ਕੀ ‘ਜੈਂਡਰ’ ਅਤੇ ‘ਜਾਤ’ ਦੇ ਸਵਾਲਾਂ ਨੂੰ ਸਮਝਣ ਲਈ ਮਾਰਕਸੀ ਪ੍ਰਾਵਰਗ ਕਾਫ਼ੀ ਹਨ? • ਰੰਗਾਨਾਇਕੰਮਾ

ki gender ate

(ਪੀ.ਡੀ.ਐਫ਼ ਡਾਊਨਲੋਡ ਕਰੋ)

ਕੀ ‘ਜੈਂਡਰ’ ਅਤੇ ‘ਜਾਤ’ ਦੇ ਸਵਾਲ ਨੂੰ ਸਮਝਣ ਲਈ ਮਾਰਕਸੀ ਪ੍ਰਾਵਰਗ ਕਾਫ਼ੀ ਹਨ?

ਇਸ ਸਵਾਲ ਦਾ ਮੇਰਾ ਜਵਾਬ ਹੈ ਜ਼ੋਰਦਾਰ ‘ਹਾਂ’!

ਮੇਰਾ ਜਵਾਬ ਦੋ ਹਿੱਸਿਆਂ ਵਿੱਚ ਹੋਵੇਗਾ। ਪਹਿਲੇ ਹਿੱਸੇ ਵਿੱਚ ਮੈਂ ਮਾਰਕਸਵਾਦ ਦੇ ਮੁੱਖ ਪ੍ਰਾਵਰਗ ਪੇਸ਼ ਕਰਾਂਗੀ ਅਤੇ ਵਿਆਖਿਆ ਕਰਾਂਗੀ ਕਿ ‘ਜੈਂਡਰ’ ਅਤੇ ‘ਜਾਤ’ ਦੇ ਸਵਾਲ ਨੂੰ ਸਮਝਣ ਅਤੇ ਇਸ ਦਾ ਹੱਲ ਤਜਵੀਜ਼ ਕਰਨ ਵਿੱਚ ਇਹ ਕਿਸ ਤਰ੍ਹਾਂ ਸਾਨੂੰ ਕਾਬਲ ਬਣਾਉਂਦੇ ਹਨ। ਦੂਸਰੇ ਹਿੱਸੇ ਵਿੱਚ, ਮੈਂ ਨਾਰੀਵਾਦੀਆਂ ਅਤੇ ਦਲਿਤਵਾਦੀਆਂ ਵੱਲੋਂ ਮਾਰਕਸਵਾਦ ਖਿਲਾਫ਼ ਉਠਾਈਆਂ ਜਾਂਦੀਆਂ ਕੁੱਝ ਅਲੋਚਨਾਵਾਂ ਦਾ ਜਵਾਬ ਦੇਵਾਂਗੀ।

ਮਾਰਕਸੀ ਪ੍ਰਾਵਰਗ

ਸੰਖੇਪ ਵਿੱਚ ਕਹੀਏ ਤਾਂ ਮਾਰਕਸਵਾਦ ਵਿੱਚ ਮੂਲ ਸੰਕਲਪਕ ਪ੍ਰਾਵਰਗ ਹੈ ‘ਪੈਦਾਵਾਰੀ ਸਬੰਧ’ ਜਾਂ ‘ਸੰਪੱਤੀ ਸਬੰਧ’। ਦੂਜੇ ਸ਼ਬਦਾਂ ਵਿੱਚ, ‘ਕਿਰਤ ਸਬੰਧ’। ਇਸ ਪ੍ਰਾਵਰਗ ਦਾ ਅਸੀਂ ਇਸ ਤਰ੍ਹਾਂ ਵਿਸਥਾਰ ਕਰ ਸਕਦੇ ਹਾਂ:

ਆਪਣੀ ਹੋਂਦ ਲਈ ਮਨੁੱਖਾਂ ਨੂੰ ਉਪਜਾਂ ਲੋੜੀਂਦੀਆਂ ਹਨ ਜਿਨ੍ਹਾਂ ਨੂੰ ਉਹ ਕੁਦਰਤ ਵਿੱਚ ਉਪਲਬਧ ਸਮੱਗਰੀ ਉੱਪਰ ਤਰ੍ਹਾਂ-ਤਰ੍ਹਾਂ ਦੀ ਕਿਰਤ ਕਰਕੇ ਹਾਸਲ ਕਰਦੇ ਹਨ। ਪਸ਼ੂਆਂ ਅਤੇ ਮਨੁੱਖਾਂ ਦਰਮਿਆਨ ਮੂਲ ਵਖਰੇਵਾਂ ‘ਕਿਰਤ ਕਿਰਿਆ’ ਦਾ ਹੈ। ਮਨੁੱਖ ਕੁਦਰਤ ਵਿੱਚ ਮੌਜੂਦ ਜ਼ਮੀਨ ਦੀ ਵਰਤੋਂ ਕਰਦੇ ਹਨ ਅਤੇ ਉਹ ਸਮੱਗਰੀ ਅਤੇ ਵਸਤੂਆਂ ਜੋ ਉਹਨਾਂ ਦੇ ਜੀਵਨ ਨਿਰਬਾਹ ਲਈ ਲੋੜੀਂਦੀਆਂ ਹਨ, ਨੂੰ ਪੈਦਾ ਕਰਦੇ ਹਨ। ‘ਕਿਰਤ’ ਕਰਨ ਦੀ ਇਸ ਸਰਗਰਮੀ ਦੌਰਾਨ, ਮਨੁੱਖ ਪੈਦਾਵਾਰੀ ਸਬੰਧਾਂ (ਜਾਂ ਕਿਰਤ ਸਬੰਧਾਂ) ਵਿੱਚ ਸ਼ਾਮਲ ਹੁੰਦੇ ਹਨ। ਜੇਕਰ ਸਾਰੇ ਵਿਅਕਤੀ ਕਿਰਤ ਕਰਦੇ ਹਨ ਤਾਂ ਕਿਰਤ ਸਬੰਧਾਂ ਦਾ ਖਾਸਾ ‘ਬਰਾਬਰੀ’ ਦਾ ਹੋਵੇਗਾ। ਜੇਕਰ ਸਿਰਫ ਕੁੱਝ ਵਿਅਕਤੀ ਕਿਰਤ ਕਰਦੇ ਹਨ ਅਤੇ ਬਾਕੀ ਕੋਈ ਕਿਰਤ ਨਹੀਂ ਕਰਦੇ, ਤਾਂ ਕਿਰਤ ਸਬੰਧਾਂ ਦਾ ਖਾਸਾ ‘ਨਾਬਰਾਬਰੀ’ ਦਾ ਹੋਵੇਗਾ, ਮਤਲਬ ਕਿ ਕਿਰਤ ਦੀ ਲੁੱਟ ਦਾ ਖਾਸਾ। ਕਿਰਤ ਦੀ ਲੁੱਟ ਦੇ ਫਲਸਰੂਪ, ਇੱਕ ਜਮਾਤ ਕਿਰਤ ਨਹੀਂ ਕਰਦੀ ਜਦ ਕਿ ਦੂਸਰੀ ਕਿਰਤ ਕਰਦੀ ਹੈ। ਜੋ ਜਮਾਤ ਕਿਰਤ ਨਹੀਂ ਕਰਦੀ ਉਹ ਜ਼ਮੀਨ ਅਤੇ ਪੈਦਾਵਾਰ ਦੇ ਹੋਰ ਸਭਨਾਂ ਸਾਧਨਾਂ ਉੱਪਰ ਆਪਣੀ ਨਿੱਜੀ ਜਾਇਦਾਦ ਦੇ ਤੌਰ ‘ਤੇ ਕਬਜ਼ਾ ਕਰਦੀ ਹੈ। ਉਹ ਜਮਾਤ ਉਸ ਜਾਇਦਾਦ ਦੀ ਮਾਲਕ ਬਣ ਜਾਂਦੀ ਹੈ। ਜਾਇਦਾਦ-ਵਿਹੂਣੀ ਜਮਾਤ ‘ਕਿਰਤੀ ਜਮਾਤ’ ਬਣ ਜਾਂਦੀ ਹੈ। ਇਤਿਹਾਸ ਵਿੱਚ ਪਹਿਲੀਆਂ ਜਮਾਤਾਂ ਗੁਲਾਮ ਅਤੇ ਗੁਲਾਮ-ਮਾਲਕਾਂ ਦੀਆਂ ਸਨ।

ਜਮਾਤੀ ਘੋਲ਼ ਗੁਲਾਮ ਅਤੇ ਗੁਲਾਮ-ਮਾਲਕਾਂ ਦੇ ਦਿਨਾਂ ਤੋਂ ਹੀ ਚੱਲਿਆ ਆ ਰਿਹਾ ਹੈ। ਜਮਾਤੀ ਘੋਲ਼ ਨੇ ਹੀ ਗੁਲਾਮਾਂ ਨੂੰ ਗੁਲਾਮੀ ਤੋਂ ਮੁਕਤ ਕੀਤਾ। ਪਰ ਇਸ ਜਮਾਤੀ ਘੋਲ਼ ਨੇ ਅਜੇ ਤੱਕ ਮਜ਼ਦੂਰਾਂ ਨੂੰ ਕਿਰਤ ਦੀ ਲੁੱਟ ਤੋਂ ਮੁਕਤ ਨਹੀਂ ਕੀਤਾ। ਹਾਲੀਆ ਜਮਾਤਾਂ ਹਨ — ਮਜਦੂਰ ਅਤੇ ਸਰਮਾਏਦਾਰ। ਜਗੀਰਦਾਰ ਅਤੇ ਮੁਜ਼ਾਰੇ ਤਬਕੇ ਵੀ ਅਸੀਂ ਲੱਭ ਸਕਦੇ ਹਾਂ।

ਲੋਟੂਆਂ ਦੀ ਜਮਾਤ ਤਿੰਨ ਤਰ੍ਹਾਂ ਦੀ ਆਮਦਨ ਉੱਤੇ ਜਿਉਂਦੀ ਹੈ, ਜੋ ਉਹ ਆਪਣੀ ਕਿਰਤ ਕਰਕੇ ਨਹੀਂ ਸਗੋਂ ਜ਼ਮੀਨ ਤੋਂ ਕਿਰਾਇਆ, ਮੁਨਾਫਾ ਅਤੇ ਸਰਮਾਏ ਉੱਪਰ ਵਿਆਜ਼ ਤੋਂ ਹਾਸਲ ਕਰਦੀ ਹੈ। ਕਿਰਤੀ ਜਮਾਤ ਆਪਣੀ ਕਿਰਤ ਦਾ ਵੱਡਾ ਹਿੱਸਾ ਮਾਲਕਾਂ ਦੀ ਜਮਾਤ ਨੂੰ ਗਵਾਉਂਦੀ ਹੈ।

ਕਿਰਤ ਦੀ ਲੁੱਟ ਦੀ ਸਮੱਸਿਆ ਕਰਕੇ, ਮਨੁੱਖਾਂ ਵਿਚਕਾਰ ਮਾਲਕ ਅਤੇ ਨੌਕਰ ਦਾ ਵਖਰੇਵਾਂ(ਨਾਬਰਾਬਰੀ) ਪੈਦਾ ਹੋ ਜਾਂਦਾ ਹੈ। ਲੋਟੂ ਜਮਾਤ ਅਮੀਰੀ ਮਾਣਦੀ ਹੈ ਅਤੇ ਕਿਰਤੀ ਜਮਾਤ ਗਰੀਬੀ ਭੋਗਦੀ ਹੈ। ਮਤਲਬ, ਅਮੀਰੀ ਅਤੇ ਗਰੀਬੀ, ਮਾਲਕੀ ਅਤੇ ਗੁਲਾਮੀ ਕਿਰਤ ਦੀ ਲੁੱਟ ਦਾ ਸਿੱਟਾ ਹਨ। ਇਸ ਸਮੱਸਿਆ ਦਾ ਹੱਲ ਹੈ ਕਿ ਜਮਾਤੀ ਘੋਲ਼ ਰਾਹੀਂ ਨਿੱਜੀ ਜਾਇਦਾਦ ਦੇ ਹੱਕ ਅਤੇ ਕਿਰਤ ਦੀ ਲੁੱਟ ਨੂੰ ਖਤਮ ਕੀਤਾ ਜਾਏ ਅਤੇ ਮਾਲਕਾਂ ਦੀ ਜਮਾਤ ਨੂੰ ਉਸ ਦੀ ਆਪਣੀ ਕਿਰਤ ਉੱਪਰ ਨਿਰਭਰ ਕੀਤਾ ਜਾਏ।

ਜੈਂਡਰ ਅਤੇ ਜਾਤ ਦੇ ਸਵਾਲ ਨੂੰ ਲੈ ਕੇ ਮਾਰਕਸਵਾਦ ਦੀ ਵਿਆਖਿਆਤਮਕ ਸਮਰੱਥਾ ਦਾ ਮੁਲੰਕਣ ਕਰਨ ਲਈ ‘ਕਿਰਤ’ ਨਾਲ਼ ਸਬੰਧਿਤ ਵੱਖ-ਵੱਖ ਪੱਖਾਂ ਨੂੰ ਸਮਝਣਾ ਹੋਵੇਗਾ, ਜਿਸ ਤਰ੍ਹਾਂ ਕਿ, ਪੈਦਾਵਾਰੀ ਸਬੰਧ, ਸੰਪੱਤੀ ਸਬੰਧ, ਕਿਰਤ ਦੀ ਵੰਡ, ਵੰਡ ਦੇ ਸਬੰਧ, ਕਦਰ, ਮੁਦਰਾ, ਵਾਫ਼ਰ ਕਦਰ, ਸਰੀਰਕ ਕਿਰਤ, ਮਾਨਸਿਕ ਕਿਰਤ, ਉਜਰਤ, ਜ਼ਮੀਨੀ ਲਗਾਨ, ਵਿਆਜ, ਮੁਨਾਫ਼ਾ, ਪੈਦਾਵਾਰੀ ਕਿਰਤ, ਅਣ-ਪੈਦਾਵਾਰੀ ਕਿਰਤ, ਸੁਤੰਤਰ ਕਿਰਤ, ਪਰਿਵਾਰਕ ਕਿਰਤ ਆਦਿ।

ਸਮਾਜ ਵਿੱਚ ਸਾਰੇ ਮਨੁੱਖ (ਮਰਦ ਅਤੇ ਔਰਤਾਂ) ਕਿਰਤ ਸਬੰਧਾਂ ਵਿੱਚ ਸ਼ਾਮਲ ਹੁੰਦੇ ਹਨ। ਜੋ ਵਿਅਕਤੀ ਪੈਦਾਵਾਰੀ ਸਥਾਨ ਉੱਤੇ ਕੰਮ ਕਰਦੇ ਹਨ, ਘਰੇਲੂ ਕਾਮੇ, ਘਰੇਲੂ ਕੰਮਾਂ ਤੱਕ ਮਹਿਦੂਦ ਔਰਤਾਂ, ਜੇਲ੍ਹਾਂ ਦੇ ਕੈਦੀ, ਯਤੀਮਖ਼ਾਨੇ ਅਤੇ ਧਾਰਮਿਕ ਸੰਸਥਾਨ, ਹੁੱਲੜਬਾਜ਼, ਵੇਸਵਾਵਾਂ ਅਤੇ ਮੰਗਤੇ, ਸਭੇ ਕਿਰਤ ਸਬੰਧਾਂ ਵਿੱਚ ਸ਼ਾਮਲ ਹੁੰਦੇ ਹਨ। ਮਾਰਕਸਵਾਦ ਨੂੰ ਸਮਝਣ ਲਈ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਮਾਰਕਸੀ ਪ੍ਰਾਵਰਗ ਰਾਹੀਂ ਅਸੀਂ ਕਿਸੇ ਵੀ ਮੁਲਕ ਵਿੱਚ ਮੌਜੂਦ ਕਿਸੇ ਵੀ ਸਮੱਸਿਆ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ। ਨਾ ਸਿਰਫ ਸਮੱਸਿਆਵਾਂ ਨੂੰ ਸਮਝ ਅਤੇ ਵਿਆਖਿਆ ਕਰ ਸਕਦੇ ਹਾਂ ਸਗੋਂ ਵਿਗਿਆਨਕ ਹੱਲ ਵੀ ਪੇਸ਼ ਕਰ ਸਕਦੇ ਹਾਂ।

ਅਜੋਕੇ ਸਰਮਾਏਦਾਰੀ ਸਮਾਜ ਦੇ ਖ਼ਾਸੇ ਦੀ ਪੜਤਾਲ ਕਰਦੇ ਹੋਏ ਮਾਰਕਸ ਨੇ ਆਪਣੇ ਤੋਂ ਪਹਿਲਾਂ ਦੇ ਅਰਥਸ਼ਾਸਤਰੀਆਂ ਅਤੇ ਦਾਰਸ਼ਨਿਕਾਂ ਦਾ ਅਲੋਚਨਾਤਮਕ ਅਧਿਐਨ ਕੀਤਾ ਅਤੇ ਇਸ ਦੇ ਅਧਾਰ ‘ਤੇ ਇਹ ਸੰਕਲਪੀ ਪ੍ਰਾਵਰਗ ਪੇਸ਼ ਕੀਤੇ।

‘ਜੈਂਡਰ’ ਸਵਾਲ ਬਾਰੇ ਮਾਰਕਸਵਾਦ:

ਮੁੱਢ-ਕਦੀਮੀ ਸਮੇਂ ਵਿੱਚ ਕਿਉਂਕਿ ਸਭੇ ਮਨੁੱਖ ‘ਬਰਾਬਰ’ ਸਨ ਇਸ ਲਈ ਮਰਦ ਅਤੇ ਔਰਤਾਂ ਵੀ ‘ਬਰਾਬਰ’ ਸਨ। ‘ਮਰਦ ਪ੍ਰਧਾਨਤਾ’ ‘ਲੋਟੂ ਸੰਪੱਤੀ ਵਿਵਸਥਾ’ ਕਰਕੇ ਸ਼ੁਰੂ ਹੋਈ (ਇੱਥੇ ਅਸੀਂ ਇਸ ਦੇ ਸਮੁੱਚੇ ਇਤਿਹਾਸ ਦੀ ਪੜਤਾਲ ਨਹੀਂ ਕਰ ਸਕਦੇ)। ਲੋਟੂ ਸਮਾਜ ਅੰਦਰ ‘ਪਿੱਤਰਸੱਤ੍ਹਾ’ (ਪਿਤਾ ਦਾ ਸ਼ਾਸਨ) ਸਥਾਪਿਤ ਹੋਇਆ। ਪਰਿਵਾਰ ਅੰਦਰ ਮਰਦ-ਔਰਤ ਅਤੇ ਬੱਚਿਆਂ ਦਾ ਮਾਲਕ ਅਤੇ ਅਧਿਕਾਰੀ ਹੈ। ਮਤਲਬ ਕਿ ਪਤੀ ਅਤੇ ਪਤਨੀ ਦਾ ਸਬੰਧ ‘ਮਾਲਕ’ ਅਤੇ ‘ਨੌਕਰ’ ਦਾ ਸਬੰਧ ਹੈ। ਸਰਮਾਏਦਾਰੀ ਸਮਾਜ ਅੰਦਰ ਮਰਦ ਅਤੇ ਔਰਤ ਦਰਮਿਆਨ ਬਰਾਬਰਤਾ ਦੀਆਂ ਕੋਈ ਹਾਲਤਾਂ ਨਹੀਂ ਹਨ। ਬਹੁਤੇ ਮਾਮਲਿਆਂ ਅੰਦਰ ਬਰਾਬਰ ਹੱਕ ਨਹੀਂ ਹਨ। ਬਹੁਤੇ ਮੁਲਕਾਂ ਅੰਦਰ, ਕਿਸੇ ਵਿਸ਼ੇਸ਼ ਆਦਮੀ ਦੀ ਪਤਨੀ ਹੋਣ ਤੋਂ ਇਲਾਵਾ ਔਰਤ ਦੀ ਆਪਣੀ ਕੋਈ ਅਜ਼ਾਦ ਪਹਿਚਾਣ ਨਹੀਂ ਹੈ। ਬਹੁਤੇ ਮੁਲਕਾਂ ਵਿੱਚ, ਬੱਚਿਆਂ ਉੱਪਰ ਮਾਂ ਦਾ ਹੱਕ ਪਿਤਾ ਦੇ ਹੱਕ ਬਰਾਬਰ ਨਹੀਂ ਹੋਵੇਗਾ।

ਇਹੀ ਹਾਲਤ ਦੋ ਜਮਾਤਾਂ ਦੇ ਮਰਦ ਅਤੇ ਔਰਤਾਂ ਦੀ ਹੈ। ਮਰਦ ਅਤੇ ਔਰਤ ਸਿੱਧੇ ‘ਜਮਾਤਾਂ’ ਨਹੀਂ ਹੁੰਦੇ। ਇੱਥੇ ਇਸ ਤਰ੍ਹਾਂ ਦੀ ਕੋਈ ਵੰਡ ਨਹੀਂ ਹੈ ਕਿ ‘ਔਰਤਾਂ ਇੱਕ ਜਮਾਤ ਹਨ’ ਅਤੇ ‘ਮਰਦ ਦੂਸਰੀ ਜਮਾਤ ਹਨ’। ‘ਜਮਾਤ’ ਉਹ ਸਬੰਧ ਹੈ ਜੋ ’ਕੰਮ’ ਦੇਣ ਵਾਲ਼ੇ ਮਾਲਕਾਂ ਅਤੇ ’ਕੰਮ’ ਕਰਨ ਵਾਲ਼ੇ ਕਿਰਤੀਆਂ ਦਰਮਿਆਨ ਹੁੰਦਾ ਹੈ। ਮਤਲਬ ਇਹ ਕਿ, ਇਹ ‘ਕਿਰਤ ਦੀ ਲੁੱਟ’ ਦਾ ਸਬੰਧ ਹੈ।

ਮਰਦਾਂ ਅਤੇ ਔਰਤਾਂ ਦਰਮਿਆਨ ਸਬੰਧ ਅਜਿਹਾ ‘ਜਮਾਤੀ’ ਸਬੰਧ ਨਹੀਂ ਹੈ। ਇਹ ਸਮਾਜਿਕ ਸਬੰਧ ਹੈ, ਜੋ ਜਮਾਤੀ ਸਬੰਧ ਨਹੀਂ ਹੁੰਦਾ। ਜਾਂ, ਇਹ ਪਰਿਵਾਰਕ ਸਬੰਧ ਹੈ। ਐਪਰ, ਇਹ ‘ਨਾਬਰਾਬਰ ਸਬੰਧ’ ਸਮਾਜ ਵਿੱਚ ‘ਜਮਾਤਾਂ ਦੇ ਉਗਮਣ’ ਦਾ ਨਤੀਜਾ ਹੈ। (ਇਹ ਵੀ ਕਈ ਪਰਿਣਾਮਾਂ ਵਿੱਚੋਂ ਇੱਕ ਹੈ)। ਇਸੇ ਲਈ, ਮਰਦਾਂ ਅਤੇ ਔਰਤਾਂ ਦਰਮਿਆਨ ਨਾਬਰਾਬਰੀ ਦਾ ਖਾਤਮਾ ਲੋਟੂ ਸਬੰਧਾਂ ਦੇ ਖਾਤਮੇ ਨਾਲ਼ ਜੁੜਿਆ ਹੋਇਆ ਹੈ।

ਇਸ ‘ਨਾਬਰਾਬਰੀ’ ਦੇ ਖਾਤਮੇ ਲਈ ਮੁੱਢਲਾ ਪੜਾਅ ਇਹ ਹੈ ਕਿ ਸਾਰੀਆਂ ਔਰਤਾਂ ਬਾਹਰੀ ਕਿਰਤ ਕਰਨ। ਪਹਿਲਾਂ ਤੋਂ ਬਾਹਰੀ ਕਿਰਤ ਕਰਨ ਵਾਲ਼ੀਆਂ ਔਰਤਾਂ ਤੋਂ ਇਲਾਵਾ ਉਹਨਾਂ ਔਰਤਾਂ ਨੂੰ ਵੀ ਬਾਹਰੀ ਕਿਰਤ ਵਿੱਚ ਜਾਣਾ ਚਾਹੀਦਾ ਹੈ ਜੋ ਘਰ ਨੂੰ ਹੀ ‘ਅਰਪਿਤ’ ਹਨ। ਜਦੋਂ ਪੈਦਾਵਾਰ ਦੇ ਸਾਧਨਾਂ ਉੱਪਰੋਂ ਨਿੱਜੀ ਹੱਕ ਸਮਾਪਤ ਕਰ ਦਿੱਤੇ ਗਏ, ਜਦੋਂ ਜ਼ਮੀਨ ਨੂੰ ਖੇਤੀ ਵਸੋਂ ਦਰਮਿਆਨ ਵੰਡ ਦਿੱਤਾ ਗਿਆ ਅਤੇ ਜਦੋਂ ਕਾਰਖਾਨਿਆਂ ਅੰਦਰ ਨਵੇਂ ਕੰਮ ਪੈਦਾ ਹੋਏ, ਸਿਰਫ ਤਦ ਹੀ ਸਭੇ ਔਰਤਾਂ ਲਈ ਇਹ ਸੰਭਵ’ ਹੈ ਕਿ ਉਹ ਬਾਹਰੀ ਕਿਰਤ ਵਿੱਚ ਜਾਣ। ਸਿੱਟੇ ਵਜੋਂ, ਔਰਤਾਂ ਨੂੰ ਆਮਦਨੀ ਮਿਲ਼ਣੀ ਸ਼ੁਰੂ ਹੋਵੇਗੀ ਅਤੇ ਉਹ ‘ਸਵੈ-ਨਿਰਬਾਹ’ ਦੀ ਯੋਗਤਾ ਹਾਸਲ ਕਰਨਗੀਆਂ। ਉਹ ਨਿਰਬਾਹ ਲਈ ਮਰਦਾਂ ਉੱਪਰ ਨਿਰਭਰਤਾ ਦੀ ਸ਼ਰਤ ਤੋਂ ਮੁਕਤ ਹੋ ਜਾਣਗੀਆਂ। ਉਹਨਾਂ ਔਰਤਾਂ ਲਈ ਵੀ, ਜੋ ਘੋਰ ਗਰੀਬੀ ਵੱਸ ‘ਵੇਸਵਾਗਮਨੀ’ ਉੱਪਰ ਜਿਉਂਦੀਆਂ ਹਨ, ਰੁਜ਼ਗਾਰ ਉਹਨਾਂ ਦੀ ਮੁਕਤੀ ਦਾ ਸ਼ੁਰੂਆਤੀ ਪੜਾਅ ਹੋਵੇਗਾ।

ਜਿਸ ਤਰ੍ਹਾਂ ਸਰਮਾਏਦਾਰ ਜਮਾਤ ਦੇ ਮਰਦ ਕਿਰਤ ਵਿੱਚ ਸ਼ਾਮਲ ਹੁੰਦੇ ਹਨ, ਉਸੇ ਤਰ੍ਹਾਂ ਉਸ ਜਮਾਤ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ। ਸਾਨੂੰ ਇਸ ਉੱਪਰ ਵਿਸ਼ੇਸ਼ ਕੁੱਝ ਦੀ ਲੋੜ ਨਹੀਂ।

ਜੇਕਰ ਔਰਤਾਂ ਵੀ ਘਰ ਤੋਂ ਬਾਹਰ ਉਜਰਤੀ ਕਿਰਤ ਵਿੱਚ ਹਿੱਸਾ ਲੈਂਦੀਆਂ ਹਨ, ਤਾਂ ਸਮਾਜਿਕ ਜਥੇਬੰਦੀਆਂ — ਖਾਸਕਰ ਬੱਚਿਆਂ ਦੀ ਦੇਖਭਾਲ਼ ਕਰਨ ਵਾਲ਼ੀਆਂ — ਵੀ ਹੋਂਦ ਵਿੱਚ ਆਉਣਗੀਆਂ।

ਅਗਲੇ ਪੜਾਅ ਵਿੱਚ ਮਰਦਾਂ ਅਤੇ ਔਰਤਾਂ ਦਰਮਿਆਨ ਕਿਰਤ ਦੀ ਪੁਰਾਣੀ ਵੰਡ ਦੀ ਤਬਦੀਲੀ ਸ਼ਾਮਲ ਹੈ। ਔਰਤਾਂ ਨੂੰ ਉਸ ਤਰ੍ਹਾਂ ਦੇ ਹਰ ਕੰਮ ਵਿੱਚ ਹਿੱਸਾ ਲੈਣ ਦੇ ਬਰਾਬਰ ਮੌਕੇ ਹੋਣੇ ਚਾਹੀਦੇ ਹਨ ਜੋ ਮਰਦ ਪੈਦਾਵਾਰੀ ਪ੍ਰਕਿਰਿਆਵਾਂ ਵਿੱਚ ਕਰਦੇ ਹਨ। ਘਰ ਵਿੱਚ, ਘਰ ਦੇ ਸਭੇ ਨਿੱਕੇ-ਮੋਟੇ ਕੰਮ ਮਰਦਾਂ ਅਤੇ ਔਰਤਾਂ, ਦੋਹਾਂ ਦੀ ‘ਜ਼ਿੰਮੇਂਵਾਰੀ’ ਹੋਣੇ ਚਾਹੀਦੇ ਹਨ। ਉਹਨਾਂ ਨੂੰ ਅਜਿਹੇ ਘਰੇਲੂ ਕੰਮ ਮਸਲਨ ਰਸੋਈ ਦੇ ਕੰਮ, ਬੱਚਿਆਂ ਦੀ ਦੇਖਭਾਲ, ਬਜੁਰਗਾਂ ਦੀ ਦੇਖਭਾਲ, ਘਰ ਦੀ ਸਫਾਈ ਆਦਿ, ਬਰਾਬਰ ਜ਼ਿੰਮੇਂਵਾਰੀ ਨਾਲ਼ ਨਿਭਾਉਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਸ਼ਬਦ ‘ਔਰਤਾਂ ਦਾ ਕੰਮ, ‘ਮਰਦਾਂ ਦਾ ਕੰਮ’ ਘਰ ਅਤੇ ਬਾਹਰ, ਦੋਨੋਂ ਥਾਵੇਂ, ਮਿਟ ਜਾਣੇ ਚਾਹੀਦੇ ਹਨ। ਕਨੂੰਨ ਅੰਦਰ ਦੋਹਾਂ ਦੇ ਹੱਕ ਅਤੇ ਜ਼ਿੰਮੇਂਵਾਰੀਆਂ ਬਰਾਬਰ ਹੋਣੇ ਚਾਹੀਦੇ ਹਨ।

ਮਰਦਾਂ ਅਤੇ ਔਰਤਾਂ ਦੇ ਬਰਾਬਰ ਹੱਕਾਂ ਦਾ ਇੱਕ ਪੱਖ ਹੈ ਬੱਚਿਆਂ ਦੀ ‘ਪਛਾਣ’ ਸਬੰਧੀ ਬਰਾਬਰਤਾ ਦਾ ਹੱਕ। ਅਸੀਂ ਕਿਸੇ ਵਿਅਕਤੀ ਦੀ ‘ਪਛਾਣ’ ਉਸ ਦੇ ਨਾਮ ਤੋਂ ਕਰਦੇ ਹਾਂ ਜਿਸ ਦੇ ਦੋ ਪੱਖ ਹੁੰਦੇ ਹਨ , ਅਰਥਾਤ, ‘ਦਿੱਤਾ ਗਿਆ ਨਾਮ’ ਅਤੇ ‘ਉਪਨਾਮ’। ਲੋਟੂ ਸਮਾਜਾਂ ਅੰਦਰ, ਬੱਚਿਆਂ ਨੂੰ ਆਪਣਾ ਨਾਮ ਆਪਣੇ ਪਿਤਾ ਰਾਹੀਂ ਮਿਲ਼ਦਾ ਹੈ। ਮਤਲਬ ਇਹ ਕਿ ਬੱਚਾ ਕੇਵਲ ਆਪਣੇ ਪਿਤਾ ਰਾਹੀਂ ਹੀ ਪਛਾਣਿਆ ਜਾਂਦਾ ਹੈ! ਇਸ ਮਾਮਲੇ ਵਿੱਚ ਮਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਕਿਉਂ ਜੋ ਮਾਤਾ ਅਤੇ ਪਿਤਾ ਦੋਵੇਂ, ਬੱਚੇ ਦੇ ਜਨਮ ਲਈ ਜ਼ਿੰਮੇਵਾਰ ਹਨ, ਇਸ ਲਈ ਸਾਨੂੰ ਉਹਨਾਂ ਦੀਆਂ ਪਛਾਣਾਂ ਬੱਚੇ ਦੇ ਨਾਮ ਅੰਦਰ ਇਸ ਤਰ੍ਹਾਂ ਲਿਆਉਣੀਆਂ ਚਾਹੀਦੀਆਂ ਹਨ ਕਿ ਮਾਤਾ ਅਤੇ ਪਿਤਾ ਦੋਹਾਂ ਨੂੰ ਥਾਂ ਮਿਲ਼ੇ। ਸਾਨੂੰ ਬਰਾਬਰਤਾ ਲਈ ਇੱਕ ਸਹੀ ਰਾਹ ਉੱਪਰ ਚੱਲਣਾ ਪਵੇਗਾ। ਇਸ ਲਈ ਸਾਨੂੰ ਉਹ ਸਾਰੇ ਰੂਪਕ ਬਦਲਣੇ ਪੈਣਗੇ, ਜੋ ਲੋਟੂ ਸਮਾਜ ਨੇ ਮਰਦ-ਔਰਤ ਸਬੰਧਾਂ ਦਰਮਿਆਨ ਪੈਦਾ ਕੀਤੇ ਹਨ।

ਜਦੋਂ ਦੋਵੇਂ ਮਰਦ ਅਤੇ ਔਰਤਾਂ ਸਵੈ-ਨਿਰਬਾਹ ਦੀ ਸਮਰੱਥਾ ਅਤੇ ਬੱਚਿਆਂ ਦੀ ਦੇਖ-ਭਾਲ਼ ਦੀ ਸਮਰੱਥਾ ਹਾਸਲ ਕਰ ਲੈਂਦੇ ਹਨ, ਤਾਂ ਉਹਨਾਂ ਦਾ ‘ਸਹਿ-ਨਿਵਾਸ’ ਪੁਰਾਣੇ ਸਮਿਆਂ ਦੇ ‘ਸਹਿ-ਨਿਵਾਸ’ ਜਿਹਾ ਨਹੀਂ ਰਹਿ ਜਾਂਦਾ। ਇਹ ਬਰਾਬਰ ਕਿਰਤ ਸਬੰਧਾਂ ਉੱਪਰ ਅਧਾਰਿਤ ਸਹਿ-ਨਿਵਾਸ ਹੋਵੇਗਾ। ਇਹ ਸੁਤੰਤਰ ਅਤੇ ਬਰਾਬਰ ਮਰਦਾਂ ਅਤੇ ਔਰਤਾਂ ਦਰਮਿਆਨ ਸਹਿਨਿਵਾਸ ਹੋਵੇਗਾ। ਇਹ ਪਰਿਵਾਰਕ ਸੰਸਥਾ ਦੇ ਪੁਰਾਣੇ ਕਿਰਦਾਰ ਨੂੰ ਬਦਲ ਦੇਵੇਗਾ। ਮਤਲਬ ਇਹ ਕਿ, ‘ਪਰਿਵਾਰ’ ਸਮਾਜ ਵਿੱਚ ਹੋਂਦ ਰੱਖੇਗਾ ਪਰ ਇਸਦਾ ਕਿਰਦਾਰ ਨਿਰਪੱਖ ਅਤੇ ਬਰਾਬਰ ਬਣ ਜਾਵੇਗਾ। ਇਸਦੇ ਨਾਲ਼ ਹੀ ਮਰਦਾਂ ਅਤੇ ਔਰਤਾਂ ਦੀ ਪੁਰਾਣੀ ਜੀਵਨ-ਸ਼ੈਲੀ ਨਾਲ਼ ਸਬੰਧਿਤ ਸਮੁੱਚੀ ਸ਼ਬਦਾਵਲੀ ਵੀ ਬਦਲ ਜਾਵੇਗੀ।

ਐਪਰ, ਇਸ ‘ਸੰਗਰਾਂਦੀ ਪੜਾਅ’ ਦੌਰਾਨ, ਮਰਦ ਸਿਰਫ ਕੁੱਝ ਬਦਲਾਵਾਂ ਲਈ ਹੀ ਸਹਿਯੋਗ ਕਰਨਗੇ। ਮਜ਼ਦੂਰ ਜਮਾਤ ਮਰਦ, ਜੋ ਆਪਣੇ ‘ਮਾਲਕ’ ਨਾਲ਼ ਬਰਾਬਰਤਾ ਲੋਚਦਾ ਹੈ, ਉਹ ਆਪਣੇ ਪਰਿਵਾਰ ਅੰਦਰ ਆਪਣੀ ‘ਮਾਲਕੀ’ ਛੱਡਣ ਦੇ ਵਿਰੁੱਧ ਹੋਵੇਗਾ। ਉਹ ਆਪਣੀ ਪਤਨੀ ਨਾਲ਼ ਬਰਾਬਰਤਾ ਨਮਿੱਤ ਆਪਣੀ ਮਰਦ-ਪ੍ਰਧਾਨਤਾ ਨੂੰ ਪੂਰੀ ਤਰ੍ਹਾਂ ਛੱਡਣ ਦੇ ਵਿਰੁੱਧ ਦ੍ਰਿੜਤਾ ਨਾਲ਼ ਕੰਮ ਕਰੇਗਾ। ਜੋ ਮਰਦ ਨਵੇਂ ਸਮਾਜ ਦੀਆਂ ਵਿਸ਼ੇਸ਼ਤਾਵਾਂ ਨੂੰ ਜਲਦੀ ਸਮਝ ਲੈਣਗੇ ਉਹ ਆਪਣੀਆਂ ਅੱਖਾਂ ਵੀ ਫੌਰਨ ਖੋਲ੍ਹ ਲੈਣਗੇ। ਉਹ ਦਾਬੇ ਦੀ ਗੱਦੀ ਨੂੰ ਛੇਤੀ ਛੱਡ ਦੇਣਗੇ। ਪਰ ਜੋ ਅਜਿਹਾ ਨਹੀਂ ਕਰ ਸਕਦੇ ਉਹ ਇਸ ਦੀਆਂ ਕੰਨੀਆਂ ਨਾਲ਼ ਚਿੰਬੜੇ ਰਹਿਣਗੇ।

ਜਿਸ ਤਰ੍ਹਾਂ ਗੈਰ-ਕਿਰਤੀ ਜਮਾਤ ਨੂੰ ਕਿਰਤ ਵੱਲ ਖਿੱਚਣ ਲਈ ਅਤੇ ਬੌਧਿਕ ਕਿਰਤੀਆਂ ਦੀ ਜਮਾਤ ਨੂੰ ਸਰੀਰਕ ਕਿਰਤ ਵੱਲ ਖਿੱਚਣ ਲਈ ਭਾਰੀ ਸੰਘਰਸ਼ ਦੀ ਲੋੜ ਹੈ, ਉਸੇ ਤਰ੍ਹਾਂ ਮਰਦਾਂ ਨੂੰ ‘ਔਰਤਾਂ ਦੇ ਕੰਮ’ ਵੱਲ ਖਿੱਚਣ ਅਤੇ ਉਹਨਾਂ ਦੀ ਮਰਦ ਪ੍ਰਧਾਨਤਾ ਤੋਂ ਖਹਿੜਾ ਛੁਡਾਉਣ ਲਈ ਵੀ ਭਾਰੀ ਸੰਘਰਸ਼ ਦੀ ਲੋੜ ਹੈ।

ਔਰਤਾਂ ਤਦ ਹੀ ਪੂਰੀ ਤਰ੍ਹਾਂ ਮੁਕਤ ਹੋ ਸਕਦੀਆਂ ਹਨ ਜਦੋਂ ਉਹ ਮਰਦ ਦਾਬੇ ਦੇ ਖਿਲਾਫ਼ ਲੜਨ ਲਈ ਸਵੈਮਾਣ ਸਿੱਖ ਲੈਣਗੀਆਂ, ਚਾਹੇ ਇਹ ਦਾਬਾ ਕਿਤੇ ਵੀ ਅਤੇ ਕਦੋਂ ਵੀ ਪ੍ਰਗਟ ਹੋਵੇ।

ਜਿਸ ਤਰ੍ਹਾਂ ਕਿਸੇ ਵੀ ਸਮੱਸਿਆ ਦੇ ਹੱਲ ਲਈ ਕਈ ਗਲਤ ਉਪਾਅ ਉਪਜ ਪੈਂਦੇ ਹਨ, ਉਸੇ ਤਰ੍ਹਾਂ ‘ਮਰਦ ਦਾਬੇ’ ਦੀ ਸਮੱਸਿਆ ਦੇ ਹੱਲ ਲਈ ਵੀ ਕਈ ਤਰ੍ਹਾਂ ਦੇ ਗਲਤ ਉਪਾਅ ਉਪਜ ਪਏ ਹਨ। ਇਹ ਸਾਰੇ ਬੁਰਜੂਆ ਉਪਾਅ ਹਨ। ਘਰ ਨੂੰ ਅਰਪਿਤ ਔਰਤਾਂ ਦੇ ਲਈ ਇੱਕ ‘ਉਪਾਅ’ ਇਸ ਤਰ੍ਹਾਂ ਤਰਕ ਕਰਦਾ ਹੈ : ਕਿਉਂ ਜੋ ਪਤਨੀ ਘਰ ਦੇ ਸਾਰੇ ਘਰੇਲੂ ਕੰਮ ਕਰਦੀ ਹੈ, ਇਸ ਲਈ ਪਤੀ ਨੂੰ ਆਪਣੀ ਪਤਨੀ ਨੂੰ ‘ਉਜਰਤ’ ਦੇਣੀ ਚਾਹੀਦੀ ਹੈ। ਉਸ ਨੂੰ ਹਿਸਾਬ ਲਗਾਉਣਾ ਚਾਹੀਦਾ ਹੈ ਅਤੇ ਰਸੋਈ ਦੇ ਕੰਮ, ਬੱਚਿਆਂ ਦੀ ਦੇਖਭਾਲ ਅਤੇ ਹੋਰ ਸਾਰੇ ਕੰਮਾਂ ਲਈ ਉਜਰਤ ਦੇਣੀ ਚਾਹੀਦੀ ਹੈ ਜਾਂ ਫੇਰ ਸਰਕਾਰ ਨੂੰ ਗ੍ਰਹਿਣੀਆਂ ਲਈ ਉਜਰਤ ਦੇਣੀ ਚਾਹੀਦੀ ਹੈ’। ਇਹ ਉਹ ਉਪਾਅ ਹੈ ਜੋ ਬੁਰਜੂਆ ਨਾਰੀਵਾਦੀਆਂ ਨੇ ਕੱਢਿਆ।

ਪਤਨੀ ਅਤੇ ਪਤੀ ਦੋਨੋਂ ਹੀ ਪਰਿਵਾਰ ਪ੍ਰਤੀ ਜ਼ਿੰਮੇਂਵਾਰ ਹਨ। ‘ਪਰਿਵਾਰ’ ਲਈ ਕੀਤੇ ਜਾਣ ਵਾਲ਼ੇ ਕੰਮ ਵਿੱਚੋਂ ਅੱਧੇ ਕੰਮ ਦੀ ਜ਼ਿੰਮੇਂਵਾਰੀ ਔਰਤ ਦੀ ਹੈ। ਇਸ ਤੋਂ ਅੱਗੇ, ਔਰਤ ਦੀ ਆਪਣਾ ਨਿਰਬਾਹ ਆਪ ਕਰਨ ਦੀ ਪੂਰੀ ਜ਼ਿੰਮੇਂਵਾਰੀ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਅੱਧੀ ਜ਼ਿੰਮੇਂਵਾਰੀ ਉਸਦੀ ਹੈ। ਜਦ ਔਰਤਾਂ ਆਪਣੀ ਜ਼ਿੰਮੇਂਵਾਰੀ ਨਹੀਂ ਨਿਭਾ ਸਕਦੀਆਂ, ਤਾਂ ਮਰਦਾਂ ਨੂੰ ਇਸ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਮਤਲਬ ਕਿ ਔਰਤ ਦੇ ਨਿਰਬਾਹ ਨਾਲ਼ ਸਬੰਧਿਤ ਖਰਚ ਅਤੇ ਮਾਂ ਦੇ ਹਿੱਸੇ ਆਉਂਦਾ, ਬੱਚੇ ਉਪਰਲਾ ਖਰਚ ‘ਮਰਦ’ ਦੀ ਕਮਾਈ ਵਿੱਚੋਂ ਆਵੇ। (ਮਰਦ ਉਹ ‘ਕਿਰਤ’ ਬਾਹਰ ਕਰਦੇ ਹਨ) ਜੇਕਰ ਮਰਦ ਨਿਰਬਾਹ ਸਬੰਧੀ ਕੋਈ ਜਿੰਮੇਂਵਾਰੀ ਚੁੱਕਦਾ ਹੈ ਜੋ ਔਰਤ ਨੂੰ ਕਰਨੀ ਚਾਹੀਦੀ ਸੀ, ਤਾਂ ਔਰਤ ਉਸ ਜ਼ਿੰਮੇਂਵਾਰੀ ਨੂੰ ਲੈਣ ਲਈ ਪਾਬੰਦ ਹੈ ਜੋ ਮਰਦ ਵੱਲੋਂ ‘ਘਰੇਲੂ ਕੰਮ’ ਬਾਬਤ ਕੀਤਾ ਜਾਣਾ ਸੀ। ਇਹ ਕਿਰਤ ਦੀ ਵੰਡ ਹੈ, ਜੋ ਕਹਿੰਦੀ ਹੈ, ‘ਘਰੇਲੂ ਕੰਮ ਔਰਤਾਂ ਲਈ, ਬਾਹਰਲਾ ਕੰਮ ਮਰਦਾਂ ਲਈ’। ਇਸ ਸਵਾਲ ਦਾ ਹੱਲ ਹੈ : ‘ਦੋਵਾਂ ਲਈ ਘਰੇਲੂ ਕੰਮ! ਦੋਵਾਂ ਲਈ ਬਾਹਰੀ ਕੰਮ!’ ਤਦ ਦੋਨੋਂ ਨਿਰਬਾਹ ਅਤੇ ਘਰੇਲੂ ਕੰਮ ਸਬੰਧੀ ਆਪਣੀ-ਆਪਣੀ ਜ਼ਿੰਮੇਂਵਾਰੀ ਨਿਭਾਉਣਗੇ।

ਜੇਕਰ ਮਰਦ ਅਤੇ ਔਰਤ ਦੋਨਾਂ ਲਈ ਬਰਾਬਰੀ ਦੀਆਂ ਹਾਲਤਾਂ ਹੋਣ ਜਿਸ ਰਾਹੀਂ, ਦੋਹਾਂ ਨੂੰ, ਸ਼ੁਰੂ ਤੋਂ ਹੀ ਵਿੱਦਿਆ ਪ੍ਰਾਪਤ ਹੋਵੇ ਅਤੇ ਕਿਰਤ-ਸ਼ਕਤੀ ਬਾਰੇ ਸਿੱਖਣ ਤਾਂ ਔਰਤਾਂ ਵੀ ਮਰਦਾਂ ਵਾਂਗ ਆਪਣਾ ‘ਨਿਰਬਾਹ ਖੁਦ’ ਕਰਨ ਦੀ ਯੋਗਤਾ ਹਾਸਲ ਕਰ ਲੈਣਗੀਆਂ।

ਜੋ ਹੱਲ ਦੋ ਪੁਰਸ਼ਾਂ ਦਰਮਿਆਨ ਸਮੱਸਿਆ ਲਈ ਹੈ, ਉਹੀ ਹੱਲ ਮਰਦ ਅਤੇ ਔਰਤ ਲਈ ਹੈ। ਇਸ ਤਰ੍ਹਾਂ ਦਾ ਹੱਲ ਬੁਰਜੂਆ ਨਜ਼ਰੀਏ ਨੂੰ ਨਹੀਂ ਦਿਖਦਾ ਕਿਉਂ ਜੋ ਦੋ ਮਰਦਾਂ ਦਰਮਿਆਨ ‘ਬਰਾਬਰਤਾ’ ਦਾ ਹੱਲ ਵੀ ਉਸਨੂੰ ਨਜ਼ਰੀਂ ਨਹੀਂ ਪੈਂਦਾ।

ਇਹ ਕਹਿਣਾ ਕਿ ‘ਗ੍ਰਹਿਣੀ ਲਈ ਉਜਰਤ ਹੋਵੇ’ ਦਾ ਮਤਲਬ ਹੈ ‘ਔਰਤ ਨੂੰ ਸਿਰਫ ਘਰੇਲੂ ਕੰਮ ਤੱਕ ਮਹਿਦੂਦ ਕਰ ਦੇਣਾ’। ਇਸ ਦਾ ਮਤਲਬ ਹੈ ਮਰਦਾਂ ਨੂੰ ਘਰੇਲੂ ਕੰਮ ਤੋਂ ਦੂਰ ਰੱਖਣਾ! ਮਤਲਬ ਕਿ ਗ੍ਰਹਿਣੀ ਗ੍ਰਹਿਣੀ ਹੀ ਰਹੇ। ਔਰਤ ਲਈ ਹਮੇਸ਼ਾ ਘਰੇਲੂ ਕੰਮ! ਮਰਦ ਲਈ ਹਮੇਸ਼ਾ ਬਾਹਰੀ ਕੰਮ! ਦੋਨੋਂ ਕਦੇ ਵੀ ਬਰਾਬਰ ਨਹੀਂ ਹੋਣਗੇ! ਇਹ ਹੈ ਬੁਰਜੂਆ ਨਾਰੀਵਾਦੀ ਲੜਾਕਿਆਂ ਦਾ ‘ਬਰਾਬਰੀ’ ਲਈ ਘੋਲ਼।

‘ਜਾਤ’ ਦੇ ਸਵਾਲ ਬਾਰੇ ਮਾਰਕਸਵਾਦ :

‘ਹੇਠਲੀਆਂ’ ਜਾਤਾਂ ਕੋਲ਼ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਨਹੀਂ ਹੈ। ਕੇਵਲ ‘ਉੱਚ’ ਜਾਤਾਂ ਕੋਲ਼ ਹੈ। ਇਹਨਾਂ ਵਿਚੋਂ ਵੀ ਕੇਵਲ ਕੁੱਝ ਲੋਕਾਂ ਕੋਲ਼ ਹੀ ਮਾਲਕੀ ਹੈ।

ਹੇਠਲੀਆਂ ਜਾਤਾਂ ਵਿਚਲੀ ਬਹੁਤੀ ਅਬਾਦੀ ਹੇਠਲੇ-ਪੱਧਰ ਦੀ ਸਰੀਰਿਕ ਕਿਰਤ ਕਰਦੀ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਮਲੀਨ ਕਿੱਤੇ ਵੀ ਸ਼ਾਮਲ ਹਨ : ਘੱਟ ਮਲੀਨ ਅਤੇ ਵੱਧ ਮਲੀਨ। ਉੱਚੀਆਂ ਜਾਤਾਂ ਵਿਚਲੀ ਕੰਮ ਕਰਨ ਵਾਲ਼ੀ ਬਹੁਤੀ ਅਬਾਦੀ ਉੱਚ-ਪੱਧਰ ਦੀ ਸਰੀਰਿਕ ਕਿਰਤ ਜਾਂ ਮਾਨਸਿਕ ਕਿਰਤ ਵਿੱਚ ਸ਼ਾਮਲ ਹੈ।

ਇਸ ਲਈ, ਇਸ ਤਰ੍ਹਾਂ ਦੇ ਸਮਾਜ ਅੰਦਰ, ‘ਜਾਤਾਂ’ ਦੀ ਸਮੱਸਿਆ ਨੂੰ ਅਜਿਹੀਆਂ ਤਬਦੀਲੀਆਂ ਰਾਹੀਂ ਸੁਲਝਾਉਣਾ ਚਾਹੀਦਾ ਹੈ : ਪੈਦਾਵਾਰ ਦੇ ਸਾਧਨਾਂ ਉੱਪਰ ਉੱਚ ਜਾਤਾਂ ਦੇ ਨਿੱਜੀ ਹੱਕਾਂ ਦਾ ਖਾਤਮਾ ਅਤੇ ਪੁਰਾਣੀ ਕਿਰਤ ਵੰਡ ਨੂੰ ਬਦਲਣਾ। ਪੈਦਾਵਾਰ ਦੇ ਸਾਧਨਾਂ ਉੱਪਰ ਨਿੱਜੀ ਹੱਕਾਂ ਦੇ ਖਾਤਮੇ ਦੇ ਸਿੱਟੇ ਵਜੋਂ, ਉਹ ਹਾਲਤਾਂ ਹੀ ਖਤਮ ਹੋ ਜਾਣਗੀਆਂ ਜਿਨ੍ਹਾਂ ਸਦਕਾ ਉੱਚ ਜਾਤ ਦੇ ਲੋਕ ਹੇਠਲੀਆਂ ਜਾਤਾਂ ਦੇ ਲੋਕਾਂ ਉੱਪਰ ਮਾਲਕ ਵਜੋਂ ਕਾਇਮ ਹੁੰਦੇ ਹਨ। ਉੱਚ ਜਾਤੀ ਦੀ ਗੈਰ-ਕਿਰਤੀ ਅਬਾਦੀ ਵੀ ਕਿਰਤ ਵਿੱਚ ਸ਼ਾਮਲ ਹੋ ਜਾਵੇਗੀ।

ਮਗਰੋਂ, ਪੁਰਾਣੀ ਕਿਰਤ ਵੰਡ ਦੇ ਖਾਤਮੇ ਕਾਰਨ, ਉੱਚ ਜਾਤਾਂ ਸਰੀਰਿਕ ਕਿਰਤ ਅੰਦਰ ਆਉਣਗੀਆਂ ਅਤੇ ਹੇਠਲੀਆਂ ਜਾਤਾਂ ਮਾਨਸਿਕ ਕਿਰਤ ਅੰਦਰ। ਇਸ ਦਾ ਮਤਲਬ ਹੈ ਕਿ ਕਿਰਤ ਵੰਡ ਨੂੰ ਇਸ ਤਰੀਕੇ ਨਾਲ਼ ਬਦਲਣਾ ਚਾਹੀਦਾ ਹੈ ਤਾਂ ਜੋ ਹਰ ਵਿਅਕਤੀ ਸਮਾਜ ਦੀ ਹੋਂਦ ਲਈ ਲੋੜੀਂਦੀ, ਕੋਈ ਢੁਕਵੀਂ ਮਾਨਸਿਕ ਅਤੇ ਸਰੀਰਿਕ ਕਿਰਤ ਕਰੇ (ਮਲੀਨ ਕਿੱਤੇ ਵੀ : ਘੱਟ ਮਲੀਨ ਅਤੇ ਵੱਧ ਮਲੀਨ, ਦੋਨੋਂ)। ਅੰਤਰ-ਜਾਤੀ ਵਿਆਹ ਜਿਹੀਆਂ ਉੱਚ-ਉਸਾਰੀ ਤਬਦੀਲੀਆਂ ਵੀ ਇਸੇ ਤਬਦੀਲੀ ਦਾ ਹਿੱਸਾ ਹਨ। ਪਰ ਅੰਤਰ-ਜਾਤੀ ਵਿਆਹ ਤਦ ਤੱਕ ਆਮ ਵਰਤਾਰਾ ਨਹੀਂ ਬਣ ਸਕਦੇ ਜਦ ਤੱਕ ਸੰਪੱਤੀ ਸਬੰਧਾਂ ਅਤੇ ਮੌਜੂਦਾ ਕਿਰਤ ਦੀ ਵੰਡ ਅੰਦਰ ਮੁੱਢੋਂ-ਸੁਢੋਂ ਤਬਦੀਲੀ ਨਹੀਂ ਲਿਆਂਦੀ ਜਾਂਦੀ।

ਇਹਨਾਂ ਵਿੱਚੋ ਕਿਸੇ ਵੀ ਤਬਦੀਲੀ ਨੂੰ ਲੈ ਲਓ, ਇਹ ਜਮਾਤੀ ਘੋਲ਼ ਹੋਵੇਗਾ।

ਇਹ ਕਹਿਣਾ ਕਿ ਭੂਮੀਹੀਣ ਹੇਠਲੀਆਂ ਜਾਤਾਂ ਨੂੰ ਜ਼ਮੀਨ ਦੀ ਲੋੜ ਹੈ ਜਮਾਤੀ ਘੋਲ਼ ਹੈ।

ਇਹ ਕਹਿਣਾ ਕਿ ਹੇਠਲੀਆਂ ਜਾਤਾਂ, ਜੋ ਹਮੇਸ਼ਾ ਸਰੀਰਿਕ ਕਿਰਤ ਕਰਦੀਆਂ ਹਨ, ਨੂੰ ਮਾਨਸਿਕ ਕਿਰਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਵੀ ਜਮਾਤੀ ਘੋਲ਼ ਹੈ।

ਜਾਤ ਵਖਰੇਵੇਂ ਦੀ ਬੁਨਿਆਦ ਜਮਾਤੀ ਵਖਰੇਵਾਂ ਹੈ।

ਇਸੇ ਲਈ, ਜਾਤਾਂ ਦਾ ਖਾਤਮਾ ਜਮਾਤੀ ਘੋਲ਼ ਉੱਪਰ ਨਿਰਭਰ ਹੈ।

ਜੇਕਰ ਅਸੀਂ ਜਮਾਤੀ ਘੋਲ਼ ਨੂੰ ਨਹੀਂ ਸਮਝਦੇ, ਤਾਂ ਜਾਤਾਂ ਨੂੰ ਖਤਮ ਕਰਨ ਲਈ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਜਾ ਸਕਦਾ। ਜੇਕਰ ਜਮਾਤੀ ਘੋਲ਼ ਗਾਇਬ ਹੈ ਤਾਂ, ਹੇਠਲੀਆਂ ਜਾਤਾਂ ਹਮੇਸ਼ਾ ਉਹਨਾਂ ‘ਮਾਲਕਾਂ’ ਦੀਆਂ ਗੁਲਾਮ ਹੀ ਰਹਿਣਗੀਆਂ ਜਿਨ੍ਹਾਂ ਕੋਲ਼ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਹੈ ਅਤੇ ਹਮੇਸ਼ਾ ਸਰੀਰਿਕ ਕਿਰਤ ਅੰਦਰ ਹੀ ਕਾਇਮ ਰਹਿਣਗੀਆਂ।

ਮਾਰਕਸਵਾਦ ਦੀ ਅਲੋਚਨਾ ਦਾ ਜਵਾਬ ਜੈਂਡਰ ਸਵਾਲ ਦੇ ਅਧਾਰ ਅਤੇ ਉੱਚ-ਉਸਾਰ ਨਾਲ਼ ਸਬੰਧ ਬਾਰੇ:

ਜੈਂਡਰ ਸਬੰਧ ‘ਉੱਚ-ਉਸਾਰ’ ਨਾਲ਼ ਸਬੰਧ ਰੱਖਦੇ ਹਨ। ਕੇਵਲ ਕਿਰਤ ਸਬੰਧ ਹੀ ‘ਬੁਨਿਆਦ’ ਕਾਇਮ ਕਰਦੇ ਹਨ। ਪਹਿਲਾਂ, ਸਾਨੂੰ ਇਹ ਸਮਝਣਾ ਹੋਵੇਗਾ ਕਿ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ : ਇੱਕ ਜਮਾਤ ਜੋ ਕਿਰਤ ਕਰਦੀ ਹੈ ਤੇ ਦੂਸਰੀ ਜੋ ਕਿਰਤ ਨੂੰ ਲੁੱਟਦੀ ਹੈ। ਜੋ ਜਮਾਤ ਕਿਰਤ ਕਰਦੀ ਹੈ ਉਸ ਨੂੰ ਆਪਣੀ ਕਿਰਤ ਦਾ ਸਿਰਫ ਕੁੱਝ ਹਿੱਸਾ ਹੀ ‘ਉਜਰਤ’ ਦੇ ਤੌਰ ‘ਤੇ ਮਿਲ਼ਦਾ ਹੈ, ਤੇ ਵੱਡਾ ਹਿੱਸਾ ‘ਵਾਧੂ ਕਦਰ’ ਦੇ ਰੂਪ ਵਿੱਚ ਗਵਾ ਕੇ, ਘੋਰ ਗਰੀਬੀ ਦੀ ਜ਼ਿੰਦਗੀ ਬਤੀਤ ਕਰਦੀ ਹੈ। ਜੋ ਜਮਾਤ ਕਿਰਤ ਨੂੰ ਲੁੱਟਦੀ ਹੈ, ਉਹ ਵਾਧੂ ਕਦਰ ਦਾ ਹਿੱਸਾ ਲੈਂਦੇ ਹੋਏ ਇਸ ਨੂੰ ਮੁਨਾਫ਼ੇ, ਵਿਆਜ, ਕਿਰਾਏ, ਵਪਾਰੀ ਕਮਿਸ਼ਨ ਆਦਿ ਦੇ ਰੂਪ ਵਿੱਚ ਖਪਤ ਕਰਦੀ ਹੈ, ਅਤੇ ਬਿਨਾਂ ਕਿਰਤ ਕਰੇ ਸੁੱਖ-ਅਰਾਮੀ, ਅੱਯਾਸ਼ ਅਤੇ ਫੁਰਸਤ ਭਰੀ ਜ਼ਿੰਦਗੀ ਬਤੀਤ ਕਰਦੀ ਹੈ। ਇਹ ਮਜ਼ਦੂਰ ਜਮਾਤ ਹੈ ਜੋ ਦੋਹਾਂ ਜਮਾਤਾਂ ਲਈ ਲੋੜੀਂਦੀ ਕਿਰਤ ਕਰਦੀ ਹੈ।

ਕਿਰਤੀਆਂ ਦੇ ਵੱਖ-ਵੱਖ ਹਿੱਸੇ ਜੋ ਅਨੇਕ ਤਰ੍ਹਾਂ ਦੀ ਸਰੀਰਿਕ ਕਿਰਤ, ਮਾਨਸਿਕ ਕਿਰਤ, ਪੈਦਾਕਾਰ ਕਿਰਤ, ਅਣਪੈਦਾਕਾਰ ਕਿਰਤ ਕਰਦੇ ਹਨ – ਸਾਰੇ ਰਲ਼ਕੇ ‘ਮਜ਼ਦੂਰ ਜਮਾਤ’ ਬਣਾਉਂਦੇ ਹਨ। ਔਰਤਾਂ ਅਤੇ ਬੱਚੇ ਵੀ ਕਿਰਤ ਕਰਦੇ ਹਨ ਅਤੇ ‘ਮਜ਼ਦੂਰ ਜਮਾਤ’ ਦਾ ਹਿੱਸਾ ਹਨ। ਕਿਰਤ ਕਰਨ ਦੇ ਸਥਾਨ ਉੱਪਰ ਜੋ ਸਬੰਧ ਮੌਜੂਦ ਹੁੰਦੇ ਹਨ, ਉਹ ਕਿਰਤ ਕਰਦੀ ਜਮਾਤ ਅਤੇ ਕਿਰਤ ਲੁੱਟਦੀ ਜਮਾਤ ਦਰਮਿਆਨ ਸਬੰਧ ਬਣ ਜਾਂਦੇ ਹਨ। ਅਸੀਂ ਮਜ਼ਦੂਰ ਜਮਾਤ ਵਿੱਚ ਵੀ ਅਤੇ ਲੋਟੂ ਜਮਾਤ ਅੰਦਰ ਵੀ ਮਰਦਾਂ ਅਤੇ ਔਰਤਾਂ ਦੀ ਮੌਜੂਦਗੀ ਦੇਖਦੇ ਹਾਂ। ਅਸੀਂ ਦੋਹਾਂ ਜਮਾਤਾਂ ਅੰਦਰ ਮਰਦ ਪ੍ਰਧਾਨਤਾ ਅਤੇ ਔਰਤਾਂ ਦੀ ਅਧੀਨਗੀ ਦੇਖਦੇ ਹਾਂ। ਐਪਰ, ਇਹ ਇਹਨਾਂ ਜਮਾਤਾਂ ਦੀਆਂ ਹਾਲਤਾਂ ਉੱਪਰ ਨਿਰਭਰ ਕਰਦੇ ਹੋਏ ਵੱਖ-ਵੱਖ ਰੂਪਾਂ ਵਿੱਚ ਹੋਂਦ ਰੱਖਦੀ ਹੈ।

ਜੈਂਡਰ ਸਬੰਧ ਉਹ ਸਬੰਧ ਨਹੀਂ ਹਨ ਜੋ ਮਿਲ਼ ਕੇ ਅਧਾਰ ਕਾਇਮ ਕਰਦੇ ਹਨ। ਇਹ ਉੱਚ-ਉਸਾਰ ਦੇ ਸਬੰਧ ਹਨ ਜੋ ਅਧਾਰ ਦੇ ਅਨੁਸਾਰੀ ਪੈਦਾ ਹੁੰਦੇ ਹਨ। ਜੇਕਰ ਉੱਚ-ਉਸਾਰ ਦੇ ਕਿਸੇ ਵੀ ਪੱਖ ਵਿੱਚ ਕੋਈ ਵੀ ਤਬਦੀਲੀ ਆਉਂਦੀ ਹੈ ਤਾਂ ਇਹ ਉਹਨਾਂ ਤਬਦੀਲੀਆਂ ਨਾਲ਼ ਲਾਜ਼ਮੀ ਤੌਰ ‘ਤੇ ਇਕਸੁਰ ਸਬੰਧ ਰੱਖੇਗੀ ਜੋ ਬੁਨਿਆਦ ਵਿੱਚ ਆਉਂਦੀਆਂ ਹਨ। ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਪਹਿਲਾਂ ਅਧਾਰ ਨੂੰ ਹੀ ਪੂਰੀ ਤਰ੍ਹਾਂ ਬਦਲੀਏ ਅਤੇ ਤਦ ਹੀ ਉੱਚ-ਉਸਾਰ ਨਾਲ਼ ਸਬੰਧਿਤ ਪੱਖਾਂ ਅੰਦਰ ਤਬਦੀਲੀ ਅਰੰਭ ਕਰੀਏ। ਕੋਈ ਵੀ ਕਿਸੇ ਵੀ ਸਮੱਸਿਆ ਉੱਪਰ ਕਿਤੇ ਵੀ ਪ੍ਰਤੀਕਿਰਿਆ ਕਰ ਸਕਦਾ ਹੈ ਅਤੇ ਉਸਦੇ ਹੱਲ ਲਈ ਘੋਲ਼ ਕਰ ਸਕਦਾ ਹੈ। ਪਰ ਜੇਕਰ ਅਸੀਂ ਅਧਾਰ ਅਤੇ ਉੱਚ-ਉਸਾਰ ਦਰਮਿਆਨ ਸਬੰਧ ਨੂੰ ਨਹੀਂ ਸਮਝਦੇ ਤਾਂ ਅਸੀਂ ਸਮੱਸਿਆ ਦੇ ਮੂਲ ਕਾਰਣ ਅਤੇ ਉਸਦੇ ਹੱਲ ਨੂੰ ਨਹੀਂ ਫੜ੍ਹ ਸਕਾਂਗੇ। ਸਾਡਾ ਘੋਲ਼ ਸਹੀ ਰਾਹ ‘ਤੇ ਅੱਗੇ ਨਹੀਂ ਵਧੇਗਾ। ਇਹ ਸਾਨੂੰ ਆਰਜ਼ੀ ਤੌਰ ‘ਤੇ ਵੀ ਲੋੜੀਂਦੇ ਨਤੀਜੇ ਨਹੀਂ ਦੇਵੇਗਾ।

ਅਧਾਰ ਅਤੇ ਉੱਚ-ਉਸਾਰ ਦਰਮਿਆਨ ਵਖਰੇਵਾਂ 
ਅਤੇ ਅੰਤਰਕਿਰਿਆ :

ਅਧਾਰ ‘ਕਿਰਤ (ਪੈਦਾਵਾਰੀ) ਸਬੰਧਾਂ’ ਤੋਂ ਬਣਦਾ ਹੈ, ਜਦਕਿ ਉੱਚ-ਉਸਾਰ ਅੰਦਰ ਸਿਆਸਤ, ਕਲਾ, ਸਾਹਿਤ, ਵਿੱਦਿਆ, ਧਰਮ, ਦਰਸ਼ਨ, ਸੱਭਿਆਚਾਰ, ਵਿਚਾਰਧਾਰਾ, ਸਮਾਜਿਕ ਚੇਤਨਾ ਆਦਿ ਸ਼ਾਮਲ ਹੁੰਦੇ ਹਨ। ਇਹ ਜ਼ਰੂਰੀ ਹੈ ਕਿ ਉੱਚ-ਉਸਾਰ ਸਬੰਧਾਂ ਨੂੰ ਬੁਨਿਆਦੀ ਸਬੰਧਾਂ ਦੇ ਅਨੁਸਾਰ ਸਪੱਸ਼ਟ ਕੀਤਾ ਜਾਵੇ। ਅਸੀਂ ਇਹ ਮੰਨ ਲੈਂਦੇ ਹਾਂ ਕਿ ਸਮਾਜ ਦੇ ਸਾਰੇ ਪੱਖ ਜੁੜਵੇਂ ਹਨ ਅਤੇ ਇੱਕ-ਦੂਜੇ ਨੂੰ ਬਰਾਬਰ ਮਾਤਰਾ ਵਿੱਚ ਪ੍ਰਭਾਵਿਤ ਕਰਦੇ ਹਨ।

ਇਸ ਤਰ੍ਹਾਂ ਦੇ ਹਾਲਾਤ ਦਾ ਨਤੀਜਾ ਜਾਨਣ ਲਈ ਅਸੀਂ ਸਮਾਜ ਦੇ ਸਿਰਫ ਦੋ ਪੱਖਾਂ ਨੂੰ ਵਿਚਾਰਾਂਗੇ, ਓ ਅਤੇ ਅ। ਇਹ ਇੱਕ ਦੂਜੇ ਨੂੰ ਬਰਾਬਰ ਮਾਤਰਾ ਵਿੱਚ ਪ੍ਰਭਾਵਿਤ ਕਰਨ ਦੇ ਸਮਰੱਥ ਹਨ। ਮਤਲਬ ਕਿ, ਜੇਕਰ ਓ ਅ ਨੂੰ 100% ਪ੍ਰਭਾਵਿਤ ਕਰ ਸਕਦਾ ਹੈ ਤਾਂ ਅ ਵੀ ਓ ਨੂੰ 100% ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਕੀ ਸਿੱਟਾ ਨਿੱਕਲ਼ੇਗਾ? ਜੇਕਰ ਓ ਦੇ ਪ੍ਰਭਾਵ ਕਰਕੇ ਅ ਓ ਵਿੱਚ ਬਦਲ ਜਾਂਦਾ ਹੈ ਤਾਂ ਅ ਦੇ ਪ੍ਰਭਾਵ ਕਰਕੇ ਓ ਅ ਵਿੱਚ ਬਦਲ ਜਾਂਦਾ ਹੈ। ਦੋਨੋਂ ਅਦਲ-ਬਦਲ ਜਾਂਦੇ ਹਨ। ਉਹ ਨਾਮ ਬਦਲਣ ਤੋਂ ਬਾਅਦ ਵੀ ਪਹਿਲਾਂ ਜਿਹੇ ਰਹਿੰਦੇ ਹਨ। ਇਸ ਦਾ ਮਤਲਬ, ਜਦ ਦੋ ਚੀਜ਼ਾਂ ਦੇ ਪ੍ਰਭਾਵ ਇੱਕੋ ਮਾਤਰਾ ਵਿੱਚ ਹੋਣ ਤਾਂ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਸਿਫ਼ਰ ਹੋ ਜਾਂਦਾ ਹੈ। ਜੇਕਰ ਅਸੀਂ ਇਹਨਾਂ ਦੇ ਪ੍ਰਭਾਵ ਨੂੰ 100% ਤੋਂ ਘੱਟ ਵੀ ਮੰਨ ਲਈਏ, ਤਾਂ ਵੀ ਇਹ ਸਿਫ਼ਰ ਪ੍ਰਭਾਵ ਦੇ ਤੁੱਲ ਹੋਵੇਗਾ ਜੇਕਰ ਦੋਨਾਂ ਦਾ ਪ੍ਰਭਾਵ ਬਰਾਬਰ ਮਾਤਰਾ ਵਿੱਚ ਹੈ। ਮਤਲਬ ਇਹ ਕਿ ਦੋ ਚੀਜ਼ਾਂ ਸਮੁੱਚੇ ਤੌਰ ‘ਤੇ ਦੋ ਵੱਖੋ-ਵੱਖ ਚੀਜ਼ਾਂ ਵਜੋਂ ਹੋਂਦ ਰੱਖਦੀਆਂ ਹਨ। ਪਰ ਜੇਕਰ ਅਸੀਂ ਪਦਾਰਥਵਾਦੀ ਸਿਧਾਂਤਾਂ ਨੂੰ ਠੀਕ ਢੰਗ ਨਾਲ਼ ਸਮਝੀਏ ਤਾਂ ਕੁਦਰਤ ਜਾਂ ਸਮਾਜ ਦੋਹਾਂ ਦਾ ਕੋਈ ਵਰਤਾਰਾ ਅਲਹਿਦਾ ਤੌਰ ‘ਤੇ ਅਤੇ ਆਪਸੀ ਸਬੰਧਾਂ ਤੋਂ ਬਿਨਾਂ ਹੋਂਦ ਨਹੀਂ ਰੱਖਦਾ।

ਆਪਸੀ ਅਤੇ ਪਰਸਪਰ ਪ੍ਰਭਾਵ ਦੀ ਗੱਲ ਕਰਨ ਵਾਲ਼ੇ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਹਨ। ਪਰ ਪਦਾਰਥਵਾਦੀਆਂ ਦਰਮਿਆਨ ਵੀ ਇਹ ਦਲੀਲ ਸੁਣਨ ਨੂੰ ਮਿਲ਼ਦੀ ਹੈ : ‘ਅਸੀਂ ਵੀ ਇਸ ਤੱਥ ਨੂੰ ਪ੍ਰਵਾਨਦੇ ਹਾਂ ਕਿ ਸਮਾਜਿਕ ਵਰਤਾਰਿਆਂ ਦਰਮਿਆਨ ਆਪਸੀ ਸਬੰਧ ਅਤੇ ਪਰਸਪਰ ਪ੍ਰਭਾਵ ਹੋਂਦ ਰੱਖਦੇ ਹਨ। ਪਰ ਅਸੀਂ ਇਸ ਮਨੌਤ ਨਾਲ਼ ਸਹਿਮਤ ਨਹੀਂ ਕਿ ਇੱਕ ਅਧਾਰ ਹੁੰਦਾ ਹੈ ਅਤੇ ਦੂਜਾ ਉੱਚ-ਉਸਾਰ। ਅਸੀਂ ਅਗਾਂਹ ਤੁਹਾਡੀ ਇਸ ਗੱਲ ਨਾਲ਼ ਵੀ ਅਸਹਿਮਤ ਹਾਂ ਕਿ ਸਿਰਫ ਅਧਾਰ ਹੀ ਉੱਚ-ਉਸਾਰ ਨੂੰ ਪ੍ਰਭਾਵਿਤ ਕਰਦਾ ਹੈ।’

ਪਰ, ਇਹ ਮੁੱਦਾ ਇਸ ਤੱਥ ਨੂੰ ਪ੍ਰਵਾਨਣ ਨਾਲ਼ ਹੀ ਖ਼ਤਮ ਨਹੀਂ ਹੋ ਜਾਂਦਾ ਕਿ ਇਥੇ ‘ਪਰਸਪਰ ਪ੍ਰਭਾਵ’ ਦੀ ਹੋਂਦ ਹੈ। ਸਾਨੂੰ ਇਸ ਸਵਾਲ ਦੀ ਸਹੀ ਸਮਝ ਤੱਕ ਪਹੁੰਚਣਾ ਹੋਵੇਗਾ ਕਿ, ਕੀ ਪਰਸਪਰ ਸਬੰਧ ਇੱਕੋ ਮਾਤਰਾ ਵਿੱਚ ਹਨ ਜਾਂ ਵਧਦੇ-ਘਟਦੇ ਹਨ। ਇਸ ਦਾ ਕੀ ਨਤੀਜਾ ਹੋਵੇਗਾ ਜੇਕਰ ਅਸੀਂ ਇਹਨਾਂ ਦੋ ਤੱਥਾਂ ਨੂੰ ਇੱਕਠਾ ਕਰ ਦਿੰਦੇ ਹਾਂ : (1) ਵਰਤਾਰੇ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। (2) ਇਹ ਪ੍ਰਭਾਵ ਇੱਕੋ ਮਾਤਰਾ ਵਿੱਚ ਨਹੀਂ ਹੋਣਗੇ ਸਗੋਂ ਵਧਣਗੇ-ਘਟਣਗੇ?

ਪ੍ਰਧਾਨ ਪੱਖ ਉਹ ਹੋਵੇਗਾ ਜੋ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੋਵੇਗਾ (ਵਰਤਾਰਾ ਚਾਹੇ ਕੋਈ ਵੀ ਹੋਵੇ)। ਬਾਕੀ ਵਰਤਾਰਾ ਲਾਜ਼ਮੀ ਤੌਰ ‘ਤੇ ਪ੍ਰਧਾਨ ਵਰਤਾਰੇ ਅੰਦਰ ਸਮੋਇਆ ਗੌਣ ਵਰਤਾਰਾ ਬਣ ਜਾਵੇਗਾ। ਭਾਵੇਂ ਸਭਨਾਂ ਗੌਣ ਵਰਤਾਰਿਆਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਅਤੇ ਹਰ ਗੌਣ ਵਰਤਾਰਾ ਆਪਣਾ ਪ੍ਰਭਾਵ ਮੂਲ ਵਰਤਾਰੇ ਉੱਪਰ ਛੱਡਦਾ ਹੈ ਅਤੇ ਇਹ ਪਰਸਪਰ ਪ੍ਰਭਾਵ ਦੋਨੋਂ ਦਿਸ਼ਾਵਾਂ ਵੱਲ ਸੇਧਿਤ ਹੁੰਦੇ ਹਨ, ਪਰ ਸਮੁੱਚਤਾ ਵਿੱਚ ਦੇਖਿਆਂ ਇਹਨਾਂ ਸਾਰੇ ਵਟਾਂਦਰਿਆਂ ਦਾ ਅੰਤਲਾ ਨਤੀਜਾ ਇਹ ਹੀ ਹੈ ਕਿ ਸਾਰੇ ਗੌਣ ਵਰਤਾਰੇ ਪ੍ਰਧਾਨ ਵਰਤਾਰਿਆਂ ਅੰਦਰ ਸਮੋਏ ਜਾਣਗੇ।

ਜੇਕਰ ਅਸੀਂ ਇਸ ਨੂੰ ਸਮਾਜ ਉੱਤੇ ਲਾਗੂ ਕਰੀਏ ਤਾਂ ਅਸੀਂ ਇਸ ਸਿੱਟੇ ਉੱਪਰ ਪਹੁੰਚਦੇ ਹਾਂ ਕਿ ਇੱਕ ਖਾਸ ਪੱਖ ਅਧਾਰ ਬਣਦਾ ਹੈ ਅਤੇ ਬਾਕੀ ਪੱਖ ਮਿਲ਼ ਕੇ ਉੱਚ-ਉਸਾਰ ਬਣਾਉਂਦੇ ਹਨ। ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਸਮਾਜ ਲਈ ਇੱਕ ਨਹੀਂ ਸਗੋਂ ਅਨੇਕਾਂ ਅਧਾਰ ਹੁੰਦੇ ਹਨ ਤਾਂ ਵੀ ਅਸੀਂ ਉਸੇ ਨਤੀਜੇ ਉੱਤੇ ਪਹੁੰਚਾਂਗੇ ਜੋ ਅਸੀਂ ਹੁਣੇ ਦੇਖਿਆ ਹੈ। ਉਹਨਾਂ ਸਾਰੇ ਅਧਾਰਾਂ ਵਿੱਚੋਂ, ਇੱਕ ਖਾਸ ਪੱਖ ਜੋ ਸਭ ਤੋਂ ਵੱਧ ਪ੍ਰਭਾਵ ਛੱਡਦਾ ਹੈ ਉਹ ਮੂਲ ਅਧਾਰ ਬਣ ਜਾਂਦਾ ਹੈ ਅਤੇ ਬਾਕੀ ਸਾਰੇ ਵੱਖੋ-ਵੱਖ ਮਾਤਰਾ ਵਿੱਚ ਗੌਣ ਅਧਾਰ ਬਣ ਜਾਂਦੇ ਹਨ। ਮਾਰਕਸ ਅਨੁਸਾਰ, ‘ਕਿਰਤ ਸਬੰਧ’ ਹੀ ‘ਅਸਲ ਅਧਾਰ’ ਬਣਦੇ ਹਨ। ਇਸ ‘ਅਧਾਰ’ ਦਾ ਰੂਪ ਕੀ ਹੈ, ਇਹ ਵੱਖਰਾ ਸਵਾਲ ਹੈ। ਇਸ ਦਾ ਰੂਪ ਕੋਈ ਵੀ ਹੋਵੇ, ਇਹ ਅਧਾਰ ਹੈ।

ਚਾਹੇ ਕਿਰਤ ਦੀ ਲੁੱਟ ਹੋਂਦ ਵਿੱਚ ਨਾ ਵੀ ਰਹੇ, ਤਦ ਵੀ ਸਿਰਫ ਕਿਰਤ ਸਬੰਧ ਹੀ ਅਧਾਰ ਬਣਨਗੇ। ਅਧਾਰ ਦਾ ਉੱਚ-ਉਸਾਰ ਦੇ ਵੱਖੋ-ਵੱਖਰੇ ਹਿੱਸਿਆਂ ਉੱਪਰ ਪ੍ਰਭਾਵ ਲਾਜ਼ਮੀ ਹੀ ਇੱਕ ਤਰਕਸ਼ੀਲ ਪ੍ਰਕਿਰਿਆ ਹੈ ਨਾ ਕਿ ਮਸ਼ੀਨੀ। ਜੋ ਮਾਰਕਸ ਵੱਲੋਂ ਅਪਣਾਏ ‘ਕਿਰਤ ਸਬੰਧਾਂ’ ਦੇ ਅਧਾਰ ਨੂੰ ਨਹੀਂ ਮੰਨਦੇ, ਉਹਨਾਂ ਨੂੰ ਇਸ ਦੀ ਜਗ੍ਹਾ ਕੋਈ ਹੋਰ ਅਧਾਰ ਵੀ ਕਾਇਮ ਕਰਨਾ ਚਾਹੀਦਾ ਹੈ। ਮਤਲਬ ਕਿ, ਉਹਨਾਂ ਨੂੰ ਕੋਈ ਅਧਾਰ ਕਾਇਮ ਕਰਨਾ ਚਾਹੀਦਾ ਹੈ ਜੋ ਬਾਕੀ ਸਾਰੇ ਪੱਖਾਂ ਉੱਪਰ ਪ੍ਰਭਾਵ ਛੱਡੇ। ਜੇ ਉਹ ਕਹਿੰਦੇ ਹਨ ਕਿ ‘ਕਿਸੇ ਅਧਾਰ ਦੀ ਮੌਜੂਦਗੀ ਨਹੀਂ ਹੈ ਅਤੇ ਸਾਰੇ ਵਰਤਾਰੇ ਇੱਕੋ ਮਾਤਰਾ ਵਿੱਚ ਹੋਂਦ ਰਖਦੇ ਹਨ’, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਕਿਸੇ ਉੱਚਿਤ ਤਰਕ ਦਾ ਪਾਲਣ ਨਹੀਂ ਕਰਦੇ।

ਇਸ ਦਲੀਲ ਬਾਰੇ ਕਿ ਕਿਉਂ ਜੋ ਮਾਰਕਸਵਾਦ ‘ਪਿੱਤਰਸੱਤ੍ਹਾ’ ਨੂੰ ਮੂਲ ਕਾਰਣ ਨਹੀਂ ਜਾਣਦਾ, ਇਸ ਲਈ ਇਹ ਔਰਤਾਂ ਉੱਪਰ ਦਾਬੇ ਨੂੰ ਖ਼ਤਮ ਕਰ ਲਈ ਕਾਫ਼ੀ ਨਹੀਂ ਹੈ :

ਪਿੱਤਰਸੱਤ੍ਹਾ ਔਰਤ ਉੱਪਰ ਦਾਬੇ ਦਾ ਫੌਰੀ ਕਾਰਣ ਹੈ। ਪਿੱਤਰਸੱਤ੍ਹਾ ਦੀ ਬੁਨਿਆਦ ਫਿਰ ਕੀ ਹੈ? ਨਿੱਜੀ ਸੰਪੱਤੀ! ਨਿੱਜੀ ਸੰਪੱਤੀ ਦੀ ਬੁਨਿਆਦ ਹੈ ਕਿਰਤ ਦੀ ਲੁੱਟ। ਕਿਰਤ ਦੀ ਅਜੋਕੀ ਲੁੱਟ ਮੁਨਾਫ਼ੇ, ਵਿਆਜ ਅਤੇ ਕਿਰਾਏ ਦੇ ਰੂਪ ਵਿੱਚ ਹੋ ਰਹੀ ਹੈ। ਮਾਰਕਸਵਾਦ ਨੇ ਇਸ ਕਿਰਤ ਦੀ ਲੁੱਟ ਨੂੰ ਸਮਝਿਆ ਹੈ। ਅਸੀਂ ਨਿੱਜੀ ਸੰਪੱਤੀ ਨੂੰ ਤਾਂ ਹੀ ਖ਼ਤਮ ਕਰ ਸਕਦੇ ਹਾਂ ਜੇਕਰ ਅਸੀਂ ਇਸ ਦੀ ਬੁਨਿਆਦ ਨੂੰ ਬਦਲੀਏ।

ਮਰਦ (ਪੁਰਸ਼ ਵਿਅਕਤੀ), ਪਰਿਵਾਰ ਉੱਪਰ ਮਾਲਕ ਦੀ ਹੈਸੀਅਤ ਵਜੋਂ ਇਸ ਲਈ ਹੋਂਦ ਰੱਖਦਾ ਹੈ ਕਿਉਂਕਿ ਉਹ ਸੰਪੱਤੀ ਦਾ ਮਾਲਕ ਹੈ। ਕਿਉਂ ਜੋ ਹਾਕਮ ਜਮਾਤ ਉਹ ਜਮਾਤ ਹੈ ਜੋ ਸੰਪੱਤੀ ਉੱਪਰ ਕਾਬਜ਼ ਹੈ, ਇਸ ਲਈ ਸੰਪੱਤੀਹੀਣ ਮਜ਼ਦੂਰ ਜਮਾਤ ਨੂੰ ਵੀ ਹਾਕਮ ਜਮਾਤ ਦੇ ਕਨੂੰਨਾਂ ਅਤੇ ਰਵਾਇਤਾਂ ਨੂੰ ਮੰਨਣਾ ਪੈਂਦਾ ਹੈ। ਇਸ ਲਈ, ਔਰਤਾਂ ਉੱਪਰ ਦਾਬੇ ਨੂੰ ਖ਼ਤਮ ਕਰਨ ਲਈ ਇਹ ਕਾਫ਼ੀ ਨਹੀਂ ਹੈ ਕਿ ਅਸੀਂ ਲਫ਼ਜ਼ ‘ਪਿੱਤਰਸੱਤ੍ਹਾ’, ‘ਪਿੱਤਰਸੱਤ੍ਹਾ’ ਅਤੇ ‘ਪਿੱਤਰਸੱਤ੍ਹਾ’ ਉਚਾਰਦੇ ਰਹੀਏ! ਸਾਨੂੰ ਇੱਕ ਰਾਹ ਦੀ ਜ਼ਰੂਰਤ ਹੈ ਜੋ ਪਿੱਤਰਸੱਤ੍ਹਾ ਨੂੰ ਖ਼ਤਮ ਕਰੇ। ਕੀ ਨਾਰੀਵਾਦੀਆਂ ਕੋਲ਼ ਇਸ ਲਈ ਕੋਈ ਰਾਹ ਹੈ? ਨਹੀਂ, ਕੋਈ ਨਹੀਂ।

ਅਸੀਂ ਸਿਰਫ ਮਾਰਕਸਵਾਦ ਵਿੱਚ ਹੀ ਉਹ ਰਾਹ ਲੱਭਦੇ ਹਾਂ। ਇਹ ਸੰਪੱਤੀ ਸਬੰਧਾਂ ਉੱਪਰ ਹਮਲਾ ਕਰਦਾ ਹੈ ਜੋ ਮਰਦਾਂ ਨੂੰ ਸੰਪੱਤੀ ਉੱਪਰ ਹੱਕ ਦਿੰਦੇ ਹਨ। ਕੋਈ ਵੀ ਸੰਪੱਤੀ ਸਬੰਧਾਂ ਉੱਪਰ ਹਮਲਾ ਕੀਤੇ ਬਿਨਾਂ ਪਿੱਤਰਸੱਤ੍ਹਾ ਦਾ ਕੁੱਝ ਨਹੀਂ ਵਿਗਾੜ ਸਕਦਾ।

ਮਾਰਕਸਵਾਦ ਸਿਰਫ ਪਿੱਤਰਸੱਤ੍ਹਾ ਉੱਪਰ ਨਹੀਂ ਰੁਕ ਜਾਂਦਾ। ਇਹ ਸੰਪੱਤੀ ਸਬੰਧਾਂ ਉੱਪਰ, ਮਤਲਬ ਕਿ, ਕਿਰਤ ਦੀ ਲੁੱਟ ਉੱਪਰ ਹਮਲਾ ਕਰਦਾ ਹੈ।

ਜੇਕਰ ਔਰਤਾਂ ਵੀ ਮਜ਼ਦੂਰ ਵਜੋਂ ਹੋਂਦ ਰੱਖਦੀਆਂ ਹਨ ਤਾਂ ਔਰਤਾਂ ਅਤੇ ਮਰਦ ਦੋਵੇਂ ਇੱਕੋ ਰਸਤੇ ਰਾਹੀਂ ਲੁੱਟ ਤੋਂ ਮੁਕਤ ਹੋਣਗੇ। ਉਹਨਾਂ ਔਰਤਾਂ ਦੇ ਮਾਮਲੇ ਵਿੱਚ ਜੋ ਘਰਾਂ ਤੱਕ ਸੀਮਤ ਹਨ, ਉਹਨਾਂ ਦੀ ਸਮਾਜਿਕ ਕਿਰਤ ਵਿੱਚ ਆਮਦ ਅਤੇ ਮਰਦਾਂ ਦੀ ਘਰੇਲੂ ਕੰਮ ਵਿੱਚ ਸ਼ਮੂਲੀਅਤ ਇਸ ਸਮੱਸਿਆ ਦਾ ਹੱਲ ਹੋਵੇਗੀ। ਮਾਰਕਸਵਾਦ ਇਹ ਰਾਹ ਸਪੱਸ਼ਟ ਦਰਸਾਉਂਦਾ ਹੈ।

ਨਿੱਜੀ ਸੰਪੱਤੀ ਦੇ ਸਬੰਧਾਂ ਦੇ ਖਾਤਮੇ ਨਾਲ਼ ਮਰਦਾਂ ਦੀ ਸੰਪੱਤੀ ਉੱਪਰ ਮਾਲਕੀ/ਨਿਯੰਤਰਣ ਝੰਜੋੜਿਆ ਜਾਵੇਗਾ। ਮਰਦਾਂ ਅਤੇ ਔਰਤਾਂ ਦਰਮਿਆਨ, ਘਰ ਅਤੇ ਬਾਹਰ, ਦੋਨੋਂ ਥਾਵੇਂ, ਕਿਰਤ ਦੀ ਵੰਡ ਵਿੱਚ ਬਦਲਾਅ ਨਾਲ਼ ਮਰਦਾਂ ਦੇ ਵਿਸ਼ੇਸ਼ਾਧਿਕਾਰ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਇਹਨਾਂ ਸਾਰੇ ਬਦਲਾਵਾਂ ਤੋਂ ਕੀ ਹਾਸਲ ਹੋਵੇਗਾ? ਬਰਾਬਰੀ।

ਔਰਤਾਂ ਵੀ ਇਨਸਾਨ ਹਨ। ਜੇ ਕੋਈ ਇਹ ਕਹਿੰਦਾ ਹੈ ਕਿ ਲੁੱਟ ਨੂੰ ਖ਼ਤਮ ਕਰਨ ਅਤੇ ਇਨਸਾਨਾਂ ਨੂੰ ਬਰਾਬਰ ਬਣਾਉਣ ਵਾਲ਼ਾ ਰਾਹ ਵਿਅਰਥ ਹੈ, ਤਾਂ ਇਹ ਕਹਿਣਾ ਇਸੇ ਦੇ ਤੁੱਲ ਹੋਵੇਗਾ ਕਿ ਲੁੱਟ ਉਪਯੋਗੀ ਹੈ ਅਤੇ ਇਨਸਾਨਾਂ ਨੂੰ ਬਰਾਬਰੀ ਨਾਲ਼ ਰਹਿਣ ਦੀ ਲੋੜ ਨਹੀਂ। ਮਤਲਬ ਇਹ ਕਿ ਉਹ ਸੰਪੱਤੀ ਅਤੇ ਪਰਿਵਾਰ ਉੱਪਰ ਮਰਦਾਂ ਦੀ ਮਾਲਕੀ ਅਤੇ ਨਿਯੰਤਰਣ ਦਾ ਬਚਾਅ ਕਰ ਰਹੇ ਹਨ ਅਤੇ ਦਲੀਲ ਦੇ ਰਹੇ ਹਨ ਕਿ ਮਰਦਾਂ ਅਤੇ ਔਰਤਾਂ ਨੂੰ ਪਹਿਲਾਂ ਦੀ ਤਰ੍ਹਾਂ ਨਾਬਰਾਬਰੀ ਨਾਲ਼ ਰਹਿਣਾ ਚਾਹੀਦਾ ਹੈ।

ਜਿਹੜੇ ਉਸ ਬੁਨਿਆਦ ਨੂੰ ਨਜ਼ਰ-ਅੰਦਾਜ਼ ਕਰਦੇ ਹਨ ਜੋ ਮਰਦਾਂ ਨੂੰ ਹਕੂਮਤ ਦਿੰਦੀ ਹੈ ਉਹ ਮਹਿਜ਼ ‘ਪਿੱਤਰਸੱਤ੍ਹਾ’! ‘ਪਿੱਤਰਸੱਤ੍ਹਾ’! ਦੇ ਨਾਹਰੇ ਲਾ ਕੇ ਔਰਤਾਂ ਦਾ ਕੋਈ ਭਲਾ ਨਹੀਂ ਕਰਨ ਲੱਗੇ, ਸਗੋਂ ਮਰਦਾਂ ਵੱਲ ਹੀ ਭੁਗਤ ਰਹੇ ਹਨ।

ਅਖੌਤੀ ‘ਲਿੰਗਕ-ਜਮਾਤਾਂ’ ਅਤੇ ਮਰਦਾਂ ਅਤੇ ਔਰਤਾਂ ਦਰਮਿਆਨ ਦੁਸ਼ਮਣਾਨਾਂ ਵਿਰੋਧਤਾਈਆਂ ਦੀ ਹੋਂਦ ਬਾਰੇ :

ਅਸੀਂ ਮਰਦਾਂ ਅਤੇ ਔਰਤਾਂ ਨੂੰ ਦੋ ਵੱਖਰੀਆਂ ਜਮਾਤਾਂ (ਲਿੰਗਕ ਜਮਾਤਾਂ) ਦੇ ਤੌਰ ‘ਤੇ ਚਿੱਤਰਤ ਨਹੀਂ ਕਰ ਸਕਦੇ ਕਿਉਂ ਜੋ ਜਮਾਤਾਂ ਕਿਰਤ ਦੀ ਲੁੱਟ ਉੱਪਰ ਅਧਾਰਿਤ ਹੁੰਦੀਆਂ ਹਨ। ਸਾਰੇ ਮਰਦ ਜਮਾਤ ਦੇ ਰੂਪ ਵਿੱਚ ਸਾਰੀਆਂ ਔਰਤਾਂ ਦੀ ਕਿਰਤ ਉਸ ਤਰ੍ਹਾਂ ਨਹੀਂ ਲੁੱਟਦੇ ਜਿਸ ਤਰ੍ਹਾਂ ਸਰਮਾਏਦਾਰ ਜਮਾਤ ਦੇ ਤੌਰ ‘ਤੇ ਮਜ਼ਦੂਰਾਂ ਦੀ ਕਿਰਤ ਲੁੱਟਦੇ ਹਨ। ਐਪਰ, ‘ਲਿੰਗ ਜਮਾਤ’ ਸ਼ਬਦ ਨੂੰ ਢਿੱਲੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ, ਇਸ ਤੱਥ ਨੂੰ ਪ੍ਰਗਟਾਉਣ ਲਈ ਕਿ ਲੋਟੂ ਸਮਾਜ ਨੇ ਮਰਦਾਂ ਅਤੇ ਔਰਤਾਂ ਦਰਮਿਆਨ ਵਿਰੋਧੀ ਸਬੰਧ ਪੈਦਾ ਕਰ ਦਿੱਤਾ ਹੈ।

ਨਿੱਜੀ ਸੰਪੱਤੀ ਅਤੇ ਪੁਰਸ਼ ਸੰਤਾਨ ਨੂੰ ਉੱਤਰਾਧਿਕਾਰਤਾ ਦੇ ਹੱਕ ਦੀ ਬੁਨਿਆਦ ਕਿਰਤ ਦੀ ਲੁੱਟ ਹੈ। ਇਸ ਦਾ ਨਤੀਜਾ ਪੁਰਸ਼ ਦੇ ਦਾਬੇ ਅਤੇ ਔਰਤਾਂ ਦੀ ਅਧੀਨਗੀ ਦੇ ਰੂਪ ਵਿੱਚ ਹੋਇਆ। ਲੋਟੂ ਜਮਾਤ ਅੰਦਰ ਮਰਦ ਇਕੱਲਾ ਹੀ ਸੰਪੱਤੀ ਦਾ ਮਾਲਕ ਹੁੰਦਾ ਹੈ। ਉਹ ਇੱਕਲਾ ਹੀ ਪਰਿਵਾਰ ਵਿੱਚ ਸਾਰੀਆਂ ਔਰਤਾਂ ਦਾ ‘ਮਾਲਕ’ ਹੁੰਦਾ ਹੈ। ਮਜ਼ਦੂਰ ਜਮਾਤ ਨੂੰ ਵੀ ਉਹੀ ਕਨੂੰਨ ਅਤੇ ਰਵਾਇਤਾਂ ਅਪਨਾਉਣੀਆਂ ਪੈਂਦੀਆਂ ਹਨ ਜੋ ਹਾਕਮ ਜਮਾਤ ਅਪਣਾਉਂਦੀ ਹੈ। ਇਸ ਤਰ੍ਹਾਂ ਸੰਪੱਤੀਹੀਣ ਮਜ਼ਦੂਰ ਜਮਾਤ ਵਿੱਚ ਵੀ ਮਰਦ ਹੀ ਪਰਿਵਾਰ ਦਾ ਮਾਲਕ ਹੁੰਦਾ ਹੈ।

ਜੇਕਰ ਅਸੀਂ ਲੋਟੂ ਜਮਾਤ ਅਤੇ ਮਜ਼ਦੂਰ ਜਮਾਤ, ਦੋਹਾਂ ਅੰਦਰ ਮਰਦ-ਔਰਤ ਦੇ ਸਬੰਧਾਂ ਦੀ ਪੜਤਾਲ ਕਰੀਏ ਤਾਂ ਅਸੀਂ ਪਾਵਾਂਗੇ ਕਿ ਉਹਨਾਂ ਦਾ ਖਾਸਾ ਮਾਲਕ ਅਤੇ ਗੁਲਾਮ ਵਾਲ਼ਾ ਹੈ। ਮਰਦਾਂ ਨੂੰ ਕਈ ਵਿਸ਼ੇਸ਼ ਅਧਿਕਾਰ ਹਾਸਲ ਹਨ ਜਿਹੜੇ ਔਰਤਾਂ ਨੂੰ ਕਨੂੰਨ ਜਾਂ ਰਵਾਇਤ ਮੁਤਾਬਕ ਹਾਸਲ ਨਹੀਂ। ਮਰਦ ਇੱਕਲਾ ਹੀ ਪੂਰੇ ਪਰਿਵਾਰ ਦਾ ‘ਮਾਲਕ’ ਹੈ। ਸਮਾਜ ਔਰਤਾਂ ਅਤੇ ਬੱਚਿਆਂ ਨੂੰ ਉਸ ਮਾਲਕ ਰਾਹੀਂ ਹੀ ਪਛਾਣਦਾ ਹੈ। ਜੇਕਰ ਅਸੀਂ, ਕਿਸੇ ਵੀ ਤਰ੍ਹਾਂ ਦੇ ਸਬੰਧ ਵਿੱਚ, ਇੱਕ ਪਾਸੇ ਮਾਲਕੀ ਅਤੇ ਦੂਜੀ ਪਾਸੇ ਗੁਲਾਮੀ ਦੀ ਹੋਂਦ ਦੇਖਦੇ ਹਾਂ, ਤਾਂ ਅਜਿਹੇ ਸਬੰਧ ਵਿੱਚ — ਚਾਹੇ ਕਿਤੇ ਵੀ ਹੋਵੇ — ਦੁਸ਼ਮਣਾਨਾਂ ਵਿਰੋਧਤਾਈਆਂ ਹਨ। ਜਦ ਅਸੀਂ ‘ਦੁਸ਼ਮਣਾਨਾਂ ਵਿਰੋਧਤਾਈਆਂ’ ਬਾਰੇ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਤੀ ਅਤੇ ਪਤਨੀ ਇੱਕ ਦੂਜੇ ਦਾ ਗਲ਼ਾ ਵੱਢਣ ਤਾਈਂ ਜਾਂਦੇ ਹਨ। ਦੁਸ਼ਮਣਾਨਾਂ ਵਿਰੋਧਤਾਈਆਂ ਦਾ ਮਤਲਬ ਹੈ ਪਰਸਪਰ ਵਿਰੋਧੀ ਹਾਲਤਾਂ ਦੀ ਹੋਂਦ। ਜਦ ਅਸੀਂ ਲਿੰਗਕ-ਜਮਾਤਾਂ ਦੇ ਖਾਤਮੇ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਮਰਦਾਂ ਦੇ ਗਲਬੇ ਦੀਆਂ ਹਾਲਤਾਂ ਅਤੇ ਔਰਤਾਂ ਦੀ ਅਧੀਨਗੀ ਦੀਆਂ ਹਾਲਤਾਂ ਦੇ ਖਾਤਮੇ ਦੀ ਗੱਲ ਕਰਦੇ ਹਾਂ। ਇਸ ਦਾ ਇਹ ਮਤਲਬ ਕਦੇ ਵੀ ਨਹੀਂ ਕਿ ਸਾਰੇ ਮਰਦਾਂ ਨੂੰ ਫ਼ਨਾਹ ਹੋ ਜਾਣਾ ਚਾਹੀਦਾ ਹੈ ਅਤੇ ਸਿਰਫ ਔਰਤਾਂ ਨੂੰ ਰਹਿਣਾ ਚਾਹੀਦਾ ਹੈ। ਮਰਦਾਂ ਅਤੇ ਔਰਤਾਂ ਦੀ ਵੱਖਰੀਆਂ ‘ਲਿੰਗ ਜਮਾਤਾਂ’ ਅੰਦਰ ਵੰਡ ਕਰਨਾ ਤਦ ਅਤੇ ਸਿਰਫ ਤਦ ਹੀ ਸਹੀ ਹੋਵੇਗਾ ਜਦੋਂ ਇਸ ਵੰਡ ਦਾ ਕਿਰਤ ਦੀ ਲੁੱਟ ਨਾਲ਼ ਕੋਈ ਲਾਗਾ-ਦੇਗਾ ਨਾ ਹੋਵੇ ਅਤੇ ਇਹ ਪਰਿਵਾਰ ਅੰਦਰ ਸਿਰਫ ਮਰਦ ਦੀ ਮਾਲਕੀ ਅਤੇ ਔਰਤ ਦੀ ਅਧੀਨਗੀ ਨੂੰ ਦਰਸਾਉਣ ਦਾ ਹੀ ਸਵਾਲ ਹੋਵੇ।

ਐਪਰ, ਮਰਦਾਂ ਅਤੇ ਔਰਤਾਂ ਦਰਮਿਆਨ ਦਾਬੇ ਅਤੇ ਅਧੀਨਗੀ ਦੇ ਸਬੰਧ ਪੈਦਾਵਾਰੀ ਸਬੰਧਾਂ ਨਾਲ਼ ਜੁੜੇ ਹੋਏ ਹਨ। ਜੈਂਡਰ ਸਬੰਧ ਪੈਦਾਵਾਰੀ ਸਬੰਧਾਂ ਉੱਪਰ ਅਧਾਰਿਤ ਹਨ ਜੋ ‘ਅਧਾਰ’ ਬਣਾਉਦੇ ਹਨ। ਇਸ ਲਈ, ਜੈਂਡਰ ਸਬੰਧਾਂ ਨੂੰ ਬਦਲਣ ਲਈ ਘੋਲ਼ ਤਾਂ ਹੀ ਸਹੀ ਰਾਹ ‘ਤੇ ਚੱਲ ਸਕਦਾ ਹੈ ਜੇਕਰ, ਪੈਦਾਵਾਰੀ ਸਬੰਧਾਂ ਨੂੰ ਬਦਲਣ ਲਈ ਘੋਲ਼ ਸਹੀ ਰਾਹ ‘ਤੇ ਚਲਦਾ ਹੈ। ਅਸੀਂ ਪੈਦਾਵਾਰੀ ਸਬੰਧਾਂ ਨੂੰ ਬਦਲਣ ਵਾਲ਼ੇ ਜਮਾਤੀ ਘੋਲ਼ ਨਾਲ਼ ਮੇਲ਼ ਕੀਤੇ ਬਿਨਾਂ ਜੈਂਡਰ ਸਬੰਧਾਂ ਨੂੰ ਬਦਲਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕਦੇ।

ਮਜ਼ਦੂਰ ਜਮਾਤ ਦੇ ਮਰਦ ਵੀ ਮਜ਼ਦੂਰ ਜਮਾਤ ਦੀਆਂ ਔਰਤਾਂ ਉੱਪਰ ਦਾਬੇ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੇ ਦਾਬੇ ਖਿਲਾਫ਼, ਕਈ ਔਰਤਾਂ ਨਿੱਜੀ ਪੱਧਰ ਉੱਤੇ ਲਗਾਤਾਰ ਲੜਦੀਆਂ ਹਨ। ਅਜਿਹੀਆਂ ਔਰਤਾਂ ਕੁੱਝ ਹੱਦ ਤੱਕ ਆਪਣੀ ਹਾਲਤ ਨੂੰ ਸੁਧਾਰ ਲੈਂਦੀਆਂ ਹਨ। ਉਸੇ ਤਰ੍ਹਾਂ ਕਈ ਮਰਦ ਵੀ ਸਮਾਜ ਵੱਲੋਂ ਉਸ ਨੂੰ ਔਰਤ ਦੇ ਦਾਬੇ ਲਈ ਦਿੱਤੇ ਗਏ ਕਈ ਹੱਕਾਂ ਨੂੰ ਛੱਡ ਦਿੰਦੇ ਹਨ। ਜੋ ਮਰਦ ਅਤੇ ਔਰਤ ‘ਬਰਾਬਰੀ’ ਦੀ ਕਦਰ ਕਰਦੇ ਹਨ, ਉਹ ਜਦ ਪਤੀ-ਪਤਨੀ ਬਣਦੇ ਹਨ ਤਾਂ, ਪਰਿਵਾਰ ਦੇ ਪੱਧਰ ‘ਤੇ ਦੁਸ਼ਮਣਾਨਾਂ ਵਿਰੋਧਤਾਈਆਂ ਮਿਟ ਜਾਂਦੀਆਂ ਹਨ ਅਤੇ ਦੋਸਤੀ ਅਤੇ ਏਕਤਾ ਵਿਕਸਤ ਹੁੰਦੀ ਹੈ। ਪਰ ਸਮਾਜ ਦੇ ਪੱਧਰ ਉੱਤੇ ਦੁਸ਼ਮਣਾਨਾਂ ਵਿਰੋਧਤਾਈਆਂ ਪਹਿਲਾਂ ਵਾਂਗੂੰ ਹੀ ਮੌਜੂਦ ਰਹਿੰਦੀਆਂ ਹਨ। ਇਹਨਾਂ ਨੂੰ ਬਦਲਣ ਲਈ, ਸਾਨੂੰ ਸਮਾਜਿਕ ਅਧਾਰ ਨੂੰ ਬਦਲਣ ਦਾ ਸੰਘਰਸ਼ ਵਿੱਢਣਾ ਪਵੇਗਾ।

ਮਜ਼ਦੂਰ ਜਮਾਤ ਦੇ ਮਰਦਾਂ ਨੂੰ ਔਰਤਾਂ ਉੱਪਰ ਆਪਣੇ ਦਾਬੇ ਦੇ ਅਨਿਆਈ ਰੂਪ ਦਾ ਅਹਿਸਾਸ ਉਦੋਂ ਹੋਵੇਗਾ ਜਦੋਂ ਆਪਣੇ ਅਤੇ ਸਾਰੀ ਮਜ਼ਦੂਰ ਜਮਾਤ, ਜਿਸ ਵਿੱਚ ਮਰਦ ਅਤੇ ਔਰਤ ਮਜ਼ਦੂਰ ਦੋਨੋਂ ਸ਼ਾਮਲ ਹਨ, ਉੱਪਰ ਲੋਟੂਆਂ ਦੇ ਅਨਿਆਂਪੂਰਨ ਦਾਬੇ ਦਾ ਅਹਿਸਾਸ ਹੋਵੇਗਾ। ਮਜ਼ਦੂਰ ਜਮਾਤ ਦੇ ਮਰਦਾਂ ਅਤੇ ਔਰਤਾਂ ਨੂੰ , ਜੋ ਆਪਣੇ ਉੱਪਰੋਂ ਮਾਲਕਾਂ ਦੇ ਦਾਬੇ ਨੂੰ ਲਾਹੁਣ ਲਈ ਜਮਾਤੀ ਚੇਤਨਾ ਨਾਲ਼ ਲੜਦੇ ਹਨ, ਉਹਨਾਂ ਨੂੰ ਆਪਣੇ ਦਰਮਿਆਨ ਵੀ ਮੌਜੂਦ ਦਾਬੇ ਅਤੇ ਅਧੀਨਤਾ ਦੇ ਸਬੰਧ ਦਾ ਅਹਿਸਾਸ ਹੋਵੇਗਾ। ਇੱਥੇ ਅਸੀਂ ਔਰਤਾਂ ਨੂੰ, ਆਪਣੀ ਅਧੀਨਗੀ ਤੋਂ ਮੁਕਤੀ ਲਈ, ਸਵੈਮਾਨ ਨਾਲ਼ ਭਰਿਆ ਘੋਲ਼ ਕਰਦੇ ਹੋਏ ਦੇਖਾਂਗੇ। ਅਸੀਂ ਉਹਨਾਂ ਦੇ ਘੋਲ਼ ਦੇ ਟੀਚਿਆਂ ਦੇ ਅਨੁਸਾਰੀ ਮੰਗਾਂ ਵੀ ਦੇਖਾਂਗੇ। ਦੂਜੇ ਪਾਸੇ, ਅਸੀਂ ਮਰਦਾਂ ਨੂੰ ਵੀ, ਔਰਤਾਂ ਉੱਪਰ ਆਪਣੇ ਦਾਬੇ ਨੂੰ ਛੱਡਣ ਲਈ, ਆਤਮ-ਅਲੋਚਨਾ ਦਾ ਘੋਲ਼ ਚਲਾਉਂਦੇ ਹੋਏ ਦੇਖਾਂਗੇ।

ਘੋਲ਼ ਦੀ ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਦੋਹਾਂ ਧਿਰਾਂ ਅੰਦਰ ਕਮਜ਼ੋਰੀ, ਸ਼ੱਕ, ਬੇਸਮਝੀ ਅਤੇ ਨਿਰਾਸ਼ਾ ਦੇਖਾਂਗੇ। ਦੋਨਾਂ ਧਿਰਾਂ ਨੂੰ ‘ਬਰਾਬਰੀ’ ਦੇ ਯੋਗ ਬਣਨ ਲਈ ਘਾਲਣਾ ਘਾਲਣੀ ਪਵੇਗੀ। ਇੱਥੇ ਸਿਰਫ ਮਰਦ ਹੀ ਨਹੀਂ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ; ਔਰਤਾਂ ਨੂੰ ਵੀ ਬਦਲਣਾ ਹੋਵੇਗਾ। ਔਰਤਾਂ ਆਪਣੇ ਹੱਕਾਂ ਅਤੇ ਬਰਾਬਰੀ ਦੀ ਲੜਾਈ ਲਈ ਜਮਾਤੀ ਚੇਤਨਾ ਵੀ ਉਸੇ ਨਿਸਬਤ ਹਾਸਲ ਕਰਨਗੀਆਂ ਜਿਸ ਪੱਧਰ ਉੱਤੇ ਲੋਟੂ ਸਬੰਧਾਂ ਨੂੰ ਖਤਮ ਕਰਨ ਲਈ ਜਮਾਤੀ ਘੋਲ਼ ਅੱਗੇ ਵਧੇਗਾ। ਫਲਸਰੂਪ ਮਰਦ ਵੀ ਔਰਤਾਂ ਦੇ ਘੋਲ਼ ਵਿੱਚ ਸਹਿਯੋਗ ਦਿੰਦੇ ਹੋਏ ਆਪਣੇ ਆਪ ਨੂੰ ਬਦਲਣਗੇ ਜਿਸ ਕਰਕੇ ਔਰਤਾਂ ਨੂੰ ਆਪਣੇ ਘੋਲ਼ ਜ਼ਿਆਦਾ ਦੇਰ ਤੱਕ ਚਲਾਉਣ ਦੀ ਲੋੜ ਨਹੀਂ ਰਹੇਗੀ।

ਲਿੰਗ ਜਮਾਤਾਂ ਦੇ ਖਾਤਮੇ ਦਾ ਪ੍ਰੋਗਰਾਮ ਆਰਥਿਕ ਜਮਾਤਾਂ ਦੇ ਖਾਤਮੇ ਨਾਲ਼ ਗੁੰਦਿਆ ਹੋਇਆ ਹੈ। ਇਸ ਸਮਝ ਦੇ ਅਧਾਰ ‘ਤੇ ਜੇਕਰ ਕੋਈ ਮਰਦਾਂ ਅਤੇ ਔਰਤਾਂ ਨੂੰ ‘ਲਿੰਗ ਜਮਾਤਾਂ’ ਦੇ ਤੌਰ ‘ਤੇ ਦੇਖਦਾ ਹੈ ਅਤੇ ਉਹਨਾਂ ਦਰਮਿਆਨ ਦੁਸ਼ਮਣਾਨਾਂ ਵਿਰੋਧਤਾਈ ਦੀ ਗੱਲ ਕਰਦਾ ਹੈ ਤਾਂ ਇਸ ਵਿੱਚ ਕੁੱਝ ਗਲਤ ਨਹੀਂ, ਸਿਵਾਏ ਇਸਦੇ ਕਿ ਇਹ ਸ਼ਬਦ ‘ਜਮਾਤ’ ਨੂੰ ਹਲਕੇ ਰੂਪ ਵਿੱਚ ਵਰਤਣਾ ਹੋਵੇਗਾ। ਜਦ ਇਸ ਤਰ੍ਹਾਂ ਦੇ ਬਦਲਾਅ ਸਾਹਮਣੇ ਆਉਣਗੇ ਜੋ ਵਿਰੋਧਤਾਈਆਂ ਨੂੰ ਖਤਮ ਕਰ ਦੇਣਗੇ, ਤਾਂ ਜਮਾਤਾਂ ਵੀ ਆਪਣੇ ਆਪ ਖਤਮ ਹੋ ਜਾਣਗੀਆਂ। ਫਿਰ ਅਸੀਂ ਬਰਾਬਰੀ ਦੇ ਸਬੰਧਾਂ ਨੂੰ ਪ੍ਰਾਪਤ ਕਰਾਂਗੇ। ਜੇ ਕੁਦਰਤੀ ਤੌਰ ‘ਤੇ ਦੇਖੀਏ ਤਾਂ ਉਹ ਮਰਦ-ਔਰਤ ਹਨ; ਪਰ ਜੇ ਸਮਾਜਿਕ ਤੌਰ ‘ਤੇ ਦੇਖੀਏ ਤਾਂ ਸਾਰੇ ਇੱਕੋ ਜਿਹੀਆਂ ਹਾਲਤਾਂ ਵਿੱਚ ਰਹਿਣਗੇ। ਉਹ ਹਾਲਤਾਂ ਜੋ ਮਰਦਾਂ ਅਤੇ ਔਰਤਾਂ ਨੂੰ ਜਮਾਤਾਂ ਵਿੱਚ ਵੰਡਦੀਆਂ ਹਨ, ਖਤਮ ਹੋ ਜਾਣਗੀਆਂ।

ਇਸ ਮਨੌਤ ਬਾਰੇ ਕਿ ‘ਇਨਸਾਨਾਂ ਦੀ ਪੈਦਾਇਸ਼’ ਵੀ ਵਸਤਾਂ ਦੀ ਪੈਦਾਵਾਰ ਦੀ ਤਰ੍ਹਾਂ ਹੀ ਇੱਕ ਪੈਦਾਵਾਰੀ ਸਰਗਰਮੀ ਹੈ :

ਇਹ ਮਨੌਤ ਪੂਰੀ ਤਰ੍ਹਾਂ ਗਲਤ ਹੈ। ਦੋਨੋਂ ਇੱਕ-ਸਮਾਨ ਨਹੀਂ ਹਨ। ਇਨਸਾਨਾਂ ਦੀ ਪੈਦਾਇਸ਼ ਕੁਦਰਤੀ ਹੈ ਜਦ ਕਿ ਵਸਤਾਂ ਦੀ ਪੈਦਾਵਾਰ ਸਮਾਜਿਕ ਹੈ। ਪਿਛਲੇਰਾ ਆਪਣੇ ਅੰਦਰ ਕਿਰਤ ਅਤੇ ਕਿਰਤ ਦੀ ਲੁੱਟ ਸ਼ਾਮਲ ਕਰਦਾ ਹੈ। ਕੋਈ ਵੀ ਸਮਝਦਾਰ ਇਨਸਾਨ, ਇਨਸਾਨਾਂ ਦੀ ਪੈਦਾਇਸ਼ ਨੂੰ ਇੱਕ ਪੈਦਾਵਾਰੀ ਸਰਗਰਮੀ ਦੇ ਤੌਰ ‘ਤੇ ਨਹੀਂ ਦੇਖੇਗਾ। ਇਸ ਨੁਕਤੇ ਨੂੰ ਸਮਝਣ ਲਈ ਕਿਸੇ ਵਿਗਿਆਨ ਨੂੰ ਜਾਨਣ ਦੀ ਲੋੜ ਨਹੀਂ ਹੈ। ਕਿਉਂ ਜੋ ਪਰਿਵਾਰ ਅੰਦਰ ਮਰਦ, ਔਰਤ ਉੱਪਰ ਦਾਬਾ ਰੱਖਦਾ ਹੈ, ਇਸੇ ਲਈ ਇਨਸਾਨਾਂ ਦੀ ਪੈਦਾਇਸ਼ ਦੇ ਖੇਤਰ ਵਿੱਚ ਵੀ ਪੁਰਸ਼ ਦਾ ਦਾਬਾ ਕਾਇਮ ਰਹਿੰਦਾ ਹੈ। ਲੋਕਾਂ ਦਾ ਔਰਤ-ਬੱਚੇ ਪ੍ਰਤੀ ਰਵੱਈਆ ਹੀਣਾ ਹੁੰਦਾ ਹੈ। ਉਹ ਸਿਰਫ ਮਰਦ-ਬੱਚੇ ਦਾ ਜਨਮ ਹੀ ਚਾਹੁੰਦੇ ਹਨ। ਪਤੀ ਦੂਸਰੇ ਵਿਆਹ ਲਈ ਤਿਆਰ ਹੋ ਜਾਵੇਗਾ ਜੇਕਰ ਪਤਨੀ ਆਮ ਕਰਕੇ ਬੱਚਿਆਂ ਨੂੰ ਅਤੇ ਖਾਸ ਤੌਰ ‘ਤੇ ਮਰਦ-ਬੱਚਿਆਂ ਨੂੰ ਜਨਮ ਨਹੀਂ ਦਿੰਦੀ। ਪਰ ਪਤਨੀ ਦੂਸਰੇ ਵਿਆਹ ਬਾਰੇ ਸੋਚ ਵੀ ਨਹੀਂ ਸਕਦੀ ਜੇਕਰ ਪਤੀ ਦੀ ਜਣੇਪਾ-ਕਿਰਿਆ ਵਿੱਚ ਕੋਈ ਨੁਕਸ ਹੋਵੇ। ਪਤੀ ਲਈ ਇੱਕ ਅਲੱਗ ਨੈਤਿਕਤਾ ਅਤੇ ਪਤਨੀ ਲਈ ਅਲੱਗ। ਹਰ ਜਗ੍ਹਾ ਹਾਲਤਾਂ ਮਰਦਾਂ ਦੇ ਅਨੁਕੂਲ ਹਨ। ਜਦੋਂ ਪਰਿਵਾਰ ਅੰਦਰ ਇਸ ਤਰ੍ਹਾਂ ਦੀ ਹਾਲਤ ਹੈ, ਤਾਂ ਸਮਾਜ ਨੂੰ ਚਲਾਉਣ ਵਾਲ਼ੀ ਹਾਕਮ ਜਮਾਤ ਦੀ ਸਮੁੱਚੀ ਸਿਆਸਤ, ਅਬਾਦੀ ਦੇ ਸਿਧਾਂਤਾਂ ਦੀ ਹਾਮੀ ਭਰਦੀ ਹੈ ਜਿਹੜੇ ਲੁੱਟ ਨੂੰ ਫ਼ਰੋਖ਼ਤ ਦੇਣ ਵਿੱਚ ਸਹਾਈ ਹੁੰਦੇ ਹਨ। ਮਸਲਨ, ਵੱਡੀਆਂ ਅਤੇ ਵਿਆਪਕ-ਪੱਧਰ ‘ਤੇ ਫੈਲੀਆਂ ਮਸ਼ੀਨਾਂ ਰਾਹੀਂ ਪੈਦਾਵਾਰ ਕਰਨ ਵਾਲ਼ੇ ਅਜੋਕੇ ਸਰਮਾਏਦਾਰਾ ਢਾਂਚੇ ਨੂੰ ਬਹੁਤੀ ਮਜ਼ਦੂਰ ਅਬਾਦੀ ਦੀ ਲੋੜ ਨਹੀਂ। ਐਪਰ, ਸਰਮਾਏਦਾਰ ਜਮਾਤ ਨੂੰ ਬੇਰੁਜ਼ਗਾਰ ਵਿਅਕਤੀਆਂ ਦੀ ਲੋੜ ਹੈ, ਕਿਉਂ ਜੋ ਜੇਕਰ ਮਜ਼ਦੂਰਾਂ ਅੰਦਰ ਲਗਾਤਾਰ ਮੁਕਾਬਲਾ ਹੋਵੇਗਾ ਤਾਂ ਇਸ ਨੂੰ ਘੱਟ ਉਜਰਤਾਂ ‘ਤੇ ਕਾਮੇ ਮਿਲ਼ ਜਾਣਗੇ। ਜੋ ਅਬਾਦੀ ਇਸ ਲੋੜ ਤੋਂ ਵਧੇਰੀ ਹੈ ਉਹ ਸਰਮਾਏਦਾਰ ਜਮਾਤ ਲਈ ‘ਵਾਫ਼ਰ ਅਬਾਦੀ’ ਹੈ।

‘ਲੁਟੇਰੀ ਜਮਾਤ’ ਦੀ ਅਬਾਦੀ, ਚਾਹੇ ਕਿੰਨੀ ਵੀ ਕਿਉਂ ਨਾ ਹੋਵੇ, ਇਹ ਕਦੇ ਵੀ ਵਾਫਰ ਨਹੀਂ ਬਣਦੀ। ਸਿਰਫ ਮਜ਼ਦੂਰ ਜਮਾਤ ਦੇ ਮੈਂਬਰਾਂ ਦੀ ਅਬਾਦੀ ਹੀ ਲੋੜ ਤੋਂ ਵਧਦੀ ਹੈ। ਜਦ ਮਜ਼ਦੂਰ ਜਮਾਤ ਦੀ ਵਧਦੀ ਅਬਾਦੀ ਸਰਮਾਏਦਾਰ ਜਮਾਤ ਲਈ ਸਿਰਦਰਦੀ ਬਣਦੀ ਹੈ, ਤਾਂ ਇਹ ਵਧਦੀ ਅਬਾਦੀ ਦਾ ਚੀਕ-ਚਿਹਾੜਾ ਪਾਉਂਦਾ ਹੈ। ਇਨਸਾਨਾਂ ਦੀ ਪੈਦਾਇਸ਼ ਨੂੰ ਰੋਕਣ ਲਈ ਸਿਧਾਂਤ ਘੜ੍ਹੇ ਜਾਂਦੇ ਹਨ। ਐਪਰ, ਜਦੋਂ ਕੁੱਝ ਸਰਮਾਏਦਾਰ ਮੁਲਕਾਂ ਅੰਦਰ ਮਜ਼ਦੂਰ ਜਮਾਤ ਦੀ ਅਬਾਦੀ ਘੱਟ ਹੋ ਜਾਂਦੀ ਹੈ ਤਾਂ ਇਹ ਜ਼ਿਆਦਾ ਬੱਚੇ ਜੰਮਣ ਵਾਲ਼ਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਤਰ੍ਹਾਂ, ਸਮਾਜ ਦੇ ਪੱਧਰ ‘ਤੇ ਇਨਸਾਨੀ ਪੈਦਾਇਸ਼ ਨਾਲ਼ ਸਬੰਧਿਤ ਸਾਰੇ ਹੱਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਹਨ ਅਤੇ ਪਰਿਵਾਰ ਦੇ ਪੱਧਰ ਉੱਤੇ ਇਹ ਮਰਦਾਂ ਦੇ ਹੱਥਾਂ ਵਿੱਚ ਹਨ। ਸੋ, ਲੁੱਟ ਉੱਤੇ ਅਧਾਰਿਤ ਸਮਾਜ ਅਤੇ ਇਨਸਾਨੀ ਪੈਦਾਇਸ਼ (ਜੋ ਔਰਤ ਦੀ ਜ਼ਿੰਦਗੀ ਦਾ ਇੱਕ ਅਹਿਮ ਪੱਖ ਹੈ) ਦਰਮਿਆਨ ਇੱਕ ਡੂੰਘਾ ਸਬੰਧ ਹੈ।

ਇਸ ਅਲੋਚਨਾ ਬਾਰੇ ਕਿ ‘ਮਾਰਕਸ ਪੁਰਸ਼ ਕਾਮੇ ਦੀ ਕਿਰਤ ਸ਼ਕਤੀ ਦੀ ਕਦਰ ਵਿੱਚ ਉਸ ਦੀ ਪਤਨੀ ਦੇ ਨਿਰਬਾਹ ਉੱਪਰ ਹੋਇਆ ਖਰਚਾ ਵੀ ਸ਼ਾਮਲ ਕਰਦੇ ਹਨ, ਸੋ ਇਸ ਦਾ ਮਤਲਬ ਹੈ ਕਿ ਮਾਰਕਸਵਾਦ ਪੁਰਸ਼ ਕਾਮੇ ਨੂੰ ਪਰਿਵਾਰ ਦੀ ਜੀਵਿਕਾ  ਚਲਾਉਣ ਵਾਲ਼ਾ ਅਤੇ ਔਰਤ ਨੂੰ ਉਸ ਉੱਪਰ ਨਿਰਭਰ ਦੇ ਤੌਰ ‘ਤੇ ਪੇਸ਼  ਕਰਦੇ ਹਨ’ :

ਮਾਰਕਸ ਆਪਣੀ ਚਰਚਾ ਵਿੱਚ ਪੁਰਸ਼ ਕਾਮੇ ਨੂੰ ਉਦਾਹਰਣ ਵਜੋਂ ਅਤੇ ਮਜ਼ਦੂਰ ਜਮਾਤ ਦੇ ਪ੍ਰਤੀਨਿਧੀ ਵਜੋਂ ਲੈਂਦਾ ਹੈ। ਇਸੇ ਤਰ੍ਹਾਂ, ਉਹ ਬੌਧਿਕ ਕਿਰਤੀ ਦੀ ਜਗ੍ਹਾ ਸਰੀਰਿਕ ਕਿਰਤ ਕਰਨ ਵਾਲ਼ੇ ਨੂੰ ਲੈਂਦੇ ਹਨ। ਮਾਰਕਸ ਦਾ ਇਹ ਵਿਚਾਰ ਕਿ, ਮਜ਼ਦੂਰ ਦੀ ਕਿਰਤ-ਸ਼ਕਤੀ ਦੀ ਕਦਰ ਵਿੱਚ ਉਸ ਦੀ ਪਤਨੀ ਦੇ ਨਿਰਬਾਹ ਖਰਚੇ ਵੀ ਸ਼ਾਮਲ ਹੁੰਦੇ ਹਨ ਆਧੁਨਿਕ ਵੱਡ-ਅਕਾਰੀ ਸਨਅੱਤਾਂ ਦੇ ਦੌਰ ਤੋਂ ਪਹਿਲਾਂ ਦਾ ਦੌਰ ਸੀ। ਮਾਰਕਸ ਨੇ ਖੁਦ ਇਹ ਗੱਲ ਰੇਖਾਂਕਿਤ ਕੀਤੀ ਕਿ ਆਧੁਨਿਕ ਮਸ਼ੀਨਰੀ ‘ਤੇ ਅਧਾਰਿਤ ਵੱਡੀਆਂ ਸਨਅੱਤਾਂ ਦੇ ਆਉਣ ਨਾਲ਼ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ, ਪਰਿਵਾਰ ਤੋਂ ਬਾਹਰ ਉਜਰਤੀ-ਕਿਰਤ ਵਿੱਚ ਸ਼ਾਮਲ ਹੋਏ। ਖੈਰ, ਸਵਾਲ ਇਹ ਹੈ ਕਿ ਕੀ ਆਧੁਨਿਕ ਸਨਅੱਤੀਕਰਨ ਤੋਂ ਪਹਿਲਾਂ ਮਜ਼ਦੂਰ ਜਮਾਤ ਪਰਿਵਾਰਾਂ ਅੰਦਰ ਮਰਦ, ਔਰਤ ਦੇ ਨਿਰਬਾਹ ਲਈ ਸਾਧਨ ਜੁਟਾਉਂਦੇ ਸਨ? (ਕਹਿਣ ਦੀ ਲੋੜ ਨਹੀਂ ਕਿ ਇਹੀ ਹਾਲਤਾਂ ਅਜੇ ਵੀ ਅਖੌਤੀ ‘ਮੱਧ-ਵਰਗੀ ਜਮਾਤ’ ਦੇ ਬਹੁਤੇ ਪਰਿਵਾਰਾਂ ਵਿੱਚ ਮੌਜੂਦ ਹਨ)। ਇੱਥੋਂ ਤੱਕ ਕਿ ਜੇ ਅਸੀਂ ਅਜੋਕੀ ਮਜ਼ਦੂਰ ਜਮਾਤ ਦੇ ਪਰਿਵਾਰਾਂ ਦੀ ਗੱਲ ਵੀ ਕਰੀਏ, ਤਾਂ ਤੱਥ ਇਹ ਹੈ ਕਿ, ਕਿਸੇ ਵੀ ਮੁਲਕ ਵਿੱਚ ਔਰਤ ਮਜਦੂਰਾਂ ਦੀ ਗਿਣਤੀ ਮਰਦ ਮਜਦੂਰਾਂ ਦੇ ਬਰਾਬਰ ਨਹੀਂ ਹੈ। ਜੇ ਅਸੀਂ ਇਸੇ ਗੱਲ ਉੱਪਰ ਦਸਤਕਾਰੀਆਂ ਦੇ ਦੌਰ ਵਿੱਚ ਗੌਰ ਕਰੀਏ ਤਾਂ ਦੇਖਾਂਗੇ ਕਿ ਔਰਤ ਮਜਦੂਰਾਂ ਦੀ ਗਿਣਤੀ ਉਦੋਂ ਕਿਤੇ ਘੱਟ ਸੀ। ਜੇ ਵਕਤ ਵਿੱਚ ਹੋਰ ਪਿਛਾਂਹ ਚੱਲ ਪਈਏ ਤਾਂ ਦੇਖਾਂਗੇ ਕਿ ਔਰਤ ਮਜਦੂਰਾਂ ਦੀ ਗਿਣਤੀ ਮਰਦ ਮਜਦੂਰਾਂ ਦੇ ਮੁਕਾਬਲੇ ਕਿਤੇ ਘੱਟ ਸੀ। ਇਹ ਕਹਿਣਾ ਦਰੁਸਤ ਹੈ ਕਿ ਔਰਤ ਆਪਣਾ ਨਿਰਬਾਹ ਸਿਰਫ ਉਦੋਂ ਕਰਦੀ ਹੈ ਜਦੋਂ ਉਹ ਆਪਣੇ ਨਿਰਬਾਹ ਲਈ ਪੂਰਾ ਅਤੇ ਬੱਚਿਆਂ ਦੇ ਪਾਲਣ-ਪੋਸਣ ਦਾ ਅੱਧਾ ਖਰਚਾ ਕਮਾਉਂਦੀ ਹੈ। ਜਦੋਂ ਇਹ ਹਾਲਤ ਮੌਜੂਦ ਹਨ, ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਔਰਤ ਪਰਿਵਾਰ ਦੇ ਨਿਰਬਾਹ ਦੀ ਅੱਧੀ ਜ਼ਿੰਮੇਵਾਰੀ ਚੁੱਕਦੀ ਹੈ।

ਕੀ ਇਹ ਹਾਲਤ, ਜਿਹੜੀ ਅੱਜ ਵੀ ਗਾਇਬ ਹੈ, ਅਤੀਤ ਵਿੱਚ ਮੌਜੂਦ ਸੀ? ਕੀ ਅਤੀਤ ਤੋਂ ਲੈ ਕੇ ਔਰਤ ਮਜਦੂਰਾਂ ਦੀ ਗਿਣਤੀ ਮਰਦ ਮਜਦੂਰਾਂ ਦੇ ਬਰਾਬਰ ਰਹੀ ਹੈ? ਭਾਵੇਂ ਔਰਤਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਰਤ ਕਰਦੀਆਂ ਸਨ, ਪਰ ਕੀ ਔਰਤ ਮਜ਼ਦੂਰਾਂ ਦੀ ਸਲਾਨਾ ਕਮਾਈ ਮਰਦ ਮਜ਼ਦੂਰਾਂ ਦੇ ਮੁਕਾਬਲੇ ਘੱਟ ਨਹੀਂ ਸੀ? ਸਿਰਫ ਇਸੇ ਤੱਥ ਕਰਕੇ ਹੀ ਮਾਰਕਸ ਨੇ ਮਰਦ ਮਜ਼ਦੂਰ ਨੂੰ ਉਦਾਹਰਣ ਦੇ ਤੌਰ ‘ਤੇ ਲਿਆ। ਇਹ ਮਾਰਕਸ ਦੀਆਂ ਆਪਣੀਆਂ ਖਾਹਸ਼ਾਂ ਕਰਕੇ ਲਿਆ ਗਿਆ ਫੈਸਲਾ ਨਹੀਂ ਹੈ। ਇਹ ਫੈਸਲਾ ਮਾਰਕਸ ਨੇ ਨਹੀਂ ਕੀਤਾ ਸੀ ਕਿ ਮਰਦਾਂ ਨੂੰ ਔਰਤਾਂ ਦੇ ਰਹਿਣ-ਸਹਿਣ ਦੀ ਜ਼ਿੰਮੇਂਵਾਰੀ ਲੈਣੀ ਚਾਹੀਦੀ ਹੈ। ਮਾਰਕਸ ਨੇ ਮਹਿਜ਼ ਸਮਾਜ ਵਿੱਚ ਵਿਅਕਤੀਆਂ ਦੀ ਕਮਾਈ ਦੇ ਇੱਕ ਤੱਥ ਦਾ ਵਰਨਣ ਕੀਤਾ ਹੈ। ਮਾਰਕਸ ਪ੍ਰਤੱਖ ਹਾਲਤ ਦੇ ਹੱਕ ਵਿੱਚ ਦਲੀਲ ਨਹੀਂ ਦੇ ਰਹੇ। ਉਹ ਇਸ ਦਾ ਬਚਾਅ ਨਹੀਂ ਕਰ ਰਹੇ।

ਉਹਨਾਂ ਮਾਮਲਿਆਂ ਵਿੱਚ ਵੀ ਜਿੱਥੇ ਪਤੀ ਅਤੇ ਪਤਨੀ ਦੋਨੋਂ ਮਾਲਕ ਲਈ ਕੰਮ ਕਰਦੇ ਉਜਰਤੀ ਹਨ, ਹਰ ਇੱਕ ਦੀ ਉਜਰਤ ਸਿਰਫ ਕਿਰਤ-ਸ਼ਕਤੀ ਦੀ ਕਦਰ ਦਾ ਹਿੱਸਾ ਹੈ। ਹਰ ਉਜਰਤ ਮਾਲਕ ਨੂੰ ਵਾਫਰ-ਕਦਰ ਦਿੰਦੀ ਹੈ। ਇੱਕ ਮਜ਼ਦੂਰ ਜਮਾਤ ਪਰਿਵਾਰ, ਜਿਹੜਾ ਦੋ ਉਜਰਤਾਂ ਲੈਂਦਾ ਹੈ ਜ਼ਿਆਦਾ ਉਪਜ ਵਰਤ ਸਕੇਗਾ ਬਜਾਏ ਉਸ ਪਰਿਵਾਰ ਦੇ ਜੋ ਇੱਕ ਉਜਰਤ ਲੈਂਦਾ ਹੈ।

ਮਾਰਕਸ ਨੇ ਆਧੁਨਿਕ ਸਨਅੱਤੀਕਰਨ ਦੇ ਸਮੇਂ ਤੋਂ ਬਾਅਦ ਮਰਦਾਂ ਅਤੇ ਔਰਤਾਂ ਦੀ ਹਾਲਤ ਦਾ ਵਰਨਣ ਕੀਤਾ ਹੈ। ਜਦ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀ ਕਿਰਤ ਕਰਨਗੀਆਂ, ਤਾਂ ਉਹ ਵੀ ਪੈਦਾਕਾਰ ਅਣ-ਪੈਦਾਕਾਰ ਕਿਰਤੀ ਬਣਨਗੀਆਂ। ਜੇਕਰ ਉਹ ਘਰਾਂ ਤੱਕ ਹੀ ਸੀਮਤ ਰਹਿੰਦੀਆਂ ਹਨ ਤਾਂ ਉਹ ‘ਪਰਿਵਾਰਿਕ ਕਿਰਤ’ ਕਰਨ ਵਾਲ਼ੀਆਂ ਬਣ ਜਾਣਗੀਆਂ ਜਾਂ ਖਾਸ ਹਾਲਤਾਂ ਦੇ ਮੁਤਾਬਿਕ ਉਹ ‘ਸੁਤੰਤਰ ਪੈਦਾਕਾਰ’ ਜਾਂ ‘ਸੁਤੰਤਰ ਵਪਾਰੀ’ ਬਣਨਗੀਆਂ।

ਮਾਰਕਸਵਾਦ ਅਜਿਹਾ ਸਿਧਾਂਤ ਹੈ ਜੋ ਇਨਸਾਨੀ ਬਰਾਬਰੀ ਦੀ ਸਿੱਖਿਆ ਦਿੰਦਾ ਹੈ। ਜੇਕਰ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਇਨਸਾਨ ਹਨ, ਤਾਂ ਇਨਸਾਨੀ ਬਰਾਬਰੀ ਦੇ ਮਾਅਨੇ ਮਰਦਾਂ ਅਤੇ ਔਰਤਾਂ ਦਰਮਿਆਨ ਬਰਾਬਰੀ ਵੀ ਹਨ। ਜਦ ਸਮਾਜ ਅੰਦਰ ‘ਕਿਰਤ ਦੀ ਆਮ ਵੰਡ’ ਬਦਲਦੀ ਹੈ ਤਾਂ ਔਰਤਾਂ ਅਤੇ ਮਰਦਾਂ ਦਰਮਿਆਨ ਕਿਰਤ ਦੀ ਖਾਸ ਵੰਡ ਵੀ ਬਦਲ ਜਾਂਦੀ ਹੈ। ਮਾਰਕਸ ਕਿਤੇ ਵੀ ਪਰਿਵਾਰ ਵਿੱਚ, ਔਰਤਾਂ ਅਤੇ ਬੱਚਿਆਂ ਦੀ ਗੁਲਾਮੀ ਦੀ ਹਮਾਇਤ ਨਹੀਂ ਕਰਦੇ। ਮਾਰਕਸ ਦੀਆਂ ਲਿਖਤਾਂ ਵਿੱਚੋਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਆਓ ਦੋ ਟੂਕਾਂ ਦੇਖਦੇ ਹਾਂ :

”… ਨਿੱਜੀ ਸੰਪੱਤੀ ਦੀ ਕਿਸੇ ਵੀ ਕਿਸਮ ਵਿੱਚ ਘੱਟੋ-ਘੱਟ ਪਰਿਵਾਰ ਦੇ ਮੈਂਬਰਾਂ ਦੀ ਗੁਲਾਮੀ ਹਮੇਸ਼ਾ ਨਿਹਿਤ ਹੁੰਦੀ ਹੈ ਕਿਉਂਕਿ ਪਰਿਵਾਰ ਦੇ ਮੁੱਖੀ ਵੱਲੋਂ ਉਹਨਾਂ ਦੀ ਵਰਤੋਂ ਅਤੇ ਲੁੱਟ ਕੀਤੀ ਜਾਂਦੀ ਹੈ।” (ਸਰਮਾਇਆ, ਜਿਲਦ ਪਹਿਲੀ, ਪੈਂਗੁਇਨ ਐਡੀਸ਼ਨ, ਪੰਨਾ -1083)।

ਇਸ ਅਲੋਚਨਾ ਬਾਰੇ ਕਿ ਮਾਰਕਸ ਔਰਤਾਂ ਵੱਲੋਂ ਘਰੇਲੂ ਕਿਰਤ ਦੇ ਰੂਪ ‘ਚ ਉਪਜਾਈ ਕਦਰ ਨੂੰ ਤਵੱਜੋਂ ਨਹੀਂ ਦਿੰਦੇ :

ਮਾਰਕਸਵਾਦ ਨੇ ਸਮਾਜ ‘ਚ ਮੌਜੂਦ ਸਭ ਤਰ੍ਹਾਂ ਦੀ ਕਿਰਤ ਅਤੇ ਸਬੰਧਾਂ ਨੂੰ ਸਮਝਣ ਲਈ ਸੰਕਲਪਕ ਪ੍ਰਾਵਰਗ ਮੁਹੱਈਆ ਕਰਾਏ ਹਨ। ਜੇਕਰ ਇਸ ਕੋਲ਼ ਅਜਿਹੀ ਸਮਝ ਨਾ ਹੁੰਦੀ, ਤਾਂ ਇਹ ਵਿਗਿਆਨਕ ਨਾ ਹੁੰਦਾ। ਇੱਕ ਤੇਲਗੂ ਕਹਾਵਤ ਵਰਤਦੇ ਹੋਏ ਅਜਿਹੀ ਅਲੋਚਨਾ ਦਾ ਇੱਕ ਹੀ ਜਵਾਬ ਦਿੱਤਾ ਜਾ ਸਕਦਾ ਹੈ ਕਿ ‘ਸਰੀਰ ਨੂੰ ਥੋੜ੍ਹਾ ਕਸ਼ਟ ਦਿਓ’ (ਅਤੇ) ਮਾਰਕਸ ਦੀ ਸਰਮਾਇਆ ਪੜ੍ਹੋ।

ਭਾਵੇਂ ਕਿ ਔਰਤਾਂ ਵੱਲੋਂ ਕੀਤਾ ਗਿਆ ਘਰੇਲੂ ਕੰਮ ਕਿਰਤ ਦੇ ਵੱਡੇ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ, ਪਰ ਇਹ ਉਸ ਸਬੰਧ ਅੰਦਰ ਨਹੀਂ ਕੀਤਾ ਗਿਆ ਜਿੱਥੇ ਇਸ ਦੀ ਕਦਰ ਨੂੰ ਮੁਦਰਾ ਵਿੱਚ ਗਿਣਿਆ ਜਾ ਸਕੇ ਅਤੇ ਕੋਈ ਉਜਰਤ ਦਾ ਲੈਣ-ਦੇਣ ਹੋਇਆ ਹੋਵੇ। ਔਰਤ ਘਰੇਲੂ ਕੰਮ ਦਾ ਇੱਕ ਹਿੱਸਾ ਆਪਣੇ ਖੁਦ ਲਈ ਕਰਨ ਲਈ ਮਜਬੂਰ ਹੈ। ਦੂਜਾ ਹਿੱਸਾ, ਜੋ ਕਿ ਦਰਅਸਲ ਉਸ ਦੇ ਪਤੀ ਵੱਲੋਂ ਕਰਿਆ ਜਾਣਾ ਬਣਦਾ ਹੈ, ਉਹ ਵੀ ਉਸ ਨੂੰ ਮਜਬੂਰਨ ਕਰਨਾ ਪੈਂਦਾ ਹੈ ਕਿਉਂਕਿ ਪਤੀ ਉਸ ਨੂੰ ਆਪਣੇ ਅਤੇ ਬੱਚਿਆਂ ਦੇ ਨਿਰਬਾਹ ਉੱਪਰ ਉਸ ਦੇ ਹਿੱਸੇ ਲਈ ਖਰਚਾ ਦਿੰਦਾ ਹੈ। ਇਸ ਲਈ ਘਰੇਲੂ ਕੰਮ ਦੀ ਸਾਰੀ ਜ਼ਿੰਮੇਂਵਾਰੀ ਔਰਤ ਉੱਪਰ ਆ ਪੈਂਦੀ ਹੈ। ਇਸ ਸਮੱਸਿਆ ਦਾ ਹੱਲ ਹੈ – ਮਰਦਾਂ ਅਤੇ ਔਰਤਾਂ ਦੋਨਾਂ ਲਈ ਬਾਹਰੀ ਕੰਮ ਅਤੇ ਦੋਨਾਂ ਲਈ ਹੀ ਘਰੇਲੂ ਕੰਮ। ਇਸ ਤਰ੍ਹਾਂ ਦੋਨੋ ਪਤੀ ਅਤੇ ਪਤਨੀ ਘਰੇਲੂ ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡਣ ਦੇ ਯੋਗ ਹੋਣਗੇ ਅਤੇ ਘਰੇਲੂ ਕੰਮ ਬਰਾਬਰ ਕਰਨਗੇ।

ਔਰਤਾਂ ਨੂੰ ਘਰੇਲੂ ਕੰਮ ਤੱਕ ਮਹਿਦੂਦ ਕਰਨਾ, ਘਰੇਲੂ ਕੰਮ ਦੇ ਹਰ ਪੱਖ ਦੀ ਕਦਰ ਨੂੰ ਅੰਗਣਾ ਅਤੇ ਪਤੀ ਤੋਂ ਉਜਰਤਾਂ ਦੀ ਮੰਗ ਕਰਨਾ, ਇਹ ਇੱਕ ਭੱਦਾ ਤਰਕ ਹੈ ਜੋ ਹਰ ਸਮੱਸਿਆ ਨੂੰ ਮੁਦਰਾ ਦੇ ਰੂਪ ਵਿੱਚ ਦੇਖਣ ਵਾਲ਼ੀਆਂ, ਅਜੋਕੀਆਂ ਬੁਰਜੂਆ ਔਰਤਾਂ ਵੱਲੋਂ ਹੀ ਦਿੱਤਾ ਜਾ ਸਕਦਾ ਹੈ।

ਕੋਈ ਵੀ ਮਰਦ ਘਰ ਅਤੇ ਘਰੇਲੂ ਕੰਮ ਅੰਦਰ ਬੱਧਾ ਨਹੀਂ ਹੈ। ਉਹ ਆਪਣੀ ਪਤਨੀ ਤੋਂ ਉਜਰਤਾਂ ਨਹੀਂ ਲੈਂਦਾ। ਆਪਣੇ ਆਪ ਨੂੰ ਘਰ ਤੱਕ ਮਹਿਦੂਦ ਕਰਕੇ ਅਤੇ ਆਪਣੇ ਪਤੀ ਤੋਂ ਉਜਰਤਾਂ ਲੈ ਕੇ ਪਤਨੀ, ਆਪਣੇ ਪਤੀ ਲਈ ਉਜਰਤੀ ਮਜ਼ਦੂਰ ਬਣ ਜਾਂਦੀ ਹੈ ਜਦ ਕਿ ਰੁਜਗਾਰ ਅਤੇ ਉਜਰਤਾਂ ਦੇਣ ਵਾਲ਼ਾ ਪਤੀ ਇੱਕ ਮਾਲਕ। ਜਿਉਂ ਹੀ ਪਤਨੀ ਦੇ ਘਰੇਲੂ ਕੰਮ ਬਦਲੇ ਉਜਰਤਾਂ ਦੇ ਭੁਗਤਾਨ ਦਾ ਇਹ ਸਿਲਸਿਲਾ ਸ਼ੁਰੂ ਹੋਵੇਗਾ, ਤਾਂ ਪਤੀ ਅਤੇ ਪਤਨੀ, ਅਤੇ ਬੱਚਿਆਂ ਅਤੇ ਮਾਪਿਆਂ ਦਾ ਰਿਸ਼ਤਾ ਸਮਾਪਤ ਹੋ ਜਾਵੇਗਾ ਅਤੇ ਉਜਰਤਾਂ ਦਾ ਰਿਸ਼ਤਾ ਪੈਦਾ ਹੋ ਜਾਵੇਗਾ। ਤਾਂ ਵੀ ਪਤਨੀ ਘਰ ਤੱਕ ਹੀ ਮਹਿਦੂਦ ਰਹੇਗੀ। ਉਸ ਦੀ ਹਾਲਤ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ ਅਤੇ ਘਰੇਲੂ ਦਾਇਰੇ ਤੋਂ ਬਾਹਰ ਉਸ ਦੀ ਕੋਈ ਜ਼ਿੰਦਗੀ ਨਹੀਂ ਹੋਵੇਗੀ।

ਕਿਸੇ ਵੀ ਸਮੱਸਿਆ ਨੂੰ ਸਮਝਣ ਲਈ ਦੋ ਨਜ਼ਰੀਏ ਹੁੰਦੇ ਹਨ : ‘ਵਰਤੋਂ ਕਦਰ’ ਦਾ ਨਜ਼ਰੀਆ ਅਤੇ ‘ਵਟਾਂਦਰਾ-ਕਦਰ’ ਦਾ ਨਜ਼ਰੀਆ। ਪਹਿਲਾ ਕੁਦਰਤੀ ਹੈ ਜਦ ਕਿ ਦੂਜਾ ਗੈਰ-ਕੁਦਰਤੀ। ਇਹ ਮਾਰਕਸਵਾਦ ਦਾ ਪਹਿਲਾ ਸਬਕ ਹੈ। ਜੋ ਮਾਰਕਸਵਾਦ ਦਾ ਵਿਰੋਧ ਕਰਦੇ ਹਨ ਉਹਨਾਂ ਲਈ ਵੀ ਇਹ ਯਾਦ ਕਰਨਾ ਜ਼ਰੂਰੀ ਹੈ। ਜੇਕਰ ਉਹ ਇਹ ਯਾਦ ਕਰ ਲੈਣ ਤਾਂ ਥੋੜੀ ਆਮ ਸਮਝ ਹਾਸਲ ਕਰਨਗੇ ਅਤੇ ਇਸ ਤਰ੍ਹਾਂ ਦੇ ਭੱਦੇ ਤਰਕਾਂ ਤੋਂ ਬਚਣਗੇ।

ਔਰਤਾਂ ਦੀ ਜਮਾਤੀ ਹਾਲਤ ਬਾਰੇ :

ਇਸ ਸਵਾਲ ਦਾ ਕੀ ਜਵਾਬ ਹੋਵੇਗਾ ਕਿ ‘ਮਰਦ ਕਿਹੜੀ ਜਮਾਤ ਨਾਲ਼ ਸਬੰਧਿਤ ਹਨ?’ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੀ ਉਹ ਮਰਦ ‘ਕਿਰਤ’ ਕਰਦੇ ਹਨ ਜਾਂ ਦੂਜਿਆਂ ਦੀ ਕਿਰਤ ਵਿੱਚੋਂ ਮੁਨਾਫਾ ਕਮਾਉਂਦੇ ਹਨ। ਜੇਕਰ ਉਹ ਕਿਰਤ ਕਰਦੇ ਹਨ ਤਾਂ ਉਹ ਮਜ਼ਦੂਰ ਜਮਾਤ ਦੇ ਹਨ। ਜੇਕਰ ਉਹ ਕਿਰਤ ਨਹੀਂ ਕਰਦੇ ਤਾਂ ਉਹ ਲੁਟੇਰੀ ਜਮਾਤ ਦੇ ਹਨ। ਜਮਾਤ ਸਿਰਫ ‘ਕਿਰਤ’ ਰਾਹੀਂ ਹੀ ਤੈਅ ਹੁੰਦੀ ਹੈ। ਮਤਲਬ ਇਹ ਕਿ, ਸਾਰੇ ਮਰਦ ਇੱਕੋ ਜਮਾਤ ਦਾ ਹਿੱਸਾ ਨਹੀਂ ਹਨ।

ਔਰਤਾਂ ਉੱਪਰ ਵੀ ਇਹੀ ਗੱਲ ਲਾਗੂ ਹੁੰਦੀ ਹੈ। ਜੇਕਰ ਕੋਈ ਪੁੱਛਦਾ ਹੈ ਕਿ ‘ਔਰਤਾਂ ਕਿਸ ਜਮਾਤ ਨਾਲ਼ ਸਬੰਧ ਰੱਖਦੀਆਂ ਹਨ?’ ਤਾਂ ਅਸੀਂ ਇਸ ਦਾ ਜਵਾਬ ਨਹੀਂ ਦੇ ਸਕਦੇ। ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੀ ਉਹ ਔਰਤਾਂ ਕਿਰਤ ਕਰਦੀਆਂ ਹਨ ਜਾਂ ਨਹੀਂ। ਸਾਰੀਆਂ ਔਰਤਾਂ ਇੱਕੋ ਜਮਾਤ ਦਾ ਹਿੱਸਾ ਨਹੀਂ ਹਨ। ਜਮਾਤ ਕਿਰਤ ਨਾਲ਼ ਸਬੰਧ ਤੋਂ ਤੈਅ ਹੁੰਦੀ ਹੈ, ਨਾ ਕਿ ਉਹਨਾਂ ਦੇ ਮਰਦ ਜਾਂ ਔਰਤ ਹੋਣ ਨਾਲ਼।

ਜੋ ਵੀ ਪੱਖ ‘ਕਿਰਤ ਕਰਦੇ’ ਮਰਦਾਂ ਉੱਪਰ ਲਾਗੂ ਹੁੰਦਾ ਹੈ, ਉਹੀ ਕਿਰਤ ਕਰਦੀਆਂ ਔਰਤਾਂ ਉੱਪਰ ਵੀ ਲਾਗੂ ਹੁੰਦਾ ਹੈ। ਉਸੇ ਤਰ੍ਹਾਂ, ਕਿਰਤ ਨਾ ਕਰਨ ਵਾਲ਼ੇ ਮਰਦਾਂ ਉੱਪਰ ਜੋ ਪੱਖ ਲਾਗੂ ਹੁੰਦੇ ਹਨ ਉਹੀ ਕਿਰਤ ਨਾ ਕਰਨ ਵਾਲ਼ੀਆਂ ਔਰਤਾਂ ਉੱਪਰ ਵੀ ਲਾਗੂ ਹੁੰਦੇ ਹਨ।

ਜੋ ਔਰਤਾਂ ‘ਕਿਰਤ’ ਕਰਦੀਆਂ ਹਨ, ਚਾਹੇ ਸਰਕਾਰੀ ਅਦਾਰਿਆਂ ਜਾਂ ਨਿੱਜੀ ਅਦਾਰਿਆਂ ਵਿੱਚ ਹੋਵੇ ਜਾਂ ਫਿਰ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਸਰਮਾਏਦਾਰਾਂ ਦੇ ਘਰਾਂ ਵਿੱਚ ਜਾਂ ਕਿਸੇ ਵੀ ਹੋਰ ਜਗ੍ਹਾ ‘ਤੇ ਅਤੇ ‘ਉਜਰਤ’ ਕਮਾਉਦੀਆਂ ਹਨ, ਤਾਂ ਉਹ ਆਪਣੇ ਨਾਲ਼ ਦੇ ਮਰਦਾਂ ਦੀ ਤਰ੍ਹਾਂ ਹੀ, ‘ਪੈਦਾਕਾਰ ਕਿਰਤੀ’ ਜਾਂ ‘ਅਣਪੈਦਾਕਾਰ ਕਿਰਤੀ’ ਬਣਨਗੀਆਂ। ਇਸ ਦਾ ਮਤਲਬ ਕਿ ਉਹ ‘ਕਿਰਤੀਆਂ ਦੀ ਜਮਾਤ’ ਨਾਲ਼ ਸਬੰਧ ਰੱਖਣਗੀਆਂ।

ਜੋ ਔਰਤਾਂ ਸੁਤੰਤਰ ਤੌਰ ‘ਤੇ ਉਤਪਾਦਾਂ ਦੀ ਪੈਦਾਵਾਰ ਕਰਦੀਆਂ ਅਤੇ ਵੇਚਦੀਆਂ ਹਨ ਉਹ ‘ਸੁਤੰਤਰ ਪੈਦਾਕਾਰ’ ਬਣਨਗੀਆਂ।

ਮਰਦਾਂ ਦੀ ਤਰ੍ਹਾਂ ਹੀ ਜੋ ਔਰਤਾਂ ਕਿਰਤ ਨਹੀਂ ਕਰਦੀਆਂ ਉਹ ‘ਲੁਟੇਰੀ ਜਮਾਤ’ ਨਾਲ਼ ਸਬੰਧ ਰੱਖਣਗੀਆਂ। ਇਹਨਾਂ ਵਿੱਚੋਂ ਬਹੁਤੀਆਂ ਔਰਤਾਂ ‘ਘਰੇਲੂ ਕਿਰਤ’ ਵੀ ਨਹੀਂ ਕਰਦੀਆਂ। ਅਣਪੈਦਾਕਾਰ ਕਿਰਤੀਆਂ ਵੱਲੋਂ ਹੀ ਇਹਨਾਂ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ।

‘ਲੁਟੇਰੀ ਜਮਾਤ’ ਨਾਲ਼ ਸਬੰਧ ਰੱਖਣ ਵਾਲ਼ੀਆਂ ਕੁੱਝ ਔਰਤਾਂ ਬਾਹਰੀ ਨੌਕਰੀ ਵੀ ਕਰਦੀਆਂ ਹਨ। ਇਹ ਨੌਕਰੀਆਂ ਪੱਕੇ ਤੌਰ ‘ਤੇ ‘ਮਾਨਸਿਕ ਕਿਰਤ’ ਨਾਲ਼ ਜੁੜੀਆਂ ਹੋਈਆਂ ਹਨ।

ਜੋ ਔਰਤਾਂ ਬਾਹਰੀ ਕੰਮ ਨਹੀਂ ਕਰਦੀਆਂ ਅਤੇ ਸਿਰਫ ‘ਘਰੇਲੂ ਕਿਰਤ’ ਵਿੱਚ ਬੱਧੀਆਂ ਹਨ ਉਹ, ਉਹਨਾਂ ਵਿਅਕਤੀਆਂ ਦੀ ਜਮਾਤ ਨਾਲ਼ ਹੀ ਸਬੰਧ ਰੱਖਦੀਆਂ ਹਨ ਜਿਨ੍ਹਾਂ ਤੋਂ ਉਹਨਾਂ ਦੀਆਂ ਜੀਵਨ ਲੋੜਾਂ ਪੂਰੀਆਂ ਹੁੰਦੀਆਂ ਹਨ।

ਜੇਕਰ ‘ਘਰੇਲੂ ਕਿਰਤ’ ਤੱਕ ਮਹਿਦੂਦ ਔਰਤ ਦਾ ਪਤੀ ਕਿਰਤੀ ਹੈ, ਤਾਂ ਉਹ ਔਰਤ ਵੀ ‘ਕਿਰਤੀਆਂ ਦੀ ਜਮਾਤ’ ਨਾਲ਼ ਹੀ ਸਬੰਧ ਰੱਖਦੀ ਹੈ ਜਾਂ, ਜੇਕਰ ਉਸ ਔਰਤ ਦਾ ਪਤੀ ਵਿਆਜ ਜਾਂ ਮੁਨਾਫ਼ਾ ਕਮਾਉਣ ਵਾਲ਼ਾ ਲੋਟੂ ਹੈ, ਤਾਂ ਉਹ ਔਰਤ ਵੀ ‘ਲੁਟੇਰੀ ਜਮਾਤ’ ਨਾਲ਼ ਹੀ ਸਬੰਧ ਰੱਖੇਗੀ।

ਇਹ ਸਵਾਲ ਕਿ, ‘ਕੋਈ ਵਿਅਕਤੀ ਕਿਸ ਜਮਾਤ ਜਾਂ ਜਮਾਤ ਦੇ ਕਿਸ ਹਿੱਸੇ ਨਾਲ਼ ਸਬੰਧ ਰੱਖਦਾ ਹੈ’ ਦਾ ਜਵਾਬ ਅਜਿਹੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ : ਕੀ ਉਹ ਵਿਅਕਤੀ – ਮਰਦ ਜਾਂ ਔਰਤ – ‘ਬਾਹਰੀ ਕਿਰਤ’ ਕਰ ਰਿਹਾ ਹੈ ਜਾਂ ਨਹੀਂ? ਜੇਕਰ ਉਹ ਵਿਅਕਤੀ ਬਾਹਰੀ ਕਿਰਤ ਨਹੀਂ ਕਰ ਰਿਹਾ/ਰਹੀ, ਤਾਂ ਉਹ ਆਪਣਾ ਨਿਰਬਾਹ ਕਿਸ ਪ੍ਰਕਾਰ ਦੀ ਆਮਦਨੀ ਤੋਂ ਕਰ ਰਿਹਾ/ਰਹੀ ਹੈ?

ਘਰੇਲੂ ਕੰਮ ਦੇ ‘ਸਮਾਜਿਕ ਕਿਰਤ’ ਨਾਲ਼ ਸਬੰਧ ਬਾਰੇ :

ਜੇਕਰ ਅਸੀਂ ਸਮਾਜਿਕ ਕਿਰਤ ਤੋਂ ਮਤਲਬ ਉਸ ਕਿਰਤ ਤੋਂ ਲਈਏ ਜਿਹੜੀ ਕਿ ਸਮਾਜ ਲਈ ਲੋੜੀਂਦੀ ਹੈ, ਤਾਂ ਘਰੇਲੂ ਕੰਮ ਵੀ ਸਮਾਜਿਕ ਕਿਰਤ ਦਾ ਹਿੱਸਾ ਹੋਵੇਗਾ। ਪਰ ਜੇਕਰ ਅਸੀਂ ਸਮਾਜਿਕ ਕਿਰਤ ਨੂੰ ਉਹ ਕਿਰਤ ਸਮਝੀਏ ਜੋ ਕਦਰ ਵਿੱਚ ਬਦਲਦੀ ਹੈ, ਤਾਂ ਘਰੇਲੂ ਕੰਮ ਸਮਾਜਿਕ ਕਿਰਤ ਦਾ ਹਿੱਸਾ ਨਹੀਂ ਬਣੇਗਾ।

ਕੰਮ ਦੀਆਂ ਕੁੱਝ ਕਿਸਮਾਂ, ਜਿਸ ਤਰ੍ਹਾਂ ਖਾਣਾ ਪਕਾਉਣਾ, ਘਰ ਦੀ ਸਫਾਈ, ਬੱਚਿਆਂ ਦਾ ਪਾਲਣ-ਪੋਸ਼ਣ ਕੁਦਰਤੀ ਕਿਰਤ ਹਨ ਜਿਸ ਦੀ ਸਮਾਜ ਨੂੰ ਹਰ ਵਕਤ ਲੋੜ ਹੁੰਦੀ ਹੈ। ਸਮਾਜ ਇਹਨਾਂ ਕਿਰਤਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਕੀ ਹੋਵੇਗਾ ਜੇਕਰ ਇਸ ਕਿਰਤ ਦਾ ਕੁੱਝ ਹਿੱਸਾ ਸਮਾਜੀਕ੍ਰਿਤ ਕਰ ਦਿੱਤਾ ਜਾਵੇ? ਮਤਲਬ ਕਿ, ਜੇਕਰ ‘ਖਾਣਾ ਪਕਾਉਣ’ ਦੇ ਸਮੁੱਚੇ ਕੰਮ ਦਾ ਕੁੱਝ ਹਿੱਸਾ ਘਰ ਵਿੱਚ ਕੀਤਾ ਜਾਵੇ ਅਤੇ ਕੁੱਝ ਹਿੱਸਾ ਸਾਂਝੀਆਂ ਰਸੋਈਆਂ ਅਤੇ ਕੰਮ-ਸਥਾਨਾਂ ‘ਤੇ ਮੌਜੂਦ ਕੰਟੀਨਾਂ ਵਿੱਚ? ਇਸ ਦਾ ਮਤਲਬ ਇਹੀ ਹੋਵੇਗਾ ਕਿ ਰਸੋਈ ਦੇ ਕੰਮ ਨੂੰ ਛੱਡੇ ਬਿਨਾਂ ਰਸੋਈ ਸਥਾਨ ਨੂੰ ਤਕਸੀਮ ਕਰ ਦੇਣਾ। ਪੂਰੇ ਸਮਾਜ ਲਈ ਜ਼ਰੂਰੀ ਰਸੋਈ ਦਾ ਕੰਮ ਵੱਖ-ਵੱਖ ਸਥਾਨਾਂ ਉੱਪਰ ਕੀਤਾ ਜਾਵੇਗਾ।

ਪਰਿਵਾਰ ਨਾਲ਼ ਸਬੰਧਿਤ ਕਿਸੇ ਹੋਰ ਕਿਰਤ ਨਾਲ਼ ਵੀ ਅਜਿਹਾ ਹੀ ਹੋਵੇਗਾ। ਕਿਰਤ ਦੀਆਂ ਉਹ ਕਿਸਮਾਂ ਵੀ ਛੱਡੇ ਬਿਨਾਂ ਤਕਸੀਮ ਕਰ ਦਿੱਤੀਆਂ ਜਾਣਗੀਆਂ।

ਜੇਕਰ ਅਸੀਂ ਕੋਈ ਇੱਕ ਦਿਨ ਜਾਂ ਇੱਕ ਸਾਲ ਨੂੰ ਲੈ ਕੇ ਇਸ ਸਮੇਂ ਦੌਰਾਨ ਕੀਤੀ ਗਈ ਪੂਰੀ ਕਿਰਤ ਨੂੰ ਲਈਏ ਤਾਂ, ਘਰ ਵਿੱਚ ਕੀਤੀ ਗਈ ਸਭ ਤਰ੍ਹਾਂ ਦੀ ਕਿਰਤ ਸਮੁੱਚੀ ਕਿਰਤ ਵਿੱਚ ਜੁੜ ਜਾਵੇਗੀ। ਪਰ, ਜੇਕਰ ਅਸੀਂ ਇਸ ਸਮੇਂ ਦੌਰਾਨ ਪੈਦਾ ਹੋਈ ਕੁੱਲ ਕਦਰ ਨੂੰ ਜੋੜੀਏ ਤਾਂ ਘਰ ਵਿੱਚ ਕੀਤੀ ਗਈ ਕੋਈ ਕਿਰਤ ਇਸ ਕੁੱਲ ਜੋੜ ਦਾ ਹਿੱਸਾ ਨਹੀਂ ਬਣੇਗੀ।

ਐਪਰ, ਕੀ ਇਸਦਾ ਇਹ ਮਤਲਬ ਹੈ ਕਿ ਉਹ ਸਾਰੀ ਕਿਰਤ ਜੋ ‘ਕਦਰ’ ਵਿੱਚ ਤਬਦੀਲ ਨਹੀਂ ਹੋ ਰਹੀ ਬੇਕਾਰ ਹੈ? ਨਹੀਂ। ਇਸ ਦਾ ਮਤਲਬ ਹੈ ਕਿ ਇਹ ‘ਵਰਤੋਂ ਕਦਰ’ ਦੇ ਤੌਰ ‘ਤੇ ਖਰਚ ਹੋ ਰਹੀ ਹੈ। ਮਤਲਬ ਇਹ ਕਿ, ਜੇਕਰ ਅਸੀਂ ਇਸ ਹਾਲਤ ਨੂੰ ‘ਵਰਤੋਂ ਕਦਰ’ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਰੇ ਘਰੇਲੂ ਕੰਮ ਸਮਾਜੀ ਕਿਰਤ ਦਾ ਵੀ ਹਿੱਸਾ ਹਨ। ਜੇਕਰ ਅਸੀਂ ‘ਕਦਰ’ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹਨਾਂ ਵਿੱਚੋਂ ਕੋਈ ਵੀ ਕੰਮ ਸਮਾਜੀ ਕਿਰਤ ਦਾ ਹਿੱਸਾ ਨਹੀਂ ਹੈ।

ਸਰਮਾਏਦਾਰੀ ਹੇਠ, ਸਿਰਫ ਉਹੀ ਕਿਰਤ ਜੋ ਕਦਰ ਵਿੱਚ ਤਬਦੀਲ ਹੁੰਦੀ ਹੈ ਸਮਾਜੀ ਕਿਰਤ ਅਖਵਾਉਂਦੀ ਹੈ। ਮਤਲਬ ਕਿ, ਕੇਵਲ ‘ਪੈਦਾਕਾਰ ਕਿਰਤ’ ਹੀ ‘ਸਮਾਜਿਕ ਕਿਰਤ’ ਹੁੰਦੀ ਹੈ।

ਅਣਪੈਦਾਕਾਰ ਕਿਰਤ ਕੋਈ ਕਦਰ ਪੈਦਾ ਨਹੀਂ ਕਰਦੀ। ਪਰ ਕਿਉਂਕਿ ਇਹ ਵੀ ਮੁਦਰਾ ਵਿੱਚ ਤਬਦੀਲ ਹੁੰਦੀ ਹੈ, ਇਸ ਲਈ ਸਤਹੀ ਤੌਰ ‘ਤੇ ਦੇਖਣ ਵਾਲ਼ੇ ਨੂੰ ਅਣਪੈਦਾਕਾਰ ਕਿਰਤ ਵੀ ‘ਕਦਰ’ ਪੈਦਾ ਕਰਨ ਵਾਲ਼ੀ ਕਿਰਤ ਹੀ ਪ੍ਰਤੀਤ ਹੁੰਦੀ ਹੈ (ਮੰਨੋਂ ਇਹ ਵੀ ਪੈਦਾਕਾਰ ਕਿਰਤ ਹੀ ਹੋਵੇ) ਮਤਲਬ ਕਿ, ਇਹ ਪ੍ਰਤੀਤ ਹੁੰਦਾ ਹੈ ਮੰਨੋਂ ਕਦਰ ਦੀ ਪੈਦਾਵਾਰ ਵਿੱਚ ਲੱਗੀ ਵੱਖ-ਵੱਖ ਕਿਸਮ ਦੀ ਕਿਰਤ ਵਿੱਚ ਕੋਈ ਫ਼ਰਕ ਨਾ ਹੋਵੇ।

ਇਸ ਘਚੋਲੇ ਦਰਮਿਆਨ ‘ਪਰਿਵਾਰਿਕ ਕਿਰਤ’ ਨੂੰ ਸਮਝਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।

ਇਸ ਲਈ, ਪੈਦਾਕਾਰ, ਅਣਪੈਦਾਕਾਰ, ਸੁਤੰਤਰ ਅਤੇ ਪਰਿਵਾਰਿਕ ਕਿਰਤ ਦਰਮਿਆਨ ਫ਼ਰਕ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ।

ਪੈਦਾਕਾਰ ਕਿਰਤ : ਇਹ ‘ਕਦਰ’ ਪੈਦਾ ਕਰਦੀ ਹੈ। ਇਹ ‘ਮੁਦਰਾ’ ਵਿੱਚ ਤਬਦੀਲ ਹੁੰਦੀ ਹੈ। ਉਸ ‘ਮੁਦਰਾ’ ਦਾ ਕੁੱਝ ਹਿੱਸਾ ਕਿਰਤ ਕਰਨ ਵਾਲ਼ੇ ਵਿਅਕਤੀ ਕੋਲ਼ ਜਦ ਕਿ ਬਾਕੀ ਹਿੱਸਾ ਮਾਲਕ ਕੋਲ਼ ਚਲਾ ਜਾਂਦਾ ਹੈ।

ਅਣਪੈਦਾਕਾਰ ਕਿਰਤ : ਇਹ ‘ਕਦਰ’ ਪੈਦਾ ਨਹੀਂ ਕਰਦੀ। ਇਹ ‘ਮੁਦਰਾ’ ਵਿੱਚ ਤਬਦੀਲ ਨਹੀਂ ਹੁੰਦੀ। ਪਰ ਇਹ ਕਿਰਤ ਕਰਨ ਵਾਲ਼ੇ ਨੂੰ ਮੁਦਰਾ ਦੇ ਰੂਪ ਵਿੱਚ ਉਸ ਦੀ ‘ਉਜਰਤ’ ਮਿਲ਼ ਜਾਂਦੀ ਹੈ।

ਸੁਤੰਤਰ ਕਿਰਤ : ਇਹ ‘ਕਦਰ’ ਪੈਦਾ ਕਰਦੀ ਹੈ ਅਤੇ ‘ਮੁਦਰਾ’ ਵਿੱਚ ਤਬਦੀਲ ਹੁੰਦੀ ਹੈ। ਇਸ ਕਿਰਤ ਨੂੰ ਅਦਾ ਕਰਨ ਵਾਲ਼ੇ ਨੂੰ ਹੀ ਮੁਦਰਾ ਮਿਲ਼ਦੀ ਹੈ। ਇਥੇ, ਪੈਦਾਕਾਰ ਅਤੇ ਅਣਪੈਦਾਕਾਰ ਦਾ ਵਖਰੇਵਾਂ ਲਾਗੂ ਨਹੀਂ ਹੁੰਦਾ।

ਪਰਿਵਾਰਿਕ ਕਿਰਤ : ਇਹ ‘ਕਦਰ’ ਪੈਦਾ ਨਹੀਂ ਕਰਦੀ ਅਤੇ ‘ਮੁਦਰਾ’ ਵਿੱਚ ਤਬਦੀਲ ਨਹੀਂ ਹੁੰਦੀ। ਇਸ ਨੂੰ ਕਰਨ ਵਾਲ਼ੇ ਵਿਅਕਤੀ ਨੂੰ ਉਜਰਤ ਦੇ ਰੂਪ ਵਿੱਚ ਮੁਦਰਾ ਨਹੀਂ ਮਿਲ਼ਦੀ। ਇਹ ਕਿਰਤ ਕੇਵਲ ‘ਵਰਤੋਂ ਕਦਰ’ ਦਿੰਦੀ ਹੈ।

ਸੋ, ਅਸੀਂ ਵਿਅਕਤੀਆਂ ਦਰਮਿਆਨ ਸਬੰਧ ਨੂੰ ਤਾਂ ਹੀ ਸਮਝ ਸਕਦੇ ਹਾਂ ਜੇਕਰ ਅਸੀਂ ‘ਕਿਰਤ’ ਨੂੰ ਅਲਹਿਦਾ ਕਰ ਕੇ ਨਾ ਦੇਖੀਏ ਸਗੋਂ ਕਿਰਤ ਦੇ ਉਸ ਸਬੰਧ ਨੂੰ ਸਮਝੀਏ ਜਿਸ ਵਿੱਚ ਉਹ ਹੋਂਦ ਰੱਖਦੀ ਹੈ।

ਇਸ ਧਾਰਨਾ ਬਾਰੇ ਕਿ ਮਾਰਕਸ ਦੀ ਰਚਨਾ ਜਾਤ ਦੇ 
ਵਰਤਾਰੇ ਦੀ ਚਰਚਾ ਨਹੀਂ ਕਰਦੀ :

ਭਾਵੇਂ ਜਾਤ ਬਾਰੇ ਮਾਰਕਸ ਦੀ ਕੋਈ ਵਿਸ਼ੇਸ਼ ਰਚਨਾ ਨਹੀਂ ਮਿਲ਼ਦੀ ਪਰ ਜਾਤ ਬਾਰੇ ਉਹਨਾਂ ਦਾ ਨਿਰੀਖਣ ਇੱਕਸਾਰ ਹੈ ਅਤੇ ਮਜ਼ਬੂਤ ਸੰਕਲਪਕ ਪ੍ਰਾਵਰਗ ਜਿਸਦੀ ਪਿੱਠ ‘ਤੇ ਹਨ।

ਕਾਲਕ੍ਰਮ ਅਨੁਸਾਰ ਗੱਲ ਕਰੀਏ ਤਾਂ, ਮਾਰਕਸ ਨੇ ਏਂਗਲਜ਼ ਦੇ ਸੰਗ ਮਿਲ਼ ਕੇ, ਪਹਿਲੀ ਵਾਰ ਜਰਮਨ ਵਿਚਾਰਧਾਰਾ (1845-46) ਵਿੱਚ ਜਾਤ ਪ੍ਰਬੰਧ ਉੱਪਰ ਆਪਣਾ ਨਜ਼ਰੀਆ ਪੇਸ਼ ਕੀਤਾ। ਜਾਤ ਬਾਰੇ ਆਖਰੀ ਹਵਾਲਾ ਸਰਮਾਇਆ, ਜਿਲਦ-1 (1867) ਵਿੱਚ ਦਿੱਤਾ ਗਿਆ। ਮੋਟੇ ਤੌਰ ‘ਤੇ ਇਤਿਹਾਸ ਦੇ ਆਦਰਸ਼ਵਾਦੀ ਸੰਕਲਪ ਦੀ ਅਤੇ ਖਾਸ ਤੌਰ ‘ਤੇ ਉੱਤਰ-ਹੇਗੇਲੀਅਨ ਦਰਸ਼ਨ ਦੀ ਗੈਰ-ਨਿਰੰਤਰਤਾ ਦੀ ਅਲੋਚਨਾ ਕਰਦੇ ਹੋਏ, ਮਾਰਕਸ ਅਤੇ ਏਂਗਲਜ਼ ਨੇ ਦੇਖਿਆ ਕਿ ਹਿੰਦੁਸਤਾਨੀਆਂ ਦਰਮਿਆਨ ਪਾਈ ਜਾਣ ਵਾਲ਼ੀ ਕਿਰਤ ਵੰਡ ਦੇ ਭੱਦੇ ਰੂਪ ਨੇ ਹੀ ਉਹਨਾਂ ਦੀ ਸੱਤ੍ਹਾ ਅਤੇ ਧਰਮ ਵਿੱਚ ਜਾਤ-ਪ੍ਰਬੰਧ ਨੂੰ ਥਾਂ ਦਿੱਤੀ। ਉਹਨਾਂ ਨੇ ਇਸ ਆਦਰਸ਼ਵਾਦੀ ਧਾਰਨਾ ਦੀ ਅਲੋਚਨਾ ਕੀਤੀ ਕਿ ਜਾਤ ਪ੍ਰਬੰਧ ਕਿਰਤ ਦੀ ਵੰਡ ਦੇ ਭੱਦੇ ਰੂਪ ਨੂੰ ਜਨਮ ਦਿੱਤਾ ਹੈ। ਇਸ ਕਰਕੇ ਮਾਰਕਸ ਲਈ, ਜਾਤ ਪ੍ਰਬੰਧ ਵੀ ਇੱਕ ਖਾਸ ਕਿਸਮ ਦੀ ਕਿਰਤ ਵੰਡ ਹੀ ਹੈ। ਦੂਜੇ ਸ਼ਬਦਾਂ ਵਿੱਚ, ਕਿਰਤ ਵੰਡ ਜਾਤ ਨੂੰ ਪੈਦਾ ਕਰਦੀ ਹੈ। ਐਪਰ, ਇਹ ਕਿਰਤ ਵੰਡ ‘ਪੁਸ਼ਤੈਨੀ’ ਹੁੰਦੀ ਹੈ।

ਮਾਰਕਸ ਅਨੁਸਾਰ, ਪਹਿਲੇ ਸਮਾਜਾਂ ਦਾ ਰੁਝਾਨ ਪੇਸ਼ਿਆਂ ਨੂੰ ਜਾਤਾਂ ਵਿੱਚ ‘ਸਥਿਰ’ ਕਰਕੇ (ਜਿਸ ਤਰ੍ਹਾਂ ਹਿੰਦੁਸਤਾਨ ਵਿੱਚ) ਜਾਂ ਅਲੱਗ ਸ਼ਿਲਪਸੰਘਾਂ ਅੰਦਰ ‘ਪੱਕਿਆਂ’ ਕਰਕੇ (ਜਿਸ ਤਰ੍ਹਾਂ ਮਿਸਰ ਵਿੱਚ) ਇਹਨਾਂ ਨੂੰ ਪੁਸ਼ਤੈਨੀ ਬਣਾਉਣ ਦਾ ਰੁਝਾਨ ਸੀ। ਮਾਰਕਸ ਨੇ ਦੇਖਿਆ ਕਿ ਜਾਤ ਪ੍ਰਬੰਧ ਹੇਠ ਕਿਰਤ-ਵੰਡ ‘ਪੱਕੇ ਨਿਯਮਾਂ’ ਅਨੁਸਾਰ ਸੀ। ਇਹ ਨਿਯਮ ਕਿਸੇ ਕਨੂੰਨਸਾਜ਼ ਵੱਲੋਂ ਨਹੀਂ ਸੀ ‘ਸਥਾਪਿਤ’ ਕੀਤੇ ਜਾਂਦੇ। ਉਹ ਅਗਾਂਹ ਕਹਿੰਦੇ ਹਨ ਕਿ ਇਹ ਨਿਯਮ ਸ਼ੁਰੂਆਤ ਵਿੱਚ ਭੌਤਿਕ ਪੈਦਾਵਾਰ ਦੀਆਂ ਹਾਲਤਾਂ ਤੋਂ ਪੈਦਾ ਹੋਏ ਅਤੇ ਕਿਤੇ ਕਾਫੀ ਪਿੱਛੋਂ ਜਾ ਕੇ ਹੀ ਕਨੂੰਨ ਦਾ ਦਰਜਾ ਹਾਸਲ ਕਰ ਸਕੇ। ਕਨੂੰਨ ਕਿਰਤ ਨੂੰ ਇੱਕ ਪੁਸ਼ਤੈਨੀ ਹੱਕ ਮਿੱਥ ਦਿੰਦਾ ਹੈ ਅਤੇ ਇਸ ਨੂੰ ਜਾਤ ਪ੍ਰਬੰਧ ਵਿੱਚ ਪੱਕਿਆਂ ਕਰ ਦਿੰਦਾ ਹੈ। ਮਾਰਕਸ ਅਨੁਸਾਰ, ਜਾਤਾਂ ਦੀ ਪੁਸ਼ਤੈਨੀ ਰਵਾਇਤ ਇੱਕ ਸਮਾਜਿਕ ਕਨੂੰਨ ਉਦੋਂ ਹੀ ਬਣਦੀ ਹੈ ਜਦੋਂ ਵਿਕਾਸ ਦਾ ਇੱਕ ਖਾਸ ਪੜਾਅ ਪ੍ਰਾਪਤ ਕਰ ਲਿਆ ਗਿਆ ਹੋਵੇ।

ਮਾਰਕਸ ਨੇ ਦੇਖਿਆ ਕਿ ਜਾਤ ਵਖਰੇਵੇਂ ‘ਹਿੰਦੁਸਤਾਨੀ ਤਰੱਕੀ ਅਤੇ ਤਾਕਤ ਦੇ ਰਾਹ ਵਿੱਚ ਨਿਰਣਾਇਕ ਰੁਕਾਵਟਾਂ’ ਬਣਕੇ ਹਿੰਦੁਸਤਾਨੀ ਸਮਾਜ ਨੂੰ ‘ਦੂਸ਼ਿਤ’ ਕਰਦੇ ਹਨ।

ਇਸ ਅਲੋਚਨਾ ਬਾਰੇ ਕਿ ‘ਕਿਰਤ ਵੰਡ’ ਦੀ ਮਾਰਕਸੀ ਪ੍ਰਾਵਰਗ ਕਾਫੀ ਨਹੀਂ ਹੈ ਅਤੇ ਜਾਤ ਵਰਤਾਰੇ ਨੂੰ ਸਮਝਣ ਲਈ ਅੰਬੇਡਕਰ ਦੀ ‘ਕਿਰਤੀਆਂ ਦੀ ਵੰਡ’ ਦਾ ਪ੍ਰਾਵਰਗ ਲੋੜੀਂਦਾ ਹੈ :

ਸਾਨੂੰ ਇੱਥੇ ਪਹਿਲਾਂ ਸਵਾਲਾਂ ਨੂੰ ਸਮਝਣ ਦੀ ਲੋੜ ਹੈ : ਕਿਰਤ ਵੰਡ ਕੀ ਹੈ? ਕਿਰਤੀਆਂ ਦੀ ਵੰਡ ਕੀ ਹੈ?

‘ਕਿਰਤ ਵੰਡ’ ਦਾ ਮਤਲਬ ਹੈ ਵੱਖ-ਵੱਖ ਤਰ੍ਹਾਂ ਦੀ ਕਿਰਤ ਦਾ ਵੱਖ-ਵੱਖ ਵਿਅਕਤੀਆਂ ਵੱਲੋਂ ਕੀਤਾ ਜਾਣਾ।

ਅੰਬੇਡਕਰ ਅਨੁਸਾਰ, ‘ਕਿਰਤੀਆਂ ਦੀ ਵੰਡ’ ਇੱਕ ਦਰਜਾਬੰਦੀ ਹੈ ਜਿਸ ਵਿੱਚ ਕਿਰਤੀ ਇੱਕ-ਦੂਜੇ ਦੇ ਉੱਪਰ ਦਰਜਾਬੰਦ ਹਨ। ਮਤਲਬ ਕਿ ਕਿਰਤੀਆਂ ਦੀ ‘ਜਾਤ’ ਅਨੁਸਾਰ ਹੋਂਦ।

ਹੁਣ ਸਾਨੂੰ ਇਸ ਕਥਨ ਦਾ ਮਤਲਬ ਸਮਝਣਾ ਹੋਵੇਗਾ ਕਿ, ‘ਜਾਤ ਪ੍ਰਬੰਧ ਕੇਵਲ ਕਿਰਤ ਦੀ ਵੰਡ ਨਹੀਂ ਸਗੋਂ ਕਿਰਤੀਆਂ ਦੀ ਵੀ ਵੰਡ ਹੈ’। ਅੰਬੇਡਕਰ ਕਿਰਤ ਵੰਡ ਦੇ ਤੱਥ ਨੂੰ ਪ੍ਰਵਾਨ ਕਰਦੇ ਹੋਏ ਅਗਾਂਹ ਟਿੱਪਣੀ ਕਰਦੇ ਹਨ ਕਿ ‘ਇੱਕ ਹੋਰ ਪੱਖ ਵੀ ਹੈ, ਅਰਥਾਤ ਕਿਰਤੀਆਂ ਦੀ ਵੰਡ’। ਇਸ ਦਾ ਮਤਲਬ ਹੈ ਕਿ, ਅੰਬੇਡਕਰ ਇਹ ਨਹੀਂ ਕਹਿ ਰਹੇ ਕਿ ‘ਜਾਤ ਪ੍ਰਬੰਧ ਦਾ ਕਿਰਤ ਵੰਡ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ’। ਇਸ ਦੇ ਇਲਾਵਾ ਉਹ ਤਾਂ ਇਹਨਾਂ ਦੋਹਾਂ ਦੇ ਸਬੰਧ ਨੂੰ ਪ੍ਰਵਾਨਦੇ ਹਨ। ਇਸ ਦਾ ਮਤਲਬ ਹੈ ਕਿ, ਅੰਬੇਡਕਰ ਅਨੁਸਾਰ ਵੀ, ਕੇਵਲ ਕਿਰਤ ਦੀ ਵੰਡ ਹੀ ਜਾਤ ਪ੍ਰਬੰਧ ਦਾ ਅਧਾਰ ਹੈ।

ਇੱਥੇ ਤਿੰਨ ਪੱਖ ਹਨ – ਜਾਤ ਪ੍ਰਬੰਧ, ਕਿਰਤ ਦੀ ਵੰਡ ਅਤੇ ਕਿਰਤੀਆਂ ਦੀ ਵੰਡ। ਇਹਨਾਂ ਪਹਿਲੂਆਂ ਦਰਮਿਆਨ ਕੀ ਸਬੰਧ ਹੈ? ਇਹਨਾਂ ਸਬੰਧਾਂ ਨੂੰ ਕਿਵੇਂ ਸਮਝਿਆ ਜਾਵੇ?

ਭਾਵੇਂ ਇੱਥੇ ਤਿੰਨ ਪਹਿਲੂ ਪ੍ਰਤੀਤ ਹੁੰਦੇ ਹਨ, ਪਰ ਹਕੀਕਤ ਵਿੱਚ ਦੋ ਹੀ ਪੱਖ ਹਨ।

ਪਹਿਲਾ ਹੈ ਕਿਰਤ ਦੀ ਵੰਡ। ਦੂਜਾ ਹੈ, ਕਿਰਤ ਦੀ ਵੰਡ (ਜਾਤਾਂ) ਕਰਕੇ ਹੋਈ ਕਿਰਤੀਆਂ ਦੀ ਵੰਡ। ਇਹ ਦੋਨੋਂ ਇੱਕ ਬਰਾਬਰ ਹਨ। ਅਸੀਂ ਦੇਖਿਆ ਹੈ ਕਿ ਕਿਰਤ ਵੰਡ ਦਾ ਮਤਲਬ ਹੈ ‘ਵੱਖ-ਵੱਖ ਵਿਅਕਤੀਆਂ ਦੁਆਰਾ ਵੱਖ-ਵੱਖ ਕਿਸਮ ਦੀ ਕਿਰਤ ਦਾ ਕੀਤਾ ਜਾਣਾ’। ਇਹ ਅਸੀਂ ਕਿਸੇ ਵੀ ਜਗ੍ਹਾ ‘ਤੇ, ਕਿਸੇ ਵੀ ਖਿੱਤੇ ਵਿੱਚ ਅਤੇ ਕਿਸੇ ਵੀ ਮੁਲਕ ਅੰਦਰ ਦੇਖ ਸਕਦੇ ਹਾਂ।

ਅੰਬੇਡਕਰ ਅਨੁਸਾਰ ਵੀ, ਕਿਰਤੀਆਂ ਦੀ ਵੰਡ ਦਾ ਮਤਲਬ ਹੈ ‘ਦਰਜਾਬੰਦੀ ਜਿਸ ਵਿੱਚ ਕਿਰਤੀ ਉੱਪਰੋ-ਥੱਲੀ ਦਰਜਾਬੰਦ ਹੁੰਦੇ ਹਨ। ਇਹ ਵੀ ਕਿਸੇ ਵੀ ਮੁਲਕ ਵਿੱਚ ਦੇਖਿਆ ਜਾ ਸਕਦਾ ਹੈ। ਪਰ, ਹਿੰਦੁਸਤਾਨ ਅੰਦਰ ਇਹਨਾਂ ਦਰਜਾਬੰਦੀਆਂ ਨੇ ਜਾਤ ਦਾ ਰੂਪ ਲੈ ਲਿਆ। ਕਿਸੇ ਨੇ ਵੀ ਇਸਦਾ ਠੀਕ ਜਵਾਬ ਨਹੀਂ ਦਿੱਤਾ ਕਿ ਕਿਉਂ ਮਜ਼ਦੂਰਾਂ ਦੀ ਦਰਜਾਬੰਦੀ ਜਾਤ ਦਾ ਰੂਪ ਅਖਤਿਆਰ ਕਰ ਗਈ। ਅੰਬੇਡਕਰ ਨੇ ਵੀ ਨਹੀਂ। ਇੱਥੇ ਜੋ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਕਿ, ਜਿੱਥੇ ਜਾਤਾਂ ਨਹੀਂ ਵੀ ਹਨ ਉੱਥੇ ਵੀ ਕਿਰਤੀਆਂ ਦੀ ਦਰਜਾਬੰਦੀ ਮੌਜੂਦ ਹੈ। ਕਿਧਰੇ ਵੀ ਦਰਜਾਬੰਦੀਆਂ ਦੇ ਵਖਰੇਵੇਂ ਤੋਂ ਰਹਿਤ ਸਾਨੂੰ ਸਾਰੇ ਮਜਦੂਰ ਇੱਕੋ ਹੀ ਪ੍ਰਾਵਰਗ ਦੇ ਤੌਰ ‘ਤੇ ਨਹੀਂ ਲੱਭਦੇ। ਕੋਈ ਇਸ ਮਸਲੇ ਦੀ ਛਾਣਬੀਣ ਕਰਨਾ ਚਾਹੇ ਤਾਂ ਕਰ ਸਕਦਾ ਹੈ। ਸਾਰੇ ਮੁਲਕਾਂ ਅੰਦਰ ਕਿਰਤੀ ਦਰਜਾਬੰਦੀ ਵਿੱਚ ਉੱਪਰੋ-ਥੱਲੀ ਦਰਜਾਬੰਦ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਕਿਰਤੀਆਂ ਵੱਲੋਂ ਕੀਤੀ ਜਾਣ ਵਾਲ਼ੀ ਕਿਰਤ ਦੀ ਕਦਰ ਉੱਪਰੋ-ਥੱਲੀ ਦਰਜੇਵਾਰ ਦਰਜਾਬੰਦ ਕੀਤੀ ਜਾਂਦੀ ਹੈ।

ਜੇਕਰ ਅਸੀਂ ’ਕੰਮ ਦੇ ਸਥਾਨ’ ਉੱਪਰ ਗੌਰ ਕਰੀਏ ਤਾਂ ਇਹ ਮਾਨਸਿਕ ਅਤੇ ਸਰੀਰਿਕ ਕਿਰਤ ਦੋਨੋਂ ਲੋੜਦਾ ਹੈ। (ਕੁੱਝ ਸਥਾਨਾਂ ਉੱਤੇ ਸਿਰਫ ਸਰੀਰਿਕ ਕਿਰਤ ਦੀ ਲੋੜ ਹੁੰਦੀ ਹੈ, ਮਾਨਸਿਕ ਕਿਰਤ ਦੀ ਨਹੀਂ)। ਜੇਕਰ ਅਸੀਂ ਇੱਕ ਕਿਸਮ ਦੀ ਸਰੀਰਿਕ ਕਿਰਤ ਅਤੇ ਇੱਕ ਕਿਸਮ ਦੀ ਮਾਨਸਿਕ ਕਿਰਤ ਲਈਏ ਤਾਂ, ਮਾਨਸਿਕ ਕਿਰਤ ਦੀ ਕਦਰ ਲਾਜ਼ਮੀ ਹੀ ਸਰੀਰਿਕ ਕਿਰਤ ਦੀ ਕਦਰ ਤੋਂ ਜ਼ਿਆਦਾ ਹੋਵੇਗੀ। ਜਾਂ, ਜੇਕਰ ਦੋਨੋਂ ਮਾਨਸਿਕ ਕਿਰਤਾਂ ਹਨ ਅਤੇ ਇੱਕ-ਦੂਜੇ ਤੋਂ ਵੱਖ-ਵੱਖ ਦਰਜਿਆਂ ‘ਤੇ ਹਨ ਤਾਂ ਉਹਨਾਂ ਦੀਆਂ ਕਦਰਾਂ ਵੀ ਵੱਖ ਹੋਣਗੀਆਂ। ਇਸੇ ਤਰ੍ਹਾਂ, ਸਰੀਰਿਕ ਕਿਰਤ ਦੀਆਂ ਵੱਖਰੀਆਂ ਕਿਸਮਾਂ ਦੀ ਕਦਰ ਵੀ ਵੱਖ ਹੋਵੇਗੀ।

ਜੇਕਰ ਅਸੀਂ ਸਭ ਤੋਂ ‘ਹੇਠਲੀ’ ਸਰੀਰਿਕ ਕਿਰਤ ਨੂੰ ਲਈਏ (ਮਸਲਨ, ਗੁਸਲਖਾਨਿਆਂ ਦੀ ਸਫਾਈ) ਅਤੇ ਸਭ ਤੋਂ ‘ਉੱਪਰਲੀ’ ਮਾਨਸਿਕ ਕਿਰਤ ਨੂੰ ਲਈਏ (ਮਸਲਨ, ਡਾਕਟਰੀ ਦਾ ਪੇਸ਼ਾ), ਤਾਂ ਇਹਨਾਂ ਦੋਹਾਂ ਦੀ ਕਦਰ ਵਿੱਚ ਡੂੰਘਾ ਫਰਕ ਹੋਵੇਗਾ। ਇਹ ਸਭ ਕਦਰ ਦੇ ਨਿਯਮ ਅਨੁਸਾਰ ਹੀ ਸਹੀ ਹੈ।

ਜੇਕਰ ਇੱਕ ਵਿਅਕਤੀ ਹਮੇਸ਼ਾ ਸਰੀਰਿਕ ਕਿਰਤ ਕਰਦਾ ਹੋਵੇ ਅਤੇ ਦੂਜਾ ਵਿਅਕਤੀ ਹਮੇਸ਼ਾ ਮਾਨਸਿਕ ਕਿਰਤ ਹੀ ਕਰੇ, ਤਾਂ ਜੋ ਸਿੱਖਿਆ, ਸਿਖਲਾਈ ਅਤੇ ਕਿਰਤ-ਸ਼ਕਤੀ ਉਹਨਾਂ ਹਾਸਲ ਕਰਨੀ ਹੈ, ਉਹ ਵੀ ਵੱਖ ਹੋਵੇਗੀ। ਉਹਨਾਂ ਵੱਲੋਂ ਕੀਤੀ ਗਈ ਕਿਰਤ ਦੀ ਕਦਰ ਉੱਪਰੋ-ਥੱਲੇ ਦਰਜਾਬੰਦ ਕੀਤੀ ਜਾਵੇਗੀ। ਇਸ ਦਾ ਮਤਲਬ ਇਹ ਹੋਵੇਗਾ ਕਿ, ਇੱਕ ਵਿਅਕਤੀ ਦੀ ਆਮਦਨੀ ਜ਼ਿਆਦਾ ਹੋਵੇਗੀ ਜਦ ਕਿ ਦੂਜੇ ਦੀ ਘੱਟ। ਭਾਵੇਂ ਉਹ ਦੋਨੋਂ ਕਿਰਤੀ ਹਨ ਪਰ ਉਹ ਬਰਾਬਰ ਵਿਅਕਤੀ ਹੋਣ ਦੇ ਬਜਾਏ ਨਾਬਰਾਬਰ ਹੋਣਗੇ। ਮਤਲਬ ਇਹ ਕਿ ਉਹ ਵੱਖੋ- ਵੱਖ ਪ੍ਰਾਵਰਗ ਬਣਾਉਣਗੇ। ਇਸ ਲਈ, ਰਵਾਇਤੀ ਕਿਰਤ ਵੰਡ ਇਸ ਤਰੀਕੇ ਨਾਲ਼ ਬਦਲਣੀ ਚਾਹੀਦੀ ਹੈ ਕਿ ਹਰ ਵਿਅਕਤੀ ਕਿਸੇ ਕਿਸਮ ਦੀ ਸਰੀਰਿਕ ਅਤੇ ਕਿਸੇ ਕਿਸਮ ਦੀ ਮਾਨਸਿਕ ਕਿਰਤ ਕਰੇ। ਸਿਰਫ ਉਦੋਂ ਹੀ ਇਹ ਪ੍ਰਾਵਰਗ ਖਤਮ ਹੋਣਗੇ। ਇਹ ਇੱਕ ਵੱਖਰੀ ਚਰਚਾ ਹੈ। 

ਫਿਲਹਾਲ ਜੋ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਕਿ ਅਲੱਗ-ਅਲੱਗ ਕਿਸਮ ਦੀ ਕਿਰਤ ਦੀ ਕਦਰ ਵੀ ਅਲੱਗ ਹੋਵੇਗੀ ਕਿਉਂਕਿ ਕਿਰਤ ਦੇ ਪੱਧਰ ਅਲੱਗ ਹਨ। ਲੁੱਟ ਅਧਾਰਿਤ ਸਮਾਜਾਂ ਅੰਦਰ ਕਈ ਗੈਰ-ਕੁਦਰਤੀ ਕਾਰਕ, ਕਦਰਾਂ ਦਰਮਿਆਨ ਬਣੇ ਕੁਦਰਤੀ ਵਖਰੇਵਿਆਂ ਨਾਲ਼ ਜੁੜ ਜਾਂਦੇ ਹਨ ਅਤੇ ਇਹ ਵਖਰੇਵੇਂ ਕਈ ਗੁਣਾ ਵਧ ਜਾਂਦੇ ਹਨ। ਇਹ ਕੁਦਰਤੀ ਹੈ ਕਿ ਸਫ਼ਾਈ ਕਰਮਚਾਰੀ ਦੀ ਕਿਰਤ ਦੀ ਕਦਰ ਅਤੇ ਇੱਕ ਡਾਕਟਰ ਦੀ ਕਿਰਤ ਦੀ ਕਦਰ ਦਰਮਿਆਨ ਕੁੱਝ ਪਾੜਾ ਮੌਜੂਦ ਹੋਵੇ। ਇਸ ਪਾੜੇ ਨੂੰ ਕੋਈ ਵੀ ਹਟਾ ਨਹੀਂ ਸਕਦਾ। ਪਰ ਇਹ ਜ਼ਰੂਰੀ ਨਹੀਂ ਕਿ ਇਹ ਪਾੜਾ ਏਨਾ ਜ਼ਿਆਦਾ ਹੋਵੇ ਜਿਨਾਂ ਕਿ ਇਹ ਲੁੱਟ ਅਧਾਰਿਤ ਸਮਾਜ ਵਿੱਚ ਹੁੰਦਾ ਹੈ। ਐਪਰ, ਇਹ ਦੋ ਤਰ੍ਹਾਂ ਦੇ ਕਿਰਤੀ ਤਾਂ ਵੀ ਬਰਾਬਰ ਨਹੀਂ ਹੋ ਸਕਦੇ ਜੇਕਰ ਅਸੀਂ ਇਹਨਾਂ ਦਰਮਿਆਨ ਪਾੜੇ ਨੂੰ ਕੁਦਰਤੀ ਮੰਨ ਲਈਏ ਕਿਉਂਕਿ ਉਹ ਕੁਦਰਤੀ ਤੌਰ ‘ਤੇ ਮੌਜੂਦ ਪਾੜਾ ਵੀ ਇੱਕ ਪਾੜਾ ਹੈ। ਇਸ ਲਈ ਇਹ ਦੋ ਵੱਖਰੇ ਪ੍ਰਾਵਰਗ ਬਣਾਉਂਦੇ ਹਨ। ਇਹੀ ਉਹ ਅਧਾਰ ਹੈ ਜਿਸ ਤੋਂ ਕਿਰਤੀਆਂ ਦੀ ਵੱਖਰੇ ਪ੍ਰਾਵਰਗਾਂ ਵਿੱਚ ਵੰਡ ਹੁੰਦੀ ਹੈ।

ਇਸ ਤੋਂ ਅੱਗੇ, ਕਿਸੇ ਵੀ ਕੰਮ ਸਥਾਨ ਅੰਦਰ, ਕੁੱਝ ਕਰਮਚਾਰੀ ਹੋਣਗੇ (ਇਹ ਵਿਅਕਤੀ ਵੀ ਕਿਰਤੀ ਹੀ ਹਨ) ਜੋ ਦੂਸਰੇ ਕਿਰਤੀਆਂ ਨੂੰ ਨਿਯੰਤਰਿਤ ਕਰਨ ਦੀ ਕਿਰਤ ਕਰਦੇ ਹਨ। ਲੁੱਟ ਦੇ ਸਬੰਧ ਹੋਣ ਕਰਕੇ ਇਹ ਨਿਯੰਤਰਣ ਕਿਰਤ ਜ਼ਰੂਰੀ ਹੈ। ਇਹ ਹਾਲਤ ਵੀ ਕਿਰਤੀਆਂ ਦਰਮਿਆਨ ‘ਦਰਜਾਬੰਦੀ ਦੇ ਵਖਰੇਵੇਂ’ ਪੈਦਾ ਕਰਦੀ ਹੈ। ਇਸ ਢੰਗ ਰਾਹੀਂ ਵੀ ਕਿਰਤੀ ਇੱਕ-ਦੂਜੇ ਉੱਪਰ ਦਰਜਾਬੰਦ ਹੋ ਜਾਣਗੇ।

ਜੇਕਰ ਅਸੀਂ ਇਹਨਾਂ ਦਰਜਾਬੰਦੀਆਂ ਦੀਆਂ ਹਾਲਤਾਂ ਨੂੰ ‘ਕਿਰਤੀਆਂ ਦੀ ਵੰਡ’ ਦੇ ਤੌਰ ‘ਤੇ ਲਈਏ, ਤਾਂ ਇਹ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਸਭੇ ਮੁਲਕਾਂ ਅੰਦਰ ਮੌਜੂਦ ਹਨ। ਜਿੱਥੇ ਜਾਤਾਂ ਨਹੀਂ ਵੀ ਹਨ ਉੱਥੇ ਵੀ ਕਿਰਤੀਆਂ ਦਰਮਿਆਨ ਦਰਜਾਬੰਦੀਆਂ ਦੇ ਵਖਰੇਵੇਂ ਹੋਣਗੇ। ਸਾਨੂੰ ਇਹ ਨਹੀਂ ਮਿਥ ਲੈਣਾ ਚਾਹੀਦਾ ਕਿ ਇਹ ਦਰਜਾਬੰਦੀਆਂ ਦੇ ਵਖਰੇਵੇਂ ਕੇਵਲ ਹਿੰਦੁਸਤਾਨ ਵਿੱਚ ਮੌਜੂਦ ਹਨ। 

ਅਨੁਵਾਦ — ਮਾਨਵ

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s