ਫਾਸੀਵਾਦ ਦੀ ਬੁਨਿਆਦੀ ਸਮਝ: ਨੁਕਤੇਵਾਰ ਕੁਝ ਗੱਲਾਂ -ਕਾਤਿਆਇਨੀ

hqdefault

ਪੀ.ਡੀ.ਐਫ਼ ਡਾਊਨਲੋਡ ਕਰੋ…

(1) ‘ਫਾਸੀਵਾਦ ਸੜ੍ਹਦੀ ਹੋਈ ਸਰਮਾਏਦਾਰੀ ਹੈ’ (ਲੈਨਿਨ)। ਇਹ ਇੱਕ ਵਰਤਾਰਾ ਹੈ ਜੋ ਸਾਮਰਾਜਵਾਦ ਦੇ ਦੌਰ ਵਿੱਚ ਸਰਮਾਏਦਾਰੀ ਦੇ ਆਮ ਸੰਕਟ ਦੇ ਡੂੰਘੇ ਹੋਣ ਦੇ ਨਾਲ਼ ਜੰਮਿਆ ਸੀ। ਹੁਣ ਸੰਸਾਰ ਸਰਮਾਏਦਾਰੀ ਦੇ ਲਾਇਲਾਜ ਢਾਂਚਾਗਤ ਸੰਕਟ ਅਤੇ ਉਸ ਤੋਂ ਖਹਿੜਾ ਛੁਡਾਉਣ ਦੇ “ਨਵ-ਉਦਾਰਵਾਦੀ” ਨੁਸਖ਼ਿਆਂ ਦੇ ਦੌਰ ਵਿੱਚ ਫਾਸੀਵਾਦੀ ਸਿਆਸਤ ਸਾਰੇ ਸਰਮਾਏਦਾਰ ਦੇਸ਼ਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਸਿਰ ਚੁੱਕ ਰਹੀ ਹੈ ਅਤੇ ਖ਼ਾਸ ਤੌਰ ‘ਤੇ ਭਾਰਤ ਵਰਗੇ ਪਛੜੇ ਸਰਮਾਏਦਾਰ ਦੇਸ਼ਾਂ ਵਿੱਚ ਧਾਰਮਿਕ ਕੱਟੜਪੰਥ ਇੱਕ ਤਾਕਤਵਰ ਉਭਾਰ ਦੇ ਤੌਰ ‘ਤੇ ਸਾਹਮਣੇ ਆ ਰਿਹਾ ਹੈ।

(2) ਸਰਮਾਏ ਦੇ ਅਜਾਰੇਦਾਰ ਰੂਪ ਪਰਜੀਵੀ ਨਿਘਾਰ ਦੇ ਤੱਤਾਂ ਨੂੰ ਜਨਮ ਦਿੰਦੇ ਹਨ। ਅਜਾਰੇਦਾਰ ਸਰਮਾਏ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਰੋਕਣ ਅਤੇ ਧੀਮਾ ਕਰਨ ਦੀ ਆਮ ਪ੍ਰਵਿਰਤੀ ਹੁੰਦੀ ਹੈ। ਇਸ ਸਾਪੇਖਿਕ ਖੜੋਤ ਅਤੇ ਖਿੰਡਾਅ ਦੀ ਪ੍ਰਵਿਰਤੀ ਨਾਲ਼ ਸਮਾਜ ਵਿੱਚ ਜਮਹੂਰੀਅਤ-ਵਿਰੋਧੀ, ਵਿਗਿਆਨਕ ਤਰਕ-ਵਿਰੋਧੀ ਪਿਛਾਖੜੀ ਤਾਕਤਾਂ ਦੇ ਵਧਣ-ਫੁੱਲਣ ਦਾ ਅਧਾਰ ਤਿਆਰ ਹੁੰਦਾ ਹੈ। ਮੁਨਾਫ਼ੇ ਦੀ ਡਿੱਗਦੀ ਦਰ ਨੂੰ ਰੋਕਣ ਲਈ ਸਰਮਾਏਦਾਰ ਅਤੇ ਉਹਨਾਂ ਦੀ ਰਾਜਸੱਤ੍ਹਾ ਵੱਡੇ ਪੈਮਾਨੇ ‘ਤੇ ਪੈਦਾਵਾਰੀ ਤਾਕਤਾਂ ਦਾ ਨਾਸ਼ ਵੀ ਕਰਦੀ ਹੈ ਜੋ ਕਿ ਨਾਸ਼ਵਾਨ ਸਰਮਾਏਦਾਰੀ ਦੀ ਇੱਕ ਲਖਣਾਇਕਤਾ ਹੈ।

(3) ਜਦ ਪਰਜੀਵੀ-ਮਾਸਾਹਾਰੀ ਵਿੱਤੀ ਸਰਮਾਏ ਦਾ ਸਭ ਨੂੰ ਸਰਵ-ਵਿਆਪੀ ਗਲਬਾ ਵੱਡੇ ਪੱਧਰ ‘ਤੇ ਗ਼ੈਰ-ਪੈਦਾਵਾਰੀ ਉਦੇਸ਼ਾਂ ਲਈ ਸਰਮਾਇਆ-ਨਿਵੇਸ਼ ਨੂੰ ਹੁਲਾਰਾ ਦਿੰਦਾ ਹੈ, ਜਦ “ਰੇਨਟਿਅਰ” ਅਤੇ “ਰੇਨਟਿਅਰ ਸਟੇਟ” ਦਾ ਵਿਕਾਸ ਤੇਜ਼ ਹੋ ਜਾਂਦਾ ਹੈ, ਜਦ ਅਸਲ ਅਰਥਚਾਰੇ ਵਿੱਚ ਨਿਵੇਸ਼ ਦੇ ਮੁਕਾਬਲੇ ਸ਼ੇਅਰ ਮੰਡੀ, ਮਨੋਰੰਜਨ ਸਨਅੱਤ, ਜੰਗੀ ਸਨਅਤ ਆਦਿ ਵਿੱਚ ਗ਼ੈਰ-ਪੈਦਾਵਾਰੀ ਨਿਵੇਸ਼ ਬਹੁਤ ਜ਼ਿਆਦਾ ਹੋਣ ਲੱਗਦਾ ਹੈ ਤਾਂ ਵਿੱਤੀ ਸਰਮਾਏ ਦਾ ਸਭ ਤੋਂ ਵੱਧ ਪਿਛਾਖੜੀ ਰੂਪ ਫਾਸੀਵਾਦੀ ਵਿਚਾਰਾਂ ਅਤੇ ਸਿਆਸਤ ਦੇ ਰੂਪ ਵਿੱਚ ਉੱਚ-ਉਸਾਰ ਦੇ ਖੇਤਰ ਵਿੱਚ ਵੱਧ ਤੋਂ ਵੱਧ ਭਾਰੂ ਹੁੰਦਾ ਜਾਂਦਾ ਹੈ।

(4) ਵਿੱਤੀ ਸਰਮਾਏ ਦੀ ਸਭ ਤੋਂ ਵੱਧ ਪਿਛਾਖੜੀ ਸਿਆਸਤ– ਫਾਸੀਵਾਦ ਦਾ ਵਪਾਰਕ ਸਰਮਾਏਦਾਰਾਂ, ਦਲਾਲਾਂ ਅਤੇ ਠੇਕੇਦਾਰਾਂ ਦੀਆਂ ਪਰਜੀਵੀ ਜਮਾਤਾਂ ਵਿੱਚ ਸਭ ਤੋਂ ਮਜ਼ਬੂਤ ਸਮਾਜਿਕ ਅਧਾਰ ਹੁੰਦਾ ਹੈ। ਪੱਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਇੱਕ ਲੜੀਵਾਰ ਬਦਲਾਅ ਦੀ ਪ੍ਰਕ੍ਰਿਆ ਵਿੱਚ ਜਗੀਰੂ ਭੂ-ਮਾਲਕ ਤੋਂ ਸਰਮਾਏਦਾਰਾ ਭੂ-ਮਾਲਕ ਵਿੱਚ ਕਾਇਆਪਲਟ ਹੋਈ ਜਮਾਤ ਵੀ ਘੋਰ ਗ਼ੈਰ-ਜਮਹੂਰੀ ਹੁੰਦੀ ਹੈ ਅਤੇ ਫਾਸੀਵਾਦ ਦੇ ਸਮਾਜਿਕ ਅਧਾਰ ਦਾ ਕੰਮ ਕਰਦੀ ਹੈ। ਸਰਮਾਏਦਾਰੀ ਦੇ ਲੜੀਵਾਰ ਵਿਕਾਸ ਦੀ ਪ੍ਰਕ੍ਰਿਆ ਵਿੱਚ ਕਾਸ਼ਤਕਾਰਾਂ ਵਿੱਚੋਂ ਕੁਲਕਾਂ (ਧਨੀ ਮਾਲਕ ਕਿਸਾਨ) ਅਤੇ ਖੁਸ਼ਹਾਲ ਮੱਧਵਰਗੀ ਮਾਲਕ ਕਿਸਾਨਾਂ ਦਾ ਜੋ ਤਬਕਾ ਪੈਦਾ ਹੁੰਦਾ ਹੈ, ਸਰਮਾਏਦਾਰੀ ਢਾਂਚੇ ਦੇ ਸੰਕਟ ਦੇ ਡੂੰਘੇ ਹੋਣ ਦੇ ਫਲਸਰੂਪ ਉਸਦੀ ਕਿਸਾਨ ਸਿਆਸਤ ਦਾ ਨਰੋਦਵਾਦੀ ਯੂਟੋਪੀਆ ਜਦ ਖੇਰੂੰ-ਖੇਰੂੰ ਹੋ ਜਾਂਦਾ ਹੈ ਤਾਂ ਉਹ ਘੋਰ-ਪਿਛਾਖੜੀ ਸਿਆਸੀ ਪੋਜੀਸ਼ਨ ਅਪਣਾ ਲੈਂਦਾ ਹੈ ਅਤੇ ਫਾਸੀਵਾਦ ਦਾ ਨਵਾਂ ਸਮਾਜਿਕ ਅਧਾਰ ਬਣ ਜਾਂਦਾ ਹੈ।

(5) ਸਰਮਾਏਦਾਰਾ ਵਿਕਾਸ ਨੇ ਵਿਸ਼ੇਸ਼ ਅਧਿਕਾਰ-ਪ੍ਰਾਪਤ ਘੱਟ ਗਿਣਤੀ ਉਪਭੋਗਤਾ ਤਬਕੇ ਦੇ ਰੂਪ ਵਿੱਚ ਪਰਜੀਵੀ ਉੱਚ-ਮੱਧਵਰਗ ਦੀ ਸਮਾਜਿਕ ਪਰਤ ਦਾ ਜੋ ਵਿਸਥਾਰ ਕੀਤਾ ਹੈ, ਉਹ ਖਾਸ ਕਰਕੇ ਸਰਮਾਏਦਾਰੀ ਦੇ ਸੰਕਟ ਦੇ ਦੌਰ ਵਿੱਚ ਫਾਸੀਵਾਦ ਦੇ ਮਜ਼ਬੂਤ ਸਮਾਜਿਕ ਅਧਾਰ ਦਾ ਕੰਮ ਕਰਨ ਲੱਗਦਾ ਹੈ। ਚਿੱਟੇ ਕਾਲਰ ਵਾਲ਼ੇ “ਕੁਲੀਨ” ਮਜ਼ਦੂਰਾਂ ਦਾ ਇੱਕ ਹਿੱਸਾ ਜੋ ਮਜ਼ਦੂਰਾਂ ਦੇ ਪੱਖ ਨੂੰ ਤਿਆਗ ਚੁੱਕਿਆ ਹੈ, ਵੀ ਫਾਸੀਵਾਦ ਨੂੰ ਹਮਾਇਤ ਦੇਣ ਲਗਦਾ ਹੈ।

(6) ਨਿਰਾਸ਼ ਅਤੇ ਥੱਕੇ-ਟੁੱਟੇ, ਪੀਲ਼ੇ-ਬਿਮਾਰ ਚਿਹਰਿਆਂ ਵਾਲ਼ੇ ਬੇਰੁਜ਼ਗਾਰ ਜਾਂ ਅਰਧ-ਬੇਰੁਜ਼ਗਾਰੀ ਦੇ ਸ਼ਿਕਾਰ ਹੇਠਲੇ-ਮੱਧਵਰਗੀ ਨੌਜਵਾਨਾਂ ਦੀ ਭਾਰੀ ਵਸੋਂ ਆਪਣੀਆਂ ਸਮੱਸਿਆਵਾਂ ਦੀ ਮੂਲ ਜੜ੍ਹ ਨੂੰ ਨਾ ਸਮਝ ਸਕਣ ਕਰਕੇ ਅਤੇ ਕਿਸੇ ਤਰ੍ਹਾਂ ਦੇ ਇਨਕਲਾਬੀ ਬਦਲ ਦੀ ਅਣਹੋਂਦ ਦੇ ਕਾਰਨ ਫਾਸੀਵਾਦੀ ਝੂਠੇ-ਪ੍ਰਚਾਰ, ਲੋਕ-ਲੁਭਾਊ ਅਤੇ ਖਬਤੀ ਨਾਹਰਿਆਂ (ਨਿਰਾਸ਼ ਲੋਕਾਂ ਨੂੰ ਖਬਤੀ ਬਣਾਉਣਾ ਸੌਖਾ ਹੁੰਦਾ ਹੈ) ਦੇ ਪ੍ਰਭਾਵ ਵਿੱਚ ਅਸਾਨੀ ਨਾਲ਼ ਆ ਜਾਂਦੀ ਹੈ ਅਤੇ ਇੱਕ ਮਿੱਥ-ਚੇਤਨਾ ਵਿੱਚ ਫਸ ਕੇ ਫਾਸੀਵਾਦੀ ਪ੍ਰਚਾਰ ਦੇ ਧੋਖੇ ਨਾਲ਼ ਉਭਾਰੇ “ਕਾਲਪਨਿਕ ਦੁਸ਼ਮਣ” ਨੂੰ ਹੀ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਸਮਝਣ ਲਗਦੀ ਹੈ। ਇਸਦੇ ਤਹਿਤ ਉਹ ਫਾਸੀਵਾਦੀਆਂ ਦੀਆਂ ਗੁੰਡਾ-ਫ਼ੌਜਾਂ ਵਿੱਚ ਜਾ ਸ਼ਾਮਲ ਹੁੰਦੀ ਹੈ।

(7) ਸਰਮਾਏਦਾਰੀ ਦੇ ਸੰਕਟ ਦੇ ਦੌਰ ਵਿੱਚ ਮਜ਼ਦੂਰਾਂ ਦੀ ਭਾਰੀ ਵਸੋਂ ਪੈਦਾਵਾਰ ਦੀ ਜਥੇਬੰਦ ਪ੍ਰਕ੍ਰਿਆ ਤੋਂ ਹੀ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬਾਹਰ ਕਰ ਦਿੱਤੀ ਜਾਂਦੀ ਹੈ। ਇਸ ਵਸੋਂ ਦਾ ਇੱਕ ਵੱਡਾ ਹਿੱਸਾ ਅਣਮਨੁੱਖੀਕਰਨ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦੀ ਮਜ਼ਦੂਰ ਚੇਤਨਾ ਉੱਡ-ਪੁੱਡ ਜਾਂਦੀ ਹੈ ਅਤੇ ਉਸਦਾ ਲੰਪਟੀਕਰਨ ਹੋ ਜਾਂਦਾ ਹੈ। ਅਜਿਹੀ ਵਸੋਂ ਫਾਸੀਵਾਦੀ ਪ੍ਰਚਾਰ ਦੇ ਸਹਿਜ ਪ੍ਰਭਾਵ ਵਿੱਚ ਆ ਜਾਂਦੀ ਹੈ ਅਤੇ ਫਾਸੀਵਾਦੀ ਗੁੰਡਾ-ਟੋਲਿਆਂ ਵਿੱਚ ਵੱਡੇ ਪੱਧਰ ‘ਤੇ ਸ਼ਾਮਲ ਹੋ ਜਾਂਦੀ ਹੈ।

(8) ਇਸ ਤਰ੍ਹਾਂ ਫਾਸੀਵਾਦ ਇੱਕ ਅਜਿਹੀ ਅੱਤ ਦੀ ਪਿਛਾਖੜੀ ਸਮਾਜਿਕ ਲਹਿਰ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਬੇਮੇਲ਼ ਤੱਤ ਸ਼ਾਮਲ ਹੁੰਦੇ ਹਨ। ਬੁਰਜੂਆ ਵੋਟ-ਬਟੋਰੂ ਸਿਆਸਤ ਫਾਸੀਵਾਦ ਦੇ ਉਦੇਸ਼ ਦੀ ਪ੍ਰਾਪਤੀ ਦੇ ਲਈ ਕੇਵਲ ਇੱਕ ਮੋਰਚਾ ਹੁੰਦਾ ਹੈ। ਸਮਾਜਿਕ ਲਾਮਬੰਦੀ ਦੇ ਲਈ ਫਾਸੀਵਾਦੀ ਅਨੇਕ ਤਰ੍ਹਾਂ ਦੇ ਸਮਾਜਿਕ-ਸੱਭਿਆਚਾਰਕ ਜਥੇਬੰਦੀਆਂ ਬਣਾ ਕੇ ਜ਼ਮੀਨੀ ਪੱਧਰ ‘ਤੇ ਲਗਾਤਾਰ ਕੰਮ ਕਰਦੇ ਰਹਿੰਦੇ ਹਨ।

(9) ਪਿਛੜੇ ਸਰਮਾਏਦਾਰਾ ਦੇਸ਼ਾਂ ਵਿੱਚ, ਜਿੱਥੇ ਸਰਮਾਏਦਾਰੀ ਦਾ ਵਿਕਾਸ ‘ਪੁਨਰ-ਜਾਗਰਣ, ਪ੍ਰਬੋਧਨ-ਇਨਕਲਾਬ’ ਦੀ ਪ੍ਰਕ੍ਰਿਆ ਨਾਲ਼ ਨਾ ਹੋ ਕੇ ਬਸਤੀਵਾਦੀ ਸਮਾਜਿਕ ਆਰਥਿਕ-ਬਣਤਰ ਦੇ ਗਰਭ ‘ਚੋਂ ਹੋਇਆ ਹੈ ਅਤੇ ਉਤਰ-ਬਸਤੀਵਾਦੀ ਸਮੇਂ ਵਿੱਚ ਧੀਮੇ ਲੜੀਵਾਰ ਵਿਕਾਸ ਦੇ ਰਾਹੀਂ ਹੋਇਆ ਹੈ, ਉਥੋਂ ਦੇ ਸਿਆਸੀ ਉੱਚ-ਉਸਾਰ ਵਿੱਚ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਸਮਾਜਿਕ ਜਮਹੂਰੀਅਤ ਦੇ ਤੱਤ ਬਹੁਤ ਹੀ ਘੱਟ ਹਨ, ਵਿਗਿਆਨਕ ਤਰਕ ਦੀ ਭਿਅੰਕਰ ਅਣਹੋਂਦ ਹੁੰਦੀ ਹੈ। ਅਜਿਹੇ ਦੇਸ਼ਾਂ ਵਿੱਚ ਸਰਮਾਏਦਾਰੀ ਜੀਵਨ-ਪੱਧਤੀ ਦੇ ਨਾਲ਼ ਸਾਰੀਆਂ ਧੜਵੈਲ ਆਪਮੁਹਾਰੀਆਂ ਮੱਧਯੁੱਗੀ ਕਦਰਾਂ-ਕੀਮਤਾਂ, ਸੰਸਥਾਵਾਂ ਬਚੀਆਂ ਹੋਈਆਂ ਹੁੰਦੀਆਂ ਹਨ। ਅਜਿਹੇ ਦੇਸ਼ਾਂ ਵਿੱਚ ਨਵ-ਉਦਾਰਵਾਦ ਦੇ ਦੌਰ ਦਾ ਸਾਪੇਖਿਕ ਤੀਬਰ ਸਰਮਾਏਦਾਰਾ ਵਿਕਾਸ ਸਿਹਤਮੰਦ ਬੁਰਜੂਆ ਜਮਹੂਰੀ ਕਦਰਾਂ ਦੇ ਬਜਾਏ ਭੱਦੀ ਧੜੈਲਤਾ ਅਤੇ ਬੇਗਾਨਗੀ ਦੀਆਂ ਕਦਰਾਂ ਲੈ ਕੇ ਆਇਆ ਹੈ। ਇਹਨਾਂ ਦੇਸ਼ਾਂ ਵਿੱਚ ਸਰਮਾਏਦਾਰਾ ਸੰਕਟ ਦੀ ਡੂੰਘਾਈ ‘ਚੋਂ ਪੈਦਾ ਹੋਈ ਫਾਸੀਵਾਦੀ ਲਹਿਰ ਨੂੰ ਆਪਣਾ ਅਧਾਰ ਮਜ਼ਬੂਤ ਕਰਨ ਅਤੇ ਤੇਜ਼ੀ ਨਾਲ਼ ਵਧਣ ਲਈ ਅੱਜ ਜ਼ਿਆਦਾ ਅਨੁਕੂਲ ਹਾਲਾਤ ਮਿਲ਼ ਰਹੇ ਹਨ।

(10) ਸਰਮਾਏਦਾਰਾ ਸੰਕਟ ਦਾ ਇਨਕਲਾਬੀ ਹੱਲ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਸਮਾਜਵਾਦ ਦੇ ਲਈ ਅੱਗੇ ਵਧਦਾ ਘੋਲ਼ ਪੇਸ਼ ਕਰਦਾ ਹੈ। ਜੇਕਰ ਇਨਕਲਾਬੀ ਪੇਸ਼ਕਾਰੀ ਦਾ ਇਹ ਉਪਾਅ ਫੇਲ•ਹੋਇਆ, ਹਾਰ ਜਾਂ ਖਿੰਡ ਗਿਆ ਅਤੇ ਸਰਮਾਏਦਾਰਾ ਸੰਕਟ ਜਾਰੀ ਰਿਹਾ ਤਾਂ ਉਸਦਾ ਉਲਟ-ਇਨਕਲਾਬੀ ਹੱਲ ਲਾਜ਼ਮੀ ਹੀ ਫਾਸੀਵਾਦ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਹ ਕਹੀਏ ਕਿ ਇਨਕਲਾਬ ਨਾ ਕਰ ਸਕਣ ਦੀ ਸਜ਼ਾ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਈ ਨੂੰ ਫਾਸੀਵਾਦ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ। ਇਨਕਲਾਬੀ ਸੰਕਟ ਦੇ ਔਖੇ ਦੌਰ ਵਿੱਚ ਸਮਾਜਵਾਦ ਦੀ ਸੰਭਾਵਨਾ ਜੇਕਰ ਵਧ-ਫੁੱਲ ਨਾ ਰਹੀ ਹੋਵੇ ਤਾਂ ਫਾਸੀਵਾਦੀ ਬਰਬਰਤਾ ਹੀ ਇੱਕੋ-ਇੱਕ ਹੱਲ ਬਚਦਾ ਹੈ।

(11) ਫਾਸੀਵਾਦ ਦੇ ਵਧਣ-ਫੁੱਲਣ ਦਾ ਅਧਾਰ ਤਿਆਰ ਕਰਨ ਵਿੱਚ ਬਾਹਰਮੁਖੀ ਤੌਰ ‘ਤੇ ਸਮਾਜਿਕ-ਜਮਹੂਰੀ ਅਤੇ ਸੋਧਵਾਦੀ ਪਾਰਟੀਆਂ ਦੀ ਇੱਕ ਮਹੱਤਵਪੂਰਣ ਭੂਮਿਕਾ ਬਣ ਜਾਂਦੀ ਹੈ। ਇਹ ਪਾਰਟੀਆਂ ਜਥੇਬੰਦ ਮਜ਼ਦੂਰ ਜਮਾਤ ਨੂੰ ਲਗਾਤਾਰ ਆਰਥਿਕ ਘੋਲ਼ਾਂ ਅਤੇ ਸੌਦੇਬਾਜ਼ੀਆਂ ਵਿੱਚ ਉਲ਼ਝਾਈ ਰੱਖਦੀਆਂ ਹਨ, ਉਸ ਵਿੱਚ ਕੋਈ ਸਿਆਸੀ ਕੰੰਮ ਨਹੀਂ ਕਰਦੀਆਂ, ਸਿਆਸੀ ਘੋਲ਼ਾਂ ਨੂੰ ਇਹ ਸੰਸਦੀ ਚੌਹੱਦਾਂ ਅਤੇ ਕੁਝ ਰਸਮੀ ਧਰਨੇ-ਮੁਜ਼ਾਰਿਆਂ ਤੱਕ ਸੀਮਤ ਕਰ ਦਿੰਦੀਆਂ ਹਨ। ਗੈਰ-ਜਥੇਬੰਦ ਮਜ਼ਦੂਰ ਵਸੋਂ ਤੱਕ ਇਹਨਾਂ ਦੀ ਪਹੁੰਚ ਨਾ ਦੇ ਬਰਾਬਰ ਹੁੰਦੀ ਹੈ। ਇਸ ਤਰ੍ਹਾਂ ਇਹ ਪਾਰਟੀਆਂ ਮਜ਼ਦੂਰ ਜਮਾਤ ਦੀ ਸਿਆਸੀ ਚੇਤਨਾ ਨੂੰ ਖੁੰਢਾ ਕਰਨ ਅਤੇ ਉਹਨਾਂ ਦੀ ਜੁਝਾਰੂ ਜਮਾਤੀ-ਚੇਤਨਾ ਨੂੰ ਤੋੜਣ-ਮਰੋੜਣ ਦਾ ਕੰਮ ਕਰਦੀਆਂ ਹਨ। ਫਾਸੀਵਾਦ ਦੇ ਵਿਰੁੱਧ ਘੋਲ਼ ਨੂੰ ਵਿਸ਼ਾਲ ਸਮਾਜਿਕ-ਸਿਆਸੀ ਘੋਲ਼ ਬਣਾਉਣ ਦੀ ਥਾਂ ਇਹ ਪਾਰਟੀਆਂ ਉਸਨੂੰ ਵੋਟਾਂ ਦੀ ਜਿੱਤ-ਹਾਰ ਅਤੇ ਗਠਜੋੜ ਦੀ ਖੇਡ ਬਣਾ ਦਿੰਦੀਆਂ ਹਨ। ਨਤੀਜੇ ਵਜੋਂ, ਮਜ਼ਦੂਰ ਜਮਾਤ ਫਾਸੀਵਾਦ ਦੇ ਵਿਰੁੱਧ ਗੈਰ-ਸਰਗਰਮ ਅਤੇ ਨਿਹੱਥੀ ਹੋ ਜਾਂਦੀ ਹੈ। ਇਹ ਪਾਰਟੀਆਂ ਬੁਰਜੂਆ ਸੰਵਿਧਾਨ ਅਤੇ ਜਮਹੂਰੀਅਤ ਦੀ ਰੱਖਿਆ ਦੀ ਦੁਹਾਈ ਦਿੰਦੇ ਹੋਏ ਫਾਸੀਵਾਦ ਦੇ ਵਿਰੁੱਧ ਕੁਝ ਰਸਮੀ ਬੌਧਿਕ-ਸੱਭਿਆਚਾਰਕ ਕਵਾਇਦ ਕਰਦੀਆਂ ਰਹਿੰਦੀਆਂ ਹਨ। ਇਹਨਾਂ ਤੋਂ ਆਸ ਲਾਉਣ ਵਾਲ਼ਾ ਸਮਾਜ ਦਾ ਧਰਮ-ਨਿਰਪੱਖ, ਅਗਾਂਹਵਧੂ ਬੌਧਿਕ ਤਬਕਾ ਫਾਸੀਵਾਦੀ ਉਭਾਰ ਦੇ ਸਮੇਂ ਘਬਰਾਹਟ ਅਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਫਾਸੀਵਾਦ ਦਹਿਸ਼ਗਰਦੀ ਦੇ ਮੂਹਰੇ ਡਰ ਕੇ ਚੁੱਪੀ ਧਾਰ ਲੈਂਦਾ ਹੈ। ਜਦ ਫਾਸੀਵਾਦ ਸੱਤ੍ਹਾ ਵਿੱਚ ਆਉਂਦਾ ਹੈ ਤਾਂ ਆਮ ਕਿਰਤੀ ਵਸੋਂ, ਧਾਰਮਿਕ-ਨਸਲੀ ਘੱਟ-ਗਿਣਤੀਆਂ, ਪ੍ਰਵਾਸੀਆਂ ਤੇ ਇਨਕਲਾਬੀ ਕਮਿਊਨਿਸਟਾਂ ਦੇ ਨਾਲ਼ ਹੀ ਸੋਧਵਾਦੀ ਕਮਿਊਨਿਸਟਾਂ ਅਤੇ ਸਮਾਜਿਕ ਜਮਹੂਰੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦਾ ਹੈ। ਅਜਿਹੇ ਸਮੇਂ ਸਮਾਜਿਕ ਜਮਹੂਰੀਆਂ ਦਾ ਇੱਕ ਅਜਿਹਾ ਪਤਿਤ ਹਿੱਸਾ ਵੀ ਹੁੰਦਾ ਹੈ, ਜੋ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਫਾਸੀਵਾਦ ਦਾ ਹਮਾਇਤੀ ਬਣ ਜਾਂਦਾ ਹੈ ਜਾਂ ਸਿੱਧਾ ਉਸਦੀਆਂ ਸਫਾਂ ਵਿੱਚ ਜਾ ਖੜ੍ਹਦਾ ਹੈ।

(12) ਫਾਸੀਵਾਦੀ ਲਹਿਰ ਇੱਕ ‘ਕਾਡਰ-ਅਧਾਰਿਤ’ ਲਹਿਰ ਹੁੰਦੀ ਹੈ ਅਤੇ ਇਸ ਲਈ ਇਸਦਾ ਪ੍ਰਚਾਰ-ਤੰਤਰ ਹੋਰਾਂ ਬੁਰਜੂਆ ਜਮਹੂਰੀ ਪਾਰਟੀਆਂ ਤੋਂ ਵੱਧ ਪ੍ਰਭਾਵੀ ਹੁੰਦਾ ਹੈ। ਇਸਦਾ ਮੁੱਖ ਵਿਚਾਰਧਾਰਕ-ਸਿਆਸੀ ਕੇਂਦਰ ਕਈ ਤਰ੍ਹਾਂ ਦੀਆਂ ਸਹਾਇਕ ਜਥੇਬੰਦੀਆਂ ਬਣਾ ਕੇ ਸਮਾਜ ਦੀਆਂ ਵੱਖ-ਵੱਖ ਜਮਾਤਾਂ-ਤਬਕਿਆਂ ਵਿਚਾਲੇ ਜਮੀਨੀ ਪੱਧਰ ‘ਤੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਉਹ ਧਾਰਮਿਕ, ਨਸਲੀ, ਜਾਤੀਗਤ ਪੱਧਰਾਂ ‘ਤੇ ਮੰਚ, ਮੋਰਚਾ, ਜਥੇਬੰਦੀ ਆਦਿ ਬਣਾ ਕੇ ਕੰਮ ਕਰਨ ਦੇ ਨਾਲ਼ ਹੀ ਗ਼ਰੀਬ ਵਸੋਂ ਵਿੱਚ ਸੁਧਾਰ ਦੀਆਂ ਸਾਰੀਆਂ ਕਾਰਵਾਈਆਂ ਕਰਦੇ ਹੋਏ ਆਪਣੀ ਵਿਚਾਰਧਾਰਾ ਦਾ ਲਗਾਤਾਰ ਪ੍ਰਚਾਰ ਕਰਦੇ ਰਹਿੰਦੇ ਹਨ। ਫਾਸੀਵਾਦ ਅਕਸਰ ਸੱਭਿਆਚਾਰ ਦਾ ਚੋਲ਼ਾ ਪਾਕੇ ਆਉਂਦਾ ਹੈ। ਸੱਭਿਆਚਾਰ ਨੂੰ ਉਹ ਹਮੇਸ਼ਾ ਨਸਲੀ ਅਤੇ ਧਾਰਮਿਕ ਅਧਾਰ ‘ਤੇ ਪਰਿਭਾਸ਼ਿਤ ਕਰਦਾ ਹੈ ਅਤੇ “ਸੱਭਿਆਚਾਰਕ ਕੌਮਵਾਦ” ਦੇ ਨਾਹਰੇ ਦਿੰਦਾ ਹੋਇਆ ਧਾਰਮਿਕ ਜਾਂ ਨਸਲੀ ਘੱਟ-ਗਿਣਤੀਆਂ ਨੂੰ ‘ਗੈਰਾਂ’ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਉਹਨਾਂ ਨੂੰ “ਕੌਮੀ ਨਿਘਾਰ” ਦਾ ਬੁਨਿਆਦੀ ਕਾਰਨ ਕਹਿੰਦਾ ਹੈ ਅਤੇ ਬਹੁ-ਸੰਖਿਅਕ ਵਸੋਂ ਦੇ ਸਾਹਮਣੇ ਉਹਨਾਂ ਦੀ ‘ਦੁਸ਼ਮਣ’ ਵਰਗੀ ਝਲਕ ਉਭਾਰਦਾ ਹੈ। ਫਾਸੀਵਾਦ ਕੌਮਵਾਦ ਨੂੰ ਇੱਕ ਬੁਰਜੂਆ ਵਰਤਾਰਾ ਮੰਨਣ ਦੀ ਬਜਾਏ ਪੁਰਾਤਨ ਸਮੇਂ ਤੋਂ ਹੀ ਹੋਂਦ ਵਿੱਚ ਮੰਨਦਾ ਹੈ। ‘ਦੇਸੀ’ ਅਤੇ ‘ਕੌਮੀ ਮਾਣ’ ਦੇ ਨਾਂ ‘ਤੇ ਪਿਛੜੇ, ਉੱਤਰ-ਬਸਤੀਵਾਦੀ ਸਮਾਜਾਂ ਦਾ ਫਾਸੀਵਾਦ ਅਤੀਤ ਦਾ ਮਿੱਥਿਆ ਆਦਰਸ਼ੀਕਰਨ ਕਰਦਾ ਹੈ (ਜਿਵੇਂ ਭਾਰਤ ਦੇ ਹਿੰਦੂਵਾਦੀ “ਸੁਨਹਿਰੀ ਹਿੰਦੂ ਭਾਰਤ” ਦਾ ਇੱਕ ਮਿੱਥਿਆ ਇਤਿਹਾਸ ਰਚਦੇ ਹਨ। ਆਰੀਅਨਾਂ ਦੇ ਭਾਰਤ ਮੂਲ ਦਾ ਦਾਅਵਾ ਕਰਦੇ ਹਨ ਅਤੇ ਇੱਕ ਨਸਲ ਨਾ ਹੁੰਦੇ ਹੋਏ ਵੀ ਸਾਰੇ ਕੁਲੀਨ ਹਿੰਦੂਆਂ ਦੇ ਆਰੀਆ ਨਸਲ ਦਾ ਹੋਣ ਦਾ ਦਾਅਵਾ ਕਰਦੇ ਹਨ), ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ, ਧਾਰਮਿਕ ਮਿੱਥਾਂ ਨੂੰ ਇਤਿਹਾਸ ਦਾ ਤੱਥ ਕਹਿੰਦਾ ਹੈ, ਮੱਧਕਾਲੀ ਹਮਲਿਆਂ ਅਤੇ ਫਿਰ ਵਸ ਕੇ ਸਮਾਜ ਵਿੱਚ ਘੁਲ਼-ਮਿਲ਼ ਜਾਣ ਦੇ ਵਰਤਾਰੇ ਨੂੰ ਬਸਤੀਵਾਦ ਅਤੇ ਕੌਮੀ ਗ਼ੁਲਾਮੀ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਦੂਜੇ ਪਾਸੇ ਇਹਨਾਂ ਸਾਰੇ ਉਤਰ-ਬਸਤੀਵਾਦੀ ਸਮਾਜਾਂ ਦੇ (ਜਿਵੇਂ ਕਿ ਭਾਰਤ ਦੇ) ਫਾਸੀਵਾਦੀਆਂ ਨੇ ਅਤੀਤ ਵਿੱਚ ਬਸਤੀਵਾਦ ਦੇ ਵਿਰੁੱਧ ਕੌਮੀ ਲਹਿਰਾਂ ਵਿੱਚ ਕਦੇ ਹਿੱਸਾ ਨਹੀਂ ਲਿਆ। ਵਰਤਮਾਨ ਸਮੇਂ ਵਿੱਚ ਵੀ ਉਹਨਾਂ ਦਾ ‘ਸਵਦੇਸ਼ੀ’ ਦਾ ਨਾਹਰਾ ਕੇਵਲ ਇੱਕ ਧੋਖਾ ਹੁੰਦਾ ਹੈ, ਆਪਣੀਆਂ ਆਰਥਿਕ ਨੀਤੀਆਂ ਵਿੱਚ ਸਾਮਰਾਜਵਾਦੀ ਸਰਮਾਏ ਦੇ ਨਾਲ਼ ਸਹਿਕਾਰ ਅਤੇ ਨਵ-ਉਦਾਰਵਾਦ ਦੇ ਦੋ ਤਰਕਸੰਗਤ ਅਤੇ ਕੱਟੜ ਪੱਖਪਾਤੀ ਹੁੰਦੇ ਹਨ। ਉਹਨਾਂ ਦਾ ‘ਸਵਦੇਸ਼ੀ’ ਦਾ ਪਿਛਾਖੜੀ ਯੂਟੋਪੀਆ ਕੇਵਲ ਸਰਮਾਏਦਾਰ ਉੱਦਮੀਆਂ, ਮਾਲਕ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਲੁਭਾ ਕੇ ਨਾਲ਼ ਲੈਣ ਲਈ ਹੁੰਦਾ ਹੈ। ਸੱਭਿਆਚਾਰ ਅਤੇ ਇਤਿਹਾਸ ਦੀ ਫਾਸੀਵਾਦੀ ਧਾਰਣਾ ਨੂੰ ਲੋਕ ਮਨਾਂ ਵਿੱਚ ਘੁਸਾਉਣ ਲਈ ਫਾਸੀਵਾਦੀ ਤਾਕਤਾਂ ਸਿੱਖਿਆ ਅਤੇ ਸੱਭਿਆਚਾਰ ਦੀਆਂ ਸੰਸਥਾਵਾਂ ਸਥਾਪਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ ਅਤੇ ਖ਼ਾਸ ਕਰਕੇ ਪ੍ਰਾਇਮਰੀ ਅਤੇ ਮਿਡਲ ਪੱਧਰ ਤੱਕ ਦੇ ਸਿੱਖਿਆ ਸੰਸਥਾਵਾਂ ਦਾ ਵਿਆਪਕ ਜਾਲ਼ ਵਪਾਰੀਆਂ ਅਤੇ ਸਰਮਾਏਦਾਰਾਂ ਦੇ ਵਿੱਤ-ਪੋਸ਼ਣ ਨਾਲ਼ ਟਰੱਸਟ ਆਦਿ ਬਣਾ ਕੇ ਚਲਾਉਂਦੀਆਂ ਹਨ। ਇਸ ਤਰ੍ਹਾਂ ਉਹ ਨੌਜਵਾਨ ਮਨ ਦੀ ਉਸਾਰੀ ਨੂੰ ਹੀ ਪ੍ਰਭਾਵਿਤ-ਅਨੁਕੂਲਿਤ ਕਰਨ ਦਾ ਯੋਜਨਾਬੱਧ ਯਤਨ ਕਰਦੀਆਂ ਹਨ। ਆਪਣੀ ਮੀਡੀਆ-ਪ੍ਰਣਾਲ਼ੀ ਜਥੇਬੰਦ ਕਰਨ ਦੇ ਨਾਲ਼ ਹੀ ਫਾਸੀਵਾਦੀ ਮੁੱਖ ਧਾਰਾ ਦੇ ਬੁਰਜੂਆ ਮੀਡੀਆ ਅਤੇ ਸੱਭਿਆਚਾਰ ਦੇ ਹਕੂਮਤੀ ਪ੍ਰਣਾਲ਼ੀ ਵਿੱਚ ਬੜੀ ਮੁਹਾਰਤ ਨਾਲ਼ ਆਪਣੇ ਦ੍ਰਿੜ-ਪ੍ਰਤੀਬੱਧ ਅਤੇ ਸੱਜੇਪੱਖੀ ਬੁੱਧੀਜੀਵੀਆਂ ਨੂੰ ਘੁਸਾਉਂਦੇ ਰਹਿੰਦੇ ਹਨ। ਅਜਿਹਾ ਹੀ ਉਹ ਸਿੱਖਿਆ ਪ੍ਰਣਾਲ਼ੀ ਵਿੱਚ, ਖ਼ਾਸ ਕਰਕੇ ਉਹਨਾਂ ਦੇ ਕਨੂੰਨ-ਉਸਾਰੀ ਪੱਧਰਾਂ ‘ਤੇ ਵੀ ਕਰਦੇ ਹਨ। ਆਪਣੀਆਂ ਯੂਨੀਅਨਾਂ, ਵਿਦਿਆਰਥੀ-ਨੌਜਵਾਨ ਜਥੇਬੰਦੀਆਂ, ਵੱਖ-ਵੱਖ ਸੱਭਿਆਚਾਰਕ-ਸਮਾਜਿਕ ਜਥੇਬੰਦੀਆਂ ਤੋਂ ਬਿਨ੍ਹਾਂ ਫਾਸੀਵਾਦੀ ਕਈ ਪੱਧਰਾਂ ‘ਤੇ ਖਿੰਡੀਆਂ ਹੋਈਆਂ ਗੁੰਡਾ-ਟੋਲੀਆਂ ਜਥੇਬੰਦ ਕਰਦੇ ਹਨ, ਉਹਨਾਂ ਨੂੰ ਫ਼ੌਜੀ ਸਿੱਖਿਆ ਦਿੰਦੇ ਹਨ ਅਤੇ ਦੇਸ਼-ਵਿਸ਼ੇਸ਼ ਦੀਆਂ ਹਾਲਤਾਂ ਆਗਿਆ ਦੇਣ ਤਾਂ ਮਿਲਟਰੀ ਸਕੂਲ ਵੀ ਚਲਾਉਂਦੇ ਹਨ। ਆਮ ਦਿਨਾਂ ਵਿੱਚ ਦਹਿਸ਼ਤ ਪੈਦਾ ਕਰਨ, ਦੰਗਿਆਂ ਦੇ ਸਮੇਂ ਖ਼ੂਨ-ਖਰਾਬਾ ਕਰਨ ਅਤੇ ਹੜਤਾਲਾਂ ਅਤੇ ਲਹਿਰਾਂ ਨੂੰ ਕੁਚਲਣ ਵਿੱਚ ਇਹਨਾਂ ਗੁੰਡਾ-ਟੋਲਿਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਫਾਸੀਵਾਦ ਕਈ ਬੇਮੇਲ ਸਿਆਸੀ ਵਿਚਾਰਾਂ ਦਾ ਘਾਲ਼ਾ-ਮਾਲ਼ਾ ਹੁੰਦਾ ਹੈ, ਪਰ ਖਾੜਕੂ-ਅੰਨ੍ਹਾਕੌਮਵਾਦ ਉਹ ਕੇਂਦਰੀ ਵਿਚਾਰ ਹੈ ਜੋ ਸਭ ਨੂੰ ਜੋੜਣ ਦਾ ਕੰਮ ਕਰਦਾ ਹੈ। ਭਾਰਤੀ ਫਾਸੀਵਾਦੀਆਂ ਦਾ ਖਾੜਕੂ-ਅੰਨ੍ਹਾਕੌਮਵਾਦ ਸੰਸਾਰ ਜਿੱਤ ਦੇ ਸੁਪਨੇ ਨਹੀਂ ਦੇਖ ਸਕਦਾ, ਕਿਉਂਕਿ ਸਾਮਰਾਜਵਾਦ ਦੀ ਛੋਟੀ ਜੋੜੀਦਾਰ ਭਾਰਤੀ ਬੁਰਜੂਆ ਜਮਾਤ ਸੰਸਾਰ ਮੰਡੀ ‘ਤੇ ਯੁੱਧ ਦੁਆਰਾ ਕਬਜ਼ੇ ਦਾ ਸੁਪਨਾ ਨਹੀਂ ਦੇਖ ਸਕਦੀ। ਇਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਕਮਜ਼ੋਰ ਗਵਾਂਢੀ ਦੇਸ਼ਾਂ ‘ਤੇ ਰੋਅਬ ਮਾਰ ਸਕਦਾ ਹੈ ਅਤੇ ‘ਹਿੰਦੂ ਕੌਮਵਾਦ’ ਦੇ ਨਾਂ ‘ਤੇ ਦੇਸ਼ ਅੰਦਰ ਧਾਰਮਿਕ ਘੱਟ-ਗਿਣਤੀਆਂ ਨੂੰ ਆਪਣੇ ਖਬਤ ਦਾ ਨਿਸ਼ਾਨਾ ਬਣਾ ਸਕਦਾ ਹੈ। ਦੇਸ਼-ਵਿਸ਼ੇਸ਼ ਦੀ ਮੁੱਖ ਫਾਸੀਵਾਦੀ ਤਾਕਤ ਆਪਣੀਆਂ ਸਹਾਇਕ ਜਥੇਬੰਦੀਆਂ ਦੇ ਇਲਾਵਾ ਹੋਰ ਧਾਰਮਿਕ ਕੱਟੜਪੰਥੀ ਜਥੇਬੰਦੀਆਂ, ਖਿੰਡੇ ਹੋਏ ਖੇਤਰੀ ਧਾਰਮਿਕ ਕੱਟੜਪੰਥੀ ਸਿਆਸੀ ਦਲਾਂ (ਜਿਵੇਂ ਭਾਰਤ ਵਿੱਚ ਸ਼ਿਵਸੈਨਾ, ਅਕਾਲੀ ਦਲ ਆਦਿ), ਖਿੰਡੇ ਹੋਏ ਖੇਤਰੀ ਗੁੰਡਾ-ਟੋਲੇ (ਜਿਵੇਂ ਸ਼੍ਰੀਰਾਮ ਸੇਨੇ ਆਦਿ), ਧਾਰਮਿਕ ਲਹਿਰਾਂ, ਧਾਰਮਿਕ ਪ੍ਰੋਗਰਾਮਾਂ, ਧਰਮ-ਅਧਿਕਾਰੀਆਂ (ਸੰਤਾਂ-ਮਹੰਤਾਂ), ਧਰਮ ਦੇ ਨਾਲ਼ ਖਾੜਕੂ-ਕੌਮਵਾਦ ਦੇ ਨਾਅਰੇ ਦੇਣ ਵਾਲ਼ੀਆਂ ਲਹਿਰਾਂ ਜਾਂ ਲੋਕਾਂ (ਜਿਵੇਂ ਆਰੀਆ ਸਮਾਜ ਜਾਂ ਬਾਬਾ ਰਾਮਦੇਵ) ਅਤੇ ਕੌਮਵਾਦੀ ਮਿਜਾਜਾਂ ਦੇ ਨਾਲ਼ ਲੋਕ-ਲੁਭਾਊ ਖਾੜਕੂ ਸੁਧਾਰਵਾਦੀ ਨਾਹਰੇ ਦੇਣ ਵਾਲ਼ੀਆਂ ਲਹਿਰਾਂ (ਜਿਵੇਂ ਅੰਨਾ-ਕੇਜਰੀਵਾਲ ਦੀ ਲਹਿਰ) ਦੀ ਵੀ ਸਫਲਤਾਪੂਰਵਕ ਆਪਣੇ ਪੱਖ ਵਿੱਚ ਵਰਤੋਂ ਕਰਦਾ ਹੈ।

(13) ਕਿਉਂਕਿ ਫਾਸੀਵਾਦੀ ਲਹਿਰ ਲੋਕਾਂ ਨੂੰ ਉਹਨਾਂ ਦੀ ਪਛੜੀ ਚੇਤਨਾ ਦੇ ਅਧਾਰ ‘ਤੇ ਜਥੇਬੰਦ ਕਰਦੀ ਹੈ, ਅੰਤ ਇਤਿਹਾਸਬੋਧ ਨੂੰ ਹੀਣਾ-ਕਰੂਪ ਕਰਨ ਦੇ ਲਈ ਉਹ ਆਧੁਨਿਕਤਾ ਦੇ ਬੁਰਜੂਆ ਜਮਹੂਰੀ ਇਤਿਹਾਸਕ ਪ੍ਰੋਜੈਕਟ ਨੂੰ ਹੀ ਰੱਦ ਕਰਦੀ ਹੈ, ਉਹ ਵਿਗਿਆਨਕ ਤਰਕਣਾ ਨੂੰ ਸਮਾਜਿਕ ਜੀਵਨ ‘ਤੇ ਲਾਗੂ ਨਹੀਂ ਕਰਦੀ ਅਤੇ ਇਨਕਲਾਬਾਂ ਨੂੰ ਇਤਿਹਾਸਕ-ਵਿਕਾਸ ਦੀ ਸੁਭਾਵਿਕ ਗਤੀ ਨਹੀਂ ਮੰਨਦੀ। ਵਿੱਤੀ ਸਰਮਾਏ ਦਾ ਸਭ ਤੋਂ ਵੱਧ ਪਿਛਾਖੜੀ ਸਿਆਸੀ ਪ੍ਰਗਟਾਵਾ ਹੋਣ ਦੇ ਨਾਤੇ ਫਾਸੀਵਾਦ ਕਮਿਊਨਿਜ਼ਮ ਨੂੰ ਆਪਣਾ ਗੂੜਾ ਦੁਸ਼ਮਣ ਮੰਨਦਾ ਹੈ। ‘ਪੁਨਰਜਾਗਰਨ-ਪ੍ਰਬੋਧਨ-ਇਨਕਲਾਬ’ ਦੀ ਪੂਰੀ ਵਿਰਾਸਤ ਅਤੇ ਪ੍ਰਬੋਧਨਕਾਲੀ ਆਦਰਸ਼ਾਂ ਨੂੰ ਖਾਰਜ ਕਰਦੇ ਹੋਏ ਉਹ ਨਾ ਸਿਰਫ਼ ਵਿਗਿਆਨਕ ਤਰਕਣਾ ਅਤੇ ਜਮਹੂਰੀਅਤ ਨੂੰ ਖਾਰਜ ਕਰਦਾ ਹੈ ਸਗੋਂ ਉਸ ਪਰੰਪਰਾ ਦੇ ਵਾਰਸ – ਵਿਗਿਆਨਕ ਪਦਾਰਥਵਾਦ ਅਤੇ ਮਜ਼ਦੂਰ ਇਨਕਲਾਬ ਦੀ ਯੋਜਨਾ ਨੂੰ ਵੀ ਰੱਦਦਾ ਹੈ। ਇਸ ਲਈ ਇਹ ਹੈਰਾਨੀ ਨਹੀਂ ਕਿ ਨੀਤਸ਼ੇ ਹਿਟਲਰ ਦਾ ਇੱਕ ਵਿਚਾਰਕ ਪ੍ਰੇਰਣਾ-ਸੋਮਾ ਸੀ। ਅੱਜ ਦੀਆਂ ਨਵ-ਫਾਸੀਵਾਦੀ ਤਾਕਤਾਂ ਦਾ ਦਾਰਸ਼ਨਿਕ ਅਧਾਰ ਉੱਤਰ-ਆਧੁਨਿਕਤਾਵਾਦ ਅਤੇ ਇਸਦੀਆਂ ਸਕੀਆਂ ਉੱਤਰ-ਵਿਚਾਰ ਪਰਪਾਟੀਆਂ ਵਿੱਚ ਅਸਾਨੀ ਨਾਲ਼ ਲੱਭਿਆ ਜਾ ਸਕਦਾ ਹੈ। ਲਾਇਲਾਜ ਸੰਕਟਗ੍ਰਸਤ ਬੁੱਢੀ ਸਰਮਾਏਦਾਰੀ ਦੀ ਜੋ ਬੁਨਿਆਦ ਤਰ੍ਹਾਂ-ਤਰ੍ਹਾਂ ਦੀਆਂ ਸਰਵਸੱਤ੍ਹਾਵਾਦੀ ਧੜੈਲ ਪ੍ਰਵ੍ਰਿਤੀਆਂ ਅਤੇ ਫਾਸੀਵਾਦ ਨੂੰ ਜਨਮ ਦੇ ਰਹੀ ਹੈ, ਉਹੀ ਉੱਤਰ-ਆਧੁਨਿਕਤਾਵਾਦ ਵਰਗੀਆਂ ਨਵ-ਨੀਤਸ਼ੇਵਾਦੀ ਵਿਚਾਰਧਾਰਾਵਾਂ ਨੂੰ ਵੀ ਜਨਮ ਦੇ ਰਹੀ ਹੈ।

(14) ਕਿਸੇ ਵੀ ਦੇਸ਼ ਵਿੱਚ ਧਾਰਮਿਕ ਘੱਟ-ਗਿਣਤੀ ਵਸੋਂ ਕੇਵਲ ਸੱਚੇ ਅਸਲੀ ਸੈਕੂਲਰਿਜ਼ਮ (ਯਾਨੀ ਧਰਮ ਦਾ ਸਿਆਸਤ-ਸਮਾਜਿਕ ਸਪੇਸ ਵਿਚ ਕੋਈ ਦਖਲ ਨਾ ਹੋਵੇ ਅਤੇ ਕੇਵਲ ਨਿੱਜੀ ਭਰੋਸੇ ਦੇ ਤੌਰ ‘ਤੇ ਹੀ ਧਰਮ ਦੀ ਅਜ਼ਾਦੀ ਹੋਵੇ) ਦੇ ਰਹਿੰਦੇ ਹੀ ਸੁਰੱਖਿਅਤ ਜੀਵਨ ਜਿਉਂ ਸਕਦੀ ਹੈ। ਬੁਰਜੂਆ ਜਮਹੂਰੀ ਇਨਕਲਾਬਾਂ ਦਾ ਜੁੱਗ ਬੀਤਣ ਦੇ ਬਾਅਦ, ਅਸਲੀ ਧਰਮ-ਨਿਰਪੱਖਤਾ ਦੀ ਲੜਾਈ ਸਮਾਜਵਾਦ ਦੇ ਲਈ ਲੜਾਈ ਦਾ ਅੰਗ ਬਣ ਚੁੱਕੀ ਹੈ। ਅਕਸਰ ਧਾਰਮਿਕ ਬਹੁਤ-ਸੰਖਿਅਕ ਵਸੋਂ ਦੇ ਧਰਮ ਨੂੰ ਕੌਮੀ ਸੱਭਿਆਚਾਰ ਦਾ ਅੰਗ ਕਹਿਣ ਵਾਲ਼ੇ ਧਾਰਮਿਕ ਕੱਟੜਪੰਥੀ ਫਾਸੀਵਾਦੀ ਧਾਰਾ ਦਾ ਵਿਰੋਧ ਜਦ ਧਾਰਮਿਕ ਘੱਟ-ਗਿਣਤੀਆਂ ਦੇ ਧਰਮ-ਝੰਡੇ ਨੂੰ ਚੁੱਕਣ ਵਾਲ਼ੀ ਦੂਜੀ ਧਾਰਮਿਕ ਕੱਟੜਪੰਥੀ ਫਾਸੀਵਾਦੀ ਧਾਰਾ ਕਰਦੀ ਹੈ ਤਾਂ ਉਹ ਆਪਣੀ ਵਿਰੋਧੀ ਧਾਰਾ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ। ਭਾਰਤ ਦਾ ਉਦਾਹਰਣ ਲਈਏ। ਹਿੰਦੂਤਾਵਾਦੀ ਕੱਟੜਪੰਥ ਦਾ ਵਿਰੋਧ ਕਰਨ ਵਾਲ਼ੇ ਇਸਲਾਮੀ ਜਿਹਾਦੀ ਕੱਟੜਪੰਥੀਆਂ ਦੀਆਂ ਵੱਖ-ਵੱਖ ਨਰਮ ਅਤੇ ਖਾੜਕੂ ਜਥੇਬੰਦੀਆਂ ਹਿੰਦੂਤਾਵਾਦੀਆਂ ਨੂੰ ਇਹ ਮੌਕਾ ਦਿੰਦੀਆ ਹਨ ਕਿ ਉਹਨਾਂ ਦੇ ਬਹਾਨੇ ਉਹ ਪੂਰੀ ਮੁਸਲਿਮ ਵਸੋਂ ਨੂੰ ਨਿਸ਼ਾਨਾ ਬਣਾ ਸਕੇ, ਉਹਨਾਂ ਨੂੰ ਕੌਮ ਦੇ ਗੱਦਾਰ ਅਤੇ ਦਹਿਸ਼ਤਗਰਦ ਸਿੱਧ ਕਰ ਸਕਣ ਅਤੇ ਪਛੜੀ ਚੇਤਨਾ ਦੀ ਹਿੰਦੂ ਵਸੋਂ ਨੂੰ ਫਿਰਕੂ ਖਬਤ ਦੇ ਪ੍ਰਭਾਵ ਵਿੱਚ ਲੈ ਸਕਣ। ਇਸਦੇ ਭਿਅਨਕ ਦੁਸ਼ਟ ਸਿੱਟੇ ਪੂਰੀ ਮੁਸਲਿਮ ਵਸੋਂ ਨੂੰ ਭੁਗਤਣੇ ਪੈਂਦੇ ਹਨ। ਪੂਰੀ ਮੁਸਲਿਮ ਵਸੋਂ ਦੇ ਆਪੂੰ-ਐਲਾਨੇ ਆਗੂ ਬਣਦੇ ਹੋਏ ਮੁਸਲਿਮ ਧਾਰਮਿਕ ਆਗੂ ਸ਼ਰੀਅਤ ਅਤੇ ਫਤਵੇ ਜਾਰੀ ਕਰਦੇ ਹੋਏ ਉਸਨੂੰ ਮੱਧਯੁਗੀ ਜੜ੍ਹਤ੍ਹਾ-ਬਰਬਰਤਾ ਦੇ ਹਨੇਰੇ ਵਿੱਚ ਧੱਕ ਦੇਣਾ ਚਾਹੁੰਦੇ ਹਨ। ਸਲਾਫ਼ੀ ਅਤੇ ਵਹਾਬੀ ਵਿਚਾਰਾਂ ਦੇ ਪੈਰੋਕਾਰ ਮੁਸਲਿਮ ਕੱਟੜਪੰਥੀ ਨਾ ਕੇਵਲ ਆਮ ਮੁਸਲਿਮ ਵਸੋਂ ਨੂੰ ਹਿੰਦੁਤਾਵਾਦੀਆਂ ਦਾ ਨਿਸ਼ਾਨਾ ਬਣਾਉਣ ਵਿੱਚ ਮਦਦ ਕਰਦੇ ਹਨ, ਸਗੋਂ ਉਸਨੂੰ ਅਗਾਂਹਵਧੂ ਕਦਰਾਂ ਤੋਂ ਹਰ ਕੀਮਤ ‘ਤੇ ਦੂਰ ਕਰਕੇ ਸਰਮਾਏਦਾਰੀ ਵਿਰੋਧੀ ਘੋਲ਼ਾਂ ਵਿੱਚ ਸ਼ਾਮਲ ਹੋਣ ਤੋਂ ਰੋਕਦੇ ਹਨ।

(15) ਭਾਰਤ ਵਿੱਚ ਜਾਤੀਗਤ ਧੁਰਵੀਕਰਨ ਦੀ ਸਿਆਸਤ ਵੇਖਣ ਨੂੰ ਧਾਰਮਿਕ ਧੁਰਵੀਕਰਨ ਦੀ ਸਿਆਸਤ ਨਾਲ਼ ਮੁਕਾਬਲਾ ਕਰਦੀ ਲਗਦੀ ਹੈ ਪਰ ਅਸਲ ਵਿੱਚ ਦੋਵੇਂ ਹੀ ਵੱਖ-ਵੱਖ ਪੱਧਰਾਂ ‘ਤੇ ਇੱਕ ਦੂਜੇ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ।

(16) ਫਾਸੀਵਾਦ, ਆਪਣੇ ਜਨਮ ਤੋਂ ਲੈ ਕੇ ਹੁਣ ਤੱਕ, ਸਰਵਜਨਕ ਤੌਰ ‘ਤੇ ਅੱਤ ਦਾ ਮਰਦ-ਗਲਬਾਵਾਦੀ ਰਿਹਾ ਹੈ। ਉਸਦੇ ਜਮਹੂਰੀਅਤ ਵਿਰੋਧੀ ਵਿਚਾਰ ਮਰਦ-ਮਾਲਕਵਾਦ ਦੀ ਜੜ੍ਹ•ਵਿੱਚ ਹੁੰਦੇ ਹਨ। ਤਾਂ ਹੀ ਤਾਂ ਸਰਮਾਏਦਾਰੀ ਔਰਤਾਂ ਦੀ ਕਿਰਤ-ਸ਼ਕਤੀ ਸਸਤੀ ਤੋਂ ਸਸਤੀ ਦਰ ‘ਤੇ ਨਿਚੋੜਨ ਦੇ ਲਈ ਉਸਨੂੰ ਮਰਦਾਂ ਦੇ ਮੁਕਾਬਲੇ ਹਮੇਸ਼ਾ ਦੂਜੇ ਦਰਜੇ ਦਾ ਨਾਗਰਿਕ ਬਣਾਈ ਰੱਖਣਾ ਚਾਹੁੰਦੀ ਹੈ। ਪਰ ਅੱਤ ਦੀ ਸੰਕਟਗ੍ਰਸਤ ਸਰਮਾਏਦਾਰੀ ਉਹਨਾਂ ਨੂੰ ਹੋਰ ਵੱਧ ਤੁੱਛ ਉਜਰਤੀ ਗ਼ੁਲਾਮ ਬਣਾਈ ਰੱਖਣ ਦੇ ਲਈ ਉਹਨਾਂ ਦੀ ਘਰੇਲੂ ਗ਼ੁਲਾਮੀ ਦੀਆਂ ਸੰਗਲੀਆਂ ਨੂੰ ਵੀ ਹੋਰ ਮਜ਼ਬੂਤ ਬਣਾ ਦੇਣਾ ਚਾਹੁੰਦੀ ਹੈ। ਇੱਕ ਪਾਸੇ ਉਹ ਮਰਦ ਮਜ਼ਦੂਰਾਂ ਦੀ ਮੁੱਲ-ਤੋਲ ਕਰਨ ਦੀ ਯੋਗਤਾ ਘਟਾਉਣ ਦੇ ਲਈ ਔਰਤਾਂ ਨੂੰ ਪੈਦਾਵਾਰੀ ਕਾਰਵਾਈਆਂ ਵਿੱਚ ਲਾਉਣਾ ਚਾਹੁੰਦੀ ਹੈ, ਦੂਜੇ ਪਾਸੇ ਦੁਵੱਲੇ ਦਰਜੇ ਦੇ ਨਾਗਰਿਕ ਦੇ ਰੂਪ ਵਿੱਚ ਉਹਨਾਂ ਦੀ ਕਿਰਤ ਸ਼ਕਤੀ ਨੂੰ ਸਸਤੀ ਤੋਂ ਸਸਤੀ ਦਰ ‘ਤੇ ਨਿਚੋੜਣਾ ਚਾਹੁੰਦੀ ਹੈ। ਸਰਮਾਏਦਾਰੀ ਦਾ ਇਹੀ ਬੁਨਿਆਦੀ ਤਰਕ ਫਾਸੀਵਾਦੀਆਂ ਦੀ ਖਾੜਕੂ ਔਰਤ-ਵਿਰੋਧੀ ਮਾਨਤਾਵਾਂ ਦਾ ਪਦਾਰਥਕ ਅਧਾਰ ਹੁੰਦਾ ਹੈ।

(17) ਹੁਣ ਭਾਰਤ ਵਿੱਚ ਧਾਰਮਿਕ ਕੱਟੜਪੰਥ, ਖਾਸ ਤੌਰ ‘ਤੇ ਹਿੰਦੂਤਾਵਾਦੀ ਫਾਸੀਵਾਦ ਦੇ ਉਭਾਰ ਦੇ ਇਤਿਹਾਸ ਅਤੇ ਕੰਮ-ਢੰਗ ਬਾਰੇ ਕੁਝ ਗੱਲਾਂ। ਭਾਰਤ ਵਿੱਚ ਬਸਤੀਵਾਦੀ ਸਮਾਜਿਕ-ਆਰਥਿਕ ਬਣਤਰ ਦੇ ਅੰਦਰ ਜਿਸ ਬੁਰਜੂਆ ਜਮਾਤ, ਨਿਮਨ-ਬੁਰਜੂਆ ਜਮਾਤ ਅਤੇ ਉਸਦੀ ਮਰੀਅਲ ਕੌਮੀ ਚੇਤਨਾ ਦਾ ਵਿਕਾਸ ਹੋਇਆ, ਉਸ ਵਿੱਚ ਸ਼ੁਰੂ ਤੋਂ ਹੀ ਜਮਹੂਰੀ ਕਦਰਾਂ ਦੀ ਕਮੀ ਸੀ। ਅਤੀਤ ਦੇ ਗੁਣਗਾਨ ਅਤੇ ਪੁਰਾਤਨਪੰਥੀ ਧਾਰਮਿਕ ਕਦਰਾਂ ਦੇ ਪ੍ਰਤੀ ਪ੍ਰਤੀਬੱਧਤਾ ਵੀਹਵੀਂ ਸਦੀ ਦੇ ਸ਼ੁਰੂ ਦੇ ਗਰਮ ਦਲੀ ਕਾਂਗਰਸੀ ਆਗੂਆਂ ਤੋਂ ਲੈ ਕੇ ਗਾਂਧੀ ਦੇ ਦੌਰ ਦੇ ਅਣ-ਉਦਾਰਵਾਦੀ ਕਾਂਗਰਸੀ ਆਗੂਆਂ–ਮਾਲਵੀਆ, ਪੀਡੀ ਟੰਡਨ, ਪਟੇਲ, ਰਜਿੰਦਰ ਪ੍ਰਸਾਦ ਆਦਿ ਤੱਕ ਦੀ ਧਾਰਾ ਵਿੱਚ ਸਪੱਸ਼ਟ ਦਿਸਦੀ ਹੈ। ਕਾਂਗਰਸ ਦੇ ਜੋ ਧਰਮ-ਨਿਰਪੱਖ ਜਮਹੂਰੀ ਆਗੂ ਸਨ, ਉਹਨਾਂ ਦੀ ਧਰਮ-ਨਿਰਪੱਖਤਾ ਵੀ ਨਪੁੰਸਕ ਸੀ। ਖੁਦ ਗਾਂਧੀ ‘ਸਰਵ ਧਰਮ ਸਦਭਾਵ’ ਦੀ ਹੱਦ ਤੋਂ ਅੱਗੇ ਨਹੀਂ ਜਾਂਦੇ ਸਨ ਅਤੇ ਖੁਦ ਇੱਕ ਸਨਾਤਨੀ ਹਿੰਦੂ ਦੀ ਰਵਾਇਤੀ ਮੁੱਲ-ਮਾਨਤਾਵਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਸਪੱਸ਼ਟ ਸ਼ਬਦਾਂ ਵਿੱਚ ਪੇਸ਼ ਕਰਦੇ ਸਨ। ਭਾਰਤੀ ਬੁਰਜੂਆ ਜਮਾਤ ਦੀ ਵਿਚਾਰਧਾਰਕ ਕਮਜ਼ੋਰੀ ਅਤੇ ਕੌਮੀ ਲਹਿਰ ਵਿੱਚ ਜੁਝਾਰੂ ਪਦਾਰਥਵਾਦੀ ਤਰਕਣਾ ਅਤੇ ਇਨਕਲਾਬੀ ਜਮਹੂਰੀ ਮੁੱਲ-ਮਾਨਤਾਵਾਂ ਦੀ ਅਣਹੋਂਦ ਨੇ ਅੱਗੇ ਧਾਰਮਿਕ ਕੱਟੜਪੰਥੀ ਫਾਸੀਵਾਦੀ ਤਾਕਤਾਂ ਨੂੰ ਵਧਣ-ਫੁੱਲਣ ਦੀ ਉਪਜਾਊ ਜਮੀਨ ਮੁਹੱਈਆ ਕੀਤੀ। ਬਸਤੀਵਾਦ ਵਿਰੋਧੀ ਘੋਲ਼ ਦੇ ਦੌਰਾਨ “ਸੁਨਹਿਰੇ ਅਤੀਤ ਦੇ ਮਾਣ ਦੀ ਮੁੜ-ਸੁਰਜੀਤੀ” ਦੇ ਅਤੀਤਮੁਖੀ-ਮੁੜਉਭਾਰਵਾਦੀ ਨਜ਼ਰੀਏ ਦੀ ਭਾਵੇਂ ਸਕਾਰਾਤਮਕ ਭੂਮਿਕਾ ਰਹੀ ਹੋਵੇ, ਸਮਾਂ ਬੀਤਦੇ ਇਹ ਆਪਣੇ ਉਲਟ ਵਿੱਚ ਬਦਲ ਗਿਆ ਤੇ ਆਪਣਾ “ਕੌਮੀ ਇਤਿਹਾਸ” ਘੜਦੇ ਹੋਏ ਫਾਸੀਵਾਦੀ ਤਾਕਤਾਂ ਨੇ “ਪੁਰਾਤਨ ਆਰੀਆ ਮਾਣ”, “ਰਾਮਰਾਜ”, “ਗੁਪਤ ਘਰਾਣੇ ਦੇ ਸੋਨ-ਯੁੱਗ”, ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਦੀ “ਕੌਮੀ ਨਾਇਕ” ਦੀ ਤਸਵੀਰ ਦਾ ਮਿੱਥ ਘੜਦੇ ਹੋਏ ਫਾਸੀਵਾਦੀ ਤਾਕਤਾਂ ਨੇ ਨਾ ਕੇਵਲ ਤਿਲਕ, ਦਇਆਨੰਦ, ਵਿਵੇਕਾਨੰਦ, ਬੰਕਿਮਚੰਦਰ ਆਦਿ ਨੂੰ ਆਪਣੀ ਪਰੰਪਰਾ-ਸੂਚੀ ਵਿੱਚ ਸ਼ਾਮਲ ਕਰ ਲਿਆ, ਸਗੋਂ ਅੱਗੇ ਚੱਲ ਕੇ ਨਹਿਰੂ ਦੇ ਸ਼ੁਰੂਆਤੀ ਹਵਾਈ “ਫੇਬੀਅਨ ਸਮਾਜਵਾਦੀ ਆਦਰਸ਼ਾਂ” ਅਤੇ ਪਬਲਿਕ ਸੈਕਟਰ ਦੇ ਰਾਜਕੀ ਅਜਾਰੇਦਾਰ ਸਰਮਾਏਦਾਰੀ ਦੇ “ਸਮਾਜਵਾਦੀ” ਚਿਹਰੇ ਨੂੰ ਮਿਟਾਉਣ ਦੇ ਲਈ ਗਾਂਧੀ ਦੇ ਧਾਰਮਿਕ ਪ੍ਰਤੱਖਵਾਦ, ਪਰੰਪਰਾਵਾਦੀ ਅਤੇ ਅਤੀਤਮੁੱਖਤਾ ਦੇ ਨਾਲ਼ ਸਰਦਾਰ ਪਟੇਲ ਦੇ ਸੱਜੇਪੱਖੀ ਅਣ-ਉਦਾਰਵਾਦੀ ਸਿਆਸੀ ਵਿਚਾਰਾਂ ਦੀ ਵੀ ਵਰਤੋਂ ਕੀਤੀ। ਰਿਆਸਤਾਂ ਦੇ ਅਲੋਪ ਅਤੇ ਕਸ਼ਮੀਰ ਦੇ ਅਲੋਪ ਹੋਣ ਸਬੰਧੀ ਪਟੇਲ ਦੀ ਭੂਮਿਕਾ ਨੂੰ ਵਿਸ਼ੇਸ਼ ਖਾੜਕੂ ਕੌਮਵਾਦੀ ਰੰਗ ਵਿੱਚ ਚਿੱਤਰਕੇ ਪੇਸ਼ ਕਰਨ ਨਾਲ਼ ਹਿੰਦੂਤਾਵਾਦੀ ਫਾਸੀਵਾਦੀਆਂ ਦੇ ਖਾੜਕੂ ਕੌਮਵਾਦ, “ਹਿੰਦੂ-ਕੌਮਵਾਦ” ਅਤੇ “ਸੱਭਿਆਚਾਰਕ ਕੌਮਵਾਦ” ਦੇ ਜਨੂੰਨੀ ਨਾਹਰਿਆਂ ਨੂੰ ਵਿਸ਼ੇਸ਼ ਤਾਕਤ ਮਿਲ਼ਦੀ ਹੈ।

ਇਹ ਇਤਿਹਾਸ ਦਾ ਸਥਾਪਿਤ ਤੱਥ ਹੈ ਕਿ 1857 ਦੇ ਵੱਡੇ ਲੋਕ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਬਸਤੀਵਾਦੀਆਂ ਨੇ ‘ਪਾੜ੍ਹੋ ਤੇ ਰਾਜ ਕਰੋ’ ਦੀ ਸੋਚੀ-ਸਮਝੀ ਨੀਤੀ ਦੇ ਤਹਿਤ ਫਿਰਕੂ ਸਿਆਸਤ ਦੀ ਸ਼ੁਰੂਆਤ ਕੀਤੀ ਸੀ। 1890 ਦੇ ਦਹਾਕੇ ਤੋਂ ਹਿੰਦੂ ਅਤੇ ਮੁਸਲਿਮ ਮੁੜ-ਸੁਰਜੀਤੀਵਾਦੀਆਂ ਦੇ ਕਾਰਨ ਹਿੰਦੂ-ਮੁਸਲਿਮ ਤਣਾਅ ਦੀ ਹਾਲਤ ਪੈਦਾ ਹੋਈ ਜੋ ਬਾਅਦ ਦੇ ਦਹਾਕਿਆਂ ਵਿੱਚ ਲਗਾਤਾਰ ਵਧਦੀ ਚਲੀ ਗਈ। ਫਿਰ ਵੀ ਨਾ-ਮਿਲਵਰਤਨ ਲਹਿਰ ਦੇ ਵਾਪਸ ਲਏ ਜਾਣ ਤੱਕ ਹਿੰਦੂਆਂ-ਮੁਸਲਿਮਾਂ ਵਿਚਾਲੇ ਆਮ ਮਿੱਤਰਤਾ ਦੀ ਹਾਲਤ ਸੀ ਅਤੇ ਉਹ ਆਪਣੇ ਸਾਂਝੇ ਦੁਸ਼ਮਣ ਦੇ ਤੌਰ ‘ਤੇ ਬਸਤੀਵਾਦੀ ਸੱਤ੍ਹਾ ਨੂੰ ਦੇਖਦੇ ਸਨ। ਬੀਤੀ ਸਦੀ ਦੇ ਤੀਜੇ ਦਹਾਕੇ ਵਿੱਚ ਫਿਰਕੂ ਅਲਿਹਦਗੀ ਅਤੇ ਫਿਰਕੂਪੁਣੇ ਦੀ ਸਿਆਸਤ ਨੇ ਤੇਜ਼ੀ ਫੜੀ। ਚੌਥਾ ਦਹਾਕਾ ਮੁਸਲਿਮ ਲੀਗ ਅਤੇ ਕਾਂਗਰਸ ਦੀ ਸਿਆਸਤ ਦੇ ਵਧਦੇ ਟਕਰਾਅ ਦਾ ਅਤੇ ਅਸੈਂਬਲੀ ਵਿੱਚ ਹਿੱਸੇਦਾਰੀ ਦੀ ਸਿਆਸਤ ਦਾ ਦਹਾਕਾ ਸੀ। ਅੰਗਰੇਜ਼ਾਂ ਨੇ ਕਾਂਗਰਸ ਅਤੇ ਮੁਸਲਿਮ ਲੀਗ ਦੇ ਬੁਰਜੂਆ ਆਗੂਆਂ ਦੀ ਸੱਤ੍ਹਾ ਪ੍ਰਾਪਤੀ ਦੇ ਲਈ ਉਤਾਵਲ਼ੇਪਣ ਦਾ ਫਾਇਦਾ ਲੈਣ ਦੇ ਨਾਲ਼ ਹੀ ਭਾਰਤੀ ਸਮਾਜ ਵਿੱਚ ਮੌਜੂਦ ਧਾਰਮਿਕ ਕਦਰਾਂ-ਤੁਅੱਸਬਾਂ ਦਾ ਵੀ ਪੂਰਾ ਫਾਇਦਾ ਲਿਆ, ਜਿਸਦਾ ਤਾਰਕਿਕ ਨਤੀਜਾ ਸਦੀ ਦੇ ਸਭ ਤੋਂ ਵੱਡੇ ਫਿਰਕੂ ਖ਼ੂਨ-ਖਰਾਬੇ, ਵੰਡ, ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡ-ਪੱਧਰੇ ਉਜਾੜੇ ਦੇ ਨਾਲ਼ ਭਾਰਤ ਅਤੇ ਪਾਕਿਸਤਾਨ ਦੀ ਸਿਆਸੀ ਅਜ਼ਾਦੀ ਦੇ ਰੂਪ ਵਿੱਚ ਸਾਹਮਣੇ ਆਇਆ। ਮੁਸਲਿਮ ਲੀਗ ਦੀ ਫਿਰਕੂ ਸਿਆਸਤ ਦੇ ਪਿੱਛੇ ਇਸਲਾਮੀ ਕੱਟੜਪੰਥੀ ਫਾਸੀਵਾਦੀ ਜਥੇਬੰਦੀਆਂ ਜੇਕਰ ਪੂਰੀ ਤਰ੍ਹਾਂ ਨਾਲ਼ ਖੜੀਆਂ ਸਨ ਤਾਂ ਕਾਂਗਰਸ ਅੰਦਰਲਾ ਅਣ-ਉਦਾਰਵਾਦੀ ਧੜਾ ਵੀ ਆਰਐਸਐਸ ਅਤੇ ਹਿੰਦੂ ਮਹਾਂ ਸਭਾ ਨਾਲ਼ ਸਹਿਯੋਗ-ਹਮਾਇਤ ਦਾ ਰਿਸ਼ਤਾ ਰੱਖਦਾ ਸੀ। ਇਹਨਾਂ ਹਲਾਤਾਂ ਵਿੱਚ ਕਮਿਊਨਿਸਟਾਂ ਨੇ ਫਿਰਕੂਪੁਣੇ ਦੀ ਸਿਆਸਤ ਅਤੇ ਫਿਰਕੂ ਦੰਗਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਹ ਇਤਿਹਾਸਕ ਤੱਥ ਹੈ ਕਿ ਜਿੱਥੇ ਕਿਰਤੀ ਵਸੋਂ ਉਹਨਾਂ ਦੀ ਅਗਵਾਈ ਵਿੱਚ ਜਥੇਬੰਦ ਹੋ ਕੇ ਲੜ ਰਹੀ ਸੀ, ਉਥੇ ਦੰਗੇ ਹੋਣੇ ਤਾਂ ਦੂਰ ਫਿਰਕੂ ਤਣਾਅ ਵੀ ਨਹੀਂ ਪੈਦਾ ਹੋਇਆ। ਪਰ ਆਪਣੀ ਵਿਚਾਰਧਾਰਕ ਕਮਜ਼ੋਰੀ ਦੇ ਕਾਰਨ ਕਮਿਊਨਿਸਟ ਪਾਰਟੀ ਕੌਮੀ ਜਮਹੂਰੀ ਇਨਕਲਾਬ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੀ ਅਤੇ ਬਹੁਤ ਜ਼ਿਆਦਾ ਖ਼ੂਨ-ਡੁੱਲਣ ਦੇ ਨਾਲ਼ ਵੰਡ ਦੀ ਤ੍ਰਾਸਦੀ ਨੂੰ ਵੀ ਨਹੀਂ ਰੋਕ ਸਕੀ। ਆਪਣੀ ਇਸ ਕਮਜ਼ੋਰੀ ਦੇ ਕਾਰਨ ਉਹ ਫਾਸੀਵਾਦ ਦੇ ਵਿਰੁੱਧ ਜਮੀਨੀ ਘੋਲ਼ ਦੀ ਕੋਈ ਤਰਕਸੰਗਤ ਯੁੱਧਨੀਤੀ ਨਾ ਅਪਣਾ ਸਕੀ।

ਭਾਰਤ ਵਿੱਚ ਹਿੰਦੂਵਾਦੀ ਫਾਸੀਵਾਦੀਆਂ ਦੇ ਜਥੇਬੰਦ ਹੋਣ ਦਾ ਇਤਿਹਾਸ 1925 ਤੋਂ ਸ਼ੁਰੂ ਹੁੰਦਾ ਹੈ ਜਦ ਕੇਸ਼ਵ ਬਲਿਰਾਮ ਹੇਡਗੇਵਾਰ ਨੇ ਰਾਸ਼ਟਰੀ ਸਵੈਸੇਵਕ ਸੰਘ ਦੀ ਸਥਾਪਨਾ ਕੀਤੀ ਸੀ। ਉਸਦੇ ਨੇੜਲੇ ਸਹਿਯੋਗੀ ਮੁੰਜੇ ਨੇ 1931 ਵਿੱਚ ਇਟਲੀ ਜਾ ਕੇ ਮੁਸੋਲਿਨੀ ਨਾਲ਼ ਮੁਲਾਕਾਤ ਕੀਤੀ ਅਤੇ ਉਸੇ ਸਮੇਂ ਤੋਂ ਆਰਐਸਐਸ ਨੇ ਫਾਸੀਵਾਦੀ ਜਥੇਬੰਦਕ ਢਾਂਚੇ ਦੇ ਤੌਰ-ਤਰੀਕੇ ਅਪਣਾ ਕੇ ਕੰਮ ਕਰਨਾ ਸ਼ੁਰੂ ਕੀਤਾ। ਚੌਥੇ ਦਹਾਕੇ ਦੇ ਅੰਤ ਤੱਕ ਇਹਨਾਂ ਭਾਰਤੀ ਫਾਸੀਵਾਦੀਆਂ ਨੇ ਬੰਬਈ ਸਥਿਤ ਇਤਾਲਵੀ ਕੌਨਸੁਲੇਟ ਵਿੱਚ ਮੌਜੂਦ ਫਾਸੀਵਾਦੀਆਂ ਨਾਲ਼ ਵੀ ਨੇੜਲਾ ਸੰਪਰਕ ਕਾਇਮ ਕਰ ਲਿਆ ਸੀ। ਲਗਭਗ ਇਸੇ ਸਮੇਂ ਹਿੰਦੂ ਮਹਾਂ ਸਭਾ ਨਾਲ਼ ਜੁੜੇ ਇੱਕ ਹੋਰ ਧਾਰਮਿਕ ਕੱਟੜਪੰਥੀ ਵਿਨਾਇਕ ਦਾਮੋਦਰ ਸਾਵਰਕਰ ਨੇ ਜਰਮਨੀ ਦੇ ਨਾਜ਼ੀਆਂ ਨਾਲ਼ ਸੰਪਰਕ ਕਰ ਲਿਆ ਸੀ। ਸਾਵਰਕਰ ਦੇ ਵੱਡੇ ਭਰਾ ਆਰਐਸਐਸ ਦੇ ਬਾਨੀਆਂ ਵਿੱਚੋਂ ਇੱਕ ਸਨ। 1939 ਵਿੱਚ ਹੇਡਗੇਵਾਰ ਨੇ ਗੁਰੂ ਗੋਲਵਲਕਰ ਨੂੰ ਆਪਣਾ ਵਾਰਸ ਨਿਯੁਕਤ ਕੀਤਾ। 1940 ਤੋਂ 1973 ਤੱਕ ਗੋਲਵਲਕਰ ਆਰਐਸਐਸ ਦੇ ਸੁਪਰੀਮੋ ਰਹੇ। ਸਾਵਰਕਰ, ਮੁੰਜੇ ਅਤੇ ਹੇਡਗੇਵਾਰ ਨੇ ਲਗਾਤਾਰ ਕਈ ਲੇਖ ਲਿਖ ਕੇ ਮੁਸੋਲਿਨੀ ਅਤੇ ਹਿਟਲਰ ਦੀਆਂ ਅੰਨ੍ਹੀਆਂ-ਕੌਮਵਾਦੀ ਨੀਤੀਆਂ ਦੀ ਬਹੁਤ ਸ਼ਲਾਘਾ ਕੀਤੀ ਸੀ ਅਤੇ ਨਾਜ਼ੀਆਂ ਦੁਆਰਾ ਯਹੂਦੀਆਂ ਦੇ ਸਫ਼ਾਏ ਨੂੰ ਠੀਕ ਮੰਨਦੇ ਹੋਏ ਭਾਰਤ ਵਿੱਚ ਵੀ ਮੁਸਲਮਾਨਾਂ ਦੀ “ਸਮੱਸਿਆ” ਦੇ ਹੱਲ ਲਈ ਇਹੀ ਰਾਹ ਸੁਝਾਇਆ। ਬਾਅਦ ਵਿੱਚ ਗੋਲਵਲਕਰ ਨੇ ਵੀ ਆਪਣੀਆਂ ਕਿਤਾਬਾਂ ‘ਵੂਈ, ਆਰ ਅਵਰ ਨੇਸ਼ਨਹੁਡ ਡਿਫਾਇੰਡ’ ਅਤੇ ‘ਬੰਚ ਆਫ਼ ਥਾਟਸ’ ਵਿੱਚ ਅਜਿਹੇ ਹੀ ਵਿਚਾਰ ਰੱਖੇ। ਆਰਐਸਐਸ ਨੇ ਅੰਗਰੇਜ਼ਾਂ ਦੇ ਵਿਰੁੱਧ ਕਿਸੇ ਵੀ ਘੋਲ਼ ਵਿੱਚ ਕਦੇ ਵੀ ਹਿੱਸਾ ਨਹੀਂ ਲਿਆ। ਉਲਟਾ ਇਸਦੇ ਆਗੂਆਂ ਦੁਆਰਾ ਮੁਖਬਰੀ ਅਤੇ ਮਾਫ਼ੀਨਾਮਿਆਂ ਦਾ ਲੰਬਾ ਕਾਲ਼ਾ ਇਤਿਹਾਸ ਮੌਜੂਦ ਹੈ। ਹਮੇਸ਼ਾਂ ਇਹਨਾਂ ਦੇ ਨਿਸ਼ਾਨੇ ‘ਤੇ ਮੁਸਲਮਾਨ, ਈਸਾਈ ਅਤੇ ਕਮਿਊਨਿਸਟ ਰਹੇ ਹਨ। ਮਜ਼ਦੂਰ ਲਹਿਰ ਨੂੰ ਖਿੰਡਾਉਣ ਲਈ ਆਰਐਸਐਸ ਹਮੇਸ਼ਾ ਸਰਗਰਮ ਰਹਿੰਦੀ ਹੈ। ਸੰਘੀ ਟ੍ਰੇਡ ਯੂਨੀਅਨ ‘ਭਾਰਤੀ ਮਜ਼ਦੂਰ ਸੰਘ’ ਮੁਸੋਲਿਨੀ ਦੇ ਵਾਂਗ ਸਨਅਤੀ ਵਿਵਾਦਾਂ ਦੇ ਨਿਪਟਾਰੇ ਲਈ ਕਾਰਪੋਰੇਟਵਾਦੀ ਹੱਲ ਸੁਝਾਉਂਦਾ ਹੈ। ਸੰਘ ਦੀ ਇੱਕ ਹੋਰ ਸਹਾਇਕ ਜਥੇਬੰਦੀ ‘ਸੇਵਾ ਭਾਰਤੀ’ ਮਜ਼ਦੂਰਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦੇ ਲਈ ਉਹਨਾਂ ਵਿਚਾਲੇ ‘ਕਮੇਟੀ’ ਪਾਉਣ ਵਰਗੀਆਂ ਸਰਗਰਮੀਆਂ ਨੂੰ ਵਧਾਉਂਦੀ ਹੈ, ਹਿੰਦੂ ਮਜ਼ਦੂਰਾਂ ਨੂੰ ਅਲੱਗ ਤੋਂ ਜਥੇਬੰਦ ਕਰਕੇ ਉਹਨਾਂ ਵਿੱਚ ਫਿਰਕੂ ਜ਼ਹਿਰ ਫੈਲਾਉਂਦਾ ਹੈ ਅਤੇ ਉਹਨਾਂ ਵਿਚਾਲੇ ਸੁਧਾਰ ਦੀਆਂ ਕਾਰਵਾਈਆਂ ਦੇ ਨਾਲ਼ ਧਾਰਮਿਕ ਪ੍ਰੋਗਰਾਮਾਂ ਨੂੰ ਹੁਲਾਰਾ ਦਿੰਦਾ ਹੈ। ਹੜਤਾਲਾਂ ਨੂੰ ਤੋੜਣ ਲਈ ਸ਼ਿਵਸੈਨਾ ਤੋਂ ਬਿਨ੍ਹਾਂ ਵਿਹਿਪ (ਵਿਸ਼ਵ ਹਿੰਦੂ ਪ੍ਰੀਸ਼ਦ-ਅਨੁ:) ਅਤੇ ਬਜਰੰਗ ਦਲ ਵਰਗੀਆਂ ਸੰਘ ਦੀਆਂ ਸਹਾਇਕ ਜਥੇਬੰਦੀਆਂ ਦੇ ਗੁੰਡਿਆਂ ਦੀਆਂ ਸਰਗਰਮੀਆਂ ਜੱਗ-ਜਾਹਰ ਰਹੀਆਂ ਹਨ। ਪ੍ਰਚਾਰ-ਤੰਤਰ ਦੀ ਯੋਜਨਾਬੱਧ ਵਰਤੋਂ ਵਿੱਚ ਭਾਰਤੀ ਫਾਸੀਵਾਦੀ ਵੀ ਆਪਣੇ ਜਰਮਨ ਅਤੇ ਇਤਾਲਵੀ ਰਾਹ-ਦਸੇਰਿਆਂ ਦੇ ਢੰਗ-ਤਰੀਕਿਆਂ ਦੀ ਹੀ ਵਰਤੋਂ ਕਰਦੇ ਹਨ। ਸ਼ਾਖਾਵਾਂ-ਸ਼ਿਸ਼ੁਮੰਦਿਰਾਂ ਅਤੇ ਧਾਰਮਿਕ ਤਿਉਹਾਰਾਂ ਦੀ ਵਰਤੋਂ ਕਰਕੇ ਇਹ ਮਿੱਥਾਂ ਨੂੰ ਸਮਾਜ ਦੇ ‘ਕਾਮਨ ਸੈਂਸ’ ਦੇ ਰੂਪ ਵਿੱਚ ਸਥਾਪਿਤ ਕਰ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਧਾਰਮਿਕ ਘੱਟ-ਗਿਣਤੀਆਂ, ਕਮਿਊਨਿਸਟਾਂ ਅਤੇ ਨਾਸਤਕਾਂ ਦੇ ਵਿਰੁੱਧ ਜ਼ਹਿਰੀਲੇ ਤੁਅੱਸਬਾਂ ਨੂੰ ਸਥਾਪਿਤ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਝੂਠ ਅਤੇ ਅਫ਼ਵਾਹਾਂ ਲਗਾਤਾਰ ਫੈਲਾਉਂਦੇ ਰਹਿੰਦੇ ਹਨ।

ਭਾਰਤ ਵਿੱਚ 1980 ਦੇ ਦਹਾਕੇ ਦੇ ਪਿਛਲੇ ਅੱਧ ਵਿੱਚ ਹਿੰਦੂਵਾਦੀ ਫਾਸੀਵਾਦ ਦੇ ਤੁਰੰਤ ਵਿਆਪਕ ਉਭਾਰ ਅਤੇ ਫੈਲਾਅ ਨੂੰ ਦੇਸ਼ ਦੀ ਸਰਮਾਏਦਾਰੀ ਦੇ ਸਮਾਜਿਕ-ਆਰਥਿਕ-ਸਿਆਸਤ ਦੇ ਲਾਇਲਾਜ ਢਾਂਚਾਗਤ ਸੰਕਟ ਅਤੇ ਨਵਉਦਾਰਵਾਦੀ ਅਰਥਕ ਨੀਤੀਆਂ ਦੀ ਸ਼ੁਰੂਆਤ ਨਾਲ਼ ਜੋੜ ਕੇ ਸਮਝਿਆ ਜਾ ਸਕਦਾ ਹੈ। ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਇੱਕ ਜ਼ਿਆਦਾ ਧੜੈਲ ਬੁਰਜੂਆ ਰਾਜ ਦੀ ਮੰਗ ਕਰਦੀਆਂ ਹਨ। ਇਹੀ ਕਾਰਨ ਹੈ ਕਿ ਭਾਰਤੀ ਰਾਜ ਦਾ ਰਹਿੰਦਾ-ਖੂੰਹਦਾ ਬੁਰਜੂਆ ਜਮਹੂਰੀ ਕਿਰਦਾਰ ਵੀ ਪਿਛਲੇ ਢਾਈ-ਦਹਾਕਿਆਂ ਵਿੱਚ ਤੇਜ਼ੀ ਨਾਲ਼ ਖੁਰਿਆ ਹੈ। ਨਾਲ਼ ਹੀ ਸਮਾਜ ਵਿੱਚ ਫਾਸੀਵਾਦ ਦੇ ਸਮਾਜਿਕ ਅਧਾਰ ਦੇ ਵਿਸਥਾਰ ਅਤੇ ਫਾਸੀਵਾਦੀ ਤੱਤਾਂ ਦੇ ਪੈਦਾ ਹੋਣ ਦੀ ਉਪਜਾਊ ਜਮੀਨ ਤਿਆਰ ਹੋਈ ਹੈ। ਪਿੰਡਾਂ ਵਿੱਚ ਚਰਨ ਸਿੰਘ ਦੀ ਸਿਆਸਤ ਦੀ ਧਾਰਾ ਦੇ ਖਿੰਡਣ ਦੇ ਬਾਅਦ ਧਨੀ ਅਤੇ ਖੁਸ਼ਹਾਲ ਮੱਧਵਰਗੀ ਕਿਸਾਨ ਆਮ ਤੌਰ ‘ਤੇ ਜਾਤ ਅਧਾਰਿਤ ਜਥੇਬੰਦ ਖੇਤਰੀ ਪਾਰਟੀਆਂ ਦੇ ਬਿਨ੍ਹਾਂ ਹਿੰਦੂਵਾਦੀ ਸਿਆਸਤ ਦੇ ਇੱਕ ਮਜ਼ਬੂਤ ਸਮਾਜਿਕ ਆਸਰੇ ਦੇ ਰੂਪ ਵਿੱਚ ਤਿਆਰ ਹੋਏ ਹਨ। ਦੇਸ਼ ਦੀਆਂ ਜ਼ਿਆਦਾਤਰ ਖੇਤਰੀ ਪਾਰਟੀਆਂ ਖੇਤਰੀ ਸਰਮਾਏਦਾਰਾਂ ਅਤੇ ਕੁਲਕਾਂ ਦੀਆਂ ਪਾਰਟੀਆਂ ਹਨ ਜੋ ਆਪਣੇ ਸੁਭਾਅ ਤੋਂ ਅਤਿ ਸੀਮਿਤ ਬੁਰਜੂਆ ਜਮਹੂਰੀ ਅਤੇ ਘੋਰ ਮੌਕਾਪ੍ਰਸਤ ਹਨ। ਸੱਤ੍ਹਾ ਵਿੱਚ ਹਿੱਸੇਦਾਰੀ ਦੇ ਲਈ ਅੱਜ ਕਿਸੇ ਸੰਸਦੀ “ਸੈਕੂਲਰ” ਖੇਮੇ ਵਿੱਚ ਸ਼ਾਮਲ ਹੋਣ ਅਤੇ ਕੱਲ•ਭਾਜਪਾ ਦਾ ਪੱਲਾ ਫੜਨ ਵਿੱਚ ਇਹਨਾਂ ਨੂੰ ਭੋਰਾ ਵੀ ਦੇਰ ਨਹੀਂ ਲੱਗਦੀ। ਘੋਰ-ਪਿਛਾਖੜੀ ਦਲਿਤ ਬੁਰਜੂਆ ਅਤੇ ਨਿਮਨ-ਬੁਰਜੂਆ ਜਮਾਤ ਦੀ ਨੁਮਾਇੰਦਗੀ ਕਰਨ ਵਾਲ਼ੀ ਅਤੇ ਦਲਿਤ ਵਸੋਂ ਵਿੱਚ ਜਾਤੀਵਾਦੀ ਵੋਟ ਬੈਂਕ ਰੱਖਣ ਵਾਲ਼ੀ ਬਸਪਾ ਵੀ ਅਜਿਹੀ ਹੀ ਪਾਰਟੀ ਹੈ। ਇਹਨਾਂ ਸਾਰੀਆਂ ਖੇਤਰੀ ਬੁਰਜੂਆ ਪਾਰਟੀਆਂ ਦੀ ਸਮੁੱਚੀ ਬੁਰਜੂਆ ਜਮਾਤ ਸੰਸਦੀ ਸਿਆਸਤ ਦੇ ਨਾਪਤੋਲ ਦੀ ਖੇਡ ਵਿੱਚ ਛੋਟੇ ਬਟੇਰਾਂ ਦੇ ਵਾਂਗ ਵਰਤੋਂ ਕਰਦੀ ਹੈ। ਇਹਨਾਂ ਪਾਰਟੀਆਂ ਦੀ ਹਿੰਦੂਵਾਦੀ ਫਾਸੀਵਾਦ ਆਪਣੀ ਖੇਡ ਵਿੱਚ ਬਾਖੂਬੀ ਵਰਤੋਂ ਕਰਦਾ ਹੈ।

ਕਾਰਪੋਰੇਟ ਸੱਭਿਆਚਾਰ ਦੇ ਮੁਰੀਦ ਨਵ-ਧਨਾਢ ਖੁਸ਼ਹਾਲ ਮੱਧਵਰਗ ਅਤੇ ਵਪਾਰੀਆਂ-ਛੋਟੇ ਸਰਮਾਏਦਾਰਾਂ ਅਤੇ ਦਲਾਲਾਂ-ਸ਼ੇਅਰ ਦਲਾਲਾਂ ਦੇ ਰਵਾਇਤੀ ਅਧਾਰ ਦੇ ਨਾਲ਼ ਹੀ, ਨਵ-ਉਦਾਰਵਾਦੀ ਨੀਤੀਆਂ ਦੇ ਨਤੀਜਨ ਉਜੜੇ ਹੋਏ, ਤਬਾਹ-ਬਰਬਾਦ ਅਤੇ ਅਸੁਰੱਖਿਆ ਦਾ ਸ਼ਿਕਾਰ ਮੱਧਵਰਗ ਅਤੇ ਮਜ਼ਦੂਰ ਜਮਾਤ ਦੇ ਇੱਕ ਹਿੱਸੇ ਨੂੰ ਵੀ, ਹਿੰਦੂਵਾਦੀ ਫਾਸੀਵਾਦ ਨੇ ਆਪਣੇ ਵੱਲ ਉਸੇ ਤਰਾਂ ਖਿੱਚਿਆ ਹੈ ਜਿਸ ਤਰ੍ਹਾਂ ਜਰਮਨੀ ਅਤੇ ਇਟਲੀ ਵਿੱਚ ਹੋਇਆ ਸੀ। ਇੱਕ ਜਥੇਬੰਦ ਕਮਿਊਨਿਸਟ ਇਨਕਲਾਬੀ ਲਹਿਰ ਦੀ ਗ਼ੈਰ-ਮੌਜੂਦਗੀ ਅਤੇ ਸੋਧਵਾਦੀਆਂ ਦੁਆਰਾ ਮਜ਼ਦੂਰਾਂ ਨੂੰ ਫਾਸੀਵਾਦ ਦੇ ਖਿਲਾਫ਼ ਜੁਝਾਰੂ ਢੰਗ ਨਾਲ਼ ਲਾਮਬੰਦ ਕਰਨ ਦੇ ਬਜਾਏ ਕੇਵਲ ਵੋਟਾਂ ਲਈ ਸੰਯੁਕਤ ਮੋਰਚੇ ਬਣਾਉਂਦੇ ਰਹਿਣ ਦੀ ਸਮਾਜਿਕ-ਜਮਹੂਰੀ ਨੀਤੀ ਦੇ ਕਾਰਨ ਵੀ ਨਿਰਾਸ਼-ਪਸਤ ਮਜ਼ਦੂਰਾਂ, ਨਿਮਨ-ਮੱਧਵਰਗ ਅਤੇ ਅਰਧ-ਮਜ਼ਦੂਰਾਂ ਵਿੱਚ ਠੁੱਕ ਬਣਾਉਣ ਵਿੱਚ ਫਾਸੀਵਾਦੀਆਂ ਨੂੰ ਮਦਦ ਮਿਲ਼ਦੀ ਹੈ।

ਮੌਜੂਦਾ ਹਾਲਤਾਂ ਵਿੱਚ ਨਵ-ਉਦਾਰਵਾਦ ਦੀਆਂ ਨੀਤੀਆਂ ਨੂੰ ਤੇਜ਼ ਗਤੀ ਨਾਲ਼ ਲਾਗੂ ਕਰਨ ਅਤੇ ਹਰ ਸੰਭਵ ਲੋਕ-ਵਿਦਰੋਹ ਨੂੰ ਕੁਚਲ ਦੇਣ ਦੇ ਲਈ ਭਾਰਤ ਦੀ ਅਜਾਰੇਦਾਰ ਸਰਮਾਏਦਾਰ ਜਮਾਤ ਦਾ ਵੱਡਾ ਹਿੱਸਾ ਹਿੰਦੂਵਾਦ ਦੇ ਇੱਕ ਆਧੁਨਿਕ ਐਡੀਸ਼ਨ ਦੇ ਰੂਪ ਵਿੱਚ ਨਰਿੰਦਰ ਮੋਦੀ ਨੂੰ ਬਦਲ ਦੇ ਰੂਪ ਵਿੱਚ ਅਜ਼ਮਾਉਣ ਨੂੰ ਤਿਆਰ ਹੈ। ਉਸ ਤੋਂ ਵੀ ਵੱਧ, ਸਾਮਰਾਜਵਾਦੀ ਵਿੱਤੀ ਸਰਮਾਇਆ ਅੱਜ ਇਹਨਾਂ ਲਈ ਤਿਆਰ ਹੈ। ਨਿਸ਼ਚਿਤ ਹੀ ਢਾਂਚਾਗਤ ਸੰਕਟ ਦੇ ਇਸ ਦੌਰ ਵਿੱਚ ਸਰਮਾਏਦਾਰ ਜਮਾਤ ਇਸ ਮਸਲੇ ‘ਤੇ ਇੱਕ ਰਾਇ ਨਹੀਂ ਹੈ ਅਤੇ ਇਹ ਵੀ ਤੈਅ ਹੈ ਕਿ ਕਾਂਗਰਸ ਨੀਤੀ ਜਾਂ ਕਾਂਗਰਸੀ ਹਮਾਇਤ ਵਾਲ਼ੀ ਕੋਈ ਜਥੇਬੰਦੀ ਵੀ ਇਹਨਾਂ ਹੀ ਨੀਤੀਆਂ ਨੂੰ ਬਿਨ੍ਹਾਂ ਕਿਸੇ ਉਲ਼ਝਣ ਤੋਂ ਲਾਗੂ ਕਰੇਗੀ, ਪਰ ਸਰਮਾਏਦਾਰ ਜਮਾਤ ਇਸ ਮਸਲੇ ‘ਤੇ ਅੱਜ ਪੂਰੀ ਤਰ੍ਹਾਂ ਤਸੱਲੀ ਚਾਹੁੰਦੀ ਹੈ। ਜਾਹਰਾ ਤੌਰ ‘ਤੇ, ਜੇਕਰ ਨਰਿੰਦਰ ਮੋਦੀ ਸੱਤ੍ਹਾ ਵਿੱਚ ਆਉਂਦਾ ਹੈ ਤਾਂ ਯਹੂਦੀਆਂ ਦੇ ਸਫ਼ਾਏ ਅਤੇ ‘ਗੁਜਰਾਤ – 2002’ ਵਰਗੀ ਕੋਈ ਚੀਜ਼ ਪੂਰੇ ਦੇਸ਼ ਦੇ ਪੱਧਰ ‘ਤੇ ਦੁਹਰਾਉਣਾ ਸੰਭਵ ਨਹੀਂ ਹੋਵੇਗਾ। ਪਰ ਧਾਰਮਿਕ ਬਹੁ-ਗਿਣਤੀਵਾਦ ਦੀ ਸਿਆਸਤ, ਇੱਥੇ-ਉਥੇ ਦੰਗੇ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਧਾਰਮਿਕ ਘੱਟ-ਗਿਣਤੀਆਂ ਨਿਸ਼ਚਿਤ ਹੀ ਦੂਜੇ ਦਰਜੇ ਦੇ ਨਾਗਰਿਕ ਦੇ ਰੂਪ ਵਿੱਚ ਜਿਉਣਗੀਆਂ। ਔਰਤਾਂ ਦੀ ਸਮਾਜਿਕ ਹਾਲਤ ਵੀ ਬਦਤਰ ਹੋ ਜਾਵੇਗੀ। ਇਸ ਨਾਲ਼ ਵਸੋਂ ਦੇ ਇੱਕ ਹਿੱਸੇ ਦੀ ਸਸਤੀ ਤੋਂ ਸਸਤੀ ਕਿਰਤ ਸ਼ਕਤੀ ਨੂੰ ਨਿਚੋੜਨਾ ਸੌਖਾ ਹੋ ਜਾਵੇਗਾ ਅਤੇ “ਕਲਿਆਣਕਾਰੀ” ਕੰਮਾਂ ‘ਤੇ ਰਾਜ ਦਾ ਖ਼ਰਚ ਵੀ ਘਟਾਉਣ ਵਿੱਚ ਸੌਖ ਹੋ ਜਾਵੇਗੀ। ਇਸ ਤੋਂ ਵੀ ਜਰੂਰੀ ਗੱਲ ਇਹ ਫਾਸੀਵਾਦ ਮਜ਼ਦੂਰਾਂ ਦੇ ਟਕਰਾਅ, ਇਨਕਲਾਬੀ ਖੱਬੇਪੱਖੀ ਲਹਿਰ ਅਤੇ ਅਗਾਂਹਵਧੂ-ਜਮਹੂਰੀ ਬੌਧਿਕ ਸੁਰਾਂ ਨੂੰ ਬਰਬਰ ਢੰਗ ਨਾਲ਼ ਕੁਚਲੇਗਾ। ਸਰਮਾਏਦਾਰਾਂ ਨੂੰ ਕੁਦਰਤੀ ਸੰਪੱਤੀ ਦੀ ਲੁੱਟ ਅਤੇ ਫੈਕਟਰੀਆਂ ਲਾਉਣ ਦਾ ਮੌਕਾ ਦੇਣ ਦੇ ਲਈ ਹਾਊਸਿੰਗ ਪ੍ਰੋਜੈਕਟ ਅਤੇ ਆਲ਼-ਜੰਜਾਲ਼ ਦੇ ਲਈ ਉਜਾੜੇ ਜਾ ਰਹੇ ਕਰੋੜਾਂ ਲੋਕਾਂ ਦੇ ਟਕਰਾਅ ਨਾਲ਼ ਨਿਬੜਣ ਲਈ ‘ਪੁਲਿਸ ਸਟੇਟ’ ਦੀ ਯੁੱਧਨੀਤੀ ਅਪਣਾਏਗਾ। ਦੇਸ਼ਵਾਸੀਆਂ ਦੇ ਜਾਰੀ ਘੋਲ਼ਾਂ ਦੇ ਖੇਤਰਾਂ ਵਿੱਚ ਫ਼ੌਜੀ ਹਕੂਮਤ ਦੀ ਸਥਿਤੀ ਮੁਕੰਮਲ ਬਣਾ ਦਿੱਤੀ ਜਾਵੇਗੀ।

ਭਾਜਪਾ ਗਠਜੋੜ ਦੀ ਸਰਕਾਰ 2014 ਵਿੱਚ ਬਣੇ ਜਾਂ ਨਾ ਬਣੇ, ਹਿੰਦੂਤਾਵਾਦੀ ਫਾਸੀਵਾਦ ਦੀ ਜ਼ੋਰਦਾਰ ਮੌਜੂਦਗੀ ਆਉਣ ਵਾਲ਼ੇ ਦਿਨਾਂ ਵਿੱਚ ਭਾਰਤੀ ਸਮਾਜਿਕ-ਸਿਆਸੀ ਪਰਦੇ ‘ਤੇ ਬਣੀ ਰਹੇਗੀ। ਭਾਰਤੀ ਸਰਮਾਏਦਾਰ ਜਮਾਤ ਸੰਗਲੀ ਵਿੱਚ ਬੰਨੇ ਕੁੱਤੇ ਦੇ ਵਾਂਗ ਇਸਨੂੰ ਬਣਾਈ ਰੱਖੇਗੀ ਅਤੇ ਇਸ ਸੰਭਾਵਨਾ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿੱਚ-ਵਿੱਚ ਖੁਦ ਹੀ ਇਹ ਕੁੱਤਾ ਸੰਗਲੀ ਛੁਡਾਕੇ ਗੜਬੜ ਕਰਦਾ ਰਹੇ। ਬੁਰਜੂਆ ਢਾਂਚੇ ਅਤੇ ਸਿਆਸਤ ਦੀ ਗਤੀ ਆਪਣੀਆਂ ਵਿਰੋਧਤਾਈਆਂ ਕਾਰਨ ਕਦੇ-ਕਦੇ ਸਰਮਾਏਦਾਰ ਜਮਾਤ ਦੀ ਇੱਛਾ ਤੋਂ ਅਜ਼ਾਦ ਵੀ ਹੋ ਜਾਂਦੀ ਹੈ।

(18) ਭਾਰਤੀ ਸਮਾਜਿਕ-ਸਿਆਸੀ ਘਟਨਾਕ੍ਰਮ ‘ਤੇ ਲਗਾਤਾਰ ਖ਼ਤਰਨਾਕ ਸੰਭਾਵਨਾਵਾਂ ਦੇ ਨਾਲ਼ ਮੌਜੂਦ ਹਿੰਦੂਵਾਦੀ ਫਾਸੀਵਾਦ ਦਾ ਟਾਕਰਾ ਕੇਵਲ ਜਥੇਬੰਦ ਮਜ਼ਦੂਰ ਜਮਾਤ ਹੀ ਕਰ ਸਕਦੀ ਹੈ। ਜਦ ਮਜ਼ਦੂਰ ਜਮਾਤ ਜਥੇਬੰਦ ਹੋਵੇਗੀ ਉਦੋਂ ਹੀ ਉਹ ਹੋਰਾਂ ਕਿਰਤੀ ਜਮਾਤਾਂ ਅਤੇ ਚਿੰਤਤ ਮੱਧਵਰਗ ਨੂੰ ਨਾਲ਼ ਲੈ ਕੇ ਇੱਕ ਵਿਆਪਕ, ਜੁਝਾਰੂ ਸਾਂਝਾ ਮੋਰਚਾ ਬਣਾ ਸਕਦੀ ਹੈ। ਸਾਮਰਾਜਵਾਦੀ ਸੰਕਟ ਦੀ ਚਰਚਾ ਬਿਨ੍ਹਾਂ ਫਾਸੀਵਾਦ ਦੀ ਚਰਚਾ ਨਹੀਂ ਕੀਤੀ ਜਾ ਸਕਦੀ— ਇਸ ਮਾਰਕਸਵਾਦੀ ਧਾਰਣਾ ਨੂੰ ਵਿਸਥਾਰ ਦਿੰਦੇ ਹੋਏ ਕਿਹਾ ਜਾ ਸਕਦਾ ਹੈ ਕਿ ਸਾਮਰਾਜਵਾਦ ਅਤੇ ਸਰਮਾਏਦਾਰੀ ਦੇ ਖਿਲਾਫ਼ ਮਜ਼ਦੂਰ ਜਮਾਤ ਅਤੇ ਹੋਰ ਕਿਰਤੀਆਂ ਅਤੇ ਰੈਡੀਕਲ ਮੱਧਵਰਗ ਦੀ ਜੁਝਾਰੂ ਲਾਮਬੰਦੀ ਨੂੰ ਅੱਗੇ ਵਧਾਏ ਬਿਨ੍ਹਾਂ ਫਾਸੀਵਾਦ ਦੇ ਵਿਰੁੱਧ ਲੜਾਈ ਦੀ ਤਿਆਰੀ ਵੀ ਮਨਸੂਬਿਆਂ, ਨਾਹਰਿਆਂ ਅਤੇ ਖੋਖਲੇ ਪ੍ਰਚਾਰ ਤੱਕ ਹੀ ਸੁੰਗੜ ਕੇ ਰਹਿ ਜਾਵੇਗੀ।

ਅੱਜ ਜੇਕਰ ਕੋਈ ਇੱਕਮੁੱਠ ਇਨਕਲਾਬੀ ਕਮਿਊਨਿਸਟ ਪਾਰਟੀ ਹੁੰਦੀ ਤਾਂ ਫਾਸੀਵਾਦ ਦੇ ਖਿਲਾਫ਼ ਮਜ਼ਦੂਰ ਜਮਾਤ ਅਤੇ ਹੋਰ ਇਨਕਲਾਬ ਪੱਖੀ ਜਮਾਤਾਂ ਦਾ ਮੋਰਚਾ ਬਣਾਉਂਦੇ ਹੋਏ ਸੰਸਦ ਦੇ ਮੰਚ ਦੀ ਵੀ ਵਰਤੋਂ ਕਰਦੀ ਅਤੇ ਸੰਸਦੀ ਬੌਣਿਆਂ ਸੋਧਵਾਦੀਆਂ ਅਤੇ ਸਮਾਜਿਕ ਜਮਹੂਰੀਆਂ ‘ਤੇ ਵੀ ਫਾਸੀਵਾਦ ਦੇ ਵਿਰੁੱਧ ਸਾਂਝੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਭਾਰੀ ਲੋਕ-ਦਬਾਅ ਬਣਾ ਸਕਦੀ ਸੀ। ਜਦ ਅਜਿਹੇ ਤੱਤ ਢਿੱਲਾਪਣ ਦਿਖਾਉਂਦੇ ਹਨ ਤਾਂ ਇਹਨਾਂ ਦੇ ਕਥਿਤ ਫਾਸੀਵਾਦ-ਵਿਰੋਧੀ “ਸੈਕੂਲਰ” ਕਿਰਦਾਰ ਦਾ ਪਰਦਾਚਾਕ ਹੁੰਦਾ ਹੈ ਅਤੇ ਇਹਨਾਂ ਦੀਆਂ ਸਫਾਂ ਮੋਹਭੰਗ ਦੇ ਕਾਰਨ ਟੁੱਟਕੇ ਵੱਖ ਹੋਣ ਲਗਦੀਆਂ। ਪਰ ਫਿਲਹਾਲ ਅਜਿਹੀ ਕੋਈ ਹਾਲਤ ਨਹੀਂ ਹੈ। ਅਜਿਹੇ ਸਮੇਂ ਇੱਕੋ-ਇੱਕ ਰਾਹ ਇਹੀ ਬਚਦਾ ਹੈ ਕਿ ਜੋ ਕਮਿਊਨਿਸਟ ਇਨਕਲਾਬੀ ਗਰੁੱਪ ਅਤੇ ਜਥੇਬੰਦੀਆਂ ਹਨ ਉਹ ਆਪਣੀ ਪਹਿਲ ‘ਤੇ ਵਿਆਪਕ ਕਿਰਤੀ ਲੋਕਾਈ ਅਤੇ ਮੱਧਵਰਗੀ ਬੌਧਿਕ ਭਾਈਚਾਰੇ ਵਿਚਾਲੇ ਫਾਸੀਵਾਦ-ਵਿਰੋਧੀ ਜੁਝਾਰੂ ਘੋਲ਼ ਦੀ ਲੰਬੀ ਤਿਆਰੀ ਦੇ ਲਈ ਜਮੀਨੀ ਪੱਧਰ ‘ਤੇ ਲਗਾਤਾਰ ਤੀਬਰ ਤੇ ਵਿਆਪਕ ਸਿਆਸੀ ਕੰਮ ਕਰਨ।

ਜਿਸ ਪੱਧਰ ‘ਤੇ ਵੀ ਸੰਭਵ ਹੋਵੇ, ਅਗਾਂਹਵਧੂ, ਸੈਕੂਲਰ ਆਮ ਮੱਧਵਰਗੀ ਨੌਜਵਾਨਾਂ ਅਤੇ ਮਜ਼ਦੂਰਾਂ ਨੂੰ (ਇਹਨਾਂ ਵਿੱਚ ਔਰਤ ਭਾਈਚਾਰਾ ਵੀ ਸ਼ਾਮਲ ਹੈ) ਅਜਿਹੇ ਦਸਤਿਆਂ ਵਿੱਚ ਜਥੇਬੰਦ ਕਰਨ ਦਾ ਰਾਹ ਕੱਢਣਾ ਹੋਵੇਗਾ ਜੋ ਜਮੀਨੀ ਪੱਧਰ ‘ਤੇ ਲੰਪਟ-ਅਸਮਾਜਿਕ-ਅਪਰਾਧਿਕ ਤੱਤਾਂ ਅਤੇ ਫਾਸੀਵਾਦੀ ਗੁੰਡਿਆਂ ਨਾਲ਼ ਨਿੱਬੜਣ ਨੂੰ ਤਿਆਰ ਹੋਣ।

ਬਸਤੀਆਂ-ਮੁਹੱਲਿਆਂ ਵਿੱਚ ਲਾਇਬ੍ਰੇਰੀ, ਇਨਕਲਾਬੀ ਸਮਾਗਮ ਆਦਿ ਅਨੇਕ ਸੱਭਿਆਚਾਰਕ ਉੱਦਮਾਂ ਦੇ ਰਾਹੀਂ ਰਾਹੁਲ, ਭਗਤ ਸਿੰਘ ਆਦਿ ਦੀ ਇਨਕਲਾਬੀ ਵਿਰਾਸਤ ਦੇ ਪ੍ਰਤੀ ਜਾਗਰੁਕਤਾ ਪੈਦਾ ਕਰਦੇ ਹੋਏ ਸੈਕੂਲਰਿਜ਼ਮ ਦੀ ਜੁਝਾਰੂ ਇਨਕਲਾਬੀ ਵਿਚਾਰਧਾਰਾ ਦਾ ਸਮਾਜਿਕ ਅਧਾਰ ਵਿਆਪਕ ਬਣਾਉਣਾ ਹੋਵੇਗਾ।

ਅਖੌਤੀ ਅਗਾਂਹਵਧੂ ਬੁੱਧੀਜੀਵੀਆਂ ਦੇ ਵੱਡੇ ਹਿੱਸੇ ਨੇ ਧਾਰਮਿਕ ਕੱਟੜਪੰਥ-ਵਿਰੋਧ ਨੂੰ ਵਾਦ-ਵਿਵਾਦਾਂ ਅਤੇ ਸਭਾ ਕਮਰਿਆਂ ਵਿੱਚ ਸੀਮਿਤ ਵਿਚਾਰਕ-ਸੱਭਿਆਚਾਰ ਕੰਮਾਂ ਦੇ ਰੂਪ ਵਿੱਚ ਸ਼ਰਮਨਾਕ ‘ਗ਼ੈਰ-ਸਰਗਰਮ’ ਕੁਲੀਨ ਕਰਮਕਾਂਡ ਬਣਾ ਦਿੱਤਾ ਹੈ। ਕਿਤਾਬਾਂ ‘ਤੇ ਰੋਕ, ਪ੍ਰੋਗਰਾਮਾਂ ਵਿੱਚ ਤੋੜ-ਫੋੜ, ਹੰਗਾਮੇ ਵਰਗੀਆਂ ਫਾਸੀਵਾਦੀ ਗੁੰਡਾ ਹਰਕਤਾਂ ਦਾ ਖੱਬੇਪੱਖੀ ਬੁੱਧੀਜੀਵੀਆਂ ਨੂੰ ਜੁਝਾਰੂ ਵਿਰੋਧ ਕਰਨਾ ਹੋਵੇਗਾ ਅਤੇ ਸੜਕਾਂ ‘ਤੇ ਉੱਤਰਨਾ ਹੋਵੇਗਾ। ਇਤਿਹਾਸ ਅਤੇ ਸੱਭਿਆਚਾਰ ਸਬੰਧੀ ਫਾਸੀਵਾਦੀ ਵਿਗਾੜਾਂ ਅਤੇ ਕੂੜ-ਪ੍ਰਚਾਰ ਦਾ ਵਿਰੋਧ ਕੇਵਲ ਗੰਭੀਰ ਖੋਜ-ਪੱਤਰਾਂ, ਸੈਮੀਨਾਰਾਂ ਨਾਲ਼ ਹੀ ਨਹੀਂ ਕੀਤਾ ਜਾ ਸਕਦਾ ਅਤੇ ਕਾਇਰ-ਕੁਲੀਨ “ਅਗਾਂਹਵਧੂ” ਇਸਨੂੰ ਕਰ ਵੀ ਨਹੀਂ ਸਕਦੇ। ਸਾਨੂੰ ਵਿਆਪਕ ਲੋਕ ਪ੍ਰਚਾਰ ਦੇ ਢੰਗ ਅਪਣਾਉਣੇ ਹੋਣਗੇ, ਬਦਲ ਦਾ ਲੋਕ-ਮੀਡੀਆ ਜਥੇਬੰਦ ਕਰਨਾ ਹੋਵੇਗਾ ਅਤੇ ਹਰ ਮੋਰਚੇ ‘ਤੇ ਉਹਨਾਂ ਅਤਾਰਕਿਕ, ਅਣ-ਇਤਿਹਾਸਕ, ਅਵਿਗਿਆਨਕ ਵਿਚਾਰਾਂ ਦੇ ਵਿਰੁੱਧ ਪ੍ਰਚਾਰ ਚਲਾਉਣਾ ਹੋਵੇਗਾ, ਜਿਸਦੀ ਵਰਤੋਂ ਕਰਕੇ ਫਾਸੀਵਾਦੀ ਤਾਕਤਾਂ ਨਿਰਾਸ਼ ਅਤੇ ਪੱਛੜੀ ਚੇਤਨਾ ਵਾਲ਼ੇ ਮੱਧਵਰਗ ਅਤੇ ਮਜ਼ਦੂਰਾਂ ਵਿੱਚ ਆਪਣਾ ਸਮਾਜਿਕ ਅਧਾਰ ਬਣਾਉਣ ਦਾ ਕੰਮ ਕਰਦੀਆਂ ਹਨ।

ਜੋ ਸੋਧਵਾਦੀ ਪਾਰਟੀਆਂ ਫਾਸੀਵਾਦ-ਵਿਰੋਧ ਨੂੰ ਕੇਵਲ ਵੋਟ-ਬਟੋਰੂ ਜਥੇਬੰਧੀਆਂ ਤੱਕ ਸੀਮਤ ਕਰ ਦਿੰਦੀਆਂ ਹਨ ਅਤੇ ਕੇਵਲ ਸੰਸਦ ਵਿੱਚ ਗੱਤੇ ਦੀਆਂ ਤਲਵਾਰਾਂ ਚਲਾਉਂਦੀਆਂ ਹਨ, ਇਹਨਾਂ ਦੇ ਅਸਲੀ ਕਿਰਦਾਰ ਨੂੰ ਕਿਰਤੀ ਲੋਕਾਂ ਦੇ ਸਾਹਮਣੇ ਲਿਆਉਣਾ ਸਭ ਤੋਂ ਮਹੱਤਵਪੂਰਣ ਕੰਮ ਹੈ। ਇਹੀ ਉਹ ਪਾਰਟੀਆਂ ਹਨ ਜਿਹਨਾਂ ਨੇ ਅਰਥਵਾਦ, ਸੁਧਾਰਵਾਦ ਅਤੇ ਟ੍ਰੇਡਯੂਨੀਅਨਵਾਦ ਦੀ ਸਿਆਸਤ ਦਾ ਮਜ਼ਦੂਰ ਲਹਿਰ ‘ਤੇ ਗਲਬਾ ਸਥਾਪਿਤ ਕਰਕੇ ਫਾਸੀਵਾਦੀ ਬਰਬਰਤਾ ਦੀ ਚੁਣੌਤੀ ਦੇ ਸਾਹਮਣੇ ਮਜ਼ਦੂਰ ਜਮਾਤ ਨੂੰ ਵਿਚਾਰਕ-ਸਿਆਸੀ ਰੂਪ ਪੱਖੋਂ ਨਿਹੱਥਾ ਅਤੇ ਅਸੁਰੱਖਿਅਤ ਬਣਾ ਦਿੱਤਾ ਹੈ। ਮਜ਼ਦੂਰ ਜਮਾਤ ਦੀ ਸਿਆਸੀ ਤਿਆਰੀ ਦੇ ਬਿਨ੍ਹਾਂ ਫਾਸੀਵਾਦ ਦੇ ਵਿਰੁੱਧ ਘੋਲ਼ ਕੇਵਲ ਇੱਕ ਖੋਖਲਾ ਨਾਹਰਾ ਬਣਿਆ ਰਹੇਗਾ।

ਮੌਜੂਦਾ ਫਾਸੀਵਾਦੀ ਉਭਾਰ ਕਮਿਊਨਿਸਟ ਇਨਕਲਾਬੀਆਂ ਦੇ ਲਈ ਇੱਕ ਚੇਤਾਵਨੀ ਹੈ ਕਿ ਸਾਨੂੰ ਸਾਮਰਾਜਵਾਦ-ਸਾਰਮਾਏਦਾਰੀ ਦੇ ਖਿਲਾਫ਼ ਘੋਲ਼ ਦੀ ਤਿਆਰੀ ਦੇ ਲਈ ਮਜ਼ਦੂਰ ਜਮਾਤ ਦੀ ਸਿਆਸੀ ਤਿਆਰੀ ਦੇ ਕੰਮ ਨੂੰ ਤੇਜ਼, ਬਹੁਤ ਤੇਜ਼ ਕਰਨਾ ਹੋਵੇਗਾ। ਸਾਨੂੰ ਮਜ਼ਦੂਰ ਜਮਾਤ ਦੀ ਇੱਕ ਏਕੀਕ੍ਰਿਤ ਪਾਰਟੀ ਦੀ ਮੁੜ-ਉਸਾਰੀ ਦੇ ਕੰਮ ਨੂੰ ਪੂਰੀ ਤਾਕਤ ਲਾ ਕੇ ਅੱਗੇ ਵਧਾਉੁਣਾ ਹੋਵੇਗਾ। ਇਸ ਪ੍ਰਕ੍ਰਿਆ ਦੇ ਦੌਰਾਨ, ਕਮਿਊਨਿਸਟ ਇਨਕਲਾਬੀਆਂ ਨੂੰ ਇਸ ਮਸਲੇ ‘ਤੇ ਵੀ ਗੰਭੀਰਤਾ ਨਾਲ਼ ਸੋਚਣਾ ਹੋਵੇਗਾ ਕਿ ਵਿਚਾਰਧਾਰਾ ਅਤੇ ਲੀਹ ਦੇ ਸਵਾਲਾਂ ‘ਤੇ ਬਹਿਸ ਜਾਰੀ ਰੱਖਦੇ ਹੋਏ, ਘੱਟ ਤੋਂ ਘੱਟ ਫਾਸੀਵਾਦੀ ਹਮਲਿਆਂ ਦੇ ਕਾਰਗਾਰ ਟਾਕਰੇ ਦੇ ਲਈ ਉਹ ਕਿਸ ਤਰ੍ਹਾਂ ਇਕੱਠੇ ਖੜ੍ਹੇ ਹੋਣ।

ਇਨਕਲਾਬ ਦੀਆਂ ਅੰਦਰੂਨੀ ਤਾਕਤਾਂ ਦੇ ਖਿੰਡਾਅ ਅਤੇ ਮਜ਼ਦੂਰ ਜਮਾਤ ਵਿੱਚ ਉਹਨਾਂ ਦੇ ਅਧਾਰ ਕਮਜ਼ੋਰ ਹੋਣ ਦੇ ਕਾਰਨ ਹਾਲਾਤ ਮੁਸ਼ਕਿਲ ਅਤੇ ਚੁਣੌਤੀਪੂਰਣ ਜਰੂਰ ਹਨ। ਸਾਮਰਾਜਵਾਦ ਦੇ ਲਾਇਲਾਜ ਢਾਂਚਾਗਤ ਸੰਕਟ ਦੇ ਇਸ ਦੌਰ ਵਿੱਚ ਸਰਮਾਏਦਾਰੀ-ਵਿਰੋਧੀ ਘੋਲ਼ ਦੀ ਤਿਆਰੀ ਦੇ ਨਾਲ਼ ਫਾਸੀਵਾਦ ਦੇ ਕਾਰਗਾਰ ਟਾਕਰੇ ਦਾ ਸਵਾਲ ਹੋਰ ਵੱਧ ਡੂੰਘਾਈ ਨਾਲ਼ ਜੁੜ ਗਿਆ ਹੈ। ਇਹ ਇੱਕ ਲੰਬੀ ਲੜਾਈ ਹੈ ਜਿਸ ਵਿੱਚ ਇੱਕ ਦਿਨ ਦੇ ਲਈ ਵੀ ਢਿੱਲਾ ਨਹੀਂ ਪਿਆ ਜਾ ਸਕਦਾ। 

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s