ਖਾਲੀ ਸਮਾਂ •ਥਿਓਡੋਰ ਅਡੋਰਨ

2

ਪੀ.ਡੀ.ਐਫ਼ ਡਾਊਨਲੋਡ ਕਰੋ

ਖਾਲੀ ਸਮੇਂ ਨਾਲ਼ ਜੁੜੇ ਸੁਆਲ ਨੂੰ, ਕਿ ਲੋਕ ਇਸ ਵਿੱਚ ਕੀ ਕਰਦੇ ਹਨ ਅਤੇ ਆਖ਼ਰਕਾਰ ਇਸ ਨਾਲ਼ ਕਿਹੜੇ ਮੌਕੇ ਪੈਦਾ ਹੋ ਸਕਦੇ ਹਨ, ਅਮੂਰਤ ਸਧਾਰਨੀਕਰਨ ਦੇ ਰੂਪ ਵਿੱਚ ਨਹੀਂ ਉਠਾਇਆ ਜਾਣਾ ਚਾਹੀਦਾ। ਇਤਫ਼ਾਕ ਨਾਲ਼ ‘ਖਾਲੀ ਸਮਾਂ’ ਜਾਂ ‘ਫਾਲਤੂ ਸਮਾਂ’ ਦੀ ਸ਼ਬਦਾਵਲੀ ਦੀ ਉਤਪਤੀ ਹੁਣੇ ਜਿਹੇ ਹੀ ਹੋਈ ਹੈ – ਇਸ ਦਾ ਪੂਰਵਰਤੀ ਸ਼ਬਦ ‘ਫੁਰਸਤ’ ਸਾਫ਼, ਅਰਾਮਦੇਹ ਜੀਵਨ ਢੰਗ ਦੇ ਵਿਸ਼ੇਸ਼ ਹੱਕ ਨੂੰ ਪ੍ਰਗਟਾਉਂਦਾ ਸੀ ਅਤੇ ਇਸ ਲਈ ਇਸ ਪੱਖੋਂ ਸਿਫ਼ਤੀ ਰੂਪ ਵਿੱਚ ਵੱਖਰਾ ਅਤੇ ਕਿਤੇ ਜਿਆਦਾ ਚੰਗਾ ਸੀ। ‘ਖਾਲੀ ਸਮਾਂ’ ਜਾਂ ‘ਫਾਲਤੂ ਸਮਾਂ’ ਇਕ ਖਾਸ ਫਰਕ ਨੂੰ ਦਰਸਾਉਂਦਾ ਹੈ, ਜੋ ਕਿ ਉਹ ਸਮਾਂ ਹੈ ਜਿਹੜਾ ਨਾ ਤਾਂ ਖਾਲੀ ਹੈ ਅਤੇ ਨਾ ਹੀ ਅਤੇ ਨਾ ਹੀ ਫਾਲਤੂ, ਜੋ ਕੰਮ ਵਿੱਚ ਲੱਗਿਆ ਹੋਇਆ ਹੈ, ਹੋਰ ਤਾਂ ਹੋਰ, ਜਿਸ ਨੂੰ ਗੈਰ-ਖੁਦਮੁਖਤਿਆਰ ਦਾ ਨਾਂ ਦਿਤਾ ਜਾਂਦਾ ਹੈ। ਖਾਲੀ ਸਮਾਂ ਆਪਣੇ ਉਲ਼ਟ ਨਾਲ਼ ਬੱਝਾ ਹੋਇਆ ਹੈ। ਨਿਰਸੰਦੇਹ ਜਿਸ ਵਿਰੋਧਾਤਮਕ ਸਬੰਧ ਵਿੱਚ ਖਾਲੀ ਸਮਾਂ ਸਥਿਤ ਹੁੰਦਾ ਹੈ। ਉਸ ਨੂੰ ਕਈ ਜ਼ਰੂਰੀ ਵਿਸ਼ੇਸ਼ਤਾਵਾਂ ਨਾਲ਼ ਭਰ ਦਿੰਦਾ ਹੈ ਅਤੇ ਜਿਹੜੀ ਗੱਲ ਕਿਤੇ ਜ਼ਿਆਦਾ ਅਹਿਮ ਹੈ ਉਹ ਇਹ ਕਿ ਖਾਲੀ ਸਮਾਂ ਸਮਾਜਕ ਹਾਲਤਾਂ ਦੀ ਸਮੁੱਚਤਾ ਦੇ ਆਸਰੇ ਹੁੰਦਾ ਹੈ, ਜਿਹੜਾ ਲੋਕਾਂ ਨੂੰ ਮੋਹਪਾਸ਼ ਵਿੱਚ ਬੰਨ੍ਹੀ ਰੱਖਦਾ ਹੈ। ਨਾ ਤਾਂ ਆਪਣੇ ਕੰਮ ਵਿੱਚ ਅਤੇ ਨਾ ਹੀ ਆਪਣੀ ਚੇਤਨਾ ਵਿੱਚ ਲੋਕ ਅਸਲੀ ਅਜ਼ਾਦੀ ਤੋਂ ਛੁਟਕਾਰਾ ਪਾ ਸਕਦੇ ਹਨ। ਰੰਗਮੰਚ ਦੇ ਖੇਤਰ ਤੋਂ ਉਧਾਰ ਲਏ ਗਏ ਸ਼ਬਦ ‘ਭੂਮਿਕਾ’ ਦਾ ਇਕ ਕੁੰਜੀ ਦੇ ਰੂਪ ਵਿੱਚ ਵਰਤੋਂ ਕਰਨ ਵਾਲ਼ੇ ਸੁਲ੍ਹਾਕਾਰੀ ਸਮਾਜਸ਼ਾਸਤਰੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਅਤੇ ਇਹ ਸ਼ਬਦ ਇਹ ਦੱਸਦਾ ਹੈ ਕਿ ਸਮਾਜ ਦੁਆਰਾ ਲੋਕਾਂ ‘ਤੇ ਮਿੱਥਿਆ ਅਰੋਪਤ ਹੋਂਦ ਨਾ ਤਾਂ ਉਸ ਚੀਜ਼ ਨਾਲ਼ ਮੇਲ਼ ਖਾਂਦੀ ਹੈ, ਜਿਹੜੀ ਲੋਕ ਆਪਣੇ ਆਪ ਵਿੱਚ ਹੁੰਦੇ ਹਨ ਅਤੇ ਨਾ ਹੀ ਉਸ ਚੀਜ਼ ਨਾਲ਼ ਜਿਹੜੀ ਉਹ ਹੋ ਸਕਦੇ ਹਨ। ਬਿਨਾਂ ਸ਼ੱਕ ਲੋਕ ਆਪਣੇ ਆਪ ਵਿੱਚ ਜਿਹੋ ਜਿਹੇ ਹਨ ਅਤੇ ਉਨ੍ਹਾਂ ਦੀਆਂ ਅਖੌਤੀ ਸਮਾਜਕ ਭੂਮਿਕਾਵਾਂ ਵਿੱਚ ਸਰਲ ਫਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਇਹ ਭੂਮਿਕਾਵਾਂ ਮਨੁੱਖੀ ਸੁਭਾਅ ਦੀ ਸਭ ਤੋਂ ਅੰਦਰੂਨੀ ਜੋੜਬੰਦੀ ਨੂੰ ਇਸ ਹੱਦ ਤੱਕ ਪ੍ਰਭਾਵਤ ਕਰਦੀਆਂ ਹਨ ਕਿ ਸੱਚਮੁਚ ਹੀ ਬੇਮਿਸਾਲ ਸਮਾਜਕ ਏਕੀਕਰਨ ਦੇ ਯੁੱਗ ਵਿੱਚ ਮਨੁੱਖਾਂ ਵਿੱਚ ਅਜਿਹੀ ਕਿਸੇ ਵੀ ਚੀਜ਼ ਦਾ ਪਤਾ ਲਗਾਉਣ ਔਖਾ ਹੈ, ਜੋ ਕਾਰਜਾਤਮਕ ਰੂਪ ਤੋਂ ਨਾ ਤੈਅ ਹੁੰਦੀ ਹੋਵੇ। ਇਹ ਖ਼ਾਲੀ ਸਮੇਂ ਨਾਲ਼ ਜੁੜੇ ਸੁਆਲ ਲਈ ਗ਼ੌਰ ਕਰਨ ਲਾਇਕ ਵਿਚਾਰ ਹੈ। ਕਹਿਣ ਦਾ ਭਾਵ ਇਹ ਹੈ ਕਿ ਜਦ ਇਸ ਮੋਹਪਾਸ਼ ਦੀ ਜਕੜ ਢਿੱਲ਼ੀ ਪੈ ਜਾਂਦੀ ਹੈ ਅਤੇ ਲੋਕ, ਘੱਟੋ-ਘੱਟ ਅੰਤਰਮੁਖੀ ਤੌਰ ‘ਤੇ, ਇਸ ਗੱਲ ਤੇ ਯਕੀਨ ਕਰਦੇ ਹਨ ਕਿ ਉਹ ਸਵੈਇੱਛਾ ਨਾਲ਼ ਕੰਮ ਕਰ ਰਹੇ ਹਨ, ਉਸ ਵੇਲ਼ੇ ਵੀ ਇਹ ਇੱਛਾ ਉਨ੍ਹਾਂ ਤਾਕਤਾਂ ਦੁਆਰਾ ਬਣਾਈ ਰਹੀ ਹੁੰਦੀ ਹੈ, ਜਿਨ੍ਹਾਂ ਤੋਂ ਉਹ ਕੁਝ ਕੰਮ ਰਹਿਤ ਘੰਟਿਆਂ ਵਿੱਚ ਛੁਟਕਾਰਾ ਪਾਉਣਾ ਚਾਹੁੰਦੇ ਹਨ। ਅੱਜ ਜਿਹੜਾ ਸੁਆਲ ਖ਼ਾਲੀ ਸਮੇਂ ਦੇ ਵਰਤਾਰੇ ਨਾਲ਼ ਅਸਲ ਵਿੱਚ ਨਿਆਂ ਕਰ ਸਕੇਗਾ ਉਹ ਇਸ ਤਰ੍ਹਾਂ ਹੈ : ਉੱਥੇ ਖ਼ਾਲੀ ਸਮੇਂ ਦਾ ਕੀ ਹੁੰਦਾ ਹੈ, ਜਿੱਥੇ ਕਿਰਤ ਦੀ ਪੈਦਾਵਾਰਕਤਾ ਗ਼ੈਰ ਅਜ਼ਾਦੀ ਦੀਆਂ ਲਗਾਤਾਰ ਮੌਜੂਦ ਹਾਲਤਾਂ ਦੇ ਹੇਠ ਲਗਾਤਾਰ ਵਧਦੀ ਰਹਿੰਦੀ ਹੈ, ਭਾਵ ਉਹ ਪੈਦਾਵਾਰੀ ਸਬੰਧ ਜਿਨ੍ਹਾਂ ਵਿੱਚ ਲੋਕ ਜਨਮ ਤੋਂ ਬੱਝੇ ਹੁੰਦੇ ਹਨ ਅਤੇ ਜਿਹੜੇ ਮਨੁੱਖੀ ਹੋਂਦ ਦੇ ਨਿਯਮਾਂ ਨੂੰ ਨਿਰਦੇਸ਼ਤ ਕਰਦੇ ਹਨ, ਜਿਹਾ ਉਹ ਸਦਾ ਤੋਂ ਕਰਦੇ ਰਹੇ ਹਨ? ਸਾਡੇ ਸਮੇਂ ਵਿੱਚ ਅਤੇ ਸਾਡੇ ਯੁੱਗ ਵਿੱਚ ਖ਼ਾਲੀ ਸਮਾਂ ਪਹਿਲਾਂ ਹੀ ਬਹੁਤ ਜਿਆਦਾ ਵਿਸਥਾਰਤ ਹੋ ਚੁੱਕਿਆ ਹੈ। ਇਹ ਵਿਸਥਾਰ ਸਵੈਚਾਲਨ ਅਤੇ ਪ੍ਰਮਾਣੂ ਉਰਜਾ ਦੇ ਖੇਤਰ ਵਿੱਚ ਹੋਈਆਂ ਖੋਜਾਂ ਕਾਰਨ ਹੋਰ ਵਧਣਾ ਚਾਹੀਦਾ ਹੈ, ਜਿਨ੍ਹਾਂ ਦੀ ਹਾਲੇ ਪੂਰੀ ਤਰ੍ਹਾਂ ਵਰਤੋਂ ਨਹੀਂ ਹੋ ਸਕੀ ਹੈ। ਜੇ ਕੋਈ ਬਿਨਾਂ ਵਿਚਾਰਧਾਰਕ ਤੁਅੱਸਬਾਂ ਤੋਂ ਇਸ ਸੁਆਲ ਦਾ ਜੁਆਬ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਸ ਸ਼ੱਕ ਤੋਂ ਨਹੀਂ ਬਚ ਸਕੇਗਾ ਕਿ ‘ਖ਼ਾਲੀ ਸਮਾਂ’ ਆਪਣੇ ਉਲ਼ਟ ਵਲ ਵਧਾ ਰਿਹਾ ਹੈ ਅਤੇ ਆਪਣੀ ਹੀ ਪਰੌਡੀ ਬਣ ਰਿਹਾ ਹੈ। ਇਸ ਤਰ੍ਹਾਂ ਗ਼ੈਰ ਅਜ਼ਾਦੀ ਹੌਲ਼ੀ ਹੌਲ਼ੀ ‘ਖ਼ਾਲੀ ਸਮੇਂ’ ਨੂੰ ਹੌਲ਼ੀ-ਹੌਲ਼ੀ ਹੜੱਪ ਰਹੀ ਹੈ ਅਤੇ ਗ਼ੈਰ ਅਜ਼ਾਦ ਲੋਕਾਂ ਦੀ ਬਹੁਗਿਣਤੀ ਇਸ ਪ੍ਰਕਿਰਿਆ ਤੋਂ ਓਨੀ ਹੀ ਅਣਜਾਣ ਹੈ ਜਿਨੀ ਕਿ ਖ਼ੁਦ ਗ਼ੈਰ ਅਜ਼ਾਦੀ ਤੋਂ।

ਮੈਂ ਆਪਣੇ ਇਕ ਮਾਮੂਲੀ ਅਨੁਭਵ ਦੁਆਰਾ ਇਸ ਸਮੱਸਿਆ ਨੂੰ ਸਪਸ਼ੱਟ ਕਰਨਾ ਚਾਹਾਂਗਾ। ਅਕਸਰ ਗੱਲਬਾਤ ਜਾਂ ਮੁਲਾਕਾਤ ਦੌਰਾਨ ਲੋਕਾਂ ਤੋਂ ਉਨ੍ਹਾਂ ਦੀਆਂ ਰੁਚੀਆਂ ਜਾਂ ਸ਼ੌਂਕਾਂ ਬਾਰੇ ਪੁੱਛਿਆ ਜਾਂਦਾ ਹੈ। ਜਦ ਸਚਿੱਤਰ ਹਫ਼ਤਾਵਾਰੀ ਅਖ਼ਬਾਰ ਸੱਭਿਆਚਾਰਕ ਸੱਨਅਤ ਦੇ ਕਿਸੇ ਵੱਡੀ ਸ਼ਖ਼ਸੀਅਤ ਦੇ ਵਿਸ਼ੇ ‘ਤੇ ਖ਼ਬਰ ਦੇ ਰਹੇ ਹੁੰਦੇ ਹਨ, ਤਾਂ ਉਹ ਨੇੜਤਾ ਦੀਆਂ ਵੱਖ-ਵੱਖ ਮਿਕਦਾਰਾਂ ਵਿੱਚ ਵਿਰਲੇ ਹੀ ਉਸ ਵਿਅਕਤੀ ਵਿਸ਼ੇਸ਼ ਦੀਆਂ ਰੁਚੀਆਂ ਦੀ ਸੂਚਨਾ ਦੇਣ ਦਾ ਮੌਕਾ ਖੁੰਝਾਉਂਦੇ ਹਨ। ਮੇਰਾ ਜਦ ਕਦੀ ਵੀ ਇਸ ਸੁਆਲ ਨਾਲ਼ ਸਾਹਮਣਾ ਹੁੰਦਾ ਹੈ, ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ। ਮੇਰੀ ਕੋਈ ਰੁਚੀ ਨਹੀਂ ਹੈ। ਅਜਿਹਾ ਨਹੀਂ ਕਿ ਮੈਂ ਕੰਮ ਵਿੱਚ ਇਸ ਹੱਦ ਤੱਕ ਡੁੱਬਿਆ ਰਹਿੰਦਾ ਹਾਂ ਕਿ ਖ਼ੁਦ ਨੂੰ ਗ਼ੈਰ ਪੇਸ਼ੇਵਰ ਢੰਗ ਨਾਲ਼ ਜ਼ਰੂਰੀ ਕੰਮ ਵਿੱਚ ਲਗਾਉਣ  ਦੇ ਇਲਾਵਾ ਆਪਣੇ ਸਮੇਂ ਨਾਲ਼ ਕੁਝ ਹੋਰ ਨਾ ਕਰ ਸਕਾਂ। ਪਰ ਜਿਥੋਂ ਤੱਕ ਮੇਰੇ ਮੰਨੇ ਜਾਂਦੇ ਪੇਸ਼ੇ ਦੀ ਹੱਦ ਤੋਂ ਪਰੇ ਮੇਰੀਆਂ ਸਰਗਰਮੀਆਂ ਦਾ ਸੁਆਲ ਹੈ ਤਾਂ ਮੈਂ ਬਿਨਾਂ ਕਿਸੇ ਛੋਟ ਦੇ ਉਨ੍ਹਾਂ ਸਾਰਿਆਂ ਨੂੰ ਕਾਫ਼ੀ ਗੰਭੀਰਤਾ ਨਾਲ਼ ਲੈਂਦਾ ਹਾਂ। ਇਸ ਹੱਦ ਤੱਕ ਗੰਭੀਰਤਾ ਨਾਲ਼ ਕਿ ਜੇ ਮੈਂ ਹੁਣ ਇਸ ਵਿਆਪਕ ਬਣ ਚੁੱਕੀ ਬਰਬਰ ਮਾਨਸਿਕਤਾ ਦੇ ਅਜਿਹੇ ਉਦਾਹਰਣਾਂ ਵੱਲ ਤਜ਼ਰਬੇ ਨਾਲ਼ ਸਖ਼ਤ ਨਹੀਂ ਹੋਇਆ ਹੁੰਦਾ ਤਾਂ ਇਹ ਮੈਨੂੰ ਹੀ ਡਰਾਉਣ ਲਈ ਕਾਫ਼ੀ ਹੁੰਦਾ ਕਿ ਇਨ੍ਹਾਂ ਦਾ ਰੁਚੀਆਂ ਨਾਲ਼ ਕੋਈ ਲੈਣਾ ਦੇਣਾ ਹੈ – ਜੋ ਕਿ ਹੋਰ ਕੁਝ ਨਹੀਂ ਸਗੋਂ ਅਜਿਹੇ ਰੁਝੇਵੇਂ ਹਨ ਜਿਨ੍ਹਾਂ ਲਈ ਸਿਰਫ਼ ਆਪਣਾ ਸਮਾਂ ਬਿਤਾਉਣ ਲਈ ਮੈਂ ਮੂਰਖ਼ਤਾਪੂਰਣ ਢੰਗ ਨਾਲ਼ ਪਾਗਲ ਹਾਂ। ਸੰਗੀਤ ਸਿਰਜਣਾ, ਸੰਗੀਤ ਸੁਣਨਾ, ਇਕਾਗਰਤਾ ਨਾਲ਼ ਪੜ੍ਹਨਾ – ਇਹ ਸਾਰੀਆਂ ਸਰਗਰਮੀਆਂ ਮੇਰੇ ਜੀਵਨ ਦਾ ਜ਼ਰੂਰੀ ਹਿੱਸਾ ਹਨ; ਇਨ੍ਹਾਂ ਨੂੰ ਸ਼ੌਕ ਕਹਿਣਾ ਇਨ੍ਹਾਂ ਦਾ ਮਜ਼ਾਕ ਉਡਾਉਣਾ ਹੋਵੇਗਾ। ਦੂਜੇ ਪਾਸੇ, ਮੈਂ ਏਨਾ ਖੁਸ਼ਕਿਸਮਤ ਤਾਂ ਰਿਹਾ ਹੀ ਹਾਂ ਕਿ ਫਲਾਸਫਰ ਅਤੇ ਸਮਾਜਸ਼ਾਸਤਰੀ ਰਚਨਾਵਾਂ ਦੀ ਸਿਰਜਣਾ ਅਤੇ ਕਾਲਜ ਵਿੱਚ ਪੜ੍ਹਾਉਣ ਦੇ ਮੇਰੇ ਕੰਮ ਨੂੰ ਖਾਲੀ ਸਮੇਂ ਦੇ ਪੂਰੀ ਤਰ੍ਹਾਂ ਉਲ਼ਟ ਵਜੋਂ ਪ੍ਰੀਭਾਸ਼ਤ ਨਹੀਂ ਕੀਤਾ ਜਾ ਸਕਦਾ, ਜਿਹਾ ਇਨ੍ਹਾਂ ਦੋਵਾਂ ਵਿੱਚ ਦੀ ਬਰੀਕ ਵੰਡ ਦੀ ਲਕੀਰ ਮੰਗ ਕਰਦੀ ਹੈ। ਭਾਵੇਂ ਮੈਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਸ ਮਾਮਲੇ ਵਿੱਚ ਮੈਨੂੰ ਖ਼ਾਸ ਹੱਕ ਹਾਸਲ ਹੈ, ਜਿਸ ਵਿੱਚ ਖੁਸ਼ਕਿਸਮਤੀ ਅਤੇ ਅਪਰਾਧਬੋਧ ਦੋਵਾਂ ਦੇ ਤੱਤ ਸ਼ਾਮਲ ਹਨ : ਮੈਂ ਇਕ ਅਜਿਹੇ ਵਿਅਕਤੀ ਵਜੋਂ ਬੋਲ ਰਿਹਾ ਹਾਂ ਜਿਸ ਦੇ ਕੋਲ਼ ਆਪਣੀ ਮਨਸ਼ਾ ਦੀ ਰਾਹ ‘ਤੇ ਚੱਲਣ ਅਤੇ ਆਪਣੇ ਕਾਰਜ ਨੂੰ ਉਸੇ ਦੇ ਅਨੁਸਾਰ ਢਾਲ਼ਣ ਦਾ ਦੁਰਲੱਭ ਮੌਕਾ ਹਾਸਲ ਰਿਹਾ ਹੈ। ਇਹ ਨਿਸ਼ਚਤ ਹੀ ਇਕ ਚੰਗਾ ਕਾਰਨ ਹੈ ਜੋ ਦੱਸਦਾ ਹੈ ਕਿ ਕਿਉਂ ਮੇਰੇ ਕੰਮ ਵਿੱਚ ਅਤੇ ਇਸ ਨਾਲ਼ ਇਸ ਤੋਂ ਇਲਾਵਾ ਜੋ ਮੈਂ ਕਰਦਾ ਹਾਂ, ਉਸ ਵਿੱਚ ਕੋਈ ਸਖ਼ਤ ਵਿਰੋਧ ਨਹੀਂਂ ਹੈ। ਜੇ ਖਾਲੀ ਸਮੇਂ ਨੂੰ ਸਿਰਫ਼ ਉਸ ਹਾਲਤ ਵਿੱਚ ਤਬਦੀਲ ਹੋਣਾ ਹੋਵੇ ਜਿਸ ਵਿੱਚ ਸਾਰੇ ਲੋਕ ਉਸ ਚੀਜ਼ ਦਾ ਆਨੰਦ ਉਠਾ ਸਕਣ ਜੋ ਪਹਿਲਾਂ ਕੁਝ ਗਿਣੇ ਚੁਣੇ ਲੋਕਾਂ ਦਾ ਖ਼ਾਸ ਹੱਕ ਸੀ – ਅਤੇ ਜਗੀਰਦਾਰੀ ਦੇ ਮੁਕਾਬਲੇ ਸਰਮਾਏਦਾਰੀ ਸਮਾਜ ਨੇ ਇਸ ਦਿਸ਼ਾ ਵਿੱਚ ਕੁਝ ਕਦਮ ਚੁੱਕੇ ਵੀ ਹਨ – ਤਾਂ ਮੈਂ ਇਸ ਦੀ ਤਸਵੀਰ ਕਾਰਜ ਦੇ ਖੇਤਰ ਦੇ ਬਾਹਰ ਆਪਣੇ ਜੀਵਨ ਦੇ ਅਨੁਭਵਾਂ ਦੇ ਅਨੁਸਾਰ ਬਣਾਵਾਂਗਾ, ਭਾਵੇਂ ਵੱਖ ਹਾਲਤਾਂ ਵਿੱਚ ਇਹ ਮਾਡਲ ਲਾਜ਼ਮੀ ਰੂਪ ਵਿੱਚ ਬਦਲ ਜਾਵੇਗਾ।

ਜੇ ਅਸੀਂ ਮਾਰਕਸ ਦੀ ਤਰ੍ਹਾਂ ਇਹ ਕਲਪਨਾ ਕਰੀਏ ਕਿ ਬੁਰਜੁਆ ਸਮਾਜ ਵਿੱਚ ਕਿਰਤ ਸ਼ਕਤੀ ਇਕ ਜਿਣਸ ਬਣ ਹਈ ਹੈ ਜਿਸ ਵਿੱਚ ਕਿਰਤ ਦਾ ਨਤੀਜੇ ਵਜੋਂ ਸਾਕਾਰੀਕਰਣ ਹੁੰਦਾ ਹੈ, ਤਦ ‘ਰੁਚੀ’ ਸ਼ਬਦ ਹੀ ਵਿਰੋਧਤਾਈ ਬਣ ਜਾਂਦਾ ਹੈ : ਉਸ ਮਨੁੱਖੀ ਅਵਸਥਾ ਦਾ ਵੀ ਕਿਰਤ ਅਤੇ ਖਾਲੀ ਸਮੇਂ ਵਿੱਚ ਸਖ਼ਤ ਫਰਕ ਦੀ ਤਰ੍ਹਾਂ ਹੀ ਸਾਕਾਰੀਕਰਣ ਹੋ ਗਿਆ ਹੈ, ਜੋ ਖ਼ੁਦ ਹੀ ਸਾਕਾਰੀਕਰਣ ਦੇ ਉਲ਼ਟ ਵਜੋਂ ਦੇਖਦੀ ਹੈ, ਜੋ ਪੂਰੀ ਤਰ੍ਹਾਂ ਨਾਲ਼ ਵਿਚਕਾਰ ਸਥਿਤ ਸੰਪੂਰਣ ਢਾਂਚੇ ਵਿੱਚ ਗ਼ੈਰ ਸਾਲਸੀ ਜੀਵਨ ਦੀ ਆਰਾਮਗਾਹ ਹੈ। ਇਨ੍ਹਾਂ ਚੋਂ ਖ਼ਾਲੀ ਸਮਾਂ ਮੁਨਾਫ਼ਾ ਕੇਂਦਰਤ ਸਮਾਜਕ ਜੀਵਨ ਦੀ ਰੂਪਾਂ ਦੀ ਲਗਾਤਾਰਤਾ ਹੈ। ਜਿਸ ਤਰ੍ਹਾਂ ‘ਸ਼ੋਅ ਬਿਜ਼ਨਸ’ ਸ਼ਬਦ ਨੂੰ ਅੱਜ ਕੱਲ ਬੇਹੱਦ ਗੰਭੀਰਤਾ ਨਾਲ਼ ਲਿਆ ਜਾਂਦਾ ਹੈ, ਉਸੇ ਤਰ੍ਹਾਂ ‘ਛੁੱਟੀ ਸੱਨਅਤ’ ਸ਼ਬਦਾਵਲੀ ਵਿੱਚ ਛਿਪੇ ਵਿਅੰਗ ਨੂੰ ਹੁਣ ਕਾਫ਼ੀ ਹੱਦ ਤੱਕ ਭੁਲਾ ਦਿਤਾ ਗਿਆ ਹੈ। ਇਹ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਤੱਥ ਹੈ ਅਤੇ ਇਸ ਲਈ ਓਨਾ ਹੀ ਸੱਚ ਵੀ ਹੈ ਕਿ ਸੈਰ ਸਪਾਟਾ ਅਤੇ ਕੈਂਪਿੰਗ ਜਿਹੀਆਂ ਵਿਸ਼ੇਸ਼ ਛੁੱਟੀਆਂ ਦੀਆਂ ਸਰਗਰਮੀਆਂ ਮੁਨਾਫ਼ੇ ਦੁਆਲ਼ੇ ਹੀ ਘੁੰਮਦੀਆਂ ਹਨ ਅਤੇ ਉਸ ਲਈ ਹੀ ਜਥੇਬੰਦ ਕੀਤੀਆਂ ਜਾਂਦੀਆਂ ਹਨ। ਨਾਲ਼ ਹੀ, ਕੰਮ ਅਤੇ ਖ਼ਾਲੀ ਸਮੇਂ ਵਿਚਲੇ ਫਰਕ ਨੂੰ ਲੋਕਾਂ ਦੇ ਦਿਮਾਗਾਂ ਵਿੱਚ, ਸੁਚੇਤ ਅਤੇ ਅਚੇਤ ਦੋਵਾਂ ਹੀ ਪੱਧਰਾਂ ਤੇ, ਇਕ ਮਾਣਕ ਵਜੋਂ ਬਿਠਾ ਦਿਤਾ ਗਿਆ ਹੈ। ਕਿਉਂਕਿ ਪ੍ਰਭਾਵੀ ਕਾਰਜ ਸਬੰਧੀ ਆਚਾਰ ਨੀਤੀ ਦੇ ਅਨੁਸਾਰ, ਕੰਮ ਤੋਂ ਮੁਕਤ ਸਮੇਂ ਦੀ ਵਰਤੋਂ ਖਰਚ ਹੋਈ ਕਿਰਤ ਸ਼ਕਤੀ ਦੀ ਮੁੜ ਉਸਾਰੀ ਵਿੱਚ ਹੋਣੀ ਚਾਹੀਦੀ ਹੈ, ਇਸ ਲਈ ਕੰਮ ਰਹਿਤ ਸਮਾਂ ਸ਼ੁੱਧਤਾਵਾਦੀ ਹੌਂਸਲੇ ਦੇ ਨਾਲ਼ ਕੰਮ ਤੋਂ ਵਾਂਝਾ ਕਰ ਦਿਤਾ ਗਿਆ ਹੈ, ਜਿਸ ਦਾ ਉਹ ਸਿਰਫ਼ ਇਕ ਵਾਧਾ ਹੈ। ਇੱਥੇ ਅਸੀਂ ਬੁਰਜੂਆ ਖ਼ਾਸੇ ਦੇ ਆਚਰਣ ਸਬੰਧੀ ਮਾਣਕ ਨਾਲ਼ ਰੂਬਰੂ ਹੁੰਦੇ ਹਾਂ। ਇਕ ਪਾਸੇ ਤਾਂ ਸਾਨੂੰ ਕੰਮ ਵੇਲ਼ੇ ਕੰਮ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣਾ ਧਿਆਨ ਇਧਰ ਉਧਰ ਨਾ ਤਾਂ ਭਟਕਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਮੌਜ਼ ਮਸਤੀ ਵਿੱਚ ਗੁਆਉਣਾ ਚਾਹੀਦਾ ਹੈ; ਉਜ਼ਰਤੀ ਕਿਰਤ ਏਸੇ ਪੂਰਵ ਧਾਰਨਾ ‘ਤੇ ਅਧਾਰਤ ਹੈ ਅਤੇ ਇਸ ਦੇ ਨਿਯਮਾਂ ਨੂੰ ਆਤਮਸਾਤ ਕਰ ਲਿਆ ਗਿਆ ਹੈ। ਉੱਥੇ ਦੂਜੇ ਪਾਸੇ, ਖ਼ਾਲੀ ਸਮੇਂ ਨੂੰ ਕਿਸੇ ਵੀ ਤਰ੍ਹਾਂ ਕੰਮ ਦੇ ਸਮਰੂਪ ਨਹੀਂ ਹੋਣਾ ਚਾਹੀਦਾ, ਸ਼ਾਇਦ ਇਸ ਲਈ ਕਿ ਬਾਅਦ ਵਿੱਚ ਹੋਰ ਬਿਹਤਰ ਢੰਗ ਨਾਲ਼ ਕੰਮ ਕਰ ਸਕੀਏ। ਇਸ  ਲਈ ਬਹੁਤ ਸਾਰੀਆਂ ਛੁੱਟੀਆਂ ਦੀਆਂ ਸਰਗਰਮੀਆਂ ਦੀ ਅਰਥਹੀਣਤਾ। ਫਿਰ ਵੀ ਜਿਵੇਂ ਚੋਰੀ ਛਿਪੇ ਵਿਹਾਰ ਦੀਆਂ ਉਨ੍ਹਾਂ ਵਰਜਤ ਪ੍ਰਣਾਲੀਆਂ ਦੀ, ਜੋ ਕੰਮ ਦੇ ਰਾਜ ਨਾਲ਼ ਸਬੰਧ ਰੱਖਦੀਆਂ ਹਨ ਅਤੇ ਜੋ ਉਨ੍ਹਾਂ ਲੋਕਾਂ ਨੂੰ ਆਪਣੇ ਪ੍ਰਭਾਵ ਤੋਂ ਮੁਕਤ ਨਹੀਂ ਹੋਣ ਦੇਣਗੀਆਂ, ਖ਼ਾਲੀ ਸਮੇਂ ਦੇ ਰਾਜ ਵਿੱਚ ਤਸਕਰੀ ਕੀਤੀ ਜਾ ਰਹੀ ਹੈ। ਪਹਿਲਾਂ ਦੇ ਦੌਰਾਂ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਧਿਆਨ ਕੇਂਦਰਨ ਲਈ ਸਕੂਲਾਂ ਵਿੱਚ ਨੰਬਰ ਦਿੱਤੇ ਜਾਂਦੇ ਸਨ। ਇਸ ਦਾ ਪੂਰਕ ਇਹ ਹੈ ਕਿ ਵੱਡੇ ਲੋਕਾਂ ਦੀਆਂ ਇਹ ਆਤਮਗਤ ਅਤੇ ਸ਼ਾਇਦ ਚੰਗੇ ਇਰਾਦੇ ਵਾਲ਼ੇ ਫਿਕਰ ਹੁੰਦੇ ਹਨ ਕਿ ਖ਼ਾਲੀ ਸਮੇਂ ਵਿੱਚ ਬੱਚਿਆਂ ਨੂੰ ਆਪਣੇ ਆਪ ‘ਤੇ ਜ਼ਿਆਦਾ ਦਬਾਅ ਨਹੀਂ ਪਾਉਂਣਾ ਚਾਹੀਦਾ ਅਤੇ ਨਾ ਹੀ ਜ਼ਿਆਦਾ ਪੜ੍ਹਨਾ ਚਾਹੀਦਾ ਹੈ ਅਤੇ ਨਾ ਹੀ ਰਾਤ ਨੂੰ ਜ਼ਿਆਦਾ ਦੇਰ ਤਕ ਜਾਗਣਾ ਚਾਹੀਦਾ ਹੈ। ਖੁਫ਼ੀਆ ਰੂਪ ਵਿੱਚ ਮਾਪਿਆਂ ਨੇ ਮਨ ਦੇ ਬੇਕਾਬੂਪਣ ਨੂੰ ਮਹਿਸੂਸ ਕੀਤਾ ਜੋ ਮਨੁੱਖੀ ਜੀਵਨ ਦੀ ਸੁਚੱਜੀ ਵੰਡ ਨਾਲ਼ ਮੇਲ਼ ਨਹੀਂ ਖਾਂਦਾ ਸੀ। ਇਸ ਦੇ ਇਲਾਵਾ ਪ੍ਰਭਾਵੀ ਲੋਕਾਚਾਰ ਕਿਸੇ ਵੀ ਚੀਜ਼ ਨੂੰ ਸ਼ੱਕ ਨਾਲ਼ ਦੇਖਦਾ ਹੈ ਜੋ ਮਿਲ਼ਿਆ ਜੁਲ਼ਿਆ ਅਤੇ ਵਿਭਿੰਨਤਾਪੂਰਣ ਹੈ ਅਤੇ ਜੋ ਕਿ ਸਾਫ਼ ਤੌਰ ‘ਤੇ ਬਿਨਾਂ ਅਸਪਸ਼ਟਤਾ ਨਾਲ਼ ਢੁਕਵੀਂ ਥਾਂ ‘ਤੇ ਨਾ ਹੋਵੇ। ਜੀਵਨ ਦੀ ਸਖ਼ਤ ਦੁਵੰਡ ਉਸੇ ਸਾਕਾਰੀਕਰਣ ਦਾ ਹੁਕਮ ਦਿੰਦੀ ਹੈ ਜਿਸ ਨੇ ਖ਼ਾਲੀ ਸਮੇਂ ਨੂੰ ਪੂਰੀ ਤਰ੍ਹਾਂ ਨਾਲ਼ ਅਧੀਨ ਬਣਾ ਲਿਆ ਹੈ।

ਇਸ ਅਧੀਨਤਾ ਨੂੰ ਸ਼ੌਕ ਦੀ ਵਿਚਾਰਧਾਰਾ ਵਿੱਚ ਸਰਗਰਮ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਸੁਆਲ ਦੀ ਸੁਭਾਵਕਤਾ ਵਿੱਚ, ਕਿ ਤੁਹਾਡਾ ਕੀ ਸ਼ੌਕ ਹੈ, ਇਹ ਪੂਰਵ ਧਾਰਨਾ ਮੌਜੂਦ ਹੈ ਕਿ ਤੁਹਾਡੇ ਕੋਲ਼ ਕੋਈ ਇੱਕ ਸ਼ੌਕ ਤਾਂ ਹੋਣਾ ਹੀ ਚਾਹੀਦਾ ਹੈ, ਜਾਂ ਇਸ ਤੋਂ ਵੀ ਬਿਹਤਰ ਕਿ ਤੁਹਾਡੇ ਕੋਲ਼ ਵੱਖ ਵੱਖ ਸ਼ੌਕਾਂ ਦਾ ਇਕ ਪੂਰਾ ਦਾਇਰਾ ਹੋਣਾ ਚਾਹੀਦਾ ਹੈ ਜੋ ਕਿ ਛੁੱਟੀ ਸੱਨਅਤ ਦੀ ਪੂਰਤੀ ਦੀ ਸਮਰੱਥਾ ਦੇ ਅਨੁਸਾਰੀ ਹੋਣਾ ਚਾਹੀਦਾ ਹੈ। ਵਿਵਸਥਤ ਅਜ਼ਾਦੀ ਅੜਿੱਕਾਡਾਹੂ ਹੈ। ਲਾਹਣਤ ਹੈ ਤੁਹਾਡੇ ‘ਤੇ ਜੇ ਤੁਹਾਡਾ ਕੋਈ ਸ਼ੌਕ ਨਹੀਂ ਹੈ, ਖ਼ਾਲੀ ਸਮਾਂ ਬਿਤਾਉਣ ਦਾ ਕੋਈ ਢੰਗ ਨਹੀਂ ਹੈ, ਜਾਂ ਤਾਂ ਤੁਸੀਂ ਨਲਾਇਕ ਵਿਦਿਆਰਥੀ ਹੋ, ਜਾਂ ਬੁੱਢੇ ਹੋ, ਝੱਲੇ ਹੋ ਅਤੇ ਤੁਸੀਂ ਇਕ ਅਜਿਹੇ ਸਮਾਜ ਵਿੱਚ ਮਜ਼ਾਕ ਦੇ ਪਾਤਰ ਬਣ ਜਾਵੋਗੇ ਜੋ ਆਪ ਤੁਹਾਡੇ ‘ਤੇ ਖ਼ਾਲੀ ਸਮਾਂ ਬਿਤਾਉਣ ਦਾ ਢੰਗ ਤੁਹਾਡੇ ਤੇ ਥੋਪਦਾ ਹੈ। ਅਜਿਹਾ ਅੜਿੱਕਾ ਕਿਸੇ ਵੀ ਰੂਪ ਵਿੱਚ ਬਾਹਰੀ ਖ਼ਾਸੇ ਦਾ ਨਹੀਂ ਹੁੰਦਾ। ਇਹ ਕਾਰਜਾਤਮਕ ਢਾਂਚੇ ਵਿੱਚ ਲੋਕਾਂ ਦੀ ਅੰਦਰੂਨੀ ਲੋੜ ਨਾਲ਼ ਜੁੜਿਆ ਹੁੰਦਾ ਹੈ। ਪੁਰਾਣੀਆਂ ਨੌਜੁਆਨ ਲਹਿਰਾਂ ਵਿੱਚ ਮਕਬੂਲ ਸਰਗਰਮੀ ਕੈਂਪਿੰਗ ਬੁਰਜੁਆ ਜੀਵਨ ਦੀ ਨੀਰਸਤਾ ਅਤੇ ਰਵਾਇਤ ਦੇ ਖਿਲਾਫ਼ ਇਕ ਬਗ਼ਾਵਤ ਸੀ। ਲੋਕਾਂ ਨੇ ਬਾਹਰ ਨਿੱਕਲ਼ਣਾ ਸੀ, ਇਸ ਵਾਕ ਦੇ ਦੋਵਾਂ ਅਰਥਾਂ ਵਿੱਚ। ਤਾਰਿਆਂ ਦੀ ਛਾਂਵੇ ਸੌਣ ਦਾ ਅਰਥ ਸੀ ਕਿ ਤੁਸੀਂ ਘਰ ਅਤੇ ਟੱਬਰ ਦੋਵਾਂ ਤੋਂ ਪਲਾਇਨ ਕਰ ਚੁੱਕੇ ਹੋ। ਨੌਜੁਆਨ ਲਹਿਰਾਂ ਦੇ ਮਰਨ ਪਿੱਛੋਂ ਇਸ ਲੋੜ ਨੂੰ ਕੈਂਪਿੰਗ ਸੱਨਅਤ ਨੇ ਪਾਲ਼ਿਆ-ਪੋਸਿਆ ਅਤੇ ਜਥੇਬੰਦ ਕੀਤਾ। ਸੱਨਅਤ ਨੇ ਇਕੱਲੇ ਅਪਣੇ ਦਮ ‘ਤੇ ਲੋਕਾਂ ਨੂੰ ਟੈਂਟ, ਡੋਰਮੋਬਾਇਲ ਅਤੇ ਫਾਲਤੂ ਸੰਦਾਂ ਦੀ ਵਿਸ਼ਾਲ ਮਿਕਦਾਰ ਨੂੰ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਹੁੰਦਾ ਜੇ ਲੋਕਾਂ ਵਿੱਚ ਖੁਦ ਇਹ ਇੱਛਾ ਨਹੀਂ ਹੁੰਦੀ; ਪਰ ਅਜ਼ਾਦੀ ਦੀ ਉਨ੍ਹਾਂ ਦੀ ਆਪਣੀ ਲੋੜ ਹੀ ਧੰਦੇ ਦੁਆਰਾ ਕਾਰਜਰੂਪ ਹਾਸਲ ਕਰਦੀ ਹੈ, ਵਿਸਥਾਰਤ ਹੁੰਦੀ ਹੈ ਅਤੇ ਮੁੜ ਤੋਂ ਪੈਦਾ ਹੁੰਦੀ ਹੈ; ਜੋ ਇਹ ਚਾਹੁੰਦੇ ਹਨ ਇਕ ਵਾਰ ਉਸ ਨੂੰ ਉਨ੍ਹਾਂ ‘ਤੇ ਥੋਪ ਦਿਤਾ ਜਾਂਦਾ ਹੈ। ਇਹੀ ਉਸ ਸਹਿਜਤਾ ਦਾ ਕਾਰਨ ਹੈ ਜਿਸ ਨਾਲ਼ ਖ਼ਾਲੀ ਸਮਾਂ ਏਕੀਕ੍ਰਿਤ ਹੋ ਜਾਂਦਾ ਹੈ; ਲੋਕ ਇਸ ਗੱਲ ਬਾਰੇ ਅਚੇਤ ਹਨ ਕਿ ਉਹ ਕਿੰਨੇ ਗ਼ੈਰ ਅਜ਼ਾਦ ਹਨ, ਉੱਥੇ ਵੀ ਜਿਥੇ ਉਹ ਆਪਣੇ ਆਪ ਨੂੰ ਸਭ ਤੋਂ ਅਜ਼ਾਦ ਮਹਿਸੂਸ ਕਰਦੇ ਹਨ ਕਿਉਂਕਿ ਅਜਿਹੀ ਗ਼ੈਰ ਅਜ਼ਾਦੀ ਦੀ ਹਕੂਮਤ ਨੂੰ ਉਨ੍ਹਾਂ ਤੋਂ ਅਮੂਰਤੀਕ੍ਰਿਤ ਕਰ ਦਿਤਾ ਗਿਆ ਹੈ।

ਇਨ੍ਹਾਂ ਦੇ ਸਖ਼ਤ ਅਰਥਾਂ ਵਿੱਚ ਲਿਆ ਜਾਵੇ ਜਿਸ ਨੂੰ ਅੱਜ ਪੁਰਾਣੀ ਪੈ ਚੁੱਕੀ ਵਿਚਾਰਧਾਰਾ ਮੰਨਿਆ ਜਾਵੇਗਾ, ਤਾਂ ਕਾਰਜ ਤੇ ਉਲ਼ਟ ਖ਼ਾਲੀ ਸਮੇਂ ਦੇ ਸੰਕਲਪ ਸਬੰਧੀ ਕੁਝ ਖਲਾਅ ਵਾਲ਼ਾ ਹੈ (ਹੀਗਲ ਨੇ ਇਸ ਨੂੰ ਅਮੂਰਤ ਕਿਹਾ ਹੁੰਦਾ)। ਇਸ ਦਾ ਇੱਕ ਆਦਿ ਰੂਪੀ ਉਦਾਹਰਣ ਉਨ੍ਹਾਂ ਲੋਕਾਂ ਦੇ ਵਿਵਹਾਰ ਵਿੱਚ ਦੇਖਣ ਨੂੰ ਮਿਲ਼ਦਾ ਹੈ ਜਿਹੜੇ ਸਿਰਫ਼ ਇਕ ‘ਸਨ ਟੈਨ’ ਲਈ ਧੁੱਪ ਵਿੱਚ ਆਪਣੇ ਆਪਨੂੰ ਸੇਕ ਕੇ ਭੂਰਾ ਕਰ ਲੈਂਦੇ ਹਨ, ਭਾਵੇਂ ਤਪਦੀ ਧੁੱਪ ਵਿੱਚ ਵਿੱਚ ਸੌਣਾ ਉਕਾ ਹੀ ਆਨੰਦਕਾਰੀ ਨਹੀਂ ਹੁੰਦਾ, ਕਾਫੀ ਗੁੰਜ਼ਾਇਸ਼ ਕਿ ਇਹ ਸਰੀਰਕ ਤੌਰ ‘ਤੇ ਅਪ੍ਰੀਤੀਕਰ ਵੀ ਹੁੰਦਾ ਹੋਵੇ ਅਤੇ ਨਿਸ਼ਚਤ ਤੌਰ ‘ਤੇ ਦਿਮਾਗ਼ ਨੂੰ ਦਰਿੱਦਰ ਕਰ ਦਿੰਦਾ ਹੈ। ‘ਸਨ ਟੈਨ’ ਵਿੱਚ, ਜਿਹੜਾ ਦੇਖਣ ਵਿੱਚ ਪ੍ਰੀਤੀਕਰ ਵੀ ਹੋ ਸਕਦਾ ਹੈ, ਜਿਣਸ ਦੀ ਅੰਨੀ ਭਗਤੀ ਵਾਲ਼ਾ ਖ਼ਾਸਾ ਅਸਲੀ ਲੋਕਾਂ ‘ਤੇ ਆਪਣਾ ਦਾਅਵਾ ਠੋਕ ਦਿੰਦਾ ਹੈ। ਉਹ ਖ਼ੁਦ ਅੰਨੀ ਭਗਤੀ ਦੀ ਵਸਤੂ ਬਣ ਜਾਂਦੇ ਹਨ, ਇਹ ਵਿਚਾਰ ਕਿ ਭੂਰੀ ਚਮੜੀ ਵਾਲ਼ੀ ਕੁੜੀ ਜ਼ਿਆਦਾ ਕਾਮੁਕ ਰੂਪ ਨਾਲ਼ ਖਿੱਚਪਾਉ ਹੈ, ਸੰਭਵ ਹੈ : ਇਕ ਹੋਰ ਤਰਕਸੰਗਤੀਕਰਣ ਹੈ। ‘ਸਨ ਟੈਨ’ ਆਪਣੇ ਆਪ ਵਿੱਚ ਇਕ ਨਿਸ਼ਾਨਾ ਹੈ, ਉਸ ਪੁਰਸ਼ ਮਿੱਤਰ ਤੋਂ ਵੀ ਜ਼ਿਆਦਾ ਜਿਸ ਨੂੰ ਆਕਰਸ਼ਤ ਕਰਨਾ ਇਸਦਾ ਕੰਮ ਸੀ। ਜੇ ਕਰਮਚਾਰੀ ਛੁੱਟੀਆਂ ਤੋਂ ਅੜਿੱਕੇ ਵਾਲ਼ੀ ਚਮੜੀ ਦੇ ਰੰਗ ਤੋਂ ਬਿਨਾਂ ਪਰਤਦੇ ਹਨ ਤਾਂ ਉਹ ਪੱਕੇ ਤੌਰ ‘ਤੇ ਉਮੀਦ ਕਰ ਸਕਦੇ ਹਨ ਕਿ ਉਨ੍ਹਾਂ ਦੇ ਸਹਿਕਰਮੀ ਉਨ੍ਹਾਂ ਤੋਂ ਇਹ ਤਿੱਖਾ ਸੁਆਲ ਪੁੱਛਣਗੇ ਕਿ ਕੀ ਤੁਸੀਂ ਛੁੱਟੀਆਂ ਵਿੱਚ ਨਹੀਂ ਗਏ ਸੀ। ਖਾਲੀ ਸਮੇਂ ਵਿੱਚ ਜਿਹੜੀ ਅੰਨੀ ਭਗਤੀ ਵਧਦੀ ਫੁੱਲਦੀ ਹੈ ਉਹ ਹੋਰ ਸਮਾਜਕ ਕੰਟਰੋਲਾਂ ਦੇ ਅਧੀਨ ਆਉਂਦੀ ਹੈ। ਇਹ ਜਾਹਰ ਹੈ ਕਿ ਆਪਣੇ ਜ਼ਬਰਦਸਤ ਅਤੇ ਲਾਜ਼ਮੀ ਪ੍ਰਚਾਰ ਨਾਲ਼ ਕਾਸਮੈਟਿਕ ਸੱਨਅਤ ਇਸ ਵਿੱਚ ਯੋਗਦਾਨ ਪਾਉਣ ਵਾਲ਼ਾ ਇਕ ਹੀ ਕਾਰਕ ਹੈ, ਪਰ ਲੋਕਾਂ ਦੀ ਸਹਿਜ ਪ੍ਰਗਟ ਤੱਥਾਂ ਦੀ ਅਣਦੇਖੀ ਕਰਨ ਦੀ ਇੱਛਾ ਵੀ ਓਨੀ ਹੀ ਵੱਡੀ ਹੈ।

ਧੁੱਪ ਵਿੱਚ ਸੌਂਣ ਦੀ ਕਿਰਿਆ ਮੌਜੂਦਾ ਹਾਲਤਾਂ ਵਿੱਚ ਖਾਲੀ ਸਮੇਂ ਦੇ ਅਹਿਮ ਤੱਤ ਦੇ ਸਿਖ਼ਰਲੇ ਨੁਕਤੇ ‘ਤੇ ਪੁੱਜਣ ਦੀ ਨਿਸ਼ਾਨੀ ਹੈ – ਅਕੇਵਾਂ। ਛੁੱਟੀਆਂ ਅਤੇ ਖਾਲੀ ਸਮੇਂ ਵਿੱਚ ਹੋਰਨਾਂ ਖ਼ਾਸ ਤੋਹਫ਼ਿਆਂ ਤੋਂ ਲੋਕ ਜਿਨ੍ਹਾਂ ਚਮਤਕਾਰਾਂ ਦੀ ਆਸ ਰੱਖਦੇ ਹਨ ਅੰਤਹੀਣ ਖੁਣਸੀ ਮਜ਼ਾਕ ਦਾ ਨਿਸ਼ਾਨਾ ਬਣਾਏ ਜਾਂਦੇ ਹਨ, ਕਿਉਂਕਿ ਇੱਥੇ ਵੀ ਉਹ ਉਸੇ ਹੱਦ ਦੀ ਸਰਦਲ ਤੋਂ ਅੱਗੇ ਨਹੀਂ ਜਾ ਪਾਉਂਦੇ : ਦੂਰੇਡੀਆਂ ਥਾਵਾਂ ਵੀ ਹੁਣ ਅੱਡ ਨਹੀਂ ਰਹੀਆਂ – ਜਿਹਾ ਕਿ ਉਹ ਬਾਦਲੇਅਰ ਦੇ ਅਕੇਵੇਂ ਲਈ ਸਨ। ਸ਼ਿਕਾਰ ਹੋਏ ਵਿਅਕਤੀ ਦਾ ਮਜ਼ਾਕ ਆਪਣੇ ਆਪ ਹੀ ਉਨ੍ਹਾਂ ਪ੍ਰਣਾਲ਼ੀਆਂ ਨਾਲ਼ ਜੁੜਿਆ ਹੁੰਦਾ ਹੈ, ਜਿਹੜੀਆਂ ਉਸ ਨੂੰ ਸ਼ਿਕਾਰ ਬਣਾਉਂਦੀਆਂ ਹਨ। ਘੱਟ ਉਮਰ ਵਿੱਚ ਹੀ ਸ਼ਾਪੇਨਹਾਵਰ ਨੇ ਅਕੇਵੇਂ ਦਾ ਸਿਧਾਂਤ ਰਚਿਆ ਸੀ। ਆਪਣੇ ਅਧਿਆਤਮਵਾਦੀ ਨਿਰਾਸ਼ਾਵਾਦ ਵੱਲ ਵਫ਼ਾਦਾਰ ਰਹਿੰਦੇ ਹੋਏ ਉਹ ਸਿਖਾਉਂਦੇ ਹਨ ਕਿ ਲੋਕ ਜਾਂ ਤਾਂ ਆਪਣੀ ਇੱਛਾ ਦੀਆਂ ਅਤ੍ਰਿਪਤ ਉਮੰਗਾਂ ਤੋਂ ਪੀੜਤ ਹੁੰਦੇ ਹਨ ਜਾਂ ਫਿਰ ਜਿਉਂ ਹੀ ਇਹ ਉਮੰਗਾਂ ਪੂਰੀਆਂ ਹੁੰਦੀਆਂ ਹਨ, ਉਵੇਂ ਹੀ ਪੈਦਾ ਹੋਣ ਵਾਲ਼ੇ ਅਕੇਵੇਂ ਤੋਂ ਪੀੜਤ ਹੁੰਦੇ ਹਨ। ਇਹ ਸਿਧਾਂਤ ਚੰਗੀ ਤਰ੍ਹਾਂ ਵਿਆਖਿਆ ਕਰਦਾ ਹੈ ਕਿ ਗ਼ੈਰ-ਖੁਦਮੁਖ਼ਤਾਰੀ ਦੀਆਂ ਹਾਲਤਾਂ ਹੇਠ ਲੋਕਾਂ ਦੇ ਖਾਲੀ ਸਮੇਂ ਦਾ ਕੀ ਹੁੰਦਾ ਹੈ ਅਤੇ ਜਿਸ ਨੂੰ ਨਵੀਂ ਜਰਮਨ ਭਾਸ਼ਾ ਵਿੱਚ ਬਾਹਰੀ ਨਿਰਧਾਰਣ ਕਿਹਾ ਜਾਂਦਾ ਹੈ। ਆਪਣੇ ਨਿਰਾਸ਼ਾਵਾਦ ਵਿੱਚ ਸ਼ੋਪੇਨਹਾਵਰ ਦਾ ਇਹ ਘਮੰਡੀ ਕਥਨ ਕਿ ਮਨੁੱਖ ਜਾਤੀ ਕੁਦਰਤ ਦੀ ਕਾਰਖਾਨਾ ਪੈਦਾਵਾਰ ਹੈ, ਉਸ ਚੀਜ਼ ਨੂੰ ਵੀ ਸਮਝਦਾ ਹੈ ਜਿਹੜੀ ਜਿਣਸ ਦੇ ਖ਼ਾਸੇ ਦੇ ਹੱਥੋਂ ਆਦਮੀ ਬਣ ਜਾਂਦਾ ਹੈ। ਨਰਾਜ਼ ਨਿਰਾਸ਼ਾਵਾਦ ਮਨੁੱਖਾਂ ਦੀ ਜਿਆਦਾ ਇੱਜ਼ਤ ਕਰਦਾ ਹੈ, ਬਜਾਇ ਮਨੁੱਖ ਦੇ ਨਾ ਚੋਣ ਕੀਤੇ ਜਾ ਸਕਣ ਵਾਲ਼ੇ ਸਾਰਤੱਤ ਬਾਰੇ ਹੋਣ ਵਾਲ਼ੇ ਗੰਭੀਰ ਮੁਜ਼ਹਰਿਆਂ ਤੋਂ। ਪਰ ਸਾਨੂੰ ਸ਼ਾਪੇਨਹਾਵਰ ਦੇ ਸਿਧਾਂਤ ਨੂੰ ਸਰਵਵਿਆਪਕ ਉਚਿਤਤਾ ਰੱਖਣ ਵਾਲ਼ੀ ਚੀਜ਼ ਵਜੋਂ ਜਾਂ ਮਨੁੱਖਾਂ ਦੇ ਆਦਮ ਖ਼ਾਸੇ ਬਾਰੇ ਅੰਤਰਦ੍ਰਿਸ਼ਟੀ ਵਜੋਂ ਜਬਰੀ ਪਦਾਰਥਕ ਰੂਪ ਨਹੀਂ ਦੇਣਾ ਚਾਹੀਦਾ। ਅਕੇਵਾਂ ਜੀਵਨ ਦਾ ਇਕ ਕਾਰਜ ਹੈ ਜਿਸ ਨੂੰ ਕੰਮ ਕਰਨ ਦੀ ਮਜ਼ਬੂਰੀ ਅਤੇ ਕਿਰਤ ਦੀ ਸਖ਼ਤ ਵੰਡ ਦੇ ਹੇਠ ਜਿਉਣਾ ਹੁੰਦਾ ਹੈ। ਇਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ। ਜਦ ਵੀ ਖਾਲੀ ਸਮੇਂ ਵਿੱਚ ਵਰਤਾਅ ਅਸਲ ਵਿੱਚ ਖ਼ੁਦਮੁਖਤਾਰ ਹੁੰਦਾ ਹੈ, ਜਿਸ ਦੀ ਚੋਣ ਅਜ਼ਾਦ ਲੋਕ ਖ਼ੁਦ ਆਪਣੇ ਲਈ ਕਰਦੇ ਹਨ, ਤਾਂ ਵਿਰਲੇ ਹੀ ਅਕੇਵਾਂ ਪੈਦਾ ਹੁੰਦਾ ਹੈ; ਇਹ ਨਾ ਤਾਂ ਉਨ੍ਹਾਂ ਸਰਗਰਮੀਆਂ ਤੋਂ ਪੈਦਾ ਹੁੰਦਾ ਹੈ, ਜਿਹੜੀਆਂ ਸਿਰਫ਼ ਆਨੰਦ ਦੀ ਇੱਛਾ ਦੀ ਪੂਰਤੀ ਕਰਦੀਆਂ ਹਨ ਅਤੇ ਨਾ ਹੀ ਖਾਲੀ ਸਮੇਂ ਦੀਆਂ ਸਰਗਰਮੀਆਂ ਵਿੱਚ ਜਿਹੜੀਆਂ ਆਪਣੇ ਆਪ ਵਿੱਚ ਤਰਕਸੰਗਤ ਅਤੇ ਅਰਥਪੂਰਣ ਹਨ। ਉਂਞ ਹੀ ਸਮਾਂ ਬਰਬਾਦ ਕਰਨਾ ਸਦਾ ਮੂਰਖਤਾਪੂਰਣ ਨਹੀਂ ਹੁੰਦਾ ਅਤੇ ਉਸ ਦਾ ਸਵੈ ਕੰਟਰੋਲ ਦੀ ਜਕੜ ਤੋਂ ਵਰਦਾਨ ਵਜੋਂ ਮਿਲੀ ਮੁਕਤੀ ਵਜੋਂ ਆਨੰਦ ਲਿਆ ਜਾ ਸਕਦਾ ਹੈ। ਜੇ ਲੋਕ ਆਪਣੇ ਬਾਰੇ ਅਤੇ ਆਪਣੀਆਂ ਜ਼ਿੰਦਗੀਆਂ ਬਾਰੇ ਖ਼ੁਦ ਫੈਸਲਾ ਲੈ ਸਕਦੇ, ਜੇ ਉਹ ਉਨ੍ਹਾਂ ਚੀਜ਼ਾਂ ਦੇ ਰਾਜ ਵਿੱਚ ਫਸੇ ਨਹੀਂ ਹੁੰਦੇ, ਤਾਂ ਉਹ ਅਕੇਵੇਂ ਦਾ ਸ਼ਿਕਾਰ ਨਹੀਂ ਹੁੰਦੇ। ਅਕੇਵਾਂ ਬਾਹਰਮੁਖੀ ਨੀਰਸਤਾ ਦਾ ਪ੍ਰਤੀਬਿੰਬਨ ਹੈ। ਇਸ ਰੂਪ ਵਿੱਚ ਇਹ ਸਿਆਸੀ ਉਦਾਸੀਨਤਾ ਦੀ ਹਾਲਤ ਵਿੱਚ ਹੁੰਦੀ ਹੈ। ਉਦਾਸੀਨਤਾ ਦਾ ਸਭ ਤੋਂ ਅਕੱਟ ਕਾਰਨ ਹੈ ਜਨਤਾ ਵਿੱਚ ਇਹ ਭਾਵਨਾ ਜਿਹੜੀ ਕਿਸੇ ਵੀ ਤਰ੍ਹਾਂ ਨਾਲ਼ ਗ਼ਲਤ ਨਹੀਂ ਹੈ ਕਿ ਉਸ ਖੇਤਰ ਵਿੱਚ ਸਿਆਸੀ ਸ਼ਮੂਲੀਅਤ ਜਿਹੜੀ ਸਮਾਜ ਉਨ੍ਹਾਂ ਨੂੰ ਦਿੰਦਾ ਹੈ, ਉਨ੍ਹਾਂ ਦੇ ਅਸਲੀ ਵਜੂਦ ਨੂੰ ਸਿਰਫ਼ ਮਾਮੂਲੀ ਤੌਰ ‘ਤੇ ਹੀ ਬਦਲ ਸਕਦਾ ਹੈ ਅਤੇ ਅੱਜ ਦੁਨੀਆਂ ਵਿੱਚ ਮੌਜੂਦ ਸਾਰੇ ਸਿਆਸੀ ਢਾਂਚਿਆਂ ਵਿੱਚ ਲਈ ਸੱਚ ਹੈ। ਆਪਣੇ ਹਿਤਾਂ ਲਈ ਸਿਆਸਤ ਦੀ ਪ੍ਰਸੰਗਤਾ ਨੂੰ ਨਾ ਸਮਝ ਸਕਣ ਕਾਰਨ ਉਹ ਸਾਰੀਆਂ ਸਿਆਸੀ ਸਰਗਰਮੀਆਂ ਤੋਂ ਪਿਛੇ ਹਟ ਜਾਂਦੇ ਹਨ। ਸ਼ਕਤੀਹੀਣਤਾ ਦੀ ਚੰਗੀ ਤਰ੍ਹਾਂ ਸਥਾਪਤ ਅਤੇ ਅਸਲ ਵਿੱਚ ਮਨੋਰੋਗੀ ਭਾਵਨਾ ਅਕੇਵੇਂ ਨਾਲ਼ ਨੇੜਿਓ ਜੁੜੀ ਹੋਈ ਹੈ : ਬੋਰੀਅਤ ਬਾਹਮੁਖੀ ਨਿਰਾਸ਼ਾ ਹੈ। ਇਹ ਸਮਾਜਕ ਪੂਰਣਤਾ ਦੁਆਰਾ ਮਨੁੱਖ ‘ਤੇ ਥੋਪੇ ਗਏ ਵਿਗਾੜਾਂ ਦਾ ਵੀ ਲੱਛਣ ਹੈ, ਜਿਸ ਵਿੱਚ ਸਭ ਤੋਂ ਮਹਤੱਵਪੂਰਣ ਨਿਸ਼ਚਤ ਤੌਰ ਤੇ ਕਲਪਨਾ ਦੀ ਅਧੋਗਤੀ ਅਤੇ ਅਪੁਸ਼ਟੀ। ਕਲਪਨਾ ਉੱਤੇ ਵਿਗਿਆਨ ਦੀ ਉਸ ਭਾਵਨਾ ਦੁਆਰਾ ਸਿਰਫ਼ ਵਰਜਤ ਵਸਤੂ ਲਈ ਲਿੰਗਕ ਜਿਗਿਆਸਾ ਅਤੇ ਇੱਛਾ ਹੋਣ ‘ਤੇ ਸ਼ੱਕ ਕੀਤਾ ਜਾਂਦਾ ਹੈ, ਜਿਹੜੀ ਹੁਣ ਸਪਿਰਟ ਰਹੀ ਹੀ ਨਹੀਂ। ਜਿਹੜੇ ਅਨਕੂਲਤ ਹੋਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀ ਕਲਪਣਾ ਨੂੰ ਜ਼ਿਆਦਾ ਤੋਂ ਜ਼ਿਆਦਾ ਸੀਮਤ ਕਰਨਾ ਸਿੱਖਣਾ ਚਾਹੀਦਾ ਹੈ। ਜ਼ਿਆਦਾਤਰ : ਕਲਪਣਾ ਦਾ ਵਿਕਾਸ ਸ਼ੁਰੂਆਤੀ ਬਚਪਨ ਦੇ ਤਜ਼ਰਬੇ ਦੁਆਰਾ ਅਪੰਗ ਬਣਾ ਦਿਤਾ ਜਾਂਦਾ ਹੈ। ਕਲਪਨਾ ਦੀ ਘਾਟ ਜਿਹੜੀ ਸਮਾਜ ਦੁਆਰਾ ਮਨ ਵਿੱਚ ਬੈਠਾਈ ਅਤੇ ਵਿਕਸਤ ਕੀਤੀ ਜਾਂਦੀ ਹੈ, ਉਹ ਲੋਕਾਂ ਨੂੰ ਉਨ੍ਹਾਂ ਦੇ ਖਾਲੀ ਸਮੇਂ ਵਿੱਚ ਨਿਤਾਣੇ ਬਣਾ ਦਿੰਦੀ ਹੈ। ਲੋਕ ਆਪਣੇ ਵਿਸ਼ਾਲ ਮਿਕਦਾਰ ਵਿੱਚ ਖਾਲੀ ਸਮੇਂ ਨਾਲ਼ ਕੀ ਕਰਨ ਇਹ ਗ਼ੈਰ ਪ੍ਰਸੰਗਕ ਸੁਆਲ ਗ਼ੈਰ ਕਲਪਣਾਸ਼ੀਲ ਹੋਣ ‘ਤੇ ਹੀ ਅਧਾਰਤ ਹੈ – ਜਿਵੇਂ, ਇਹ ਸੁਆਲ ਭੀਖ ਦੇਣ ਦਾ ਸੁਆਲ ਹੋਵੇ, ਮਨੁੱਖੀ ਹੱਕਾਂ ਦਾ ਨਹੀਂ। ਲੋਕ ਆਪਣੇ ਖਾਲੀ ਸਮੇਂ ਨਾਲ਼ ਏਨਾ ਘੱਟ ਅਸਲ ਵਿੱਚ ਕਿਉਂ ਕਰ ਪਾਉਂਦੇ ਹਨ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਕਲਪਣਾ ਨੂੰ ਬੌਨਾ ਬਣਾ ਦਿਤਾ ਜਾਂਦਾ ਹੈ ਜਿਹੜੀ ਉਹਨਾਂ ਨੂੰ ਇਸ ਸਮਰੱਥਾ ਨੂੰ ਵੀ ਵਾਂਝਾ ਕਰ ਦਿੰਦਾ ਹੈ ਜਿਸ ਨੇ ਅਜ਼ਾਦੀ ਦੀ ਅਵਸਥਾ ਨੂੰ ਆਨੰਦਮਈ ਬਣਾਇਆ ਸੀ। ਲੋਕਾਂ ਨੂੰ ਅਜ਼ਾਦੀ ਦੇਣੋ ਇਨਕਾਰ ਕੀਤਾ ਗਿਆ ਹੈ ਅਤੇ ਇਸ ਦੀ ਕਦਰ ਨੂੰ ਛੋਟਾ ਬਣਾ ਲਿਆ ਗਿਆ ਹੈ, ਏਨੇ ਲੰਮੇ ਸਮੇਂ ਤੋਂ ਕਿ ਹੁਣ ਲੋਕ ਇਸ ਨੂੰ ਚਾਹੁੰਦੇ ਹੀ ਨਹੀਂ ਹਨ। ਉਨ੍ਹਾਂ ਨੂੰ ਖੋਖਲਾ ਮਨੋਰੰਜਨ ਚਾਹੀਦਾ ਹੁੰਦਾ ਹੈ, ਜਿਸ ਰਾਹੀਂ ਸੱਭਿਆਚਾਰਕ ਰੂੜ੍ਹੀਵਾਦ ਉਨ੍ਹਾਂ ਦਾ ਸਰਪ੍ਰਸਤ ਬਣਦਾ ਹੈ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਦਾ ਹੈ ਤਾਂ ਕਿ ਉਹ ਕੰਮ ਲਈ ਤਾਕਤ ਜੁਟਾ ਸਕਣ, ਜਿਸ ਦੀ ਇਸ ਸਮਾਜਕ ਢਾਂਚੇ ਵਿੱਚ ਉਨ੍ਹਾਂ ਤੋਂ ਮੰਗ ਕੀਤੀ ਜਾਂਦੀ ਹੈ, ਜਿਸ ਦੀ ਸੱਭਿਆਚਾਰਕ ਰੂੜੀਵਾਦ ਹਿਫ਼ਾਜਤ ਕਰਦਾ ਹੈ। ਇਸ ਗੱਲ ਦਾ ਇਕ ਚੰਗਾ ਕਾਰਨ ਹੈ ਕਿ ਲੋਕ ਕਿਉਂ ਆਪਣੇ ਕੰਮ ਅਤੇ ਉਸ ਢਾਂਚੇ ਨਾਲ਼ ਬੱਝੇ ਹੋਏ ਹਨ ਜਿਹੜੀ ਉਨ੍ਹਾਂ ਨੂੰ ਕੰਮ ਕਰਨ ਲਈ ਸਿਖਲਾਈ ਦਿੰਦਾ ਹੈ, ਬਾਵਜੂਦ ਇਸ ਦੇ ਕਿ ਉਸ ਢਾਂਚੇ ਨੂੰ ਉਨ੍ਹਾਂ ਦੀ ਕਿਰਤ ਦੀ ਲੰਮੇ ਸਮੇਂ ਤੋਂ ਲੋੜ ਨਹੀਂ ਰਹਿ ਗਈ ਹੈ। ਹਾਵੀ ਹਾਲਤਾਂ ਦੇ ਹੇਠ ਇਹ ਉਮੀਦ ਕਰਨਾ ਅਤੇ ਮੰਗ ਕਰਨਾ ਗ਼ਲਤ ਅਤੇ ਮੂਰਖ਼ਤਾਪੂਰਣ ਹੋਵੇਗਾ ਕਿ ਲੋਕਾਂ ਨੂੰ ਆਪਣੇ ਖਾਲੀ ਸਮੇਂ ਵਿੱਚ ਇਮਾਨਦਾਰੀ ਨਾਲ਼ ਪੈਦਾਵਾਰ ਕਰਨੀ ਚਾਹੀਦੀ ਹੈ; ਕਿਉਂਕਿ ਪੈਦਾਵਾਰਤਾ – ਕੋਈ ਅਜਿਹੀ ਚੀਜ਼ ਲਿਆਉਣ ਦੀ ਸਮਰਥਾ ਪਹਿਲਾਂ ਹੀ ਨਹੀਂ ਸੀ – ਹੀ ਉਹ ਚੀਜ਼ ਹੈ ਜਿਹੜੀ ਉਨ੍ਹਾਂ ਤੋਂ ਮਿਟਾ ਦਿਤੀ ਗਈ ਹੈ। ਜ਼ਿਆਦਾ ਤੋਂ ਜ਼ਿਆਦਾ ਆਪਣੇ ਖਾਲੀ ਸਮੇਂ ਵਿੱਚ ਉਹ ਜੋ ਪੈਦਾ ਕਰਦੇ ਹਨ ਉਹ ਮਨਹੂਸ ਸ਼ੌਕ ਤੋਂ ਥੋੜਾ ਹੀ ਬਿਹਤਰ ਹੁੰਦਾ ਹੈ – ਕਵਿਤਾਵਾਂ ਅਤੇ ਚਿੱਤਰਾਂ ਦੀ ਨਕਲ ਜਿਹੜੀ ਮੌਜੂਦਾ ਨਾ ਪਲ਼ਟੀ ਜਾਣ ਵਾਲ਼ੀ ਕਿਰਤ ਵੰਡ ਤੇ ਹੇਠ ਇਨ੍ਹਾਂ ਨੌਸਿੱਖਿਆਂ ਤੋਂ ਜ਼ਿਆਦਾ ਦੂਜੇ ਚੰਗੀ ਕਰ ਸਕਦੇ ਹਨ। ਉਹ ਜੋ ਪੈਦਾ ਕਰਦੇ ਹਨ ਉਨ੍ਹਾਂ ‘ਚੋਂ ਕੁਝ ਗ਼ੈਰ ਜ਼ਰੂਰੀ ਹੁੰਦਾ ਹੈ। ਇਹ ਗ਼ੈਰ ਜ਼ਰੂਰੀਪਨ ਪੈਦਾਵਾਰ ਦੀ ਹੀਣ ਗੁਣਵੱਤਾ ਨੂੰ ਦਰਸਾ ਦਿੰਦਾ ਹੈ, ਜਿਹੜੀ ਉਸ ਦੇ ਪੈਦਾਵਾਰ ਤੋਂ ਮਿਲ਼ਣ ਵਾਲ਼ੇ ਕਿਸੇ ਵੀ ਸੁੱਖ ਨੂੰ ਬੇਅਸਰ ਕਰ ਦਿੰਦੀ ਹੈ।

ਲੋਕਾਂ ਦੇ ਖਾਲੀ ਸਮੇਂ ਵਿੱਚ ਕੀਤੀ ਗਈ ਸਭ ਤੋਂ ਗ਼ੈਰ ਜਰੂਰੀ ਅਤੇ ਨਿਰਅਰਥਕ ਸਰਗਰਮੀ ਵੀ ਸਮਾਜ ਵਿੱਚ ਸਮੇਕਤ ਹੋ ਜਾਂਦੀ ਹੈ। ਇਕ ਵਾਰ ਫਿਰ ਇਥੇ ਇੱਕ ਸਮਾਜਕ ਲੋੜ ਸਰਗਰਮ ਹੈ। ਸੇਵਾਵਾਂ ਦੇ ਕੁਝ ਰੂਪ, ਖ਼ਾਸ ਤੌਰ ‘ਤੇ ਘਰੇਲੂ ਨੌਕਰਾਂ ਦੀ ਸੇਵਾ, ਖਤਮ ਹੋ ਰਹੇ ਹਨ; ਮੰਗ, ਮੰਗ-ਪੂਰਤੀ ਨਾਲ਼ ਸਮਾਨ ਅਨੁਪਾਤ ਵਿੱਚ ਨਹੀਂ ਹੈ। ਅਮਰੀਕਾ ਵਿੱਚ ਸਿਰਫ਼ ਅਸਲ ਵਿੱਚ ਹੀ ਕਾਫੀ ਅਮੀਰ ਲੋਕ ਹੀ ਨੌਕਰ ਰੱਖ ਸਕਦੇ ਹਨ ਅਤੇ ਯੂਰੋਪ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਠੀਕ ਪਿਛੇ ਹੈ। ਇਸ ਦਾ ਅਰਥ ਹੈ ਕਿ ਕਈ ਲੋਕ ਉਹ ਕੰਮ ਕਰਦੇ ਹਨ ਜਿਹੜੇ ਪਹਿਲਾਂ ਦੂਜਿਆਂ ਨੂੰ ਦੇ ਦਿਤੇ ਗਏ ਸਨ।  ‘ਆਪ ਕਰੋ’ ਦਾ ਨਾਅਰਾ ਇਸ ਨੂੰ ਇੱਕ ਅਮਲੀ ਸਲਾਹ ਵਜੋਂ ਵੀ ਦੇਖਦਾ ਹੈ। ਪਰ ਇਹ ਮਸ਼ੀਨੀਕਰਨ ਵੱਲ ਲੋਕਾਂ ਦੀ ਬੇਚੈਨੀ ਨੂੰ ਵੀ ਸਮਝਣਾ ਹੈ ਜਿਹੜਾ ਲੋਕਾਂ ਤੋਂ ਭਾਰ ਨੂੰ ਹਟਾ ਲੈਂਦਾ ਹੈ, ਜਦ ਕਿ ਲੋਕਾਂ ਕੋਲ਼ ਆਪਣੇ ਨਵੇਂ ਹਾਸਲ ਸਮੇਂ ਲਈ ਕੋਈ ਵਰਤੋਂ ਨਹੀਂ ਹੁੰਦੀ ਹੈ – ਅਤੇ ਇਸ ਤੱਥ ‘ਤੇ ਕੋਈ ਵਿਵਾਦ ਨਹੀਂ ਹੈ, ਬਸ ਇਸ ਦੀ ਮੌਜੂਦਾ ਵਿਆਖਿਆ ‘ਤੇ ਵਿਵਾਦ ਹੈ। ਇਸ ਤਰ੍ਹਾਂ, ਇੱਕ ਵਾਰ ਫਿਰ ਕੁਝ ਨਿਸ਼ਚਤ ਵਿਸ਼ੇਸ਼ੀਕ੍ਰਿਤ ਸੱਨਅਤਾਂ ਦੇ ਹਿਤਾਂ ਵਿੱਚ, ਲੋਕਾਂ ਦੇ ਉਹ ਕਾਰਜ ਕਰਨ ਲਈ ਹੱਲਾਸ਼ੇਰੀ ਦਿਤੀ ਜਾਂਦੀ ਹੈ, ਜਿਹੜੇ ਹੋਰ ਲੋਕ ਜ਼ਿਆਦਾ ਸਰਲਤਾ ਨਾਲ਼ ਅਤੇ ਨਿਪੁੰਨਤਾ ਨਾਲ ਉਨ੍ਹਾਂ ਲਈ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਏਸੇ ਕਾਰਨ ਉਹ ਅੰਦਰੋਂ ਨਫ਼ਰਤ ਕਰਦੇ ਹਨ। ਅਸਲ ਵਿੱਚ, ਸੇਵਾਵਾਂ ‘ਤੇ ਖਰਚ ਕੀਤੇ ਜਾ ਰਹੇ ਪੈਸੇ ਨੂੰ ਤੁਸੀਂ ਬਚਾ ਸਕਦੇ ਹੋ, ਕਿਰਤ ਵੰਡ ‘ਤੇ ਅਧਾਰਤ ਇਕ ਸਮਾਜ ਵਿੱਚ ਇਹ ਵਿਚਾਰ ਬੁਰਜੂਆ ਚੇਤਨਾ ਦੇ ਬੇਹੱਦ ਪੁਰਾਣੇ ਪੱਧਰ ਨਾਲ਼ ਸਬੰਧ ਰੱਖਦਾ ਹੈ; ਇਹ ਜਿੱਦੀ ਆਤਮ ਹਿਤਾਂ ਨਾਲ਼ ਬਣਿਆ ਅਰਥਚਾਰਾ ਹੈ, ਇੱਕ ਅਰਥਚਾਰਾ ਜਿਹੜਾ ਇਸ ਤੱਥ ਦੇ ਪੂਰੀ ਤਰ੍ਹਾਂ ਉਲ਼ਟ ਹੈ ਕਿ ਇਹ ਵਿਸ਼ੇਸ਼ੀਕ੍ਰਿਤ ਕੁਸ਼ਲਤਾਵਾਂ ਦਾ ਵਟਾਂਦਰਾ ਹੀ ਹੈ ਜਿਹੜਾ ਇਸ ਪੂਰੀ ਪ੍ਰਣਾਲ਼ੀ ਨੂੰ ਚਲਾਉਂਦਾ ਹੈ। ਨਿਰਪੇਖ ਵਿਅਕਤੀਤਾ ਦਾ ਘ੍ਰਿਣਤ ਉਦਾਹਰਣ ਵਿਲਿਅਮ ਟੈਲ ਨੇ ਐਲਾਨ ਕੀਤਾ ਕਿ ਘਰੇਲੂ ਕੁਹਾੜੀ ਤਰਖ਼ਾਣ ਦੀ ਲੋੜ ਨੂੰ ਖਤਮ ਕਰ ਦਿੰਦੀ ਹੈ – ਅਸਲ ਵਿੱਚ ਬੁਰਜ਼ੂਆ ਚੇਤਨਾ ਦਾ ਪੂਰਾ ਹੋਂਦ ਸ਼ਾਸਤਰ ਸ਼ਿਲਰ ਦੀਆਂ ਟੂਕਾਂ ਤੋਂ ਬਣਾਇਆ ਜਾ ਸਕਦਾ ਹੈ।    

ਪਰ ‘ਆਪ ਕਰੋ’ ਜਿਹਾ ਸਮਕਾਲੀ ਕਿਸਮ ਦਾ ਖਾਲੀ ਸਮੇਂ ਦਾ ਅਮਲ ਇਕ ਦੂਰਰਸ ਸੰਦਰਭ ਵਿੱਚ ਫਿਟ ਬਹਿੰਦਾ ਹੈ? ਤੀਹ ਸਾਲ ਤੋਂ ਵੀ ਪਹਿਲਾਂ ਮੈਂ ਅਜਿਹੀ ਅਕਲ ਨੂੰ ‘ਨਕਲੀ ਸਰਗਰਮੀ’ ਕਿਹਾ ਸੀ। ਤਦ ਉਹ ਨਕਲੀ ਸਰਗਰਮੀ ਖਤਰਨਾਕ ਤਰੀਕਿਆਂ ਨਾਲ਼ ਫੈਲੀ ਹੈ, (ਖਾਸ ਕਰਕੇ) ਉਨ੍ਹਾਂ ਲੋਕਾਂ ਵਿੱਚ ਵੀ ਜਿਹੜੇ ਆਪਣੇ ਆਪ ਨੂੰ ਢਾਂਚੇ ਵਿਰੋਧੀ ਮੰਨਦੇ ਹਨ। ਆਮ ਤੌਰ ‘ਤੇ ਕਹੀਏ ਤਾਂ ਇਹ ਮੰਨਣ ਦੇ ਚੰਗੇ ਕਾਰਨ ਹਨ ਕਿ ਨਕਲੀ ਸਰਗਰਮੀਆਂ ਦੇ ਸਾਰੇ ਰੂਪਾਂ ਵਿੱਚ ਸਮਾਜ ਦੇ ਸਿੱਥਲ ਸਬੰਧਾਂ ਨੂੰ ਬਦਲ਼ਣ ਦੀ ਲੋੜ ਮੌਜੂਦ ਹੁੰਦੀ ਹੈ। ਨਕਲੀ ਸਰਗਮੀਆਂ ਦਿਸ਼ਾਭ੍ਰਸ਼ਟ ਆਪ ਮੁਹਾਰੀਆਂ ਹਨ। ਪਰ ਇਹ ਸੰਯੋਗ ਨਾਲ਼ ਦਿਸ਼ਾਭਰਸ਼ਟ ਨਹੀਂ ਹੈ; ਕਿਉਂਕਿ ਲੋਕਾਂ ਅੰਦਰ ਇੱਕ ਅਸਪੱਸ਼ਟ ਸ਼ੱਕ ਹੁੰਦਾ ਹੈ ਕਿ ਆਪਣੇ ਉੱਪਰ ਪਏ ਜੂਲ਼ੇ ਨੂੰ ਵਗਾਹ ਸੁੱਟਣਾ ਕਿੰਨਾ ਮੁਸ਼ਕਲ ਹੈ। ਉਹ ਜਾਅਲੀ ਅਤੇ ਭਰਮਾਉ ਸਰਗਰਮੀਆਂ ਤੋਂ, ਸੰਸਥਾਬੱਧ ਸੰਤੁਸ਼ਟੀਆਂ ਨਾਲ਼ ਭਟਕਣਾ ਪਸੰਦ ਕਰਦੇ ਹਨ, ਬਜਾਇ ਉਸ ਚੇਤਨਤਾ ਵੱਲ ਮੁਖਾਤਬ ਹੋਣ ਕਿ ਅੱਜ ਤਬਦੀਲੀ ਦੀ ਸੰਭਾਵਨਾ ਤੱਕ ਉਨ੍ਹਾਂ ਦੀ ਕਿੰਨੀ ਘੱਟ ਪਹੁੰਚ ਹੈ। ਨਕਲੀ ਸਰਗਰਮੀਆਂ ਉਸੇ ਪੈਦਾਵਾਰ ਦੀਆਂ ਕਲਪਨਾਵਾਂ ਅਤੇ ਸੁਆਂਗ (Parodies) ਹਨ, ਜਿਸ ਦੀ ਸਮਾਜ ਇਕ ਪਾਸੇ ਤਾਂ ਲਗਾਤਾਰ ਮੰਗ ਰੱਖਦਾ ਹੈ ਅਤੇ ਜਿਥੋਂ ਤੱਕ ਵਿਅਕਤੀ ਦਾ ਸੁਆਲ ਹੈ, ਅੱਜ ਥੋੜੀ ਵੀ ਅਕਾਂਖਿਆ ਨਹੀਂ ਰੱਖਦਾ। ਪੈਦਾਵਾਰ ਖਾਲੀ ਸਮੇਂ ਸਿਰਫ਼ ਉਨ੍ਹਾਂ ਲਈ ਸੰਭਵ ਹੈ ਜਿਹੜੇ ਆਪਣੀ ਸਰਪਰਸਤੀ ‘ਚੋਂ ਬਾਹਰ ਨਿੱਕਲ਼ ਚੁਕੇ ਹਨ, ਉਨ੍ਹਾਂ ਲਈ ਨਹੀਂ ਜਿਹੜੇ ਗ਼ੈਰ-ਖੁਦਮੁਖ਼ਤਿਆਰੀ ਦੀ ਹਾਲਤਾਂ ਹੇਠ ਖ਼ੁਦ ਆਪਣੇ ਲਈ ਗ਼ੈਰ-ਖੁਦਮੁਖ਼ਤਿਆਰ ਬਣ ਚੁਕੇ ਹਨ।

ਇਸ ਲਈ ਖਾਲੀ ਸਮਾਂ ਸਿਰਫ਼ ਕਿਰਤ ਦੇ ਵਿਰੋਧ ਵਿੱਚ ਨਹੀਂ ਖੜ੍ਹਾ ਹੈ। ਅਜਿਹਾ ਢਾਂਚਾ ਵਿੱਚ ਜਿਥੇ ਪੂਰਨ ਰੁਜ਼ਗਾਰ ਆਪਣੇ ਆਪ ਵਿੱਚ ਇਕ ਆਦਰਸ਼ ਬਣ ਗਿਆ ਹੈ, ਖਾਲੀ ਸਮਾਂ ਕਿਰਤ ਦੀ ਛਾਇਆਤਮਕ ਲਗਾਤਾਰਤਾ ਦੇ ਇਲਾਵਾ ਕੁਝ ਵੀ ਨਹੀਂ ਹੈ। ਹਾਲੇ ਤੱਕ ਸਾਡੀਆਂ ਖੇਡਾਂ ਅਤੇ ਖ਼ਾਸ ਕਰਕੇ ਉਸ ਦੇ ਦਰਸ਼ਕ ਦੇ ਪ੍ਰਭਾਵਸ਼ਾਲੀ ਸਮਾਜਸ਼ਾਸਤਰ ਦੀ ਘਾਟ ਹੈ। ਫਿਰ ਵੀ, ਸਾਰੀਆਂ ਪਰਿਕਲਪਨਾਵਾਂ ‘ਚੋਂ ਕੋਈ ਵੀ ਪਰਿਕਲਪਨਾ ਦਿਮਾਗ਼ ਵਿੱਚ ਨਹੀਂ ਆਉਂਦੀ ਹੈ; ਸਪਸ਼ਟ ਤੌਰ ‘ਤੇ ਕਹੀਏ ਤਾਂ ਇਹ ਕਿ ਖੇਡ ਵਿੱਚ ਕੀਤੀ ਗਈ ਸਰੀਰਕ ਕੋਸ਼ਿਸ਼ ਦੇ ਜ਼ੋਰ ਤੇ, ਟੀਮ ਸਰਗਰਮੀ ਵਿੱਚ ਸਰੀਰ ਦੇ ਕਾਰਜ ਰੂਪ ਹਾਸਲ ਕਰਨ ਦੇ ਜ਼ੋਰ ‘ਤੇ, ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸਭ ਤੋਂ ਲੋਕਪ੍ਰਿਅ ਖੇਡਾਂ ਵਿੱਚ ਹੁੰਦਾ ਹੈ, ਲੋਕ ਬਿਨਾਂ ਸਮਝੇ ਵਿਹਾਰ ਦੀਆਂ ਉਨ੍ਹਾਂ ਪ੍ਰਣਾਲੀਆਂ ਵਿੱਚ ਟ੍ਰੇਂਡ ਕੀਤੇ ਜਾਂਦੇ ਹਨ ਜਿਸ ਦੀ ਕਾਰਜ ਪ੍ਰਕਿਰਿਆ ਵਿੱਚ ਉਨ੍ਹਾਂ ਤੋਂ ਮੰਗ ਕੀਤੀ ਜਾਂਦੀ ਹੈ ਅਤੇ ਜ਼ਿਆਦਾ ਜਾਂ ਘੱਟ ਮਿਕਦਾਰ ਵਿੱਚ ਸ਼ੁੱਧ ਕੀਤੇ ਜਾਂਦੇ ਹਨ। ਖੇਡ ਖੇਡਣ ਦਾ ਸਭ ਤੋਂ ਮੰਨਿਆ ਜਾਂਦਾ ਕਾਰਨ, ਇਹ ਇਸ ਗੱਲ ਦਾ ਯਕੀਨ ਦਿਵਾਉਂਦਾ ਹੈ ਕਿ ਰਿਸ਼ਟ-ਪੁਸ਼ਟ ਰਹਿਣਾ ਹੀ ਇਕੱਲਾ ਅਤੇ ਅਜ਼ਾਦ ਨਿਸ਼ਾਨਾ ਹੈ : ਜਦ ਕਿ ਕੰਮ ਕਰਨ ਲਈ ਰਿਸ਼ਟ-ਪੁਸ਼ਟ ਰਹਿਣਾ ਖੇਡਾਂ ਦੇ ਸਾਰੇ ਲੁਕੇ ਹੋਏ ਉਦੇਸ਼ਾਂ ‘ਚੋਂ ਘੱਟ ਹੈ। ਅਕਸਰ ਖੇਡਾਂ ਵਿੱਚ ਲੋਕ ਆਪਣੇ ਉੱਪਰ ਠੀਕ ਉਸ ਚੀਜ਼ ਨੂੰ ਥੋਪਦੇ ਹਨ (ਅਤੇ ਆਪਣੀ ਅਜ਼ਾਦੀ ਦੀ ਜਿੱਤ ਵਜੋਂ ਮਨਾਉਂਦੇ ਹਨ) ਜਿਹੜੀ ਸਮਾਜ ਉਨ੍ਹਾਂ ‘ਤੇ ਥੋਪਦਾ ਹੈ ਅਤੇ ਜਿਸ ਦਾ ਆਨੰਦ ਉਨ੍ਹਾਂ ਨੂੰ ਲੈਣਾ ਸਿੱਖਣਾ ਚਾਹੀਦਾ ਹੈ।

ਮੈਨੂੰ ਖਾਲੀ ਸਮੇਂ ਅਤੇ ਸੱਭਿਆਚਾਰ ਸੱਨਅਤ ਦੇ ਸਬੰਧਾਂ ਬਾਰੇ ਥੋੜ੍ਹਾ ਹੋਰ ਕਹਿਣ ਦੀ ਇਜਾਜ਼ਤ ਦਿਓ। ਮੇਰੇ ਅਤੇ ਹੋਰਕਹਾਈਮਰ ਦੁਆਰਾ ਤੀਹ ਸਾਲ ਤੋਂ ਵੀ ਪਹਿਲਾਂ ਇਸ ਸ਼ਬਦ ਦੀ ਵਰਤੋਂ ਕੀਤੇ ਜਾਣ ਦੇ ਬਾਅਦ ਤੋਂ ਦਾਬੇ ਅਤੇ ਸਮੇਕਣ ਦੇ ਇਸ ਸਾਧਨ ‘ਤੇ ਕਾਫੀ ਕੁਝ ਲਿਖਿਆ ਗਿਆ ਹੈ, ਏਨਾ ਕਿ ਮੈਂ ਇਸ ਖ਼ਾਸ ਸਮੱਸਿਆ ਵਲੱ ਤੁਹਾਡਾ ਧਿਆਨ ਖਿੱਚਣਾ ਚਾਹਾਂਗਾ, ਜਿਸ ‘ਤੇ ਉਸ ਸਮੇਂ ਅਸੀਂ ਇੱਕ ਪਰਿਪੇਖ ਵਿਕਸਤ ਕਰਨ ਵਿੱਚ ਅਸਫ਼ਲ ਰਹੇ। ਸੱਭਿਆਚਾਰ ਸੱਨਅਤ ‘ਤੇ ਕੰਮ ਕਰਨ ਵਾਲ਼ੇ ਵਿਚਾਰਧਾਰਕ ਅਲੋਚਕ, ਜਿਹੜੇ ਇਸ ਅਧਾਰ ਤੋਂ ਸ਼ੁਰੂਆਤ ਕਰਦੇ ਹਨ ਕਿ ਸੱਭਿਆਚਾਰ ਸੱਨਅਤ ਦੇ ਮਾਣਕ, ਜਿਨ੍ਹਾਂ ਨੂੰ ਪਹਿਲਾਂ ਮਨੋਰੰਜਨ ਅਤੇ ਹੇਠਲੇ ਦਰਜ਼ੇ ਦੀ ਕਲਾ ਮੰਨਿਆ ਜਾਂਦਾ ਸੀ ਉਨ੍ਹਾਂ ਦੇ ਜੜ (Ossified) ਮਾਣਕ ਹਨ, ਦੇ ਅੰਦਰ ਇਹ ਰੁਝਾਨ ਹੁੰਦਾ ਹੈ ਕਿ ਸੱਭਿਆਚਾਰ ਸੱਨਅਤ ਪੂਰੀ ਤਰ੍ਹਾਂ ਨਾਲ਼ ਲੋਕਾਂ ਦੇ ਸੁਚੇਤ ਅਤੇ ਅਚੇਤ ‘ਤੇ ਗ਼ਲ਼ਬਾ ਸਥਾਪਤ ਕਰਦੀ ਹੈ ਅਤੇ ਉਨ੍ਹਾਂ ਨੂੰ ਕੰਟਰੋਲ ਕਰਦੀ ਹੈ, ਜਿਨ੍ਹਾਂ ਵੱਲ ਉਹ ਸੇਧਤ ਹੁੰਦਾ ਹੈ, ਭਾਵ ਉਹ ਹੀ ਲੋਕ ਜਿਨ੍ਹਾਂ ਦੀਆਂ ਰੁਚੀਆਂ ਤੋਂ ਉਦਾਰਤਾਵਾਦੀ ਯੁੱਗ ਵਿੱਚ ਸੱਭਿਆਚਾਰ ਸੱਨਅਤ ਦਾ ਜਨਮ ਹੋਇਆ ਸੀ। ਫਿਰ ਵੀ ਇਸ ਗੱਲ ‘ਤੇ ਯਕੀਨ ਕਰਨ ਦੀ ਵਜ੍ਹਾ ਹੈ ਕਿ ਪਦਾਰਥਕ ਪੈਦਾਵਾਰ ਦੀ ਹੀ ਤਰ੍ਹਾਂ ਮਾਨਸਿਕ ਜੀਵਨ ਦੀ ਪ੍ਰਕਿਰਿਆ ਵਿੱਚ ਪੈਦਾਵਾਰ ਹੀ ਉਪਭੋਗ ਦਾ ਵਟਾਂਦਰਾ ਕਰਦਾ ਹੈ, ਖ਼ਾਸ ਤੌਰ ‘ਤੇ ਉੱਥੇ ਜਿਥੇ ਪੈਦਾਵਾਰ ਨੇੜਤਾ ਨਾਲ਼ ਉਪਭੋਗ ਦੇ ਅਨੁਰੂਪ ਹੋ ਗਈ ਹੈ, ਜਿਹਾ ਕਿ ਸੱਭਿਆਚਾਰ ਸੱਨਅਤ ਵਿੱਚ ਹੋਇਆ ਹੈ। ਕੋਈ ਸੋਚ ਸਕਦਾ ਹੈ ਕਿ ਸੱਭਿਆਚਾਰ ਸੱਨਅਤ ਆਪਣੇ ਉਪਭੋਗਤਾ ਦੇ ਹਿਸਾਬ ਨਾਲ਼ ਬਿਲਕੁਲ ਅਨਕੂਲਤ ਹੈ। ਪਰ ਕਿਉਂਕਿ ਇਸ ਵਿੱਚ ਸੱਭਿਆਚਾਰ ਸੱਨਅਤ ਪੂਰੀ ਤਰ੍ਹਾਂ ਬਣ ਚੁੱਕੀ ਹੈ – ਜਿਹੜੀ ਉਨ੍ਹਾਂ ਚੀਜ਼ਾਂ ਦਾ ਵਰਤਾਰਾ ਹੈ ਜਿਸ ਨਾਲ਼ ਉਹ ਅਸਥਾਈ ਰੂਪ ਨਾਲ਼ ਲੋਕਾਂ ਨੂੰ ਭਟਕਾਉਂਦੀ ਹੈ – ਇਸ ਸ਼ੱਕੀ ਹੈ ਕਿ ਸੱਭਿਆਚਾਰ ਸੱਨਅਤ ਅਤੇ ਉਪਭੋਗਤਾ ਚੇਤਨਾ ਨੂੰ ਇਕ ਦੂਜੇ ਦੇ ਸਮਰੂਪ ਮੰਨਿਆ ਜਾ ਸਕਦਾ ਹੈ। ਕੁਝ ਸਾਲ ਪਹਿਲਾਂ ਫ੍ਰੈਂਕਫਰਟ ਸੰਸਥਾ ਵਿੱਚ ਅਸੀਂ ਇਸ ਸਮੱਸਿਆ ਦੇ ਸਬੰਧ ਵਿੱਚ ਇਕ ਅਧਿਐਨ ਕੀਤਾ ਸੀ। ਮੰਦੇ ਭਾਗੀਂ ਇਸ ਸਮੱਗਰੀ ਦੇ ਪੂਰਣ ਵਿਸ਼ਲੇਸ਼ਣ ਨੂੰ ਕੁਝ ਹੋਰ ਜ਼ਰੂਰੀ ਕਾਰਜਾਂ ਦੇ ਪੱਖ ਵਿੱਚ ਅੱਗੇ ਟਾਲ਼ ਦਿਤਾ ਗਿਆ ਸੀ। ਫਿਰ ਵੀ, ਇਸ ਦੀ ਇੱਕ ਸਰਸਰੀ ਜਾਂਚ ਅਖੌਤੀ ਖਾਲੀ ਸਮੇਂ ਦੀ ਸਮੱਸਿਆ ਲਈ ਪ੍ਰਸੰਗਕ ਹੋਵੇਗੀ। ਇਹ ਅਧਿਐਨ ਹਾਲੈਂਡ ਦੀ ਰਾਜਕੁਮਾਰੀ ਬੀਏਟ੍ਰਿਸ ਅਤੇ ਛੋਟੇ ਜਰਮਨ ਸਿਆਸੀ ਕਲਾਸ ਵਾਨ ਏਮਸਬਰਗ ਦੇ ਵਿਆਹ ਨਾਲ਼ ਸਬੰਧਤ ਹੈ। ਮਕਸਦ ਸੀ ਇਸ ਵਿਆਹ ਸਬੰਧੀ ਜਰਮਨ ਜਨਤਾ ਦੀ ਪ੍ਰਤੀਕਿਰਿਆ ਦਾ ਮੁਲਾਂਕਣ ਕਰਨਾ ਜਿਸ ਦਾ ਪ੍ਰਸਾਰਣ ਸਾਰੇ ਮਾਸ ਮੀਡੀਆ ਨੇ ਕੀਤਾ ਸੀ, ਜਿਸ ‘ਤੇ ਸਾਰੇ ਸਚਿੱਤਰ ਹਫ਼ਤਾਵਾਰੀ ਅਖ਼ਬਾਰ ਲਗਾਤਾਰ ਗੱਲ ਕਰ ਰਹੇ ਸਨ ਅਤੇ ਜਿਸ ਦਾ ਲੋਕ ਆਪਣੇ ਖਾਲੀ ਸਮੇਂ ਵਿੱਚ ਉਪਭੋਗ ਕਰ ਰਹੇ ਸਨ। ਕਿਉਂਕਿ, ਜਿਸ ਢੰਗ ਨਾਲ਼ ਇਸ ਪੂਰੀ ਘਟਨਾ ਨੂੰ ਪੇਸ਼ ਕੀਤਾ ਜਾ ਰਿਹਾ ਸੀ ਜਿਹਾ ਕਿ ਇਸ ‘ਤੇ ਲਿਖੇ ਲੇਖਾਂ ਤੋਂ ਜਾਹਰ ਹੁੰਦਾ ਹੈ, ਇਸ ਨੂੰ ਇਕ ਗ਼ੈਰ ਸਧਾਰਨ ਮਹੱਤਵ ਦੇ ਦਿੱਤਾ ਸੀ, ਇਸ ਲਈ ਸਾਨੂੰ ਉਮੀਦ ਸੀ ਕਿ ਦਰਸ਼ਕ ਅਤੇ ਪਾਠਕ ਇਸ ਨੂੰ ਓਨੀ ਹੀ ਗੰਭੀਰਤਾ ਨਾਲ਼ ਲੈ ਰਹੇ ਹੋਣਗੇ। ਖ਼ਾਸ ਕਰਕੇ, ਅਸੀਂ ਵਿਅਕਤੀਕਰਣ ਦੀ ਲੱਛਣਿਕ ਸਮਕਾਲੀ ਵਿਚਾਰਧਾਰਾ ਦੇ ਕਾਰਜ ਨੂੰ ਦੇਖਣਾ ਚਾਹੁੰਦੇ ਸੀ; ਜਿਸ ਦੇ ਰਾਹੀਂ ਅਸਲੀਅਤ ਦੇ ਕਾਰਜ ਰੂਪ ਹਾਸਲ ਕਰਨ ਲਈ ਇੱਕ ਸਪੱਸ਼ਟ ਮੁਆਵਜ਼ੇ ਵਜੋਂ, ਵੱਖ ਵੱਖ ਲੋਕਾਂ ਅਤੇ ਨਿੱਜੀ ਸਬੰਧਾਂ ਦੀ ਕਦਰ ਨੂੰ ਅਸਲੀ ਸਮਾਜਕ ਤੈਅਕਾਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਧਾ ਚੜ੍ਹਾ ਦਿਤਾ ਜਾਂਦਾ ਹੈ। ਹੁਣ ਮੈਨੂੰ ਜਾਇਜ਼ ਸਾਵਧਾਨੀ ਨਾਲ਼ ਇਹ ਕਹਿਣਾ ਚਾਹੀਦਾ ਹੈ ਕਿ ਇਹ ਸਾਰੀਆਂ ਉਮੀਦਾਂ ਕਾਫੀ ਸਰਲੀਕ੍ਰਿਤ ਸਨ। ਅਸਲ ਵਿੱਚ, ਇਹ ਅਧਿਐਨ ਇਸ ਗੱਲ ਦਾ ਇਕ ਪਾਠ ਪੁਸਤਕਾਂ ਜਿਹਾ ਉਦਾਹਰਣ ਪੇਸ਼ ਕਰਦਾ ਹੈ ਕਿ ਕਿੰਞ ਅਲੋਚਨਾਤਮਕ ਸਿਧਾਂਤਕ ਵਿਚਾਰ ਅਨੁਭਵੀ ਸਮਾਜਕ ਖੋਜ ਤੋਂ ਬਹੁਤ ਕੁਝ ਸਿੱਖ ਵੀ ਸਕਦਾ ਹੈ ਅਤੇ ਦਰੁਸਤ ਵੀ ਕਰ ਸਕਦਾ ਹੈ। ਇਕ ਵੰਡੀ ਹੋਈ ਚੇਤਨਾ ਦੇ ਲੱਛਣਾਂ ਦੀ ਪਛਾਣ ਕਰਨਾ ਸੰਭਵ ਸੀ। ਇਕ ਪਾਸੇ ਲੋਕ ਇਸ ਦਾ ਆਨੰਦ ਵਰਤਮਾਨ ਦੀ ਠੋਸ ਘਟਨਾ ਵਜੋਂ ਲੈ ਰਹੇ ਸਨ, ਜਿਹੜੀ ਉਨ੍ਹਾਂ ਦੇ ਰੋਜਾਨਾ ਜੀਵਨ ਜਿਹੀ ਬਿਲਕੁਲ ਨਹੀਂ ਸੀ : ਜੇ ਆਧੁਨਿਕ ਜਰਮਨ ਦੇ ਇਕ ਪਿਆਰੇ ਜੁਮਲੇ ਦੀ ਵਰਤੋਂ ਕਰੀਏ ਤਾਂ ਇਸ ਨੂੰ ਇਕ ‘ਬੇਮਿਸਾਲ ਅਨੁਭਵ’ ਹੋਣਾ ਚਾਹੀਦਾ ਸੀ। ਇਸ ਹੱਦ ਤੱਕ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣੇ ਪਛਾਣੇ ਪੈਟਰਨ ਦੇ ਅਨੁਰੂਪ ਸੀ ਜਿਸ ਅਨੁਸਾਰ ਇਕ ਪ੍ਰਸੰਗਕ ਸੰਭਵ ਸਿਆਸੀ ਖ਼ਬਰ ਨੂੰ, ਸੂਚਨਾ ਦੇ ਪ੍ਰਸਾਰਣ ਦੇ ਰਾਹੀਂ ਇਕ ਉਪਭੋਗਤਾ ਵਸਤੂ ਬਣਾ ਦਿੱਤਾ ਗਿਆ ਸੀ। ਸਾਡੀ ਇੰਟਰਵਿਊ ਦਾ ਢਾਂਚਾ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਜਿਹੜੇ ਸੁਆਲ ਦਰਸ਼ਕ ਦੀ ਫੌਰੀ ਪ੍ਰਤੀਕਿਰਿਆ ਪਤਾ ਲਗਾਉਣ ਲਈ ਸਨ, ਉਨ੍ਹਾਂ ਦੇ ਪੂਰਕ ਵਜੋਂ ਅਜਿਹੇ ਸੰਜਮੀ ਸੁਆਲ ਰੱਖੇ ਗਏ ਸਨ ਜਿਹੜੇ ਇਸ ਵਿਸ਼ਾਲ ਘਟਨਾ ਦੇ ਸਿਆਸੀ ਮਹੱਤਵ ਨਾਲ਼ ਜੁੜੇ ਸਨ। ਇਸਦਾ ਨਤੀਜਾ ਇਹ ਸਾਹਮਣੇ ਆਇਆ ਕਿ ਇੰਟਰਵਿਊ ਦੇਣ ਵਾਲ਼ੇ ਕਈ ਲੋਕ – ਸਾਨੂੰ ਸਟੀਕ ਅਨੁਪਾਤ ਦੀ ਉਮੀਦ ਕਰਨੀ ਚਾਹੀਦੀ ਹੈ – ਪੂਰੀ ਘਟਨਾ ਨੂੰ ਲੈ ਕੇ ਕਾਫੀ ਯਥਾਰਥਵਾਦੀ ਸਨ ਅਤੇ ਘਟਨਾ ਦੇ ਸਿਆਸੀ ਅਤੇ ਸਮਾਜਕ ਮਹੱਤਵ ਦਾ ਅਲੋਚਨਾਤਮਕ ਢੰਗ ਨਾਲ਼ ਮੁਲਾਂਕਣ ਕਰ ਰਹੇ ਸਨ, ਜਿਸ ਦੇ ਬੇਮਿਸਾਲ ਸੁਭਾਅ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਉਹ ਆਪਣੇ ਟੀ.ਵੀ ਦੇ ਸਾਹਮਣੇ ਮੰਤਰ ਮੁਗਧ ਹੋ ਕੇ ਬੈਠੇ ਸਨ। ਜੇ ਮੇਰੇ ਨਤੀਜੇ ਬਹੁਤ ਜਲਦਬਾਜ਼ੀ ਵਿੱਚ ਨਾ ਕੱਢੇ ਗਏ ਹੋਣ, ਤਾਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਸੱਨਅਤ ਲੋਕਾਂ ਨੂੰ ਜਿਹੜੀ ਚੀਜ਼ ਉਨ੍ਹਾਂ ਦੇ ਖਾਲੀ ਸਮੇਂ ਵਿੱਚ ਮੁਹੱਈਆ ਕਰਾਉਂਦੀ ਹੈ ਉਸ ਦਾ ਉੁਪਭੋਗ ਅਤੇ ਉਸ ਨੂੰ ਪ੍ਰਵਾਨ ਜ਼ਰੂਰ ਕੀਤਾ ਜਾਂਦਾ ਹੈ, ਪਰ ਇਕ ਤਰ੍ਹਾਂ ਦੇ ਇਤਰਾਜ਼ ਨਾਲ਼, ਓਸੇ ਤਰ੍ਹਾਂ ਜਿਵੇਂ ਸਭ ਤੋਂ ਨਾਦਾਨ ਥਿਏਟਰ ਜਾਣ ਵਾਲ਼ਾ ਅਤੇ ਫ਼ਿਲਮ ਦੇਖਣ ਵਾਲ਼ਾ ਵਿਅਕਤੀ ਉਸ ਸੱਚ ਨੂੰ ਨਹੀਂ ਮੰਨਦਾ ਜਿਸ ਨੂੰ ਉਹ ਪਰਦੇ ‘ਤੇ ਦੇਖਦਾ ਹੈ। ਸ਼ਾਇਦ ਤੁਸੀਂ ਇਸ ਤੋਂ ਵੀ ਅੱਗੇ ਜਾ ਕੇ ਕਹਿ ਸਕਦੇ ਹੋ ਕਿ ਲੋਕ ਇਸ ‘ਤੇ ਇਤਬਾਰ ਨਹੀਂ ਕਰਦੇ ਹਨ। ਇਹ ਜਾਹਿਰ ਹੈ ਕਿ ਚੇਤਨਾ ਅਤੇ ਖਾਲੀ ਸਮੇਂ ਦਾ ਸਮੇਕਣ ਹਾਲੇ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਇਆ ਹੈ। ਵਿਅਕਤੀਆਂ ਦੇ ਅਸਲੀ ਹਿਤ ਹਾਲੇ ਵੀ ਕਾਫੀ ਮਜ਼ਬੂਤ ਹਨ ਜਿਹੜੇ ਪੂਰੀ ਤਰ੍ਹਾਂ ਸ਼ਾਮਲ ਕੀਤੇ ਜਾਣ ਦੀ ਪ੍ਰਕਿਰਿਆ ਦਾ ਕੁਝ ਨਿਸ਼ਚਤ ਹੱਦਾਂ ਅੰਦਰ ਵਿਰੋਧ ਕਰਦੇ ਹਨ। ਇਹ ਉਸ ਸਮਾਜਕ ਪੂਰਵ ਅੰਦਾਜ਼ੇ ਨਾਲ਼ ਮੇਲ਼ ਖਾਂਦਾ ਹੈ ਜਿਹੜਾ ਕਹਿੰਦਾ ਹੈ ਕਿ ਇਕ ਸਮਾਜ ਜਿਸ ਦੇ ਅੰਦਰ ਮੌਜੂਦ ਵਿਰੋਧਤਾਈਆਂ ਬਿਨਾਂ ਘੱਟ ਹੋਏ ਜਾਰੀ ਰਹਿੰਦੀਆਂ ਹਨ, ਚੇਤਨਾ ਦੇ ਧਰਾਤਲ ‘ਤੇ ਵੀ ਪੂਰੀ ਤਰ੍ਹਾਂ ਸਮੇਕਤ ਨਹੀਂ ਕੀਤਾ ਜਾ ਸਕਦਾ। ਸਮਾਜ ਪੂਰੀ ਤਰ੍ਹਾਂ ਨਾਲ਼ ਮਨਮਰਜ਼ੀ ਨਹੀਂ ਕਰ ਸਕਦਾ, ਖ਼ਾਸ ਤੌਰ ‘ਤੇ ਖਾਲੀ ਸਮੇਂ ਵਿੱਚ, ਜਿਸ ਦਾ ਅਸਲ ਵਿੱਚ ਹੀ ਲੋਕਾਂ ‘ਤੇ ਦਾਅਵਾ ਹੈ, ਪਰ ਆਪਣੇ ਸੁਭਾਅ ਤੋਂ ਹੀ ਉਹ ਇਹ ਦਾਅਵਾ ਪੂਰੀ ਤਰ੍ਹਾਂ ਨਹੀਂ ਕਰ ਸਕਦਾ ਜਦ ਤੱਕ ਕਿ ਉਹ ਲੋਕਾਂ ਨੂੰ ਪਾਗਲ ਬਣਾਉਣ ਦੀ ਹੱਦ ਤਕ ਨਾ ਪਹੁੰਚਾ ਦੇਵੇ। ਮੈਨੂੰ ਨਤੀਜਿਆਂ ਦਾ ਜ਼ਿਕਰ ਕਰਨ ਤੋਂ ਬਚਣਾ ਚਾਹੀਦਾ ਹੈ, ਪਰ ਮੈਨੂੰ ਲਗਦਾ ਹੈ ਕਿ ਅਸੀਂ ਪ੍ਰਪੱਕਤਾ ਦੀ ਇਕ ਛੋਟੀ ਜਿਹੀ ਝਲਕ ਦੇਖ ਸਕਦੇ ਹਾਂ ਜਿਹੜੀ ਆਖ਼ਰਕਾਰ ਖਾਲੀ ਸਮੇਂ ਨੂੰ ਹਕੀਕੀ ਅਜ਼ਾਦੀ ਵਿੱਚ ਬਦਲਣ ਵਿੱਚ ਮਦਦ ਕਰੇਗੀ। 

ਅਨੁਵਾਦ- ਕੁਲਵਿੰਦਰ

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s