ਕਾਰਲ ਮਾਰਕਸ ਅਤੇ ਸੰਸਾਰ ਸਾਹਿਤ • ਐੱਸ. ਐੱਸ. ਫਰੈਵਰ

Yuri Podlyaski - Portrait of Masha Surtukova Reading

(ਪੀ.ਡੀ.ਐਫ਼ ਡਾਊਨਲੋਡ ਕਰੋ)

 “ਕਿਤਾਬਾਂ ਮੇਰੇ ਦਿਮਾਗ਼ ਦਾ ਸੰਦ ਹਨ, ਕੋਈ ਸੁੱਖ-ਭੋਗ ਦੀ ਸਮੱਗਰੀ ਨਹੀਂ। ਉਹ ਕਿਹਾ ਕਰਦੇ ਸਨ ਕਿ ਕਿਤਾਬਾਂ ਮੇਰੀਆਂ ਗੁਲਾਮ ਹਨ ਅਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਮੇਰੀ ਸੇਵਾ ਕਰਨੀ ਹੋਵੇਗੀ ਜਿਵੇਂ ਮੈਂ ਚਾਹੁੰਦਾ ਹਾਂ।” (ਪਾਲ ਲਫਾਰਗ-ਮੇਟੇਕ 24)
 

ਮਾਰਕਸ ਨੇ ਨਾ ਤਾਂ ਸਹੁਜ-ਸ਼ਾਸਤਰ ‘ਤੇ ਕੋਈ ਪੂਰਾ ਗ੍ਰੰਥ ਲਿਖਿਆ ਅਤੇ ਨਾ ਹੀ ਕੋਈ ਰਸਮੀ ਤਰੀਕੇ ਨਾਲ਼ ਸਾਹਿਤ ਅਲੋਚਨਾ ਦਾ ਕੋਈ ਤਰਤੀਬਬੱਧ ਲੇਖ ਹੀ ਲਿਖਿਆ ਹੈ। ਸੂਈ ਦੇ ਮਿਸਟਰੀਜ਼ ਆਫ਼ ਪੈਰਿਸ ਨਾਲ਼ ਸਬੰਧਿਤ ਉਹਨਾਂ ਦਾ ਵਿਸ਼ਲੇਸ਼ਣ ਲੋਕਾਂ ਦੇ ਸਾਹਮਣੇ ਉਦੋਂ ਆਇਆ ਜਦੋਂ ਉਹਨਾਂ ਨੇ ਸੇਲਿਗਾ ਅਤੇ ਬਰੂਨੋ ਬਾਵੇਰ ਦੇ ਨੌਜਵਾਨ ਹੇਗੇਲਵਾਦੀ ਚੇਲਿਆਂ ਦੀ ਪੋਲ ਖੋਲ੍ਹੀ ਅਤੇ ਫ੍ਰਾਂਜ ਵਾਨ ਸਿਕਿੰਗਨ ‘ਤੇ ਉਹਨਾਂ ਦੇ ਵਿਚਾਰ ਇੱਕ ਨਿੱਜੀ ਚਿੱਠੀ ਵਿੱਚ ਪ੍ਰਗਟ ਹੋਏ। ਫਿਰ ਵੀ ਸ਼ੁਰੂ ਤੋਂ ਸਾਹਿਤ ਵਿੱਚ ਉਹ ਗੰਭੀਰ ਰੁਚੀ ਦਿਖਾਉਂਦੇ ਹਨ, ਜੋ ਕਦੇ ਘਟਦੀ ਨਹੀਂ ਅਤੇ ਜਿਸ ਕਾਰਨ ਉਹ ਅਨੇਕ ਸਾਰਥਕ ਅਲੋਚਨਾਵਾਂ, ਪ੍ਰਸੰਗ ਅਤੇ ਉਦਾਹਰਣਾਂ ਪੇਸ਼ ਕਰਦੇ ਹਨ। ਸਾਹਿਤ ਉਹਨਾਂ ਦੇ ਨਿੱਜੀ ਜੀਵਨ ਅਤੇ ਨਿੱਜੀ ਸਰਗਰਮੀ ਦਾ ਗਹਿਣਾ ਬਣ ਜਾਂਦਾ ਹੈ, ਉਹਨਾਂ ਦਾ ਖੋਜ-ਲੇਖ ਸਾਹਿਤਕ ਰਚਨਾਵਾਂ ਦੇ ਹਵਾਲਿਆਂ ਨਾਲ਼ ਭਰਿਆ ਪਿਆ ਹੈ। ਪੱਤਰਕਾਰ ਦੇ ਰੂਪ ਵਿੱਚ ਸਾਹਿਤ ਉਹਨਾਂ ਦੀਆਂ ਮੁੱਢਲੀਆਂ ਜੱਦੋ-ਜਹਿਦਾਂ ਦਾ ਤਾਕਤਵਰ ਹਥਿਆਰ ਬਣ ਜਾਂਦਾ ਹੈ, ਉਹਨਾਂ ਦਾ ਆਪਣਾ ਸੰਸਾਰ ਨਜ਼ਰੀਆ ਹੇਗੇਲ ਅਤੇ ਫਿਊਰਬਾਖ਼ ਦੇ ਮੁੱਢਲੇ ਮਿਸ਼ਰਣ ਤੋਂ ਜਨਮ ਲੈਂਦਾ ਦਿਖਾਈ ਦਿੰਦਾ ਹੈ, ਆਪਣੇ ਨਵੇਂ ਵਿਚਾਰਾਂ ਦੀ ਪੁਸ਼ਟੀ ਅਤੇ ਪੇਸ਼ਕਾਰੀ ਲਈ ਉਹ ਸਾਹਿਤ ਦੀ ਮਦਦ ਲੈਂਦੇ ਹਨ ਅਤੇ ਇਹ ਮਹਿਸੂਸ ਕਰਦੇ ਸਨ ਕਿ ਅੱਗੇ ਚੱਲ ਕੇ ਜਿਸ ਚਿੰਤਨ-ਪ੍ਰਬੰਧ ਦੀ ਉਹਨਾਂ ਉਸਾਰੀ ਕੀਤੀ, ਉਹ ਸਾਹਿਤ ਅਤੇ ਹੋਰ ਕਲਾਵਾਂ ਨੂੰ ਯੋਗ ਥਾਂ ਨਾ ਦੇਣ ‘ਤੇ ਅਧੂਰਾ ਰਹਿ ਜਾਂਦਾ। ਇਸਦੇ ਨਾਲ਼ ਹੀ ਬੁਢਾਪੇ ਦੇ ਦਿਨਾਂ ਵਿੱਚ ਅਧਿਆਤਮਕ ਤਾਕਤ, ਮਨੋਰੰਜਨ, ਖੁਸ਼ੀ ਦੀ ਸਮੱਗਰੀ ਅਤੇ ਬਹਿਸ ਦੇ ਸੰਦ ਪ੍ਰਾਪਤ ਕਰਨ ਲਈ ਉਹ ਵਾਰ-ਵਾਰ ਸਾਹਿਤਕ ਰਚਨਾਵਾਂ ਵੱਲ ਪਰਤਦੇ ਹਨ। ਪੁਰਾਣੇ ਯੁੱਗ ਦੇ ਕਲਾਸਿਕ ਸਾਹਿਤ ਵਿੱਚ, ਮੱਧ ਯੁੱਗ ਤੋਂ ਗੇਟੇ ਦੇ ਯੁੱਗ ਤੱਕ ਦੇ ਜਰਮਨ ਸਾਹਿਤ ਵਿੱਚ, ਦਾਂਤੇ, ਬੋਆਰਦੋ, ਤਾਸੋ, ਸਰਵਾਨਤੀਸ, ਸ਼ੇਕਸਪੀਅਰ ਦੀ ਦੁਨੀਆਂ ਵਿੱਚ, ਅਠਾਰ੍ਹਵੀਂ ਤੇ ਉਨੀਂਵੀਂ ਸਦੀ ਦੇ ਫਰਾਂਸੀਸੀ ਅਤੇ ਅੰਗਰੇਜ਼ੀ ਗਦ-ਕਥਾ ਸਾਹਿਤ ਵਿੱਚ ਉਹ ਰੁੱਝੇ ਰਹਿੰਦੇ ਸਨ। ਇਸ ਤੋਂ ਬਿਨਾਂ ਉਹ ‘ਹਾਇਨੇ’ ਵਰਗੀ ਹਰ ਉਸ ਸਮਕਾਲੀ ਕਵਿਤਾ ਵਿੱਚ ਰੁਚੀ ਲੈਂਦੇ ਸਨ ਜੋ ਰਵਾਇਤੀ ਖਾਸ ਹੱਕਾਂ ਪ੍ਰਤੀ ਬਣੇ ਆਦਰਭਾਵ ਨੂੰ ਕਮਜ਼ੋਰ ਕਰਨ ਵਿੱਚ ਅਤੇ ਸਮਾਜਿਕ ਰੂਪ ਵਿੱਚ ਜ਼ਿਆਦਾ ਨਿਆਂਪੂਰਨ ਭਵਿੱਖ ਪ੍ਰਤੀ ਆਸਾਂ ਜਗਾਉਣ ਵਿੱਚ ਮਦਦ ਕਰਦੀ ਸੀ। ਨਿਰਸੰਦੇਹ, ਕੁੱਲ ਮਿਲ਼ਾ ਕੇ ਉਹਨਾਂ ਦੀ ਨਜ਼ਰ ਵਰਤਮਾਨ ਦੀ ਬਜਾਏ ਅਤੀਤ ‘ਤੇ, ਆਪਣੇ ਸਮਕਾਲੀ ਲੇਖਕਾਂ ਦੀ ਬਜਾਏ ਏਸਿਕਲਸ, ਦਾਂਤੇ ਅਤੇ ਸ਼ੇਕਸਪੀਅਰ ‘ਤੇ ਜ਼ਿਆਦਾ ਟਿਕਦੀ ਸੀ। ਹੋਰ ਮਾਮਲਿਆਂ ਦੀ ਤਰ੍ਹਾਂ ਇਹਨਾਂ ਵਿੱਚ ਵੀ ਉਹਨਾਂ ਦੇ ਬਾਅਦ ਦੇ ਵਿਆਖਿਆਕਾਰ ਲੁਕਾਚ ਨੇ ਆਪਣੇ ਅਧਿਆਪਕ ਦੀ ਹੀ ਨਕਲ ਕੀਤੀ ਹੈ।

 ਜੇਕਰ ਅਸੀਂ ਸਾਹਿਤ ਨਾਲ਼ ਮਾਰਕਸ ਦੇ ਵਿਹਾਰ ਦਾ ਅਧਿਐਨ ਕਾਲਕ੍ਰਮ ਦੇ ਅਨੁਸਾਰ ਕਰੀਏ, ਜਿਸ ਤਰ੍ਹਾਂ ਕਿ ਇਸ ਕਿਤਾਬ ਵਿੱਚ ਕੀਤਾ ਗਿਆ ਹੈ, ਤਾਂ ਕੁੱਝ ਬਦਲਾਵਾਂ ਵੱਲ ਸਾਡਾ ਧਿਆਨ ਜ਼ਰੂਰ ਜਾਵੇਗਾ। ਫਿਖਟੇ ਵਰਗੇ ਰੁਮਾਂਸਵਾਦ ਪ੍ਰਤੀ ਉਹਨਾਂ ਦੀ ਮੁੱਢਲੀ ਹਮਦਰਦੀ ਛੇਤੀ ਹੀ ਖ਼ਤਮ ਹੋ ਗਈ ਅਤੇ ਉਸਦੀ ਜਗ੍ਹਾ ਇੱਕ ਇਹੋ-ਜਿਹੇ ਨਜ਼ਰੀਏ ਨੇ ਲੈ ਲਈ ਜਿਸਦੇ ਅਨੁਸਾਰ ਰੁਮਾਂਸਵਾਦੀ ਸਾਹਿਤ ਦਾ ਕਲਾ ਸਹੁਜ ਇੱਕ ਸਖ਼ਤ ਅਤੇ ਜ਼ਾਬਰ ਯਥਾਰਥ ‘ਤੇ ਪਿਆ ਪਰਦਾ ਹੈ; ਜੇਕਰ ਯਥਾਰਥ ਨੂੰ ਬਦਲਣਾ ਹੈ ਤਾਂ ਉਸ ਪਰਦੇ ਨੂੰ ਹਟਾਉਣਾ ਹੋਵੇਗਾ। ਸ਼ਿਲਰ ਪ੍ਰਤੀ ਮੁੱਢਲਾ ਪ੍ਰਸ਼ੰਸਾ ਦਾ ਭਾਵ, ਇਸ ਵਧਦੀ ਹੋਈ ਭਾਵਨਾ ਨਾਲ਼ ਕਮਜ਼ੋਰ ਹੁੰਦਾ ਜਾਂਦਾ ਹੈ ਕਿ ਸ਼ਿਲਰ ਦੇ ਨਾਟਕ ਅਤੇ ਕਵਿਤਾਵਾਂ ਜਿਸ ਤਰ੍ਹਾਂ ਦੁਰ-ਵਰਤੋਂ ਦਾ ਸ਼ਿਕਾਰ ਹੋ ਸਕਦੀਆਂ ਹਨ, ਉਸ ਤਰ੍ਹਾਂ ਸ਼ੇਕਸਪੀਅਰ ਦੀਆਂ ਨਹੀਂ। ਸ਼ਿਲਰ ਦੀਆਂ ਰਚਨਾਵਾਂ ਬਹੁਤ ਜ਼ਿਆਦਾ ਆਦਰਸ਼ੀਕਰਨ ਕਰਦੀਆਂ ਹਨ, ਬਹੁਤ ਜ਼ਿਆਦਾ ਮਾਤਰਾ ਵਿੱਚ ਉਹ ਐਹੋ-ਜਿਹੇ ਲੋਕਾਂ ਨੂੰ ਤਿਆਰ ਸਮੱਗਰੀ ਦਿੰਦੀਆਂ ਹਨ ਜੋ ਸਮਾਜਿਕ ਜਗਤ ਦੇ ਅਸਲ ਸੁਭਾਅ ਅਤੇ ਆਪਣੇ ਇਰਾਦਿਆਂ ਬਾਰੇ ਦੂਜਿਆਂ ਨੂੰ ਅਤੇ ਆਪਣੇ ਆਪ ਨੂੰ ਧੋਖੇ ਵਿੱਚ ਪਾਉਣਾ ਚਾਹੁੰਦੇ ਹਨ। ਮਾਰਕਸ ਸੋਚਦੇ ਸਨ ਕਿ ਘੱਟ ਪ੍ਰਤਿਭਾ ਵਾਲ਼ੇ ਨਾਟਕਕਾਰਾਂ ‘ਤੇ ਸ਼ਿਲਰ ਦਾ ਪ੍ਰਭਾਵ ਵਿਨਾਸ਼ਕਾਰੀ ਹੋ ਸਕਦਾ ਹੈ। ਸ਼ਿਲਰ ਦੀ ਧਾਰਾ ਦੇ ਵਿਰੁੱਧ ਸ਼ੇਕਸਪੀਅਰ ਦੀ ਧਾਰਾ ਨੂੰ ਪੇਸ਼ ਕਰਨ ਦਾ ਜੋ ਨਜ਼ਰੀਆ ਦੀ ਹੋਲ਼ੀ ਫੈਮਲੀ ਵਿੱਚ ਹਲਕਾ ਜਿਹਾ ਪ੍ਰਗਟ ਹੋਇਆ ਸੀ, ਉਸਦਾ 1859 ਦੀ ਸਿਕਿੰਗਨ ਚਿੱਠੀ ਵਿੱਚ ਸਭ ਤੋਂ ਦ੍ਰਿੜ ਪ੍ਰਗਟਾਅ ਹੋਇਆ। 1845 ਦੇ ਬਾਅਦ ਉਹ ਜਮਾਤੀ-ਜੱਦੋਜਹਿਦ ਦੇ ਅਖੀਰੀ ਹੱਲ ਦੇ ਸਾਹਿਤ ਤੇ ਕਲਾਵਾਂ ‘ਤੇ ਪੈਣ ਵਾਲ਼ੇ ਪ੍ਰਭਾਵ ਬਾਰੇ ਵਿਚਾਰ ਕਰਦੇ ਸਮੇਂ ਜ਼ਿਆਦਾ ਤਰਕਸੰਗਤ ਰਹਿਣ ਲੱਗੇ ਸੀ। ਬਾਅਦ ਦੀਆਂ ਲਿਖਤਾਂ ਵਿੱਚ ਸਮਾਜ ਦਾ ਉਹ ਕਾਲਪਨਿਕ ਚਿਤਰਣ ਨਹੀਂ ਮਿਲ਼ਦਾ, ਜਿਸ ਵਿੱਚ ਹਰ ਵਿਅਕਤੀ (ਹੋਰਾਂ ਚੀਜਾਂ ਦੇ ਨਾਲ਼) ਕਲਾਕਾਰ ਹੋ ਜਾਵੇਗਾ। ਭਾਵੇਂ ਉਹਨਾਂ ਦਾ ਉਹ ਵਿਸ਼ਵਾਸ਼ ਨਾਲ਼-ਨਾਲ਼ ਬਣਿਆ ਰਿਹਾ ਕਿ ਪੈਦਾਵਾਰ ਅਤੇ ਵਟਾਂਦਰੇ ਦੀ ਵਿਧੀ ਵਿੱਚ ਬੁਨਿਆਦੀ ਬਦਲਾਅ ਹਰ ਆਦਮੀ ਦੀ ਉਸ ਕਲਾਤਮਕ ਅਤੇ ਰੁਮਾਂਸਵਾਚਕ ਯੋਗਤਾ ਨੂੰ ਵਿਕਾਸ ਦਾ ਮੌਕਾ ਦੇਣ ਦੇ ਲਈ ਜ਼ਰੂਰੀ ਹੈ ਜਿਸਨੂੰ ਸਰਮਾਏਦਾਰੀ ਸਮਾਜ ਨੇ ਖੁੰਢਾ ਅਤੇ ਗਤੀਹੀਣ ਕਰ ਰੱਖਿਆ ਹੈ। ਬਾਅਦ ਵਿੱਚ ਮਾਰਕਸ ਆਪਣੇ ਕੁੱਝ ਮਹੱਤਵਪੂਰਣ ਸੰਕਲਪਾਂ ਵਿੱਚ ਬਦਲਾਅ ਲਿਆਉਂਦੇ ਦਿਸਦੇ ਹਨ। ਜਿਵੇਂ ਕਿ 1859 ਦਾ ਪ੍ਰਸਿੱਧ ਕਥਨ “ਭੌਤਿਕ ਜੀਵਨ ਦੀ ਪੈਦਾਵਾਰ ਦੀ ਪ੍ਰਣਾਲੀ ਸਮਾਜਿਕ, ਸਿਆਸੀ ਅਤੇ ਬੌਧਿਕ ਜੀਵਨ ਨੂੰ ਪੂਰੀ ਤਰ੍ਹਾਂ ਨਾਲ਼ ਤੈਅ ਕਰਦੀ ਹੈ,” ਮਾਰਕਸ ਦੀ ਦੇਖ-ਰੇਖ ਵਿੱਚ ਛਪੇ ਫਰਾਂਸੀਸੀ ਸੰਸਕਰਣ ਵਿੱਚ ਹੇਠ ਲਿਖਿਆ ਰੂਪ ਧਾਰਣ ਕਰ ਲੈਂਦਾ ਹੈ: “ਭੌਤਿਕ ਪੈਦਾਵਾਰ ਦੀ ਪ੍ਰਣਾਲੀ ਆਮ ਤੌਰ ‘ਤੇ ਸਮਾਜਿਕ, ਸਿਆਸੀ ਅਤੇ ਬੌਧਿਕ ਵਿਕਾਸ ਨੂੰ ਕੰਟਰੋਲ ਕਰਦੀ ਹੈ।” 

ਇਸ ਫ਼ਰਕ ਦੇ ਵੱਲ ਸਾਡਾ ਧਿਆਨ ਦਿਵਾਉਣ ਵਾਲ਼ੇ ਮੈਕਸਮਿਲਿਅਨ ਰੂਬੇਲ ਨੇ ਕਿਹਾ ਹੈ ਕਿ ਜਰਮਨ ਵਾਕ ਵਿੱਚ ਆਏ “ਬੇਡਿੰਗਟ” ਸ਼ਬਦ ਦਾ ਸਹੀ ਅਰਥ ਹੈ ਤੈਅ ਜਾਂ ਅਨੁਕੂਲਿਤ ਕਰਨਾ ਜਦਕਿ ਫਰਾਂਸੀਸੀ ਸੰਸਕਰਣ ਵਿੱਚ ਆਏ “ਡੀਮੀਨ” ਸ਼ਬਦ ਰਾਹੀਂ ਮਾਰਕਸ ਚੇਤਨਾ ਦੇ ਰੂਪਾਂ ਦੀ ਉਤਪੱਤੀ ਵਿੱਚ ਅਭਿਆਸ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਵੀ ਅਭਿਆਸ ਅਤੇ ਚੇਤਨਾ ਦੇ ਰੂਪਾਂ ਵਿੱਚ ਕੋਈ ਮਸ਼ੀਨੀ ਕਾਰਜ-ਕਾਰਣ ਸਬੰਧ ਦਿਖਾਉਣ ਤੋਂ ਪ੍ਰਹੇਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਂ ਦੇ ਹੋਰ ਬਦਲਾਅ ਵੀ ਦਿਖਾਈ ਦਿੰਦੇ ਹਨ। 1857 ਦੇ ਬਾਅਦ ਮਾਰਕਸ ਸਾਹਿਤਕ ਅਲੋਚਨਾਤਮਕ ਸੰਦਰਭ ਵਿੱਚ ਬਲੂਟਜਾਇਟ ਅਤੇ ਮੁਟਰਸ਼ਚੋਜਜ ਵਰਗੇ ਰੋਮਾਂਟਿਕ ਰੂਪਕਾਂ ਦੀ ਵਰਤੋਂ ਨਹੀਂ ਕਰਦੇ, ਜਦ ਕਿ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਸੰਦਰਭ ਵਿੱਚ ਉਹ ਅਰਥਸ਼ਾਸਤਰ ਤੋਂ ਲਏ ਗਏ ਸ਼ਬਦਾਂ ਦੀ ਵਰਤੋਂ ਕਰਨ ਵੱਲ ਜ਼ਿਆਦਾ ਝੁਕਾਅ ਦਿਖਾਉਂਦੇ ਹਨ ( ਜਿਵੇਂ ਇੱਕ ਲੇਖਕ ਮੰਗ ਪੂਰੀ ਕਰਦਾ ਹੈ, ਪੈਦਾਵਾਰ ਕਰਦਾ ਹੈ)। ਆਪਣੇ ਆਖਰੀ ਦੌਰ ਵਿੱਚ “ਪ੍ਰਤਿਆਵਰਤੀ ਕਾਇਆਪਲ਼ਟੀ” – ਜਿਵੇਂ ਭੌਤਿਕ ਅਤੇ ਜੀਵ-ਵਿਗਿਆਨਕ ਪਦਾਂ ਦੀ ਵਰਤੋਂ ਸਾਹਿਤ ਇਤਿਹਾਸ ਦੇ ਖੇਤਰ ਵਿੱਚ ਕਰਕੇ ਉਹ ਆਪਣੀਆਂ ਸਾਹਿਤਕ ਅਤੇ ਵਿਗਿਆਨਕ ਰੁਚੀਆਂ ਨੂੰ ਆਪਸ ਵਿੱਚ ਜੋੜ ਦਿੰਦੇ ਹਨ। ਮਾਰਕਸ ਜਿਹਨਾਂ ਲੋਕਾਂ ਨੂੰ ਸਾਹਿਤਕ ਉੱਤਮਤਾ ਦਾ ਉਦਾਹਰਣ ਸਮਝਦੇ ਸੀ, ਉਹਨਾਂ ਦੇ ਨਾਲ਼ ਲਗਾਤਾਰ ਨਵੇਂ ਨਾਂ ਜੁੜਦੇ ਜਾਂਦੇ ਹਨ। ਹੋਮਰ, ਏਸਿਕਲਸ, ਅੋਵਿਡ, ਲੁਕ੍ਰੇਸ਼ਿਅਸ, ਸ਼ੇਕਸਪੀਅਰ, ਸਰਵਾਨਤੀਸ, ਗੇਟੇ ਅਤੇ ਹਾਇਨੇ ਦੇ ਨਾਲ਼ ਲੜੀਵਾਰ : ਦਾਂਤੇ, ਦਿਦੇਰੋ, ਕੋਬੇਟ, ਬਾਲਜ਼ਾਕ, ਡਿਕੇਂਸ ਅਤੇ ਹੋਰ ਅਨੇਕ ਨਾਂ ਜੁੜ ਜਾਂਦੇ ਹਨ। ਇਸ ਤਰ੍ਹਾਂ ਹੇਠਲੀ ਕੋਟੀ ਦੇ ਸਾਹਿਤਕਾਰਾਂ ਦੀ ਉਹਨਾਂ ਦੀ ਸੂਚੀ ਵੀ ਤੇਜੀ ਨਾਲ਼ ਵਧਦੀ ਜਾਂਦੀ ਹੈ – ਗੋਟ ਰੋਡ, ਗੇਸ਼ਨਰ, ਲਾਮਾਰਤੀਨ, ਸ਼ੇਤਾਂ ਬ੍ਰਆਂ ਦੇ ਨਾਲ਼ ਵਿੰਕੇਲ, ਡਾਉਮਰ; ਬਾਅਦ ਦੇ ਫ੍ਰਾਇਲਿਗ ਰਾਠ, ਗੁਸਤਾਵ ਫ੍ਰੇਟਾਗ, ਅਤੇ ਮਾਰਟਿਨ ਟਪੱਰ ਵਰਗੇ ਛੋਟੇ ਲੇਖਕਾਂ ਦੇ ਨਾਂ ਜੁੜ ਜਾਂਦੇ ਹਨ।

ਖੈਰ, ਮਾਰਕਸ ਦੁਆਰਾ ਸਾਹਿਤ ਦੇ ਸੰਦਰਭਾਂ ਅਤੇ ਉਪਯੋਗਾਂ ਦਾ ਜੋ ਕਾਲਕ੍ਰਮਕ ਅਧਿਐਨ ਅਸੀਂ ਕੀਤਾ ਹੈ, ਉਸਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਗਿਆਨ ਹੈ ਕਿ ਉਹਨਾਂ ਦਾ ਵਿਕਾਸ ਸੰਤੁਲਿਤ ਅਤੇ ਇੱਕਸਾਰ ਢੰਗ ਨਾਲ਼ ਹੋਇਆ ਸੀ ਅਤੇ ਸਮਾਜ ਦੀ ਆਪਣੀ ਇਨਕਲਾਬੀ ਧਾਰਣਾ ਦੀ ਉਸਾਰੀ ਕਰਦੇ ਹੋਏ ਮਾਰਕਸ ਨੇ ਸਾਹਿਤ ਸਬੰਧੀ ਆਪਣੇ ਕੁੱਝ ਮੁੱਢਲੇ ਵਿਚਾਰਾਂ ਵਿੱਚ ਭਾਰੀ ਬਦਲਾਅ ਕੀਤਾ ਸੀ। ਇਸ ਲਈ ਰੇਨੇ ਵੇਲੇਕ ਦਾ ਇਹ ਕਹਿਣਾ ਠੀਕ ਹੈ ਕਿ ਸਾਹਿਤ ਨਾਲ਼ ਸਬੰਧਿਤ ਮਾਰਕਸ ਦੀਆਂ ਖਿੰਡੀਆਂ ਹੋਈਆਂ ਟਿੱਪਣੀਆਂ ਪੂਰੀ ਤਰ੍ਹਾਂ ਨਾਲ਼ ਲੜੀਬੱਧ ਸਾਹਿਤ ਸਿਧਾਂਤ ਭਾਵੇਂ ਨਾ ਹੋਣ, ਉਹਨਾਂ ਵਿੱਚ ਇੱਕਸਾਰਤਾ ਦੀ ਕਮੀ ਨਹੀਂ ਹੈ। ਉਹ ਇਤਿਹਾਸ ਦੇ ਲੜੀਵਾਰ ਵਿਕਾਸਸ਼ੀਲ ਆਮ ਦਰਸ਼ਨ ‘ਤੇ ਟਿਕੀਆਂ ਹੋਈਆਂ ਹਨ ਅਤੇ ਇੱਕ ਸਮਝਣਯੋਗ ਵਿਕਾਸ ਦੀ ਝਲਕ ਦਿੰਦੀਆਂ ਹਨ। ਪਰ ਮੈਂ ਰੇਨੇ ਵੇਲੇਕ ਦੇ ਇਸ ਵਿਚਾਰ ਨਾਲ਼ ਸਹਿਮਤ ਨਹੀਂ ਹੋ ਸਕਦਾ ਕਿ ਮਾਰਕਸ ਦਾ ਇਹ ਵਿਕਾਸ “ਜੜ੍ਹ ਆਰਥਿਕ ਨਿਰਧਾਰਣਵਾਦ ਦੇ ਪੜਾਅ ਤੋਂ ਹੋ ਕੇ ਬਾਅਦ ਦੇ ਯਥਾਰਥਵਾਦ ਅਤੇ ਪ੍ਰਕ੍ਰਿਤੀਵਾਦ ਦੇ ਢਾਂਚੇ ਵਿੱਚ ਜ਼ਿਆਦਾ ਲਚਕੀਲੇ ਅਤੇ ਸਹਿਣਸ਼ੀਲ ਨਜ਼ਰੀਏ ਵੱਲ ਹੋਇਆ ਸੀ।” ਜਿਸ ਤਰ੍ਹਾਂ ਦੇ ਆਰਥਿਕ ਨਿਰਧਾਰਣਵਾਦ  ਦੀ (ਖਾਸ ਤੌਰ ‘ਤੇ ਸਿਆਸੀ ਆਰਥਿਕਤਾ ਦੀ ਅਲੋਚਨਾ ਦੀ ਭੂਮਿਕਾ ਵਿੱਚ ਪ੍ਰਗਟ ਨਿਰਧਾਰਣਵਾਦ ਦੀ) ਮਾਰਕਸ ਵਕਾਲਤ ਕਰਦੇ ਸੀ , ਉਹ ਲਾਸਾਲ ਦੇ ਫ੍ਰਾਂਜ ਵਾਨ ਸਿਕਿੰਗਨ ਦੇ ਹਵਾਲੇ ਵਿੱਚ ਮਾਰਕਸ ਦੁਆਰਾ ਲਿਖੀ ਗਈ ਚਿੱਠੀ ਵਿੱਚ ਪੂਰੀ ਤਰ੍ਹਾਂ ਨਾਲ਼ ਪੇਸ਼ ਉਹਨਾਂ ਦੇ “ਯਥਾਰਥਵਾਦੀ” ਸਿਧਾਂਤ ਦੇ ਨਾਲ਼-ਨਾਲ਼ ਬਣਿਆ ਹੋਇਆ ਸੀ। ਇਹ ਚਿੱਠੀ ਉਹਨਾਂ ਨੇ ਭੂਮਿਕਾ ਲਿਖਣ ਤੋਂ ਕੁੱਝ ਮਹੀਨੇ ਬਾਅਦ ਹੀ ਲਿਖੀ ਸੀ। ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਮਿਲ਼ਦੀ ਜਿਸਦੇ ਅਧਾਰ ‘ਤੇ ਕਿਹਾ ਜਾ ਸਕੇ ਕਿ ਮਾਰਕਸ ਸਾਹਿਤਕ ਪ੍ਰਕ੍ਰਿਤੀਵਾਦ ਪ੍ਰਤੀ ਹਮਦਰਦੀ ਰੱਖਦੇ ਸੀ; ਅਤੇ ਕੁੱਲ ਮਿਲ਼ਾਕੇ ਉਮਰ ਵਧਣ ਦੇ ਨਾਲ਼ ਮਾਰਕਸ ਦਾ ਸਾਹਿਤਕ ਨਜ਼ਰੀਆ ਅਤੇ ਮਤ ਜ਼ਿਆਦਾ “ਲਚਕੀਲੇ ਅਤੇ ਸਹਿਣਸ਼ੀਲ” ਨਹੀਂ ਹੁੰਦਾ।

ਜਵਾਨ ਮਾਰਕਸ ਦੀ ਤੁਲਨਾ ਵਿੱਚ ਵਡੇਰੀ ਉਮਰ ਦੇ ਮਾਰਕਸ ਜਿਸ ਇੱਕ ਧਾਰਣਾ ਦਾ ਇਸਤੇਮਾਲ ਜ਼ਿਆਦਾ ਸਾਵਧਾਨੀ ਨਾਲ਼ ਅਤੇ ਬਚ-ਬਚਾ ਕੇ ਕਰਨ ਲੱਗੇ ਸੀ ਉਹ ਹੈ ਬੇਗਾਨਗੀ। ਭਾਵੇਂ ਬੇਗਾਨਗੀ ਦੀ ਧਾਰਣਾ 1857 ਦੀ ਗਰੁੰਡਰਿਸ਼ੇ ਅਤੇ ਸਰਮਾਇਆ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ, ਉਹਨਾਂ ਨੇ ਬੇਗਾਨਗੀ ਅਤੇ ਜਿਣਸਪੂਜਾ-ਭਾਵ ਦੀ ਹਾਲਤ ਵਿੱਚ ਸਾਹਿਤ ਦੀ ਭੂਮਿਕਾ ਦੇ ਤੌਰ-ਤਰੀਕੇ ਬਾਰੇ ਆਪਣੇ ਮੁੱਢਲੇ ਵਿਸ਼ਲੇਸ਼ਣ ਨੂੰ ਤਿਆਗਣਾ ਕਦੇ ਜ਼ਰੂਰੀ ਨਹੀਂ ਸਮਝਿਆ। ਪੈਰਿਸ ਦੀਆਂ 1844 ਵਿੱਚ ਲਿਖੀਆਂ ਹੱਥ-ਲਿਖਤਾਂ ਵਿੱਚ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿੰਨ੍ਹਾਂ ਤਰੀਕਿਆਂ ਨਾਲ਼ ਸਾਹਿਤ ਨੂੰ ਕਿਸੇ ਹਾਕਮ ਜਮਾਤ ਦੀ ਸੇਵਾ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ ਅਤੇ ਕਿੰਨ੍ਹਾਂ ਤਰੀਕਿਆਂ ਨਾਲ਼ ਵਪਾਰ ਅਤੇ ਧਨ ਜੋੜਨ ਤੋਂ ਪ੍ਰੇਰਿਤ ਯੁੱਗ ਮਹਾਨ ਸਾਹਿਤ ਦੀ ਰਚਨਾ ਅਤੇ ਰਸਪਾਨ ਪ੍ਰਤੀਕੂਲ ਸਿੱਧ ਹੋ ਸਕਦਾ ਹੈ। ਉੱਥੇ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰ੍ਹਾਂ ਕਲਪਨਾ-ਮੂਲਕ ਸਾਹਿਤ ਜਮਾਤੀ ਦਬਦਬੇ ਦਾ ਸਾਧਨ ਬਣ ਸਕਦਾ ਹੈ ਜਾਂ ਆਧੁਨਿਕ ਬੇਗਾਨਗੀ ਦਾ ਸ਼ਿਕਾਰ ਹੋ ਸਕਦਾ ਹੈ। ਕਿਸ ਤਰ੍ਹਾਂ ਉਹ ਉਹਨਾਂ ਹਾਲਤਾਂ ਦੀ ਜਕੜ ਵਿੱਚ ਆ ਸਕਦਾ ਹੈ ਜਿਹਨਾਂ ਵਿੱਚ ਮਨੁੱਖ ਕੁਦਰਤ ਨਾਲ਼ੋਂ, ਆਪਣੇ ਆਪ ਨਾਲ਼ੋਂ ਅਤੇ ਆਪਣੀ ਕ੍ਰਿਆ ਨਾਲ਼ੋਂ, ਆਪਣੇ ਮਾਨਵੀ ਸਾਰਤੱਤ ਨਾਲ਼ੋਂ ਜਾਂ ਜਾਤੀ ਜੀਵਨ ਤੋਂ ਜਾਂ ਫਿਰ ਦੂਜੇ ਮਨੁੱਖ ਤੋਂ ਅਲੱਗ ਅਤੇ ਬੇਗਾਨਾ ਹੋ ਸਕਦਾ ਹੈ। ਪਰ ਜਵਾਨ ਮਾਰਕਸ ਮੰਨਦੇ ਸੀ ਕਿ ਸਾਹਿਤ ਬੇਗਾਨਗੀ ਅਤੇ ਜਿਣਸ ਪੂਜਾ-ਭਾਵ ਦੀ ਕਾਰਜਪ੍ਰਣਾਲੀ ਨੂੰ ਸਮਝਣ ਵਿੱਚ ਵੀ ਮਦਦ ਕਰ ਸਕਦਾ ਹੈ (ਇਸ ਵਿਚਾਰ ਦੇ ਸਮਰਥਨ ਵਿੱਚ ਗੇਟੇ ਅਤੇ ਸ਼ੇਕਸਪੀਅਰ ਦੇ ਕਾਵਿ-ਅੰਸ਼ ਹੂ-ਬ-ਹੂ ਦਿੱਤੇ ਗਏ ਹਨ) : ਉਹ ਇਸ ਤਰ੍ਹਾਂ ਦੇ ਬਿੰਬਾਂ ਦੀ ਉਸਾਰੀ ਕਰ ਸਕਦਾ ਹੈ ਜੋ ਅਮਾਨਵੀ ਹਾਲਤਾਂ ਬਾਰੇ ਜਾਂ ਜ਼ਿਆਦਾ ਮਾਨਵੀ ਹੋ ਸਕਣ ਵਾਲ਼ੀਆਂ ਹਾਲਤਾਂ ਬਾਰੇ ਸਾਨੂੰ ਚੇਤਨ ਬਣਾਉਂਦੇ ਹੋਣ (ਮੁੱਢਲੇ ਮਾਰਕਸ ਏਸਿਲਸ ਦੇ ਪ੍ਰਾਮੀਥਿਯਸ ਬਾਉਂਡ ਦਾ ਉਦਾਹਰਣ ਦਿੰਦੇ ਹਨ, ਬਾਅਦ ਵਿੱਚ ਮਾਰਕਸ ਦਾਂਤੇ ਦੀ ਡਿਵਾਇਨ ਕਮੇਡੀ ਦਾ ਉਦਾਹਰਨ ਦੇਣਗੇ) : ਉਹ ਜਮਾਤੀ-ਘੋਲ਼ ਵਿੱਚ ਇੱਕ ਸੰਦ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ (ਉਦਾਹਰਣ ਦੇ ਤੌਰ ‘ਤੇ ਸਿਸੇਲਿਅਨ ਜੁਲਾਹਿਆਂ ਦਾ ਗੀਤ, ਜਿਸਦੇ ਮਾਰਕਸ ਬੜੇ ਪ੍ਰਸ਼ੰਸਕ ਸੀ) : ਅਤੇ ਹੋਰ ਕਲਾਵਾਂ ਦੀ ਤਰ੍ਹਾਂ ਉਹ ਮਨੁੱਖ ਦੇ ਸੱਭਿਆਚਾਰਕ ਜੀਵਨ ਦੀ ਉਸਾਰੀ ਵਿੱਚ ਮਦਦ ਕਰ ਸਕਦਾ ਹੈ। ਮਾਰਕਸ ਨੇ ਸੰਗੀਤ ਦੀ ਉਦਾਹਰਣ ਦੇ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਲਾਵਾਂ ਰਸਪਾਨ ਦੀ ਉਸ ਯੋਗਤਾ ਦੀ ਉਸਾਰੀ ਕਰਨ ਵਿੱਚ ਮਦਦ ਕਰਦੀਆਂ ਹਨ ਜਿਸਦੇ ਰਾਹੀਂ ਅਸੀਂ ਉਹਨਾਂ ਦਾ ਅਨੰਦ ਮਾਣਦੇ ਹਾਂ।

ਭਾਵੇਂ ਆਰਥਿਕ ਵਿਸ਼ਲੇਸ਼ਣ ਵਿੱਚ ਜ਼ਿਆਦਾ ਰੁੱਝੇ ਹੋਣ ਅਤੇ ਆਪਣੀ ਭੌਤਿਕਵਾਦੀ ਵਿਚਾਰਧਾਰਾ ਦੀ ਜਟਿਲਤਾ ਅਤੇ ਪਰਿਭਾਸ਼ਾ ਦੇ ਲਗਾਤਾਰ ਅਮੀਰ ਹੋਣ ‘ਤੇ ਮਾਰਕਸ ਨੇ ਆਪਣੇ ਹੋਰ ਅਨੇਕ ਦੂਜੇ ਵਿਚਾਰਾਂ ਵਿੱਚ ਬਦਲਾਅ ਕੀਤੇ, ਪਰ ਪੈਰਿਸ ਹੱਥ-ਲਿਖਤਾਂ ਵਿੱਚ ਪ੍ਰਗਟ ਆਪਣੇ ਸਾਹਿਤਕ ਨਜ਼ਰੀਏ ਦਾ ਕਦੇ ਵਿਰੋਧ ਨਹੀਂ ਕੀਤਾ। ਸਗੋਂ ਬਾਅਦ ਵਾਲ਼ੀਆਂ ਰਚਨਾਵਾਂ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਨਜ਼ਰੀਏ ਦੇ ਪੂਰਕ ਦੇ ਰੂਪ ਵਿੱਚ ਸਾਹਿਤ ਦੇ ਹੋਰ ਵਪਾਰਾਂ ਅਤੇ ਉਪਯੋਗਾਂ ਦੇ ਵੱਲ ਇਸ਼ਾਰਾ ਕੀਤਾ ਅਤੇ ਵਿਹਾਰਕ ਲੋੜ ਦੇ ਦਬਾਅ ਹੇਠ ਸੁੰਦਰਤਾ ਸਬੰਧੀ ਕੁੱਝ ਨਵੇਂ ਵਿਚਾਰ ਪੇਸ਼ ਕੀਤੇ (ਜਿਵੇਂ ਕਿਸੇ ਖਾਸ ਰਚਨਾ ਦਾ ਮੁਲਾਂਕਣ ਕਰਨ ਲਈ ਕਹੇ ਜਾਣ ‘ਤੇ ਕੁੱਝ ਲਿਖਦੇ ਸਨ) ਜਿਵੇਂ ਕਿ ਹੱਥਲੀ ਕਿਤਾਬ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਵਿਸ਼ਵਾਸ਼ ਅਤੇ ਵਿਚਾਰ ਇੰਨੀ ਵੱਡੀ ਹੱਦ ਤੱਕ ਪਰਸਪਰ ਜੁੜੇ ਹੋਏ ਹਨ ਕਿ ਇਹਨਾਂ ਨੂੰ ਸੰਖੇਪ ਪਰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦਾ ਕੰਮ ਪੂਰੀ ਤਰਾਂ੍ਹ ਨਾਲ਼ ਨਿਰਾਸ਼ਾਜਨਕ ਨਹੀਂ ਹੋਵੇਗਾ।

ਆਪਣੀਆਂ ਮੁੱਢਲੀਆਂ ਕਵਿਤਾਵਾਂ ਦੇ ਦੌਰ ਦੇ ਬਾਅਦ, ਜਿਹਨਾਂ ਵਿੱਚ ਮਾਰਕਸ ਨੇ ਰੋਮਾਨੀ ਧਾਰਮਿਕਤਾ ਦੇ ਨਾਲ਼ ਕੁੱਝ ਛੇੜਛਾੜ ਜਿਹੀ ਕੀਤੀ ਹੈ, ਉਹ ਸਾਹਿਤ ਨੂੰ ਪੂਰੀ ਤਰ੍ਹਾਂ ਸਾਡੀ ਭੌਤਿਕ ਦੁਨੀਆਂ ਨਾਲ਼ ਸਬੰਧਿਤ ਮੰਨਦੇ ਹਨ, ਨਾ ਤਾਂ ਇਹ ਕਿਸੇ ਪਰਾਪ੍ਰਕਿਰਤਕ ਪ੍ਰੇਰਣਾ ਤੋਂ ਜਨਮ ਲੈਂਦਾ ਹੈ ਅਤੇ ਨਾ ਹੀ ਕਿਸੇ ਅਸਥਾਈ ਜਗਤ ਦੀ, ਕਿਸੇ ਦੈਵੀ ਜਾਂ ਰਹੱਸਮਈ ਪ੍ਰਮਾਤਮਾ ਦੀ ਗੱਲ ਕਰਦਾ ਹੈ। ਸਾਹਿਤ ਇੱਕ ਨਿਸ਼ਚਿਤ ਸਮਾਜਿਕ-ਇਤਿਹਾਸਕ ਹਾਲਤ ਵਿੱਚ ਮਨੁੱਖ ਬਾਰੇ ਗੱਲ ਕਰਦਾ ਹੈ ਅਤੇ ਇਸਦੀ ਰਚਨਾ ਤੇ ਰਸਪਾਨ ਸਮਾਜਿਕ ਰੂਪ ਵਿੱਚ ਅਨੁਕੂਲਿਤ ਮਨੁੱਖ ਹੀ ਕਰਦੇ ਹਨ।

ਇਸ ਤਰ੍ਹਾਂ ਸਾਹਿਤ ਦੇ ਉਸਰੱਈਏ ਸਪੱਸ਼ਟ ਰੂਪ ਵਿੱਚ ਮਨੁੱਖ ਹੀ ਹਨ, ਮਾਰਕਸ ਕਿਸੇ “ਬੇ-ਮਨੁੱਖੇ” ਸਿਧਾਂਤ ਨੂੰ ਨਹੀਂ ਮੰਨਦੇ। ਇਸ ਤੋਂ ਇਲਾਵਾ, ਇਹ ਵਿਅਕਤੀ ਅਲੱਗ-ਅਲੱਗ ਰੂਪਾਂ ਵਿੱਚ ਆਪਣੇ ਦੇਸ਼ ਦੇ, ਉਸਦੀ ਵਿਕਸਿਤ ਅਤੇ ਬਦਲ ਰਹੀ ਕੌਮੀ ਆਤਮਾ ਦੇ, ਆਪਣੇ ਸਮੇਂ ਦੇ ਅਤੇ ਆਪਣੀ ਜਮਾਤ ਦੇ ਜਾਂ ਆਪਣੀ ਪਹਿਚਾਣ ਕਰਨ ਵਾਲ਼ੀ ਜਮਾਤ ਦੇ ਨੁਮਾਇੰਦੇ ਹੁੰਦੇ ਹਨ। ਮਾਰਕਸ ਉਹਨਾਂ ਅਨੇਕ ਢੰਗਾਂ ਵਿੱਚ ਫਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਹਨਾਂ ਰਾਹੀਂ ਲੇਖਕ ਆਪਣੇ ਸਮਾਜ ਦੀਆਂ ਅੰਗ ਜਮਾਤਾਂ ਨਾਲ਼ ਜੁੜ ਸਕਦੇ ਹਨ। ਉਹ ਕਿਸੇ ਮੌਕਾਪ੍ਰਸਤ ਬੌਧਿਕ “ਲੁੰਪਨ ਮਜ਼ਦੂਰ ਜਮਾਤ” ਨਾਲ਼ ਜੁੜ ਸਕਦੇ ਹਨ। ਉਹ ਕਿਸੇ ਹਾਕਮ ਜਮਾਤ ਜਾਂ ਸਮੂਹ ਦੇ “ਕਿਰਾਏ ਦੇ ਟੱਟੂ” ਹੋ ਸਕਦੇ ਹਨ। ਉਹ ਕਿਸੇ ਐਹੋ-ਜਿਹੇ ਸਮੂਹ ਦੇ ਹਿੱਤਾਂ, ਆਦਰਸ਼ਾਂ ਅਤੇ ਸੰਸਾਰ-ਨਜ਼ਰੀਏ ਨੂੰ ਅਵਾਜ਼ ਦੇਣ ਵਾਲ਼ੇ ਸੁਚੇਤ ਜਾਂ ਅਚੇਤ ਢੰਗ ਦੇ ਬੁਲਾਰੇ ਹੋ ਸਕਦੇ ਹਨ। ਉਹ ਕਿਸੇ ਐਹੋ-ਜਿਹੀ ਜਮਾਤ ਜਾਂ ਸਮੂਹ ਦਾ ਨਜ਼ਰੀਆ ਅਪਨਾਉਣ ਦਾ ਫੈਸਲਾ ਕਰ ਸਕਦੇ ਹਨ, ਜਿਸ ਵਿੱਚ ਉਹਨਾਂ ਦਾ ਪਾਲਣ-ਪੋਸ਼ਣ ਨਾ ਹੋਇਆ ਹੋਵੇ। ਕਿਸੇ ਜਮਾਤ ਜਾਂ ਸਮੂਹ ਨਾਲ਼ ਖੁਦ ਨੂੰ ਚੇਤਨ ਢੰਗ ਨਾਲ਼ ਜੋੜਦੇ ਹੋਏ ਉਹ ਯਥਾਰਥ ਨੂੰ ਇੰਨੇ ਵਿਸ਼ਵਾਸ਼ਪੂਰਣ ਢੰਗ ਨਾਲ਼, ਇੰਨੀ ਡੂੰਘੀ ਅੰਤਰਦ੍ਰਿਸ਼ਟੀ ਦੇ ਨਾਲ਼ ਪ੍ਰਗਟ ਕਰ ਸਕਦੇ ਹਨ ਕਿ ਉਸਦੀਆਂ ਰਚਨਾਵਾਂ ਉਸ ਜਮਾਤ ਜਾਂ ਸਮੂਹ ਦੇ ਖਿਲਾਫ਼ ਜਾ ਸਕਦੀਆਂ ਹਨ ਅਤੇ ਲੇਖਕ ਦੇ ਆਪਣੇ ਚੇਤਨ ਲਗਾਅ ਜਾਂ ਵਿਸ਼ਵਾਸ਼ ਦਾ ਉਲੰਘਣ ਕਰ ਸਕਦੀਆਂ ਹਨ। 

ਇਸ ਤਰ੍ਹਾਂ ਮਾਰਕਸ ਮੰਨਦੇ ਸਨ ਕਿ ਭਾਵੇਂ ਅਨੇਕ ਲੇਖਕ ਹਾਕਮ ਜਮਾਤ ਦੇ ਬੁਲਾਰੇ ਹੋ ਸਕਦੇ ਹਨ, ਪਰ ਮਹਾਨ ਸਾਹਿਤ ਹਾਕਮ ਵਿਚਾਰਧਾਰਾ ਤੋਂ ਉੱਤੇ ਉੱਠਣ ਵਿੱਚ ਸਮਰੱਥ ਹੁੰਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਰਚਨਾ ਉਸਦੀ ਤੁਲਨਾ ਵਿੱਚ ਬੇਗਾਨਗੀ-ਰਹਿਤ ਮਿਹਨਤ ਦੇ ਖੇਤਰ ਦਾ, ਇੱਕ ਐਹੋ-ਜਿਹੇ ਖੇਤਰ ਦੀ ਉਸਾਰੀ ਕਰਦੀ ਹੈ ਜਿਸ ਵਿੱਚ ਲੇਖਕ ਬਹੁਤ ਹੱਦ ਤੱਕ ਪੂਰਣ ਮਨੁੱਖੀ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਸ ਮਾਮਲੇ ਵਿੱਚ ਫੈਕਟਰੀ ਮਜ਼ਦੂਰ ਦੀ ਤੁਲਨਾ ਵਿੱਚ ਕਵੀ ਦੀ ਸਥਿਤੀ ਜ਼ਿਆਦਾ ਅਨੁਕੂਲ ਹੁੰਦੀ ਹੈ, ਭਾਵੇਂ “ਸਰਮਾਏਦਾਰੀ” ਸਮਾਜ ਵਿੱਚ ਦੋਹਾਂ ਦੀਆਂ ਉਪਜਾਂ ਮੰਡੀ ਦੇ ਨਿਯਮਾਂ ਦੇ ਅਧੀਨ ਹੁੰਦੀਆਂ ਹਨ ਜੋ ਅਕਸਰ ਲੇਖਕ ਨੂੰ ਲਿਖਣ ਲਈ ਜਿਉਣ ਦੀ ਬਜਾਏ ਜਿਉਣ ਲਈ ਲਿਖਣ ਨੂੰ ਮਜ਼ਬੂਰ ਕਰਦੇ ਹਨ। ਖੈਰ, ਕਿਸੇ ਸਾਹਿਤਕ ਰਚਨਾ ਨੂੰ ਸਿਰਫ਼ ਉਪਯੋਗ ਦੀ, ਗ੍ਰਹਿਣ ਕਰਨ ਅਤੇ ਕਬਜ਼ੇ ਵਿੱਚ ਰੱਖਣ ਦੀ ਵਸਤੂ ਬਣਾ ਦੇਣ ਦੀਆਂ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। “ਉਪਯੋਗ” ਵਿੱਚ ਹੀ ਸਾਹਿਤ ਦੀ ਹੋਂਦ ਪੂਰਾ ਰੂਪ ਧਾਰਦੀ ਹੈ, ਫਿਰ ਵੀ “ਉਪਯੋਗ ਹੋਣ” ਦੇ ਬਾਅਦ ਤੱਕ ਬਣੀ ਰਹਿੰਦੀ ਹੈ। ਸਾਹਿਤਕ ਰਚਨਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸਦੀ ਉਸਾਰੀ ਇਤਿਹਾਸਕ ਰੂਪ ਵਿੱਚ ਅਨੁਕੂਲ ਕੋਈ ਵਿਅਕਤੀ ਕਰਦਾ ਹੈ ਅਤੇ ਜਿਸਦਾ ਰਸਪਾਨ ਇਤਿਹਾਸਕ ਰੂਪ ਵਿੱਚ ਅਨੁਕੂਲਿਤ ਕੋਈ ਵਿਅਕਤੀ ਕਰ ਸਕਦਾ ਹੈ; ਅਤੇ ਜਦੋਂ ਮਾਰਕਸ ਗਰੁੰਡਰਿਸ਼ੇ ਵਿੱਚ ਮੱਧਯੁਗੀ ਹੱਥ-ਕਲਾ ਬਾਰੇ ਕਹਿੰਦੇ ਹਨ ਕਿ “ਇਹ ਕੰਮ ਹਾਲੇ ਤੱਕ ਅਰਧ-ਕਲਾਤਮਕ ਹੈ, ਇਹ ਖੁਦ ਆਪਣੇ ਆਪ ਵਿੱਚ ਉਦੇਸ਼ ਹੈ,” ਉਦੋਂ ਉਹ ਅਸਲ ਵਿੱਚ ਕਲਾਤਮਕ ਕਰਮ ਅਤੇ ਕਰਮ ਦੇ ਉਦੇਸ਼ ਵਿੱਚ ਜਿਸ ਤਰ੍ਹਾਂ ਦੀ ਸਮਾਨਤਾ ਦਿਖਾਉਂਦੇ ਹਨ, ਉਹ ਕਾਂਟ ਦੇ ਵਿਚਾਰਾਂ ਨਾਲ਼ ਤਕਰੀਬਨ ਮੇਲ਼ ਖਾਂਦੀ ਹੈ।

ਮਾਰਕਸ ਦੀ ਸੰਸਾਰ-ਦ੍ਰਿਸ਼ਟੀ ਵਿੱਚ ਸਾਹਿਤ ਅਤੇ ਕਲਾ ਨਾਲ਼ ਸਬੰਧਿਤ ਇਸ ਧਾਰਣਾ ਨੂੰ ਜੋ ਭਰਪੂਰ ਮਹੱਤਵ ਮਿਲ਼ਿਆ ਹੈ, ਊਸਨੂੰ ਏਡੋਲਫੋ ਸਾਂਚੇਜ ਵਾਸਕਵੇਜ ਨੇ ਆਰਟ ਐਂਡ ਸੋਸਾਇਟੀ (ਕਲਾ ਅਤੇ ਸਮਾਜ) ਵਿੱਚ ਪੇਸ਼ ਕੀਤਾ ਹੈ:

“ਕਿਰਤ ਦੀ ਕਲਾਤਮਕ ਪ੍ਰਕ੍ਰਿਤੀ ਜਿੰਨੀ ਹੀ ਸਥਾਪਿਤ ਹੁੰਦੀ ਜਾਂਦੀ ਹੈ ਉਹ (ਕਿਰਤ) ਓਨਾ ਹੀ ਕਲਾ ਦੇ ਨੇੜੇ ਹੁੰਦੀ ਜਾਂਦੀ ਹੈ। ਯਾਣੀ ਕਿ ਉਹ ਇੱਕ ਇਸ ਤਰ੍ਹਾਂ ਦੀ ਕ੍ਰਿਆ (ਕਲਾ) ਦੇ ਨੇੜੇ ਹੁੰਦੀ ਜਾਂਦੀ ਹੈ ਜਿਸ ਰਾਹੀਂ ਮਨੁੱਖ ਚੇਤਨ ਢੰਗ ਨਾਲ਼ ਆਪਣੇ ਮਨੁੱਖੀ ਸਾਰਤੱਤ ਨੂੰ ਅਸਲੀ ਅਤੇ ਯਥਾਰਥਕ ਰੂਪ ਦਿੰਦਾ ਹੈ। ਕਿਰਤ ਆਪਣੇ ਕਲਾਤਮਕ ਖਾਸੇ ਨੂੰ ਜਿੰਨਾ ਗਵਾਉਂਦੀ ਹੈ, ਕਲਾ ਤੋਂ ਓਨੀ ਹੀ ਦੂਰ ਹੁੰਦੀ ਜਾਂਦੀ ਹੈ ਅਤੇ ਅੰਤ ਪੂਰੀ ਤਰ੍ਹਾਂ ਨਾਲ਼ ਐਹੋ-ਜਿਹੀ ਰਸਮੀ ਅਤੇ ਮਸ਼ੀਨੀ ਕ੍ਰਿਆ ਬਣ ਜਾਂਦੀ ਹੈ ਜੋ ਮੁੱਢਲੇ ਰੂਪ ਵਿੱਚ ਕਲਾ ਦੇ ਵਿਰੁੱਧ ਖੜੀ ਹੁੰਦੀ ਹੈ। ਉਦੋਂ ਕਲਾ ਅਧਿਆਤਮਕ ਦੌਲਤ ਦੇ ਅਸਲੀ ਖੇਤਰ ਦੇ ਰੂਪ ਵਿੱਚ ਪ੍ਰਤੀਤ ਹੁੰਦੀ ਹੈ, ਕਿਉਂਕਿ ਕਿਰਤ ਦਾ ਖੇਤਰ ਅਧਿਆਤਮਕ ਅਮੀਰੀ ਗਵਾ ਚੁੱਕਿਆ ਹੁੰਦਾ ਹੈ।”

ਮਾਰਕਸ ਦੀ ਨਜ਼ਰ ਵਿੱਚ ਸਾਹਿਤ ਪ੍ਰਗਟਾਵੇ ਦਾ ਸਾਧਨ ਮਾਤਰ ਨਹੀਂ ਹੈ, ਉਹ ਕਾਫ਼ੀ ਹੱਦ ਤੱਕ ਸਵੈ-ਉਸਾਰੀ ਦਾ ਸਾਧਨ ਵੀ ਹੈ। ਮਨੁੱਖ ਅਤੇ ਪਸ਼ੂ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਇਹ ਹੈ ਕਿ ਮਨੁੱਖ ਆਪਣੀਆਂ ਭੌਤਿਕ ਲੋੜਾਂ ਅਤੇ ਵਾਸਨਾਵਾਂ ਨੂੰ ਸੰਤੁਸ਼ਟ ਕਰਨ ਲਈ ਹੀ ਕਿਰਤ ਨਹੀਂ ਕਰਦਾ ਸਗੋਂ “ਸੁੰਦਰਤਾ ਦੇ ਨਿਯਮਾਂ ਦੇ ਅਨੁਸਾਰ” ਰਚਨਾ ਕਰਦਾ ਹੈ। ਇਸ ਲਈ ਸਾਹਿਤ ਇੱਕ ਮਨੁੱਖੀ ਲੋੜ ਦੀ ਪੂਰਤੀ ਕਰਦਾ ਹੈ ਅਤੇ ਹੋਰਨਾਂ ਕਲਾਵਾਂ ਦੀ ਤਰ੍ਹਾਂ ਉਹਨਾਂ ਇੰਦਰੀਆਂ ਨੂੰ ਰਚਦਾ ਅਤੇ ਘੜਦਾ ਹੈ ਜਿਸਦੇ ਰਾਹੀਂ ਅਸੀਂ ਇਸਦਾ ਰਸਪਾਨ ਕਰਦੇ ਹਾਂ। ਇਸ ਤਰ੍ਹਾਂ ਅਸੀਂ “ਪੈਦਾਕਾਰ ਉਪਭੋਗ” ਦੀ ਗੱਲ ਕਰ ਸਕਦੇ ਹਾਂ। ਕਲਾਕ੍ਰਿਤਾਂ ਦੀ ਰਚਨਾ ਅਤੇ ਰਸਪਾਨ ਸਾਨੂੰ ਵਧੇਰੇ ਪੂਰਨ ਮਨੁੱਖ ਬਣਨ ਵਿੱਚ ਮਦਦ ਦਿੰਦਾ ਹੈ। 1874 ਦੇ ਅੰਤ ਅਤੇ 1875 ਦੇ ਅਰੰਭ ਦੇ ਦੌਰਾਨ ਬਾਕੂਨਿਨ ‘ਤੇ ਲਿਖੀਆਂ ਆਪਣੀ ਟਿੱਪਣੀਆਂ ਵਿੱਚ ਮਾਰਕਸ ਨੇ ਸਾਹਿਤ ਨੂੰ “ਭੌਤਿਕ ਅਤੇ ਆਤਮਿਕ ਪੈਦਾਵਾਰ ਦੀ ਸੰਗ੍ਰਹਿਤ ਤਾਕਤਾਂ,” ਜਿਵੇਂ ਕਿ ਭਾਸ਼ਾ, ਤਕਨੀਕੀ ਮੁਹਾਰਤ, ਆਦਿ ਦੇ ਵਿੱਚ ਗਿਣਿਆ ਹੈ। ਮਾਰਕਸ ਸਾਹਿਤ ਅਤੇ ਕਲਾ ਨੂੰ ਅਜਿਹੀ ਕ੍ਰਿਆ ਦੇ ਰੂਪ ਵਿੱਚ ਦੇਖਦੇ ਹਨ ਜਿਸਨੂੰ ਗਾਜੋ ਪੇਤਰੋਵਿੱਚ ਨੇ “ਸੰਸਾਰ-ਵਿਆਪੀ ਰਚਨਾਤਮਕ, ਆਤਮ-ਰਚਨਾਤਮਕ” ਕਿਹਾ ਹੈ ਅਤੇ ਜਿਸਦੇ ਰਾਹੀਂ ਮਨੁੱਖ “ਸੰਸਾਰ ਦੀ ਅਤੇ ਆਪਣੇ ਆਪ ਦੀ ਕਾਇਆਪਲਟੀ ਅਤੇ ਉਸਾਰੀ” ਕਰਦਾ ਹੈ। ਇਸ ਪ੍ਰਕਾਰ ਇਹ ਇੱਕ ਜ਼ਿਆਦਾ ਨਿਆਂਪੂਰਣ ਸਮਾਜ ਦੇ ਵੱਲ ਮਨੁੱਖ ਦੀ ਤਰੱਕੀ ਦੀ ਪ੍ਰਕ੍ਰਿਆ ਦੇ ਨਾਲ਼ ਗੂੜ੍ਹੇ ਰੂਪ ਨਾਲ਼ ਜੁੜਿਆ ਹੋਇਆ ਹੈ।

ਖੈਰ, ਮਾਰਕਸ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਚੇਤ ਸੀ ਕਿ ਪ੍ਰਤੀਧਿਕਤਾ, ਵਾਚਕਤਾ, ਸਮਾਜ ਅਤੇ ਇਤਿਹਾਸ ਬਾਰੇ ਮੰਨਣਯੋਗ ਵਿਚਾਰਾਂ ਨਾਲ਼ ਧਨੀ ਹੋਣਾ ਕਲਾਤਮਕ ਪੱਖ ਦੀ ਉੱਤਮਤਾ ਦੀ ਗਰੰਟੀ ਦੇਣ ਲਈ ਕਾਫ਼ੀ ਨਹੀਂ ਹੈ। ਰਾਇਨਿਸ਼ਚੇ ਜ਼ਾਇਟੁੰਗ (ਰ੍ਹਾਇਨ ਸਮਾਚਾਰ ਅਖ਼ਬਾਰ —ਅਨੁ:)  ਵਿੱਚ “ਅਧਿਕਾਰਕ” ਅਤੇ “ਅਣਅਧਿਕਾਰਕ” ( ਜਾਂ “ਯੋਗ” ਜਾਂ “ਅਯੋਗ”) ਲੇਖਕਾਂ ਬਾਰੇ ਆਪਣੇ ਪ੍ਰਬੰਧ ਤੋਂ ਲੈ ਕੇ ਲਾਸਾਲ ਦੇ ਫ੍ਰਾਂਜ ਵਾਨ ਸਿਕਿੰਗਨ ਨਾਲ਼ ਸਬੰਧਿਤ ਆਪਣੀ ਚਿੱਠੀ ਵਿੱਚ ਵੀ ਮਾਰਕਸ ਨੇ ਇਸ ਵਿਸ਼ੇ ਵਿੱਚ ਜੋ ਕੁੱਝ ਵੀ ਕਿਹਾ ਹੈ, ਉਹ ਸਾਬਤ ਕਰਦਾ ਹੈ ਕਿ ਉਹ ਬੌਧਿਕ ਅਤੇ ਨੈਤਿਕ ਅੰਤਰਝਾਤ ਦੇ ਨਾਲ਼-ਨਾਲ਼ ਕਲਾ-ਪ੍ਰਤਿਭਾ ਹੋਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਸੀ।

ਸਾਹਿਤ ਦੀਆਂ ਰਚਨਾਵਾਂ ਪੈਦਾਵਾਰ ਹਨ, ਸਾਹਿਤਕਾਰ ਪੈਦਾਕਾਰ ਹੈ ਅਤੇ ਸਾਹਿਤ ਜਿਸ ਸਮਾਜ ਵਿੱਚ ਅਤੇ ਸਮਾਜ ਲਈ ਪੈਦਾ ਹੋਇਆ ਹੈ, ਉਸ ਵਿੱਚ ਪ੍ਰਭਾਵੀ ਪੈਦਾਵਾਰ ਅਤੇ ਉਪਭੋਗ ਦੀਆਂ ਵਿਧੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਸਰਮਾਇਆ ਅਤੇ ਹੋਰ ਥਾਵਾਂ ‘ਤੇ ਅਨੇਕ ਪੰਨੇ ਮਿਲ਼ ਜਾਣਗੇ ਜਿਸ ਵਿੱਚ ਮਾਰਕਸ ਨੇ ਦੱਸਿਆ ਹੈ ਕਿ ਜਦੋਂ ਸਾਹਿਤਕ ਕਿਤਾਬ ਜਾਂ ਨਾਟਕ ਦੇ ਰੂਪ ਵਿੱਚ ਸਾਹਿਤ ਕਿਸੇ ਸਨਅੱਤਕਾਰ ਦੇ ਹੁਕਮ ਨਾਲ਼ ਪੈਸਾ ਦੇ ਕੇ ਪੈਦਾ ਕੀਤਾ ਜਾਣ ਵਾਲ਼ਾ ਜਾਂ ਫਿਰ ਖੁੱਲ੍ਹੀ ਮੰਡੀ ਵਿੱਚ ਛਪਣ, ਇਸ਼ਤਿਹਾਰਿਤ ਹੋਣ ਅਤੇ ਵਿਕਣ ਵਾਲ਼ਾ ਮਾਲ ਬਣ ਜਾਂਦਾ ਹੈ ਤਾਂ ਉਸਦੀ ਕੀ ਦਸ਼ਾ ਹੁੰਦੀ ਹੈ। ਉਹ ਅਖਬਾਰਾਂ ਜਾਂ ਫਿਰ ਸੰਚਾਰ ਦੇ ਹੋਰ ਸਾਧਨਾਂ ਦੁਆਰਾ ਸੰਭਵ ਬਣਾਏ ਗਏ ਪ੍ਰਸਿੱਧੀ ਦੇ ਕਾਰਨਾਮਿਆਂ ਵੱਲ ਵੀ ਨਜ਼ਰ ਮਾਰਦੇ ਹਨ। ਨਾ ਤਾਂ ਲੇਖਕ ਦੀ ਨਾ ਹੀ ਪਾਠਕ ਦੀ ਨਜ਼ਰ ਤੋਂ, ਸਾਹਿਤ ਨੂੰ ਨਿੱਜੀ ਖੇਤਰ ਮੰਨਿਆ ਜਾ ਸਕਦਾ ਹੈ। ਇਸਦਾ ਪ੍ਰਭਾਵ ਅਤੇ ਇਸਦਾ ਰੂਪ ਕਿਸੇ ਖ਼ਾਸ ਸਮਾਜ ਦੀ ਆਰਥਿਕ ਜਥੇਬੰਦੀ ਅਤੇ ਉਸਦੀ ਪੈਦਾਵਾਰ ਦੀ ਵਿਸ਼ੇਸ਼ ਵਿਧੀ ਤੋਂ ਅਜ਼ਾਦ ਨਹੀਂ ਹੁੰਦਾ ਪਰ ਮਾਰਕਸ ਨੇ ਸਾਹਿਤ ਦੀ ਇਸ ਨਿਰਭਰਤਾ ਦੀ ਮਾਤਰਾ ਅਤੇ ਕਿਸਮ ਦਾ ਵਰਣਨ ਵੱਖ-ਵੱਖ ਰਚਨਾਵਾਂ ਵਿੱਚ ਵੱਖ-ਵੱਖ ਢੰਗ ਨਾਲ਼ ਕੀਤਾ ਹੈ। ਅਕਸਰ ਇਸ ਤਰ੍ਹਾਂ ਦੇ ਫਰਕ ਮਾਰਕਸ ਦੇ ਮਨ ਵਿੱਚ ਉਸ ਸਮੇਂ ਰਹਿਣ ਵਾਲ਼ੇ ਉਦੇਸ਼ ਦੇ ਕਾਰਣ ਆਏ ਹਨ। ਉਦਾਹਰਣ ਲਈ, ਸਿਆਸੀ ਆਰਥਿਕਤਾ ਦੀ ਅਲੋਚਨਾ ਦੀ ਭੂਮਿਕਾ ਗਰੁੰਡਰਿਸ਼ੇ ਦੀ ਉਸ ਛੱਡੀ ਹੋਈ ਭੂਮਿਕਾ ਦੇ ਆਤਮ-ਚਿੰਤਨ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਵੱਡੇ ਪਮਾਨੇ ‘ਤੇ ਅਤੇ ਸੁਚੇਤ ਢੰਗ ਨਾਲ਼ ਚਲਾਈ ਗਈ ਬਹਿਸ ਹੈ ਜਿਸ ਵਿੱਚ ਮਾਰਕਸ ਨੇ ਸਬੰਧ ਦੀ ਗੁੰਝਲ਼ਦਾਰ ਪ੍ਰਕ੍ਰਿਤੀ ਦਾ ਜ਼ਿਆਦਾ ਪੂਰਣ ਲੇਖਾ-ਜੋਖਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਅਨੇਕ ਸੰਕਲਪਾਂ ਦੀ ਉਤਪੱਤੀ ਇਸ ਤਰ੍ਹਾਂ ਹੋਈ ਹੈ ਕਿ ਉਹ ਵਾਲਟਰ ਬੈਂਜਾਮਿਨ ਦੇ ਸ਼ਬਦਾਂ ਵਿੱਚ, “ਲੜਾਈ ਦੀ ਕਦਰ” ਅਖਤਿਆਰ ਕਰਦੀਆਂ ਹਨ। ਪ੍ਰਕ੍ਰਿਤੀ ਦਾ ਕੰਟਰੋਲ ਅਤੇ ਉਪਾਅ ਕਰਨ ਲਈ ਸਾਰੇ ਮਨੁੱਖਾਂ ਦੇ ਯਤਨ, ਪੈਦਾਵਾਰ ਅਤੇ ਵੰਡ ਦੇ ਸਬੰਧ ਅਤੇ ਸੰਪੱਤੀ-ਸਬੰਧ ਆਦਿ ਆਰਥਿਕ ਤੱਤਾਂ ‘ਤੇ ਉਹਨਾਂ ਦੁਆਰਾ ਦਿੱਤਾ ਗਿਆ ਬਹੁਤ ਜ਼ਿਆਦਾ ਜ਼ੋਰ ਜਰਮਨੀ ਦੇ ਵਿਚਾਰਵਾਦੀ ਦਰਸ਼ਨ ਦੇ ਉਪਾਅ ਦੇ ਰੂਪ ਵਿੱਚ ਜਾਂ ਉਹਨਾਂ ਲੋਕਾਂ ਦੇ ਖ਼ਿਲਾਫ ਹਥਿਆਰ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਜੋ ਜਾਣੇ ਜਾਂ ਅਨਜਾਣੇ ਉਨੀਂਵੀਂ ਸਦੀ ਦੇ ਯੂਰੋਪ ਵਿੱਚ ਸੰਪੱਤੀ ਵੰਡ ਦੇ ਰੂਪਾਂ ਅਤੇ ਸਮੱਗਰੀਆਂ ਜਾਂ ਫਿਰ ਸੇਵਾਵਾਂ ਦੇ ਬਦਲ ਦੀ ਪ੍ਰਚੱਲਿਤ ਵਿਧੀ ਨਾਲ਼ ਲੋਕਾਂ ਦਾ ਧਿਆਨ ਹਟਾ ਦੇਣਾ ਚਾਹੁੰਦੇ ਸਨ।

ਵੱਖ-ਵੱਖ ਪੱਖਾਂ ‘ਤੇ ਬਲ ਦੇਣ ਵਿੱਚ ਆਈ ਵਿਭਿੰਨਤਾ ਦੀ ਆਗਿਆ ਦਿੰਦੇ ਹੋਏ ਇਸ ਕਿਤਾਬ ਵਿੱਚ ਸੰਗ੍ਰਹਿਤ ਸਮੱਗਰੀ ਕਲਾ ਬਾਰੇ ਉਸ “ਇਤਿਹਾਸਕਤਾਵਾਦੀ” ਪਰਿਪੇਖ ਦੇ ਸਤੇਫਾਨ ਮੋਰਾਵਸਕੀ ਦੁਆਰਾ ਕੀਤੇ ਗਏ ਵਰਣਨ ਦੀ ਪੁਸ਼ਟੀ ਕਰਦੀ ਲਗਦੀ ਹੈ ਜਿਸਨੂੰ ਮਾਰਕਸ ਅਤੇ ਏਂਗਲਜ ਦੋਵੇਂ ਪ੍ਰਵਾਨ ਕਰਦੇ ਸਨ : 

“ਸਹੁਜਾਤਮਕ” ਤੱਥਾਂ ਨੂੰ ਮਨੁੱਖਤਾ ਦੀ ਸੱਭਿਆਚਾਰਕ ਕ੍ਰਿਆ ਮੰਨਣਾ ਚਾਹੀਦਾ ਜਿਸ ਨੂੰ ਉਸਨੇ ਸਮਾਜਿਕ-ਇਤਿਹਾਸਕ ਪ੍ਰਕ੍ਰਿਆ ਦੇ ਢਾਂਚੇ ਦੇ ਅੰਦਰ ਸਵੈ-ਪ੍ਰਾਪਤੀ ਦੀ ਦਿਸ਼ਾ ਵਿੱਚ ਧੀਮੀ ਤਰੱਕੀ ਕਰਨ ਦੇ ਦੌਰਾਨ ਵਿਕਸਿਤ ਕੀਤਾ ਹੈ। ਸਮਾਜਿਕ, ਸਿਆਸੀ, ਨੈਤਿਕ, ਧਾਰਮਿਕ ਅਤੇ ਵਿਗਿਆਨਕ ਆਦਿ ਸੱਭਿਆਚਾਰ ਦੇ ਹੋਰ ਰੂਪਾਂ ‘ਤੇ ਵਿਭਿੰਨ ਤਰੀਕਿਆਂ ਨਾਲ਼ ਨਿਰਭਰ ਰਹਿਣ ਵਾਲ਼ੀਆਂ ਕਲਾਵਾਂ ਦੇ ਅਟੁੱਟ ਰੂਪ ਉਲ਼ਟ ਕੇ ਮਾਨਵ-ਕਰਮ ਦੇ ਇਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸਦੇ ਇਲਾਵਾ, ਪਰਸਪਰ ਨਿਰਭਰਤਾਵਾਂ ਅਤੇ ਗੁੰਝਲ਼ਦਾਰ ਅੰਤਰ-ਸਬੰਧਾਂ ਦਾ ਇਹ ਢਾਂਚਾ ਹਰ ਸਥਿਤੀ ਵਿੱਚ ਦੋਹਰਾ ਹੁੰਦਾ ਹੈ। ਇਹ ਸਮਕਾਲਿਕ ਹੁੰਦਾ ਹੈ ਜਾਂ ਕਿਸੇ ਇੱਕ ਸਮੇਂ ਵਿੱਚ ਸਮਾਜਿਕ ਸੰਰਚਨਾ ਵਿੱਚ ਵਾਪਰਦਾ ਹੁੰਦਾ ਹੈ, ਅਤੇ ਕਾਲਕ੍ਰਮਿਕ ਹੁੰਦਾ ਹੈ ਜਾਂ ਅਤੀਤ ਤੋਂ ਪ੍ਰਭਾਵਿਤ, ਇਤਿਹਾਸਕ ਪ੍ਰਕ੍ਰਿਆ ਦੇ ਅੰਗ ਦੇ ਰੂਪ ਵਿੱਚ ਵਾਪਰਦਾ ਹੈ ਅਤੇ ਸੱਭਿਆਚਾਰ ਦੀ ਭਵਿੱਖੀ ਪ੍ਰਕ੍ਰਿਤੀ ‘ਤੇ ਪ੍ਰਭਾਵ ਪਾਉਂਦਾ ਹੈ। ਸਹੁਜਸ਼ਾਸਤਰ ਅਤੇ ਕਲਾਵਾਂ ਵਿੱਚ ਲਗਾਤਾਰ ਹੋਣ ਵਾਲ਼ੀ ਗਤੀ ਅਤੇ ਤਬਦੀਲੀ ਮੁੱਖ ਤੌਰ ‘ਤੇ ਸਦਾ ਗੁੰਝਲ਼ਦਾਰ ਵਿਚਾਰਧਾਰਕ ਨਜ਼ਰੀਆਂ ਦੇ ਉਭਾਰ ਅਤੇ ਪਤਣ ਨਾਲ਼ ਸੰਭਵ ਹੁੰਦੀ ਹੈ ਅਤੇ ਇਹ ਨਜ਼ਰੀਏ ਅੰਤਿਮ ਵਿਸ਼ਲੇਸ਼ਣ ਵਿੱਚ ਜਮਾਤੀ ਸਮਾਜ ਦੇ ਆਮ ਦਵੰਦਾਂ ਅਤੇ ਵਿਕਾਸਾਂ ਦੁਆਰਾ ਅਨੁਕੂਲਿਤ ਹੁੰਦੇ ਹਨ। ਪਰ ਇਹ ਗਤੀਸ਼ੀਲਤਾ ਪਰਪੱਕ ਰੂਪ ਵਿੱਚ ਸਾਹਮਣੇ ਆਉਣ ਵਾਲ਼ੇ ਵਿਚਾਰਧਾਰਕ ਨਜ਼ਰੀਆਂ ਅਤੇ ਉੱਭਰਦੇ ਨਜ਼ਰੀਆਂ ਵਿਚਲੀ ਵਿਰੋਧਤਾਈ ਨਾਲ਼ ਵੀ ਪੈਦਾ ਹੁੰਦੀ ਹੈ।”

ਖੈਰ, ਜਿਵੇਂ ਕਿ ਅਸੀਂ ਦੇਖਿਆ ਹੈ, ਬਾਅਦ ਵਿੱਚ ਮਾਰਕਸ ਹੋਂਦ ਅਤੇ ਕੰਮ ਦੇ ਹੋਰਾਂ ਖੇਤਰਾਂ ‘ਤੇ ਪੈਣ ਵਾਲ਼ੇ ਕਲਾਵਾਂ ਦੇ ਪ੍ਰਭਾਵ ‘ਤੇ ਗੱਲ ਕਰਨ ਦੀ ਬਜਾਏ ਕਲਾਵਾਂ ‘ਤੇ ਪੈਣ ਵਾਲ਼ੇ ਆਰਥਿਕ ਜਥੇਬੰਦੀ ਦੇ ਪ੍ਰਭਾਵ ਬਾਰੇ ਗੱਲ ਕਰਨ ਵਿੱਚ ਜ਼ਿਆਦਾ ਦ੍ਰਿੜ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਹੀ ਉਹ ਕਲਾ ਦੇ “ਆਟੋਨੋਮਸ ਪੱਖ” (ਯਾਨੀ ਕਲਾ ਤੋਂ ਵੱਖਰੇ ਤੱਤਾਂ ‘ਤੇ ਕਲਾ ਦੀ ਨਿਰਭਰਤਾ ਦੇ ਪੱਖ) ‘ਤੇ ਜ਼ਿਆਦਾ ਦ੍ਰਿੜਤਾ ਨਾਲ਼ ਗੱਲ ਕਰਦੇ ਹਨ, ਬਜਾਏ ਕਲਾ ਦੇ “ਨਿੱਜੀ ਪੱਖ” (ਕਲਾ ਦੇ ਨਿੱਜੀ ਇਤਿਹਾਸ, ਇੱਕ ਰਚਨਾ ਦੇ ਦੂਜੀ ਰਚਨਾ ‘ਤੇ ਪ੍ਰਭਾਵ ਆਦਿ ਦੇ ਪੱਖ) ‘ਤੇ ਗੱਲ ਕਰਨ ਦੇ। [1.] ਕਲਾ ਤੋਂ ਵੱਖਰੇ ਪੱਖਾਂ ਦਾ ਮਹੱਤਵ ਸਥਾਪਿਤ ਕਰਨ ਦੀ ਬੇਚੈਨੀ ਵਿੱਚ ਇੱਕ ਜਗ੍ਹਾ ਮਾਰਕਸ ਇਸ ਗੱਲ ਤੋਂ ਵੀ ਇਨਕਾਰ ਕਰਦੇ ਹਨ ਕਿ ਕਲਾ ਦਾ ਕੋਈ ਇਤਿਹਾਸ ਹੋ ਸਕਦਾ ਹੈ। ਸਪਸ਼ਟ ਹੈ ਕਿ ਉਹ ਐਸੇ ਕਲਾ ਇਤਿਹਾਸ ਦੀ ਸੰਭਾਵਨਾ ਦਾ ਹੀ ਇੱਥੇ ਨਿਖੇਧ ਕਰ ਰਹੇ ਹਨ, ਜੋ ਉਸ ਦੇਸ਼ ਦੇ ਸਮਾਜਿਕ ਅਤੇ ਆਰਥਿਕ ਇਤਿਹਾਸ ਦੀ ਚਰਚਾ ਨਹੀਂ ਕਰਦਾ ਜਿਸ ਵਿੱਚ ਉਹ ਕਲਾ ਪੈਦਾ ਹੋਈ ਹੈ।

ਭਾਵੇਂ ਮਾਰਕਸ ਹਰ ਇਤਿਹਾਸਕ ਸਮੇਂ ਦੀ ਵਿਲੱਖਣਤਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਸਨ ਅਤੇ ਇਹ ਵੀ ਮੰਨਦੇ ਸਨ ਕਿ ਇੱਕ ਖ਼ਾਸ ਆਰਥਿਕ “ਅਧਾਰ” ਦਿਸਦੇ ਸੰਸਾਰ ਵਿੱਚ ਅਨੰਤ ਭਿੰਨਤਾਵਾਂ ਪੈਦਾ ਕਰਨ ਦੇ ਯੋਗ ਹੁੰਦਾ ਹੈ। ਪਰ ਇਸਦੇ ਬਾਵਜੂਦ ਉਹਨਾਂ ਦਾ ਵਿਸ਼ਵਾਸ ਸੀ ਕਿ ਇਤਿਹਾਸ ਵਿੱਚ ਅਜਿਹੀਆਂ ਬਰਾਬਰ ਹਾਲਤਾਂ ਆ ਸਕਦੀਆਂ ਹਨ ਜੋ ਸਾਹਿਤ ਅਤੇ ਕਲਾਵਾਂ ਵਿੱਚ ਇੱਕੋ ਕਿਸਮ ਦਾ ਵਿਕਾਸ ਸੰਭਵ ਬਣਾ ਦੇਣ। ਉਹਨਾਂ ਨੇ ਜਰਮਨੀ ਦੇ “ਉਜੱਡ ਸਾਹਿਤ” ਦੀ ਵਿਆਖਿਆ ਇਹ ਦਿਖਾਉਣ ਲਈ ਕੀਤੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਦੇ ਇਤਿਹਾਸਕ ਤਾਣੇ-ਬਾਣੇ ਜਿਹੀ ਸ਼ੈਲੀ ਵਾਲ਼ਾ ਕੋਈ ਨਵਾਂ ਇਤਿਹਾਸਕ ਤਾਣਾ-ਬਾਣਾ ਪੁਰਾਣੇ ਸਮੇਂ ਦੇ ਸਾਹਿਤ ਵਿੱਚ ਫਿਰ ਰੁਚੀ ਜਗਾ ਸਕਦਾ ਹੈ ਅਤੇ ਇੱਥੋਂ ਤੱਕ ਕਿ ਇੱਕੋ ਜਿਹੀਆਂ ਇਤਿਹਾਸਕ ਰਚਨਾਵਾਂ ਨੂੰ ਜਨਮ ਦੇ ਸਕਦਾ ਹੈ। ਇੱਥੇ ਕਿਸੇ “ਸਿੱਧੇ” ਪ੍ਰਭਾਵ ਦਾ ਪੈਣਾ ਜ਼ਰੂਰੀ ਨਹੀਂ ਹੈ। ਇੱਕੋ ਜਿਹੇ ਇਤਿਹਾਸਕ ਤੱਤ ਹੀ ਇੱਕੋ ਜਿਹੀਆਂ ਰਚਨਾਵਾਂ ਨੂੰ ਸੰਭਵ ਕਰ ਸਕਦੇ ਹਨ, ਇਸ ਲਈ ਕਲਾ ਦੀ ਪੈਦਾਵਾਰ ਅਤੇ ਰਸਪਾਨ ਨੂੰ ਸਮਾਜਿਕ-ਇਤਿਹਾਸਕ ਪ੍ਰਕ੍ਰਿਆਵਾਂ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ ਜੋ ਨਾ ਸਿਰਫ਼ ਬਦਲਾਵਾਂ ਨਾਲ਼ ਭਰੀਆਂ ਹੁੰਦੀਆਂ ਹਨ ਸਗੋਂ ਵੱਖ-ਵੱਖ ਰੂਪਾਂ ਅਤੇ ਵੱਖ-ਵੱਖ ਪੱਧਰਾਂ ਦੇ ਦੁਹਰਾਵਾਂ ਵਾਲ਼ੀਆਂ ਵੀ ਹੁੰਦੀਆਂ ਹਨ। ਬੇਸ਼ੱਕ, ਅੰਤ ਵਿੱਚ ਭਿੰਨਤਾਵਾਂ ਘੱਟੋ-ਘੱਟ ਸਮਾਨਤਾਵਾਂ ਜਿੰਨੀਆਂ ਹੀ ਅਹਿਮ ਸਾਬਤ ਹੁੰਦੀਆਂ ਹਨ। ਮਾਰਕਸ ਦੁਆਰਾ ਅਕਸਰ ਵਰਤੋਂ ਵਿੱਚ ਲਿਆਂਦੀ ਗਈ ਤੁਲਨਾਤਮਕ ਵਿਧੀ ਦੋਵਾਂ (ਭਿੰਨਤਾ ਅਤੇ ਸਮਾਨਤਾ) ਬਾਰੇ ਚੇਤੰਨ ਹੈ।

 ਹੇਗੇਲ ਦੀ ਤਰ੍ਹਾਂ ਮਾਰਕਸ ਵੀ ਸਮਝਦੇ ਸੀ ਕਿ ਮਨੁੱਖ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਸਬੰਧਾਂ ਵਿੱਚ ਹੋਈ ਤਰੱਕੀ ਨਾਲ਼ ਸਾਰੀਆਂ ਸਾਹਿਤਕ ਵੰਨਗੀਆਂ ਫਾਇਦਾ ਨਹੀਂ ਲੈ ਪਾਉਂਦੀਆਂ। ਗਰੁੰਡਰਿਸ਼ੇ ਦੀ ਭੂਮਿਕਾ ਵਿੱਚ ਇਹ ਗੱਲ ਇਕਦਮ ਸਪੱਸ਼ਟ ਕਰ ਦਿੱਤੀ ਗਈ ਹੈ, ਜਿੱਥੇ ਹੋਮਰ ਦੇ ਯੁੱਗ ਤੋਂ ਬਾਅਦ ਹੋਏ ਮਹਾਂਕਾਵਿ ਦੇ ਪਤਨ ਬਾਰੇ ਜ਼ੋਰਦਾਰ ਤਰੀਕੇ ਨਾਲ਼ ਕਿਹਾ ਗਿਆ ਹੈ। ਮਾਰਕਸ ਇਹ ਵੀ ਮੰਨਦੇ ਸੀ ਕਿ ਕੁੱਲ ਮਿਲ਼ਾ ਕੇ “ਸਰਮਾਏਦਾਰੀ” ਸਮਾਜ ਸਾਹਿਤ ਦਾ ਵਿਰੋਧੀ ਹੈ। ਬੇਸ਼ੱਕ, ਗਰੁੰਡਰਿਸ਼ੇ ਵਿੱਚ ਮੁਕਾਬਲਤਨ ਬੁੱਢੇ ਮਾਰਕਸ ਨੇ ਆਪਣੀ ਜਵਾਨੀ ਦੇ ਦਿਨਾਂ ਦੀਆਂ ਉਹ ਪੇਸ਼ੀਨਗੋਈਆਂ ਦੁਹਰਾਈਆਂ ਹਨ ਜਿਹਨਾਂ ਵਿੱਚ ਇੱਕ ਪੁਨਰ-ਜਾਗਰਤ ਅਤੇ ਜ਼ਿਆਦਾ ਨਿਆਂਪੂਰਨ ਸਮਾਜ ਵਿੱਚ ਸਾਹਿਤ ਦੀ ਸਮਰੱਥਾ ਦੱਸੀ ਗਈ ਹੈ ਅਤੇ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲ਼ਦਾ ਜਿਸਦੇ ਅਧਾਰ ‘ਤੇ ਜਾਰਜ ਲਿਖਤਹਾਇਮ ਦੀ ਤਰ੍ਹਾਂ ਕਿਹਾ ਜਾ ਸਕੇ ਕਿ ਉਹ ਦਰਸ਼ਨ ਅਤੇ ਵਿਗਿਆਨ ਦੁਆਰਾ ਪੂਰੀ ਤਰ੍ਹਾਂ ਨਾਲ਼ ਜਾਣ ਲਏ ਗਏ ਸੰਸਾਰ ਵਿੱਚ ਕਲਾ ਦੇ ਨਿਯਮ ਨਾਲ਼ ਸਬੰਧਿਤ ਹੇਗੇਲ ਦੀ ਨਿਰਾਸ਼ਾ ਦੇ ਹਿੱਸੇਦਾਰ ਸੀ। ਇਸਦੇ ਉਲਟ ਉਹਨਾਂ ਦਾ ਇਹ ਵਿਸ਼ਵਾਸ ਕਾਇਮ ਸੀ ਕਿ ਉੱਨੀਂਵੀਂ ਸਦੀ ਦੇ ਯੂਰੋਪੀ ਸਮਾਜ ਨੂੰ ਦੇਖ ਕੇ ਸਾਹਿਤਕ ਕਿਰਤਾਂ ਦੀ ਰਚਨਾ ਅਤੇ ਰਸਪਾਨ ਦੀ ਜੋ ਇੱਛਾ ਕੀਤੀ ਜਾ ਸਕਦੀ ਸੀ, ਉਸ ਨਾਲ਼ੋਂ ਕਿਤੇ ਜ਼ਿਆਦਾ ਰਚਨਾਤਮਕ ਪ੍ਰਤਿਭਾ ਮੌਜੂਦ ਸੀ। ਇਸ ਲਈ ਉਹ ਜਿਸ ਸਮਾਜਿਕ ਮੁੜ-ਜਥੇਬੰਦੀ ਦੇ ਲਈ ਕੰਮ ਵਿੱਚ ਰੁੱਝੇ ਰਹੇ ਉਸਦਾ ਇੱਕ ਲੱਛਣ ਇਸ ਪ੍ਰਤਿਭਾ ਨੂੰ ਮੁਕਤ ਕਰਨਾ ਵੀ ਸੀ ਕਿ ਸਾਰੇ ਲੋਕਾਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਮੌਕਾ ਮਿਲ਼ੇ ਅਤੇ ਹੋਂਦ ਦੇ ਰੋਜ਼ਾਨਾ ਘੋਲ਼ ਵਿੱਚ ਹੀਣ ਹੋ ਗਈਆਂ ਰੁਚੀਆਂ ਵਿਕਸਤ ਹੋ ਸਕਣ। ਇਸ ਮਾਮਲੇ ਵਿੱਚ ਜਮਾਤਹੀਣ ਸਮਾਜ ਦੀ ਉਹਨਾਂ ਦੀ ਧਾਰਣਾ ਬਜ਼ੁਰਗ ਹਾਇਨੇ ਦੀ ਧਾਰਣਾ ਤੋਂ ਖ਼ਾਸ ਤੌਰ ‘ਤੇ ਅਲੱਗ ਸੀ।

ਹਾਇਨੇ ਕਈ ਵਾਰ ਸ਼ੱਕ ਪ੍ਰਗਟ ਕਰਦੇ ਸਨ ਕਿ ਕਮਿਊਨਿਸਟ ਸਮਾਜ ਕਵਿਤਾ ਲਈ ਉੱਚਿਤ ਨਹੀਂ ਹੋਵੇਗਾ। ਕਿਉਂਕਿ ਮਾਰਕਸ ਦੁਆਰਾ ਪੂਰੀ ਆਸ ਨਾਲ਼ ਕਲਪਿਤ ਕਮਿਊਨਿਸਟ ਸਮਾਜ, “ਜੋ ਆਪਣੇ ਅੰਤਿਮ ਰੂਪ ਵਿੱਚ ਇੱਕ ਇਸ ਤਰ੍ਹਾਂ ਦੀ ਜਥੇਬੰਦੀ ਹੋਵੇਗੀ ਜਿਸ ਵਿੱਚ ਜਮਾਤ ਅਤੇ ਜਮਾਤੀ ਵਿਰੋਧ ਨਹੀਂ ਹੋਣਗੇ, ਜਿੱਥੇ ਆਪਣੇ ਅਸਲੀ ਅਰਥ ਵਿੱਚ ਸਿਆਸੀ ਸੱਤ੍ਹਾ ਨਹੀਂ ਰਹਿ ਸਕੇਗੀ ਕਿਉਂਕਿ ਸਿਆਸੀ ਸੱਤ੍ਹਾ ਅਸਲ ਵਿੱਚ ਸਮਾਜ ਵਿੱਚ ਪੈਦਾ ਹੋਈਆਂ ਜਮਾਤੀ ਵਿਰੋਧਤਾਈਆਂ ਦਾ ਹੀ ਪ੍ਰਧਾਨ ਰੂਪ ਹੈ, ਹਾਲੇ ਤੱਕ ਇਸ ਅਪੂਰਨ ਧਰਤੀ ‘ਤੇ ਜਨਮ ਨਹੀਂ ਲੈ ਸਕਿਆ। ਇਸ ਲਈ ਅਨੁਭਵ ਦੇ ਅਧਾਰ ‘ਤੇ ਮਾਮਲੇ ਦੀ ਪੜਤਾਲ ਨਹੀਂ ਹੋ ਸਕਦੀ ਹੈ।” ਖੈਰ, ਮਾਰਟਿਨ ਟੱਪਰ ਦੇ ਯੁੱਗ ਵਿੱਚ ਵੀ ਜਦੋਂ (ਮਾਰਕਸ ਦੇ ਅਨੁਸਾਰ) ਸਾਹਿਤ ਦੀ ਰਚਨਾ ਅਤੇ ਸਹੁਜ-ਸੁਆਦ ਮਾਣਨ ਦੇ ਯੋਗ ਪ੍ਰਤਿਭਾ ਵਾਲ਼ੇ ਲੱਖਾਂ ਲੋਕ ਬੇਇਨਸਾਫੀ ਵਾਲ਼ੇ ਢਾਂਚੇ ਦੇ ਕਾਰਣ ਆਪਣੀ ਪ੍ਰਤਿਭਾ ਵਿਕਸਿਤ ਕਰਨ ਤੋਂ ਰੋਕ ਦਿੱਤੇ ਗਏ ਸੀ, ਸਾਹਿਤ ਦੀ ਗਰੀਬ-ਵਿਹੂਣੀ ਸਥਿਤੀ ਸਾਹਿਤ ਅਤੇ ਮਨੁੱਖਤਾ ਦੇ ਸੱਭਿਆਚਾਰਕ ਭਵਿੱਖ ਦੇ ਲਈ ਅਖੀਰੀ ਤਬਾਹੀ ਦੀ ਵਾਹਕ ਨਹੀਂ ਸੀ, ਸਗੋਂ ਸਥਿਤੀ ਇਸਦੇ ਉਲ਼ਟ ਸੀ। ਉੱਨੀਂਵੀਂ ਸਦੀ ਦੀ ਸਰਮਾਏਦਾਰ ਜਮਾਤ ਮਜ਼ਦੂਰੀ ਦੇ ਬੋਝ ਨੂੰ ਘੱਟ ਕਰਦੇ ਜਾਣ ਅਤੇ ਅਰਾਮ ਦੇ ਮੌਕੇ ਵਧਾਉਂਦੇ ਜਾਣ ਵਾਲ਼ੇ ਤਕਨੀਕ ਦੇ ਵਿਕਾਸ ਦੇ ਰਾਹੀਂ ਅਤੇ ਭੂਗੋਲਿਕ ਸਰਹੱਦਾਂ ਨੂੰ ਪਾਰ ਕਰਨ ਅਤੇ ਕੌਮੀ ਤੰਗਦਿਲੀਆਂ ‘ਤੇ ਕਾਬੂ ਪਾਉਣ ਦੀਆਂ ਲਾਜ਼ਮੀ ਹਾਲਤਾਂ ਪੈਦਾ ਕਰਨ ਵਾਲ਼ੇ ਆਵਾਜਾਈ ਅਤੇ ਵਟਾਂਦਰੇ ਦੇ ਢੰਗ ਦੇ ਵਿਕਾਸ ਦੇ ਰਾਹੀਂ ਇੱਕ ਇਸ ਤਰ੍ਹਾਂ ਦੇ ਭਵਿੱਖੀ ਸਾਹਿਤ ਦੀ ਜ਼ਮੀਨ ਤਿਆਰ ਕਰ ਰਹੀ ਸੀ ਜੋ ਪੁਰਾਣੇ ਯੂਨਾਨ ਦੇ ਸਾਹਿਤ ਨਾਲ਼ ਮੁਕਾਬਲਾ ਕਰੇਗਾ ਅਤੇ ਹਰ ਮਾਮਲੇ ਵਿੱਚ ਨਹੀਂ ਤਾਂ ਕੁੱਝ ਮਾਮਲਿਆਂ ਵਿੱਚ ਯਕੀਨਨ ਉਸਦੀ ਉਲੰਘਣਾ ਕਰੇਗਾ। ਉੱਨੀਂਵੀਂ ਸਦੀ ਦੇ ਸਮਾਜਿਕ ਢਾਂਚੇ ਦੇ ਕਾਰਨ ਜੋ ਲੋਕ ਆਪਣੀ ਮਨੁੱਖਤਾ ਦਾ ਪੂਰਾ ਵਿਕਾਸ ਕਰਨ ਤੋਂ ਪਾਬੰਦੀ ਮਹਿਸੂਸ ਕਰ ਰਹੇ ਸੀ, ਉਹਨਾਂ ਦੀਆਂ ਚਿੰਤਾਵਾਂ ਹੀ ਇੱਕ ਇਸ ਤਰ੍ਹਾਂ ਦੇ ਨਿਆਂਸ਼ੀਲ ਸਮਾਜ ਦੀ ਸਵੇਰ ਤੇਜ਼ ਗਤੀ ਨਾਲ਼ ਸੰਭਵ ਬਣਾਉਣ ਦੀਆਂ ਇੱਛਾਵਾਂ ਜਗਾਉਂਦੀਆਂ ਰਹੀਆਂ ਹਨ, ਜਿਹਨਾਂ ਵਿੱਚ ਮਾਰਕਸ ਮੰਨਦੇ ਸੀ ਕਿ ਸਾਹਿਤ ਅਤੇ ਕਲਾ ਦਾ ਵਿਕਾਸ ਨਵੀਂ ਅਤੇ ਵਿਸ਼ਾਲ ਲੀਹ ‘ਤੇ ਹੋ ਸਕੇਗਾ।

ਆਪਣੇ ਮਨਚਾਹੇ ਅਤੇ ਬਿਹਤਰ ਭਵਿੱਖ ਵਿੱਚ ਸਾਹਿਤ ਅਤੇ ਕਲਾ ਦਾ ਵਿਕਾਸ ਕਿਸ ਖ਼ਾਸ ਰੂਪ ਵਿੱਚ ਹੋਵੇਗਾ, ਇਸ ਬਾਰੇ ਮਾਰਕਸ ਅਕਸਰ ਸੋਚਦੇ ਨਜ਼ਰੀਂ ਨਹੀਂ ਪੈਂਦੇ। ਇਸਦਾ ਕਾਰਨ ਇਹ ਹੈ ਕਿ ਉਹ ਉਹਨਾਂ ਅਣਗਿਣਤ ਵਿਸ਼ੇਸ਼ਤਾਵਾਂ ਬਾਰੇ ਹਮੇਸ਼ਾ ਚੇਤੰਨ ਰਹੇ ਜੋ ਕਿਸੇ ਵੀ ਇਤਿਹਾਸਕ ਦੌਰ ਨੂੰ ਬਣਾਉਂਦੀਆਂ ਹਨ ਅਤੇ ਪਰਿਭਾਸ਼ਿਤ ਭਵਿੱਖਬਾਣੀਆਂ ਨੂੰ ਅਸੰਭਵ ਬਣਾ ਦਿੰਦੀਆਂ ਹਨ। ਉਹ ਹੀਣੀਆਂ ਪ੍ਰਤਿਭਾਵਾਂ ਨੂੰ ਮੁਕਤ ਕਰਨ ਅਤੇ ਇਸ ਤਰ੍ਹਾਂ ਸਾਹਿਤਕ ਤੇ ਕਲਾਤਮਕ ਸਰਗਰਮੀ ਦਾ ਖੇਤਰ ਫੈਲਾਉਣ ਦੀ ਲੋੜ ਵੱਲ ਧਿਆਨ ਲਗਾ ਕੇ ਸੰਤੁਸ਼ਟ ਹੋ ਲੈਂਦੇ ਸਨ। ਉਦੇਸ਼ ਨੂੰ ਪੂਰਾ ਕਰਨ ਵਿੱਚ ਸਹਿਯੋਗੀ ਮਨੁੱਖੀ ਕਿਰਤ ਦੀ ਭੂਮਿਕਾ ‘ਤੇ ਉਹਨਾਂ ਨੇ ਜ਼ੋਰ ਦਿੱਤਾ। ਉਹ ਇਸ ਤਰ੍ਹਾਂ ਦੀ ਕਿਰਤ ਹੋਵੇਗੀ ਜਿਸਨੂੰ ਕਰਨ ਨਾਲ਼ ਨਿਰਾਸ਼ਾ ਅਤੇ ਹੀਣਤਾ ਨਹੀਂ ਸਗੋਂ ਖੁਸ਼ੀ ਦਾ ਅਹਿਸਾਸ ਹੋਵੇਗਾ ਅਤੇ ਜਿਸਨੂੰ ਕਰਨ ਵਾਲ਼ੇ ਮਨੁੱਖ ਆਪਣੀਆਂ ਬਹੁਪੱਖੀ ਤਾਕਤਾਂ ਦਾ ਪੂਰਾ ਵਿਕਾਸ ਕਰਨ ਦੇ ਯੋਗ ਹੋਣਗੇ। ਮਨੁੱਖੀ ਕਿਰਤ ‘ਤੇ ਦਿੱਤਾ ਗਿਆ ਇਹ ਜ਼ੋਰ ਬਹੁਤ ਅਹਿਮ ਅਤੇ ਖ਼ਾਸ ਹੈ। ਲਿਫਿਸ਼ਤਜ਼ ਨੇ ਸਹੀ ਹੀ ਕਿਹਾ ਹੈ “ਜਿੱਥੇ ਫਿਊਰਬਾਖ ਨੇ ਕਲਾ ‘ਤੇ ਗੱਲ ਕਰਦੇ ਹੋਏ ਹਮੇਸ਼ਾ ਹੀ ਚਿੰਤਨ ਤੋਂ ਸ਼ੁਰੂ ਕੀਤਾ, ਉੱਥੇ ਮਾਰਕਸ ਨੇ ਸਦਾ ਪੈਦਾਵਾਰੀ ਤਾਕਤਾਂ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਪੈਦਾਵਾਰੀ ਤਾਕਤ ਸਹੁਜਾਤਮਕ ਲੋੜਾਂ ਨੂੰ ਤੈਅ ਕਰਦੀ ਹੈ ਅਤੇ ਅਭਿਆਸ ਰਾਹੀਂ ਉਹਨਾਂ ਨੂੰ ਮੁੱਢਲੀ ਅਣਜਾਣਤਾ ਤੋਂ ਮੁਕਤ ਕਰਦੀ ਹੈ।” 

ਮਨੁੱਖ ਜਾਤੀ ਦੇ ਸੱਭਿਆਚਾਰਕ ਸਵੈ-ਵਿਕਾਸ ਵਿੱਚ ਆਪਣੇ ਭਰੋਸੇ ਦੇ ਬਾਵਜੂਦ ਮਾਰਕਸ ਇਹ ਕਦੇ ਵੀ ਨਹੀਂ ਭੁੱਲੇ ਕਿ ਮਹਾਨ ਸਾਹਿਤ ਦਾ ਸਿਰਜਣ ਕਰਨ ਦੇ ਲਈ ਸਮਾਜਵਾਦੀ ਕਲਪਨਾ-ਲੋਕ ਵਿੱਚ ਜਿਉਣਾ ਜ਼ਰੂਰੀ ਨਹੀਂ ਹੈ। ਆਰਥਿਕ ਅਤੇ ਸੱਭਿਆਚਾਰਕ, ਭੌਤਿਕ ਅਤੇ ਬੌਧਿਕ ਖੇਤਰਾਂ ਦੇ ਵਿੱਚ ਹੋਣ ਵਾਲ਼ੇ “ਅਸਾਵੇਂ ਵਿਕਾਸ” ਦੇ ਉਹਨਾਂ ਦੇ ਸਿਧਾਂਤ ਨੇ, ਜਿਸਨੂੰ ਉਹਨਾਂ ਨੇ ਗਰੁੰਡਰਿਸ਼ੇ ਦੀ ਭੂਮਿਕਾ ਵਿੱਚ ਪੇਸ਼ ਕੀਤਾ ਸੀ, ਇੱਕਰੇਖੀ ਅਤੇ ਅਟੱਲ ਸਮਾਂਤਰ ਉੱਨਤੀ ਦੇ ਅੱਧਕਚਰੇ ਵਿਚਾਰਾਂ ਤੋਂ ਉਹਨਾਂ ਨੂੰ ਬਚਾਇਆ ਅਤੇ ਦਾਸਪ੍ਰਥਾ ‘ਤੇ ਅਧਾਰਿਤ ਪੁਰਾਣੇ ਯੂਨਾਨੀ ਸਮਾਜ ਵਿੱਚ, ਮੱਧਕਾਲੀ ਯੂਰੋਪ ਦੇ ਜਗੀਰੂ ਇਸਾਈ ਸਮਾਜ ਵਿੱਚ ਅਤੇ ਉਹਨਾਂ ਦੀ ਆਪਣੀ ਅਲੋਚਨਾ ਦੇ ਮੁੱਖ ਉਦੇਸ਼, ਉੱਨੀਂਵੀਂ ਸਦੀ ਦੀ ਸਮਾਜਿਕ ਜਥੇਬੰਦੀ ਵਿੱਚ ਰਚੇ ਸਾਹਿਤ ਪ੍ਰਤੀ ਉਹਨਾਂ ਦੇ ਪ੍ਰੇਮ ਨੇ ਨਿਸ਼ਚਿਤ ਹੀ ਉਹਨਾਂ ਨੂੰ ਕਲਾ ਦੀ ਉੱਤਮਤਾ ਨੂੰ ਸਮਾਜਿਕ ਸਮਾਨਤਾ ਨਾਲ਼ ਸਿੱਧੇ ਜੋੜ ਦੇਣ ਦੇ ਭਰਮ ਤੋਂ ਮੁਕਤ ਰੱਖਿਆ। ਸਾਹਿਤ ਦੇ ਜਮਾਤੀ-ਅਧਾਰ ਵਿੱਚ ਉਹਨਾਂ ਦੇ ਵਿਸ਼ਵਾਸ਼ ਨੇ ਉਹਨਾਂ ਨੂੰ ਹੋਮਰ ਤੋਂ ਦਾਂਤੇ, ਸ਼ੇਕਸਪੀਅਰ ਤੇ ਗੇਟੇ ਤੱਕ ਸਾਰੇ ਥਾਵਾਂ ਅਤੇ ਕਾਲਾਂ ਦੇ ਮਹਾਨ ਲੇਖਕਾਂ ਦੀਆਂ ਕਲਪਨਾਸ਼ੀਲ ਰਚਨਾਵਾਂ ਵਿੱਚ ਪ੍ਰਗਟ ਅਤੇ ਹੁਣ ਵੀ ਉਪਯੋਗੀ ਸੱਚਾਂ ਅਤੇ ਵਾਰ-ਵਾਰ ਉੱਭਰਨ ਵਾਲ਼ੀਆਂ ਮਨੁੱਖੀ ਹਾਲਤਾਂ ਦੇ ਪ੍ਰਮਾਣਿਕ ਨਮੂਨਿਆਂ ਨੂੰ ਖੋਜਣ ਤੋਂ ਉਹਨਾਂ ਨੂੰ ਨਹੀਂ ਰੋਕਿਆ। ਇਸਦੇ ਨਾਲ਼ ਹੀ ਨੈਤਿਕ ਰਾਮ-ਰੌਲ਼ੇ, ਭਾਵੁਕਤਾ ਅਤੇ ਸ਼ਬਦੀ-ਪਖੰਡਪੁਣੇ ਦੇ ਸਾਰੇ ਰੂਪਾਂ ਪ੍ਰਤੀ ਆਪਣੀ ਘ੍ਰਿਣਾ ਦੇ ਬਾਵਜੂਦ, ਉਹ ਮੰਨਦੇ ਸਨ ਕਿ ਅੰਤਿਮ ਵਿਸ਼ਲੇਸ਼ਣ ਵਿੱਚ ਮਹਾਨ ਸਾਹਿਤ ਹਮੇਸ਼ਾ ਹੀ ਸੱਚ ਸਬੰਧੀ ਨੇੜਤਾ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਮਨੁੱਖੀ ਭਾਵ ਦਿਖਾਵੇਗਾ।

ਮਾਰਕਸ ਕਦੇ ਵੀ ਸਾਹਿਤ ਬਾਰੇ ਗੱਲ ਕਰਦੇ ਹੋਏ “ਬਿੰਬ-ਪ੍ਰਤੀਬਿੰਬ” ਜਾਂ “ਪ੍ਰਤੀਬਿੰਬਨ” ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਹਨ, ਭਾਵੇਂ ਉਹ ਭਾਸ਼ਾ ਅਤੇ ਦਰਸ਼ਨ ‘ਤੇ ਗੱਲ ਕਰਦੇ ਹੋਏ ਇਸਦੀ ਵਰਤੋਂ ਜ਼ਿਆਦਾਤਰ  ਕਰਦੇ ਹਨ। ਫਿਰ ਵੀ, “ਅਸਲੀ” ਸੰਪੱਤੀ ਸਬੰਧਾਂ ‘ਤੇ ਅਧਾਰਿਤ “ਅਸਲੀ” ਸਮਾਜਿਕ ਹਾਲਤਾਂ ਵਿੱਚ ਰਹਿਣ ਵਾਲ਼ੇ “ਅਸਲੀ” ਮਨੁੱਖ ‘ਤੇ ਲਗਾਤਾਰ ਅਤੇ ਨਿਯਮਤ ਢੰਗ ਨਾਲ਼ ਆਪਣਾ ਧਿਆਨ ਕੇਂਦਰਿਤ ਰੱਖਣ ਦੀ ਤਰਤੀਬ ਵਿੱਚ ਉਹ ਲਾਜ਼ਮੀ ਰੂਪ ਵਿੱਚ ਦਸਤਾਵੇਜਾਂ ਤੋਂ ਮਿਲਣ ਵਾਲ਼ੀ ਸੂਚਨਾ ਦੇ ਲਈ ਸਾਹਿਤ ਦੀ ਪੜਚੋਲ ਕਰਦੇ ਹਨ। ਸਪੱਸ਼ਟ ਤੌਰ ‘ਤੇ ਉਹ ਇਹ ਵਿਸ਼ਵਾਸ਼ ਕਰਦੇ ਸਨ ਕਿ ਸਾਹਿਤ ਜਿਸ ਸਮਾਜ ਵਿੱਚ ਪੈਦਾ ਹੁੰਦਾ ਹੈ; ਉਸਦੀ ਜਥੇਬੰਦੀ ਦੇ, ਉਸਦੀਆਂ ਸੰਸਥਾਵਾਂ ਦੇ, ਉਸਦੀ ਪੈਦਾਵਾਰ ਦੀ ਪ੍ਰਣਾਲੀ ਅਤੇ ਭਾਵਨਾ ਦੀ ਪ੍ਰਣਾਲੀ ਬਾਰੇ ਸਾਨੂੰ ਜਾਣਕਾਰੀ ਦੇ ਸਕਦਾ ਹੈ। ਹੋਮਰ ਅਤੇ ਏਸਿਕਲਸ ਤੋਂ ਲੈ ਕੇ ਪੁਸ਼ਕਿਨ ਅਤੇ ਬਾਲਜ਼ਾਕ ਤੱਕ ਅਤੇ ਏਂਟੀਪੇਟ੍ਰੋਸ ਤੋਂ ਪਾਲ ਦਿਕਾਕ ਤੱਕ  ਸੰਸਾਰ ਦੇ ਮਹਾਨ ਅਤੇ ਮੁਕਾਬਲਤਨ ਘੱਟ ਮਹੱਤਵਪੂਰਨ ਲੇਖਕਾਂ ਵੱਲ ਇਸ ਉਦੇਸ਼ ਨਾਲ਼ ਦੇਖਦੇ ਹਨ ਕਿ ਉਹਨਾਂ ਨੇ ਜਿਹਨਾਂ ਦੇਸ਼ਾਂ ਵਿੱਚ ਲਿਖਿਆ, ਉਹਦੇ ਬਾਰੇ ਅਤੇ ਜਿਹਨਾਂ ਪਾਠਕਾਂ ਬਾਰੇ ਲਿਖਿਆ, ਉਹਨਾਂ ਬਾਰੇ ਤੇ ਜਿਹਨਾਂ ਜਮਾਤਾਂ ਦੀਆਂ ਕਦਰਾਂ-ਕੀਮਤਾਂ ਉਹਨਾਂ ਨੇ ਥੋੜ੍ਹਾ-ਬਹੁਤ ਜਾਣ-ਬੁੱਝ ਕੇ ਅਪਣਾਈਆਂ, ਉਹਨਾਂ ਬਾਰੇ ਸੂਚਨਾ ਹਾਸਲ ਜਾ ਸਕਦੀ ਹੈ। ਲੇਖਕ ਸਮਾਜਿਕ ਪ੍ਰਕ੍ਰਿਆਵਾਂ ਦੀ ਚੋਣ ਕਰਕੇ ਠੋਸ ਰੂਪ ਵਿੱਚ ਉਹਨਾਂ ਨੂੰ ਪ੍ਰਗਟ ਕਰਦਾ ਹੈ ਅਤੇ ਇਸ ਤਰ੍ਹਾਂ ਪਾਠਕ ਦੀ ਨਿਗਾਹ ਸਪੱਸ਼ਟ ਅਤੇ ਸੰਜੀਵ ਢੰਗ ਨਾਲ਼ ਉਹਨਾਂ ਪ੍ਰਕ੍ਰਿਆਵਾਂ ਵੱਲ ਮੋੜਦਾ ਹੈ ਜੋ ਅਚਾਨਕ ਤੱਥਾਂ ਅਤੇ ਘਟਨਾਵਾਂ ਦੇ ਸਮੂਹ ਵਿੱਚ ਲੁਕੀਆਂ ਰਹਿੰਦੀਆਂ ਹਨ। ਸਾਹਿਤ ਵਿੱਚ ਪ੍ਰਗਟ ਤੱਥ ਤੇ ਘਟਨਾਵਾਂ ਮਹੱਤਵਪੂਰਨ ਅਤੇ ਪ੍ਰਤੀਨਿਧ ਹੋਣੀਆਂ ਚਾਹੀਦੀਆਂ ਹਨ। ਪਰ, ਜਿਵੇਂ ਕਿ ਫ੍ਰਾਂਜ ਵਾਨ ਸਿਕਿੰਗਨ ਬਾਰੇ ਲਾਸਾਲ ਨੂੰ ਲਿਖੀ ਚਿੱਠੀ ਵਿੱਚ ਅਸੀਂ ਦੇਖਿਆ ਹੈ, ਇਸ  ਵਰਣਨ ਦਾ ਮਤਲਬ ਅਮੂਰਤ ਕਦੇ ਵੀ ਨਹੀਂ ਹੋ ਸਕਦਾ। ਉਹ ਜਿਹਨਾਂ ਨਾਟਕਾਂ ਅਤੇ ਨਾਵਲਾਂ ਦੀ ਪ੍ਰਸ਼ੰਸਾ ਕਰਦੇ ਹਨ, ਉਹ ਇਸ ਅਰਥ ਵਿੱਚ “ਜੀਵਨ ਪ੍ਰਤੀ ਸੱਚੇ” ਦਿਸਦੇ ਹਨ ਕਿ ਉਹਨਾਂ ਦੇ ਕਿਰਦਾਰ ਨਿੱਜਤਾ ਅਤੇ ਨਿੱਜ ਕਿਰਦਾਰਤਾ ਤੱਕ ਨੂੰ ਪੇਸ਼ ਕਰਦੇ ਹਨ ਅਤੇ ਇਸਦੇ ਬਾਵਜੂਦ ਆਪਣੀ ਹਾਲਤ ਅਤੇ ਜਾਤੀ ਦੇ ਨੁਮਾਇੰਦੇ ਹੁੰਦੇ ਹਨ। ਕਿਰਦਾਰਾਂ ਨੂੰ ਲੇਖਕਾਂ ਦੇ ਵਿਸ਼ਵਾਸਾਂ ਦਾ ਐਲਾਨ ਕਰਨ ਵਾਲ਼ੇ ਧੁਤੂ ਨਹੀਂ ਹੋਣਾ ਚਾਹੀਦਾ। ਉਹਨਾਂ ਵਿੱਚ ਇੱਕ ਅੰਦਰੂਨੀ ਤਰਕ ਅਤੇ ਇੱਕਸਾਰਤਾ ਹੋਣੀ ਚਾਹੀਦੀ ਹੈ ਜੋ ਅਸਲੀ ਸਮਾਜਾਂ ਵਿੱਚ ਵਸਣ ਵਾਲ਼ੇ ਇਸ ਤਰ੍ਹਾਂ ਦੇ ਕਿਰਦਾਰਾਂ ਦੇ ਮਨੋ-ਵਪਾਰ ਅਤੇ ਸਮਾਜਿਕ ਕਰਮ ‘ਤੇ ਅਧਾਰਤ ਹੋਵੇ। “ਨਿੱਜਤਾ ਅਤੇ ਵਿਸ਼ੇਸ਼ਤਾ ਪ੍ਰਤੀਨਿਧਕਤਾ ਦਾ ਅਟੁੱਟ ਅੰਗ ਹੈ।” ਇਸ ਤਰ੍ਹਾਂ ਬਾਲਜ਼ਾਕ ਜਾਂ ਡਿਕਨਜ਼ ਦਾ ਕੋਈ ਨਾਵਲ “ਠੋਸ ਸੰਸਾਰ-ਵਿਆਪੀ” ਬਣ ਸਕਦਾ ਹੈ- ਇਹ ਜ਼ਿਆਦਾਤਰ ਇਤਿਹਾਸਕਾਰਾਂ, ਅਰਥਸ਼ਾਸਤਰੀਆਂ ਅਤੇ ਸਮਾਜਜਸ਼ਾਸਤਰੀਆਂ ਦੇ ਲੇਖਣ ਦੀ ਤੁਲਨਾ ਵਿੱਚ ਜ਼ਿਆਦਾ ਵੱਡੇ ਪੱਧਰ ‘ਤੇ ਫਰਾਂਸ ਅਤੇ ਇੰਗਲੈਂਡ ਵਿੱਚ ਉੱਨੀਂਵੀਂ ਸਦੀ ਦੀ ਜੀਵਨ-ਧਾਰਾ ਅਤੇ ਮਨੁੱਖੀ-ਸੁਭਾਅ ਦੇ ਆਮ ਵਪਾਰਾਂ ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਰੂਪ ਨਾਲ਼ ਵਿਸ਼ੇਸ਼ ਰੂਪਾਂ ਦਾ ਪ੍ਰਗਟਾਅ ਕਰ ਸਕਦਾ ਹੈ।

ਇਸ ਲਈ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਜੇਕਰ ਮਾਰਕਸ ਕਦੇ “ਯਥਾਰਥਵਾਦ” ਜਾਂ ਇਸ ਨਾਲ਼ ਸਬੰਧਿਤ ਹੋਰ ਧਾਰਨਾਵਾਂ ਦੀ ਵਰਤੋਂ ਸਾਹਿਤਕ ਅਲੋਚਨਾਤਮਕ ਸੰਦਰਭ ਵਿੱਚ ਨਹੀਂ ਕਰਦੇ, ਪਰ 1848 ਦੇ ਬਾਅਦ ਦੀਆਂ ਉਹਨਾਂ ਦੀਆਂ ਰਚਨਾਵਾਂ ‘ਚੋਂ ਕਥਾ ਅਤੇ ਨਾਟਕ ਦਾ ਜੋ ਸਹੁਜਸ਼ਾਸਤਰ ਉੱਭਰਦਾ ਹੈ, ਉਹਨੂੰ ਬਿਨਾਂ ਕਿਸੇ ਝਿਜਕ ਦੇ “ਯਥਾਰਥਵਾਦੀ ਸਹੁਜਸ਼ਾਸਤਰ” ਕਿਹਾ ਜਾ ਸਕਦਾ ਹੈ। ਖੈਰ, ਇਹ “ਪ੍ਰਕ੍ਰਿਤੀਵਾਦ” ਨਹੀਂ ਹੈ, ਉਹ ਕਦੇ ਵੀ ਸਾਹਿਤ ਦੇ ਰੂਪ ਵਿੱਚ ਪੇਸ਼ ਜੀਵਨ ਦੇ ਹੂ-ਬ-ਹੂ ਚਿੱਤਰਾਂ ਨੂੰ ਪਸੰਦ ਨਹੀਂ ਕਰਦੇ ਸੀ। ਉਹਨਾਂ ਨੇ ਫੰਤਾਸੀ ਨੂੰ ਵੀ ਸਾਹਿਤ ਤੋਂ ਖਾਰਜ ਕਰਨ ਯੋਗ ਨਹੀਂ ਮੰਨਿਆ, ਉਹਨਾਂ ਨੂੰ “ਅਰਬ ਦੀਆਂ ਰਾਤਾਂ” ਦੀਆਂ ਕਹਾਣੀਆਂ, ਸ਼ਾਮਿਸਸੋ ਦੀ ਪੇਟਰ ਸ਼ਲੇਮੀਹਰਲ, ਹਾਫਮਾਨ ਦੀ ਲਿਟਲ ਜਾਕੇਸ ਅਤੇ ਮੇਰੀ ਸ਼ੇਲੀ ਦੇ ਫ੍ਰੈਕੇਂਸਟਾਇਨ ਵਰਗੀਆਂ “ਫੰਤਾਸੀ ਵਾਲ਼ੀਆਂ” ਰਚਨਾਵਾਂ ਵਿੱਚ ਮਨੁੱਖੀ-ਤਜ਼ਰਬੇ ਦੇ ਯੋਗ ਪ੍ਰਤੀਕ ਨਜ਼ਰ ਪਏ।

ਯਥਾਰਥ ਦਾ ਦਸਤਾਵੇਜ਼ ਹੋਣ ਅਤੇ ਉਸਨੂੰ ਪ੍ਰਤੀਕਾਂ ਰਾਹੀਂ ਪ੍ਰਗਟ ਕਰਨ ਵਰਗੀਆਂ ਆਪਣੀਆਂ ਭੂਮਿਕਾਵਾਂ ਦੇ ਇਲਾਵਾ, ਮਾਰਕਸ ਦੇ ਸੱਭਿਆਚਰਕ ਜਗਤ ਵਿੱਚ ਸਾਹਿਤ “ਅਲੋਚਨਾਤਮਕ” ਭੂਮਿਕਾ ਵੀ ਅਦਾ ਕਰ ਸਕਦਾ ਹੈ। ਯੂਜੀਨ ਸੂਈ ਵਰਗਾ ਲੇਖਕ ਅਕਸਰ ਆਪਣੇ ਮਨਚਾਹੇ ਪਾਠਕਾਂ ਦੇ ਤੁਅੱਸਬ ਪ੍ਰਗਟ ਕਰਦਾ ਹੈ ਅਤੇ ਵਧਾ-ਚੜ੍ਹਾਅ ਕੇ ਪੇਸ਼ ਕਰਦਾ ਹੈ। ਪਰ ਕਦੇ-ਕਦੇ ਅਜਿਹਾ ਲੇਖਕ ਵੀ ਵੱਡੇ ਲੇਖਕਾਂ ਦੀ ਪ੍ਰਾਪਤੀ ਤੋਂ ਅੱਗੇ ਲੰਘਦੇ ਹੋਏ ਕਹਾਣੀ ਦੇ ਰੂਪ ਵਿੱਚ ਸਮਾਜ ਦੇ ਅਜਿਹੇ ਸੱਚਾਂ ਨੂੰ ਪੇਸ਼ ਕਰ ਸਕਦਾ ਹੈ ਜੋ ਉਸ ਦੁਆਰਾ ਜਾਣ-ਬੁੱਝ ਕੇ ਅਪਣਾਈ ਗਈ ਸਿਆਸੀ ਅਤੇ ਸਮਾਜਿਕ ਹਾਲਤ ਦੇ ਉਲ਼ਟ ਜਾਂਦੇ ਹੋਣ। ਕ੍ਰਮਵਾਰ “ਰਾਮੋਜ਼ ਨੈਫਯੂ” ਅਤੇ ਮੇਫਿਸਟੋਫੇਲੀਜ ਦੇ ਕਥਨਾਂ ਰਾਹੀਂ ਦਿਦੇਰੋ ਅਤੇ ਗੇਟੇ ਸਮਾਜਿਕ ਹਾਲਤਾਂ ਅਤੇ ਦ੍ਰਿਸ਼ਟੀਕੋਣਾਂ ਬਾਰੇ ਇਸ ਤਰ੍ਹਾਂ ਦੇ ਸਨਕ ਭਰੇ ਵਿਚਾਰ ਰੱਖਦੇ ਹਨ ਜੋ ਯੂਰੋਪੀ “ਸੱਭਿਅਕ ਸਮਾਜ” ਦਾ ਯੋਗ ਢੰਗ ਨਾਲ਼ ਪਰਦਾਫਾਸ਼ ਕਰਦੇ ਹਨ। ਭਾਵੇਂ ਮਜ਼ਦੂਰ ਜਮਾਤ ਬਹੁਤ ਹੱਦ ਤੱਕ ਸਾਹਿਤ ਦਾ ਰਸਪਾਨ ਕਰਨ ਤੋਂ ਵਾਂਝੀ ਰਹਿੰਦੀ ਹੈ ਅਤੇ ਸਾਹਿਤ ਰਚਣ ਦੀ ਪ੍ਰਤਿਭਾ ਹੋਣ ਦੇ ਬਾਵਜੂਦ ਉਸਦਾ ਖੁੱਲ੍ਹ ਕੇ ਵਿਕਾਸ ਨਹੀਂ ਕਰ ਪਾਉਂਦੀ, ਪਰ ਉਹ ਕਦੇ-ਕਦੇ ਤਾਕਤਵਰ ਢੰਗ ਦੀ ਅਲੋਚਨਾਤਮਕ ਰਚਨਾ ਕਰ ਸਕਦੀ ਹੈ। ਸਿਲੇਸਿਅਨ ਜੁਲਾਹਿਆਂ ਦਾ ਗੀਤ ਇਸਦਾ ਸਬੂਤ ਹੈ। ਇਸ ਗੀਤ ਦੀ ਅੰਤਰਦ੍ਰਿਸ਼ਟੀ ਅਤੇ ਪ੍ਰਪੱਕਤਾ ਦੀ ਮਾਰਕਸ ਨੇ ਬਹੁਤ ਪ੍ਰਸ਼ੰਸਾ ਕੀਤੀ ਸੀ।

ਮਾਰਕਸ ਦੀਆਂ ਲਿਖਤਾਂ ਅੰਦਰਲਾ ਸਾਹਿਤਕ ਸਹੁਜ-ਸ਼ਾਸਤਰ ਬਹੁਤ ਹੱਦ ਤੱਕ ਹਰਡਰ, ਗੇਟੇ, ਸ਼ਿਲਰ, ਆਗਸਟ ਵਿਲਹੇਲਮ ਸ਼ਲੇਗੇਲ ਅਤੇ ਹੇਗੇਲ ਦੇ ਸਹੁਜ-ਸ਼ਾਸਤਰੀ ਵਿਚਾਰਾਂ ਨਾਲ਼ ਪ੍ਰਭਾਵਿਤ ਹੈ। ਨਿੱਜੀ ਅਤੇ ਸਧਾਰਨ, ਵਿਸ਼ੇਸ਼ ਅਤੇ ਨੁਮਾਇੰਦਾ, ਵਿਸ਼ੇਸ਼ ਅਤੇ ਪ੍ਰਤੀਕਾਤਮਕ ਨੂੰ ਇਕੱਠੇ ਜੋੜਣ ਨਾਲ਼ ਸਬੰਧਿਤ ਉਹਨਾਂ ਦੇ ਵਿਚਾਰ ਸਿੱਧੇ ਬਾਇਮਾਰ ਕਲਾਸਿਕਵਾਦ ਤੋਂ ਆਏ ਹਨ ਅਤੇ ਆਪਣੇ ਦ੍ਰਿੜ ਰੋਮਾਂਸ ਵਿਰੋਧ ਦੇ ਬਾਵਜੂਦ “ਸਭ ਅੰਗ ਪੂਰਨ” ਮਨੁੱਖ ਦਾ ਉਹਨਾਂ ਦੁਆਰਾ ਬਣਾਇਆ ਆਦਰਸ਼, ਉਹਨਾਂ ਦੀ ਉਹ ਧਾਰਣਾ, ਜਿਸ ਅਨੁਸਾਰ ਭਵਿੱਖ ਵਿੱਚ ਮਨੁੱਖ “ਸਵੇਰੇ ਸ਼ਿਕਾਰ ਕਰ ਸਕਣਗੇ, ਦੁਪਹਿਰ ਬਾਅਦ ਮੱਛੀ ਮਾਰ ਸਕਣਗੇ, ਆਥਣ ਵੇਲ਼ੇ ਪਸ਼ੂ-ਪਾਲਣ ਕਰ ਸਕਣਗੇ, ਰਾਤ ਦੇ ਖਾਣੇ ਦੇ ਬਾਅਦ ਅਲੋਚਨਾ ਕਰ ਸਕਣਗੇ ਅਤੇ ਸ਼ਿਕਾਰੀ, ਮਛੇਰਾ, ਪਸ਼ੂਪਾਲਕ ਜਾਂ ਅਲੋਚਕ ਵਰਗੇ ਅਲੱਗ-ਅਲੱਗ ਵਿਅਕਤੀਤਵਾਂ ਵਿੱਚ ਵੰਡੇ ਬਗੈਰ ਉਹ ਉਸ ਤਰ੍ਹਾਂ ਹੀ ਪੂਰਣ ਮਨੁੱਖੀ ਇਕਾਈ ਹੋਣਗੇ ਜਿਵੇਂ ਕਿ ਉਹਨਾਂ ਦੇ ਕੋਲ਼ ਇੱਕ ਮੱਥਾ ਹੋਵੇਗਾ,” ਫ੍ਰੈਡਰਿਕ ਸ਼ਲੇਗੇਲ ਦੁਆਰਾ ਪੇਸ਼ “ਅਜ਼ਾਦ ਅਤੇ ਸੱਭਿਅਕ ਮਨੁੱਖ” ਦੀ ਧਾਰਣਾ ਨਾਲ਼ ਖਾਸੀ ਮਿਲ਼ਦੀ-ਜੁਲ਼ਦੀ ਹੈ। ਉਹਨਾਂ ਦੀ ਅਲੋਚਨਾਤਮਕ ਭਾਸ਼ਾ ਵੀ ਉੱਪਰ ਲਿਖੇ ਜਰਮਨ ਲੇਖਕਾਂ ਤੋਂ ਵਾਹਵਾ ਪ੍ਰਭਾਵਿਤ ਹੈ, ਉਹਨਾਂ ਦੀ ਹੀ ਤਰ੍ਹਾਂ ਉਹ ਨੇਕ ਕਿਸਮ ਦੇ ਜੀਵ-ਵਿਗਿਆਨਕ ਰੂਪਕਾਂ ਦੀ ਵਰਤੋਂ ਕਰਦੇ ਹਨ। ਭਾਵੇਂ ਉਹਨਾਂ ਨੇ “ਅਧਾਰ” ਅਤੇ “ਉੱਚ-ਉਸਾਰ” ਵਰਗਾ ਪ੍ਰਸਿੱਧ ਰੂਪਕ ਅਤੇ “ਸਹੁਜਾਤਮਕ ਦ੍ਰਿਸ਼” ਜਿਹੀ ਇੱਕ ਕੇਂਦਰੀ ਧਾਰਣਾ ਦੀ ਜਿਸ ਤਰ੍ਹਾਂ ਵਰਤੋਂ ਕੀਤੀ ਹੈ, ਉਸ ਤੋਂ ਸ਼ਿਲਰ ਸੰਤੁਸ਼ਟ ਨਾ ਹੁੰਦੇ। ਖੈਰ, ਪੇਸ਼ ਕਿਤਾਬ ਵਿੱਚ ਅਸੀਂ ਬਿਨਾਂ ਸ਼ੱਕ ਇਹ ਵਿਖਾਉਣ ਦਾ ਯਤਨ ਕੀਤਾ ਹੈ ਕਿ ਸਾਹਿਤ ਨੂੰ ਅਸਲੀ ਰੂਪ ਨਾਲ਼ ਪੜ੍ਹਦੇ ਅਤੇ ਸਮਝਦੇ ਸਮੇਂ ਉਹ “ਅਧਾਰ” ਅਤੇ “ਉੱਚ-ਉਸਾਰ” ਵਾਲ਼ੇ ਮਾਡਲ ਦਾ ਮਸ਼ੀਨੀ ਅਤੇ ਸੌੜੀ ਵਰਤੋਂ ਨਹੀਂ ਕਰਦੇ ਸਨ ਅਤੇ ਅਸਲੀ ਸਾਹਿਤਕ ਰਚਨਾਵਾਂ ਦਾ ਮੁਲਾਂਕਣ ਕਰਦੇ ਸਮੇਂ ਇਹ ਮਾਡਲ ਕਦੇ ਵੀ ਮੁੱਖ ਬਣਕੇ ਸਾਹਮਣੇ ਨਹੀਂ ਆਉਂਦਾ।

ਆਪਣੇ ਇੱਕ ਮੁੱਢਲੇ ਲੇਖ ਵਿੱਚ ਮਾਰਕਸ ਨੇ ਕਿਹਾ ਸੀ ਕਿ ਦਿਮਾਗ਼ ਬਿਆਨ ਲੈਣ ਅਤੇ ਉਸਦੀ ਜਾਂਚ ਕਰਨ ਵਾਲ਼ਾ ਮਜਿਸਟ੍ਰੇਟ ਨਹੀਂ ਹੈ। ਸਾਹਿਤਕ ਚੀਜਾਂ ਅਲੱਗ-ਅਲੱਗ ਪਾਠਕਾਂ ਦੇ ਮਨ ਵਿੱਚ ਅਲੱਗ-ਅਲੱਗ ਢੰਗ ਨਾਲ਼ ਪਹੁੰਚਦੀਆਂ ਹਨ ਅਤੇ ਹਰ ਸਾਹਿਤਕ ਵਸਤੂ ਲਈ ਵਿਸ਼ੇਸ਼ ਕਿਸਮ ਦੀ ਪਕੜ ਚਾਹੀਦੀ ਹੈ। ਤਕਨੀਕੀ ਸਹੁਜ-ਸ਼ਾਸਤਰੀ ਮਨੋਵਿਗਿਆਨ ਦੇ ਜਰਮਨ ਪੈਰੋਕਾਰ ਗਠ ਫੇਖਨਰ ਨੂੰ ਖਾਰਜ ਕਰਨ ਵਾਲ਼ੀਆਂ ਮਾਰਕਸ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲ਼ਦਾ ਹੈ ਕਿ ਉਹ ਉਹਨਾਂ ਸਹੁਜ-ਸ਼ਾਸਤਰੀ ਮਾਨਤਾਵਾਂ ਪ੍ਰਤੀ ਬਹੁਤ ਘੱਟ ਹਮਦਰਦੀ ਰੱਖਦੇ ਸਨ ਜੋ ਅਸਲ ਸਾਹਿਤਕ ਅਤੇ ਉਸਦੇ ਰਚਨਾਕਾਰ ਦੇ ਵੱਲੋਂ ਧਿਆਨ ਹਟਾ ਕੇ ਪਾਠਕਾਂ ਦੇ ਮਨੋਵਿਗਿਆਨ ‘ਤੇ ਧਿਆਨ ਕੇਂਦਰਿਤ ਕਰਦੀਆਂ ਸਨ। ਫਿਰ ਵੀ ਸੂਈ ਅਤੇ ਕਿੰਕੇਲ ਬਾਰੇ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਵਿੱਚ ਉਹ ਉਹਨਾਂ ਮਨੋਵਿਗਿਆਨਕ ਪ੍ਰਕ੍ਰਿਆਵਾਂ ਦੇ ਅੰਦਰ ਝਾਕਦੇ ਦਿਖਾਈ ਦਿੰਦੇ ਹਨ ਜੋ ਸਾਹਿਤਕ ਰਚਨਾ ਦੇ ਰਚੇ ਜਾਣ ਅਤੇ ਪੜ੍ਹੇ ਜਾਣ ਦੇ ਸਮੇਂ ਵਿੱਚ ਮੌਜੂਦ ਹੁੰਦੀਆਂ ਹਨ। ਆਪਣੇ ਪਿਛਲੇ ਵਰ੍ਹਿਆਂ ਵਿੱਚ ਉਹ ਖ਼ਾਸ ਤੌਰ ‘ਤੇ ਇਹ ਸਮਝਣ ਦੇ ਯਤਨ ਕਰ ਰਹੇ ਸਨ ਕਿ ਕਿਸ ਤਰ੍ਹਾਂ ਸਾਹਿਤਕ ਰਚਨਾਵਾਂ ਅਤੇ ਸਾਹਿਤਕ ਸਿਧਾਂਤ ਪਾਠਕਾਂ ਦੀਆਂ ਵੱਖ-ਵੱਖ ਪੀੜ੍ਹੀਆਂ ਲਈ ਵੱਖ-ਵੱਖ ਪੱਖਾਂ ਦੇ ਕਾਰਣ ਰੌਚਕ ਹੁੰਦੇ ਹਨ। ਨਵੇਂ ਸਮਾਜਿਕ ਤਜ਼ਰਬੇ ਅਤੇ ਨਵੀਆਂ ਲੋੜਾਂ ਕਿਸੇ ਰਚਨਾ ਦੇ ਅਜਿਹੇ ਪੱਖਾਂ ਅਤੇ ਅਰਥਾਂ ਦੀ ਸ਼ੁਰੂਆਤ ਕਰ ਸਕਦੀਆਂ ਹਨ, ਜੋ ਉਸਦੇ ਪਹਿਲੇ ਪ੍ਰਸ਼ੰਸਕਾਂ ਨੇ ਸੋਚਿਆ ਵੀ ਨਹੀਂ ਹੋਵੇਗਾ।

ਸਾਹਿਤਕ ਰਚਨਾਵਾਂ ਦੁਆਰਾ ਪਾਏ ਜਾਣ ਵਾਲ਼ੇ ਸਥਾਈ ਪ੍ਰਭਾਵ ਦਾ ਇਹ ਇੱਕ ਪੱਖ ਹੈ। ਇਸ ਨਾਲ਼ ਦਵੰਦਵਾਦੀ ਢੰਗ ਨਾਲ਼ ਜੁੜਿਆ ਦੂਜਾ ਪੱਖ ਹੈ ਕਿ ਅਤੀਤ ਦੀਆਂ ਮਹਾਨ ਰਚਨਾਵਾਂ ਮਨੁੱਖਤਾ ਦੇ ਇੱਕ ਵਿਸ਼ੇਸ਼ “ਪਲ” ਦੀ ਨੁਮਾਇੰਦਗੀ ਕਰਦੀਆਂ ਹਨ ਜੋ ਅਸਲ ਵਿੱਚ ਹੁਣ ਸਦਾ ਲਈ ਗੁਜਰ ਗਿਆ ਹੈ, ਪਰ ਆਪਣੇ ਕਲਾਤਮਕ ਰੂਪ ਅਤੇ ਪ੍ਰਗਟਾਅ ਵਿੱਚ ਆਉਣ ਵਾਲ਼ੀਆ ਪੀੜ੍ਹੀਆਂ ਦੇ ਮਨੋਰੰਜਨ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ। ਆਪਣੀਆਂ ਮੁੱਢਲੀਆਂ ਰਚਨਾਵਾਂ ਵਿੱਚ ਮਾਰਕਸ “ਸੁੰਦਰਤਾ ਦੇ ਨਿਯਮਾਂ” ਦੀ ਗੱਲ ਕਰਦੇ ਹਨ ਜਿਹਨਾਂ ਨਿਯਮਾਂ ਦਾ ਪਾਲਣ ਕਲਾਕਾਰ ਨੂੰ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕਰਨ ਦੇ ਕਾਰਨ ਮਨੁੱਖ ਪਸ਼ੂਆਂ ਤੋਂ ਅਲੱਗ ਹੁੰਦਾ ਹੈ। ਪਸ਼ੂਆਂ ਵਿੱਚ ਕੋਈ ਸਹੁਜ-ਸੰਵੇਦਨ ਨਹੀਂ ਹੁੰਦਾ। ਇਸੇ ਤਰ੍ਹਾਂ ਮਾਰਕਸ ਨੇ ਕਿਰਤ ਦੇ ਸੰਦਰਭ ਵਿੱਚ ਕਿਹਾ ਹੈ ਕਿ ਇੱਕ ਬਹੁਤ ਜ਼ਿਆਦਾ ਗਿਆ-ਗੁਜਰਿਆ ਰਾਜ ਮਿਸਤਰੀ ਚੰਗੀ ਮਧੂਮੱਖੀ ਜਾਂ ਮੱਕੜੀ ਤੋਂ ਇਸ ਲਈ ਅਲੱਗ ਹੁੰਦਾ ਹੈ ਕਿ ਉਹ (ਰਾਜ ਮਿਸਤਰੀ) ਯਥਾਰਥ ਵਿੱਚ ਇਮਾਰਤ ਤਿਆਰ ਕਰਨ ਤੋਂ ਪਹਿਲਾਂ ਉਸਨੂੰ ਆਪਣੀ ਕਲਪਣਾ ਵਿੱਚ ਬਣਾ ਲੈਂਦਾ ਹੈ।

ਇਸ ਤੋਂ ਬਾਅਦ ਮਾਰਕਸ ਰੂਪ ਸਬੰਧੀ ਸਵਾਲ ਨਹੀਂ ਉਠਾਉਂਦੇ। ਹੇਗੇਲ ਦੀ ਹੀ ਤਰ੍ਹਾਂ ਉਹਨਾਂ ਦਾ ਸਾਹਿਤਕ ਸਹੁਜ ਸ਼ਾਸਤਰ ਵਿਸ਼ਾ-ਵਸਤੂ ਅਤੇ ਉਦੇਸ਼ ਨੂੰ ਪਹਿਲ ਦਿੰਦਾ ਹੈ। ਉਹਨਾਂ ਦਾ ਮੁੱਢਲਾ ਸੂਤਰ “ਰੂਪ ਦਾ ਕੋਈ ਮੁੱਲ ਨਹੀਂ ਜੇਕਰ ਉਹ ਆਪਣੇ ਤੱਤ ਦਾ ਰੂਪ ਨਹੀਂ ਹੈ”, ਸਾਹਿਤਕ ਰਚਨਾਵਾਂ ਨੂੰ ਮਾਪਦੇ ਸਮੇਂ ਹਮੇਸ਼ਾ ਉਹਨਾਂ ਦੇ ਦਿਮਾਗ਼ ਵਿੱਚ ਬਣਿਆ ਰਹਿੰਦਾ ਹੈ। ਉਹ ਸੂਤਰ “ਕੋਈ ਰਚਨਾ ਕੀ ਕਹਿੰਦੀ ਹੈ ਅਤੇ ਉਸ ਨੂੰ ਕਿਵੇਂ ਕਹਿੰਦੀ ਹੈ”, ਯਾਨੀ ਕਹਿਣ ਅਤੇ ਕਥਨ ਦੇ ਢੰਗ ਵਿੱਚ ਤਾਲਮੇਲ ਦੀ ਲੋੜ ਦੇ ਵੱਲ ਸੰਕੇਤ ਕਰਦਾ ਹੈ। ਪਰ ਇਹ ਮਾਰਕਸ ਦੀ ਉਸ ਬੇਚੈਨੀ ਦੇ ਵੱਲ ਵੀ ਸੰਕੇਤ ਕਰਦਾ ਹੈ ਜੋ ਉਹ ਅਜਿਹੇ ਕਲਾਕਾਰਾਂ ਪ੍ਰਤੀ ਮਹਿਸੂਸ ਕਰਦੇ ਸਨ ਜੋ ਲਗਾਮ ਰੱਖਦੇ ਸੀ, ਪਰ ਜਿਹਨਾਂ ਕੋਲ਼ ਘੋੜਾ ਗ਼ਾਇਬ ਸੀ। ਮਾਰਕਸ ਹਰ ਪ੍ਰਕਾਰ ਦੇ ਰੂਪਵਾਦ, ਸਹੁਜਵਾਦ ਅਤੇ ਅਲੰਕਾਰਵਾਦ ਤੋਂ ਚਿੜ੍ਹਦੇ ਸਨ, ਜੋ ਰਵਾਇਤੀ ਚਿੰਤਨ, ਭਾਵੁਕਤਾ ਜਾਂ ਸ਼ੁੱਧ ਅਗਿਆਨ ਨੂੰ ਸੁੰਦਰ ਸ਼ਬਦਾਂ ਨਾਲ਼ ਢੱਕ ਕੇ ਪੇਸ਼ ਕਰਦਾ ਹੈ। ਇਸ ਲਈ ਉਹਨਾਂ ਨੇ ਲਾਸਾਲ ਨੂੰ ਸੁਝਾਅ ਦਿੱਤਾ ਸੀ ਕਿ ਉਹ ਸਹੀ ਮੁਕਤ ਛੰਦ ਨਾ ਲਿਖਿਆ ਕਰੇ। ਭਾਵੇਂ ਇਹ ਸੁਝਾਅ ਅੱਧਾ ਹੀ ਵਿਅੰਗਆਤਮਕ ਸੀ ਪਰ ਦੂਜਿਆਂ ਮੌਕਿਆਂ ‘ਤੇ ਉਹਨਾਂ ਨੇ ਇਹ ਦਿਖਾ ਦਿੱਤਾ ਕਿ ਉਹ ਲੇਖਕ ਦੁਆਰਾ ਸਿਰਫ਼ ਸੋਚਣ ਅਤੇ ਮਹਿਸੂਸ ਕਰਨ ਦੀ ਜ਼ਰੂਰਤ ਨੂੰ ਹੀ ਨਹੀਂ ਸਗੋਂ ਆਪਣਾ ਹੁਨਰ ਸਿੱਖਣ ਦੀ ਜ਼ਰੂਰਤ ਨੂੰ ਵੀ ਕਿੰਨੀ ਸ਼ਿੱਦਤ ਨਾਲ਼ ਮਹਿਸੂਸ ਕਰਦੇ ਸੀ। ਉਹਨਾਂ ਨੇ ਆਪਣੀਆਂ ਕੁੱਝ ਬੇਹੱਦ ਤਿੱਖੀਆਂ ਅਤੇ ਮਜਾਕੀਆ ਟਿੱਪਣੀਆਂ ਵਿੱਚ ਲੰਗੜਾਉਂਦੇ ਛੰਦਾਂ ਅਤੇ ਭਾਸ਼ਾ ਦੀ ਕੁਚੱਜੀ ਵਰਤੋਂ ਦੀ ਨਿੰਦਿਆ ਕੀਤੀ ਹੈ। ਮਾਰਕਸ ਦੇ ਵਿਚਾਰ ਨਾਲ਼ ਅਸਲ ਵਿੱਚ ਭਾਸ਼ਾ ਦੇ ਇਸਤੇਮਾਲ  ਅਤੇ ਕਵਿਤਾ ਤੇ ਗਦ ਦੀਆਂ ਲੈਆਂ ਵਿੱਚ ਹੀ ਕਵੀ ਦੇ ਚਿੰਤਨ ਅਤੇ ਤਜ਼ਰਬੇ ਦੀਆਂ ਕਮਜ਼ੋਰੀਆਂ ਜ਼ਿਆਦਾਤਰ ਝਲਕ ਪੈਂਦੀਆਂ ਹਨ। ਉਹ ਅਠਾ੍ਹਰਵੀਂ ਸਦੀ ਦੇ ਕਿਸੇ ਵੀ ਕਲਾਸਿਕਵਾਦੀ ਦੀ ਤਰ੍ਹਾਂ ਯੂਨਾਨੀ ਕਲਾ ਦੇ ਸੰਘਣੇ ਤਾਣੇ-ਬਾਣੇ, “ਬੰਦ ਅਕਾਰ ਅਤੇ ਰੂਪ” ਅਤੇ “ਨਿਯਮ ਸੀਮਾ” ਦੇ ਪ੍ਰਸ਼ੰਸਕ ਸਨ।

ਮਾਰਕਸ ਨੇ ਲਾਸਾਲ ਨੂੰ 1859 ਵਿੱਚ ਲਿਖਿਆ ਸੀ ਕਿ ਸਾਹਿਤ ਨਾਲ਼ ਉਸਦਾ ਸਰੋਕਾਰ ਮੁੱਖ ਤੌਰ ‘ਤੇ ਬੌਧਿਕ ਹੈ। ਪਰ ਜਿਵੇਂ ਕਿ ਫਰਾਂਜ ਵਾਨ ਸਿਕਿੰਗਨ ਬਾਰੇ ਲਿਖੀ ਇਸ ਚਿੱਠੀ ‘ਚੋਂ ਵੀ ਜਾਹਿਰ ਹੁੰਦਾ ਹੈ, ਕਾਲਪਨਿਕ ਸਾਹਿਤ ਦੀਆਂ ਰਚਨਾਵਾਂ ਵਿੱਚ ਕਿਸ ਤਰ੍ਹਾਂ ਭਾਵਨਾਤਮਕ ਅਤੇ ਅੰਦਰੂਨੀ ਪ੍ਰਭਾਵ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ, ਇਸ ਬਾਰੇ ਉਹ ਹਮੇਸ਼ਾ ਸੁਚੇਤ ਰਹੇ। ਮਨੁੱਖ ਕੁੱਝ ਵਿਸ਼ੇ-ਵਸਤੂਆਂ, ਤਾਣੇ-ਬਾਣੇ, ਬਿੰਬਾਂ, ਧੁਨੀਆਂ ਅਤੇ ਲੈਆਂ ਪ੍ਰਤੀ ਤੁਰੰਤ ਉਤੇਜਨਾ ਅਤੇ ਪਹਿਚਾਣ ਦੇ ਇੱਕ ਝਟਕੇ ਦੇ ਨਾਲ਼ ਪ੍ਰਤੀਕ੍ਰਿਆ ਪ੍ਰਗਟ ਕਰਦੇ ਹਨ ਅਤੇ ਅਲੋਚਨਾ ਇਸ ਪ੍ਰਕ੍ਰਿਆ ਦੀ ਵਿਆਖਿਆ ਬਾਅਦ ਵਿੱਚ ਕਰਦੀ ਹੈ। ਉਹ ਆਪਣੀ ਪੂਰੀ ਹੋਂਦ ਨਾਲ਼, ਆਪਣੀ ਅੱਖ, ਕੰਨ, ਭਾਵਨਾ ਅਤੇ ਦਿਮਾਗ਼ ਨਾਲ਼ ਇਕੱਠੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹਨ। ਬਾਮਗਾਰਟੇਨ ਤੋਂ ਸ਼ੁਰੂ ਕਰ ਅੱਗੇ ਵਧਣ ਵਾਲ਼ੀ ਮੁੱਢਲੀ ਜਰਮਨ ਸਹੁਜ-ਸ਼ਾਸਤਰੀਆਂ ਦੀ ਰੀਤ ਦੀ ਤਰ੍ਹਾਂ ਮਾਰਕਸ ਵੀ ਮੰਨਦੇ ਸੀ ਕਿ ਕਲਾ ਵਿੱਚ ਚੇਤਨਾ ਦਾ ਇੰਦਰੀ ਰੂਪ ਦਿਖਾਈ ਦਿੰਦਾ ਹੈ ਜੋ ਅਮੂਰਤ ਚਿੰਤਨ ਤੋਂ ਅਲੱਗ ਹੁੰਦਾ ਹੈ ਅਤੇ ਜਦੋਂ ਉਹ ਰੂਜ਼ ਵਰਗੇ ਅਲੋਚਕਾਂ ਨੂੰ, ਆਪਣੇ ਮਨ-ਪਸੰਦ ਲੇਖਕਾਂ ਦੀ ਪ੍ਰਸ਼ੰਸਾ ਕਰਦੇ ਇਸ ਲਈ ਸੁਣਦੇ ਸੀ ਕਿ ਉਹਨਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਪੂਰੀ ਤਰ੍ਹਾਂ ਨਾਲ਼ ਵਿਕਸਤ ਅਤੇ ਸਪੱਸ਼ਟ ਦਾਰਸ਼ਨਿਕ ਵਿਧੀ ਪ੍ਰਗਟ ਹੋਈ ਹੈ, ਤਾਂ ਉਹ (ਮਾਰਕਸ) ਬਹੁਤ ਹੱਸਿਆ ਕਰਦੇ ਸਨ।

ਮਾਰਕਸ ਦੀ ਨਜ਼ਰ ਵਿੱਚ ਸਭ ਕੁੱਝ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੌਣ ਕਿਸ ਲਈ ਅਤੇ ਕਿਸ ਤਰ੍ਹਾਂ ਦੀ ਰਚਨਾ ‘ਤੇ ਪ੍ਰਤੀਕ੍ਰਿਆ ਕਰਦਾ ਹੈ। ਮਨੁੱਖ ਆਪਣੀਆਂ ਸਾਹਿਤਕ ਰੁਚੀਆਂ ਵਿੱਚ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਹਨ। ਇਸ ਲਈ ਜਦੋਂ ਮਾਰਕਸ ਪੁਸਟਕੁਚੇਨ, ਦਾਮੇਰ ਅਤੇ ਕਿੰਕੇਲ ਵਰਗੇ ਦੂਜੇ ਦਰਜੇ ਦੇ ਪਰ ਨੁਮਾਇੰਦਾ ਲੇਖਕਾਂ ਨੂੰ ਪਰਿਭਾਸ਼ਿਤ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦੀ ਅਲੋਚਨਾ ਜ਼ਿਆਦਾ ਹੱਦ ਤੱਕ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਨ ਕਿ ਇਹ ਲੇਖਕ ਕਿਸ ਤਰ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਪਸੰਦ ਜਾਂ ਨਾਪਸੰਦ ਕਰਦੇ ਹਨ। ਇਸ ਤਰ੍ਹਾਂ ਦੀਆਂ ਰਚਨਾਵਾਂ ਦੇ ਕਿਹਨਾਂ ਪੱਖਾਂ ਨੂੰ ਖਾਸ ਤੌਰ ‘ਤੇ ਪਸੰਦ ਜਾਂ ਨਾਪਸੰਦ ਕਰਦੇ ਹਨ ਅਤੇ ਆਪਣੇ ਸਾਹਿਤਕ ਨਾਇਕਾਂ ਤੇ ਆਦਰਸ਼ਾਂ ਦੀ ਵਿਧਾ ਅਨੁਸਾਰ ਆਪਣੇ ਜੀਵਨ ਅਤੇ ਰਚਨਾਤਮਕਤਾ ਨੂੰ ਕਿਸ ਤਰ੍ਹਾਂ ਢਾਲ਼ਦੇ ਹਨ। ਕਾਰਲਾਇਲ ਬਾਰੇ ਮਾਰਕਸ ਦੀ ਰਾਇ ਵੀ ਇਸ ਤਰ੍ਹਾਂ ਹੀ ਬਣੀ ਸੀ। ਉਹ ਮੰਨਦੇ ਸਨ ਕਿ ਜਾਂ ਪਾਲ ਦੀਆਂ ਸਨਕ ਨਾਲ਼ ਭਰੀਆਂ ਕਹਾਣੀਆਂ ਪ੍ਰਤੀ ਕਾਰਲਾਇਲ ਦਾ ਪ੍ਰਸ਼ੰਸਾ ਭਾਵ ਉਸਦੇ ਸੁਭਾਅ ਦੇ ਇੱਕ ਮਹੱਤਵਪੂਰਣ ਪੱਖ ਨੂੰ ਪੇਸ਼ ਕਰਦਾ ਹੈ।

ਮਾਰਕਸ ਕਥਾਕਾਰ ਦੀ ਤੁਲਨਾ ਕਥਾ ‘ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ। ਸਾਹਿਤ ਦੇ ਉਹਨਾਂ ਦੇ ਸਰੋਕਾਰਾਂ ਵਿੱਚ ਇਹ ਵਿਸ਼ਵਾਸ ਸ਼ਾਮਲ ਸੀ ਅਤੇ ਇਸਦੀ ਸਰਵ-ਗਿਆਤ ਪੇਸ਼ਕਾਰੀ ਮਾਗਰਿਟ ਹਾਕਨੇਸ ਨੂੰ ਅਪ੍ਰੈਲ, 1888 ਵਿੱਚ ਲਿਖੀ ਏਂਗਲਜ਼ ਦੀ ਚਿੱਠੀ ਵਿੱਚ ਹੋਈ। ਇਸਦੇ ਅਨੁਸਾਰ ਲੇਖਕ ਦੀ ਰਚਨਾ ਉਸਦੇ ਇਰਾਦੇ ਦੇ, ਉਸਦੇ ਅੰਦਰੂਨੀ ਲਗਾਅ, ਉਸਦੇ ਬਾਹਰੀ ਮਤ ਦੇ ਖਿਲਾਫ਼ ਜਾ ਸਕਦੀ ਹੈ। ਮਾਰਕਸ ਕਦੇ-ਕਦੇ ਅਜਿਹੀਆਂ ਗੱਲਾਂ ਕਰਦੇ ਸਨ ਜਿਹਨਾਂ ਤੋਂ ਲੱਗਦਾ ਸੀ ਕਿ ਲੇਖਕ ਦੁਆਰਾ ਘੜੇ ਕਿਰਦਾਰ ਅਸਲ ਜੀਵਨ ਵਿੱਚ ਰਹਿੰਦੇ ਹਨ ਅਤੇ ਉਹਨਾਂ ਦਾ ਇਤਿਹਾਸ ਉਸ ਨਾਟਕ ਜਾਂ ਨਾਵਲ ਤੋਂ ਪਰ੍ਹੇ ਫੈਲਿਆ ਹੁੰਦਾ ਹੈ ਜਿਸ ਵਿੱਚ ਉਹ ਪ੍ਰਗਟ ਹੁੰਦੇ ਹਨ। ਇਹ “ਲੇਡੀ ਮੈਕਬੇਥ ਦੇ ਕਿੰਨੇ ਬੱਚੇ ਸੀ” ਵਾਲ਼ੀ ਮਾਨਸਿਕਤਾ ਜਿੰਨੀ ਮਾਅਰਕੇਬਾਜ਼ੀ (ਜਾਂ ਥੋਪੀ ਹੋਈ) ਨਹੀਂ ਹੈ ਜਿੰਨਾ ਕਿ ਇਸਦੇ ਹੋਣ ਦਾ ਕਦੇ-ਕਦੇ ਦਾਅਵਾ ਕੀਤਾ ਗਿਆ ਹੈ। ਜਦੋਂ ਇਹ ਮਾਅਰਕੇਬਾਜ਼ੀ ਭਾਸਣ ਲਗਦੀ ਹੈ ਤਾਂ ਮਾਰਕਸ ਉਸਨੂੰ ਤੁਰੰਤ ਅਜਿਹੇ ਕਥਨਾਂ ਨਾਲ਼ ਠੀਕ ਕਰਨ ਦਾ ਯਤਨ ਕਰਦੇ ਹਨ, ਜਿਸ ਵਿੱਚ ਉਹ ਵਿਖਾਉਂਦੇ ਹਨ ਕਿ ਕਿਸ ਤਰ੍ਹਾਂ ਲੇਖਕ ਨੇ ਆਪਣੇ ਦੁਆਰਾ ਬਣਾਏ ਕਿਰਦਾਰ ਦੀ ਵਿਕਾਸ-ਪ੍ਰਕ੍ਰਿਆ ਨੂੰ ਭੱਦਾ ਕੀਤਾ ਹੈ, ਜਾਂ ਉਸਨੂੰ ਆਪਣੀ ਯੋਗਤਾ ਨੂੰ ਪੂਰੀ ਤਰ੍ਹਾਂ ਨਾਲ਼ ਜ਼ਾਹਰ ਕਰਨ ਤੋਂ ਰੋਕ ਦਿੱਤਾ ਹੈ ਜਾਂ ਉਹਦੇ ਮੂੰਹ ‘ਚੋਂ ਖੁੱਲ੍ਹ ਕੇ ਆਪਣੀ ਗੱਲ ਕਹਿਣ ਲੱਗਾ ਹੈ। ਮਾਰਕਸ ਦੇ ਅਨੁਸਾਰ ਲਾਸਾਲ ਨੂੰ ਚਾਹੀਦਾ ਸੀ ਕਿ ਉਹ ਆਪਣੀ ਤ੍ਰਾਸਦੀ ਦੇ ਨਾਇਕਾਂ ਨੂੰ ਆਪਣੇ ਸੁਭਾਅ ਦੇ ਅਨੁਸਾਰੀ ਬਣੇ ਰਹਿਣ ਦੀ ਅਤੇ ਪੂਰੀ ਹੱਦ ਤੱਕ ਆਪਣੀਆਂ ਯੋਗਤਾਵਾਂ ਦੀ ਪੜਤਾਲ ਕਰਨ ਦੀ ਤੇ ਆਪਣੀਆਂ ਸ਼ਖਸ਼ੀਅਤਾਂ ਦੀ ਅੰਦਰਲੀ ਦਵੰਦਾਤਮਕਤਾ ਦੀ ਖੋਜ ਕਰਨ ਦੀ ਮਨਜ਼ੂਰੀ ਦਿੰਦੇ। ਇਸਦੇ ਨਾਲ਼ ਹੀ ਮੰਨਣਾ ਹੋਵੇਗਾ ਕਿ ਮਾਰਕਸ ਕਦੇ-ਕਦੇ ਆਪਣੇ ਸ਼ਬਦ ਇੰਨੀ ਸਾਵਧਾਨੀ ਨਾਲ਼ ਨਹੀਂ ਚੁਣਦੇ ਕਿ ਅਸੀਂ ਇਸ ਦੂਜੇ ਸਿੱਟੇ ਤੋਂ ਬਚ ਸਕੀਏ। ਉਹ ਇਹ ਕਿ ਉਹ ਕਾਫੀ ਸਪੱਸ਼ਟਤਾ ਨਾਲ਼ ਕਿਸੇ ਨਾਟਕੀ ਕਿਰਦਾਰ ਦੇ ਵਿਚਾਰਾਂ ( ਜਿਵੇਂ, ਸ਼ੇਕਸਪੀਅਰ ਦੇ ਟਿਮੋਨ ਆਫ਼ ਏਥੇਂਸ ਨੂੰ ਲਿਆ ਜਾ ਸਕਦਾ ਹੈ) ਅਤੇ ਖੁਦ ਲੇਖਕ ਦੇ ਵਿਚਾਰਾਂ ਵਿੱਚ ਫਰਕ ਕਰਨ ਵਿੱਚ ਅਸਫਲ ਰਹਿੰਦੇ ਹਨ। ਖੈਰ, ਜੇਕਰ ਅਸੀਂ ਅਸਲ਼ ਰੂਪ ਵਿੱਚ ਹੂ-ਬ-ਹੂ ਸ਼ਬਦਾਂ ਦੀ ਅਤੇ ਮਾਰਕਸ ਦੇ ਤਰਕ ਵਿੱਚ ਸ਼ਾਮਲ ਉਸਦੇ ਸੰਦਰਭ ਦੀ ਸਾਵਧਾਨੀ ਨਾਲ਼ ਜਾਂਚ ਕਰੀਏ ਤਾਂ ਵੇਖਾਂਗੇ ਕਿ ਮਾਰਕਸ ਇਸ ਭੇਦ ਤੋਂ ਜਾਣੂ ਸਨ ਅਤੇ ਚਾਹੁੰਦੇ ਸਨ ਕਿ ਪਾਠਕ ਵੀ ਇਸ ਤੋਂ ਜਾਣੂ ਹੋਣ।

ਅਸੀਂ ਦੇਖ ਆਏ ਹਾਂ ਕਿ ਮਾਰਕਸ ਉਸ ਵਿਚਾਰ ਨੂੰ ਰੱਦ ਕਰਦੇ ਹਨ ਜਿਸ ਅਨੁਸਾਰ ਸਾਹਿਤ ਅੰਦਰੂਨੀ ਅਮੂਰਤ ਚਿੰਤਨ ਜਾਂ ਪੇਸ਼ ਨੈਤਿਕਤਾ ਦੇ ਅਨੁਪਾਤ ਵਿੱਚ ਹੀ ਮਹੱਤਵਪੂਰਣ ਹੁੰਦਾ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਉਹ ਸਹੁਜਾਤਮਕ ਤਜ਼ਰਬੇ ਨੂੰ “ਅਵਿਹਾਰਿਕ” ਮੰਨਦੇ ਸਨ, ਸਗੋਂ ਸੱਚਾਈ ਇਸਦੇ ਉਲਟ ਹੈ। ਉਹਨਾਂ ਲਈ ਸਾਹਿਤ ਦੇ ਅਨੇਕ “ਉਪਯੋਗ” ਹੁੰਦੇ ਹਨ। ਉਹਨਾਂ ਨੇ ਸਾਹਿਤ ਦੀ ਰਚਨਾ ਦੀ ਤਰ੍ਹਾਂ ਉਸਦੇ ਸਹੁਜ ਨੂੰ ਵੀ ਅਭਿਆਸ ਦਾ ਇੱਕ ਰੂਪ ਮੰਨਿਆ ਜੋ ਮਨੁੱਖ ਨੂੰ ਪਸ਼ੂਆਂ ਤੋਂ ਉੱਪਰ ਚੁੱਕਦਾ ਹੈ, ਮਨੁੱਖ ਜਾਤੀ ਦੀ ਸੰਭਵ ਯੋਗਤਾ ਨੂੰ ਅਸਲ ਰੂਪ ਦੇਣ ਵਿੱਚ ਸਹਾਇਤਾ ਕਰਦਾ ਹੈ ਅਤੇ ਅਤੀਤ ਤੇ ਵਰਤਮਾਨ, ਅਸਲੀਅਤਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਨਜ਼ਰ ਦਿੰਦਾ ਹੈ। ਖ਼ੈਰ, ਮਾਰਕਸ ਅਨੁਸਾਰ ਸਾਹਿਤ ਇਹ ਕੰਮ ਦਰਸ਼ਨ ਦੇ ਸਾਧਨਾਂ ਤੋਂ ਇੱਕਦਮ ਅਲੱਗ-ਅਲੱਗ ਸਾਧਨਾਂ ਰਾਹੀਂ ਪੂਰਾ ਕਰਦਾ ਹੈ ਅਤੇ “ਸੰਪੂਰਨ” ਮਨੁੱਖ ਨੂੰ ਇਸ ਤਰ੍ਹਾਂ ਨਾਲ਼ ਪ੍ਰਭਾਵਿਤ ਕਰਦਾ ਹੈ ਜਿਵੇਂ ਕੋਈ ਦਾਰਸ਼ਨਿਕ ਪ੍ਰਬੰਧ ਪੂਰਾ ਨਹੀਂ ਕਰ ਸਕਦਾ। ਗਲਤੀ ਨਾਲ਼ ਸਾਹਿਤ ਨੂੰ ਦਰਸ਼ਨ ਜਾਂ ਅਮੂਰਤ ਚਿੰਤਨ ਮੰਨ ਲੈਣਾ ਨਾ ਕੇਵਲ ਲੇਖਕਾਂ ਦੇ ਲਈ ਸਗੋਂ ਪਾਠਕਾਂ ਲਈ ਵੀ ਖ਼ਤਰਨਾਕ ਹੈ, ਕਿਉਂਕਿ ਅਜਿਹਾ ਕਰਨ ਨਾਲ਼ ਉਹਨਾਂ ਵਿੱਚ ਆਪਣੇ ਵਿਚਾਰ ਸਿੱਧੇ ਪ੍ਰਗਟ ਕਰਨ ਦਾ ਝੁਕਾਅ ਪੈਦਾ ਹੋ ਸਕਦਾ ਹੈ। ਮਾਰਕਸ ਦੇ ਸਮੇਂ ਵਿੱਚ ਹੀ ਅਜਿਹੇ ਕਈ ਉਦੇਸ਼ਮੂਲਕ ਰਚਨਾਕਾਰ  ਰਹੇ ਸਨ ਅਤੇ ਲਾਸਾਲ ਨੇ ਫ੍ਰਾਂਜ ਵਾਨ ਸਿਕਿੰਗਨ ਵਿੱਚ ਅਜਿਹਾ ਹੀ ਕੀਤਾ ਸੀ, ਜਦਕਿ ਉਸਦਾ ਅਸਲੀ ਕੰਮ ਹੈ ਆਪਣੀ ਕਲਾ ਦੀ ਗੈਰ-ਬਰਾਬਰ ਦੁਨੀਆਂ ਵਿੱਚ ਯਥਾਰਥ ਦਾ ਮੂਰਤ, ਗੁੰਝਲ਼ਦਾਰ ਅਤੇ ਚੰਗੀ ਤਰ੍ਹਾਂ ਬਣਿਆ ਚਿੱਤਰ ਸਜੀਵ ਢੰਗ ਨਾਲ਼ ਪੇਸ਼ ਕਰਨਾ।

ਆਪਣੇ ਨਿੱਜੀ ਜੀਵਨ ਵਿੱਚ ਮਾਰਕਸ ਹਮੇਸ਼ਾ ਦੱਸਦੇ ਸਨ ਕਿ ਅਖੀਰ ਸਾਹਿਤ ਕਿਸ ਤਰ੍ਹਾਂ ਹੋਂਦ ਨੂੰ ਸੰਵਾਰ ਸਕਦਾ ਹੈ, ਸਜੀਵ ਬਣਾ ਸਕਦਾ ਹੈ ਅਤੇ ਉੱਪਰ ਚੁੱਕ ਸਕਦਾ ਹੈ। ਉਹ ਪਹਿਲਾਂ ਕਵਿਤਾਵਾਂ ਲਿਖਦੇ ਹਨ ਅਤੇ ਫਿਰ ਉਹਨਾਂ ਨੂੰ ਅਪਣਾ ਕੇ ਜਾਂ ਉਹਨਾਂ ਦੀ ਆਪਣੇ ਅਨੁਕੂਲ ਕਾਇਆਪਲ਼ਟੀ ਕਰ ਕੇ ਮਨ ਦੀ ਖੁਸ਼ੀ ਲਈ ਪੇਸ਼ ਕਰਦੇ ਸਨ। ਉਹ ਆਪਣੇ ਬੱਚਿਆਂ ਲਈ ਕਹਾਣੀਆਂ ਅਤੇ ਕਵਿਤਾਵਾਂ ਪੜ੍ਹਦੇ ਅਤੇ ਲੋਕ-ਕਥਾ ਜਾਂ ਜਰਮਨੀ ਦੇ ਰੋਮਾਂਟਿਕ ਸਾਹਿਤ ਨੂੰ ਅਧਾਰ ਬਣਾਕੇ ਖੁਦ ਕਹਾਣੀਆਂ ਘੜਦੇ ਹਨ ਅਤੇ ਉਹਨਾਂ ਨੂੰ ਆਪਣੇ ਸੁਭਾਅ, ਆਪਣੀਆਂ ਮੁਸ਼ਕਿਲਾਂ ਅਤੇ ਆਪਣੇ ਸਮਾਜਿਕ ਅਨੁਭਵ ਵਿੱਚੋਂ ਲੰਘਾ ਕੇ ਨਵੇਂ ਅਰਥ ਦੇ ਦਿੰਦੇ ਹਨ। ਉਹ ਅਨੇਕ ਭਾਸ਼ਾਵਾਂ ਵਿੱਚ ਕਵਿਤਾਵਾਂ ਅਤੇ ਨਾਟਕ ਜ਼ੋਰ-ਜ਼ੋਰ ਨਾਲ਼ ਪੜ੍ਹ ਕੇ ਸੁਣਾਉਂਦੇ ਹਨ ਅਤੇ ਉਹਨਾਂ ਦੀ ਧੁਨੀ, ਲੈਅ ਅਤੇ ਅਰਥ ਵਿੱਚ ਇੱਕੋ ਜਿਹਾ ਅਨੰਦ ਲੈਂਦੇ ਹਨ। ਉਹ ਸ਼ੇਕਸਪੀਅਰ, ਡਿਕੇਂਸ ਜਾਂ ਜਾਰਜ ਇਲੀਅਟ ਦੀਆਂ ਰਚਨਾਵਾਂ ‘ਚੋਂ ਲਏ ਗਏ ਸਾਹਿਤਕ ਨਾਵਾਂ ਨਾਲ਼ ਆਪਣੀ ਜਾਣ-ਪਛਾਣ ਨੂੰ ਸਜਾਉਂਦੇ ਹਨ। ਉਹ ਤਾਜਗੀ ਅਤੇ ਮਨੋਰੰਜਨ ਲਈ ਯੂਨਾਨੀ, ਲਾਤੀਨੀ, ਸਪੇਨੀ, ਰੂਸੀ, ਫਰਾਂਸੀਸੀ, ਅੰਗਰੇਜ਼ੀ ਅਤੇ ਜਰਮਨ ਭਾਸ਼ਾਵਾਂ ਦਾ ਕਲਾਤਮਕ ਸਾਹਿਤ ਪੜ੍ਹਦੇ ਹਨ। ਇੱਕ ਜਨਤਕ ਵਿਅਕਤੀ ਦੇ ਰੂਪ ਵਿੱਚ ਵੀ, ਲੇਖਕ ਅਤੇ ਵਕਤਾ ਦੇ ਰੂਪ ਵਿੱਚ, ਮਾਰਕਸ ਹਮੇਸ਼ਾ ਅਤੀਤ ਅਤੇ ਵਰਤਮਾਨ ਦੇ ਆਪਣੇ ਮਨ-ਪਸੰਦ ਲੇਖਕਾਂ ਦੀਆਂ ਰਚਨਾਵਾਂ ਤੋਂ ਉਦਾਹਰਣ ਅਤੇ ਪ੍ਰੇਰਣਾ ਲੈਂਦੇ ਹਨ। ਉਹ ਬਹਿਸ-ਲੋੜਾਂ ਦੇ ਅਨੁਸਾਰ ਏਸਿਕਲਸ ਦੇ ਪ੍ਰਾਮੀਥਿਅਸ, ਸ਼ੇਕਸਪੀਅਰ ਦੇ ਥੇਰੀਸਟੀਜ਼ ਅਤੇ ਗੇਟੇ ਦੇ ਮੇਫਿਸਟੋਫੇਲੀਜ਼ ਦੀ ਅਵਾਜ਼ ਅਪਣਾ ਲੈਂਦੇ ਹਨ। ਉਹ ਆਪਣੇ ਤਰਕ ਅਤਿਅੰਤ ਸੰਘਣੇ ਅਤੇ ਯਾਦਗਾਰੀ ਬਣਾਉਣ ਲਈ ਸੰਸਾਰ ਦੇ ਮਹਾਨ ਲੇਖਕਾਂ ਦੇ ਉਦਾਹਰਣ ਲੈਂਦੇ ਹਨ ਅਤੇ ਉਹਨਾਂ ਨੂੰ ਆਪਣੀ ਯਾਦ ਸ਼ਕਤੀ ਵਿੱਚ ਭਰ ਕੇ ਜਾਂ ਤਾਂ ਜਿਉਂ ਦੇ ਤਿਉਂ ਪੇਸ਼ ਕਰਦੇ ਹਨ ਜਾਂ ਜਾਣ-ਬੁੱਝ ਕੇ ਆਪਣੇ ਉਦੇਸ਼ ਅਨੁਕੂਲ ਬਦਲ ਦਿੰਦੇ ਹਨ। ਕਦੇ-ਕਦੇ ਅਜਿਹੀਆਂ ਉਦਾਹਰਣਾਂ ਦੇ ਮੂਲ ਸੰਦਰਭ ਨੂੰ ਯਾਦ ਕਰਨਾ ਮਨਭਾਉਂਦੇ ਪ੍ਰਭਾਵ ਲਈ ਹਾਨੀਕਾਰਕ ਹੁੰਦਾ ਹੈ। ਜਿਵੇਂ, ਸ਼ੈਕਸ਼ਪੀਅਰ ਦੇ ਕਿੰਗ ਲੀਅਰ ਦੇ ਸਭ ਤੋਂ ਬੁਰੇ ਕਿਰਦਾਰ ਕਾਰਨਵਾਲ ਦਾ ਕਥਨ ਲੈਂਦੇ ਸਮੇਂ ਹੁੰਦਾ ਹੈ, ਜਿਸ ਨਾਲ਼ ਮਾਰਕਸ ਸਪੱਸ਼ਟ ਸਹਿਮਤ ਹਨ। ਹੋਰ ਥਾਵਾਂ ‘ਤੇ ਮੂਲ ਸੰਦਰਭ ਕੋਈ ਖ਼ਾਸ ਮਹੱਤਵ ਨਹੀਂ ਰੱਖਦਾ। ਉਦਾਹਰਣ ਲਈ ਗੇਟੇ ਦੇ ਵੇਸਟ ਈਸਟਰ ਦੀਵਾਨ ਤੋਂ ਲਈਆਂ ਗਈਆਂ ਮਾਰਕਸ ਦੀਆਂ ਮਨ-ਪਸੰਦ ਤੁਕਾਂ ਦੇ ਉੁਹਨਾਂ ਦੁਆਰਾ ਕੀਤੇ ਗਏ “ਸਿੱਧੇ” ਅਤੇ ਵਿਅੰਗਾਤਮਕ ਪ੍ਰਯੋਗ ਨੂੰ ਚੰਗੀ ਤਰ੍ਹਾਂ ਨਾਲ਼ ਇਹ ਜਾਣੇ ਬਿਨਾਂ ਸਮਝਿਆ ਜਾ ਸਕਦਾ ਹੈ ਕਿ ਇਹ ਤੁਕਾਂ ਤੈਮੂਰ ਲੰਗ ਨਾਲ਼ ਸਬੰਧਿਤ ਕਿਤਾਬ ‘ਚੋ ਲਈਆਂ ਗਈਆਂ ਹਨ ਅਤੇ ਇੱਕ ਪਿਆਰ ਕਵਿਤਾ ਦਾ ਅੰਗ ਹਨ ਜਿਸ ਵਿੱਚ ਪ੍ਰੇਮੀ ਦੱਸਦਾ ਹੈ ਕਿ ਕਿਸ ਤਰ੍ਹਾਂ ਪ੍ਰੇਮਿਕਾ ਲਈ ਸੁਗੰਧ ਦੀਆਂ ਕੁੱਝ ਬੂੰਦਾਂ ਪ੍ਰਾਪਤ ਕਰਨ ਲਈ ਢੇਰ ਸਾਰੇ ਸੋਹਣੇ ਗੁਲਾਬਾਂ ਨੂੰ ਨਸ਼ਟ ਹੋਣਾ ਪੈਂਦਾ ਹੈ। ਮਾਰਕਸ ਨੇ ਅਜਿਹੇ ਸੰਦਰਭ ਵਾਲ਼ੇ ਉਦਾਹਰਣ ਇਸਤੇਮਾਲ ਕੀਤੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਮੂਲ ਸੰਦਰਭ ਦੀ ਯਾਦ ਨਾਲ਼ ਘੱਟੋ-ਘੱਟ ਏਨਾ ਤਾਂ ਹੁੰਦਾ ਹੀ ਹੈ ਕਿ ਪਾਠਕ ਮਾਰਕਸ ਦੁਆਰਾ ਚਾਹੀ ਗੈਰ-ਬਰਾਬਰਤਾ ਅਤੇ ਬਰਾਬਰਤਾ ਨੂੰ ਜ਼ਿਆਦਾ ਚੰਗੇ ਢੰਗ ਨਾਲ਼ ਸਮਝ ਲੈਣ। ਕੁੱਝ ਉਦਾਹਰਣ ਅਜਿਹੇ ਵੀ ਹਨ ਜੋ ਖ਼ਾਸ ਤੌਰ ‘ਤੇ ਪ੍ਰਸਿੱਧ ਸਾਹਿਤਕ ਰਚਨਾਵਾਂ ਲਈ ਦਿੱਤੇ ਗਏ ਹਨ ਅਤੇ ਜੇਕਰ ਅਸੀਂ ਇੱਥੇ ਮੂਲ ਸੰਦਰਭ ਨੂੰ ਯਾਦ ਨਹੀਂ ਰੱਖ ਪਾਉਂਦੇ ਤਾਂ ਮਨ-ਪਸੰਦ ਪ੍ਰਭਾਵ ਕਾਫੀ ਕਮਜ਼ੋਰ ਪੈ ਜਾਵੇਗਾ। ਸਾਨੂੰ ਯਾਦ ਰੱਖਣਾ ਹੋਵੇਗਾ, ਮਾਰਕਸ ਦੁਆਰਾ ਜਿਉਂ ਦੇ ਤਿਉਂ ਲਏ ਇਹ ਸ਼ਬਦ ਮੂਲ ਰੂਪ ਵਿੱਚ ਸ਼ੇਕਸਪੀਅਰ ਦੇ ਸ਼ਾਈਲਾਕ ਦੁਆਰਾ ਬੋਲੇ ਗਏ ਹਨ ਅਤੇ ਆਪਣੇ ਦੁਆਰਾ ਬੁਲਾਈਆਂ ਗਈਆਂ ਆਤਮਾਵਾਂ ਨੂੰ ਕੰਟਰੋਲ ਵਿੱਚ ਰੱਖ ਸਕਣ ਵਿੱਚ ਹੋਈ ਅਸਫਲਤਾ ਮੂਲ ਰੂਪ ਵਿੱਚ ਤਾਂਤਰਿਕ ਦੇ ਚੇਲੇ ਦੀ ਹੈ (ਜਿਵੇਂ ਕਿ ਕਮਿਊਨਿਸਟ ਮੈਨੀਫੈਸਟੋ ਵਿੱਚ ਦਿਖਾਈ ਦਿੰਦਾ ਹੈ), ਖੁਦ ਤਾਂਤਰਿਕ ਦੀ ਨਹੀਂ।

ਮਾਰਕਸ ਆਪਣੇ ਪਾਠਕਾਂ ਦਾ ਧਿਆਨ (ਡਾਨ ਕਿਵਕਜ਼ੋਟ, ਫਾਲਸਟਾਫ ਜਾਂ ਪੇਕਸਨਿਫ ਵਰਗੇ) ਸਾਹਿਤਕ ਕਿਰਦਾਰਾਂ ਦੇ ਵੱਲ ਖਿੱਚਦੇ ਹਨ ਜੋ ਖ਼ਾਸ ਤਰ੍ਹਾਂ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਮਾਰਕਸ ਦੇ ਵਿਰੋਧੀਆਂ ਨੂੰ ਜਾਂ ਤਾਂ ਉਹਨਾਂ ਕਿਰਦਾਰਾਂ ਨਾਲ਼ ਸਮਾਨਤਾ ਰੱਖਣ ਵਾਲ਼ੇ ਕਿਹਾ ਜਾ ਸਕਦਾ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕੁੱਝ ਖ਼ਾਸ ਗੱਲਾਂ ਵਿੱਚ ਉਹ ਉਹਨਾਂ ਕਿਰਦਾਰਾਂ ਤੋਂ ਵੱਖ ਹਨ। ਉਹ ਸਾਹਿਤਕ ਰਚਨਾਵਾਂ ‘ਚੋਂ ਕੁੱਝ ਘਟਨਾਵਾਂ ਨੂੰ ਮਾਡਲ ਦੀ ਤਰ੍ਹਾਂ ਚੁੱਕ ਲੈਂਦੇ ਹਨ ਅਤੇ ਉਹਨਾਂ ਦੀ ਵਰਤੋਂ ਅਸਲ ਸਮਾਜਿਕ ਸੰਸਾਰ ਵਿੱਚ ਵਾਪਰਨ ਵਾਲ਼ੀਆਂ ਘਟਨਾਵਾਂ ਦੇ ਸਹੀ ਜਾਂ ਭੱਦੇ ਤਰਕ ਉਘਾੜਨ ਲਈ ਕਰਦੇ ਹਨ। (ਉਦਾਹਰਣ ਲਈ ਖੱਬੇਪੱਖੀ ਮਾਰਕਸ ਨੂੰ ਧਰਮ ਦੇ ਵਿਰੁੱਧ ਆਪਣੀ ਤਾਕਤ ਖਰਚ ਕਰਨ ਵਾਲ਼ੇ ਹੇਗੇਲਵਾਦੀ, ਅਰਥੀ ‘ਤੇ ਹਮਲਾ ਕਰਨ ਵਾਲ਼ੇ ਡਾਨ ਕਵਿਕਜ਼ੋਟ ਦੀ ਯਾਦ ਦਵਾਉਂਦੇ ਹਨ) ਜੋ ਆਰਥਿਕ ਪ੍ਰਕ੍ਰਿਆ ਅਸਲੀ ਜੀਵਨ ਵਿੱਚ, ਨਜ਼ਰ ਵਿੱਚ ਨਹੀਂ ਆਉਂਦੀ, ਉਹ ਸਾਹਿਤ ਵਿੱਚ “ਪਾਰਦਰਸ਼ੀ” ਬਣਾਈ ਜਾ ਸਕਦੀ ਹੈ। ਇਸ ਲਈ ਸਰਮਾਇਆ ਪਹਿਲੇ ਭਾਗ ਵਿੱਚ “ਰੌਬਿਨਸਨ ਕਰੂਜ਼ੋ” ਮੁੱਖ ਮਿਸਾਲ ਬਣ ਗਿਆ ਹੈ। ਮਾਰਕਸ ਦੱਸਦੇ ਹਨ ਕਿ ਮਨੁੱਖ ਦੇ ਤਰਕਾਂ ਅਤੇ ਕਿਰਿਆਵਾਂ ਦੀਆਂ ਬੁਣਤਰਾਂ ਸਾਹਿਤਕ ਬੁਣਤਰਾਂ ਵਿੱਚ ਬਹੁਤ ਸਾਫ਼ ਢੰਗ ਨਾਲ਼ ਪ੍ਰਗਟ ਹੋ ਸਕੀਆਂ ਹਨ। ਇਹ ਸਾਹਿਤਕ ਬੁਣਤਰਾਂ ਯੋਕੇਲੀਡ ਵਰਗੀਆਂ ਖ਼ਾਸ ਰਚਨਾਵਾਂ ਹੋ ਸਕਦੀਆਂ ਹਨ। ਖ਼ਾਸ ਨਾਟਕਾਂ ਦੇ ਖ਼ਾਸ ਦ੍ਰਿਸ਼ ਹੋ ਸਕਦੇ ਹਨ ਜਾਂ ਟ੍ਰੇਜ਼ਡੀ, ਕਮੇਡੀ, ਪ੍ਰਹਸਨ ਜਾਂ ਪੈਰੋਡੀ ਵਰਗਾ ਕੋਈ ਪੂਰਾ ਰੂਪ ਹੋ ਸਕਦਾ ਹੈ। ਕਦੇ-ਕਦੇ ਉਹ ਅਸਲ ਸੰਸਾਰ ਦੀਆਂ ਘਟਨਾਵਾਂ ਅਤੇ ਕ੍ਰਿਆਵਾਂ ਦੇ ਤਰਕ ਦੀ ਤੁਲਨਾ, ਸਾਹਿਤ ਦੀਆਂ ਘਟਨਾਵਾਂ ਅਤੇ ਕ੍ਰਿਆਵਾਂ ਨਾਲ਼ ਕਰਕੇ ਉਹਨਾਂ ਨੂੰ ਸਪਸ਼ਟ ਕਰਦੇ ਹਨ। ਜਿਵੇਂ ਉਹ “ਪੁੱਠੇ ਪੀਟਰ ਸ਼ਲੇਮਿਹਲੋ” ਦੀ ਗੱਲ ਕਰਦੇ ਹਨ ਜੋ ਸੋਨੇ ਨਾਲ਼ ਪਰਛਾਵੇਂ ਖਰੀਦਦਾ ਹੈ। ਕਦੇ-ਕਦੇ ਉਹ ਬੋਇਆਰਟੋ ਦੇ ਰੋਲੈਂਡ ਇੰਨ ਲਵ, ਸ਼ੇਕਸਪੀਅਰ ਦੇ ਕਿੰਗ ਹੈਨਰੀ ਚੌਥਾ ਜਾਂ ਡਾਨ ਕਿਵਕਜ਼ੋਟ ਵਰਗੀਆਂ ਖ਼ਾਸ ਰਚਨਾਵਾਂ ‘ਚੋਂ ਕੁੱਝ ਐਹੋ-ਜਿਹੇ ਪ੍ਰਸੰਗ ਲੈਂਦੇ ਹਨ ਜੋ ਉਹਨਾਂ ਦੇ ਆਪਣੇ ਲੇਖਾਂ ਅਤੇ ਕਿਤਾਬਾਂ ਨੂੰ ਨਿਯਮਤ ਰੂਪ ਦੇਣ ਵਾਲ਼ੇ ਸੂਤਰਾਂ ਦਾ ਕੰਮ ਕਰਦੇ ਹਨ। ਉਹ ਆਪਣੇ ਤਰਕਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਖੁਦ ਸਾਹਿਤਕ ਬੁਣਤਰਾਂ ਦੀ ਜਾਣ-ਬੁੱਝ ਕੇ ਨਕਲ ਕਰ ਸਕਦੇ ਹਨ। ਸਰਮਾਇਆ ਦੇ ਪਹਿਲੇ ਭਾਗ ਵਿੱਚ ਵਿਸ਼ੇਸ਼ ਰੂਪ ਨਾਲ਼ ਦਿਖਾਈ ਪੈਣ ਵਾਲ਼ੀਆਂ ਨਾਟਕੀ ਤਾਣਾਂ ਇਸਦਾ ਸਿੱਧਾ, ਪਰ ਇਕੱਲਾ ਉਦਾਹਰਣ ਨਹੀਂ ਹਨ। ਉਹ ਮਨੁੱਖਾਂ ਅਤੇ ਘਟਨਾਵਾਂ ਦਾ ਚਿੱਤਰਣ ਕਰਨ ਲਈ ਸਾਹਿਤ ਅਤੇ ਸਾਹਿਤਕ ਅਲੋਚਨਾ ‘ਚੋਂ ਲਗਾਤਾਰ ਰੂਪਕ ਲੈਂਦੇ ਹਨ ਅਤੇ ਆਖਰੀ ਪਰ ਘੱਟ ਮਹੱਤਵ ਦੀ ਗੱਲ ਇਹ ਨਹੀਂ ਕਿ ਉਹ ਛੰਦ ਅਤੇ ਲੈਅ ਦੇ ਵਿਸ਼ਲੇਸ਼ਣ, ਬਿੰਬ-ਪ੍ਰਬੰਧ ਦੀ ਵਿਆਖਿਆ, ਵਾਕ-ਬੁਣਤਰਾਂ ਦੇ ਵਿਸ਼ਲੇਸ਼ਣ ਵਰਗੀ ਸਾਹਿਤਕ ਅਲੋਚਨਾ ਦੀਆਂ ਕੁੱਝ ਤਕਨੀਕਾਂ ਦੀ ਵਰਤੋਂ ਆਪਣੇ ਵਿਰੋਧੀਆਂ ਦੀ ਵਿਧਾ ਅਤੇ ਵਿਚਾਰਾਂ ਦਾ ਖੰਡਨ ਕਰਨ ਲਈ ਤਾਕਤਵਰ ਸਾਧਨ ਦੇ ਰੂਪ ਵਿੱਚ ਕਰਦੇ ਹਨ। ਇਸ ਤਰ੍ਹਾਂ ਦੀਆਂ ਅਲੋਚਨਾਵਾਂ ਵਿੱਚ ਉਹ ਆਪਣੇ ਵਿਰੋਧੀਆਂ ‘ਤੇ ਧੁਨੀ ਅਤੇ ਭਾਵ ‘ਤੇ ਅਨੇਕ ਤਰ੍ਹਾਂ ਚੋਟ ਕਰਨ, “ਸੱਚਮੁੱਚ” ਜੋ ਕਿਹਾ ਗਿਆ ਹੈ ਅਤੇ ਜੋ ਉਹ ਸੋਚਦਾ ਹੈ ਕਿ ਕਹਿ ਰਿਹਾ ਹੈ, ਦੇ ਵਿੱਚ ਫਰਕ ਰੱਖਣ, ਅਰਥਹੀਣ ਸ਼ਬਦ-ਵਧਾਉਣ, ਦੋਹਰਾ ਕਰਨ, ਅਮੂਰਤਾਂ ਨੂੰ ਠੋਸ ਰੂਪ ਨਾ ਦੇ ਸਕਣ, ਸ਼ਬਦ-ਅਡੰਬਰ ਰਚਣ, ਔਖੀਆਂ ਵਿਰੋਧਤਾਈਆਂ ਦਾ ਦਿਖਾਵਟੀ ਢੰਗ ਨਾਲ਼ ਉਲੰਘਣਾ ਕਰਨ ਦਾ ਯਤਨ ਕਰਨ, ਚਿੰਤਨ ਵਿੱਚ ਛਾਏ ਛਲ ਨੂੰ ਪ੍ਰਤੀਬਿੰਬਤ ਕਰਨ ਵਾਲ਼ੇ ਭਾਸ਼ਕ ਛਲ ਕਰਨ, ਸ਼ਬਦਾਂ ਅਤੇ ਮੁਹਾਵਰਿਆਂ ਦੇ ਇਤਿਹਾਸਕ ਸੰਦਰਭ ਤੋਂ ਜਾਣੂ ਨਾ ਹੋਣ, ਸ਼ਬਦਾਂ ਦੇ ਅਰਥ ਅਤੇ ਮੂਲ ਰੂਪ ਦੇ ਮਾਮਲੇ ਵਿੱਚ ਟ੍ਰਿਕ ਕਰਨ, ਰਲ਼ੇ-ਮਿਲ਼ੇ ਰੂਪਕਾਂ ਦੀ ਵਰਤੋਂ ਕਰਨ, ਤੁਕਬੰਦੀ ਕਰਨ, ਵਿਆਕਰਣ ਦੀਆਂ ਗਲਤੀਆਂ ਕਰਨ ਅਤੇ ਛੰਦਬੰਦੀ ਦੀ ਅਯੋਗ ਵਰਤੋਂ ਕਰਨ ਦੇ ਇਲਜ਼ਾਮ ਲਗਾਉਂਦੇ ਹਨ। ਇਸ ਤਰ੍ਹਾਂ ਦੇ ਵਿਸ਼ਲੇਸ਼ਣ ਨਾਲ਼ ਜਿੱਥੇ ਮਾਰਕਸ ਆਪਣੇ ਤਰਕ ਨੂੰ ਅੱਗੇ ਵਧਾਉਣ ਵਿੱਚ ਸਫ਼ਲ ਹੁੰਦੇ ਹਨ, ਉੱਥੇ ਆਪਣੇ ਦੁਸ਼ਮਣਾਂ ਨੂੰ ਉਸ “ਘ੍ਰਿਣਾ ਅਤੇ ਮਖੌਲ” ਨਾਲ਼ ਢਕਦੇ ਜਾਂਦੇ ਹਨ ਜਿਹਨਾਂ ਬਾਰੇ 2 ਫਰਵਰੀ, 1881 ਨੂੰ ਏਂਗਲਜ਼ ਨੇ ਏਡੂਆਰਡ ਬਰਨਸਟੀਨ ਨੂੰ ਲਿਖਿਆ ਸੀ :

“ਕਿਉਂਕਿ ਯੂ ਰਾਇਨਿਸ਼ਚੇ ਜਾਇਟੁੰਗ (ਰਾਇਨ੍ਹ ਅਖਬਾਰ- ਅਨੁ)  ਤੁਹਾਡੇ ਕੋਲ਼ ਹੈ ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਇਸਨੂੰ ਕਦੇ-ਕਦੇ ਪੜ੍ਹ ਲਿਆ ਕਰੋ। ਉਹਨਾਂ ਨੇ ਵਿਰੋਧੀਆਂ ਪ੍ਰਤੀ ਜਿਸ ਘ੍ਰਿਣਾ ਅਤੇ ਮਖੌਲ ਨਾਲ਼ ਲਿਖਿਆ, ਉਸਦੇ ਕਾਰਨ ਮਾਰਸ਼ਲ ਲਾਅ ਦੇ ਐਲਾਨ ਤੋਂ ਪਹਿਲਾਂ ਦੇ ਛੇ ਮਹੀਨਿਆਂ ਵਿੱਚ ਹੀ ਚਿੱਠੀ ਦੇ ਲਗਪਗ ਛੇ ਹਜ਼ਾਰ ਮੈਂਬਰ ਹੋ ਗਏ ਅਤੇ ਭਾਵੇਂ ਅਸੀਂ ਨਵੰਬਰ ਦੇ ਅਰੰਭ ਤੋਂ ਉਸਨੂੰ ਫਿਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਹੈ, 1849 ਦੇ ਮਈ ਤੱਕ ਮੈਂਬਰਾਂ ਦੀ ਗਿਣਤੀ ਲਗਪਗ ਓਨੀ ਜਾਂ ਉਸ ਤੋਂ ਵੱਧ ਹੋ ਗਈ।”    

ਮਾਰਕਸ ਦੁਆਰਾ ਲਏ ਗਏ ਅਨੇਕ ਉਦਾਹਰਣਾਂ ਵਿੱਚ ਮੂਲ ਪਾਠ ਦੇ ਸ਼ਬਦ ਬਦਲ ਗਏ ਹਨ। ਇਹ ਬਦਲਾਅ ਅਕਸਰ ਜਾਣ-ਬੁੱਝ ਕੇ ਕੀਤੇ ਗਏ ਹਨ। ਉਹ ਆਪਣੇ ਲੇਖਕਾਂ ਦੀ ਵਰਤੋਂ ਆਪਣੇ ਉਦੇਸ਼ਾਂ ਦੇ ਲਈ ਕਰਦੇ ਹਨ ਅਤੇ ਜ਼ਰੂਰੀ ਹੋਣ ‘ਤੇ ਉਹਨਾਂ ਦੇ ਸ਼ਬਦਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਬਦਲ ਦੇਣ ਤੋਂ ਵੀ ਨਹੀਂ ਸੰਗਦੇ। ਕਦੇ-ਕਦੇ ਤਾਂ ਅਸਲ ਮੂਲ ਪਾਠ ਦੇ ਸ਼ਬਦਾਂ ਅਤੇ ਮਾਰਕਸ ਦੁਆਰਾ ਬਦਲੇ ਸ਼ਬਦਾਂ ਦੀ ਤੁਲਨਾ ਹੀ ਇੱਛਿਤ ਪ੍ਰਭਾਵ ਦਾ ਅੰਗ ਹੁੰਦੀ ਹੈ। ਕਦੇ ਮਾਰਕਸ ਦੀ ਯਾਦ ਸ਼ਕਤੀ ਹੀ ਧੋਖਾ ਦੇ ਜਾਂਦੀ ਹੈ — ਜਿਵੇਂ ਕਿ 13 ਅਕਤੂਬਰ, 1866 ਵਿੱਚ ਕੁਗੇਲਮਾਨ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਨੇ ਸਾਫ਼ ਤੌਰ ‘ਤੇ ਮੰਨਿਆ ਹੈ : “ਮੈਂ ਅਕਸਰ ਯਾਦ ਦੇ ਅਧਾਰ ‘ਤੇ ਉਦਾਹਰਣ ਦਿੰਦਾ ਹਾਂ ਅਤੇ ਮੂਲ ਪਾਠ ਨਹੀਂ ਦੇਖਦਾ।” ਫਿਰ ਵੀ ਉਹਨਾਂ ਦੇ ਉਦਾਹਰਣਾਂ ਵਿੱਚ ਆਏ ਵਿਗਾੜ ਓਨਾ ਤੰਗ ਨਹੀਂ ਕਰਦੇ ਜਿੰਨਾ ਕਿ ਹੇਗੇਲ ਦੀਆਂ ਰਚਨਾਵਾਂ ਵਿੱਚ ਆਏ ਵਿਗਾੜ ਕਰਦੇ ਹਨ। ਮਾਰਕਸ ਕੋਲ਼ ਭਾਸ਼ਕ ਛੰਦ-ਲੈਅ ਨੂੰ ਫੜਣ ਲਈ ਚੰਗੇ ਕੰਨ ਅਤੇ ਧਾਰਕ ਯਾਦ ਸੀ। ਉਦਾਹਰਣ ਲਈ, ਉਹ ਕਦੇ ਆਪਣੇ ‘ਸ਼ਿਲਰ’ ਨੂੰ ਉਸ ਤਰ੍ਹਾਂ ਭ੍ਰਿਸ਼ਟ ਨਹੀਂ ਕਰ ਸਕਦੇ ਸਨ ਜਿਸ ਤਰ੍ਹਾਂ ਹੇਗੇਲ ਨੇ ਫਿਨਾਮੇਲਾਜੀ ਆਫ਼ ਦਿ ਸਪਿਰਟ ਦੇ ਅਖੀਰੀ ਵਾਕ ਵਿੱਚ ਕੀਤਾ ਹੈ।

ਆਪਣੇ ਸਮੇਂ ਦੇ ਹੋਰ ਸਿੱਖਿਅਤ ਲੋਕਾਂ ਦੇ ਵਾਂਗ ਮਾਰਕਸ ਨੇ ਆਪਣੇ ਦਿਮਾਗ਼ ਵਿੱਚ ਦੁਨੀਆਂ ਦੇ ਮਹਾਨ ਲੋਕਾਂ ਦੀਆਂ ਟੂਕਾਂ ਦਾ ਭੰਡਾਰ ਇਕੱਠਾ ਕਰ ਲਿਆ ਸੀ। ਇਹਨਾਂ ਦੀ ਵਰਤੋਂ ਪੂਰੀ ਬੌਧਿਕ ਅਤੇ ਭਾਵਨਾਤਮਕ ਸਹਿਮਤੀ ਦੇ ਬਿਨਾਂ ਵੀ ਅਲੰਕਾਰ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਉਹ ਸਮੇਂ-ਸਮੇਂ ‘ਤੇ ਸਾਹਿਤਕ ਉਦਾਹਰਣਾਂ ਅਤੇ ਪ੍ਰਸੰਗਾਂ ਦੀ ਵਰਤੋਂ ਇਸ ਰੂਪ ਵਿੱਚ ਕਰਦੇ ਸਨ, ਇਸ ਵਿੱਚ ਕੋਈ ਸ਼ੱਕ ਨਹੀਂ। ਖੈਰ, ਉਹ ਇਹਨਾਂ ਦੀ ਵਰਤੋਂ ਕਈ ਵਾਰ ਕੁਦਰਤੀ ਰੂਪ ਵਿੱਚ ਕਰਦੇ ਸੀ। ਜਿਹਨਾਂ ਲੇਖਕਾਂ ਦਾ ਮਾਰਕਸ ਸਨਮਾਨ ਕਰ ਸਕਦੇ ਸਨ ਅਤੇ ਜਿਹਨਾਂ ਪ੍ਰਤੀ ਉਹਨਾਂ ਦੇ ਪਾਠਕ ਕੁੱਝ ਵਧੀਆ ਸੱਭਿਆਚਾਰਕ ਤਜ਼ਰਬਾ ਪ੍ਰਾਪਤ ਕਰਨ ਲਈ ਅਹਿਸਾਨਮੰਦ ਹੋ ਸਕਦੇ ਸਨ, ਉਹਨਾਂ ਦੇ ਸ਼ਬਦ ਮਾਰਕਸ ਦੇ ਆਪਣੇ ਵਿਚਾਰਾਂ ਨੂੰ ਵਾਧੂ ਵਜ਼ੇਨ ਦੇ ਸਕਦੇ ਸੀ ਅਤੇ ਕਦੇ-ਕਦੇ ਮਾਰਕਸ ਨੂੰ ਆਪਣੇ ਵਿਚਾਰਾਂ ਦੇ ਪੱਖ ਵਿੱਚ ਵਿਸਥਾਰਤ ਸਬੂਤ ਪੇਸ਼ ਕਰਨ ਦੀ ਜ਼ਰੂਰਤ ਤੋਂ ਮੁਕਤ ਕਰ ਸਕਦੇ ਸਨ। ਫਿਰ ਵੀ ਇਸਤੋਂ ਬਿਨਾਂ ਇਹ ਉਦਾਹਰਣ ਅਤੇ ਪ੍ਰਸੰਗ ਮਨੁੱਖ ਦੀਆਂ ਆਰਥਿਕ ਅਤੇ ਸੱਭਿਆਚਾਰਕ ਸਰਗਰਮੀਆਂ ਵਿਚਲੇ ਗੁੰਝਲ਼ਦਾਰ ਸਬੰਧਾਂ ਨੂੰ ਵਿਖਾਉਣ ਵਿੱਚ ਮਾਰਕਸ ਦੀ ਮਦਦ ਕਰਦੇ ਹਨ। ਉਹਨਾਂ ਦੇ ਦਿਮਾਗ਼ ਦੀ ਸਜੀਵਤਾ ਅਤੇ ਉਹਨਾਂ ਦੀਆਂ ਵੱਖ-ਵੱਖ ਪਰ ਲੜੀਬੱਧ ਰੁਚੀਆਂ ਦਾ ਘੇਰਾ ਸਭ ਤੋਂ ਵੱਧ ਉੱਥੇ ਹੀ ਖੁੱਲ੍ਹਕੇ ਸਾਹਮਣੇ ਆਉਂਦਾ ਹੈ, ਜਿੱਥੇ ਉਹ ਇਸ ਤਰ੍ਹਾਂ ਦੇ ਅਨੇਕਾਂ ਵਿਭਿੰਨ ਸੰਦਰਭਾਂ ਨੂੰ ਜੋੜ ਕੇ ਪੇਸ਼ ਕਰਦੇ ਹਨ। ਇਸ ਦੇ ਬਾਵਜੂਦ ਕਿ ਕਿਤੇ-ਕਿਤੇ ਉਹ ਇਸ ਮਾਮਲੇ ਵਿੱਚ ਵਾਧਾ ਕਰ ਦਿੰਦੇ ਹਨ ਅਤੇ ਕਿਤੇ-ਕਿਤੇ ਸਾਹਿਤਕ ਸੰਦਰਭਾਂ ਦਾ ਇਹ ਵਾਧਾ ਜਾਂ ਦੁਹਰਾ (ਜਿਵੇਂ ਜਰਮਨ ਵਿਚਾਰਧਾਰਾ ਦੇ ਕੁੱਝ ਭਾਗਾਂ ਵਿੱਚ ਜਾਂ ਹੇਰਫ਼ੋਗਟ ਵਿੱਚ) ਅਕਾਉ ਲੱਗਣ ਲਗਦਾ ਹੈ ਅਤੇ ਲੋੜੀਂਦਾ ਪ੍ਰਭਾਵ ਪੈਦਾ ਕਰਨ ਵਿੱਚ ਅਸਫਲ ਰਹਿ ਜਾਂਦਾ ਹੈ।

ਪੈਰਿਸ ਹੱਥ-ਲਿਖਤਾਂ ਦੇ “ਨਿੱਜੀ ਜਾਇਦਾਦ ਅਤੇ ਕਮਿਊਨਿਜ਼ਮ” ਵਾਲ਼ੇ ਪਾਠ ਵਿੱਚ ਮਾਰਕਸ ਨੇ ਨਿੱਜੀ ਜਾਇਦਾਦ ਵਾਲ਼ੇ ਢਾਂਚੇ ਦੀ ਸਖ਼ਤ ਨਿੰਦਿਆ ਕੀਤੀ ਹੈ, ਜਿਸਨੇ ਸਾਨੂੰ ਏਨਾ ਬੁੱਧੀਹੀਣ ਅਤੇ ਕਿਣਕਾ-ਮਾਤਰ ਬਣਾ ਦਿੱਤਾ ਹੈ ਕਿ ਅਸੀਂ ਉਸੇ ਚੀਜ਼ ਨੂੰ ਆਪਣਾ ਸਮਝਦੇ ਹਾਂ ਜੋ ਸਾਡੇ ਕਬਜ਼ੇ ਵਿੱਚ ਹੋਵੇ, ਸਰਮਾਏ ਦੇ ਰੂਪ ਵਿੱਚ ਸਾਡੇ ਲਈ ਮੌਜੂਦ ਹੋਵੇ ਜਾਂ ਸਿੱਧੀ ਸਾਡੀ ਮਾਲਕੀ, ਖਾਣ-ਪੀਣ, ਪਹਿਨਣ ਅਤੇ ਰਹਿਣ ਦੀ ਸਮੱਗਰੀ ਦੇ ਰੂਪ ਵਿੱਚ ਵਰਤੀ ਜਾ ਰਹੀ ਹੋਵੇ, ਜਾਂ ਸਾਡੀ ਵਰਤੋਂ ਵਿੱਚ ਹੋਵੇ। ਮਾਰਕਸ ਦੀ ਨਜ਼ਰ ਵਿੱਚ ਮਹਾਨ ਸਾਹਿਤ ਦੀ “ਲੋੜ” ਅਤੇ “ਸੁੱਖ ਮਾਣਨ” ਦੇ ਗੰਦੇ ਚਿੰਤਨ ਦਾ ਵਿਰੋਧੀ ਹੋਣਾ ਵੀ ਘੱਟ ਮਹੱਤਵ ਦਾ ਨਹੀਂ ਸੀ। ਖੈਰ, ਇਸਦੇ ਨਾਲ਼ ਹੀ ਇਹ ਉਦਾਹਰਣਾਂ ਅਤੇ ਪ੍ਰਸੰਗ ਮਾਰਕਸ ਦੀ ਵਿਚਾਰਧਾਰਾ ਨੂੰ ਆਰਥਿਕਤਾਵਾਦ ਵਿੱਚ ਸੀਮਿਤ ਕਰਨ ਦੇ ਖਿਲਾਫ਼ ਲਗਾਤਾਰ ਚੇਤਾਵਨੀ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਕਾਰਲ ਕੋਰਸ਼ ਅਤੇ ਕੁੱਝ ਹੋਰ ਲੋਕਾਂ ਨੇ ਮਾਰਕਸ ਦੇ ਬਾਅਦ ਦੇ ਪੈਰੋਕਾਰਾਂ ਵਿੱਚ ਇਸ ਤਰ੍ਹਾਂ ਦਾ ਗਲਤ ਰੁਝਾਨ ਦਿਖਾਇਆ ਹੈ। ਇਹ ਮਸ਼ੀਨੀ ਰੁਝਾਨ ਆਰਥਿਕ ਅਤੇ ਸਮਾਜਿਕ ਘੋਲ਼ਾਂ ਨੂੰ ਹੀ ਸਭ ਕੁੱਝ ਮੰਨਦਾ ਹੈ, ਸਾਹਿਤਕ-ਵਿਚਾਰ ਨੂੰ ਉੱਚ-ਉਸਾਰ ਦਾ ਅਜਿਹਾ ਜਾਦੂ ਮੰਨਦਾ ਹੈ ਜੋ ਸਿਰਫ਼ ਸੰਸਾਰ ਦੇ ਮਜ਼ਦੂਰਾਂ ਨੂੰ ਇਨਕਲਾਬੀ ਕੰਮ ਤੋਂ ਭਟਕਾਉਣ ਦਾ ਹੀ ਕੰਮ ਕਰ ਸਕਦਾ ਹੈ। ਪਹਿਲਾਂ ਦੇ ਸਿਆਸੀ ਘੋਲ਼ਾਂ ਦੇ ਸੰਦਰਭ ਵਿੱਚ ਇੱਕ ਵਾਰ ਲੁਡਵਿਗ ਬੋਰਨੇ ਨੇ ਹਾਇਨੇ ‘ਤੇ ਕੰਮ ਵਿੱਚ ਰੋਕ ਪਾਉਣ ਵਾਲ਼ੀ ਅਪ੍ਰਸੰਗਕਤਾ ਵਿੱਚ ਫਸੇ ਹੋਣ ਦਾ ਦੋਸ਼ ਲਾਇਆ ਸੀ ਅਤੇ ਉਸ ਘੋਲ਼ ਵਿੱਚ, ਯਾਦ ਕਰਨਾ ਚਾਹੀਦਾ ਹੈ ਕਿ ਮਾਰਕਸ ਨੇ ਨਿਡਰਤਾ ਨਾਲ਼ ਹਾਇਨੇ ਦਾ ਪੱਖ ਲਿਆ ਸੀ।

ਰਾਇਨਿਸ਼ੇ ਜਾਇਟੁੰਗ (ਰਾਇਨ੍ਹ ਅਖਬਾਰ- ਅਨੁ) ਵਿੱਚ ਕੰਮ ਕਰਨ ਦੇ ਮੁੱਢਲੇ ਦਿਨਾਂ ਵਿੱਚ ਹੀ ਮਾਰਕਸ ਸਮਝਣ ਲੱਗੇ ਸਨ ਕਿ ਕਿਸੇ ਉਦੇਸ਼ ਦੀ ਹਮਾਇਤ ਕਰਨ, ਅਨਿਆਂ ਦਾ ਵਿਰੋਧ ਕਰਨ ਵਾਲ਼ੀਆਂ ਰਚਨਾਵਾਂ ਦੀ ਰਚਨਾ ਕਰਨ, ਬਦਲਾਅ ਦੀ ਲੋੜ ‘ਤੇ ਜ਼ੋਰ ਦੇਣ ਅਤੇ ਵਿਰੋਧੀਆਂ ਦਾ ਮਜ਼ਾਕ ਉਡਾਉਣ ਰਾਹੀਂ ਕਵੀ ਅਤੇ ਕਥਾਕਾਰ ਕਿੰਨਾ ਮਹੱਤਵਪੂਰਣ ਯੋਗਦਾਨ ਪਾ ਸਕਦਾ ਹੈ। ਇਸ ਲਈ ਜਦੋਂ ਉਹ ਆਪਣੇ ਪਹਿਲਾਂ ਦੇ ਸਹਿਕਾਮੇ ਲੇਖਕਾਂ ਨੂੰ ਆਪਣੇ ਨਾਲ਼ੋਂ ਅਲੱਗ ਹੁੰਦਾ ਦੇਖਦੇ ਸੀ ਕਿ ਉਹ ਉਹਨਾਂ ਦੇ ਸਮਾਜਿਕ ਅਤੇ ਸਿਆਸੀ ਵਿਚਾਰਾਂ ਦੀ ਪੂਰੇ ਦਿਲ ਨਾਲ਼ ਹਮਾਇਤ ਨਹੀਂ ਕਰ ਪਾ ਰਹੇ ਤਾਂ ਮਾਰਕਸ ਨੂੰ ਡੂੰਘਾ ਦੁੱਖ ਹੁੰਦਾ ਸੀ। ਨਿਰਸੰਦੇਹ, ਇਸਦਾ ਇਹ ਮਤਲਬ ਨਹੀਂ ਕਿ ਉਹ ਕਿਸੇ ਲੇਖਕ ਦੀ ਰਚਨਾ ਦਾ ਮੁੱਲਾਂਕਣ ਪੂਰੀ ਤਰ੍ਹਾਂ ਨਾਲ਼ ਜਾਂ ਮੁੱਖ ਰੂਪ ਵਿੱਚ ਇਸ ਅਧਾਰ ‘ਤੇ ਕਰਦੇ ਸਨ ਕਿ ਉਸ ਰਚਨਾ ਵਿੱਚ ਸ਼ਾਮਲ “ਸੰਦੇਸ਼” ਕਿਸ ਹੱਦ ਤੱਕ ਉਸਦੇ ਆਪਣੇ ਵਿਸ਼ਵਾਸ਼ਾਂ ਅਤੇ ਉਮੀਦਾਂ ਨਾਲ਼ ਮੇਲ਼ ਖਾਂਦਾ ਸੀ ਜਾਂ ਉਹ ਰਚਨਾ ਮੌਜੂਦਾ ਘੋਲ਼ ਵਿੱਚ ਕਿੰਨੀ ਉਪਯੋਗੀ ਸੀ। ਉਹ ਹਾਇਨੇ ਦੀਆਂ ਬਾਅਦ ਵਾਲ਼ੀਆਂ ਰਚਨਾਵਾਂ ਦੀ ਜਾਂ ਆਪਣੇ ਤੇ ਹਾਇਨੇ ਦੇ ਵਿਚਾਰਾਂ ਵਿੱਚ ਸਭ ਤੋਂ ਵੱਧ ਸਮਾਨਤਾ ਦਾ ਵਿਕਾਸ ਹੋਣ ਤੋਂ ਪਹਿਲਾਂ ਹੀ ਉਸਦੀਆਂ ਰਚਨਾਵਾਂ ਦੀ ਕਦੇ ਨਿੰਦਾ ਨਹੀਂ ਕਰਦੇ ਸਨ, ਭਾਵੇਂ ਇੱਕ-ਈਸ਼ਵਰਵਾਦ ਵੱਲ ਹਾਇਨੇ ਦੀ ਵਾਪਸੀ ਪ੍ਰਤੀ ਸਪੱਸ਼ਟ ਉਹਨਾਂ ਦੀ ਕੋਈ ਹਮਦਰਦੀ ਨਹੀਂ ਸੀ। ਨਾ ਹੀ ਤਾਂ ਕਿਤੇ ਉਹਨਾਂ ਨੇ ਜਾਰਜ ਵੀਰਥ ਦੀਆਂ ਰਚਨਾਵਾਂ ਦੀ ਵਧ-ਚੜ੍ਹ ਕੇ ਪ੍ਰਸ਼ੰਸਾ ਕੀਤੀ, ਭਾਵੇਂ ਜਾਰਜ ਵੀਰਥ ‘ਨਿਊ ਰਾਇਨਿਸ਼ੇ ਜਾਇਟੁੰਗ’ (ਨਵਾਂ ਰਾਇਨ੍ਹ ਅਖਬਾਰ- ਅਨੁ)  ਦੇ ਸਭ ਤੋਂ ਮਹੱਤਵਪੂਰਣ ਲੇਖਕਾਂ ਵਿੱਚੋਂ ਇੱਕ ਸਨ ਅਤੇ ਮਾਰਕਸ ਨੇ ਉਹਨਾਂ ਨੂੰ ਕਦੇ ਫ੍ਰਾਇਲਿਗ੍ਰਾਥ ਵਾਂਗ ਗੱਦਾਰ ਨਹੀਂ ਮੰਨਿਆ। ਉਹ ਦਾਂਤੇ ਅਤੇ ਗੇਟੇ ਨਾਲ਼ ਓਨਾਂ ਹੀ ਪਿਆਰ ਕਰਦੇ ਸਨ ਜਿੰਨਾਂ ਸ਼ੇਕਸਪੀਅਰ ਨਾਲ਼, ਭਾਵੇਂ ਉਹ ਜਾਣਦੇ ਸਨ ਕਿ ਪਹਿਲੇ ਦੋਵੇਂ ਲੇਖਕਾਂ ਦਾ ਸੰਸਾਰ ਨਜ਼ਰੀਆ ਕਈ ਮਹੱਤਵਪੂਰਣ ਮਸਲਿਆਂ ‘ਤੇ ਉਸਦੇ ਸੰਸਾਰ ਨਜ਼ਰੀਏ ਨਾਲ਼ ਮੇਲ਼ ਨਹੀਂ ਖਾਂਦਾ ਸੀ। ਇਸ ਮਾਮਲੇ ਵਿੱਚ ਉਹ ਇਤਿਹਾਸਕ ਕਲਪਣਾ ਦੀ ਵੀ ਵਰਤੋਂ ਕਰਦੇ ਸਨ। ਉਦਾਹਰਣ ਲਈ, ਆਪਣੇ ਉਹਨਾਂ ਸਮਕਾਲੀਆਂ ਪ੍ਰਤੀ ਉਹਨਾਂ ਦੇ ਦਿਲ ਵਿੱਚ ਸਿਰਫ਼ ਘ੍ਰਿਣਾ ਸੀ ਜੋ ਜੀਵਨ ਪ੍ਰਤੀ ਨਵ-ਹੇਗੇਲਵਾਦੀ ਨਜ਼ਰੀਏ ਤੋਂ ਅਲੱਗ ਨਜ਼ਰੀਏ ਪ੍ਰਗਟ ਕਰਨ ਦੇ ਕਾਰਣ ਕਲੋਪਸਟੋਕ ਦੀ ਕਵਿਤਾ ਦੀ ਨਿੰਦਾ ਕਰਦੇ ਸਨ।

ਪਰ ਕੁੱਝ ਅਜਿਹੇ ਉਦਾਹਰਣ ਵੀ ਮਿਲ਼ਦੇ ਹਨ ਜਿੱਥੇ ਮਾਰਕਸ ਲੇਖਕ ਦੀ ਸਿਆਸੀ ਪੁਜੀਸ਼ਨ ਅਤੇ ਕਾਰਵਾਈ ਨਾਲ਼ ਇੰਨਾ ਤਿੱਖਾ ਵਿਰੋਧ-ਭਾਵ ਰੱਖਦੇ ਸਨ ਕਿ ਉਹ ਉਸ ਲੇਖਕ ਦੀ ਕਲਪਣਾਮਈ ਰਚਨਾਵਾਂ ਨੂੰ ਪੜ੍ਹਕੇ ਜਾਂ ਉਹਨਾਂ ਪ੍ਰਤੀ ਹਮਦਰਦੀਪੂਰਣ ਵਿਚਾਰ ਕਰਕੇ ਵਿਰੋਧ ਨੂੰ ਸੰਤੁਲਿਤ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦੇ ਸਨ। ਏਡਮੰਡ ਸਪੈਂਸਰ ਅਤੇ ਸਰ ਜਾਨ ਡੇਵਿਸ ਦਾ ਉਹਨਾਂ ਦਾ ਮੁਲਾਂਕਣ ਆਇਰਲੈਂਡ ਦੇ ਮਸਲਿਆਂ ਵਿੱਚ ਉਹਨਾਂ ਦੋਵਾਂ ਦੀਆਂ ਸਰਗਰਮੀਆਂ ‘ਤੇ ਅਧਾਰਿਤ ਹੈ ਅਤੇ ਦਿ ਫੇਅਰੀ ਕਵੀਨ ਅਤੇ ਆਰਕੈਸਟ੍ਰਾ ਵਰਗੀਆਂ ਉਹਨਾਂ ਦੀਆਂ ਰਚਨਾਵਾਂ ਦਾ ਉਸ ਮੁਲਾਂਕਣ ‘ਤੇ ਕੋਈ ਪ੍ਰਭਾਵ ਨਹੀਂ ਪਿਆ। ਸ਼ਤੋਬ੍ਰਿਆਂ ਬਾਰੇ ਉਹਨਾਂ ਦੇ ਸਿੱਟੇ ਲੇਖਕ ਦੀਆਂ ਸਿਆਸੀ ਸਰਗ਼ਰਮੀਆਂ ਅਤੇ ਇਤਿਹਾਸਕ ਲੇਖਣ ‘ਤੇ ਅਧਾਰਿਤ ਹਨ ਅਤੇ “ਰੇਨੇ” ਪ੍ਰਤੀ ਨਾ ਤਾਂ ਉਹਨਾਂ ਨੇ ਗੰਭੀਰਤਾ ਨਾਲ਼ ਧਿਆਨ ਦਿੱਤਾ ਤੇ ਨਾ ਉਸਤੋਂ ਪ੍ਰਭਾਵਿਤ ਹੋਏ। ਉਹ ਹਰ ਤਰ੍ਹਾਂ ਦੇ ਰੁਮਾਂਟਿਕ ਸਾਹਿਤ ਤੋਂ ਚਿੜ੍ਹਦੇ ਸਨ; ਗੇਸਨਰ ਪ੍ਰਤੀ, ਗੇਟੇ ਦੇ ਹੇਰਮਾਨ ਓਟ ਡੋਰੋਠੇਆ ਦੇ ਨਾਇਕ ਪ੍ਰਤੀ, ਫਿਊਰਬਾਖ਼ ਦੀਆਂ ਗ੍ਰਾਮ-ਕਥਾਵਾਂ ਪ੍ਰਤੀ ਉਹਨਾਂ ਦੀ ਨਾ-ਪਸੰਦੀ ਏਸੇ ਦਿਸ਼ਾ ਵਿੱਚ ਸੰਕੇਤ ਕਰਦੀ ਹੈ। ਅਫਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਇਸਦੇ ਕਾਰਣ ਮਾਰਕਸ ਕਦੇ-ਕਦੇ ਲੇਖਕਾਂ ਪ੍ਰਤੀ ਨਿਆਂ ਨਾ ਕਰ ਪਾਉਂਦੇ ਸਨ, ਬੋਰਨ ਅਤੇ ਹਾਇਨੇ ਦੇ ਉਲਟ ਮਾਰਕਸ ਕਦੇ ਵੀ ਜਾਂ ਪਾਲ ਦੀ ਰਚਨਾ ਪ੍ਰਤੀ ਉਚਿਤ ਰੁਖ਼ ਨਾ ਅਪਣਾ ਸਕੇ। ਪਰ ਅਸੀਂ ਨਾਸ਼ਪਾਤੀ ਦੇ ਦਰੱਖ਼ਤ ਤੋਂ ਸੇਬ ਦੀ ਆਸ ਨਹੀਂ ਕਰ ਸਕਦੇ। ਸਾਹਿਤ ਵੱਲ ਉਹ ਇੱਕ ਪੂਰੇ ਮਨੁੱਖ ਦੀ ਤਰ੍ਹਾਂ ਆਉਂਦੇ ਸਨ, ਜੇ ਉਹ ਬੁਰਜੂਆ ਰੁਮਾਂਸਵਾਦੀਆਂ ਨਾਲ਼ ਹਮਦਰਦੀ ਰੱਖਦੇ ਤਾਂ ਉਹ ਮਾਰਕਸ ਨਾ ਹੁੰਦੇ।

ਲਾਜ਼ਮੀ ਉਹਨਾਂ ਦੀ ਰੁਚੀ ਪੱਖਪਾਤੀ ਸੀ ਅਤੇ ਅਧਿਐਨ ਬਹੁਤ ਜ਼ਿਆਦਾ ਚੋਣਵਾਂ ਸੀ। ਉਹ ਸਾਹਿਤ ਦੀਆਂ ਬਰੀਕੀਆਂ ਵਿੱਚ ਦਿਨ ਅਤੇ ਹਫ਼ਤੇ ਖਰਚ ਨਹੀਂ ਕਰ ਸਕਦੇ ਸਨ ਅਤੇ ਦੂਜਿਆਂ ਦੇ ਅਲੋਚਨਾਤਮਕ ਮਤ ਇਕੱਠੇ ਕਰਕੇ ਉਹਨਾਂ ਨਾਲ਼ ਆਪਣੇ ਮਤ ਨੂੰ ਸੁਧਾਰਨ ਅਤੇ ਨਿਰਦੇਸ਼ਤ ਕਰਨ ਦੀ ਆਸ ਵੀ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਉਹਨਾਂ ਦੇ ਕੋਲ਼ ਐਨਾ ਸਮਾਂ ਤੇ ਪੈਸਾ ਸੀ ਕਿ ਆਪਣੇ ਸਮੇਂ ਦੀ ਸਾਰੀ ਸਾਹਿਤ ਰਚਨਾ ਤੋਂ ਪੂਰੀ ਤਰ੍ਹਾਂ ਵਾਕਫ ਹੋ ਸਕਦੇ। ਸਾਲਾਂ ਦੀ ਮਿਹਨਤ ਨਾਲ਼ ਉਹਨਾਂ ਨੇ ਸਾਹਿਤਕ ਉਦਾਹਰਣਾਂ ਅਤੇ ਸੰਕੇਤਾਂ ਦਾ ਇੱਕ ਭੰਡਾਰ ਬਣਾ ਲਿਆ ਸੀ ਜੋ ਵੱਖ-ਵੱਖ ਸੰਦਰਭਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾ ਸਕਦਾ ਸੀ। ਪਰ ਇਹਨਾਂ ਸਾਰਿਆ ਦੇ ਬਾਵਜੂਦ ਰੁਚੀ ਦੇ ਵਿਸਥਾਰ ਨੂੰ ਦੇਖਦੇ ਹੋਏ ਸਾਹਿਤ ਸਬੰਧੀ ਉਹਨਾਂ ਦੀਆਂ ਹਜਾਰਾਂ ਟਿੱਪਣੀਆਂ ਵਿੱਚ ਪੂਰੀ ਤਰ੍ਹਾਂ ਨਾਲ਼ ਗਲਤ ਸਿੱਟਿਆਂ ਦਾ ਵਿਰਲਾਪਣ ਦੇਖ ਕੇ ਹੈਰਾਨੀ ਹੁੰਦੀ ਹੈ।

ਖੈਰ, “ਗਲਤ ਸਿੱਟੇ” ਅਤੇ ਰਚਨਾ ਨੂੰ “ਨਿੱਜੀ ਰੂਪ ਵਿੱਚ ਅਪਣਾ ਲੈਣਾ” ਦੋ ਵੱਖ-ਵੱਖ ਚੀਜਾਂ ਹਨ। ਮਾਰਕਸ ਦਾ ਲੇਖਣ ਇਸ ਗੱਲ ਦਾ ਪੂਰਾ ਉਦਾਹਰਣ ਹੈ ਕਿ ਕਿਸ ਤਰ੍ਹਾਂ ਦ੍ਰਿੜ ਵਿਅਕਤੀਤਵ, ਮਤਾਂ ਅਤੇ ਰੁਚੀਆਂ ਵਾਲ਼ਾ ਵਿਅਕਤੀ ਮਹਾਨ ਲੇਖਕਾਂ ਦੀਆਂ ਰਚਨਾਵਾਂ ਨੂੰ ਆਪਣੀਆਂ ਖਾਸ ਲੋੜਾਂ ਅਨੁਸਾਰ ਅਪਣਾਉਂਦਾ ਹੈ। ਇਸ ਮਾਮਲੇ ਵਿੱਚ ਦਾਂਤੇ ਦੀ ਉਹਨਾਂ ਦੁਆਰਾ ਕੀਤੀ ਗਈ ਵਰਤੋਂ ਚੰਗੀ ਉਦਾਹਰਣ ਹੋ ਸਕਦੀ ਹੈ। ਜ਼ਾਹਰ ਹੈ ਕਿ ਬਜ਼ੁਰਗ ਮਾਰਕਸ ਦਾਂਤੇ ਦੀ ਡਵਾਇਨ ਕਮੇਡੀ ਖ਼ਾਸ ਕਰਕੇ ਉਸਦੇ ਨਰਕ ਵਾਲ਼ੇ ਪਾਠ ਨੂੰ, ਬਹੁਤੇ ਭੌਤਿਕ ਰੁਝਾਨ ਨਾਲ਼ ਭਰਪੂਰ ਹੋਣ ਦੇ ਬਾਵਜੂਦ, ਆਪਣੇ ਜੀਵਨ ਅਤੇ ਸਰੋਕਾਰਾਂ ਦੇ ਲਈ ਪ੍ਰਸੰਗਕ ਮੰਨਦੇ ਸਨ। ਅਜਿਹੀ ਹੀ ਹਾਲਤ ਵਿੱਚ ਗੇਟੇ ਦੇ ਫਾਉਸਟ, ਬਾਲਜ਼ਾਕ ਦੇ ਮੇਲਮੋਥ, ਰਿਕਾਂਸਾਇਲਡ ਅਤੇ ਲੂਥਰ ਦੁਆਰਾ ਕੀਤੇ ਗਏ ਬਾਈਬਲ ਦੇ ਉਸ ਅਨੁਵਾਦ ਦੀ ਸੀ, ਜਿਸਦੀ ਮਾਰਕਸ ਦੇ ਬਿੰਬ-ਵਿਧਾਨ ਅਤੇ ਸ਼ੈਲੀ ‘ਤੇ ਅਮਿੱਟ ਛਾਪ ਪਈ। ਮਾਰਕਸ ਨੇ ਜਿੰਨੇ ਸਾਦੇ ਢੰਗ ਨਾਲ਼ ਡਵਾਇਨ ਕਮੇਡੀ ਦੀ ਵਰਤੋਂ ਅਲੌਕਿਕ ਬਣਾ ਕੇ ਕੀਤੀ ਹੈ ਉਸਨੂੰ ਦੇਖਕੇ ਲਗਦਾ ਹੈ ਕਿ ਛੇ ਪਰਿਭਾਸ਼ਿਤ ਹਾਲਤਾਂ ਵਿੱਚ ਉਹ ਦਾਂਤੇ ਨੂੰ ਯਾਦ ਕਰਦੇ ਹਨ। ਜਦੋਂ ਉਹ ਸਲਫਰ ਇਸ਼ਨਾਨ ਵਰਗੀ ਕੋਈ ਅਸਧਾਰਣ ਘਟਨਾ ਦੇਖਦੇ ਹਨ ਤਾਂ ਉਹਨਾਂ ਦੀ ਸਾਹਿਤਕ ਯਾਦਾਸ਼ਤ ਜਾਗ ਉਠਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ “ਦਾਂਤੇ ਦੇ ਇੰਫਰਨੋ (ਨਰਕ) ਦਾ ਇੱਕ ਸਰਲ ਦ੍ਰਿਸ਼ ਹੈ।” ਜਾਂ ਉਹ ਜਿਸ ਜੀਵਨ ਰਾਹ ਤੋਂ ਆਪ ਗੁਜਰੇ ਹਨ ਜਾਂ ਜਿਸ ਤੋਂ ਦ੍ਰਿੜਤਾਪੂਰਣ ਗੁਜਰਨ ਦੇ ਲਈ ਆਪਣੇ ਚੇਲਿਆਂ ਦੀ ਅਗਵਾਈ ਕਰਦੇ ਹਨ, ਉਹਨਾਂ ਦਾ ਵਰਣਨ ਕਰਨ ਲਈ ਉਹ ਸਟੀਕ ਮੁਹਾਵਰੇ ਦੀ ਭਾਲ਼ ਵਿੱਚ ਵਰਜਿਲ ਦੁਆਰਾ ਦਾਂਤੇ ਨੂੰ ਸੰਬੋਧਿਤ ਵਾਕ ਯਾਦ ਕਰਦੇ ਹਨ —“ਮੇਰੀ ਨਕਲ ਕਰੋ ਅਤੇ ਲੋਕਾਂ ਨੂੰ ਬੋਲਣ ਦਿਉ।” ਪਰ ਉਹਨਾਂ ਦੇ ਸਾਹਮਣੇ ਕੋਈ ਵਰਜਿਲ ਨਹੀਂ ਸੀ ਜਿਸਦੀ ਉਹ ਨਕਲ ਕਰਦੇ, ਇਸ ਲਈ ਉਹ ਇਸ ਵਾਕ ਨੂੰ ਸੋਧ ਕੇ ਪੇਸ਼ ਕਰਦੇ ਹਨ, “ਆਪਣੇ ਰਾਹ ਚੱਲੋ ਅਤੇ ਲੋਕਾਂ ਨੂੰ ਕਹਿਣ ਦਿਉ ਜੋ ਕਹਿਣਾ ਚਾਹੁੰਦੇ ਹਨ।” ਦਾਂਤੇ ਨੇ ਕੋਸੀ ਆਗਿਵਡਾ ਦੇ ਮੂੰਹੋਂ ਜੋ “ਦੇਸ਼-ਨਿਕਾਲ਼ੇ ਦੀਆਂ ਸਖ਼ਤ ਪੌੜੀਆਂ ਚੜ੍ਹਨ” ਦੀ ਗੱਲ ਅਖਵਾਈ ਹੈ ਅਤੇ ਗਲਤ ਲੋਕਾਂ ਨਾਲ਼ ਰਹਿਣ ਦੀ ਰੋਕ ਵੱਲ ਜੋ ਸੰਕੇਤ ਕੀਤਾ ਹੈ, ਉਹ ਮਾਰਕਸ ਨੂੰ ਆਪਣੇ ਤਜ਼ਰਬੇ ਪ੍ਰਗਟ ਕਰਨ ਲਈ ਅਤਿਅੰਤ ਯੋਗ ਲੱਗਦਾ ਹੈ। ਪੈਰਾਡਿਜੋ ਦੇ ਉਹਨਾਂ ਅੰਸ਼ਾਂ ਬਾਰੇ ਹਾਇਨੇ ਵੀ ਮਾਰਕਸ ਵਰਗਾ ਹੀ ਮਹਿਸੂਸ ਕਰਦੇ ਸਨ। ਅਰਥਸ਼ਾਸਤਰ ਵਰਗੇ “ਮਨਹੂਸੀ ਭਰੇ ਵਿਗਿਆਨ” ਦੇ ਖੇਤਰ ਵਿੱਚ ਆਪਣੀਆਂ ਯਾਤਰਾਵਾਂ ਉਹਨਾਂ ਅਜਿਹੀ ਹਿੰਮਤ ਅਤੇ ਸੰਕਲਪ ਦੀ ਮੰਗ ਕਰਦੀਆਂ ਲੱਗਦੀਆਂ ਸੀ ਜਿਵੇਂ ਕਿ ਆਪਣੇ ਪ੍ਰਵੇਸ਼ ਦਰਵਾਜੇ ‘ਤੇ ਆਉਣ ਵਾਲ਼ਿਆਂ ਨਾਲ਼ ਦਾਂਤੇ ਦੇ ਨਰਕ ਨੇ ਕੀਤੀ ਸੀ। ਕਦੇ-ਕਦੇ  ਉਹ ਡਿਵਾਇਨ ਕਮੇਡੀ ਵਿੱਚ ਕਿਸੇ ਆਰਥਿਕ ਮੁੱਦੇ ਨੂੰ ਮਜ਼ਾਕੀਆ ਢੰਗ ਨਾਲ਼ ਸੰਚਾਰਿਤ ਕਰਨ ਦਾ ਢੰਗ ਲੱਭ ਲੈਂਦੇ ਸਨ। ਜਿਵੇਂ ਆਪਣੇ ਵਿਰੋਧੀ ਨੂੰ ਕੰਮ ਦੀ ਗੱਲ ‘ਤੇ ਆਉਣ ਅਤੇ ਬਕਵਾਸ ਬੰਦ ਕਰਨ ਲਈ ਕਹਿਣ ਵਾਲ਼ੇ ਇੱਕ ਸਰਮਾਏਦਾਰ ਨਾਲ਼ ਉਹ ਦਾਂਤੇ ਦੇ ਸੇਂਟ ਪੀਟਰ ਦੁਆਰਾ ਵਰਤੇ ਗਏ ਇਸ ਆਰਥਿਕ ਰੂਪਕ ਨੂੰ ਕਹਾਉਂਦੇ ਹਨ : ਹੁਣ ਇਸ ਸਿੱਕੇ ਦੀ ਧਾਂਤ ਅਤੇ ਵਜਨ ਬਾਰੇ ਕਾਫ਼ੀ ਸਾਫ਼ ਧਾਰਣਾ ਬਣਾ ਲਈ ਹੈ ਪਰ ਮੈਨੂੰ ਦੱਸੋ ਕਿ ਆਖ਼ਰ ਤੁਹਾਡੇ ਕੋਲ ਬਟੁਏ ਵਿੱਚ ਇਹ ਸਿੱਕਾ ਹੈ? ਹਾਇਨੇ ਦੀ ਤਰ੍ਹਾਂ ਮਾਰਕਸ ਨੇ ਇੰਫਰਨੋ ਵਿੱਚ ਅਪਰਾਧ ਦੇ ਲਾਇਕ ਅਨੇਕ ਦੰਡਾਂ ਦਾ ਵਰਣਨ ਪਾਇਆ ਹੈ ਅਤੇ ਵਿਰੋਧੀਆਂ ਪ੍ਰਤੀ ਵਰਤੋਂ ਕਰਨ ਲਾਇਕ ਅਨੇਕ ਅਪਸ਼ਬਦ ਲੱਭ ਲਏ। ਹਰ ਵੋਗਟ ਵਿੱਚ ਇਸਦੇ ਅਨੇਕ ਭਖਦੇ ਉਦਾਹਰਨ ਮਿਲ ਜਾਣਗੇ ਅਤੇ ਅੰਤ ਦਾਂਤੇ ਨੂੰ ਪੜ੍ਹਦੇ ਹੋਏ ਮਾਰਕਸ ਨੂੰ ਸਭ ਤੋਂ ਮਹੱਤਵਪੂਰਨ ਜੋ ਗੱਲ ਲੱਗੀ, ਉਹ ਇਹ ਕਿ ਇੰਫਰਨੋ ਵਿੱਚ ਬਿੰਦੂ ਅਤੇ ਪ੍ਰਤੀਮਾਨ ਹੈ, ਜਿਸਦੇ ਅਧਾਰ ‘ਤੇ ਵਿਕਟੋਰੀਆ ਦੁਆਰਾ ਸ਼ਹਿਰੀ ਅਤੇ ਦਿਹਾਤੀ ਗਰੀਬਾਂ ਲਈ ਧਰਤੀ ‘ਤੇ ਉੱਸਰੇ ਨਰਕ ਦੀ ਤੁਲਨਾ ਅਤੇ ਮੁਲਾਂਕਣ ਕੀਤਾ ਜਾ ਸਕਦਾ ਹੈ।

ਅਸੀਂ ਦੇਖ ਚੁੱਕੇ ਹਾਂ ਕਿ ਮਾਰਕਸ ਸਾਹਿਤ ਅਤੇ ਸਾਹਿਤਕ ਸ਼ਬਦਾਂ ਦੀ ਵਰਤੋਂ ਸਿਰਫ਼ ਕਲਪਨਾਮੂਲਕ ਰਚਨਾਵਾਂ ਦੇ ਸੰਦਰਭ ਵਿੱਚ ਨਹੀਂ ਕਰਦੇ ਸਨ। ਉਹ ਇਸਦੀ ਵਰਤੋਂ ਕਲਾਤਮਕ ਜਾਂ ਹੋਰ ਕਿਸਮ ਦੀ ਲਿਖਤ ਅਤੇ ਪ੍ਰਕਾਸ਼ਿਤ ਸਮੁੱਚੀ ਸਮੱਗਰੀ ਜਾਂ ਕਿਸੇ ਖਾਸ ਖੇਤਰ ਦੀ ਖੋਜ ਨਾਲ਼ ਸਬੰਧਿਤ ਲੇਖਣ ਦੇ ਲਈ ਕਰਦੇ ਹਨ। ਉਹ ਉਹਨਾਂ ਦੇ ਇਸ ਵਿਸ਼ਵਾਸ਼ ਦਾ ਕੇਵਲ ਬਾਹਰੀ ਪ੍ਰਗਟਾਅ ਹੈ ਕਿ ਕਲਪਨਾਮੂਲਕ (ਕਲਾਤਮਕ) ਸਾਹਿਤ ਅਤੇ ਹੋਰ ਪ੍ਰਕਾਰ ਦਾ ਲੇਖਣ ਇੱਕ-ਦੂਜੇ ਨਾਲ਼ੋਂ ਇਕਦਮ ਅਲੱਗ ਨਹੀਂ ਹੁੰਦਾ। ਇਹ ਵਿਸ਼ਵਾਸ ਉਹਨਾਂ ਦੀ ਇੱਕ ਸਭ ਤੋਂ ਡੂੰਘੀ ਆਸਥਾ ਦਾ ਹੀ ਇੱਕ ਅੰਗ ਸੀ ਕਿ ਮਨੁੱਖ ਨੂੰ ਪ੍ਰਗਟ ਕਰਨ ਵਾਲ਼ੇ ਸਾਰੇ ਢੰਗ, ਮਨੁੱਖ ਦੁਆਰਾ ਬਣਾਏ ਗਏ ਸਾਰੇ ਸਥਾਨ ਅਤੇ ਸਮਾਜਿਕ ਸਬੰਧ ਪਰਸਪਰ ਸੰਘਣੇ ਰੂਪ ਵਿੱਚ ਜੁੜੇ ਹੁੰਦੇ ਹਨ ਅਤੇ ਉਹਨਾਂ ਦਾ ਅਧਿਐਨ ਲੜੀਬੱਧ ਢੰਗ ਨਾਲ਼ “ਮਨੁੱਖ ਦੇ ਵਿਗਿਆਨ” ਦੁਆਰਾ ਕੀਤਾ ਜਾਣਾ ਚਾਹੀਦਾ। ਹੋ ਸਕਦਾ ਹੈ ਕਿ ਅਸੀਂ ਇਹਨਾਂ ਆਖਰੀ ਸਬੰਧਾਂ ਨੂੰ ਦੇਖਣ ਤੇ ਸਮਝਣ ਅਤੇ ਅਨਿਆਂ ਅਤੇ ਗੈਰ-ਬਰਾਬਰੀ ਦਾ ਅੰਤ ਕਰਨ ਬਾਰੇ ਮਾਰਕਸ ਦੁਆਰਾ ਪੇਸ਼ ਨਜ਼ਰੀਏ ਅਤੇ ਵਿਧੀ ਨਾਲ਼ ਅਸਹਿਮਤ ਹੋਈਏ; ਸਾਨੂੰ ਇਸ ਗੱਲ ਦਾ ਅਫਸੋਸ ਹੋ ਸਕਦਾ ਹੈ ਕਿ ਮਾਰਕਸ ਨੇ ਸਾਹਿਤਕ ਬੁਣਤਰਾਂ ਅਤੇ ਸਾਹਿਤਕ ਰਚਨਾਵਾਂ ਦੀ “ਸਾਹਿਤਕਤਾ” ‘ਤੇ ਯੋਗ ਅਤੇ ਖੁੱਲ੍ਹਾ ਧਿਆਨ ਨਹੀਂ ਦਿੱਤਾ। ਫਿਰ ਵੀ ਸਿਧਾਂਤ ਅਤੇ ਅਭਿਆਸ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਲਗਾਤਾਰ ਮਨੁੱਖ ਅਤੇ ਉਸਦੀਆਂ ਰਚਨਾਵਾਂ ਨੂੰ ਸੰਪੂਰਨਤਾ ਵਿੱਚ ਦੇਖਣ ‘ਤੇ ਜ਼ੋਰ ਦਿੱਤਾ, ਉਹ ਮਾਰਕਸ ਨਾਲ਼ ਅਸਹਿਮਤੀ ਰੱਖਣ ਵਾਲ਼ਿਆਂ ਲਈ ਵੀ ਖੁਸ਼ੀ ਦੀ ਚੀਜ਼ ਹੋ ਸਕਦੀਆਂ ਹਨ।

ਮਾਰਕਸ ਜਿਸ ਤਰ੍ਹਾਂ ਸਾਹਿਤ ਨਾਲ਼ ਮਨੋਰੰਜਨ ਕਰਦੇ ਸਨ ਅਤੇ ਸਾਹਿਤ ਤਜ਼ਰਬੇ ਲਈ ਉਤਸੁਕ ਰਹਿੰਦੇ ਸਨ, ਉਸਨੂੰ ਦੁਨੀਆਂ ਭਰ ਵਿੱਚ ਮਨੁੱਖ ਦੁਆਰਾ ਕੀਤੇ ਗਏ ਉੱਚ ਚਿੰਤਨ ਅਤੇ ਕਥਨ ਨੂੰ ਜਾਣਨ ਦੇ ਲਈ ਉਹਨਾਂ ਦੇ ਯਤਨਾਂ ਦਾ ਅੰਗ ਸਮਝਣਾ ਚਾਹੀਦਾ ਹੈ। ਮਾਰਕਸ ਦੀ ਜਿਸ ਸਾਲ ਮੌਤ ਹੋਈ, ਉਸੇ ਸਾਲ ਟੀ.ਐੱਚ. ਹਕਸਲੇ ਨਾਲ਼ ਆਪਣੇ ਵਿਵਾਦ ਦੌਰਾਨ ਪ੍ਰੇਰਿਤ ਹੋ ਕੇ ਮੈਥਿਊ ਆਰਨੋਲਡ ਨੇ ਲਿਖਿਆ ਸੀ :

  “ਮੈਂ ਸੰਸਾਰ ਭਰ ਵਿੱਚ ਜੋ ਕੁੱਝ ਸੋਚਿਆ ਅਤੇ ਕਿਹਾ ਹੈ ਉਸਦੇ ਸਰਵੋਤਮ ਅੰਸ਼ ਨੂੰ ਜਾਣਨ ਦੀ ਗੱਲ ਕਰਦਾ ਹਾਂ। ਪ੍ਰੋਫੈਸਰ ਹਕਸਲੇ ਕਹਿੰਦੇ ਹਨ ਕਿ ਇਸਦਾ ਮਤਲਬ ਹੈ ਸਾਹਿਤ ਨੂੰ ਜਾਣਨਾ। ਸਾਹਿਤ ਇੱਕ ਵੱਡਾ ਸ਼ਬਦ ਹੈ। ਇਸਦਾ ਮਤਲਬ ਉਹ ਸਭ ਕੁੱਝ ਹੋ ਸਕਦਾ ਹੈ ਜੋ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਅਤੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਹੈ। ਪਰ ਪ੍ਰੋਫੈਸਰ ਹਕਸਲੇ ਕੇਵਲ ਕਲਾਤਮਕ ਲੇਖਣ ਨੂੰ ਸਾਹਿਤ ਸਮਝਦੇ ਹਨ। ਉਹ ਮੇਰੇ ਤੋਂ ਕਹਾਉਣਾ ਚਾਹੁੰਦੇ ਹਨ ਕਿ ਆਧੁਨਿਕ ਦੇਸ਼ਾਂ ਦੁਆਰਾ ਜੋ ਕੁੱਝ ਵੀ ਸੋਚਿਆ ਤੇ ਕਿਹਾ ਗਿਆ ਹੈ, ਉਸਦੇ ਸਰਵੋਤਮ ਅੰਸ਼ ਨੂੰ ਜਾਣਨ ਦਾ ਮਤਲਬ ਹੈ, ਉਸਦੇ ਸਾਹਿਤ ਨੂੰ ਜਾਣਨਾ, ਇਸ ਤੋਂ ਵੱਧ ਕੁੱਝ ਨਹੀਂ ਹੈ। ਉਹ ਤਰਕ ਕਰਦੇ ਹਨ ਕਿ ਆਧੁਨਿਕ ਜੀਵਨ ਦੀ ਅਲੋਚਨਾ ਕਰਨ ਲਈ ਕੇਵਲ ਏਨਾ ਜਾਣਨਾ ਕਾਫ਼ੀ ਨਹੀਂ ਹੈ। ਪਰ ਜਦ ਮੈਂ ਪ੍ਰਾਚੀਨ ਰੋਮ ਨੂੰ ਜਾਣਨ ਦੀ ਗੱਲ ਕਰਦਾ ਹਾਂ ਤਾਂ ਕੇਵਲ ਲਾਤੀਨੀ ਸਾਹਿਤ ਨੂੰ ਜਾਣਨ ਅਤੇ ਰੋਮ ਦੇ ਸੈਨਿਕ, ਸਿਆਸੀ, ਕਨੂੰਨੀ ਅਤੇ ਰਾਜ-ਪ੍ਰਬੰਧ ਦੇ ਸਾਹਿਤ ਨੂੰ ਉਸ ਵਿੱਚ ਸ਼ਾਮਲ ਨਾ ਕਰਨ ਦੀ ਗੱਲ ਨਹੀਂ ਕਰਦਾ। ਇਸੇ ਤਰ੍ਹਾਂ ਪ੍ਰਾਚੀਨ ਯੂਨਾਨ ਨੂੰ ਜਾਣਨ ਦਾ ਮੇਰੇ ਲਈ ਅਰਥ ਹੈ ਉਸਨੂੰ ਕਲਾ ਦੇ ਜਨਮਦਾਤਾ ਦੇ ਰੂਪ ਵਿੱਚ, ਸਾਡੇ ਗਣਿਤ, ਭੌਤਿਕ ਵਿਗਿਆਨ, ਖਗੋਲ ਵਿਗਿਆਨ ਅਤੇ ਜੀਵ ਵਿਗਿਆਨ ਦੇ ਮੋਢੀ ਦੇ ਰੂਪ ਵਿੱਚ ਜਾਣਨਾ ਹੈ। ਮੈਂ ਉਸਨੂੰ ਇਸ ਸੰਪੂਰਨਤਾ ਵਿੱਚ ਜਾਣਨ ਦੀ ਗੱਲ ਕਰਦਾ ਹਾਂ; ਕੇਵਲ ਕੁੱਝ ਯੂਨਾਨੀ ਕਵਿਤਾਵਾਂ, ਇਤਿਹਾਸ ਗੰ੍ਰਥਾਂ, ਕਿਤਾਬਾਂ ਅਤੇ ਭਾਸ਼ਣਾਂ ਦੇ ਰੂਪ ਵਿੱਚ ਨਹੀਂ। ਆਧੁਨਿਕ ਦੇਸ਼ਾਂ ਬਾਰੇ ਵੀ ਮੈਂ ਇਹੀ ਨਜ਼ਰੀਆ ਅਪਣਾਉਂਦਾ ਹਾਂ। ਆਧੁਨਿਕ ਦੇਸ਼ਾਂ ਨੂੰ ਜਾਣਨ ਦਾ ਮਤਲਬ ਮੇਰੇ ਲਈ ਉਹਨਾਂ ਦੇ ਕਲਾਤਮਕ ਸਾਹਿਤ ਨੂੰ ਜਾਣਨਾ ਮਾਤਰ ਹੀ ਨਹੀਂ, ਸਗੋਂ ਇਹ ਜਾਣਨਾ ਵੀ ਹੈ ਕਿ ਕਾਪਰਨਿਕਸ, ਗੈਲੀਲਿਓ, ਨਿਊਟਨ ਜਾਂ ਡਾਰਵਿਨ ਵਰਗੇ ਲੋਕਾਂ ਨੇ ਕੀ ਕੀਤਾ, ਇਟਲੀ ਦੇ ਕਲਾਤਮਕ ਸਾਹਿਤ ਨੂੰ ਜਾਣਨਾ ਇਟਲੀ ਨੂੰ ਜਾਣਨਾ ਨਹੀਂ ਹੈ ਅਤੇ ਨਾ ਹੀ ਇੰਗਲੈਂਡ ਦੇ ਕਲਾਤਮਕ ਸਾਹਿਤ ਨੂੰ ਜਾਣਨਾ ਹੀ ਇੰਗਲੈਂਡ ਨੂੰ ਜਾਣਨਾ ਹੈ। ਇਟਲੀ ਅਤੇ ਇੰਗਲੈਂਡ ਨੂੰ ਜਾਣਨ ਵਿੱਚ ਬਹੁਤ ਸਾਰੀਆਂ ਚੀਜਾਂ ਆਉਂਦੀਆਂ ਹਨ ਅਤੇ ਗੈਲੀਲਿਓ ਤੇ ਨਿਊਟਨ ਵੀ ਇਹਦੇ ਵਿੱਚ ਆਉਂਦੇ ਹਨ। ਸਤਹੀ ਮਾਨਵਤਾਵਾਦ ਜਾਂ ਕਲਾਤਮਕ ਸਾਹਿਤ ਦੀ ਰੰਗਤ ਦੇਣ ਦਾ ਇਲਜ਼ਾਮ ਕੁੱਝ ਹੋਰ ਅਨੁਸ਼ਾਸਨਾਂ ‘ਤੇ ਲਾਇਆ ਜਾ ਸਕਦਾ ਹੈ ਪਰ ਸੰਸਾਰ ਵਿੱਚ ਜੋ ਸੋਚਿਆ ਤੇ ਕਿਹਾ ਗਿਆ ਹੈ, ਉਸਦੇ ਸਰਵੋਤਮ ਅੰਸ਼ ਨੂੰ ਜਾਣਨ ਲਈ ਮੇਰੇ ਦੁਆਰਾ ਪੇਸ਼ ਅਨੁਸ਼ਾਸਨ ‘ਤੇ ਇਹ ਇਲਜ਼ਾਮ ਕਿਸੇ ਤਰ੍ਹਾਂ ਨਹੀਂ ਲਾਇਆ ਜਾ ਸਕਦਾ। ਉਸ ਸਰਵੋਤਮ ਦੇ ਅੰਗ ਦੇ ਰੂਪ ਵਿੱਚ ਮੈਂ ਕੁਦਰਤ ਦੇ ਮਹਾਨ ਦਾਰਸ਼ਨਿਕਾਂ ਅਤੇ ਗਿਆਨਵਾਨਾਂ ਰਾਹੀਂ ਸੋਚੇ ਅਤੇ ਕਹੇ ਗਏ ਵਿਚਾਰਾਂ ਨੂੰ ਵੀ ਸ਼ਾਮਲ ਕਰਦਾ ਹਾਂ।”

ਬਾਅਦ ਵਿੱਚ ਮਾਰਕਸ ਨੇ “ਕਰਨ” ਅਤੇ “ਜਾਣਨ” ਦੇ ਮਹੱਤਵ ‘ਤੇ ਜ਼ਿਆਦਾ ਜ਼ੋਰ ਦਿੱਤਾ ਹੁੰਦਾ ਅਤੇ ਹੋਮਰ, ਏਸਿਕਲਸ ਪ੍ਰਤੀ ਆਪਣੇ ਪਿਆਰ ਤੇ ਏਪਿਕਿਊਰਸ ਪ੍ਰਤੀ ਪ੍ਰਸ਼ੰਸਾ ਭਾਵ ਦੇ ਬਾਵਜੂਦ ਉਹਨਾਂ ਨੇ ਸ਼ਾਇਦ ਹੀ ਮੈਥਿਊ ਆਰਨੋਲਡ ਵਾਂਗ ਪ੍ਰਾਚੀਨ ਯੂਨਾਨ ਨੂੰ “ਬੁੱਧੀ ਅਤੇ ਵਿਗਿਆਨਕ ਪੱਧਤੀ ਦੀ ਮੁਕਤ ਤੇ ਸਹੀ ਵਰਤੋਂ” ਦਾ ਨਿਰਦੇਸ਼ਕ ਮੰਨਿਆ ਹੁੰਦਾ। ਪਰ ਆਰਨੋਲਡ ਦਾ ਉਪਰੋਕਤ ਹੂ-ਬ-ਹੂ ਅੰਸ਼ ‘ਚ ਅਜਿਹਾ ਕੁੱਝ ਨਹੀਂ ਹੈ ਜਿਸ ਨਾਲ਼ ਮਾਰਕਸ ਪੂਰੇ ਦਿਲ ਨਾਲ਼ ਸਹਿਮਤ ਨਾ ਹੁੰਦੇ।

ਜਦੋਂ ਮਾਰਕਸ ਸਾਹਿਤ ਬਾਰੇ ਸੋਚਦੇ ਹਨ, ਤਾਂ ਉਹਨਾਂ ਦੇ ਸਾਹਮਣੇ ਵਿਆਪਕ ਆਰਥਿਕ, ਸਮਾਜਿਕ ਅਤੇ ਇਤਿਹਾਸਕ ਸੰਦਰਭ ਹੁੰਦਾ ਹੈ। ਜਦੋਂ ਉਹ ਕਿਸੇ ਖਾਸ ਲੇਖਕ ਬਾਰੇ ਜਾਂ ਖਾਸ ਕਿਸਮ ਦੀਆਂ ਰਚਨਾਵਾਂ ਬਾਰੇ ਸੋਚਦੇ ਹਨ ਤਾਂ ਉਹਨਾਂ ਸਾਹਮਣੇ ਦੂਜੇ ਲੇਖਕਾਂ ਦਾ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ ਦਾ ਪ੍ਰਸੰਗ ਮੌਜੂਦ ਰਹਿੰਦਾ ਹੈ। ਕਮਿਊਨਿਸਟ ਮੈਨੀਫੈਸਟੋ ਦੀ ਉਹਨਾਂ ਦੀ ਇਹ ਸਥਾਪਨਾ ਕਿ “ਕੌਮੀ ਇਕਪਾਸੜਤਾ ਅਤੇ ਸੰਕੀਰਣਤਾ ਅਸੰਭਵ ਹੁੰਦੀ ਜਾਂਦੀ ਹੈ ਅਤੇ ਅਨੇਕ ਕੌਮੀ ਅਤੇ ਸਥਾਨਕੀ ਸਾਹਿਤਾਂ ਨਾਲ਼ ਇੱਕ ਸੰਸਾਰ ਸਾਹਿਤ ਦਾ ਜਨਮ ਹੁੰਦਾ ਹੈ,” ਖੁਦ ਉਹਨਾਂ ਦੇ ਯੋਗ ਸੀ। ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਅਨੇਕ ਦੇਸ਼ਾਂ ਦੇ ਸਾਹਿਤ ਦਾ ਸੰਦਰਭ ਦਿੱਤਾ ਹੈ, ਉਸਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਆਪਣੀ ਪੇਸ਼ੀਨਗੋਈ ਨੂੰ ਆਪਣੇ ਜੀਵਨ ਅਤੇ ਆਪਣੀਆਂ ਹੀ ਰਚਨਾਵਾਂ ਨਾਲ਼ ਅਸਲ ਰੂਪ ਦੇ ਰਹੇ ਸਨ। ਉਹ ਸਥਾਨਕ ਅਤੇ ਕਾਲ ਸਬੰਧੀ ਭਿੰਨਤਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਅਤੇ ਉਹਨਾਂ ਨੇ ਕਈ ਵਾਰੀ ਵਿਖਾਉਣ ਦਾ ਯਤਨ ਕੀਤਾ ਕਿ ਕਿਸ ਤਰ੍ਹਾਂ (ਲੁਕ੍ਰੇਸ਼ਿਅਸ ਜਾਂ ਦਾਂਤੇ ਵਰਗਾ) ਕੋਈ ਲੇਖਕ ਆਪਣੇ ਦੇਸ਼, ਆਪਣੇ ਸਮੇਂ ਅਤੇ ਆਪਣੀਆਂ ਸਮਾਜਕ ਸਥਿਤੀਆਂ ਦਾ ਨੁਮਾਇੰਦਾ ਹੁੰਦਾ ਹੈ ਅਤੇ ਉਹ ਵੇਤਟਲਿਟਰਾਟਰ (ਸੰਸਾਰ ਸਾਹਿਤ) ਵਿੱਚ ਪੇਸ਼ ਗੇਟੇ ਦੇ ਵਿਚਾਰਾਂ ਦੀ ਤਰ੍ਹਾਂ ਖੁਦ ਵੀ ਮੰਨਦੇ ਸਨ। ਸੰਸਾਰ ਸਾਹਿਤ ਕੋਈ ਇਕਦਮ ਪ੍ਰਤੀਮਾਨੀਕ੍ਰਿਤ ਅਤੇ ਅਨਿੱਖੜ ਕਿਸਮ ਦਾ ਸਾਹਿਤ ਨਹੀਂ ਹੋਵੇਗਾ; ਆਪਣੇ ਜੀਵਨ ਅਤੇ ਆਪਣੇ ਲੇਖਣ ਨਾਲ਼ ਮਾਰਕਸ ਨੇ ਵਿਖਾਇਆ ਕਿ ਕਿਸ ਤਰ੍ਹਾਂ ਆਦਮੀ ਇੱਕ ਹੀ ਸਮੇਂ ਅਨੇਕ ਸਾਹਿਤਾਂ ਨੂੰ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਭਿੰਨਤਾਵਾਂ ਦਾ ਅਨੰਦ ਲੈਂਦੇ ਹੋਏ ਅਪਣਾ ਸਕਦਾ ਹੈ ਅਤੇ ਇੱਕ ਸਾਹਿਤ ਨਾਲ਼ ਸਬੰਧਿਤ ਆਪਣੇ ਗਿਆਨ ਦੀ ਵਰਤੋਂ ਦੂਜੇ ਸਾਹਿਤ ਦੇ ਗਿਆਨ ਨੂੰ ਅਮੀਰ ਬਣਾਉਣ ਵਿੱਚ ਕਰ ਸਕਦਾ ਹੈ। ਉਹ ਹਰਡਰ ਦੀ ਹੀ ਤਰ੍ਹਾਂ ਸਾਹਿਤ ਪ੍ਰਤੀ ਤੁਲਨਾਤਮਕ ਅਤੇ ਇਤਿਹਾਸਕ ਨਜ਼ਰੀਆ ਅਪਨਾਉਣ ਦੇ ਪੱਖ ਵਿੱਚ ਸਨ। ਖੈਰ, ਭਾਰਤ ਅਤੇ ਚੀਨ ਦੀ ਸਿਆਸਤ ਅਤੇ ਸਮਾਜਿਕ ਜਥੇਬੰਦੀ ਵਿੱਚ ਰੁਚੀ ਲੈਣ ਅਤੇ ਫੇਨੀਮੋਰ ਤੇ ਸ਼੍ਰੀਮਤੀ ਬੀਚਰ-ਸਟੋ ਵਰਗੇ ਲਾਤੀਨੀ ਅਮਰੀਕੀ ਲੇਖਕਾਂ ਦਾ ਕਦੇ-ਕਦੇ ਹਵਾਲਾ ਦੇਣ ਦੇ ਬਾਵਜੂਦ ਮਾਰਕਸ ਦੇ ਲਈ ਸੰਸਾਰ ਸਾਹਿਤ ਮੂਲ ਰੂਪ ਵਿੱਚ ਯੂਰੋਪੀ ਸਾਹਿਤ ਹੀ ਸੀ। ਜੇਕਰ ਅਸੀਂ ਅਰੇਬੀਅਨ ਨਾਈਟਸ ਦੀਆਂ ਕਹਾਣੀਆਂ ਪ੍ਰਤੀ ਉਹਨਾਂ ਦੀ ਅਤੇ ਉਹਨਾਂ ਦੇ ਬੱਚਿਆਂ ਦੀ ਖਿੱਚ, ਆਪਣੇ ਜੀਵਨ ਦੇ ਅਖੀਰੀ ਦਿਨਾਂ ਵਿੱਚ ਅਰਬ ਦੰਤ ਕਥਾਵਾਂ ਵਿੱਚ ਉਹਨਾਂ ਦੀ ਵਧਦੀ ਰੁਚੀ ਅਤੇ ਪਾਰਸੀ ਸਾਹਿਤ ਦੇ ਰੂਕਰਟ ਦੁਆਰਾ ਕੀਤੇ ਗਏ ਅਨੁਵਾਦਾਂ ਤੇ ਭਾਰਤ ਦੇ ਹਨੁਮਾਨ ਅਤੇ ਸ਼ਬਲਾ ਗਾਂ ਦੀਆਂ ਕਹਾਣੀਆਂ ਦਾ ਕਦੇ-ਕਦੇ ਹਵਾਲਾ ਦੇਣ ਨੂੰ ਛੋਟ ਮੰਨ ਲਈਏ ਤਾਂ ਉਹਨਾਂ ਦੀਆਂ ਰਚਨਾਵਾਂ ਵਿੱਚ ਅਜਿਹਾ ਕੁੱਝ ਨਹੀਂ ਦਿਸਦਾ ਜੋ ਪਾਰਸੀ, ਚੀਨੀ ਅਤੇ ਭਾਰਤੀ ਸਾਹਿਤ ਦੇ ਗੇਟੇ ਦੁਆਰਾ ਕੀਤੇ ਗਏ ਸਵਾਗਤ ਅਤੇ ਖੋਜ ਦਾ ਮੁਕਾਬਲਾ ਕਰ ਸਕੇ।

ਇਸ ਪਾਠ ਵਿੱਚ ਜਾਣ-ਬੁੱਝਕੇ ਅਸੀਂ ਆਪਣੇ ਆਪ ਨੂੰ ਮਾਰਕਸ ਦੇ ਸਾਹਿਤ ਸਬੰਧੀ ਵਿਚਾਰਾਂ ਦੀ ਵਿਆਖਿਆ ਤੱਕ ਸੀਮਤ ਰੱਖਿਆ ਹੈ। ਬਾਅਦ ਵਿੱਚ ਜਾ ਕੇ ਜਿਹਨਾਂ ਦੂਜੇ ਅਧਿਐਨਕਰਤਾਵਾਂ ਨੇ ਦਵੰਦਵਾਦੀ ਚਿੰਤਨ ਨੂੰ ਸਾਹਿਤ ‘ਤੇ ਲਾਗੂ ਕੀਤਾ ਹੈ, ਉਹਨਾਂ ਦੇ ਵਿਚਾਰਾਂ ਦੀ ਪੜਤਾਲ ਇੱਥੇ ਨਹੀਂ ਕੀਤੀ ਗਈ ਹੈ। ਬਾਅਦ ਦਾ ਇਹ ਚਿੰਤਨ, ਜਿਸਨੂੰ ਜੋਨਾਥਨ ਕਲਰ ਨੇ ਦੂਜੀ ਸ਼ਕਤੀ ਕਿਹਾ ਹੈ, ਆਪਣਾ ਹੀ ਉਲੰਘਣ ਕਰਦੇ ਹੋਏ, ਆਪਣੇ ਵੱਲੋਂ ਮੂੰਹ ਮੋੜ ਲੈਂਦਾ ਹੈ, ਆਪਣੇ-ਆਪ ਨੂੰ ਉਲ਼ਟ ਦਿੰਦਾ ਹੈ। ਇਸਨੂੰ ਲੱਗਦਾ ਹੈ ਕਿ ਜੋ ਗੱਲ ਕਿਸੇ ਸਮੇਂ ਅਪੂਰਣਤਾ ਦੀ ਸੂਚਕ ਸੀ, ਉਹੀ ਗੱਲ ਉੱਚੇ ਪੱਧਰ ‘ਤੇ ਜਾ ਕੇ ਤਾਕਤ ਜਾਂ ਉੱਚਤਾ ਦਾ ਲੱਛਣ ਬਣ ਗਈ ਹੈ। ਇੱਥੇ ਮਾਰਕਸ ਦੇ ਬਾਅਦ ਦੇ ਚਿੰਤਨ ‘ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਏਂਗਲਜ਼, ਲੈਨਿਨ, ਪਲੈਖਾਨੋਵ, ਮੇਹਰਿੰਗ, ਕਾਡਵੈਲ, ਲੁਕਾਚ, ਬ੍ਰੈਖਤ, ਬੈਂਜਾਮਿਨ, ਗੋਲਡਮਾਨ, ਫਿਸ਼ਰ, ਗ੍ਰਾਮਸ਼ੀ, ਡੇਲਾ ਵਾਲਪੋਲ, ਮਸ਼ੇਰੀ ਅਤੇ ਇਸ ਤਰ੍ਹਾਂ ਦੇ ਬਹੁਤਿਆਂ ਨੂੰ ਇਸ ਅਧਿਐਨ ਦੇ ਘੇਰੇ ਵਿੱਚ ਨਹੀਂ ਲਿਆ ਗਿਆ ਹੈ, ਜਿਹਨਾਂ ਦੁਆਰਾ ਵਿਕਸਿਤ ਵਿਚਾਰ ਨੂੰ ਅੱਗੇ ਚੱਲ ਕੇ ਮਾਰਕਸਵਾਦੀ ਸਾਹਿਤ ਸਿਧਾਂਤ ਅਤੇ ਸਮੀਖਿਆ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹਨਾਂ ਅਧਿਐਨਾਂ ਨੂੰ ਮਾਰਕਸ ਦੇ ਉਹਨਾਂ ਵਿਚਾਰਕ ਸੰਕੇਤਾਂ ਨਾਲ਼ ਸ਼ੁਰੂ ਕੀਤਾ ਗਿਆ, ਜਿੱਥੇ ਉਹ ਸਿੱਧੇ-ਸਿੱਧੇ ਸਾਹਿਤ ਦੇ ਵਿਸ਼ੇ ਵਿੱਚ ਕਦੇ ਕੋਈ ਗੱਲ ਨਹੀਂ ਕਰਦੇ ਹਨ। ‘ਵਿਚਾਰਧਾਰਾ’ ਅਤੇ ਮਿੱਥਸ਼ਾਸਤਰ’, ਮਾਲ ਪ੍ਰਤੀ ਅੰਧਭਗਤੀ ਦਾ ਭਾਵ’, ‘ਪੈਦਾਕਾਰ ਉਪਭੋਗ’, ‘ਵਿਰੋਧਤਾਈ ਅਤੇ ਸਮੁੱਚਤਾ’, ‘ਅਭਿਆਸ ਅਤੇ ਦਬਦਬੇ’ ਨੂੰ ਲੈ ਕੇ ਮਾਰਕਸ ਨੇ ਜੋ ਟਿੱਪਣੀਆਂ ਕੀਤੀਆਂ ਹਨ, ਇਹਨਾਂ ਵਿੱਚ ਸਾਰੀਆਂ ਦੀ ਆਪਣੀ-ਆਪਣੀ ਦਵੰਦਾਤਮਕ ਵਿਧੀ ਹੋ ਸਕਦੀ ਹੈ, ਜਿਹਨਾਂ ਨੂੰ ਵਿਸਥਾਰ ਦੇ ਕੇ, ਇੱਕ ਢਾਂਚੇ ਵਿੱਚ ਜੋੜਿਆ ਜਾ ਸਕਦਾ ਹੈ, ਜੋ ਮਾਰਕਸ ਦੀਆਂ ਧਾਰਨਾਵਾਂ ਤੋਂ ਓਨੀਆਂ ਹੀ ਭਿੰਨ ਦਿਖਾਈ ਦੇਣਗੀਆਂ, ਜਿੰਨੀਆਂ ਇੱਕ ਦੂਜੇ ਦੀਆਂ ਧਾਰਨਾਵਾਂ ਨਾਲ਼ ਆਪਸ ਵਿੱਚ। ਪਰ ਇਹ ਤਾਂ ਇੱਕ ਅਲੱਗ ਹੀ ਕਹਾਣੀ ਹੈ ਅਤੇ ਕਈ ਅਲੱਗ ਪੋਥੀਆਂ ਨੂੰ ਅਧਾਰ ਬਣਾ ਕੇ ਲਿਖੀ ਜਾ ਸਕਦੀ ਹੈ। 

ਅਨੁਵਾਦ — ਕੁਲਦੀਪ

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਕਾਰਲ ਮਾਰਕਸ ਅਤੇ ਸੰਸਾਰ ਸਾਹਿਤ • ਐੱਸ. ਐੱਸ. ਫਰੈਵਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s