ਜੁਆਬ ਇੰਝ ਲਿਖੇ ਜਾਂਦੇ ਹਨ •ਮਿਖਾਈਲ ਲਿਫ਼ਿਸ਼ਤਜ਼

10

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

ਪ੍ਰੋ. ਨੂਸੀਨੋਵ ਨੇ ਸ਼ਿਕਾਇਤ ਕੀਤੀ ਹੈ ਕਿ ਕਿਸੇ ਨੇ ਇਹ ਸਿਧਾਂਤ ਉਨ੍ਹਾਂ ਦੇ ਸਿਰ ਮੜ੍ਹ ਦਿੱਤਾ ਹੈ ਕਿ ਸਰਵੇਨਤੀਜ਼,ਸ਼ੇਕਸਪੀਅਰ, ਵਾਲਤੇਅਰ, ਗੇਟੇ ਅਤੇ ਪੁਸ਼ਕਿਨ ‘ਪ੍ਰੋੋਲੇਤਾਰੀ ਜਮਾਤ ਅਤੇ ਕਿਸਾਨਾਂ’ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਅਸਲ ਵਿਚ, ਪ੍ਰੋ. ਨੂਸੀਨੋਵ ਜ਼ੋਰ ਦੇ ਕੇ ਇਹ ਫਰਮਾਉਂਦੇ ਹਨ ਕਿ ਇਹ ਸਾਰੇ ਲੇਖਕ ਕੁਲੀਨ ਜਮਾਤ ਦੇ, ਸਰਮਾਏਦਾਰੀ ਜਮਾਤ ਦੇ, ਪਿਛਾਖੜੀ ਗੁੱਟਾਂ ਦੇ ਅਤੇ ਨਿੱਕੀ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਭਾਵ ਸੰਖੇਪ ਵਿੱਚ, ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਨੂਸੀਨੋਵ ਵਿਅੰਗਾਤਮਕ ਤਰੀਕੇ ਨਾਲ਼ ਕਹਿੰਦੇ ਹਨ ਕਿ ਕੋਈ ਮਾਂ ਦਾ ਪੁੱਤ ਇਹ ਸਾਬਤ ਕਰੇ ਕਿ ਪੁਸ਼ਕਿਨ ਅਤੇ ਗੋਗੋਲ ਰੂਸੀ ਕਿਸਾਨਾਂ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਉਹ ਫਰਮਾਉਂਦੇ ਹਨ : ਅਸੀਂ ਸੁਝਾਅ ਦਿੰਦੇ ਹਾਂ ਕਿ ਲਿਫ਼ਿਸ਼ਤਜ਼ ਇਹ ਸਿੱਧ ਕਰਨ ਦਾ ਹੌਂਸਲਾ ਇਕੱਠਾ ਕਰਨ ਕਿ ਬਾਲਜ਼ਾਕ ਘੋਲ਼ ਵਿੱਚ ਰੁੱਝੀ ਪ੍ਰੋਲੇਤਾਰੀ ਜਮਾਤ ਅਤੇ ਕਿਸਾਨਾਂ ਦੇ ਬੁਲਾਰੇ ਸਨ। ਮੈਂ ਮੁੜ ਕੇ ਨੂਸੀਨੋਵ ਨੂੰ ਇਹ ਸੁਝਾਅ ਦਿੰਦਾ ਹਾਂ ਕਿ ਉਹ ਇਹ ਐਲਾਨਣ ਦਾ ਹੌਂਸਲਾ ਇਕੱਠਾ ਕਰਨ ਕਿ ਬਾਲਜ਼ਾਕ ਦਾ ਨਾਵਲ ‘ਮੋਹਭੰੰਗ’ ਅਤੇ ਪੁਸ਼ਕਿਨ ਦਾ ‘ਬੋਰਿਸ ਗੋਦੁਨੋਵ’ ਲੁੱਟ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਇਨ੍ਹਾਂ ਨਾਵਲਾਂ ਦਾ ਮਹੱਤਵ ਏਸੇ ਵਿਚ ਮੌਜੂਦ ਹੈ।

ਇਕ ਵੇਲਾ ਸੀ ਜਦ ਨੂਸੀਨੋਵ ਨੂੰ ਇਸ ਤਰ੍ਹਾਂ ਦਾ ਹੌਂਸਲਾ ਇਕੱਠਾ ਕਰਨ ਵਿੱਚ ਕੋਈ ਸੰਕੋਚ ਨਹੀਂ ਹੁੰਦਾ ਸੀ। ਇਸ ਸਮੱਸਿਆ ਬਾਰੇ ਇੱਕ ਵਾਰ ਉਨ੍ਹਾਂ ਨੇ ਆਪਣੇ ਇੱਕ ਹੋਰ ਲੇਖ ਵਿਚ ਇਹ ਸੁਆਲ ਕੀਤਾ ਸੀ ਕਿ ‘ਕਿਸੇ ਕਲਾਕ੍ਰਿਤ ਦੇ ਮੁਲਾਂਕਣ ਦਾ ਬਾਹਰਮੁਖੀ ਮਾਪਦੰਡ ਕੀ ਹੋ ਸਕਦਾ ਹੈ ?’ ਅਤੇ ਫਿਰ ਜੁਆਬ ਵੀ ਖੁਦ ਹੀ ਦਿੱਤਾ ਸੀ : ‘ਸਿਰਜਣਾਤਮਕ ਕਲਾ ਕਿਸੇ ਜਮਾਤ ਵਿਸ਼ੇਸ਼ ਨੂੰ ਬਣਾਈ ਰੱਖਣ ਅਤੇ ਉਸ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦੀ ਹੈ। ਕਿਸੇ ਵਜੂਦ ਸਮੋਏ ਵਿਚਾਰ ਦਾ ਆਸਰਾ ਲਏ ਬਿਨਾਂ ਕਲਾ ਜਿਸ ਅਨੁਪਾਤ ਵਿਚ ਇਸ ਕਾਰਜ ਨੂੰ ਪੂਰਾ ਕਰਦੀ ਹੈ ਓਸੇ ਅਨੁਪਾਤ ਵਿਚ ਉਹ ਕਲਾਤਮਕ ਅਤੇ ਗ਼ੈਰ ਕਲਾਤਮਕ ਹੁੰਦੀ ਹੈ।’

ਇੱਕ ਸਿਧਾਂਤ ਤੇ ਅਟੱਲ ਰਹਿਣਾ ਇਸ ਨੂੰ ਕਹਿੰਦੇ ਹਨ। ਗੋਗੋਲ ਮਹਾਨ ਕਿਉਂ ਸਨ? ਇਸ ਲਈ ਕਿਉਂਕਿ ਹੋਰ ਲੇਖਕਾਂ ਦੇ ਮੁਕਾਬਲੇ ਉਨ੍ਹਾਂ ਨੇ ਜ਼ਮੀਨ ਮਾਲਕ ਨੂੰ ‘ਬਣਾਈ ਰੱਖਣ’ ਵਿਚ ਸਭ ਤੋਂ ਜ਼ਿਆਦਾ ਮਦਦ ਕੀਤੀ ਸੀ! ਅਤੀਤ ਦੇ ਸਾਰੇ ਲੇਖਕਾਂ ਦੀ ਮਹਾਨਤਾ ਦਾ ਭੇਦ ਕਿਸ ਗੱਲ ਵਿਚ ਲੁਕਿਆ ਹੋਇਆ ਹੈ ? ਇਸ ਗੱਲ ਵਿਚ ਕਿ ਉਹ ਅਟੱਲ ਰੂਪ ਵਿਚ ਅਤੇ ਪੂਰੀ ਵਫ਼ਾਦਾਰੀ ਨਾਲ਼ ‘ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਸਨ!!” ਦਲੇਰ ਨੂਸੀਨੋਵ ਨੇ ਫਰਮਾਇਆ ਕਿ ”ਇਕ ਮਹਾਨ ਲੇਖਕ ਉਹ ਹੁੰਦਾ ਹੈ ਜਿਸ ਦੀਆਂ ਰਚਨਾਤਮਕ ਕ੍ਰਿਤਾਂ ਉਸ ਦੀ ਆਪਣੀ ਜਮਾਤ ਦੀ ਮਨੋਰਚਨਾ ਅਤੇ ਵਿਚਾਰਧਾਰਾ ਦਾ ਮਿਲ਼ਿਆ ਜੁਲ਼ਿਆ ਅਤੇ ਵਸ਼ਿਸ਼ਟ ਪ੍ਰਗਟਾਵਾ ਹੁੰਦੀਆਂ ਹਨ। ‘

ਇੱਕ ਉਦਾਹਰਣ ਲਈਏ। ਸਮਕਾਲੀ ਪੱਛਮੀਂ ਲੇਖਕਾਂ ‘ਚੋਂ ਸੱਚੀ ਕਲਾ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਕੌਣ ਹਨ – ਉਹ ਲੇਖਕ ਹਨ ਜੋ ਕਮਿਊਨਿਜ਼ਮ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਯਥਾਰਥ ਨੂੰ ਪ੍ਰਤੀਬਿੰਬਤ ਕਰ ਰਹੇ ਹਨ ਜਾਂ ਉਹ ਲੇਖਕ ਜੋ ਪਿਛਾਖੜ ਦੇ ਨੇੜੇ ਹਨ ? ਨੂਸੀਨੋਵ ਆਪਣੇ ਸਿਧਾਂਤ ਨਾਲ਼ ਪੂਰੀ ਤਰ੍ਹਾਂ ਤਾਲਮੇਲ਼ ਬਿਠਾਉਂਦੇ ਹੋਏ ਫਰਮਾਉਂਦੇ ਹਨ ਕਿ ਪਿਛਾਖੜ ਦੇ ਨੇੜੇ ਦੇ ਲੇਖਕ ਹੀ ਸੱਚੇ ਕਲਾਕਾਰ ਹਨ।

ਇਹ ਗੱਲ ਗੌਰ ਕਰਨ ਯੋਗ ਹੈ ਕਿ ਮਹਾਨ ਕ੍ਰਿਤਾਂ ਉਨ੍ਹਾਂ ਹੀ ਲੇਖਕਾਂ ਦੁਆਰਾ ਰਚੀਆਂ ਜਾਂਦੀਆਂ ਹਨ ਜੋ ਉਨ੍ਹਾਂ ਲੋਕਾਂ ਦੇ ਸੁਪਨਿਆਂ ਨੂੰ ਸੰਸਲਿਸ਼ਟ ਤਰੀਕੇ ਨਾਲ਼ ਪ੍ਰਗਟਾਉਂਦੇ ਹਨ ਜੋ  ਦੁਨੀਆਵੀ ਸੰਸਾਰ ਨੂੰ ਤਿਲਾਂਜ਼ਲੀ ਦੇ ਦਿੰਦੇ ਹਨ ਜਾਂ ਫਿਰ ਇਹ ਅਹਿਸਾਸ ਕਰਕੇ ਅੰਤਰਮੁਖੀ ਹੋ ਜਾਂਦੇ ਹਨ ਕਿ ਜੋ ਕੁਝ ਮੁੱਲਵਾਨ ਹੈ, ਉਹ ਤਾਂ ਅਤੀਤ ਵਿੱਚ ਹੀ ਹੈ। ਸਿਰਫ਼ ਉਹੀ ਲੇਖਕ ਰਚਨਾ ਕਰਨ ਵਿੱਚ ਸਮਰੱਥ ਹੁੰਦੇ ਹਨ ਜੋ ਧਰਮਵਾਦੀਆਂ ਦੀ ਤਰ੍ਹਾਂ ਸੰਸਾਰ ਦੀ ਵਿਅਰਥਤਾ ਨੂੰ ਪ੍ਰਵਾਨ ਕਰਦਾ ਹੋਵੇ। (ਪ੍ਰਸਤ, ਜੁਆਇਸ)

ਇਸ ਤਰ੍ਹਾਂ ਦਾ ਨਤੀਜਾ ਅਚੰਭੇ ਵਿੱਚ ਪਾਉਣ ਵਾਲ਼ਾ ਨਹੀਂ ਲਗਦਾ। ਇਹ ਤਾਂ ਨੂਸੀਨੋਵ ਦੀ ਬੁਨਿਆਦੀ ਸਮਝ ‘ਚੋਂ ਹੀ ਨਿਕਲ਼ਦਾ ਹੈ। ਨਿੱਘਰ ਰਹੀ ਜਮਾਤ ਦਾ ਮਹਾਨ ਲੇਖਕ ਉਹੀ ਹੋਵੇਗਾ ਜੋ ਸਭ ਤੋਂ ਜ਼ਿਆਦਾ ਨਿਘਰ ਰਿਹਾ ਹੋਵੇ। ਏਸੇ ਨੂੰ ਉਲੱਦ ਕੇ ਕਹੀਏ ਤਾਂ ਪੱਛਮੀਂ ਸਾਹਿਤ ਦੇ ਉਨ੍ਹਾਂ ਲੇਖਕਾਂ ਵਿਚ ਅਮਰ ਬਣੇ ਰਹਿਣ ਦੀ ਸੰਭਾਵਨਾ ਉੱਕਾ ਹੀ ਨਹੀਂ ਹੈ ਜਿਨ੍ਹਾਂ ਨੇ ਆਪਣੀ ਜਮਾਤ ਨਾਲ਼ੋਂ ਨਾਤਾ ਹੀ ਤੋੜ ਲਿਆ ਅਤੇ ਜਿਨ੍ਹਾਂ ਨੇ ਲੁੱਟ ਦੇ ਖਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਜੋ ਕੋਈ ਦੂਜਾ ਰਾਹ ਲੱਭ ਰਹੇ ਹਨ। ਇਹ ਉਨ੍ਹਾਂ ਦੀ ਸਾਫ਼-ਸਾਫ਼ ਭੁੱਲ ਹੈ। ਉਨ੍ਹਾਂ ਨੂੰ ਇਸ ਸੱਚਾਈ ਦਾ ਉੱਕਾ ਹੀ ਖਿਆਲ ਨਹੀਂ ਹੈ ਕਿ ਅਤੀਤ ਦੇ ਮਹਾਨ ਲੇਖਕ ਉਹ ਲੋਕ ਹੀ ਹੋ ਸਕੇ ਹਨ ਜਿਨ੍ਹ੍ਹਾਂ ਨੇ ਇਕਦਮ ਪੂਰੀ ਤਰ੍ਹਾਂ ਨਾਲ਼ ‘ਹਾਕਮ ਜਮਾਤ ਦੀ ਵਿਚਾਰਧਾਰਾ ਨੂੰ’ ਪ੍ਰਗਟਾਇਆ ਹੈ।

ਦੇਖਿਆ ? ਕਿੱਨਾ ਮਜ਼ੇਦਾਰ ਸਿਧਾਂਤ ਹੈ!! ਇਥੇ ਇਹ ਗੱਲ ਦੱਸ ਦੇਈਏ ਕਿ ਇਸ ਸਿਧਾਂਤ ਦੇ ਪੇਸ਼ਕਾਰ ਖੁਦ ਇਸ ਨਾਲ਼ ਬਹੁਤ ਪਰੇਸ਼ਾਨੀ ਦੀ ਹਾਲਤ ਵਿੱਚ ਪਏ ਹੋਏ ਹਨ। ਇੱਕ ਸੁਆਲ ਫੌਰਨ ਪੈਦਾ ਹੁੰਦਾ ਹੈ ਕਿ ਕਮਿਊਨਿਸਟ ਸਮਾਜ ਦੋਨ ਕਿਹੋਤੇ, ਇਵੇਜਿਨੀ ਅੋਨੇਜਿਨ ਅਤੇ ਲੁੱਟ ਦੀ ਵਿਚਾਰਧਾਰਾ ਦੀਆਂ ਹੋਰਨਾਂ ਕਲਾਤਮਕ ਪ੍ਰਗਟਾਵਿਆਂ ਨੂੰ ਸਾਂਭ ਕੇ ਕੀ ਕਰੇਗਾ? ਇਸ ਦਾ ਜੁਆਬ ਬੜਾ ਸੌਖਾਲਾ ਹੈ। ਦਲੇਰ ਨੂਸੀਨੋਵ ਨੇ 1930 ਵਿਚ ਹੀ ਕਹਿ ਦਿੱਤਾ ਸੀ ਕਿ ਕਮਿਊਨਿਸਟ ਸਮਾਜ ਇਨ੍ਹਾਂ ਨੂੰ ‘ਇਤਿਹਾਸ ਦੀ ਰੱਦੀ ਦੀ ਟੋਕਰੀ ਵਿਚ ਸੁੱਟ ਦੇਵੇਗਾ।

ਸਰਵੇਤੀਜ, ਸ਼ੇਕਸਪੀਅਰ, ਮੋਲੀਆ, ਪੁਸ਼ਕਿਨ, ਗੋਗੋਲ, ਤਾਲਸਤਾਏ ਅਤੇ ਦੋਸਤੋਵਸਕੀ ਨੇ ਆਪਣੀਆਂ ਜਮਾਤਾਂ ਦੇ ਸਮਾਜਕ ਸਾਰਤੱਤ ਦੇ ਬਿੰਬਾਂ ਦੀ ਰਚਨਾ ਕੀਤੀ ਹੈ … ਜਮਾਤੀ ਸਮਾਜ ਦੇ ਖਾਤਮੇ ਦੇ ਨਾਲ਼ ਹੀ ਉਨ੍ਹਾਂ ਦੇ ਬਿੰਬਾਂ ਦਾ ਵੀ ਖਾਤਮਾ ਹੋ ਜਾਵੇਗਾ। ਜਦ ਮਨੁੱਖ ‘ਤੇ ਮਨੁੱਖ ਦੀ ਸੱਤਾ ਖਤਮ ਹੋ ਜਾਵੇਗੀ, ਜਦ ਜਮਾਤ ਅਤੇ ਜਾਇਦਾਦ ਦੀ ਹੋਂਦ ਖ਼ਤਮ ਹੋ ਜਾਵੇਗੀ, ਇਹ ਬਿੰਬ ਆਪਣੇ ਸਰਵਵਿਆਪੀ ਮਹੱਤਵ ਗੁਆ ਬਹਿਣਗੇ।

ਸੋ ਸਮਾਜਵਾਦ ਦੀ ਜਿੱਤ ਦੇ ਨਾਲ ਹੀ, ਨੂਸੀਨੋਵ ਦੀ ਭਵਿੱਖਬਾਣੀ ਦੇ ਅਨੁਸਾਰ, ਅਤੀਤ ਦੇ ਸਾਹਿਤ ਵਿੱਚ ਮਨੁੱਖਤਾ ਲਈ ਕੁਝ ਵੀ ਕਲਾਤਮਕ ਰੁਚੀ ਦੀ ਚੀਜ਼ ਨਹੀਂ ਰਹਿ ਜਾਵੇਗੀ। ਫਾਸਟ ਅਤੇ ਹੈਮਲੇਟ ਨੂੰ ਉਨ੍ਹਾਂ ਨੇ ਕੁਝ ਹੱਦ ਤੱਕ ਛੋਟ ਮੰਨਿਆ ਹੈ। ਇਹ ਕ੍ਰਿਤਾਂ ‘ਕੁਝ ਪੀੜ੍ਹੀਆਂ ਤੱਕ ਮਨੁੱਖ ਨੂੰ ਚੰਗੀਆਂ ਲੱਗ ਸਕਦੀਆਂ ਹਨ, ਪਰ ਅੰਤ ਵਿੱਚ ਸਰਮਾਏਦਾਰੀ ਦੁਆਰਾ ਸੰਭਾਲ ਕੇ ਰੱਖੀਆਂ ਗਈਆਂ ਚੀਜ਼ਾਂ ਦੀ ਅੰਤਮ ਤਬਾਹੀ ਦੇ ਨਾਲ਼ ਇਹ ਕ੍ਰਿਤਾਂ ਵੀ ਠੀਕ ਉਸੇ ਤਰ੍ਹਾਂ ਅਤੀਤ ਦੇ ਗਰਭ ਵਿਚ ਸਮਾ ਜਾਣਗੀਆਂ ਜਿਸ ਤਰ੍ਹਾਂ ਉਨ੍ਹਾਂ ਨੂੰ ਜਨਮ ਦੇਣ ਵਾਲ਼ੇ ਯੁੱਗ ਸਮਾ ਜਾਣਗੇ।’

ਇਹ ਸੱਚ ਹੈ ਕਿ ਅੱਜ ਨੂਸੀਨੋਵ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਥੋੜ੍ਹੀ ਜ਼ਿਆਦਾ ਸਾਵਧਾਨੀ ਵਰਤ ਰਹੇ ਹਨ। ਜੇ ਸ਼ੇਕਸਪੀਅਰ, ਪੁਸ਼ਕਿਨ ਅਤੇ ਗੋਗੋਲ ਸਿਰਫ਼ ਜਾਇਦਾਦਧਾਰੀ ਜਮਾਤਾਂ ਦੇ ਹੀ ਕਲਾਕਾਰ ਸਨ’ ਤਾਂ ਇਨ੍ਹਾਂ ਦਾ ਉਨ੍ਹਾਂ ਲੋਕਾਂ ਲਈ ਕੀ ਮਹੱਤਵ ਹੈ ਜਿਨ੍ਹਾਂ ਦਾ ਫਰਜ਼ ਹਰ ਤਰ੍ਹਾਂ ਦੀ ਜਾਇਦਾਦ ਦੀ ਮਾਲਕੀ ਦੇ ਖਿਲਾਫ਼ ਘੋਲ਼ ਕਰਨਾ ਹੈ? ਇਸ ਸੁਆਲ ਦਾ ਜੁਆਬ ਦੇਣ ਦੇ ਮਕਸਦ ਨਾਲ਼ ਨੂਸੀਨੋਵ ਕਿਸੇ ਕਲਾਕ੍ਰਿਤ ਦੇ ਜਮਾਤੀ ਖਾਸੇ ਅਤੇ ਜਮਾਤੀ ਘੋਲ਼ ਵਿੱਚ ਉਸ ਕ੍ਰਿਤ ਦੀ ਭੂਮਿਕਾ ਵਿੱਚ ਇੱਕ ਲਸ਼ਮਣ ਰੇਖਾ ਖਿੱਚਦੇ ਹਨ :

ਮੇਰਾ ਵਿਚਾਰ ਹੈ ਕਿ ਬਾਲਜ਼ਾਕ ਅਤੇ ਗੋਗੋਲ ਦੀ ਸਿਰਜਣਾਤਮਕ ਕਲਾ ਦੀ ਅਹਿਮੀਅਤ ਇਸ ਲਈ ਨਹੀਂ ਹੈ ਕਿ ਉਹ ਸਮਾਜਕ ਸਮੂਹਾਂ ‘ਚੋਂ ਫਲਾਨੀਆਂ-ਫਲਾਨੀਆਂ ਜਾਇਦਾਦਧਾਰੀ ਜਮਾਤਾਂ ਦੇ ਰਚਨਾਕਾਰ ਸਨ ਸਗੋਂ ਉਨ੍ਹਾਂ ਦੀਆਂ ਕ੍ਰਿਤਾਂ ਦੀ ਸਾਡੇ ਲਈ ਅਹਿਮੀਅਤ ਇਸ ਗੱਲ ਵਿੱਚ ਹੈ ਕਿ ਉਨ੍ਹ੍ਹਾਂ ਦੇ ਆਪਣੇ ਯੁੱਗ ਦੇ ਤਰੱਕੀਪਸੰਦ ਅਤੇ ਪਿਛਾਖੜੀ ਰੁਝਾਨਾਂ ਵਿਚਲੇ ਯੁੱਧ ਵਿੱਚ ਉਨ੍ਹਾਂ ਦਾ ਬਾਹਰਮੁਖੀ ਯੋਗਦਾਨ ਕਿਸ ਅਨੁਪਾਤ ਵਿੱਚ ਹੈ, ਫਾਸੀਵਾਦ ਅਤੇ ਸਾਮਰਾਜਵਾਦ ‘ਤੇ ਸਮਾਜਵਾਦ ਦੀ ਜਿੱਤ ਵਿਚ ਉਨ੍ਹਾਂ ਦਾ ਬਾਹਰਮੁਖੀ ਯੋਗਦਾਨ ਕਿਸ ਅਨੁਪਾਤ ਵਿੱਚ ਹੈ।

ਬਹੁਤ ਖੂਬ! ਨੂਸੀਨੋਵ ਨੇ ਪਹਿਲਾਂ ਤਾਂ ਅਤੀਤ ਦੀਆਂ ਮਹਾਨ ਕਲਾਕ੍ਰਿਤਾਂ ਦੇ ਖਾਸੇ ਨੂੰ ਜਾਇਦਾਦਧਾਰੀ ਅਤੇ ਲੋਟੂ ਸਿੱਧ ਕਰਨ ਵਿੱਚ ਕਾਫੀ ਸਾਰੀ ਸਿਆਹੀ ਖਰਚ ਕਰ ਦਿੱਤੀ ਅਤੇ ਹੁਣ ਇਸ ਦੀ ਕੋਈ ਖਾਸ ਅਹਿਮੀਅਤ ਨਹੀਂ ਦੱਸ ਰਹੇ। ਹੁਣ ਸਾਹਿਤ ਦੇ ਇਤਿਹਾਸਕਾਰ ਦਾ ਕੰਮ ਸਾਹਿਤ ਦੇ ਵਿਕਾਸ ਦੀ ਬਾਹਰਮੁਖੀ ਧਾਰਾ ਦਾ ਅਧਿਐਨ ਕਰਨਾ ਦੱਸਿਆ ਜਾ ਰਿਹਾ ਹੈ। ਜੇ ਅਸੀਂ ਨੂਸੀਨੋਵ ਦੀ ਗੱਲ ਦਾ ਵਿਸ਼ਵਾਸ ਕਰੀਏ ਤਾਂ ਸਾਹਿਤਕ ਕਾਰਜ ਦੇ ਜਮਾਤੀ ਖਾਸੇ ਦਾ ਇਸ ਖੇਤਰ ਵਿੱਚ ਕੋਈ ਮਹੱਤਵ ਨਹੀਂ।

ਜਮਾਤੀ ਵਿਸ਼ਲੇਸ਼ਣ ਤਾਂ ਵਿਹਲੜਾਂ ਦਾ ਕੰਮ ਹੈ, ਇਹ ਕੰਮ ਤਾਂ ਉਨ੍ਹਾਂ ਦੇ ਮਤਲਬ ਦਾ ਹੈ ਜੋ ਇਸ ਨੂੰ ਆਪਣੀ ਜ਼ਿੰਦਗੀ ਦਾ ਪੇਸ਼ਾ ਬਣਾ ਚੁੱਕੇ ਹਨ। ਜਿਥੋਂ ਤੱਕ ਸਮਾਜਵਾਦ ਦੀ ਜਿੱਤ ਲਈ ਘੋਲ਼ ਦਾ ਸੁਆਲ ਹੈ, ਉਹ ਵਿਅਰਥ ਹੈ ਜਿਹਾ ਕਿ ਨੂਸੀਨੋਵ ਨੇ ਖੁਦ ਪ੍ਰਵਾਨ ਕੀਤਾ ਹੈ। ਸਹੀ ਜਮਾਤੀ ਵਿਸ਼ਲੇਸ਼ਣ ਉਥੋਂ ਸ਼ੁਰੂ ਹੁੰਦਾ ਹੈ ਜਿੱਥੇ ਸਾਡੇ ਸਮਾਜਸ਼ਾਸਤਰੀ ਆਪਣੇ ਅਸ਼ਤਰ-ਸ਼ਸ਼ਤਰ ਇੱਕ ਪਾਸੇ ਰੱਖ ਦਿੰਦੇ ਹਨ। ਭ੍ਰਿਸ਼ਟ ਸਮਾਜਸ਼ਾਸਤਰ ਦੇ ਇਸ ਨਵੇਂ, ਪਰ ਪੁਰਾਣੇ, ਰੁਝਾਨ ਨੂੰ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਿਆ ਹੈ। ਜਿਉਂ ਹੀ ਸਮਾਜਵਾਦ ਦੀ ਜਿੱਤ ਲਈ ਪ੍ਰਾਚੀਨ ਕਲਾ ਦੇ ਮਹੱਤਵ ਦੇ ਸੁਆਲ ਨੂੰ, ਜਾਂ ਨੂਸੀਨੋਵ ਦੇ ਸ਼ਬਦਾਂ ਵਿਚ, ‘ਬਾਹਰਮੁਖੀ ਮਹੱਤਵ’ ਦੇ ਸੁਆਲ ਨੂੰ ਉਠਾਇਆ ਜਾਂਦਾ ਹੈ, ਉਵੇਂ ਹੀ ਇਹ ਭਰਾ ਸਾਰੇ ਜਮਾਤੀ ਵਿਸ਼ਲੇਸ਼ਣ ਨੂੰ ਇੱਕ ਪਾਸੇ ਰੱਖ ਦਿੰਦੇ ਹਨ। ਸ਼ਾਇਦ ਹੁਣ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਕਿ ਸਾਹਿਤ ਦੇ ਮਹਾਨ ਰਚਨਾਕਾਰ ‘ਫਲਾਨੀਆਂ-ਫਲਾਨੀਆਂ ਜਾਇਦਾਦਧਾਰੀ ਜਮਾਤਾਂ ਦੇ ਜਾਂ ਸਮਾਜਕ ਸਮੂਹਾਂ ਦੇ ਲੇਖਕ ਸਨ। ‘

ਪਰ ਇਸ ਦੀ ਅਹਿਮੀਅਤ ਕਿਉਂ ਨਹੀਂ ਰਹਿ ਗਈ? ਕਿਸੇ ਰਚਨਾਕਾਰ ਦੀ ਰਚਨਾਤਮਕ ਕ੍ਰਿਤ ਦੇ ਬਾਹਰਮੁਖੀ ਮਹੱਤਵ ਨੂੰ ਕਿਵੇਂ ਪ੍ਰੀਭਾਸ਼ਤ ਕਰਾਂਗੇ ਜੇ ਜਬਰ ਅਤੇ ਲੁੱਟ ਵੱਲ ਉਸ ਦੇ ਰਵੱਈਏ ਨੂੰ ਅੱਖੋਂ ਪਰੋਖੇ ਕਰਾਂਗੇ? ਕੀ ਪੁਸ਼ਕਿਨ, ਗੋਗੋਲ, ਤਾਲਸਤਾਏ ਅਤੇ ਚੇਖ਼ਵ ਜਿਹੇ ਲੇਖਕਾਂ ਅਤੇ ਦੂਜੇ ਪਾਸੇ ਬੁਲਗਾਰਿਨ, ਕਾਤਕੋਵ ਅਤੇ ਸੁਬੋਰਿਨ ਜਿਹੇ ਲੇਖਕਾਂ ਵਿਚ ਕੋਈ ਫਰਕ ਨਹੀਂ ਹੈ। ਨੂਸੀਨੋਵ ਦੇ ਨਜ਼ਰੀਏ ਅਨੁਸਾਰ ਇਹ ਸਾਰੇ ਇੱਕ ਹੀ ਥੈਲੀ ਦੇ ਚੱਟੇ-ਬੱਟੇ ਹਨ। ਇਹ ਸਾਰੇ ਦੇ ਸਾਰੇ ‘ਲੋਟੂ ਜਮਾਤ ਦੀ ਵਿਚਾਰਧਾਰਾ ਦੇ’ ਭਾਵ ‘ਜਾਇਦਾਦਧਾਰੀ ਜਮਾਤਾਂ’ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਪਰ ਅੱਗੇ ਆਓ!! ਇਹ ਸਾਬਤ ਕਰੋ ਕਿ ਬੁਲਗਾਰਿਨ ਅਤੇ ਕਾਤਕੋਵ ਬਾਹਰਮੁਖੀ ਰੂਪ ਵਿੱਚ ਫਾਸੀਵਾਦ ਦੇ ਖਿਲਾਫ਼ ਘੋਲ਼ ਵਿੱਚ ਇਕ ਭੂਮਿਕਾ ਨਿਭਾਉਂਦੇ ਹਨ। ਤੁਹਾਡੇ ਨਜ਼ਰੀਏ ਤੋਂ ਇਹ ਦੇਖਣਾ ਫਜ਼ੂਲ ਹੈ ਕਿ ਕੋਈ ਰਚਨਾ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਅਤੇ ਜਬਰ ਨੂੰ ਕਾਇਮ ਰੱਖਣ ਲਈ ਲਿਖੀ ਗਈ ਹੈ ਜਾਂ ਉਸ ਜਬਰ ਦੇ ਖਿਲਾਫ਼ ਬਗ਼ਾਵਤ ਦਾ ਇਜ਼ਹਾਰ ਕਰਨ ਲਈ।

ਸਾਨੂੰ ਯਾਦ ਹੈ : 1934 ਵਿਚ, ਨੂਸੀਨੋਵ ਨੇ ਬਾਹਰਮੁਖੀ ਯਥਾਰਥ ਅਤੇ ਜਮਾਤੀ ਵੰਡ ਦੇ ਸਿਧਾਂਤ ਦੀ ਤਸਦੀਕ ਕਰਨ ਲਈ ਸ਼ਫੇਦਰੱਖਿਅਕ ਸ਼ੁਲਗਿਨ ਦੀ ਕ੍ਰਿਤ, ‘ਦਿ ਈਅਰ 1920’ (1950 ਦਾ ਸਾਲ) ਦਾ ਹਵਾਲਾ ਦਿੱਤਾ ਸੀ। ਸ਼ੁਲਗਿਨ ਨੇ ਇਹ ਰਚਨਾ ਸਫ਼ੇਦ ਇਨਕਲਾਬ ਵਿਰੋਧੀਆਂ ਦੇ ਹਿੱਤਾਂ ਦੀ ਵਕਾਲਤ ਵਿੱਚ ਲਿਖੀ ਸੀ ਪਰ ਉਹ ਪ੍ਰੋਲੇਤਾਰੀ ਪਾਠਕ ਦਾ ਵੀ ਗਿਆਨ ਵਧਾਉਣ ਵਾਲ਼ੀ ਸਾਬਤ ਹੋ ਗਈ। ਇਹੀ ਗੱਲ ਗੋਗੋਲ, ਪੁਸ਼ਕਿਨ ਅਤੇ ਹੋਰਨਾਂ ਲੋਕਾਂ ਬਾਰੇ ਵੀ ਸਹੀ ਹੁੰਦੀ ਹੈ ਜੋ ‘ਜਾਇਦਾਦਾਧਾਰੀ ਜਮਾਤਾਂ ਦੇ ਲੇਖਕ’ ਸਨ। ਉਨ੍ਹਾਂ ਦਾ ਰਚਨਾਤਮਕ ਕਰਮ ਸਮਾਜਕ ਸਮਾਨਾਰਥੀ ਕਿਸੇ ਨਾ ਕਿਸੇ ਤਰ੍ਹਾਂ ਦਾ ਸਫ਼ੇਦ ਗਾਰਡ ਰਿਹਾ ਹੋਵੇਗਾ ਜੋ ਹੁਣ ਖਤਮ ਵੀ ਹੋ ਚੁੱਕਿਆ ਹੈ ਪਰ ‘ਬਾਹਰਮੁਖੀ ਰੂਪ ਵਿਚ’ ਜਿਨ੍ਹਾਂ ਨੇ ਫਾਸ਼ੀਵਾਦ ਅਤੇ ਸਾਮਰਾਜਵਾਦ ਦੇ ਖਿਲਾਫ਼ ਘੋਲ਼ ਵਿਚ ਮਦਦ ਪਹੁੰਚਾਈ ਅਤੇ ਹੁਣ ਵੀ ਪਹੁੰਚਾ ਰਹੇ ਹਨ।

ਨੂਸੀਨੋਵ ਏਸੇ ਨੂੰ ‘ਜਾਇਦਾਦਧਾਰੀ ਦੁਨੀਆਂ ਦੀਆਂ ਵਿਰੋਧਤਾਈਆਂ’ ਦਾ ਨਾਮ ਦਿੰਦੇ ਹਨ। ਸਿਰਜਣਸ਼ੀਲ ਕਲਾ ਬਾਰੇ ਉਨ੍ਹਾਂ ਦਾ ਫਲਸਫ਼ਾ ਦੋ ਸਿਧਾਂਤਾਂ ਤੇ ਟਿਕਿਆ ਹੋਇਆ ਹੈ : (1) ਸਾਰਾ ਸਾਹਿਤ ਸ਼ੁਲਗਿਨ ਜਿਹੇ ਆਦਮੀਆਂ ਦੁਆਰਾ ਰਚਿਆ ਜਾਂਦਾ ਹੈ, (2) ਲੋਟੂਆਂ ਅਤੇ ਜਾਇਦਾਦਧਾਰੀ ਜਮਾਤਾਂ ਦਾ ਇਹ ਸਾਹਿਤ ‘ਬਾਹਰਮੁਖੀ ਰੂਪ ਵਿੱਚ’ ਇੱਕ ਵੱਡੀ ਕਲਾਤਮਕ ਅਤੇ ਇਨਕਲਾਬੀ ਅਹਿਮੀਅਤ ਰੱਖਦਾ ਹੈ। ਹੁਣ ਨੂਸੀਨੋਵ ਦੀ ਤਰਕ ਵਿਧੀ ਸਾਡੀ ਸਮਝ ਵਿਚ ਆ ਰਹੀ ਹੈ।

ਮੈਂ ਅਪਣੀ ਲਿਖਤ ‘ਲੈਨਿਨਵਾਦੀ ਸਮੀਖਿਆ ਵਿਧੀ’ ਵਿੱਚ ਇਹ ਲਿਖਿਆ ਸੀ ਕਿ ਇਤਿਹਾਸ ਦੀ ਧਾਰਾ ਵਿੱਚ ਲੋਕ ਲਹਿਰਾਂ ਦੀ ਅਪਰਪੱਕ ਹਾਲਤ ਅਤੇ ਵਿਰੋਧਤਾਈ ਵਾਲ਼ੇ ਵਿਕਾਸ ਕਾਰਨ ਹੀ ਅਤੀਤ ਦੇ ਮਹਾਨ ਲੇਖਕਾਂ, ਕਲਾਕਾਰਾਂ ਅਤੇ ਮਨੁੱਖਤਾਵਾਦੀਆਂ ਦੀਆਂ ਰਚਨਾਵਾਂ ਵਿੱਚ ਵਿਰੋਧਤਾਈਆਂ ਦੇਖੀਆਂ ਜਾਂਦੀਆਂ ਹਨ। ਇਥੇ ਹੀ ਨੂਸੀਨੋਵ ਕੀਰਨੇ ਪਾਉਣ ਲੱਗਦੇ ਹਨ। ਕਿਉਂ ਜੀ! ਤਾਂ ਲੋਕ ਅਪਰਾਧੀ ਹਨ? ਲਿਫ਼ਿਸ਼ਤਜ਼ ਦੇ ਅਨੁਸਾਰ ਅਜਿਹਾ ਲਗਦਾ ਹੈ ਕਿ ਕੇਵਲਿਨ, ਅਕੱਸਾਕੋਵ ਅਤੇ ਫੇਤ ਜਿਹੇ ਲੇਖਕ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਨਹੀਂ ਸਨ। ਪਰ ਅਜਿਹੀ ਕੋਈ ਗੱਲ ਨਹੀਂ ਹੈ। ਇਹ ਸੱਚ ਹੈ ਕਿ ਕੇਵਲਿਨ ਜਿਹੇ ਲੇਖਕ ਜਮਾਤੀ ਲੁੱਟ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਪਰ ਜੇ ਤੁਸੀਂ ਮੇਰੇ ਉਪਰੋਕਤ ਸੰਕਲਪ  ਨੂੰ ਗ਼ਲਤ ਸਾਬਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਕੇਵਲਿਨ ਜਿਹੇ ਲੇਖਕ ਅਤੀਤ ਦੇ ਮਹਾਨ ਰਚਨਾਕਾਰ, ਕਲਾਕਾਰ ਅਤੇ ਮਨੁੱਖਤਾਵਾਦੀ ਸਨ। ਪਰ ਜਦ ਤੁਸੀਂ ਪੁਸ਼ਕਿਨ ਅਤੇ ਗੋਗੋਲ  ਨੂੰ (ਉਨ੍ਹਾਂ ਦੇ ‘ਸਿਲੈਕਟਿਡ ਪੈਸੇਜ਼’ ਤੱਕ) ਅਤੇ ਤਾਲਸਤਾਏ ਨੂੰ ‘ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ’ ਗ਼ਰਦਾਨ ਕੇ ਕੇਵਲਿਨ ਜਿਹੇ ਲੇਖਕਾਂ ਨਾਲ਼ ਰਲ਼ਗੱਡ ਕਰੋਗੇ, ਤਾਂ ਮਾਫ਼ ਕਰਨਾ, ਤੁਹਾਡੀ ਕਾਵਾਂ ਰੌਲ਼ੀ ਕੋਈ ਨਹੀਂ ਸੁਣੇਗਾ।

ਇਹ ਦਰਸਾਉਣ ਦੀ ਮਨਸ਼ਾ ਨਾਲ਼ ਕਿ ਅਤੀਤ ਦੇ ਮਹਾਨ ਲੇਖਕ, ਕਲਾਕਾਰ ਅਤੇ ਮਨੁੱਖਤਾਵਾਦੀ ਰਚਨਾਕਾਰ ਜਮਾਤੀ ਲੁੱਟ ਦੀ ਵਿਚਾਕਧਾਰਾ ਦੇ ਬੁਲਾਰੇ ਸਨ, ਨੂਸੀਨੋਵ ਸਤਰੂਵ, ਸ਼ੇਪੇਤੋਵ ਜਿਹੇ ਲੇਖਕਾਂ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਲੇਖਕਾਂ ਦਾ ਜ਼ਿਕਰ ਕਰਦੇ ਹਨ ਅਤੇ ਇਥੋਂ ਤੱਕ ਕਿ ਮੇਨਸ਼ੇਵਕਾਂ, ਸਮਾਜਕ ਇਨਕਲਾਬੀਆਂ, ‘ਨੋਵਾਇਆਝਿਜ਼ਨ’ ਨਾਮੀ ਰਸਾਲੇ ਦੇ ਸਹਿਯੋਗੀਆਂ ਅਤੇ ਬੋਗਦਾਨੋਵ ਅਤੇ ਬਜਾਰੋਵ ਤੱਕ ਦਾ ਜ਼ਿਕਰ ਕਰਦੇ ਹਨ। ਨੂਸੀਨੋਵ ਦੇ ਮੁਤਾਬਕ ਇਹ ਸਾਰੇ ਦੇ ਸਾਰੇ ਅਤੀਤ ਦੇ ਮਹਾਨ ਲੇਖਕ, ਕਲਾਕਾਰ ਅਤੇ ਮਨੁੱਖਤਾਵਾਦੀ ਰਚਨਾਕਾਰ ਸਨ। ਇਸ ਦੇ ਨਾਲ਼ ਸ਼ੁਲਗਿਨ ਦਾ ਨਾਮ ਹੋਰ ਜੋੜ ਲਓ, ਬਸ ਸਾਹਿਤ ਦੀ ਤਸਵੀਰ ਮੁਕੰਮਲ ਹੋ ਜਾਵੇਗੀ।

ਨੂਸੀਨੋਵ ਦੀ ਸਮੁੱਚੀ ਤਰਕਵਿਧੀ ਏਸੇ ਤਰ੍ਹਾਂ ਦੀ ਬਕਵਾਸ ਨਾਲ਼ ਭਰੀ ਪਈ ਹੈ ਜਿਸ ‘ਤੇ ਵਿਸ਼ਵਾਸ ਕਰਨਾ ਔਖਾ ਹੈ। ਉਦਾਹਰਣ ਵਜੋਂ, ਉਹ ਸਾਡੇ ਖਿਲਾਫ਼ ਤਰਕ ਪੇਸ਼ ਕਰਨ ਲਈ ਤਾਲਸਤਾਏ ਦੇ ਨਾਵਲ – ‘ਏ ਕੰਟੇਮਿਨੇਟਿਡ ਫੈਮਲੀ’ – ਨੂੰ ਲੈਂਦੇ ਹਨ ਜਿਸ ਨੂੰ ਇਕ ਹੇਠਲੇ ਦਰਜ਼ੇ ਦੀ ਨਿੰਦਾ ਰਚਨਾ ਮੰਨਿਆ ਜਾਂਦਾ ਹੈ ਅਤੇ ਜਿਸ ਨੂੰ ਖੁਦ ਤਾਲਸਤਾਏ ਚੰਗੀ ਰਚਨਾ ਨਹੀਂ ਮੰਨਦੇ ਸਨ ਅਤੇ ਛਪਾਉਣ ਲਈ ਸ਼ਰਮ ਮਹਿਸੂਸ ਕਰ ਰਹੇ ਸਨ। ਨੂਸੀਨੋਵ ਨੂੰ ਪਿਸੇਮਸਕੀ ਦੀ ਰਚਨਾ ‘ਟ੍ਰਵਲਡ ਸੀਜ਼’ ਦੀ, ਨੇਸਕੋਵ ਦੀ ਕ੍ਰਿਤ ‘ਏਟ ਡੈਗਰਸ ਡ੍ਰਾਨ’ ਦੀ ਯਾਦ ਵੀ ਆ ਗਈ। ਆਪਣੇ ਇਸ ਪ੍ਰੋਫੈਸਰ ਸਾਹਿਬ ਦੇ ਸੰਗ੍ਰਿਹ ਵਿੱਚ ਅਸੀਂ ਗੇਟੇ ਦੇ ਦੋ ਅਸਫ਼ਲ ਹਾਸ ਨਾਟਕ ਜਿਨ੍ਹਾਂ ਨੂੰ ਉਨ੍ਹਾਂ ਨੇ ਫਰਾਂਸ ਦੇ ਇਨਕਲਾਬ ਦੇ ਖਿਲਾਫ਼ ਲਿਖਿਆ ਸੀ। ਉਸੇ ਗੇਟੇ ਦੁਆਰਾ ਜਾਰੀ ਕੀਤੇ ਗਏ ਆਫਿਸ ਆਰਡਰ, ਸਾਲਤੀਕੋਵ-ਸ਼ੇਦ੍ਰੀਨ ਦੁਆਰਾ ਜਾਰੀ ਕੀਤੇ ਗਏ ਗਸ਼ਤੀ-ਪੱਤਰ, ਵਾਲਤੇਅਰ ਦੁਆਰਾ ਰੱਖਿਆ ਗਿਆ ਉਹ ਵਹੀਖਾਤਾ ਜਿਸ ਵਿੱਚ ਉਹ ਆਪਣੇ ਵਫ਼ਾਦਾਰ ਹ੍ਰਸ਼ੇਲ ਦਾ ਸੱਟੇ ਤੋਂ ਹਾਸਲ ਮੁਨਾਫ਼ੇ ਦਾ ਹਿਸਾਬ ਰੱਖਦੇ ਸਨ, ਬੇਕਨ ਦੁਆਰਾ ਲਿਖੀ ਜਾਲ੍ਹੀ ਰਿਪੋਰਟ ਅਤੇ ਪੀਟ੍ਰਾਕ ਦੁਆਰਾ ਢੇਰ ਸਾਰੀਆਂ ਮਦਦ ਲਈ ਲਿਖੀਆਂ ਗਈਆਂ ਖੁਸ਼ਾਮਦੀ ਭਰੀਆਂ ਅਰਜ਼ੀਆਂ ਹੋਰ ਜੋੜ ਸਕਦੇ ਹਨ। ਇਸ ਸਾਹਿਤ ਦੇ ਚਰਿੱਤਰ ਦੇ ਲੁੱਟ ਵਾਲ਼ੇ ਹੋਣ ਵਿਚ ਸ਼ੱਕ ਦੀ ਕੋਈ ਗੁੰਜ਼ਇਸ਼ ਵੀ ਨਹੀਂ।

ਸਾਹਿਤ ਦੇ ਸੂਰਜ ਤੱਕ ਵਿੱਚ ਧੱਬੇ ਨਜ਼ਰ ਆ ਸਕਦੇ ਸਨ, ਪਰ ਸੂਰਜ ਸਿਰਫ਼ ਧੱਬਿਆਂ ਨਾਲ਼ ਨਹੀਂ ਬਣਿਆ ਹੁੰਦਾ ਹੈ। ਗੋਰਕੀ ਨੇ ਨੂਸੀਨੋਵ ਜਿਹੇ ਲੋਕਾਂ ਬਾਰੇ , ਜੋ ਸੂਰਜ ‘ਤੇ ਭੌਂਕਦੇ ਹਨ ਬਹੁਤ ਚੰਗੀ ਟਿੱਪਣੀ ਕੀਤੀ ਸੀ :

ਸਾਰੇ ਚਮਕਦਾਰ ਚੰਗੇ ਰੰਗਾਂ ਦੀ ਕਦਰ ਘਟਾਉਣੀ ਅਤੇ ਸਾਰੀ ਦੁਨੀਆਂ ਨੂੰ ਇੱਕੋ ਜਿਹੇ ਭੂਰੇ ਰੰਗ ਨਾਲ਼ ਲਿੱਪਣਾ ਟੁੱਚਾਪਨ ਅਤੇ ਨੀਚਤਾ ਹੈ … ਸਾਨੂੰ ਭਲਾਂ ਕਿੰਨੇ ਦਿਨ ਇਹ ਯਾਦ ਰਿਹਾ ਕਿ ਪੁਸ਼ਕਿਨ ਨੇ ਨਿਕੋਲਸ ਪਹਿਲੇ ਨੂੰ ਖੁਸ਼ਾਮਦ ਭਰੀਆਂ ਚਿੱਠੀਆਂ ਲਿਖੀਆਂ ਸਨ, ਜਾਂ ਨੇਤ੍ਰਾਸੋਵ ਤਾਸ਼ ਖੇਡਿਆ ਕਰਦੇ ਸਨ, ਜਾਂ ਲੇਸ਼ਕੋਵ ਨੇ ‘ਐਟ ਡ੍ਰੈਗਰਸ ਡ੍ਰਾਨ’ ਜਿਹੀ ਕ੍ਰਿਤ ਲਿਖੀ ਸੀ। ਇਨ੍ਹਾਂ ਚੀਜ਼ਾਂ  ਯਾਦ ਰੱਖਣਾ ਉਨ੍ਹਾਂ ਤੁੱਛ ਆਦਮੀਆਂ ਦੀ ਯਾਦਦਾਸ਼ਤ ਦਾ ਕੰਮ ਹੈ ਜਿਨ੍ਹਾਂ ਨੂੰ ਮਹਾਨ ਪੁਰਖਾਂ ਦੀ ਕਮਜ਼ੋਰੀਆਂ ‘ਤੇ ਉਂਗਲ ਰੱਖਣ ਵਿਚ ਵੀ ਮਜ਼ਾ ਆਉਂਦਾ ਹੈ ਜਿਸ ਨਾਲ਼ ਉਹ ਉਨ੍ਹਾਂ ਨੂੰ ਆਪਣੀ ਪੱਧਰ ਦੇ ਸਾਬਤ ਕਰ ਸਕਣ।

ਪਰ ਖਾਸ ਕਰਕੇ ਮਜ਼ੇਦਾਰ ਗੱਲ ਇਹ ਹੈ ਕਿ ਆਪਣੇ ਉਦਾਹਰਣ ਪੇਸ਼ ਕਰਨ ਦੇ ਬਾਅਦ ਨੂਸੀਨੋਵ ਲਿਖਦੇ ਹਨ :

ਜਾਇਦਾਦਧਾਰੀ ਦੁਨੀਆਂ ਅੰਦਲੀਆਂ ਵਿਰੋਧਤਾਈਆਂ ਦੇ ਕਾਰਨ ਉਨਾਂ ਦੀ (ਬਾਲਜ਼ਾਕ ਅਤੇ ਗੋਗੋਲ ਦੀ) ਕਲਾ ਦਾ ਬਾਹਰਮੁਖੀ ਮਹੱਤਵ ਤਦ ਵੀ ਕਾਫੀ ਸੀ ਅਤੇ ਹੁਣ ਵੀ ਹੈ, ਭਾਵੇਂ ਉਹ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਉਨ੍ਹਾਂ ਦੀ ਤਾਕਤ ਏਸੇ ਵਿਚ ਲੁਕੀ ਹੋਈ ਹੈ। ਪਰ ਲੋਟੂ ਜਮਾਤਾਂ ਦੇ ਬੁਲਾਰੇ ਹੋਣ ਦੇ ਤੱਥ ਵਿਚ ਉਨ੍ਹਾਂ ਦੀਆਂ ਭਿਅੰਕਰ ਭੁੱਲਾਂ ਦਾ ਸਰੋਤ ਲੁਕਿਆ ਹੋਇਆ ਹੈ। ਇਨ੍ਹਾਂ ਭੁੱਲਾਂ ‘ਤੇ ਵਿਚਾਰ ਕੀਤੇ ਬਗ਼ੈਰ ਉਨ੍ਹਾਂ ਦੀਆਂ ਰਚਨਾਵਾਂ ਦਾ ਸਹੀ ਮੁਲਾਂਕਣ ਕਰਨਾ ਅਸੰਭਵ ਹੈ।

ਇਥੇ ਇਹ ਗੱਲ ਸਾਫ਼ ਹੋ ਗਈ ਨਾ! ਜਿਸ ਦਾ ਸਾਹਿਤ ਦੇ ਇਤਿਹਾਸ ਵਿੱਚ ‘ਬਾਹਰਮੁਖੀ ਮਹੱਤਵ ਤਦ ਵੀ ਸੀ ਅਤੇ ਹੁਣ  ਵੀ ਹੈ’ ਉਹੀ ਸਾਨੂੰ ਉਨ੍ਹਾਂ ਤੱਤਾਂ ਵੱਲ ਲੈ ਜਾਂਦਾ ਹੈ ਜਿਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ ਅਤੇ ਜੋ ‘ਭਿਅੰਕਰ ਭੁੱਲਾਂ’ ਦੇ ਸ਼ਿਕਾਰ ਹਨ। ਨਤੀਜੇ ਵਜੋਂ, ਮਹਾਨ ਕਲਾਕ੍ਰਿਤਾਂ (ਜੋ ਸਿਰਫ ਭੁੱਲਾਂ ਦੇ ਕਾਰਨ ਮਹਾਨ ਨਹੀਂ ਬਣਦੀਆਂ, ਜਿਹਾ ਕਿ ਸਰਵਗਿਆਤ ਹੈ) ਲੋਟੂ ਜਮਾਤਾਂ ਦੇ ਹਿੱਤਾਂ ਦੇ ਖਿਲਾਫ਼ ਸਿਰਜੀਆਂ ਗਈਆਂ ਸਨ ਅਤੇ ਉਨ੍ਹਾਂ ਦੇ ਹਿੱਤ ਵਿੱਚ ਵੀ ਸਨ। ਨਤੀਜਾ, ਜਮਾਤੀ ਵਿਸ਼ਲੇਸ਼ਣ ਦਾ ਅਰਥ ਕੁੱਲ ਮਿਲ਼ਾ ਕੇ ਅਤੀਤ ਦੀ ਕਲਾ ਦੇ ਗੁਣਾਂ ਅਤੇ ‘ਭਿਅੰਕਰ ਭੁੱਲਾਂ’ ਵਿਚ ਫਰਕ ਕਰਨਾ, ਜਾਇਦਾਦਧਾਰੀਆਂ ਦੇ ਆਦਰਸ਼ਾਂ ਅਤੇ ਉਨ੍ਹਾਂ ‘ਤੇ ਸੱਟ ਮਾਰਨ ਵਾਲ਼ੇ ਤੱਤਾਂ ਵਿੱਚ ਫਰਕ ਕਰਨਾ, ਕਲਾਤਮਕਤਾ ਅਤੇ ਕਲਾਹੀਣਤਾ ਵਿੱਚ ਫਰਕ ਕਰਨਾ ਹੈ। ਇਸ ਦੇ ਬਾਵਜੂਦ ਸਾਨੂੰ ਕਿਹਾ ਜਾ ਰਿਹਾ ਹੈ ਕਿ ਕਿਸੇ ਕ੍ਰਿਤ ਦੇ ਬਾਹਰਮੁਖੀ ਮਹੱਤਵ ਦੀ ਤੈਅਕਾਰੀ ਲਈ ਉਸ ਦੀ ਵਿਚਾਰਧਾਰਾ, ਜੋ ਉਸ ਦਾ ਅਧਾਰ ਹੁੰਦੀ ਹੈ, ਦੇ ਜਮਾਤੀ ਖਾਸੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਹੈ।

ਪਰ ਸ਼ਾਇਦ ਅਸੀਂ ਨੂਸੀਨੋਵ ਨੂੰ ਗ਼ਲਤ ਸਮਝਿਆ ਹੈ। ਸ਼ਾਇਦ ਉਨ੍ਹਾਂ ਦਾ ਇਹ ਅਰਥ ਉੱਕਾ ਨਹੀਂ ਕਿ ਤਾਲਸਤਾਏ ਦਾ ਨਾਵਲ ‘ਏ ਕੰਟੇਮਿਨੇਟਿਡ ਫੈਮਲੀ’ ‘ਭਾਰੀ ਬਾਹਰਮੁਖੀ ਮਹੱਤਵ’ ਰੱਖਦਾ ਹੈ। ਪਰ ਅਜਿਹਾ ਲਗਦਾ ਹੈ ਕਿ ਇਨ੍ਹਾਂ ਸਮਾਜਸ਼ਾਸਤਰੀਆਂ ਨੂੰ ਸਮਝਣ ਦਾ ਠੀਕ ਇਹੀ ਢੰਗ ਹੈ। ਅਸਲ ਵਿੱਚ, ਨੂਸੀਨੋਵ ਦੇ ਹਮਾਇਤੀਆਂ ਨੂੰ ਇਹ ਵਿਸ਼ਵਾਸ ਹੈ ਕਿ ‘ਡੈੱਡ ਸੋਲਸ’ ਦੀ ਰਚਨਾ ਜ਼ਮੀਨ ਗ਼ੁਲਾਮਾਂ ਨੂੰ ਹੋਰ ਜ਼ਿਆਦਾ ਲੁੱਟਣ ਦੇ ਨੀਅਤ ਨਾਲ਼ ਹੋਈ ਸੀ, ਪਰ ਫਿਰ ਵੀ, ਗੋਗੋਲ ਦੀ ਇਹ ਕ੍ਰਿਤ ਕਲਾ ਦੀ ਇਕ ਮਹਾਨ ਅਤੇ ਤਰੱਕੀਪਸੰਦ ਰਚਨਾ ਦਾ ‘ਭਾਰੀ ਬਾਹਰਮੁਖੀ ਮਹੱਤਵ ਰੱਖਦੀ ਹੈ’। ਸਾਡੇ ਇਨ੍ਹਾਂ ਸਮਾਜਸ਼ਾਸਤਰੀਆਂ ਦੀ ਸ਼ਬਦਾਵਲੀ ਵਿੱਚ, ਕਲਾਕ੍ਰਿਤ ਦੀ ‘ਉਤਪਤੀ’ ਅਤੇ ‘ਕਾਰਜ’ ਵਿੱਚ ਇੱਕ ਵਿਰੋਧਤਾਈ ਹੁੰਦੀ ਹੈ। ਜ਼ਮੀਨ ਮਾਲਕਾਂ ਅਤੇ ਲੋਟੂਆਂ ਨੇ ਆਪਣੇ ਹਿੱਤਾਂ ਲਈ ਬਹੁਤ ਹੀ ਵਿਸ਼ਾਲ ਕਲਾਕ੍ਰਿਤਾਂ ਰਚੀਆਂ, ਪਰ ਇਸ ਸੱਚਾਈ ਦੇ ਬਾਵਜੂਦ ਕਿ ਇਹ ਕਲਾਕ੍ਰਿਤਾਂ ਲੋਟੂਆਂ ਦੇ ਪੱਖ ਵਿਚ ਲਿਖੀਆਂ ਗਈਆਂ, ਉਹ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤ ਵੀ ਸਾਧਦੀਆਂ ਹਨ। ਇਸ ਤਰ੍ਹਾਂ ਦੇ ਭ੍ਰਿਸ਼ਟ ਸਿਧਾਂਤ ਅਨੁਸਾਰ ਲੋਟੂਆਂ ਦੀ ਵਿਚਾਰਧਾਰਾ ਅਤੇ ਤਰੱਕੀਪਸੰਦ ਸਮਾਜਕ ਵਿਚਾਰਾਂ ਵਿਚ ਫਰਕ ਸਿਰਫ਼ ਅੰਤਰਮੁਖੀ ਹੈ, ਦੋਵੇ ਹੀ ਆਪਣੀ-ਅਪਣੀ ਥਾਂ ਮਹਾਨ ਅਤੇ ਦਰੁਸਤ ਹਨ, ਪਰ ਬਾਹਰਮੁਖੀ ਰੂਪ ਵਿਚ ਦੋਵਾਂ ਵਿਚ ਆਪਸੀ ਵਿਰੋਧੀ ਨਿਸ਼ਾਨੇ ਇਕੋ ਜਿਹੇ ਸਿੱਧ ਹੁੰਦੇ ਹਨ ਅਤੇ ਰਚਨਾ-ਕਦਰਾਂ ਦੀ ਪੱਧਰ ਤੇ ਇਕ-ਦੂਜੇ ਨਾਲ਼ ਮਿਲ਼ਦੇ ਹਨ।

ਇਸ ਤਰ੍ਹਾਂ ‘ਬਾਹਰਮੁੱਖਤਾ’ ਪੂਰਨਤਾ ਨੂੰ ਹਾਸਲ ਕਰ ਲੈਂਦੀ ਹੈ। ਇਹ ਪੂਰਨਤਾ ਅਸਲ ਵਿਚ ਏਨੀਂ ਜ਼ਿਆਦਾ ਹੋ ਜਾਂਦੀ ਹੈ ਕਿ ਸਾਨੂੰ ਹੈਰਾਨੀ ਹੋਣ ਲਗਦੀ ਹੈ ਕਿ ਨੂਸੀਨੋਵ ਆਪਣੇ-ਆਪ ਨੂੰ ਜਮਾਤੀ ਘੋਲ਼ ਦੇ ਮਾਰਕਸਵਾਦੀ ਸਿਧਾਂਤ ਦਾ ਕਰਤਾ ਧਰਤਾ ਕਿਸ ਅਧਾਰ ‘ਤੇ ਗਰਦਾਨਦੇ ਹਨ। ਨੂਸੀਨੋਵ ਅਤੇ ਉਨ੍ਹਾਂ ਦੇ ਮਿੱਤਰ ਹੀ ਉਹ ਲੋਕ ਹਨ ਜੋ ਸਾਹਿਤ ਦੀਆਂ ਮਹਾਨ ਰਚਨਾਵਾਂ ਦੇ ਕਲਾਤਮਕ ਅਤੇ ਸਮਾਜਕ ਅਰਥ ਦੀ ਤੈਅਕਾਰੀ ਲਈ ਸਾਰੇ ਬਾਹਰਮੁਖੀ ਮਾਪਦੰਡਾਂ ਦਾ ਨਿਖੇਧ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਇਹ ਗਰਦਾਨਣ ਦਾ ਕੀ ਹੱਕ ਹੈ ਕਿ ਲੋਟੂ ਜਮਾਤਾਂ ਦੀ ਵਿਚਾਰਧਾਰਾ ਸਾਹਿਤ ਵਿਚ ‘ਭਿਅੰਕਰ ਭੁੱਲਾਂ’ ਨੂੰ ਪੈਦਾ ਕਰਦੀ ਹੈ? ਤਾਂ ਫਿਰ ਗੁਣਾਂ ਦੀ ਪੈਦਾਇਸ਼ ਕਿਥੋਂ ਹੁੰਦਾ ਹੈ ? ਕੀ ਉਨ੍ਹਾਂ ਦਾ ਕੋਈ ਸਮਾਜਕ ਅਧਾਰ ਨਹੀਂ ਹੈ? ਜਾਂ ਫਿਰ ਉਹ ਗੁਣ ਬਿਨਾਂ ਕਿਸੇ ਅਧਾਰ ਦੇ ਰੱਬੀ ਦਇਆ ਦੇ ਕਾਰਨ ਕ੍ਰਿਤਾਂ ਵਿਚ ਅਸਮਾਨੋਂ ਆ ਡਿੱਗੇ ਹਨ?

ਤੁਹਾਡੇ ਕੋਲ ਦੋ ਹੀ ਬਦਲ ਹਨ – ਜਾਂ ਤਾਂ ਇਹ ਮੰਨੋ ਕਿ ਮਨੁੱਖ ਦਾ ਸਮੁੱਚਾ ਕਲਾਤਮਕ ਵਿਕਾਸ, ਅਤੀਤ ਦੀ ਕਲਾ ਦੇ ਸਾਰੇ ਗੁਣ ਲੋਟੂਆਂ ਅਤੇ ਜਾਇਦਾਦਧਾਰੀ ਜਮਾਤਾਂ ਦੀ ਵਿਚਾਰਧਾਰਾ ਦੇ ਨੰਗੇ-ਚਿੱਟੇ ਪ੍ਰਗਟਾਵੇ ਵਜੋਂ ਪੈਦਾ ਹੋਏ ਹਨ, ਜਾਂ ਫਿਰ ਇਹ ਮੰਨ ਲਓ ਕਿ ਇਸ ਵਿਚਾਰਧਾਰਾ ਨਾਲ਼ ਘੋਲ ਕਰਨ ਦੀ ਉਸ ਪ੍ਰਕਿਰਿਆ ਦੌਰਾਨ ਕਲਾ ਦੀਆਂ ਮਹਾਨ ਪ੍ਰਾਪਤੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਕਲਾ ਲੋਕਾਈ ਦੇ ਨਜ਼ਦੀਕ ਆਈ ਹੈ।

ਨੂਸੀਨੋਵ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਨ੍ਹਾਂ ਦੇ ਇਸ ਬੁਨਿਆਦੀ ਵਿਚਾਰ ਨੂੰ ਜਾਨਣਾ ਜ਼ਰੂਰੀ ਹੈ। ਉਹ ਪਲੇਖਾਨੋਵ ‘ਤੇ ਇਸ ਲਈ ਵਾਰ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਅਤੇ ਠੀਕ ਹੀ ਮੰਨਦੇ ਹਨ ਕਿ ਸੱਚੇ ਅਤੇ ਝੂਠੇ ਵਿਚਾਰਾਂ ਵਿੱਚ ਅਤੇ ਲੁੱਟਦੀ ਵਿਚਾਰਧਾਰਾ ਅਤੇ ਲੁਟੀਂਦਿਆਂ ਵੱਲ ਹਮਦਰਦੀ ਵਿੱਚ ਅੰਤਰਮੁਖੀ ਫਰਕ ਨਾ ਹੋ ਕੇ ਬਾਹਰਮੁਖੀ ਫਰਕ ਹੁੰਦਾ ਹੈ। ਪਲੇਖਾਨੋਵ ਮੰਨਦੇ ਸਨ ਕਿ ਸਮੁੱਚੀ ਮਹਾਨ ਕਲਾ ਸੱਚੇ ਅਤੇ ਅਗਾਂਹਵਧੂ ਤੱਤ ‘ਤੇ ਅਧਾਰਤ ਹੁੰਦੀ ਹੈ। ਆਪਣੇ ਇਸ ਨਜ਼ਰੀਏ ਤੋਂ ਉਹ ਬੁਰਜ਼ੂਆ ਕਲਾ ਦੇ ਬੌਧਿਕ ਨਿਘਾਰ ਦੀ ਨਿਖੇਧੀ ਕਰਦੇ ਹਨ। ਇਸ ਵਿੱਚ ਸ਼ੱਕ ਨਹੀਂ ਕਿ ਪਲੇਖਾਨੋਵ ਦੀ ਇਸ ਵਿਚਾਰ ਦੀ ਵਿਆਖਿਆ ਵਿੱਚ ਬਹੁਤ ਸਾਰੀਆਂ ਖਾਮੀਆਂ ਸਨ ਪਰ ਫਿਰ ਵੀ ਉਨ੍ਹਾਂ ਦੇ ਸੁਹਜਸ਼ਾਸਤਰੀ ਸਿਧਾਂਤਾਂ ਵਿਚ ਉਕਤ ਅੰਸ਼ ਸਹੀ ਸੀ, ਇਹ ਅੰਸ਼ ਬੇਲਿੰਲਕੀ, ਚੇਰਨੀਸ਼ੇਵਸਕੀ ਅਤੇ ਦੋਬ੍ਰਲਉਵੋਵ ਦੀ ਵਿਰਾਸਤ ਦਾ ਇਕ ਹਿੱਸਾ ਸੀ ਅਤੇ ਮਾਰਕਸਵਾਦੀ ਸੁਹਜਸ਼ਾਸਤਰ ਲਈ ਕਾਫ਼ੀ ਕੀਮਤੀ ਹੈ।

ਇਸ ਨਜ਼ਰੀਏ ਨੂੰ ਆਤਮਸਾਤ ਕਰਨ ਦੀ ਥਾਂ, ਨੂਸੀਨੋਵ ਨੇ ਪਲੇਖਾਨੋਵ ਦੇ ਨਜ਼ਰੀਏ ਦੇ ਸਭ ਤੋਂ ਘਟੀਆ ਪੱਖ ਨੂੰ ਗਲ਼ ਨਾਲ਼ ਲਾਇਆ। ਇਹ ਪੱਖ ਸਮਾਜਸ਼ਾਸਤਰੀ ਸਾਪੇਖਤਾਵਾਦ ਦਾ ਸੀ। ਵਿਦਵਾਨ ਸਮਾਜਸ਼ਾਸਤਰੀ ਤਰਕ ਕਰਦਾ ਹੈ ਕਿ ਹਰ ਚੀਜ਼ ਪ੍ਰਸੰਗਕ ਹੈ ਇਸ ਲਈ ਹਰ ਚੀਜ਼ ਨੂੰ ਇਕੋ ਜਿਹੇ ਰੂਪ ਵਿਚ ਅਜ਼ਾਦੀ ਹਾਸਲ ਹੈ। ਪਿਛਾਖੜ, ਹੰਕਾਰ ਅਤੇ ਅਸੱਚ ਜਿਹੇ ਤੱਤ ਮਹਾਨ ਕਲਾ ਦੇ ਅਧਾਰ ਦਾ ਕੰਮ ਦੇ ਸਕਦੇ ਹਨ। ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ ਕਿ ਕੋਈ ਕ੍ਰਿਤ ਤਦ ਹੀ ਕਲਾਤਮਕ ਹੋ ਸਕਦੀ ਹੈ ਜਦ ਉਹ ਯਥਾਰਥ ਨੂੰ ਪੂਰੀ ਇਮਾਨਦਾਰੀ ਨਾਲ਼ ਚਿੱਤਰਤ ਕਰਦੀ ਹੈ। ਨੂਸੀਨੋਵ ਲਿਖਦੇ ਹਨ ਕਿ ‘ਕਲਾਤਮਕਤਾ ਹਕੀਕਤ ਦੇ ਯਥਾਰਥਵਾਦੀ ਚਿੱਤਰਣ ਵਿਚ ਮੌਜੂਦ ਨਹੀਂ ਹੁੰਦੀ, ਸਗੋਂ ਯਥਾਰਥ ਦੇ ਗਿਆਤ ਅਰਥ ਦੇ ਪ੍ਰਗਟਾਵੇ ਵਿੱਚ ਹੁੰਦੀ ਹੈ।’

ਨੂਸੀਨੋਵ ਜਾਂਚ ਪੜਤਾਲ ਕਰਦੇ ਹਨ ਕਿ ਜੇ ਅਸੱਚ ਅਤੇ ਲੁੱਟ ਦੀ ਵਕਾਲਤ ਸੱਚੀ ਕਲਾਕ੍ਰਿਤ ਦਾ ਅਧਾਰ ਨਹੀਂ, ਤਾਂ ਫਿਰ ਸੱਚ ਕੀ ਹੈ? ਸੱਚ ਤਾਂ ਸਿਰਫ਼ ‘ਲੇਖਕ ਦੀ ਡੂੰਘੀ ਚੇਤਨਾ’ ਹੁੰਦੀ ਹੈ। ਕੋਈ ਕ੍ਰਿਤ ਕਲਾਤਮਕ ਤਦ ਹੁੰਦੀ ਹੈ ਜਦ ਉਸ ਦਾ ਤਾਲਮੇਲ਼ ਬਾਹਰੀ ਯਥਾਰਥ ਦੇ ਨਾਲ਼ ਨਾ ਹੋ ਕੇ ‘ਕਿਸੇ ਜਮਾਤ ਵਿਸ਼ੇਸ਼ ਦੀ ਸੱਚੀ ਅਤੇ ਡੂੰਘੀ ਚੇਤਨਾ’ ਨਾਲ਼ ਹੁੰਦਾ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਰਹੇ, ਇਸ ਮਕਸਦ ਨਾਲ਼ ਨੂਸੀਨੋਵ ਇੱਕ ਸਪਸ਼ਟੀਕਰਣ ਵੀ ਜੋੜ ਦਿੰਦੇ ਹਨ :

‘ਝੂਠੇ ਵਿਚਾਰ’ ਦਾ ਸੰਕਲਪ ਨਿਰਪੇਖ ਸੱਚ, ਨਿਰਪੇਖ ਨਿਆਂ ਜਿਹਾ ਸਕੰਲਪ ਨਹੀਂ ਹੈ। ਇਹ ਇੱਕ ਜਮਾਤੀ ਸੰਕਲਪ ਹੈ। ਸੱਚ ਅਤੇ ਅਸੱਚ ਕਿਸੇ ਜਮਾਤ ਵਿਸ਼ੇਸ਼ ਦੇ ਪੱਧਰ ‘ਤੇ ਨਿਰਭਰ ਹੁੰਦੇ ਹਨ। ਕਿਸੇ ਕ੍ਰਿਤ ਦਾ ਵਿਚਾਰ ਤੱਤ ਤਦ ਹੀ ਅਸੱਚ ਹੋਵੇਗਾ ਜਦ ਉਸ ਜਮਾਤ ਵਿਸ਼ੇਸ਼ ਦੀ ਚੇਤਨਾ ਦੇ ਨਜ਼ਰੀਏ ਅਨੁਸਾਰ ਉਹ ਅਸੱਚ ਸਿੱਧ ਹੁੰਦੀ ਹੈ। ਜੇ ਇਹ ਤੱਤ ਉਸ ਜਮਾਤ ਵਿਸ਼ੇਸ਼ ਦੀ ਸੱਚੀ ਚੇਤਨਾ ਦੇ ਅਨੁਸਾਰ ਹੁੰਦੀ ਹੈ ਤਾਂ ਉਹ ਸੱਚ ਹੁੰਦੀ ਹੈ। ਜੇ ਲੇਖਕ ਅਜਿਹਾ ਵਿਚਾਰ ਪੇਸ਼ ਕਰ ਰਿਹਾ ਹੁੰਦਾ ਹੈ, ਉਹ ਅਸੱਚ ਉਸੇ ਹਾਲਤ ਵਿੱਚ ਨਹੀਂ ਲਗਦਾ ਜਦ ਲੇਖਕ ਉਸ ਦੀ ਸੱਚਾਈ ਬਾਰੇ ਪੂਰੀ ਤਰ੍ਹਾਂ ਭਰੋਸੇਮੰਦ ਹੁੰਦਾ ਹੈ। ਇਸ ਸਭ ਦਾ, ਇਸ ਨਾਲ਼ ਕੋਈ ਸਰੋਕਾਰ ਨਹੀਂ ਕਿ ਇਹ ਵਿਚਾਰ ਅਗਾਂਹਵਧੂ ਹੈ ਜਾਂ ਪਿਛਾਖੜੀ, ਅਤੇ ਇਹ ਯਥਾਰਥ ਨੂੰ ਤੋੜ -ਮਰੋੜ ਕੇ ਪੇਸ਼ ਕਰਦਾ ਹੈ ਜਾਂ ਉਸ ਨੂੰ ਪੂਰੀ ਇਮਾਨਦਾਰੀ ਨਾਲ਼ ਚਿੱਤਰਤ ਕਰਦਾ ਹੈ।

ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭ੍ਰਿਸ਼ਟ ਸਮਾਜਸ਼ਾਸਤਰ ਦਾ ਅੰਤ ਸ਼ੁੱਧ ਬੇਹੂਦਗੀ ਵਿੱਚ ਹੁੰਦਾ ਹੈ। ਨੂਸੀਨੋਵ ਦੇ ਵਿਚਾਰ ਅਨੁਸਾਰ, ਫਾਸੀਵਾਦ ਤੱਕ ‘ਆਤਮਕ ਕਦਰਾਂ’ ਨੂੰ ਪੈਦਾ ਕਰ ਸਕਦਾ ਹੈ। ਨੂਸੀਨੋਵ ਨੇ ਕਾਫੀ ਵਿਸਥਾਰ ਨਾਲ਼ ਇਹ ਦਰਸਾਇਆ ਹੈ ਕਿ ਸਭ ਤੋਂ ਜ਼ਿਆਦਾ ਸਮਾਜ ਵਿਰੋਧੀ, ਖ਼ੂਨੀ, ਅਤੇ ਅਸੱਚੇ ਵਿਚਾਰ ਵੀ ਕਲਾ ਦੀਆਂ ਮਹਾਨ ਕ੍ਰਿਤਾਂ ਰਚਾਉਣ ਵਿਚ ਸਮਰੱਥ ਹੋਏ ਹਨ ਸ਼ਰਤ ਇਹ ਹੈ ਕਿ ਇਹ ਵਿਚਾਰ ਜਾਇਦਾਦਧਾਰੀ ਜਮਾਤਾਂ ਦੀ ‘ਆਤਮ ਰੱਖਿਆ’ ਵਿੱਚ ਮਦਦ ਪਹੁੰਚਾਉਂਦੇ ਹੋਣ ਅਤੇ ਸੱਤਾ ਵਿੱਚ ਬਣੇ ਰਹਿਣ ਦੇ ਮਹੱਤਵ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਅਡਿੱਗ ਬਣਾਈ ਰੱਖਣ। ਹੁਣ ਇਹ ਗੱਲ ਆਪਣੇ-ਆਪ ਹੀ ਸਪਸ਼ਟ ਹੋ ਗਈ ਕਿ ਨੂਸੀਨੋਵ ਦੇ ਨਜ਼ਰੀਏ ਤੋਂ ਇਸ ਗੱਲ ਦੀ ਕੋਈ ਅਹਿਮੀਅਤ ਕਿਉਂ ਨਹੀਂ ਕਿ ਲੇਖਕ ਲੋਟੂ ਜਮਾਤਾਂ ਦੀ ਵਕਾਲਤ ਕਰਦਾ ਹੈ ਕਿ ਨਹੀਂ। ਸਮਾਜਸ਼ਾਸਤਰੀ ਨਜ਼ਰੀਏ ਤੋਂ, ਸੱਚ ਜਾਂ ਅਸੱਚ, ਇਨਕਲਾਬ ਜਾਂ ਉਲ਼ਟ ਇਨਕਲਾਬ ਇਕੋ ਜਿਹੇ ਰੂਪ ਤੋਂ ਸਹੀ ਅਤੇ ਇਕੋ ਜਿਹੇ ਰੂਪ ਨਾਲ਼ ਚੰਗੇ ਹਨ। ਲੁੱਟ ਵਿੱਚ ਵਿਸ਼ਵਾਸ ਕਰਨਾ ਉਸੇ ਤਰ੍ਹਾਂ ਸੰਭਵ ਹੈ ਜਿਸ ਤਰ੍ਹਾਂ ਮੱਧਯੁੱਗਾਂ ਵਿਚ ਲੋਕ ਸ਼ੈਤਾਨ ਦੀ ਹੋਂਦ ਵਿਚ ਵਿਸ਼ਵਾਸ ਕਰਦੇ ਹਨ।

ਰਹੱਸਵਾਦ ਦੇ ਸਾਡੇ ਨਵੇਂ ਝੰਡਾਬਰਦਾਰ ਫ਼ਲਫ਼ਾਈ ਵਿਆਖਿਆ ਦੇ ਪਲਾਂ ਵਿੱਚ ਦੋਨ ਕਿਹੋਤੇ ਦੀ ਮੁਦਰਾ ਵਿੱਚ ਬਹਿਸ ਕਰਦੇ ਹਨ। ਜਿੰਨੇ ਹੀ ਨਜ਼ਰੀਏ ਹਨ ਓਨੇ ਹੀ ਸੱਚ ਹਨ। ‘ਤੁਹਾਡੇ ਲਈ ਜੋ ਦਾੜੀ ਸਾਫ਼ ਕਰਨ ਦੀ ਪਲੇਟ ਹੈ, ਉਹ ਕਿਸੇ ਹੋਰ ਲਈ ਮੈਮਬ੍ਰੀਨੋ ਦਾ ਲੋਹਟੋਪ ਅਤੇ ਕਿਸੇ ਹੋਰ ਵਿਅਕਤੀ ਲਈ ਕੁਝ ਹੋਰ ਹੈ।’ ਨੂਸੀਨੋਵ ਦੇ ਇਸ ਤਰ੍ਹਾਂ ਦੇ ਵਿਚਾਰਾਂ ਦੀ ਜੜ੍ਹ ਵਿਚ ਸਭ ਤੋਂ ਭ੍ਰਿਸ਼ਟ ਵਿਚਾਰਵਾਦੀ ਵਿਅਕਤੀਵਾਦ ਹੈ। ਇਹੀ ਵਿਅਕਤੀਵਾਦ, ਮੁੜ ਕੇ, ਸਾਡੇ ਸਮਾਜਸ਼ਾਸ਼ਤਰੀ ਸਾਹਿਬ ਨੂੰ ਏਨੇ ਹੀ ਭ੍ਰਿਸ਼ਟ ਬਾਹਰਮੁੱਖੀ ਨਿਸ਼ਠਾਵਾਦ ਵੱਲ ਲੈ ਜਾਂਦਾ ਹੈ ਜੋ ਉਨ੍ਹਾਂ ਨੂੰ ‘ਆਤਮਕ ਕਦਰਾਂ’ ਨੂੰ ਜਮਾਤੀ ਵਿਸ਼ਲੇਸ਼ਣ ਤੋਂ ਪਰ੍ਹੇ ਰੱਖਣ ਨੂੰ ਮਜ਼ਬੂਰ ਕਰਦਾ ਹੈ। ਉਨ੍ਹਾਂ ਨੂੰ ਮੈਮਬ੍ਰੀਨੋ ਦੇ ਲੋਹਟੋਪ ਅਤੇ ਦਾੜੀ ਸਾਫ਼ ਕਰਨ ਦੀ ਪਲੇਟ ਵਿੱਚ, ਪੁਸ਼ਕਿਨ ਅਤੇ ਕੁਕੋਲਨਿਕ, ਤਾਲਸਤਾਏ ਦੇ ‘ਯੁੱਧ ਅਤੇ ਸ਼ਾਂਤੀ’ ਅਤੇ ‘ਏ ਕੰਟੈਮੀਨੇਟਿਡ ਫੈਮਲੀ’ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ, ਉਨ੍ਹਾਂ ਨੂੰ ਸੱਚ ਅਤੇ ਅਸੱਚ, ਇਤਿਹਾਸ ਦੀਆਂ ਅਗਾਂਵਧੂ ਅਤੇ ਪਿਛਾਖੜੀ ਲਹਿਰਾਂ ਵਿਚ ਕੋਈ ਨਿਖੇੜੇ ਦੀ ਲੀਹ ਨਹੀਂ ਦਿਸਦੀ, ਉਨ੍ਹਾਂ ਨੂੰ ਪ੍ਰਾਚੀਨ ਸਾਹਿਤ ਦੀ ਮਹਾਨਤਾ ਅਤੇ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੀ ਵਕਾਲਤ ਵਿੱਚ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਸੁਹਾਉਂਦਾ।

ਇਸ ਤਰ੍ਹਾਂ ਦਾ ਊਲ-ਜਲੂਲ ਸਿਧਾਂਤ ਕਲਾ ਦੇ ਯਥਾਰਥਵਾਦੀ ਅਧਾਰ ਨੂੰ ਅਤੇ ਹਕੀਕਤ ਦੇ ਪ੍ਰਤੀਬਿੰਬਨ ਵਜੋਂ ਸਾਹਿਤ ਦੀ ਮਾਨਤਾ ਨੂੰ ਹੀ ਖੰਡਤ ਕਰਦਾ ਹੈ। ਵੱਖ-ਵੱਖ ਜਮਾਤਾਂ ਦੇ ਨਜ਼ਰੀਏ ਦੀ ਹੈਰਾਨੀਜਨਕ ਸਾਪੇਖਤਾ ਨੂੰ ਸਿੱਧ ਕਰਨ ਦੇ ਮਕਸਦ ਨਾਲ਼ ਨੂਸੀਨੋਵ ਸਾਡੇ ਖਿਲਾਫ਼ ਤਾਲਸਤਾਏ ਦੇ ਨਾਵਲ ‘ਏ ਕੰਟੈਮਨੇਟਡ ਫੈਮਲੀ’ ਅਤੇ ਬਹੁਤ ਸਾਰੇ ਅਜਿਹੇ ਉਦਾਹਰਣ ਪੇਸ਼ ਕਰਦੇ ਹਨ ਜਿਨ੍ਹਾਂ ਵਿਚ ਇਕੋ ਹੀ ਤਰ੍ਹਾਂ ਦੇ ਅਤੇ ਵਿਸ਼ੇਸ਼ ਸਮਾਜਕ ਪ੍ਰਤਿਨਿਧ ਪਾਤਰ ਹੀ ਚਿੱਤਰਤ ਹੋਏ ਹਨ। ਇਹ ਇੱਕ ਬਹੁਤ ਦਿਲਚਸਪ ਗੱਲ ਹੈ ਕਿ ਇਨ੍ਹਾਂ ਉਦਾਹਰਣਾਂ ਨੂੰ ਇਕ ਬਾਰ ਉਨ੍ਹਾਂ ਨੇ ਲੈਨਿਨ ਦੇ ਪ੍ਰਤਿਬਿੰਬਨ ਸਿਧਾਂਤ ਦੇ ਖਿਲਾਫ਼ ਵੀ ਪੇਸ਼ ਕੀਤਾ ਸੀ। ਆਪਣੇ ਇਕ ਲੇਖ, ‘ਸਰਜਣਾਤਮਕ ਕਲਾ ਦੇ ਬਾਹਰਮੁਖੀ ਮਹੱਤਵ ਦੀਆਂ ਸਮੱਸਿਆਵਾਂ’ ਵਿੱਚ ਨੂਸੀਨੋਵ ਨੇ ਲਿਖਿਆ ਸੀ :

ਸਾਹਿਤਕ ਕ੍ਰਿਤਾਂ ਦੇ ਬਾਹਰਮੁਖੀ ਮਹੱਤਵ ਦੀ ਸਮੱਸਿਆ ਬਾਰੇ ਅਕਸਰ ਸਾਡੇ ਸਾਹਮਣੇ ਦੋ ਬੁਨਿਆਦੀ ਤੌਰ ਤੇ ਗ਼ਲਤ ਅਤੇ ਦਵੰਦਵਾਦੀ ਰੂਪ ਵਿਚ ਅਸੱਚ ਵਿਚਾਰ ਆਉਂਦੇ ਹਨ। ਪਹਿਲਾ ਵਿਚਾਰ ਉਹ ਹੈ ਜੋ ਸਾਹਿਤ ਨੂੰ ਯਥਾਰਥ ਦਾ ਪ੍ਰਤੀਬਿੰਬਨ ਮੰਨਦਾ ਹੈ। ਦੂਜਾ ਵਿਚਾਰ ਲੇਖਕ ਦੀ ਵਿਗਿਆਨਕ ਨਾਲ਼ ਤੁਲਨਾ ਕਰਦਾ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਦੋਵੇਂ ਇਕ ਹੀ ਨਿਸ਼ਾਨੇ ਭਾਵ ਜੀਵਨ ਦਾ ਗਿਆਨ ਹਸਲ ਕਰਨ ਲਈ ਵਧ ਰਹੇ ਹੁੰਦੇ ਹਨ, ਉਨ੍ਹਾਂ ਵਿੱਚ ਫਰਕ ਸਿਰਫ਼ ਗਿਆਨ ਹਾਸਲ ਕਰਨ ਦੇ ਮਾਧਿਅਮ ਦਾ ਹੁੰਦਾ ਹੈ : ਵਿਗਿਆਨਕ ਇਸ ਗਿਆਨ ਨੂੰ ਖੋਜਬੀਨ ਦੇ ਮਾਧਿਅਮ ਰਾਹੀਂ ਹਾਸਲ ਕਰਦਾ ਹੈ ਜਦ ਕਿ ਲੇਖਕ ਬਿੰਬਾਂ ਦੀ ਵਰਤੋਂ ਦਾ ਆਸਰਾ ਲੈਂਦਾ ਹੈ। … ਲੇਖਕ ਕੋਈ ਫੋਟੋਗ੍ਰਾਫ਼ੀ ਦਾ ਕੈਮਰਾ ਨਹੀਂ, ਅਤੇ ਨਾ ਹੀ ਕਲਾ ਕੋਈ ਫੋਟੋ ਹੈ। ਸਾਹਿਤ ਸ਼ੀਸ਼ਾ ਨਹੀਂ ਹੁੰਦਾ ….

ਪ੍ਰਤੀਬਿੰਬਨ ਸਿਧਾਂਤ ਦੇ ਬੁਲਾਰੇ ਦਵੰਦਵਾਦੀ ਪਦਾਰਥਵਾਦੀ ਨਹੀਂ ਹਨ, ਉਹ ਬੁਨਿਆਦੀ ਰੂਪ ਵਿਚ ਇੰਦਰੀਕਤਾਵਾਦੀ ਹਨ … ਇਸ ਨਜ਼ਰੀਏ ਦੀ ਮਦਦ ਨਾਲ਼ ਇਸ ਗੱਲ ਦੀ ਵਿਆਖਿਆ ਕਰਨੀ ਸੰਭਵ ਹੈ ਕਿ ਇਕ ਹੀ ਘਟਨਾ ਨੂੰ ਵੱਖ ਵੱਖ ਲੇਖਕ ਵੱਖ-ਵੱਖ ਢੰਗ ਨਾਲ਼ ਕਿਉਂ ਚਿਤਰਤ ਕਰਦੇ ਹਨ।

ਉਕਤ ਬਿਆਨ ਦੇ ਬਾਅਦ ਉਹੀ ਜਾਣੇ-ਪਛਾਣੇ ਉਦਾਹਰਣ – ਤਾਲਸਤਾਏ ਦਾ ‘ਏ ਕੰਟੈਮਿਨੇਟਿਡ ਫੈਮਲੀ’, ਦਸਤੋਵਸਕੀ ਦਾ ‘ਦ ਪਜੈਸਡ’, ਤਰੁਗਨੇਵ ਦਾ ‘ਫਾਦਰਸ ਐਂਡ ਸਨਸ’ – ਦਿੱਤੇ ਗਏ ਹਨ। ‘ਜੇ ਸਾਹਿਤ ਜੀਵਨ ਦਾ ਬਾਹਰਮੁਖੀ ਗਿਆਨ ਹੈ ਤਾਂ ਫਿਰ ਇਹ ਗੱਲ ਸਮਝੋਂ ਬਾਹਰ ਹੋ ਜਾਂਦੀ ਹੈ ਕਿ ਇਹ ਤਿੰਨੋ ਮਹਾਨ ਲੇਖਕ ਇਕ ਹੀ ਯੁੱਗ ਦੇ ਇਕੋ ਜਿਹੇ ਦ੍ਰਿਸ਼ ਨੂੰ ਏਨੇ ਵੱਖਰੇ ਢੰਗ ਨਾਲ਼ ਚਿਤਰਤ ਕਰਨ ਵਿੱਚ ਕਿਵੇਂ ਸਮਰੱਥ ਹੋ ਸਕੇ।’

ਕੁਝ ਲੋਕਾਂ ਦਾ, ਸ਼ਾਇਦ ਭੋਲੇਪਨ ਦੇ ਕਾਰਨ, ਇਹ ਵਿਸ਼ਵਾਸ ਹੈ ਕਿ ਸਾਹਿਤ ਅੰਦਰ ਭ੍ਰਿਸ਼ਟ ਸਮਾਜਸ਼ਾਸਤਰ ਦੀ ਕੁਝ ਨਾ ਕੁਝ ਰਹਿੰਦ-ਖੂੰਹਦ ਬਣਾਈ ਰੱਖਣਾ ਠੀਕ ਹੋਵੇਗਾ ਤਾਂ ਕਿ ਜਮਾਤੀ ਘੋਲ ਦੀ ਯਾਦਦਾਸ਼ਤ ਬਣੀ ਰਹੇ। ਇਹ ਜ਼ਰੂਰ ਹੈ ਕਿ ਸਾਡੇ ਸਮਾਜ ਸ਼ਾਸਤਰੀ ਕਾਫ਼ੀ ਦੂਰ ਤੱਕ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਇਰਾਦੇ ਨੇਕ ਅਤੇ ਇਨਕਲਾਬੀ ਹਨ, ਇਸ ਲਈ ਸੰਤੁਲਨ ਬਣਾਈ ਰੱਖਣ ਦੇ ਲਿਹਾਜ ਨਾਲ਼ ਉਨ੍ਹਾਂ ਦੀ ਤਿੱਖੀ ਅਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ। ਲਾਜ਼ਮੀ ਹੀ ਇਹ ਰਵੱਈਆ ਗ਼ਲਤ ਹੈ, ਕਿਉਂਕਿ ਇਹ ‘ਸੰਤੁਸ਼ਟੀਕਰਣ’ ਅਤੇ ‘ਦੋ ਮੋਰਚਿਆਂ ਦੇ ਘੋਲ’ ਜਿਹੇ ਦੋ ਆਪਸੀ ਵਿਰੋਧੀ ਵਿਚਾਰਾਂ ਦੀ ਜ਼ਮੀਨ ‘ਤੇ ਟਿਕਿਆ ਹੋਇਆ ਹੈ।

ਇਥੇ ਇਹ ਦੁਹਰਾਉਣ ਦੀ ਲੋੜ ਨਹੀਂ ਕਿ ਭ੍ਰਿਸ਼ਟ ਸਮਾਜਸ਼ਾਸਤਰ ਅਤੇ ਰੂਪਵਾਦ, ਆਪਸ ਵਿਚ ਵੱਖ ਹੁੰਦੇ ਹੋਏ ਵੀ, ਇਕ-ਦੂਜੇ ਦੇ ਸਹਿਯੋਗੀ ਹਨ। ਬੁਰਜ਼ੂਆ ਸਮਾਜਸ਼ਾਸਤਰ ਦੀ ਸਾਰੀ ਰਹਿੰਦ-ਖੂੰਹਦ ਨੂੰ ਚਾਹੇ ਉਹ ਨਕਲੀ ਮਾਰਕਸਵਾਦੀ ਜਾਂ ਨਕਲੀ ਇਨਕਲਾਬੀ ਵਜੋਂ ਹੀ ਸਾਡੇ ਸਾਹਮਣੇ ਕਿਉਂ ਨਾ ਆਉਣ ਜਿੱਨੀ ਛੇਤੀਂ ਅਸੀਂ ਆਪਣੇ ਸਾਹਿਤ ਵਿਚੋਂ ਉਹ ਪੁੱਟ ਸੁੱਟਾਂਗੇ, ਓਨੀਂ ਹੀ ਸਪਸ਼ਟਤਾ ਨਾਲ਼ ਅਸੀਂ ਇਤਿਹਾਸ ਵਿੱਚ ਜਮਾਤੀ ਘੋਲ਼ ਦੇ ਅਸਲੀ ਸਾਰਤੱਤ ਨੂੰ ਦੇਖ ਸਕਾਂਗੇ ਅਤੇ ਸਮਾਜਵਾਦੀ ਸੱਭਿਆਚਾਰ ਨੂੰ ਵਿਕਸਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਜ਼ਿਆਦਾ ਸਫ਼ਲ ਹੋ ਸਕਾਂਗੇ।    

ਅਨੁਵਾਦ- ਕੁਲਵਿੰਦਰ    

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ