ਏਰਿਕ ਹੌਬਸਬੌਮ : ਇੱਕ ਇਤਿਹਾਸਕਾਰਕ ਸ਼ਰਧਾਂਜਲੀ -ਅਭਿਨਵ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਏਰਿਕ ਹੌਬਸਬੌਮ ਨਹੀਂ ਰਹੇ। 1 ਅਕਤੂਬਰ 2012 ਨੂੰ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 95 ਵਰ੍ਹੇ ਸੀ। ਲਿਉਕੇਮੀਆ ਨਾਲ਼ ਲੰਮੇ ਸੰਘਰਸ਼ ਤੋਂ ਬਾਅਦ 1 ਅਕਤੂਬਰ ਨੂੰ ਲੰਡਨ ਦੇ ਰਾਇਲ ਫ੍ਰੀ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਸਮਾਜਿਕ ਵਿਗਿਆਨ ਦੇ ਕਿਸੇ ਵੀ ਖੇਤਰ ਦੇ ਵਿਦਿਆਰਥੀ ਅਤੇ ਇੱਥੋਂ ਤੱਕ ਕਿ ਕਿਸੇ ਵੀ ਪ੍ਰਬੁੱਧ ਅਤੇ ਸਿਆਸੀ ਨਾਗਰਿਕ ਲਈ ਏਰਿਕ ਹੌਬਸਬੌਮ ਦਾ ਨਾਂ ਕਿਸੇ ਜਾਣ-ਪਛਾਣ ਦਾ ਮੋਹਤਾਜ਼ ਨਹੀਂ ਹੈ। ਆਪਣੇ ਸਾਰੇ ਭਟਕਾਵਾਂ, ਕੁਰਾਰਿਆਂ ਅਤੇ ਥਿੜ੍ਹਕਣਾਂ ਦੇ ਬਾਵਜੂਦ ਹੌਬਸਬੌਮ ਦਾ ਨਾਂ 20ਵੀਂ ਸਦੀ ਦੇ ਮਹਾਨ ਇਤਿਹਾਸਕਾਰਾਂ ਦੀਆਂ ਹਰਾਵਲ ਸਫ਼ਾਂ ਵਿੱਚ ਸੁਰੱਖਿਅਤ ਰਹੇਗਾ। ਹੌਬਸਬੌਮ ਦੀ ਮੌਤ ਨਾਲ਼ ਬ੍ਰਿਟਿਸ਼ ਮਾਰਕਸਵਾਦੀ ਇਤਿਹਾਸਕਾਰਾਂ ਦੇ ਪ੍ਰਸਿਧ ਸਮੂਹ ਦੀ ਇੱਕ ਹੋਰ ਵੱਡੀ ਸਖਸ਼ੀਅਤ ਸਾਡੇ ਵਿੱਚੋਂ ਚਲੀ ਗਈ ਹੈ। ਪਰ ਇਹ ਤੈਅ ਹੈ ਕਿ ਹੌਬਸਬੌਮ ਦੀਆਂ ਰਚਨਾਵਾਂ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਵੀ ਆਪਣੀਆਂ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਓਨੀਆਂ ਹੀ ਮੁੱਲਵਾਨ ਅਤੇ ਜ਼ਰੂਰੀ ਬਣੀਆਂ ਰਹਿਣਗੀਆਂ। ਪੇਰੀ ਏਂਡਰਸਨ ਨੇ ਆਪਣੀ ਇਤਿਹਾਸਕ ਸਵੈਜੀਵਨੀ ‘ਇੰਟਰਸਟਿੰਗ ਟਾਈਮਜ਼’ ਨੂੰ ‘ਏਰਿਕ ਹੌਬਸਬੌਮ ਦਾ ਯੁੱਗ’ ਕਿਹਾ ਹੈ, ਅਤੇ ਠੀਕ ਹੀ ਕਿਹਾ ਹੈ। ਇਸ ਯੁੱਗ ਨੇ ਸਮਾਜਿਕ ਵਿਗਿਆਨ ਦੇ ਵਿਦਿਆਰਥੀਆਂ ਨੂੰ ਜੋ ਅਮੁੱਲ ਵਿਰਾਸਤ ਦਿੱਤੀ ਹੈ, ਉਹ ਬੇਜੋੜ ਹੈ। ਆਪਣੀਆਂ ਸਾਰੀਆਂ ਸਿਆਸੀ ਗਲਤੀਆਂ ਅਤੇ ਭੁੱਲਾਂ ਦੇ ਬਾਵਜੂਦ ਏਰਿਕ ਹੌਬਸਬੌਮ ਸਾਡੇ ਯੁੱਗ ਦੀਆਂ ਮਹਾਨ ਬੌਧਿਕ ਪ੍ਰਤੀਭਾਵਾਂ ਵਿੱਚੋਂ ਇੱਕ ਸਨ।

ਜੀਵਨ ਬਾਰੇ

ਏਰਿਕ ਜੇ. ਹੌਬਸਬੌਮ ਦਾ ਜਨਮ ਮਿਸਰ ਦੇ ਅਲੈਕਜ਼ੈਂਡਰੀਆ ਵਿੱਚ 9 ਜੂਨ 1917 ਦੇ ਦਿਨ ਹੋਇਆ ਸੀ। ਉਨ੍ਹਾਂ ਦੇ ਪਿਤਾ ਬ੍ਰਿਟੇਨ ਦੇ ਇੱਕ ਵਪਾਰੀ ਸਨ, ਭਾਂਵੇਂ ਉਹ ਪੋਲੈਂਡੀ ਮੂਲ ਦੇ ਯਹੂਦੀ ਸਨ। ਉਹਨਾਂ ਦਾ ਨਾਂ ਸੀ ਲਿਉਪੋਲਡ ਪਰਸੀ ਹੌਬਸਬੌਮ। ਅਤੇ ਉਨ੍ਹਾਂ ਦੀ ਮਾਂ ਦਾ ਨਾਂ ਸੀ ਨੇਲੀ ਹੌਬਸਬੌਮ ਜੋ ਕਿ ਆਸਟਰੀਆਈ ਮੂਲ ਦੀ ਯਹੂਦੀ ਸਨ। ਜਦੋਂ ਹੌਬਸਬੌਮ 14 ਵਰ੍ਹਿਆਂ ਦੇ ਹੋਏ ਉਦੋਂ ਤੱਕ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਹੌਬਸਬੌਮ ਅਤੇ ਉਨ੍ਹਾਂ ਦੀ ਭੈਣ ਨੈਂਸੀ ਨੂੰ ਉਨ੍ਹਾਂ ਦੇ ਚਾਚਾ ਸਿਡਨੀ ਨੇ ਗੋਦ ਲੈ ਲਿਆ ਜੋ ਕਿ ਉਸ ਸਮੇਂ ਵਿਆਨਾ ਵਿੱਚ ਸਨ। ਇਸਤੋਂ ਬਾਅਦ, ਉਹਨਾਂ ਦੇ ਚਾਚਾ ਜਦੋਂ ਬਰਲਿਨ ਆਏ ਤਾਂ ਹੌਬਸਬੌਮ ਵੀ ਬਰਲਿਨ ਆ ਗਏ। ਵਿਆਨਾ ਅਤੇ ਬਰਲਿਨ ਵਿੱਚ ਹੀ ਉਨ੍ਹਾਂ ਦਾ ਬਚਪਨ ਅਤੇ ਕਿਸ਼ੋਰ ਜੀਵਨ ਬੀਤਿਆ। ਬਰਲਿਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਪ੍ਰਿੰਸ ਹਾਈਨਰਿਖ ਜਿਮਨੇਜ਼ੀਅਮ ਵਿੱਚ ਦਾਖਲਾ ਲਿਆ। 1933 ਵਿੱਚ ਹਿਟਲਰ ਦੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਹੌਬਸਬੌਮ ਆਪਣੇ ਪਰਿਵਾਰ ਸਮੇਤ ਲੰਡਨ ਚਲੇ ਗਏ। ਇੱਥੇ ਉਨ੍ਹਾਂ ਨੇ ਸੇਂਟ ਮੇਰਿਲਬੋਨ ਗ੍ਰਾਮਰ ਸਕੂਲ ਵਿੱਚ ਦਾਖਲਾ ਲਿਆ। ਆਪਣੀ ਸਕੂਲ ਸਿੱਖਿਆ ਸਮਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿੰਗਜ਼ ਕਾਲਜ, ਕੈਂਬ੍ਰਿਜ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇੱਥੇ ਉਹ ਪ੍ਰਸਿੱਧ ਗਰੁੱਪ ‘ਕੈਂਬ੍ਰਿਜ ਏਪੌਸਟਲਜ਼’ ਵਿੱਚ ਸ਼ਾਮਲ ਹੋਏ ਜੋ ਕਿ 1820 ਤੋਂ ਹੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਚਲਿਆ ਆ ਰਿਹਾ ਸੀ।

ਹੌਬਸਬੌਮ ਨੇ 1943 ਵਿੱਚ ਮਿਉਰਿਅਲ ਸੀਮੈਨ ਨਾਲ਼ ਵਿਆਹ ਕੀਤਾ। 1951 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸਤੋਂ ਬਾਅਦ ਉਨ੍ਹਾਂ ਦਾ ਦੂਜਾ ਵਿਆਹ ਮਾਰਲਿਨ ਸ਼ਵਾਟਰਜ਼ ਨਾਲ਼ ਹੋਇਆ, ਜੋ ਉਨ੍ਹਾਂ ਦੇ ਦੋ ਬੱਚਿਆਂ ਦੀ ਮਾਂ ਬਣੀ। 1947 ਵਿੱਚ ਹੌਬਸਬੌਮ ਬਰਬੇਕ ਕਾਲਜ ਵਿੱਚ ਲੈਕਚਰਾਰ ਬਣੇ। 1959 ਵਿੱਚ ਉਹ ਰੀਡਰ ਬਣੇ, 1970 ਵਿੱਚ ਪ੍ਰੋਫੈਸਰ ਅਤੇ 1982 ਵਿੱਚ ਪ੍ਰੋਫੈਸਰ ਏਮੋਰਿਟਸ। 1949 ਤੋਂ 1955 ਤੱਕ ਉਹ ਕੈਂਬ੍ਰਿਜ ਯੂਨੀਵਰਸਿਟੀ ਦੇ ਕਿੰਗਜ਼ ਕਾਲਜ ਦੇ ਫੈਲੋ ਵੀ ਰਹੇ। 1952 ਵਿੱਚ ਉਨ੍ਹਾਂ ਨੇ ਪ੍ਰਸਿਧ ਮਾਰਕਸਵਾਦੀ ਅਕਾਦਮਿਕ ਰਸਾਲੇ ਪਾਸਟ ਐਂਡ ਪ੍ਰੇਜ਼ੇਂਟ ਦੀ ਸਥਾਪਨਾ ‘ਚ ਸਹਾਇਤਾ ਕੀਤੀ ਅਤੇ ਲੰਮੇ ਸਮੇਂ ਤੱਕ ਇਸ ਰਸਾਲੇ ਲਈ ਲਿਖਿਆ। 1960 ਦੇ ਦਹਾਕੇ ਵਿੱਚ ਉਹ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਵਿਜੀਟਿੰਗ ਪ੍ਰੋਫੈਸਰ ਰਹੇ ਅਤੇ 1984 ਅਤੇ 1997 ਤੱਕ ਮੈਨਹੈਟਨ ਵਿੱਚ ‘ਦ ਨਿਊ ਸਕੂਲ ਆਫ਼ ਸੋਸ਼ਲ ਰਿਸਚਰਜ਼’ ਵਿੱਚ ਵੀ ਵਿਜੀਟਿੰਗ ਪ੍ਰੋਫੈਸਰ ਰਹੇ। ਉਹ 2002 ਤੋਂ ਮੌਤ ਤੱਕ ਬਰਬੇਕ ਦੇ ਮੁਖੀ ਵੀ ਰਹੇ। ਹੌਬਸਬੌਮ ਅੰਗ੍ਰੇਜ਼ੀ, ਜਰਮਨ, ਫਰਾਂਸੀਸੀ, ਸਪੇਨੀ, ਅਤੇ ਇਤਾਲਵੀ ਭਾਸ਼ਾ ਬੋਲ ਸਕਦੇ ਸਨ।

ਵਿਚਾਰ-ਯਾਤਰਾ ਅਤੇ ਰਚਨਾ – ਪਹਿਲਾ ਦੌਰ

ਹਾਬਸਬੌਮ ਦਾ ਜੀਵਨ ਖੁਦ ਇੱਕ ਜੀਵੰਤ ਇਤਿਹਾਸ ਦਾ ਗਵਾਹ ਸੀ। ਉਨ੍ਹਾਂ ਦਾ ਜਨਮ ਉਸ ਸਾਲ ਹੋਇਆ ਜਿਸ ਸਾਲ ਨੇ ਸੰਸਾਰ ਦਾ ਪਹਿਲਾ ਜੇਤੂ ਮਜ਼ਦੂਰ ਇਨਕਲਾਬ ਭਾਵ ਰੂਸੀ ਬਾਲਸ਼ਵਿਕ ਇਨਕਲਾਬ ਦੇਖਿਆ ਅਤੇ ਉਨ੍ਹਾਂ ਦੀ ਮੌਤ ਉਸ ਮਹੀਨੇ ਵਿੱਚ ਹੋਈ ਜਿਸ ਮਹੀਨੇ ਵਿੱਚ ਅਕਤੂਬਰ 1917 ਦੇ ਬਾਲਸ਼ਵਿਕ ਇਨਕਲਾਬ ਨੂੰ 95 ਵਰ੍ਹੇ ਪੂਰੇ ਹੋਏ। ਉਹਨਾਂ ਦੇ ਜੀਵਨ ਕਾਲ ਵਿੱਚ ਦੋ ਤਬਾਹਕਰੂ ਮਹਾਂਜੰਗਾਂ, ਠੰਡੀ ਜੰਗ, ਕੌਮੀ ਮੁਕਤੀ ਜੰਗਾਂ, ਚੀਨ ਦਾ ਨਵਜਮਹੂਰੀ ਇਨਕਲਾਬ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਨਵਉਦਾਰਵਾਦ ਅਤੇ ਵਿਸ਼ਵੀਕਰਨ ਦੀਆਂ ਲਹਿਰਾਂ ਵਰਗੀਆਂ ਯੁੱਗਪਲਟਾਊ ਘਟਨਾਵਾਂ ਵਾਪਰੀਆਂ ਅਤੇ ਹੌਬਸਬੌਮ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਗਵਾਹ ਅਤੇ ਅਧਿਐਨਕਰਤਾ ਰਹੇ। ਉਨ੍ਹਾਂ ਦੁਆਰਾ ਇਤਿਹਾਸ ਦੀਆਂ ਕਈ ਸ਼ਾਨਦਾਰ ਰਚਨਾਵਾਂ ਲਿਖੀਆਂ ਗਈਆਂ। ਉਨ੍ਹਾਂ ਸਾਰੀਆਂ ਦਾ ਮੁਲੰਕਣ ਅਤੇ ਸਮੀਖਿਆ ਇੱਥੇ ਸੰਭਵ ਨਹੀਂ ਹੈ। ਇੱਥੇ ਕੁਝ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਣ ਕਿਰਤਾਂ ਅਤੇ ਮੌਤ ਤੱਕ ਲਗਾਤਾਰ ਵਿਕਸਿਤ ਹੋ ਰਹੇ ਉਨ੍ਹਾਂ ਦੇ ਵਿਚਾਰਾਂ ਦੀ ਇੱਕ ਸੰਖੇਪ ਸਮੀਖਿਆ ਕੀਤੀ ਜਾ ਸਕਦੀ ਹੈ।

ਹੌਬਸਬੌਮ ਮਾਰਕਸਵਾਦ ਅਤੇ ਕਮਿਊਨਿਜਮ ਦੇ ਸੰਪਰਕ ਵਿੱਚ ਉਦੋਂ ਆਏ ਜਦੋਂ ਉਹ ਬਰਲਿਨ ਵਿੱਚ ਪ੍ਰਿੰਸ-ਹਾਈਨਰਿਖ਼ ਜਿਮਨੇਜ਼ੀਅਮ ਦੇ ਵਿਦਿਆਰਥੀ ਸਨ। ਇਥੇ ਉਨ੍ਹਾਂ ਦਾ ਜੁੜਾਅ ਜਰਮਨ ਕਮਿਊਨਿਸਟ ਪਾਰਟੀ (ਕੇ.ਪੀ.ਡੀ.) ਦੇ ਵਿਦਿਆਰਥੀ ਵਿੰਗ ਨਾਲ਼ ਹੋਇਆ, ਜਿਸਦੇ ਮੈਂਬਰਾਂ ਦੇ ਜਬਰਦਸਤ ਉਤਸ਼ਾਹ ਅਤੇ ਕਮਿਊਨਿਜ਼ਮ ਦੀ ਜਿੱਤ ਵਿੱਚ ਅਟੁੱਟ ਵਿਸ਼ਵਾਸ ਦਾ ਹੌਬਸਬੌਮ ਦੇ ਕਿਸ਼ੋਰ ਮਨ ‘ਤੇ ਡੂੰਘਾ ਅਤੇ ਚਿਰਜੀਵੀ ਅਸਰ ਪਿਆ। ਹੌਬਸਬੌਮ ਸ਼ੁਰੂ ਤੋਂ ਹੀ ਇਕ ਗੰਭੀਰ ਪਾਠਕ ਸਨ ਅਤੇ ਗਿਆਨ ਦੇ ਹਰ ਸ੍ਰੋਤ ਨੂੰ ਰਿੜਕਣ ਅਤੇ ਟੋਹਣ ਲਈ ਤਿਆਰ ਰਹਿੰਦੇ ਸਨ। ਜਦੋਂ ਹਿਟਲਰ ਦੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਹੌਬਸਬੌਮ ਲੰਡਨ ਆ ਗਏ ਅਤੇ ਉੱਥੇ ਇਕ ਗ੍ਰਾਮਰ ਸਕੂਲ ਵਿੱਚ ਆਪਣੀ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਤਾਂ ਉਨ੍ਹਾਂ ਦੇ ਸਾਥੀ ਹੈਰਾਨੀ ਨਾਲ਼ ਪੁੱਛਿਆ ਕਰਦੇ ਸਨ, ”ਕੀ ਕੋਈ ਅਜਿਹਾ ਵਿਸ਼ਾ ਹੈ ਜਿਸ ਬਾਰੇ ਹੌਬਸਬੌਮ ਨੂੰ ਨਾ ਪਤਾ ਹੋਵੇ?” ਜਦੋਂ ਹੌਬਸਬੌਮ ਜਰਮਨ ਕਮਿਊਨਿਸਟ ਪਾਰਟੀ ਦੇ ਸੰਪਰਕ ਵਿੱਚ ਆਏ ਤਾਂ ਉਸ ਸਮੇਂ ਕਮਿਊਨਿਸਟ ਪਾਰਟੀ ਦੀ ਨੀਤੀ ਸੀ ਨਾਲ਼ੋਂ-ਨਾਲ਼ ਨਾਜ਼ੀਵਾਦ ਅਤੇ ਸੋਧਵਾਦ (ਭਾਵ, ਉੱਥੋਂ ਦੀ ਕਾਊਤਸਕੀਪੰਥੀ ਸਮਾਜਕ-ਜਮਹੂਰੀ ਪਾਰਟੀ) ਦਾ ਵਿਰੋਧ ਕਰਨਾ। ਪਰ ਜਲ਼ਦ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਇਸ ”ਖੱਬੀ” ਲੀਹ ਦੀਆਂ ਹੱਦਾਂ ਦਾ ਪਤਾ ਲੱਗ ਗਿਆ। ਇਸਤੋਂ ਬਾਅਦ, ਨਾਜ਼ੀਵਾਦ ਅਤੇ ਫਾਸੀਵਾਦ ਨੂੰ ਹਰਾਉਣ ਲਈ ‘ਪਾਪੁਲਰ ਫਰੰਟ’ ਦੀ ਲੀਹ ਆਈ। ਇਸ ਨਵੀਂ ਲੀਹ ਤਹਿਤ ਵੱਖ-ਵੱਖ ਯੂਰਪੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਫਾਸੀਵਾਦ ਅਤੇ ਨਾਜ਼ੀਵਾਦ ਖਿਲਾਫ ਹਰ ਅਜਿਹੀ ਤਾਕਤ ਨਾਲ਼ ਮੋਰਚਾ ਬਣਾਉਣ ਦੀ ਸ਼ੁਰੂਆਤ ਕੀਤੀ ਜੋ ਕਿ ਫਾਸੀਵਾਦ ਅਤੇ ਨਾਜ਼ੀਵਾਦ ਦਾ ਵਿਰੋਧ ਕਰਦੀ ਸੀ। ਕਈ ਟਿਪਣੀਕਾਰਾਂ ਨੇ ਦੱਸਿਆ ਹੈ ਕਿ ਹੌਬਸਬੌਮ ਦੇ ਮਾਰਕਸਵਾਦ ਦੀ ਉਸਾਰੀ ਦੇ ਇਸ ਦੌਰ ਦੀ ਅਹਿਮ ਭੂਮਿਕਾ ਰਹੀ, ਜਿਸ ਵਿੱਚ ਕਿਰਤ ਦੀ ਤਾਕਤ ਅਤੇ ਸਰਮਾਏ ਦੀਆਂ ਉਦਾਰਵਾਦੀ ਤਾਕਤਾਂ ਨੇ ਸਰਮਾਏਦਾਰੀ ਦੇ ਸਭ ਤੋਂ ਬਰਬਰ ਰੂਪ ਫਾਸੀਵਾਦ ਅਤੇ ਨਾਜ਼ੀਵਾਦ ਖਿਲਾਫ਼ ਮੋਰਚਾ ਬਣਾਇਆ। ਸਿਆਸੀ ਤੌਰ ‘ਤੇ, ਹੌਬਸਬੌਮ ਵਾਸਤੇ ਖੱਬੇਪੱਖ ਦੇ ਸਾਰੇ ਰੂਪਾਂ, ਜਿਸ ਵਿੱਚ ਕਿ ਸੋਧਵਾਦ ਵੀ ਸ਼ਾਮਿਲ ਹੈ, ਵਿਚਕਾਰ ਮੋਰਚੇ ਦੀ ਸੋਚ ਨੇ ਇਕ ਕੇਂਦਰੀ ਸਥਾਨ ਹਾਸਲ ਕਰ ਲਿਆ। ਜਾਹਿਰ ਹੈ, ਕਿ ਅਜਿਹਾ ਕੋਈ ਵੀ ਮਿਸ਼ਰਣ ਅੰਤਮ ਤੌਰ ‘ਤੇ ਮਾਰਕਸਵਾਦ ਦੇ ਕਿਸੇ ਨਾ ਕਿਸੇ ਵਿਗੜੇ ਰੂਪ ਨੂੰ ਹੀ ਜਨਮ ਦੇਵੇਗਾ। ਕੂਟਨੀਤਕ ਤੌਰ ‘ਤੇ, ਨਾਜ਼ੀ ਤਾਕਤਾਂ ਖਿਲਾਫ਼ ਵਿਆਪਕਤਮ ਮੋਰਚੇ ਦੀ ਸੋਚ ‘ਤੇ ਅਮਲ ਕਰਨਾ ਅਤੇ ਉਸਨੂੰ ਯੁੱਧਨੀਤਕ ਰੂਪ ਦੇਣ ਵਿੱਚ ਇਕ ਡੂੰਘਾ ਫਰਕ ਹੈ। ਨਤੀਜੇ ਵਜੋਂ, ਜਦੋਂ ਸੋਵੀਅਤ ਸੰਘ ਵਿੱਚ ਖਰੁਸ਼ਚੇਵ ਦੇ ਆਉਣ ਨਾਲ਼ ਪ੍ਰੋਲੇਤਾਰੀ ਤਾਨਾਸ਼ਾਹੀ ਦਾ ਪਤਣ ਹੋਇਆ ਅਤੇ ਪੂਰਬੀ ਯੂਰਪੀ ਦੇਸ਼ਾਂ ਵਿੱਚ ਸੋਵੀਅਤ ਸਮਾਜਕ ਸਾਮਰਾਜਵਾਦ ਨੇ ਦਖਲਅੰਦਾਜ਼ੀ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ, ਉਦੋਂ ਵੀ ਹੌਬਸਬੌਮ ਬ੍ਰਿਟਿਸ਼ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ ਰਹੇ, ਭਾਂਵੇਂ ਕਿ ਹੌਬਸਬੌਮ ਅਜਿਹੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਸਨ। ਉਸ ਸਮੇਂ ਬ੍ਰਿਟਿਸ਼ ਕਮਿਊਨਿਸਟ ਪਾਰਟੀ ਦੇ ਮੌਜੂਦਾ ਮਾਰਕਸਵਾਦੀ ਇਤਿਹਾਸਕਾਰਾਂ ਦੇ ਸਮੂਹ ਦੇ ਜਿਆਦਾਤਰ ਲੋਕਾਂ ਨੇ ਕਮਿਊਨਿਸਟ ਪਾਰਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਸਮੂਹ ਵਿੱਚ ਈ.ਪੀ. ਥਾਮਸਨ, ਜੌਨ ਸੈਵਿਲੇ, ਕ੍ਰਿਸਟੋਫਰ ਹਿਲ, ਰੌਡਨੀ ਹਿਲਟਨ, ਆਦਿ ਜਿਹੇ ਮਹਾਨ ਮਾਰਕਸਵਾਦੀ ਇਤਿਹਾਸਕਾਰ ਸ਼ਾਮਲ ਸਨ। ਹੌਬਸਬੌਮ ਨੇ ਅੱਗੇ ਚੱਲਕੇ ਦੱਸਿਆ ਕਿ ਉਨ੍ਹਾਂ ਨੇ ਇਜ਼ਾਕ ਡਾਈਸ਼ਰ ਦੀ ਸਲਾਹ ‘ਤੇ ਪਾਰਟੀ ਮੈਂਬਰੀ ਨਹੀਂ ਛੱਡੀ। ਇਹ ਗੱਲ ਸਹੀ ਲੱਗਦੀ ਹੈ ਕਿਉਂਕਿ ਡਾਈਸ਼ਰ ਦੀ ਇਹ ਸੋਚ ਸੀ ਕਿ ਸਤਾਲਿਨ ਦਾ ਯੁੱਗ ਇਕ ਸੱਨਅਤੀ ਤਾਨਾਸ਼ਾਹੀ ਦਾ ਯੁੱਗ ਸੀ ਜੋ ਕਿ ਰੂਸ ਵਿੱਚ ਸਮਾਜਵਾਦ ਦੀ ਉਸਾਰੀ ਤੋਂ ਪਹਿਲਾਂ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਸੀ। ਡਾਈਸ਼ਰ ਅਨੁਸਾਰ ਸਤਾਲਿਨ ਦੀ ਮੌਤ ਤੋਂ ਬਾਅਦ ਰੂਸ ਵਿੱਚ ਸਮਾਜਵਾਦ ਦੀ ਉਸਾਰੀ ਦੀ ਜ਼ਮੀਨ ਤਿਆਰ ਹੋ ਗਈ ਸੀ, ਭਾਂਵੇਂ ਕਿ ਇਸ ਪ੍ਰਕਿਰਿਆ ਵਿੱਚ ਸਤਾਲਿਨ ਸਾਰੀਆਂ ਅਤੀਆਂ ਤੱਕ ਚਲੇ ਗਏ ਸਨ। ਡਾਈਸ਼ਰ ਸਤਾਲਿਨ ਨੂੰ ਇਕ ਤਾਨਾਸ਼ਾਹ ਮੰਨਣ ਦੇ ਬਾਵਜੂਦ ਉਨ੍ਹਾਂ ਦੀ ਅਗਾਂਹਵਧੂ ਇਤਿਹਾਸਕ ਭੂਮਿਕਾ ਦੀ ਗੱਲ ਕਰਦੇ ਸਨ ਅਤੇ ਬਾਅਦ ਵਾਲ਼ੇ ਸੋਧਵਾਦੀਆਂ ਤੋਂ ਉਮੀਦ ਕਰਦੇ ਸਨ ਕਿ ਹੁਣ ਉਹ ਸੋਵੀਅਤ ਸੰਘ ਵਿੱਚ ਸਮਾਜਵਾਦ ਦੀ ਉਸਾਰੀ ਕਰਨਗੇ। ਜਾਹਿਰ ਹੈ, ਕਿ ਸਤਾਲਿਨ ਦੇ ਦੌਰ ਦੀ ਅਜਿਹੀ ਸਮਝ ਹਾਸੋਹੀਣੀ ਸੀ ਅਤੇ ਡਾਈਸ਼ਰ ਦੀਆਂ ਉਮੀਦਾਂ ‘ਤੇ ਬਿੱਜ ਪੈਣੀ ਲਾਜ਼ਮੀ ਸੀ। 

ਆਪਣੇ ਇਨ੍ਹਾਂ ਸਿਆਸੀ ਕੁਰਾਹਿਆਂ ਦੇ ਬਾਵਜੂਦ ਹੌਬਸਬੌਮ ਨੇ ਇਤਿਹਾਸ ਲੇਖਣੀ ਅਤੇ ਅਕਾਦਮਿਕ ਚਿੰਤਨ ਦੇ ਧਰਾਤਲ ‘ਤੇ ਮਾਰਕਸਵਾਦੀ ਵਿਸ਼ਲੇਸ਼ਣਾਤਮਕ ਔਜ਼ਾਰਾਂ ਦਾ ਉੱਤਮ ਇਸਤੇਮਾਲ ਕੀਤਾ ਅਤੇ ਸਚੇਤਨ ਤੌਰ ‘ਤੇ ਉਹ ਬਾਲਸ਼ਵਿਕ ਇਨਕਲਾਬ ਦੇ ਏਜੰਡੇ ਨਾਲ਼ ਵਫਾਦਾਰ ਬਣੇ ਰਹੇ। ਪਰ ਸਮਾਜਵਾਦੀ ਉਸਾਰੀ ਦੀਆਂ ਵਿਰੋਧਤਾਈਆਂ ਦਾ ਨਾ ਤਾਂ ਉਨ੍ਹਾਂ ਨੇ ਕਦੇ ਵਿਵਸਥਿਤ ਅਧਿਐਨ ਕੀਤਾ ਅਤੇ ਨਾ ਹੀ ਉਸਦੇ ਵਿਚਾਰਧਾਰਾਤਮਕ ਪੱਖ ਨੂੰ ਸਮਝ ਸਕੇ। ਸੋਵੀਅਤ ਸੰਘ ਬਾਰੇ ਉਨ੍ਹਾਂ ਦੀ ਸਮਝ ਵਿੱਚ ਬ੍ਰਿਟਿਸ਼ ਤੱਥਵਾਦ, ਪ੍ਰਤੱਖਵਾਦ, ਅਤੇ ਅਨੁਭਵਵਾਦ ਦੇ ਤੱਤ ਸਾਫ਼ ਤੌਰ ‘ਤੇ ਮੌਜੂਦ ਸਨ, ਜਿਸਦੇ ਸਭ ਤੋਂ ਮੂਹਰਲੇ ਪ੍ਰਤੀਨਿਧੀ ਈ.ਐਚ.ਕਾਰ. ਮੰਨੇ ਜਾ ਸਕਦੇ ਹਨ। ਜਾਹਿਰ ਹੈ, ਅਜਿਹੀ ਕੋਈ ਵੀ ਤੱਥਵਾਦੀ ਅਤੇ ਪ੍ਰਤੱਖਵਾਦੀ ਇਤਿਹਾਸ ਲੇਖਣੀ ਕਿਸੇ ਦੌਰ ਦੀ ਇਕ ਮੁਕਾਬਲਤਨ ਬਾਹਰਮੁਖੀ ਤਸਵੀਰ ਪੇਸ਼ ਕਰ ਸਕਦੀ ਹੈ, ਪਰ ਉਸ ਦੌਰ ਵਿੱਚ ਮੌਜੂਦ ਸਿਆਸੀ ਸੰਘਰਸ਼, ਜਮਾਤੀ ਸੰਘਰਸ਼ ਅਤੇ ਵਿਚਾਰਧਾਰਕ ਸੰਘਰਸ਼ ਦੀ ਗਤਿਕੀ ਅਤੇ ਭੂਮਿਕਾ ਨੂੰ ਸਹੀ ਤਰ੍ਹਾਂ ਨਾਲ਼ ਨਹੀਂ ਸਮਝ ਸਕਦੀ। ਇਹੋ ਵਜ੍ਹਾ ਹੈ ਕਿ ਈ.ਐਚ.ਕਾਰ. ਨੇ ਸੋਵੀਅਤ ਸੰਘ ਦੇ ਆਪਣੇ 14 ਭਾਗਾਂ ਦੇ ਇਤਿਹਾਸ ਵਿੱਚ ਸੋਵੀਅਤ ਸੰਘ ਵਿੱਚ ਜਾਰੀ ਪ੍ਰਕਿਰਿਆਵਾਂ ਦਾ ਇੱਕ ਮੁਕਾਬਲਤਨ ਸਹੀ ਚਿੱਤਰ ਪੇਸ਼ ਕੀਤਾ ਹੈ, ਪਰ ਉਹ ਪਾਰਟੀ ਵਿੱਚ ਜ਼ਾਰੀ ਦੋ ਲੀਹਾਂ ਦੇ ਸੰਘਰਸ਼ਾਂ, ਸਮਾਜਵਾਦੀ ਉਸਾਰੀ ਦੀਆਂ ਸਮੱਸਿਆਵਾਂ ਅਤੇ ਸਿਧਾਂਤਕ ਬਹਿਸਾਂ ਦੇ ਮਹੱਤਵ ਅਤੇ ਭੂਮਿਕਾ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਨਤੀਜੇ ਵਜੋਂ, ਕਾਰ ਲਈ ਲੈਨਿਨ ਦੁਆਰਾ ਕੌਮਾਂ ਨੂੰ ਸਵੈਨਿਰਣੇ ਦਾ ਹੱਕ ਦਿੱਤਾ ਜਾਣਾ, ਨਵੀਆਂ ਆਰਥਿਕ ਨੀਤੀਆਂ (ਨੇਪ) ਦੀ ਸ਼ੁਰੂਆਤ ਅਤੇ ਪਾਰਟੀ ਅੰਦਰ ਕੇਂਦਰੀਕਰਨ ਇਕ ਚਲਾਕ ਸਿਆਸਤਦਾਨ ਦੁਆਰਾ ਚੁੱਕੇ ਗਏ ਕਦਮ ਸਨ। ਕਾਰ ਲੈਨਿਨ ਦੀ ਇਕ ਅਜਿਹੀ ਤਸਵੀਰ ਪੇਸ਼ ਕਰਦੇ ਹਨ ਜਿਸਤੋਂ ਕਿ ਪਾਠਕ ਨੂੰ ਸਮਝ ਹੀ ਨਹੀਂ ਆਉਂਦਾ ਕਿ ਲੈਨਿਨ ਅਤੇ ਸਤਾਲਿਨ ਦੁਆਰਾ ਲਾਗੂ ਕੀਤੀਆਂ ਗਈਆਂ ਸਮਾਜਵਾਦੀ ਉਸਾਰੀ ਦੀਆਂ ਨੀਤੀਆਂ ਇਮਾਨਦਾਰ ਪ੍ਰੋਲੇਤਾਰੀ ਲੀਹ ‘ਤੇ ਅਮਲ ਸਨ। ਉਲ਼ਟਾ ਉਸਨੂੰ ਇਹ ਲੱਗਦਾ ਹੈ ਕਿ ਕਮਿਊਨਿਸਟ ਪਾਰਟੀ ਦੀ ਸੱਤਾ ਨੂੰ ਕਿਸੇ ਵੀ ਕੀਮਤ ‘ਤੇ ਕਾਇਮ ਰੱਖਣ ਲਈ ਲੈਨਿਨ ਅਤੇ ਸਤਾਲਿਨ ਨੇ ਮੈਕੀਆਵਲੀ ਅਤੇ ਜੈਕੋਬਿਨ ਪਾਰਟੀ ਵਾਂਗ ਵਿਹਾਰਵਾਦੀ ਕਦਮ ਚੁੱਕੇ, ਜ਼ਰੂਰਤ ਪੈਣ ‘ਤੇ ਜ਼ਬਰ ਕੀਤਾ ਅਤੇ ਜ਼ਰੂਰਤ ਪੈਣ ‘ਤੇ ਸਮਝੌਤੇ ਵੀ ਕੀਤੇ। ਸਾਫ਼ ਹੈ ਕਿ ਕਾਰ ਬਾਲਸ਼ਵਿਕ ਨੀਤੀਆਂ ਦੇ ਵਿਚਾਰਧਾਰਕ ਅਧਾਰ ਨਹੀਂ ਸਮਝ ਸਕੇ ਅਤੇ ਨਾ ਹੀ ਉਨ੍ਹਾਂ ਦੇ ਫਲਸਫਾਨਾ ਸੰਦਰਭਾਂ ਨੂੰ ਹੀ ਸਮਝ ਸਕੇ। ਅਤੇ ਅੱਜ ਸਮਾਜਕ ਵਿਗਿਆਨ ਦਾ ਹਰ ਵਿਦਿਆਰਥੀ ਜਾਣਦਾ ਹੈ ਕਿ ਮਹਿਜ ਤੱਥਾਂ, ਅਨੁਭਵਿਕ ਸੂਚਨਾ ਅਤੇ ਅੰਕੜਿਆਂ ਦੇ ਅਧਾਰ ‘ਤੇ ਕੋਈ ਵੀ ਕੁਝ ਵੀ ਸਾਬਤ ਕਰ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਇਕ ਹੱਦ ਤੱਕ ਹੌਬਸਬੌਮ ਵੀ ਬ੍ਰਿਟਿਸ਼ ਅਨੁਭਵਵਾਦ ਅਤੇ ਤੱਥਵਾਦ ਦੀ ਇਸ ਸੋਚ ਤੋਂ ਪ੍ਰਭਾਵਿਤ ਸਨ। ਇਹ ਇਤਫ਼ਾਕ ਨਹੀਂ ਹੈ ਕਿ ਕਾਰ ਦੀ ਪੂਰੀ ਇਤਿਹਾਸ ਲੇਖਣੀ ਇਜ਼ਾਕ ਡਾਈਜ਼ਰ ਤੋਂ ਕਾਫ਼ੀ ਪ੍ਰਭਾਵਿਤ ਸੀ। ਡਾਈਸ਼ਰ ਵਾਂਗ ਹੀ ਹੌਬਸਬੌਮ ਨੇ ਵੀ ਇਹ ਨਤੀਜਾ ਕੱਢਿਆ ਕਿ ਸਤਾਲਿਨ ਦਾ ਦੌਰ ਸੱਤ੍ਹਾਵਾਦੀ (ਐਥੋਰਿਟੈਰੀਅਨ) ਸੀ, ਪਰ ਉਹ ਸਰਵਸੱਤ੍ਹਾਵਾਦੀ (ਟੋਟੈਲੀਟੈਰੀਅਨ) ਨਹੀਂ ਸੀ ਅਤੇ ਸਮਾਜਵਾਦੀ ਉਸਾਰੀ ਦੀਆਂ ਜਿਨ੍ਹਾਂ ਸਮੱਸਿਆਵਾਂ ਦਾ ਰੂਸ ਸਾਹਮਣਾ ਕਰ ਰਿਹਾ ਸੀ ਉਸ ਵਿੱਚ ਜੇਕਰ ਕੋਈ ਸਤਾਲਿਨ ਜਿਹਾ ਸਖ਼ਤ ਵਿਅਕਤੀ ਸੱਤਾ ਵਿੱਚ ਨਾ ਆਉਂਦਾ ਤਾਂ ਕਿਸੇ ਨੂੰ ਵੀ ਉਹੀ ਨੀਤੀਆਂ ਲਾਗੂ ਕਰਨੀਆਂ ਪੈਂਦੀਆਂ ਜੋ ਸਤਾਲਿਨ ਨੇ ਕੀਤੀਆਂ। ਸਪੱਸ਼ਟ ਹੈ ਕਿ ਰੂਸ ਵਿੱਚ ਸਤਾਲਿਨ ਦੇ ਦੌਰ ਵਿੱਚ ਸਮਾਜਵਾਦੀ ਉਸਾਰੀ ਦੀ ਇਸ ਪ੍ਰਕਾਰ ਦੀ ਅਕਾਦਮਿਕ ਰੱਖਿਆ ਬੇਹੱਦ ਕਮਜ਼ੋਰ ਸੀ ਅਤੇ ਇਸਨੂੰ ਸਾਰੇ ਮਾਰਕਸਵਾਦੀ ਇਤਿਹਾਸਾਕਾਰਾਂ ਅਤੇ ਪਾਰਟੀ ਬੁੱਧੀਜੀਵੀਆਂ ਦੁਆਰਾ ਕਠੋਰ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚੋਂ ਕਈ ਅਲੋਚਨਾਵਾਂ ਹੁਣ ਮਾਰਕਸਵਾਦੀ ਪੈਂਤੜੇ ਤੋਂ ਦੂਰ ਜਾ ਚੁੱਕੀਆਂ ਹਨ ਅਤੇ ਕਈ ਮਾਰਕਸਵਾਦੀ ਪੈਂਤੜੇ ‘ਤੇ ਰਹਿੰਦੀਆਂ ਹੋਈਆਂ ਸਤਾਲਿਨ ਦੇ ਦੌਰ ਦੀ ਇਕ ਅਲੋਚਨਾਤਮਕ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਰੂਸ ਵਿੱਚ ਸਮਾਜਵਾਦ ਦੀ ਉਸਾਰੀ ਬਾਰੇ ਇਕ ਅਧੂਰੀ ਤੱਥਵਾਦੀ ਸਮਝ ਅਤੇ ਭਰਮਪੂਰਣ ਨਤੀਜੇ ਕੱਢਣਾ ਹਾਬਸਬੌਮ ਦੇ ਇਤਿਹਾਸ-ਲੇਖਣ ਦੀ ਇਕ ਵੱਡੀ ਭੁੱਲ ਸੀ। ਪਰ ਇਸਦੇ ਬਾਵਜੂਦ ਹੌਬਸਬੌਮ ਤਬਦੀਲੀ ਦੇ ਮਾਰਕਸਵਾਦੀ ਪ੍ਰੋਜੈਕਟ ਵੱਲ ਘੱਟੋ ਘੱਟ 20ਵੀਂ ਸਦੀ ਦੇ ਅੰਤ ਤੱਕ ਤਾਂ ਵਫ਼ਾਦਾਰ ਬਣੇ ਰਹੇ ਸਨ। ਉਸਤੋਂ ਬਾਅਦ ਦਾ ਦੌਰ ਹੌਬਸਬੌਮ ਦੇ ਹਾਰਵਾਦ ਅਤੇ ਨਿਰਾਸ਼ਾਵਾਦ ਦਾ ਦੌਰ ਹੈ। ਇਹੋ ਕਾਰਣ ਹੈ ਕਿ ਪੇਰੀ ਏਂਡਰਸਨ ਨੇ (ਖੁਦ ਆਪਣੇ ਵਿਸ਼ੇਸ਼ ਪ੍ਰਕਾਰ ਦੇ ਹਾਰਵਾਦ ਅਤੇ ‘ਮੁਕਤ ਚਿੰਤਨਵਾਦੀ ਮਾਰਕਸਵਾਦ’ ਦੇ ਬਾਵਜੂਦ) ਆਪਣੀ ਕਿਤਾਬ ਸਪੈਕਟ੍ਰਮ ਵਿੱਚ ਹੌਬਸਬੌਮ ‘ਤੇ ਲਿਖੇ ਭਾਗ ਨੂੰ ‘ਹਾਰੇ ਹੋਏ ਖੱਬੇਪੱਖ’ ਨਾਂ ਦਿੱਤਾ ਹੈ, ਜੋ ਕਿ ਇਕ ਮਾਅਨੇ ਵਿੱਚ ਅੰਸ਼ਕ ਸੱਚ ਪ੍ਰਗਟਾਉਂਦਾ ਹੈ। ਪਰ ਹੌਬਸਬੌਮ ਦੀ ਗਲਤੀਆਂ ਦਾ ਵਜ਼ਨ ਮਾਰਕਸਵਾਦੀ ਇਤਿਹਾਸ ਲੇਖਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਸਾਕਾਰਤਮਕ ਯੋਗਦਾਨਾਂ ਦੇ ਮੁਕਾਬਲੇ ਘੱਟ ਪੈਂਦਾ ਹੈ।

ਹੌਬਸਬੌਮ ਦੀ ਪਹਿਲੀ ਪ੍ਰਮੁੱਖ ਰਚਨਾ ‘ਪ੍ਰਿਮੀਟਿਵ ਰੇਬੇਲਜ’ 1959 ਵਿੱਚ ਪ੍ਰਕਾਸ਼ਤ ਹੋਈ ਸੀ। ਇਸ ਵਿੱਚ ਹੌਬਸਬੌਮ ਨੇ ਮੁੱਢਕਦੀਮੀ ਲੁਟੇਰਿਆਂ ਨੂੰ ਵਿਦਰੋਹੀਆਂ ਦੇ ਰੂਪ ਵਿੱਚ ਚਿਤਰਿਆ ਸੀ, ਜੋ ਸੰਪੱਤੀ ਵਿਰੁੱਧ ਲੁੱਟ-ਖਸੁੱਟ ਜ਼ਰੀਏ ਵਿਦਰੋਹ ਕਰਦੇ ਹਨ। ਹੌਬਸਬੌਮ ਕਰੀਬ ਇਕ ਦਹਾਕੇ ਬਾਅਦ ਫਿਰ ਤੋਂ ਇਸ ਵਿਸ਼ੇ ‘ਤੇ ਵਾਪਸ ਆਏ, ਜਦੋਂ ਉਨ੍ਹਾਂ ਨੇ ‘ਬੈਂਡਿਟਸ’ ਨਾਮਕ ਕਿਤਾਬ ਲਿਖੀ। ਇਸ ਕਿਤਾਬ ਵਿੱਚ ਹੌਬਸਬੌਮ ਨੇ ਆਪਣੇ ਅਧਿਐਨ ਨੂੰ ਅੱਗੇ ਵਧਾਉਂਦੇ ਹੋਏ ਦਿਖਾਇਆ ਕਿ ਕਿਸ ਤਰ੍ਹਾਂ ਬਾਅਦ ਦੇ ਦੌਰ ਵਿੱਚ ਕੁਝ ਵਿਦਰੋਹੀ ਲੁਟੇਰੇ ਬਣਦੇ ਸਨ, ਤਾਂ ਦੂਸਰੇ ਇਨਕਲਾਬੀਆਂ ਵਿੱਚ ਸ਼ਾਮਲ ਹੋ ਜਾਂਦੇ ਸਨ। ਪਰ ਹੌਬਸਬੌਮ ਨੂੰ ਜਿਸ ਕਿਤਾਬ ਨੇ ਅਕਾਦਮਿਕ ਜਗਤ ਵਿੱਚ ਇਕ ਹਰਾਵਲ ਮਾਰਕਸਵਾਦੀ ਇਤਿਹਾਸਕਾਰ ਦੇ ਤੌਰ ‘ਤੇ ਸਥਾਪਿਤ ਕੀਤਾ ਉਹ ਸੀ ‘ਇੰਡਸਟ੍ਰੀ ਐਂਡ ਅੰਪਾਇਰ’। ਇਹ ਕਿਤਾਬ 1968 ਵਿੱਚ ਪ੍ਰਕਾਸ਼ਤ ਹੋਈ ਅਤੇ ਉਦੋਂ ਤੋਂ ਇਸਦੇ ਦਰਜਨਾਂ ਸੰਸਕਰਣ ਪ੍ਰਕਾਸ਼ਤ ਹੋ ਚੁੱਕੇ ਹਨ। ਅੱਜ ਵੀ ਆਰਥਿਕ ਇਤਿਹਾਸ ਅਤੇ ਵਿਸ਼ੇਸ਼ ਕਰਕੇ 18ਵੀਂ ਅਤੇ 19ਵੀਂ ਸਦੀ ਵਿੱਚ ਹੋਏ ਸੱਨਅਤੀਕਰਨ ਦਾ ਅਧਿਐਨ ਕਰਨ ਵਾਲ਼ਿਆਂ ਲਈ ਇਹ ਇਕ ਬੇਹੱਦ ਜ਼ਰੂਰੀ ਅਤੇ ਅਹਿਮ ਕਿਤਾਬ ਹੈ। ਇਸ ਵਿੱਚ ਹੌਬਸਬੌਮ 18ਵੀਂ ਸਦੀ ਦੇ ਬ੍ਰਿਟੇਨ ਵਿੱਚ ਸੂਤ ਪੈਦਾਵਾਰ ਦੇ ਖੇਤਰ ਤੋਂ ਸਨਅਤੀ ਇਨਕਲਾਬ ਸ਼ੁਰੂ ਹੋਣ ਦੇ ਪੂਰੇ ਵਰਤਾਰੇ ਦਾ ਵਿਸਥਾਰ ਵਿੱਚ ਵਰਣਨ ਕਰਦੇ ਹਨ। ਇਸਤੋਂ ਬਾਅਦ, ਉਹ ਪੂਰੀ 19ਵੀਂ ਸਦੀ ਦੌਰਾਨ ਬ੍ਰਿਟੇਨ ਅਤੇ ਫ੍ਰਾਂਸ ਦੇ ਸਨਅਤੀਕਰਨ ਦੀਆਂ ਪ੍ਰਕਿਰਿਆਵਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਦੇ ਹਨ। ਨਾਲ਼ ਹੀ, ਹੌਬਸਬੌਮ ਵਖਾਉਂਦੇ ਹਨ ਕਿ ਕਿਸ ਪ੍ਰਕਾਰ ਸ਼ੁਰੂਆਤੀ ਦੌਰ ਦੀ ਬਸਤੀਵਾਦੀ ਲੁੱਟ ਨੇ ਉਦਯੋਗੀਕਰਨ ਲਈ ਲੋੜੀਂਦੇ ਸਰਮਾਇਆ ਸੰਗ੍ਰਹਿ ਨੂੰ ਅੰਜਾਮ ਦਿੱਤਾ ਅਤੇ ਕਿਸ ਤਰ੍ਹਾਂ ਸੱਨਅਤੀਕਰਨ ਨੇ ਮੋੜਵੇਂ ਰੂਪ ਵਿੱਚ ਸਾਮਰਾਜਵਾਦ ਦੇ ਵਰਤਾਰੇ ਨੂੰ ਹੋਰ ਮਜ਼ਬੂਤ ਅਤੇ ਸਪੱਸ਼ਟ ਬਣਾਇਆ। 1980 ਦੇ ਦਹਾਕੇ ਵਿੱਚ ਹੌਬਸਬੌਮ ਨੇ ਆਪਣਾ ਧਿਆਨ 1983 ਵਿੱਚ ਉਨ੍ਹਾਂ ਦੀ ਕਿਤਾਬ ‘ਨੇਸ਼ਨਜ਼ ਐਂਡ ਨੇਸ਼ਨਲਿਜ਼ਮ ਸਿੰਸ 1780’ ਪ੍ਰਕਾਸ਼ਤ ਹੋਈ। ਇਸ ਕਿਤਾਬ ਵਿੱਚ ਉਨ੍ਹਾਂ ਨੇ ਬੁਰਜੂਆ ਸਿਧਾਂਤਕਾਰਾਂ, ਜਿਵੇਂ ਕਿ ਅਰਨੇਸਟ ਜੇਲਨਰ, ਦੇ ਕੌਮ ਦੇ ਸਿਧਾਤਾਂ ਦੀ ਇਕ ਅਲੋਚਨਾ ਪੇਸ਼ ਕੀਤੀ ਅਤੇ ਵਿਖਾਇਆ ਕਿ ਕਿਸ ਪ੍ਰਕਾਰ ‘ਕੌਮ’ ਬੁਰਜੂਆ ਜਮਾਤ ਦੀ ਬਣਾਈ ਹੁੰਦੀ ਹੈ ਅਤੇ 20ਵੀਂ ਸਦੀ ਵਿੱਚ ਲੋਕਾਂ ਵਿੱਚ ਇਸਦੀ ਪਕੜ ਦਾ ਕਾਰਨ ਕੀ ਹੈ। ਟੇਰੇਂਸ ਰੇਂਜਰ ਸੰਗ ਲਿਖੀ ਕਿਤਾਬ ‘ਇਨਵੇਂਸ਼ਨ ਆਫ਼ ਟ੍ਰੇਡੀਸ਼ਨ’ ਵਿੱਚ ਉਨ੍ਹਾਂ ਨੇ ਦਿਖਾਇਆ ਕਿ ‘ਕੌਮ’ ਜਿਹੀਆਂ ਵਿਚਾਰਧਾਰਾਵਾਂ ਅਸਲ ਵਿੱਚ ਇਕ ਪਰੰਪਰਾ ਦੀ ਖੋਜ ਹੁੰਦੀਆਂ ਹਨ, ਅਤੇ ਸੱਚੇ ਮਾਅਨੇ ਵਿੱਚ ਸਾਰੀਆਂ ਪ੍ਰੰਪਰਾਵਾਂ ਖਾਸੇ ਪੱਖੋਂ ਹੀ ਅਧੁਨਿਕ ਅਤੇ ਸਮਕਾਲੀ ਹੁੰਦੀਆਂ ਹਨ, ਅਤੇ ਸਮਕਾਲੀ ਜ਼ਰੂਰਤਾਂ ਅਤੇ ਹਿੱਤਾਂ ਦੀ ਪੂਰਤੀ ਲਈ ਇਜ਼ਾਦ ਕੀਤੀਆਂ ਜਾਂਦੀਆਂ ਹਨ। ਇਕ ਕਲਪਿਤ ਅਤੀਤ ਨੂੰ ਪ੍ਰੰਪਰਾ ਦੇ ਰੂਪ ਵਿੱਚ ਸਥਾਪਿਤ ਕੀਤੇ ਬਿਨਾਂ ਹਾਕਮ ਜਮਾਤ ਲੋਕਾਂ ਵਿੱਚ ਆਪਣੇ ਵਿਚਾਰਾਂ ਦੀ ਹੈਜੇਮਨੀ ਕਾਇਮ ਨਹੀਂ ਕਰ ਸਕਦੀ। 

ਹੌਬਸਬੌਮ ਦੀ ਸਭ ਤੋਂ ਚੰਗੀ ਰਚਨਾ ਬਿਨਾਂ ਕਿਸੇ ਸ਼ੱਕ ਤੋਂ ਉਹਨਾਂ ਦੀ ‘ਏਜ ਆਫ਼…’ ਲੜੀ ਹੈ। ਉਹਨਾਂ ਦੀ ਪਹਿਲੀ ਕਿਤਾਬ ‘ਏਜ਼ ਆਫ਼ ਰੇਵੋਲਿਊਸ਼ਨ’ 1962 ਵਿੱਚ ਪ੍ਰਕਾਸ਼ਤ ਹੋਈ। ਇਹ ਸੰਭਵ ਤੌਰ ‘ਤੇ ਇਸ ਲੜੀ ਦੀ ਸਰਵਉੱਤਮ ਕਿਤਾਬ ਹੈ। ਇਸ ਕਿਤਾਬ ਵਿੱਚ ਹੌਬਸਬੌਮ ਨੇ ਇੰਗਲੈਂਡ ਦੇ ਸਨਅਤੀ ਇਨਕਲਾਬ ਅਤੇ ਫਰਾਂਸ ਦੇ ਬੁਰਜੂਆ ਜਮਹੂਰੀ ਇਨਕਲਾਬ ਪਿਛੇ ਮੌਜੂਦ ਕਾਰਕਾਂ, ਇਤਿਹਾਸਕ ਕਾਰਨਾਂ ਅਤੇ ਉਨ੍ਹਾਂ ਦੇ ਖਾਸੇ ਦੀ ਵਿਆਖਿਆ ਕੀਤੀ ਹੈ। ਇਹ ਇਨਕਲਾਬ ਸਨ ਜਿਨ੍ਹਾਂ ਨੇ ਬੁਰਜੂਆ ਜਮਾਤ ਨੂੰ ਉੱਭਰਦੀ ਹਾਕਮ ਜਮਾਤ ਦੇ ਰੂਪ ਵਿੱਚ ਇਤਿਹਾਸ ਦੇ ਰੰਗਮੰਚ ਦੇ ਕੇਂਦਰ ਵਿੱਚ ਲਿਆ ਦਿੱਤਾ ਸੀ ਅਤੇ ਦਿਖਾ ਦਿੱਤਾ ਸੀ ਕਿ ਜਗੀਰਦਾਰੀ ਦਾ ਸੂਰਜ ਛਿਪ ਰਿਹਾ ਹੈ ਅਤੇ ਸਰਮਾਏਦਾਰੀ ਦਾ ਸੂਰਜ ਚੜ੍ਹ ਰਿਹਾ ਹੈ। ਇਸ ਲੜੀ ਦੀ ਅਗਲੀ ਕਿਤਾਬ ਕਰੀਬ 13 ਵਰ੍ਹਿਆਂ ਬਾਅਦ 1975 ਵਿੱਚ ਪ੍ਰਕਾਸ਼ਤ ਹੋਈ ਜਿਸਦਾ ਨਾਂ ਸੀ ‘ਏਜ ਆਫ਼ ਕੈਪੀਟਲ’। ਇਹ ਕਿਤਾਬ 19ਵੀਂ ਸਦੀ ਦਾ ਇਕ ਜੀਵੰਤ ਆਰਥਿਕ-ਸਮਾਜਿਕ ਇਤਿਹਾਸ ਹੈ। ਇਹ ਦੌਰ ਸਰਮਾਏ ਦੀ ਹੈਜ਼ੇਮਨੀ ਦੇ ਫੈਸਲਾਕੁਨ ਰੂਪ ਵਿੱਚ ਸਥਾਪਿਤ ਹੋਣ ਅਤੇ ਨਾਲ਼ ਹੀ ਉੱਭਰਦੀ ਪ੍ਰੋਲੇਤਾਰੀ ਜਮਾਤ ਦੇ ਸ਼ੁਰੂਆਤੀ ਬਹਾਦਰੀ ਭਰੇ ਸੰਘਰਸ਼ਾਂ ਦਾ ਦੌਰ ਸੀ। ਇਸ ਦੌਰ ਨੇ 1830 ਅਤੇ 1848 ਦੇ ਯੂਰਪੀ ਇਨਕਲਾਬ ਵੇਖੇ ਜਿਨ੍ਹਾਂ ਨੇ ਜਗੀਰਦਾਰੀ ਅਤੇ ਉਸਦੀ ਰਹਿੰਦ-ਖੂੰਹਦ ਦੇ ਤਾਬੂਤ ‘ਤੇ ਆਖਰੀ ਕਿੱਲ ਠੋਕਿਆ ਅਤੇ ਨਾਲ਼ ਹੀ ਇਹੋ ਦੌਰ 1848 ਦੇ ਪ੍ਰੋਲਤਾਰੀ ਜਮਾਤ ਦੇ ਪਹਿਲੇ ਉਭਾਰ ਅਤੇ ਫਿਰ ਉਸਦੀ ਹਾਰ ਦਾ ਵੀ ਗਵਾਹ ਬਣਿਆ। ਇਸ ਦੌਰ ਵਿੱਚ ਹੀ 1871 ਦਾ ਪੈਰਿਸ ਕਮਿਊਨ ਵੀ ਸਥਾਪਿਤ ਹੋਇਆ ਅਤੇ ਫਿਰ ਬੁਰਜੂਆ ਵਰਸਾਏ ਦੀਆਂ ਤਾਕਤਾਂ ਦੁਆਰਾ ਲਹੂ ਦੀ ਦਲਦਲ ਵਿੱਚ ਡੁਬੋ ਦਿੱਤਾ ਗਿਆ। 19ਵੀਂ ਸਦੀ ਦੀਆਂ ਇਹਨਾਂ ਸਾਰੀਆਂ ਯੁੱਗ ਪਲਟਾਊ ਘਟਨਾਵਾਂ ਨੂੰ ਹੌਬਸਬੌਮ ਨੇ ਉਨ੍ਹਾਂ ਦੀ ਪੂਰੀ ਜੀਵੰਤਤਾ ‘ਚ ਫੜਿਆ ਹੈ ਅਤੇ ਇਸ ਕਿਤਾਬ ਨੂੰ ਪੜ੍ਹਨਾ ਇਸ ਸਦੀ ਨੂੰ ਜਿਉਣ ਵਾਂਗ ਹੈ। 

ਵਿਚਾਰ-ਯਾਤਰਾ ਅਤੇ ਰਚਨਾ – ਦੂਜਾ ਦੌਰ

 ‘ਏਜ਼ ਆਫ਼…’ ਲੜੀ ਦੀ ਅਗਲੀ ਕਿਤਾਬ ‘ਏਜ਼ ਆਫ਼ ਅੰਪਾਇਰ’ 1987 ਪ੍ਰਕਾਸ਼ਤ ਹੋਈ। ਇਸ ਯੁੱਗ ਨੂੰ ਹੌਬਸਬੌਮ ਨੇ ਕਿਰਤ ਅਤੇ ਸਰਮਾਏ ਦੋਨੋਂ ਹੀ ਤਾਕਤਾਂ ਲਈ ‘ਯੂਟੋਪਿਆਈ ਉਮੀਦਾਂ’ ਦਾ ਯੁੱਗ ਕਿਹਾ ਹੈ। ਇਸ ਕਿਤਾਬ ਵਿੱਚ ਹੌਬਸਬੌਮ ਦੋਹਾਂ ਮਹਾਂਜੰਗਾਂ ਅਤੇ ਬਾਲਸ਼ਵਿਕ ਇਨਕਲਾਬ ਦੇ ਰੂਪ ਵਿੱਚ ਸੰਸਾਰ ਦੇ ਪਹਿਲੇ ਮਜ਼ਦੂਰ ਇਨਕਲਾਬ ਦਾ ਚਿੱਤਰਣ ਕਰਦੇ ਹਨ। ਬਾਲਸ਼ਵਿਕ ਇਨਕਲਾਬ ਦੇ ਏਜੰਡੇ ਨਾਲ਼ ਹੌਬਸਬੌਮ ਪੂਰੀ ਸਹਿਮਤੀ ਅਤੇ ਉਸਦੇ ਮਕਸਦ ਨਾਲ਼ ਪੂਰਾ ਸਰੋਕਾਰ ਰਖਦੇ ਹਨ, ਭਾਂਵੇਂ ਕਿ ਉਹ ਕਿਤੇ ਵੀ ਰੂਸੀ ਇਨਕਲਾਬ, ਉਸ ਤੋਂ ਪਹਿਲਾਂ ਦੇ ਦੌਰ, ਰੂਸੀ ਪਾਰਟੀ ਵਿੱਚ ਚੱਲ ਰਹੀਆਂ ਬਹਿਸਾਂ, ਅਤੇ ਇਨਕਲਾਬ ਤੋਂ ਬਾਅਦ ਸਮਾਜਵਾਦੀ ਉਸਾਰੀ ਦੌਰਾਨ ਚੱਲਣ ਵਾਲ਼ੀਆਂ ਸ਼ੁਰੂਆਤੀ ਬਹਿਸਾਂ ‘ਤੇ ਵਿਸਥਾਰ ਨਾਲ਼ ਚਰਚਾ ਨਹੀਂ ਕਰਦੇ। ਰੂਸੀ ਇਤਿਹਾਸ ਅਤੇ ਰੂਸੀ ਕਮਿਊਨਿਸਟ ਪਾਰਟੀ ਅੰਦਰ ਮੌਜੂਦ ਦੋ ਲੀਹਾਂ ਦੇ ਸੰਘਰਸ਼ ਬਾਰੇ ਹੌਬਸਬੌਮ ਦੀ ਜਾਣਕਾਰੀ ਕਾਫ਼ੀ ਘੱਟ ਸੀ, ਇਹ ਉਹਨਾਂ ਦੀਆਂ ਬਾਅਦ ਦੀਆਂ ਕਿਰਤਾਂ ਵਿੱਚ ਵੀ ਦਿਖਦਾ ਹੈ। 1987 ਆਉਂਦੇ ਆਉਂਦੇ ਹੌਬਸਬੌਮ ਅੰਦਰ ਹਾਰਵਾਦ ਅਤੇ ਨਿਰਾਸ਼ਾਵਾਦ ਘਰ ਕਰਨ ਲੱਗ ਪਿਆ ਸੀ। ਨਿਸ਼ਚਿਤ ਤੌਰ ‘ਤੇ, ਇਹ ਕਿਤਾਬ ਉਮੀਦਾਂ ਅਤੇ ਗਤੀਮਾਨਤਾ ਦੇ ਦੌਰ ਨੂੰ ਆਪਣੇ ਅਧਿਐਨ ਦੇ ਕੇਂਦਰ ਵਿੱਚ ਰੱਖਦੀ ਹੈ। ਪਰ ਜਦੋਂ ਉਹ ਲਿਖੀ ਜਾ ਰਹੀ ਸੀ, ਇਹ ਹਾਰ, ਪਿਛਾਖੜ ਅਤੇ ਨਿਰਾਸ਼ਾ ਦਾ ਦੌਰ ਸੀ। ਹੌਬਸਬੌਮ ਵੀ ਇਸ ਨਿਰਾਸ਼ਾ ਤੋਂ ਬਚੇ ਨਹੀਂ ਸਨ ਅਤੇ ਉਹਨਾਂ ‘ਤੇ ਇਸ ਨਿਰਾਸ਼ਾ ਦਾ ਅਸਰ ਇਸ ਕਿਤਾਬ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਨਿਰਾਸ਼ਾ ਆਪਣੇ ਸਪੱਸ਼ਟ ਰੂਪ ਵਿੱਚ ਲੜੀ ਦੀ ਅਗਲੀ ਕਿਤਾਬ ‘ਏਜ਼ ਆਫ਼ ਐਕਸਟ੍ਰੀਮਜ਼’ ਵਿੱਚ ਦਿਖਾਈ ਦਿੰਦੀ ਹੈ। ਇਸ ਸਮੇਂ ਤੱਕ ਹੌਬਸਬੌਮ ਉਸ ਦੌਰ ਵਿੱਚ ਦਾਖਲ ਚੁੱਕੇ ਸਨ, ਜਿਸਦੀ ਵਜ੍ਹਾ ਨਾਲ਼ ਪੇਰੀ ਏਂਡਰਸਨ ਨੇ ਹੌਬਸਬੌਮ ਨੂੰ ‘ਹਾਰੇ ਹੋਏ ਖੱਬੇਪੱਖ’ ਦਾ ਨੁਮਾਇੰਦਾ ਕਿਹਾ ਹੈ। ਇਸ ਕਿਤਾਬ ਵਿੱਚ ਸੋਵੀਅਤ ਸੰਘ ਬਾਰੇ ਹੌਬਸਬੌਮ ਜੋ ਟਿਪਣੀਆਂ ਕਰਦੇ ਹਨ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਸਤਾਲਿਨ ਦੇ ਦੌਰ ਤੱਕ ਹੋਏ ਪ੍ਰਯੋਗਾਂ ਵੱਲ ਹਮਦਰਦੀ ਰੱਖਦੇ ਹਨ, ਉਹ ਸਤਾਲਿਨ ਵੱਲ ਵੀ ਇਕ ਹੱਦ ਤੱਕ ਹਮਦਰਦੀ ਰੱਖਦੇ ਹਨ, ਪਰ ਉਹ ਉਸ ਪੂਰੇ ਦੌਰ ਦੀ ਗੀਤਿਕੀ ਨੂੰ ਸਮਝ ਨਹੀਂ ਸਕੇ। 1991 ਤੱਕ ਅਮਰੀਕੀ ਜਿੱਤਵਾਦ ਅਤੇ ਇਕਧਰੁਵੀ ਸੰਸਾਰ ਦੇ ਸੁਪਨਿਆਂ ਸਾਹਮਣੇ ਸੰਸਾਰ ਦੀ ਪ੍ਰਤੀਤ ਹੋ ਰਹੀ ਬੇਚਾਰਗੀ ਅੱਗੇ ਹੌਬਸਬੌਮ ਚੁੱਪ ਨਜ਼ਰ ਆਉਂਦੇ ਹਨ। ਉਹ ਇੱਕ ਹੱਦ ਤੱਕ ਸ਼ੱਕੀ ਹੋ ਚੁੱਕੇ ਹਨ, ਤਬਦੀਲੀ ਦੇ ਕਿਸੇ ਵੀ ਪ੍ਰੋਜੈਕਟ ਬਾਰੇ, ਇਨਕਲਾਬ ਬਾਰੇ, ਵਿਕਾਸ ਦੇ ਸੰਕਲਪ ਬਾਰੇ। ਹੌਬਸਬੌਮ 20ਵੀਂ ਸਦੀ ਦਾ ਅੰਤ ਹੁੰਦੇ ਹੁੰਦੇ ਆਪਣਾ ਬਚਿਆ ਖੁਚਿਆ ਆਸ਼ਾਵਾਦ ਗਵਾ ਚੁੱਕੇ ਸਨ। ਸਮਾਜਵਾਦੀ ਇਨਕਲਾਬ ਨੂੰ ਲੈ ਕੇ ਹੁਣ ਉਹ ਉਮੀਦ ਗਵਾ ਚੁੱਕੇ ਸਨ। 1999 ਵਿੱਚ ‘ਦ ਗਾਰਡੀਅਨ’ ਵਿੱਚ ਲਿਖੇ ਗਏ ਇਕ ਲੇਖ ਵਿੱਚ ਉਹ ਕਹਿੰਦੇ ਹਨ ਕਿ ਸਰਮਾਏਦਾਰੀ ਮੰਦੀ ਦਾ ਸ਼ਿਕਾਰ ਹੈ, ਸੰਸਾਰ ਨੂੰ ਕੁਝ ਨਹੀਂ ਦੇ ਰਹੀ, ਪਰ ਸਮਾਜਵਾਦ ਵੀ ਅਸਫ਼ਲ ਹੋ ਚੁੱਕਾ ਹੈ। ਅਜਿਹੇ ਵਿੱਚ ਬਦਲ ਇਹੋ ਹੋ ਸਕਦਾ ਹੈ ਕਿ ਰਾਜ ਤੋਂ ਵੱਧ ਤੋਂ ਵੱਧ ਸਮਾਜਵਾਦੀ ਦਿਸ਼ਾ ਵਾਲ਼ੀਆਂ ਯੋਜਨਾਵਾਂ ਲਾਗੂ ਕਰਨ ਅਤੇ ਕਦਮ ਉਠਾਉਣ ਲਈ ਅਪੀਲ ਕੀਤੀ ਜਾਵੇ, ਉਸ ‘ਤੇ ਦਬਾਅ ਬਣਾ ਕੇ ਮਜ਼ਬੂਰ ਕੀਤਾ ਜਾਵੇ। ਹੌਬਸਬੌਮ ਦਾ ਮਤਲਬ ਸਾਫ਼ ਹੈ – ਹੁਣ ਇਨਕਲਾਬ ਤਾਂ ਹੋਵੇਗਾ ਨਹੀਂ ਅਤੇ ਇਸ ਲਈ ਉਦਾਰ ਬੁਰਜੂਆ ਰਾਜ ਤੋਂ ਹੀ ਵੱਧ ਤੋਂ ਵੱਧ ਲੋਕ ਕਲਿਆਣਕਾਰੀ ਨੀਤੀਆਂ ਲਾਗੂ ਕਰਾਉਣ ਲਈ ਦਬਾਅ ਬਣਾਇਆ ਜਾਵੇ। ਉਨ੍ਹਾਂ ਦੀ ਇਹੋ ਸਮਝ 2004 ਦੀ ਇੱਕ ਇੰਟਰਵਿਊ ਵਿੱਚ ਵੀ ਨਜ਼ਰ ਆਉਂਦੀ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਕਲਾਸਿਕੀ ਅਰਥਾਂ ਵਿੱਚ ਨਾ ਤਾਂ ਮਜ਼ਦੂਰ ਜਮਾਤ ਦਾ ਜੱਥੇਬੰਦ ਹੋ ਸਕਣਾ ਸੰਭਵ ਹੈ ਅਤੇ ਨਾ ਹੀ ਸਿਰਫ਼ ਮਜ਼ਦੂਰ ਜਮਾਤ ਦੀ ਪਾਰਟੀ ਬਣਾਉਣ ਦੇ ਰਸਤੇ ਕੁਝ ਹੋ ਸਕਦਾ ਹੈ। ਇਸ ਲਈ ਹੁਣ ਲੋਕਾਂ ਦੀ ਪਾਰਟੀ ਬਣਾਈ ਜਾਣੀ ਚਾਹੀਦੀ ਹੈ ਜੋ ਕਿ ਜਮਾਤ ਦੇ ਸੰਕੀਰਣ ਚੌਖਟੇ ਨੂੰ ਤੋੜੇ। ਸਾਫ਼ ਹੈ, ਇੱਥੇ ਹੌਬਸਬੌਮ ਬੁਨਿਆਦੀ ਮਾਰਕਸਵਾਦੀ ਸਿਧਾਤਾਂ ਨੂੰ ਹੀ ਭੁੱਲਦੇ ਨਜ਼ਰ ਆਉਂਦੇ ਹਨ। ਇਸ ”ਲੋਕਾਂ ਦੀ ਪਾਰਟੀ” ਦੀ ਵਿਚਾਰਧਾਰਾ ਕੀ ਹੋਵੇਗੀ? ਕਿਉਂਕਿ ਸਾਰੇ ਲੋਕਾਂ ਦੀ ਕੋਈ ਵਿਚਾਰਧਾਰਾ ਤਾਂ ਹੁੰਦੀ ਨਹੀਂ ਹੈ। ਜਮਾਤ ਦੀ ਵਿਚਾਰਧਾਰਾ ਹੁੰਦੀ ਹੈ ਅਤੇ ਹਰ ਪਾਰਟੀ ਦੀ ਵਿਚਾਰਧਾਰਾ ‘ਤੇ ਕਿਸੇ ਨਾ ਕਿਸੇ ਜਮਾਤ ਦੀ ਛਾਪ ਹੁੰਦੀ ਹੈ, ਅਤੇ ਇਸੇ ਤੋਂ ਉਸਦੇ ਜਮਾਤੀ ਖਾਸੇ ਦੀ ਪਹਿਚਾਣ ਹੁੰਦੀ ਹੈ। ਇਸ ਇੰਟਰਵਿਊ ਵਿੱਚ ਹੌਬਸਬੌਮ ਇਹ ਜ਼ਰੂਰ ਦੱਸਦੇ ਹਨ ਕਿ ਮਜ਼ਦੂਰ ਜਮਾਤ ਦੇ ਸੁਭਾਅ ਵਿੱਚ ਵਿਸ਼ਵੀਕਰਨ ਦੇ ਦੌਰ ਵਿੱਚ ਕਾਫ਼ੀ ਬਦਲਾਅ ਆਏ ਹਨ। ਉਸਦੀ ਬਣਤਰ ਵਿੱਚ ਗੈਰ-ਰਸਮੀਕਰਨ ਨਾਲ਼ ਕਈ ਬਦਲਾਅ ਆਏ ਹਨ। ਪਰ ਇਹਨਾਂ ਤਬਦੀਲੀਆਂ ਕਰਕੇ ਮਜ਼ਦੂਰ ਜਮਾਤ (ਜੋ ਕਿ ਪਹਿਲਾਂ ਹਮੇਸ਼ਾਂ ਤੋਂ ਵੱਡੀ ਹੈ) ਨੂੰ ਜੱਥੇਬੰਦ ਕਰਨ ਦੀਆਂ ਯੁੱਧਨੀਤੀਆਂ ਵਿੱਚ ਕੀ ਬਦਲਾਅ ਆਉਣਗੇ, ਇਸ ਬਾਰੇ ਹੌਬਸਬੌਮ ਕੁਝ ਨਹੀਂ ਦੱਸਦੇ ਕਿਉਂਕਿ ਉਹ ਹੁਣ ਮਜ਼ਦੂਰ ਜਮਾਤ ਦੇ ਜੱਥੇਬੰਦ ਹੋ ਸਕਣ ਨੂੰ ਲੈ ਕੇ ਹੀ ਸ਼ੰਕਾਂ ਵਿੱਚ ਫਸ ਚੁੱਕੇ ਸਨ। ਮੌਜੂਦਾ ਸੰਸਾਰ ਸੰਕਟ ਦੀ ਸ਼ੁਰੂਆਤ ਤੋਂ ਬਾਅਦ ਹੌਬਸਬੌਮ ਵਿੱਚ ਇਕ ਵਾਰ ਫਿਰ ਕੁਝ ਆਸ਼ਾਵਾਦ ਜਾਗਿਆ ਸੀ ਪਰ ਇਸ ਆਸ਼ਾਵਾਦ ਦੀ ਰੋਸ਼ਨੀ ਵਿੱਚ ਕੋਈ ਨਵਾਂ ਮਹੱਤਵਪੂਰਣ ਕੰਮ ਕਰ ਸਕਣ ਦੀ ਉਹਨਾਂ ਦੀ ਉਮਰ ਨਹੀਂ ਰਹਿ ਗਈ ਸੀ, ਅਤੇ ਮੰਦੀ ਦੀ ਸ਼ੁਰੂਆਤ ਦੇ ਕੁਝ ਸਾਲ ਬਾਅਦ ਉਹਨਾਂ ਦੀ ਮੌਤ ਹੋ ਗਈ।

ਵਿਚਾਰ-ਯਾਤਰਾ ਅਤੇ ਰਚਨਾ – ਅੰਤਮ ਦੌਰ 

2007 ਵਿੱਚ ਹੌਬਸਬੌਮ ਦੀ ਕਿਤਾਬ ‘ਗਲੋਬਲਾਈਜੇਸ਼ਨ, ਡੇਮੋਕ੍ਰੇਸੀ ਐਂਡ ਟੇਰਰਿਜ਼ਮ’ ਆਈ ਜਿਸ ਵਿੱਚ ਉਹਨਾਂ ਨੇ ਅਮਰੀਕੀ ਸਾਮਰਾਜਵਾਦ ਦੇ ਨਵੇਂ ਮਰਨਾਊ ਦੌਰ, ਉਸ ਦੁਆਰਾ ਕਲਪਿਤ ਦੁਸ਼ਮਣਾਂ ਦੀ ਉਸਾਰੀ (ਇਰਾਕ, ਅਫਗਾਨਿਸਤਾਨ) ਦੀ ਮਜ਼ਬੂਰੀ ਨੂੰ ਸਾਹਮਣੇ ਲਿਆਂਦਾ ਹੈ, ਤਾਂ ਕਿ ਸੰਕਟ ਤੋਂ ਨਿਜ਼ਾਤ ਹਾਸਿਲ ਕਰ ਸਕੇ। ਨਾਲ਼ ਹੀ ਹੌਬਸਬੌਮ ਨੇ ਸਾਮਰਾਜਵਾਦ ਦੇ ਨਵੇਂ ਦੌਰ ਅਤੇ ਸੰਸਾਰ ਭਰ ਵਿੱਚ ਧਾਰਮਿਕ, ਨਸਲਵਾਦੀ, ਅੰਨ੍ਹੇ-ਕੌਮਵਾਦੀ ਕੱਟੜਪੰਥ ਅਤੇ ਫਾਸੀਵਾਦ ਦੇ ਉਭਾਰ ਵਿਚਕਾਰ ਸਬੰਧ ਨੂੰ ਵੀ ਸਪੱਸ਼ਟ ਕੀਤਾ ਹੈ। ਪਰ ਇਸ ਕਿਤਾਬ ਵਿੱਚ ਵੀ ਕਿਸੇ ਨਵੇਂ ਪ੍ਰੋਜੈਕਟ ਬਾਰੇ ਹੌਬਸਬੌਮ ਕੋਈ ਉਮੀਦ ਰੱਖਦੇ ਹੋਣ, ਅਜਿਹਾ ਨਜ਼ਰ ਨਹੀਂ ਆਉਂਦਾ। ਮੌਤ ਤੋਂ ਕੁਝ ਸਮਾਂ ਪਹਿਲਾਂ ਆਈ ਹਾਬਸਬੌਮ ਦੀ ਕਿਤਾਬ ‘ਹਾਓ ਟੂ ਚੇਂਜ ਦਾ ਵਰਲਡ’ ਅਸਲ ਵਿੱਚ ਕੋਈ ਨਵਾਂ ਵਿਸ਼ਲੇਸ਼ਣ ਜਾਂ ਬਦਲ ਨਹੀਂ ਪੇਸ਼ ਕਰਦੀ, ਸਗੋਂ ਇਹ 1957 ਤੋਂ ਲੈ ਕੇ 2010 ਵਿਚਕਾਰ ਹੌਬਸਬੌਮ ਦੁਆਰਾ ਲਿਖੇ ਗਏ ਲੇਖਾਂ ਦਾ ਇਕ ਸੰਗ੍ਰਹਿ ਹੈ। ਇਸ ਵਿੱਚ ਸ਼ਾਮਲ ਜਿਆਦਾਤਰ ਲੇਖ ਮਾਰਕਸਵਾਦੀ ਇਤਿਹਾਸ-ਲੇਖਣ, ਸਮਕਾਲੀ ਘਟਨਾਵਾਂ, ਅਤੇ ਬਦਲ ਦੇ ਸਵਾਲ ‘ਤੇ ਵੱਖ-ਵੱਖ ਮੌਕਿਆਂ ‘ਤੇ ਹੌਬਸਬੌਮ ਦੀ ਸੋਚ ਨੂੰ ਸਪੱਸ਼ਟ ਕਰਦੇ ਹਨ। ਪਰ ਇਹਨਾਂ ਲੇਖਾਂ ਵਿੱਚ ਮਾਰਕਸਵਾਦ ਨਾਲ਼ ਜੁੜੇ ਸਾਰੇ ਗੰਭੀਰ ਸਿਧਾਂਤਕ ਮਸਲਿਆਂ ‘ਤੇ ਹੌਬਸਬੌਮ ਕਿਤੇ ਵੀ ਡੂੰਘਾਈ ਵਿੱਚ ਜਾ ਕੇ ਵਿਸ਼ਲੇਸ਼ਣ ਪੇਸ਼ ਨਹੀਂ ਕਰਦੇ। ਜਿੱਥੇ ਕਿਤੇ ਵੀ ਉਹ ਮਾਰਕਸਵਾਦੀ ਵਿਸ਼ਲੇਸ਼ਣੀ ਵਿਧੀ ਵਿੱਚ ਹੋਣ ਵਾਲ਼ੇ ਨਵੇਂ ਯੋਗਦਾਨਾਂ ਦੀ ਗੱਲ ਕਰਦੇ ਹਨ, ਉਹ ਇਕ ਵਿਆਪਕ ਸਰਵੇਖਣ ਦੇ ਰੂਪ ਵਿੱਚ ਜਿਆਦਾ ਹੈ, ਅਤੇ ਉਹਨਾਂ ਨਵੇਂ ਯੋਗਦਾਨਾਂ ਉੱਤੇ ਮਾਰਕਸਵਾਦੀ ਨਜ਼ਰੀਏ ਤੋਂ ਹੌਬਸਬੌਮ ਦੁਆਰਾ ਅਲੋਚਨਾਤਮਕ ਪੇਸ਼ਕਾਰੀ ਘੱਟ ਹੈ। ਮਾਰਕਸਵਾਦ ਵਿੱਚ ਹੋਣ ਵਾਲ਼ੇ ਨਵੇਂ ਯੋਗਦਾਨਾਂ ਬਾਰੇ ਹੌਬਸਬੌਮ ਨੇ 1973 ਵਿੱਚ ਆਪਣੀ ਕਿਤਾਬ ‘ਰਿਵੋਲਿਉਸ਼ਨਰੀਜ਼’ ਵਿੱਚ ਲਿਖਿਆ ਸੀ। ਇਸ ਵਿੱਚ ਉਹਨਾਂ ਨੇ ਗ੍ਰਾਮਸ਼ੀ, ਅਲਥੂਸਰ ਅਤੇ ਕਾਰਲ ਕੋਰਸ਼ ਦੇ ਮਾਰਕਸਵਾਦੀ ਵਿਧੀ ਵਿੱਚ ਯੋਗਦਾਨਾਂ ਦੀ ਚਰਚਾ ਕੀਤੀ ਸੀ। ਅਲਥੂਸਰ ਬਾਰੇ ਉਹਨਾਂ ਦਾ ਵਿਚਾਰ ਇਹ ਸੀ ਕਿ ਆਰਥਿਕ ਹੋਣੀਵਾਦ ਤੋਂ ਮਾਰਕਸਵਾਦ ਨੂੰ ਮੁਕਤ ਕਰਨ ਵਿੱਚ ਅਲਥੂਸਰ ਦਾ ਅਹਿਮ ਯੋਗਦਾਨ ਸੀ ਪਰ ਅਲਥੂਸਰ ਦਾ ਸ਼ੰਕਾਵਾਦ ਕਿਤੇ ਨਾ ਕਿਤੇ ਵਿਕਾਸ ਦੀ ਸੰਕਲਪ ‘ਤੇ ਹੀ ਸਵਾਲ ਖੜ੍ਹਾ ਕਰ ਦਿੰਦਾ ਹੈ। ਜਿਸ ਵੀ ਅਧਿਐਨਕਰਤਾ ਨੇ ਅਲਥੂਸਰ ਨੂੰ ਧਿਆਨ ਨਾਲ਼ ਪੜ੍ਹਿਆ ਹੈ ਉਹ ਜਾਣਦਾ ਹੈ ਕਿ ਅਲਥੂਸਰ ਦਾ ਸਰੰਚਨਾਵਾਦੀ ਮਾਰਕਸਵਾਦ ਨਿਸ਼ਚਿਤ ਰੂਪ ਵਿੱਚ ਮਾਰਕਸਵਾਦ ਨੂੰ ਆਰਥਿਕ ਹੋਣੀਵਾਦ ਦੇ ਇਲਜਾਮ ਤੋਂ ਮੁਕਤ ਕਰਦਾ ਹੈ, ਪਰ ਇਹ ਅਲਥੂਸਰ ਨਹੀਂ ਸਨ ਜਿਨ੍ਹਾਂ ਨੇ ਮਾਰਕਸਵਾਦ ਨੂੰ ਆਰਥਿਕ ਹੋਣੀਵਾਦ ਤੋਂ ਮੁਕਤ ਕੀਤਾ। ਮੂਲ ਰੂਪ ਵਿੱਚ ਮਾਰਕਸਵਾਦ ਖੁਦ ਆਰਥਿਕ ਹੋਣੀਵਾਦ ਦਾ ਵਿਰੋਧੀ ਹੈ ਅਤੇ ਇਸ ਲਈ ਅਲਥੂਸਰ ਇਸ ਨੂੰ ਹੋਣੀਵਾਦ ਤੋਂ ਮੁਕਤ ਨਹੀਂ ਕਰ ਸਕਦੇ ਸਨ। ਪਰ ਉਸ ਸਮੇਂ ਪ੍ਰਚਲਿਤ ਕਠਮੁੱਲਾਵਾਦੀ ਮਾਰਕਸਵਾਦ ਵਿੱਚ ਜਮਾਤੀ ਘਟਾਉਵਾਦ ਅਤੇ ਆਰਥਿਕ ਹੋਣੀਵਾਦ ਦਾ ਜੋ ਪ੍ਰਭਾਵ ਸੀ, ਉਸਦੀ ਪ੍ਰਤੀਕ੍ਰਿਆ ਵਿੱਚ ਅਲਥੂਸਰ ਨੇ ਅਤੀਨਿਰਧਾਰਣਵਾਦ ਦਾ ਸਿਧਾਂਤ ਦਿੱਤਾ, ਜਿਸ ਮੁਤਾਬਕ ਆਰਥਿਕ ਕਾਰਕਾਂ ਤੋਂ ਨਿਰਧਾਰਿਤ ਹੋਣ ਵਾਲ਼ਾ ਕੋਈ ਵੀ ਵਰਤਾਰਾ, ਫਿਰ ਤੋਂ ਹੋਰ ਕਿਸਮਾਂ ਦੇ ਕਾਰਕਾਂ ਤੋਂ ਅਤੀਨਿਰਧਾਰਿਤ ਹੁੰਦਾ ਹੈ। ਇਸ ਸਿਧਾਂਤ ਨੂੰ ਸਿਧ ਕਰਨ ਲਈ ਅਲਥੂਸਰ ਮਨੋਵਿਸ਼ਲੇਸ਼ਣ ਦੇ ਸਿਧਾਤਾਂ, ਵਿਸ਼ੇਸ਼ ਤੌਰ ‘ਤੇ ਫਰਾਈਡ ਅਤੇ ਜੱਕ ਲਕਾਂ ਤੋਂ ਵੀ ਕੁਝ ਸੰਕਲਪ ਉਧਾਰ ਲੈਂਦੇ ਹਨ। ਅਤੇ ਫਿਰ ਉਹਨਾਂ ਦਾ ਮਾਰਕਸਵਾਦ ਦੇ ਵਿਰੋਧਤਾਈਆਂ ਦੇ ਸਿਧਾਂਤ ਨਾਲ਼ ਵਿਸ਼ਲੇਸ਼ਣ ਕਰਦੇ ਹਨ। ਇਥੇ ਅਸਲ ਵਿੱਚ ਅਲਥੂਸਰ ਵਿਕਾਸ ਦੀ ਸੰਕਲਪ ‘ਤੇ ਸਵਾਲ ਨਹੀਂ ਖੜ੍ਹਾ ਕਰ ਰਹੇ ਹਨ, ਸਗੋਂ ਵਿਕਾਸ ਦੀ ਸੰਕਲਪ ਦੇ ਸਰਲ ਇਕਾਂਗੀਪੁਣੇ ‘ਤੇ ਸਵਾਲ ਖੜ੍ਹਾ ਕਰ ਰਹੇ ਹਨ, ਜੋ ਕਿ ਕਿਸੇ ਵੀ ਰੂਪ ਵਿੱਚ ਮਾਰਕਸਵਾਦੀ ਨਹੀਂ ਹੈ, ਸਗੋਂ ਮਾਰਕਸਵਾਦ ਦਾ ਵਿਗੜਿਆ ਰੂਪ ਹੈ। ਪਰ ਇਹ ਜ਼ਰੂਰ ਸੱਚ ਹੈ ਕਿ ਅਲਥੂਸਰ ਦੁਆਰਾ ਪੇਸ਼ ਵਿਚਾਰਧਾਰਕ ਰਾਜ ਯੰਤਰ ਦਾ ਸਿਧਾਂਤ ਕਿਤੇ ਨਾ ਕਿਤੇ ਰਾਜ ਨੂੰ ਇਕ ਅਜਿੱਤ ਤਾਕਤ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ, ਭਾਂਵੇਂ ਅਲਥੂਸਰ ਦਾ ਇਰਾਦਾ ਅਜਿਹਾ ਰਿਹਾ ਹੋਵੇ ਜਾਂ ਨਹੀਂ। ਇਹ ਇਨਕਲਾਬੀ ਅੰਤਰਮੁਖੀ ਤਾਕਤਾਂ ਨੂੰ ਏਜੰਸੀ ਪ੍ਰਦਾਨ ਨਹੀਂ ਕਰਦਾ, ਜਾਂ ਪ੍ਰਦਾਨ ਕਰਨ ਵਿੱਚ ਹਿਚਕਿਚਾਹਟ ਵਖਾਉਂਦਾ ਹੈ। ਪਰ ਹੌਬਸਬੌਮ ਦੀ ਅਲੋਚਨਾ ਅਲਥੂਸਰ ਦੇ ਇਸ ਸਿਧਾਂਤ ‘ਤੇ ਕੇਂਦਰਿਤ ਨਹੀਂ ਹੈ। 

ਅੰਤੋਨਿਓ ਗ੍ਰਾਮਸ਼ੀ ਦਾ ਮਾਰਕਸਵਾਦ (ਜਾਂ ਕਹੀਏ ਕਿ ਅੰਤੋਨੀਓ ਗ੍ਰਾਮਸ਼ੀ ਨੂੰ ਹੌਬਸਬੌਮ ਨੇ ਜਿਸ ਪ੍ਰਕਾਰ ਸਮਝਿਆ) ਹੌਬਸਬੌਮ ਲਈ ਵਿਸ਼ੇਸ਼ ਤੌਰ ‘ਤੇ ਖਿੱਚਵਾਂ ਸੀ। ਹੌਬਸਬੌਮ 1950 ਦੇ ਦਹਾਕੇ ਵਿੱਚ ਇਟਲੀ ਗਏ ਅਤੇ ਉਨ੍ਹਾਂ ਨੇ ਉੱਥੇ ਅਰਾਜਕਤਾਵਾਦੀ, ਅਰਾਜਕਤਾਵਾਦੀ-ਸੰਘਵਾਦੀ ਅਤੇ ਕਮਿਊਨਿਸਟ ਲਹਿਰਾਂ ਦਾ ਅਧਿਐਨ ਸ਼ੁਰੂ ਕੀਤਾ। ਇਸੇ ਦੌਰਾਨ ਉਹ ਲੰਮੇ ਸਮੇਂ ਤੱਕ ਅੰਤੋਨੀਓ ਗ੍ਰਾਮਸ਼ੀ ਦੇ ਸਹਿਯੋਗੀ ਰਹੇ ਪਾਮੀਰੋ ਤੋਗਲੀਆਤੀ ਦੇ ਸੰਪਰਕ ਵਿੱਚ ਆਏ, ਜੋ ਸੋਧਵਾਦ ਦਾ ਰਸਤਾ ਅਪਣਾ ਚੁੱਕੇ ਸਨ। ਤੋਗਲੀਆਤੀ ਨੇ ਹੌਬਸਬੌਮ ਦੀ ਗ੍ਰਾਮਸ਼ੀ ਦੀ ਲੇਖਣੀ ਨਾਲ਼ ਜਾਣ-ਪਛਾਣ ਕਰਵਾਈ ਅਤੇ ਹੌਬਸਬੌਮ ਗ੍ਰਾਮਸ਼ੀ ਦੀ ਲੇਖਣੀ ਤੋਂ ਕਾਫ਼ੀ ਪ੍ਰਭਾਵਿਤ ਹੋਏ। 1957 ਵਿੱਚ ਉਹਨਾਂ ਨੇ ਪ੍ਰਸਿੱਧ ਪ੍ਰਕਾਸ਼ਕ ‘ਲੌਰੇਂਸ ਐਂਡ ਵਿਸ਼ਾਰਟ’ ‘ਤੇ ਦਬਾਅ ਪਾਇਆ ਕਿ ਉਹ ਗ੍ਰਾਮਸ਼ੀ ਦੀ ਜੇਲ੍ਹ ਦੌਰਾਨ ਦੀ ਲੇਖਣੀ ਦਾ ਇਕ ਸੰਗ੍ਰਹਿ ਛਾਪੇ। ਪ੍ਰਕਾਸ਼ਕ ਇਸ ਗੱਲ ‘ਤੇ ਰਾਜ਼ੀ ਹੋ ਗਏ ਅਤੇ ਉਸੇ ਵਰ੍ਹੇ ਹੌਬਸਬੌਮ ਦੀ ਭੂਮਿਕਾ ਨਾਲ਼ ਗ੍ਰਾਮਸ਼ੀ ਦੇ ਜੇਲ੍ਹ ਦੇ ਦੌਰ ਦੀਆਂ ਕੁਝ ਰਚਨਾਵਾਂ ‘ਲੌਰੇਂਸ ਐਂਡ ਵਿਸ਼ਾਰਟ’ ਨੇ ਪ੍ਰਕਾਸ਼ਤ ਕੀਤੀਆਂ। ਇਸ ਤੋਂ 14 ਸਾਲਾਂ ਬਾਅਦ ਇਸੇ ਪ੍ਰਕਾਸ਼ਕ ਨੇ ਗ੍ਰਾਮਸ਼ੀ ਦੀ ਜੇਲ੍ਹ ਲੇਖਣੀ ਦਾ ਇਕ ਵੱਡਾ ਸੰਗ੍ਰਹਿ ਛਾਪਿਆ। 

ਹੌਬਸਬੌਮ ਦੇ ਆਖਰੀ ਸੰਗ੍ਰਹਿ ਵਿੱਚ ਗ੍ਰਾਮਸ਼ੀ ‘ਤੇ ਉਹਨਾਂ ਦੇ ਤਿੰਨ ਲੇਖ ਹਨ। ਇਨ੍ਹਾਂ ਲੇਖਾਂ ਵਿੱਚ ਹੌਬਸਬੌਮ ਗ੍ਰਾਮਸ਼ੀ ਦੇ ਵਿਚਾਰਾਂ ਦੀ ਸਮੀਖਿਆ ਕਰਦੇ ਹੋਏ ਕਹਿੰਦੇ ਹਨ ਕਿ ਸਹੀ ਮਾਅਨੇ ਵਿੱਚ ਸਿਆਸਤ ਦਾ ਮਾਰਕਸਵਾਦੀ ਸਿਧਾਂਤ ਗ੍ਰਾਮਸ਼ੀ ਦਾ ਯੋਗਦਾਨ ਹੈ, ਲੈਨਿਨ ਦਾ ਨਹੀਂ। ਲੈਨਿਨ ਦੇ ਵਿਚਾਰ ਦੇ ਕੇਂਦਰ ਵਿੱਚ ਇਹ ਸਵਾਲ ਜਿਆਦਾ ਸੀ ਕਿ ਸੱਤ੍ਹਾ ‘ਤੇ ਮਜ਼ਦੂਰ ਜਮਾਤ ਕਬਜ਼ਾ ਕਿਵੇਂ ਕਰੇ, ਅਤੇ ਇਹ ਸਵਾਲ ਘੱਟ ਕਿ ਮਜ਼ਦੂਰ ਜਮਾਤ ਸੱਤ੍ਹਾ ਕਾਇਮ ਕਿਵੇਂ ਰੱਖੇਗੀ ਅਤੇ ਸਮਾਜਵਾਦ ਦੀ ਉਸਾਰੀ ਕਿਸ ਪ੍ਰਕਾਰ ਹੋਵੇਗੀ। ਇਹ ਵੀ ਇਕ ਗਲਤ ਪ੍ਰੇਖਣ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਦਾ ਲੋਕ ਜਿੰਦਾ ਸਵਾਲਾਂ ‘ਤੇ ਸੋਚਦੇ ਹਨ। ਲੈਨਿਨ ਜਿਸ ਦੌਰ ਵਿੱਚ ਜੀ ਰਹੇ ਸਨ, ਉਸ ਦੌਰ ਦਾ ਸਭ ਤੋਂ ਭਖਵਾਂ ਸਵਾਲ ਇਹ ਸੀ ਕਿ ਮਜ਼ਦੂਰ ਜਮਾਤ ਸੱਤਾ ਕਿਵੇਂ ਸਥਾਪਿਤ ਕਰੇਗੀ ਅਤੇ ਉਹਨਾਂ ਦਾ ਜਿਆਦਾਤਰ ਲੇਖਣੀ ਇਸ ਸਵਾਲ ‘ਤੇ ਹੈ ਕਿ ਪਾਰਟੀ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਨਾਲ਼ ਕਿ ਉਹ ਸਹੀ ਮਾਅਨਿਆਂ ਵਿੱਚ ਮਜ਼ਦੂਰ ਜਮਾਤ ਦੇ ਹਰਾਵਲ ਦੇ ਤੌਰ ‘ਤੇ ਅਗਵਾਈ ਕਰ ਸਕੇ ਅਤੇ ਬੁਰਜੂਆ ਸੱਤਾ ਨੂੰ ਚਕਨਾਚੂਰ ਕਰ ਕੇ ਮਜ਼ਦੂਰ ਜਮਾਤ ਦੀ ਸੱਤ੍ਹਾ ਦੀ ਸਥਾਪਨਾ ਕਰ ਸਕੇ। ਪਰ 1921 ਤੋਂ ਲੈ ਕੇ 1923 ਤੱਕ ਦਾ ਲੈਨਿਨ ਦੀ ਲੇਖਣੀ ਇਸ ਗੱਲ ਦੀ ਜਿਉਂਦੀ-ਜਾਗਦੀ ਗਵਾਹ ਹੈ ਕਿ ਲੈਨਿਨ ਰੂਸ ਵਿੱਚ ਸਮਾਜਵਾਦ ਦੀ ਉਸਾਰੀ, ਸਮਾਜਵਾਦੀ ਆਰਥਿਕ ਢਾਂਚੇ, ਸਮਾਜਵਾਦੀ ਉਸਾਰੀ ਲਈ ਸੱਭਿਆਚਾਰਕ ਇਨਕਲਾਬ ਦੀ ਜ਼ਰੂਰਤ (ਘੱਟ ਹੀ ਲੋਕ ਜਾਣਦੇ ਹਨ ਕਿ ‘ਸੱਭਿਆਚਾਰਕ ਇਨਕਲਾਬ’ ਸ਼ਬਦ ਦਾ ਪ੍ਰਯੋਗ ਕਰਨ ਵਾਲ਼ੇ ਪਹਿਲੇ ਵਿਅਕਤੀ ਲੈਨਿਨ ਸਨ, ਮਾਓ ਨਹੀਂ। ਮਾਓ ਨੇ ਇਸਨੂੰ ਵਿਆਪਕ ਅਤੇ ਇਕਸਾਰ ਸਿਧਾਂਤ ਦੇ ਤੌਰ ‘ਤੇ ਵਿਕਸਿਤ ਕੀਤਾ), ਨਵੇਂ ਸਿੱਖਿਆ ਢਾਂਚੇ ਦੀ ਲੋੜ ‘ਤੇ ਡੂੰਘਾ ਸੋਚ-ਵਿਚਾਰ ਕਰ ਰਹੇ ਸਨ। ਸਮਾਜਵਾਦ ਦੀ ਉਸਾਰੀ ਦੀਆਂ ਵਿਰੋਧਤਾਈਆਂ ਨਾਲ਼, ਦਰਅਸਲ, ਉਸ ਸਮੇਂ ਪੂਰੀ ਪਾਰਟੀ ਹੀ ਜੂਝ ਰਹੀ ਸੀ। ਇਸ ਲਈ ਪਾਰਟੀ ਅੰਦਰ ਬਹਿਸਾਂ ਜ਼ਾਰੀ ਸਨ। ਪਹਿਲਾਂ ਤ੍ਰਾਤਸਕੀ, ਬੁਖਾਰਿਨ, ਆਦਿ ਅਤੇ ‘ਵਰਕਰਜ਼ ਓਪੋਜੀਸ਼ਨ’ ਦੇ ਸ਼ਲਿਆਪਨੀਕੋਵ ਅਤੇ ਕੋਲੋਨਤਾਈ ਵਿਚਕਾਰ; ਉਸਤੋਂ ਬਾਅਦ ਉਪਰੋਕਤ ਦੋਨੋਂ ਸਮੂਹਾਂ ਅਤੇ ਲੈਨਿਨ, ਸਤਾਲਿਨ, ਟੌਮਸਕੀ ਆਦਿ ਦੇ ਧੜੇ ਵਿਚਕਾਰ; ਉਸਤੋਂ ਬਾਅਦ ‘ਨਵੀਂਆਂ ਆਰਿਥਕ ਨੀਤੀਆਂ’ (ਨੇਪ) ਦੇ ਸਵਾਲ ‘ਤੇ ਪੂਰੀ ਪਾਰਟੀ ਵਿੱਚ ਜ਼ਬਰਦਸਤ ਬਹਿਸ ਸ਼ੁਰੂ ਹੋ ਗਈ। ਲੈਨਿਨ ਦੀ ਮੌਤ ਤੋਂ ਠੀਕ ਪਹਿਲਾਂ ਕੌਮੀ ਸਵਾਲ ਨੂੰ ਲੈ ਕੇ ਪਾਰਟੀ ਅੰਦਰ ਤਿੱਖਾ ਸੰਘਰਸ਼ ਚੱਲ ਰਿਹਾ ਸੀ। ਉਸ ਸਮੇਂ ਦੀਆਂ ਬਹਿਸਾਂ ‘ਤੇ ਅਲੱਗ ਤੋਂ ਇਕ ਲੇਖ ਲਿਖਿਆ ਜਾ ਸਕਦਾ ਹੈ। ਹੌਬਸਬੌਮ ਦੀ ਪੂਰੀ ਲੇਖਣੀ ਵਿੱਚ ਰੂਸੀ ਪਾਰਟੀ ਅੰਦਰ ਜ਼ਾਰੀ ਬਹਿਸਾਂ ਬਾਰੇ ਕੋਈ ਵਿਸ਼ੇਸ਼ ਜ਼ਿਕਰ ਨਹੀਂ ਮਿਲਦਾ। ਅਜਿਹਾ ਲੱਗਦਾ ਹੈ ਕਿ ਹੌਬਸਬੌਮ ‘ਚ ਪਾਰਟੀ ਅੰਦਰ ਚੱਲ ਰਹੀਆਂ ਬਹਿਸਾਂ ਨੂੰ ਲੈ ਕੇ ਜੋ ਦਿਲਚਸਪੀ ਪੈਦਾ ਹੋਈ ਉਹ 1950 ਦੇ ਦਹਾਕੇ ਵਿੱਚ ਪੈਦਾ ਹੋਈ, ਜਦੋਂ ਸਤਾਲਿਨ ਦੀ ਮੌਤ ਤੋਂ ਬਾਅਦ ਖਰੁਸ਼ਚੇਵ ਦੀ ਅਗਵਾਈ ਵਿੱਚ ਸੋਧਵਾਦ ਦੀ ਸ਼ੁਰੂਆਤ ਹੁੰਦੀ ਹੈ, 20ਵੀਂ ਕਾਂਗਰਸ ਤੋਂ ਬਾਅਦ ਸਾਰੀਆਂ ਯੂਰਪੀ ਪਾਰਟੀਆਂ ਵਿੱਚ ਸਿਆਸੀ ਸੰਕਟ ਪੈਦਾ ਹੁੰਦਾ ਹੈ ਅਤੇ ਜਦ ਇਹ ਸੰਕਟ ਬ੍ਰਿਟਿਸ਼ ਕਮਿਊਨਿਸਟ ਪਾਰਟੀ ਅੰਦਰ ਪੈਦਾ ਹੁੰਦਾ ਹੈ। ਪਰ ਉਸਦੇ ਪਹਿਲੇ ਦੇ ਦੌਰ ਵਿੱਚ ਜਾਰੀ ਬਹਿਸਾਂ ਬਾਰੇ ਹੌਬਸਬੌਮ ਦੀ ਲੇਖਣੀ ਨਾਮਾਤਰ ਹੈ। ਇਸ ਲਈ ਹੌਬਸਬੌਮ ਦੀ ਇਹ ਟਿੱਪਣੀ, ਕਿ ਲੈਨਿਨ ਦਾ ਇਸ ਸਵਾਲ ਨਾਲ਼ ਘੱਟ ਸਰੋਕਾਰ ਸੀ ਕਿ ਸਮਾਜਵਾਦੀ ਸੱਤ੍ਹਾ ਕਾਇਮ ਕਿਵੇਂ ਰੱਖੀ ਜਾਵੇ, ਅਤੇ ਇਸ ਤੋਂ ਜਿਆਦਾ ਸੀ ਕਿ ਸੱਤ੍ਹਾ ਹਾਸਿਲ ਕਿਵੇਂ ਕੀਤੀ ਜਾਵੇ, ਇੱਕ ਘੱਟ ਜਾਣਕਾਰੀ ਕਾਰਨ ਕੀਤੀ ਗਈ ਟਿੱਪਣੀ ਪ੍ਰਤੀਤ ਹੁੰਦੀ ਹੈ। ਇਸਦਾ ਇਹ ਅਰਥ ਨਹੀਂ ਹੈ ਕਿ ਰਾਜ ਅਤੇ ਸਮਾਜ ਬਾਰੇ, ਹੈਜ਼ੇਮਨੀ ਬਾਰੇ, ਪੁਜ਼ੀਸ਼ਨਲ ਜੰਗ ਦੀ ਪਿਛੜੇ ਸਰਮਾਏਦਾਰ ਦੇਸ਼ਾਂ ਵਿੱਚ ਉਪਯੋਗਿਤਾ ਬਾਰੇ ਗ੍ਰਾਮਸ਼ੀ ਦਾ ਯੋਗਦਾਨ ਕੋਈ ਛੋਟਾ ਯੋਗਦਾਨ ਸੀ। ਨਿਸ਼ਚਿਤ ਤੌਰ ‘ਤੇ, ਅੱਜ ਪਿਛੜੇ ਸਰਮਾਏਦਾਰ ਦੇਸ਼ਾਂ ਵਿੱਚ ਸਮਾਜਵਾਦੀ ਇਨਕਲਾਬ ਲਈ ਸਰਗਰਮ ਇਨਕਲਾਬੀ ਤਾਕਤਾਂ ਲਈ ਗ੍ਰਾਮਸ਼ੀ ਦੇ ਸਿਧਾਂਤ ਬੇਹੱਦ ਉਪਯੋਗੀ ਹਨ ਅਤੇ ਉਹਨਾਂ ਨੂੰ ਸਮਝਣਾ ਸੱਚਮੁੱਚ ਸਮਾਜਵਾਦੀ ਸੱਤ੍ਹਾ ਕਾਇਮ ਰੱਖਣ ਅਤੇ ਉਸਤੋਂ ਪਹਿਲਾਂ ਸਮਾਜਵਾਦੀ ਸੱਤ੍ਹਾ ਸਥਾਪਿਤ ਕਰਨ ਲਈ ਵੀ, ਜ਼ਰੂਰੀ ਹੈ। ਪਰ ਗ੍ਰਾਮਸ਼ੀ ਦੀ ਲੈਨਿਨ ਨਾਲ਼ ਤੁਲ਼ਨਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਗ੍ਰਾਮਸ਼ੀ ਅਸਲ ਵਿੱਚ ਲੈਨਿਨ ਨੂੰ ਇੱਕ ਉੱਤਮ ਪ੍ਰੋਲੇਤਾਰੀ ਸਿਆਸਤਦਾਨ ਮੰਨਦੇ ਸਨ ਅਤੇ ਆਪਣੇ ਸਾਰੇ ਸਿਧਾਂਤਾਂ ਦੀ ਪੇਸ਼ਕਾਰੀ ਵਿੱਚ ਉਹ ਲੈਨਿਨ ਦੇ ਹੀ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਤੀਤ ਹੁੰਦੇ ਹਨ। ਕਈ ਬੁੱਧੀਜੀਵੀਆਂ ਨੂੰ ਇਕ ਵਿਸ਼ਿਸ਼ਟ ਕਾਰਨ ਕਰਕੇ ਗ੍ਰਾਮਸ਼ੀ ਦੇ ਯੋਗਦਾਨ ਨੂੰ ਕਲਾਸਿਕੀ ਮਾਰਕਸਵਾਦ ਤੋਂ ਦੂਰ ਜਾਣ ਦੇ ਤੌਰ ‘ਤੇ ਪੇਸ਼ ਕਰਨ ਦੀ ਆਦਤ ਹੈ। ਗ੍ਰਾਮਸ਼ੀ ਦੀ ਮਹੱਤਵਪੂਰਣ ਲੇਖਣੀ ਜੇਲ੍ਹ ਵਿੱਚ ਹੋਈ, ਜਿਸ ਕਰਕੇ ਉਹਨਾਂ ਨੂੰ ਆਪਣੇ ਸ਼ਬਦਾਂ ਦੀ ਚੋਣ ਫਾਸੀਵਾਦੀ ਸੈਂਸਰਸ਼ਿਪ ਨੂੰ ਧਿਆਨ ਵਿੱਚ ਰੱਖਕੇ ਕਰਨੀ ਪੈਂਦੀ ਸੀ। ਮਿਸਾਲ ਵਜੋਂ, ਜੇਕਰ ਤੁਸੀਂ ਗ੍ਰਾਮਸ਼ੀ ਦੇ ਜੇਲ੍ਹ ਦੌਰਾਨ ਲਿਖੇ ਲੇਖ ‘ਆਨ ਐਜੂਕੇਸ਼ਨ’ ਪੜੋਂ ਤਾਂ ਤੁਸੀਂ ਉਸਦਾ ਅਰਥ ਸ਼ਾਬਦਿਕ ਤੌਰ ‘ਤੇ ਨਹੀਂ ਕੱਢ ਸਕਦੇ। ਇਹ ਕੂਟਲੇਖਣੀ ਦੀ ਸ਼ੈਲੀ ਵਿੱਚ ਲਿਖਿਆ ਗਿਆ ਲੇਖ ਹੈ, ਜਿਸਨੂੰ ਪੂਰੇ ਇਤਿਹਾਸਕ ਸੰਦਰਭਾਂ ਤੋਂ ਬਿਨਾਂ ਸਮਝਣਾ ਮੁਸ਼ਕਲ ਹੋਵੇਗਾ। ਜੇਂਟਾਈਲ ਦੇ ਸਿਖਿਆ ਸਬੰਧੀ ਪ੍ਰਸਤਾਵਾਂ ਅਤੇ ਸੁਧਾਰਾਂ ਬਾਰੇ ਗ੍ਰਾਮਸ਼ੀ ਨੂੰ ਬਿਲਕੁਲ ਗਲਤ ਸਮਝ ਲਏ ਜਾਣ ਦਾ ਖਤਰਾ ਹੈ, ਜੇਕਰ ਤੁਸੀਂ ਗ੍ਰਾਮਸ਼ੀ ਦੀ ਲੇਖਣੀ ਨੂੰ ਪੜ੍ਹਨ ਤੋਂ ਪਹਿਲਾਂ ਗ੍ਰਾਮਸ਼ੀ ਦੀ ਲੇਖਣੀ ‘ਤੇ ਕੀਤੀਆਂ ਗਈਆਂ ਇਤਿਹਾਸਕ ਖੋਜਾਂ ਬਾਰੇ ਨਹੀਂ ਜਾਣਦੇ। ਗ੍ਰਾਮਸ਼ੀ ਦੀ ਸਿਆਸੀ ਲੇਖਣੀ ਨੂੰ ਅਸਲ ਵਿੱਚ ਲੈਨਿਨਵਾਦ ਦੀ ਲਗਾਤਾਰਤਾ ਵਿੱਚ ਦੇਖ ਕੇ ਹੀ ਸਹੀ ਢੰਗ ਨਾਲ਼ ਸਮਝਿਆ ਜਾ ਸਕਦਾ ਹੈ। ਪਰ ਹੌਬਸਬੌਮ ਇਥੇ ਇਕ ਲਗਾਤਾਰਤਾ ਦੀ ਥਾਂ ਇਕ ‘ਤੋੜ ਵਿਛੋੜਾ’ ਦੇਖਦੇ ਹਨ ਜੋ ਹੋਰ ਕੁਝ ਨਹੀਂ ਸਗੋਂ ਇਕ ‘ਨਿਗਾਹ ਭਰਮ’ ਹੈ। ਹੌਬਸਬੌਮ ਮਾਰਕਸਵਾਦੀ ਢੰਗ ਅਪਣਾਉਂਦੇ ਜ਼ਰੂਰ ਹਨ, ਪਰ ਢੰਗ ਨੂੰ ਅਪਣਾਉਣ ਦਾ ਤਰੀਕਾ ਮਸ਼ੀਨੀ ਅਤੇ ਗੈਰ-ਇਤਿਹਾਸਕ ਹੈ। ਉਹ ਮਾਰਕਸਵਾਦੀ ਵਿਧੀਸ਼ਾਸਤਰ ਦੇ ਵਿਕਾਸ ਨੂੰ ਸਮਝਣ ਲਈ ਈ.ਐਚ.ਕਾਰ. ਦੀ ਸ਼ੈਲੀ ਦੇ ਅਨੁਭਵਵਾਦ ਅਤੇ ਤੱਥਵਾਦ ਪਿੱਛੇ ਚੱਲਦੇ ਹਨ। ਨਤੀਜੇ ਵਜੋਂ, ਉਹ ਮਾਰਕਸਵਾਦ ਦੇ ਇਤਿਹਾਸਕ ਵਿਕਾਸ ਨੂੰ ਨਹੀਂ ਸਮਝ ਪਾਉਂਦੇ ਅਤੇ ਉਹਨਾਂ ਨੂੰ ਉਸ ਵਿੱਚ ਵਾਰ ਵਾਰ ‘ਤੋੜ ਵਿਛੋੜੇ’ ਨਜ਼ਰ ਆਉਂਦੇ ਹਨ। ਲੈਨਿਨ ਦੀ ਦੇਣ, ਮਾਓ ਦੀ ਦੇਣ, ਗ੍ਰਾਮਸ਼ੀ ਦੀ ਦੇਣ, ਇਹ ਸਾਰੇ ਉਹਨਾਂ ਲਈ ਵੱਖ ਵੱਖ ਸਮੇਂ ‘ਤੇ ਹੋਏ ‘ਤੋੜ ਵਿਛੋੜੇ’ ਹਨ ਅਤੇ ਇਸ ਵਿੱਚ ਹੌਬਸਬੌਮ ਮਾਰਕਸਵਾਦ ਦੇ ਵਿਕਾਸ ਦੀ ਲਗਾਤਾਰਤਾ ਨੂੰ ਨਹੀਂ ਦੇਖ ਪਾਉਂਦੇ। ਸੋਵੀਅਤ ਸਮਾਜਵਾਦ ਦੀਆਂ ਸਮੱਸਿਆਵਾਂ ਬਾਰੇ ਹੌਬਸਬੌਮ ਦੀ ਇਹ ਸਮਝ ਸੀ ਕਿ ਉੱਥੇ ਇੱਕ ਸਮਾਜਿਕ ਰੂਪ ਵਿੱਚ ਵਰਜਿਤ ਅਤੇ ਸਮਾਜਿਕ ਮਾਲਕਾਨੇ ਵਾਲ਼ਾ ਪ੍ਰਬੰਧ ਹੈ, ਪਰ ਫੈਸਲਾ ਲੈਣ ਦੀ ਪ੍ਰਕਿਰਿਆ ਮਜ਼ਦੂਰ ਜਮਾਤ ਦੇ ਹੱਥ ਵਿੱਚ ਨਹੀਂ ਪਹੁੰਚੀ ਹੈ ਅਤੇ ਇਸਦੇ ਸਥਾਨ ‘ਤੇ ਪਾਰਟੀ ਫੈਸਲਾ ਲੈਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਇਸ਼ਾਰਾ ਕੀਤਾ ਸੀ, ਮਾਰਕਸਵਾਦੀ ਸੰਦਾਂ ਦੇ ਇਸਤੇਮਾਲ ਦੇ ਬਾਵਜੂਦ ਬ੍ਰਿਟਿਸ਼ ਅਨੁਭਵਵਾਦ, ਤੱਥਵਾਦ ਅਤੇ ਪ੍ਰਤੱਖਵਾਦ ਦਾ ਹੌਬਸਬੌਮ ਦੀ ਇਤਿਹਾਸ ਲੇਖਣੀ ‘ਤੇ ਡੂੰਘਾ ਅਸਰ ਸੀ। ਤੱਥਾਂ ਅਤੇ ਅਨੁਭਵਾਂ ਦਾ ਇੱਕ ਮਸ਼ੀਨੀ ਵਿਸ਼ਲੇਸ਼ਣ ਕਿਸੇ ਨੂੰ ਇਹ ਦਿਖਾ ਸਕਦਾ ਹੈ ਕਿ ਸੋਵੀਅਤ ਸਮਾਜਵਾਦੀ ਪ੍ਰਯੋਗ ਦੌਰਾਨ ਪਾਰਟੀ ਮਜ਼ਦੂਰ ਜਮਾਤ ਵੱਲੋਂ ਫੈਸਲੇ ਲੈ ਰਹੀ ਸੀ। ਇਹ ਸੱਚ ਵੀ ਹੈ। ਪਰ ਸਵਾਲ ਇਹ ਹੈ ਕਿ ਪਾਰਟੀ ਦਾ ਕਿਰਦਾਰ ਕੀ ਸੀ? ਕੀ ਉਹ ਸਤਾਲਿਨ ਦੇ ਜਿੰਦਾ ਰਹਿੰਦੇ ਹੋਏ ਸੋਧਵਾਦੀ ਹੋ ਚੁੱਕੀ ਸੀ? ਕੀ ਉਹ ਬੁਰਜੂਆ ਰਾਹ ਦੀ ਰਾਹੀ ਬਣ ਚੁੱਕੀ ਸੀ। ਹੌਬਸਬੌਮ ਵੀ ਮੰਨਦੇ ਹਨ ਕਿ ਅਜਿਹਾ ਨਹੀਂ ਸੀ। ਇਸ ਹਾਲਤ ਵਿੱਚ, ਇਹ ਮੰਨਣਾ ਪਵੇਗਾ ਕਿ ਸੋਵੀਅਤ ਸੰਘ ਵਿੱਚ ਸਮਾਜਕ ਬਣਤਰ ਸਮਾਜਵਾਦੀ ਸੀ ਕਿਉਂਕਿ ਉੱਥੇ ਸਮਾਜਵਾਦੀ ਰਾਜਸੱਤ੍ਹਾ ਕਾਇਮ ਸੀ ਅਤੇ ਇਹ ਸਮਾਜਵਾਦੀ ਰਾਜਸੱਤ੍ਹਾ ਉੱਪਰ ਤੋਂ ਸਥਾਪਿਤ ਨਹੀਂ ਹੋਈ ਸੀ, ਸਗੋਂ ਥੱਲੇ ਤੋਂ ਖੜ੍ਹੀ ਹੋਈ ਪ੍ਰੋਲੇਤਾਰੀ ਜਮਾਤ ਅਤੇ ਗਰੀਬ ਕਿਸਾਨਾਂ ਦੀਆਂ ਲਹਿਰਾਂ ਦੇ ਨਤੀਜੇ ਦੇ ਤੌਰ ‘ਤੇ ਸੁਭਾਵਿਕ ਪ੍ਰਕਿਰਿਆ ਵਿੱਚ ਸੱਤ੍ਹਾ ਵਿੱਚ ਆਈ ਸੀ। ਹੁਣ ਇਹ ਸਵਾਲ ਉੱਠਦਾ ਹੈ ਕਿ ਪ੍ਰੋਲੇਤਾਰੀ ਜਮਾਤ ਸਤਾਲਿਨ ਦੇ ਦੌਰ ਵਿੱਚ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਅੱਗੇ ਕਿਉਂ ਨਹੀਂ ਵੱਧ ਸਕੀ। ਨਿਸ਼ਚਿਤ ਤੌਰ ‘ਤੇ, ਮਜ਼ਦੂਰ ਜਮਾਤ ਦੇ ਹੱਥ ਵਿੱਚ ਫੈਸਲਾ ਲੈਣ ਦੀ ਤਾਕਤ ਆਉਣ ਦੀ ਪ੍ਰਕਿਰਿਆ 1920 ਦੇ ਦਹਾਕੇ ਦੇ ਦੂਜੇ ਅੱਧ ਵਿੱਚ ਰੁਕਣ ਲੱਗੀ ਸੀ ਅਤੇ ਬਾਅਦ ਵਿੱਚ ਇਹ ਪੂਰੀ ਤਰ੍ਹਾਂ ਖੜੋਤ ਦਾ ਸ਼ਿਕਾਰ ਹੋ ਕੇ ਪਿੱਛੇ ਵੱਲ ਵੀ ਗਈ। ਪਰ ਇਸਦੇ ਕਾਰਨਾਂ ਦਾ ਹੌਬਸਬੌਮ ਕੋਈ ਵਿਸ਼ਲੇਸ਼ਣ ਨਹੀਂ ਕਰਦੇ। ਇਸਦਾ ਕਾਰਨ ਸੀ ਸਮਾਜਵਾਦੀ ਸੰਕਰਮਣ ਦੀ ਇਕ ਗੈਰ-ਦਵੰਦਾਤਮਕ ਸਮਝ ਦਾ ਪਾਰਟੀ ਅੰਦਰ ਜੜ੍ਹ ਜਮਾਉਣਾ। ਇਸ ਆਰਥਿਕਤਾਵਾਦੀ ਸਮਝ ਅਨੁਸਾਰ ਰਾਜਸੱਤ੍ਹਾ ‘ਤੇ ਪ੍ਰੋਲਤਾਰੀ ਜਮਾਤ ਦੇ ਕਾਬਜ਼ ਹੋਣ ਅਤੇ ਸੰਪੱਤੀ ਸਬੰਧਾਂ ਦੇ ਧਰਾਤਲ ‘ਤੇ ਸਮਾਜਵਾਦੀ ਸਬੰਧਾਂ ਦੇ ਸਥਾਪਿਤ ਹੋਣ ਤੋਂ ਬਾਅਦ ਸਮਾਜਵਾਦੀ ਰਾਜਸੱਤ੍ਹਾ ਸਾਹਮਣੇ ਇਕ ਹੀ ਪ੍ਰਮੁੱਖ ਕੰਮ ਰਹਿ ਜਾਂਦਾ ਹੈ—ਪੈਦਾਵਾਰੀ ਤਾਕਤਾਂ ਦਾ ਵੱਧ ਤੋਂ ਵੱਧ ਸੰਭਵ ਤੇਜ਼ ਰਫ਼ਤਾਰ ਨਾਲ਼ ਵਿਕਾਸ, ਕਿਉਂ ਕਿ ਇਸੇ ਰਾਹੀਂ ਪੈਦਾਵਾਰ ਦੀ ਵਾਫਰ ਦੇ ਪੜਾਅ ਤੱਕ ਪਹੁੰਚਿਆ ਜਾ ਸਕਦਾ ਹੈ, ਜੋ ਕਿ ਕਮਿਊਨਿਸਟ ਸਮਾਜ ਦੀ ਉਤਪਤੀ ਦੀ ਬੁਨਿਆਦੀ ਸ਼ਰਤ ਹੈ। ਅੱਗੇ ਚੱਲ ਕੇ ਮਾਓ ਨੇ ਦੱਸਿਆ ਕਿ ਸਤਾਲਿਨ ਅਤੇ ਉਸਦੀ ਅਗਵਾਈ ਵਿੱਚ ਰੂਸੀ ਪਾਰਟੀ ਦੀ ਇਸ ਸਮਝ ਵਿੱਚ ਇਕ ਵੱਡੀ ਆਰਥਿਕਤਾਵਾਦੀ ਭੁੱਲ ਸੀ ਜੋ ਕਾਉਤਸਕੀ ਦੇ ਸਮੇਂ ਤੋਂ ਹੀ ਯੂਰਪੀ ਮਜ਼ਦੂਰ ਅਤੇ ਕਮਿਊਨਿਸਟ ਲਹਿਰ ਵਿੱਚ ਜੜ੍ਹਾਂ ਜਮਾਈ ਬੈਠੀ ਸੀ। ਇਹ ਆਰਥਿਕਤਾਵਾਦੀ ਸਮਝ ਇਸ ਗੱਲ ਨੂੰ ਸਮਝਣ ਤੋਂ ਨਾਕਾਮ ਰਹੀ ਕਿ ਸਮਾਜਵਾਦੀ ਰਾਜਸੱਤ੍ਹਾ ਸਥਾਪਿਤ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਪੈਦਾਵਾਰੀ ਸਬੰਧਾਂ ਦੇ ਇਨਕਲਾਬੀਕਰਨ ਦਾ ਕੰਮ ਜਾਰੀ ਰਹਿੰਦਾ ਹੈ; ਸੋਵੀਅਤ ਪਾਰਟੀ ਦੀ ਇਹ ਸਮਝ ਸੀ ਕਿ ਜਾਇਦਾਦ ਸਬੰਧ ਹੀ ਪੈਦਾਵਾਰੀ ਸਬੰਧ ਹੁੰਦੇ ਹਨ, ਅਤੇ ਇਸ ਲਈ ਨਿਜੀ ਜਾਇਦਾਦ ਦੇ ਖਾਤਮੇ ਤੋਂ ਬਾਅਦ ਪਾਰਟੀ ਇਸ ਗੱਲ ਨੂੰ ਲੈ ਕੇ ਮੁਕਾਬਲਤਨ ਬੇਪਰਵਾਹ ਹੋ ਗਈ ਕਿ ਬੁਰਜੂਆ ਅਨਸਰ ਹੁਣ ਵੀ ਰਾਜਪਲ਼ਟਾ ਕਰਨ ਦੀ ਸਥਿਤੀ ਵਿੱਚ ਆ ਸਕਦੇ ਹਨ ਅਤੇ ਸੋਵੀਅਤ ਸਮਾਜਵਾਦੀ ਅਰਥਚਾਰਾ ਹੁਣ ਵੀ ਕਿਰਤ ਵੰਡ ਰਾਹੀਂ ਬੁਰਜੂਆ ਸਬੰਧਾਂ ਨੂੰ ਮੁੜ-ਪੈਦਾ ਕਰ ਰਿਹਾ ਹੈ। ਮਾਓ ਨੇ ਦੱਸਿਆ ਕਿ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਜਾਇਦਾਦ ਸਬੰਧਾਂ ਦੇ ਧਰਾਤਲ ‘ਤੇ ਸਮਾਜਵਾਦੀ ਸਬੰਧਾਂ ਦੀ ਸਥਾਪਨਾ ਦੇ ਬਾਵਜੂਦ ਸਮਾਜ ਵਿੱਚ ਵਿਅਕਤੀਆਂ ਵਿਚਕਾਰ ਤਿੰਨ ਵੱਡੀਆਂ ਗੈਰ-ਬਰਾਬਰੀਆਂ — ਮਾਨਸਿਕ ਅਤੇ ਸ਼ਰੀਰਕ ਕਿਰਤ ਵਿਚਕਾਰ, ਪਿੰਡ ਅਤੇ ਸ਼ਹਿਰ ਵਿਚਕਾਰ, ਸਨਅਤ ਅਤੇ ਖੇਤੀ ਵਿਚਾਕਾਰ – ਮੌਜੂਦ ਰਹਿੰਦੀਆਂ ਹਨ ਅਤੇ ਇਸਦੇ ਕਾਰਨ ਜਿਣਸ ਪੈਦਾਵਾਰ ਅਤੇ ਵਟਾਂਦਰਾ ਸਬੰਧਾਂ ਦੀ ਮੌਜੂਦਗੀ ਬਰਕਰਾਰ ਰਹਿੰਦੀ ਹੈ। ਇਸਦੇ ਕਾਰਨ ਵਸਤੂਆਂ ਦੀ ਹੋਂਦ ਮਹਿਜ਼ ਵਰਤੋਂ ਕਦਰ ਕਰਕੇ ਨਹੀਂ ਸਗੋਂ ਵਟਾਂਦਰਾ ਕਦਰ ਦੇ ਤੌਰ ‘ਤੇ ਵੀ ਕਾਇਮ ਰਹਿੰਦੀ ਹੈ। ਜਦੋਂ ਤੱਕ ਇਹ ਤਿੰਨ ਗੈਰ ਬਰਾਬਰੀਆਂ ਅਤੇ ਇਹਨਾਂ ਦੇ ਅਧਾਰ ‘ਤੇ ਹੋਣ ਵਾਲ਼ੀ ਕਿਰਤ ਵੰਡ ਸਮਾਪਤ ਨਹੀਂ ਹੁੰਦੀ, ਜਦੋਂ ਤੱਕ ਮਹਿਜ਼ ਸਮਾਜਵਾਦੀ ਜਾਇਦਾਦ ਸਬੰਧਾਂ ਦੀ ਸਥਾਪਨਾ ਨਾਲ਼ ਇਹ ਸੁਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਕਿ ਹੁਣ ਸਰਮਾਏਦਾਰਾ ਮੁੜ-ਬਹਾਲੀ ਨਹੀਂ ਹੋਵੇਗੀ। ਇਤਿਹਾਸ ਨੇ ਮਾਓ ਦੀ ਇਸ ਸਿਖਿਆ ਨੂੰ ਸਿਧ ਕੀਤਾ ਹੈ। ਪਰ ਹੌਬਸਬੌਮ ਇਸ ਬਾਰੇ ਨਾਵਾਕਫ਼ ਪ੍ਰਤੀਤ ਹੁੰਦੇ ਹਨ। ਨਾ ਹੀ ਉਹ ਸੁੰਤਤਰ ਤੌਰ ‘ਤੇ ਇਸ ਨਤੀਜੇ ‘ਤੇ ਪਹੁੰਚਦੇ ਹਨ। ਨਤੀਜੇ ਵਜੋਂ, ਉਹਨਾਂ ਕੋਲ਼ ਸੋਵੀਅਤ ਸਮਾਜਵਾਦ ਦੀ ਇਕ ਮਾਰਕਸਵਾਦੀ ਅਲ਼ੋਚਨਾ ਨਹੀਂ ਹੈ ਅਤੇ ਉਹ ਮਹਿਜ ਕੁਝ ਤੱਥਾਤਮਕ ਨਤੀਜੇ ਸਾਹਮਣੇ ਲਿਆ ਕੇ ਅੱਗੇ ਵੱਧ ਜਾਂਦੇ ਹਨ, ਜਿਵੇਂ ਕਿ ਸੋਵੀਅਤ ਸੰਘ ਵਿੱਚ ਫੈਸਲੇ ਲੈਣ ਦੀ ਸਮਰੱਥਾ ਪ੍ਰੋਲੇਤਾਰੀ ਜਮਾਤ ਦੇ ਹੱਥ ਵਿੱਚ ਨਾ ਆਉਣ ਕਾਰਣ ਉਸਦਾ ਗੈਰਸਿਆਸੀਕਰਨ ਹੋਣਾ। ਇਹ ਅੰਸ਼ਕ ਤੌਰ ‘ਤੇ ਸੱਚ ਹੈ, ਪਰ ਇਸਦੇ ਪੂਰੇ ਵਿਸ਼ਲੇਸ਼ਣ ਨੂੰ ਸਾਹਮਣੇ ਨਾ ਰੱਖਿਆ ਜਾਵੇ ਤਾਂ ਸੋਵੀਅਤ ਪਾਰਟੀ ਬਾਰੇ ਅਤੇ ਵਿਸ਼ੇਸ਼ ਤੌਰ ‘ਤੇ ਸਤਾਲਿਨ ਬਾਰੇ ਇਕ ਦਵੰਦਾਤਮਕ ਸਮਝ ਨਹੀਂ ਬਣਾਈ ਜਾ ਸਕਦੀ ਹੈ। ਹੌਬਸਬੌਮ ਦੀ ਲੇਖਣੀ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਯੂਰਪੀ ਮਾਰਕਸਵਾਦ ਤੋਂ ਬਾਹਰ ਮਾਰਕਸਵਾਦ ਵਿੱਚ ਹੋਏ ਹੋਰਨਾਂ ਯੋਗਦਾਨਾਂ ਬਾਰੇ ਉਹਨਾਂ ਦੀ ਜਾਣਕਾਰੀ ਬੇਹੱਦ ਘੱਟ ਸੀ। ਤੁਹਾਨੂੰ ਹੌਬਸਬੌਮ ਦੀ ਪੂਰੀ ਲੇਖਣੀ ਵਿੱਚ ਕਿਤੇ ਵੀ ਮਾਓ ਦੀਆਂ ਯੁੱਗ ਪਲਟਾਊ ਦੇਣਾਂ ਬਾਰੇ ਕੋਈ ਵਿਸਥਾਰਿਤ ਚਰਚਾ ਨਹੀਂ ਮਿਲੇਗੀ। ਤੁਹਾਨੂੰ ਭਾਰਤ, ਜਪਾਨ, ਇੰਡੋਨੇਸ਼ੀਆ, ਇਰਾਨ, ਅਤੇ ਲਾਤੀਨੀ ਅਮਰੀਕਾ ਵਿੱਚ ਮੌਜੂਦ ਮਾਰਕਸਵਾਦੀ ਵਿਚਾਰ-ਸਰਣੀਆਂ ਬਾਰੇ ਵੀ ਕੋਈ ਵਿਸਥਾਰਿਤ ਪੇਸ਼ਕਾਰੀ ਨਹੀਂ ਮਿਲੇਗੀ। ਸਾਨੂੰ ਕੁਝ ਇੱਕ ਥਾਂਵਾਂ ‘ਤੇ ਮਾਰਿਯਾਤੇਗੁਈ ਦੇ ਨਾਂ ਦਾ ਜ਼ਿਕਰ ਮਿਲਦਾ ਹੈ ਜੋ ਮਾਰਕਸਵਾਦ ਅਤੇ ਦੇਸੀਵਾਦ ਦੇ ਮਿਸ਼ਰਣ ਦਾ ਇਕ ਵਿਸ਼ਿਸਟ ਸੰਸਕਰਣ ਤਿਆਰ ਕਰਦੇ ਹਨ; ਤੁਹਾਨੂੰ ਭਾਰਤ ਦੀ ਕਮਿਊਨਿਸਟ ਲਹਿਰ ਬਾਰੇ ਕੁਝ ਚਲਦੇ ਚਲਦੇ ਕੀਤੀਆਂ ਗਈਆਂ ਟਿਪਣੀਆਂ ਮਿਲ਼ ਸਕਦੀਆਂ ਹਨ। ਪਰ ਨਿਸ਼ਚਿਤ ਤੌਰ ‘ਤੇ ਇਹ ਕਾਫ਼ੀ ਨਹੀਂ ਹੈ। ਜਾਹਿਰ ਹੈ ਕਿ ਇਕ ਵਿਅਕਤੀ ਤੋਂ ਹਰ ਗੱਲ ਦੀ ਜਾਣਕਾਰੀ ਹੋਣ ਦੀ ਉਮੀਦ ਕਰਨਾ ਹੀ ਗਲਤ ਹੈ। ਪਰ ਜਿੰਨੀਆਂ ਚੀਜ਼ਾਂ ਬਾਰੇ ਹੌਬਸਬੌਮ ਨੇ ਆਪਣੇ ਵਿਚਾਰ ਸਾਕਾਰਤਮਕ ਅਤੇ ਸਪੱਸ਼ਟ ਰੂਪ ਵਿੱਚ ਰੱਖੇ ਹਨ, ਉਹਨਾਂ ਤੋਂ ਹੀ ਹੌਬਸਬੌਮ ਦੇ ਵਿਧੀਸ਼ਾਸਤਰ ਅਤੇ ਪਹੁੰਚ ਬਾਰੇ ਕਾਫ਼ੀ ਨਤੀਜੇ ਕੱਢੇ ਜਾ ਸਕਦੇ ਹਨ। ਅਤੇ ਜਿਨ੍ਹਾਂ ਚੀਜਾਂ ਨੂੰ ਹੌਬਸਬੌਮ ਦੇਖਣ ਅਤੇ ਸਮਝਣ ਵਿੱਚ ਉੱਕ ਗਏ ਉਹ ਸੰਸਾਰ ਇਤਿਹਾਸ ਦੀਆਂ ਕੋਈ ਖੇਤਰੀ ਅਤੇ ਗੈਰ-ਮਹੱਤਵਪੂਰਣ ਘਟਨਾਵਾਂ ਨਹੀਂ ਸਨ; ਯੁੱਗ ਪਲਟਾਊ ਘਟਨਾਵਾਂ ਸਨ। ਇਸ ਲਈ ਕਿਤੇ ਨਾ ਕਿਤੇ ਹੌਬਸਬੌਮ ਦੀ ਪਹੁੰਚ ਵਿੱਚ ਇਕ ਅਧੂਰਾਪਣ ਨਜ਼ਰ ਆਉਂਦਾ ਹੈ।

ਹੌਬਸਬੌਮ ਨੇ ਮੌਤ ਤੋਂ ਕੁਝ ਸਮੇਂ ਪਹਿਲਾਂ ਆਪਣੀ ਇਕ ਇੰਟਰਵਿਊ ਵਿੱਚ ਕਿਹਾ ਕਿ ਜਦ ਉਨ੍ਹਾਂ ਨੇ ‘ਏਜ ਆਫ਼ ਏਕਸਟ੍ਰੀਮਜ਼’ (1994) ਲਿਖੀ ਸੀ ਤਾਂ ਉਦੋਂ ਤੋਂ ਸੰਸਾਰ ਵਿੱਚ ਕਾਫ਼ੀ ਬਦਲਾਅ ਆ ਚੁੱਕੇ ਹਨ। ਇਹਨਾਂ ਤਬਦੀਲੀਆਂ ਵਿੱਚ ਹੌਬਸਬੌਮ ਨੇ ਦੁਨੀਆਂ ਦੇ ਆਰਥਿਕ ਕੇਂਦਰ ਦੇ ਦੱਖਣੀ-ਪੂਰਬੀ ਏਸ਼ੀਆ ਵਿੱਚ ਥਾਂ-ਬਦਲੀ ਕਰਨ, ਇਕ ਧਰੁਵੀ ਸੰਸਾਰ ਦਾ ਪ੍ਰੋਜੈਕਟ ਅਸਫਲ ਹੋ ਜਾਣ, ਵਿਕਾਸਸ਼ੀਲ ਦੇਸ਼ਾਂ ਦੇ ਨਵੇਂ ਧੜੇ ਦੇ ਪੈਦਾ ਹੋ ਜਾਣ ਅਤੇ ਕੌਮੀ ਰਾਜਾਂ ਦੇ ਹੋਰ ਕਮਜ਼ੋਰ ਹੋ ਜਾਣ ਨੂੰ ਗਿਣਿਆ ਹੈ। ਹੌਬਸਬੌਮ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕਰਦੇ ਹਨ ਕਿ ਅਮਰੀਕਾ ਦੀ ਹਾਕਮ ਜਮਾਤ ਹੁਣ ਵੀ ਆਪਣੇ ਨਵਰੂੜ੍ਹੀਵਾਦੀ (ਨਵਉਦਾਰਵਾਦੀ) ਪ੍ਰੌਜੈਕਟ ਦੀ ਸਫ਼ਲਤਾ ‘ਤੇ ਯਕੀਨ ਕਰ ਸਕਦੀ ਹੈ। ਹੌਬਸਬੌਮ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਮਾਕਪਾ ਦੀ ਹਾਰ ‘ਤੇ ਵੀ ਹੈਰਾਨੀ ਪ੍ਰਗਟ ਕੀਤੀ। ਇਸ ਆਖਰੀ ਗੱਲ ਨੂੰ ਅਸੀਂ ਆਪਣੇ ਵਿਚਾਰ ਦੇ ਦਾਇਰੇ ਤੋਂ ਬਾਹਰ ਕਰ ਸਕਦੇ ਹਾਂ ਕਿਉਂਕਿ ਅਕਾਦਮਿਕ ਤੌਰ ‘ਤੇ ਇਕ ਉੱਤਮ ਮਾਰਕਸਵਾਦੀ ਬਣੇ ਰਹਿਣ ਦੇ ਬਾਵਜੂਦ ਸਿਆਸੀ ਤੌਰ ‘ਤੇ ਉਹਨਾਂ ਦੀ ਹਮਾਇਤ 1956 ਤੋਂ ਬਾਅਦ ਤੋਂ ਹੀ ਸੋਧਵਾਦ ਨਾਲ਼ ਬਣੀ ਰਹੀ, ਭਾਂਵੇਂ ਕੁਝ ਅਸਹਿਮਤੀਆਂ ਨਾਲ਼। ਪਰ ਜੇਕਰ ਹੌਬਸਬੌਮ ਦੁਆਰਾ ਗਿਣਾਈਆਂ ਗਈਆਂ ਤਬਦੀਲੀਆਂ ‘ਤੇ ਨਜ਼ਰ ਪਾਈਏ ਤਾਂ ਅਸੀਂ ਸਪੱਸ਼ਟ ਰੂਪ ਵਿੱਚ ਹੌਬਸਬੌਮ ਅੰਦਰ ਫਿਰ ਤੋਂ ਆਸ਼ਾਵਾਦ ਦੇ ਸੰਚਾਰ ਦੇ ਕੁਝ ਤੱਤ ਦੇਖ ਸਕਦੇ ਹਾਂ। 1990 ਦੇ ਦਹਾਕੇ ਵਿੱਚ ਸਾਮਰਾਜਵਾਦੀ ਜਿੱਤਵਾਦ ਦੇ ਖਾਤਮੇ ਨਾਲ਼ ਹੌਬਸਬੌਮ ਨਿਸ਼ਚਿਤ ਤੌਰ ‘ਤੇ ਕੁਝ ਉਮੀਦ ਵਿੱਚ ਨਜ਼ਰ ਆਉਂਦੇ ਹਨ। ਪਰ ਇਸਦੇ ਬਾਵਜੂਦ ਹੌਬਸਬੌਮ ਇਸ ਇੰਟਰਵਿਊ ਵਿੱਚ ਮੰਨਦੇ ਹਨ ਕਿ ਮਜ਼ਦੂਰ ਜਮਾਤ ਲਈ ਫਿਰ ਤੋਂ ਜੱਥੇਬੰਦ ਹੋਣਾ ਇਕ ਬਹੁਤ ਮੁਸ਼ਕਿਲ ਕੰਮ ਹੈ। ਇਸਦੇ ਪ੍ਰਮੁੱਖ ਕਾਰਨ ਦੇ ਤੌਰ ‘ਤੇ ਉਹ ਗੈਰ-ਰਸਮੀਕਰਨ ਨੂੰ ਮੰਨਦੇ ਹਨ। ਇਹ ਤੱਥਾਤਮਕ ਤੌਰ ‘ਤੇ ਸਹੀ ਨਹੀਂ ਹੈ। ਪਰ ਇਸਦੇ ਹੱਲ ਦੇ ਤੌਰ ‘ਤੇ ਹੌਬਸਬੌਮ ਮਜ਼ਦੂਰ ਜਮਾਤ ਅਤੇ ਉਸਦੇ ਹਰਾਵਲ ਭਾਵ ਕਮਿਊਨਿਸਟ ਪਾਰਟੀ ਦੀ ਆਗੂ ਭੂਮਿਕਾ ਨੂੰ ਛੱਡਣ ਲਈ ਤਿਆਰ ਨਜ਼ਰ ਆਉਂਦੇ ਹਨ, ਜਿਸ ‘ਤੇ ਅੱਜ ਦੇ ਦੌਰ ਵਿੱਚ ਖਾਸ ਤੌਰ ‘ਤੇ ਜ਼ੋਰ ਪਾਇਆ ਜਾਣਾ ਚਾਹੀਦਾ ਹੈ। ਅਰਬ ਲੋਕ ਉਭਾਰ ਅਤੇ ‘ਵਾਲ ਸਟ੍ਰੀਟ ਕਬਜ਼ਾ ਕਰੋ’ ਲਹਿਰਾਂ ਨੇ ਬਿਲਕੁਲ ਇਹੋ ਦਿਖਾਇਆ ਹੈ ਕਿ ਅੱਜ ਮਜ਼ਦੂਰ ਜਮਾਤ ਦੀ ਅਗਵਾਈ ਅਤੇ ਉਸਦੇ ਹਰਾਵਲ ਦੀ ਜ਼ਰੂਰਤ ਲੈਨਿਨ ਦੇ ਸਮੇਂ ਤੋਂ ਵੀ ਜਿਆਦਾ ਹੈ। ਬਾਲਸ਼ਵਿਕ ਪਾਰਟੀ ਦੀ ਜ਼ਰੂਰਤ ਅੱਜ ਪਹਿਲਾਂ ਕਦੇ ਤੋਂ ਵੀ ਵੱਧ ਹੈ। ਪਰ ਹੌਬਸਬੌਮ ਮਜ਼ਦੂਰ ਜਮਾਤ ਦੀ ਸਰੰਚਨਾ ਵਿੱਚ ਆਈਆਂ ਤਬਦੀਲੀਆਂ ਅਤੇ ਉਸ ਕਾਰਨ ਪੈਦਾ ਹੋਈਆਂ ਨਵੀਂਆਂ ਚੁਣੌਤੀਆਂ ਦੇ ਹੱਲ ਦੇ ਤੌਰ ‘ਤੇ ਲੈਨਿਨਵਾਦੀ ਪਾਰਟੀ ਸਿਧਾਂਤ ਅਤੇ ਮਜ਼ਦੂਰ ਜਮਾਤ ਦੀ ਇਨਕਾਲਬੀ ਅਗਵਾਈ ਦੇ ਸਿਧਾਂਤ ਨੂੰ ਛੱਡ ਦੇਣ ਲਈ ਤਿਆਰ ਹਨ। ਮਜ਼ਦੂਰ ਜਮਾਤ ਦੀ ਇਨਕਲਾਬੀ ਸੰਭਾਵਨਾ ਸੰਪਨਤਾ ਵੱਲ ਉਹ ਸ਼ੰਕਾਵਾਦੀ ਹਨ। ਅਤੇ ਮੌਤ ਤੱਕ ਇਹ ਇਸ ਸੰਭਾਵਨਾ ਵੱਲ ਸ਼ੰਕਾਵਾਦੀ ਬਣੇ ਰਹੇ। ਸਵੈਚਾਲਨ ਨੇ ਮਜ਼ਦੂਰ ਜਮਾਤ ਦੇ ਖਾਸੇ ਨੂੰ ਬਦਲ ਦਿੱਤਾ ਹੈ ਅਤੇ ਉਸਦੇ ਇਨਕਲਾਬੀ ਤੱਤ ਨੂੰ ਖੋਰ ਦਿੱਤਾ ਹੈ, ਅਜਿਹਾ ਹੌਬਸਬੌਮ ਦਾ ਮੰਨਣਾ ਸੀ। ਇਸ ਲਈ ਉਹ ਸਮੁੱਚੀ ਗਰੀਬ ਅਬਾਦੀ ਅਤੇ ਬੌਧਿਕ ਮੱਧਵਰਗ ਦੇ ਸਹਿਯੋਗ ਦੀ ਗੱਲ ਕਰਦੇ ਹਨ ਅਤੇ ਇਸੇ ਮੋਰਚੇ ਵਿੱਚ ਉਮੀਦ ਦੀਆਂ ਕਿਰਨਾਂ ਤਲਾਸ਼ਦੇ ਹਨ। ਜਾਹਿਰ ਹੈ, ਅਜਿਹਾ ਹੋਣਾ ਸੰਭਵ ਨਹੀਂ ਹੈ। ਪ੍ਰੋਲੇਤਾਰੀ ਜਮਾਤ ਦੀ ਇਨਕਲਾਬੀ ਸੰਭਾਵਨਾ ਵਿੱਚ ਕੋਈ ਘਾਟ ਨਹੀਂ ਹੈ, ਉਲ਼ਟਾ ਇਹ ਵਧ ਰਹੀ ਹੈ। ਬਸ ਉਸਨੂੰ ਅੱਜ ਵਿਕਸਿਤ ਦੇਸ਼ਾਂ ਵਿੱਚ ਲੱਭਣ ਦੀ ਥਾਂ, ਹੌਬਸਬੌਮ ਨੂੰ ‘ਤੀਸਰੀ ਦੁਨੀਆਂ’ ਦੇ ਦੇਸ਼ਾਂ ਦੀ ਪ੍ਰੋਲੇਤਾਰੀ ਜਮਾਤ ‘ਤੇ ਨਜ਼ਰ ਦੌੜਾਉਣੀ ਚਾਹੀਦੀ ਸੀ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਬੌਧਿਕ ਮੱਧਵਰਗ ਆਪਣੀਆਂ ਬਚੀ-ਖੁਚੀਆਂ ਇਨਕਲਾਬੀ ਸੰਭਵਨਾਵਾਂ ਵੀ ਗਵਾਉਂਦਾ ਜਾ ਰਿਹਾ ਹੈ। ਪਰ ਨਿਰਾਸ਼ਾਵਾਦ ਅਤੇ ਸ਼ੰਕਾਵਾਦ ਕਾਰਨ ਹੌਬਸਬੌਮ ਇਸ ਸੱਚਾਈ ਨੂੰ ਦੇਖ ਨਹੀਂ ਸਕ ਰਹੇ ਸਨ। ਆਪਣੇ ਇਹਨਾਂ ਰੁਝਾਨਾਂ ਕਰਕੇ ਹੀ ਹੌਬਸਬੌਮ ਇਕ ਸਮੇਂ ‘ਨਿਊ ਲੇਬਰ’ ਦੇ ਸਮਰਥਕ ਅਤੇ ਇਥੋਂ ਤੱਕ ਕਿ ਉਸਦੇ ਸਿਧਾਂਤਕਾਰ ਬਣ ਗਏ ਸਨ। ਇਹ ‘ਨਿਊ ਲੇਬਰ’ ਉਹੀ ਲਹਿਰ ਸੀ ਜਿਸਦੀ ਸ਼ੁਰੂਆਤ ਨੀਲ ਕਿਨੌਕ ਨੇ ਕੀਤੀ ਸੀ। ਨੀਲ ਕਿਨੌਕ ਨੇ ਬ੍ਰਿਟਿਸ਼ ਲੇਬਰ ਪਾਰਟੀ ਵਿੱਚ ਮੌਜੂਦ ਸਾਰੇ ਰੈਡੀਕਲ ਮਾਰਕਸਵਾਦੀਆਂ ਨੂੰ ਕੱਢ ਬਾਹਰ ਕਰ ਦਿੱਤਾ ਸੀ ਅਤੇ ਲੇਬਰ ਪਾਰਟੀ ਤੋਂ ਸਿਧੇ-ਸਿੱਧੇ ਸੱਜੇਪੱਖ ਦੇ ਰਾਹ ‘ਤੇ ਪਾ ਦਿੱਤਾ ਸੀ। ਇਸੇ ਲਹਿਰ ‘ਤੇ ਸਵਾਰ ਹੋ ਕੇ ਟੋਨੀ ਬਲੇਅਰ ਸੱਤਾ ਵਿੱਚ ਪਹੁੰਚਿਆ ਸੀ। ਇਸ ਰਸਤੇ ਨੂੰ ਸਮਰਥਨ ਦੇਣ ਵਾਲ਼ਿਆਂ ਵਿੱਚ ਸਮਾਜਸ਼ਾਸਤਰੀ ਏਂਥਨੀ ਗਿਡੇਂਸ ਵੀ ਸਨ, ਜਿਨ੍ਹਾਂ ਨੇ ਇਸਨੂੰ ”ਤੀਸਰਾ ਰਸਤਾ” (ਭਾਵ ਸਰਮਾਏਦਾਰੀ ਅਤੇ ਸਮਾਜਵਾਦ ਤੋਂ ਵੱਖ) ਦਾ ਨਾਂ ਦਿੱਤਾ ਸੀ! ਬਾਅਦ ਵਿੱਚ ਪਤਾ ਲੱਗਿਆ ਕਿ ਤੀਸਰਾ ਰਾਹ ਕੋਈ ਨਹੀਂ ਹੁੰਦਾ, ਅਤੇ ਬਲੇਅਰ ਆਪਣੇ ਖੁੱਲੇ ਸਾਮਰਾਜਵਾਦੀ ਰੂਪ ਵਿੱਚ ਸੰਸਾਰ ਸਾਹਮਣੇ ਸੀ। ਗਿਡੇਂਸ ਜਿਹੇ ਮੌਕਾਪ੍ਰਸਤ ਲੋਕ ਤਾਂ ਬਲੇਅਰ ਦੇ ਨਵਉਦਾਰਵਾਦੀ ਅਤੇ ਸਾਮਰਾਜਵਾਦੀ ਰਾਜ ਨੂੰ ਹੀ ਸਹੀ ਠਹਿਰਾਉਣ ਲਈ ਸਿਧਾਂਤ ਘੜਨ ਦਾ ਕੰਮ ਕਰਦੇ ਰਹੇ, ਪਰ ਹੌਬਸਬੌਮ ਨੇ ਤੁਰੰਤ ਹੀ ਆਪਣੀ ਗਲਤੀ ਪਹਿਚਾਣੀ ਅਤੇ ਬਲੇਅਰ ਨੂੰ ”ਥੈਚਰ ਇਨ ਟ੍ਰਾਊਜਰਜ਼” ਕਹਿ ਕੇ ਆਪਣਾ ਰਸਤਾ ਵੱਖ ਕਰ ਲਿਆ। ਸਿਧਾਂਤਕ ਤੌਰ ‘ਤੇ, ਉਹ ਮਾਰਕਸਵਾਦ ਨਾਲ਼ ਖੜ੍ਹੇ ਰਹੇ, ਪਰ ਆਪਣੇ ਨਿਰਾਸ਼ਾਵਾਦ ਕਰਕੇ ਹੌਬਸਬੌਮ ਸੰਸਾਰ ਵਿੱਚ ”ਮੌਜੂਦ ਬਦਲਾਂ” ਵਿੱਚੋਂ ਘੱਟ ਬੁਰੇ ਦੀ ਚੋਣ ਕਰਦੇ ਰਹੇ। ਇਹੋਂ ਕਾਰਨ ਸੀ ਕਿ 2009 ਵਿੱਚ ਹੌਬਸਬੌਮ ਨੇ ‘ਦਿ ਗਾਰਡੀਅਨ’ ਦੇ ਇਕ ਲੇਖ ਵਿੱਚ ਮਿਸ਼ਰਿਤ ਅਰਥਚਾਰੇ ਦੀ ਹਿਮਾਇਤ ਕੀਤੀ ਜਿਸਦੀਆਂ ਨੀਤੀਆਂ ਸਮਾਜਵਾਦੀ ਦਿਸ਼ਾ ਵਾਲ਼ੀਆਂ ਹੋਣ। ਜਾਹਿਰ ਹੈ, ਅਜਿਹਾ ਕੋਈ ਰਾਹ ਸਰਮਾਏਦਾਰੀ ਅੰਦਰ ਸੰਭਵ ਨਹੀਂ ਹੈ। ਪਰ ਬੌਧਿਕ ਇਮਾਨਦਾਰੀ ਅਤੇ ਸਿਆਸੀ ਨਿਰਾਸ਼ਾਬੋਧ ਦਾ ਦਵੰਦ ਹੌਬਸਬੌਮ ਦੇ ਪੈਂਤੜੇ ਨੂੰ ਕਈ ਜਗ੍ਹਾ ‘ਤੇ ਸਹੀ ਮਾਰਕਸਵਾਦੀ ਪੈਂਤੜੇ ਤੋਂ ਬਹੁਤ ਦੂਰ ਖੜਾ ਕਰ ਦਿੰਦਾ ਸੀ।

ਹੌਬਸਬੌਮ ਇਕ ਜਟਿਲ ਵਿਅਕਤੀਤਵ ਸਨ। ਬੌਧਿਕ ਇਮਾਨਦਾਰੀ ਅਤੇ ਪਿਛਾਖੜ ਦੇ ਦੌਰ ਵਿੱਚ ਜਿਉਣ ਕਰਕੇ ਪੈਦਾ ਹੋਣ ਵਾਲ਼ੇ ਨਿਰਾਸ਼ਾਵਾਦ ਦੇ ਦਵੰਦ ਕਰਕੇ ਇਹ ਜਟਿਲਤਾ ਹੋਰ ਵੀ ਵੱਧ ਜਾਂਦੀ ਹੈ। ਪਰ ਨਿਸ਼ਚਿਤ ਤੌਰ ‘ਤੇ ਉਹ ਉਹਨਾਂ ਸਾਬਕਾ ਮਾਰਕਸਵਾਦੀਆਂ ਨਾਲ਼ੋਂ ਲੱਖਾਂ ਗੁਣਾ ਬੇਹਤਰ ਬੁੱਧੀਜੀਵੀ ਅਤੇ ਇਨਸਾਨ ਸਨ, ਜੋ ਪੂਰੀ ਤਰ੍ਹਾਂ ਸਰਮਾਏਦਾਰੀ ਅਤੇ ਸਾਮਰਾਜਵਾਦ ਦੀ ਗੋਦੀ ਵਿੱਚ ਬੈਠ ਗਏ ਸਨ ਅਤੇ ਦਵੰਦਮੁਕਤ ਹੋ ਗਏ ਸਨ; ਨਾ ਹੀ ਹੌਬਸਬੌਮ ਨੇ ਕਦੇ ਮਾਰਕਸਵਾਦ ਵਿੱਚ ਸੋਚੇ-ਸਮਝੇ ਤੌਰ ‘ਤੇ ਕੋਈ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਭਾਂਵੇਂ ਕਿ ਉਹਨਾਂ ਦੀ ਸਮਝ ਉੱਤੇ ਬਹਿਸ ਹੋ ਸਕਦੀ ਹੈ; ਹੌਬਸਬੌਮ ਨੇ ਕਦੇ ਮਾਰਕਸ, ਏਂਗਲਜ਼, ਲੈਨਿਨ, ਸਤਾਲਿਨ ਅਤੇ ਮਾਓ ਵੱਲ ਕਦੇ ਕੋਈ ਬੇਇਜਤੀ ਜਾਂ ਗਾਲ਼ੀ-ਗਲ਼ੋਚ ਜਿਹੀ ਘਟੀਆ ਹਰਕਤ ਨਹੀਂ ਕੀਤੀ, ਜਿਹਾ ਕਿ ਅੱਜਕੱਲ ਦੇ ਕਈ ਸਿਆਸੀ ਨੌਸਿਖਿਏ ਕਰ ਰਹੇ ਹਨ, ਜੋ ਕਿ ਆਪਣੇ ਆਪ ਨੂੰ ਮਾਰਕਸਵਾਦੀ ਵੀ ਕਹਿੰਦੇ ਹਨ; ਹੌਬਸਬੌਮ ਆਖਰੀ ਸਾਹ ਤੱਕ ਬਾਲਸ਼ਵਿਕ ਇਨਕਲਾਬ ਦੇ ਏਜੰਡੇ ਨਾਲ਼ ਆਤਮਿਕ ਤੌਰ ‘ਤੇ ਜੁੜੇ ਰਹੇ ਅਤੇ ਲਗਾਤਾਰ ਉਮੀਦਾਂ ਦੇ ਸੋਮਿਆਂ ਦੀ ਤਲਾਸ਼ ਕਰਦੇ ਰਹੇ। ਪਰ ਅਨਿਰੰਤਰ ਅਤੇ ਗੈਰਇੱਕਸਾਰ ਮਾਰਕਸਵਾਦੀ ਪਹੁੰਚ ਅਤੇ ਵਿਧੀ ਕਰਕੇ ਉਹ ਅਕਸਰ ਆਪਣੀ ਤਲਾਸ਼ ਵਿੱਚ ਨਾਕਾਮ ਰਹੇ।  

ਪਰ ਆਪਣੇ ਸੁਨਹਿਰੇ ਦੌਰ ਵਿੱਚ ਹੌਬਸਬੌਮ ਨੇ ਜੋ ਮਾਰਕਸਵਾਦੀ ਇਤਿਹਾਸ ਲਿਖਿਆ ਉਹ ਅੱਜ ਵੀ ਸਰਵਉੱਤਮ ਮਾਰਕਸਵਾਦੀ ਇਤਿਹਾਸ ਲੇਖਣੀ ਵਿੱਚ ਗਿਣਿਆ ਜਾਂਦਾ ਹੈ। ਹੌਬਸਬੌਮ ਦੀ ਇਤਿਹਾਸ ਲੇਖਣੀ ਨਿਸ਼ਚਿਤ ਤੌਰ ‘ਤੇ ਈ.ਪੀ.ਥਾਮਸ ਦੇ ਸਮਾਜਿਕ ਇਤਿਹਾਸ ਦੀ ਧਾਰਾ ਤੋਂ ਵੱਖ ਸੀ, ਜਿਸਦਾ ਆਪਣਾ ਵੱਖ ਕਿਸਮ ਦਾ ਯੋਗਦਾਨ ਰਿਹਾ ਹੈ (ਅਤੇ ਜਿਸਨੇ ਇਕ ਵੱਖ ਤਰ੍ਹਾਂ ਨਾਲ਼ ਮਾਰਕਸਵਾਦ ਨੂੰ ਨੁਕਸਾਨ ਵੀ ਪਹੁੰਚਾਇਆ ਸੀ!); ਉਹ ਕ੍ਰਿਸਟੋਫਰ ਹਿਲ ਦੀ ਇਤਿਹਾਸ ਲੇਖਣੀ ਜਿੰਨੀ ਕੇਂਦਰਿਤ ਅਤੇ ਸਟੀਕ ਵੀ ਨਹੀਂ ਸੀ। ਪਰ ਹੌਬਸਬੌਮ ਜਿਹੀ ਵਿਆਪਕ (ਸਥਾਨ ਦੇ ਅਧਾਰ ‘ਤੇ ਵੀ ਅਤੇ ਸਮੇਂ ਦੇ ਅਧਾਰ ‘ਤੇ ਵੀ) ਦ੍ਰਿਸ਼ਟੀ ਸਾਨੂੰ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀ। ਵਿਸ਼ੇ ਦਾ ਇਕ ਵਿਸਥਾਰਿਤ ਦੁਮੇਲ, ਸਮੇਂ ਦੀ ਇਕ ਲੰਮੀ ਰੇਖਾ ਅਤੇ ਸਮਾਜਿਕ ਤੇ ਆਰਥਿਕ ਇਤਿਹਾਸ ਲੇਖਣੀ ਦਾ ਇਕ ਦਿਲਚਸਪ ਤਾਲਮੇਲ ਹੌਬਸਬੌਮ ਦੀ ਇਤਿਹਾਸ ਲੇਖਣੀ ਦੇ ਵਿਸ਼ੇਸ਼ ਗੁਣ ਹਨ। ਇਹੋ ਕਾਰਨ ਹੈ ਕਿ ਅੱਜ ਵੀ ਯੂਰਪੀ ਇਨਕਲਾਬਾਂ, ਸਰਮਾਏਦਾਰੀ ਅਤੇ ਸਨਅਤੀਕਰਨ ‘ਤੇ ਲਿਖੀਆਂ ਗਈਆਂ ਉਹਨਾਂ ਦੀਆਂ ਕਿਰਤਾਂ ਇਤਿਹਾਸ ਦੇ ਵਿਦਿਆਰਥੀ ਚਾਅ ਨਾਲ਼ ਪੜ੍ਹਦੇ ਹਨ। ਅਤੇ ਸਾਨੂੰ ਉਮੀਦ ਹੈ, ਸਗੋਂ ਕਹਿਣਾ ਚਾਹੀਦਾ ਹੈ ਕਿ ਸਾਨੂੰ ਪਤਾ ਹੈ, ਇਹ ਕਿਰਤਾਂ ਆਉਣ ਵਾਲ਼ੇ ਲੰਮੇ ਸਮੇਂ ਤੱਕ ਉਸੇ ਚਾਅ ਅਤੇ ਦਿਲਚਸਪੀ ਨਾਲ਼ ਪੜ੍ਹੀਆਂ ਜਾਂਦੀਆਂ ਰਹਿਣਗੀਆਂ।

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s