ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ? •ਗੁਰਚਰਨ ਸਿੰਘ ਸਹਿੰਸਰਾ

4

ਪੀ.ਡੀ.ਐਫ਼ ਡਾਊਨਲੋਡ ਕਰੋ

ਅੱਜ ਵਿਗਿਆਨਕ ਜੁਗ ਅੰਦਰ ਹਰ ਦੇਸ ਦੇ ਸਾਹਿਤ ਨੂੰ, ਇਸ ਦੀਆਂ ਸਵਾਰਥਕ ਕੀਮਤਾਂ ਲੱਭਣ ਲਈ ਪਦਾਰਥਕ ਦਰਿਸ਼ਟੀ ਤੋਂ ਘੋਪਕੇ ਤੇ ਕੁਣਸਾਂ ਕੱਢ ਕੇ ਤੇ ਵਿਚਾਰ ਕੇ ਯਥਾਰਥਕ ਲੀਹਾਂ ‘ਤੇ ਬਿਆਨਿਆ ਜਾ ਰਿਹਾ ਹੈ। ਮੱਧਕਾਲ ਸਮੇਂ ਦੇ ਹੋਰ ਸਾਹਿਤ ਵਾਂਗ ਸਿੱਖ ਸਾਹਿਤ ਵਿੱਚ ਵੀ ਸਾਖੀਆਂ ਤੇ ਰਚਨਾਵਾਂ ਅਜਿਹੀਆਂ ਹਨ-ਅਸਲ ਹਨ, ਕਿ ਭਾਵੇਂ ਉਹ ਕਿੰਨੀਆਂ ਹੀ ਮੰਨੀਆਂ ਪ੍ਰਮੰਨੀਆਂ ਰਹੀਆਂ ਜਾਂਦੀਆਂ ਹੋਣ, ਅੱਜ ਚੇਤਨ ਬੁੱਧੀ ਨੂੰ ਨਹੀਂ ਜਚ ਰਹੀਆਂ। ਪੰਜਾਬੀ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਅੰਦਰ ਆਈ ਏਸ ਕੁਣਸਾਂਕੱਢੂ ਚੇਤਨਾ ਨੇ ਸਿੱਖ ਸਾਹਿਤ ਵਿੱਚੋਂ ਨਿਰਮੂਲਤਾ ਛੱਡਣ, ਭਰਮ ਭਾਵ ਸਾਫ ਕਰਨ ਤੇ ਅਸਲੀਅਤ ਪ੍ਰਕਾਸ਼ਨ ਦੇ ਯਤਨ ਆਰੰਭ ਦਿੱਤੇ ਹਨ।

ਏਸ ਦਰਿਸ਼ਟੀ ਤੋਂ ”ਜਫ਼ਰਨਾਮਾ ਗੁਰੂ ਗੋਬਿੰਦ ਸਿੰਘ” ਦੇ ਨਾਂ ‘ਤੇ ਪ੍ਰਸਿੱਧ ਇਤਿਹਾਸਕ ਫਾਰਸੀ ਰਚਨਾ ਨੂੰ ਵਾਚਿਆਂ ਵਿਚਾਰਿਆਂ ਪ੍ਰੋ. ਗੁਰਬਚਨ ਸਿੰਘ ਤਾਲਬ ਦਾ ਇਹ ਤੱਥ ਸੌ ਪੈਸੇ ਦਰੁਸਤ ਹੈ, ਕਿ ”ਜਫ਼ਰਨਾਮਾ ਉਹ ਖਤ ਨਹੀਂ, ਜੋ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ।”

ਉਂਝ ਵੀ ਸਾਹਿਤਕ ਰੂਪ ਪੱਖੋਂ ਏਸ ਜਫ਼ਰਨਾਮੇ ਦੇ ਪਲਾਟ ਨੂੰ ਵੇਖਿਆ ਜਾਵੇ ਤਾਂ ਇਹ ਖ਼ਤ ਨਹੀਂ। ਇਹ ਨਾ ਤਾਂ ਸ਼ੁਰੂ ਹੋਣ ਲੱਗਿਆ (ਖ਼ਤ ਲਿਖਤ ਦੇ ਲਿਹਾਜ਼ ਨਾਲ਼) ਕਿਸੇ ਨੂੰ ਸੰਬੋਧਤ ਹੈ ਤੇ ਨਾ ਮੁੱਕਣ ਲੱਗਿਆ ਇਸਦਾ ਕੋਈ ਸੰਬੋਧਕਾਰ। ਏਸ ਰਚਨਾ ਦਾ ਪਲਾਟ ਇੱਕ ਦੂਸਰੇ ਵੱਲੋਂ ਕਲਪਤ ਖ਼ਤ ਲਿਖੇ ਲਿਖਵਾਏ ਕਿਲਦੇ ਹਨ। ਉਸੇ ਤਰ੍ਹਾਂ ਇਹ ਦਾਸਤਾਂ ਵੀ ਦੋ ਵਿਰੋਧਾਂ ਵਿੱਚੋਂ ਇੱਕ ਵਿਰੋਧ ਦੀ ਕਲਪਤ ਵਾਰਤਾ ਵਾਲ਼ੀ ਕਵਿਤਾ ਹੈ।

ਏਸ ਕਰਕੇ ਹੀ ਏਸ ਦੇ ਕਰਤਾ ਨੇ ਏਸ ਨੂੰ ‘ਖ਼ਤ ਨਹੀਂ, ”ਦਾਸਤਾਂ ਲਿਖਿਆ ਹੈ। ਜੇ ਇਹ ‘ਖ਼ਤ’ ਹੁੰਦਾ ਤਾਂ ਖ਼ਤ ਹੀ ਲਿਖਿਆ ਜਾਂਦਾ, ਦਾਸਤਾਂ ਨਹੀਂ ਹਾਲਾਂਕਿ ਖ਼ਤ ਵੀ ਫਾਰਸੀ ਸ਼ਬਦ ਹੈ ਤੇ ਇਹ ਹੈ ਵੀ ਦਾਸਤਾਂ ਜਿਸ ਦਾ ਅਰਥ ਹੈ, ਕਹਾਣੀ, ਵਾਰਤਾ, ਕਿੱਸਾ ਆਦਿ। ਜਦ ਲਿਖਣ ਵਾਲ਼ਾ ਇਸ ਨੂੰ ”ਦਾਸਤਾਂ” ਲਿਖਦਾ ਹੈ ਤਾਂ ਸਾਡਾ ਏਸ ਨੂੰ ਖ਼ਤ ਆਖਣਾ ਜਾਂ ਸਮਝਣਾ ਸਾਡੀ ਕਮ-ਅਕਲੀ ਹੈ। ਮੂਲ ਰੂਪ ਵਿੱਚ ਇਹ ਮੁਗਲ ਰਾਜ ਵੱਲੋਂ ਗੁਰੂ ਸਾਹਿਬ ਨਾਲ਼ ਕੀਤੇ ਗਏ ਜ਼ੁਲਮੀ ਵਿਵਹਾਰ ਦੀ ਦਾਸਤਾਂ ਹੈ ਕਿੱਸਾ ਹੈ।

ਪਰ ਕਿਉਂਕਿ ਏਸ ਦੀ ਸਾਰੀ ਲਿਖਤ ਵਾਰਤਾਲਾਪ ਤਰਜ਼ ਦੀ ਹੈ ਜਿਸ ਵਿੱਚ ਗੁਰੂ ਸਾਹਿਬ ਤੋਂ ਇੱਕ ਪਾਤਰੀ ਵਾਰਤਾਲਾਪ ਕਰਵਾਇਆ ਗਿਆ ਹੈ। ਜਿਸ ਕਰਕੇ ਸਧਾਰਨ ਬੁੱਧੀ ਨੂੰ ਤੇ ਖਾਸ ਕਰ ਅੰਧ-ਵਿਸ਼ਵਾਸ ਨੂੰ ਏਸ ਦੇ ਗੁਰੂ ਸਾਹਿਬ ਵੱਲੋਂ ਔਰੰਗਜ਼ੇਬ ਨੂੰ ਲਿਖੀ ਲਿਖਤ ਦਾ ਟਪਲਾ ਲੱਗਦਾ ਹੈ। ਸਿੱਖ ਰੈਫਰੈਂਸ ਲਾਇਬਰੇਰੀ, ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ”ਦਸਮ ਗਰੰਥ” ਦੇ ਇੱਕ ਹੱਥ ਲਿਖਤ ਖਰੜੇ ਵਿੱਚ ਏਸ ਨੂੰ ”ਜ਼ਫਰਨਾਮਾ ਬਤਰਫ ਆਲਮਗਪਰ ਨਾਮਾ ਨਵਿਸ਼ਤਾ” ਲਿਖਿਆ ਵੀ ਵੇਖਿਆ ਗਿਆ ਹੈ।

ਮੱਧ ਕਾਲ ਸਮੇਂ ਫਾਰਸੀ ਵਿੱਚ ਸ਼ਾਹਨਾਮੇ, ਸਪਾਸਨਾਮੇ, ਫਤਿਹਨਾਮੇ ਤੇ ਜ਼ਫਰਨਾਮੇ ਲਿਖਣ ਦਾ ਬਹੁਤ ਰਵਾਜ ਸੀ। ਕਿਸੇ ਵਿਜਈ ਲੜਾੜੀ ਦੇ ਵਾਰਤਕ ਜਾਂ ਕਾਵਿਕ ਵਰਨਣ ਨੂੰ ਜ਼ਫਰਨਾਮਾ ਜਾਂ ਫਤਿਹਨਾਮਾ ਤੇ ਪੰਜਾਬੀ ਵਿੱਚ ਵਾਰ ਆਖਿਆ ਜਾਂਦਾ ਸੀ। ਏਸ ਬਚਨ ਨੂੰ ਪ੍ਰਮਾਣਤ ਕਰਨ ਲਈ ਹੇਠ ਲਿਖੇ ਜ਼ਫਰਨਾਮੇ ਪੇਸ਼ ਕੀਤੇ ਜਾਂਦੇ ਹਨ :-

1. ਜ਼ਫਰਨਾਮਾ ਬਹਾਦਰ ਸ਼ਾਹ – ਇਹ ਬਹਾਦਰ ਸ਼ਾਹ ਦੀ ਦਿੱਲੀ ਦਾ ਤਖਤ ਪ੍ਰਾਪਤ ਕਰਨ ਲਈ ਜਿੱਤੀ ਗਈ ਲੜਾਈ ਫਾਰਸੀ ਗਲਪ ਬਿਰਤਾਂਤ ਹੈ।
2. ਜ਼ਫਰਨਾਮਾ ਕਾਬਲ– ਏਸ ਵਿੱਚ ਖਵਾਜਾ ਅਬਦੁਲ ਕਾਸਮ ਅੰਗਰੇਜ਼ਾਂ ਦੇ ਕਾਬਲ ਲੜਾਈ ਜਿੱਤਣ ਦੀ ਲੜਾਈ ਦਾ ਵਰਣਨ ਕੀਤਾ ਹੈ।
3. ਜ਼ਫਰ ਅਲ ਜ਼ਫਰ– ਪ੍ਰਸਿੱਧ ”ਫਤਿਹਨਾਮਾ ਅੰਗਰੇਜ਼” ਇਹ ਫਰਾਂਸੈ ਕੁਈਨ ਦਾ ਫਾਰਸੀ ਕਵਿਤਾ ਵਿੱਚ ਲਿਖਿਆ ਮਈ 1857 ਵਿੱਚ ਦਿੱਲੀ ਨੂੰ ਬਾਗੀਆਂ ਪਾਸੋਂ ਮੁੜ ਫਤਿਹ ਕਰਨ ਦੀ ਲੜਾਈ ਦਾ ਕਿੱਸਾ ਹੈ।
4. ਜ਼ਫਰਨਾਮਾ ਅਹਿਮਦ ਸ਼ਾਹ ਅਬਦਾਲੀ– ਕਿਰਤ ਅਸ਼ਰਫ ਅਲਦੀਨ ਯੁਜ਼ਦੀ।
5. ਜ਼ਫਰਨਾਮਾ ਜਰਨਲ ਲੇਕ ਸਾਹਿਬ– ਕਿਰਤ ਸ਼ੰਭੂ ਬ੍ਰਾਹਮਣ
6. ਜ਼ਫਰਨਾਮਾ ਰਣਜੀਤ ਸਿੰਘ– ਕਿਰਤ ਘਨੱਈਆ ਲਾਲ
7. ਜ਼ਫਰਨਾਮਾ ਰਣਜੀਤ ਸਿੰਘ– ਕਿਰਤ ਦੀਵਾਨ ਅਮਰ ਨਾਥ
8. ਜ਼ਫਰਨਾਮਾ ਮੁਅਯਨਲ ਮਲਕ– ਮੀਰ ਮੰਨੂੰ ਦੀਆਂ ਲੜਾਈਆਂ ਦੀ ਜਿੱਤ।
9. ਜ਼ਫਰਨਾਮਾ ਖ਼ਾਕਾਨੀ- ਕਿਰਤ ਨਿਜ਼ਾਮ ਸ਼ਾਮੀ, ਖ਼ਾਕਾਨ ਦੀ ਲੜਾਈ ਦੀ ਜਿੱਤ।
10. ਏਸੇ ਤਰ੍ਹਾਂ ”ਜ਼ਫਰਨਾਮਾ ਗੁਰੂ ਗੋਬਿੰਦ ਸਿੰਘ” ਇਹ ਔਰੰਗਜ਼ੇਬ ਦੀ ਕਸਮ ਉੱਤੇ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਛੱਡਣ, ਕਸਮ ਤੋੜਕੇ, ਮੁਗਲ ਫ਼ੌਜਾਂ ਦੇ ਗੁਰੂ ਸਾਹਿਬ ‘ਤੇ ਹਮਲਾ ਕਰਨ, ਚਹੁੰ ਪੁੱਤਰਾਂ ਦੇ ਕਤਲਾਏ ਜਾਣ, ਔਰੰਗਜ਼ੇਬ ਨੂੰ ਮੁਲਾਕਾਤ ਲਈ ਸੱਦਣ ਜਾਂ ਉਸ ਪਾਸੋਂ ਆਪ ਸਦਵਾਏ ਜਾਣ ਦੀ ਉਸੇ ਤਰ੍ਹਾਂ ਦੀ ਕਲਪਤ ਵਾਰਤਾ ਹੈ, ਜਿਸ ਤਰ੍ਹਾਂ ਹੋਰਨਾਂ ਜ਼ਫਰਨਾਮਿਆਂ ਤੇ ਕਿੱਸਾ ਕਾਵਿ ਦੇ ਆਮ ਖਤਾਂ ਵਿੱਚ ਹੁੰਦੀ ਹੈ। ਵਾਰਸ਼ ਸ਼ਾਹ ਨੇ ਵੀ ਕਲਪਤ ਖ਼ਤ ਕਵਿਤਾਏ ਹਨ।

ਸੋ ਇਹ ਜ਼ਫਰਨਾਮਾ ਉਹ ਖ਼ਤ ਨਹੀਂ, ਇੱਕ ਇਤਿਹਾਸਕ ਦਾਸਤਾਂ ਹੈ।

”ਦਸਮ ਗਰੰਥ” ਵਿੱਚ ”ਸ੍ਰੀ ਮੁੱਖ ਵਾਕ ਪਾਤਸ਼ਾਹੀ 10 ਦੇ ਸਿਰਲੇਖ ਹੇਠ ਇਹ ਵਾਰਤਾ ਇਕਸੇ ਬਹਿਰ ਦੇ 863 ਛੰਦਾਂ ਦੀਆਂ 12 ਫਾਰਸੀ ਕਵਿਤਾਵਾਂ ਦਾ ਸੰਗ੍ਰਹਿ ਹੈ। ਕਿਸੇ ਇੱਕ ਕਵੀ ਦੀਆਂ ਫਾਰਸੀ ਕਵਿਤਾਵਾਂ ਦੇ ਸੰਗ੍ਰਹਿ ਨੂੰ ਫ਼ਾਰਸੀ ਵਿੱਚ ਦੀਵਾਨ ਆਖਿਆ ਜਾਂਦਾ ਹੈ। ਸੋ ਏਸ ਲਿਹਾਜ ਨਾਲ਼ ਇਹ ਇੱਕ ਫ਼ਾਰਸੀ ਦੀਵਾਨ ਹੈ, ਜਿਸ ਦੀ ਪਹਿਲੀ ਕਵਿਤਾ ਦਾ ਸਿਰਲੇਖ ”ਜ਼ਫਰਨਾਮਾ ਗੁਰੂ ਗੋਬਿੰਦ ਸਿੰਘ” ਹੋਣ ਕਰਕੇ ਸਾਰੀਆਂ ਕਵਿਤਾਵਾਂ ਦੇ ਏਸ ਦੀਵਾਨ ਨੂੰ ਜ਼ਫਰਨਾਮਾ ਮਿਥਿਆ ਗਿਆ ਤੇ ਜਾਂਦਾ ਹੈ।  ਜਿਸ ਤਰ੍ਹਾਂ ਆਮ ਸਾਹਿਤਕ ਰਿਵਾਜ ਹੈ ਕਿ ਕਿਸੇ ਸੰਗ੍ਰਹਿ ਦੀ ਚੋਣਵੀਂ ਕਵਿਤਾ ਜਾਂ ਕਹਾਣੀ ਦੇ ਨਾਂ ਤੇ ਸਾਰੇ ਸੰਗ੍ਰਹਿ ਦਾ ਨਾਮ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਬਾਕੀ 11 ਕਵਿਤਾਵਾਂ ਦਾ ਵਿਸ਼ਾ ਵਸਤੂ ਦੇ ਲਿਹਾਜ਼ ਨਾਲ਼ ਜ਼ਫਰਨਾਮੇ ਵਾਲ਼ੀ ਕਵਿਤਾ ਦੇ ਵਿਸ਼ਾ ਵਸਤੂ ਨਾਲ਼ ਕੋਈ ਵਾਸਤਾ ਨਹੀਂ। ਉਹਨਾਂ ਵਿੱਚ ਪਹਿਲੀ ਤਾਂ ਰਾਜੇ ਦਲੀਪ ਦੀ ਹਿੰਦੂ ਗਾਥਾ ਹੈ। ਦੂਸਰੀ ਚੀਨ ਦੇ ਕਿਸੇ ਰਾਜੇ ਦੀ ਆਪਣੇ ਪੁੱਤਰਾਂ ਨੂੰ ਰਾਜਸੱਤਾ ਨਾਲ਼ੋਂ ਵਾਹੀ ਨੂੰ ਚੰਗਾ ਸਿੱਧ ਕਰਨ ਦੀ ਵਾਰਤਾ ਹੈ ਤੇ ਬਾਕੀ ਨੌਂ ਅਲਫ ਲੈਲਾ ਵਰਗੀਆਂ ਇਸਤਰੀ ਬੇਵਫ਼ਾਈ ਦੀਆਂ ਹਿਕਾਇਤਾਂ (ਕਹਾਣੀਆਂ) ਹਨ।

ਏਸ ਸਿਲਸਿਲੇ ਵਿੱਚ ਜ਼ਫ਼ਰਨਾਮੇ ਦੇ ਤਿੰਨ ਹੱਥ ਲਿਖਤੀ ਖਰੜੇ ਪੰਜ ਛਪਤਾ, ਦੋ ਹੱਥ ਲਿਖਤੀ ”ਦਸਮ ਗਰੰਥ’ ਤੇ ਇੱਕ ਪ੍ਰਕਾਸ਼ਤ ਦਸਮ ਗਰੰਥ ਪੁਣੇ-ਛਾਣੇ ਗਏ ਹਨ। ਇਹਨਾਂ ਦੇ ਲਿਖੇ ਜਾਂ ਛਾਪੇ ਜਾਣ ਦੀਆਂ ਤਾਰੀਖਾਂ ਤੋਂ ਪਤਾ ਲਗਦਾ ਹੈ ਕਿ 1650 ਤੋਂ ਪਹਿਲਾਂ ਦੀਆਂ ਸਭ ਹੱਥ ਲਿਖਤਾਂ ਤੇ ਛਪਤਾਂ ਸਾਰੇ ਦੇ ਸਾਰੇ ਦੀਵਾਨ ਨੂੰ ਜ਼ਫਰਨਾਮਾ ਮੰਨੀ ਬੈਠੀਆਂ ਹਨ। ਪਰ ਪੰਜਾਬ ਦੀ ਵੰਡ ਤੋਂ ਬਾਅਦ ਪੰਜਾਬੀ ਸਾਹਿਤ ਅੰਦਰ ਧਾਰਮਕ ਸੂਝ ਵਿੱਚ ਵੀ ਧਾਰਨ ਕਰ ਲਏ ਗਏ, ਵਿਗਿਆਨਕ ਦ੍ਰਿਸ਼ਟੀਕੋਨ ਦੇ ਫਲਸਰੂਪ ਏਸ ਰਚਨਾ ਵੱਲ ਵੀ ਧਿਆਨ ਮਾਰਿਆ ਗਿਆ ਹੈ ਤੇ ਬਾਵਾ ਪਿਆਰੇ, ਲਾਲ ਬੇਦੀ, ਲਾਲਾ ਨਾਨਕ ਚੰਦ ਨਾਜ਼ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀ ਪਿਆਰਾ ਸਿੰਘ ਪਦਮ ਦੀਆਂ ਪ੍ਰਕਾਸ਼ਨਾਵਾਂ ਵਿੱਚ ਏਸ ਦੀਵਾਨ ਦੀਆਂ ਯਾਰਾਂ ਦਾਸਤਾਨਾਂ ਛੱਡਕੇ ਕੇਵਲ ਜ਼ਫ਼ਰਨਾਮੇ ਵਾਲ਼ੀ ਪਹਿਲੀ ਦਾਸਤਾਂ ਹੀ ਜ਼ਫ਼ਰਨਾਮਾ ਕਰਕੇ ਛਾਪੀ ਗਈ ਹੈ। ਫਾਰਸੀ ਸਾਹਿਤ ਰੂਪ ਅਨੁਸਾਰ ਦਰਅਸਲ ਇਹੀ ਦਾਸਤਾਂ ਜ਼ਫ਼ਰਨਾਮਾ ਹੈ। ਪ੍ਰਸ਼ਨ ਇਹ ਹੈ ਕਿ ਇਹ ਗੁਰੂ ਸਾਹਿਬ ਦੀ ਆਪਣੀ ਰਚਨਾ ਹੈ ਜਾਂ ਨਹੀਂ। ਵਿਗਿਆਨਕ ਛਾਣ-ਬੀਣ ਤੇ ਇਤਿਹਾਸਕ ਵਿਆਪਕਤਾਵਾਂ ਤੇ ਅਧਾਰਤ ਦਲੀਲਬਾਜ਼ੀ ਗੁਰੂ ਸਾਹਿਬ ਨੂੰ ਏਸ ਦਾ ਕਰਤਾ ਨਹੀਂ ਮੰਨ ਸਕਦੀ।

ਏਸ ਦੇ ਗੁਰੂ ਸਾਹਿਬ ਦੀ ਰਚਨਾ ਹੋਣ ਦਾ ਧਿਆਨ ਭਾਈ ਮਨੀ ਸਿੰਘ ਦੱਸੀਦੇ ਹਨ। ਜਿੰਨ੍ਹਾਂ ਇਸ ਨੂੰ, ਦਸਮ ਗਰੰਥ ਐਡਿਟ ਕਰਨ ਵੇਲ਼ੇ, ”ਸ੍ਰੀ ਮੁਖਵਾਕ ਪਾਤਸ਼ਾਹੀ ੧੦” ਲਿਖਿਆ ਹੈ। ਭਾਈ ਜੀ ਤਾਂ ਏਸ ਦੀਵਾਨ ਦੀਆਂ ਬਾਕੀ ਯਾਰਾਂ ਕਾਵਿਕ ਦਾਸਤਾਨਾਂ ਨੂੰ ਵੀ ਜ਼ਫ਼ਰਨਾਮੇ ਨਾਲ਼ ”ਸ੍ਰੀ ਮੁਖਵਾਕ” ਹੋਣ ਦਾ ਧਿਆ ਹਨ। ਉਹਨਾਂ ਤਾਂ ਸਵਾਏ ਜ਼ਫਰਨਾਮੇ ਵਾਲ਼ੀ ਦਾਸਤਾਂ ਦੇ ਬਾਕੀ ਸਾਰੀਆਂ ਨੂੰ ਇੱਕਲੀ ਇੱਕਲੀ ਕਰਕੇ ”ੴ ਸਤਿਗੁਰ ਪ੍ਰਸਾਦਿ” ਦੇ ਸਿਰਨਾਵੇਂ ਹੇਠਾਂ ਉਤਾਰਿਆ ਹੈ। ਸੋ ਜੇ ਅੱਜ ਏਸ ਦੀਵਾਨ ਦੀਆਂ ਬਾਰਾਂ ਕਵਿਤਾਵਾਂ ਵਿੱਚੋਂ ਯਾਰਾਂ ਨੂੰ ਸ੍ਰੀ ਮੁਖਵਾਕ ਹੋਣ ਤੋਂ ਇਨਕਾਰਿਆ ਜਾ ਰਿਹਾ ਹੈ ਤਾਂ ਫੇਰ ਗੁਰੂ ਗੋਬਿੰਦ ਸਿੰਘ ਬਾਰੇ ਲਿਖੀ ਇਕੱਲੀ ਪਹਿਲੀ ਦਾਸਤਾਂ ਕਿਸ ਤਰ੍ਹਾਂ ਸ੍ਰੀ ਮੁਖਵਾਕ ਰਹਿ ਗਈ? ਇਹ ਬੜਾ ਯਥਾਰਥ ਸ਼ੰਕਾ ਹੈ, ਜਿਸ ਦੀ ਪੁਸ਼ਟੀ ਕਰਨ ਲਈ ਹੈ, ਲਿਖੀਆਂ ਕੁਣਸਾਂ ਨਿੱਕਲ਼ਦੀਆਂ ਹਨ।

1. ਇਤਿਹਾਸ ਵਿੱਚ ਕੋਈ ਐਸੀ ਮਿਸਾਲ ਨਹੀਂ ਮਿਲ਼ਦੀ, ਕਿ ਕਿਸੇ ਸੂਰਮੇ ਨੇ ਆਪਣਾ ਜ਼ਫ਼ਰਨਾਮਾ ਆਪ ਲਿਖਿਆ ਹੋਵੇ। ਉੱਤੇ ਲਿਖੇ ਗਏ 9 ਜ਼ਫਰਨਾਮਿਆਂ ਦਾ ਕੋਈ ਹੀਰੋ ਵੀ ਇਹਨਾਂ ਦਾ ਰਚਨਹਾਰ ਨਹੀਂ। ਏਸ ਤਰ੍ਹਾਂ ਗੁਰੂ ਸਾਹਿਬ ਵੀ ਏਸ ਦੇ ਕਰਤਾ ਨਹੀਂ ਮੰਨੇ ਜਾ ਸਕਦੇ, ਇਹ ਤਾਂ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਨਣ ਵਾਲ਼ੀ ਗੱਲ ਹੈ। ਗੁਰੂ ਸਾਹਿਬ ਨੇ ਆਪਣਾ ਜ਼ਫ਼ਰਨਾਮਾ ਕਿਉਂ ਲਿਖਣਾ ਸੀ?

2. ਬੇਸ਼ਕ ਗੁਰੂ ਸਾਹਿਬ ਫਾਰਸੀਦਾਂ ਸਨ ਤੇ ਉਹਨਾਂ ਦੇ ਦਰਬਾਰ ਵਿੱਚ ਫਾਰਸੀ ਦੇ ਕਵੀ ਤੇ ਵਾਰਤਾਕਾਰ ਵੀ ਮੌਜੂਦ ਸਨ। ਉਹਨਾਂ ਦੇ ਆਪਣੇ ਫਾਰਸੀ ਕਾਵਿ ਦਾ ਨਮੂਨਾ ਉਹਨਾਂ ਦੀ ਬਾਣੀ ਵਿੱਚ ਕਿਤੇ ਕਿਤੇ ਉੱਚਰੇ ਹੋਏ ਫਾਰਸੀ ਟੱਪਿਆਂ ਤੋਂ ਮਿਲ਼ਦਾ ਹੈ। ਪਰ ਉਹਨਾਂ ਫਾਰਸੀ ਵਿੱਚ ਆਪ ਕੋਈ ਨਿਰੋਲ ਕਵਿਤਾ ਨਹੀਂ ਕੀਤੀ। ਜਿਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਏਸ ਦੀਵਾਨ ਦੀ ਕਵਿਤਾ ਵੀ ਉਹਨਾਂ ਦੀ ਆਪਣੀ ਰਚਨਾ ਨਹੀਂ।

3. ਕਾਵਿ ਕਲਾ ਪੱਖੋਂ ਇਹ ਕਵਿਤਾ ਉਸ ਪਾਏ ਦੀ ਨਹੀਂ ਜਿੰਨੀ ਗੁਰੂ ਸਾਹਿਬ ਦੀ ਹੋਰ ਕਵਿਤਾ ਜਾਂ ਫਾਰਸੀ ਕਵਿਤਾ ਹੋਣੀ ਚਾਹੀਦੀ ਹੈ।* ਵਿਸ਼ੇ ਵਸਤੂ ਦੀ ਪਰੋਣ ਉੱਗੜ-ਦੁੱਗੜੀ ਤੇ ਕਿਤੇ ਕਿਤੇ ਇੱਕ-ਦੂਜੇ ਨੂੰ ਕਾਟਵੀਂ ਹੈ। ਜੇ ਇਹ ਗੁਰੂ ਸਾਹਿਬ ਦੀ ਰਚਨਾ ਹੁੰਦੀ ਤਾਂ ਏਸ ਵਿੱਚ ਨੁਕਸ ਨਾ ਹੁੰਦੇ। ਇਹ ਉਸੇ ਹੀ ਉਚ ਕੋਟੀ ਦੀ ਹੁੰਦੀ, ਜਿੰਨੀ ਅਕਾਲ ਉਸਤਤ ਤੇ ਸਵੱਈਆਂ ਆਦਿ ਦੀਆਂ ਕਵਿਤਾਵਾਂ ਹਨ।

(* ਇਸ ਬਾਰੇ ਸ਼੍ਰੀ ਲਛਮਣ ਦਾਸ ਸ਼ਾਇਕ ਕਾਫੀ ਲਿਖ ਚੁੱਕੇ ਹਨ।)

4. ਪਰੋਣ ਵਜੋਂ ਇੱਕੋ ਉਦਾਹਰਨ ਕਾਫੀ ਹੋਵੇਗੀ। ਕਸਮ ਤੋੜਨ ਦੇ ਉਲਾਹਮਿਆਂ ਦੇ 26 ਛੰਦ ਦਾਂ ਇੱਕ ਟੱਕ ਹਨ। ਫੇਰ ਹਰ ਦੂਜੇ ਤੀਜੇ (ਕਿਤਾਬੀ) ਸਫ਼ੇ ਤੇ ਦੋ ਦੋ ਚਾਰ ਚਾਰ ਮੁੜ ਏਸੇ ਵਿਸ਼ੇ ਉੱਤੇ ਹੋਰ ਛੰਦ ਹਨ, ਜੋ ਅਤਿ ਬੇਲੋੜੇ, ਬੇਚਜ਼ੇ ਤੇ ਬੇਥਾਵੇਂ ਜਾਪਦੇ ਹਨ। ਅਜਿਹੀ ਉੱਗੜੀ-ਦੁੱਗੜੀ ਦੁਹਰ ਤਿਹਰ ਗੁਰੂ ਸਾਹਿਬ ਦੀ ਆਪਣੀ ਕਿਸੇ ਹੋਰ ਕਥਤ ਰਚਨਾ ਵਿੱਚ ਨਹੀਂ ਮਿਲ਼ਦੀ।

5. ਏਸ ਤਰ੍ਹਾਂ ਇੱਕ ਦੂਸਰੀ ਨੂੰ ਕਾਟਵੀਆਂ ਗੱਲਾਂ ਵੀ ਰੜਕਦੀਆਂ ਹਨ। ਮਿਸਾਲ ਵਜੋਂ :-

(1) ਇੱਕ ਬੰਨੇ ਏਸ ਦਾਸਤਾਂ ਵਿੱਚ ਗੁਰੂ ਸਾਹਿਬ ਵਲੋਂ ਔਰੰਗਜ਼ੇਬ ਨੂੰ ਦੀਨੇ ਕਾਂਗੜ ਆ ਕੇ ਮੁਲਾਕਾਤ ਕਰਨ ਵਾਸਤੇ ਸਦਦਿਆਂ ਦੱਸਿਆ ਗਿਆ ਹੈ।

-ਕਿ ਤਸ਼ਰੀਫ ਕਸਬਾ ਕਾਂਗਰ ਕੁਨੱਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵੱਦ (੫੮) ਅਰਥਾਤ- ਕਾਂਗੜ ਦੇ ਕਸਬੇ ਤਸ਼ਰੀਫ ਲੈ ਆਵੇਂ ਤਾਂ ਉੱਥੇ ਆਪਸ ਵਿੱਚ ਮੁਲਾਕਾਤ ਹੋ ਜਾਵੇ।

-ਨ ਜ਼ਰਾਂ ਦਰੀ ਖਤਰਾ, ਹਮਾ ਕੌਮ ਬਰਾਰ ਹੁਕਮ ਮਿਰਾਸਤ (੫੯) ਅਰਥਾਤ-ਤੈਨੂੰ ਏਸ ਵਿੱਚ ਕੋਈ ਖਤਰਾ ਨਹੀਂ, ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ।

-ਬਿਆ ਤਾ ਸੁਖਨ ਖੁਦ ਜ਼ਬਾਨੀ ਕੁਨੇਮ, ਬਰੂਏ ਸ਼ੁਮਾ ਮਿਹਰਬਾਨੀ ਕੁਨੇਮ (੬੦) ਅਰਥਾਤ-ਉਥੇ ਖ਼ੁਦ ਜ਼ਬਾਨੀ ਗੱਲਬਾਤ ਕਰਾਂਗੇ, ਤੇਰੇ ਸਾਹਮਣੇ ਮਿਹਰਬਾਨੀ ਕਰਾਂਗੇ। (ਭਲਾਂ ਲਿਖਣ ਵਾਲ਼ਾ ਵੀ ”ਮਿਹਰਬਾਨੀ ਕਰਾਂਗੇ” ਕਿਸੇ ਨੂੰ ਆਖ ਸਕਦਾ ਹੈ। ਏਸ ਤੋਂ ਵੱਡੀ ਕੁਢੱਬੀ ਗੱਲ ਕੋਈ ਹੋਰ ਕੀ ਹੋ ਸਕਦੀ ਹੈ?)

(2) ਦੂਸਰੇ ਬੰਨੇ ਏਸ ਦੇ ਨਾਲ਼ ਲੱਗਦਿਆਂ ਛੰਦਾਂ ਵਿੱਚ ਗੁਰੂ ਸਾਹਿਬ ਨੂੰ ਆਪ ਔਰੰਗਜ਼ੇਬ ਪਾਸ ਹਾਜ਼ਰ ਹੋਣ ਦੀ ਦਰਖਾਸ ਕਰਦਿਆਂ ਦਸਿਆ ਗਿਆ ਹੈ, ਜਿਦਾਂ

-ਸ਼ਹਿਨਸ਼ਾਹ ਰਾ ਬੰਦਾ-ਇ-ਚਾਕਰੇਮ ਗਰ ਹੁਕਮ ਆਇਦ ਬਜਾ ਹਾਜ਼ਰੇਮ (੬੨)

-ਗਰ ਚਿ ਬਿਆਇਦ ਬਰਫਮਾਨਿ ਮਨ, ਹਜ਼ੂਰਤ ਬਿਆਇਮ ਹਮਾ ਜਾਨੋ ਤਨ (੬੩)

ਅਰਥਾਤ-ਮੈਂ ਸ਼ਹਿਨਸ਼ਾਹ ਦਾ ਚਾਕਰ ਬੰਦਾ ਹਾਂ, ਜੇ ਹੁਕਮ ਹੋਵੇ ਤਾਂ ਜਾਨ ਹਾਜ਼ਰ ਕਰਾਂ। ਜੇ ਮੇਰਾ ਹੁਕਮ ਮੰਨ ਕੇ ਆਵੇਂ ਤਾਂ ਮੈਂ ਹਜੂਰ ਪਾਸ ਸਾਰੀ ਜਾਨ ਤੇ ਸਰੀਰ ਲੈ ਕੇ ਹਾਜ਼ਰ ਹੋਵਾਂ।

ਜੇ ਗੁਰੂ ਸਾਹਿਬ ਦੀ ਇਹ ਆਪਣੀ ਰਚਨਾ ਹੁੰਦੀ ਤਾਂ ਉਹ ਪਹਿਲੀ ਪੋਜ਼ੀਸ਼ਨ (੫੮, ੫੯, ੬੦) ਤੋਂ ਬਾਅਦ ੬੨ ਅਤੇ ੬੩ ਛੰਦਾਂ ਵਾਲ਼ੀ ਪੋਜ਼ੀਸ਼ਨ ਨਾ ਲੈਂਦੇ। (ਸ਼ਾਇਦ ਏਸੇ ਵਿਰੋਧ ਤੇ ਪਰਦਾ ਪਾਉਣ ਲਈ ਲਾਲਾ ਨਾਨਕ ਚੰਦ ਨਾਜ਼ ਤੇ ਸ੍ਰੀ ਪਿਆਰਾ ਸਿੰਘ ਪਦਮ ਨੇ ਇਹ ਦੋਵੇਂ ਛੰਦ (੬੨, ੬੩) ਆਪਣੀਆਂ ਛਪਤਾਂ ਵਿੱਚ ਨਹੀਂ ਛਾਪੇ। ਜੋ ਦਸਮ ਗਰੰਥ ਦੀਆਂ ਸਾਰੀਆਂ ਹੱਥ ਲਿਖਤਾਂ ਤੇ ਛਪਤਾਂ ਵਿੱਚ ਮੌਜੂਦ ਹਨ ਤੇ ਜ਼ਫ਼ਰਨਾਮੇ ਦੇ ਦਸਤੀ ਉਤਾਰਾਂ ਵਿੱਚ ਵੀ ਹਨ।) :-

ਇਤਿਹਾਸਕ ਲਿਖਤਾਂ ਛਪਤਾਂ ਵਿੱਚੋਂ ਇਹ ਛਾਂਟਾ ਛਾਂਟੀ ਸਾਹਿਤਕ ਦਿਆਨਤਦਾਰੀ ਨੂੰ ਸੋਭਦੀ ਨਹੀਂ, ਸਗੋਂ ਅੰਦਰਲੇ ਚੋਰ ਵਾਲ਼ੀ ਗੱਲ ਹੈ। ਏਸ ਤਰ੍ਹਾਂ ਅਨਚਾਹਤ ਰੜਕਾਂ ਨੂੰ ਛਾਂਟ ਕੇ ਖਰੜੇ ਦੀ ਬੇਅਦਬੀ ਕਰਨ ਵਾਲ਼ੀ ਗੱਲ ਹੈ ਤੇ ਜੇ ਏਸ ਨੂੰ ਗੁਰੂ ਸਾਹਿਬ ਦੀ ਹੀ ਰਚਨਾ ਮੰਨਿਆ ਜਾਏ, ਜਿਸ ਤਰ੍ਹਾਂ ਇਹ ਲੋਕ ਮੰਨਦੇ ਹਨ ਤਾਂ ਇਹ ਖਰੜੇ ਦੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਫੇਰ ਗੁਰੂ ਸਾਹਿਬ ਦੀ ਬਾਣੀ ਦੀ ਕਾਂਟ ਛਾਂਟ ਕਰਨ ਵਾਲ਼ੇ ਇਹ ਕੌਣ ਹੁੰਦੇ ਹਨ?

ਵਿਗਿਆਨਕ ਯਥਾਰਥਵਾਦੀ ਦਰਿਸ਼ਟੀ ਕਿਸੇ ਇਤਿਹਾਸਕ ਸਾਹਿਤ ਰਚਨਾ ਵਿੱਚੋਂ ਮਾੜੇ ਨੂੰ ਛਾਂਟ ਕੇ ਬਾਕੀ ਚੰਗੇ ਦੀ ਬਿਨਾ ਉੱਤੇ ਵਿਅਖਿਆ ਨਹੀਂ ਕਰਦੀ। ਉਹ ਤਾਂ ਓਸ ਰਚਨਾ ਦੇ ਸਮੂਲਚੇ ਮਾੜੇ ਚੰਗੇ, ਗਲਤ ਠੀਕ, ਸੋਭਦੇ ਕੁਸੋਭਦੇ ਤੇ ਵਿਰੋਧ ਹਮਾਇਤ ਨੂੰ ਸਾਂਹਵੇ ਰੱਖ ਕੇ ਵਿਰੋਲੇਗੀ ਤੇ ਏਸ ਵਿਰੋਲ ਦੀ ਬਿਨਾਂ ਉੱਤੇ ਉਸ ਦੇ ਅਸਲੀ ਜਾਂ ਅਨ-ਅਸਲੀ ਤੇ ਆਪਣੇ ਜਾਂ ਪਰਾਏ ਹੋਣ ਦਾ ਤੱਥ ਕੱਢੇਗੀ। ਏਸ ਦਰਿਸ਼ਟੀ ਨਾਲ਼ ਪਰਖਿਆਂ ਹੀ ਉਸ ਦਾ ਸਾਹਿਤਕ ਤੇ ਇਤਿਹਾਸਕ ਮੁੱਲ ਟੁੱਕਿਆ ਜਾ ਸਕੇਗਾ ਨਹੀਂ ਤਾਂ ਨਹੀਂ। ਸੋ ਵਿਗਿਆਨਕ ਦਰਿਸ਼ਟੀ ਦਾ ਕੰਮ ਏਸ ਦੀਵਾਨ ਵਿੱਚੋਂ ਗੁਰੂ ਸਾਹਿਬ ਨੂੰ ਕੁਸੋਭਦੀਆਂ ਦਾਸਤਾਨਾਂ ਤਿਆਗ ਕੇ ਜਾਂ ਛੰਦਾਂ ਦੀ ਕੱਟ ਕੱਟਾਈ ਕਰਕੇ ਏਸ ਨੂੰ ਆਚਰਨ ਪੱਖੋਂ ਉੱਚਾ ਤੇ ਸੁੱਚਾ ਦਰਸਾਉਣਾ ਨਹੀਂ, ਸਗੋਂ ਏਸ ਦੇ ਮੰਦੇ ਚੰਗੇ ਤੋਂ ਏਸ ਦੇ ਅਸਲੀ (ਗੁਰੂ ਸਾਹਿਬ ਦੀ ਆਪਣੀ ਰਚਨਾ) ਜਾਂ ਅਨਅਸਲੀ (ਪਰਾਈ) ਕਿਰਤ ਹੋਣ ਦਾ ਨਿਰਣਾ ਕਰਨਾ ਹੈ। ਜੇ ਛੱਡੀਆਂ ਹੋਈਆਂ 11 ਦਾਸਤਾਨਾਂ ਤੇ 62 ਤੇ 63 ਛੰਦ ਗੁਰੂ ਸਾਹਿਬ ਨੂੰ ਸੋਭਦੇ ਜਾਚਕੇ ਤਿਆਗੇ ਜਾ ਸਕਦੇ ਹਨ ਤਾਂ ਸਾਰੀ ਦੀ ਸਾਰੀ ਰਚਨਾ ਹੀ ਕਿਉਂ ਨਾ ਤਿਆਗੀ ਜਾਏ ਤੇ ਗੁਰੂ ਸਾਹਿਬ ਦੀ ਰਚਨਾ ਕਿਉਂ ਮੰਨੀ ਜਾਏ?

(3) ਉੱਪਰ ਦਿੱਤੇ ਦਰਿਸ਼ਟਾਂਤ ਤੇ ਛੰਦਾਂ ਦਾ ਆਪਸੀ ਵਿਰੋਧ ਦਾ ਪਾਠ ਦਸਦਾ ਹੈ, ਕਿ ਜੇ ਇਹ ਰਚਨਾ ਗੁਰੂ ਸਾਹਿਬ ਦੀ ਆਪਣੀ ਹੁੰਦੀ ਤਾਂ ਉਹ ਇਹ ਆਪਾ ਵਿਰੋਧੀ ਪੋਜ਼ੀਸ਼ਨ ਨਾ ਲੈਂਦੇ, ਦੁਹਾਂ ਵਿੱਚੋਂ ਇੱਕ ਲੈਂਦੇ ਤੇ ਉਹ ਵੀ ਪਹਿਲੀ।

(4) ਏਸ ਦਾਸਤਾਂ ਵਿੱਚ ਬਹੁਤਾ ਜ਼ੋਰ ਔਰੰਗਜ਼ੇਬ ਵੱਲੋਂ ਖਾਧੀ ਕਸਮ ਤੋੜਨ ‘ਤੇ ਲਾਇਆ ਗਿਆ ਹੈ। ਭਾਵੇਂ ਸਿੱਖ ਇਤਿਹਾਸ ਵਿੱਚੋਂ ਕਿਤੋਂ ਵੀ ਸਪਸ਼ਟ ਨਹੀਂ ਹੁੰਦਾ, ਕਿ ਔਰੰਗਜ਼ੇਬ ਜਾਂ ਉਸ ਦੀਆਂ ਆਪਣੀਆਂ ਸ਼ਾਹੀ ਫ਼ੌਜਾਂ ਨੇ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ ਹੋਵੇ ਤੇ ਕਸਮ ਖਾ ਕੇ ਉਹਨਾਂ ਤੋਂ ਕਿਲਾ ਛੁਡਾਇਆ ਹੋਵੇ ਉਹ ਤਾਂ ਦੱਖਣ ਵਿੱਚ ਰੁੱਝਾ ਹੋਇਆ ਸੀ, ਇਹ ਤਾਂ ਪਹਾੜੀ ਰਾਜਿਆਂ ਤੇ ਸਰਹੰਦ ਦੇ ਸੂਬੇ ਦੀਆਂ ਫ਼ੌਜਾਂ ਸਨ। ਔਰੰਗਜ਼ੇਬ ਉੱਥੇ ਕਿਥੇ ਸੀ? ਸੋ ਜੇ ਇਹ ਦਾਸਤਾਂ ਸ੍ਰੀ ਮੁੱਖ ਵਾਕ ਪਾਤਸ਼ਾਹੀ ੧੦ ਹੁੰਦੀ ਤਾਂ ਗੁਰੂ ਸਹਿਬ ਅਜਿਹਾ ਅਣ-ਇਤਿਹਾਸਕ ਉਲਾਹਮਾ ਔਰੰਗਜ਼ੇਬ ਨੂੰ ਕਿਸ ਤਰ੍ਹਾਂ ਦੇ ਸਕਦੇ ਸਨ? ਉਹ ਤਾਂ ਸੱਚ ਦੇ ਅਵਤਾਰ ਸਨ।

(5) ਏਸ ਦਾਸਤਾਂ ਵਿੱਚ ਔਰੰਗਜ਼ੇਬ ਦੀਆਂ ”ਬੇਲੋੜੀਆਂ” ਸਿਫਤਾਂ ਕੀਤੀਆਂ ਗਈਆਂ ਹਨ। ਜੋ ਗੁਰੂ ਸਾਹਿਬ ਤੋਂ ਆਸ ਨਹੀਂ ਕੀਤੀ ਜਾ ਸਕਦੀ ਜਿਸ ਦਾ ਸਾਰਾ ਵੰਸ਼, ਸਾਰਾ ਮਾਲ ਮਤਾਹ, ਮਾਲ ਮਿਲਖ ਤੇ ਘਰ ਬਾਰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਹੋਵੇ ਤੇ ਜੋ ਇੱਕ ਪਾਸੇ ਤਾਂ ਚਾਰੇ ਪੁੱਤਰਾਂ ਦੇ ਕਤਲਾਮ ਦੀ ਸ਼ਕਾਇਤ ਕਰੇ ਤੇ ਦੂਸਰੇ ਪਾਸੇ ਏਸ ਤੋਂ ਕਿਤੇ ਜ਼ਿਆਦਾ ਉਸ ਦੀ ਉਸਤਤ ਦੇ ਛੰਦ ਗਾਵੇ।

(6) ਜੇ ਏਸ ਸਾਰੇ ਦੀਵਾਨ ਵਿੱਚੋਂ ਜ਼ਫਰਨਾਮੇ ਵਾਲ਼ੀ ਦਾਸਤਾਂ ਗੁਰੂ ਸਾਹਿਬ ਦੀ ਕਿਰਤ ਮੰਨ ਲਈ ਜਾਏ ਤਾਂ ਬਾਕੀ ਦਾਸਤਾਨਾਂ ਵੀ ਉਹਨਾਂ ਦੀ ਕਿਰਤ ਮੰਨਣੀਆਂ ਪੈਣਗੀਆਂ, ਕਿਉਂਕਿ ਇਹਨਾਂ ਸਾਰੀਆਂ ਵਿੱਚ ਕਾਵਿ ਦੀ ਨੁਹਾਰ ਤੇ ਤੁੱਕ-ਬੰਦੀ ਇਕਸੇ ਬੁੱਧੀ ਦੀ ਜਾਪਦੀ ਹੈ। ਕਰਤਾ ਨੇ ਇਹਨਾਂ ਯਾਰਾਂ ਨੂੰ ਵੀ ਜ਼ਫਰਨਾਮੇ ਵਾਲ਼ਾ ਰੁਹ ਚਾੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਹਰ ਦਾਸਤਾਂ ਦੇ ਅਖੀਰਲੇ ਦੋ ਛੰਦ ਏਸ ਰੁਹ ਨੂੰ ਪੇਸ਼ ਕਰਦੇ ਹਨ ਤੇ ਇਹਨਾਂ ਵਿੱਚੋਂ ਹਰ ਪਹਿਲਾ ਛੰਦ ਇਹ ਬੋਲਦਾ ਹੈ :

-ਇਹ ਸਾਕੀਆ ਸਾਗ਼ਰਿ ਸਬਜ਼ਾ ਰੰਗ, ਕਿ ਮਾ ਰਾ ਬਕਾਰ ਅਸਤ ਦਰ ਵਕਤ ਜੰਗ। ਅਰਥਾਤ-ਸਾਕੀਆ ਮੈਨੂੰ ਸਬਜ਼ ਰੰਗ ਦਾ ਪਿਆਲਾ ਦਿਹ, ਜੋ ਜੰਗ ਵੇਲ਼ੇ ਮੇਰੇ ਕੰਮ ਆਵੇ।

ਇਹਨਾਂ ਅਨਜੰਗੀ ਦਾਸਤਾਨਾਂ ਦਾ ”ਦਰ ਵਕਤ ਜੰਗ” ਨਾਲ਼ ਕੀ ਵਾਸਤਾ? ਹਰ ਦਾਸਤਾਂ ਦੇ ਅਖੀਰ ਤੇ ਇਹ ਦੋ ਤੁਕਾਂ ਕਰਤਾ ਦੀ ਸੂਝ ‘ਤੇ ਸ਼ੱਕ ਪੈਦਾ ਕਰਦੀਆਂ ਹਨ ਤੇ ਜੇ ਇਹ ਗੁਰੂ ਸਾਹਿਬ ਦੀਆਂ ਹਨ ਤਾਂ ਉਹਨਾਂ ਦੇ ਆਚਰਨ ‘ਤੇ ਹਮਲਾ ਹੈ। ਇਹ ”ਸਬਜ਼ਾ” ਦੋ ਦਾਸਤਾਨਾਂ ਵਿੱਚ ਫ਼ੀਰੋਜ਼ਾ ਹੋ ਗਿਆ ਹੈ ਤੇ ਦੋ ਵਿੱਚ ”ਸੁਰਖ”। ਸਬਜ਼ ਤੇ ਫੀਰੋਜ਼ੀ ਰੰਗ ਤੋਂ ਤਾਂ ਭੰਗ (ਸੁਖਾ) ਹੀ ਮੁਰਾਦ ਹੋ ਸਕਦੀ ਹੈ ਤੇ ਸੁਰਖ ਤੋਂ ਸ਼ਰਾਬ। ਅਜਿਹੇ ਬਿੰਬ ਗੁਰੂ ਜੀ ਦੀ ਆਪਣੀ ਬਾਣੀ ਵਿੱਚ ਹੋਰ ਕਿਧਰੇ ਨਹੀਂ ਮਿਲ਼ਦੇ। ਏਸ ਲਈ ਇਹ ਉਹਨਾਂ ਦੇ ਨਹੀਂ ਮੰਨੇ ਜਾ ਸਕਦੇ।

ਕਰਤਾ ਦੀ ਇਹਨਾਂ ਦਾਸਤਾਨਾਂ ਨੂੰ ਜੰਗੀ ਰੁਹ ਦੇਣ ਦੀ ਅਯਾਣਿਆਂ ਵਰਗੀ ਏਸ ਸਧਰ ਤੋਂ ਉਸ ਦੀ ਮਾਨਸਿਕ ਰੁਚੀ ਤੇ ਸਮਾਜੀ ਆਦਤ ਦਾ ਪਤਾ ਲਗਦਾ ਹੈ, ਜੋ ਗੁਰੂ ਸਾਹਿਬ ਦੀ ਨਹੀਂ ਹੋ ਸਕਦੀ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਇਹ ਉਮਰ ਖ਼ਿਆਮੀ ਕਲਪਣਾ ਆਪਣੇ ਬਚਨ ਤੇ ਕਰਮ ਵਿੱਚ ਕਿਤੇ ਨਹੀਂ ਕੀਤੀ। ਏਸ ਲਈ ਏਸ ਦੀਵਾਨ ਦੇ ਕਰਤਾ ਉਹ ਨਹੀਂ ਹੋ ਸਕਦੇ। ਉਹਨਾਂ ਦਾ ਕੋਈ ਦਰਬਾਰੀ ਜਾਂ ਸਮਕਾਲੀ ਕਵੀ ਹੋਵੇਗਾ।

(7) ਏਸ ਦਾਸਤਾਂ ਦਾ ਸਭ ਤੋਂ ਪਰਸਿੱਧ ਉਹ ਛੰਦ ਵੀ ਕੁਣਸਾਤਮਕ ਹੈ, ਜੋ ਚੀਨ ਤੇ ਪਾਕਿਸਤਾਨ ਨਾਲ਼ ਪਏ ਵਿਗਾੜ ਤੋਂ ਪੈਦਾ ਹੋਏ ਅੱਜ-ਕੱਲ ਦੇ ਰਣਾਤਮਕ ਵਾਤਾਵਰਨ ਵਿੱਚ ਬਹੁਤ ਹੀ ਵਰਤਿਆ ਜਾਂਦਾ ਰਿਹਾ ਹੈ।

-ਚੂੰ ਕਰ ਹੀਲਤੇ ਦਰ ਗੁਜ਼ਸ਼ਤ ਹਿਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ (੨੨) ਅਰਥਾਤ-ਕੋਈ ਕੰਮ ਜਦ ਹੀਲੇ ਤੋਂ ਲੰਘ ਜਾਵੇ ਤਾਂ ਹੱਥ ਵਿੱਚ ਤਲਵਾਰ ਫੜ ਲੈਣੀ ਹਿਲਾਲ ਹੈ। ਦਰਅਸਲ ਇਹ ਛੰਦ ਬੋਸਤਾਂ ਵਿੱਚੋਂ ਸ਼ੇਖ ਸਾਅਦੀ ਦੇ ਏਸ ਛੰਦ ਦੀ ਧਾਰਨਾ ਹੈ :

-ਚੂੰ ਦਸਤ ਜ਼ ਹਮਾ ਹੀਲਤੇ ਦਰ ਗੁਜ਼ਸਤ, ਹਿਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।  ਅਰਥਾਤ- ਜਦੈਂ ਤੇਰਾ ਹੱਥ (ਹੱਥਾਪਾਈ) ਸਾਡੇ ਹੀਲੇ ਤੋਂ ਲੰਘ ਗਿਆ ਤਾਂ ਹੱਥ ਵਿੱਚ ਤਲਵਾਰ ਫੜ ਲੈਣੀ ਹਿਲਾਲ ਹੈ। ਏਸ ਛੰਦ ਬਾਰੇ ਤਿੰਨ ਕੁਣਸਾਂ ਨਿੱਕਲ਼ਦੀਆਂ ਹਨ :

1. ਗੁਰੂ ਸਾਹਿਬ ਦੀ ਸਵਾਏ ਏਸ ਕਥਿਤ ਦਾਸਤਾਂ ਦੇ, ਬਾਕੀ ਸਾਰੀ ਬਾਣੀ ਪਰਿਥਮ ਦੀ ਰਚਨਾ ਹੈ। ਏਸ ਕਰਕੇ ਉਹ ਰੱਬੀ ਕਹੀ ਜਾਂਦੀ ਹੈ। ਉਹ ਹੋਰ ਕਿਸੇ ਵਿਅਕਤੀ, ਗਰੰਥ ਜਾਂ ਕਿਤਾਬ ਦੀ ਨਕਲ ਜਾਂ ਧਾਰਨਾ ਨਹੀਂ ਤੇ ਨਾ ਉਹ ਕਿਸੇ ਹੋਰ ਲਿਖਤ ਦੀ ਅਦਲਾ ਬਦਲੀ ਕਰਕੇ ਆਪਣੇ ਅਨਕੂਲ ਢਾਲ਼ੀ ਹੋਈ ਹੈ। ਏਸ ਤਰ੍ਹਾਂ 22ਵੇਂ ਛੰਦ ਵਿੱਚ ਸ਼ਾਅਦੀ ਨੂੰ ਦਰਿਸ਼ਟਾਂਤਨਾ ਵੀ  ਏਸ ਸੱਚਾਈ ਦਾ ਵਿਰੋਧ ਹੈ।

2. ਇਹ ਛੰਦ ਗੁਰੂ ਜੀ ਦੀ ਸਿੱਕੇਬੰਦ ਖੰਡੇ ਖੜਗ ਦੀ ਵਿਚਾਰਧਾਰਾ ਦੇ ਕੱਤਈ ਵਿਰੁੱਧ ਹੈ। ਸਿੱਖ ਇਤਿਹਸ ਤੋਂ ਸੂਝਵਾਨ ਕੋਈ ਪੁਰਸ਼ ਏਸ ਛੰਦ ਵਿੱਚ ਬਿਆਨ ਕੀਤੀ ਗਈ ਗੁਰੂ ਜੀ ਦੀ ਪੋਜ਼ੀਸ਼ਨ ਨੂੰ ਸਵੀਕਾਰ ਨਹੀਂ ਕਰੇਗਾ, ਜਦ ਕਿ ਏਸ ਦਾਸਤਾਂ ਵਿੱਚ ਕਥਿਤ ਲੜਾਈ ਤੋਂ ਕਿਤੇ ਪਹਿਲਾਂ ਗੁਰੂ ਸਾਹਿਬ ਦੀ ਰਚਿਤ ਬਾਣੀ ਦਾ ਹਰ ਸਵੱਈਆ, ਹਰ ਛੰਦ, ਹਰ ਸ਼ਬਦ ਤੇ ਹਰ ਚੌਪਈ ਖੜਗ ਖੜਗ ਹੀ ਪੁਕਾਰਦੇ ਹਨ। ਏਸ ਛੰਦ ਅਨੁਸਾਰ, ਜੇ ਉਹਨਾਂ ਤੰਗ ਆ ਕੇ ਸ਼ਮਸ਼ੀਰ ਹੱਥ ਵਿੱਚ ਫੜਨੀ ਸੀ ਤਾਂ ਉਹਨਾਂ ਆਦਿ ਆਰੰਭ ਤੋਂ ਸ਼ਾਸ਼ਤਰ ਕਿਉਂ ਇਕੱਠੇ ਕਰਨ ਲੱਗਣਾ ਸੀ? ਫ਼ੌਜਾਂ ਤੇ ਬਾਜ਼ ਕਿਉਂ ਰੱਖਣੇ ਸਨ? ਰਣਾਤਮਕ ਸ਼ਕਤੀ ਦੀ ਪ੍ਰਤੀਕ ਚੰਡੀ ਤੇ ਦੁਰਗਾ ਕਿਉਂ ਗਾਉਣੀਆਂ ਸਨ? ਜਿਸ ਗੁਰੂ ਦਾ ”ਪਿਰਥਮ ਭਗੌਤੀ ਸਿਮਰ ਕੇ” ਹਰ ਕਦਮ ਉੱਠਦਾ ਤੇ ਹਰ ਕੰਮ ਆਰੰਭ ਹੁੰਦਾ ਰਿਹਾ ਹੋਵੇ, ਉਹ ਏਸ ਛੰਦ ਦੇ, ”ਤੰਗ ਆਮਦ ਬਜੰਗ ਆਮਦ” ਦੇ ਢੁਚਰੀ ਫਲਸਫੇ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈ?

3. ਜੇ ਇਹ ਤੁਕਾਂ ਗੁਰੂ ਸਾਹਿਬ ਦੀ ਆਪਣੀ ਫਿਲਾਸਫੀ ਦੀ ਧਾਰਨਾ ਹੁੰਦੀਆਂ ਤਾਂ ਏਸ ਦਾ ਦਿਖਾਵਾ ਉਹਨਾਂ ਦੀਆਂ ਹੋਰਨਾਂ ਰਚਨਾਵਾਂ ਵਿੱਚ ਵੀ ਜਰੂਰ ਹੁੰਦਾ। ਜਿਸ ਤਰ੍ਹਾਂ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਤੇਗ ਖੜਗ ਦੇ ਜ਼ੋਰ ਸ਼ਕਤੀ ਉਭਾਰਨ, ਦੁਸ਼ਟ ਪਛਾੜਨ ਤੇ ”ਇੱਕੇ” ਹੀ ਅੱਗੇ ਸਿਰ ਨਿਵਾਉਣ ਦੀਆਂ ਤੁਕਾਂ ਥਾਂ ਪਰ ਥਾਂ ਪ੍ਰਕਾਸ਼ਮਾਨ ਹਨ ਤੇ ਕੋਈ ਵੀ ਰਚਨਾ ਵੀ ਏਸ ਫਲਸਫੇ ਤੋਂ ਵਾਂਝੀ ਨਹੀਂ। ਇਹਨਾਂ ਵਿੱਚ ਕਿਤੇ ਵੀ ਮਜ਼ਬੂਰ ਹੋ ਕੇ ਸ਼ਮਸ਼ੀਰ ਚੁੱਕਣ ਵਾਲ਼ੇ ਫਲਸਫੇ ਦਾ ਪ੍ਰਕਾਸ਼ ਨਹੀਂ ਮਿਲ਼ਦਾ।

4. ਇਹ ਛੰਦ ਖਿਮਾ ਜਾਚਕ ਢੁਚਰ ਦਾ ਪ੍ਰਤੀਕ ਹੈ। ਔਰੰਗਜ਼ੇਬ ਨੇ ਗੁਰੂ ਸਾਹਿਬ ਤੋਂ ਜਵਾਬ-ਤਲਬੀ ਥੋੜੀ ਕੀਤੀ ਸੀ ਕਿ ਉਹਨਾਂ ਨੂੰ ਆਪਣੀ ਸਫਾਈ ਵਿੱਚ ਇਹ ਛੰਦ ਉਚਾਰਨਾ ਪਿਆ ਹੋਵੇ? ਇਤਿਹਾਸ ਵਾਚਿਆਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਤੇ ਮੁਗਲ ਸੂਬੇਦਾਰਾਂ ਦੇ ਹਮਲਿਆਂ ਤੋਂ ਕਿਤੇ ਪਹਿਲਾਂ ਸ਼ਮਸ਼ੀਰ ਫੜੀ ਹੋਈ ਸੀ ਤੇ ”ਸੈਫ, ਸਰੋਹੀ, ਸੈਹਥੀ” ਨੂੰ ਕਿਤੇ ਅਗੇਤਰਾ ਆਪਣਾ ”ਪੀਰ” ਬਣਾਇਆ ਹੋਇਆ ਸੀ।

ਸੋ ਉਤਲੇ ਵਿਵਾਦ ਤੋਂ ਸਿੱਧ ਹੁੰਦਾ ਹੈ, ਕਿ ”ਜ਼ਫਰਨਾਮਾ ਗੁਰੂ ਗੋਬਿੰਦ ਸਿੰਘ” ਨਾ ਤਾਂ ਔਰੰਗਜ਼ੇਬ ਨੂੰ ਲਿਖਿਆ ਹੋਇਆ ਗੁਰੂ ਸਾਹਿਬ ਦਾ ਖ਼ਤ ਹੈ ਤੇ ਨਾ ਉਹਨਾਂ ਦੀ ਆਪਣੀ ਰਚਨਾ। ਇਹ ਉਹਨਾਂ ਦੇ ਕਿਸੇ ਅਨਜਾਤੇ ਸਮਕਾਲੀ ਕਿੱਸਾ ਕਵੀ ਦੀ ਫਾਰਸੀ ਕਿਰਤ ਹੈ, ਜੋ ਅਸਲੀਅਤ ਨਾਲ਼ੋਂ ਕਲਪਤ ਵਧੇਰੇ ਹੈ। ਜਿਸ ਕਰਕੇ ਕਈ ਥਾਂਈ ਕਚਿਆਈਆਂ ਤੇ ਬੇਥਵੀਆਂ ਰੜਕਾਂ ਰੜਕਦੀਆਂ ਹਨ ਤੇ ਗੁਰੂ ਸਾਹਿਬ ਦੀ ਸਿਕੇਬੰਦ ਪ੍ਰਮਾਨਤ ਵਿਚਾਰਧਾਰਾ ਦਾ ਵਿਰੋਧ ਦਰਸਾਉਂਦੀਆਂ ਹਨ। ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਨਾਂ ਨਾਲ਼ ਜੋੜਨਾ ਬਿਲਕੁਲ ਹੀ ਨਹੀਂ ਸੋਭਦਾ।

ਹੋਇਆ ਇਹ ਜਾਪਦਾ ਹੈ ਕਿ ਜਦ ਮਾਤਾ ਸੁੰਦਰੀ ਨੇ ਦਿੱਲੀ ਤੋਂ ਗੁਰੂ ਸਾਹਿਬ ਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦੇ ਖਿੱਲਰੇ-ਪੁੱਲਰੇ ਖਰੜੇ ਸਿੰਘਾਂ ਪਾਸੋਂ ਇਕੱਤਰ ਕਰਵਾ ਕੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜੇ ਤਾਂ ਗੁਰੂ ਸਾਹਿਬ ਦੀਆਂ ਰਚਨਾਵਾਂ ਦਸਮ ਗਰੰਥ ਵਿੱਚ ਚਾੜ੍ਹਨ ਲੱਗਿਆਂ ਔਰੰਗਜ਼ੇਬ ਨੂੰ ”ਲਿਖਿਆ ਕਿਹਾ ਜਾਂਦਾ ਖ਼ਤ” ਨਹੀਂ ਲੱਭਾ। ਗੁਰੂ ਸਾਹਿਬ ਆਪ ਤਾਂ ਹੱਥੀਂ ਲਿਖਦੇ ਹੀ ਘੱਟ ਸਨ, ਬਹੁਤਾ ਬੋਲਕੇ ਹੀ ਲਿਖਵਾਉਂਦੇ ਸਨ। ਏਸ ਕਰਕੇ ਖਰੜਿਆਂ ਵਿੱਚੋਂ ਉਹਨਾਂ ਦੀ ਹੱਥ ਲਿਖਤ ਪਛਾਣ ਕੇ ਛਾਂਟ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ ਹੋਣਾ ਤੇ ਭਾਈ ਮਨੀ ਸਿੰਘ ਨੇ ਉਹਨਾਂ ਦੇ ਖਰੜਿਆਂ ਵਿੱਚੋਂ ਮਿਲ਼ੇ ਇਕਸੇ ਛੰਦਾਬੰਦੀ ਦੀ ਨੁਹਾਰ ਵਿੱਚ ਮਿਲ਼ੇ ਫਾਰਸੀ ਕਵਿਤਾਵਾਂ ਦੇ ਏਸ ਦੀਵਾਨ ਨੂੰ ”ਉਹ ਖਤ” ਮਿਥ ਲਿਆ, ਜਿਸ ਦੀ ਪਹਿਲੀ ਦਾਸਤਾਂ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਦੇ ਨਾਂ ਹੇਠ ਕਿੱਸਾ ਕਵੀਆਂ ਵਾਂਗ ਔਰੰਗਜ਼ੇਬ ਨੂੰ ਸਾਂਹਵੇਂ ਰੱਖਕੇ ਲਿਖੀ ਗਈ ਸੀ ਤੇ ਏਸ ਨੂੰ ”ਸ੍ਰੀ ਮੁਖਵਾਕ ਪਾਤਸ਼ਾਹੀ ੧੦” ਲਿਖ ਕੇ ਦਸਮ ਗ੍ਰੰਥ ਵਿੱਚ ਚਾੜ੍ਹ ਲਿਆ, ਕਿਉਂਕਿ ਦਸਮ ਗ੍ਰੰਥ ਵਿੱਚ ਉਤਾਰੇ ਜਾਣ ਵਾਲ਼ੀ ਹਰ ਰਚਨਾ ਨੂੰ ਭਾਈ ਸਾਹਿਬ ਨੇ ਹੀ ”ਸ੍ਰੀ ਮੁਖ ਵਾਕ ਪਾਤਸ਼ਾਹੀ ੧੦” ਲਿਖਣਾ ਸੀ। ਗੁਰੂ ਸਾਹਿਬ ਨੇ ਆਪਣੀਆਂ ਲਿਖਤਾਂ ਨੂੰ ਆਪਣੇ ਆਪ ਤਾਂ ਸ੍ਰੀ ਮੁਖਵਾਕ ਨਹੀਂ ਸੀ ਲਿਖਣਾ।

ਤੇ ਜਦ ਦਾਸਤਾਨਾਂ ਦਾ ਇਹ ਦੀਵਾਨ ਇੱਕ ਵਾਰ ਸ੍ਰੀ ਮੁਖਵਾਕ ਪਾਤਸ਼ਾਹੀ ੧੦ ਹੋ ਗਿਆ ਤਾਂ ਫੇਰ ਮੱਧਕਾਲ ਦੀ ਨਿਆਣੀ ਬੁੱਧ ਤੇ ਬੇਥਵੀ ਸ਼ਰਧਾ ਨੇ ਏਸ ਤੇ ਕਦ ਕਿੰਤੂ ਕਰਨਾ ਸੀ? ਸੋ ਦੋ ਢਾਈ ਸਦੀਆਂ ਤੱਕ ਇਹ ਸਾਰਾ ਦੀਵਾਨ ਹੀ ਗੁਰੂ ਸਾਹਿਬ ਦੀ ਰਚਨਾ ਮੰਨੀ ਜਾਂਦੀ ਰਹੀ ਤੇ ਬਹੁਤ ਹੱਦ ਤੱਕ ਹੁਣ ਵੀ ਹੈ। ਪਰ ਵੀਹਵੀਂ ਸਦੀ ਦਾ ਅੱਧ ਟੱਪਕੇ ਸਿਆਣੀ ਸ਼ਰਧਾ ਨੂੰ ਇਹਨਾਂ ਦਾਸਤਾਨਾਂ ਤੋਂ ਸੰਗ ਆਉਣ ਲੱਗ ਪਈ। ਏਥੇ ਤੱਕ ਕਿ ਗੁਰੂ ਸਾਹਿਬ ਨੂੰ ਨੀਵਾਂ ਦਰਸਾਉਣ ਵਾਲ਼ੇ 62 ਤੇ 63 ਨੰਬਰ ਛੰਦ ਵੀ ਤਿਆਗ ਦਿੱਤੇ ਹਨ, ਪਰ ਨਿਰੀਆਂ ਕਚਿਆਈਆਂ ਤੇ ਬੇਥਵੀਆਂ ਛਾਂਟਣ ਨਾਲ਼ ਤਾਂ ਏਸ ਜ਼ਫਰਨਾਮੇ ਨੂੰ ਗੁਰੂ ਸਾਹਿਬ ਦੀ ਆਪਣੀ ਰਚਨਾ ਤੁੱਲ ਨਹੀਂ ਬਣਾਇਆ ਜਾ ਸਕਦਾ।

ਸੋ ਜੇ ਭਾਈ ਮਨੀ ਸਿੰਘ ਦੀ ਅਥਾਰੇਟੀ (ਧਿਆ) ਤੇ ਹੀ ਸ੍ਰੀ ਮੁਖਵਾਕ ਬਣੀਆਂ ਏਸ ਦੀਆਂ ਯਾਰਾਂ ਦਾਸਤਾਨਾਂ ਤੇ ਦੋ ਛੰਦ, ਗੁਰੂ ਸਾਹਿਬ ਦੇ ਨਾ ਮੰਨ ਕੇ ਛੱਡੇ ਜਾ ਸਕਦੇ ਹਨ ਤਾਂ ਜ਼ਫਰਨਾਮੇ ਵਾਲ਼ੀ ਪਹਿਲੀ ਸਾਰੀ ਦਾਸਤਾਂ ਵੀ ਸ੍ਰੀ ਮੁਖਵਾਕ ਹੋਣ ਤੋਂ ਇਨਕਾਰੀ ਜਾ ਸਕਦੀ ਹੈ ਤੇ ਕਰਨੀ ਚਾਹੀਦੀ ਹੈ।

ਪਰ ਇਹ ਦਾਸਤਾਂ ਸ੍ਰੀ ਮੁਖਵਾਕ ਨਾ ਹੁੰਦੀ ਹੋਈ ਵੀ, ਗੁਰੂ ਗੋਬਿੰਦ ਸਿੰਘ ਦਾ ਉਸੇ ਤਰ੍ਹਾਂ ਜ਼ਫਰਨਾਮਾ ਹੈ, ਜਿਸ ਤਰ੍ਹਾਂ ਆਮ ਦੂਸਰੇ ਜ਼ਫਰਨਾਮੇ ਜੋ ਜਿੱਤ ਦੀਆਂ ਲੜਾਈਆਂ ਵਿੱਚ ਸੂਰਮਿਆਂ ਜਾਂ ਫ਼ੌਜਾਂ ਦੀ ਸੂਰਮਗਤੀ ਦੀ ਵਾਰਤਾ ਹੁੰਦੇ ਹਨ। ਏਸ ਲਿਹਾਜ਼ ਨਾਲ਼ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਇਹ ਅਮੋਲਕ ਦਸਤਾਵੇਜ਼ ਹੈ, ਜੋ ਉਸ ਸਮੇਂ ਦੇ ਲੋਕਾਂ ਦੀ ਗੁਰੂ ਸਾਹਿਬ ‘ਤੇ ਸ਼ਰਧਾ ਪਰਗਟਾਉਂਦੀ ਹੈ। ਮੁਗ਼ਲ ਹਾਕਮਾਂ ਦੀਆਂ ਕੁਟਲ ਜੰਗੀ ਨੀਤੀਆਂ ਵਿਰੁੱਧ ਜਨਤਕ ਘਿਰਨਾ ਦਰਸਾਉਂਦੀ ਹੈ ਅਤੇ ਗੁਰੂ ਫ਼ੌਜਾਂ ਤੇ ਗੁਰੂ ਸਾਹਿਬ ਦੀ ਬੀਰਤਾ, ਉਹਨਾਂ ਦੀ ਰਣਾਤਮਕ ਫਿਲਾਸਫੀ ਦੀ ਸਫਾਈ ਵਿੱਚ ”ਤੰਗ ਆਮਦ ਬਜੰਗ ਆਮਦ” ਦਾ ਫਲਸਫਾ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦ੍ਰਿਰਸ਼ਟਾਂਤ ਹੈ। ਬਾਕੀ ਦਾਸਤਾਨਾਂ, ਜੋ ਜ਼ਫਰਨਮੇ ਦਾ ਕਦਾਚਿਤ ਅੰਗ ਨਹੀਂ ਹਨ, ਮੱਧਕਾਲ ਦੇ ਜਗੀਰਦਾਰ ਸਰਦਾਰੀ ਜੀਵਨ ਦੀਆਂ ਪ੍ਰਤੀਕ ਹਨ, ਜਿਨ੍ਹਾਂ ਤੋਂ ਵੀ ਸਬਕ ਲਏ ਜਾ ਸਕਦੇ ਹਨ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s