ਸਾਡੇ ਸਮੇਂ ਦਾ ਯਥਾਰਥ ਅਤੇ ਜਗਦੀਸ਼ਚੰਦਰ ਦੇ ਨਾਵਲ -ਮੀਨਾਕਸ਼ੀ

novel

 (ਪੀ.ਡੀ.ਐਫ਼ ਡਾਊਨਲੋਡ ਕਰੋ)

 ਹਿੰਦੀ ਅਲੋਚਨਾ ਦੇ ਫਤਵੇਬਾਜ਼ਾਂ ਨੂੰ ਬਿਨਾਂ ਮੂੰਹ ਲਾਏ, ਜਗਦੀਸ਼ਚੰਦਰ ਆਪਣੀ ਰਚਨਾਤਮਕਤਾ ਨਾਲ਼ ਜੀਵਨ ਭਰ ਉਨ੍ਹਾਂ ਨੂੰ ਥੋਥਾ ਅਤੇ ਖੋਖਲਾ ਸਾਬਤ ਕਰਦੇ ਰਹੇ। ਉਨਾਂ ਦੀ ਸਭ ਤੋਂ ਵੱਧ ਮਹੱਤਵਪੂਰਨ ਨਾਵਲ-ਲੜੀ ਦੀ ਦੂਜੀ ਕਿਸ਼ਤ (‘ਨਰਕਕੁੰਡ ਮੇਂ ਵਾਸ’) ਜਦੋਂ ਪ੍ਰਕਾਸ਼ਤ ਹੋਈ (1994 ਵਿੱਚ) ਤਾਂ ਹਿੰਦੀ ਜਗਤ ‘ਨਾਵਲ ਦਾ ਅੰਤ’ ਅਤੇ ‘ਨਾਵਲ ਦੀ ਮੁਕਤੀ’ ਵਰਗੇ ਨਾਅਰਿਆਂ ਦੇ ਸ਼ੋਰ ਨਾਲ਼ ਸਰਗਰਮ ਸੀ। ਉਸਦੀ ਤੀਜੀ ਅਤੇ ਅੰਤਿਮ ਕਿਸ਼ਤ (”ਜਮੀਨ ਅਪਨੀ ਤੋ ਥੀ”) 2001 ਵਿੱਚ ਛਪਕੇ ਆਈ ਹੈ ਜਦ ਹਿੰਦੀ ਨਾਵਲਾਂ ਦੀ ਦੁਨੀਆਂ ਵਿੱਚ, ਯਥਾਰਥ ਨੂੰ ਜਾਦੂ ਵਿੱਚ ਬਦਲਣ ਅਤੇ ਜਾਦੂ ਵਿੱਚ ਯਥਾਰਥ ਦੀ ਖੋਜ ਦੇ ਹੈਰਤਅੰਗੇਜ, ਸਨਸਨੀਖੇਜ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਜਗਦੀਸ਼ਚੰਦਰ ਅੱਜ ਸਾਡੇ ਵਿੱਚ ਨਹੀਂ ਹਨ। ਇਹ ਦੁਖਦਾਈ ਹੈ ਕਿ ਉਨਾਂ ਦਾ ਆਖਰੀ ਨਾਵਲ ਉਨਾਂ ਦੀ ਮੌਤ (ਅਪ੍ਰੈਲ, 1996) ਤੋਂ ਪੰਜ ਸਾਲ ਬਾਅਦ ਪ੍ਰਕਾਸ਼ਤ ਹੋ ਸਕਿਆ ਜਦੋਂ ਕਿ ਉਹ ਇਸਦਾ ਪਹਿਲਾ ਡਰਾਫਟ 1995 ਵਿੱਚ ਹੀ ਪੂਰਾ ਕਰ ਚੁੱਕੇ ਸਨ। ਇਹ ਵੀ ਹਿੰਦੀ ਅਲੋਚਨਾ ਦੇ ਸਮਕਾਲੀਨ ਰੀਤੀ-ਰਿਵਾਜ਼ਾਂ ਦੇ ਮੁਤਾਬਕ ਹੀ ਹੋ ਰਿਹਾ ਹੈ ਕਿ ਸਾਰੀਆਂ ਪਯੋਜਿਤ ਰਚਨਾਵਾਂ ਵਿਚਕਾਰ ਇਸ ਸਭ ਤੋਂ ਵੱਧ ਮਹੱਤਵਪੂਰਨ ਰਚਨਾ ਵੱਲ ਜਿਵੇ ਕਿਸੇ ਦਾ ਧਿਆਨ ਹੀ ਨਹੀਂ ਹੈ। ਖੈਰ ਜੋ ਰਚਨਾਤਮਕਤਾ ਸਾਹਿਤ ਦੇ ਵਿਕਾਸ ਵਿੱਚ, ਅਸਲ ਵਿੱਚ ਮੀਲ ਦਾ ਪੱਥਰ ਹੁੰਦੀ ਹੈ, ਉਹ ਪ੍ਰਯੋਜਿਤ ਚਰਚਾਵਾਂ ਦੀ ਮੁਹਤਾਜ ਨਹੀਂ ਹੁੰਦੀ।

ਵੈਸੇ ਤਾਂ ਜਗਦੀਸ਼ਚੰਦਰ ਹਿੰਦੀ ਦੇ ਇੱਕ ਅਜਿਹੇ ਨਾਵਲਕਾਰ ਹਨ, ਜਿਨ੍ਹਾਂ ਦੀ ਤੀਹ ਸਾਲ ਲੰਬੀ ਪੂਰੀ ਰਚਨਾ-ਯਾਤਰਾ ਦਾ ਸਮੇਂ ਅਨੁਸਾਰ ਵਿਸ਼ਲੇਸ਼ਣ ਮੁਲਾਂਕਣ ਬੇਹੱਦ ਜ਼ਰੂਰੀ ਹੈ, ਪਰ ਇੱਥੇ ਅਸੀਂ ਆਪਣੇ ਆਪ ਨੂੰ ਉਨਾਂ ਦੀ ਸਭ ਤੋਂ ਪ੍ਰਸਿੱਧ ਨਾਵਲ-ਲੜੀ ਦੇ ਤਿੰਨ ਨਾਵਲਾਂ¸‘ਧਰਤੀ ਧਨ ਨਾ ਅਪਨਾ’, ‘ਨਕਰਕੁੰਡ ਮੇਂ ਵਾਸ’ ਅਤੇ ‘ਜਮੀਨ ਅਪਨੀ ਤੋ ਥੀ’ ‘ਤੇ ਹੀ ਕੇਂਦਰਿਤ ਕਰਾਂਗੇ। ਪਰ ਇਸ ਚਰਚਾ ਤੋਂ ਪਹਿਲਾਂ ਇੱਕ ਹੋਰ ਮਹੱਤਵਪੂਰਨ ਨਾਵਲ ‘ਕਭੀ ਨਾ ਛੋਡੇ ਖੇਤ’ ‘ਤੇ ਥੋੜ੍ਹੀ ਗੱਲਬਾਤ ਜ਼ਰੂਰੀ ਹੈ।

‘ਧਰਤੀ ਧਨ ਨਾ ਅਪਨਾ’ ਦੇ ਪ੍ਰਕਾਸ਼ਨ (1972) ਤੋਂ ਬਾਅਦ ਜਗਦੀਸ਼ਚੰਦਰ ਨੇ ਜਿਸ ਨਾਵਲ ‘ਤੇ ਕੰਮ ਕੀਤਾ, ਉਹ ਸੀ ‘ਕਭੀ ਨਾ ਛੋਡੇਂ ਖੇਤ’। ‘ਧਰਤੀ ਧਨ ਨਾ ਆਪਣਾ’ ਦੀ ਕਹਾਣੀ ਚਮਾਰੜੀ ਵਿੱਚ ਰਹਿਣ ਵਾਲ਼ੇ ਦਲਿਤ ਭੂਮੀਹੀਣਾਂ ਦੇ ਜੀਵਨ ‘ਤੇ ਕੇਂਦਰਿਤ ਰਹਿੰਦੇ ਹੋਏ ਪੰਜਾਬ ਦੇ ਪਿੰਡਾਂ ਦੀ ਤਸਵੀਰ ਪੇਸ਼ ਕਰਦੀ ਹੈ, ਜਦੋਂ ਕਿ ‘ਕਭੀ ਨਾ ਛੋਡੇਂ ਖੇਤ’ (1976) ਪੰਜਾਬ ਦੇ ਜੱਟ ਕਿਸਾਨਾਂ ਦੇ ਜੀਵਨ ‘ਤੇ ਕੇਂਦਰਿਤ ਹੈ। ਦੋਵਾਂ ਦੀ ਪਿੱਠਭੂਮੀ ਵਿੱਚ ਅਜ਼ਾਦੀ-ਪ੍ਰਾਪਤੀ ਦੇ ਬਆਦ ਦਾ ਪਿੰਡ ਹੈ। ਅਜ਼ਾਦੀ ਦੀ ਲਹਿਰ ਤੋਂ ਅਛੋਹ ਪੰਜਾਬ ਦੇ ਪਿੰਡ ਖੂਹ ਦੇ ਡੱਡੂ ਪੁਣੇ, ਅਵਿਸ਼ਵਾਸ਼, ਅਗਿਆਨ, ਅਨਪੜ੍ਹਤਾ, ਨਿਰੰਕੁਸ਼ਤਾ, ਨਿਰਦੈਤਾ ਅਤੇ ਸ਼ੋਸ਼ਣ ਦੇ ਦਲਦਲੀ ਰਸਾਤਲ ਵਿੱਚ ਊਂਘ ਰਹੇ ਸਨ। ”’ਕਭੀ ਨਾ ਛੋਡੇ ਖੇਤ’ ਦੇ ਜੱਟ ਕਿਸਾਨ ਇਨ੍ਹਾਂ ਹਨੇਰਮਈ ਸਥਿਤੀਆਂ ‘ਚ ਸ਼ੋਸ਼ਣ ਅਤੇ ਭਿਆਨਕ ਤਸੀਹਿਆਂ ਦੇ ਸ਼ਿਕਾਰ ਹੁੰਦੇ ਹੋਏ ਵੀ ਜੀਵਨ ਪ੍ਰਤੀ ਅਥਾਹ ਲਗਾਓ ਨਾਲ਼ ਭਰਭੂਰ ਦਿਸਦੇ ਹਨ। ਮਾੜੀ-ਮੋਟੀ ਗੱਲ ਪਿੱਛੇ ਸਿਰ ਪਾੜਨ ਅਤੇ ਕਤਲ, ਲੰਬੀਆਂ ਮੁਕੱਦਮੇ ਬਾਜੀਆਂ, ਕੋਰਟ-ਕਚਹਿਰੀ ਦੀ ਭੱਜ-ਨੱਠ, ਪੁਲਸ-ਸ਼ਾਹੂਕਾਰਾਂ ਅਤੇ ਵਿਚੋਲਿਆਂ ਦੀ ਭੂਮਿਕਾ ਅਤੇ ਪਰੰਪਰਾ ਪ੍ਰਤੀ ਵਿਦਰੋਹ ਦੀ ਭਾਵਨਾ ਅਤੇ ਮਨੁੱਖੀ ਆਤਮ ਵਿਸ਼ਵਾਸ਼ ਨਾਲ਼ ਭਰੀ ਜਸਵੰਤ ਕੌਰ ਵਰਗੀ ਨਿਮਨ ਮੱਧਵਰਗੀ ਕਿਸਾਨ ਔਰਤ। ਪ੍ਰੇਮਚੰਦ ਦੇ ‘ਗੋਦਾਨ’ ਤੋਂ ਬਾਅਦ ਜੇਕਰ ਕਿਸੇ ਨਾਵਲ ਵਿੱਚ ਭਾਰਤੀ ਕਿਸਾਨੀ ਜੀਵਨ ਇਨੀ ਸੂਖਮਤਾ, ਵਿਸਤਾਰ ਅਤੇ ਅਧਿਕਾਰਤਾ ਨਾਲ਼ ਪੇਸ਼ ਹੋਇਆ ਹੈ ਤਾਂ ਨਿਰਸੰਦੇਹ ਉਹ ਹੈ¸ਕਭੀ ਨਾ ਛੋਡੇਂ ਖੇਤ’। ਫਰਕ ਇਹ ਹੈ ਕਿ ਪ੍ਰੇਮਚੰਦ ਦਾ ਪਿੰਡ ਗੁਲਾਮ ਭਾਰਤ ਦਾ ਪੂਰਬੀ ਪਿੰਡ ਹੈ ਜਿੱਥੇ ਜਿਮੀਦਾਰੀ ਪ੍ਰਥਾ ਲਾਗੂ ਸੀ ਜਦੋਂਕਿ ਜਗੀਦਸ਼ਚੰਦਰ ਦਾ ਪਿੰਡ ਅਜ਼ਾਦੀ ਤੋਂ ਠੀਕ ਬਾਅਦ ਦੇ ਪੰਜਾਬ ਦਾ ਪਿੰਡ ਹੈ ਜਿੱਥੇ ਜਗੀਰਦਾਰੀ ਪ੍ਰਥਾ ਲਾਗੂ ਸੀ ਅਤੇ ਉਪਰਲੇ ਧਨੀ ਚੌਧਰੀਆਂ ਨੂੰ ਛੱਡ ਕੇ ਮੱਧਵਰਗੀ ਤਬਕੇ ਤੱਕ ਦੇ ਕਿਸਾਨਾਂ ‘ਤੇ ਸ਼ਾਹੂਕਾਰਾਂ-ਵਿਚੋਲਿਆਂ ਦੀ ਜਕੜ ਨਾਗਵਲ਼ ਵਾਂਗ ਕਸੀ ਹੋਈ ਸੀ। ‘ਕਭੀ ਨਾ ਛੋਡੇ ਖੇਤ’ ਪੜ੍ਹਦੇ ਹੋਏ ਵਾਰ-ਵਾਰ ਬਾਲਜ਼ਾਕ ਦੇ ‘ਕਿਸਾਨ’ ਨਾਵਲ ਦੀ ਯਾਦ ਆਉਂਦੀ ਹੈ। ਨਾਲ਼ ਹੀ, ਜੱਟ ਕਿਸਾਨਾਂ ਦੇ ਜੀਵਨ ਦੀ ਤਸਵੀਰ ਤਾਲਸਤਾਏ ਅਤੇ ਸ਼ੋਲੋਖੋਵ ਦੁਆਰਾ ਚਿਤਰਿਤ ਕਜ਼ਾਕਾਂ ਦੇ ਜੀਵਨ ਦੀ ਬਹੁਤ ਜ਼ਿਆਦਾ ਯਾਦ ਦਿਵਾਉਂਦੀ ਹੈ।

‘ਕਭੀ ਨਾ ਛੋਡੇ ਖੇਤ’ ਟੁਟਦੇ ਹੋਏ ਅਰਧਜਗੀਰੂ ਸਮਾਜ ਦੇ ਕਿਸਾਨੀ ਜੀਵਨ ਦੇ ਖਿੰਡਦੇ ਤਾਣੇ-ਬਾਣੇ ਦੀ ਤਰਾਸਦ ਗਾਥਾ ਹੈ ਤਾਂ ‘ਧਰਤੀ ਧਨ ਨਾ ਅਪਨਾ’, ‘ਨਕਰਕੁੰਡ ਮੇਂ ਵਾਸ’ ਅਤੇ ‘ਜ਼ਮੀਨ ਅਪਨੀ ਤੋ ਥੀ’ ਦੀ ਨਾਵਲ-ਲੜੀ ਭਾਰਤ ਦੇ ਆਰੰਭਿਕ ਪੱਚੀ ਸਾਲਾਂ ਦੀ ਪਿੱਠਭੂਮੀ ‘ਚ ਦਲਿਤ ਜੀਵਨ ਦੀ ਅਸਹਿ ਘੁਟਣ, ਅਪਮਾਨ ਅਤੇ ਤਸੀਹੇ ਦਾ ਮਹਾਂਕਾਵਿ ਪੇਸ਼ ਕਰਦੀ ਹੈ। ਭਾਰਤੀ ਜੀਵਨ ਦੇ ਸਭ ਤੋਂ ਵੱਧ ਕਰੂਪ-ਬਰਬਰ ਯਥਾਰਥ ਨੂੰ ਇਸ ਨਾਵਲ-ਲੜੀ ਵਿੱਚ ਜਗਦੀਸ਼ਚੰਦਰ ਨੇ ਬਿਨਾਂ ਕਿਸੇ ਵਧੇਰੇ ਭਾਵਾਵੇਸ਼ ਦੇ, ਬਿਨਾਂ ਨਕਲੀ ਵਿਦਰੋਹ ਅਤੇ ਕਾਲਪਨਿਕ ਹੱਲ ਦੇ, ਬਹੁਤ ਹੀ ਬਾਹਰਮੁਖੀ ਢੰਗ ਨਾਲ਼ ਪੇਸ਼ ਕੀਤਾ ਹੈ। ਦਲਿਤ ਜੀਵਨ ਦੇ ਨਿਰਦਈ-ਕਠੋਰ ਯਥਾਰਥ ਦਾ ਕਲਾਤਮਕ ਮੁੜਸਿਰਜਣ ਕਰਦੇ ਹੋਏ ਜਗਦੀਸ਼ਚੰਦਰ ਨੇ ਨਾਇਕ ਕਾਲ਼ੀ ਦੁਆਰਾ ਯਥਾਸਥਿਤੀ ਦੇ ਅਸਵੀਕਾਰ ਨੂੰ ਥੋਪੇ ਹੋਏ ਢੰਗ ਨਾਲ਼ ਰਾਜਨੀਤਕ ਵਿਦਰੋਹ ਦਾ ਰੰਗ ਦੇਣ, ਚੇਤਨਾ ਦੇ ਤਿੱਖੇ ਇਨਕਲਾਬੀਕਰਨ ਦੀ ਨਕਲੀ-ਯਾਂਤਰਿਕ ਪ੍ਰਕਿਰਿਆ ਪੇਸ਼ ਕਰਨ ਜਾਂ ਆਸ਼ਾਵਾਦ ਦੇ ਬਣਾਉਟੀ ਰੰਗ ਭਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਨਾਵਲ ਦੀ ਲੋਕਾਂ ਲਈ ਉਦੇਸ਼ਮੁਲਕਤਾ ਦੀ ਕਥਾ-ਨਿਭਾਅ ਦੀ ਸਤਹ ‘ਤੇ ਮੌਜੂਦ ਨਹੀਂ ਹੈ, ਸਗੋਂ ਉਸਦੀ ਸੰਰਚਨਾ ਵਿੱਚ ਸਮਾਈ ਹੋਈ ਹੈ। ਲੇਖਕ ਹੱਲ ਪੇਸ਼ ਕਰਨ ਦਾ ਰਾਹ ਨਹੀਂ ਅਪਣਾਉਂਦਾ, ਸਗੋਂ ਸਮਾਜਿਕ-ਆਰਥਿਕ-ਰਾਜਨੀਤਕ ਸੰਰਚਨਾ ਦੇ ਸਮਰੂਪ, ਅੰਦਰੂਨੀ ਗਤੀ ਅਤੇ ਦਿਸ਼ਾ ਨੂੰ ਬਹੁਤ ਹੀ ਰਚਨਾਤਮਕ ਢੰਗ ਨਾਲ਼ ਪੇਸ਼ ਕਰਦਾ ਚਲਦਾ ਹੈ। ਇਹ ਨਾਵਲ-ਲੜੀ ਪ੍ਰਸ਼ਨ ਚਿਨ੍ਹਾਂ ਤੋਂ ਪ੍ਰਸ਼ਨਚਿਨ੍ਹਾਂ ਤੱਕ ਦੀ ਇੱਕ ਲੰਬੀ ਯਾਤਰਾ ਹੈ¸ ਪਾਠਕ ਦੀ ਅੱਖ ਵਿੱਚ ਉਂਗਲ਼ੀ ਪਾ ਕੇ ਭਾਰਤੀ ਜੀਵਨ ਦੀ ਸਭ ਤੋਂ ਵੱਧ ਅਮਾਨਵੀ ਅਤੇ ਜਟਿਲ ਸਚਾਈ ਨੂੰ ਦੇਖਣ ਲਈ ਮਜ਼ਬੂਰ ਕਰਦੀ ਹੋਈ। ਇਹ ਜਿਨ੍ਹਾਂ ਸਵਾਲਾਂ ਤੋਂ ਸ਼ੁਰੂ ਹੁੰਦੀ ਹੈ, ਉਹ ਅੱਧੇ-ਅਧੂਰੇ ਹੀ ਹਲ ਹੋ ਪਾਉਂਦੇ ਹਨ। ਫਿਰ ਨਵੇਂ ਸਵਾਲ ਉਠਦੇ ਹਨ ਅਤੇ ਉਹ ਵੀ ਜਾਂ ਤਾਂ ਅੱਧੇ ਅਧੂਰੇ ਹੱਲ ਹੁੰਦੇ ਹਨ ਜਾਂ ਫਿਰ ਕੋਨੇ ਵਿੱਚ ਧੱਕ ਦਿੱਤੇ ਜਾਂਦੇ ਹਨ। ਇਹੀ ਸਿਲਸਿਲਾ ਜ਼ਾਰੀ ਰਹਿੰਦਾ ਹੈ ਅਤੇ ਤੀਜਾ ਨਾਵਲ ਜਦ ਖਤਮ ਹੁੰਦਾ ਹੈ ਤਾਂ ਪਾਠਕ ਦੇ ਸਾਹਮਣੇ ਕਈ ਸਵਾਲ ਫਿਰ ਵੀ ਖੜ੍ਹੇ ਰਹਿ ਜਾਂਦੇ ਹਨ। ਇਸੇ ਯਾਤਰਾ ਦੀ ਪੜਤਾਲ਼ ਅਤੇ ਇਨ੍ਹਾਂ ਹੀ ਸਵਾਲਾਂ ਦੇ ਹੱਲ ਦੀ ਪ੍ਰਕਿਰਿਆ ਵਿੱਚ ਦਲਿਤ ਸਵਾਲ ਨੂੰ ਹੱਲ ਕਰਨ ਦੀ ਅਗਾਂਹ ਦੀ ਕੋਈ ਦਿਸ਼ਾ ਫੁਟਦੀ ਹੈ। ਸਾਹਿਤਕ ਕਿਰਤਾਂ ਦੀ ਉਦੇਸ਼ਮੁਖਤਾ ਨੂੰ ਸਵੀਕਾਰਦੇ ਹੋਏ ਫਰੈਂਡਰਿਕ ਏਂਗਲਜ਼ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ”ਉਦੇਸ਼ ਨੂੰ ਖੁਦ ਪ੍ਰਸਥਿਤੀ ਜਾਂ ਕਾਰਜ ਵਿੱਚ ਆਪਣੇ-ਆਪ ਨੂੰ ਪ੍ਰਗਟ ਕਰਨਾ ਚਾਹੀਦਾ ਹੈ, ਵਿਸ਼ੇਸ਼ ਰੂਪ ਨਾਲ਼ ਸੇਧਿਤ ਕੀਤੇ ਬਿਨਾਂ ਅਤੇ ਲੇਖਕ ਆਪਣੇ ਦੁਆਰਾ ਵਰਣਤ ਸਮਾਜਿਕ ਟਕਰਾਵਾਂ ਦਾ ਭਾਵੀ ਇਤਿਹਾਸਕ ਹੱਲ ਪਾਠਕ ਦੇ ਸਾਹਮਣੇ ਤਿਆਰ ਸ਼ੁਦਾ ਰੂਪ ‘ਚ ਪੇਸ਼ ਕਰਨ ਲਈ ਕਰਤੱਵਬੱਧ ਨਹੀਂ ਹੈ।” ਆਸ਼ਾਵਾਦ ਕੋਈ ਨਿਰਪੇਖ-ਅਮਰ ਚੀਜ਼ ਨਹੀਂ ਹੁੰਦੀ। ਮਿੱਥਿਆ ਆਸ਼ਾਵਾਦ ਨੂੰ ਤੋੜਨ ਨਾਲ਼ ਜੇਕਰ ਨਿਰਾਸ਼ਾ ਅਤੇ ਨਿਰਉਪਾਇਤਾ ਵੀ ਪੈਦਾ ਹੁੰਦੀ ਹੈ ਤਾਂ ਉਹ ਸਾਕਾਰਾਤਮਕ ਹੈ ਕਿਉਂਕਿ ਅਸਲੀਅਤ ਨੂੰ ਪ੍ਰਵਾਨਣਾ ਰਾਹ ਕੱਢਣ ਦੀ ਪਹਿਲੀ ਸ਼ਰਤ ਹੁੰਦੀ ਹੈ। ਏਂਗਲਜ਼ ਦੇ ਸ਼ਬਦਾਂ ਵਿੱਚ, ”ਸਮਾਜਵਾਦੀ ਉਦੇਸ਼ਮੁਖੀ ਨਾਵਲ ਉਸ ਸਮੇਂ ਆਪਣੇ ਉਦੇਸ਼ ਦੀ ਪੂਰਨ ਤੌਰ ‘ਤੇ ਪੂਰਤੀ ਕਰਦਾ ਹੈ ਜਦ ਉਹ ਵਾਸਤਵਿਕ ਸਬੰਧਾਂ ਦਾ ਸੱਚਾ ਚਿਤਰਣ ਕਰਕੇ ਇਨ੍ਹਾਂ ਸਬੰਧਾਂ ਦੇ ਸਰੂਪ ਬਾਰੇ ਹਾਵੀ ਰਹਿਣ ਵਾਲ਼ੇ ਪ੍ਰਚਲਤ ਭਰਮਾਂ ਨੂੰ ਮਿਟਾ ਦਿੰਦਾ ਹੈ, ਬੁਰਜੂਆ ਦੁਨੀਆਂ ਦੇ ਆਸ਼ਾਵਾਦ ਨੂੰ ਝੰਜੋੜ ਦਿੰਦਾ ਹੈ ਅਤੇ ਹੋਂਦ ਦੇ ਅਧਾਰ ਦੀ ਅਮਰਤਾ ਬਾਰੇ ਸ਼ੱਕ ਨੂੰ ਪ੍ਰਵਾਨ ਕਰਦਾ ਹੈ, ਭਾਵੇਂ ਉਹਨੇ ਕਦੇ-ਕਦੇ ਕੋਈ ਪੱਖ ਤੱਕ ਨਾ ਲਿਆ ਹੋਵੇ।” (ਏਂਗਲਜ਼-ਮਿਨਾ ਕਾਉਤਸਕੀ ਨੂੰ ਚਿੱਠੀ, 26 ਨਵੰਬਰ, 1885) ਜਗਦੀਸ਼ਚੰਦਰ ਆਪਣੇ ਨਾਵਲਾਂ ‘ਚ ਉਦੇਸ਼ ਨੂੰ ਘਟਨਾਵਾਂ-ਚਰਿੱਤਰਾਂ ਦੇ ਟ੍ਰੀਟਮੈਂਟ ਰਾਹੀਂ ਪ੍ਰਗਟ ਕਰਦੇ ਹਨ ਅਤੇ ਹੱਲਵਾਦੀ ਸਥੂਲਤਾ ਤੋਂ ਹਰ ਹਾਲ ਬਚਦੇ ਹਨ। ਮਿੱਥਿਆ ਆਸ਼ਾਵਾਦ ਦੇ ਮਾਇਆ ਲੋਕ ਤੋਂ ਅੱਡ ਯਥਾਰਥ ਦੀ ਠੋਸ ਜ਼ਮੀਨ ‘ਤੇ ਖੜ੍ਹੇ ਰਹਿਕੇ ਉਹ ਸਮਾਜਿਕ-ਸਥਿਤੀਆਂ ਵਿੱਚ ਅੰਦਰ ਮੌਜੂਦ ਮਨੁੱਖ ਦੋਖੀ ਪਰਵਿਰਤੀਆਂ ਨੂੰ ਉਜ਼ਾਗਰ ਕਰਦੇ ਹਨ ਅਤੇ ਨਾਲ਼ ਹੀ ਸਮਾਜ-ਵਿਕਾਸ ਦੀ ਗਤਿਕੀ ਨੂੰ ਘਟਨਾ-ਵਿਨਿਅਸ ਦੇ ਮਾਧਿਅਮ ਨਾਲ਼ ਸਪੱਸ਼ਟ ਕਰਦੇ ਹਨ। ਉਨਾਂ ਦੇ ਯਥਾਰਥਵਾਦ ਦੇ ਇਹੀ ਦੋ ਬੁਨਿਆਦੀ ਅੰਗ ਹਨ ਅਤੇ ਇਨ੍ਹਾਂ ਦੇ ਸੁਮੇਲ ਵਿੱਚ ਜੋ ਅਸਧਾਰਨ ਮੁਹਾਰਤ ਉਨ੍ਹਾਂ ਨੇ ਦਿਖਾਈ ਹੈ ਉਸੇ ਕਰਕੇ, ਇੱਕ ਮਾਰਕਸਵਾਦੀ ਨਾ ਹੁੰਦੇ ਹੋਏ ਵੀ, ਸਾਡੇ ਸਮੇਂ ਦੇ ਸਾਰ ਰੂਪੀ ਯਥਾਰਥ ਨੂੰ ਉਸਦੀਆਂ ਅਤੇ ਵੱਖ-ਵੱਖ ਦਿੱਖਾਂ, ਸਹਿਤ ਫੜਨ ਅਤੇ ਪੇਸ਼ ਕਰਨ ਵਿੱਚ ਜਗਦੀਸ਼ਚੰਦਰ ਦੀ ਸਫਲਤਾ ਨਿਰਸੰਦੇਹ ਅਦੁੱਤੀ ਹੈ। ਜੇਕਰ ‘ਯਥਾਰਥਵਾਦ ਦਾ ਅਰਥ ਤਫ਼ਸ਼ੀਲ ਦੀ ਸਚਾਈ ਦਾ, ਆਮ ਪ੍ਰਸਥਿਤੀਆਂ ਵਿੱਚ ਆਮ ਚਰਿੱਤਰਾਂ ਦਾ ਸਚਾਈ ਭਰਿਆ ਪੁਨਰਸਿਰਜਣ ਹੈ”, ਜਿਵੇਂਕਿ ਫਰੈਂਡਰਿਕ ਏਂਗਲਜ਼ ਨੇ ਦੱਸਿਆ ਹੈ (ਮਾਰਗਰੇਟ ਹਾਰਕਨੇਸ ਨੂੰ ਚਿੱਠੀ, ਅਪ੍ਰੈਲ 1888) ਤਾਂ ਜਗਦੀਸ਼ਚੰਦਰ ਨੂੰ ਸਿਰਫ ਉਨਾਂ ਦੇ ਚਾਰ ਨਾਵਲਾਂ ‘ਧਰਤੀ ਨਾ ਧਨ ਆਪਣਾ’, ‘ਕਭੀ ਨਾ ਛੋਡੇ ਖੇਤ’, ‘ਨਕਰਕੁੰਡ ਮੇਂ ਵਾਸ’ ਅਤੇ ‘ਜ਼ਮੀਨ ਅਪਨੀ ਤੋਂ ਥੀ’ ਦੇ ਅਧਾਰ ‘ਤੇ, ਬੀਤੀ ਅੱਧੀ ਸਦੀ ਦੇ ਮਹਾਨਤਮ ਯਥਾਰਥਵਾਦੀ ਨਾਵਲਕਾਰਾਂ ਵਿੱਚ ਨਿਰਸੰਕੋਚ ਸ਼ਾਮਲ ਕੀਤਾ ਜਾ ਸਕਦਾ ਹੈ।

ਬਾਲਜ਼ਾਕ ਵਿਚਾਰਾਂ ਤੋਂ ਰਾਜਤੰਤਰਵਾਦੀ ਸਨ, ਪਰ ਆਪਣੀਆਂ ਕਿਰਤਾਂ ਵਿੱਚ ਉਨਾਂ ਨੇ ਆਪਣੇ ਵਿਅਕਤੀਗਤ ਵਿਸ਼ਵਾਸ਼ਾਂ ਤੋਂ ਉੱਪਰ ਉੱਠਕੇ, ਬੁਰਜੂਆ ਸਮਾਜ ਦੀਆਂ ਅਮਨੁੱਖਤਾਵਾਂ ਦੇ ਨਾਲ਼-ਨਾਲ਼ ਜਗੀਰੂ ਪਤਨਸ਼ੀਲਤਾ ‘ਤੇ ਵੀ ਮਾਰੂ ਸੱਟ ਮਾਰੀ ਅਤੇ ਜਗੀਰਦਾਰੀ ਤੋਂ ਪੂੰਜੀਵਾਦ ਵਿੱਚ ਤਬਦੀਲੀ ਕਰ ਰਹੇ ਸਮਾਜ ਦੀਆਂ ਅਨੇਕ ਤਫਸ਼ੀਲਾਂ ਨੂੰ ਬਹੁਤ ਹੀ ਬਾਹਰਮੁਖੀ ਢੰਗ ਨਾਲ਼ ਪੇਸ਼ ਕੀਤਾ ਜਿਸਨੂੰ ਫਰੈਂਡਰਿਕ ਏਂਗਲਜ਼ ਨੇ ”ਯਥਾਰਥਵਾਦ ਦੀ ਜਿੱਤ” ਦਾ ਨਾਂ ਦਿੱਤਾ। ਯਥਾਰਥਵਾਦ ਦੀ ਇਹੀ ਜਿੱਤ ਪ੍ਰੇਮਚੰਦ ਦੀਆਂ ਰਚਨਾਵਾਂ ਵਿੱਚ, ਵਿਸ਼ੇਸ਼ ਕਰਕੇ ਉਨ੍ਹਾਂ ਦੀਆਂ ਬਾਅਦ ਵਾਲ਼ੀਆਂ ਰਚਨਾਵਾਂ ‘ਚ ਮੂਰਤ ਰੂਪ ਲੈਂਦੀ ਦਿਸਦੀ ਹੈ ਜਦੋਂ ਆਪਣੇ ਗਾਂਧੀਵਾਦੀ ਵਿਸ਼ਵਾਸ਼ਾਂ ਨੂੰ ਉਲੰਘਦੇ ਹੋਏ ਉਹ ਆਪਣੇ ਪਾਤਰਾਂ ਦੇ ਮੂਹੋਂ ਜਾਂ ਸਥਿਤੀ ਚਿਤਰਣ ਦੁਆਰਾ ਜਗੀਰਦਾਰੀ ਪ੍ਰਤੀ ਕਾਂਗਰਸ ਦੀ ਸਮਝੌਤਾਪ੍ਰਸਤੀ ਨੂੰ, ਉਸਦੇ ਬੁਰਜੂਆ ਪੱਖਪਾਤ ਅਤੇ ਮਜ਼ਦੂਰ-ਵਿਰੋਧ ਨੂੰ ਅਤੇ ”ਹਰੀਜਨ-ਉਦਾਰ” ਦੇ ਯੁਟੋਪੀਆ ਅਤੇ ਨਿਹਫਲਤਾ ਨੂੰ ਨੰਗਾ ਕਰਨ ਲਗਦੇ ਹਨ। ਪ੍ਰੇਮਚੰਦ ਦੇ ਸੰਦਰਭ ਵਿੱਚ ”ਯਥਾਰਥਵਾਦ ਦੀ ਜਿੱਤ” ਹੋਰ ਅੱਗੇ, ਉੱਥੋਂ ਤੱਕ ਜਾਂਦੀ ਹੈ ਕਿ ਉਹ ਜੀਵਨ ਦੇ ਅੰਤਮ ਸਾਲਾਂ ‘ਚ, ਸੁਚੇਤ ਤੌਰ ‘ਤੇ ਰੈਡੀਕਲ ਤੋਂ ਰੈਡੀਕਲ ਸੁਧਾਰਵਾਦ ਦੀਆਂ ਸੀਮਾਵਾਂ ਨੂੰ ਪਛਾਣਨ ਲਗਦੇ ਹਨ। ਮੱਧ ਜਾਤੀ ਦੇ ਅਤੇ ਮੱਧ ਕਿਸਾਨ ਵਰਗ ਦੇ ਕਾਸ਼ਤਕਾਰਾਂ ਜਗੀਰੂ ਜਬਰ ਅਤੇ ਦਲਿਤ ਭੂਮੀਹੀਣਾਂ ਦੀਆਂ ਤਰਾਸਦ¸ਬਰਬਰ ਜੀਵਨ ਸਥਿਤੀਆਂ ਨੂੰ ਉਹ ‘ਗੋਦਾਨ’ ਵਿੱਚ ਪੇਸ਼ ਕਰਦੇ ਹਨ। ‘ਠਾਕੁਰ ਦਾ ਖੂਹ’ ਅਤੇ ‘ਸਰਦਾਰੀ’ ਵਰਗੀਆਂ ਕਹਾਣੀਆਂ ਵਿੱਚ ਉਹ ਸਵਰਨ ਜਗੀਰੂ ਸਮਾਜ ਦੀ ਬਰਬਰ ਅਮਾਨਵੀਅਤਾ ਦਾ ਇਤਿਹਾਸਕ ਕਲਾਤਮਕ ਦਸਤਾਵੇਜ ਪੇਸ਼ ਕਰਦੇ ਹਨ। ”ਯਥਾਰਥ ਦੀ ਜਿੱਤ” ਦੀ ਇਹੀ ਘਟਨਾ ਸਾਨੂੰ ਫਿਰ ਜਗਦੀਸ਼ਚੰਦਰ ਦੇ ਨਾਵਲ ‘ਧਰਤੀ ਧਨ ਨਾ ਆਪਣਾ’ ਵਿੱਚ ਪੇਸ਼ ਹੁੰਦੀ ਦਿਸਦੀ ਹੈ। ਜਗਦੀਸ਼ਚੰਦਰ ਵਿਚਾਰਾਂ ਤੋਂ ਮਾਰਕਸਵਾਦੀ ਨਹੀਂ ਸਨ, ਪ ਰ ਜੀਵਨ ਯਥਾਰਥ ਦੀ ਪੜਤਾਲ਼ ਕਰਦੇ ਹੋਏ ਉਹ ਤੱਥਾਂ ਦੀ ਬਾਹਰਮੁਖਤਾ, ਸੂਖਮ ਵੇਰਵਿਆਂ ਤਫ਼ਸੀਲਾਂ ਦੇ ਸੁਚੇਤ ਅਧਿਐਨਕਰਤਾ ਦੇ ਰੂਪ ‘ਚ ਸਾਹਮਣੇ ਆਉਂਦੇ ਹਨ। ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਆਪਣੇ ਨਾਨਕਿਆਂ ‘ਚ ਅਛੂਤਾ ਦਾ ਜੋ ਜੀਵਨ ਅਤੇ ਮਹੌਲ ਉਨਾਂ ਨੇ ਦੇਖਿਆ ਸੀ, ਉਸ ਤੋਂ ਪੈਦਾ ਹੋਈ ਨਫਰਤ ਉਨ੍ਹਾਂ ਦੇ ਮਾਨ-ਮਸਤਕ ਵਿੱਚ ਵਰ੍ਹਿਆਂ ਤੱਕ ਬਣੀ ਰਹੀ। ਅੱਗੇ ਚੱਲਕੇ ਸ਼ਾਇਦ ਅਰਥਸ਼ਾਸਤਰ ਦੀ ਰਸਮੀ ਸਿੱਖਿਆ ਅਤੇ ਜੀਵਨ ਅਨੁਭਵਾਂ ਨੇ ਉਨ੍ਹਾਂ ਨੂੰ ਉਹ ਸਮਝ ਅਤੇ ਸਮਰੱਥਾ ਦਿੱਤੀ ਕਿ ਬਹੁਤ ਹੀ ਬਾਹਰਮੁਖਤਾ, ਅਧਿਕਾਰਕਤਾ ਅਤੇ ਤਫ਼ਸੀਲਾਂ ਨਾਲ਼ ਦਲਿਤ ਜੀਵਨ ਦੇ ਯਥਾਰਥ ਦੀ ਕਲਾਤਮਕ ਇੰਦਾਰਜ਼ੀ ਵਿੱਚ ਉਨ੍ਹਾਂ ਨੇ ਅਦੁੱਤੀ ਸਫਲਤਾ ਹਾਸਲ ਕੀਤੀ। ਬਚਪਨ ਦੀਆਂ ਯਾਦਾਂ ਬਾਰੇ ਯਗਦੀਸ਼ਚੰਦਰ ਨੇ ਖੁਦ ਲਿਖਿਆ ਹੈ, ”ਪਿੰਡ ‘ਚ ਚੱਲ ਰਹੇ ਇਸ ਭੇਦਭਾਵ ਨੂੰ ਦੇਖ ਕੇ ਮੇਰੇ ਕਿਸ਼ੋਰ ਮਨ ‘ਚ ਵਿਦਰੋਹ ਦੀਆਂ ਲਾਟਾਂ ਭੜਕ ਉੱਠੀਆਂ। ਮੈਂ ਹਰ ਸਾਲ ਇਹੀ ਦੇਖਦਾ ਕਿ ਪਿੰਡ ‘ਚ ਮਰਯਾਦਾਵਾਂ ਦੀਆਂ ਹੱਦਾਂ ਟੁੱਟਣੀਆਂ ਤਾਂ ਦੂਰ ਰਹੀਆਂ ਉਨ੍ਹਾਂ ਦੀ ਜਕੜ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ…. ਮੈਂ ਇਹ ਸਭ ਦੇਖਕੇ ਬਹੁਤ ਦੁਖੀ ਹੁੰਦਾ ਸੀ ਕਿ ਆਰਥਿਕ ਥੁੜ੍ਹਾਂ ਦੀ ਚੱਕੀ ‘ਚ ਯੁੱਗਾਂ-ਯੁੱਗਾਂ ਤੋਂ ਪਿਸ ਰਹੇ ਹਰੀਜਨ ਹੁਣ ਵੀ ਮੱਧਕਾਲੀ ਤਸੀਹਿਆਂ ਨੂੰ ਭੋਗ ਰਹੇ ਹਨ। ਇਨ੍ਹਾਂ ਹੀ ਚੀਜ਼ਾਂ ਨੂੰ ਦੇਖਕੇ ਮੇਰੇ ਕਿਸ਼ੋਰ ਮਨ ਦੀ ਵੇਦਨਾ ਹੌਲ਼ੀ-ਹੌਲ਼ੀ ਆਪਣੇ ਸਾਰੇ ਬੰਨ੍ਹ ਤੋੜਕੇ ਫੁੱਟ ਨਿੱਕਲ਼ੀ ਅਤੇ ਮੈਂ ਦੁਰਕਾਰੇ ਹਰੀਜਨਾਂ ਦੇ ਜੀਵਨ ਦਾ ਚਿਤਰਣ ਕਰਨ ਦਾ ਸੰਕਲਪ ਕਰ ਲਿਆ।”

‘ਧਰਤੀ ਧਨ ਨਾ ਅਪਨਾ’ ਦੀ ਸ਼ੁਰੂਆਤ ਨਾਇਕ ਕਾਲ਼ੀ ਦੇ ਪਿੰਡ ਆਉਣ ਨਾਲ਼ ਸ਼ੁਰੂ ਹੁੰਦੀ ਹੈ। ਪਿੰਡ ਹੈ ਪੰਜਾਬ ਦੇ ਦੁਆਬੇ ਦੇ ਹੁਸ਼ਿਆਰਪੁਰ ਜਿਲ੍ਹੇ ਦਾ ਘੋੜੇਵਾਹਾ। ਪਿਤਾ ਤੇ ਚਾਚੇ ਦੀ ਮੌਤ ਪਿੱਛੋਂ, ਭੁੱਖਮਰੀ ਦੀ ਸਥਿਤੀ ਵਿੱਚ ਕਾਲ਼ੀ ਛੇ ਵਰ੍ਹੇ ਪਹਿਲਾਂ ਪਿੰਡ ਛੱਡਕੇ ਕਾਨ੍ਹਪੁਰ ਚਲਾ ਗਿਆ ਸੀ ਅਤੇ ਇੱਕ ਕਾਰਖਾਨੇ ‘ਚ ਮਜ਼ਦੂਰੀ ਕਰਨ ਲੱਗਾ ਸੀ। ਇਸ ਨਾਤੇ ਉਸਦੀ ਚੇਤਨਾ, ਹਾਲਾਂਕਿ ਉਹ ਵਰਗ ਸੁਚੇਤ ਮਜ਼ਦੂਰ ਦੀ ਚੇਤਨਾ ਨਹੀਂ ਹੈ, ਪਰ ਪਿੰਡ ਦੇ ਦਲਿਤ ਭੂਮੀਹੀਣ ਮਜ਼ਦੂਰਾਂ ਤੋਂ ਉੱਨਤ ਹੈ। ਉਸਦੀ ਇਸੇ ਚੇਤਨਾ ਨੂੰ ਮਾਧਿਅਮ ਬਣਾਕੇ ਲੇਖਕ ਨੇ ਪਿੰਡ ਦੇ ਦਲਿਤਾਂ ਦੇ ਜੀਵਨ ਦੇ ਬੇਰਹਿਮ ਯਥਾਰਥ ਨਾਲ਼ ਪਾਠਕ ਦੀ ਮੁਲਾਕਾਤ ਕਰਾਈ ਹੈ। ਕਾਲ਼ੀ ਆਪਣੀ ਚਾਚੀ ਪ੍ਰਤਾਪੀ ਦੀ ਦੇਖ ਭਾਲ਼ ਲਈ ਪਿੰਡ ਆਇਆ ਹੈ, ਜਿਸਨੇ ਉਹਨੂੰ ਪਾਲ਼-ਪੋਸਕੇ ਵੱਡਾ ਕੀਤਾ ਸੀ। ਪਿੰਡ ਪਹੁੰਚਣ ‘ਤੇ ਉਹ ਉੱਥੋਂ ਅਤਿਆਚਾਰਪੂਰਨ ਹਾਲਤਾਂ ਦੇਖਕੇ ਉਦਾਸ ਹੋ ਜਾਂਦਾ ਹੈ, ਪਰ ਆਪਣਿਆਂ ਵਿਚਕਾਰ ਸਹਿਜੇ-ਸਹਿਜੇ ਮਨ ਲਾ ਲੈਂਦਾ ਹੈ, ਦਲਿਤ ਹੋ ਕੇ ਵੀ ਉਹ ਸ਼ਹਿਰ ਤੋਂ ਲਿਆਏ ”ਬਹੁਤ ਸਾਰੇ ਨੋਟ” (ਤਿੰਨ ਸੌ ਰੁਪਏ ਤੋਂ ਕੁੱਝ ਘੱਟ) ਨਾਲ਼ ”ਪੱਕਾ” ਮਕਾਨ ਬਣਾਉਣਾ ਚਾਹੁੰਦਾ ਹੈ ਜੋ ਚੌਧਰੀਆਂ ਅਤੇ ਸ਼ਾਹਾਂ ਲਈ ਇੱਕ ਅਨੋਖੀ ਗੱਲ ਹੈ। ਛੱਜੂ ਸ਼ਾਹ ਕਾਲ਼ੀ ਨੂੰ ਦਸਦਾ ਹੈ ਕਿ ਜਿਸ ਜ਼ਮੀਨ ‘ਤੇ ਉਸਦਾ ਮਕਾਨ ਹੈ ਉਹ ”ਸ਼ਾਮਲਾਟ” ਦੀ ਜ਼ਮੀਨ ਹੈ ਜਿਸ ‘ਤੇ ਉਨਾਂ ਦਾ ਸਿਰਫ ”ਮਾਸੀ” ਅਧਿਕਾਰ ਹੈ। (ਯਾਣੀ ਸਿਰਫ ਰਹਿਣ ਦਾ ਅਧਿਕਾਰ ਹੈ, ਮਾਲਿਕਾਨਾ ਨਹੀਂ) ਜ਼ਿਕਰਯੋਗ ਹੈ ਕਿ ਪੰਜਾਬ ‘ਚ 1960 ਤੱਕ ਇਹੀ ਸਥਿਤੀ ਸੀ। ਇਸ ਤੋਂ ਬਾਅਦ ਕੁੱਝ ਭੁਗਤਾਨ ਲੈ ਕੇ ਭੂਮੀਹੀਣਾਂ ਨੂੰ ਭੂਮੀ ‘ਤੇ ਮਾਲਿਕਾਨਾ ਦੇ ਦਿੱਤਾ ਗਿਆ ਸੀ)

ਇਸ ਦਰਮਿਆਨ ਉਹ ਚਮਾਰੜੀ ‘ਚ ਘੁਲਣ-ਮਿਲਣ ਲਗਦਾ ਹੈ। ਇੱਕ ਬਹਾਦਰ ਅਤੇ ਇਮਾਨਦਾਰ ਕੁੜੀ ਗਿਆਨੋ ਨਾਲ਼ ਉਸਦਾ ਪ੍ਰੇਮ ਹੁੰਦਾ ਹੈ। ਘਰ ਬਣਾਉਣ ਦਾ ਸੁਪਨਾ ਅਤੇ ਪ੍ਰੇਮ-ਇਹਨਾਂ ਦੋਨਾਂ ਦਾ ਸਿੱਟਾ ਅੰਤ ‘ਚ ਦੁਖਾਂਤ ‘ਚ ਹੁੰਦਾ ਹੈ। ਝਾੜ-ਫੂਕ ਕਰਨ ਦੀ ਪ੍ਰਕਿਰਿਆ ‘ਚ ਚਾਚੀ ਦੀ ਮੌਤ ਅਤੇ ਦੁੱਖ ਦੇ ਇਨ੍ਹਾਂ ਹੀ ਦਿਨਾਂ ‘ਚ ਉਸਦੀ ਜਮ੍ਹਾਂ ਪੂੰਜੀ ਦੀ ਚੋਰੀ ਦਾ ਪ੍ਰਸੰਗ ਸਦੀਆਂ ਦੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ‘ਚ ਫੈਲੇ ਸਭਿਆਚਾਰਕ ਪਛੜੇਵੇਂ ਅਤੇ ਅਮਾਨਵੀਕਰਨ ਦੀਆਂ ਸਥਿਤੀਆਂ ਨੂੰ ਸਾਹਮਣੇ ਲਿਆਉਂਦਾ ਹੈ। ਇਸ ਦਰਮਿਆਨ ਪਿੰਡ ਦੇ ਚੌਧਰੀਆਂ ਅਤੇ ਚਮਾਰਾਂ ਵਿਚਕਾਰ ਟਕਰਾਅ ਦੇ ਰੂਪ ‘ਚ ਜਮਾਤੀ ਸੰਘਰਸ਼ਾਂ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ। ਕਾਲ਼ੀ ਚਮਾਰਾਂ ਦੀ ਅਗਵਾਈ ਕਰਦਾ ਹੈ। ਚੌਧਰੀ ਉਸਦੇ ਦੁਸ਼ਮਣ ਹੋ ਜਾਂਦੇ ਹਨ। ਗਿਆਨੋ ਦਾ ਭਾਈ ਮੰਗੂ ਚੌਧਰੀਆਂ ਦੀ ਦਲਾਲੀ ਕਰਦਾ ਹੈ ਅਤੇ ਕਾਲ਼ੀ ਨੂੰ ਤੰਗ ਕਰਦਾ ਹੈ। ਸੰਘਰਸ਼ ਦੇ ਇਸੇ ਪ੍ਰਸੰਗ ਵਿੱਚ ਪਾਠਕਾਂ ਦੀ ਜਾਣ-ਪਹਿਚਾਣ ਡਾ. ਬਿਸ਼ਨਦਾਸ ਅਤੇ ਟਹਿਲ ਸਿੰਘ ਵਰਗੇ ਕਸਬਾਈ, ਕਿਤਾਬੀ ਕਮਿਉਨਿਸਟਾਂ ਨਾਲ਼ ਹੁੰਦੀ ਹੈ ਜੋ ਚਮਾਰਾਂ ਅਤੇ ਚੌਧਰੀਆਂ ਵਿਚਕਾਰ ਸੰਘਰਸ਼ ਭੜਕ ਉੱਠਣ ਤੋਂ ਖੁਸ਼ ਹਨ ਕਿਉਂਕਿ ਸਥਿਤੀਆਂ ਉਨਾਂ ਨੂੰ 1905 ਦੇ ਰੂਸੀ ਇਨਕਲਾਬ ਦੀ ਸ਼ੁਰੂਆਤ ਨਾਲ਼ ਮਿਲਦੀਆਂ ਜੁਲਦੀਆਂ ਪ੍ਰਤੀਤ ਹੁੰਦੀਆਂ ਹਨ। ਉਹ ਕਾਲ਼ੀ ਅਤੇ ਕੁੱਝ ਹੋਰ ਚਮਾਰ ਕਾਰਕੁਨਾਂ ਅਤੇ ਕਮਿਉਨਿਸਟ ਹਮਦਰਦਾਂ ਦੀ ਮੀਟਿੰਗ ਬੁਲਾਉਂਦੇ ਹਨ ਜਿੱਥੇ ਹੜਤਾਲੀ ਖੇਤ ਮਜ਼ਦੂਰਾਂ ਦੀ ਮਦਦ ਦੇ ਠੋਸ ਰੂਪਾਂ ‘ਤੇ ਵਿਚਾਰ ਕਰਨ ਦੀ ਬਜਾਇ ਬਿਸ਼ਨਦਾਸ ਅਤੇ ਟਹਿਲ ਸਿੰਘ, ਟਰਾਟਸਕੀਵਾਦ ਅਤੇ ਉਸਦੇ ਵਿਰੋਧ ਦੇ ਸਵਾਲ ‘ਤੇ ਬਹਿਸ ਕਰਦੇ ਹਨ। ਖੇਤ ਮਜ਼ਦੂਰ ਆਪਣੇ ਸੰਘਰਸ਼ ਲਈ ਅਨਾਜ ਜਾਂ ਆਰਥਿਕ ਮਦਦ ਦੀ ਆਸ ਕਰਨ ‘ਤੇ ”ਸੁਧਾਰਵਾਦੀ” ਕਰਾਰ ਦੇ ਦਿੱਤੇ ਜਾਂਦੇ ਹਨ ਕਿਉਂਕਿ ਉਹ ਭੁੱਖੇ ਪੇਟ ਲੜ ਨਹੀਂ ਸਕਦੇ। ਅਜਿਹੇ ਕਿਤਾਬੀ, ਅਵਿਵਹਾਰਕ ਕਮਿਊਨਿਸਟਾਂ ਤੋਂ ਇਲਾਵਾ ਉਦਾਰਪੰਥੀਆਂ ਅਤੇ ਧਾਰਮਿਕ ਉਪਦੇਸ਼ਕਾਂ ਤੋਂ ਵੀ ਚਮਾਰਾਂ ਨੂੰ ਕੋਈ ਮਦਦ ਨਹੀਂ ਮਿਲਦੀ। ਕਾਲ਼ੀ ਜਿਸ ਲਾਲੂ ਪਹਿਲਵਾਨ ਦੇ ਕੰਮ ਕਰਦਾ ਹੈ, ਉਹ ਚਮਾਰਾਂ ਨਾਲ਼ ਸਮਝੌਤੇ ਦਾ ਹਾਮੀ ਹੈ ਕਿਉਂਕਿ ਚੌਧਰੀਆਂ ਅਤੇ ਚਮਾਰਾਂ ਦਾ ਕੰਮ ਇੱਕ ਦੂਜੇ ਬਿਨਾਂ ਨਹੀਂ ਚਲਦਾ, ਪਰ ਸੰਘਰਸ਼ ਤੋਂ ਦਿਨਾਂ ‘ਚ ਉਹ ਕਾਲ਼ੀ ਦੀ ਕੋਈ ਮਦਦ ਨਹੀਂ ਕਰਦਾ, ਕਾਰਨ ਕਿ ਆਪਣੀ ਜਮਾਤ ਦੇ ਲੋਕਾਂ ਤੋਂ ਉਹ ਨਿੱਖੜਕੇ ਨਹੀਂ ਰਹਿ ਸਕਦਾ।

ਨਾਵਲ ‘ਚ ਬੜੀ ਕੁਸ਼ਲਤਾ ਨਾਲ਼ ਜਗਦੀਸ਼ਚੰਦਰ ਨੇ ਇਸ ਨੰਗੇ-ਨਿਰਦਈ ਯਥਾਰਥ ਨੂੰ ਵੀ ਉਜਾਗਰ ਕੀਤਾ ਹੈ ਕਿ ਧਰਮ-ਪਰਿਵਰਤਨ ਦਲਿਤ-ਸਵਾਲ ਦਾ ਅਸਲੀ ਹੱਲ ਨਹੀਂ ਹੈ ਅਤੇ ਧਾਰਮਿਕ ਉਪਦੇਸ਼ਕਾਂ ਦਾ ਵੀ ਸਪੱਸ਼ਟ ਜਮਾਤੀ ਨਜ਼ਰੀਆ ਹੈ ਜੋ ਅਛੂਤਾਂ ਨੂੰ ਅਪਮਾਨਤ ਕਰਨ ਦਾ ਹੀ ਕੰਮ ਕਰਦਾ ਹੈ। ਨਾਵਲ ਦਾ ਇੱਕ ਜੁੱਤੀਆਂ ਗੰਢਣ ਵਾਲ਼ਾ ਪਾਤਰ ਨੰਦ ਸਿੰਘ ਰਾਮਦਾਸੀਆ ਜਾਤੀਗਤ ਅਪਮਾਨ ਤੋਂ ਬਚਣ ਲਈ ਪਹਿਲਾਂ ਸਿੱਖ ਅਤੇ ਈਸਾਈ ਬਣਦਾ ਹੈ ਪਰ ਚੌਧਰੀਆਂ ਦੇ ਉਸਦੇ ਪ੍ਰਤੀ ਵਰਤਾਅ ਵਿੱਚ ਕੋਈ ਫਰਕ ਨਹੀਂ ਪੈਂਦਾ। ਹੜ੍ਹ ਦੇ ਸਮੇਂ ਹਿੰਦੂ ਪੰਡਤ ਅਤੇ ਸਿੱਖ ਜਿੰਮੀਂਦਾਰ ਆਪਣੇ ਖੂਹਾਂ ਤੋਂ ਚਮਾਰਾਂ ਨੂੰ ਪਾਣੀ ਨਹੀਂ ਭਰਨ ਦਿੰਦੇ। ਇਸ ਹਾਲਤ ‘ਚ ਚਮਾਰਾਂ ਦੀ ਗੰਦਗੀ ਨੂੰ ਦੇਖਕੇ ਇਸਾਈ ਧਰਮ ਪਿਤਾ ਦੀ ਪਤਨੀ ਵੀ ਆਪਣੇ ਹੈਂਡਪੰਪ ਨੂੰ ਤਾਲਾ ਲਗਾ ਦਿੰਦੀ ਹੈ।

‘ਨਕਰਕੁੰਡ ਮੇਂ ਵਾਸ’ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਹੈ, ਜਿੱਥੇ ‘ਧਰਤੀ ਧਨ ਨਾ ਅਪਨਾ’ ਦਾ ਅੰਤ ਹੋਇਆ ਸੀ। ਪਿੰਡ ਦੇ ਚੌਧਰੀਆਂ ਦੇ ਜੁਲਮ, ਆਪਣੇ ਲੋਕਾਂ ਦੀ ਦਿਮਾਗੀ ਗੁਲਾਮੀ ਅਤੇ ਸਭਿਆਚਾਰਕ ਪਛੜੇਵੇਂ ਅਤੇ ਆਰਥਿਕ ਤਬਾਹੀ ਦੀ ਲਪੇਟ ‘ਚ ਆ ਕੇ ਮਜ਼ਬੂਰਨ ਕਾਲ਼ੀ ਨੂੰ ਭੱਜ ਕੇ ਸ਼ਹਿਰ ਆਉਣਾ ਪੈਂਦਾ ਹੈ। ਵੈਸੇ ਇੱਕ ਦਲਿਤ ਦਾ ਉਜੜਨਾ ਵੀ ਕੀ! ਇੱਕ ਕਿਸਾਨ ਤਾਂ ਜਗੀਰੂ ਜਬਰ ਜਾਂ ਪੂੰਜੀ ਦੀ ਮਾਰ ਨਾਲ਼ ਤਬਾਹ ਹੋ ਕੇ, ਆਪਣੀ ਜਗ੍ਹਾ-ਜ਼ਮੀਨ ਤੋਂ ਉਜ਼ੜਕੇ ਉਜ਼ਰਤੀ ਗੁਲਾਮਾਂ ਦੀ ਕਤਾਰ ‘ਚ ਸ਼ਾਮਲ ਹੁੰਦਾ ਹੈ। ਪਰ ਇੱਕ ਦਲਿਤ ਲਈ ਤਾਂ ਬਸ ਇਨਾਂ ਹੀ ਫਰਕ ਪੈਂਦਾ ਹੈ ਕਿ ਵਗਾਰ ਕਰਨ ਵਾਲ਼ੇ ਅਤੇ ਹਰ ਤਰਾਂ ਦਾ ਅਪਮਾਨ ਝੱਲਣ ਵਾਲ਼ੇ ਅਰਧ ਦਾਸਾਂ ਦੀ ਸਥਿਤੀ ਤੋਂ ਉੱਠਕੇ ਉਹ ਸ਼ਹਿਰ ਆ ਕੇ ਸਭ ਤੋਂ ਨਰਕੀ ਕੰਮ ਕਰਨ ਵਾਲ਼ੇ ਅਤੇ ਸਭ ਤੋਂ ਸਸਤੀਆਂ ਦਰਾਂ ‘ਤੇ ਕਿਰਤ ਸ਼ਕਤੀ ਵੇਚਣ ਵਾਲ਼ੇ ਉਜ਼ਰਤੀ ਗੁਲਾਮਾਂ ਦੀ ਲਾਈਨ ਵਿੱਚ ਸ਼ਾਮਲ ਹੋ ਜਾਂਦਾ ਹੈ। ਸ਼ਹਿਰ ‘ਚ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਉਹ ਆਪਣੀ ਕਿਰਤ ਵੇਚਣ ਲਈ ਅਜ਼ਾਦ ਹੁੰਦਾ ਹੈ, ਜਾਤੀਗਤ ਭੇਦਭਾਵ ਦੇ ਬਾਵਜੂਦ ਪਿੰਡਾਂ ਜਿਹਾ ਦਾਬਾ ਅਤੇ ਅਪਮਾਨ ਨਹੀਂ ਝੱਲਣਾ ਪੈਂਦਾ ਅਤੇ ਔਖੀਆਂ ਜੀਵਨ ਹਾਲਤਾਂ ਹੋਰ ਜਾਤਾਂ ਦੇ ਉਜ਼ਰਤੀ ਮਜ਼ਦੂਰਾਂ ਦੇ ਨਾਲ਼ ਵੀ ਏਕਤਾ ਦਾ ਇੱਕ ਅਧਾਰ ਮੁਹੱਈਆ ਕਰਦੀਆਂ ਹਨ।

ਸ਼ਹਿਰ ਆ ਕੇ ਕਾਲ਼ੀ ਉਨ੍ਹਾਂ ਅਨੇਕਾਂ ਬੇਪਛਾਣ ਲੋਕਾਂ ਦੀ ‘ਬੇਚਿਹਰਾ’ ਭੀੜ ‘ਚ ਸ਼ਾਮਲ ਹੈ, ਜੋ ਆਪਣੀ ਕਿਰਤ ਸ਼ਕਤੀ ਵੇਚਕੇ ਉਜ਼ਰਤ ਕਮਾਉਣ ਲਈ ਚਾਰੇ ਪਾਸੀਂ ਭੱਜਕੇ ਅਤੇ ਹਰ ਜੁਗਤ ਅਜ਼ਮਾਉਂਦੇ ਰਹਿੰਦੇ ਹਨ। ਇਕਦਮ ਇਕੱਲੇ ਅਤੇ ਬੇਸਹਾਰਾ ਕਾਲ਼ੀ ਦੇ ਦਿਲ ‘ਚ ਗਿਆਨੋ ਨੂੰ ਲੈ ਕੇ ਇੱਕ ਗਹਿਰਾ ਪਛਤਾਵਾ ਵੀ ਹੈ। ਉਸਨੂੰ ਲਗਦਾ ਹੈ ਕਿ ਉਹਨੇ ਗਿਆਨੋ ਨੂੰ ਉਸਦੇ ਹਾਲ ‘ਤੇ ਛੱਡਕੇ ਧੋਖਾ ਦਿੱਤਾ ਹੈ ਅਤੇ ਹੁਣ ਜੀਵਨ ਸ਼ਾਇਦ ਉਸਨੂੰ ਸਫਾਈ ਦਾ ਕੋਈ ਮੌਕਾ ਵੀ ਨਹੀਂ ਦੇਣ ਵਾਲ਼ਾ ਹੈ। ਇਸ ਮਨੋਸਥਿਤੀ ‘ਚ ਉਹ ਪਿਛਲੀ ਹਰ ਪਹਿਚਾਣ ਦੇ ਪਰਛਾਵੇਂ ਤੱਕ ਤੋਂ ਭਜਦਾ ਹੈ। ਪਰਿਵਾਰਕ-ਸਮਾਜਿਕ-ਭਾਵਨਾਤਮਕ ਸਾਰੇ ਪੱਧਰਾਂ ‘ਤੇ ਜੜੋਂ ਉੱਖੜਿਆ ਹੋਇਆ ਕਾਲ਼ੀ ਆਪਣੀ ਹੋਂਦ ਨੂੰ ਬਚਾਈ ਰੱਖਣ ਖਾਤਰ ਅੰਤ ਨੂੰ ਉਜ਼ਰਤੀ ਗੁਲਾਮਾਂ ਦੇ ਉਸ ਪੇਸ਼ੇ ਵਿੱਚ ਹੋਣੀ ਦੁਆਰਾ ਧੱਕ ਦਿੱਤਾ ਜਾਂਦਾ ਹੈ ਜੋ ਅੱਜ ਵੀ, ਅੱਧੀ ਸਦੀ ਦੀ ਅਜ਼ਾਦੀ ਬਾਅਦ ਅਤੇ ਜਮਹੂਰੀਅਤ ਦੇ ਅਨੇਕ ਦਾਵਿਆਂ ਦੇ ਬਾਵਜੂਦ, ਸਾਡੇ ਦੇਸ਼ ‘ਚ ਸਿਰਫ ਦਲਿਤਾਂ ਲਈ ਹੀ ਰਾਖਵਾਂ ਮੰਨਿਆਂ ਜਾਂਦਾ ਹੈ। ਕੁਲੀਗਿਰੀ ਕਰਨ ਅਤੇ ਰੇਹੜਾ ਖਿੱਚਣ ਵਾਲ਼ੇ ਮਜ਼ਦੂਰ ਦੇ ਤੌਰ ‘ਤੇ ਕੰਮ ਕਰਕੇ ਪੇਟ ਭਰਨ ‘ਚ ਅਸਫਲ ਰਹਿਣ ਬਾਅਦ ਕਾਲ਼ੀ ਨੂੰ ਅੰਤ ਵਿੱਚ ਟੈਨਰੀਜ਼ ਵਿੱਚ ਕੱਚਾ ਚਮੜਾ ਧੋਣ ਅਤੇ ਸਾਫ ਕਰਨ ਵਾਲ਼ੇ ਮਜ਼ਦੂਰ ਦੇ ਤੌਰ ‘ਤੇ ਕੰਮ ਮਿਲਦਾ ਹੈ। ਨਰਕੀ ਗੰਦਗੀ ਅਤੇ ਬਦਬੂ ਦੇ ਭਿਆਨਕ ਮਹੌਲ ‘ਚ ਉਲ਼ਟੀ ਦਬਾਉਂਦੇ ਹੋਏ ਅਤੇ ਜਾਨਲੇਵਾ ਖੁਰਕ ਬਰਦਾਸ਼ਤ ਕਰਦੇ ਹੋਏ ਕਾਲ਼ੀ ਨੂੰ ਕੰਮ ਕਰਨਾ ਪੈਂਦਾ ਹੈ। ਜਗਦੀਸ਼ਚੰਦਰ ਨੇ ਕੁਲੀਆਂ ਅਤੇ ਰਿਹੜਾ ਖਿੱਚਣ ਵਾਲ਼ੇ ਮਜ਼ਦੂਰਾਂ ਦੀ ਜਿੰਦਗੀ ਤੋਂ ਲੈ ਕੇ ਟੈਨਰੀਜ਼ ਦੇ ਮਜ਼ਦੂਰਾਂ ਤੱਕ ਦੀ ਜਿੰਦਗੀ ਅਤੇ ਕੱਚੇ ਚਮੜੇ ਦੀ ਸਫਾਈ ਵਰਗੇ ਕੰਮਾਂ ਦਾ ਜਿੰਨਾ ਅਧਿਕਾਰਕ ਵੇਰਵਾ, ਤਫ਼ਸੀਲਾਂ ਨਾਲ਼ ਪੇਸ਼ ਕੀਤਾ ਹੈ, ਉਹ ਸਪੱਸ਼ਟ ਕਰ ਦਿੰਦਾ ਹੈ ਕਿ ਗਹਿਰੇ ਅਰਥਸ਼ਾਸਤਰੀ-ਸਮਾਜਸ਼ਾਸਤਰੀ ਅਧਿਐਨ ਦੇ ਕਾਰਨ ਹੀ ਨਾਵਲ ਵਿਸ਼ੇ-ਵਸਤੂ ਨੂੰ ਜੀਵੰਤ ਰੂਪ ‘ਚ ਪੇਸ਼ ਕਰ ਸਕੇ ਹਨ। ਇੱਥੇ ਟੈਨਰੀਜ਼ ਦੇ ਨਰਕ ‘ਚ ਜਿੰਦਗੀ ਘਿਸਣ ਵਾਲ਼ੇ, ਸਮਾਜ ਦੇ ਹਨੇਰੇ ਰਸਾਤਲ ਦੇ ਨਿਵਾਸੀਆਂ ਦੀ ਜੱਦੋਜਹਿਦ ਦਾ ਵਰਨਣ ਹੈ, ਟੈਨਰੀਜ ਦੇ ਗੈਰ ਦਲਿਤ ਮਾਲਕਾਂ ਦੇ ਨਾਲ਼ ਹੀ ਦਲਿਤ ਮਾਲਕਾਂ ਦੇ ਮਕਾਰ ਲੋਟੂ ਚਰਿਤਰੈ ਅਤੇ ਉਨ੍ਹਾਂ ਦੀ ਆਪਸੀ ਜਮਾਤੀ ਏਕਤਾ ਦੀ ਤਸਵੀਰ ਹੈ ਅਤੇ ਦਲਿਤਾਂ ਦਾ ਨੇਤਾ ਹੋਣ ਦਾ ਦਮ ਭਰਨ ਵਾਲ਼ੇ ਹਾਕਮਾਂ ਦਾ ਵੀ ਚਰਿੱਤਰ-ਚਿਤਰਣ ਹੈ, ਪਰ ਇਹ ਸਭ ਕੁੱਝ ਲੇਖਕ ਨੇ ਬਹੁਤ ਹੀ ਬਾਹਰਮੁਖੀ ”ਤੱਟਸਥਤਾ (Neutrality) ਦੇ ਨਾਲ਼ ਪੇਸ਼ ਕੀਤਾ ਹੈ। ਅੰਤ ‘ਚ ਕਾਲ਼ੀ ਖੁਦ ਆਪਣੇ ਸਾਥੀ ਮਜ਼ਦੂਰਾਂ ਦਾ ਛੋਟਾ-ਮੋਟਾ ਲੀਡਰ ਹੋ ਜਾਂਦਾ ਹੈ ਅਤੇ ਟੈਨਰੀਜ਼ ਵਿੱਚ ਮੁਨਸ਼ੀਗਿਰੀ ਕਰਨ ਲਗਦਾ ਹੈ। ਪਰ ਇਸ ਪ੍ਰਕਿਰਿਆ ‘ਚ ਉਹ ਖੁਦ ਮਜ਼ਦੂਰਾਂ ਤੋਂ ਹੀ ਕਟ ਜਾਂਦਾ ਹੈ ਅਤੇ ਉਨਾਂ ਦਾ ਵਿਸ਼ਵਾਸ਼ ਗਵਾ ਬੈਠਦਾ ਹੈ। ਉਹ ਇਮਾਨਦਾਰੀ ਨਾਲ਼ ਕੋਸ਼ਿਸ਼ ਕਰਦਾ ਹੈ ਕਿ ਮਜ਼ਦੂਰਾਂ ਨੂੰ ਥੋੜ੍ਹੀਆਂ ਸੁਵਿਧਾਵਾਂ ਦਿਵਾ ਸਕੇ, ਪਰ ਕੋਸ਼ਿਸ਼ ‘ਚ ਬੁਰੀ ਤਰਾਂ ਅਸਫਲ ਹੁੰਦਾ ਹੈ। ਇੱਕ ਵਾਰ ਫਿਰ ਉਹ ਆਪਣੇ-ਆਪ ਨੂੰ ਸੜਕ ‘ਤੇ ਖੜ੍ਹਾ ਪਾਉਂਦਾ ਹੈ। ਇਨ੍ਹਾਂ ਹੀ ਹਾਲਾਤਾਂ ਵਿੱਚ ਅਚਾਨਕ ਉਸਦੀ ਮੁਲਾਕਾਤ ਇੱਕ ਵਾਰ ਫਿਰ ਆਪਣੇ ਪਿੰਡ ਦੇ ਨੰਦ ਸਿੰਘ ਨਾਲ਼ ਹੁੰਦੀ ਹੈ। ਨੰਦ ਸਿੰਘ ਨੂੰ ਵੀ ਆਪਣੀ ਜਿੰਦਗੀ ਅਤੇ ਇੱਜਤ ਬਚਾਉਣ ਲਈ ਅੰਤ ‘ਚ ਪਿੰਡ ‘ਚੋਂ ਭੱਜਣਾ ਪਿਆ ਸੀ ਅਤੇ ਹੁਣ ਜਲੰਧਰ ‘ਚੋਂ ਛੇ-ਸਤ ਕੋਹ ਦੂਰ ਸੜਕ ਕਿਨਾਰੇ ਅੱਡੇ ‘ਤੇ ਉਹ ਜੁੱਤੀਆਂ ਗੰਢਦਾ ਸੀ ਅਤੇ ਨਾਲ਼ ਦੇ ਪਿੰਡ ਵਿੱਚ ਰਹਿੰਦਾ ਸੀ। ਨੰਦ ਸਿੰਘ ਤੋਂ ਕਾਲ਼ੀ ਨੂੰ ਪਤਾ ਲਗਦਾ ਹੈ ਕਿ ਗਿਆਨੋ ਨੂੰ ਗਰਭਵਤੀ ਹੋ ਜਾਣ ਦੀ ਵਜਾਹ ਕਰਕੇ ਉਸਦੇ ਆਪਣੇ ਪਰਿਵਾਰ ਵਾਲ਼ਿਆਂ ਨੇ ਹੀ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਇੱਥੇ ਸਾਹਮਣੇ ਆਉਣ ਵਾਲ਼ੀ ਵਿਡੰਬਨਾ ਪੂਰੇ ਨਾਵਲ ਨੂੰ ਹੋਰ ਸਾਰ ਭਰਪੂਰ ਬਣਾ ਦਿੰਦੀ ਹੈ। ਜਿਸ ਗਿਆਨੋ ਦਾ ਅਪਰਾਧੀ ਹੋਣ ਦਾ ਪਛਤਾਵਾ ਕਾਲ਼ੀ ਨੂੰ ਬਾਹਰੀ ਨਰਕ ਦੀ ਤਰਾਂ ਇੱਕ ਅੰਦਰੂਨੀ ਨਰਕ ਵਿੱਚ ਵੀ ਲਗਾਤਾਰ ਮੱਧਮ ਅੱਗ ‘ਤੇ ਝੁਲ਼ਸਾਅ ਰਿਹਾ ਸੀ, ਉਹ ਉਸਦੀ ਨਰਕ-ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ। ਗਿਆਨੋ ਦੀ ਮੌਤ ਦੀ ਖ਼ਬਰ ਨਾਲ਼ ਕਾਲ਼ੀ ਇੱਕਦਮ ਟੁੱਟ ਜਾਂਦਾ ਹੈ। ਫਿਰ ਨੰਦ ਸਿੰਘ ਉਸਨੂੰ ਦਿਲਾਸਾ ਦੇ ਕੇ ਆਪਣੇ ਘਰ ਲੈ ਜਾਂਦਾ ਹੈ। ਉਹ ਕਾਲ਼ੀ ਨੂੰ ਕਹਿੰਦਾ ਹੈ ਕਿ ਉਹ ਉਸਦੇ ਨਾਲ਼ ਹੀ ਰਹਿਕੇ ਕੰਮ ਵਿੱਚ ਉਸਦੀ ਮਦਦ ਕਰੇ।

ਨਾਵਲ-ਲੜੀ ਦੀ ਅੰਤਮ ਕਿਰਤ ‘ਜਮੀਨ ਅਪਨੀ ਤੋ ਥੀ’ ਦਲਿਤ ਜੀਵਨ ਦੇ ਤਰਾਸਦ ਯਥਾਰਥ ਦੇ ਸਾਰੇ ਅਯਾਮਾਂ ਅਤੇ ਪੱਖਾਂ ਨੂੰ ਪੇਸ਼ ਕਰਨ ਦੇ ਜਗੀਦਸ਼ਚੰਦਰ ਦੇ ਸੰਕਲਪ ਦੀ ਅੰਤਮ ਕਿਰਤ ਹੈ। ਇੱਥੇ ਜਗਦੀਸ਼ਚੰਦਰ ਸਮਾਜਿਕ ਤਬਦੀਲੀ ਦੀ ਉਸ ਸੰਸਲਿਸ਼ਟ ਪਿਛਾਖੜੀ ਪ੍ਰਕਿਰਿਆ ਨੂੰ ਜਿਆਦਾ ਤਫਸੀਲ ਨਾਲ਼ ਅਤੇ ਜਿਆਦਾ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ ਕਰਦੇ ਹਨ, ਜਿਸ ਕਰਕੇ ਸੁਤੰਤਰਤਾ ਅਤੇ ਲੋਕਤੰਤਰ ਦੀਆਂ ਅਨੇਕ ਪ੍ਰਾਪਤੀਆਂ ਅਤੇ ਪੂੰਜੀਵਾਦੀ ਵਿਕਾਸ ਦੇ ਅਨੇਕ ਫਲ ਉੱਪਰ ਦੀ ਵੀਹ ਫੀਸਦੀ ਅਬਾਦੀ ਤੱਕ ਹੀ ਸਿਮਟ ਕੇ ਰਹਿ ਗਏ। ਦਰਮਿਆਨੇ ਕਿਸਾਨਾਂ ਦੀ ਇੱਕ ਛੋਟੀ ਅਬਾਦੀ ਸੱਤ੍ਹਾ ਅਤੇ ਸੁਵਿਧਾਵਾਂ ਦੀ ਹਿੱਸੇਦਾਰ ਜ਼ਰੂਰ ਬਣੀ ਪਰ ਦਲਿਤ ਜੋ ਭੂਮੀਹੀਣ ਕਿਸਾਨ ਅਤੇ ਬੰਧੂਆ ਮਜ਼ਦੂਰ ਸਨ, ਉਹ ਹੁਣ ਉਜ਼ਰਤੀ ਮਜ਼ਦੂਰ ਬਣ ਗਏ। ਭੂਮੀ-ਸੁਧਾਰਾਂ ਨਾਲ਼ ਮਾਲਕ ਬਣੇ ਕਾਸ਼ਤਕਾਰਾਂ ਨੂੰ ਤਾਂ ਲਾਭ ਹੋਇਆ, ਪਰ ਭੂਮੀ-ਵੰਡ ਭੂਮੀਹੀਣਾਂ ਨਾਲ਼ ਸਿਰਫ ਇੱਕ ਧੋਖਾ ਸਾਬਤ ਹੋਇਆ ਅਤੇ ਸੀਲਿੰਗ ਭੂਮੀਪਤੀਆਂ ਨੇ ਛਲ-ਬਲ ਨਾਲ਼ ਨਾਕਾਮ ਕਰ ਦਿੱਤਾ। ਸਾਰੇ ਸੁਧਾਰ ਦਲਿਤਾਂ ਦੀ ਆਰਥਿਕ-ਸਮਾਜਿਕ ਸਥਿਤੀ ਲਈ ਸਿਰਫ ‘ਕਾਸਮੈਟਿਕ’ ਸਿੱਧ ਹੋਏ। ਸਾਰੀ ਪ੍ਰਗਤੀ ਦੇ ਪ੍ਰਸ਼ਾਦ ਦਾ ਸਿਰਫ ਚੂਰਾ ਹੀ ਉਨ੍ਹਾਂ ਨੂੰ ਨਸੀਬ ਹੋਇਆ। ਅਜ਼ਾਦੀ ਤੋਂ ਬਾਅਦ ਦੇ (ਅਤਿਸੀਮਤ ਹੀ ਸਹੀ) ਬੁਰਜੂਆ ਸੁਧਾਰਾਂ ਅਤੇ ਦਲਿਤਾਂ ਦੀ ਸੰਗਠਿਤ ਚੇਤਨਾ ਦੇ ਪ੍ਰਭਾਵ ਨਾਲ਼ ਦਲਿਤਾਂ ਦੇ ਬਰਬਰ ਦਮਨ ਦੀਆਂ ਸਥਿਤੀਆਂ ਵਿੱਚ ਕੁੱਝ ਫਰਕ ਤਾਂ ਪਿਆ (ਉਹ ਵੀ ਪੂਰੇ ਦੇਸ਼ ਵਿੱਚ ਨਹੀਂ), ਪਰ ਉਨਾਂ ਦੇ ਸਮਾਜਿਕ ਅਪਮਾਨ ਅਤੇ ਅਲਹਿਦਗੀ (Segregation) ਦੀ ਸਥਿਤੀ ਹੁਣ ਵੀ ਬਣੀ ਰਹੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੁਧਾਰਵਾਦੀਆਂ ਦੀ ਹੋਣੀ ਭਾਵੁਕਤਾ ਅਤੇ ਮੱਧਵਰਗੀ ਦਲਿਤ ਕੁਲੀਨਤਾਵਾਦੀ ਲੇਖਕਾਂ ਦੇ ਖੋਖਲੇ ਆਵੇਸ਼ ਦੀ ਬਜਾਇ ਜਗਦੀਸ਼ਚੰਦਰ ਨੇ ਇਸ ਨਾਵਲ ਵਿੱਚ ਦਲਿਤ -ਸਵਾਲ ਦੇ ਜਮਾਤੀ ਤੱਤ ਨੂੰ ਅਤਿਅੰਤ ਸਟੀਕ ਢੰਗ ਨਾਲ਼ ਉਜ਼ਾਗਰ ਕੀਤਾ ਹੈ। ਉਹ ਇਹ ਦਿਖਾਉਂਦੇ ਹਨ ਕਿ ਕਿਸ ਤਰਾਂ ਦਲਿਤਾਂ ਵਿੱਚੋਂ ਹੀ ਪਿਛਲੀ ਅੱਧੀ ਸਦੀ ਦੌਰਾਨ ਗੱਦਾਰ ਸੱਤ੍ਹਾ ਸੇਵਕਾਂ ਦੀਆਂ ਰਾਜਨੀਤਕ ਜਮਾਤਾਂ ਪੈਦਾ ਹੁੰਦੀਆਂ ਹਨ। ਚੌਧਰੀ ਸਿੰਗਾਰਾ ਰਾਮ ਵਰਗੇ ਬੁੱਢੇ ਖੁਰਾਟ ਦਲਿਤ ਨੇਤਾ ਤੋਂ ਸੇਠ ਰਾਮ ਪ੍ਰਕਾਸ਼ ਵਰਗੇ ਨਵੀਂ ਪੀੜ੍ਹੀ ਦੇ ਦਲਿਤ ਤੱਕ ਦੇ ਵਿਕਾਸਕ੍ਰਮ ਵਿੱਚ ਕਾਂਗਰਸੀ ਹਰੀਜਨ ਨੇਤਾਵਾਂ ਤੋਂ ਅੱਜ ਦੇ ਬਸਪਾ ਬ੍ਰਾਂਡ ਦਲਿਤ ਨੇਤਾਵਾਂ ਤੱਕ ਦੇ ਵਿਕਾਸ ਦੀ ਪਥ-ਰੇਖਾ ਦੀ ਸਨਾਖ਼ਤ ਕੀਤੀ ਜਾ ਸਕਦੀ ਹੈ। ਨਾਲ ਹੀ, ਲੇਖਕ ਨੇ ਇਸ ਸਮਾਜਿਕ-ਆਰਥਿਕ ਵਰਤਾਰੇ ਨੂੰ ਵੀ ਬਹੁਤ ਰਚਨਾਤਮਕ ਢੰਗ ਨਾਲ਼ ਨਾਵਲ ‘ਚ ਪੇਸ਼ ਕੀਤਾ ਹੈ ਕਿ ਕਿਸ ਤਰਾਂ ਦਲਿਤਾਂ ਦਾ ਜੋ ਇੱੱਕ ਅਤਿਅੰਤ ਛੋਟਾ ਜਿਹਾ ਹਿੱਸਾ ਨੌਕਰਸ਼ਾਹੀ ਵਿੱਚ ਜਾਂ ਡਾਕਟਰਾਂ-ਇੰਜਨੀਅਰਾਂ ਦੀ ਜਮਾਤ ਵਿੱਚ ਸ਼ਾਮਲ ਹੋਇਆ ਹੈ, ਉਹ ਬਾਕੀ ਦਲਿਤ ਅਬਾਦੀ ਤੋਂ ਆਪਣੇ ਆਪ ਨੂੰ ਪੂਰੀ ਤਰਾਂ ਕੱਟਕੇ ਆਪਣੇ ਟਾਪੂ ‘ਤੇ ਜੀਉਂਦਾ ਅਤੇ ਆਪਣੇ ਨਿੱਜੀ ਸਵਾਰਥਾਂ ਲਈ ਆਮ ਦਲਿਤਾਂ ਨਾਲ਼ ਵਿਸ਼ਵਾਸ਼ਘਾਤ ਕਰਨ ਅਤੇ ਉਨ੍ਹਾਂ ਦੇ ਹਿੱਤਾਂ ‘ਤੇ ਡਾਕਾ ਮਾਰਨ ਤੋਂ ਵੀ ਬਾਜ਼ ਨਹੀਂ ਆਉਂਦਾ। ਇਹੀ ਦਲਿਤ ਕੁਲੀਨ ਮੱਧਵਰਗ ਹੈ ਜਿਸਦੀ ਅਸਲ ਅਗਵਾਈ ਅੱਜ ਦੀ ਬੁਰਜੂਆ ਸੰਸਦੀ ਦਲਿਤ ਰਾਜਨੀਤੀ ਕਰਦੀ ਹੈ। ਅੰਬੇਡਕਰ ਦੇ ਨਾਂ ‘ਤੇ ਫਰੇਬ ਰਚਕੇ ਅਜਿਹੀਆਂ ਦਲਿਤਵਾਦੀ ਪਾਰਟੀਆਂ ਵਿਆਪਕ ਦਲਿਤ ਅਬਾਦੀ ਵਿੱਚ ਅਧਾਰ ਬਣਾਉਂਦੀਆਂ ਹਨ ਅਤੇ ਫਿਰ ਸਭ ਤੋਂ ਵੱਧ ਗੰਦੇ ਮੌਕਾ ਪ੍ਰਸਤ ਢੰਗ ਨਾਲ਼ ਸੱਤਾਧਰਮ ਨਿਭਾਉਂਦੀਆਂ ਹਨ। ‘ਜਮੀਨ ਅਪਨੀ ਤੋ ਥੀ’ ਅਰਧ ਜਗੀਰੂ ਭੂਮੀ-ਸਬੰਧਾਂ ਦੇ ਪੂੰਜੀਵਾਦੀ ਰੁਪਾਂਤਰਣ ਦੌਰਾਨ ਭੂਮੀ ਸੁਧਾਰ ਦੇ ਨਾਂ ‘ਤੇ ਦਲਿਤਾਂ ਦੇ ਨਾਲ਼ ਹੋਏ ਧੋਖੇ, ਦਲਿਤ ਦਾਬੇ ਅਤੇ ਅਪਮਾਨ ਦੀ ਨਿਰੰਤਰਤਾ, ਬੁਰਜੂਆ ਦਲਿਤ ਰਾਜਨੀਤੀ ਦੋ ਚੌਧਰੀਆਂ ਦੀਆਂ ਘਟੀਆ ਚਾਲਾਂ ਅਤੇ ਦਲਿਤਾਂ ਵਿੱਚੋਂ ਉਭਰਨ ਵਾਲ਼ੇ ਨਵੇਂ ਕੁਲੀਨ ਸਮਾਜ ਦੀ ਵਿਸ਼ਵਾਸ਼ਘਾਤੀ ਅੰਨ੍ਹੇ-ਸਵਾਰਥੀਪੁਣੇ ‘ਤੇ ਕੇਂਦਰਿਤ ਰਚਨਾ ਹੈ।

ਨਾਵਲ ਕਥਾ ਸੂਤਰ ਨੂੰ ਉੱਥੋਂ ਹੀ ਫੜਦਾ ਹੈ, ਜਿੱਥੋਂ ‘ਨਰਕਕੁੰਡ ਮੇਂ ਵਾਸ’ ਦੀ ਸਮਾਪਤੀ ਹੋਈ ਸੀ। ਕਾਲ਼ੀ ਨੰਦ ਸਿੰਘ ਦੇ ਪਰਿਵਾਰ ਦੇ ਨਾਲ਼ ਆ ਕੇ ਰਹਿਣ ਲਗਦਾ ਹੈ ਅਤੇ ਜੁੱਤੀਆਂ ਦੀ ਦੁਕਾਨ ਵਿੱਚ ਬਤੌਰ ਸ਼ਾਗਿਰਦ ਉਸਦੀ ਮਦਦ ਕਰਨ ਲਗਦਾ ਹੈ। ਪਹਿਲਾਂ ਗਿਆਨੋ ਪ੍ਰਕਰਣ ਨੂੰ ਲੈ ਕੇ ਪਰਿਵਾਰ ਵਿੱਚ ਕਾਲ਼ੀ ਪ੍ਰਤੀ ਰੁੱਖੇਪਣ ਦਾ ਮਹੌਲ ਰਹਿੰਦਾ ਹੈ, ਪਰ ਉਸਦੇ ਨਿਰਛਲ ਨਿਰਸਵਾਰਥ ਵਿਵਹਾਰ ਤੋਂ ਤੁਅੱਸਬ ਦੂਰ ਹੋ ਜਾਂਦੇ ਹਨ ਅਤੇ ਉਹ ਪਰਿਵਾਰ ਦਾ ਇੱਕੋ ਇੱਕ ਮੈਂਬਰ ਜਿਹਾ ਬਣ ਜਾਂਦਾ ਹੈ। ਕਾਲ਼ੀ ਦੀ ਸਖਤ ਮਿਹਨਤ ਨਾਲ਼ ਨੰਦ ਸਿੰਘ ਦੇ ਕਾਰੋਬਾਰ ਦੀ ਉਨਤੀ, ਉਸਦੀ ਬੇਟੀ ਪਾਸ਼ੇ ਉਸਦੀ ਨੇੜਤਾ ਅਤੇ ਫਿਰ ਵਿਆਹ, ਫਿਰ ਉਨਾਂ ਦੋਨਾਂ ਦਾ ਅਲੱਗ ਗ੍ਰਹਿਸਥੀ ਵਸਾਉਣਾ¸ਇਸ ਲਾਈਨ ‘ਤੇ ਕਹਾਣੀ ਅੱਗੇ ਵਧਦੀ ਹੈ। ਇਸੇ ਨਾਲ਼ ਪਿੰਡ ਦੇ ਸਰਦਾਰਾਂ-ਚੌਧਰੀਆਂ ਅਤੇ ਅੱਡੇ ਦੇ ਬਾਣੀਆਂ-ਸ਼ਾਹੂਕਾਰਾਂ ਦੁਆਰਾ ਚਮਾਰਾਂ ਨਾਲ਼ ਗੱਲ-ਗੱਲ ‘ਤੇ ਅਪਮਾਨਜਨਕ ਵਿਵਹਾਰ, ਚਮਾਰਾਂ ਦੀ ਮਜ਼ਬੂਰੀ ਆਦਿ ਦਾ ਲੇਖਕ ਨੇ ਬੜਾ ਹੀ ਜੀਵੰਤ ਚਿਤਰਣ ਕੀਤਾ ਹੈ।

ਨਾਵਲ ਦਾ ਕਾਲ਼ਖੰਡ ਸੱਤਵੇਂ ਦਹਾਕੇ ਦੇ ਆਸਪਾਸ ਦਾ ਹੈ। ਤਦ ਪਿੰਡ ਦੇ ਗਰੀਬਾਂ ਨੂੰ ਘਰ ਬਣਾਉਣ ਜਾਂ ਬਿਮਾਰੀ ਜਿਹੀਆਂ ਲੋੜਾਂ ਲਈ ਕਰਜ ਦੇਣ ਦੇ ਮਕਸਦ ਨਾਲ਼ ਸਹਿਕਾਰੀ ਸੰਮਤੀਆਂ ਬਣ ਰਹੀਆਂ ਸਨ। ਜਗਦੀਸ਼ਚੰਦਰ ਨੇ ਤਫਸੀਲ ਨਾਲ਼ ਇਹ ਦਿਖਾਇਆ ਹੈ ਕਿ ਕਿਸ ਤਰਾਂ ਇਹ ਸੰਮਤੀਆਂ ਵੱਡੇ ਕਿਸਾਨਾਂ ਦੀ ਜੇਬ ਵਿੱਚ ਵੜ ਗਈਆਂ ਅਤੇ ਇਨ੍ਹਾਂ ਨੇ ਪਿੰਡ ਦੇ ਗਰੀਬਾਂ ਨੂੰ ਇੱਕ ਨਵੇਂ ਪ੍ਰਕਾਰ ਦੀ ਸ਼ਾਹੂਕਾਰੀ ਮਹਾਜਨੀ ਦੇ ਪਾਸ਼ ‘ਚ ਜਕੜਕੇ ਪੂਰੀ ਤਰਾਂ ਨਾਲ਼ ਉਜ਼ਰਤੀ ਗੁਲਾਮ ਬਣ ਜਾਣ ਲਈ ਮਜ਼ਬੂਰ ਕਰ ਦਿੱਤਾ। ਕਾਲ਼ੀ ਅਤੇ ਉਸਦੀ ਪਤਨੀ ਪਾਸ਼ੋ ਵੀ ਸੋਸਾਇਟੀ ਦੇ ਮੈਂਬਰ ਹਨ। ਉਨਾਂ ਨੂੰ ਕਰਜ਼ ਮਹਿਜ ਇਸ ਲਈ ਮਿਲ ਪਾਉਂਦਾ ਹੈ ਕਿ ਭੂਮੀ-ਪਤੀ ਸਰਦਾਰ ਚਾਹੁੰਦਾ ਹੈ ਕਿ ਅਨੇਕ ਫਰਜੀ ਮਾਮਲਿਆਂ ‘ਤੇ ਪਰਦਾ ਪਾਉਣ ਲਈ ਇੱਕ-ਅੱਧ ਜੈਨੁਇਨ ਕੇਸ ਵੀ ਹੋਣੇ ਚਾਹੀਦੇ ਹਨ। ਇਸ ਵਿਚਕਾਰ ਦਲਿਤ ਦੰਪਤੀ ਲਖਵੀਰ ਅਤੇ ਮਾਗੋ ਦੀ ਲੜਕੀ ਬਲਜੀਤੋ ਦੀ ਤਰਾਸਦ ਉਪਕਥਾ ਵੀ ਆਉਂਦੀ ਹੈ ਜੋ ਪੂਰੇ ਢਾਂਚੇ ਦੇ ਦਲਿਤ-ਵਿਰੋਧੀ ਚਰਿੱਤਰ ਅਤੇ ਆਮ ਦਲਿਤਾਂ ਦੀ ਬੇਬਸੀ ਨੂੰ ਸਾਹਮਣੇ ਲਿਆਉਂਦੀ ਹੈ। ਪੰਡੋਰੀ ਦੇ ਨੰਬਰਦਾਰ ਗੰਡਾ ਸਿੰਘ ਦਾ ਪੁੱਤ ਨਸੀਬ ਸਿੰਘ ਬਲਜੀਤੋ ਦੇ ਨਾਲ਼ ਪਿਆਰ ਦਾ ਨਾਟਕ ਰਚਾ ਕੇ ਉਸਨੂੰ ਭਜਾ ਲੈ ਜਾਂਦਾ ਹੈ। ਪੂਰੀ ਦਲਿਤ ਬਸਤੀ ਇੱਕਜੁਟ ਹੋ ਕੇ ਬਲਜੀਤੋ ਦੀ ਖੋਜ ਕਰਦੀ ਹੈ। ਉਹ ਵੱਡੇ ਸਰਦਾਰ (ਪ੍ਰਿਤਪਾਲ ਸਿੰਘ) ਦੇ ਦਰ ‘ਤੇ ਵੀ ਜਾ ਕੇ ਫਰਿਆਦ ਕਰਦੇ ਹਨ। ਸਰਦਾਰ ਉਨ੍ਹਾਂ ਨੂੰ ਮਦਦ ਦਾ ਝੂਠਾ ਭਰੋਸਾ ਦਿੰਦਾ ਹੈ, ਪਰ ਅੰਦਰ ਹੀ ਅੰਦਰ ਗੰਡਾ ਸਿੰਘ ਦੀ ਮਦਦ ਕਰਦਾ ਹੈ। ਸਾਰੇ ਦਲਿਤ ਬਜੁਰਗ ਮੱਖਣ ਸਿੰਘ ਨਾਲ਼ ਜਾ ਕੇ ਇਲਾਕਾ ਮੈਜਿਸਟਰੇਟ ਕੁਲਤਾਰ ਸਿੰਘ ਨੂੰ ਮਿਲਦੇ ਹਨ, ਜੋ ਉਹਨਾਂ ਦੀ ਬਸਤੀ ਦੇ ਦਲਿਤ ਜੁਲਾਹੇ ਦਾ ਬੇਟਾ ਸੀ। ਕਾਲ਼ੀ ਉਸੇ ਦੇ ਮਕਾਨ ਵਿੱਚ ਕਿਰਾਏਦਾਰ ਸੀ। ਕੁਲਤਾਰ ਸਿੰਘ ਪਦ-ਪ੍ਰਤਿਸ਼ਠਾ ਅਤੇ ਕਾਲ਼ੀ ਕਮਾਈ ਤੋਂ ਬਾਅਦ ਹੁਣ ਆਪਣੇ ਨਾਂ ਨਾਲ਼ ਕਾਹਲੋਂ ਗੋਤ ਲਾ ਕੇ ਜੱਟ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸਦੇ ਪੰਡਤ ਅਤੇ ਸਵਰਨ ਅਮਲੇ ਵੀ ਅੰਦਰ ਹੀ ਅੰਦਰ ਉਸ ‘ਤੇ ਹਸਦੇ ਹਨ। ਰਿਸ਼ਵਤਖੋਰੀ ਕਰਕੇ ਉਸਨੂੰ ਆਪਣੇ ਬਾਬੂ ਵਗੈਰਾ ਤੋਂ ਦਬਣਾ ਅਤੇ ਬਣਾ ਕੇ ਰੱਖਣੀ ਵੀ ਪੈਂਦੀ ਹੈ। ਕੁਲਤਾਰ ਸਿੰਘ ਦੇ ਕਹਿਣ ‘ਤੇ ਪੁਲਸ ਕੁੱਝ ਫੜਨ-ਫੜਾਉਣ ਦੀ ਰਸਮ-ਪੂਰਤੀ ਵੀ ਕਰਦੀ ਹੈ, ਪਰ ਬਲਜੀਤੋ ਦਾ ਪਤਾ ਨਹੀਂ ਲਗਦਾ। ਕੁੱਝ ਮਹੀਨਿਆਂ ਬਾਅਦ ਹਾਰੀ ਟੁੱਟੀ ਬਲਜੀਤੋ ਵਾਪਸ ਆਉਂਦੀ ਹੈ। ਚਾਹੇ ਡਰ ਹੋਵੇ ਜਾਂ ਬੇਵਸੀ, ਉਹ ਕਿਸੇ ਦਾ ਨਾਮ ਨਹੀਂ ਦਸਦੀ ਪੁਲਸ ਕੇਸ ਖਤਮ ਹੋ ਜਾਂਦਾ ਹੈ। ਇਸ ਪੂਰੇ ਪ੍ਰਸੰਗ ਵਿੱਚ ਜਗਦੀਸ਼ਚੰਦਰ ਨੇ ਪਿੰਡ ਦੇ ਚੌਧਰੀਆਂ ਤੋਂ ਲੈ ਕੇ, ਅੱਡੇ ਦੇ ਬਾਣੀਆਂ ਤੱਕ ਦੇ ਬਹੁਤ ਹੀ ਘ੍ਰਿਣਾਮਈ ਦਲਿਤ-ਵਿਰੋਧੀ, ਔਰਤ-ਵਿਰੋਧੀ ਰਵੱਈਏ ਨੂੰ ਬਾਖੂਬੀ ਉਜਾਗਰ ਕੀਤਾ ਹੈ। ਸਾਰੇ ਮੰਨਕੇ ਚਲਦੇ ਹਨ ਕਿ ਬਲਜੀਤੋ ਹੀ ਚਰਿੱਤਰਹੀਣ ਹੈ ਅਤੇ ਇੱਕ ਦਲਿਤ ਲੜਕੀ ਨਾਲ਼ ਅਜਿਹਾ ਕੁੱਝ ਹੋ ਜਾਣਾ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਨੂੰ ਇਹ ਗੱਲ ਅਣਹੋਣੀ ਅਤੇ ਬਹੁਤ ਨਾਗਵਾਰ ਲਗਦੀ ਹੈ ਕਿ ਦਲਿਤ ਇਸ ਮਾਮਲੇ ਨੂੰ ਲੈ ਕੇ ਇੱਕਜੁਟ ਹੋ ਕੇ ਪੁਲਿਸ-ਪ੍ਰਸ਼ਾਸ਼ਨ ਤੱਕ ਪਹੁੰਚ ਗਏ। ਇਸ ਮਾਮਲੇ ‘ਤੇ ਕਾਲ਼ੀ ਨੂੰ ਬਜ਼ਾਰ ਵਿੱਚ ਅਪਮਾਨਤ ਵੀ ਹੋਣਾ ਪੈਂਦਾ ਹੈ। ਅਜਿਹੇ ਕਈ ਛੋਟੇ ਛੋਟੇ ਪ੍ਰਸੰਗ ਹਨ ਨਾਵਲ ਵਿੱਚ, ਜਿਨਾਂ ਦੇ ਮਾਧਿਅਮ ਨਾਲ਼ ਰੋਜ਼ਮਰਾ ਦੀ ਜਿੰਦਗੀ ਵਿੱਚ ਦਲਿਤਾਂ ਦੁਆਰਾ ਝੱਲੇ ਜਾਣ ਵਾਲ਼ੇ ਮਾਰੂ ਅਪਮਾਨ ਦੇ ਦੁਖਦਾਈ ਤਸੀਹੇ ਨੂੰ ਜਗਦੀਸ਼ਚੰਦਰ ਨੇ ਸੂਖਮ ਢੰਗ ਨਾਲ਼ ਚਿਤਰਤ ਕੀਤਾ ਹੈ।

ਇਸ ਤੋਂ ਬਾਅਦ ਹੀ ਸੀਲਿੰਗ ਦੀ ਫਾਜ਼ਿਲ ਜ਼ਮੀਨ ਦੇ ਭੂਮੀਹੀਣਾਂ ਵਿੱਚ ਵੰਡ ਦਾ ਉਹ ਪ੍ਰਸੰਗ ਆਉਂਦਾ ਹੈ ਜੋ ਪੂਰੇ ਸਮਾਜਿਕ ਰਾਜਨੀਤਕ ਤਾਣੇ-ਬਾਣੇ ਨੂੰ ਉਜ਼ਾਗਰ ਕਰਨ ਵਾਲ਼ਾ, ਨਾਵਲ ਦਾ ਸਭ ਤੋਂ ਵੱਧ ਮਹੱਤਵਪੂਰਨ ਪ੍ਰਸੰਗ ਹੈ। ਕਾਲ਼ੀ ਅਤੇ ਉਸਦੀ ਪਤਨੀ ਬਸਤੀ ਦੇ ਹੋਰ ਦਲਿਤ ਵੀ ਜ਼ਮੀਨ ਅਲਾਟਮੈਂਟ ਲਈ ਬੇਨਤੀ ਕਰਦੇ ਹਨ। ਕਾਫੀ ਸਮਾਂ ਬੀਤਣ ਪਿੱਛੋਂ ਉਨਾਂ ਨੂੰ ਜਿਲ੍ਹਾ ਮਾਲ ਅਫਸਰ ਦੇ ਦਫਤਰ ਵਿੱਚ ਅਗਲੀ ਕਾਰਵਾਈ ਲਈ ਬੁਲਾਇਆ ਜਾਂਦਾ ਹੈ। ਜ਼ਮੀਨ ਦੀ ਮਾਲਕੀ ਲਈ ਸਦੀਆਂ ਤੋਂ ਤਰਸੇ ਦਲਿਤਾਂ ਦੇ ਮਨ ਵਿੱਚ ਮਦਦ ਲਈ ਫੇਰ ਆਪਣੇ ਪਹਿਲਾਂ ਤੋਂ ਜਾਣੂ ਦਲਿਤ ਅਫਸਰ ਇਲਾਕਾ ਮੈਜਿਸਟਰੇਟ ਕੁਲਤਾਰ ਸਿੰਘ ਨਾਲ਼ ਮਿਲਦੇ ਹਨ। ਕੁਲਤਾਰ ਮਦਦ ਦੇ ਬਹਾਨੇ ਆਪਣੇ ਬਾਬੂ ਦੀ ਮਦਦ ਨਾਲ਼ ਕਾਗਜ਼ ‘ਤੇ ਅੰਗੂਠੇ ਲਗਾਕੇ ਫਰੇਬ ਰਚਦਾ ਹੈ। ਕਾਗਜ਼ ‘ਤੇ ਜਮੀਨ ਅਲਾਟ ਹੋ ਜਾਂਦੀ ਹੈ ਅਤੇ ਕੁਲਤਾਰ ਸਿੰਘ ਦੇ ਨਾਂ ਵਿਕ ਜਾਂਦੀ ਹੈ। ਅਜਿਹੀਆਂ ਹੀ ਜ਼ਾਲਸਾਜ਼ੀਆਂ ਨਾਲ਼ ਕੁਲਤਾਰ ਸਿੰਘ ਸੌ ਏਕੜ ਦੇ ਫਾਰਮ ਹਾਉਸ ਦਾ ਮਾਲਕ ਹੋ ਚੁੱਕਾ ਹੈ। ਇਸ ਪੂਰੇ ਪ੍ਰਸੰਗ ਵਿੱਚ ਜਗਦੀਸ਼ਚੰਦਰ ਦੀ ਅਰਥਸ਼ਾਸ਼ਤਰ ਦੀ ਸਿੱਖਿਆ ਖੂਬ ਕੰਮ ਆਈ ਹੈ। ਭੂਮੀ ਸੁਧਾਰ ਵਿੱਚ ਕੀ ਹੋਇਆ ਅਤੇ ਕਿਸਨੂੰ ਲਾਭ ਹੋਇਆ ਅਤੇ ਦਲਿਤਾਂ ਲਈ ਭੂਮੀ-ਵੰਡ ਦੀ ਅਸਲੀਅਤ ਕੀ ਸੀ¸ਇਨ੍ਹਾਂ ਸਾਰੀਆਂ ਬਰੀਕੀਆਂ ਨੂੰ ਉਨਾਂ ਨੇ ਖੂਬ ਉਜ਼ਾਗਰ ਕੀਤਾ ਹੈ। ਇਨਾਂ ਕਾਰਵਾਈਆਂ ਵਿੱਚ ਪਟਵਾਰੀ ਦੀ ਭੂਮਿਕਾ, ਪ੍ਰਿਤਪਾਲ ਜਿਹੇ ਭੂਮੀਪਤੀਆਂ, ਕੁਲਤਾਰ ਜਿਹੇ ਦਲਿਤ ਅਧਿਕਾਰੀਆਂ ਅਤੇ ਸੇਠ ਰਾਮਪ੍ਰਕਾਸ਼ ਜਿਹੇ ਦਲਿਤ ਨੇਤਾਵਾਂ ਦੀਆਂ ਕੋਝੀਆਂ ਚਾਲਾਂ, ਸੱਤਾਧਰਮੀ ਚਰਿੱਤਰ ਅਤੇ ਮਿਲੀ ਭੁਗਤ ਨੂੰ ਘਟਨਾਕ੍ਰਮ ਰਾਹੀਂ ਬਹੁਤ ਹੀ ਸੁਭਾਵਿਕ ਅਤੇ ਵਿਸ਼ਵਾਸ਼ਯੋਗ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਕਾਲ਼ੀ ਦੀ ਬਸਤੀ ਦੇ ਲੋਕਾਂ ਨੂੰ ਆਪਣੇ ਨਾਲ਼ ਹੋਈ ਧੋਖਾਧੜੀ ਬਾਰੇ ਦੇਰ ਨਾਲ਼ ਪਤਾ ਲਗਦਾ ਹੈ। ਚਾਰੇ ਪਾਸੇ ਭੱਜ ਦੌੜ ਬਾਅਦ ਉਹ ਆਪਣੇ ਆਪ ਨੂੰ ਬੇਵਸ ਪਾਉਂਦੇ ਹਨ। ਕੁਲਤਾਰ ਸਿੰਘ ਆਪਣੇ ਕਲਰਕ ਰਾਹੀਂ ਸੱਤ-ਸੱਤ ਸੌ ਰੁਪਏ ਦਿਵਾਕੇ ਉਨਾਂ ਨੂੰ ਚੁੱਪ ਕਰਾ ਦਿੰਦਾ ਹੈ। ਉਹ ਬਸਤੀ ‘ਚ ਵਾਪਸ ਆ ਜਾਂਦੇ ਹਨ। ਕੁੱਝ ਸ਼ਰਾਬ ਪੀਣ ਚਲੇ ਜਾਂਦੇ ਹਨ ਅਤੇ ਕੁੱਝ ਦੇ ਪੈਸੇ ਸ਼ਾਹੂਕਾਰਾਂ ਦਾ ਕਰਜ ਲਾਹੁਣ ਵਿੱਚ ਲੱਗ ਜਾਂਦੇ ਹਨ। ਕਾਲ਼ੀ ਇਸ ਸਥਿਤੀ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਲੜਨ ਦੀ ਠਾਣ ਲੈਂਦਾ ਹੈ। ਇਸੇ ਪ੍ਰਕਿਰਿਆ ਵਿੱਚ ਉਹ ਇੱਕ ਵਾਰ ਫਿਰ ਟੈਨਰੀਜ ਦੇ ਮਾਲਕ ਅਤੇ ਨਵੀਂ ਪੀੜ੍ਹੀ ਦੇ ਦਲਿਤ ਨੇਤਾ, ਸੇਠ ਰਾਮ ਪ੍ਰਕਾਸ਼ ਨਾਲ਼ ਮਿਲਦਾ ਹੈ ਅਤੇ ਪੁਰਾਣੇ ਦਲਿਤ ਨੇਤਾ ਸ਼ਿੰਗਾਰ ਰਾਮ ਨਾਲ਼ ਉਸਦੀ ਰੱਸਾਕਸ਼ੀ ਅਤੇ ਦਲਿਤ ਰਾਜਨੀਤੀ ਦੇ ਅੰਦਰੂਨੀ ਦਾਅ-ਪੇਚਾਂ ਅਤੇ ਘਟੀਆ ਮੌਕਾਪ੍ਰਸਤ ਚਰਿੱਤਰ ਦਾ ਗਵਾਹ ਬਣਦਾ ਹੈ। ਸੇਠ ਰਾਮਪ੍ਰਕਾਸ਼, ਵਰਗੇ ਦਲਿਤ ਨੇਤਾਵਾਂ ਦੀ ਤਾਰ ਵੀ ਕੁਲਤਾਰ ਵਰਗੇ ਭ੍ਰਿਸ਼ਟ ਦਲਿਤ ਅਫਸਰਾਂ ਨਾਲ਼ ਹੀ ਜੁੜੀ ਹੈ ਅਤੇ ਆਮ ਦਲਿਤਾਂ ਨੂੰ ਠੱਗਣ ਵਿੱਚ ਉਹ ਇਸੇ ਢਾਂਚੇ ਦੇ ਪੁਰਜੇ ਅਤੇ ‘ਟਰੋਜਨ ਹਾਰਸ’ ਦੀ ਭੂਮਿਕਾ ਨਿਭਾਉਂਦੇ ਹਨ। ਇਸ ਤੱਥ ਨੂੰ ਜਗਦੀਸ਼ਚੰਦਰ ਨੇ ਬੜੀ ਕੁਸ਼ਲਤਾ ਨਾਲ਼ ਨਾਵਲ ਦੀ ਕਥਾ ਵਿੱਚ ਪਰੋਇਆ ਹੈ। ਆਪਣੀ ਜਿਦ ਵਿੱਚ ਕਾਲ਼ੀ ਨੂੰ ਅੰਤ ਨੂੰ ਗ੍ਰਿਫਤਾਰ ਹੋ ਕੇ ਜੇਲ੍ਹ ਜਾਣਾ ਪੈਂਦਾ ਹੈ। ਉਸਦਾ ਲੜਕਾ ਗਿਆਨ ਪ੍ਰਕਾਸ਼ ਉਰਫ ਲਾਟ, ਜੋ ਹੁਣ ਬੈਂਕ ਵਿੱਚ ਕਲਰਕ ਹੋ ਗਿਆ ਹੈ ਆਪਣੇ ਕਾਲਜ਼ ਦੇ ਇੱੱਕ ਦੋਸਤ ਦੇ ਵਕੀਲ ਪਿਤਾ ਦੀ ਮਦਦ ਨਾਲ਼ ਉਸਨੂੰ ਜੇਲ੍ਹੋਂ ਛੁਡਾਉਂਦਾ ਹੈ।

ਇਨਾਂ ਘਟਨਾਵਾਂ ਨਾਲ਼ ਕਾਲ਼ੀ ਦੇ ਪਰਿਵਾਰ ਦੀ ਕਹਾਣੀ ਅੱਗੇ ਵਧਦੀ ਰਹਿੰਦੀ ਹੈ। ਉਸਦਾ ਵੱਡਾ ਪੁੱਤ ਗਿਆਨ ਪ੍ਰਕਾਸ਼ ਬੈਂਕ ਵਿੱਚ ਕਲਰਕ ਹੋ ਗਿਆ ਹੈ ਅਤੇ ਛੋਟਾ ਪੁੱਤ ਸੱਤਪ੍ਰਕਾਸ਼ ਮੈਡੀਕਲ ਦਾ ਵਿਦਿਆਰਥੀ। ਆਪਣੀ ਦੁਕਾਨ, ਮਕਾਨ, ਦੋ ਮੱਝਾਂ ਅਤੇ ਬੇਟਿਆਂ ਦੀ ਬਜ੍ਹਾ ਨਾਲ਼ ਸਮਾਜਿਕ-ਸਨਮਾਨ-ਬਿਹਤਰ ਆਰਥਿਕ ਸਥਿਤੀ ਦੇ ਬਾਵਜੂਦ ਕਾਲ਼ੀ-ਪਾਸ਼ੋ ਮਿਹਨਤ ਮੁਸ਼ੱਕਤ ਦੀ ਜਿੰਦਗੀ ਬਿਤਾਉਂਦੇ ਹਨ। ਪਰ ਉਨਾਂ ਦੇ ਜੀਵਨ ਅਤੇ ਮਹੌਲ ਤੋਂ ਹੌਲ਼ੀ-ਹੌਲ਼ੀ ਉਨਾਂ ਦੇ ਪੁੱਤ ਇਨਾਂ ਕੱਟ ਜਾਂਦੇ ਹਨ ਕਿ ਉਨਾਂ ਨੂੰ ਘਰ ਆਉਣਾ ਵੀ ਨਾਗਵਾਰ ਲਗਦਾ ਹੈ। ਇਸੇ ਵਿਚਕਾਰ ਗਿਆਨ ਆਈ.ਏ. ਐਸ. ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਅਤੇ ਟਰੇਂਨਿੰਗ ‘ਤੇ ਜਾਂਦਾ ਹੈ। ਪੁੱਤ ਹੁਣ ਮਾਂ ਬਾਪ ਨੂੰ ਮਿਲਣ ਘਰ ਆਉਂਦੇ ਹਨ, ਰੁਕਦੇ ਹਨ ਉਹ ਸ਼ਹਿਰ ‘ਚ ਦੋਸਤਾਂ ਦੇ ਘਰ। ਸ਼ਹਿਰ ‘ਚ ਉਨਾਂ ਦੇ ਜੋ ਕੁੱਝ ਦੋਸਤ ਹਨ ਉਹ ਜੱਟ, ਬ੍ਰਾਹਮਣ ਅਤੇ ਹੋਰ ਸਵਰਨ ਜਾਤੀਆਂ ਦੇ ਅਜਿਹੇ ਨੌਜਵਾਨ ਹਨ ਜੋ ਆਮ ਚਲਣ ਤੋਂ ਹਟ ਕੇ, ਜਾਤੀ ਭੇਦਭਾਵ ਨਹੀਂ ਮੰਨਦੇ।

ਗਿਆਨ ਦੀ ਪਹਿਲੀ ਪੋਸਟਿੰਗ ਹੁੰਦੀ ਹੈ। ਨਾ ਚਾਹੁੰਦੇ ਹੋਏ ਵੀ, ਪੁੱਤਾਂ ਖਾਤਰ, ਪਾਸ਼ੋ ਦੀ ਬੇਨਤੀ ‘ਤੇ ਕਾਲ਼ੀ ਪਾਸ਼ੋ ਨਾਲ਼, ਪਿੰਡ ਦਾ ਘਰ ਬੰਦ ਕਰਕੇ ਗਿਆਨ ਕੋਲ਼ ਉਸਦੀ ਸਰਕਾਰੀ ਕੋਠੀ ਵਿੱਚ ਰਹਿਣ ਚਲਾ ਜਾਂਦਾ ਹੈ। ਉੱਥੋਂ ਦੇ ਸ਼ਾਹੀ ਠਾਠ-ਬਾਠ ਦੇ ਮਹੌਲ ਨੂੰ ਦੇਖ ਕੇ ਉਹ ਦੰਗ ਹਨ। ਉਸਨੂੰ ਲਗਦਾ ਹੈ ਕਿ ਪੂਰੇ ਜੀਵਨ ਦੇ ਹਨੇਰੇ ਨੂੰ ਪਾਰ ਕਰਕੇ ਉਹ ਮੁਕਤੀ ਅਤੇ ਉਜਾਲ਼ੇ ਦੀ ਦੁਨੀਆਂ ਵਿੱਚ ਨਿਕਲ਼ ਆਇਆ ਹੈ। ਜ਼ਮੀਨ ਦੀ ਮਲਕੀਅਤ ਦੀ ਚਾਹਤ ਹੁਣ ਵੀ ਕਾਲ਼ੀ ਦੇ ਦਿਲ ਵਿੱਚ ਹੈ। ਉਹ ਚਾਹੁੰਦਾ ਹੈ ਕਿ ਉੱਚਾ ਅਫਸਰ ਹੋਣ ਦੇ ਨਾਤੇ ਗਿਆਨ ਕੁਲਤਾਰ ਨੂੰ ਉਚਿਤ ਸਜਾ ਕਰਵਾਏ। ਗਿਆਨ ਉਸਨੂੰ ਦਸਦਾ ਹੈ ਕਿ ਕੁਲਤਾਰ ਕਨੂੰਨਨ ਨਹੀਂ ਫਸ ਰਿਹਾ, ਇਸ ਲਈ ਉਹ ਕੁੱਝ ਨਹੀਂ ਕਰ ਸਕਦਾ। ਉਹ ਇਹ ਵੀ ਸਮਝਦਾ ਹੈ ਕਿ ਜੇਕਰ ਕਿਤੇ ਬੰਜਰ ਜਮੀਨ ਦਾ ਇੱਕ ਟੁਕੜਾ ਮਿਲ ਵੀ ਜਾਵੇ ਤਾਂ ਕਿਸ ਕੰਮ ਦਾ। ਗਿਆਨ ਆਪਣੇ ਅਫਸਰ ਮਿੱਤਰਾਂ ਵਿੱਚ ਆਪਣੀ ਦਲਿਤ ਪਛਾਣ ਨੂੰ ਯਥਾਸੰਭਵ ਛੁਪਾ ਕੇ ਪੂਰੇ ਕੁਲੀਨ ਢੰਗ ਨਾਲ਼ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਿਨ ਉਸਦੇ ਦੋਸਤਾਂ ਦੀ ਮੰਡਲੀ ਵਿੱਚ ਬੈਠਾ ਕਾਲ਼ੀ ਨਿਹਾਇਤ ਸਾਦਗੀ ਨਾਲ਼ ਉਸਦੇ ਇੱਕ ਦੋਸਤ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੇ ਉਧੜਦੇ ਹੋਏ ਮਹਿੰਗੇ ਬੂਟ ਦੀ ਜ਼ਲਦ ਤੋਂ ਜ਼ਲਦ ਮੁਰੰਮਤ ਕਰਵਾ ਲਵੇ। ਇਸ ਨਾਲ਼ ਗਿਆਨ ਬੇਹੱਦ ਅਪਮਾਨਤ ਮਹਿਸੂਸ ਕਰਦਾ ਹੈ। ਅੰਦਰ ਜਾ ਕੇ ਉਹ ਪਿਤਾ ਨੂੰ ਝਿੜਕਦਾ ਹੈ, ”ਮੇਰੇ ਦੋਸਤਾਂ ਨੂੰ ਕੀ ਇਹ ਦੱਸਣਾ ਜ਼ਰੂਰੀ ਸੀ ਕਿ ਤੂੰ ਚਮਾਰ ਏ ਅਤੇ ਮੋਚੀ ਦਾ ਕੰਮ ਕਰਦਾ ਏਂ? ਉਹ ਕਹਿੰਦਾ ਹੈ, ”ਇਹ ਜੁਤੀਆਂ ਦੀ ਦੁਕਾਨ ਨਹੀਂ ਆਈ.ਏ. ਐਸ. ਅਫਸਰ ਦੀ ਕੋਠੀ ਹੈ?” ਕਾਲ਼ੀ ਮਹਿਸੂਸ ਕਰਦਾ ਹੈ ਕਿ ਪਦ ਅਤੇ ਅਹੁਦੇ ਨੇ ਖੁਦ ਉਸਦੇ ਬੇਟੇ ਨੂੰ ਉਨਾਂ ਲੋਕਾਂ ਦੀਆਂ ਸਫਾਂ ਵਿੱਚ ਸ਼ਾਮਲ ਕਰ ਦਿੱਤਾ ਹੈ, ਜਿਨ੍ਹਾਂ ਦੁਆਰਾ ਅਪਮਾਨ ਦੀਆਂ ਠੋਕਰਾਂ ਉਹ ਜੀਵਨ ਭਰ ਖਾਂਦਾ ਰਿਹਾ। ਉਹ ਕੋਠੀ ਦੀ ਸੁੱਖ ਸੁਵਿਧਾ ਦੀ ਜਗ੍ਹਾ ਸੁਤੰਤਰਤਾ ਅਤੇ ਸਨਮਾਨ ਦਾ ਜੀਵਨ ਚੁਣਦਾ ਹੈ। ਕੋਠੀ ਦਾ ਅਪਮਾਨ ਉਸਨੂੰ ਸਮਾਜ ਵਿੱਚ ਝੱਲੇ ਜਾਣ ਵਾਲ਼ੇ ਅਪਮਾਨ ਤੋਂ ਵੱਧ ਬੁਰਾ ਲਗਦਾ ਹੈ ਕਿਉਂਕਿ ਉਸਨੂੰ ਆਪਣੇ ਬੂਤੇ ਆਪਣੇ ਢੰਗ ਨਾਲ਼ ਜਿਉਣ ਦੀ ਅਜ਼ਾਦੀ ਨਹੀਂ ਹੈ। ਉਹ ਪਾਸ਼ੋ ਨਾਲ਼ ਪਿੰਡ ਆ ਜਾਂਦਾ ਹੈ।

‘ਧਰਤੀ ਧਨ ਨਾ ਅਪਨਾ’ ਨਾਵਲ ਨੂੰ ਰਮੇਸ਼ ਕੁੰਤਲ ਮੇਘ ਨੇ ‘ਧਰਤੀ ਦੇ ਦੁਖਿਆਰਿਆਂ’ ਦੀ ਜੀਵਨ ਕਥਾ ਕਿਹਾ ਸੀ। ਘੱਟ ਵੱਧ ਉਨਾਂ ਦਾ ਇਹ ਕਥਨ ਜਗਦੀਸ਼ਚੰਦਰ ਦੇ ਇਨ੍ਹਾਂ ਤਿੰਨਾਂ ਨਾਵਲਾਂ ਬਾਰੇ ਕਿਹਾ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਉਹ ਇਹ ਹੈ ਕਿ ਨਾਵਲ-ਲੜੀ ਦੀਆਂ ਤਿੰਨ ਕਿਰਤਾਂ ਹਿੰਦੀ ਦੇ ਪਹਿਲੇ ਅਜਿਹੇ ਨਾਵਲ ਹਨ ਜਿਨਾਂ ‘ਚ ਅਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਸ਼ੁਰੂਆਤੀ ਲਗਭਗ ਢਾਈ ਦਹਾਕਿਆਂ ਦੌਰਾਨ ਦੇ ਸਮਾਜਿਕ-ਆਰਥਿਕ ਪਰਿਵਰਤਨਾਂ ਦੀ ਅਧਿਕਾਰਕ ਤਸਵੀਰ ਦਲਿਤਾਂ ਦੇ ਜੀਵਨ ਨੂੰ ਕੇਂਦਰ ਵਿੱਚ ਰੱਖਕੇ ਪੇਸ਼ ਕੀਤੀ ਗਈ ਹੈ। ਦਲਿਤ-ਦਾਬੇ ਦੇ ਸਵਾਲ ਨੂੰ ਜਗਦੀਸ਼ਚੰਦਰ ਨੇ ਦਲਿਤ ਲੇਖਕਾਂ ਦੀ ਤਰਾਂ ਸਮਾਜਿਕ-ਆਰਥਿਕ-ਰਾਜਨੀਤਕ ਬਾਹਰਮੁਖੀ ਸਥਿਤੀਆਂ ਤੋਂ ਕੱਟਕੇ ਨਹੀਂ ਸਗੋਂ ਉਨਾਂ ਦੇ ਇੱਕ ਅੰਗ ਅਤੇ ਸਿੱਟੇ ਦੇ ਰੂਪ ‘ਚ ਪੇਸ਼ ਕੀਤਾ ਹੈ। ਪੰਜਾਬ ਦੇ ਪੇਂਡੂ, ਕਸਬਾਈ ਅਤੇ ਸ਼ਹਿਰੀ ਜੀਵਨ ਦੇ ਪੂੰਜੀਵਾਦੀ ਰੁਪਾਂਤਰਣ ਦੇ ਸੂਖਮ ਵੇਰਵਿਆਂ ਤਫਸੀਲਾਂ ਨੂੰ ਦਲਿਤ ਜੀਵਨ ‘ਤੇ ਉਨਾਂ ਦੇ ਪ੍ਰਭਾਵ ਨੂੰ ਕੇਂਦਰ ਵਿੱਚ ਰੱਖਕੇ ਪੇਸ਼ ਕਰਨ ਵਾਲ਼ੀਆਂ ਇਹ ਹਿੰਦੀ ਦੀਆਂ ਸ਼ਾਇਦ ਇਕੱਲੀਆਂ ਨਾਵਲ ਰਚਨਾਵਾਂ ਹਨ। ਜਾਤ ਦੇ ਸਵਾਲ ਪ੍ਰਤੀ ਜਗਦੀਸ਼ਚੰਦਰ ਦਾ ਰਵੱਈਆ ਵਰਗ-ਵਿਸ਼ਲੇਸ਼ਣਵਾਦੀ ਹੈ, ਪਰ ਵਰਗ-ਘਟਾਉਵਾਦੀ ਨਹੀਂ ਹੈ। ‘ਜੁੰਕਰ ਟਾਈਪ ਬੁਰਜੂਆ ਸੁਧਾਰਾਂ’ ਦੇ ਭਾਰਤੀ ਸੰਸਕਰਣ ਨੇ ਕਾਸ਼ਤਕਾਰ ਕਿਸਾਨਾਂ ਨੂੰ ਮਾਲਕ ਬਣਾਕੇ ਉਨਾਂ ਦੀ ਸਥਿਤੀ ਵਿੱਚ ਬਦਲਾਅ ਕੀਤਾ ਅਤੇ ਜਗੀਰੂ ਭੂਮੀਪਤੀਆਂ ਨੂੰ ਬੂਰਜੂਆ ਭੂਮੀਪਤੀ ਬਣ ਜਾਣ ਦਾ ਭਰਭੂਰ ਮੌਕਾ ਦਿੱਤਾ, ਪਰ ਅਨੇਕ ਸੰਵਿਧਾਨਕ ”ਗਰੰਟੀਆਂ” ਦੇ ਬਾਵਜੂਦ ਭੂਮੀਹੀਣ ਦਲਿਤਾਂ ਦੀ ਬਹੁਗਿਣਤੀ ਅਬਾਦੀ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਆਇਆ। ਪੰਜਾਬ ਦੇ ਪਿੰਡਾਂ ਦੀ ਪਿੱਠਭੂਮੀ ਵਿੱਚ ਇਸ ਨੰਗੀ ਸਚਾਈ ਨੂੰ ਜਗਦੀਸ਼ਚੰਦਰ ਨੇ ਅਤਿਅੰਤ ਕੁਸ਼ਲ ਢੰਗ ਨਾਲ਼ ਪੇਸ਼ ਕੀਤਾ ਹੈ। ਕਦੇ-ਕਦੇ ਅਫਸੋਸ ਹੁੰਦਾ ਹੈ ਕਿ ਦੇਸ਼ ਦੇ ਜਿਨ੍ਹਾਂ ਇਲਾਕਿਆਂ ਵਿੱਚ ਜਿਮੀਂਦਾਰੀ ਪ੍ਰਥਾ ਦਾ ਭੂਮੀ-ਬੰਦੋਬਸਤ ਲਾਗੂ ਸੀ (ਜਿਵੇਂ ਕਿ ਉੱਤਰ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ) ਅਤੇ ਜਿੱਥੇ ਦਲਿਤਾਂ ਦੀਆਂ ਜੀਵਨ ਸਥਿਤੀਆਂ ਸਭ ਤੋਂ ਵੱਧ ਨਰਕੀ ਸਨ, ਉੱਥੇ ਦੀ ਪਿੱਠਭੂਮੀ ‘ਤੇ ਕਿਸੇ ਨਾਵਲਕਾਰ ਨੇ ਦਲਿਤ-ਜੀਵਨ ਨੂੰ ਕੇਂਦਰ ਵਿੱਚ ਰੱਖ ਕੇ ਇਸ ਤਰਾਂ ਦਾ ਕੋਈ ਨਾਵਲ ਨਹੀਂ ਲਿਖਿਆ।

ਜਾਤੀ ਦਾਬੇ ਦੇ ਆਰਥਿਕ ਅਧਾਰਾਂ ਦੀ ਅਤਿਅੰਤ ਸੂਖਮ ਪੜਤਾਲ ਕਰਨ ਨਾਲ਼ ਹੀ ਜਗਦੀਸ਼ਚੰਦਰ ਬੁਰਜੂਆ ਜਮਾਤੀ-ਵਿਭੇਦੀਕਰਨ ਦੇ ਦਲਿਤ-ਸਮਾਜ ਸੰਰਚਨਾ ‘ਤੇ ਪੈਣ ਵਾਲ਼ੇ ਪ੍ਰਭਾਵਾਂ ਦੀ ਬਿਲਕੁਲ ਅਣਦੇਖੀ ਨਹੀਂ ਕਰਦੇ। ਉਹ ਇਸ ਸਚਾਈ ਤੋਂ ਮੂੰਹ ਨਹੀਂ ਮੋੜਦੇ ਕਿ ਦਲਿਤਾਂ ਵਿਚਕਾਰ ਜੋ ਇੱਕ ਮੱਧਵਰਗੀ ਬੌਧਿਕ ਤਬਕਾ ਪੈਦਾ ਹੋਇਆ ਹੈ, ਉਹ ਖੁਦ ਨੂੰ ਬਹੁਗਿਣਤੀ ਦਲਿਤ ਅਬਾਦੀ ਤੋਂ ਕੱਟ ਕੇ ਅਲੱਗ ਕਰ ਚੁੱਕਾ ਹੈ ਅਤੇ ਇੱਕ ਨਵੇਂ ਕੁਲੀਨ ਤਬਕੇ ਵਿੱਚ ਤਬਦੀਲ ਹੋ ਚੁੱਕਾ ਹੈ। ਇਨਾਂ ਵਿੱਚ ਕੁਲਤਾਰ ਸਿੰਘ ਵਰਗੇ ਦਲਿਤ ਅਫਸਰ ਹਨ ਜੋ ਆਪਣੇ ਹੀ ਭਰਾਵਾਂ ਦਾ ਹੱਕ ਖੋਹਕੇ ਫਾਰਮ ਹਾਊਸ ਦਾ ਮਾਲਕ ਬਣ ਚੁੱਕਾ ਹੈ। ਦੂਜੇ ਪਾਸੇ ਕਾਲ਼ੀ ਦੇ ਬੇਟੇ (ਕਲੈਕਟਰ) ਗਿਆਨ ਪ੍ਰਕਾਸ਼ ਅਤੇ (ਡਾਕਟਰ) ਸਤਪ੍ਰਕਾਸ਼ ਵੀ ਇਨ੍ਹਾਂ ‘ਚ ਸ਼ਾਮਲ ਹਨ, ਜੋ ਖੁਦ ਦਲਿਤਾਂ ਦੇ ਸਮਾਜਿਕ ਜੀਵਨ ਦੇ ਹਨੇਰਮਈ ਜੀਵਨ ਤੋਂ ਬਾਹਰ ਨਿੱਕਲ਼ ਆਉਣ ਬਾਅਦ ਹੁਣ ਉਧਰ ਮੁੜ ਕੇ ਵੀ ਨਹੀਂ ਦੇਖਣਾ ਚਾਹੁੰਦੇ ਜਿੱਥੇ ਹੁਣ ਵੀ ਬਹੁਗਿਣਤੀ ਦਲਿਤ ਰਾਜਨੀਤੀ ਦੀ ਅਸਲੀਅਤ ਨੂੰ ਵੀ ਉਜ਼ਾਗਰ ਕਰਦੇ ਹਨ ਜੋ ਸਿਰਫ ਦਲਿਤ ਹਿਤਾਂ ਦੀ ਸੌਦੇਬਾਜ਼ੀ ਅਤੇ ਵੋਟਾਂ ਦੀ ਰਾਜਨੀਤੀ ਕਰਦੀ ਹੈ। ਸੱਤ੍ਹਾ ਨਾਲ਼ ਜੁੜੀ ਅਜਿਹੇ ਰਾਜਨੇਤਾਵਾਂ ਦੀ ਪੁਰਾਣੀ ਪੀੜ੍ਹੀ ਦੀ ਨੁਮਾਇੰਦਗੀ ਚੌਧਰੀ ਸ਼ਿੰਗਾਰਾਰਾਮ ਕਰਦਾ ਹੈ ਤਾਂ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਸੇਠ ਰਾਮਪ੍ਰਕਾਸ਼ ਜਿਹੇ ਲੋਕ ਕਰਦੇ ਹਨ ਜੋ ਦਲਿਤ ਰਾਜਨੀਤੀ ਦੇ ਨਾਂ ‘ਤੇ ਕੇਵਲ ਕੁਲਤਾਰ ਸਿੰਘ ਵਰਗੇ ਅਫਸਰਾਂ ਦੇ ਜਮਾਤੀ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ।

ਕਈ ਅਰਥਾਂ ਵਿੱਚ ‘ਗੋਦਾਨ’ ਦੀ ਪ੍ਰੰਪਰਾ ਦਾ ਅਸਲ ਵਿਸਤਾਰ ਜਗਦੀਸ਼ਚੰਦਰ ਦੀਆਂ ਇਨ੍ਹਾਂ ਕਿਰਤਾਂ ਵਿੱਚ ਦੇਖਿਆ ਜਾ ਸਕਦਾ ਹੈ। ‘ਗੋਦਾਨ’ ਵਿੱਚ ਮੁੱਖ ਤੌਰ ‘ਤੇ ਚੌਥੇ ਦਹਾਕੇ ਦੇ ਹਿੰਦੁਸਤਾਨ ਦੇ ਪਿੰਡਾਂ ਦੀ ਗਾਥਾ ਹੈ। ਉੱਥੇ ਦਲਿਤਾਂ ਦੀਆਂ ਜੀਵਨ ਸਥਿਤੀਆਂ ਦਾ ਚਿੱਤਰ ਵੀ ਹੈ, ਪਰ ਕੇਂਦਰ ਵਿੱਚ ਜਿੰਮੀਦਾਰੀ ਪ੍ਰਥਾ ਦੇ ਜੂਲ਼ੇ ਥੱਲੇ ਪਿਸਦੇ ਪੂਰਬੀ ਉੱਤਰ ਪ੍ਰਦੇਸ਼ ਦੇ ਮੁਜ਼ਾਰੇ ਕਿਸਾਨਾਂ ਦੀ ਮਾੜੀ ਹਾਲਤ ਹੈ। ਜਗਦੀਸ਼ਚੰਦਰ ਦੀ ਇਹ ਨਾਵਲ-ਲੜੀ ਮੁੱਖ ਤੌਰ ‘ਤੇ ਅਜ਼ਾਦੀ ਤੋਂ ਬਾਅਦ ਦੇ ਤਿੰਨ ਦਹਾਕਿਆਂ ਦੇ ਸੰਕਰਮਣਸ਼ੀਲ ਭਾਰਤ ਦੇ ਪਿੰਡਾਂ ਦੀ ਗਾਥਾ ਹੈ, ਪਰ ਇੱਥੇ ਕੇਂਦਰ ਵਿੱਚ ਦਲਿਤਾਂ ਦਾ ਜੀਵਨ ਹੈ ਅਤੇ ਵਿਸ਼ਿਸ਼ਟ ਸਮਾਜਿਕ ਪ੍ਰਸਥਿਤੀਆਂ ਪੰਜਾਬ ਦੀਆਂ ਹਨ। ਨਾਲ਼ ਹੀ, ਜਗਦੀਸ਼ਚੰਦਰ ਪਿੰਡਾਂ ਤੋਂ ਉੱਜੜਕੇ ਸ਼ਹਿਰਾਂ ਵਿੱਚ ਆਏ ਦਲਿਤਾਂ ਦੀ ਤਰਾਸਦੀ ਵੀ ਗ੍ਰਫਿਕ ਵਿਸਤਾਰ ਨਾਲ਼ ਪੇਸ਼ ਕਰਦੇ ਹਨ।

ਪ੍ਰੇਮਚੰਦ ਦੀ ਹੀ ਤਰਾਂ, ਜਗਦੀਸ਼ਚੰਦਰ ਦੇ ਵੀ ਸੰਦਰਭ ਵਿੱਚ ”ਯਥਾਰਥਵਾਦ ਦੀ ਜਿੱਤ” ਮੁੱਖ ਤੌਰ ‘ਤੇ ਇਹ ਹੈ ਕਿ ਪੇਸ਼ ਕੀਤੇ ਗਏ ਬੁਨਿਆਦੀ ਜੀਵਨ-ਸਵਾਲ ਦਾ ਹੱਲ ਉਹ ਨਕਲੀ ਜਾਂ ਥੋਪੇ ਹੋਏ ਢੰਗ ਨਾਲ਼ ਕਥਾ-ਬਿਆਨ ਦੀ ਹੱਦ ਵਿੱਚ ਵਾਪਰਦੇ ਨਹੀਂ ਦਿਖਾਉਂਦੇ। ਇਸ ਸਤਹੀ ਵਿਕਲਪ ਦੁਆਰਾ ਪਾਠਕ ਨੂੰ ਰਾਹਤ ਜਾਂ ਚੈਨ ਤਾਂ ਮਿਲ ਸਕਦਾ ਸੀਪਰ ਇਹ ”ਯਥਾਰਥਵਾਦ ਦੀ ਹਾਰ” ਦੀ ਸ਼ਰਤ ‘ਤੇ ਹੀ ਸੰਭਵ ਹੁੰਦਾ! ‘ਗੋਦਾਨ’ ਦੀ ਹੀ ਤਰਾਂ ਜਗਦੀਸ਼ਚੰਦਰ ਦੀ ਨਾਵਲ ਲੜੀ ਦਾ ਤਰਾਸਦ ਅੰਤ ਪਾਠਕ ਨੂੰ ਉਸ ਬੇਚੈਨੀ ਤੱਕ ਪਹੁੰਚਕੇ ਛੱਡ ਦਿੰਦਾ ਹੈ ਜਿੱਥੋ ਹੱਲ ਦੀ ਤਲਾਸ਼ ਦੀਆਂ ਚਿੰਤਾਵਾਂ ਉੱਗਣਾ-ਪਲਣਾ ਸ਼ੁਰੂ ਕਰਦੀਆਂ ਹਨ।

ਜਗਦੀਸ਼ਚੰਦਰ ਹਿੰਦੀ ਕਥਾ-ਸਾਹਿਤ ਵਿੱਚ ਯਥਾਰਥਵਾਦ ਦੇ ਮਹਾਨਪੇਸ਼ਕਾਰਾਂ ਦੇ ਸਮਰੱਥ ਵਾਰਿਸ ਦੀ ਆਪਣੀ ਯੋਗਤਾ ਨਿਰਵਿਵਾਦ ਰੂਪ ਨਾਲ਼ ਸਿੱਧ ਕਰ ਚੁੱਕੇ ਸਨ। ਹਿੰਦੀ ਸਾਹਿਤ ਨੇ ਅਜੇ ਉਨਾਂ ਤੋਂ ਬਹੁਤ ਕੁੱਝ ਹਾਸਲ ਕਰਨਾ ਸੀ। ਉਨਾਂ ਦੀ ਬੇਵਕਤੀ ਮੌਤ ਨੇ ਹਿੰਦੀ ਸਾਹਿਤ ਨੂੰ ਸੱਚਮੁੱਚ ਕਦੇ ਨਾ ਪੂਰੀ ਹੋਣ ਵਾਲ਼ੀ ਘਾਟ ਪਹੁੰਚਾਈ ਹੈ। ਕਾਸ਼ ਕਿ ਆਪਣੀ ਨਾਵਲ-ਲੜੀ ਦੀ ਦਲਿਤ ਮਹਾਂਗਾਥਾ ਨੂੰ ਉਹ ਵੀਹਵੀਂ ਸਦੀ ਦੇ ਅੰਤ ਤੱਕ ਵਿਸਤਾਰ ਦੇ ਪਾਉਂਦੇ। ਆਸ਼ਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਰਚਨਾ ਨਵੀਂ ਪੀੜ੍ਹੀ ਦੇ ਕੁੱਝ ਸਾਹਸੀ, ਮਿਹਨਤੀ ਲੇਖਕਾਂ ਨੂੰ ਅਜਿਹੇ ਯਤਨਾਂ ਲਈ ਪ੍ਰੇਰਿਤ ਕਰੇਗੀ।

-ਮੂਲ ਹਿੰਦੀ ਤੋਂ ਅਨੁਵਾਦ-ਮਾਸਟਰ ਬਲਵੀਰ

 

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s