”ਲਾਲ ਪਰਚਮ” ਦਾ ”ਪ੍ਰਤੀਕਰਮ” : ਵਿਚਾਰਧਾਰਕ, ਸਿਆਸੀ ਗਰੀਬੀ ਦੀ ਇੰਤਹਾ •ਸੁਖਵਿੰਦਰ

f d i

(ਪੀ.ਡੀ.ਐਫ਼ ਡਾਊਨਲੋਡ ਕਰੋ)

‘ਲਾਲ ਪਰਚਮ’ ਨੇ ਆਪਣੇ ਮਾਰਚ-ਅਪ੍ਰੈਲ, 2013 ਅੰਕ ਵਿੱਚ ‘ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ?’ ਨਾਮਕ ਲੇਖ ਵਿੱਚ ਬਿਨਾਂ ਨਾਂ ਲਏ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ਸਾਡੀ ਅਲੋਚਨਾ ਕੀਤੀ ਸੀ, ਜਿਸਦਾ ਜਵਾਬ ਅਸੀਂ ‘ਪ੍ਰਤੀਬੱਧ’ ਬੁਲੇਟਿਨ 19 (ਜੂਨ 2013) ‘ਚ ‘ਪ੍ਰਚੂਨ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ ਨਹੀਂ?’ ਨਾਮਕ ਲੇਖ ਵਿੱਚ ਦਿੱਤਾ ਸੀ। ਇਸ ਤੋਂ ਬਾਅਦ ‘ਲਾਲ ਪਰਚਮ’ ਦੇ ਲੇਖਕ ਨੇ ਲਗਭਗ ਛੇ ਮਹੀਨੇ ਚੁੱਪ ਧਾਰੀ ਰੱਖੀ। ਜਿਵੇਂ ਉਹ ਸਾਨੂੰ ਜਵਾਬ ਦੇਣ ਲਈ ਕਿਸੇ ”ਗਹਿਰ ਗੰਭੀਰ”, ”ਸੋਚ-ਵਿਚਾਰ”, ”ਚਿੰਤਨ”, ”ਅਧਿਐਨ” ਵਿੱਚ ਡੁੱਬ ਗਿਆ ਹੋਵੇ। ਆਖ਼ਰ ਉਸਨੇ ‘ਲਾਲ ਪਰਚਮ’ ਦੇ ਜਨਵਰੀ-ਫਰਵਰੀ 2014 ਅੰਕ ਵਿੱਚ ਆਪਣੀ ਚੁੱਪ ਤੋੜੀ ਹੈ। ਇਸ ਵਿੱਚ ਉਸਨੇ ‘ਸਿੱਧੇ ਵਿਦੇਸ਼ੀ ਨਿਵੇਸ਼ ਦੀ ਅਸਲੀ ਤਸਵੀਰ’ ਸਿਰਲੇਖ ਤਹਿਤ ਲੇਖ ਲਿਖ ਕੇ ਸਾਡੇ ਉੱਪਰ ”ਸਿਧਾਂਤਕ” ਮਿਜ਼ਾਇਲ ਦਾਗਣ ਦਾ ਭਰਮ ਪਾਲ਼ਿਆ ਹੈ, ਪਰ ਅਫਸੋਸ ਕਿ ਉਸਦੀ ਇਹ ਮਿਜ਼ਾਈਲ ਪੰਜ ਪੈਸੇ ਦੇ ਲਾਲ ਪਟਾਖੇ ਨਾਲ਼ੋਂ ਵੀ ਗਈ ਗੁਜ਼ਰੀ ਹੈ, ਜੋ ਵੱਜਦਾ ਨਹੀਂ ਸਿਰਫ ਸੁਰਰ ਕਰਕੇ ਰਹਿ ਜਾਂਦਾ ਹੈ। ਇਹ ਲੇਖ ਲਿਖਕੇ ਇਸ ”ਸਿਧਾਂਤਕਾਰ” ਨੇ ਆਵਦੀ ਅਕਲ ਦਾ ਪੂਰੀ ਤਰ੍ਹਾਂ ਜਨਾਜ਼ਾ ਕੱਢ ਲਿਆ ਹੈ।

ਉਸਨੇ ਇਹ ਲੇਖ ‘ਪ੍ਰਤੀਕਰਮ’ ਵਜੋਂ ਲਿਖਿਆ ਹੈ। ਪਰ ਨਾ ਤਾਂ ਇਹ ਪ੍ਰਤੀਕਰਮ ਹੀ ਹੈ ਅਤੇ ਨਾ ਹੀ ਕਰਮ, ਬੱਸ ਕੁੱਝ ਚਾਲੂ ਜਿਹੀਆਂ ਗੱਲਾਂ ਨਾਲ਼ ਚਾਰ ਪੰਨੇ ਕਾਲ਼ੇ ਕਰ ਰੱਖੇ ਹਨ।

ਇਸ ”ਪ੍ਰਤੀਕਰਮ” ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ‘ਪ੍ਰਤੀਬੱਧ’ ਦੇ ਪਾਠਕਾਂ ਤੋਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਹਾਂ ਕਿ ਅਸੀਂ ਅਜਿਹੀਆਂ ਮੂਰਖਤਾਪੂਰਨ ਗੱਲਾਂ ‘ਤੇ ਟਿੱਪਣੀ ਕਰਕੇ ਪਾਠਕਾਂ ਦੇ ਸਬਰ ਦਾ ਇਮਤਿਹਾਨ ਲੈਂਦੇ ਹਾਂ। ਪਰ ਪਾਠਕ ਸਾਥੀਓ, ਸੱਚ ਪੁੱਛੋਂ ਤਾਂ ਅਜਿਹੀਆਂ ਅਤਿਅੰਤ ਮੂਰਖਤਾਵਾਂ ਉੱਪਰ ਟਿੱਪਣੀ ਕਰਨਾਂ ਸਾਡੀ ਚਾਹਤ ਨਹੀਂ ਸਗੋਂ ਮਜ਼ਬੂਰੀ ਹੈ। ਕਿਉਂਕਿ ਜੇਕਰ ਚੁੱਪ ਰਹੀਏ ਤਾਂ ਇਹ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਵਜੋਂ ਪੇਸ਼ ਕਰਕੇ ਬਾਘੀਆਂ ਪਾਉਂਦੇ ਫਿਰਨਗੇ। ਦੂਸਰੀ ਗੱਲ, ਅੱਜ ਇਨਕਲਾਬੀ ਲਹਿਰ ਵਿੱਚ ਪੜ੍ਹਾਈ-ਲਿਖਾਈ ਦਾ ਜੋ ਹਾਲ ਹੈ ਉਸ ਨਾਲ਼ ਅਜਿਹੀਆਂ ਮੂਰਖਤਾਪੂਰਨ ਚੀਜ਼ਾਂ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਜਾਂਦੀਆਂ ਹਨ। ਇਸ ਲਈ ਸਾਨੂੰ ਨਾ ਚਾਹੁੰਦੇ ਹੋਏ ਵੀ ਇਹ ਸਭ ਕਰਨਾ ਪੈਂਦਾ ਹੈ। ਉਮੀਦ ਹੈ ਪਾਠਕ ਸਾਡੀ ਇਹ ਮਜ਼ਬੂਰੀ ਸਮਝਦੇ ਹੋਏ ਸਾਨੂੰ ਮਾਫ ਕਰਨਗੇ ਅਤੇ ਇਸ ਬੇਹੱਦ ਨੀਵੇਂ ਪੱਧਰ ਦੀ ਬਹਿਸ ਨੂੰ ਪੜ੍ਹਨ ਲਈ ਪੂਰਾ ਧੀਰਜ ਦਿਖਾਉਣਗੇ।

ਆਪਣੇ ”ਪ੍ਰਤੀਕਰਮ” (‘ਲਾਲ ਪਰਚਮ’ ਜਨਵਰੀ-ਫਰਵਰੀ 2014) ਦੇ ਸ਼ੁਰੂ ਵਿੱਚ ਲੇਖਕ ਨੇ ਕਿਹਾ ਹੈ ਕਿ ਸਾਡੇ ਜਵਾਬ ਵਿੱਚ ਲਿਖੀ ਲਿਖਤ ਦਾ ਇੱਕ ਹਿੱਸਾ ਹੀ ਛਾਪ ਰਹੇ ਹਨ। ਬਾਕੀ ਬਾਰੇ ਉਸਦਾ ਕਹਿਣਾ ਹੈ ਕਿ ”ਬਾਕੀ ਹਿੱਸਾ ਅਸੀਂ ਫਿਰ ਦੇਵਾਂਗੇ।” ਪਰ ਬਾਕੀ ਹਿੱਸਾ ਕਦੋਂ ਦਿੱਤਾ ਜਾਵੇਗਾ, ਇਸਦਾ ਸਮਾਂ ਉਸਨੇ ਨਹੀਂ ਦੱਸਿਆ। ਇਸ ਤਰ੍ਹਾਂ ਬਹਿਸ ਨੂੰ ਉਸਨੇ ਇੱਕ ਅਨਿਸ਼ਚਿਤ ਭਵਿੱਖ ਤੱਕ ਟਾਲ਼ ਦਿੱਤਾ ਹੈ। ਦਰਅਸਲ ਅਜਿਹਾ ਕਰਨਾ ਬਹਿਸ ਤੋਂ ਭੱਜਣ ਲਈ ਲੇਖਕ ਦੀ ਚਾਲ ਹੀ ਜਾਪਦੀ ਹੈ। ਕਿਉਂਕਿ ਉਸ ਕੋਲ਼ ਸਾਡੇ ਉਠਾਏ ਸਵਾਲਾਂ (ਪ੍ਰਤੀਬੱਧ 19 ‘ਚ) ਦਾ ਕੋਈ ਜਵਾਬ ਹੀ ਨਹੀਂ ਹੈ, ਇਸ ਲਈ ਉਹ ਬਹਿਸ ‘ਚੋਂ ਬਚ ਨਿੱਕਲ਼ਣ ਦਾ ਰਾਹ ਭਾਲ਼ਦਾ ਹੈ। ਸਾਨੂੰ ਲਗਦਾ ਹੈ ਕਿ ਉਸਨੂੰ ਬਚ ਨਿੱਕਲ਼ਣ ਦਾ ਰਾਹ ਨਾ ਦਿੱਤਾ ਜਾਵੇ। ਇਸ ਲਈ ਉਸਨੇ ਜਿੰਨਾ ਲਿਖਿਆ ਹੈ, ਅਸੀਂ ਉਸ ਉੱਪਰ ਹੀ ਟਿੱਪਣੀ ਕਰਾਂਗੇ।

ਉਸਦੇ ”ਪ੍ਰਤੀਕਰਮ” ਉੱਪਰ ਅਸੀਂ ਸੰਖੇਪ ‘ਚ ਹੀ ਪ੍ਰਤੀਕਰਮ ਕਰਾਂਗੇ, ਕਿਉਂਕਿ ਉਸਦੇ ”ਪ੍ਰਤੀਕਰਮ” ‘ਚ ਅਜਿਹਾ ਕੁੱਝ ਹੈ ਹੀ ਨਹੀਂ ਜਿਸ ਉੱਪਰ ਬਹੁਤਾ ਕੁੱਝ ਲਿਖਿਆ ਜਾ ਸਕੇ। ਆਪਣੇ ਲੇਖ ਦੇ ਅੰਤ ਵਿੱਚ ਅਸੀਂ ਪ੍ਰਤੀਬੱਧ 19 ‘ਚ ‘ਲਾਲ ਪਰਚਮ’ ਦੇ ਇਸ ਲੇਖਕ ਨੂੰ ਪੁੱਛੇ ਸਵਾਲਾਂ ਦੀ ਸੂਚੀ ਦੇਵਾਂਗੇ ਤਾਂ ਕਿ ਉਸ ਨੂੰ ਯਾਦ ਦਿਵਾਇਆ ਜਾ ਸਕੇ ਕਿ ਬਹਿਸ ਦਾ ਅਸਲ ਮੁੱਦਾ ਕੀ ਹੈ?

‘ਲਾਲ ਪਰਚਮ’ ਦੇ ਮਾਰਚ-ਅਪ੍ਰੈਲ, 2013 ਅੰਕ ‘ਚ ਇਸ ਲੇਖਕ ਨੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ਕੁੱਝ ਅਗਿਆਤ ਵਿਅਕਤੀਆਂ ਦੀ ਅਲੋਚਨਾ ਕੀਤੀ ਸੀ, ਪਰ ਇਸ ਵਾਰ ਉਸ ਨੂੰ ਉਹਨਾਂ ਵਿਅਕਤੀਆਂ ਦੇ ਨਾਂ ਵੀ ਪਤਾ ਲੱਗ ਗਏ! ‘ਦਰਸ਼ਨ ਖੇੜੀ’ ਅਤੇ ‘ਪ੍ਰਤੀਬੱਧ ਦਾ ਲੇਖਕ’। ਕਿਉਂਕਿ ਬਿਨਾਂ ਨਾਂ ਲਏ ਅਲੋਚਨਾ ਕਰਕੇ ‘ਲਾਲ ਪਰਚਮ’ ਦਾ ”ਸਿਧਾਂਤਕਾਰ” ਮੋੜਵੇਂ ਹਮਲੇ ਤੋਂ ਬਚਣ ਦੇ ਚੱਕਰ ‘ਚ ਸੀ, ਪਰ ਉਹ ਕਾਮਯਾਬ ਨਾ ਹੋ ਸਕਿਆ, ਇਸ ਲਈ ਇਸ ਵਾਰ ਮਜ਼ਬੂਰਨ ਉਸ ਨੂੰ ਨਾਂ ਲੈ ਕੇ ਲਿਖਣਾ ਪਿਆ। ਖੈਰ ਚੰਗਾ ਹੀ ਹੈ, ਪਰਦੇ ਪਿੱਛੇ ਲੁਕਕੇ ਲੜਨ ਨਾਲ਼ੋਂ ਬਿਹਤਰ ਹੈ ਕਿ ਆਹਮੋਂ-ਸਾਹਮਣੇ ਨਿੱਤਰਿਆ ਜਾਵੇ।

‘ਲਾਲ ਪਰਚਮ’ ਦੇ ਲੇਖਕ ਨੇ ਮਾਰਚ-ਅਪ੍ਰੈਲ, 2013 ਵਾਲ਼ਾ ਆਪਣਾ ਲੇਖ ਮੁੱਖ ਰੂਪ ਵਿੱਚ ਦਰਸ਼ਨ ਖੇੜੀ ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਲੇਖ ਦੀ ਅਲੋਚਨਾ ਵਜੋਂ ਹੀ ਲਿਖਿਆ ਸੀ। ਸ਼ਾਇਦ ਇੰਨਾ ਲਿਖ ਕੇ ਵੀ ਉਸਦੀ ਤਸੱਲੀ ਨਹੀਂ ਸੀ ਹੋਈ। ਇਸ ਲਈ ਬਹਿਸ ਨੂੰ ਉਲ਼ਝਾਉਣ ਲਈ ਇਸ ਵਾਰ ਫਿਰ ਉਸਨੇ ਦਰਸ਼ਨ ਖੇੜੀ ਨੂੰ ਬਹਿਸ ‘ਚ ਘੜੀਸ ਲਿਆ ਹੈ, ਜਦਕਿ ਉਹ ਇਸ ਬਹਿਸ ‘ਚ ਧਿਰ ਨਹੀਂ ਹਨ। ਇਹ ਬਹਿਸ ‘ਪ੍ਰਤੀਬੱਧ’ ਅਤੇ ‘ਲਾਲ ਪਰਚਮ’ ਦਰਮਿਆਨ ਹੈ। ਪਰ ‘ਲਾਲ ਪਰਚਮ’ ਦਾ ”ਸਿਧਾਂਤਕਾਰ” ਆਹਮੋ-ਸਾਹਮਣੇ ਟੱਕਰਨ ਦੀ ਬਜਾਏ ਆਪਣੀ ਸਿਧਾਂਤਕ ਕੰਗਾਲੀ ਨੂੰ ਕੱਜਣ ਲਈ ਲਗਾਤਾਰ ਗੁਰਿਲਾ ਚਾਲਾਂ ਚੱਲੀ ਜਾ ਰਿਹਾ ਹੈ।

ਆਪਣੇ ”ਪ੍ਰਤੀਕਰਮ” ‘ਸਿੱਧੇ ਵਿਦੇਸ਼ੀ ਨਿਵੇਸ਼ ਦੀ ਅਸਲੀ ਤਸਵੀਰ’ ਵਿੱਚ ਲੇਖਕ ਨੇ ਸਾਡੇ ਵੱਲੋਂ ਉਠਾਏ ਸਵਾਲਾਂ (ਪ੍ਰਤੀਬੱਧ 19) ‘ਚੋਂ ਕਿਸੇ ਇੱਕ ਵੀ ਸਵਾਲ ਉੱਪਰ ਜ਼ੁਬਾਨ ਨਹੀਂ ਖੋਹਲੀ। ਸਗੋਂ ਉਸਨੇ ਅਜਿਹੀਆਂ ਬੇਹੱਦ ਹਲਕੀਆਂ ਰਿਪੋਰਟਨੁਮਾ ਗੱਲਾਂ ਲਿਖ ਛੱਡੀਆਂ ਹਨ, ਜਿਹਨਾਂ ‘ਚੋਂ ਜ਼ਿਆਦਾਤਰ ਦਾ ਬਹਿਸ ਨਾਲ਼ ਕੋਈ ਸਬੰਧ ਹੀ ਨਹੀਂ ਹੈ।

ਹੁਣ ਅਸੀਂ ਲਾਲ ਪਰਚਮ ਦੇ ਲੇਖਕ ਵੱਲੋਂ ਆਪਣੇ ”ਪ੍ਰਤੀਕਰਮ” ‘ਚ ਉਠਾਏ ਕੁੱਝ ਮੁੱਦਿਆਂ ਵੱਲ ਪਰਤਦੇ ਹਾਂ।

‘ਲਾਲ ਪਰਚਮ’ ਦੇ ”ਸਿਧਾਂਤਕਾਰ” ਨੇ ਆਪਣੇ ”ਪ੍ਰਤੀਕਰਮ” ‘ਚ ਆਪਣਾ ਸਾਰਾ ਜ਼ੋਰ ਇਹ ਸਾਬਤ ਕਰਨ ‘ਤੇ ਲਾ ਦਿੱਤਾ ਹੈ ਕਿ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਨਾਲ਼ ਕੋਈ ਪੈਦਾਵਾਰੀ ਤਾਕਤਾਂ ਦਾ ਵਿਕਾਸ ਨਹੀਂ ਹੋ ਰਿਹਾ। ਫਿਰ ਆਵਦੀ ਇਸ ਧਾਰਨਾ ਨੂੰ ਸਾਬਤ ਕਰਨ ਲਈ ਤੱਥ ਦੇਣ ਦੀ ਬਜਾਏ ਉਸਨੇ ਹੋਰ ਹੀ ਵਿਰਲਾਪ ਸ਼ੁਰੂ ਕਰ ਦਿੱਤਾ। ਮਸਲਨ — ਬਹੁਕੌਮੀ ਕੰਪਨੀਆਂ ਕਿਵੇਂ ਵਧੇਰੇ ਫਾਇਦਿਆਂ ਲਈ ਭਾਰਤ ਸਰਕਾਰ ਦੀ ਬਾਂਹ ਮਰੋੜਦੀਆਂ ਹਨ, ਵਾਲਮਾਰਟ ਦੇ ਕਿੰਨੇ ਦੇਸ਼ਾਂ ‘ਚ ਕਿੰਨੇ ਸਟੋਰ ਹਨ ਅਤੇ ਕਿੰਨੇ ਕਾਮੇ ਕੰਮ ਕਰਦੇ ਹਨ (ਪਤਾ ਨਹੀਂ ਉਹ ਸਾਡੀ ਆਮ ਜਾਣਕਾਰੀ ਵਧਾਉਣ ‘ਤੇ ਕਿਉਂ ਤਹੂ ਹੈ?) ਕਿ ਉਹ ਲੁੱਟ ਕਰਦੀਆਂ ਹਨ, ਕਿ ਉਹਨਾਂ ਦੇ ਕਾਮੇ ਸੰਘਰਸ਼ ਕਰਦੇ ਹਨ ਆਦਿ-ਆਦਿ।

ਹੁਣ ਪਾਠਕ ਹੀ ਅੰਦਾਜ਼ਾ ਲਗਾਉਣ ਕਿ ”ਪ੍ਰਤੀਕਰਮ” ਦਾ ਲੇਖਕ ਅਜਿਹੀਆਂ ਬੇਥਵੀਆਂ, ਬੇਤੁਕੀਆਂ ਗੱਲਾਂ ਕਿਉਂ ਕਰੀ ਜਾ ਰਿਹਾ ਹੈ? ਇਹ ਤਾਂ ਸਰਵਗਿਆਤ ਗੱਲਾਂ ਹਨ। ਸਰਮਾਏ ਦਾ ਜੀਵਨ ਹੀ ਕਿਰਤ ਦੀ ਲੁੱਟ ‘ਤੇ ਨਿਰਭਰ ਹੈ ਅਤੇ ਜਿੱਥੇ ਕਿਰਤ ਦੀ ਲੁੱਟ ਹੋਵੇਗੀ ਮਜ਼ਦੂਰਾਂ ਦੇ ਸੰਘਰਸ਼ ਵੀ ਹੋਣਗੇ।

ਉਹ ਲਿਖਦਾ ਹੈ, ”ਅਸੀਂ ਇੱਥੇ ਵੇਖਾਂਗੇ ਕਿ ‘ਖੇੜੀ’ ਅਤੇ ‘ਪ੍ਰਤੀਬੱਧ ਦੇ ਲੇਖਕ’ ਦੇ ‘ਬਦਨਾਮ ਪੈਦਾਵਾਰੀ ਤਾਕਤਾਂ ਦੇ ਸਿਧਾਂਤ’ ਅਨੁਸਾਰ ਸਿੱਧਾ ਵਿਦੇਸ਼ੀ ਨਿਵੇਸ਼ ਭਾਰਤ ਅੰਦਰ ਪੈਦਾਵਾਰੀ ਤਾਕਤਾਂ ਦਾ ਕਿੰਨਾ ਕੁ ਵਿਕਾਸ ਕਰ ਰਿਹਾ ਹੈ।” (ਲਾਲ ਪਰਚਮ, ਜਨਵਰੀ-ਫਰਵਰੀ, 2014) ਪਰ ਉਹ ਇਸਦਾ ਕੋਈ ਜਵਾਬ ਨਹੀਂ ਦਿੰਦਾ। ਅੱਗੇ ਉਸਦੇ ਸਾਰੇ ਪ੍ਰਵਚਨ ਦਾ ਸਾਰਤੱਤ ਇਹ ਹੈ ਕਿ ਇੱਥੇ ਪੈਦਾਵਾਰੀ ਤਾਕਤਾਂ ਦਾ ਕੋਈ ਵਿਕਾਸ ਨਹੀਂ ਹੋ ਰਿਹਾ। ਜਦਕਿ ਪਹਿਲਾਂ ਉਹ ਖੁਦ ਮੰਨ ਚੁੱਕਾ ਹੈ ਕਿ, ”ਇਸਦਾ ਅਰਥ ਇਹ ਨਹੀਂ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨਾਲ਼ ਪੂੰਜੀਵਾਦ ਦਾ ਵਿਕਾਸ ਉੱਕਾ ਹੀ ਨਹੀਂ ਹੁੰਦਾ।” (ਲਾਲ ਪਰਚਮ, ਮਾਰਚ ਅਪ੍ਰੈਲ, 2013)। ਪਰ ”ਸਿਧਾਂਤਕਾਰ” ਜੀ ਫੈਕਟਰੀ ਜਾਂ ਕੋਈ ਹੋਰ ਉੱਦਮ ਲੱਗਣਾ ਜੇਕਰ ਪੈਦਾਵਾਰੀ ਤਾਕਤਾਂ ਦਾ ਵਿਕਾਸ ਨਹੀਂ ਤਾਂ ਹੋਰ ਕੀ ਹੈ? ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਭਾਰਤ ਵਿੱਚ ਪੈਦਾਵਾਰੀ ਤਾਕਤਾਂ ਦਾ ਵਿਕਾਸ ਨਹੀਂ, ਸਗੋਂ ਤਬਾਹੀ ਹੋ ਰਹੀ ਹੈ? ਤੁਸੀਂ ਇਹੋ ਕਹਿੰਦੇ ਹੋ, ਪਰ ਕੀ ਤੁਸੀਂ ਇਸਨੂੰ ਤੱਥਾਂ ਜ਼ਰੀਏ ਸਾਬਤ ਕਰ ਸਕਦੇ ਹੋ? ਅਸੀਂ ਆਪਣੇ ਲੇਖ ਵਿੱਚ ਮਾਰਕਸ, ਏਂਗਲਜ਼ ਤੇ ਲੈਨਿਨ ਦੇ ਹਵਾਲੇ ਦੇਕੇ ਇਹ ਸਾਬਤ ਕੀਤਾ ਸੀ ਕਿ ਸਿੱਧਾ ਵਿਦੇਸ਼ੀ ਨਿਵੇਸ਼ :—

(1) ਪੈਦਾਵਾਰੀ ਤਾਕਤਾਂ ਦਾ ਵਿਕਾਸ ਕਰਦਾ ਹੈ।
(2) ਸਿੱਟੇ ਵਜੋਂ ਕਿਰਤ ਦਾ ਸਮਾਜੀਕਰਨ ਉਚੇਰਾ ਹੁੰਦਾ ਹੈ।
(3) ਇਸਦੇ ਸਿੱਟੇ ਵਜੋਂ ਜਮਾਤੀ ਧਰੁਵੀਕਰਨ ਤੇਜ਼ ਹੁੰਦਾ ਹੈ।
(4) ਇਹ ਸਰਮਾਏਦਾਰੀ ਢਾਂਚੇ ਦਾ ਸੰਕਟ ਵਧਾਉਂਦਾ ਹੈ, ਜਲਦੀ ਲਿਆਉਂਦਾ ਹੈ।
(5) ਸਮਾਜਿਕ ਤਬਦੀਲੀ (ਇਨਕਲਾਬ) ਦਾ ਪਦਾਰਥਕ ਅਧਾਰ ਤਿਆਰ ਕਰਦਾ ਹੈ।

ਪਰ ‘ਲਾਲ ਪਰਚਮ’ ਦੇ ”ਸਿਧਾਂਤਕਾਰ” ਮੁਤਾਬਕ ਇਹ ਸਭ ਨਹੀਂ ਹੁੰਦਾ, ਤਾਂ ਉਸਨੂੰ ਇਹ ਸਪੱਸ਼ਟ ਕਹਿਣਾ ਚਾਹੀਦਾ ਹੈ ਕਿ ਮਾਰਕਸ, ਏਂਗਲਜ਼, ਲੈਨਿਨ ਦੇ ਇਸ ਵਿਸ਼ੇ ‘ਤੇ ਸਭ ਵਿਚਾਰ ਗਲਤ ਹਨ। ਉਹ ਗੱਲ ਤਾਂ ਇਹੋ ਕਹਿ ਰਿਹਾ ਹੈ ਪਰ ਵਲ਼ ਪਾ ਕੇ। ਕਿਉਂਕਿ ਸਿੱਧੀ ਸਪੱਸ਼ਟ ਗੱਲ ਕਹਿਣ ਲਈ ਜੋ ਜੇਰਾ ਚਾਹੀਦਾ ਹੈ, ਉਸ ਦੀ ਇਸ ”ਸਿਧਾਂਤਕਾਰ” ਕੋਲ਼ ਬੇਹੱਦ ਕਮੀ ਹੈ।

ਇਸ ਅੰਨ੍ਹੇ ਨਿਸ਼ਾਨਚੀ ਨੇ ਉਪਰੋਕਤ ਹਵਾਲੇ ‘ਚ ਇੱਕ ਹੋਰ ਹਨ੍ਹੇਰੇ ‘ਚ ਤੀਰ ਛੱਡਿਆ ਹੈ। ਉਹ ਹੈ ‘ਬਦਨਾਮ ਪੈਦਾਵਾਰੀ ਤਾਕਤਾਂ ਦਾ ਸਿਧਾਂਤ’। ਆਮ ਤੌਰ ‘ਤੇ ਇਹ ਗੁਰਬੰਦੀ ਲਿਓ ਸ਼ਾਓ ਚੀ ਵੱਲੋਂ ਸਮਾਜਵਾਦੀ ਚੀਨ ‘ਚ ਮਾਓ ਦੀ ਇਨਕਲਾਬੀ ਲੀਹ ਦੇ ਵਿਰੋਧ ‘ਚ ਪ੍ਰਚਾਰੇ ਜਾਂਦੇ ਸਿਧਾਂਤ ਲਈ ਵਰਤੀ ਜਾਂਦੀ ਹੈ। ਲਿਓ ਸ਼ਾਓ ਚੀ ਦਾ ਕਹਿਣਾ ਸੀ ਕਿ ਸਮਾਜਵਾਦੀ ਚੀਨ ਦੀ ਮੁੱਖ ਵਿਰੋਧਤਾਈ ‘ਵਿਕਸਤ ਪੈਦਾਵਾਰੀ ਸਬੰਧਾਂ ਅਤੇ ਪਿਛੜੀਆਂ ਪੈਦਾਵਾਰੀ ਤਾਕਤਾਂ ਦਰਮਿਆਨ ਹੈ।’ ਇਸ ਲਈ ਸਮਾਜਵਾਦੀ ਚੀਨ ਦਾ ਮੁੱਖ ਕੰਮ ਪੈਦਾਵਾਰੀ ਤਾਕਤਾਂ ਦਾ ਵਿਕਾਸ ਹੈ।

”ਸਿਧਾਂਤਕਾਰ” ਜੀ ਕੀ ਲਿਓ ਸ਼ਾਓ ਚੀ ਦੇ ਇਸ ‘ਪੈਦਾਵਾਰੀ ਤਾਕਤਾਂ ਦੇ ਬਦਨਾਮ ਸਿਧਾਂਤ’ ਅਤੇ ਮਾਰਕਸ, ਏਂਗਲਜ਼, ਲੈਨਿਨ ਅਤੇ ਇਹਨਾਂ ਮਹਾਨ ਅਧਿਆਪਕਾਂ ਦੇ ਵਿਦਿਆਰਥੀਆਂ ਦੇ ਰੂਪ ਵਿੱਚ ਵਿਦੇਸ਼ੀ ਸਰਮਾਏ ਦੀ ਆਮਦ ਵਜੋਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਸਬੰਧੀ ਸਾਡੇ ਵਿਚਾਰਾਂ ਵਿੱਚ ਕੁੱਝ ਵੀ ਸਾਂਝਾ ਹੈ?

‘ਲਾਲ ਪਰਚਮ’ ਦੇ ਸਿਧਾਂਤਕਾਰ ਦੀ ਵਿਚਾਰਧਾਰਕ ਕੰਗਾਲੀ ਦਾ ਇੱਕ ਹੋਰ ਨਮੂਨਾ ਦੇਖੋ। ਉਹ ਕਹਿੰਦਾ ਹੈ, ”ਇਸ ਤੋਂ ਸਾਫ ਜ਼ਾਹਰ ਹੈ ਕਿ ਇਹਨਾਂ ਕੰਪਨੀਆਂ (ਭਾਵ ਵਿਦੇਸ਼ੀ) ਦਾ ਮੰਤਵ ਨਾ ਭਾਰਤ ਵਿੱਚ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਕਰਨਾ ਹੈ ਅਤੇ ਨਾ ਹੀ ਰੁਜ਼ਗਾਰ ਪੈਦਾ ਕਰਨਾ ਹੈ (ਜਿਵੇਂ ਕਿ ‘ਖੇੜੀ’ ਅਤੇ ‘ਪ੍ਰਤੀਬੱਧ’ ਦਾ ਲੇਖਕ ਦਾਅਵਾ ਕਰਦੇ ਹਨ)।” (ਲਾਲ ਪਰਚਮ, ਜਨਵਰੀ-ਫਰਵਰੀ, 2014)

”ਸਿਧਾਂਤਕਾਰ” ਜੀ ਤੁਹਾਨੂੰ ਕੀਹਨੇ ਦੱਸਿਆ ਹੈ ਕਿ ਕੰਪਨੀਆਂ (ਵਿਦੇਸ਼ੀ ਹੋਣ ਭਾਵੇਂ ਦੇਸੀ) ਦਾ ਮੰਤਵ ਵਿਕਾਸ ਕਰਨਾ ਅਤੇ ਰੁਜ਼ਗਾਰ ਪੈਦਾ ਕਰਨਾ ਹੁੰਦਾ ਹੈ? ਵਿਚਾਰਕ ਕੰਗਾਲੀ ਦੇ ਕੂੜੇ ਦੇ ਪਹਾੜ ‘ਤੇ ਬੈਠੇ ਬੰਦੇ ਅਸੀਂ ਤੈਨੂੰ ਇਹ ”ਅਤੀ ਡੂੰਘੀ” ਸੱਚਾਈ ਦੱਸਦੇ ਹਾਂ ਕਿ ਉਹਨਾਂ ਦਾ ਮੰਤਵ ਕੀ ਹੁੰਦਾ ਹੈ? ਕਿਸੇ ਵੀ ਸਰਮਾਏਦਾਰ ਦਾ ਸਰਮਾਇਆ ਨਿਵੇਸ਼ ਪਿੱਛੇ ਇੱਕੋ-ਇੱਕ ਮੰਤਵ ਹਰ ਹੀਲੇ-ਵਸੀਲੇ ਵੱਧ ਤੋਂ ਵੱਧ ਮੁਨਾਫਾ ਬਟੋਰਨਾ ਹੁੰਦਾ ਹੈ। ਪੈਦਾਵਾਰੀ ਤਾਕਤਾਂ ਦਾ ਵਿਕਾਸ ਤਾਂ ਇਸ ਮੂਲ ਪ੍ਰਕਿਰਿਆ ਦਾ ਉਪ-ਉਤਪਾਦ ਹੁੰਦਾ ਹੈ। ਇਹੋ ਸਾਡਾ ਕਹਿਣਾ ਹੈ, ਇਹ ਅਸੀਂ (ਪ੍ਰਤੀਬੱਧ ਨੇ) ਕਿਤੇ ਵੀ ਦਾਅਵਾ ਨਹੀਂ ਕੀਤਾ ਕਿ ਕੰਪਨੀਆਂ ਦਾ ਮੰਤਵ ਭਾਰਤ ਵਿੱਚ ਪੈਦਾਵਾਰੀ ਤਾਕਤਾਂ ਦਾ ਵਿਕਾਸ ਕਰਨਾ ਅਤੇ ਰੁਜ਼ਗਾਰ ਪੈਦਾ ਕਰਨਾ ਹੈ। ਲਗਦਾ ਹੈ ਇਸ ”ਸਿਧਾਂਤਕਾਰ” ਨੂੰ ਇਹ ਸਿੱਧ-ਪੱਧਰੀਆਂ ਗੱਲਾਂ ਵੀ ਜਾਂ ਤਾਂ ਸਮਝ ਹੀ ਨਹੀਂ ਆਉਂਦੀਆਂ ਜਾਂ ਸਾਰੀ ਇਮਾਨਦਾਰੀ ਨੂੰ ਕਿੱਲੀ ‘ਤੇ ਟੰਗ ਕੇ ਸਚੇਤ ਰੂਪ ਵਿੱਚ ਸਾਡੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ।

ਅੱਗੇ ਇਸ ”ਸਿਧਾਂਤਕਾਰ” ਨੇ ਅਜਿਹਾ ਸਿਧਾਂਤਕ ਬੰਬ ਦਾਗਿਆ ਹੈ ਕਿ ਸਾਡੇ ਗਿਆਨ-ਚਕਸ਼ੂ ਹੀ ਖੋਲ੍ਹ ਦਿੱਤੇ। ਉਹ ਲਿਖਦਾ ਹੈ, ”ਅਸਲ ‘ਚ ਤੀਸਰੀ ਦੁਨੀਆਂ ‘ਚ ਐੱਫ. ਡੀ. ਆਈ ਸਾਮਰਾਜਵਾਦ ਵੱਲੋਂ ਅਪਣਾਏ ਜਾਣ ਵਾਲ਼ੇ ਲੁੱਟ ਦੇ ਬਹੁਤ ਸਾਰੇ ਫੰਦਿਆਂ ਦਾ ਇੱਕ ਰੂਪ ਹੈ।” ਵਾਹ ”ਸਿਧਾਂਤਕਾਰ” ਜੀ ਕਿਆ ਗੱਲ ਕਹੀ ਹੈ! ਅਸੀਂ ਤਾਂ ਤੁਹਾਡੇ ਮੁਰੀਦ ਹੋ ਗਏ! ਬੱਸ ਤੁਹਾਡੀ ਗੱਲ ਵਿੱਚ ਥੋੜਾ ਜਿਹਾ ਵਾਧਾ ਕਰਨ ਦੀ ਹਿਮਾਕਤ ਕਰਾਂਗੇ ਕਿ ਸਰਮਾਇਆ ਨਿਵੇਸ਼ ਭਾਵੇਂ ਵਿਦੇਸ਼ੀ ਹੋਵੇ ਜਾਂ ਦੇਸੀ, ਤੀਜੀ ਦੁਨੀਆਂ ਹੋਵੇ ਜਾਂ ਪਹਿਲੀ ਦੁਨੀਆਂ ‘ਚ, ਪ੍ਰਤੱਖ ਹੋਵੇ ਭਾਵੇਂ ਅਪ੍ਰਤੱਖ, ਲੁੱਟ ਦਾ ਇੱਕ ਫੰਦਾ ਹੀ ਹੁੰਦਾ ਹੈ। ਪਰ ਕੀ ਅਸੀਂ ਇਸ ਮੁੱਦੇ ‘ਤੇ ਬਹਿਸ ਰਹੇ ਹਾਂ? ਸਾਡੀ ਬਹਿਸ ਦਾ ਮੁੱਦਾ ਹੈ ਕਿ ਕੀ ਸਰਮਾਇਆ ਨਿਵੇਸ਼ ਦੀ ਬਦੌਲਤ ਪੈਦਾਵਾਰੀ ਤਾਕਤਾਂ ਦਾ ਵਿਕਾਸ ਹੁੰਦਾ ਹੈ ਜਾਂ ਨਹੀਂ? ਉਹ ਸਭ ਹੁੰਦਾ ਹੈ ਜਾਂ ਨਹੀਂ ਜਿਸ ਦੀ ਚਰਚਾ ਅਸੀਂ ਉੱਪਰ ਪੰਜ ਨੁਕਤਿਆਂ ‘ਚੋਂ ਮਗਰਲੇ ਚਾਰ ‘ਚ ਕੀਤੀ ਹੈ? ਜਿਸ ਉੱਪਰ ਮਾਰਕਸ, ਏਂਗਲਜ਼ ਅਤੇ ਲੈਨਿਨ ਨੇ ਵਾਰ-ਵਾਰ ਜ਼ੋਰ ਦਿੱਤਾ ਹੈ। 

ਸਾਡੇ ਇਸ ਤਰਕ ਕਿ ਵੱਡਾ ਸਰਮਾਇਆ ਜਥੇਬੰਦ ਕਾਮਾ ਸ਼ਕਤੀ ਨੂੰ ਜਨਮ ਦਿੰਦਾ ਹੈ, ਉਹਨਾਂ ਨੂੰ ਆਵਦੇ ਹੱਕ ਪ੍ਰਤੀ ਚੇਤੰਨ ਕਰਨ ਅਤੇ ਜਥੇਬੰਦ ਕਰਨ ਲਈ ਸਾਜ਼ਗਾਰ ਹਾਲਤਾਂ ਪੈਦਾ ਕਰਦਾ ਹੈ, ਦੇ ਵਿਰੋਧ ‘ਚ ਉਹ ਕੰਬੋਡੀਆ ਅਤੇ ਮੀਆਂਮਾਰ ‘ਚ ਵਾਲਮਾਰਟ ਦੇ 2000 ਮਜ਼ਦੂਰਾਂ ਦੇ ਮੁਜ਼ਾਹਰੇ ਅਤੇ ਵਾਲਮਾਰਟ ਵੱਲੋਂ ਮਨੁੱਖੀ ਤਸਕਰੀ ਦੀਆਂ ਉਦਾਹਰਨਾਂ ਦਿੰਦਾ ਹੈ। ਇਹ ”ਸਿਧਾਂਤਕਾਰ” ਜਥੇਬੰਦ, ਗੈਰ-ਜਥੇਬੰਦ ਕਾਮਿਆਂ ਦੀ ਪ੍ਰੀਭਾਸ਼ਾ ਬਾਰੇ ਬੁਰਜੂਆ ਭਰਮਾਂ ਨਾਲ਼ ਬੁਰੀ ਤਰ੍ਹਾਂ ਗ੍ਰਸਿਆ ਹੋਇਆ ਹੈ। ਉਹ ਜਥੇਬੰਦ ਹੋਣ ਦਾ ਮਤਲਬ ਸਮਝਦਾ ਹੈ ਕਿ ਵਾਲਮਾਰਟ ਅਤੇ ਅਜਿਹੀਆਂ ਹੀ ਹੋਰ ਕੰਪਨੀਆਂ ‘ਚ ਮਜ਼ਦੂਰਾਂ ਨੂੰ ਕੋਈ ਤਕਲੀਫ ਨਾ ਹੋਵੇ, ਉਸ ਤੋਂ ਵੀ ਅੱਗੇ ਵਧ ਕੇ ਉਹਨਾਂ ਦੀ ਕੋਈ ਲੁੱਟ ਨਾ ਹੋਵੇ। ਪਰ ਸ਼੍ਰੀਮਾਨ ਜਥੇਬੰਦ ਹੋਣ ਦਾ ਮਤਲਬ ਹੁੰਦਾ ਹੈ ਕਿ ਮਜ਼ਦੂਰਾਂ ਦਾ ਇੱਕ ਮਾਲਕ ਅਤੇ ਇੱਕ ਛੱਤ ਹੇਠ ਇਕੱਠੇ ਹੋਣਾ। ਜੇਕਰ 50 ਮਜ਼ਦੂਰ 50 ਮਾਲਕਾਂ ਕੋਲ਼ ਕੰਮ ਕਰਦੇ ਹਨ ਤਾਂ ਉਹ ਗੈਰ-ਜਥੇਬੰਦ ਹਨ ਅਤੇ ਜੇਕਰ ਉਹ ਪਹਿਲ-ਪ੍ਰਿਥਮੇ ਇੱਕ ਮਾਲਕ ਕੋਲ਼ ਹੋਣ ਅਤੇ ਇੱਕ ਛੱਤ ਹੇਠ ਕੰਮ ਕਰਦੇ ਹਨ ਤਾਂ ਉਹ ਜਥੇਬੰਦ ਹਨ। ਇਹਨਾਂ ਮਜ਼ਦੂਰਾਂ ਨੂੰ ਚੇਤੰਨ ਕਰਨਾ, ਜਥੇਬੰਦ ਕਰਨਾ ਕਈ ਮਾਲਕਾਂ ਕੋਲ਼ ਖਿੰਡੇ ਮਜ਼ਦੂਰਾਂ ਦੇ ਮੁਕਾਬਲੇ ਅਸਾਨ ਹੋਵੇਗਾ। ਇਹ ਇੱਕ ਆਮ ਜਾਣੀ ਜਾਂਦੀ ਮਾਰਕਸਵਾਦੀ ਧਾਰਨਾ ਹੈ।

ਸ਼੍ਰੀਮਾਨ ”ਸਿਧਾਂਤਕਾਰ” ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ, ਕਿ ਮਜ਼ਦੂਰਾਂ ਦੇ ਮੁਜ਼ਾਹਰੇ ਸਿਰਫ ਵਿਦੇਸ਼ੀ ਕੰਪਨੀਆਂ ਵਿਰੁੱਧ ਹੀ ਨਹੀਂ ਸਗੋਂ ਦੇਸੀ ਕੰਪਨੀਆਂ ਵਿਰੁੱਧ ਵੀ ਹੁੰਦੇ ਹਨ। ਕਿਰਤ ਕਨੂੰਨਾਂ ਦੀ ਉਲੰਘਣਾ, ਮਨੁੱਖੀ ਤਸਕਰੀ ਆਦਿ ‘ਚ ਤਾਂ ਦੇਸੀ ਕੰਪਨੀਆਂ ਵੀ ਗਲਤਾਨ ਹਨ। ਲੁਧਿਆਣੇ ਵਿੱਚ ਹੀ 2010 ਤੋਂ ਇੱਕ ਨਵ ਉੱਸਰੀ ਟ੍ਰੇਡ-ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਾਰਖਾਨਿਆਂ ਦੇ ਹਜ਼ਾਰਾਂ ਮਜ਼ਦੂਰ ਹਰ ਸਾਲ ਹੜਤਾਲ਼ ਕਰਦੇ ਹਨ। ਤਾਂ ਫਿਰ ਇਹ ”ਸਿਧਾਂਤਕਾਰ” ਇਹਨਾਂ ਦੇਸੀ ਕੰਪਨੀਆਂ ਨੂੰ ਬੰਦ ਕਰਨ ਦੀ ਵਕਾਲਤ ਕਿਉਂ ਨਹੀਂ ਕਰਦਾ? ਇਹ ਦੇਸੀ ਸਰਮਾਏਦਾਰੀ ਦਾ ਭਾਰਤ ਦੇ ਮਜ਼ਦੂਰਾਂ ਦੀ ਬਰਬਰ ਲੁੱਟ, ਜ਼ਬਰ ‘ਤੇ ਪਰਦਾ ਕਿਉਂ ਪਾਉਂਦਾ ਹੈ?

ਸ਼੍ਰੀਮਾਨ ”ਸਿਧਾਂਤਕਾਰ” ਨੂੰ ਸ਼ਾਇਦ ਫੈਕਟਰੀ ਲੱਗਣ ਦਾ ਵਿਰੋਧ ਕਰਨ ਅਤੇ ਫੈਕਟਰੀ ‘ਚ ਹੁੰਦੀ ਲੁੱਟ ਦਾ ਵਿਰੋਧ ਕਰਨ ‘ਚ ਫਰਕ ਨਹੀਂ ਪਤਾ। ਸ਼੍ਰੀਮਾਨ ਜੀ ਫੈਕਟਰੀ ਮਜ਼ਦੂਰ ਦੀ ਮਾਂ ਹੁੰਦੀ ਹੈ, ਜਿੱਥੋਂ ਉਸਨੂੰ ਰੋਟੀ ਮਿਲ਼ਦੀ ਹੈ, ਬਿਨਾਂ ਸ਼ੱਕ ਖੁਦ ਦੀ ਮਿਹਨਤ ਦੀ ਬਦੌਲਤ। ਫੈਕਟਰੀ ਲੱਗਣ ਦਾ ਵਿਰੋਧ ਕਰਨਾ ਮਾਰਕਸਵਾਦੀ ਨਹੀਂ ਨਿੱਕ-ਬੁਰਜੂਆ, ਪਰੂਧੋਂਵਾਦੀ, ਸਿਸਮਾਂਦੀਵਾਦੀ, ਨਰੋਦਵਾਦੀ ਪੈਂਤੜਾ ਹੈ। ਮਾਰਕਸਵਾਦੀ ਪੈਂਤੜਾ ਹੈ ਫੈਕਟਰੀ ਮਾਲਕ ਦੁਆਰਾ ਕਿਰਤ ਦੀ ਲੁੱਟ ਦਾ ਵਿਰੋਧ ਕਰਨਾ ਅਤੇ ਇਸ ਲੁੱਟ ਦੇ ਖਾਤਮੇ ਦੀ ਦਿਸ਼ਾ ‘ਚ ਮਜ਼ਦੂਰ ਜਮਾਤ ਦੀ ਅਗਵਾਈ ਕਰਨਾ।

ਆਪਣੇ ਲੇਖ ਦੇ ਸ਼ੁਰੂ ਵਿੱਚ ਹੀ ਇਸ ”ਪ੍ਰਤੀਕਰਮ” ਦੇ ਲੇਖਕ ਨੇ ਸਾਡੇ ‘ਤੇ ਫਤਵਾ ਜਾਰੀ ਕਰਦੇ ਹੋਏ ਲਿਖਿਆ ਹੈ, ”ਇਸ ਲਿਖਤ ਦੇ ਲੇਖਕ ਨੇ (ਇੱਥੇ ਇਸ਼ਾਰਾ ਪ੍ਰਤੀਬੱਧ 19 ‘ਚ ਸਾਡੇ ਵੱਲੋਂ ਲਿਖੇ ਲੇਖ ਵੱਲ ਹੈ) ਭਾਰਤ ਵਿੱਚ ਪ੍ਰਚੂਨ ਵਪਾਰ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਜੀ ‘ਆਇਆਂ ਕਹਿਕੇ’ ਇਨਕਲਾਬੀ ਕਮਿਊਨਿਸਟ ਲਹਿਰ ਅਤੇ ਮਿਹਨਤਕਸ਼ ਲੋਕਾਂ ਦੇ ਉਲ਼ਟ ਭੁਗਤਣ ਦਾ ਪੈਂਤੜਾ ਲੈ ਕੇ, ਸਾਮਰਾਜਵਾਦ ਅਤੇ ਭਾਰਤੀ ਹਾਕਮ ਜਮਾਤ ਦਾ ਪੱਖ ਪੂਰਿਆ ਹੈ,” (ਲਾਲ ਪਰਚਮ, ਜਨਵਰੀ-ਫਰਵਰੀ, 2014)

ਕਿਸ ਨੇ ਕਿਸਦਾ ਪੱਖ ਪੂਰਿਆ ਹੈ ਇਹ ਨਿਰਣਾ ਤਾਂ ਅਸੀਂ ਪਾਠਕਾਂ ‘ਤੇ ਛੱਡਦੇ ਹਾਂ। ਆਪਣੇ ”ਪ੍ਰਤੀਕਰਮ” (ਉਪਰੋਕਤ) ‘ਚ ਇਸ ”ਸਿਧਾਂਤਕਾਰ” ਨੇ ਸਿਰਫ ਵਿਦੇਸ਼ੀ ਸਰਮਾਏ ਦੁਆਰਾ ਭਾਰਤ ਦੇ ਕਿਰਤੀਆਂ ਦੀ ਲੁੱਟ ਦੀ ਚਰਚਾ ਕੀਤੀ ਹੈ ਅਤੇ ਦੇਸੀ ਕੰਪਨੀਆਂ ਪ੍ਰਤੀ ਬੇਤਹਾਸ਼ਾ ਮੋਹ ਦਿਖਾਇਆ ਹੈ। ਹਕੀਕਤ ਇਹ ਹੈ ਕਿ ਭਾਰਤ ਵਿੱਚ ਕੁੱਲ ਸਰਮਾਇਆ ਨਿਵੇਸ਼ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਸਿਰਫ ਇੱਕ ਫੀਸਦੀ ਦੇ ਬਰਾਬਰ ਹੈ ਅਤੇ ਜੇਕਰ ਇਸ ਵਿੱਚ ਵਿਦੇਸ਼ੀ ਕਰਜ਼ਾ ਅਤੇ ਸ਼ੇਅਰ ਬਜ਼ਾਰ ‘ਚ ਲੱਗਾ ਸਰਮਾਇਆ ਵੀ ਜੋੜ ਲਈਏ ਤਾਂ ਵੀ ਇਹ 10 ਫੀਸਦੀ ਤੋਂ ਵੀ ਘੱਟ ਬਣਦਾ ਹੈ। ਭਾਵ ਭਾਰਤ ਦੇ ਕਿਰਤੀ ਲੋਕਾਂ ਦੀ ਲੁੱਟ ਵਿੱਚ 90 ਫੀਸਦੀ ਹਿੱਸਾ ਇਸ ”ਸਿਧਾਂਤਕਾਰ” ਦੇ ਅਜ਼ੀਜ਼ ਦੇਸੀ ਸਰਮਾਏ ਦਾ ਹੈ। ਪਰ ਇਸ ਲੁੱਟ ਦੀ ਉਹ ਚਰਚਾ ਹੀ ਨਹੀਂ ਕਰਦਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਲੋਕਾਂ ਦੀ ਸਿਰਫ ਵਿਦੇਸ਼ੀ ਸਰਮਾਏ ਦੁਆਰਾ ਕੀਤੀ ਜਾ ਰਹੀ ਲੁੱਟ ਦੀ ਚਰਚਾ ਕਰਕੇ ਅਤੇ ਦੇਸੀ ਸਰਮਾਏਦਾਰਾਂ ਦੁਆਰਾ ਕੀਤੀ ਜਾ ਰਹੀ ਲੁੱਟ ਉੱਪਰ ਪਰਦਾ ਪਾਕੇ ਉਹ ਦੇਸੀ ਸਰਮਾਏਦਾਰੀ ਦੀ ਸੇਵਾ ਕਰ ਰਿਹਾ ਹੈ।

ਇੱਕ ਗੱਲ ਹੋਰ, ਇਸ ”ਸਿਧਾਂਤਕਾਰ” ਦੀ ਆਮ ਜਾਣਕਾਰੀ ਦਾ ਪੱਧਰ ਦੇਖੋ ਕਿ ਉਹ ਰਨਬੈਕਸੀ ਨੂੰ ਭਾਰਤੀ ਕੰਪਨੀ ਸਮਝ ਰਿਹਾ ਹੈ, ”ਸਿਧਾਂਤਕਾਰ” ਜੀ ਤੁਹਾਨੂੰ ਬਹੁਤ ਆਮ ਜਿਹੀਆਂ ਗੱਲਾਂ ਦੱਸਣਾ ਸਾਨੂੰ ਚੰਗਾ ਤਾਂ ਨਹੀਂ ਲਗਦਾ ਪਰ ਤਾਂ ਵੀ ਸੀਨੇ ਪੱਥਰ ਧਰ ਕੇ ਦੱਸ ਹੀ ਦਿੰਦੇ ਹਾਂ ਕਿ 2008 ਵਿੱਚ ਜਪਾਨੀ ਕੰਪਨੀ ਡਾਇਚੀ ਨੇ ਰਨਬੈਕਸੀ ਦੇ ਬਹੁਗਿਣਤੀ ਹਿੱਸੇ ਖਰੀਦ ਲਏ ਸਨ। ਇਸ ਲਈ 2008 ਤੋਂ ਹੀ ਰਨਬੈਕਸੀ ਭਾਰਤੀ ਕੰਪਨੀ ਨਹੀਂ ਸਗੋਂ ਜਪਾਨੀ ਕੰਪਨੀ ਹੈ। ”ਸਿਧਾਂਤਕਾਰ” ਜੀ ਹੁਣ ਤੁਹਾਡੇ ਇਸ ”ਸਿਧਾਂਤ” ਦਾ ਕੀ ਬਣੇਗਾ ਕਿ ਅਮਰੀਕਾ ‘ਦੱਬੇ-ਕੁਚਲੇ’ ਮੁਲਕਾਂ ਦੀਆਂ ਕੰਪਨੀਆਂ ਨਾਲ਼ ਵਧੀਕੀਆਂ ਕਰਦਾ ਹੈ? ਉਹ ਤਾਂ ਸਾਮਰਾਜੀ ਦੇਸ਼ਾਂ ਦੀਆਂ ਕੰਪਨੀਆਂ (ਰਨਬੈਕਸੀ) ਨੂੰ ਵੀ ਨਹੀਂ ਬਖ਼ਸ਼ਦਾ।

ਲਾਲ ਪਰਚਮ ਦੇ ”ਸਿਧਾਂਤਕਾਰ” ਦੇ ਅੱਤ ਕੰਗਾਲ ਪ੍ਰਤੀਕਰਮ ਦੀ ਇਸ ਸੰਖੇਪ ਚੀਰ-ਫਾੜ ਤੋਂ ਬਾਅਦ ਅਸੀਂ ‘ਪ੍ਰਤੀਬੱਧ’ 19 ਵਿੱਚ ਇਸ ਨੂੰ ਪੁੱਛੇ ਸਵਾਲਾਂ ਦੀ ਇੱਥੇ ਸੂਚੀ ਦੇ ਰਹੇ ਹਾਂ ਅਤੇ ਫਿਰ ਤੋਂ ਉਸ ਨੂੰ ਉਹੋ ਸਵਾਲ ਪੁੱਛ ਰਹੇ ਹਾਂ :—

(1.) ਅਸੀਂ ਲਿਖਿਆ ਸੀ, ”ਮੋਹਨ ਸਿੰਘ ਦੇ ਲੇਖ ਵਿੱਚ ਮਸਲੇ ਪ੍ਰਤੀ ਮਾਰਕਸਵਾਦੀ ਪਹੁੰਚ-ਤਰੀਕਾਕਾਰ ਤਾਂ ਉੱਕਾ ਹੀ ਗਾਇਬ ਹੈ ਪਰ ਗਲਤ ਬਿਆਨੀ, ਤੱਥਾਂ ਦੀ ਭੰਨ ਤੋੜ ਭਰਪੂਰ ਮਾਤਰਾ ‘ਚ ਹੈ। ਲੇਖਕ ਨੇ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਦੇ ਹਵਾਲਿਆਂ ਨੂੰ ਪ੍ਰਸੰਗ ਨਾਲ਼ੋਂ ਤੋੜ ਕੇ ਪੇਸ਼ ਕੀਤਾ ਹੈ। ਕਈ ਅਜਿਹੀਆਂ ਗੱਲਾਂ ਉਹਨਾਂ ਦੇ ਮੂੰਹ ਵਿੱਚ ਤੁੰਨ੍ਹੀਆਂ ਹਨ ਜੋ ਉਹਨਾਂ ਕਦੇ ਕਹੀਆਂ ਹੀ ਨਹੀਂ। ਇਹੋ ਢੰਗ ਲੇਖਕ ਨੇ ਸਾਡੀ ਅਲੋਚਨਾ ਕਰਨ ਵੇਲ਼ੇ ਵੀ ਵਰਤਿਆ ਹੈ। ਉਸਨੇ ਕਈ ਗੱਲਾਂ ਸਾਡੇ ਵੀ ਮੂੰਹ ਵਿੱਚ ਤੁੰਨ੍ਹ ਕੇ ਫਿਰ ਉਹਨਾਂ ਹੀ ਗੱਲਾਂ ਲਈ ਸਾਡੀ ਅਲੋਚਨਾ ਕਰ ਛੱਡੀ ਹੈ।” 

ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

(2.) ਅਸੀਂ ਮਾਰਕਸ, ਏਂਗਲਜ਼, ਲੈਨਿਨ ਦੀਆਂ ਲਿਖਤਾਂ ‘ਚੋਂ ਹਵਾਲੇ ਦੇਕੇ ਸਾਬਤ ਕੀਤਾ ਸੀ ਕਿ ਵਿਦੇਸ਼ੀ ਨਿਵੇਸ਼:—

”1) ਪੈਦਾਵਾਰੀ ਤਾਕਤਾਂ ਨੂੰ ਵਿਕਸਤ ਕਰਦਾ ਹੈ। 
2) ਕਿਰਤ ਦਾ ਉਚੇਰਾ ਸਮਾਜੀਕਰਨ ਕਰਦਾ ਹੈ।
3) ਜਮਾਤੀ ਧਰੁਵੀਕਰਨ ਤੇਜ਼ ਕਰਦਾ ਹੈ
4) ਸਰਮਾਏਦਾਰੀ ਢਾਂਚੇ ਦੇ ਸੰਕਟ ਨੂੰ ਵਧਾਉਂਦਾ ਹੈ, ਜਲਦੀ ਲਿਆਉਂਦਾ ਹੈ।” 

ਇਸ ਬਾਰੇ ਤੁਹਾਡਾ ਕੀ ਖਿਆਲ ਹੈ?

(3.) ਅਸੀਂ ਸੁਤੰਤਰ ਵਪਾਰ ਦੇ ਹੱਕ ਵਿੱਚ ਮਾਰਕਸ, ਏਂਗਲਜ਼ ਅਤੇ ਲੈਨਿਨ ਦੇ ਹਵਾਲੇ ਦੇਣ ਤੋਂ ਬਾਅਦ ਲਿਖਿਆ ਸੀ, ”ਪਰ ਲਾਲ ਪਰਚਮ ਦੇ ਅਤਿਮੌਲਿਕ ਸਿਧਾਂਤਕਾਰ ਲਈ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਹੀਆਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੈ। ਉਸਦਾ ਕਹਿਣਾ ਹੈ, ”ਜਿੱਥੋਂ ਤੱਕ ਸੁਤੰਤਰ ਵਪਾਰ ਦਾ ਸਵਾਲ ਹੈ ਇਸ ਦੇ ਹੱਕ ‘ਚ ਮਾਰਕਸ ਨੇ 1848, ਏਂਗਲਜ਼ ਨੇ 1888 ਅਤੇ ਲੈਨਿਨ ਨੇ 1897 ਵਿੱਚ ਲੇਖ ਲਿਖੇ ਸਨ ਜਦੋਂ ਸਰਮਾਏਦਾਰੀ? ਮੁੱਖ ਤੌਰ ‘ਤੇ ਖੁੱਲ੍ਹੇ ਮੁਕਾਬਲੇ ਦੇ ਦੌਰ ਵਿੱਚ ਸੀ। ਪਰ ਲੈਨਿਨ ਨੇ ਆਪਣੀ ਕਿਤਾਬ ‘ਸਾਮਰਾਜ ਸਰਮਾਏਦਾਰੀ ਦੀ ਉੱਚਤਮ ਅਵਸਥਾ, ਵਿੱਚ ਵਾਰ-ਵਾਰ ਲਿਖਿਆ ਹੈ ਕਿ ਸਾਮਰਾਜੀ ਦੌਰ ਅਜਾਰੇਦਾਰ ਸਰਮਾਏਦਾਰੀ ਦਾ ਦੌਰ ਹੈ ਅਤੇ ਇਹ ਆਜਾਰੇਦਾਰੀਆਂ ਖੁੱਲ੍ਹੇ ਮੁਕਾਬਲੇ ਵਿੱਚ ਪੈਦਾ ਹੋਈਆਂ ਹਨ ਅਤੇ ਇਸ ਦੌਰ ਅੰਦਰ ਸੁਤੰਤਰ ਵਪਾਰ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।” ( ਲਾਲ ਪਰਚਮ, ਮਾਰਚ-ਅਪ੍ਰੈਲ, 2013, ਪੰਨਾ 31) … ਅਸੀਂ ਇੱਥੇ ਆਪਣਾ ਫਿਰ ਉਹੋ ਸਵਾਲ ਦੁਹਰਾਉਂਦੇ ਹਾਂ ਜਿਹੜਾ ਇਹਨਾਂ ਨੂੰ ‘ਘਰਾਂ ਦੇ ਸਵਾਲ ਉੱਪਰ ਬਹਿਸ’ ਵੇਲੇ ਪੁੱਛਿਆ ਸੀ (ਜਿਸਦਾ ਜਵਾਬ ਦੇਣ ਦੀ ਇਹਨਾਂ ਨੇ ਕਦੇ ਵੀ ਖੇਚਲ਼ ਨਹੀਂ ਕੀਤੀ) ਕਿ ਕੀ ਸਾਮਰਾਜੀ ਯੁੱਗ ਵਿੱਚ ਸੰਸਾਰ ਮਜ਼ਦੂਰ ਜਮਾਤ ਦੀ ਅਗਵਾਈ ਕਰਨ ਵਾਲ਼ੇ ਆਗੂਆਂ ਲੈਨਿਨ, ਸਤਾਲਿਨ ਜਾਂ ਮਾਓ (ਜਿਹਨਾਂ ਦੇ ਪੈਰੋਕਾਰ ਹੋਣ ਦਾ ਇਹ ਦਾਅਵਾ ਕਰਦੇ ਹਨ) ਨੇ ਕਿਤੇ ਵੀ ਇਹ ਲਿਖਿਆ ਹੈ ਕਿ ਸਾਮਰਾਜ ਦੇ ਯੁੱਗ ਵਿੱਚ ਸੁਤੰਤਰ ਵਪਾਰ ਦੇ ਸਵਾਲ ਉੱਪਰ ਮਾਰਕਸ, ਏਂਗਲਜ਼, ਲੈਨਿਨ ਦੇ ਵਿਚਾਰ ਅਪ੍ਰਸੰਗਕ ਹੋ ਗਏ ਹਨ?

ਸਾਡਾ ਦੂਜਾ ਸਵਾਲ ਹੈ ਜਿਹਨਾਂ ਕਾਰਨਾਂ ਕਰਕੇ (ਜਿਹਨਾਂ ਕਾਰਨਾਂ ਦੀ ਸੂਚੀ ਅਸੀਂ ਉੱਪਰ ਦਿੱਤੀ ਹੈ) ਮਾਰਕਸ, ਏਂਗਲਜ਼, ਲੈਨਿਨ ਨੇ ਸੁਤੰਤਰ ਵਪਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ ਕੀ ਉਹ ਕਾਰਨ ਅੱਜ ਨਹੀਂ ਰਹੇ? ਕੀ ਹੁਣ ਸੁਤੰਤਰ ਵਪਾਰ ਦਾ ਕਿਸੇ ਦੇਸ਼ ਦੀ ਆਰਥਿਕਤਾ ਉੱਪਰ ਪਹਿਲਾਂ ਤੋਂ ਵੱਖਰਾ ਅਸਰ ਹੋਵੇਗਾ? ਭਾਵ ਜੇਕਰ ਹੁਣ ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਮਾਏ ਦੀ ਆਮਦ ਹੁੰਦੀ ਹੈ ਤਾਂ ਕੀ ਇਹ ਪੈਦਾਵਾਰੀ ਤਾਕਤਾਂ ਦਾ ਵਿਕਾਸ ਨਹੀਂ ਕਰੇਗਾ, ਕਿਰਤ ਦਾ ਸਮਾਜੀਕਰਨ ਨਹੀਂ ਕਰੇਗਾ, ਜਮਾਤੀ ਧਰੁਵੀਕਰਨ ਨੂੰ ਤਿੱਖਾ ਨਹੀਂ ਕਰੇਗਾ?

ਉੱਪਰ ਦਿੱਤੇ ਹਵਾਲੇ ਵਿੱਚ ਲਾਲ ਪਰਚਮ ਦੇ ਲੇਖਕ ਨੇ ਇੱਕ ਕੋਰਾ ਝੂਠ ਬੋਲਿਆ ਹੈ ਜਦੋਂ ਉਹ ਕਹਿੰਦਾ ਹੈ ”ਲੈਨਿਨ ਨੇ ਆਪਣੀ ਕਿਤਾਬ ‘ਸਾਮਰਾਜਵਾਦ ਸਰਮਾਏਦਾਰੀ ਦੀ ਉੱਚਤਮ ਅਵਸਥਾ’ ਵਿੱਚ ਵਾਰ ਵਾਰ ਲਿਖਿਆ ਕਿ ਸਾਮਰਾਜੀ… ਦੌਰ ਅੰਦਰ ਸੁਤੰਤਰ ਵਪਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ”ਅਸੀਂ ਲਾਲ ਪਰਚਮ ਦੇ ਲੇਖਕ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਲੈਨਿਨ ਨੇ ਆਪਣੀ ਪੁਸਤਕ ਦੇ ਕਿਹੜੇ ਕਿਹੜੇ (ਵਾਰ-ਵਾਰ) ਪੰਨੇ ‘ਤੇ ਇਹ ਲਿਖਿਆ ਹੈ?”

ਅਸੀਂ ਬਹੁਤ ਰੇਖਾਂਕਿਤ ਕਰਕੇ ਇਹ ਸਵਾਲ ਪੁੱਛਿਆ ਸੀ। ਪਰ ”ਪ੍ਰਤੀਕਰਮ” ਦਾ ਲੇਖਕ ਇਸ ਸਵਾਲ ‘ਤੇ ਕੁੱਝ ਨਹੀਂ ਬੋਲਿਆ। ਬੋਲੇ ਵੀ ਕੀ, ਕਿਉਂਕਿ ਜਦੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੋਈ ਵਿਅਕਤੀ ਝੂਠ ਫਰੇਬ ‘ਤੇ ਉੱਤਰ ਆਉਂਦਾ ਹੈ ਤਾਂ ਫਸ ਜਾਣ ‘ਤੇ ਉਸਦੀ ਜ਼ਬਾਨ ਹੀ ਠਾਕੀ ਜਾਂਦੀ ਹੈ। ”ਪ੍ਰਤੀਕਰਮ” ਦੇ ਲੇਖਕ ਨਾਲ਼ ਇਹੋ ਕੁੱਝ ਤਾਂ ਹੋਇਆ ਹੈ।

(4.) ਅਸੀਂ ਲੈਨਿਨ ਦੀ ਕਿਤਾਬ ‘ਸਾਮਰਾਜਵਾਦ : ਸਰਮਾਏਦਾਰੀ ਦਾ ਸਰਵਉੱਚ ਪੜਾਅ’ ‘ਚੋਂ ਹਵਾਲੇ ਦੇਕੇ ਦਿਖਾਇਆ ਸੀ ਕਿ ਸਰਮਾਏ ਦੀ ਬਰਾਮਦ ਨਾਲ਼ ਬਰਾਮਦਕਾਰ ਦੇਸ਼ ਦਾ ਵਿਕਾਸ ਕੁੱਝ ਰੁਕ ਜਾਂਦਾ ਹੈ, ਪਰ ਦਰਾਮਦਕਾਰ ਦੇਸ਼ ਦਾ ਵਿਕਾਸ ਤੇਜ਼ ਹੁੰਦਾ ਹੈ, ਪਰ ਤੁਸੀਂ ਲੈਨਿਨ ਦੇ ਖਿਲਾਫ ਉਚਰ ਰਹੇ ਸੀ ਕਿ, ”ਸਿੱਧੇ ਵਿਦੇਸ਼ੀ ਨਿਵੇਸ਼ ਨਾਲ਼ ਹੋਣ ਵਾਲ਼ੇ ਅਥਾਹ ਮੁਨਾਫ਼ੇ ਵਿਦੇਸ਼ੀ ਨਿਵੇਸ਼ਕ ਆਪਣੇ ਦੇਸ਼ਾਂ ਨੂੰ ਵਾਪਸ ਭੇਜਦੇ ਹਨ ਜਿਸ ਨਾਲ਼ ਦੇਸ਼ ਦੀ ਕਿਰਤੀ ਜਮਾਤ ਦੀ ਲੁੱਟ ਰਾਹੀਂ ਪੈਦਾ ਹੁੰਦੀ ਵਾਧੂ ਕਦਰ ਦਾ ਬਾਹਰਲੇ ਦੇਸ਼ਾਂ ਨੂੰ ਨਿਕਾਸ ਹੋਣ ਨਾਲ਼ ਕੌਮੀ ਆਰਥਿਕਤਾ ਦਾ ਨੁਕਸਾਨ ਹੁੰਦਾ ਹੈ।” 

ਇਸ ਬਾਰੇ ਕੁੱਝ ਉਚਰੋਂਗੇ?

(5.) ਇਹਨਾਂ ਸਵਾਲਾਂ ‘ਤੇ ਆਵਦਾ ਮੁੱਖ ਖੋਹਲੋਂਗੇ? :—

”ਲਾਲ ਪਰਚਮ ਅਤੇ ਅਜੇਹੇ ਹੀ ਹੋਰ ਹੁਣ ਤੱਕ ਪ੍ਰਚੂਨ ਵਪਾਰ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਇਸ ਕਰਕੇ ਕਰਦੇ ਆਏ ਹਨ ਕਿ ਇਸ ਨਾਲ਼ ਇਸ ਖੇਤਰ ਦੇ ਛੋਟੇ ਵਪਾਰੀ ਉੱਜੜ ਜਾਣਗੇ। ਇਸ ਦੇ ਜਵਾਬ ਵਿੱਚ ਅਸੀਂ ਇਹ ਸਿੱਧਾ ਸਾਦਾ ਸਵਾਲ ਉਠਾਇਆ ਸੀ ਕਿ ਜੇਕਰ ਪ੍ਰਚੂਨ ਵਪਾਰ ਵਿੱਚ ਵਿਦੇਸ਼ੀ ਸਰਮਾਇਆ ਨਾ ਆਵੇ ਤਾਂ ਕੀ ਛੋਟੇ ਵਪਾਰੀ ਬਚੇ ਰਹਿਣਗੇ? ਕੀ ਦੇਸ਼ ਵਿੱਚ ਪਹਿਲਾਂ ਹੀ ”ਦੇਸੀ” ਵੱਡੇ ਸਰਮਾਏ ਦੀ ਇਸ ਖੇਤਰ ਵਿੱਚ ਪ੍ਰਭਾਵੀ ਮੌਜੂਦਗੀ ਨਹੀਂ ਹੈ? ਕੀ ”ਦੇਸੀ” ਵੱਡਾ ਸਰਮਾਇਆ ਪਹਿਲਾਂ ਹੀ ਛੋਟੇ ਵਪਾਰੀਆਂ ਨੂੰ ਇਸ ਖੇਤਰ ਤੋਂ ਬਾਹਰ ਨਹੀਂ ਕਰ ਰਿਹਾ?”

(6.) ਅਸੀਂ ਲਿਖਿਆ ਸੀ, ”ਲਾਲ ਪਰਚਮ ਦਾ ਲੇਖਕ ਅੱਗੇ ਲਿਖਦਾ ਹੈ, ”ਇੱਕ ਇਹ ਧਾਰਨਾ ਕਿ ਜੇ ਵਿਦੇਸ਼ੀ ਅਤੇ ਦੇਸੀ ਪੂੰਜੀ ਨਾਲ਼ ਛੋਟੇ ਦਸਤਕਾਰ, ਛੋਟੇ ਵਪਾਰੀ ਅਤੇ ਕਿਸਾਨ ਆਦਿ ਤਬਾਹ ਹੁੰਦੇ ਹਨ ਅਤੇ ਉਹ ਮਜ਼ਦੂਰ ਬਣਦੇ ਹਨ ਅਤੇ ਇਸ ਨਾਲ਼ ਮਜ਼ਦੂਰਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ। ਇਸ ਨਾਲ਼ ਪ੍ਰੋਲੇਤਾਰੀ ਅਤੇ ਬੁਰਜੂਆਜ਼ੀ ਵਿੱਚ ਧਰੁਵੀਕਰਨ ਦਾ ਅਮਲ ਤੇਜ਼ ਹੁੰਦਾ ਹੈ ਤੇ ਇਸ ਨਾਲ਼ ਸਮਾਜਵਾਦੀ ਇਨਕਲਾਬ ਲਈ ਪਦਾਰਥਕ ਹਾਲਤਾਂ ਪੈਦਾ ਹੁੰਦੀਆਂ ਹਨ।” (ਉਪਰੋਕਤ ਪੰਨਾ 31) ਉਪਰੋਕਤ ਹਵਾਲਾ ਦਿੱਤੇ ਪੈਰ੍ਹੇ ਵਿੱਚ ਕੀ ਗ਼ਲਤ ਹੈ? ਕੀ ਅਜਿਹਾ ਹੁੰਦਾ ਹੈ ਜਾਂ ਨਹੀਂ? ਕੀ ਉਪਰੋਕਤ ਪੋਜ਼ੀਸ਼ਨ ਮਾਰਕਸਵਾਦ, ਲੈਨਿਨਵਾਦ ਦੇ ਉਲ਼ਟ ਹੈ ਜਾਂ ਅਨੁਸਾਰੀ ਹੈ? ਇਸ ਬਾਰੇ ਲਾਲ ਪਰਚਮ ਦਾ ਲੇਖਕ ਪੂਰੀ ਤਰਾਂ ਮੌਨ ਧਾਰ ਕੇ ਅੱਗੇ ਆਵਦਾ ਪ੍ਰਵਚਨ ਜ਼ਾਰੀ ਰੱਖਦਾ ਹੋਇਆ ਕਹਿੰਦਾ ਹੈ, ”ਇਸ ਕਰਕੇ ਜੇ ਕਿਸਾਨੀ, ਛੋਟੇ ਵਪਾਰੀ, ਛੋਟੇ ਦਸਤਕਾਰ ਆਦਿ ਮਰਦੇ ਹਨ ਤਾਂ ਇਸਨੂੰ ਮਰਨ ਦਿਓ ਅਤੇ ਜੇਕਰ ਕੋਈ ਇਹਨਾਂ ਦੇ ਪੱਖ ਵਿੱਚ ਖੜ੍ਹਦਾ ਹੈ ਤਾਂ ਰੂਸ ਦੇ ਨਰੋਦਵਾਦੀਆਂ ਨਾਲ਼ ਜਾ ਖੜ੍ਹਦਾ ਹੈ।” ਇੱਥੇ ਲਾਲ ਪਰਚਮ ਅਤੇ ਉਸਦੇ ਲੇਖਕ ਦੀ ਸਮਝ ਦਾ ਦੀਵਾਲ਼ੀਆਪਣ ਪੂਰੀ ਤਰਾਂ ਉੱਘੜ ਆਉਂਦਾ ਹੈ। ਇੱਥੇ ਲਾਲ ਪਰਚਮ ਦਾ ਲੇਖਕ ਵਿਗਿਆਨ ਨੂੰ ਅਧਾਰ ਬਣਾ ਕੇ ਤਰਕ ਕਰਨ ਦੀ ਬਜਾਏ ਜਜ਼ਬਾਤੀ ਬਲੈਕਮੇਲਿੰਗ ‘ਤੇ ਉੱਤਰ ਆਇਆ ਹੈ। ਲੇਖਕ ਜੀ ਕੀ ਛੋਟੇ ਦਸਤਕਾਰ, ਛੋਟੇ ਵਪਾਰੀ ਅਤੇ ਕਿਸਾਨ ਆਪਣੀ, ਛੋਟੀ ਜਿਹੀ ਮਾਲਕੀ ਗਵਾਕੇ ਮਰ ਜਾਂਦੇ ਹਨ? ਜਾਂ ਉਹ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਇਨਕਲਾਬੀ ਜਮਾਤ ਮਜ਼ਦੂਰ ਜਮਾਤ ਦਾ ਅੰਗ ਬਣ ਜਾਂਦੇ ਹਨ? 

ਕੀ ਗਰੀਬ ਕਿਸਾਨਾਂ ਦੇ ਮਾਮਲੇ ‘ਚ ਫੌਰੀ ਤੌਰ ‘ਤੇ ਵੀ, ਛੋਟੀ ਮਾਲਕੀ ਤੋਂ ਸੁਰਖਰੂ ਹੋਣ ਤੋਂ ਬਾਅਦ ਉਹਨਾਂ ਦੀ ਹਾਲਤ ਬਿਹਤਰ ਨਹੀਂ ਹੋ ਜਾਵੇਗੀ? ਕੀ ਗਰੀਬ ਕਿਸਾਨਾਂ, ਜੋ ਕਿ ਵਰਤਮਾਨ ਹਾਲਤਾਂ ਵਿੱਚ ਅਰਧ-ਪ੍ਰੋਲੇਤਾਰੀ ਹਨ, ਦੀ ਕਿਰਤ ਸ਼ਕਤੀ ਦੀ ਮੁੜ ਪੈਦਾਵਾਰ ਦੀ ਕੀਮਤ ਭਾਵ ਉਜਰਤ ਨਹੀਂ ਵੱਧ ਜਾਵੇਗੀ? ਕੀ ਇਸ ਨਾਲ਼ ਉਸਨੂੰ ਦੂਹਰੀ ਕਿਰਤ (ਫੈਕਟਰੀ ਜਾਂ ਹੋਰ ਥਾਵੇਂ ਕਿਰਤ ਸ਼ਕਤੀ ਦੀ ਵਿਕਰੀ ਅਤੇ ਫਿਰ ਆਪਣੇ ਛੋਟੇ ਜਿਹੇ ਖੇਤ ‘ਚ ਪਰਿਵਾਰ ਸਮੇਤ ਹੱਡ-ਭੰਨਵੀਂ ਮਿਹਨਤ) ਤੋਂ ਮੁਕਤੀ ਨਹੀਂ ਮਿਲ਼ੇਗੀ? ਸਾਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ।”

ਪਰ ਸਾਡੀ ਉਡੀਕ ਅਜੇ ਤੱਕ ਖਤਮ ਨਹੀਂ ਹੋਈ।

(7.) ਅਸੀਂ ਲਿਖਿਆ ਸੀ, ”ਲਾਲ ਪਰਚਮ ਦੇ ਲੇਖਕ ਨੇ ਸਾਡੇ ‘ਤੇ ਇੱਕ ਬੇਬੁਨਿਆਦ ਇਲਜ਼ਾਮ ਮੜ੍ਹ ਦਿੱਤਾ ਹੈ ਕਿ ਅਸੀਂ ਭਾਰਤ ਦੇ ਭਾਵੀ ਸਮਾਜਵਾਦੀ ਇਨਕਲਾਬ ਵਿੱਚ ਕਿਸਾਨੀ ਨੂੰ ਮਜ਼ਦੂਰ ਜਮਾਤ ਦੀ ਸੰਗੀ ਨਹੀਂ ਮੰਨਦੇ।”

ਇਸਦੇ ਵਿਰੋਧ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਲਿਖਤਾਂ ‘ਚੋਂ ਹਵਾਲੇ ਦਿੱਤੇ ਸਨ। ਹੁਣ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

(8.) ਅਸੀਂ ਲਿਖਿਆ ਸੀ, ”ਲਾਲ ਪਰਚਮ’ ਗਰੀਬ ਅਤੇ ਦਰਮਿਆਨੀ ਕਿਸਾਨੀ ਦਾ ਤਾਂ ਸਿਰਫ਼ ਨਾਮ ਜਪਦਾ ਹੈ ਜਦਕਿ ਖੇਤੀ ਜਿਣਸਾਂ ਦੇ ਲਾਹੇਵੰਦੇ ਭਾਵਾਂ ਅਤੇ ਸਬਸਿਡੀਆਂ ਆਦਿ ਮੰਗਾਂ ਉੱਪਰ ਕਿਸਾਨ ਸੰਘਰਸ਼ਾਂ ਦੀ ਹਮਾਇਤ ਜ਼ਰੀਏ ਸੇਵਾ ਉਹ ਧਨੀ ਕਿਸਾਨੀ ਜਾਂ ਪੇਂਡੂ ਸਰਮਾਏਦਾਰੀ ਦੀ ਕਰਦਾ ਹੈ। ਲਾਲ ਪਰਚਮ ਦੇ ਲੇਖਕ ਜੀ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਕਿਵੇਂ ਉਪਰੋਕਤ ਮੰਗਾਂ ਤੇ ਸੰਘਰਸ਼, ਗਰੀਬ ਅਤੇ ਦਰਮਿਆਨੀ ਕਿਸਾਨੀ ਦਾ ਸੰਘਰਸ਼ ਬਣਦਾ ਹੈ?”

(9.) ਅਸੀਂ ਲਿਖਿਆ ਸੀ, ”ਆਵਦੇ ਲੇਖ ਦੇ ਅੰਤ ਵਿੱਚ ਤਾਂ ਲਾਲ ਪਰਚਮ ਦਾ ਸਿਧਾਂਤਕਾਰ ਗਲਤ ਬਿਆਨੀ ਦੇ ਸਭ ਹੱਦਾਂ-ਬੰਨੇ ਟੱਪ ਜਾਂਦਾ ਹੈ ਜਦੋਂ ਉਹ ਆਪਣੀ ਨਿੱਕ ਬੁਰਜੂਆ ਕਿਸਾਨ ਲੀਹ ਨੂੰ ਸਹੀ ਠਹਿਰਾਉਣ ਲਈ ਫਰੈਡਰਿਕ ਏਂਗਲਜ਼ ਦਾ ਗਲਤ ਹਵਾਲਾ ਦਿੰਦਾ ਹੈ ਅਤੇ ਅਜੇਹਾ ਕਰਦੇ ਸਮੇਂ ਉਹ ਇਹ ਵੀ ਨਹੀਂ ਦੱਸਦਾ ਕਿ ਏਂਗਲਜ਼ ਦਾ ਹਵਾਲਾ ਉਹ ਉਹਨਾਂ ਦੀ ਕਿਸ ਰਚਨਾ ਵਿੱਚੋਂ ਦੇ ਰਿਹਾ ਹੈ। ਲਾਲ ਪਰਚਮ (ਮਾਰਚ-ਅਪ੍ਰੈਲ 2013) ਵਿੱਚ ਏਂਗਲਜ਼ ਦਾ ਜੋ ਹਵਾਲਾ ਦਿੱਤਾ ਗਿਆ ਹੈ ਉਹ ਉਹਨਾਂ ਦੀ ਪੁਸਤਕ ‘ਫਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ’ ਵਿੱਚੋਂ ਹੈ। ਏਂਗਲਜ਼ ਦੇ ਕਿਸਾਨੀ ਬਾਰੇ ਇਹ ਵਿਚਾਰ ਉਸ ਸਮੇਂ ਵਾਸਤੇ ਹਨ ਜਦੋਂ ਮਜ਼ਦੂਰ ਜਮਾਤ ਸੱਤ੍ਹਾ ਵਿੱਚ ਆ ਜਾਵੇਗੀ। ਏਂਗਲਜ਼ ਦਾ ਜੋ ਹਵਾਲਾ ਲਾਲ ਪਰਚਮ ਨੇ ਦਿੱਤਾ ਹੈ, ਉਹੋ ਹਵਾਲਾ ਸਤਾਲਿਨ ਨੇ ਆਪਣੀ ਕਿਤਾਬ ‘ਲੈਨਿਨਵਾਦ ਦੀਆਂ ਨੀਹਾਂ’ ਵਿੱਚ ਦਿੱਤਾ ਹੈ। ਇੱਥੇ ਵੀ ਸਤਾਲਿਨ ਨੇ ਇਹ ਹਵਾਲਾ ਆਪਣੀ ਪੁਸਤਕ ਦੇ ‘ਕਿਸਾਨ ਮਸਲਾ’ ਵਾਲ਼ੇ ਪਾਠ ਦੇ ‘ਸੋਵੀਅਤ ਸੱਤ੍ਹਾ ਮਜ਼ਬੂਤ ਹੋਣ ਤੋਂ ਬਾਅਦ ਕਿਸਾਨੀ’ ਉਪ ਸਿਰਲੇਖ ਤਹਿਤ ਦਿੱਤਾ ਹੈ। ”

ਇਸ ਫਰੇਬੀ ਕਾਰੇ ਬਾਰੇ ‘ਲਾਲ ਪਰਚਮ’ ਦੇ ਸਿਧਾਂਤਕਾਰ ਨੇ ਉੱਕਾ ਹੀ ਜ਼ੁਬਾਨ ਨਹੀਂ ਖੋਹਲੀ।

(10.) ਅਸੀਂ ‘ਲਾਲ ਪਰਚਮ’ ਦੇ ਸਿਧਾਂਤਕਾਰ ਨੂੰ ਪੁੱਛਿਆ ਸੀ, ”ਲਾਲ ਪਰਚਮ ਦਾ ਲੇਖਕ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਦਾ ਇਸ ਲਈ ਵੀ ਵਿਰੋਧੀ ਹੈ ”ਕਿ ਸਾਮਰਾਜੀ ਸਿੱਧਾ ਵਿਦੇਸ਼ੀ ਨਿਵੇਸ਼ ਜਿਹੜੇ ਵੀ ਦੇਸ਼ ਗਿਆ ਹੈ, ਉੱਥੇ ਇਸ ਨੇ ਆਰਥਿਕ ਸੰਕਟ ਨੂੰ ਜਨਮ ਦਿੱਤਾ ਹੈ।” (ਲਾਲ ਪਰਚਮ, ਮਾਰਚ-ਅਪ੍ਰੈਲ, 2013 ਪੰਨਾ 30, ਸ਼ਬਦਾਂ ‘ਤੇ ਜ਼ੋਰ ਸਾਡਾ)। ਲੇਖਕ ਜੀ ਕੀ ਅੱਜ ਦੀ ਦੁਨੀਆਂ ‘ਚ ਤੁਸੀਂ ਕਿਸੇ ਅਜੇਹੇ ਦੇਸ਼ ਦੀ ਕਲਪਣਾ ਕਰ ਸਕਦੇ ਹੋ ਜਿੱਥੇ ਵਿਦੇਸ਼ੀ ਨਿਵੇਸ਼ ਨਾ ਹੋਵੇ? ਕੀ ਵਿਦੇਸ਼ੀ ਨਿਵੇਸ਼ ਹੀ ਆਰਥਿਕ ਸੰਕਟ ਦਾ ਇੱਕੋ-ਇੱਕ ਸ੍ਰੋਤ ਹੈ? ਕੀ ਜੇਕਰ ਕਿਸੇ, ਦੇਸ਼ ‘ਚ ਵਿਦੇਸ਼ੀ ਨਿਵੇਸ਼ ਨਾ ਹੋਵੇ ਉੱਥੇ ਆਰਥਿਕ ਸੰਕਟ ਨਹੀਂ ਹੋਵੇਗਾ? ਉਂਝ ਤੁਸੀਂ ਆਰਥਿਕ ਸੰਕਟ ਪੈਦਾ ਹੋਣ ‘ਤੇ ਦੁਖੀ ਕਿਉਂ ਹੋ ਰਹੇ ਹੋ? ਇਹ ਕੰਮ ਹਾਕਮ ਜਮਾਤਾਂ ਲਈ ਛੱਡ ਦਿਓ। ਕੀ ਤੁਸੀਂ ਵਰਤਮਾਨ ਲੁਟੇਰੇ ਪ੍ਰਬੰਧ ਦਾ ਸੰਕਟ ਨਹੀਂ, ਇਸ ਦੀ ਖੈਰ ਮੰਗਦੇ ਹੋ?”

‘ਲਾਲ ਪਰਚਮ’ ਦੇ ”ਸਿਧਾਂਤਕਾਰ” ਜੀ ਮੂਰਖਤਾਪੂਰਨ ਡੱਡੂ ਟਪੂਸੀਆਂ ਮਾਰਨ ਦੀ ਬਜਾਏ ਜੇਕਰ ਤੁਹਾਡੇ ‘ਚ ਰੱਤੀ ਭਰ ਵੀ ਸ਼ਰਮ ਹਿਆ ਬਚੀ ਹੈ ਤਾਂ ਸਾਡੇ ਵੱਲੋਂ ਪਿਛਲੀ ਟਿੱਪਣੀ (ਉੱਪਰ ਫਿਰ ਤੋਂ ਦਿੱਤੇ) ਵਿੱਚ ਪੁੱਛੇ ਅਤੇ ਇਸ ਲੇਖ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਦਿਓ।

ਉਂਝ ਵੀ ਇਸ ”ਸਿਧਾਂਤਕਾਰ” ਨੇ ਵਾਅਦਾ ਕੀਤਾ ਹੈ ਕਿ ਸਾਡੇ ”ਜਵਾਬ” ਵਿੱਚ ਲਿਖੇ ਲੇਖ ਦਾ ਬਾਕੀ ਹਿੱਸਾ ਉਹ ‘ਫਿਰ ਦੇਵੇਗਾ।’ ਸਾਨੂੰ ਉਸ ਬਾਕੀ ਹਿੱਸੇ ਅਤੇ ਉਸ ਵਿੱਚ ਸਾਡੇ ਉਪਰੋਕਤ ਸਵਾਲਾਂ ਦੇ ਜਵਾਬ ਦਾ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ। 

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s