ਤਾਜਾ ਸਰਵੇਖਣ ਦੇ ਝਰੋਖੇ ‘ਚੋਂ ਕਿਸਾਨੀ ਦਾ ਹੋ ਰਿਹਾ ਰੁਪਾਂਤਰਣ —ਡਾ. ਦਰਸ਼ਨ ਖੇੜੀ

kisani 1

(ਪੀ.ਡੀ.ਐਫ਼ ਡਾਊਨਲੋਡ ਕਰੋ)

ਪੰਜਾਬ ਸਟੇਟ ਫਾਰਮਰਜ ਕਮਿਸ਼ਨ ਦੀ ਅਗਵਾਈ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥਿਕ ਮਾਹਿਰ ਡਾ. ਸੁਖਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਅੰਦਰ ਖੇਤੀਬਾੜੀ ਦਾ ਧੰਦਾ ਛੱਡ ਚੁੱਕੇ ਕਿਸਾਨਾਂ ਦੀ ਹਾਲਤ ਜਾਨਣ ਲਈ ਕੀਤੇ ਤਾਜਾ ਸਰਵੇਖਣ ਨੇ ਕਿਸਾਨੀ ਬਾਰੇ ਸਾਡੀਆਂ ਕਈ ਮਿਥਾਂ ਅਤੇ ਗਲਤ ਫਹਿਮੀਆਂ ਨੂੰ ਇੱਕੋ ਝਟਕੇ ਤੋੜ ਕੇ ਰੱਖ ਦਿੱਤਾ ਹੈ। ਮਸਲਨ ਹੁਣ ਤੱਕ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਯੂਨੀਅਨਾਂ ਖਾਸ ਕਰ ਖੱਬੇ-ਪੱਖੀ ਕਿਸਾਨ ਯੂਨੀਅਨਾਂ, ਇਥੋਂ ਦੇ ਸਾਹਿਤ ਕਰਮੀ, ਬੁੱਧੀਜੀਵੀ ਅਤੇ ਸਮਾਜਿਕ ਸਿਆਸੀ ਤਬਦੀਲੀ ਲਈ ਅਹੁਲ ਰਹੀਆਂ ਜਥੇਬੰਦੀਆਂ ਦੇ ਆਗੂ ਇਸ ਭਰਮ ਦਾ ਬੁਰੀ ਤਰ੍ਹਾਂ ਸ਼ਿਕਾਰ ਸਨ ਕਿ ਕਿਸਾਨ ਨੂੰ ਕਿਸਾਨ ਵਜੋਂ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਉਸਦੇ ਕਰਨ ਨੂੰ ਹੋਰ ਕੁੱਝ ਬਚਿਆ ਹੀ ਨਹੀਂ ਅਤੇ ਨਾ ਹੀ ਉਹ ਹੋਰ ਕੁੱਝ ਕਰ ਸਕਣ ਦੇ ਯੋਗ ਹੈ। ਜੇ ਉਹ ਖੇਤੀ ਛੱਡ ਕੇ ਕਿਸੇ ਹੋਰ ਪਾਸੇ ਅਹੁਲਣ ਦੀ ਕੋਸ਼ਿਸ਼ ਕਰੇਗਾ ਵੀ ਤਾਂ ਉਹ ਸਗੋਂ ਹੋਰ ਵੀ ਦੁੱਭਰ ਹੋ ਜਾਵੇਗੀ। ਇਸ ਨਾਲ਼ ਘਰੇਲੂ ਅਰਥ ਵਿਵਸਥਾ ਬੁਰੀ ਤਰਾਂ ਚਰਮਰਾ ਜਾਵੇਗੀ। ਵਿਕਲਪਹੀਣਤਾ ਦੇ ਇਨ੍ਹਾਂ ਸਿਧਾਂਤਕਾਰਾਂ ਦੇ ‘ਮਹਾਂਬਿਰਤਾਂਤ’ ਨੂੰ ਤੱਥਾਂ ਤੇ ਅਧਾਰਿਤ ਇਸ ਤਾਜਾ ਤਰੀਨ ਸਰਵੇਖਣ ਨੇ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਜਿਵੇਂ ਕਿ ਇਸ ਸਰਵੇਖਣ ਤੋਂ ਉਭਰ ਕੇ ਸਾਹਮਣੇ ਆਏ ਤੱਥਾਂ ਤੋਂ ਹੀ ਸਪਸ਼ਟ ਹੈ ਕਿ 25% ਲੋਕ ਤਾਂ ਖੇਤੀ ਛੱਡ ਕੇ ਪੂਰੀ ਤਰਾਂ ਸੰਤੁਸ਼ਟ ਹਨ ਜਦੋਂ ਕਿ ਖੇਤੀ ਛੱਡਣ ਵਾਲ਼ੇ 32 ਪ੍ਰਤੀਸ਼ਤ ਲੋਕ ਛੱਡ ਕੇ ਜੇ ਪੂਰੀ ਨਹੀਂ ਤਾਂ ਅੱਧ ਪਚੱਧੀ ਤਸੱਲੀ ਮਹਿਸੂਸ ਕਰ ਰਹੇ ਹਨ ਤੇ ਬਾਕੀ 18 ਪ੍ਰਤੀਸ਼ਤ ਵੀ ਕਿਸੇ ਨਾ ਕਿਸੇ ਪੱਧਰ ਦੀ ਤਸੱਲੀ ਮਹਿਸੂਸ ਕਰ ਰਹੇ ਹਨ। 

ਪੰਜਾਬ ਦੇ ਕਿਸਾਨੀ ਦੇ ਹੋ ਰਹੇ ਅਜੋਕੇ ਰੁਪਾਂਤਰਣ ਦੇ ਸੰਬਧ ‘ਚ ਸਾਹਮਣੇ ਆਏ ਇਹ ਤੱਥ ਕੋਈ ਅਲੋਕਾਰੀ ਗੱਲ ਨਹੀਂ। ਪੈਦਾਵਾਰ ਦਾ ਪੂੰਜੀਵਾਦੀ ਢੰਗ ਭਾਰੂ ਹੋਣ ਨਾਲ਼ ਪੁਰਾਣੇ ਕਿਸਾਨੀ ਸਮਾਜਾਂ ਦੇ ਟੁੱਟਣ ਦੇ ਵਰਤਾਰੇ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਦੇਖਦਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਾਡੇ ਸਮਾਜ ਵਿੱਚ ਹੋ ਰਿਹਾ ਇਹ ਰੁਪਾਂਤਰਣ ਜੇ ਇੰਨ-ਬਿੰਨ ਨਹੀਂ ਤਾਂ ਥੋੜੇ ਬਹੁਤੇ ਫਰਕਾਂ ਨਾਲ਼ ਸੰਸਾਰ ਦੇ ਹੋਰਨਾ ਮੁਲਕਾਂ ਵਿੱਚ ਵਾਪਰ ਚੁੱਕੀ ਜਾਂ ਵਾਪਰ ਰਹੀ ਇਸ ਪ੍ਰਕਿਰਿਆ ਨਾਲ਼ ਕਾਫ਼ੀ ਮਿਲ਼ਦਾ-ਜੁਲ਼ਦਾ ਹੈ। ਸੰਸਾਰ ਇਤਿਹਾਸ ਦੇ ਇਸ ਸੰਦਰਭ ਨੂੰ ਜੇ ਥੋੜ੍ਹਾ ਖੁੱਲ੍ਹੇ ਮਨ ਨਾਲ਼ ਪੜ੍ਹਿਆ ਵਾਚਿਆ ਜਾਵੇ ਤਾਂ ਇਸ ਤੱਥ ਦੀ ਜ਼ੋਰਦਾਰ ਪੁਸ਼ਟੀ ਹੋ ਜਾਂਦੀ ਹੈ ਕਿ ਛੋਟੀ ਅਤੇ ਸੀਮਾਂਤ ਕਿਸਾਨੀ ਆਪਣੀ ਜ਼ਮੀਨ ਨਾਲੋਂ ਟੁੱਟ ਕੇ ਨਾ ਸਿਰਫ ਆਰਿਥਕ ਤੌਰ ‘ਤੇ ਹੀ ਮੁਕਾਬਲਤਨ ਵਧੀਆ ਜ਼ਿੰਦਗੀ ਜਿਉਂਦੀ ਹੈ ਸਗੋਂ ਬੌਧਿਕ, ਆਤਮਿਕ ਅਤੇ ਸੱਭਿਆਚਾਰਕ ਤੌਰ ‘ਤੇ ਵੀ ਪਹਿਲਾਂ ਦੇ ਮੁਕਾਬਲੇ ਉਸਦੇ ਜ਼ਿਆਦਾ ਪ੍ਰਬੁੱਧ ਹੋਣ ਦੀਆਂ ਸੰਭਾਵਨਾਵਾਂ ਕਈ ਗੁਣਾਂ ਵਧ ਜਾਂਦੀਆਂ ਹਨ ਕਿਉਂਕਿ ਸਦੀਆਂ ਤੋਂ ਲੱਗਿਆ ਕਿਸਾਨੀ ਦਾ ਜੰਗਾਲ ਉਸਦੇ ਆਤਮਿਕ ਅਤੇ ਬੋਧਿਕ ਜਗਤ ਤੋਂ ਹੌਲੀ ਹੌਲੀ ਉਤਰਨਾ ਸ਼ੁਰੂ ਹੋ ਜਾਂਦਾ ਹੈ। ਆਪਣੀ ਆਰਥਿਕ ਹੈਸਿਅਤ ਪੱਖੋਂ ਕਹਿਣ ਨੂੰ ਭਾਵੇਂ ਉਹ ਮਜ਼ਦੂਰ ਹੀ ਬਣ ਜਾਂਦਾ ਹੈ ਪੰਰਤੂ ਇਸ ਦੇ ਬਾਵਜੂਦ ਵੀ ਉਹ ਪਹਿਲਾਂ ਦੀ ਖੜੋਤਮਈ ਜ਼ਿੰਦਗੀ ਤੋਂ ਨਿਜਾਤ ਪਾਕੇ ਨਵੀਂ ਤਕਨੀਕ, ਨਵੇਂ ਲੋਕਾਂ ਅਤੇ ਨਵੇਂ ਨਵੇਲੇ ਮਾਹੌਲ ਨਾਲ਼ ਜੁੜ ਜਾਂਦਾ ਹੈ। ਬਦਲਿਆ ਹੋਇਆ ਇਹ ਵਾਤਾਵਰਣ ਕੁੱਲ ਮਿਲਾ ਕੇ ਮਹਿਜ ਉਸਦੇ ਅਵਚੇਤਨ ਨੂੰ ਹੀ ਹਾਂ ਪੱਖੀ ਰੂਪ ‘ਚ ਪ੍ਰਭਾਵਿਤ ਨਹੀਂ ਕਰਦਾ ਸਗੋਂ ਹੌਲੀ-ਹੌਲੀ ਚੇਤਨ ਤੌਰ ‘ਤੇ ਵੀ ਉਹ ਆਪਣੇ ਆਪ ਨੂੰ ਮਜ਼ਦੂਰ ਜਮਾਤ ਦਾ ਅਟੁੱਟ ਹਿੱਸਾ ਸਮਝਣ ਲੱਗ ਪੈਂਦਾ ਹੈ ਅਤੇ ਇਸ ਤਰਾਂ ਪੂੰਜੀਵਾਦੀ ਪੈਦਾਵਾਰੀ ਪ੍ਰੀਕ੍ਰਿਆ ਦੇ ਲਾਜ਼ਮੀ ਸਿੱਟੇ ਵਜੋਂ ਹੋਂਦ ਵਿੱਚ ਆਈ ਇਸ ਇਨਕਲਾਬੀ ਜਮਾਤ ਨਾਲ਼ ਜੁੜਕੇ ਪਹਿਲਾਂ ਨਾਲ਼ੋਂ ਕਿਤੇ ਵਿਸ਼ਾਲ ਸਿਆਸੀ ਚੇਤਨਾ ਦੇ ਦਿਸਹੱਦੇ ਖੁੱਲਣ ਦੀਆਂ ਸੰਭਾਵਨਾਵਾਂ ਉਸਦੇ ਲਈ ਕਈ ਗੁਣਾ ਵਧ ਜਾਂਦੀਆਂ ਹਨ। ਉਸਦੀ ਸੋਚ ਦਾ ਦਾਇਰਾ ਮੋਕਲਾ ਹੁੰਦਾ ਹੈ ਤੇ ਉਸ ਦੇ ਮਹਿਸੂਸ ਕਰਨ ਦਾ ਧਰਾਤਲ ਹੋਰ ਵਿਸ਼ਾਲ ਅਤੇ ਉਚੇਰਾ ਹੋ ਜਾਂਦਾ ਹੈ। 

ਇਸ ਤਾਜਾ ਸਰਵੇਖਣ ਨੇ ਖੇਤੀ ਸਵਾਲ ਉਪਰ ਲਿਖੇ ਕਲਾਸੀਕਲ ਮਾਰਕਸਵਾਦੀ ਸਾਹਿਤ ਦੇ ਸੱਚ ਨੂੰ ਹੀ ਹੋਰ ਉਜਾਗਰ ਕੀਤਾ ਹੈ। ਜਿਵੇਂ ਕਿ ਜ਼ਰਈ ਸਵਾਲ ਦੀ ਸਮੀਖਿਆ ਤੇ ਬੋਲਦੇ ਹੋਏ ਲੈਨਿਨ ਕਹਿੰਦੇ ਹਨ ਕਿ ”ਪੂੰਜੀਵਾਦ ਦੁਆਰਾ ਖੇਤੀ ਦੀ ਰੈਡੀਕਲ ਰੂਪ ਬਦਲੀ ਉਹ ਪ੍ਰੀਕਿਰਿਆ ਹੈ ਜੋ ਕਿਸਾਨ ਨੂੰ ਭਾੜੇ ਦੇ ਮਜ਼ਦੂਰ ਵਿੱਚ ਰੂਪਾਂਤਰਿਤ ਕਰ ਰਹੀ ਹੈ ਅਤੇ ਪੇਂਡੂ ਇਲਾਕਿਆਂ ਤੋਂ ਅਬਾਦੀ ਦੇ ਪ੍ਰਵਾਸ ਨੂੰ ਵਧਾ ਰਹੀ ਹੈ। ਇਸ ਪ੍ਰਕਿਰਿਆ ਨੂੰ ਰੋਕਣ ਦੇ ਯਤਨ ਪਿਛਾਂਹ ਖਿਚੂ ਅਤੇ ਨੁਕਸਾਨਦੇਹ ਹੋਣਗੇ ਭਾਵੇਂ ਵਰਤਮਾਨ ਸਮੇਂ ਵਿੱਚ ਇਸਦੇ ਨਤੀਜੇ ਕਿੰਨੇ ਵੀ ਬੋਝਲ ਕਿਉਂ ਨਾ ਹੋਣ। ਇਸ ਪ੍ਰੀਕਿਰਿਆ ਨੂੰ ਰੋਕਣ ਦੇ ਨਤੀਜੇ ਇਸ ਤੋਂ ਵੀ ਭਿਅੰਕਰ ਹੋਣਗੇ ਅਤੇ ਇਹ ਕਿਰਤੀ ਲੋਕਾਂ ਨੂੰ ਵਧੇਰੇ ਲਾਚਾਰੀ ਅਤੇ ਨਾ ਉਮੀਦੀ ਵਾਲ਼ੀ ਸਥਿਤੀ ਵਿੱਚ ਲੈ ਜਾ ਸੁੱਟਣਗੇ। ਦਿਹਾੜੀਦਾਰ ਖੇਤ ਮਜ਼ਦੂਰ ਹੁਣ ਛੋਟੇ ਕਿਸਾਨ ਨਾਲ਼ੋਂ ਬਿਹਤਰ ਸਥਿਤੀ ਵਿੱਚ ਹਨ। ਕਿਸਾਨੀ ਦਾ ਬਚਾਅ, ਗਰੀਬੀ ਤੋਂ ਉਸਦਾ ਬਚਾਅ ਨਹੀਂ ਹੈ ਸਗੋਂ ਉਨ੍ਹਾਂ ਬੇੜੀਆਂ ਦਾ ਬਚਾਅ ਹੈ ਜੋ ਕਿਸਾਨ ਨੂੰ ਗਰੀਬੀ ਨਾਲ਼ ਨਰੜੀ ਰੱਖਦੀਆਂ ਹਨ।”

ਇਸ ਤਰਾਂ ਕਿਸਾਨ ਵਜੋਂ ਹਰ ਹਾਲ ਬਚਾਈ ਰੱਖਣ ਦੀਆਂ ਭੋਲੀਆਂ ਇਛਾਵਾਂ ਠੀਕ ਕਿਸਾਨ ਦੇ ਹੀ ਉਲਟ ਜਾਂਦੀਆਂ ਹਨ ਜਿਵੇਂ ਕਿ ਇਸ ਸਰਵੇਖਣ ਤੋਂ ਸਾਹਮਣੇ ਆਏ ਨਤੀਜਿਆ ਤੋਂ ਵੀ ਇਹੋ ਤਸਵੀਰ ਉਭਰਦੀ ਹੈ ਕਿ 1991 ਤੋਂ 2001 ਤੱਕ ਦੇ ਦਹਾਕੇ ਅੰਦਰ ਹੀ ਦੋ ਲੱਖ ਕਿਸਾਨ ਖੇਤੀ ਛੱਡ ਚੁੱਕੇ ਹਨ ਜਿਨ੍ਹਾਂ ਵਿੱਚੋਂ ਮਹਿਜ 23 ਪ੍ਰਤੀਸਤ ਹੀ ਆਪਣੀ ਵਰਤਮਾਨ ਸਥਿਤੀ (ਖੇਤੀ ਛੱਡਣ ਤੋਂ ਬਾਅਦ ਦੀ) ਤੋਂ ਅਸੰਤੁਸ਼ਟ ਹਨ ਜਦੋਂ ਕਿ ਬਾਕੀ ਬਚਦੇ 77 ਪ੍ਰਤੀਸ਼ਤ ‘ਚੋਂ ਜੇ ਖੇਤੀ ਛੱਡਣ ਵਾਲ਼ੇ ਲਗਭਗ 5 ਪ੍ਰਤੀਸ਼ਤ ਵੱਡੇ ਕਿਸਾਨਾਂ ਨੂੰ ਵੀ ਇਸ ‘ਚੋਂ ਕੱਢ ਦਈਏ ਤਾਂ 72 ਪ੍ਰਤੀਸ਼ਤ ਲੋਕ ਖੇਤੀ ਦਾ ਧੰਦਾ ਛੱਡ ਕੇ ਕਿਸੇ ਨਾ ਕਿਸੇ ਪੱਧਰ ‘ਤੇ ਪਹਿਲਾਂ ਨਾਲ਼ੋਂ ਵੱਧ ਸੰਤੁਸ਼ਟ ਨਜ਼ਰੀ ਆਉਂਦੇ ਹਨ। ਜਿਨ੍ਹਾਂ ਵਿੱਚੋਂ 44 ਪ੍ਰਤੀਸ਼ਤ ਦੀ ਆਮਦਨ ਤਾਂ ਪਹਿਲਾਂ ਨਾਲ਼ੋਂ ਘੱਟੋ-ਘੱਟ ਦੁੱਗਣੀ ਹੋਈ ਹੈ। ਇਸ ਤਰਾਂ ਇਹ ‘ਅਭਾਗੇ’ ਕਿਸਾਨ ਖੇਤੀ ਦੇ ਜੰਜਾਲ ਵਿੱਚੋਂ ਨਿਕਲ ਕੇ ਸਗੋਂ ਵਧੀਆ ਮਹਿਸੂਸ ਕਰ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਉਜਰਤੀ ਕਿਰਤ ਦੀ ਮੰਡੀ ਵਿੱਚ ਪੂੰਜੀਵਾਦ ਦਾ ਦੈਂਤ ਉਨ੍ਹਾਂ ਨੂੰ ਟੁੱਕੜੇ ਕਰਕੇ ਨਿਗਲਣ ਲਈ ਫਿਰ ਤੋਂ ਮੂੰਹ ਅੱਡੀ ਖੜ੍ਹਾ ਹੈ। ਪਰ ਇਹੀ ਤਾਂ ਇਨ੍ਹਾਂ ਅਭਾਗੇ ਕਿਸਾਨਾਂ ਦੀ ਤਾਰਕਿਕ ਅਤੇ ਅਟੱਲ ਹੋਣੀ ਹੈ ਜਿਵੇਂ ਕਿ ਖੁਦ ਡਾ. ਸੁਖਪਾਲ ਸਿੰਘ ਵੀ ਮਾਰਕਸ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ ਕਿ ”ਆਪਣੇ ਹੀ ਪੈਦਾਵਾਰ ਦੇ ਸਾਧਨ ਵਰਤਣ ਵਾਲ਼ਾ ਕਿਸਾਨ ਜਾਂ ਤਾਂ ਹੌਲੀ-ਹੌਲੀ ਛੋਟਾ ਸਰਮਾਏਦਾਰ ਬਣ ਜਾਵੇਗਾ ਜੋ ਦੂਜਿਆਂ ਦੀ ਕਿਰਤ ਦੀ ਲੁੱਟ ਕਰੇਗਾ ਤੇ ਜਾਂ ਫਿਰ ਉਹ ਆਪਣੇ ਇਹ ਪੈਦਾਵਾਰ ਦੇ ਸਾਧਨ ਵੀ ਗਵਾ ਲਵੇਗਾ ਤੇ ਇਕ ਉਜਰਤੀ ਮਜ਼ਦੂਰ ਵਿੱਚ ਤਬਦੀਲ ਹੋ ਜਾਵੇਗਾ।” ਉਨੀ-ਇੱਕੀ ਦੇ ਫੇਰ ਨਾਲ਼ ਸਾਡੇ ਕਿਸਾਨੀ ਸਮਾਜ ਦਾ ਬਿਲਕੁੱਲ ਇਹੋ ਜਿਹਾ ਰੁਪਾਂਤਰਣ ਹੀ ਤਾਂ ਅੱਜ ਸਾਡੇ ਸਾਹਮਣੇ ਹੋ ਰਿਹਾ ਹੈ। ਜਿਸਦੀ ਜ਼ੋਰਦਾਰ ਪੁਸ਼ਟੀ ਇਸ ਸਰੇਵਖਣ ਤੋਂ ਸਾਹਮਣੇ ਆਏ ਨਤੀਜਿਆਂ ਦੁਆਰਾ ਵੀ ਹੁੰਦੀ ਦੇਖੀ ਜਾ ਸਕਦੀ ਹੈ। ਅੱਜ ਪੰਜਾਬ ਦੇ ਪਿੰਡਾਂ ਅੰਦਰ ਜਿੱਥੇ ਇੱਕ ਪਾਸੇ ਬਹੁਤੇ ਕਿਸਾਨ ਉਜਰਤੀ ਮਜ਼ਦੂਰਾਂ ਦੀਆਂ ਕਤਾਰਾਂ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਦੂਜੇ ਪਾਸੇ ਖੇਤੀ ਖੇਤਰ ਦੇ ਧਨਾਢਾਂ ਦੀ ਇੱਕ ਵੱਖਰੀ ਜਮਾਤ ਵੀ ਨਾਲ਼ੋਂ ਨਾਲ਼ ਉਭਰਦੀ ਨਜ਼ਰੀਂ ਆਉਂਦੀ ਹੈ। ਇਸ ਸਰਵੇਖਣ ਅਨੁਸਾਰ ਵੀ ਖੇਤੀ ਛੱਡਣ ਵਾਲ਼ੇ ਵੱਡੇ ਕਿਸਾਨਾਂ ਦਾ 17.7 ਪ੍ਰਤੀਸ਼ਤ ਹਿੱਸਾ ਆਪਣੇ ਮੁਨਾਫੇ ਵਧਾਉਣ ਲਈ ਆੜਤ ਵਿੱਚ ਆਪਣੀ ਪੂੰਜੀ ਨਿਵੇਸ਼ ਕਰ ਰਿਹਾ ਹੈ ਤੇ ਜਾਂ ਫਿਰ ਕਿਸੇ ਕੰਪਨੀ ਦੀ ਡੀਲਰੀ ਲੈਣ ਵਿੱਚ ਜਾਂ ਭੱਠੇ ਲਾਉਣ ਵਿੱਚ। ਖੇਤੀ ਛੱਡਣ ਵਾਲ਼ੇ ਕਿਸਾਨਾਂ ਦੇ 47 ਪ੍ਰਤੀਸ਼ਤ ਹਿੱਸੇ ਵਲੋਂ ਵੇਚੀ ਜਾਣ ਵਾਲ਼ੀ ਆਪਣੀ ਕੁੱਲ (36 ਪ੍ਰਤੀਸ਼ਤ) ਜਾਂ ਅੱਧ-ਪਚੱਧ (11 ਪ੍ਰਤੀਸ਼ਤ) ਜ਼ਮੀਨ ਨੂੰ ਖਰੀਦ ਰਹੀ ਪੇਂਡੂ ਧਨਾਢ ਕਿਸਾਨੀ ਇਸ ਤੋਂ ਵੱਖਰੀ ਹੈ। ਇਸ ਤਰਾਂ ਇਹ ਧਰੁਵੀਕਰਨ ਖੇਤੀ ਖੇਤਰ ਅੰਦਰ ਵੀ ਸਪਸ਼ਟ ਤੌਰ ‘ਤੇ ਉਭਰ ਕੇ ਸਾਹਮਣੇ ਆਇਆ ਦਿਖਾਈ ਦਿੰਦਾ ਹੈ। 

ਖੇਤਾਂ ਵਿੱਚ ਮਿੱਟੀ ਨਾਲ਼ ਮਿੱਟੀ ਹੁੰਦੇ ਖੇਤ ਮਜ਼ਦੂਰਾਂ ਵੱਲੋਂ ਉਪਜਾਈ ਜਾਣ ਵਾਲ਼ੀ ਵਾਫ਼ਰ ਕਦਰ ਹੀ ਮੰਡੀ ‘ਚ ਜਾ ਕੇ ਮੁਨਾਫਾ ਬਣਦੀ ਹੈ। ਇਸ ਕਦਰ ‘ਚੋਂ ਮਜ਼ਦੂਰ ਨੂੰ ਘੱਟ ਤੋਂ ਘੱਟ ਹਿੱਸਾ ਦੇਣਾ ਅਜਿਹੀ ਪੈਦਾਵਾਰੀ ਪ੍ਰਕਿਰਿਆ ਦਾ ਇੱਕ ਅਟੁੱਟ ਲੱਛਣ ਹੁੰਦਾ ਹੈ। ਭਾਵ ਇੱਕ ਦਾ ਵਿਕਾਸ ਦੂਜੇ ਦੇ ਵਿਨਾਸ਼ ਦੇ ਟਿਕਿਆ ਹੁੰਦਾ ਹੈ। 24 ਨਵੰਬਰ ਦੇ ਪੰਜਾਬੀ ਟ੍ਰਿਬਿਊਨ ‘ਚ ਛਪੀ ਇੱਕ ਖ਼ਬਰ ਅਨੁਸਾਰ ਬਲਾਕ ਮਾਹਲਪੁਰ ਦੇ ਪਿੰਡ ਬਿਲਾਸਪੁਰ ਵਿਖੇ ਮਜ਼ਦੂਰ ਔਰਤਾਂ ਵਲੋਂ ਮਟਰ ਤੁੜਾਈ ਦੀ ਦਿਹਾੜੀ 50 ਰੁਪਏ ਤੋਂ ਵਧਾ ਕੇ 60 ਰੁਪਏ ਕਰਨ ਦੀ ਮੰਗ ਤੋਂ ਹੀ ਅਮੀਰ ਕਿਸਾਨੀ ਨੇ ਇਨ੍ਹਾਂ ਮਜ਼ਦੂਰ ਘਰਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਕੀ ਇਹ ਖ਼ਬਰ ਪਿੰਡਾਂ ਅੰਦਰ ਵੀ ਜਮਾਤੀ ਧਰੁਵੀਕਰਣ ਦੇ ਵਰਤਾਰੇ ਦੀ ਹੀ ਸ਼ਨਾਖ਼ਤ ਨਹੀਂ ਕਰਦੀ? ਇਨ੍ਹਾਂ ਗਰੀਬ ਮਜ਼ਦੂਰਾਂ ਵਲੋਂ ਮੰਡੀ ‘ਚੋਂ ਖਰੀਦੇ ਜਾਣ ਵਾਲ਼ੇ ਅਨਾਜ ਦੇ ਭਾਅ ਪਿਛਲੇ ਦਿਨੀ ਚੋਖੇ ਵਧੇ ਹਨ। ਇਹ ਗੱਲ ਵੱਖਰੀ ਹੈ ਕਿ ਇਹ ਉਤਪਾਦਕ ਕਣਕ ਅਤੇ ਝੋਨੇ ਦੇ ਹੁਣ ਵਾਲ਼ੇ ਭਾਅ ਨਾਲ਼ ਵੀ ਸੰਤੁਸ਼ਟ ਨਹੀਂ। ਦੂਜੇ ਪਾਸੇ ਇਨ੍ਹਾਂ ਦੇ ਖੇਤਾਂ ਵਿੱਚ ਸਰਦੀ ਦੇ ਦਿਨਾਂ ਵਿੱਚ ਵੀ 10-10 ਘੰਟੇ ਲੰਮੀ ਦਿਹਾੜੀ ਕਰਨ ਵਾਲ਼ੀਆਂ ਮਜ਼ਦੂਰਨਾਂ ਵਲੋਂ ਮਹਿਜ 10 ਰੁਪਏ ਆਪਣੀ ਦਿਹਾੜੀ ਵਧਾਏ ਜਾਣ ਦੀ ਮੰਗ ‘ਤੇ ਹੀ ਇਹ ਜਮਾਤ ਅੱਗ ਬਬੂਲਾ ਹੋ ਗਈ ਹੈ। ਕਿਸਾਨੀ ਦੀ ਇਹ ਮਲਾਈਦਾਰ ਪਰਤ ਭਾਵੇਂ ਆਪਣੇ ਜਮਾਤੀ ਸੁਭਾਅ ਪੱਖੋਂ ਛੋਟੀ ਅਤੇ ਸੀਮਾਂਤ ਕਿਸਾਨੀ ਨਾਲ਼ੋਂ ਗੁਣਾਤਮਿਕ ਤੌਰ ‘ਤੇ ਬਿਲਕੁਲ ਵੱਖਰੀ ਹੈ, ਪਰ ਇਹ ਆਪਣਾ ਸਿਆਸੀ, ਸਮਾਜਿਕ ਤੇ ਆਰਥਿਕ ਰਸੂਖ ਵਰਤ ਕੇ ਕਿਸਾਨੀ ਦੀ ਉਸ ਪਰਤ ਨੂੰ ਵੀ ਇਸ ਮਜ਼ਦੂਰ ਵਿਰੋਧੀ ਲੜਾਈ ਵਿੱਚ ਆਪਣੇ ਨਾਲ਼ ਜੋੜ ਲੈਂਦੀ ਹੈ ਜਿਸ ਨੇ ਕਦੇ ਇੱਕ ਵੀ ਖੇਤ ਮਜ਼ਦੂਰ ਆਪਣੇ ਖੇਤਾਂ ਵਿੱਚ ਨਹੀਂ ਲਾਉਣਾ ਹੁੰਦਾ ਜਾਂ ਬਸ ਕਦੇ ਕਦਾਈਂ ਹੀ ਜਿਸ ਨੂੰ ਭਾੜੇ ਦੀ ਕਿਰਤ ਦੀ ਲੋੜ ਪੈਂਦੀ ਹੈ। 

ਸਪੱਸ਼ਟ ਹੈ ਅੱਜ ਸਾਡਾ ਕਿਸਾਨੀ ਅਤੇ ਪੇਂਡੂ ਸਮਾਜ ਕੋਈ ਇੱਕ-ਜੁੱਟ ਸਮਾਜਿਕ ਸਮੂਹ ਨਹੀਂ ਰਹਿ ਗਿਆ। ਇਸ ਲਈ ਕਿਸਾਨੀ ਦੇ ਇਸ ਧਰੁਵੀਕਰਨ ਦੀ ਚੱਲ ਰਹੀ ਜ਼ੋਰਦਾਰ ਪ੍ਰੀਕਿਰਿਆ ਦੇ ਤੱਥਾਂ ਸਹਿਤ ਵਿਸ਼ਲੇਸ਼ਣ ਤੋਂ ਬਅਦ ਅਸੀਂ ਸਹਿਜੇ ਹੀ ਇਹ ਨਤੀਜਾ ਕੱਢ ਸਕਦੇ ਹਾਂ ਕਿ ਕਿਸਾਨੀ ਦੇ ਵੱਖ-ਵੱਖ ਪਰਤਾਂ ਵਿੱਚ ਵੰਡੇ ਜਾਣ ਦਾ ਵਰਤਾਰਾ ਬਹੁਤ ਤੇਜੀ ਨਾਲ਼ ਅੱਗੇ ਵੱਧ ਰਿਹਾ ਹੈ ਜਿਸ ਨਾਲ਼ ਸਮੁੱਚੀ ਕਿਸਾਨੀ ਦੇ ਮੰਗਾਂ-ਮਸਲੇ ਵੀ ਹੁਣ ਇੱਕੋ ਜਿਹੇ ਨਹੀਂ ਹੋ ਸਕਦੇ। ਮਸਲਨ ਕਿਸਾਨੀ ਜਿਣਸਾਂ ਦੇ ਲਾਭਕਾਰੀ ਮੁੱਲਾਂ ਅਤੇ ਸਬਸਿਡੀਆਂ ਦੀ ਮੰਗ ਵੀ ਅੱਜ ਛੋਟੀ ਤੇ ਸਿਮਾਂਤ ਕਿਸਾਨੀ ਨੂੰ ਕੋਈ ਗਿਣਨਯੋਗ ਆਰਥਿਕ ਲਾਭ ਨਹੀਂ ਪਹੁੰਚਾ ਸਕਦੀ। ਸਗੋਂ ਇਸ ਦਾ ਫਾਇਦਾ ਕਿਸਾਨੀ ਦੀ ਉਪਰਲੀ ਮਲਾਈਦਾਰ ਪਰਤ ਲਈ ਹੀ ਰਾਖਵਾਂ ਹੋ ਕੇ ਰਹਿ ਗਿਆ ਹੈ। ਜਿਵੇਂ ਕਿ ਉਪਰੋਕਤ ਅਰਥਸ਼ਾਸਤਰੀ ਦੇ ਹੀ ‘ਪੰਜਾਬ ਦਾ ਖੇਤੀ ਸੰਕਟ ਅਤੇ ਕਰਜੇ ਦੀ ਸਮੱਸਿਆ’ ਨਾਮੀ ਇੱਕ ਵੱਖਰੇ ਖੋਜ ਪੱਤਰ ਵਿੱਚ ਇਸ ਗੱਲ ਦਾ ਸਪਸ਼ਟ ਖੁਲਾਸਾ ਮਿਲਦਾ ਹੈ ਕਿ ਕਿਵੇਂ ਕਿਸਾਨੀ ਦੀ ਮਲਾਈਦਾਰ ਪਰਤ ਜੋ ਕਿ ਕੁੱਲ ਕਿਸਾਨੀ ਦਾ ਸਿਰਫ 19 ਪ੍ਰਤੀਸ਼ਤ ਹੈ, ਖੇਤੀ ਸੈਕਟਰ ਨੂੰ ਮਿਲਣ ਵਾਲ਼ੀ ਕੁੱਲ ਸਬਸਿਡੀ ‘ਚੋਂ ਆਪਣੇ ਹਿੱਸੇ ਤੋਂ ਦੁਗੱਣੀ ਤੋਂ ਵੀ ਵੱਧ ਸਬਸਿਡੀ ‘ਤੇ ਹੱਥ ਸਾਫ਼ ਕਰ ਜਾਂਦੀ ਹੈ। ਕਿਉਂਕਿ ਛੋਟਾ ਸੀਮਾਂਤ ਕਿਸਾਨ ਤਾਂ ਆਪਣੀ ਵਾਹੀਯੋਗ ਜੋਤ ਛੋਟੀ ਹੋਣ ਕਰਕੇ ਰੇਹ, ਤੇਲ, ਬਿਜਲੀ, ਪਾਣੀ ਅਤੇ ਮਸ਼ੀਨਰੀ ਬਹੁਤ ਘੱਟ ਵਰਤਦਾ ਹੈ। ਇਸੇ ਤਰਾਂ ਕਿਸਾਨੀ ਜਿਣਸਾਂ ਦੇ ਲਾਭਕਾਰੀ ਮੁਲਾਂ ਦੀ ਮੰਗ ਮੰਨੇ ਜਾਣ ਦਾ ਵੀ ਕਿਸਾਨੀ ਦੀ ਇਸ ਪਰਤ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ। 

ਆਸ ਕੀਤੀ ਜਾਣੀ ਚਾਹੀਦੀ ਹੈ ਕਿ ਕਿਸਾਨੀ ਮਸਲਿਆਂ ਦੇ ਹਾਂ ਪੱਖੀ ਹੱਲ ਲਈ ਯਤਨਸ਼ੀਲ ਲੋਕ ਆਪਣੀ ਰਵਾਇਤੀ ਸੋਚ ਨੂੰ ਇੱਕ ਸੱਚੇ ਵਿਗਿਆਨੀ ਦੇ ਹੌਂਸਲੇ ਨਾਲ਼ ਇਸ ਸਰਵੇਖਣ ਤੋਂ ਸਾਹਮਣੇ ਆਏ ਤੱਥਾਂ ਦੀ ਰੋਸ਼ਨੀ ਵਿੱਚ ਜ਼ਰੂਰ ਵਿਚਾਰਨਗੇ। ਨਹੀਂ ਤਾਂ ਫਰੈਡਰਿਕ ਏਂਗਲਜ਼ ਦੇ ਸ਼ਬਦਾਂ ਵਿੱਚ ”ਛੋਟੀ ਕਿਸਾਨੀ ਨੂੰ ਬਚਾਉਣ ਦੀਆਂ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਅਜਿਹੀ ਸਥਿਤੀ ਨੂੰ ਹੀ ਹੋਰ ਲੰਮੇਰਾ ਕਰਨਗੀਆਂ ਜਿਸ ਵਿੱਚ ਨਾ ਤਾਂ ਉਹ ਜਿਉਂਦੇ ਰਹਿ ਸਕਦੇ ਹਨ ਅਤੇ ਨਾ ਹੀ ਮਰ ਸਕਦੇ ਹਨ।”

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s