ਗੋਬਿੰਦਧਾਰਾ •ਗੁਰਚਰਨ ਸਿੰਘ ਸਹਿੰਸਰਾ

 

ਪੀ.ਡੀ.ਐਫ਼ ਡਾਊਨਲੋਡ ਕਰੋ

ਗੁਰੂ ਗੋਬਿੰਦ ਸਿੰਘ ਹਿੰਦ ਦੇ ਇਤਿਹਾਸ ਦੀ ਉਹ ਉੱਘੀ ਹਸਤੀ ਹੈ, ਜਿਸ ਨੇ ਨਾਨਕ ਬਾਣੀ ਤੋਂ ਵਿਦਰੋਹੀ ਪ੍ਰੇਰਨਾ ਲੈ ਕੇ ਪੰਜਾਬ ਅੰਦਰ ਉਹ ਇਤਿਹਾਸਕ ਹਾਲਤਾਂ ਪੈਦਾ ਕਰ ਦਿੱਤੀਆਂ, ਜਿਸ ਦੇ ਫਲਸਰੂਪ ਸਦੀਆਂ ਤੋਂ ਪਰਾਈ ਗੁਲਾਮ ਚੱਲੀ ਆ ਰਹੀ ਪੰਜਾਬ ਦੀ ਆਪਣੀ ਭੌਂ-ਮਾਲਕ ਵਸੋਂ ਆਪਣੇ ਦੇਸ਼ ਦੀ ਆਪ ਰਾਜਸੱਤਾ ਬਣ ਗਈ।

ਗੋਬਿੰਦਧਾਰਾ ਨੂੰ ਵਾਚਿਆ ਤੇ ਏਸ ਦੀਆਂ ਕਰਨੀਆਂ ਨੂੰ ਹਾਂਡਿਆਂ ਪਤਾ ਲੱਗਦਾ ਹੈ ਕਿ ਅਧਿਆਤਮਕ ਗੁਣ ਨਾਲ਼ੋਂ ਉਸ ਦਾ ਸਿਆਸੀ ਗੁਣ ਵਧੇਰੇ ਉਜਾਗਰ ਤੇ ਪਦਾਰਥਕ ਸੀ ਅਤੇ ਸੰਸਾਰ ਵਿੱਚ ਉਸੇ ਧਾਰਮਕ ਹਸਤੀ ਦਾ ਨਾਂ ਚੱਲਿਆ ਹੈ, ਜਿਸ ਦੀਆਂ ਕਹਿਣੀਆਂ ਨੇ ਕਰਨੀਆਂ ਦਾ ਨਿੱਗਰ ਰੂਪ ਧਾਰ ਕੇ ਇਤਿਹਾਸ ਨੂੰ ਕੋਈ ਸਿਆਸੀ ਦਾਤ ਬਖਸ਼ੀ ਹੋਵੇ। ਭਾਵ ਸਮਾਜ ਅੰਦਰ ਕੋਈ ਇਤਿਹਾਸ ਪਲਟਾ ਲਿਆਉਣ ਦਾ ਰਾਹ ਚਲਾਇਆ ਹੋਵੇ।

ਇਤਿਹਾਸਕ ਵਿਗਿਆਨੀਆਂ ਦੀ ਪਰਖ-ਪੜਚੋਲ ਦਾ ਇਹ ਸਿੱਟਾ ਹੈ ਕਿ ਜਮਾਤੀ ਸਮਾਜਾਂ ਅੰਦਰ ਧਰਮ ਮਾਲਕ ਜਮਾਤ ਦੀ ਹੀ ਵਿਚਾਰਧਾਰਾ ਹੁੰਦਾ ਹੈ। ਹਿੰਦੁਸਤਾਨ ਦੇ ਪ੍ਰਸਿੱਧ ਇਤਿਹਾਸ ਖੋਜੀ  ਡਾਕਟਰ ਦਮੋਦਰ ਧਰਮਾਨੰਦ ਕੁਸਾਂਭੀ ਨੇ ਵੀ ਆਪਣੀ ਲਿਖਤ ‘ਵਿਗਿਆਨ ਤੇ ਆਜ਼ਾਦੀ’ ਵਿੱਚ ਲਿਖਿਆ ਹੈ: ”ਧਰਮ-ਗਿਆਨ ਅਤੇ ਸਮਕਾਲੀ ਸਮਾਜ ਦੀ ਜਮਾਤੀ ਬਣਤਰ ਤੋਂ ਅਜ਼ਾਦ ਨਹੀਂ ਹੁੰਦਾ।”

ਏਸ ਲਿਹਾਜ਼ ਨਾਲ਼ ਗੁਰੂ ਗ੍ਰੰਥ ਸਾਹਿਬ ਤੇ ਏਸ ਦੇ ਫਲਸਰੂਪ ਕਾਇਮ ਹੋਇਆ ਸਿੱਖ ਰਾਜ ਆਪਣੇ ਸਮੇਂ ਦੀ ਉਸ ਪੰਜਾਬੀ ਭੌਂ ਤੋਂ ਮਾਲਕ ਜੱਟ ਬਰਾਦਰੀਆਂ ਦੀ ਵਸੋਂ ਦੀ ਹੀ ਸਿਆਸਤ ਸੀ, ਜਿਸ ਨੂੰ ਬ੍ਰਾਹਮਣਾਂ ਦੀ ਧਾਰਮਕ ਤੇ ਤੁਰਕਾਂ ਦੀ ਰਾਜਸੀ ਗੁਲਾਮੀ ਤੋਂ ਅਜ਼ਾਦੀ ਪ੍ਰਾਪਤ ਕਰਨ ਦੀ ਇਤਿਹਾਸਕ ਲੋੜ ਸੀ ਤੇ ਜੋ ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਆਸਤ ਦੇ ਸਿਰ ਸਦਕਾ ਸਿੱਖ ਰਾਜ ਦੇ ਰੂਪ ਵਿੱਚ ਅਜ਼ਾਦ ਹੋ ਤੁਰੀ।

ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਬਾਬਾ ਨਾਨਕ ਨੇ ਆਪਣੀ ਬਾਣੀ ਵਿੱਚ ਸਮਕਾਲੀ ਹਿੰਦੂ ਅਧਿਆਤਮਕਤਾ ਤੇ ਤੁਰਕ ਸਿਆਸਤ ਤੋਂ ਵੱਖਰਤਾ ਤੇ ਨਾਬਰਤਾ ਵਖਾਈ ਤੇ ਪੰਜਾਬ ਦੀਆਂ ਭੌਂ-ਮਾਲਕ ਜੱਟ ਬਰਾਦਰੀਆਂ ਨੂੰ ਆਪਣੀ ਸੰਪਰਦਾ ਦੀ ਧਿਰ ਬਣਾਇਆ। ਇਹ ਉਸ ਵੇਲ਼ੇ ਪੰਜਾਬ ਦੇ ਆਪਣੇ ਦੇਸੀ ਰਾਜਕ ਤੇ ਸਮਾਜਕ ਸੰਕਲਪ ਦੀ ਇਨਕਲਾਬੀ ਲਲਕਾਰ ਸੀ। ਏਸ ਨਾਲ਼ ਪੰਜਾਬ ਦੀਆਂ ਦੇਸੀ ਮਾਲਕ ਕਿਸਾਨ ਬਰਦਾਰੀਆਂ ਦੀ ਹੱਦ ਅੰਦਰਲੀਆਂ ਮੁਗਲ ਸੁਲਤਾਨੀ ਹੇਠ ਦੱਬੀਆਂ ਹਿੰਦੂ ਵਰਣਵੰਡ (ਨੀਮ ਗੁਲਾਮੀ) ਦਾ ਸ਼ਿਕਾਰ ਹੋਈਆਂ ਸ਼੍ਰੇਣੀਆਂ ਅੰਦਰ ਬਾਬੇ ਨਾਨਕ ਵੱਲੋਂ ਤੋਰੀ ਗਈ ਇੱਕ ਨਵੀਂ ਅਧਿਆਤਮਕ ਤੇ ਸਮਾਜਕ ਸੰਪਰਦਾ (ਪੰਥ) ਦਾ ਜਨਮ ਹੋਇਆ। ਅਗਲੇ ਗੁਰੂਆਂ ਵੱਲੋਂ ਇਸ ਸੰਪਰਦਾ ਨੂੰ ਪਾਲ਼-ਪੋਸ ਕੇ ਵੱਡਾ ਕਰਦੇ ਜਾਣ ਉੱਤੇ ਹਿੰਦੂ ਤੇ ਤੁਰਕ, ਦੋਹਾਂ ਸਿਆਸੀ ਅਧਿਕਾਰੀਆਂ ਵਿੱਚ ਏਸ ਵਿਰੁੱਧ ਈਰਖਾ ਪੈਦਾ ਹੋ ਗਈ।

ਪਹਿਲੇ ਪਹਿਲ ਹਿੰਦੂ ਧਰਮ ਅਧਿਕਾਰੀਆਂ ਨੇ ਏਸ ਨਾਲ਼ ਈਰਖਾ ਰੱਖਦਿਆਂ ਤੇ ਵੈਰ ਕਮਾਉਂਦਿਆਂ ਹੋਇਆ ਏਸ ਵਿਰੁੱਧ ਮੁਗਲ ਹਾਕਮਾਂ ਕੋਲ਼ ਚੁਗਲੀਆਂ ਤੇ ਲੂਤੀਆਂ ਲਾਉਣੀਆਂ ਆਰੰਭ ਕੀਤੀਆਂ, ਜਿਸ ਉੱਤੇ ਮੁਗਲ ਹਾਕਮ, ਜਹਾਂਗੀਰ ਤੇ ਔਰੰਗਜ਼ੇਬ ਦਾ ਕਹਿਰ ਬਣ ਕੇ ਏਸ ਸੰਪਰਦਾ ਉੱਤੇ ਟੁੱਟ ਪਏ, ਜਿਸ ਕਾਰਨ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਹੋਣਾ ਪਿਆ ਤੇ ਗੁਰੂ ਹਰਗੋਬਿੰਦ ਨੂੰ ਕੈਦ ਅਤੇ ਗੁਰੂ ਗੋਬਿੰਦ ਸਿੰਘ ਦੀ ਸੈਨਕਤਾ ਤੇ ਸ਼ਾਹੀ ਜਲ-ਜਲੌਅ ਵੇਖ ਕੇ ਤਾਂ ਹਿੰਦੂ ਪਹਾੜੀ ਰਾਜੇ ਵੀ ਉਸ ਨੂੰ ਤਲਵਾਰੀ ਉੱਠ ਪਏ।

ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਲਈ ਇਹ ਜਰੂਰੀ ਹੋ ਗਿਆ ਕਿ ਉਹ ਸਿੱਖ ਸੰਪਰਦਾ ਉੱਤੇ ਹਮਲਾਵਰ ਹੋ ਤੁਰੇ ਇਹਨਾਂ ਹਿੰਦੂ ਰਾਜਿਆਂ ਤੇ ਮੁਗਲ ਹਾਕਮਾਂ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਕਤਾ ਨੂੰ ਵਧਾਵੇ ਤੇ ਤਕੜਿਆਂ ਕਰੇ। ਏਸ ਲਈ ਉਸ ਨੇ ਅਨੰਦਪੁਰ ਦੇ ਆਪਣੇ ਪਹਿਲੇ ਬਿਸ਼ਰਾਮ ਸਮੇਂ ਸੰਗਤ ਤੇ ਪੰਗਤ ਵਧਾ ਕੇ ਸੈਨਕ-ਸ਼ਕਤੀ ਮਜ਼ਬੂਤ ਕਰ ਲਈ ਤੇ ਪਾਉਂਟੇ ਦੇ ਆਪਣੇ ਤਿੰਨ ਸਾਲਾਂ ਜੀਵਨ ਵਿੱਚ ਹੋਰ ਵਧੇਰੇ ਸੋਚ ਵਿਚਾਰ ਕੇ ਉਹ ਏਸ ਨਤੀਜੇ ਉੱਤੇ ਪਹੁੰਚਿਆ ਕਿ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਪਹਿਲੇ ਗੁਰੂਆਂ ਦੀ ਵਿਚਾਰਧਾਰਾ (ਬਾਣੀ) ਤੇ ਸੰਗਠਨ ਦੇ ਤਰੀਕੇ (ਸੰਗਤ, ਪੰਗਤ ਤੇ ਸੈਨਾ) ਵਿੱਚ ਵੇਲ਼ੇ ਦੀ ਲੋੜ ਅਨੁਸਾਰ ਬਦਲੀ ਕਰਨਾ ਜਰੂਰੀ ਹੈ। ਏਸ ਪਦਾਰਥਕ ਕਾਰਨ ਕਰਕੇ ਹੀ ਉਸ ਦੀ ਵਿਚਾਰਧਾਰਾ ਦਾ, ਭਾਵੇਂ ਆਪਣੀ ਰਚਨਾ ਹੈ ਜਾਂ ਉਸ ਦੇ ਦਰਬਾਰੀ ਕਵੀਆਂ ਦੀ ਆਦਿ ਗਰੰਥ ਦੀ ਵਿਚਾਰਧਾਰਾ ਨਾਲ਼ੋਂ ਰੰਗ ਰੂਪ ਨਿਆਰਾ ਤੇ ਵਿਸ਼ਾ ਵਸਤੂ ਵਧੇਰੇ ਪਦਾਰਥਕ, ਖਾੜਕੂ, ਬਗਾਵਤ ਤੇ ਸੰਗਰਾਮੀ ਹੈ।

ਰੰਗ ਰੂਪ ਦੇ ਲਿਹਾਜ ਨਾਲ਼ ਇਹ ਰਾਗਾਂ ਵਿੱਚ ਨਹੀਂ, ਜੋ ਉਸ ਸਮੇਂ ਦੇ ਰਾਜ ਦਰਬਾਰਾਂ ਦਾ ਸੁਹਜ ਸਨ, ਆਮ ਲੋਕਾਂ ਦਾ ਨਹੀਂ। ਗੋਬਿੰਦ ਸਾਹਿਤ ਛੰਦਾਂ, ਸਵੱਯਾ, ਚੌਪਈਆਂ ਤੇ ਪੌੜੀਆਂ ਆਦਿਕ ਜਨਤਕ ਸੁਰਾਂ ਵਿੱਚ ਰਚਿਆ ਗਿਆ ਹੈ, ਜੋ ਭਾਵੇਂ ਠੇਠ ਪੰਜਾਬੀ ਤਾਂ ਨਹੀਂ, ਪਰ ਜੇ ਆਮ ਸੱਥਾਂ ਵਿੱਚ ਪੜ੍ਹਿਆ ਜਾਂ ਗਾਵਿਆਂ ਜਾਏ ਤਾਂ ਸੁਣ ਕੇ ਡੌਲ਼ੇ ਫਰਕਣ ਲੱਗ ਪੈਂਦੇ ਹਨ।

ਵਿਸ਼ਾ-ਵਸਤੂ ਦਾ ਰਸ ਸੰਗਰਾਮੀ ਤੇ ਬਗਾਵਤੀ ਹੈ। ਜੋ ਹਿੰਦੂ ਮੁਸਲਮ ਧਰਮਾਂ ਦੀ ਜਨਤਾ ਨੂੰ ਮਾਲਕ ਗੁਲਾਮ, ਊਚ ਨੀਚ, ਜਾਤ ਪਾਤ, ਰਾਓਂ ਰੰਕ ਆਦਿ ਵਰਗਾਂ ਵਿੱਚ ਵੰਡ ਕੇ ਰਾਜ ਕਰਨੀਆਂ ਸ਼੍ਰੇਣੀਆਂ ਦੀ ਸੇਵਾ ਕਰਵਾ ਰਹੇ ਭੇਖਾਂ, ਸੰਸਕਾਰਾਂ, ਪਰਪਾਟੀਆਂ, ਕਰਮ ਕਾਡਾਂ, ਦਿਨ-ਦਿਹਾਰਾਂ ਤੇ ਲਿਖਤਾਂ ਉੱਤੇ ਹਮਲਾ ਕਰਦਾ ਹੈ ਤੇ ਲੋਕਾਂ ਨੂੰ ਇਹ ਸਭ ਕੁੱਝ ਛੱਡ ਕੇ ‘ਇੱਕ’ ਦੇ ਮਗਰ ਲੱਗਣ ਲਈ ਪੁਕਾਰਦਾ ਹੈ ਤੇ ਇਉਂ ਜਾਪਦਾ ਹੈ, ਜਿਵੇਂ ਕੋਈ ਰਣ ਵਿੱਚ ਉੱਤਰਿਆ ਵੀਰ ਸੈਨਾਪਤੀ ਵਿਰੋਧੀਆਂ ਨੂੰ ਸ਼ਰਨ ਆ ਲੱਗਣ ਲਈ ਵੰਗਾਰ ਰਿਹਾ ਹੋਵੇ, ਨਾਲ਼ ਦਿਆਂ ਨੂੰ ਹੱਲਾਸ਼ੇਰੀਆਂ ਦੇ ਰਿਹਾ ਹੋਵੇ ਤੇ ਆਪਣੀ ਜਿੱਤ ਲਈ ਆਸਵੰਦ ਹੋਵੇ, ਜਿਵੇਂ :

-ਨਾਮ ਨਾਮ ਜਾਤਿ ਜਾਕਰ ਰੂਪ ਰੰਗ ਨ ਰੇਖ
ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ
ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ
ਜੱਤਰ ਤੱਤਰ ਦਿਸਾ ਵਿਸਾ ਹੁਇ ਫੈਲਿਉ ਅਨੁਰਾਗ (੮੦)

ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਬ
ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ (੮੨)
    (ਅਕਾਲ ਉਸਤਤਿ)

ਹੋਰ

-ਦੋਹੁਰਾ ਮਸੀਤ ਸੋਈ, ਪੂਜਾ ਔ ਨਮਾਜ਼ ਓਹੀ
ਮਾਨਸ ਸਭੈ ਏਕ ਪੈ ਅਨੇਕ ਕੁ ਪਰਭਾਉ ਹੈ।
ਦੇਵਤਾ, ਅਦੇਵ, ਜਛ, ਗੰਧਰਵ, ਤੁਰਕ, ਹਿੰਦੂ,
ਨਯਾਰ ਨਯਾਰੇ ਦੇਸਨ ਕੇ ਭੇਸ ਕੁ ਸੁਭਾਉ ਹੈ।
ਏਕੇ ਨੈਨ, ਏਕੇ ਕਾਨ, ਏਕੇ ਦੇਹ, ਏਕੇ ਬਾਨ,
ਖਾਕ, ਬਾਦ, ਆਤਸ਼ ਔ ਆਬ ਕੋ ਰਲਾਉ ਹੈ।
ਅਲਾਹੁ ਅਭੇਖ ਸੋਈ, ਪੁਰਾਣ ਔ ਕੁਰਾਨ ਓਹੀ,
ਏਕ ਹੀ ਸਰੂਪ ਸਭੈ ਏਕ ਹੀ ਬਨਾਓ ਹੈ।
   (ਅਕਾਲ ਉਸਤਤਿ ੧੬-੬੬)

ਹਿੰਦੂ ਤੇ ਤੁਰਕਾਂ ਨੂੰ ਇਕਸੇ ਕੌਮ ਵਿੱਚ ਬੱਝ ਜਾਣ ਲਈ ਕਿੱਡੀ ਜਚਵੀਂ ਤੇ ਲਲਕਾਰਵੀਂ ਪੁਕਾਰ ਹੈ। ਏਥੇ ਹੀ ਬਸ ਨਹੀਂ, ਅੱਗੇ ਇਹਨਾਂ ਅਧਿਕਾਰੀਆਂ ਦੇ ਧਰਮ ਤੇ ਸਿਆਸੀ ਜਾਲ਼ ਵਿੱਚ ਫਸੀ ਜਨਤਾ ਨੂੰ ਆਪਣੇ ਇਸ਼ਟਾਂ ਤੇ ਗਰੰਥਾਂ ਤੋਂ ਬਗਾਵਤ ਕਰਨ ਲਈ ਵੀ ਵੰਗਾਰਿਆ ਗਿਆ ਹੈ :

-ਰਾਮ ਰਹੀਮ ਪੁਰਾਣ ਕੁਰਾਨ ਕਹੈਂ
ਮਤ ਏਕ ਨ ਮਾਨਿਊ।।
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ
ਬਹੁ ਭੇਦ ਕਹੈ ਹਮ ਏਕ ਨ ਜਾਨਿਊ।।
   (ਅਕਾਲ ਉਸਤਤਿ-੮੬੩)

ਗੋਬਿੰਦ ਸਾਹਿਤ ਦਾ ਵਿਸ਼ਾ ਆਦਿ ਗਰੰਥ ਨਾਲ਼ੋਂ ਵਧੇਰੇ ਜਨਤਕ, ਸੰਸਾਰੀ ਤੇ ਜਗਤਾਰੀ ਸੀ। ਏਸੇ ਲਈ ਅਸੀਂ ਇਹਦੀ ਬਾਣੀ ਵਿੱਚ ਪੰਜਾਬ ਤੋਂ ਬਾਹਰਲੀਆਂ ਕੌਮਾਂ ਦਾ ਵੀ ਵਰਣਨ ਵੇਖਦੇ ਹਾਂ। ਜਿਸ ਤਰ੍ਹਾਂ :

ਫਾਰਸੀ, ਫਰੰਗੀ, ਫਰਾਂਸੀਸੀ, ਮਕਰਾਨ, ਕੰਧਾਰੀ, ਗੌਰ, ਗੋਖਰੀ, ਪਲਾਊਂ, ਕਮਾਊਂ, ਕਾਮਰੂਪ, ਬੰਗ ਦੇ ਬੰਗਾਲੀ, ਦਿੱਲੀ ਦੇ ਦਿਲ ਵਾਲ਼ੇ, ਰੂਹੇਲੈ, ਮਘੇਲੇ, ਬੰਗਸੀ, ਬੁੰਦੇਲੇ, ਚੀਨ ਮਚੀਨ ਤੇ ਤਿੱਬਤੀ ਆਦਿ।
  (ਅਕਾਲ ਉਸਤਤਿ-੧੪-੨੫੫,੩-੨੫੦)

ਫੇਰ ਬੜੇ ਬੜੇ ਰਾਜਿਆਂ, ਦੇਸ ਦੇਸਾਨ ਨੂੰ ਜਿੱਤਣ ਵਾਲੇ ਬੀਰਾਂ, ਥੜੀਆਂ ਫੌਜਾਂ ਵਾਲ਼ੇ ਹੰਕਾਰੀਆਂ, ਚਾਰੋਂ ਤਰੁਫ਼ ਕਿਲ੍ਹਿਆਂ ਦੀ ਧਾਰ ਬੱਧੀ ਖੜੇ ਸੈਨਕ ਅਧਿਕਾਰੀਆਂ ਨੂੰ ਤੁੱਛ ਸਮਝਦਿਆਂ ਲਿਖਿਆ ਹੈ :

 -”ਏਤੇ ਭਏ ਤੋਂ ਕਹਾਂ ਭਏ ਭੂਪਤਿ
 ਅੰਤ ਕੋ ਨਾਂਗੇ ਹੀ ਪਾਂਇ ਪਧਾਰੇ।।”
    (ਸਵੱਯਾ ੨)

ਇਹ ਹੈ, ਗੋਬਿੰਦ ਵਿਚਾਰਧਾਰਾ। ਨਾਨਕਧਾਰਾ ਤੇ ਆਦਿ ਗਰੰਥ ਦੀ ਹੋਰ ਬਾਣੀ ਵਿਆਖਿਆਕਾਰ ਹੈ, ਬਦਲੀਆਂ ਲਈ ਲਲਕਾਰ ਨਹੀਂ ਹੈ। ਗੋਬਿੰਦਧਾਰਾ ਪੁਰਾਤਨਤਾ ਨੂੰ ਛੱਡ ਜਾਣ ਤੇ ਨਵੀਨਤਾ (ਏਕ ਹੀ ਸਰੂਪ ਸਭੇ ਏਕ ਹੀ ਬਨਾਉ ਹੈ) ਨੂੰ ਧਾਰਨ ਕਰਨ ਦੀ ਵੰਗਾਰ ਹੈ। ਏਸ ਲਈ ਅਜਿਹੀ ਜੁਝਾਰ ਤੇ ਬਗਾਵਤੀ ਵਿਚਾਰਧਾਰਾ ਦੀ ਵਿਆਪਕਤਾ ਦਾ ਲੋਕ-ਬਗਾਵਤ ਦਾ ਰੂਪ ਧਾਰ ਲੈਣਾ ਲਾਜ਼ਮੀ ਸੀ। ਗੁਰੂ ਗੋਬਿੰਦ ਦਾ ਸਭ ਧਰਮੀ ਮੂਰਤਾਂ ਨੂੰ, ਭਾਵੇਂ ਉਹ ਕਿਸੇ ਦੇਸ਼, ਕਿਸੇ ਭੇਖ, ਕਿਸੇ ਧਰਮ ਤੇ ਮਤਾਂਤਰ ਦੀਆਂ ਧਾਰਨਾ ਹੋਣ, ਮਨੁੱਖਤਾ ਨੂੰ ਇਕਸੇ ਦੇਹਧਾਰੀ ਰੂਪ (ਕੌਮ) ਵਿੱਚ ਪੇਸ਼ ਕਰਨਾ, ਉਸ ਵੇਲ਼ੇ ਇੱਕ ਇਨਕਲਾਬੀ ਕਦਮ ਸੀ, ਜਿਸ ਨੂੰ ਅਗਾਂਹ ਪੁਟੀ ਜਾਣ ਤੇ ਦਾਈ ‘ਤੇ ਪੁਗਾਉਣ ਲਈ ਲੋੜੀਂਦੀਆਂ ਕਰਨੀਆਂ ਦਾ ਇਨਕਲਾਬੀ ਹੋ ਜਾਣਾ ਅਵੱਸ਼ ਹੋ ਜਾਂਦਾ ਹੈ। ਇਸ ਇਨਕਲਾਬੀ ਤੋਰ ਲਈ ਪੁਰਾਣੇ ਦਾਅ ਪੇਚ ਤਿਆਗ ਕੇ ਨਵੇਂ ਦਾਅ-ਪੇਚ ਲਾਉਣੇ ਪੈਂਦੇ ਹਨ।

ਹਿੰਦੂ ਧਰਮ ਦੇ ਪਹਾੜੀ ਰਾਜਿਆਂ ਨਾਲ਼ ਭੰਗਾਣੀ ਵਾਲੇ ਯੁੱਧ, ਜੰਮੂ ਦੇ ਮੁਗ਼ਲ ਸੂਬੇਦਾਰ ਨਾਲ ਹੋਈ ਲੜਾਈ ਤੇ ਅਖ਼ੀਰ ਲਾਹੌਰ ਦੇ ਸੂਬੇਦਾਰ ਦੀਆਂ ਖਿਰਾਜ ਲੈਣ ਦੀਆਂ ਫ਼ੌਜਾਂ ਨਾਲ਼ ਟਕਰਾਅ ਵੇਲ਼ੇ ਭਾਵੇਂ ਗੁਰੂ ਸਾਹਿਬ ਦੀ ਜਿੱਤ ਹੋਈ, ਪਰ ਸੈਨਾ ਤੇ ਸੰਗਤ (ਸਿੱਖੀ) ਵਿੱਚ ਗੰਭੀਰ ਕਚਿਆਈਆਂ ਪ੍ਰਗਟ ਹੋਈਆਂ। ਤਨਖ਼ਾਹ ਉੱਤੇ ਰੱਖੀ ਸੈਨਾ ਵਿੱਚੋਂ ਕਦੇ ਪਠਾਣ ਛੱਡ ਕੇ ਦੁਸ਼ਮਣ ਨਾਲ਼ ਜਾ ਰਲ਼ੇ, ਕਦੇ ਉਦਾਸੀ ਖਿਸਕ ਗਏ ਤੇ ਕਦੇ ਲੰਗਰ ਉਦਾਲ਼ੇ ਰਹਿਣ ਵਾਲ਼ੇ ਲਿੰਹਜੜ ਦੌੜ ਗਏ। ਉੱਧਰੋਂ ਨਿਆਰੇ ਨਿਆਰੇ ਧਰਮਾਂ, ਵਰਨਾਂ ਤੇ ਜਾਤਾਂ ਦੇ ਸੰਗਤ ਵਿੱਚ ਰਲ਼ੇ ਬੰਦਿਆਂ ਵਿੱਚ, ”ਇਹ ਖਾਣਾ, ਓਹ ਨਹੀਂ ਖਾਣਾ-ਇਹਦੇ ਹੱਥੋਂ ਨਹੀਂ ਪੀਣਾ, ਉਹਦੇ ਨਾਲ਼ ਬੈਠ ਕੇ ਨਹੀਂ ਖਾਣਾ-ਦੇ ਸ਼ੰਕੇ ਰੱਖਣ ਵਾਲ਼ਿਆਂ ਨੇ ਸੰਗਤ ਦੀ ਇਕਸਾਰਤਾ ਵਿੱਚ ਬੜੀਆਂ ਔਕੜਾਂ ਖੜੀਆਂ ਕਰ ਦਿੱਤੀਆਂ।

ਇਹਨਾਂ ਕਚਿਆਈਆਂ ਤੇ ਔਕੜਾਂ ਨੂੰ ਦੂਰ ਕਰਨ ਦੀ ਲੱਭੀ ਵਿਧੀ ਹੀ ਗੋਬਿੰਦਧਾਰਾ ਦਾ ਮੂਲ ਵਿਸ਼ਾ ਵਸਤੂ ਹੈ ਤੇ ਏਸ ਨੂੰ ਅਮਲ ਵਿੱਚ ਲਿਆਉਣ ਦੇ ਸਾਧਨ ਸੋਚਣ ਲਈ ਉਸ ਨੇ ਨੈਣਾਂ ਦੇਵੀ ਦੇ ਟਿੱਲੇ ਉੱਤੇ ਇਕਲਵੰਝੇ ਬੈਠ ਕੇ ਚਾਲੀ ਦਿਨਾਂ ਦਾ ਛਿਲਾ ਕਟਿਆ (ਜਿਸ ਨੂੰ ਗ਼ਲਤ ਇਤਿਹਾਸਕਾਰ ਦੇਵੀ ਧਿਆਉਣਾ ਆਖਦੇ ਹਨ) ਤੇ ਅਖੀਰ ਏਸ ਦਾ ਹੱਲ ਲੱਭ ਲਿਆ।

ਸਿੱਖੀ ਦੇ ਦੋ ਸਰਗਰਮ ਪੱਖ ਸਥਾਪਤ ਕਰਨੇ; ਇੱਕ ਧਰਮ ਯੁੱਧ ਦਾ; ਦੂਸਰਾ ਧਰਮ ਪ੍ਰਚਾਰ ਦਾ ਪੱਖ ਸੀ, ਸਿੱਖੀ ਦੀ ਬਕਾਇਦਾ ਨਿਯਮਬੱਧ ਇੱਕ-ਮਈ ਭਰਤੀ ਤੇ ਵਲੰਟੀਅਰ ਸੈਨਕ ਸੇਵਾ, ਜਿਸ ਅੰਦਰ ਲੋਕ-ਤੱਤ ਨੂੰ ਗੁਰੂ-ਤੱਤ ਉੱਤੇ ਪਰੱਭਤਾ ਪ੍ਰਾਪਤ ਹੋਵੇ। ਏਸ ਸੰਕਲਪ ਨੂੰ ਮੁੱਖ ਰੱਖ ਕੇ ਖਾਲਸਾ ਸਾਜਿਆ ਗਿਆ, ਜਿਸ ਦਾ ਮਨੋਰਥ ਸਿੱਖ ਸਿਆਣਿਆਂ (ਬਾਲਗਾਂ) ਨੂੰ ਸੰਪਰਦਾ ਵਾਸਤੇ ਹਰ ਕੁਰਬਾਨੀ ਦੇਣ ਦੀ ਸੋਝੀ ਦੇ ਕੇ ਸਿੰਘ ਸਜਾਉਣਾ, ਭਾਵ ਸਿੱਖ ਬਣਾਉਣਾ। ਏਸ ਤਰ੍ਹਾਂ ਤੁਰਕ ਤੇ ਹਿੰਦੂ ਹਾਕਮਤਾ ਹੇਠ ਦਬੇ ਮਿੱੱਧੇ ਗੁਲਾਮ ਜੀਆਂ (ਚਿੜੀਆਂ) ਨੂੰ ਸਿੰਘ (ਬਾਜ਼) ਬਣਾ ਲੈਣ ਦਾ ਰਾਹ ਚਲਾ ਲਿਆ। ਇਹ ਬੜਾ ਮਹਾਤਮ ਭਰਿਆ ਇਨਕਲਾਬੀ ਬਦਲੀ ਦਾ ਕਦਮ ਸੀ, ਜੋ ਸੰਪਰਦਾ ਦੀ ਕਾਇਆ ਨੂੰ ਸੰਗਰਾਮੀ ਬਨਾਉਣ ਵਾਸਤੇ ਪੁੱਟਿਆ ਗਿਆ।

ਇਹ ਸਿੱਖੀ ਦਾ ਧਰਮ ਯੁੱਧ ਪੱਖ ਸੀ, ਜਿਸਨੇ ਮੁਗ਼ਲ ਰਾਜ ਵਿਰੁੱਧ ਜੰਗਾਂ ਯੁੱਧਾਂ ਵਿੱਚ ਹੀ ਰੁੱਝੇ ਰਹਿਣਾ ਸੀ ਤੇ ਸ਼ਰੀਕ ਧਰਮ ਦੇ ਵਿਦਵਾਨਾਂ ਨਾਲ਼ ਗੋਸ਼ਟੀਆਂ ਕਰਨ, ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਕਿਆਂ ਰੱਖਣ ਤੇ ਲੋਕਾਂ ਨੂੰ ਸਿੱਖੀ ਵੱਲ ਪ੍ਰੇਰਨ ਲਈ ਧਰਮ ਪ੍ਰਚਾਰ ਦਾ ਸਮਾਂ ਨਹੀਂ ਸੀ ਕੱਢ ਸਕਦਾ, ਮਸੰਦ ਏਸ ਕੰਮ ਜੋਗੇ ਨਹੀਂ ਸਨ ਰਹੇ, ਜਿਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਸੀ। ਇਹਨਾਂ ਦੀ ਥਾਂ ਨਵੀਂ ਧਰਮ ਪ੍ਰਚਾਰ ਸੰਸਥਾ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਚਾਰ ਵਿਦਵਾਨ ਸਿੱਖ ਸੰਸਕ੍ਰਿਤ ਗਰੰਥਾਂ ਦੀ ਵਿਦਿਆ ਲਈ ਬਨਾਰਸ ਭੇਜੇ, ਵਾਪਸ ਆਉਣ ‘ਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ, ਪਰ ਡਿਊਟੀ ਧਰਮ ਪ੍ਰਚਾਰ ਦੀ ਹੀ ਸੌਂਪੀ ਗਈ। ਇਹ ਨਿਰਮਲੇ ਸਿੰਘ ਅਖਵਾਏ ਏਸ ਤਰ੍ਹਾਂ ਗੋਬਿੰਦਧਾਰਾ ਨੇ ਸਿੱਖਾਂ ਨੂੰ ਇੱਕ ਪਾਸੇ, ਯੁੱਧਾਂ ਦੇ ਕਰਮਕਾਂਡ ਵਿੱਚ ਪ੍ਰਪੱਕ ਕਰਨ ਤੇ ਦੂਸਰੇ ਪਾਸੇ ਧਰਮ ਗਿਆਨ ਤੋਂ ਜਾਣੂ ਰੱਖਣ ਲਈ ਧਰਮ ਯੁੱਧ ਤੇ ਧਰਮ ਪ੍ਰਚਾਰ ਦੇ ਅਡੋ-ਅੱਡ ਪੱਖ ਸਥਾਪਤ ਕਰ ਲਏ।

   ਗੁਰੂ ਗੋਬਿੰਦ ਸਿੰਘ ਨੇ ਇਹ ਦੋ ਉਸਾਰੂ ਇਨਕਲਾਬੀ ਕਦਮ ਪੁੱਟ ਕੇ ਵਰਣਾਂ ਦੀ ਹਿੰਦੂ ਸੰਪਰਦਾ ਉੱਤੇ ਕਰਾਰੀ ਸੱਟ ਮਾਰੀ ਤੇ ਖਾਲਸੇ ਨੂੰ ਪੁਰਾਣੀਆਂ ਧਾਰਮਕ ਸੰਪਰਦਾਵਾਂ ਨਾਲ਼ੋਂ ਅਲੱਗ ਕਰ ਲਿਆ। ਸਭ ਵਰਣਾਂ ਦੇ ਬੰਦਿਆਂ ਨੂੰ ਇੱਕੇ ਹੀ ਬਾਟੇ ਵਿੱਚ ਛਕਾ ਕੇ ਅਗਾਂਹ ਛਕਾਈ ਜਾਣ ਦੀ ਪਿਰਤ ਪਾ ਕੇ ਆਪਣੀ ਵਿਚਾਰਧਾਰਾ ਦਾ ਲੋਕਮਈ ਬਗ਼ਾਵਤੀ ਤੱਥ ਅਮਲ ਵਿੱਚ ਲਿਆਂਦਾ, ਜੋ ਪੁਕਾਰ ਪੁਕਾਰ ਕੇ ਆਖਦਾ ਸੀ :

-ਏਕ ਨੈਨ, ਏਕੇ ਕਾਨ, ਏਕ ਦੇਹ, ਏਕੇ ਥਾਨ
ਖਾਕ, ਬਾਦ ਆਤਸ਼ ਔ ਆਬ ਕੋ ਰਲਾਉ ਹੈ।

ਦੁਨੀਆਂ ਭਰ ਦੇ ਉਸ ਵੇਲ਼ੇ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਹੀ ਪਹਿਲਾ ਧਾਰਮਿਕ ਆਗੂ ਹੈ, ਜਿਸਨੇ ਆਪਣੇ ਜੀਉਂਦੇ ਜੀਅ ਆਪਣੇ ਹੱਥੀਂ ਆਪਣੀ ਸੰਪਰਦਾ ਨੂੰ ਜਮਹੂਰੀ ਪਾਣ ਦੇ ਲਈ ਹੋਵੇ। ਇਸ ਮਕਸਦ ਨੂੰ ਪੂਰਨ ਲਈ ਹੇਠ ਲਿਖੇ ਨਿਯਮ ਨਿਯਤ ਕੀਤੇ ਗਏ :

1. ਪੰਜਾਂ ਪਿਆਰਿਆਂ ਦੇ ਜਾਮੇ ਵਿੱਚ ਲੋਕ-ਰਾਜ ਤੱਤ ਪ੍ਰਚੱਲਤ ਕੀਤਾ ਤੇ ਏਸ ਨੂੰ ਧਰਮਸੱਤਾ ਦੀ ਕਾਰ ਬਖਸ਼ ਕੇ ਏਸ ਦੀ ਗੁਰੂ ਉੱਤੇ ਵੀ ਪਰੱਭਤਾ ਸਥਾਪਤ ਕਰ ਦਿੱਤੀ। ਇਹ ਅਜੋਕੀ ਡੈਮੋਕਰੇਸੀ ਦਾ ਪਹਿਲ ਪਰਿਥਮੀ ਚਾਰਾ ਹੈ।

-”ਖਾਲਸਾ ਗੁਰੂ ਹੈ, ਗੁਰੂ ਖਾਲਸ ਕਰੇ ਮੈਂ ਅਬ,
ਜੈਸੇ ਗੁਰੂ ਨਾਨਕ ਅੰਗਦ ਕੋ ਕੀਨੀਯੋ।।
ਸ਼ੰਕ ਨ ਕਰੀਜੇ ਸਾਵਧਾਨ ਹੋਏ ਦੀਜੇ
ਅਬ ਅੰਮ੍ਰਿਤ ਛਕਾਵੇ, ਜੈਸੇ ਤੁਮ ਲੀਨੀਯੋ।”

2. ਖਾਲਸੇ ਨੂੰ (ਅੱਜਕਲ ਸਰਮਾਏਦਾਰ ਜੁਗ ਦੀਆਂ ਸਿਆਸੀ ਪਾਰਟੀਆਂ ਵਾਂਗ) ਭਰਤੀ ਕਰਨ ਤੇ ਚਲਾਉਣ ਲਈ ਪੰਜਾਂ ਪਿਆਰਿਆਂ ਦਾ ਸਰਬ ਅਧਿਕਾਰੀ ਕਮਿਸ਼ਨ ਬਣਾਉਣ ਦੀ ਪ੍ਰਥਾ ਚਲਾਈ, ਜਿਸ ਨੂੰ ਧਾਰਮਿਕ ਅਖ਼ਤਿਆਰਾਂ ਦੇ ਨਾਲ਼ ਬਾਕੀ ਸਾਰੇ ਜਥੇਬੰਦਕ ਅਖ਼ਤਿਆਰ ਵੀ ਸੌਂਪੇ, ਭਾਵ ਅਗਾਂਹ ਖਾਲਸਾ ਭਰਤੀ ਕਰੀ ਜਾਣ ਦੇ ਅਧਿਕਾਰ।

3. ਸਭ ਸਿੱਖਾਂ ਨੂੰ, ਭਾਵੇਂ ਉਹ ਗੁਰੂ ਘਰ ਦੇ ਸ਼ਰਧਾਲੂ ਤੇ ਸ਼ਬਦ ਕੀਰਤਨੀ ਹੀ ਹੋਣ, ਬਿਨਾਂ ਅੰਮ੍ਰਿਤ ਛਕਾਏ ਸੰਗਤ ਪੰਗਤ (ਖਾਲਸਾ) ਲੈਣਾ ਬੰਦ ਕਰ ਦਿੱਤਾ ਤੇ ਅੰਮ੍ਰਿਤ ਵੀ ਸਿਆਣਿਆ (ਬਾਲਗਾਂ) ਨੂੰ ਹੀ ਛਕਾਇਆ ਜਾਣਾ ਤਹਿ ਕੀਤਾ। (ਹਿੰਦੂਆਂ, ਮੁਸਲਮਾਨਾਂ, ਈਸਾਈਆਂ ਤੇ ਹੋਰਨਾਂ ਧਰਮਾਂ ਵਿੱਚ ਜੰਮਦੇ ਬੱਚੇ ਨੂੰ ਹੀ ਆਪੋਂ ਆਪਣੇ ਧਾਰਮਿਕ ਸੰਸਕਾਰਾਂ ਧਰਮੀ ਬਣਾ ਲਿਆ ਜਾਂਦਾ ਹੈ)। ਏਸ ਤਰ੍ਹਾਂ ਅੰਮ੍ਰਿਤ ਛਕ ਕੇ ਬਣੇ ਸਿਪਾਹੀ ਗੁਰੂ ਦੀ ਫ਼ੌਜ ਬਣਨ ਲਗ ਪਏ, ਆਮ ਸੰਗਤ ਤੇ ਪੰਗਤ ਨਹੀਂ।

ਇਹਨਾਂ ਬੁਨਿਆਦੀ ਲੋਕਮਈ ਤਬਦੀਲੀਆਂ ਨਾਲ਼ ਏਸ ਸੰਪਰਦਾ ਦਾ ਲੋਕਾਂ ਅੰਦਰ ਚੌਹੀਂ ਪਾਸੀਂ ਜੰਗਲ ਦੀ ਅੱਗ ਵਰਗਾ ਪਸਾਰ ਹੋਇਆ। ਸੰਗਤਾਂ ਆਪਣੇ ਵਰਣਾਂ ਤੇ ਕਰਮਾਂ ਦੇ ਭਿੰਨ ਭੇਤ ਛੱਡ ਕੇ ਧੜਾਧੜ ਸਿੰਘ ਸਜਣ ਲੱਗ ਪਈਆਂ।

ਡਾਕਟਰ ਗੋਪਾਲ ਸਿੰਘ ਦਰਦੀ ਲਿਖਦੇ ਹਨ, ”ਦੋ ਮਹੀਨਿਆਂ ਵਿੱਚ 80 ਹਜ਼ਾਰ ਸਿੱਖ ਸਿੰਘ ਸਜ ਗਏ, ”ਜੋ ਉਹਨਾਂ ਹਾਲਤਾਂ ਵਿੱਚ ਇੱਕ ਮਹਾਨ ਸਫ਼ਲਤਾ ਸੀ। ਦੂਜੇ ਬੰਨੇ ਹਿੰਦੂ ਤੇ ਮੁਗਲ ਰਾਜ ਅਧਿਕਾਰੀਆਂ ਦੀ ਵਿਰੋਧਤਾ ਤੇ ਵੈਰ ਹੋਰ ਵਧ ਗਿਆ ਤੇ ਉਹਨਾਂ ਦੋਹਾਂ ਨੇ ਰਲ਼ ਕੇ ਅਨੰਦਪੁਰ ਉੱਤੇ ਫ਼ੌਜੀ ਹਮਲਾ ਕਰ ਦਿੱਤਾ।

ਏਸ ਜੰਗ ਵਿੱਚ ਅਨੰਦਪੁਰ ਛੱਡਣਾ, ਸਾਹਿਬਜ਼ਾਦਿਆਂ ਤੇ ਮਾਤਾ ਦੀ ਕੁਰਬਾਨੀ ਤੇ ਸੈਂਕੜੇ ਸਿੰਘਾਂ ਦੀ ਸ਼ਹੀਦੀ ਤਾਂ ਦੇਣੀ ਪਈ, ਪਰ ਭਰਤੀ ਦੀ ਫ਼ੌਜ ਨਾਲ਼ੋਂ ਸਿੰਘ ਸਜੀ ਫ਼ੌਜ ਕਿਤੇ ਬਹਾਦਰ ਤੇ ਜਾਨ ਹੀਲਵੀਂ ਸਾਬਤ ਹੋਈ। ਅਖ਼ੀਰ ਇਸ ਸਿੰਘ ਸਜੀ ਫ਼ੌਜ ਨੇ ਹੀ ਪਿੱਛਾ ਕਰ ਰਹੀ ਮੁਗ਼ਲਈ ਵਾਹਰ ਨੂੰ ਮੁਕਤਸਰ ਵਿਖੇ ਬੁਥਾੜ ਭੰਨਵੀਂ ਹਾਰ ਦਿੱਤੀ ਤੇ ਗੁਰਾਂ ਦੇ ਮਗਰੋਂ ਲਾਹਿਆ।

ਨਾਂਦੇੜ ਜਾ ਕੇ ਗੁਰਾਂ ਨੇ ਆਪਣੇ ਜੋਤ ਤਿਆਗਣ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਨੂੰ ਉਹ ਦੋ ਅਦੁੱਤੀ ਦੇਣਾਂ ਦਿੱਤੀਆਂ, ਜਿਨ੍ਹਾਂ ਨੇ ਪੰਜਾਬੀਆਂ ਅੰਦਰ ਹਥਿਆਰੀ ਬਗ਼ਾਵਤ ਦੀ ਰੂਹ ਫੂਕ ਕੇ ਪੰਜਾਬ ਦੀ ਧਰਤੀ ਦੇ ਜਾਇਆਂ ਨੂੰ ਆਪਣਾ ਇਤਿਹਾਸ ਆਪਣੇ ਬਾਹੂਬਲ ਨਾਲ਼ ਆਪ ਹੀ  ਬਣਾਉਣ ਦਾ ਜੁਗ ਤੋਰ ਦਿੱਤਾ।

1. ਪੰਜਾਬ ਦੇ ਸਿੰਘਾਂ ਦੇ ਨਾਂ ਹੁਕਮਨਾਮੇ ਦੇ ਕੇ ਬੰਦੇ ਬਹਾਦਰ ਨੂੰ ਬਗ਼ਾਵਤੀ ਜੰਗ ਦਾ ਝੰਡਾ ਖੜਾ ਕਰਨ ਲਈ ਪੰਜਾਬ ਭੇਜਿਆ, ਜਿਸ ਦੀ ਜਥੇਦਾਰੀ ਹੇਠ ਖਾਲਸਾ ਹਮਲਾਵਰ ਸੈਨਿਕ ਬਗ਼ਾਵਤ ਵਿੱਚ ਇਕੱਠਾ ਹੋ ਚੜ੍ਹਿਆ। ਗੁਰੂ ਹਰਗੋਬਿੰਦ ਸਿੰਘ ਤੋਂ ਲੈ ਕੇ ਮੁਕਤਸਰ ਦੀ ਲੜਾਈ ਤੱਕ ਲੜੀਆਂ ਗਈਆਂ ਸਾਰੀਆਂ ਲੜਾਈਆਂ ਆਪਣੇ ਉੱਤੇ ਹਮਲਾਵਰੀ ਵਿਰੁੱਧ ਬਚਾਅ ਦੀਆਂ ਲੜਾਈਆਂ ਸਨ। ਹੁਣ ਗੁਰਾਂ ਨੇ ਆਪਣੇ ਹੁਕਮਨਾਮਿਆਂ ਨਾਲ਼ ਬਗ਼ਾਵਤੀ ਲੜਾਈਆਂ ਦਾ ਦੌਰ ਸ਼ੁਰੂ ਕਰਵਾ ਦਿੱਤਾ, ਜਿਸ ਦੌਰ ਵਿੱਚ ਹਰ ਸਜਿਆ ਸਿੰਘ ਬਗ਼ਾਵਤ ਦੀ ਅੱਗ ਬਣ ਗਿਆ, ਜਿਸ ਨਾਲ਼ ਪੰਜਾਬ ਦਾ ਇਤਿਹਾਸ ਮੁਗਲਾਂ ਦਾ ਇਤਿਹਾਸ ਹਟ ਕੇ ਸਿੰਘਾਂ ਦਾ ਇਤਿਹਾਸ ਬਣ ਤੁਰਿਆ।

2. ਗੁਰਾਂ ਨੇ ਦੇਹਧਾਰੀ ਗੁਰਿਆਈ (ਥਿਓਕਰੇਸੀ) ਦਾ ਖਾਤਮਾ ਕਰ ਕੇ ਪੰਥ ਨੂੰ ਲੋਕਮਈ ਸਰਬ ਅਧਿਕਾਰੀ ਸ਼ਕਤੀ ਬਣਾ ਦਿੱਤਾ, ਜਿਸ ਕਾਰਨ ਪੰਜਾਬ ਦੇ ਪੈਦਾਵਾਰੀ ਰਿਸ਼ਤਿਆਂ ਅੰਦਰ ਨਵੀਂ ਮਾਲਕਬੰਦੀ ਤੇ ਪਰੱਭਤਾ ਦੀ ਤੋਰ ਧਰਮਸੱਤਾ ਤੋਂ ਅਜ਼ਾਦ ਹੋ ਗਈ ਤੇ ਉਹ ਨਾ ਇਸਲਾਮੀ ਤੇ ਨਾ ਬ੍ਰਾਹਮਣੀ ਤਰੀਕੇ ਦੀ ਧਰਮਸੱਤਾ ਬਣੀ, ਸਗੋਂ ਬਿਸਮਾਰਕ ਵਾਂਗ ਰਣਜੀਤ ਸਿੰਘ ਦੇ ਰਾਜ ਵਿੱਚ ਸਰਦਾਰਸੱਤਾ ਬਣ ਗਈ, ਜੋ ਇਤਿਹਾਸ ਨੂੰ ਇੱਕ ਪਦਾਰਥਕ ਦੇਣ ਹੈ, ਅਧਿਆਤਮਕ ਨਹੀਂ।

11

ਗੋਬਿੰਦਧਾਰਾ ਤੇ ਏਸ ਦੀ ਸਿਆਸਤ ਦਰਅਸਲ 18ਵੀਂ ਸਦੀ ਦੇ ਪੰਜਾਬ ਦੀ ਇੱਕ ਤਾਂ; ਹਿੰਦੂ ਤੇ ਤੁਰਕ ਹਾਕਮਾਂ ਵਿਰੁੱਧ ਬਗ਼ਾਵਤ ਸੀ, ਜਿਨ੍ਹਾਂ ਨੇ ਪੰਜਾਬ ਦੀ ਆਪਣੀ ਸਮਾਜਕ ਤੇ ਰਾਜਕ ਤਰੱਕੀ ਨੂੰ ਰੋਕਿਆ ਹੋਇਆ ਸੀ। ਪੰਜਾਬ ਦੇ ਜੱਟ ਬਰਾਦਰੀਆਂ ਦੇ ਸਮਾਜ ਨੂੰ ਇਤਿਹਾਸ ਦੀ ਅਗਲੀ ਪੌੜੀ ਚਾੜ੍ਹ ਦਿੱਤਾ। ਭਾਵ, ਫਿਊਡਲਸ਼ਾਹੀ ਵਰਗੀ ਸਰਦਾਰਸ਼ਾਹੀ ਲੈ ਆਂਦੀ। ਗੋਬਿੰਦਧਾਰਾ ਨੇ ਪੰਜਾਬ ਦੇ ਇਤਿਹਾਸ ਨੂੰ ਉਹ ਪਲਟਾ ਦਿੱਤਾ, ਜਿਸ ਨੇ ਪੰਜਾਬ ਦੀ ਆਪਣੀ ਵਸੋਂ ਦੀ ਅਜ਼ਾਦੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਪੰਜਾਬ ਦੇ ਸਿੰਘਾਂ ਨੇ ਗੁਰਾਂ ਤੋਂ ਬਾਅਦ 100 ਸਾਲ ਦੇ ਅੰਦਰ ਅੰਦਰ ਖ਼ੁਦ ਪੰਜਾਬ ਦਾ ਆਪਣਾ ਰਾਜ ਸਥਾਪਤ ਕਰ ਲਿਆ।

ਇਹ ਗੋਬਿੰਦਧਾਰਾ ਦੀ ਪੰਜਾਬ ਦੇ ਇਤਿਹਾਸ ਨੂੰ ਮਹਾਨ ਇਨਕਲਾਬੀ ਪਦਾਰਥਕ ਦੇਣ, ਜੋ ਪੰਜਾਬ ਦੇ ਇਤਿਹਾਸ ਵਿੱਚ ਹਮੇਸ਼ਾ ਮੀਲ-ਪੱਥਰ ਵਾਂਗ ਕਾਇਮ ਰਹੇਗੀ।

ਜਗਤ ਇਤਿਹਾਸ ਵਿੱਚ ਇਹ ਇੱਕ ਨਵਾਂ ਵਾਧਾ ਹੋਇਆ। ਨ ਇਸਲਾਮ ਨ ਹਿੰਦੂ ਧਰਮ ਨੇ ਆਪਣੇ ਅੰਦਰ ਕੋਈ ਨਵਾਂ ਰਾਜਧਰਮ ਪੈਦਾ ਹੋਣ ਤੇ ਨੇਪਰੇ ਚੜ੍ਹਨ ਦਿੱਤਾ ਸੀ। ਇਹ ਭਲ ਗੁਰਬਾਣੀ ਦੇ ਇਤਿਹਾਸਕ ਰੂਪ ਧਾਰ ਜਾਣ ਦੇ ਸਿਰ ਹੈ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s