ਇਸ ਬਹਿਸ ਦੀ ਧਾਰ ਨੂੰ ਬਦਲਿਆ ਜਾਵੇ •ਫਓਦੋਰ ਲੇਵਿਨ

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

‘ਪ੍ਰਤੀਬੱਧ’ ਦੇ ਪਿਛਲੇ ਅੰਕ ਤੋਂ ਅਸੀਂ ਸਾਮਰਾਜਵਾਦੀ ਸੋਵੀਅਤ ਯੂਨੀਅਨ ‘ਚ ਸਾਹਿਤ ਦੇ ਅਹਿਮ ਸਿਧਾਂਤਕ ਸਵਾਲਾਂ ਉੱਪਰ ਚੱਲੀ ਇੱਕ ਮਹੱਤਵਪੂਰਨ ਬਹਿਸ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਹੈ, ਜਿਸ ਤਹਿਤ ਇਸ ਅੰਕ ਵਿੱਚ ਦੋ ਹੋਰ ਲੇਖ ਛਾਪੇ ਜਾ ਰਹੇ ਹਨ। ਉਮੀਦ ਕਰਦੇ ਹਾਂ ਕਿ ਬਹਿਸ ਪਾਠਕਾਂ ਲਈ ਸਿੱਖਿਆਦਾਈ ਹੋਵੇਗੀ ਅਤੇ ਸਾਹਿਤ ਬਾਰੇ ਉਹਨਾਂ ਦੇ ਗਿਆਨ ਨੂੰ ਵਧੇਰੇ ਡੂੰਘਾ ਕਰੇਗੀ। – ਸੰਪਾਦਕ

ਇਧਰ ਇਸ ਜਾਂ ਉਸ ਲੇਖਕ ਦੀ ਸਮੁੱਚੀ ਰਚਨਾ ਨੂੰ ਸੱਜੇਪੱਖੀਆਂ ਦੇ ਅੰਦਰਲੇ ਖੱਬੇਪੱਖ ਜਾਂ ਖੱਬੇਪੱਖੀਆਂ ਅੰਦਰਲੇ ਸੱਜੇਪੱਖੀਆਂ ਜਾਂ ਸਮਾਜ ਦੇ ਕਿਸੇ ਖ਼ਾਸ ਧੜੇ ਜਾਂ ਤਬਕੇ ਦੀ ਵਿਚਾਰਧਾਰਾ ਦੀ ਹੱਦਬੰਦੀ ਤੱਕ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਤਰ੍ਹਾਂ ਦਾ ਸਾਰਾ ਕੰਮ ਪੇਰੇਵੇਰਜੇਵਿਜ਼ਮ ਤੋਂ ਜ਼ਿਆਦਾ ਵੱਖਰਾ ਨਹੀਂ ਹੈ, ਕਿਉਂਕਿ ਪੇਰੇਵੇਰਜੇਵ ਦੇ ਇਕ ਸ਼ਗਿਰਦ, ਫੋਖਤ ਸਾਹਿਬ ਨੇ ਲਰਮੋਨਤੋਵ ਦਾ ਵਿਸ਼ਲੇਸ਼ਣ ਕਰਨ ਵੇਲੇ ਉਨ੍ਹਾਂ ਦੀ ਇਕ ਲਾਈਨ ਪੇਸ਼ ਕੀਤੀ ਸੀ ਅਤੇ ਉਸ ਦੇ ਇਕ ਕਥਨ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋਏ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਲਰਮੋਨਤੋਵ ਅੰਦਰ ਫਲਾਨੀਆਂ ਸਮਾਜਕ ਪ੍ਰਵਿਰਤੀਆਂ ਸਨ।

ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਸਾਡੀ ਮਾਰਕਸਵਾਦੀ ਸਾਹਿਤਕ ਅਲੋਚਨਾ ਇਸ ਤਰ੍ਹਾਂ ਦੇ ‘ਸਿਧਾਂਤਾਂ’ ਦਾ ਪਰਦਾਫਾਸ਼ ਕੀਤੇ ਬਗ਼ੈਰ ਤਰੱਕੀ ਨਹੀਂ ਕਰ ਸਕਦੀ। ਕਾਮਰੇਡ ਲਿਫਿਸ਼ਤਜ਼ ਅਤੇ ਹੋਰ ਸਾਥੀਆਂ ਦੇ ਪਿਛਲੇ ਕੁਝ ਦਿਨੀਂ ਪ੍ਰਕਾਸ਼ਤ ਹੋਏ ਕੁਝ ਲੇਖ ਮਾਰਕਸਵਾਦ ਦੇ ਇਸ ਤਰ੍ਹਾਂ ਦੇ ਔਗੁਣਾਂ ‘ਤੇ ਸੱਟ ਮਾਰਦੇ ਹਨ ਅਤੇ ਇਕ ਉਪਯੋਗੀ ਕਾਰਜ ਕਰਦੇ ਹਨ। ਭਾਵੇਂ, ਜੋ ਸਮੱਸਿਆਵਾਂ ਸਾਡੇ ਸਾਹਮਣੇ ਹਨ, ਉਨ੍ਹਾਂ ਦਾ ਸਹੀ ਵਿਧੀ ਸੰਗਤ ਹੱਲ ਖੋਜਣ ਦੀ ਲੋੜ ਹੈ। ਨੂਸੀਨੋਵ, ਦੀਨਾਮੋਵ ਅਤੇ ਹੋਰਨਾ ਅਲੋਚਕਾਂ ਦੀ ਅਲੋਚਨਾ ‘ਤੇ ਲਿਫ਼ਿਸ਼ਤਜ਼ ਅਤੇ ਉਨ੍ਹਾਂ ਦੇ ਹੋਰਨਾਂ ਇਨਕਲਾਬੀ ਸਾਥੀਆਂ ਨੇ ਜੋ ਲੇਖ ਲਿਖਕੇ ਹੱਲਾ ਬੋਲਿਆ ਹੈ ਉਨ੍ਹਾਂ ਨੂੰ ਬਰੀਕੀ ਨਾਲ਼ ਦੇਖਣ ‘ਤੇ ਸਾਫ਼ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀਆਂ ਵੀ ਕੁਝ ਮਾਨਤਾਵਾਂ ਅਜਿਹੀਆਂ ਹਨ ਜੋ ਮਾਰਕਸਵਾਦ ਨੂੰ ਇਸ ਤਰ੍ਹਾਂ ਤੋੜਦੀਆਂ ਮਰੋੜਦੀਆਂ ਹਨ ਕਿ ਉਨ੍ਹਾਂ ਤੋਂ ਆਰੇਖੀਕਰਣ ਅਤੇ ਭ੍ਰਿਸ਼ਟੀਕਰਣ ਦੇ ਖਿਲਾਫ਼ ਚੱਲ ਰਹੇ ਘੋਲ਼ ਦੀ ਸਮੁੱਚੀ ਧਾਰਾ ਨੂੰ ਗ਼ਲਤ ਦਿਸ਼ਾ ਵਿੱਚ ਮੁੜ ਜਾਂਦੀ ਹੈ।

ਪਹਿਲੀ ਮਾਨਤਾ ਲਿਫਿਸ਼ਤਜ ਦੇ ਲੇਖ ‘ਲੈਨਿਨਵਾਦੀ ਸਮੀਖਿਆ’ ਵਿੱਚ ਗੂੰਝਦੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ :

ਆਤਮਕ ਦ੍ਰਿਸ਼ ਦਾ ਜਮਾਤੀ ਸੁਭਾਅ ਵਿਅਕਤੀਗਤ ਰੰਗਤ ਦੇ ਅਧਾਰ ‘ਤੇ ਤੈਅ ਨਹੀਂ ਹੁੰਦਾ, ਉਹ ਤਾਂ ਯਥਾਰਥ ਦੀ ਡੂੰਘੀ ਪਛਾਣ ਨਾਲ਼ ਤੈਅ ਹੁੰਦਾ ਹੈ। ਇਸ ਬਾਹਰਮੁਖੀ ਦੁਨੀਆਂ ਤੋਂ ਸਾਡੀ ਜਮਾਤੀ ਵਿਚਾਰਧਾਰਾ ਦੀ ਵਿਅਕਤੀਗਤ ਰੰਗਤ ਤੈਅ ਹੁੰਦੀ ਹੈ। ਵਿਅਕਤੀਗਤ ਰੰਗਤ ਤਾਂ ਨਤੀਜਾ ਹੈ, ਅਧਾਰ ਸੂਤਰ ਨਹੀਂ। ਅਜਿਹਾ ਆਦਮੀ ਜੋ ਆਪਣੇ ਯੁੱਗ ਵਿੱਚ ਸਮਾਜਕ ਜੀਵਨ ਵਿੱਚ ਅਨੇਕ ਰੂਪਾਂ ਅਤੇ ਢੰਗਾਂ ਵਿਚ ਪ੍ਰਗਟਾਏ ਜਾ ਰਹੇ ਦਾਬੇ-ਜ਼ਬਰ ਵੱਲ ਨਫ਼ਰਤ ਅਤੇ ਬਗ਼ਾਵਤ ਕਰਨ ਵਿੱਚ ਸਮਰਥ ਹੈ ਇਨਕਲਾਬੀ ਜਮਾਤ ਦੀ ਵਿਚਾਰਧਾਰਾ ਦਾ ਬੁਲਾਰਾ ਬਣ ਜਾਂਦਾ ਹੈ। ਅਜਿਹਾ ਆਦਮੀ ਜੋ ਪੂਰੀ ਤਰ੍ਹਾਂ ਆਪਣੀ ਨਿੱਜੀ ਹੋਂਦ ਵਿੱਚ, ਆਪਣੇ ਬੁਨਿਆਦੀ ਆਤਮ ਜਲਾਵਤਨੀ ਵਿੱਚ ਡੁੱਬਿਆ ਰਹਿੰਦਾ ਹੈ, ਸਦਾ ਹੀ ਪਿਛਾਖੜੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੁੰਦਾ ਹੈ। ਮੇਨਸ਼ੇਵਿਕਾਂ ਅਤੇ ਅਰਥਵਾਦੀਆਂ ਦੇ ਕੱਟੜ ਮਾਰਕਸਵਾਦ ਦੇ ਉਲ਼ਟ, ਲੈਨਿਨ ਨੇ ਇਹ ਸਾਬਤ ਕੀਤਾ ਕਿ ਜਮਾਤੀ ਚੇਤਨਾ ਆਪਣੇ-ਆਪ ਪੈਦਾ ਨਹੀਂ ਹੋ ਜਾਂਦੀ। ਕੋਈ ਵੀ ਵਿਅਕਤੀ ਕਿਸੇ ਖਾਸ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਵਜੋਂ ਪੈਦਾ ਨਹੀਂ ਹੰਦਾ।

ਇਸ ‘ਚੋਂ ਇਹ ਬਿਆਨ ਵੱਖਰੇ ਤੌਰ ਤੇ ਦੇਖਿਆ ਜਾ ਸਕਦਾ ਹੈ; ‘ਜਮਾਤੀ ਵਿਚਾਰਧਾਰਾ ਦੀ ਵਿਅਕਤੀਗਤ ਰੰਗਤ … ਨਤੀਜਾ ਹੈ, ਅਧਾਰ ਸੂਤਰ ਨਹੀਂ!’ ਜੇ ਲਿਫਿਸ਼ਤਜ਼ ਆਪਣੇ ਇਸ ਸਿਧਾਂਤ ਨੂੰ ਲੈਨਿਨਵਾਦ ਕਹਿ ਕੇ ਮਨਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਘੋਰ ਨਿਰਾਸ਼ਾ ਹੀ ਪੱਲੇ ਪਵੇਗੀ। ਇਹ ਮਾਨਤਾ ਲੈਨਿਨਵਾਦੀ ਉੱਕਾ ਹੀ ਨਹੀਂ ਅਤੇ ਲਿਫਿਸ਼ਤਜ਼ ਦੀਆਂ ਮਗਰਲੀਆਂ ਬਹੁਤ ਸਾਰੀਆਂ ਗ਼ਲਤੀਆਂ ਇਸੇ ਮਾਨਤਾ ਤੋਂ ਪੈਦਾ ਹੋਈਆਂ ਹਨ। ‘ਜਮਾਤੀ ਵਿਚਾਰਧਾਰਾ ਦੀ ਵਿਅਕਤੀਗਤ ਰੰਗਤ’ ਤਾਂ ਖੁਦ ਸਮਾਜ ਦੀ ਜਮਾਤੀ ਵੰਡ ਵਿੱਚ ਮੌਜੂਦ ਹੈ, ਪੈਦਾਵਾਰ ਦੇ ਸਾਧਨਾ ਵੱਲ ਇਨ੍ਹਾਂ ਜਮਾਤਾਂ ਦੇ ਰਵੱਈਏ ਵਿੱਚ ਮੌਜੂਦ ਹੈ, ਸਮਾਜਕ ਪੈਦਾਵਾਰ ਵਿੱਚ ਮਨੁੱਖਾਂ ਦੁਆਰਾ ਹਾਸਲ ਕੀਤੀ ਹੈਸੀਅਤ ਦੀ ਭਿੰਨਤਾ ਅੰਦਰ ਮੌਜੂਦ ਹੈ। ਆਦਮੀ ਕੋਰੀ ਸਲੇਟ ਨਹੀਂ ਹੈ ਅਤੇ ਉਹ ਖਲਾਅ ਵਿੱਚ ਨਹੀਂ ਰਹਿੰਦਾ। ‘ਕੁਝ ਲੋਕ ਚਾਂਦੀ ਦਾ ਚਮਚਾ ਮੂੰਹ ਵਿੱਚ ਲਈ ਪੈਦਾ ਹੁੰਦੇ ਹਨ, ਦੂਜਿਆਂ ਲਈ ਇੱਥੇ ਸੁੱਕੀ ਰੋਟੀ ਵੀ ਨਹੀਂ ਹੁੰਦੀ। ਕੁਝ ਲੋਕ ਜੰਮਦੇ ਹੀ ਜਾਇਦਾਦ, ਫੈਕਟਰੀਆਂ ਅਤੇ ਬੈਂਕ ਆਦਿ ਦੇ ਮਾਲਕ ਹੁੰਦੇ ਹਨ, ਜਦ ਕਿ ਬਹੁਤ ਸਾਰੇ ਲੋਕ ਆਪਣੀ ਕਿਰਤ ਵੇਚਣ ਤੋਂ ਇਲਾਵਾ ਹੋਰ ਕੋਈ ਭਵਿੱਖ ਲੈ ਕੇ ਜਨਮ ਨਹੀਂ ਲੈਂਦੇ। ਉਨ੍ਹਾਂ ਦੀ ਜਮਾਤੀ ਚੇਤਨਾ ਉਨ੍ਹਾਂ ਦੀ ਹੈਸੀਅਤ ਅਤੇ ਪਾਲਣ-ਪੋਸ਼ਣ ਨਾਲ਼ ਅਨਕੂਲਿਤ ਹੁੰਦੀ ਹੈ ਅਤੇ ਉਹ ਉਨ੍ਹਾਂ ਦੀ ਬਾਲ ਅਵਾਸਥਾ ਤੋਂ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸੇ ਸੱਚਾਈ ਵਿਚ ਤਰਕ ਦਾ ਸਿੱਕੇਬੰਦ ‘ਅਧਾਰ ਸੂਤਰ’ ਮੌਜੂਦ ਹੈ।

ਸੁਭਾਵਕ ਤੌਰ ਤੇ ਗੱਲ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ। ਅੱਗੇ ਜਦ ਵਿਕਾਸ ਹੁੰਦਾ ਹੈ ਤਦ, ਆਪਣੇ ਸਾਰੇ -ਮਾਨਸਿਕ, ਨੈਤਿਕ, ਸਿਆਸੀ – ਰੂਪਾਂ ਸਮੇਤ ਸਮਾਜ ਦੀਆਂ ਸਾਰੀਆਂ ਜਮਾਤਾਂ ਦੀ ਜ਼ਿੰਦਗੀ’ ਉਸ ਅਧਾਰ ਸੂਤਰ ਨੂੰ ਸੋਧਦੀ ਅਤੇ ਵਿਕਸਤ ਕਰਦੀ ਹੈ, ਜਿਹਾ ਕਿ ਲਿਫਿਸ਼ਤਜ਼ ਨੇ ਇਸ਼ਾਰਾ ਵੀ ਕੀਤਾ ਹੈ, ਅਤੇ ਇਸ ਤਰ੍ਹਾਂ ਮਨੁੱਖ ਪਰਿਪੂਰਨਤਾ ਹਾਸਲ ਕਰਦਾ ਹੈ। ਜਿਸ ਨੂੰ ਤੁਸੀਂ ‘ਨਤੀਜਾ’ ਮੰਨ ਸਕਦੇ ਹੋ ਜੋ ਕਿ (ਵਿਅਕਤੀ ਲਈ ਅਤੇ ਕਦੀ-ਕਦੀ ਸਮੂਹਾਂ ਦੇ ਮਾਮਲੇ ਵਿੱਚ ਵੀ) ਆਪਣੇ ਅਧਾਰ ਸੂਤਰ ਤੋਂ ਕਾਫ਼ੀ ਦੂਰ ਚਲਿਆ ਜਾਂਦਾ ਹੈ ਅਤੇ ਉਸ ਤੋਂ ਬਿਲਕੁਲ ਉਲ਼ਟਾ ਵੀ ਹੋ ਜਾਂਦਾ ਹੈ। ਉਦਾਹਰਣ ਵਜੋਂ, ਤਾਲਸਤਾਏ ਦਾ ਜਨਮ ਤਾਂ ਇੱਕ ਵੱਡੇ ਕੁਲੀਨ ਘਰਾਣੇ ਵਿੱਚ ਹੋਇਆ ਸੀ, ਪਰ ਉਨ੍ਹਾਂ ਦੀ ਸ਼ਖਸੀਅਤ ਦੀ ਕਾਇਆਪਲ਼ਟੀ ਪਿੱਤਰਸੱਤਾਵਾਦੀ ਕਿਸਾਨ ਜਮਾਤ ਦੀ ਚੇਤਨਾ ਵਿੱਚ ਹੋ ਗਈ। ਇਸ ਤਰ੍ਹਾਂ ਦੀਆਂ ਉਦਾਹਰਣਾਂ ਦੀ ਘਾਟ ਨਹੀਂ। ਬਹੁਤ ਪਹਿਲਾਂ ਲੈਨਿਨ ਦੁਆਰਾ ਪੇਸ਼ ਕੀਤਾ ਗਿਆ ਇਹ ਸਿਧਾਂਤ ਵੀ ਕਾਫ਼ੀ ਸਪਸ਼ਟ ਹੈ ਕਿ ਵਿਗਿਆਨਕ ਸਮਾਜਵਾਦ ਮਜ਼ਦੂਰਾਂ ਦੀ ਫੌਰੀ ਚੇਤਨਾ ਦਾ ਸਿਰਫ ਵਿਕਾਸ ਹੀ ਨਹੀਂ ਹੈ (ਕਿਉਂਕਿ ਇਸ ਤਰ੍ਹਾਂ ਦਾ ਵਿਕਾਸ ਟ੍ਰੇਡ ਯੂਨੀਅਨਵਾਦ ਤੋਂ ਅੱਗੇ ਨਹੀਂ ਵੱਧਦਾ ਹੈ) ਉਹ ਤਾਂ ਸਮੁੱਚੇ ਮਨੁੱਖੀ ਇਤਿਹਾਸ ਦੀ ਸੰਪੂਰਨਤਾ ਦਾ ਜੋੜ ਅਤੇ ਉਸ ਦੀ ਸਿਖ਼ਰਲੀ ਪ੍ਰਾਪਤੀ ਹੈ।

ਇਸ ਦੇ ਬਾਵਜੂਦ, ਉਸ ਅਧਾਰ ਸੂਤਰ ਦੀ, ਉਸ ਸ਼ੁਰੂਆਤੀ ਨੁਕਤੇ ਦੀ ਜਿਸ ਨੂੰ ਜਮਾਤੀ ਵਿਚਾਰਧਾਰਾ ਕਹਿੰਦੇ ਹਨ ਅਣਦੇਖੀ ਕਰਨੀ ਜਾਇਜ਼ ਨਹੀਂ ਠਹਿਰਾਉਂਦਾ। ਇਹ ਜਮਾਤੀ ਵਿਚਾਰਧਾਰਾ ਜਮਾਤਾਂ ਦੀ ਹਕੀਕੀ ਸਥਿਤੀ ਅਤੇ ਜਮਾਤੀ ਹਿੱਤਾਂ ਤੋਂ ਪੈਦਾ ਹੁੰਦੀ ਹੈ। ਲਿਫਿਸ਼ਤਜ਼ ਵਿਸ਼ੇਸ਼ ਕਰਕੇ ਇਸੇ ਸ਼ੁਰੂਆਤੀ ਨੁਕਤੇ ਦੀ ਅਣਦੇਖੀ ਕਰ ਜਾਂਦੇ ਹਨ। ਠੀਕ ਇਹੀ ਵਜਾ ਹੈ ਕਿ ਉਹ, ਸਿਰਫ਼ ਨਤੀਜੇ ਵਿੱਚ ਦਿਲਚਸਪੀ ਰੱਖਣ ਕਾਰਨ, ਵਿਚਾਰਧਾਰਾ ਦੇ ਇਸ ਜਾਂ ਉਸ ਬੁਲਾਰੇ ਦੇ ਵਿਸ਼ਵ ਦ੍ਰਿਸ਼ਟੀਕੋਣ ਦੀ ਸੰਪੂਰਨਤਾ ਵਿੱਚ ਹੀ ਰੁਚੀ ਰੱਖਣ ਕਾਰਨ, ਉਹ ਪੂਰੀ ਤਰ੍ਹਾਂ ਜਮਾਤੀ ਕਦਰਾਂ ਅਤੇ ਕਿਸੇ ਲੇਖਕ ਵਿਸ਼ੇਸ਼ ਦੀ ਰਚਨਾਤਮਕਤਾ ਦੇ ਜਮਾਤੀ ਖਾਸੇ ਦੇ ਸੁਆਲ ਨੂੰ ਹਵਾ ਵਿੱਚ ਉਡਾ ਦਿੰਦੇ ਹਨ। ਇਸ ਦੇ ਇਲਾਵਾ, ਲਿਫਿਸ਼ਤਜ਼ ‘ਦਰਮਿਆਨੀ ਸਰਮਾਏਦਾਰੀ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ’ ਜਿਹੀ ਧਾਰਨਾ ਨੂੰ ‘ਮਨੋਵਿਗਿਆਨਕ’ ਮੰਨ ਬੈਠੇ ਹਨ। ਆਪਣੇ ਉਸੇ ਲੇਖ ਵਿੱਚ ਉਹ ਕਿਸੇ ਲੇਖਕ ਅੰਦਰ ਮੌਜੂਦ ਰੁਝਾਨ ਨੂੰ ਹੇਠਲੇ ਸਰਮਾਏਦਾਰੀ ਕਿਸੇ ਖਾਸ ਤਬਕੇ ਦੀ ਮਨੋਰਚਨਾ ਵਿੱਚ ਖੋਜਣ ਦੇ ਸਾਡੇ ਤੌਰ ਤਰੀਕੇ ਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ਼ ਦੇਖਦੇ ਹਨ। ‘ਸਾਡੀਆਂ ਪਾਠ-ਪੁਸਤਕਾਂ ਵਿੱਚ ਅਨਤੋਨ ਫਰਾਂਸ ਹਾਲੇ ਵੀ ‘ਦਰਮਿਆਨੀ ਸਰਮਾਏਦਾਰ ਜਮਾਤ’ ਦੀ ਨੁਮਾਇੰਦਗੀ ਕਰ ਰਿਹਾ ਹੈ, ਰੋਮਾਂ ਰੋਲਾਂ ਹਾਲੇ ਤੱਕ ‘ਹੇਠਲਾ ਸਰਮਾਏਦਾਰੀ ਮਨੁੱਖਤਾਵਾਦੀ’ ਹੈ। ਮਨੋਵਿਗਿਆਨਕ ਪ੍ਰਤੀਨਿਧ ਪਾਤਰਾਂ ਵਿੱਚ ਇਨ੍ਹਾਂ ਦਾ ਵਰਗੀਕਰਨ ਇਨਕਲਾਬ ਲਈ ਉਸ ਦੇ ਰਵੱਈਏ ਦੇ ਬੁਨਿਆਦੀ ਸੁਆਲ ਨੂੰ ਸਾਫ਼ ਓਹਲੇ ਕਰ ਜਾਂਦਾ ਹੈ।’

ਇੱਕ ਸ਼ਬਦ ਵਿਚ ਕਹੀਏ ਤਾਂ ਲਿਫਿਸ਼ਤਜ਼ ਅਨੁਸਾਰ, ‘ਦਰਮਿਆਨੀ ਸਰਮਾਏਦਾਰ ਜਮਾਤ’ ਅਤੇ ‘ਹੇਠਲੀ ਸਰਮਾਏਦਾਰ ਜਮਾਤ’ ਕੁੱਲ ਮਿਲ਼ਾ ਕੇ ‘ਮਨੋਵਿਗਿਆਨਕ ਪ੍ਰਤੀਨਿੱਧ ਪਾਤਰਾਂ’ ਦੀ ਰਚਨਾ ਦੇ ਹੇਠ ਆਉਂਦੇ ਹਨ। ਲਿਫਿਸ਼ਤਜ਼ ਇਸੇ ਨੂੰ ਲੈਨਿਨਵਾਦ ਕਹਿ ਕੇ ਪੇਸ਼ ਕਰਨਾ ਚਾਹੁੰਦੇ ਹਨ ਪਰ ਇਹ ਲੈਨਿਨਵਾਦ ਨਹੀਂ ਹੈ। ਇਨ੍ਹਾਂ ਭਰਮਾਂ ਦੇ ਨਤੀਜੇ ਸਾਡੇ ਸਾਹਮਣੇ ਆਉਣੇ ਹੀ ਸਨ। ਲਿਫਿਸ਼ਤਜ਼ ਇਸ ਜਾਂ ਉਸ ਕਲਾਕਾਰ ਦੀਆਂ ਕ੍ਰਿਤਾਂ ਦੇ ਜਮਾਤੀ ਅਧਾਰ ਨੂੰ ਜਾਹਰ ਕਰਨ ਦੀਆਂ ਕੋਸ਼ਿਸ਼ਾਂ ‘ਤੇ ਬੁਰੀ ਤਰ੍ਹਾਂ ਹਮਲਾ ਬੋਲ ਦਿੰਦੇ ਹਨ। ਕਲਾਕਾਰ ਜਿਸ ਜਮਾਤ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ, ਉਸ ਦੀ ਜਾਇਜ਼ ਤੈਅਕਾਰੀ ਦੀ ਪ੍ਰਵਿਰਤੀ ਦਾ ਉਹ ਮਖ਼ੌਲ ਉਡਾਉਂਦੇ ਹਨ।

ਲਿਫਿਸ਼ਤਜ਼ ਇਹ ਵੀ ਲਿਖਦੇ ਹਨ ਕਿ ‘ਲੈਨਿਨ ਦੀਆਂ ਕਿਰਤਾਂ ਵਿੱਚ ਸਾਨੂੰ ਕਿਤੇ ਵੀ ਤਾਲਸਤਾਏ ਦੇ ਜਮਾਤੀ ਖਾਸੇ ਦੀਆਂ ਅਖੌਤੀ ਪੂਰੀ ਤਰ੍ਹਾਂ ਦਰੁਸਤ ਅਤੇ ਭ੍ਰਿਸ਼ਟ ਪ੍ਰੀਭਾਸ਼ਾਵਾਂ ਨਹੀਂ ਮਿਲ਼ਦੀਆਂ, ਜੋ ਪ੍ਰੀਭਾਸ਼ਾਵਾਂ ਸਾਡੇ ‘ਸਮਾਜਸ਼ਾਸਤਰੀ ਮਹਾਰਾਜ ਨੂੰ ਏਨੀਆਂ ਜ਼ਿਆਦਾ ਪਿਆਰੀਆਂ ਲਗਦੀਆਂ ਹਨ।’

ਸੁਭਾਵਕ ਤੌਰ ਤੇ ਲੈਨਿਨ ਨੇ ਤਾਲਸਤਾਏ ਦੀ ਥਾਂ ਦਾ ਮੁਲਾਂਕਣ ਨੂਸੀਨੋਵ ਦੀ ਵਿਧੀ ਨਾਲ਼ ਨਹੀਂ ਕੀਤਾ ਸੀ। ਲੈਨਿਨ ਨੇ ਤਾਂ ਇਹ ਲਿਖਿਆ ਸੀ :

ਆਪਣੇ ਜਨਮ ਅਤੇ ਸਿੱਖਿਆ ਦੇ ਅਧਾਰ ਤੇ ਤਾਲਸਤਾਏ ਰੂਸ ਦੇ ਚੋਟੀ ਦੇ ਜਮੀਨ ਮਾਲਕ ਕੁਲੀਨ ਜਮਾਤ ਨਾਲ਼ ਜੁੜੇ ਹੋਏ ਸਨ; ਪਰ ਉਨ੍ਹਾਂ ਨੇ ਆਪਣੇ ਉਸ ਆਲ਼ੇ ਦੁਆਲ਼ੇ ਦੇ ਰਵਾਇਤੀ ਵਿਚਾਰਾਂ ਨਾਲ਼ੋਂ ਨਾਤਾ ਤੋੜ ਲਿਆ ਅਤੇ ਆਪਣੀਆਂ ਆਖ਼ਰੀ ਰਚਨਾਵਾਂ ਵਿੱਚ ਉਸ ਸਿਆਸੀ, ਧਰਮੀ, ਸਮਾਜਕ ਅਤੇ ਆਰਥਕ ਢਾਂਚੇ ਦੀ ਬੁਰੀ ਤਰ੍ਹਾਂ ਅਲੋਚਨਾ ਕੀਤੀ ਜੋ ਲੋਕਾਈ ਨੂੰ ਗ਼ੁਲਾਮ ਬਣਾਈ ਰੱਖਣ ਅਤੇ ਭੁੱਖੇ ਮਾਰਨ ਦੇ ਸਿਧਾਂਤ ‘ਤੇ ਟਿਕਿਆ ਹੋਇਆ ਹੈ, ਜੋ ਕਿਸਾਨਾਂ ਅਤੇ ਆਮ ਛੋਟੇ ਜਾਇਦਾਦਧਾਰੀਆਂ ਦੀ ਮੰਦਹਾਲੀ ‘ਤੇ ਅਧਾਰਤ ਹੈ, ਉਸ ਹਿੰਸਾ ਅਤੇ ਪਾਖੰਡ ‘ਤੇ ਅਧਾਰਤ ਹੈ। ਜੋ ਸਾਡੇ ਦੇਸ਼ ਦੇ ਅੱਜੋਕੇ ਜੀਵਨ ‘ਤੇ ਛਾਇਆ ਹੋਇਆ ਹੈ।

ਫਿਰ ਕਾਫ਼ੀ ਅੱਗੇ ਜਾ ਕੇ ਇੱਕ ਥਾਂ ‘ਤੇ ਲੈਨਿਨ ਨੇ ਇਹ ਲਿਖਿਆ ਸੀ :

ਤਾਲਸਤਾਏ ਨੇ ਸਿੱਧੇ ਸਾਦੇ ਪਿੱਤਰਸੱਤਾਤਮਕ ਕਿਸਾਨ ਦੇ ਨਜ਼ਰੀਏ ਨੂੰ ਅਪਣਾਇਆ ਅਤੇ ਇਸੇ ਕਿਸਾਨ ਜਮਾਤ ਦੀ ਮਨੋਰਚਨਾ ਹੀ ਉਨ੍ਹਾਂ ਦੀ ਅਲੋਚਨਾ ਅਤੇ ਉਨ੍ਹਾਂ ਦੀ ਨੀਤੀ ਵਿਚ ਸਮਾਈ ਹੋਈ ਸੀ।

ਜੇ ਹਜ਼ਾਰਾਂ-ਹਜ਼ਾਰ ਸਿੱਧੇ-ਸਾਦੇ ਕਿਸਾਨਾਂ ਨੂੰ ਜਿਨ੍ਹਾਂ ਦੇ ਨਜ਼ਰੀਏ ਨੂੰ ਤਾਲਸਤਾਏ ਨੇ ਆਪਣੀਆਂ ਆਖ਼ਰੀ ਰਚਨਾਵਾਂ ਵਿੱਚ ਅਪਣਾਇਆ ਸੀ ਤੁਸੀਂ ਕਿਸੇ ਵੀ ਹਾਲਤ ਵਿੱਚ ਇੱਕ ‘ਉੱਪ-ਜਮਾਤ’ ਮੰਨਣ ਨੂੰ ਤਿਆਰ ਨਹੀਂ, ਤਾਂ ਉਸ ਚੋਟੀ ਦੇ ਜਮੀਨ ਮਾਲਕ ਕੁਲੀਨ ਜਮਾਤ ਸਬੰਧੀ ਤੁਸੀਂ ਕਹੋਗੇ ਵੀ ਕੀ, ਜਿਸ ਨਾਲ਼ ਤਾਲਸਤਾਏ ਜਨਮਜਾਤ ਜੁੜੇ ਹੋਏ ਸਨ ਅਤੇ ਜਿਸ ਦੇ ਨਜ਼ਰੀਏ  ਨੂੰ ਉਨ੍ਹਾਂ ਨੇ ਆਪਣੀਆਂ ਸ਼ੁਰੂਆਤੀ ਰਚਨਾਵਾਂ ਵਿੱਚ ਪ੍ਰਗਟਾਇਆ ਸੀ? ਕੀ ਲਿਫਿਸ਼ਤਜ਼ ਨੂੰ ਲੈਨਿਨ ਦੁਆਰਾ ਦਿੱਤੀ ਗਈ ਤਾਲਸਤਾਏ ਦੀ ਜਮਾਤੀ ਸਥਿਤੀ ਦੀ ਪ੍ਰੀਭਾਸ਼ਾ ਥੋੜ੍ਹੀ ਜਿਹੀ ਵੀ ਪੂਰੀ ਤਰ੍ਹਾਂ ਦਰੁਸਤ ਨਹੀਂ ਲਗਦੀ? ਘੁਮਾ ਫਿਰਾ ਕੇ ਕਹਿਣ ਅਤੇ ਮਖ਼ੌਲੀਆ ਸਮਾਜਸ਼ਾਸਤਰ ਦਾ ਆਸਰਾ ਲਏ ਬਿਨਾਂ, ਤਾਲਸਤਾਏ ਨੂੰ ਲੋਕਾਈ ਦੇ ਮਹਾਨ ਕਲਾਕਾਰ ਗਰਦਾਨਣਾ ਕੀ ਬਹੁਤ ਸੌਖਾਲ਼ਾ ਨਹੀਂ ਹੁੰਦਾ? ਫਿਰ ਵੀ ਲਿਫਿਸ਼ਤਜ਼ ਜਿਹੇ ਲੋਕਾਂ ਦੀ ਸੋਚ ਦੇ ਬਾਵਜੂਦ ਲੈਨਿਨ ਨੇ ਤਾਲਸਤਾਏ ਦੀ ਜਮਾਤੀ ਸਥਿਤੀ ਨੂੰ ਦਰੁਸਤ ਤਰੀਕੇ ਨਾਲ਼ ਪ੍ਰੀਭਾਸ਼ਤ ਕੀਤਾ। ‘ਮੇਰੇ ਦੋਸਤੋ! ਜੇ ਇਹੀ ਕੰਮ ਅਸੀਂ ਕੀਤਾ ਹੁੰਦਾ, ਤਾਂ ਤੁਸੀਂ ਪਤਾ ਨਹੀਂ ਕਿੰਨਾ ਖੌਰੂ ਪਾਉਂਦੇ!’

ਫਿਰ ਵੀ, ਗ਼ੈਰ-ਸਧਾਰਣ ਕਾਵਾਂ-ਰੌਲ਼ੀ ਸ਼ੁਰੂ ਹੋ ਚੁੱਕੀ ਹੈ। ਵੀ.ਕੇਮੇਨੋਵ ਨੇ ਆਪਣੇ ਲੇਖ, ‘ਸ਼ੇਕਸਪੀਅਰ ਦੇ ਨਿੰਦਕ’ ਵਿਚ, ਫ੍ਰੀਖੇ, ਸਮਨੋਰਵ ਅਤੇ ਦੀਨਾਮੋਵ ਦੁਆਰਾ ਸ਼ੇਕਸਪੀਅਰ ਦੀ ਕਲਾ ਦੇ ਜਮਾਤੀ ਖ਼ਾਸੇ ਦੀ ਤੈਅਕਾਰੀ ਦੀਆਂ ਕੋਸ਼ਿਸ਼ਾਂ ਦੀ ਜਾਂਚ ਪੜਤਾਲ ਕਰਦੇ ਸਮੇਂ ਇੱਕ-ਇੱਕ ਕਰਕੇ ਉਨ੍ਹਾਂ ਨੂੰ ਤਬਾਹ ਕੀਤਾ ਹੈ। ਫ੍ਰੀਖੇ ਅਨੁਸਾਰ ਸ਼ੇਕਸਪੀਅਰ ਇੱਕ ਕੁਲੀਨ ਸਨ, ਸਮਨੋਰਵ ਦੇ ਅਨੁਸਾਰ ਉਹ ਇੱਕ ਬੁਰਜ਼ੂਆ ਸਨ, ਦੀਨਾਮੋਵ ਉਨ੍ਹਾਂ ਨੂੰ ਸਰਮਾਏਦਾਰੀ ਦੇ ਸ਼ੁਰੂਆਤੀ ਯੁੱਗ ਦਾ ਜਗੀਰੂ ਕਲਾਕਾਰ ਮੰਨਦੇ ਹਨ।

ਫ੍ਰੀਖੇ ਦੀ ਧਾਰਨਾ ਦੀ ਮੁੱਖ ਕਮਜ਼ੋਰੀ ਕਿੱਥੇ ਮੌਜੂਦ ਹੈ? ਸ਼ੇਕਸਪੀਅਰ ਦੀ ਉਸ ‘ਲੋਕ ਵਿਰੋਧੀ’ ਵਿਆਖਿਆ ਵਿੱਚ ਜਿਸ ਦੇ ਅਨੁਸਾਰ ਸ਼ੇਕਸਪੀਅਰ ਨੂੰ ਕੁਲੀਨ ਜਮਾਤ ਦਾ ਗਰਦਾਨਿਆ ਗਿਆ ਹੈ … ਸਮਨੋਰਵ ਦੇ ਨਜ਼ਰੀਏ ਦੀਆਂ ਗ਼ਲਤੀਆਂ ਕਿਸ ਵਿੱਚ ਮੌਜੂਦ ਹਨ ? ਉਸੇ ਤਰ੍ਹਾਂ ਦੇ ‘ਲੋਕ ਵਿਰੋਧੀ’ ਵਿਸ਼ਲੇਸ਼ਣ ਵਿੱਚ ਜਿਸ ਦਾ ਅਧਾਰ ਸਰਮਾਏਦਾਰ ਜਮਾਤ ਅੱਗੇ ਕੀਤੀ ਜਾਣ ਵਾਲ਼ੀ ਉਦਾਰਵਾਦੀ ਮਾਫ਼ੀਨਾਮੀਆ ਜੀ-ਹਜ਼ੂਰੀ ਹੈ।

ਕੇਮੇਨੋਵ ਨੇ ਇਸ ਗੱਲ ਨੂੰ ਰੇਖਾਂਕਤ ਕੀਤਾ ਹੈ ਕਿ ਫ੍ਰੀਖੇ ਨੂੰ ਸ਼ੇਕਸਪੀਅਰ ਦੁਆਰਾ ਕੀਤੀ ਗਈ ਸਰਮਾਏਦਾਰੀ ਦੀ ਅਲੋਚਨਾ ਦਾ ਗਿਆਨ ਸੀ, ਸਮਨੋਰਵ ਨੇ ਸ਼ੇਕਸਪੀਅਰ ਨੂੰ ਜਗੀਰਦਾਰੀ ਦੇ ਅਲੋਚਕ ਵਜੋਂ ਦੇਖਿਆ ਸੀ। ਦੂਜੇ ਪਾਸੇ, ਦੀਨਾਮੋਵ ਨੇ ਫ੍ਰੀਖੇ ਅਤੇ ਸਮਨੋਰਵ ਦੇ ਵਿਚਾਰਾਂ ਨੂੰ ਹੋਰ ਜ਼ਿਆਦਾ ਜ਼ੋਰ ਦਿੰਦੇ ਹੋਏ ਮੰਨਿਆ ਕਿ ਸ਼ੇਕਸਪੀਅਰ ਇੱਕ ਸ਼ੁਰੂਆਤੀ ਸਰਮਾਏਦਾਰੀ ਕੁਲੀਨ ਜਮਾਤ ਦਾ ਆਦਮੀ ਸੀ, ਪਰ ਉਨ੍ਹਾਂ ਨੇ ਫ੍ਰੀਖੇ ਅਤੇ ਸਮਨੋਰਵ ਦੇ ਔਗੁਣ ਤਾਂ ਸਾਰੇ ਅਪਨਾ ਲਏ, ਉਨ੍ਹਾਂ ਦੀਆਂ ਧਾਰਨਾਵਾਂ ਦੇ ਸਾਕਾਰਾਤਮਕ ਤੱਤ ਉੱਕਾ ਹੀ ਨਹੀਂ ਲਏ। ਕੇਮੇਨੋਵ ਨੇ ਆਪਣੇ ਵਿਸ਼ਲੇਸ਼ਣ ਦਾ ਨਿਚੋੜ ਹੇਠਾਂ ਦਿੱਤੇ ਗਏ ਦਰਦ ਭਰੇ ਐਲਾਨ ਨਾਲ਼ ਕੀਤਾ।

ਸ਼ੇਕਸਪੀਅਰ ਨੂੰ ਇੱਕੋ ਵੇਲੇ ਹੀ ਇੰਗਲੈਂਡ ਦਾ ਮਹਾਨ ਲੋਕ ਕਵੀ ਕਹਿਣਾ ਅਤੇ ਸਰਮਾਏਦਾਰੀ ਜਮਾਤ ਵਿਚ ਤਬਦੀਲ ਹੋ ਰਹੀ ਕੁਲੀਨ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਵਜੋਂ ਵੀ ਪੇਸ਼ ਕਰਨਾ ਅਸੰਭਵ ਹੈ ਕਿਉਂਕਿ ਇਨ੍ਹਾਂ ਦੋ ਧਾਰਨਾਵਾਂ ਦਾ ਆਪਸ ਵਿੱਚ ਕੋਈ ਤਾਲਮੇਲ਼ ਨਹੀਂ।

ਬਹੁਤ ਦਰੁਸਤ। ਤਾਂ ਫਿਰ ਸ਼ੇਕਸਪੀਅਰ ਕੁਲੀਨ ਜਮਾਤ ਦੇ ਨਹੀਂ ਸਨ, ਸ਼ੁਰੂਆਤੀ ਸਰਮਾਏਦਾਰੀ ਕੁਲੀਨ ਨਹੀਂ ਸਨ, ਸਰਮਾਏਦਾਰ ਵੀ ਨਹੀਂ ਸਨ। ਤਾਂ ਫਿਰ ਆਖ਼ਰ ਉਸ ਕੀ ਸਨ? ਕੀ ਉਨ੍ਹਾਂ ਦੀ ਕੋਈ ਜਮਾਤੀ ਸਥਿਤੀ ਸੀ? ਜਾਂ ਫਿਰ ਜਮਾਤੀ ਸਥਿਤੀ ਤਾਂ ਸਿਰਫ਼ ਸਾਧਾਰਨ ਨਾਸ਼ਵਾਨ ਮਨੁੱਖਾਂ ਦੀ ਹੁੰਦੀ ਹੈ ਅਤੇ ਬ੍ਰਹਮਪੁੱਤਰਾਂ ਦੀ ਸਥਿਤੀ ਸਾਰੀਆਂ ਜਮਾਤਾਂ ਤੋਂ ਉੱਪਰ ਹੁੰਦੀ ਹੈ। ਇਨ੍ਹਾਂ ਸੁਆਲਾਂ ਦੇ ਸਿੱਧੇ-ਸਿੱਧੇ ਜੁਆਬ ਕੇਮੇਨੋਵ ਦੇ ਲੇਖ ਵਿੱਚ ਨਹੀਂ ਮਿਲ਼ਦੇ, ਪਰ ਇਹ ਇਸ਼ਾਰਾ ਜ਼ਰੂਰ ਮਿਲ਼ਦਾ ਹੈ ਕਿ ਸ਼ੇਕਸਪੀਅਰ ਇੱਕ ਮਹਾਨ ਲੋਕ ਕਵੀ ਸਨ (ਇਸ ਗੱਲ ਨੂੰ ਤਾਂ ਸਾਰੇ ਲੋਕ ਕੇਮੇਨੋਵ ਦੇ ਲੇਖ ਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਜਾਣਦੇ ਸਨ), ਅਤੇ ਆਪਣੀ ਲੋਕਾਈ ਦੇ ਵੱਲ ਸ਼ੇਕਸਪੀਅਰ ਦੇ ਰਵੱਈਏ ਨੂੰ ਲੈ ਕੇ, ਜਾਂ ਉਨ੍ਹਾਂ ਦੀ ਕਲਾ ਦੀਆਂ ਜਮਾਤੀ ਕਦਰਾਂ ਨੂੰ ਲੈ ਕੇ ਹੁਣ ਜ਼ਿਆਦਾ ਬਹਿਸ ਨਹੀਂ ਹੋਣੀ ਚਾਹੀਦੀ।

ਇਸੇ ਤਰ੍ਹਾਂ ਦੀ ਧਾਰਨਾ ਲਿਫਿਸ਼ਤਜ਼ ਦੇ ਇੱਕ ਸਹਿਯੋਗੀ ਨੇ ਉਸੇ ਸ਼ੈਲੀ ਵਿਚ ਪੇਸ਼ ਕੀਤੀ ਹੈ, ਉਹ ਆਪਣੇ ਨੂੰ ਆਈ. ਇਵਾਨੋਵ ਦੇ ਨਕਲੀ ਨਾਂ ਹੇਠ ਛੁਪਾਏ ਹੋਏ ਹੈ। ਉਨ੍ਹਾਂ ਨੇ ਤ੍ਰੈਪਚੈਕੋ ਦੀ ਗੋਗੋਲ ‘ਤੇ ਲਿਖੀ ਕਿਤਾਬ ਦੀ ਅਲੋਚਨਾ ਕਰਦੇ ਹੋਏ ਗੋਗੋਲ ਬਾਰੇ ਆਪਣੀ ਧਾਰਨਾ ਪੇਸ਼ ਕੀਤੀ ਹੈ। ਅਸਲੀ ਇਤਿਹਾਸ ਇਹ ਦੱਸਦਾ ਹੈ ਕਿ ਗੋਗੋਲ ਆਪਣੇ ਚੌਗਿਰਦੇ ਅਤੇ ਉਸ ਦੇ ਹੰਕਾਰੀ ਹਿੱਤਾਂ ਦੇ ਬੰਧਨਾਂ ਤੋਂ ਉੱਤੇ ਉੱਠ ਗਏ ਸਨ ਅਤੇ ਉਹ ਰੂਸ ਦੇ ਕੁਲੀਨ ਅਤੇ ਅਫ਼ਸਰਸ਼ਾਹੀ ਸਮਾਜ ਦੀਆਂ ‘ਮ੍ਰਿਤ ਆਤਮਾਵਾਂ’ ਨੂੰ ਬੇਹੱਦ ਨਫ਼ਰਤ ਕਰਦੇ ਸਨ। ਵਿਸ਼ੇਸ਼ ਕਰਕੇ ਇਸੇ ਕਾਰਨ ਗੋਗੋਲ ਭੂ ਗ਼ੁਲਾਮੀ ਦੀ ਪ੍ਰਥਾ ਅਤੇ ਜਾਇਦਾਦ ਦੀ ਬਰਬਰ ਦੁਨੀਆਂ ਦੇ ਸੱਭ ਤੋਂ ਤਿੱਖੇ ਅਲੋਚਕ ਬਣ ਗਏ ਸਨ। ਅਸਲੀ ਇਤਿਹਾਸ ਦੱਸਦਾ ਹੈ ਕਿ ਗੋਗੋਲ ‘ਆਪਣੀ ਜਮਾਤ ਦੇ ਮੰਦੇਭਾਗਾਂ’, ‘ਉਸ ਜਮਾਤ ਦੀ ਰਹੱਸਵਾਦੀ ਕਮਜ਼ੋਰੀ ਅਤੇ ਦਿਵਾਲੀਏਪਨ ਤੋਂ’ ਪਰੇਸ਼ਾਨ ਨਹੀਂ ਹੋਏ ਸਨ ਜਿਸ ਬਾਰੇ ਬਹੁਤ ਕੁਝ ਹਾਸੋਹੀਣੀਆਂ ਚੀਜ਼ਾਂ ਤ੍ਰੈਪਚੈਕੋ ਦੀ ਕਿਤਾਬ ਵਿੱਚ ਭਰੀਆਂ ਪਈਆਂ ਹਨ। ਗੋਗੋਲ ਦੀ ਮਾਨਸਿਕ ਪੀੜਾ ਦੀ ਜੜ੍ਹ ਵਿੱਚ ਆਪਣੇ ਲੋਕਾਂ ਅਤੇ ਆਪਣੇ ਦੇਸ਼ ਲਈ ਭਾਵਕ ਪਿਆਰ ਅਤੇ ਉਨ੍ਹਾਂ ਦੀ ਚਿੰਤਾ ਸੀ। ਨਿਕੋਲਸ ਪਹਿਲੇ ਦੇ ਨਿਜ਼ਾਮ ਦਾ ਵਿਰੋਧ ਕਰਨ ਵਾਲ਼ੀਆਂ ਸਮਾਜਕ ਤਾਕਤਾਂ ਦੀ ਦੁੱਖਦਾਈ ਘਾਟ ਕਾਰਨ ਉਨ੍ਹਾਂ ਨੂੰ ਜਦ ਸਵੈ-ਹਾਰ ਦੀ ਭਾਵਨਾ ਦੇ ਡੰਗ ਲਿਆ ਅਤੇ ਜਦ ਉਹ ਇੱਕ ਭਿਅੰਕਰ ਅੰਦਰੂਨੀ ਸੰਕਟ ‘ਚੋਂ ਲੰਘੇ, ਉਸ ਦੇ ਬਾਅਦ ਹੀ ਗੋਗੋਲ ਨੇ ਆਪਣੀ ਪਿਛਾਖੜੀ ਕਾਲਪਨਿਕ ਦੁਨੀਆ (ਯੂਟੋਪੀਆ) ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਜਿਸ ਨੇ ਮੁਕਤੀ ਦੇ ਆਦਰਸ਼ਾਂ ਦੇ ਨਾਲ਼ ਦਗਾਬਾਜ਼ੀ ਦੇ ਰਾਹ ਨੂੰ ਪੇਸ਼ ਕੀਤਾ। ਇਹੀ ਉਹ ਚੀਜ਼ ਹੈ ਜੋ ਤ੍ਰੈਪਚੈਂਕੋ ਦੀ ਸਮਝ ਵਿੱਚ ਨਹੀਂ ਆ ਸਕੀ; ਇਹ ਵਜਾ ਹੈ ਕਿ ਉਸ ਦੀ ਕਿਤਾਬ ਬੇਲਿੰਸਕੀ, ਚੇਰਨੀਸ਼ੇਵਸਕੀ ਅਤੇ ਲੈਨਿਨ ਦੀ ਰਵਾਇਤ ਦਾ ਨਿਖੇਧ ਕਰਦੀ ਹੈ।

ਇਹ ਸਤਰਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਇਵਾਨੋਵ ਦੇ ਇਤਿਹਾਸ ਦੇ ਠੋਸ ਤੱਤਾਂ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ, ਜਾਂ ਫਿਰ ਉਨ੍ਹਾਂ ਨੂੰ ਇਨ੍ਹਾਂ ਤੱਥਾਂ ਦੀ ਜਾਣਕਾਰੀ ਨਹੀਂ ਹੈ। ਉਹ ਗੋਗੋਲ ਦੀ ‘ਮੁਕਤੀ ਦੇ ਆਦਰਸ਼ਾਂ ਨਾਲ਼ ਦਗਾਬਾਜ਼ੀ’ ਦੀ ਗੱਲ ਕਰਦੇ ਹਨ, ਜਦ ਕਿ ਇਸ ਗੱਲ ਦੀ ਜਾਂਚ ਪੜਤਾਲ ਨਹੀਂ ਕਰਦੇ ਕਿ ਗੋਗੋਲ ਕਿਸ ਹੱਦ ਤੱਕ ਇਨ੍ਹਾਂ ਆਦਰਸ਼ਾਂ ਲਈ ਹਮਦਰਦੀ ਰੱਖਦੇ ਸਨ।

ਇਵਾਨੋਵ ਬੇਲਿੰਸਕੀ ਦੀ ਰਵਾਇਤ ਨਾਲ਼ੋਂ ਤੋੜ ਵਿਛੋੜੇ ਦੀ ਗੱਲ ਕਰਦੇ ਹਨ ਜਦ ਕਿ, ਜਾਹਰ ਹੈ, ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਬੇਲਿੰਸਕੀ ਨੇ ਵੀ ‘ਮ੍ਰਿਤ ਆਤਮਾਵਾਂ’ ਦੀ ਪਹਿਲੀ ਸੈਂਚੀ ਵਿੱਚ ਹੀ ਮੌਜੂਦ ਕੁਝ ਗ਼ੈਰ ਯਥਾਰਥਕ ਤੱਤਾਂ ਨੂੰ ਰੇਖਾਂਕਤ ਕੀਤਾ ਸੀ ਅਤੇ ਉਨ੍ਹਾਂ ਨੇ ਗੋਗੋਲ ਦੁਆਰਾ ਚਿੱਤਰਤ ‘ਪੁਰਾਣੀ ਤਰਜ਼ ਦੇ ਜਿਮੀਂਦਾਰਾਂ’ ਅਤੇ ਇਸੇ ਤਰ੍ਹਾਂ ਦੇ ਹੋਰਨਾਂ ‘ਵਿਅਕਤੀਆਂ’ ਦੇ ਖਾਸੇ ਵੱਲ ਦਿਖਾਈ ਉਨ੍ਹਾਂ ਦੀ ਹਮਦਰਦੀ ਨੂੰ ਵੀ ਰੇਖਾਂਕਤ ਕੀਤਾ ਸੀ। ਇਵਾਨੋਵ ਦਾ ਇਸ ਤੱਥ ਨਾਲ਼ ਕੋਈ ਵਾਸਤਾ ਹੀ ਨਹੀਂ ਕਿ ਸਲਾਵੋਫਾਈਲੋਂ ਨੇ ਗੋਗੋਲ ਦੀਆਂ ਵਿਅੰਗ ਰਚਨਾਵਾਂ ਦੀ ਇਹ ਕਹਿ ਕੇ ਵਿਆਖਿਆ ਕੀਤੀ ਹੈ ਕਿ ਉਹ ‘ਅੰਦਰੂਨੀ ਸ਼ੁੱਧੀ ਦੀ ਲੋੜ ਨੂੰ ਜਾਹਰ ਕਰਦੀਆਂ ਹਨ।’

ਇਵਾਨੋਵ ਇਸ ਗੱਲ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿ ਭਾਵੇਂ ‘ਗੋਗੋਲ ਦੀ ਮਾਨਸਿਕ ਪੀੜਾ ਦੀ ਜੜ੍ਹ ਵਿੱਚ ਆਪਣੀ ਲੋਕਾਈ ਅਤੇ ਆਪਣੇ ਦੇਸ਼ ਦੇ ਲਈ ਗੂੜ੍ਹਾ ਪਿਆਰ ਉਨ੍ਹਾਂ ਦੀ ਚਿੰਤਾ ਸੀ’, ਬੇਲਿੰਸਕੀ ਨੂੰ ਜਮੀਨ ਗ਼ੁਲਾਮਾਂ ਦੀ ਮੁਕਤੀ ਵਿੱਚ ਲੋਕਾਈ ਦੀ ਖੁਸ਼ੀ ਦੇ ਦਰਸ਼ਨ ਹੋ ਰਹੇ ਸਨ, ਜਦ ਕਿ ਗੋਗੋਲ ਨੂੰ ਕਿਸਾਨਾਂ ਦੀ ਉਹ ਖੁਸ਼ੀ ਪਿੱਤਰਸੱਤਾਵਾਦੀ ਜਿਮੀਂਦਾਰ ਦੇ ਅਧੀਨ ਰਹਿ ਕੇ ‘ਸ਼ਾਤਮਈ’ ਜੀਵਨ ਬਿਤਾਉਣ ਦੀ ਧਾਰਨਾ ਵਿੱਚ ਹੀ ਨਜ਼ਰ ਆ ਰਹੀ ਸੀ। ਲੁਗਾਂਸਕੀ ਨਾਮੀ ਕਜਾਕ ‘ਤੇ ਲਿਖੇ ਆਪਣੇ ਇੱਕ ਲੇਖ ਵਿੱਚ ਬੇਲਿੰਸਕੀ ਨੇ ਕਿਹਾ ਸੀ ਕਿ ‘ਇੱਕ ਅਨਪੜ੍ਹ ਮੁਝੀਕ ਦੇ ਅੰਦਰ ਪੈਦਾਇਸ਼ੀ ਹਉਮੈ ਆਮ ਤੌਰ ਤੇ ਦਰਮਿਆਨੇ ਤਬਕੇ ਦੇ ਇੱਕ ਸਿੱਖਿਅਤ ਵਿਅਕਤੀ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦੀ ਹੈ’, ਪਰ ਗੋਗੋਲ ਨੇ ਰੂਸੀ ਕਿਸਾਨ ਨੂੰ ਚਾਚਾ ਮਿੱਤਿਆ ਅਤੇ ਚਾਚਾ ਮਿਨਾਏ ਵਜੋਂ ਚਿੱਤਰਤ ਕੀਤਾ ਹੈ।

ਇਵਾਨੋਵ ਇਹ ਨਹੀਂ ਸਮਝਦੇ ਕਿ ਗੋਗੋਲ ਦੇ ਦੁਖਾਂਤ ਦੇ ਪ੍ਰਮੁੱਖ ਕਾਰਨਾ ‘ਚੋਂ ਇੱਕ ਕਾਰਨ ਇਹ ਸੀ ਰਿਹਾ ਸੀ ਕਿ ਕੁਲੀਨ ਜਮਾਤ ਦੇ ਰੂਸੀ ਜਿਮੀਂਦਾਰਾਂ ਦੀ ਜੋ ਅਲੋਚਨਾ ਉਨ੍ਹਾਂ ਨੇ ਕੀਤੀ ਸੀ ਜਿਸ ਨੂੰ ਤਬਾਹਕੁਨ ਜਾਂ ਇਨਕਲਾਬੀ ਬਨਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਵੀ ਨਹੀਂ ਸੀ ਉਹ ਅਲੋਚਨਾ ਇਨਕਲਾਬੀ ਮਹੱਤਵ ਦੀ ਹੋ ਗਈ ਅਤੇ ਇਤਿਹਾਸ ਦੀ ਜੀਵੰਤ ਦਵੰਦਾਤਮਕਤਾ ਅਤੇ ਜਮਾਤੀ ਤਾਕਤਾਂ ਦੇ ਹਕੀਕੀ ਰਿਸ਼ਤਿਆਂ ਦੀ ਵਜ੍ਹਾ ਨਾਲ਼ ਮੁਕਤੀ ਲਹਿਰ ਦਾ ਕੇਂਦਰੀ ਨੁਕਤਾ ਬਣ ਗਈ।

ਲਿਫਿਸ਼ਤਜ਼ ਅਤੇ ਉਨ੍ਹਾਂ ਦੇ ਸਾਥੀ ਅਲੋਚਕਾਂ ਦੇ ਨਜ਼ਰੀਆਂ ਦਾ ਵਿਸ਼ਲੇਸ਼ਣ ਕਰਨ ‘ਤੇ ਸਾਡਾ ਯਕੀਨ ਪੱਕਾ ਹੋ ਗਿਆ ਕਿ ਸਾਹਿਤ ਦਾ ਇਤਿਹਾਸ ਇਨ੍ਹ੍ਹਾਂ ਲੋਕਾਂ ਦੁਆਰਾ ਸਹੀ ਢੰਗ ਨਾਲ਼ ਪੇਸ਼ ਨਹੀਂ ਹੋ ਸਕਦਾ। ਇਹ ਲੋਕ ਇਹ ਕਦੀ ਸੋਚ ਹੀ ਨਹੀਂ ਸਕਦੇ ਕਿ ਕੁਲੀਨ ਜਮਾਤ ਵਿੱਚ ਪੈਦਾ ਹੋਏ ਕਵੀ ਦੀਆਂ ਰਚਨਾਵਾਂ ਕਦੀ ਲੋਕਾਂ ਦੀ ਕਲਾ ਕਿਵੇਂ ਹੋ ਸਕਦੀਆਂ ਹਨ ਅਤੇ ਇੱਕ ਬੁਰਜ਼ੂਆ ਲੇਖਕ ਦੀਆਂ ਰਚਨਾਵਾਂ ਲੋਕਾਂ ਦਾ ਸਾਹਿਤ ਕਿਵੇਂ ਹੋ ਸਕਦੀਆਂ ਹਨ।

ਪਰ ਫਿਰ ਵੀ ਜੋ ਭੇਦ ਲਿਫਿਸ਼ਤਜ਼ ਦੀ ਪਕੜ ਵਿਚ ਨਹੀਂ ਆਇਆ, ਉਸ ਨੂੰ ਉਸ ਬੇਲਿੰਸਕੀ ਨੇ ਸਪਸ਼ਟ ਤੌਰ ‘ਤੇ ਦੇਖ ਲਿਆ ਸੀ ਜਿਨ੍ਹਾਂ ਤੋਂ ਗਿਆਨ ਹਾਸਲ ਦੀ ਸਲਾਹ ਲਿਫਿਸ਼ਤਜ਼ ਖ਼ੁਦ ਦੂਜਿਆਂ ਨੂੰ ਦਿੰਦੇ ਹਨ। ਬੇਲਿੰਸਕੀ ਨੇ ਪੁਸ਼ਕਿਨ ਨੂੰ ਇੱਕ ਕੌਮੀ ਰਚਨਾਸ਼ੀਲ ਪ੍ਰਤਿਭਾ ਮੰਨਿਆ ਅਤੇ ਉਸ ਦੀ ਕਿਰਤ ‘ਏਵਜੇਨੀ ਅੋਨੇਜਿਨ’ ਦੀ ‘ਰੂਸੀ ਜੀਵਨ ਦਾ ਵਿਸ਼ਵਕੋਸ਼’ ਕਹਿ ਕੇ ਵਿਆਖਿਆ ਕੀਤੀ ਅਤੇ ਨਾਲ਼ ਹੀ ਉਸ ਦਾ ਕੁਲੀਨ ਪਿਛੋਕੜ ਨੂੰ ਵੀ ਰੇਖਾਂਕਤ ਕੀਤਾ।

ਪਰ ਮਹਾਨ ਰਚਨਾਕਾਰਾਂ ਨੂੰ ਕੁਲੀਨ ਜਾਂ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਮੰਨਣ ਦੇ ਡਰ ਦੀ ਕਿਵੇਂ ਵਿਆਖਿਆ ਕਰਾਂਗੇ? ਇਵਾਨੋਵ ਅਨੁਸਾਰ ਇਸ ਤਰ੍ਹਾਂ ਦੇ ਵਰਗੀਕਰਨ ਦਾ ਅਰਥ ਇੱਕ ਮਹਾਨ ਰਚਨਾਕਾਰ ਨੂੰ ਕੁਲੀਨ-ਸਰਮਾਏਦਾਰੀ ਹਿੱਤਾਂ ਦੇ ਸੌੜੇ ਪਿੰਜ਼ਰੇ ਵਿੱਚ ਬੰਦ ਕਰਨਾ ਹੋਵੇਗਾ। ਅਤੇ ਕੇਮੇਨੋਵ ਅਨੁਸਾਰ :

ਸੱਭਿਆਚਾਰ ਦੇ ਇਤਿਹਾਸ ਵਿਚ ਲੋਟੂ ਜਮਾਤਾਂ ਦੇ ਯੋਗਦਾਨ ਨੂੰ ਵਧਾ-ਚੜ੍ਹਾਕੇ ਦਿਖਾਉਣ ਅਤੇ ਮਹਾਨ ਲੋਕਾਈ ਦੀ ਸੱਚੀ ਭੂਮਿਕਾ ਨੂੰ ਓਹਲੇ ਕਰ ਦੇਣ ਨਾਲ਼ ਅਜਿਹਾ ਲੱਗਣ ਲਗਦਾ ਹੈ ਜਿਵੇਂ ਵਿਸ਼ਵ ਦਾ ਮਹਾਨ ਸਾਹਿਤ ਲੋਟੂ ਜਮਾਤਾਂ ਦੀ ਧਨ-ਲੋਭ, ਪਛਾਣ-ਖੋਜੀ, ਹੰਕਾਰੀ ਪ੍ਰਵਿਰਤੀਆਂ ਦੀ ਹੀ ਬੁਨਿਆਦ ‘ਚੋਂ ਪੈਦਾ ਹੋਇਆ ਹੈ। ਇਸ ਨਜ਼ਰੀਏ ਨਾਲ਼ ਅਤੀਤ ਦੇ ਮਹਾਨ ਰਚਨਾਕਾਰਾਂ ਦਾ ਕਲਾਤਮਕ ਮੁਲਾਂਕਣ ਅਤੇ ਪ੍ਰੋਲੇਤਾਰੀ ਸੱਭਿਆਚਾਰ ਲਈ ਉਨ੍ਹਾਂ ਦਾ ਮਹੱਤਵ ਲੋਟੂ ਹਾਕਮ ਜਮਾਤਾਂ ਦੇ ਹਿੱਤਾਂ ਦੀ ਵਕਾਲਤ ਵਿਚ ਦਿਖਾਏ ਗਏ ਉਤਸ਼ਾਹ ਦੀ ਮਿਕਦਾਰ ਤੋਂ ਤੈਅ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਬਿਨ੍ਹਾਂ ਲੱਗ-ਲਬੇੜ ਦੇ ਕਹੀਏ ਤਾਂ ਉਨ੍ਹਾਂ ਦਾ ਮਹੱਤਵ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਉਨ੍ਹਾਂ ਰਚਨਾਕਾਰਾਂ ਦੀ ਰਚਨਾ ਪ੍ਰਤਿਭਾ ਘ੍ਰਿਣਤ ਲੋਟੂ ਅਤੇ ਕਮੀਨੀ ਜੀ-ਹਜ਼ੂਰੀ ਦੀ ਭਾਵਨਾ ਨਾਲ਼ ਕਿੰਨੀ ਜ਼ਿਆਦਾ ਓਤਪੋਤ ਹੈ।

ਨੂਸੀਨੋਵ ਨੇ ਸੁਝਾਅ ਦਿੱਤਾ ਹੈ ਕਿ ਲਿਫਿਸ਼ਤਜ਼ ਸਾਬਤ ਕਰਨ ਕਿ ਪੁਸ਼ਕਿਨ ਅਤੇ ਹੋਰ ਰਚਨਾਕਾਰ ‘ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਨਹੀਂ ਸਨ।’ ਇਸ ਤੇ ਲਿਫਿਸ਼ਤਜ਼ ਨੂੰ ਬਹੁਤ ਪਰੇਸ਼ਾਨੀ ਹੋਈ। ਉਨ੍ਹਾਂ ਨੇ ਲਿਖਿਆ :

ਮੈਂ ਪਰਤਕੇ ਨੂਸੀਨੋਵ ਨੂੰ ਇਹ ਸੁਝਾਅ ਦਿੰਦਾ ਹਾਂ ਕਿ ਉਹ ਇਹ ਐਲਾਨ ਕਰਨ ਦਾ ਹੌਂਸਲਾ ਕਰਨ ਕਿ ਬਾਲਜ਼ਾਕ ਦਾ ਨਾਵਲ ‘ਮੋਹਭੰਗ’ ਅਤੇ ਪੁਸ਼ਕਿਨ ਦਾ ‘ਬੋਰਿਸ ਗੋਦੁਨੋਵ’ ਲੱਟ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦਾ ਹੈ … ਸਾਡੇ ਸਮਾਜ-ਸ਼ਾਸਤਰੀਆਂ ਦੀਆਂ ਗੱਲਾਂ ਸੁਣਕੇ ਤੁਹਾਨੂੰ ਇਹ ਲੱਗੇਗਾ ਜਿਵੇਂ ਦੁਨੀਆਂ ਦੀ ਕਲਾ ਦਾ ਸਾਰਾ ਇਤਿਹਾਸ ਕਿਸੇ ਸ਼ਿਕਾਰ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਜੀਵੀਆਂ ਦੇ ਛੋਟੇ ਮੋਟੇ ਝਗੜਿਆਂ ਨੂੰ ਪ੍ਰਗਟਾਉਂਦਾ ਹੈ। ਕੀ ਜਮਾਤੀ ਘੋਲ਼ ਸਿਰਫ਼ ਏਨੀਂ ਹੀ ਛੋਟੀ ਚੀਜ਼ ਹੈ? ਫਿਰ ਇਤਿਹਾਸਕ ਯੁੱਗ ਦੀ ਬੁਨਿਆਦੀ ਵਿਰੋਧਤਾਈਆਂ ਕਿੱਥੇ ਗਈਆਂ? ਜਾਇਦਾਦਧਾਰੀ ਅਤੇ ਜਾਇਦਾਦ ਵਿਹੂਣੀਆਂ ਜਮਾਤਾਂ ਦੇ ਅਟੁੱਟ ਘੋਲ਼ ਦਾ ਕੀ ਬਣਿਆ? ਲੋਕ ਕਿੱਥੇ ਗਏ?

ਦੇਖਣ ਵਿੱਚ ਇਹ ਸ਼ਬਦ ਭਿਆਨਕ ਰੂਪ ਵਿਚ ਇਨਕਲਾਬੀ ਲਗਦੇ ਹਨ, ਪਰ ਅਸਲ ਵਿੱਚ ਇਹ ਮਾਨਤਾਵਾਂ ਇਤਿਹਾਸ ਵਿਰੋਧੀ ਅਤੇ ਮਾਰਕਸਵਾਦ ਲਈ ਅਣਜਾਣੀਆਂ ਹਨ। ਲਿਫਿਸ਼ਤਜ਼ ਥੋੜ੍ਹਾ ਜਿਹਾ ਬਦਲਾਅ ਵੀ ਦਿਖਾਉਂਦੇ ਹਨ ਅਤੇ ‘ਲੋਟੂ ਜਮਾਤਾਂ ਦੀ ਵਿਚਾਰਧਾਰਾ’ ਦੀ ਥਾਂ ‘ਲੁੱਟ ਦੀ ਵਿਚਾਰਧਾਰਾ’ ਰੱਖ ਦਿੰਦੇ ਹਨ। ਪਰ ਇਨ੍ਹਾਂ ਦੋਵੇਂ ਨੂੰ ਇੱਕ ਹੀ ਚੀਜ਼ਾਂ ਨਹੀਂ  ਮੰਨਿਆ ਜਾ ਸਕਦਾ। ਕੁਲੀਨ ਜਮਾਤ ਅਤੇ ਸਰਮਾਏਦਾਰੀ ਜਮਾਤ ਲੋਟੂ ਜਮਾਤਾਂ ਹਨ, ਕਿਸੇ ਖਾਸ ਇਤਿਹਾਸਕ ਯੁੱਗਾਂ ਵਿਚ ਉਨ੍ਹਾਂ ਦਾ ਗਲਬਾ ਲਾਜਮੀ ਅਤੇ ਜ਼ਰੂਰੀ ਸੀ। ਜਗੀਰਦਾਰੀ ਅਤੇ ਸਰਮਾਏਦਾਰੀ ਸਮਾਜ ਦੇ ਢਾਂਚੇ ਦੇ ਉਹ ਰੂਪ ਸਨ ਜਿਨ੍ਹਾਂ ਹੇਠ ਕੌਮੀ ਸਨਅੱਤਾਂ ਵਧ ਫੁੱਲ ਸਕੀਆਂ। ਇਨ੍ਹਾਂ ਹਾਕਮ ਜਮਾਤਾਂ ਨੇ ਸਮੁੱਚੇ ਅਰਥਚਾਰੇ ਨੂੰ ‘ਅੱਗੇ ਵਧਾਇਆ’। ਸਰਮਾਏਦਾਰੀ ਜਮਾਤ ਅਤੇ ਕੁਲੀਨ ਜਮਾਤ ਵਿਚਲ਼ੀ ਲੜਾਈ ਵਿੱਚ ਧਨ ਦੌਲਤ ਦੇ ਇਲਾਵਾ ਹੋਰ ਵੀ ਕੁਝ ਹਿੱਤ ਸ਼ਾਮਲ ਸਨ, ਇਸ ਨੇ ਉਸ ਮੋੜ ਨੂੰ ਤੈਅ ਕੀਤਾ ਸੀ ਜਿਸ ਵੱਲ ਮਨੁੱਖਤਾ ਦਾ ਤਰੱਕੀਪਸੰਦ ਵਿਕਾਸ ਅੱਗੇ ਵਧਣ ਵਾਲ਼ਾ ਸੀ। ਅੱਜ ਕੁਲੀਨ ਜਮਾਤ ਅਤੇ ਸਰਮਾਏਦਾਰੀ ਦੋਵੇਂ ਹੀ ਕਾਫੀ ਪਹਿਲਾਂ ਆਪਣੀ ਸਾਕਾਰਾਤਮਕ ਅਤੇ ਤਰੱਕੀਪਸੰਦ ਅਹਿਮੀਅਤ ਗੁਆ ਚੁੱਕੇ ਹਨ, ਅਤੇ ਮਨੁੱਖੀ ਤਰੱਕੀ ਦੇ ਪੈਰਾਂ ਦੀਆਂ ਬੇੜੀਆਂ ਬਣ ਚੁੱਕੇ ਹਨ। ਅੱਜ ਘੋਲ਼ ਦੀ ਪੀੜਾ ਵਿੱਚ ਵਿਸ਼ਵ ਵਿੱਚ ਸਮਾਜਵਾਦ ਦਾ ਜਨਮ ਹੋ ਚੁੱਕਿਆ ਹੈ; ਅੱਜ ਸਮਾਜਵਾਦ ਕਾਫ਼ੀ ਮਜ਼ਬੂਤ ਹੋ ਚੁੱਕਿਆ ਹੈ ਅਤੇ ਸੰਸਾਰ ਦੇ ਛੇਵੇਂ ਹਿੱਸੇ ‘ਤੇ ਉਹ ਜਿੱਤ ਹਾਸਲ ਕਰ ਚੁੱਕਿਆ ਹੈ। ਇਸ ਲਈ ਜਦ ਲਿਫਿਸ਼ਤਜ਼ ਅਤੇ ਕੇਮੇਨੋਵ ਅਤੇ ਦੂਜੇ ਲੋਕ ਇਤਿਹਾਸਕ ਅਤੀਤ ਦੀ ਹੱਦ ਤੋਂ ਬਾਹਰ ਜਾ ਕੇ ਸਧਾਰਨੀਕਰਨ ਕਰਦੇ ਹਨ ਅਤੇ ਬੀਤੇ ਯੁੱਗਾਂ ਦੀ ਕੁਲੀਨ ਜਮਾਤ ਅਤੇ ਸਰਮਾਏਦਾਰੀ ਵਿੱਚ ਪਰਜੀਵੀ ਪ੍ਰਵਿਰਤੀ ਅਤੇ ਲੁੱਟ ਦੇ ਇਲਾਵਾ ਹੋਰ ਕੁਝ ਵੀ ਨਹੀਂ ਦੇਖਦੇ, ਤਦ ਇਸ ਨੂੰ ਤੁਸੀਂ ਬਾਹਰਮੁੱਖੀ ਇਤਿਹਾਸ ਦੇ ਨਿਖੇਧ ਦੇ ਇਲਾਵਾ ਹੋਰ ਕੀ ਕਹੋਗੇ? ਇਸ ਨੂੰ ਤੁਸੀਂ ‘ਅੱਜ ਦੀ ਸਿਆਸਤ ਨੂੰ ਗੁਲੇਲ ਨਾਲ਼ ਅਤੀਤ ਵਿਚ ਸੁੱਟ ਦੇਣ’ ਤੋਂ ਇਲਾਵਾ ਹੋਰ ਕੀ ਕਹੋਗੇ?

ਅਨੁਵਾਦ – ਕੁਲਵਿੰਦਰ

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ