ਕਿਰਤ ਅਤੇ ਸਰਮਾਏ ਦੀ ਧਿਰ, ਪੂਰੀ ਦੁਨੀਆਂ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ

kirat te sarmaye

(ਪੀ.ਡੀ.ਐਫ਼ ਡਾਊਨਲੋਡ ਕਰੋ)

 11 ਅਪ੍ਰੈਲ ਨੂੰ ਕਈ ਕੌਮੀ ਅਖਵਾਰਾਂ ਵਿੱਚ ਪਹਿਲੇ ਪੰਨੇ ‘ਤੇ ਇਹ ਖ਼ਬਰ ਛਪੀ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਹੁਣ ਰਾਜ ਸਰਕਾਰਾਂ ਦੁਆਰਾ ਠੇਕੇ ‘ਤੇ ਭਰਤੀ ਕੀਤੇ ਮੁਲਾਜ਼ਮ ਆਪਣੀ ਨੌਕਰੀ ਪੱਕੀ ਕਰਨ ਦਾ ਦਾਅਵਾ ਨਹੀਂ ਕਰ ਸਕਣਗੇ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈੱਚ ਨੇ ਇਹ ਫੈਸਲਾ ਕਰਨਾਟਕ ਹਾਈ ਕੋਰਟ ਦੇ ਫੈਸਲੇ ਵਿਰੁੱਧ, ਕਰਨਾਟਕ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੀਤੀ ਗਈ ਅਪੀਲ ਦੇ ਸਬੰਧ ਵਿੱਚ ਸੁਣਾਇਆ ਸੀ। ਕਰਨਾਟਕ ਹਾਈ ਕੋਰਟ ਨੇ ਦਸ ਸਾਲ ਤੋਂ ਲਗਾਤਾਰ ਕਰਨਾਟਕ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ ਲਈ ਕਰਨਾਟਕ ਸਰਕਾਰ ਨੂੰ ਨਿਰਦੇਸ਼ ਜ਼ਾਰੀ ਕੀਤਾ ਸੀ। 

ਇਸੇ ਪੰਜ ਅਪ੍ਰੈਲ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜ਼ਕਾਰਤਾ ਵਿੱਚ ਹਜ਼ਾਰਾਂ ਕਾਮਿਆਂ ਨੇ ਇੰਡੋਨੇਸ਼ੀਆ ਸਰਕਾਰ ਵੱਲੋਂ ਬਣਾਏ ਨਵੇਂ ਕਿਰਤ ਕਨੂੰਨਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ। 1998 ਵਿੱਚ ਇੰਡੋਨੇਸ਼ੀਆਈ ਆਰਥਿਕ ਸੰਕਟ ਸਮੇਂ ਉੱਠੀ ਵਿਸ਼ਾਲ ਵਿਦਿਆਰਥੀ ਲਹਿਰ ਨੇ ਪਿਛਲੇ 25 ਸਾਲਾਂ ਤੋਂ ਇੰਡੋਨੇਸ਼ੀਆ ਦੀ ਹਕੂਮਤ ‘ਤੇ ਕਾਬਜ਼ ਤਾਨਾਸ਼ਾਹ ਸੁਹਾਰਤੋ ਨੂੰ ਗੱਦੀਓਂ ਲਾਹ ਦਿੱਤਾ ਸੀ। ਇਸਤੋਂ ਬਾਅਦ ਬਣੀ ਅਖੌਤੀ ਪਹਿਲੀ ਜ਼ਮਹੂਰੀ ਸਰਕਾਰ ਨੇ 2003 ਵਿੱਚ ਕਿਰਤ ਕਨੂੰਨ ਬਣਾਏ ਸਨ, ਜੋ ਕਿ 2004 ਵਿੱਚ ਚੁਣੀ ਗਈ ਨਵੀਂ ਸਰਕਾਰ ਨੂੰ ਪੁਰਾਣੇ ਲੱਗਣ ਲੱਗ ਪਏ ਹਨ ਅਤੇ ਇਹ ਇਹਨਾਂ ਕਨੂੰਨਾਂ ਨੂੰ ਬਦਲਣ ਦੇ ਰਾਹ ਤੁਰੀ ਹੈ। ਨਵੀਂ ਸਰਕਾਰ ਦੀ ਨਜ਼ਰ ਵਿੱਚ 2003 ਦਾ ਕਿਰਤ ਕਨੂੰਨ ਮਜ਼ਦੂਰਾਂ ਨੂੰ ਬਹੁਤ ਜਿਆਦਾ ਸਹੂਲਤਾਂ ਪ੍ਰਦਾਨ ਕਰਦਾ ਹੈ, ਉਹਨਾਂ ਨੂੰ ਜਥੇਬੰਦ ਹੋਣ ਅਤੇ ਹੜਤਾਲ ‘ਤੇ ਜਾਣ ਦੀ ਵਧੇਰੇ ਅਜ਼ਾਦੀ ਦਿੰਦਾ ਹੈ, ਜੋ ਦੇਸ਼ ਦੀ ਆਰਥਿਕ ਮੁਕਾਬਲਾ ਯੋਗਤਾ ਲਈ ਘਾਤਕ ਹੈ ਅਤੇ ਇਹ ਨਿਵੇਸ਼ਕਾਂ ਨੂੰ ਨਿਰਉਤਸ਼ਾਹਿਤ ਕਰਦਾ ਹੈ। 

ਫਰਾਂਸ ਵਿੱਚ ‘ਨਵੇਂ ਰੁਜ਼ਗਾਰ ਕੰਟਰੈਕਟ’ ਵਿਰੁੱਧ ਲੱਖਾਂ ਵਿਦਿਆਰਥੀਆਂ ਦੇ ਹਿੰਸਕ ਵਿਖਾਵੇ ਵੀ ਪਿਛਲੇ ਦਿਨੀ ਦੁਨੀਆਂ ਭਰ ਵਿੱਚ ਮੀਡੀਆ ਦੀਆਂ ਸੁਰਖੀਆਂ ‘ਚ ਰਹੇ। ‘ਨਵੇਂ ਰੁਜ਼ਗਾਰ ਸਮਝੌਤ’ੇ ਤਹਿਤ ਮਾਲਕ 26 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਨੂੰ 2 ਸਾਲ ਤੱਕ ਦੀ ਮਿਆਦ ਲਈ ਠੇਕੇ ‘ਤੇ ਰੱਖ ਸਕਦੇ ਹਨ ਅਤੇ ਇਸ ਸਮੇਂ ਦੌਰਾਨ ਮਾਲਕ ਇਹਨਾਂ ਕਾਮਿਆਂ ਨੂੰ ਜਦੋਂ ਵੀ ਚਾਹੁਣ ਨੌਕਰੀ ਤੋਂ ਕੱਢ ਸਕਦੇ ਹਨ। ਇਸ ਘੋਰ ਮਜ਼ਦੂਰ ਵਿਰੋਧੀ ਕਨੂੰਨ ਨੇ ਲੋਕਾਂ, ਖਾਸ ਕਰ ਵਿਦਿਆਰਥੀਆਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਪੂਰੇ ਦੇਸ਼ ਵਿੱਚ ਥਾਂ-ਥਾਂ ਰੋਸ ਵਿਖਾਵਿਆਂ ਜਾ ਤਾਂਤਾ ਲੱਗ ਗਿਆ। ਵਿਦਿਆਰਥੀਆਂ ਦੀ ਇਸ ਵਿਸ਼ਾਲ ਏਕਤਾ, ਅਤੇ ਖਾੜਕੂ ਸੰਘਰਸ਼ ਅੱਗੇ ਆਖਿਰ ਸਰਕਾਰ ਨੂੰ ਝੁਕਣਾ ਪਿਆ ਅਤੇ ਇੱਕ ਵਾਰ ਤਾਂ ਉਸਨੂੰ ਇਹ ਕਨੂੰਨ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਫਰਾਂਸ ਇੱਕ ਅਜਿਹਾ ਦੇਸ਼ ਹੇ ਜਿੱਥੋਂ ਦੇ 25 ਫੀਸਦੀ ਕਾਮੇ ( ਕਿਰਤ ਸ਼ਕਤੀ) ਬੇਰੁਜਗਾਰ ਹਨ, ਅਤੇ ਪ੍ਰਵਾਸੀਆਂ, ਗਰੀਬ ਬਸਤੀਆਂ  ਵਿੱਚ ਰਹਿਣ ਵਾਲੀ ਅਬਾਦੀ ਦੇ ਮਾਮਲੇ ਵਿੱਚ ਤਾਂ ਬੇਰੁਜ਼ਗਾਰੀ ਦੀ ਦਰ 50 ਪ੍ਰਤੀਸ਼ਤ ਤੱਕ ਹੈ। ਪਿਛਲੇ ਸਾਲਾਂ ਦੌਰਾਨ ਖਾਸ ਕਰਕੇ, ਯੂਰੋ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਫਰਾਂਸੀਸੀ ਪਰਿਵਾਰਾਂ ਦੀ ਆਮਦਨ ਘਟਦੀ ਗਈ ਹੈ। ਅਰਥਚਾਰਾ ਮੰਦੀ ਦਾ ਸ਼ਿਕਾਰ ਹੈ, ਕੌਮੀ ਕਰਜ਼ਾ ਵਧ ਰਿਹਾ ਹੈ, ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਨਹੀਂ ਹੋ ਰਹੇ। ਭਾਰੀ ਟੈਕਸਾਂ ਦੇ ਬੋਝ ਤੋਂ ਬਚਣ ਲਈ ਅਤੇ ਹੋਰਾਂ ਥਾਵਾਂ ‘ਤੇ ਸਸਤੀ ਕਿਰਤ ਸ਼ਕਤੀ ਉਪਲੱਭਦ ਹੋਣ ਕਰਕੇ ਅਨੇਕਾਂ ਕੰਪਨੀਆਂ ਨੇ ਫਰਾਂਸ ਵਿੱਚ ਆਪਣੇ ਕਾਰੋਬਾਰ ਬੰਦ ਕਰ ਦਿੱਤੇ, ਜਿਸ ਕਾਰਨ ਇੱਥੇ ਬੇਰੁਜ਼ਗਾਰੀ ਦੀ ਵਿਸਫੋਟਕ ਸਥਿਤੀ ਪੈਦਾ ਹੋਈ ਹੈ। 

ਭਾਰਤ ਤੋਂ ਲੇਕੇ ਫਰਾਂਸ ਤੱਕ, ਧਰਤੀ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਸਭ ਜਗ੍ਹਾ ਇੱਕੋ ਹਾਲ ਹੈ, ਹਰ ਥਾਂ ਸਰਮਾਏਦਾਰੀ ਧਿਰ ਨੇ ਕਿਰਤ ਦੀ ਧਿਰ ‘ਤੇ ਨੰਗਾ ਚਿੱਟਾ ਹਮਲਾ ਬੋਲਿਆ ਹੋਇਆ ਹੈ, ਪੂਰੀ ਦੁਨੀਆਂ ਵਿੱਚ ਕਿਰਤ ਅਤੇ ਸਰਮਾਏ ਦੀਆਂ ਧਿਰਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਖੜ੍ਹੀਆਂ ਹਨ। 

ਅੱਜ ਸੰਸਾਰ ਪੂੰਜੀਵਾਦੀ ਅਰਥਚਾਰਾ ਪਹਿਲਾਂ ਦੇ ਕਿਸੇ ਸਮੇਂ ਨਾਲੋਂ ਵਧੇਰੇ ਜੁੜ ਚੁੱਕਿਆ ਹੈ। ਇੰਟਰਨੈੱਟ ਦੀ ਆਮਦ ਅਤੇ ਸੰਚਾਰ ਸਾਧਨਾਂ ਦੇ ਹੈਰਾਨੀਜਨਕ ਵਿਕਾਸ ਨੇ ਦੁਨੀਆਂ ਦੇ ਇਸ ਜੁੜਾਅ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ, ਵਿਦੇਸ਼ੀ ਵਪਾਰ ਦੀ ਅੱਜ ਸੰਸਾਰ ਪੂੰਜੀਵਾਦੀ ਅਰਥਚਾਰੇ ਵਿੱਚ ਭੂਮਿਕਾ ਲਗਾਤਾਰ ਵਧਦੀ ਗਈ ਹੈ। ਸੰਸਾਰ ਮੰਡੀ ਦੀਆਂ ਲੋੜਾਂ ਅਤੇ ਉਤਰਾਅ ਚੜ੍ਹਾਅ ਸਰਮਾਏਦਾਰਾ ਪੈਦਾਵਾਰ ਨੂੰ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਵਧੇਰੇ ਪ੍ਰਭਾਵਤ ਕਰਦੇ ਹਨ। ਸੰਸਾਰ ਮੰਡੀ ਵਿੱਚ ਸਰਮਾਏਦਾਰਾਂ ਦਰਮਿਆਨ ਗਲ਼ਾ ਵੱਢ ਮੁਕਾਬਲੇ ਵਿੱਚ ਟਿਕੇ ਰਹਿਣ ਲਈ ਜ਼ਰੂਰੀ ਹੈ ਕਿ ਪੈਦਾਵਾਰ ਦੀ ਲਾਗਤ ਵਿੱਚ ਲਗਾਤਾਰ ਕਮੀ ਲਿਆਂਦੀ ਹੈ ਅਤੇ ਪੈਦਾਵਾਰੀ ਲਾਗਤ ਵਿੱਚ ਇਹ ਕਮੀ ਸਿਰਫ ਅਤੇ ਸਿਰਫ ਮਜ਼ਦੂਰਾਂ ਦੀ ਉਜ਼ਰਤ ਅਤੇ ਹੋਰ ਸੁਖ-ਸਹੂਲਤਾਂ ਦੇ ਕੱਟ ਲਾ ਕੇ ਹੀ ਕੀਤੀ ਜਾ ਸਕਦੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿੱਚ ਹੀ ਅੱਜ ਕਿਰਤ ਕਨੂੰਨਾਂ ਨੂੰ ਸੋਧਿਆ ਜਾ ਰਿਹਾ ਹੈ, ਤਾਂ ਕਿ ਕਿਰਤ ਮੰਡੀ ਨੂੰ ਵਧੇਰੇ ‘ਲਚਕਦਾਰ’ ਬਣਾਇਆ ਜਾ ਸਕੇ। ਭਾਵ ਕਿ ਮੁਨਾਫ਼ੇ ਦੀ ਹਵਸ ਪੂਰਤੀ ਲਈ ਮਜ਼ਦੂਰਾਂ ਦੀ ਵੱਧ ਤੋਂ ਵੱਧ ਰੱਤ ਨਿਚੋੜੀ ਜਾਵੇ। 

ਪੂੰਜੀ ਦੇ ਵਿਸ਼ਵੀਕਰਨ ਦਾ ਇੱਕ ਉਹ ਦੌਰ ਸੀ ਜਿਸਨੂੰ ਬਸਤੀਵਾਦੀ ਦੌਰ ਕਹਿੰਦੇ ਹਨ। ਇਸ ਦੌਰ ਦੀ ਖਾਸੀਅਤ ਇਹ ਸੀ ਕਿ ਸਾਮਰਾਜੀ ਦੇਸ਼ਾਂ ਦੁਆਰਾ ਗਰੀਬ ਦੇਸ਼ਾਂ ਦੀ ਲੁੱਟ ਵਿੱਚੋਂ ਸਾਮਰਾਜੀ ਦੇਸ਼ਾਂ ਦੀ ਮਜ਼ਦੂਰ ਜਮਾਤ ਨੂੰ ਵੀ ਭ੍ਰਿਸ਼ਟ ਕੀਤਾ। ਇਸ ਸਮੇਂ ਦੌਰਾਨ ਪੱਛੜੇ ਗਰੀਬ ਦੇਸ਼ਾਂ/ ਬਸਤੀਆਂ, ਅਰਧ ਬਸਤੀਆਂ, ਨਵ ਬਸਤੀਆਂ ਦੇ ਮਜ਼ਦੂਰ ਅਤੇ ਹੋਰ ਕਿਰਤੀ  ਲੋਕਾਈ ਤਾਂ ਭਿਆਨਕ ਗਰੀਬੀ ਅਤੇ ਲੁੱਟ ਜ਼ਬਰ ਦਾ ਸ਼ਿਕਾਰ ਸੀ ਪਰ ਵਿਕਸਿਤ ਸਰਮਾਏਦਾਰ ਦੇਸ਼ਾਂ / ਸਾਮਰਾਜੀ ਦੇਸ਼ਾਂ ਦੀ ਮਜ਼ਦੂਰ ਜਮਾਤ ਮੁਕਾਬਲਤਨ ਖੁਸ਼ਹਾਲ ਜੀਵਨ ਬਿਤਾਉਂਦੀ ਸੀ। 

ਪਰ ਸਰਮਾਏ ਦੇ ਵਿਸ਼ਵੀਕਰਨ ਦੇ ਵਰਤਮਾਨ ਦੌਰ ਵਿੱਚ ਜਿਸਨੂੰ 1980 ਵਿਆਂ ਤੋਂ ਸ਼ੁਰੂ ਹੋਇਆ ਮੰਨਿਆਂ ਜਾ ਸਕਦਾ ਹੈ, ਹਾਲਤ ਬਿਲਕੁਲ ਵੱਖਰੀ ਹੈ। ਇਸ ਦੌਰ ਵਿੱਚ ਸਰਮਾਏ ਦੇ ਵਿਸ਼ਵੀਕਰਨ ਦੇ ਨਾਲ ਹੀ ਦੁਨੀਆਂ ਭਰ ਦੇ ਮਜ਼ਦੂਰਾਂ ਖਿਲਾਫ ਸਰਮਾਏ ਦੇ ਹਮਲਿਆਂ ਦਾ ਵੀ ਵਿਸ਼ਵੀਕਰਨ ਹੋ ਗਿਆ ਹੈ। ਦੂਜੀ ਜੰਗ ਤੋਂ ਬਾਅਦ ਖਾਸ ਕਰਕੇ ਵਿਕਸਿਤ ਸਰਮਾਏਦਾਰ ਦੇਸ਼ਾਂ ਅੰਦਰ, ਹਾਕਮ ਜਮਾਤਾਂ ਦੁਆਰਾ ਜੋ ‘ਕਲਿਆਣਕਾਰੀ ਰਾਜ’ ਦਾ ਕੀਨਜ਼ਵਾਦੀ ਮਾਡਲ ਅਪਣਾਇਆ ਗਿਆ ਸੀ, ਉਹ ਅੱਜ ਇਹਨਾਂ ਵਾਸਤੇ ਗਲ਼ੇ ਦੀ ਹੱਡੀ ਸਾਬਤ ਹੋ ਰਿਹਾ ਹੈ। ਇਹ ਮਾਡਲ ਅੱਜ ਇਹਨਾਂ ਲਈ ਬੇਲੋੜਾ ਹੋ ਗਿਆ ਹੈ, ਇਸੇ ਲਈ ਇਹਨਾਂ ਦੇਸ਼ਾਂ ਦੇ ਹੁਕਮਰਾਨ ਕੀਨਜ਼ਵਾਦ ਨੂੰ ਟੁਕੜੇ-ਟੁਕੜੇ ਕਰਕੇ ਦਫ਼ਨਾ ਰਹੇ ਹਨ। ਅੱਜ ਸੰਸਾਰ ਅਰਥਚਾਰਾ ਇੰਨਾ ਜਿਆਦਾ ਜੁੜ ਚੁੱਕਾ ਹੈ ਕਿ ਸਰਮਾਏਦਾਰ ਰਾਜਾਂ ਵਾਸਤੇ ਅਰਥਚਾਰੇ ਵਿੱਚ ਦਖਲ ਦੇਣਾ ਦਿਨੋ-ਦਿਨ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅੱਜ ਜਿਹੜੇ ਵੀ ਦੇਸ਼ ਦੇ ਕਿਰਤ ਕਨੂੰਨ, ਮਾਲਕਾਂ ਦੇ ਮੁਨਾਫ਼ੇ ਵਧਾਉਣ ਵਿੱਚ ਰੁਕਾਵਟ ਬਣੇ ਹਨ, ਮਜ਼ਦੂਰਾਂ ਦੀ ਅੰਨ੍ਹੀ ਲੁੱਟ ਵਿੱਚ ਰੋਕ ਬਣੇ ਹਨ ਅਤੇ ਸੰਸਾਰ ਮੰਡੀ ਵਿੱਚ ਇਹਨਾਂ ਦੀ ਮੁਕਾਬਲਾ ਯੋਗਤਾ ਨੂੰ ਘਟਾਉਂਦੇ ਉਹਨਾਂ ਦੇਸ਼ਾਂ ਤੋਂ ਪੂੰਜੀ ਉਡਾਰੀ ਮਾਰ ਜਾਂਦੀ ਹੈ ਅਤੇ ਇਹ ਉਹਨਾਂ ਦੇਸ਼ਾਂ ਵੱਲ ਨੂੰ ਮੂਹ ਕਰਦੀ ਹੈ ਜਿਥੋਂ ਕਿਰਤ ਸ਼ਕਤੀ ਬੇਹੱਦ ਸਸਤੀ ਹੈ ਜਿੱਥੇ ਕਿਰਤ ਕਨੂੰਨਾਂ ਜਿਹੀ ਕਿਸੇ ਸ਼ੈਅ ਦਾ ਵਜ਼ੂਦ ਨਹੀਂ ਹੈ। ਇਸੇ ਕਾਰਨ ਅੱਜ ਵਿਕਸਿਤ ਸਰਮਾਏਦਾਰ ਦੇਸ਼ਾਂ ਅੰਦਰ ਬੇਰੁਜ਼ਗਾਰੀ ਭਿਅੰਕਰ ਰੂਪ ਧਾਰਨ ਕਰਦੀ ਜਾ ਰਹੀ ਹੈ, ਕਿਉਂ ਇੱਥੋਂ ਦੇ ਸਰਮਾਏਦਾਰ ਆਪਣੀਆਂ ਫੈਕਟਰੀਆਂ ਕਾਰਖਾਨਿਆਂ ਨੂੰ ਏਸ਼ੀਆ ਅਫਰੀਕਾ, ਲਾਤੀਨੀ ਅਮਰੀਕਾ ਅਤੇ ਇਨ੍ਹੀ ਦਿਨੀ ਖ਼ਾਸ ਤੌਰ ‘ਤੇ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਵੱਲ ਲਿਜਾ ਰਹੇ ਹਨ? ਇੰਟਰਨੈੱਟ ਨੇ ‘ ਵਾਈਟ ਕਾਲਰਡ’ ਨੌਕਰੀਆਂ ਦੀ ਵੀ ਵਿਕਸਿਤ ਸਰਮਾਏਦਾਰ ਦੇਸ਼ਾਂ ਤੋਂ ਗਰੀਬ ਮੁਲਕਾਂ ‘ਚ ਥਾਂ ਬਦਲੀ ਨੂੰ ਸਹਿਲ ਬਣਾ ਦਿੱਤਾ ਹੈ। ਵਿਕਸਿਤ ਸਰਮਾਏਦਾਰ ਦੇਸ਼ਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਕਾਰਨ ਉੱਥੇ ਮਜ਼ਦੂਰਾਂ ਦੇ ਜੀਵਨ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਕੰਮ ਦੇ ਘੰਟੇ ਵਧ ਰਹੇ ਹਨ ਅਤੇ ਉਜ਼ਰਤਾਂ ਘਟ ਰਹੀਆਂ ਹਨ ਅਤੇ ਤੀਸਰੀ ਦੁਨੀਆਂ ਦੇ ਮਜ਼ਦੂਰਾਂ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਭਿਆਨਕ ਹੈ, ਜੋ ਕਿਸੇ ਵਿਆਖਿਆ ਦੀ ਮੁਥਾਜ਼ ਨਹੀਂ ਹੈ। 

ਦੂਜੀ ਸੰਸਾਰ ਜੰਗ ਤੋਂ ਬਾਅਦ ਵਿਕਸਿਤ ਸਰਮਾਏਦਾਰ ਦੇਸ਼ਾਂ ਨੇ ਜੋ ਕੀਨਜ਼ਵਾਦੀ ਨੀਤੀਆਂ ਅਪਣਾਈਆਂ ਉਨ੍ਹਾਂ ਵਿੱਚ ਦੁਨੀਆਂ ਭਰ ਵਿੱਚ ਕਮਿਊਨਿਸਟ ਲਹਿਰ ਦੀ ਚੜ੍ਹਤ ਅਤੇ ਇਹਨਾਂ ਦੇਸ਼ਾਂ ਅੰਦਰ ਮਜ਼ਦੂਰ ਜਮਾਤ ਦੀਆਂ ਮਜ਼ਬੂਤ ਲਹਿਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਹਨਾਂ ਦੇਸ਼ਾਂ ਦੇ ਲੁਟੇਰੇ ਹਾਕਮਾਂ ਨੂੰ ਕਮਿਊਨਿਜ਼ਮ ਦਾ ਭੂਤ ਡਰਾ ਰਿਹਾ ਸੀ, ਜਿਸ ਨੂੰ ਟਾਲਣ ਲਈ ਇਹਨਾਂ ਨੇ ਸੁਧਾਰਾਂ ਦੀ ਟਾਕੀਬਾਜ਼ੀ ਦਾ ਰਾਹ ਅਪਣਾਇਆ ਅਤੇ ਆਪਣੇ ਇਹਨਾਂ ਮਨਸੂਬਿਆਂ ਵਿੱਚ ਕਾਫੀ ਹੱਦ ਤੱਕ ਇਹ ਕਾਮਯਾਬ ਵੀ ਰਹੇ। ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆਂ ਭਰ ਵਿੱਚ ਕਮਿਊਨਿਸਟ ਲਹਿਰ ਨੂੰ ਗੰਭੀਰ ਪਛਾੜਾਂ ਦਾ ਸਾਹਮਣਾ ਕਰਨਾ ਪਿਆ। 1956 ਵਿੱਚ ਸੰਸਾਰ ਮਜ਼ਦੂਰ ਇਨਕਲਾਬ ਦੇ ਸਭ ਤੋਂ ਮਜ਼ਬੂਤ ਅਧਾਰ ਇਲਾਕੇ ਸੋਵੀਅਤ ਯੂਨੀਅਨ ਵਿੱਚ ‘ਖਰੁਸ਼ਚੇਵ ਸੋਧਵਾਦੀ ਗੁੱਟ’ ਸੋਵੀਅਤ ਯੂਨੀਅਨ ਦੀ ਸੱਤਾ ਹਥਿਆਉਣ ਵਿੱਚ ਕਾਮਯਾਬ ਹੋ ਗਿਆ, ਜਿਸ ਨੇ ਸੋਵੀਅਤ ਯੂਨੀਅਨ ਵਿੱਚ ਸਰਮਾਏਦਾਰੀ ਦੀ ਮੁੜ-ਬਹਾਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ। 1976 ਵਿੱਚ ਮਾਓ-ਜੇ-ਤੁੰਗ ਦੀ ਮੌਤ ਤੋਂ ਬਾਅਦ ਸੰਸਾਰ ਮਜ਼ਦੂਰ ਜਮਾਤ ਕੋਲ਼ੋਂ ਉਸਦਾ ਆਖਰੀ ਅਧਾਰ ਇਲਾਕਾ ਵੀ ਖੁੱਸ ਗਿਆ ਜਦੋਂ ਡੇਂਗ-ਸਿਆਓ-ਪਿੰਗ ਦੀ ਅਗਵਾਈ ਵਿੱਚ ਚੀਨੀ ਸੋਧਵਾਦੀ ਚੀਨ ਦੀ ਰਾਜਸੱਤਾ ‘ਤੇ ਕਾਬਜ਼ ਹੋ ਗਏ। ਇਸ ਨਾਲ ਦੁਨੀਆਂ ਭਰ ਵਿੱਚ ਹੀ ਮਜ਼ਦੂਰ ਜਮਾਤ ਦੀ ਲਹਿਰ ਅੰਦਰ ਭਰਮ ਨਿਰਾਸ਼ਾ ਅਤੇ ਖਿੰਡਾਆਂ ਦਾ ਸਿਲਸਿਲਾ ਭਾਰੂ ਹੋ ਗਿਆ। ਮਜ਼ਦੂਰ ਜਮਾਤ ਦੀ ਇਸ ਕਮਜ਼ੋਰੀ ਦਾ ਵੀ ਲੋਟੂ ਸਰਮਾਏਦਾਰ ਹਾਕਮਾਂ ਨੇ ਖੂਬ ਫਾਇਦਾ ਉਠਾਇਆ। ਦੁਨੀਆਂ ਭਰ ਵਿੱਚ ਕਮਿਊਨਿਸਟ ਲਹਿਰ ਨੂੰ ਲੱਗੀ ਪਛਾੜ,ਅਤੇ ਇਸੇ ਦੇ ਉਪ ਉਤਪਾਦ ਵਜੋਂ ਦੁਨੀਆਂ ਭਰ ਵਿੱਚ ਮਜ਼ਦੂਰ ਜਮਾਤ ਦੀ ਲਹਿਰ ਵਿੱਚ ਖਿੰਡਾਅ ਨੇ, ਦੁਨੀਆਂ ਭਰ ਦੇ ਸਰਮਾਏਦਾਰਾਂ ਦੇ ਹੌਸਲੇ ਵਧਾਏ, ਜਿਸ ਕਰਕੇ ਉਹਨਾਂ ਨੇ ਲਗਭਗ ਪਿਛਲੀ ਸਦੀ ਦੇ ਅੱਸੀਵਿਆਂ ਤੋਂ ਮਜ਼ਦੂਰ ਜਮਾਤ ਉੱਤੇ ਚੌਤਰਫ਼ਾ ਹਮਲਾ ਵਿੱਢ ਦਿੱਤਾ। 

ਦੂਜੀ ਸੰਸਾਰ ਜੰਗ ਵਿੱਚ ਪੈਦਾਵਾਰੀ ਤਾਕਤਾਂ ਦੀ ਹੋਈ ਭਿਆਨਕ ਤਬਾਹੀ ਨੇ ਵਿਕਸਿਤ ਸਰਮਾਏਦਾਰ ਦੇਸ਼ਾਂ ਦੇ ਸਰਮਾਏ ਨੂੰ ਨਵਾਂ ਜੀਵਨਦਾਨ ਬਖ਼ਸ਼ਿਆ ਸੀ। ਇਸ ਨੇ ਵਿਕਸਿਤ ਦੇਸ਼ਾਂ ਦੇ ਸਰਮਾਏ ਲਈ ਨਿਵੇਸ਼ ਦੇ ਅਨੇਕਾਂ ਰਾਹ ਖੋਲ੍ਹ ਦਿੱਤੇ। ਇਸੇ ਕਾਰਨ 1948 ਤੋਂ ਲੈ ਕੇ 1973 ਤੱਕ ਇਹਨਾਂ ਦੇਸ਼ ਅੰਦਰ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਬਹੁਤ ਉੱਚੀ ਰਹੀ। ਪਰ 1973 ਤੋਂ ਫਿਰ ਮੰਦੀ ਦਾ ਦੌਰ ਸ਼ੁਰੂ ਹੋਇਆ। ਜਿਸ ਕਾਰਨ ਇਹਨਾਂ ਦੇਸ਼ਾਂ ਦੀ ਪੂੰਜੀ ਨੇ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੀਜੀ ਦੁਨੀਆਂ ਦੇ ਦੇਸ਼ਾਂ ਵੱਲ ਮੂਹ ਕੀਤਾ। ਇਹੋ ਉਹ ਸਮਾਂ ਸੀ ਜਦੋਂ ਬਹੁਕੌਮੀ ਕਾਰਪੋਰੇਸ਼ਨਾ ਹੋਂਦ ਵਿੱਚ ਆਉਣ ਲੱਗੀਆਂ। ਇਸ ਸਮੇਂ ਦੌਰਾਨ ਦੁਨੀਆਂ ਵਿੱਚ ਇੱਕ ਹੋਰ ਮਹੱਤਵਪੂਰਨ ਘਟਨਾ ਵਾਪਰੀ, ਉਹ ਸੀ ਬਸਤੀਵਾਦੀ ਪ੍ਰਬੰਧ ਦਾ ਖਾਤਮਾ। ਬਸਤੀਵਾਦ ਦੇ ਖਾਤਮੇ ਨੇ ਪੂਰੀ ਦੁਨੀਆਂ ਅੰਦਰ ਸਰਮਾਏ ਦੀ ਬੇਰੋਕ ਟੋਕ ਆਵਾਜਾਈ ਨੂੰ ਸਹਿਲ ਬਣਾਇਆ। ਇਸੇ ਪ੍ਰਕਿਰਿਆ ਦੇ ਅੱਗੇ ਵਧਣ ਨਾਲ ਸੰਸਾਰ ਦਾ ਆਪਸੀ ਜੁੜਾਅ ਅਣਕਿਆਸੀਆਂ ਸਿਖਰਾਂ ਛੂਹਣ ਲੱਗਾ। ਇਹ ਸੰਸਾਰੀਕ੍ਰਿਤ ਪੂੰਜੀਵਾਦ ਕਿਸੇ ਵੀ ਦੇਸ਼ ਦੀ ਹਕੂਮਤ ਲਈ ਅਰਥਚਾਰੇ ਵਿੱਚ ਦਖਲ ਦੇਣਾ, ਭਾਵ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਕੁੱਝ ਬਿਹਤਰ ਬਣਾਉਣ ਲਈ ਕਦਮ ਚੁੱਕਣ ਨੂੰ ਲਗਾਤਾਰ ਨਾਮੁਮਕਿਨ ਬਣਾਉਂਦਾ ਜਾ ਰਿਹਾ ਹੈ। 

ਅੱਜ ਦੇ ਸੰਸਾਰੀਕ੍ਰਿਤ ਪੂੰਜੀਵਾਦ ਅੰਦਰ ਹਾਕਮ ਜਮਾਤਾਂ ਦੁਆਰਾ ਸੁਧਾਰਾਂ ਦੀ ਟਾਕੀਬਾਜ਼ੀ ਦੀ ਗੁੰਜ਼ਾਇਸ਼ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਕਹਿਣ ਦਾ ਭਾਵ ਹੁਣ ਬੁਰਜ਼ੁਆਜੀ ਦੇ ਭੱਥੇ ਵਿੱਚ ਨਿੱਕੇ ਮੋਟੇ ਸੁਧਾਰਾਂ ਰਾਹੀਂ ਮਜ਼ਦੂਰ ਜਮਾਤ ਭ੍ਰਿਸ਼ਟ ਕਰਨ ਅਤੇ ਮਜ਼ਦੂਰ ਇਨਕਲਾਬਾਂ ਨੂੰ ਟਾਲਣ ਵਾਲ਼ੇ ਤੀਰ ਖ਼ਤਮ ਹੁੰਦੇ ਜਾ ਰਹੇ ਹਨ। ਅੱਜ ਦੀ ਸੰਸਾਰੀਕ੍ਰਿਤ ਪੂੰਜੀਵਾਦੀ ਦੁਨੀਆਂ ਅੰਦਰ ਸੁਧਾਰਾਂ ਦੀ ਟਾਕੀਬਾਜ਼ੀ ਸੰਭਵ ਨਹੀਂ ਰਹਿ ਗਈ, ਸਿਰਫ ਮਜ਼ਦੂਰ ਇਨਕਲਾਬ ਹੀ ਸੰਭਵ ਰਹਿ ਗਏ ਨੇ। ਅਰਥਚਾਰੇ ਦਾ ਇਹ ਤਰਕ ਸਿਆਸਤ ਦੇ ਖੇਤਰ ਵਿੱਚ, ਸੱਤਾ ਦੇ ਦਿਨੋ ਦਿਨ ਵਧੇਰੇ ਨਿਰੰਕੁਸ਼ ਹੁੰਦੇ ਚਰਿੱਤਰ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ, ਦੁਨੀਆਂ ਭਰ ਵਿੱਚ ਅੱਜ ਹਜ਼ਾਰਾਂ ਕੁਰਬਾਨੀਆਂ ਜ਼ਰੀਏ ਇਸ ਮਹੌਲ ਵਿੱਚ ਨਿੱਕੇ ਮੋਟੇ ਸੁਧਾਰਾਂ ਖਾਤਿਰ ਵੀ ਹੁਣ ਮਜ਼ਦੂਰਾਂ ਨੂੰ ਜਾਨ ਹਲੂਣਵੀਆਂ ਲੜਾਈਆਂ ਲੜਨੀਆਂ ਪੈਣਗੀਆਂ। ਕਿਰਤ ਅਤੇ ਸਰਮਾਏ ਦੀਆਂ ਧਿਰਾਂ ਇਸ ਸਦੀ ਵਿੱਚ ਇੱਕ ਵਾਰ ਫਿਰ ਮੈਦਾਨੇ ਜੰਗ ਵਿੱਚ ਆਹਮੋ-ਸਾਹਮਣੇ ਹਨ। ਆਉਣ ਵਾਲਾ ਸਮਾਂ ਜਮਾਤੀ ਸੰਘਰਸ਼ਾਂ ਦੇ ਤਿੱਖੇ ਹੋਣ ਦਾ ਸਮਾਂ ਹੈ। ਆਉਣ ਵਾਲੇ ਤੁਫਾਨਾਂ ਦੇ ਸੰਕੇਤ ਅੱਜ ਹੀ ਮਿਲ਼ ਰਹੇ ਹਨ। ਮਨੁੱਖਤਾ ਇਸ ਪਰਜੀਵੀ ਸਰਮਾਏਦਾਰਾ ਪ੍ਰਬੰਧ ਦਾ ਹੁਣ ਹੋਰ ਬੋਝ ਨਹੀਂ ਚੁੱਕ ਸਕਦੀ। ਇਸ ਬੋਝ ਨੂੰ ਇਤਿਹਾਸ ਦੇ ਮੋਢਿਆਂ ਤੋਂ ਲਾਹ ਸੁੱਟਣ ਦਾ ਵਕਤ ਆ ਰਿਹਾ ਹੈ। 

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s