ਇੰਡੋਨੇਸ਼ੀਆ ਦੇ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ


indoneshia

(ਪੀ.ਡੀ.ਐਫ਼ ਡਾਊਨਲੋਡ ਕਰੋ)

[ਦੁਨੀਆ ਭਰ ਦੇ ਸੋਧਵਾਦੀਆਂ (ਸਾਡੇ ਦੇਸ਼ ਵਿੱਚ ਸੀ. ਪੀ. ਆਈ. , ਸੀ. ਪੀ. ਆਈ. (ਐੱਮ.), ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਅਤੇ ਅਜਿਹੇ ਹੀ ਹੋਰ) ਦੁਆਰਾ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਬੁਰਜੂਆ ਪਾਰਲੀਮੈਂਟ ਵਿੱਚ ਬਹੁਮਤ ਹਾਸਲ ਕਰਕੇ ਸ਼ਾਂਤੀਪੂਰਣ ਤਰੀਕੇ ਨਾਲ ਪੂੰਜੀਵਾਦ ਨੂੰ ਸਮਾਜਵਾਦ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। 1956 ਵਿੱਚ  ਕਮਿਊਨਿਸਟ ਪਾਰਟੀ ਆਫ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ‘ਤੇ ਕਾਬਜ਼ ਹੋਏ ਸੋਧਵਾਦੀ ਖੁਰਸ਼ਚੇਵ ਧੜੇ ਵਲੋਂ ਲਿਆਂਦੇ ‘ਤਿੰਨ ਸ਼ਾਂਤੀਆਂ’ ਦੇ ਸੋਧਵਾਦੀ ਸਿਧਾਂਤ ਵਿੱਚ ‘ਸ਼ਾਂਤੀਪੂਰਣ ਤਬਦੀਲੀ’ ਨੂੰ ਅਹਿਮ ਸਥਾਨ ਹਾਸਲ ਹੈ। ਇਤਹਾਸ ਗਵਾਹ ਹੈ ਕਿ ਜਿਥੇ ਕਿਤੇ ਵੀ ਕਮਿਊਨਿਸਟ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਨੇ ਅਜਿਹਾ ਭਰਮ ਪਾਲ਼ਿਆ ਉੱਥੇ ਹੀ ਹਾਕਮ ਜਮਾਤਾਂ ਨੇ ‘ਸ਼ਾਂਤੀਪੂਰਣ ਤਬਦੀਲੀ’ ਦੇ ਯਤਨਾਂ ਨੂੰ ਖੂਨ ਦੀਆਂ ਨਦੀਆਂ ਵਿੱਚ ਡੁਬੋ ਦਿੱਤਾ। ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਇੰਡੋਨੇਸ਼ਿਆ ਵਿੱਚ ਹੋਇਆ ਕਮਿਊਨਿਸਟਾਂ ਦਾ ਕਤਲੇਆਮ ਇਸਦੀ ਸਭ ਤੋਂ ਉੱਘੀ ਮਿਸਾਲ ਹੈ। ਇਸ ਧਰਤੀ ਤੋਂ ਪੂੰਜੀਵਾਦ ਦਾ ਫਸਤਾ ਵੱਢਣ ਲਈ ਯਤਨਸ਼ੀਲ ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਅਜਿਹੀਆਂ ਉਦਾਹਰਨਾਂ ਤੋਂ ਸਬਕ ਸਿੱਖਦੇ ਹੋਏ ਅੱਗੇ ਵੱਧਣ ਦੀ ਜ਼ਰੂਰਤ ਹੈ। -ਸੰਪਾਦਕ]

ਅਕਤੂਬਰ 2005 ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ (PKI) ਦੇ ਮੈਂਬਰਾਂ ‘ਤੇ ਹਮਾਇਤੀਆਂ ਅਤੇ ਇਸ ਦੇ ਨਾਲ ਹੀ ਇੰਡੋਨੇਸ਼ੀਆ ਦੇ ਇਨਕਲਾਬੀ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਨਾਲ਼ ਸੰਬੰਧ ਰੱਖਣ ਵਾਲਿਆਂ ਦੇ ਕਤਲੇਆਮ ਦੀ ਚਾਲ੍ਹੀਵੀਂ ਵਰ੍ਹੇਗੰਢ ਸੀ। 1 ਕਤਲ ਹੋਣ ਵਾਲਿਆਂ ਦੀ ਸਹੀ ਗਿਣਤੀ ਹਾਲੇ ਤੱਕ ਕੀਤੀ ਨਹੀਂ ਗਈ। ਇਹ ਆਮ ਤੌਰ ਤੇ ਦਸ ਲੱਖ ਤੋਂ ਜ਼ਿਆਦਾ ਮੰਨੀ ਜਾਂਦੀ ਹੈ। ਇਸ ਕਤਲੇਆਮ ਦਾ ਕਮਾਂਡਰ ਜਨਰਲ ਇਨ ਚਾਰਜ, ਜਨਰਲ ਸਾਰਵੋਈਦੀ, ਮਰਨ ਵਾਲਿਆਂ ਦੀ ਗਿਣਤੀ ਤੀਹ ਲੱਖ ਦੱਸਦਾ ਹੈ (ਜੇ. ਐਮ. ਮਿਸ਼ਨ ”ਰਿਫਲੈਕਸ਼ਨ ਆਨ ਦਾ 1965 ਮਾਸਾਕੇਅਰ ਇਨ. ਇੰਡੋਨੇਸ਼ੀਆ,” 18 ਦਸੰਬਰ 2005 ਵਿੱਚ ਦੱਸੀ ਗਈ)। ਦਸ ਲੱਖ ਦਾ ਹੇਠਲੀ ਗਿਣਤੀ ਨੂੰ ਲੈ ਕੇ ਵੀ, ਇਸ ਨੂੰ ਸਹੀ ਤੌਰ ‘ਤੇ ਵੀਹਵੀਂ ਸਦੀ ਦਾ ਦੂਜਾ ਭਿਅੰਕਰ ਕਤਲੇਆਮ ਕਿਹਾ ਜਾ ਸਕਦਾ ਹੈ।

ਫਿਰ ਵੀ, ਨਾਜ਼ੀਆਂ ਦੇ ਜੁਰਮਾਂ, ਵਿਸ਼ੇਸ਼ ਤੌਰ ‘ਤੇ ਯਹੂਦੀਆਂ ਦੇ ਮਹਾਂ ਨਾਸ਼ ‘ਤੇ ਮਿਲਦੇ ਵੱਡੀ ਗਿਣਤੀ ਵਿੱਚ ਸਾਹਿਤ ਦੇ ਮੁਕਾਬਲੇ ਵਿੱਚ, 1965 ਦੇ ਇੰਡੋਨੇਸ਼ੀਆ ਦੇ ਕਤਲੇਆਮ ਸੰਬੰਧੀ ਬੁਰਜੂਆ ਦੁਨੀਆਂ ਵਿੱਚ ਲਗਭਗ ਸ਼ਾਂਤੀ ਹੀ ਹੈ। ਇਨਸਾਈਕਲੋਪੀਡੀਆ ਬ੍ਰਿਟੈਨੀਕਾ ਵਿੱਚ , 12 ਪੈਰਿਆਂ ਦਾ ਇੱਕ ਵੱਖਰਾ ਲੇਖ ਯਹੂਦੀਆਂ ਦੇ ਮਹਾਂਨਾਸ਼ ਨੂੰ ਸਮਰਪਿਤ ਹੈ (ਇਹੀ ਮਹਾਂ ਨਾਸ਼ ਹੈ ਜਿਸਨੂੰ ਵੱਡੇ ‘8’ ਨਾਲ਼ ਲਿੱਖਿਆ ਗਿਆ ਹੈ।) ਬ੍ਰਿਟੈਨਿਕਾ ਵਿਚ ਇਸ ਨਾਲ ਸੰਬੰਧਤ ਕਈ ਲੇਖ ਹਨ। ਉਦਾਹਰਣ ਵਜੋ, ਇਸ ਵਿੱਚ ਯਹੂਦੀਵਾਦ ਵਿਰੋਧ ‘ਤੇ, ਪ੍ਰਸਿੱਧ ਨਾਜ਼ੀ ਤਸੀਹਾ ਕੈਂਪਾਂ ਜਿਹਨਾਂ ਵਿੱਚ ਆਸ਼ਵਿਜ਼, ਬਰਗਨ-ਬੇਸਲਨ, ਬੁਖਨਵਲਡ, ਡਚਾਊ ਅਤੇ ਤਰੇਬਲਿੰਕਾ ਸ਼ਾਮਲ ਹਨ, ਬਾਰੇ, ਬਾਬੀ-ਯਾਰ ਦੀ ਸਮੂਹਕ ਕਬਰ ਬਾਰੇ, ਗੇਸਟਾਪੋ (ਹਿਟਲਰ ਦੀ ਰਾਜਨੀਤਕ ਪੁਲਿਸ-ਅਨੁਵਾਦਕ) ਅਤੇ ਐੱਸ.ਐੱਸ ਬਾਰੇ, ਨਾਮਵਰ ਬੁੱਚੜਾਂ ਜਿਵੇਂ ਕਿ ਰੇਨਹਾਰਡ ਹੇਡਰਿਕ, ਅਡੋਲਫ ਇੱਚਮੈਨ, ਹਾਈਨਰਿਖ ਹਿਮਲਰ, ਹਰਮਨ ਗੋਰਿੰਗ, ਕਲਾਉਸ ਬਾਰਬੀ ਅਤੇ ਹੋਰਾਂ ਬਾਰੇ ਅਤੇ ਕਈਆਂ ਬਾਰੇ, ਮਹਾਂਵਿਨਾਸ਼ ਦੇ ਪ੍ਰਤੀਰੋਧ ਬਾਰੇ ਅਤੇ ਹੋਰ ਕਈਆਂ ਬਾਰੇ ਵੱਖਰੇ ਲੇਖ ਹਨ। ਕਿਉਕਿ ਯਹੂਦੀਆਂ ਦੇ ਵਿਆਪਕ ਕਤਲੇਆਮ ਦਾ ਜ਼ਿਕਰ ਇਸੇ ਤਰਾਂ ਹੋਣਾ ਚਾਹੀਦਾ ਸੀ। 2

ਪਰ, ਇੰਡੋਨੇਸ਼ੀਆ ਦੇ ਕਮਿਊਨਿਸਟ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਮਹਾਂਨਾਸ਼ ਦੇ ਲਈ ਬ੍ਰਿਟੈਨਿਕਾ ਕੋਲ ਸਿਰਫ ਅੱਧਾ ਵਾਕ ਹੀ ਹੈ,

… ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸਮੂਚੇ ਜਾਵਾ ਅਤੇ ਬਾਲੀ ਵਿੱਚ ਕਮਿਊਨਿਸਟਾਂ ਦਾ ਕਤਲੇਆਮ ਕੀਤਾ ਗਿਆ, ਜਿਸ ਵਿੱਚ ਮਾਰੇ ਜਾਣ ਵਾਲ਼ਿਆਂ ਦੀ ਗਿਣਤੀ 80,000 ਤੋਂ 10,000,000 ਤੋਂ ਵੱਧ ਦੱਸੀ ਜਾਂਦੀ ਹੈ।

ਬ੍ਰਿਟੈਨਿਕਾ ਵਿੱਚ ਇੰਡੋਨੇਸ਼ੀਆ ਦੇ ਆਸ਼ਵਿਜਾਂ ਅਤੇ ਬੁਖਨਵਾਲਡਾਂ, ਕਤਲੇਆਮ ਕਰਨ ਵਾਲ਼ੇ ਜਲਾਦਾਂ, ਪ੍ਰਤੀਰੋਧ ਜੋ ਵੱਖ ਵੱਖ ਥਾਵਾਂ ‘ਤੇ ਕੀਤਾ ਗਿਆ ਹੋਵੇਗਾ, ‘ਤੇ ਕੋਈ ਲੇਖ ਨਹੀਂ ਹੈ। ਇਥੋਂ ਤੱਕ ਕਿ ਹੋਰਨਾਂ ਥਾਵਾਂ ‘ਤੇ ਵੀ, ਇੰਡੋਨੇਸ਼ੀਆ ਦੇ ਕਤਲੇਆਮ ‘ਤੇ ਸਾਹਿਤ ਦੀ ਮੁਕਾਬਲਤਨ ਘਾਟ ਹੈ। 3

ਇਹ ਲੇਖ ਮੁੱਖ ਤੌਰ ‘ਤੇ ਉਸ ਦੌਰ ਦੇ ਨਾਵਾਂ ਅਤੇ ਤਰੀਕਾਂ ਦਾ ਚਿਤਰਣ ਕਰੇਗਾ। ਪਰ ਜਿਨਾਂ ਲੱਖਾਂ ਮਰਦਾਂ ਅਤੇ ਔਰਤਾਂ ਨੇ ਇਤਿਹਾਸ ਦਾ ਉਹ ਦੌਰ ਜੀਵਿਆ, ਉਹਨਾਂ ਦੇ ਗੁਣਾਂ ਦਾ ਰੰਗ ਇਸ ਚਿੱਤਰ ਵਿੱਚ ਪਾਠਕ ਨੇ ਖੁਦ ਭਰਨਾ ਹੋਵੇਗਾ। ਉਨ੍ਹਾਂ ਦੇ ਕਮਿਊਨਿਸਟ ਗੁਣਾਂ ਦਾ ਕੁੱਝ ਕੁ ਅੰਦਾਜ਼ਾ ਉਸ ਅੰਤਿਮ ਕੀਮਤ ਤੋਂ ਲਗਾ ਸਕਦੇ ਹਨ, ਜਿਹੜੀ ਉਨ੍ਹਾਂ ਨੂੰ ਆਪਣੇ ਵਿਸ਼ਵਾਸ਼ ਕਾਰਨ ਭੁਗਤਣੀ ਪਈ।

ਪਿਛੋਕੜ: ਬਸਤੀਵਾਦੀ ਸ਼ੋਸ਼ਣ ਅਤੇ ਮੁਕਤੀ ਸੰਘਰਸ਼

ਸੋਲਵੀਂ ਸਦੀ ਵਿੱਚ ਇੰਡੋਨੇਸ਼ੀਆ ਯੂਰਪ ਲਈ ਮਸਾਲਿਆਂ ਦਾ ਸਭ ਤੋਂ ਮਹੱਤਵਪੂਰਨ ਸ੍ਰੋਤ ਸੀ ਅਤੇ ਅਠਾਰਵੀਂ ਸਦੀ ਦੇ ਸ਼ੁਰੂ ਤੱਕ ਡੱਚ ਸਾਮਰਾਜ ਨਿਰਮਾਤਾ 3000 ਮੀਲ ਲੰਮੇ ਇੰਡੋਨੇਸ਼ੀਆ ਦੇ ਦੀਪ ਸਮੂਹ ਦਾ ਬਹੁਤਾ ਹਿੱਸਾ ਆਪਣੇ ਅਧੀਨ ਕਰਨ ਵਿੱਚ ਸਫਲ ਹੋ ਗਏ। ਉਹ ਇਸ ਦੀ ਭਿਆਨਕ ਲੁੱਟ ਕਰਨ ਲੱਗ ਪਏੇ, ਕਾਫੀ, ਚਾਹ, ਖੰਡ, ਨੀਲ ਅਤੇ ਗਰਮ ਮਸਾਲਿਆਂ ਵਰਗੀਆਂ ਨਕਦੀ ਫਸਲਾਂ(Cash 3rops) ਨੂੰ ਨਿਰਯਾਤ ਲਈ ਉਗਾਉਣ ‘ਤੇ ਮਜਬੂਰ ਕੀਤਾ ਗਿਆ, ਉਨ੍ਹਾਂ ਨੂੰ ਨਿਗੂਣੀਆਂ ਕੀਮਤਾਂ ‘ਤੇ ਖਰੀਦਿਆ ਗਿਆ। ਬਿਨਾਂ ਸ਼ੱਕ ਇਸ ਤੋਂ ਬਹੁਤ ਸਾਰਾ ਬਸਤੀਵਾਦੀ ਨਿਰਯਾਤ ਵਾਫ਼ਰ ਪੈਦਾ ਹੋਇਆ ਜਿਸਨੂੰ ਨੀਦਰਲੈਂਡ ਨੇ ਬਗੈਰ ਕੋਈ ਮੁਆਵਜ਼ੇ ਦੇ ਹੜਪ ਲਿਆ। ਬਰਤਾਨੀਆ ਨੇ 1800 ਵਿਆਂ ਦੇ ਸ਼ੁਰੂਆਤ ਵਿੱਚ ਲੁੱਟ ‘ਚੋਂ ਇੱਕ ਹਿੱਸਾ ਹੜਪਣ ਲਈ ਹਮਲਾ ਕੀਤਾ। ਉਨ੍ਹਾਂ ਨੇ ਮਲਾਇਆ ਪ੍ਰਾਇਦੀਪ ਅਤੇ ਇੰਡੋਨੇਸ਼ੀਆ ਦਾ ਸਾਂਝਾ ਸ਼ੋਸ਼ਣ ਹਾਸਿਲ ਕੀਤਾ। ਫਿਰ, 1900ਵਿਆਂ ਦੇ ਸ਼ੁਰੂ ਵਿੱਚ, ਅਮਰੀਕੀ ਤੇਲ ਅਤੇ ਰਬੜ ਹਿੱਤ (ਸਟੈਂਡਰਡ ਆਇਲ, ਗੁੱਡਯੀਅਰ ਟਾਇਰਜ਼ ਆਦਿ ) ਘੁਸ ਆਏ।

ਇੰਡੋਨੇਸ਼ੀਆ ਨੂੰ ਬਸਤੀਵਾਦ ਦੁਆਰਾ ਤਬਾਹ ਕੀਤਾ ਗਿਆ, ਸ਼ਾਇਦ ਅਫਰੀਕਾ ਤੋਂ ਬਾਹਰ ਕਿਸੇ ਵੀ ਦੇਸ਼ ਤੋਂ ਵਧੇਰੇ ਭਿਆਨਕ ਰੂਪ ‘ਚ। ਵਿਦੇਸ਼ੀ ਸ਼ਾਸਨ ਹੇਠ ਕੋਈ ਵਿਕਾਸ ਨਹੀਂ ਹੋਇਆ, ਸਿਰਫ ਲੁੱਟ ਤੇ ਤਬਾਹੀ ਹੋਈ। 1940 ਤੱਕ ਸਿਰਫ 240 ਇੰਡੋਨੇਸ਼ੀਆਈ ਵਿਦਿਆਰਥੀ ਸਕੂਲਾਂ ਤੋਂ ਗ੍ਰੈਜੂਏਟ ਹੋਏ ਅਤੇ 37 ਕਾਲਿਜਾਂ ਵਿੱਚੋਂ। 1945 ਤੱਕ 93 ਪ੍ਰਤੀਸ਼ਤ ਅਨਪੜ੍ਹ ਸਨ। 1945 ਵਿੱਚ ਅਜ਼ਾਦੀ ਮੌਕੇ, ਸਿਰਫ 100 ਇੰਡੋਨੇਸ਼ੀਆਈ ਡਾਕਟਰ ਸਨ, ਨਾ ਮਾਤਰ ਇੰਡੋਨੇਸ਼ੀਆਈ ਇੰਜੀਨੀਅਰ ਅਤੇ ਸਿਰਫ 10 ਖੇਤੀ ਮਾਹਰ। 1957 ਵਿੱਚ ਇਸ ਕੋਲ ਹਰੇਕ 60,000 ਲੋਕਾਂ ਪਿੱਛੇ ਸਿਰਫ ਇੱਕ ਡਾਕਟਰ ਸੀ।

ਪੀ.ਕੇ. ਆਈ. ਦਾ ਜਨਮ

1920 ਤੱਕ, ਅਕਤੂਬਰ ਇਨਕਲਾਬ ਦੀ ਪ੍ਰੇਰਣਾ ਸਦਕਾ, ਇੰਡੋਨੇਸ਼ੀਆ ਦੇ ਡੱਚ ਬਸਿੰਦਿਆਂ ਦੀ ਇੱਕ ਛੋਟੀ ਜਿਹੀ ਸਭਾ ਨੂੰ ਕਮਿਊਨਿਸਟ ਐਸੋਸੀਏਸ਼ਨ ਆਫ ਇੰਡੀਜ਼ ਦੇ ਨਾਂ ਹੇਠ ਮੁੜ ਜਥੇਬੰਦ ਕੀਤਾ ਗਿਆ। ਇਹ ਕਮਿਊਨਿਸਟ ਇੰਟਰਨੈਸ਼ਨਲ ਦਾ ਇੱਕ ਹਿੱਸਾ ਬਣਨ ਵਾਲ਼ੀ ਪਹਿਲੀ ਏਸ਼ੀਆਈ ਕਮਿਊਨਿਸਟ ਪਾਰਟੀ ਬਣੀ। ਨਵੰਬਰ 1926 ਵਿੱਚ, ਪੀ ਕੇ ਆਈ ਨੇ ਬਸਤੀਵਾਦੀ ਸ਼ਾਸ਼ਨ ਵਿਰੁੱਧ ਇੱਕ ਬਗਾਵਤ ਦੀ ਅਗਵਾਈ ਕੀਤੀ ਅਤੇ ਇੱਕ ਗਣਤੰਤਰ ਦਾ ਐਲਾਨ ਕਰ ਦਿੱਤਾ। ਬਗਾਵਤ ਨੂੰ ਬਸਤੀਵਾਦੀ ਸ਼ਾਸ਼ਕਾਂ ਦੁਆਰਾ ਵਹਿਸ਼ੀ ਢੰਗ ਨਾਲ਼ ਕੁਚਲ਼ ਦਿੱਤਾ ਗਿਆ, ਹਜਾਰਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ 13000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਾਰਟੀ ਭੂਮੀਗਤ ਹੋ ਗਈ।

ਦੂਜੀ ਸੰਸਾਰ ਜੰਗ ‘ਚ ਜਪਾਨ ਦੇ ਸਮਰਪਣ ਨਾਲ, ਇੰਡੋਨੇਸ਼ੀਆ ਵਿੱਚ ਸੱਤ੍ਹਾ ਅਚਮਾਡ ਸੁਕਾਰਨੋ ਦੀ ਅਗਵਾਈ ਵਾਲ਼ੀਆਂ ਕੌਮਵਾਦੀ ਤਾਕਤਾਂ ਦੇ ਹੱਥਾਂ ਵਿੱਚ ਆ ਗਈ। ਭਾਵੇਂ, ਮਾਉਂਟਬੈਟਨ, ਜਿਸਨੇ ਇਲਾਕੇ ਵਿੱਚ ਜਪਾਨੀ ਫੌਜਾਂ ਦੇ ਆਤਮ ਸਮਰਪਣ ਨੂੰ ਸਵੀਕਾਰ ਕੀਤਾ, ਨੇ ਜਲਦੀ ਹੀ ਇੰਡੋਨੇਸ਼ੀਆ ਨੂੰ ਡੱਚ ਸਾਮਰਾਜੀਆਂ ਦੇ ਕੋਲ਼ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੇ ਅਤੇ ਜਪਾਨੀ ਫੌਜਾਂ ਨੂੰ ਕੌਮਵਾਦੀ ਤਾਕਤਾਂ ਵਿਰੁੱਧ ਲੜਨ ਦੇ ਆਦੇਸ਼ ਦਿੱਤੇ।

ਇਸੇ ਸਮੇਂ ਦੌਰਾਨ ਪੀ. ਕੇ. ਆਈ. ਮੁੜ ਤੋਂ ਉੱਭਰ ਕੇ ਸਾਹਮਣੇ ਆ ਗਈ ਅਤੇ ਨੀਦਰਲੈਂਡ ਤੋਂ ਅਜ਼ਾਦੀ ਦੇ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ, ਕਈ ਹਥਿਆਰਬੰਧ ਯੂਨਿਟ ਇਸਦੇ ਕੰਟਰੋਲ ਜਾਂ ਪ੍ਰਭਾਵ ਹੇਠ ਸਨ। 1948 ਵਿੱਚ, ਪੀ.ਕੇ.ਆਈ ਆਗੂ ਮੂਸੋ 12 ਸਾਲਾਂ ਦੀ ਸੋਵੀਅਤ ਯੂਨੀਅਨ ਵਿੱਚ ਜਲਵਤਨੀ ਤੋਂ ਬਾਅਦ ਵਾਪਸ ਪਰਤੇ ਅਤੇ ਪਾਰਟੀ ਨੂੰ ਮੁੜ ਤੋਂ ਜਥੇਬੰਦ ਕੀਤਾ ਗਿਆ।

ਇੰਡੋਨੇਸ਼ੀਆ ਦੇ ਆਮ ਰਾਜਨੀਤਕ ਹਲਾਤਾਂ ਨੇ 1948 ਵਿੱਚ ਸੱਜੇ ਪਾਸੇ ਤਿੱਖਾ ਮੋੜ ਕੱਟਿਆ, ਜਦੋਂ ਰੇਨਵਿਲੀ ਸਮਝੌਤੇ (ਅਮਰੀਕੀ ਨਵੀਂ ਜਹਾਜ ਰੇਨਵਾਲੀ) ‘ਤੇ ਦਸਖਤ ਕੀਤੇ ਗਏ। ਇਸ ਸਮਝੋਤੇ ਨੇ ਡੱਚਾਂ ਨੂੰ ਵੱਡੇ ਆਰਥਿਕ ਅਤੇ ਖੇਤਰੀ ਰਿਆਇਤਾਂ ਦਿੱਤੀਆਂ। ਹਾਲੇ ਵੀ ਡੱਚ ਸੰਤੁਸ਼ਟ ਨਹੀਂ ਸਨ। ਉਨ੍ਹਾਂ ਨੇ ਦਸੰਬਰ 1948 ਵਿੱਚ ਰਾਜਧਾਨੀ ‘ਤੇ ਕਬਜਾ ਕਰ ਲਿਆ ਅਤੇ ਸੁਕਾਰਨੋ ਨੂੰ ਫੜ ਲਿਆ। ਭਾਵੇਂ, ਅਜਾਦੀ ਦੀ ਲਹਿਰ ਦੀ ਤਾਕਤ ਪਿੰਡਾਂ ਅਤੇ ਕਸਬਿਆਂ ਵਿੱਚ ਸੀ, ਜਿੱਥੋਂ ਹਥਿਆਰਬੰਦ ਗੁਰੀਲਾ ਸੰਘਰਸ਼ ਮਘਦਾ ਰਿਹਾ, ਜਦੋਂ ਤੱਕ ਛੇ ਮਹੀਨੇ ਬਾਅਦ, ਡੱਚ ਸਾਮਰਾਜੀ ਅਜ਼ਾਦ ਕਰਨ ਲਈ ਮਜ਼ਬੂਰ ਨਾ ਹੋ ਗਏ। ਇਸ ਦੇ ਬਾਵਜੂਦ ਵੀ, ਅੰਤਮ ਨਿਪਟਾਰੇ ਵਿਚ, ਉਹ ਵੱਡੀਆਂ ਆਰਥਿਕ ਰਿਅਇਤਾਂ ਖੋਹਣ ਵਿੱਚ ਸਫਲ ਹੋ ਗਏ, ਜਿਨ੍ਹਾਂ ਵਿੱਚ ਖਣਿਜ ਬਹੁਤਾਤ ਵਾਲ਼ਾ ਇਰੀਅਨ ਬਾਰਾਟ ਖੇਤਰ ਦਾ ਕੰਟਰੋਲ ਵੀ ਸ਼ਾਮਿਲ ਸੀ।

ਰੇਨਵਿਲੀ ਸਮਝੌਤੇ ਸਮੇਂ, ਇੰਡੋਨੇਸ਼ੀਆ ਵਿਚ ਪਿਛਾਖੜੀ ਤਾਕਤਾਂ ਪ੍ਰਭਾਵੀ ਸਨ। ਇੰਡੋਨੇਸ਼ੀਆ ਦੇ ਗਣਤੰਤਰੀ ਹਥਿਆਰਬੰਦ ਦਸਤਿਆਂ ਨੇ ਮਦੁਨ ਵਿਚਲੀਆਂ ਪੀ. ਕੇ. ਆਈ. ਦੀਆਂ ਫੌਜਾਂ ‘ਤੇ ਹਿੰਸਕ ਬਗਾਵਤ ਦਾ ਇਲਜਾਮ ਲਗਾ ਕੇ ਹਮਲਾ ਕੀਤਾ। ਫੌਜ ਨੇ ਮੂਸੋ ਨੂੰ ਕਤਲ ਕੀਤਾ, ਪੀ. ਕੇ. ਆਈ. ਦੇ ਹਜਾਰਾਂ ਕਾਡਰਾਂ ਨੂੰ ਮਾਰਿਆ, ਦੂਜੇ ਸੀਨੀਅਰ ਲੀਡਰਾਂ ਨੂੰ ਦੇਸ਼ ਨਿਕਾਲਾ ਦਿੱਤਾ ਅਤੇ 36,000 ਨੂੰ ਕੈਦ ਕੀਤਾ। ਤਦ ਵੀ 1949 ਵਿੱਚ ਹੀ, ਪਾਰਟੀ ਆਪਣਾ ਮੁੜ ਉਸਾਰੀ ਸ਼ੁਰੂ ਕਰਨ ਵਿੱਚ ਸਫਲ ਰਹੀ।

ਐਦਿਤ ਦੌਰ: ਤੇਜ ਵਿਕਾਸ, ਕੌਮਵਾਦੀ ਸੁਕਾਰਨੋ ਲਈ ਹਮਾਇਤ

ਡੀ. ਐਨ. ਐਦਿਤ ਦੀ ਅਗਵਾਈ ਹੇਠ. 1950 ਵਿਆਂ ਵਿੱਚ ਪੀ. ਕੇ. ਆਈ ਨੇ ਸੁਕਾਰਨੋ ਦੀ ਅਗਵਾਈ ਅਤੇ ਉਸਦੀਆਂ ਕੌਮਵਾਦੀ ਨੀਤੀਆਂ ਦੀ ਹਮਾਇਤ ਕੀਤੀ ਅਤੇ ਮਜਦੂਰਾਂ, ਕਿਸਾਨਾਂ ਅਤੇ ਦੂਜੇ ਇਨਕਲਾਬੀ ਹਿੱਸਿਆਂ ਵਿੱਚ ਆਪਣਾ ਅਧਾਰ ਵਧਾਉਣ ਲਈ ਕੰਮ ਕੀਤਾ। ਐਦਿਤ, ਸੁਦਿਸਮਾਨ. ਲੁਕਮਾਨ, ਨਜੋਤੋ ਅਤੇ ਸਾਕਿਰਮਾਨ- ਪੀ. ਕੇ. ਆਈ. ਦੀ ਚੋਟੀ ਦੀ ਲੀਡਰਸ਼ਿਪ ਦੇ ਵਿੱਚੋਂ ਕਿਸੇ ਦੀ ਵੀ ਉਮਰ 30 ਸਾਲਾਂ ਤੋਂ ਵੱਧ ਨਹੀਂ ਸੀ। ਐਦਿਤ ਹੇਠ ਪੀ. ਕੇ. ਆਈ. ਹੈਰਾਨ ਕਰਨ ਵਾਲ਼ੀ ਗਤੀ ਨਾਲ ਵਧੀ, 1950 ਵਿਚਲੇ ਕਰੀਬ 3 ਤੋਂ 5000 ਮੈਂਬਰਾਂ ਤੋਂ 1954 ਵਿੱਚ 1,65,000 ਮੈਂਬਰਾਂ ਤੋਂ 1959 ਵਿੱਚ 15 ਲੱਖ ਮੈਂਬਰ ਹੋ ਗਏ। 1965 ਵਿੱਚ ਇਹ ਤੀਹ ਲੱਖ ਤੱਕ ਦੀ ਸਿਖਰ ਤੱਕ ਪਹੁੰਚ ਗਈ।

ਸੁਕਾਰਨੋ ਦੀ ਵਧਦੀ ਜਾ ਰਹੀ ਖਾੜਕੂ ਕੌਮਵਾਦੀ ਸਾਮਰਾਜਵਾਦ ਵਿਰੁੱਧ ਸੇਧਤ ਸੀ ਅਤੇ ਇਸ ਲਈ ਇਹ ਅੰਤਰ ਰਾਸ਼ਟਰਵਾਦੀ ਵੀ ਸੀ। 1955 ਵਿਚ ਉਸਨੇ ਬਨਡੁੰਗ ਵਿਖੇ ਇਤਿਹਾਸਕ ਪਹਿਲੀ ਐਫਰੋ-ਏਸ਼ੀਅਨ ਕਾਨਫਰੰਸ ਜਥੇਬੰਦ ਕੀਤੀ, ਜਿਸ ਵਿੱਚ 29 ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਉਨ੍ਹਾਂ ਵਿੱਚ ਚਾਓ-ਇਨ-ਲਾਈ ਵੀ ਸਨ। ਇਸ ਮੌਕੇ ਨੇ ਨੌਜਵਾਨ ਚੀਨੀ ਲੋਕ ਗਣਰਾਜ ਨੂੰ ਨਿਖੇੜਨ ਦੀਆਂ ਅਮਰੀਕੀ ਕੋਸ਼ਿਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕੀਤੀ। ਇਸ ਕਾਨਫਰੰਸ ਮੌਕੇ, ਸੁਕਾਰਨੋ ਨੇ ਬਸਤੀਵਾਦ ਵਿਰੁੱਧ ਲੜਾਈ ਨੂੰ ਜਾਰੀ ਰੱਖਣ ਲਈ ਕਿਹਾ ਅਤੇ ਅਫਰੀਕਾ ਅਤੇ ਏਸ਼ੀਆ ਦੇ ਲੋਕਾਂ ਦੀ ਏਕਤਾ ‘ਤੇ ਦਾ ਸੱਦਾ ਦਿੱਤਾ।

ਪੀ.ਕੇ. ਆਈ. ਨੇ ਸੁਕਾਰਨੋ ਦੇ ਕੌਮਵਾਦੀ ਕਾਰਜਾਂ ਦੀ ਹਮਾਇਤ ਕੀਤੀ ਅਤੇ ਇਨ੍ਹਾਂ ਨੂੰ ਆਪਣਾ ਜਨਤਕ ਅਧਾਰ ਵਧਾਉਂਦੇ ਹੋਏ, ਅੱਗੇ ਵੱਲ ਵਧਾਇਆ। ਇਸਨੇ ਇਰੀਅਨ ਜਾਇਆ ਦੇ ਡੱਚ ਕੰਟਰੋਲ ਦੇ ਜਾਰੀ ਰਹਿਣ ਖਿਲਾਫ ਵਿਰੋਧ ਨੂੰ ਤਿੱਖਾ ਕੀਤਾ। ਦਿਸੰਬਰ 1957 ਵਿੱਚ, ਇਸ ਦੀ ਅਗਵਾਈ ਹੇਠਲੀਆਂ ਟਰੇਡ ਯੂਨੀਅਨਾਂ ਨੇ ਡੱਚ ਮਾਲਕੀ ਵਾਲੀਆਂ ਕੰਪਨੀਆਂ ਦੇ ਕੰਟਰੋਲ ‘ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਬਜਿਆਂ ਨੇ ਸੁਕਾਰਨੋ ਸਰਕਾਰ ਦੇ ਵਿਦੇਸ਼ੀ ਮਾਲਕੀ ਵਾਲ਼ੇ ਅਦਾਰਿਆਂ ਦੇ ਕੌਮੀਕਰਨ ਦਾ ਰਾਹ ਪੱਧਰਾ ਕੀਤਾ।

ਬਰਤਾਨੀਆਂ ਨੇ ”ਮਲੇਸ਼ੀਆ” ਦੇ ਸੰਕਲਪ ਦੀ ਹਮਾਇਤ ਕੀਤੀ, ਜੋ ਕਿ ਇਸ ਖੇਤਰ ਵਿੱਚ ਉਨ੍ਹਾਂ ਦੇ ਪ੍ਰਭਾਵ ਦੀ ਸੁਰੱਖਿਆ ਕਰਨ ਵਾਲ਼ੀ ਅਤੇ ਖਾੜਕੂ ਕੌਮਵਾਦੀ ਇੰਡੋਨੇਸ਼ੀਆ ਨੂੰ ਘੇਰਨ ਵਾਲੀ ਇਕ ਫੈਡਰੈਸ਼ਨ ਹੋਣੀ ਸੀ। ਸੁਕਾਰਨੋ ਅਤੇ ਪੀ. ਕੇ. ਆਈ. ਦੋਹਾਂ ਨੇ (ਅਤੇ ਮਲਾਇਆ ਦੀ ਕਮਿਊਨਿਸਟ ਪਾਰਟੀ ਨੇ ਵੀ) ਇਸ ਦਾ ਵਿਰੋਧ ਕੀਤਾ। 1964 ਵਿੱਚ, ਪੀ.ਕੇ. ਆਈ. ਨੇ ਬਦਲੇ ਵਜੋਂ ਇੰਡੋਨੇਸ਼ੀਆ ਵਿਚਲੇ ਬਰਤਾਨਵੀ ਅਦਾਰਿਆਂ ‘ਤੇ ਕਬਜਾ ਕਰ ਲਿਆ ਅਤੇ ਬਾਅਦ ਵਿੱਚ ਇਸ ਨੇ ਮਲੇਸ਼ੀਆ ਦੀ ਕਠਪੁਤਲੀ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਲਈ ਵਲੰਟੀਅਰ ਭੇਜੇ।

ਸੁਕਾਰਨੋ ਸਰਕਾਰ, ਜਿਹੜੀ ਪੀ. ਕੇ. ਆਈ ਨੂੰ ਕਈ ਹਮਲਿਆਂ ਤੋਂ ਬਚਾਉਣ ਲਈ ਆਈ, ਖੁਦ ਹੀ ਅਮਰੀਕੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਥਾਨਕ ਏਜੰਟਾਂ ਦੀਆਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਹੇਠ ਸੀ। ਫਰਵਰੀ 1958 ਵਿੱਚ, ਅਮਰੀਕਾ ਨੇ ਸੁਕਾਰਨੋ ਨੂੰ ਗੱਦੀਓ ਲਾਉਣ ਦਾ ਯਤਨ ਕਰ ਰਹੇ ਫੌਜੀ ਅਫਸਰਾਂ ਨੂੰ ਹਥਿਆਰ ਅਤੇ ਅਮਰੀਕੀ ਪਇਲਟਾਂ ਵਾਲੇ ਕੁਝ 2¸26 ਬੰਬਰ ਜਹਾਜ ਦਿੱਤੇ। ਬਾਗੀ ਲੀਡਰਸ਼ਿਪ, ਜਿਸਦਾ ਅਧਾਰ ਸੁਮਾਟਰਾ ਅਤੇ ਸੁਲਾਵੇਸੀ ਵਿੱਚ ਸੀ, ਨੇ ਨਵੇਂ ਗਣਰਾਜ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਇਲਾਕਿਆਂ ਵਿੱਚ ਹਜ਼ਾਰਾਂ ਹੀ ਪੀ. ਕੇ. ਆਈ. ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਸੁਕਾਰਨੋ ਸਰਕਾਰ ਅੰਤ ਵਿੱਚ ਇਸ ਰਾਜਪਲਟੇ ਦੀ ਕੋਸ਼ਿਸ਼ ਨੂੰ ਕੁਚਲਣ ਵਿੱਚ ਸਫਲ ਹੋ ਗਈ ਅਤੇ ਇਸ ਦੇ ਨਤੀਜੇ ਵਜੋਂ ਸੁਕਾਰਨੋ ਅਤੇ ਪੀ. ਕੇ. ਆਈ. ਵਿਚਲਾ ਗਠਜੋੜ ਹੋਰ ਵੀ ਮਜਬੂਤ ਹੋਇਆ। ਅਗਸਤ 1959 ਵਿੱਚ, ਫੌਜ ਨੇ ਪੀ. ਕੇ. ਆਈ. ਦੀ ਕਾਂਗਰਸ ਨੂੰ ਰੋਕਣ ਦਾ ਯਤਨ ਕੀਤਾ। ਸੁਕਾਰਨੋ ਨੇ ਕਾਂਗਰਸ ਨੂੰ ਹੋਣ ਦੇਣ ਲਈ ਦਖਲ ਦਿੱਤਾ ਅਤੇ ਇਸ ਨੂੰ ਖੁਦ ਸੰਬੋਧਨ ਕੀਤਾ ਅਤੇ ਨਾਸਾਕੌਮ ”ਕੌਮਵਾਦ” ਦਾ ਇੱਕ ਸੰਖੇਪ, ”ਆਗਾਮਾ (ਧਰਮ) ” ਅਤੇ ”ਕਮਿਊਨਿਜ਼ਮ” ਦਾ ਨਾਅਰਾ ਦਿੱਤਾ। ਇੱਕ ਸੂਤਰ ਜਿਸਨੂੰ ਪੀ. ਕੇ. ਆਈ. ਨੇ ਉਸ ਵੇਲ਼ੇ ਇੱਕ ਸਾਂਝੇ ਫਰੰਟ ਵਜੋਂ ਦੇਖਿਆ।

1957 ਦੀਆਂ ਖੇਤਰੀ ਚੋਣਾਂ ਨੇ ਪੀ. ਕੇ. ਆਈ. ਨੂੰ ਜਾਵਾ (ਜਿੱਥੇ ਇਸ ਦਾ ਸਭ ਤੋਂ ਵੱਧ ਵੋਟਾਂ ਦਾ ਹਿੱਸਾ ਸੀ) ਅਤੇ ਦੱਖਣੀ ਸੁਮਾਟਰਾ ਵਿੱਚ ਵੱਡੀਆਂ ਚੋਣ ਜਿੱਤਾਂ ਨੂੰ ਦਰਸਾਇਆ। ਪਾਰਟੀ ਨੇ ਕਈ ਪ੍ਰਮੁੱਖ ਅਤੇ ਸਰਗਰਮ ਜਨਤਕ ਜੱਥੇਬੰਦੀਆਂ ਨੂੰ ਅਗਵਾਈ ਦਿੱਤੀ ਜਿਵੇਂ ਕਿ ਆਲ ਇੰਡੋਨੇਸ਼ੀਅਨ ਸੈਂਟਰਲ ਲੇਬਰ ਆਰਗੇਨਾਈਜੇਸ਼ਨ (SOBSI) ਪੀਪਲਜ਼ ਯੂਥ (ਪੀਮੂਡਾ ਰਕਾਇਤ), ਇੰਡੋਨੇਸ਼ੀਆ ਵੂਮੈਨਜ਼ ਮੂਵਮੈਂਟ (ਗਿਰਵਾਨੀ), ਪੀਜ਼ੈਂਟ ਫਰਾਮ ਇੰਡੋਨੇਸ਼ੀਆ (Barisan “ani Indonesia) ਦਿ ਲੀਗ ਆਫ ਪੀਪਲਜ਼ ਕਲਚਰ (Lembaga Kebudayaan Rakyat) ਅਤੇ ਐਸੋਸੀਏਸ਼ਨ ਆਫ ਸਕਾਲਰਜ਼ ਆਫ ਇੰਡੋਨੇਸ਼ੀਆ (Himpunan Sarjana Indonesia)। ਆਪਣੀ ਸਿਖਰ ਵੇਲ਼ੇ ਇਹ ਜਨਤਕ ਜਥੇਬੰਦੀਆਂ ਇੰਡੋਨੇਸ਼ੀਆ ਦੀ ਅਬਾਦੀ ਦੇ ਪੰਜਵੇਂ ਹਿੱਸੇ ਨੂੰ ਜਾ ਲਗਭਗ 2 ਕਰੋੜ ਨੂੰ ਟੱਪ ਗਈਆਂ ਦੱਸੀਆਂ ਜਾਂਦੀਆਂ ਹਨ। ਭਾਵੇਂ ਪੀ. ਕੇ. ਆਈ. ਜਾਵਾ ਤੇ ਸੁਮਾਟਰਾ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੀ, ਇਸਨੇ ਜਨ ਜਾਤੀਆਂ ਅਤੇ ਖੇਤਰਾਂ ਵਿੱਚ ਆਪਣਾ ਵਿਸਥਾਰ ਕੀਤਾ। ਇਸ ਨੇ ਬੋਰਨੀਓ, ਸੁਲਾਵੇਸੀ ਅਤੇ ਬਾਲੀ ਦੇ ਹਿੰਦੂ ਟਾਪੂ ‘ਤੇ ਆਪਣਾ ਵੱਡਾ ਅਧਾਰ ਤਿਆਰ ਕੀਤਾ।

ਲੋਕ ਘੋਲ਼ਾ ਦੀ ਉੱਭਰਦੀ ਕਾਂਗ

ਪੀ. ਕੇ. ਆਈ. ਦੀ ਅਗਵਾਈ ਹੇਠ ਜਨਤਾ ਨੇ ਤਿੱਖੇ ਜਨਤਕ ਐਕਸ਼ਨਾਂ ਰਾਹੀਂ ਆਪਣਾ ਸਾਮਰਾਜ ਵਿਰੋਧੀ ਦੀ ਪ੍ਰਦਰਸ਼ਨ ਜਾਰੀ ਰੱਖਿਆ। 1960 ਤੱਕ ਅਮਰੀਕੀ ਮਾਲਕੀ ਵਾਲ਼ੀਆਂ ਤੇਲ ਅਤੇ ਰਬੜ ਕਾਰਪੋਰੇਸ਼ਨਾਂ ਵਿਚਲੇ ਮਜ਼ਦੂਰਾਂ ਨੇ ਇਨ੍ਹਾਂ ਸੰਪਤੀਆਂ ਨੂੰ ਖੋਹ ਕੇ ਮਜ਼ਦੂਰਾਂ ਦੇ ਕੰਟਰੋਲ ਹੇਠ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਨਕਲਾਬੀ ਨੌਜਵਾਨਾਂ ਨੇ ਅਮਰੀਕਨ ਮੂਵਿੰਗ ਪਿਕਚਰ ਐਸੋਸੀਏਸ਼ਨ ਦੇ ਇੰਡੋਨੇਸ਼ੀਆ ਵਿਚਲੇ ਨੁਮਾਇੰਦੇ ਦੇ ਘਰ ‘ਤੇ ਛਾਪਾ ਮਾਰਿਆ ਅਤੇ ਉਸ ਨੂੰ ਸੀ. ਆਈ. ਏ. ਦੇ ਏਜੰਟ ਦਰਸਾਉਂਦੇ ਦਸਤਾਵੇਜ ਲੱਭੇ, ਤਾਂ ਪੀ. ਕੇ. ਆਈ ਨੇ ਅਮਰੀਕੀ ਫਿਲਮਾਂ ਦੇ ਬਾਈਕਾਟ ਨੂੰ ਜਥੇਬੰਦ ਕੀਤਾ।

ਜੇ. ਐਮ. ਸਿਸਨ ਦੇ ਅਨੁਸਾਰ, ”ਪੀ. ਕੇ. ਆਈ ਨੇ ਪੇਂਡੂ ਖੋਜ, ਜਨਤਕ ਸੰਗਠਨ ਅਤੇ ਜਮੀਨੀ ਸੁਧਾਰ ਦੀ ਇੱਕ ਮੁਹਿੰਮ ਚਲਾ ਕੇ ਇੰਡੋਨੇਸ਼ੀਆਈ ਇਨਕਲਾਬ ਲਈ ਕਿਸਾਨੀ ਦੀ ਹਮਾਇਤ ਵਧਾ ਲਈ।” ਭਾਵੇਂ ਸਰਕਾਰ ਨੇ ਇੱਕ ਜਮੀਨੀ ਸੁਧਾਰ ਪ੍ਰੋਗਰਾਮ ਦਾ ਐਲਾਨ ਕੀਤਾ ਪਰ ਇਸ ਪ੍ਰੋਗਰਾਮ ਦੇ ਤਹਿਤ ਜਮੀਨ ਦੀ ਵੰਡ ਵਿਚ ਦੇਰੀ ਨੇ ਪੀ. ਕੇ. ਆਈ. ਨੂੰ ‘ਇੱਕ ਤਰਫਾ ਐਕਸ਼ਨ’ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ਼ ਕਿਸਾਨ ਉਹ ਜਮੀਨ ਜਬਤ ਕਰਨ ਲਈ ਉਤਸ਼ਾਹਿਤ ਹੋਏ, ਜਿਸ ਨੂੰ ਉਹ ਸਰਕਾਰ ਦੇ ਜਮੀਨੀ ਕਾਨੂੰਨ ਦੇ ਹੇਠ ਆਪਣੀ ਸਮਝਦੇ ਸਨ। ਆਪਣੇ 17 ਅਗਸਤ 1964 ਦੇ ਭਾਸ਼ਣ ਵਿਚ ਸੁਕਾਰਨੋ ਨੇ ਵੀ ਕਿਸਾਨਾਂ ਨੂੰ ਇਹ ਰਾਹ ਅਪਣਾਉਣ ਲਈ ਉਤਸ਼ਾਹਿਤ ਕੀਤਾ। ”ਮੇਰਾ ਸਬਰ ਮੁਕਦਾ ਜਾ ਰਿਹਾ ਹੈ, ਮੈਂ ਹੋਰ ਇੰਤਜਾਰ ਨਹੀਂ ਕਰ ਸਕਦਾ, ” ਉਸ ਨੇ ਜਮੀਨੀ ਸੁਧਾਰ ਪ੍ਰੋਗਰਾਮ ਦੀ ਅਲੋਚਨਾ ਕਰਦਿਆਂ ਹੋਇਆਂ ਕਿਹਾ, ”ਸ਼ਾਇਦ ਕਿਸਾਨ ਵੀ ਉਨ੍ਹਾਂ ਕਰਮਚਾਰੀਆਂ ਦੇ ਕੰਨ ਖਿੱਚਣਗੇ ਜੋ ਬਹੁਤ ਸੁਸਤ ਹਨ।”

ਕੌਮੀ ਅਤੇ ਲੋਕਤੰਤਰੀ ਸੰਘਰਸ਼ ਦੀ ਉਠ ਰਹੀ ਲਹਿਰ ਦੇ ਦਬਾਅ ਹੇਠ ਅਤੇ ਇਹ ਸਮਝਦਿਆਂ ਹੋਇਆਂ ਕਿ ਸਾਮਰਾਜੀ ਅਧੀਨਗੀ ਵਿਰੁੱਧ ਉਸਦਾ ਇੱਕੋ ਇੱਕ ਠੋਸ ਸਾਥੀ ਪੀ. ਕੇ. ਆਈ. ਹੀ ਸੀ, ਸੁਕਾਰਨੋ ਦੀ ਅਵਾਜ ਹੋਰ ਜਿਆਦਾ ਖਾੜਕੂ ਹੁੰਦੀ ਗਈ। ”ਢੱਠੇ ਖੂਹ ਵਿੱਚ ਜਾਵੇ ਤੁਹਾਡੀ ਮਦਦ!” ਉਸਨੇ 1965 ਦੇ ਰਾਜਪਲਟੇ ਤੋਂ ਪਹਿਲਾਂ ਅਮਰੀਕੀ ਰਾਜਦੂਤ ਨੂੰ ਕਿਹਾ। ਮਈ 1965 ‘ਚ. ਪੀ. ਕੇ. ਆਈ. ਦੀ 45ਵੀਂ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਸੁਕਾਰਨੋ ਗਰਜਿਆ ”ਅੱਗੇ ਵਧੋ ਪੀ. ਕੇ. ਆਈ. ਅੱਗੇ, ਅੱਗੇ ਵਧੋ ਅਤੇ ਕਦੇ ਵੀ ਪਿੱਛੇ ਨਹੀਂ।” ਉਸਨੇ ਲੋਕ ਗਣਰਾਜ ਚੀਨ ਅਤੇ ਲੋਕ ਗਣਰਾਜ ਵੀਅਤਨਾਮ ਅਤੇ ਇਸ ਦੇ ਨਾਲ ਹੀ ਲੋਕਤੰਤਰੀ ਲੋਕ ਗਣਰਾਜ ਕੋਰੀਆ ਨਾਲ਼ ਨੇੜਲੇ ਸੰਬੰਧ ਬਣਾਏ। (1962 ਤੱਕ, ਪੀ. ਕੇ. ਆਈ. ਨੇ ਸੀ. ਪੀ. ਐਸ. ਯੂ. ਨਾਲ ਮਹਾਨ ਬਹਿਸ ਵਿੱਚ ਸੀ.ਪੀ. ਸੀ.(ਕਮਿਊਨਿਸਟ ਪਾਰਟੀ ਆਫ ਚਾਇਨਾ-ਅਨੁਵਾਦਕ) ਦੀਆਂ ਪੁਜੀਸ਼ਨਾਂ ਦੀ ਹਮਾਇਤ ਕੀਤੀ।)

ਪੀ. ਕੇ. ਆਈ. ਸਾਮਰਾਜਵਾਦੀ ਅਤੇ ਉਸਦੇ ਸਥਾਨਕ ਏਜੰਟਾਂ ਵਲੋਂ ਆਉਣ ਵਾਲ਼ੇ ਹਮਲੇ ਸੰਬੰਧੀ ਸੁਚੇਤ ਸੀ ਅਤੇ ਜਾਣਦੀ ਸੀ ਕਿ ਅਜਿਹੇ ਕਿਸੇ ਹਮਲੇ ਨੂੰ ਰੋਕਣ ਲਈ ਉਹ ਤਿਆਰ ਨਹੀਂ ਸੀ। ਇਸ ਨੇ ਇਸ ਦਿਸ਼ਾ ਵਿੱਚ ਹਿਚਕਚਾਉਂਦੇ ਹੋਏ ਕੁੱਝ ਕਦਮ ਚੁੱਕਣੇ ਸ਼ੁਰੂ ਕੀਤੇ। ਸਾਮਰਾਜਵਾਦੀਆਂ ਦੁਆਰਾ ਮਲੇਸ਼ੀਆ ਨੂੰ ਬਨਾਉਣ ਦੇ ਵਿਰੋਧ ਦੇ ਮੌਕੇ ਦੀ ਵਰਤੋਂ ਕਰਦੇ ਹੋਏ, ਪੀ. ਕੇ. ਆਈ. ਨੇ ”ਲੋਕਾਂ ਨੂੰ ਹਥਿਆਰਬੰਦ ਕਰਨ” ਦਾ ਸੱਦਾ ਦਿੱਤਾ, ਭਾਵ, ਲੋਕ ਮਿਲਿਸ਼ੀਆ ਦਾ ਗਠਨ ਕਰਨਾ। ਅਜਿਹੀ ਮਿਲੀਸ਼ੀਆ, ਜੇਕਰ ਉਹ ਬਣੀ ਹੁੰਦੀ, ਤਾਂ ਬਹੁਤ ਹੱਦ ਤੱਕ ਇਹ ਕਮਿਊਨਿਸਟ ਪ੍ਰਭਾਵ ਹੇਠ ਹੁੰਦੀ। ਸੁਕਾਰਨੋ ਨੇ ਇਸ ਸੰਕਲਪ ਨੂੰ ਘੱਟੋ ਘੱਟ ਜੁਬਾਨੀ ਸਮਰਥਨ ਤਾਂ ਦਿੱਤਾ ਅਤੇ ਇਸਨੂੰ ਚਾਓ-ਇਨ-ਲਾਈ ਨਾਲ ਉਸਦੀ ਅਪ੍ਰੈਲ 1965 ਦੀ ਜਕਾਰਤਾ ਫੇਰੀ ਦੌਰਾਨ ਵਿਚਾਰਿਆ, ਚਾਓ ਨੇ ਅਜਿਹੇ ਮਕਸਦ ਲਈ ਹਥਿਆਰਾਂ ਦੀ ਪੇਸ਼ਕਸ਼ ਕੀਤੀ। ਸੁਕਾਰਨੋ ਦੇ ਵਫਾਦਾਰ ਅਤੇ ਪੀ. ਕੇ. ਆਈ. ਨਾਲ਼ ਹਮਦਰਦੀ ਰੱਖਣ ਵਾਲ਼ੇ ਹਵਾਈ ਫੌਜ ਦੇ ਮੁੱਖੀ ਉਮਰ ਧਾਨੀ ਨੇ ਪੀ. ਕੇ. ਆਈ. ਦੇ 2000 ਕਾਡਰਾਂ ਨੂੰ ਜੁਲਾਈ 1965 ਵਿੱਚ ਹਾਲਿਮ ਫੌਜੀ ਹਵਾਈ ਅੱਡੇ ਤੇ ਸਿਖਲਾਈ ਦੇਣ ਦੀ ਇਜਾਜਤ ਦੇ ਦਿੱਤੀ।

ਅਮਰੀਕੀ ਸਾਮਰਾਜਵਾਦੀਆਂ ਅਤੇ ਇੰਡੋਨੇਸ਼ੀਆ ਦੀ ਫੌਜ ਵਿੱਚ ਉਨ੍ਹਾਂ ਦੇ ਏਜੰਟਾਂ ਨੇ ਪੀ. ਕੇ. ਆਈ. ਦੇ ਇਨ੍ਹਾਂ ਸ਼ੁਰੂਆਤੀ ਕਦਮਾ ਦਾ ਨੋਟਿਸ ਲਿਆ ਅਤੇ ਇਨ੍ਹਾਂ ਦਾ ਖੁਰਾ ਨੱਪਣ ਵਿੱਚ ਕੋਈ ਦੇਰ ਨਹੀਂ ਲਾਈ।

ਇਸੇ ਦੌਰਾਨ ਪੀ. ਕੇ. ਆਈ. ਦਾ ਜਨਤਕ ਅਧਾਰ ਫੈਲਦਾ ਗਿਆ। 8 ਸਤੰਬਰ ਨੂੰ, ਪ੍ਰਦਰਸ਼ਨਕਾਰੀਆਂ ਨੇ ਸੁਰਾਬਾਇਆ ਵਿਚਲੇ ਅਮਰੀਕੀ ਦੂਤਾਵਾਸ ਦੀ ਦੋ ਦਿਨਾਂ ਘੇਰਾਬੰਦੀ ਸ਼ੁਰੂ ਕੀਤੀ। 14 ਸਤੰਬਰ ਨੂੰ ਐਦਿਤ ਨੇ ਇੱਕ ਪੀ. ਕੇ. ਆਈ. ਰੈਲੀ ਨੂੰ ਸੰਬੋਧਨ ਕੀਤਾ ਅਤੇ ਕਾਡਰਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਚੌਕਸ ਰਹਿਣ ਲਈ ਕਿਹਾ। 30 ਸਤੰਬਰ 1965 ਵਾਲ਼ੇ ਹੋਣੀ ਦੇ ਦਿਨ, ਨੌਜਵਾਨ ਅਤੇ ਔਰਤਾਂ ਦੇ ਫਰੰਟਾ ਨੇ ਜਕਾਰਤਾ ਵਿਖੇ ਕੀਮਤਾਂ ਵਿੱਚ ਵਾਧੇ ਦੇ ਸੰਕਟ ਖਿਲਾਫ ਇੱਕ ਜਨਤਕ ਰੈਲੀ ਕੀਤੀ।

ਸਾਮਰਾਜਵਾਦੀ ਆਪਣੇ ”ਇੰਡੋਨੇਸ਼ੀਆ ਦੇ ਅਮੀਰ ਸਾਮਰਾਜ (Empire)” ਨੂੰ ਕਾਇਮ ਰੱਖਣ ਲਈ ਪੱਬਾਂ ਭਾਰ

ਇੰਡੋਨੇਸ਼ੀਆਈ ਜਨਤਾ ਦੇ ਵਧ ਰਹੇ ਜੋਰ ਅਤੇ ਪੀ. ਕੇ. ਆਈ. ‘ਤੇ ਉਨ੍ਹਾਂ ਦੇ ਸਮਰਥਕਾਂ ਦੀ ਵਧ ਰਹੀ ਗਿਣਤੀ ਨੇ ਸਾਮਰਾਜਵਾਦੀਆਂ ਨੂੰ ਚੌਕਸ ਕਰ ਦਿੱਤਾ। ਸਾਮਰਾਜਵਾਦੀਆਂ ਦੇ ਇਰਾਦਿਆਂ ਨੂੰ ਅਮਰੀਕੀ ਰਾਸ਼ਟਰਪਤੀ ਆਈਜ਼ਨਹੋਵਰ ਨੇ 1953 ਵਿਚ ਸਪਸ਼ਟ ਪ੍ਰਗਟ ਕੀਤਾ, ਜਦੋਂ ਉਸਨੇ ਇੰਡੋ-ਚਾਇਨਾ ਯੁੱਧ ‘ਤੇ 40 ਕਰੋੜ ਅਮਰੀਕੀ ਡਾਲਰ ਖਰਚ ਕਰਨ ਦੀ ਲੋੜ ਬਾਰੇ ਦੱਸਿਆ:

ਹੁਣ ਮੰਨ ਲਓ ਕਿ ਅਸੀਂ ਇੰਡੋ ਚੀਨ ਵਿੱਚ ਹਾਰ ਜਾਂਦੇ ਹਾਂ। ਜੇਕਰ ਇੰਡੋ-ਚੀਨ ਜਾਂਦਾ ਹੈ, ਕਈ ਗੱਲਾਂ ਹੁਣੇ ਹੀ ਵਾਪਰ ਜਾਣਗੀਆਂ।

ਮਾਲੇ ਦਾ ਦੀਪ ਸਮੂਹ, ਉਥੇ ਅਖੀਰ ਵਿੱਚ ਲਟਕ ਰਹੀ ਭੌਂ ਦੇ ਟੁਕੜੇ, ਨੂੰ ਮੁਸ਼ਕਲ ਨਾਲ ਹੀ ਬਚਾਇਆ ਜਾ ਸਕੇਗਾ। ਸਾਡੇ ਲਈ ਉਪ ਖੇਤਰ ਵਿੱਚੋਂ ਆਉਣ ਵਾਲ਼ਾ ਬੇਸ਼ਕੀਮਤੀ ਟਿਨ (“Tin) ਅਤੇ ਟੰਗਸਟਨ (“Tungsten) ਆਉਣਾ ਬੰਦ ਹੋ ਜਾਵੇਗਾ ਪਰ ਸਾਰਾ ਭਾਰਤ ਹੀ ਖੁੱਲ੍ਹਾ ਰਹਿ ਜਾਵੇਗਾ। ਬਰਮਾ ਸੁਰੱਖਿਆ ਦੀ ਸਥਿਤੀ ਵਿੱਚ ਨਹੀਂ ਰਹਿ ਜਾਵੇਗਾ…..। ਅਮਰੀਕਾ ਲਈ ਉਥੋਂ ਦੀ ਅਜਿਹੀ ਸਥਿਤੀ ਬਹੁਤ ਅਸ਼ੁਭ ਹੋਵੇਗੀ ਕਿਉਂਕਿ ਅੰਤ ਵਿੱਚ ਜੇਕਰ ਅਸੀਂ ਉਹ ਸਾਰਾ ਗੁਆ ਬੈਠੇ ਤਾਂ ਕਿਵੇਂ ਮੁਕਤ ਸੰਸਾਰ ਇੰਡੋਨੇਸ਼ੀਆ ਦੇ ਅਮੀਰ ਸਾਮਰਾਜ ਨੂੰ ਕਾਬੂ ਵਿੱਚ ਰੱਖ ਸਕੇਗਾ ? ਇਸ ਲਈ ਤੁਸੀਂ ਦੇਖਦੇ ਹੋ, ਇਸ ਲਾਈਨ ਦੇ ਨੇੜੇ ਤੇੜੇ. ਇਸ ਨੂੰ ਲਾਜ਼ਮੀ ਹੀ ਰੋਕਣਾ ਹੋਵੇਗਾ ਅਤੇ ਇਸਨੂੰ ਹੁਣੇ ਹੀ ਰੋਕਣਾ ਹੋਵੇਗਾ ਅਤੇ ਇਹੀ ਹੈ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

1960 ਵਿੱਚ, ਇੰਡੋਨੇਸ਼ੀਆ ਨੂੰ ਕੁਦਰਤੀ ਸ੍ਰੋਤਾਂ ਦਾ ਦੁਨੀਆਂ ਦਾ ਪੰਜਵਾਂ ਸਭ ਤੋਂ ਅਮੀਰ ਦੇਸ਼ ਮੰਨਿਆ ਜਾਂਦਾ ਸੀ। 1967 ਵਿੱਚ ਰਿਚਰਡ ਨਿਕਸਨ ਨੇ ਇਸ ਦੇਸ਼ ਨੂੰ ”ਇਲਾਕੇ ਦਾ ਸਭ ਤੋਂ ਅਮੀਰ ਕੁਦਰਤੀ ਸ੍ਰੋਤਾਂ ਦਾ ਜਖੀਰਾ” ਅਤੇ ”ਦੱਖਣ ਪੂਰਵੀ ਏਸ਼ੀਆਈ ਖੇਤਰ ਦਾ ਸਭ ਤੋਂ ਵੱਡਾ ਇਨਾਮ ਐਲਾਨਿਆ।” ਦੋ ਸਾਲ ਪਹਿਲਾਂ ਨਿਕਸਨ ਨੇ ਇੰਡੋਨੇਸ਼ੀਆ ਦੀ ਵਿਸ਼ਾਲ ਖਣਿਜ ਸੰਭਾਵਨਾ ਨੂੰ ਬਚਾਉਣ ਲਈ ਉੱਤਰੀ ਵੀਅਤਨਾਮ ‘ਤੇ ਬੰਬ ਵਰਾਉਣ ਦੇ ਹੱਕ ਵਿੱਚ ਦਲੀਲ ਦਿੱਤੀ ਸੀ।

ਸੁਹਾਰਤੋ ਦੀ ”ਰੀਖਤਾਗ ਫਾਇਰ”

ਜਿਸ ਤਰਾਂ ਹਿਟਲਰ ਨੇ ਫਰਵਰੀ 1933 ਨੂੰ ਰੀਖਤਾਗ (ਜਰਮਨ ਪਾਰਲੀਮੈਂਟ) ਵਿਚ ਲੱਗੀ ਅੱਗ ਨੂੰ ਉਨਮਾਦ ਪੈਦਾ ਕਰਨ ਅਤੇ ਜਰਮਨੀ ਦੀ ਕਮਿਊਨਿਸਟ ਪਾਰਟੀ ਨੂੰ ਕੁਚਲਣ ਦਾ ਇੱਕ ਬਹਾਨਾ ਬਣਾਇਆ, ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਮੁੱਖ ਏਜੰਟ, ਮੇਜਰ ਜਰਨਲ ਸੁਹਾਰਤੋ ਨੇ ”ਅਖੌਤੀ 30 ਸਤੰਬਰ ਦੀ ਲਹਿਰ” ਨੂੰ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਨੂੰ ਖਤਮ ਕਰਨ ਲਈ ਇੱਕ ਬਹਾਨਾ ਬਣਾਇਆ।

”30 ਸਤੰਬਰ ਦੀ ਲਹਿਰ” ਸਬੰਧੀਂ ਸਿਰਫ ਏਨਾ ਹੀ ਪੱਕੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ 30 ਸਤੰਬਰ/1ਅਕਤੂਬਰ ਦੀ ਰਾਤ ਨੂੰ, 12 ਲੋਕ, ਜਿਨ੍ਹਾਂ ਵਿੱਚ ਛੇ ਸਿਖਰਲੇ ਫੌਜੀ ਜਰਨੈਲ ਸਨ, ਸੁਰੱਖਿਆ ਦਸਤਿਆਂ ਦੁਆਰਾ ਮਾਰ ਦਿੱਤੇ ਗਏ। ਸੁਹਾਰਤੋ ਅਤੇ ਉਸਦੀ ਜੁੰਡੀ ਨੇ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਅਤੇ ਇਹ ਦੋਸ਼ ਲਗਾਇਆ ਕਿ ਇਹ ਪੀ. ਕੇ. ਆਈ. ਦੀ ਸੁਕਾਰਨੋ ਦੀ ਅਗਵਾਈ ਵਾਲੀ ਮੌਜੂਦ ਸਰਕਾਰ ਤੋਂ ਸੱਤਾ ਹਥਿਆਉਣ ਦੀ ਇੱਕ ਸਾਜਿਸ਼ ਸੀ। ਇਸ ਸਾਜਿਸ਼ ਨੂੰ ਕੁਚਲਣ ਦੇ ਨਾਂ ‘ਤੇ, ਉਸਨੇ ਖੁਦ ਸੁਕਾਰਨੋ ਤੋਂ ਸੱਤ੍ਹਾ ਹਥਿਆ ਲਈ, ਉਸ ਨੂੰ ਨਜ਼ਰ ਬੰਦ ਕਰ ਦਿੱਤਾ ਅਤੇ ਛੇ ਮਹੀਨਿਆਂ ਦੇ ਅੰਦਰ ਹੀ ਗੱਦੀ ਤੋਂ ਲਾਹ ਦਿੱਤਾ। ‘ਮਨੋਵਿਗਿਆਨਕ ਯੁੱਧ’ ਵਿੱਚ ਬਰਤਾਨਵੀ ਮਾਹਿਰਾਂ ਦੀ ਸਲਾਹ ਨਾਲ਼, ਸੁਹਾਰਤੋ ਨੇ ਇਹ ਪ੍ਰਚਾਰ ਘੜਿਆ ਕਿ ਪੀ. ਕੇ. ਆਈ. ਨੇ 12 ਵਿਅਕਤੀਆਂ ਨੂੰ ਕਤਲ ਕੀਤਾ ਹੈ ਅਤੇ ਇਹ ਕਿ ਉਸਨੇ ਫੌਜੀ ਅਫਸਰਾਂ ਨੂੰ ਕੋਹਿਆ ਅਤੇ ਖੱਸੀ ਕੀਤਾ ਹੈ, ਨੰਗਾ ਨੱਚੇ ਅਤੇ ਉਨ੍ਹਾਂ ਦੇ ਸਰੀਰਾਂ ਨੂੰ ਇੱਕ ਸੌ ਬਲੇਡਾਂ ਨਾਲ਼ ਪਾੜਿਆ, ਹਿੱਟ ਲਿਸਟਾਂ ਬਣਾਈਆਂ ਹਨ, ਪੂਰੇ ਦੇਸ਼ ਵਿੱਚ ਸਮੂਹਿਕ ਕਬਰਾਂ ਬਨਾਉਣ ਲਈ ਹਜ਼ਾਰਾਂ ਹੀ ਖੱਡੇ ਪੁੱਟੇ ਹਨ, ਚੀਨ ਤੋਂ ਅਯਾਤ ਕੀਤੀਆਂ ਬੰਦੂਕਾਂ ਦੇ ਭੰਡਾਰ ਭਰੇ ਹਨ, ਆਦਿ।

ਅੱਜ ਤੱਕ ਇਸ ”ਲਹਿਰ” ਦੇ ਕਰਤਾ ਧਰਤਾ ਛੁਪੇ ਹੋਏ ਹਨ। ਇੱਕ ਵਿਸ਼ਵਾਸ਼ਯੋਗ ਸਿਧਾਂਤ ਅਨੁਸਾਰ, ਅਜਿਹੀ ਕੋਈ ”ਲਹਿਰ” ਦੀ ਕਦੇ ਵੇ ਨਹੀਂ ਸੀ: ਸੁਹਾਰਤੋ ਨੇ (ਸੀ. ਆਈ. ਏ. ਅਤੇ ਬਰਤਾਨਵੀ ਐਮ 16 (ਬਰਤਾਨਵੀ ਖੂਫੀਆ) ਦੀ ਮਦਦ ਨਾਲ਼) ਇਸ ਨੂੰ ਰਾਜ ਪਲਟੇ ਲਈ ਇੱਕ ਬਹਾਨੇ ਵਜੋਂ ਘੜਿਆ ਅਤੇ ਇਹ ਯਕੀਨੀ ਬਣਾਇਆ ਕਿ ਸਰਵਉੱਚਤਾ ਲਈ ਉਸਦੇ ਸਾਰੇ ਸ਼ਰੀਕ¸ਫੌਜ ਦੇ ਦੂਜੇ ਉੱਚ ਅਧਿਕਾਰੀ- ਇਸ ਪ੍ਰਕਿਰਿਆ ਦੌਰਾਨ ਮਾਰੇ ਜਾਣ।

ਇੱਕ ਹੋਰ ਸਿਧਾਂਤ ਇਹ ਹੈ ਕਿ ਸੁਕਾਰਨੋ ਦੇ ਹਮਾਇਤੀਆਂ ਨੂੰ ਹੋਣ ਵਾਲ਼ੇ ਫੌਜੀ ਰਾਜਪਲਟੇ ਦੀਆਂ ਘੜੀਆਂ ਗਈਆਂ ਅਫਵਾਹਾਂ ਤੋਂ ਜਾਣ ਬੁੱਝ ਕੇ ਭੜਕਾਇਆ ਗਿਆ। ਉਨ੍ਹਾਂ ਨੇ ਉੱਚੇ ਜਰਨੈਲਾਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਜਿਨ੍ਹਾਂ ਨੂੰ ਉਹ ਰਾਜਪਲਟੇ ਦੀ ਸਾਜਿਸ਼ ਰਚ ਰਹੇ ਮੰਨਦੇ ਸਨ। ਭਾਵੇਂ, ਉਨ੍ਹਾਂ ਦੀ ਯੋਜਨਾ ਵਿੱਚ ਸੁਹਾਰਤੋ ਦੇ ਏਜੰਟਾਂ ਨੇ ਘੁਸਪੈਠ ਕਰ ਲਈ, ਜਿਨ੍ਹਾਂ ਨੇ ਜਨਰਲਾਂ ਨੂੰ ਕਤਲ ਕੀਤਾ ਤਾਂ ਕਿ ਸੁਹਾਰਤੋ ਨੂੰ ਕਮਿਊਨਿਸਟਾਂ ‘ਤੇ ਹਮਲਾ ਵਿੱਢਣ ਦਾ ਇੱਕ ਬਹਾਨਾ ਮਿਲ ਸਕੇ। (ਇੰਡੋਨੇਸ਼ਈਆ ਦੇ ਵੇਲ਼ੇ ਦੇ ਅਮਰੀਕੀ ਰਾਜਦੂਤ ਹਵਰਡ ਜੋਨਸ ਨੇ ਛੇ ਮਹੀਨੇ ਪਹਿਲਾਂ, 10 ਮਾਰਚ, 1965 ਨੂੰ ਮਿਸ਼ਨਾਂ ਦੇ ਮੁਖੀਆਂ ਦੇ ਕਾਨਫਰੰਸ ਵਿੱਚ ਇਹ ਕਿਹਾ: ”ਸਾਡੇ ਨਜ਼ਰੀਏ ਅਨੁਸਾਰ, ਇਸ ਵਿੱਚ ਕੋਈ ਸ਼ੱਕ ਨਹੀਂ, ਪੀ. ਕੇ. ਆਈ. ਦੀ ਰਾਜਪਲਟੇ ਦੀ ਇੱਕ ਅਸਫਲ ਕੋਸ਼ਿਸ਼ ਇੰਡੋਨੇਸ਼ੀਆ ਵਿੱਚ ਰਾਜਨੀਤਕ ਰੁਝਾਨਾਂ ਦੇ ਪੁੱਠੇ ਗੇੜੇ ਨੂੰ ਸ਼ੁਰੂ ਕਰਨ ਲਈ ਸਭ ਤੋਂ ਵਧ ਪ੍ਰਭਾਵੀ ਵਿਕਾਸ ਹੋਵੇਗਾ। (ਜੋਰ ਸਾਡਾ; 1990 ਵਿਆਂ ਵਿੱਚ ਗੈਰ ਸੂਚੀਕ੍ਰਿਤ ਕੀਤੇ ਗਏ ਇੱਕ ਦਸਤਾਵੇਜ਼ ਵਿੱਚੋਂ, ਅਦਰੇ ਆਰ ਕਾਹਿਨ ਅਤੇ ਜੋਰਜ ਮੈਕ ਟੀ. ਕਾਹਿਨ ਦੀ ਕਿਤਾਬ, ਸਬਵਰਸਨ ਐਜ ਫਾਰਨ ਪਾਲਿਸੀ: ਦਿ ਸੀਕਰਟ ਆਈਜਨਹਾਵਰ ਹਾਵਰ ਐਂਡ ਡੁਲੀਜ਼ ਡਿਬੈਕਲ ਇਨ ਇੰਡੋਨੇਸ਼ੀਆ, 1995, ਪੰਨਾ 925 ‘ਤੇ ਦਰਜ)। ਭਾਵੇਂ ਉਸ ”ਲਹਿਰ” ਦੀ ਯੋਜਨਾ ਬਨਾਉਣ ਵਾਲ਼ੇ ਇਕਲੌਤੇ ਜੀਵਤ ਵਿਅਕਤੀ ਕਰਨਲ ਲਤੀਫ ਨੇ ਸ਼ੈਡੋ ਪਲੇ ਫਿਲਮ ਵਿੱਚ (33 ਸਾਲ ਜੇਲ ਵਿੱਚ ਬਿਤਾਉਣ ਤੋਂ ਬਾਅਦ) ਦੱਸਿਆ ਕਿ ਉਨ੍ਹਾਂ ਦੀ ਯੋਜਨਾ ਜਰਨੈਲਾਂ ਨੂੰ ਕਤਲ ਕਰਨ ਦੀ ਨਹੀਂ ਸਗੋਂ ਸਿਰਫ ਗ੍ਰਿਫਤਾਰ ਕਰਨ ਦੀ ਹੀ ਸੀ ਅਤੇ ਉਸਨੇ ਖੁਦ ਸੁਹਾਰਤੋ ਨੂੰ ਆਪਣੀਆਂ ਯੋਜਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਕਿਉਂਕਿ ਉਸ ਵੇਲ਼ੇ ਤੱਕ ਸੁਹਾਰਤੋ ਦੀ ਵਫਾਦਾਰੀ ‘ਤੇ ਸ਼ੱਕ ਨਹੀਂ ਸੀ ਕੀਤਾ ਜਾਂਦਾ। ਭਾਵੇਂ ਸੁਹਾਰਤੋ ਨੇ ਉਨ੍ਹਾਂ ਨੂੰ ਰੋਕਣ ਲਈ ਕੁੱਝ ਵੀ ਨਹੀਂ ਕੀਤਾ।

”ਲਹਿਰ” ਸੰਬੰਧੀ ਤੱਥ ਭਾਵੇਂ ਜੋ ਵੀ ਹੋਣ, ਦੋ ਗੱਲਾਂ ਸਪੱਸ਼ਟ ਹਨ: (1) ਕਿਸੇ ਤਰਾਂ ਦੀ ਕਲਪਨਾ ਨਾਲ਼ ਵੀ ਇਸ ਨੂੰ ਪੀ. ਕੇ. ਆਈ. ਦੀ ਸੱਤ੍ਹਾ ਹਥਿਆਉਣ ਦੀ ਕੋਸ਼ਿਸ਼ ਨਹੀਂ ਕਿਹਾ ਜਾ ਸਕਦਾ। ਵੱਧ ਤੋਂ ਵੱਧ ਇਹ ਕੁੱਝ ਸ਼ਕਤੀਆਂ ਦੁਆਰਾ ਉਸ ਵੇਲ਼ੇ ਦੀ ਸਰਕਾਰ ਨੂੰ ਵਿਦੇਸ਼ੀ ਅਧੀਨਗੀ ਤੋਂ ਬਚਾਉਣ ਦੀ ਕੋਸ਼ਿਸ਼ ਸੀ। ਬਹੁਤ ਹੱਦ ਤੱਕ ਇਹ ਸੀ . ਆਈ. ਏ. ਦੁਆਰਾ ਘੜੀ ਗਈ ਜਾਂ ਵਿਛਾਇਆ ਗਿਆ ਜਾਲ ਸੀ। (2) ਸਮੁੱਚੀ ਪੀ. ਕੇ. ਆਈ. ਨੂੰ ਇਸ ”ਲਹਿਰ” ਦੀ ਜਾਣਕਾਰੀ ਨਹੀਂ ਹੋ ਸਕਦੀ ਕਿਉਂਕਿ ਉਹ ਅਜਿਹੀ ਕਿਸੇ ਘਟਨਾ ਲਈ ਉੱਕਾ ਹੀ ਤਿਆਰ ਨਹੀਂ ਸੀ। ਅਜਿਹੀ ਕਿਸੇ ਘਟਨਾ ਦੀ ਜਨਤਕ ਹਮਾਇਤ ਲਈ ਕੋਈ ਯੋਜਨਾ ਨਹੀਂ ਸੀ ਬਣਾਈ ਗਈ। ਪੀ. ਕੇ. ਆਈ. ਦੇ ਤੀਹ ਲੱਖ ਮੈਂਬਰ ਅਤੇ ਇਸ ਦੇ ਪ੍ਰਭਾਵ ਵਾਲ਼ੀਆਂ ਜਨਤਕ ਜਥੇਬੰਦੀਆਂ ਦੇ ਦੋ ਕਰੋੜ ਲੋਕਾਂ ਨੂੰ ਅਜਿਹੀ ਕਿਸੇ ਘਟਨਾ ਸੰਬੰਧੀ ਕਦੇ ਵੀ ਹਰਕਤ ਵਿੱਚ ਨਹੀਂ ਲਿਆਂਦਾ ਗਿਆ। ਭਾਵੇਂ ਇੰਡੋਨੇਸ਼ੀਆ ਦੀ ਫੌਜ ਇਸ ਲਈ ਪੂਰੀ ਤਰਾਂ ਜਥੇਬੰਦ ਸੀ।

”ਪੂਰਬਵਾਦੀ ਉਨਮਾਦ” ਨਹੀਂ ਸਗੋਂ ਸਾਮਰਾਜਵਾਦੀ ਨਿਰਦੇਸ਼ ਤਹਿਤ ਯੋਜਨਾਬੱਧ ਤਰੀਕੇ ਨਾਲ਼ ਕੀਤਾ ਗਿਆ ਨਿਰਦਈ ਕਤਲੇਆਮ

ਇਹ ਨੋਟ ਕਰਨ ਯੋਗ ਹੈ ਕਿ ਪਹਿਲਾਂ ਤਾਂ ਬੁਰਜੂਆ ਮੀਡੀਆ ਨੇ ਪੀ. ਕੇ. ਆਈ. ਤੇ ਉਸਦੇ ਸਮਰਥਕਾਂ ਦੀਆਂ ਮੌਤਾਂ ਬਾਰੇ ਉੱਕਾ ਲਿਖਿਆ ਹੀ ਨਹੀਂ। ਢਾਈ ਮਹੀਨੇ ਬਾਦ ”ਟਾਈਮ” ਮੈਗਜ਼ੀਨ ਨੇ ਅਮਰੀਕਾ ਵਿੱਚ ਪਹਿਲੀ ਖ਼ਬਰ ਦਿੱਤੀ ਅਤੇ ਘਟਨਾਵਾਂ ਨੂੰ ਆਪ ਮੁਹਾਰੇ ਜਨਤਕ ਉਨਮਾਦ ਵਜੋਂ ਪੇਸ਼ ਕੀਤਾ:

ਕਮਿਊਨਿਸਟਾਂ, ਲਾਲ ਸਮਰਥਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਹਜ਼ਾਰਾਂਦੀ ਗਿਣਤੀ ਵਿੱਚ ਕਤਲੇਆਮ ਕੀਤਾ ਜਾ ਰਿਹਾ ਹੈ। ਬੈਕ ਲੈਂਡ ਫੌਜੀਆਂ ਨੇ ਹਜਾਰਾਂ ਹੀ ਕਮਿਊਨਿਸਟਾਂ ਨੂੰ ਦੂਰਾਡੀਆਂ ਜੇਲਾਂ ਵਿੱਚ ਪੁੱਛ ਗਿੱਛ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ। ‘ਪਰੰਗ’ ਆਖੇ ਜਾਣ ਵਾਲੇ ਵੱਡੀ ਛੁਰੀ ਵਾਲ਼ੇ ਚਾਕੂਆਂ ਨਾਲ਼ ਲੈਸ ਮੁਸਲਿਮ ਗੈਂਗ ਰਾਤ ਨੂੰ ਕਮਿਊਨਿਸਟਾਂ ਦੇ ਘਰਾਂ ਅੰਦਰ ਦਾਖਲ ਹੋਏ, ਸਮੁੱਚੇ ਪਰਿਵਾਰਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖਾਲੀ ਕਬਰਾਂ ਵਿੱਚ ਦਫਨਾ ਦਿੱਤਾ। ਪੂਰਵੀ ਜਾਵਾ ਦੇ ਪੇਂਡੂ ਖੇਤਰ ਵਿੱਚ ਕਤਲ ਦੀ ਮੁਹਿੰਮ ਏਨੀ ਨਿਰਲੱਜ ਸੀ ਕਿ ਮੁਸਲਿਮ ਗਿਰੋਹਾਂ ਨੇ ਆਪਣੇ ਸ਼ਿਕਾਰਾਂ ਦੇ ਸਿਰਾਂ ਨੂੰ ਨੇਜਿਆਂ ‘ਤੇ ਟੰਗ ਕੇ ਪਿੰਡਾਂ ਵਿੱਚ ਪਰੇਡ ਕੀਤੀ। ਇਹ ਕਤਲੇਆਮ ਇਸ ਪੱਧਰ ‘ਤੇ ਸੀ ਕਿ ਲਾਸ਼ਾਂ ਦੇ ਨਿਪਟਾਰੇ ਨੇ ਜਾਵਾ ਅਤੇ ਉਤਰੀ ਸੁਮਾਤਰਾ ਵਿੱਚ ਇੱਕ ਗੰਭੀਰ ਸਮੱਸਿਆ ਪੈਦਾ ਕੀਤੀ ਜਿੱਥੇ ਸਿੱਲ੍ਹੀ ਹਵਾ ਨੇ ਸੜ ਰਹੇ ਮਾਸ ਦੀ ਬਦਬੂ ਫੈਲਾਅ ਦਿੱਤੀ। ਇਨਾਂ ਇਲਾਕਿਆਂ ਦੇ ਯਾਤਰੀ ਛੋਟੀਆਂ ਨਦੀਆਂ ਅਤੇ ਨਾਲ਼ਿਆਂ ਬਾਰੇ ਦੱਸਦੇ ਸਨ ਜੋ ਅਸਲ ਵਿੱਚ ਲਾਸ਼ਾਂ ਨਾਲ਼ ਰੁਕ ਗਈਆਂ ਸਨ। ਕਈ ਥਾਵਾਂ ‘ਤੇ ਨਦੀ ਰਾਹੀਂ ਢੋਆ ਢੁਆਈ ‘ਚ ਗੰਭੀਰ ਰੂਪ ਵਿੱਚ ਰੁਕਾਵਟ ਪੈ ਗਈ। (ਟਾਈਮ, 17 ਦਿਸੰਬਰ, 1965)

ਇਹ ਰਿਪੋਰਟ ਪੱਛਮੀਂ ਵੇਰਵਿਆਂ ਦੀ (Accounts) ਕਾਫੀ ਹੱਦ ਤੱਕ ਪ੍ਰਤੀਨਿਧਤਾ ਕਰਦੀ ਹੈ। ਇੱਥੋਂ ਤੱਕ ਕਿ ਪੀ. ਕੇ. ਆਈ. ਵਿਰੋਧੀ ਮੁਹਿੰਮ ਦੀ ਬਰਬਰਤਾ ਨੂੰ ਮੰਨਦੀ ਹੋਈ, ਇਹ ਇਸ ਨੂੰ ਪੂਰਬੀ ਵਿਸ਼ੇਸ਼, ਪੁਰਾਤਨ ਵਰਤਾਰਾ, ਪਾਗਲਪਨ ਦੀ ਇੱਕ ਅਸਥਾਈ ਲਹਿਰ, ਸੱਭਿਆ ਪੱਛਮੀ ਮਨ ਵਿੱਚ ਸੋਚੀ ਨਾ ਜਾ ਸਕਣ ਵਾਲ਼ੀ ਲਹਿਰ ਵਜੋਂ ਚਿਤਰਿਤ ਕਰਦੀ ਹੈ। ”ਮੁਸਲਿਮ ਗਿਰੋਹਾਂ” ਦਾ ਜਿਕਰ ਉਭਰਨ ਵਾਲ਼ੇ ਸਟੀਰੀਓਟਾਈਪਸ …… ਵਿੱਚ ਪੂਰੀ ਤਰਾਂ ਫਿੱਟ ਬੈਠਦਾ ਹੈ। ਇਹ ਹਕੀਕਤ ਦੇ ਠੀਕ ਉਲ਼ਟ ਹੈ, ਅਸਲ ਵਿੱਚ, (1) ਖੇਤਰਾਂ ਅਤੇ ਨਸਲਾਂ ਤੋਂ ਪੂਰੇ ਪੀੜਤਾਂ ਵਿੱਚ-ਇੰਡੋਨੇਸ਼ੀਆਈ, ਚੀਨੀ ਅਤੇ ਗੈਰ ਚੀਨੀ, ਮੁਸਲਿਮ ਅਤੇ ਹਿੰਦੂ (ਬਾਲੀ ਦੀਪ ‘ਤੇ) ਸ਼ਾਮਿਲ ਸਨ, (2) ਜਿਆਦਾਤਰ ਕਤਲ ਖੁਦ ਫੌਜ ਨੇ ਕੀਤੇ ਅਤੇ ਗ੍ਰਿਫਤਾਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ। ਉਨ੍ਹਾਂ ਕਤਲਾਂ ਤੋਂ ਇਲਾਵਾ, ਫੌਜ ਦੁਆਰਾ 15 ਲੱਖ ਦੇ ਕਰੀਬ ਨੂੰ ”30 ਸਤੰਬਰ ਦੀ ਲਹਿਰ” ਦੇ ਸੰਬੰਧ ਵਿੱਚ ਵੱਖ-ਵੱਖ ਸਮੇਂ ਲਈ ਗ੍ਰਿਫਤਾਰ ਕੀਤਾ ਗਿਆ।

ਨਿਊਯਾਰਕ ਟਾਇਮਜ਼ ਦੀ 8 ਮਈ 1966 ਦੀ ਇੱਕ ਰਿਪੋਰਟ ਵਿੱਚ ਜਕਾਰਤਾ ਨੇੜਲੇ ਇੱਕ ਪਿੰਡ ਦੇ ਇੱਕ ਅਧਿਆਪਕ ਦਾ ਹਵਾਲਾ ਹੈ:

ਮੇਰੇ ਵਿਦਿਆਰਥੀ ਫੌਜ ਦੇ ਨਾਲ਼ ਸਨ। ਉਨ੍ਹਾਂ ਨੇ ਪੀ. ਕੇ. ਆਈ. ਮੈਂਬਰਾਂ ਵੱਲ ਇਸ਼ਾਰਾ ਕੀਤਾ। ਫੌਜ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪੂਰੇ ਪਰਿਵਾਰ: ਔਰਤਾਂ ਅਤੇ ਬੱਚਿਆਂ ਸਮੇਤ ਥਾਂ ‘ਤੇ ਹੀ ਮਾਰ ਦਿੱਤਾ। ਇਹ ਬਹੁਤ ਹੀ ਭਿਆਨਕ ਸੀ….।

ਗਾਰਡੀਅਨ (7.4.66) ਦੀ ਇੱਕ ਰਿਪੋਰਟ ਬਾਲੀ ਵਿੱਚ ਕਤਲਾਂ ਦੀ ਪੱਧਰ ਦਾ ਅੰਦਾਜਾ ਲਗਾਉਂਦੀ ਹੈ:

ਇੱਕ ਯਾਤਰੀ ਜਿਹੜਾ ਬਾਲੀ ਦੇ ਟਾਪੂ ਬਾਰੇ ਜਾਣਦਾ ਹੈ ਅਤੇ… ਦੀ ਭਾਸ਼ਾ ਬੋਲਦਾ ਹੈ….., ਕੁੱਝ ਇਲਾਕਿਆਂ ਦੇ ਸਮੂਹਿਕ ਕਤਲੇਆਮ ਅਤੇ ਪਿੰਡਾਂ ਦੇ ਪਿੰਡਾਂ ਦੇ ਖਾਤਮੇ ਬਾਰੇ ਦੱਸਦਾ ਹੈ। ਸੁਰਾਬਾਜਾ ਦੀ ਅਬੈਂਸੀ ਦਾ ਇੱਕ ਅਧਿਕਾਰੀ ਬਾਲੀ ਸੰਬੰਧੀ ਇਸ ਅੰਕੜੇ ਨੂੰ 2,00,000 ਤੱਕ ਮੰਨਦਾ ਹੈ, ਜਿਸ ਦੀ ਜਨਸੰਖਿਆ ਵੀਹ ਲੱਖ ਹੈ।

ਸੁਮਾਪਰਾ ਵਿੱਚ ਮ੍ਰਿਤਕਾਂ ਦੀ ਗਿਣਤੀ ਦਾ ਅੰਦਾਜ਼ਾ 2 ਲੱਖ ਦੇ ਕਰੀਬ ਲਗਾਇਆ ਜਾਂਦਾ ਹੈ ਅਤੇ ਜਾਵਾ ਲਈ ਅਜਿਹੀ ਗਿਣਤੀ ਨੂੰ ਆਮ ਤੌਰ ‘ਤੇ ਘਟਾ ਕੇ ਦੇਖੀ ਜਾਂਦੀ ਮੰਨਿਆ ਜਾਂਦਾ ਹੈ।

ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਨਦੀਆਂ ਹਫਤਿਆਂ ਤੱਕ ਲਾਸ਼ਾਂ ਨਾਲ਼ ਰੁਕੀਆਂ ਰਹੀਆਂ। ਸੁਰਾਬਾਜਾ ਦਾ ਇੱਕ ਯੂਰਪੀ ਵਸਨੀਕ ਨਦੀ ਦੁਆਰਾ ਉਸਦੇ ਪਿਛਵਾੜੇ ਵਿੱਚ ਲਿਆ ਸੁੱਟੀਆਂ ਲਾਸ਼ਾਂ ਦੇ ਮਿਲਣ ਦੀ ਗੱਲ ਕਰਦਾ ਹੈ।

ਜਿਹਾ ਕਿ ਡਾਇਰਡਰ ਗ੍ਰਿਸਵੋਲਡ ਇਸ਼ਾਰਾ ਕਰਦੇ ਹਨ,

ਇੰਡੋਨੇਸ਼ੀਆ ਭੂ-ਮੱਧ ਰੇਖਾ (Equater) ਦੇ ਆਲੇ ਦੁਆਲੇ ਫੈਲੇ ਹੋਏ 3,000 ਵੱਖਰੇ-ਵੱਖਰੇ ਦੀਪਾਂ ਦਾ ਬਣਿਆ ਹੈ। ਇਸ ਦੇ ੇਬਾਵਜੂਦ,ਕਤਲੇਆਮ ਤਾਲਮੇਲ ਵਾਲ਼ਾ ਸੀ ਅਤੇ…….. ਦੀਪ ਸਮੂਹ ਦੇ ਸਾਰੇ ਵੱਡੇ ਦੀਪਾਂ ਤੇ ਇੱਕੋ ਤਰਾਂ ਨਾਲ਼ ਫੈਲਿਆ ਸੀ।

ਕੋਈ ਵੀ ਜਨਤਕ ਉਨਮਾਦ, ਸਮੂੰਦਰ ਨੂੰ ਪਾਰ ਕਰਦਾ, ਇੱਕ ਤੋਂ ਬਾਅਦ ਦੂਜੇ ਦੀਪ ਨੂੰ ਪਾਰ ਕਰਕੇ ਹਜਾਰਾ ਮੀਲ ਤੱਕ ਨਹੀਂ ਸੀ ਜਾ ਸਕਦਾ। ਸਿਰਫ ਇੱਕ ਸ਼ਕਤੀਸ਼ਾਲੀ ਕੇਂਦਰੀ ਸੱਤਾ ਹੀ ਮੌਤਾਂ ਨੂੰ ਨਿਰਦੇਸ਼ਿਤ ਕਰ ਸਕਦੀ ਸੀ।

ਇਹ ਲਾਮਦੀਅਨ ਅਤੇ ਸੁਹਾਰਤੋ ਦੀ ਫੌਜ ਹੀ ਸੀ, ਜਿਹੜੀ ਮਿਥੇ ਅਨੁਸਾਰ ਪਿੰਡ ਤੋਂ ਪਿੰਡ ਤੱਕ ਗਈ, ਕਿਸਾਨ ਆਗੂਆਂ, ਕਮਿਊਨਿਸਟਾਂ ਅਤੇ ਕੌਮਵਾਦੀਆਂ ਨੂੰ ਉਖਾੜ ਸੁੱਟਿਆ, ਜਿਨ੍ਹਾਂ ਨੇ ਡੱਚ ਜਾ ਅਮਰੀਕਨ ਜਾਇਦਾਦ ਜਾਂ ਜਗੀਰੂ ਬਾਗਾਂ ਨੂੰ ਜਬਤ ਕੀਤਾ ਸੀ। ਉਨ੍ਹਾਂ ਨੇ ‘ਮੁਕਤੀ’ ਦੇ ਵਿਚਾਰ ਨਾਲ਼ ਗ੍ਰਸਤ ਹਜਾਰਾਂ ਅਧਿਆਪਕਾਂ ਨੂੰ ਫਾਇਰਿੰਗ ਸੁਕੈਅਡਾਂ ਅੱਗੇ ਖੜ੍ਹੇ ਕਰ ਦਿੱਤਾ। ਉਨ੍ਹਾਂ ਨੇ ਮੁਕਦਮੇ, ਵਕੀਲਾਂ ਜਾਂ ਖੁਦ ਕਾਨੂੰਨਾਂ ਦੀ ਪਰਵਾਹ ਨਹੀਂ ਕੀਤੀ। ਇਹ ਅੰਤਿਮ ਸ਼ਾਂਤੀ ਦਾ ਪ੍ਰੋਗਰਾਮ ਸੀ ਜਿਸ ਦਾ ਸੁਪਨਾ ਵੀਅਤਨਾਮ ਵਿੱਚ ਅਮਰੀਕੀ ਮਾਹਿਰਾਂ ਨੇ ਲਿਆ ਸੀ ਅਤੇ ਇਸ ਸਮੇਂ ਉਹ ਕੰਮ ਕਰ ਲਿਆ ਗਿਆ ਸੀ।

ਤੱਥ ਰੂਪ ਵਿੱਚ, ਇਸ ਕਤਲੇਆਮ ਦੀ ਯੋਜਨਾ 30 ਸਤੰਬਰ, 1965 ਤੋਂ ਬਹੁਤ ਪਹਿਲਾਂ ਦੀ ਬਣ ਚੁੱਕੀ ਸੀ।

ਇੰਡੋਨੇਸ਼ੀਆ ਦੀ ਫੌਜ ਨੂੰ ਦਿੱਤੀ ਗਈ ਅਮਰੀਕੀ ਮਦਦ ”ਰੰਗ ਲਿਆਈ”

ਰਾਜਪਲਟੇ ਤੋਂ ਪਹਿਲਾਂ ਦੇ ਸਾਲਾਂ ਵਿੱਚ, ਅਮਰੀਕਾ ਨੇ ਸੁਕਾਰਨੋ ਸਰਕਾਰ ਨੂੰ ਗੈਰ-ਫੌਜੀ ਮਦਦ ਮੁਅਤਲ ਕਰ ਦਿੱਤੀ ਸੀ ਪਰ ਇਸ ਨੇ ਫੌਜੀ ਮਦਦ ਜਾਰੀ ਰੱਖੀ। ਜਦੋਂ ਸੈਨੇਟਰ ਬਰੂਮਫੀਲ਼ਡ ਨੇ ਇਹ ਸੁਆਲ ਕੀਤਾ ਕਿ ਕਿਉਂ ਅਮਰੀਕੀ ਸਰਕਾਰ ਇੱਕ ਅਮਰੀਕੀ ਵਿਰੋਧੀ ਸਰਕਾਰ ਨੂੰ ਅਤੇ ਸਾਮਰਾਜ ਪੱਖੀ ਮਲੇਸ਼ੀਆ ਦੀ ਮਦਦ ਕਿਉਂ ਕਰ ਰਹੀ ਹੈ ਤਾਂ ਸਰਕਾਰ ਦੇ ਸਹਾਇਕ ਸਕੈਟਰੀ ਵਿਲੀਅਮ ਬੰਡੀ ਦਾ ਕਹਿਣਾ ਸੀ, ”ਜਦੋਂ ਸੁਕਾਰਨੋ ਦ੍ਰਿਸ਼ ਤੋਂ ਉਹਲੇ ਹੋਵੇਗਾ ਤਾਂ ਲਗਦਾ ਹੈ ਫੌਜ ਸੱਤ੍ਹਾ ਵਿੱਚ ਆ ਜਾਵੇਗੀ। ਅਸੀਂ ਦਰਵਾਜੇ ਖੁਲ੍ਹੇ ਰੱਖਣੇ ਚਾਹੁੰਦੇ ਹਾਂ।” ਜਦੋਂ ਬਰੂਮਫੀਲਡ ਨੇ ਇਸ ਨੁਕਤੇ ‘ਤੇ ਜੋਰ ਦੇਣਾ ਜਾਰੀ ਰੱਖਿਆ ਕਿ ਰਾਜ ਵਿਭਾਗ ਕੋਲ਼ ਇਸ ਦਾ ਕੀ ”ਸਬੂਤ” ਹੈ ਕਿ ਫੌਜੀ ਆਗੂ ਅਮਰੀਕਾ ਦੇ ਦੋਸਤ ਹੋਣ। ”ਅਸੀਂ ਉਮੀਦ ਰੱਖਦੇ ਹਾਂ,” ਇਹ ਸੀ ਬੰਡੀ ਦਾ ਜਵਾਬ।

ਅਸਲ ਵਿੱਚ, ਇਹ ਅਮਰੀਕਾ ਦੁਆਰਾ ਸਪਲਾਈ ਕੀਤਾ ਗਏ ਸੰਚਾਰ ਸਾਧਨ, ਜਮੀਨੀ ਵਾਹਨ ਅਤੇ ਹਵਾਈ ਜਹਾਜ ਹੀ ਸਨ ਜਿਨ੍ਹਾਂ ਨੇ ਫੌਜ ਨੂੰ 3,000 ਦੀਪਾਂ ਦੇ ਲੋਕਾਂ ਦੇ ਕਤਲੇਆਮ ਲਈ ਸੰਚਾਰ ਅਤੇ ਤਾਲਮੇਲ ਕਰਨ ਦੇ ਯੋਗ ਬਣਾਇਆ। 1965 ਦੇ ਰਾਜਪਲਟੇ ਤੋਂ ਬਾਅਦ ਦੀ ਇਸ ਸੈਨੇਟ ਪੇਸ਼ੀ ਸਮੇਂ ਅਮਰੀਕੀ ਸੁਰੱਖਿਆ ਸੈਕਟਰੀ, ਰੋਬਰਟ ਮੈਕਨਮਾਰਾ ਨੇ ਚੁੱਪਚਾਪ ਮੰਨਿਆ ਕਿ ਅਜਿਹੀ ਮਦਦ ਚੰਗੀ ਸਾਬਤ ਹੋਈ ਹੈ:

ਸੈਨੇਟਰ ਸਪਾਰਕਮੈਨ: ਮੈਂ ਪਿਛਾਂਹ ਇੰਡੋਨੇਸ਼ੀਆ ਨੂੰ ਆਪਣੀ ਜਾਰੀ ਫੌਜੀ ਮਦਦ ਵੱਲ ਜਾਣਾ ਚਾਹੁੰਦਾ ਹਾਂ। ਇੱਕ ਵੇਲ਼ੇ ਜਦੋਂ ਇੰਡੋਨੇਸ਼ੀਆ ਬਹੁਤ ਬੁਰੀ ਤਰਾਂ ਲਤਾੜ ਰਿਹਾ ਸੀ¸ ਜਦੋਂ ਫੌਜੀ ਮਦਦ ਦੇ ਜਾਰੀ ਰੱਖਣ ਕਾਰਣ ਸਾਡੀ ਬਹੁਤ ਅਲੋਚਨਾ ਹੋ ਰਹੀ ਸੀ-ਉਸ ਸਮੇਂ ਅਸੀਂ ਨਹੀਂ ਸਾਂ ਕਹਿ ਸਕਦੇ ਕਿ ਉਹ ਫੌਜੀ ਸਹਾਇਤਾ ਕਿਸ ਲਈ ਸੀ। ਕੀ ਹੁਣ ਵੀ ਇਹ ਗੁਪਤ ਹੈ?

ਸੈਕਟਰੀ ਮੈਕਨਾਮਾਰਾ: ਮੈਂ ਇਸ ਦੇ ਉਲ਼ਟ ਸੋਚਦਾ ਹਾਂ, ਉਹ ਸਹਾਇਤਾ ਪੂਰੀ ਤਰਾਂ ਸਹੀ ਸੀ।

ਸੈਨੇਟਰ ਸਪਾਰਕ ਮੈਨ: ਕੀ ਤੁਸੀਂ ਸੋਚਦੇ ਹੋ ਕਿ ਇਸਦਾ ਫਲ ਮਿਲਿਆ?

ਸੈਕਟਰੀ ਮੈਕਨਾਮਾਰਾ: ਮੈ ਮੰਨਦਾ ਹਾਂ ਸ਼੍ਰੀਮਾਨ।

ਰੂੜਾ ਅਤੇ ਨੇਵਿੰਸ ਲਿਖਦੇ ਹਨ:

ਉਸ ਵੇਲ਼ੇ ਦਾ ਇੰਡੋਨੇਸ਼ੀਆ ਵਿਚਲਾ ਅਮਰੀਕੀ ਰਾਜਦੂਤ ਮਾਰਸ਼ਲ ਗਰੀਨ ਲਿਖਦਾ ਹੈ ਕਿ ਦੂਤਾਵਾਸ ਨੇ ਫੌਜ ਨੂੰ ਇਹ ”ਸਾਫ ਕਰ” ਦਿੱਤਾ ਸੀ ਕਿ ਵਸ਼ਿੰਗਟਨ ਉਨ੍ਹਾਂ ਦੇ ਕਾਰਨਾਮਿਆਂ ਦਾ ਆਮ ਤੌਰ ‘ਤੇ ਹਮਦਰਦ ਅਤੇ ਸਮਰਥਕ ਸੀ। ਕੁੱਝ ਅਮਰੀਕੀ ਅਧਿਕਾਰੀ ਤਾਂ 30 ਸਤੰਬਰ ਲਹਿਰ ਤੋਂ ਬਾਅਦ ਦੇ ਦਿਨਾਂ ਵਿੱਚ ਇੱਥੋਂ ਤੱਕ ਕਹਿਣ ਤੱਕ ਗਏ ਕਿ ਫੌਜ ਨੇ ਪੱਕੇ ਤੌਰ ‘ਤੇ ਪੀ. ਕੇ. ਆਈ. ਨੂੰ ਖਤਮ ਕਰਨ ਲਈ ਪੂਰੀ ਪੂਰੀ ਵਾਹ ਨਹੀਂ ਲਾਈ। ਅਮਰੀਕੀ ਦੂਤਾਵਾਸ ਨੇ ਸੁਹਾਰਤੋ ਨੂੰ ਹਮਲੇ ਲਈ ਰੇਡੀਓ ਦਾ ਸਮਾਨ, ਵਾਕੀ-ਟਾਕੀ ਅਤੇ ਛੋਟੇ ਹਥਿਆਰ ਸਪਲਾਈ ਕੀਤੇ। ਦੂਤਾਵਾਸ ਦੇ ਇੱਕ ਅਧਿਕਾਰੀ ਨੇ ਫੌਜ ਨੂੰ ਹਜਾਰਾਂ ਪੀ. ਕੇ. ਆਈ. ਮੈਂਬਰਾਂ ਦੇ ਨਾਵਾਂ ਵਾਲ਼ੀ ਇੱਕ ਲਿਸਟ ਦਿੱਤੀ। ਇੰੰਡੋਨੇਸ਼ੀਆ ਦੀ ਫੌਜ ਮੁੱਖੀ ਦੇ ਇੱਕ ਸਹਾਇਕ ਨੇ ਅਕਤੂਬਰ 1965 ਨੂੰ, ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਦੱਸਿਆ, ”ਇਹੀ ਸੀ ਜੋ ਸਾਨੂੰ ਚਾਹੀਦਾ ਸੀ ਇਸ ਤਰਾਂ ਦੀ ਗਰੰਟੀ ਕਿ ਜਦੋਂ ਅਸੀਂ ਚੀਜ਼ਾਂ ਨੂੰ ਉਥੇ ਸਿੱਧਾ ਕਰਨ ਲਈ ਨਿਕਲਾਂਗੇ, ਤਾਂ ਸਾਨੂੰ ਕਿਸੇ ਵੀ ਪਾਸਿਓ ਟੱਕਰ ਨਹੀਂ ਮਾਰੀ ਜਾਵੇਗੀ।”

”ਪੱਛਮ ਦੇ ਲਈ ਏਸ਼ੀਆ ਤੋਂ ਸਾਲਾਂ ਮਗਰੋਂ ਉੱਤਮ ਖਬਰ”

ਬਿਨਾਂ ਸ਼ੱਕ, ਦੱਖਣ ਪੂਰਬੀ ਏਸ਼ੀਆ ਵਿਚਲੇ ਕੌਮੀ ਮੁਕਤੀ ਦੇ ਸੰਘਰਸ਼ਾਂ ਦੇ ਭੈੜੇ ਸੁਪਨਿਆ ਨਾਲ ਡਰੇ ਹੋਏ ਸਾਮਰਾਜਵਾਦੀਆਂ ਲਈ, ਇੰਡੋਨੇਸ਼ੀਆ ਦਾ ਮਹਾਂਨਾਸ਼ (Holocaust) ਇਕ ਖੁਸ਼ੀ ਦਾ ਮੌਕਾ ਸੀ। ਟਾਈਮ ਮੈਗਜ਼ੀਨ ਨੇ ਸੁਹਾਰਤੋ ਦੇ ਕਤਲਾਂ ਜ਼ਰੀਏ ਸੱਤਾ ਦੇ ਹੱਥਿਆਉਣ ਦੇ ਮੌਕੇ ਨੂੰ ”ਪੱਛਮ ਦੇ ਲਈ ਏਸ਼ੀਆ ਸਾਲਾਂ ਮਗਰੋਂ ਉੱਤਮ ਖ਼ਬਰ” ਐਲਾਨਦੇ ਸੁਆਗਤ ਕੀਤਾ।

ਉਸਤੋਂ ਬਾਅਦ, ਉਸੇ ਵੇਲੇ, ਸਾਮਰਾਜੀ ਪੂੰਜੀ ਨੇ ਸ਼ਿਕਾਰ ਦੀ ਦਾਵਤ ਉਡਾਈ। ਜਨਵਰੀ 1967 ਦੇ ਇੰਡੋਨੇਸ਼ੀਆਈ ਵਿਦੇਸ਼ੀ ਨਿਵੇਸ਼ (Investment) ਕਾਨੂੰਨ ਨੇ ਸਾਰੇ ਅਮਰੀਕੀ ਨਿਵੇਸ਼ਕਾਂ ਦੇ ”ਯੁੱਧ, ਇਨਕਲਾਬ ਅਤੇ ਗੜਬੜ” ਕਾਰਨ ਹੋਏ ਨੁਕਸਾਨ ਲਈ ਗਰੰਟੀ ਦਿੱਤੀ। ਸੰਪਤੀ ਵਾਪਸ ਕੀਤੀਆਂ ਜਾਣ ਵਾਲੀਆਂ ਵਿਦੇਸ਼ੀ ਫਰਮਾਂ, ਜੋ ਸੁਕਾਰਨੋ ਸਾਲਾਂ ਵਿੱਚ ਜਬਤ ਕੀਤੀਆਂ ਗਈਆਂ ਸਨ, ਵਿੱਚ ਸ਼ਾਮਿਲ ਸਨ: ਯੂਨੀ ਲੀਵਰ (ਪਾਮ ਆਇਲ ਦੇ ਬਾਗ), ਯੂਨੀਰਾਇਲ (ਰਬੜ ਦੇ ਬਾਗ ਅਤੇ ਲੈਟੇਕਸ ਪਲਾਂਟ), ਯੂਨੀਅਨ ਕਾਰਬਾਈਡ, ਸਿੰਗਰ ਸਿਵਿੰਗ ਮਸ਼ੀਨ ਅਤੇ ਨੈਸ਼ਨਲ ਕੈਸ਼ ਰਜਿਸਟਰ। ਅਮਰੀਕੀ ਤੇਲ ਫਰਮਾਂ ਸਟੇਨਵੈਕ ਅਤੇ ਕਾਲਟੇਕਸ (Caltex) ਦੇ ਕੌਮੀਕਰਨ ਦੀ ਯੋਜਨਾ ਰੱਦ ਕਰ ਦਿੱਤੀ ਗਈ। ਉਸੇ ਸਮੇਂ, ਸੁਹਾਰਤੋ ਦੀ ਫੌਜ ਅਮਰੀਕੀ ਤੇਲ ਕੰਪਨੀਆਂ ਅਤੇ ਰਬੜ ਦੇ ਬਾਗਾਂ ਵਿਚਲੇ ਯੂਨੀਅਨ ਲੀਡਰਾਂ ਨੂੰ ਗ੍ਰਿਫਤਾਰ ਅਤੇ ਕਤਲ ਕਰ ਰਹੀ ਸੀ।

ਵਾਪਸ ਕੀਤੀਆਂ ਗਈਆਂ ਕਾਰਪੋਰੇਸ਼ਨਾ ਤੋਂ ਇਲਾਵਾ ਬਹੁਤ ਸਾਰੀਆਂ ਦੂਜੀਆਂ ਵੀ ਸਨ ਜੋ ਨਵੀਂਆਂ ਦਾਖਲ ਹੋ ਰਹੀਆਂ ਸਨ। ਪੂਰਬੀ ਏਅਰ ਲਾਈਨ ਹੁਣ ਰਾਸ਼ਟਰੀ ਕੈਰੀਅਰ ਗਰੂਡਾ ਨਾਲ਼ ਲਾਭ ਵਿੱਚ ਹਿੱਸਾ ਵੰਡੇਗੀ; ਮੋਬਿਲ ਆਇਲ ਨੇ ਤੇਲ ਖੋਜ ਦੇ ਹੱਕ ਹਾਸਿਲ ਕੀਤੇ; ਫਰੀਪੋਰਟ ਸਲਫਰ ਨੇ ਕੌਡੀਆਂ ਦੇ ਭਾਅ ਤਾਂਬੇ ਦੀ ਬਹੁਤਾਤ ਵਾਲ਼ਾ ਪੱਛਮੀ ਇਰੀਅਨ ਹਾਸਿਲ ਕੀਤਾ (ਇੱਕ ਸਮਝੌਤਾ ਜੋ ਅੱਜ ਤੱਕ ਜਾਰੀ ਹੈ)। ਹੋਰ ਦੂਜੀਆਂ ਕੰਪਨੀਆਂ ਜੋ ਸੁਹਰਤੋ ਦੇ ਵਿਦੇਸ਼ੀ ਸ਼ੋਸਣ ਲਈ ਰਾਹ ਖੋਲ੍ਹਣ ਤੋਂ ਬਾਅਦ ਦਾਖਿਲ ਹੋਈਆਂ ਉਹ ਸਨ: ਅਟਲਾਂਟਿਕ ਰਿਚਫੀਲਡ, ਫਿਲਿਪਸ, ਯੂਨੀਅਨ ਕਾਰਬਾਈਡ, ਟੇਨੇਕੋ ਅਤੇ ਇਕ ਜਪਾਨੀ ਅਤੇ ਇਕ ਇਤਾਲਵੀ ਕੰਪਨੀ। ਅਮਰੀਕੀ ਦੈਂਤ ਯੂ.ਐਸ ਸਟੀਲ ਅਤੇ ਇੰਟਰਨੈਸ਼ਨਲ ਨਿੱਕਲ ਦੇਸ਼ ਦੇ ਨਿਕਲ ਨੂੰ ਹੜੱਪਣ ਲਈ ਆ ਗਏ। ਗੁੱਡੀਅਰ ਟਾਇਰ ਐਂਡ ਰਬੜ, ਰਬੜ ਦੇ ਬਾਗਾਂ ਲਈ ਆ ਗਏ। ਅਮਰੀਕਾ ਐਲੂਮੀਨੀਅਮ ਏਕਾਧਿਕਾਰ ਵਾਲ਼ੀ ਅਲਕੋਆ ਦੇਸ਼ ਦੇ ਬਕਸਾਈਟ ਨੂੰ ਹੜੱਪਣ ਲਈ ਆ ਗਈ। ਚੇਜ ਮੈਨਹੱਟਨ ਬੈਂਕ ਅਤੇ ਹਾਲੀਡੇ ਇੰਨਜ ਵੀ ਦਾਵਤ ਵਿੱਚ ਪਹੁੰਚ ਗਈਆਂ।

ਇਸ ਵਿੱਚ ਥੋੜ੍ਹੀ ਵੀ ਹੈਰਾਨੀ ਨਹੀਂ ਕਿ ਜੁਲਾਈ 1969, ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਸੁਹਾਰਤੋ ਨੂੰ ਇੱਕ ਵੱਡਾ ਰਾਤਰੀ ਭੋਜ ਦੇਣ ਲਈ ਖੁਦ ਜਕਾਰਤਾ ਆਇਆ। ”ਇੰਡੋਨੇਸ਼ੀਆ ਏਸ਼ੀਆ ਵਿੱਚ ਅਮਰੀਕੀ ਕੂਟਨੀਤੀ ਦਾ ਮਹਾਨ ਇਨਾਮ ਹੈ,” ਰਾਤਰੀ ਭੋਜ ਤੋਂ ਬਾਅਦ ਨਿਉਯਾਰਕ ਟਾਈਮਜ਼ ਨੇ ਲਿਖਿਆ। ਇਹ ਦੱਸਿਆ ਗਿਆ ਕਿ ਰਾਤਰੀ ਭੋਜ ਸਮੇਂ ਨਿਕਸਨ ”ਖੁਸ਼ੀ ਨਾਲ਼ ਇੰਡੋਨੇਸ਼ੀਆ ਦੀ ਆਰਥਿਕ ਤਾਕਤ ਦੇ ਅੰਕੜਿਆਂ ਦਾ ਬਖਾਨ ਕਰਦਾ, ਭੀੜ ਦੀਆਂ ਖੁਸ਼ੀ ਭਰੀਆਂ ਚੀਜਾਂ ਨੂੰ ਸਵੀਕਾਰ ਅਤੇ ਸੁਤੰਤਰਤਾ ਅਤੇ ਲੋਕਤੰਤਰ ਨੂੰ ਸ਼ਰਧਾਂਜਲੀ ਪੇਸ਼ ਕਰ ਰਿਹਾ ਸੀ। (ਜ਼ੋਰ ਸਾਡਾ)। ਸੁਹਾਰਤੋ ਵੱਲ ਮੁੜਦਿਆਂ, ਉਸਨੇ ਇਹ ਖੁਲਾਸਾ ਕੀਤਾ,”ਅਮਰੀਕਾ ਦੇ ਲੋਕ ਤੁਹਾਡੇ ਨਾਲ਼ ਇਸ ਵਿਕਾਸ ਦੀ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਨ।”

ਲੀਡਰਸ਼ਿਪ ਦਾ ਸ਼ਹੀਦ ਹੋਣਾ

22 ਨਵੰਬਰ, 1965 ਨੂੰ ਪੀ. ਕੇ. ਆਈ. ਦੇ ਜਰਨਲ ਸੈਕਟਰੀ, ਡੀ. ਐਨ. ਐਦਿਤ ਨੂੰ ਫੜ ਕੇ ਮਾਰ ਦਿੱਤਾ ਗਿਆ। ਭਾਵੇਂ ਮਾਰਚ 1966 ਵਿੱਚ ਜਾ ਕੇ ਸੁਹਾਰਤੋ ਨੇ ਪਾਰਟੀ ‘ਤੇ ਰਸਮੀ ਤੌਰ ਤੇ ਪਾਬੰਦੀ ਲਾਈ ਅਤੇ ਅਪ੍ਰੈਲ 1966 ਵਿੱਚ ਟਰੇਡ ਯੂਨੀਅਨ ਦੀ ਫੈਡਰੇਸ਼ਨ (SO2SI) ਤੇ ਪਾਬੰਦੀ ਲਾ ਦਿੱਤੀ। ਪੀ. ਕੇ. ਆਈ. ਦੇ ਦੂਜੇ ਵੱਡੇ ਆਗੂ ਨਜੋਤੋ ਨੂੰ ਵੀ ਕਤਲ ਕਰ ਦਿੱਤਾ ਗਿਆ। ਐਦਿਤ ਅਤੇ ਨਜੋਤੋ ਦੀ ਮੌਤ ਤੋਂ ਬਾਅਦ, ਸੁਦਿਸਮਾਨ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਅਤੇ ਪਾਰਟੀ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। 1967 ਵਿੱਚ ਉਹ ਵੀ ਫੜਿਆ ਗਿਆ, ਇੱਕ ਅਖੌਤੀ ਮੁਕੱਦਮਾ ਚਲਾ ਕੇ, ਉਸ ਨੂੰ ਵੀ ਖਤਮ ਕਰ ਦਿੱਤਾ ਗਿਆ।

ਪੀ. ਕੇ. ਆਈ. ਸੁਹਾਰਤੋ ਦੇ ਹਮਲੇ ਦਾ ਵਿਰੋਧ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਲਈ ਸੰਗਠਤ ਨਹੀਂ ਸੀ। ਅਸਲ ਵਿੱਚ, ”30 ਸਤੰਬਰ ਦੀ ਲਹਿਰ” ਤੋਂ ਤੁਰੰਤ ਬਾਅਦ, ਇਸ ਦੀ ਲੀਡਰਸ਼ਿਪ ਨੇ ਇਸ ਨੂੰ ਫੌਜ ਦਾ ਅੰਦਰੂਨੀ ਮਾਮਲਾ ਗਰਦਾਨ ਕੇ ਸ਼ਾਂਤੀ ਬਣਾਈ ਰੱਖਣ ਦੇ ਬਿਆਨ ਜ਼ਾਰੀ ਕੀਤੇ, ਪਰ ਹੇਠਲੇ ਪੱਧਰ ‘ਤੇ ਕਿਤੇ-ਕਿਤੇ ਵਿਰੋਧ ਹੋਇਆ।

ਅਗਸਤ 1966 ਵਿੱਚ, ਪੀ. ਕੇ. ਆਈ. ਦੇ ਪੋਲਿਟ ਬਿਊਰੋ ਨੇ (ਜਿਹੜਾ ਵੱਡਾ ਨੁਕਸਾਨ ਉਠਾ ਚੁੱਕਿਆ ਸੀ), ਪਾਰਟੀ ਨੂੰ ਮੁੜ ਤੋਂ ਜਥੇਬੰਦ ਕਰਨ ਦੀ ਭੂਮਿਕਾ ਵਜੋਂ ਵੱਖ-ਵੱਖ ਮਸਲਿਆਂ ‘ਤੇ ਆਪਣੀ ਰਾਜਨੀਤਕ ਪਹੁੰਚ ਨੂੰ ਬਿਆਨ ਕਰਦਾ ਇੱਕ ਬਿਆਨ ਜ਼ਾਰੀ ਕੀਤਾ। ਸਤੰਬਰ 1966 ਵਿੱਚ ਇਸਨੇ ਆਪਣੀਆਂ ਪਹਿਲੀਆਂ ਨੀਤੀਆਂ ਦੀ ਵਿਸਤ੍ਰਿਤ ਸਵੈ-ਅਲੋਚਨਾ ਕਰਦਾ ਅਮਰ ਮਹੱਤਤਾ ਵਾਲ਼ਾ ਇੱਕ ਦਸਤਾਵੇਜ਼ ਜ਼ਾਰੀ ਕੀਤਾ।

ਅਸੀਂ ਸੁਹਾਰਤੋ ਦੇ ਸਾਲਾਂ ਵਿਚਲੀ ਪੀ. ਕੇ. ਆਈ. ਦੀ ਕਿਸਮਤ ਬਾਰੇ ਜ਼ਿਆਦਾ ਨਹੀਂ ਜਾਣਦੇ। ਇੱਕ ਰਿਪੋਰਟ ਅਨੁਸਾਰ,

ਪੀ. ਕੇ. ਆਈ. ਕੁੱਝ ਕਾਡਰਾਂ ਨੇ, ਜਿਨ੍ਹਾਂ ਵਿੱਚ ਨੌਜਵਾਨ ਆਗੂ ਸੁਕਾਤਨੋ, ਸੋਬਸੀ (SO2SI) ਦੀ ਉਪ ਚੇਅਰਮੈਨ ਰੁਸਲਾਨ ਵਡਜੈਸਾਸਤਰ ਅਤੇ ਐਦਿਤ ਦਾ ਸਹਾਇਕ ਪ੍ਰੋ: ਇਸਕੰਧਾਰ ਸੁਬਕੀਤੀ ਸ਼ਾਮਲ ਸਨ, ਪਾਰਟੀ ‘ਤੇ ਹੋਏ ਹਮਲੇ ਤੋਂ ਬਾਅਦ, ਪੂਰਵੀ ਜਾਵਾ ਵਿੱਚ, ਬਲੀਟਾਰ ਵਿਖੇ ਸ਼ਰਣ ਲੈ ਲਈ। ਬਲੀਟਾਰ ਇੱਕ ਘੱਟ ਵਿਕਸਿਤ ਇਲਾਕਾ ਸੀ ਜਿੱਥੇ ਪੀ. ਕੇ. ਆਈ ਦਾ ਕਿਸਾਨਾਂ ਵਿਚ ਸ਼ਕਤੀਸ਼ਾਲੀ ਅਧਾਰ ਸੀ। ਫੌਜ ਨਹੀਂ ਸੀ ਜਾਣਦੀ ਕਿ ਪੀ. ਕੇ. ਆਈ. ਨੇ ਬਲੀਟਾਰ ਵਿੱਚ ਪੈਰ ਜਮਾ ਲਏ ਹਨ। ਪਰ ਮਾਰਚ 1968 ਵਿੱਚ ਬਲੀਟਾਰ ਵਿੱਚ ਹਿੰਸਾ ਭੜਕ ਉੱਠੀ ਕਿਉਂਕਿ ਸਥਾਨਕ ਕਿਸਾਨਾਂ ਨੇ ਨਾਪਾਤੁਲ ਉਲੇਮਾ ਦੇ ਆਗੂਆਂ ਅਤੇ ਕਾਡਰਾਂ ‘ਤੇ ਐਨ. ਯੂ. (ਨਾਪਾਤੁਲ ਉਲੇਮੀ-ਅਨੁ.) ਦੁਆਰਾ ਕਮਿਊਨਿਸਟ ਵਿਰੋਧੀ ਕਤਲੇਆਮ ਵਿੱਚ ਨਿਭਾਏ ਗਏ ਰੋਲ ਦੇ ਬਦਲੇ ਵਜੋਂ, ਹਮਲਾ ਕੀਤਾ। 60 ਦੇ ਕਰੀਬ ਐਨ.ਯੂ. ਕਾਡਰ ਮਾਰੇ ਗਏ। ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਬਲੀਟਾਰ ਵਿੱਚ ਐਨ. ਯੂ. ਕਾਡਰਾਂ ਨੂੰ ਪੀ. ਕੇ. ਆਈ. ਦੇ ਹੁਕਮਾਂ ‘ਤੇ ਮਾਰਿਆ ਗਿਆ। ਭਾਵੇਂ ਫੌਜ ਨੂੰ ਪੀ. ਕੇ. ਆਈ. ਬਾਰੇ ਦੱਸ ਦਿੱਤਾ ਗਿਆ ਅਤੇ ਇਸਨੂੰ ਕੁਚਲ ਦਿੱਤਾ ਗਿਆ। ਸੁਕਾਤਨੋ, ਰੁਸਲਾਨ ਅਤੇ ਇਸਕੰਧਾਰ ਸੁਬਕੇਤੀ ਨੂੰ ਫੜ ਲਿਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ। ਜਾਵਾ ਵਿੱਚ, ਕੁੱਝ ਪਿੰਡ ਜਿਹੜੇ ਮੈਂਬਰਾਂ ਜਾਂ ਸ਼ੱਕੀ ਹਮਦਰਦ ਦੀ ਠਾਹਰ ਵਜੋਂ ਜਾਣੇ ਜਾਂਦੇ ਸਨ, ਨੂੰ ਅਧਿਕਾਰੀਆਂ ਦੁਆਰਾ ਪਛਾਣਿਆ ਗਿਆ ਅਤੇ ਕਾਫੀ ਸਮੇਂ ਤੱਕ ਚੌਕਸੀ ਹੇਠ ਰੱਖਿਆ ਗਿਆ। (ਕਮਿਊਨਿਸਟ ਪਾਰਟੀ ਆਫ ਇੰਡੋਨੇਸ਼ੀਆ” ਸੰਬੰਧੀ ਵੀ ਵੀਕੀਪੀਡੀਆ ਦੀ ਐਂਟਰੀ)

ਸੁਹਾਰਤੋ ਦਾ ਦੌਰ

ਰੂਜ਼ ਅਤੇ ਨੇਵਿੰਜ ਨੇ ਸੁਹਾਰਤੋ ਦੇ ਦੌਰ ਦਾ ਸਹੀ ਢੰਗ ਨਾਲ਼ ਨਿਚੋੜ ਪੇਸ਼ ਕੀਤਾ ਹੈ:

ਬਾਅਦ ਦੇ ਸਾਲਾਂ ਵਿੱਚ ਸੱਤ੍ਹਾ ਦੀ ਪੱਛਮੀ ਪੂੰਜੀਵਾਦ ਨਾਲ਼ ਜੁੜਕੇ ਵਿਕਾਸ ਨੂੰ ਜਾਰੀ ਰੱਖ ਸਕਣ ਦੀ ਸਫਲਤਾ ਨੇ ਇਸ ਨੂੰ ਉਚਿਤਤਾ ਪ੍ਰਦਾਨ ਕੀਤੀ, ਜਿੰਨੀ ਕੁ ਵੀ ਉਸ ਦੀ ਸੀ। ਇੱਕ ਵਾਰੀ ਜਦੋਂ 1997 ਦੇ ਏਸ਼ੀਆਈ ਆਰਥਿਕ ਸੰਕਟਾਂ ਦੀ ਪੂੰਜੀ ਦੀ ਉਡਾਰੀ ਨਾਲ ਵਿਕਾਸ ਦਾ ਨਮੂਨਾ ਖਤਮ ਹੋਇਆ ਤਾਂ ਸੱਤਾ ਦੀ ਉਚਿੱਤਤਾ ਛੇਤੀ ਹੀ ਖਤਮ ਹੋ ਗਈ…….। ਸੁਹਾਰਤੋ ਦੀ ਸੱਤਾ ਵਿਦੇਸ਼ੀ ਪੂੰਜੀ ਕਰਕ ਜਿਉਂਦੀ ਰਹੀ ਅਤੇ ਵਿਦੇਸ਼ੀ ਪੂੰਜੀ ਨਾਲ ਹੀ ਮਾਰੀ ਗਈ…। ਪਰ ਹੁਣ ਇਹ ਸਪੱਸ਼ਟ ਹੈ ਕਿ ਮੁਹਾਰਤੋ ਦੇ ਦੌਰ ਦਾ ਤਿੱਖਾ ਆਰਥਿਕ ਵਿਕਾਸ ਕੌਮੀ ਹਿੱਤਾ ਦੇ ਬਹੁਤ ਖਿਲਾਫ ਸੀ। ਦੇਸ਼ ਕੋਲ਼ ਹੁਣ ਦਿਖਾਉਣ ਲਈ ਕੁੱਝ ਵੀ ਨਹੀਂ ਸੀ, ਸਾਰੇ ਕੁਦਰਤੀ ਸ੍ਰੋਤਾਂ ਨੂੰ ਸੰਸਾਰ ਮੰਡੀ ਵਿੱਚ ਵੇਚ ਦਿੱਤਾ ਗਿਆ ਸੀ। ਵਿਦੇਸ਼ੀ ਅਤੇ ਦੇਸ਼ੀ ਕਰਜੇ ਦਾ ਭੁਗਤਾਨ, ਜਿਸਦਾ ਇੱਕ ਹਿੱਸਾ…….ਸੁਹਾਰਤੋ ਦੇ ਦੌਰਂ ਦਾ…..ਕਰਜਾ ਸੀ, ਸਰਕਾਰ ਦੇ ਬਜਟ ਦਾ ਵੱਡਾ ਹਿੱਸਾ ਨਿਗਲ ਜਾਂਦਾ ਹੈ। ਸਿਹਤ ‘ਤੇ ਖਰਚਾ ਪੂਰੀ ਤਰਾਂ ਘੱਟ ਹੋਣ ਕਾਰਨ, ਮਹਾਮਾਰੀ ਅਤੇ ਰੋਕੀਆਂ ਜਾ ਸਕਣ ਵਾਲ਼ੀਆਂ ਬਿਮਾਰੀਆਂ ਦੀ ਭਰਮਾਰ ਹੈ। ਘਰੇਲੂ ਉਦਯੋਗਿਕ ਉਤਪਾਦਨ ਬਿਲਕੁਲ ਹੀ ਨਹੀਂ। ਜੰਗਲ, ਜਿਨ੍ਹਾਂ ਤੋਂ ਫੌਜੀ ਅਧਿਕਾਰੀ ਅਤੇ ਸੁਹਾਰਤੋ ਜੁੰਡੀ ਦਾ ਅਮੀਰ ਬਣਨਾ ਜਾਰੀ ਰਿਹਾ, ਖਤਰਨਾਕ ਰਫ਼ਤਾਰ ਨਾਲ਼ ਕੱਟੇ ਅਤੇ ਸਾੜੇ ਜਾ ਰਹੇ ਹਨ। ਦੇਸ਼ ਖੰਡ, ਚੌਲ ਅਤੇ ਸੋਇਆਬੀਨ ਵਰਗੀਆਂ ਖਾਣ ਦੀਆਂ ਵਸਤਾਂ ਦੀਆਂ ਵੱਡੀ ਮਾਤਰਾ ਵਿੱਚ ਅਯਾਤ ਕਰ ਰਿਹਾ ਹੈ, ਜਿਹੜੀਆਂ ਸੌਖਿਆਂ ਹੀ ਇੰਡੋਨੇਸ਼ੀਆ ਵਿੱਚ ਵੱਡੇ ਪੱਧਰ ‘ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ। ਜਕਾਰਤਾ ਹਵਾਈ ਅੱਡੇ ‘ਤੇ ਇੱਕ ਚਮਕ ਰਹੇ ਬੋਰਡ ਮੁਤਾਬਕ, ਪਿੰਡਾਂ ਦੀ ਮੁੱਖ ਉਤਪਾਦ ਹੁਣ ਪਰਵਾਸੀ ਮਜਦੂਰ ਜਾਂ ”ਵਿਦੇਸ਼ੀ ਮੁਦਰਾ ਦੇ ਨਾਇਕ” ਹਨ।

ਅਸਲ ਵਿੱਚ ਸਾਮਰਾਜਵਾਦੀਆਂ ਦੁਆਰਾ ਘੜੇ ਗਏ ਵਿਕਾਸ ਦੇ ਇਸ ਨਮੂਨੇ ਨੇ ਇੰਡੋਨੇਸ਼ੀਆ ਨੂੰ 1998 ਦੇ ਦੱਖਣ ਪੂਰਬੀ ਏਸ਼ੀਆਈ ਸੰਕਟ ਵਿੱਚ ਧੱਕ ਦਿੱਤਾ, ਜਿਸਦੇ ਸੰਕਟ ਨੇ ਇੱਕ ਅਜਿਹੇ ਜਨਤਕ ਉਭਾਰ ਪੈਦਾ ਕੀਤੇ ਕਿ ਅਮਰੀਕੀ ਸਾਮਰਾਜਵਾਦ ਦਾ ਏਸ਼ੀਆ ਵਿਚਲਾ ਸਭ ਤੋਂ ਵੱਧ ਭਰੋਸੇਯੋਗ ਅਤੇ ਲੰਮੇ ਸਮੇਂ ਦੀ ਟਾਊਟ ਸੁਹਾਰਤੋ ਸਰਕਾਰ ਨੂੰ ਮੂਧੇ ਮੂੰਹ ਸੁੱਟ ਦਿੱਤਾ। ਉਸ ਉਭਾਰ ਨਾਲ਼, ਇੰਡੋਨੇਸ਼ੀਆ ਵਿੱਚ ਕਮਿਊਨਿਸਟ ਇਨਕਲਾਬੀਆਂ ਦੇ ਮੁੜ ਗਠਨ ਦੀਆਂ ਹਾਲਤਾਂ ਰੌਸ਼ਨ ਹੋਈਆਂ। ਇਹ ਕਿਹਾ ਜਾ ਰਿਹਾ ਹੈ ਕਿ ਨਵੀਂ ਬਣੀ ਕਮਿਊਨਿਸਟ ਲੀਗ ਆਫ ਇੰਡੋਨੇਸ਼ੀਆ ਨੇ ਮੁੜ ਗਠਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ।

ਸੁਦਿਸਮਾਨ ਦਾ ਅੰਤਿਮ ਸੰਦੇਸ਼

ਅਸੀਂ ਸੁਦਿਸਮਾਨ ਤੋਂ ਲਈ ਗਈ ਇੱਕ ਟੂਕ ਰਾਹੀਂ ਖਤਮ ਕਰਦੇ ਹਾਂ ਜਿਹੜਾ ਐਦਿੱਤ ਅਤੇ ਦੂਜੇ ਪੋਲਿਟ ਬਿਊਰੋ ਮੈਂਬਰਾਂ ਦੇ ਕਤਲ ਤੋਂ ਬਾਅਦ ਪੀ.ਕੇ.ਆਈ. ਦਾ ਜਨਰਲ ਸਕੱਤਰ ਬਣਿਆ। ਸੁਦਿਸਮਾਨ ਦੀ ਅਗਵਾਈ ਹੇਠ ਪੀ.ਕੇ.ਆਈ. ਦੀ ਲੀਡਰਸ਼ਿਪ ਨੇ ਪਿਛਲੇ ਸਾਲਾਂ ਦਾ ਇੱਕ ਸਵੈ ਪੜਚੋਲੀਆ ਰੀਵਿਉ ਕੀਤਾ। ਸੁਦਿਸਮਾਨ ਨੂੰ ਵੀ 1963 ਵਿੱਚ ਫੌਜੀ ਸੱਤਾ ਦੁਆਰਾ ਗ੍ਰਿਫਤਾਰ ਕੀਤਾ ਗਿਆ, ਮੁਕਦਮਾ ਚਲਾ ਕੇ ਮਾਰ ਦਿੱਤਾ ਗਿਆ। ਹੇਠਾਂ ਅਦਾਲਤ ਵਿਚਲੇ ਉਸਦੇ ਅੰਤਮ ਭਾਸ਼ਣ ਵਿੱਚੋਂ ਕੁੱਝ ਹਿੱਸੇ ਦਿੱਤੇ ਜਾ ਰਹੇ ਹਨ, ਜਦੋਂ ਕਿ ਉਹ ਨਿਸ਼ਚਿਤ ਮੌਤ ਦੀ ਸਜ਼ਾ ਦੇ ਬੂਹੇ ‘ਤੇ ਖਲੋਤਾ ਸੀ। ਇਹ ਜਾਣਦਿਆਂ ਹੋਇਆ ਕਿ ਉਸ ਦੇ ਸ਼ਬਦ ਅੰਤ ਵਿੱਚ ਬਾਹਰ ਖੜ੍ਹੇ ਉਸਦੇ ਸਾਥੀਆਂ ਤੱਕ ਪਹੁੰਚਣਗੇ, ਸੁਦਿਸਮਾਨ ਉਨ੍ਹਾਂ ਨੂੰ ਆਪਣੀ ਆਖਰੀ ਸਲਾਹ ਦਿੰਦਾ ਹੈ¸ਲੀਡਰਸ਼ਿਪ ਦੀਆਂ ਗਲਤੀਆਂ ਦੀ ਜਿੰਮੇਵਾਰੀ ਲੈਂਦਾ ਹੋਇਆ ਪਰ ਆਪਣੇ ਕਮਿਊਨਿਸਟ ਫਖਰ (ਮਾਣ) ਅਤੇ ਇਨਕਲਾਬੀ ਆਸ਼ਾਵਾਦ ਨਾਲ਼ ਭਰਿਆ ਹੋਇਆ:

ਬਿਨਾਂ ਸ਼ੱਕ, ਪੀ.ਕੇ.ਆਈ. ਆਪਣੇ ਯੁੱਗ ਦੀ ਪੈਦਾਵਾਰ ਹੈ, ਯੁੱਗ ਦੇ ਨਾਲ਼ ਹੀ ਪੈਦਾ ਹੋਈ। ਪੀ. ਕੇ. ਆਈ. ਦੀ ਮੁੜ ਸੁਰਜੀਤੀ ਸਾਡੇ ਪੰਜਾਂ (ਭਾਵ ਉਹ ਖੁਦ ਡੀ.ਐਨ.ਐਦਿੱਤ, ਐੱਮ.ਐੱਚ. ਲੁਕਮਾਨ. ਨਜੋਤੇ ਅਤੇ ਸਾਕਿਰਮਾਨ) ‘ਤੇ ਹੀ ਨਿਰਭਰ ਨਹੀਂ ਕਰਦੀ; ਅਸੀਂ ਆਪਣੀ ਮਿਹਨਤ ਵਿਚ ਸਫਲ ਨਹੀਂ ਰਹੇ ਹਾਂ। ਕਿਸੇ ਨਾ ਕਿਸੇ ਰੂਪ ਵਿੱਚ, ਬਹੁਤ ਔਕੜਾ ਦੇ ਨਾਲ ਵੀ, ਪੀ. ਕੇ. ਆਈ. ਮੁੜ ਅੱਗੇ ਆਉਣ ਦਾ ਕੋਈ ਰਾਹ ਲੱਭ ਲਵੇਗੀ, ਸਾਡੇ ਸਮਿਆਂ ਦੀ ਤੀਬਰਤਾ ਨਾਲ਼ੋਂ ਕਿਤੇ ਵੱਧ ਵੇਗ ਨਾਲ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸਫਲਤਾ ਸਾਡੇ ਲਈ ਅਧਿਆਪਕ ਦਾ ਕੰਮ ਕਰੇਗੀ। ਯੁੱਧ ਦੇ ਨਿਯਮਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਸਾਨੂੰ ਜ਼ਰੂਰ ਲੜਨਾ ਚਾਹੀਦਾ ਹੈ, ਲੜਨਾ ਅਤੇ ਮੁੜ ਲੜਨਾ। ਜੇਕਰ ਅਸੀਂ ਇੱਕ ਵਾਰ ਅਸਫਲ ਰਹਿੰਦੇ ਹਾਂ ਤਾਂ ਸੰਘਰਸ਼ ਦੀ ਮੁੜ ਤੋਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਜਦੋਂ ਤੱਕ ਕਿ ਫੈਸਲਾਕੁੰਨ ਜਿੱਤ ਨਹੀਂ ਹਾਸਿਲ ਕੀਤੀ ਜਾਂਦੀ…..।

ਮੈਨੂੰ ਪੂਰਾ ਯਕੀਨ ਹੈ ਕਿ ਭਾਵੇਂ ਪੀ. ਕੇ. ਆਈ. ‘ਤੇ ਪਬੰਦੀ ਲਾ ਦਿੱਤੀ ਗਈ ਹੈ, ਇਤਿਹਾਸ ਲੰਮੇ ਸਮੇਂ ਵਿਚ ਪੀ.ਕੇ.ਆਈ. ਨੂੰ ਅਜ਼ਾਦ ਕਰ ਦੇਵੇਗਾ ਅਤੇ ਮਾਰਕਵਾਦ-ਲੈਨਿਨਵਾਦ ਹਰੇਕ ਕਮਿਊਨਿਸਟ ਦੇ ਦਿਲਾਂ ‘ਤੇ ਰਾਜ ਕਰੇਗਾ। ਆਪਣੇ ਮੌਖਿਕ ਸੰਬੋਧਨ ਵਿੱਚ, ਜੱਜ ਨੇ ਪੀ. ਕੇ. ਆਈ. ਨੂੰ ”ਜ਼ਹਿਰੀਲਾ” ਗਰਦਾਨਿਆਂ ਹੈ। ਹਾਂ, ਉਹ ਸਹੀ ਸੀ। ਪੀ. ਕੇ. ਆਈ. ਜਹਿਰੀਲਾ ਹੈ ਜਦੋਂ ਲੋਕਾਂ ਦਾ ਖੂਨ ਚੂਸਣ ਵਾਲ਼ੇ ਬੈਕਟੀਰੀਆ ਜਾਲਿਮ ਅਤੇ ਲੋਟੂਆਂ ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈ ਪਰ ਨਾਲ਼ ਹੀ, ਇਹ ਲੋਕਾਂ ਵਿੱਚ ਜੋਸ਼ ਭਰਨ ਲਈ ਜ਼ੋਰਦਾਰ ਵਰਧਕ ਵੀ ਹੈ। ਮੇਰੇ ਲਈ, ਹਰੇਕ ਚੀਜ ਦੇ ਦੋ ਜਾਂ ਜਿਆਦਾ ਪਾਸੇ ਹੁੰਦੇ ਹਨ। ਉਦਾਹਰਣ ਵਜੋਂ, ਮਨੁੱਖੀ ਸਰੀਰ ਫਾਸਫੋਰਸ ਤੋਂ ਬਿਨਾਂ ਨਹੀਂ ਬਣ ਸਕਦਾ। ਫਾਸਫੋਰਸ ਇੱਕ ਤਰਾਂ ਦਾ ਜ਼ਹਿਰ ਹੈ ਜੋ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਹੱਡੀਆਂ ਦੇ ਵਿਕਾਸ ਨੂੰ ਤੇਜ਼ ਕਰਦਾ ਹੈ। ਮੈਂ ਸਮਝਦਾ ਹਾਂ ਕਿ ਯੁੱਧ ਵਿੱਚ ਅਸਫਲਤਾ ਸਾਡੀਆਂ ਗਲਤੀਆਂ ਕਾਰਨ ਹੁੰਦੀ ਹੈ……।

ਇਨ੍ਹਾਂ ਗਲਤੀਆਂ ਵਿੱਚ ਵਿਚਾਰਧਾਰਾ ਦੀ ਅੰਤਰਮੁੱਖਤਾ ਵੀ ਸੀ¸ਭਾਵ, ਸਾਡਾ ਇੱਕ ਚੀਜ਼ ਨੂੰ ਸਿਰਫ ਇੱਕ ਵਿਚਾਰ ਅਨੁਸਾਰ ਹੀ ਦੇਖਣਾ ਨਾ ਕਿ ਇਸ ਨੂੰ ਇਸਦੀ ਸਮੁੱਚਤਾ ਵਜੋਂ। ਇਸ ਲਈ ਹਕੀਕਤ ਨੂੰ ਇੱਕ ਸਮੁੱਚਤਾ ਦੇ ਰੂਪ ਵਿੱਚ ਨਹੀਂ ਦੇਖਿਆ ਗਿਆ ਸਗੋਂ ਇਸਨੂੰ ਟੋਟਿਆਂ ਵਿੱਚ ਝਲਕੀਆਂ ਵਜੋਂ ਦੇਖਿਆ ਗਿਆ।

ਸਿੱਟੇ ਵਜੋਂ ਪੀ. ਕੇ. ਆਈ. ਤਿਆਰ ਨਹੀਂ ਸੀ, ਜਦੋਂ ਪਾਰਟੀ ਵੱਡੀ ਬਣ ਗਈ, ਇਹ ਸਾਮਰਾਜਵਾਦ ਦੇ ਖਤਰੇ ਵਲ ਬੇਧਿਆਨੀ ਸੀ, ਜਿਹੜਾ, ਦੇਸ਼ ਦੀਆਂ ਪਿਛਾਖੜੀ ਤਾਕਤਾਂ ਨਾਲ਼ ਮਿਲ਼ਕੇ, ਹਮਲੇ ਦੇ ਮੌਕੇ ਦੀ ਉਡੀਕ ਕਰ ਰਿਹਾ ਸੀ…।

ਲੀਡਰਸ਼ਿਪ ਦੀ ਅੰਤਰਮੁੱਖਤਾ ਦੇ ਨਾਲ ਹੀ, ਪੀ. ਕੇ. ਆਈ. ਆਧੁਨਿਕ ਸੋਧਵਾਦ ਨਾਲ਼ ਗ੍ਰਸਤ ਸੀ। ਇਸਦਾ ਨਤੀਜਾ ਰਾਜ ਸੰਸਥਾਵਾਂ ਵਿੱਚ ਪੁਜੀਸ਼ਨਾ ਹਾਸਿਲ ਕਰਨ ਤੋਂ ਬਾਅਦ ਬੁਰਜੁਆ ਨਜ਼ਰੀਆਂ ਅਪਣਾਉਣ ਵਜੋਂ ਨਿਕਲਿਆ।

ਇਨ੍ਹਾਂ ਕਮਜੋਰੀਆਂ ਨੇ ਸਿਧਾਂਤਕ ਖੇਤਰ ਵਿੱਚ ਬੁਰਜੁਆਜ਼ੀ ਨਾਲ਼ ਇੱਕ ਸਮਝੋਤੇ ਨੂੰ ਜਨਮ ਦਿੱਤਾ।

ਸੰਸਥਾ ਵਿੱਚ, ਪੀ. ਕੇ. ਆਈ. ਨੇ ਪਾਰਟੀ ਵਿਰੋਧਤਾਈਆਂ ਨੂੰ ਅਲੋਚਨਾ ਅਤੇ ਸਵੈ-ਅਲੋਚਨਾ ਨਾਲ ਦੂਰ ਕਰਨ ਲਈ ਲੋੜੀਂਦੇ ਤਰੀਕੇ ਉਚਿਤ ਮਾਤਰਾ ਵਿੱਚ ਨਹੀਂ ਅਪਣਾਏ। ਅਲੋਚਨਾ ਅਤੇ ਸਵੈ ਅਲੋਚਨਾ ਤੋਂ ਬਿਨਾਂ ਅਸੀਂ ਸਹਿਣਸ਼ੀਲ ਬਣ ਗਏ ਅਤੇ ਹੇਠਾਂ ਤੋਂ ਅਲੋਚਨਾ ਵਿਕਸਿਤ ਨਹੀਂ ਹੋਈ…।

ਮੈਨੂੰ ਯਕੀਨ ਹੈ ਕਿ ਦੇਰ ਸਵੇਰ, ਪੀ.ਕੇ.ਆਈ. ਦੀ ਨਵੀਂ ਪੀੜ੍ਹੀ ਸਵੈ-ਅਲੋਚਨਾ ਦਾ ਚੰਗਾ ਪਾਠ ਸਿੱਖ ਜਾਵੇਗੀ। ਇਹ ਨਵੀਂ ਪੀੜ੍ਹੀ ਪੀ.ਕੇ.ਆਈ. ਨੂੰ ਇੱਕ ਮਾਰਕਸਵਾਦੀ-ਲੈਨਿਨਵਾਦੀ ਲੀਹ ਤੇ ਇੱਕ ਸੱਚੀ ਕਮਿਊਨਿਸਟ ਪਾਰਟੀ ਬਣਾ ਦੇਵੇਗੀ ਅਤੇ ਸਭ ਤਰਾਂ ਦੇ ਆਰਥਕਤਾਵਾਦ ਅਤੇ ਸੋਧਵਾਦ ਤੋਂ ਮੁਕਤ ਇੱਕ ਸਹੀ ਜ਼ਰਈ ਇਨਕਲਾਬੀ ਪ੍ਰੋਗਰਾਮ ਚੁਣੇਗੀ। ਅਜਿਹੀ ਇੱਕ ਪਾਰਟੀ ਇੰਡੋਨੇਸ਼ੀਆਂ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਵੇਗੀ…..।

ਜੁੰਮੇਵਾਰੀ ਦੀ ਇਸ ਭਾਵਨਾ ਨੂੰ ਨਾਲ਼, ਮੈਂ ਇਸਦੀ ਵਿਆਖਿਆ ਕਰਾਂਗਾ ਕਿ ਅਦਾਲਤ ਦੇ ਪ੍ਰਧਾਨ ਦੁਆਰਾ ਕੀਤਾ ਗਿਆ ਸੁਆਲ ‘ਕੀ ਕੈਦੀ ਆਪਣੇ ਕੰਮਾਂ ਤੇ ਪਛਤਾਵਾ ਕਰਦਾ ਹੈ? ਦਾ ਜਵਾਬ ਜਰਾ ਮੁਸ਼ਕਿਲ ਹੈ।

ਸਵਾਲ ਬੜਾ ਹੀ ਆਸਾਨ ਹੈ : ਇਹ ਇਸ ਦਾ ਜੁਆਬ ਹੈ ਜੋ ਕਿ ਮੁਸ਼ਕਿਲ ਹੈ। ਆਮ ਤੌਰ ‘ਤੇ ਸੁਆਲ ਜਿੰਨਾਂ ਹੀ ਅਸਾਨ ਹੋਵੇਗਾ, ਜਵਾਬ ਓਨਾ ਹੀ ਮੁਸ਼ਕਿਲ ਹੋਵੇਗਾ, ਕਿਉਂਕਿ ਇਹ ਸਾਧਾਰਨ ਹਾਂ ਜਾਂ ਨਾਂਹ ਵਿੱਚ ਨਹੀਂ ਦਿੱਤਾ ਜਾ ਸਕੇਗਾ, ਬਿਨਾਂ ਕਿਸੇ ਹੇਰ-ਫੇਰ ਦੇ।

ਆਪਣੇ ਕਮਿਊਨਿਸਟ ਵਿਸ਼ਵਾਸ਼ਾਂ ਦੇ ਸਤਿਕਾਰ, ਆਪਣੀ ਕਮਿਊਨਿਸਟ ਜਿਮੇਵਾਰੀ ਅਤੇ ਆਪਣੇ ਮ੍ਰਿਤਕ ਸਾਥੀਆਂ ਐਦਿਤ, ਲੁਕਮਾਨ, ਨਜੋਤੋ ਅਤੇ ਸਾਕਿਰਮਾਨ ਨਾਲ਼ ਏਕਤਾ, ਇਸ ਸਭ ਕੁੱਝ ਤੋਂ ਬਾਅਦ, ਮੈਂ ਆਪਣੇ ਫੈਸਲੇ ‘ਤੇ ਪਹੁੰਚਿਆਂ ਹਾਂ।

ਮੈਨੂੰ ਕੋਈ ਪਛਤਾਵਾ ਨਹੀਂ।

ਇਸ ਤੋਂ ਇਲਾਵਾ, ਇਹ ਜਾਣਦਿਆਂ ਹੋਇਆਂ ਕਿ ਹੋਰ ਮਾਰੇ ਗਏ ਹਨ, ਮੈਂ ਇੱਕ ਕਮਿਊਨਿਸਟ ਦੇ ਨਾਤੇ ਉਨ੍ਹਾਂ ਵਲੋਂ ਕੀਤੇ ਗਏ ਤੋਂ ਘੱਟ ਨਹੀਂ ਕਰ ਸਕਦਾ। ਅਸੀਂ ਲੜਨ ਲਈ ਜਿਉਂਦੇ ਹਾਂ ਅਤੇ ਜਿਉਣ ਲਈ ਲੜਦੇ ਹਾਂ। ਮੈਂ ਸਿਰਫ ਜੀਉਣ ਲਈ ਹੀ ਨਹੀਂ ਜਿਉਂਦਾ। ਅਸੀਂ ਬਹਾਦਰੀ ਨਾਲ਼ ਜੀਵਨ ਦੀ ਰੱਖਿਆ ਲਈ ਜਿਉਂਦੇ ਹਾਂ, ਮੌਤ ਹੋਣ ਤੱਕ। ਮਨੁੱਖੀ ਇਤਿਹਾਸ ਦੇ ਰਾਹ ਵਿੱਚ, ਨਵ-ਜੰਮੇ ਬੱਚੇ ਦੀ ਪਹਿਲੀ ਕਿਲਕਾਰੀ ਤੋਂ ਮੌਤ ਤੱਕ, ਸੰਘਰਸ਼ ਸਦਾ ਹੀ ਮੌਜੂਦ ਰਿਹਾ ਹੈ ਕੁੱਝ ਸਮੇਂ ਹਿੰਸਕ ਯੁੱਧ, ਸਖਤ ਸੰਘਰਸ਼ ਹੁੰਦੇ ਹਨ। ਇੱਕ ਯੁੱਧ ਬਹੁਤ ਹਿੰਸਕ ਹੋ ਸਕਦਾ ਹੈ ਪਰ ਸਾਰੇ ਹਿੰਸਕ ਯੁੱਧਾਂ ਸਿਰ ਜਿੱਤ ਦਾ ਤਾਜ ਨਹੀਂ ਸਜਦਾ।

ਕਲਪਨਾ ਅਤੇ ਆਦਰਸ਼ਾਂ ਤੋਂ ਬਿਨਾਂ ਜੀਵਨ ਬੇਜਾਨ ਹੋਵੇਗਾ।

ਜਿੰਦਗੀ ਆਪਣੇ ਆਪ ਵਿੱਚ ਕਿੰਨਿਆਂ ਅਜੂਬਿਆਂ ਦਾ ਅਜੂਬਾ ਹੈ। ਅਸੀਂ ਲੜਨ ਲਈ ਜਿਉਂਦੇ ਹਾਂ ਅਤੇ ਅਸੀਂ ਜਿਉਣ ਲਈ ਲੜਦੇ ਹਾਂ। ਇਹ ਮੇਰਾ ਕਮਿਊਨਿਸਟ ਨਿਸ਼ਾਨ ਹੈ। ਇਹ ਨਿਸ਼ਾਨਾ ਜਿੰਮੇਦਾਰੀ ਤੋਂ ਬਿਨਾਂ ਪ੍ਰਾਪਤ ਕੀਤੀ ਜਾ ਸਕਦਾ ਅਤੇ ਮੇਰੇ ਲਈ ਜਿੰਮੇਦਾਰੀ ਇਸ ਮੋਤੀ ਵਾਂਗ ਹੈ। ਇਸ ਨੂੰ ਬਿਆਨ ਕਰਨ ਲਈ, ਮੈਂ ਜੇਲ੍ਹ ਵਿੱਚ ਇੱਕ ਛੋਟੀ ਕਵਿਤਾ ਲਿਖੀ ਹੈ ਜੋ ਇਸ ਤਰਾਂ ਹੈ:

ਇੱਕ ਹਮਲੇ ਤੋਂ ਬਾਅਦ ਦੂਜਾ ਹਮਲਾ ਸਹਿਣਾ

ਇੱਕ ਪੁੱਛ ਗਿੱਛ ਤੋਂ ਬਾਅਦ ਦੂਜੀ ਪੁੱਛ ਗਿੱਛ ਸਹਿਣਾ

ਤਸੀਹੇ ਸਹਿਣਾ ਅਤੇ ਹੋਰ ਤਸੀਹੇ ਸਹਿਣਾ

ਆਪਣੇ ਦਿਮਾਗ ਅਤੇ ਆਪਣੇ ਦਿਲ ਦੇ ਨਾਲ਼,

ਪੀ. ਕੇ. ਆਈ. ਲਈ ਜਾਨ ਵਾਰਨ ਨੂੰ ਤਿਆਰ

ਇਹ ਹੈ ਜਿੰਮੇਦਾਰੀ ਦਾ ਮੋਤੀ ਓ ਮੇਰੇ ਯਾਰ!

…. ਮੈਂ ਕਿਉਂਕਿ ਜਾਵਾ ਵਿੱਚ ਪੈਦਾ ਹੋਇਆ ਇੱਕ ਕਮਿਊਨਿਸਟ ਹਾਂ, ਮੈਂ ਜਾਵਾ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਕੁੱਝ ਨਾ ਕੁੱਝ ਕਹਿਣ ਨੂੰ ਪਾਬੰਦ ਹਾਂ,

ਪਹਿਲਾਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਜਿੰਨ੍ਹਾਂ ਨੇ ਸੰਘਰਸ਼ ਵਿੱਚ ਮੇਰੀ ਮਦਦ ਕੀਤੀ।

ਦੂਜਾ, ਉਨ੍ਹਾਂ ਅਗਾਂਹਵਧੂ ਇਨਕਲਾਬੀਆਂ ਨੂੰ ਅਤੇ ਉਨ੍ਹਾਂ ਲਈ ਲਿਆ ਜੋ ਇਹ ਵਿਸ਼ਵਾਸ਼ ਰਖਦੇ ਹਨ ਕਿ ਉਨ੍ਹਾਂ ਨੇ ਸੰਘਰਸ਼ ਦੌਰਾਨ ਮੇਰੀ ਗਲਤੀ ਕਾਰਨ ਨੁਕਸਾਨ ਉਠਾਇਆ ਹੈ, ਮੈਨੂੰ ਮਾਫ ਕਰ ਦਿਓ।

ਤੀਜੇ, ਮੇਰੇ ਪਰਿਵਾਰ, ਮੇਰੀ ਪਤਨੀ ਅਤੇ ਬੱਚਿਆਂ ਲਈ, ਜਿਵੇਂ ਮੈਂ ਫੈਸਲੇ ਦਾ ਸਾਹਮਣਾ ਕਰਾਂਗਾ ਮੈਂ ਤਹਿ ਦਿਲੋਂ ਅਸ਼ੀਰਵਾਦ ਮੰਗਦਾ ਹਾਂ ।

ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਜਿੰਦਾਬਾਦ!…

ਨੋਟ

1. ਭਾਵੇਂ ਕਤਲੇਆਮ 1965 ਵਿੱਚ ਸ਼ੁਰੂ ਹੋਇਆ ਪਰ ਇਹ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਵੀ ਅਲੱਗ-ਅਲੱਗ ਰੂਪਾਂ ਵਿੱਚ ਜਾਰੀ ਰਿਹਾ।

2. ਬਿਨਾਂ ਸ਼ੱਕ, ਅਜਿਹੀ ਵਿਸਤ੍ਰਿਤ ਕਵਰੇਜ ਦਾ ਅਸਲ ਮਕਸਦ ਮੌਜੂਦਾ ਜੋਨਿਸਟ () ਰਾਜ ਦੇ ਨਾਜੀ ਵਰਗੀ ਹੋਣ ਤੋਂ ਧਿਆਨ ਹਟਾਉਣਾ ਅਤੇ ਉਸਨੂੰ ਉਚਿਤ ਠਹਿਰਾਉਣਾ ਹੈ।

3. ਹੇਠਲਾ ਨੋਟ ”ਇੰਡੋਨੇਸ਼ੀਆ 1965 ਦੀ ਸੈਕਿੰਡ ਗਰੇਟਿਸਟ ਕਰਾਈਸ ਆਫ ਦੀ ਸੈਂਚਰੀ” (ਡੇਟਿਰਡਰ ਗ੍ਰਿਸਬੋਲਡ), ”40 ਯੀਅਰਜ਼ ਲੇਟਰ : ਦਿ ਮਾਸ ਕਿਲਿੰਗਜ਼ ਇੰਨ ਇੰਡੋਨੇਸ਼ੀਆ” (ਜਾਹਨ ਰੂਮਾ ਅਤੇ ਜੋਸਫ ਸਵਿੰਸ), ”ਕਮਿਊਨਿਸਟ ਪਾਰਟੀ ਆਫ ਇੰਡੋਨੇਸ਼ੀਆ”¸ਵੀਕੀਪੀਡੀਆ ਐਂਟਰੀ ਅਤੇ ਜੇ. ਐਸ. ਸਿਸੋਨ ਦੇ ”ਰਿਫਲੈਕਸ਼ਨ ਆਨ ਦਾ 1965 ਮਸਕੇਅਰ ਇੰਨ ਇੰਡੋਨੇਸ਼ੀਆ” ‘ਤੇ ਅਧਾਰਤ ਹੈ।

( ਅੰਗਰੇਜ਼ੀ ਮੈਗਜ਼ੀਨ ‘ਕਾਮਰੇਡ’ ‘ਚੋਂ ਧੰਨਵਾਦ ਸਹਿਤ)

ਪੰਜਾਬੀ ਅਨੁਵਾਦ -ਕੁਲਵਿੰਦਰ

(ਅਗਲੇ ਅੰਕ ਵਿੱਚ ਪੜ੍ਹੋ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦਾ ਬਿਆਨ ਅਤੇ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦੀ ਸਵੈ ਅਲੋਚਨਾ)

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s