‘ਕੀ ਕਰਨਾ ਲੋੜੀਏ?’ (ਨਿਕੋਲਾਈ ਚੇਰਨੀਸ਼ੇਵਸਕੀ) -ਪਯੋਤਰ ਨਿਕਾਲਾਯੇਵ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਮ ਕਰਕੇ ਅਸਧਾਰਣ ਕਿਤਾਬਾਂ ਦਾ ਇਤਿਹਾਸ ਵੀ ਨਿਰਾਲਾ ਹੁੰਦਾ ਹੈ। 8 ਫਰਵਰੀ 1863 ਨੂੰ ਪੀਟਰਜ਼ਬਰਗ ਦੇ ਲਿਤੈਨੀ ਪਰਾਸਪੈਕਟ ਉੱਤੇ ਇੱਕ ਆਮ ਕਲਰਕ ਨੂੰ ਇੱਕ ਲਿਫਾ ਪਿਆ ਮਿਲਿਆ, ਉਸ ‘ਚ ”ਕੀ ਕਰਨਾ ਲੋੜੀਏ?” ਜਿਹੇ ਅਜੀਬ ਸਿਰਲੇਖ ਵਾਲ਼ੇ ਹੱਥ ਲਿਖਤ ਖਰੜੇ ਦਾ ਸ਼ੁਰੂਆਤੀ ਹਿੱਸਾ ਸੀ। ਉਸ ਕਲਰਕ ਨੂੰ ਇਸਦਾ ਭੋਰਾ ਵੀ ਅੰਦਾਜ਼ ਨਹੀਂ ਸੀ ਕਿ ਉਹਨੂੰ ਕਿੰਨੀ ਵਿਲੱਖਣ ਚੀਜ਼ ਲੱਭੀ ਹੈ।

ਕਲਰਕ ਨੂੰ ਮਿਲਿਆ ਹੱਥ ਲਿਖਤ ਖਰੜਾ ਅਸਲ ਵਿੱਚ ਅਸਧਾਰਣ ਸੀ ਅਤੇ ਉਸਦਾ ਨਿਰਾਲਾ ਇਤਿਹਾਸ ਵੀ ਸ਼ੁਰੂ ਹੋ ਚੁੱਕਾ ਸੀ। ਇਹ ਇੱਕ ਚਮਤਕਾਰ ਹੀ ਸੀ ਕਿ ਇਹ ਰਚਨਾ ਸੈਂਸਰ ਨੇ ਪਾਸ ਕਰ ਦਿੱਤੀ ਭਾਵੇਂ ਕਿ ਉਹ ਕਿਸੇ ਵੀ ਹਾਲਤ ਵਿੱਚ ਪਾਸ ਨਹੀਂ ਹੋਣੀ ਚਾਹੀਦੀ ਸੀ। ਛਪਣ ਤੋਂ ਤੁਰੰਤ ਬਾਅਦ ਇਹ ਕਹਿ ਕੇ ਇਸ ਕਿਤਾਬ ਉੱਤੇ ਸਖਤ ਰੋਕ ਲਗਾ ਦਿੱਤੀ ਗਈ ਕਿ ਇਹ ਰਾਜ ਦੀ ਹੋਂਦ ਲਈ ਹੀ ਅਤਿਅੰਤ ਖ਼ਤਰਨਾਕ ਰਚਨਾ ਹੈ। ਪਰ ਇਸਦੇ ਬਾਵਜੂਦ ਉਹ ਹੱਥ ਲਿਖਤ ਕਾਪੀਆਂ ਦੇ ਰੂਪ ਵਿੱਚ ਪ੍ਰਸਾਰਿਤ ਹੋਣ ਲੱਗੀ, ਉਸਨੂੰ ਬਹੁਤ ਉਤਸੁਕਤਾ ਨਾਲ਼ ਪੜ੍ਹਿਆ ਜਾਣ ਲੱਗਿਆ, ਉਹ ਲੋਕਾਂ ਨੂੰ ਨਵੀਂ, ਸੋਹਣੀ ਜ਼ਿੰਦਗੀ ਲਈ ਸੰਘਰਸ਼ ਕਰਨਾ ਸਿਖਾਉਂਦੀ, ਉਸਨੇ ਕਈ ਪੀੜ੍ਹੀਆਂ ਦੇ ਇਨਕਲਾਬੀਆਂ ਨੂੰ ਲੋਕਾਂ ਦੇ ਉਦੇਸ਼ ਲਈ ਅਣਗਿਣਤ ਬਹਾਦਰੀ ਭਰੇ ਕਾਰਨਾਮਿਆਂ ਦੀ ਪ੍ਰੇਰਣਾ ਦਿੱਤੀ। ਇਸ ਕਿਤਾਬ ਨੇ ਲੋਕ ਮਨਾਂ ਨੂੰ ਇੰਨਾ ਪ੍ਰਭਾਵਿਤ ਕੀਤਾ, ਜਿੰਨਾ ਕਿ ਦਹਾਕਿਆਂ ਤੋਂ ਕਿਸੇ ਵੀ ਹੋਰ ਰੂਸੀ ਰਚਨਾ ਨੇ ਨਹੀਂ ਕੀਤਾ ਸੀ ਅਤੇ ਕੁੱਝ ਸਾਲ ਬਾਅਦ ਉਹ ਰੂਸ ਦੀਆਂ ਹੱਦਾਂ ਤੋਂ ਬਾਹਰ ਫੈਲ ਕੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦਾ ਦਿਲੋ-ਦਿਮਾਗ ਜਿੱਤਣ ਲੱਗੀ।

ਇਹ ਕਿਤਾਬ ਕਿਸੇ ਅਰਾਮਦੇਹ ਕਮਰੇ ਜਾਂ ਪਬਲਿਕ ਲਾਇਬ੍ਰੇਰੀ ਵਿੱਚ ਬਹਿ ਕੇ ਨਹੀਂ ਸਗੋਂ ਪੇਤਰੋਪਾਵਲੋਵਸਕੀ ਕਿਲੇ ਦੇ ਬਦਨਾਮ ਅਲੇਕਸੇਯੇਵਸਕੀ ਪਰਕੋਟੇ ਦੀ ਕਾਲ ਕੋਠੜੀ ਵਿੱਚ ਲਿਖੀ ਗਈ ਸੀ ਅਤੇ ਉਸਦਾ ਲੇਖਕ ਸਿਆਸੀ ਕੈਦੀ ਸੀ। ਨੌ ਦਿਨ ਦੀ ਭੁੱਖ ਹੜਤਾਲ਼ ਦੇ ਦੌਰਾਨ ਵੀ ਉਸਨੇ ਕਿਤਾਬ ਲਿਖਣ ਦਾ ਕੰਮ ਨਹੀਂ ਛੱਡਿਆ — ”ਰਾਜਧ੍ਰੋਹੀ” ਨਿਕੋਲਾਈ ਚੇਰਨੀਸ਼ੇਵਸਕੀ (1828-1889) ਨੂੰ ਇਕ ਨਾਗਰਿਕ ਅਤੇ ਮਨੁੱਖ ਦੇ ਨਾਤੇ ‘ਨਵੇਂ ਲੋਕਾਂ ਦੀਆਂ ਕਹਾਣੀਆਂ’ ਲਿਖਣ ਦੀ ਇੰਨੀ ਪ੍ਰਬਲ ਲੋੜ ਮਹਿਸੂਸ ਹੁੰਦੀ ਸੀ।

ਸਰਸਰੀ ਨਜ਼ਰ ਨਾਲ਼ ਦੇਖਣ ‘ਤੇ ਕਿਤਾਬ ਵਿੱਚ ਕੋਈ ਰਾਜਧ੍ਰੋਹੀ ਗੱਲ ਮਿਲਣਾ ਮੁਸ਼ਕਿਲ ਹੀ ਸੀ, ਨਾਵਲ ‘ਮੂਰਖ’ ਸਿਰਲੇਖ ਅਧਿਆਏ ਤੋਂ ਸ਼ੁਰੂ ਹੁੰਦਾ ਸੀ, ਕਿਸੇ ਆਮ ਰੋਮਾਚਕਾਰੀ ਨਾਵਲ ਦੀ ਤਰ੍ਹਾਂ ਉਸ ਵਿੱਚ ਵੀ ਸਨਸਨੀਖੇਜ਼ ਵਾਰਦਾਤ — ਲਿਤੈਨੀ ਪੁਲ ‘ਤੇ ਰਹਿੱਸਮਈ ਆਤਮ ਹੱਤਿਆ ਦਾ ਵਰਨਣ ਸੀ ਅਤੇ ਅਗਲੇ ਪਾਠ ਵਿੱਚ ਪਰਿਵਾਰਿਕ ਕਲੇਸ਼ ਦਾ……

ਚੇਰਨੀਸ਼ੇਵਸਕੀ ਦੀ ਮਨੋਵਿਗਿਆਨਿਕ ਚਾਲ਼ ਸਫਲ ਰਹੀ। ਚੇਰਨੀਸ਼ੇਵਸਕੀ ਦੇ ਮਾਮਲੇ ਦੀ ਜਾਂਚ ਕਰਨ ਵਾਲ਼ੇ ਕਮਿਸ਼ਨ ਵਿੱਚ ਸ਼ਾਮਲ ”ਮਹਾਂ ਬੁੱਧੀਸ਼ਾਲੀ” ਅਧਿਕਾਰੀ ਰੂਸ ਵਿੱਚ ਉਂਨੀਵੀਂ ਸਦੀ ਦੇ ਸੱਠਵੇਂ ਦਹਾਕੇ ਦੌਰਾਨ ਇਨਕਲਾਬੀ ਲਹਿਰ ਦੀ ਚੜ੍ਹਤ ਤੋਂ ਦਹਿਸ਼ਤ ਵਿੱਚ ਸਨ। ਆਪਣੇ ਕੈਦੀ ਨੂੰ ਉਹ ਵਿਦਰੋਹੀਆਂ ਦਾ ਸਰਗਨਾ ਮੰਨਦੇ ਸਨ ਇਸ ਲਈ ਉਹ ਉਸ ਤੋਂ ਅੱਗ ਦੀ ਤਰ੍ਹਾਂ ਡਰਦੇ ਸਨ। ਸ਼ਾਇਦ ਉਸ ਤੋਂ ਉਨ੍ਹਾਂ ਅੱਗ ਦੀ ਤਰ੍ਹਾਂ ਮੱਚਦੀ ਰਚਨਾ ਦੀ ਉਮੀਦ ਸੀ ਪਰ ਕਿਸੇ ਅਜੀਬ ਜਿਹੇ ”ਪਰਿਵਾਰਿਕ” ਜਾਂ ਰੋਮਾਂਚਕਾਰੀ ਨਾਵਲ ਦੇ ਦੋ ਅਧਿਆਏ ਪੜ੍ਹ ਕੇ ਉਨ੍ਹਾਂ ਨੇ ਸੋਚਿਆਂ ਕਿ ਬਾਕੀ ਸਭ ਇਸੇ ਪ੍ਰਵਾਹ ਵਿੱਚ ਚੱਲੇਗਾ।

ਰੂਸੀ ਨਾਵਲਾਂ ਦੇ ਲਈ ਅਜਿਹੀ ਗ਼ੈਰ-ਪਰੰਪਰਾਗਤ ਸ਼ੁਰੂਆਤ ਦਾ (ਨਾਵਲ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਵੀ) ਕਾਰਨ ਕੇਵਲ ਸੈਂਸਰਾਂ ਨੂੰ ਚਕਮਾ ਦੇਣਾ ਹੀ ਨਹੀਂ ਸੀ ਸਗੋਂ ਲੇਖਕ ਜਗਿਆਸਾ ਪੈਦਾ ਕਰਨ ਵਾਲ਼ੇ ਕਥਾਨਕ ਦੇ ਮਾਧਿਅਮ ਨਾਲ਼ ਵੱਧ ਤੋਂ ਵੱਧ ਪਾਠਕਾਂ ਨੂੰ ਖਿੱਚਣ ਕਰਕੇ ਉਨ੍ਹਾਂ ਨੂੰ ਮਹੱਤਵਪੂਰਨ ਅਤੇ ਗੰਭੀਰ ਸਮੱਸਿਆਵਾਂ ਤੋਂ ਜਾਣੂ ਕਰਾਊਣਾ ਚਾਹੁੰਦਾ ਸੀ। ਹੁਣ ‘ਕੀ ਕਰਨਾ ਲੋੜੀਏ?’ ਨਾਵਲ ਦੀ ਇਸ ਅਤਿਅੰਤ ਜਗਿਆਸਾਪੂਰਨ ਸ਼ੁਰੂਆਤ ਦੇ ਬਿਨਾਂ, ਦੂਜੇ ਪਾਠ ਦੇ ਅਤਿ ਨਾਟਕੀਪਣ ਦੇ ਬਿਨਾਂ ਕਲਪਨਾ ਕਰਨਾ ਨਾਮੁਮਕਿਨ ਹੈ, ਜਾਂ ਉਸਦੇ ਤੀਜੇ ਪਾਠ ਨੂੰ ਹੀ ਲਓ ਜਿਹਨੂੰ ਲੇਖਕ ਨੇ ‘ਭੂਮਿਕਾ’ ਸਿਰਲੇਖ ਦੇਣ ਦੀ ‘ਗੁਸਤਾਖੀ’ ਕੀਤੀ ਅਤੇ ਜਿਹੜਾ ਇਨ੍ਹਾਂ ਸ਼ਬਦਾ ਨਾਲ਼ ਸ਼ੁਰੂ ਹੁੰਦਾ ਹੈ : ”ਇਸ ਕਹਾਣੀ ਦਾ ਵਿਸ਼ਾ ਪ੍ਰੇਮ ਹੈ, ਅਤੇ ਨਾਇਕਾ- ਔਰਤ, – ਇਹ ਚੰਗੀ ਗੱਲ ਹੈ, ਭਾਵੇਂ ਕਹਾਣੀ ਬੁਰੀ ਹੀ ਹੋਵੇ…..” ਇਸ ਵਿਅੰਗਪੂਰਨ ਭੂਮਿਕਾ ਦੇ ਬਿਨਾਂ ਪੁਰਾਣੇ ਰੂਸੀ ਜੀਵਨ ਦੀ ਹੱਠਧਰਮਤਾ ਅਤੇ ਨਿਰਅਰਥਕ ਪਰਪਾਟੀ ਦੇ ਪ੍ਰਤੀਕ ”ਮਹਿਸੂਸ ਕਰ ਸਕਣ ਯੋਗ” ਦੀ ਇੰਨੀ ਸਹੀ ਸਟੀਕ ਦਿੱਖ ਅਧੂਰੀ ਰਹਿ ਜਾਂਦੀ। 

‘ਕੀ ਕਰਨਾ ਲੋੜੀਏ?’ ਨਾਵਲ ਨੂੰ ਧਿਆਨ ਨਾਲ਼ ਪੜ੍ਹਨ ਤੇ ਉਸਦੇ ਯੂਟੋਪੀਆਈ ਸਰੂਪ, ਚੇਰਨੀਸ਼ੇਵਸਕੀ ਦੇ ਕਈ ਵਿਵਹਾਰਕ ਨਤੀਜਿਆਂ ਅਤੇ ਮਤਿਆਂ ਦੇ ਭੋਲੇਪਣ ਦੇ ਅਨੁਭਵ ਦੇ ਬਾਵਜੂਦ ਪਾਠਕ ਦੇ ਸਾਹਮਣੇ ਇੱਕ ਹੈਰਾਨੀਜਨਕ ਵਿਸ਼ਾਲ ਇਮਾਰਤ ਜਿਹੀ ਬਣਦੀ ਹੈ। ਉਸਦੀ ਸਜਾਵਟ ਵਿੱਚ ਭਾਵੇਂ ਕੁੱਝ ਕਮੀ ਰੜਕਦੀ ਹੋਵੇ, ਭਾਵੇਂ ਉਹ ਰੇਖਾਗਣਿਤ ਦੀ ਨਜ਼ਰ ਤੋਂ ਸੰਪੂਰਨ ਨਾ ਵੀ ਹੋਵੇ ਪਰ ਉਹ ਆਪਣੇ ਉੱਚੇ-ਸੁੱਚੇ ਮਿਸ਼ਨ ਦੇ ਪੂਰੀ ਤਰ੍ਹਾਂ ਅਨੁਰੂਪ ਹੈ— ਉਹ ਮਨੋਬਲ ਨੂੰ ਉੱਚਾ ਚੁੱਕਦੀ ਹੈ, ਮਨੁੱਖ ਦਾ ਆਪਣੇ ਸਵੈਮਾਣ (Dignity) ਵਿੱਚ ਵਿਸ਼ਵਾਸ ਜਗਾਉਂਦੀ ਹੈ।

‘ਕੀ ਕਰਨਾ ਲੋੜੀਏ?’ ਨਾਵਲ ਉਨ੍ਹਾਂ ਰਚਨਾਵਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਨ੍ਹਾਂ ਵਿੱਚ ਰੂਸੀ ਸਾਹਿਤ ਦੀ ਲਖਣਾਇਕ ਵਿਸ਼ੇਸ਼ਤਾ – ਉੱਚ ਪੱਧਰੀ ਸਮਾਜਿਕਤਾ, ਲੋਕ, ਪ੍ਰਗਤੀ, ਧਰਤੀ ਦੇ ਨਿਵਾਸੀਆਂ ਲਈ ਬਿਹਤਰ ਜੀਵਨ ਦੀ ਉਸਾਰੀ ਦੇ ਉਦੇਸ਼ ਦੀ ਸਵੈ-ਤਿਆਗ ਨਾਲ਼ ਸੇਵਾ ਦਾ ਭਾਵ ਸਪੱਸ਼ਟ ਰੂਪ ਨਾਲ਼ ਪ੍ਰਤੀਬਿਬੰਤ ਹੁੰਦਾ ਹੈ। ਇਹ ਉਹੀ ਵਿਰਲੀ ਘਟਨਾ ਹੈ ਜਦੋਂ ਲਲਿਤ ਸਾਹਿਤ ਦੀ ਕੋਈ ਰਚਨਾ ਆਪਣੇ ਦੇਸ਼ ਅਤੇ ਸਮੇਂ ਦੀ ਸਭ ਤੋਂ ਵਧੀਆ ਸਮਾਜਿਕ ਅਤੇ ਆਰਥਿਕ ਜਾਂਚ-ਪੜਤਾਲ ਹੁੰਦੀ ਹੈ। ਲੇਖਕ ਦੇ ਲਈ ਉਹ ਨਾਵਲ ਸਹੀ ਅਰਥਾਂ ਵਿੱਚ ਉਸਦਾ — ਇਨਕਲਾਬੀ, ਵਿਦਵਾਨ, ਸਾਹਿਤਕਾਰ ਦਾ ਤਿੱਖਾ ਹਥਿਆਰ ਸੀ। ਉਸਦਾ ਜਨਮ ਵੀ ਸੰਘਰਸ਼ ਦੀ ਅੱਗ ਵਿੱਚ ਹੋਇਆ ਅਤੇ ਉਸਨੇ ਸੰਘਰਸ਼ ਲਈ ਉੱਠ ਖੜੇ ਹੋਣ ਲਈ ਲਲਕਾਰਿਆ ਵੀ।

ਇਹ ਕਿਤਾਬ ਰੂਸ ਦੇ ਇਤਿਹਾਸ ਦੇ ਇੱਕ ਔਖੇ ਦੌਰ ਵਿੱਚ ਲਿਖੀ ਗਈ। ਸੰਨ 1853-1856 ਦੇ ਕਰੀਮੀਆਂ ਦੇ ਯੁੱਧ ਵਿੱਚ ਉਸਦੀ ਹਾਰ ਨੇ ਭੂ-ਦਾਸ ਪ੍ਰਬੰਧ ਦੀਆਂ ਕਮਜ਼ੋਰੀਆਂ ਨੂੰ ਹੀ ਨਹੀਂ ਦਰਸਾਇਆ ਸਗੋਂ ਜ਼ਾਰਸ਼ਾਹੀ ਦੀ ਹੋਂਦ ਉੱਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ। ਆਪਣੀ ਫ਼ੌਜੀ ਹਾਰ ਨਾਲ਼ ਕਮਜ਼ੋਰ ਅਤੇ ਜਗੀਰਦਾਰਾਂ ਵਿਰੁੱਧ ਕਿਸਾਨਾਂ ਦੇ ਵਿਦਰੋਹਾਂ ਨਾਲ਼ ਭੈਭੀਤ ਜ਼ਾਰਸ਼ਾਹੀ ਸਰਕਾਰ ਨੂੰ ਸੰਨ 1861 ਵਿੱਚ ਭੂ-ਦਾਸ ਪ੍ਰਥਾ ਦਾ ਅੰਤ ਕਰਨ ਵਾਸਤੇ ਮਜ਼ਬੂਰ ਹੋਣਾ ਪਿਆ। ਪਰ ਇਸ ਸੁਧਾਰ ਦੇ ਪਖੰਡ, ਲੋਕ ਵਿਰੋਧੀ ਸਰੂਪ ਕਾਰਨ ਕਿਸਾਨਾਂ ਦੇ ਨਵੇਂ ਵਿਦਰੋਹ ਹੋਏ। ਵਿਦਿਆਰਥੀ ਲਹਿਰ ਵੀ ਵਧਦੀ ਜਾ ਰਹੀ ਸੀ, ਗੁਪਤ ਇਨਕਲਾਬੀ ਜੱਥੇਬੰਦੀਆਂ ਦਾ ਜਾਲ਼ ਫੈਲਦਾ ਜਾ ਰਿਹਾ ਸੀ, ”ਭੜਕਾਊ” ਪਰਚੇ ਅਤੇ ਸੱਦੇ ਫੈਲਾਏ ਜਾ ਰਹੇ ਸਨ। ਜ਼ਾਰ ਦੀ ਸਰਕਾਰ ਦਹਿਸ਼ਤ ਵਿੱਚ ਸੀ ਅਤੇ ਰੂਸ ਦੇ ਸਾਰੇ ਇਮਾਨਦਾਰ ਅਤੇ ਤਰੱਕੀਪਸੰਦ ਲੋਕ ਬੇਸਬਰੀ ਨਾਲ਼ ਲੋਕਾਂ ਦੇ ਗੁੱਸੇ ਦੇ ਧਮਾਕੇ, ਲੋਕ-ਇਨਕਲਾਬ ਦੀ ਆਸ ਕਰ ਰਹੇ ਸਨ। 

ਨਿਕੋਲਾਈ ਗਵਰੀਲੋਵਿਚ ਚੇਰਨੀਸ਼ੇਵਸਕੀ ਦਾ ਜਨਮ 12 ਜੁਲਾਈ 1828 ਨੂੰ ਸਰਾਤੋਵ ਨਗਰ ਵਿੱਚ ਹੋਇਆ। ਸੰਨ 1846 ਵਿੱਚ ਉਨ੍ਹਾਂ ਨੇ ਪੀਟਰਜ਼ਬਰਗ ਯੂਨੀਵਰਸਿਟੀ ਦੇ ਇਤਿਹਾਸ ਅਤੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਦਾਖਲਾ ਲਿਆ। ਸੰਨ 1850 ਵਿੱਚ ਉਨ੍ਹਾਂ ਨੇ ਆਪਣੀ ਸਿੱਖਿਆ ਪੂਰੀ ਕੀਤੀ ਅਤੇ ਇੱਕ ਸਾਲ ਸਰਾਤੋਵ ਵਾਪਸ ਆ ਕੇ ਉੱਥੋਂ ਦੇ ਹਾਈ ਸਕੂਲ ਵਿੱਚ ਸਾਹਿਤ ਦਾ ਅਧਿਐਨ ਕੀਤਾ। ਮਈ 1853 ਵਿੱਚ ਚੇਰਨੇਸ਼ਵਸਕੀ ਪੀਟਰਜ਼ਬਰਗ ਚਲੇ ਗਏ ਜਿੱਥੇ ਉਨ੍ਹਾਂ ਨੇ ਕੁੱਝ ਸਮੇਂ ਤੱਕ ਕੈਡਿਟ ਕਾਲੇਜ ਵਿੱਚ ਅਧਿਐਨ ਕੀਤਾ, ਇੱਕ ਥੀਸਸ ਲਿਖਿਆ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪੈਰ ਰੱਖਿਆ। ਸ਼ੁਰੂ ਵਿੱਚ ਉਨ੍ਹਾਂ ਨੇ ਮਹੀਨਾਵਾਰ ਮੈਗਜ਼ੀਨ ”ਓਤੇਚੇਸਤਵੇਨੀਏ ਜਾਪੀਸਕੀ” ਵਿੱਚ ਅਤੇ ਬਾਅਦ ਵਿੱਚ ”ਸੋਵਰੇਮੇਨਿਕ” ਮਹੀਨਾਵਾਰ ਵਿੱਚ ਕੰਮ ਕੀਤਾ ਜਿੱਥੇ ਉਨ੍ਹਾਂ ਨੂੰ ਬੜਾ ਇੱਜ਼ਤ-ਮਾਣ ਹਾਸਲ ਹੋਇਆ।

”ਸੋਵਰੇਮੇਨਿਕ” ਦੇ ਸੰਪਾਦਕ ਨਿਕੋਲਾਈ ਨੇਕਰਾਸੋਵ, ਜਮਹੂਰੀ ਇਨਕਲਾਬੀ ਚਿੰਤਕ ਅਤੇ ਸਾਹਿਤ ਵਿਦਵਾਨ ਨਿਕੋਲਾਈ ਦੋਬਰਿਊਲੋਬੋਵ ਨਾਲ਼ ਮਿਲ ਕੇ ਚੇਰਨੀਸ਼ੇਵਸਕੀ ਨੇ ਸੱਚਾਈ ਅਤੇ ਮਾਨਵਤਾਵਾਦ ਦੇ ਉੱਚ ਆਦਰਸ਼ਾਂ ਦੇ ਪ੍ਰਸਾਰ ਲਈ ਰੂਸੀ ਸਾਹਿਤ ਵਿੱਚ ਜਮਹੂਰੀ ਪ੍ਰਵਿਰਤੀ ਦਾ ਮੁੱਢ ਬੰਨ੍ਹਿਆਂ। ”ਸੋਵਰੇਮੇਨਿਕ” ਵਿੱਚ ਛਪੇ ਆਪਣੇ ਸਾਹਿਤਕ ਲੇਖਾਂ, ‘ਯਥਾਰਥ ਅਤੇ ਕਲਾ ਦਾ ਸੁੰਦਰਤਾਬੋਧਾਤਮਕ ਸਹਿ-ਸਬੰਧ’ ਸਿਰਲੇਖ ਵਾਲ਼ੇ ਆਪਣੇ ਪ੍ਰਸਿੱਧ ਥੀਸਸ ਵਿੱਚ (1855) ਚੇਰਨੀਸ਼ੇਵਸਕੀ ਨੇ ਇਸ ਵਿਚਾਰ ਦਾ ਪ੍ਰਗਟਾਵਾ ਕੀਤਾ ਸੀ ਕਿ ਸਾਹਿਤ ਨੂੰ ”ਜੀਵਨ ਦੀ ਪਾਠ-ਪੁਸਤਕ” ਹੋਣਾ ਚਾਹੀਦਾ ਹੈ, ਉਸਨੂੰ ਯਥਾਰਥ ਦੀ ਇਨਕਲਾਬੀ ਕਾਇਆਪਲ਼ਟੀ ਦਾ ਸੱਦਾ ਦੇਣਾ ਚਾਹੀਦਾ ਹੈ। ਕਲਾ ਕੇਵਲ ਉਦੋਂ ਹੀ ਸੰਪੂਰਨ ਹੋ ਸਕਦੀ ਹੈ ਜਦੋਂ ਉਹ ਲੋਕ ਹਿੱਤ ਦੀ ਸੇਵਾ ਕਰਦੀ ਹੈ। ਸੋਵਰੇਮੇਨਿਕ ਵਿੱਚ ਚੇਰਨੀਸ਼ੇਵਸਕੀ ਦਾ ਕੰਮ ਲੋਕ ਹਿੱਤ ਨਾਲ਼ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਸੀ। 

ਜ਼ਾਰ ਦੀ ਸੈਂਸਰਸ਼ਿਪ ਦੇ ਅਨੁਸਾਰ ਚੇਰਨੀਸ਼ੇਵਸਕੀ ਦੇ ਲੇਖ (ਨੇਕਰਾਸੋਵ ਦੀਆਂ ਕਵਿਤਾਵਾ ਅਤੇ ਦੋਬਰੋਲਿਊਬੋਵ ਦੇ ਲੇਖਾਂ ਦੀ ਤਰ੍ਹਾਂ ਹੀ) ਰਾਜਸ਼ਾਹੀ ਦੀ ਨੀਂਹ ‘ਤੇ ਵਾਰ ਕਰਦੇ ਸਨ। ਇਸ ਨਜ਼ਰੀਏ ਤੋਂ ਜ਼ਾਰ ਦੀ ਪੁਲਿਸ ਬਿਲਕੁੱਲ ਸਹੀ ਸੀ ਜਿਹੜੀ ਚੇਰਨੀਸ਼ੇਵਸਕੀ ਨੂੰ ਇੱਕ ਪੁਰਾਣੀ ਸੱਤ੍ਹਾ ਦਾ ਇੱਕ ਸਭ ਤੋਂ ਭਿਅਕੰਰ ਦੁਸ਼ਮਣ ਮੰਨਦੀ ਸੀ। ਉਸਦੀ ਸਰਗਰਮੀਆਂ ‘ਤੇ ਨਜ਼ਰ ਰੱਖੀ ਜਾਣ ਲੱਗੀ, ਉਨ੍ਹਾਂ ਦੇ ਲੇਖਾਂ ਦੇ ਛਪਣ ‘ਤੇ ਰੋਕ ਲਗਾ ਦਿੱਤੀ ਗਈ ਅਤੇ ਸੰਨ 1862 ਵਿੱਚ ਜ਼ਾਰ ਦੇ ਸੈਂਸਰ ਨੇ ”ਸੋਵਰੇਮੇਨਿਕ” ਨੂੰ ਅੱਠ ਮਹੀਨੇ ਲਈ ਬੰਦ ਕਰ ਦਿੱਤਾ। ਉਸੇ ਸਾਲ ਦੀ ਜੁਲਾਈ ਵਿੱਚ ਚੇਰਨੀਸ਼ੇਵਸਕੀ ਨੂੰ ਗ੍ਰਿਫ਼ਤਾਰ ਕਰਕੇ ਪੇਤਰੋਪਾਵਲੋਵਸਕੀ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ।

ਕਾਲ਼ ਕੋਠੜੀ ਦੀ ਭਿਅੰਕਰ ਕੈਦ ਦੀਆਂ ਹਾਲਤਾਂ ਵਿੱਚ ਚੇਰਨੀਸ਼ੇਵਸਕੀ ਨੂੰ ਪੁਲਿਸ ਦੇ ਝੂਠੇ ਦੋਸ਼ਾਂ ਦਾ ਖੰਡਣ ਕਰਨ ਦੇ ਲਈ ਜਾਂਚ ਕਮਿਸ਼ਨ ਨਾਲ਼ ਪ੍ਰਚੰਡ ਸੰਘਰਸ਼ ਕਰਨਾ ਪੈਂਦਾ ਸੀ। ਪੁਲਿਸ ਕੋਲ਼ ਉਹਨਾਂ ਦੇ ਜ਼ੁਰਮ ਦਾ ਕੋਈ ਵੀ ਕਾਨੂੰਨੀ ਸਬੂਤ ਨਹੀਂ ਸੀ। ਇਹ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਅਜਿਹੀਆਂ ਹਾਲਤਾਂ ਵਿੱਚ ਉਹ ‘ਕੀ ਕਰਨਾ ਲੋੜੀਏ’ ਨਾਵਲ ਸਮੇਤ ਤਿੰਨ ਹਜ਼ਾਰ ਤੋਂ ਵੱਧ ਪੰਨਿਆਂ ਦੀ ਸਮੱਗਰੀ ਲਿਖ ਕਿਵੇਂ ਸਕੇ।

ਇਸਦੀ ਸਿਰਫ ਇੱਕ ਹੀ ਵਿਆਖਿਆ ਦਿੱਤੀ ਜਾ ਸਕਦੀ ਹੈ, ਉਹ ਇਹ ਕਿ ਉਹ ਆਪਣੇ ਵਿਚਾਰਾਂ ਦੇ ਅਡਿੱਗ ਅਤੇ ਸਚੇਤ ਸਿਪਾਹੀ ਸਨ। ਸ਼ਾਇਦ ਇਸੇ ਕਾਰਨ ਕਰਕੇ ‘ਕੀ ਕਰਨਾ ਲੋੜੀਏ’ ਨਾਵਲ ਨੇ ਰੂਸ ਦੇ ਸਮਾਜਿਕ ਚਿੰਤਨ, ਲੋਕਾਂ ਦੇ ਦਿਲੋ-ਦਿਮਾਗ, ਲੇਖਕ ਦੇ ਮਿੱਤਰਾਂ ਅਤੇ ਦੁਸ਼ਮਣਾਂ ਦੋਨਾਂ ‘ਤੇ ਹੀ ਇੰਨਾ ਪ੍ਰਬਲ ਪ੍ਰਭਾਵ ਪਾਇਆ। ਵੈਰੀ ਤਾਂ ਇਸ ਨਾਵਲ ‘ਤੇ ਟੁੱਟ ਪਏ, ਉਸਦੇ ਨਾਇਕਾਂ, ਉਸਦੇ ਆਦਰਸ਼ਾਂ, ਨਾਵਲ ਦੇ ਮਹੱਤਵ, ਆਪਣੇ ਪੱਖ ਵਿੱਚ ਕੁੱਝ ਕਹਿਣ ਦੀ ਸੰਭਾਵਨਾ ਤੋਂ ਵਾਂਝੇ ਲੇਖਕ ‘ਤੇ ਮੌਖਿਕ ਅਤੇ ਲਿਖਤੀ ਅਰੋਪਾਂ ਦਾ ਹੜ੍ਹ ਜਿਹਾ ਆ ਗਿਆ। ਪਰ ਸਰਕਾਰ ਦੀ ਰੋਕ ਦੇ ਬਾਵਜੂਦ ਇਹ ਪੁਸਤਕ ਆਪਣੀ ਜ਼ਿੰਦਗੀ ਜੀਉਂਦੀ ਰਹੀ।

ਰੂਸੀ ਸਿਧਾਂਤਕਾਰ ਅਤੇ ਮਾਰਕਸਵਾਦ ਦੇ ਪ੍ਰਚਾਰਕ ਪਲੇਖਾਨੋਵ ਨੇ ਆਪਣੀ ਇੱਕ ਰਚਨਾ ਵਿੱਚ ਲਿਖਿਆ ਸੀ: ”ਮੈਂ ਪੁੱਛਦਾ ਹਾਂ : ਸਾਡੇ ਵਿੱਚ ਅਜਿਹਾ ਕੌਣ ਹੈ ਜਿਹਨੇ ਇਸ ਵਿਲੱਖਣ ਰਚਨਾ ਨੂੰ ਵਾਰ ਵਾਰ ਨਹੀਂ ਪੜ੍ਹਿਆ? ਕੌਣ ਹੈ ਅਜਿਹਾ ਜਿਹੜਾ ਉਸ ਉੱਤੇ ਮੰਤਰਮੁਗਧ ਨਾ ਹੋਇਆ ਹੋਵੇ, ਜਿਹੜਾ ਉਸਦੇ ਹਿੱਤਕਾਰੀ ਪ੍ਰਭਾਵ ਤੋਂ ਸਵੱਛ, ਬਿਹਤਰ, ਉਤਸ਼ਾਹਿਤ ਅਤੇ ਨਿਡਰ ਨਾ ਬਣਿਆ ਹੋਵੇ? ਅਜਿਹਾ ਕੌਣ ਹੈ ਜਿਹੜਾ ਨਾਇਕਾਂ ਦੀ ਨੈਤਿਕ ਪਵਿੱਤਰਤਾ ਤੋਂ ਅਣਛੋਹਿਆ ਰਿਹਾ ਹੋਵੇ? ਅਜਿਹਾ ਕੌਣ ਹੈ ਜਿਸਨੇ ਇਸ ਨਾਵਲ ਨੂੰ ਪੜ੍ਹਨ ਦੇ ਬਾਅਦ ਆਪਣੇ ਜੀਵਨ ਦੇ ਅਰਥ, ਆਪਣੀ ਇੱਛਾ-ਆਸ਼ਾਵਾਂ ‘ਤੇ ਦੁਬਾਰਾ ਵਿਚਾਰ ਨਾ ਕੀਤਾ ਹੋਵੇ? ਅਸੀ ਸਭ ਨੇ ਉਸ ਤੋਂ ਨੈਤਿਕ ਤਾਕਤ ਵੀ ਅਤੇ ਬਿਹਤਰ ਭਵਿੱਖ ਵਿੱਚ ਵਿਸਵਾਸ਼ ਵੀ ਪ੍ਰਾਪਤ ਕੀਤਾ। 

ਅਤੇ ਅਸੀਮ ਵਿਸ਼ਵਾਸ ਵੀ 
ਕਿਰਤ ਵਿੱਚ ਨਿਰਸਵਾਰਥ…

”…ਕੀ ਸਾਨੂੰ ਕੋਈ ਰੂਸੀ ਸਾਹਿਤ ਦੀ ਕੋਈ ਹੋਰ ਰਚਨਾ ਦੱਸ ਸਕਦਾ ਹੈ ਜਿਹੜੀ ਦੇਸ਼ ਦੇ ਨੈਤਿਕ ਅਤੇ ਬੌਧਿਕ ਵਿਕਾਸ ਤੇ ਆਪਣੇ ਪ੍ਰਭਾਵ ਦੀ ਨਜ਼ਰ ਤੋਂ ‘ਕੀ ਕਰਨਾ ਲੋੜੀਏ’ ਨਾਵਲ ਦੇ ਬਰਾਬਰ ਹੋਵੇ? ਕੋਈ ਵੀ ਨਹੀਂ ਦੱਸ ਸਕਦਾ…”

‘ਕੀ ਕਰਨਾ ਲੋੜੀਏ?’ ਨਾਵਲ ਵਿੱਚ ਸੋਚੇ-ਵਿਚਾਰੇ ਅਤੇ ਤਰਕ ਭਰਪੂਰ ਇਨਕਲਾਬੀ ਫ਼ਲਸਫੇ ਅਤੇ ਸਮਾਜ ਦੀ ਸਮਾਜਵਾਦੀ ਕਾਇਆਪਲਟੀ ਦੇ ਸਪੱਸ਼ਟ ਵਿਚਾਰਾਂ ਅਤੇ ਪਾਤਰਾਂ ਦੇ ਅਤਿਅੰਤ ਨਿੱਜੀ ਜੀਵਨ ਦੇ ਸਜੀਵ, ਕਿਤੇ-ਕਿਤੇ ਭਾਵੁਕਤਾਪੂਰਨ, ਵਰਨਣ ਦਾ ਸੁਭਾਵਿਕ ਸੁਮੇਲ ਹੈ। ਲਲਿਤ ਸਾਹਿਤ ਦੀ ਇਹ ਇੱਕ ਅਜਿਹੀ ਬੇਮਿਸਾਲ ਕਿਰਤ ਹੈ ਜਿਸ ਵਿੱਚ ਲੇਖਕ ਨੇ ਇੱਕ ਪੱਤਰਕਾਰ ਦੀ ਨਜ਼ਰ ਨਾਲ ਸਮਾਜ ਦੀਆਂ ਸੁਲ਼ਗਦੀਆਂ ਸਮੱਸਿਆਵਾਂ ਦਾ ਬੇਬਾਕ ਚਿਤਰਣ ਕੀਤਾ, ਇੱਕ ਇਨਕਲਾਬੀ ਦੇ ਨਾਤੇ ਸਿਆਸੀ ਤੌਰ ‘ਤੇ ਸੱਦਾ ਦਿੱਤਾ ਅਤੇ ਮਨੁੱਖ ਜਾਤੀ ਦੇ ਉੱਚ ਆਦਰਸ਼ਾਂ, ਮਨੁੱਖਤਾਂ ਦੀਆਂ ਅਮਿੱਟ ਨੈਤਿਕ ਕਦਰਾਂ ਦੀ ਮਹਤੱਤਾ ਨੂੰ ਦਰਸਾਇਆ ਹੈ। 

ਸਾਹਿਤ ਅਤੇ ਸੁਤੰਤਰਤਾ ਲਈ ਸੰਘਰਸ਼ ਦੇ ਇਤਿਹਾਸ ਵਿੱਚ ਇਹ ਇੱਕ ਵਿਲੱਖਣ ਵਰਤਾਰਾ ਹੈ।

‘ਕੀ ਕਰਨਾ ਲੋੜੀਏ?’ ਨਾਵਲ ਸ਼ੁਰੂ ਤੋਂ ਲੈ ਕੇ ਆਖਰ ਤੱਕ ਵਿਲੱਖਣ ਅਸਾਧਾਰਣ ਹੈ।

ਨਾਵਲ ਦਾ ਸਪੱਸ਼ਟ ਸਿਆਸੀ ਸਰੂਪ ਵੀ ਆਪਣੇ ਆਪ ਵਿੱਚ ਅਸਾਧਾਰਨ ਹੈ। ਉਸ ਵਿੱਚ ਉਹ ਸਾਰੇ ਗੁਣ ਹਨ ਜਿਹੜੇ ਕਿਸੇ ਸਮਾਜਿਕ ਰਾਜਨੀਤਿਕ ਰਚਨਾ ਇਨਕਲਾਬੀ ਐਲਾਨਨਾਮੇ ਜਾਂ ਪ੍ਰੋਗਰਾਮ ਲਈ ਲਖਣਾਇਕ ਹਨ। ‘ਕੀ ਕਰਨਾ ਲੋੜੀਏ’ ਨਾਵਲ ਵਿੱਚ ਉਸ ਮੌਜੂਦਾ ਸਥਿਤੀ ਦਾ ਡੂੰਘਾ ਵਿਸ਼ਲੇਸ਼ਣ ਹੈ ਜਿਸਨੂੰ ਹੁਣ ਈਮਾਨਦਾਰ ਲੋਕ ਅੱਗੇ ਸਹਿਣ ਨੂੰ ਤਿਆਰ ਨਹੀਂ — ਇਹ ਉਸ ਦੁਨੀਆਂ ਦੀਆਂ ਝਾਕੀਆਂ ਹਨ ਜਿਸ ਵਿੱਚ ਮਾਰੀਆ ਅਲੇਕਸੇਅਵਨਾ, ਸਤੋਰੇਸਿਨਕੋਵ, ਜਾਨ, ਸੇਰਜ ਵਰਗੇ ਲੋਕਾਂ ਅਤੇ ਉਸਦੀ ਪਿੱਠ ਪਿੱਛੇ ਖੜੇ ਹੋਰ ਉੱਚੇ-ਉੱਚੇ ਅਹੁਦਿਆਂ ਉੱਤੇ ਬੈਠੇ ਲੋਕਾਂ ਦਾ ਬੋਲਬਾਲਾ ਹੈ, ਇਹ ਵੇਰਾ ਪਾਵਲੋਵਨਾ ਦਾ ਦੂਜਾ ਸਪਨਾ ਹੈ ਜਿਸ ਵਿੱਚ ਜੀਵਨ ਦਾ ਯਥਾਰਥ ਮੈਦਾਨ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਨਾਵਲ ਵਿੱਚ ਉਸ ਆਰਥਿਕ ਪ੍ਰਬੰਧ ਦਾ ਜ਼ਿਕਰ ਕੀਤਾ ਗਿਆ ਹੈ ਜਿਸਦੇ ਮਾਧਿਅਮ ਨਾਲ਼ ਇਸ ਦੁਨੀਆਂ ਦੀ ਨਵੀਂ, ਮਾਨਵੀ ਦੁਨੀਆਂ ਵਿੱਚ ਕਾਇਆਪਲਟੀ ਕੀਤੀ ਜਾ ਸਕਦੀ ਹੈ। ਨਾਵਲ ਵਿੱਚ ਉਹ ਆਦਰਸ਼ ਸਮਾਜ ਦਾ ਵਰਨਣ ਕੀਤਾ ਗਿਆ ਹੈ ਜਿਸਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ — ਵੇਰਾ ਪਾਵਲੋਵਨਾ ਦੇ ਚੌਥੇ ਸੁਪਨੇ ਵਿੱਚ ਇਸ ਭਵਿੱਖੀ ਜੀਵਨ ਦੇ ਪ੍ਰੇਰਣਾਦਾਈ ਦ੍ਰਿਸ਼ ਚਿਤਰਤ ਕੀਤੇ ਗਏ ਹਨ। 

ਜਿਵੇਂ ਕਿ ਲੈਨਿਨ ਨੇ ਕਿਹਾ ਸੀ, ਚੇਰਨੀਸ਼ੇਵਕੀ ਦਾ ਸਮਾਜਵਾਦ ਯੂਟੋਪੀਆਈ ਹੈ। ਚੇਰਨੀਸ਼ੇਵਸਕੀ ਨੂੰ ਲੱਗਦਾ ਸੀ ਕਿ ਰੂਸ ਦਾ ਪੁਰਾਣਾ ਅਰਧ-ਜਗੀਰੂ ਖੇਤੀ ਭਾਈਚਾਰਾ ਸਮਾਜਵਾਦ ਵਿੱਚ ਸੰਕਰਮਣ ਦਾ ਪਹਿਲਾ ਕਦਮ ਬਣ ਸਕਦਾ ਹੈ। ਇਸ ਲਈ ਲੇਖਕ ਦੁਆਰਾ ਨਾਵਲ ਵਿੱਚ ਭਵਿੱਖ ਦੇ ਸੁਖੀ ਜੀਵਨ ਦੇ ਪੇਸ਼ ਕੀਤੇ ਗਏ ਦ੍ਰਿਸ਼ ਕਿਸੇ ਅਮੂਰਤ ਆਦਰਸ਼ ਨੂੰ ਪ੍ਰਗਟ ਕਰਦੇ ਹਨ ਨਾ ਕਿ ਇਤਿਹਾਸਕ ਪ੍ਰਕਿਰਿਆ ਦੇ ਠੋਸ ਸਿੱਟਿਆ ਨੂੰ। 

ਪਰ ਉਨ੍ਹਾਂ ਵਿੱਚ ਵੀ ਆਪਣੀ ਹੀ ਖਿੱਚ ਹੈ। ਉਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਅਜ਼ਾਦ ਮਨੁੱਖ ਭੌਤਿਕ ਅਤੇ ਆਤਮਿਕ ਜੀਵਨ ਦੇ ਵਿਕਾਸ ਵਿੱਚ ਕਿੰਨੀਆਂ ਵਿਸ਼ਾਲ ਸਫਲਤਾਵਾਂ ਪ੍ਰਾਪਤ ਕਰਦਾ ਹੈ, ਉਹ ਕੁਦਰਤ ਦੇ ਗੂੜ੍ਹ ਰਹੱਸਾਂ ਨੂੰ ਕਿੰਨੀ ਡੂੰਘਾਈ ਨਾਲ਼ ਸਮਝ ਲੈਂਦਾ ਹੈ। ਚੇਰਨੀਸ਼ੇਵਸਕੀ ਦੁਆਰਾ ਨਾਵਲ ਵਿੱਚ ਪੇਸ਼ ਕੀਤੇ ਭਾਵ ਉੱਤੇਜਕ ਅਤੇ ਰੰਗਾਰੰਗ, ਆਸ਼ਾਵਾਦ ਅਤੇ ਰੋਮਾਂਚ, ਲੋਕਾਂ ਦੇ ਆਤਮਿਕ ਵਿਕਾਸ ਦੀ ਕਾਵਿਆਤਮਕਤਾ ਦੇ ਪੂਰਨ ਦ੍ਰਿਸ਼ ਮਨੁੱਖ ਦੀ ਮਹੱਤਤਾ ਦਾ ਗੁਣਗਾਨ ਕਰਦੇ ਹਨ, ਇਸ ਲਈ ਆਪਣੇ ਬਣਾਉਟੀਪਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸਮਕਾਲੀਆਂ ਦੇ ਚਿੰਤਨ ਤੇ ਇੰਨਾ ਪ੍ਰਬਲ ਪ੍ਰਭਾਵ ਪਿਆ। ”ਹਰ ਦਿਮਾਗ ਵਿੱਚ ਲੁੱਕ-ਛਿਪ ਕੇ ਉਥੱਲ-ਪੁਥਲ ਹੋ ਰਹੀ ਸੀ” ਚਿਤਰਕਾਰ ਰੇਪੀਨ ਨੇ ਲਿਖਿਆ ਸੀ, ”ਉਹ ਚੋਰੀ-ਚੋਰੀ ਭਵਿੱਖ ਦੇ ਆਸਮਈ ਵਿਚਾਰਾਂ ਦੇ ਸਹਾਰੇ ਜੀਅ ਰਿਹਾ ਸੀ, ਉਸ ਨੂੰ ਵੇਰਾ ਪਾਵਲੋਵਨਾ ਦੇ ਤੀਜੇ ਸੁਪਨੇ ਵਿੱਚ ਪਵਿੱਤਰ ਆਸਥਾ ਸੀ”।

ਪਰ ਪ੍ਰਮੁੱਖ ਗੱਲ ਇਹ ਨਹੀਂ ਹੈ। ਚੇਰਨੀਸ਼ੇਵਸਕੀ ਉਨ੍ਹਾਂ ਪੱਛਮੀ ਯੂਰਪ ਦੇ ਯੂਟੋਪਿਆਈ ਸਮਾਜਵਾਦੀਆਂ ਤੋਂ ਭਿੰਨ ਸਨ ਜਿਹੜੇ ਸਾਂਤੀਪੂਰਨ ਰਾਹ ਦੁਆਰਾ ਸਮਾਜਵਾਦ ਵਿੱਚ ਸੰਕਰਮਣ ਦੇ ਸੁਪਨੇ ਦੇਖਦੇ ਸਨ।

‘ਕੀ ਕਰਨਾ ਲੋੜੀਏ?’ ਨਾਵਲ ਵਿੱਚ ਚੇਰਨੀਸ਼ੇਵਸਕੀ ਨੇ ਦਰਸਾਇਆ ਕਿ ਸਾਂਤੀਪੂਰਨ ਸਹਿਜ ਵਿਕਾਸ ਦੀ ਰਾਹ ਜ਼ਰੀਏ ਉੱਜਲੇ ਭਵਿੱਖ ਤੱਕ ਪਹੁੰਚਣਾ ਨਾਮੁਮਕਿਨ ਹੈ। ਵੇਰਾ ਦੀਆਂ ਵਰਕਸ਼ਾਪਾਂ ਦੀ ਹੋਣੀ ਇਸਨੂੰ ਸਿੱਧ ਕਰਦੀ ਹੈ, ਜਿਨ੍ਹਾਂ ਨੂੰ ਇੱਕ ਪੁਰਖੇ ਰੂਸ ਦੀ ਕੌੜੀ ਅਸਲੀਅਤ ਦੀਆਂ ਹਾਲਤਾਂ ਵਿੱਚ ਆਪਣਾ ਵਿਕਾਸ ਰੋਕਣ ਲਈ ਮਜ਼ਬੂਰ ਹੋਣਾ ਪਿਆ। ਚੇਰਨੀਸ਼ੇਵਸਕੀ ਨੇ ਆਪਣੇ ਨਾਵਲ ਵਿੱਚ ਪੁਰਾਣੇ ਪ੍ਰਬੰਧ ਨੂੰ ਬਲ-ਪ੍ਰਯੋਗ ਰਾਹੀਂ ਉਖਾੜ ਸੁੱਟਣ ਦੀ ਲੋੜ ਨੂੰ ਰੇਖਾਂਕਿਤ ਕੀਤਾ ਅਤੇ ਇਨਕਲਾਬੀ ਸੰਘਰਸ਼ ਨੂੰ ਅਟੱਲ ਦੱਸ ਕੇ ਉਸਦਾ ਸੱਦਾ ਦਿੱਤਾ (ਇਸਦੇ ਲਈ ਉਨ੍ਹਾਂ ਨੇ ਕੁੱਝ ਵਿਵਹਾਰਕ ਸੁਝਾਅ ਵੀ ਦਿੱਤੇ, ਮਿਸਾਲ ਦੇ ਲਈ ਸਾਜ਼ਿਸ ਦੇ ਸਿਧਾਂਤ)। ਪੇਸ਼ੇਵਰ ਇਨਕਲਾਬੀ ਰਹਮੇਤੋਵ ਦੀ ਦਿੱਖ; ਅਤੇ ਉਸਦੇ ਨਾਲ ਸਬੰਧਿਤ ਗੱਲਾਂ, ਵਾਰਤਾਲਾਪ, ਸੰਕੇਤ ਆਦਿ, ਨਾਵਲ ਦਾ ਅੰਤਿਮ, ਛੇਵਾਂ ਅਧਿਆਏ ‘ਦ੍ਰਿਸ਼ ਪਰਿਵਰਤਨ’ ਕੂਟ ਰੂਪ ਵਿੱਚ ਇਨਕਲਾਬ ਦੀ ਜਿੱਤ ਨੂੰ ਚਿੱਤਰਤ ਕਰਦੇ ਹਨ। 

ਨਾਵਲ ਦਾ ਕਥਾਨਕ ਵੀ ਅਸਾਧਰਨ ਹੈ। ਲੇਖਕ ਨੇ ਘਟਨਾਕ੍ਰਮ ਦੇ ਚਿਤਰਣ ਵਿੱਚ ਵੀ ”ਮਨਮਾਨੀ” ਵਰਤੀ ਹੈ—ਵਿਚਾਲ਼ੇ ਦਾ ਹਿੱਸਾ ਲਿਆ ਕੇ ਸ਼ੁਰੂ ਵਿੱਚ ਰੱਖ ਦਿੱਤਾ ਹੈ। ਵਿੱਚ-ਵਿੱਚ ਲੇਖਕ ਆਪਣੇ ਪਾਤਰਾਂ ਨਾਲ ਲੰਬੀ-ਲੰਬੀ ਗੱਲ-ਬਾਤ ਕਰਦਾ ਹੈ — ਨਾਇਕਾ ਨਾਲ਼ ਪਿਆਰ ਭਰੀਆਂ, ਦਿਲ ਖੋਲ੍ਹ ਕੇ ਭਾਵਪੂਰਨ ਗੱਲਾਂ, ਮਾਰੀਆ ਅਲੇਕਸੇਅਵਨਾ ਨਾਲ਼ ਕੁੱਝ ਵਿਅੰਗ ਭਰੀਆਂ, ”ਪਬਲਿਕ” ਨਾਲ਼ ਡੂੰਘੀਆਂ ਗੰਭੀਰ, ਕਦੇ-ਕਦੇ ਤਾਂ ਗੱਲਾਂ ਕਰਦਾ ਹੈ। ”ਮਹਿਸੂਸ ਕਰ ਸਕਣ ਯੋਗ” ਦੀ ਤਾਂ ਉਹ ਬੇਰਹਿਮੀ ਨਾਲ਼ ਖਿੱਲੀ ਉਡਾਉਂਦਾ ਹੈ। ਕਦੇ ਕਦੇ ਤਾਂ ਲੇਖਕ ਗੱਲ ਅਧੂਰੀ ਛੱਡ ਕੇ ਅੱਗੇ ਵੱਧ ਜਾਂਦਾ ਹੈ। ਚਾਰ ਵਾਰੀ ਵੇਰਾ ਪਾਵਲੋਵਨਾ ਦੇ ਸੁਪਨੇ ਕਥਾਂਤਰ ਕਰ ਦਿੰਦੇ ਹਨ। ਲੇਖਕ ਸ਼ੁਰੂ ਤੋਂ ਲੈ ਕੇ ਆਖਰ ਤੱਕ ਬਿਨਾਂ ਕੋਈ ਮੁਖੌਟਾ ਲਾਏ ਮੰਚ ਤੇ ਆਪਣੇ ਪਾਤਰਾਂ ਵਿੱਚ ਰਹਿੰਦਾ ਹੈ। ਉਹ ਖੁੱਲ੍ਹ ਕੇ ਆਪਣੀਆਂ ਆਸਥਾਵਾਂ, ਅਕਾਂਖਿਆਵਾਂ ਨੂੰ ਪ੍ਰਗਟ ਕਰਦਾ ਹੈ, ਆਪਣੇ ਸਮਾਜਿਕ, ਸਹੁਜ ਸ਼ਾਸਤਰੀ ਅਤੇ ਨੈਤਿਕ ਨਜ਼ਰੀਏ ਦੀ ਵਿਆਖਿਆ ਕਰਦਾ ਹੈ।

ਬੇਸ਼ੱਕ ਲੇਖਕ ਦਾ ਚਿੰਤਨ ਹੀ ਨਾਵਲ ਦੀ ਪ੍ਰਮੁੱਖ ਸ਼ਕਤੀ ਹੈ। ਲੇਖਕ ਦੀ ਚਿੰਤਨਧਾਰਾ ਹੀ ਕਥਾਨਕ ਨੂੰ ਪੇਸ਼ ਕਰਕੇ ਨਵੇਂ-ਨਵੇਂ ਪਾਤਰਾਂ ਦੀ ਰਚਨਾ ਕਰਦੀ ਹੈ, ਵਿਅਕਤੀਆਂ ਅਤੇ ਘਟਨਾਵਾਂ ਦੇ ਸਮੂਹ ਦੀ ਉਸਾਰੀ ਕਰਦੀ ਹੈ।

ਆਰੰਭ ਵਿੱਚ ਅਸੀਂ ਮਾਰੀਆ ਅਲੇਕਸੇਅਵਨਾ ਅਤੇ ਸਤੋਰੇਸਿਨਕੋਵ ਜਿਹੇ ਲੋਕਾਂ ਦੀ ਦੁਨੀਆ ਵਿੱਚ ਘੁੱਟਦੀ ਮੁਟਿਆਰ ਦੇ ਅਤਿਅੰਤ ਨਿੱਜੀ ਜੀਵਨ ਦੀ ਝਲਕ ਦੇਖਦੇ ਹਾਂ। ਇਸ ਮੁਟਿਆਰ ਦਾ ਜੀਵਨ ਆਪਣੇ ਸਮੇਂ ਲਈ ਲਖਣਾਇਕ ਹੈ। ਇਸੇ ਲਈ ਪਰਿਵਾਰ ਦਾ ਵਿਸ਼ਾ ਉੱਭਰਦਾ ਹੈ। ਪਰ ਇਹ ਵੀ ਇਸਤਰੀਆਂ ਦੀ ਮੁਕਤੀ ਦੀ ਆਮ ਸਮੱਸਿਆ ਦਾ ਇੱਕ ਪੱਖ ਹੈ। 

ਪਰ ਇਹ ਸਮੱਸਿਆ ਇਸ ਨਾਲ਼ੋਂ ਵੀ ਵਿਆਪਕ ਪ੍ਰਸ਼ਨ ਨਾਲ਼ ਜੁੜੀ ਹੈ, ਜਿਹੜੀ ਹੈ—ਮਨੁੱਖ ਦੀ ਵਿਅਕਤੀਗਤ ਅਜ਼ਾਦੀ, ਦਾਬੇ ਤੋਂ ਮਨੁੱਖ ਦੀ ਮੁਕਤੀ। ਪੁਰਾਣੇ ਸਮਾਜ ਨੂੰ ਨਸ਼ਟ ਕਰਕੇ, ਨਵੇਂ ਦੀ ਉਸਾਰੀ ਕਰਕੇ ਹੀ ਇਸ ਸਵਾਲ ਨੂੰ ਪੂਰੀ ਤਰ੍ਹਾਂ ਨਾਲ਼ ਹੱਲ ਕੀਤਾ ਜਾ ਸਕਦਾ ਹੈ।

ਇਸਤਰੀ ਦੀ ਅਸਲ ਮੁਕਤੀ ਲਈ ਮਾਂ-ਪਿਉ ਦੇ ਦਕੀਆਨੂਸੀ ਪਰਿਵਾਰ ਤੋਂ ਨਿਕਲ਼ ਕੇ ਸੁਖੀ ਵਿਆਹੇ ਜੀਵਨ ਦੀ ਹੀ ਨਹੀਂ ਸਗੋਂ ਆਰਥਿਕ ਸਵੈ ਨਿਰਭਰਤਾ ਦੀ ਵੀ ਲੋੜ ਹੈ। ਇਸੇ ਤਰ੍ਹਾਂ ਵਰਕਸ਼ਾਪ ਦਾ ਵਿਚਾਰ ਪੈਦਾ ਹੋਇਆ।

ਆਰਥਿਕ ਮੁਕਤੀ ਦਾ ਇਹ ਸਾਧਨ ਉਨ੍ਹਾਂ ”ਭੈਣਾਂ” ਦੀ ਮਦਦ ਦਾ ਵੀ ਸਾਧਨ ਬਣ ਗਿਆ ਜਿਹੜੀਆਂ ਵੇਰਾ ਪਾਵਲੋਵਨਾ ਦੀ ਤਰ੍ਹਾਂ ਹੀ ਅਜ਼ਾਦੀ ਦੀ ਕਾਮਨਾ ਕਰਦੀਆਂ ਹਨ ਅਤੇ ਇਸ ਤਰ੍ਹਾਂ ਉਹ ਲੋਕਹਿੱਤ ਦੀ ਸਾਧਨਾ ਦੇ ਸਮਾਜਿਕ ਕਰਤੱਵ ਵਿੱਚ ਬਦਲ ਜਾਂਦਾ ਹੈ। 

ਪਰ ਅਸਲੀਅਤ ਦੀਆਂ ਠੋਸ ਹਾਲਤਾਂ ਵਿੱਚ ਲੋਕਹਿੱਤ ਦੀ ”ਸ਼ਾਂਤੀਪੂਰਨ” ਸਾਧਨਾ, ਸਮਾਜਿਕ ਕਰਤੱਵ ਦੀ ਸ਼ਾਂਤੀਪੂਰਨ ਪਾਲਣਾ ਨਾਮੁਮਕਿਨ ਸਿੱਧ ਹੁੰਦੇ ਹਨ। ”ਅਸ਼ਾਂਤੀਪੂਰਨ” ਇਨਕਲਾਬੀ ਕਾਇਆਪਲਟੀ ਦਾ ਸਵਾਲ ਖੜ੍ਹਾ ਹੁੰਦਾ ਹੈ। 

ਨਾਇਕਾ ਦੇ ਸਮਾਜਿਕ ਜੀਵਨ ਦਾ ਤਰਕ ਇਹੀ ਹੈ। ਪਰਿਵਾਰ ਵਿੱਚ ਸਮਾਨਤਾ ਦੇ ਸਬੰਧਾਂ ਦੇ ਬਿਨਾਂ ਇਸਤਰੀ ਦੀ ਮੁਕੰਮਲ ਮੁਕਤੀ ਦੀ ਕਲਪਨਾ ਕਰਨਾ ਮੁਸ਼ਕਿਲ ਹੈ। ਸ਼ੁਰੂ ਵਿੱਚ ਵੇਰਾ ਪਾਵਲੋਵਨਾ ਨੂੰ ਲੋਪੁਖੋਵ ਨਾਲ਼ ਵਿਆਹ ਖੁਸ਼ਕਿਸਮਤੀ ਲੱਗਦਾ ਹੈ ਜਿਸਨੇ ਉਸਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਮਦਦ ਕੀਤੀ ਪਰ ਜਲਦੀ ਹੀ ਉਹ ਉਸਨੂੰ ਚੁੱਭਣ ਲੱਗਾ। ਸੱਚੇ ਪਿਆਰ ਦੇ ਬਿਨਾਂ ਵਿਆਹ ਜਿਹੜਾ ਘੱਟੋ ਘੱਟ ਅਜ਼ਾਦੀ ਦਾ ਖੁੱਸਣਾ ਤਾਂ ਹੁੰਦਾ ਹੀ ਹੈ, ਦੋਨਾਂ ਲਈ ਸਵੈ ਕੁਰਬਾਨੀ, ਪਰਸਪਰ ਨੈਤਿਕ ਬੰਧਨ ਬਣ ਗਿਆ। ਅੰਤ ‘ਚ ਸੰਕਟ ਦਾ ਹੱਲ ਹੋ ਜਾਂਦਾ ਹੈ; ਲੋਪੁਖੋਵ ਮੰਚ ਤੋਂ ਪਿੱਛੇ ਹੱਟ ਗਿਆ। ਕਿਰਸਾਨੋਵ ਨਾਲ਼ ਵਿਆਹ ਵਿੱਚ ਵੇਰਾ ਪਾਵਲੋਵਨਾ ਨੂੰ ਵਿਆਹਕ ਸੁੱਖ ਪ੍ਰਾਪਤ ਹੁੰਦਾ ਹੈ ਜਿਹੜਾ ਮਿੱਤਰਤਾ, ਪਰਸਪਰ ਆਦਰ, ਆਮ ਆਦਰਸ਼ਾਂ ‘ਤੇ ਹੀ ਨਹੀਂ ਸਗੋਂ ਡੂੰਘੇ ਪਿਆਰ ‘ਤੇ ਵੀ ਅਧਾਰਿਤ ਹੁੰਦਾ ਸੀ। 

ਪਰ ਇਹ ਅਜ਼ਾਦੀ ਵੀ ਮੁਕੰਮਲ ਨਹੀਂ ਸੀ। ਕਿਰਸਾਨੋਵ ਅਤੇ ਵੇਰਾ ਪਾਵਲੋਵਨਾ ਦੇ ਵਿੱਚ ਔਰਤ ਜਾਤੀ ਦੀ ‘ਕਮਜ਼ੋਰੀ’ ਦੇ ਬਾਰੇ ਵਿੱਚ ਰਵਾਇਤੀ ਧਾਰਣਾਵਾਂ ਦੇ ਵਿਸ਼ੇ ‘ਤੇ ਲਖਣਾਇਕ ਵਾਰਤਾਲਾਪ ਹੋਇਆ। ਵੇਰਾ ਪਾਵਲੋਵਨਾ ਦਾ ਕਹਿਣਾ ਸੀ ਕਿ ”ਆਦਮੀ ਕੋਲ਼ ਕੋਈ ਅਜਿਹਾ ਕੰਮ ਹੋਣਾ ਚਾਹੀਦਾ ਹੈ ਜਿਸਨੂੰ ਇਕ ਪਲ ਲਈ ਵੀ ਟਾਲ਼ਿਆਂ ਨਾ ਜਾ ਸਕੇ। ਇਹੀ ਸੰਕਲਪ ਦਾ ਪ੍ਰਬਲ ਸੋਮਾ ਹੈ।” ਅੱਗੇ ਇਸ ਕੰਮ ਨੂੰ ”ਵਿਅਕਤੀਗਤ ਉਦੇਸ਼” ਦੱਸਿਆ ਗਿਆ ਹੈ। ਅਡੋਲਤਾ ਦੀ ਮੂਰਤੀ ਰਹਮੇਤੋਵ ਦੇ ਪ੍ਰਸੰਗ ਵਿੱਚ ਇਸਨੂੰ ”ਆਮ ਉਦੇਸ਼” ਦੀ ਸੰਗਿਆ ਦਿੱਤੀ ਗਈ (ਦਸੰਬਰਵਾਦੀਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਲੈਨਿਨ ਦੇ ”respublica” (ਲੋਕਤੰਤਰ) ਦੇ ਸ਼ਬਦੀ ਅਨੁਵਾਦ ”ਆਮ ਉਦੇਸ਼” ਨੂੰ ਆਪਣਾ ਨਾਹਰਾ ਬਣਾਇਆ ਸੀ)। ਇਸ ਸੰਦਰਭ ਵਿੱਚ ਰਹਮੇਤੋਵ ਦੀ ਦਿੱਖ ਮਹਿਜ ਸੰਯੋਗ ਨਹੀਂ ਹੈ ਜਿਸਦੀ ਉਡਾਰੀ ਇੰਨੀ ਉੱਚੀ ਸੀ ਕਿ ਕਿਰਸਾਨੋਵ ਅਤੇ ਵੇਰਾ ਪਾਵਲੋਵਨਾ ਵਰਗੇ ”ਆਮ ਲੋਕ” ਵੀ ਨਹੀਂ ਉੱਠ ਸਕਦੇ। ”ਆਮ ਉਦੇਸ਼” ਦਾ ਜ਼ਿਕਰ ਵੀ ਮਹਿਜ ਸੰਯੋਗ ਨਹੀਂ ਹੈ।

ਨਤੀਜਾ ਇਹੋ ਨਿਕਲਦਾ ਹੈ ਕਿ ਪਾਤਰਾਂ ਦੇ ਜੀਵਨ ਦੀਆਂ ਸਾਰੀਆਂ ਰਾਹਾਂ ਇਨਕਲਾਬ ਵੱਲ ਹੀ ਜਾਂਦੀਆਂ ਹਨ ਜਿਸਦੇ ਮਾਧਿਅਮ ਨਾਲ ਹੀ ਪੂਰੀ ਮਨੁੱਖ ਜਾਤੀ ਦੇ ਜੀਵਨ ਵਿੱਚ ਭਾਵ ਉਨ੍ਹਾਂ ਦੇ ਜੀਵਨ ਵਿੱਚ ਵੀ ਸਰਬਪੱਖੀ ਤਬਦੀਲੀ ਮੁਮਕਿਨ ਹੈ। ਲੇਖਕ ਨੇ ”ਨਿੱਜੀ”, ”ਪਰਿਵਾਰ” ਦੀਆਂ ਸਮੱਸਿਆਵਾਂ ਦੇ ਸ਼ੀਸ਼ੇ ਵਿੱਚ ਸਾਰੇ ਲੋਕਾਂ ਨਾਲ਼ ਸਬੰਧ ਰੱਖਣ ਵਾਲ਼ੀਆਂ ਆਮ, ਵਿਆਪਕ ਸਮੱਸਿਆਵਾਂ ਨੂੰ ਦਰਸਾਇਆ ਹੈ। ਕਥਾਨਕ ਦੀਆਂ ਸਾਰੀਆਂ ਤੈਹਾਂ ‘ਤੇ ਲੇਖਕ ਨੇ ‘ਕੀ ਕਰਨਾ ਲੋੜੀਏ?’ ਸਵਾਲ ਦਾ ਤਰਕ ਭਰਪੂਰ ਉੱਤਰ ਦਿੱਤਾ ਹੈ।

ਪਰ ਗੱਲ ਤਰਕ ਦੀ ਹੀ ਨਹੀਂ ਹੈ। ਚੇਰਨੀਸ਼ੇਵਸਕੀ ਨੇ ਨਾਵਲ ਦੇ ਪਾਤਰ ਲੇਖਕ ਦੇ ਵਿਚਾਰਾਂ ਦੇ ਮਹਿਜ ਪ੍ਰਗਟਾਵੇ, ਬੇਜਾਨ ਕੱਠਪੁਤਲੀਆਂ, ਉਸਦੀ ਕੋਰੀ ਕਲਪਨਾ ਕਦੇ ਵੀ ਨਹੀਂ ਹਨ। ਉਹ ਜੀਉਂਦੇ-ਜਾਗਦੇ ਲੋਕ ਹਨ ਜਿਨ੍ਹਾਂ ਦੇ ਸੁੱਖ ਦੀ ਉਹ ਕਾਮਨਾ ਕਰਦਾ ਹੈ, ਜਿਨ੍ਹਾਂ ਦੀ ਕਿਸਮਤ ਪ੍ਰਤੀ ਉਹ ਉਦਾਸੀਨ ਨਹੀਂ ਹੈ।

ਉਹ ਜੀਉਂਦੇ-ਜਾਗਦੇ ਲੋਕ ਹਨ ਪਰ ਉਹ ਅਸਾਧਾਰਨ ਵੀ ਹਨ। ਉਨ੍ਹਾਂ ਦੇ ਕੰਮ, ਵਿਚਾਰ, ਆਪਸੀ ਸਬੰਧ, ਰਹਿਣ-ਸਹਿਣ ਸਭ ਕੁੱਝ ਅਸਾਧਾਰਨ ਹਨ। ਇਹ ਗੱਲ ਵੀ ਅਸਾਧਾਰਨ ਹੈ ਕਿ ਉਨ੍ਹਾਂ ਦੇ ਅੰਦਰੂਨੀ ਜਗਤ ਵਿੱਚ ਸੰਵੇਗਾਂ ਦਾ ਨਹੀਂ ਸਗੋਂ ਬੋਧਿਕ ਪੱਖ ਦਾ ਪੱਲਾ ਭਾਰੀ ਹੈ। ਆਪਣੇ ਕੰਮਾਂ ਦੇ ਇਲਾਵਾ ਵਿਆਪਕ ਸਮਾਜਿਕ ਸਮੱਸਿਆਵਾਂ ‘ਤੇ ਆਪਣੇ ਵਿਚਾਰ-ਵਟਾਂਦਰੇ, ਵਾਰਤਾਲਾਪਾਂ,  ਵਾਦ-ਵਿਵਾਦਾਂ ਦੇ ਮਾਧਿਅਮ ਨਾਲ ਵੀ ਆਪਣਾ ਪ੍ਰਗਟਾਵਾ ਕਰਦੇ ਹਨ। ਉਨ੍ਹਾਂ ਦਾ ਇਹ ਵਿਚਾਰ-ਵਟਾਂਦਰਾ ਅਮੂਰਤ, ਪੰਡਤਾਊ ਨਹੀਂ ਹੈ, ਸਗੋਂ ਉਸਦਾ ਸਰਬਵਿਆਪੀ ਜੀਵੰਤ ਮਹੱਤਵ ਹੈ। ਇਸੇ ਵਿੱਚ ਨਾਇਕਾਂ ਦੀ ਪ੍ਰਮਾਣਿਕਤਾ ਵੀ ਸ਼ਾਮਲ ਹੈ। 

ਉਨ੍ਹਾਂ ਦੀ ਨੈਤਿਕਤਾ ਵੀ ਅਸਾਧਾਰਨ ਹੈ; ਉਹ ਸਵੈ-ਤਿਆਗ ਨਾਲ਼ ਉਦਾਤ ਕਾਰਜ ਕਰਦੇ ਹਨ ਪਰ ਇਹ ਕਰਦੇ ਹੋਏ ਉਦਾਤਤਾ ਅਤੇ ਸਵੈਤਿਆਗ ਬਾਰੇ ਭੋਰਾ ਵੀ ਨਹੀਂ ਸੋਚਦੇ; ਉਹ ਕਹਿੰਦੇ ਹਨ ਕਿ ਇਹ ਉਹ ਆਪਣੇ ਹੀ ਫਾਇਦੇ ਲਈ ”ਵਿਵੇਕਪੂਰਨ ਸਵਾਰਥ” ਲਈ ਕਰਦੇ ਹਨ। ਇਸ ਨੈਤਿਕਤਾ ਦੀਆਂ ਸਾਰੀਆਂ ਸੀਮਤਾਈਆਂ ਦੇ ਬਾਵਜੂਦ ਉਸਦੀ ਵਿਸ਼ਿਸ਼ਟਤਾ ਅਤੇ ਉਦਾਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਅਨੁਸਾਰ ਮਨੁੱਖ ਲਈ ਆਪਣੇ ਕੰਮ ਦੀ ਸੱਚਾਈ, ਵਿਵੇਕਪੂਰਨਤਾ ਅਤੇ ਨੈਤਿਕਤਾ ਦੇ ਅਹਿਸਾਸ ਤੋਂ ਵੱਧ ਵੱਡਾ ਨੈਤਿਕ ”ਫਾਇਦਾ” ਨਹੀਂ ਹੁੰਦਾ ਹੈ।

ਇਨ੍ਹਾਂ ਲੋਕਾਂ ਦੀਆਂ ਵਸ਼ਿਸ਼ਟਤਾਵਾਂ ਵਿੱਚਂੋ ਇੱਕ ਅਜਿਹੀ ਵੀ ਹੈ ਜਿਹੜੀ ਸ਼ਾਇਦ ਸਰਵਪ੍ਰਮੁੱਖ ਹੀ ਹੋਵੇ। ਚੇਰਨੀਸ਼ੇਵਸਕੀ ਨੇ ਇਸਦਾ ਨਾਵਲ ਵਿੱਚ ਵਾਰ-ਵਾਰ ਜ਼ਿਕਰ ਕੀਤਾ — ਇਹ ਨਵੇਂ ਤਰ੍ਹਾਂ ਦਾ ਮਨੁੱਖ ਹੈ ਜਿਹੜਾ ਜੀਵਨ ਦੀ ਵੀ ਅਤੇ ਉਸਦੀ ਲੇਖਣੀ ਦੀ ਵੀ ਉਤਪੱਤੀ ਹੈ। ”ਇਸ ਸ਼੍ਰੇਣੀ ਦੇ ਲੋਕ ਸਾਡੇ ਨਾਲ਼ ਬਹੁਤ ਵੱਧ ਦੇਰ ਤੋਂ ਨਹੀਂ ਹਨ। ਹੁਣੇ ਹਾਲੇ ਤੱਕ ਸਿਰਫ਼ ਮੋਹਰੀ ਤਾਂ ਸਨ, ਵਿਰਲੀਆਂ ਛੋਟਾਂ ਜਿਹੜੇ ਆਪਣੇ ਆਪ ਨੂੰ ਨਿੱਖੜੇ ਜਿਹੇ, ਬੇਜਾਨ ਜਿਹੇ ਮਹਿਸੂਸ ਕਰਦੇ ਸਨ ਅਤੇ ਇਸ ਕਾਰਨ ਗ਼ੈਰ ਸਰਗਰਮ ਨਿਰਾਸ਼ ਅਤੇ ਉਤੇਜਿਤ ਹੁੰਦੇ ਅਤੇ ਰੁਮਾਨੀ ਅਤੇ ਕਾਲਪਨਿਕਤਾ, ਦੇ ਰੰਗ ਵਿੱਚ ਡੁੱਬ ਜਾਂਦੇ ਭਾਵ ਦੂਜੇ ਸ਼ਬਦਾਂ ਵਿੱਚ ਇਸ ਸ਼੍ਰੇਣੀ ਦੀ ਮੁੱਖ ਵਸ਼ਿਸ਼ਟਤਾ ਉਨ੍ਹਾਂ ਵਿੱਚ ਨਹੀਂ ਹੋ ਸਕਦੀ ਸੀ—ਇਸਦੀ ਸ਼ਾਂਤ ਵਿਵਹਾਰਕਤਾ, ਇਸਦੀ ਨਿਰਛਲ ਅਤੇ ਸਹੀ ਢੰਗ ਨਾਲ਼ ਵਿਚਾਰੀ ਕਾਰਜ ਕੁਸ਼ਲਤਾ ਅਤੇ ਸਰਗਰਮ ਵਿਵੇਕ ਉਨ੍ਹਾਂ ਵਿੱਚ ਨਹੀਂ ਹੁੰਦੇ। ਭਾਵੇਂ ਸੁਭਾਅ ਤਾਂ ਉਨ੍ਹਾਂ ਅਜਿਹਾ ਹੀ ਸੀ, ਪਰ ਉਹ ਇਸ ਸ਼੍ਰੇਣੀ ਲਈ ਅਵਿਕਸਿਤ ਹੀ ਸਨ, ਜਿਸਦੀ ਨਵੀਨਤਾ ਨੂੰ ਨਵੇਂ ਸਿਰੇ ਤੋਂ ਇੱਜ਼ਤ-ਮਾਣ ਦੇਣਾ ਜਰੂਰੀ ਹੈ…..”ਜਿਵੇਂ ਕਿ ਚੇਰਨੀਸ਼ੇਵਸਕੀ ਨੇ ਖੁਦ ਕਿਹਾ ਉਨ੍ਹਾਂ ਨੇ ਇਕਹਿਰੇ ਨਾਇਕਾਂ ਦੀ ਪਰੰਪਰਾ ਨੂੰ ਤੋੜ ਦਿੱਤਾ ਜਿਹੜੇ ਉੱਚੇ ਜਜ਼ਬਿਆਂ ਅਤੇ ਸੁਚੱਜੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਸੰਭਾਵਨਾ ਤੋਂ ਵਾਂਝੇ ਹੁੰਦੇ ਹਨ, ਭਲੇ ਹੁੰਦੇ ਹਨ ਪਰ ਨਿਰਬਲ ਜਾਂ ਆਪਣੀ ਸ਼ਕਤੀ ਦਾ ਸੁਚੱਜਾ ਇਸਤੇਮਾਲ ਨਹੀਂ ਕਰ ਪਾਉਂਦੇ। ਜਾਰਜ ਸੈਂਡ ਅਤੇ ਡਿਕਨਜ਼ ਦੇ ਨਾਇਕ ਅਜਿਹੇ ਹੀ ਹਨ। 

ਚੇਰਨੀਸ਼ੇਵਸਕੀ ਨੇ ਉਨ੍ਹਾਂ ਦੇ ਅਤੇ ਰੂਸੀ ਸਾਹਿਤ ਦੇ ਇਸ ਤਰ੍ਹਾਂ ਦੇ ”ਫਾਲਤੂ ਆਦਮੀ” ਦੇ ਸਥਾਨ ‘ਤੇ ਨਵੇਂ ਮਨੱਖ ਨੂੰ ਆਪਣਾ ਨਾਇਕ ਬਣਾਇਆ। ਸਾਹਿਤ ਵਿੱਚ, ਜਿੱਥੇ ਪਹਿਲਾਂ ਆਮ ਕਰਕੇ ਨੇਕੀ ਅਤੇ ਉਦਾਤਤਾ ਕਮਜ਼ੋਰੀ ਦੇ ਨਾਲ਼-ਨਾਲ਼ ਚੱਲਦੇ ਸਨ ਅਤੇ ਤਾਕਤ ਦਾ ਪੱਲਾ ਖਲਨਾਇਕ ਦੇ ਪੱਖ ਵਿੱਚ ਭਾਰੂ ਹੁੰਦਾ ਸੀ। ਪਰ ਚੇਰਨੀਸ਼ੇਵਸਕੀ ਦਾ ਇਹ ਨਵਾਂ ਮਨੁੱਖ ਤਾਕਤ ਭਰਪੂਰ ਹੈ। ਅਤੇ ਉਸਦੀ ਤਾਕਤ ਉਸਦੇ ਵਿਚਾਰਾਂ ਵਿੱਚ ਹੀ ਨਹੀਂ, ਸਗੋਂ ਉਸਦੇ ਸੰਤੁਲਿਤ ਵਿਵੇਕ, ਉਸਦੀ ਕਠੋਰ ਵਿਵਹਾਰਕਤਾ, ਉਸਦੇ ਯਥਾਰਥ ਅਤੇ ਜੀਵਨ ਅਤੇ ਸਮਾਜ ਦੇ ਨਿਯਮਾਂ ਨੂੰ ਸਮਝਣ ਦੀ ਇੱਛਾ ਵਿੱਚ ਨਿਹਿਤ ਹੈ। ਇਨ੍ਹਾਂ ਲੋਕਾਂ ਦੀ ਤਾਕਤ ਇਸ ਵਿੱਚ ਹੈ ਕਿ ਉਹ ”ਛੋਟ” ਨਹੀਂ ਹਨ, ਕਿ ਉਹ ਇਕੱਲੇ ਨਹੀਂ ਹਨ। ਚੇਰਨੀਸ਼ੇਵਸਕੀ ਅਨੁਸਾਰ ”ਹੁਣੇ ਹੀ ਵਿੱਚ ਇਸ ਤਰ੍ਹਾਂ ਦੇ ਲੋਕ ਸਾਡੇ ਵਿੱਚ ਆਏ ਹਨ ਅਤੇ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ਼ ਵੱਧਦੀ ਜਾ ਰਹੀ ਹੈ।” ‘ਕੀ ਕਰਨਾ ਲੋੜੀਏ?’ ਨਾਵਲ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ, ਗੱਲ ਸਿਰਫ਼ ਇਸ ਵਿੱਚ ਨਹੀਂ ਕਿ ਉਸ ਵਿੱਚ ਗੁਣਾਂ ਦੇ ਧਨੀ ਨਾਇਕਾਂ ਦੀ ਭਰਮਾਰ ਹੈ, ਇਸ ਵਿੱਚ ਵੀ ਨਹੀਂ ਕਿ ਲੇਖਕ ਨੇ ਉਨ੍ਹਾਂ ਦੀ ਮਿੱਤਰ-ਮੰਡਲੀ ਦੇ ਅਨੇਕਾਂ ਮੈਂਬਰਾਂ ਦੇ ਚਰਿੱਤਰਾਂ ਦੀ ਰੂਪਰੇਖਾ ਪੇਸ਼ ਕੀਤੀ ਅਤੇ ਕਿਤੇ-ਕਿਤੇ ਤਾਂ ਉਹਨਾਂ ਦਾ ਸਜੀਵ ਚਿਤਰਣ ਕੀਤਾ ਸਗੋਂ ਕਥਾਨਕ ਦੀ ਬਣਤਰ ਅਤੇ ਪਾਤਰਾਂ ਦੇ ਆਪਸੀ ਸਬੰਧਾਂ ਵਿੱਚ ਵੀ ਹੈ। ਕਿਰਸਾਨੋਵ ਸਮਾਜ ਦੀ ”ਹਨ੍ਹੇਰੀ ਨੁੱਕਰ” ਤੋਂ ਨਾਸਤਿਆ ਨੂੰ ਉਭਾਰਦਾ ਹੈ, ਕਤੇਰੀਨਾ ਪੋਲੋਜ਼ੋਵਾ ਦਾ ਇਲਾਜ ਕਰਦਾ ਹੈ ਅਤੇ ਇਸ ਤਰ੍ਹਾਂ ਉਸਨੂੰ ਨਵਾਂ ਅਰਥਪੂਰਣ ਜੀਵਨ ਜਿਊਣ ਲਈ ਤਿਆਰ ਕਰਦਾ ਹੈ। ਲੋਪੁਖੋਵ ਵੇਰਾ ਪਾਵਲਵੋਨਾ ਨੂੰ ”ਕਾਲ਼ਕੋਠਰੀ” ‘ਚੋਂ ਕੱਢ ਕੇ ਮੁਕਤ ਕਰਦਾ ਹੈ ਅਤੇ ਉਸਨੂੰ ‘ਨਵਾਂ ਮਨੁੱਖ’ ਬਣਨ ਵਿੱਚ ਮਦਦ ਕਰਦਾ ਹੈ ਅਤੇ ਵੇਰਾ ਪਾਵਲੋਵਨਾ ਨਾਸਤਿਆ ਨੂੰ ਇਹੋ ਰਾਹ ਦਿਖਾਉਂਦੀ ਹੈ, ਪੋਲੋਜ਼ੋਵਾ ਨੂੰ ਸਮਾਜਿਕ ਸਰਗਰਮੀ ਵਿੱਚ ਖਿੱਚਦੀ ਹੈ ਜਿਹੜੀ ਬਾਅਦ ਵਿੱਚ ਬਯੂਮੋਂਟ-ਲੋਪੁਖੋਵ ਦੀ ਪਤਨੀ ਬਣਦੀ ਹੈ। ਰਹਮੇਤੋਵ, ਜਿਸ ਵਿੱਚ ਸੁੱਤੇ ”ਵਸ਼ਿਸ਼ਟ ਮਨੁੱਖ” ਨੂੰ ਇੱਕ ਸਮੇਂ ਕਿਰਸਾਨੋਵ ਨੇ ਜਗਾਇਆ ਸੀ, ਔਖ ਦੇ ਪਲਾਂ ਵਿੱਚ ਵੇਰਾ ਪਾਵਲੋਵਨਾ ਦੀ ਮਦਦ ਦੇ ਲਈ ਅੱਗੇ ਆਉਂਦਾ ਹੈ ਅਤੇ ਉਸਨੂੰ ਨਿਰਾਸ਼ ਹੋ ਕੇ ਸ਼ੁਰੂ ਕੀਤੇ ਗਏ ਕੰਮ ਨੂੰ ਛੱਡਣ ਤੋਂ ਰੋਕਦਾ ਹੈ…ਇਸ ਤਰ੍ਹਾਂ ਨੇਕੀ ਅਤੇ ਆਪਸੀ ਮਦਦ ਦੀ ਅਟੁੱਟ ਲੜੀ ਸਾਹਮਣੇ ਆਉਂਦੀ ਹੈ, ਨਾਇਕ ਹਰ ਸਮੇਂ ਉਹਨਾਂ ਪ੍ਰਤੀ ਕੀਤੀ ਭਲਾਈ ਬਦਲੇ ਦੁਜਿਆਂ ਦੀ ਭਲਾਈ ਕਰਦੇ ਜਾਂਦੇ ਹਨ ਜਿਸਦੇ ਸਿੱਟੇ ਵਜੋਂ ”ਨਵੇਂ ਲੋਕਾਂ” ਦਾ ਪਰਿਵਾਰ ਵੱਧਦਾ ਅਤੇ ਖੁਸ਼ਹਾਲ ਹੁੰਦਾ ਜਾਂਦਾ ਹੈ।

ਚੇਰਨੀਸ਼ੇਵਸਕੀ ਨੂੰ ਇਸਦਾ ਵਿਸ਼ਾਲ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਰੂਸੀ ਸਾਹਿਤ ਵਿੱਚ ਸਰਗਰਮ ਅਤੇ ਤਾਕਤਵਾਰ ਨਾਇਕ ਦੀ ਉਸਾਰੀ ਕੀਤੀ। ਨਵੇਂ ਲੋਕ ਨੇਕ ਦਿਲ ਸੁਪਨਦਰਸ਼ੀ ਨਹੀਂ ਹਨ, ਉਹ ਪ੍ਰਚੰਡ ਸੰਘਰਸ਼ ਕਰਨ ‘ਚ ਸਮਰੱਥ ਹਨ, ਉਹ ਨਾ ਕੇਵਲ ਇੱਟ ਦੇ ਬਦਲੇ ਪੱਥਰ ਨਾਲ਼ ਚੋਟ ਕਰਨ ਵਾਲ਼ਿਆਂ ਵਿੱਚੋਂ ਹਨ ਸਗੋਂ ਪੁਰਾਣੇ ਰਿਵਾਜਾਂ, ਜੀਵਨ ਦੇ ਪੁਰਾਣੇ ਮਾਪਦੰਡਾਂ ‘ਤੇ ਚੜ੍ਹਾਈ ਵੀ ਕਰਦੇ ਹਨ, ਉਹ ਠੰਡੇ ਦਿਮਾਗ ਨਾਲ਼ ਹਾਲਤਾਂ ਨੂੰ ਅੰਗਣਾ ਸਿੱਖਦੇ ਹਨ ਤਾਂ ਜੋ ਉਹਨਾਂ ਦੇ ਉਦੇਸ਼ ਨੂੰ ਕੋਈ ਹਾਨੀ ਨਾ ਹੋਵੇ। 

ਇਸੇ ਮਾਹੌਲ ਵਿੱਚ ਰਹਮੇਤੋਵ ਵਰਗੇ ਤਾਕਤਵਰ, ਅਨੋਖੇ ਮਨੁੱਖ ਦੀ ਦਿੱਖ ਉਤਪੰਨ ਹੁੰਦੀ ਹੈ। ‘ਕੀ ਕਰਨਾ ਲੋੜੀਏ?’ ਨਾਵਲ ਦੇ ਅਨੇਕਾਂ-ਅਨੇਕ ਆਲੋਚਕ ਇਸ ਗੱਲ ਨਾਲ਼ ਸਹਿਮਤ ਹਨ ਕਿ ਰਹਮੇਤੋਵ ਦੇ ਦੁਆਲ਼ੇ ਰਹੱਸ ਦਾ ਮਾਹੌਲ, ਜਿਸਦੇ ਦੋ — ਬਾਹਰੀ ਅਤੇ ਅੰਦਰੂਨੀ — ਕਾਰਨ ਸਨ (ਸੈਂਸਰ ਦੀ ਸਮੱਸਿਆ ਅਤੇ ਰਹਮੇਤੋਵ ਦਾ ਸਾਜ਼ਿਸੀ ਸੁਭਾਅ), ਉਸਦੀ ਦਿੱਖ ਨੂੰ ਕਾਵਿਮਈ ਬਣਾਉਂਦਾ ਹੈ। ਅਸਲ ਵਿੱਚ ਰਹਮੇਤੋਵ ਨਾਵਲ ਵਿੱਚ ਨਾਵਲ ਦੇ ਕਿਰਿਆ ਵਪਾਰ ਵਿੱਚ ਲਗਭਗ ਕੋਈ ਹਿੱਸਾ ਨਹੀਂ ਲੈਂਦਾ, ਪਰ ਇਸ ਨਾਲ਼ ਨਾਵਲ ਵਿੱਚ ਉਸਦੀ ਹਾਜ਼ਰੀ ਦਾ ਮਹਤੱਵ ਵਧ ਹੀ ਜਾਂਦਾ ਹੈ। ਇਹ ਸੰਯੋਗ ਨਹੀਂ ਹੈ ਕਿ ਲੇਖਕ ਇੰਨੀ ਦੇਰ ਤੱਕ ਆਪਣੇ ਇਸ ਨਾਇਕ ਦੀ ਦਿੱਖ ਬਾਰੇ ਵਿੱਚ ਗੱਲਾਂ ਕਰਦਾ ਹੈ, ਇੰਨੀ ਵਿਅੰਗਮਈ ”ਚਲਾਕੀ” ਨਾਲ਼ ”ਮਹਿਸੂਸ ਕਰ ਸਕਣ ਯੋਗ” ਨੂੰ ਨਾਵਲ ਵਿੱਚ ‘ਚ ਪ੍ਰਗਟ ਹੋਈ ਇਸ ਦਿੱਖ ਦੀ ”ਪਹੇਲੀ” ਬੁੱਝਣ ਲਈ ਕਹਿੰਦਾ ਹੈ। ਲੇਖਕ ਨੇ ਇਹ ਸੰਯੋਗ ਵੱਸ ਨਹੀਂ ਕਿਹਾ ਕਿ ਇਹ ਨਾਇਕ ਸਰੁੱਚੀ ਦੀ ਸਭ ਤੋਂ ਪ੍ਰਮੁੱਖ, ਸਭ ਤੋਂ ਬਿਨਆਦੀ ਮੰਗ ਦੀ ਪੂਰਤੀ ਲਈ ਮੰਚ ‘ਤੇ ਲਿਆਇਆ ਗਿਆ ਹੈ ਜਿਸਦਾ ਮਕਸਦ ਪਾਠਕ ਨੂੰ ਚੀਜ਼ਾਂ ਨੂੰ ਉਹਨਾਂ ਦੇ ”ਸੱਚੇ ਰੂਪਾਂ ਵਿੱਚ” ਦਿਖਾਉਣਾ ਹੈ ਅਤੇ ਸੱਚਾਈ ਤਾਂ ਇਹ ਹੈ ਕਿ ਆਪਣੇ ਸਾਰੇ ਸਦਗੁਣਾਂ ਦੇ ਬਾਵਜੂਦ ਨਾ ਲੋਪੁਖੋਵ, ਨਾ ਹੀ ਕਿਰਸਾਨੋਵ ਜਾਂ ਵੇਰਾ ਪਾਵਲੋਵਨਾ ਆਪਣੇ ਦੌਰ ਦੇ ਨਾਇਕ ਹਨ ਸਗੋਂ ਰਹਮੇਤੋਵ ਵਰਗੇ ਲੋਕ ਹੀ ਅਸਲ ਵਿੱਚ ਯੁੱਗ-ਪੁਰਸ਼, ”ਸਾਰਿਆਂ ਦੇ ਪ੍ਰੇਰਣਾ ਸਰੋਤ ਅਤੇ ਧਰਤੀ ਦੀ ਖੁਸ਼ਬੂ ਦੀ ਖੁਸ਼ਬੂ”, ਕੇਵਲ ਉਹ ਹੀ ਰੂਸ ਨੂੰ ਨੀਂਦ ਤੋਂ ਜਗਾ ਸਕਦੇ ਹਨ, ਉਹਨਾਂ ਵੱਲ ਲੇਖਕ ਆਸ ਨਾਲ਼ ਵੇਖਦਾ ਹੈ। ਦੂਜੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਨਾਵਲ ‘ਚ ਰਹਮੇਤੋਵ ਦੀ ਦਿੱਖ ਇੱਕ ਤਰ੍ਹਾਂ ਨਾਲ਼ ਇਨਕਲਾਬ ਦੇ ਸਮਤੁੱਲ ਹੈ ਅਤੇ ਇਨਕਲਾਬੀਆਂ ਦੀਆਂ ਕਈ ਪੀੜ੍ਹੀਆਂ ਤੋਂ ਡੂੰਘਾ ਪ੍ਰਭਾਵ ਪਾਉਣ ਵਾਲ਼ੀ ਉਸਦੀ ਸ਼ਖ਼ਸੀਅਤ, ਉਸਦੇ ਜੀਵਨ ਦੀ ਉਦਾਹਰਣ ਅਸਲ ਵਿੱਚ ਇਨਕਲਾਬੀ ਸੰਘਰਸ਼ ਦਾ ਸੱਦਾ ਹੈ। 

ਜ਼ਿਕਰਯੋਗ ਹੈ ਕਿ ਆਪਣੀ ਕਠੋਰਤਾ, ਅੱਤਵਾਦ ਵਰਗੇ ਹੋਰ ਗੁਣਾਂ ਦੇ ਬਾਵਜੂਦ ਰਹਮੇਤੋਵ ਦੀ ਦਿੱਖ ਵਿੱਚ ਬੇਹੱਦ ਮਾਨਵੀ ਗੁਣ ਵੀ ਸੁਚੱਜੇ ਢੰਗ ਨਾਲ਼ ਸਮੋਏ ਹੋਏ ਹਨ। ਰਹਮੇਤੋਵ ਦੇ ਮਾਨਵੀ ਗੁਣ ਉੱਚ ਆਦਰਸ਼ਾਂ ਵਿੱਚ ਹੀ ਨਹੀਂ ਜਾਂ ਇਸੇ ਵਿੱਚ ਨਹੀਂ ਪ੍ਰਗਟ ਹੁੰਦੇ ਕਿ ਖੁਦ ਲੇਖਕ ਨੇ ਆਪਣੇ ਨਾਇਕ ਨੂੰ ਭਲਾਈ ਨਾਲ਼ ਬਹੁਤ ਜ਼ਿਆਦਾ ਪ੍ਰੇਮ ਕਰਨ ਵਾਲ਼ਾ ਮਨੁੱਖ ਦੱਸਿਆ, ਕਿ ਵੇਰਾ ਨੇ ਉਸਦੀ ਨੀਰਸਤਾ ਅਤੇ ਰੁੱਖੇਪਣ ਦੇ ਬਾਵਜੂਦ ਇਸਦੀ ਸਨੇਹੀ ਅਤੇ ਨੇਕ ਆਤਮਾ ਨੂੰ ਪਛਾਣਿਆ। ਅਸਲ ‘ਚ ਗੱਲ ਉਨ੍ਹਾਂ ਸ਼ਬਦਾਂ ਦੇ ਸਾਰ ‘ਚ ਹੈ ਜਿਹੜੇ ਰਹਮੇਤੋਵ ਬਾਰੇ ਹੋਰ ਨਾਇਕ ਅਤੇ ਲੇਖਕ ਕਹਿੰਦੇ ਹਨ, ਜਿਵੇਂ- ”ਅਸਾਧਾਰਣ ਵਿਅਕਤੀ, ਅਤਿਅੰਤ ਵਿਰਲੀ ਨਸਲ ਦਾ ਨਮੂਨਾ”। ਪਰ ਅਸਲ ‘ਚ ਰਹਮੇਤੋਵ ‘ਚ ਕੁੱਝ ਵੀ ਅਤਿ ਮਾਨਵੀ, ਲੋਹੇ ਜਿਹਾ ਨਹੀਂ ਹੈ। ਬਸ ਉਹ ਹੋਰ ਲੋਕਾਂ ਤੋਂ ਵੱਧ ਤਾਕਤਵਰ ਹੈ, ਜੀਵਨ ਵੀ ਤਾਂ ਇਹੀ ਹੁੰਦਾ ਹੈ। ਭਾਵੇਂ ਕਿ ਰਹਿਮੇਤੋਵ ਅਜੇਹੀ ਉਦਾਹਰਨ ਹੈ ਜਿਸਦੀ ਨਕਲ ਕੀਤੀ ਜਾ ਸਕੇ, ਪਰ ਮਜ਼ਬੂਰ ਕਰਨ ਵਾਲ਼ੀ ਨਹੀਂ ਹੈ, ਲੇਖਕ ਪਾਠਕ ਨੂੰ ਇਹ ਨਹੀਂ ਕਹਿੰਦਾ ਕਿ ”ਜ਼ਰੂਰੀ ਹੀ ਉਸ ਵਰਗਾ ਬਣੋ, ਨਹੀਂ ਤਾਂ ਤੁਸੀਂ ਹੋਵੋਗੇ।” ਉਹ ਲੋਕਾਂ ਨੂੰ ਰਹਮੇਤੋਵ ਵਰਗਿਆਂ ਨੂੰ ਸਮਝਣ, ਉਨ੍ਹਾਂ ਦਾ ਆਦਰ ਅਤੇ ਉਹਨਾਂ ਨਾਲ਼ ਪ੍ਰੇਮ ਕਰਨ, ਉਹਨਾਂ ਦੀ ਅਗਵਾਈ ਵਿੱਚ ਚੱਲਣ ਦਾ ਸੱਦਾ ਦਿੰਦਾ ਹੈ ਪਰ ਉਹ ਉਨ੍ਹਾਂ ਤੋਂ ਬਿਲਕੁੱਲ ਵੀ ਇਹ ਮੰਗ ਨਹੀਂ ਕਰਦਾ, ਜਿਸ ਵਿੱਚ ਇਸਦੀ ਤਾਕਤ ਨਹੀਂ, ਕਿ ਉਹ ਰਹਮੇਤੋਵ ਵਰਗੇ ਬਣਨ। ਲੇਖਕ ਪਾਠਕਾਂ ਨਾਲ਼ ਆਪਣੇ ਉੱਤੇ ਆਪਣੀ ਤਾਕਤ ਤੋਂ ਵੱਧ ਭਾਰਾ ਬੋਝ ਲੱਦ ਕੇ ਚੱਲਣ ਅਤੇ ਇਸਨੂੰ ਆਪਣੇ ਜਵਾਨੀ ਦਾ ਮਾਪਦੰਡ ਬਣਾਉਣ ਲਈ ਨਹੀਂ ਕਹਿੰਦਾ। ਰਹਮੇਤੋਵ ਅੱਗੇ ਅਸੀਂ ਨਤਮਸਕ ਹੁੰਦੇ ਹਾਂ ਪਰ ਵੇਰਾ ਪਾਵਲੋਵਨਾ, ਕਿਰਸਾਨੋਵ ਅਤੇ ਲੋਪੁਖੋਵ ਦੇ ਪ੍ਰਤੀ ਸਾਡਾ ਆਦਰ ਇਸ ਲਈ ਘੱਟ ਨਹੀਂ ਹੋ ਜਾਂਦਾ ਕਿ ਉਹ ਈਮਾਨਦਾਰੀ ਨਾਲ਼ ਇਹ ਮੰਨਦੇ ਹਨ ਕਿ ਰਹਮੇਤੋਵ ਉਹਨਾਂ ਤੋਂ ਉੱਚਾ ਹੈ। ਆਖ਼ਰਕਾਰ ”ਨਵੀਂ ਪੀੜੀ ਦੇ ਆਮ ਭੱਦਰ ਲੋਕਾਂ” ਵਿੱਚ ਹੀ ਰਹਮੇਤੋਵ ਅਜਿਹਾ ਬਣਿਆ, ਚੇਰਨੀਸ਼ੇਵਸਕੀ ਸਾਰੇ ਲੋਕਾਂ ਨੂੰ ”ਆਮ ਭੱਦਰ ਲੋਕਾਂ” ਦੇ ਇਸ ਪੱਧਰ ਤੱਕ ਹੀ ਤਾਂ ਉੱਠਣ ਦਾ ਸੱਦਾ ਦਿੰਦੇ ਹਨ ਜਿਹਨਾਂ ਵਿੱਚ ਰਹਮੇਤੋਵ ਵਰਗੇ ਲੋਕ ਪੈਦਾ ਹੁੰਦੇ ਹਨ। 

‘ਅਜੀਬ’ ਕਥਾਨਕ, ਅਸਾਧਾਰਨ ਨਾਇਕਾਂ ਅਤੇ ਮੁਕਤ ਬਣਤਰ ਵਾਲ਼ਾ ਉਹ ਨਾਵਲ ਲੇਖਕ ਦੇ ਸੁਤੰਤਰ ਸਿਰਜਣ ਦਾ ਪ੍ਰਮਾਣ ਹੈ। ਪਰ ਇਹ ਅਜ਼ਾਦੀ-ਅਰਾਜਕਤਾ ਨਹੀਂ ਹੈ। ਇਹ ਪ੍ਰਮਾਣਿਤ ਕਰਨ ਦੀ ਸ਼ਾਇਦ ਹੀ ਲੋੜ ਹੋਵੇ ਕਿ ਚੇਰਨੀਸ਼ੇਵਸਕੀ ਨੇ ਯਥਾਰਥਵਾਦ ਦੇ ਨਿਯਮਾਂ ਅਤੇ ਯਥਾਰਥ ਸਹੁਜ-ਮੀਮਾਂਸਾ ਦੇ ਉਹਨਾਂ ਸਿਧਾਤਾਂ ਦਾ ਸਖਤੀ ਨਾਲ਼ ਪਾਲਣ ਕੀਤਾ ਹੈ ਜਿਹੜੀ ਉਹਨਾਂ ਦੇ ਉਪਰੋਕਤ ਥੀਸਸ ਵਿੱਚ ਵਰਣਿਤ ਹੈ। ਜੀਵਨ ਦੀ ਸੱਚਾਈ ਨੂੰ ਚੇਰਨੀਸ਼ੇਵਸਕੀ ਸਾਹਿਤਕ ਰਚਨਾ ਦੀ ਮੂਲ ਕਸੋਟੀ ਮੰਨਦੇ ਸਨ ਅਤੇ ਉਹਨਾਂ ਦਾ ‘ਕੀ ਕਰਨਾ ਲੋੜੀਏ?’ ਨਾਵਲ ਇਸ ਕਸੌਟੀ ‘ਤੇ ਖਰਾ ਉਤਰਿਆ ਹੈ। ”ਮੇਰੀ ਰਚਨਾ ਦੇ ਸਾਰੇ ਗੁਣ ਇਸਦੀ ਸੱਚਾਈ, ਸਿਰਫ ਸੱਚਾਈ ਵਿੱਚ ਨਿਹਿਤ ਹਨ” ਆਪਣੀ ਭੂਮਿਕਾ ਵਿੱਚ ਉਹਨਾਂ ਪੂਰੇ ਆਧਾਰ ਦੇ ਨਾਲ਼ ਇਹ ਲਿਖਿਆ ਸੀ। 

ਇਸ ਕਾਰਨ ਕਰਕੇ ਪਿਛਲੀ ਸਦੀ ਦੇ 60 ਵਾਲ਼ੇ ਦਹਾਕੇ ਵਿੱਚ ਇਸ ਨਾਵਲ ਦੀ ਸਮਾਜ ਵਿੱਚ ਧੂਮ ਮੱਚ ਗਈ। ਰੂਸੀ ਇਨਕਲਾਬੀਆਂ ਦੀਆਂ ਕਈ ਪੀੜ੍ਹੀਆਂ ਲਈ ਇਹ ਨਾਵਲ ”ਜੀਵਨ ਦੀ ਪਾਠ-ਪੁਸਤਕ” ਸੀ, ਚੇਰਨੇਸ਼ੇਵਸਕੀ ਨੇ ਆਪਣੇ ਥੀਸਸ ਵਿੱਚ ਲਿਖਿਆ ਸੀ ਕਿ ਹਰੇਕ ਕਲਾ ਕਿਰਤ ਨੂੰ ਇਹ ਭੂਮਿਕਾ ਨਿਭਾਉਣੀ ਚਾਹੀਦੀ ਹੈ। 

ਇਸ ਨਾਵਲ ਦੀ ”ਸੱਚਾਈ” ਸਿਰਫ ਸੱਚਾਈ ਨਾਲ਼ ਮੇਲ਼ ਖਾਣਾ ਹੀ ਨਹੀਂ ਹੈ। ਨਾਵਲ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ”ਨਵੇਂ ਲੋਕਾਂ” ਦਾ ਜਿਹੜੇ ਜੀਵਨ ਵਿੱਚ ਹਾਲੇ ਘੱਟ ਗਿਣਤੀ ਹਨ, ਚੇਰਨੀਸ਼ੇਵਸਕੀ ਨੇ ਵਿਕਾਸ ਦੀ ਪ੍ਰਵਿਰਤੀ ਤੈਅ ਕਰਨ ਵਾਲ਼ੇ ਲਖਣਾਇਕ ਵਰਤਾਰੇ ਦੇ ਰੂਪ ਵਿੱਚ ਚਿੱਤਰਣ ਕੀਤਾ ਹੈ। ਬਿਨਾਂ ਸ਼ੱਕ ਉੱਚ ਆਦਰਸ਼, ਸਦ ਚਰਿੱਤਰ ਨਾਇਕ ਲੇਖਕ ਦੇ ਦਿਮਾਗ ਦੀ ਉਪਜ ਨਹੀਂ ਹਨ। ਉਹ ਅਸਲੀਅਤ ਦੇ ”ਸ਼ਾਨਦਾਰ” ਸਰੋਤ ਹਨ। ਨਵੀਨਤਾ ਦੀ ਉਤਪੱਤੀ ਹੀ ਤਾਂ ਗਤੀ ਦੀ ਪ੍ਰਕ੍ਰਿਆ ਹੈ, ਸਮਾਜ ਦੇ ਵਿਕਾਸ ਵਿੱਚ ਇਹੀ ਤਾਂ ਸਭ ਤੋਂ ”ਰੋਚਕ ਗੱਲ” ਹੈ, ਇਹੀ ਤਾਂ ਜੀਵਨ ਦੀ ਸ਼ਾਨ ਹੈ।

‘ਕੀ ਕਰਨਾ ਲੋੜੀਏ?’ ਨਾਵਲ ਵਿੱਚ ਅਸੀਂ ਚੇਰਨੀਸ਼ੇਵਸਕੀ ਦੀ ਵਿਲੱਖਣ ਮਨੋਵਿਗਿਆਨਕ ਪ੍ਰਤਿਭਾ ਨੂੰ ਵੀ ਦੇਖਦੇ ਹਾਂ। ਕੁੱਝ ਨਾਇਕਾਂ ਦੇ ਚਰਿੱਤਰ ਦੇ ਅਤੇ ਆਤਮਿਕ ਵਿਕਾਸ, ਉਹਨਾਂ ਦੇ ਚਿੰਤਨ ਦੇ ਵਿਕਾਸ ਅਤੇ ਵੇਰਾ ਪਾਵਲੋਵਨਾ ਦੇ ਤੀਜੇ ਸੁਪਨੇ (ਜਦੋਂ ਉਹ ਸਮਝ ਗਈ ਕਿ ਉਹ ਲੋਪੂਖੋਵ ਨਾਲ਼ ਪ੍ਰੇਮ ਨਹੀਂ ਕਰਦੀ) ਵਰਗੀਆਂ ਘਟਨਾਵਾਂ ਦੇ ਚਿੱਤਰਣ ਵਿੱਚ ਉਹਨਾਂ ਨੇ ਸੂਖ਼ਮ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ। 

‘ਕੀ ਕਰਨਾ ਲੋੜੀਏ?’ ਕਿਤਾਬ ਲਲਿਤ ਸਾਹਿਤ ਦੀ ਕਿਰਤ ਨਾ ਬਣਦੀ ਜੇਕਰ ਉਸ ਵਿੱਚ ਸਭ ਕੁੱਝ ਨੈਤਿਕਤਾ ਦੇ ਆਦਰਸ਼ ਨਾਲ਼ ਭਰਪੂਰ ਨਾ ਹੁੰਦਾ। ਨੈਤਿਕਤਾ ਦਾ ਭਾਵ ਉਹ ਨੀਂਹ ਅਤੇ ਸ਼ਿਖਰ ਹੈ ਜਿਹੜਾ ਇਸ ਡੂੰਘੀ ਰਾਜਨੀਤਕ ਰਚਨਾ ਨੂੰ ਲਲਿਤ ਸਾਹਿਤ ਦੀ ਰਚਨਾ ਬਣਾਉਂਦੇ ਹਨ। ਕਥਾ-ਪ੍ਰਸੰਗ ਨੂੰ ਵਿੱਚੋਂ-ਵਿੱਚੋਂ ਰੁੱਕ ਕੇ ਲੇਖਕ ਨੇ ”ਮਹਿਸੂਸ ਕਰ ਸਕਣਯੋਗ ਪਾਠਕ” ਨਾਲ਼ ਵਾਰਤਾਲਾਪ ਵਿੱਚ ਕਈ ਵਾਰੀ ਉਨਾ ਅਖੌਤੀ ਉਦਾਰਪੰਥੀਆਂ ਦਾ ਬੇਰਹਿਮੀ ਨਾਲ਼ ਮਜ਼ਾਕ ਉਡਾਇਆ ਹੈ ਜਿਨ੍ਹਾਂ ਦੀ ਨਜ਼ਰ ਵਿੱਚ ”ਭੌਤਿਕਵਾਦੀ” ਇੱਕ ਅਨੈਤਿਕ ਆਦਮੀ ਹੁੰਦਾ ਹੈ ਜਿਸ ਲਈ ”ਕੋਈ ਵੀ ਚੀਜ਼ ਪਵਿੱਤਰ ਨਹੀਂ ਹੁੰਦੀ”। ਇਸ ਨਾਵਲ ਦੇ ਸੰਦਰਭ ਵਿੱਚ ਅਜਿਹਾ ਨਜ਼ਰੀਆ ਖਾਸ ਤੌਰ ‘ਤੇ ਬੇਹੂਦਾ ਲੱਗਦਾ ਹੈ ਕਿਉਂਕਿ ਕਿਤਾਬ ਵਿੱਚ ਜਿਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਗਿਆ ਹੈ ਉਹ ”ਖਾਉ-ਪਿਉ ਅਤੇ ਮੌਜ ਉਡਾਓ” ਦੀ ਭ੍ਰਿਸ਼ਟ ਨੈਤਿਕਤਾ ਦਾ ਪ੍ਰਚਾਰ ਨਹੀਂ ਹੈ ਸਗੋਂ ਉਹਨਾਂ ਦਾ ਸਭ ਤੋਂ ਮਹੱਤਵਪੂਰਣ ਟੀਚਾ ਲੋਕਾਂ ਲਈ ਸੱਚੇ ਅਰਥਾਂ ਵਿੱਚ ਸੱਚੀ ਮਾਨਵੀ ਨੈਤਿਕਤਾ ਅਤੇ ਸੱਚੇ ਅਰਥਾਂ ਵਿੱਚ ਅਧਿਆਤਮਿਕਤਾ ਨਾਲ਼ ਖੁਸ਼ਹਾਲ ਜੀਵਨ ਦਾ ਪ੍ਰਚਾਰ ਕਰਨਾ ਹੈ।

ਹੁਣ ਵੀ ਕਦੇ-ਕਦੇ ਇਹ ਅਜੀਬ ਮਤ ਪੇਸ਼ ਕੀਤਾ ਜਾਂਦਾ ਹੈ ਕਿ ‘ਕੀ ਕਰਨਾ ਲੋੜੀਏ?’ ਵਿੱਚ ਚੇਰਨੀਸ਼ੇਵਸਕੀ ਸਖ਼ਤ ਸੈਂਸਰ ਦੇ ਕਾਰਨ ਸਿੱਧੇ ਰੂਪ ‘ਚ ਇਨਕਲਾਬੀਆਂ ਅਤੇ ਸਮਾਜਿਕ ਸੰਘਰਸ਼ ਦੇ ਵਿਸ਼ੇ ਵਿੱਚ ਵਿਸਥਾਰ ਨਾਲ਼ ਨਹੀਂ ਦੱਸ ਸਕਦੇ ਸਨ ਇਸ ਲਈ ਉਹਨਾਂ ਨੂੰ ”ਪਰਿਵਾਰਿਕ ਨਾਵਲ” ਦੇ ਰੂਪ ਵਿੱਚ ਆਪਣੇ ਇਨਕਲਾਬੀ ਅਤੇ ਜਮਹੂਰੀ ਵਿਚਾਰਾਂ ਨੂੰ ਪੇਸ਼ ਕਰਨਾ ਪਿਆ। 

ਪਰ ਇਹ ਮੰਨਣਾ ਨਾ ਕੇਵਲ ਭੋਲਾਪਣ ਹੋਵੇਗਾ ਸਗੋਂ ਇਹ ਨਾਵਲ ਦੀ ਭਾਵਨਾ ਅਤੇ ਬਣਤਰ ਦੇ ਹੀ ਨਹੀਂ ਉਸਦੀ ਵਿਚਾਰਕ ਅਤੇ ਸਹੁਜ-ਮੀਮਾਂਸਾਤਮਕ ਸੰਕਲਪ ਦੇ ਵੀ ਉਲਟ ਹੋਵੇਗਾ। ਨਾਵਲ ਦੀ ਮੌਲਿਕ ਅਤੇ ਨੈਤਿਕ ਤਾਕਤ ਉਸਦੇ ਰੂਪ, ਉਸਦੇ ”ਪਰਿਵਾਰਿਕ ਕਥਾਨਕ” ਤੋਂ ਅਨਿੱਖੜਵੀਂ ਹੈ। ਆਖਰਕਾਰ ਇਹੀ ਕਥਾਨਕ ਲੇਖਕ ਨੂੰ ਇਨਕਲਾਬ ਦੀ ਅਟੱਲਤਾ ਅਤੇ ਲੋੜ ਦੇ ਵਿਸ਼ੇ ਨੂੰ ਵੱਖ-ਵੱਖ ਪੱਖਾਂ ਤੋਂ ਉਜਾਗਰ ਕਰਨ, ਵਿਸ਼ਵਾਸ ਦੇ ਨਾਲ਼ ਇਹ ਕਹਿਣ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ ਕਿ ਇਨਕਲਾਬ ਹੀ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਕੇ ਲੋਕਾਂ ਦੇ ਨਿੱਜੀ, ਵਿਅਕਤੀਗਤ ਜੀਵਨ ਦੀਆਂ ਸਮੱਸਿਆਵਾਂ ਦੇ ਵੀ ਹੱਲ ਵਿੱਚ ਮਦਦ ਕਰੇਗਾ। ”ਪਰਿਵਾਰਿਕ” ਕਥਾਨਕ ਦੀ ਬਦੌਲਤ ਹੀ ਚੇਰਨੀਸ਼ੇਵਸਕੀ ਵਿਅਕਤੀ ਦੇ ਅਤੇ ਸਮੂਹ ਦੇ ਤਰਕ ਤੇ ਆਪਣੇ ਵਿਚਾਰਾਂ ਤੋਂ ਪਾਠਕਾਂ ਨੂੰ ਵਿਆਪਕ ਰੂਪ ‘ਚ ਜਾਣੂ ਕਰਾ ਸਕੇ। 

ਪਰ ਤਰਕ ਹੀ ਮੁੱਖ ਗੱਲ ਨਹੀਂ ਹੈ। ਮਾਨਵਤਾਵਾਦੀ ਲੇਖਕ ਦੇ ਨੈਤਿਕ ਰਵੱਈਏ, ਨਾਵਲ ਦੇ ਲਹਿਜ਼ੇ ਦਾ ਵੀ ਘੱਟ ਮਹੱਤਵ ਨਹੀਂ ਹੈ ਜਿਹੜੀ ਕਿਸੇ ਸਿਧਾਂਤਕਾਰ ਦਾ ਥੀਸਸ ਨਹੀਂ ਸਗੋਂ ਭਾਵ-ਭਰਪੂਰ ਮਨੁੱਖ ਦਾ ਪ੍ਰੇਮ ਅਤੇ ਸੱਚਾਈ ਦੀ ਸਿੱਖਿਆ ਦੇਣ ਵਾਲ਼ਾ ਉਪਦੇਸ਼ ਹੈ। ਚੇਰਨੀਸ਼ੇਵਸਕੀ ਪਰਿਵਾਰ ਨੂੰ ਨਾਵਲ ਦੇ ਕਥਾਨਕ ਦਾ ਕੇਂਦਰ ਬਿੰਦੂ ਬਣਾਏ ਬਿਨਾਂ ਨਹੀਂ ਰਹਿ ਸਕਦੇ ਸਨ ਕਿਉਂਕਿ ਮਨੁੱਖ ਦੇ ਲਈ ਪਰਿਵਾਰ ਹੀ ਸਭ ਤੋਂ ਪਵਿੱਤਰ ਅਤੇ ਪਿਆਰਾ ਹੁੰਦਾ ਹੈ, ਕਿਉਂ ਜੋ ਸਮਾਜਵਾਦ ਵਿੱਚ ਆਸਥਾ ਲੇਖਕ ਦੇ ਰੋਮ-ਰੋਮ ਵਿੱਚ ਵਸੀ ਸੀ ਅਤੇ ਉਹ ਸਮਾਜਵਾਦ ਦੇ ਵਿਸ਼ੇ ਵਿੱਚ ਇੱਕ ਮਨੁੱਖ ਦੀ ਤਰ੍ਹਾਂ ਦਿਲ ਦੀ ਗੱਲ ਕਹਿਣਾ ਚਾਹੁੰਦੇ ਸਨ। ਮੁੱਖ ਗੱਲ ਤਾਂ ਇਹੀ ਹੈ ਕਿ ਸਮਾਜਵਾਦ ਉਨ੍ਹਾਂ ਦੇ ਲਈ ਨਾ ਕੇਵਲ ਇਤਿਹਾਸਕ ਜ਼ਰੂਰਤ ਸੀ ਸਗੋਂ ਸੱਚੇ ਮਨੁੱਖ ਦੀ ਸਭ ਤੋਂ ਘਣੀ, ਕੁਦਰਤੀ ਲੋੜ ਵੀ, ਠੀਕ ਉਸੇ ਤਰ੍ਹਾਂ ਜਿਵੇਂ ਮਨੁੱਖ ਨੂੰ ਪ੍ਰੇਮ ਅਤੇ ਸੁੱਖ ਦੀ ਲੋੜ ਹੁੰਦੀ ਹੈ।

ਜੇਕਰ ਇਸੇ ਨਜ਼ਰੀਏ ਨਾਲ਼ ‘ਕੀ ਕਰਨਾ ਲੋੜੀਏ?’ ਨਾਵਲ ਦਾ ਵਿਸ਼ਲੇਸ਼ਣ ਕੀਤਾ ਜਾਵੇਂ ਤਾਂ ‘ਭੂਮਿਕਾ’ ਦੇ ਇਹ ਸ਼ਬਦ ਨਿਆਂਪੂਰਨ ਅਤੇ ਨਿਸ਼ਕਪਟ ਲੱਗਣਗੇ ਕਿ ”ਇਸ ਕਹਾਣੀ ਦਾ ਵਿਸ਼ਾ ਪ੍ਰੇਮ ਹੈ…..” ਇਸ ਨਜ਼ਰ ਨਾਲ਼ ਵੇਖ ਕੇ ਇਹੀ ਪਤਾ ਲੱਗਦਾ ਹੈ ਕਿ ਉਹ ਸਿਆਸੀ, ਸਮਾਜਿਕ ਅਤੇ ਦਾਰਸ਼ਨਿਕ ਨਾਵਲ, ਨਾਵਲ ਰੂਪੀ ਇਹ ਸੱਦਾ ਅਸਲ ਵਿੱਚ ਪ੍ਰੇਮ ਦੀ ਕਿਤਾਬ ਹੈ। ”ਪਿਆਰ-ਮੁਹੱਬਤ ਦਾ ਨਾਵਲ ਨਹੀਂ” ਸਗੋਂ ਸੱਚੇ ਅਰਥਾਂ ਵਿੱਚ ਪ੍ਰੇਮ ਦੀ ਕਿਤਾਬ ਜਿਹੜੀ ਇਹ ਦੱਸਦੀ ਹੈ ਕਿ ਅਸਲੀ, ਸੱਚਾ ਪਿਆਰ ਕੀ ਹੁੰਦਾ ਹੈ ਅਤੇ ਲੋਕਾਂ ਨੂੰ ਮਨੁੱਖ ਦੀ ਤਰ੍ਹਾਂ ਜੀਉਣ ਅਤੇ ਪ੍ਰੇਮ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। 

ਲੋਪੁਖੋਵ ਦੇ ਪ੍ਰਤੀ ਪ੍ਰੇਮ ਦੇ ਨਾਲ਼ ਵੇਰਾ ਦੀ ”ਕਾਲ਼ਕੋਠੜੀ” ਮਨੁੱਖੀ ਜੀਵਨ ਸ਼ੁਰੂ ਕਰਨ ਵਿੱਚ ਮਦਦ ਦਿੰਦੀ ਹੈ। ਵੇਰਾ ਪਾਵਲੋਵਨਾ ਅਤੇ ਕਿਰਸਾਨੋਵ ਦਾ ਪ੍ਰੇਮ ਉਨ੍ਹਾਂ ਦੇ ਜੀਵਨ ਵਿੱਚ ਨਵੇ ਅਰਥ ਭਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਅਰਥ ਭਰਪੂਰ ਜੀਵਨ ਅਤੇ ਕਿਰਤ ਦੀ ਪ੍ਰੇਰਨਾ ਦਿੰਦਾ ਹੈ। ਪ੍ਰੇਮ ਹੀ ਲੋਪੁਖੋਵ ਅਤੇ ਕਤੇਰੀਨਾ ਨੂੰ ਜੀਵਨ ਸਾਥੀ ਬਣਾ ਦਿੰਦਾ ਹੈ। ਨਾਵਲ ਦੇ ਸਭ ਤੋਂ ਵਧੀਆ ਪੰਨੇ ਇਨਕਲਾਬ ਅਤੇ ਪ੍ਰੇਮ ਨੂੰ ਹੀ ਸਮਰਪਿਤ ਹਨ। ਲੋਪੁਖੋਵ ਇਨਕਲਾਬ ਨੂੰ ਆਪਣੀ ”ਮੰਗੇਤਰ” ਕਹਿੰਦਾ ਹੈ। ਵੇਰਾ ਪਾਵਲੋਵਨਾ ਦੇ ਵੱਖ-ਵੱਖ ਕਦਮਾਂ ਦੇ ਪ੍ਰਤੀਕਾਂ ਦੇ ਰੂਪ ਵਿੱਚ ਅਸਤਾਰਨਾ, ਅਫੇਦੀਤਾ ਪ੍ਰਗਟ ਹੁੰਦੀ ਹੈ। ਅਤੇ ਇਹ ਗੋਰੀ ਸੁੰਦਰੀ ਭਵਿੱਖੀ ਕਮਿਊਨਿਸਟ  ਸਮਾਜ ਵਿੱਚ ਸਰਬ ਵਿਆਪੀ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ।

ਨਾਵਲ ਦੇ ਅੰਤ ਵਿੱਚ ਇੱਕ ਹੋਰ ਇਸਤਰੀ ਦੀ ਦਿੱਖ ਮੰਚ ਤੇ ਆਉਂਦੀ ਹੈ, ਇਹ ”ਕਾਲ਼ੇ ਕੱਪੜਿਆਂ ਵਾਲ਼ੀ ਇਸਤਰੀ” ਹੈ। ਅਲੋਚਕ ਹੁਣ ਤੱਕ ਕੋਈ ਨਿਸ਼ਚਿਤ ਮਤ ਨਹੀਂ ਬਣਾ ਸਕੇ ਹਨ ਕਿ ਲੇਖਕ ਨੇ ਇਸ ਰੂਪ ਵਿੱਚ ਕਿਸ ਨੂੰ ਚਿਤਰਤ ਕੀਤਾ ਹੈ। ਰਹਮੇਤੋਵ ਦੀ ਪ੍ਰੇਮਿਕਾ ਨੂੰ ਜਾਂ ਆਪਣੀ ਪਤਨੀ ਅੋਲਗਾ ਸੋਕਰਾਤੋਵਨਾ ਨੂੰ। ਭਾਵੇਂ ਕੁੱਝ ਵੀ ਹੋਵੇ ਪਰ ਮੁੱਖ ਗੱਲ ਇਹ ਹੈ ਕਿ ਨਾਵਲ ਦਾ ਅੰਤਿਮ ਦ੍ਰਿਸ਼ ਵੀ ਪ੍ਰੇਮ ਦੀ ਜਿੱਤ ਦੇ ਗੀਤਾਂ ਨਾਲ਼ ਭਰਪੂਰ ਹੈ ਜਿਸ ਵਿੱਚ ਇਨਕਲਾਬ ਦੀ ਜਿੱਤ ਦਾ ਚਿੱਤਰਣ ਹੈ ਜਦੋਂ ”ਕਾਲ਼ੇ ਕੱਪੜਿਆਂ ਵਾਲ਼ੀ ਇਸਤਰੀ” ”ਗੁਲਾਬੀ ਕੱਪੜਿਆਂ ਵਾਲ਼ੀ ਇਸਤਰੀ” ਵਿੱਚ ਬਦਲ ਗਈ। 

ਇਹ ਕਿਤਾਬ ਮਨੋਰੰਜਨ ਅਤੇ ਮਨ ਪ੍ਰਚਾਉਣ ਦੇ ਲਈ ਨਹੀਂ ਹੈ। ਇਹ ਮੁਕੰਮਲ ਅਤੇ ਚਿੰਤਨਸ਼ੀਲ ਪਾਠਕ ਦੇ ਲਈ ਹੈ। ”ਲੈਨਿਨ ਨਾਲ਼ ਮੁਲਾਕਾਤਾਂ” ਪੁਸਤਕ ਵਿੱਚ ਸਾਬਕਾ ਮੇਨਸ਼ੇਵਿਕ ਨ. ਵਲੇਨੀਤੀਨੋਵ ਨੇ ਚੇਰਨੀਸ਼ੇਵਸਕੀ ਦੇ ਕਿਸੇ ਅਲੋਚਕ ਨੂੰ ਲੈਨਿਨ ਦੇ ਸਖ਼ਤ ਜਵਾਬ ਦਾ ਇਹ ਹਵਾਲਾ ਦਿੱਤਾ ਗਿਆ ਹੈ : ”ਕੀ ਕਰਨਾ ਲੋੜੀਏ?” ਨਾਵਲ ਦੇ ਸੰਦਰਭ ਵਿੱਚ ‘ਆਦਿਮ’ ਅਤੇ ‘ਰੱਦੀ’ ਸ਼ਬਦ ਮੂਲੋਂ ਹੀ ਨਾ ਮੰਨਣਯੋਗ ਹਨ। ਉਸਦੇ ਪ੍ਰਭਾਵ ਨਾਲ਼ ਸੈਂਕੜੇ ਲੋਕ ਇਨਕਲਾਬੀ ਬਣੇ। ਜੇਕਰ ਚੇਰਨੀਸ਼ੇਵਸਕੀ ਦੀ ਰਚਨਾ ਰੱਦੀ ਅਤੇ ਆਦਿਮ ਹੁੰਦੀ ਤਾਂ ਕੀ ਇਹ ਸੰਭਵ ਹੁੰਦਾ? ਉਦਾਹਰਣ ਦੇ ਲਈ ਉਨ੍ਹਾਂ ਨੇ ਮੇਰੇ ਭਰਾ ਅਤੇ ਮੈਨੂੰ ਵੀ ਪ੍ਰੇਰਣਾ ਦਿੱਤੀ। ਉਨ੍ਹਾਂ ਮੇਰੇ ਮਨ ਦੀਆਂ ਡੂੰਘਾਈਆਂ ਨੂੰ ਝੰਜੋੜ ਦਿੱਤਾ। ਤੁਸੀਂ ਕਦੋਂ ਪੜ੍ਹਿਆਂ ਸੀ ਇਹ ਨਾਵਲ? ਜੇਕਰ ਤੁਹਾਡੇ ਬੁੱਲ੍ਹਾਂ ਤੋਂ ਮਾਂ ਦਾ ਦੁੱਧ ਨਹੀਂ ਸੁੱਕਿਆ ਤਾਂ ਉਸਨੂੰ ਪੜ੍ਹਨਾ ਬੇਕਾਰ ਹੈ। ਚੇਰਨੀਸ਼ੇਵਸਕੀ ਦਾ ਨਾਵਲ ਇੰਨਾ ਗੁੰਝਲਦਾਰ ਅਤੇ ਡੂੰਘਾ ਹੈ ਕਿ ਉਸਨੂੰ ਘੱਟ ਉਮਰ ਵਿੱਚ ਸਮਝਣਾ ਅਸੰਭਵ ਹੈ। ਮੈਂ ਖੁਦ, ਜਿੱਥੋ ਤੱਕ ਮੈਨੂੰ ਯਾਦ ਹੈ, 14 ਸਾਲ ਦੀ ਉਮਰ ਵਿੱਚ ਉਸਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਵਿਅਰਥ, ਸੱਤ੍ਹਹੀ ਪੜ੍ਹਾਈ ਸੀ। ਪਰ ਵੱਡੇ ਭਰਾ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਬਾਅਦ ਮੈਂ ਉਸਨੂੰ ਫਿਰ ਤੋਂ ਧਿਆਨ ਨਾਲ ਪੜ੍ਹਨ ਦਾ ਫ਼ੈਸਲਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ‘ਕੀ ਕਰਨਾ ਲੋੜੀਏ?’ ਨਾਵਲ ਮੇਰੇ ਭਰਾ ਦੀ ਮਨਪਸੰਦ ਕਿਤਾਬ ਸੀ। ਅਤੇ ਉਦੋਂ ਮੈਂ ਉਸਨੂੰ ਕਈ ਦਿਨ ਨਹੀਂ, ਕਈ ਹਫਤਿਆਂ ਤੱਕ ਪੜ੍ਹਣਾ ਰਿਹਾ। ਉਦੋਂ ਹੀ ਉਸ ਦੀ ਡੂੰਘਾਈ ਨੂੰ ਸਮਝਿਆ। ਇਹ ਇੱਕ ਅਜਿਹੀ ਪੁਸਤਕ ਹੈ ਜਿਹੜੀ ਪੂਰੇ ਜੀਵਨ ਲਈ ਉਤਸ਼ਾਹ ਪ੍ਰਦਾਨ ਕਰਦੀ ਹੈ। ਸਦੀਆਂ ਤੋਂ ਤਾਨਾਸ਼ਾਹ ਅਤੇ ਖੂਹ ਦੇ ਡੱਡੂ ਸਾਹਿਤ ਤੋਂ ਅੱਗ ਦੀ ਤਰ੍ਹਾਂ ਡਰਦੇ ਰਹੇ ਹਨ, ਉਹ ਇਸਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਕੇ ਸਾਹਿਤ ਨੂੰ ਮਹਿਜ ਮਨੋਰੰਜਨ ਦਾ ਸਾਧਨ ਜਾਂ ਆਪਣਾ ਆਗਿਆਕਾਰੀ ਗੁਲਾਮ ਬਣਾਉਣ ਦੀਆਂ ਕੋਸ਼ਿਸਾਂ ਵਿੱਚ ਜੁਟੇ ਰਹੇ। ਪਰ ਸਦਾ ਅਜਿਹੀਆਂ ਕਿਤਾਬਾਂ ਰਹੀਆਂ ਹਨ ਜਿਹੜੀਆਂ ਸਾਹਿਤ ਪ੍ਰਤੀ ਆਦਰ ਦੀ ਭਾਵਨਾ ਦਾ ਵਿਕਾਸ ਕਰਦੀਆਂ ਸਨ, ਉਸਦੀ ਸਮਾਜਿਕ ਭੂਮਿਕਾ ਨੂੰ ਨਵੇਂ ਧਰਾਤਲ ‘ਤੇ ਚੁੱਕਦੀਆਂ ਸਨ। ਉਨ੍ਹਾਂ ਨੇ ਲੋਕਾਂ ਨੂੰ ਮਨੁੱਖ ਜਾਤੀ ਦੇ ਨਵੇਂ ਜੀਵਨ ਲਈ ਸੰਘਰਸ਼ ਕਰਨਾ ਸਿਖਾਇਆ। ਚੇਰਨੀਸ਼ੇਵਸਕੀ ਦਾ ਨਾਵਲ ‘ਕੀ ਕਰਨਾ ਲੋੜੀਏ?’ ਇਨ੍ਹਾਂ ਹੀ ਕਿਤਾਬਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਜੀਵਨ ਦੀ ਪਾਠ-ਪੁਸਤਕ, ਲੇਖਕ ਦੀ ਸ਼ਕਤੀ ਹੈ। ‘ਸਾਹਿਤ ਅਤੇ ਕਲਾ ਦੇ ਵਿਸ਼ੇ ‘ਤੇ ਲੈਨਿਨ ਦੇ ਵਿਚਾਰ’ ਮਾਸਕੋ 1967 ਪੰਨਾ ਨੰ.-653 (ਰੂਸੀ ਵਿੱਚ)।

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s