ਕੋਬਾਦ ਗਾਂਧੀ ਖੱਬੀ ਮਾਅਰਕੇਬਾਜ਼ੀ ਤੋਂ ਸੁਧਾਰਵਾਦ ਵੱਲ -ਸੁਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 

 ਲੈਨਿਨ ਨੇ ਕਿਹਾ ਸੀ ਕਿ ਖੱਬੀ ਮਾਅਰਕੇਬਾਜ਼ੀ ਅਤੇ ਸੱਜੀ ਮੌਕਾਪ੍ਰਸਤੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਅਕਸਰ ਵਿਅਕਤੀ ਜਾਂ ਜੱਥੇਬੰਦੀਆਂ ਜਦੋਂ ਖੱਬੀ ਮਾਅਰਕੇਬਾਜ਼ੀ ਦਾ ਲੜ ਛੱਡਦੀਆਂ ਹਨ ਤਾਂ ਉਨ੍ਹਾਂ ਦਾ ਪੈਂਡੂਲਮ ਸੱਜੀ ਮੌਕਾਪ੍ਰਸਤੀ ਦੇ ਸਿਰੇ ਜਾ ਲਗੱਦਾ ਹੈ। ਨਕਸਲਬਾੜੀ ਲਹਿਰ ਤੋਂ ਬਾਅਦ ਹੋਂਦ ਵਿੱਚ ਆਏ ਮਾਰਕਸਵਾਦੀ-ਲੈਨਿਨਵਾਦੀ ਖੇਮੇ ਦੀਆਂ ਅਨੇਕਾਂ ਜੱਥੇਬੰਦੀਆਂ ਦੇ ਸੰਦਰਭ ਵਿੱਚ ਅਸੀਂ ਇਹ ਪਹਿਲਾਂ ਹੀ ਦੇਖ ਚੁੱਕੇ ਹਾਂ। ਇਸ ਰੁਝਾਨ ਦੀ ਇੱਕ ਉੱਘੀ ਉਦਾਹਰਣ ਭਾਕਮਾ (ਮਾਲੇ) ਲਿਬਰੇਸ਼ਨ ਹੈ ਜਿਸ ਨੇ ਚਾਰੂ ਮਜੂਮਦਾਰ ਦੀ ਖੱਬੀ ਮਾਅਰਕੇਬਾਜ਼ ਲੀਹ ਉੱਪਰ ਅਮਲ ਬਹੁਤ ਲੰਬਾ ਸਮਾਂ ਜਾਰੀ ਰੱਖਿਆ ਅਤੇ ਫਿਰ 1970ਵਿਆਂ ਦੇ ਅੰਤ ਤੋਂ ਵਿਨੋਦ ਮਿਸ਼ਰਾ ਦੀ ਅਗਵਾਈ ਵਿੱਚ ਇਹ ਪਾਰਟੀ ਸਿੱਧਾ ਪਾਰਲੀਮਾਨੀਵਾਦ ਦੀ ਦਲਦਲ ਵਿੱਚ ਜਾ ਧਸੀ। ਲੱਗਦਾ ਹੈ ਇਹਨੀਂ ਦਿਨੀਂ ਤਿਹੜ ਜੇਲ੍ਹ ਵਿੱਚ ਬੰਦ ਭਾਕਪਾ (ਮਾਓਵਾਦੀ) ਦੇ ਉੱਘੇ ਸਿਧਾਂਤਕਾਰ ਕੋਬਾਦ ਗਾਂਧੀ ਨੇ ਵੀ ਹੁਣ ਆਪਣੀ ਪਾਰਟੀ ਦੀ ਖੱਬੀ ਮਾਅਰਕੇਬਾਜ਼ ਲੀਹ ਨੂੰ ਅਲਵਿਦਾ ਆਖ ਸੁਧਾਰਵਾਦ ਜਾਂ ਸੱਜੀ ਮੌਕਾਪ੍ਰਸਤੀ ਦਾ ਰਾਹ ਫੜ ਲਿਆ ਹੈ। ਪਟਨਾ ਤੋਂ ਪ੍ਰਕਾਸ਼ਿਤ ਹੋਣ ਵਾਲ਼ੇ ਹਿੰਦੀ ਰਸਾਲੇ ਫਿਲਹਾਲ ਵਿੱਚ ਛਪਿਆ ਉਨ੍ਹਾਂ ਦਾ ਲੇਖ ‘ਭਾਰਤੀ ਅਰਥਚਾਰਾ – ਡਗਮਗਉਂਦੇ ਘੋੜੇ ਦੀ ਸਰਪਟ ਦੌੜ’ (ਫਿਲਹਾਲ ਅਕਤੂਬਰ-ਨਵੰਬਰ 2012) ਕੁਝ ਇਸੇ ਤਰ੍ਹਾਂ ਦਾ ਇਸ਼ਾਰਾ ਕਰਦਾ ਹੈ। ਆਪਣੇ ਇਸ ਲੇਖ ਵਿੱਚ ਕੋਬਾਦ ਗਾਂਧੀ ਭਾਰਤੀ ਹਾਕਮ ਜਮਾਤ ਦੇ ਆਰਥਿਕ ਸਲਾਹਕਾਰ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਇੰਝ ਜਾਪਦਾ ਹੈ ਜਿਵੇਂ ਕਿ ਉਨ੍ਹਾਂ ਅੰਦਰ ਪ੍ਰਭਾਤ ਪਟਨਾਇਕ ਦੀ ਆਤਮਾ ਦਾਖਲ ਹੋ ਗਈ ਹੋਵੇ। ਹਾਂ ਇਹ ਇੱਕ ਵੱਖਰਾ ਸਵਾਲ ਹੈ ਕਿ ਇੱਕ ਅਰਥਸ਼ਾਸਤਰੀ ਦੇ ਰੂਪ ‘ਚ ਕੋਬਾਦ ਗਾਂਧੀ ਪ੍ਰਭਾਤ ਪਟਨਾਇਕ ਦੇ ਮੁਕਾਬਲੇ ‘ਚ ਕਿੱਥੇ ਕੁ ਖੜ੍ਹਦੇ ਹਨ?

ਆਪਣੇ ਉਪਰੋਕਤ ਲੇਖ ਵਿੱਚ ਕੋਬਾਦ ਭਾਰਤੀ ਅਰਥਚਾਰੇ ਦੀ ਸੰਕਟਗ੍ਰਸਤ ਸਥਿਤੀ ਅਤੇ ਉਸ ਦੇ ”ਬੁਨਿਆਦੀ” ਕਾਰਨਾਂ ਦੀ ਚਰਚਾ ਕਰਦੇ ਹਨ। ਇਸ ਸੰਕਟਗ੍ਰਸਤ ਸਥਿਤੀ ‘ਚੋਂ ਉੱਭਰਨ ਲਈ ਉਹ ਭਾਰਤ ਦੇ ਹੁਕਮਰਾਨਾਂ ਨੂੰ ਆਪਣੇ ‘ਅਮੁੱਲੇ’ ਸੁਝਾਅ ਦਿੰਦੇ ਹਨ (ਜਿਵੇਂ ਭਾਰਤੀ ਹਾਕਮਾਂ ਕੋਲ਼ ਅਜੇਹੇ ਸਲਾਹਕਾਰਾਂ ਦੀ ਕਮੀ ਹੋਵੇ), ਅਤੇ ਸੰਕਟਗ੍ਰਸਤ ਸਥਿਤੀ ਕਾਰਨ ਭਾਰਤੀ ਹਾਕਮਾਂ ਅਤੇ ਇਸ ਲੁਟੇਰੇ ਢਾਂਚੇ ਨੂੰ ਦਰਪੇਸ਼ ਖਤਰਿਆਂ ਤੋਂ ਸਾਵਧਾਨ ਕਰਦੇ ਹਨ (ਇਹ ਕੰਮ ਤਾਂ ਪ੍ਰਭਾਤ ਪਟਨਾਇਕ, ਸੀ. ਪੀ. ਚੰਦਰਸ਼ੇਖਰ, ਜਯਾਤੀ ਘੋਸ਼ ਅਤੇ ਹੋਰ ਕੀਨਸਵਾਦੀ ਅਰਥਸ਼ਾਸਤਰੀ ਕਰ ਹੀ ਰਹੇ ਸਨ, ਜਿਨ੍ਹਾਂ ਦੀ ਸਲਾਹਾਂ ਅਤੇ ਚੇਤਾਵਾਨੀਆਂ ‘ਤੇ ਭਾਰਤੀ ਹਾਕਮ ਰਤਾ ਵੀ ਧਿਆਨ ਨਹੀਂ ਦੇ ਰਹੇ)।

ਕੋਬਾਦ ਦੇ ਚਰਚਾ ਅਧੀਨ ਲੇਖ ‘ਚ ਭਾਰਤੀ ਅਰਥਚਾਰੇ ਦੇ ਸੰਕਟ ਦਾ ਵਿਸ਼ਲੇਸ਼ਣ ਬੇਹੱਦ ਸਤੱਹੀ ਹੈ। ਉਹ ਸਰਮਾਏਦਾਰਾ ਸੰਕਟ ਦੇ ਮਾਰਕਸਵਾਦੀ ਸਿਧਾਂਤ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਕੇ ਲੰਘਦੇ ਹਨ। ਉਹ ਭਾਰਤੀ ਅਰਥਚਾਰੇ ਦੀ ਸੰਕਟਗ੍ਰਸਤ ਸਥਿਤੀ ਦੀ ਤਹਿ ਤੱਕ ਪਹੁੰਚਣ ਦੀ ਬਜਾਏ ਪ੍ਰਭਾਵਾਂ ਨੂੰ ਹੀ ਕਾਰਨ ਬਣਾ ਕੇ ਪੇਸ਼ ਕਰਦੇ ਹਨ।

ਆਪਣੇ ਲੇਖ ਦੀ ਸ਼ੁਰੂਆਤ ਕੋਬਾਦ ਗਾਂਧੀ ਕੇਂਦਰੀ ਮੰਤਰੀ ਮੰਡਲ ਦੇ ਬਾਹਰਵੀਂ ਪੰਜ ਸਾਲਾਂ ਯੋਜਨਾ ਦੇ ਅਪ੍ਰੋਚ ਪੇਪਰ ਦੇ ਸੋਹਲੇ ਗਾਉਣ ਨਾਲ਼ ਕਰਦੇ ਹਨ। ਉਨ੍ਹਾਂ ਦੇ ਸ਼ਬਦਾਂ ‘ਚ: ”ਬਾਰ੍ਹਵੀਂ ਯੋਜਨਾ ਦੇ ਲਈ ਘੜਿਆ ਗਿਆ ਨਾਹਰਾ ਸੀ ‘ਤੇਜ਼, ਟਿਕਾਊ ਅਤੇ ਵਧੇਰੇ ਸਮਾਵੇਸ਼ੀ ਵਾਧਾ ਦਰ’ (Inclusive Growth)।” ਆਪਣੇ ਬਜਟ ਭਾਸ਼ਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਬਜਟ ਦਾ ਮੁੱਖ ਮਕਸਦ ਸੰਕਟ ਤੋਂ ਉੱਭਰਨ ਲਈ ਘਰੇਲੂ ਮੰਗ ‘ਤੇ ਅਧਾਰਿਤ ਵਾਧਾ ਦਰ ਉੱਪਰ ਜ਼ੋਰ ਦੇਣਾ ਸੀ। ਚਾਹੇ ਕੋਈ ‘ਸਮਾਵੇਸ਼ੀ ਵਾਧਾ ਦਰ’ ਕਹੇ ਜਾਂ ‘ਘਰੇਲੂ ਮੰਗ ਅਧਾਰਿਤ ਵਾਧਾ ਦਰ’ ਦੋਨਾਂ ਦਾ ਮਤਲਬ ਇੱਕ ਹੀ ਹੈ। ਲੋਕਾਂ ਦੀ ਖਰੀਦਣ ਦੀ ਤਾਕਤ ਨੂੰ ਵਧਾਉਣਾ ਤਾਂ ਕਿ ਸੱਨਅਤੀ ਗਤੀਸ਼ੀਲਤਾ ਪੈਦਾ ਕੀਤੀ ਜਾ ਸਕੇ ਅਤੇ ਇਸ ਤਰ੍ਹਾਂ ਸਮੁੱਚਤਾ ‘ਚ ਆਰਥਿਕ ਵਾਧਾ ਦਰ ਨੂੰ ਅੱਗੇ ਵਧਾਇਆ ਜਾ ਸਕੇ।

ਜੇਕਰ ਸਚਮੁੱਚ ਅਜਿਹੀ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਉਸ ਨਾਲ਼ ਅਣਕਿਆਸੀ ਖੁਸ਼ਹਾਲੀ (ਸੰਵ੍ਰਿਧੀ) ਦਾ ਉੱਪਰ ਵੱਲ ਵਧਦਾ ਹੋਇਆ ਗੇੜ ਪੈਦਾ ਹੋਵੇਗਾ ਜਿਸ ਨੂੰ ਘਰੇਲੂ ਕਾਰਕ ਤੈਅ ਕਰਨਗੇ ਨਾ ਕਿ ਕੌਮਾਂਤਰੀ ਹਿਮਾਇਤ। ਵਧੇਰੇ ਸੱਨਅਤੀ ਗਰਗਰਮੀ ਦਾ ਮਤਲਬ ਵਧੇਰੇ ਰੁਜ਼ਗਾਰ ਹੋਵੇਗਾ ਅਤੇ ਵਧੇਰੇ ਰੁਜ਼ਗਾਰ ਦਾ ਮਤਲਬ ਖਰੀਦ ਸ਼ਕਤੀ ਵਿੱਚ ਹੋਰ ਵਧੇਰੇ ਇਜ਼ਾਫਾ ਹੋਵੇਗਾ… ਇਸੇ ਤਰ੍ਹਾਂ ਖੁਸ਼ਹਾਲੀ (ਸੰਵ੍ਰਿਧੀ) ਅਤੇ ਤਰੱਕੀ ਦਾ ਉੱਪਰ ਵੱਲ ਵੱਧਦਾ ਹੋਇਆ ਚੱਕਰ ਜਾਰੀ ਰਹੇਗਾ।

ਸੰਕਲਪ ਤਾਂ ਮੁਕੰਮਲ ਹੈ, ਖਾਮੀ ਇਸ ਨੂੰ ਲਾਗੂ ਕਰਨ ‘ਚ ਹੈ। ਜੋ ਨੀਤੀਆਂ ਹੁਣ ਤੱਕ ਲਾਗੂ ਕੀਤੀਆਂ ਗਈਆਂ ਹਨ, ਉਹ ਇਨ੍ਹਾਂ ਐਲਾਨੇ ਨਤੀਜਿਆਂ ਨਾਲ਼ ਮੇਲ਼ ਨਹੀਂ ਖਾਂਦੀਆਂ। ਇਨ੍ਹਾਂ ਨੇ ਢਾਂਚਾਗਤ ਵਿਗਾੜਾਂ ਨੂੰ ਜਨਮ ਦਿੱਤਾ ਹੈ।” (ਅਨੁਵਾਦ (ਸਭ ਥਾਵੇਂ) ਅਤੇ ਸ਼ਬਦਾਂ ‘ਤੇ ਜ਼ੋਰ ਸਾਡਾ) ਇਸ ਤੋਂ ਬਾਅਦ ਉਹ ਭਾਰਤੀ ਅਰਥਚਾਰੇ ਦੇ ਢਾਂਚਾਗਤ ਵਿਗਾੜਾਂ ਦੀ ਚਰਚਾ ਕਰਦੇ ਹਨ। ਜਿਸ ਦੀ ਚਰਚਾ ਅਸੀਂ ਥੋੜ੍ਹਾ ਅੱਗੇ ਚੱਲ ਕੇ ਕਰਾਂਗੇ।

ਉਪਰੋਕਤ ਹਵਾਲੇ ‘ਚੋਂ ਕੋਬਾਦ ਗਾਂਧੀ ਦੀ ਵਿਚਾਰਧਾਰਕ ਕੰਗਾਲੀ ਸਾਫ ਝਲਕਦੀ ਹੈ। ਇੱਥੇ ਉਹ ‘ਮਾਰਕਸਵਾਦੀ-ਮਾਓਵਾਦੀ’ ਵਿਚਾਰਕ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਬੋਣੇ ਬੁਰਜੂਆ ਅਰਥਸ਼ਾਸਤਰੀ ਅਤੇ ਅਲਪਖਪਤਵਾਦੀ ਸਿਧਾਂਤਕਾਰ ਦੇ ਰੂਪ ‘ਚ ਨਜ਼ਰ ਆਉਂਦੇ ਹਨ। ਆਓ ਉਨ੍ਹਾਂ ਦੀ ਇਸ ਵਿਚਾਰਧਾਰਕ ਕੰਗਾਲੀ ਦੀਆਂ ਵੱਖ ਵੱਖ ਪਰਤਾਂ ਉਧੇੜੀਏ। 

2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋਇਆ ਸੰਸਾਰ ਸਰਮਾਏਦਾਰੀ ਢਾਂਚੇ ਦਾ ਆਰਥਿਕ ਸੰਕਟ ਨਾ ਸਿਰਫ਼ ਬਰਕਰਾਰ ਹੈ, ਸਗੋਂ ਇਹ ਦਿਨੋਂ-ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਖੌਤੀ ਉੱਭਰ ਰਹੇ ਅਰਥਚਾਰੇ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਦੱਖਣੀ ਅਫ਼ਰੀਕਾ ਜਿਨ੍ਹਾਂ ਨੂੰ ਬਰਿਕਸ ਦੇਸ਼ ਵੀ ਕਿਹਾ ਜਾਂਦਾ ਹੈ) ਨਾ ਸਿਰਫ਼ ਹੁਣ ਤੱਕ ਇਸ ਸੰਕਟ ਦੇ ਪ੍ਰਭਾਵ ਤੋਂ ਬਚੇ ਹੋਏ ਸਨ, ਸਗੋਂ ਇਨ੍ਹਾਂ ਨੇ ਸੰਕਟ ਮਾਰੇ ਅਮੇਰੀਕੀ ਅਤੇ ਯੂਰੋਪੀ ਅਰਥਚਾਰਿਆਂ ਨੂੰ ਇੱਕ ਹੱਦ ਤੱਕ ਰਾਹਤ ਪਹੁੰਚਾਉਣ ਦਾ ਕੰਮ ਵੀ ਕੀਤਾ ਸੀ। ਆਪਣੇ ਨਿਰਯਾਤ ਲਈ ਵੱਡੀ ਪੱਧਰ ‘ਤੇ ਅਮੇਰੀਕਾ, ਯੂਰੋਪ ‘ਤੇ ਨਿਰਭਰ ਇਹ ਅਖੌਤੀ ਉੱਭਰ ਰਹੇ ਅਰਥਚਾਰੇ ਵੀ ਹੁਣ ਵਿਕਸਿਤ ਸਰਮਾਏਦਾਰ ਦੇਸ਼ਾਂ ਤੋਂ ਫੈਲ ਰਹੇ ਆਰਥਿਕ ਸੰਕਟ ਦੀ ਲਪੇਟ ‘ਚ ਆ ਰਹੇ ਹਨ। ਅਤੇ ਇਸ ਹਾਲਤ ਵਿੱਚ ਨਿਰਯਾਤਾਂ ‘ਤੇ ਨਿਰਭਰਤਾ ਘਟਾਉਣ, ਘਰੇਲੂ ਮੰਗ ਨੂੰ ਵਧਾਉਣ, ਸਮਾਵੇਸ਼ੀ ਵਾਧਾ ਦਰ ਆਦਿ ਦਾ ਰਾਗ ਅਲਾਪਣ ਵਾਲ਼ੇ ਭਾਰਤੀ ਹਾਕਮ ਇਕੱਲੇ ਨਹੀਂ ਹਨ। ਸਗੋਂ ਇਸ ਕੋਰਸ ਵਿੱਚ ਸਾਰੇ ਸੰਕਟਗ੍ਰਸਤ ਦੇਸ਼ਾਂ ਦੇ ਹਾਕਮ ਅਤੇ ਉਨ੍ਹਾਂ ਦੀਆਂ ਬੌਧਿਕ ਵੇਸ਼ਵਾਵਾਂ ਸ਼ਾਮਿਲ ਹਨ।

ਅਤੇ ਹੁਣ ਸਾਡੇ ”ਮਾਰਕਸਵਾਦੀ-ਮਾਓਵਾਦੀ ਵਿਚਾਰਕ” (ਫਿਲਹਾਲ ਰਸਾਲੇ ਦੇ ਸ਼ਬਦਾਂ ਵਿੱਚ) ਵੀ ਆਪਣੇ ”ਮਾਰਕਸਵਾਦ-ਮਾਓਵਾਦ” ਨੂੰ ਕਿੱਲੀ ਟੰਗ ਕੇ ਭਾਰਤੀ ਹਾਕਮਾਂ ਦੇ ‘ਤੇਜ਼, ਟਿਕਾਊ, ਵਧੇਰੇ ਸਮਾਵੇਸ਼ੀ ਵਿਕਾਸ’ ਦੇ ਗਾਏ ਜਾ ਰਹੇ ਬੇਸੁਰੇ ਰਾਗ ਵਿੱਚ ਸ਼ਾਮਿਲ ਹੋ ਗਏ ਹਨ। ਇੱਥੇ ਕੋਬਾਦ ਗਾਂਧੀ ਨੇ ਸਰਮਾਏਦਾਰਾ ਆਰਥਿਕ ਸੰਕਟ ਦੇ ਮਾਰਕਸਵਾਦੀ ਸਿਧਾਂਤ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ। ਇੱਥੇ ਕੋਬਾਦ ਗਾਂਧੀ ਵੀ ਭਾਰਤੀ ਹਾਕਮਾਂ ਦੀ ਸੁਰ ਵਿੱਚ ਸੁਰ ਮਿਲਾਉਂਦੇ ਹੋਏ ਕਹਿ ਰਹੇ ਹਨ ਕਿ ਆਰਥਿਕ ਸੰਕਟ ਦਾ ਕਾਰਨ ਲੋਕਾਂ ਦੀ ਘੱਟ ਮੰਗ ਜਾਂ ਅਲਪ ਖਪਤ ਹੈ। ਅਤੇ ਅੱਜ ਕੱਲ੍ਹ ਵਰਤਮਾਨ ਆਰਥਿਕ ਸੰਕਟ ਬਾਰੇ ਜੋ ਕੁਝ ਪੜ੍ਹਣ ਸੁਣਨ ਨੂੰ ਮਿਲ  ਰਿਹਾ ਹੈ, ਉਸ ਵਿੱਚ ਜ਼ਿਆਦਾਤਰ ਸਰਮਾਏਦਾਰਾ ਆਰਥਿਕ ਸੰਕਟ ਦਾ ਇਹੋ ਅਲਪਖਪਤਵਾਦੀ ਸਿਧਾਂਤ ਹੀ ਪਰੋਸਿਆ ਜਾ ਰਿਹਾ ਹੈ, ਜਿਸ ਤੋਂ ਇਹ ਨਤੀਜਾ ਕੱਢਿਆ ਜਾ ਰਿਹਾ ਹੈ ਕਿ ਲੋਕਾਂ ਦੀ ਖਪਤ ਵਧਾ ਕੇ ਆਰਥਿਕ ਸੰਕਟ ਉੱਪਰ ਕਾਬੂ ਪਾਇਆ ਜਾ ਸਕਦਾ ਹੈ।

ਦਰਅਸਲ ਸਰਮਾਏਦਾਰੀ ਦੇ ਆਰਥਿਕ ਸੰਕਟ ਦੇ ਇਸ ਅਲਪਖਪਤਵਾਦੀ ਸਿਧਾਂਤ ਵਿੱਚ ਕੁੱਝ ਵੀ ਨਵਾਂ ਨਹੀਂ ਹੈ। ਇਹ ਸਿਧਾਂਤ ਵੀ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਸਰਮਾਏਦਾਰੀ ਢਾਂਚਾ ਅਤੇ ਉਸ ਦੇ ਆਰਥਿਕ ਸੰਕਟ। ਸਰਮਾਏਦਾਰਾ ਆਰਥਿਕ ਸੰਕਟ ਦੇ ਇਸ ਅਲਪਖਪਤਵਾਦੀ ਸਿਧਾਂਤ ਦੇ ਮੋਢੀ ਐਡਮ ਸਮਿੱਥ ਸਨ ਜਿਸ ਤੋਂ ਬਾਅਦ ਵਿੱਚ ਸਿਸਮਾਂਦੀ, ਰੋਡਬਰਟਸ ਅਤੇ ਫਿਰ ਰੂਸ ਦੇ ਨਰੋਦਵਾਦੀਆਂ ਨੇ ਉਧਾਰ ਲੈ ਲਿਆ। ਮਾਰਕਸਵਾਦ ਇਸ ਸਿਧਾਂਤ ਦੀ ਬਾਦਲੀਲ ਅਲੋਚਨਾ ਬਹੁਤ ਪਹਿਲਾਂ ਹੀ ਕਰ ਚੁੱਕਾ ਹੈ। ਲੈਨਿਨ ਦੇ ਸ਼ਬਦਾਂ ਵਿੱਚ: ”ਸਰਮਾਏਦਾਰੀ ਸਮਾਜ ਵਿੱਚ ਇਕੱਤਰੀਕਰਨ ਦੇ ਅਤੇ ਉਪਜ ਦੀ ਪੂਰਤੀ ਦੇ ਵਿਗਿਆਨਕ ਵਿਸ਼ਲੇਸ਼ਣ ਨੇ ਇਸ ਸਿਧਾਂਤ (ਭਾਵ ਅਲਪਖਪਤਵਾਦੀ ਸਿਧਾਂਤ – ਲੇਖਕ) ਦੇ ਸਮੁੱਚੇ ਅਧਾਰ ਨੂੰ ਉਡਾ ਦਿੱਤਾ ਅਤੇ ਇਹ ਵੀ ਸੰਕੇਤ ਦਿੱਤਾ ਕਿ ਠੀਕ ਉਨ੍ਹਾਂ ਦੌਰਾਂ ਵਿੱਚ ਜਿਹੜੇ ਸੰਕਟ ਤੋਂ ਪਹਲਾਂ ਆਉਂਦੇ ਹਨ ਮਜ਼ਦੂਰਾਂ ਦੁਆਰਾ ਖਪਤ ਵਧਦੀ ਹੈ, ਕਿ ਘੱਟ ਖਪਤ (ਅਖੌਤੀ ਰੂਪ ਵਿੱਚ ਜੋ ਸੰਕਟਾਂ ਦਾ ਕਾਰਨ ਹੈ) ਅਤਿਅੰਤ ਵਿਭਿੰਨ ਆਰਥਿਕ ਪ੍ਰਣਾਲੀਆਂ ਵਿੱਚ ਵਿਦਮਾਨ ਸੀ, ਜਦੋਂ ਕਿ ਸੰਕਟ ਕੇਵਲ ਇੱਕ ਪ੍ਰਣਾਲੀ – ਸਰਮਾਏਦਾਰਾ ਪ੍ਰਣਾਲੀ – ਦਾ ਨਿੱਖੜਵਾਂ ਲੱਛਣ ਹੈ। ਇਹ ਸਿਧਾਂਤ ਸੰਕਟ ਦੀ ਵਿਆਖਿਆ ਇੱਕ ਹੋਰ ਵਿਰੋਧਤਾਈ ਅਰਥਾਤ ਪੈਦਾਵਾਰ ਦੇ ਸਮਾਜਿਕ ਖਾਸੇ (ਸਰਮਾਏਦਾਰੀ ਵੱਲੋਂ ਸਮਾਜੀਕ੍ਰਿਤ) ਅਤੇ ਨਮਿੱਤਣ ਦੇ ਨਿੱਜੀ, ਵਿਅਕਤੀਗਤ ਢੰਗ ਵਿਚਕਾਰ ਵਿਰੋਧਤਾਈ ਦੁਆਰਾ ਕਰਦਾ ਹੈ (ਦੇਖੋ: ਲੈਨਿਨ, ਆਰਥਿਕ ਰੋਮਾਂਚਵਾਦ ਦਾ ਚਰਿੱਤਰ ਚਿਤਰਣ, ਪੰਨਾ 37, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ) 

ਅੱਗੇ ਲੈਨਿਨ ਸਰਮਾਏਦਾਰਾ ਆਰਥਿਕ ਸੰਕਟ ਦੇ ਅਲਪਖਪਤਵਾਦੀ ਅਤੇ ਮਾਰਕਸਵਾਦੀ ਸਿਧਾਂਤ ਵਿਚਕਾਰ ਫਰਕ ਸਪੱਸ਼ਟ ਕਰਦੇ ਹੋਏ ਲਿਖਦੇ ਹਨ: ”ਪਹਿਲਾ ਸਿਧਾਂਤ ਸੰਕਟਾਂ ਦੀ ਵਿਆਖਿਆ ਪੈਦਾਵਾਰ ਅਤੇ ਮਜ਼ਦੂਰ ਜਮਾਤ ਵੱਲੋਂ ਖਪਤ ਵਿਚਕਾਰ ਵਿਰੋਧਤਾਈ ਦੁਆਰਾ ਕਰਦਾ ਹੈ, ਦੂਜਾ ਇਨ੍ਹਾਂ ਦੀ ਵਿਆਖਿਆ ਪੈਦਾਵਾਰ ਦੇ ਸਮਾਜਿਕ ਖਾਸੇ ਅਤੇ ਨਮਿਤੱਣ ਦੇ ਨਿੱਜੀ ਖਾਸੇ ਵਿਚਕਾਰ ਵਿਰੋਧਤਾਈ ਦੁਆਰਾ ਕਰਦਾ ਹੈ। ਫਲਸਰੂਪ, ਪਹਿਲੇ ਇਸ ਵਰਤਾਰੇ ਦੀ ਜੜ੍ਹ ਪੈਦਾਵਾਰ ਤੋਂ ਬਾਹਰ ਦੇਖਦੇ ਹਨ… ਅਤੇ ਦੂਜੇ ਇਸ ਦੀ ਜੜ੍ਹ ਠੀਕ ਪੈਦਾਵਾਰ ਦੀਆਂ ਹਾਲਤਾਂ ਵਿੱਚ ਦੇਖਦੇ ਹਨ। ਇਸ ਪ੍ਰਕਾਰ ਜਿੱਥੇ ਦੋਵੇਂ ਸਿਧਾਂਤ ਸੰਕਟਾਂ ਦੀ ਵਿਆਖਿਆ ਖੁਦ ਆਰਥਕ ਪ੍ਰਣਾਲੀ ਦੀ ਵਿਰੋਧਤਾਈ ਦੁਆਰਾ ਕਰਦੇ ਹਨ, ਉਹ ਵਿਰੋਧਤਾਈ ਦੀ ਪ੍ਰਕਿਰਤੀ ਬਾਰੇ ਪੂਰੀ ਤਰ੍ਹਾਂ ਮੱਤਭੇਦ ਰੱਖਦੇ ਹਨ।” (ਉਪਰੋਕਤ ਪੰਨਾ 38) ਪਰ ਕੀ ਮਾਰਕਸਵਾਦ ਪੈਦਾਵਾਰ ਅਤੇ ਖਪਤ ਦਰਮਿਆਨ ਵਿਰੋਧਤਾਈ ਨੂੰ ਪ੍ਰਵਾਨ ਨਹੀਂ ਕਰਦਾ? ਕੀ ਇਹ ਘੱਟ ਖਪਤ ਦੇ ਤੱਥ ਤੋਂ ਇਨਕਾਰੀ ਹੈ? ਇਸ ਸਵਾਲ ਦਾ ਜਵਾਬ ਲੈਨਿਨ ਇਸ ਤਰ੍ਹਾਂ ਦਿੰਦੇ ਹਨ: ”ਨਿਰਸੰਦੇਹ ਨਹੀਂ। ਇਹ ਇਸ ਤੱਥ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰਦਾ ਹੈ, ਪਰ ਇਸ ਨੂੰ ਇੱਕ ਅਜੇਹੇ ਤੱਥ ਵਜੋਂ ਜੋ ਕੇਵਲ ਸਮੁੱਚੀ ਸਰਮਾਏਦਾਰਾ ਪੈਦਾਵਾਰ ਦੇ ਇੱਕ ਵਿਭਾਗ ਨਾਲ਼ ਸਬੰਧ ਰੱਖਦਾ ਹੈ। ਇਸ ਦੀ ਅਸਲ ਅਧੀਨ ਦਰਜੇ ਦੀ ਥਾਂ ‘ਤੇ ਰੱਖਦਾ ਹੈ।” (ਉਪਰੋਕਤ, ਸ਼ਬਦਾਂ ‘ਤੇ ਜ਼ੋਰ ਮੂਲ ‘ਚ)

ਕੋਬਾਦ ਗਾਂਧੀ ਨਾ ਸਿਰਫ਼ ਸਰਮਾਏਦਾਰਾ ਆਰਥਿਕ ਸੰਕਟਾਂ ਦੇ ਮਾਰਕਸਵਾਦੀ ਸਿਧਾਂਤ ਤੋਂ ਹੀ ਕੋਹਾਂ ਦੂਰੀ ‘ਤੇ ਵਿਚਰਦੇ ਹਨ, ਸਗੋਂ ਇਸ ਮਾਮਲੇ ਵਿੱਚ ਉਹ ਬੁਰਜੂਆ ਅਰਥਸ਼ਾਸਤਰੀਆਂ ਤੋਂ ਵੀ ਕਈ ਕਦਮ ਪਿੱਛੇ ਹਨ। ਸਰਮਾਏਦਾਰਾ ਅਰਥਚਾਰਾ ਮੰਦੀ (Recession), ਮਹਾਂ ਮੰਦੀ (Depression), ਉਭਾਰ (Recovery) ਅਤੇ ਤੇਜ਼ੀ (Boom) ਦੇ ਗੇੜ ਵਿੱਚੋਂ ਲਗਾਤਾਰ ਲੰਘਦਾ ਹੈ। ਜਿਸ ਗੇੜ ਦੇ ਵਿਰੋਧੀ ਸਿਰਿਆਂ ਉੱਪਰ ਮਹਾਂਮੰਦੀ ਅਤੇ ਤੇਜ਼ੀ ਹੁੰਦੇ ਹਨ। ਤੇਜ਼ੀ ਵਿੱਚ ਹੀ ਮੰਦੀ ਦੇ ਬੀਜ਼ ਲੁਕੇ ਹੁੰਦੇ ਹਨ ਅਤੇ ਮਹਾਂਮੰਦੀ ‘ਚ ਉਭਾਰ ਦੇ। ਇਸ ਤੱਥ ਨੂੰ ਬੁਰਜੂਆ ਅਰਥਸ਼ਾਸਤਰੀ ਵੀ ਪ੍ਰਵਾਨ ਕਰਦੇ ਹਨ। ਪਰ ਸ਼੍ਰੀ ਕੋਬਾਦ ਗਾਂਧੀ ਅਨੁਸਾਰ ਤਾਂ ਸਰਮਾਏਦਾਰ ਅਰਥਚਾਰਾ ਲਗਾਤਾਰ ਸਿੱਧੀ ਰੇਖਾ ‘ਚ ਤਰੱਕੀ ਕਰਦਾ ਰਹਿ ਸਕਦਾ ਹੈ। ਬੱਸ ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਸ਼੍ਰੀਮਾਨ ਪ੍ਰਣਬ ਮੁਖਰਜੀ ਜਾਂ ਸ਼੍ਰੀ ਮਾਨ ਚਿਦੰਬਰਮ ‘ਤੇਜ਼, ਟਿਕਾਊ ਅਤੇ ਵਧੇਰੇ ਸਮਾਵੇਸ਼ੀ ਵਾਧਾ ਦਰ’ ਦੀ ਆਪਣੀ ਜਾਦੂਮਈ ਨੀਤੀ ਲਾਗੂ ਕਰਨ। ਇਸ ਜਾਦੂਮਈ ਨੀਤੀ ਦੇ ਲਾਗੂ ਹੋਣ ਨਾਲ਼ ਖੁਸ਼ਹਾਲੀ ਅਤੇ ਤਰੱਕੀ ਦਾ ਉੱਪਰ ਵੱਲ ਵਧਦਾ ਹੋਇਆ ਗੇੜ ਜਾਰੀ ਰਹੇਗਾ। ਸ਼੍ਰੀ ਮਾਨ ਕੋਬਾਦ ਗਾਂਧੀ ਇਸ ਗੱਲੋਂ ਡਾਢੇ ਦੁਖੀ ਹਨ ਕਿ ਭਾਰਤੀ ਹਾਕਮ ਇਸ ਜਾਦੂਮਈ ਨੂੰ ਲਾਗੂ ਕਿਉਂ ਨਹੀਂ ਕਰਦੇ। ਕਿ ਹੁਣ ਤੱਕ ਭਾਰਤੀ ਹਾਕਮਾਂ ਨੇ ਜੋ ਨੀਤੀਆਂ ਲਾਗੂ ਕੀਤੀਆਂ ਹਨ ਉਹ ਉਨ੍ਹਾਂ ਦੇ ਨੇਕ ਇਰਾਦਿਆਂ ਨਾਲ਼ ਬੇਮੇਲ ਹਨ ਜਿਸ ਕਾਰਨ ਭਾਰਤ ਵਿੱਚ ਇੱਕ ਵਿਗੜਿਆ ਹੋਇਆ ਅਰਥਚਾਰਾ ਰਚਿਆ ਗਿਆ ਹੈ।

ਚੌਤਰਫਾ ਆਰਥਿਕ ਸੰਕਟ ਨਾਲ਼ ਜੂਝ ਰਹੀ ਭਾਰਤ ਦੀ ਹਾਕਮ ਜਮਾਤ ਦੇ ਨਵੇਂ (ਆਪੂੰ) ਬਣੇ ਸੰਕਟ ਮੋਚਕ ਕੋਬਾਦ ਗਾਂਧੀ ਕੋਲ਼ ਉਸ ਦਾ ਸੰਕਟ ਹਰਨ ਲਈ ਜੋ ਜਾਦੂ ਦੀ ਛੜੀ ਹੈ ਉਹ ਹੈ ਘਰੇਲੂ ਮੰਗ ਵਧਾਉਣਾ। ਇਸ ਦੇ ਲਈ ਉਹ ਭਾਰਤ ਦੀ ਹਾਕਮ ਜਮਾਤ ਨੂੰ ਕੁਝ ” ਠੋਸ” ਸੁਝਾਅ ਵੀ ਦਿੰਦੇ ਹਨ। ਉਨ੍ਹਾਂ ਦਾ ਇੱਕ ਸੁਝਾਅ ਤਾਂ ਇਹ ਹੈ ਕਿ ਅਮੀਰਾ ‘ਤੇ ਟੈਕਸ ਲਾ ਕੇ ਸਰਮਾਇਆ ਇਕੱਠਾ ਕੀਤਾ ਜਾਵੇ। ਇਸ ਲਈ ਉਹ ਭਾਰਤ  ਦੇ ਫਾਸੀਵਾਦੀ ਲਾਣੇ ਦੇ ਸਵਦੇਸ਼ੀ ਜਾਗਰਣ ਮੰਚ ਦੇ ਗੁਰੂਮੂਰਤੀ ਦੀ ਗਵਾਹੀ ਨਾਲ਼ ਕਹਿੰਦੇ ਹਨ ਕਿ ਅਮੀਰਾਂ ਉੱਪਰ ਮਾਮੂਲੀ ਜਿਹੇ ਟੈਕਸ ਨਾਲ਼ ਹੀ ਕਾਫ਼ੀ ਸਰਮਾਇਆ ਇਕੱਠਾ ਕੀਤਾ ਜਾ ਸਕਦਾ ਹੈ। ਕੋਬਾਦ ਗਾਂਧੀ ਦੇ ਸ਼ਭਦਾਂ ਵਿੱਚ: ”ਜੋ ਲੋਕ ਧਨ ਅਦਾ ਕਰਨ ਵਿੱਚ ਸਮਰੱਥ ਹਨ, ਉਨ੍ਹਾਂ ਤੋਂ ਪ੍ਰਭਾਵਸ਼ਾਲੀ ਤਰੀਕੇ ਨਾਲ਼ ਇਸ ਨੂੰ ਜਮ੍ਹਾ ਕੀਤਾ ਜਾਵੇ। ਇਸੇ ਦੇ ਨਾਲ ਨਾਲ਼ ਅਜੇਹੇ ਧਨ ਦੇ ਵਧੇਰੇ ਵਿਗਿਆਨਕ ਇਸਤੇਮਾਨ ਉੱਪਰ ਧਿਆਨ ਕੇਂਦਰਤ ਕਰਨ ਦੀ ਲੋੜ ਹੈ।” ਅੱਗੇ ਉਨ੍ਹਾਂ ਦਾ ਕਹਿਣਾ ਹੈ: ”ਮਹਾਂ ਧਨਾਢਾਂ ਉੱਪਰ ਆਮਦਨ ਕਰ ਦੀਆਂ ਦਰਾਂ ਵਧਾਉਣ ਜੇਹੇ ਕੁਝ ਕਦਮ ਸਰਕਾਰੀ ਧਨ ਵਿੱਚ 5 ਲੱਖ ਕਰੋੜ ਰੁਪਏ ਤੱਕ ਦਾ ਵਾਧਾ ਕਰ ਸਕਦੇ ਹਨ। ਜੇਕਰ ਗਰੀਬਾਂ ਅਤੇ ਮੱਧ ਵਰਗਾਂ ਨੂੰ ਕਰਾਂ ਤੋਂ ਰਾਹਤ ਦੇਣ ਲਈ ਅਸਿੱਧੇ ਕਰਾਂ ਨੂੰ ਘਟਾ ਦਿੱਤਾ ਜਾਵੇ (ਜਿਸ ਨਾਲ਼ ਖਪਤ ਖਰਚ ਵੀ ਵਧੇਗਾ) ਤਦ ਵੀ ਸਰਕਾਰ ਕੋਲ਼ ਖਰਚ ਲਈ 3 ਤੋਂ 4 ਲੱਖ ਕਰੋੜ ਰੁਪਏ ਉਪਲੱਭਧ ਹੋਣਗੇ।

ਜੇਕਰ ਇਹ ਪੂਰੀ ਰਾਸ਼ੀ ਐਵੇਂ ਹੀ ਗਵਾ ਨਾ ਦਿੱਤੀ ਗਈ ਸਗੋਂ ਇਸ ਦੀ ਵਰਤੋਂ ਪਰਿਸੰਪੱਤੀ ਨਿਰਮਾਣ ਨੂੰ ਵਧਾਉਣ ਲਈ ਕੀਤਾ ਗਿਆ ਤਾਂ ਰਾਤੋ ਰਾਤ ਇਸ ਦੇ ਚਮਤਕਾਰੀ ਨਤੀਜੇ ਦੇਖਣ ਨੂੰ ਮਿਲਣਗੇ।”

ਸੰਕਟ ‘ਚ ਘਿਰੇ ਭਾਰਤੀ ਹਾਕਮਾਂ ਨੂੰ ਚਮਤਕਾਰੀ ਨਤੀਜਿਆਂ ਦੀ ਗਰੰਟੀ ਲਈ ਸ਼੍ਰੀ ਕੋਬਾਦ ਕੋਲ਼ ਕੁੱਝ ਹੋਰ ਵੀ ਬਹੁਮੁੱਲੇ ਸੁਝਾਅ ਹਨ। ਮਸਲਨ ‘ਨੁਕਸਾਨ ਉਠਾ ਰਹੀਆਂ ਕੰਪਨੀਆਂ ਨੂੰ ਡੁੱਬਣ ਦੇਣਾ ਚਾਹੀਦਾ ਹੈ।’ ਅਜਿਹੀਆਂ (ਕਿੰਗਫਿਸ਼ਰ ਦੀ ਤਰ੍ਹਾਂ) ਕੰਪਨੀਆਂ ਨੂੰ ਸਰਕਾਰ ਨੂੰ ਕੋਈ ਮਦਦ ਨਹੀਂ ਦੇਣੀ ਚਾਹੀਦੀ। ਸ਼੍ਰੀ ਕੋਬਾਦ ਗਾਂਧੀ ਕੋਲ਼ ਭਾਰਤੀ ਹਾਕਮਾਂ ਲਈ ਸੁਝਾਵਾਂ ਦੀ ਸੂਚੀ ਕਾਫ਼ੀ ਲੰਬੀ ਹੈ, ਜਿਵੇਂ ਕਿ ”ਬੇਕਾਰ ਦੇ ਖਰਚਿਆਂ ‘ਚ (ਸਰਕਾਰ ਨੂੰ) ਕਟੌਤੀ ਕਰਨੀ ਹੋਵੇਗੀ। ਬੈਂਕਾਂ ਅਤੇ ਕਾਰੋਬਾਰੀਆਂ ਨੂੰ ਆਰਿਥਕ ਸਹਾਇਤਾ ਬੰਦ ਕਰਨੀ ਹੋਵੇਗੀ। ਰਿਆਇਤਾਂ ਅਤੇ ਕਲਿਆਣ ਯੋਜਨਾਵਾਂ ਨੂੰ ਖੈਰਾਤ ਦੇ ਰੂਪ ਵਿੱਚ ਚਲਾਉਣ ਦੀ ਬਜਾਏ ਵਿਕਾਸ ਕੇਂਦਰਤ ਬਣਾਉਣਾ ਹੋਵੇਗਾ। ਸੁਪਰੀਮ ਕੋਰਟ ਦੇ ਸੁਝਾਅ ਮੁਤਾਬਕ ਸਾਰੇ ਠੇਕੇ ਖੁੱਲ੍ਹੀ ਬੋਲੀ ਜ਼ਰੀਏ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣੇ ਹੋਣਗੇ। ਪੂੰਜੀਗਤ ਖਰਚ ਸਥਾਨਕ ਸੱਨਅਤ ‘ਤੇ ਕਰਨੇ ਹੋਣਗੇ ਨਾ ਕਿ ਦਰਾਮਦਾਂ ਉੱਪਰ। ਅਜੇਹੇ ਸਾਰੇ ਕਦਮਾਂ ਨੂੰ ਅਪਣਾਉਂਦੇ ਹੋਏ ਹੀ ਦੇਸ਼ ਨੂੰ ਵਿਕਾਸ ਦੇ ਸਹੀ ਰਾਹ ਉੱਪਰ ਲਿਆਂਦਾ ਜਾ ਸਕਦਾ ਹੈ।” (ਸ਼ਬਦਾਂ ‘ਤੇ ਜ਼ੋਰ ਸਾਡਾ)

ਲੱਗਦਾ ਹੈ ਸ਼੍ਰੀ ਕੋਬਾਦ ਗਾਂਧੀ ਮਾਰਕਸਵਾਦੀ ਦੀ ਇਸ ਮੁੱਢਲੀ ਸਿੱਖਿਆ ਨੂੰ ਵੀ ”ਭੁੱਲ” ਗਏ ਹਨ ਕਿ ਰਾਜ ਸੱਤਾ ਹਾਕਮ ਜਮਾਤ ਦੀ ਮੈਨੇਜਿੰਗ ਕਮੇਟੀ ਹੁੰਦੀ ਹੈ, ਜਿਸ ਨੇ ਹਰ ਹਾਲ ਆਪਣੀ ਮਾਲਕ ਜਮਾਤ ਦੀ ਸੇਵਾ ਕਰਨੀ ਹੁੰਦੀ ਹੈ। ਰਾਜ ਸੱਤ੍ਹਾ ਸਮੁੱਚੇ ਸਮਾਜੀ-ਆਰਥਿਕ ਢਾਂਚੇ ਦੇ ਹਿੱਤ ਵਿੱਚ ਆਪਣੀ ਜਮਾਤ ਦੇ ਕਿਸੇ ਇਕੱਲੇ-ਇਕਹਿਰੇ ਮੈਂਬਰ ਦੀ ਬਲ਼ੀ ਤਾਂ ਲੈ ਸਕਦੀ ਹੈ, ਪਰ ਕਿਸੇ ਵੀ ਤਰ੍ਹਾਂ ਇਹ ਪੂਰੀ ਜਮਾਤ ਦੇ ਹਿੱਤਾਂ ਦੇ ਉਲ਼ਟ ਨਹੀਂ ਭੁਗਤ ਸਕਦੀ। ਥੋੜ੍ਹੀ ਦੇਰ ਲਈ ਮੰਨ ਵੀ ਲਈਏ ਕਿ ਭਾਰਤ ਦੀ ਹਾਕਮ ਜਮਾਤ ਆਪਣੀ ਜਮਾਤ ਦੇ ਹਿੱਤਾਂ ਦੇ ਉਲ਼ਟ ਭੁਗਤ ਕੇ, ਅਮੀਰਾਂ ‘ਤੇ ਟੈਕਸ ਲਗਾ ਕੇ, ਘਰੇਲੂ ਮੰਗ ਪੈਦਾ ਕਰਨ ਲਈ ਇਸ ਧਨ ਦਾ ਇਸਤੇਮਾਨ ਗਰੀਬਾਂ ਅਤੇ ਮੱਧ ਵਰਗਾਂ ਦੀ ਖਰੀਦ ਸ਼ਕਤੀ ਵਧਾਉਣ ਲਈ ਕਰਦੀ ਹੈ। ਅਜਿਹੀ ਮੰਗ ਸਰਮਾਏਦਾਰਾ ਢਾਂਚੇ ਨੂੰ ਆਰਥਿਕ ਸੰਕਟ ਤੋਂ ਥੋੜ੍ਹ ਚਿਰੀ ਰਾਹਤ ਹੀ ਦੇਵੇਗੀ। ਕਿਉਂਕਿ ਇਸ ਨਵੀਂ ਪੈਦਾ ਹੋਈ ਮੰਗ ਦੀ ਪੂਰਤੀ ਲਈ ਪੈਦਾਵਾਰ ਦੇ ਸਾਧਨਾਂ ‘ਤੇ ਕਾਬਜ਼ ਸਰਮਾਏਦਾਰਾ ਵਿੱਚ ਤਿੱਖਾ ਮੁਕਾਬਲਾ ਹੋਵੇਗਾ ਅਤੇ ਜਲਦ ਹੀ ਵਾਧੂ ਪੈਦਾਵਾਰ ਦਾ ਨਵਾਂ ਸੰਕਟ ਪੈਦਾ ਹੋ ਜਾਵੇਗਾ। 

ਅਗਲੀ ਗੱਲ ਇਹ ਕਿ ਸਰਮਾਏ ਦੇ ਵਿਸ਼ਵੀਕਰਨ ਦੇ ਵਰਤਮਾਨ ਦੌਰ ਵਿੱਚ ਅਜੇਹੇ ਕੀਨਸਵਾਦੀ ਨੁਸਖਿਆਂ ਦੇ ਲਾਗੂ ਹੋਣ ਦਾ ਅਧਾਰ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਕਿਉਂਕਿ ਜੇਕਰ ਕਿਸੇ ਦੇਸ਼ ਦੀ ਸਰਕਾਰ ”ਲੋਕ ਕਲਿਆਣ” ਦੀਆਂ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਵਿਦੇਸ਼ੀ ਅਤੇ ਦੇਸੀ ਸਰਮਾਇਆ ਉੱਥੋਂ ਉਡਾਰੀ ਮਾਰ ਜਾਂਦਾ ਹੈ ਅਤੇ ਉਸ ਦੇਸ਼ ਦਾ ਸਮੁੱਚਾ ਅਰਥਚਾਰਾ ਹੀ ਚਰਮਰਾ ਜਾਂਦਾ ਹੈ। ਦੂਜਾ ਇਹ ਕਿ ਅੱਜ ਸੰਸਾਰ ਮੰਡੀ ਵਿੱਚ ਚੱਲ ਰਹੇ ਖਹਿ ਭੇੜ ‘ਚ ਟਿਕਣ ਲਈ ਪੈਦਾਵਾਰ ਦੀ ਲਾਗਤ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਲਾਗਤ ਸਿਰਫ਼ ਕਿਰਤ ਸ਼ਕਤੀ ਨੂੰ ਸਸਤਾ ਕਰਕੇ ਹੀ ਘਟਾਈ ਜਾ ਸਕਦੀ ਹੈ। ਇਸ ਲਈ ਹਾਕਮ ਜਮਾਤਾਂ ਦੇ ਕੋਬਾਦ ਗਾਂਧੀ ਜੇਹੇ ਸਲਾਹਕਾਰਾਂ ਦੇ ਸੁਝਾਅ ਯੂਟੋਪੀਆਈ ਹਨ। ਇਹ ਕਿਤੇ ਵੀ ਲਾਗੂ ਨਹੀਂ ਹੋ ਸਕਦੇ ਇਸੇ ਲਈ ਅਜੇਹੇ ਸਲਾਹਕਾਰਾਂ ਦੀ ਸਲਾਹ ‘ਤੇ ਕੋਈ ਧਿਆਨ ਨਹੀਂ ਦਿੰਦਾ।

ਕੋਬਾਦ ਗਾਂਧੀ ਮੁਤਾਬਕ ਭਾਰਤੀ ਹਾਕਮਾਂ ਵੱਲੋਂ ਆਪਣਾਈਆਂ ਗਲਤ ਨੀਤੀਆਂ ਨੇ ਕੁਝ ਢਾਂਚਾਗਤ ਵਿਗਾੜਾਂ ਨੂੰ ਜਨਮ ਦਿੱਤਾ ਹੈ। ਉਹ ਚਾਰ ਅਜੇਹੇ ਢਾਂਚਾਗਤ ਵਿਗਾੜ ਗਿਣਾਉਂਦੇ ਹਨ। ਪਹਿਲਾ ਹੈ ਕੁੱਲ ਘਰੇਲੂ ਪੈਦਾਵਾਰ ‘ਚ ਖੇਤੀ ਦੇ ਹਿੱਸੇ (14 ਫੀਸਦੀ) ਦੀ ਨਿਸਬਤ ਇਸ ਉੱਪਰ ਵੱਡੀ ਆਬਾਦੀ (60 ਫੀਸਦੀ) ਦਾ ਨਿਰਭਰ ਹੋਣਾ। ਦੂਜਾ ਹੈ ਕੌਮਾਂਤਰੀ ਵਪਾਰ ਉੱਪਰ ਭਾਰਤ ਦੀ ਵਧਦੀ ਨਿਰਭਰਤਾ। ਤੀਜਾ ਹੈ ਅਬਾਦੀ ਦੇ ਵੱਡੇ ਹਿੱਸੇ ਦਾ ਮੰਡੀ ਤੋਂ ਬਾਹਰ ਹੋਣਾ। ਚੌਥਾ ਢਾਂਚਾਗਤ ਵਿਗਾੜ ਹੈ ਕਾਲ਼ੇ ਬਜ਼ਾਰ ਜ਼ਰੀਏ ਅਰਥਚਾਰੇ ‘ਚੋਂ ਬਹੁਤ ਵੱਡੀ ਰਕਮ ਨੂੰ ਕੱਢ ਕੇ ਵੱਖ ਵੱਖ ਮਾਧਿਅਮਾਂ ਰਾਹੀਂ ਵਿਦੇਸ਼ ਭੇਜ ਦੇਣਾ। ਕੋਬਾਦ ਗਾਂਧੀ ਇਨ੍ਹਾਂ ‘ਢਾਂਚਾਗਤ ਵਿਗਾੜਾਂ’ ਦੇ ਬੁਨਿਆਦੀ ਕਾਰਨਾਂ ਦੀ ਚਰਚਾ ਨਹੀਂ ਕਰਦੇ। ਦਰਅਸਲ ਕੋਬਾਦ ਗਾਂਧੀ ਦੁਆਰਾ ਗਿਣਵਾਏ ਗਏ ਢਾਂਚਾਗਤ ਵਿਗਾੜ, 1947 ਤੋਂ ਬਾਅਦ ਕ੍ਰਮਵਾਰ ਪ੍ਰੀਕ੍ਰਿਆ ਵਿੱਚ ਇੱਥੇ ਸਥਾਪਤ ਹੋਏ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦਾ ਪ੍ਰਭਾਵ ਮਾਤਰ ਹਨ। ਕੋਬਾਦ ਗਾਂਧੀ ਸ਼ਾਇਦ ਸਾਡੇ ਇਸ ਵਿਸ਼ਲੇਸ਼ਣ ਨਾਲ਼ ਸਹਿਮਤ ਨਾ ਹੋਣ ਕਿ ਇੱਥੇ ਸਰਮਾਏਦਾਰਾ ਪੈਦਾਵਾਰੀ ਸਬੰਧ ਸਥਾਪਤ ਹੋ ਚੁੱਕੇ ਹਨ। ਕੋਬਾਦ ਗਾਂਧੀ ਦੀ ਪਾਰਟੀ ਭਾਰਤ ਨੂੰ ਅਰਧ-ਜਗੀਰੂ—ਅਰਧਬਸਤੀਵਾਦੀ ਦੇਸ਼ ਮੰਨਦੀ ਹੈ। ਕੋਬਾਦ ਗਾਂਧੀ ਭਾਰਤ ਦੇ ਸਮਾਜੀ ਆਰਥਿਕ ਢਾਂਚੇ ਨੂੰ ਭਾਵੇਂ ਕੁੱਝ ਵੀ ਸਮਝਦੇ ਹੋਣ ਪਰ ਇੱਥੇ ਮੁੱਦਾ ਇਹ ਹੈ ਕਿ ਉਹ ਆਪਣੇ ਪੂਰੇ ਲੇਖ ਵਿੱਚ ਭਾਰਤ ਦੇ ਪੈਦਾਵਾਰੀ ਸਬੰਧਾਂ ਦੀ ਚਰਚਾ ਨੂੰ ਹੀ ਨਹੀਂ ਛੋਂਹਦੇ। ਇਨ੍ਹਾਂ ਪੈਦਾਵਾਰੀ ਸਬੰਧਾਂ ਨੂੰ ਬਦਲਣ ਦੀ ਤਾਂ ਗੱਲ ਹੀ ਛੱਡੋ। ਪੂਰੇ ਲੇਖ ਵਿੱਚ ਕੋਬਾਦ ਗਾਂਧੀ ਭਾਰਤ ਦੇ ਕਿਰਤੀ ਲੋਕਾਂ ਉੱਪਰ ਅਥਾਹ ਮੁਸੀਬਤਾਂ ਥੋਪ ਰਹੇ (ਆਵਦੇ ਸੰਕਟਾਂ ਜ਼ਰੀਏ ਵੀ ਅਤੇ ਸੰਕਟਾਂ ਤੋਂ ਰਹਿਤ ਸਮਿਆਂ ‘ਚ ਵੀ) ਲੁਟੇਰੇ ਢਾਂਚੇ ਨੂੰ ਕਿਤੇ ਵੀ ਕਟਹਿਰੇ ‘ਚ ਖੜ੍ਹਾ ਨਹੀਂ ਕਰਦੇ। ਉਹ ਇਹ ਕਿਧਰੇ ਨਹੀਂ ਕਹਿੰਦੇ ਕਿ ਵਰਤਮਾਨ ਢਾਂਚੇ ਦੁਆਰਾ ਕਿਰਤੀ ਲੋਕਾਂ ਉੱਪਰ ਥੋਪੀਆਂ ਮੁਸੀਬਤਾਂ ਦਾ ਹੱਲ ਇਸ ਪੂਰੇ ਢਾਂਚੇ ਨੂੰ ਜੜ੍ਹੋਂ ਉਖਾੜ ਕੇ ਹੀ ਸੰਭਵ ਹੋ ਸਕਦਾ ਹੈ। ਉਹ ਇਸੇ ਲੋਟੂ ਢਾਂਚੇ ਦੇ ਅੰਦਰ ਹੀ ਅੰਦਰ ਕੁੱਝ ਸੁਧਾਰਾਂ ਦੇ ਸੁਝਾਅ ਦਿੰਦੇ ਹਨ। ਇਨ੍ਹਾਂ ਸੁਧਾਰਾਂ ਦੇ ਸੁਝਾਵਾਂ ਵਿੱਚ ਵੀ ਕਿਰਤੀ ਲੋਕਾਂ ਦੀਆਂ ਜੀਵਨ ਸਥਿਤੀਆਂ ਵਿੱਚ ਕੁਝ ਬਿਹਤਰੀ ਨਾਲ਼ੋਂ ਹਾਕਮ ਜਮਾਤਾਂ ਦੀ ਸਲਾਮਤੀ ਦੀ ਫਿਕਰਮੰਦੀ ਵਧੇਰੇ ਝਲਕਦੀ ਹੈ। ਕੋਬਾਦ ਗਾਂਧੀ ਇਸ ਲੁਟੇਰੇ ਢਾਂਚੇ ਦੇ ਵਫਾਦਾਰ ਬੁੱਧੀਜੀਵੀ ਦੀ ਤਰ੍ਹਾਂ ਵਾਰ ਵਾਰ ਭਾਰਤੀ ਹਾਕਮਾਂ ਨੂੰ ਖਤਰਿਆਂ ਪ੍ਰਤੀ ਸੁਚੇਤ ਕਰਦੇ ਹਨ। ਉਹ ਭਾਰਤੀ ਹਾਕਮਾਂ ਨੂੰ ਆਰਥਿਕ ਸੁਧਾਰਾਂ ਦੇ ਰਾਹ ‘ਤੇ ਦੁੜਕੀ ਚਾਲੇ ਨਾ ਚੱਲਣ ਦੀਆਂ ਸਲਾਹਾਂ ਦਿੰਦੇ ਹਨ। ਪਰ ਵਰਤਮਾਨ ਸੰਸਾਰ ਸਰਮਾਏਦਾਰਾ ਪ੍ਰਬੰਧ ਅੰਦਰ ਭਾਰਤੀ ਹਾਕਮਾਂ ਕੋਲ਼ ਨਵਉਦਾਰਵਾਦੀ ਆਰਥਿਕ ਸੁਧਾਰਾਂ ਦੇ ਰਾਹ ਉੱਪਰ ਹੋਰ ਅੱਗੇ ਵਧਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਹੈ। ਇਸ ਲਈ ਭਾਰਤ ਦੇ ਹਾਕਮ 1980 ਤੋਂ ਹੀ ਕਦੀ ਹੌਲੀ ਅਤੇ ਕਦੀ ਤੇਜ਼ ਇਸੇ ਰਾਹ ਉੱਪਰ ਅੱਗੇ ਵੱਧਦੇ ਰਹੇ ਹਨ। ਇਨ੍ਹਾਂ ਨੀਤੀਆਂ ਦੀ ਬਦੌਲਤ ਭਾਰਤੀ ਸਮਾਜ ਦਿਨੋਂ-ਦਿਨ ਵਧੇਰੇ ਧਰੁਵੀਕ੍ਰਿਤ ਹੋ ਰਿਹਾ ਹੈ। ਜਮਾਤੀ ਘੋਲ਼ ਵਧੇਰੇ ਸਾਫ਼ ਸਪੱਸ਼ਟ ਹੋ ਰਿਹਾ ਹੈ। ਕੁੱਲ ਮਿਲ਼ਾ ਕੇ ਵਰਤਮਾਨ ਲੁਟੇਰੇ ਢਾਂਚੇ ਦੀ ਕਬਰ ਪੁੱਟਣ ਦਾ ਰਾਹ ਹੋਰ ਵਧੇਰੇ ਪੱਧਰਾ ਹੋ ਰਿਹਾ ਹੈ। ਇਸ ਢਾਂਚੇ ਦੀ ਮੁਕੰਮਲ ਤਬਾਹੀ ਲਈ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜੀ-ਆਰਥਿਕ ਢਾਂਚੇ ਦੀ ਉਸਾਰੀ ਲਈ ਕਿਰਤੀ ਲੋਕਾਂ ਨੂੰ ਤਿਆਰ ਕਰਨ ਦੀ ਬਜਾਏ ਕੋਬਾਦ ਗਾਂਧੀ ਜਿਹੇ ਭਾਰਤੀ ਹਾਕਮਾਂ ਦੇ ਪਤਣ ਵੱਲ ਵਧਦੇ ਕਦਮਾਂ ਲਈ ਚਿੰਤਤ ਹਨ। ਉਹ ਭੱਜ ਭੱਜ ਕੇ ਥਾਂ ਥਾਂ ਖਤਰੇ ਦੇ ਸਾਈਨ ਬੋਰਡ ਲਗਾ ਰਹੇ ਹਨ। ਉਹ ਕਹਿੰਦੇ ਹਨ: ”ਜੇਕਰ ਅਸੀਂ ਪਤਣ ਦੀ ਡੂੰਘਾਈ ਤੋਂ ਬਚਣਾ ਹੈ ਤਾਂ ਮਜ਼ਬੂਤ ਕਦਮ ਚੁੱਕਣੇ ਹੋਣਗੇ।” ਭਾਰਤੀ ਹਾਕਮਾਂ ਦੁਆਰਾ ਪੂੰਜੀਗਤ ਖਾਤੇ ਦੀ ਤਬਾਦਲਾਸ਼ੀਲਤਾ ਵੱਲ ਵੱਧਦੇ ਕਦਮਾਂ ਤੋਂ ਚਿੰਤਤ ਹੋ ਕੇ ਉਹ ਕਹਿੰਦੇ ਹਨ: ”ਅਜਿਹੇ ਕਦਮ ਅਸਥਿਰਤਾ ਦੇ ਦੌਰ ਵਿੱਚ ਭਾਰੀ ਖਤਰਿਆਂ ਨਾਲ਼ ਭਰੇ ਹੋਏ ਹਨ।”

ਕੋਬਾਦ ਗਾਂਧੀ ਦੇ ਇਸ ਲੇਖ ਤੋਂ ਜਾਪਦਾ ਹੈ ਕਿ ਭਾਰਤ ਦੇ ਵਰਤਮਾਨ ਲੁਟੇਰੇ ਢਾਂਚੇ ਨੂੰ ਪਲ਼ਟਾ ਦੇਣ ਘਰੋਂ ਨਿਕਲਿਆਂ ਸਾਡਾ ਇਹ ”ਮਾਰਕਸਵਾਦੀ-ਮਾਓਵਾਦੀ” ਵਿਚਾਰਕ ਖੁਦ ਹੀ ਪਲ਼ਟਾ ਖਾ ਗਿਆ ਹੈ। 

 

 

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s