ਇਸ ਵਿਵਾਦ ਦਾ ਸਾਰਤੱਤ •ਫਿਓਦੋਰ ਲੇਵਿਨ

ਪੀ.ਡੀ.ਐਫ਼ ਡਾਊਨਲੋਡ ਕਰੋ

ਇਸ ਵਿਵਾਦ ਦਾ ਸਾਰਤੱਤ ਮਾਰਕਵਾਦ ਦੁਆਰਾ ਉਠਾਏ ਗਏ ਉਸ ਸੁਆਲ ਵਿੱਚ ਮੌਜੂਦ ਹੈ ਜੋ ਉਨ੍ਹਾਂ ਨੇ ਆਪਣੀ ਰਚਨਾ, ‘ਦਿ ਕ੍ਰਟੀਕ ਆਫ਼ ਪੁਲੀਟਿਕਲ ਇਕਾਨਮੀ’ ਦੀ ਪ੍ਰਸਿੱਧ ਭੂਮਿਕਾ ਵਿੱਚ ਉਠਾਇਆ ਸੀ।

… ਏਨੀ ਗੱਲ ਸਮਝਣ ਵਿੱਚ ਤਾਂ ਕੋਈ ਔਖਿਆਈ ਨਹੀਂ ਹੈ ਕਿ ਯੂਨਾਨੀ ਕਲਾ ਅਤੇ ਮਹਾਂਕਾਵਿ ਸਮਾਜਕ ਵਿਕਾਸ ਦੇ ਵਿਸ਼ੇਸ਼ ਪੜਾਅ ਨਾਲ਼ ਜੁੜੇ ਹੋਏ ਹਨ। ਹਾਂ, ਇਹ ਸਮਝਣ ਵਿੱਚ ਮੁਸ਼ਕਿਲ ਜ਼ਰੂਰ ਹੁੰਦੀ ਹੈ ਕਿ ਕੀ ਵਜ੍ਹਾ ਹੈ ਕਿ ਇਹ ਕਲਾਕ੍ਰਿਤਾਂ ਸਾਨੂੰ ਹਾਲੇ ਤੱਕ ਸੁਹਣੀਆਂ ਲਗਦੀਆਂ ਹਨ ਅਤੇ ਆਨੰਦ ਦਿੰਦੀਆਂ ਹਨ ਅਤੇ ਕਈ ਮਾਮਲਿਆਂ ਵਿੱਚ ਤਾਂ ਉਹ ਇੱਕ ਉੱਚਪੱਧਰੀ ਆਦਰਸ਼ ਵੀ ਸਮਝੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਪੱਧਰ ਨੂੰ ਹਾਸਲ ਕਰ ਸਕਣਾ ਅਸੰਭਵ ਲਗਦਾ ਹੈ। 1

ਇਹ ਹੈ ਉਹ ਸਮੱਸਿਆ ਜਿਸ ਨੂੰ ਸਾਨੂੰ ਅਤੇ ਤੁਹਾਨੂੰ ਹੱਲ ਕਰਨਾ ਹੈ। ਇਹ ਸਮੱਸਿਆ ਹੁਣ ਭਾਵ ਸਮਾਜਵਾਦ ਦੇ ਯੁੱਗ ਵਿੱਚ ਫੌਰੀ ਹੱਲ ਦੀ ਮੰਗ ਕਰਦੀ ਹੈ।

ਸੁਆਲ ਇਹ ਹੈ ਕਿ ਉਨ੍ਹਾਂ ਜਮਾਤਾਂ ਦੇ ਨੁਮਾਇੰਦਿਆਂ ਦੁਆਰਾ ਰਚਿਆ ਗਿਆ ਸਾਹਿਤ ਅਤੇ ਕਲਾ ਸਿਰਜਣਾ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੀ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ, ਹੁਣ ਵੀ ਸੋਵੀਅਤ ਸੰਘ ਦੀ ਲੋਕਾਈ ਦੇ ਗਿਆਨ ਵਾਧੇ ਲਈ ਨੌਜਵਾਨਾਂ, ਮਜ਼ਦੂਰਾਂ ਅਤੇ ਸਮੂਹਿਕ ਕਿਸਾਨਾਂ ਦੀ ਸਿੱਖਿਆ ਲਈ ਮਸਾਲਾ ਕਿਵੇਂ ਦੇ ਰਹੇ ਹਨ? ਕੀ ਵਜ੍ਹਾ ਹੈ ਕਿ ਇਹ ਕਲਾ ਸਮਾਜਵਾਦ ਦੇ ਮੌਜੂਦਾ ਯੁੱਗ ਵਿੱਚ ਵੀ ਪਾਠਕ, ਦਰਸ਼ਕ ਅਤੇ ਸਰੋਤੇ ਨੂੰ ਮੰਤਰ-ਮੁਗਧ ਕਰਨ ਵਿੱਚ ਹੁਣ ਵੀ ਸਮਰੱਥ ਹੈ?

ਅਖੌਤੀ ਭ੍ਰਿਸ਼ਟ ਸਮਾਜਸ਼ਾਸਤਰੀਆਂ ਨੇ ਜੋ ਨੁਕਸਾਨ ਪਹੁੰਚਾਇਆ ਹੈ ਅਤੇ ਜੋ ਨੁਕਸਾਨ ਹਾਲੇ ਵੀ ਪਹੁੰਚਾ ਰਹੇ ਹਨ ਉਹ ਸਾਡੇ ਸਾਰਿਆਂ ਦੇ ਸਾਹਮਣੇ ਇਸ ਤੱਥ ਤੋਂ ਜਾਹਰ ਹੋ ਰਿਹਾ ਹੈ ਕਿ ਉਨ੍ਹਾਂ ਨੇ ਮਾਰਕਸ ਦੁਆਰਾ ਉਠਾਏ ਗਏ ਇਸ ਸੁਆਲ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ। ਉਨ੍ਹਾਂ ਨੇ ਆਪਣਾ ਸਾਰਾ ਧਿਆਨ ਕਿਸੇ ਕਲਾਕ੍ਰਿਤ ਅਤੇ ਸਮਾਜਕ ਵਿਕਾਸ ਦੇ ਵਿਸ਼ੇਸ਼ ਰੂਪਾਂ, ਵਿਸ਼ੇਸ਼ ਜਮਾਤਾਂ ਜਾਂ ਜਮਾਤੀ ਸਮੂਹਾਂ ਵਿੱਚਲੀ ਕੜੀ ਨੂੰ ਤਲਾਸ਼ ਕਰਨ ‘ਤੇ ਕੇਂਦਰਤ ਕੀਤਾ। ਭ੍ਰਿਸ਼ਟ ਸਮਾਜਸ਼ਾਸਤਰੀਆਂ ਨੇ ਇਸ ਸੌਖੇ ਕੰਮ ਨੂੰ ਵੀ ਬਹੁਤ ਹੀ ਭੱਦੇ ਢੰਗ ਨਾਲ਼ ਅਤੇ ਨੁਕਸਦਾਰ ਢੰਗ ਨਾਲ਼ ਕੀਤਾ ਕਿਉਂਕਿ ਜਮਾਤੀ ਘੋਲ਼ ਦੀ, ਇਤਿਹਾਸ ਦੀ, ਕਲਾ ਵਿੱਚ ਜਮਾਤੀ ਵਿਚਾਰਧਾਰਾ ਦੇ ਪ੍ਰਗਟਾਵੇ ਦੀ ਉਨ੍ਹਾਂ ਦੀ ਸਮਝ ਬਹੁਤ ਹੀ ਮਸ਼ੀਨੀ ਹੈ ਅਤੇ ਸਿਆਸੀ ਸ਼ਬਦਾਵਲੀ ਵਿੱਚ ਕਹੀਏ ਤਾਂ ਇਹ ਮੇਂਸ਼ੇਵਿਕ ਸਮਝ ਹੈ।

ਇਸ ਸਿਧਾਂਤ ਦਾ ਸਭ ਤੋਂ ਜ਼ਿਆਦਾ ਸਪਸ਼ਟ ਪ੍ਰਗਟਾਵਾ ਪੇਰੇਵਰਜੇਵ ਦੇ ਉਸ ਸਿਧਾਂਤ ਵਿੱਚ ਹੋਇਆ ਸੀ ਜਿਸ ਵਿੱਚ ਜਮਾਤਾਂ ਨੂੰ ਇੱਕ ਦੂਜੇ ਨਾਲੋਂ ਵੱਖਰਿਆਇਆ ਸੀ ਅਤੇ ਕਲਾਕਾਰ ਨੂੰ ਉਸ ਦੀ ਜਮਾਤ ਦਾ ਸਿਰਫ਼ ਧੁਤੂ ਹੀ ਸਿੱਧ ਕੀਤਾ ਗਿਆ ਸੀ, ਹੋਰਨਾਂ ਜਮਾਤਾਂ ਨੂੰ ਜਾਨਣ ਅਤੇ ਚਿੱਤਰਨ ਦੀ ਕਲਾਕਾਰ ਦੀ ਸਮਰੱਥਾ ਦੀ ਸੰਭਾਵਨਾ ਨੂੰ ਨਕਾਰਿਆ ਗਿਆ ਸੀ ਅਤੇ ਇਸ ਤਰ੍ਹਾਂ ਦੂਜੀਆਂ ਜਮਾਤਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਤੱਕ ਨੂੰ ਵੀ ਨਕਾਰਿਆ ਗਿਆ ਸੀ। ਪੇਰੇਵਰਜੇਵਾਦ ਦੇ ਖਾਤਮੇ ਦੇ ਬਾਅਦ ਵੀ ਸਾਰੇ ਭ੍ਰਿਸ਼ਟ ਸਮਾਜਸ਼ਾਸਤਰ ਦਾ ਅੰਤ ਨਹੀਂ ਹੋ ਗਿਆ।

ਮੇਰੇ ਸਾਹਮਣੇ ‘ਰੂਸੀ ਸਾਹਿਤ’ ਨਾਂ ਦੀ ਇੱਕ ਪਾਠ-ਪੁਸਤਕ ਪਈ ਹੈ। ਇਸ ਦੇ ਲੇਖਕ ਹਨ : ਕਾਰਿਆਕਿਨ, ਤ੍ਰੇਂਮੇਂਸਕੀ, ਮਾਮੋਨੋਵ, ਫੇਦ੍ਰਸ ਅਤੇ ਸਵੇਤਾਯੇਵ। ਇਹ ਪੁਸਤਕ ਭ੍ਰਿਸ਼ਟ ਸਮਾਜਸ਼ਾਸਤਰ ਦਾ ਇੱਕ ਸਪੱਸ਼ਟ ਉਦਾਹਰਣ ਹੈ।

ਸਭ ਤੋਂ ਪਹਿਲਾਂ ਮੇਰਾ ਧਿਆਨ ਇਸ ਪੁਸਤਕ ਦੀ ਸੰਰਚਨਾ ‘ਤੇ ਗਿਆ। ਇਹ ਪੁਸਤਕ ਜਿਨ੍ਹਾਂ ਪਾਠਾਂ ਵਿੱਚ ਵੰਡੀ ਗਈ ਹੈ ਉਸ ਦਾ ਅਧਾਰ ਰੂਸੀ ਇਤਿਹਾਸ ਦੀ ਪ੍ਰਕਿਰਿਆ ਨਹੀਂ, ਉਹ ਵੰਡ ਕਾਲਕ੍ਰਮ ਅਨੁਸਾਰ ਵੀ ਨਹੀਂ, ਉਹ ‘ਜਮਾਤੀ ਸੂਚੀ’ ਦੇ ਅਧਾਰ ‘ਤੇ ਵੰਡੀ ਗਈ ਹੈ। ਉਸ ਵਿੱਚ ਕੁਲੀਨ ਸਾਹਿਤ, ‘ਆਮ ਲੋਕ’ ਪੱਖੀ ਬੁੱਧੀਜੀਵੀਆਂ ਦਾ ਸਾਹਿਤ ਜਿਹਾ ਵਰਗੀਕਰਨ ਕੀਤਾ ਗਿਆ ਹੈ। ਇਸ ਤੱਥ ਨੂੰ ਇੱਕ ਪਾਸੇ ਵੀ ਰੱਖ ਦੇਈਏ ਕਿ ਬੁੱਧੀਜੀਵੀਆਂ ‘ਚੋਂ ਹਰ ਕੋਈ ‘ਆਮ ਲੋਕ’ ਪੱਖੀ ਨਹੀਂ ਸੀ ਅਤੇ ਇਹ ਕਿ ਬੁੱਧੀਜੀਵੀਆਂ ਦੀ ਕੋਈ ਵੱਖਰੀ ਜਮਾਤ ਨਹੀਂ ਹੁੰਦੀ, ਅਤੇ ਇਹ ਕਿ ਪਾਠਾਂ ਦੀ ਅਜਿਹੀ ਵੰਡ ਬੇਅਕਲੀ ਦੀ ਪਛਾਣ ਹੈ, ਤਾਂ ਵੀ ਆਓ ਪਾਠਾਂ ਵਿੱਚ ਦਿੱਤੀ ਗਈ ਸਮੱਗਰੀ ਦਾ ਵਿਸ਼ਲੇਸ਼ਣ ਕਰੀਏ। ਤਾਲਸਤਾਏ ਨੂੰ ਕੁਲੀਨ ਜਮਾਤ ਦੇ ਸਾਹਿਤ ਹੇਠ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਸੰਸਾਰ ਨਜ਼ਰੀਏ ਵਿੱਚ ਜੋ ਤਬਦੀਲੀ ਆਈ ਸੀ ਜਿਸ ਦੀ ਵਜ੍ਹਾ ਨਾਲ਼ ਉਹ ਪਿੱਤਰਸੱਤਾਵਾਦੀ ਕਿਸਾਨ ਜਮਾਤ ਦੇ ਬੁਲਾਰੇ ਅਖਵਾਏ ਸਨ ਉਸ ਨੂੰ ਪੂਰੀ ਤਰ੍ਹਾਂ ਹੀ ਭੁਲਾ ਦਿੱਤਾ ਗਿਆ ਹੈ। ‘ਆਮ ਲੋਕਾਂ’ ਦੇ ਬੁੱਧੀਜੀਵੀਆਂ ਹੇਠ ਗਲੇਬ ਉਸਪੇਂਸਕੀ, ਨੇਕ੍ਰਾਸੋਵ ਅਤੇ ਸਾਲਤੀਕੋਵ—ਸ਼ੇਦ੍ਰੀਨ ਭਾਵ ਉਹ ਲੋਕ ਸ਼ਾਮਲ ਹਨ ਜੋ ਚੇਰਨੇਸ਼ੇਵਸਕੀ ਅਤੇ ਦੋਬ੍ਰੋਲਿਉਬੋਵ ਅਤੇ ਹੋਰਨਾ ਇਨਕਲਾਬੀ ਕਿਸਾਨ ਜਮਹੂਰੀ ਰਚਨਾਕਾਰਾਂ ਦੇ ਸਾਥੀ ਰਹੇ ਹਨ; ਮਜ਼ੇਦਾਰ ਗੱਲ ਇਹ ਹੈ ਕਿ ਏਸੇ ਪਾਠ ਵਿੱਚ ਨਰੋਦਨਿਕਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।

ਗ੍ਰਿਬੋਏਦੋਵ ਦੀ ਰਚਨਾ ‘ਦਿ ਮਿਸਫਾਰਚੂਨ ਆਫ ਬੀਇੰਗ ਕਲੈਵਰ’ (ਚਲਾਕ ਬਣਨ ‘ਤੇ ਆਈ ਬਿਪਤਾ) ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਪੋਤ੍ਰਾਵਸਕੀ ਦੇ ਇਤਿਹਾਸ ਦੀ ਹਰ ਤਰ੍ਹਾਂ ਦੀ ਇੱਕ ਇਤਿਹਾਸਕ ਵਰਣਨ ਕਰਨ ਦੀ ਰਸਮ ਪੂਰਤੀ ਕੀਤੀ ਗਈ ਹੈ। ਅੰਤ ਵਿੱਚ ਨਿਰਯਾਤ ਨੂੰ ਸੱਚਮੁੱਚ ਦੇਸੀ ਸੁਖਾਂਤ ਦੀ ਉਤਪਤੀ ਨਾਲ਼ ਜੋੜਿਆ ਗਿਆ ਹੈ। ਉਕਤ ਨਾਟਕ ਦੇ ਦੋ ਭਾਗਾਂ ਨੂੰ ਚੁੱਕ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗ੍ਰਿਬੋਏਦੋਵ ਜਗੀਰੂ ਕਿਸਾਨ ਵੱਲ਼ ਉਦਾਸੀਨ ਸਨ।

ਨਤਾਸ਼ਾ ਰੋਸਤੋਵਾ ਦੇ ਚਰਿੱਤਰ ਦਾ ਵਿਸ਼ਲੇਸ਼ਣ ਕਰਕੇ ਇਹ ਨਤੀਜਾ ਕੱਢਿਆ ਗਿਆ ਹੈ ਕਿ ਉਸ ਦੁਆਰਾ ਤਾਲਸਤਾਏ ਔਰਤਾਂ ਵੱਲ ਜ਼ਮੀਨ ਮਾਲਕਾਂ ਦੇ ਨਜ਼ਰੀਏ ਨੂੰ ਪ੍ਰਗਟਾ ਰਹੇ ਸਨ। ਸੰਖੇਪ ਵਿੱਚ ਕਿਹਾ ਜਾਵੇ ਤਾਂ ਪੂਰੀ ਪੁਸਤਕ ਇਸ ਮੁੱਦੇ ‘ਤੇ ਪੁਰਾਣੇ ਰਚਨਾਕਾਰਾਂ ਨੂੰ ਦਬਕਾ ਰਹੀ ਹੈ ਕਿ ਉਹ ਪ੍ਰੋਲੇਤਾਰੀ ਜਮਾਤ ਦੇ ਇਨਕਲਾਬੀ ਨਹੀਂ ਸਨ, ਉਨ੍ਹਾਂ ਦੀਆਂ ਆਪਣੀਆਂ ਜਮਾਤੀ ਅਤੇ ਇਤਿਹਾਸਕ ਸੀਮਤਾਈਆਂ ਸਨ, ਉਨ੍ਹਾਂ ਨੂੰ ਇਸ ਦੀ ਜਾਂ ਉਸ ਦੀ ‘ਸਮਝ’ ਨਹੀਂ ਸੀ।

ਜੇ ਨਤਾਸ਼ਾ ਰੋਸਤੋਵਾ ਔਰਤਾਂ ਵੱਲ਼ ਜਗੀਰੂ ਜ਼ਮੀਨ ਮਾਲਕ ਦੇ ਨਜ਼ਰੀਏ ਦਾ ਹੀ ਪ੍ਰਗਟਾਵਾ ਹੈ ਤਾਂ ਸਾਡੇ ਲਈ, ਬਹੁਤ ਹੀ ਸੌੜੇ ਅਰਥ ਨੂੰ ਛੱਡਕੇ, ਉਸ ਦਾ ਕੀ ਮਹੱਤਵ ਹੈ? ਜੇ ‘ਯੁੱਧ ‘ਤੇ ਸ਼ਾਂਤੀ’ ਤੋਂ ਸਾਨੂੰ ਔਰਤਾਂ, ਵਿਆਹ, ਯੁੱਧ ਅਤੇ ਦਵੰਦ-ਯੁੱਧਾਂ ਦੇ ਵਿਸ਼ੇ ਸਬੰਧੀ ਕੁਲੀਨ ਨਜ਼ਰੀਆ ਹੀ ਹਾਸਲ ਹੁੰਦਾ ਹੈ, ਤਾਂ ਕੀ ਇਹੀ ਕਾਫ਼ੀ ਹੈ? ਕੀ ਕੋਈ ਕਲਾਕ੍ਰਿਤ ਜਮਾਤੀ ਵਿਚਾਰਾਂ ਦਾ ਹੀ ਪ੍ਰਗਟਾਵਾ ਹੁੰਦੀ ਹੈ ਅਤੇ ਜਮਾਤੀ ਨਜ਼ਰੀਏ ਦੇ ਝਰੋਖੇ ‘ਚੋਂ ਨਜ਼ਰ ਆਉਣ ਵਾਲ਼ੀ ਬਾਹਰਮੁਖੀ ਹਕੀਕਤ ਦਾ ਪ੍ਰਤੀਬਿੰਬ ਨਹੀਂ ਹੁੰਦੀ; ਜਮਾਤੀ ਵਿਚਾਰ ਨਜ਼ਰੀਆ ਨਾ ਹੋਕੇ ਕੀ ਅੰਨ੍ਹੀ ਨਜ਼ਰ ਹੁੰਦੇ ਹਨ? ਜਮਾਤੀ ਸਮਾਜ ਵਿੱਚ ਕੋਈ ਕਲਾਕਾਰ ਜਮਾਤੀ ਹਿੱਤਾਂ ਤੋਂ ਮੁਕਤ ਨਹੀਂ ਰਹਿ ਸਕਦਾ। ਪਰ ਜਮਾਤੀ ਹਿੱਤ ਕੋਈ ਜ਼ੁਰਮ ਤਾਂ ਨਹੀਂ, ਅਤੇ ਨਾ ਹੀ ਨਜ਼ਰਹੀਣਤਾ ਦੇ ਸੂਚਕ ਹਨ, ਉਹ ਤਾਂ ਹਕੀਕਤ ਹਨ, ਇੱਕ ਸੱਚਾਈ ਹਨ। ਆਪਣੀਆਂ ਇਤਿਹਾਸਕ ਅਤੇ ਜਮਾਤੀ ਹੱਦਾਂ ਦੇ ਅੰਤਰਗਤ ਹੀ ਉਨ੍ਹਾਂ ਨੇ ਬਾਹਰਮੁਖੀ ਸੰਸਾਰ ਨੂੰ ਪਛਾਣਿਆ ਹੈ, ਇਸ ਲਈ ਸਾਨੂੰ ਉਸੇ ਨੂੰ ਦੇਖਣਾ ਹੋਵੇਗਾ ਅਤੀਤ ਦੇ ਮਹਾਨ ਰਚਨਾਕਾਰਾਂ ਦੀ ਅਹੀ-ਤਹੀ ਸਿਰਫ਼ ਇਸ ਲਈ ਨਹੀਂ ਫੇਰਨੀ ਚਾਹੀਦੀ ਕਿ ਉਹਨਾਂ ਨੇ ਔਰਤਾਂ ਵੱਲ ਸਮਾਜਵਾਦੀ ਰਵੱਈਆ ਅਖਤਿਆਰ ਨਹੀਂ ਕੀਤਾ ਸੀ। ਲੈਨਿਨ ਦੇ ਕਿਹਾ ਸੀ :

ਤਾਲਸਤਾਏ ਦੇ ਵਿਚਾਰਾਂ ਵਿੱਚ ਮੌਜੂਦ ਵਿਰੋਧਤਾਈਆਂ ਦਾ ਮੁਲਾਂਕਣ ਅੱਜ ਦੀ ਮਜ਼ਦੂਰ ਲਹਿਰ ਅਤੇ ਆਧੁਨਿਕ ਸਮਾਜਵਾਦ ਦੇ ਨਜ਼ਰੀਏ ਤੋਂ ਨਹੀਂ ਕੀਤਾ ਜਾਣਾ ਚਾਹੀਦਾ (ਇਹ ਸੱਚ ਹੈ ਕਿ ਅਜਿਹਾ ਮੁਲਾਂਕਣ ਵੀ ਜ਼ਰੂਰੀ ਹੈ, ਪਰ ਉਹ ਨਾਕਾਫ਼ੀ ਹੈ), ਸਗੋਂ ਇਹ ਮੁਲਾਂਕਣ ਪਿੱਤਰਸੱਤਾਤਮਕ ਰੂਸੀ ਪੇਂਡੂਆਂ ਵਿੱਚ ਸਰਮਾਏਦਾਰੀ ਦੇ ਹਮਲੇ ਖਿਲਾਫ਼ ਅਤੇ ਜ਼ਮੀਨ ਖੁੱਸ ਜਾਣ ‘ਤੇ ਲੋਕਾਈ ਵਿੱਚ ਫੈਲੀ ਬਦਹਾਲੀ ਦੇ ਖਿਲਾਫ਼ ਭੜਕਦੀ ਬਗ਼ਾਵਤ ਦੇ ਨਜ਼ਰੀਏ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।

ਇਨ੍ਹਾਂ ਸਤਰਾਂ ਵਿੱਚ ਇੱਕ ਬੇਸ਼ਕੀਮਤੀ ਵਿਧੀ ਸਬੰਧੀ ਨਸੀਹਤ ਲੁਕੀ ਹੋਈ ਹੈ। ਇਸੇ ਨੂੰ ਅੱਗੇ ਵਧਾਉਂਦੇ ਹੋਏ ਲੈਨਿਨ ਕਹਿੰਦੇ ਹਨ :

ਇੱਕ ਅਜਿਹੇ ਮਸੀਹਾ ਵਜੋਂ ਤਾਲਸਤਾਏ ਦੀ ਹਾਲਤ ਹਸਾਉਣੀ ਲੱਗਦੀ ਹੈ ਜੋ ਮਨੁੱਖਤਾ ਦੇ ਉਦਾਰ ਲਈ ਇੱਕ ਨਵਾਂ ਰਾਹ ਤਲਾਸ਼ ਲਿਆਇਆ ਹੈ, ਇਸ ਲਈ ਅਜਿਹੇ ਰੂਸੀ ਅਤੇ ਵਿਦੇਸ਼ੀ ਤਾਲਸਤਾਏਵਾਦੀਆਂ ‘ਤੇ ਬੜਾ ਤਰਸ ਆਉਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਕਮਜ਼ੋਰ ਪੱਖ ਨੂੰ ਇੱਕ ਮਤਵਾਦ ਦੀ ਸ਼ਕਲ ਵਿੱਚ ਢਾਲ਼ਣ ਦੀ ਕੋਸ਼ਿਸ਼ ਕੀਤੀ ਹੈ। ਤਾਲਸਤਾਏ ਦੀ ਮਹਾਨਤਾ ਇਸ ਵਿੱਚ ਹੈ ਕਿ ਉਨ੍ਹਾਂ ਨੇ ਅਜਿਹੇ ਮੌਕੇ ‘ਤੇ ਜਦ ਰੂਸ ਵਿੱਚ ਬੁਰਜੂਆ ਇਨਕਲਾਬ ਹੋਣ ਵਾਲ਼ਾ ਸੀ ਲੱਖਾਂ ਰੂਸੀ ਕਿਸਾਨਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਗਟਾਇਆ ਸੀ।

ਲੈਨਿਨ ਨੇ ਤਾਲਸਤਾਏ ਦਾ ਮੁਲਾਂਕਣ ਸਰਮਾਏਦਾਰੀ ਖਿਲਾਫ਼ ਕਿਸਾਨਾਂ ਦੀ ਭੜਕਦੀ ਬਗ਼ਾਵਤ ਦੇ ਨਜ਼ਰੀਏ ਤੋਂ ਨਹੀਂ ਕੀਤਾ, ਸਗੋਂ ਆਧੁਨਿਕ ਮਜ਼ਦੂਰ ਲਹਿਰ ਅਤੇ ਸਮਾਜਵਾਦ ਦੇ ਨਜ਼ਰੀਏ ਤੋਂ ਵੀ ਕੀਤਾ ਜਿਸਦੀ ਰੋਸ਼ਨੀ ਵਿੱਚ ਤਾਲਸਤਾਏ ਦੀ ਹਾਲਤ ਬੜੀ ਹਸਾਉਣੀ ਲੱਗਦੀ ਹੈ।

ਭ੍ਰਿਸ਼ਟ ਸਮਾਜਸ਼ਾਸਤਰੀ ਅਤੀਤ ਦੇ ਲੇਖਕਾਂ ਦਾ ਮੁਲਾਂਕਣ ਵੀਹਵੀਂ ਸਦੀ ਦੇ ਚੌਥੇ ਦਹਾਕੇ ਦੇ ਸੋਵੀਅਤ ਇਤਿਹਾਸ ਦੇ ਪੈਮਾਨਿਆ ਨਾਲ਼ ਕਰਦੇ ਹਨ।

ਇਹ ਸਾਬਤ ਕਰਨਾ ਬਹੁਤਾ ਸੌਖਾਲ਼ਾ ਹੈ ਕਿ ਪੁਸ਼ਕਿਨ ਦੇ ਵਿਚਾਰ ਅੱਜ ਦੇ ਸਮਾਜਵਾਦ ਦੇ ਨਜ਼ਰੀਏ ਸਾਹਮਣੇ ਕਿਤੇ ਵੀ ਨਹੀਂ ਖੜ੍ਹਦੇ (ਇਸ ਤਰ੍ਹਾਂ ਉਨ੍ਹਾਂ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ, ਪਰ ਉਹ ਨਾਕਾਫ਼ੀ ਹੈ), ਪਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕੀ ਵਜ੍ਹਾ ਹੈ ਕਿ :

ਉਨ੍ਹਾਂ ਦੀਆਂ ਕਵਿਤਾਵਾਂ ਦੀ ਮੋਹਕ ਮਿਠਾਸ
ਫੈਲਾਏਗੀ ਦੂਰੇਡੀਆਂ ਪੀੜ੍ਹੀਆਂ ਤੱਕ ਰੋਸ਼ਨੀ  

ਅਤੀਤ ਦੇ ਗੌਰਵ ਗ੍ਰੰਥਾਂ ਦਾ ਕਲਾਤਮਕ ਮਹੱਤਵ ਸਾਡੇ ਭ੍ਰਿਸ਼ਟ ਸਮਾਜਸ਼ਾਸਤਰੀਆਂ ਦੀ ਨਜ਼ਰ ਤੋਂ ਪੂਰੀ ਤਰ੍ਹਾਂ ਓਹਲੇ ਹੋ ਜਾਂਦਾ ਹੈ। ਉਹ ਤਾਂ ਇਨ੍ਹਾਂ ਗੌਰਵ ਗ੍ਰੰਥਾਂ ਦੀ ‘ਝਾੜ-ਝੰਬ’ ਕਰਨ ਵੇਲ਼ੇ ਉਨ੍ਹਾਂ ਦੀ ਕਲਾਤਮਕ ਸਮਰੱਥਾ ਦੇ ਮੁਲਾਂਕਣ ਵੱਲ ਅੱਖਾਂ ਮੀਟ ਲੈਂਦੇ ਹਨ। ਉੱਪਰ ਦੱਸੀ ਗਈ ਪਾਠ-ਪੁਸਤਕ ਵਿੱਚ ਸਾਹਿਤ ‘ਤੇ ਕੋਈ ਚਰਚਾ ਹੈ ਹੀ ਨਹੀਂ। ਨਤਾਸ਼ਾ ਰੋਸਤੋਵਾ ਦਾ ਚਰਿੱਤਰ ਚਿੱਤਰਣ ਔਰਤਾਂ ਬਾਰੇ ਤਾਲਸਤਾਏ ਦੇ ਵਿਚਾਰਾਂ ਦੇ ਇਲਾਵਾ ਵੀ ਬਹੁਤ ਕੁਝ ਜਾਨਣ ਨੂੰ ਮਿਲ਼ਦਾ ਹੈ ਕਿ ਉੱਨੀਵੀਂ ਸਦੀ ਦੀ ਸ਼ੁਰੂਆਤ ਦੀ ਇੱਕ ਚੰਗੀ ਕੁੜੀ ਕਿੰਝ ਰਹਿੰਦੀ ਹੈ ਅਤੇ ਉਸ ਦਾ ਪਾਲ਼ਣ ਪੋਸ਼ਣ ਕਿਵੇਂ ਹੋਇਆ ਸੀ।

ਨਤਾਸ਼ਾ ਰੋਸਤੋਵਾ ਦੀ ਦਿੱਖ ਵਿੱਚ ‘ਕੁਝ’ ਹੋਰ ਵੀ ਹੈ ਅਤੇ ਇਹੀ ਉਹ ‘ਕੁਝ’ ਹੈ ਜੋ ਜੁਆਨ ਸੋਵੀਅਤ ਕੁੜੀ ਦੇ ਅਹਿਸਾਸ ਨੂੰ ਵਿਆਪਕ ਬਣਾ ਦਿੰਦਾ ਹੈ ਅਤੇ ਉਸ ਦੀ ਕਲਪਣਾ ਨੂੰ ਜਗਾ ਦਿੰਦਾ ਹੈ। ਏਸੇ ਵਜ੍ਹਾ ਕਰਕੇ ਉਹ ਵੱਡੀ ਰੁਚੀ ਨਾਲ਼ ‘ਯੁੱਧ ਅਤੇ ਸ਼ਾਂਤੀ’ ਪੜ੍ਹਦੀ ਹੈ ਅਤੇ ਉਸ ਦੀ ਤਾਰੀਫ਼ ਕਰਦੀ ਅਤੇ ਪ੍ਰੇਰਣਾ ਹਾਸਲ ਕਰਦੀ ਹੈ।

ਭ੍ਰਿਸ਼ਟ ਸਮਾਜਸ਼ਾਸਤਰੀ ਸਿਧਾਂਤਾਂ ਦੇ ਪੇਸ਼ਕਾਰਾਂ ਦੀਆਂ ਇਹ ਪਾਠ-ਪੁਸਤਕਾਂ ਕਿਤੇ ਵੀ ਇਸ ਮਸਲੇ ‘ਤੇ ਭੋਰਾ ਕੁ ਵੀ ਰੌਸ਼ਨੀ ਨਹੀਂ ਪਾਉਂਦੀਆਂ ਕਿ ਕੀ ਵਜ੍ਹਾ ਹੈ ਕਿ ਤਾਲਸਤਾਏ, ਪੁਸ਼ਕਿਨ ਅਤੇ ਗੋਗੋਲ ਦੀਆਂ ਕ੍ਰਿਤਾਂ ਹਾਲੇ ਤੱਕ ਸੁਹਜਾਤਮਕ ਆਨੰਦ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਦਾ ਭੇਦ ਕੀ ਰਿਹਾ ਹੈ ਕਿਉਂਕਿ ਸੁਹਜਾਤਮਕ ਰੁਚੀ ਤਾਂ ਵਿਕਾਸ ਦੇ ਅਧੀਨ ਰਹਿੰਦੀ ਹੈ, ਉਹ ਫੌਰਨ ਪੈਦਾ ਨਹੀਂ ਕਰ ਦਿੱਤੀ ਜਾਂਦੀ ਅਤੇ ਨਾ ਹੀ ਕ੍ਰਿਤਾਂ ਨੂੰ ਪੜ੍ਹ ਲੈਣ ਨਾਲ਼ ਹੀ ਪੈਦਾ ਹੋ ਜਾਂਦੀ ਹੈ। ਸਾਨੂੰ ਯਾਦ ਹੈ ਕਿ ਬੇਲਿੰਸਕੀ, ਦੋਬ੍ਰੋਲਉਬੋਵ ਅਤੇ ਚੇਰਨੀਸ਼ੇਵਸਕੀ ਨੇ ਸਾਹਿਤ ਦੀ ਪ੍ਰੀਖਿਆ ਵਿਚਾਰਧਾਰਾ ਅਤੇ ਸਮਾਜਕਤਾ ਦੇ ਅਧਾਰ ‘ਤੇ ਹੀ ਤਾਂ ਕੀਤੀ ਹੀ, ਉਨ੍ਹਾਂ ਨੇ ਸਾਹਿਤ ਨੂੰ ਇੱਕ ਅਜਿਹੀ ਸ਼ੈਅ ਮੰਨਿਆ ਜਿਸ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰ ਸਾਡੇ ਭ੍ਰਿਸ਼ਟ ਸਮਾਜਸ਼ਾਸਤਰੀਆਂ ਦੀਆਂ ‘ਸ਼ੁੱਧ’ ਪ੍ਰੀਭਾਸ਼ਾਵਾਂ ਅੱਗੇ ਪੁਰਾਤਨ ਗੌਰਵ ਗ੍ਰੰਥਾਂ ਦੀ ਅਮੀਰੀ ਅਤੇ ਮਹਾਨਤਾ ਅੰਤਰਧਿਆਨ ਹੋ ਜਾਂਦੀ ਹੈ। ਲਿਫ਼ਸ਼ਿਤਜ ਪੂਰੀ ਤਰ੍ਹਾਂ ਦਰੁਸਤ ਫਰਮਾਉਂਦੇ ਹਨ ਕਿ ਭ੍ਰਿਸ਼ਟ ਸਮਾਜਸ਼ਾਸਤਰੀਆਂ ਨੂੰ ਜਬਰੀ ਰੂਪਵਾਦ ਤੋਂ ਬਹੁਤ ਕੁਝ ਉਧਾਰ ਲੈਣਾ ਪੈਂਦਾ ਹੈ ਅਤੇ ਇਨ੍ਹਾਂ ਗੌਰਵ ਗ੍ਰੰਥਾਂ ਦੀ ਸ਼ਿਲਪ ਮਹਾਰਤ ਬਾਰੇ ਰੱਟੇ ਰਟਾਏ ਫਿਕਰੇ ਬੜਬੜਾਉਣੇ ਪੈਂਦੇ ਹਨ।

ਸਾਥੀ ਸਾਤਜ ਦਾ ਵਿਸ਼ਵਾਸ ਹੈ ਕਿ ਮੈਂ ਇਹ ਕਹਿਕੇ ਲਿਫ਼ਿਸ਼ਤਜ ਦੀ ਝੂਠੀ-ਸੱਚੀ ਨਿੰਦਾ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਕਿ ਕੁਲੀਨ ਜਮਾਤ ਦੇ ਜਾਂ ਸਰਮਾਏਦਾਰ ਜਮਾਤ ਦੇ ਰਚਨਾਕਾਰਾਂ ਦੀਆਂ ਰਚਨਾਵਾਂ ਲੋਕਾਂ ਦੀਆਂ ਰਚਨਾਵਾਂ ਹੋ ਸਕਦੀਆਂ ਹਨ। ਮੈਨੂੰ ਨੀਵਾਂ ਦਿਖਾਉਣ ਲਈ ਉਹ ਲਿਫ਼ਸ਼ਿਤਜ ਦੇ ਦੋ ਹਵਾਲੇ ਪੇਸ਼ ਕਰਦੇ ਹਨ :

1. ਕੀ ਇੱਕ ‘ਕੁਲੀਨ ਜਮਾਤ ਦਾ ਕਲਾਕਾਰ’ ਆਪਣੇ ਦੇਸ਼ ਦੀ ਲੋਕਾਈ ਦੀ ਲਹਿਰ ਨੂੰ ਚਿੱਤਰਤ ਕਰ ਸਕਦਾ ਹੈ? ਪਲੈਖਾਨੋਵ ਦੇ ਨਜ਼ਰੀਏ ਅਨੁਸਾਰ ਇਸ ਤਰ੍ਹਾਂ ਦੇ ਵਿਚਾਰ ਦਾ ਅਰਥ ਮਾਰਕਸਵਾਦ ਨੂੰ ਨਕਾਰਨਾ ਹੋਵੇਗਾ। ਤਾਲਸਤਾਏ ਦੀਆਂ ਰਚਨਾਵਾਂ ਬਾਰੇ ਇਸ ਤਰ੍ਹਾਂ ਦਾ ਨਜ਼ਰੀਆ ਸੱਚਮੁੱਚ ਹੀ ਕੱਟੜਪੰਥੀ ਮੇਨਸ਼ੇਵਿਕਾਂ ਦੇ ਕੱਟੜ ਮਾਰਕਸਵਾਦ ਨਾਲ਼ ਮੇਲ਼ ਨਹੀਂ ਖਾਂਦਾ।

2. ਸਾਨੂੰ ਇਹ ਪਤਾ ਹੈ ਕਿ … ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ‘ਚੋਂ ਨਿੱਜੀ ਤੌਰ ‘ਤੇ ਕਈ ਪ੍ਰਤਿਭਾਸ਼ਾਲੀ ਲੋਕ ਆਪਣੇ ਜਮਾਂਦਰੂ ਅਤੇ ਹਾਸਲ ਕੀਤੇ ਤੁਅੱਸਬਾਂ ਦੇ ਬਾਵਜੂਦ ਸੱਚੇ ਅਰਥਾਂ ਵਿੱਚ ਲੋਕਾਂ ਦੇ ਰਚਨਾਕਾਰ ਬਣ ਗਏ।

ਮੈਂ ਇਨ੍ਹਾਂ ਹਵਾਲਿਆਂ ‘ਤੇ ਗੱਲ ਕਰਨ ਤੋਂ ਪਹਿਲਾਂ ਸਾਥੀ ਲਿਫ਼ਿਸ਼ਤਜ ਦੇ ਲੇਖਾਂ ‘ਚੋਂ ਦੋ ਹੋਰ ਹਵਾਲੇ ਪੇਸ਼ ਕਰਨਾ ਚਾਹਾਂਗਾ :

1. ਅਸਲ ਵਿੱਚ, ਪੁਸ਼ਕਿਨ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ; ਕੁਲੀਨ ਤਬਕਾ ਅਤੇ ਸਰਮਾਏਦਾਰ ਜਮਾਤ – ਚਾਹੇ ਉਹ ਇੱਕ ਜੁੱਟ ਹੋਵੇ ਜਾਂ ਵੰਡੇ ਹੋਏ, ਸਮਾਜ ਦੀਆਂ ਦੋ ਪਰਜੀਵੀ ਜਮਾਤਾਂ ਹੀ ਸਨ।

2. ਪੁਸ਼ਕਿਨ, ਗੋਗੋਲ ਅਤੇ ਤਾਲਸਤਾਏ ਦੀ ਵਿਆਖਿਆ ਕੁਲੀਨ ਜਮਾਤ ਦੇ ਘਰੇਲੂ ਮਾਮਲਿਆਂ ਵਜੋਂ, ਉਸ ਦੀ ‘ਬੁਰਜੂਆ’ ਕਾਇਆਪਲ਼ਟੀ ਅਤੇ ਉਸ ਦੇ ‘ਦਿਨੋ ਦਿਨ ਗਰੀਬ ਹੋਣ’ ਦੇ ਅਰਥ ਵਿੱਚ ਕੀਤੀ ਜਾਂਦੀ ਹੈ।

ਇਨ੍ਹਾਂ ਹਵਾਲਿਆਂ ਤੋਂ ਇਹ ਜਾਹਿਰ ਹੁੰਦਾ ਹੈ ਕਿ ਸਾਥੀ ਲਿਫ਼ਸ਼ਿਤਜ ਅਨੁਸਾਰ ਪੁਸ਼ਕਿਨ ਕੁਲੀਨ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਨਹੀਂ ਸਨ ਕਿਉਂਕਿ ਕੁਲੀਨ ਜਮਾਤ ਖੁਦ ਹੀ ਸਮਾਜ ਦੀ ਇੱਕ ਪਰਜੀਵੀ ਜਮਾਤ ਸੀ। ਜੇ ਅਸੀਂ ਹੌਂਸਲਾ ਕਰਕੇ ਇਹ ਕਹੀਏ ਕਿ ਪੁਸ਼ਕਿਨ ਕੁਲੀਨ ਜਮਾਤ ਦੇ ਬੁਲਾਰੇ ਸਨ ਤਾਂ ਲਿਫ਼ਸ਼ਿਤਜ ਅਨੁਸਾਰ ਇਸ ਦਾ ਅਰਥ ਇਹ ਹੋਵੇਗਾ ਕਿ ਅਸੀਂ ਪੁਸ਼ਕਿਨ ਨੂੰ ਲੁੱਟ ਦਾ, ਜ਼ਮੀਨ ਗ਼ੁਲਾਮੀ ਦਾ ਹਮਾਇਤੀ ਗ਼ਰਦਾਨ ਰਹੇ ਹਾਂ। ਪੁਸ਼ਕਿਨ ਇੱਕ ਮਹਾਨ ਕਲਾਕਾਰ ਸਨ, ਉਹ ਲੋਕਾਂ ਦੇ ਕਲਾਕਾਰ ਸਨ, ਅਤੇ ਉਹ ਕੁਲੀਨ ਜਮਾਤ ਦੇ ਬੁਲਾਰੇ ਵੀ ਸਨ; ਇਹ ਸੱਭ ਕੁਝ ਇਕੱਠੇ ਕਹਿਣ ਤੋਂ ਅਜਿਹਾ ਲੱਗਦਾ ਹੈ ਕਿ ਪ੍ਰਤਿਭਾ ਅਤੇ ਔਗੁਣ ਆਪਸ ਵਿੱਚ ਕਦੀ ਮਿਲ਼ ਨਹੀਂ ਸਕਦੇ – ਕੀ ਉੱਪਰ ਦਿੱਤੇ ਗਏ ਹਵਾਲਿਆਂ ਵਿੱਚ ਪ੍ਰਗਟ ਵਿਚਾਰ ਲਿਫ਼ਸ਼ਿਤਜ ਦੀ ਇਸ ਧਾਰਨਾ ਨੂੰ ਸਪਸ਼ਟ ਨਹੀਂ ਕਰਦੇ?

ਹੁਣ ਸਾਥੀ ਸ਼ਾਤਜ਼ ਖੁਦ ਹੀ ਦੇਖ ਲੈਣ ਕਿ ਕੀ ਇਹ ਦੱਸ ਕੇ ਅਸੀਂ ਸੱਚੀਂ ਹੀ ਉਨ੍ਹਾਂ ਦੇ ਮੁਵਕਿਲ ਨੂੰ ਬਦਨਾਮ ਕੀਤਾ ਹੈ ਕਿ ਇਸ ਤਰ੍ਹਾਂ ਦੀ ਸਪਸ਼ਟ ਵਿਰੋਧਤਾਈ ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ਬਾਰੇ ਉਨ੍ਹਾਂ ਦੇ ਵਿਚਾਰਾਂ ਨਾਲ਼ ਉੱਕਾ ਹੀ ਮੇਲ਼ ਨਹੀਂ ਖਾਂਦੀ। ਪਰ ਸਾਥੀ ਸ਼ਾਤਜ਼ ਦੁਆਰਾ ਪੇਸ਼ ਅੰਸ਼ਾਂ ਦਾ ਕੀ ਹੋਇਆ। ਕੁਝ ਵੀ ਨਹੀਂ। ਉਹ ਪੂਰੀ ਤਰ੍ਹਾਂ ਅਡਿੱਗ ਹਨ। ਲਿਫ਼ਸ਼ਿਤਜ ਦਾ ਵਿਚਾਰ ਹੈ ਕਿ ‘ਇੱਕ ਕੁਲੀਨ ਜਮਾਤ ਦਾ ਕਲਾਕਾਰ’, ਆਪਣੇ ਦੇਸ਼ ਅੰਦਰ ਲੋਕ ਲਹਿਰ ਨੂੰ ਪ੍ਰਤੀਬਿੰਬਤ ਕਰ ਸਕਦਾ ਹੈ।’ ਇੱਕ ਕੁਲੀਨ ਜਮਾਤ ਦਾ ਕਲਾਕਾਰ, ਪਰ ਕੁਲੀਨ ਜਮਾਤ ਦਾ ਬੁਲਾਰਾ ਨਹੀਂ। ਉਹ ਸੋਚਦੇ ਹਨ ਕਿ ‘ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ‘ਚੋਂ ਨਿੱਜੀ ਤੌਰ ‘ਤੇ ਕਈ ਪ੍ਰਤਿਭਾਸ਼ਾਲੀ ਲੋਕ … ਲੋਕਾਂ ਦੇ ਰਚਨਾਕਾਰ ਬਣ ਗਏ। ‘ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ‘ਚੋਂ’, ਪਰ ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਨਹੀਂ।

ਦੂਜੇ ਸ਼ਬਦਾਂ ਵਿੱਚ ਸਾਥੀ ਲਿਫ਼ਸ਼ਿਤਜ ਇਹ ਪ੍ਰਵਾਨਦੇ ਹਨ ਕਿ ਹੋਰਨਾ ਜਮਾਤਾਂ, ਪਰਜੀਵੀ ਜਮਾਤਾਂ ਦੇ ਮੈਂਬਰ ਲੋਕਾਂ ਦੇ ਰਚਨਾਕਾਰ ਹੋ ਸਕਦੇ ਹਨ। ਸਾਥੀ ਲਿਫ਼ਸ਼ਿਤਜ ‘ਕੁਲੀਨ ਜਮਾਤ ਦਾ ਕਲਾਕਾਰ’ ਸ਼ਬਦ ਦੀ ਵਰਤੋਂ ਇਸ ਅਰਥ ਵਿੱਚ ਕਰਦੇ ਹਨ ਕਿ ਉਹ ਪੈਦਾਇਸ਼ੀ ਅਤੇ ਸਿੱਖਿਆ ਤੋਂ ਕੁਲੀਨ ਜਮਾਤ ਦੇ ਸਨ। ਗੱਲ ਸਿਰਫ਼ ਏਨੀ ਕੁ ਹੀ ਹੈ।

ਅਜਿਹਾ ਲੱਗਦਾ ਹੈ ਜਿਵੇਂ ਸਾਨੂੰ ਇਹ ਪਹਿਲਾਂ ਤੋਂ ਹੀ ਪਤਾ ਨਹੀਂ ਸੀ ਕਿ ਹਰ ਪ੍ਰੋਲੇਤਾਰੀ ਇਨਕਲਾਬੀ ਸਮਾਜ ਵਿੱਚ ਜਨਮ ਤੋਂ ਪ੍ਰੋਲੇਤਾਰੀ ਜਮਾਤ ਦੀ ਵਿਚਾਰਧਾਰਾ ਦਾ ਨਹੀਂ ਹੁੰਦਾ ਅਤੇ ਇਹ ਵੀ ਕਿ ਕੋਈ ਪ੍ਰੋਲੇਤਾਰੀ ਇਨਕਲਾਬੀ ਆਪਣੇ ਜਨਮ ਤੋਂ ਕਿਸੇ ਹੋਰ ਜਮਾਤ ਦਾ ਵੀ ਹੋ ਸਕਦਾ ਹੈ।

ਪਰ ਸਾਥੀ ਲਿਫ਼ਸ਼ਿਤਜ, ਕੀ ਤੁਸੀਂ ਸੱਚੀਂ ਇਹ ਸੋਚਦੇ ਹੋ ਕਿ ਜਦ ਲੈਨਿਨ ਨੇ ਦਿਸੰਬਰਵਾਦੀਆਂ ਨੂੰ ‘ਕੁਲੀਨਜਮਾਤੀ ਇਨਕਲਾਬੀ’ ਕਿਹਾ ਸੀ ਤਦ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਦੀ ਕੁਲੀਨੀ ਪੈਦਾਇਸ਼ ਦੀ ਗੱਲ ਰਹੀ ਸੀ, ਉਨ੍ਹਾਂ ਦੀਆਂ ਵਿਚਾਰਧਾਰਕ ਹੱਦਾਂ ਦੀ ਗੱਲ ਨਹੀਂ, ਜਿਨ੍ਹਾਂ ਦੀ ਉਲੰਘਣਾ ਉਨ੍ਹਾਂ ਦੀ ਇਨਕਲਾਬੀ ਆਤਮਾ ਲਈ ਸੰਭਵ ਨਹੀਂ ਸੀ?

ਇਸ ਲਈ ਸਾਥੀ ਲਿਫ਼ਸ਼ਿਤਜ ਨੂੰ ਕਿਸੇ ਨੇ ਨਿੰਦਿਆ ਨਹੀਂ। ਸਾਥੀ ਲਿਫ਼ਿਸ਼ਤਜ ਅਸਲ ਵਿੱਚ ਇਹ ਮੰਨ ਬੈਠੇ ਹਨ ਕਿ ਕੁਲੀਨ ਜਮਾਤ ਦੀ ਵਿਚਾਰਧਾਰਾ ਦਾ ਬੁਲਾਰਾ ਲੋਕਾਂ ਦਾ ਲੇਖਕ ਹੋ ਹੀ ਨਹੀਂ ਸਕਦਾ ਅਤੇ ਸਾਥੀ ਸ਼ਾਤਜ਼ ਨੇ ਸਾਥੀ ਲਿਫ਼ਿਸ਼ਤਜ ਦੇ ਉਨ੍ਹਾਂ ਹਵਾਲਿਆਂ ਨੂੰ ਸਮਝਿਆ ਹੀ ਨਹੀਂ ਹੈ ਜਿਨ੍ਹਾਂ ਨਾਲ਼ ਉਹ ਮੈਨੂੰ ਹਰਾਉਣਾ ਚਾਹੁੰਦੇ ਸਨ।

ਸਾਥੀ ਸ਼ਾਤਜ਼ ਨੇ ਭ੍ਰਿਸ਼ਟ ਸਮਾਜਸ਼ਾਸਤਰੀਅਤਾ ਦੇ ਜੋ ਹੋਰ ‘ਇਲਜ਼ਾਮ’ ਮੇਰੇ ‘ਤੇ ਲਗਾਏ ਹਨ ਉਹ ਗੋਗੋਲ ‘ਤੇ ਮੇਰੇ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ‘ਤੇ ਅਧਾਰਤ ਹਨ। ਸਭ ਤੋਂ ਪਹਿਲਾਂ ਇਵਾਨੋਵ ਦਾ ਉਹ ਹਵਾਲਾ ਯਾਦ ਕਰੋ ਜਿਸ ਨੇ ਇਹ ਤੁਫ਼ਾਨ ਖੜ੍ਹਾ ਕਰ ਦਿੱਤਾ :

ਨਿਕੋਲਸ ਪਹਿਲੇ ਦੇ ਨਿਜ਼ਾਮ ਦਾ ਵਿਰੋਧ ਕਰਨ ਵਾਲ਼ੀਆਂ ਸਮਾਜਕ ਤਾਕਤਾਂ ਦੀ ਦੁੱਖਦ ਘਾਟ ਕਾਰਨ ਉਨ੍ਹਾਂ ਨੂੰ ਜਦ ਸਵੈ-ਹਾਰ ਦੀ ਭਾਵਨਾ ਨੇ ਡੰਗ ਲਿਆ ਅਤੇ ਜਦ ਉਹ ਇੱਕ ਭਿਅੰਕਰ ਅੰਦਰੂਨੀ ਸੰਕਟ ‘ਚੋਂ ਲੰਘੇ, ਉਸ ਦੇ ਬਾਅਦ ਹੀ ਗੋਗੋਲ ਨੇ ਆਪਣੀ ਪਿਛਾਖੜੀ ਕਾਲਪਨਿਕ ਦੁਨੀਆ (ਯੂਟੋਪੀਆ) ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਜਿਸ ਨੇ ਮੁਕਤੀ ਦੇ ਆਦਰਸ਼ਾਂ ਦੇ ਨਾਲ਼ ਦਗਾਬਾਜ਼ੀ ਦੇ ਰਾਹ ਨੂੰ ਪੇਸ਼ ਕੀਤਾ।  

ਇਵਾਨੋਵ ਨੇ ‘ਸਮਾਜਕ ਤਾਕਤਾਂ ਦੀ ਦੁੱਖਦ ਅਣਹੋਂਦ’ ਦਾ ਜਿਕਰ ਕੀਤਾ ਹੈ। ਪਰ ਪੰਜਵੇਂ ਦਹਾਕੇ ਵਿੱਚ ਹੀ ਉਹ ਸਮਾਜਕ ਤਾਕਤਾਂ ਤੇਜ਼ੀ ਫੜ ਰਹੀਆਂ ਸਨ। ਪੰਜਵੇਂ ਦਹਾਕੇ ਵਿੱਚ ਹੀ ਬੇਲਿੰਸਕੀ ਨੇ ਅੰਨੇਨਕੋਵ ਨੂੰ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ‘ਕਿਸਾਨ ਜਮਾਤ ਸੁੱਤੀ ਹੋਈ ਹੈ, ਪਰ ਉਸ ਨੂੰ ਆਪਣੀ ਭਵਿੱਖ ਦੀ ਮੁਕਤੀ ਨਜ਼ਰ ਆ ਰਹੀ ਹੈ।’ ਬੇਲਿੰਸਕੀ ਉਨ੍ਹਾਂ ਦਿਨਾਂ ਵਿੱਚ ਇਨਕਲਾਬੀ ਰਾਹ ਵੱਲ ਤੇਜ਼ੀ ਨਾਲ਼ ਵਧ ਰਹੇ ਸਨ। ਭਾਵੇਂ ਉਹ 1848 ਦੇ ਜਰਮਨ ਅਤੇ ਫਰਾਂਸੀਸੀ ਇਨਕਲਾਬਾਂ ਤੋਂ ਪਹਿਲਾਂ ਹੀ ਮਰ ਗਏ। ਬੇਲਿੰਸਕੀ ਨੇ ਇਨ੍ਹਾਂ ਇਨਕਲਾਬਾਂ ਦਾ ਦਿਲੋਂ ਸੁਆਗਤ ਕੀਤਾ ਹੁੰਦਾ, ਗੋਗੋਲ ਇਨ੍ਹਾਂ ਇਨਕਲਾਬਾਂ ਵੇਲ਼ੇ ਅਤੇ ਇਸ ਤੋਂ ਬਾਅਦ ਵੀ ਜਿਉਂਦੇ ਰਹੇ ਸਨ। ਇਸ ਤਰ੍ਹਾਂ ਗੋਗੋਲ ਦੇ ਪਿਛਾਖੜੀ ਪ੍ਰਵਚਨਾਂ ਲਈ ਅਤੇ ਸਲਾਵੋਫਾਈਲਾਂ ਅੱਗੇ ਉਨ੍ਹਾਂ ਦੇ ਆਤਮ-ਸਮਰਪਣ ਲਈ ‘ਨਿਕੋਲਸ ਪਹਿਲੇ ਦਾ ਵਿਰੋਧ ਕਰਨ ਵਾਲ਼ੀਆਂ ‘ਸਮਾਜਕ ਤਾਕਤਾਂ ਦੀ ਦੁੱਖਦ ਘਾਟ’ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਕਿੱਥੋਂ ਤੱਕ ਜਾਇਜ ਹੈ? ਇਹ ਗੱਲ ਕੀ ਸਪਸ਼ਟ ਨਹੀਂ ਹੈ ਕਿ ਇਵਾਨੋਵ ਨੇ ਆਪਣੇ ਤਰਕਾਂ ਨੂੰ ਸਹੀ ਸਿੱਧ ਕਰਨ ਦੇ ਚੱਕਰ ਵਿੱਚ ਇਤਿਹਾਸ ਦੇ ਤੱਥਾਂ ਦੀ ਅਣਦੇਖੀ ਕੀਤੀ ਹੈ।

ਆਪਣੇ ਲੇਖ ਵਿੱਚ ਮੈਂ ਇਸ ਤੱਥ ਵੱਲ ਧਿਆਨ ਦੁਆਇਆ ਸੀ ਕਿ ਸਲਾਵੋਫਾਈਲਾਂ ਨੇ ਗੋਗੋਲ ਦੀਆਂ ਵਿਅੰਗ ਰਚਨਾਵਾਂ ਦੀ ‘ਅੰਦਰੂਨੀ ਸ਼ੁੱਧੀ ਦੀ ਲੋੜ’ ਕਹਿ ਕੇ ਵਿਆਖਿਆ ਕੀਤੀ ਹੈ। ਇਸ ਦਾ ਅਰਥ ਕੀ ਹੈ? ਇਸ ਦਾ ਅਰਥ ਇਹ ਹੈ ਕਿ ਸਲਾਵੋਫਾਈਲ ਗੋਗੋਲ ਨੂੰ ਆਪਣਾ ਸਮਝਦੇ ਸਨ। ਉਨ੍ਹਾਂ ਨੇ ਜ਼ਮੀਨ-ਮਾਲਕ ਅਫਸਰਾਂ ਦੇ ਪੁਲੀਸ ਹੁਕਮਾਂ ਦੀ ਅਲੋਚਨਾ ਕਰਨ ਵਾਲ਼ੇ ਹਿੱਸਿਆਂ ਨੂੰ ਲੈ ਕੇ ਕੀਤੀ ਗਈ ਇਨਕਲਾਬੀ ਵਿਆਖਿਆ ਦੇ ਖਿਲਾਫ਼ ਭਾਰੀ ਘੋਲ਼ ਕੀਤਾ। ਬੇਲਿੰਸਕੀ ਨੇ ਗੋਗੋਲ ਦਾ ਪੱਖ ਲੈਕੇ ਆਪਣੀ ਭੂਮਿਕਾ ਨੂੰ ਨਿਭਾਇਆ। ਸਲਾਵੋਫਾਈਲਾਂ ਨੇ ਵੀ ਗੋਗੋਲ ਨੂੰ ਆਪਣਾ ਮੰਨ ਕੇ ਘੋਲ਼ ਕੀਤਾ। ਸਲਾਵੋਫਾਈਲਾਂ ਨੇ ਬੇਲਿੰਸਕੀ ਨੂੰ ਆਪਣਾ ਮੰਨ ਕੇ ਨਾ ਕਦੀ ਘੋਲ਼ ਕੀਤਾ ਅਤੇ ਨਾ ਹੀ ਉਸਦੀ ਸਮੀਖਿਆ ਨੂੰ ‘ਅੰਦਰੂਨੀ ਸ਼ੁੱਧੀ ਦੀ ਲੋੜ’ ਕਹਿਣ ਦਾ ਹੌਂਸਲਾ ਕੀਤਾ। ਜੇ ਉਹ  ਇੰਝ ਕਰਦੇ ਤਾਂ ਉਹ ਹਾਸੋਹੀਣਾ ਲਗਦਾ। ਬੇਲਿੰਸਕੀ ਇੱਕ ਇਨਕਲਾਬੀ ਯੋਧੇ ਸਨ ਅਤੇ ਪਿਛਾਖੜ ਦੇ ਪੱਕੇ ਦੁਸ਼ਮਣ ਸਨ। ਪਰ ਗੋਗੋਲ ਨੂੰ ਆਪਣਾ ਬਣਾ ਕੇ ਉਨ੍ਹਾਂ ਲਈ ਘੋਲ਼ ਕਰਨਾ ਹਾਸੋਹੀਣਾ ਨਹੀਂ ਸੀ। ਇਸ ਮਾਮਲੇ ਵਿੱਚ ਪਿਛਾਖੜ ਦੀ ਜਿੱਤ ਹੋਈ। ਜੀਉਂਦੇ ਗੋਗੋਲ ਹੀ ਉਨ੍ਹਾਂ ਦੇ ਪੱਖ ਵਿੱਚ ਸ਼ਾਮਲ ਹੋ ਗਏ ਸਨ। ਉਹ ਇੱਕ ਇਨਕਲਾਬੀ ਯੋਧੇ ਨਹੀਂ ਸਨ। ਫਿਰ ਵੀ ਉਨ੍ਹਾਂ ਦੀਆਂ ਵਿਅੰਗ ਰਚਨਾਵਾਂ ਮੁਕਤੀ ਘੋਲ਼ ਦੇ ‘ਪ੍ਰਕਿਰਤੀਵਾਦੀ ਧੜੇ’ ਦਾ ਨੀਂਹ ਪੱਥਰ ਸਾਬਤ ਹੋਈਆਂ। ਇਸ ਤਰ੍ਹਾਂ ਪਿਛਾਖੜ ਨੂੰ ਕਰਾਰੀ ਹਾਰ ਵੀ ਮਿਲ਼ੀ।

ਬੇਲਿੰਸਕੀ ਨੇ ਜਦ ਗੋਗੋਲ ਦੁਆਰਾ ਆਪਣੀਆਂ ਕ੍ਰਿਤਾਂ ਦੇ ਤਿਆਗ ਬਾਰੇ ਲਿਖਿਆ ਸੀ ਤਾਂ ਠੀਕ ਹੀ ਕਿਹਾ  ਸੀ :

ਉਏ, ਅਸਾਂ ਇਸ ਤੋਂ ਕੀ ਲੈਣਾ ਦੇਣਾ! ਹੁਣ ਲੋਕ ਗੋਗੋਲ ਦੀਆਂ ਰਚਨਾਵਾਂ ਦੀ ਤਾਰੀਫ਼ ਕਰਦੇ ਹਨ ਤਦ ਉਹ ਗੋਗੋਲ ਤੋਂ ਪੁੱਛਣ ਨਹੀਂ ਜਾਂਦੇ ਕਿ ਤੁਸੀਂ ਆਪਣੀਆਂ ਰਚਨਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ, ਉਹ ਤਾਂ ਉਨ੍ਹਾਂ ਕ੍ਰਿਤਾਂ ਦੁਆਰਾ ਪੈਦਾ ਕੀਤੇ ਗਏ ਪ੍ਰਭਾਵ ਅਨੁਸਾਰ ਉਸ ‘ਤੇ ਆਪਣਾ ਫੈਸਲਾ ਦਿੰਦੇ ਹਨ। …

ਇਹੀ ਗੱਲ ਅੱਜ ਵੀ ਸਹੀ ਹੈ, ਅੱਜ ਵੀ ਅਸੀਂ ਗੋਗੋਲ ਤੋਂ ਇਹ ਪੁੱਛਣ ਨਹੀਂ ਜਾਂਦੇ ਕਿ ਉਹ ਆਪਣੀ ਸਿਰਜਣਾ ਬਾਰੇ ਕੀ ਸੋਚਦੇ ਹਨ। ਜੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੀ ਗੁਣਵੱਤਾ ਬਾਰੇ ਨਹੀਂ ਜਾਣਿਆ ਤਾਂ ਅਸੀਂ ਉਸ ਤੋਂ ਕੀ ਲੈਣਾ-ਦੇਣਾ, ਲੋਕ ਤਾਂ ਉਸ ਨੂੰ ਪਹਿਚਾਣਦੇ ਹਨ।

ਇਸ ਮਾਮਲੇ ਵਿੱਚ ਬੇਲਿੰਸਕੀ ਦਾ ਵਿਚਾਰ ਬਿਲਕੁਲ ਸਹੀ ਹੈ। ਠੀਕ ਏਸੇ ਤਰ੍ਹਾਂ ਜਦ ਉਨ੍ਹਾਂ ਨੇ ਹੇਠਾਂ ਦਿੱਤੇ ਸ਼ਬਦ ਲਿਖੇ ਸਨ ਤਦ ਵੀ ਉਹ ਸਹੀ ਹੀ ਕਹਿ ਰਹੇ ਸਨ :

‘ਮ੍ਰਿਤ ਆਤਮਾਵਾਂ’ ਨਾਮਕ ਨਾਵਲ ਵਿੱਚ ਗੰਭੀਰ ਗਲ਼ਤੀਆਂ ਸਾਨੂੰ ਹਰ ਥਾਂ ਨਜ਼ਰ ਆ ਜਾਂਦੀਆਂ ਹਨ। ਅਜਿਹੀਆਂ ਥਾਵਾਂ ‘ਤੇ ਰਚਨਾਕਾਰ ਆਪਣੀ ਕਵੀ-ਕਲਾਕਾਰ ਸ਼ਖਸੀਅਤ ਨੂੰ ਛੱਡਕੇ ਨੈਤਿਕ ਉਪਦੇਸ਼ਕ ਬਣਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਅਤੇ ਥੋਥੇ ਅਤੇ ਭਾਰੇ ਭਾਰੇ ਸ਼ਬਦਾਂ ਦੇ ਪਖੰਡ ਦੀ ਲੈਅਵੱਧਤਾ ਦਾ ਸ਼ਿਕਾਰ ਹੋਣ ਲਗਦਾ ਹੈ। ਚੰਗੀ ਗੱਲ  ਹੈ ਕਿ ਇਸ ਤਰ੍ਹਾਂ ਦੇ ਲੈਅਵੱਧ ਹਿੱਸੇ ਪੂਰੇ ਨਾਵਲ ਦੇ ਕਲੇਵਰ ਦੇ ਅਨੁਪਾਤ ਵਿੱਚ ਬਹੁਤ ਘੱਟ ਹਨ… ਪਰ ‘ਮ੍ਰਿਤ ਆਤਮਾਵਾਂ’ ਵਿੱਚ ਇਹ ਰਹੱਸਵਾਦੀ ਲੈਅਵੱਧ ਭਾਂਜ ਦੇ ਹਿੱਸੇ ਲੇਖਕ ਵੱਲੋਂ ਕੀਤੀਆਂ ਗਈਆਂ ਅਚਨਚੇਤ ਭੁੱਲਾਂ ਨਹੀਂ ਸਨ, ਸਗੋਂ ਰੂਸੀ ਸਾਹਿਤ ਵਿੱਚ ਪ੍ਰਤਿਭਾ ਦੇ ਪੂਰੀ ਤਰ੍ਹਾਂ ਗੁਆਚਣ ਦਾ ਸ੍ਰੋਤ ਸਨ…

ਇਹ ਸੀ ਉਹ ਸੱਭ ਕੁਝ ਜਿਸ ਨੂੰ ਬੇਲਿੰਸਕੀ ਨੇ ਦੇਖਿਆ ਅਤੇ ਸਮਝਿਆ ਸੀ ਅਤੇ ਏਸੇ ਨੂੰ ਸਾਥੀ ਇਵਾਨੋਵ ਅਤੇ ਸ਼ਾਤਜ਼ ਜੋ ਗੋਗੋਲ ਨੂੰ ਇਨਕਲਾਬੀ ਬਣਾਉਣ ‘ਤੇ ਤੁਲੇ ਹੋਏ ਹਨ ਦੇਖਣ ਸਮਝਣ ਵਿੱਚ ਅਸਮਰੱਥ ਹਨ। ਉਹ ਗੋਗੋਲ ਦੀਆਂ ਨਿੱਜੀ ਖਾਹਿਸ਼ਾਂ ਨੂੰ ਉਨ੍ਹਾਂ ਦੇ ਬਾਹਰਮੁਖੀ ਸਾਰ-ਤੱਤ ਨਾਲ਼ੋ ਵੱਖਰਿਆਉਣ ਵਿੱਚ ਅਯੋਗ ਹਨ। ਸਾਤਜ ਨੇ ਸਲਾਵੋਫਾਈਲਾਂ ਦੇ ਹਵਾਲੇ ਨੂੰ ਪੂਰੀ ਤਰ੍ਹਾਂ ਹੀ ਨਕਾਰ ਦਿੱਤਾ ਹੈ। ਉਹ ਸੁਆਲ ਕਰਦੇ ਹਨ: ‘ਇੱਕ ਸੋਵੀਅਤ ਅਲੋਚਕ ਨੂੰ ਗੋਗੋਲ ਦੇ ਪਿਛਾਖੜੀ ਟਿੱਪਣੀਕਾਰਾਂ ਦੀ ਰਵਾਇਤ ਨੂੰ ਜਾਰੀ ਰੱਖਣ ਦੀ ਏਨੀ ਚਿੰਤਾ ਕਿਉਂ ਹੋਣੀ ਚਾਹੀਦੀ ਹੈ?’ ਪਰ ਕਹਿਣ ਦੀ ਲੋੜ ਨਹੀਂ ਕਿ ਸਾਨੂੰ ਸਲਾਵੋਫਾਈਲਾਂ ਦੀ ਰਵਾਇਤ ਨੂੰ ਜਾਰੀ ਰੱਖਣ ਦੀ ਚਿੰਤਾ ਨਹੀਂ ਸੀ, ਅਸੀਂ ਤਾਂ ਸਿਰਫ ਏਨੀ ਕੁ ਗੱਲ ਕਹੀ ਸੀ ਕਿ ਗੋਗੋਲ ਇੱਕ ਇਨਕਲਾਬੀ ਨਹੀਂ ਸਨ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਵਿੱਚ ਸਲਾਵੋਫਾਈਲਾਂ ਦੁਆਰਾ ਗੋਗੋਲ ਨੂੰ ਲੈ ਕੇ ਕੀਤੇ ਗਏ ਘੋਲ਼ ਦਾ ਜਿਕਰ ਹੀ ਕੀਤਾ ਸੀ।

ਸ਼ਾਤਜ਼ ਨੇ ਚੇਰਨੀਸ਼ੇਵਸਕੀ ਨੂੰ ਆਪਣਾ ਅਧਾਰ ਬਣਾਇਆ ਹੈ ਅਤੇ ਕਈ ਥਾਂ ਉਨ੍ਹਾਂ ਦੀ ਸਹੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਚੇਰਨੀਸ਼ੇਵਸਕੀ ਦੇ ਸ਼ਬਦਾਂ ਦਾ ਹਵਾਲਾ ਦਿੱਤਾ ਹੈ :

ਆਦਰਸ਼ਾਂ ਦਾ ਚਿਤਰਣ ਕਰਨ ਵਿੱਚ ਗੋਗੋਲ ਸੱਭ ਤੋਂ ਜ਼ਿਆਦਾ ਕਮਜ਼ੋਰ ਸਨ, ਇਸ ਦੀ ਵਜ੍ਹਾ ਸ਼ਾਇਦ ਉਨ੍ਹਾਂ ਦੀ ਪ੍ਰਤਿਭਾ ਦੀ ਇੱਕਰੂਪਤਾ ਨਾ ਰਹੀ ਹੋਵੇ ਜਿਸ ਨੂੰ ਬਹੁਤ ਸਾਰੇ ਲੋਕ ਉਨ੍ਹਾਂ ਦੀ ਇਸ ਅਸਫਲਤਾ ਲਈ ਜ਼ਿੰਮੇਵਾਰ ਮੰਨਦੇ ਹਨ, ਉਸ ਦੀ ਵਜ੍ਹਾ ਖੁਦ ਉਨ੍ਹਾਂ ਦੀ ਪ੍ਰਤਿਭਾ ਰਹੀ ਹੋਵੇਗੀ। ਜੋ ਆਪਣੀ ਤਾਕਤ ਯਥਾਰਥ ਨਾਲ਼ ਉਨ੍ਹਾਂ ਦੇ ਅਸਾਧਾਰਨ ਰੂਪ ਵਿੱਚ ਡੂੰਘੇ ਜੁੜਾਅ ਤੋਂ ਹਾਸਲ ਕਰ ਰਹੀ ਸੀ। ਜਦ ਯਥਾਰਥ ਆਦਰਸ਼ ਵਿਅਕਤੀਆਂ ਨੂੰ ਪੇਸ਼ ਕਰਦਾ ਚਿੱਤਰਤ ਹੁੰਦਾ ਹੈ ਤਾਂ ਉਹ ਵਿਅਕਤੀ ਗੋਗੋਲ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ਼ ਬਿਆਨ ਹੋਕੇ ਸਾਹਮਣੇ ਆਉਂਦੇ ਹਨ… ਪਰ ਯਥਾਰਥ ਜਦ ਆਦਰਸ਼ ਵਿਅਕਤੀਆਂ ਨੂੰ ਚਿੱਤਰਤ ਨਹੀਂ ਕਰ ਸਕਦਾ ਜਾਂ ਫਿਰ ਕਲਾ ਦੇ ਅਨੁਸਾਰੀ ਹਾਲਤਾਂ ਵਿੱਚ ਢਲ਼ਕੇ ਉਨ੍ਹਾਂ ਦਾ ਚਿੱਤਰਣ ਨਹੀਂ ਹੋ ਸਕਦਾ, ਤਾਂ ਫਿਰ ਗੋਗੋਲ ਵਿਚਾਰੇ ਕੀ ਕਰਦੇ? ਕੀ ਉਹ ਉਨ੍ਹਾਂ ਨੂੰ ਕਲਪਨਾ ਵਿੱਚ ਘੜਦੇ? ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਝੂਠ ਘੜਨ ਦੀ ਆਦਤ ਹੁੰਦੀ ਹੈ ਇਸ ਕੰਮ ਨੂੰ ਚਤੁਰਾਈ ਨਾਲ਼ ਕਰ ਲੈਂਦੇ ਹਨ, ਪਰ ਗੋਗੋਲ ਝੂਠ ਘੜਨ ਵਿੱਚ ਸਮਰੱਥ ਸੀ ਹੀ ਨਹੀਂ।

ਪਰ ਇਹ ਗੱਲ ਸਾਥੀ ਸ਼ਾਤਜ਼ ਦੇ ਦਿਮਾਗ ਵਿੱਚ ਨਹੀਂ ਆਉਂਦੀ ਕਿ ਗੋਗੋਲ ਨੇ ਇੱਕ ਸਕਾਰਾਤਮਕ ਆਦਰਸ਼ ਨੂੰ ਚਿੱਤਰਤ ਕਰਨ ਦੀ ਕੋਸ਼ਿਸ਼ ਕਿਸ ਲਈ ਕੀਤੀ? ਅਤੇ ਫਿਰ ਇਸ ਆਦਰਸ਼ ਨੂੰ ਕੋਸਤਾਨਝੇਗਲੋ ਦੇ ਚਰਿੱਤਰ ਦੇ ਰਾਹੀਂ ਹੀ ਚਿੱਤਰਤ ਕਿਉਂ ਕੀਤਾ? ਕੀ ਵਜ੍ਹਾ ਸੀ ਕਿ ਸਾਲਤੀਕੋਵ-ਸ਼ੇਦ੍ਰੀਨ ਇਸ ਤਰ੍ਹਾਂ ਦੇ ਆਦਰਸ਼ ਦੇ ਚੱਕਰ ਵਿੱਚ ਨਹੀਂ ਫਸੇ। ਕੀ ਗੋਗੋਲ ਦੇ ਆਮ-ਲੋਕਾਈਵਾਦ ਅਤੇ ਸਾਲਤੀਕੋਵ-ਸ਼ੇਦ੍ਰੀਨ ਦੇ ਆਮ-ਲੋਕਾਈਵਾਦ ਵਿੱਚ ਕੋਈ ਫਰਕ ਨਹੀਂ ਸੀ? ਅਤੇ ਜੇ ਸੀ ਤਾਂ ਫਿਰ ਗੋਗੋਲ ਦੇ ਆਮ-ਲੋਕਾਈਵਾਦ ਨੂੰ ਸਮਝਣ ਵਿੱਚ ਉਨ੍ਹਾਂ ਦੇ ਸਿਆਸੀ ਵਿਚਾਰਾਂ ਦਾ ਕੀ ਥੋੜ੍ਹਾ ਜਿਹਾ ਕੁ ਵੀ ਮਹੱਤਵ ਨਹੀਂ ਹੈ?

ਸੰਖੇਪ ਵਿੱਚ ਕਹੀਏ ਤਾਂ ਗੱਲ ਇਹੀ ਹੈ ਕਿ ਗੋਗੋਲ ਦੇ ਯਥਾਰਥਵਾਦ ਵਿੱਚ ਉਹ ਤਾਕਤ ਸੀ, ਉਨ੍ਹਾਂ ਦੇ ਵਿਅੰਗ ਵਿੱਚ ਉਹ ਤਾਕਤ ਸੀ, ਜੋ ਉਨ੍ਹਾਂ ਦੇ ਸਿਆਸੀ ਵਿਚਾਰਾਂ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਸਿੱਧ ਹੋਈ। ਚੇਰਨੀਸ਼ੇਵਸਕੀ ਨੇ ਇਸ ਗੱਲ ਨੂੰ ਸਮਝਿਆ ਸੀ। ਏਂਗਲਜ਼ ਨੇ ਮਿਸ ਹਾਰਕਨੈਸ ਨੂੰ ਭੇਜੀ ਇੱਕ ਚਿੱਠੀ ਵਿੱਚ ਲਿਖਿਆ ਸੀ :

… ਬਾਲਜ਼ਾਕ ਸਿਆਸੀ ਤੌਰ ‘ਤੇ ਵੈਧਤਾਵਾਦੀ ਸਨ; ਉਨ੍ਹਾਂ ਦੀਆਂ ਰਚਨਾਵਾਂ ਚੰਗੇ ਸਮਾਜ ਦੇ ਉਸ ਨਿਘਾਰ ‘ਤੇ ਪਾਇਆ ਕੀਰਨਾ ਹੈ ਜਿਸ ਨੂੰ ਹੁਣ ਸੁਧਾਰਿਆ ਨਹੀਂ ਜਾ ਸਕਦਾ; ਉਨ੍ਹਾਂ ਦੀ ਹਮਦਰਦੀ ਉਸ ਜਮਾਤ ਨਾਲ਼ ਹੈ ਜਿਸ ਨੂੰ ਸਦਾ ਲਈ ਤਬਾਹ ਹੋਣਾ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਹਾਸਰਸ ਦੀ ਧਾਰ ਜਿੰਨੀ ਤੇਜ਼ ਅਤੇ ਵਿਅੰਗ ਦੀ ਮਾਰ ਏਨੀ ਤਿੱਖੀ ਹੋਰ ਕਿਤੇ ਨਹੀਂ ਹੁੰਦੀ ਜਿੰਨੀ ਕਿ ਉਨ੍ਹਾਂ ਔਰਤਾਂ ਮਰਦਾਂ ਦੇ ਜੀਵੰਤ ਚਿੱਤਰਨ ਵਿੱਚ ਜਿਨ੍ਹਾਂ ਨਾਲ਼ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਹਮਦਰਦੀ ਸੀ ਜੋ ਕੁਲੀਨ ਜਮਾਤ ਦੇ ਸਨ … ਬਾਲਜ਼ਾਕ ਨੂੰ ਆਪਣੀ ਹੀ ਜਮਾਤ ਲਈ ਹਮਦਰਦੀ ਦੇ ਖਿਲਾਫ਼ ਅਤੇ ਆਪਣੇ ਸਿਆਸੀ ਤੁਅੱਸਬਾਂ ਦੇ ਖਿਲਾਫ ਰਚਨਾ ਕਰਨੀ ਪਈ, ਉਨ੍ਹਾਂ ਨੇ ਆਪਣੀ ਪਿਆਰੇ ਕੁਲੀਨਾਂ ਦੇ ਸਰਵਨਾਸ਼ ਦੀ ਲੋੜ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਏਸੇ ਲਾਇਕ ਸਮਝ ਕੇ ਚਿੱਤਰਤ ਕੀਤਾ, ਉਨ੍ਹਾਂ ਨੇ ਭਵਿੱਖ ਦੀ ਅਸਲੀ ਮਨੁੱਖੀ ਜਾਤੀ ਨੂੰ ਵੀ ਦੇਖ ਲਿਆ ਜਦਕਿ ਸਿਰਫ ਉਹ ਹੀ ਉਹ ਨਜ਼ਰ ਆਉਣਗੇ। ਇਸ ਸਭ ਚੀਜ਼ਾਂ ਹਨ ਜਿਨ੍ਹਾਂ ਨੂੰ ਮੈਂ ਯਥਾਰਥਵਾਦ ਦੀ ਮਹਾਨਤਮ ਜਿੱਤ ਮੰਨਦਾ ਹਾਂ ਅਤੇ ਇਨ੍ਹਾਂ ਨੂੰ ਮੈਂ ਬਿਰਧ ਬਾਲਜ਼ਾਕ ਦੀਆਂ ਮਹਾਨਤਮ ਵਿਸ਼ੇਸ਼ਤਾਵਾਂ ਵੀ ਮੰਨਦਾ ਹਾਂ।

ਪਰ ਜਦ ਅਸੀਂ ਇਹ ਕਹਿੰਦੇ ਹਾਂ ਕਿ ਗੋਗੋਲ ਤਾਂ ਨਿਰੰਕੁਸ਼ ਰਾਜਤੰਤਰਵਾਦੀ ਸੀ, ਕਿ ਉਹ ਰਾਜਤੰਤਰਵਾਦ ਨੂੰ ਉਖਾੜ ਸੁੱਟਣ ਦੇ ਜਾਂ ਜ਼ਮੀਨ-ਗੁਲਾਮਾਂ ਦੇ ਮਾਲਿਕਾਂ ਦੀਆਂ ਸੁੱਖ-ਸਹੂਲਤਾਂ ਦੇ ਖਾਤਮੇ ਦੇ ਸੁਪਨੇ ਨਹੀਂ ਦੇਖਦਾ ਸੀ, ਕਿ ਉਸ ਨੇ ਕੋਸਤਾਨਝੋਗਲੋ ਦਾ ਪੱਖ ਲਿਆ ਸੀ, ਕਿ ਉਸ ਦੀ ਹਮਦਰਦੀ ਸੱਭਿਅ ਜ਼ਮੀਨ-ਮਾਲਕਾਂ ਨਾਲ਼ ਸੀ, ਕਿ ਆਪਣੀ ਜਮਾਤੀ ਹਮਦਰਦੀ ਅਤੇ ਸਿਆਸੀ ਤਅੱਸਬਾਂ ਦੇ ਬਾਵਜੂਦ ਉਸ ਦੇ ਹਾਸਰਸ ਦੀ ਧਾਰ ਏਨੀ ਤੇਜ਼ ਅਤੇ ਵਿਅੰਗ ਦੀ ਮਾਰ ਏਨੀ ਤਿੱਖੀ (ਆਪਣੀ ਜਮਾਤ ਦੇ ਲੋਕਾਂ ਨੂੰ ਚਿੱਤਰਤ ਕਰਨ ਵਿੱਚ) ਨਹੀਂ ਸੀ ਜਿੰਨੀ ਕਿ ਮਨੀਲੋਵਾਂ, ਨੋਜਦ੍ਰੇਵੋਂ, ਸਾਬਾਕੇਵਿਚਾਂ, ਪਲਊਸ਼ਿਕਨਾਂ, ਕਾਰਾਬੇਚੇਕੋਂ, ਖਲੇਸਤਾਕੋਵਾਂ, ਸਕਵੋਝਨਿਕਾਂ-ਦਮੁਖਾਜੋਵਸਿਕਓ ਦੇ ਚਿੱਤਰਨ ਵਿੱਚ ਸੀ, ਤਾਂ ਅਸੀਂ ਨਿਸ਼ਚਿਤ ਹੀ ਸਾਥੀ ਸ਼ਾਤਜ਼ ਦੇ ਅਨੁਸਾਰ ਆਪਣੀਆਂ ਭ੍ਰਿਸ਼ਟ ਸਮਾਜਸ਼ਾਸਤਰੀ ਪ੍ਰਵਿਰਤੀਆਂ ਦਾ ਸਬੂਤ ਪੇਸ਼ ਕਰਦੇ ਹਾਂ।

ਲੈਨਿਨ ਨੇ ਲਿਖਿਆ ਸੀ ਕਿ ਗੋਗੋਲ ਦੇ ਵਿਚਾਰ ਰੂਸ ਦੇ ਹਰ ਸੱਭਿਅਕ ਮਨੱਖ ਨੂੰ ਪਿਆਰੇ ਹਨ। ਪਰ ਸਾਥੀ ਇਵਾਨੋਵ ਅਤੇ ਸਾਤਜ਼ ਨੂੰ ਇਸ ਅਧਾਰ ‘ਤੋ ਗੋਗੋਲ ਨੂੰ ਇਨਕਲਾਬੀ ਬਣਾਉਣ ਦਾ ਕੀ ਹੱਕ ਹੈ?

ਕਿਸੇ ਵੱਡੇ ਰਚਨਾਕਾਰ ਦੇ ਆਮ ਲੋਕਾਈ ਦੇ ਚਰਿੱਤਰ ਨੂੰ ਸੁਆਲ ਨਾ ਉਠਾਉਣ ਦੇਣ ਲਈ, ਉਨ੍ਹਾਂ ਦੀਆਂ ਕ੍ਰਿਤਾਂ ਦੇ ਜਮਾਤੀ ਖਾਸੇ ਦੇ ਸੁਆਲ ਨੂੰ ਬਰਖ਼ਾਸਤ ਕਰਨ ਲਈ ਸ਼ਾਇਦ ਇਹ ਜ਼ਰੂਰੀ ਹੋਵੇ।

ਲਿਫਸ਼ਿਤਜ ਅਤੇ ਸਾਤਜ਼ ਦੇ ਸਿਧਾਂਤਕ ਵਿਚਾਰ ਸਪਸ਼ਟ ਰੂਪ ਵਿੱਚ ਇਤਿਹਾਸਕ ਸਮਝ ‘ਤੇ ਅਧਾਰਤ ਨਹੀਂ ਹਨ ਅਤੇ ਉਸ ਸਾਨੂੰ ਕਲਾਕਾਰ ਦੇ ਜਮਾਤੀ ਖਾਸੇ ਦੀ ਤੈਅਕਾਰੀ ਦੇ ਸੁਆਲ ਨੂੰ ਖਾਰਜ ਕਰਨ ਦੀ ਦਿਸ਼ਾ ਵੱਲ਼ ਲੈ ਜਾਂਦੇ ਹਨ।

ਪਰ ਅਮਲ ਵਿੱਚ ਉਨ੍ਹਾਂ ਦਾ ਹਾਲ ਪੁਰਾਣੇ ਜਮਾਨੇ ਦੀ ਇੱਕ ਕਹਾਣੀ ਦੀ ਯਾਦ ਦੁਆਉਂਦਾ ਹੈ ਜਿਸ ਵਿੱਚ ਸ਼ਾਦੀ ਵਿਆਹ ਕਰਾਉਣ ਵਾਲ਼ੇ ਵਿਚੋਲੇ ਨਾਲ਼ ਉਨ੍ਹਾਂ ਦਾ ਇੱਕ ਸਹਾਇਕ ਵੀ ਹੋਇਆ ਕਰਦਾ ਸੀ। ਦੋਵੇਂ ਕੁੜੀ ਦੇ ਪਿਤਾ ਅੱਗੇ ਜਾ ਕੇ ਗੱਲ ਸ਼ੁਰੂ ਕਰਦੇ ਸਨ। ਵਿਚੋਲਾ ਕਹਿੰਦਾ ਸੀ : ‘ਜੋ ਮੁੰਡਾ ਦੱਸ ਰਿਹਾ ਹਾਂ, ਉਹ ਬਹੁਤ ਅਮੀਰ ਹੈ।’ ਉਸ ਦਾ ਸਹਾਇਕ ਬੋਲ ਪੈਂਦਾ : ‘ਕੀ ਗੱਲ ਕਰਦੇ ਹੋ ਜੀ? ਉਹ ਲੀਡੀਆ ਦੇ ਬਾਦਸ਼ਾਹ ਤਰੀਸਸ ਜਾਂ ਪ੍ਰਸਿੱਧ ਬੈਂਕਰ ਰੋਦਸਚਾਈਲਡ ਨਾਲ਼ੋਂ ਘੱਟ ਨਹੀਂ।’ ਵਿਚੋਲਾ ਅੱਗੇ ਕਹਿੰਦਾ : ‘ਇਸ ਦੇ ਇਲਾਵਾ ਮੁੰਡਾ ਕਾਫੀ ਸੋਹਣਾ ਹੈ।’ ਸਾਤਜ਼ ਅਤੇ ਉਨ੍ਹਾਂ ਦੇ ਸਹਾਇਕ ਝੱਟ ਕਹਿ ਆਖਣਗੇ : ‘ਕੀ ਕਹਿੰਦੇ ਹੋ ਜੀ? ਉਹ ਤਾਂ ਅਪੋਲੋ ਹੈ ਅਪੋਲੋ!’

ਅਸੀਂ ਕਹਿੰਦੇ ਹਾਂ ਕਿ ਗੋਗੋਲ ਇੱਕ ਵੱਡਾ ਵਿਅੰਗਕਾਰ ਸੀ। ਸਾਤਜ਼ ਅਤੇ ਉਸ ਦੇ ਸਹਾਇਕ ਕਹਿਣ ਲੱਗਣਗੇ: ਤੁਸੀਂ ਵੱਡਾ ਵਿਅੰਗਕਾਰ ਕਹਿੰਦੇ ਹੋ, ਉਹ ਤਾਂ ਇਨਕਲਾਬੀ ਸੀ, ਅਜ਼ਾਦੀ ਦੇ ਆਦਰਸ਼ਾਂ ਲਈ ਲੜਨ ਵਾਲ਼ਾ ਯੋਧਾ।’ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮਾਰਕਸਵਾਦੀ ਸਮੀਖਿਆ ਵਿਚੋਲਿਆਂ ਦੇ ਸਹਾਇਕਾਂ ਤੋਂ ਬਿਨਾਂ ਵੀ ਅੱਗੇ ਵੱਧ ਸਕਦੀ ਹੈ।

***

ਨੋਟ

1. ਕਾਰਲ ਮਾਰਕਸ : ਰਾਜਨੀਤਕ ਆਰਥਿਕਤਾ ਦੀ ਅਲੋਚਨਾ ਵਿੱਚ ਯੋਗਦਾਨ, ਪੰਨਾ 311-12, ਸ਼ਿਕਾਗੋ : ਕੇਰ, 1904
2. ਲੈਨਿਨ : ਤਾਲਸਤਾਏ ਰੂਸੀ ਇਨਕਲਾਬ ਦਾ ਸ਼ੀਸ਼ਾ
3. ਉਹੀ

– ਅਨੁਵਾਦ : ਕੁਲਵਿੰਦਰ

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ