‘ਇਨਕਲਾਬੀ ਸਾਡਾ ਰਾਹ’ ਨੂੰ ਜਵਾਬ-1 ਮਹਾਨ ਇਨਕਲਾਬ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ, ਪਰ ਨਕਲਚੀ ਬਣਨ ਤੋਂ ਬਚਣਾ ਚਾਹੀਦਾ ਹੈ। •ਸੁਖਵਿੰਦਰ

ਪੀ.ਡੀ.ਐਫ਼ ਡਾਊਨਲੋਡ ਕਰੋ

ਮਾਸਿਕ ‘ਇਨਕਲਾਬੀ ਸਾਡਾ ਰਾਹ’ ਨੇ ਆਪਣੇ ਨਵੰਬਰ 2016 ਅੰਕ ‘ਚ ਇੱਕ ਲੇਖ ਛਾਪਿਆ ਹੈ, ਜਿਸਦਾ ਸਿਰਲੇਖ ਹੈ, ‘ਜਮਹੂਰੀ/ਨਵ-ਜਮਹੂਰੀ ਅਤੇ ਸਮਾਜਵਾਦੀ ਇਨਕਲਾਬ’? ਇਸ ਤਰ੍ਹਾਂ ਉਸਨੇ ਆਪਣੇ ਜਨਵਰੀ 2017 ਅੰਕ ‘ਚ ਇੱਕ ਹੋਰ ਲੇਖ ਛਾਪਿਆ ਹੈ, ਜਿਸਦਾ ਸਿਰਲੇਖ ਹੈ ‘ਇਨਕਲਾਬ ‘ਚ ਕਿਸਾਨੀ ਦਾ ਰੋਲ’। ਇਹਨਾਂ ਲੇਖਾਂ ਵਿੱਚ ਇਸ ਪਰਚੇ ਨੇ ਬਿਨਾਂ ਨਾਂ ਲਏ ਇੱਕ ਧਿਰ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਪੰਜਾਬ ਦੀ ਇਨਕਲਾਬੀ ਲਹਿਰ ਬਾਰੇ ਥੋੜ੍ਹੀ ਵੀ ਜਾਣਕਾਰੀ ਰੱਖਣ ਵਾਲ਼ਾ ਵਿਅਕਤੀ ਅਸਾਨੀ ਨਾਲ਼ ਸਮਝ ਸਕਦਾ ਹੈ ਕਿ ਇਹ ਧਿਰ ਦਰਅਸਲ ‘ਪ੍ਰਤੀਬੱਧ’ ਹੀ ਹੈ। ਅਸੀਂ ‘ਇਨਕਲਾਬੀ ਸਾਡਾ ਰਾਹ’ ਵੱਲੋਂ ਸ਼ੁਰੂ ਕੀਤੀ ਇਸ ਬਹਿਸ ਦਾ ਸਵਾਗਤ ਕਰਦੇ ਹਾਂ। ਉਂਝ ਇਹ ਸਾਥੀ ਸਾਡੀ ਅਲੋਚਨਾਂ ਸਾਡਾ ਨਾਂ ਲੈਕੇ ਅਤੇ ਸਾਡੀਆਂ ਲਿਖਤਾਂ ਦੇ ਹਵਾਲੇ ਦੇਕੇ ਕਰਦੇ ਤਾਂ ਜ਼ਿਆਦਾ ਵਧੀਆ ਹੁੰਦਾ। ਕਿਉਂਕਿ ਆਪਣੇ ਉਪਰੋਕਤ ਲੇਖਾਂ ‘ਚ ‘ਇਨਕਲਾਬੀ ਸਾਡਾ ਰਾਹ’ ਨੇ ਕਈ ਮਨਘੜਤ ਗੱਲਾਂ ਸਾਡੇ ਮੂੰਹ ‘ਚ ਤੁੰਨ ਦਿੱਤੀਆਂ ਹਨ ਅਤੇ ਫਿਰ ਇਹਨਾਂ ਮਨਘੜਤ ਗੱਲਾਂ ਲਈ ਸਾਡੀ ਅਲੋਚਨਾ ਕਰਕੇ ਖੁਦ ਦੀ ਪਿੱਠ ਥਾਪੜ ਲਈ।

ਭਾਰਤੀ ਸਮਾਜ ਦਾ ਖਾਸਾ, ਇੱਥੇ ਇਨਕਲਾਬ ਦਾ ਪੜਾਅ, ਅੱਜ ਦੇ ਸਮੇਂ ‘ਚ ਸਾਮਰਾਜ ਦਾ ਚਲਣ, ਭਾਰਤ ਦੀਆਂ ਹਾਕਮ ਜਮਾਤਾਂ ਦੇ ਸਾਮਰਾਜ ਨਾਲ਼ ਸਬੰਧ, ਭਾਰਤੀ ਇਨਕਲਾਬ ‘ਚ ਮਾਲਕ ਕਿਸਾਨੀ ਦੀਆਂ ਵੱਖ-ਵੱਖ ਪਰਤਾਂ ਦੀ ਭੂਮਿਕਾ, ਭਾਰਤ ‘ਚ ਬੇਜ਼ਮੀਨਿਆਂ ‘ਚ ਜ਼ਮੀਨਾਂ ਦੀ ਵੰਡ, ਸਰਮਾਏ ਦੇ ਹੱਲ ਤੋਂ ਮਾਲਕ ਕਿਸਾਨੀ ਨੂੰ ਬਚਾਉਣ ਦਾ ਸਵਾਲ ਆਦਿ ਅਜਿਹੇ ਸਵਾਲ ਨੇ ਜਿਹਨਾਂ ਦੇ ਸਹੀ ਜਵਾਬ ‘ਤੇ ਭਾਰਤੀ ਇਨਕਲਾਬ ਦੀ ਹੋਣੀ ਨਿਰਭਰ ਹੈ। ਇਹ ਸਵਾਲ ਵੱਖ ਵੱਖ ਰੂਪਾਂ ‘ਚ ਸਾਰੀਆਂ ਹੀ ਧਿਰਾਂ ‘ਚ ਉੱਠੇ ਹੋਏ ਹਨ। ਸਾਡਾ ਹਮੇਸ਼ਾ ਇਸ ਗੱਲ ‘ਤੇ ਜ਼ੋਰ ਰਿਹਾ ਹੈ ਕਿ ਇਨਕਲਾਬੀ ਧਿਰਾਂ ‘ਚ ਇਹਨਾਂ ਸਵਾਲਾਂ ‘ਤੇ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਪਰ ਬਾਕੀ ਧਿਰਾਂ ਕਿਸੇ ਨਾ ਕਿਸੇ ਬਹਾਨੇ ਇਸ ਵਿਚਾਰ ਚਰਚਾ ਤੋਂ ਬਚਣ ਦਾ ਹੀ ਯਤਨ ਕਰਦੀਆਂ ਹਨ।

‘ਇਨਕਲਾਬੀ ਸਾਡਾ ਰਾਹ’ ਦੇ ਸਾਥੀ ਵੀ ਸਿਧਾਂਤਕ ਬਹਿਸਾਂ, ਵਿਚਾਰ ਚਰਚਾਵਾਂ ਤੋਂ ਟਾਲ਼ਾ ਵੱਟਣ ਦਾ ਹੀ ਰਵੱਈਆ ਅਪਣਾਉਂਦੇ ਰਹੇ ਹਨ। ਪਰ ਉਹ ਵੱਖ-ਵੱਖ ਮਾਧਿਅਮਾਂ ਤੋਂ ਸਾਡੇ ਤੇ ਬਿਨਾਂ ਨਾਮ ਲਏ ਹਮਲੇ ਕਰਦੇ ਰਹੇ ਹਨ।

ਹੁਣ ਉਹਨਾਂ ਸਾਡੀਆਂ ਪੋਜ਼ੀਸ਼ਨਾਂ ਦੀ ਅਲੋਚਨਾ ਕਰਦੇ ਹੋਏ ਦੋ ਲੇਖ ਲਿਖੇ ਹਨ (ਭਾਵੇਂ ਬਿਨਾਂ ਨਾਮ ਲਏ)। ਇਹ ਲੇਖ ਇਸ ਲਈ ਵੀ ਸਵਾਗਤਯੋਗ ਹਨ ਕਿ ‘ਇਨਕਲਾਬੀ ਸਾਡਾ ਰਾਹ’ ਦੇ ਸਾਥੀ ਆਖਰ ਲੁਕਣਮੀਚੀ ਛੱਡ ਕੇ ਸਿੱਧੇ ਬਹਿਸ ‘ਚ ਉੱਤਰੇ ਹਨ।

ਅਸੀਂ ‘ਇਨਕਲਾਬੀ ਸਾਡਾ ਰਾਹ’ ਦੇ ਇਹਨਾਂ ਦੋਹਾਂ ਲੇਖਾਂ ‘ਤੇ ਵਾਰੀ ਵਾਰੀ ਆਪਣੇ ਵਿਚਾਰ ਰੱਖਾਂਗੇ। ਪਹਿਲਾਂ ‘ਇਨਕਲਾਬੀ ਸਾਡਾ ਰਾਹ’ ਦੇ ਨਵੰਬਰ 2016 ਅੰਕ ਵਿੱਚ ਛਪੇ ਲੇਖ ‘ਜਮਹੂਰੀ/ ਨਵ-ਜਮਹੂਰੀ ਅਤੇ ਸਮਾਜਵਾਦੀ ਇਨਕਲਾਬ’ ਵੱਲ ਆਉਂਦੇ ਹਾਂ। ਇਹ ਲੇਖ ਇਹਨਾਂ ਸਾਥੀਆਂ ਨੇ ਅਕਤੂਬਰ ਇਨਕਲਾਬ ਤੋਂ ਸਿੱਖਣ ਬਾਬਤ ਲਿਖਿਆ ਹੈ। ਪਰ ਇਸ ‘ਚ ਸਿੱਖਣ ਦੀ ਭਾਵਨਾ ਘੱਟ ਨਜ਼ਰ ਆਉਂਦੀ ਹੈ ਅਤੇ ਨਕਲ ਕਰਨ ਦੀ ਵੱਧ। ਇਸ ਲੇਖ ‘ਚੋਂ ਇਹ ਸੁਰ ਉੱਭਰਦੀ ਹੈ ਕਿ ਜਿਵੇਂ ਰੂਸ ਵਿੱਚ ਦੋ ਪੜਾਵੀ ਇਨਕਲਾਬ (ਪਹਿਲਾਂ ਜਮਹੂਰੀ ਅਤੇ ਫਿਰ ਸਮਾਜਵਾਦੀ ਇਲਕਲਾਬ) ਹੋਇਆ ਸੀ, ਉਵੇਂ ਹੀ ਅਸੀਂ ਵੀ ਕਰਾਂਗੇ। ਕਿ ਜੇਕਰ ਰੂਸ ‘ਚ ਇੰਝ ਹੋ ਸਕਦਾ ਹੈ ਤਾਂ ਭਾਰਤ ‘ਚ ਕਿਉਂ ਨਹੀਂ? ਦਰਅਸਲ ਇਹ ਲੇਖ ‘ਇਨਕਲਾਬੀ ਸਾਡਾ ਰਾਹ’ ਨੇ ਆਵਦੇ ਭਾਰਤ ‘ਚ ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਸਹੀ ਸਿੱਧ ਕਰਨ ਲਈ ਲਿਖਿਆ ਹੈ। ਇਸ ਲਈ ਇਹਨਾਂ ਸਾਥੀਆਂ ਨੇ ਭਾਰਤੀ ਸਮਾਜ, ਇੱਥੇ ਭਾਰੂ ਪੈਦਾਵਾਰੀ ਸਬੰਧਾਂ, ਰਾਜ ਸੱਤ੍ਹਾ ਦੇ ਸਰੂਪ ਆਦਿ ਦਾ ਵਿਸ਼ਲੇਸ਼ਣ ਕਰਨ ਦੀ ਕੋਈ ਲੋੜ ਨਹੀਂ ਸਮਝੀ। ਬੱਸ ਇਹ ਹਿੰਡ ਫੜੀ ਹੋਈ ਹੈ ਕਿ ਅਸੀਂ ਉਵੇਂ ਹੀ ਕਰਾਂਗੇ ਜਿਵੇਂ ਰੂਸ ‘ਚ ਹੋਇਆ ਸੀ। ਰੂਸੀ ਇਨਕਲਾਬ ਦੇ ਸ਼ੀਸ਼ੇ ‘ਚੋਂ ਭਾਰਤ ਦੇ ਨਵ-ਜਮਹੂਰੀ ਇਨਕਲਾਬ ਦਾ ਮੁੱਖੜਾ ਤੱਕਣ ਲਈ ਇਹਨਾਂ ਸਾਥੀਆਂ ਨੇ ਰੂਸੀ ਇਨਕਲਾਬ ਦੇ ਇਤਿਹਾਸ ਦੀ ਭੰਨ-ਤੋੜ ਅਤੇ ਗਲਤ ਬਿਆਨੀ ‘ਤੇ ਵੀ ਸੰਗ ਮਹਿਸੂਸ ਨਹੀਂ ਕੀਤੀ। ਹੁਣ ਇਸ ਲੇਖ ਵਿਚਲੇ ਮਹੱਤਵਪੂਰਨ ਨੁਕਤਿਆਂ ਵੱਲ ਆਉਂਦੇ ਹਾਂ।

ਰੂਸ ਵਿੱਚ ਦੋ ਪੜਾਵੀ (ਜਮਹੂਰੀ ਅਤੇ ਫਿਰ ਸਮਾਜਵਾਦੀ) ਇਨਕਲਾਬ ਬਾਰੇ

1917 ‘ਚ ਰੂਸ ‘ਚ ਦੋ ਇਨਕਲਾਬ ਹੋਏ। ਪਹਿਲਾਂ ਫਰਵਰੀ 1917 ‘ਚ ਬੁਰਜੂਆ ਜਮਹੂਰੀ ਇਨਕਲਾਬ ਹੋਇਆ ਅਤੇ ਫਿਰ ਅਕਤੂਬਰ 1917 ‘ਚ ਸਮਾਜਵਾਦੀ ਇਨਕਲਾਬ ਹੋਇਆ। ਰੂਸ ਵਿੱਚ ਸਰਮਾਏਦਾਰੀ ਵਿਕਾਸ ਹੋਣ, ਪੈਦਾਵਾਰ ਦੇ ਭਾਰੂ ਸਬੰਧ ਸਰਮਾਏਦਾਰਾ ਹੋਣ ਦੇ ਬਾਵਜੂਦ ਵੀ ਅਜਿਹਾ ਵਾਪਰਿਆ। ਅਜਿਹਾ ਕਿਉਂ ਹੋਇਆ? ਰੂਸ ‘ਚ 1861 ‘ਚ ਭੂ-ਗੁਲਾਮੀ ਦੇ ਖਾਤਮੇ ਤੋਂ ਬਾਅਦ ਇੱਥੇ ਤੇਜ਼ੀ ਨਾਲ਼ ਸਰਮਾਏਦਾਰੀ ਵਿਕਾਸ ਹੋਇਆ। 1906 ‘ਚ ਸਤੋਲਿਪਿਨ ਦੇ ਸੁਧਾਰਾਂ ਨੇ ਇਸ ਪ੍ਰਕ੍ਰਿਆ ਨੂੰ ਹੋਰ ਗਤੀ ਦਿੱਤੀ। ਪਰ ਰੂਸ ‘ਚ ਇਹ ਸਰਮਾਏਦਾਰਾ ਵਿਕਾਸ ਕਿਸੇ ਇਨਕਲਾਬੀ ਢੰਗ ਨਾਲ਼ ਨਹੀਂ ਸੀ ਹੋਇਆ, ਜਿਸ ‘ਚ ਜਗੀਰੂ ਜਗੀਰਾਂ ਦੀ ਕਿਸਾਨਾਂ ‘ਚ ਵੰਡ ਹੋਈ ਹੋਵੇ ਅਤੇ ਜਗੀਰੂ ਸੱਤ੍ਹਾ ਨੂੰ ਉਖਾੜ ਕੇ ਇੱਕ ਆਧੁਨਿਕ ਬੁਰਜੂਆ ਸੱਤ੍ਹਾ ਕਾਇਮ ਹੋਈ ਹੋਵੇ। ਰੂਸ ਵਿੱਚ ਸਰਮਾਏਦਾਰੀ ਵਿਕਾਸ ਆਪਾਸ਼ਾਹ ਜ਼ਾਰਸ਼ਾਹੀ ਹਕੂਮਤ ਹੇਠ ਧੀਮੇ ਸੁਧਾਰਾਂ, ਜਿਸਨੂੰ ਲੈਨਿਨ ਨੇ ‘ਜੁੰਕਰ ਰਾਹ’ ਦਾ ਨਾਮ ਦਿੱਤਾ ਹ,ੈ ਰਾਹੀਂ ਹੋਇਆ ਸੀ। ਪੈਦਾਵਾਰ ਦੇ ਸਬੰਧ ਬਦਲ ਗਏ ਪਰ ਰਾਜ ਸੱਤ੍ਹਾ ਪੁਰਾਣੀ (ਆਪਾਸ਼ਾਹ, ਨਿਰੰਕੁਸ਼ ਜ਼ਾਰਸ਼ਾਹੀ) ਹੀ ਬਣੀ ਰਹੀ। ਇਤਿਹਾਸ ਵਿੱਚ ਅਜਿਹਾ ਵਰਤਾਰਾ ਆਮ ਨਹੀਂ ਹੋ ਸਕਦਾ, ਸਗੋਂ ਛੋਟ ਵਜੋਂ ਹੀ ਅਜਿਹਾ ਹੋ ਸਕਦਾ ਹੈ, ਉਹ ਵੀ ਉਹਨਾਂ ਥਾਵਾਂ ‘ਤੇ ਜਿੱਥੇ ਸਰਮਾਏਦਾਰਾ ਵਿਕਾਸ ਸੁਭਾਵਿਕ ਗਤੀ ਨਾਲ਼ ਨਹੀਂ ਹੁੰਦਾ। ਇਹ ਹੋ ਸਕਦਾ ਹੈ ਕਿ ਥੋੜੇ ਸਮੇਂ ਲਈ (ਸੰਗਰਾਂਦੀ ਸਮੇਂ ਲਈ) ਪੈਦਾਵਾਰ ਦੇ ਸਬੰਧ ਤਾਂ ਅੱਗੇ ਲੰਘ ਜਾਣ ਪਰ ਰਾਜ ਸੱਤ੍ਹਾ ਪੱਛੜੀ ਰਹਿ ਜਾਏ। ਜਿਵੇਂ ਕਿ ਰੂਸ ਵਿੱਚ ਹੋਇਆ। ਕਈ ਵਾਰ ਥੋੜੇ ਸਮੇਂ ਲਈ (ਸੰਗਰਾਂਦੀ ਸਮੇਂ ਲਈ) ਇਸ ਦੇ ਉਲ਼ਟ ਵੀ ਵਾਪਰ ਸਕਦਾ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਪੈਦਾਵਾਰ ਦੇ ਸਬੰਧ ਤਾਂ ਪਿੱਛੜੇ ਰਹਿ ਜਾਣ ਪਰ ਸੱਤ੍ਹਾ ਕਿਸੇ ਉੱਨਤ ਜਮਾਤ ਦੇ ਹੱਥ ਆ ਜਾਵੇ। ਜਿਵੇਂ ਕਿ 1947 ‘ਚ ਭਾਰਤ ‘ਚ ਵਾਪਰਿਆ। 1947 ‘ਚ ਸਾਡੇ ਇੱਥੇ ਪੈਦਾਵਾਰ ਦੇ ਭਾਰੂ ਸਬੰਧ ਤਾਂ ਜਗੀਰੂ ਸਨ, ਪਰ ਸੱਤ੍ਹਾ ਬੁਰਜੂਆਜ਼ੀ ਦੇ ਹੱਥ ਆ ਗਈ।

ਜਦੋਂ ਪੈਦਾਵਾਰ ਦੇ ਸਬੰਧ ਅੱਗੇ ਲੰਘ ਜਾਣ ਅਤੇ ਸੱਤ੍ਹਾ ਪੱਛੜੀ ਰਹਿ ਜਾਵੇ ਤਾਂ ਜਮਹੂਰੀ ਇਨਕਲਾਬ ਰਾਹੀਂ ਸੱਤ੍ਹਾ ਨੂੰ ਬਦਲਣ ਦਾ ਕਾਰਜ ਹੀ ਮੁੱਖ ਕਾਰਜ ਬਣੇਗਾ। ਜੇਕਰ ਇਸ ਇਨਕਲਾਬ ਦੀ ਅਗਵਾਈ ਸਰਮਾਏਦਾਰ ਜਮਾਤ ਕਰੇਗੀ ਤਾਂ ਨਵੀਂ ਸੱਤ੍ਹਾ ਬੁਰਜੂਆ ਸੱਤ੍ਹਾ ਹੋਵੇਗੀ। ਜੇਕਰ ਇਸ ਦੀ ਅਗਵਾਈ ਮਜ਼ਦੂਰ ਜਮਾਤ ਕਰੇਗੀ ਤਾਂ ਇਹ ਮਜ਼ਦੂਰਾਂ ਕਿਸਾਨਾਂ ਦੀ ਤਾਨਾਸ਼ਾਹੀ (ਰੂਸ ਦੇ ਮਾਮਲੇ ‘ਚ ਲੈਨਿਨ ਦੀ ਪੋਜ਼ੀਸ਼ਨ) ਹੋਵੇਗੀ, ਜੋ ਕਿ ਸਮਾਜਵਾਦੀ ਇਨਕਲਾਬ ਲਈ ਇੱਕ ਸੰਗਰਾਂਦੀ ਪੜਾਅ ਹੋਵੇਗੀ।

ਜੇਕਰ ਪੈਦਾਵਾਰ ਦੇ ਸਬੰਧ ਪਿੱਛੜੇ ਰਹਿ ਜਾਣ ਅਤੇ ਰਾਜ ਸੱਤ੍ਹਾ ਕਿਸੇ ਉੱਨਤ ਜਮਾਤ ਦੇ ਹੱਥ ਆ ਜਾਏ, ਜਿਵੇਂ ਕਿ 1947 ‘ਚ ਭਾਰਤ ‘ਚ ਹੋਇਆ ਸੀ ਤਾਂ ਮੁੱਖ ਕਾਰਜ ਇਹਨਾਂ ਪਿੱਛੜੇ ਹੋਏ ਪੈਦਾਵਾਰੀ ਸਬੰਧਾਂ ਨੂੰ ਬਦਲਣਾ ਹੋਵੇਗਾ। ਜੇਕਰ 1947 ਤੋਂ ਬਾਅਦ ਸਾਡੇ ਇੱਥੇ ਇੱਕ ਮਜ਼ਬੂਤ ਕਮਿਊਨਿਸਟ ਪਾਰਟੀ ਹੁੰਦੀ, ਉਹ ਜਗੀਰਦਾਰੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦੀ ਤਾਂ ਜਾਂ ਤਾਂ ਨਹਿਰੂ ਸਰਕਾਰ ਜਗੀਰਦਾਰੀ ਨੂੰ ਬਚਾਉਣ ਦਾ ਯਤਨ ਕਰਦੀ (ਇਸ ਸੂਰਤ ‘ਚ ਕਮਿਊਨਿਸਟ ਪਾਰਟੀ ਜਮਹੂਰੀ ਇਲਕਲਾਬ ਨੇਪਰੇ ਚਾੜ੍ਹਨ ਦਾ ਯਤਨ ਕਰਦੀ), ਜਾਂ ਜ਼ਮੀਨੀ ਸੁਧਾਰਾਂ ਦੀ ਪ੍ਰਕ੍ਰਿਆ ਨੂੰ ਰੈਡੀਕਲ ਤਰੀਕੇ ਨਾਲ਼ ਨੇਪਰੇ ਚਾੜਦੀ। ਪਰ ਭਾਰਤ ਦੀ ਕਮਿਊਨਿਸਟ ਪਾਰਟੀ ਦੇ 1951 ‘ਚ ਸੋਧਵਾਦ ਦੀ ਪਟੜੀ ‘ਤੇ ਚੜ੍ਹ ਜਾਣ ਨਾਲ਼ ਇਹ ਦੋਵੇਂ ਸੰਭਾਵਨਾਵਾਂ ਸਕਾਰ ਨਹੀਂ ਹੋ ਸਕੀਆਂ। ਇਸ ਲਈ ਇੱਕ ਤੀਸਰੀ ਸੰਭਾਵਨਾ ਹੀ ਬਾਕੀ ਰਹਿ ਗਈ ਸੀ। ਉਹ ਸੀ ਧੀਮੇਂ ਸੁਧਾਰਾਂ ਜ਼ਰੀਏ ਖੇਤੀ ‘ਚ ਭਾਰੂ ਜਗੀਰੂ ਸਬੰਧਾਂ ਨੂੰ ਸਰਮਾਏਦਾਰਾ ਸਬੰਧਾਂ ‘ਚ ਤਬਦੀਲ ਕਰਨਾ। 1947 ‘ਚ ਭਾਰਤ ਦੀ ਰਾਜ ਸੱਤ੍ਹਾ ‘ਤੇ ਕਾਬਜ਼ ਹੋਈ ਬੁਰਜੂਆਜ਼ੀ ਨੇ ਇਹੋ ਕੀਤਾ। ਮੋਟੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ 1960 ਦੇ ਦਹਾਕੇ ਦੇ ਅੰਤ ਤੱਕ ਭਾਰਤ ‘ਚ ਜਗੀਰੂ ਸਬੰਧਾਂ ਦੇ ਸਰਮਾਏਦਾਰਾ ਸਬੰਧਾਂ ‘ਚ ਰੁਪਾਂਤਰਣ ਦੀ ਪ੍ਰਕ੍ਰਿਆ ਮੁਕੰਮਲ ਹੋਈ। ਇਸ ਸਮੇਂ ‘ਚ ਭਾਰਤੀ ਖੇਤੀ ‘ਚ ਪੈਦਾਵਾਰ ਦੇ ਭਾਰੂ ਸਬੰਧ ਸਰਮਾਏਦਾਰਾ ਹੋ ਗਏ।

ਰੂਸ ਵਿੱਚ ਸਰਮਾਏਦਾਰਾ ਵਿਕਾਸ, ਜਗੀਰੂ ਰਹਿੰਦ-ਖੂੰਹਦ ਦੇ ਬਚੇ ਰਹਿਣ ਦੇ ਬਾਵਜੂਦ ਪੈਦਾਵਾਰ ਦੇ ਭਾਰੂ ਸਬੰਧ-ਸਰਮਾਏਦਾਰਾ ਹੋ ਜਾਣ ਦੇ ਬਾਵਜੂਦ ਉੱਥੇ ਇਨਕਲਾਬ ਦਾ ਪੜਾਅ ਜਮਹੂਰੀ ਇਸ ਲਈ ਸੀ ਕਿ ਉੱਥੇ ਸੱਤ੍ਹਾ ਦਾ ਸਰੂਪ ਨਿਰੰਕੁਸ਼ ਆਪਾਸ਼ਾਹ ਸੀ। ਇਸ ਸਬੰਧੀ ਲੈਨਿਨ ਦਾ ਹਵਾਲਾ ਦੇਣਾ ਚਾਹਾਂਗੇ। ਆਪਣੇ ਲੇਖ, “ਇਨਕਲਾਬੀ ਪ੍ਰੋਲੇਤਾਰੀ ਦੇ ਜਮਹੂਰੀ ਕਾਰਜ” ਵਿੱਚ ਲੈਨਿਨ ਲਿਖਦੇ ਹਨ, “ਮਜ਼ਦੂਰ ਲਹਿਰ ਦੇ ਚੇਤੰਨ ਆਗੂ ਵਜੋਂ [ਰੂਸੀ] ਸਮਾਜਿਕ ਜਮਹੂਰੀ ਪਾਰਟੀ ਦਾ ਉਦੇਸ਼ ਕਿਰਤੀ ਲੋਕਾਂ ਨੂੰ ਹਰ ਤਰ੍ਹਾਂ ਦੀ ਲੁੱਟ ਅਤੇ ਦਾਬੇ ਤੋਂ ਮੁਕੰਮਲ ਨਿਜ਼ਾਤ ਦਵਾਉਣਾ ਹੈ। ਇਹ ਮਕਸਦ ਹਾਸਲ ਕਰਨ ਲਈ, ਪੈਦਾਵਾਰ ਦੇ ਸਾਧਨਾਂ ‘ਚ ਨਿੱਜੀ ਜਾਇਦਾਦ ਦੇ ਖਾਤਮੇ ਅਤੇ ਸਮਾਜਵਾਦੀ ਸਮਾਜ ਦੀ ਉਸਾਰੀ ਲਈ, ਸਰਮਾਏਦਾਰੀ ਦੀਆਂ ਪੈਦਾਵਾਰੀ ਤਾਕਤਾਂ ਦਾ ਬਹੁਤ ਹੀ ਉੱਚ ਪੱਧਰਾ ਵਿਕਾਸ ਅਤੇ ਮਜ਼ਦੂਰ ਜਮਾਤ ਦੀ ਉੱਚ ਪੱਧਰੀ ਜਥੇਬੰਦੀ ਦਾ ਹੋਣਾ ਜ਼ਰੂਰੀ ਹੈ। ਸਿਆਸੀ ਅਜ਼ਾਦੀ ਤੋਂ ਬਿਨਾਂ ਆਧੁਨਿਕ ਬੁਰਜੂਆ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਦਾ ਭਰਵਾਂ ਵਿਕਾਸ, ਖੁੱਲ੍ਹਾ, ਮੁਕਤ ਅਤੇ ਵਡੇਰਾ ਜਮਾਤੀ ਘੋਲ਼, ਪ੍ਰੋਲੇਤਾਰੀ ਦੀ ਸਿੱਖਿਆ ਸਿਖਲਾਈ ਅਤੇ ਲਾਮਬੰਦੀ, ਨਾਮੁਮਕਿਨ ਹੈ। ਇਸ ਲਈ ਜਮਾਤੀ ਤੌਰ ‘ਤੇ ਸਚੇਤ ਪ੍ਰੋਲੇਤਾਰੀ ਦਾ ਹਮੇਸ਼ਾ ਇਹ ਉਦੇਸ਼ ਹੁੰਦਾ ਹੈ ਕਿ ਉਹ ਸਿਆਸੀ ਅਜ਼ਾਦੀ ਅਤੇ ਜਮਹੂਰੀ ਇਨਕਲਾਬ ਲਈ ਦ੍ਰਿੜ ਘੋਲ਼ ਚਲਾਏ।

ਆਪਣੇ ਮੂਹਰੇ ਇਹ ਕਾਰਜ ਰੱਖਣ ਵਾਲ਼ਾ ਪ੍ਰੋਲੇਤਾਰੀ ਇਕੱਲਾ ਨਹੀਂ ਹੈ। ਬੁਰਜੂਆਜ਼ੀ ਨੂੰ ਵੀ ਸਿਆਸੀ ਅਜ਼ਾਦੀ ਦੀ ਲੋੜ ਹੈ। ਸੰਪੱਤੀਵਾਨ ਜਮਾਤ ਦੇ ਪ੍ਰਬੁੱਧ ਮੈਂਬਰਾਂ ਨੇ ਬਹੁਤ ਪਹਿਲਾਂ ਅਜ਼ਾਦੀ ਦਾ ਝੰਡਾ ਚੁੱਕਿਆ ਸੀ; ਇਨਕਲਾਬੀ ਬੁੱਧੀਜੀਵੀ, ਜੋ ਕਿ ਮੁੱਖ ਤੌਰ ‘ਤੇ ਇਹਨਾਂ ਜਮਾਤਾਂ ‘ਚੋਂ ਆਉਂਦੇ ਸਨ, ਅਜ਼ਾਦੀ ਲਈ ਬਹਾਦਰੀ ਨਾਲ਼ ਲੜੇ। ਪਰ ਸਮੁੱਚਤਾ ‘ਚ ਬੁਰਜੂਆਜ਼ੀ ਆਪਾਸ਼ਾਹੀ ਵਿਰੁੱਧ ਦ੍ਰਿੜ ਸੰਘਰਸ਼ ਲੜ ਸਕਣ ਦੇ ਅਯੋਗ ਹੈ; ਇਹ ਇਸ ਸੰਘਰਸ਼ ‘ਚ ਆਪਣੀ ਸੰਪੱਤੀ, ਜੋ ਇਸਨੂੰ ਮੌਜੂਦਾ ਪ੍ਰਬੰਧ ਨਾਲ਼ ਨੱਥੀ ਕਰਦੀ ਹੈ, ਗਵਾਉਣੋ ਡਰਦੀ ਹੈ, ਇਹ ਮਜ਼ਦੂਰਾ ਦੇ ਇਨਕਲਾਬੀ ਐਕਸ਼ਨਾ ਤੋਂ ਡਰਦੀ ਹੈ, ਜੋ ਕਿ ਜਮਹੂਰੀ ਇਨਕਲਾਬ ‘ਤੇ ਨਹੀਂ ਰੁਕਣਗੇ ਸਗੋਂ ਸਮਾਜਵਾਦੀ ਇਨਕਲਾਬ ਵੱਲ ਵਧਣਗੇ।” (ਲੈਨਿਨ, ਕਲੈਕਟਡ ਵਰਕਸ, ਭਾਗ 8, ਪੰਨਾ 511, ਵਿਦੇਸ਼ੀ ਭਾਸ਼ਾ ਪ੍ਰਕਾਸ਼ਨ ਘਰ, ਮਾਸਕੋ 1962, ਅਨੁਵਾਦ ਅਤੇ ਸ਼ਬਦਾਂ ‘ਤੇ ਜ਼ੋਰ ਸਾਡਾ)

ਲੈਨਿਨ ਦੀਆਂ ਲਿਖਤਾਂ ‘ਚੋਂ ਇਸ ਤਰ੍ਹਾਂ ਦੇ ਅਨੇਕਾਂ ਹਵਾਲੇ ਮਿਲ਼ ਸਕਦੇ ਹਨ। ਪਰ ਉਹ ਇਸੇ ਗੱਲ ਦਾ ਹੀ ਦੁਹਰਾਅ ਹੋਵੇਗਾ। ਸਰਮਾਏਦਾਰੀ ਵਿਕਾਸ ਦੇ ਬਾਵਜੂਦ ਲੈਨਿਨ ਰੂਸ ਵਿੱਚ ਇਨਕਲਾਬ ਦਾ ਪੜਾਅ ਜਮਹੂਰੀ ਸਿਰਫ ਅਤੇ ਸਿਰਫ ਇੱਕੋ-ਇੱਕ ਕਾਰਕ ਕਰਕੇ ਮੰਨਦੇ ਸਨ। ਉਹ ਸੀ ਉੱਥੇ ਨਿਰੰਕੁਸ਼ ਆਪਾਸ਼ਾਹ ਹਕੂਮਤ ਦੀ ਮੌਜੂਦਗੀ।

ਪਰ ‘ਇਨਕਲਾਬੀ ਸਾਡਾ ਰਾਹ’ ਇਸ ਮਸਲੇ ‘ਚ ਭਰਪੂਰ ਗਲਤ ਬਿਆਨੀ ਕਰਦਾ ਹੈ। ਰੂਸ ਵਿੱਚ ਜਮਹੂਰੀ ਇਨਕਲਾਬ ਦਾ ਪੜਾਅ ਹੋਣ ਦਾ ਲੈਨਿਨ ਨੇ ਜੋ ਕਾਰਨ ਦੱਸਿਆ, ਉਸ ‘ਤੇ ਉਸ ਨੂੰ ਚੈਨ ਨਹੀਂ ਆਉਂਦਾ। ਉਹ ਆਪਣੇ ਕੋਲ਼ੋਂ ਇਸ ‘ਚ ਦੋ ਮਨਘੜਤ ਕਾਰਨ ਜੋੜ ਦਿੰਦਾ ਹੈ ਉਸਦਾ ਕਹਿਣਾ ਹੈ, “ਖੇਤੀ ਖੇਤਰ ਵਿੱਚ ਸਰਮਾਏਦਾਰੀ ਦੇ ਆ ਜਾਣ ਦੇ ਬਾਵਜੂਦ ਰੂਸ ਦਾ ਇਨਕਲਾਬ ਜਮਹੂਰੀ ਕਿਉਂ ਸੀ? ਜੇਕਰ ਕੋਈ ਇਹ ਕਹਿੰਦਾ ਹੈ ਕਿ ਇਹ ਇਸ ਕਰਕੇ ਜਮਹੂਰੀ ਇਨਕਲਾਬ ਦਾ ਦੌਰ ਸੀ ਕਿਉਂਕਿ ਰਾਜ ਸੱਤ੍ਹਾ ਜ਼ਾਰਸ਼ਾਹੀ ਦੇ ਹੱਥ ਸੀ ਜੋ ਕਿ ਰਾਜ ਦਾ ਆਪਾਸ਼ਾਹੀ ਰੂਪ ਹੈ ਤਾਂ ਉਹ ਅੱਧ ਸੱਚ ਬੋਲ ਰਿਹਾ ਹੈ।” ਰੂਸ ਵਿੱਚ ਜਮਹੂਰੀ ਇਨਕਲਾਬ ਦਾ ਪੜਾਅ ਇਸ ਕਰਕੇ ਸੀ ਕਿ ਉੱਥੇ ਨਿਰੰਕੁਸ਼, ਆਪਾਸ਼ਾਹ ਹਕੂਮਤ ਸੀ। ਇੰਨਾ ਕਹਿਣਾ ਅੱਧਾ ਸੱਚ ਨਹੀਂ ਪੂਰਾ ਸੱਚ ਹੈ। ਲੈਨਿਨ ਨੇ ਉਪਰੋਕਤ ਹਵਾਲੇ ਵਿੱਚ ਅਤੇ ਆਪਣੀਆਂ ਲਿਖਤਾਂ ‘ਚ ਵਾਰ-ਵਾਰ ਇਹੋ ਕਿਹਾ ਹੈ। ਇਸ ਤੋਂ ਬਾਅਦ ‘ਇਨਕਲਾਬੀ ਸਾਡਾ ਰਾਹ’ ਗੋਲ਼-ਗੋਲ਼ ਗੱਲਾਂ ਕਰਨੀਆਂ ਸ਼ੁਰੂ ਕਰਦਾ ਹੈ, ਗੱਲਾਂ ਨੂੰ ਘੁਮਾਉਣ ਦੀ ਕਲਾ ਦੀ ਨੁਮਾਇਸ਼ ਲਗਾਉਣ ਲੱਗਦਾ ਹੈ। ਉਹ ਲੈਨਿਨ ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) (ਜਿਸਨੂੰ ਗਲਤੀ ਨਾਲ਼ ਰੂਸ ਦੀ ਕਮਿਊਨਿਸਟ ਪਾਰਟੀ ਕਹਿੰਦਾ ਹੈ) ਦੇ ਹਵਾਲੇ ਵੀ ਦਿੰਦਾ ਹੈ। ਇਹਨਾਂ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਰੂਸ ਵਿੱਚ ਆਪਾਸ਼ਾਹ ਹਕੂਮਤ ਹੋਣ ਤੋਂ ਇਲਾਵਾ ਉੱਥੇ ਜਮਹੂਰੀ ਇਨਕਲਾਬ ਦਾ ਪੜਾਅ ਹੋਣ ਦੇ ਦੋ ਹੋਰ ਕਾਰਨ ਸਨ। ਇੱਕ ਕਾਰਨ ਉਹ ਦੱਸਦਾ ਹੈ ਕਿ ਉੱਥੇ ਛੋਟੀ ਕਿਸਾਨੀ ਤਬਾਹ ਹੋ ਰਹੀ ਸੀ ਅਤੇ ਉਸ ਦੀ ਹਾਲਤ ਮੰਗਤਿਆਂ ਵਰਗੀ ਸੀ। ਦੂਸਰਾ ਕਾਰਨ ਉਹ ਇਹ ਦੱਸਦਾ ਹੈ ਕਿ ਰੂਸ ਵਿੱਚ ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ਵਿੱਚ ਲੱਗੀ ਹੋਈ ਸੀ। ਉਹ ਦਾਅਵਾ ਠੋਕਦਾ ਹੈ ਕਿ “ਜੇਕਰ ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ‘ਚ ਲੱਗੀ ਹੋਵੇ ਤਾਂ ਇਨਕਲਾਬ ਦਾ ਪੜਾਅ ਜਮਹੂਰੀ ਹੀ ਰਹਿੰਦਾ ਹੈ।” ਰੂਸੀ ਇਨਕਲਾਬ ਦੇ ਇਤਿਹਾਸ ਸਬੰਧੀ ਇਹ ਮਨਘੜਤ ਦਾਅਵੇ ਹਨ। ‘ਇਨਕਲਾਬੀ ਸਾਡਾ ਰਾਹ’ ਨੇ ਇਹ ਸਾਬਤ ਕਰਨ ਲਈ ਜੋ ਹਵਾਲੇ ਦਿੱਤੇ ਹਨ, ਉਹਨਾਂ ‘ਚ ਕਿਧਰੇ ਵੀ ਇਹ ਨਹੀਂ ਲਿਖਿਆ ਕਿ ਰੂਸ ਵਿੱਚ ਜਮਹੂਰੀ ਇਨਕਲਾਬ ਦਾ ਪੜਾਅ ਤੈਅ ਕਰਨ ਵਾਲ਼ੇ ਇਹ ਵੀ ਕਾਰਕ ਸਨ। ਇਸ ਸਬੰਧੀ ‘ਇਨਕਲਾਬੀ ਸਾਡਾ ਰਾਹ’ ਨੂੰ ਕੁਝ ਸਵਾਲ ਪੁੱਛੇ ਜਾ ਸਕਦੇ ਹਨ। ਫਰਵਰੀ, 1917 ‘ਚ ਬੁਰਜੂਆ ਜਮਹੂਰੀ ਇਨਕਲਾਬ ਤੋਂ ਸਿਰਫ 8 ਮਹੀਨੇ ਦੇ ਵਕਫੇ ਨਾਲ਼ ਰੂਸ ‘ਚ ਸਮਾਜਵਾਦੀ ਇਨਕਲਾਬ ਹੋਇਆ। ਕੀ ਇਹਨਾਂ ਅੱਠ ਮਹੀਨਿਆਂ ‘ਚ ਛੋਟੀ ਕਿਸਾਨੀ ਖੁਸ਼ਹਾਲ ਹੋ ਗਈ ਸੀ? ਕੀ ਅਕਤੂਬਰ ਸਮਾਜਵਾਦੀ ਇਨਕਲਾਬ ਸਮੇਂ ਵੀ ਬਹੁਗਿਣਤੀ ਵਸੋਂ (80 ਫੀਸਦੀ ਦੇ ਕਰੀਬ) ਖੇਤੀ ‘ਚ ਲੱਗੀ ਹੋਈ ਨਹੀਂ ਸੀ? ਰੂਸੀ ਇਨਕਲਾਬ ਦੇ ਇਤਿਹਾਸ ਤੋਂ ਥੋੜਾ ਜਿਹਾ ਵਾਕਿਫ ਵਿਅਕਤੀ ਵੀ ਜਾਣਦਾ ਹੈ ਕਿ ਇਸ ਸਮੇਂ ਦਰਮਿਆਨ ਰੂਸ ‘ਚ ਗਰੀਬ ਕਿਸਾਨੀ ਦੀ ਭਿਆਨਕ ਹਾਲਤ ਸੀ ਅਤੇ ਰੂਸ ਦੀ ਕੁੱਲ ਵਸੋਂ ਦਾ 80 ਫੀਸਦੀ ਦੇ ਕਰੀਬ ਖੇਤੀ ‘ਚ ਲੱਗਿਆ ਹੋਇਆ ਸੀ। ਇਸ ਤੱਥ ਦੇ ਬਾਵਜੂਦ ਰੂਸ ‘ਚ ਅਕਤੂਬਰ 1917 ‘ਚ ਹੋਣ ਵਾਲ਼ਾ ਇਨਕਲਾਬ ਸਮਾਜਵਾਦੀ ਸੀ।

ਜਮਹੂਰੀ ਬਨਾਮ ਸਮਾਜਵਾਦੀ ਇਨਕਲਾਬ

‘ਇਨਕਲਾਬੀ ਸਾਡਾ ਰਾਹ’ ਇੱਕ ਅਜੀਬੋ-ਗਰੀਬ ਦਾਅਵਾ ਕਰਦਾ ਹੈ, “ਜਿੰਨੀ ਦੇਰ ਸਰਮਾਏਦਾਰੀ ਨਹੀਂ ਆਉਂਦੀ ਪ੍ਰੋਲੇਤਾਰੀ ਸਮਾਜਵਾਦ ਅਤੇ ਸਾਮਵਾਦ ਦੀ ਉਸਾਰੀ ਵੱਲ ਅੱਗੇ ਨਹੀਂ ਵਧ ਸਕਦਾ। ਜਿੰਨੀ ਦੇਰ ਜਮਹੂਰੀ ਇਨਕਲਾਬ ਨਹੀਂ ਹੁੰਦਾ ਓਨੀ ਦੇਰ ਸਮਾਜਵਾਦੀ ਇਨਕਲਾਬ ਨਹੀਂ ਹੋ ਸਕਦਾ।” ਉਸ ਦੇ ਇਸ ਦਾਅਵੇ ਦੀ ਚੀਰਫਾੜ ਕਰਦੇ ਹਾਂ। ਉਸਦੇ ਇਸ ਦਾਅਵੇ ਦਾ ਪਹਿਲਾ ਹਿੱਸਾ ਹੈ ਕਿ ਜਦੋਂ ਤੱਕ ਸਰਮਾਏਦਾਰੀ ਨਹੀਂ ਆਉਂਦੀ ਪ੍ਰੋਲੇਤਾਰੀ ਸਮਾਜਵਾਦ ਅਤੇ ਸਾਮਵਾਦ ਦੀ ਉਸਾਰੀ ਵੱਲ ਅੱਗੇ ਨਹੀਂ ਵਧ ਸਕਦਾ। ਪਰ ਇਤਿਹਾਸ ‘ਚ ਇਸ ਤਰ੍ਹਾ ਵੀ ਹੋਇਆ ਹੈ ਕਿ ਸਰਮਾਏਦਾਰੀ ਆਉਣ ਦੇ ਬਾਵਜੂਦ ਵੀ ਪ੍ਰੋਲੇਤਾਰੀ ਨੂੰ ਸਿਆਸੀ ਅਜ਼ਾਦੀ ਅਤੇ ਜਮਹੂਰੀ ਇਨਕਲਾਬ ਲਈ ਲੜ੍ਹਨਾ ਪਿਆ। ਰੂਸ ਦੇ ਫਰਵਰੀ ਇਨਕਲਾਬ ਦੀ ਉਦਾਹਰਣ ਤੋਂ ਇਹ ਸਪੱਸ਼ਟ ਹੈ। ਉਸਦੇ ਦਾਅਵੇ ਦਾ ਇਹ ਅਰਥ ਵੀ ਹੈ ਕਿ ਜਿੱਥੇ ਸਰਮਾਏਦਾਰੀ ਆ ਚੁੱਕੀ ਹੋਵੇ ਉੱਥੇ ਪ੍ਰੋਲੇਤਾਰੀ ਸਮਾਜਵਾਦ ਅਤੇ ਫਿਰ ਸਾਮਵਾਦ ਵੱਲ ਅੱਗੇ ਵਧੇਗਾ। ਪਰ ਇਸ ਲਈ ਉਸਨੂੰ ਸਮਾਜਵਾਦੀ ਇਨਕਲਾਬ ਕਰਨਾ ਪਵੇਗਾ। ਕੀ ਜਮਹੂਰੀ ਇਨਕਲਾਬ ਤੋਂ ਬਿਨਾਂ ਇਹ ਸੰਭਵ ਹੈ ਕਿ ਕਿਸੇ ਦੇਸ਼ ‘ਚ ਸਰਮਾਏਦਾਰੀ ਆ ਜਾਵੇ? ਅਤੇ ਉੱਥੇ ਸੱਤ੍ਹਾ ਵੀ ਆਧੁਨਿਕ ਬੁਰਜੂਆ ਸੱਤ੍ਹਾ ਹੋਵੇ? ਸਾਰੇ ਸੰਸਾਰ ਦਾ ਇਤਿਹਾਸ ਇਸ ਤਰ੍ਹਾਂ ਦੀਆਂ ਉਦਾਹਰਣਾਂ ਨਾਲ਼ ਭਰਿਆ ਪਿਆ ਹੈ ਕਿ ਜਮਹੂਰੀ ਇਨਕਲਾਬ ਦੇ ਕਿਸੇ ਪੜਾਅ ‘ਚੋਂ ਲੰਘੇ ਬਿਨਾਂ ਹੀ ਧੀਮੇ ਸੁਧਾਰਾਂ ਰਾਹੀਂ ਆਧੁਨਿਕ ਬੁਰਜੂਆ ਰਾਜ ਸਥਾਪਿਤ ਹੋਏ। ਇਸ ਦੀ ਸਭ ਤੋਂ ਉੱਘੀ ਉਦਾਹਰਣ ਜਰਮਨੀ ਦੀ ਹੈ। ਜਰਮਨੀ ਕਦੇ ਵੀ ਜਮਹੂਰੀ ਇਨਕਲਾਬ ਦੇ ਪੜਾਅ ‘ਚੋਂ ਨਹੀਂ ਲੰਘਿਆ, ਪਰ ਉਹ ਇੱਕ ਆਧੁਨਿਕ ਸਾਮਰਾਜੀ ਦੇਸ਼ ਹੈ। ਕੀ ‘ਇਨਕਲਾਬੀ ਸਾਡਾ ਰਾਹ’ ਦੇ ਸਾਥੀ ਇਹ ਕਹਿਣ ਦੀ ਹਿੰਮਤ ਕਰਨਗੇ ਕਿ ਉੱਥੇ ਵੀ ਜਮਹੂਰੀ ਇਨਕਲਾਬ ਦਾ ਪੜਾਅ ਹੈ? ਕੀ ਇਹ ਸਾਥੀ ਦੱਸਣਗੇ ਕਿ ਜਪਾਨ ਕਿਹੜੇ ਜਮਹੂਰੀ ਇਨਕਲਾਬ ‘ਚੋਂ ਲੰਘ ਕੇ ਆਧੁਨਿਕ ਸਾਮਰਾਜੀ ਦੇਸ਼ ਬਣਿਆ? ਪੂਰੇ ਯੂਰਪ ‘ਚ ਦੇਖਿਆ ਜਾਵੇ ਤਾਂ ਇੰਗਲੈਡ, ਫਰਾਂਸ ਆਦਿ ਹੀ ਅਜਿਹੇ ਦੇਸ਼ ਹਨ ਜੋ ਕਲਾਸਕੀ ਅਰਥਾਂ ‘ਚ ਜਮਹੂਰੀ ਇਨਕਲਾਬਾਂ ‘ਚੋਂ ਲੰਘ ਕੇ ਬੁਰਜੂਆ ਰਾਜ ਬਣੇ। ਬਾਕੀ ਜ਼ਿਆਦਾਤਰ ਯੂਰਪੀ ਦੇਸ਼ ਇਸ ਪ੍ਰ੍ਕਿਰਿਆ ‘ਚੋਂ ਨਹੀਂ ਲੰਘੇ। ਕੀ ‘ਇਨਕਲਾਬੀ ਸਾਡਾ ਰਾਹ’ ਦੇ ਸਾਥੀ ਯੂਰਪ ਦੇ ਇਹਨਾਂ ਦੇਸ਼ਾਂ ‘ਚ ਵੀ ਜਮਹੂਰੀ ਇਨਕਲਾਬ ਦਾ ਪੜਾਅ ਮੰਨਣਗੇ?

ਲੈਨਿਨ ਦੇ ਜਗੀਰਦਾਰੀ ਤੋਂ ਸਰਮਾਏਦਾਰੀ ਵੱਲ ਰੁਪਾਂਤਰਣ ਦੇ ਦੋ ਮਾਰਗ ਦੱਸੇ ਹਨ। ਪਹਿਲਾਂ ਹੈ ਧੀਮੇ ਸੁਧਾਰਾਂ ਰਾਹੀਂ ਜਗੀਰੂ ਪੈਦਾਵਾਰੀ ਸਬੰਧਾਂ ਦਾ ਸਰਮਾਏਦਾਰੀ ਪੈਦਾਵਾਰੀ ਸਬੰਧਾਂ ‘ਚ ਰੁਪਾਂਤਰਣ। ਲੈਨਿਨ ਇਸ ਰਾਹ ਨੂੰ ਜੁੰਕਰ ਜਾਂ ਪ੍ਰਸ਼ੀਆਈ ਰਾਹ ਕਹਿੰਦੇ ਹਨ। ਦੂਸਰਾ ਰਾਹ ਹੈ ਇਨਕਲਾਬੀ ਜ਼ਮੀਨੀ ਸੁਧਾਰਾਂ ਦਾ ਰਾਹ। ਲੈਨਿਨ ਇਸ ਨੂੰ ਅਮਰੀਕੀ ਰਾਹ ਕਹਿੰਦੇ ਹਨ। ਲੈਨਿਨ ਦੇ ਸ਼ਬਦਾਂ ‘ਚ-

“ਜਗੀਰੂ ਭੂਮੀਪਤੀ ਆਰਥਿਕ ਢਾਂਚੇ ਨੂੰ ਹੌਲ਼ੀ-ਹੌਲ਼ੀ ‘ਜੁੰਕਰ’ ਬੁਰਜੂਆ ਆਰਥਿਕ ਢਾਂਚੇ ਦੇ ਰੂਪ ਵਿੱਚ ਵਿਕਸਤ ਹੋ ਜਾਣ, ਕਿਸਾਨ ਅਬਾਦੀ ਦੇ ਭੂਮੀਹੀਣ ਕਿਸਾਨ ਅਤੇ ‘ਕਨੈਖਟ’ ਦੇ ਰੂਪ ‘ਚ ਤਬਦੀਲ ਹੋ ਜਾਣ, ਲੋਕਾਂ ਦੇ ਰਹਿਣ-ਸਹਿਣ ਨੂੰ ਜਬਰਨ ਕੰਗਾਲੀ ਦੇ ਪੱਧਰ ‘ਤੇ ਬਣਾਈ ਰੱਖਣ ਅਤੇ ਸਰਮਾਏਦਾਰੀ ਅਧੀਨ ਅਟੱਲ ਰੂਪ ‘ਚ ਪੈਦਾ ਹੋਣ ਵਾਲੇ ‘ਗਰਾਸਬਉਰਨ’ ਦੇ, ਧਨੀ ਬੁਰਜੂਆ ਕਿਸਾਨਾਂ ਦੇ ਛੋਟੇ ਸਮੂਹਾਂ ਦੇ ਉੱਭਰਨ ਰਾਹੀਂ ਭੂ-ਗੁਲਾਮ ਪ੍ਰਥਾ ਖਤਮ ਕੀਤੀ ਜਾ ਸਕਦੀ ਹੈ। ਇਹ ਹੀ ਉਹ ਰਸਤਾ ਹੈ ਜੋ ‘ਬਲੈਕਹੰਡਰਡ’ ਭੂਮੀਪਤੀਆਂ ਅਤੇ ਉਹਨਾ ਦੇ ਮੰਤਰੀ ਸਤੋਲਿਪਿਨ ਨੇ ਚੁਣਿਆ। ਉਹਨਾਂ ਨੇ ਮਹਿਸੂਸ ਕੀਤਾ ਕਿ ਜਦ ਤੱਕ ਭੂਮਾਲਕੀ ਦੇ ਜੰਗਾਲ਼ੇ ਮੱਧਯੁਗੀ ਰੂਪਾਂ ਨੂੰ ਤਾਕਤ ਨਾਲ਼ ਖਤਮ ਨਹੀਂ ਕਰ ਦਿੱਤਾ ਜਾਂਦਾ, ਤੱਦ ਤੱਕ ਰੂਸ ਦੇ ਵਿਕਾਸ ਦਾ ਰਸਤਾ ਸਾਫ ਨਹੀਂ ਕੀਤਾ ਜਾ ਸਕਦਾ ਅਤੇ ਉਹਨਾਂ ਨੇ ਭੂਮੀਪਤੀਆਂ ਦੇ ਹਿੱਤ ‘ਚ ਉਹਨਾਂ ਨੂੰ ਖਤਮ ਕਰਨ ਲਈ ਬੇਧੜਕ ਕੰਮ ਸ਼ੁਰੂ ਕਰ ਦਿੱਤਾ ਹੈ। ਅਰਧ-ਜਗੀਰੂ ਪੇਂਡੂ ਕਮਿਊਨਾਂ ਲਈ ਆਪਣੀ ਹਮਦਰਦੀ ਨੂੰ ਉਹਨਾਂ ਨੇ ਕਿਨਾਰੇ ਰੱਖ ਦਿੱਤਾ ਹੈ ਜੋ ਹਾਲੇ ਹੁਣੇ ਤੱਕ ਨੌਕਰਸ਼ਾਹੀ ਅਤੇ ਭੂਮੀਪਤੀਆਂ ਵਿਚਕਾਰ ਫੈਲੀ ਹੋਈ ਸੀ। ਪੇਂਡੂ ਕਮਿਊਨਾਂ ਨੂੰ ਉਹਨਾ ਨੇ ਤਾਕਤ ਨਾਲ਼ ਖਤਮ ਕਰਨ ਲਈ ਉਹਨਾਂ ਨੇ ਸਾਰੇ ‘ਸੰਵਿਧਾਨਕ’ ਕਨੂੰਨਾ ਦੀ ਅਣਦੇਖੀ ਕਰ ਦਿੱਤੀ ਹੈ। ਉਹਨਾਂ ਨੇ ਕੁਲਕਾਂ ਨੂੰ ਕਿਸਾਨੀ ਨੂੰ ਲੁੱਟਣ ਦੀ, ਭੂਮੀ ਮਾਲਕੀ ਦੇ ਪੁਰਾਣੇ ਢਾਂਚੇ ਨੂੰ ਖਤਮ ਕਰ ਦੇਣ ਦੀ, ਹਜ਼ਾਰਾਂ ਕਿਸਾਨਾਂ ਦੇ ਖੇਤੀ ਨੂੰ ਤਬਾਹ ਕਰ ਦੇਣ ਦੀ ਪੂਰੀ ਅਜ਼ਾਦੀ ਦੇ ਦਿੱਤੀ ਹੈ; ਉਹਨਾਂ ਨੇ ਮੱਧਯੁਗੀ ਪਿੰਡਾ ਨੂੰ “ਲੁੱਟ ਅਤੇ ਡਾਕੇ” ਦਾ ਸ਼ਿਕਾਰ ਬਨਾਉਣ ਲਈ ਪੈਸੇ ਵਾਲ਼ਿਆਂ ਦੇ ਹਵਾਲੇ ਕਰ ਦਿੱਤਾ ਹੈ। ਜੇਕਰ ਉਹਨਾਂ ਆਪਣੇ ਜਮਾਤੀ-ਹਕੂਮਤ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਇਸ ਤੋਂ ਵੱਧ ਉਹ ਕੁਝ ਵੀ ਹੋਰ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਖੁਦ ਨੂੰ ਸਰਮਾਏਦਾਰਾ ਵਿਕਾਸ ਅਨੁਸਾਰ ਢਾਲ਼ ਲੈਣ ਅਤੇ ਇਸਦੇ ਵਿਰੁੱਧ ਸੰਘਰਸ਼ ਨਾ ਕਰਨ ਦੀ ਜਰੂਰਤ ਨੂੰ ਮਹਿਸੂਸ ਕਰ ਲਿਆ ਹੈ ਅਤੇ ਆਪਣੀ ਜਮਾਤੀ-ਹਕੂਮਤ ਨੂੰ ਸੁਰੱਖਿਅਤ ਰੱਖਣ ਲਈ ਕਿਸਾਨ ਜਨਤਾ ਵਿਰੁੱਧ ਉਹਨਾਂ ਨੂੰ ‘ਨਦੌਲਤੀਆਂ’, ਰਾਜੂਵਾਏਵਾਂ ਅਤੇ ਕੋਲੂਪਾਏਵਾਂ ਤੋਂ ਇਲਾਵਾ ਕੋਈ ਹੋਰ ਮਿੱਤਰ ਨਹੀਂ ਮਿਲ ਸਕਦਾ। ਉਹਨਾ ਕੋਲ਼ ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ ਕਿ ਉਹ ਕੋਲੂਪਾਏਵਾਂ- ਨੂੰ ਹੋਕਾ ਦੇਵੇ: ਖੁਦ ਨੂੰ ਧਨੀ ਬਣਾ ਲਓ! ਜੇਕਰ ਤੁਸੀਂ ਨਵੀਆਂ ਹਾਲਤਾਂ ਵਿੱਚ ਸਾਡੀ ਹਕੂਮਤ ਦੇ ਅਧਾਰ ਨੂੰ ਬਚਾਉਣ ਲਈ ਸਾਡੀ ਮਦਦ ਕਰੋਗੇ ਤਾਂ ਅਸੀਂ ਤੁਹਾਡੇ ਲਈ ਇੱਕ ਰੂਬਲ ਤੋਂ ਸੌ ਰੂਬਲ ਕਮਾਉਣਾ ਸੰਭਵ ਬਣਾ ਦਵਾਂਗੇ। ਜੇਕਰ ਸਫਲਤਾਪੂਰਵਕ ਲਾਗੂ ਕੀਤਾ ਜਾਏ ਤਾਂ ਵਿਕਾਸ ਦਾ ਇਹ ਰਸਤਾ ਕਿਸਾਨਾਂ ਅਤੇ ਮਜ਼ਦੂਰਾਂ ਵਿਰੁੱਧ ਵੱਡੇ ਪੱਧਰ ‘ਤੇ, ਵਿਵਸਥਿਤ ਅਤੇ ਕੰਟੋਰਲ ਮੁਕਤ ਹਿੰਸਾ ਦੀ ਮੰਗ ਕਰਦਾ ਹੈ ਅਤੇ ਭੁਮੀਪਤੀ ਉਲਟ ਇਨਕਲਾਬ ਇਸ ਹਿੰਸਾ ਨੂੰ ਸਿਲਸਲੇਵਾਰ ਲਗਾਤਾਰਤਾ ਨਾਲ਼ ਜਥੇਬੰਦ ਕਰਨ ਲਈ ਕਾਹਲੀ ਮਚਾ ਰਿਹਾ ਹੈ।

ਵਿਕਾਸ ਦੇ ਦੂਸਰੇ ਮਾਰਗ ਨੂੰ ਸਰਮਾਏਦਾਰੀ ਦੇ ਵਿਕਾਸ ਦਾ ਅਮਰੀਕੀ ਮਾਰਗ ਕਹਿੰਦੇ ਹਨ, ਜਦਕਿ ਪਹਿਲੇ ਵਾਲ਼ੇ ਨੂੰ ਪ੍ਰਸ਼ਿਆਈ ਮਾਰਗ। ਇਸ ਅਧੀਨ ਵੀ, ਭੂਮੀ ਮਾਲਕੀ ਦੇ ਪੁਰਾਣੇ ਢਾਂਚੇ ਦਾ ਤਾਕਤ ਨਾਲ਼ ਖਾਤਮਾ ਹੁੰਦਾ ਹੈ, ਰੂਸ ਵਿੱਚ ਬਹੁਤ ਹੀ ਗੰਭੀਰ ਮੌਜੂਦਾ ਸੰਕਟ ਦੇ ਇੱਕ ਪੀੜਾ ਰਹਿਤ ਸ਼ਾਂਤੀਪੂਰਨ ਸਿੱਟਿਆਂ ਦੀ ਸੰਭਾਵਨਾ ਦਾ ਸੁਪਨਾ ਸਿਰਫ ਰੂਸੀ ਉਦਾਰਵਾਦ ਦੇ ਮੰਦ-ਬੁੱਧੀ ‘ਫਿਲਿਸਟਾਇਨ’ ਹੀ ਦੇਖ ਸਕਦੇ ਹਨ।

ਪਰ (ਭੂਮਾਲਕੀ ਦੇ ਪੁਰਾਣੇ ਢਾਂਚੇ ਨੂੰ-ਅਨੁ) ਨਸ਼ਟ ਕਰਨ ਲਈ ਇਸ ਲਾਜ਼ਮੀ ਅਤੇ ਜਰੂਰੀ ਕੰਮ ਨੂੰ ਭੂਮਾਲਕ ਗਰੋਹਾਂ ਦੀ ਬਜਾਇ ਕਿਸਾਨ ਲੋਕਾਈ ਦੇ ਹਿੱਤ ਵਿੱਚ ਵੀ ਕੀਤਾ ਜਾ ਸਕਦਾ ਹੈ। ਕਿਸੇ ਭੂਮੀ ਮਾਲਕ ਢਾਂਚੇ ਤੋਂ ਬਿਨਾਂ, ਚਾਹੇ ਜੋ ਵੀ ਹੋਵੇ, ਸਰਮਾਏਦਾਰਾ ਵਿਕਾਸ ਲਈ ਅਜ਼ਾਦ ਮਾਲਕ ਕਿਸਾਨਾਂ ਦਾ ਸਮੂਹ ਅਧਾਰ ਦਾ ਕੰਮ ਕਰ ਸਕਦਾ ਹੈ, ਕਿਉਂਕਿ ਪਹਿਲੀ ਕਿਸਮ ਦਾ (ਭੂਮਾਲਕੀ-ਅਨੁ) ਅਰਥਚਾਰਾ ਸਮੁੱਚਤਾ ਵਿੱਚ ਲੈਣ ‘ਤੇ ਆਰਥਿਕ ਰੂਪ ਵਿੱਚ ਪਿਛਾਂਹਖਿੱਚੂ ਹੈ, ਜਦ ਕਿ ਕਿਸਾਨ ਸਮੂਹ ਵਿੱਚ ਅਜ਼ਾਦ ਖੇਤੀ ਦੇ ਤੱਤ ਦੇਸ਼ ਦੇ ਪਹਿਲੇ ਆਰਥਿਕ ਇਤਿਹਾਸ ਦੁਆਰਾ ਪੈਦਾ ਕੀਤੇ ਗਏ ਹਨ। ਘਰੇਲੂ ਬਜ਼ਾਰ ਦੇ ਜਬਰਦਸਤ ਵਿਕਾਸ ਅਤੇ ਪੂਰੀ ਅਬਾਦੀ ਦੇ ਸੱਭਿਆਚਾਰ, ਪਹਿਲਕਦਮੀ, ਊਰਜਾ ਅਤੇ ਜੀਵਨ-ਪੱਧਰ ਵਿੱਚ ਵਾਧੇ ਕਾਰਨ ਅਜਿਹੇ ਮਾਰਗ ਜ਼ਰੀਏ ਸਰਮਾਏਦਾਰਾ ਵਿਕਾਸ ਮੁਕਾਬਲਤਨ ਜ਼ਿਆਦਾ ਵਿਆਪਕ ਅਤੇ ਸੁਤੰਤਰ ਰੂਪ ਵਿੱਚ ਅਤੇ ਤੇਜ਼ੀ ਨਾਲ਼ ਹੋਣਾ ਚਾਹੀਦਾ ਅਤੇ ਬਸਤੀਵਾਦੀਕਰਨ ਲਈ ਉਪਲਬਧ ਰੂਸ ਦਾ ਵਿਸ਼ਾਲ ਭੂ-ਭਾਗ, ਜਿਸਦਾ ਉਪਯੋਗ ਮੁੱਖ ਰੂਪ ‘ਚ ਕਿਸਾਨ ਅਬਾਦੀ ਦੀ ਲੁੱਟ ਅਤੇ ਭੂਮੀ ਨੀਤੀ ਦੇ ਜਗੀਰੂ ਨੌਕਰਸ਼ਾਹੀ ਸੰਚਾਲਨ ਦੁਆਰਾ ਜ਼ਿਆਦਾ ਰੁਕਿਆ ਹੋਇਆ ਹੈ- ਇਹ ਭੂ-ਭਾਗ ਖੇਤੀ ਨੂੰ ਵਿਆਪਕ ਵਿਸਤਾਰ ਅਤੇ ਗਹਿਰਾਈ ਅਤੇ ਫੈਲਾਅ- ਦੋਨੋਂ ਹੀ ਤਰ੍ਹਾਂ ਨਾਲ਼ ਵਧੀ ਹੋਈ ਪੈਦਾਵਾਰ ਨੂੰ ਆਰਥਿਕ ਬੁਨਿਆਦ ਉਪਲਬਧ ਕਰਾਉਣਗੇ।

ਵਿਕਾਸ ਦੇ ਇਸ ਰਸਤੇ ਲਈ ਸਿਰਫ ਭੂਮਾਲਕੀ ਢਾਚੇ ਦੇ ਖਾਤਮੇ ਦੀ ਹੀ ਜਰੂਰਤ ਨਹੀਂ ਹੈ, ਕਿਉਂਕਿ ਸਦੀਆਂ ਤੋਂ ਚੱਲੇ ਆ ਰਹੇ ਜਗੀਰੂ ਭੂਮੀ-ਮਾਲਕਾਂ ਦੀ ਹਕੂਮਤ ਨੇ ਦੇਸ਼ ਵਿੱਚ ਜ਼ਮੀਨ ਦੀ ਮਾਲਕੀ ਦੇ ਸਾਰੇ ਰੂਪਾਂ ‘ਤੇ ਜਿਵੇਂ ਕਿ ਕਿਸਾਨ ਅਲਾਟਮੈਂਟ ‘ਤੇ, ਉਸੇ ਤਰ੍ਹਾਂ ਮੁਕਾਬਲਤਨ ਅਜ਼ਾਦ ਸਰਹੱਦੀ ਸੂਬਿਆਂ ਦੇ ਬਸ਼ਿੰਦਿਆਂ ਦੀਆਂ ਜੋਤਾਂ ‘ਤੇ ਆਪਣੀ ਛਾਪ ਛੱਡ ਦਿੱਤੀ ਹੈ, ਨਿਰੰਕੁਸ਼ਸ਼ਾਹੀ ਦੀ ਪੂਰੀ ਬਸਤੀਵਾਦੀਕਰਨ ਦੀ ਨੀਤੀ ਵਿੱਚ ਦਕੀਆਨੂਸ ਨੌਕਰਸ਼ਾਹੀ ਦਾ ਏਸ਼ੀਆਈ ਦਖਲ ਵਿਆਪਤ ਹੈ ਜਿਸ ਨੇ ਵਸਣ ਵਾਲ਼ਿਆਂ ਨੂੰ ਅਜ਼ਾਦ ਰੂਪ ‘ਚ ਸਥਾਪਿਤ ਹੋਣ ਤੋਂ ਰੋਕਿਆ ਹੈ, ਨਵੇਂ ਭੁਮੀ ਸਬੰਧਾਂ ਵਿੱਚ ਭਿਆਨਕ ਘਪਲਾ ਪੈਦਾ ਕੀਤਾ ਹੈ ਅਤੇ ਸਰਹੱਦੀ-ਇਲਾਕਿਆਂ ਨੂੰ ਮੱਧ ਰੂਸ ਦੀ ਜਗੀਰੂ ਨੌਕਰਸ਼ਾਹੀ ਦੇ ਜ਼ਹਿਰ ਨਾਲ਼ ਭਰ ਦਿੱਤਾ ਹੈ। ਰੂਸ ਵਿੱਚ ਸਿਰਫ ਭੂਮਾਲਕੀ ਦਾ ਢਾਂਚਾ ਹੀ ਨਹੀਂ ਸਗੋਂ, ਕਿਸਾਨ ਅਲਾਟਮੈਂਟ ਢਾਂਚਾ ਵੀ ਮੱਧਯੁਗੀ ਹੈ। ਦੂਸਰਾ (ਕਿਸਾਨ ਅਲਾਟਮੈਂਟ- ਅਨੁ) ਗੈਰਯਕੀਨੀ ਰੂਪ ‘ਚ ਗੁੰਝਲਦਾਰ ਹੈ। ਇਸ ਨੇ ਕਿਸਾਨਾਂ ਨੂੰ ਹਜ਼ਾਰਾਂ ਛੋਟੀਆਂ ਇਕਾਈਆਂ, ਮੱਧਯੁਗੀ ਸਮੂਹਾਂ ਅਤੇ ਸਮਾਜਿਕ ਜਮਾਤਾਂ ਵਿੱਚ ਵੰਡ ਦਿੱਤਾ ਹੈ। ਇਹ ਕਿਸਾਨੀ ਭੂਮੀ-ਸਬੰਧਾਂ ‘ਚ ਕੇਂਦਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ, ਦੋਨਾਂ ਦੀ ਹੰਕਾਰੀ ਦਖਲਅੰਦਾਜ਼ੀ ਦੇ ਯੁਗਾਂ ਪੁਰਾਣੇ ਇਤਿਹਾਸ ਨੂੰ ਪ੍ਰਗਟਾਉਂਦਾ ਹੈ। ਇਹ ਕਿਸਾਨਾਂ ਨੂੰ “ਘੇਟੋ” ਦੀ ਤਰ੍ਹਾ ਦੇ, ਵਿੱਤੀ, ਟੈਕਸ ਉਗਰਾਉਣ ਵਾਲ਼ੀਆਂ ਛੋਟੀਆਂ ਮੱਧਯੁਗੀ ਸੰਸਥਾਵਾਂ ਵਿੱਚ, ਅਲਾਟਮੈਂਟ ਭੂਮੀ ਦੀ ਮਾਲਕੀ ਦੀਆਂ ਸੰਸਥਾਵਾਂ ਵਿੱਚ, ਯਾਨੀ ਪੇਂਡੂ ਕਮਿਊਨਾ ਵਿੱਚ ਬੰਨ੍ਹ ਦਿੰਦਾ ਹੈ। ਅਤੇ ਰੂਸ ਦਾ ਆਰਥਿਕ ਵਿਕਾਸ ਹਕੀਕਤ ਵਿੱਚ, ਇੱਕ ਪਾਸੇ ਅਲਾਟਮੈਂਟ, ਖਰੀਦੀ ਗਈ ਸੰਪੱਤੀ, ਭੂਮਾਲਕ ਤੋਂ ਕਿਰਾਏ ‘ਤੇ ਮਿਲੀ ਜ਼ਮੀਨ, ਰਾਜ ਤੋਂ ਪ੍ਰਾਪਤ ਕਿਰਾਏ ਦੀ ਜ਼ਮੀਨ ਆਦਿ ਰੂਪਾਂ ਵਾਲ਼ੇ ਜ਼ਮੀਨ ਦੇ ਟੁਕੜਿਆਂ ਦੀ ਜਗ੍ਹਾ ‘ਤੇ ਭਵਿੱਖ ਦੇ ਅਜ਼ਾਦ ਮਾਲਕ ਕਿਸਾਨਾਂ (ਜਾਂ ਜੁੰਕਰ ਰੂਸ ਦੇ ਭਾਗੀ ਗਰਾਸਬਉਰਨ) ਦੁਆਰਾ ਫਾਰਮਿੰਗ ਦੇ ਢਾਂਚੇ ਨੂੰ ਜਨਮ ਦੇਕੇ ਕਿਸਾਨਾਂ ਨੂੰ ਇਸ ਮੱਧਯੁਗੀ ਮਹੌਲ ਤੋਂ ਬਾਹਰ ਕੱਢ ਰਿਹਾ ਹੈ।” (ਲੈਨਿਨ:’ਸਮਾਜਿਕ ਜਮਹੂਰੀਅਤ ਦਾ ਭੂਮੀ ਪ੍ਰੋਗਰਾਮ’, ਸੰਗ੍ਰਹਿਤ ਰਚਨਾਵਾਂ, ਖੰਡ 13,ਪੰਨਾ 422-24, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1962, ਅੰਗਰੇਜ਼ੀ ਛਾਪ) (ਅਨੁਵਾਦ ਅਤੇ ਜੋਰ ਸਾਡਾ)

ਹੁਣ ਜੇਕਰ ਕਿਸੇ ਦੇਸ਼ ‘ਚ ‘ਜੁੰਕਰ ਮਾਰਗ’ ਜ਼ਰੀਏ ਪੈਦਾਵਾਰ ਦੇ ਸਰਮਾਏਦਾਰਾ ਸਬੰਧ ਸਥਾਪਤ ਹੋ ਜਾਣ ਅਤੇ ਉੱਥੇ ਸੱਤ੍ਹਾ ਦਾ ਸਰੂਪ ਵੀ ਬੁਰਜੂਆ ਹੋਵੇ, ਕੀ ਉੱਥੇ ਵੀ ਜਮਹੂਰੀ/ਨਵ-ਜਮਹੂਰੀ ਇਨਕਲਾਬ ਹੋਵੇਗਾ? ਕੋਈ ਕਠਮੁੱਲਾ ਹੀ ਇਸ ਸਵਾਲ ਦਾ ਹਾਂ ‘ਚ ਜਵਾਬ ਦੇ ਸਕਦਾ ਹੈ।

ਭਾਰਤ ਵਿੱਚ ਸਮਾਜਵਾਦੀ ਇਨਕਲਾਬ ਦਾ ਪੜਾਅ ਅਤੇ ਟਰਾਟਸਕੀਵਾਦ

ਸਾਡਾ ਮੰਨਣਾ ਹੈ ਕਿ ਭਾਰਤ ‘ਚ 1947 ਤੋਂ ਬਾਅਦ ‘ਜੁੰਕਰ ਮਾਰਗ’ ਜ਼ਰੀਏ ਹੋਏ ਸਰਮਾਏਦਾਰੀ ਵਿਕਾਸ ਜ਼ਰੀਏ 1960 ਵਿਆਂ ਦੇ ਅੰਤ ਤੋਂ ਹੀ ਭਾਰਤ ‘ਚ ਪੈਦਾਵਾਰ ਦੇ ਭਾਰੂ ਸਬੰਧ ਸਰਮਾਏਦਾਰਾ ਹੋ ਗਏ ਸਨ। ਉਸ ਤੋਂ ਬਾਅਦ ਭਾਰਤ ‘ਚ ਸਰਮਾਏਦਾਰੀ ਵਿਕਾਸ ਵਧੇਰੇ ਪ੍ਰਪੱਕ ਹੀ ਹੋਇਆ ਹੈ। ਇਸ ਸਬੰਧੀ ਅਸੀਂ ਇੱਕ ਵਿਸਥਾਰੀ ਲੇਖ ਪਹਿਲਾਂ ਹੀ ਪ੍ਰਤੀਬੱਧ ‘ਚ ਲਿਖ ਚੁੱਕੇ ਹਾਂ। ਉਸ ਲੇਖ ਦੀਆਂ ਪੋਜ਼ੀਸ਼ਨਾ/ਤਰਕਾਂ ਨੂੰ ਅਸੀਂ ਇੱਥੇ ਦੁਹਰਾਵਾਂਗੇ ਨਹੀਂ। ਇਹ ਲੇਖ ਇੱਕ ਵੱਖਰੀ ਪੁਸਤਕ (“ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ-1990 ਤੋਂ ਬਾਅਦ ਹੋਈਆਂ ਤਬਦੀਲੀਆਂ ਦਾ ਵੇਰਵਾ”) ਦੇ ਰੂਪ ‘ਚ ਵੀ ਛਪ ਚੁੱਕਾ ਹੈ। ਪਾਠਕ ਇਹ ਲੇਖ ਦੇਖ ਸਕਦੇ ਹਨ। ਭਾਰਤ ‘ਚ ਸੱਤ੍ਹਾ ਦਾ ਸਰੂਪ ਵੀ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਬੁਰਜੂਆ ਹੈ। ਇਸ ਅਧਾਰ ‘ਤੇ ਸਾਡਾ ਮੰਨਣਾ ਹੈ ਕਿ ਇੱਥੇ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ। ਭਾਰਤ ਦਾ ਸਮਾਜਵਾਦੀ ਇਨਕਲਾਬ ਰੂਸੀ ਜਾਂ ਕਿਸੇ ਹੋਰ ਇਨਕਲਾਬ ਦੀ ਨਕਲ ਨਹੀਂ ਹੋ ਸਕਦਾ। ਇਹ ਇੱਕ ਉੱਤਰ-ਬਸਤੀਵਾਦੀ ਦੇਸ਼ ‘ਚ ਸਰਮਾਏਦਾਰੀ ਵਿਰੋਧੀ-ਸਾਮਰਾਜ ਵਿਰੋਧੀ ਸਮਾਜਵਾਦੀ ਇਨਕਲਾਬ ਹੋਵੇਗਾ। ਜੋ ਆਪਣੇ ਕਾਰਜਾਂ ਅਤੇ ਅਤੀਤ ਦੇ ਸਮਾਜਵਾਦੀ ਇਨਕਲਾਬਾਂ ਤੋਂ ਭਿੰਨਤਾ ਕਾਰਨ ਨਵੀਂ ਤਰ੍ਹਾਂ ਦਾ ਸਮਾਜਵਾਦੀ ਇਨਕਲਾਬ ਹੋਵੇਗਾ।

‘ਇਨਕਲਾਬੀ ਸਾਡਾ ਰਾਹ’ ਭਾਰਤੀ ਸਮਾਜ ਦੇ ਖਾਸੇ ਬਾਰੇ ਸਾਡੀ ਸਮਝ ਅਤੇ ਇਸ ਦੇ ਅਧਾਰ ‘ਤੇ ਇਨਕਲਾਬ ਦੇ ਪੜਾਅ ਬਾਰੇ ਸਾਡੇ ਨਿਰਣੇ ‘ਤੇ ਬਾਦਲੀਲ ਬਹਿਸ ਕਰਨ ਦੀ ਬਜਾਏ ਸਾਡੇ ‘ਤੇ ਟਰਾਟਸਕੀਵਾਦੀ ਹੋਣ ਦਾ ਠੱਪਾ ਜੜ ਦਿੰਦਾ ਹੈ।

ਰੂਸ ਵਿੱਚ ਇਨਕਲਾਬ ਦੇ ਦਾਅਪੇਚਾਂ ਦੇ ਸਵਾਲ ‘ਤੇ ਵੱਖ-ਵੱਖ ਧਿਰਾਂ ‘ਚ ਬਹਿਸ ਚੱਲੀ ਸੀ। ਬਾਲਸ਼ਵਿਕ ਅਤੇ ਮੈਨਸ਼ਵਿਕ ਇਸ ਗੱਲ ‘ਤੇ ਸਹਿਮਤ ਸਨ ਕਿ ਰੂਸ ‘ਚ ਅਜੇ ਜਮਹੂਰੀ ਇਨਕਲਾਬ ਦਾ ਪੜਾਅ ਹੈ। ਪਰ ਮੈਨਸ਼ਿਵਿਕਾਂ ਦਾ ਕਹਿਣਾ ਸੀ ਕਿ ਇਸ ਇਨਕਲਾਬ ਦੀ ਅਗਵਾਈ ਬੁਰਜੂਆਜ਼ੀ ਕਰੇਗੀ। ਇਸ ਲਈ ਮਜ਼ਦੂਰ ਜਮਾਤ ਨੂੰ ਫਿਲਹਾਲ ਆਰਥਿਕ ਸੰਘਰਸ਼ਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਸ ਨੂੰ ਸਿਆਸੀ ਮੰਗਾਂ ਨਹੀਂ ਚੁੱਕਣੀਆਂ ਚਾਹੀਦੀਆਂ। ਇਸ ਨਾਲ਼ ਰੂਸੀ ਬੁਰਜੂਆਜ਼ੀ ਡਰ ਜਾਵੇਗੀ। ਪਰ ਲੈਨਿਨ ਦਾ ਕਹਿਣਾ ਸੀ ਕਿ ਰੂਸੀ ਬੁਰਜੂਆਜ਼ੀ ਉੱਥੇ ਜਮਹੂਰੀ ਇਨਕਲਾਬ ਦੀ ਅਗਵਾਈ ਕਰਨ ਦੇ ਅਯੋਗ ਹੈ, ਇਸ ਲਈ ਮਜ਼ਦੂਰ ਜਮਾਤ ਨੂੰ ਜਮਹੂਰੀ ਇਨਕਲਾਬ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਮਜ਼ਦੂਰ ਜਮਾਤ ਨੂੰ ਜਮਹੂਰੀ ਇਨਕਲਾਬ ਦੀ ਸਫਲਤਾ ‘ਤੇ ਹੀ ਰੁਕ ਨਹੀਂ ਜਾਣਾ ਚਾਹੀਦਾ ਸਗੋਂ ਬਿਨਾ ਰੁਕੇ ਸਮਾਜਵਾਦੀ ਇਨਕਲਾਬ ਵੱਲ ਵਧਣਾ ਚਾਹੀਦਾ ਹੈ। ਜਦ ਕਿ ਟਰਾਟਸਕੀ ਰੂਸ ‘ਚ ਜਮਹੂਰੀ ਇਨਕਲਾਬ ਦਾ ਪੜਾਅ ਉਲੰਘ ਕੇ ਸਿੱਧਾ ਸਮਾਜਵਾਦੀ ਇਨਕਲਾਬ ਕਰਨ ਦੀ ਵਕਾਲਤ ਕਰ ਰਿਹਾ ਸੀ। ਜਮਹੂਰੀ ਇਨਕਲਾਬ ਦਾ ਪੜਾਅ ਉਲੰਘ ਕੇ ਸਿੱਧਾ ਸਮਾਜਵਾਦੀ ਇਨਕਲਾਬ ਕਰਨ ਦਾ ਸਿਧਾਂਤ ਟਰਾਟਸਕੀ ਦੇ ਬਦਨਾਮ ਸਥਾਈ ਇਨਕਲਾਬ ਦਾ ਹੀ ਅੰਗ ਹੈ। ਇਸ ਲਈ ਜੇਕਰ ਕੋਈ ਜਮਹੂਰੀ ਇਨਕਲਾਬ ਦੇ ਪੜਾਅ ਨੂੰ ਉਲੰਘ ਕੇ ਸਿੱਧਾ ਸਮਾਜਵਾਦੀ ਇਨਕਲਾਬ ਦੀ ਵਕਾਲਤ ਕਰੇ ਤਾਂ ਉਹ ਨਿਸ਼ਚੇ ਹੀ ਟਰਾਟਸਕੀਵਾਦੀ ਕਹਾਵੇਗਾ। ਪਰ ਜਿੱਥੇ ਜਮਹੂਰੀ ਇਨਕਲਾਬ ਦਾ ਪੜਾਅ ਹੀ ਨਾ ਹੋਵੇ ਉੱਥੇ ਤਾਂ ਫਿਰ ਸਮਾਜਵਾਦੀ ਇਨਕਲਾਬ ਹੀ ਹੋਵੇਗਾ। ਸਰਮਾਏਦਾਰਾ ਦੇਸ਼ ‘ਚ ਜਿੱਥੇ ਜਮਹੂਰੀ ਇਨਕਲਾਬ ਦਾ ਪੜਾਅ ਗੁਜ਼ਰੇ ਜ਼ਮਾਨੇ ਦੀ ਗੱਲ ਬਣ ਚੁੱਕਾ ਹੈ, ਉੱਥੇ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਦੀ ਗੱਲ ਕਰਨਾ ਟਰਾਟਸਕੀਵਾਦੀ ਕਿਵੇਂ ਹੋ ਗਿਆ? ਇਸ ਲਈ ਸਾਡੇ ‘ਤੇ ਟਰਾਟਸਕੀਵਾਦ ਦਾ ਠੱਪਾ ਜੜਨ ਤੋਂ ਪਹਿਲਾਂ ‘ਇਨਕਲਾਬੀ ਸਾਡਾ ਰਾਹ’ ਨੂੰ ਭਾਰਤੀ ਸਮਾਜ ਦੇ ਖਾਸੇ ਬਾਰੇ ਸਾਡੇ ਵਿਚਾਰਾਂ ਦਾ ਖੰਡਨ ਕਰਨਾ ਚਾਹੀਦਾ ਹੈ। ਪਰ ਭਾਰਤੀ ਸਮਾਜ ਦੇ ਖਾਸੇ ਬਾਰੇ ਬਹਿਸ ਚਲਾਉਣ ਤੋਂ ‘ਇਨਕਲਾਬੀ ਸਾਡਾ ਰਾਹ’ ਬੁਰੀ ਤਰ੍ਹਾਂ ਤ੍ਰਹਿੰਦਾ ਹੈ।

ਇਸ ਲੇਖ ‘ਚ ਇਨਕਲਾਬੀ ਸਾਡਾ ਰਾਹ ਨੇ ਭਾਰਤੀ ਸਮਾਜ ਦੇ ਖਾਸੇ ਦੇ ਸਵਾਲ ਨੂੰ ਛੂਹਿਆ ਤੱਕ ਨਹੀਂ। ਬੱਸ ਮੰਨ ਲਓ ਮੂਲਧਨ ਵਾਂਗ ਇਹ ਮੰਨ ਲਿਆ ਕਿ “ਸਾਡੇ ਦੇਸ਼ ਵਿੱਚ ਨਵਜਮਹੂਰੀ ਇਨਕਲਾਬ ਦਾ ਪੜਾਅ ਹੈ”। ਇਸ ਲੇਖ ‘ਚ 1917 ਦੇ ਰੂਸ ਨਾਲ਼ੋਂ ਭਾਰਤ ਦੀਆਂ ਭਿੰਨਤਾਵਾਂ ਨੂੰ ਅਣਡਿੱਠਾ ਕਰਕੇ ‘ਇਨਕਲਾਬੀ ਸਾਡਾ ਰਾਹ’ ਬੱਚਿਆਂ ਵਾਂਗ ਜ਼ਿੱਦ ਕਰਦਾ ਹੈ ਕਿ ਜਿਵੇਂ ਰੂਸ ‘ਚ ਇਨਕਲਾਬ ਹੋਇਆ ਸੀ ਉਵੇਂ ਹੀ ਇਹ ਭਾਰਤ ‘ਚ ਇਨਕਲਾਬ ਕਰਨਗੇ। ਇਨਕਲਾਬੀ ਲਹਿਰ ‘ਚ ਚਾਰ-ਪੰਜ ਦਹਾਕੇ ਲਾਕੇ ਤਾਂ ਇਹ ਬਚਪਨਾ ਛੱਡ ਦੇਣਾ ਚਾਹੀਦਾ ਹੈ। ਪਰ ‘ਇਨਕਲਾਬੀ ਸਾਡਾ ਰਾਹ’ ਸਾਨੂੰ ਅਜਿਹੀ ਉਮੀਦ ਬਝਾਉਂਦਾ ਨਜ਼ਰ ਨਹੀਂ ਆਉਂਦਾ।  

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ