਸਨ ਅਤੇ ਪੇਂਡੂ ਭਾਈਚਾਰੇ ਨੂੰ ਸਮਾਜਵਾਦ ਦਾ ਭਰੂਣ ਖਿਆਲ ਕਰਦੇ ਸਨ। ਭਾਵੇਂ ਨਰੋਦਨਿਕ ਖੁਦ ਨੂੰ ਸਮਾਜਵਾਦੀ ਕਹਿੰਦੇ ਸਨ ਅਤੇ ਸਮਾਜਵਾਦ ਦੀ ਸਥਾਪਨਾ ਨੂੰ ਹੀ ਆਪਣਾ ਉਦੇਸ਼ ਮੰਨਦੇ ਸਨ ਪਰ ਇਹਨਾਂ ਦਾ ਸਮਾਜਵਾਦ ਵਿਗਿਆਨਕ ਸਮਾਜਵਾਦ ਨਹੀਂ ਸੀ, ਸਗੋਂ ਨਿੱਕ ਬੁਰਜੂਆ, ਯੂਟੋਪੀਆਈ ਅਤੇ ਪਿਛਾਂਹਖਿਚੂ ਸਮਾਜਵਾਦ ਸੀ। ਰੂਸੀ ਨਰੋਦਵਾਦੀਆਂ ਦਾ ਸਮਾਜਵਾਦ ਪਰੂਦੋਂ ਅਤੇ ਸਿਸਮਾਂਦੀ ਦੇ ਨਿੱਕ ਬੁਰਜੂਆ ਸਮਾਜਵਾਦ ਦਾ ਹੀ ਰੂਸੀ ਐਡੀਸ਼ਨ ਸੀ, ਇਹ ਮਾਰਕਸ ਦਾ ਸਮਾਜਵਾਦ ਨਹੀਂ ਸੀ। 

ਕਿਉਂਕਿ ਸਾਡੇ ਮ.ਲ. ਗਰੁੱਪ ਭਾਰਤ ਵਿੱਚ ਸਰਮਾਏਦਾਰੀ ਦੇ ਵਿਕਾਸ ਤੋਂ ਹੀ ਇਨਕਾਰੀ ਹਨ, ਇਸ ਲਈ ਉਹ ਇਥੋਂ ਦੇ ਸਨੱਅਤੀ ਕੇਂਦਰਾਂ ਅਤੇ ਖੇਤੀਬਾੜੀ ਖੇਤਰ ਵਿੱਚ ਹੋਂਦ ਵਿੱਚ ਆਏ ਉਜਰਤੀ ਮਜ਼ਦੂਰਾਂ ਦੇ ਮਹਾਂਸਾਗਰ ਵੱਲੋਂ ਵੀ ਅਖਾਂ ਫੇਰ ਲੈਂਦੇ ਹਨ। ਇਹ ਇਸ ਜਮਾਤ ਦੀ ਤਾਕਤ ਅਤੇ ਇਤਿਹਾਸਕ ਭੂਮਿਕਾ ਪਹਿਚਾਨਣ ਤੋਂ ਇਨਕਾਰੀ ਹਨ। ਇਹ ਵੀ ਕਿਸਾਨੀ ਨੂੰ ਹੀ ਸਮਾਜਿਕ ਤਬਦੀਲੀ ਦੀ ਮੁਖ ਤਾਕਤ ਸਮਝਦੇ ਹਨ, ਭਾਵੇਂ ਇਹ ਗਰੁੱਪ ਵੀ ਵਾਇਆ ਨਵ-ਜਮਹੂਰੀਅਤ ਹੋਕੇ ਸਮਾਜਵਾਦ ਤੱਕ ਪਹੁੰਚਣਾ ਚਾਹੁੰਦੇ ਹਨ, ਪਰ ਇਹਨਾਂ ਦਾ ਸਮਾਜਵਾਦ ਵੀ ਵਿਗਿਆਨਕ ਨਹੀਂ, ਸਗੋਂ ਨਿੱਕ ਬੁਰਜੂਆ ਸਮਾਜਵਾਦ ਹੈ। ਇਹਨਾਂ ਦਾ ਸਮਾਜਵਾਦ ਆਪਣੇ ਤੱਤ ਪਖੋਂ ਪਰੂਦੋਂ ਅਤੇ ਸਿਸਮਾਂਦੀ ਦਾ ਸਮਾਜਵਾਦ ਹੀ ਹੈ। 

ਰੂਸ ਦੇ ਨਰੋਦਨਿਕ ਕਿਸਾਨੀ ਕਮਿਊਨਾਂ ਦਾ ਆਦਰਸ਼ੀਕ੍ਰਿਤ ਰੂਪ ਪੇਸ਼ ਕਰਦੇ ਸਨ, ਜਿਹਨਾਂ ਨੂੰ ਉਹ ਸਮਾਜਵਾਦ ਦਾ ਭਰੂਣ ਖਿਆਲ ਕਰਦੇ ਸਨ। ਪਰ ਜਿਵੇਂ ਹੀ ਖੇਤੀ ਵਿੱਚ ਸਰਮਾਏਦਾਰੀ ਸਬੰਧਾਂ ਦੀ ਘੁਸਪੈਠ ਵਧੀ, ਇਹ ਕਿਸਾਨ ਕਮਿਊਨ ਟੁੱਟਣ ਲੱਗੇ। ਕਿਸਾਨੀ ਵਿੱਚ ਵਿਭੇਦੀਕਰਨ ਵਧਣ ਲੱਗਾ, ਭਾਵ ਕਿਸਾਨੀ ਧਨੀ ਕਿਸਾਨਾਂ ਅਤੇ ਖੇਤ ਮਜ਼ਦੂਰ ਦੇ ਵਿਰੋਧੀ ਧਰੁਵਾਂ ਵਿੱਚ ਵੰਡੀ ਜਾਣ ਲੱਗੀ। ਪਰ ਆਪਣੀ ਰੋਮਾਂਸਵਾਦੀ ਅਤੇ ਨਿੱਕ ਬੁਰਜੂਆ ਨਜ਼ਰ ਕਾਰਨ, ਨਰੋਦਨਿਕ ਕਿਸਾਨੀ ਵਿੱਚ ਹੋ ਰਹੇ ਇਸ ਵਿਭੇਦੀਕਰਨ ਨੂੰ ਮੰਨਣੋਂ ਇਨਕਾਰੀ ਸਨ। 

ਇਸੇ ਤਰਾਂ ਸਾਡੇ ਮ. ਲ. ਗਰੁੱਪ ਵੀ ਭਾਰਤ ਦੇ ਪੇਂਡੂ ਖੇਤਰ ਵਿੱਚ ਹੋਂਦ ਵਿੱਚ ਆਈ ਉਜਰਤੀ ਖੇਤ ਮਜ਼ਦੂਰਾਂ ਦੀ ਵਿਸ਼ਾਲ ਫੌਜ ਨੂੰ ਵੇਖਣੋਂ ਇਨਕਾਰੀ ਹਨ, ਕਿਉਂਕਿ ਖੇਤ ਮਜ਼ਦੂਰਾਂ ਦੀ ਹੋਂਦ ਨੂੰ ਮੰਨਣ ਦਾ ਅਰਥ ਖੇਤੀ ਵਿੱਚ ਸਰਮਾਏਦਾਰੀ ਵਿਕਾਸ ਨੂੰ ਮੰਨਣ ਵਿੱਚ ਨਿਕਲ਼ੇਗਾ। ਉਹ ਆਪਣੇ ਕਲਪਨਾ ਲੋਕ ਵਿੱਚ ਵਸਦੀ ਜਗੀਰਦਾਰੀ ਖਿਲਾਫ਼ ਸੰਘਰਸ਼ ਵਿੱਚ ਧਨੀ ਕਿਸਾਨੀ ਤੋਂ ਲੈ ਕੇ ਖੇਤ ਮਜ਼ਦੂਰਾਂ ਤੱਕ ਦਾ ਸਾਂਝਾ ਮੋਰਚਾ ਬਣਾਉਣ ਦੇ ਮੁਦਈ ਹਨ। ਉਹ ਖੇਤ ਮਜ਼ਦੂਰਾਂ ਅਤੇ ਧਨੀ ਕਿਸਾਨਾਂ ਦੇ ਹਿੱਤਾਂ ਨੂੰ ਇਕੋ ਰੱਸੇ ਬੰਨ੍ਹਦੇ ਹਨ ਅਤੇ ਇਸ ਤਰ੍ਹਾਂ ਕਿਸਾਨੀ ਵਿੱਚ ਹੋਏ ਵਿਭੇਦੀਕਰਨ ਨੂੰ ਨਹੀਂ ਮੰਨਦੇ। ਇਹਨਾਂ ਮੁਤਾਬਕ ਖੇਤ ਮਜ਼ਦੂਰ ਵੀ, ਤਾਂ ਭੂਮੀ ਹੀਣ ਕਿਸਾਨ ਹੀ ਹਨ। 

ਰੂਸ ਵਿੱਚ 1860 ਦੇ ਭੂਮੀ ਸੁਧਾਰਾਂ ਤੋਂ ਬਾਅਦ ਰੂਸ ਦੇ ਭੋਂ ਗੁਲਾਮਾਂ (ਕਿਸਾਨਾਂ) ਨੂੰ ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਹਾਸਲ ਹੋਏ, ਭਾਵੇਂ ਇਸ ਵਿੱਚ ਵੀ ਉੱਥੋਂ ਦੇ ਜਗੀਰਦਾਰਾਂ ਨੇ ਕਿਸਾਨਾਂ ਨਾਲ਼ ਤਰਾਂ-ਤਰਾਂ ਦੀਆਂ ਠੱਗੀਆਂ ਮਾਰੀਆਂ ਸਨ, ਜਿਵੇਂ ਸਰਮਾਏਦਾਰੀ ਵਿਕਾਸ ਅਗੇ ਵਧਿਆ ਹੁਣ ਕਿਸਾਨਾਂ ਲਈ ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਬਚਾਈ ਰੱਖਣਾ ਮੁਸ਼ਕਿਲ ਹੁੰਦਾ ਗਿਆ। ਇਹਨਾਂ ਜ਼ਮੀਨਾਂ ਦੇ ਛੋਟੇ-ਛੋਟੇ ਟੁਕੜਿਆਂ ਨਾਲ਼ ਬੱਝੇ ਰਹਿਣ ਕਰਕੇ ਇਹਨਾਂ ਗਰੀਬ ਕਿਸਾਨਾਂ (ਅਰਧ ਪ੍ਰੋਲੇਤਾਰੀਆਂ) ਨੂੰ ਵੱਡਾ ਨੁਕਸਾਨ ਇਹ ਹੋਇਆ ਸੀ ਕਿ ਉਹਨਾਂ ਨੂੰ ਆਪਣੀ ਕਿਰਤ ਸ਼ਕਤੀ ਸਥਾਨਕ ਕੁਲਕਾਂ ਨੂੰ ਬਹੁਤ ਘਟ ਕੀਮਤ ਉੱਪਰ ਵੇਚਣੀ ਪੈਂਦੀ ਸੀ। ਇਸ ਹਾਲਤ ਵਿੱਚ ਰੂਸੀ ਮਾਰਕਸਵਾਦੀ ਇਸ ਗੱਲ ਦੇ ਮੁਦਈ ਸਨ ਕਿ ਇਹਨਾਂ ਗਰੀਬ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਛੋਟੇ-ਛੋਟੇ ਟੁੱਕੜੇ ਵੇਚ ਕੇ ਮੁਕਤ ਹੋਣਾ ਚਾਹੀਦਾ ਹੈ ਤਾਂ ਕਿ ਉਹ ਦੇਸ਼ ਦੇ ਉਸ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਕਿਰਤ ਸ਼ਕਤੀ ਵੇਚ ਸਕਣ, ਜਿੱਥੇ ਉਹਨਾਂ ਨੂੰ ਮੁਕਾਬਲਤਨ ਚੰਗੀ ਕੀਮਤ ਮਿਲ਼ੇ। ਪਰ ਰੂਸ ਦੇ ਨਰੋਦਵਾਦੀਆਂ ਨੇ ਇਸ ਤੋਂ ਠੀਕ ਉਲ਼ਟ ਪੁਜ਼ੀਸ਼ਨ ਲਈ। ਉਹਨਾਂ ਨੇ ਕਿਸਾਨਾਂ ਦੁਆਰਾ ਜ਼ਮੀਨ ਵੇਚੇ ਜਾਣ ਦਾ ਵਿਰੋਧ ਕੀਤਾ ਅਤੇ ਵੇਲੇ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹਾ ਸਖਤ ਕਾਨੂੰਨ ਬਣਾਵੇ, ਜਿਸ ਨਾਲ਼ ਕਿਸਾਨ ਆਪਣੀ ਜ਼ਮੀਨ ਨਾ ਵੇਚ ਸਕਣ। ਉਹ ਹਰ ਹਾਲ ਗਰੀਬ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਨਾਲ਼ ਬੰਨ੍ਹੀ ਰੱਖਣਾ ਚਾਹੁੰਦੇ ਸਨ। ਇਸ ਤਰਾਂ ਨਰੋਦਨਿਕਾਂ ਨੇ ਕੁਲਕ ਹਿੱਤਾਂ ਦੀ ਸੇਵਾ ਕੀਤੀ। 

ਸਾਡੇ ਮ. ਲ. ਗਰੁੱਪ ਭਾਵੇਂ ਰੂਸੀ ਨਰੋਦਨਿਕਾਂ ਵਾਂਗ ਕਿਸੇ ਸਰਕਾਰੀ ਕਾਨੂੰਨ ਦੀ ਮੰਗ ਤਾਂ ਨਹੀਂ ਕਰਦੇ, ਪਰ ਉਹ ਵੀ ਹਰ ਹਾਲ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਨਾਲ਼ ਨਰੜੀ ਰੱਖਣਾ ਚਾਹੁੰਦੇ ਹਨ। ਭਾਰਤੀ ਅਰਥਚਾਰੇ ਦੇ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੇ ਮੌਜੂਦਾ ਦੌਰ ਵਿੱਚ, ਜਦੋਂ ਅਰਥਚਾਰੇ ਦੇ ਹਰ ਖੇਤਰ ਵਿੱਚ ਪੈਦਾਵਾਰ ਦੇ ਸਾਧਨਾਂ ਦੇ ਸੰਕੇਂਦਰਣ ਅਤੇ ਕੇਂਦਰੀਕਰਨ ਦੀ ਤੇਜ਼ ਹਵਾ ਚੱਲ ਰਹੀ ਹੈ, ਜਦੋਂ ਛੋਟੇ ਜਿਣਸ ਉਤਪਾਦਕਾਂ ਦਾ ਮੰਡੀ ਅਤੇ ਪੈਦਾਵਾਰੀ ਪ੍ਰੀਕ੍ਰਿਆ ਵਿੱਚ ਟਿਕੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ, ਜਦੋਂ ਉਹ ਨਿੱਜੀ ਸੰਪਤੀ ਤੋਂ ਮੁਕਤ ਹੋ ਰਹੇ ਹਨ, ਤਾਂ ਸਾਡੇ ਮ. ਲ. ਗਰੁਪੱਾ ਦਾ ਸਾਰਾ ਜ਼ੋਰ ਇਹਨਾਂ ਛੋਟੇ ਜਿਣਸ ਉਤਪਾਦਕਾਂ ਨੂੰ ਬਚਾਈ ਰੱਖਣ ਉੱਪਰ ਹੀ ਲੱਗਿਆ ਹੋਇਆ ਹੈ। ਇਸ ਨੁਕਤੇ ਤੋਂ ਇਹ ਫਿਰ ਰੂਸੀ ਨਰੋਦਵਾਦੀਆਂ ਦੀ ਪੈੜ ਵਿੱਚ ਹੀ ਪੈਰ ਰੱਖਦੇ ਹਨ। ਸਾਰੇ ਮਹੱਤਵਪੂਰਨ ਨੁਕਤਿਆਂ ‘ਤੇ ਸਾਡੇ ਮ. ਲ. ਗਰੁੱਪਾਂ ਦੀ ਸੁਰ ਰੂਸੀ ਨਰੋਦਵਾਦੀਆਂ ਦੀ ਸੁਰ ਨਾਲ਼ ਰਲ਼ਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਭਾਰਤ ਦੇ ਮ. ਲ. ਗਰੁੱਪਾਂ ਨੂੰ ਰੂਸੀ ਨਰੋਦਵਾਦ ਦੇ ਭਾਰਤੀ ਐਡੀਸ਼ਨ ਕਿਹਾ ਜਾ ਸਕਦਾ ਹੈ।” (ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, ਪੰਨਾ 39-41)।

ਇਸ ਤੋਂ ਇਲਾਵਾ ਰੂਸ ਦੇ ਨਰੋਦਨਿਕ ਉੱਥੋਂ ਦੇ ਕਮਿਊਨਿਸਟਾਂ ਉੱਪਰ ਕਿਸਾਨੀ ਮਸਲੇ ਨੂੰ ਅਖੋਂ ਉਹਲੇ ਕਰਨ ਦਾ ਬੇਬੁਨਿਆਦ, ਮਨਘੜ੍ਹਤ ਇਲਜ਼ਾਮ ਲਗਾਉਂਦੇ ਸਨ। ਅਤੇ ਤੁਸੀਂ ਅਜ ਦੇ ਭਾਰਤ ਵਿੱਚ ਉਹੀ ਕੁੱਝ ਕਰ ਰਹੇ ਹੋ। ਇਸ ਮਾਮਲੇ ਵਿੱਚ ਵੀ ਤੁਸੀਂ ਰੂਸ ਦੇ ਨਰੋਦਨਿਕਾਂ ਨਾਲ਼ ਜਾ ਖੜ੍ਹਦੇ ਹੋ। 

ਲਾਲ ਪਰਚਮ ਨੇ ਕਿਸਾਨੀ ਦਾ ਸਵਾਲ ਵੀ ਇਸ ਬਹਿਸ ਵਿੱਚ ਘੜੀਸ ਲਿਆ ਹੈ ਉਂਝ ਬਿਹਤਰ ਹੁੰਦਾ ਕਿ ਇਸ ਸਵਾਲ ਉੱਪਰ ਸਾਡੇ ਲੇਖਾਂ ਦੇ ਸੰਗ੍ਰਹਿ ‘ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ’ (ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ) ਦੀ ਵਿਸਥਾਰ ਵਿੱਚ ਅਲੋਚਨਾ ਕਰਦੇ ਤਾਂ ਇਸ ਸਵਾਲ ‘ਤੇ ਬਿਹਤਰ ਢੰਗ ਨਾਲ਼ ਖੁਲ੍ਹ ਕੇ ਬਹਿਸ ਹੋ ਸਕਦੀ ਸੀ। ਉਮੀਦ ਹੈ ਕਿ ਲਾਲ ਪਰਚਮ ਨੇੜ ਭਵਿੱਖ ਸਾਨੂੰ ਅਜਿਹਾ ਮੌਕਾ ਦੇਵੇਗਾ। ਇਥੇ ਅਸੀਂ ਕਿਸਾਨੀ ਨਾਲ਼ ਸਬੰਧਤ ਲਾਲ ਪਰਚਮ ਵੱਲੋਂ ਉਠਾਏ ਸਵਾਲਾਂ ਬਾਰੇ ਸੰਖੇਪ ‘ਚ ਆਪਣੇ ਵਿਚਾਰ ਰੱਖਾਂਗੇਂ। 

ਲਾਲ ਪਰਚਮ ਦੇ ਲੇਖਕ ਨੇ ਸਾਡੇ ‘ਤੇ ਇਕ ਬੇਬੁਨਿਆਦ ਇਲਜ਼ਾਮ ਮੜ੍ਹ ਦਿੱਤਾ ਹੈ ਕਿ ਅਸੀਂ ਭਾਰਤ ਦੇ ਭਾਵੀ ਸਮਾਜਵਾਦੀ ਇਨਕਲਾਬ ਕਿਸਾਨੀ ਨੂੰ ਮਜ਼ਦੂਰ ਜਮਾਤ ਦੀ ਸੰਗੀ ਨਹੀਂ ਮੰਨਦੇ। ਲਾਲ ਪਰਚਮ ਦੇ ਮਈ ਜੂਨ 2013 ਅੰਕ ਵਿੱਚ ਉਹਨਾਂ ਇਹੋ ਦੋਸ਼ ਵਧੇਰੇ ਸਪਸ਼ਟਤਾ ਨਾਲ਼ ਸਾਡੇ ਉੱਪਰ ਥੋਪਿਆ ਹੈ। ਲਾਲ ਪਰਚਮ ਦਾ ਕਹਿਣਾ ਹੈ, ”ਇਕ ਅਜਿਹਾ ਵੀ ਰੁਝਾਨ ਹੈ ਜੋ ਤਬੀਦੀਲੀਆਂ ਨੂੰ ਦੇਖਦਾ-ਦੇਖਦਾ ਇਸ ਹੱਦ ਤੱਕ ਅਗੇ ਚਲਾ ਗਿਆ ਹੈ ਕਿ ਇਸ ਦੀਆਂ ਨਜ਼ਰਾਂ ਵਿੱਚ ਅਜ ਮਜ਼ਦੂਰ ਜਮਾਤ ਦਾ ਰਾਜ ਸਥਾਪਿਤ ਕਰਨ ਲਈ ਮਜ਼ਦੂਰ ਜਮਾਤ ਅਤੇ ਗਰੀਬ ਕਿਸਾਨੀ ਦੀ ਧੁਰੀ ਦੁਆਲ਼ੇ ਸਾਂਝਾ ਮੋਰਚਾ ਉਸਾਰਨ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਗਈ। 

ਉਸਦੀਆਂ ਨਜ਼ਰਾਂ ਵਿੱਚ ਗਰੀਬ ਅਤੇ ਦਰਮਿਆਨੀ ਕਿਸਾਨੀ ਦੇ ਸੰਘਰਸ਼ਾਂ ਲਈ ਲੜਨਾ ਤੇ ਇਹਨਾਂ ਦੀ ਹਮਾਇਤ ਕਰਨਾ ਪੈਟੀ ਬੁਰਜੂਆ ਕੁਰਾਹੇ ਦਾ ਸ਼ਿਕਾਰ ਹੋਣਾ ਹੈ। ਇਉਂ ਇਹ ਕੁਰਾਹਾ ਮਜ਼ਦੂਰ ਜਮਾਤ ਨੂੰ ਉਸਦੇ ਮਹੱਤਵਪੂਰਨ ਸੰਗੀਆਂ ਤੋਂ ਉਸਨੂੰ ਵਾਂਝੇ ਕਰਨ ਦੀ ਕੁਲੱਛਣੀ ਸਮਝ ਦਾ ਧਾਰਨੀ ਹੈ।” (ਲਾਲ ਪਰਚਮ ਮਈ-ਜੂਨ 2013 ਪੰਨਾ 6) ਸਪਸ਼ਟ ਹੈ ਕਿ ਇਥੇ ਇਸ਼ਾਰਾ ਸਾਡੇ ਵੱਲ ਹੀ ਹੈ। ਪਰਚਮਪੰਥੀਏ ਅਤੇ ਇਸੇ ਤਰਾਂ ਦੇ ਹੋਰ ਸਾਡੀ ਕਿਸਾਨੀ ਪ੍ਰਤੀ ਸਮਝ ਨੂੰ ਅਕਸਰ ਇਸੇ ਤਰਾਂ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਇਹ ਦੋਸ਼ ਲਾਉਣ ਲਈ ਵੀ ਉਹਨਾਂ ਇਮਾਨਦਾਰੀ ਤੋਂ ਕੰਮ ਨਹੀਂ ਲਿਆ। ਉਹਨਾਂ ਨੇ ਇਹ ਦੋਸ਼ ਮੜ੍ਹਨ ਲਈ ਸਾਡੀ ਕਿਸੇ ਲਿਖਤ ਨੂੰ ਅਧਾਰ ਨਹੀਂ ਬਣਾਇਆ, ਭਾਰਤ ਦੇ ਸਮਾਜਵਾਦੀ ਇਨਕਲਾਬ ਵਿੱਚ ਕਿਸਾਨੀ ਦੀ ਭੂਮਿਕਾ ਬਾਰੇ ਅਸੀਂ ਬਹੁਤ ਪਹਿਲਾਂ ਹੀ ਆਪਣਾ ਸਟੈਂਡ ‘ਭਾਰਤੀ ਇਨਕਲਾਬ ਅਤੇ ਕਿਸਾਨੀ’ (ਦੇਖੋ ‘ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ’) ਨਾਮਕ ਲੇਖ ਵਿੱਚ ਸਪਸ਼ਟ ਕਰ ਚੁੱਕੇ ਹਾਂ। ਲਾਲ ਪਰਚਮ ਦੇ ਲੇਖਕਾਂ ਨੇ ਜੇਕਰ ਇਸ ਮਸਲੇ ‘ਤੇ ਸਾਡੀ ਪੋਜ਼ੀਸ਼ਨ ਜਾਨਣ ਦੀ ਥੋੜ੍ਹੀ ਵੀ ਖੇਚਲ਼ ਕੀਤੀ ਹੁੰਦੀ ਤਾਂ ਸ਼ਾਇਦ ਉਹ ਸਾਡੇ ਉੱਪਰ ਅਜੇਹੇ ਦੋਸ਼ ਮੜ੍ਹਨੋਂ ਗੁਰੇਜ਼ ਕਰਦੇ। ਪਰ ਲਗਦਾ ਹੈ ਹੁਣ ਲਾਲ ਪਰਚਮ ਨੇ ਨਾ ਸਿਰਫ਼ ਸਾਡੀਆਂ ਪੋਜ਼ੀਸ਼ਨਾਂ ਹੀ ਸਗੋਂ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਦੀਆਂ ਕਹੀਆਂ ਗੱਲਾਂ ਨੂੰ ਵੀ ਸਚੇਤਨ ਤੌਰ ‘ਤੇ ਤੋੜ ਮਰੋੜ ਕੇ ਪੇਸ਼ ਕਰਨ ਦਾ ਰਾਹ ਫੜ ਲਿਆ ਹੈ। ‘ਲਾਲ ਪਰਚਮ’ ਜੇਹਿਆਂ ਦੇ ਬੇਬੁਨਿਆਦ, ਮਨਘਰੜ ਇਲਜ਼ਾਮਾਂ ਦੇ ਜਵਾਬ ਵਿੱਚ ਅਸੀਂ 2004 ਵਿੱਚ ਲਿਖੇ ਗਏ ਉਪਰੋਕਤ ਲੇਖ ਦੇ ਇਕ ਅੰਸ਼ ਦਾ ਇਥੇ ਹਵਾਲਾ ਦਿਆਂਗੇ ਤਾਂ ਪਾਠਕ ਨੂੰ ਕਿਸਾਨੀ ਬਾਰੇ ਸਾਡੀ ਸਮਝ ਸਪਸ਼ਟ ਹੋ ਸਕੇ, ”ਕਮਿਊਨਿਸਟ ਜਦੋਂ ਵੀ ਕਿਸਾਨੀ ਸਵਾਲ ਨੂੰ ਸੰਬੋਧਤ ਹੁੰਦੇ ਹਨ, ਤਾਂ ਉਹ ਮਜ਼ਦੂਰ ਜਮਾਤ ਦੇ ਪੈਂਤੜੇ ਤੋਂ ਹੀ ਅਜਿਹਾ ਕਰ ਰਹੇ ਹੁੰਦੇ ਹਨ। ਉਹਨਾਂ ਲਈ ਇਹ ਸਵਾਲ ਪ੍ਰਮੁਖ ਹੁੰਦਾ ਹੈ ਕਿ ਕਿਸਾਨਾਂ ਦੀਆਂ ਇਨਕਲਾਬੀ ਸੰਭਾਵਨਾਵਾਂ ਨੂੰ ਮਜ਼ਦੂਰ ਇਨਕਲਾਬ ਦੇ ਹਿੱਤ ਵਿੱਚ ਕਿਵੇਂ ਭੁਗਤਾਇਆ ਜਾ ਸਕਦਾ ਹੈ।

…ਪਿਛਲੀ ਅਧੀ ਸਦੀ ਤੋਂ ਵੀ ਵੱਧ ਸਮੇਂ ਵਿੱਚ ਭਾਰਤੀ ਖੇਤੀ ਵਿੱਚ ਹੋਏ ਸਰਮਾਏਦਾਰਾ ਵਿਕਾਸ ਦੀ ਬਦੌਲਤ ਕਿਸਾਨੀ ਵਿੱਚ ਵੀ ਵਿਭੇਦੀਕਰਨ ਦੀ ਪ੍ਰੀਕ੍ਰਿਆ ਜਾਰੀ ਰਹੀ ਹੈ। ਇਸੇ ਵਿਭੇਦੀਕਰਨ ਨੇ ਕਿਸਾਨੀ ਨੂੰ ਵੱਖ-ਵੱਖ ਹਿੱਤਾਂ ਵਾਲ਼ੇ, ਕਈ ਮਾਮਲਿਆਂ ਵਿੱਚ ਟਕਰਾਵੇਂ ਹਿੱਤਾਂ ਵਾਲ਼ੇ ਸਮੂਹਾਂ ਵਿੱਚ ਵੰਡ ਦਿੱਤਾ ਹੈ। ਇਸ ਦੇ ਇਕ ਸਿਰੇ ‘ਤੇ ਧਨੀ ਕਿਸਾਨੀ (ਪੇਂਡੂ ਸਰਮਾਏਦਾਰੀ) ਹੈ ਅਤੇ ਦੂਸਰੇ ਸਿਰੇ ‘ਤੇ ਉਜਰਤੀ ਖੇਤ ਮਜ਼ਦੂਰ। ਇਹ ਪੇਂਡੂ ਖੇਤਰ ਦੀਆਂ ਮੁਖ ਜਮਾਤਾਂ ਹਨ ਜਿਨ੍ਹਾਂ ਦੇ ਹਿਤ ਮੂਲੋਂ ਹੀ ਟਕਰਾਵੇਂ ਹਨ, ਜਿਨ੍ਹਾਂ ਵਿੱਚ ਕੋਈ ਸੁਲਾਹ-ਸਮਝੌਤਾ ਮੁਮਕਿਨ ਨਹੀਂ ਹੈ। 

ਭਾਰਤੀ ਅਰਥਚਾਰੇ ਦੀ ਸਰਮਾਏਦਾਰਾ ਰੂਪਬਦਲੀ ਨੇ, ਭਾਰਤੀ ਸਮਾਜ ਨੂੰ ਇਕ ਅਜਿਹੇ ਪੜਾਅ ‘ਤੇ ਲੈ ਆਂਦਾ ਹੈ, ਜਦੋਂ ਇਹ ਕਿਸੇ ਵੀ ਕਿਸਮ ਦੇ ਜਮਹੂਰੀ, ਨਵ ਜਮਹੂਰੀ ਇਨਕਲਾਬ ਦੇ ਪੜਾਅ ਨੂੰ ਪਾਰ ਕਰਕੇ, ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਭਾਰਤ ਦੇ ਜ਼ਰਈ ਖੇਤਰ ‘ਚੋਂ ਜਗੀਰੂ ਪੈਦਾਵਾਰੀ ਸਬੰਧਾਂ ਦੇ ਖਾਤਮੇ ਅਤੇ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਭਾਰੂ ਹੋਣ ਨਾਲ਼ ਧਨੀ ਕਿਸਾਨਾਂ ਦੀ (ਸਮੁਚੀ ਕਿਸਾਨੀ ਦੀ ਵੀ) ਜਗੀਰਦਾਰਾਂ ਨਾਲ਼ ਜਮਾਤੀ ਵਿਰੋਧਤਾਈ ਵੀ ਲੁਪਤ ਹੋ ਚੁੱਕੀ ਹੈ। ਅਜ ਧਨੀ ਕਿਸਾਨੀ ਭਾਰਤ ਦੀ ਰਾਜਸੱਤਾ ਉੱਪਰ ਕਾਬਜ਼ ਹਾਕਮ ਜਮਾਤੀ ਗੱਠਜੋੜ ਦਾ ਅੰਗ ਹੈ। ਭਾਰਤ ਦੇ ਪੇਂਡੂ ਖੇਤਰ ਵਿੱਚ ਕਿਸੇ ਵੀ ਇਨਕਲਾਬੀ ਹਲਚਲ ਦੀ ਧਨੀ ਕਿਸਾਨੀ ਕੱਟੜ ਦੁਸ਼ਮਣ ਹੈ। ਇਸ ਤਰਾਂ ਭਾਰਤ ਦੇ ਪੇਂਡੂ ਖੇਤਰ ਵਿੱਚ ਜਮਹੂਰੀ ਇਨਕਲਾਬ ਦੇ ਦੌਰ ਦਾ, ਇਨਕਲਾਬੀ ਸਾਂਝੇ ਮੋਰਚੇ ਦਾ ਸੰਗੀ, ਅਜ ਦੁਸ਼ਮਣਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਚੁੱਕਾ ਹੈ। ਜਿਸ ਤਰਾਂ ਅਜ ਭਾਰਤ ਦੇ ਸ਼ਹਿਰੀ ਖੇਤਰ ਵਿੱਚ ਛੋਟੇ ਸਰਮਾਏਦਾਰਾਂ (ਜਮਹੂਰੀ ਇਨਕਲਾਬ ਦੇ ਦੌਰ ਦੇ ਕੌਮੀ ਸਰਮਾਏਦਾਰਾਂ) ਦੀ ਜਮਾਤ ਦੇ ਹਾਕਮ ਜਮਾਤ ਦਾ ਅੰਗ ਬਣ ਜਾਣ ਨਾਲ਼, ਅਜ ਸ਼ਹਿਰੀ ਖੇਤਰ ਵਿੱਚ ਪ੍ਰੋਲੇਤਾਰੀ, ਅਰਧ ਪ੍ਰੋਲੇਤਾਰੀ ਅਤੇ ਮਧ ਵਰਗ ‘ਤੇ ਅਧਾਰਿਤ ਤਿੰਨ ਜਮਾਤਾਂ ਦਾ ਸਾਂਝਾ ਮੋਰਚਾ ਬਣੇਗਾ, ਉਸੇ ਤਰਾਂ ਅਜ ਭਾਰਤ ਦੇ ਪੇਂਡੂ ਖੇਤਰ ਵਿੱਚ ਵੀ ਪੇਂਡੂ ਪ੍ਰੋਲੇਤਾਰੀ, ਅਰਧ ਪ੍ਰੋਲੇਤਾਰੀ ਅਤੇ ਦਰਮਿਆਨੇ ਕਿਸਾਨਾਂ ‘ਤੇ ਅਧਾਰਤ ਤਿੰਨ ਜਮਾਤਾਂ ਦਾ ਹੀ ਸਾਂਝਾ ਮੋਰਚਾ ਉਸਰੇਗਾ।” (ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, ਪੰਨਾ-5)।

ਲਾਲ ਪਰਚਮ ਦੇ ਲੇਖਕ ਆਪਣੇ ਲੇਖਾਂ ਵਿੱਚ ਜੋ ਇਕ ਹੋਰ ਚਲਾਕੀ ਭਰਿਆ ਕਾਰਾ ਕਰਦੇ ਹਨ ਉਹ ਹੈ ਖਾਸ (Particular) ਨੂੰ ਆਮ (General)। ਜਦੋਂ ਲਾਲ ਪਰਚਮ ਦਾ ਲੇਖਕ ਸਾਡੇ ‘ਤੇ ਦੋਸ਼ ਮੜ੍ਹਦਾ ਹੈ ਕਿ ‘ਉਸਦੀਆਂ ਨਜ਼ਰਾਂ’ ਵਿੱਚ ਗਰੀਬ ਅਤੇ ਦਰਮਿਆਨੀ ਕਿਸਾਨੀ ਦੇ ਸੰਘਰਸ਼ਾਂ ਲਈ ਲੜਨਾ ਅਤੇ ਇਹਨਾਂ ਦੀ ਹਮਾਇਤ ਕਰਨਾ ਪੈਟੀ ਬੁਰਜੂਆ ਕੁਰਾਹੇ ਦਾ ਸ਼ਿਕਾਰ ਹੋਣਾ ਹੈ ਤਾਂ ਉਹ ਇਹੋ ਚਾਲਾਕੀ ਕਰ ਰਿਹਾ ਹੈ। ਲਾਲ ਪਰਚਮ ਦੇ ਲੇਖਕ ਜੀ ਸਾਡੇ ਦਰਮਿਆਨ ਮਤਭੇਦ ਦਾ ਮੁਦਾ ਇਹ ਨਹੀਂ ਕਿ ਗਰੀਬ ਅਤੇ ਦਰਮਿਆਨੀ ਕਿਸਾਨੀ ਸੰਘਰਸ਼ ਲੜੇ ਜਾਣ ਜਾਂ ਨਾ। ਸਾਡੇ ਦਰਮਿਆਨ ਮਤਭੇਦ ਦਾ ਮੁਦਾ ਇਹ ਹੈ ਕਿ ਗਰੀਬ ਅਤੇ ਦਰਮਿਆਨੀ ਕਿਸਾਨੀ ਦੇ ਸੰਘਰਸ਼ ਕਿਵੇਂ, ਕਦੋਂ ਅਤੇ ਕਿਸ ਤਰਾਂ ਲੜੇ ਜਾਣ। ਗ਼ਰੀਬ ਅਤੇ ਦਰਮਿਆਨੀ ਕਿਸਾਨੀ ਦੇ ਉਹ ਕਿਹੜੇ ਮੰਗਾਂ ਮਸਲੇ ਹਨ, ਜਿਨ੍ਹਾਂ ਦੀ ਮਜ਼ਦੂਰ ਜਮਾਤ ਦੇ ਪੈਂਤੜੇ ਤੋਂ ਹਮਾਇਤ ਕੀਤੀ ਜਾ ਸਕਦੀ ਹੈ। ‘ਲਾਲ ਪਰਚਮ’ ਗਰੀਬ ਅਤੇ ਦਰਮਿਆਨੀ ਕਿਸਾਨੀ ਦਾ ਤਾਂ ਸਿਰਫ਼ ਨਾਮ ਜਪਦਾ ਹੈ ਜਦਕਿ ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਅਤੇ ਸਬਸਿਡੀਆਂ ਆਦਿ ਮੰਗਾਂ ਉੱਪਰ ਕਿਸਾਨ ਸੰਘਰਸ਼ਾਂ ਦੀ ਹਮਾਇਤ ਜ਼ਰੀਏ ਸੇਵਾ ਉਹ ਧਨੀ ਕਿਸਾਨੀ ਜਾਂ ਪੇਂਡੂ ਸਰਮਾਏਦਾਰੀ ਦੀ ਕਰਦਾ ਹੈ। ਲਾਲ ਪਰਚਮ ਦੇ ਲੇਖਕ ਜੀ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਕਿਵੇਂ ਉਪਰੋਕਤ ਮੰਗਾਂ ਤੇ ਸੰਘਰਸ਼, ਗਰੀਬ ਅਤੇ ਦਰਮਿਆਨੀ ਕਿਸਾਨੀ ਦਾ ਸੰਘਰਸ਼ ਬਣਦਾ ਹੈ? 

ਇਸੇ ਤਰਾਂ ਦੀ ਹੀ ਗੱਲ ਲਾਲ ਪਰਚਮ ਦਾ ਦੂਸਰਾ ਲੇਖਕ ਇਸ ਦੇ ਮਾਰਚ ਅਪ੍ਰੈਲ 2013 ਅੰਕ ਵਿੱਚ ਕਰਦਾ ਹੈ। ਉਹ ਲਿਖਦਾ ਹੈ, ”ਇਨਕਲਾਬ ਇਕੱਲੇ ਮਜ਼ਦੂਰ ਨਹੀਂ ਕਰ ਸਕਦੇ ਅਤੇ ਇਨਕਲਾਬ ਕਰਨ ਲਈ ਸਾਮਰਾਜ ਅਤੇ ਭਾਰਤੀ ਵੱਡੀ ਬੁਰਜੂਆਜ਼ੀ ਤੋਂ ਪੀੜਤ ਜਮਾਤਾਂ ਨੂੰ ਨਾਲ਼ ਲੈਣਾ ਜ਼ਰੂਰੀ ਹੈ ਅਤੇ ਅਜਿਹਾ ਕਰਨ ਲਈ ਸਾਮਰਾਜ ਅਤੇ ਭਾਰਤੀ ਹਾਕਮ ਜਮਾਤਾਂ ਪਖੀ ਉਹਨਾਂ ਨੀਤੀਆਂ ਦਾ ਵਿਰੋਧ ਕਰਨਾ ਹੋਵੇਗਾ, ਜਿਹੜੀਆਂ ਇਹਨਾਂ ਜਮਾਤਾਂ ਨੂੰ ਹਾਸ਼ੀਏ ਵਿੱਚ ਧੱਕਣ ਲਈ ਜ਼ਿੰਮੇਵਾਰ ਹਨ।” (ਪੰਨਾ 31) ਇਥੇ ਵੀ ਲਾਲ ਪਰਚਮ ਦਾ ਲੇਖਕ ਖਾਸ ਨੂੰ ਆਮ ਬਣਾ ਦਿੰਦਾ ਹੈ ਅਤੇ ਗੋਲ਼-ਗੋਲ਼ ਗੱਲਾਂ ਕਰਦਾ ਹੈ। ਉਹ ਮਤਭੇਦ ਵਾਲ਼ੇ ਸਵਾਲ ਉੱਪਰ ਗੱਲ ਕਰਨੋਂ ਟਲ਼ਦਾ ਹੈ। ਉਹ ਕਰਦਾ ਕੀ ਹੈ —

1) ਉਹ ‘ਪੀੜਤ ਜਮਾਤਾਂ’ ਦੀ ਠੋਸ-ਠੋਸ ਨਿਸ਼ਾਨ ਦੇਹੀ ਤੋਂ ਬਚਦਾ ਹੈ।
2) ਉਹ ਸਪਸ਼ਟ ਨਹੀਂ ਕਹਿੰਦਾ ਕਿ ਨਿੱਕੇ ਮਾਲਕਾਂ ਨੂੰ ਜਾਇਦਾਦ ਵਿਹੂਣੇ ਉਜਰਤੀ ਮਜ਼ਦੂਰਾਂ ਵਿੱਚ ਬਦਲਣ ਵਾਲ਼ੀਆਂ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। 
3) ਉਹ ਸਾਫ਼-ਸਾਫ਼ ਨਹੀਂ ਕਹਿੰਦਾ ਕਿ ਨਿੱਕੇ ਮਾਲਕਾਂ ਦੀ ਨਿੱਕ ਜਾਇਦਾਦ ਦੀ ਹਰ ਹਾਲ ਰਾਖੀ ਕੀਤੀ ਜਾਣੀ ਚਾਹੀਦੀ ਹੈ। ਇਹੋ ‘ਲਾਲ ਪਰਚਮ’ ਦੀ ਐਲਾਨੀਆ ਨੀਤੀ ਹੈ। 

 ਇਹੀ ਸਾਡੇ ਅਤੇ ‘ਲਾਲ ਪਰਚਮ’ ਦਰਮਿਆਨ ਮਤਭੇਦ ਦਾ ਨੁਕਤਾ ਹੈ ਕਿ ਕੀ ਨਿੱਕੇ ਮਾਲਕਾਂ ਦੀ ਨਿੱਕੀ ਜਾਇਦਾਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਜਾਂ ਨਾ ਅਤੇ ਲਾਲ ਪਰਚਮ ਇਸ ਮੁਦੇ ਉੱਪਰ ਕੁੱਝ ਵੀ ਕਹਿਣੋਂ ਗੁਰੇਜ਼ ਕਰਦਾ ਹੈ। 

ਆਵਦੇ ਲੇਖ ਦੇ ਅੰਤ ਵਿੱਚ ਤਾਂ ਲਾਲ ਪਰਚਮ ਦਾ ਸਿਧਾਂਤਕਾਰ ਗਲਤ ਬਿਆਨੀ ਦੇ ਸਭ ਹੱਦਾਂ ਬੰਨੇ ਟੱਪ ਜਾਂਦਾ ਹੈ ਜਦੋਂ ਉਹ ਆਪਣੀ ਨਿੱਕ ਬੁਰਜੂਆ ਕਿਸਾਨ ਲੀਹ ਨੂੰ ਸਹੀ ਠਹਿਰਾਉਣ ਲਈ ਫਰੈਡਰਿਕ ਏਂਗਲਜ਼ ਦਾ ਗਲਤ ਹਵਾਲਾ ਦਿੰਦਾ ਹੈ ਅਤੇ ਅਜੇਹਾ ਕਰਦੇ ਸਮੇਂ ਉਹ ਇਹ ਵੀ ਨਹੀਂ ਦੱਸਦਾ ਕਿ ਏਂਗਲਜ਼ ਦਾ ਹਵਾਲਾ ਉਹ ਉਹਨਾਂ ਦੀ ਕਿਸ ਰਚਨਾ ਵਿੱਚੋਂ ਦੇ ਰਿਹਾ ਹੈ। ਲਾਲ ਪਰਚਮ (ਮਾਰਚ-ਅਪ੍ਰੈਲ 2013) ਵਿੱਚ ਏਂਗਲਜ਼ ਦਾ ਜੋ ਹਵਾਲਾ ਦਿੱਤਾ ਗਿਆ ਹੈ ਉਹ ਉਹਨਾਂ ਦੀ ਪੁਸਤਕ ‘ਫਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ’ ਵਿੱਚੋਂ ਹੈ। ਏਂਗਲਜ਼ ਦੇ ਕਿਸਾਨੀ ਬਾਰੇ ਇਹ ਵਿਚਾਰ ਉਸ ਸਮੇਂ ਵਾਸਤੇ ਹਨ ਜਦੋਂ ਮਜ਼ਦੂਰ ਜਮਾਤ ਸੱਤ੍ਹਾ ਵਿੱਚ ਆ ਜਾਵੇਗੀ। ਏਂਗਲਜ਼ ਦਾ ਜੋ ਹਵਾਲਾ ਲਾਲ ਪਰਚਮ ਨੇ ਦਿੱਤਾ ਹੈ, ਉਹੋ ਹਵਾਲਾ ਸਤਾਲਿਨ ਨੇ ਆਪਣੀ ਕਿਤਾਬ ‘ਲੈਨਿਨਵਾਦ ਦੀਆਂ ਨੀਹਾਂ’ ਵਿੱਚ ਦਿੱਤਾ ਹੈ। ਇਥੇ ਵੀ ਸਤਾਲਿਨ ਨੇ ਇਹ ਹਵਾਲਾ ਆਪਣੀ ਪੁਸਤਕ ਦੇ ‘ਕਿਸਾਨ ਮਸਲਾ’ ਵਾਲ਼ੇ ਪਾਠ ਦੇ ‘ਸੋਵੀਅਤ ਸੱਤਾ ਮਜ਼ਬੂਤ ਹੋਣ ਤੋਂ ਬਾਅਦ ਕਿਸਾਨੀ’ ਉਪ ਸਿਰਲੇਖ ਤਹਿਤ ਦਿੱਤਾ ਹੈ। ਏਂਗਲਜ਼ ਦਾ ਹਵਾਲਾ ਦੇਣ ਤੋਂ ਠੀਕ ਪਹਿਲਾਂ ਸਤਾਲਿਨ ਲਿਖਦੇ ਹਨ, ”ਸ਼ੱਕੀ ਲੋਕਾਂ ਦਾ ਵਿਚਾਰ ਹੈ ਕਿ ਛੋਟੇ ਕਿਸਾਨ ਇਕ ਅਜਿਹਾ ਜ਼ਰੀਆ ਹਨ ਜੋ ਸਮਾਜਵਾਦੀ ਉਸਾਰੀ ਨਾਲ਼ ਬੇਮੇਲ਼ ਹੈ।” (ਲੈਨਿਨਵਾਦ ਦੀਆਂ ਨੀਹਾਂ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, ਪੰਨਾ-52)। ਲਾਲ ਪਰਚਮ ਦਾ ਲੇਖਕ ਸਤਾਲਿਨ ਦੇ ਸ਼ਬਦਾਂ ਨੂੰ ਤੋੜਦਾ ਮਰੋੜਦਾ ਹੋਇਆ ਲਿਖਦਾ ਹੈ, ”ਕਾਮਰੇਡ ਸਟਾਲਿਨ ਨੇ ਕਿਹਾ ਸੀ ਕਿ ਸਨਕੀ ਲੋਕਾਂ ਦਾ ਵਿਚਾਰ ਹੈ ਕਿ ਕਿਸਾਨ ਇਕ ਅਜੇਹਾ ਪਹਿਲੂ ਹਨ ਜੋ ਸਮਾਜਵਾਦੀ ਇਨਕਲਾਬ ਨਾਲ਼ ਬੇਮੇਲ਼ ਹਨ।” (ਲਾਲ ਪਰਚਮ, ਮਾਰਚ ਅਪ੍ਰੈਲ 2013, ਪੰਨਾ 31)। ਇਥੇ ਲਾਲ ਪਰਚਮ ਦਾ ਲੇਖਕ ‘ਸ਼ੱਕੀ’ ਸ਼ਬਦ ਨੂੰ ‘ਸਨਕੀ’ ਬਣਾ ਦਿੰਦਾ ਹੈ ਅਤੇ ‘ਸਮਾਜਵਾਦੀ ਉਸਾਰੀ’ ਨੂੰ ‘ਸਮਾਜਵਾਦੀ ਇਨਕਲਾਬ’ ਬਣਾ ਦਿੰਦਾ ਹੈ। ਇਸਤੋਂ ਬਾਅਦ ਉਹ ਸਤਾਲਿਨ ਦੀ ਹੀ ਕਿਤਾਬ ‘ਚੋਂ ਏਂਗਲਜ਼ ਦਾ ਹਵਾਲਾ ਦਿੰਦਾ ਹੈ ਅਤੇ ਇਸ ਹਵਾਲੇ ਤੋਂ ਠੀਕ ਬਾਅਦ ‘ਚ ਸਤਾਲਿਨ ਜੋ ਲਿਖਦੇ ਹਨ। ਉਸ ਬਾਰੇ ਪੂਰੀ ਤਰਾਂ ਚੁੱਪ ਧਾਰ ਲੈਂਦਾ ਹੈ। ਏਂਗਲਜ਼ ਦਾ ਹਵਾਲਾ ਦੇਣ ਤੋਂ ਬਾਅਦ ਸਤਾਲਿਨ ਲਿਖਦੇ ਹਨ, ”ਇਹ ਐ, ਜੋ ਏਂਗਲਜ਼ ਨੇ ਪੱਛਮੀ ਕਿਸਾਨੀ ਨੂੰ ਧਿਆਨ ‘ਚ ਰੱਖਕੇ ਕਿਹਾ। ਪਰ ਕੀ ਇਹ ਸਪੱਸ਼ਟ ਨਹੀਂ ਹੈ ਕਿ ਏਂਗਲਜ਼ ਨੇ ਜੋ ਕੁੱਝ ਕਿਹਾ ਉਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਵਾਲ਼ੇ ਮੁਲਕ ਤੋਂ ਬਿਨਾਂ ਹੋਰ ਕਿਤੇ ਵੀ ਇੰਨੀ ਅਸਾਨੀ ਨਾਲ਼ ਅਤੇ ਪੂਰਨ ਰੂਪ ‘ਚ ਹਾਸਲ ਨਹੀਂ ਕੀਤਾ ਜਾ ਸਕਿਆ? ਕੀ ਇਹ ਸਪੱਸ਼ਟ ਨਹੀਂ ਕਿ ਸਿਰਫ ਸੋਵੀਅਤ ਰੂਸ ਵਿੱਚ ਹੀ ”ਛੋਟੇ ਕਿਸਾਨ ਨੂੰ ਜੋ ਆਪਣਾ ਕੰਮ ਆਪ ਕਰਦਾ ਹੈ” ਨੂੰ ਸਾਡੇ ਵੱਲ ਆਉਣਾ ਤੁਰੰਤ ਅਤੇ ਪੂਰਨ ਰੂਪ ਵਿੱਚ ਸੰਭਵ ਹੈ, ਕਿ ਇਸ ਲਈ ਲੋੜੀਂਦੀ ”ਪਦਾਰਥਕ ਕੁਰਬਾਨੀ” ਕਰਨਾ ਅਤੇ ”ਕਿਸਾਨਾਂ ਵੱਲ ਲੋੜੀਂਦਾ ਨਰਮ ਰਵੱਈਆ” ਦਰਸਾਉਣਾ ਸੰਭਵ ਹੈ? ਕੀ ਇਹ ਸਪੱਸ਼ਟ  ਨਹੀਂ ਕਿ ਇਹ  ਅਤੇ ਇਹੋ ਜਿਹੀਆਂ ਕਈ ਹੋਰ ਕਾਰਵਾਈਆਂ ਰੂਸ ਵਿੱਚ ਕਿਸਾਨੀ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਹਨ? ਇਸ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ ਕਿ ਇਹ ਹਾਲਤ, ਮੋੜਵੇਂ ਰੂਪ ‘ਚ ਸੋਵੀਅਤ ਦੀ ਧਰਤੀ ਤੇ ਆਰਥਕ ਉਸਾਰੀ ਦੇ ਕੰਮ ਨੂੰ ਲਾਜ਼ਮੀ ਤੌਰ ‘ਤੇ ਰੈਲ਼ਾ ਕਰੇਗੀ ਅਤੇ ਅੱਗੇ ਵਧੇਗੀ।” (ਲੈਨਿਨਵਾਦ ਦੀਆਂ ਨੀਹਾਂ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਪੰਨਾ — 52-53)।

ਏਂਗਲਜ਼ ਦੀ ਪੁਸਤਕ ‘ਫਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ’ ਅਤੇ ਸਤਾਲਿਨ ਦੀ ਪੁਸਤਕ ‘ਲੈਨਿਨਵਾਦ ਦੀਆਂ ਨੀਹਾਂ’ ਪੜ੍ਹ ਕੇ ਪਾਠਕ ਜਾਣ ਸਕਦੇ ਹਨ, ਕਿ ਕਿਵੇਂ ਲਾਲ ਪਰਚਮ ਦਾ ਲੇਖਕ ਇਨਾਂ ਮਹਾਨ ਆਗੂਆਂ ਦੇ ਵਿਚਾਰਾਂ ਦੀ ਭੰਨਤੋੜ ਕਰਦਾ ਹੈ, ਪ੍ਰਸੰਗ ਨਾਲ਼ੋਂ ਤੋੜ ਕੇ ਗਲਤ ਹਵਾਲਾ ਦਿੰਦਾ ਹੈ। ਨਿਸ਼ਚੇ ਹੀ ਪ੍ਰੋਲੇਤਾਰੀ ਜਮਾਤ ਜਦੋਂ ਭਾਰਤ ਵਿੱਚ ਸੱਤਾ ਵਿੱਚ ਆਵੇਗੀ ਤਾਂ ਕਿਸਾਨਾਂ ਪ੍ਰਤੀ ਉਹੋ ਰਵੱਈਆ ਅਪਣਾਏਗੀ ਜਿਸ ਤਰਾਂ ਏਂਗਲਜ਼ ਅਤੇ ਸਤਾਲਿਨ ਨੇ ਕਿਹਾ ਹੈ। ਲਾਲ ਪਰਚਮ ਬੜੀ ਚਲਾਕੀ ਨਾਲ਼ ਪ੍ਰੋਲੇਤਾਰੀ ਦੇ ਸੱਤਾ ‘ਚ ਆਉਣ ਤੋਂ ਬਾਅਦ ਕਿਸਾਨੀ ਪ੍ਰਤੀ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਵੱਲੋਂ ਘੜੀ ਨੀਤੀ ਨੂੰ ਅਜ ਦੇ ਸਮੇਂ (ਸਰਮਾਏਦਾਰੀ ਦੌਰ ‘ਚ ਇਨਕਲਾਬ ਦੀ ਤਿਆਰੀ ਦਾ ਸਮਾਂ) ਦੀ ਨੀਤੀ ਬਣਾ ਰਿਹਾ ਹੈ। ਵਰਤਮਾਨ ਸਮੇਂ ‘ਚ ਛੋਟੀ ਮਾਲਕੀ (ਕਿਸਾਨੀ ਸਮੇਤ) ਪ੍ਰਤੀ ਕਮਿਊਨਿਸਟ ਨੀਤੀ ਕੀ ਹੋਵੇ, ਇਸ ਬਾਰੇ ਮਾਰਕਸ ਏਂਗਲਜ਼ ਅਤੇ ਲੈਨਿਨ ਨੇ ਬਹੁਤ ਕੁੱਝ ਲਿਖਿਆ ਹੈ। ਸਾਡਾ ਮੰਨਣਾ ਹੈ ਕਿ ਛੋਟੀ ਮਾਲਕੀ ਪ੍ਰਤੀ ਇਨ੍ਹਾਂ ਮਹਾਨ ਆਗੂਆਂ ਦੇ ਵਿਚਾਰ ਅਜ ਵੀ ਪੂਰੀ ਤਰਾਂ ਪ੍ਰਸੰਗਕ ਅਤੇ ਰਾਹ ਦਰਸਾਵੇ ਹਨ। ਇਹਨਾਂ ਵਿਚਾਰਾਂ ਤੋਂ ਭਟਕਣ ਵਾਲ਼ੇ ਸਿਸਮਾਂਦੀ, ਪਰੂਦੋਂ ਅਤੇ ਰੂਸੀ ਨਰੋਦਨਿਕਾਂ ਦੇ ਨਿੱਕ ਬੁਰਜੂਆ ਸਮਾਜਵਾਦ ਦੇ ਚਿੱਕੜ ਵਿੱਚ ਜਾ ਡਿੱਗਦੇ ਹਨ ਅਤੇ ਇਹੋ ਕੁੱਝ ‘ਲਾਲ ਪਰਚਮ’ ਅਤੇ ਅਜੇਹੇ ਹੀ ਹੋਰਾਂ ਨਾਲ਼ ਵਾਪਰਿਆ ਹੈ।

ਭਾਰਤ ਵਿੱਚ ਛੋਟੀ ਮਾਲਕੀ ਪ੍ਰਤੀ ਕਮਿਊਨਿਸਟ ਪਹੁੰਚ ਕੀ ਹੋਵੇ? ਇਸ ਬਾਰੇ ਅਸੀਂ ਮਾਰਕਸ, ਏਂਗਲਜ਼ ਅਤੇ ਲੈਨਿਨ ਦੇ ਵਿਚਾਰਾਂ ਨੂੰ ਅਧਾਰ ਬਣਾਕੇ ਪਹਿਲਾਂ ਹੀ ਆਪਣੀ ਪੋਜ਼ੀਸ਼ਨ ਸਪਸ਼ਟ ਕਰ ਚੁੱਕੇ ਹਾਂ (ਦੇਖੋ ‘ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ’)। ਜੇਕਰ ਲਾਲ ਪਰਚਮ ਸਾਡੀ ਇਸ ਪੁਜ਼ੀਸ਼ਨ ਬਾਰੇ ਜ਼ਰਾ ਵਿਸਥਾਰ ‘ਚ ਅਲੋਚਨਾ ਰੱਖੇ ਤਾਂ ਅਸੀਂ ਇਸ ਸਵਾਲ ਉੱਪਰ ਬਹਿਸ ਚਲਾਉਣ ਲਈ ਤਿਆਰ ਹਾਂ ਅਤੇ ਅਜੇਹਾ ਕਰਨ ਦੀ ਹਾਰਦਿਕ ਇਛਾ ਰੱਖਦੇ ਹਾਂ। 

ਅੰਤ ‘ਚ ਫੁਟਕਲ ਮਸਲੇ 

ਲਾਲ ਪਰਚਮ ਦਾ ਲੇਖਕ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਦਾ ਇਸ ਲਈ ਵੀ ਵਿਰੋਧੀ ਹੈ ”ਕਿ ਸਾਮਰਾਜੀ ਸਿੱਧਾ ਵਿਦੇਸ਼ੀ ਨਿਵੇਸ਼ ਜਿਹੜੇ ਵੀ ਦੇਸ਼ ਗਿਆ ਹੈ, ਉੱਥੇ ਇਸ ਨੇ ਆਰਥਿਕ ਸੰਕਟ ਨੂੰ ਜਨਮ ਦਿੱਤਾ ਹੈ।” (ਲਾਲ ਪਰਚਮ ਮਾਰਚ-ਅਪ੍ਰੈਲ 2013 ਪੰਨਾ 30, ਸ਼ਬਦਾਂ ‘ਤੇ ਜ਼ੋਰ ਸਾਡਾ)। ਲੇਖਕ ਜੀ ਕੀ ਅਜ ਦੀ ਦੁਨੀਆਂ ‘ਚ ਤੁਸੀਂ ਕਿਸੇ ਅਜੇਹੇ ਦੇਸ਼ ਦੀ ਕਲਪਣਾ ਕਰ ਸਕਦੇ ਹੋ ਜਿੱਥੇ ਵਿਦੇਸ਼ੀ ਨਿਵੇਸ਼ ਨਾ ਹੋਵੇ? ਕੀ ਵਿਦੇਸ਼ੀ ਨਿਵੇਸ਼ ਹੀ ਆਰਥਿਕ ਸੰਕਟ ਦਾ ਇਕੋ ਇਕ ਸ੍ਰੋਤ ਹੈ? ਕੀ ਜੇਕਰ ਕਿਸੇ, ਦੇਸ਼ ‘ਚ ਵਿਦੇਸ਼ੀ ਨਿਵੇਸ਼ ਨਾ ਹੋਵੇ ਉੱਥੇ ਆਰਥਿਕ ਸੰਕਟ ਨਹੀਂ ਹੋਵੇਗਾ? ਉਂਝ ਤੁਸੀਂ ਆਰਥਿਕ ਸੰਕਟ ਪੈਦਾ ਹੋਣ ‘ਤੇ ਦੁਖੀ ਕਿਉਂ ਹੋ ਰਹੇ ਹੋ? ਇਹ ਕੰਮ ਹਾਕਮ ਜਮਾਤਾਂ ਲਈ ਛੱਡ ਦਿਓ। ਕੀ ਤੁਸੀਂ ਵਰਤਮਾਨ ਲੁਟੇਰੇ ਪ੍ਰਬੰਧ ਦਾ ਸੰਕਟ ਨਹੀਂ, ਇਸ ਦੀ ਖੈਰ ਮੰਗਦੇ ਹੋ? ਮਾਰਕਸ, ਏਂਗਲਜ਼, ਲੈਨਿਨ ਵੱਲੋਂ ਸੁਤੰਤਰ ਵਪਾਰ ਦੀ ਹਮਾਇਤ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਨਾਲ਼ ਆਰਥਿਕ ਸੰਕਟ ਜਲਦੀ ਆਉਂਦਾ ਹੈ। ਪਰ ਲਾਲ ਪਰਚਮ ਦੇ ਸਿਧਾਂਤਕਾਰ ਜੀ ਲੁਟੇਰੇ ਢਾਂਚੇ ਦਾ ਸੰਕਟ ਨਹੀਂ ਉਸਦੀ ਸਿਹਤਯਾਬੀ ਚਾਹੁੰਦੇ ਹਨ। 

ਲਾਲ ਪਰਚਮ ਭਾਰਤ ਦੀ ਸਮਾਜੀ ਆਰਥਿਕ ਸੰਰਚਨਾ ਅਤੇ ਇਥੇ ਇਨਕਲਾਬ ਦੇ ਪੜਾਅ ਬਾਰੇ ਪੂਰੀ ਤਰਾਂ ਭੰਬਲ਼ਭੂਸੇ ‘ਚ ਹੈ। ਇਸ ਲਈ ਇਹ ਕਦੇ ਵੀ ਭਾਰਤ ਦੀ ਸਮਾਜ-ਆਰਥਿਕ ਸੰਰਚਨਾ ਇਥੋਂ ਦੀਆਂ ਹਾਕਮ ਜਮਾਤਾਂ ਦੇ ਕਿਰਦਾਰ, ਇਥੇ ਇਨਕਲਾਬ ਦੇ ਪੜਾਅ ਬਾਰੇ ਸਪਸ਼ਟ ਰੂਪ ‘ਚ ਕੁੱਝ ਲਿਖਣ ਤੋਂ ਹਮੇਸ਼ਾ ਬਚਦਾ ਹੈ। ਇਸੇ ਤਰਾਂ ਭਾਰਤੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਸਾਂਝੇ ਮੋਰਚੇ ‘ਚ ਸ਼ਾਮਲ ਹੋਣ ਵਾਲ਼ੀਆਂ ਜਮਾਤਾਂ ਦੀ ਸਪਸ਼ਟ ਨਿਸ਼ਾਨਦੇਹੀ ਤੋਂ ਬਚਦਾ ਹੈ। ਦੇਖੋ ਇਕ ਨਮੂਨਾ, ”ਪੈਦਾਵਾਰੀ ਸ਼ਕਤੀਆਂ ਦੇ ਤੇਜ਼ ਵਿਕਾਸ ਲਈ ਇਹਨਾਂ ਅਗੇ ਰੋੜੇ ਬਣੇ ਪਿਛਾਂਹਖਿਚੂ ਪੈਦਾਵਾਰੀ ਸਬੰਧਾਂ ਅਤੇ ਉਸਾਰ ਢਾਂਚੇ ਨੂੰ ਤਬਦੀਲ ਕਰਨ ਦੀ ਲੋੜ ਹੈ ਅਤੇ ਸਬੰਧਾਂ ਦੀ ਤਰਜ਼ਮਾਨੀ ਸਾਮਰਾਜਵਾਦ, ਭਾਰਤ ਦੀ ਵੱਡੀ ਸਰਮਾਏਦਾਰੀ ਅਤੇ ਭਾਰਤ ਦੇ ਵੱਡੇ ਭੋਇੰਪਤੀ ਕਰਦੇ ਹਨ, ਅਤੇ ਇਹਨਾਂ ਸਬੰਧਾਂ ਦਾ ਖਾਤਮਾ ਮਜ਼ਦੂਰਾਂ, ਕਿਸਾਨਾਂ, ਪੈਟੀ ਬੁਰਜੂਆਜ਼ੀ ਅਤੇ ਦਰਮਿਆਨੀ ਸਰਮਾਏਦਾਰੀ ਦਾ ਗੱਠਜੋੜ ਬਣਾਕੇ ਇਸ ਲੁਟੇਰੇ ਪ੍ਰਬੰਧ ਨੂੰ ਉਲ਼ਟਾਕੇ ਹੀ ਸੰਭਵ ਹੈ।” (ਉਪਰੋਕਤ ਪੰਨਾ 31)। ਇਥੇ ਲੇਖਕ ਇਹ ਸਪਸ਼ਟ ਨਹੀਂ ਕਰਦਾ ਕਿ ਭਾਰਤ ਵਿੱਚ ਪਿਛਾਂਹਖਿਚੂ ਪੈਦਾਵਾਰੀ ਸਬੰਧਾਂ ਦੀ ਤਰਜ਼ਮਾਨੀ ਕਰਨ ਵਾਲ਼ੀਆਂ ਜਮਾਤਾਂ ਵਿੱਚੋਂ ਵੱਡੇ ਭੋਇੰਪਤੀਆਂ ਦਾ ਕਿਰਦਾਰ ਕੀ ਹੈ? ਕੀ ਉਹ ਜਗੀਰੂ ਭੋਇੰਪਤੀ ਹਨ ਜਾਂ ਸਰਮਾਏਦਾਰਾ? ਦੂਜੇ ਪਾਸੇ ਇਨਕਲਾਬੀ ਸਾਂਝੇ ਮੋਰਚੇ ਵਿੱਚ ਸ਼ਾਮਿਲ ਕਿਸਾਨੀ ਬਾਰੇ ਸਪਸ਼ਟ ਨਹੀਂ ਕਰਦਾ ਕਿ ਕਿਸਾਨੀ ਦੀਆਂ ਕਿਹੜੀਆਂ ਪਰਤਾਂ ਉਸਦੇ ਅਣਪ੍ਰੀਭਾਸ਼ਤ (ਨਾ ਜਮਹੂਰੀ, ਨਾ ਸਮਾਜਵਾਦੀ) ਇਨਕਲਾਬ ਵਿੱਚ ਸ਼ਾਮਿਲ ਹੋਣਗੀਆਂ?

‘ਲਾਲ ਪਰਚਮ’ ਨੇ ਆਪਣੇ ਮਾਰਚ-ਅਪ੍ਰੈਲ 2013 ਵਿੱਚ ‘ਕੁੱਝ ਵਿਅਕਤੀ’ ਕਹਿ ਕੇ ਸਾਡੀ ਅਲੋਚਨਾ ਕੀਤੀ ਸੀ। ਪਰ ਮਈ-ਜੂਨ 2013 ਅੰਕ ਵਿੱਚ ਇਕ ਰੁਝਾਨ ਦੱਸ ਕੇ ਸਾਡੇ ਉੱਪਰ ਟਿਪਣੀ ਕੀਤੀ ਹੈ। ‘ਕੁੱਝ ਵਿਅਕਤੀ’ ਦੋ ਮਹੀਨਿਆਂ ਅੰਦਰ ਹੀ ਇਕ ਰੁਝਾਨ ਬਣ ਗਏ ਖੈਰ ਅਜੇਹੀਆਂ ਅਸੰਗਤੀਆਂ (inconsistencies) ਤਾਂ ‘ਲਾਲ ਪਰਚਮ’ ਦੀ ਲਖਣਾਇਕ ਵਿਸ਼ੇਸ਼ਤਾ ਹੈ।  

 

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s