ਖੇਤੀ ਵਿੱਚ ਪੂੰਜੀਵਾਦ -ਲੈਨਿਨ

lenin11

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਪੁਸਤਕ ਸਮੀਖਿਆ
ਖੇਤੀ ਵਿੱਚ ਪੂੰਜੀਵਾਦ
ਲੇਖਕ – ਲੈਨਿਨ
ਪੰਨੇ- 55
ਕੀਮਤ- 15 ਰੁ.
ਪ੍ਰਕਾਸ਼ਕ- ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ।

ਪੰਜਾਬੀ ਭਾਸ਼ਾ ਵਿੱਚ ਇਸ ਸਮੇਂ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਦੀ ਖਾਸੀ ਘਾਟ ਹੈ। ਪਹਿਲਾਂ ਸੋਵੀਅਤ ਯੂਨੀਅਨ ਤੋਂ  ਮਾਰਕਸਵਾਦੀ ਸਾਹਿਤ ਕਾਫ਼ੀ ਵੱਡੀ ਮਾਤਰਾ ਵਿੱਚ ਪੰਜਾਬੀ ਵਿੱਚ ਛਪ ਕੇ ਆਇਆ ਸੀ। ਪਰ ਹੁਣ ਤਾਂ ਪੰਜਾਬੀ ਭਾਸ਼ਾ ਵਿਚ ਬਹੁਤ ਹੀ ਘੱਟ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਉਪਲਭਧ ਹਨ। ਨਾ ਹੀ ਕੋਈ ਪ੍ਰਕਾਸ਼ਨ ਇਹਨਾਂ ਰਚਨਾਵਾਂ ਦੀ ਮੁੜ ਛਪਾਈ ਵਿੱਚ ਦਿਲਚਸਪੀ ਲੈ ਰਿਹਾ ਹੈ।

ਅਜਿਹੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਨੇ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਦੇ ਮੁੜ-ਪ੍ਰਕਾਸ਼ਨ ਅਤੇ ਜਿਹੜੀਆਂ ਰਚਨਾਵਾਂ ਦੇ ਫਿਲਹਾਲ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਉਪਲਭਧ ਨਹੀਂ ਹਨ, ਉਹਨਾਂ ਦੇ ਅਨੁਵਾਦ ਛਾਪਣ ਦਾ ਹੰਭਲਾ ਮਾਰਿਆ ਹੈ। ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਦੇ ਇਹਨਾਂ ਹੀ ਯਤਨਾਂ ਦੀ ਕੜੀ ਹੈ ਲੈਨਿਨ ਦੀ ਪੁਸਤਕ ”ਖੇਤੀ ਵਿੱਚ ਪੂੰਜੀਵਾਦ” (ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਗਤੀ ਪ੍ਰਕਾਸ਼ਨ, ਮਾਸਕੋ ਦੁਆਰਾ ਪ੍ਰਕਾਸ਼ਤ ਲੈਨਿਨ ਦੀਆਂ ਸੰਪੂਰਨ ਰਚਨਾਵਾਂ ਦੀ ਚੌਥੀ ਸੰਚੀ, ਚੌਥੀ ਛਾਪ, 1977 ਅਨੁਸਾਰ ਕੀਤਾ ਗਿਆ ਹੈ।) ਦਾ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਨ। ਸਾਡੀ ਜਾਣਕਾਰੀ ਅਨੁਸਾਰ ਪੰਜਾਬੀ ਭਾਸ਼ਾ ‘ਚ ਇਸ ਪੁਸਤਕ ਦਾ ਅਨੁਵਾਦ ਪਹਿਲੀ ਵਾਰ ਹੋਇਆ ਹੈ। ਇਹ ਪੰਜਾਬੀ ਭਾਸ਼ਾ ਦੀ ਗਰੀਬੀ ਅਤੇ ਪੰਜਾਬ ਦੇ ਲੋਕਾਂ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਮਨੁੱਖਤਾ ਵੱਲੋਂ ਸਿਰਜੇ ਗਿਆਨ ਦੇ ਭੰਡਾਰ ਦਾ ਵੱਡਾ ਹਿੱਸੇ ਤੱਕ ਅਜੇ ਤੱਕ ਵੀ ਪੰਜਾਬ ਦੇ ਲੋਕਾਂ ਦੀ ਪਹੁੰਚ ਨਹੀਂ ਹੈ।

‘ਖੇਤੀ ਵਿੱਚ ਪੂੰਜੀਵਾਦ’ ਨਾਮੀ ਇਸ ਪੁਸਤਕ ਵਿੱਚ ਲੈਨਿਨ ਦੇ ਦੋ ਲੇਖ ਸ਼ਾਮਿਲ ਹਨ। ਵਾਦ-ਵਿਵਾਦੀ ਸ਼ੈਲੀ ਵਿੱਚ ਲਿਖੇ ਇਹ ਲੇਖ ‘ਖੇਤੀ ਵਿੱਚ ਪੂੰਜੀਵਾਦ’ ਬਾਰੇ ਬਹੁਤ ਸਾਰੇ ਗਲਤ ਸੰਕਲਪਾਂ ਦਾ ਖੰਡਨ ਕਰਕੇ, ਇਸ ਬਾਰੇ ਮਾਰਕਸਵਾਦੀ ਸੰਕਲਪਾਂ ਨੂੰ ਸਥਾਪਿਤ ਕਰਦੇ ਹਨ। ਕਾਊਟਸਕੀ ਦੀ ਕਿਤਾਬ ‘ਜ਼ਰਈ ਸਵਾਲ’ (Agrarian Question) ਮਾਰਕਸਵਾਦੀ ਸਾਹਿਤ ਵਿੱਚ ਅਹਿਮ ਥਾਂ ਰੱਖਦੀ ਹੈ, ਇਸ ਕਿਤਾਬ ਵਿੱਚ ਕਾਊਟਸਕੀ ਨੇ ਖੇਤੀ ‘ਚ ਪੂੰਜੀਵਾਦੀ ਵਿਕਾਸ ਸਬੰਧੀ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਹੋਰ ਅੱਗੇ ਵਿਕਸਤ ਕੀਤਾ ਹੈ (ਬਕੌਲ ਲੈਨਿਨ)। ਇੱਕ ਰੂਸੀ ਅਰਥ-ਸ਼ਾਸਤਰੀ ਬੁਲਗਾਕੋਵ ਨੇ ਕਾਊਟਸਕੀ ਦੀ ਇਸ ਕਿਤਾਬ ਦੀ ਗਲਤ ਪੇਸ਼ਕਾਰੀ ਕੀਤੀ, ਜਿਸ ਦੇ ਜਵਾਬ ਵਿੱਚ ਲੈਨਿਨ ਨੇ ‘ਖੇਤੀ ਵਿੱਚ ਪੂੰਜੀਵਾਦ’ ਸਿਰਲੇਖ ਤਹਿਤ ਉਪਰੋਕਤ ਦੋ ਲੇਖ ਲਿਖੇ।

ਸਾਡੇ ਦੇਸ਼ ‘ਚ ਭਾਰੂ ਪੈਦਾਵਾਰੀ ਸਬੰਧਾਂ ਦਾ ਸਵਾਲ ਇੱਥੋਂ ਦੀ ਕਮਿਊਨਿਸਟ ਲਹਿਰ ਤੋਂ ਲੈ ਕੇ ਅਕਾਦਮਿਕ ਮਾਰਕਸਵਾਦੀਆਂ ਤੱਕ, ਅਜੇ ਤੱਕ ਵੀ ਇੱਕ ਵਾਦ ਵਿਵਾਦ ਦਾ ਮਸਲਾ ਹੈ। ਖਾਸ ਕਰਕੇ ਇੱਥੋਂ ਦੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਬਾਰੇ ਆਮ ਸਹਿਮਤੀ ਨਹੀਂ ਹੈ। ਇੱਥੋਂ ਦੀ ਕਮਿਊਨਿਸਟ ਲਹਿਰ ਦਾ ਵੱਡਾ ਹਿੱਸਾ ਅਜੇ ਵੀ ਭਾਰਤੀ ਖੇਤੀ ਨੂੰ ਜਗੀਰੂ/ਅਰਧ ਜਗੀਰੂ ਮੰਨਦਾ ਹੈ ਅਤੇ ਇੱਥੇ ਕਿਸੇ ਵੀ ਕਿਸਮ ਦੇ ਪੂੰਜੀਵਾਦੀ ਵਿਕਾਸ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਭਾਰਤੀ ਖੇਤੀ ਬਾਰੇ ਅਜਿਹੀਆਂ ਸਿਰੇ ਤੋਂ ਗਲਤ ਸਿਧਾਂਤਕ ਪੁਜੀਸ਼ਨਾਂ ਦੀ ਮੁੱਖ ਵਜਾਹ, ਖੇਤੀ ‘ਚ ਪੂੰਜੀਵਾਦ ਬਾਰੇ ਇਹਨਾਂ ਦੀ ਗਲਤ ਸਮਝ ਅਤੇ ਮਾਰਕਸਵਾਦ ਦੀ ਕੱਚਘਰੜ ਸਮਝ ਹੀ ਮੁੱਖ ਰੂਪ ਵਿੱਚ ਜ਼ਿੰਮੇਵਾਰ ਹੈ। ਇਹ ਭਾਰਤੀ ਖੇਤੀ ਨੂੰ ਜਗੀਰੂ/ਅਰਧ ਜਗੀਰੂ ਸਾਬਤ ਕਰਨ ਲਈ ਜੋ ਸਵਾਲ ਉਠਾਉਂਦੇ ਹਨ ਜਾਂ ਆਪਣੀ ਪੁਜੀਸ਼ਨ ਦੇ ਹੱਕ ‘ਚ ਜੋ ਦਲੀਲਾਂ ਦਿੰਦੇ ਹਨ, ਉਹ ਸਭ ਉਹੀ ਦਲੀਲਾਂ ਹਨ, ਜੋ ਲਗਭਗ 100 ਸਾਲ ਪਹਿਲਾਂ ਮਾਰਕਸਵਾਦ ਵਿਰੋਧੀ ਦਿਆ ਕਰਦੇ ਸਨ। ਅਤੇ ਮਾਰਕਸਵਾਦੀਆਂ ਵੱਲੋਂ ਓਦੋਂ ਹੀ ਇਹਨਾਂ ਦਾ ਬਾ-ਦਲੀਲ ਖੰਡਣ ਕੀਤਾ ਜਾ ਚੁੱਕਾ ਹੈ। ਭਾਰਤ ਦੀ ਕਮਿਊਨਿਸਟ ਲਹਿਰ ‘ਚ ਮਾਰਕਸਵਾਦ ਦੀ ਅਨਪੜ੍ਹਤਾ ਬਹੁਤ ਵੱਡੇ ਪੈਮਾਨੇ ‘ਤੇ ਫੈਲੀ ਹੋਈ। ਇੱਥੋਂ ਦੇ ਜ਼ਿਆਦਾਤਰ ਕਮਿਊਨਿਸਟ ਮਾਰਕਸਵਾਦੀ ਕਲਾਸਿਕੀ ਰਚਨਾਵਾਂ ਦੇ ਅਧਿਐਨ ਤੋਂ ਲਗਭਗ ਕੋਰੇ ਹਨ। ਇਹਨਾਂ ਨੇ ਮਾਰਕਸਵਾਦ ਦੇ ਨਾਂ ‘ਤੇ ਜੋ ਕੁੱਝ ਸਿੱਖਿਆ ਹੈ, ਉਹ ਸੋਵੀਅਤ ਯੂਨੀਅਨ ਦੇ ਸੋਧਵਾਦੀ ਹੋਣ ਤੋਂ ਬਾਅਦ ਉੱਥੇ ਜੋ ਮਾਰਕਸਵਾਦ ਦੀਆਂ ਪਾਠ-ਪੁਸਤਕ ਨੁਮਾ ਵਿਆਖਿਆਵਾਂ ਛਪ ਕੇ ਆਈਆਂ, ਉਹਨਾਂ ਤੋਂ ਸਿੱਖਿਆ ਹੈ, ਜਾਂ ਆਪਣੇ ਲੀਡਰਾਂ ਦੇ ਪ੍ਰਵਚਨਾਂ ਨੂੰ ਮਾਰਕਸਵਾਦ ਸਮਝ ਕੇ ਗ੍ਰਹਿਣ ਕੀਤਾ ਹੈ। ਇਸੇ ਲਈ ਉਹ ਮਾਰਕਸਵਾਦ ਦੇ ਇਤਿਹਾਸ ‘ਚੋ ਜੋ ਬਹਿਸਾਂ 100-150 ਸਾਲ ਪਹਿਲਾਂ ਚੱਲ ਚੁੱਕੀਆਂ ਹਨ, ਉਹਨਾਂ ਬਾਰੇ ਜਾਣਕਾਰੀ ਤੋਂ ਬਿਲਕੁਲ ਕੋਰੇ ਹਨ। ਇਸ ਲਈ ਇਹ ਅੱਜ ਉਹਨਾਂ ਪੁਜੀਸ਼ਨਾਂ ‘ਤੇ ਜਾ ਖੜ੍ਹਦੇ ਹਨ, ਜੋ ਮਾਰਕਸਵਾਦ ਦੇ ਇਤਿਹਾਸ ਵਿੱਚ ਮਾਰਕਸਵਾਦ ਵਿਰੋਧੀਆਂ ਵੱਲੋਂ ਅਪਣਾਈਆਂ ਗਈਆਂ ਸਨ।

ਉਦਾਹਰਣ ਵਜੋਂ ਭਾਰਤੀ ਖੇਤੀ ਨੂੰ ਜਗੀਰੂ/ਅਰਧ ਜਗੀਰੂ ਸਾਬਤ ਕਰਨ ਵਾਲ਼ੇ ਆਪਣੇ ਹੱਕ ਵਿੱਚ ਇੱਕ ਮਹੱਤਵਪੂਰਨ ਦਲੀਲ ਇਹ ਦਿੰਦੇ ਹਨ ਕਿ ਕਿਉਂਕਿ ਭਾਰਤ ਵਿੱਚ ਮਜ਼ਦੂਰ ਪੂਰੀ ਤਰ੍ਹਾਂ ਬੇ-ਜ਼ਮੀਨੇ ਨਹੀਂ ਹਨ, ਇਸ ਲਈ ਉਹ ਪ੍ਰੋਲੇਤਾਰੀ ਨਹੀਂ ਹਨ, ਇਸ ਲਈ ਭਾਰਤੀ ਖੇਤੀ ਜਗੀਰੂ ਜਾਂ ਅਰਧ ਜਗੀਰੂ ਹੈ। ਇਸ ਦਲੀਲ ਦੇ ਵਿਰੋਧ ‘ਚ ਲੈਨਿਨ ਕਾਊਟਸਕੀ ਦਾ ਹਵਾਲਾ ਦਿੰਦੇ ਹਨ, ”ਪੇਂਡੂ ਅਬਾਦੀ ਦੇ ਪ੍ਰਵਾਸ ਕਰ ਜਾਣ ਨਾਲ ਪੈਦਾ ਹੋਈ ਖੇਤ ਮਜਦੂਰਾਂ ਦੀ ਘਾਟ, ਵੱਡੇ ਜ਼ਮੀਨ ਮਾਲਕਾਂ ਨੂੰ ਮਜ਼ਦੂਰਾਂ ਨੂੰ ਜ਼ਮੀਨ ਦਾ ਇਕ ਛੋਟਾ ਟੁਕੜਾ ਦੇਣ ਲਈ, ਛੋਟੀ ਕਿਸਾਨੀ ਨੂੰ ਪੈਦਾ ਕਰਨ ਲਈ, ਜੋ ਵੱਡੇ ਭੂਮੀਪਤੀਆਂ ਨੂੰ ਕਿਰਤ ਸ਼ਕਤੀ ਮੁਹੱਈਆ ਕਰਦੀ ਹੈ, ਮਜਬੂਰ ਕਰਦੀ ਹੈ। ਬਿਲਕੁਲ ਹੀ ਬੇਜ਼ਮੀਨਾ ਖੇਤ ਮਜ਼ਦੂਰ ਦੁਰਲੱਭ ਹੈ, ਕਿਉਂਕਿ ਜ਼ਰਈ ਪੇਂਡੂ ਅਰਥਚਾਰਾ ਆਪਣੇ ਸਹੀ ਅਰਥਾਂ ‘ਚ ਘਰੇਲੂ ਅਰਥਚਾਰੇ ਨਾਲ ਜੁੜ ਜਾਂਦਾ ਹੈ। ਖੇਤੀ ਦੇ ਉਜਰਤੀ ਮਜ਼ਦੂਰਾਂ ਦੀਆਂ ਸਾਰੀਆਂ ਵੰਨਗੀਆਂ ਕੋਲ ਜਾਂ ਤਾਂ ਜ਼ਮੀਨ ਦੀ ਮਾਲਕੀ ਹੁੰਦੀ ਹੈ ਜਾਂ ਜ਼ਮੀਨ ਦੀ ਵਰਤੋਂ ਦਾ ਹੱਕ ਹੁੰਦਾ ਹੈ। ਜਦੋਂ ਛੋਟੇ ਪੈਮਾਨੇ ਦੀ ਪੈਦਾਵਾਰ ਵੱਡੀ ਪੱਧਰ ‘ਤੇ ਖਤਮ ਹੋ ਜਾਂਦੀ ਹੈ ਤਾਂ ਆਪਣੀ ਜਮੀਨ ਵੇਚਣ ਜਾਂ ਪਟੇ ‘ਤੇ ਦੇਣ ਰਾਹੀਂ ਵੱਡੇ ਜ਼ਮੀਨ ਮਾਲਕ ਇਸ ਨੂੰ ਮਜ਼ਬੂਤ ਬਣਾਉਣ ਜਾਂ ਮੁੜ ਜੀਵਤ ਕਰਨ ਦੀ ਕੋਸ਼ਿਸ਼ ਕਰਦੇ ਹਨ। ” (ਖੇਤੀ ‘ਚ ਪੂੰਜੀਵਾਦ, ਪੰਨਾ-28-29 ਜ਼ੋਰ ਸਾਡਾ।)

ਇੱਕ ਹੋਰ ਦਲੀਲ ਉਹ ਇਹ ਦਿੰਦੇ ਹਨ ਕਿ ਕਿਉਂਕਿ ਭਾਰਤ ਵਿੱਚ ਵਾਹੀ ਅਧੀਨ ਜ਼ਮੀਨ ਛੋਟੇ ਛੋਟੇ ਟੁਕੜਿਆਂ ‘ਚ ਵੰਡੀ ਹੋਈ ਹੈ, ਕਿਉਂਕਿ ਇੱਥੇ ਛੋਟੀਆਂ ਜੋਤਾਂ ਦੀ ਉਤਪਾਦਕਤਾ ਵਧੇਰੇ ਹੈ, ਇਸ ਲਈ ਇਹ ਸਭ ਤੱਥ ਸਾਬਿਤ ਕਰਦੇ ਹਨ ਭਾਰਤੀ ਖੇਤੀ ਜਗੀਰੂ/ਅਰਧ ਜਗੀਰੂ ਹੈ। ਲੈਨਿਨ ਦੀ ਇਸ ਪੁਸਤਕ ਦਾ ਵੱਡਾ ਹਿੱਸਾ ਅਜਿਹੀਆਂ ਗਲਤ ਧਾਰਨਾਵਾਂ ਦਾ ਖੰਡਣ ਕਰਨ ਨੂੰ ਹੀ ਸਮਰਪਿਤ ਹੈ।

ਇਹ ਛੋਟੀ ਜਿਹੀ ਪੁਸਤਕ ਖੇਤੀ ਵਿੱਚ ਪੂੰਜੀਵਾਦ ਦੀ ਜਟਿਲਤਾ, ਇਸ ਦੇ ਬੁਨਿਆਦੀ ਚੌਖਟੇ ਅਤੇ ਇਸ ਸਵਾਲ ਨਾਲ਼ ਜੁੜੀ ਬਹਿਸ ਦੇ ਮਹੱਤਵਪੂਰਨ ਨੁਕਤਿਆਂ ਨੂੰ ਸਮਝਣ ‘ਚ ਬਹੁਤ ਮਦਦ ਕਰਦੀ ਹੈ। ਉਮੀਦ ਹੈ ਇਹ ਪੁਸਤਕ ਵਰਤਮਾਨ ਲੁੱਟ ਅਤੇ ਦਾਬੇ ਅਧਾਰਿਤ ਦੁਨੀਆਂ ਨੂੰ ਬਦਲਕੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਤੋਂ ਮੁਕਤ ਦੁਨੀਆਂ ਉਸਾਰੀ ਲਈ ਜੂਝਦੇ/ਤਾਂਘ ਰੱਖਦੇ ਮਾਰਕਸਵਾਦ ਦੇ ਪੰਜਾਬੀ ਪਾਠਕਾਂ ਲਈ  ਬੇਹੱਦ ਸਿੱਖਿਆਦਾਇਕ ਹੋਵੇਗੀ। ਅਤੇ ਇੱਥੇ ਦੇ ਕਮਿਊਨਿਸਟਾਂ ਦਰਮਿਆਨ ਇੱਥੋਂ ਦੀ ਖੇਤੀ ਦੇ ਖਾਸੇ ਬਾਰੇ ਨਵੇਂ ਸਿਰੇ ਤੋਂ ਬਹਿਸ ਛੇੜਨ ‘ਚ ਸਹਾਈ ਹੋਵੇਗੀ।

—ਨੀਰਜ

 

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s