‘ਇਨਕਲਾਬੀ ਸਾਡਾ ਰਾਹ’ ਦੇ ਲੇਖ ‘ਤੇ ਟਿੱਪਣੀ •ਸੁਖਵਿੰਦਰ

3ਪੀ.ਡੀ.ਐਫ਼ ਡਾਊਨਲੋਡ ਕਰੋ

‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ’
ਮਜ਼ਦੂਰਾਂ ਲਈ ਇਹ ਸੱਦਾ ਵਧੀਆ ਹੈ, ਪਰ ਕਾਫ਼ੀ ਨਹੀਂ

ਮਾਸਿਕ ‘ਇਨਕਾਬਲੀ ਸਾਡਾ ਰਾਹ’ ਆਪਣੇ ਨਵੰਬਰ 2015 ਅੰਕ ‘ਚ ਇਹ ਲੇਖ ਛਾਪਿਆ ਹੈ ‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ’। ਕੁੱਝ ਸਾਥੀਆਂ ਨੇ ਇਹ ਲੇਖ ਫੇਸਬੁੱਕ ‘ਤੇ ਵੀ ਸਾਂਝਾ ਕੀਤਾ, ਜਿਸ ਉੱਪਰ ਇਸ ਲੇਖ ਤੋਂ ਵੱਖਰੇ ਵਿਚਾਰਾਂ ਵਾਲ਼ੇ ਸਾਥੀਆਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਅਸੀਂ ਆਪਣੀ ਇਸ ਅਲੋਚਨਾ ‘ਚ ਅਧਾਰ ਫੇਸਬੁੱਕ ‘ਤੇ ਸਾਂਝੇ ਕੀਤੇ ਉਪਰੋਕਤ ਲੇਖ ਨੂੰ ਬਣਾਇਆ ਹੈ। ਇਸ ਉੱਪਰ ਸਾਥੀ ਸੁਦੀਪ ਸਿੰਘ ਨੇ ਜੋ ਟਿੱਪਣੀਆਂ ਕੀਤੀਆਂ ਹਨ ਉਹਨਾਂ ਦੀ ਵੀ ਅਸੀਂ ਚੀਰ-ਫਾੜ ਕਰਾਂਗੇ।

ਜਿਵੇਂ ਕਿ ਸਿਰਲੇਖ ਵਿੱਚ ਹੀ ਅਸੀਂ ਸਪੱਸ਼ਟ ਕੀਤਾ ਹੈ ਕਿ ਮਜ਼ਦੂਰਾਂ (ਅਸਲ ‘ਚ ਖੇਤ ਜਾਂ ਪੇਂਡੂ ਮਜ਼ਦੂਰਾਂ) ਲਈ ਇਹ ਸੱਦਾ ‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ’ ਵਧੀਆ ਚੀਜ਼ ਹੈ। ਇਹ ਸੱਦਾ ਪੇਂਡੂ ਮਜ਼ਦੂਰਾਂ ਪ੍ਰਤੀ, ਉਹਨਾਂ ਦੇ ਦੁੱਖ, ਦਰਦ ਮੁਸੀਬਤਾਂ ਭਰੀ ਜਿੰਦਗੀ, ਉਹਨਾਂ ਦੀ ਕਿਰਤ ਦੀ ਬੇਰਹਿਮ ਲੁੱਟ, ਇਸ ਸਭ ਤੋਂ ਉਹਨਾਂ ਦੀ ਮੁਕਤੀ ਪ੍ਰਤੀ ਡੂੰਘੇ ਸਰੋਕਾਰ ਅਤੇ ਸੰਵੇਦਨਸ਼ੀਲਤਾ ਦੀ ਉਪਜ ਹੈ। ਮਾਲਕ ਜਮਾਤਾਂ ਜਾਂ ਕਿਸਾਨ ਜਥੇਬੰਦੀਆਂ (ਅਸਲ ‘ਚ ਧਨੀ ਕਿਸਾਨੀ ਜਾਂ ਪੇਂਡੂ ਸਰਮਾਏਦਾਰੀ ਦੀਆਂ ਜਥੇਬੰਦੀਆਂ) ਨਾਲ਼ ਸਾਂਝੇ ਸੰਘਰਸ਼ਾਂ ‘ਚ ਮਜ਼ਦੂਰਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਦੀ ਜੋ ਦੁਰਗਤ ਹੁੰਦੀ ਹੈ, ਜਿਵੇਂ ਉਹਨਾਂ ਨੂੰ ਧਨੀ ਕਿਸਾਨੀ ਦੀਆਂ ਮੰਗਾਂ ‘ਤੇ ਚੱਲ ਰਹੇ ਸੰਘਰਸ਼ਾਂ ਦੀ ਪੂਛ ਬਣਾ ਦਿੱਤਾ ਜਾਂਦਾ ਹੈ, ਬਾਰੇ ਵੀ ਇਹਨਾਂ ਸਾਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ। ਉਂਝ ਅਸੀਂ ਇਹ ਸਵਾਲ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਉਠਾਉਂਦੇ ਰਹੇ ਹਾਂ।

ਪਰ ਪੇਂਡੂ ਮਜ਼ਦੂਰਾਂ ਪ੍ਰਤੀ ਇਹਨਾਂ ਸਾਥੀਆਂ ਦੀਆਂ ਸਭ ਸ਼ੁੱਭ ਇਛਾਵਾਂ ਦੇ ਬਾਵਜੂਦ ਇਹ ਲੇਖ ਕੁਝ ਅਣਹੱਲ ਵਿਰੋਧਤਾਈਆਂ ਜਾਂ ਆਪਾ-ਵਿਰੋਧਾਂ ਦੇ ਜਾਲ਼ ‘ਚ ਜਾ ਫਸਿਆ ਹੈ। ਪੇਂਡੂ ਮਜ਼ਦੂਰਾਂ ਦੇ ਵੱਖਰੇ ਮਜ਼ਬੂਤ ਥੜ੍ਹੇ ਦਾ ਸੱਦਾ ਸਵਾਗਤਯੋਗ ਹੈ। ਪਰ ਮੂਲ ਸਵਾਲ ਇਹ ਹੈ ਕਿ ਮਜ਼ਬੂਤ ਥੜ੍ਹਾ ਕਾਹਦੇ ਵਾਸਤੇ? ਹਰ ਤਰ੍ਹਾਂ ਦੇ ਸੰਘਰਸ਼ ਦੇ ਅੱਗੇ ਵਧਣ ਲਈ ਵਿਚਾਰਕ ਸਫਾਈ ਪਹਿਲੀ ਸ਼ਰਤ ਹੈ। ਪਰ ਇਹ ਲੇਖ ਇਸ ਮਾਮਲੇ ‘ਚ ਸਾਨੂੰ ਨਿਰਾਸ਼ ਹੀ ਕਰਦਾ ਹੈ। ਇਸ ਵਿੱਚ ਵਿਚਾਰਕ ਸਫਾਈ ਨਹੀਂ ਸਗੋਂ ਗੰਧਲ਼ਾਪਣ ਹੈ।

ਇਸ ਲੇਖ ਦੀ ਅਲੋਚਨਾ ਦੇ ਵਿਸਥਾਰ ‘ਚ ਅਸੀਂ ਨਹੀਂ ਜਾਵਾਂਗੇ। ਕਿਉਂਕਿ ਇਹ ਕੰਮ ਅਸੀਂ ਪਹਿਲਾਂ ਹੀ ਬਹੁਤ ਵਿਸਥਾਰ ‘ਚ ਕਰ ਚੁੱਕੇ ਹਾਂ। ਇੱਥੇ ਅਸੀਂ ਇਸ ਲੇਖ ‘ਚੋਂ ਉਪਜਦੇ ਕੁੱਝ ਸਵਾਲਾਂ ਦੀ ਨੁਕਤੇਵਾਰ ਚਰਚਾ ਤੱਕ ਹੀ ਸੀਮਤ ਰਹਾਂਗੇ।

(1) ਇਹਨਾਂ ਸਾਥੀਆਂ ਦਾ ਕਹਿਣਾ ਹੈ ਕਿ ”ਪੰਜਾਬ ਵਿੱਚ ਖੇਤੀ ਵਿੱਚ ਸਰਮਾਏਦਾਰੀ (ਪੂੰਜੀਵਾਦ) ਦੇ ਕਈ ਢੰਗ-ਤਰੀਕੇ ਵਿਕਸਤ ਹੋ ਚੁੱਕੇ ਹਨ।”

ਸਾਡਾ ਸਵਾਲ ਹੈ ਕਿ ਸਰਮਾਏਦਾਰੀ ਦੇ ਇਹ ਢੰਗ-ਤਰੀਕੇ ਕੀ ਹਨ? ਕੀ ਸਰਮਾਏਦਾਰੀ ਅਤੇ ਸਰਮਾਏਦਾਰਾ ਢੰਗ-ਤਰੀਕੇ ਦੋ ਵੱਖ-ਵੱਖ ਚੀਜ਼ਾਂ ਹਨ? ਮਾਰਕਸਵਾਦੀ ਸਿਆਸੀ ਆਰਥਿਕਤਾ ‘ਚ ਇਸ ਵਖਰੇਵੇਂ ਦਾ ਅਧਾਰ ਕੀ ਹੈ?

(2) ਇਹਨਾਂ ਸਾਥੀਆਂ ਦਾ ਕਹਿਣਾ ਹੈ, ”ਪੰਜਾਬ ਦੀ ਕਿਸਾਨੀ ਇੱਕ ਜਮਾਤ ਨਹੀਂ ਹੈ, ਇਸਦੀਆਂ ਵੱਖਰੀਆਂ-ਵੱਖਰੀਆਂ ਪਰਤਾਂ ਹਨ, ਜਿਵੇਂ ਬੇਜ਼ਮੀਨੇ ਕਿਸਾਨ, ਛੋਟੀ ਕਿਸਾਨੀ, ਦਰਮਿਆਨੀ ਕਿਸਾਨੀ, ਧਨੀ ਕਿਸਾਨੀ ਅਤੇ ਭੂਮੀਪਤੀ ਜਾਂ ਜਗੀਰਦਾਰ।”

 ਸਾਡਾ ਸਵਾਲ ਹੈ ਕਿ ਪੰਜਾਬ ਦੀ ਖੇਤੀ ‘ਚ ਤੁਸੀਂ ਜਗੀਰਦਾਰ ਕਿਹਨਾਂ ਨੂੰ ਕਹਿਦੇ ਹੋ? ਧਨੀ ਕਿਸਾਨੀ ਨਾਲ਼ੋਂ ਇਹਨਾਂ ਦਾ ਕੀ ਵਖਰੇਵਾਂ ਹੈ?

(3) ਇਹਨਾਂ ਸਾਥੀਆਂ ਦਾ ਕਹਿਣਾ ਹੈ, ”ਜਿਹੜੇ ਧਨੀ ਕਿਸਾਨ ਹਨ, ਉਹਨਾਂ ਪ੍ਰਤੀ ਪੈਂਤੜਾ ਐਹੋ ਜਿਹਾ ਹੋਵੇ ਕਿ ਉਹ ਨਿਊਟਰਲ ਹੋ ਜਾਣ।”

ਉਹ ਪੈਂਤੜਾ ਕੀ ਹੋਵੇਗਾ? ਪੇਂਡੂ ਖੇਤਰ ‘ਚ ਚੱਲਣ ਵਾਲ਼ੇ ਜਮਾਤੀ ਘੋਲ਼ ‘ਚ ਧਨੀ ਕਿਸਾਨ ਦੇ ਨਿਰਪੱਖ (ਨਿਊਟਰਲ) ਰਹਿਣ ਦਾ ਅਧਾਰ ਕੀ ਹੈ?

(4) ਅੱਗੇ ਇਸ ਲੇਖ ਵਿੱਚ ਬਾਸਮਤੀ ਦੇ ਭਾਅ ਵਧਣ ‘ਤੇ ਚੱਲੇ ਕਿਸਾਨ (ਧਨੀ ਕਿਸਾਨ) ਸੰਘਰਸ਼ ਦੀ ਅਲੋਚਨਾ ਕੀਤੀ ਗਈ ਹੈ। ਭਾਵੇਂ ਇਹ ਅਲੋਚਨਾ ਬੇਹੱਦ ਮੁੱਢਲੀ ਜੇਹੀ ਹੈ, ਇਸ ਲੇਖ ਵਿੱਚ ਕੀਮਤਾਂ ਦੇ ਸਵਾਲ ਨੂੰ ਮਾਰਕਸਵਾਦੀ ਸਿਆਸੀ ਆਰਥਿਕਤਾ ਦੀ ਕਸੌਟੀ ‘ਤੇ ਨਹੀਂ ਪਰਖਿਆ ਗਿਆ, ਪਰ ਫੇਰ ਵੀ ਇਹ ਅਲੋਚਨਾ ਦੀ ਸੇਧ ਕਾਫੀ ਹੱਦ ਤੱਕ ਦਰੁਸਤ ਹੈ, ਇਹਨਾਂ ਸਾਥੀਆਂ ਦਾ ਕਹਿਣਾ ਹੈ,”ਜੇਕਰ ਭਾਅ ਬਾਸਮਤੀ ਦਾ ਹੋਰ ਵਧ ਜਾਂਦਾ ਤਾਂ ਮਜ਼ਦੂਰਾ ਦਾ ਕਿਸ ਪਾਸੇ ਤੋਂ ਭਲਾ ਹੋਣ ਲੱਗਾ…। ਭਾਅ ਵਧਣ ਦਾ ਸਭ ਤੋਂ ਵੱਧ ਫਾਇਦਾ ਕਿਸਨੂੰ ਹੋਣਾ। ਸਭ ਤੋਂ ਵੱਧ ਫਾਇਦਾ ਭੂਮੀਪਤੀ ਤੇ ਧਨੀ ਕਿਸਾਨ ਨੇ ਲੈਣਾ, ਮਜ਼ਦੂਰਾਂ ਦਾ ਇਸ ਵਿੱਚ ਸ਼ਾਮਿਲ ਹੋਣ ਦਾ ਮਤਲਬ ਮਜ਼ਦੂਰ ਜਮਾਤ ਨੂੰ ਭੂਮੀਪਤੀਆਂ ਅਤੇ ਧਨੀ ਕਿਸਾਨਾਂ ਦੀ ਪਿੱਛਲੱਗੂ ਬਣਾਉਣਾ? ਉਹਨਾਂ ਦੇ ਹੱਕ ਵਿੱਚ ਭੁਗਤਾਉਣਾ ਹੈ, ਉਹ ਭੂਮੀਪਤੀ ਜੋ ਸਾਡੀ ਦੁਸ਼ਮਣ ਜਮਾਤ ਬਣਦੀ ਹੈ।”

ਸਾਥੀ ਜੀ ਇੱਕ ਪਾਸੇ ਤਾਂ ਤੁਸੀਂ ਅਜਿਹੇ ਦਾਅਵੇ ਕਰਦੇ ਹੋ ਤੇ ਦੂਜੇ ਪਾਸੇ ‘ਕਿਰਤੀ ਕਿਸਾਨ ਯੂਨੀਅਨ’ ਬਣਾਕੇ ਖੁਦ ਇਹ ਅਮਲ ਕਰਦੇ ਹੋ, ਭਾਵ ਜਿਣਸਾਂ ਦੇ ਭਾਵਾਂ ਦੀ ਲੜਾਈ ਲੜਦੇ ਹੋ, ਇਹ ਦੁਹਰਾਪਣ ਕਿਉਂ? ਤੁਹਾਡਾ ਕਹਿਣਾ ਹੈ ਕਿ ਭੂਮੀਪਤੀ ਜਮਾਤ ਸਾਡੀ ਦੁਸ਼ਮਣ ਬਣਦੀ ਹੈ, ਤੁਸੀਂ ਧਨੀ ਕਿਸਾਨੀ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ। ਕੀ ਤੁਸੀਂ ਧਨੀ ਕਿਸਾਨੀ ਨੂੰ ਮਿੱਤਰ ਜਮਾਤ ਸਮਝਦੇ ਹੋ? ਜੇਕਰ ਹਾਂ ਤਾਂ ਇਸ ਸਮਝ ਦਾ ਅਧਾਰ ਕੀ ਹੈ?

(5) ਇਹਨਾਂ ਸਾਥੀਆਂ ਦਾ ਕਹਿਣਾ ਹੈ ਕਿ, ”ਜਮੀਨ ਹਲ਼ਵਾਹਕ ਦੀ ਵਿੱਚ ਪੰਜਾਬ ਦਾ ਦਲਿਤ ਕਿੱਥੇ ਹੋਵੇਗਾ?” ਕੀ ਇਹ ਨਾਹਰਾ ਪੰਜਾਬ ‘ਚ ਜਾਂ ਦੇਸ਼ ਦੇ ਕਿਸੇ ਵੀ ਕੋਨੇ ਲਾਗੂ ਹੁੰਦਾ ਹੈ? ਕੀ ਪੂਰੇ ਦੇਸ਼ ‘ਚ ਹੀ ਖੇਤੀ ‘ਚ ਉਲਟ ਪਟੇਦਾਰੀ ਦਾ ਰੁਝਾਨ ਭਾਰੂ ਨਹੀਂ ਹੈ? ਤੁਸੀਂ ਹਲ਼ਵਾਹਕ ਕਿਸ ਨੂੰ ਕਹਿੰਦੇ ਹੋ?

(6) ਇਸ ਲੇਖ ਵਿੱਚ ਮਜ਼ਦੂਰ ਜਮਾਤ ਨੂੰ ਇਨਕਲਾਬ ਦੀ ਆਗੂ ਜਮਾਤ ਕਿਹਾ ਗਿਆ ਹੈ, ਪਰ ਇੱਥੇ ਮਜ਼ਦੂਰ ਜਮਾਤ ਤੋਂ ਇਹਨਾਂ ਸਾਥੀਆਂ ਦਾ ਭਾਵ ਖੇਤ ਮਜ਼ਦੂਰ ਜਾਂ ਪੇਂਡੂ ਮਜ਼ਦੂਰਾਂ ਤੋਂ ਹੈ। ਸਾਡਾ ਸਵਾਲ ਹੈ ਕਿ ਕੀ ਮਾਰਕਸਵਾਦ ਇਨਕਲਾਬ (ਨਵ ਜਮਹੂਰੀ ਜਾਂ ਸਮਾਜਵਾਦੀ) ਦੀ ਆਗੂ ਜਮਾਤ ਪੇਂਡੂ ਜਾਂ ਖੇਤ ਮਜ਼ਦੂਰਾਂ ਨੂੰ ਕਹਿੰੰਦਾ ਹੈ ਜਾਂ ਸੱਨਅਤੀ ਮਜ਼ਦੂਰਾਂ ਨੂੰ?

ਬਾਸਮਤੀ ਦੇ ਭਾਅ ਵਧਾਉਣ ਲਈ ਚੱਲੇ ਸੰਘਰਸ਼ ਦੀ ਹਮਾਇਤ ‘ਚ ਸਾਥੀ ਸੁਦੀਪ ਸਿੰਘ ਨਿਸੰਗ ਨਿੱਤਰ ਆਉਂਦਾ ਹੈ। ਉਹ ਇਸਦੀ ਹਮਾਇਤ ਲਈ ਮਾਰਕਸਵਾਦੀ ਸਿਆਸੀ ਆਰਥਿਕਤਾ ਨੂੰ ਅਧਾਰ ਨਹੀਂ ਬਣਾਉਦਾ, ਸਗੋਂ ਉਸਦਾ ”ਸਿਧਾਂਤਕ” ਅਧਾਰ ਅਖ਼ਬਾਰੀ ਖ਼ਬਰਾਂ ਹਨ। ਉਹ ਕੀਮਤ ਨੂੰ ਵਿਗਿਆਨਕ ਢੰਗ ਨਾਲ਼ ਪਰਿਭਾਸ਼ਤ ਕੀਤੇ ਬਿਨਾਂ ਅੰਨ੍ਹੇਵਾਹ ਇਸਦੇ ਵਧਣ ਦੀ ਹਮਾਇਤ ਕਰੀ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਇਰਾਨ ਨੂੰ ਬਾਸਮਤੀ ਬਰਾਮਦ ਕਰਨ ਦਾ ਜੋ ਕਰਾਰ ਕੀਤਾ ਸੀ ਉਹ ਰੱਦ ਹੋਣ ਕਾਰਨ ਬਾਸਮਤੀ ਦੀ ਕੀਮਤ ਡਿੱਗ ਗਈ। ਇਸ ਦੇ ਉਹ ਕਈ ਕਾਰਨ ਦੱਸਦਾ ਹੈ। ਇਸ ਲਈ ਉਹ ਬਾਸਮਤੀ ਦੇ ਵਾਜਬ ਭਾਅ ਦੀ ਮੰਗ ਨੂੰ ਵਾਜਬ ਮੰਨਦਾ ਹੈ? ਸਾਡਾ ਸਵਾਲ ਹੈ ਕਿ ਕੀ ਇਹ ਸਾਥੀ ਸਿਰਫ ਬਾਸਮਤੀ ਦੇ ਭਾਵਾਂ ਦੇ ਵਾਧੇ ਦੀ ਹਮਾਇਤ ਕਰਦਾ ਹੈ ਜਾਂ ਆਮ ਰੂਪ ‘ਚ ਜਿਣਸਾਂ ਦੇ ਭਾਵਾਂ ਦੇ ਵਾਧੇ ਦੀ? ਮੰਡੀ ‘ਚ ਸਭ ਤੋਂ ਵੱਧ (ਜਾਂ ਬਹੁਤ ਵੱਡਾ ਹਿੱਸਾ) ਕਿਸਾਨੀ ਦੀ ਕਿਹੜੀ ਪਰਤ ਦਾ ਜਾਂਦਾ ਹੈ?

ਜਦੋਂ ਜਮੀਨ ਦੀ ”ਕਾਣੀ ਵੰਡ” ਦੀ ਤੁਸੀਂ ਚਰਚਾ ਕਰਦੇ ਹੋ ਤਾਂ ਦਿਖਾਉਂਦੇ ਹੋ ਕਿ ਦੇਸ਼ ਦੀ ਜ਼ਮੀਨ ਦਾ ਵੱਡਾ ਹਿੱਸਾ (ਇਸ ਦੇ ਸਹੀ ਸਹੀ ਅੰਕੜੇ ਮਿਲ਼ ਸਕਦੇ ਹਨ) ਮੁੱਠੀ ਭਰ ਜਗੀਰਦਾਰਾਂ”ਕੋਲ਼ ਹੈ। ਜੇਕਰ ਇਹ ਹਾਲਤ ਹੈ ਤਾਂ ਕੀ ਜਿਣਸਾਂ ਦੇ ਭਾਅ ਵਧਣ ਦਾ ਵੀ ਵੱਡਾ ਫਾਇਦਾ ਇਹਨਾਂ ਮੁੱਠੀਭਰ “ਜਗੀਰਦਾਰਾਂ”ਨੂੰ ਨਹੀਂ ਹੋਵੇਗਾ?

ਸ਼ਹਿਰੀ ਅਤੇ ਪੇਂਡੂ ਮਜ਼ਦੂਰ, ਅਰਧ-ਮਜ਼ਦੂਰ, ਸ਼ਹਿਰੀ ਮੱਧਵਰਗ ਆਦਿ ਮਿਲ਼ ਕੇ ਉਹ ਵਿਸ਼ਾਲ ਜਨਸਮੂਹ ਬਣਦਾ ਹੈ ਜੋ ਅਨਾਜ ਖਰੀਦ ਕੇ ਖਾਂਦਾ ਹੈ, ਕੀ ਫਸਲਾਂ ਦੇ ਭਾਵਾਂ ਦਾ ਵਾਧਾ ਇਸ ਦੇ ਹਿੱਤ ‘ਚ ਹੈ? ਜੇ ਹੈ ਤਾਂ ਕਿਵੇਂ? ਚੀਨ ਜੋ ਨਵ ਜਮਹੂਰੀ ਇਨਕਲਾਬ ਦਾ ਕਲਾਸਿਕੀ ਮਾਡਲ ਹੈ। ਕੀ ਉੱਥੇ ਇਨਕਲਾਬ ਤੋਂ ਪਹਿਲਾਂ ਚੀਨ ਦੀ ਕਮਿਊਨਿਸਟ ਪਾਰਟੀ ਖੇਤੀ ਜਿਣਸਾਂ ਦੇ ਭਾਅ ਘਟਾਉਣ ਲਈ ਸੰਘਰਸ਼ ਨਹੀਂ ਸੀ ਕਰਦੀ? ਧਨੀ ਕਿਸਾਨੀ ਜਾਂ ਪੇਂਡੂ ਸਰਮਾਏਦਾਰੀ (ਜਿਹਨਾਂ ਨੂੰ ਸੁਦੀਪ ਸਿੰਘ ਜਗੀਰਦਾਰ ਕਹਿਣਾ ਬਹੁਤ ਪਸੰੰਦ ਕਰਦਾ ਹੈ) ਦੀ ਵਕਾਲਤ ਵਿੱਚ ਉਹ ਕੁਤਰਕ ਨੂੰ ਉਸਦੇ ਸਿਖਰ ‘ਤੇ ਪਹੁੰਚਾ ਦਿੰਦਾ ਹੈ ਜਦੋਂ ਉਹ ਕਹਿੰਦਾ ਹੈ, ”ਫਸਲਾਂ ਦੇ ਵਾਜਬ ਭਾਅ ਦੀ ਮਜ਼ਦੂਰ ਵਿਰੋਧੀ ਮੰਗ ਅਤੇ ਇਹ ਮੰਗ ਨਾ ਮੰਨਣ ਦਾ ਬਾਦਲ ਸਰਕਾਰ ਦਾ ਮਜ਼ਦੂਰ ਪੱਖੀ ਰਵੱਈਆ।”

ਸਾਥੀ ਜੀ ਪੇਂਡੂ ਧਨਾਡਾਂ ਦੀ ਉਪਰੋਕਤ ਮੰਗ ਨਾ ਮੰਨੇ ਜਾਣ ‘ਤੇ ਸਰਕਾਰ ਮਜ਼ਦੂਰ ਪੱਖੀ ਨਹੀਂ ਹੋ ਜਾਂਦੀ। ਇੱਥੋ ਤੱਕ ਕੇ ਕਈ ਵਾਰ ਮਜ਼ਦੂਰਾਂ ਦੇ ਸੰਘਰਸ਼ ਦੀ ਦਾਬ ਹੇਠ ਜਦੋਂ ਸਰਕਾਰਾਂ ਉਹਨਾਂ ਦੀਆਂ ਮੰਗਾਂ ਮੰਨਣ ‘ਤੇ ਮਜ਼ਬੂਰ ਹੋ ਜਾਂਦੀਆਂ ਹਨ ਤਾਂ ਉਹ ਮਜ਼ਦੂਰ ਪੱਖੀ ਅਤੇ ਸਰਮਾਏਦਾਰ ਵਿਰੋਧੀ ਨਹੀਂ ਹੋ ਜਾਂਦੀਆਂ। ਇਵੇਂ ਹੀ ਹਾਕਮ ਜਮਾਤ ਦੇ ਵੱਖ-ਵੱਖ ਧੜਿਆਂ (ਸੱਨਅਤੀ, ਖੇਤੀ, ਵਪਾਰੀ ਆਦਿ) ‘ਚ ਵਾਫਰ ਕਦਰ ਦੀ ਵੰਡ ਨੂੰ ਲੈ ਕੇ ਕੁੱਤਾ-ਭੇੜ ਚੱਲਦਾ ਰਹਿਦਾ ਹੈ। ਖੇਤੀ ਜਿਣਸਾਂ ਦੇ ਭਾਵਾਂ ‘ਚ ਵਾਧੇ ਦੀ ਲੜਾਈ ਵੀ ਇਸੇ ਜੁਮਰੇ ‘ਚ ਆਉਂਦੀ ਹੈ। ਇਹਨਾਂ ਵਿੱਚੋਂ ਸਰਕਾਰ ਜੇਕਰ ਕਿਸੇ ਧੜੇ ਦੀ ਮੰਗ ਨਹੀਂ ਮੰਨਦੀ ਤਾਂ ਉਸਦਾ ਕਿਰਦਾਰ ਲੋਕ ਪੱਖੀ ਨਹੀਂ ਹੋ ਜਾਂਦਾ।

ਤੁਹਾਡੇ ਜਿਹੇ ਸਿਆਣੇ -ਬਿਆਣੇ ਬੰਦੇ ਨੂੰ ਅਜਿਹੀਆਂ ਬੁਨਿਆਦੀ ਜਿਹੀਆਂ ਗੱਲਾਂ ਦੱਸਣਾ ਚੰਗਾ ਤਾਂ ਨਹੀਂ ਲੱਗਦਾ ਪਰ ਕੀ ਕਰੀਏ ਤੁਸੀਂ ਏਨੇ ਸਿੱਧਰੇ ਜਿਹੇ ਤਰਕਾਂ ‘ਤੇ ਉੱਤਰ ਆਏ ਹੋ ਕਿ ਸਾਨੂੰ ਅਜਿਹਾ ਕਰਨਾ ਪੈ ਰਿਹਾ ਹੈ।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ