ਜੋਜ਼ਫ ਵੇਡੇਮੇਅਰ ਨੂੰ ਜੈਨੀ ਮਾਰਕਸ ਦਾ ਖ਼ਤ 20 ਮਈ, 1850

jenny marx

ਪੀ.ਡੀ.ਐਫ਼ ਡਾਊਨਲੋਡ ਕਰੋ

(5 ਮਈ ਨੂੰ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ, ਮਹਾਨ ਦਾਰਸ਼ਨਿਕ, ਮਹਾਨ ਰਾਜਨੀਤੀਵਾਨ, ਸਮਾਜ ਵਿਗਿਆਨਕ, ਮਜ਼ਦੂਰ ਜਥੇਬੰਦਕ ਅਤੇ ਉਹਨਾਂ ਦੇ ਦੋਸਤ ਅਤੇ ਜੁਝਾਰ ਸਾਥੀ ਫਰੈਡਰਿਕ ਏਂਗਲਜ਼ ਦੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ‘ਇਸ ਸਭ ਤੋਂ ਉੱਪਰ ਇੱਕ ਮਹਾਨ ਇਨਕਲਾਬੀ’ ਕਾਰਲ ਮਾਰਕਸ ਦਾ ਜਨਮ ਦਿਨ ਹੈ। ਉਹ ਮਹਾਂ ਮਨੁੱਖ ਜਿਸ ਨੇ ਮਨੁੱਖਤਾ ਦੀ ਮੁਕਤੀ ਲਈ ਇੱਕ ਰਹਿਨੁਮਾ ਵਿਗਿਆਨਕ ਸਿਧਾਂਤ ਦੀ ਨੀਂਹ ਰੱਖੀ ਸੀ। ਆਪਣੇ ਦਿਲ ਵਿੱਚ ਸਾਰੇ ਸੰਸਾਰ ਦੇ ਕਿਰਤੀ ਕਾਮਿਆਂ ਦੀ ਅਥਾਹ ਮੁਹੱਬਤ ਰੱਖਦੇ ਹੋਏ, ਉਹ ਦਿਨ ਰਾਤ ਉਹਨਾਂ ਦੀ ਮੁਕਤੀ ਦੇ ਨਵੇਂ ਨਵੇਂ ਰਾਹਾਂ ਦੀ ਖੋਜ ਅਤੇ ਇਸ ਲਈ ਅਮਲੀ ਸਰਗਰਮੀਆਂ ‘ਚ ਲੱਗੇ ਰਹਿੰਦੇ। ਆਪਣਾ ਸਾਰਾ ਜੀਵਨ, ਆਪਣੀ ਸਾਰੀ ਪ੍ਰਤਿਭਾ ਉਹਨਾਂ ਕਿਰਤੀ ਮਨੁੱਖਾਂ ਦੀ ਮੁਕਤੀ ਨੂੰ ਅਰਪਿਤ ਕਰ ਦਿੱਤਾ ਸੀ। ਇਹ ਕੰਡਿਆਲਾ ਮਾਰਗ ਜੋ ਉਹਨਾਂ ਚੁਣਿਆਂ ਸੀ, ‘ਤੇ ਚੱਲਦਿਆਂ ਉਹਨਾਂ ਖੁਦ ਸਾਰੀ ਉਮਰ ਅਥਾਹ ਮੁਸੀਬਤਾਂ ਝੱਲੀਆਂ। ਇੱਥੇ ਅਸੀਂ ਉਹਨਾਂ ਦੀ ਪਤਨੀ ਜੈਨੀ ਮਾਰਕਸ ਦਾ ਇੱਕ ਖੱਤ ਛਾਪ ਰਹੇ ਹਾਂ, ਜਿਸ ਵਿੱਚ ਉਸ ਮਹਾਂ ਮਨੁੱਖ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਘਾਲ਼ੀ ਅਥਾਹ ਘਾਲਣਾ ਦੀ ਇੱਕ ਝਲਕ ਮਿਲ਼ਦੀ ਹੈ। — ਸੰਪਾਦਕ)

ਪਿਆਰੇ ਸ਼੍ਰੀ ਵੇਡੇਮੇਅਰ,

ਉਦੋਂ ਨੂੰ ਇੱਕ ਸਾਲ ਹੋਣ ਵਾਲ਼ਾ ਹੈ ਜਦੋਂ ਮੈਨੂੰ ਤੁਹਾਡੀ ਤੇ ਤੁਹਾਡੀ ਪਿਆਰੀ ਪਤਨੀ ਦੀ ਏਨੀ ਮਿੱਤਰਤਾ-ਭਰੀ ਤੇ ਹਾਰਦਿਕ ਮੇਜ਼ਬਾਨੀ ਪ੍ਰਾਪਤ ਹੋਈ ਸੀ, ਜਦੋਂ ਤੁਹਾਡੇ ਕੋਲ਼ ਰਹਿੰਦਿਆਂ ਮੈਂ ਘਰ ਵਰਗਾ ਅਰਾਮ ਮਹਿਸੂਸ ਕੀਤਾ ਸੀ। ਇਸ ਸਾਰੇ ਸਮੇਂ ਵਿੱਚ ਮੈਂ ਆਪਣੀ ਹੋਂਦ ਦਾ ਕੋਈ ਨਿਸ਼ਾਨ ਨਹੀਂ ਪ੍ਰਗਟ ਕੀਤਾ। ਤੁਹਾਡੀ ਪਤਨੀ ਨੇ ਮੈਨੂੰ ਕਿੰਨੀ ਅਪਣੱਤ ਨਾਲ਼ ਖ਼ਤ ਲਿਖਿਆ, ਪਰ ਮੈਂ ਉੱਤਰ ਨਹੀਂ ਦਿੱਤਾ ਤੇ ਤੁਹਾਡੇ ਬੱਚੇ ਦੇ ਜਨਮ ਦੀ ਖ਼ਬਰ ਸੁਣ ਕੇ ਵੀ ਮੈਂ ਚੁੱਪ ਰਹੀ। ਮੇਰੀ ਇਹ ਚੁੱਪ ਮੇਰੇ ਲਈ ਅਕਸਰ ਬੋਝਲ ਰਹੀ ਹੈ ਪਰ ਬਹੁਤਾ ਸਮਾਂ ਮੈਂ ਲਿਖਣ ਤੋਂ ਅਸਮਰੱਥ ਰਹੀ ਹਾਂ ਅਤੇ ਅੱਜ ਵੀ ਮੈਨੂੰ ਔਖਾ ਲੱਗ ਰਿਹਾ ਹੈ, ਬਹੁਤ ਔਖਾ!

ਪਰ ਹਾਲਤਾਂ ਮੈਨੂੰ ਕਲਮ ਚੁੱਕਣ ਲਈ ਮਜਬੂਰ ਕਰ ਰਹੀਆਂ ਹਨ। ਬੇਨਤੀ ਹੈ ਕਿ Revue ਤੋਂ ਜੋ ਵੀ ਰਕਮ ਮਿਲ਼ੀ ਹੈ, ਜਾਂ ਮਿਲਣ ਵਾਲ਼ੀ ਹੈ, ਉਹ ਜਿੰਨੀ ਛੇਤੀ ਹੋ ਸਕੇ, ਭੇਜ ਦਿਓ। ਸਾਡੇ ਉੱਤੇ ਨਿਸ਼ਚੇ ਹੀ ਇਹ ਦੋਸ਼ ਕੋਈ ਨਹੀਂ ਲਾ ਸਕਦਾ ਕਿ ਅਸੀਂ ਸਾਲਾਂ ਤੋਂ ਜੋ ਕੁਰਬਾਨੀਆਂ ਕਰ ਰਹੇ ਹਾਂ ਤੇ ਮੁਸੀਬਤਾਂ ਸਹਿ ਰਹੇ ਹਾਂ, ਉਹਨਾਂ ਦਾ ਕੋਈ ਕਦੇ ਦਿਖਾਵਾ ਕੀਤਾ ਗਿਆ ਹੈ। ਸਾਡੀਆਂ ਹਾਲਤਾਂ ਬਾਰੇ ਜਨਤਾ ਨੂੰ ਬਹੁਤ ਘੱਟ ਜਾਂ ਬਿਲਕੁਲ ਨਹੀਂ ਦੇ ਬਰਾਬਰ ਜਾਣਕਾਰੀ ਹੈ। ਮੇਰੇ ਪਤੀ ਅਜਿਹੇ ਮਾਮਲਿਆਂ ਵਿੱਚ ਜਜ਼ਬਾਤੀ ਹਨ ਅਤੇ ਉਹ ਬਾਕਾਇਦਾ ਤੌਰ ‘ਤੇ ਮੰਨੇ ਪ੍ਰਮੰਨੇ ”ਮਹਾਂ ਪੁਰਸ਼ਾਂ” ਦੀ ਜਮਹੂਰੀ ਭੀਖ ਨਾਲ਼ੋਂ ਆਪਣੀ ਅੰਤਮ ਕੌਡੀ ਤੱਕ ਕੁਰਬਾਨ ਕਰ ਦੇਣਾ ਬਿਹਤਰ ਸਮਝਣਗੇ। ਪਰ ਉਹ ਆਪਣੇ ਮਿੱਤਰਾਂ ਤੋਂ, ਖਾਸ ਕਰ ਕੋਲੋਨ ਦੇ ਮਿੱਤਰਾਂ ਤੋਂ, ਆਪਣੇ Revue ਲਈ ਗਰਗਰਮ ‘ਤੇ ਜ਼ੋਰਦਾਰ ਸਹਾਇਤਾ ਦੀ ਆਸ ਰੱਖ ਸਕਦੇ ਹਨ। ਉਹ ਅਜਿਹੀ ਸਹਾਇਤਾ ਦੀ ਆਸ ਸਭ ਤੋਂ ਪਹਿਲਾਂ ਉਥੋਂ ਰੱਖ ਸਕਦੇ ਹਨ ਜਿੱਥੇ Neue Rheinische Zeitung ਲਈ ਉਹਨਾਂ ਦੀਆਂ ਕੁਰਬਾਨੀਆਂ ਦਾ ਸਭ ਨੂੰ ਪਤਾ ਹੈ। ਪਰ ਇਸ ਦੀ ਥਾਂ ਲਾਪ੍ਰਵਾਹੀ ਤੇ ਬੁਰੇ ਪ੍ਰਬੰਧ ਕਾਰਨ ਕਾਰੋਬਾਰ ਬਿਲਕੁਲ ਤਬਾਹ ਹੋ ਗਿਆ ਹੈ ਅਤੇ ਇਹ ਕਹਿਣਾ ਔਖਾ ਹੈ ਕਿ ਪੁਸਤਕ-ਵਿਕਰੇਤਾ, ਪ੍ਰਬੰਧਕਾਂ ਤੇ ਕੋਲੋਨ ਦੇ ਜਾਣੂੰਆਂ ਦੀ ਟਾਲ਼-ਮਟੋਲ ਜਾਂ ਡੈਮੋਕਰੈਟਾਂ ਦਾ ਆਮ ਵਤੀਰਾ ਇਸ ਤਬਾਹੀ ਲਈ ਵਧੇਰੇ ਦੋਸ਼ੀ ਰਿਹਾ ਹੈ। 

ਇਥੇ ਮੇਰੇ ਪਤੀ ਜੀਵਨ ਦੇ ਛੋਟੇ ਛੋਟੇ ਫਿਕਰਾਂ ਵਿੱਚ ਫਸੇ ਹੋਏ ਹਨ ਜਿਹਨਾਂ ਅਜਿਹਾ ਘਿਨਾਉਣਾ ਰੂਪ ਧਾਰਨ ਕਰ ਲਿਆ ਹੈ ਕਿ ਇਸ ਰੋਜ਼ ਰੋਜ਼ ਦੇ, ਹਰ ਘੜੀ ਦੇ ਸੰਘਰਸ਼ ਵਿੱਚ ਆਪਣੇ ਆਪ ਨੂੰ ਕਾਇਮ ਰੱਖਣ ਵਿੱਚ ਹੀ ਸਾਰੀ ਸ਼ਕਤੀ, ਉਹਨਾਂ ਦੇ ਸਵੈ-ਮਾਣ ਦੀ ਸਾਰੀ ਸ਼ਾਂਤ, ਸਪੱਸ਼ਟ ਤੇ ਖ਼ਾਮੋਸ਼ ਚੇਤਨਾ ਲੱਗ ਜਾਂਦੀ ਹੈ। ਪਿਆਰੇ ਵੇਡੇਮੇਅਰ, ਤੁਸੀਂ ਅਖ਼ਬਾਰ ਲਈ ਮੇਰੇ ਪਤੀ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਜਾਣਦੇ ਹੋ। ਜਦੋਂ ਉਸ ਦੀ ਸਫਲਤਾ ਦੀ ਕੋਈ ਆਸ ਨਹੀਂ ਰਹਿ ਗਈ ਸੀ ਤਾਂ ਉਹਨਾਂ ਉਸ ਵਿੱਚ ਹਜ਼ਾਰਾਂ ਦੀ ਰਕਮ ਲਾਈ, ਉਹਨਾਂ ਅਜਿਹੇ ਨੇਕ ਡੈਮੋਕਰੈਟਾਂ ਦੀ ਪ੍ਰੇਰਨਾ ਨਾਲ਼ ਉਸ ਦਾ ਮਾਲਕ ਬਣਨਾ ਪ੍ਰਵਾਨ ਕਰ ਲਿਆ ਜਿਹਨਾਂ ਨੂੰ ਨਹੀਂ ਤਾਂ ਖ਼ੁਦ ਉਸ ਦੇ ਕਰਜ਼ਿਆਂ ਲਈ ਜੁਆਬ-ਦੇਹ ਹੋਣਾ ਪੈਂਦਾ। ਅਖ਼ਬਾਰ ਦੇ ਰਾਜਨੀਤਕ ਅਤੇ ਕੋਲੋਨ ਤੋਂ ਆਪਣੇ ਜਾਣੂੰ ਨਾਗਰਿਕਾਂ ਦੇ ਵਕਾਰ ਦੀ ਰੱਖਿਆ ਲਈ ਪੂਰੀ ਜ਼ਿੰਮੇਵਾਰੀ ਉਹਨਾਂ ਆਪਣੇ ਉੱਤੇ ਲੈ ਲਈ । ਉਹਨਾਂ ਆਪਣੀ ਛਪਾਈ ਦੀ ਮਸ਼ੀਨ ਵਿਕਵਾ ਦਿੱਤੀ, ਸਾਰੀ ਆਮਦਨੀ ਕੁਰਬਾਨ ਕਰ ਦਿੱਤੀ ਅਤੇ ਨਵੀਂ ਇਮਾਰਤ ਦਾ ਕਿਰਾਇਆ ਤੇ ਸੰਪਾਦਕਾਂ ਦੀ ਬਕਾਇਆ ਤਨਖਾਹ ਆਦਿ ਚੁਕਾਉਣ ਲਈ ਉੱਥੋਂ ਹੱਟਣ ਤੋਂ ਪਹਿਲਾਂ 300 ਥਾਲਰ ਉਧਾਰ ਵੀ ਲਏ—ਇਹ ਸਭ ਬਾਵਜੂਦ ਇਸ ਦੇ ਕਿ ਉਹਨਾਂ ਨੂੰ ਧੱਕੇ ਨਾਲ਼ ਕੱਢ ਦਿੱਤਾ ਜਾਂਦਾ ਸੀ। ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਕੋਲ਼ ਕੁੱਝ ਵੀ ਨਹੀਂ ਰੱਖਿਆ! ਮੈਂ ਚਾਂਦੀ ਦੀਆਂ ਆਪਣੀਆਂ ਆਖਰੀ ਚੀਜ਼ਾਂ ਵੀ ਗਹਿਣੇ ਰੱਖਣ ਫਰੈਂਕਫਰਟ ਗਈ। ਮੈਂ ਕੋਲੋਨ ਵਿੱਚ ਆਪਣਾ ਫਰਨੀਚਰ ਵਿਕਵਾ ਦਿੱਤਾ ਕਿਉਂਕਿ ਕੱਪੜੇ-ਲੱਤੇ ਤੱਕ ਦੇ ਕੁਰਕ ਹੋ ਜਾਣ ਦਾ ਖ਼ਤਰਾ ਸੀ। ਉਲਟ-ਇਨਕਲਾਬ ਦੇ ਮੰਦਭਾਗੇ ਦੌਰ ਵਿੱਚ ਮੇਰੇ ਪਤੀ ਪੈਰਿਸ ਚਲੇ ਗਏ ਜਿਹਨਾਂ ਦੇ ਪਿੱਛੇ ਪਿੱਛੇ ਆਪਣੇ ਤਿੰਨ ਬੱਚਿਆਂ ਲੈ ਕੇ ਮੈਂ ਵੀ ਉੱਥੇ ਪਹੁੰਚੀ। ਪਰ ਉਹ ਉਥੇ ਅਜੇ ਟਿਕੇ ਹੀ ਸਨ ਕਿ ਉਹਨਾਂ ਨੂੰ ਕੱਢ ਦਿੱਤਾ ਗਿਆ ਅਤੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਵੀ ਉਸ ਤੋਂ ਬਾਅਦ ਉੱਥੇ ਰਹਿਣ ਦੀ ਇਜਾਜ਼ਤ ਨਾ ਦਿੱਤੀ ਗਈ। ਮੈਂ ਉਹਨਾਂ ਦੇ ਪਿੱਛੇ ਪਿੱਛੇ ਬਰਤਾਨੀਆ ਪਹੁੰਚੀ। ਇੱਕ ਮਹੀਨੇ ਬਾਅਦ ਸਾਡੀ ਚੌਥੀ ਸੰਤਾਨ ਹੋਈ। ਤਿੰਨ ਸੰਤਾਨਾਂ ਦਾ ਹੋਣਾ ਤੇ ਚੌਥੀ ਨੂੰ ਜਨਮ ਦੇਣਾ ਕੀ ਅਰਥ ਰੱਖਦਾ ਹੈ, ਇਸ ਨੂੰ ਸਮਝਣ ਲਈ ਲੰਡਨ ਤੇ ਉੱਥੋਂ ਦੀਆਂ ਹਾਲਤਾਂ ਨੂੰ ਜਾਣਨਾ ਜ਼ਰੂਰੀ ਹੈ। ਸਾਨੂੰ 42 ਥਾਲਰ ਪ੍ਰਤੀ ਮਹੀਨਾ ਸਿਰਫ਼ ਕਿਰਾਏ ਦੇ ਹੀ ਦੇਣੇ ਪੈਂਦੇ ਸਨ। ਅਸੀਂ ਆਪਣੇ ਆਪ ਨੂੰ ਮਿਲਣ ਵਾਲ਼ੀ ਰਕਮ ਵਿੱਚੋਂ ਉਹ ਸਭ ਕੁੱਝ ਅਦਾ ਕਰ ਸਕਦੇ ਸਾਂ, ਪਰ Revue ਦੇ ਪ੍ਰਕਾਸ਼ਨ ਨਾਲ਼ ਸਾਡੇ ਸੋਮੇ ਸੁੱਕ ਗਏ। ਰਾਜ਼ੀਨਾਮੇ ਦੇ ਬਾਵਜੂਦ ਸਾਨੂੰ ਪੈਸੇ ਨਹੀਂ ਦਿੱਤੇ ਗਏ ਅਤੇ ਜੇ ਦਿੱਤੇ ਵੀ ਗਏ ਤਾਂ ਥੋੜੇ ਥੋੜੇ, ਜਿਸ ਨਾਲ਼ ਅਸੀਂ ਉੱਤੇ ਔਖੀ ਹਾਲਤ ਵਿੱਚ ਫਸ ਗਏ। 

ਮੈਂ ਏਥੇ ਆਪਣੀ ਜ਼ਿੰਦਗੀ ਦੇ ਸਿਰਫ਼ ਇੱਕ ਦਿਨ ਦਾ ਵਰਨਣ ਕਰਾਂਗੀ ਤੇ ਤੁਸੀਂ ਦੇਖੋਗੇ ਕਿ ਸ਼ਾਇਦ ਬਹੁਤ ਘੱਟ ਪ੍ਰਵਾਸੀਆਂ ਨੇ ਅਜਿਹਾ ਕੁੱਝ ਝੱਲਿਆ ਹੋਵੇਗਾ। ਇਥੇ ਕਿਉਂਕਿ ਨਰਸਾਂ ਬਹੁਤ ਮਹਿੰਗੀਆਂ ਹਨ, ਇਸ ਲਈ ਛਾਤੀ ਤੇ ਪਿੱਠ ਵਿੱਚ ਲਗਾਤਾਰ ਭਿਆਨਕ ਦਰਦ ਦੇ ਬਾਵਜੂਦ ਮੈਂ ਨਵੀਂ ਸੰਤਾਨ ਨੂੰ ਆਪਣਾ ਹੀ ਦੁੱਧ ਪਿਆਉਣ ਦਾ ਫੈਸਲਾ ਕੀਤਾ। ਪਰ ਵਿਚਾਰੇ ਬੱਚੇ ਨੇ ਦੁੱਧ ਦੇ ਨਾਲ਼ ਏਨੀ ਵੱਧ ਪਰੇਸ਼ਾਨੀ ਤੇ ਫਿਕਰ ਪੀ ਲਏ ਕਿ ਖ਼ੁਦ ਲਗਾਤਾਰ ਬੀਮਾਰ ਤੇ ਦਿਨ ਰਾਤ ਤਿੱਖੀ ਪੀੜ ਵਿੱਚ ਫਸਿਆ ਰਹਿਣ ਲੱਗਾ। ਦੁਨੀਆਂ ਵਿੱਚ ਆਉਣ ਤੋਂ ਬਾਅਦ ਉਹ ਕਦੇ ਰਾਤ ਭਰ ਨਹੀਂ ਸੁੱਤਾ, ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟੇ ਅਤੇ ਉਹ ਵੀ ਕਦੇ ਕਦਾਈਂ ਸੁੱਤਾ ਹੈ। ਹਾਲ ਵਿੱਚ ਹੀ ਉਸ ਨੂੰ ਸਖ਼ਤ ਕੜਵੱਲਾਂ ਵੀ ਪਈਆਂ ਸਨ ਅਤੇ ਉਹ ਲਗਾਤਾਰ ਜੀਵਨ ਤੇ ਮੌਤ ਵਿਚਕਾਰ ਜੂਝਦਾ ਰਿਹਾ ਹੈ। ਆਪਣੇ ਦੁਖ ਵਿੱਚ ਉਸਨੇ ਮੇਰੀ ਛਾਤੀ ਨੂੰ ਏਨੇ ਜ਼ੋਰ ਨਾਲ਼ ਚੂਸਿਆ ਕਿ ਉਹ ਛਿੱਲੀ ਗਈ, ਚਮੜੀ ਫੱਟ ਗਈ ਤੇ ਉਸ ਦੇ ਕੰਬਦੇ ਛੋਟੇ ਮੂੰਹ ਵਿੱਚ ਅਕਸਰ ਖ਼ੂਨ ਢਲਣ ਲੱਗਾ। ਇੱਕ ਦਿਨ ਮੈਂ ਇਸੇ ਤਰ੍ਹਾਂ ਉਸਨੂੰ ਲੈ ਕੇ ਬੈਠੀ ਸਾਂ ਕਿ ਸਾਡੇ ਮਕਾਨ ਦੀ ਪ੍ਰਬੰਧਕ ਆ ਗਈ। ਅਸੀਂ ਉਸ ਨੂੰ ਸਰਦੀਆਂ ਵਿੱਚ 250 ਥਾਲਰ ਅਦਾ ਕਰ ਚੁੱਕੇ ਸਾਂ ਤੇ ਉਸ ਨਾਲ਼ ਇਸ ਗੱਲ ਦਾ ਸਮਝੌਤਾ ਹੋ ਚੁੱਕਾ ਸੀ ਕਿ ਬਾਕੀ ਰਕਮ ਉਸਨੂੰ ਨਹੀਂ ਸਗੋਂ ਮਾਲਕ-ਮਕਾਨ ਨੂੰ ਅਦਾ ਕੀਤੀ ਜਾਵੇਗੀ ਜੋ ਉਸ ਵਿਰੁੱਧ ਕੁਰਕੀਨਾਮਾ ਲੈ ਚੁੱਕਾ ਸੀ। ਉਹ ਸਮਝੌਤੇ ਤੋਂ ਮੁੱਕਰ ਗਈ ਅਤੇ ਸਾਡੇ ਕੋਲ਼ੋਂ ਬਕਾਇਆ 5 ਪੌਂਡ ਦੀ ਮੰਗ ਕੀਤੀ। ਕਿਉਂਕਿ ਸਾਡੇ ਕੋਲ ਉਸ ਸਮੇਂ ਪੈਸੇ ਨਹੀਂ ਸਨ (ਨਾਊਟ ਦਾ ਖ਼ਤ ਉਸ ਤੋਂ ਬਾਅਦ ਆਇਆ), ਇਸ ਲਈ ਦੋ ਕੁਰਕੀ-ਅਧਿਕਾਰੀ ਸਾਡੀ ਸਾਰੀ ਸੰਪਤੀ—ਬਿਸਤਰੇ, ਕੱਪੜੇ-ਲੱਤੇ—ਸਭ ਕੁੱਝ, ਇਥੋਂ ਤੱਕ ਕਿ ਮੇਰੇ ਵਿਚਾਰੇ ਬੱਚੇ ਦਾ ਪੰਘੂੜਾ ਤੇ ਜ਼ਾਰੋ ਜ਼ਾਰ ਰੋਂਦੀਆਂ ਮੇਰੀਆਂ ਧੀਆਂ ਦੇ ਬੇਹਤਰੀਨ ਖਿਡੌਣੇ ਵੀ ਕੁਰਕ ਕਰ ਗਏ। ਉਹਨਾਂ ਦੋ ਘੰਟਿਆਂ ਵਿੱਚ ਆ ਕੇ ਸਭ ਕੁੱਝ ਲੈ ਜਾਣ ਦੀ ਧਮਕੀ ਦਿੱਤੀ। ਉਸ ਹਾਲਤ ਵਿੱਚ ਮੈਨੂੰ ਦੁਖਦੀ ਛਾਤੀ ਨਾਲ਼ ਆਪਣੇ ਠਿਠੁਰਦੇ ਬੱਚਿਆਂ ਨੂੰ ਲੈ ਕੇ ਫਰਸ਼ ਉੱਤੇ ਸੌਣਾ ਪੈਂਦਾ। ਸਾਡੇ ਮਿੱਤਰ ਸ਼ਰਾਮ ਸਾਡੇ ਲਈ ਸਹਾਇਤਾ ਪ੍ਰਾਪਤ ਕਰਨ ਸ਼ਹਿਰ ਨੂੰ ਦੌੜੇ। ਪਰ ਉਹ ਜਿਉਂ ਹੀ ਇੱਕ ਘੋੜਾ-ਗੱਡੀ ਵਿੱਚ ਸੁਆਰ ਹੋਏ ਕਿ ਘੋੜੇ ਬੇਕਾਬੂ ਹੋ ਗਏ ਅਤੇ ਸ਼ਰਾਮ ਗੱਡੀ ਵਿੱਚੋਂ ਕੁੱਦ ਪਏ। ਉਹ ਖ਼ੂਨ ਨਾਲ਼ ਲੱਥ ਪੱਥ ਘਰ ਵਾਪਸ ਲਿਆਂਦੇ ਗਏ ਜਿੱਥੇ ਮੈਂ ਆਪਣੇ ਠੰਢ ਨਾਲ਼ ਕੰਬਦੇ ਬੱਚਿਆਂ ਨਾਲ਼ ਹੰਝੂ ਵਹਾ ਰਹੀ ਸਾਂ।

ਦੂਸਰੇ ਹੀ ਦਿਨ ਅਸੀਂ ਉਹ ਮਕਾਨ ਛੱਡ ਦੇਣਾ ਸੀ। ਦਿਨ ਸਰਦ ਤੇ ਉਦਾਸ ਸੀ। ਬਾਰਸ਼ ਹੋ ਰਹੀ ਸੀ। ਮੇਰੇ ਪਤੀ ਸਾਡੇ ਲਈ ਮਕਾਨ ਲੱਭਣ ਗਏ। ਚਾਰ ਬੱਚਿਆਂ ਦਾ ਜ਼ਿਕਰ ਆਉਂਦਿਆਂ ਹੀ ਸਾਨੂੰ ਰੱਖਣ ਲਈ ਕੋਈ ਰਾਜ਼ੀ ਨਾ ਹੁੰਦਾ। ਅੰਤ ਵਿੱਚ ਇੱਕ ਮਿੱਤਰ ਨੇ ਸਾਡੀ ਸਹਾਇਤਾ ਕੀਤੀ। ਅਸੀਂ ਕਿਰਾਇਆ ਅਦਾ ਕਰ ਦਿੱਤਾ ਅਤੇ ਮੈਂ ਦਵਾਖਾਨੇ ਵਾਲ਼ੇ, ਨਾਨਵਾਈ, ਕਸਾਈ ਤੇ ਦੋਧੀ ਦਾ ਬਕਾਇਆ ਚੁਕਾਉਣ ਲਈ ਝਟਪਟ ਆਪਣੇ ਪਲੰਘ ਵੇਚ ਦਿੱਤੇ ਕਿਉਂਕਿ ਕੁਰਕੀ ਦੀ ਸ਼ਰਮਨਾਕ ਘਟਨਾ ਤੋਂ ਘਬਰਾ ਕੇ ਉਹ ਸਾਰੇ ਅਚਾਨਕ ਆਪਣੇ ਹਿਸਾਬ ਦੀ ਚੁਕਾਈ ਲਈ ਮੇਰੇ ਉੱਤੇ ਟੁੱਟ ਪਏ ਸਨ। ਸਾਡੇ ਵੇਚੇ ਗਏ ਪਲੰਘ ਬਾਹਰ ਕੱਢੇ ਗਏ ਤੇ ਉਹਨਾਂ ਨੂੰ ਇੱਕ ਗੱਡੀ ਵਿੱਚ ਲੱਦਿਆ ਗਿਆ। ਇਸ ਤੋਂ ਬਾਅਦ ਕੀ ਹੋਇਆ ਸੀ? ਸੂਰਜ ਡੁੱਬਣ ਤੋਂ ਬਾਅਦ ਦਾ ਸਮਾਂ ਸੀ। ਅਸੀਂ ਅੰਗ੍ਰੇਜ਼ੀ ਕਾਨੂੰਨ ਦੀ ਉਲੰਘਣਾ ਕਰ ਰਹੇ ਸਾਂ। ਮਾਲਕ-ਮਕਾਨ ਦੋ ਪੁਲਸ ਵਾਲ਼ਿਆਂ ਨੂੰ ਲੈ ਕੇ ਸਾਡੇ ਵਲ ਦੌੜਿਆ ਆਇਆ ਅਤੇ ਇਹ ਦਾਅਵਾ ਕੀਤਾ ਕਿ ਅਸੀਂ ਵਿਦੇਸ਼ ਦੌੜ ਜਾਣਾ ਚਾਹੁੰਦੇ ਹਾਂ ਅਤੇ ਸਾਡੀਆਂ ਚੀਜ਼ਾਂ ਵਿੱਚ ਉਸ ਦੀਆਂ ਆਪਣੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ। ਕੋਈ ਪੰਜਾਂ ਮਿੰਟਾਂ ਵਿੱਚ ਹੀ ਦੋ-ਤਿੰਨ ਸੌ ਲੋਕ, ਚੇਲਸੀ ਦੀ ਪੂਰੀ ਭੀੜ, ਸਾਡੇ ਦਰਵਾਜ਼ੇ ਅੱਗੇ ਜਮ੍ਹਾ ਹੋ ਗਈ। ਪਲੰਘ ਫੇਰ ਅੰਦਰ ਲਿਆਂਦੇ ਗਏ ਕਿਉਂਕਿ ਉਹਨਾਂ ਨੂੰ ਖ਼ਰੀਦਦਾਰਾਂ ਨੂੰ ਦੂਸਰੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਹੀ ਦਿੱਤਾ ਜਾ ਸਕਦਾ ਸੀ। ਅੰਤ ਵਿੱਚ ਆਪਣਾ ਸਾਰਾ ਸਮਾਨ ਵੇਚ ਕੇ ਹੀ ਅਸੀਂ ਕਰਜ਼ੇ ਦੀ ਆਖਰੀ ਕੌਡੀ ਤੱਕ ਚੁਕਾ ਸਕੇ। ਮੈਂ ਆਪਣੇ ਛੋਟੇ ਛੋਟੇ ਬੱਚਿਆਂ ਨਾਲ਼ ਨੰਬਰ ਇੱਕ, ਲਿਸੇਸਟਰ ਸਟਰੀਟ, ਲਿਸੇਸਟਰ ਸਕੁਏਅਰ ‘ਤੇ ਇੱਕ ਜਰਮਨ ਹੋਟਲ ਦੇ ਦੋ ਕਮਰਿਆਂ ਵਿੱਚ ਉਠ ਆਈ ਜਿਥੇ ਅਸੀਂ ਇਸ ਸਮੇਂ ਹਾਂ ਅਤੇ ਇਥੇ 5.5 ਪੌਂਡ ਫੀ ਹਫ਼ਤੇ ਉੱਤੇ ਲਗਭਗ ਇੱਕ ਮਨੁੱਖ ਵਾਂਗ ਹੀ ਰਹਿ ਰਹੇ ਹਾਂ। 

ਪਿਆਰੇ ਮਿੱਤਰ, ਤੁਸੀਂ ਮੈਨੂੰ ਆਪਣੇ ਜੀਵਨ ਦੇ ਇੱਕ ਦਿਨ ਦੇ ਇਸ ਲੰਬੇ ਵੇਰਵੇ ਲਈ ਮੁਆਫ਼ ਕਰੋ। ਮੈਂ ਜਾਣਦੀ ਹਾਂ ਕਿ ਇਹ ਸਿਆਣਪ ਨਹੀਂ ਹੈ, ਪਰ ਅੱਜ ਦੀ ਸ਼ਾਮ ਮੇਰਾ ਦਿਲ ਫਟ ਰਿਹਾ ਹੈ ਅਤੇ ਮੈਂ ਸਭ ਤੋਂ ਪੁਰਾਣੇ, ਸਭ ਤੋਂ ਚੰਗੇ ਤੇ ਸਭ ਤੋਂ ਵਫ਼ਾਦਾਰ ਦੋਸਤ ਅੱਗੇ ਘੱਟੋ ਘੱਟ ਇੱਕ ਵਾਰ ਤਾਂ ਆਪਣੇ ਦਿਲ ਦਾ ਭਾਰ ਹਲਕਾ ਕਰ ਲੈਣਾ ਚਾਹੁੰਦੀ ਹਾਂ। ਇਹ ਨਾ ਸੋਚਣਾ ਕਿ ਇਹਨਾਂ ਤੁੱਛ ਫਿਕਰਾਂ ਨੇ ਮੈਨੂੰ ਝੁਕਾ ਦਿੱਤਾ ਹੈ : ਮੈਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਸਾਡਾ ਸੰਘਰਸ਼ ਇਕੱਲਾ-ਇਕਹਿਰਾ ਨਹੀਂ ਹੈ ਅਤੇ ਮੈਂ ਤਾਂ ਖਾਸ ਕਰ ਖੁਸ਼ਕਿਸਮਤ ਹਾਂ, ਸੁਖੀ ਹਾਂ, ਤਕਦੀਰ ਦੀ ਚਹੇਤੀ ਹਾਂ ਕਿਉਂਕਿ ਮੇਰੇ ਪਿਆਰੇ ਪਤੀ ਮੇਰੇ ਨਾਲ਼ ਹਨ ਜੋ ਮੇਰੇ ਜੀਵਨ-ਅਧਾਰ ਹਨ। ਅਸਲ ਵਿੱਚ ਜਿਸ ਗੱਲ ਕਾਰਨ ਮੈਨੂੰ ਅੰਤਰੀਵ ਪੀੜ ਹੁੰਦੀ ਹੈ ਤੇ ਮੇਰਾ ਦਿਲ ਦੁਖੀ ਹੋ ਜਾਂਦਾ ਹੈ, ਉਹ ਇਹ ਹੈ ਕਿ ਉਹਨਾਂ ਨੂੰ ਬਹੁਤ ਹੀ ਛੋਟੀਆਂ ਚੀਜ਼ਾਂ ਲਈ ਏਨੀ ਵੱਧ ਤਕਲੀਫ ਸਹਿਣੀ ਪੈਂਦੀ ਹੈ, ਕਿ ਉਹਨਾਂ ਦੀ ਏਨੀ ਘੱਟ ਸਹਾਇਤਾ ਕੀਤੀ ਜਾ ਸਕਦੀ ਹੈ, ਕਿ ਜਿਸ ਨੇ ਖੁਸ਼ੀ ਖੁਸ਼ੀ ਅਨੇਕਾਂ ਹੋਰ ਲੋਕਾਂ ਦੀ ਸਹਾਇਤਾ ਕੀਤੀ, ਹੁਣ ਉਹ ਆਪ ਏਨਾ ਬੇਸਹਾਰਾ ਹੈ। ਪਰ, ਪਿਆਰੇ ਵੇਡੇਮੇਅਰ, ਇਹ ਨਾ ਸੋਚੋ ਕਿ ਅਸੀਂ ਕਿਸੇ ਤੋਂ ਕੁੱਝ ਮੰਗ ਕਰਦੇ ਹਾਂ। ਮੇਰੇ ਪਤੀ ਨੇ ਜਿਹਨਾਂ ਲੋਕਾਂ ਨੂੰ ਆਪਣੇ ਵਿਚਾਰਾਂ ਦਾ ਸਾਂਝਦਾਰ ਬਣਾਇਆ, ਉਤਸ਼ਾਹ ਦਿੱਤਾ, ਸਮਰਥਨ ਦਿੱਤਾ, ਉਹਨਾਂ ਤੋਂ ਉਹ ਕੇਵਲ ਏਨੀ ਹੀ ਮੰਗ ਕਰ ਸਕਦੇ ਸਨ ਕਿ ਉਹ ਵੱਧ ਕਾਰੋਬਾਰੀ ਜੋਸ਼ ਦਿਖਾਉਣ, ਉਹਨਾਂ ਦੇ Revue ਦਾ ਵਧੇਰੇ ਸਾਥ ਦੇਣ, ਇਹ ਦਾਅਵਾ ਤਾਂ ਮੈਂ ਮਾਣ ਤੇ ਹੌਂਸਲੇ ਨਾਲ਼ ਕਰ ਸਕਦੀ ਹਾਂ। ਓਨੇ ਦੇ ਤਾਂ ਉਹ ਹੱਕਦਾਰ ਸਨ ਤੇ ਮੈਂ ਸਮਝਦੀ ਹਾਂ ਕਿ ਇਹ ਕਿਸੇ ਪ੍ਰਤੀ ਵੀ ਅਨਿਆਂ ਨਾ ਹੁੰਦਾ। ਇਹੋ ਚੀਜ਼ ਮੈਨੂੰ ਦੁਖੀ ਕਰਦੀ ਹੈ। ਪਰ ਮੇਰੇ ਪਤੀ ਦੀ ਰਾਏ ਵੱਖਰੀ ਹੈ। ਉਹਾਂ ਵੱਧ ਭਿਆਨਕ ਘੜੀਆਂ ਵਿੱਚ ਵੀ ਭਵਿੱਖ ਪ੍ਰਤੀ ਆਪਣੇ ਵਿਸ਼ਵਾਸ ਤੇ ਆਪਣੀ ਖੁਸ਼-ਮਿਜਾਜ਼ੀ ਤੱਕ ਨੂੰ ਨਹੀਂ ਗੁਆਇਆ। ਮੈਨੂੰ ਤੇ ਲਾਡ ਨਾਲ਼ ਮੈਨੂੰ ਚੰਬੜੇ ਹੋਏ ਆਪਣੇ ਬੱਚਿਆਂ ਨੂੰ ਖੁਸ਼ ਦੇਖ ਕੇ ਉਹ ਸੰਤੁਸ਼ਟ ਹੁੰਦੇ ਹਨ। ਪਿਆਰੇ ਵੇਡੇਮੇਅਰ, ਉਹਨਾਂ ਨੂੰ ਇਹ ਪਤਾ ਨਹੀਂ ਕਿ ਆਪਣੀ ਹਾਲਤ ਬਾਰੇ ਮੈਨੂੰ ਤੁਹਾਨੂੰ ਏਨੇ ਵੇਰਵੇ ਨਾਲ਼ ਲਿਖਿਆ ਹੈ, ਇਸ ਲਈ ਤੁਸੀਂ ਇਹਨਾਂ ਦਾ ਹਵਾਲਾ ਨਾ ਦੇਣਾ। ਉਹਨਾਂ ਨੂੰ ਸਿਰਫ਼ ਏਨਾ ਹੀ ਪਤਾ ਹੈ ਕਿ ਮੈਂ ਉਹਨਾਂ ਦੇ ਨਾਂਅ ਉੱਤੇ ਤੁਹਾਨੂੰ ਇਹ ਲਿਖਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਪੈਸਿਆਂ ਦੀ ਵਸੂਲੀ ਤੇ ਉਹਨਾਂ ਨੂੰ ਭੇਜਣ ਵਿੱਚ ਜਲਦੀ ਕਰੋ। 

ਅਲਵਿਦਾ, ਪਿਆਰੇ ਮਿੱਤਰ! ਆਪਣੀ ਪਿਆਰੀ ਪਤਨੀ ਨੂੰ ਮੇਰੀ ਹਾਰਦਿਕ ਯਾਦ ਕਹਿਣਾ ਅਤੇ ਆਪਣੇ ਨੰਨ੍ਹੇ ਨੂੰ ਇੱਕ ਅਜਿਹੀ ਮਾਂ ਵੱਲੋਂ ਚੁੰਮ ਲੈਣਾ ਜਿਸ ਨੇ ਆਪਣੇ ਬੱਚੇ ਲਈ ਹੰਝੂ ਵਗਾਏ ਹਨ। ਸਾਡੀਆਂ ਤਿੰਨੇ ਵੱਡੀਆਂ ਸੰਤਾਨਾਂ ਇਸ ਸਭ ਕੁੱਝ ਦੇ ਬਾਵਜੂਦ ਠੀਕ ਠਾਕ ਹਨ। ਧੀਆਂ ਸੁੰਦਰ, ਸਿਹਤਮੰਦ, ਖੁਸ਼ ਤੇ ਮਿਲਣਸਾਰ ਹਨ ਤੇ ਸਾਡਾ ਗੋਲ-ਮਟੋਲ ਬੇਟਾ ਹੱਸ ਖੇਡ ਕੇ ਖੁਸ਼ ਰਹਿੰਦਾ ਹੈ ਅਤੇ ਉਸ ਦੇ ਦਿਮਾਗ ਵਿੱਚ ਬੜੇ ਹੀ ਦਿਲਚਸਪ ਵਿਚਾਰ ਆਉਂਦੇ ਰਹਿੰਦੇ ਹਨ। ਉਹ ਸ਼ੈਤਾਨ ਬਹੁਤ ਹੀ ਤਿੱਖੀ ਭਾਵਨਾ ਨਾਲ਼ ਗਰਜਦੀ ਅਵਾਜ਼ ਵਿੱਚ ਗਾਉਂਦਾ ਰਹਿੰਦਾ ਹੈ। ਜਦੋਂ ਉਹ ਫ੍ਰਾਈਲੀਗ਼ਰਾਥ ਦੇ ਮਰਸੇਈਯੇਜ਼ ਗਾਣੇ ਦੇ ਇਹਨਾਂ ਸ਼ਬਦਾਂ ਨੂੰ ਪੂਰੀ ਤਾਕਤ ਲਾ ਕੇ ਗਾਉਂਦਾ ਹੈ ਤਾਂ ਮਕਾਨ ਹਿੱਲ ਜਾਂਦਾ ਹੈ:

ਜੂਨ, ਆ ਜਾ! ਜੂਨ ਮਹਾਨ ਕਾਰਨਾਮਿਆਂ ਦਾ!
ਇਰਾਦਾ ਹੈ ਸਾਡਾ 
ਕਾਰਨਾਮਿਆਂ ਦੇ ਰਾਹ ਕਦਮ ਵਧਾਉਣ ਦਾ।

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s