‘ਹਿੰਦੋਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸੀਏਸ਼ਨ’ ਦੇ ਇਨਕਲਾਬੀਆਂ ਨੂੰ ਯਾਦ ਕਰਦਿਆਂ

h s r a

(ਪੀ.ਡੀ.ਐਫ਼ ਡਾਊਨਲੋਡ ਕਰੋ)

ਇਸ 23 ਮਾਰਚ (2006) ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦੇ 75 ਵਰ੍ਹੇ ਪੂਰੇ ਹੋ ਗਏ। ਪਿਛਲਾ ਸਾਲ (2005) ਭਾਰਤ ਦੀ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ, ਗਣੇਸ਼ ਸ਼ੰਕਰ ਵਿਦਿਆਰਥੀ, ਜਤਿੰਦਰ ਨਾਥ ਦਾਸ ਅਤੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਦਾ 75 ਵਾਂ ਸਾਲ ਸੀ। ਇਸ 27 ਫਰਵਰੀ (2006) ਨੂੰ ਚੰਦਰ ਸ਼ੇਖਰ ਅਜ਼ਾਦ ਦਾ 100 ਵਾਂ ਜਨਮ ਦਿਨ ਸੀ²। 28 ਸਤੰਬਰ 2006 ਤੋਂ ਭਗਤ ਸਿੰਘ ਦੇ ਜਨਮ ਦਿਨ ਦੇ 100 ਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। 

ਭਗਤ ਸਿੰਘ ਅੱਜ ਪੰਜਾਬ ‘ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ਵਿੱਚ ਹੀ ਭਾਰਤੀ ਲੋਕਾਂ ਦੇ ਸਭ ਤੋਂ ਵੱਧ ਪ੍ਰਵਾਨਤ ਅਤੇ ਹਰਮਨ ਪਿਆਰੇ ਨਾਇਕ ਹਨ। ਇਹੋ ਵਜ੍ਹਾ ਹੈ ਕਿ ਸਾਡੇ ਦੇਸ਼ ਦੇ ਲੁਟੇਰੇ ਸਰਮਾਏਦਾਰ ਹਾਕਮਾਂ ਨੇ ਲੋਕਾਂ ਤੋਂ ਉਹਨਾਂ ਦੇ ਹਰਮਨ ਪਿਆਰੇ ਨਾਇਕ, ਭਗਤ ਸਿੰਘ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਵਿੱਚ ਕਦੇ ਕਮੀ ਨਹੀਂ ਆਉਣ ਦਿੱਤੀ। ਉਹ ਫਿਲਮਾਂ ਰਾਹੀਂ,  ਕਿਤਾਬਾਂ ਰਾਹੀਂ, ਪੋਸਟਰਾਂ ਰਾਹੀਂ ਭਗਤ ਸਿੰਘ ਦੀ ਇੱਕ ਇਨਕਲਾਬੀ ਦਹਿਸ਼ਤਪਸੰਦ ਵਾਲੀ ਦਿੱਖ ਨੂੰ ਜ਼ੋਰਦਾਰ ਢੰਗ ਨਾਲ ਉਭਾਰ ਰਹੇ ਹਨ ਅਤੇ ਉਸ ਦੇ ਵਿਚਾਰਾਂ ‘ਤੇ ਘੱਟਾ ਪਾਉਣ ਦੇ ਕੁਕਰਮਾਂ ‘ਚ ਰੁੱਝੇ ਹੋਏ ਹਨ। ਅਖੌਤੀ ‘ਦਹਿਸ਼ਤਗਰਦੀ ਵਿਰੋਧੀ ਫਰੰਟ’ ਦੇ ਮਨਿੰਦਰਜੀਤ ਸਿੰਘ ਬਿੱਟਾ ਵੱਲੋਂ ਪੰਜਾਬ ਵਿੱਚ ਥਾਂ-ਥਾਂ ‘ਤੇ ਲਗਾਏ ਵੱਡੇ-ਵੱਡੇ ਪੋਸਟਰਾਂ ਵਿੱਚ ਭਗਤ ਸਿੰਘ ਦੀ ਇਸੇ ਦਿੱਖ ਨੂੰ ਉਭਾਰਿਆ ਗਿਆ ਹੈ। ‘ਰੰਗ ਦੇ ਬਸੰਤੀ’ ਅਤੇ ਭਗਤ ਸਿੰਘ ਦੇ ਜੀਵਨ ‘ਤੇ ਬਣੀਆਂ ਹੋਰ ਫਿਲਮਾਂ ਵਿੱਚ ਵੀ ਹਿੰਸਾ ਅਤੇ ਮਾਰ-ਧਾੜ ਨੂੰ ਹੀ ਉਭਾਰਿਆ ਗਿਆ ਹੈ ਅਤੇ ਉਹਨਾਂ ਦੇ ਵਿਚਾਰਾਂ ਨੂੰ ਛੋਹਿਆ ਤੱਕ ਨਹੀਂ ਗਿਆ। ਬੱਸਾਂ, ਕਾਰਾਂ, ਸਕੂਟਰਾਂ ਆਦਿ ‘ਤੇ ਲੱਗੇ ਸਟਿੱਕਰਾਂ ਨਾਲ ਲਿਖੀਆਂ ਪੰਜਾਬੀ ਦੇ ਘਟੀਆ ਗੀਤਾਂ ਦੀਆਂ ਟੂਕਾਂ ਵੀ ਉਸੇ ਸਾਜ਼ਿਸ਼ ਦਾ ਅੰਗ ਹਨ, ਜੋ ਲੋਕਾਂ ਵਿੱਚ ਭਗਤ ਸਿੰਘ ਦੀ ਦਿੱਖ ਨੂੰ ਤੋੜ ਮਰੋੜ ਕੇ ਲਿਜਾਣਾ ਚਾਹੁੰਦੀ ਹੈ। 

ਹੋਰਨਾ ਸੰਕਟਾਂ / ਸਮੱਸਿਆਵਾਂ ਦੇ ਨਾਲ-ਨਾਲ ਹੀ ਭਾਰਤ ਦੇ ਹਾਕਮ ਨਾਇਕਹੀਣਤਾ ਦਾ ਸੰਕਟ ਵੀ ਝੱਲ ਰਹੇ ਹਨ। ਉਹਨਾਂ ਕੋਲ ਆਪਣਾ ਅਜੇਹਾ ਕੋਈ ਨਾਇਕ ਨਹੀਂ ਹੈ, ਜਿਸ ਨੂੰ ਉਹ ਲੋਕਾਂ ‘ਚ ਉਭਾਰ ਸਕਣ। ਇਸ ਨਾਇਕਹੀਣਤਾ ਦੇ ਸੰਕਟ ‘ਚੋਂ ਉਹ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੇ ਨਾਇਕਾਂ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਭਗਤ ਸਿੰਘ ਨੂੰ ਗਲਤ ਢੰਗ ਨਾਲ ਹੀ ਸਹੀ, ਇਸ ਤਰ੍ਹ੍ਹਾਂ ਫਿਲਮਾਂ ਆਦਿ ਜ਼ਰੀਏ ਉਭਾਰਨਾ, ਲੁਟੇਰੇ ਹਾਕਮਾਂ ਦੀ ਕਮਜ਼ੋਰੀ, ਬੇਵਸੀ ਦਾ ਹੀ ਪ੍ਰਗਟਾਵਾ ਹੈ। 

ਜਿੱਥੇ ਸਾਡੇ ਦੇਸ਼ ਦੇ ਲੁਟੇਰੇ ਹਾਕਮ ਭਗਤ ਸਿੰਘ ਦੀ ਦਿੱਖ ਦੀ ਗਲਤ ਪੇਸ਼ਕਾਰੀ ਵਿੱਚ ਰੁੱਝੇ ਹੋਏ ਹਨ, ਉੱਥੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਸ਼ਹੀਦਾਂ ਦੇ ਵਾਰਿਸਾਂ ਦੀ, ਅੱਜ ਦੀ ਇਨਕਲਾਬੀ ਲਹਿਰ ਦੀ ਇਹ ਜ਼ਿਮੇਵਾਰੀ ਹੈ ਕਿ ਉਹ ਭਗਤ ਸਿੰਘ ਦੀ ਸਹੀ ਤਸਵੀਰ ਲੋਕਾਂ ਵਿੱਚ ਲੈ ਕੇ ਜਾਵੇ, ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਪੱਖ ਨੂੰ ਲੋਕਾਂ ਵਿੱਚ ਲੈ ਜਾਣ ਦੀਆਂ ਕੋਸ਼ਿਸ਼ਾਂ ਨੂੰ ਜ਼ਰਬਾਂ ਦੇਵੇ।

 *

ਐੱਚ. ਐੱਸ. ਆਰ. ਏ. ਦੇ ਇਨਕਲਾਬੀਆਂ ਦੀ ਏਸ ਪੀੜ੍ਹੀ ਨੇ ਇਨਕਲਾਬੀ ਦਹਿਸ਼ਤ ਪਸੰਦੀ ਦੀਆਂ ਸੀਮਾਵਾਂ ਨੂੰ ਪਹਿਚਾਨਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਆਪਣੇ ਖੁਦ ਦੇ ਤਜ਼ਰਬੇ ਅਤੇ ਹੋਰਾਂ ਦੇਸ਼ਾਂ ਦੇ ਇਨਕਲਾਬੀ ਤਜ਼ਰਬਿਆਂ ਖਾਸ ਕਰਕੇ 1917 ਦੇ ਰੂਸ ਦੇ ਸਮਾਜਵਾਦੀ ਇਨਕਲਾਬ ਨਾਲ ਸਬੰਧਿਤ ਸਾਹਿਤ ਦੇ ਅਧਿਐਨ ਰਾਹੀਂ ਇਹ ਸਪੱਸ਼ਟ ਸਮਝ ਲਿਆ ਸੀ ਕਿ ਮੁੱਠੀ ਭਰ ਸਿਰਲੱਥ ਯੋਧਿਆਂ ਦੀਆਂ ਇੱਕਾ-ਦੁੱਕਾ ਹਥਿਆਰਬੰਦ ਕਾਰਵਾਈਆਂ ਰਾਹੀਂ ਬ੍ਰਿਟਿਸ਼ ਸਾਮਰਾਜ ਤੋਂ ਭਾਰਤ ਦੀ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ, ਇਸ ਲਈ ਵਿਸ਼ਾਲ ਲੁੱਟੀਂਦੀ ਲੋਕਾਈ ਨੂੰ ਜਥੇਬੰਦ ਕਰਕੇ ਲੜਾਈ ਦੇ ਮੈਦਾਨ ਵਿੱਚ ਉਤਾਰਨਾ ਹੋਵੇਗਾ। ਅਪ੍ਰੈਲ 1928 ਵਿੱਚ ਅਮ੍ਰਿਤਸਰ ਵਿਖੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਇਨ੍ਹ੍ਹਾਂ ਇਨਕਲਾਬੀਆਂ ਦੇ ਇਨਕਲਾਬੀ ਜਨਤਕ ਲੀਹ ਵੱਲ ਵਧ ਰਹੇ ਕਦਮਾਂ ਨੂੰ ਹੀ ਦਰਸਾਉਂਦੀ ਹੈ।

ਇਨਕਲਾਬੀਆਂ ਦੀ ਇਸ ਪੀੜ੍ਹੀ ਨੂੰ ਇਨਕਲਾਬੀ ਦਹਿਸ਼ਤ ਪਸੰਦੀ ਤੋਂ ਇਨਕਲਾਬੀ ਜਨਤਕ ਲੀਹ ਵੱਲ ਮੋੜਨ ਅਤੇ ਜ਼ਜ਼ਬਾਤੀ ਕੌਮਵਾਦ ਤੋਂ ਅੱਗੇ ਸਮਾਜਵਾਦ, ਮਾਰਕਸਵਾਦ ਵੱਲ ਲੈ ਜਾਣ ਵਿੱਚ ਸਭ ਤੋਂ ਅਹਿਮ ਭੂਮਿਕਾ ਬਿਨਾਂ ਸ਼ੱਕ ਭਗਤ ਸਿੰਘ ਦੀ ਹੀ ਸੀ। 

ਪਰ ਸਿਧਾਂਤਕ ਤੌਰ ‘ਤੇ ਕਿਸੇ ਗੱਲ ਨੂੰ ਸਮਝ ਲੈਣਾ ਇੱਕ ਗੱੱਲ ਹੈ ਅਤੇ ਉਸਨੂੰ ਅਭਿਆਸ ਵਿੱਚ ਉਤਾਰ ਲੈਣਾ ਹੋਰ ਗੱਲ ਹੈ, ਕਹਿਣ ਦਾ ਭਾਵ ਕਿਸੇ ਚੀਜ਼ ਨੂੰ ਸਿਧਾਂਤ ਦੇ ਪੱਧਰ ‘ਤੇ ਸਮਝਣ ਤੋਂ ਬਾਅਦ ਅਮਲ ਵਿੱਚ ਉਤਾਰਨ ਵਿੱਚ ਕੁੱਲ ਵਕਤ ਦੀ ਦਰਕਾਰ ਹੁੰਦੀ ਹੈ। ਬਿਨਾਂ ਸ਼ੱਕ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਤੱਕ ਇਨ੍ਹਾਂ ਇਨਕਲਾਬੀਆਂ ਨੇ ਇਨਕਲਾਬੀ ਸੰਘਰਸ਼ਾਂ ਲਈ ਲੋਕਾਂ ਨੂੰ ਜਗਾਉਣ, ਲਾਮਬੰਦ ਕਰਨ ਅਤੇ ਜਥੇਬੰਦ ਕਰਨ ਦੇ ਮਹੱਤਵ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ, ਪਰ ਉਹ ਅਜੇ ਪੁਰਾਣੀ ਲੀਹ (ਇਨਕਲਾਬੀ ਦਹਿਸ਼ਤ ਪਸੰਦੀ) ਦੇ ਹੈਂਗਓਵਰ ਤੋਂ ਮੁਕਤ ਨਹੀਂ ਸਨ ਹੋ ਸਕੇ। ਇਸ ਸਮੇਂ ਉਹ ਜਨਤਕ ਲੀਹ ਅਤੇ ਦਹਿਸ਼ਤ ਪਸੰਦੀ ਦੀਆਂ ਦੋਹਾਂ ਕਿਸ਼ਤੀਆਂ ‘ਤੇ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਸੈਂਬਲੀ ਬੰਬ ਕਾਂਡ ਤੋਂ ਬਾਅਦ ਆਪਣੇ ਜੇਲ੍ਹ ਜੀਵਨ ਦੌਰਾਨ ਮਾਰਕਸਵਾਦ ਦੇ ਅਧਿਐਨ ਜ਼ਰੀਏ ਭਗਤ ਸਿੰਘ ਅਤੇ ਉਸਦੇ ਸਾਥੀ ਇਨਕਲਾਬੀ ਦਹਿਸ਼ਤਪਸੰਦੀ ਤੋਂ ਵਧੇਰੇ ਮੁਕਤ ਹੋ ਸਕੇ। ਪਰ ਇਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੇਹੱਦ ਸੰਭਾਵਨਾਵਾਂ ਰੱਖਣ ਵਾਲੀ ਇਨਕਲਾਬੀਆਂ ਦੀ ਇਹ   ਜਥੇਬੰਦੀ ਹਕੂਮਤ ਦੇ ਜ਼ਬਰ ਅੱਗੇ ਟਿਕ ਨਾ ਸਕੀ। ਚੰਦਰ ਸ਼ੇਖਰ ਅਜ਼ਾਦ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਅਤੇ 23 ਮਾਰਚ 1931 ਨੂੰ ਰਾਜਗੁਰੂ , ਸੁਖਦੇਵ ਨਾਲ ਭਗਤ ਸਿੰਘ ਨੂੰ ਵੀ ਅੰਗਰੇਜ਼ ਹਕੂਮਤ ਨੇ ਫਾਂਸੀ ਚਾੜ੍ਹ ਦਿੱਤਾ। ਇਸ ਤਰ੍ਹ੍ਹਾਂ ਭਾਰਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣ ਦੀਆਂ ਇਸ ਪੀੜ੍ਹੀ ਵਿੱਚ ਖਾਸ ਕਰ ਭਗਤ ਸਿੰਘ ਵਿੱਚ ਜੋ ਸੰਭਾਵਨਾਵਾਂ ਸਨ, ਉਹਨਾਂ ਦਾ ਅੰਤ ਹੋ ਗਿਆ। 

ਹਰ ਪੀੜ੍ਹੀ ਇਤਿਹਾਸ ਦੁਆਰਾ ਉਸਨੂੰ ਸਪੁਰਦ ਕੀਤੀਆਂ ਹਾਲਤਾਂ ਵਿੱਚ ਹੀ ਨਵੇਂ ਇਤਿਹਾਸ ਦੀ ਉਸਾਰੀ ਕਰਦੀ ਹੈ। ਮਹਾਨ ਤੋਂ ਮਹਾਨ ਇਨਸਾਨ ਵੀ ਇਤਿਹਾਸ ਦੁਆਰਾ ਤੈਅ ਇਹਨਾਂ ਹਾਲਤਾਂ ਤੋਂ ਮੁਕਤ ਨਹੀਂ ਹੁੰਦੇ। ਇਹੋ ਗੱਲ ਭਗਤ ਸਿੰਘ ਅਤੇ ਉਸਦੇ ਸਾਥੀਆਂ ਲਈ ਵੀ ਸੱਚ ਹੈ। ਭਗਤ ਸਿੰਘ ਅਤੇ ਉਸ ਪੀੜ੍ਹੀ ਦੇ ਹੋਰ ਇਨਕਲਾਬੀਆਂ ਦੀ ਸਿਆਸੀ ਵਿਚਾਰਧਾਰਕ ਕਚਿਆਈ ਦੇ ਕਾਰਨਾਂ ਦੀ ਤਲਾਸ਼ ਉਸ ਵੇਲੇ ਦੀਆਂ ਆਰਥਿਕ-ਸਮਾਜਿਕ ਸਿਆਸੀ ਹਾਲਤਾਂ ਵਿੱਚ ਕਰਨੀ ਚਾਹੀਦੀ ਹੈ। 

*

ਭਗਤ ਸਿੰਘ ਅਤੇ ਐੱਚ.ਐੱਸ.ਆਰ.ਏ. ਦੇ ਇਨਕਲਾਬੀਆਂ ਤੋਂ ਅੱਜ ਅਸੀਂ ਕੀ ਹਾਸਲ ਕਰ ਸਕਦੇ ਹਾਂ? ਇਤਿਹਾਸ ਦੇ ਉਸ ਦੌਰ ਵੱਲ ਪਰਤਣ ਨਾਲ ਅੱਜ ਸਾਨੂੰ ਨਵੇਂ ਇਤਿਹਾਸ ਦੀ ਸਿਰਜਣਾ ਵਿੱਚ ਕੀ ਮਦਦ ਮਿਲ ਸਕਦੀ ਹੈ? ਬਿਨਾਂ ਸ਼ੱਕ ਅੱਜ ਦੇਸ਼ ਅਤੇ ਦੁਨੀਆਂ ਦੇ ਹਾਲਾਤ ਭਗਤ ਸਿੰਘ ਹੋਰਾਂ ਦੇ ਵੇਲਿਆਂ ਤੋਂ ਬਹੁਤ ਜ਼ਿਆਦਾ ਬਦਲ ਚੁੱਕੇ ਹਨ। ਅੱਜ ਇਨਕਲਾਬੀਆਂ ਦੀ ਪੀੜ੍ਹੀ ਕੋਲ ਦੁਨੀਆਂ ਭਰ ਦੀ ਇਨਕਲਾਬੀ ਲਹਿਰ ਦਾ ਅਮੀਰ ਤਜ਼ਰਬਾ ਹੈ ਅਤੇ ਇਸ ਤਜ਼ਰਬੇ ਦੇ ਨਿਚੋੜ ਦੇ ਰੂਪ ਵਿੱਚ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਜਿਹਾ ਵਿਗਿਆਨਕ ਸਿਧਾਂਤ ਵੀ ਹੈ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਲਿਖਤਾਂ ਵਿੱਚ ਭਵਿੱਖ ਦੇ ਸਮਾਜੀ ਆਰਥਿਕ ਢਾਂਚੇ ਦਾ ਨਕਸ਼ਾ ਅਤੇ ਇਸ ਨੂੰ ਹਾਸਲ ਕਰਨ ਦੀ ਸਿਆਸੀ ਲੀਹ ਅਜੇ ਆਪਣੇ ਭਰੂਣ ਰੂਪ ਵਿੱਚ ਹੀ ਹੈ, ਜੋ ਲਗਾਤਾਰ ਵਿਕਸਿਤ ਹੋ ਰਹੀ ਹੈ, ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਜਿਸਦੇ ਅਗਲੇਰੇ ਵਿਕਾਸ ਅੱਗੇ ਫੁੱਲ ਸਟਾਪ ਲਗਾ ਦਿੰਦੀ ਹੈ। ਵਿਚਾਰਕ ਪੱਖ ਤੋਂ ਬੇਸ਼ੱਕ ਅੱਜ ਦੀ ਇਨਕਲਾਬੀ ਲਹਿਰ ਐੱਚ. ਐੱਸ. ਆਰ. ਏ ਪੀੜ੍ਹੀ ਤੋਂ ਬਹੁਤਾ ਕੁੱਝ ਹਾਸਲ ਨਹੀਂ ਕਰ ਸਕਦੀ। ਪਰ ਜੋ ਬਹੁਮੁੱਲੀ ਚੀਜ਼ ਐੱਚ. ਐੱਸ. ਆਰ.ਏ ਦੇ ਇਨਕਲਾਬੀਆਂ ਤੋਂ ਅੱਜ ਦੀ ਇਨਕਲਾਬੀ ਲਹਿਰ ਹਾਸਲ ਕਰ ਸਕਦੀ ਹੈ ਉਹ ਹੈ ਇਨਕਲਾਬੀ ਸਪਿਰਿਟ। ਲੋਕ ਮੁਕਤੀ ਲਈ ਕੁਰਬਾਨੀ ਤਿਆਗ ਅਤੇ ਮਰ ਮਿਟਣ ਦੀ ਭਾਵਨਾ, ਐੱਚ.ਐੱਸ.ਆਰ.ਏ. ਦੇ ਇਨਕਲਾਬੀਆਂ ਦੇ ਜੀਵਨ ‘ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ ਜਿਸ ਦੇ ਦੀਦਾਰ ਸ਼ਿਵ ਵਰਮਾ, ਭਗਵਾਨ ਦਾਸ ਮਹੌਰ ਅਤੇ ਭਗਤ ਸਿੰਘ ਹੋਰਾਂ ਦੇ ਹੋਰ ਸਾਥੀਆਂ ਦੁਆਰਾ ਲਿਖੀਆਂ ਯਾਦਾਂ ਦੇ ਸੰਗ੍ਰਹਿਆਂ ਵਿੱਚ ਕੀਤੇ ਜਾ ਸਕਦੇ ਹਨ। 

ਲੁੱਟ, ਜਬਰ, ਅਨਿਆਂ ਦੀ ਬੁਨਿਆਦ ‘ਤੇ ਟਿਕੇ ਲੋਕ ਦੋਖੀ ਲੁਟੇਰੇ ਸਮਾਜਿਕ ਆਰਥਿਕ ਢਾਂਚੇ ਤੋਂ ਲੋਕ ਮੁਕਤੀ ਵਾਸਤੇ ਕੁਰਬਾਨੀ ਤਿਆਗ ਅਤੇ ਆਪਾ ਵਾਰਨ ਦੀ ਭਾਵਨਾ ਕਿਸੇ ਵੀ ਇਨਕਲਾਬੀ ਦਾ ਇੱਕ ਬੁਨਿਆਦੀ ਗੁਣ ਹੈ। 

ਜਿਸ ਦੁਨੀਆਂ ਨੂੰ ਬਦਲਣਾ ਹੈ ਉਸਦੀ ਵਿਗਿਆਨ ਸੰਗਤ ਸਮਝਦਾਰੀ ਹੋਣਾ, ਦੁਨੀਆਂ ਨੂੰ ਬਦਲਣ ਦੇ ਵਿਗਿਆਨਕ ਸਿਧਾਂਤ ਨਾਲ ਲੈੱਸ ਹੋਣਾ ਵੀ ਜ਼ਰੂਰੀ ਹੈ। ਪਰ ਇਸ ਦੀ ਥਾਂ ਉਪਰੋਕਤ ਗੁਣ ਤੋਂ ਬਾਅਦ ਹੀ ਹੈ। ਇਨਕਲਾਬੀ ਜੋਸ਼ ਅਤੇ ਸਪਿਰਿਟ ਵਿਹੂਣਾ ਸਿਧਾਂਤਕ ਗਿਆਨ ਗਧੇ ਦੀ ਲਿੱਦ ਤੋਂ ਵਧੇਰੇ ਕੁੱਝ ਨਹੀਂ ਹੁੰਦਾ। 

ਇਹੋ ਉਹ ਚੀਜ਼ ਹੈ ਜਿਸਦੀ ਅੱਜ ਦੀ ਇਨਕਲਾਬੀ ਲਹਿਰ ਵਿੱਚ ਬੇਹੱਦ ਘਾਟ ਹੈ। ਅੱਜ ਬਹੁਤ ਸਾਰੇ ਦੁਨੀਆਂਦਾਰ ਲੋਕ ‘ਇਨਕਲਾਬੀ ਜੰਗ’ ਦੇ ਮੈਦਾਨ ਵਿੱਚ ਕੁੱਦੇ ਹੋਏ ਹਨ। ਇਹਨਾਂ ਦੁਨੀਆਂਦਾਰਾਂ ਨੇ ਵੱਖਰੇ-ਵੱਖਰੇ ਨਾਵਾਂ ਹੇਠ ਇਨਕਲਾਬੀ ਪਾਰਟੀਆਂ ਵੀ ਬਣਾ ਰੱਖੀਆਂ ਹਨ। ਇਹਨਾਂ ਦਾ ਖੁਦ ਦਾ ਜੀਵਨ ਉਸ ਸਮਾਜ ਤੋਂ ਜ਼ਰਾ ਵੀ ਵੱਖਰਾ ਨਹੀਂ ਜਿਸ ਨੂੰ ਪਲ਼ਟਾ ਦੇਣ ਦਾ ਉਹ ਦਾਅਵਾ ਕਰਦੇ ਹਨ। ਅਜੇਹੇ ਹੀ ਦੁਨੀਆਦਾਰਾਂ ਬਾਰੇ ਭਗਤ ਸਿੰਘ ਨੇ ਲਿਖਿਆ ਸੀ, ” ਜੇ ਤੁਸੀਂ ਵਪਾਰੀ ਹੋ ਜਾਂ ਸਥਾਪਿਤ ਦੁਨੀਆਂਦਾਰ ਜਾਂ ਪਰਿਵਾਰਿਕ ਆਦਮੀ ਹੋ ਤਾਂ ਜਨਾਬ ਇਸ ਅੱਗ ਨਾਲ ਨਾ ਖੇਡੋ। ਇੱਕ ਨੇਤਾ ਦੇ ਤੌਰ ‘ਤੇ ਤੁਸੀਂ ਪਾਰਟੀ ਦੇ ਕਿਸੇ ਕੰਮ ਦੇ ਨਹੀਂ ਹੋ। ਅੱਗੇ ਹੀ ਸਾਡੇ ਕੋਲ ਅਜਿਹੇ ਬਹੁਤ ਲੀਡਰ ਹਨ ਜੋ ਸ਼ਾਮ ਨੂੰ ਤਕਰੀਰ ਦੇਣ ਲਈ ਕੁੱਝ ਸਮਾਂ ਜ਼ਰੂਰ ਕੱਢ ਲੈਂਦੇ ਹਨ। ਇਹ ਲੀਡਰ ਸਾਡੇ ਕਿਸੇ ਕੰਮ ਦੇ ਨਹੀਂ ਹਨ। ਅਸੀਂ ਤਾਂ ਲੈਨਿਨ ਦੇ ਪਿਆਰੇ ਲਫਜ਼ ‘ ਪੇਸ਼ੇਵਰ ਇਨਕਲਾਬੀ’ ਨੂੰ ਵਰਤਣਾ ਚਾਹਾਂਗੇ। ਕੁੱਲ ਵਰਤੀ ਵਰਕਰ ਜਿੰਨ੍ਹਾਂ ਦੀ ਇਨਕਲਾਬ ਦੇ ਬਿਨਾਂ ਹੋਰ ਜਿੰਦਗੀ ਦੀ ਕੋਈ ਖਾਹਸ਼ ਨਾ ਹੋਵੇ। ਜਿੰਨੇ ਵਧੇਰੇ ਅਜੇਹੇ ਵਰਕਰ ਪਾਰਟੀ ਵਿੱਚ ਜਥੇਬੰਦ ਹੋਣਗੇ, ਉਨੇ ਹੀ ਕਾਮਯਾਬੀ ਦੇ ਵਧੇਰੇ ਮੌਕੇ ਹੋਣਗੇ।” ਪਰ ਸਾਡੇ ਆਸੇ ਪਾਸੇ ਨਜ਼ਰ ਆਉਂਦੀਆਂ ‘ਕਮਿਉਨਿਸ਼ਟ’ ਪਾਰਟੀਆਂ ਅਤੇ ਗਰੁੱੱਪ ਅਜਿਹੇ ਹੀ ਦੁਨੀਆਂਦਾਰ ਲੀਡਰਾਂ ਨਾਲ਼ ਭਰੇ ਪਏ ਹਨ। ਪੇਸ਼ੇਵਰ ਇਨਕਲਾਬੀਆਂ ‘ਤੇ ਅਧਾਰਿਤ ਗੁਪਤ ਢਾਂਚੇ ਵਾਲੀ ਕਮਿਉਸ਼ਿਟ ਪਾਰਟੀ ਦੀ ਧਾਰਨਾ ਨੂੰ ਭੁਲਾ ਦਿੱਤਾ ਗਿਆ ਹੈ। ਜ਼ਮੀਨਾਂ ਹਿੱਸੇ / ਠੇਕੇ ‘ਤੇ ਦੇ ਕੇ ਲਗਾਨ ਹਾਸਲ ਕਰਨ ਵਾਲੇ, ਕੋਈ ਹੋਰ ਧੰਦਾ ਕਰਕੇ ਵਾਫ਼ਰ ਕਦਰ ਹੜੱਪਣ ਵਾਲੇ ਇਹਨਾਂ ‘ਇਨਕਲਾਬੀ’ ਪਾਰਟੀਆਂ/ ਗਰੁੱਪਾਂ ਦੇ ਪੇਸ਼ੇਵਰ ਇਨਕਲਾਬੀ ਹਨ। ਅੱਜ ਇਹ ਅਖੌਤੀ ਕਮਿਊਨਿਸ਼ਟ ਪਾਰਟੀਆਂ/ ਗਰੁੱਪ ਹਰ ਤਰ੍ਹਾਂ ਦੇ ਨਿਘਾਰ ਦੀਆਂ ਨੀਵਾਣਾ ਛੂਹ ਰਹੇ ਹਨ।

*

ਅੱਜ ਦਾ ਸਮਾਂ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੈ । ਅਤੀਤ ਦੀਆਂ ਰਾਜਨੀਤਕ ਸੰਰਚਨਾਵਾਂ ਨੂੰ ਮਿਲਾਕੇ ਅੱਜ ਇਸ ਦੇਸ਼ ਅੰਦਰ ਕਮਿਊਨਿਸਟ ਪਾਰਟੀ ਨਹੀਂ ਉਸਾਰੀ ਜਾ ਸਕਦੀ। ਵਿਦਿਆਰਥੀਆਂ-ਨੋਜਵਾਨਾਂ ਅਤੇ ਮਜ਼ਦੂਰਾਂ ਵਿਚੋਂ ਨਵੀਂ ਭਰਤੀ ਦੇ ਦਮ ‘ਤੇ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਉਸਾਰੀ ਦਾ ਕੰਮ ਨਵੇਂ ਸਿਰਿਓਂ ਕਰਨਾ ਹੋਵੇਗਾ। ਇੱਕ ਅਜੇਹੀ ਪਾਰਟੀ ਜਿਸ ਵਿੱਚ ਐੱਚ.ਐੱਸ.ਆਰ.ਏ. ਦੇ ਇਨਕਲਾਬੀਆਂ ਜੇਹੀ ਕੁਰਬਾਨੀ, ਤਿਆਗ,ਆਪਾ ਵਾਰਨ ਦੀ ਭਾਵਨਾ ਅਤੇ ਅੱਜ ਦੀ ਦੁਨੀਆਂ ਦੀ ਵਿਗਿਆਨ ਸੰਗਤ ਸਮਝਦਾਰੀ, ਅੱਜ ਦੀ ਦੁਨੀਆਂ ਨੂੰ ਬਦਲਣ ਦੇ ਸਭ ਤੋਂ ਵਿਕਸਿਤ ਵਿਗਿਆਨ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦਾ ਫਿਊਜ਼ਨ ਹੋਵੇਗਾ। ਇਨਕਲਾਬੀਆਂ ਦੀ ਅਜੇਹੀ ਜਥੇਬੰਦੀ ਹੀ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨਿਆਂ ਦੇ ਸੰਸਾਰ, ਇੱਕ ਸਮਾਜਵਾਦੀ ਅਤੇ ਫਿਰ ਕਮਿਊਨਿਸਟ ਸੰਸਾਰ ਦੀ ਉਸਾਰੀ ਕਰ ਸਕਦੀ ਹੈ।

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s