‘ਮਾਰਕਸਵਾਦ ਅਤੇ ਜਾਤ ਦੇ ਸਵਾਲ’ ਵਿਸ਼ੇ ‘ਤੇ ਕੇਂਦਰਤ ਇਸ ਅੰਕ ਬਾਰੇ

ਪੀ.ਡੀ.ਐਫ਼ ਡਾਊਨਲੋਡ ਕਰੋ

‘ਪ੍ਰਤੀਬੱਧ’ ਦੇ ਹਥਲੇ ਅੰਕ ਵਿੱਚ ਅਸੀਂ ‘ਮਾਰਕਸਵਾਦ ਅਤੇ ਜਾਤ ਦਾ ਸਵਾਲ’ ਵਿਸ਼ੇ ‘ਤੇ ਵਿਸ਼ੇਸ਼ ਸਮੱਗਰੀ ਪ੍ਰਕਾਸ਼ਿਤ ਕੀਤੀ ਹੈ। ਇਸ ਵਿਸ਼ੇ ‘ਤੇ ਕੇਂਦਰਤ ਚਾਰ ਲੇਖ ਇਸ ਅੰਕ ਵਿੱਚ ਦਿੱਤੇ ਗਏ ਹਨ। ਇਸ ਵਿੱਚ ਪਹਿਲਾ ਲੇਖ ‘ਮਾਰਕਸਵਾਦ ਅਤੇ ਜਾਤ ਦਾ ਸਵਾਲ’ 19 ਦਸੰਬਰ 2010 ਨੂੰ ਇਸੇ ਵਿਸ਼ੇ ਉੱਪਰ ਅਦਾਰਾ ‘ਪ੍ਰਤੀਬੱਧ’ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਵਿਚਾਰ-ਗੋਸ਼ਟੀ ਵਿੱਚ ਪੜ੍ਹਿਆ ਗਿਆ ਸੀ। ਬਾਅਦ ਵਿੱਚ ਇਸੇ ਪੇਪਰ ਉੱਪਰ ਅਦਾਰਾ ‘ਲਕੀਰ’ ਵੱਲੋਂ 6 ਮਾਰਚ 2011 ਨੂੰ ਜਲੰਧਰ ਵਿਖੇ ਗੋਸ਼ਟੀ ਆਯੋਜਿਤ ਕੀਤੀ ਗਈ ਸੀ।

ਲੋਕਾਂ ਦੀ ਜਾਤ-ਪਾਤੀ ਵੰਡ ਭਾਰਤੀ ਸਮਾਜ ਦਾ ਰਿਸਦਾ ਨਾਸੂਰ ਹੈ। ਜੋ ਸਦੀਆਂ ਤੋਂ ਸਾਡੇ ਸਮਾਜ ਦਾ ਪਿੱਛਾ ਨਹੀਂ ਛੱਡ ਰਿਹਾ। ਅੱਜ ਵੀ ਇੱਥੇ ਕਰੋੜਾਂ ਲੋਕਾਂ ਨੂੰ ਜਾਤ ਅਧਾਰਤ ਜਬਰ, ਵਿਤਕਰੇ, ਅਪਮਾਨ ਅਤੇ ਅਲਹਿਦਗੀ (Segregation) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਤ-ਪਾਤੀ ਵੰਡ ਭਾਰਤ ਦੇ ਕਿਰਤੀ ਲੋਕਾਂ ਦੀ ਜਮਾਤੀ ਲਾਮਬੰਦੀ ਦੇ ਕਾਰਜ ਨੂੰ ਬੇਹੱਦ ਚੁਣੌਤੀਪੂਰਨ ਬਣਾ ਦਿੰਦੀ ਹੈ।

ਇਸ ਸਮੱਸਿਆ ਨੂੰ ਡੂੰਘਾਈ ‘ਚ ਜਾ ਕੇ ਸਮਝਣ ਅਤੇ ਇਸ ਉੱਪਰ ਵੱਖ ਵੱਖ ਵਿਚਾਰ ਰੱਖਣ ਵਾਲ਼ੇ ਬੁੱਧੀਜੀਵੀਆਂ, ਜੱਥੇਬੰਦੀਆਂ, ਖਾਸ ਕਰਕੇ ਦਲਿਤ ਬੁੱਧੀਜੀਵੀਆਂ ਨਾਲ਼ ਵਾਦ-ਵਿਵਾਦ ਅਤੇ ਸੰਵਾਦ ਰਚਾਉਣ ਦੇ ਯਤਨ ਵਜੋਂ ਸਾਡੇ ਵੱਲੋਂ ਉਪਰੋਕਤ ਪੇਪਰ ਤਿਆਰ ਕੀਤਾ ਗਿਆ ਸੀ ਅਤੇ 19 ਦਸੰਬਰ 2010 ਨੂੰ ਇਸ ਉੱਪਰ ਇੱਕ ਰੋਜ਼ਾ ਵਿਚਾਰ-ਗੋਸ਼ਟੀ ਆਯੋਜਿਤ ਕੀਤੀ ਗਈ ਸੀ।

ਪਹਿਲਾਂ ਸਾਡੀ ਯੋਜਨਾ ਇਸ ਵਿਸ਼ੇ ਉੱਪਰ ਤਿੰਨ ਰੋਜ਼ਾ ਸੈਮੀਨਾਰ ਆਯੋਜਿਤ ਕਰਨ ਦੀ ਸੀ, ਪਰ ਪੰਜਾਬ ਦੇ ਬੌਧਿਕ ਹਲਕਿਆਂ ਵਿੱਚ ਅੱਜ ਜਿਸ ਤਰ੍ਹਾਂ ਦੀ ਮੌਕਾਪ੍ਰਸਤੀ, ਵਿਚਾਰਕ ਕਾਇਰਤਾ ਦਾ ਜੋ ਮਹੌਲ ਦਿਖਾਈ ਦੇ ਰਿਹਾ ਹੈ, ਉਸਤੋਂ ਸਾਡੇ ਮਨ ਵਿੱਚ ਇਹ ਸ਼ੰਕਾ ਉਤਪੰਨ ਹੋਈ ਕਿ ਹੋ ਸਕਦਾ ਹੈ ਕਿ ਆਪਾਂ ਤਿੰਨ ਦਿਨ ਦਾ ਸੈਮੀਨਾਰ ਰੱਖ ਲਈਏ ਅਤੇ ਕੋਈ ਵਿਰੋਧੀ ਵਿਚਾਰ ਰੱਖਣ ਵਾਲ਼ਾ ਇੱਥੇ ਆਵੇ ਹੀ ਨਾ। ਇਸ ਲਈ ਪਹਿਲਾਂ ਇੱਕ ਰੋਜ਼ਾ ਗੋਸ਼ਟੀ ਰੱਖਣ ਦਾ ਫੈਸਲਾ ਕੀਤਾ ਗਿਆ। ਅਤੇ ਸਾਡੀ ਉਪਰੋਕਤ ਸ਼ੰਕਾ ਇੱਕਦਮ ਸੱਚ ਸਾਬਿਤ ਹੋਈ। ਅਸੀਂ ਲਗਭਗ ਡੇਢ ਮਹੀਨਾ ਪਹਿਲਾਂ ਤੋਂ ਪੰਜਾਬ ਦੇ ਨਾਮਵਰ ”ਦਲਿਤ” ਬੁੱਧੀਜੀਵੀਆਂ, ਇਸ ਸਵਾਲ ਉੱਪਰ ਹੋਰ ਮਾਰਕਸਵਾਦ ਵਿਰੋਧੀ ਸਟੈਂਡ ਰੱਖਣ ਵਾਲ਼ੇ ਬੁੱਧੀਜੀਵੀਆਂ ਅਤੇ ਇਸ ਸਵਾਲ ਉੱਪਰ ਸਾਡੇ ਤੋਂ ਵੱਖਰੀ ਸਮਝ ਰੱਖਣ ਵਾਲੀਆਂ ਖੱਬੀਆਂ ਜੱਥੇਬੰਦੀਆਂ ਨੂੰ ਇਸ ਗੋਸ਼ਟੀ ਦੇ ਸੁਨੇਹੇ ਦੇਣੇ ਸ਼ੁਰੂ ਕਰ ਦਿੱਤੇ ਸਨ। ਲਗਭਗ ਇੱਕ ਹਫਤਾ ਪਹਿਲਾਂ ਸਭ ਨੂੰ ਪੇਪਰ ਵੀ ਪਹੁੰਚਾ ਦਿੱਤਾ ਗਿਆ ਸੀ, ਤਾਂ ਕਿ ਸਭ ਚੰਗੀ ਤਰ੍ਹਾਂ ਤਿਆਰੀ ਕਰਕੇ ਆਉਣ। ਇਕੱਲੇ ਇਕੱਲੇ ਬੁੱਧੀਜੀਵੀ ਦੇ ਘਰ ਜਾ ਕੇ ਉਹਨਾਂ ਨੂੰ ਇੱਥੇ ਪਹੁੰਚਣ ਦੀ ਬੇਨਤੀ ਕੀਤੀ ਸੀ ਤਾਂ ਕਿ ਇਸ ਸਵਾਲ ਉੱਪਰ ਭਰਵੀਂ ਵਿਚਾਰ ਚਰਚਾ ਹੋ ਸਕੇ। ਪਰ ਇੱਕ ਅੱਧ ਨੂੰ ਛੱਡ ਕੇ ਕੋਈ ਵੀ ”ਦਲਿਤ” ਅਤੇ ਹੋਰ ਬੁੱਧੀਜੀਵੀ ਅਤੇ ਕਿਸੇ ਹੋਰ ਖੱਬੀ ਧਿਰ ਦਾ ਨੁਮਾਇੰਦਾ ਗੋਸ਼ਟੀ ‘ਚ ਨਹੀਂ ਪਹੁੰਚਿਆ। ਇਹਨਾਂ ਨਾ ਪਹੁੰਚਣ ਵਾਲ਼ਿਆਂ ਵਿੱਚੋਂ ਇੱਕ ਅੱਧ ਦਾ ਹੀ ਗੋਸ਼ਟੀ ‘ਚ ਨਾ ਪਹੁੰਚਣ ਦਾ ਜਾਇਜ਼ ਕਾਰਨ ਸੀ, ਉਹ ਇੱਥੇ ਆਉਣਾ ਚਾਹੁੰਦੇ ਸਨ, ਪਰ ਕਿਸੇ ਮਜ਼ਬੂਰੀ ਵੱਸ ਨਹੀਂ ਆ ਸਕੇ। ਬਾਕੀ ਸਭ ਤਾਂ ਕਿਸੇ ਨਾ ਕਿਸੇ ਬਹਾਨੇ ਆਉਣੋਂ ਮੁੱਕਰ ਗਏ। ਇਹੋ ਹਾਲ ਅਦਾਰਾ ‘ਲਕੀਰ’ ਵੱਲੋਂ 6 ਮਾਰਚ ਨੂੰ ਦੇਸ਼ ਭਗਤ ਹਾਲ, ਜਲੰਧਰ ਵਿਖੇ ਕਰਵਾਈ ਗੋਸ਼ਟੀ ਦਾ ਸੀ। ਇੱਥੇ ਵੀ ਕਈ ਨਾਮਵਰ ਦਲਿਤ ਬੁੱਧੀਜੀਵੀ ਆਉਣ ਦਾ ਵਾਅਦਾ ਕਰਕੇ ਐਨ ਮੌਕੇ ‘ਤੇ ਹੀ ਮੁੱਕਰ ਗਏ। ਇਸਦਾ ਮੁੱਖ ਕਾਰਨ ਤਾਂ ਇਹੋ ਸੀ ਕਿ ਇਹ ਬੁੱਧੀਜੀਵੀ ਆਪਣੀਆਂ ਧਾਰਨਾਵਾਂ ਉੱਪਰ ਬਹਿਸ ਕਰਨੋਂ ਡਰਦੇ ਹਨ। ਇਹ ਆਪਣੀਆਂ ਏ. ਸੀ. ਕੋਠੀਆਂ ‘ਚ ਬੈਠ ਕੇ ਲਗਾਤਾਰ ਲਿਖਦੇ ਰਹਿੰਦੇ ਹਨ ਕਿ ਕਮਿਊਨਿਸਟਾਂ ਨੇ ਦਲਿਤਾਂ ਲਈ ਕੁਝ ਨਹੀਂ ਕੀਤਾ, ਮਾਰਕਸਵਾਦ ਇੱਕ ਆਰਥਕਤਾਵਾਦੀ ਸਿਧਾਂਤ ਹੈ, ਮਾਰਕਸਵਾਦ ਭਾਰਤ ਜੇਹੇ ਜਾਤਾਂ ‘ਚ ਵੰਡੇ ਹੋਏ ਦੇਸ਼ ਵਿੱਚ ਅਪ੍ਰਸੰਗਕ ਹੈ, ਇੱਥੇ ਮਾਰਕਸਵਾਦ ਅੰਬੇਡਕਰਵਾਦ ਦਾ ਸੁਮੇਲ ਹੋਣਾ ਚਾਹੀਦਾ ਹੈ, ”ਦਲਿਤ” ਬੁੱਧੀਜੀਵੀਆਂ ਅਤੇ ਹੋਰਾਂ ਵੱਲੋਂ ਜਾਤ-ਪਾਤ ਦੇ ਬਹਾਨੇ ਮਾਰਕਸਵਾਦ ਵਿਰੋਧੀ ਪ੍ਰਚਾਰ ਦਾ ਪੇਪਰ ਵਿੱਚ ਬਾਦਲੀਲ ਖੰਡਨ ਕੀਤਾ ਗਿਆ ਸੀ, ਅਤੇ ਅਜਿਹਾ ਕਹਿਣ ਵਾਲ਼ੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਗਿਆ ਸੀ, ਕਿ ਉਹ ਗੋਸ਼ਟੀ ਵਿੱਚ ਪਹੁੰਚ ਕੇ ਆਪਣੀਆਂ ਇਹਨਾਂ ਧਾਰਨਾਵਾਂ ਦੀ ਹਿਫਾਜਤ ਕਰਨ, ਅਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਬਹਿਸ ਲਈ ਸਮਾਂ ਘੱਟ ਰਿਹਾ ਤਾਂ ਬਾਅਦ ਵਿੱਚ ਸਮਾਂ ਤੈਅ ਕਰਕੇ ਤਿੰਨ ਰੋਜ਼ਾ ਸੈਮੀਨਾਰ ਕੀਤਾ ਜਾਵੇਗਾ, ਪਰ ਕੋਈ ਵੀ ਇਸ ਚੁਣੌਤੀ ਨੂੰ ਕਬੂਲ ਕਰਨ ਲਈ ਅੱਗੇ ਨਾ ਆਇਆ।

ਬੇਸ਼ੱਕ ਅੱਜ ”ਦਲਿਤ” ਬੁੱਧੀਜੀਵੀਆਂ ‘ਚ ਅਜਿਹੇ ਬੁੱਧੀਜੀਵੀ ਵੀ ਹਨ, ਜੋ ਪੂਰੀ ਇਮਾਨਦਾਰੀ ਨਾਲ਼ ਦਲਿਤਾਂ ਦੀ ਮੁਕਤੀ ਚਾਹੁੰਦੇ ਹਨ, ਇਸ ਲਈ ਯਤਨਸ਼ੀਲ ਵੀ ਹਨ। ਪਰ ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਜ਼ਿਆਦਾਤਰ ”ਦਲਿਤ” ਬੁੱਧੀਜੀਵੀਆਂ (ਜਿਵੇਂ ਕਿ ਪੰਜਾਬ ਦੇ ਬੌਧਿਕ ਜਗਤ ਵਿੱਚ ਆਮ ਮਾਹੌਲ ਹੈ) ਨੇ ”ਦਲਿਤਵਾਦ” ਨੂੰ ਇੱਕ ਧੰਦਾ ਬਣਾਇਆ ਹੋਇਆ ਹੈ। ਇਹਨਾਂ ਦਾ ਹਿੱਤ ਇਸੇ ‘ਚ ਹੈ ਕਿ ਇੱਥੇ ਜਾਤ-ਪਾਤ ਖਤਮ ਨਾ ਹੋਵੇ, ਕਿਉਂਕਿ ਜੇਕਰ ਅਜਿਹਾ ਹੋ ਗਿਆ ਤਾਂ ਇਹਨਾਂ ਦੀ ਦੁਕਾਨਦਾਰੀ ਹੀ ਖਤਮ ਹੋ ਜਾਵੇਗੀ।

ਦਰਅਸਲ ਦਲਿਤਾਂ ਵਿੱਚੋਂ ਜੋ ਇੱਕ ਛੋਟਾ ਜਿਹਾ ਉੱਚ ਮੱਧ ਵਰਗ ਪੈਦਾ ਹੋਇਆ ਹੈ, ਉਸਨੇ ਖੁਦ ਨੂੰ ਆਮ ਦਲਿਤ ਕਿਰਤੀ ਦੀ ਆਬਾਦੀ ਨਾਲ਼ੋਂ ਪੂਰੀ ਤਰ੍ਹਾਂ ਅਲੱਗ ਕਰ ਲਿਆ ਹੈ, ਜਾਂ ਕਹਿ ਲਵੋ ਕਿ ਪੂੰਜੀ ਦੇ ਤਰਕ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ ਹੈ। ਇਸੇ ਉੱਚ ਮੱਧ ਵਰਗ ‘ਚੋਂ ਹੀ ਜ਼ਿਆਦਾਤਰ ”ਦਲਿਤ” ਬੁੱਧੀਜੀਵੀ ਅਤੇ ਲੇਖਕ ਆਉਂਦੇ ਹਨ। ਇਹ ਜਾਤ-ਪਾਤੀ ਜ਼ਬਰ ਬਾਰੇ ਕਵਿਤਾ ਕਹਾਣੀ ਤਾਂ ਲਿਖ ਸਕਦੇ ਹਨ ਪਰ ਦਲਿਤਾਂ ਉੱਪਰ ਹੋਣ ਵਾਲ਼ੇ ਅਣਮਨੁੱਖੀ ਜ਼ਬਰ ਬਾਰੇ ਅਮਲੀ ਰੂਪ ਵਿੱਚ ਕੁਝ ਨਹੀਂ ਕਰਦੇ। ਇੱਕ ਅਖਬਾਰੀ ਬਿਆਨ ਤੱਕ ਨਹੀਂ ਦਿੰਦੇ। ਅਸਲ ਵਿੱਚ ਇਹਨਾਂ ਦੀ ਮੁਕਤੀ ਹੋ ਚੁੱਕੀ ਹੈ, ਅਤੇ 95 ਫੀਸਦੀ ਦਲਿਤ ਅਬਾਦੀ ਦੀ ਮੁਕਤੀ ਨਾਲ਼ ਇਹਨਾਂ ਦਾ ਕੋਈ ਸਾਰੋਕਾਰ ਨਹੀਂ ਹੈ। ਦਲਿਤਾਂ ਦੇ ਅਜਿਹੇ ਨਕਲੀ ਹਿਤੈਸ਼ੀਆਂ ਨੂੰ ਨੰਗੇ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਬੌਧਿਕ ਰੂਪ ਵਿੱਚ ਇਹ ਬੇਹੱਦ ਕੰਗਾਲ ਹਨ। ਇਹ ਮਾਰਕਸਵਾਦ ਦਾ ਓ, ਅ, ਨਹੀਂ ਜਾਣਦੇ ਪਰ ਫਿਰ ਵੀ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ‘ਤੇ ਸਭ ਤੋਂ ਵੱਧ ਇਸੇ ਵਿਚਾਰਧਾਰਾ ਦੀ ਅਲੋਚਨਾ ਕਰਦੇ ਹਨ। ਇਹ ਦਲਿਤ ਕਿਰਤੀਆਂ ਤੱਕ ਉਹਨਾਂ ਦੀ ਮੁਕਤੀ ਦੀ ਅਸਲ ਵਿਚਾਰਧਾਰਾ ਪਹੁੰਚਣ ਦੇ ਰਾਹ ਵਿੱਚ ਰੋਕ ਬਣਦੇ ਹਨ।

‘ਮਾਰਕਸਵਾਦ ਅਤੇ ਜਾਤ ਦਾ ਸਵਾਲ’ ਵਿਸ਼ੇ ਉੱਪਰ ਲੁਧਿਆਣਾ ਅਤੇ ਜਲੰਧਰ ਗੋਸ਼ਟੀਆਂ ਇਹਨਾਂ ਅਖੌਤੀ ਦਲਿਤ ਅਤੇ ਹੋਰ ਵਿਦਵਾਨਾਂ ਦੀ ਵਿਚਾਰਕ ਕੰਗਾਲੀ ਨੂੰ ਬੇਪਰਦ ਕਰਨ ਦੀ ਦਿਸ਼ਾ ਵਿੱਚ ਪਹਿਲੇ ਯਤਨ ਸਨ ਅਤੇ ਇਸ ਵਿੱਚ ਇਹ ਯਤਨ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਹਨ। ਅੱਗੇ ਦੀ ਅਜਿਹੇ ਯਤਨਾਂ ਨੂੰ ਜਾਰੀ ਰੱਖਣ ਦੀ ਲੋੜ ਹੈ।
ਉਮੀਦ ਹੈ ਕਿ ‘ਪ੍ਰਤੀਬੱਧ’ ਦੇ ਹਥਲੇ ਅੰਕ ਵਿੱਚ ਪ੍ਰਕਾਸ਼ਤ ਸਮੱਗਰੀ ਮਾਰਕਸਵਾਦ ਅਤੇ ਜਾਤ ਦੇ ਸਵਾਲ ਉੱਪਰ ਬਹਿਸ ਨੂੰ ਅੱਗੇ ਤੋਰਨ ਵਿੱਚ ਸਹਾਇਕ ਹੋਵੇਗੀ। ਇਹਨਾਂ ਲੇਖਾਂ ਉੱਪਰ ਪਾਠਕਾਂ ਦੀਆਂ ਅਲੋਚਨਾਵਾਂ, ਸੁਝਾਵਾਂ ਦਾ ਸਵਾਗਤ ਹੈ। 

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s