ਕਾਤਿਆਇਨੀ ਦੀਆਂ ਕਵਿਤਾਵਾਂ

kavita

(ਪੀ.ਡੀ.ਐਫ਼ ਡਾਊਨਲੋਡ ਕਰੋ)

ਅਸੰਤੁਸ਼ਟ ਆਦਮੀ ਦੀ ਕਵਿਤਾ 

ਪ੍ਰਾਪਤੀ 
ਅਸੁੰਦਰ 
ਲੱਗਣ ਲਗਦੀ ਰਹੀ 
ਹਰਦਮ ਹੀ। 
ਅਪ੍ਰਾਪਤੀ 
ਮੋਂਹਦੀ ਰਹੀ। 
ਜੀਵਨ ਚੱਲਦਾ ਰਿਹਾ।

ਸਦਗ੍ਰਹਿਸਥ ਦੀ ਕਵਿਤਾ

ਪ੍ਰਮਾਤਮਾ ਦੇ ਬਾਰੇ 
ਕਵਿਤਾਵਾਂ ਲਿਖਣਾ ਸਭ ਤੋਂ ਸਰਲ ਹੈ। 
ਖੁਦ ਨੂੰ ਮਿਟਾ ਦੇਣਾ 
ਉਸ ਦੀ ਅਰਾਧਨਾ ਵਿੱਚ 
ਮੁਸ਼ਕਿਲ ਹੈ 
ਜ਼ਿੰਦਗੀ ਦੇ ਬਹੁਤ ਜ਼ਿਆਦਾ ਵਾਸਤਵਿਕ
ਬਹੁਤ ਜ਼ਿਆਦਾ ਪਿਆਰੀ ਹੋਣ ਦੇ ਨਾਤੇ। 
ਪ੍ਰਮਾਤਮਾ ਨੂੰ 
ਲਗਾਤਾਰ ਨਕਾਰਨਾ ਵੀ ਮੁਸ਼ਕਲ ਹੈ 
ਬਹੁਤ ਜ਼ਿਆਦਾ ਵਾਸਤਵਿਕ 
ਬਹੁਤ ਜ਼ਿਆਦਾ ਪਿਆਰੀ ਜ਼ਿੰਦਗੀ ਦੇ
ਨੇੜੇ ਜਾਣ ਦੀਆਂ 
ਬਹੁਤ ਮੁਸ਼ਕਲ ਸ਼ਰਤਾਂ ਦੇ ਨਾਤੇ। 
…ਅਸੀਂ ਵੀ ਬਹੁਤ ਸੋਚਦੇ ਸੀ 
ਇਨ੍ਹਾਂ ਸਵਾਲਾਂ ਉੱਪਰ ਨੌਜਵਾਨੀ ਵਿੱਚ। 
ਦਰਸ਼ਨ-ਸ਼ਾਸਤਰ ਦੇ ਵਿਦਿਆਰਥੀ ਸੀ। 
ਬਾਲ-ਬੱਚੇਦਾਰ ਤਾਂ ਹੁਣ ਹੋਏ ਹਾਂ ਨਾ।

ਸੋਚਣਾ 

ਤਿਆਰੀਆਂ 
ਸੱਚ ਕਹਿ ਦੇਣ ਦੀਆਂ 
ਤਿਆਰੀਆਂ 
ਖ਼ਾਮਿਆਜ਼ਾ ਭੁਗਤ ਲੈਣ ਦੀਆਂ। 
ਤਿਆਰੀਆਂ ਈਮਾਨਦਾਰੀ ਅਤੇ ਸੱਚ ਦੀ 
ਨਵੀਂ ਪਹਿਚਾਣ ਦੀਆਂ। 
ਤਿਆਰੀਆਂ ਤਿਆਰੀਆਂ ਤੋਂ ਅੱਗੇ
ਵਧਕੇ, ਕੁੱਝ ਕਰਨ ਦੀਆਂ। 
ਸੋਚਣਾ ਤਿਆਰੀਆਂ ਬਾਰੇ 
ਜਾਂ ਕਰਨੀਆਂ ਤਿਆਰੀਆਂ 
ਜਾਂ ਕਿ ਬੱਸ ਪਾਲਣਾ 
ਸੋਚਣ ਦੀਆਂ ਅਤੇ ਪੇਟ ਦੀਆਂ 
ਬੀਮਾਰੀਆਂ 
ਸ਼ਰਾਬਖਾਨੇ ਦੀਆਂ ਯਾਰੀਆਂ। 

ਸਹਿਣਾ 

ਰੋਜ਼ ਕਹਿੰਦੇ ਹਾਂ-
‘ਹੁਣ ਹੋਰ ਨਹੀਂ ਸਹਿ ਹੁੰਦਾ’ 
ਅਤੇ ਸਹਿੰਦੇ ਹਾਂ। 
ਜਦ ਸਭ ਕੁੱਝ ਨਹੀਂ ਸਹਿਆ ਜਾਵੇਗਾ 
ਤਾਂ ਕੁੱਝ ਨਹੀਂ ਕਹਾਂਗੇ। 
ਜੋ ਜ਼ਰੂਰੀ ਹੋਵੇਗਾ, ਕਰਾਂਗੇ। 
ਸਹਿਣ ਨੂੰ ਤਾਂ 
ਬਹੁਤ ਕੁੱਝ ਸਹਿਆ ਜਾ ਸਕਦਾ ਹੈ। 
ਜ਼ਰੂਰਤ ਹੈ ਕਿ 
ਇਹ ਦੱਸਿਆ ਜਾਵੇ ਕਿ 
ਮਨੁੱਖਤਾ ਦੀ ਰੱਖਿਆ ਲਈ 
ਕਹਿਣਾ ਨਹੀਂ ਸਹਿਣਾ ਤੁਰੰਤ ਬੰਦ ਕਰ ਦੇਣਾ ਹੋਵੇਗਾ। 

ਬਚ ਨਿਕਲਣਾ

ਚੀਜ਼ਾਂ ਬਾਰੇ 
ਸੋਚਣ ਲਈ ਕਿਹਾ ਉਹਨਾਂ ਨੇ 
ਸਾਨੂੰ ਚੀਜ਼ਾਂ ਨੂੰ ਬਦਲ ਦੇਣ ਲਈ। 
ਅਸੀਂ ਸੋਚਿਆ 
ਚੀਜ਼ਾਂ ਬਾਰੇ 
ਚੀਜ਼ਾਂ ਵਿੱਚ ਬਦਲ ਜਾਣ ਤੋਂ ਬਚਣ ਲਈ। 

….ਅਤੇ ਜੀਉਂਦੇ ਜਾਣਾ 

ਹੁਣ ਅਸੀਂ ਰੋਂਦੇ ਨਹੀਂ 
ਬਸ ਗਾਹੇ-ਬਗਾਹੇ
ਹੱਸਦੇ-ਹੱਸਦੇ 
ਨਿੱਕਲ ਆਉਂਦੇ ਹਨ ਸਾਡੇ ਹੰਝੂ। 
ਹੁਣ ਅਸੀਂ ਵੱਡੇ ਹੋ ਗਏ ਹਾਂ 
ਅਤੇ ਬਹਾਦਰੀ ਨਾਲ਼ 
ਬਸ ਜਿਉਂਦੇ ਜਾ ਰਹੇ ਹਾਂ! 

ਨਾ ਰੁਕਣਾ 

ਇਤਿਹਾਸ ਬਣਾਉਣ ਵਾਲ਼ੇ 
ਹੁਣ ਵੀ ਮੌਜੂਦ ਸਨ
ਅਤੇ ਉਹ ਚੀਜ਼ਾਂ ਵੀ 
ਜਿਹਨਾਂ ਤੋਂ ਬਣਦਾ ਹੈ ਇਤਿਹਾਸ। 
ਫਿਰ ਕੌਣ ਕਰ ਸਕਦਾ ਹੈ
‘ਇਤਿਹਾਸ ਦੇ ਅੰਤ’ ਦੀਆਂ ਗੱਲਾਂ?
ਹੜ੍ਹ ਨਾਲ਼, ਤੂਫਾਨ ਨਾਲ਼ 
ਜਾਂ ਭੁਚਾਲ ਵਿੱਚ ਮਕਾਨਾਂ ਦੇ ਢਹਿਣ ਨਾਲ਼ 
ਬੰਦ ਨਹੀਂ ਹੁੰਦਾ 
ਮਕਾਨ ਦਾ ਬਣਨਾ। 

ਜੀ ਚਾਹੁੰਦਾ ਹੈ…

ਜੀ ਚਾਹੁੰਦਾ ਹੈ
ਕਵੀਆਂ ਦੀ ਬਿਰਾਦਰੀ ‘ਚੋਂ 
ਬਾਹਰ ਹੋ ਜਾਈਏ, 
ਉੱਤਰ ਜਾਈਏ, 
ਅਲੋਚਕਾਂ ਦੀਆਂ ਨਜ਼ਰਾਂ ਤੋਂ, 
ਕਾਵਿ ਪ੍ਰੇਮੀ ਪਤਵੰਤਿਆਂ ਨੂੰ
ਕਰ ਦੇਈਏ ਨਿਰਾਸ਼। 
ਅੱਜ ਜੀ ਚਾਹੁੰਦਾ ਹੈ ਬੇਹੱਦ 
ਕਿ ਸੋਮਾਲੀਆ ਅਤੇ ਸਰਗੁਜ਼ਾ ਵਿੱਚ 
ਭੁੱਖ ਨਾਲ਼ ਮਰਦੇ ਬੱਚਿਆਂ ਬਾਰੇ 
ਸਿੱਧੇ-ਸਪਾਟ ਢੰਗ ਨਾਲ਼ ਕੁੱਲ ਕਹੀਏ, 
ਚਰਚਾ ਕਰੀਏ ਇਰਾਕ ਉੱਪਰ ਅਮਰੀਕੀ ਬੰਬਾਰੀ ਦੀ, 
ਅਤੇ ਲਾਸ ਏਂਜਲਸ ਦੇ ਦੰਗਿਆਂ ਦੀ। 
ਅੱਜ ਜੀ ਚਾਹੁੰਦਾ ਹੈ
ਹੱਸਣ ਨੂੰ ਠਹਾਕਾ ਮਾਰਕੇ ਵਾਤਾਵਰਨ-ਸੰਮੇਲਨ ‘ਤੇ,
ਉਗਰ ਇੱਛਾ ਹੁੰਦੀ ਹੈ ਕਿ 
ਜਾਰਜ ਬੁੱਸ਼ ਦੇ ਪਿਛਵਾੜੇ ਇੱਕ ਪਲੀਤਾ ਲਗਾ ਦੇਈਏ।
ਜੀ ਚਾਹੁੰਦਾ ਹੈ 
ਅੱਜ ਪੀਰੂ ਵਿੱਚ ਜ਼ਾਰੀ ਮੁਕਤੀ ਜੰਗ ਦੀਆਂ 
ਅਤੇ ਆਧਰਾਂ ਵਿਚ ਜ਼ਾਰੀ ਦਮਨ ਬਾਰੇ 
ਖੁੱਲ੍ਹ ਕੇ ਗੱਲਾਂ ਕਰਨ ਨੂੰ
ਅੱਜ ਜੀ ਚਾਹੁੰਦਾ ਹੈ
ਇੱਕ ਦਮ ਸਤਹੀ-ਸਪਾਟ ਢੰਗ ਨਾਲ਼ 
ਇਹ ਕਹਿਣ ਨੂੰ 
ਕਿ ਉਮੀਦਾਂ ਮਰੀਆਂ ਨਹੀਂ ਹਨ
ਅਤੇ ਨਾ ਅੰਤ ਹੋਇਆ ਹੈ
ਇਤਿਹਾਸ ਦਾ। 
ਜੀ ਚਾਹੁੰਦਾ ਹੈ
ਅੱਜ 
ਇਸ ਬੇਅਦਬੀ ਲਈ 
ਮੁਆਫੀ ਨਾ ਚਾਹੁਣ ਨੂੰ। 
(ਮਈ 1990)

ਇੱਕ ਫੈਸਲਾ, ਫੌਰੀ ਤੌਰ ‘ਤੇ ਕਵਿਤਾ ਦੇ ਖਿਲਾਫ਼ 

ਕਵਿਤਾਵਾਂ ਬਹੁਤ ਨਹੀਂ ਲਿਖਣੀਆਂ ਚਾਹੀਦੀਆਂ 
ਅਤੇ ਲਗਾਤਾਰ ਨਹੀਂ ਲਿਖਣੀਆਂ ਚਾਹੀਦੀਆਂ। 
ਇਸ ਨਾਲ਼ ਮਨ ਕੁੱਝ ਉਦਾਸ ਰਹਿਣ ਲਗਦਾ ਹੈ
ਭਾਵੇਂ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾਂ 
ਬੇਹੱਦ ਆਸ਼ਾਵਾਦੀ ਹੋਣ। 
ਕਵਿਤਾ ਲਿਖਣ ਲਈ 
ਚੀਜ਼ਾਂ ਤੋਂ ਦੂਰੀ ਲੈਣੀ ਪੈਂਦੀ ਹੈ। 
ਇਸ ਲਈ ਕਵਿਤਾਵਾਂ ਲਿਖਦੇ ਰਹਿਣ ਵਾਲ਼ਿਆਂ ਲਈ 
ਚੀਜ਼ਾਂ ਤੋਂ ਹਮੇਸ਼ਾਂ ਲਈ ਦੂਰ ਹੋ ਜਾਣ ਦਾ 
ਖ਼ਤਰਾ ਬਣਿਆ ਰਹਿੰਦਾ ਹੈ। 
ਇਸ ਹੱਦ ਤੱਕ ਨਹੀਂ ਲਿਖੀਆਂ ਜਾਣੀਆਂ ਚਾਹੀਦੀਆਂ ਕਵਿਤਾਵਾਂ 
ਕਿ ਚੀਜ਼ਾਂ ਨੂੰ ਸਿੱਧੇ-ਸਾਦੇ ਢੰਗ ਨਾਲ਼ 
ਬਿਆਨ ਕਰਨ ਦੀ ਆਦਤ ਹੀ ਛੁੱਟ ਜਾਵੇ। 
ਹਕੀਕਤ ਤੋਂ ਨਿਰਮਿਤ ਹੋਕੇ ਵੀ ਇੱਕ ਦਮ ਹਕੀਕੀ ਨਹੀਂ ਹੁੰਦੀ ਕਵਿਤਾਵਾਂ ਦੀ ਦੁਨੀਆਂ। 
ਹਮੇਸ਼ਾਂ ਕਵਿਤਾਵਾਂ ਦੇ ਨਾਲ਼ ਰਹਿਣਾ ਕਦੇ-ਕਦੇ
ਹਕੀਕੀ ਦੁਨੀਆਂ ਤੋਂ ਅਲੱਗ ਵੀ ਕਰ ਦਿੰਦਾ ਹੈ,
ਅਜਨਬੀਅਤ ਦਾ ਇੱਕ ਅਹਿਸਾਸ ਵੀ ਭਰ ਦਿੰਦਾ ਹੈ। 
ਕਵਿਤਾਵਾਂ ਬਹੁਤ ਜ਼ਿਆਦਾ ਅਤੇ ਲਗਾਤਾਰ ਲਿਖਣ ਨਾਲ਼ 
‘ਹੈਲੁਸਿਨੇਸ਼ਨ’ ਦਾ ਰੋਗ ਹੋ ਜਾਂਦਾ ਹੈ। 
ਸਾਵਧਾਨ ਰਹਿਣਾ ਚਾਹੀਦਾ ਹੈ ਕਿ 
ਕਵਿਤਾ ਲਿਖਣਾ ਕਿਤੇ 
ਜੀਣ ਅਤੇ ਲੜਨ ਦਾ ਬਦਲ ਨਾ ਬਣ ਜਾਵੇ। 
ਹਰ ਤ੍ਰਾਸਦੀ ਉੱਪਰ ਕਵਿਤਾ ਲਿਖਣਾ
ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਮੂੰਹ ਚੁਰਾਉਣ ਦੀ 
ਇੱਕ ਕਾਇਰਤਾ ਵੀ ਹੋ ਸਕਦੀ ਹੈ। 
ਇਸ ਤਰਾਂ ਹੋਣਾ ਚਾਹੀਦਾ ਹੈ ਕਦੇ-ਕਦੇ 
ਕੋਈ ਘਟਨਾ ਇਸ ਕਦਰ ਜਕੜ ਲਏ ਦਿਲੋ-ਦਿਮਾਗ ਨੂੰ 
ਕਿ ਕਵਿਤਾ ਲਿਖਣ ਦੀ ਸੋਚ ਤੱਕ ਨਾ ਸਕੇ ਆਦਮੀ। 
ਦਿਲ ਨੂੰ ਵਲੂੰਧਰਨ ਵਾਲ਼ੀ ਹਰ ਘਟਨਾ ਉੱਪਰ ਕਵਿਤਾ ਲਿਖਣ ਵਾਲ਼ਾ ਕਵੀ 
ਦੁਨੀਆਂ ਦਾ ਸਭ ਤੋਂ ਹਿਰਦੇ ਹੀਣ ਵਿਅਕਤੀ ਹੁੰਦਾ ਹੈ। 
ਕਦੇ-ਕਦੇ ਕਵਿਤਾਵਾਂ ਨਾ ਲਿਖਣਾ 
ਜੀਵਨ ਵਿੱਚ ਕਵਿਤਾ ਦੀ ਹਿਫ਼ਾਜ਼ਤ ਕਰਨਾ ਹੁੰਦਾ ਹੈ
ਜਾਂ ਉਸਦੀ ਮੌਜੂਦਗੀ ਨੂੰ 
ਸਿੱਧ-ਸਿੱਧੇ ਮਹਿਸੂਸ ਕਰਨਾ। 
ਕਦੇ-ਕਦੇ ਕਵਿਤਾਵਾਂ ਨਾ ਲਿਖਣਾ 
ਪਾਖੰਡੀ ਅਤੇ ਗਾਲੜੀ ਹੋਣ ਤੋਂ ਬਚਾਉਂਦਾ ਹੈ
ਕਵਿਤਾਵਾਂ ਨਾ ਲਿਖਣਾ ਕਦੇ ਕਦੇ 
ਚਰਿੱਤਰਹੀਣ ਹੋਣ ਤੋਂ ਰੋਕਦਾ ਹੈ। 
ਕਦੇ-ਕਦੇ ਸੰਪਾਦਕ ਦੀ ਮੰਗ ‘ਤੇ ਕਵਿਤਾ ਲਿਖਣ 
ਅਤੇ ਸੁਪਾਰੀ ਲੈਣ ਵਿੱਚ ਕੋਈ ਬੁਨਿਆਦੀ ਫਰਕ 
ਨਹੀਂ ਰਹਿ ਜਾਂਦਾ। 
ਕਵਿਤਾਵਾਂ ਨਾ ਲਿਖਣ ਦਾ ਫੈਸਲਾ 
ਕਦੇ-ਕਦੇ ਭਾੜੇ ਦੇ ਕਾਤਲਾਂ, ਦਰਬਾਰੀਆਂ 
ਕੋਠੇ ਦੇ ਦਲਾਲਾਂ, ਮਰਾਸੀਆਂ ਦੇ ਝੁੰਡ ਵਿੱਚ 
ਸ਼ਾਮਿਲ ਹੋਣ ਤੋਂ ਬਚਣ ਦਾ ਫੈਸਲਾ ਹੁੰਦਾ ਹੈ। 
ਅਤੇ ਕਦੇ-ਕਦੇ ਇਹ 
ਇੱਕ ਬੇਹੱਦ ਕਾਵਿਆਤਮਕ ਨਿਆਂਪੂਰਣ ਫੈਸਲਾ ਹੁੰਦਾ ਹੈ। 
ਜਿਵੇਂ ਕਿ ਅਜੇ ਮੈਂ ਸੋਚ ਰਹੀ ਹਾਂ 
ਕਿ ਆਉਣ ਵਾਲ਼ੇ ਕੁੱਝ ਸਾਲਾਂ ਤੱਕ 
ਬੰਦ ਕਰ ਦਿੱਤਾ ਜਾਵੇ ਕਵਿਤਾਵਾਂ ਲਿਖਣਾ, 
ਲੋਕਾਂ ਨੂੰ ਉਮੀਦਾਂ, ਭਵਿੱਖ ਅਤੇ ਲੜਨ ਦੀ, 
ਜ਼ਰੂਰਤ ਬਾਰੇ ਸਿੱਧੇ-ਸਿੱਧੇ 
ਕੁੱਝ ਦੱਸਿਆ ਜਾਵੇ, 
ਕੁੱਝ ਰਾਜਨੀਤਕ ਅਧਿਐਨ-ਮੰਡਲ ਅਤੇ 
ਸੱਭਿਆਚਾਰਕ ਮੁਹਿੰਮਾਂ ਚਲਾਈਆਂ ਜਾਣ 
ਛਾਂਟੀ-ਤਾਲਾਬੰਦੀ ਅਤੇ ਮਹਿੰਗਾਈ-ਬੇਰੁਜ਼ਗਾਰੀ ਦੇ ਖਿਲਾਫ਼ 
ਕੁੱਝ ਸੰਘਰਸ਼ ਵਿੱਢੇ ਜਾਣ, 
ਕੁੱਝ ਰਾਜਨੀਤਕ ਪ੍ਰਚਾਰ ਕੀਤਾ ਜਾਵੇ 
ਕੁੱਝ ਅਰਥ-ਸ਼ਾਸਤਰ, ਕੁੱਝ ਫ਼ਲਸਫ਼ਾ 
ਅਤੇ ਕੁੱਝ ਆਪਣੇ ਸਮੇਂ ਦਾ ਅਧਿਐਨ ਕੀਤਾ ਜਾਵੇ, 
ਕੁੱਝ ਯਾਤਰਾਵਾਂ ਕੀਤੀਆਂ ਜਾਣ 
ਅਤੇ ਕੁੱਝ ਜ਼ੋਖਿਮ ਉਠਾਏ ਜਾਣ। 
ਇਸ ਤਰਾਂ ਕਵਿਤਾ ਦੇ ਭਵਿੱਖ ਪ੍ਰਤੀ 
ਹੋਰ ਵਧੇਰੇ ਆਸਵੰਦ ਹੋਇਆ ਜਾਵੇ, 
ਉਸਨੂੰ ਹੋਰ ਵਧੇਰੇ ਉੱਨਤ ਬਣਾਇਆ ਜਾਵੇ। 

(ਸਾਰੀਆਂ ਕਵਿਤਾਵਾਂ ਕਾਵਿ ਸੰਗ੍ਰਹਿ ‘ਇਸ ਪੌਰੁਸ਼ਪੂਰਣ ਸਮੇਂ ਮੇਂ’ ਵਿੱਚੋਂ)
ਮੂਲ ਤੋਂ ਹਿੰਦੀ ਤੋਂ ਅਨੁਵਾਦਿਤ

 

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s