ਕੋਇਰਾਲਾ ਵੰਸ਼ ਦਾ ਪਤਣ —ਲਕਸ਼ਮਣ ਪੰਤ

korala

(ਪੀ.ਡੀ.ਐਫ਼ ਡਾਊਨਲੋਡ ਕਰੋ)

ਪ੍ਰਧਾਨਮੰਤਰੀ ਦੇ ਅਹੁਦੇ ‘ਤੇ ਕਾ. ਪ੍ਰਚੰਡ ਦੀ ਇਤਿਹਾਸਕ ਜਿੱਤ ਨਾਲ਼ ਨੇਪਾਲ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਹੈ। ਨੇਪਾਲੀ ਲੋਕਾਂ ਨੇ ਨੇਪਾਲੀ ਇਨਕਲਾਬ ਦੇ ਉਸ ਮਾਡਲ ਦੀ ਮੁੜ ਹਮਾਇਤ ਕੀਤੀ ਹੈ ਜਿਸ ਵਿੱਚ ਖੁੱਲ੍ਹੀਆਂ ਅਤੇ ਗੁਪਤ ਸਰਗਰਮੀਆਂ, ਕਲਮ ਅਤੇ ਬੰਦੂਕ, ਬੈਲੇਟ ਅਤੇ ਬੁਲੇਟ ਅਤੇ ਲੋਕ ਯੁੱਧ ਅਤੇ ਲੋਕ ਲਹਿਰ ਦੋਵਾਂ ਦਾ ਮੇਲ ਕੀਤਾ ਗਿਆ ਹੈ। ਚੇਅਰਮੈਨ ਪ੍ਰਚੰਡ ਦੀ ਜਿੱਤ ਨਾਲ਼ ਹੀ, ਸਾਡੀ ਪਾਰਟੀ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਇੱਕ ਸੋ ਸੱਠ ਸਾਲਾਂ ਦੇ ਇਤਿਹਾਸ ਵਿੱਚ ਸੱਤ੍ਹਾ ਤੱਕ ਪਹੁੰਚਣ ਵਾਲ਼ੀ ਪਹਿਲੀ ਅਜਿਹੀ ਪਾਰਟੀ ਬਣ ਗਈ ਹੈ, ਜਿਸ ਕੋਲ਼ ਮਜ਼ਦੂਰ ਜਮਾਤ ਦੀ ਵੱਖਰੀ ਫ਼ੌਜ ਹੈ ਅਤੇ ਜੋ ਇਨ੍ਹਾਂ ਵੱਖ-ਵੱਖ ਤਰੀਕਿਆਂ ਦਾ ਪ੍ਰਯੋਗ ਕਰਦੇ ਹੋਏ ਸੱਤ੍ਹਾ ਤੱਕ ਪਹੁੰਚੀ ਹੈ। ਨੇਕਪਾ (ਮਾਓਵਾਦੀ), 1976 ਵਿੱਚ ਕਾ. ਮਾਓ ਦੀ ਮੌਤ ਦੇ ਬੱਤੀ ਸਾਲਾਂ ਬਾਅਦ ਸਰਕਾਰ ਦੀ ਅਗਵਾਈ ਕਰਨ ਵਾਲ਼ੀ ਪਹਿਲੀ ਕਮਿਊਨਿਸਟ ਪਾਰਟੀ ਹੈ। 

ਸਮੁੱਚੀ ਦੁਨੀਆਂ ਵਿੱਚ ਇੱਕ ਦੇ ਬਾਅਦ ਇੱਕ ਕਮਿਊਨਿਸਟ ਸੱਤ੍ਹਾਵਾਂ ਦੇ ਪਤਣ ਦੀ ਪਿੱਠਭੂਮੀ ਦੇ ਬਰਕਸ ਸਾਡੇ ਦੇਸ਼ ਦੀ ਮਾਓਵਾਦੀ ਸਰਕਾਰ ਇਸ ਮਾਅਨੇ ਵਿੱਚ ਵੀ ਭਿੰਨ ਹੈ ਕਿ ਇਹ ਮਜ਼ਦੂਰ ਜਮਾਤ ਅਤੇ ਬੁਰਜੂਆਜ਼ੀ ਦੀ ਸਾਂਝੀ ਤਾਨਾਸ਼ਾਹੀ ‘ਤੇ ਅਧਾਰਿਤ ਹੈ। ਕਿਸੇ ਵੀ ਮਾਰਕਸਵਾਦੀ ਧਾਰਨਾ ਵਿੱਚ ਇਸ ਪ੍ਰਕਾਰ ਦੀ ਸਾਂਝੀ ਤਾਨਾਸ਼ਾਹੀ ਦਾ ਜ਼ਿਕਰ ਨਹੀਂ ਮਿਲਦਾ। ਮਾਰਕਸਵਾਦੀ ਵਿਚਾਰ ਅਨੁਸਾਰ ਰਾਜਸੱਤ੍ਹਾ ਵਿੱਚ ਦੋ ਵਿਰੋਧੀ ਜਮਾਤਾਂ ਦੀ ਸਾਂਝੀ ਤਾਨਾਸ਼ਾਹੀ ਸੰਭਵ ਨਹੀਂ ਹੈ। ਭਾਵੇਂ, ਨੇਪਾਲ ਦੇ ਅਨੁਭਵ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਤੋਂ ਵੱਖ ਵੀ ਕੁੱਝ ਕੀਤਾ ਜਾ ਸਕਦਾ ਹੈ। ਆਉਣ ਵਾਲ਼ੇ ਦਿਨਾਂ ਵਿੱਚ ਨੇਪਾਲ ਦੇ ਅਨੁਭਵ ਅਤੇ ਪ੍ਰਯੋਗ ਦੇ ਦਾਰਸ਼ਨਿਕ ਅਤੇ ਰਾਜਨੀਤਿਕ ਅਧਾਰ ਦਾ ਸੰਸ਼ਲੇਸ਼ਣ ਕਰਨਾ ਹੋਵੇਗਾ। ਇਤਿਹਾਸ ਨੇ ਰਾਜ ਦੀ ਦੋਹਰੀ ਤਾਨਾਸ਼ਾਹੀ ਨੂੰ ਸਹੀ ਠਹਿਰਾਉਣ ਦੀ ਜ਼ਿੰਮੇਵਾਰੀ ਇੱਕੀਵੀਂ ਸਦੀ ਦੇ ਮਾਓਵਾਦੀਆਂ ਦੇ ਮੋਢੇ ‘ਤੇ ਸੁੱਟੀ ਹੈ।

ਚੇਅਰਮੈਨ ਪ੍ਰਚੰਡ ਦੀ ਜਿੱਤ ਦਾ ਇੱਕ ਹੋਰ ਇਤਿਹਾਸਿਕ ਪੱਖ ਵੀ ਹੈ। ਉਨ੍ਹਾਂ ਦੀ ਜਿੱਤ ਨਾਲ਼ ਹੀ ਪੰਜ ਦਹਾਕੇ ਪੁਰਾਣੀ ‘ਕਾਂਗਰਸਸ਼ਾਹੀ’ ਅਤੇ ਕੋਇਰਾਲਾ ਵੰਸ਼ ਦਾ ਅੰਤ ਹੋ ਗਿਆ, ਜੋ ਵਿਸਤਾਰਵਾਦ ਅਤੇ ਸਾਮਰਾਜਵਾਦ ਦਾ ਮੁੱਖ ਸੁਰੱਖਿਆ ਖੋਲ ਬਣਿਆ ਰਿਹਾ ਅਤੇ ਜਗੀਰਦਾਰੀ ਅਤੇ ਸਾਮਰਾਜਵਾਦ ਦਾ ਮੂਰਤ ਰੂਪ ਸੀ। ਇਸ ਅਰਥ ਵਿੱਚ ਵੀ ਸਾਉਣ ਦੀ 30 ਵੀਂ ਤਰੀਕ ਦਾ ਇਤਿਹਾਸਿਕ ਮਹੱਤਵ ਹੈ। ਕੋਇਰਾਲਾ ਵੰਸ਼ ਦਾ ਢੱਠਣਾ, ਸਾਮਰਾਜਾਵਾਦ ਦਾ ਇੱਕ ਖੰਭਾ ਡਿੱਗਣ ਬਰਾਬਰ ਹੈ। ਇਹ ਰਾਜਸ਼ਾਹੀ ਦੇ ਅੰਤ ਨਾਲ਼ੋਂ ਘੱਟ ਮਹੱਤਵਪੂਰਨ ਨਹੀਂ ਹੈ। ਅਸਲ ਵਿੱਚ ਨੇਪਾਲੀ ਲੋਕ ਰਾਜਾਸ਼ਾਹੀ ਅਤੇ ਕੋਇਰਾਲਾ ਵੰਸ਼ ਦੋਵਾਂ ਤੋਂ ਹੀ ਬਰਾਬਰ ਰੂਪ ‘ਚ ਪੀੜਿਤ ਸਨ। ਕੋਇਰਾਲਾ ਵੰਸ਼ ਅਤੇ ‘ਕਾਂਗਰਸਸ਼ਾਹੀ’ ਅੱਧੀ ਸਦੀ ਤੱਕ ਰਾਜਾਸ਼ਾਹੀ ਦਾ ਮੁੱਖ ਅਧਾਰ ਰਹੇ। 

ਰਾਜਾਸ਼ਾਹੀ ਦੇ ਅੰਤ ਤੱਕ ਨੇਪਾਲੀ ਲੋਕਾਂ ਦੀ ਪ੍ਰਧਾਨ ਵਿਰੋਧਤਾਈ ਜਗੀਰਦਾਰੀ ਨਾਲ਼ ਸੀ। ਇਹ ਸਪੱਸ਼ਟ ਹੈ ਕਿ ਰਾਜਸ਼ਾਹੀ ਦੇ ਅੰਤ ਤੋਂ ਬਾਅਦ, ਨੇਪਾਲੀ ਲੋਕਾਂ ਦੀ ਪ੍ਰਧਾਨ ਵਿਰੋਧਤਾਈ ਬਦਲ ਗਈ ਹੈ ਅਤੇ ਹੁਣ ਇਹ ਵਿਰੋਧਤਾਈ ਸਾਮਰਾਜਵਾਦ ਅਤੇ ਵਿਸਤਾਰਵਾਦ ਨਾਲ਼ ਹੈ। ਦੂਸਰੇ ਸ਼ਬਦਾਂ ਵਿੱਚ, ਗਿਰਿਜਾ ਪ੍ਰਸਾਦ ਕੋਇਰਾਲਾ ਦਾ ਅੰਤ, ਸਾਮਰਾਜਵਾਦ ਅਤੇ ਵਿਸਤਾਰਵਾਦ ਖਿਲਾਫ਼ ਨੇਪਾਲੀ ਲੋਕਾਂ ਦੇ ਕੌਮੀ ਸੰਘਰਸ਼ ਦੀ ਇੱਕ ਮਹੱਤਵਪੂਰਨ ਘਟਨਾ ਹੈ। 

ਗਣਤੰਤਰ ਦੀ ਸਥਾਪਨਾ ਬਾਅਦ ਇਨਕਲਾਬ ਦਾ ਉਸ ਸਮੇਂ ਦਾ ਟੀਚਾ ਬਦਲ ਗਿਆ ਹੈ ਅਤੇ ਉਸੇ ਅਨੁਸਾਰ ਇਨਕਲਾਬ ਦੇ ਮਿੱਤਰਾਂ ਅਤੇ ਦੁਸ਼ਮਣਾਂ ਦਾ ਸਮੀਕਰਨ ਵੀ ਬਦਲਿਆ ਹੈ। ਸਪੱਸ਼ਟ ਰੂਪ ਵਿੱਚ ਹੁਣ ਮਿੱਤਰ, ਦੁਸ਼ਮਣਾਂ ਵਿੱਚ ਬਦਲ ਗਏ ਹਨ ਅਤੇ ਦੁਸ਼ਮਣ, ਮਿੱਤਰ ਬਣ ਗਏ ਹਨ। ਜਗੀਰਦਾਰੀ ਅਤੇ ਸਾਮਰਾਜਵਾਦ ਦੇ ਦੋ ਵਿਸ਼ਾਲ ਪਹਾੜਾਂ ਵਿੱਚੋਂ ਇੱਕ—ਜਗੀਰਦਾਰੀ—ਦੇ ਵੱਡੇ ਪਹਾੜ ਨੂੰ ਨੇਪਾਲੀ ਲੋਕਾਂ ਨੇ ਤਬਾਹ ਕਰ ਦਿੱਤਾ ਹੈ। ਹੁਣ ਨੇਪਾਲੀ ਲੋਕਾਂ ਸਾਹਮਣੇ ਸਾਮਰਾਜਵਾਦ ਅਤੇ ਵਿਸਤਾਰਵਾਦ ਦੀ ਭਿਅੰਕਰ ਅਤੇ ਵਿਰਾਟ ਚੱਟਾਨ ਹੈ। ਬੀਤੇ ਚਾਰ ਮਹੀਨਿਆਂ ਦੌਰਾਨ ਨੇਕਪਾ (ਮਾਓਵਾਦੀ) ਨੂੰ ਸਰਕਾਰ ਬਣਾਉਣ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਇਸੇ ਦਾ ਨਤੀਜਾ ਸਨ।

ਨੇਪਾਲੀ ਲੋਕਾਂ ਨੇ ਜਗੀਰਦਾਰੀ ਨੂੰ ਹਰਾ ਕੇ ਲੋਕਤੰਤਰ ਦੇ ਘੋਲ਼ ਨੂੰ ਕਾਫ਼ੀ ਹੱਦ ਤੱਕ ਜਿੱਤ ਲਿਆ ਹੈ, ਪਰ ਅਜੇ ਇਸਨੂੰ ਸੰਸਥਾਗਤ ਰੂਪ ਦੇਣ ਦਾ ਕੰਮ ਬਾਕੀ ਹੈ। ਭਾਵੇਂ, ਪੂਰਨ ਖੁਦਮੁਖਤਿਆਰ ਕੌਮਵਾਦ ਲਈ ਘੋਲ਼ ਕਰਨਾ ਅਤੇ ਜਿੱਤਣਾ ਅਜੇ ਬਾਕੀ ਹੈ। ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਸੰਘਰਸ਼ ਦਾ ਖਾਸਾ ਅਤੇ ਪੱਧਤੀ ਕੀ ਹੋਵੇਗੀ। ਫਿਰ ਵੀ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੌਮਵਾਦ ਦੇ ਘੋਲ਼ ਦਾ ਖਾਸਾ ਕੌਮੀ ਹੀ ਹੋਵੇਗਾ ਅਤੇ ਇਹ ਵੱਧ ਗੁੰਝਲਦਾਰ ਅਤੇ ਵੱਧ ਤਿੱਖਾ ਹੋਵੇਗਾ। ਅਜਿਹੀ ਹਾਲਤ ਵਿੱਚ ਪਾਰਟੀ ਦੀ ਰਾਜਨੀਤਿਕ ਲਾਈਨ ਵੀ ਉਸੇ ਦਿਸ਼ਾ ਵਿੱਚ ਸੇਧਿਤ ਹੋਵੇਗੀ। 

ਸਾਮਰਾਜਵਾਦ-ਵਿਸਤਾਰਵਾਦ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਹਮਾਇਤ ਬਿਨਾਂ ਲੋਕਤੰਤਰ ਲਈ ਘੋਲ਼ ਵਿੱਚ ਜਿੱਤ ਪ੍ਰਾਪਤ ਕਰਨਾ ਸੰਭਵ ਨਹੀਂ ਸੀ। ਇਸਲਈ, ਬਾਰਾਂ ਨੁਕਾਤੀ ਸਮਝੌਤੇ ਨੂੰ ਮੀਲ ਦਾ ਪੱਥਰ ਕਿਹਾ ਗਿਆ ਹੈ। ਰਾਜਾਸ਼ਾਹੀ ਦੇ ਅੰਤ ਤੱਕ, ਨੇਪਾਲੀ ਕਾਂਗਰਸ-ਜਿਸਦਾ ਸਾਮਰਾਜਵਾਦ ਅਤੇ ਵਿਸਤਾਰਵਾਦ ਨਾਲ਼ ਨੇੜਲਾ ਰਿਸ਼ਤਾ ਹੈ—ਜੇਹੀਆਂ ਮਾਓਵਾਦ ਦੀਆਂ ਕੱਟੜ ਵਿਰੋਧੀ ਤਾਕਤਾਂ ਨੂੰ ਅਗਵਾਈ ਦੇਣਾ ਕੋਈ ਛੋਟੀ ਸਫਲਤਾ ਨਹੀਂ ਹੈ। ਇਸ ਸਫਲਤਾ ਨੇ, ਸੰਸਦੀ ਪਾਰਟੀਆਂ ਨਾਲ਼ ਗੱਠਜੋੜ ਕਰਨ, ਗੱਲਬਾਤ, ਗੋਲਮੇਜ ਸੰਮੇਲਨ, ਅੰਤਰਿਮ ਸਰਕਾਰ ਨੂੰ ਅੱਗੇ ਵਧਾਉਣ ਅਤੇ ਸੰਵਿਧਾਨ ਸਭਾ ਰਾਹੀਂ ਜਮਹੂਰੀ ਗਣਤੰਤਰ ਦੀ ਪ੍ਰਾਪਤੀ ਲਈ ਦੂਸਰੀ ਕੌਮੀ ਕਾਨਫਰੰਸ ਦੁਆਰਾ ਘੜੀ ਗਈ ਅਤੇ ਕੇਂਦਰੀ ਕਮੇਟੀ ਦੀ ਚੁਨਵਾਂਗ ਮੀਟਿੰਗ ਰਾਹੀਂ ਤੈਅ ਕੀਤੀ ਗਈ ਰਾਜਨੀਤਿਕ ਲਾਈਨ ਦੇ ਸਹੀ ਹੋਣ ਨੂੰ ਸਾਬਿਤ ਕੀਤਾ ਹੈ। 

ਸੰਵਿਧਾਨ ਸਭਾ ਦੀਆਂ ਚੋਣਾਂ ਬਾਅਦ ਤੇਜ਼ੀ ਨਾਲ਼ ਬਦਲਦੇ ਹਾਲਾਤਾਂ ਕਾਰਨ ਇਨਕਲਾਬੀ ਸਫ਼ਾਂ ਵਿੱਚ ਪ੍ਰਤਿਕਿਰਿਆ ਦੇ ਕਈ ਸੁਰ ਉੱਭਰੇ ਅਤੇ ਇੱਕ ਪ੍ਰਕਾਰ ਦੀ ਸਨਸਨੀ ਫੈਲ਼ ਗਈ। ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀਆਂ ਚੋਣਾਂ ਅਤੇ ਯੂ. ਐੱਮ. ਐੱਲ. ਨਾਲ਼ ਗੱਠਜੋੜ ਦੇ ਉਪਰੰਤ ਪਾਰਟੀ ਵਿੱਚ ਹੋਰ ਵੱਧ ਉੱਥਲ-ਪੁੱਥਲ ਅਤੇ ਸਨਸਨੀ ਫੈਲ ਗਈ। ਸਭ ਤੋਂ ਵੱਧ ਮਹੱਤਵਪੂਰਨ ਸਵਾਲ, ਜਿਸਨੇ ਪਾਰਟੀ ਦੀਆਂ ਆਮ ਸਫ਼ਾਂ ਨੂੰ ਝੰਜੋੜਿਆ, ਇਹ ਸੀ ਕਿ ਸਾਨੂੰ ਸਰਕਾਰ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਜਾਂ ਨਹੀਂ?

ਸਾਨੂੰ ਉਪਰੋਕਤ ਸਵਾਲਾਂ ਦੇ ਜਵਾਬ ਅੰਸ਼ ਵਿੱਚ ਨਹੀਂ, ਸਗੋਂ ਸਮੁੱਚਤਾ ਵਿੱਚ ਅਤੇ ਰੂਪ ਦੀ ਬਜਾਇ ਤੱਤ ਵਿੱਚ ਲੱਭਣੇ ਹੋਣਗੇ। ਇਨ੍ਹਾਂ ਸਵਾਲਾਂ ਦੇ ਜਵਾਬ ਪਾਰਟੀ ਰਾਹੀਂ ਤੈਅ ਕੀਤੀ ਗਈ ਯੁੱਧਨੀਤੀ ਵਿੱਚ ਨਿਹਿਤ ਹਨ, ਉਸਦੇ ਦਾਅਪੇਚਾਂ ਵਿੱਚ ਨਹੀਂ। ਇਨਕਲਾਬ ਕਦੇ ਸਿੱਧੀ ਰੇਖਾ ਵਿੱਚ ਨਹੀਂ ਵੱਧਦਾ। ਇਨਕਲਾਬ ਦਾ ਵਿਕਾਸ ਕਈ ਵਾਰ ਅੱਗੇ-ਪਿੱਛੇ ਹੁੰਦੇ ਹੋਏ, ਜਿੱਤਾਂ-ਹਾਰਾਂ, ਹਮਲਿਆਂ-ਸੁਰੱਖਿਆ ਦੇ ਸਿਲਸਿਲੇ ‘ਚੋਂ ਗੁਜ਼ਰਦੇ ਹੋਏ ਹੁੰਦਾ ਹੈ। ਸੰਖਿਆ ਦੇ ਹਿਸਾਬ ਨਾਲ਼, ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਦੀ ਉਮੀਦਵਾਰ ਦੀ ਹਾਰ ਨੂੰ ਇਸੇ ਰੋਸ਼ਨੀ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਨਾਲ਼ ਹੀ, ਇੱਕ ਪਲ ਲਈ ਵੀ ਇਹ ਨਹੀਂ ਭੁਲਾਇਆ ਜਾ ਸਕਦਾ ਕਿ ਸਾਮਰਾਜਵਾਦ ਥੱਕ ਕੇ ਬੈਠ ਨਹੀਂ ਗਿਆ ਹੈ। ਇਹ ਨਿਰਾਸ਼ਾ ਵਿੱਚ ਇਨਕਲਾਬ ਅਤੇ ਮਾਓਵਾਦੀ ਪਾਰਟੀ ਨੂੰ ਨਸ਼ਟ ਕਰਨ ਅਤੇ ਪੀ. ਐੱਲ. ਏ. ਨੂੰ ਨਿਹੱਥੇ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਅਸੀਂ ਸੰਵਿਧਨ ਸਭਾ ਦੀਆਂ ਚੋਣਾਂ ਵਿੱਚ ਸਾਮਰਾਜਵਾਦ ‘ਤੇ ਕਰਾਰੀ ਸੱਟ ਮਾਰਦੇ ਹੋਏ ਉਸਨੂੰ ਰੱਖਿਆਤਮਕ ਪੈਂਤੜਾ ਅਪਨਾਉਣ ਨੂੰ ਮਜ਼ਬੂਰ ਕਰ ਦਿੱਤਾ। ਇਸਦੇ ਬਾਅਦ, ਉਹ ਸਾਨੂੰ ਧੋਖਾ ਦੇਣ ਵਿੱਚ ਕੁੱਝ ਹੱਦ ਤੱਕ ਸਫਲ ਵੀ ਹੋਏ। ਉਨ੍ਹਾਂ ਨੇ ਹਮਲੇ ਵਾਲ਼ਾ ਵਤੀਰਾ ਅਪਣਾ ਲਿਆ ਸੀ ਅਤੇ ਅਸੀਂ ਰੱਖਿਆਤਮਕ ਹਾਲਤ ਵਿੱਚ ਆ ਗਏ ਸੀ। ਇਨਕਲਾਬ ਦਾ ਇਹੀ ਨਿਯਮ ਹੈ। ਲਗਾਤਾਰ ਜਿੱਤ ਅਤੇ ਲਗਾਤਾਰ ਹਾਰ ਦੋਵੇਂ ਹੀ ਸੰਭਵ ਨਹੀਂ ਹਨ। ਭਾਵੇਂ, ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਅਹੁਦੇ ਲਈ ਚੋਣਾਂ ਵਿੱਚ ਸਾਡੇ ਉਮੀਦਵਾਰਾਂ ਦੀ ਹਾਰ ਹੋਈ, ਫਿਰ ਵੀ ਜਿੱਤ ਸਾਡੀ ਵਿਚਾਰਧਾਰਾ ਦੀ ਹੀ ਹੋਈ ਹੈ ਕਿਉਂਕਿ ਇਸ ਘਟਨਾ ਚੱਕਰ ਨੇ ਅਸਲੀ ਕੌਮਵਾਦੀ ਤਾਕਤਾਂ ਵਿੱਚ ਨੇਪਾਲੀ ਕਾਂਗਰਸ ਖਿਲਾਫ਼ ਨਫ਼ਰਤ ਦੇ ਬੀਜ ਬੋ ਦਿੱਤੇ ਹਨ। ਇਸਨੇ ਵਿਰੋਧਤਾਈ ਨੂੰ ਸਤਹ ‘ਤੇ ਲਿਆਉਣ ਵਿੱਚ ਸਹਾਇਤਾ ਕੀਤੀ ਹੈ, ਮਧੇਸ਼ ਵਿੱਚ ਅਸਲੀ ਕਿਰਤੀ ਅਵਾਮ ਦਾ ਸਾਡੀ ਪਾਰਟੀ ਵਿੱਚ ਵਿਸ਼ਵਾਸ ਵਧਾਇਆ ਹੈ ਅਤੇ ਨੇਪਾਲੀ ਕਾਂਗਰਸ ਦੀ ਸੱਤ੍ਹਾ ਦੀ ਭੁੱਖ ਨੂੰ ਵੀ ਉਜਾਗਰ ਕੀਤਾ ਹੈ। ਇਸੇ ਵਜ੍ਹਾ ਨਾਲ਼, ਸੰਖਿਆ ਦੇ ਖੇਡ ਵਿੱਚ ਪਾਰਟੀ ਦੀ ਹਾਰ ਦੇ ਬਾਵਜੂਦ ਇਸਨੂੰ ਅਸੀਂ ਪਾਰਟੀ ਦੀ ਵੱਡੀ ਵਿਚਾਰਧਾਰਕ ਜਿੱਤ ਕਹਿ ਰਹੇ ਹਾਂ। ਆਉਣ ਵਾਲ਼ੇ ਦਿਨਾਂ ਵਿੱਚ ਇਹ ਕੌਮਵਾਦ ਦੇ ਘੋਲ਼ ਵਿੱਚ ਅਧਾਰ ਦਾ ਕੰਮ ਕਰੇਗੀ। ਕਾ. ਪ੍ਰਚੰਡ ਦੀ ਜਿੱਤ ਨੇ, ਇੱਕ ਵਾਰ ਫਿਰ, ਸਾਮਰਾਜਵਾਦੀਆਂ ਨੂੰ ਰੱਖਿਆਤਮਕ ਪੈਂਤੜਾ ਅਪਣਾਉਣ ਲਈ ਮਜਬੂਰ ਕਰਦੇ ਹੋਏ ਉਨ੍ਹਾਂ ਦੀ ਯੁੱਧਨੀਤੀ ਨੂੰ ਬੇਕਾਰ ਕਰ ਦਿੱਤਾ ਹੈ। ਇਸ ਨਾਲ਼ ਪਾਰਟੀ ਹਮਲੇ ਦੀ ਸਥਿਤੀ ਵਿੱਚ ਆ ਗਈ ਹੈ। 
ਇਸ ਗੱਲੋਂ ਇਨਕਾਰ ਨਹੀਂ ਹੈ ਕਿ ਸਾਮਰਾਜਵਾਦ ਅਤੇ ਵਿਸਤਾਰਵਾਦ ਨੇਪਾਲੀ ਇਨਕਲਾਬ ਦੀ ਰਾਹ ਦੀਆਂ ਰੁਕਾਵਟਾਂ ਹਨ। ਪਾਰਟੀ ਨੇ ਲੋਕਯੁੱਧ ਆਰੰਭ ਹੋਣ ਤੋਂ ਪਹਿਲਾਂ ਹੀ ਇਨਕਲਾਬ ਦੇ ਦੋ ਮੁੱਖ ਦੁਸ਼ਮਣਾਂ ਦੇ ਰੂਪ ਵਿੱਚ ਸਾਮਰਾਜਵਾਦ ਅਤੇ ਵਿਸਤਾਰਵਾਦ ਨੂੰ ਟਿੱਕ ਲਿਆ ਸੀ। ਪਾਰਟੀ ਦੀ ਇਸ ਵਿਗਿਆਨਿਕ ਪੇਸ਼ਕਾਰੀ ਦੀ ਪੁਸ਼ਟੀ ਇਸ ਤੱਥ ਤੋਂ ਹੋ ਜਾਂਦੀ ਹੈ ਕਿ ਅਤੀਤ ਵਿੱਚ ਲੋਕਯੁੱਧ ਨੂੰ ਕੁਚਲਣ ਲਈ ਰਾਜਾਸ਼ਾਹੀ ਨੂੰ ਇਨ੍ਹਾਂ ਤਾਕਤਾਂ ਦੀ ਹਮਾਇਤ ਪ੍ਰਾਪਤ ਹੋਈ ਸੀ। ਜੇਕਰ, 12 ਨੁਕਾਤੀ ਸਮਝੌਤੇ ਤੋਂ ਲੈ ਕੇ ਰਾਸ਼ਟਰਪਤੀ ਚੋਣਾਂ ਤੱਕ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ਮੁੜ ਇਸਦੀ ਪੁਸ਼ਟੀ ਹੋਈ ਹੈ। ਰਾਜਾਸ਼ਾਹੀ ਦੇ ਅੰਤ ਬਾਅਦ, ਜੋ ਕਿ ਵਿਦੇਸ਼ੀ ਪਿਛਾਖੜ ਦਾ ਮੁੱਖ ਸਾਧਨ ਸੀ, ਸਾਮਰਾਜਵਾਦੀ ਤਾਕਤਾਂ ਨੇ ਰਾਜਸੱਤ੍ਹਾ ਦੇ ਖਲਾਅ ਨੂੰ ਭਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰੱਖਿਆ ਹੈ। ਚੋਣਾਂ ਵਿੱਚ ਗਿਰਿਜਾ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਦੀ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਛੱਡਣ ਦੀ ਉਨ੍ਹਾਂ ਦੀ ਇੱਛਾ ਇਹੀ ਰੇਖਾਂਕਿਤ ਕਰਦੀ ਹੈ। 

ਕੇਂਦਰੀ ਸਵਾਲ ਇਹ ਹੈ ਕਿ ਹੁਣ ਇਨਕਲਾਬ ਦਾ ਟੀਚਾ ਕੀ ਹੈ ਅਤੇ ਸੰਘਰਸ਼ ਕਿਸ ਦੇ ਵਿਰੁੱਧ ਅਤੇ ਕਿਵੇਂ ਸ਼ੁਰੂ ਕੀਤਾ ਜਾਵੇ। ਨਿਸ਼ਚਿਤ ਤੌਰ ‘ਤੇ, ਕੌਮਵਾਦ ਲਈ ਘੋਲ਼ ਵਿੱਚ ਘੋਲ਼ ਦਾ ਨਿਸ਼ਾਨਾ ਉਹ ਤਾਕਤਾਂ ਹੋਣਗੀਆਂ ਜੋ ਸਾਮਰਾਜਵਾਦ ਅਤੇ ਵਿਸਤਾਰਵਾਦ ਦੇ ਬਚਾਅ ਵਿੱਚ ਅੱਗੇ ਆਉਣਗੀਆਂ। ਗਿਰਿਜਾ ਨੂੰ ਉਖਾੜ ਸੁੱਟਣ ਵਿੱਚ ਪ੍ਰਾਪਤ ਹੋਈ ਸਫਲਤਾ ਸਾਮਰਾਜਵਾਦ ਵਿਰੁੱਧ ਘੋਲ਼ ਦੀ ਮਹੱਤਵਪੂਰਨ ਕੜੀ ਹੈ। 

ਅਸੀਂ ਪੁਰਾਣੀ ਵਿਰੋਧਤਾਈ ਦੇ ਨਿਖੇਧ ਅਤੇ ਨਵੀਂ ਵਿਰੋਧਤਾਈ ਦੇ ਉਭਾਰ ਦੇ ਸੰਕਰਮਣ ਦੌਰ ‘ਚੋਂ ਲੰਘ ਰਹੇ ਹਾਂ ਇਹ ਪ੍ਰਕਿਰਿਆ ਇੱਕ ਤੈਅ ਸਮੇਂ ਵਿੱਚ ਪੂਰੀ ਹੋਵੇਗੀ। ਇਸ ਸਮੇਂ ਅਤੇ ਇਸ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਨਿੱਕ-ਬੁਰਜੂਆ ਉਤਾਵਲੇਪਣ ਵਿੱਚ ਸੰਘਰਸ਼ ਜਾਂ ਉਭਾਰ ਦੀ ਜਾਂ ਸ਼ਾਂਤੀ ਪ੍ਰਕਿਰਿਆ ਤੋਂ ਹਟਣ ਦੀ ਗੱਲ ਕਰਨਾ ਆਤਮਘਾਤੀ ਹੋਵੇਗਾ ਆਉਣ ਵਾਲ਼ੇ ਸਮੇਂ ਵਿੱਚ ਸੰਪੂਰਨ ਘੋਲ਼ ਦੇ ਨਾਲ਼-ਨਾਲ਼ ਕੌਮਵਾਦ ਦੇ ਘੋਲ਼ ਨੂੰ ਅੱਗੇ ਵਧਾਉਣ ਲਈ ਕੇਵਲ ਕੌਮੀ ਪੱਧਰ ‘ਤੇ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਵਿਸ਼ਾਲ ਧਰੁਵੀਕਰਨ ਅਤੇ ਗੱਠਜੋੜ ਦੀ ਜ਼ਰੂਰਤ ਹੈ। ਇਹ ਪੜਾਅ ਦੇਸ਼ਭਗਤ, ਜਮਹੂਰੀ ਅਤੇ ਖੱਬੀਆਂ ਤਾਕਤਾਂ ਨਾਲ਼ ਗੱਠਜੋੜ ਦੀ ਜ਼ਰੂਰਤ ਹੈ। ਇਹ ਪੜਾਅ ਦੇਸ਼ਭਗਤ, ਜਮਹੂਰੀ ਅਤੇ ਖੱਬੀਆਂ ਤਾਕਤਾਂ ਨਾਲ਼ ਗੱਠਜੋੜ ਕਰਨ ਦਾ ਹੈ। ਇਹ ਸਰਕਾਰ ਵਿੱਚ ਸ਼ਾਮਿਲ ਹੋ ਕੇ ਜਾਂ ਸਰਕਾਰ ਤੋਂ ਬਾਹਰ ਰਹਿ ਕੇ, ਦੋਵੇਂ ਤਰੀਕਿਆਂ ਨਾਲ਼ ਬਰਾਬਰ ਰੂਪ ‘ਚ ਕੀਤਾ ਜਾ ਸਕਦਾ ਹੈ। ਅਜਿਹਾ ਨਹੀਂ ਹੈ ਕਿ ਪਾਰਟੀ ਸਰਕਾਰ ਵਿੱਚ ਸ਼ਾਮਿਲ ਹੋਵੇਗੀ ਜਾਂ ਸ਼ਾਮਿਲ ਨਹੀਂ ਹੋਵੇਗੀ ਤਾਂ ਉਹ ‘ਖ਼ਤਮ’ ਹੋ ਜਾਵੇਗੀ। ਸਰਕਾਰ ਵਿੱਚ ਸ਼ਾਮਿਲ ਹੋਇਆ ਜਾਵੇ ਜਾਂ ਨਾ ਹੋਇਆ ਜਾਵੇ ਇਸਦੀ ਬਹਿਸ ਸ਼ੁਰੂ ਕਰਨ ਨਾਲ਼ੋਂ ਵੱਧ ਮਹੱਤਵਪੂਰਨ ਅਤੇ ਢੁੱਕਵਾਂ ਇਸ ‘ਤੇ ਚਰਚਾਵਾਂ ਦੀ ਸ਼ੁਰੂਆਤ ਕਰਨਾ ਹੋਵੇਗਾ ਕਿ ਭਵਿੱਖ ਵਿੱਚ ਅਸੀਂ ਇਨਕਲਾਬ ਦੇ ਬਹੁ-ਪੱਖੀ ਮੋਰਚਿਆਂ ਦੀ ਲਾਮਬੰਦੀ ਅਤੇ ਮੋਰਚੇ ਦੀ ਸ਼ੁਰੂਆਤ ਕਰ ਸਕਾਂਗੇ ਜਾਂ ਨਹੀਂ। ਸਰਕਾਰ ਵਿੱਚ ਸ਼ਾਮਿਲ ਹੋਣ ਜਾਂ ਨਹੀਂ ਹੋਣ ਦੇ ਸਵਾਲ ਨਾਲ਼ੋਂ ਵੱਧ ਮਹੱਤਵਪੂਰਨ ਸਵਾਲ ਇਹ ਹੈ ਕਿ ਅਸੀਂ ਇਨਕਲਾਬੀ ਤਾਕਤਾਂ ਅਤੇ ਉਲਟ-ਇਨਕਲਾਬੀ ਤਾਕਤਾਂ ਦਾ ਤਿੱਖਾ ਧਰੁਵੀਕਰਨ ਕਰ ਸਕਣ ਵਿੱਚ ਯੋਗ ਹੋਵਾਂਗੇ ਜਾਂ ਨਹੀਂ। 

ਸਰਕਾਰ ਵਿੱਚ ਸ਼ਾਮਿਲ ਹੋਣ ਜਾਂ ਨਾ ਹੋਣ ਦਾ ਸਵਾਲ ਸਿਧਾਂਤਕ ਸਵਾਲ ਨਹੀਂ ਹੈ। ਇਹ ਇੱਕ ਦਾਅਪੇਚਕ ਸਵਾਲ ਹੈ। ਜੇਕਰ ਸਰਕਾਰ ਵਿੱਚ ਸਾਮਿਲ ਹੋਣ ਨਾਲ਼ ਸਾਨੂੰ ਭਾਵੀ ਇਨਕਲਾਬ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਮਿਲ਼ਦੀ ਹੈ, ਇਸ ਨਾਲ਼ ਜਮਹੂਰੀਅਤ ਹਾਸਿਲ ਕਰਨ ਦਾ ਰਾਹ ਪੱਧਰਾ ਹੁੰਦਾ ਹੈ, ਕੌਮਵਾਦ ਦੇ ਘੋਲ਼ ਵਿੱਚ ਜਿੱਤ ਯਕੀਨੀ ਹੁੰਦੀ ਹੈ ਜਾਂ ਇਸ ਨਾਲ਼ ਇਨਕਲਾਬ, ਨਵਜਹੂਰੀ ਇਨਕਲਾਬ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵੱਧਦਾ ਹੈ, ਤਾਂ ਸਰਕਾਰ ਵਿੱਚ ਸ਼ਮੂਲੀਅਤ ਕਰਨਾ ਸਹੀ ਹੈ, ਨਹੀਂ ਤਾਂ ਅਜਿਹਾ ਕਰਨਾ ਗਲਤ ਹੋਵੇਗਾ। ਜੇਕਰ ਅਸੀਂ ਇਨਕਲਾਬ ਦੀ ਨਵੀਂ ਯੋਜਨਾ, ਨੀਤੀ ਅਤੇ ਪ੍ਰੋਗਰਾਮ ਬਣਾਉਣ ਅਤੇ ਬਦਲੀਆਂ ਹੋਈਆਂ ਹਾਲਤਾਂ ਦੇ ਅਨੁਸਾਰੀ ਨਵੀਂ ਰਾਜਨੀਤਿਕ ਅਤੇ ਫ਼ੌਜੀ ਲੀਹ ਘੜਨ ਵਿੱਚ ਅਸਫਲ ਰਹਿੰਦੇ ਹਾਂ ਤਾਂ ਅਸੀਂ ਸਰਕਾਰ ਵਿੱਚ ਸ਼ਾਮਿਲ ਨਾ ਹੋਣ ‘ਤੇ ਵੀ ਇਨਕਲਾਬ ਨੂੰ ਅੱਗੇ ਨਹੀਂ ਵਧਾ ਸਕਦੇ। ਜੇਕਰ ਅਸੀਂ ਸਰਕਾਰ ਵਿੱਚ ਰਹਿੰਦੇ ਹੋਏ ਵੀ ਜਮਾਤੀ ਘੋਲ਼ ਨੂੰ ਧਾਰਦਾਰ ਅਤੇ ਤੇਜ਼ ਕਰ ਸਕਦੇ ਹਾਂ, ਤਾਂ ਅਸੀਂ ਇਨਕਲਾਬ ਦੇ ਰਸਤੇ ‘ਤੇ ਅੱਗੇ ਵਧ ਸਕਦੇ ਹਾਂ। 

—ਲਕਸ਼ਮਣ ਪੰਤ
ਮੈਂਬਰ-ਵਿਦੇਸ਼ ਬਿਊਰੋ
ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ)

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s