ਹਨ੍ਹੇਰੇ ਦੀਆਂ ਤਾਕਤਾਂ ਦੇ ਵਿਰੁੱਧ ਭਾਵੀ ਯੁੱਧ ਦੀ ‘ਤਿਆਰੀ ਵਿੱਚ ਸਾਨੂੰ ਕਿਸੇ ਵੀ ਚੀਜ਼ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ!’

kavita 1(ਪੀ.ਡੀ.ਐਫ਼ ਡਾਊਨਲੋਡ ਕਰੋ)

ਗੱਲ 1938 ਦੇ ਜੁਲਾਈ ਮਹੀਨੇ ਦੀ ਹੈ। ਇਨਕਲਾਬੀ ਕਵੀ, ਨਾਟਕਕਾਰ ਸਾਹਿਤ ਚਿੰਤਕ ਬਰਤੋਲਤ ਬ੍ਰੇਸ਼ਟ ਉਨ੍ਹੀ ਦਿਨੀਂ ਹਿਟਲਰ ਦੀ ਨਾਜ਼ੀ ਸੱਤ੍ਹਾ ਦੇ ਕਹਿਰ ਕਾਰਨ ਅਮਰੀਕਾ ਵਿੱਚ ਜਲਾਵਤਨੀ ਦਾ ਜੀਵਨ ਬਿਤਾ ਰਹੇ ਸਨ। ਆਪਣੇ ਲੇਖਨ ਕੰਮ ਅਤੇ ਰੰਗਕਰਮ ਦੇ ਜ਼ਰੀਏ ਫਾਸਿਜ਼ਮ ਦੇ ਵਿਰੁੱਧ ਉਹਨਾਂ ਦੀ ਸਰਗਰਮੀ ਜਾਰੀ ਸੀ। ਯੂਰਪ-ਅਮਰੀਕਾ ਦੇ ਪ੍ਰਤੀਰੋਧ ਸਾਹਿਤ ਨੂੰ ਉਹ ਇੱਕ ਨਵੀਂ ਦਿਸ਼ਾ ਦੇ ਰਹੇ ਸਨ।

 ਉਨ੍ਹਾਂ ਦਿਨਾਂ ਵਿੱਚ ਉਹ ਆਪਣੇ ਕਾਵਿ ਸੰਗ੍ਰਹਿ ‘ਪੋਇਮਜ਼ ਫਰਾਂਮ ਏਕਜਾਈਲ’ ਨੂੰ ਅੰਤਿਮ ਰੂਪ ਦੇ ਰਹੇ ਸਨ। 29 ਜੁਲਾਈ ਨੂੰ ਵਾਲਟਰ ਬੇਂਜਾਮਿਨ ਦੇ ਨਾਲ ਉਹ ਇਸ ਮੁੱਦੇ ਉਤੇ ਗੱਲ ਕਰ ਰਹੇ ਸਨ ਕਿ ਇਸ ਸੰਗ੍ਰਹਿ ਵਿੱਚ ‘ ਚਿਲਡਰਨ ਸਾਂਗ’ ਨੂੰ ਸ਼ਾਮਿਲ ਕੀਤਾ ਜਾਵੇ ਜਾਂ ਨਹੀਂ। ਬ੍ਰੇਸ਼ਟ ਇਸਦੇ ਪੱਖ ਵਿੱਚ ਸਨ, ਪਰ ਵਾਲਟਰ ਬੇਂਜਾਮਿਨ ਨੂੰ ਇਸ ਉੱਤੇ ਪ੍ਰੇਸ਼ਾਨੀ ਸੀ। ਉਹਨਾਂ ਦਾ ਖਿਆਲ ਸੀ ਕਿ ਸਿਆਸੀ ਅਤੇ ਨਿੱਜੀ ਕਵਿਤਾਵਾਂ ਦਾ ਵਖਰੇਵਾਂ ਜਲਾਵਤਨੀ ਦੇ ਅਨੁਭਵ ਨੂੰ ਖਾਸ ਤੌਰ ‘ਤੇ ਉਭਾਰਦਾ ਹੈ ਅਤੇ ਵੱਖਰੇ ਭਾਵ ਵਾਲੀ ਕਵਿਤਾ-ਲੜੀ ਸ਼ਾਮਿਲ ਕਰਨ ਦੇ ਨਾਲ ਇਸ ਦਵੰਦ ਦਾ ਪ੍ਰਭਾਵ ਘੱਟ ਹੋਵੇਗਾ। 

ਬ੍ਰੇਸ਼ਟ ਨੇ ਆਪਣੀ ਰਾਏ ਦੇ ਪੱਖ ਵਿੱਚ ਦੋ ਤਰਕ ਦਿੱਤੇ ਹਨ। ਬੇਂਜਾਮਿਨ ਨੇ ਆਪਣੀ ਡਾਇਰੀ (3 ਅਗਸਤ) ਦੇ ਪੰਨਿਆਂ ‘ਤੇ ਬ੍ਰੇਸ਼ਟ ਦਾ ਜਿਸ ਤਰ੍ਹਾਂ ਹੂ-ਬ-ਹੂ ਹਵਾਲਾ ਦਿੱਤਾ ਹੈ, ਉਸਨੂੰ ਉਸੇ ਰੂਪ ਵਿੱਚ ਅਸੀਂ ਇਥੇ ਦੇ ਰਹੇ ਹਾਂ। ਬ੍ਰੇਸ਼ਟ ਦਾ ਕਹਿਣਾ ਸੀ, ਮੈਂ ਜਾਣਦਾ ਹਾਂ ਕਿ ਉਹ ਸਾਰੇ ਕਹਿਣਗੇ ਕਿ ਮੈਂ ਇੱਕ ਸਨਕੀ ਹਾਂ। ਜੇ ਸਾਡੇ ਇਤਿਹਾਸ ਨੂੰ ਭਵਿੱਖ ਦੇ ਹੱਥ ਸੌਂਪਿਆ ਜਾਵੇਗਾ ਤਾਂ ਮੇਰੇ ਸਨਕੀਪਣ ਨੂੰ ਸਮਝਣ ਦੀ ਯੋਗਤਾ ਵੀ ਇਸਦੇ ਨਾਲ ਸਮਝੀ ਜਾਵੇਗੀ। ਅਸੀਂ ਜਿਸ ਸਮੇਂ ਵਿੱਚ ਰਹਿ ਰਹੇ ਹਾਂ ਉਹ ਮੇਰੇ ਸਨਕੀਪੁਣੇ ਦੀ ਪਿੱਠ ਭੂਮੀ ਦੱਸੇਗਾ। ਪਰ ਅਸਲ ਵਿੱਚ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਮੇਰੇ ਬਾਰੇ ਕਹਿਣ ਕਿ ਉਹ ਇਕ ਸੰਜਮ ਵਾਲਾ ਸਨਕੀ ਸੀ।’ ਬ੍ਰੇਸ਼ਟ ਦੇ ਅਨੁਸਾਰ (ਵਾਲਟਰ ਬੇਂਜਾਮਿਨ ਦੇ ਸ਼ਬਦਾਂ ਵਿੱਚ) ਉਹ ਇਸ ਪ੍ਰਗਟਾਵੇ ਨੂੰ ਮਾਨਤਾ ਦਿਵਾਉਣਾ ਚਾਹੁੰਦਾ ਸੀ ਕਿ ਹਿਟਲਰ ਦੇ ਬਾਵਜੂਦ ਜੀਵਨ ਚਲਦਾ ਰਹੇਗਾ। ਸਦਾ ਬੱਚੇ ਰਹਿਣਗੇ। 

ਬ੍ਰੇਸ਼ਟ ਦਾ ਦੂਜਾ ਤਰਕ, ਜੋ ਜਿਆਦਾ ਮਹੱਤਵਪੂਰਨ ਸੀ, ਇਹ ਸੀ, ‘ਅਜਿਹੇ ਭਵਿੱਖ (ਫਾਸਿਜ਼ਮ ਦੇ ਕਾਇਮ ਰਹਿਣ ਦੀ ਸਥਿਤੀ ਵਿੱਚ ਜਿਸ ਇਤਿਹਾਸਹੀਣ ਯੁੱਗ ਦੇ ਆਉਣ ਦੀਆਂ ਭਿਅੰਕਰ ਸੰਭਾਵਨਾਵਾਂ ਦੀ ਬ੍ਰੇਸ਼ਟ ਗੱਲ ਕਰਦੇ ਸਨ ਅਤੇ ਕਲਾਕਾਰਾਂ ਨੂੰ ਸੰਬੋਧਿਤ ਕਵਿਤਾਵਾਂ ਵਿੱਚ ਜਿਸਦੇ ਵਿਰੁੱਧ ਸੰਘਰਸ਼ ਦੇ ਲਈ ਉਹਨਾਂ ਨੇ ਜ਼ੋਰਦਾਰ ਸੱਦਾ ਦਿੱਤਾ ਸੀ) ਦੇ ਵਿਰੁੱਧ ਆਪਣੇ ਸੰਘਰਸ਼ ਵਿੱਚ ਸਾਨੂੰ ਕਿਸੇ ਵੀ ਚੀਜ਼ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਉਹ ਕੋਈ ਛੋਟੀ ਯੋਜਨਾ ਨਹੀਂ ਬਣਾ ਰਹੇ ਹਨ। ਉਹ ਕੋਈ ਭੁੱਲ ਨਹੀਂ ਕਰਦੇ। ਉਹ ਆਉਣ ਵਾਲੇ ਤੀਹ ਸਾਲਾਂ ਦੀ ਯੋਜਨਾ ਬਣਾਉਦੇ ਹਨ। ਭਿਆਨਕ ਚੀਜਾਂ। ਭਿਆਨਕ ਅਪਰਾਧ। ਉਹ ਕਿਤੇ ਵੀ ਰੁਕਦੇ ਨਹੀਂ। ਉਹ ਹਰ ਚੀਜ ਨਸ਼ਟ ਕਰ ਦੇਣਾ ਚਾਹੁੰਦੇ ਹਨ। ਉਹਨਾਂ ਦੀ ਮਾਰ ਨਾਲ ਹਰ ਇੱਕ ਜੀਉਂਦਾ ਸੈਲ ਸੁੰਗੜ ਜਾਂਦਾ ਹੈ। ਇਸ ਲਈ ਸਾਨੂੰ ਵੀ ਹਰ ਚੀਜ ਬਾਰੇ ਸੋਚਣਾ ਚਾਹੀਦਾ ਹੈ। ਉਹ ਮਾਂ ਦੇ ਗਰਭ ਵਿੱਚ ਬੱਚਿਆਂ ਨੂੰ ਮਾਰ ਦੇਣਾ ਚਾਹੁੰਦੇ ਹਨ। ਸਾਨੂੰ ਕਿਸੇ ਵੀ ਆਧਾਰ ‘ਤੇ ਬੱਚਿਆ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਅਤੇ ਬ੍ਰੇਸ਼ਟ ਦੇ ਇਹਨਾਂ ਵਾਕਾਂ ਦਾ ਹਵਾਲਾ ਦੇਣ ਤੋਂ ਬਾਅਦ ਵਾਲਟਰ ਬੇਂਜਾਮਿਨ ਨੇ ਲਿਖਿਆ ਹੈ, ‘ਜਦੋਂ ਉਹ ਬੋਲ ਰਹੇ ਸਨ, ਮੈਨੂੰ ਲੱਗ ਰਿਹਾ ਸੀ ਕਿ ਕੋਈ ਤਾਕਤ ਮੈਨੂੰ ਦਬੋਚ ਰਹੀ ਹੈ ਜੋ ਫਾਸਿਜਮ ਦੀ ਸੱਤ੍ਹਾ ਦੇ ਅਨੁਰੂਪ ਹੈ।’

ਉਝ ਤਾਂ ਇਤਿਹਾਸ ਆਪਣੇ ਨੂੰ ਕਦੇ ਦੁਹਰਾਉਂਦਾ ਨਹੀਂ, ਪਰ ਇਤਿਹਾਸ ਦੇ ਸਮਾਨ ਦੌਰਾਂ ਵਿੱਚ ਮਸਲਨ ਖੜੋਤ ਦੇ ਦੌਰਾਂ ਵਿੱਚ, ਜਾਂ ਤਰੱਕੀ ਦੇ ਦੌਰਾਂ ਵਿੱਚ, ਕੁੱਝ ਨਾ ਕੁੱਝ ਸਮਰੂਪਤਾ ਦੇ ਗੁਣ ਜ਼ਰੂਰ ਹੁੰਦੇ ਹਨ। 

ਕੁੱਝ ਅਰਥਾਂ ਵਿੱਚ, ਅਸੀਂ ਅੱਜ ਇੱਕ ਉਹੋ ਜਿਹੀ ਹੀ ਸੰਕਟਮਈ ਹਾਲਤ ਦੇ ਖਤਰਿਆਂ ਦੇ ਰੂ-ਬ-ਰੂ ਖੜ੍ਹੇ ਹਾਂ, ਜਿੰਨ੍ਹਾ ਨੂੰ ਬ੍ਰੇਸ਼ਟ ਨੇ ਦੇਖਿਆ ਅਤੇ ਮਹਿਸੂਸ ਕੀਤਾ ਸੀ। ਇਕ ਵਾਰ ਫਿਰ ਅਸੀਂ ਭਵਿੱਖ ਦੀ ਅੰਨ੍ਹੀ ਖੋਹ ਦੇ ਸਾਹਮਣੇ ਖੜ੍ਹੇ ਹਾਂ। ‘ਸਿਰ ਤੋਂ ਪੈਰਾਂ ਤੱਕ ਸੜ ਚੁੱਕੀ’ ਅਤੇ ‘ਆਪਣੀ ਜੜ੍ਹਤਾਂ ਦੀ ਤਾਕਤ ਨਾਲ ਜਿਉਂਦੀਆਂ (ਗੋਰਕੀ ਦੇ ਸ਼ਬਦਾਂ ਵਿੱਚ) ਪੂੰਜੀਵਾਦ ਦੇ ਹਨ੍ਹੇਰੇ ਜ਼ਹਿਰੀਲੇ ਗਰਭ ਵਿੱਚ ਪੈਦਾ ਹੋਈਆਂ ਤਾਕਤਾਂ ਇੱਕ ਵਾਰ ਫਿਰ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਦੀ ਪ੍ਰਰੰਪਰਾ ਨਾਲ ਹਾਸਿਲ-ਸਿਰਜੀ ਇਨਕਲਾਬੀ ਚੇਤਨਾ ਤਰੱਕੀ ਦੀ ਆਤਮਾ, ਇਤਿਹਾਸ-ਦ੍ਰਿਸ਼ਟੀ, ਸੁੰਦਰਤਾ-ਬੋਧ, ਕਲਾ-ਸਾਹਿਤ-ਸਭਿਆਚਾਰ ਅਤੇ ਜਮਹੂਰੀ ਅਧਿਕਾਰਾਂ ਅਤੇ ਅਜਾਦੀ ਨੂੰ ਜਲਾ ਕੇ ਰਾਖ ਕਰ ਦੇਣਾ ਚਾਹੁੰਦੀ ਹੈ। ਉਹ ਸਾਨੂੰ ਫਿਰ ਉਵੇਂ ਹੀ ਇੱਕ ‘ਇਤਿਹਾਸਹੀਣ ਯੁੱਗ’ ਵਿੱਚ ਧੱਕ ਦੇਣਾ ਚਾਹੁੰਦੀ ਹੈ ਜਿਸਦੀ ਸ਼ੰਕਾ 1938 ਵਿੱਚ ਬ੍ਰੇਸ਼ਟ ਦੀ ਚਿੰਤਾ ਬਣੀ ਹੋਈ ਸੀ। 

ਇਹ ਐਂਵੇ ਹੀ ਨਹੀਂ ਕਿ ਅੱਜ ਚੋਟੀ ਦੇ ਪੂੰਜੀਵਾਦੀ ਚਿੰਤਕਾਂ ਵਿੱਚ ਇੱਕ ਫਰਾਂਸਿਸ ਫੁਕੋਯਾਮਾ ‘ ਇਤਿਹਾਸ ਦੇ ਅੰਤ’ ਦੀਆਂ ਗੱਲਾਂ ਕਰ ਰਿਹਾ ਹੈ।

ਅੱਜ ਹਾਰ, ਖੜੋਤ ਅਤੇ ਹਨੇਰੇ ਦੇ ਦੌਰ ਵਿੱਚ ਸੰਸਾਰ ਪੱਧਰ ‘ਤੇ ਧਾਰਮਿਕ ਕੱਟੜਪੰਥ ਸਹਿਤ ਮੁੜ ਉਥਾਨ ਦੀਆਂ ਸਾਰੀਆਂ ਤਾਕਤਾਂ ਸਰਗਰਮ ਹੋ ਉੱਠੀਆਂ ਹਨ। ਪੂੰਜੀਵਾਦ ਦੇ ਹੱਥੋਂ ਪਿਛਲੀ ਇੱਕ ਸਦੀ ਦੌਰਾਨ ਵਿਗਿਆਨ ਅਤੇ ਤਕਨੀਕ ਦੀ ਉੱਨਤੀ ਦੀ, ਲੁੱਟ, ਯੁੱਧ ਅਤੇ ਵਿਨਾਸ਼ ਦੇ ਲਈ ਕੀਤੀ ਜਾਣ ਵਾਲੀ ਵਰਤੋਂ ਨੂੰ ਦੇਖਦੇ ਹੋਏ ਆਮ ਲੋਕ ਖਾਸ ਕਰਕੇ ਸਿੱਧੀ ਪੈਦਾਵਾਰ ਨਾਲੋਂ ਕੱਟੇ ਹੋਏ ਮੱਧਵਰਗ ਦੀ ਇੱਕ ਵੱਡੀ ਆਬਾਦੀ, ਵਿਗਿਆਨ ਵੱਲ ਪਿੱਠ ਕਰਕੇ ਖੜ੍ਹੀ ਹੋ ਰਹੀ ਹੈ। ਵਿਗਿਆਨ ਵੱਲ, ਤਰਕਸ਼ੀਲਤਾ ਵੱਲ ਪਿੱਠ ਕਰਨ ਦਾ ਇੱਕੋ-ਇਕ ਅਰਥ ਹੁੰਦਾ ਹੈ-ਧਰਮ, ਅੰਧ ਵਿਸ਼ਵਾਸ਼ ਵੱਲ ਮੂੰਹ ਕਰਕੇ ਖੜ੍ਹੇ ਹੋਣਾ। ਇਹ ਮਨੋਵਿਗਿਆਨ ਪੂੰਜੀਵਾਦੀ ਸਮਾਜ ਦੀ ਅਜ਼ਾਦ, ਅੰਦਰੂਨੀ ਗਤੀ ਨਾਲ ਵੀ, ਬਾਹਰਮੁਖੀ ਤੌਰ ‘ਤੇ ਬਣ ਰਿਹਾ ਹੈ ਅਤੇ ਸੰਸਾਰ ਪੂੰਜੀ ਦੀ ਬੌਧਿਕ ਤਾਕਤ ਹਰ ਸੰਭਵ ਤਰਕੀਬਾਂ ਨਾਲ ਅੰਤਰਮੁਖੀ ਤੌਰ ‘ਤੇ ਇਸਨੂੰ ਪੈਦਾ ਵੀ ਕਰ ਰਹੀ ਹੈ। ਫੌਰੀ ਤੌਰ ‘ਤੇ ਇਸਦਾ ਫਾਇਦਾ ਉਹ ਤਾਕਤਾਂ ਲੈ ਰਹੀਆਂ ਹਨ, ਜੋ ਪੂੰਜੀਵਾਦੀ ਸੰਕਟ ਦੀ ਉਪਜ ਹਨ ਅਤੇ ਜਿਨ੍ਹਾਂ ਦਾ ਸਭਿਆਚਾਰ ਪੂੰਜੀਵਾਦੀ ਰੋਗੀ ਮਾਨਸਿਕਤਾ ਦਾ ਸਾਕਾਰ ਰੂਪ ਹੈ। ਕਿਤੇ ਉਹਨਾਂ ਦਾ ਰੂਪ ਧਾਰਮਿਕ ਕੱਟੜਤਾ ਦਾ ਹੈ, ਕਿਤੇ ਰੰਗਭੇਦ ਅਤੇ ਨਸਲਵਾਦ ਦਾ, ਕਿਤੇ ਅੰਨੇ ਅੰਧ-ਰਾਸ਼ਟਰਵਾਦੀ ਯੁੱਧਾਂ ਦੇ ਪਾਗਲਪਣ ਦਾ ਹੈ ਤਾਂ ਕਿਤੇ ਕਬੀਲਾਈ ਖੁਰੇਜੀ ਦਾ, ਵਿਆਪਕ ਤੋਰ ‘ਤੇ ਇਸਦਾ ਲਾਭ ਸੰਸਾਰ ਪੂੰਜੀਵਾਦ ਦੀਆਂ ਮਾਲਕ ਜਮਾਤਾਂ ਅਤੇ ਉਹਨਾਂ ਦੇ ਛੋਟੇ ਭਰਾਵਾਂ ਨੂੰ ਮਿਲ ਰਿਹਾ ਹੈ। ਲੋਕਾਂ ਦੀ ਆਪਸੀ ਫੁੱਟ, ਉਹਨਾਂ ਦੀ ਅਗਾਂਹਵਧੂ ਚੇਤਨਾ ਅਤੇ ਸਭਿਆਚਾਰ ਦਾ ਖੋਰਾ, ਉਹਨਾਂ ਦੀ ਭਵਿੱਖਮੁਖੀ ਨਿਗਾਹ ਦਾ ਖੋਰਾ ਉਸ ਜਮਾਤ ਦੀ ਤਾਨਾਸ਼ਾਹੀ ਨੂੰ ਮਜਬੂਤ ਬਣਾ ਰਿਹਾ  ਹੈ, ਜਿਸਦੀ ਜਮਹੂਰੀਅਤ ਦੀ ‘ਰਾਮਨਾਮੀ ਚਾਦਰ’ ਨੂੰ ਆਰਥਿਕ ਸੰਕਟਾਂ ਅਤੇ ਸਮਾਜਿਕ ਵਿਸਫੋਟਾਂ ਦੇ ਥਪੇੜਿਆਂ ਨੇ ਤਾਰ-ਤਾਰ ਕਰ ਦਿੱਤਾ ਹੈ। ਪਰ ਪੂੰਜੀਵਾਦ ਦਾ ਜੋ ਸੰਕਟ ਅੱਜ ਫਾਸਿਜ਼ਮ ਦੇ ਨਵੇਂ ਤੱਤਾਂ ਅਤੇ ਰੂਪਾਂ ਨੂੰ ਜਨਮ ਦੇ ਰਿਹਾ ਹੈ ਅਤੇ ਉਸਦੇ ਜੋ ਕੁਚੱਕਰ ਲੋਕਾਂ ਵਿੱਚ ਧਾਰਮਿਕ ਕੱਟੜਤਾ ਜਿਹੇ ਪਾਗਲਪਣ ਪੈਦਾ ਕਰ ਰਹੇ ਹਨ, ਉਹ ਹੀ ਉਸ ਦੇ ਭਸਮਾਸੁਰ ਨੂੰ ਵੀ ਜਨਮ ਦੇ ਰਹੇ ਹਨ ਅਤੇ ਇਸਦੇ ਨਾਲ ਹੀ ਇਸ ਭਸਮਾਸੁਰ ਅਤੇ ਜਨਮਦਾਤਾ-ਦੋਨਾਂ ਨੂੰ ਹੀ ਇਤਿਹਾਸ ਦੇ ਕੂੜੇਦਾਨ ਤੱਕ ਧੱਕਣ ਵਾਲੀ ਪਦਾਰਥਕ ਤਾਕਤ ਵੀ ਨਵੇਂ ਸਿਰੇ ਤੋਂ ਤਿਆਰ ਹੋ ਰਹੀ ਹੈ। 

ਅੱਜ ਭਾਰਤ ਵਿੱਚ ਵੀ ਧਾਰਮਿਕ ਕੱਟੜਤਾ ਦੇ ਰੂਪ ਵਿੱਚ ਜੋ ਨਵ-ਫਾਸੀਵਾਦੀ ਉਭਾਰ ਜਨਮਿਆਂ ਹੈ, ਉਹ ਇਸ ਢਾਂਚੇ ਦੇ ਸੰਕਟ ਅਤੇ ਲਾਇਲਾਜ਼ ਰੋਗਾਂ ਦਾ ਹੀ ਪ੍ਰਤੀਫ਼ਲ, ਲਛਣ ਅਤੇ ਪ੍ਰਗਟਾਵਾ ਹੈ। ਇਹ ਰੋਗ ਨਹੀਂ, ਉਸਦਾ ਇੱਕ ਲੱਛਣ ਹੈ। ਇਹ ਦਸਦਾ ਹੈ ਕਿ ਅਸੀਂ ਇੱਕ ਗੰਭੀਰ ਰੂਪ ਨਾਲ ਰੋਗੀ ਅਤੇ ਖੜੋਤ ਮਾਰੇ ਸਮਾਜਕ ਢਾਂਚੇ ਦੇ ਅੰਦਰ ਜੀਅ ਰਹੇ ਹਾਂ, ਇਹ ਤਾਕਤਾਂ ਜਿੱਥੋਂ ਜੰਮੀਆਂ ਹਨ, ਅਸੀਂ ਉਸ ਜਮੀਨ ਦੀ ਪਹਿਚਾਣ ਕਰਨੀ ਹੈ, ਨਿਰੰਕੁਸ਼ਸ਼ਾਹੀ ਦਾ ਖਤਰਾ ਸਾਡੇ ਦੇਸ਼ ਵਿੱਚ ਧਾਰਮਿਕ ਕੱਟੜਤਾ ਤੋਂ ਹੀ ਨਹੀਂ ਹੈ। ਅੱਜ ਇਹ ਫੌਰੀ ਖਤਰਾ ਹੈ, ਪਰ ਇਹ ਵੀ ਸੰਭਵ ਹੈ ਕਿ ਕੱਲ੍ਹ ਦਾ ਸੰਕਟ ਇਹ ਹੋਵੇ ਕਿ ਜਾਤੀਵਾਦੀ ਫਾਸੀਵਾਦੀ ਤਾਕਤਾਂ (ਖਾਸ ਕਰਕੇ ਪਿੰਡਾਂ ਦੇ ਨਿਰੰਕੁਸ਼ ਫਾਰਮਰ ਅਤੇ ਲੈਂਡਲਾਰਡ) ਜਾਤੀਗਤ ਲਾਈਨ ‘ਤੇ ਆਮ ਲੋਕਾਂ ਨੂੰ ਵੰਡ ਕੇ ਸਾਡੇ ਸਮਾਜ ਨੂੰ ਆਤਮਘਾਤੀ-ਭਰਾ ਮਾਰ, ਖੂਨੀ-ਜੰਗ ਦੀ ਦਲ ਦਲ ਵਿੱਚ ਧਸਾਉਣ ਦੀ ਕੋਸ਼ਿਸ਼ ਕਰਨ। ਉੱਝ ਵੀ ਮੰਡਲ ਅਤੇ ਕਮੰਡਲ ਦੀ ਰਾਜਨੀਤੀ ਦਾ ਇੱਕ ਦੂਸਰੇ ਨਾਲ ਗਹਿਰਾ ਰਿਸ਼ਤਾ ਹੈ। ਬਹੁਤ ਜਿਆਦਾ ਸੰਭਾਵਨਾ ਅਤੇ ਅਜਿਹਾ ਸੋਚਣ ਦਾ ਠੋਸ ਆਧਾਰ ਹੈ ਕਿ ਕੱਲ੍ਹ ਨੂੰ ਕੇਂਦਰ ਵਿੱਚ ਬੈਠੀ ਹੋਈ ਕੋਈ ਵੀ ਪੂੰਜੀਵਾਦੀ ਪਾਰਟੀ ਐਮਰਜੈਂਸੀ ਜਿਹੀ, ਜਾਂ ਅਣ ਐਲਾਨੀ ਐਮਰਜੈਂਸੀ ਜਿਹੀ ਜਾਂ ਉਸ ਤੋਂ ਵੀ ਜ਼ਿਆਦਾ ਨਿਰੰਕੁਸ਼ ਸੱਤ੍ਹਾ-ਪ੍ਰਤੱਖ ਫੌਜੀ ਤਾਕਤ ਦੇ ਇਸਤੇਮਾਲ ‘ਤੇ ਟਿਕੀ ਹੋਈ ਸੱਤ੍ਹਾ ਸਥਾਪਤ ਕਰਨ ਦੀ ਕੋਸ਼ਿਸ਼ ਕਰੇ। ਪਿਛਲੇ ਇੱਕ ਦਹਾਕੇ ਵਿੱਚ ਦੁਨੀਆਂ ਦੇ ਜਿੰਨੇ ਵੀ ਦੇਸ਼ਾਂ ਵਿੱਚ ਭਾਰਤ ਦੀ ਮੋਜੂਦਾ ਆਰਥਿਕ ਨੀਤੀ ਜਿਹੀਆਂ ਨੀਤੀਆਂ ਲਾਗੂ ਹੋਈਆਂ ਹਨ, ਉਥੇ ਜਾਂ ਤਾਂ ਸਿੱਧੀ ਫੌਜੀ ਜੁੰਡੀ ਦਾ ਰਾਜ ਜਾਂ ਇੱਕ ਪਾਰਟੀ ਦੀ ਤਾਨਾਸ਼ਾਹੀ ਕਾਇਮ ਹੈ ਜਾਂ ਜੇ ਲੋਕਤੰਤਰਿਕ ਸਰਕਾਰ ਦਾ ਕੋਈ ਦਿਖਾਵਾ ਹੈ ਤਾਂ ਉਸਦੀ ਅਸਲੀਅਤ ਜੱਗਜ਼ਾਹਿਰ ਹੈ। ਇਹ ਤਾਂ ਸਾਬਕਾ ਰਾਸ਼ਟਰਪਤੀ ਵੇਂਕਟਰਮਣ ਨੇ ਵੀ ਰਾਸ਼ਟਰਪਤੀ ਭਵਨ ਤੋਂ ਬਾਹਰ ਆਉਂਦੇ ਹੀ, ਗਿਆਨ-ਨੇਤਰ ਖੁੱਲ੍ਹਦੇ ਹੀ ਇਹ ਕਹਿ ਦਿੱਤਾ ਕਿ ਨਵੀਆਂ ਆਰਥਕ ਨੀਤੀਆਂ ਨੂੰ ਕੇਵਲ ਇੱਕ ਤਾਨਾਸ਼ਾਹ ਸੱਤ੍ਹਾ ਹੀ ਪੂਰੀ ਤਰਾਂ ਲਾਗੂ ਕਰ ਸਕਦੀ ਹੈ।

ਇਸ ਲਈ ਸਾਡਾ ਕਹਿਣਾ ਇਹ ਹੈ ਕਿ ਲੋਕਾਂ ਦੇ ਜਮਹੂਰੀ ਅਧਿਕਾਰਾਂ ‘ਤੇ, ਲੋਕ-ਪੱਖੀ ਸੱਭਿਆਚਾਰ ‘ਤੇ, ਇਤਿਹਾਸ ਦੀ ਵਿਕਾਸਮਈ ਧਾਰਾ ‘ਤੇ, ਭਵਿੱਖ ਦੇ ਸੁਪਨਿਆਂ ‘ਤੇ, ਉਮੀਦਾਂ ਦੀ ਧਰੋਹਰ ‘ਤੇ, ਸਾਡੀ ਆਤਮਿਕ ਸੰਪਦਾ ਤੇ ਨਿਰੰਕੁਸ਼ਤਾ, ਮਨਮਾਨਾਪਣ ਜਾਂ ਸਰਵਸੱਤ੍ਹਾਵਾਦ ਦੇ ਹਮਲੇ ਦੇ ਮੌਜੂਦਾ ਰੂਪਾਂ ਨਾਲ ਹੀ, ਇਸਦੇ ਸਾਰਤੱਤ ਨੂੰ ਅਤੇ ਇਸਦੀ ਜਮੀਨ ਨੂੰ ਵੀ ਠੀਕ ਤਰਾਂ ਸਮਝਣਾ ਹੋਵੇਗਾ। 

ਇਤਿਹਾਸ ਜੇ ਖ਼ੁਦ ਨੂੰ ਇਸ ਤਰ੍ਹਾਂ ਦੁਹਰਾਉਂਦਾ ਕਿ ਫਾਸੀਵਾਦ ਰੂ-ਬ-ਰੂ ਉਸੇ ਰੂਪ ਵਿੱਚ ਆਉਂਦਾ, ਜਿਵੇ ਕਿ ਉਹ ਤੀਜੇ ਚੌਥੇ ਦਹਾਕੇ ਵਿੱਚ ਆਇਆ ਸੀ, ਜੇ ਫਿਰ ਤੋਂ ਹਿਟਲਰ-ਮੁਸੋਲਿਨੀ-ਤੋਜੌ-ਫ੍ਰਾਂਕੋ-ਸਾਲਾਜਾਰ ਜਾਂ ਸੋਮੋਜਾ-ਦੁਬਾਲਿਅਰ-ਪਿਨੋਸ਼ੋ ਜਿਹੀ ਹੀ ਕਿਸੇ ਸੱਤਾ ਨੂੰ ਪੈਦਾ ਹੋਣਾ ਹੁੰਦਾ, ਤਾਂ ਸ਼ਾਇਦ ਉਹਨਾਂ ਨਾਲ ਨਿੱਬੜਨਾ ਅਸਾਨ ਹੁੰਦਾ। ਪਰ ਅੱਜ ਨਵਫਾਸਿਸ਼ਟ ਤਾਕਤਾਂ ਦੇ ਹਮਲੇ ਦੇ ਕਈ ਰੂਪ ਹਨ। ਕਿਤੇ ਤਾਂ ਅਜਿਹੀਆਂ ਤਾਕਤਾਂ ਸੱਤ੍ਹਾ ਵਿੱਚ ਨਾ ਹੁੰਦੇ ਹੋਏ ਵੀ ਲੋਕਾਂ ‘ਤੇ ਕਹਿਰ ਢਾਅ ਰਹੀਆਂ ਹਨ ਅਤੇ ਉਹਨਾਂ ਦੀ ਇਨਕਲਾਬੀ ਸੰਘਰਸ਼ ਦੀ ਤਿਆਰੀ ਨੂੰ ਢਾਹ ਲਾ ਰਹੀਆਂ ਹਨ (ਭਾਵੇਂ ਉਹ ਨਾਲ ਹੀ ਸੱਤਾਧਾਰੀ ਪਾਰਟੀ ਅਤੇ ਪੂਰੇ ਰਾਜ ਪ੍ਰਬੰਧ ਦਾ ਸੰਕਟ ਵੀ ਵਧਾ ਰਹੀਆਂ ਹਨ) ਜਿਵੇਂ ਆਰ.ਐਸ.ਐਸ., ਭਾਜਪਾ, ਵਿਹਿਪ, ਸ਼ਿਵਸੈਨਾ, ਬਜਰੰਗ ਦਲ, ਆਦਿ ਦਾ ਹਿੰਦੂ ਧਾਰਮਿਕ ਕੱਟੜਪੰਥ, ਜਾਂ ਜਿਵੇਂ ਪੰਜਾਬ ਵਿੱਚ, ਖਾਲਿਸਤਾਨੀ ਅੱਤਵਾਦ, ਜੋ ਰਾਜ ਦੀ ਦਹਿਸ਼ਤ ਨੂੰ ਵੀ ਸਹਾਰਾ ਦੇ ਰਿਹਾ ਹੈ ਅਤੇ ਖ਼ੁਦ ਵੀ ਜਨਤਾ ਦੇ ਜਮਹੂਰੀ ਹੱਕਾਂ ਨੂੰ ਕੁਚਲ ਰਿਹਾ ਹੈ। ਪਿੰਡਾਂ ਵਿੱਚ ਜਾਤੀਗਤ ਅਧਾਰ ‘ਤੇ ਜਥੇਬੰਦ ਭੂਮੀਪਤੀਆਂ ਦੇ ਜ਼ਬਰ ਦਾ ਖਾਸਾ ਵੀ ਕਾਫ਼ੀ ਹਦ ਤੱਕ ਫਾਸਿਸ਼ਟ ਸੁਭਾਅ ਦਾ ਹੈ। ਉਹਨਾਂ ਨੇ ਕੁੰਵਰ ਸੈਨਾ, ਭੂਮੀ ਸੈਨਾ ਅਤੇ ਲੌਰਿਕ ਸੈਨਾ ਜਿਹੇ ਹਥਿਆਰ ਬੰਦ ਦਸਤੇ ਵੀ ਬਣਾ ਰੱਖੇ ਹਨ। ਸਮਾਜ ਵਿੱਚ ਮੌਜੂਦ ਮੱਧ ਯੁੱਗੀ ਨਿਰੰਕੁਸ਼ਤਾ ਦਾ ਸੱਭਿਆਚਾਰ ਅੱਜ ਦੇ ਨਵੇਂ ਹੁਕਮਰਾਨਾ ਦੇ ਵੀ ਖੂਬ ਕੰਮ ਆ ਰਿਹਾ ਹੈ, ਜਿਸ ਦੀ ਜਮਹੂਰੀਅਤ ਦਾ ਮੁਲੰਮਾ ਕਾਫ਼ੀ ਲੱਥ ਚੁੱਕਿਆ ਹੈ ਉੱਝ ਵੀ ਇਹ ਮਲੰਮਾ ਕਾਫ਼ੀ ਹਲਕਾ ਚੜ੍ਹਿਆ ਹੋਇਆ ਸੀ। ਸੱਚ ਤਾਂ ਇਹ ਹੈ ਕਿ ਅੱਜ ਪੂਰੀ ਦੁਨੀਆਂ ਵਿੱਚ ਅਤੇ ਖਾਸ ਕਰਕੇ ਤੀਜੀ ਦੁਨੀਆਂ ਦੇ ਭਾਰਤ ਜਿਹੇ ਦੇਸ਼ਾਂ ਵਿੱਚ ਬੁਰਜੁਆ ਜਮਹੂਰੀ ਸੱਤ੍ਹਾ ਅਤੇ ਬੁਰਜ਼ੁਆ ਨਿਰੰਕੁਸ਼ ਜਾਂ ਫਾਸੀਵਾਦੀ ਸੱਤ੍ਹਾ ਵਿੱਚ ਬਹੁਤਾ ਫਰਕ ਨਹੀਂ ਰਹਿ ਗਿਆ ਹੈ। ਸੰਕਟ ਅਤੇ ਲੋਕ ਵਿਦਰੋਹ ਵਧਣ ਨਾਲ ਹੀ ਇਹ ਵੰਡ ਰੇਖਾ ਇਤਿਹਾਸ ਦੇ ਇਸ ਦੌਰ ਵਿੱਚ ਜਿਸ ਕਦਰ ਮੱਧਮ ਹੋ ਰਹੀ ਹੈ, ਉਹੋ ਜਿਹੀ ਪਹਿਲਾਂ ਕਦੇ ਨਹੀਂ ਹੋਈ ਸੀ। 

ਅੱਜ ਬੁਰਜ਼ੂਆ ਸੱਤ੍ਹਾ ਅਤੇ ਫਾਸੀਵਾਦੀ ਤਾਕਤਾਂ ਦੇ ਸੱਭਿਆਚਾਰਕ ਹਥਿਆਰ ਵੀ ਸਦੀ ਦੇ ਤੀਜੇ ਚੌਥੇ ਦਹਾਕੇ ਤੋਂ ਵਧੇਰੇ ਉੱਨਤ ਹਨ। ਅਤਿਆਧੁਨਿਕ ਤਕਨੀਕੀ ਤਰੱਕੀ ਨਾਲ ਅਮੀਰ ਮੀਡੀਆ ਦੀ ਤਾਕਤ ਵੀ ਉਹਨਾਂ ਦੇ ਕੋਲ ਹੈ। ਇਸ ਲਈ, ਅਤੀਤ ਤੋਂ ਅਸੀਂ ਸਿੱਖਣਾ ਹੈ, ਪਰ ਅਜਿਹਾ ਨਹੀਂ ਕਿ ਅਤੀਤ ਦੀ ਨਕਲ ਨਾਲ ਹੀ ਕੰਮ ਚੱਲ ਜਾਵੇਗਾ। ਬ੍ਰੇਸ਼ਟ ਦੇ ਸਾਹਮਣੇ ਖੜ੍ਹੇ ਫਾਸੀਵਾਦ ਦੇ ਦੁਸ਼ਮਣ ਜਿਹਾ ਹੀ ਅਪਰਾਧੀ, ਪਰ ਉਸ ਤੋਂ ਵੀ ਵਧੇਰੇ ਚਲਾਕ ਅਪਰਾਧੀ ਦਾ ਸਾਹਮਣਾ ਅੱਜ ਇਤਿਹਾਸ ਦੀਆਂ ਅਗਾਂਹਵਧੂ ਤਾਕਤਾਂ ਕਰ ਰਹੀਆਂ ਹਨ। ਇਸ ਲਈ ਸਾਨੂੰ ਵੀ ਹਰ ਚੀਜ਼ ਸੋਚਣੀ ਚਾਹੀਦੀ ਹੈ। ਉਹ ਮਾਂ ਦੇ ਗਰਭ ਵਿੱਚ ਬੱਚਿਆਂ ਨੂੰ ਮਾਰ ਦੇਣਾ ਚਾਹੁੰਦੇ ਹਨ ਇਸ ਲਈ ਸਾਨੂੰ ਵੀ ‘ਬੱਚਿਆਂ ਨੂੰ ਅਣਦੇਖਿਆ’ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਬਰਫ਼ ਦੀ ਚਾਦਰ ਪਾੜ ਦੇਣ ਵਾਲੇ ਸੁੱਤੇ ਪਏ ਬੀਜ਼ਾਂ ਨੂੰ ਅਣਦੇਖਿਆ ਨਹੀਂ ਕਰਨਾ ਹੈ। ਅਸੀਂ ਇਸ ਸੱਚ ਦੀ ਅਣਦੇਖੀ ਨਹੀਂ ਕਰਨੀ ਹੈ ਕਿ ਸਰਦੀਆਂ ਉਹਨਾਂ ਦੀਆਂ ਹਨ, ਪਰ ਬਸੰਤ ਸਾਡਾ ਹੋਵੇਗਾ ਅਤੇ ਇਹ ਵੀ ਕਿ ਬਸੰਤ ਆਉਂਦਾ ਨਹੀਂ, ਉਸਨੂੰ ਲਿਆਇਆ ਜਾਂਦਾ ਹੈ। ਰੁੱਖ ਫੁਟਦੀਆਂ ਲਾਲ-ਲਾਲ ਸੱਦਾ ਦਿੰਦੀਆਂ ਕਰੁੰਬਲਾਂ ਅਤੇ ਖਿੜਨ ਨੂੰ ਉਤਾਵਲੇ ਫੁੱਲਾਂ ਨਾਲ ਉਸਨੂੰ ਸੱਦਾ ਦਿੰਦੇ ਹਾਂ। 

ਸਾਨੂੰ ਵਰਤਮਾਨ ਦੇ ਸਾਹਮਣੇ ਖੜ੍ਹੀਆਂ ਪਿੱਛਲਮੋੜੇ ਦੀਆਂ ਤਾਕਤਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲ਼ੀ ਕਵਿਤਾ ਦੀ ਅੱਜ ਜ਼ਰੂਰਤ ਹੈ। ਯੁੱਧ ਸਮੇਂ ਸਾਹਿਤ ਰੁਕ ਜਾਂਦਾ ਹੈ, ਪਰ ਤਿਆਰੀ ਦੇ ਦੌਰ ਵਿੱਚ ਉਸਦੀ ਗਤੀ ਆਮ ਨਾਲੋਂ ਤੇਜ਼ ਅਤੇ ਅਵਾਜ ਬਹੁਤ ਜਿਆਦਾ ਤਿੱਖੀ ਹੁੰਦੀ ਹੈ। ਕੀ ਸਾਡੀ ਕਵਿਤਾ ਇਸ ਫਰਜ਼ ਨੂੰ ਨਿਭਾ ਰਹੀ ਹੈ? ਘੱਟ ਤੋਂ ਘੱਟ ਕਵੀ ਅਸਦ ਜ਼ੈਦੀ ਦੀ ਇਸ ਚਿੰਤਾ ਵਿੱਚ ਮੇਰੀ ਪੂਰੀ ਹਿੱਸੇਦਾਰੀ ਹੈ, ਸਭ ਤੋਂ ਕਸ਼ਟਦਾਇਕ ਗੱਲ ਇਹ ਹੈ ਕਿ ਅੱਜ ਦੀ ਕਵਿਤਾ ਵਿੱਚ ਅੱਜ ਦੇ ਸੱਭਿਆਚਾਰਕ-ਸਮਾਜਿਕ ਸੰਕਟ ਦੀ ਦਰਪੇਸ਼ ਆਹਟ ਵੀ ਇਮਾਨਦਾਰੀ ਨਾਲ ਦਰਜ ਨਹੀਂ ਹੋ ਪਾ ਰਹੀ ਹੈ। ਇਸਦੀ ਇੱਕ ਘਬਰਾਹਟ ਭਰੀ ਪਹਿਚਾਣ ਅਤੇ ਫਿਰ ਰੇਤ ਵਿੱਚ ਸਿਰ ਗੱਡ ਦੇਣ ਵਾਲੀ ਸੂਤਰਮੁਰਗੀ ਪ੍ਰਵਿਰਤੀ ਵਿਆਪਕ ਰੂਪ ਵਿੱਚ ਦੇਖੀ ਜਾ ਸਕਦੀ ਹੈ। ਖਾਸ ਕਰਕੇ ਹਿੰਦੂ ਪੁਨਰ ਉਥਾਨਵਾਦ ਅਤੇ ਇਸ ਨਾਲ ਜੁੜੇ ਰਾਜਨੀਤਕ ਫਾਸੀਵਾਦ ਨੂੰ ਨਾ ਸਿਰਫ ਬਰਦਾਸ਼ਤ ਜਾਂ ਅਣਦੇਖਿਆ ਕੀਤਾ ਗਿਆ ਹੈ, ਸਗੋਂ ਕੁੱਝ ਲੇਖਕ, ਕਵੀ ਅਤੇ ਅਲੋਚਕ ਉਸਦੇ ਬੁਲਾਰੇ ਬਣ ਗਏ ਹਨ।’ (ਅੰਤਰਦ੍ਰਿਸ਼ਟੀ ਮੈਗਜੀਨ, ਅੰਕ-5)

ਅਸਦ ਦੀ ਇਹ ਤਲਖ਼ ਟਿੱਪਣੀ ਵੀ ਗਲਤ ਨਹੀਂ ਹੈ, ਕਵਿਤਾ ਦੀਆਂ ਨਵੀਆਂ ਧਾਰਾਵਾਂ ਅਜੇ ਪੁਨਰਉਥਾਨਵਾਦੀ ਮੰਗ ਦੀ ਪੂਰਤੀ ਨਹੀਂ ਕਰ ਰਹੀਆਂ, ਪਰ ਜਿਸ ਅੰਦਰੂਨੀ ਖੋਰੇ ਜਾਂ ਖਿੰਡਾਅ ਦਾ ਅਸੀਂ ਜਿਕਰ ਕੀਤਾ ਉਸਨੂੰ ਦੇਖਦੇ ਹੋਏ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਧਾਰਾਵਾਂ ਵਿੱਚ ਵੀ ਅਤੀਤ ਜੀਵੀ ਆਤਮ ਪ੍ਰੇਮ, ਰਸਮ ਪੂਰਤੀ, ਸਭਿਆਚਾਰਕ ਤੰਗਨਜ਼ਰੀ ਅਤੇ ਨੰਗੇ ਬ੍ਰਾਹਮਣਵਾਦ ਦੇ ਦਰਸ਼ਣ ਹੋਣ ਲੱਗਣਗੇ। ਇਹ ਕਹਿਣ ਲਈ ਮੈਨੂੰ ਮਾਫ਼ ਕਰਨਾ, ਮੈਨੂੰ ਸਮਕਾਲੀ ਹਿੰਦੂ ਕਵਿਤਾ ਦੇ ਅੰਦਰੂਨੀ ਕਰਮ ਕਾਡਾਂ ਅਤੇ ਸਮਕਾਲੀ ਉੱਤਰ ਭਾਰਤੀ ਸਵਰਣ ਸਮਾਜ ਦੇ ਬਾਹਰੀ ਕਰਮਕਾਡਾਂ ਵਿੱਚ ਖਾਸਾ ਤਾਲਮੇਲ ਦਿਖਾਈ ਦਿੰਦਾ ਹੈ।’ (ਉਹੀ)

ਅਤੇ ਜਿਸ ਤਰਾਂ ਇਸ ਸਮੇ ਧਰਮ ਦੀ ਮੁੜ ਉਸਤੁਤੀ ਧਾਰਮਿਕ ਅੱਤਵਾਦ ਦੇ ਰੂਪ ਵਿੱਚ ਪੂੰਜੀ ਦੀਆਂ ਅੰਨ੍ਹੀਆਂ ਤਾਕਤਾਂ ਦੀਆਂ ਆਪਣੀ ਅੰਦਰੂਨੀ ਜਰੂਰਤਾਂ ਨਾਲ ਹੋ ਰਹੀ ਹੈ, ਠੀਕ ਉਸੇ ਤਰਾਂ ਹਿੰਦੂਆਂ ਦੀ ਅਗਾਂਹਵਧੂ ਧਾਰਾ ਦੀਆਂ ਮੰਨੀਆਂ ਜਾਣ ਵਾਲੀਆਂ ਕਵਿਤਾਵਾਂ ਦਾ ਕਰਮ ਕਾਂਡੀ ਰੂਪਵਾਦ ਅਤੇ ਕੁਦਰਤੀ ਤਾਕਤਾਂ ਦੀ ਆਦਿਮ ਪੂਜਾ ਦੇ ਹੀ ਸਮਾਨੰਤਰ ਰੱਖੇ ਜਾਣ ਲਾਇਕ ਕੁਦਰਤਵਾਦ ਦੀਆਂ ਪ੍ਰਵਿਰਤੀਆਂ ਵੀ ਅੱਜ ਉਪਭੋਗਤਾਵਾਦੀ ਸਭਿਆਚਾਰ ਦੇ ਦਬਾਅ ਦੀ ਹੀ ਉਪਜ ਹਨ, ਇੱਥੋਂ ਵੀ ਮੈ ਅਸਦ ਦੇ ਹੀ ਸ਼ਬਦਾਂ ਦਾ ਹਵਾਲਾ ਦੇਵਾਂਗਾ, ‘ਉਪਭੋਗਤਾਵਾਦੀ ਦਬਾਅ ਅਤੇ ਕਾਰੋਬਾਰੀ ਅਸਰ ਦੇ ਅਨੇਕ ਰੂਪ ਅਤੇ ਅਨੇਕ ਪੱਖ ਹਨ, ਉਹਨਾਂ ਸਾਰਿਆਂ ਵਿੱਚ ਫਿਲਹਾਲ ਮੈਂ ਨਹੀਂ ਜਾਵਾਂਗਾ। ਸਿਰਫ ਸੰਖੇਪ ਵਿੱਚ ਇਨਾਂ ਕਹਿ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਦਸ ਪੰਦਰਾਂ ਸਾਲਾਂ ਵਿੱਚ ਹਿੰਦੀ ਕਵਿਤਾ ਦਾ ਇੱਕ ਖਾਸਾ ਹਿੱਸਾ ਬੁੱਧੀਹੀਣ ਰਸਮਪੂਰਤੀ ਅਤੇ ਆਤਮ ਸੰਘਰਸ਼ ਤੋਂ ਰਹਿਤ ਕਵਿ ਅਨੁਭਵ ਦੀ ਸਕੂਨ ਵਿੱਚ ਆ ਕੇ ਆਪਣੀ ਮੂਲ ਪ੍ਰੇਰਨਾ ਤੋਂ ਹੋਲੀ-ਹੋਲੀ ਮੁਕਤ ਹੁੰਦਾ ਜਾ ਰਿਹਾ ਹੈ। ਅਨੇਕਾਂ ਕਵੀ ਖਾਸ ਕਰਕੇ ਅੱਜ ਦੇ ਨਵੇਂ ਕਵੀ, ਲਗਾਤਾਰ ਆਰਾਮ, ਸ਼ਰਨ ਅਤੇ ਛਾਂ ਦੀ ਖੋਜ ਵਿੱਚ ਰੁੱਝੇ ਨਜ਼ਰ ਆਉਂਦੇ ਹਨ। ਆਸ਼ਾਵਾਦ ਅਤੇ ਪਲਾਇਨਵਾਦ ਦਾ ਫਰਕ ਇਸ ਕਵਿਤਾ ਵਿੱਚ ਮਿਟ ਚੁੱਕਿਆ ਹੈ। ਰਸਮੀ ਤੌਰ ‘ਤੇ ਭਾਵੇਂ ਇਸ ਵਿੱਚ ਦੀਨ ਦੁਖੀਆਂ ਦੀ ਗੱਲ ਵੀ ਆ ਜਾਵੇ, ਪਰ ਇਸਦਾ ਮੂਲ ਸੁਭਾਅ ਇੱਕ ਤਣਾਅ ਮੁਕਤ, ਦਵੰਦ ਮੁਕਤ ਸੰਸਾਰ ਵਿੱਚ ਬਿਨਾਂ ਕਿਸੇ ਨੈਤਿਕ ਬੋਲ ਦੇ, ਮਰਜ਼ੀ ਮੁਤਾਬਿਕ ਡੋਲਣ-ਫਿਰਨ ਦਾ ਹੈ। ਇਹ ਕਵਿਤਾ ਸਾਰਿਆਂ ਲਈ ਲਿਖੀ ਗਈ ਹੈ ਅਤੇ ਸਾਰਿਆਂ ਦੁਆਰਾ ਪਸੰਦ ਕੀਤੇ ਜਾਣਾ ਚਾਹੁੰਦੀ ਹੈ। ਇਸਦਾ ਨਿਸ਼ਾਨਾ ਹੈ ਸਾਰਿਆਂ ਦੀ ਮੁਕਤੀ ਦੀ ਪ੍ਰਾਪਤੀ। ਲਿਹਾਜਾ ਕਵੀ ਕਿਸੇ ਕਸ਼ਟਾਂ ਭਰੇ ਰਸਤੇ ‘ਤੇ ਨਹੀਂ ਚਲਣਾ ਚਾਹੁੰਦੇ। ਕਵਿਤਾਵਾਂ ਦੀ ਇਹ ਲਾਡ-ਦੁਲਾਰਵਾਦੀ ਨਸਲ ਹਿੰਦੀ ਕਵਿਤਾ ਦੀ ਹਾਲ ਦੇ ਸਾਲਾਂ ਦੀ ਸਭਿਆਚਾਰਕ ਦੂਰਘਟਨਾ ਹੈ। ਮੈਂ ਸਮਝਦਾ ਹਾਂ ਕਿ ਇਨਾਂ ਦੀ ਅਰਾਮ ਪਸੰਦ ਅਤੇ ਖੁਮਾਰੀ ਭਰੀ ਦੁਨੀਆਂ ਨਾਲ ਅੰਦਰੂਨੀ ਛੇੜ-ਛਾੜ ਜ਼ਰੂਰੀ ਹੈ।’ 

ਪਲਾਇਨਵਾਦੀ, ਸਰਵ-ਪ੍ਰਵਾਨਤ, ਤਾਲਮੇਲ ਧਰਮੀ, ਪਿਆਰੀਆਂ-ਪਿਆਰੀਆਂ, ਸਜੀਆ ਸਵਾਰੀਆਂ ਕਵਿਤਾਵਾਂ ਪਿਛਲੇ ਜਿਸ ਇੱਕ-ਡੇਢ ਦਹਾਕੇ ਵਿੱਚ ਅਗਾਂਹਵਧੂ ਜਾਂ ਖੱਬੇ ਪੱਖੀ ਕਵਿਤਾ ਨੂੰ ‘ਕਲਾਤਮਕ’ ਬਣਾਉਣ ਦੇ ਭਾਗੀਰਥ ਯਤਨਾਂ ਨਾਲ ਜਨਮ ਰਹੀ ਸੀ ਅਤੇ ਪਤਵੰਤਿਆਂ ਦੁਆਰਾ ਸਲਾਹੀ ਜਾ ਰਹੀ ਸੀ ਉਹੀ ਸਮਾਂ ਭਾਰਤੀ ਅਰਥਚਾਰੇ ਦੇ ਲਾਇਲਾਜ ਢਾਂਚਾਗਤ ਸੰਕਟ, ਰਾਜਨੀਤੀ ਦੀ ਚਰਮ ਪਤਨਸ਼ੀਲਤਾ ਅਤੇ ਫਾਸੀਵਾਦੀ ਪ੍ਰਵਿਰਤੀਆਂ ਦੇ ਪੈਦਾ ਹੋਣ ਅਤੇ ਵਿਕਾਸ ਦਾ ਦੌਰ ਰਹੀ ਹੈ।

ਨਹੀਂ, ਜੇ ਇਹ ਕਵਿਤਾ ਦੀ ਸੁੰਦਰਤਾ ਹੈ ਤਾਂ ਸਾਨੂੰ ਅੱਜ ਕੁੱਝ ‘ਕਰੂਪ’ ਕਵਿਤਾਵਾਂ ਦੀ ਜ਼ਰੂਰਤ ਹੈ। ਸਮਕਾਲੀ ਕਵਿਤਾ ਦੇ ‘ਉਪਭੋਗਤਾਵਾਦ’ ਵੱਲ ਨੀਲਾਭ ਨੇ ਵੀ ਚਿੰਤਾ ਪੂਰਵਕ ਇਸ਼ਾਰਾ ਕੀਤਾ ਹੈ। ਇਸ ਤੋਂ ਮੁਕਤ ਹੋਣ ਦੀ ਚਿੰਤਾ ਵਿੱਚ ਉਹ ਬਿਲਕੁਲ ਸਹੀ ਲਿਖਦੇ ਹਨ : ‘….ਸਾਨੂੰ ਇਹ ਤਹਿ ਕਰਨਾ ਹੋਵੇਗਾ ਕਿ ਕੀ ਮਨੁੱਖ ਦੀ ਨੀਤੀ ਦਾ ਇੱਕ ਤ੍ਰਾਸਦ, ਵਿਡੰਵਨਾਪੂਰਣ, ਵਿਸੂਦ ਭਰਿਆ ਨਜ਼ਰੀਆ ਹੀ ਅਸਲ ਵਿੱਚ ਯੁੱਗ ਦੀ ਅਗਵਾਈ ਕਰਦਾ ਹੈ, ਗੰਭੀਰ ਹੈ? ਜੇ ਅਜਿਹਾ ਨਹੀਂ ਹੈ ਅਤੇ ਆਪਣੇ ਦਿਲ ਦੀ ਗਹਿਰਾਈ ਵਿੱਚ ਮੈਂ ਮੰਨਦਾ ਹਾਂ ਕਿ ਨਹੀਂ ਤਾਂ ਫਿਰ ਚਾਹੇ ਅਸੀਂ ਸਵਾਂਤ ਸਿਖਾਏ ਲਿਖੀਏ ਜਾ ਬਹੁਜਨ ਹਿਤਾਏ ਅਸੀਂ ਜੀਵਨ ਦੇ ਉਹਨਾਂ ਸਾਰੇ ਪੱਖਾਂ ਤੋਂ ਅੱਖਾਂ ਨਹੀਂ ਮੀਚ ਸਕਦੇ ਜੋ ਨਾਜਿਮ ਹਿਕਮਤ ਦੇ ਸ਼ਬਦਾਂ ਵਿੱਚ ਇਸ ਸ਼ਾਲੀਨ, ਗਰਿਮਾ ਭਰੀ, ਨਿਹਾਇਤ ਖੂਬਸੂਰਤ ਪ੍ਰਕਿਰਿਆ ਦੀ ਮੀਨਾਕਾਰੀ ਕਰਦੇ ਹਨ। ਤਾਂ ਹੀ ਅਸੀਂ ਆਪਣੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਪਾਵਾਂਗੇ-ਚਾਹੇ ਉਹ ਫਿਰਕਾਪ੍ਰਸਤੀ ਹੋਵੇ ਜਾਂ ਪਿਆਰ ਦੀ ਕਮੀ, ਜਾਤੀਵਾਦ ਹੋਵੇ ਜਾਂ ਵਾਤਾਵਰਣ ਦਾ ਵਿਨਾਸ਼, ਹਿੰਸਾ ਹੋਵੇ ਜਾਂ ਜ਼ਬਰ। ਅਜਿਹਾ ਕਰਨ ਲਈ ਹੋ ਸਕਦਾ ਹੈ, ਸਾਨੂੰ ਵਾਰ-ਵਾਰ ਕਵਿਤਾ ਦੇ ਅਰਜਿਤ ਸੰਚਿਆਂ ਨੂੰ ਤੋੜਨਾ ਪਵੇ ਅਤੇ ਜਿਸਨੂੰ ਨਰੂਦਾ ਨੇ ”ਅਸ਼ੁੱਧ” ਕਵਿਤਾ ਕਹਿਕੇ ਸਰਾਹਿਆ ਉਸਦੀ ਦਿਸ਼ਾ ਵਿੱਚ ਕਦਮ ਵਧਾਉਣਾ ਪਵੇ।’ (ਨੀਲਾਭ: ਕਵਿਤਾ ਦੀ ਜਰੂਰਤ: ‘ਸੁਤੰਤਰ ਭਾਰਤ ਦੈਨਿਕ’, 3 ਜਨਵਰੀ 1993)

ਇਹ ਸ਼ੋਰ ਅੱਠਵੇਂ ਦਹਾਕੇ ਦੇ ਅੰਤ ਵਿੱਚ ਮੱਚਿਆ ਕਿ ਕਵਿਤਾ ਚੋਂ ਰੁੱਖ-ਪੱਤੇ, ਫੁੱਲ, ਬੱਚੇ ਅਤੇ ਚਿੜੀਆਂ ਗਾਇਬ ਹੋ ਚੁੱਕੀਆਂ ਹਨ, ਪਿਆਰ ਕਵਿਤਾ ਲਿਖੀ ਜਾ ਰਹੀ ਹੈ ਅਤੇ ਕਵਿਤਾ ਦੀ ਸਿਹਤ ਦੇ ਲਈ ਇਸ ਸਭ ਨੂੰ ਵਾਪਸ ਲਿਆਉਣ ਦੀ ਲੋੜ ਹੈ। ਨਤੀਜੇ ਦੇ ਤੌਰ ‘ਤੇ ਕਵਿਤਾ ਵਿੱਚ ਨਰਮ-ਨਾਜੁਕ ਵਿਸ਼ਿਆਂ ਦਾ ਹੜ੍ਹ ਜਿਹਾ ਆ ਗਿਆ। ਕਵਿਤਾ ਵਿੱਚ ਪੱਤੇ, ਫੁੱਲ, ਬੱਚੇ ਅਤੇ ਚਿੜੀਆਂ ਬੜੀ ਮਿਹਨਤ ਨਾਲ, ਕਿਹਾ ਜਾਵੇ ਕਿ ਬਦਲੇ ਭਰੀ ਭਾਵਨਾ ਨਾਲ ਫਿਟ ਕੀਤੇ ਜਾਣ ਲੱਗੇ। ਕਵਿਤਾ ਦੇ ਸੂਤ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਮੋਟਾ-ਦਰਮਿਆਨਾ ਕੱਟ ਕੇ ਮੋਟੀ ਚਾਦਰ ਬੁਣਨ ਵਾਲੇ ਕਵੀ ਵੀ ਕੋਮਲ ਗੰਧਾਰ ਦੀ ਵਪਾਸੀ ਦੇ ਇਸ ਦੌਰ ਵਿੱਚ ਮਹੀਨ ਕਤਾਈ ਦੇ ਫਿਕਰ ਵਿੱਚ ਪ੍ਰੇਸ਼ਾਨ ਰਹਿਣ ਲੱਗੇ। ਹਿੰਸਾ, ਜਬਰ ਅਤੇ ਬਰਬਰਤਾ ਦੇ ਵਧਦੇ ਹੋਏ ਸਾਇਆਂ ਨੂੰ ਅਣਦੇਖਿਆ ਕਰਦੇ ਹੋਏ, ਸ਼ਰੀਰ ਦੇ ਅਨੰਤ ਸੁਪਨੇ ਦੇਖਣ ਵਾਲੇ ਕੁੱਰਝ ਕਵੀ ਪਿਆਰ ਦੇ ਲਈ ਜਗ੍ਹਾ ਬਣਾਉਣ ਲੱਗੇ (ਨੀਲਾਭ:  ਉਹੀ)

ਨੀਲਾਭ ਨੇ ਇਸਨੂੰ ਕਵਿਤਾ ‘ਤੇ ਮੰਡੀ ਦੀ ਮੰਗ ਦੇ ਦਬਾਅ ਦਾ ਨਾਮ ਦਿੱਤਾ ਹੈ। ਪਰ ਨਾਲ ਹੀ ਇਹ ਵੀ ਧਿਆਨ ਰਹੇ ਕਿ ਰੁੱਖ-ਫੁੱਲ-ਬੱਚਿਆਂ ਵਾਲੀ ਕਵਿਤਾ ਜਿਸ ਸਿਆਸੀ ਅਤੇ ਨਾਹਰੇਬਾਜੀ ਦੀ, ਕਵਿਤਾ ਦੀ ਪ੍ਰਤੀਕਿਰਿਆ ਵਿੱਚ ਪੈਦਾ ਹੋਈ ਸੀ, ਉਹ ਵੀ ਮੰਡੀ ਦੀ ਮੰਗ ਦੇ ਦਬਾਅ ਵਿੱਚ ਹੀ ਪੈਦਾ ਹੋਈ ਸੀ। ਕਵਿਤਾ ਦੀ ਜੋ ਧਾਰਾ ਨਕਸਲਬਾੜੀ ਕਿਸਾਨ ਉਭਾਰ ਦੇ ਪ੍ਰਭਾਵ ਵਿੱਚ ਬੰਗਲਾ ਵਿੱਚ, ਤੇਲਗੂ ਵਿੱਚ ਅਤੇ ਫਿਰ ਅੱਠਵੇਂ ਦਹਾਕੇ ਦੇ ਆਰੰਭ ਵਿੱਚ ਹਿੰਦੀ ਵਿੱਚ ਉਪਜੀ ਸੀ, ਉਸਦੀ ਕਲਾ ਅਜੇ ਬਚਪਨੇ ਵਿੱਚ ਸੀ ਪਰ ਉਸ ਵਿਚ ਸੰਘਰਸ਼ ਦਾ ਕੁਦਰਤੀ ਸੇਕ ਅਤੇ ਚਮਕ ਸੀ, ਇਸ ਲਈ ਆਪਣੇ ਅਣਘੜਪਣ ਵਿੱਚ ਵੀ ਉਹ ਖਿੱਚਵੀਂ ਸੀ। ਨਕਸਲਬਾੜੀ ਲਹਿਰ ਨਾਲ ਜੰਮੀ ਕਮਿਉਨਿਸਟ ਇਨਕਲਾਬੀ ਸਿਆਸੀ ਧਾਰਾ ‘ਤੇ ਜਦੋਂ ਚਾਰੂ ਮਜੂਮਦਾਰ ਦੀ ਮੱਧਵਰਗੀ ਇਨਕਲਾਬੀ ਜਾਣੀ ਦਹਿਸ਼ਤਗਾਰਦ ਧਾਰਾ ਹਾਵੀ ਹੋ ਗਈ ਤਾਂ ਸਾਹਿਤ ਵਿੱਚ ਅਲਟਰਾ ਲੈਫਟ ਦੇ ਮਸ਼ੀਨੀ ਜਾਂ ਸਪਾਟ ਪ੍ਰਵਟਾਵੇ ਸਾਹਮਣੇ ਆਏ। ਪਰ ਇਸ ਵਿੱਚ, ਸ਼ੁਰੂ-ਸ਼ੁਰੂ ਵਿੱਚ ਫੈਸ਼ਨ ਪ੍ਰਸਤੀ ਦੀ ਬਜਾਇ ਜੋ ਇਮਾਨਦਾਰੀ ਸੀ, ਉਹ ਖਿੱਚ ਭਰਭੂਰ ਸੀ। 

ਅੱਠਵੇਂ ਦਹਾਕੇ ਦੇ ਅੱਧ ਤੱਕ, ਦਹਿਸ਼ਤਪਸੰਦ ਇਨਕਲਾਬੀ ਧਾਰਾ ਦੇ ਲਗਾਅ ਤੋਂ ਬਾਅਦ, ਜਦੋਂ ਮੰਥਨ ਅਤੇ ਚਿੰਤਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਣਾ ਸੀ, ਉਸ ਸਮੇਂ ਇਨਕਲਾਬੀ ਕਵਿਤਾ ਦੇ ਮੰਡੀ ਮੁੱਲ ਨੂੰ ਦੇਖਦੇ ਹੋਏ ਜੋ ਨਾਹਰੇਬਾਜੀ ਦੀਆਂ ਕਵਿਤਾਵਾਂ ਲਿਖਿਆਂ ਜਾਣ ਲੱਗੀਆਂ, ਉਹ ਨਿਹਾਇਤ ਗੈਰ ਇਮਾਨਦਾਰ ਅਤੇ ਇਸ ਲਈ ਅਕਾਉ, ਕਰੂਪ ਅਤੇ ਫੁਹੜ ਸਨ। ਉਹ ਰੁਮਾਨੀ ਨਹੀਂ ਸਗੋਂ ਦੁਨੀਆਦਾਰ, ਬਜਾਰੂ, ” ਇਨਕਲਾਬੀਪੁਣਾ” ਸੀ ਜੋ ਕਵਿਤਾ ਵਿੱਚ ਬਜ਼ਾਰ ਦੇ ਦਬਾਅ ਨਾਲ ਆਇਆ ਸੀ। ਇਸ ਲਈ ਸਪਾਟ ਕਵਿਤਾ ਦੀ ਪ੍ਰਤੀਕਿਰਿਆ ਵਿੱਚ, ਦੁਆਰਾ ਬਜ਼ਾਰ ਦੇ ਦਬਾਅ ਵਿੱਚ ਹੀ ਉਹ ਕਵਿਤਾ ਪੈਦਾ ਹੋਈ, ਜਿਸ ਦੇ ਕਾਰਨ ਇਬਾਰ ਰੱਬੀ ਨੂੰ ਲਿਖਣਾ ਪਿਆ। (ਕਵਿਤਾ ਮੈਨੂੰ ਪੂਰੀ ਯਾਦ ਤਾਂ ਨਹੀਂ ਪਰ ਕੁੱਝ ਸ਼ਤਰਾਂ ਯਾਦ ਹਨ।) ਕਵਿਤਾ ਦੀਆਂ ਕੁੱਝ ਸਤਰਾਂ ਇਸ ਤਰਾਂ ਹਨ:

”ਬੱਚਿਓ ਭੱਜੋ 
ਪਹਾੜਾਂ ‘ਤੇ ਲੁਕ ਜਾਓ
…………………..
ਹੱਥ ਵਿੱਚ ਕਲਮ ਲਈ 
ਹਿੰਦੀ ਦੇ ਕਵੀ ਆ ਰਹੇ ਹਨ।”

ਕਪਿਲੇਸ਼ ਭੋਜ ਇਸ ਸਥਿਤੀ ਦਾ ਬਿਆਨ ਇਸ ਤਰਾਂ ਕਰਦੇ ਹਨ: 

”ਤੇਰੀਆਂ ਕਵਿਤਾਵਾਂ ਵਿੱਚ 
ਦੋਸਤ
ਮੈਂ ਤਲਾਸ਼ਦਾ ਹਾਂ ਆਦਮੀ 
ਪਰ 
ਕਿਧਰੇ ਪਤਾ ਨਹੀਂ ਲਗਦਾ ਉਸਦਾ
ਮੈਂ ਲੱਭਦਾ ਹਾਂ ਫਿਰ ਤੋਂ 
ਦੁੱਖਾਂ ਵਿੱਚ ਡੁੱਬੇ 
ਅਤੇ ਉਹਨਾਂ ਨਾਲ਼ ਲੜਦੇ ਹੋਏ ਆਦਮੀ ਨੂੰ 
ਪਰ ਮੈਨੂੰ ਮਿਲਦਾ ਹੈ ਓਥੇ 
ਦੁਪਹਿਰ ਦੇ ਸੰਨਾਟੇ ਵਿੱਚ ਟੁਟਦਾ ਹੋਇਆ ਕੋਈ ਪੱਤਾ 
ਬਨੇਰੇ ‘ਤੇ ਬੈਠੀ ਇੱਕ ਚਿੜੀ 
ਅਤੇ 
ਨਜ਼ਰ ਨਹੀਂ ਆਉਂਦਾ 
ਸਿਰਫ ਆਦਮੀ………”

ਕਵਿਤਾ ਵਿੱਚ ਕਲਾ ਇੰਨੀ ਵਧੇਰੇ ਅਤੇ ਇੰਨੀ ਆਮ ਗੱਲ ਹੋ ਗਈ ਹੈ ਕਿ ਇੱਕ ਸਿੱਧੀ-ਸਾਦੀ ਕਵਿਤਾ ਵਿੱਚ ਸੱਚ ਬਿਆਨ ਕਰਨਾ ਕਾਫ਼ੀ ਕਲਾਤਮਕ ਮੁਸ਼ੱਕਤ ਦਾ ਕੰਮ ਬਣ ਗਿਆ ਹੈ, ਜਿਵੇਂ ਕਿ ਕਾਤਿਆਨੀ ਨੇ ਲਿਖਿਆ ਹੈ:

ਕਲਾ ਨੂੰ
ਮਾਂਜਿਆ ਅਤੇ ਨਿਖਾਰਿਆ ਜਾਵੇ
ਇਸ ਹੱਦ ਤੱਕ ਕਿ 
ਸੱਚ ਦੇ ਬਾਰੇ ਲਿਖੀ ਜਾ ਸਕੇ 
ਇੱਕ ਸਿੱਧੀ-ਸਾਦੀ ਛੋਟੀ ਜਿਹੀ 
ਕਵਿਤਾ।”

ਸਿਰਫ਼ ਅਸ਼ੋਕ ਵਾਜਪੇਈ ਦੀ ਨਸਲ ਵਾਲੇ ਕਵੀਆਂ ਲਈ ਹੀ ਨਹੀਂ ਸਗੋਂ ਅਗਾਂਹਵਧੂਆਂ ਅਤੇ ਖੱਬੇ ਪੱਖੀਆਂ ਲਈ ਵੀ ਸੁੰਦਰ ਕਵਿਤਾ ਸੱਤ੍ਹਾ-ਸੰਸਥਾਵਾਂ ਵਿੱਚ ਘੁਸਣ ਦਾ ਗੇਟ ਪਾਸ ਬਣ ਗਈ, ਜਿਸ ਨੂੰ ਊਦੈ ਪ੍ਰਕਾਸ਼ ਨੇ ਇਸ ਤਰਾਂ ਬਿਆਨ ਕੀਤਾ ਹੈ। 

”ਸੁੰਦਰ ਅਤੇ ਬੇਹਤਰੀਨ ਕਵਿਤਾਵਾਂ 
ਹੌਲੀ-ਹੌਲੀ ਲੈ ਜਾਣਗੀਆਂ ਸੱਤਾ ਵੱਲ, 
ਸੂਖਮ ਸੰਵੇਦਨਾਵਾਂ ਅਤੇ 
ਖਫ਼ੀਫ ਭਾਸ਼ਾ ਦਾ ਕਵੀ 
ਦੇਖਿਆ ਜਾਵੇਗਾ ਜ਼ੁਲਮਾਂ ਦੇ 
ਭੋਜ ਵਿੱਚ ਸ਼ਾਮਿਲ 
ਸਭ ਤੋਂ ਜਿਆਦਾ ਸਵਾਦਾਂ ਦੀ 
ਚਰਚਾ ਕਰਦਾ ਹੋਇਆ 
ਹੁਣ ਤਾਂ ਕੁੱਝ ਵੀ ਹੋ ਸਕਦਾ ਹੈ 
ਕੋਈ ਵੀ ਬੇਹਤਰੀਨ ਕਿਤੇ ਮਿਲ ਸਕਦਾ ਹੈ
ਸਮਕਾਲੀ ਕਵਿਤਾ ਅਤੇ 
ਸਮਕਾਲੀ ਹਿੰਦੋਸਤਾਨ ਨੂੰ 
ਚਾਹੀਦਾ ਹੈ
ਸਿੱਧੇ ਦਿਮਾਗ, ਠੋਸ ਸਰੀਰ ਅਤੇ ਸਾਫ 
ਦਿਲ ਦਾ ਕਵੀ
ਜੋ ਕਹਿ ਸਕੇ ਵਿਗਿਆਨ ਨੂੰ ਵਿਗਿਆਨ 
ਅਤੇ ਅਨਿਆਂ ਨੂੰ ਅਨਿਆਂ 
ਨਿਰਭੈ ਜੋ ਹੱਤਿਆ ਨੂੰ ਹੱਤਿਆ ਕਹੇਗਾ
ਨਿਸ਼ਚੈ ਹੀ ਅੰਤ ਨੂੰ ਕਵੀ ਰਹੇਗਾ।”

ਅੰਤ ਵਿੱਚ ਭਾਵੇਂ ਉਹੀ ਕਵੀ ਰਹੇ, ਹਾਲਤ ਤਾਂ ਇਹ ਰਹੀ ਹੈ ਕਿ ਅਤੇ ਹਾਲੇ ਵੀ ਹੈ, ਅਜਿਹਾ ਕਰਨ ਵਾਲ਼ਾ ਕਾਵਿ ਬਰਾਦਰੀ ਤੋਂ ਬਾਹਰ ਹੋ ਜਾਵੇ। 

ਕਤਿਆਇਨੀ ਦੀ ਹੀ ਇੱਕ ਕਵਿਤਾ ਵਿੱਚ:

”ਜੀ ਚਾਹੁੰਦਾ ਹੈ 
ਕਵੀਆਂ ਦੀ ਬਰਾਦਰੀ ਚੋਂ 
ਬਾਹਰ ਹੋ ਜਾਈਏ, 
ਉੱਤਰ ਜਾਈਏ ਅਲੋਚਕਾਂ ਦੀਆਂ ਨਜ਼ਰਾਂ ਤੋਂ 
ਕਾਵਿ ਪ੍ਰੇਮੀ ਪਤਵੰਤਿਆਂ ਨੂੰ ਕਰ ਦੇਈਏ
ਨਿਰਾਸ਼ 
ਅੱਜ ਜੀ ਚਾਹੁੰਦਾ ਹੈ ਬੇਹੱਦ 
ਕਿ ਸੋਮਾਲੀਆਂ ਅਤੇ ਸਰਗੁਜ਼ਾਂ ਵਿੱਚ 
ਭੁੱਖ ਨਾਲ਼ ਮਰਦੇ ਹੋਏ ਬੱਚਿਆਂ ਬਾਰੇ
ਸਿੱਧੇ-ਸਿੱਧੇ ਕੁਝ ਕਹੀਏ, 
ਚਰਚਾ ਕਰੀਏ ਇਰਾਕ ਵਿੱਚ ਅਮਰੀਕੀ
ਬੰਬਾਰੀ ਦੀ
ਅਤੇ ਲਾਸ ਏਂਜਲਸ ਦੇ ਦੰਗਿਆਂ ਦੀ।
ਅੱਜ ਜੀ ਚਾਹੁੰਦਾ ਹੈ ਹੱਸਣੇ ਨੂੰ ਖੁੱਲ ਕੇ
ਵਾਤਾਵਰਨ ਸੰਮੇਲ ‘ਤੇ,
ਉੱਗਰ ਇੱਛਾ ਹੁੰਦੀ ਹੈ ਕਿ
ਜਾਰਜ ਬੁਸ਼ ਦੇ ਪਿਛਵਾੜੇ 
ਇੱਕ ਪਲੀਤਾ ਲਸਾ ਦਈਏ।
ਅੱਜ ਪੀਰੂ ਵਿੱਚ ਜ਼ਾਰੀ ਮੁਕਤੀ ਯੁੱਧ
ਅਤੇ ਆਂਧਰਾ ਵਿੱਚ ਜਾਰੀ ਜਬਰ
ਬਾਰੇ ਖੁੱਲ੍ਹ ਕੇ ਗੱਲਾਂ ਕਰਨ ਨੂੰ,
ਅੱਜ ਜੀ ਚਾਹੁੰਦਾ ਹੈ
ਇੱਕਦਮ ਸਤਹੀ-ਸਪਾਟ ਢੰਗ ਨਾਲ 
ਇਹ ਕਹਿਣ ਨੂੰ
ਕਿ ਉਮੀਦਾਂ ਮਰੀਆਂ ਨਹੀਂ ਹਨ
ਅਤੇ ਨਾ ਅੰਤ ਹੋਇਆ ਹੈ ਇਤਿਹਾਸ ਦਾ।
ਜੀ ਚਾਹੁੰਦਾ ਹੈ ਅੱਜ
ਇਸ ਬੇਅਦਬੀ ਲਈ ਮੁਆਫੀ
ਨਾ ਚਾਹੁਣ ਨੂੰ।”

ਹੁਣ ਇਹ ਬੇਅਦਬੀ ਹੋਣੀ ਚਾਹੀਦੀ ਹੈ। ਜੇ ਖੱਬੀ ਨਾਮਧਾਰੀ ਰੂਪਵਾਦੀਆਂ ਦੇ ਮਾਇਆਜਾਲ਼ ਨੂੰ ਤੋੜਿਆ ਨਾ ਗਿਆ ਤਾਂ ਇਹ ਕਵੀ ਅਤੇ ਕਵਿਤਾ ਇੱਕ ਵਿਸ਼ਵਾਸਘਾਤ ਹੋਵੇਗਾ ਲੋਕਾਂ ਪ੍ਰਤੀ। ਬੇਸ਼ੱਕ, ਅਸੀਂ ਜਿਸ ਭਵਿੱਖ ਦੀ ਅਸ਼ੰਕਾ ਦੇ ਵਿਰੁੱਧ ਲੜਨਾ ਹੈ, ਇਸ ਵਿੱਚ ਕਿਸੇ ਵੀ ਛੋਟੀ ਤੋਂ ਛੋਟੀ ਚੀਜ ਦੀ ਅਣਦੇਖੀ ਨਹੀਂ ਕਰਨੀ ਹੈ। ਨਿਰਾਸ਼ਾ, ਹਨ੍ਹੇਰੇ, ਉਪਾਅਹੀਣਤਾ, ਕਨਫਿਊਜਨ, ਨਾਲ ਭਰੇ ਹੋਏ ਪੋਲਿਸ਼ ਕਵੀ ਤਾਦਯੁਚ ਰੋਜੇਵਿਚ ਦੀ ਤਰਾਂ ਅਸੀਂ ਇਹ ਕਹਿ ਸਕਦੇ ਕਿ ”ਮੈਂ ਇੱਕ ਕਵੀ ਹਾਂ ਅਤੇ ਬਾਕੀ ਸਭ ਠੀਕ-ਠੀਕ ਹੈ।” ਕਿਉਂਕਿ ਬਾਕੀ ਸਭ ਠੀਕ-ਠਾਕ ਨਹੀਂ ਹੈ ਅਤੇ ਤੁਸੀਂ ਕਵੀ ਹੋ।

ਇਸ ਲਈ ਕਿਸੇ ਚੀਜ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਬੱਚੇ ਦੀ ਵੀ ਨਹੀਂ। ਪਰ ਉਸਨੂੰ ਕਲਾਤਮਕ ਸਜਾਵਟ ਦੇ ਰੂਪ ਵਿੱਚ ਨਹੀਂ ਭਵਿੱਖ ਦੀ ਚਿੰਤਾ ਦੇ ਰੂਪ ਵਿੱਚ ਕਵਿਤਾ ਵਿੱਚ ਆਉਣਾ ਹੈ ਕਿਉਂਕਿ ਸਾਡੇ ਦੁਸ਼ਮਣ ਭਿਅੰਕਰ ਅਪਰਾਧੀ ਹਨ। ‘ਉਹ ਹਰ ਚੀਜ਼ ਨੂੰ ਨਸ਼ਟ ਕਰ ਦੇਣਾ ਚਾਹੁੰਦੇ ਹਨ ਉਹਨਾਂ ਦੀ ਮਾਰ ਨਾਲ ਹਰ ਇਕ ਜੀਉਂਦ ਸੈਂਲ ਸੁੰਗੜ ਜਾਂਦਾ ਹੈ।’

ਅਜਿਹੀ ਹੀ ਕਵਿਤਾ ਅੱਜ ਦੇ ਸਮੇ ਲਈ ਜਰੂਰੀ ਹੈ ਕਿ ਜੋ ਅਪਰਾਧੀ ਦਾ ਹੁਲੀਆ ਅਤੇ ਉਸਦਾ ਅਪਰਾਧ, ਸਾਫ-ਸਾਫ ਸ਼ਬਦਾਂ ਵਿੱਚ, ਉੱਚੀ ਅਵਾਜ ਵਿੱਚ ਬਿਆਨ ਕਰੇ। 

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s