ਇਨਕਲਾਬੀ ਸਾਡਾ ਰਾਹ ਨੂੰ ਜਵਾਬ- 2 ਇਨਕਲਾਬ ‘ਚ ਕਿਸਾਨੀ ਦੀ ਭੂਮਿਕਾ – ‘ਇਨਕਲਾਬੀ ਸਾਡਾ ਰਾਹ’ ਵੱਲੋਂ ਅਰਥਾਂ ਦਾ ਅਨਰਥ •ਸੁਖਵਿੰਦਰ

ਪੀ.ਡੀ.ਐਫ਼ ਡਾਊਨਲੋਡ ਕਰੋ

ਮਾਰਕਸਵਾਦ ਦੇ ਵਿਕਾਸ ਦੇ ਸ਼ੁਰੂਆਤੀ ਪੜਾਅ ‘ਚ ਹੀ ਮਾਰਕਸਵਾਦ ਦੇ ਬਾਨੀਆਂ ਦਾ ਕਿਸਾਨ ਸਵਾਲ ਨਾਲ਼ ਵਾਹ ਪਿਆ। ਮਾਰਕਸਵਾਦ ਦੇ ਮੋਢੀ ਮਾਰਕਸ ਅਤੇ ਏਂਗਲਜ਼ ਪਹਿਲੇ ਸਨ ਜਿਹਨਾਂ ਇਸ ਸਵਾਲ ‘ਤੇ ਚਿੰਤਨ ਕੀਤਾ। ਜਿਹਨਾਂ ਸਰਮਾਏਦਾਰ ਦੇਸ਼ਾਂ ‘ਚ ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਸਮਾਜਵਾਦੀ ਇਨਕਲਾਬ ‘ਚ ਪ੍ਰੋਲੇਤਾਰੀ ਦੇ ਸੁਭਾਵਕ ਇਤਿਹਾਦੀਆਂ ਵਜੋਂ ਵੇਖਿਆ। ਸਰਮਾਏਦਾਰੀ ਵਿਕਾਸ ਦੀ ਬਦੌਲਤ ਬਹੁਗਿਣਤੀ ਕਿਸਾਨ ਵਸੋਂ ਦਾ ਆਪਣੇ ਨਿਗੂਣੇ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੇ ਹੋਕੇ, ਪ੍ਰੋਲੇਤਾਰੀਆਂ ‘ਚ ਬਦਲਣਾ ਸਰਮਾਏਦਾਰੀ ਵਿਕਾਸ ਦਾ ਅਟੱਲ ਨਿਯਮ ਹੈ। ਮਾਰਕਸਵਾਦ ਦੇ ਬਾਨੀ ਇਸ ਪ੍ਰਕ੍ਰਿਆ ਨੂੰ ਰੋਕਣ ਜਾਂ ਧੀਮੀ ਕਰਨ ਦੇ ਹੱਕ ਵਿੱਚ ਨਹੀਂ ਸਨ। ਉਹਨਾਂ ਦੀਆਂ ਨਜ਼ਰਾਂ ‘ਚ ਅਜਿਹੇ ਯਤਨ ਪਿਛਾਂਹਖਿੱਚੂ ਯੁਟੋਪੀਆ ਹਨ। ਉਹਨਾਂ ਇਹ ਵੀ ਕਿਹਾ ਕਿ ਸਰਮਾਏਦਾਰੀ ਢਾਂਚੇ ਤਹਿਤ ਕਿਸਾਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਉਹਨਾਂ ਦੀ ਮਾਲਕੀ ਬਚੀ ਰਹੇਗੀ, ਕਿਸਾਨਾਂ ਨੂੰ ਧੋਖਾ ਦੇਣਾ ਹੋਵੇਗਾ। ਬਾਅਦ ਦੇ ਮਾਰਕਸਵਾਦੀ ਅਧਿਆਪਕਾਂ ਆਗੂਆਂ, ਲੈਨਿਨ, ਸਤਾਲਿਨ ਅਤੇ ਮਾਓ ਨੇ ਕਿਸਾਨ ਪ੍ਰਸ਼ਨ ਦੇ ਮਾਰਕਸ-ਏਂਗਲਜ਼ ਦੇ ਚਿੰਤਨ ‘ਤੇ ਪਹਿਰਾ ਦਿੱਤਾ ਅਤੇ ਉਸਨੂੰ ਵਿਕਸਤ ਕੀਤਾ।

ਜਿੱਥੋਂ ਤੱਕ ਕਿਸਾਨੀ ‘ਚ ਜ਼ਮੀਨਾਂ ਵੰਡਣ ਦਾ ਸਵਾਲ ਹੈ, ਮਾਰਕਸਵਾਦ ਦੀ ਇਹ ਸਪੱਸ਼ਟ ਮਾਨਤਾ ਹੈ ਕਿ ਜਗੀਰੂ ਪੈਦਾਵਾਰੀ ਸਬੰਧਾਂ ਨੂੰ ਤੋੜਨ ਲਈ ਕਿਸਾਨੀ ‘ਚ ਜ਼ਮੀਨਾਂ ਦੀ ਵੰਡ ਇੱਕ ਅਗਾਂਹਵਧੂ ਇਨਕਲਾਬੀ ਕਦਮ ਹੈ, ਪਰ ਜੇਕਰ ਕਿਸੇ ਦੇਸ਼ ‘ਚ ਖੇਤੀ ‘ਚ ਸਰਮਾਏਦਾਰੀ ਪੈਦਾਵਾਰੀ ਸਬੰਧ ਵਿਕਸਿਤ ਹੋ ਚੁੱਕੇ ਹੋਣ ਤਾਂ ਉੱਥੇ ਕਿਸਾਨਾਂ ‘ਚ ਜ਼ਮੀਨਾਂ ਦੀ ਵੰਡ, ਵੱਡ ਪੱਧਰੀ ਸਰਮਾਏਦਾਰਾ ਪੈਦਾਵਾਰ ਦੀ ਥਾਂ ਨਿੱਕੀ ਜਿਣਸ ਪੈਦਾਵਾਰ ਨੂੰ ਦੇਣਾ, ਪਿਛਾਂਹਖਿੱਚੂ ਹੋਵੇਗਾ।

ਕਿਸਾਨ ਸਵਾਲ ‘ਤੇ ਮਾਰਕਸਵਾਦੀ ਪੈਂਤੜੇ ਦੀ ਇਸ ਸੰਖੇਪ ਵਿਆਖਿਆ ਤੋਂ ਬਾਅਦ ‘ਇਨਕਲਾਬੀ ਸਾਡਾ ਰਾਹ’ ਦੇ ਲੇਖ ‘ਇਨਕਲਾਬ ‘ਚ ਕਿਸਾਨੀ ਦਾ ਰੋਲ’ ਵੱਲ਼ ਆਉਂਦੇ ਹਾਂ ਅਤੇ ਕਿਸਾਨ ਸਵਾਲ ‘ਤੇ ਮਾਰਕਸਵਾਦੀ ਪੈਂਤੜੇ ਦੀ ਕਸੌਟੀ ‘ਤੇ ਇਸਨੂੰ ਪਰਖਦੇ ਹਾਂ। ‘ਇਨਕਲਾਬੀ ਸਾਡਾ ਰਾਹ’ ਦੇ ਇਸ ਲੇਖ ਦੇ ਦੋ ਕੇਂਦਰੀ ਨੁਕਤੇ ਹਨ। ਇੱਕ ਹੈ ਖੇਤੀ ਜਿਣਸਾ ਦੇ ਲਾਹੇਵੰਦ ਭਾਅ ਲਈ ਸੰਘਰਸ਼ ਦਾ ਸਵਾਲ ਅਤੇ ਦੂਸਰਾ ਹੈ, ਦੇਸ਼ ਦੀ ਵਰਤਮਾਨ ਸਥਿਤੀ, ਵਰਤਮਾਨ ਸਮਾਜੀ-ਆਰਥਿਕ ਸੰਰਚਨਾ ‘ਚ ਕਿਸਾਨੀ ‘ਚ ਜਮੀਨਾਂ ਦੀ ਵੰਡ ਦਾ ਸਵਾਲ। ਇਸ ਤੋਂ ਬਿਨਾਂ ਹੋਰ ਵੀ ਕਈ ਮਸਲੇ ਹਨ, ਜੋ ਮਹੱਤਵ ਨਜ਼ਰੀਏ ਤੋਂ ਇਹਨਾਂ ਤੋਂ ਬਾਅਦ ਹੀ ਆਉਂਦੇ ਹਨ। ‘ਇਨਕਲਾਬੀ ਸਾਡਾ ਰਾਹ’ ਦੇ ਇਸ ਲੇਖ ‘ਚ ਮਾਰਕਸਵਾਦੀ ਅਧਿਆਪਕਾਂ ਦੇ ਹਵਾਲਿਆਂ ਦੇ ਮਨਭਾਉਂਦੇ ਅਰਥ ਕੱਢੇ ਹਨ ਜਾਂ ਇੰਝ ਕਹਿ ਲਓ ਕਿ ਅਰਥਾਂ ਦੇ ਅਨਰਥ ਕੀਤੇ ਗਏ ਹਨ। ਲੈਨਿਨ, ਸਤਾਲਿਨ ਅਤੇ ਮਾਓ ਨੂੰ ਹਿੱਕ ਦੇ ਜ਼ੋਰ ਆਵਦੀ ਗਲਤ ਸਮਝ ਦੇ ਹੱਕ ‘ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ‘ਇਨਕਲਾਬੀ ਸਾਡਾ ਰਾਹ’ ਦੇ ਇਸ ਲੇਖ ‘ਤੇ ਨੁਕਤੇਵਾਰ ਆਪਣਾ ਪੱਖ ਰੱਖਾਂਗੇ।

ਇਸ ਲੇਖ ਦੀ ਸ਼ੁਰੂਆਤ ਇਹ ਸਾਬਤ ਕਰਨ ਤੋਂ ਹੁੰਦੀ ਹੈ ਕਿ ਕਿਵੇਂ ਕਿਸਾਨੀ ਜਮਹੂਰੀ ਇਨਕਲਾਬ ‘ਚ ਵੀ ਅਤੇ ਸਮਾਜਵਾਦੀ ਇਨਕਲਾਬ ‘ਚ ਵੀ ਪ੍ਰੋਲੇਤਾਰੀ ਦੀ ਇਤਹਾਦੀ ਹੈ, ਨਵ-ਜਮਹੂਰੀ ਇਨਕਲਾਬ ਦੀ ਮੁੱਖ ਤਾਕਤ ਕਿਸਾਨੀ ਹੁੰਦੀ ਹੈ ਆਦਿ। ਕਿਸੇ ਵੀ ਮਾਰਕਸਵਾਦੀ ਦਾ ਇਸ ਉੱਪਰ ਕੋਈ ਮਤਭੇਦ ਨਹੀਂ ਹੈ। ਪਰ ਜਦੋਂ ਕੋਈ ਧਿਰ ਕਿਸਾਨੀ ਨਾਲ਼ ਇਤਿਹਾਦ ਬਣਾਉਣ ਦੇ ਨਾਂ ਹੇਠ ਜਾਂ ਗਰੀਬ ਕਿਸਾਨਾਂ ਦੇ ਹਿੱਤਾਂ ਲਈ ਲੜਨ ਦੇ ਨਾਂ ਹੇਠ ਪੇਂਡੂ (ਖੇਤੀ) ਸਰਮਾਏਦਾਰੀ ਦੇ ਹਿੱਤਾਂ ਲਈ ਲੜਾਈ ਦੀ ਵਕਾਲਤ ਕਰਨ ਲੱਗੇ ਤਾਂ ਹਰ ਸੱਚਾ ਮਾਰਕਸਵਾਦੀ ਇਸ ਦਾ ਵਿਰੋਧ ਕਰੇਗਾ। ‘ਇਨਕਲਾਬੀ ਸਾਡਾ ਰਾਹ’ ਦਾ ਪੈਂਤੜਾ ਕੁਝ ਅਜਿਹਾ ਹੀ ਹੈ। ਦੇਖੋ ‘ਇਨਕਲਾਬੀ ਸਾਡਾ ਰਾਹ’ ਕੀ ਕਹਿੰਦਾ ਹੈ, “ਪਰ ਸਾਡੇ ਇੱਥੇ ਅਜਿਹੇ ਲੋਕ ਵੀ ਹਨ, ਜੋ ਕਹਿੰਦੇ ਹਨ ਕਿ ਬੇਜ਼ਮੀਨੇ ਅਤੇ ਗਰੀਬ ਕਿਸਾਨ ਨਾਲ਼ ਇਤਹਾਦ ਤਾਂ ਠੀਕ ਹੈ, ਪਰ ਇਸ ਤੋਂ ਉੱਪਰਲੀਆਂ ਪਰਤਾਂ, ਧਨੀ ਕਿਸਾਨੀ ਹੀ ਨਹੀਂ ਬਲਕਿ ਦਰਮਿਆਨੀ ਕਿਸਾਨੀ ਨਾਲ਼ ਇਤਹਾਦ ਵੀ ਇਨਕਲਾਬ ਤੋਂ ਮੂੰਹ ਮੋੜਨਾ ਹੈ। ਉਹ ਪੰਜਾਬ ਦੀਆਂ ਇਨਕਲਾਬੀ ਕਿਸਾਨ ਜੱਥੇਬੰਦੀਆਂ ਵੱਲੋਂ ਫ਼ਸਲਾਂ ਦੇ ਭਾਅ ਅਤੇ ਦਰਮਿਆਨੀ ਅਤੇ ਧਨੀ ਕਿਸਾਨੀ ਨੂੰ ਵੀ ਲਾਭ ਪਹੁੰਚਾਉਣ ਵਾਲ਼ੀਆਂ ਮੰਗਾਂ ‘ਤੇ ਸੰਘਰਸ਼ ਨੂੰ ਬਹੁਤ ਹੀ ਹਿਕਾਰਤ ਦੀ ਨਿਗਾਹ ਨਾਲ਼ ਦੇਖਦੇ ਹਨ ਅਤੇ ਇਸ ਨੂੰ ਭਿਅੰਕਰ ਕੁਤਾਹੀ ਸਮਝਦੇ ਹਨ। ਪਰ ਆਓ ਦੇਖੀਏ ਕਿ ਅਕਤੂਬਰ ਇਨਕਲਾਬ ਦੇ ਆਗੂ ਕਾਮਰੇਡ ਇਸ ਨੂੰ ਕਿਵੇਂ ਦੇਖਦੇ ਸਨ। ਕਾਮਰੇਡ ਸਟਾਲਿਨ ਯਾਨ ਸਕਈ ਦੇ ਖ਼ਤ ਦੇ ਜੁਆਬ ਵਿੱਚ ਲਿਖਦੇ ਹਨ, ”ਇਸ ਤਰ੍ਹਾਂ ਉਦਾਹਰਣ ਵਜੋਂ ਇਨਕਲਾਬ ਦੇ ਪਹਿਲੇ ਪੜਾਅ ਦੌਰਾਨ ਬੁਨਿਆਦੀ ਨਾਅਰਾ ਸੀ, ਜ਼ਾਰ ਅਤੇ ਭੂਮੀਪਤੀਆਂ ਵਿਰੁੱਧ ਅਤੇ ਬੁਰਜੂਆ ਜਮਹੂਰੀ ਇਨਕਲਾਬ ਵਿੱਚ ਜਿੱਤ ਪ੍ਰਾਪਤ ਕਰਨ ਲਈ ਸਮੁੱਚੀ ਕਿਸਾਨੀ ਨਾਲ਼ ਏਕਤਾ ਕਰਨਾ ਅਤੇ ਬੁਰਜੂਆਜੀ ਨੂੰ ਨਿਰਪੱਖ ਕਰਨਾ। ਇਸ ਤੱਥ ਦੇ ਬਾਵਜੂਦ ਕਿ 1905 ਦਾ ਇਨਕਲਾਬ ਅਸਫ਼ਲ ਹੋ ਗਿਆ, ਇਹ ਇੱਕ ਬਿਲਕੁਲ ਦਰੁੱਸਤ ਨਾਅਰਾ ਸੀ।”। ਹੋਰ ਅੱਗੇ ”ਇਸ ਤਰ੍ਹਾਂ ਉਦਾਹਰਣ ਲਈ ਫਰਵਰੀ 1917 ਦੇ ਇਨਕਲਾਬ ਨੇ ਜਾਰਸ਼ਾਹੀ ਅਤੇ ਭੂਮੀਪਤੀਆਂ ਦੇ ਰਾਜ ਨੂੰ ਉਲਟਾ ਦਿੱਤਾ, ਪਰ ਭੂਮੀਪਤੀਆਂ ਜ਼ਮੀਨ ਜਬਤ ਕਰਨ ਤੱਕ ਨਹੀਂ ਗਿਆ ਪਰ ਇਸ ਦਾ ਇਹ ਅਰਥ ਨਹੀਂ ਕਿ ਇਨਕਲਾਬ ਦੇ ਪਹਿਲੇ ਪੜਾਅ ‘ਚ ਸਾਡਾ ਬੁਨਿਆਦੀ ਨਾਅਰਾ ਦਰੁੱਸਤ ਨਹੀਂ ਸੀ।” (ਸਟਾਲਿਨ, ਪਾਰਟੀ ਦੇ ਤਿੰਨ ਬੁਨਿਆਦੀ ਨਾਅਰੇ, ਲੈਨਿਨਵਾਦ ਦੀਆਂ ਸਮੱਸਿਆਵਾਂ, ਸਫ਼ਾ 233) ਇਸ ਤੋਂ ਅੱਗੇ ਅਕਤੂਬਰ ਇਨਕਲਾਬ ਦੇ ਬਾਦ ਦੇ, ਦੂਸਰੇ ਪੜਾਅ ਦੇ ਨਾਅਰੇ ਦੀ ਵਿਆਖਿਆ ਕਰਦਿਆਂ ਕਾਮਰੇਡ ਸਟਾਲਿਨ ਕਹਿੰਦੇ ਹਨ, ”ਅਕਤੂਬਰ ਇਨਕਲਾਬ ਨੇ ਬੁਰਜੂਆਜੀ ਦਾ ਤਖਤਾ ਪਲਟ ਦਿੱਤਾ ਅਤੇ ਸੱਤਾ ਪ੍ਰੋਲੇਤਾਰੀ ਦੇ ਹੱਥਾਂ ਵਿੱਚ ਦੇ ਦਿੱਤੀ ਪਰ ਇਸ ਦਾ ਸਿੱਟਾ ਆਮ ਜਮਹੂਰੀ ਇਨਕਲਾਬ ਦੀ ਸੰਪੂਰਨਤਾ ਵਿੱਚ ਨਹੀਂ ਨਿੱਕਲਿਆ।” ਇਸ ਦੂਜੇ ਦੌਰ ਦੇ ਬੁਨਿਆਦੀ ਨਾਅਰੇ ਦੀ ਗੱਲ ਕਰਦਿਆਂ ਸਾਥੀ ਸਟਾਲਿਨ ਕਹਿੰਦੇ ਹਨ, ”ਇਹ ਸਮੇਂ ਦੇ ਖਾਸ ਦੌਰ ਤੱਕ ਫੈਲਿਆ ਹੋਇਆ ਸੀ ਪਰ ਇਸ ਦਾ ਅਰਥ ਇਹ ਨਹੀਂ ਕਿ ਇਸ ਦੌਰ ਵਿੱਚ ਪਾਰਟੀ ਦਾ ਬੁਨਿਆਦੀ ਨਾਅਰਾ ‘ਸ਼ਹਿਰਾਂ ਅਤੇ ਪਿੰਡਾਂ ਵਿੱਚ ਸਰਮਾਏਦਾਰੀ ਵਿਰੁੱਧ ਅਤੇ ਪ੍ਰੋਲੇਤਾਰੀ ਦੀ ਸੱਤਾ ਲਈ, ਗਰੀਬ ਕਿਸਾਨੀ ਨਾਲ਼ ਏਕਤਾ ਅਤੇ ਦਰਮਿਆਨੀ ਕਿਸਾਨੀ ਨੂੰ ਨਿਰਪੱਖ ਕਰਨਾ’ ਗ਼ਲਤ ਸੀ।” (ਸਟਾਲਿਨ, ਹਵਾਲਾ ਉਪਰੋਕਤ, ਸਫ਼ਾ 239) ਜ਼ਾਹਿਰ ਹੈ ਕਿ ਇਹਨਾਂ ਦੋਸਤਾਂ ਦੀ ਇਨਕਲਾਬੀ ਕਿਸਾਨ ਜੱਥੇਬੰਦੀਆਂ ਦੇ ਘੋਲ਼ਾਂ ਪ੍ਰਤੀ ਹਿਕਾਰਤ ਅਕਤੂਬਰ ਇਨਕਲਾਬ ਦੇ ਸਬਕਾਂ ‘ਤੇ ਅਧਾਰਿਤ ਨਹੀਂ, ਇਹਨਾਂ ਦੀ ਨਿੱਕ ਬੁਰਜੂਆ ਹਉਮੈ ਹੈ। ਪੰਨਾ 2-3

‘ਇਨਕਲਾਬੀ ਸਾਡਾ ਰਾਹ’ ‘ਚੋਂ ਇੱਥੇ ਇਹ ਲੰਬਾ ਹਵਾਲਾ ਇਸ ਲਈ ਦਿੱਤਾ ਗਿਆ ਹੈ ਤਾਂ ਕਿ ਪਾਠਕ ਦੇਖ ਸਕਣ ਕਿ ਇਹ ਪਰਚਾ ਨਾ ਸਿਰਫ ਸਾਡੀਆਂ ਪੋਜ਼ੀਸ਼ਨਾਂ ਨੂੰ ਸਗੋਂ ਮਾਰਕਸਵਾਦ ਦੇ ਬਾਨੀਆਂ ਦੀਆਂ ਗੱਲਾਂ ਦੀ ਵੀ ਮਨ ਭਾਉਂਦੀ ਵਿਆਖਿਆ ਕਰਦਾ ਹੈ। ਹੁਣ ਇਹਨਾਂ ਸਾਥੀਆਂ ਦੁਆਰਾ ਕਾਮਰੇਡ ਸਤਾਲਿਨ ਦਾ ਜੋ ਹਵਾਲਾ ਦਿੱਤਾ ਗਿਆ ਹੈ, ਉਸ ‘ਚ ਕਿੱਥੇ ਲਿਖਿਆ ਗਿਆ ਹੈ ਕਿ ਖੇਤੀ ਜਿਣਸਾਂ ਦੇ ਭਾਅ ਵਧਾਉਣ ਦੀ ਮੰਗ ਦੀ ਹਮਾਇਤ ਕੀਤੀ ਜਾਣੀ ਚਾਹੀਦੀ ਹੈ। ਕੀ ਬਾਲਸ਼ਵਿਕਾਂ ਨੇ ਆਪਣੇ ਪੂਰੇ ਇਤਿਹਾਸ ‘ਚ, ਲੈਨਿਨ ਅਤੇ ਸਤਾਲਿਨ ਨੇ ਆਪਦੇ ਪੂਰੇ ਸਿਆਸੀ ਜੀਵਨ ‘ਚ ਕਦੇ ਵੀ ਇਸ ਮੰਗ ਦੀ ਹਿਮਾਇਤ ਕੀਤੀ ਸੀ? ਇਸ ਮੰਗ ਦੀ ਹਮਾਇਤ ਤਾਂ ਦੂਰ ਸਗੋਂ ਮਾਰਕਸਵਾਦ ਅਜਿਹੀਆਂ ਮੰਗਾਂ ਦਾ ਵਿਰੋਧ ਕਰਦਾ ਹੈ। ਚੀਨ ਦੀ ਕਮਿਊਨਿਸਟ ਪਾਰਟੀ ਜਿਣਸਾਂ ਦੇ ਭਾਅ ਘਟਾਉਣ ਦੀ ਲੜਾਈ ਲੜਦੀ ਸੀ। ‘ਇਨਕਲਾਬੀ ਸਾਡਾ ਰਾਹ’ ਨੂੰ ਪਹਿਲਾਂ ਵੀ ਅਸੀਂ ਖੇਤੀ ਜਿਣਸਾਂ ਦੇ ਭਾਅ ਦੇ ਸੰਘਰਸ਼ ਦੀ ਹਿਮਾਇਤ ਬਾਰੇ ਸਵਾਲ ਪੁੱਛ ਚੁੱਕੇ ਹਾਂ। (ਦੇਖੋ ‘ਇਨਕਲਾਬੀ ਸਾਡਾ ਰਾਹ’ ਦੇ ਲੇਖ ‘ਤੇ ਟਿੱਪਣੀ, ‘ਵਿਚਾਰੇ ਬਣਕੇ ਰੂੰਘਾ ਲੈਣ ਦੀ ਥਾਂ ਆਪਣਾ ਥੜ੍ਹਾ ਮਜ਼ਬੂਤ ਕਰੋ, ਮਜ਼ਦੂਰਾਂ ਲਈ ਇਹ ਸੱਦਾ ਵਧੀਆ ਹੈ ਪਰ ਕਾਫੀ ਨਹੀਂ’, ਪ੍ਰਤੀਬੱਧ ਬੁਲੇਟਿਨ 26) ਇਸ ਸਬੰਧੀ ਅਸੀਂ ‘ਇਨਕਲਾਬੀ ਸਾਡਾ ਰਾਹ ਨੂੰ ਮੁੜ ਤੋਂ ਕੁਝ ਸਵਾਲ ਪੁੱਛਦੇ ਹਾਂ:-

(i) ਕੀ ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਦੀ ਮੰਗ ਦਾ ਸਭ ਤੋਂ ਵੱਧ ਫਾਇਦਾ ਖੇਤੀ ਬੁਰਜੂਆਜ਼ੀ ਨੂੰ ਨਹੀਂ ਹੁੰਦਾ? ਕੀ ਇਹ ਮੰਗ ਦੇਸ਼ ਦੀ ਵੱਡੀ ਬਹੁਗਿਣਤੀ ਕਿਰਤੀ ਅਬਾਦੀ, ਸ਼ਹਿਰੀ ਅਤੇ ਪੇਂਡੂ ਮਜ਼ਦੂਰ ਅਰਧ-ਮਜ਼ਦੂਰ, ਸ਼ਹਿਰੀ ਮੱਧਵਰਗ ਦੇ ਹਿੱਤਾਂ ਦੇ ਵਿਰੋਧ ‘ਚ ਨਹੀਂ ਹੈ? ਅੱਜ ਦੇਸ਼ ਦੀ ਕੁੱਲ ਕਿਰਤ ਸ਼ਕਤੀ ‘ਚ ਕਿਸਾਨੀ ਸਿਰਫ 24% ਰਹਿ ਗਈ ਹੈ। ਇਸ 24% ਚੋਂ ਅੱਗੇ 65% ਕਿਸਾਨ ਸੀਮਾਂਤ ਅਤੇ ਛੋਟੇ ਕਿਸਾਨ ਹਨ, ਜਿਹਨਾਂ ਦਾ ਖੇਤੀ ਜਿਣਸਾਂ ਦੇ ਭਾਅ ਵਧਣ ‘ਚ ਕੋਈ ਹਿੱਤ ਨਹੀਂ ਹੈ। ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਦਾ ਮੁੱਖ ਫਾਇਦਾ ਨਿਗੂਣੀ ਜੇਹੀ ਘੱਟ ਗਿਣਤੀ ਖੇਤੀ ਬੁਰਜੂਆਜ਼ੀ ਨੂੰ ਹੁੰਦਾ ਹੈ। ਹੁਣ ‘ਇਨਕਲਾਬੀ ਸਾਡਾ ਰਾਹ’ ਦੀ ਇਸ ਲੁਟੇਰੀ ਜਮਾਤ ਨਾਲ਼ ਕੀ ਸਾਂਝ ਹੈ ਕਿ ਉਹ ਇਸਦੇ ਮੁਨਾਫੇ ਵਧਾਉਣ ਲਈ ਪੱਬਾਂ ਭਾਰ ਹੋਇਆ ਹੈ? ਇਸਦਾ ਜਵਾਬ ਵੀ ‘ਇਨਕਲਾਬੀ ਸਾਡਾ ਰਾਹ’ ਹੀ ਦੇ ਸਕਦਾ ਹੈ।

(ii) ਮਾਰਕਸਵਾਦੀ ਸਿਆਸੀ ਆਰਥਿਕਤਾ ਸਿਖਾਉਂਦੀ ਹੈ ਕਿ ਮੁਨਾਫਾ ਮੰਡੀ ‘ਚ ਨਹੀਂ ਸਗੋਂ ਪੈਦਾਵਾਰੀ ਪ੍ਰਕ੍ਰਿਆ ‘ਚੋਂ ਪੈਦਾ ਹੁੰਦਾ ਹੈ। ਮੰਡੀ ਵਿੱਚ ਸਿਰਫ ਜਿਣਸਾਂ ਦਾ ਬਰਾਬਰ ਦੀਆਂ ਕਦਰਾਂ ‘ਤੇ ਤਬਾਦਲਾ ਹੁੰਦਾ ਹੈ। ਹੁਣ ਜਦੋਂ ਮੰਡੀ ‘ਚੋਂ ਮੁਨਾਫਾ ਪੈਦਾ ਹੀ ਨਹੀਂ ਹੁੰਦਾ ਤਾਂ ਖੇਤੀ ਜਿਣਸਾਂ ਦੇ ਭਾਅ ਵਧਾਉਣ ਦੀ ਮੰਗ ਕਰਨ ਦੀ ਕੀ ਤੁਕ ਬਣਦੀ ਹੈ? ਇਸ ਮੰਗ ਦਾ ਥੋੜਾ ਹੋਰ ਵਿਸ਼ਲੇਸ਼ਣ ਕਰਦੇ ਹਾਂ। ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਦੀ ਲੜਾਈ ਜਿੱਥੇ ਮਜ਼ਦੂਰ ਜਮਾਤ ਦੇ ਵਿਰੋਧ ਵਿੱਚ ਹੈ, ਉੱਥੇ ਇਹ ਮੰਗ ਖੇਤੀ ਬੁਰਜੂਆਜ਼ੀ ਜਾਂ ਧਨੀ ਕਿਸਾਨੀ ਦੇ ਹੱਕ ਵਿੱਚ ਹੈ, ਕਿਉਂਕਿ ਇਹੋ ਉਹ ਜਮਾਤ ਹੈ ਜਿਸਨੂੰ ਖੇਤੀ ਜਿਣਸਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਧ ਫਾਇਦਾ ਹੁੰਦਾ ਹੈ। ਕਿਸਾਨੀ ਅੱਗੇ ਵੱਖ-ਵੱਖ ਪਰਤਾਂ ਵਿੱਚ ਵੰਡੀ ਹੋਈ ਹੈ। ਖੇਤੀ ਵਿੱਚ ਹੋਏ ਸਰਮਾਏਦਾਰ ਵਿਕਾਸ ਨੇ ਇਸਦੇ ਅੱਛੇ ਖਾਸੇ ਹਿੱਸੇ ਨੂੰ ਮਜ਼ਦੂਰਾਂ ਵਿੱਚ ਬਦਲ ਦਿੱਤਾ ਹੈ। ਮਾਲਕ ਕਿਸਾਨਾਂ ਦੀ ਵੱਡੀ ਗਿਣਤੀ ਗਰੀਬ ਅਤੇ ਦਰਮਿਆਨੇ ਕਿਸਾਨਾਂ ਦੀ ਹੈ। ਕਿਸਾਨੀ ਦੀ ਇਹ ਪਰਤ ਖਾਸ ਕਰਕੇ ਗਰੀਬ ਕਿਸਾਨੀ ਅੱਜ ਪੂੰਜੀ ਦੀ ਮਾਰ ਹੇਠ ਆਈ ਹੋਈ ਹੈ, ਗਰੀਬ ਅਤੇ ਦਰਮਿਆਨੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਜਾਇਦਾਦਹੀਣ ਮਜ਼ਦੂਰਾਂ ਦੀ ਕਤਾਰ ਲੰਬੀ ਕਰ ਰਹੇ ਹਨ ਅਤੇ ਇਹ ਪ੍ਰਕ੍ਰਿਆ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ।

ਇੱਕ ਜਿਣਸ ਪੈਦਾਕਾਰ ਹੋਣ ਕਾਰਨ ਗਰੀਬ ਕਿਸਾਨ ਵੀ ਹੋਰ ਮਾਲਕ ਕਿਸਾਨਾਂ (ਧਨੀ ਕਿਸਾਨਾਂ) ਨਾਲ਼ ਹੀ ਆਪਣੀ ਜਮਾਤੀ ਨੇੜਤਾ ਮਹਿਸੂਸ ਕਰਦਾ ਹੈ। ਉਸ ਨੂੰ ਭਰਮ ਹੁੰਦਾ ਹੈ ਕਿ ਜੇਕਰ ਉਸਦੀ ਫਸਲ (ਭਾਵੇਂ ਉਸ ਕੋਲ਼ ਵੇਚਣ ਵਾਸਤੇ ਫਸਲ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਹੈ) ਦੀ ਵਧੇਰੇ ਕੀਮਤ ਮਿਲ਼ੇ ਤਾਂ ਇੱਕ ਜਿਣਸ ਪੈਦਾਕਾਰ ਦੇ ਰੂਪ ਵਿੱਚ ਬਚਿਆ ਰਹਿ ਸਕਦਾ ਹੈ ਅਤੇ ਕਿਸੇ ਸਮੇਂ ਵੱਡਾ ਮਾਲਕ ਵੀ ਬਣ ਸਕਦਾ ਹੈ। ਲਾਹੇਵੰਦੇ ਭਾਵਾਂ ਦੀ ਲੜਾਈ ਵਿੱਚ ਧਨੀ ਕਿਸਾਨ ਗਰੀਬ ਕਿਸਾਨਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਉਠਾਉਂਦੇ ਹਨ। ਕਿਉਂਕਿ ਮਾਲਕ ਕਿਸਾਨਾਂ ਦਾ ਵੱਡਾ ਹਿੱਸਾ ਗਰੀਬ ਅਤੇ ਦਰਮਿਆਨੇ ਕਿਸਾਨਾਂ ਦਾ ਹੈ, ਇਸ ਇਹਨਾਂ ਖਾਸਕਰ ਗਰੀਬ ਕਿਸਾਨਾਂ ਦੇ ਸਮਰਥਨ ਤੋਂ ਬਗੈਰ ਧਨੀ ਕਿਸਾਨ ਆਪਣੀ ਲੜਾਈ ਨਾ ਤਾਂ ਲੜ ਸਕਦੇ ਹਨ ਅਤੇ ਨਾ ਹੀ ਜਿੱਤ ਸਕਦੇ ਹਨ। ਇਸ ਲਈ ਧਨੀ ਕਿਸਾਨ ਗਰੀਬ ਕਿਸਾਨਾਂ ਦੇ ਮਿੱਤਰ ਹੋਣ ਦਾ ਪਖੰਡ ਰਚਦੇ ਹਨ। ਧਨੀ ਕਿਸਾਨ ਖੇਤੀ ਲਾਗਤਾਂ ਵਿੱਚ ਵਾਧਾ ਹੋਣ ਕਾਰਨ ਖੇਤੀ ਪੈਦਾਵਾਰ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦੀ ਵਕਾਲਤ ਕਰਦੇ ਹਨ। ਇਸ ਤਰ੍ਹਾਂ ਉਹ ਗਰੀਬ ਕਿਸਾਨਾਂ ਨੂੰ ਵੀ ਗੁੰਮਰਾਹ ਕਰਕੇ ਆਪਣੇ ਸੰਘਰਸ਼ ਵਿੱਚ ਸ਼ਾਮਲ ਕਰ ਲੈਂਦੇ ਹਨ ਇਸ ਤਰ੍ਹਾਂ ਜੇਕਰ ਖੇਤੀ ਜਿਣਸਾਂ ਦੀਆਂ ਕੀਮਤਾਂ ਵਧ ਜਾਣ ਤਾਂ ਗਰੀਬ ਕਿਸਾਨਾਂ ਦੇ ਮੁਕਾਬਲੇ ਧਨੀ ਕਿਸਾਨਾਂ ਦੇ ਮੁਨਾਫੇ ਕਈ ਗੁਣਾਂ ਵਧ ਜਾਂਦੇ ਹਨ। ਵਿਸਤ੍ਰਿਤ ਮੁੜ ਪੈਦਾਵਾਰ ਕਰਨ ਵਾਲ਼ੀ ਧਨੀ ਕਿਸਾਨਾਂ ਦੀ ਇਹ ਜਮਾਤ ਇਸ ਵਧੇ ਹੋਏ ਮੁਨਾਫੇ ਨੂੰ ਮੁੜ ਖੇਤੀ ਵਿੱਚ ਨਿਵੇਸ਼ ਕਰਦੀ ਹੈ। ਵਿਸਤ੍ਰਿਤ ਮੁੜ ਪੈਦਾਵਾਰ ਦੀ ਇੱਕ ਸ਼ਰਤ ਇਹ ਵੀ ਹੈ ਕਿ ਖੇਤੀ ਵਿੱਚ ਲੱਗੇ ਸਰਮਾਏ ਵਿੱਚ ਵਾਧੇ ਨਾਲ਼ ਧਨੀ ਕਿਸਾਨਾਂ ਦੀ ਮਾਲਕੀ ਹੇਠ ਜ਼ਮੀਨ ਵਿੱਚ ਵੀ ਵਾਧਾ ਹੋਵੇ। ਇਸ ਲਈ ਉਹ ਪਹਿਲਾਂ ਤੋਂ ਹੀ ਉਜਾੜੇ ਕੰਢੇ ਖੜੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਕੇ ਉਹਨਾਂ ਨੂੰ ਮਜ਼ਦੂਰਾਂ ਦੀਆਂ ਸਫਾਂ ਵਿੱਚ ਸੁੱਟ ਦਿੰਦੇ ਹਨ। ਇਸ ਤਰ੍ਹਾਂ ਗਰੀਬ ਕਿਸਾਨਾਂ ਲਈ ਲਾਹੇਵੰਦੇ ਭਾਵਾਂ ਦੀ ਲੜਾਈ ਵਿੱਚ ਧੋਖਾ ਇੱਕ ਛਲਾਵਾ ਹੀ ਸਾਬਤ ਹੁੰਦੀ ਹੈ।

ਇਸ ਤਰ੍ਹਾਂ ਵੇਖਿਆ ਜਾਵੇ ਤਾਂ ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਦੀ ਲੜਾਈ ਜਿੱਥੇ ਮਜ਼ਦੂਰ ਜਮਾਤ ਨਾਲ਼ ਗੱਦਾਰੀ ਹੈ ਉੱਥੇ ਛੋਟੇ ਕਿਸਾਨਾਂ ਨਾਲ ਧੋਖਾ ਹੈ। ਕੀ ‘ਇਨਕਲਾਬੀ ਸਾਡਾ ਰਾਹ’ ਇਸ ਧੋਖਾਧੜੀ ਦੀ ਵਜ਼ਾਹਤ ਦਾ ਸਿਧਾਂਤਕ ਅਧਾਰ ਸਪੱਸ਼ਟ ਕਰੇਗਾ?

ਧਨੀ ਕਿਸਾਂਨ ਅਤੇ ਭਾਂਤ-ਸੁਭਾਂਤੇ ਖੱਬੇ ਪੱਖੀ ਖੇਤੀ ਲਾਗਤਾਂ ਵਧਣ ਨਾਲ਼ ਖੇਤੀ ਜਿਣਸਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਜੋ ਵਕਾਲਤ ਕਰਦੇ ਹਨ ਇਸਦੀ ਚੀਰਫਾੜ ਵੀ ਜਰੂਰੀ ਹੈ। ਮਾਰਕਸਵਾਦੀ ਸਿਆਸੀ ਆਰਥਿਕਤਾ ਸਿਖਾਂਉਂਦੀ ਹੈ ਕਿਸੇ ਵੀ ਜਿਣਸ ਦੀ ਕੀਮਤ ਉਸ ਦੀ ਕਦਰ ਦਾ ਹੀ ਮੁੱਦਰਿਕ ਪ੍ਰਗਟਾਵਾ ਹੁੰਦੀ ਹੈ। ਕਦਰ ਦਾ ਸਾਰਤੱਤ ਕਿਸੇ ਜਿਣਸ ਦੀ ਪੈਦਾਵਾਰ ਵਿੱਚ ਖਰਚ ਹੋਇਆ ਕੁੱਲ ਕਿਰਤ ਸਮਾਂ ਹੁੰਦਾ ਹੈ। ਪੈਦਾਵਾਰੀ ਪ੍ਰਕ੍ਰਿਆ ਸ਼ੁਰੂ ਕਰਨ ਲਈ ਸਰਮਾਏਦਾਰ ਆਪਣੇ ਸਰਮਾਏ ਨੂੰ ਦੋ ਮੱਦਾਂ ਉੱਪਰ ਖਰਚ ਕਰਦਾ ਹੈ। ਇੱਕ ਮਸ਼ੀਨਰੀ, ਕੱਚੇ ਮਾਲ ਆਦਿ ਉੱਪਰ, ਸਰਮਾਏ ਦਾ ਹਿੱਸਾ ਸਥਿਰ ਪੂੰਜੀ ਅਖਵਾਉਂਦਾ ਹੈ, ਦੂਸਰੇ ਕਿਰਤ ਸ਼ਕਤੀ ਦੀ ਖਰੀਦ ਉੱਪਰ, ਸਰਮਾਏ ਦਾ ਹਿੱਸਾ ਅਸਥਿਰ ਸਰਮਾਇਆ ਅਖਵਾਉਂਦਾ ਹੈ। ਮਸ਼ੀਨਰੀ, ਕੱਚਾ ਮਾਲ ਆਦਿ ਵੀ ਕਿਉਂਕਿ ਕਿਰਤ ਦੀ ਹੀ ਪੈਦਾਵਾਰ ਹੁੰਦੀ ਹੈ ਇਸ ਲਈ ਇਸ ਦੀ ਕੀਮਤ ਵੀ ਇਸਦੇ ਪੈਦਾਵਾਰ ਉੱਪਰ ਖਰਚ ਹੋਏ ਕੁੱਲ ਕਿਰਤ ਸਮੇਂ ਤੋਂ ਹੀ ਤੈਅ ਹੁੰਦੀ ਹੈ। ਕੱਚੇ ਮਾਲ ਉੱਪਰ ਜਦੋਂ ਕਿਰਤ ਸ਼ਕਤੀ ਕਾਰਜ ਕਰਦੀ ਹੈ ਤਾਂ ਕੁੱਲ ਕਦਰ ਵਿੱਚ ਵਾਧਾ ਹੁੰਦਾ ਹੈ। ਪਰ ਕੱਚਾ ਮਾਲ ਨਵੀਂ ਉਤਪਾਦਤ ਜਿਣਸ ਨੂੰ ਸਿਰਫ ਉੱਨੀ ਹੀ ਕਦਰ ਦਾ ਤਬਦਾਲਾ ਕਰ ਸਕਦਾ ਹੈ ਜਿੰਨੀ ਇਸ ਵਿੱਚ ਪਹਿਲਾਂ ਤੋਂ ਮੌਜੂਦ ਹੋਵੇ। ਭਾਵ ਕੱਚਾ ਮਾਲ ਕੋਈ ਨਵੀਂ ਕਦਰ ਪੈਦਾ ਨਹੀਂ ਕਰਦਾ। ਇਹ ਸਿਰਫ ਕਿਰਤ ਸ਼ਕਤੀ ਹੀ ਹੈ ਜੋ ਨਵੀਂ ਕਦਰ ਸਿਰਜਦੀ ਹੈ। ਪਰ ਸਰਮਾਏ ਦਾ ਮਾਲਕ ਕਿਰਤ ਸ਼ਕਤੀ ਦੇ ਮਾਲਕ ਭਾਵ ਮਜ਼ਦੂਰ ਨੂੰ ਉਸ ਦੁਆਰਾ ਸਿਰਜੀ ਕੁੱਲ ਨਵੀਂ ਕਦਰ ਦਾ ਸਿਰਫ ਇੱਕ ਛੋਟਾ ਹਿੱਸਾ ਹੀ ਉਸਨੂੰ ਦਿੰਦਾ ਹੈ, ਬਾਕੀ ਖੁਦ ਹੜੱਪ ਜਾਂਦਾ ਹੈ। ਸਰਮਾਏ ਦਾ ਮਾਲਕ ਇਸ ਜਿਣਸ ਨੂੰ ਇਸ ਵਿੱਚ ਸਾਕਾਰੀ ਗਈ ਕਦਰ ਉੱਪਰ ਵੇਚ ਕੇ ਹੀ ਮੁਨਾਫਾ ਕਮਾਉਂਦਾ ਹੈ। ਮਾਰਕਸ ਇਸ ਦੀ ਇਸ ਤਰ੍ਹਾਂ ਵਿਆਖਿਆ ਕਰਦੇ ਹਨ, “ਫਰਜ਼ ਕਰੋ ਕਿ ਕਿਰਤ ਦਾ ਔਸਤ ਘੰਟਾ ਛੇ ਪਰੈਂਸ ਦੇ ਬਰਾਬਰ ਕਦਰ ਵਿੱਚ ਸਾਕਾਰ ਹੁੰਦਾ ਹੈ ਜਾਂ ਕਿਰਤ ਦੇ ਬਾਰਾਂ ਘੰਟੇ ਛੇ ਸ਼ਲਿੰਗ ਵਿੱਚ ਸਾਕਾਰ ਹੁੰਦੇ ਹਨ, ਹੋਰ ਫਰਜ਼ ਕਰੋ ਕਿ ਕਿਰਤ ਦੀ ਕਦਰ ਤਿੰਨ ਸ਼ਲਿੰਗ ਜਾਂ ਛੇ ਘੰਟਿਆਂ ਦੀ ਕਿਰਤ ਦੀ ਉਪਜ ਹੈ। ਤਾਂ ਫਿਰ ਜੋ ਕਿਸੇ ਜਿਣਸ ਦੀ ਪੈਦਾਵਾਰ ਵਿੱਚ ਵਰਤੇ ਗਏ ਕੱਚੇ ਮਾਲ, ਮਸ਼ੀਨਰੀ ਵਗੈਰਾ ਵਿੱਚ ਔਸਤ ਕਿਰਤ ਦੇ ਚੌਵੀ ਘੰਟੇ ਲੱਗੇ ਹੋਣ ਤਾਂ ਇਸ ਦੀ ਕਦਰ ਬਾਰਾਂ ਸ਼ਲਿੰਗ ਹੋਵੇਗੀ। ਫਿਰ ਜੇ ਸਰਮਾਏਦਾਰ ਵੱਲੋਂ ਲਗਾਇਆ ਗਿਆ ਮਜ਼ਦੂਰ ਪੈਦਾਵਾਰ ਦੇ ਉਹਨਾਂ ਸਾਧਨਾਂ ਵਿੱਚ ਕਿਰਤ ਦੇ ਬਾਰਾਂ ਘੰਟੇ ਲਗਾ ਦੇਵੇ ਤਾਂ ਇਹ ਬਾਰਾਂ ਘੰਟੇ ਛੇ ਸ਼ਲਿੰਗ ਦੀ ਹੋਰ ਕਦਰ ਰਲ਼ਾ ਦੇਣਗੇ। ਇਸ ਲਈ ਉਪਜ ਦੀ ਕੁੱਲ ਕਦਰ ਸਾਕਾਰ ਹੋਈ ਕਿਰਤ ਦੇ ਛੱਤੀ ਘੰਟਿਆਂ ਦੇ ਬਰਾਬਰ ਅਤੇ ਅਠਾਰਾਂ ਸ਼ਲਿੰਗ ਦੇ ਬਰਾਬਰ ਹੋਵੇਗੀ। ਪਰ ਕਿਉਂਕਿ ਕਿਰਤ ਦੀ ਕਦਰ ਜਾਂ ਮਜ਼ਦੂਰ ਨੂੰ ਅਦਾ ਕੀਤੀਆਂ ਗਈਆਂ ਉਜਰਤਾਂ ਸਿਰਫ ਤਿੰਨ ਸ਼ਲਿੰਗ ਹੋਣਗੀਆਂ, ਇਸ ਲਈ ਮਜ਼ਦੂਰ ਵੱਲੋਂ ਕੀਤੀ ਗਈ ਅਤੇ ਜਿਣਸ ਦੀ ਕਦਰ ਵਿੱਚ ਸਾਕਾਰ ਹੋਈ ਵਾਧੂ ਕਿਰਤ ਦੇ ਛੇ ਘੰਟਿਆਂ ਦੇ ਬਰਾਬਰ ਸਰਮਾਏਦਾਰ ਨੇ ਕੋਈ ਅਦਾਇਗੀ ਨਹੀਂ ਕੀਤੀ ਹੋਵੇਗੀ। ਜਿਣਸ ਨੂੰ ਇਸ ਦੀ ਕਦਰ ਉੱਤੇ ਅਠਾਰਾਂ ਸ਼ਲਿੰਗ ਲਈ ਵੇਚਕੇ ਸਰਮਾਏਦਾਰ ਤਿੰਨ ਸ਼ਲਿੰਗ ਦੀ ਕਦਰ ਵਸੂਲ ਕਰ ਲਏਗਾ ਜਿਸ ਲਈ ਉਸਨੇ ਕੋਈ ਬਰਾਬਰ ਦੀ ਰਕਮ ਅਦਾ ਨਹੀਂ ਕੀਤੀ ਹੁੰਈ। ਇਹ ਤਿੰਨ ਸ਼ਲਿੰਗ ਵਾਧੂ ਕਦਰ ਜਾਂ ਮੁਨਾਫਾ ਹੋਣਗੇ, ਜਿਸਨੂੰ ਉਹ ਜੇਬ ਵਿੱਚ ਪਾ ਲਵੇਗਾ। ਇਸ ਦੇ ਸਿੱਟੇ ਵਜੋਂ ਸਰਮਾਏਦਾਰ ਜਿਣਸ ਨੂੰ ਇਸ ਦੀ ਕਦਰ ਤੋਂ ਜ਼ਿਆਦਾ ਕੀਮਤ ਉੱਤੇ ਵੇਚਕੇ ਨਹੀਂ, ਸਗੋਂ ਇਸਦੀ ਅਸਲ ਕਦਰ ਉੱਤੇ ਵੇਚ ਕੇ ਤਿੰਨ ਸ਼ਲਿੰਗ ਦਾ ਮੁਨਾਫਾ ਵਸੂਲ ਕਰ ਲਵੇਗਾ।” (ਮਾਰਕਸ, ਉਜਰਤ, ਕੀਮਤ ਅਤੇ ਮੁਨਾਫਾ)

ਜੇਕਰ ਸਰਮਾਏਦਾਰ ਆਪਣੀ ਜਿਣਸ ਨੂੰ ਉਸ ਦੀ ਕਦਰ ਤੋਂ ਵਧੇਰੇ ਕੀਮਤ ਉੱਪਰ ਵੇਚਣ ਵਿੱਚ ਕਾਮਯਾਬ ਹੋ ਵੀ ਜਾਵੇ ਤਾਂ ਇਸ ਨਾਲ਼ ਸਮੁੱਚੇ ਅਰਥਚਾਰੇ ਵਿੱਚ ਜਿਣਸਾਂ ਦੀ ਕੁੱਲ ਕਦਰ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮੁਨਾਫਾ ਮੰਡੀ ਵਿੱਚ ਨਹੀਂ ਸਗੋਂ ਪੈਦਾਵਾਰ ਦੀ ਪ੍ਰਕ੍ਰਿਆ ਵਿੱਚ ਪੈਦਾ ਹੁੰਦਾ ਹੈ। ਸਰਮਾਏਦਾਰ ਮੰਡੀ ਵਿੱਚ ਆਪਣੀ ਜਿਣਸ ਦੇ ਤਬਾਦਲੇ ਰਾਹੀਂ ਮੁਨਾਫ਼ਾ ਇਸ ਕਾਰਨ ਪ੍ਰਾਪਤ ਕਰਦਾ ਹੈ, ਕਿਉਂਕਿ ਉਸਦੀ ਜਿਣਸ ਵਿੱਚ ਪਹਿਲਾਂ ਹੀ ਮੁਨਾਫਾ ਹੁੰਦਾ ਹੈ। “ਵਪਾਰਕ ਸਰਮਾਇਆ ਸਧਾਰਨ ਰੂਪ ਵਿੱਚ ਗੇੜ ਦੇ ਖੇਤਰ ਵਿੱਚ ਕਾਰਜ਼ਸ਼ੀਲ ਸਰਮਾਇਆ ਹੈ। ਗੇੜ ਦੀ ਪ੍ਰਕ੍ਰਿਆ ਕੁੱਲ ਮੁੜ ਪੈਦਾਵਾਰ ਦੀ ਪ੍ਰਕ੍ਰਿਆ ਦਾ ਹੀ ਇੱਕ ਪੜਾਅ ਹੈ। ਪ੍ਰੰਤੂ ਗੇੜ ਦੀ ਪ੍ਰਕ੍ਰਿਆ ਵਿੱਚ ਕੋਈ ਕਦਰ ਪੈਦਾ ਨਹੀਂ ਹੁੰਦੀ ਅਤੇ ਇਸ ਲਈ ਨਾ ਹੀ ਕੋਈ ਵਾਧੂ ਕਦਰ ਪੈਦਾ ਹੁੰਦੀ ਹੈ। ਸਿਰਫ਼ ਕਦਰ ਦੀ ਇੱਕੋ ਮਾਤਰਾ ਦੇ ਰੂਪ ਤਬਦੀਲੀ ਹੁੰਦੀ ਹੈ।… ਜੇਕਰ ਉਤਪਾਦਤ ਜਿਣਸਾਂ ਦੀ ਵਿਕਰੀ ਤੋਂ ਵਾਧੂ ਕਦਰ ਹਾਸਲ ਕੀਤੀ ਜਾਂਦੀ ਹੈ ਤਾਂ ਇਹ ਸਿਰਫ਼ ਇਸ ਕਾਰਨ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਉਹਨਾਂ ਵਿੱਚ ਮੌਜੂਦ ਸੀ।” (ਕਾਰਲ ਮਾਰਕਸ, ਪੂੰਜੀ, ਜਿਲਦ ਤੀਜੀ ਪੰਨਾ 279, ਅੰਗਰੇਜ਼ੀ ਐਡੀਸ਼ਨ)

ਇਸ ਤਰ੍ਹਾਂ ਜੋ ਲੋਕ ਮੰਡੀ ਵਿੱਚੋਂ ਮੁਨਾਫ਼ਾ ਭਾਲ਼ਦੇ ਹਨ, ਉਹ ਮਾਰਕਸਵਾਦੀ ਸਿਆਸੀ ਅਰਥਿਕਤਾ ਤੋਂ ਉੱਕਾ ਹੀ ਨਾਵਾਕਿਫ਼ੀ ਦੀ ਨੁਮਾਇਸ਼ ਲਗਾਉਂਦੇ ਹਨ। ਖੇਤੀ ਵਸਤਾਂ ਦੇ ਲਾਹੇਵੰਦੇ ਭਾਵਾਂ ਦੀ ਮੰਗ ਬੇਅਰਥ ਹੈ, ਕਿਉਂਕਿ ਖੇਤੀ ਜਿਣਸਾਂ ਵਿੱਚ ਤਾਂ ਪਹਿਲਾਂ ਤੋਂ ਮੁਨਾਫ਼ਾ ਸ਼ਾਮਲ ਹੁੰਦਾ ਹੈ। ਮੰਡੀ ਵਿੱਚ ਚੀਜ਼ਾਂ ਦੀ ਖਰੀਦੋ-ਫਰੋਖਤ ਵਪਾਰ ਅਖਵਾਉਂਦੀ ਹੈ। ਸਰਮਾਏਦਾਰਾ ਮੰਡੀ ਵਿੱਚ ਸਰਮਾਏਦਾਰ ਆਪਣੀ ਜਿਣਸ ਦੀ ਵੱਧ ਤੋਂ ਵੱਧ ਕੀਮਤ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤਦੇ ਹਨ। ਮੰਡੀ ਵਿੱਚ ਜਿਣਸ ਦੀ ਉਸ ਕਦਰ ਤੋਂ ਵਧੇਰੇ ਕੀਮਤ ਉੱਪਰ ਵਿਕਰੀ ਜਿੱਥੇ ਇੱਕ ਲਾਭ ਪਹੁੰਚਾਉਂਦੀ ਹੈ, ਉੱਥੇ ਦੂਸਰੇ ਨੂੰ ਉਨਾ ਹੀ ਘਾਟਾ ਸਹਿਣਾ ਪੈਦਾ ਹੈ। ਇਸ ਸਬੰਧ ਵਿੱਚ ਕਾਰਲ ਮਾਰਕਸ ਬੈਜਮਿਨ ਫਰੈਂਕਲਿਨ ਦਾ ਹਵਾਲਾ ਦਿੰਦੇ ਹਨ, “ਜੰਗ ਡਕੈਤੀ, ਵਪਾਰ ਆਮ ਤੌਰ ਉੱਤੇ ਧੋਖਾਧੜੀ ਹੈ।” (ਕਾਰਲ ਮਾਰਕਸ-ਪੂੰਜੀ ਪਹਿਲੀ ਜਿਲਦ, ਪੰਨਾ 161, ਅੰਗਰੇਜ਼ੀ ਐਡੀਸ਼ਨ)

ਇਸ ਤਰ੍ਹਾਂ ਮੰਡੀ ਵਿੱਚ ਖੇਤੀ ਜਿਣਸਾਂ ਦੀਆਂ ਕੀਮਤਾਂ ਵਧਾਉਣ ਦੀ ਵਕਾਲਤ ਕਰਨ ਵਾਲ਼ੇ ਬੈਂਜਮਿਨ ਫਰੈਂਕਲਿਨ ਦੇ ਸ਼ਬਦਾਂ ਵਿੱਚ ਧੋਖਾਧੜੀ ਦੇ ਹੀ ਵਕੀਲ ਹਨ। ਇਹ ਧੋਖਾਧੜੀ ਵੀ ਉਹ ਮਜ਼ਦੂਰ ਜਮਾਤ ਨਾਲ਼ ਹੀ ਕਰ ਰਹੇ ਹਨ, ਜਿਸਦੇ ਰਾਹਨੁਮਾ ਹੋਣ ਦਾ ਉਹ ਦਾਅਵਾ ਕਰਦੇ ਹਨ। ਕਿਉਂਕਿ ਖੇਤੀ ਜਿਣਸਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ਼ ਧਨੀ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ, ਮਜ਼ਦੂਰਾਂ ਨੂੰ ਨੁਕਸਾਨ। ਅਸਲ ਵਿੱਚ ਲਾਭ ਜਾਂ ਮੁਨਾਫਾ ਵਧਾਉਣ ਦੀ ਲੜਾਈ ਸਰਮਾਏਦਾਰਾਂ ਦੇ ਇਸ ਜਾਂ ਉਸ ਧੜੇ ਦੀ ਤਾਂ ਹੋ ਸਕਦੀ ਹੈ, ਪਰ ਮਜ਼ਦੂਰ ਜਮਾਤ ਦੀ ਨਹੀਂ। ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਦੀ ਲੜਾਈ ਸਮਾਜ ਵਿੱਚ ਪੈਦਾ ਹੋਣ ਵਾਲ਼ੀ ਕੁੱਲ ਵਾਫਰ ਕਦਰ ਵਿੱਚ ਉਦਯੋਗਿਕ ਅਤੇ ਵਪਾਰਕ ਸਰਮਾਏ ਦੀ ਨਿਸਬਤ, ਖੇਤੀ ਬੁਰਜੂਆਜ਼ੀ ਦਾ ਹਿੱਸਾ ਵਧਾਉਣ ਦੀ ਲੜਾਈ ਹੈ…”

(iii) ਮਾਰਕਸਵਾਦੀ ਸਿਆਸੀ ਆਰਥਿਕਤਾ ਸਿਖਾਉਂਦੀ ਹੈ ਕਿ ਖੇਤੀ ਜਿਣਸਾਂ ਦਾ ਭਾਅ ਮਾੜੀ ਜ਼ਮੀਨ ਤੋਂ ਤੈਅ ਹੁੰਦਾ ਹੈ। ਇਸਦਾ ਮਤਲਬ ਹੈ ਵਧੀਆ ਜ਼ਮੀਨ ‘ਤੇ ਪੈਦਾ ਹੋਣ ਵਾਲ਼ੀਆਂ ਖੇਤੀ ਜਿਣਸਾਂ ਦਾ ਭਾਅ ਤਾਂ ਪਹਿਲਾਂ ਹੀ ਵੱਧ ਹੁੰਦਾ ਹੈ। ਹੁਣ ਜਿੱਥੇ ਪਹਿਲਾ ਹੀ ਮੁਨਾਫਾ ਹੋਵੇ ਉਸਨੂੰ ਹੋਰ ਵਧੇਰੇ ਵਧਾਉਣ ਦੀ ਕੀ ਤੁਕ ਬਣਦੀ ਹੈ?

ਉਪਰੋਕਤ ਹਵਾਲੇ ‘ਚ ‘ਇਨਕਲਾਬੀ ਸਾਡਾ ਰਾਹ’ ਨੇ ਇੱਕ ਕਲਪਿਤ ਧਿਰ ਖੜ੍ਹੀ ਕੀਤੀ ਹੈ, ਜੋ ਦਰਮਿਆਨੀ ਕਿਸਾਨੀ ਨਾਲ਼ ਇਤਿਹਾਦ ਨੂੰ ਇਨਕਲਾਬ ਤੋਂ ਮੂੰਹ ਮੋੜਨਾ ਸਮਝਦੀ ਹੈ। ਜਿੱਥੋਂ ਤੱਕ ਸਾਡਾ ਸਵਾਲ ਹੈ ਅਤੇ ਭਾਰਤ ਦੇ ਸਮਾਜਵਾਦੀ ਇਨਕਲਾਬ ‘ਚ ਗਰੀਬ ਅਤੇ ਦਰਮਿਆਨੀ ਕਿਸਾਨੀ ਨੂੰ ਇਤਿਹਾਦੀ ਸਮਝਦੇ ਹਾਂ। ਆਪਣੇ ਕਿਤਾਬਚੇ, ‘ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ’ ‘ਚ ਅਸੀਂ ਬਹੁਤ ਪਹਿਲਾਂ ਹੀ ਆਪਣੀ ਪੋਜ਼ੀਸ਼ਨ ਸਪੱਸ਼ਟ ਕਰ ਦਿੱਤੀ ਸੀ। ਇੱਥੇ ਇਸਨੂੰ ਇੱਕ ਵਾਰ ਫੇਰ ਦੁਹਰਾ ਦਿੰਦੇ ਹਾਂ, “ਕਮਿਊਨਿਸਟ ਜਦੋਂ ਵੀ ਕਿਸਾਨੀ ਸਵਾਲ ਨੂੰ ਸੰਬੋਧਤ ਹੁੰਦੇ ਹਨ, ਤਾਂ ਉਹ ਮਜ਼ਦੂਰ ਜਮਾਤ ਦੇ ਪੈਂਤੜੇ ਤੋਂ ਹੀ ਅਜਿਹਾ ਕਰ ਰਹੇ ਹੁੰਦੇ ਹਨ। ਉਹਨਾਂ ਲਈ ਇਹ ਸਵਾਲ ਪ੍ਰਮੁੱਖ ਹੁੰਦਾ ਹੈ ਕਿ ਕਿਸਾਨਾਂ ਦੀਆਂ ਇਨਕਲਾਬੀ ਸੰਭਾਵਨਾਵਾਂ ਨੂੰ ਮਜ਼ਦੂਰ ਇਨਕਲਾਬ ਦੇ ਹਿੱਤ ਵਿੱਚ ਕਿਵੇਂ ਭੁਗਤਾਇਆ ਜਾ ਸਕਦਾ ਹੈ।

…ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਵਿੱਚ ਭਾਰਤੀ ਖੇਤੀ ਵਿੱਚ ਹੋਏ ਸਰਮਾਏਦਾਰਾ ਵਿਕਾਸ ਦੀ ਬਦੌਲਤ ਕਿਸਾਨੀ ਵਿੱਚ ਵੀ ਵਿਭੇਦੀਕਰਨ ਦੀ ਪ੍ਰੀਕ੍ਰਿਆ ਜਾਰੀ ਰਹੀ ਹੈ। ਇਸੇ ਵਿਭੇਦੀਕਰਨ ਨੇ ਕਿਸਾਨੀ ਨੂੰ ਵੱਖ-ਵੱਖ ਹਿੱਤਾਂ ਵਾਲ਼ੇ, ਕਈ ਮਾਮਲਿਆਂ ਵਿੱਚ ਟਕਰਾਵੇਂ ਹਿੱਤਾਂ ਵਾਲ਼ੇ ਸਮੂਹਾਂ ਵਿੱਚ ਵੰਡ ਦਿੱਤਾ ਹੈ। ਇਸ ਦੇ ਇੱਕ ਸਿਰੇ ‘ਤੇ ਧਨੀ ਕਿਸਾਨੀ (ਪੇਂਡੂ ਸਰਮਾਏਦਾਰੀ) ਹੈ ਅਤੇ ਦੂਸਰੇ ਸਿਰੇ ‘ਤੇ ਉਜਰਤੀ ਖੇਤ ਮਜ਼ਦੂਰ। ਇਹ ਪੇਂਡੂ ਖੇਤਰ ਦੀਆਂ ਮੁੱਖ ਜਮਾਤਾਂ ਹਨ, ਜਿਨ੍ਹਾਂ ਦੇ ਹਿੱਤ ਮੂਲੋਂ ਹੀ ਟਕਰਾਵੇਂ ਹਨ, ਜਿਨ੍ਹਾਂ ਵਿੱਚ ਕੋਈ ਸੁਲਾਹ-ਸਮਝੌਤਾ ਮੁਮਕਿਨ ਨਹੀਂ ਹੈ।

ਭਾਰਤੀ ਅਰਥਚਾਰੇ ਦੀ ਸਰਮਾਏਦਾਰਾ ਰੂਪਬਦਲੀ ਨੇ, ਭਾਰਤੀ ਸਮਾਜ ਨੂੰ ਇੱਕ ਅਜਿਹੇ ਪੜਾਅ ‘ਤੇ ਲੈ ਆਂਦਾ ਹੈ, ਜਦੋਂ ਇਹ ਕਿਸੇ ਵੀ ਕਿਸਮ ਦੇ ਜਮਹੂਰੀ, ਨਵ ਜਮਹੂਰੀ ਇਨਕਲਾਬ ਦੇ ਪੜਾਅ ਨੂੰ ਪਾਰ ਕਰਕੇ, ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਭਾਰਤ ਦੇ ਜ਼ਰੱਈ ਖੇਤਰ ‘ਚੋਂ ਜਗੀਰੂ ਪੈਦਾਵਾਰੀ ਸਬੰਧਾਂ ਦੇ ਖਾਤਮੇ ਅਤੇ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਭਾਰੂ ਹੋਣ ਨਾਲ਼ ਧਨੀ ਕਿਸਾਨਾਂ ਦੀ (ਸਮੁੱਚੀ ਕਿਸਾਨੀ ਦੀ ਵੀ) ਜਗੀਰਦਾਰਾਂ ਨਾਲ਼ ਜਮਾਤੀ ਵਿਰੋਧਤਾਈ ਵੀ ਲੁਪਤ ਹੋ ਚੁੱਕੀ ਹੈ। ਅੱਜ ਧਨੀ ਕਿਸਾਨੀ ਭਾਰਤ ਦੀ ਰਾਜਸੱਤ੍ਹਾ ਉੱਪਰ ਕਾਬਜ਼ ਹਾਕਮ ਜਮਾਤੀ ਗੱਠਜੋੜ ਦਾ ਅੰਗ ਹੈ। ਭਾਰਤ ਦੇ ਪੇਂਡੂ ਖੇਤਰ ਵਿੱਚ ਕਿਸੇ ਵੀ ਇਨਕਲਾਬੀ ਹਲਚਲ ਦੀ ਧਨੀ ਕਿਸਾਨੀ ਕੱਟੜ ਦੁਸ਼ਮਣ ਹੈ। ਇਸ ਤਰਾਂ ਭਾਰਤ ਦੇ ਪੇਂਡੂ ਖੇਤਰ ਵਿੱਚ ਜਮਹੂਰੀ ਇਨਕਲਾਬ ਦੇ ਦੌਰ ਦਾ, ਇਨਕਲਾਬੀ ਸਾਂਝੇ ਮੋਰਚੇ ਦਾ ਸੰਗੀ, ਅੱਜ ਦੁਸ਼ਮਣਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਚੁੱਕਾ ਹੈ। ਜਿਸ ਤਰ੍ਹਾਂ ਅੱਜ ਭਾਰਤ ਦੇ ਸ਼ਹਿਰੀ ਖੇਤਰ ਵਿੱਚ ਛੋਟੇ ਸਰਮਾਏਦਾਰਾਂ (ਜਮਹੂਰੀ ਇਨਕਲਾਬ ਦੇ ਦੌਰ ਦੇ ਕੌਮੀ ਸਰਮਾਏਦਾਰਾਂ) ਦੀ ਜਮਾਤ ਦੇ ਹਾਕਮ ਜਮਾਤ ਦਾ ਅੰਗ ਬਣ ਜਾਣ ਨਾਲ਼, ਅੱਜ ਸ਼ਹਿਰੀ ਖੇਤਰ ਵਿੱਚ ਪ੍ਰੋਲੇਤਾਰੀ, ਅਰਧ ਪ੍ਰੋਲੇਤਾਰੀ ਅਤੇ ਮੱਧ ਵਰਗ ‘ਤੇ ਅਧਾਰਿਤ ਤਿੰਨ ਜਮਾਤਾਂ ਦਾ ਸਾਂਝਾ ਮੋਰਚਾ ਬਣੇਗਾ, ਉਸੇ ਤਰਾਂ ਅੱਜ ਭਾਰਤ ਦੇ ਪੇਂਡੂ ਖੇਤਰ ਵਿੱਚ ਵੀ ਪੇਂਡੂ ਪ੍ਰੋਲੇਤਾਰੀ, ਅਰਧ ਪ੍ਰੋਲੇਤਾਰੀ ਅਤੇ ਦਰਮਿਆਨੇ ਕਿਸਾਨਾਂ ‘ਤੇ ਅਧਾਰਤ ਤਿੰਨ ਜਮਾਤਾਂ ਦਾ ਹੀ ਸਾਂਝਾ ਮੋਰਚਾ ਉਸਰੇਗਾ।” (ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ, ਪੰਨਾ-5)।”

ਹੁਣ ‘ਇਨਕਲਾਬੀ ਸਾਡਾ ਰਾਹ’ ਵੱਲੋਂ ਉਠਾਏ ਦੂਸਰੇ ਮਹੱਤਵਪੂਰਨ ਨੁਕਤੇ ਵੱਲ ਪਰਤਦੇ ਹਾਂ, ਉਹ ਹੈ ਕਿਸਾਨੀ ‘ਚ ਜ਼ਮੀਨਾਂ ਦੀ ਵੰਡ ਦਾ ਸਵਾਲ। ਕਿਸਾਨਾਂ ‘ਚ ਜ਼ਮੀਨਾਂ ਦੀ ਵੰਡ ਅਗਾਂਹਵਧੂ ਕਦਮ ਹੈ ਜਾਂ ਪਿਛਾਂਹਖਿੱਚੂ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਬੰਧਤ ਦੇਸ਼ ਦੀ ਖੇਤੀ ‘ਚ ਪੈਦਾਵਾਰ ਦੇ ਭਾਰੂ ਸਬੰਧ ਜਗੀਰੂ ਹਨ ਜਾਂ ਸਰਮਾਏਦਾਰਾ। ਜਿਵੇਂ ਕਿ ਲੇਖ ਦੇ ਸ਼ੁਰੂ ‘ਚ ਹੀ ਜ਼ਿਕਰ ਕੀਤਾ ਹੈ ਕਿ ਮਾਰਕਸਵਾਦ ਸਿਖਾਂਉਂਦਾ ਹੈ ਕਿ ਜਗੀਰੂ ਪੈਦਾਵਾਰੀ ਸਬੰਧਾਂ ਨੂੰ ਤੋੜਨ ਲਈ ਕਿਸਾਨਾਂ ‘ਚ ਜ਼ਮੀਨਾਂ ਦੀ ਵੰਡ ਅਗਾਂਹਵਧੂ ਹੁੰਦੀ ਹੈ ਜਦ ਕਿ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਅਧਾਰ ‘ਤੇ ਅਜਿਹਾ ਕਦਮ ਆਵਦੇ ਉਲ਼ਟ ‘ਚ ਬਦਲ ਜਾਂਦਾ ਹੈ। ਭਾਵ ਅਜਿਹਾ ਕਦਮ ਪਿਛਾਹਖਿੱਚੂ ਹੁੰਦਾ ਹੈ। ਪਰ ਇਨਕਲਾਬੀ ਸਾਡਾ ਰਾਹ ਭਾਰਤੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਦੇ ਸਵਾਲ ‘ਤੇ ਮੌਨ ਧਾਰੀ ਰੱਖਦਾ ਹੈ। ਵਿਚਾਰ ਅਧੀਨ ਲੇਖ ‘ਚ ਵੀ ਉਸਨੇ ਭਾਰਤੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਦਾ ਕੋਈ ਵਿਸ਼ਲੇਸ਼ਣ ਨਹੀਂ ਕੀਤਾ ਅਤੇ ਨਾ ਹੀ ਇਸ ਤਰ੍ਹਾਂ ਦਾ ਵਿਸ਼ਲੇਸ਼ਣ ਕਰਨ ਵਾਲ਼ੀ ਪਹਿਲਾਂ ਲਿਖੀ ਕਿਸੇ ਲਿਖਤ ਦਾ ਹੀ ਹਵਾਲਾ ਦਿੱਤਾ ਹੈ। ਉਸਨੇ ਭਾਰਤੀ ਖੇਤੀ ‘ਚ ਭਾਰੂ ਪੈਦਾਵਾਰੀ ਸਬੰਧਾਂ ਦੇ ਸਵਾਲ ਨੂੰ ਦਰਕਿਨਾਰ ਕਰਕੇ, ਕਿਸਾਨਾਂ ‘ਚ ਜ਼ਮੀਨਾਂ ਵੰਡਣ ਦੀ ਹਿੰਡ ਫੜੀ ਹੋਈ ਹੈ। ਉਸਦਾ ਕਹਿਣਾ ਹੈ, “ਅਸੀਂ ਪਿੱਛੇ ਦੇਖਿਆ ਹੈ ਕਿ ਅਕਤੂਬਰ ਇਨਕਲਾਬ ਦੇ ਆਗੂ, ਸਾਥੀ ਲੈਨਿਨ ਅਤੇ ਸਾਥੀ ਸਟਾਲਿਨ ਅਨੁਸਾਰ ਪ੍ਰੋਲੇਤਾਰੀ ਅਤੇ ਕਿਸਾਨੀ ਦਾ ਗਠਜੋੜ ਇਨਕਲਾਬ ਦੀ ਸਫ਼ਲਤਾ ਲਈ ਲਾਜ਼ਮੀ ਹੈ। ਇਸ ਤੋਂ ਬਿਨਾਂ ਰੂਸ ਵਿੱਚ ਇਨਕਲਾਬ ਦੀ ਸਫ਼ਲਤਾ ਚਿਤਵੀ ਵੀ ਨਹੀਂ ਜਾ ਸਕਦੀ ਸੀ। ਪਰ ਕਿਸਾਨ ਅਤੇ ਜ਼ਮੀਨ ਦਾ ਬਹੁਤਾ ਗਹਿਰਾ ਰਿਸ਼ਤਾ ਹੈ। ਜ਼ਮੀਨ ਦੇ ਸੁਆਲ ਨੂੰ ਹੱਲ ਕਰਨ ਲਈ ਕਿਸਾਨੀ ਹਿੱਤ ਵਿੱਚ ਪੈਂਤੜਾ ਲਏ ਬਿਨਾਂ ਪ੍ਰੋਲੇਤਾਰੀ ਕਿਸਾਨੀ ਨੂੰ ਆਪਣੇ ਵੱਲ ਜਿੱਤ ਨਹੀਂ ਸਕਦਾ। ਸਾਥੀ ਲੈਨਿਨ ਕਹਿੰਦੇ ਹਨ, ”ਪ੍ਰੋਲੇਤਾਰੀ ਦੀ ਪਾਰਟੀ ਹੋਣ ਦੇ ਨਾਤੇ ਸਾਡੀ ਇਹ ਲਾਜ਼ਮੀ ਡਿਊਟੀ ਬਣਦੀ ਹੈ ਕਿ ਅਸੀਂ ਨਾ ਸਿਰਫ ਜ਼ਰੱਈ ਪ੍ਰੋਗਰਾਮ ਪੇਸ਼ ਕਰੀਏ ਬਲਕਿ ਅਸੀਂ ਹਰ ਅਮਲੀ ਕਦਮ ਦੀ ਵਕਾਲਤ ਕਰੀਏ ਜਿਹਦੀ ਕਿਸਾਨੀ ਅਤੇ ਰੂਸ ਵਿੱਚ ਜ਼ਰੱਈ ਇਨਕਲਾਬ ਲਈ ਫੌਰੀ ਪੂਰਤੀ ਹੋ ਸਕਦੀ ਹੈ।” (ਲੈਨਿਨ, ਸਾਡੇ ਇਨਕਲਾਬ ਵਿੱਚ ਪ੍ਰੋਲੇਤਾਰੀ ਦੇ ਕਾਰਜ, ਚੋਣਵੀਂ ਰਚਨਾ, ਜਿਲਦ 2, ਸਫ਼ਾ 49) ਇਸ ਤੋਂ ਸਪੱਸ਼ਟ ਹੈ ਕਿ ਲੈਨਿਨ ਕਿਸਾਨੀ ਦੇ ਹਿੱਤਾਂ ਲਈ ਹਰ ਕਦਮ ਦੀ ਵਕਾਲਤ ਕਰਨ ਦੇ ਮੁਦੱਈ ਸਨ। ਪਰ ਸਾਡੇ ਇੱਥੇ ਆਪਣੇ-ਆਪ ਨੂੰ ਲੈਨਿਨ ਦੇ ਪੈਰੋਕਾਰ ਅਖਵਾਉਣ ਵਾਲੇ ਸੱਜਣ ਹਨ ਜੋ ਸਮਝਦੇ ਹਨ ਕਿ ਬੇਜ਼ਮੀਨੇ ਕਿਸਾਨ ਨੂੰ ਜ਼ਮੀਨ ਦੁਆਉਣ ਲਈ ਸੰਘਰਸ਼ ਕਰਨਾ ਘੋਰ ਗੈਰ-ਇਨਕਲਾਬੀ ਕੰਮ ਹੈ।” ‘ਇਨਕਲਾਬੀ ਸਾਡਾ ਰਾਹ’ ਨੇ ਉੱਪਰ ਲੈਨਿਨ ਦੇ ਲੇਖ ‘ਚੋਂ ਹਵਾਲਾ ਦਿੱਤਾ ਹੈ, ਉਸ ਬਾਰੇ ਇਹ ਵੀ ਨਹੀਂ ਦੱਸਿਆ ਕਿ ਇਹ ਕਿੱਥੋਂ ਲਿਆ ਹੈ। ਲੈਨਿਨ ਦੀ ਚੋਣਵੀਂ ਰਚਨਾ ਤਾਂ ਹਿੰਦੀ, ਪੰਜਾਬੀ, ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ‘ਚ ਛਪੀ ਹੈ। ਸਾਨੂੰ ਇਸ ਹਵਾਲੇ ਦੀ ਪੜਤਾਲ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਲੈਨਿਨ ਦਾ ਇਹ ਲੇਖ ਜਿਸ ‘ਚੋਂ ‘ਇਨਕਲਾਬੀ ਸਾਡਾ ਰਾਹ’ ਨੇ ਉਪਰੋਕਤ ਹਵਾਲਾ ਦਿੱਤਾ ਹੈ, ਪ੍ਰਾਗਰੈਸ ਪਬਲਿਸ਼ਰਜ਼ ਮਾਸਕੋ ਵਲੋਂ 1977 ‘ਚ ਅੰਗਰੇਜ਼ੀ ‘ਚ ਛਾਪੀਆਂ ਲੈਨਿਨ ਦੀਆਂ ਚੋਣਵੀਆਂ ਰਚਨਾਵਾਂ ਦੇ ਦੂਸਰੇ ਖੰਡ ‘ਚ ਮਿਲ਼ਿਆ ‘ਇਲਕਲਾਬੀ ਸਾਡਾ ਰਾਹ’ ਵਲੋਂ ਲੈਨਿਨ ਦੇ ਦਿੱਤੇ ਹਵਾਲੇ ਨੂੰ ਜਦੋਂ ਅਸੀਂ ਉਪਰੋਕਤ ਪੁਸਤਕ ਵਿਚਲੇ ਹਵਾਲੇ ਨਾਲ਼ ਮਿਲ਼ਾਇਆ ਸਾਨੂੰ ਹੈਰਾਨੀ ਵੀ ਹੋਈ ਅਤੇ ਦੁੱਖ ਵੀ ਹੋਇਆ ਕਿ ‘ਇਨਕਲਾਬੀ ਸਾਡਾ ਰਾਹ’ ਨੇ ਲੈਨਿਨ ਦੀ ਕਹੀ ਗੱਲ ਦੀ ਖਾਸੀ ਭੰਨ-ਤੋੜ ਕੀਤੀ ਹੈ ਅਤੇ ਇਸਦੇ ਅਰਥ ਹੀ ਬਦਲ ਦਿੱਤੇ ਹਨ। ਉਪਰੋਕਤ ਲੇਖ ਵਿੱਚ ਲੈਨਿਨ ਨੇ “ਕਿਸਾਨ ਜ਼ਰਈ ਇਨਕਲਾਬ ਦੇ ਹਿੱਤਾਂ ‘ਚ ਅਮਲੀ ਕਦਮਾਂ ਦੀ ਵਕਾਲਤ” ਕਰਨ ਦੀ ਗੱਲ ਕੀਤੀ ਹੈ। ਹਰ ਅਮਲੀ ਕਦਮ ਦੀ ਨਹੀਂ। ਲੈਨਿਨ ਦੇ ਉਪਰੋਕਤ ਹਵਾਲੇ ਵਿੱਚ ਹਰ ਸ਼ਬਦ ਇਨਕਲਾਬੀ ਸਾਡਾ ਰਾਹ ਨੇ ਆਪਦੇ ਕੋਲ਼ੋਂ ਜੋੜ ਦਿੱਤਾ ਹੈ। (ਦੇਖੋ ਉਪਰੋਕਤ ਪੁਸਤਕ ਪੰਨਾ 49) ਲੈਨਿਨ ਦੇ ਇਸ ਲੇਖ ‘ਚੋਂ ‘ਇਨਕਲਾਬੀ ਸਾਡਾ ਰਾਹ’ ਇੱਕ ਹੋਰ ਹਵਾਲਾ ਦਿੰਦਾ ਹੈ। ਇਸ ਵਿੱਚ ਵੀ ਇਹ ਆਪਣੇ ਮਨਭਾਉਂਦੇ ਵਾਕ ਮਿਲ਼ਾ ਦਿੰਦਾ ਹੈ। ਇਨਕਲਾਬੀ ਸਾਡਾ ਰਾਹ ਇਹ ਹਵਾਲਾ ਦਿੰਦਾ ਹੈ। “”ਇਹ (ਪ੍ਰੋਲੇਤਾਰੀ) ਸੱਤਾ ਨੂੰ ਲਾਜ਼ਮੀ ਹੀ (ਕਿਸਾਨ ਨੂੰ ਦਿੱਤੀ ਜਾਣ ਵਾਲ਼ੀ ਜ਼ਮੀਨ ਦਾ) ਅਕਾਰ (size) ਤੈਅ ਕਰਨਾ ਹੋਵੇਗਾ, ਜ਼ਮੀਨੀ ਵੰਡ ਦੀ ਰੀਸੈਟਲਮੈਂਟ ਕਰਨੀ ਹੋਵੇਗੀ, ਜੰਗਲ ਦੀ ਰਖਵਾਲੀ ਲਈ ਕਨੂੰਨ ਬਣਾਉਣਾ ਹੋਵੇਗਾ ਅਤੇ ਜ਼ਮੀਨ ਦਾ ਵਿਕਾਸ ਕਰਨਾ ਹੋਵੇਗਾ ਆਦਿ। ਇਸ ਨੂੰ ਜ਼ਮੀਨ ਦੀ ਮਾਲਕ ਸਟੇਟ ਅਤੇ ਵਾਹੀਕਾਰ ਕਿਸਾਨ ਵਿਚਕਾਰ ਕਿਸੇ ਕਿਸਮ ਦੇ ਵਿਚੋਲੇ ‘ਤੇ ਪਾਬੰਦੀ ਲਾਉਣੀ ਹੋਵੇਗੀ ਅਤੇ ਜ਼ਮੀਨ ਅੱਗੇ ਦੇਣ ‘ਤੇ ਪਾਬੰਦੀ ਲਾਉਣੀ ਹੋਵੇਗੀ। ਤਦ ਜ਼ਮੀਨ ਦੇਣ (ਕਿਸਾਨ ਨੂੰ) ਬਾਰੇ, ਜ਼ਮੀਨ ਦੀ ਮਾਲਕੀ ਅਤੇ ਪਟੇਦਾਰੀ ਪ੍ਰਤੀ ਨੇਮ-ਕਾਨੂੰਨ ਤੈਅ ਕਰਨ ਦਾ ਕੰਮ ਕਿਸੇ ਵੀ ਹਾਲਤ ਵਿੱਚ ਨੌਕਰਸ਼ਾਹਾਂ ਦੇ ਹੱਥਾਂ ਵਿੱਚ ਨਹੀਂ ਛੱਡਿਆ ਜਾ ਸਕਦਾ ਸਗੋਂ ਇਹ ਸਮੁੱਚੇ ਰੂਪ ਵਿੱਚ ਅਤੇ ਉੱਕਾ-ਪੁੱਕਾ ਖੇਤਰੀ ਅਤੇ ਸਥਾਨਕ ਸੋਵੀਅਤਾਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ।” (ਲੈਨਿਨ, ਹਵਾਲਾ ਉਪਰੋਕਤ, ਸਫ਼ਾ 49)” ਉਪਰੋਕਤ ਹਵਾਲੇ ਵਿੱਚ ਬਰੈਕਟਾਂ ਵਿੱਚ ਦਿੱਤੇ ਸ਼ਬਦ ਅਤੇ ਵਾਕ ‘ਇਨਕਲਾਬੀ ਸਾਡਾ ਰਾਹ’ ਨੇ ਕੋਲ਼ੋਂ ਜੋੜੇ ਹਨ। ਲੈਨਿਨ ਦੇ ਕਹੇ ਨਹੀਂ ਹਨ। (ਦੇਖੋ ਉਪਰੋਕਤ ਪੁਸਤਕ ਪੰਨਾ 49)। ‘ਇਨਕਲਾਬੀ ਸਾਡਾ ਰਾਹ’ ਆਪਦੀ ਗਲਤ ਗੱਲ ਨੂੰ ਸਹੀ ਸਾਬਤ ਕਰਨ ਲਈ ਬਾਹਲ਼ਾ ਹੇਠਾਂ ਡਿੱਗ ਗਿਆ ਹੈ। ਉਹ ਹੁਣ ਮਾਰਕਸਵਾਦੀ ਅਧਿਆਪਕਾਂ ਦੀਆਂ ਰਚਨਾਵਾਂ ਤੱਕ ‘ਚ ਹੇਰ ਫੇਰ ਕਰਨ ਲੱਗ ਗਿਆ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਅਜੇਹੇ ਕਾਰੇ ਸ਼ੋਭਾ ਨਹੀਂ ਦਿੰਦੇ।

ਲੈਨਿਨ ਦਾ ਉਪਰੋਕਤ ਲੇਖ 10 ਅਪ੍ਰੈਲ 1917 ਨੂੰ ਪ੍ਰਕਾਸ਼ਿਤ ਹੋਇਆ ਸੀ ਜਦੋਂ ਫਰਵਰੀ ਦੇ ਬੁਰਜੂਆ ਜ਼ਮਹੂਰੀ ਇਨਕਲਾਬ ਤੋਂ ਬਾਅਦ ਰੂਸੀ ਇਨਕਲਾਬ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਦਾਖਲ ਹੋ ਗਿਆ ਸੀ। ਇਸ ਲੇਖ ਵਿੱਚ ਲੈਨਿਨ ਜ਼ਮੀਨ ਕਿਸਾਨਾਂ ‘ਚ ਵੰਡਣ ਦੀ ਵਕਾਲਤ ਨਹੀਂ ਕਰਦੇ ਸਗੋਂ ਸਾਫ ਸਾਫ ਕਹਿੰਦੇ ਹਨ, “ਸਾਨੂੰ ਲਾਜ਼ਮੀ ਹੀ ਸਾਰੀ ਜ਼ਮੀਨ ਦੇ ਕੌਮੀਕਰਨ ਦੀ ਮੰਗ ਕਰਨੀ ਚਾਹੀਦੀ ਹੈ, ਭਾਵ ਕਿ ਰਾਜ ਵਿੱਚਲੀ ਸਾਰੀ ਜ਼ਮੀਨ ਕੇਂਦਰੀ ਰਾਜ ਸੱਤਾ ਦੀ ਸੰਪੱਤੀ ਬਣਨੀ ਚਾਹੀਦੀ ਹੈ।” (ਦੇਖੋ ਉਪਰੋਕਤ ਪੰਨਾ 49)। ਬਾਲਸ਼ਵਿਕਾਂ ਨੇ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਬਾਅਦ ਆਪਣਾ ਇਹੋ ਜ਼ਰਈ ਪ੍ਰੋਗਰਾਮ ਅਮਲ ਵਿੱਚ ਲਿਆਂਦਾ ਸੀ। ਇਸ ਬਾਰੇ ਅਸੀਂ ਪਹਿਲਾਂ ‘ਇਨਕਲਾਬੀ ਸਾਡਾ ਰਾਹ’ ਨੂੰ ਜਵਾਬ ਦੇ ਰੂਪ ‘ਚ ਹੀ ਕਾਫੀ ਵਿਸਥਾਰ ‘ਚ ਲਿਖ ਚੁੱਕੇ ਹਾਂ। (ਦੇਖੋ ‘ਮਜ਼ਦੂਰਾਂ ਦੀ ਮੁਕਤੀ ਅਤੇ ਜ਼ਮੀਨਾਂ ਦੇ ਸੰਘਰਸ਼, ਪ੍ਰਤੀਬੱਧ ਬੁਲੇਟਿਨ 23, ਪੰਨਾ 43-50’)।

‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਹੈ, “ਪਰ ਸਾਡੇ ਇੱਥੇ ਆਪਣੇ ਆਪ ਨੂੰ ਲੈਨਿਨ ਦੇ ਪੈਰੋਕਾਰ ਕਹਾਉਣ ਵਾਲ਼ੇ ਸੱਜਣ ਹਨ, ਜੋ ਸਮਝਦੇ ਹਨ ਕਿ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੁਆਉਣ ਲਈ ਸੰਘਰਸ਼ ਕਰਨਾ ਘੋਰ ਗੈਰ ਇਨਕਲਾਬੀ ਕੰਮ ਹੈ।” ਅਸੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਬੇਜ਼ਮੀਨਿਆਂ ‘ਚ ਜ਼ਮੀਨਾਂ ਵੰਡਣ ਦੀ ਮੰਗ ਦਾ ਖਾਸਾ ਇਸ ਤੋਂ ਤੈਅ ਹੁੰਦਾ ਹੈ ਕਿ ਇਹ ਮੰਗ ਕਿਹੜੇ ਪੈਦਾਵਾਰੀ ਸਬੰਧਾਂ ‘ਚ ਉਠਾਈ ਜਾ ਰਹੀ ਹੈ। ਜਗੀਰੂ ਜਾਂ ਸਰਮਾਏਦਾਰੀ। ਸਰਮਾਏਦਾਰੀ ਪੈਦਾਵਾਰੀ ਸਬੰਧਾਂ ‘ਚ ਇਹ ਮੰਗ ਉਠਾਉਣਾ ਗੈਰ ਇਨਕਲਾਬੀ ਹੀ ਨਹੀਂ ਸਗੋਂ ਉਲ਼ਟ ਇਨਕਲਾਬੀ ਹੈ। ਇਸ ਸਬੰਧੀ ਲੈਨਿਨ ਅਤੇ ਸਤਾਲਿਨ ਦੀਆਂ ਰਚਨਾਵਾ ‘ਚੋਂ ਹਵਾਲੇ ਦਿੱਤੇ ਜਾ ਸਕਦੇ ਹਨ। ਪਰ ਫਿਲਹਾਲ ਅਸੀਂ ਇਹ ਕੰਮ ਭਵਿੱਖ ‘ਤੇ ਛੱਡਦੇ ਹਾਂ। ਇੱਥੇ ਅਸੀਂ ‘ਇਨਕਲਾਬੀ ਸਾਡਾ ਰਾਹ’ ਨੂੰ ਇੱਕ ਸਵਾਲ ਪੁੱਛਕੇ ਅੱਗੇ ਚੱਲਦੇ ਹਾਂ, ਕਿ ‘ਇਨਕਲਾਬੀ ਸਾਡਾ ਰਾਹ’ ਸਰਮਾਏਦਾਰੀ ਪੈਦਾਵਾਰੀ ਸਬੰਧਾਂ ਅਧੀਨ ਵੀ ਜ਼ਮੀਨ ਬੇਜ਼ਮੀਨਿਆਂ ‘ਚ ਵੰਡਣ ਦੀ ਵਕਾਲਤ ਕਰੇਗਾ? ਇਸ ਸਵਾਲ ਦੇ ਜਵਾਬ ਤੋਂ ਹੀ ਇਸ ਉੱਪਰ ਅਸੀਂ ਅੱਗੇ ਬਹਿਸ ਕਰ ਸਕਦੇ ਹਾਂ। ਇਸ ਸਵਾਲ ‘ਤੇ ‘ਇਨਕਲਾਬੀ ਸਾਡਾ ਰਾਹ’ ਦੀ ਪੋਜ਼ੀਸ਼ਨ ਦੀ ਅਸੀਂ ਪਹਿਲਾਂ ਵੀ ਅਲੋਚਨਾ ਕਰ ਚੁੱਕੇ ਹਾਂ। ‘ਇਨਕਲਾਬੀ ਸਾਡਾ ਰਾਹ’ ਦੁਆਰਾ ਪ੍ਰਕਾਸ਼ਤ ਲੇਖ ‘ਇਨਕਲਾਬੀ ਲਹਿਰ ਦੀ ਖੜੋਤ ਅਤੇ ਜ਼ਮੀਨੀ ਸੰਘਰਸ਼ ਦਾ ਸਵਾਲ’ ‘ਚ ਇਸਨੇ ਦਾਅਵਾ ਕੀਤਾ ਸੀ ਬੁਰਜੂਆ ਭੁਮੀਪਤੀਆਂ ਦੀਆਂ ਜ਼ਮੀਨਾਂ ਵੀ ਕਿਸਾਨਾਂ ‘ਚ ਵੰਡੀਆਂ ਜਾ ਸਕਦੀਆਂ ਹਨ। ਇਸ ਦਾ ਜਵਾਬ ਅਸੀਂ ਲੈਨਿਨ ਅਤੇ ਸਤਾਲਿਨ ਦੇ ਹਵਾਲੇ ਨਾਲ਼ ਇਸ ਨੂੰ ਪਿਛਾਂਹਖਿੱਚੂ ਕਦਮ ਸਾਬਤ ਕੀਤਾ। (ਦੇਖੋ ਪ੍ਰਤੀਬੱਧ ਬੁਲੇਟਿਨ 23, ਪੰਨਾ 40-50) ਇਸ ਲਈ ਹੁਣ ਇਸ ਸਵਾਲ ਤੇ ‘ਇਨਕਲਾਬੀ ਸਾਡਾ ਰਾਹ’ ਗੋਲ਼-ਗੋਲ਼ ਗੱਲਾਂ ਕਰ ਰਿਹਾ ਹੈ। ਹੁਣ ਉਹ ਇਹ ਕਹਿਣ ਦੀ ਜੁਅੱਰਤ ਨਹੀਂ ਕਰ ਰਿਹਾ ਕਿ ਬੁਰਜੂਆ ਭੁਮੀਪਤੀਆਂ ਦੀ ਜ਼ਮੀਨ ਵੀ ਕਿਸਾਨਾਂ ‘ਚ ਵੰਡੀ ਜਾ ਸਕਦੀ ਹੈ।

‘ਇਨਕਲਾਬੀ ਸਾਡਾ ਰਾਹ’ ਸਾਡੇ ‘ਤੇ ਹਮਲਾ ਜ਼ਾਰੀ ਰੱਖਦੇ ਹੋਏ ਕਹਿੰਦਾ ਹੈ, “ਉਹ ਲੈਨਿਨ ਨੂੰ ਲੈਨਿਨ ਦੇ ਵਿਰੁੱਧ ਭੁਗਤਾਉਂਦਿਆਂ ਕਹਿੰਦੇ ਹਨ ਕਿ ਲੈਨਿਨ ਨੇ ਤਾਂ ਜ਼ਮੀਨ ਦੇ ਕੌਮੀਕਰਨ ਦਾ ਨਾਹਰਾ ਦਿੱਤਾ ਸੀ।” ਇਹ ਕਹਿਣਾ ਕਿ ਫਰਵਰੀ 1917 ਦੇ ਬੁਰਜੂਆ ਜਮਹੂਰੀ ਇਨਕਲਾਬ ਤੋਂ ਬਾਅਦ ਲੈਨਿਨ ਨੇ ਜ਼ਮੀਨ ਦੇ ਕੌਮੀਕਰਨ ਦਾ ਨਾਹਰਾ ਦਿੱਤਾ ਸੀ, ਲੈਨਿਨ ਨੂੰ ਲੈਨਿਨ ਵਿਰੁੱਧ ਭੁਗਤਾਉਣਾ ਨਹੀਂ ਸਗੋਂ ਲੈਨਿਨ ਦੀਆਂ ਕਹੀਆਂ ਗੱਲਾਂ ਨੂੰ ਠੀਕ-ਠੀਕ ਪੇਸ਼ ਕਰਨਾ ਹੈ। ਲੈਨਿਨ ਨੂੰ ਲੈਨਿਨ ਵਿਰੁੱਧ ਭੁਗਤਾਉਣ ਲਈ ਪੂਰਾ ਟਿੱਲ ਤਾਂ ‘ਇਨਕਲਾਬੀ ਸਾਡਾ ਰਾਹ’ ਨੇ ਲਾ ਰੱਖਿਆ ਹੈ। ਇਸੇ ਲਈ ਉਸਨੂੰ ਲੈਨਿਨ ਦੇ ਹਵਾਲਿਆਂ ‘ਚ ਮਿਲ਼ਾਵਟ ਕਰਨੀ ਪੈ ਰਹੀ ਹੈ। ਉੱਪਰ ਸਾਡੇ ਵੱਲੋਂ ਦਿੱਤੇ ਹਵਾਲੇ ਤੋਂ ਸਪੱਸ਼ਟ ਹੈ ਕਿ ਲੈਨਿਨ ਨੇ ਜ਼ਮੀਨ ਦੇ ਕੌਮੀਕਰਨ ਦੀ ਮੰਗ ਕੀਤੀ ਸੀ। ਇੱਕ ਥਾਂ ‘ਇਨਕਲਾਬੀ ਸਾਡਾ ਰਾਹ’ ਇਹ ਦਾਅਵਾ ਕਰਦਾ ਹੈ ਕਿ ਜੋ ਇਹ ਚਾਹੁੰਦੇ ਹਨ ਕਿ ਲੈਨਿਨ ਨੇ ਜ਼ਮੀਨ ਦੇ ਕੌਮੀਕਰਨ ਦਾ ਨਾਹਰਾ ਦਿੱਤਾ ਸੀ, ਉਹ ਲੈਨਿਨ ਨੂੰ ਲੈਨਿਨ ਵਿਰੁੱਧ ਭੁਗਤਾਉਂਦੇ ਹਨ, ਪਰ ਕੁਝ ਸਤਰਾਂ ਹੀ ਅੱਗੇ ਜਾਕੇ ਉਹ ਆਪਦੀ ਕਹੀ ਗੱਲ ਭੁੱਲ ਜਾਂਦਾ ਹੈ, ਜਦੋਂ ਉਹ ਇਹ ਕਹਿਣ ਲੱਗਦਾ ਹੈ, “ਲੈਨਿਨ ਦੇ ਕੌਮੀਕਰਨ ਦਾ ਉਦੇਸ਼ ਸਰਕਾਰੀ ਫਾਰਮ ਬਣਾਉਣਾ ਬਿਲਕੁਲ ਨਹੀਂ ਸੀ, ਸਗੋਂ ਜਗੀਰੂ ਮਿਲਖਾਂ ਨੂੰ ਸਰਕਾਰੀ ਮਾਲਕੀ ਤਹਿਤ ਲਿਆ ਕੇ ਕਿਸਾਨਾਂ ਨੂੰ ਵਿਅਕਤੀਗਤ ਤੌਰ ‘ਤੇ ਕੁਝ ਸ਼ਰਤਾਂ ਤਹਿਤ ਖੇਤੀ ਲਈ ਜ਼ਮੀਨ ਦੇਣਾ ਸੀ।” ਇੱਥੇ ਉਹ ਖੁਦ ਪ੍ਰਵਾਨ ਕਰ ਲੈਂਦਾ ਹੈ ਕਿ ਲੈਨਿਨ ਨੇ ਜ਼ਮੀਨਾਂ ਦੇ ਕੌਮੀਕਰਨ ਦਾ ਨਾਹਰਾ ਦਿੱਤਾ ਸੀ। ਇਹੋ ਕੁਝ ਅਸੀਂ ‘ਮਜ਼ਦੂਰਾਂ ਦੀ ਮੁਕਤੀ ਅਤੇ ਜ਼ਮੀਨਾਂ ਦੇ ਸੰਘਰਸ਼’ ਨਾਮਕ ਲੇਖ ਵਿੱਚ ਕਿਹਾ ਸੀ (ਪ੍ਰਤੀਬੱਧ ਬੁਲੇਟਿਨ 23)। ਇਹ ਲੇਖ ‘ਇਨਕਲਾਬੀ ਸਾਡਾ ਰਾਹ’ ਵੱਲੋਂ ਪ੍ਰਕਾਸ਼ਿਤ ਕੀਤਾ ਲੇਖ ‘ਇਨਕਲਾਬੀ ਲਹਿਰ ਦੀ ਖੜੋਤ ‘ਤੇ ਜ਼ਮੀਨੀ ਸੰਘਰਸ਼ ਦਾ ਸਵਾਲ’ ਦੀ ਅਲੋਚਨਾ ਦੇ ਰੂਪ ‘ਚ ਲਿਖਿਆ ਗਿਆ ਸੀ। ਆਪਣੇ ਉਪਰੋਕਤ ਲੇਖ ਵਿੱਚ ‘ਇਨਕਲਾਬੀ ਸਾਡਾ ਰਾਹ’ ਨੇ ਇਹ ਦਾਅਵਾ ਕੀਤਾ ਸੀ ਕਿ 1917 ਦੇ ਸਮਾਜਵਾਦੀ ਇਨਕਲਾਬ ‘ਚ ਬਾਲਸ਼ਵਿਕਾਂ ਨੇ ਜ਼ਮੀਨਾਂ ਕਿਸਾਨਾਂ ‘ਚ ਵੰਡਣ ਦਾ ਨਾਹਰਾ ਦਿੱਤਾ ਸੀ, “ਪੈਦਾਵਾਰ ਵਿੱਚ ਲੋਕਾਂ ਦੀ ਸ਼ਮੂਲੀਅਤ ਤੋਂ ਪੈਦਾਵਾਰੀ ਰਿਸ਼ਤੇ ਤੈਅ ਹੁੰਦੇ ਹਨ। ਚਲੋ ਜੇਕਰ ਆਪਾਂ ਮੰਨ ਵੀ ਲਈਏ ਕਿ ਭੂਮੀਪਤੀਆਂ ਦੀ ਪੰਜਾਬ ਅੰਦਰ ਜਮਾਤ ਬੁਰਜੂਆ ਹੈ ਤਾਂ ਕੀ ਜ਼ਮੀਨੀ ਵੰਡ ਦਾ ਨਾਅਰਾ ਨਹੀਂ ਦਿੱਤਾ ਜਾ ਸਕਦਾ। ਰੂਸ ਵਿੱਚ ਜ਼ਰੱਈ ਪ੍ਰੋਗਰਾਮ ਦੀ ਬਹਿਸ ਵਿੱਚ ਇਹ ਇੱਕ ਅਹਿਮ ਮੁੱਦਾ ਰਿਹਾ ਹੈ। ਰੂਸ ਵਿੱਚ ਜ਼ਮੀਨੀ ਮਿਲਖਾਂ ਸਨ, ਇਹਨਾਂ ਵਿੱਚੋਂ ਬਹੁਗਿਣਤੀ ਬੁਰਜੂਆ ਮਿਲਖਾਂ ਦੀ ਸੀ। ਇਹਨਾਂ ਬਾਰੇ ਲੈਨਿਨ ਦੀ ਲਾਈਨ ਇਹਨਾਂ ਮਿਲਖਾਂ ਦੇ ਕੌਮੀਕਰਨ ਦੀ ਲਾਈਨ ਸੀ, ਜਦਕਿ ਮੈਨਸ਼ਵਿਕਾਂ ਅਤੇ ਪਲੈਖਾਨੋਵ ਮਿਲਖਾਂ ਦੇ ਮਿਉਂਸਪਲੀਕਰਨ ਦੇ ਹਮਾਇਤੀ ਸਨ, ਪਰ ਬਾਲਸ਼ਵਿਕਾਂ ਦਾ ਇੱਕ ਹਿੱਸਾ ਜੋ ਮਿਲਖਾਂ ਨੂੰ ਕਿਸਾਨਾਂ ਵਿੱਚ ਵੰਡਣ ਦਾ ਹਮਾਇਤੀ ਸੀ। 1917 ਵਿੱਚ ਬਾਲਸ਼ਵਿਕਾਂ ਦਾ ਇਹ ਹਿੱਸਾ, ਬਾਲਸ਼ਵਿਕਾਂ ਦੀ ਬਹੁਗਿਣਤੀ ਬਣ ਚੁੱਕਾ ਸੀ।

ਲੈਨਿਨ ਨੇ 1905 ਦੇ ਅਸਫ਼ਲ ਇਨਕਲਾਬ ਦੇ ਤਜ਼ਰਬੇ ਦੇ ਆਧਾਰ ‘ਤੇ ਕਿਹਾ ਸੀ ਕਿ ਇਨਕਲਾਬ ਦੀ ਸਫ਼ਲਤਾ/ਅਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕਿਸਾਨੀ ਪ੍ਰੋਲੇਤਾਰੀ ਨਾਲ਼ ਖੜਦੀ ਹੈ ਕਿ ਨਹੀਂ। ਇਸ ਕਰਕੇ ਬਾਲਸ਼ਵਿਕਾਂ ਨੇ 1917 ਵਿੱਚ ਮਿਲਖਾਂ ਦੀ ਜ਼ਮੀਨ ਕਿਸਾਨਾਂ ਵਿੱਚ ਵੰਡਣ ਦਾ ਨਾਅਰਾ ਦਿੱਤਾ। ਕੇਵਲ ਨਾਅਰਾ ਹੀ ਨਹੀਂ ਦਿੱਤਾ ਸਗੋਂ ਵਕਤੀ ਤੌਰ ‘ਤੇ ਵੰਡੀਆਂ ਵੀ। ਇਸ ਕਰਕੇ ਲੈਨਿਨ ਨੇ ਬਾਅਦ ਵਿੱਚ ਲਿਖਿਆ ਕਿ ਅਸੀਂ ਨਰੋਦਨਿਕਾਂ ਦੇ ਜ਼ਰੱਈ ਪ੍ਰੋਗਰਾਮ ਨੂੰ ਕੌਮੇ, ਬਿੰਦੀ ਦੀ ਤਬਦੀਲੀ ਕੀਤੇ ਬਿਨਾਂ ਅਪਣਾ ਲਿਆ ਹੈ। ਇਸ ਤਰ੍ਹਾਂ ਇਤਿਹਾਸ ਵਿੱਚ ਬੁਰਜੂਆ ਭੂਮੀਪਤੀਆਂ ਦੀ ਜ਼ਮੀਨ ਨੂੰ ਕਿਸਾਨਾਂ ਵਿੱਚ ਵੰਡਣਾ ਜਾਂ ਵੰਡਣ ਦਾ ਨਾਅਰਾ ਦੇਣਾ ਕੋਈ ਅਲੋਕਾਰੀ ਨਹੀਂ।”  (ਪ੍ਰਤੀਬੱਧ, ਬੁਲੇਟਿਨ 23, ਪੰਨਾ 41, ਪਾਠਕਾਂ ਦੀ ਸਹੂਲਤ ਅਸੀਂ ਇਹ ਲੇਖ ਪ੍ਰਤੀਬੱਧ ‘ਚ ਵੀ ਛਾਪਿਆ ਸੀ) ਹੁਣ ਇਨਕਲਾਬੀ ਸਾਡਾ ਰਾਹ ਆਪਦੀਆਂ ਪਹਿਲੀਆਂ ਪੁਜ਼ੀਸ਼ਨਾਂ ਤੋਂ ਹਿੱਲ ਗਿਆ ਹੈ। ਪਰ ਉਹ ਇਮਾਨਦਾਰੀ ਨਾਲ਼ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਉਪਰੋਕਤ ਹਵਾਲੇ ‘ਚ ‘ਇਨਕਲਾਬੀ ਸਾਡਾ ਰਾਹ’ ਨੇ ਰੂਸੀ ਇਲਕਲਾਬ ਦੇ ਇਤਿਹਾਸ ਦੀ ਜੋ ਭੰਨ-ਤੋੜ ਕੀਤੀ ਹੈ, ਉਸਦਾ ਜਵਾਬ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ (ਦੇਖੋ ਪ੍ਰਤੀਬੱਧ ਬੁਲੇਟਿਨ 21, ਪੰਨਾ 43-50)। ਇਸ ਲਈ ਇਸਦਾ ਇੱਥੇ ਦੁਹਰਾਅ ਨਹੀਂ ਕਰਾਂਗੇ।

‘ਇਨਕਲਾਬੀ ਸਾਡਾ ਰਾਹ’ ਆਪਦੀ ਗੱਲ ਜ਼ਬਰੀ ਸਾਡੇ ਮੂੰਹ ‘ਚ ਤੁੰਨਦਾ ਹੋਇਆ ਕਹਿੰਦਾ ਹੈ, “ਉਹ ਤਾਂ ਸਮਝਦੇ ਹਨ ਕਿ ਲੈਨਿਨ ਨੇ ਜ਼ਮੀਨ ਦੇ ਕੌਮੀਕਰਨ ਦਾ ਨਾਅਰਾ ਲਿਆ ਕੇ ਸਿੱਧੇ ਸਟੇਟ ਫਾਰਮ ਸਥਾਪਿਤ ਕਰਨ ਦਾ ਪ੍ਰੋਗਰਾਮ ਦਿੱਤਾ ਸੀ।” ਅਸੀਂ ਅਜਿਹਾ ਕੁਝ ਨਾ ਤਾਂ ਸਮਝਦੇ ਹਾਂ ਅਤੇ ਨਾ ਹੀ ਕਹਿੰਦੇ ਹਾਂ ਅਤੇ ਨਾ ਹੀ ਕਦੇ ਕਿਹਾ ਹੈ। ਅਸੀਂ ਜੋ ਕਿਹਾ ਹੈ ਉਸਨੂੰ ਪਾਠਕ ‘ਪ੍ਰਤੀਬੱਧ’ ਬੁਲੇਟਿਨ 23 ਦੇ ਪੰਨਾ 43-50 ‘ਤੇ ਦੇਖ ਸਕਦੇ ਹਨ।

ਰੂਸ ਵਿੱਚ ਅਕਤੂਬਰ 1917 ‘ਚ ਜ਼ਮੀਨ ਦਾ ਕੌਮੀਕਰਨ ਕਰ ਦਿੱਤਾ ਗਿਆ ਸੀ ਅਤੇ ਜ਼ਮੀਨ ਵਕਤੀ ਤੌਰ ‘ਤੇ ਇਸਤੇਮਾਲ ਲਈ ਕਿਸਾਨਾਂ ਨੂੰ ਦਿੱਤੀ ਗਈ ਸੀ। ਪਰ ਇਹ ਤੱਥ ‘ਇਨਕਲਾਬੀ ਸਾਡਾ ਰਾਹ’ ਨੂੰ ਪਚ ਨਹੀਂ ਰਿਹਾ। ਉਹ ਇਸਨੂੰ ਪ੍ਰਵਾਨ ਕਰਦਾ ਹੈ, ਅਗਲੇ ਹੀ ਪਲ ਰੱਦ ਕਰਨ ਲਈ ਉਹ ਰੂਸ ਦੇ ਸਮਾਜਵਾਦੀ ਇਨਕਲਾਬ ਤੋਂ ਬਾਅਦ ਜ਼ਮੀਨ ਮਾਲਕੀ ਦੇ ਸਵਾਲ ‘ਤੇ ਕਹਿੰਦਾ ਹੈ, “ਮਾਲਕੀ ਦੇ ਪਹਿਲੇ ਖਾਨੇ ਵਿੱਚ ਸਰਕਾਰ ਦਾ ਨਾਮ ਹੋਵੇਗਾ। ਇੱਥੇ ਵੀ ਅਤੇ ਹੁਣ ਵੀ ਜ਼ਮੀਨ ਦੀ ਮਾਲਕੀ ਦੇ ਪਹਿਲੇ ਖਾਨੇ ‘ਚ ਸਰਕਾਰ ਦਾ ਨਾਂ ਹੈ।” ਉਹ ਰੂਸ ‘ਚ ਸਮਾਜਵਾਦੀ ਜ਼ਮੀਨ ਦੀ ਨਿੱਜੀ ਮਾਲਕੀ ਦੇ ਖਾਤਮੇ, ਇਸਦੇ ਕੌਮੀਕਰਨ ਦੇ ਸੱਚ ਨੂੰ ਮੇਸਣ ਲਈ ਇਸਦੀ ਤੁਲਨਾ ਭਾਰਤ ਜੇਹੇ ਸਰਮਾਏਦਾਰ ਦੇਸ਼ਾਂ ‘ਚ ਜ਼ਮੀਨ ਦੀ ਮਾਲਕੀ ਨਾਲ਼ ਕਰਦਾ ਹੈ। ਇਹ ਤੁਲਨਾ ਬੇਹੱਦ ਹਾਸੋਹੀਣੀ ਹੈ। ਰੂਸ ‘ਚ ਸਮਾਜਵਾਦੀ ਇਨਕਲਾਬ ਤੋਂ ਬਾਅਦ ਜ਼ਮੀਨ ਦੀ ਮਾਲਕੀ ਰਾਜ ਕੋਲ਼ ਸੀ, ਇਸਦਾ ਭਾਵ ਸੀ ਕਿ ਕਿਸਾਨ ਇਸ ਜ਼ਮੀਨ ਨੂੰ ਵਾਹ-ਬੀਜ ਤਾਂ ਸਕਦਾ ਸੀ, ਪਰ ਇਸਨੂੰ ਵੇਚ ਨਹੀਂ ਸੀ ਸਕਦਾ, ਹਿੱਸੇ-ਠੇਕੇ ‘ਤੇ ਕਿਸੇ ਹੋਰ ਨੂੰ ਵਾਹੀ ਲਈ ਨਹੀਂ ਸੀ ਦੇ ਸਕਦਾ। ਕੀ ਭਾਰਤ ‘ਚ ਵੀ ਜ਼ਮੀਨ ਮਾਲਕ ਕਿਸਾਨਾਂ ‘ਤੇ ਅਜੇਹੀਆਂ ਰੋਕਾਂ ਹਨ?

ਨਿਚੋੜ ਦੇ ਤੌਰ ‘ਤੇ ਕਹਿ ਸਕਦੇ ਹਾਂ ਕਿ ‘ਇਨਕਲਾਬੀ ਸਾਡਾ ਰਾਹ’ ਦਾ ਇਹ ਲੇਖ ਮਾਰਕਸਵਾਦੀ ਅਧਿਆਪਕਾਂ ਦੀਆਂ ਲਿਖਤਾਂ ਅਤੇ ਸਾਡੀਆਂ ਪੋਜ਼ੀਸ਼ਨਾਂ ਦੀ ਤੋੜ-ਮਰੋੜ, ਗਲਤ ਬਿਆਨੀ ਦਾ ਇੱਕ ਭੈੜਾ ਨਮੂਨਾ ਹੈ।  

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ