ਇੱਕ ਸਿੱਖਿਆਦਾਇਕ ਘਟਨਾ •ਆਈ. ਸਾਤਜ਼

ਪੀ.ਡੀ.ਐਫ਼ ਡਾਊਨਲੋਡ ਕਰੋ

(‘ਪ੍ਰਤੀਬੱਧ’ ਦੇ ਅੰਕ-25 ਤੋਂ ਅਸੀਂ ਸਮਾਜਵਾਦੀ ਸੋਵੀਅਤ ਯੂਨੀਅਨ ‘ਚ ਸਾਹਿਤ ਦੇ ਅਹਿਮ ਸਿਧਾਂਤਕ ਸਵਾਲਾਂ ਉੱਪਰ ਚੱਲੀ ਇੱਕ ਮਹੱਤਵਪੂਰਨ ਬਹਿਸ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਹੈ, ਜਿਸ ਤਹਿਤ ਇਸ ਅੰਕ ਵਿੱਚ ਦੋ ਹੋਰ ਲੇਖ ਛਾਪੇ ਜਾ ਰਹੇ ਹਨ।ਉਮੀਦ ਕਰਦੇ ਹਾਂ ਕਿ ਬਹਿਸ ਪਾਠਕਾਂ ਲਈ ਸਿੱਖਿਆਦਾਈ ਹੋਵੇਗੀ ਅਤੇ ਸਾਹਿਤ ਬਾਰੇ ਉਹਨਾਂ ਦੇ ਗਿਆਨ ਨੂੰ ਵਧੇਰੇ ਡੂੰਘਾ ਕਰੇਗੀ।
– ਸੰਪਾਦਕ)

ਸਾਥੀ ਲੇਵਿਨ ਦੇ ਲੇਖ ਵਿੱਚ ਪੂਰੇ ਵਿਵਾਦ ਦੀ ਧਾਰਾ ਨੂੰ ਤਬਦੀਲ ਕਰਨ ਅਤੇ ਉਸ ਨੂੰ ਨਵਾਂ ਮੋੜ ਦੇਣ ਦਾ ਦਾਅਵਾ ਕੀਤਾ ਗਿਆ ਹੈ। ਜਿੱਥੋਂ ਤੱਕ ਪ੍ਰੋ. ਨੂਸੀਨੋਵ ਦੇ ਭ੍ਰਿਸ਼ਟ ਸਮਾਜ ਸ਼ਾਸਤਰ ਦਾ ਸੁਆਲ ਹੈ ਲੇਵਿਨ ਨੇ ਸ਼ੁਰੂ ਤੋਂ ਹੀ ਉਸ ‘ਤੇ ਲਿੱਪਾ ਪੋਚੀ ਕੀਤੀ ਹੈ। ਲਾਜ਼ਮੀ ਹੀ, ਇਹ ਕੋਈ ਬਹਤਾ ਔਖਾ ਕੰਮ ਨਹੀਂ ਸੀ। ਪਰ ਸਮੇਂ ਦੀ ਘਾਟ ਨੂੰ ਪੂਰਾ ਕਰਨ ਦੇ ਲਿਹਾਜ਼ ਨਾਲ਼ ਲੇਵਿਨ ਲਿਫਿਸ਼ਤਜ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ‘ਤੇ ਟੁੱਟ ਪਏ ਹਨ, ਜਿਨ੍ਹਾਂ ਨੂੰ ਉਹ ਉਨ੍ਹਾਂ ਦੇ ‘ਸੰਗੀ-ਸਾਥੀ’ ਗ਼ਰਦਾਨਦੇ ਹਨ। ਲੇਵਿਨ ਅਨੁਸਾਰ ਇਹ ਸਾਥੀ ਭ੍ਰਿਸ਼ਟ ਸਮਾਜ ਸ਼ਾਸਤਰ ਦਾ ਪਰਦਾਫਾਸ਼ ਕਰਕੇ ਬਹੁਤ ਚੰਗਾ ਕੰਮ ਕਰ ਰਹੇ ਹਨ, ਪਰ ਉਹ ਲੋਕ ਵੀ ਬਦਲੇ ਵਿੱਚ ‘ਮਾਰਕਸਵਾਦ’ ਨੂੰ ਤੋੜਦੇ ਮਰੋੜਦੇ ਹਨ। ਲੇਵਿਨ ਦੇ ਪੂਰੇ ਲੇਖ ਦਾ ਜ਼ਿਆਦਾਤਰ ਹਿੱਸਾ ਭ੍ਰਿਸ਼ਟ ਸਮਾਜ ਸ਼ਾਸਤਰ ਦਾ ਪਰਦਾਫਾਸ਼ ਕਰਨ ਵਾਲ਼ਿਆਂ ਦੀ ਅਲੋਚਨਾ ਵਜੋਂ ਖਰਚ ਹੋਇਆ ਹੈ, ਬਾਕੀ ਜੋ ਹਿੱਸਾ ਬਚਿਆ ਹੈ ਜਿਸ ਦੀ ਅਹਿਮੀਅਤ ‘ਤੇ ਉਹ ਜ਼ਿਆਦਾ ਜ਼ੋਰ ਦਿੰਦੇ ਹਨ ਉਸਦੇ ਹੇਠ ਸੁਆਲ ਨੂੰ ਪੂਰੀ ਤਰ੍ਹਾਂ ਇਤਿਹਾਸਕ ਪਰਿਪੇਖ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਵਿਨ ਦੇ ਵਿਚਾਰ ਅਨੁਸਾਰ, ਲਿਫਿਸ਼ਤਜ਼ ਅਤੇ ਉਨ੍ਹਾਂ ਦੇ ਸਾਥੀ ਮਿੱਤਰਾਂ ਦੀ ਕਮਜ਼ੋਰੀ ਇਹ ਹੈ ਕਿ ਉਨ੍ਹਾਂ ਦੇ ਸੋਚਣ ਸਮਝਣ ਦੇ ਤੌਰ ਤਰੀਕਿਆਂ ਦਾ ਤਾਲਮੇਲ਼ ਸਾਹਿਤ ਦੇ ਇਤਿਹਾਸ ਦੇ ਤੱਥਾਂ ਨਾਲ਼ ਨਹੀਂ ਹੁੰਦਾ।

ਇਹੀ ਇੱਕ ਗੰਭੀਰ ਮੁੱਦਾ ਹੈ ਜਿਸ ਨੂੰ ਉਹ ਉਠਾਉਂਦੇ ਹਨ ਅਤੇ ਇਸ ਨੂੰ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ। ਪਰ ਅਫਸੋਸ ਦਾ ਵਿਸ਼ਾ ਇਹ ਹੈ ਕਿ ਲੇਵਿਨ ਦੁਆਰਾ ਉਠਾਏ ਗਏ ਕੁਝ ਮੁੱਦਿਆਂ ਦਾ ਤਾਲਮੇਲ਼ ਵੀ ਤੱਥਾਂ ਨਾਲ਼ ਨਹੀਂ ਹੁੰਦਾ। ਲੇਵਿਨ ਸਾਹਿਬ ਦਾ ਕਹਿਣਾ ਹੈ :

ਲਿਫਿਸ਼ਤਜ਼ ਅਤੇ ਉਨ੍ਹਾਂ ਦੇ ਸਾਥੀ ਅਲੋਚਕਾਂ ਦੇ ਨਜ਼ਰੀਆਂ ਦਾ ਵਿਸ਼ਲੇਸ਼ਣ ਕਰਨ ‘ਤੇ ਸਾਡਾ ਯਕੀਨ ਪੱਕਾ ਹੋ ਗਿਆ ਕਿ … ਇਹ ਲੋਕ ਇਹ ਕਦੀ ਸੋਚ ਹੀ ਨਹੀਂ ਸਕਦੇ ਕਿ ਕੁਲੀਨ ਜਮਾਤ ਵਿੱਚ ਪੈਦਾ ਹੋਏ ਕਵੀ ਦੀਆਂ ਰਚਨਾਵਾਂ ਕਦੀ ਲੋਕਾਂ ਦੀ ਕਲਾ ਕਿਵੇਂ ਹੋ ਸਕਦੀਆਂ ਹਨ ਅਤੇ ਇੱਕ ਬੁਰਜ਼ੂਆ ਲੇਖਕ ਦੀਆਂ ਰਚਨਾਵਾਂ ਲੋਕਾਂ ਦਾ ਸਾਹਿਤ ਕਿਵੇਂ ਹੋ ਸਕਦੀਆਂ ਹਨ।

ਪਰ ਖੋਜ ਪੜਤਾਲ ਕਰਨ ‘ਤੇ ਅਸੀਂ ਕੀ ਦੇਖਦੇ ਹਾਂ? ‘ਲੈਨਿਨਵਾਦੀ ਸਮੀਖਿਆ ਸਿਰਲੇਖ ਵਾਲ਼ੇ ਲੇਖ ਵਿੱਚ ਲਿਫਿਸ਼ਤਜ਼ ਨੇ ਕਿਹਾ ਹੈ :

ਕੀ ਇੱਕ ‘ਕੁਲੀਨ ਜਮਾਤ ਦਾ ਕਲਾਕਾਰ’ ਆਪਣੇ ਦੇਸ਼ ਦੇ ਲੋਕਾਂ ਦੀ ਲਹਿਰ ਨੂੰ ਚਿੱਤਰਤ ਕਰ ਸਕਦਾ ਹੈ? ਪਲੈਖਾਨੋਵ ਦੇ ਨਜ਼ਰੀਏ ਅਨੁਸਾਰ ਇਸ ਤਰ੍ਹਾਂ ਦੇ ਵਿਚਾਰ ਦਾ ਅਰਥ ਮਾਰਕਸਵਾਦ ਨੂੰ ਨਕਾਰਨਾ ਹੋਵੇਗਾ। ਤਾਲਸਤਾਏ ਦੀਆਂ ਰਚਨਾਵਾਂ ਬਾਰੇ ਇਸ ਤਰ੍ਹਾਂ ਦਾ ਨਜ਼ਰੀਆ ਸੱਚਮੁਚ ਹੀ ਕੱਟੜਪੰਥੀ ਮੇਨਸ਼ੇਵਕਾਂ ਦੇ ਕੱਟੜਪੰਥੀ (ਡਾਗਮੈਟਿਕ) ਮਾਰਕਸਵਾਦ ਨਾਲ਼ ਮੇਲ਼ ਨਹੀਂ ਖਾਂਦਾ।

ਇੱਕ ਹੋਰ ਲੇਖ ਵਿੱਚ ਉਨ੍ਹਾਂ ਨੇ ਇੱਕ ਥਾਂ ‘ਤੇ ਇਹ ਗੱਲ ਕਹੀ ਹੈ :

ਸਾਨੂੰ ਇਹ ਵੀ ਪਤਾ ਹੈ ਕਿ … ਕੁਲੀਨ ਜਮਾਤ ਅਤੇ ਸਰਮਾਏਦਾਰੀ ਜਮਾਤ ‘ਚੋਂ ਨਿੱਜੀ ਰੂਪ ਵਿੱਚ ਕਈ ਪ੍ਰਤਿਭਾਸ਼ਾਲੀ ਲੋਕ ਆਪਣੇ ਪੈਦਾਇਸ਼ੀ ਅਤੇ ਹਾਸਲ ਤੁਅੱਸਬਾਂ ਦੇ ਬਾਵਜੂਦ ਸੱਚੇ ਅਰਥਾਂ ਵਿੱਚ ਲੋਕਾਂ ਦੇ ਰਚਨਾਕਾਰ ਬਣ ਗਏ।

ਲਿਫਸ਼ਿਤਜ਼ ਦੇ ਲੇਖਾਂ ‘ਚੋਂ ਬਹੁਤ ਸਾਰੇ ਹਵਾਲੇ ਇੱਥੇ ਦਿੱਤੇ ਜਾ ਸਕਦੇ ਹਨ, ਜੋ ਇਹ ਦਰਸਾਉਂਦੇ ਹਨ ਕਿ ਲੇਵਿਨ ਦੁਆਰਾ ਕੀਤੀ ਗਈ ਵਿਆਖਿਆ ਅਤੇ ਅਸਲੀ ਤੱਥਾਂ ਵਿੱਚ ਕਾਫ਼ੀ ਫਰਕ ਹੈ। ਭਾਵੇਂ ਅਸਲੀ ਤੱਥਾਂ ਦਾ ਸਹਾਰਾ ਲੈਣ ਬਾਰੇ ਉਨ੍ਹਾਂ ਦੁਆਰਾ ਦਿੱਤੇ ਗਏ ਉਪਦੇਸ਼ ਯੋਗਦਾਨ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਸਾਨੂੰ ਸਧਾਰਨੀਕਰਨਾਂ ਅਤੇ ਅਮੂਰਤ ਤਰਕ ਵਿਧੀਆਂ ਦੀ ਬਹੁਤ ਘੱਟ ਲੋੜ ਹੈ। ਸਾਨੂੰ ਤਾਂ ਮੂਰਤ ਅਲੋਚਨਾ ਦੀ ਲੋੜ ਹੈ। ਸਾਨੂੰ ਅਜਿਹੀ ਵਿਧੀ ਦੀ ਨੀਂਹ ਪਾਉਣੀ ਹੋਵੇਗੀ ਜਿਸ ਨਾਲ਼ ਸਾਹਿਤ ਦੇ ਇਤਿਹਾਸ ਦੀ ਮੂਰਤ ਵਿਆਖਿਆ ਸੰਭਵ ਹੋ ਸਕੇ।

ਇਸ  ਮਾਮਲੇ ਵਿੱਚ ਲੇਵਿਨ ਦਾ ਕਥਨ ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਗੋਗੋਲ ਵੱਲ਼ ਲਿਫਸ਼ਿਤਜ਼ ਅਤੇ ਉਨ੍ਹਾਂ ਦੇ ਹੋਰ ਅਲੋਚਕਾਂ ਦੇ ਰਵੱਈਏ ਦੇ ਸਾਰਤੱਤ ਦੀ ਜਾਂਚ ਪੜਤਾਲ ਦਾ ਉਸ ਦਾ ਫੈਸਲਾ ਵੀ ਸਹੀ ਹੈ। ਵੱਖ-ਵੱਖ ਅਲੋਚਕਾਂ ਦੇ ਸਿਧਾਂਤਾਂ ਦੀ ਦਰੁਸਤੀ ਅਤੇ ਖਰੀ ਕਸੌਟੀ ਦਾ ਵੀ ਇਹੀ ਰਵੱਈਆ ਹੈ। ਇਸ ਸਬੰਧ ਵਿੱਚ ਲੇਵਿਨ ਨ ਆਈ. ਇਵਾਨੋਵ ਦੇ ਲੇਖ ‘ਚੋਂ ਇਹ ਸਤਰਾਂ ਦਾ ਹਵਾਲਾ ਦਿੱਤਾ ਹੈ :

ਗੋਗੋਲ ਦੀ ਮਾਨਸਿਕ ਪੀੜਾ ਦੀ ਜੜ੍ਹ ਵਿੱਚ ਆਪਣੀ ਲੋਕਾਈ ਅਤੇ ਆਪਣੇ ਦੇਸ਼ ਲਈ ਗੂੜ੍ਹਾ ਪਿਆਰ ਅਤੇ ਉਨ੍ਹਾਂ ਦੀ ਚਿੰਤਾ ਸੀ। ਨਿਕੋਲਸ ਪਹਿਲੇ ਦੇ ਨਿਜ਼ਾਮ ਦਾ ਵਿਰੋਧ ਕਰਨ ਵਾਲ਼ੀਆਂ ਸਮਾਜਕ ਤਾਕਤਾਂ ਦੀ ਦੁੱਖਦ ਅਣਹੋਂਦ ਦੇ ਕਾਰਨ ਉਨ੍ਹਾਂ ਨੂੰ ਜਦ ਆਤਮਕ ਹਾਰ ਦੀ ਭਾਵਨਾ ਨੇ ਡੰਗ ਲਿਆ ਅਤੇ ਜਦ ਉਹ ਇੱਕ ਭਿਅੰਕਰ ਅੰਦਰੂਨੀ ਸੰਕਟ ‘ਚੋਂ ਲੰਘੇ, ਉਸ ਦੇ ਬਾਅਦ ਹੀ ਗੋਗੋਲ ਨੇ ਆਪਣੀ ਪਿਛਾਖੜੀ ਕਾਲਪਨਿਕ ਦੁਨੀਆਂ (ਯੂਟੋਪੀਆ) ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਮੁਕਤੀ ਦੇ ਆਦਰਸ਼ਾਂ ਨਾਲ਼ ਦਗਾਬਾਜ਼ੀ ਦਾ ਰਾਹ ਦਿਖਾਇਆ।

ਲੇਵਿਨ ਇਸ ਦਾ ਜੁਆਬ ਦਿੰਦੇ ਹੋਏ ਲਿਖਦੇ ਹਨ :

ਉਹ (ਇਵਾਨੋਵ) ਗੋਗੋਲ ਦੀ ‘ਮੁਕਤੀ ਦੇ ਆਦਰਸ਼ਾਂ ਦੇ ਨਾਲ਼ ਦਗਾਬਾਜ਼ੀ’ ਦੀ ਗੱਲ ਕਰਦੇ ਹਨ, ਜਦ ਕਿ ਇਸ ਗੱਲ ਦੀ ਜਾਂਚ ਪੜਤਾਲ ਨਹੀਂ ਕਰਦੇ ਕਿ ਗੋਗੋਲ ਕਿਸ ਹੱਦ ਤੱਕ ਇਨ੍ਹਾਂ ਆਦਰਸ਼ਾਂ ਲਈ ਹਮਦਰਦੀ ਰੱਖਦੇ ਸਨ।

ਇੱਥੇ ਲੇਵਿਨ ਕਿਨ੍ਹਾਂ ਤੱਥਾਂ ਦਾ ਜਿਕਰ ਕਰ ਰਹੇ ਹਨ? ਸ਼ੁਰੂ ਵਿੱਚ ਉਹ ਇਹ ਸ਼ਿਕਾਇਤ ਕਰਦੇ ਹਨ ਕਿ ਇਵਾਨੋਵ ਨੂੰ ‘ਇਸ ਸੱਚਾਈ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਕਿ ਸਲਾਵੋਫਾਈਲਾਂ ਨੇ ਗੋਗੋਲ ਦੀਆਂ ਵਿਅੰਗ ਰਚਨਾਵਾਂ ਦੀ ‘ਅੰਦਰੂਨੀ ਸ਼ੁੱਧੀ ਦੀ ਲੋੜ ਨੂੰ ਜਾਹਰ ਕਰਨ ਵਾਲ਼ੀਆਂ ਕਹਿ ਕੇ ਵਿਆਖਿਆ ਕੀਤੀ ਹੈ।’

ਇਹ ਸ਼ਿਕਾਇਤ ਬਹੁਤ ਅਜੀਬ ਹੈ। ਇੱਕ ਸੋਵੀਅਤ ਅਲੋਚਕ ਨੂੰ ਗੋਗੋਲ ਬਾਰੇ ਪਿਛਾਖੜੀ ਟਿੱਪਣੀਕਾਰਾਂ ਦੀ ਰਵਾਇਤ ਨੂੰ ਜਾਰੀ ਰੱਖਣ ਦੀ ਏਨੀ ਚਿੰਤਾ ਕਿਉਂ ਹੋਣੀ ਚਾਹੀਦੀ ਹੈ? ਸ਼ਾਇਦ ਇਹ ਇਸ ਕਾਰਨ ਹੋਵੇ ਕਿ ਸਾਡੇ ਭ੍ਰਿਸ਼ਟ ਸਮਾਜਸ਼ਾਸਤਰੀ ਗੋਗੋਲ ਦੀਆਂ ਵਿਅੰਗ ਰਚਨਾਵਾਂ ਨੂੰ ਜਮੀਨ ਮਾਲਕ ਕੁਲੀਨ ਜਮਾਤ ਵੱਲੋਂ ਕੀਤੀ ਗਈ ਸਵੈ ‘ਅਲੋਚਨਾ’ ਗਰਦਾਨ ਚੁੱਕੇ ਹਨ। ਅਸਲ ਵਿੱਚ ਬਿਲਕੁਲ ਇਹੀ ਗੱਲ ਗੋਗੋਲ ਬਾਰੇ ਤ੍ਰੈਪਚੈਂਕੋ ਨੇ ਕਹੀ ਹੈ : ਜਿੱਥੇ ਗੋਗੋਲ ਨੇ ਉਸ ਜਮਾਤ ਦੇ ਨੁਮਾਇੰਦਿਆਂ ਦੀ ਅਲੋਚਨਾ ਕੀਤੀ ਹੈ, ਉਨ੍ਹਾਂ ਨੇ ਉਸ ਢਾਂਚੇ ਦੀ ਅਲੋਚਨਾ ਨਹੀਂ ਕੀਤੀ … ‘ਮ੍ਰਿਤ ਆਤਮਾਵਾ’ ਦੀਆਂ ਆਖ਼ਰੀ ਸਤਰਾਂ ਉਸ ਬੇਚੈਨੀ ਦਾ ਇਜ਼ਹਾਰ ਕਰਦੀਆਂ ਹਨ, ਜਿਸ ਨੂੰ ਉਨ੍ਹਾਂ ਨੇ ਆਪਣੀ ਜਮਾਤ ਦੇ ਮਾੜੇ ਭਾਗਾਂ ਨੂੰ ਦੇਖਦੇ ਹੋਏ ਮਹਿਸੂਸ ਕੀਤਾ ਸੀ।’

ਗੋਗੋਲ ‘ਤੇ ਲਿਖੀ ਤ੍ਰੈਪਚੈਂਕੋ ਦੀ ਕਿਤਾਬ ਵਿੱਚ ਉਕਤ ਸਤਰਾਂ ਵਿੱਚ ਪ੍ਰਗਟਾਇਆ ਨਜ਼ਰੀਆ ਆਪਣੀ ਥਾਂ ਜਾਇਜ਼ ਹੀ ਹੈ ਪਰ ਇਹੀ ਨਜ਼ਰੀਆ ਜਦ ਲੇਵਿਨ ਦੀ ਕਲਮ ਤੋਂ ਸਾਹਮਣੇ ਆਉਂਦਾ ਹੈ ਤਾਂ ਅਜੀਬ ਲਗਦਾ ਹੈ ਕਿਉਂਕਿ ਲੇਵਿਨ ਨੇ ਸ਼ੁਰੂ ਤੋਂ ਹੀ ਭ੍ਰਿਸ਼ਟ ਸਮਾਜਸ਼ਾਸਤਰ ਦਾ ਘੋਰ ਵਿਰੋਧ ਕੀਤਾ ਸੀ।

ਬਿਹਤਰ ਹੈ ਕਿ ਅਸੀਂ ਸਲਾਵੋਫਾਇਲਾਂ ਨੂੰ ਭੁੱਲ ਹੀ ਜਾਈਏ। ਜਾਹਰ ਹੈ ਕਿ ਲੇਵਿਨ ਨੂੰ ਤਰਕ ਇਕੱਠੇ ਕਰਨ ਦੇ ਚੱਕਰ ਵਿੱਚ ਉਨ੍ਹਾਂ ਦੀ ਲੋੜ ਪੈ ਗਈ ਹੋਵੇਗੀ। ਪਰ ਲੇਵਿਨ ਦੇ ਪ੍ਰਮੁੱਖ ਤਰਕ ਪਿਛਲੀ ਸਦੀ ਦੀ ਰੂਸੀ ਇਨਕਲਾਬੀ ਸਮੀਖਿਆ ਦੇ ਵਿਚਾਰਾਂ ‘ਤੇ ਅਧਾਰਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ :

ਇਵਾਨੋਵ ਬੇਲਿੰਸਕੀ ‘ਤੇ ਰਵਾਇਤ ਨੂੰ ਤਿਆਗਣ ਦੀ ਗੱਲ ਕਰਦੇ ਹਨ ਜਦ ਕਿ, ਜਾਹਿਰ ਹੈ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਬੇਲਿੰਸਕੀ ਨੇ ਵੀ ‘ਮ੍ਰਿਤ ਆਤਮਾਵਾਂ’ ਦੀ ਪਹਿਲੀ ਸੈਂਚੀ ਵਿੱਚ ਹੀ ਮੌਜੂਦ ਕੁਝ ਗ਼ੈਰ ਯਥਾਰਥਕ ਤੱਤਾਂ ਨੂੰ ਰੇਖਾਂਕਤ ਕੀਤਾ ਸੀ ਅਤੇ ਉਨ੍ਹਾਂ ਨੇ ਗੋਗੋਲ ਦੁਆਰਾ ਚਿੱਤਰਤ ‘ਪੁਰਾਣੀ ਤਰਜ਼ ਦੇ ਜ਼ਿਮੀਂਦਾਰਾਂ’ ਅਤੇ ਏਸੇ ਤਰ੍ਹਾਂ ਦੇ ਹੋਰਨਾ ‘ਵਿਅਕਤੀਆਂ’ ਦੇ ਖਾਸੇ ਲਈ ਦਿਖਾਈ ਗਈ ਉਨ੍ਹਾਂ ਦੀ ਹਮਦਰਦੀ ਨੂੰ ਵੀ ਰੇਖਾਂਕਿਤ ਕੀਤਾ ਸੀ।

ਇੱਥੇ ਥਾਂ ਦੀ ਘਾਟ ਦੇ ਕਾਰਨ ਸਾਰੇ ਮਸਲੇ ‘ਤੇ ਵਿਸਥਾਰ ਵਿੱਚ ਨਾ ਜਾ ਕੇ ਅਸੀਂ ਸਿਰਫ਼ ਲੇਵਿਨ ਦੁਆਰਾ ਕੀਤੀ ਗਈ ਬੇਲਿੰਸਕੀ ਦੀ ਵਿਆਖਿਆ ਦੇ ਮੁਕਾਬਲੇ ਉਸ ਜਿਹੇ ਮਹਾਨ ਇਨਕਲਾਬੀ ਜਮਹੂਰੀ ਮਨੁੱਖ ਦੇ ਖੁਦ ਦੇ ਬਿਆਨਾਂ ਨਾਲ਼ ਕਰਾਂਗੇ। ਬੇਲਿੰਸਕੀ ਨੇ ਆਪਣੇ ਇੱਕ ਲੇਖ, ‘1847 ਦੇ ਸਾਲ ਵਿੱਚ ਰੂਸੀ ਸਾਹਿਤ ‘ਤੇ ਇੱਕ ਨਜ਼ਰ’ ਦੇ ਹੇਠ ਲਿਖਿਆ ਸੀ :

ਸਾਡੇ ਸਾਹਿਤ ਵਿੱਚ ਸਦਾ ਕੌਮੀ ਮੌਲਿਕਤਾ ਨੂੰ ਪ੍ਰਗਟਾਉਣ ਲਈ, ਲੋਕਪੱਖੀ ਹੋਣ ਦੀ, ਸ਼ਬਦ ਜਾਲ਼ ਫੈਲਾਉਣ ਦੀ ਥਾਂ ਸਹਿਜ ਹੋਣ ਦੀ ਪ੍ਰਵਿਰਤੀ ਰਹੀ ਹੈ … ਬਿਨਾਂ ਲਾਗ ਲਪੇਟ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪ੍ਰਵਿਰਤੀ ਗੋਗੋਲ ਵਿੱਚ ਜਿੰਨੀ ਸਪਸ਼ਟਤਾ ਨਾਲ਼ ਪ੍ਰਗਟ ਹੋਈ ਹੈ, ਓਨੀ ਹੋਰ ਕਿਸੇ ਲੇਖਕ ਵਿੱਚ ਨਹੀਂ। ਇਸ ਵਿੱਚ ਸਫਲਤਾ ਹਾਸਲ ਕਰਨ ਲਈ ਇਹ ਜ਼ਰੂਰੀ ਸੀ ਕਿ ਲੇਖਕ ਆਪਣਾ ਸਾਰਾ ਧਿਆਨ ਲੋਕਾਂ ‘ਤੇ, ਆਮ ਲੋਕਾਂ ‘ਤੇ ਕੇਂਦਰਤ ਕਰੇ … ਗੋਗੋਲ ਦੀਆਂ ਮਹਾਨ ਪ੍ਰਾਪਤੀਆਂ ਦਾ ਇਹੀ ਭੇਦ ਹੈ।

1846 ਵਿੱਚ ਸਾਹਿਤ ‘ਤੇ ਲਿਖੀ ਗਈ ਆਪਣੀ ਇੱਕ ਹੋਰ ਟਿੱਪਣੀ ਵਿੱਚ ਇਸ ਤੱਥ ‘ਤੇ ਬੇਲਿੰਸਕੀ ਨੇ ਜ਼ੋਰ ਦਿੱਤਾ ਸੀ ਕਿ ਗੋਗੋਲ ਦੇ ਨਾਲ਼ ਹੀ ਰੂਸੀ ਸਾਹਿਤ ਲੋਕਾਂ ਦਾ ਸਾਹਿਤ ਬਣ ਗਿਆ ਹੈ ਅਤੇ ਇਸ ਸਾਹਿਤ ਨੇ ਆਪਣੀ ਧਾਰਾ ਯਥਾਰਥ ਵੱਲ ਮੋੜ ਦਿੱਤੀ ਹੈ ਅਤੇ ਇਸ ਸਾਹਿਤ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਆਪਣੀ ਅਸਲੀ ਜ਼ਿੰਦਗੀ ਦਾ ਜਾਇਜ਼ਾ ਲੈਣ ਅਤੇ ਉਸ ਵਿੱਚ ਸੁਧਾਰ ਲਿਆਉਣ:

‘ਇਸ ਸਬੰਧ ਵਿੱਚ ਸਾਹਿਤ ਇੱਕ ਅਜਿਹੇ ਮੋੜ ‘ਤੇ ਪਹੁੰਚ ਗਿਆ ਹੈ ਜਿੱਥੇ ਭਵਿੱਖ ਵਿੱਚ ਇਸ ਸਫਲਤਾ, ਇਸ ਦੀ ਤਰੱਕੀ, ਇਸ ਦੀ ਸਮੱਗਰੀ ਦੀ ਮਿਕਦਾਰ ਅਤੇ ਵਿਸਥਾਰ ਦੀ ਇਸ ਦੀ ਪਕੜ ਅਤੇ ਕੰਟਰੋਲ ‘ਤੇ ਜ਼ਿਆਦਾ ਨਿਰਭਰ ਕਰਦੀ ਹੈ, ਖੁਦ ਸਾਹਿਤ ‘ਤੇ ਨਹੀਂ। ਸਾਹਿਤ ਦੇ ਤੱਤ ਦੀ ਨੋਕ ਜਿੰਨੀ ਜ਼ਿਆਦਾ ਵਿਆਪਕ ਹੋਵੇਗੀ, ਇਸ ਦਾ ਵਿਕਾਸ ਓਨਾ ਹੀ ਛੇਤੀਂ ਅਤੇ ਓਨਾ ਹੀ ਸਾਰਥਕ ਹੋਵੇਗਾ।

ਬੇਲਿੰਸਕੀ ਦੁਆਰਾ ਗੋਗੋਲ ਦਾ ਮੁਲਾਂਕਣ ਤਾਂ ਇਸ ਤਰ੍ਹਾਂ ਦਾ ਸੀ, ਇਸ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਹੱਦਾਂ ਦਾ ਸਾਰਾ ਜਿਕਰ, ਇੱਥੋਂ ਤੱਕ ਕਿ ਗੋਗੋਲ ਦੀਆਂ ਇੱਕਾ-ਦੁੱਕਾ ਗ਼ਲਤੀਆਂ ‘ਤੇ ਕੀਤੀ ਗਈ ਤਿੱਖੀ ਟਿੱਪਣੀ ਦਾ ਕੋਈ ਵੀ ਮਹੱਤਵ ਨਹੀਂ ਰਹਿ ਜਾਂਦਾ। ਚੇਰਨੀਸ਼ੇਵਸਕੀ ਨੇ ਵੀ ਜਿੱਥੇ ਕਿਤੇ ਉਨ੍ਹਾਂ ਦਾ ਜਿਕਰ ਕੀਤਾ ਹੈ ਬਹੁਤ ਹੀ ਸੰਕੋਚ ਨਾਲ਼ ਹੀ ਕੀਤਾ ਹੈ ਅਤੇ ਸਦਾ ਇਹ ਗੱਲ ਨਾਲ਼ ਕਹੀ ਹੈ ਕਿ ਸਾਡੀ ਟੀਕਾ ਟਿੱਪਣੀ ਉਸ ਮਹਾਨ ਰਚਨਾਕਾਰ ਲਈ ਸਾਡੇ ਆਦਰ ਦੀ ਭਾਵਨਾ ਤੋਂ ਤਾਂ ਪ੍ਰੇਰਿਤ ਹੈ ਹੀ, ਉਸ ਤੋਂ ਵੀ ਜ਼ਿਆਦਾ ਇੱਕ ਅਜਿਹੇ ਆਦਮੀ ਲਈ ਸਹਿਣਸ਼ੀਲਤਾ ਦੀ ਭਾਵਨਾ ਦੀ ਵੀ ਜਾਣੂ ਹੈ ਜੋ ਅਜਿਹੇ ਸਬੰਧਾਂ ਨਾਲ਼ ਘਿਰਿਆ ਹੋਇਆ ਸੀ, ਜੋ ਉਸ ਦੇ ਵਿਕਾਸ ਵਿੱਚ ਅੜਿੱਕਾ ਸਨ।

ਲੇਵਿਨ ਇਹ ਸੱਚ ਕਹਿੰਦੇ ਹਨ ਕਿ ਬੇਲਿੰਸਕੀ ਅਤੇ ਚੇਰਨੀਸ਼ਵਸਕੀ ਦੋਵਾਂ ਨੇ ਹੀ ਇਹ ਗੱਲ ਰੇਖਾਂਕਤ ਕੀਤੀ ਹੈ ਕਿ ਉਹ ਇਹ ਨਹੀਂ ਮੰਨਦੇ ਕਿ ਗੋਗੋਲ ਦੀਆਂ ਰਚਨਾਵਾਂ ਰੂਸੀ ਲੋਕਾਂ ਦੀਆਂ ਉਕਤ ਲੋੜਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦੀਆਂ ਸਨ। ਬੇਲਿੰਸਕੀ ਨੇ ਤਾਂ ‘ਮ੍ਰਿਤ ਆਤਮਾਵਾਂ’ ਦੀ ਪਹਿਲੀ ਸੈਂਚੀ ਵਿੱਚ ਹੀ ਮੌਜੂਦ ਕੁਝ ਗ਼ੈਰ ਯਥਾਰਥਕ ਤੱਤਾਂ ਨੂੰ ਰੇਖਾਂਕਤ ਕੀਤਾ ਸੀ। ਪਰ ਇਨ੍ਹਾਂ ‘ਗ਼ੈਰ ਯਥਾਰਥਕ ਤੱਤਾਂ’  ਦੀ ਵਿਆਖਿਆ ਮਹਾਨ ਇਨਕਲਾਬੀ ਜਮਹੂਰੀਆਂ ਨੇ ਕਿਸ ਤਰ੍ਹਾਂ ਕੀਤੀ ਸੀ? ਬੇਲਿੰਸਕੀ ਨੇ ਲਿਖਿਆ ਸੀ :

ਆਦਰਸ਼ਾਂ ਦਾ ਚਿੱਤਰਣ ਕਰਨ ਵਿੱਚ ਗੋਗੋਲ ਸਭ ਤੋਂ ਜ਼ਿਆਦਾ ਕਮਜ਼ੋਰ ਸਨ, ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਪ੍ਰਤਿਭਾ ਦੀ ਇੱਕਰੂਪਤਾ ਨਾ ਰਹੀ ਹੋਵੇ ਜਿਸ ਨੂੰ ਬਹੁਤ ਸਾਰੇ ਲੋਕ ਉਨ੍ਹਾਂ ਦੀ ਇਸ ਅਸਫ਼ਲਤਾ ਦੇ ਲਈ ਜੁੰਮੇਵਾਰ ਮੰਨਦੇ ਹਨ, ਉਸ ਦਾ ਕਾਰਨ ਖੁਦ ਉਨ੍ਹਾਂ ਦੀ ਪ੍ਰਤਿਭਾ ਵਿੱਚ ਰਿਹਾ ਹੋਵੇਗਾ ਜੋ ਕਿ ਆਪਣੀ ਤਾਕਤ ਯਥਾਰਥ ਨਾਲ਼ ਉਨ੍ਹਾਂ ਦੇ ਗ਼ੈਰ ਸਧਾਰਨ ਰੂਪ ਨਾਲ਼ ਗੂੜ੍ਹੇ ਜੁੜਾਅ ਤੋਂ ਹਾਸਲ ਕਰ ਰਹੀ ਸੀ। ਜਦ ਯਥਾਰਥ ਆਦਰਸ਼ ਵਿਅਕਤੀਆਂ ਨੂੰ ਪੇਸ਼ ਕਰਦਾ ਹੋਇਆ ਚਿੱਤਰਤ ਹੁੰਦਾ ਹੈ ਤਾਂ ਉਹ ਵਿਅਕਤੀ ਗੋਗੋਲ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ਼ ਵਰਨਣ ਹੋ ਕੇ ਸਾਹਮਣੇ ਆਉਂਦੇ ਹਨ। … ਪਰ ਯਥਾਰਥ ਜਦ ਆਦਰਸ਼ ਵਿਅਕਤੀਆਂ ਨੂੰ ਚਿੱਤਰਤ ਨਹੀਂ ਕਰ ਸਕਦਾ ਜਾਂ ਫਿਰ ਕਲਾ ਦੇ ਅਨੁਸਾਰੀ ਹਾਲਤਾਂ ਵਿੱਚ ਢਲ਼ਕੇ ਉਨ੍ਹਾਂ ਦਾ ਚਿੱਤਰਣ ਨਹੀਂ ਕਰ ਸਕਦਾ, ਤਾਂ ਫਿਰ ਗੋਗੋਲ ਬੇਚਾਰੇ ਕੀ ਕਰਦੇ? ਕੀ ਉਹ ਉਨ੍ਹਾਂ ਨੂੰ ਕਲਪਨਾ ਵਿੱਚ ਘੜਦੇ? ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਝੂਠ ਘੜਨ ਦੀ ਆਦਤ ਹੁੰਦੀ ਹੈ ਇਸ ਕੰਮ ਨੂੰ ਚਤੁਰਾਈ ਨਾਲ਼ ਕਰ ਲੈਂਦੇ ਹਨ, ਪਰ ਗੋਗੋਲ ਝੂਠ ਘੜਨ ਵਿੱਚ ਸਮਰੱਥ ਨਹੀਂ ਸਨ।

ਅਤੇ ਚੇਰਨੀਸ਼ਵਸਕੀ ਨੇ ਤਾਂ ਗੋਗੋਲ ਦੀਆਂ ਰਚਨਾਵਾਂ ਦੇ ਦੋਸ਼ਾਂ ਦੀ ਵਿਆਖਿਆ ਬਾਹਰਮੁੱਖੀ ਯਥਾਰਥ ਦੇ ਅਧਾਰ ‘ਤੇ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੋਧਤਾਈ ਦੇ ਅਧਾਰ ‘ਤੇ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਦੌਰ ਦੀਆਂ ਉਨ੍ਹਾਂ ਸਮਾਜਕ ਤਾਕਤਾਂ ਦੀ ਭਾਰੀ ਘਾਟ ਜੋ ਯਥਾਰਥ ਦੇ ਰਚਨਾਤਮਕ ਅਤੇ ਸਾਕਾਰਾਤਮਕ ਮੁਲਾਂਕਣ ਲਈ ਸਮਗਰੀ ਉਪਲਭਧ ਕਰਾ ਸਕਦੀ ਸੀ, ਅਤੇ ਗੋਗੋਲ ਦੇ ‘ਸੁੱਖ ਦੇ ਤੱਤਾਂ ਦੀ ਆਪਣੀਆਂ ਰਚਨਾਵਾਂ ਵਿੱਚ ਸਮਾਵੇਸ਼’ ਦੀ ਸੁਚੇਤ ਇੱਛਾ, ਵਿੱਚ ਮੌਜੂਦ ਸੀ। ਚੇਰਨੀਸ਼ਵਸਕੀ ਨੇ ‘ਮ੍ਰਿਤ ਆਤਮਾਵਾਂ’ ਦੇ ਪਿਛਾਖੜੀ ਪੱਖ ਦੀ – ‘ਆਦਰਸ਼’ ਜਮੀਨ ਮਾਲਕ ਕੌਸਤਾਨਝੋਗਲਾਂ ਦੇ ਖਾਸੇ ਦੀ – ਗੱਲ ਜਿੱਥੇ ਵੀ ਕੀਤੀ ਹੈ, ਉਨ੍ਹਾਂ ਨੇ ਉਥੇ ‘ਪਿਛਾਖੜੀ’ ਭਾਵਨਾਵਾਂ ਦੇ ਲਈ ਲੇਖਕ ਦੀਆਂ ‘ਅਲੋਚਨਾਤਮਕ’ ਪ੍ਰਵਿਰਤੀਆਂ ਦੇ ਮੁਕਾਬਲੇ ਉਨ੍ਹਾਂ ਨੂੰ ਜਾਂਚਿਆ ਪਰਖਿਆ ਹੈ ਅਤੇ ਇਹ ਨਿਚੋੜ ਕੱਢਿਆ ਹੈ :

ਇਹ ਸੱਚ ਹੈ ਕਿ ਗੋਗੋਲ ਇੱਕ ਕਲਾਕਾਰ ਵਜੋਂ ਆਪਣੇ ਫਰਜ਼ ਲਈ ਪੂਰੀ ਤਰ੍ਹਾਂ ਵਫ਼ਾਦਾਰ ਰਹੇ, ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਉਨ੍ਹਾਂ ਤਬਦੀਲੀਆਂ ਦੀ ਕਿਸ ਤਰ੍ਹਾਂ ਵਿਆਖਿਆ ਕਰਦੇ ਹਾਂ ਜੋ ਹੋਰਨਾਂ ਮਾਮਲਿਆਂ ਵਿੱਚ ਉਨ੍ਹਾਂ ਅੰਦਰ ਆ ਰਹੀ ਸੀ … ਉਕਤ ਅੰਸ਼ (ਜਿਨ੍ਹਾਂ ਨੂੰ ਚੇਰਨੇਸ਼ਵਸਕੀ ਨੇ ਗਿਣਾਇਆ ਸੀ) ਅਜਿਹੇ ਆਦਮੀ ਨੂੰ ਵੀ ਯਕੀਨ ਦੁਆ ਦੇਣਗੇ ਜੋ ‘ਆਪਣੇ ਮਿੱਤਰਾਂ ਦੇ ਨਾਲ਼ ਚਿੱਠੀ ਪੱਤਰੀ ‘ਚੋਂ ਕੁਝ ਅੰਸ਼’ ਨਾਂ ਦੀ ਰਚਨਾ ਦੇ ਕਾਰਨ ਉਨ੍ਹਾਂ ਦੇ ਖਿਲਾਫ਼ ਤੁਅਸੱਬ ਬਣਾਏ ਹੋਏ ਹਨ ਕਿ ਉਹ ਕਲਾਕਾਰ ਜਿਸ ਨੇ ‘ਦਿ ਇੰਸਪੈਕਟਰ ਜਰਨਲ’ ਅਤੇ ‘ਮ੍ਰਿਤ ਆਤਮਾਵਾਂ’ ਦੀ ਪਹਿਲੀ ਸੈਂਚੀ ਰਚੀ ਹੈ ਆਪਣੇ ਜੀਵਨ ਵਿੱਚ ਆਖਰੀ ਦਿਨਾਂ ਤੱਕ ਇੱਕ ਕਲਾਕਾਰ ਵਜੋਂ ਆਪਣੇ ਲਈ ਪੂਰੀ ਤਰ੍ਹਾਂ ਨਾਲ਼ ਇਮਾਨਦਾਰ ਰਿਹਾ, ਇਸ ਵਿੱਚ ਇਸ ਤੱਥ ਨਾਲ਼ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਚਿੰਤਕ ਵਜੋਂ ਉਹ ਗਲਤੀਆਂ ਕਰਨ ਦੇ ਆਦੀ ਸਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੀ ਆਤਮਾ ਦੀ ਮਹਾਨ ਸੁੱਚਤਾ ਅਤੇ ਸੱਚਾਈ ਅਤੇ ਚੰਗਿਆਈ ਲਈ ਉਨ੍ਹਾਂ ਦੇ ਡੂੰਘੇ ਲਗਾਓ ਦੀ ਲਾਟ ਉਨ੍ਹਾਂ ਦੇ ਦਿਲ ਵਿੱਚ ਸਦਾ ਬਲ਼ਦੀ ਰਹੀ ਸੀ ਅਤੇ ਇਹ ਵੀ ਸਿੱਧ ਹੁੰਦਾ ਹੈ ਕਿ ਆਪਣੇ ਜੀਵਨ ਦੇ ਅੰਤਮ ਪਲ ਤੱਕ ਉਨ੍ਹਾਂ ਨੂੰ ਹਰ ਉਸ ਚੀਜ਼ ਤੋਂ ਸਖ਼ਤ ਨਫ਼ਰਤ ਰਹੀ ਸੀ ਜੋ ਤੁੱਛ ਅਤੇ ਘਟੀਆ ਸੀ।

ਇਹ ਸੀ ਉਹ ਢੰਗ ਜਿਸ ਨੂੰ ਗੋਗੋਲ ਦੇ ਮੁਲਾਂਕਣ ਲਈ ਉਨ੍ਹਾਂ ਮਹਾਨ ਇਨਕਲਾਬੀ ਜਮਹੂਰੀਆਂ ਨੇ ਅਪਨਾਇਆ ਸੀ ਜਿਨ੍ਹਾਂ ਵਿੱਚ ਗ਼ੈਰ ਸਧਾਰਨ ਬੁੱਧੀ ਅਤੇ ਵਿਸ਼ਾਲ ਦਿਲ ਸੀ ਅਤੇ ਜਿਨ੍ਹਾਂ ਨੂੰ ਸਾਹਿਤ ਦੇ ਸਾਰਤੱਤ ਅਤੇ ਕਲਾਤਮਕ ਯਥਾਰਥਵਾਦ ਦੀ ਇਤਿਹਾਸਕ ਭੂਮਿਕਾ ਦਾ ਚੰਗਾ ਭਲਾ ਗਿਆਨ ਸੀ ਅਤੇ ਜੋ ਆਪਣੇ ਦੌਰ ਦੇ ਜਮਾਤੀ ਘੋਲ਼ ਦੀ ਚੰਗੀ ਸਮਝ ਰੱਖਦੇ ਸਨ।

ਇਨ੍ਹਾਂ ਜਮਹੂਰੀਆਂ ਦੇ ਉਲ਼ਟ, ਲੇਵਿਨ ਗੋਗੋਲ ਦੀਆਂ ਰਚਨਾਵਾਂ ‘ਚੋਂ ਅਜਿਹੇ ਅੰਸ਼ ਚੁਣ ਚੁਣ ਕੇ ਇਕੱਠਾ ਕਰਨ ਵਿੱਚ ਜਾਨ ਖਪਾਉਂਦੇ ਹਨ, ਜੋ ਉਨ੍ਹਾਂ ਦੀਆਂ ਹੱਦਾਂ ਨੂੰ ਜਾਹਰ ਕਰਦੇ ਹਨ। ਲੇਵਿਨ ਇਸ ਤੱਥ ਨੂੰ ਲੋੜ ਤੋਂ ਜ਼ਿਆਦਾ ਮਹੱਤਵ ਦਿੰਦੇ ਹਨ ਕਿ ਗੋਗੋਲ ਨੇ ‘ਚਾਚਾ ਮਿਤਿਆ ਅਤੇ ਚਾਚਾ ਮਿਨਾਏ’ ਵਜੋਂ ਰੂਸੀ ਕਿਸਾਨ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਕੌਸਤਾਨਝੋਗਲੋ ਜਿਹੇ ਪਾਤਰ ‘ਤੇ ਜਿਸ ਨੂੰ ਚੇਰਨੀਸ਼ਵਸਕੀ ਨੇ ਕੁਝ ਵੀ ਸਿੱਧ ਕਰ ਸਕਣ ਵਿੱਚ ਅਸਮਰੱਥ ਪਾਤਰ ਦੱਸਿਆ ਸੀ ਲੋੜ ਤੋਂ ਜ਼ਿਆਦਾ ਜ਼ੋਰ ਦੇ ਕੇ ਗੋਗੋਲ ਅਤੇ ਬੇਲਿੰਸਕੀ ਨੂੰ ਦੋ ਵਿਰੋਧੀ ਖੇਮਿਆਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ।

ਲੇਵਿਨ ਇਵਾਨੋਵ, ਲਿਫਿਸ਼ਿਤਜ਼ ਅਤੇ ਉਨ੍ਹਾਂ ਦੇ ‘ਸਹਿਯੋਗੀ ਸਾਥੀਆਂ’ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਬੇਲਿੰਸਕੀ ਦਾ ਆਸਰਾ ਬੇਅਰਥ ਹੀ ਲੈਂਦੇ ਹਨ। ਤੱਥ ਲੇਵਿਨ ਦਾ ਸਾਥ ਨਹੀਂ ਦਿੰਦੇ। ਲੇਵਿਨ ਨੇ ਆਪਣੇ ਵਿਰੋਧੀਆਂ ਦੀ ਪੁਜੀਸ਼ਨ ਨੂੰ ਮਹਾਨ ਰਚਨਾਕਾਰਾਂ ਦੇ ਠੋਸ ਮੁਲਾਂਕਣ ਦੁਆਰਾ ਕਮਜ਼ੋਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ, ਕਿਸੇ ਵੀ ਸਮੀਖਿਆਕਾਰੀ ਵਿਸ਼ਲੇਸ਼ਣ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਦਿਖਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ ਜਦ ਕਿ ਲੇਵਿਨ ਖੁਦ ਸਿੱਧ ਕਰ ਦਿੰਦੇ ਹਨ ਜਦ ਉਹ ਗੋਗੋਲ ਦੀ ਕਲਾ ਦੇ ਸਾਰਤੱਤ ਨਾਲ਼ ਸਬੰਧਤ ਆਪਣੇ ਵਿਚਾਰਾਂ ਨੂੰ ਪੇਸ਼ ਕਰਨਾ ਸ਼ੁਰੂ ਕਰ ਦੇ ਹਨ। ਉਹ ਕਹਿੰਦੇ ਹਨ :

ਇਵਾਨੋਵ ਇਹ ਨਹੀਂ ਸਮਝਦੇ ਕਿ ਗੋਗੋਲ ਦੇ ਦੁਖਾਂਤ ਦੇ ਪ੍ਰਮੁੱਖ ਕਾਰਨਾਂ ‘ਚੋਂ ਇੱਕ ਕਾਰਨ ਇਹ ਰਿਹਾ ਸੀ ਕਿ ਕੁਲੀਨ ਜਮਾਤ ਦੇ ਰੂਸੀ ਅਫ਼ਸਰਸ਼ਾਹੀ ਜ਼ਿਮੀਂਦਾਰਾਂ ਦੀ ਜੋ ਅਲੋਚਨਾ ਉਨ੍ਹਾਂ ਨੇ ਕੀਤੀ ਸੀ ਜਿਸ ਨੂੰ ਤਬਾਹਕੁੰਨ ਜਾਂ ਇਨਕਲਾਬੀ ਬਨਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਵੀ ਨਹੀਂ ਸੀ ਉਹ ਅਲੋਚਨਾ ਇਨਕਲਾਬੀ ਮਹੱਤਵ ਦੀ ਹੋ ਗਈ ਅਤੇ ਇਤਿਹਾਸ ਦੀ ਜੀਵੰਤ ਦਵੰਦਾਤਮਕਤਾ ਅਤੇ ਜਮਾਤੀ ਤਾਕਤਾਂ ਦੇ ਅਸਲੀ ਰਿਸ਼ਤੇ ਕਾਰਨ ਮੁਕਤੀ ਲਹਿਰ ਦਾ ਕੇਂਦਰੀ ਨੁਕਤਾ ਬਣ ਗਈ।

ਲੇਵਿਨ ਦੇ ਹੀ ਸ਼ਬਦਾਂ ਦੀ ਵਰਤੋਂ ਕਰੀਏ ਤਾਂ ਇਹ ਸੱਚਮੁੱਚ ‘ਰਹੱਸ ਖੋਲਣਾ’ ਹੈ। ਉਨ੍ਹਾਂ ਦੇ ਹਿਸਾਬ ਨਾਲ਼ ਗੋਗੋਲ ਦਾ ਦੁਖਾਂਤ ਇਹ ਨਹੀਂ ਸੀ ਕਿ ਉਹ ਜ਼ਾਰਸ਼ਾਹੀ ਰੂਸ ਦੀਆਂ ਕਾਲ਼ੀਆਂ ਤਾਕਤਾਂ ਦੀ ਜਕੜ ਤੋਂ ਮੁਕਤ ਹੋਣ ਵਿੱਚ ਸਮਰੱਥ ਨਹੀਂ ਸਨ ਅਤੇ ਉਸ ਪਿਛਾਖੜਵਾਦ ਨੇ ਉਨ੍ਹਾਂ ਨੂੰ ਅੰਦਰੋਂ ਤੋੜ ਦਿੱਤਾ ਸੀ। ਲੇਵਿਨ ਅਨੁਸਾਰ, ਗੋਗੋਲ ਨੂੰ ਆਪਣੇ ਦੌਰ ਦੇ ਸਮਾਜ  ਬਾਰੇ ਅਪਣਾਏ ਗਏ ਖੁਦ ਦੇ ਉਸ ਨਜ਼ਰੀਏ ਨਾਲ਼ ਤਾਲਮੇਲ ਜੋ ਕਿ ਯਥਾਰਥਵਾਦੀ ਕਲਾਕਾਰ ਦਾ ਨਜ਼ਰੀਆ ਸੀ ਆਪਣੇ ਭਰੋਸੇਯੋਗ ਪਿਛਾਖੜੀ ਦੋਸਤਾਂ ਦੇ ਨਜ਼ਰੀਏ ਨਾਲ਼ ਸੰਭਵ ਨਾ ਹੋਣ ਨਾਲ਼ ਕੋਈ ਮਾਨਸਿਕ ਵੇਦਨਾ ਨਹੀਂ ਹੁੰਦੀ ਸੀ।

ਲੇਵਿਨ ਸਾਨੂੰ ਇਸ ਗੱਲ ਨਾਲ਼ ਯਕੀਨ ਦੁਆਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਜਿਹੀ ਗੱਲ ਨਹੀਂ ਸੀ; ਗੋਗੋਲ ਦੇ ਦੁਖਾਂਤ ਨੂੰ ਸਮਝਣਾ ਔਖਾ ਨਹੀਂ। ਗੋਗੋਲ ਜ਼ਾਰਸ਼ਾਹੀ ਢਾਂਚੇ ਦਾ ਖਾਤਮਾ ਨਹੀਂ ਕਰਨਾ ਚਾਹੁੰਦੇ ਸਨ। ਉਹ ਤਾਂ ਸਿਰਫ਼ ਓਸੇ ਵਿੱਚ ਕੁਝ ਸੁਧਾਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਦੀਆਂ ਵਿਅੰਗ ਰਚਨਾਵਾਂ ਇਸ ਮਕਸਦ ਨੂੰ ਪੂਰਾ ਕਰ ਦੇਣਗੀਆਂ ਪਰ ਉਹ ਛਲ਼ਾਵਾ ਹੀ ਸਾਬਤ ਹੋਈਆਂ। ‘ਜੀਵੰਤ ਦਵੰਦਾਤਮਕਤਾ’ ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਜਿੱਥੇ ਜਮਹੂਰੀਅਤ ਦੇ ਸਰਵੋਤਮ ਨੁਮਾਇੰਦਿਆਂ ਨੇ ਜਿਨ੍ਹਾਂ ਵਿੱਚ ਬੇਲਿੰਸਕੀ ਮੋਹਰੀ ਸਨ ਗੋਗੋਲ ਨੂੰ ਦਰਮਿਆਨੇ ਜਮੀਨ ਮਾਲਕਾਂ ਦੇ ਨੁਮਾਇੰਦਾ ਮੰਨਣ ਦੀ ਥਾਂ ਇੱਕ ਜਮਹੂਰੀ ਰਚਨਾਕਾਰ ਐਲਾਨਿਆ। ਉਨ੍ਹਾਂ ਨੇ ਉਨ੍ਹਾਂ ਦੀਆਂ ਰਚਨਾਵਾਂ ਦੀ ਪੂਰੇ ਜ਼ੋਸ਼ ਨਾਲ਼ ਤਾਰੀਫ਼ ਕੀਤੀ। ਗੋਗੋਲ ਨੇ ਖੁਦ ਹੀ ਆਪਣੇ ਜਮਾਤੀ ਦੁਸ਼ਮਣਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਕੀ ਇਹ ਹਾਲਤ ਸੱਚ ਮੁੱਚ ਹੀ ਦੁਖਾਂਤਕ ਨਹੀਂ ਸੀ?

ਨਤੀਜਾ ਇਹ ਹੁੰਦਾ ਹੈ ਕਿ ‘ਜੀਵੰਤ ਦਵੰਦਾਤਮਕਤਾ’ ਗੋਗੋਲ ਨੂੰ ਤਾਂ ਬੇਵਕੂਫ ਬਣਾ ਹੀ ਗਈ, ਇਨਕਲਾਬੀ ਜਮਹੂਰੀ ਵੀ ਛਲ਼ਾਵੇ ਦੇ ਸ਼ਿਕਾਰ ਹੋ ਗਏ; ਭਾਵੇਂ ਉਨ੍ਹਾਂ ਨੂੰ ਇਸ ਛਲ਼ਾਵੇ ਦਾ ਫਾਇਦਾ ਹੀ ਹੋਇਆ। ਉਨ੍ਹਾਂ ਨੇ ਜਗੀਰੂ ਗੋਗੋਲ ਨੂੰ ਆਪਣੇ ਸਹਿਯੋਗੀ ਵਜੋਂ ਪ੍ਰਵਾਨ ਕਰ ਲਿਆ। ਫਿਰ ਸ਼ਾਇਦ ਏਨਾ ਹੀ ਕਾਫ਼ੀ ਨਹੀਂ ਸੀ, ਸੋ ਉਨ੍ਹਾਂ ਨੇ ਉਨ੍ਹਾਂ ਨੂੰ ਨਵੇਂ ਸਾਹਿਤ ਦਾ ਬਾਨੀ ਵੀ ਮੰਨਿਆ ਜੋ ਉਨ੍ਹਾਂ ਦੀਆਂ ਸਮਾਜਕ ਪ੍ਰਵਿਰਤੀਆਂ ਵਿੱਚ ਸੁਮੇਲ਼ ਪੈਦਾ ਕਰਦਾ ਸੀ। ਉਨ੍ਹਾਂ ਨੇ ਸੋਚਿਆ ਕਿ ਅਜਿਹਾ ਸਾਹਿਤ ਜੋ  ‘ਮੁਝੀਕਾਂ’ (ਕਿਸਾਨਾਂ) ਨੂੰ, ਗੱਡੀ ਹੱਕਣ ਵਾਲ਼ਿਆਂ ਨੂੰ, ਚੌਂਕੀਦਾਰਾਂ ਨੂੰ, ਮਿਸਤਰੀਆਂ ਨੂੰ ਅਤੇ ਭੁੱਖਿਆਂ ਅਤੇ ਕੰਗਾਲਾਂ ਦੇ ਸਮੂਹਾਂ ਨੂੰ ਸੱਚੇ ਢੰਗ ਨਾਲ਼ ਚਿੱਤਰਤ ਕਰਦਾ ਹੈ, ਗੋਗੋਲ ਜਿਹੇ ਸਾਹਿਤ ਦਾ ਹਿੱਸਾ ਹੋਵੇਗਾ।

ਲੈਨਿਨ ਨੇ ਆਪਣੇ ਇੱਕ ਲੇਖ (ਜਮਹੂਰੀਅਤ ‘ਤੇ ਇੱਕ ਹੋਰ ਹਮਲਾ) ਵਿੱਚ, ਜਿਸ ਵਿੱਚ 1905 ਵਿੱਚ ਲੋਕਾਂ ਦੀਆਂ ਸਮਾਜਕ ਸਰਗਰਮੀਆਂ ਵਿੱਚ ਆਈ ਤੇਜ਼ੀ ਦਾ ਵਰਨਣ ਕੀਤਾ ਸੀ, ਇਹ ਕਿਹਾ ਸੀ ‘ਬਹੁਤ ਸਮਾਂ ਪਹਿਲਾਂ ਸਾਡੇ ਨੇਤ੍ਰਾਸੋਵ ਨੇ ਇੰਝ ਰੁਦਨ ਕੀਤਾ ਸੀ :

ਓਹ, ਉਹ ਯੁੱਗ ਜਲਦੀ ਆਏ
ਜਦ ਕਿਸਾਨ ਫਰਕ ਨਾ ਕਰ ਸਕੇ
ਕਿਤਾਬ ਅਤੇ ਕਿਤਾਬ ਦੇ ਵਿੱਚ
ਚਿੱਤਰ ਅਤੇ ਚਿੱਤਰ ਦੇ ਵਿੱਚ
ਬਜ਼ਾਰ ਤੋਂ ਉਹ ਲਿਆਵੇ
ਨ ਵਲੂਚਰ ਦੀ ਤਸਵੀਰ
ਮੂਰਖ ‘ਮਿਲਾਰਡ’ ਨਾ ਲੈ ਕੇ
ਬੇਲਿੰਸਕੀ ਅਤੇ ਗੋਗੋਲ ਲਿਆਏ!

ਉਹ ਯੁੱਗ ਜਿਸ ਦੀ ਉਡੀਕ ਪੁਰਾਣੇ ਰੂਸੀ ਜਮਹੂਰੀਆਂ ‘ਚੋਂ ਇੱਕ ਨੂੰ ਸੀ ਹੁਣ ਆ ਪਹੁੰਚਿਆ ਹੈ। ਵਪਾਰੀ ਲੋਕਾਂ ਨੇ ਜਵੀ ਦਾ ਵਪਾਰ ਛੱਡ ਕੇ ਸਸਤੇ ਜਮਹੂਰੀ ਪੈਂਫਲੇਟ ਵੇਚਣ ਦਾ ਵਧਣ ਫੁੱਲਣ ਵਾਲ਼ਾ ਧੰਦਾ ਸ਼ੁਰੂ ਕਰ ਦਿੱਤਾ ਹੈ। ਜਮਹੂਰੀ ਕਿਤਾਬੜੀਆਂ ਬਜ਼ਾਰ ਦੀ ਜਿਣਸ ਬਣ ਗਈਆਂ ਹਨ। ਬੇਲਿੰਸਕੀ ਅਤੇ ਗੋਗੋਲ ਦੇ ਵਿਚਾਰ ਜਿਨ੍ਹਾਂ ਨੇ ਇਨ੍ਹਾਂ ਲੇਖਕਾਂ ਨੂੰ ਨੇਤ੍ਰਾਸੋਵ ਅਤੇ ਰੂਸ ਦੇ ਹਰ ਸੱਭਿਆਚਾਰੀ ਆਦਮੀ ਦਾ ਪਿਆਰਾ ਬਣਾਇਆ ਹੈ ਨਵੇਂ ਬਜ਼ਾਰੂ ਸਾਹਿਤ ਨਾਲ਼ ਓਤ ਪੋਤ ਹੈ।

ਲੈਨਿਨ ਨੇ ਕਿਹਾ ਹੈ ਕਿ ਗੋਗੋਲ ਦੇ ਵਿਚਾਰ ਹਰ ਸੱਭਿਆਚਾਰਕ ਆਦਮੀ ਨੂੰ ਪਿਆਰੇ ਲਗਦੇ ਹਨ … ਇਹ ਵਿਚਾਰ ਕਿਹੜੇ ਸਨ? ਕੀ ਉਹ ਇਹ ਵਿਚਾਰ ਸਨ ਕਿ ਰੂਸ ਦੀ ਕਿਸਾਨ ਜਮਾਤ ਜਿਸ ਦੀ ਨੁਮਾਇੰਦਗੀ ਮਿਤਿਆ ਅਤੇ ਮਿਨਾਏ ਜਿਹੇ ਪਾਤਰ ਕਰ ਰਹੇ ਸਨ ਸਿਰਫ਼ ਭੂਦਾਸ ਪ੍ਰਥਾ ਦੇ ਹੇਠ, ਪਿੱਤਰਸੱਤਾਵਾਦੀ ਜ਼ਮੀਨ ਮਾਲਕੀ ਹੇਠ ਹੀ ਅਮੀਰ ਬਣ ਸਕਦਾ ਸੀ? ਜਾਹਿਰ ਹੈ, ਲੈਨਿਨ ਨੇ ਗੋਗੋਲ ਵਿੱਚ ਕੁਝ ਹੋਰ ਵੀ ਮੁੱਲਵਾਨ ਤੱਤ ਦੇਖਿਆ ਹੋਵੇਗਾ। ਉਹ ਲੇਵਿਨ ਦੀ ‘ਜੀਵੰਤ ਦਵੰਦਾਤਮਕਤਾ’ ਦੇ ਧੋਖੇ ਵਿੱਚ ਵੀ ਨਹੀਂ ਆ ਸਕਦੇ ਸਨ।
ਗੋਗਲ ਦੀ ਕਲਾ ਦਾ ਬਾਹਰਮੁਖੀ ਸਾਰਤੱਤ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਲੇਵਿਨ ਦੁਆਰਾ ਕੀਤੇ ਗਏ ਸਧਾਰਨੀਕਰਨਾਂ ਵਿੱਚ ਪੂਰੀ ਤਰ੍ਹਾਂ ਲੁਪਤ ਹੁੰਦਾ ਹੋਇਆ ਲਗਦਾ ਹੈ। ਅਜਿਹਾ ਲਗਦਾ ਹੈ ਕਿ ਇਹ ਸਾਰਤੱਤ ਗੋਗੋਲ ਲਈ ਕੁਝ ਹੋਰ ਸੀ ਅਤੇ ਇਨਕਲਾਬੀ ਜਮਹੂਰੀਆਂ ਲਈ ਕੁਝ ਹੋਰ। ਇਸ ਤਰ੍ਹਾਂ ਦੀ ਸਮਝ ਵਿੱਚ ਅਤੇ ਤ੍ਰੈਂਪਚੈਂਕੋ ਨ ਨੂਸੀਨੋਵ ਦੀ ‘ਵਡੇਰੀ ਗਿਆਨਵੱਤਾ’ ਅਤੇ ਸਿਧਾਂਤ ਵਿੱਚ ਫਰਕ ਕੀ ਹੈ ਜਿਸ ਅਨੁਸਾਰ ਉਨ੍ਹਾਂ ਰਚਨਾਵਾਂ ਦੀ ਉਤਪਤੀ ਜਗੀਰੂ ਸੀ, ਪਰ ਕਾਰਜ ਇਨਕਲਾਬੀ ਸੀ ਅਤੇ ਜਿਸ ਵਿੱਚ ਉਸ ਮਹਾਨ ਰਚਨਾਕਾਰ ਦੀਆਂ ਵਿਸ਼ੇਸ਼ਤਾਵਾਂ ਨੂੰ, ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ, ਅਪੂਰਨਤਾਵਾਂ ਨੂੰ ਅਤੇ ਉਨ੍ਹਾਂ ਦੀ ਰਚਨਾ ਸ਼ਕਤੀ ਨੂੰ ਸੀਮਤ ਕਰਨ ਵਾਲ਼ੇ ਅਤੇ ਉਨ੍ਹਾਂ ਦੀ ਸਮਾਜਕ ਅਗਾਂਹਵਧੂ ਨੂੰ ਰੋਕਣ ਵਾਲ਼ੇ ਤੱਤਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ?

ਲੇਵਿਨ ਘੁੰਮ ਫਿਰ ਕੇ ਉਸੇ ਨੁਕਤੇ ਤੇ ਪਹੁੰਚ ਗਏ ਜਿਸ ਤੋਂ ਬਚਣ ਦੀ ਸਭ ਤੋਂ ਜ਼ਿਆਦਾ ਕੋਸ਼ਿਸ਼ ਵਿੱਚ ਸਨ। ਇਹ ਨੁਕਤਾ ਵੀ ਭ੍ਰਿਸ਼ਟ ਸਮਾਜ ਸ਼ਾਸਤਰ ਦਾ ਨੁਕਤਾ ਸੀ। ਇਹ ਸਭ ਅਚਾਨਕ ਉੱਕਾ ਹੀ ਨਹੀਂ ਹੈ, ਇਹ ਕਾਫ਼ੀ ਸਿੱਖਿਆਦਾਇਕ ਘਟਨਾ ਹੈ। ਉਨ੍ਹਾਂ ਅਲੋਚਕਾਂ ਤੋਂ ਜਿਨ੍ਹਾਂ ਨੂੰ ਲੇਵਿਨ ਨੇ ਕਰਾਰੇ ਹੱਥੀਂ ਲਿਆ ਹੈ ਉਨ੍ਹਾਂ ਨੂੰ ਇਹ ਵਿਚਾਰ ਹਾਸਲ ਹੋਇਆ ਹੈ ਕਿ ਇਨਕਲਾਬੀ ਮਾਰਕਸਵਾਦ ਦਾ ਭ੍ਰਿਸ਼ਟ ਸਮਾਜ ਸ਼ਾਸਤਰ ਨਾਲ਼ ਕੋਈ ਤਾਲਮੇਲ ਨਹੀਂ ਬੈਠ ਸਕਦਾ। ਹਾਲੇ ਤੱਕ ਉਨ੍ਹਾਂ ਨੇ ਮਾਰਕਸਵਾਦ ਵਿਰੋਧੀ ‘ਪ੍ਰਵਿਰਤੀਆਂ’ ਦੇ ਮੋਟੋ ਮੋਟੇ ਰੂਪਾਂ ਨੂੰ ਤਾੜਨਾ ਹੀ ਸਿੱਖਿਆ ਹੈ, ਜਦ ਕਿ ਉਨ੍ਹਾਂ ਦੇ ਗੁੰਝਲ਼ਦਾਰ ਅਤੇ ਘੱਟ ਜਾਹਰ ਹੋਣ ਵਾਲ਼ੇ ਸਰੂਪ ਬਹੁਤ ਸਾਰੇ ਹੀ ਹੋਂਦ ਵਿੱਚ ਹਨ ਅਤੇ ਬਹੁਤ ਘੱਟ ਪਕੜ ਵਿੱਚ ਆਉਂਦੇ ਹਨ ਜਿਹਾ ਕਿ ਲੇਵਿਨ ਦੀ ਆਪਣੀ ਉਦਾਹਰਣ ਦੁਆਰਾ ਹੀ ਨਜ਼ਰ ਆ ਰਿਹਾ ਹੈ।

***      
1. ਲੈਨਿਨ : ਜਮਹੂਰੀਅਤ ਵਿਰੁੱਧ ਇੱਕ ਹੋਰ ਹੱਲਾ”, ਸਮੁੱਚੀਆਂ ਰਚਨਾਵਾਂ, ਸੈਂਚੀ 16, ਪੰਨਾ 132-33, ਰੂਸੀ ਐਡੀਸ਼ਨ – ਸੰਪਾਦਕ
2. ਨਿਕੋਲਸ ਨੇਕਰਾਸੋਵ : ਰੂਸ ਵਿੱਚ ਕੌਣ ਖੁਸ਼ ਅਤੇ ਮੁਕਤ ਰਹਿ ਸਕਦਾ ਹੈ, ਜੂਲੀਅਟ ਐੱਮ. ਸੌਸਕਾਈਸ ਦੁਆਰਾ ਅਨੁਵਾਦਤ, ਪੰਨਾ 43, ਆਕਸਫੋਰਡ, ਯੂਨੀਵਰਸਿਟੀ ਪ੍ਰੈਸ : 1917 – ਸੰਪਾਦਕ

– ਅਨੁਵਾਦ : ਕੁਲਵਿੰਦਰ

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

 

ਇਸ਼ਤਿਹਾਰ