ਏਮੀਲ ਜ਼ੋਲਾ- ਜਿੰਦਗੀ ਅਤੇ ਸੰਘਰਸ਼ ਲਈ ਸਮਰਪਿਤ ਮਨੁੱਖੀ ਰੂਹ —ਕਾਤਿਆਇਨੀ,ਸੱਤਿਅਮ

emile zola

(ਪੀ.ਡੀ.ਐਫ਼ ਡਾਊਨਲੋਡ ਕਰੋ)

 ਸੁੰਦਰਤਾ ਜਾਂ ਪੂਰਨਤਾ ਨਾਲ਼ ਮੈਨੂੰ ਜਿਆਦਾ ਮਤਲਬ ਨਹੀਂ ਹੈ। ਮਹਾਨ ਸਦੀਆਂ ਦੀ ਮੈਂ ਚਿੰਤਾ ਨਹੀਂ ਕਰਦਾ। ਮੈਂ ਸਿਰਫ਼ ਜਿੰਦਗੀ, ਸੰਘਰਸ਼, ਭਾਵਾਂ ਦੇ ਪ੍ਰਗਟਾਵੇ ਨਾਲ਼ ਸਰੋਕਾਰ ਰੱਖਦਾ ਹਾਂ। (ਮੇਰੀਆਂ ਨਫ਼ਰਤਾਂ-ਏਮੀਲ ਜ਼ੋਲਾ,1866)

ਰੋਮਾਂਚਵਾਦੀ ਸੁਪਨਸਾਜ਼ੀ ਦੀ ਜਾਂ ਕੌੜੇ ਯਥਾਰਥ ਦੇ ਆਦਰਸ਼ੀਕਰਨ ਦੀ ਪ੍ਰਵਿਰਤੀ ਉਸ ਵਿੱਚ ਜ਼ਰਾ ਜਿੰਨੀ ਵੀ ਨਹੀਂ ਸੀ। ਜਿੰਦਗੀ ਦੇ ਹਨ੍ਹੇਰੇ, ਕਰੂਪ ਅਤੇ ਇਥੋਂ ਤੱਕ ਕਿ ਨਿਰਾਸ਼ਾਪੂਰਨ ਪੱਖਾਂ ਨੂੰ ਸਾਹਮਣੇ ਲਿਆਉਣਾ ਉਹ ਕਲਾਕਾਰ ਦੀ ਸਮਾਜਿਕ ਨੈਤਿਕ ਜਿੰਮੇਵਾਰੀ ਸਮਝਦਾ ਸੀ। ਉਸਦੀ ਅੰਤਿਮ ਵਿਦਾਈ ਦੇ ਮੌਕੇ ‘ਤੇ ਅਗਲੀ ਪੀੜ੍ਹੀ ਦੇ ਇੱਕ  ਮੋਹਰੀ ਯਥਾਰਥਵਾਦੀ ਫਰਾਂਸੀਸੀ ਲੇਖਕ ਅਨਾਤੋਲ ਫਰਾਂਸ ਨੇ ਕਿਹਾ ਸੀ-”ਉਹ ਇਨਸਾਨੀ ਰੂਹ ਦਾ ਇੱਕ ਪਲ਼ ਸੀ।”

ਏਮੀਲ ਜ਼ੋਲਾ ਆਪਣੇ ਸਮੇਂ ਵਿੱਚ ਅਤੇ ਉਸਤੋਂ ਬਾਅਦ ਵੀ, ਵਿਵਾਦਗ੍ਰਸਤ ਅਤੇ ਆਮ ਤੌਰ ‘ਤੇ ਅਪਸੰਸਦੀਦਾ ਬਣਿਆ ਰਿਹਾ। ਪਰ ਆਪਣੇ ਜੀਵਨ ਕਾਲ਼ ਵਿੱਚ ਹੀ ਉਸਨੂੰ ਜਿੰਨਾਂ ਵੱਡਾ ਪਾਠਕ ਵਰਗ ਮਿਲਿਆ ਅਤੇ ਆਪਣੇ ਸਮਕਾਲੀਨ ਅਤੇ ਆਪਣੀ ਪੀੜ੍ਹੀ ਦੇ ਲੇਖਕਾਂ ਉੱਤੇ ਉਹਨੇ ਜਿੰਨਾਂ ਵਿਸ਼ਾਲ ਅਤੇ ਡੂੰਘਾ ਪ੍ਰਭਾਵ ਪਾਇਆ, ਓਨਾ ਬਹੁਤ ਹੀ ਘੱਟ ਲੇਖਕਾਂ ਲਈ ਸੰਭਵ ਹੋ ਸਕਿਆ ਹੈ। ਉਸਦੀਆਂ ਰਚਨਾਵਾਂ 1872 ‘ਚ ਹੀ ਰੂਸ ਵਿੱਚ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਅੱਗੇ ਚੱਲ ਕੇ, ਉਸਦੀਆਂ ਕੁਝ ਰਚਨਾਵਾਂ ਫਰਾਂਸ ਤੋਂ ਵੀ ਰੂਸ ਪਹਿਲਾਂ ਵਿੱਚ ਪ੍ਰਕਾਸ਼ਿਤ ਹੋਈਆਂ। ਇਵਾਨ ਤੁਰਗਨੇਵ ਅਤੇ ਤਾਲਸਤਾਏ ਦੀ ਅਪੀਲ ‘ਤੇ 1875 ਤੋਂ 1880 ਵਿਚਕਾਰ ‘ਵੇਸਤਨਿਕ ਏਵਰੋਪੀ’ ਮੈਗਜ਼ੀਨ ਲਈ ਜ਼ੋਲਾ ਨੇ ਨਿਯਮਤ ਤੌਰ ‘ਤੇ ਲਿਖਿਆ।

1890 ਦੇ ਦਹਾਕੇ ਤੋਂ ਲੈ ਕੇ 20 ਵੀਂ ਸਦੀ ਦੇ ਸ਼ੁਰੂ ਦੇ ਦੋ ਦਹਾਕਿਆਂ ਦੌਰਾਨ ਏਮੀਲ ਜ਼ੋਲਾ ਦੇ ਪ੍ਰਕਿਰਤੀਵਾਦੀ ਯਥਾਰਥਵਾਦ ਦੇ ਪ੍ਰਭਾਵ-ਪ੍ਰਛਾਵੇਂ ਅਮਰੀਕੀ ਨਾਵਲਾਂ ਅਤੇ ਕਥਾ-ਸਾਹਿਤ ਦੇ ਇੱਕ ਵੱਡੇ ਹਿੱਸੇ ਉੱਤੇ ਨਜ਼ਰ ਆਉਂਦੇ ਹਨ। ‘ਮਕਰੇਕਰਸ’ (ਕੂੜਾ ਛਾਂਟਣ-ਚੁਗਣ ਵਾਲ਼ੇ) ਨਾਮ ਨਾਲ਼ ਪ੍ਰਸਿੱਧ ਅਮਰੀਕੀ ਪੱਤਰਕਾਰਾਂ-ਲੇਖਕਾਂ ਦਾ ਜੋ ਸਮੂਹ ਤੇਜ਼ੀ ਨਾਲ਼ ਉਦਯੋਗੀਕ੍ਰਿਤ ਹੋ ਰਹੇ ਅਮਰੀਕਾ ਦੇ ਤਾਕਤਵਰ ਪੂੰਜੀਪਤੀ ਘਰਾਣਿਆਂ ਦੇ ਰਾਜਨੀਤਕ-ਆਰਥਿਕ ਭ੍ਰਿਸ਼ਟਾਚਾਰ ਅਤੇ ਕਿਰਤੀਆਂ ਦੀ ਨਰਕੀ ਜਿੰਦਗੀ ਦੀ ਠੋਸ ਤਸਵੀਰ ਆਪਣੀਆਂ ਰਿਪੋਰਟਾਂ ਅਤੇ ਰਚਨਾਤਮਕ ਲੇਖਣੀ ਵਿੱਚ ਪੇਸ਼ ਕਰ ਰਿਹਾ ਸੀ, ਉਸ ਉੱਤੇ ਏਮੀਲ ਜ਼ੋਲਾ ਦਾ ਡੂੰਘਾ ਪ੍ਰਭਾਵ ਸੀ। ਫਰੈਂਕ ਨੋਰਿਸ, ਏਂਬਰੋਜ ਬਿਅਰਜ਼ ਅਤੇ ਸਟੀਫਨ ਕਰੇਨ ਜਿਹੇ ਅਮਰੀਕੀ ਲੇਖਕਾਂ ਨੂੰ ਤਾਂ ਉਸ ਸਮੇਂ ‘ਜ਼ੋਲਾਵਾਦੀ’ ਦੀ ਉਪਾਧੀ ਦੇ ਦਿੱਤੀ ਗਈ ਸੀ। ਥਿਓਡਰ ਡ੍ਰੇਜ਼ਰ, ਅਪਟਨ ਸਿੰਕਲੇਅਰ, ਆਗਸਟ ਸਿਟਰੱਡਬਰਗ ਆਦਿ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਮੋਹਰੀ ਯਥਾਰਥਵਾਦੀ ਲੇਖਕਾਂ ਨੇ ਆਪਣੀ ਸੋਚਣੀ ਅਤੇ ਸ਼ਿਲਪ ਉੱਤੇ ਏਮੀਲ ਜ਼ੋਲਾ ਦੇ ਪ੍ਰਭਾਵ ਨੂੰ ਖੁਦ ਪ੍ਰਵਾਨ ਕੀਤਾ ਸੀ।

ਫਰੈਡਰਿਕ ਏਂਗਲਜ ਨੇ ਬਾਲਜ਼ਾਕ ਦੇ ਯਥਾਰਥਵਾਦ ਦਾ ਮਹੱਤਵ ਦੱਸਦੇ ਹੋਏ ਕੇਵਲ ਇੱਕ ਜਗ੍ਹਾ ਆਪਣੀ ਇੱਕ ਚਿੱਠੀ ਵਿੱਚ ਜ਼ੋਲਾ ਉੱਤੇ ਟਿੱਪਣੀ ਕੀਤੀ ਹੈ, ਜੋ ਆਪਣੀ ਸਾਪੇਖਕ ਨਕਾਰਾਤਮਕਤਾ ਦੇ ਕਾਰਨ ਹੀ ਵਰਣਨਯੋਗ ਬਣੀ ਹੋਈ ਹੈ। ਪਰ ਉਸਨੂੰ ਨਾ ਤਾਂ ਜ਼ੋਲਾ ਦਾ ਸਤੁੰਲਿਤ-ਭਰਪੂਰ ਮੁਲਾਂਕਣ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਅਜਿਹੇ ਕਿਸੇ ਮੁਲਾਂਕਣ ਦਾ ਅਧਾਰ ਬਣਾਇਆ ਜਾ ਸਕਦਾ ਹੈ, ਪਰ ਇਹ ਬਦਕਿਸਮਤੀ ਭਰੀ ਵਿਡੰਬਨਾ ਹੀ ਹੈ ਕਿ ਮਾਰਕਸਵਾਦੀ ਸਮਾਲੋਚਕਾਂ ਦੀਆਂ ਬਾਅਦ ਵਾਲ਼ੀਆਂ ਪੀੜ੍ਹੀਆਂ ਆਮ ਤੌਰ ‘ਤੇ ਏਂਗਲਜ ਦੀ ਟਿੱਪਣੀ ਤੋਂ ਪੈਦਾ ਹੋਏ ਨਕਾਰਾਤਮਕ ਮੁਲਾਂਕਣ ਤੋਂ ਸਿੱਧੇ-ਅਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੀਆਂ ਰਹੀਆਂ ਹਨ ਅਤੇ ਜ਼ੋਲਾ ਦਾ ਗੈਰ ਦਵੰਦਵਾਦੀ-ਗੈਰ ਇਤਿਹਾਸਕ ਮੁਲਾਂਕਣ ਪੇਸ਼ ਕਰਦੀਆਂ ਰਹੀਆਂ ਹਨ। ਪਾਲ ਲਫਾਰਗ ਤੋਂ ਲੈ ਕੇ ਜਾਰਜ ਲੁਕਾਚ ਤੱਕ, ਜਿਆਦਾਤਰ ਮਾਰਕਸਵਾਦੀ ਆਲੋਚਕਾਂ ਨੇ ਪ੍ਰਕ੍ਰਿਤੀਵਾਦ ਦੇ ਮੋਹਰੀ ਸੂਤਰਧਾਰ ਦੇ ਰੂਪ ਵਿੱਚ, ਜ਼ੋਲਾ ਦੀਆਂ ਰਚਨਾਵਾਂ ਅੰਦਰ ਬਾਲਜ਼ਾਕ, ਸਤਾਂਧਾਲ, ਆਦਿ ਦੀ ਮਹਾਨ ਯਥਾਰਥਵਾਦੀ ਪਰੰਪਰਾ ਦੇ ਟੁੱਟਣ ਨੂੰ ਹੀ ਵੱਧ ਰੇਖਾਂਕਿਤ ਕੀਤਾ ਹੈ ਅਤੇ ਇਸਨੂੰ ਜ਼ੋਲਾ ਦੀ ਰਚਨਾਤਮਕ ਅਸਫ਼ਲਤਾ ਦੇ ਰੂਪ ਵਿੱਚ ਦੇਖਿਆ। ਜ਼ੋਲਾ ਦੇ ਯੁੱਗ ਦੀ ਇਤਿਹਾਸਕ ਪਿੱਠਭੂਮੀ ਦੀ ਆਮ ਤੌਰ ‘ਤੇ ਅਣਦੇਖੀ ਕਰਦੇ ਹੋਏ ਹੀ ਇਹ ਅਲੋਚਨਾਵਾਂ ਪੇਸ਼ ਕੀਤੀਆਂ ਗਈਆਂ। ਦੂਜਾ, ਇਸ ਤੱਥ ਦੀ ਵੀ ਆਮ ਤੌਰ ‘ਤੇ ਅਣਦੇਖੀ ਕੀਤੀ ਗਈ ਹੈ ਕਿ ਜ਼ੋਲਾ ਦੁਆਰਾ ਪੇਸ਼ ਪ੍ਰਕਿਰਤੀਵਾਦ ਦੀਆਂ ਸਿਧਾਂਤਕ ਮਾਨਤਾਵਾਂ ਅਤੇ ਖੁਦ ਜ਼ੋਲਾ ਦੀਆਂ ਹੀ ਰਚਨਾਵਾਂ ਵਿਚ ਯਥਾਰਥ ਦੀ ਪੇਸ਼ਕਾਰੀ ਦੇ ਢੰਗ ਵਿੱਚ ਸਪੱਸ਼ਟ ਵਿਰੋਧਤਾਈ ਹੈ। ਤੀਜਾ, ਆਪਣੀ ਲੇਖਣੀ ਦੇ ਬਾਅਦ ਵਾਲ਼ੇ ਦੌਰ ਵਿੱਚ ਪ੍ਰਕਿਰਤੀਵਾਦ ਨਾਮ ਦਾ ਪ੍ਰਯੋਗ ਕਰਦੇ ਹੋਏ ਵੀ ਜ਼ੋਲਾ ਨਾ ਕੇਵਲ ਇਨਕਲਾਬੀ ਬੁਰਜ਼ੂਆ ਯਥਾਰਥਵਾਦ ਦੀਆਂ ਮਾਨਤਾਵਾਂ ਦੇ ਨੇੜੇ ਜਾਂਦੇ ਹੋਏ ਸਗੋਂ ਉਸਨੂੰ ਅੱਗੇ ਵਿਸਤਾਰ ਦਿੰਦੇ ਹੋਏ ਨਜ਼ਰ ਆਉਂਦੇ ਹਨ। ਚੌਥਾ, ਇਸ ਤੱਥ ਦੀ ਵੀ ਆਮ ਤੌਰ ਤੇ ਅਣਦੇਖੀ ਕੀਤੀ ਜਾਂਦੀ ਹੈ, ਜਾਂ ਇਸ ਉੱਤੇ ਠੀਕ ਤਰ੍ਹਾਂ ਜ਼ੋਰ ਨਹੀਂ ਦਿੱਤਾ ਜਾਂਦਾ ਹੈ ਕਿ ਕਿਰਤੀਆਂ ਦੀ ਜਿੰਦਗੀ ਅਤੇ ਸੰਘਰਸ਼ ਦੇ ਪ੍ਰਤੀ ਜ਼ੋਲਾ ਦੀ ਪ੍ਰਤੀਬੱਧਤਾ ਉਨੀਵੀਂ ਸਦੀ ਦੇ  ਆਖਰੀ ਦਹਾਕੇ ਤੱਕ ਉਸ ਪੜਾਅ ਤੱਕ ਪਹੁੰਚ ਚੁੱਕੀ ਸੀ ਕਿ ਉਸਨੂੰ ”ਉੱਭਰਦੇ ਹੋਏ  ਸਮਾਜਵਾਦ ਦੇ ਅੰਦਰ ਦੇ ਸਮਾਜਿਕ ਵਿਧਾਨ ਸਭ ਲਈ ਕਿਰਤ ਦੇ ਵਿਧਾਨ ਦਾ ਭਰੂਣ” ਦਿਖਣ ਲੱਗਿਆ ਸੀ (‘ਨੋਜਵਾਨਾਂ ਵਿੱਚ ਇੱਕ ਭਾਸ਼ਣ’, 1893) ਰਾਲਫ਼ ਫਾਕਸ ਇੱਕ ਅਜਿਹੇ ਮਾਰਕਸਵਾਦੀ ਆਲੋਚਕ ਸਨ, ਜਿਨ੍ਹਾਂ ਨੇ ਜ਼ੋਲਾ ਦੇ ਯੁੱਗ ਦੇ ਵਾਤਾਵਰਨ ਦੀਆਂ ਬਾਹਰਮੁਖੀ ਸੀਮਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਦੀ ਪ੍ਰਤਿਭਾ ਦਾ ਉੱਚਾ ਮੁਲਾਂਕਣ ਕੀਤਾ ਅਤੇ ਉਸਦੀ ਅਸਫ਼ਲਤਾ ਨੂੰ ਵੀ ਇੱਕ ‘ਸ਼ਾਨਦਾਰ ਅਸਫ਼ਲਤਾ’ ਦੱਸਿਆ। ਜਿਸਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਲੂਨਾਚਾਰਸਕੀ ਨੇ ਵੀ ਜ਼ੋਲਾ ਦੀ ਰਚਨਾਤਮਕਤਾ ਦਾ ਉੱਚਾ ਮੁਲਾਂਕਣ ਕੀਤਾ। ਮੈਕਸਿਮ ਗੋਰਕੀ ਦਾ ਕਹਿਣਾ ਸੀ ਕਿ ‘ਏਮੀਲ ਜ਼ੋਲਾ ਦੇ ਨਾਵਲਾਂ ਰਾਹੀਂ ਕੋਈ ਵਿਅਕਤੀ ਇੱਕ ਪੂਰੇ ਯੁੱਗ ਦਾ ਅਧਿਐਨ ਕਰ ਸਕਦਾ ਹੈ।’

ਏਮਿਲ ਜ਼ੋਲਾ ਦਾ ਜਨਮ 2 ਅਪ੍ਰੈਲ, 1840 ਨੂੰ ਪੈਰਿਸ ਵਿਖੇ ਹੋਇਆ। ਉਹ ਫਰਾਂਸ ਆ ਵਸੇ ਇਤਾਲਵੀ ਪਿਤਾ ਅਤੇ ਫਰਾਸੀਸੀ ਮਾਂ ਦੀ ਔਲਾਦ ਸੀ। ਜ਼ੋਲਾ ਦੇ ਬਚਪਨ ਅਤੇ ਜਵਾਨੀ ਦਾ ਜਿਆਦਾਤਰ ਸਮਾਂ ਦੱਖਣੀ ਫਰਾਂਸ ਵਿੱਚ ਐਕਸ-ਅਂ-ਪ੍ਰੋਵੇਂਸ ਵਿੱਚ ਬੀਤਿਆ, ਜਿੱਥੇ ਉਸਦੇ ਸਿਵਿਲ ਇੰਜੀਨਿਅਰ ਪਿਤਾ ਨਗਰਪਾਲਕਾ ਵਾਟਰ ਸਿਸਟਮ ਦੇ ਨਿਰਮਾਣ ਦੇ ਕੰਮ ਵਿੱਚ ਲੱਗੇ ਹੋਏ ਸਨ। 1847 ਵਿੱਚ ਪਿਤਾ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ।

ਐਕਸ ਵਿਖੇ ਭਾਵੀ ਪ੍ਰਸਿੱਧ ਚਿੱਤਰਕਾਰ ਪਾਲ ਸੇਜ਼ਾਂ ਜ਼ੋਲਾ ਦਾ ਸਕੂਲੀ ਦੋਸਤ ਸੀ। ਅੱਗੇ ਚੱਲਕੇ ਪੇਰਿਸ ਵਿਖੇ ਦੋਹਾਂ ਦੋਸਤਾਂ ਦੀ ਮੁਲਾਕਾਤ ਹੋ ਗਈ ਅਤੇ ਸੇਜ਼ਾਂ ਰਾਹੀਂ ਜ਼ੋਲਾ ਏਦਵਾਰ ਮਾਨੇ ਅਤੇ ਹੋਰਨਾਂ ਇੰਮਪ੍ਰੇਸ਼ਨਿਸ਼ਟ ਚਿੱਤਰਕਾਰਾਂ ਦੇ ਨਜ਼ਦੀਕ ਆਇਆ। ਜ਼ੋਲਾ ਦੇ ਕਲਾ-ਸੰਬੰਧੀ ਵਿਚਾਰਾਂ ਉੱਤੇ ਇਹਨਾਂ ਦੋਸਤੀਆਂ ਦਾ ਡੂੰਘਾ ਪ੍ਰਭਾਵ ਪਿਆ।

ਪੈਰਿਸ ਵਿੱਚ ਆਪਣੀ ਸਕੂਲੀ ਪੜਾਈ ਖ਼ਤਮ ਕਰ ਲੈਣ ਤੋਂ ਬਾਅਦ ਜ਼ੋਲਾ ਦੋ ਕੋਸ਼ਿਸ਼ਾਂ ਤੋਂ ਬਾਅਦ ਵੀ ਬੇਕੇਲੋਰੀਅਤ ਪ੍ਰੀਖਿਆ ਵਿੱਚ ਬੈਠ ਨਾ ਸਕਿਆ। ਨਤੀਜੇ ਵਜੋਂ ਉੱਚ ਸਿੱਖਿਆ ਦੇ ਦਰਵਾਜ਼ੇ ਬੰਦ ਹੋ ਗਏ ਅਤੇ ਜ਼ੋਲਾ ਨੂੰ ਰੁਜ਼ਗਾਰ ਦੀ ਭਾਲ ਵਿੱਚ ਲੱਗਣਾ ਪਿਆ। ਅਗਲੇ ਦੋ ਵਰ੍ਹੇ ਜਿਆਦਾਤਰ ਬੇਰੁਜ਼ਗਾਰੀ ਅਤੇ ਭਿਅੰਕਰ ਗਰੀਬੀ ਵਿੱਚ ਕੱਟਣੇ ਪਏ। ਆਖਰ 1862 ਵਿੱਚ ਪ੍ਰਕਾਸ਼ਨ ਸੰਸਥਾ ਵਿੱਚ ਕਲਰਕ ਦੀ ਨੌਕਰੀ ਮਿਲ਼ੀ। ਜਲਦੀ ਹੀ ਤਰੱਕੀ ਹਾਸਲ ਕਰਕੇ ਉਹ ਇਸ਼ਤਿਹਾਰ ਵਿਭਾਗ ਵਿੱਚ ਪਹੁੰਚ ਗਏ। ਜਿੰਦਗੀ ਜਿਵੇਂ ਹੀ ਥੋੜੀ ਜਿਹੀ ਅਸਾਨ ਹੋਈ ਜ਼ੋਲਾ ਦੀ ਕਲਾਤਮਕ-ਸਾਹਿਤਕ ਰੁਚੀ ਸਿਰਜਣਾਤਮਕ ਮਹੱਤਵਅਕਾਂਕਸ਼ਾ ਵਿੱਚ ਤਬਦੀਲ ਹੋਣ ਲੱਗੀ। ਜ਼ੋਲਾ ਨੇ ਵੱਖ-ਵੱਖ ਮੈਗਜ਼ੀਨਾਂ ਵਿੱਚ ਚਾਲੂ ਵਿਸ਼ਿਆਂ ‘ਤੇ ਲਿਖਣਾ ਜਦੋਂ ਸ਼ੁਰੂ ਕੀਤਾ ਤਾਂ ਉਸਦਾ ਉਦੇਸ਼ ਸਾਹਿਤ ਦੀ ਦੁਨੀਆਂ ਵਿੱਚ ਪਹਿਚਾਣ ਬਣਾਉਣ ਦੇ ਨਾਲ਼-ਨਾਲ਼ ਕੁਝ ਕਮਾਈ ਕਰਕੇ ਜੀਣਾ ਸੌਖਾ ਬਣਾਉਣਾ ਵੀ ਸੀ। 1864 ਵਿੱਚ ਉਸਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਿਹ ‘ਟੇਲਜ਼ ਫ਼ਾਰ ਨਿਨੋ’ ਅਤੇ 1865 ਵਿੱਚ ਪਹਿਲਾ ਨਾਵਲ ‘ਕਲੋਦਸ ਕਨਫੈਸ਼ਨ’ ਪ੍ਰਕਾਸ਼ਿਤ ਹੋਇਆ। ਨੌਜਵਾਨ ਜ਼ੋਲਾ ਫਰਾਂਸੀਸੀ ਲੇਖਕਾਂ ਏ.ਦੇ. ਮੁਸੇ ਅਤੇ ਵਿਕਟਰ ਹਿਊਗੋ ਤੋਂ ਬਹੁਤ ਜਿਆਦਾ ਪ੍ਰਭਾਵਿਤ ਸੀ ਅਤੇ ਉਸਦੀਆਂ ਸ਼ੁਰੂ ਦੀਆਂ ਕਹਾਣੀਆਂ ਅਤੇ ਪਹਿਲੇ ਨਾਵਲ ਉੱਤੇ ਕਵਿਤਾ ਦੇ ਰੋਮਾਂਚਵਾਦੀ ਸਿਧਾਂਤ ਦਾ ਸਪੱਸ਼ਟ ਪ੍ਰਭਾਵ ਨਜ਼ਰ ਆਉਂਦਾ ਹੈ। ਪਰ ਰੋਮਾਂਚਵਾਦੀ ਕਵਿਆਤਮਕਤਾ ਜ਼ੋਲਾ ਨੂੰ ਬਹੁਤ ਦੇਰ ਤੱਕ ਬੰਨ੍ਹ ਕੇ ਨਾ ਰੱਖ ਸਕੀ ਅਤੇ ਇੱਕ ਵਰ੍ਹੇ ਦੇ ਅੰਦਰ ਹੀ ਜ਼ੋਲਾ ਅਸਲ ਜਿੰਦਗੀ ਦੇ ਖਰ੍ਹਵੇਪਣ ਅਤੇ ਕਰੂਪਤਾ ਦੀ ਯਥਾਤੱਥ ਪੇਸ਼ਕਾਰੀ ਦਾ ਜ਼ੋਰਦਾਰ ਸਮਰਥਕ ਬਣ ਗਿਆ। ਹੁਣ ਬਾਲਜ਼ਾਕ ਉਸਦੇ ਮਨਪਸੰਦ ਲੇਖਕ ਸਨ (ਅਤੇ ਅੱਗੇ ਵੀ ਰਹੇ), ਪਰ ਯਥਾਰਥ ਦੀ ਯਥਾਤੱਥ ਪੇਸ਼ਕਾਰੀ ਅਤੇ ਆਦਰਸ਼ੀਕਰਨ ਦਾ ਪੂਰੀ ਤਰ੍ਹਾਂ ਨਿਖੇਧ ਕਰਦੇ ਹੋਏ ਨਿਖੇਧਵਾਦ ਦੇ ਨੇੜੇ ਪਹੁੰਚਣਾ, ਇਹ ਨਵੇਂ ਜ਼ੋਲਾ ਦੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਸਨ ਜੋ ਉਸਨੂੰ ਬਾਲਜ਼ਾਕ ਅਤੇ ਸਤਾਂਧਾਲ ਤੋਂ ਅਲੱਗ ਕਰਦੀਆਂ ਸਨ। ਜ਼ੋਲਾ ਦੇ ਨਵੇਂ, ਨਿਰਮਾਣ ਅਧੀਨ ਵਿਚਾਰਾਂ ਦੀ ਝਲਕ 1865 ਤੋਂ 1868 ਵਿਚਕਾਰ ਸਾਹਿਤ ਅਤੇ ਕਲਾ-ਸਬੰਧੀ ਅਤੇ ਉਸਦੇ ਅਲੋਚਨਾਤਮਕ ਲੇਖਾਂ ਅਤੇ ਸਮੀਖਿਆ ਟਿੱਪਣੀਆਂ ਵਿੱਚ ਵੇਖਣ ਨੂੰ ਮਿਲਦੀ ਹੈ ( ‘ਮਾਈ ਹੇਟਸ-1866, ‘ਮਾਈ ਸੈਲੋ’-1866, ‘ਏਦਵਾਰ ਮਾਨੇ’-1867)। ਕਲਾ-ਸੰਬੰਧੀ ਆਪਣੇ ਲੇਖਾਂ ਵਿੱਚ ਜ਼ੋਲਾ ਨੇ ਅਧਿਕਾਰਕ ਸੈਲੋਂ ਅਕਾਦਮਿਕ ਕਲਾ ਦੀ ਤਿੱਖੀ ਅਲੋਚਨਾ ਕੀਤੀ ਅਤੇ ਇਮਪ੍ਰੇਸ਼ਨਿਸ਼ਟ ਸਾਥੀਆਂ ਦੇ ਸ਼ੁਰੂਆਤੀ ਦੌਰ ਦੀ ਜ਼ੋਰਦਾਰ ਪ੍ਰਸ਼ੰਸ਼ਾ ਕੀਤੀ। ਜ਼ੋਲਾ ਦੀ ਸੋਚਣੀ ਮੁਤਾਬਿਕ ਮਾਨੇ ਅਤੇ ਉਸਦੇ ਇਮਪ੍ਰੇਸ਼ਨਿਸਟ ਸਾਥੀਆਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਇਹ ਸੀ ਕਿ ਉਹਨਾਂ ਨੇ ਅਸਲ ਜਿੰਦਗੀ ਵਿੱਚ ਹਿੰਮਤ ਭਰਿਆ ਅਤੇ ਆਪਮੁਹਾਰੇ ਕੁਦਰਤੀ ਰੂਪ ‘ਚ ਚਿੱਤਰਣ ਕੀਤਾ। ਇਮਪ੍ਰੇਸ਼ਨਿਸਟ ਕਲਾਕਾਰਾਂ ਦੀਆਂ ਬਾਅਦ ਦੀਆਂ ਰਚਨਾਵਾਂ ਵਿੱਚ ਇਹਨਾਂ ਗੁਣਾਂ ਦੀ ਘਾਟ ਲਈ ਜ਼ੋਲਾ ਨੇ ਉਹਨਾਂ ਦੀ ਅਲੋਚਨਾਂ ਵੀ ਕੀਤੀ। 

ਸੰਨ 1866 ਤੱਕ ਜ਼ੋਲਾ ਇੱਕ ਆਲੋਚਕ, ਲੇਖਕ ਅਤੇ ਪੱਤਰਕਾਰ ਦੇ ਰੂਪ ਵਿੱਚ ਏਨਾ ਸਥਾਪਿਤ ਹੋ ਚੁੱਕਿਆ ਸੀ ਕਿ ਪੂਰੀ ਤਰਾਂ ਕਲਮ ਦੇ ਸਹਾਰੇ ਹੀ ਆਪਣੀ ਜੀਵੀਕਾ ਕਮਾ ਸਕੇ। ਪ੍ਰਕਾਸ਼ਨ ਸੰਸਥਾ ਦੀ ਨੋਕਰੀ ਛੱਡ ਕੇ ਹੁਣ ਉਹ ਇੱਕ ਕੁਲਵਕਤੀ ਲੇਖਕ ਅਤੇ ਫ੍ਰੀ-ਲਾਂਸ ਪੱਤਰਕਾਰ ਬਣ ਗਿਆ। 

ਜ਼ੋਲਾ ਜਦੋਂ ਪੇਰਿਸ ਵਿੱਚ ਰਹਿ ਰਿਹਾ ਸੀ, ਉਹ ਉਸ ਬੁਰਜ਼ੂਆ ਸਮਾਜ ਤੋਂ ਕਈ ਗੁਣਾ ਪਤਿਤ, ਭ੍ਰਿਸ਼ਟ ਅਤੇ ਅਨੈਤਿਕ ਸੀ, ਜਿਸਨੂੰ ਬਾਲਜ਼ਾਕ ਦੇ ਨਾਇਕਾਂ ਨੇ ਵੇਖਿਆ ਸੀ। ਜ਼ੋਲਾ ਆਮ ਹੀ ਮਹਿਸੂਸ ਕਰਦਾ ਸੀ ਕਿ ਵਿਗਿਆਨ ਦੀਆਂ ਅੰਨ੍ਹੀਆਂ ਤਾਕਤਾਂ ਦੇ ਸਹਾਰੇ ਪੂੰਜੀ ਦੀ ਸੱਤ੍ਹਾ ਲੱਖਾਂ ਕਿਰਤੀਆਂ ਨੂੰ ਪੀਸ ਰਹੀ ਹੈ, ਕੁਚਲ ਰਹੀ ਹੈ, ਉਸ ਦੀ ਪੂਰੀ ਕਾਰਜ਼-ਪ੍ਰਣਾਲੀ ਨੂੰ, ਪੂੰਜੀਵਾਦੀ ਸਮਾਜ ਦੀ ਪੂਰੀ ਗਤਿਕੀ ਨੂੰ ਸਪੱਸ਼ਟ ਰੂਪ ਵਿੱਚ ਸਮਝਣਾ ਹੋਵੇਗਾ ਅਤੇ ਉਦੋਂ ਜਾਕੇ ਹੀ ਇਸ ਦੁਆਰਾ ਪੈਦਾ ਕੀਤੀਆਂ ਬਿਮਾਰੀਆਂ ਦਾ ਇਲਾਜ ਵੀ ਲੱਭਿਆ ਜਾ ਸਕੇਗਾ। ਪੂੰਜੀਵਾਦੀ ਬਿਮਾਰੀਆਂ ਦੇ ਇਲਾਜ ਵਿੱਚ ਗਣਤੰਤਰਵਾਦੀ ਜ਼ੋਲਾ ਸੇਂਟ-ਸੀਮੋਨ ਅਤੇ ਫੂਰੀਏ ਦੇ ਕਾਲਪਨਿਕ ਸਮਾਜਵਾਦੀ ਵਿਚਾਰਾਂ ਵੱਲ਼ ਖਿੱਚਿਆ ਗਿਆ ਅਤੇ ਆਪਣੇ ਸਮੇਂ ਦੇ ਸਮਾਜਿਕ ਯਥਾਰਥ ਨੂੰ ਵਿਗਿਆਨਕ ਢੰਗ ਨਾਲ਼ ਸਮਝਣ ਦੀ ਕੋਸ਼ਿਸ਼ ਨੇ ਉਸਦਾ ਝੁਕਾ ਅੋਗੁਸਤ ਕੋਮਤ, ਲੱਫੀਤ, ਮਿਲ, ਇਪੋਲੀਤ ਤੇਨ ਅਤੇ ਸਪੇਂਸਰ ਦੁਆਰਾ ਘੜੇ ਪਰਤੱਖਵਾਦ ਅਤੇ ਪ੍ਰਕਿਰਤੀਵਾਦ ਵੱਲ ਕਰ ਦਿੱਤਾ। ਇਹ ਵੀ ਇਕ ਇਤਫਾਕ ਹੀ ਸੀ ਕਿ ਕੋਮਤ ਪਹਿਲਾਂ ਸੇਂਟ-ਸੀਮੋਨ ਦਾ ਸਕੱਤਰ ਅਤੇ ਸਹਿਯੋਗੀ ਵੀ ਰਹਿ ਚੁੱਕਿਆ ਸੀ। ਕੋਮਤ ਅਤੇ ਉਸ ਦੇ ਸਹਿਯੋਗੀ ਵਿਚਾਰਕ ਸਮਾਜਿਕ ਜਿੰਦਗੀ ਉੱਤੇ ਜੀਵ-ਵਿਗਿਆਨ ਸੰਬੰਧੀ ਨਿਯਮਾਂ ਨੂੰ ਹੂ-ਬ-ਹੂ  ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਹ ਠੋਸ ਵਿਗਿਆਨਾਂ ਨੂੰ ਸ੍ਰੋਤ ਮੰਨਦੇ ਸਨ ਅਤੇ ਦਾਰਸ਼ਨਿਕ ਅਧਿਐਨ ਦੇ ਸੰੰਗਿਆਨਾਤਮਕ ਮੁੱਲ ਨੂੰ ਪ੍ਰਵਾਨ ਨਹੀਂ ਕਰਦੇ ਸਨ। ਇਹ ਪਰਤੱਖਵਾਦ ਉਸ ਪ੍ਰਕਿਰਤੀਵਾਦ ਦੀ ਨੀਂਹ ਸੀ ਜੋ ਪ੍ਰਕਿਰਤੀ ਦੇ ਨਿਯਮਾਂ (ਜਲਵਾਯੂ, ਵਾਤਾਵਰਣ, ਲੋਕਾਂ ਵਿਚਕਾਰ ਜੈਵਿਕ, ਨਸਲੀ ਅੰਤਰ ਆਦਿ) ਦੀ ਸਹਾਇਤਾ ਨਾਲ਼ ਸਮਾਜਿਕ ਵਿਕਾਸ ਦੀ ਗਤਿਕੀ ਨੂੰ ਸਮਝਣਾ ਚਾਹੁੰਦਾ ਸੀ। ਇਹ ਇੱਕ ਕਿਸਮ ਦੀ ਪੂਰਵ-ਮਾਰਕਸਵਾਦੀ ਵਿਚਾਰਧਾਰਾ ਸੀ ਜੋ ਕਾਫ਼ੀ ਹੱਦ ਤੱਕ ਨਰਵਿਗਿਆਨਵਾਦ ਦੇ ਨਜ਼ਦੀਕ ਸੀ। ਜ਼ੋਲਾ ਉਹਨਾਂ ਪਹਿਲੇ ਕਲਾਕਾਰਾਂ-ਲੇਖਕਾਂ ਵਿੱਚੋਂ ਇੱਕ ਸੀ ਜੋ ਨਵੇਂ ਯਥਾਰਥ ਨੂੰ ਰਚਾਉਣ-ਪਚਾਉਣ ਵਿੱਚ ਸਮਰੱਥ ਇੱਕ ਅਲੱਗ ਤਰ੍ਹਾਂ ਦੀ ਵਿਗਿਆਨਕ ਕਲਾਤਮਕ ਵਿਧੀ ਦੀ ਤਲਾਸ਼ ਵਿੱਚ ਅੰਤਰਵਿਰੋਧੀ ਨਤੀਜਿਆਂ ‘ਤੇ ਜਾ ਪਹੁੰਚੇ ਅਤੇ ਪ੍ਰਕਿਰਤੀਵਾਦ ਦੇ ਮੋਢੀ ਬਣੇ। ਪ੍ਰਕਿਰਤੀਵਾਦ ਸਹੁਜਾਤਮਕ ਵਿਚਾਰਾਂ ਦੀ ਇੱਕ ਅਜਿਹੀ ਪ੍ਰਣਾਲੀ ਅਤੇ ਇੱਕ ਅਜਿਹੀ ਕਲਾਤਮਕ ਵਿਧੀ ਦੇ ਰੂਪ ਵਿੱਚ ਸਾਹਮਣੇ ਆਇਆ ਜੋ ਪ੍ਰਕਿਰਤੀ ਦੇ ਨਿਯਮਾਂ ਨੂੰ ਜਿੰਦਗੀ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਕਲਾਤਮਕ ਸਿਰਜਣ ਨੂੰ ਸੰਯੋਗਿਕ ਅਤੇ ਅਲੱਗ-ਅਲੱਗ ਚੀਜਾਂ ਅਤੇ ਵਰਤਾਰਿਆਂ ਦੀ ਕੇਵਲ ਨਕਲ ਜਾਂ ਪਰਛਾਈ ਬਣਾ ਦਿੰਦਾ ਸੀ। ਪ੍ਰਕਿਰਤੀਵਾਦ ਵਿਅਕਤੀਤਵ ਦੇ ਨਿਰਮਾਣ ਵਿੱਚ ਸਮਾਜਿਕ ਅਤੇ ਇਤਿਹਾਸਕ ਫੈਕਟਰਾਂ ਦੀ ਭੂਮਿਕਾ ਦੀ ਥਾਂ ‘ਤੇ ਕੁਦਰਤੀ ਅਤੇ ਜੈਵਿਕ ਹੋਣੀਵਾਦ ਨੂੰ ਪ੍ਰਧਾਨਤਾ ਦਿੰਦਾ ਸੀ। ਪ੍ਰਕਿਰਤੀਵਾਦੀ ਕਲਾਤਮਕ ਵਿਧੀ ਯਥਾਰਥ ਦੀਆਂ ਬਣਤਰੀ (structural), ਗਹਿਰੀਆਂ ਪ੍ਰਕਿਰਿਆਵਾਂ ਵਿੱਚ ਉੱਤਰਨ ਵਿੱਚ ਅਸਫ਼ਲ ਰਹੀ ਅਤੇ ਕਦੇ ਨਾ ਹੱਲ ਹੋ ਸਕਣ ਵਾਲ਼ੀਆਂ ਵਿਰੋਧਤਾਈਆਂ ਵਿੱਚ ਜਾ ਫਸੀ। ਪਰ ਦਿਲਚਸਪ ਗੱਲ ਇਹ ਹੈ ਕਿ ਪ੍ਰਕਿਰਤੀਵਾਦ ਦੇ ਸੁਹਜ-ਸ਼ਾਸਤਰੀ ਸਿਧਾਂਤ ਦੀਆਂ ਵਿਰੋਤਤਾਈਆਂ ਸਭ ਤੋਂ ਪਹਿਲਾਂ ਏਮਿਲ ਜ਼ੋਲਾ ਦੀਆਂ ਰਚਨਾਵਾਂ ਵਿੱਚ ਹੀ ਸੰਘਣੇ ਰੂਪ ਵਿੱਚ ਸਾਹਮਣੇ ਆਈਆਂ ਜੋ ਪ੍ਰਕਿਰਤੀਵਾਦ ਦੇ ਮੋਢੀਆਂ ਵਿੱਚੋਂ ਇੱਕ ਸੀ। ਉਸਦੇ ਨਾਵਲਾਂ ਵਿੱਚ ਪੇਸ਼ ਯਥਾਰਥ ਆਮ ਤੌਰ ‘ਤੇ ਅਜਿਹੇ ਘਣੇ ( ਇਨਟੈਂਸ) ਮਨੁੱਖਤਾਵਾਦੀ ਤੱਤ ਅਤੇ ਪੂੰਜੀਵਾਦੀ ਸਮਾਜ ਦੀ ਅਜਿਹੀ ਤਿੱਖੀ ਆਲੋਚਨਾਂ ਪੇਸ਼ ਕਰਦਾ ਸੀ ਜੋ ਸਮਾਜਿਕ ਅਤੇ ਜੈਵਿਕ ਵਰਤਾਰਿਆਂ ਦੀ ਇੱਕਰੂਪਤਾ, ਰਾਜਨੀਤੀ ਅਤੇ ਨੈਤਿਕਤਾ ਤੋਂ ਕਲਾ ਦੀ ਸੁਤੰਤਰਤਾ ਆਦਿ ਬਾਰੇ ਉਸਦੀਆਂ ਸਿਧਾਂਤਕ ਪੇਸ਼ਕਾਰੀਆਂ ਨਾਲ਼ ਕੋਈ ਮੇਲ ਨਹੀਂ ਖਾਂਦੀ ਸੀ । ਜ਼ੋਲਾ ਬਾਰੇ ਵਿਚਾਰ ਕਰਦੇ ਹੋਏ ਉਸਦੇ ਸਿਧਾਂਤਕ ਨਤੀਜਿਆਂ ਤੋਂ ਅਲੱਗ ਉਸਦੀਆਂ ਰਚਨਾਵਾਂ ਦੇ ਮੂਲ ਸੁਰ ਅਤੇ ਉਸਦੀਆਂ ਵਿਰੋਧਤਾਈਆਂ ਦੀ ਸਹੀ ਢੰਗ ਨਾਲ਼ ਪੜਤਾਲ ਕਰਨ ਦਾ ਕੰਮ ਬਹੁਤ ਹੀ ਘੱਟ ਹੋਇਆ ਹੈ। ਉਸਦੇ ਪ੍ਰਤੀ ਇਸ ਮਾਇਨੇ ਵਿੱਚ ਜਿਆਦਾਤਰ ਮਾਰਕਸਵਾਦੀ ਆਲੋਚਕਾਂ ਨੇ ਵੀ ਅਨਿਆਂ ਹੀ ਕੀਤਾ ਹੈ। ਇਸ ਸਵਾਲ ‘ਤੇ ਅੱਗੇ ਕੁਝ ਹੋਰ ਵਿਸਤਾਰ ਨਾਲ਼ ਚਰਚਾ ਕਰਾਂਗੇ। 

ਸੰਨ 1867 ਵਿੱਚ ਜ਼ੋਲਾ ਦੇ ਨਾਵਲ ‘ਤੇਰੇਸ ਰਾਕਵੀਂ’ ਦੇ ਪ੍ਰਕਾਸ਼ਨ ਨਾਲ਼ ਉਸਦੇ ਸਾਹਿਤਕ ਕੈਰੀਅਰ ਦੇ ਨਵੇਂ, ਪਰਪੱਕ ਦੌਰ ਦੀ ਸ਼ੁਰੂਆਤ ਹੋਈ। ‘ਤੇਰੇਸ ਰਾਕਵੀਂ’ ਦੇ ਦੂਜੇ ਸੰਸਕਰਣ ਦੀ ਭੂਮਿਕਾ ਵਿੱਚ ਜ਼ੋਲਾ ਨੇ ਪਹਿਲੀ ਵਾਰ ਇਹ ਐਲਾਨ ਕੀਤਾ ਕਿ ਉਹ ‘ਪ੍ਰਕਿਰਤੀਵਾਦੀ ਲੇਖਕਾਂ ਦੇ ਸਮੂਹ ਦਾ ਮੈਂਬਰ ਹੈ ਜੋ ਸਾਹਿਤ ਵਿੱਚ ਪਰਤੱਖਵਾਦੀ ਸੁਹਜ-ਸ਼ਾਸਤਰੀ ਸਿਧਾਂਤਾਂ ਦੇ ਨਾਲ਼ ਹੀ ਪ੍ਰਕਿਰਤੀ ਵਿਗਿਆਨ ਦੀਆਂ ਨਵੀਂਆਂ ਖੋਜਾਂ ਅਤੇ ਮੈਡੀਕਲ ਅਤੇ ਸਰੀਰ ਵਿਗਿਆਨ ਦੇ ਸਿਧਾਤਾਂ ਨੂੰ ਲਾਗੂ ਕਰਨਾ ਚਾਹੁੰਦੇ ਹਨ। ‘ਤੇਰੇਸ ਰਾਕਵੀਂ’ ਨਾਵਲ ਵਿੱਚ ਇੱਕ ਭਿਆਨਕ ਕਤਲ ਅਤੇ ਉਸਦੇ ਬਾਅਦ ਵਾਲ਼ੇ ਘਟਨਾਕ੍ਰਮ ਦਾ ਪ੍ਰਭਾਵੀ ਢੰਗ ਨਾਲ਼ ਵਰਣਨ ਕੀਤਾ ਗਿਆ ਹੈ। ਆਮ ਪਾਠਕਾਂ ਵਿੱਚ ਇਹ ਨਾਵਲ ਅੱਜ ਵੀ ਬਹੁਤ ਲੋਕਪ੍ਰਿਅ ਮੰਨਿਆਂ ਜਾਂਦਾ ਹੈ। 1868 ਵਿੱਚ ਪ੍ਰਕਾਸ਼ਿਤ ਆਪਣੇ ਨਾਵਲ ‘ਮੇਦੇਲੀਨ ਫੇਰਾ’ ਵਿੱਚ ਜ਼ੋਲਾ ਨੇ ਅਨੁਵੰਸ਼ਿਕਤਾ ਸਿਧਾਂਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਤਰਕ ਅਤੇ ਕਲਾ ਦੋਨੋ ਹੀ ਨਜ਼ਰੀਆਂ ਤੋਂ ਵੇਖਿਆਂ ਇਸ ਵਿੱਚ ਅਸਫ਼ਲ ਰਿਹਾ। 1868 ਤੋਂ 1870 ਵਿਚਕਾਰ ਜ਼ੋਲਾ ਨੇ ਗਣਤੰਤਰਵਾਦੀ ਵਿਪੱਖ ਦੇ ਦੋ ਅਖ਼ਬਾਰਾਂ ‘ਲਾ ਤ੍ਰਿਬਿਊਨ’ ਅਤੇ ‘ਲ ਰੇਪੇਲ’ ਲਈ ਨਿਯਮਤ ਤੌਰ ‘ਤੇ ਲਿਖਿਆ। 1870-71 ਦੇ ਫਰਾਂਸ-ਪ੍ਰਸ਼ਾ ਯੁੱਧ ਦੀ ਸ਼ੁਰੂਆਤ ਵਿੱਚ ਹੀ ਉਸਨੇ ਖੁਲ੍ਹੇ ਤੌਰ ‘ਤੇ ਨੈਪੋਲਿਅਨ ਤੀਜੇ ਦੀ ਸੱਤਾ ਨੂੰ ਉਖਾੜ ਸੁੱਟਣ ਲਈ ਆਵਾਜ਼ ਬੁਲੰਦ ਕੀਤੀ। ਯੁੱਧ ਲਈ ਜਿੰਮੇਵਾਰ ਨੇਪੋਲਿਅਨ ਤੀਜੇ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ 1870 ਵਿੱਚ ‘ਲਾ ਕਲੋਸ਼’ ਅਖ਼ਬਾਰ ਵਿੱਚ ਜ਼ੋਲਾ ਨੇ ‘ਯੁੱਧ’ ਨਾਮਕ ਆਪਣਾ ਪ੍ਰਸਿੱਧ ਲੇਖ ਲਿਖਿਆ। ਫਰਾਂਸੀਸੀ ਇਤਿਹਾਸ ਦੇ ਉਸ ਦੌਰ ਦੀਆਂ ਰਾਜਨੀਤਕ-ਸਮਾਜਿਕ ਸਰਗਰਮੀਆਂ ਨੇ ਕਲਾ ਅਤੇ ਜਿੰਦਗੀ ਵਿੱਚ ਜ਼ੋਲਾ ਦੀ ਸੁਭਾਵਿਕ ਲੋਕਪੱਖਤਾ ਅਤੇ ਉਸਦੀਆਂ ਪਰਤੱਖਵਾਦੀ ਸਹੁਜ-ਸ਼ਾਸਤਰੀ ਧਾਰਨਾਵਾਂ ਵਿਚਕਾਰ ਵਿਰੋਧਤਾਈ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਬੋਨਾਪਾਰਟਵਾਦੀ ਸੱਤਾ ਦੀ ਰਾਜਨੀਤਕ ਅਲਹਿਦਗੀ ਪ੍ਰਕਿਰਤੀਵਾਦ ਦੇ ਸਹੁਜ-ਸ਼ਾਸਤਰ ਤੋਂ ਜ਼ੋਲਾ ਦੇ ਪ੍ਰਸਥਾਨ ਦੇ ਵਿਚਾਰਧਾਰਕ ਕਾਰਣਾਂ ਵਿੱਚੋਂ ਇੱਕ ਸੀ।

ਪਰ 1868 ਵਿੱਚ ਜਦੋਂ ਜ਼ੋਲਾ ਨੇ ਦੂਜੇ ਸਾਮਰਾਜ ਦੇ ਦੌਰ ਦੀ ਫਰਾਂਸੀਸੀ ਜਿੰਦਗੀ ਉੱਤੇ ਬਾਲਜ਼ਾਕ ਦੀ ‘ਹਿਊਮਨ ਕਾਮਦੀ’ ਜਿਹੀ ਹੀ ਇੱਕ ਮਹੱਤਵਅਕਾਂਕਸ਼ੀ ਨਾਵਲ ਲੜੀ ਬਾਰੇ ਸੋਚਣਾ ਸ਼ੁਰੂ ਕੀਤਾ, ਉਸ ਸਮੇਂ ਤੱਕ ਤੇਨ ਦੇ ਪਰਤੱਖਵਾਦੀ ਸਹੁਜ-ਸ਼ਾਸਤਰੀ ਸਿਧਾਤਾਂ ਅਤੇ ਜੀਵ-ਸ਼ਾਸਤਰ ਪ੍ਰਤੀ ਉਸਦੀ ਪ੍ਰਤੀਬੱਧਤਾ ਅਜੇ ਕਾਫ਼ੀ ਹੱਦ ਤੱਕ ਕਾਇਮ ਸੀ। ਇੱਕ ਪਾਸੇ ਤਾਂ ਉਹ ਵਿਅਕਤੀਤਵ ਵੀ ਸਰੰਚਨਾ ਵਿਚ ਅਨੁਵੰਸ਼ਿਕਤਾ ਜਾਂ ਜੀਵ-ਸ਼ਾਸਤਰੀ ਹੋਣੀਵਾਦ ਨੂੰ ਵੀ ਅਜੇ ਕੇਂਦਰੀ ਫੈਕਟਰ ਮੰਨਦਾ ਸੀ, ਦੂਜੇ ਪਾਸੇ ਕੌਮੀ ਜੀਵਨ ਅਤੇ ਇਤਿਹਾਸ ਦੀ ਵਿਕਾਸ-ਯਾਤਰਾ ਵਿਚ ਰਾਜਨੀਤਕ-ਸਮਾਜਿਕ ਫੈਕਟਰਾਂ ਦੀ ਵੀ ਮਹੱਤਤਾ ਉਸ ਲਈ ਇੱਕ ਨਿਰਵਿਵਾਦ ਸੱਚਾਈ ਸੀ। ਜ਼ੋਲਾ ਇੱਕ ਅਜਿਹੇ ਸੰਗਰਾਂਦੀ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਜਦ ਉਸਦਾ ਦਿਮਾਗ ਜਮਹੂਰੀ ਗਣਤੰਤਰ ਦੇ ਪ੍ਰਬੋਧਨਕਾਲੀਨ ਆਦਰਸ਼ਾਂ ਦੇ ਪ੍ਰਤੀ ਆਸਥਾ ਅਤੇ ਜੀਵ-ਸ਼ਾਸਤਰੀ ਧਾਰਨਾ ਵਿਚਕਾਰ ਭੇੜ ਦਾ ਯੁੱਧ ਖੇਤਰ ਬਣਿਆ ਹੋਇਆ ਸੀ। ਕਾਫੀ ਹੱਦ ਤੱਕ ਇਸੇ ਮਾਨਸਿਕ ਦਵੰਦ ਨਾਲ਼ 1868 ਦੇ ਅੰਤ ਵਿੱਚ ਜ਼ੋਲਾ ਨੇ ਆਪਣੀ ਜਿੰਦਗੀ ਦੀ ਸਭ ਤੋਂ ਵੱਧ ਮਹੱਤਵਅਕਾਂਕਸ਼ੀ ਸਿਰਜਣ ਪਰਿਯੋਜਨਾ ‘ਤੇ ਕੰਮ ਕਰਨ ਦੀ ਸ਼ੁਰੂਆਤ ਕੀਤੀ।

ਅਲੋਚਨਾਤਮਕ ਯਥਾਰਥਵਾਦ ਦੇ ਵਿਲੱਖਣ ਸਿਤਾਰੇ ਬਾਲਜ਼ਾਕ ਨੇ ਆਪਣੀ ‘ਹਿਊਮਨ ਕਾਮੇਦੀ’ ਲੜੀ ਨੂੰ ਪਹਿਲਾਂ ‘ਉਨੀਵੀਂ ਸਦੀ ਦੇ ਜੀਵਨ ਢੰਗ ਦਾ ਅਧਿਐਨ’ ਨਾਂ ਦਿੱਤਾ ਸੀ। ਉਸਦੀ ਮੂਲ ਯੋਜਨਾ ਇਸ ਲੜੀ ਵਜੋਂ 144 ਨਾਵਲ ਲਿਖਣ ਦੀ ਸੀ, ਭਾਵੇਂ ਕਿ ਇਹਨਾਂ ਵਿੱਚੋਂ ਕੁੱਲ ਨੱਬੇ ਹੀ ਲਿਖੇ ਜਾ ਸਕੇ। ਜ਼ੋਲਾ ਨੇ ਬਾਲਜ਼ਾਕ ਦੀ ਇਸੇ ਵਿਰਾਸਤ ਦੀ ਜਮੀਨ ‘ਤੇ ਖੜੇ ਹੋ ਕੇ ਕਈ ਨਾਵਲਾਂ ਦੇ ਇੱਕ ਅਜਿਹੇ ਚੱਕਰ ਦੀ ਧਾਰਨਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕੀਤੀ, ਜਿਸਨੇ ਪੂਰੀ ਸਦੀ ਦੀ ਬਜਾਇ ਦੂਜੇ ਸਾਮਰਾਜ ਦੇ ਸਮੇਂ ਦੇ ਫਰਾਂਸ ਉੱਤੇ ਕੇਂਦਰਤ ਹੋਣਾ ਸੀ। ‘ਰੂਜੋਂ ਮਕਾਰ-ਦੂਜੇ ਸਾਮਰਾਜ ਅਧੀਨ ਇੱਕ ਪਰਿਵਾਰ ਦਾ ਪ੍ਰਕਿਰਤਿਕ ਅਤੇ ਸਮਾਜਿਕ ਇਤਿਹਾਸ’ ਲੜੀ ਵਜੋਂ ਕੇਵਲ ਦਸ ਨਾਵਲ ਹੀ ਲਿਖਣ ਦੀ ਯੋਜਨਾ ਸੀ ਜਿਨ੍ਹਾਂ ਵਿੱਚੋਂ ਹਰੇਕ ਨੇ ਇੱਕ ਹੀ ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਉੱਤੇ ਕੇਂਦਰਤ ਹੋਣਾ ਸੀ, ਪਰ ਹੌਲ਼ੀ-ਹੌਲ਼ੀ ਇਹਨਾਂ ਨਾਵਲਾਂ ਦੀ ਗਿਣਤੀ ਵੱਧ ਕੇ ਵੀਹ ਤੱਕ ਜਾ ਪਹੁੰਚੀ ਅਤੇ ਇਹਨਾਂ ਵਿੱਚੋਂ ਘੱਟ ਹੀ ਅਜਿਹੇ ਸਨ, ਜੋ ਛੋਟੇ ਹੋਣ।

ਇਸ ਲੜੀ ਦੇ ਪਹਿਲੇ ਨਾਵਲ ‘ਦ ਰੂਜੋ ਫੈਮਿਲੀ ਫਾਰਚੂਨ’ ਦਾ ਲੜੀਵਾਰ ਪ੍ਰਕਾਸ਼ਨ 1870 ਵਿੱਚ ਸ਼ੁਰੂ ਹੋਇਆ, ਪਰ ਜੁਲਾਈ ਵਿੱਚ ਫਰਾਂਸ-ਪ੍ਰਸ਼ਾ ਯੁੱਧ ਦੇ ਭੜਕ ਉੱਠਣ ਤੋਂ ਬਾਅਦ ਇਹ ਸਿਲਸਲਾ ਟੁੱਟ ਗਿਆ। ਆਖਰ ਅਕਤੂਬਰ, 1871 ਵਿੱਚ ਪੁਸਤਕ ਵਜੋਂ ਪ੍ਰਕਾਸ਼ਿਤ ਹੋ ਸਕਿਆ। 

ਜੁਲਾਈ, 1870 ਵਿੱਚ ਨੈਪੋਲਿਅਨ ਤੀਜੇ ਨੇ ਪ੍ਰਸ਼ਾ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਇਸ ਪਿੱਛੇ ਉਸਦੀ ਸੋਚ ਇਹ ਸੀ ਕਿ ਪ੍ਰਸ਼ਾ ਤੋਂ ਜੰਗ ਜਿੱਤ ਕੇ ਉਹ ਆਪਣੇ ਅੰਦਰੂਨੀ ਰਾਜਨੀਤਕ ਸੰਕਟ ਉੱਤੇ ਕਾਬੂ ਪਾ ਲਵੇਗਾ। ਪਰ ਉਸਦੀ ਗਲਤਫਹਿਮੀ ਨੇ ਇੱਕ ਤਰੀਕੇ ਨਾਲ਼ ਪ੍ਰਸ਼ਾ ਦੇ ਹਾਕਮ ਬਿਸਮਾਰਕ ਦੇ ਦਿਲ ਦੀ ਮੁਰਾਦ ਹੀ ਪੂਰੀ ਕਰ ਦਿੱਤੀ। ‘ਲਹੂ ਅਤੇ ਲੋਹੇ’ ਦੀਆਂ ਦੇ ਦਮ ‘ਤੇ ਜਰਮਨੀ ਨੂੰ ਇੱਕ ਕਰਨ ‘ਤੇ ਤੁਲਿਆ ਹੋਇਆ ਬਿਸਮਾਰਕ ਲੋਹੇ ਦੀਆਂ ਖਾਣਾਂ ਦੇ ਭਰਪੂਰ ਅਤੇ ਯੁੱਧਨੀਤਕ ਮਹੱਤਵ ਵਾਲ਼ੇ ਫਰਾਂਸ ਦੇ ਅੱਲਾਸ ਅਤੇ ਲਾਰੇਨ ਪ੍ਰਦੇਸ਼ਾਂ ਵਿੱਚ ਘੁਸਪੈਠ ਕਰਨਾ ਚਾਹੁੰਦਾ ਸੀ। ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨਾਲ਼ ਭਰੀ ਨੈਪੋਲਿਅਨ ਤੀਜੇ ਦੀ ਸੱਤਾ ਬਿਸਮਾਰਕ ਦੀ ਜੱਥੇਬੰਦ ਤਾਕਤ ਦਾ ਮੁਕਾਬਲਾ ਕਰਨ ਵਿੱਚ ਅਸਫਲ ਰਹੀ ਅਤੇ ਸਤੰਬਰ 1870 ਵਿੱਚ ਪ੍ਰਸ਼ਾ ਤੋਂ ਹਾਰ ਤੋਂ ਤੁਰੰਤ ਬਾਅਦ ਹੀ ਢਹਿ ਗਈ। ਪੈਰਿਸ ਵਿੱਚ ਗਣਤੰਤਰ ਦਾ ਐਲਾਨ ਕਰ ਦਿੱਤਾ ਗਿਆ। ਇਸ ਗਣਤੰਤਰ ਉੱਤੇ ਸ਼ੁਰੂ ਤੋਂ ਹੀ ਵੱਡੇ ਪੂੰਜੀਪਤੀ ਕਾਬਜ਼ ਸਨ ਜੋ ਜਾਗਰੂਕ ਅਤੇ ਹਥਿਆਰਬੰਦ ਕਿਰਤੀ ਲੋਕਾਂ ਤੋਂ ਪਹਿਲਾਂ ਹੀ ਬੁਰੀ ਤਰ੍ਹਾਂ ਡਰੇ ਹੋਏ ਸਨ। ਆਰਥਿਕ ਤੌਰ ‘ਤੇ ਜ਼ਰਜ਼ਰ ਫਰਾਂਸ ਨੂੰ ਉਭਾਰਨ ਲਈ ਨਵੀਂ ਸੱਤਾ ਸਾਹਮਣੇ ਦੋ ਹੀ ਰਸਤੇ ਸਨ-ਜਾਂ ਤਾਂ ਦੁਸ਼ਮਣ ਦੇ ਸਾਹਮਣੇ ਆਤਮਸਮਰਪਣ, ਜਾਂ ਫਿਰ ਆਮ ਅਵਾਮ ਨੂੰ ਲਾਮਬੰਦ ਕਰਕੇ ਕੌਮੀ ਪ੍ਰਤੀਰੋਧ ਜੱਥੇਬੰਦ ਕਰਨਾ। ਪੂੰਜੀਪਤੀਆਂ ਨੇ ਬਿਨਾਂ ਕਿਸੇ ਦੇਰੀ ਦੇ ਪਹਿਲਾ ਰਸਤਾ ਚੁਣਿਆ, ਲੋਕਾਂ ਨੇ ਉਸਨੂੰ ‘ਕੌਮੀ ਦਗਾਬਾਜ਼ੀ ਦੀ ਸਰਕਾਰ’ ਦਾ ਨਾਂ ਦਿੱਤਾ। ਜਨਵਰੀ, 1871 ਵਿੱਚ ਪੇਰਿਸ ਦੇ ਆਤਮਸਮਰਪਣ ਤੋਂ ਬਾਅਦ ਫਰਾਂਸੀਸੀ ਧਰਤੀ ਉੱਤੇ, ਵਰਸਾਏ ਵਿਖੇ, ਜਰਮਨ ਬਾਦਸ਼ਾਹ ਦੇ ਸਾਮਰਾਜ ਦਾ ਐਲਾਨ ਹੋਇਆ। ਪੰਜ ਅਰਬ ਫਰਾਂਕ ਦੇ ਜੁਰਮਾਨੇ ਨਾਲ਼ ਫਰਾਂਸ ਨੇ ਅੱਲਾਸ ਅਤੇ ਲੋਰੇਨ ਪ੍ਰਦੇਸ਼ ਜਰਮਨੀ ਨੂੰ ਸੌਂਪ ਦਿੱਤੇ। ਫਰਵਰੀ, 1871 ਵਿਚ ਹੋਈਆਂ ਚੋਣਾਂ ਤੋਂ ਬਾਅਦ ਘੋਰ ਪਿਛਾਖੜੀ ਥਿਏਰ ਸਰਕਾਰ ਨੇ ਸੱਤਾ ਹਾਸਿਲ ਕਰਦੇ ਹੀ ਪਹਿਲਾ ਕੰਮ ਇਹ ਕੀਤਾ ਕਿ ਪੇਰਿਸ ਦੇ ਮਜ਼ਦੂਰਾਂ ਤੋਂ ਸਾਰੇ ਹਥਿਆਰ ਖੋਹਣ ਦਾ ਹੁਕਮ ਦੇ ਦਿੱਤਾ। ‘ਨੇਸ਼ਨਲ ਗਾਰਡ’ ਦੀਆਂ ਟੁਕੜੀਆਂ ਆਕੇ ਉਹਨਾਂ ‘ਚ ਹੀ ਸ਼ਾਮਲ ਹੋ ਗਈਆਂ। ਥਿਏਰ ਵਰਸਾਏ ਵਿਖੇ ਭੱਜ ਗਿਆ ਅਤੇ ਉੱਥੇ ‘ਨੈਸ਼ਨਲ ਅਸੈਂਬਲੀ’ ਦਾ ਐਲਾਨ ਕਰਨ ਲੱਗਿਆ। ਇਤਿਹਾਸ ਵਿੱਚ ਪਹਿਲੀ ਵਾਰ ਪੇਰਿਸ ਵਿੱਚ ਮਜ਼ਦੂਰਾਂ ਦੀ ਰਾਜਸੱਤਾ ਕਾਇਮ ਹੋਈ। 28 ਮਾਰਚ ਨੂੰ ਟਾਊਨਹਾਲ ਦੇ ਸਾਹਮਣੇ ਆਮ ਸਭਾ ਵਿੱਚ ਕਮਿਊਨ ਦਾ ਐਲਾਨ ਹੋਇਆ। ਪੈਰਿਸ ਕਮਿਊਨ 72 ਦਿਨਾਂ   ਤੱਕ ਕਾਇਮ ਰਿਹਾ ਅਤੇ ਮਜ਼ਦੂਰ ਜਮਾਤੀ ਜਮਹੂਰੀਅਤ ਦੇ ਕੰਮ-ਢੰਗ ਅਤੇ ਸੰਸਥਾ-ਨਿਰਮਾਣ ਦੇ ਮਾਮਲੇ ‘ਚ ਇਤਿਹਾਸਕ ਪ੍ਰਯੋਗ ਕੀਤੇ। ਇਹਨਾਂ ਹੀ ਤਜ਼ਰਬਿਆਂ ਦੇ ਅਧਾਰ ‘ਤੇ ਰਾਜ ਅਤੇ ਇਨਕਲਾਬ ਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸੰਬੰਧੀ ਮਾਰਕਸਵਾਦ ਦੀਆਂ ਬੁਨਿਆਦੀ ਧਾਰਨਾਵਾਂ ਵਿਕਸਿਤ ਕਰਨ ਵਿੱਚ ਮਾਰਕਸ ਅਤੇ ਏਂਗਲਜ਼ ਨੂੰ ਵਿਸ਼ੇਸ਼ ਮਦਦ ਮਿਲ਼ੀ। ਪਰ ਮਜ਼ਦੂਰ ਜਮਾਤ ਦਾ ਪਹਿਲਾ ਸਮਾਜਵਾਦੀ ਗਣਤੰਤਰ 72 ਦਿਨਾਂ ਬਾਅਦ ਖਾਸਕਰ ਬਿਸਮਾਰਕ ਅਤੇ ਆਮ ਤੌਰ ‘ਤੇ ਪੂਰੇ ਯੂਰਪ ਦੀਆਂ ਬੁਰਜੂਆ ਸਰਕਾਰਾਂ ਦੀ ਮਦਦ ਨਾਲ ਲਹੂ ਦੀ ਦਲਦਲ ਵਿੱਚ ਡੁਬੋ ਦਿੱਤਾ ਗਿਆ। ਪੇਰਿਸ ਦੇ ਮਜ਼ਦੂਰਾਂ ਦੀ ਇਤਿਹਾਸਕ ਗਲਤੀ ਇਹ ਸੀ ਕਿ ਚੰਗੀ ਤਰਾਂ ਜੱਥੇਬੰਦ ਅਤੇ ਵਿਚਾਰਧਾਰਕ ਤੌਰ ‘ਤੇ ਮਜ਼ਬੂਤ ਅਗਵਾਈ ਦੀ ਘਾਟ ਵਿੱਚ ਨਾ ਤਾਂ ਉਹ ਵਰਸਾਏ ਵੱਲ ਅੱਗੇ ਵੱਧੇ, ਨਾ ਹੀ ਪੂਰੇ ਦੇਸ਼ ਦੀ ਮਜ਼ਦੂਰ-ਕਿਸਾਨ ਅਬਾਦੀ ਨੂੰ ਆਪਣੇ ਨਾਲ਼ ਲੈਣ ਦੀ ਦਿਸ਼ਾ ਵਿੱਚ ਕੋਈ ਕਦਮ ਚੁੱਕੇ। ਬੁਰਜੂਆ ਵਰਸਾਏ ਨੇ ਆਖਰ ਪੇਰਿਸ ਕੁਚਲ ਦਿੱਤਾ। 

ਉਨੀਂਵੀ ਸਦੀ ਦੀ ਇਸ ਮਹਾਨ ਇਨਕਲਾਬੀ ਘਟਨਾ ਨੇ ਏਮਿਲ ਜ਼ੋਲਾ ਦੇ ਵਿਚਾਰਧਾਰਕ ਵਿਕਾਸ ਅਤੇ ਉਸ ਨੂੰ ਇੱਕ ਨਵਾਂ ਮੋੜ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। 1870-71 ਦਾ ਜ਼ੋਲਾ ਇੱਕ ਗਣਤੰਤਰਵਾਦੀ ਸੀ। ਉਸਨੂੰ ਕਿਸੇ ਵੀ ਰੂਪ ਵਿੱਚ ਸਮਾਜਵਾਦੀ ਜਾਂ ਇਨਕਲਾਬੀ ਨਹੀਂ ਕਿਹਾ ਜਾ ਸਕਦਾ ਸੀ। ਉਸ ਸਮੇਂ ਵੀ ਉਸਨੂੰ ਪੇਟ ਭਰਨ ਲਈ ਪੱਤਰਕਾਰੀ ਕਰਨੀ ਪੈ ਰਹੀ ਸੀ। ਕਮਿਊਨ ਦੇ ਸ਼ੁਰੂਆਤੀ ਹਫਤਿਆਂ ਦੌਰਾਨ ਉਹ ਵਰਸਾਏ ਅਤੇ ਪੇਰਿਸ ਵਿਚਕਾਰ ਆਉਂਦਾ ਜਾਂਦਾ ਰਿਹਾ ਅਤੇ ਫੇਰ ਉਸਨੇ ਪੇਰਿਸ ਵਿੱਚ ਹੀ ਰੁਕਣ ਦਾ ਫੈਸਲਾ ਕੀਤਾ। ਕਤਲੇਆਮ ਅਤੇ ਕਮਿਊਨ ਦੀ ਹਾਰ ਤੋਂ ਇੱਕ ਹਫ਼ਤਾ ਪਹਿਲਾਂ ਉਸਨੇ ਪੇਰਿਸ ਛੱਡ ਦਿੱਤਾ। ਇਸ ਦੌਰਾਨ ਉਸਨੇ ਇੱਕੋ ਸਮੇਂ ਵਿੱਚ ਦੋ ਅਖਬਾਰਾਂ ਲਈ ਰਿਪੋਰਟਿੰਗ ਦਾ ਕੰਮ ਕੀਤਾ। ਇਹਨਾਂ ਵਿੱਚੋਂ ਪਹਿਲਾ ਸੀ ਪੇਰਿਸ ਸਥਿਤ ਗਣਤੰਤਰਵਾਦੀ ਅਖਬਾਰ ‘ਲਾ ਕਲੋਸ਼’ ਅਤੇ ਦੂਸਰਾ ਸੀ ਮਾਰਸੇਈ ਸਥਿਤ ਸੱਜੇਪੱਖੀ ਅਖਬਾਰ ‘ਲਾ ਸੇਮਾਫੌਰ’ ਇਹਨਾਂ ਅਖਬਾਰਾਂ ਵਿੱਚ ਲਿਖਦੇ ਸਮੇਂ ਜ਼ੋਲਾ ਦੋਨਾਂ ਦੀਆਂ ਸੰਪਾਦਕੀ ਨੀਤੀਆਂ ਦਾ ਖਿਆਲ ਰੱਖਦੇ ਹੋਏ ਚਲਾਕੀ ਨਾਲ਼ ਤੱਥਾਂ ਦੀ ਚੋਣ ਅਤੇ ਸ਼ੈਲੀ ਤੈਅ ਕਰਦਾ ਸੀ, ਪਰ ਸੱਜੇਪੱਖੀ ‘ਲ ਸੇਮੋਫੋਰ’ ਲਈ ਲਿਖੀਆਂ ਗਈਆਂ ਰਿਪੋਰਟਾਂ ਵਿੱਚ ਵੀ ਉਹ ਬਾਹਰਮੁਖਤਾ ਦਾ ਵਿਸ਼ੇਸ਼ ਖਿਆਲ ਰੱਖਦਾ ਸੀ। ਅਜਿਹੀ ਹੀ ਇੱਕ ਰਿਪੋਰਟ ਵਿੱਚ ਉਸਨੇ ਕਮਿਊਨ ਦੁਆਰਾ ਪਾਦਰੀਆਂ ਨੂੰ ਦੰਡ ਦੇਣ, ਸੰਪਤੀ ਦੇ ਅਧਿਕਾਰ ਖੋਹ ਲੈਣ ਦੀਆਂ ਘਟਨਾਵਾਂ ਅਤੇ ਤਲਾਸ਼ੀਆਂ ਦੇ ਮੁਕੱਦਮੇ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ ਸੀ, ਪਰ ਨਾਲ਼ ਹੀ ਕੁਝ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਅਫ਼ਵਾਹ ਦੱਸਿਆ ਕਿ ਪੇਰਿਸ ਦੀਆਂ ਸੜਕਾਂ ‘ਤੇ ਲਹੂ ਵਹਿ ਰਿਹਾ ਹੈ। ਵਰਸਾਏ ਭੱਜਕੇ ਕਮਿਊਨ ਨੂੰ ਕੁਚਲ ਦੇਣ ਦੀ ਸਾਜਿਸ਼ ਰਚਣ ਵਾਲ਼ੇ ਬੁਰਜੂਆ ਰਾਜਨੀਤੀਵਾਨਾਂ ਨਾਲ਼ ਉਸਦੀ ਭੋਰਾ ਵੀ ਹਮਦਰਦੀ ਨਹੀਂ ਸੀ। ਧਿਆਨ ਦੇਣ ਯੋਗ ਹੈ ਕਿ ਜ਼ੋਲਾ ਜਿਸ ਸਮੇਂ ‘ਲ ਸੇਮੋਫੋਰ’ ਵਿੱਚ ਕਮਿਊਨ ਦੇ ਕੁਝ ਫੈਸਲਿਆਂ ਦੀ ਅਲੋਚਨਾ ਕਰ ਰਿਹਾ ਸੀ, ਠੀਕ ਉਸੇ ਸਮੇਂ ‘ਲ ਕਲੋਸ਼’ ਵਿੱਚ ਇਹ ਵੀ ਲਿਖ ਰਿਹਾ ਸੀ-”ਨਿਕੰਮੀ ਬਹਿਸਬਾਜ਼ੀ ਵਿੱਚ ਲੀਨ ਵਰਸਾਏ, ਅਤੇ ਚੋਣ ਦੁਆਰਾ ਵਿਵਸਥਾ ਬਹਾਲ ਕਰ ਲੈਣ ਵਾਲ਼ੇ ਪੇਰਿਸ ਵਿਚਕਾਰ, ਮੈਂ ਪ੍ਰਵਾਨ ਕਰਦਾ ਹਾਂ ਕਿ ਮੈਂ ਆਪਣੇ ਸਹਿਜ ਭਾਵ ਨਾਲ਼ ਉਸ ਮਹਾਨ ਅਤੇ ਗੌਰਵਸ਼ਾਲੀ ਨਗਰ (ਪੇਰਿਸ) ਨਾਲ਼ ਖੜਾ ਹਾਂ।”

ਮਹਾਨ ਇਤਿਹਾਸਕ ਘਟਨਾਵਾਂ ਸਿਰਜਣਸ਼ੀਲ ਦਿਮਾਗ ਉੱੰਪਰ ਜੋ ਪ੍ਰਭਾਵ ਪਾਉਂਦੀਆਂ ਹਨ, ਉਹ ਉਸ ਸਮੇਂ ਲੰਮੇ ਪ੍ਰਭਾਵ ਦੀ ਤੁਲਨਾ ਵਿੱਚ ਬਹੁਤ ਤੁੱਛ ਹੁੰਦਾ ਹੈ ਜੋ ਬਾਅਦ ਦੇ ਸਮੇਂ ਵਿੱਚ ਵਿਅਕਤੀਤਵ ਅਤੇ ਚਿੰਤਨ ਦੇ ਵਿਕਾਸ ਦੀ ਪੂਰੀ ਦਿਸ਼ਾ ਹੀ ਬਦਲ ਦਿੰਦਾ ਹੈ। ਪੇਰਿਸ ਕਮਿਊਨ ਦੀ ਇਤਿਹਾਸਕ ਘਟਨਾ ਨਾਲ਼ ਏਮਿਲ ਜ਼ੋਲਾ ਦਾ ਅਜਿਹਾ ਹੀ ਰਿਸ਼ਤਾ ਕਾਇਮ ਹੋਇਆ। ਗਣਤੰਤਰਵਾਦੀ ਜ਼ੋਲਾ ਸਹੁਜ ਅਤੇ ਪੂਰਨਤਾ ਦੀ ਚਿੰਤਾ ਕਰੇ ਬਿਨਾਂ ਜਿੰਦਗੀ ਅਤੇ ਸੰਘਰਸ਼ ਦੇ ਕੌੜੇ ਯਥਾਰਥ ਦੀ ਪੇਸ਼ਕਾਰੀ ਦੇ ਆਪਣੇ ਸੰਕਲਪ ਅਤੇ ਤਰਕਣਾ (reason) ਤੇ ਵਿਗਿਆਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਬਾਵਜੂਦ ਆਪਣੇ ਮੋਹਰੀ ਲੇਖਕ ਫਲਾਬੇਅਰ, ਗੋਤਿਏ ਅਤੇ ਗੋਂਕੂਰ ਭਰਾਵਾਂ ਦੀ ਤਰ੍ਹਾਂ, 1860 ਦੇ ਦਹਾਕੇ ਦੌਰਾਨ ਅਤੇ 1870 ਦੇ ਦਹਾਕੇ ਦੇ ਪਹਿਲੇ ਅੱਧ ਤੱਕ ਮਜ਼ਦੂਰਾਂ ਦੀ ”ਅਸਭਿਅਕ ਹਨ੍ਹੇਰੀ ਭੀੜ” ਨੂੰ ”ਵਿਨਾਸ਼ ਅਤੇ ਤਬਾਹੀ ਦੇ ਪਰਲੋਕਾਰੀ ਦੂਤ” ਦੇ ਰੂਪ ਵਿੱਚ ਹੀ ਦੇਖ ਰਿਹਾ ਸੀ। ਉਸਦੀਆਂ ਗਣਤੰਤਰਵਾਦੀ ਪ੍ਰਤੀਬੱਧਤਾਵਾਂ ਪ੍ਰਬੋਧਨਕਾਲੀ ਆਦਰਸ਼ਾਂ ਨੂੰ ਠੋਸ ਰੂਪ ਦੇਣ ਵਾਲ਼ੇ ਨਾਗਰਿਕ ਸਮਾਜ ਦੀਆਂ ਹਿਮਾਇਤੀ ਸਨ, ਪਰ ਉਸ ਸਾਹਮਣੇ ਬੁਰਜੂਆ ਸਮਾਜ ਅਤੇ ਸ਼ਾਸਨ ਦਾ ਜੋ ਰੂਪ ਮੋਜੂਦ ਸੀ, ਉਹ ਪੂੰਜੀਵਾਦੀ ਜਮਹੂਰੀਅਤ ਦੇ ਐਲਾਨੇ ਅਸੂਲ ਦੇ ਵਿਗੜੇ ਵਿਅੰਗਮਈ ਰੂਪ ਤੋਂ ਵੱਧ ਕੁਝ ਵੀ ਨਹੀਂ ਸੀ। ਸਮਾਜਿਕ ਜੀਵਨ ਉੱਤੇ ਤਰਕ ਅਤੇ ਵਿਗਿਆਨ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਉਸ ਨੇ ਅਨੁਵੰਸ਼ਿਕਤਾ ਦੇ ਸਿਧਾਂਤ, ਪਰਤੱਖਵਾਦੀ ਫਲਸਫੇ ਅਤੇ ਇਪੋਲੀਤ ਤੇਨ ਦੇ ਸਹੁਜ ਸ਼ਾਸਤਰ ਵੱਲ ਮੁੰਹ ਕੀਤਾ ਅਤੇ ਪ੍ਰਕਿਰਤੀਵਾਦ ਦਾ ਪੇਸ਼ਕਾਰ ਬਣਿਆ, ਪਰ 1870 ਦੇ ਦਹਾਕੇ ਦੀ ਉਸਦੀ ਰਚਨਾ ਇਸ ਮਾਅਨੇ ਵਿੱਚ ਭਿੰਨ ਸੀ ਕਿ ਇਸ ਵਿੱਚ ਜ਼ੋਲਾ ਮਨੁੱਖ ਦੀ ਪ੍ਰਕਿਰਤੀ ਅਤੇ ਸਮਾਜਿਕ ਹੋਣੀ ਤੈਅ ਹੋਣ ਵਿੱਚ ਅਨੁਵੰਸ਼ਿਕਤਾ ਅਤੇ ਪ੍ਰਕਿਰਤਿਕ ਵਾਤਾਵਰਨ ਦੀ ਬਜਾਇ ਆਰਥਿਕ ਸਮਾਜਿਕ ਕਾਰਨਾਂ ਦੀ ਨਿਰਣਾਇਕਤਾ ਨੂੰ ਪ੍ਰਵਾਨ   ਕਰਦਾ ਨਜ਼ਰ ਆਉਂਦਾ ਹੈ ਅਤੇ ਬੁਰਜੂਆ ਸਮਾਜ ਦੀ ਤਬਾਹੀ ਦੀ ਪ੍ਰਕਿਰਿਆ ਵਿੱਚ ਸਮਾਜਵਾਦੀ ਸਮਾਜ ਦੇ ਭਰੂਣ ਦੇਖਣ-ਪਹਿਚਾਨਣ ਦੀ ਕੋਸ਼ਿਸ਼ ਵੀ ਕਰਦਾ ਹੈ।

ਜ਼ੋਲਾ ਤੋਂ ਪਹਿਲਾਂ ਮਜ਼ਦੂਰ ਜਮਾਤ ਦੀ ਭੂਮਿਕਾ ਨੂੰ ਲੈ ਕੇ ਫਲਾਬੇਅਰ ਵੀ ਕੁਝ ਭਿਅੰਕਰ ਭੁਲੇਖਿਆਂ ਦੇ ਸ਼ਿਕਾਰ ਰਹੇ ਸਨ ਅਤੇ ਗੋਂਕੁਰ ਭਰਾ ਵੀ। ਜੂਨ, 1848 ਦੇ ਦਿਨਾਂ ਦੀਆਂ ਘਟਨਾਵਾਂ ਦਾ ਨਤੀਜਾ ਫਲਾਬੇਅਰ ਸਿਰਫ ਇਸ ਰੂਪ ਵਿੱਚ ਹੀ ਕੱਢ ਸਕੇ ਕਿ ਇਨਕਲਾਬ ਨੇ ਬੁਰਜੂਆ ਲੀਡਰਸ਼ਿਪ ਦੇ ਕੋਰੇ ਨਾਅਰਿਆਂ ਨਾਲ਼ ਖਿਲਵਾੜ ਕਰਦੇ ਹੋਏ ਮਜ਼ਦੂਰ ਜਮਾਤ ਦੇ ਰੂਪ ਵਿੱਚ ਕਾਲੀਆਂ ਤਾਕਤਾਂ ਨੂੰ ਉਭਾਰਿਆ ਹੈ ਜੋ ਸਭਿਅਕ ਸਮਾਜ ਦੀ ਹੋਂਦ ਨੂੰ ਖਤਰੇ ਵਿੱਚ ਧੱਕ ਰਹੀਆਂ ਹਨ। ਆਪਣੀਆਂ ਚਿੱਠੀਆਂ ਵਿੱਚ ‘ਬੁਰਜੂਆ ਫੋਬਸ” (ਬੁਰਜੂਆ ਜਮਾਤ ਨਾਲ਼ ਨਫ਼ਰਤ ਕਰਨ ਵਾਲ਼ਾ) ਨਾਮ ਨਾਲ਼ ਹਸਤਾਖ਼ਰ ਕਰਨ ਵਾਲ਼ੇ ਫਲਾਬੇਅਰ ਦੀ ਬੁਰਜੂਆ ਜਮਾਤ ਨਾਲ਼ ਨਫਰਤ ਬੇਮਿਸਾਲ ਸੀ। ਉਹ ਐਲਾਨ ਕਰਦੇ ਸਨ ਕਿ ਪੂਰਾ ਬੁਰਜੂਆ ਸਮਾਜ ਆਪਣੇ ”ਪੀਕਦਾਨ ਵਿੱਚ ਡੁੱਬ ਜਾਵੇਗਾ।” ਗੋਂਕੁਰ ਭਰਾਵਾਂ ਦਾ ਮੰਨਣਾ ਸੀ ਕਿ ਪਹਿਲਾਂ ਜਿਸ ਤਰ੍ਹਾਂ ਹਰ ਚਾਰ-ਪੰਜ ਸੌ ਸਾਲ ਬਾਅਦ ਦੁਨੀਆਂ ਵਿੱਚ ਨਵੀਂ ਜਾਨ ਪਾਉਣ ਲਈ ਬਰਬਰਾਂ ਦੁਆਰਾ ਸਭਿਅਕ ਸਮਾਜ ਨੂੰ ਨਸ਼ਟ ਕਰ ਦਿੱਤਾ ਜਾਂਦਾ ਸੀ, ਕੁਝ ਉਸੇ ਤਰ੍ਹਾਂ ਦੀ ਭੂਮਿਕਾ ਉਨੀਂਵੀਂ ਸਦੀ ਵਿੱਚ ਯੂਰਪ ਦੀ ਮਜ਼ਦੂਰ ਜਮਾਤ ਦੀ ਹੈ। ਇਸ ਤਰ੍ਹਾਂ ਉਹ ਮਜ਼ਦੂਰ ਜਮਾਤ ਦੀ ”ਵਿਨਾਸ਼ਕਾਰੀ” ਭੂਮਿਕਾ ਦੀ ਇਤਿਹਾਸਕ ਰਚਨਾਤਮਕਤਾ ਨੂੰ ਤਰਕ ਸਹਿਤ ਪ੍ਰਵਾਨ ਕਰਦੇ ਸਨ ਅਤੇ ਪੇਰਿਸ ਕਮਿਊਨ ਦੀ ਭੂਮਿਕਾ ਨੂੰ ਉਹਨਾਂ ਨੇ ਇਸੇ ਰੂਪ ਵਿੱਚ ਦੇਖਿਆ। ਪਰ ਫਲਾਬੇਅਰ ਅਤੇ ਗੋਂਕੁਰ ਭਰਾਵਾਂ ਦੀ ਸੀਮਾਂ ਇਹ ਸੀ ਕਿ ਬੁਰਜੂਆ ਸਮਾਜ ਦੀ ਜਗ੍ਹਾ ਤੇ ਇੱਕ ਨਵੇਂ ਸਮਾਜ ਦੀ ਅਤੇ ਉਸਦੀ ਉਸਾਰੀ ਵਿੱਚ ਮਜ਼ਦੂਰ ਜਮਾਤ ਦੀ ਭੂਮਿਕਾ ਦੀ ਉਹ ਕਲਪਨਾ ਤੱਕ ਨਹੀਂ ਕਰ ਸਕੇ। ਦਰਅਸਲ ਇਹਨਾਂ ਮਹਾਨ ਸਿਰਜ਼ਕਾਂ ਦੀ ਅਸਫਲਤਾ ਦੇ ਕਾਰਨਾਂ ਦੀ ਤਲਾਸ਼ ਉਹਨਾਂ ਦੇ ਯੁੱਗ ਦੀ ਵਸ਼ਿਸ਼ਟਤਾਵਾਂ ਵਿੱਚ ਹੀ ਕੀਤੀ ਜਾ ਸਕਦੀ ਹੈ ਅੇਤ ਉਹ ਵਿਸ਼ਿਸ਼ਟਤਾ ਸੀ- ਯੂਰਪ ਵਿੱਚ ਇਜਾਰੇਦਾਰ ਅਵਸਥਾ ਵੱਲ ਵਧਦੇ ਪੂੰਜੀਵਾਦੀ ਸਮਾਜ ਦੀ ਪਤਣਸ਼ੀਲਤਾ ਅਤੇ ਨਪੁੰਸਕਤਾ। ਫਲਾਬੇਅਰ ਦੀ ਮੌਤ 1880 ਵਿੱਚ ਹੋਈ, ਏਦਮੋਂਦ ਗੋਂਕੁਰ ਦੀ 1896 ਵਿੱਚ ਅਤੇ ਉਸਦੇ ਭਰਾ ਜੂਲ ਦ ਗੋਂਕੁਰ ਦੀ 1870 ਵਿੱਚ। ਇਹ ਮਹਾਨ ਨਾਵਲਕਾਰ ਇਤਿਹਾਸ, ਅਰਥਸ਼ਾਸਤਰ, ਜਾਂ ਸਮਾਜ ਵਿਗਿਆਨ ਦੇ ਗਹਿਰੇ ਅਧਿਐਨਕਰਤਾ ਨਹੀਂ ਸਨ ਕਿ ਆਪਣੇ ਸਮਕਾਲੀ ਕਾਰਲ ਮਾਰਕਸ ਅਤੇ ਏਂਗਲਜ ਦੀ ਤਰਾਂ ਨਵੇਂ ਯੁੱਗ ਦੀ ਨਿਰਮਾਤਾ ਇਤਿਹਾਸਕ ਤਾਕਤ ਦੀ ਪਹਿਚਾਣ ਕਰ ਪਾਉਂਦੇ, ਜਾਂ ਕਿ ਬੁਰਜੂਆ ਸਮਾਜ ਦੀ ਤਬਾਹੀ ਦੇ ਤਾਰਕਿਕ ਸਿੱਟੇ ਦੇ ਤੌਰ ‘ਤੇ ਸਮਾਜਵਾਦ ਦੇ ਜਨਮ ਬਾਰੇ ਕੋਈ ਅਨੁਮਾਨ ਲਾ ਪਾਉਂਦੇ। ਪੂੰਜੀਵਾਦ ਦਾ ਉਹ ਯੁੱਗ ਬੀਤ ਚੁੱਕਿਆ ਸੀ ਜਦ ਆਪਣੇ ਲੇਜਿਟਿਮਿਸਟ ਵਿਚਾਰਾਂ ਦੇ ਬਾਵਜੂਦ ਯਥਾਰਥਵਾਦ ਦੇ ਅਚਾਰੀਆ ਬਾਲਜ਼ਾਕ ਸਮਾਜ ਨੂੰ ਉਸਦੇ ਗਤੀਸ਼ੀਲ ਰੂਪ ਵਿੱਚ ਦੇਖ ਸਕਣ ਅਤੇ ਉਸਦੀ ਅੰਦਰੂਨੀ ਗਤਿਕੀ ਨੂੰ ਸਮਝ ਸਕਣ ਵਿੱਚ ਸਫਲ ਹੋਏ ਸਨ। ਯੂਰਪ ਦੇ ਆਖਰੀ ਜਗੀਰੂ ਕਿਲਿਆਂ ਦੇ ਢਹਿਣ ਅਤੇ ਆਧੁਨਿਕ ਕੌਮਾਂ ਦੀ ਉਸਾਰੀ ਦੇ ਬਾਅਦ ਫਲਸਫੇ ਦੀ ਏਕਤਾ ਟੁੱਟ-ਭੱਜ ਚੁੱਕੀ ਸੀ। ਕਾਂਟ ਅਤੇ ਹੀਗਲ ਤੱਕ ਆਉਂਦੇ-ਆਉਂਦੇ ਆਪਣੀ ਚੋਟੀ ਤੱਕ ਵਿਕਾਸ ਕਰ ਚੁੱਕਾ ਵਿਚਾਰਵਾਦੀ ਫਲਸਫਾ ਯਥਾਰਥਵਾਦੀ-ਭੌਤਿਕਵਾਦੀ ਫਲਸਫਾਨਾ ਧਾਰਾਵਾਂ ਉੱੇਤੇ ਕੁਝ ਸਮੇਂ ਲਈ ਛਾ ਜਿਹਾ ਗਿਆ ਸੀ। ਮਨੁੱਖੀ ਜਿੰਦਗੀ ਬਾਰੇ ਕਿਸੇ ਬੱਝਵੇਂ ਦ੍ਰਿਸ਼ਟੀਕੋਣ ਦੀ ਘਾਟ ਵਿੱਚ ਬੁਰਜੂਆ ਯਥਾਰਥਵਾਦ ਆਮ ਤੌਰ ‘ਤੇ ਜਿੰਦਗੀ ਅਤੇ ਵਿਅਕਤੀਗਤ ਚੇਤਨਾ ਦੇ ਕਿਸੇ ਅੰਸ਼ ਦਾ ਅਲੱਗ-ਅਲੱਗ ਕਰਕੇ ਚਿੱਤਰਣ ਦਾ ਕੰਮ ਕਰਨ ਲੱਗਿਆ ਸੀ। ਇਸ ਵਿਰੋਧਤਾਈ ਨੂੰ ਹੱਲ ਕਰਨ ਲਈ ਫਲਾਬੇਅਰ ਨੇ ਕਾਂਟ, ਹੀਗਲ, ਦੇਕਾਰਤ, ਹਿਊਮ, ਆਦਿ ਦੀ ਛਾਣਬੀਣ ਕਰਦੇ ਹੋਏ ਸਿਪਨੋਜਾ ਦੇ ਫਲਸਫੇ ਨੂੰ ਹੀ ਫੇਰ ਤੋਂ ਗ੍ਰਹਿਣ ਕਰਨ ਦੀ ਇੱਛਾ ਮਹਿਸੂਸ ਕੀਤੀ ਅਤੇ ਗੋਂਕੁਰ ਭਰਾਵਾਂ ਨੇ ਦਿਦੇਰੋ ਦੇ ਦਵੰਦਵਾਦੀ ਚਿੰਤਨ ਨੂੰ ਅਪਣਾਉਣਾ ਚਾਹਿਆ। ਇਹਨਾਂ ਮਹਾਨ ਲੇਖਕਾਂ ਨੇ ਆਪਣੀਆਂ ਅਸਫਲਤਾਵਾਂ ਅਤੇ ਕਮੀਆਂ ਨੂੰ ਗੰਭੀਰਤਾ ਨਾਲ਼ ਮਹਿਸੂਸ ਕੀਤਾ, ਪਰ ਆਲ਼ੋਚਨਾਤਮਕ ਯਥਾਰਥਵਾਦ ਦੀਆਂ ਇਹਨਾਂ ਇਤਿਹਾਸਕ ਸੀਮਾਵਾ ਨੂੰ ਤੋੜ ਸਕਣ ਵਿੱਚ ਉਹ ਅਸਫਲ ਰਹੇ। 

ਏਮਿਲ ਜ਼ੋਲਾ ਵੀ ਉਪਰੋਕਤ ਅਸਫਲਤਾ ਦੇ ਸੰਦਰਭ ਵਿੱਚ ਆਪਣੇ ਇਹਨਾਂ ਮੋਹਰੀ ਲੇਖਕਾਂ ਦਾ ਸਾਂਝੀਦਾਰ ਸੀ, ਪਰ ਉਨੀਂਵੀ ਸਦੀ ਦੇ ਅੰਤ ਤੱਕ ਜਿਉਂਦੇ ਅਤੇ ਸਰਗਰਮ ਰਹਿੰਦੇ ਹੋਏ ਆਪਣੇ ਪੂਰਵਜਾਂ ਦੀਆਂ ਸੀਮਾਵਾਂ ਨੂੰ ਤੋੜਦੇ ਹੋਏ ਇੱਕ ਹੱਦ ਤੱਕ ਸਫਲ ਵੀ ਰਿਹਾ। ਮਨੁੱਖੀ ਜਿੰਦਗੀ ਬਾਰੇ ਕਿਸੇ ਇੱਕਸਾਰ ਦ੍ਰਿਸ਼ਟੀਕੋਣ ਦੀ ਘਾਟ ਨਾਲ਼ ਜੂਝਦੇ ਹੋਏ ਜ਼ੋਲਾ ਉਸੇ ਤਰ੍ਹਾਂ ਪਰਤੱਖਵਾਦੀ ਫਲਸਫੇ ਵੱਲ ਮੁੜਿਆ, ਜਿਸ ਤਰਾਂ ਫਲਾਬੇਅਰ ਸਿਪਨੋਜਾ ਵੱਲ ਅਤੇ ਗੋਂਕੁਰ ਭਰਾ ਦਿਦੇਰੋ ਵੱਲ ਵੇਖ ਰਹੇ ਸਨ। ਪਰ ਜ਼ੋਲਾ ਨੇ ਅਮਲ ਵਿੱਚ ਹੋਰ ਵੀ ਅੱਗੇ ਵਧਦੇ ਹੋਏ ਪ੍ਰਕਿਰਤੀਵਾਦ ਦੀ ਸਾਹਿਤਕ ਵਿਚਾਰ-ਸਾਰਣੀ ਅਤੇ ਸ਼ੈਲੀ ਦੀ ਵਕਾਲਤ ਕੀਤੀ ਅਤੇ ਇਸੇ ਅਧਾਰ ਉੱਤੇ ਆਪਣੀ ਰਚਨਾਤਮਕ ਲੇਖਣੀ ਦੀ ਵੀ ਸ਼ੁਰੂਆਤ ਕੀਤੀ। ਪਰ ‘ਪ੍ਰਕਿਰਤੀਵਾਦ’ ਨਾਮ ਦਾ ਇਸਤੇਮਾਲ ਕਰਦੇ ਹੋਏ ਵੀ 1870 ਦੇ ਹੀ ਦਹਾਕੇ ਵਿੱਚ ਉਹ ਰਚਨਾਤਮਕ ਧਰਾਤਲ ਉੱਤੇ ਆਪਣੇ ਪਹਿਲਾ ਤੋਂ ਬਣਾਏ ਵਿਚਾਰ ਨਾਲੋਂ ਤੋੜ-ਵਿਛੋੜਾ ਕਰ ਚੁੱਕਿਆ ਸੀ ਅਤੇ ਆਪਣੀ ਬਾਅਦ ਵਾਲੀ ਜਿੰਦਗੀ ਵਿੱਚ ਕ੍ਰਮਵਾਰ ਉਸਤੋਂ ਜਿਆਦਾ ਤੋਂ ਜਿਆਦਾ ਦੂਰ ਹੁੰਦਾ ਗਿਆ। ‘ਰੂਜੋਂ-ਮਕਾਰ’ ਲੜੀ ਦੇ ਨਾਵਲਾਂ ਨੂੰ ਲਿਖਣ ਦੌਰਾਨ ਜ਼ੋਲਾ ਕ੍ਰਮਵਾਰ ਹਨੇਰੇ ਵਿੱਚ ਲੱਭਦੇ-ਲਭਾਉਂਦੇ ਰੋਸ਼ਨੀ ਦੀ ਦਿਸ਼ਾ ਵੱਲ ਵੱਧ ਰਿਹਾ ਸੀ। ਗਣਤੰਤਰਵਾਦੀ ਜ਼ੋਲਾ ਹੌਲ਼ੀ-ਹੌਲ਼ੀ ਮਜ਼ਦੂਰ ਜਮਾਤ ਦੀ ਕਠੋਰ ਅਤੇ ਔਖੀ ਪਰ ਉਮੰਗ ਭਰਭੂਰ ਜੀਉਣ ਦੀ ਜ਼ੋਰਦਾਰ ਇੱਛਾ, ਸੰਘਰਸ਼ ਦੀ ਲਟ ਲਟ ਬਲ਼ਦੀ ਭਾਵਨਾ ਭਰੀ ਜਿੰਦਗੀ ਦੇ ਹੋਰ ਵੀ ਨੇੜੇ ਹੁੰਦਾ ਗਿਆ। ਉਹ ਇੱਕ ਇਨਕਲਾਬੀ ਜਮਹੂਰੀ ਲੇਖਕ ਬਣਿਆ ਅਤੇ ਫਿਰ ਆਪਣੀ ਜਿੰਦਗੀ ਦੇ ਅਖੀਰਲੇ ਵਰ੍ਹਿਆਂ ਤੱਕ ਕਿਰਤ ਦੀ ਸੱਤਾ ਵਿੱਚ ਮਨੁੱਖਤਾ ਦਾ ਭਵਿੱਖ ਵੇਖਣ ਦੀ ਮੰਜਿਲ਼ ਤੱਕ ਜਾ ਪਹੁੰਚਿਆ। ਇਸ ਤਰਾਂ ਉਹਨੇ ਫਰਾਂਸੀਸੀ ਯਥਾਰਥਵਾਦ ਦੀਆਂ ਹੱਦਾਂ ਨੂੰ ਹੋਰ ਵਿਸਤਾਰ ਦਿੱਤਾ। ਉਸਦੇ ਯਥਾਰਥਵਾਦ ਦੀਆਂ ਸੀਮਾਵਾਂ ਸਨ। ਉਸਦੀ ਰਚਨਾਤਮਕ ਅਸਫਲਤਾ ਵੀ ਸੀ, ਪਰ ਫਲਾਬੇਅਰ ਅਤੇ ਗੋਂਕੁਰ ਭਰਾਵਾਂ ਦੀ ਤਰ੍ਹਾਂ ਉਹ ਇਹਨਾਂ ਸੀਮਾਵਾਂ ਤੋਂ ਵਾਕਿਫ ਸੀ ਅਤੇ ਇਸ ਮਾਇਨੇ ਵਿੱਚ ਉਹਨਾਂ ਤੋਂ ਅੱਗੇ ਸੀ ਕਿ ਉਨੀਂਵੀਂ ਸਦੀ ਦੇ ਯਥਾਰਥਵਾਦ ਨੂੰ ਉਹ ਉਸ ਮੁਕਾਮ ਤੱਕ ਅੱਗੇ ਲੈ ਜਾਣ ਵਿੱਚ ਸਫਲ ਰਿਹਾ ਜਿੱਥੋਂ ਵੀਹਵੀਂ ਸਦੀ ਦੀਆਂ ਦੋ ਧਾਰਾਵਾਂ ਅੱਗੇ ਵਧੀਆਂ-ਇੱਕ ਧਾਰਾ ਅਪਟਨ ਸਿੰਕਲੇਅਰ, ਥਿਉਡੋਰ ਡਰੇਜ਼ਰ, ਜੈਕ ਲੰਡਨ, ਸਿੰਕਲੇਅਰ ਲੁਈਸ, ਮੈਕਸਿਮ ਗੋਰਕੀ, ਫੇਦਯੇਵ, ਫੇਦਿਨ, ਸ਼ੋਲੋਖੋਵ ਆਦਿ ਦੀ ਸੀ ਅਤੇ ਦੂਜੀ ਧਾਰਾ ਅਨਾਤੋਲ ਫਰਾਂਸ, ਰੋਮਾਂ ਰੋਲਾਂ, ਗਾਲਸਵਰਦੀ, ਸਾਮਰਸੇਟ ਮਾਮ, ਹੇਮਿੰਗਵੇ, ਫਾਕਨਰ ਆਦਿ ਦੀ ਸੀ। ਜ਼ੋਲਾ ਦੀਆਂ ਰਚਨਾਤਮਕ ਅਸਫਲਤਾਵਾਂ ਵੀ ਆਪਣੇ ਆਪ ਵਿੱਚ ਕਾਫੀ ਸ਼ਾਨਦਾਰ ਸਨ ਅਤੇ ਆਪਣੀਆਂ ਬਾਅਦ ਵਾਲ਼ੀਆਂ ਪੀੜ੍ਹੀਆਂ ਲਈ ਕਾਫੀ ਸਿਖਿਆਦਾਇਕ ਸਨ। 

1870 ਵਿੱਚ ਜ਼ੋਲਾ ਨੇ ਪੰਜ ਵਰ੍ਹਿਆਂ ਤੋਂ ਆਪਣੀ ਪ੍ਰੇਮਿਕਾ ਅਤੇ ਸਹਿਯੋਗੀ ਗਬਰੀਲ ਅਲੇਕਸਾਂਦਰੀਨ ਨਾਲ਼ ਵਿਆਹ ਕਰ ਲਿਆ। ਨੌਜਵਾਨ ਜੌੜੀ ਦਾ ਜ਼ੋਲਾ ਦੀ ਮਾਂ ਵਿਸ਼ੇਸ਼ ਧਿਆਨ ਰੱਖਦੀ ਸੀ। ਜ਼ੋਲਾ ਇਸ ਸਮੇਂ ਦੌਰਾਨ ਨਿਯਮਤ ਰੂਪ ਵਿੱਚ ਫਲਾਬੇਅਰ, ਤੁਰਗਨੇਵ, ਏਦਮੋਂਦ ਗੋਂਕੁਰ, ਅਲਫੋਂਸ ਦੋਦੇ ਆਦਿ ਨੂੰ ਮਿਲ਼ਦਾ-ਜੁਲ਼ਦਾ ਰਹਿੰਦਾ ਸੀ। 1870 ਦੇ ਸ਼ੁਰੂ ਵਿੱਚ ਜ਼ੋਲਾ ਪੈਰਿਸ ਦੇ ਨੇੜੇ ਹੀ ਸੀਨ ਨਦੀ ਦੇ ਕਿਨਾਰੇ ਮੇਦਾਂ ਵਿੱਚ ਰਹਿਣ ਲੱਗ ਪਿਆ। ਉੱਥੇ ਉਸਦੇ ਵਿਦਿਆਰਥੀ ਲੇਖਕਾਂ ਦੀ ਮੰਡਲੀ ਅਕਸਰ ਹੀ ਇਕੱਠੀ ਹੋਇਆ ਕਰਦੀ ਸੀ ਜਿਸ ਵਿੱਚ ਮੋਪਾਸਾਂ ਅਤੇ ਯੋਰੀ-ਕਾਰਲ ਹੂਈਮਾਂਸ ਜਿਹੇ ਅੱਗੇ ਚੱਲਕੇ ਪ੍ਰਸਿੱਧ ਹੋਣ ਵਾਲ਼ੇ ਲੇਖਕ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਨੇ 1880 ਵਿੱਚ ਮਿਲ਼ਕੇ ਆਪਣੀਆਂ ਕਹਾਣੀਆਂ ਦਾ ਸਾਝਾਂ ਸੰਕਲਣ ”ਇਵਨਿੰਗਸ ਏਟ ਮੇਦਾਂ” ਵੀ ਪ੍ਰਕਾਸ਼ਿਤ ਕੀਤਾ ਸੀ। ਭਾਵੇਂ ਗਬਰੀਲ ਸੰਗ ਜ਼ੋਲਾ ਦਾ ਵਿਆਹਕ ਮੌਤ ਤੱਕ ਜ਼ਾਰੀ ਰਿਹਾ, ਪਰ ਪਤਨੀ ਦੀ ਇੱਕ ਨੋਕਰਾਣੀ ਜੀਨ ਰੋਜ਼ੇਰੋ ਨਾਲ਼ 1888 ਵਿੱਚ ਹੋਇਆ ਉਸਦਾ ਪ੍ਰੇਮ ਸੰਬੰਧ ਵੀ ਆਖਰ ਤੱਕ ਬਣਿਆ ਰਿਹਾ। ਗਬਰੀਲ ਨੂੰ ਕੋਈ ਬੱਚਾ ਨਾ ਹੋਇਆ, ਪਰ ਜੀਨ ਜ਼ੋਲਾ ਦੇ ਦੋ ਬੱਚਿਆਂ ਦੀ ਮਾਂ ਬਣੀ, ਜਿਨ੍ਹਾਂ ਨੂੰ ਜ਼ੋਲਾ ਦੀ ਮੌਤ ਤੋਂ ਬਾਅਦ ਗਬਰੀਲ ਨੇ ਵੀ ਅਪਣਾ ਲਿਆ। ਜ਼ੋਲਾ ਨੂੰ ਆਪਣੀ ਵਿਚਾਰਕ ਪ੍ਰਤੀਬੱਧਤਾ ਕਾਰਨ ਰਾਜਨੀਤਕ ਤੌਰ ‘ਤੇ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਸਦਾ ਪਰਿਵਾਰਕ ਜੀਵਨ ਸੁਖੀ ਅਤੇ ਸ਼ਾਂਤਮਈ ਸੀ ਜਿਸਨੇ ਧੂਆਂਧਾਰ ਲਿਖਣ ਵਿੱਚ ਉਸਦੀ ਕਾਫੀ ਮੱਦਦ ਕੀਤੀ। 

ਪੇਰਿਸ ਕਮਿਊਨ ਦੇ ਦਮਨ ਤੋਂ ਬਾਅਦ ਹਾਕਮ ਜਮਾਤਾਂ ਵਿੱਚ ਔਖੇ ਸੰਘਰਸ਼ਾਂ ਦਾ ਦੌਰ ਚਲਦਾ ਰਿਹਾ ਅਤੇ ਫਿਰ ਤੀਸਰੇ ਗਣਤੰਤਰ ਦੀ ਸਥਾਪਨਾ ਹੋਈ, ਪਰ ਪਿਛਾਖੜੀ ਦਮਨ ਬਾਦਸਤੂਰ ਜ਼ਾਰੀ ਰਿਹਾ। ਕਮਿਊਨ ਦੀ ਪ੍ਰਤੀਕ੍ਰਿਆ ਨੇ ਧਾਰਮਿਕ ਮੁੜਸੁਰਜੀਤੀ ਦੀ ਇੱਕ ਲਹਿਰ ਨੂੰ ਜਨਮ ਦਿੱਤਾ। ਮਜ਼ਦੂਰ ਲਹਿਰ ਆਪਣੇ ਬਚਪਨ ਵਿੱਚ ਹੀ ਕੁਚਲ ਦਿੱਤੀ ਗਈ ਸੀ। ਜਿਆਦਾਤਰ ਇਨਕਲਾਬੀ ਅਤੇ ਮਜ਼ਦੂਰ ਆਗੂ ਜਲਾਵਤਨ ਜਿੰਦਗੀ ਕੱਟ ਰਹੇ ਸਨ। ਫਰਾਂਸੀਸੀ ਸਮਾਜਵਾਦ ਦਾ ਫਿਰ ਤੋਂ ਜਿਉਂਦੇ ਹੋ ਸਕਣਾ 1880 ਦੀ ਆਮ ਮੁਆਫੀ ਤੋਂ ਬਾਅਦ ਹੀ ਸੰਭਵ ਹੋ ਸਕਿਆ।

ਇਸੇ ਰਾਜਨੀਤਕ ਸਮਾਜਿਕ ਵਾਤਾਵਰਣ ਵਿੱਚ ਜ਼ੋਲਾ ਨੇ ਆਪਣੀ ਮਹੱਤਵਅਕਾਂਕਸ਼ੀ ਨਾਵਲ-ਲੜੀ ਦੀਆਂ ਕੜੀਆਂ ਦੀ ਉਸਾਰੀ ਅੱਗੇ ਵਧਾਈ। ਸਮੁੱਚਤਾ ਵਿੱਚ, ਸਮਾਜ ਵਿੱਚ ਵਿਅਕਤੀਤਵ, ਪਰਿਵਾਰ ਅਤੇ ਸਮਾਜਿਕ ਸਮੂਹਾਂ ਦੇ ਵਿਕਾਸ ਦੀ ਗਤਿਕੀ ਅਤੇ ਇਤਿਹਾਸ ਵਿੱਚ ਸਮਾਜ ਦੇ ਵਿਕਾਸ ਦੀ ਗਤਿਕੀ ਦੇ ਉਦਘਾਟਨ ਦਾ ਵਿਚਾਰ ਹੀ ਉਹ ਯੋਜਕ ਸੂਤਰ ਹੈ ਜੋ ਇਸ ਲੜੀ ਦੇ ਸਾਰੇ ਨਾਵਲਾਂ ਨੂੰ ਇੱਕ ਦੂਜੇ ਨਾਲ਼  ਜੋੜਦਾ ਹੈ। ਸਾਮਰਾਜਕਾਲੀਨ ਅਤੀਤ ਦੀ ਗਣਤੰਤਰਿਕ ਵਰਤਮਾਨ ਨਾਲ਼ ਤੁਲਨਾ ਕਰਦੇ ਹੋਏ ਜ਼ੋਲਾ ਨੇ ਤੱਤ ਰੂਪ ਵਿੱਚ ਇਸ ਲੜੀ ਜ਼ਰੀਏ ਦੋਨਾਂ ਸੱਤਾਵਾਂ ਵਿਚਲੇ ਅੰਤਰਸੰਬੰਧਾਂ ਨੂੰ ਦਿਖਾਉਣ ਅਤੇ ਬੁਰਜ਼ੂਆ-ਗਣਤੰਤਰਿਕ ਲੱਫ਼ਾਜੀ ਅਤੇ ਜਮਾਤੀ-ਭਿਆਲੀ ਦੇ ਪਖੰਡੀ ਝੂਠ ਦਾ ਪਰਦਾਫਾਸ਼ ਕਰਨ ਦੀ ਸਫਲ ਅਤੇ ਪ੍ਰਭਾਵੀ ਕੋਸ਼ਿਸ਼ ਕੀਤੀ ਹੈ। 

ਪੂਰੀ ਲੜੀ ਦੀ ਕਹਾਣੀ ਦੂਜੇ ਸਾਮਰਾਜ ਦੇ ਦੌਰ ਵਿੱਚ ਹੀ ਚਲਦੀ ਹੈ ਜੋ ਧੂਮਕੇਤੂ ਵਾਂਗ ਰਾਜਨੀਤਕ ਕਿਰਦਾਰਾਂ ਦੇ ਉੱਥਾਨ -ਪਤਣ, ਨਵੇਂ ਉਦਯੋਗਾਂ ਦੇ ਜਨਮ, ਮਜ਼ਦੂਰਾਂ ਦੇ ਵਿਸਥਾਪਨ, ਆਧੁਨਿਕ ਪੇਰਿਸ ਦੇ ਵਿਕਾਸ ਅਤੇ ਵਿੱਤੀ ਸੱਟੇਬਾਜ਼ੀ ਦਾ ਯੁੱਗ ਸੀ। 1848 ਤੋਂ ਬਾਅਦ ਦੇ ਦਹਾਕੇ ਦਾ ਸਮਾਂ ਬਿਨਾਂ ਰੁਕਾਵਟ ਤੋਂ ਬੁਰਜੂਆ ਸੱਤਾ ਦਾ ਸਮਾਂ ਸੀ। ਪੂਰੀ ਲੜੀ ਦੇ ਮੁੱਖ ਕਿਰਦਾਰ ਇੱਕ ਹੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਤੋਂ ਆਉਂਦੇ ਹਨ। ਏਦੇਲਾਓਰ ਫੋਕ ਨਾਮਕ ਔਰਤ ਦੀ ਇੱਕ ਔਲਾਦ ਆਪਣੇ ਪਤੀ ਰੂਜੋਂ ਤੋਂ ਹੈ, ਜਦਕਿ ਦੋ ਨਜਾਇਜ ਔਲਾਦਾਂ ਉਸਦੇ ਪ੍ਰੇਮੀ ਸਮੱਗਲਰ ਮਕਾਰ ਤੋਂ ਹਨ। ਇਸ ਵੰਸ਼ ਦੀ ਜਾਇਜ ਸ਼ਾਖਾ ਉੱਪਰ ਉੱਠ ਕੇ ਸਮਾਜ ਦੀਆਂ ਕੁਲੀਨ ਪਰਤਾਂ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਨਾਜਾਇਜ਼ ਸ਼ਾਖਾ ਥੱਲੇ ਡਿੱਗ ਕੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਲਛਟੀ ਦੁਨੀਆਂ ਦਾ ਅੰਗ ਬਣ ਜਾਂਦੀ ਹੈ। ਜ਼ੋਲਾ ਦੇ ਹੀ ਸ਼ਬਦਾਂ ਵਿੱਚ ਇਹ ਸਾਰੇ ਕਿਰਦਾਰਾਂ ਵਿੱਚ ”ਭੁੱਖ ਦਾ ਅਤਿਰੇਕ”  ਹੈ ਅਤੇ ਇਹ ਅਲੱਗ ਅਲੱਗ ਕਿਰਦਾਰਾਂ ਦੇ ਪਿਛੋਕੜ ‘ਤੇ ਨਿਰਭਰ ਕਰਦਾ ਹੈ ਕਿ ਇਹ ਸੱਤਾ ਦੀ ਹੈ ਜਾਂ ਧਰਮ ਦੀ ਹੈ ਜਾਂ ਸੈਕਸ ਦੀ ਹੈ, ਜਾਂ ਸਮਾਜਿਕ ਨਿਆਂ ਦੀ ਹੈ ਜਾਂ ਕਲਾ ਦੀ ਹੈ, ਜਾਂ ਹੱਤਿਆ ਦੀ ਹੈ। ਇਸ ਲੜੀ ਦੇ ਸਾਰੇ ਨਾਵਲਾਂ ਦੇ ਪੰਨੇ-ਪੰਨੇ ਤੋਂ ਫੁੱਟਦੀ ਬੁਰਜੂਆ ਜਮਾਤ ਪ੍ਰਤੀ ਦਹਿਕਦੀ ਘਿਰਣਾ ਹੀ ਇਹਨਾਂ ਦੀ ਮੂਲ ਤਾਕਤ ਪ੍ਰਤੀਤ ਹੁੰਦੀ ਹੈ। ਬੁਰਜੂਆ ਲਾਲਚ, ਬੇਰਹਿਮੀ ਅਤੇ ਖੂਹ ਦੇ ਡੱਡੂ ਪੁਣੇ ਦਾ ਚਿੱਤਰਣ ਪੂਰੀ ਲੜੀ ਦੀ ਥੀਮ ਵਿੱਚ ਹਰ ਕਿਤੇ ਨਜ਼ਰ ਆਉਂਦਾ ਹੈ। 

ਸ਼ੁਰੂਆਤੀ ਛੇ ਨਾਵਲਾਂ ਵਿੱਚ 1851 ਦੀ ਸੱਤਾ-ਬਦਲੀ ਅਤੇ ਉਸਦੇ ਬਾਅਦ ਦਾ ਸਾਰਾ ਸਮਾਂ ਲਿਆ ਗਿਆ ਹੈ। ਸਮਰਾਟ ਲੂਈ ਬੋਨਾਪਾਰਤ ਦੀ ਸੱਤਾ ਦੇ ਪੱਕੇ ਪੈਰੀਂ ਹੋਣ ਵਿੱਚ ਰਾਜਨੀਤੀਵਾਨਾਂ, ਸੱਟੇਬਾਜਾਂ ਅਤੇ ਚਰਚ ਦੀ ਭੂਮਿਕਾ ਦਾ ਇਹਨਾਂ ਨਾਵਲਾਂ ਵਿੱਚ ਪ੍ਰਭਾਵੀ ਯਥਾਰਥ-ਚਿੱਤਰਣ ਕੀਤਾ ਗਿਆ ਹੈ। 1872 ਵਿੱਚ ਪ੍ਰਕਾਸ਼ਿਤ ਨਾਵਲ ‘ਦਿ ਕਿਲ’ ਵਿੱਚ ਜ਼ੋਲਾ ਨੇ ਦੂਜੇ ਸਾਜਰਾਜ ਦੇ ਦੌਰਾਨ ਪੇਰਿਸ ਦੀ ਉਸਾਰੀ ਵਿੱਚ ਹੋਈ ਜਮੀਨ ਦੀ ਸੱਟੇਬਾਜੀ ਅਤੇ ਵਿੱਤੀ ਘੋਟਾਲਿਆਂ ਦਾ ਪ੍ਰਮਾਣਿਕ ਵੇਰਵਾ ਪੇਸ਼ ਕੀਤਾ। ਬੁਰਜੂਆ ਜਮਾਤ ਪ੍ਰਤੀ ਜ਼ੋਲਾ ਦੀ ਤਿੱਖੀ ਘਿਰਣਾ ਦੀ ਸਭ ਤੋਂ ਵੱਧ ਜੋਰਦਾਰ ਪੇਸ਼ਕਾਰੀ ਸਾਨੂੰ ‘ਸੈਵੇਜ ਪੇਰਿਸ'(1873) ਵਿੱਚ ਵੇਖਣ ਨੂੰ ਮਿਲਦੀ ਹੈ। ਪੇਰਿਸ ਫੂਡ ਮਾਰਕੀਟ ਨੂੰ ਪਿੱਠਭੂਮੀ ਵਿੱਚ ਰੱਖ ਕੇ ਇਹ ਨਾਵਲ ਨਿਮਨ-ਬੁਰਜੂਆ ਦੁਕਾਨਦਾਰ ਜਮਾਤ ਦੀ ਜਿੰਦਗੀ ਅਤੇ ਮਨੋਵਿਗਿਆਨ ਦਾ ਚਿਤਰਣ ਕਰਦਾ ਹੈ। ਸ਼ੁਰੂਆਤੀ ਇਨਕਲਾਬਾਂ ਦੌਰਾਨ ਇਸ ਜਮਾਤ ਨੇ ਜੁਝਾਰੂ ਭੂਮਿਕਾ ਨਿਭਾਈ ਸੀ, ਪਰ ਦੂਜੇ ਸਾਮਰਾਜ ਦੇ ਸਮੇਂ ਤੱਕ ਆਉਂਦੇ-ਆਉਂਦੇ ਇਹ ਆਤਮ-ਸੰਤੁਸ਼ਟ ਖੂਹ ਦੀ ਡੱਡੂ ਅਤੇ ਸੰਕੀਰਣ-ਮਨ ਬਣ ਚੁੱਕੀ ਸੀ। ਬਾਲਜ਼ਾਕ ਦੇ ਯਥਾਰਥਵਾਦ ਦੀ ਵਿਸ਼ੇਸ਼ਤਾ ਇਹ ਸੀ ਕਿ ਉਸਨੇ ਵਿਆਪਕ ਧਰਾਤਲ ਉੱਤੇ ਬੁਰਜੂਆ ਉਤਪਾਦਨ ਅਤੇ ਵਟਾਂਦਰਾ ਸੰਬੰਧਾਂ ਨੂੰ ਤਾਰ-ਤਾਰ ਉਧੇੜ ਕੇ ਪੇਸ਼ ਕੀਤਾ ਅਤੇ ਮਨੁੱਖੀ ਸੰਬੰਧਾਂ ਦੇ ਕੇਂਦਰ ਵਿੱਚ ਮੁਦਰਾ ਦੀ ਸੱਤਾ ਸਥਾਪਿਤ ਹੋਣ ਦੀ ਪ੍ਰਕਿਰਿਆ ਦਾ ਅਧਿਕਾਰਕ ਚਿੱਤਰਣ ਕੀਤਾ। ਜੋਲਾ ਨੇ ਅਲੱਗ-ਅਲੱਗ ਜਮਾਤਾਂ ਦੇ, ਅਤੇ ਵਿਸ਼ੇਸ਼ ਤੌਰ ‘ਤੇ ਸਮਾਜ ਦੇ ਤਲ ‘ਤੇ ਰਹਿੰਦੇ ਅਣਦੇਖੀ ਦੇ ਸ਼ਿਕਾਰ ਨਿਵਾਸੀਆਂ ਦੇ ਆਰਥਿਕ ਜੀਵਨ-ਉਹਨਾਂ ਦੇ ਖਾਣ-ਪੀਣ, ਰਹਿਣ-ਸਹਿਣ ਆਦਿ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਗ੍ਰਾਫਿਕ ਵਿਸਤਾਰ ਨਾਲ਼ ਉਸਦਾ ਚਿੱਤਰਣ ਕੀਤਾ। ਇਹ ਚੀਜ਼ ਸਾਨੂੰ ”ਸੈਵੇਜ ਪੇਰਿਸ” ਵਿੱਚ ਵੀ ਖਾਸ ਤੌਰ ‘ਤੇ ਵੇਖਣ ਨੂੰ ਮਿਲਦੀ ਹੈ। ਨਾਵਲ ਵਿੱਚ ਰਾਜਨੀਤਕ ਆਯਾਮ ਜੋੜਦਾ ਹੈ ਵਪਾਰੀ ਇਸਤਰੀ-ਪਾਤਰ ਲਿਜ਼ਾ ਕਿਊਨਿਊ ਦੇ ਪਤੀ ਦਾ ਭਾਈ ਫਲੋਰੇਂ ਜੋ ਇੱਕ ਇਨਕਲਾਬੀ ਹੈ ਜਿਸਨੂੰ 1848 ਵਿੱਚ ਜਲਾਵਤਨੀ ਦੀ ਸਜ਼ਾ ਮਿਲੀ ਹੋਈ ਹੈ। ਲਿਜਾ ਉਸ ਨਾਲ਼ ਵਿਸ਼ਵਾਸਘਾਤ ਕਰਦੀ ਹੈ ਅਤੇ ਪਤੀ ਦੇ ਘਰ ਪਰਤੇ ਭਰਾ ਫਲੋਰੇਂ ਬਾਰੇ ਪੁਲਸ ਨੂੰ ਖਬਰ ਕਰ ਦਿੰਦੀ ਹੈ। ਫਿਰ ਜ਼ੋਲਾ ਦਾ ਭੰਡਣ ਵਾਲ਼ਾ ਨਿਚੋੜ ਬੁਰਜੂਆ ਸਮਾਜ ਦੇ ਤਿੱਖੇ ਅਲੋਚਨਾ ਚਿੱਤਰਕਾਰ ਕਲੋਦ ਲੇਂਤੀਆ ਦੀ ਇਸ ਟਿੱਪਣੀ ਜ਼ਰੀਏ ਸਾਹਮਣੇ ਆਉਂਦਾ ਹੈ- ”ਕੇਹੇ ਕਚਰੇ-ਕਮੀਨੇ ਹੁੰਦੇ ਹਨ ਇਹ ਇੱਜਤਦਾਰ ਲੋਕ।”

‘ਸੈਵੇਜ ਪੇਰਿਸ” ਵਿੱਚ ਜ਼ੋਲਾ ਨੇ ਜਿੱਥੇ ਮੰਡੀ ਨੂੰ ਇੱਕ ਵਿਆਪਕ ਸਮਾਜਿਕ ਫਰੇਮਵਰਕ ਵਿੱਚ ਰੱਖਦੇ ਹੋਏ ਮੁਦਰਾ ਦੀ ਵਿਗਾੜੂ ਤਾਕਤ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਥੇ 1876 ਵਿੱਚ ਪ੍ਰਕਾਸ਼ਿਤ ਨਾਵਲ ‘ਹਿਜ ਏਕਸੀਲੇਂਸੀ ਯੁਜੀਨ ਰੂਜੋਂ’ ਦੀ ਵਿਸ਼ਾਵਸਤੂ ਲੂਈ ਬੋਨਾਪਾਰਤ ਦੇ ਸਮੇਂ ਦੀ ਭ੍ਰਿਸ਼ਟ ਬੁਰਜੂਆ ਰਾਜਨੀਤੀ ਸੀ। ਇਸ ਨਾਵਲ ਵਿੱਚ ਲੂਈ ਬੋਨਾਪਾਰਤ ਦੇ ਮੰਤਰੀਮੰਡਲ ਦੇ ਕਈ ਮੰਤਰੀਆਂ-ਅਧਿਕਾਰੀਆਂ ਦੀਆਂ ਮਾਜਿਸ਼ਾਂ, ਜੋੜ-ਤੋੜ ਅਤੇ ਭ੍ਰਿਸ਼ਟਾਚਾਰ ਦਾ ਪ੍ਰਮਾਣਿਕ ਚਿੱਤਰ ਸਾਹਮਣੇ ਲਿਆਂਦਾ ਗਿਆ ਹੈ।

ਰੂਜੋਂ ਮਕਾਰ ਲੜੀ ਦੇ ਕੁਝ ਸ਼ੁਰੂਆਤੀ ਨਾਵਲਾਂ ਦੇ ਪ੍ਰਕਾਸ਼ਨ ਤੋਂ ਬਾਅਦ ਹੀ, ਭੱਦਰ ਬੁਰਜੂਆ ਸਮਾਜ ਵਿੱਚ ਜ਼ੋਲਾ ਦੀ ਦਿੱਖ ਇੱਕ ਖਤਰਨਾਕ ਵਿਦਰੋਹੀ ਦੀ ਬਣ ਗਈ। 1872 ਵਿੱਚ ਹੀ ਰੂੜੀਵਾਦੀ ਬੁਰਜੂਆ ਅਖਬਾਰ ‘ਲ ਪੇ’ਲੇ’ ਨੇ ਇਹ ਟਿੱਪਣੀ ਕੀਤੀ ਸੀ-” ਰੋਜ਼ਾਨਾ ਸਭਿਆ ਸਮਾਜ ਵਿਰੁੱਧ ਅਪਰਾਧਾਂ ਲਈ ਅਜਿਹੇ ਲੋਕਾਂ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਨਾਗਰਿਕ ਜ਼ੋਲਾ ਦੇ ਮੁਕਾਬਲੇ ਘੱਟ ਦੋਸ਼ੀ ਹਨ।” 1873 ਵਿੱਚ ਪੁਲੀਸ ਨੇ ਜ਼ੋਲਾ ਬਾਰੇ ਇੱਕ ਫਾਈਲ ਤਿਆਰ ਕੀਤੀ। ਫਾਈਲ ਵਿੱਚ ਦਰਜ ਇੱਕ ਪੁਲੀਸ ਮੁਖਬਰ ਦੀ ਸੂਚਨਾ ਅਨੁਸਾਰ ਜ਼ੋਲਾ ਪਹਿਲੇ ਇੰਟਰਨੈਸ਼ਨਲ ਦਾ ਮੈਂਬਰ ਸੀ। ਨਿਸ਼ਚਿਤ ਹੀ ਇਸ ਸੂਚਨਾ ਦਾ ਸੱਚਾਈ ਨਾਲ਼ ਦੂਰ ਤੱਕ ਦਾ ਵੀ ਕੋਈ ਸੰਬੰਧ ਨਹੀਂ ਸੀ, ਪਰ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਸੱਤਾ ਜ਼ੋਲਾ ਦੀ ਲੇਖਣੀ ਨੂੰ ਕਿੰਨਾ ਵਿਸਫੋਟਕ ਮੰਨ ਰਹੀ ਸੀ ਅਤੇ ਇਹ ਵੀ ਕਿ ਜ਼ੋਲਾ ਦੀ ਰਾਜਨੀਤੀ ਜਿਸ ਰੰਗ ਦੀ ਪ੍ਰਤੀਤ ਹੋ ਰਹੀ ਸੀ ਅਤੇ (ਖੁਦ ਜ਼ੋਲਾ ਦੇ ਵੀ ਅਣਜਾਣੇ) ਜਿਸ ਦਿਸ਼ਾ ਵਿੱਚ ਵਿਕਸਿਤ ਹੋ ਰਹੀ ਸੀ, ਉਸਦਾ ਅਹਿਸਾਸ ਬੁਰਜੂਆਜ਼ੀ ਨੂੰ ਵੀ ਇੱਕ ਹੱਦ ਤੱਕ ਹੋਣ ਲੱਗਿਆ ਸੀ। 

ਸੰਨ 1877 ਵਿੱਚ ਪ੍ਰਕਾਸ਼ਿਤ ਰੂਜੋਂ-ਮਕਾਰ ਲੜੀ ਦਾ ਅਗਲਾ ਨਾਵਲ ‘ਦ ਡਰਾਮਸ਼ਾਪ’ ਜਾਂ ‘ਦ ਡਰਿੰਕਰ’ ਜ਼ੋਲਾ ਦੇ ਸਭ ਤੋਂ ਸਫਲ ਅਤੇ ਲੋਕਪ੍ਰਿਅ ਨਾਵਲਾਂ ਵਿੱਚੋਂ ਮੰਨਿਆਂ ਜਾਂਦਾ ਹੈ। ਇਸ ਵਿੱਚ ਮਜ਼ਦੂਰ ਜਮਾਤ ਦੇ ਜੀਵਨ ਦਾ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤਾ ਗਿਆ ਹੈ। ਪਰ ਇਹ ਮਜ਼ਦੂਰ ਜਮਾਤ ਅਜੇ ਆਪਣੀਆਂ ਸਥਿਤੀਆਂ ਅਤੇ ਜਰੂਰਤਾਂ ਦੀ ਦਾਸ ਬਣੀ ਹੋਈ ਸੀ। ਇਹ ਜਾਗਰੂਕ ਅਤੇ ਸੰਘਰਸ਼ਸ਼ੀਲ ਮਜ਼ਦੂਰ ਜਮਾਤ ਨਹੀਂ ਸੀ। ਪੇਰਿਸ ਕਮਿਊਨ ਤੋਂ ਬਾਅਦ ਦੇ ਵਰ੍ਹਿਆਂ ਦੌਰਾਨ ਲਿਖਿਆ ਗਿਆ ਇਹ ਨਾਵਲ ਅਤੀਤ ਵਿੱਚ ਹੋਈ ਇਕ ਹੋਰ ਹਾਰ ਦੇ ਦੌਰ ਦੀ ਕਹਾਣੀ ਪੇਸ਼ ਕਰਦਾ ਹੈ। ਜੂਨ 1848 ਤੋਂ ਬਾਅਦ ਪੇਰਿਸ ਦੇ ਮਜ਼ਦੂਰਾਂ ਦਾ ਜਮਹੂਰੀਅਤ ਵਿੱਚ ਵਿਸ਼ਵਾਸ ਉੱਠ ਚੁੱਕਿਆ ਸੀ। ਦਸੰਬਰ 1851 ਵਿੱਚ ਉਹਨਾਂ ਨੇ ਜਮਹੂਰੀਅਤ ਦੀ ਸੁਰੱਖਿਆ ਲਈ ਸੰਘਰਸ਼ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ। ‘ਦ ਡਰਾਮਸ਼ਾਪ’ ਦੇ ਇੱਕ ਦ੍ਰਿਸ਼ ਵਿੱਚ ਜ਼ੋਲਾ ਨੇ ਇਸੇ ਇਤਿਹਾਸਕ ਘਟਨਾ ਨੂੰ ਲੈ ਕੇ ਕਹਾਣੀ ਦਾ ਤਾਣਾ-ਬਾਣਾ ਬੁਣਿਆ ਹੈ ਜਿਥੇ ਮਜ਼ਦੂਰ ਗੂਜੋ ਅਤੇ ਕੂਪੋ ‘ਸਭਾ ਭਵਨ ਦੇ ਵਿਹਲੜਾਂ’ ਲਈ ਕੋਈ ਖਤਰਾ ਮੁੱਲ ਲੈਣ ਤੋਂ ਇਨਕਾਰ ਕਰ ਦਿੰਦੇ ਹਨ।

ਨਾਵਲ ਦਾ ਘਟਨਾ-ਸਥਾਨ ਉੱਤਰੀ ਪੇਰਿਸ ਵਿੱਚ ਗਾਰ ਦੂ ਨਾਰ ਦੇ ਪਿੱਛੇ ਸਥਿਤ ਰਯੂ ਦ ਲਾ ਗੂਤੇ-ਦਿਆਰ ਦਾ ਇਲਾਕਾ ਹੈ, ਜਿਥੇ ਅੱਜ ਮੁੱਖ ਤੌਰ ‘ਤੇ ਉੱਤਰੀ ਅਫਰੀਕਾ ਤੋਂ ਆਏ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਉਨੀਂਵੀਂ ਸਦੀ ਦੇ ਪ੍ਰਾਂਤਕ ਫਰਾਂਸ ਦੇ ਪਿੰਡਾਂ ਤੋਂ ਉੱਜੜ ਕੇ ਆਈ ਗਰੀਬ ਅਬਾਦੀ ਮੁੱਖ ਤੌਰ ‘ਤੇ ਇਸੇ ਇਲਾਕੇ ਵਿੱਚ ਰਹਿੰਦੀ ਸੀ। 1848 ਵਿੱਚ ਇਹ ਇਲਾਕਾ ਜੁਝਾਰੂ ਮਜ਼ਦੂਰ ਲਹਿਰ ਦਾ ਸਭ ਤੋਂ ਮਜ਼ਬੂਤ ਕੇਂਦਰ ਸੀ। ਜ਼ੋਲਾ ਨੇ 1848 ਦੀਆਂ ਇਨਕਲਾਬੀ ਸਰਗਰਮੀਆਂ ਵਿਚਕਾਰ ਹਾਰ ਦੇ ਨੁਕਤੇ ਤੋਂ ਕਹਾਣੀ ਦੀ ਸ਼ੁਰੂਆਤ ਕੀਤੀ ਹੈ ਜਦੋਂ ਮਜ਼ਦੂਰ ਜਮਾਤ ਦੀ ਏਕਤਾ ਪੂਰੀ ਤਰਾਂ ਖਿੰਡ ਚੁੱਕੀ ਸੀ ਅਤੇ ਪਰਿਵਾਰਕ-ਆਤਮਕ ਜਿੰਦਗੀ ਵਿੱਚ ਵੀ ਪਤਨਸ਼ੀਲਤਾ ਅਤੇ ਅਣਮਨੁੱਖੀ ਕਾਲ਼ੀ ਘਟਾ ਛਾਈ ਹੋਈ ਸੀ। ਪਰਿਵਾਰ ਟੁੱਟ ਰਹੇ ਸਨ। ਅਜਿਹੀ ਪਿੱਠਭੂਮੀ ਵਿੱਚ ਇਸ ਇਲਾਕੇ ਵਿੱਚ ਰਹਿਣ ਵਾਲ਼ੇ ਇਮਾਰਤੀ ਮਜ਼ਦੂਰ ਕੂਪੋ ਅਤੇ ਉਸਦੀ ਪਤਨੀ ਧੋਬਣ ਜਰਵੇਜ ਮਕਾਰ ਦੇ ਕ੍ਰਮਵਾਰ ਪਤਣ ਅਤੇ ਅਮਾਨਵੀਕਰਨ ਦੀ ਪ੍ਰਕਿਰਿਆ ਦਾ ਜ਼ੋਲਾ ਨੇ ਗ੍ਰਾਫਿਕ ਚਿੱਤਰ ਪੇਸ਼ ਕੀਤਾ ਹੈ। ਕੂਪੋ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਇਹ ਜੋੜਾ ਸ਼ਰਾਬਖੋਰੀ ਵਿੱਚ ਡੁੱਬ ਜਾਂਦਾ ਹੈ ਅਤੇ ਗਹਿਰੇ ਅਵਸਾਦ ਅਤੇ ਮੌਤ ਦੇ ਨੁਕਤੇ ‘ਤੇ ਪਹੁੰਚ ਕੇ ਨਾਵਲ ਦਾ ਅੰਤ ਹੁੰਦਾ ਹੈ। ਜ਼ੋਲਾ ਦਾ ਰੁੱਖਾ ਅਤੇ ਮੁਸ਼ਕਲ ਯਥਾਰਥਵਾਦ ਪ੍ਰਤੀਨਿਧੀ ਰੂਪ ‘ਚ ਇਸ ਨਾਵਲ ਵਿੱਚ ਵੇਖਣ ਨੂੰ ਮਿਲ਼ਦਾ ਹੈ। ਮਜ਼ਦੂਰ ਜਮਾਤ ਦੀ ਨਰਕ ਵਰਗੀ ਜ਼ਿੰਦਗੀ ਦੇ ਸਭਿਆਚਾਰਕ ਪੱਖ ਦੇ ਵੱਖ-ਵੱਖ ਆਯਾਮਾਂ ਦਾ ਸੂਖਮਤਾਪੂਰਣ ਸੰਵੇਦਨਸ਼ੀਲ ਚਿੰਤਰਣ ਇਸ ਨਾਵਲ ਦੀ ਮੂਲ ਤਾਕਤ ਹੈ ਅਤੇ ਇਸ ਵਿੱਚ ਵੀ ਭਾਸ਼ਾ ਦਾ ਪੱਖ ਸਭ ਤੋਂ ਮਹੱਤਵਪੂਰਣ ਹੈ। ਮਜ਼ਦੂਰਾਂ ਦੀ ਭਾਸ਼ਾ ਨੂੰ ਪੇਸ਼ ਕਰਨ ਦੀ ਆਪਣੀ ਕੋਸ਼ਿਸ਼ ਨੂੰ ਜ਼ੋਲਾ ਨੇ ‘ਇੱਕ ਸ਼ੁੱਧ ਭਾਸ਼ਾ-ਮੀਮਾਂਸੀ ਅਧਿਐਨ’ ਦਾ ਨਾਂ ਦਿੱਤਾ ਹੈ। ਨਾ ਕੇਵਲ ਨਾਵਲ ਦੇ ਕਿਰਦਾਰਾਂ ਦੀ, ਸਗੋਂ ‘ਨੈਰੇਟਰ’ ਦੀ ਭਾਸ਼ਾ ਵੀ ਮਾਨਕ ਫਰਾਂਸੀਸੀ ਦਾ ‘ਅਸ਼ੁੱਧ’ ਰੂਪ ਹੈ ਅਤੇ ਉਸ ਵਿੱਚ ਮਜ਼ਦੂਰ ਜੀਵਨ ਦੇ ਯਥਾਰਥ ਦੀ ਉੂਰਜਾਵਾਨਤਾ ਅਤੇ ਠੋਸਪਨ ਸ਼ੁਰੂ ਤੋਂ ਅੰਤ ਤੱਕ ਹਾਜ਼ਰ ਹੈ। ਅਜਿਹਾ ਕਰਦੇ ਹੋਏ ਜ਼ੋਲਾ ਨੇ ਨਾ ਕੇਵਲ ਸਾਹਿਤਕ ਸ਼ਾਲੀਨਤਾ ਦੀਆਂ ਜੜ੍ਹ ਮਾਨਤਾਵਾਂ ਉੱਤੇ ਤਿਲਮਿਲਾ ਦੇਣ ਵਾਲ਼ੀ ਸੱਟ ਮਾਰੀ ਸਗੋਂ ਜਮਾਤ ਅਤੇ ਸਭਿਆਚਾਰ ਦੇ ਸਬੰਧਾਂ ਦੀ ਪੜਤਾਲ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ। 

‘ਦ ਡਰਾਮਸ਼ਾਪ’ ਨੂੰ ਜਿੱਥੇ ਆਮ ਪਾਠਕਾਂ ਵਿੱਚ ਕਲਪਣਾ ਤੋਂ ਬਾਹਰਲੀ ਲੋਕਪ੍ਰਿਅਤਾ ਮਿਲ਼ੀ, ਉੱਥੇ ਸਾਹਿਤਕ ਖੇਤਰ ਅਤੇ ਕੁਲੀਨ ਸਮਾਜ ਲਈ ਇਸਦਾ ਪ੍ਰਕਾਸ਼ਨ ਇੱਕ ਵਿਸਫੋਟ ਵਰਗਾ ਸੀ। 1876 ਵਿੱਚ ‘ਲ ਬਿਏਂ ਪਬਲਿਕ’ ਮੈਗਜ਼ੀਨ ਦੇ ਸੰਪਾਦਕਾਂ ਨੇ ਆਪਣੇ-ਕੁਲੀਨ ਸਨਮਾਨਿਤ ਪਾਠਕਾਂ ਨੂੰ ਗਵਾ ਦੇਣ ਦੇ ਡਰ ਤੋਂ ਇਸ ਨਾਵਲ ਦਾ ਸੀਰੀਅਲ ਪ੍ਰਕਾਸ਼ਨ ਵਿਚਕਾਰ ਹੀ ਰੋਕ ਦਿੱਤਾ ਅਤੇ ਇਸ ਦੀ ਜਗ੍ਹਾ ਘੋਰ ਪਿਛਾਖੜੀ ਲੇਖਕ ਲਿਓਪੋਲ ਸਤਾਪਲੋ ਦੇ ਇੱਕ ਨਾਵਲ ਦੀਆਂ ਕਿਸ਼ਤਾਂ ਛਪਣ ਲੱਗੀਆਂ। ਨਾ ਕੇਵਲ ਸੱਜੇਪੱਖੀ ਧਾਰਾ ਦੇ ਲੇਖਕਾਂ ਨੇ ਜ਼ੋਲਾ ਉੱਤੇ ‘ਗੰਦਗੀ ਵਿੱਚ ਖੇਡਣ’ ਦਾ ਆਰੋਪ ਲਾਇਆ, ਸਗੋਂ ਜਿਆਦਾਤਰ ਰੈਡੀਕਲ ਅਤੇ ਪ੍ਰਗਤੀਵਾਦੀ ਲੇਖਕਾਂ ਨੇ ਵੀ ਜ਼ੋਲਾ ਦੇ ਇਸ ਨਾਵਲ ਦੀ ਸਖਤ ਅਲੋਚਨਾ ਕੀਤੀ। ਗਣਤੰਤਰਵਾਦੀ ਆਰਥਰ ਰਾਂਕ ਨੇ ਇੱਕ ਪੈਂਫਲੇਟ ਲਿਖ ਕੇ ਜ਼ੋਲਾ ਉੱਤੇ ਆਮ ਲੋਕਾਂ ਪ੍ਰਤੀ ‘ਬੁਰਜੂਆ ਅਵੱਗਿਆ’ ਦਾ ਦੋਸ਼ ਲਾਇਆ। ਸ਼ਾਰਲ ਫਲੋਕੇ ਨੇ ਆਪਣੇ ਇੱਕ ਭਾਸ਼ਣ ਵਿੱਚ ਜ਼ੋਲਾ ਨੂੰ ‘ਸਰਵਜਨਕ ਭੰਡੀ-ਪ੍ਰਚਾਰਕ’ ਦੀ ਉਪਾਧੀ ਦਿੱਤੀ। ਵਿਕਟਰ ਹਿਊਗੋ ਨੇ ਉਸ ਉੱਤੇ ‘ਨੰਗੀ ਗਰੀਬੀ’ ਨੂੰ ‘ਤਮਾਸ਼ਾ’ ਬਣਾਉਣ ਦਾ ਦੋਸ਼ ਲਾਇਆ। 

ਪਰ ਅਜਿਹਾ ਵੀ ਨਹੀਂ ਸੀ ਕਿ ਉਸ ਸਮੇਂ ਦੀ ਸਮੂਚੀ ਖੱਬੇਪੱਖੀ ਧਾਰਾ ਜ਼ੋਲਾ ਦੇ ਖਿਲਾਫ ਹੇਵੇ। ਲੰਡਨ ਵਿੱਚ ਜਲਾਵਤਨ ਜੀਵਨ ਬਿਤਾ ਰਹੇ ਪੇਰਿਸ ਕਮਿਊਨ ਦੇ ਆਗੂਆਂ ਵਿਚੋਂ ਇੱਕ, ਜੂਲ-ਵਾਲੇ ਨੇ ‘ਦਿ ਡਰਾਮਸ਼ਾਪ’ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਸੀ-”ਜ਼ੋਲਾ ਸਾਹਿਤ ਵਿੱਚ ਲਾਲ ਰੰਗ ਵਾਲ਼ੇ ਹਨ, ਉਹ ਕਲਮ ਦੇ ਕਮਿਊਨਾਰਡ ਹਨ”। ਜੂਲ ਗੇਦ ਫਰਾਂਸੀਸੀ ਸਮਾਜਵਾਦੀ ਲਹਿਰ ਅਤੇ ਦੂਜੇ ਇੰਟਰਨੈਸ਼ਨਲ ਦੇ ਇੱਕ ਸੰਸਥਾਪਕ ਅਤੇ ਆਗੂ ਸਨ। ਭਾਵੇਂ ਪਹਿਲੀ ਸੰਸਾਰ ਜੰਗ ਦੌਰਾਨ ਉਹ ਵੀ ਅੰਨ੍ਹੀ ਕੌਮਪ੍ਰਸਤੀ ਅਤੇ ਜਮਾਤੀ ਸਹਿਯੋਗ ਦੇ ਕਾਊਟਸਕੀਪੰਥੀ ਰਾਹ ਦੇ ਰਾਹੀ ਬਣ ਗਏ ਸਨ, ਪਰ ਉਸਤੋਂ ਪਹਿਲਾਂ ਦੇ ਦਹਾਕਿਆਂ ਤੱਕ ਫਰਾਂਸੀਸੀ ਸਮਾਜਵਾਦੀ ਪਾਰਟੀ ਦੇ ਖੱਬੇ ਪੱਖੀ ਆਗੂ ਦੇ ਰੂਪ ਵਿੱਚ ਉਹਨਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਗੇਦ ਨੇ ‘ਦਿ ਡਰਾਮਸ਼ਾਪ’ ਨੂੰ ਲੈ ਕੇ ਉੱਠੇ ਵਿਵਾਦ ਵਿੱਚ ਪੁਰਜ਼ੋਰ ਢੰਗ ਨਾਲ਼ ਜ਼ੋਲਾ ਦਾ ਪੱਖ ਲਿਆ। ਉਹਨਾਂ ਨੇ ਦੂਜੇ ਸਾਮਰਾਜ ਦੇ ਅੰਦਰ ਉਹਨਾਂ ਮਜ਼ਦੂਰਾਂ ਦੀ ਜਿੰਦਗੀ ਦੇ ਪ੍ਰਮਾਣਿਕ ਯਥਾਰਥ ਚਿੱਤਰਣ ਲਈ ਜ਼ੋਲਾ ਦੀ ਜ਼ੋਰਦਾਰ ਤਾਰੀਫ ਕੀਤੀ, ਜੋ ”ਅਤੀਤ ਦੇ ਭਾਰੀ ਬੋਝ ਥੱਲੇ ਕੁਚਲ ਦਿੱਤੇ ਗਏ, ਲੱਕ-ਤੋੜ ਮਿਹਨਤ ਨੇ ਜਿਨ੍ਹਾਂ ਨੂੰ ਜਾਨਵਰਾਂ ਜਿਹਾ ਬਣਾ ਦਿੱਤਾ ਸੀ ਅਤੇ ਕੰਮ ਦੇ ਅਸਹਿ ਦਬਾਅ ਨੇ ਜਿਨ੍ਹਾਂ ਨੂੰ ਸ਼ਰਾਬਖੋਰੀ ਦੇ ਟੋਏ ਵਿੱਚ ਧੱਕ ਦਿੱਤਾ ਸੀ।”

ਜ਼ੋਲਾ ਦਾ ਸਰੋਕਾਰ ਸਮਾਜਿਕ ਵਰਤਾਰਿਆਂ ਦੇ ਨੈਤਿਕੀਕਰਨ ਦੀ ਬਜਾਇ ਉਸਦੇ ਕਾਰਨਾਂ ਨੂੰ ਸਮਝਣ ਨਾਲ਼ ਸੀ। ਜ਼ੋਲਾ ਦੀ ਅਲੋਚਨਾ ਜਦੋਂ ਖੱਬੇ ਪੱਖ ਤੋਂ ਕੀਤੀ ਜਾਂਦੀ ਹੈ ਤਾਂ ਉਸਦੇ ਪਿੱਛੇ ਨਿਸ਼ਚਿਤ ਤੌਰ ‘ਤੇ ਮਜ਼ਦੂਰ ਜਮਾਤ ਦੇ ਆਦਰਸ਼ੀਕਰਨ ਦੀ ਪ੍ਰਵਿਰਤੀ ਕੰਮ ਕਰਦੀ ਹੈ। ਮਜ਼ਦੂਰ ਜਮਾਤ ਦੀ ਭੂਮਿਕਾ ਸ਼ੁਰੂ ਤੋਂ ਹੀ ਸਮਾਜਿਕ ਤਬਦੀਲੀ ਦੇ ਏਜੰਟ ਦੀ ਨਹੀਂ ਹੁੰਦੀ ਹੈ। ਸ਼ੁਰੂ ਵਿੱਚ ਹਮੇਸ਼ਾਂ ਹੀ ਉਹ ਪੂੰਜੀਵਾਦ ਦੁਆਰਾ ਅਮਾਨਵੀਕ੍ਰਿਤ, ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀ, ਕੇਵਲ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੜਾਈ ਲੜਦੀ ਹੈ। ਫਿਰ ਹੋਂਦ ਦੀ ਰੱਖਿਆ ਦੀ ਇਹੀ ਬੁਨਿਆਦੀ ਚੇਤਨਾ ਪੂੰਜੀਵਾਦੀ ਉਤਪਾਦਨ ਪ੍ਰਣਾਲੀ ਦੀ ਸਮਾਜਿਕ ਪ੍ਰਕਿਰਤੀ ਦੇ ਪ੍ਰਭਾਵ ਵਿੱਚ ਵਧਦੀ ਹੈ ਅਤੇ ‘ਕਲਾਸ ਇਨ ਇਟਸੈਲਫ’ ‘ਕਲਾਸ ਫਾਰ ਇਟਸੈਲਫ’ ਵਿੱਚ ਬਦਲ ਜਾਂਦੀ ਹੈ। ਕਾਰਲ ਮਾਰਕਸ ਅਤੇ ਫੈਡਰਿਕ ਏਂਗਲਜ ਨੇ ‘ਪਵਿੱਤਰ ਪਰਿਵਾਰ’ ਵਿੱਚ ਇਸਦਾ ਸਪੱਸ਼ਟ ਵਰਣਨ ਕੀਤਾ ਹੈ ਕਿ ਸਮਾਜਵਾਦੀ ਲੇਖਕ ਮਜ਼ਦੂਰ ਜਮਾਤ ਨੂੰ ਦੇਵਤਾ ਦੇ ਰੂਪ ਵਿੱਚ ਨਹੀਂ ਦੇਖਦਾ, ਸਗੋਂ, ”ਗੱਲ ਬਿਲਕੁਲ ਇਸਤੋਂ ਉਲਟ ਹੈ, ਕਿਉਂਕਿ ਪੂਰੀ ਤਰ੍ਹਾਂ ਗਠਿਤ ਮਜ਼ਦੂਰ ਜਮਾਤ ਵਿੱਚ ਸਾਰੀਆਂ ਮਾਨਵੀ ਚੀਜ਼ਾਂ ਤੋਂ, ਮਾਨਵੀ ਚੀਜਾਂ ਦੇ ਮਹਿਸੂਸ ਹੋਣ ਤੱਕ ਤੋਂ ਅਲੱਗ ਹੋਣਾ ਲਗਭਗ ਪੂਰਾ ਹੋ ਗਿਆ ਹੈ, ਕਿਉਂ ਕਿ ਮਜ਼ਦੂਰ ਜਮਾਤ ਦੇ ਜੀਵਨ ਦੀਆਂ ਹਾਲਤਾਂ ਵਿੱਚ ਅੱਜ ਜੀਵਨ ਦੀਆਂ ਸਾਰੀਆਂ ਹਾਲਤਾਂ ਦਾ ਸਭ ਤੋਂ ਵੱਧ ਅਣਮਨੁੱਖੀ ਰੂਪ ਸਮੋਇਆ ਹੋਇਆ ਹੈ, ਕਿਉਂਕਿ ਮਜ਼ਦੂਰ ਜਮਾਤ ਵਿੱਚ ਮਨੁੱਖ ਆਪਣੇ ਆਪ ਨੂੰ ਗਵਾ ਚੁੱਕਾ ਹੈ, ਪਰ ਨਾਲ਼ ਹੀ ਉਸਨੇ ਇਸ ਗਵਾਚਣ ਦੀ ਸਿਧਾਂਤਕ ਚੇਤਨਾ ਹਾਸਲ ਕੀਤੀ ਹੈ, ਇਸ ਲਈ ਉਹ ਫੌਰੀ, ਹੁਣ ਦੂਰ ਨਾ ਹੋ ਸਕਣ ਵਾਲ਼ੀ, ਹੁਣ ਲੁਕਾਈ ਨਾ ਜਾ ਸਕਣ ਵਾਲ਼ੀ, ਬਿਲਕੁਲ ਟਾਲ਼ੀ ਨਾ ਜਾ ਸਕਣ ਵਾਲ਼ੀ ਪੂਰੀ ਤਰ੍ਹਾਂ ਅਟੱਲ ਜ਼ਰੂਰਤ ਦੇ ਵਿਵਹਾਰਕ ਪ੍ਰਗਟਾਵੇ ਜ਼ਰੀਏ ਇਸ ਅਣਮਨੁੱਖਤਾ ਵਿਰੁੱਧ ਸਿੱਧਾ ਵਿਦਰੋਹ ਕਰਨ ਲਈ ਮਜ਼ਬੂਰ ਹੈ, ਤਾਂ ਇਸ ਤੋਂ ਇਹ ਅਰਥ ਨਿਕਲਦਾ ਹੈ ਕਿ ਮਜ਼ਦੂਰ ਜਮਾਤ ਆਪਣੇ ਆਪ ਨੂੰ ਅਜ਼ਾਦ ਕਰ ਸਕਦੀ ਹੈ ਅਤੇ ਉਸਨੂੰ ਅਜਿਹਾ ਕਰਨਾ ਹੀ ਹੋਵੇਗਾ।”(ਮਾਰਕਸ-ਏਂਗਲਜ— ਸਾਹਿਤ ਅਤੇ ਕਲਾ, ਪੰਨਾ  184, ਹਿੰਦੀ ਸੰਸਕਰਣ, ਪ੍ਰਗਤੀ ਪ੍ਰਕਾਸ਼ਨ, ਮਾਸਕੋ,1981)। ਮਾਰਕਸ-ਏਂਗਲਜ ਦੀ ਇਸ ਦਵੰਦਵਾਦੀ ਪਹੁੰਚ ਅਤੇ ਪੱਧਤੀ ਤੋਂ ਦੇਖੀਏ ਤਾਂ ਜ਼ੋਲਾ ਦੁਆਰਾ ਮਜ਼ਦੂਰ ਜਮਾਤ ਦੇ ਅਣਮਨੁੱਖੀ ਜੀਵਨ ਦੇ ਠੋਸ ਚਿੱਤਰਣ ਜ਼ਰੀਏ ਪੇਸ਼ ਪੂੰਜੀਵਾਦੀ ਸਮਾਜ ਦੀ ਅਲੋਚਨਾ ਨੂੰ ਸਹਿਜ ਹੀ ਸਮਝਿਆ ਜਾ ਸਕਦਾ ਹੈ। ‘ਦਿ ਡਰਾਮਸ਼ਾਪ’ ਲਿਖਦੇ ਹੋਏ ਜ਼ੋਲਾ ਆਪਣੀ ਵਿਚਾਰ-ਪ੍ਰਕਿਰਿਆ ਦੇ ਵਿਕਾਸ ਦੇ ਉਸ ਪੜਾਅ ‘ਤੇ ਖੜ੍ਹਾ ਸੀ ਜਿੱਥੇ ਉਹ ਮਜ਼ਦੂਰ ਜਮਾਤ ਨੂੰ ਸਮਾਜਿਕ ਇਨਕਲਾਬ ਦੇ ਵਾਹਕ ਦੇ ਰੂਪ ਵਿੱਚ ਨਹੀਂ ਦੇਖਦਾ ਸੀ ਪਰ ਉਸਦੇ ਜੀਵਨ ਦੇ ਸਾਰੇ ਨਰਕੀਪੁਣੇ ਲਈ ਪੂੰਜੀਵਾਦ ਨੂੰ ਜਿੰਮੇਵਾਰ ਜ਼ਰੂਰ ਮੰਨਣ ਲੱਗ ਪਿਆ ਸੀ। ਆਪਣੇ ਅਲੋਚਕਾਂ ਨੂੰ ਕਰੜਾ ਜਵਾਬੀ ਉੱਤਰ ਦਿੰਦੇ ਹੇਏ ਉਸਨੇ ਲਿਖਿਆ ਸੀ-‘ਕੀ ਜਰਵੇਜ ਅਤੇ ਕੂਪੋ ਵਿਹਲੜ੍ਹ ਅਤੇ ਪਿਅਕੜ ਹਨ? ਬਿਲਕੁਲ ਹੀ ਨਹੀਂ। ਉਹ ਵਿਹਲੜ੍ਹ ਅਤੇ ਪਿਅਕੜ ਬਣਾ ਦਿੱਤੇ ਗਏ ਹਨ, ਇਹ ਬਿਲਕੁਲ ਹੀ ਅਲੱਗ ਗੱਲ ਹੈ।’

‘ਦਿ ਡਰਾਮਸ਼ਾਪ’ ਲਿਖਦੇ ਸਮੇਂ ਜ਼ੋਲਾ ਦੀਆਂ ਰਾਜਨੀਤਕ ਧਾਰਨਾਵਾਂ 1860 ਦੇ ਦਹਾਕੇ ਦੇ ਮੁਕਾਬਲੇ ਬਦਲ ਚੁੱਕੀਆਂ ਸਨ, ਪਰ ਅਜੇ ਵੀ ਆਪਣੇ ਵਿਕਾਸ ਦੀ ਦੂਜੀ ਅਵਸਥਾ ਵਿੱਚ ਸਨ। ਉਹਨਾਂ ਦੇ ਵਿਕਾਸ ਦੀ ਤੀਜੀ ਅਤੇ ਚੌਥੀ ਅਵਸਥਾ ਸਾਨੂੰ ਘੱਟ-ਵੱਧ ਕ੍ਰਮਵਾਰ 1880 ਅਤੇ 1890 ਦੇ ਦਹਾਕੇ ਵਿੱਚ ਵੇਖਣ ਨੂੰ ਮਿਲਦੀ ਹੈ। ਇਸ ਨਾਵਲ ਬਾਰੇ ਉਸਨੇ ਲਿਖਿਆ ਸੀ ਕਿ ਇਹ ਪ੍ਰਾਪੇਗੰਡਾ ਲੇਖਣੀ ਨਹੀਂ ਸਗੋਂ ਸੱਚਾਈ ਨੂੰ ਪੇਸ਼ ਕਰਨ ਵਾਲ਼ੀ ਲੇਖਣੀ ਹੈ। ਪਰ ਉਸੇ ਸਮੇਂ ਆਪਣੀ ਇੱਕ ਚਿੱਠੀ ਵਿੱਚ ਉਸਨੇ ਲਿਖਿਆ ਸੀ ਕਿ ‘ਦਿ ਡਰਾਮਸ਼ਾਪ’ ਦਾ ਸਬਕ ਇਹ ਹੈ ਕਿ ਮਜ਼ਦੂਰਾਂ ਵਿੱਚ ਸਿੱਖਿਆ ਦਾ ਪ੍ਰਚਾਰ ਅਤੇ ਸ਼ਰਾਬਖੋਰੀ ਦੂਰ ਕਰਨ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਮਜ਼ਦੂਰ ਬਸਤੀਆਂ ਦੀਆਂ ਹਾਲਤਾਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਨਿਸ਼ਚਿਤ ਹੀ ਇਹ ਇੱਕ ਸੁਧਾਰਵਾਦੀ ਸੋਚ ਸੀ, ਪਰ ਇਸਦੇ ਬਾਵਜੂਦ, ਉਸੇ ਸਮੇਂ ਜ਼ੋਲਾ ਆਪਣੇ ਸਾਰੇ ਸਮਕਾਲੀਨਾਂ ਦੇ ਮੁਕਾਬਲੇ ਖੱਬੀ ਪੋਜ਼ੀਸ਼ਨ ਅਪਣਾਈ ਖੜ੍ਹਾ ਸੀ। ਮਹੱਤਵਪੂਰਣ ਇਹ ਹੈ ਕਿ ਉਸਦੀ ਸੁਧਾਰ ਦੀ ਸੋਚ ਨਾਵਲ ਦੀਆਂ ਹੱਦਾਂ ਅੰਦਰ ਘੁਸਪੈਠ ਨਹੀਂ ਕਰਦੀ। ਨਾਵਲ ਪੂੰਜੀਵਾਦੀ ਸਮਾਜ ਦੀ ਅਲੋਚਨਾ ਅਤੇ ਮਜ਼ਦੂਰਾਂ ਦੀ ਜਿੰਦਗੀ ਦੇ ਬਾਹਰਮੁਖੀ ਚਿੱਤਰਣ ਤੱਕ ਹੀ ਸੀਮਤ ਰਹਿੰਦਾ ਹੈ। 

‘ਦਿ ਡਰਾਮਸ਼ਾਪ’ ਤੋਂ ਬਾਅਦ ਦੇ (ਅਤੇ ‘ਜਰਮਿਨਲ’ ਤੋਂ ਪਹਿਲਾਂ ਦੇ) ਨਾਵਲਾਂ ਵਿੱਚ ਜ਼ੋਲਾ ਮਜ਼ਦੂਰ ਜੀਵਨ ਤੋਂ ਦੁਬਾਰਾ ਬੁਰਜੂਆ ਵਾਤਾਵਰਣ ਵੱਲ ਵਾਪਸ ਆਇਆ। ‘ਦਿ ਡਰਾਮਸ਼ਾਪ’ ਦੀ ਸਫਲਤਾ ਅਤੇ ਉਸ ਤੋਂ ਉੱਠੇ ਵਿਵਾਦਾਂ ਨੇ ਹੁਣ ਜ਼ੋਲਾ ਦੇ ਹਮਲਿਆ ਨੂੰ ਹੋਰ ਤਿੱਖਾ ਕਰ ਦਿੱਤਾ ਸੀ। 1879 ਵਿੱਚ ਪ੍ਰਕਾਸ਼ਤ ਨਾਵਲ ‘ਨਾਨਾ’ ਜਰਵੇਜ ਦੀ ਪੁੱਤਰੀ ਦੀ ਤ੍ਰਾਸਦੀ ਭਰੀ ਹੋਣੀ ਦਾ ਕੰਬਾ ਦੇਣ ਵਾਲ਼ਾ ਚਿੱਤਰਣ ਪੇਸ਼ ਕਰਦਾ ਹੈ, ਜੋ ਕੁਲੀਨਾਂ ਵਿਚਕਾਰ ਬਹੁਤ ਹੀ ਲੋਕਪ੍ਰਿਅ ਵੇਸਵਾ ਸੀ। ਚੇਚਕ ਨਾਲ਼ ਮੌਤ ਤੋਂ ਪਹਿਲਾਂ ਉਸਦਾ ਕੈਰੀਅਰ ਬੇਹੱਦ ਚਮਕਦਾਰ ਰਿਹਾ। ਬਾਅਦ ਵਾਲ਼ੇ ਦੌਰਾਂ ਵਿੱਚ ਉਸਦੇ ਗਲ਼-ਸੜ ਰਹੇ ਸਰੀਰ ਦੇ ਰੁਪ ਵਿੱਚ ਜ਼ੋਲਾ ਨੇ ਦੂਜੇ ਸਾਮਰਾਜ ਦੇ ਖੋਰੇ ਅਤੇ ਪਤਣ ਦਾ ਮਾਰਕ ਰੂਪਕ ਪੇਸ਼ ਕੀਤਾ ਹੈ। 

ਪੂੰਜੀਵਾਦੀ ਕੁਲੀਨ ਸਮਾਜ ਦੇ ਆਤਮਿਕ ਸੱਖਣੇਪਣ ਅਤੇ ਵਿਗਾੜ ਦੀ ਬੇਕਿਰਕ ਅਲੋਚਨਾ ਦੇ ਨਾਲ਼ ਹੀ ‘ਨਾਨਾ’ ਕਈ ਤਰ੍ਹਾਂ ਨਾਲ਼ ਨਾਰੀ-ਸਵਾਲ ਉੱਪਰ ਇੱਕ ਨਜ਼ਰੀਆ ਵੀ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ। ਨਾਵਲ ਵਿੱਚ ਯੌਨ-ਗਤੀਵਿਧੀਆਂ ਦੀਆਂ ਸਨਸਨੀਖੇਜ ਤਫਸੀਲਾਂ ਦੀ ਭਰਮਾਰ ਹੈ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਨਸਨੀ ਦੇ ਉੱਚੇ ਬਾਜ਼ਾਰੀ ਭਾਅ ਨੂੰ ਜ਼ੋਲਾ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਉੱਪਰ ਧਿਆਨ ਵੀ ਦਿੰਦਾ ਸੀ, ਪਰ ਨਾਲ਼ ਹੀ ਇਸਦੇ ਪਿੱਛੇ ਵਿਗਾੜਾਂ ਉੱਪਰ ਪਰਦਾ ਪਾਉਣ ਦੀ ਪਾਖੰਡੀ ਕੁਲੀਨ ਮਾਨਸਿਕਤਾ ਨੂੰ ਤਾਰ-ਤਾਰ ਕਰਨ ਦੀ ਸੋਚ ਵੀ ਸੀ। ਨਾਲ਼ ਹੀ, ਪੂਰਾ ਨਾਵਲ ਜਮਾਤ ਅਤੇ ਸੈਕਸ (ਲਿੰਗ-ਭੇਦ ਸਵਾਲ ਜਾਂ ਨਾਰੀ ਸਵਾਲ) ਨਾਲ਼ ਜੁੜੇ ਬੁਨਿਆਦੀ ਸਵਾਲਾਂ ਵੱਲ ਇਸ਼ਾਰਾ ਕਰਦੇ ਹੋਏ ਪੂੰਜੀਵਾਦੀ ਸਮਾਜ ਵਿੱਚ ਜਿਣਸ ਦੇ ਰੂਪ ਵਿੱਚ ਸੈਕਸ ਦੀ ਸਮਾਜਿਕ ਪ੍ਰਕਿਰਤੀ ਦੀ ਪੜਤਾਲ ਦੀ ਇੱਕ ਗੰਭੀਰ ਕੋਸ਼ਿਸ਼ ਕਰਦਾ ਹੈ। ਵੇਸਵਾਗਮਨੀ ਦੁਨੀਆਂ ਦਾ ‘ਸਭ ਤੋਂ ਪ੍ਰਾਚੀਨ ਪੇਸ਼ਾ’ ਹੈ। ਇਸਦੀ ਮੌਜੂਦਗੀ ਪੂੰਜੀਵਾਦ ਦੇ ਜਨਮ ਤੋਂ ਕਾਫੀ ਪਹਿਲਾਂ ਤੋਂ ਹੀ ਰਹੀ ਹੈ, ਪਰ ਨਾਵਲ ਇਸ ਤੱਥ ਨੂੰ ਪ੍ਰਮਾਣਿਕ ਢੰਗ ਨਾਲ਼ ਦਰਸਾਉਂਦਾ ਹੈ ਕਿ ਪੂੰਜੀਵਾਦ ਨੇ ਇਸਨੂੰ ਨਵੇਂ ਰੂਪ ਵਿੱਚ ਢਾਲ਼ਿਆ ਅਤੇ ਨਵੀਆਂ ਉਚਾਈਆਂ ਤੱਕ ਵਿਕਸਿਤ ਕੀਤਾ। ਵਰਣਨਯੋਗ ਹੈ ਕਿ ਦੂਜੇ ਸਾਮਰਾਜ ਦਾ ਕਾਲ FOLISS BERGERE ਦਾ ਯੁੱਗ ਸੀ, ਜਦੋਂ ਪੇਰਿਸ ਨੇ ਮਨੋਰੰਜਨ ਅਤੇ ਸ਼ੱਕੀ ਅਨੰਦ-ਉਪਭੋਗ ਦੀ ਰਾਜਧਾਨੀ ਦੇ ਰੂਪ ਵਿੱਚ ਕੌਮਾਤਰੀ ‘ਸਾਖ’ ਹਾਸਿਲ ਕਰ ਲਈ ਸੀ। ਨਾਵਲ ਦੀ ਸ਼ੁਰੂਆਤ ਵਿੱਚ ਹੀ ਇੱਕ ਥਿਏਟਰ-ਮੈਨੇਜਰ ਨੂੰ ਜਦੋਂ ਉਸਦੇ ਸੰਸਥਾਨ ਦੀ ਕਾਮਯਾਬੀ ਲਈ ਵਧਾਈ ਦਿੱਤੀ ਜਾਂਦੀ ਹੈ ਤਾਂ ਉਹ ਰੁੱਖੇ-ਸਪਾਟ ਢੰਗ ਨਾਲ਼ ਉੱਤਰ ਦਿੰਦਾ ਹੈ-”ਤੇਰਾ ਮਤਲਬ ਮੇਰੇ ਰੰਡੀਖਾਨੇ ਤੋਂ ਹੈ।” ਜਮਾਤ ਦੀ ਥੀਮ ਨਾਵਲ ਵਿੱਚ ਸ਼ੁਰੂ ਤੋਂ ਅੰਤ ਤੱਕ ਹਾਜਰ ਹੈ। ਨਾਨਾ ਮਜ਼ਦੂਰਾਂ ਦੀਆਂ ਗੰਦੀਆਂ ਬਸਤੀਆਂ ਦੀ ਔਲਾਦ ਹੈ, ਉਸਦੀ ਜਿੰਦਗੀ ਨੂੰ ਜ਼ੋਲਾ ਉਹਨਾਂ ਪਰਜੀਵੀ ਲੋਕਾਂ ਪ੍ਰਤੀ ਮਜ਼ਦੂਰਾਂ ਦੇ ਬਦਲੇ ਦੇ ਰੂਪ ਵਿੱਚ ਦੇਖਦਾ ਹੈ, ਜਿਹਨਾਂ ਨਾਲ਼ ਉਹ ਨਿਯਮਤ ਰੂਪ ਵਿੱਚ ਹਮਬਿਸਤਰ ਹੁੰਦੀ ਰਹਿੰਦੀ ਹੈ। ਉਸਦੀ ਭੂਮਿਕਾ ਦੇ ਸਾਰਤੱਤ ਨੂੰ ਉਸਨੇ ਇੱਕ ਮੱਖੀ ਦੇ ਬਿੰਬ ਦੇ ਰੂਪ ਵਿੱਚ ਪੇਸ਼ ਕੀਤਾ ਹੈ- 

”………….ਰੋਸ਼ਨੀ ਦੇ ਰੰਗ ਦੀ ਇੱਕ ਮੱਖੀ, ਜੋ ਗੋਹੇ ਦੇ ਢੇਰ ਉੱਤੋਂ ਉੱਡਕੇ ਆਈ ਹੈ, ਇੱਕ ਮੱਖੀ ਜਿਸਨੇ ਸੜਕ ਕਿਨਾਰੇ ਪਏ ਸੜਦੇ ਕਚਰੇ ਤੋਂ ਮੌਤ ਨੂੰ ਚੂਸਿਆ ਹੈ ਅਤੇ ਹੁਣ, ਭਿੰਣਭਣਾਉਂਦੀ ਹੋਈ ਨੱਚ ਰਹੀ ਹੈ ਅਤੇ ਇੱਕ ਕੀਮਤੀ ਪੱਥਰ ਦੀ ਤਰਾਂ ਚਮਕ ਰਹੀ ਹੈ, ਮਹਿਲਾਂ ਦੀਆਂ ਖਿੜਕੀਆਂ ਦੇ ਅੰਦਰ ਘੁਸ ਰਹੀ ਹੈ ਅਤੇ ਉਹਨਾਂ ਅੰਦਰ ਰਹਿਣ ਵਾਲਿਆਂ ਨੂੰ, ਮਹਿਜ ਉਹਨਾਂ ਉੱਪਰ ਬੈਠਕੇ, ਜਹਿਰ ਦੇ ਰਹੀ ਹੈ।”

ਨਾਨਾ ਦੇ ਭੜਕੀਲੇ ਜੀਵਨ ਅਤੇ ਫੇਰ ਉਸਦੇ ਡਰਾਉਣੇ ਅੰਤ ਦੇ ਰੂਪ ਵਿੱਚ ਜ਼ੋਲਾ ਨੇ ਦੂਜੇ ਸਾਮਰਾਜ ਦੇ ਸਮਾਰੋਹੀ ਖੋਖਲੇਪਣ ਦਾ ਇੱਕ ਰੂਪਕ ਰਚਣ ਦੀ ਵੀ ਕੋਸ਼ਿਸ਼ ਕੀਤੀ ਹੈ। 

ਸੰਨ 1882 ਵਿੱਚ ਪ੍ਰਕਾਸ਼ਤ ਨਾਵਲ ‘ਰੈਸਟਲੈਸ ਹਾਊਸ’ ਤੱਕ ਆਉਂਦੇ-ਆਉਂਦੇ ਬੁਰਜੂਆ ਸਮਾਜ ਪ੍ਰਤੀ ਜ਼ੋਲਾ ਦੀ ਅਲੋਚਨਾ ਵਿੱਚ ਤਿੱਖੇਪਣ ਦੇ ਨਾਲ਼ ਹੀ ਮੁਕਾਬਲਤਨ ਵੱਧ ਸਪੱਸ਼ਟ ਜਮਾਤੀ-ਦ੍ਰਿਸ਼ਟੀਕੋਣ ਅਤੇ ਇਤਿਹਾਸ ਬੋਧ ਦਿਖਣ ਲੱਗਦਾ ਹੈ। ‘ਰੈਸਟਲੈਸ ਹਾਊਸ’ ਦੀ ਰੂਪ ਰੇਖਾ ਤਿਆਰ ਕਰਦੇ ਹੋਏ ਇੱਕ ਟਿੱਪਣੀ ਵਿੱਚ ਜ਼ੋਲਾ ਨੇ ਆਪਣੀ ਦ੍ਰਿਸ਼ਟੀ ਅਤੇ ਉਦੇਸ਼ ਨੂੰ ਇਹਨਾਂ ਸ਼ਬਦਾਂ ਵਿੱਚ ਕਾਫੀ ਖੋਲ੍ਹ ਕੇ ਰੱਖਿਆ ਹੈ- 

”ਬੁਰਜੂਆ ਜਮਾਤ ਬਾਰੇ ਗੱਲ ਕਰਨ ਦਾ ਅਰਥ ਹੈ, ਫਰਾਂਸੀਸੀ ਸਮਾਜ ਦੇ ਖਿਲਾਫ, ਜਿਸ ਹੱਦ ਤੱਕ ਸੰਭਵ ਹੋਵੇ, ਵੱਧ ਤੋਂ ਵੱਧ ਸੰਭਵ ਉੱਗਰ ਭਾਸ਼ਾ ਵਿੱਚ ਅਵਿਸ਼ਵਾਸ-ਪੱਤਰ ਪੇਸ਼ ਕਰਨਾ……ਲੋਕਾਂ ਦਾ ਚਿੱਤਰਣ ਕਰਨ ਤੋਂ ਬਾਅਦ, ਬੁਰਜੂਆ ਜਮਾਤ ਨੂੰ ਨੰਗਾ ਕਰਕੇ ਪੇਸ਼ ਕਰਨਾ ਅਤੇ ਉਸਨੂੰ ਹੋਰ ਵੱਧ ਤੋਂ ਵੱਧ ਘਿਰਣਾਯੋਗ ਰੂਪ ਵਿੱਚ ਪੇਸ਼ ਕਰਨਾ- ਉਸ ਜਮਾਤ ਨੂੰ ਜੋ ਆਪਣੇ ਆਪ ਨੂੰ ਵਿਵਸਥਾ ਅਤੇ ਪ੍ਰਤਿਸ਼ਠਾ ਦੀ ਪ੍ਰਤੀਨਿਧੀ ਦੇ ਰੂਪ ਵਿੱਚ ਦੇਖਦੀ ਹੈ………ਬੁਰਜੂਆਜੀ ਨੂੰ ਜੋ ਭੋਗ ਵਿਲਾਸ ਵਿੱਚ ਮਗਨ ਹੈ ਅਤੇ ਹਰ ਤਰ੍ਹਾਂ ਦੀ ਤਬਦੀਲੀ ਦਾ ਵਿਰੋਧ ਕਰਦੀ ਹੈ। ਉਹ ਆਪਣੇ ਸਵਾਰਥ ਦੀ ਪੂਰਤੀ ਲਈ, ਆਪਣੀ ਹੈਸੀਅਤ ਬਣਾਈ ਰੱਖਣ ਲਈ ਮਤਦਾਨ ਦਾ ਇਸਤੇਮਾਲ ਕਰਦੀ ਹੈ। ਉਹ ਨਵੇਂ ਵਿਚਾਰਾਂ ਨੂੰ ਨਫਰਤ ਕਰਦੀ ਹੈ, ਲੋਕਾਂ ਤੋਂ ਡਰਦੀ ਹੈ ਅਤੇ ਜਦੋਂ ਸੱਤਾ ਵਿੱਚ ਆ ਜਾਂਦੀ ਹੈ ਤਾਂ ਇਨਕਲਾਬ ਨੂੰ ਉੱਥੇ ਹੀ ਰੋਕ ਦੇਣ ਲਈ ਦ੍ਰਿੜ-ਪ੍ਰਤਿੱਗਿਆ ਕਰ ਲੈਂਦੀ ਹੈ। ਜਦੋਂ ਵੀ ਉਹ ਕੋਈ ਡਰ ਮਹਿਸੂਸ ਕਰਦੀ ਹੈ ਤਾਂ ਆਪਸ ਵਿੱਚ ਇੱਕਜੁਟ ਹੋ ਜਾਂਦੀ ਹੈ।”

ਬੁਰਜੂਆਜੀ ਬਾਰੇ ਜ਼ੋਲਾ ਦੇ ਇਸ ਪ੍ਰਤਿਭਾਸ਼ਾਲੀ ਪ੍ਰੇਖਣ ਦੀ ਇਤਿਹਾਸਸੰਮਤੀ ਅੱਜ ਵੀ ਮੰਨੋ ਸਵੈ ਸਿੱਧ ਹੋ ਚੁੱਕੀ ਹੈ। ‘ਰੈਸਟਲੈਸ ਹਾਊਸ’ ਨਾਵਲ ਇਕ ਅਪਾਰਟਮੈਂਟ ਹਾਊਸ ਵਿੱਚ ਰਹਿਣ ਵਾਲ਼ੇ ਲੋਕਾਂ ਦੀਆਂ ਹੋਣੀਆਂ ਦੀ ਸ਼ਿਨਾਖਤ ਕਰਦਾ ਹੋਇਆ ਬੁਰਜੂਆਜੀ ਦੇ ਨਿਜੀ ਜੀਵਨ ਅੰਦਰ ਦਾਖਲ ਹੁੰਦਾ ਹੈ, ਜੋ ਸਿਰ ਤੋਂ ਪੈਰ ਤੱਕ ਸੜ ਚੁੱਕਾ ਹੈ। ਬੁਰਜੂਆਵਾਂ ਦੇ ਆਪਸੀ ਨਿਜੀ ਸੰਬੰਧਾਂ ਅਤੇ ਖਾਸਕਰ ਲਿੰਗ-ਸੰਬੰਧਾਂ ਵਿੱਚ ਹਿੰਸਾ ਅਤੇ ਨਿਸਾਰਤਾ-ਅਰਥਹੀਣਤਾ ਦੇ ਗਹਿਰੇ ਅਤੇ ਵਿਆਪਕ ਫੈਲਾਅ ਨੂੰ ਜ਼ੋਲਾ ਨੇ ਜਿਸ ਠੋਸ ਢੰਗ ਨਾਲ਼ ਅਤੇ ਤੱਥਾਂ ਸਹਿਤ ਉਘਾੜਨ ਦਾ ਕੰਮ ਕੀਤਾ ਹੈ ਉਹ ਆਪਣੇ ਆਪ ਵਿੱਚ ਪਹਿਲੀ ਵਾਰ ਹੀ ਹੋਇਆ। ਅੰਤਰੰਗ ਸੰਬੰਧਾਂ ਦੀ ਨੀਂਹ ਵਿੱਚ ਛੁਪੇ ਸਵਾਰਥਪੁਣੇ ਅਤੇ ਹਿਰਦੇ ਹੀਣਤਾ ਨੂੰ ਉਜਾਗਰ ਕਰਨ ਵਾਲ਼ੇ ਪ੍ਰਸੰਗਾਂ ਦੀ ਨਾਵਲ ਵਿੱਚ ਭਰਮਾਰ ਹੈ। ਅਜਿਹਾ ਹੀ ਇੱਕ ਪ੍ਰਸੰਗ ਇਹ ਹੈ ਕਿ ਆਪਣੀ ਰਖੇਲ ਵਲੋਂ ਠੁਕਰਾ ਦਿੱਤੇ ਜਾਣ ‘ਤੇ ਤਿਉਵੇਰੀਏ ਘਰ ਵਾਪਸ ਆ ਕੇ ਖੁਦ ਨੂੰ ਗੋਲ਼ੀ ਮਾਰ ਲੈਦਾਂ ਹੈ। ਉਸਦੇ ਜਖਮੀ ਜਬਾੜੇ ਤੋਂ ਖੂਨ ਵਹਿੰਦਾ ਦੇਖਕੇ ਉਸਦੀ ਪਤਨੀ ਸੋਚਦੀ ਹੈ ਕਿ ਸ਼ਾਇਦ ਉਹ ਆਪਣੇ ਆਪ ਨੂੰ ਫਿਰ ਤੋਂ ਗੋਲ਼ੀ ਮਾਰਨ ਦੀ ਕੋਸ਼ਿਸ਼ ਕਰੇਗਾ ਅਤੇ ਡਰ ਨਾਲ਼ ਚੀਖ ਉਠੱਦੀ ਹੈ-‘ਜਾਹ, ਬਾਹਰ ਜਾ ਕੇ ਮਰ।’

ਜ਼ੋਲਾ ਨੇ ਆਪਣੀਆਂ ਕਈ ਰਚਨਾਵਾਂ ਵਿੱਚ ਇਸ ਸਚਾਈ ਦਾ ਪ੍ਰਭਾਵੀ ਢੰਗ ਨਾਲ਼ ਚਿੱਤਰਣ ਕੀਤਾ ਹੈ ਕਿ ਕਿਸ ਤਰ੍ਹਾਂ ਬੁਰਜੂਆ ਪਰਿਵਾਰ, ਔਰਤ ਦੀ ਅਜ਼ਾਦੀ ਅਤੇ ਮਾਨਵੀ ਸੰਵੇਦਨਾਵਾਂ ਨੂੰ ਕੁਚਲ ਦਿੰਦਾ ਹੈ। ਨਾਵਲ ਦੇ ਇੱਕ ਪ੍ਰਸੰਗ ਵਿੱਚ ਮਦਾਮ ਜੋਸੇਰਾਂ ਆਪਣੀ ਧੀ ਬੇਰਥ ਲਈ ਇੱਕ ਪਤੀ ਲੱਭਣ ਵਿੱਚ ਪਰੇਸ਼ਾਨ ਹੈ। ਉਸਦੀ ਧੀ ਦੱਸਦੀ ਹੈ ਕਿ ਕਿਸ ਤਰਾਂ ਇੱਕ ਹੈ। ਸਿਅਤਦਾਰ ਕੁਲੀਨ ਨੇ (ਜੋ ਉਸਦੇ ਪਤੀ ਦੇ ਰੂਪ ਵਿੱਚ ਬਹੁਤ ਹੀ ਠੀਕ ਮੰਨਿਆ ਜਾ ਰਿਹਾ ਸੀ) ਨਾਚ ਦੌਰਾਨ ਜਦੋਂ ਉਸਨੂੰ ਆਪਣੀਆਂ ਬਾਹਾਂ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਹਨੂੰ ਪਿੱਛੇ ਧੱਕ ਦਿੱਤਾ। ਇਹ ਸੁਣ ਕੇ ਉਸਦੀ ਮਾਂ ਉਸ ਉੱਤੇ ਚੀਕਣ ਲੱਗ ਪੈਂਦੀ ਹੈ ਕਿ ਅਜਿਹਾ ਕਰਕੇ ਉਸਨੇ ਆਪਣੇ ਵਿਆਹ ਦੀ ਬੇਹਤਰੀਨ ਸੰਭਾਵਨਾ ਨੂੰ ਤਬਾਹ ਕਰ ਲਿਆ ਹੈ। ਉਹ ਦੱਸਦੀ ਹੈ ਕਿ ਉਸਨੂੰ ਉਸ ਰਈਸ ਨੂੰ ਆਪਣੇ ਮਨ ਦੀ ਮੁਰਾਦ ਪੂਰੀ ਕਰ ਲੈਣ ਦੇਣੀ ਚਾਹੀਦੀ ਸੀ ਅਤੇ ਉਸਨੂੰ ਵਿਆਹ ਦੇ ਜਾਲ਼ ਵਿੱਚ ਫਸਾਉਣਾ ਚਾਹੀਦਾ ਸੀ। ਇਸ ਤਸਵੀਰ ਦਾ ਦੂਜਾ ਤਰਾਸਦੀਪੂਰਣ ਪੱਖ ਇਹ ਹੈ ਕਿ ਨੌਕਰਾਣੀ ਏਦੇਲ ਨੂੰ ਗੁਮਨਾਮੀ ਅਤੇ ਤਨਹਾਈ ਦੀ ਹਾਲਤ ਵਿੱਚ ਡਰ ਅਤੇ ਭਿਅੰਕਰ ਅਤਿਆਚਾਰਾਂ ਵਿਚਕਾਰ ਬੱਚੇ ਨੂੰ ਜਨਮ ਦੇਣਾ ਪੈਂਦਾ ਹੈ। ਅਜਿਹੇ ਪ੍ਰਸੰਗਾਂ ਜ਼ਰੀਏ ਜ਼ੋਲਾ ਸਿੱਧੇ ਉਸ ਸਮਾਜ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ ਜਿਸਨੇ ਔਰਤਾਂ ਨੂੰ ਇਸ ਨਰਕੀ ਹਾਲਤ ਵਿੱਚ ਧੱਕ ਦਿੱਤਾ ਹੈ। 

ਉਮੀਦ ਹੈ ਆਵੇਗਾ ਉਹ ਦਿਨ

‘ਜਰਮਿਨਲ’ (ਉਮੀਦ ਹੈ ਆਵੇਗਾ ਉਹ ਦਿਨ) ਨੂੰ ਜਿਆਦਾਤਰ ਅਲੋਚਕ ਜ਼ੋਲਾ ਦੀ ਬੇਹਤਰੀਨ ਰਚਨਾ ਮੰਨਦੇ ਹਨ। ਇੱਥੇ ਆਕੇ ਜ਼ੋਲਾ ਇੱਕ ਵਾਰ ਫੇਰ ਮਜ਼ਦੂਰ ਜੀਵਨ ਦੇ ਚਿੱਤਰਣ ਵੱਲ ਵਾਪਸ ਆਉਂਦਾ ਹੈ। ਪਰ ‘ਜਰਮਿਨਲ’ ਦੇ ਮਜ਼ਦੂਰ ‘ਦਿ ਡਰਾਮਸ਼ਾਪ’ ਦੇ ਮਜ਼ਦੂਰਾਂ ਦੀ ਤਰ੍ਹਾਂ ਆਪਣੀਆਂ ਇੱਛਾਵਾਂ-ਜਰੂਰਤਾਂ ਦੇ ਬੰਦੀ ਨਹੀਂ ਹਨ, ਸਗੋਂ ਉਹ ਦਮਨਕਾਰੀ ਹਾਲਤਾਂ ਦਾ ਪ੍ਰਤੀਰੋਧ ਕਰਨ ਵਿੱਚ ਸਮੱਰਥ ਮਜ਼ਦੂਰ ਹਨ। ਉਹ ‘ਕਲਾਸ ਇਨ ਇਟਸੈਲਫ’ ਤੋਂ ਅੱਗੇ ਵੱਧ ਕੇ ‘ਕਲਾਸ ਫਾਰ ਇਟਸੈਲਫ’ ਵਿੱਚ ਰੂਪਾਂਤਰਿਤ ਹੋ ਰਹੇ ਹਨ। ਸਰਗਰਮੀਆਂ ਦਾ ਰੰਗਮੰਚ ਵੀ ਇੱਥੇ ਤੱਕ ਆਉਂਦੇ ਆਉਂਦੇ ਬਦਲ ਚੁੱਕਾ ਹੈ। ‘ਦਿ ਡਰਾਮਸ਼ਾਪ’ ਦੇ ਮਜ਼ਦੂਰ ਜਿੱਥੇ ਛੋਟੇ-ਛੋਟੇ ਵਰਕਸ਼ਾਪਾਂ ਦੀ ਪੁਰਾਣੀ ਦੁਨੀਆਂ ਤੋਂ ਹੀ ਅਜੇ ਬਾਹਰ ਨਿਕਲ ਰਹੇ ਹੁੰਦੇ ਹਨ, ਉੱਥੇ ‘ਜਰਮਿਨਲ’ ਦੀਆਂ ਘਟਨਾਵਾਂ ਉਹਨਾਂ ਕੋਇਲਾ ਖਾਣਾਂ ਦੀ ਵੱਡੀ ਦੁਨੀਆਂ ਵਿੱਚ ਵਾਪਰਦੀਆਂ ਹਨ ਜਿਹਨਾਂ ਨੂੰ ਫਰਾਂਸ ਦੇ ਉੱਭਰ ਰਹੇ ਪੂੰਜੀਵਾਦ ਲਈ ਊਰਜਾ ਦਾ ਪ੍ਰਮੁੱਖ ਸਰੋਤ ਹੋਣ ਦੇ ਨਾਤੇ ਉਸ ਸਮੇਂ ਸਭ ਤੋਂ ਵੱਧ ਮਹੱਤਵਪੂਰਣ ਉਦਯੋਗ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਹੈ। ਬੇਹੱਦ ਖਤਰਨਾਕ ਹਾਲਤਾਂ ਵਿੱਚ ਧਰਤੀ ਦੇ ਹਨੇਰੇ ਗਰਭ ਵਿੱਚ ਜਾ ਕੇ ਹੱਡ ਭੰਨਵੀਂ ਮਿਹਨਤ ਕਰਨ ਵਾਲ਼ੇ ਅਨੁਸ਼ਾਸਿਤ ਮਜ਼ਦੂਰਾਂ ਦੀ ਭਾਰੀ ਅਬਾਦੀ ਖਾਣ ਉਦਯੋਗ ਦੀ ਬੁਨਿਆਦੀ ਜ਼ਰੂਰਤ ਸੀ। ਆਧਨਿਕ ਯੁੱਗ ਦੇ ਇਹ ਉਜ਼ਰਤੀ ਗੁਲਾਮ ਖਾਣਾਂ ਦੇ ਆਸਪਾਸ ਵਸੇ ਖਾਣ ਮਜ਼ਦੂਰਾਂ ਦੇ ਪਿੰਡਾਂ ਵਿੱਚ ਨਰਕੀ ਜਿੰਦਗੀ ਕੱਟਦੇ ਸਨ। ਇੱਕਜੁਟਤਾ ਇਸ ਨਵੀਂ ਜਮਾਤ ਦੀ ਉਤਪਾਦਕ ਸਰਗਰਮੀ ਤੋਂ ਪੈਦਾ ਹੋਈ ਚੇਤਨਾ ਦਾ ਇੱਕ ਬੁਨਿਆਦੀ ਅੰਗ ਸੀ ਅਤੇ ਉਸਦੀ ਇੱਕ ਬੁਨਿਆਦੀ ਜ਼ਰੂਰਤ ਵੀ। ‘ਜਰਮਿਨਲ’ ਖਾਣ ਮਜ਼ਦੂਰਾਂ ਦੀ ਜਿੰਦਗੀ ਦੇ ਵਰਣਨ ਦੇ ਨਾਲ਼-ਨਾਲ਼ ਮਜ਼ਦੂਰ ਜਮਾਤ ਅਤੇ ਬੁਰਜੂਆ ਜਮਾਤ ਵਿਚਕਾਰ ਸੰਬੰਧਾਂ ਦਾ ਇੱਕ ਪ੍ਰਮਾਣਿਕ ਚਿੱਤਰ ਪੇਸ਼ ਕਰਦਾ ਹੈ। ਨਾਲ਼ ਹੀ, ਉਹ ਖਾਣ ਮਜ਼ਦੂਰਾਂ ਦੀ ਇੱਕ ਹੜਤਾਲ ਦੌਰਾਨ ਅਤੇ ਉਸਤੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਮੁਲਾਂਕਣ ਇੱਕ ਤਰ੍ਹਾਂ ਨਾਲ਼ ਉਸ ਦੌਰ ਦੀਆਂ ਉਹਨਾਂ ਰਾਜਨੀਤਕ ਲਹਿਰਾਂ ਦੇ ਸੰਦਰਭ ਵਿੱਚ ਵੀ ਕਰਦਾ ਹੈ ਜੋ ਮਜ਼ਦੂਰ ਜਮਾਤ ਦੀਆਂ ਸਮੱਸਿਆਵਾਂ ਦੇ ਅਲੱਗ-ਅਲੱਗ ਹੱਲ ਅਤੇ ਉਹਨਾਂ ਦੇ ਅਲੱਗ-ਅਲੱਗ ਰਾਹ ਪੇਸ਼ ਕਰ ਰਹੇ ਸਨ। ਮੋਟੇ ਤੌਰ ‘ਤੇ ਅਜਿਹੀਆਂ ਤਿੰਨ ਧਾਰਾਵਾਂ ਉਸ ਸਮੇਂ ਯੂਰਪ ਵਿੱਚ ਮੌਜੂਦ ਸਨ-ਮਾਰਕਸਵਾਦ, ਅਰਾਜਕਤਾਵਾਦ ਅਤੇ ਟ੍ਰੇਡਯੂਨੀਅਨਵਾਦ। ਜ਼ੋਲਾ ਦੁਆਰਾ ਕੋਇਲੇ ਦੀਆਂ ਖਾਣਾਂ ਦੀ ਮਨੁੱਖ ਨੂੰ ਨਿਗਲ ਜਾਣ ਵਾਲ਼ੇ ਦੈਂਤ ਨਾਲ਼ ਤੁਲਨਾ ਅਤੇ ਬਨਸਪਤੀ ਵਿਗਿਆਨ ਦੇ ਬਿੰਬਾਂ ਦੇ ਪ੍ਰਯੋਗ ਅਜਿਹੇ ਨਾਵਲ ਦੀਆਂ ਮਹਾਂਕਾਵਮਈ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣ ਕਰਨ ਵਿੱਚ ਸਹਾਇਕ ਬਣਦੇ ਹਨ ਜੋ ਸ਼ਰਾਪ ਅਤੇ ਮੁੜ-ਉਦਾਰ ਦੇ ਪ੍ਰਾਚੀਨ ਮਿੱਥ ਦੀ ਆਧੁਨਿਕ ਸੰਦਰਭ ਵਿੱਚ ਤਸਵੀਰ ਤਿਆਰ ਕਰਦਾ ਹੈ। 

ਨਾਵਲ ਦਾ ਨਾਂ ਫਰਾਂਸੀਸੀ ਇਨਕਲਾਬ ਤੋਂ ਬਾਅਦ, 1792 ਵਿੱਚ ਲਾਗੂ ਇਨਕਲਾਬੀ ਕੈਲੇਂਡਰ ਦੇ ਇੱਕ ਮਹੀਨੇ ਦੇ ਨਾਮ ਤੋਂ ਲਿਆ ਗਿਆ ਹੈ। ਜ਼ਰਮਿਨਲ ਦਾ ਮਹੀਨਾ ਮਾਰਚ-ਅਪ੍ਰੈਲ ਦੇ ਆਸਪਾਸ, ਭਾਵ ਬਸੰਤ ਦੇ ਦੌਰਾਨ ਆਉਂਦਾ ਹੈ ਅਤੇ ਅੰਕੁਰਣ (ਜਰਮਿਨੇਸ਼ਨ) ਅਤੇ ਆਸਾਂ ਦਾ ਮਹੀਨਾ ਮੰਨਿਆ ਜਾਂਦਾ ਹੈ। ਪਰ ਇਸਦੇ ਇਲਾਵਾ ਨਾਵਲ ਦੇ ਨਾਮ ਦੀ ਚੋਣ ਪਿੱਛੇ ਇਤਿਹਾਸਕ ਪ੍ਰਤੀਕਾਤਮਿਕਤਾ ਦਾ ਇੱਕ ਮਹੱਤਵਪੂਰਣ ਪੱਖ ਸੀ। ਤੀਸਰੇ ਸਾਲ ਦੇ ਬਾਹਰਵੇਂ ਜਰਮਿਨਲ ਨੂੰ (1 ਅਪ੍ਰੈਲ 1795) ਪੇਰਿਸ ਦੀ ਭੁੱਖੀ ਜਨਤਾ ਨੇ ਸੜਕਾਂ ਉੱਤੇ ਜਬਰਦਸਤ ਹੰਗਾਮਾਂ ਕੀਤਾ ਅਤੇ ”ਰੋਟੀ ਅਤੇ 1793 ਦੇ ਸਵਿਧਾਨ ਨੂੰ ਲਾਗੂ ਕਰਨ” ਦੀ ਮੰਗ ਕੀਤੀ। ਇਹਨਾਂ ਘਟਨਾਵਾਂ ਨੇ ਪਹਿਲਾਂ ਇਨਕਲਾਬੀ ਸਮਾਜਵਾਦੀ ਬਾਬਏਫ ਨੂੰ ਆਪਣੇ ਗੁਪਤ ਸੰਗਠਨ ‘ਆਰਗੇਨਾਈਜੇਸ਼ਨ ਆਫ ਇਕਵਲਜ਼’ ਦੀ ਸਥਾਪਨਾ ਦੀ ਪ੍ਰੇਰਣਾ ਦਿੱਤੀ ਸੀ। ‘ਜਰਮਿਨਲ’ ਨਾਵਲ ਵਿੱਚ ਜ਼ੋਲਾ ਦਾ ਉੇਦੇਸ਼ ਕੋਇਲਾ ਖਾਣ ਮਜ਼ਦੂਰਾਂ ਦੀ ਜਿੰਦਗੀ ਅਤੇ ਸੰਘਰਸ਼ਾਂ ਦੇ ਗਰਾਫਿਕ ਅਤੇ ਪ੍ਰਮਾਣਿਕ ਚਿਤਰਣ ਤੋਂ ਵੀ ਕਿਤੇ ਜਿਆਦਾ ਸ਼ਾਇਦ ਇਹ ਦਿਖਾਉਣਾ ਸੀ ਕਿ ਆਪਣਾ ਇਨਕਲਾਬ ਪੂਰਾ ਕਰ ਲੈਣ ਤੋਂ ਬਾਅਦ ਬੁਰਜੂਆਜ਼ੀ ਥੱਲੇ ਤੋਂ ਉੱਠਣ ਵਾਲ਼ੇ ਇਨਕਲਾਬ ਨੂੰ ਕਿਸੇ ਵੀ ਕੀਮਤ ‘ਤੇ ਕੁਚਲ ਦੇਣਾ ਚਾਹੁੰਦੀ ਸੀ।

‘ਜਰਮਿਨਲ’ ਦੇ ਪਹਿਲੇ ਭਾਗ ਵਿੱਚ ਭੂਮੀਗਤ ਕੋਇਲਾ ਖਾਣਾਂ ਤੋਂ ਕੋਇਲਾ ਕੱਢਣ ਦੀ ਪ੍ਰਕਿਰਿਆ ਦਾ ਲੰਬਾ ਵਰਣਨ ਹੈ। ਬਿਨਾਂ ਸ਼ੱਕ, ਕਿਸੇ ਵਿਸ਼ੇਸ਼ ਖੇਤਰ ਦੀ ਉਤਪਾਦਕ ਪ੍ਰਕਿਰਿਆ ਦਾ ਪ੍ਰਮਾਣਿਕ ਵੇਰਵਾ ਪੇਸ਼ ਕਰਨ ਵਾਲ਼ੇ ਸ਼ੁਰੂਆਤੀ ਨਾਵਲਾਂ ਵਿੱਚ ‘ਜਰਮਿਨਲ’ ਦਾ ਸਥਾਨ ਸਭ ਤੋਂ ਉੱਤੇ ਆਉਂਦਾ ਹੈ। ਨਾਵਲ ਦਾ ਦੂਜਾ ਭਾਗ ਮਜ਼ਦੂਰਾਂ ਦੀ ਹੜਤਾਲ ਦੀ ਗਤਿਕੀ ਉੱਤੇ ਕੇਂਦਰਤ ਹੈ। ਇਸਤੋਂ ਪਹਿਲਾਂ ਦੇ ਕਿਸੇ ਨਾਵਲ ਵਿੱਚ ਕਿਸੇ ਉਦਯੋਗਿਕ ਸੰਘਰਸ਼ ਦਾ ਏਨਾ ਵਿਸਤਾਰਪੂਰਵਕ ਅਤੇ ਪ੍ਰਮਾਣਿਕ ਚਿੱਤਰਣ ਨਹੀਂ ਮਿਲਦਾ। ਇੱਥੋਂ ਤੱਕ ਕਿ ਵੀਹਵੀਂ ਸਦੀ ਵਿੱਚ ਵੀ ਅਜਿਹੇ ਗਿਣੇ ਚੁਣੇ ਨਾਵਲ ਹੀ ਦੇਖਣ ਨੂੰ ਮਿਲਦੇ ਹਨ ਜੋ ਇਸ ਮਾਅਨੇ ਵਿੱਚ ‘ਜਰਮਿਨਲ’ ਦੇ ਆਸ ਪਾਸ ਠਹਿਰਦੇ ਹੋਣ। ਨਾਵਲ ਦਾ ਕੇਂਦਰੀ ਚਰਿੱਤਰ ਏਤੀਏਨ ਲੇਂਤੀਏ, ਜਰਵੇਜ ਮਕਾਰ ਦਾ ਪੁੱਤਰ ਅਤੇ ਨਾਨਾ ਦਾ ਮਤਰੇਆ ਭਰਾ ਹੈ ਜੋ ਖਾਣ ਮਜ਼ਦੂਰਾਂ ਦੇ ਪਿੰਡ ਲਈ ਇੱਕ ਬਾਹਰੀ ਆਦਮੀ ਹੈ। ਉਹ ਇੱਕ ਮਜ਼ਦੂਰ ਬੁੱਧੀਜੀਵੀ ਹੈ ਜੋ ਸ਼ਰਾਬਖੋਰੀ ਅਤੇ ਆਵਾਰਾਗਰਦੀ ਵਿੱਚ ਡੁੱਬੇ ਆਮ ਖਾਣ ਮਜ਼ਦੂਰਾਂ ਤੋਂ ਅਲੱਗ ਜਿਹੀ ਜਿੰਦਗੀ ਬਿਤਾਉਂਦਾ ਹੈ, ਸਮਾਜਵਾਦੀ ਅਖਬਾਰ ਅਤੇ ਪੈਂਫਲੇਟ ਪੜ੍ਹਦਾ ਹੈ ਅਤੇ ਰੂਸੀ ਪ੍ਰਵਾਸੀ ਸੁਵਾਰੀਨ ਨਾਲ਼ ਗੱਲਾਂ ਕਰਦਾ ਹੈ। ਮੈਨੇਜਮੈਂਟ ਜਦੋਂ ਤਨਖਾਹ ਦਰਾਂ ਵਿੱਚ ਕਟੌਤੀ ਕਰਦੀ ਹੈ ਅਤੇ ਹੜਤਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਏਤੀਏਨ ਹੜਤਾਲੀ ਮਜ਼ਦੂਰਾਂ ਦੇ ਆਗੂ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਉਂਦਾ ਹੈ। ਭੀੜ ਦੇ ਮਿਜਾਜ ਨੂੰ ਭਾਂਪਦੇ ਹੋਏ ਮਜ਼ਦੂਰਾਂ ਦੀ ਸਭਾ ਵਿੱਚ ਏਤੀਏਨ ਪ੍ਰਭਾਵਸ਼ਾਲੀ ਭਾਸ਼ਣ ਦਿੰਦਾ ਹੈ। ਅੰਦੋਲਨ ਦੀਆਂ ਲਹਿਰਾਂ ਉੱਤੇ ਸਵਾਰ, ਲੋਕਪ੍ਰਿਅਤਾ ਦੇ ਨਸ਼ੇ ਵਿੱਚ ਚੂਰ ਏਤੀਏਨ ਸੰਸਦ ਵਿੱਚ ਪਹੁੰਚਣ ਵਾਲ਼ਾ ਪਹਿਲਾ ਮਜ਼ਦੂਰ ਹੋਣ ਤੱਕ ਦੇ ਸੁਪਨੇ ਦੇਖਣ ਲੱਗਦਾ ਹੈ। ਪਰ ਜਦੋਂ ਸੰਘਰਸ਼ ਅੱਗੇ ਵਧਦਾ ਹੈ ਤਾਂ ਸੰਗਠਨ ਦੇ ਵਿਚਾਰਾਂ-ਪਰੰਪਰਾਵਾਂ ਤੋਂ ਅਣਜਾਣ ਆਮ ਮਜ਼ਦੂਰ ਏਤੀਏਨ ਦੇ ਕੰਟਰੋਲ ਤੋਂ ਬਾਹਰ ਨਿਕਲ਼ ਜਾਂਦੇ ਹਨ। ਹੜਤਾਲ ਤੋੜਨ ਦੀ ਕੋਸ਼ਿਸ਼ ਕਰਨ ਵਾਲ਼ੇ ਗੱਦਾਰਾਂ ਜਾਸੂਸਾਂ ਵਿੱਰੁਧ ਹਿੰਸਕ ਕਾਰਵਾਈ ਕਰਨ ਅਤੇ ਮਸ਼ੀਨਾਂ ਨੂੰ ਤੋੜਨ ਜਿਹੀਆਂ ਗਤੀਵਿਧੀਆਂ ਤੋਂ ਉਹ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਹੜਤਾਲ ਜਦੋਂ ਲੰਬੀ ਖਿੱਚ ਜਾਂਦੀ ਹੈ ਤਾਂ ਉਹੀ ਮਜ਼ਦੂਰ ਏਤੀਏਨ ਨੂੰ ਖਾਰਜ ਕਰ ਦਿੰਦੇ ਹਨ ਅਤੇ ਮੁਕਾਬਲਤਨ ਵੱਧ ਨਰਮਪੰਥੀ ਰਾਸੇਨੋਰ ਵੱਲ ਮੁੜ ਜਾਂਦੇ ਹਨ ਜਿਸਨੂੰ ਕਦੇ ਏਤੀਏਨ ਨੇ ਹੀ ਅੱਗੇ ਵਧਾਇਆ ਸੀ। 

ਹੜਤਾਲ ਅੰਤ ਨੂੰ ਅਸਫਲ ਹੋ ਜਾਂਦੀ ਹੈ ਅਤੇ ਹਾਰੇ ਹੋਏ ਖਾਣ ਮਜ਼ਦੂਰ ਕੰਮ ਉੱਤੇ ਵਾਪਸ ਆ ਜਾਂਦੇ ਹਨ, ਤਾਂ ਏਤੀਏਨ ਉਹਨਾਂ ਵਿੱਚ ਹੜਤਾਲ ਦੇ ਇੱਕ ਮੋਹਰੀ ਮਜ਼ਦੂਰ ਅਤੇ ਆਪਣੇ ਭਰੋਸੇਮੰਦ ਸਾਥੀ ਨੂੰ ਦੇਖਕੇ ਹੈਰਾਨ ਰਹਿ ਜਾਂਦਾ ਹੈ। ਸਦਮੇ ਅਤੇ ਹੈਰਾਨੀ ਨਾਲ਼ ਭਰਿਆ ਉਹ ਪੁੱਛਦਾ ਹੈ-”ਤੂੰ ਵੀ?” ਉਹ ਆਦਮੀ ਬੇਬਸੀ ਦਿਖਾਉਂਦੇ ਹੋਏ ਉੱਤਰ ਦਿੰਦਾ ਹੈ-”ਮੈਂ ਹੋਰ ਕਰਦਾ ਵੀ ਕੀ? ਮੈਂ ਇੱਕ ਸ਼ਾਦੀਸ਼ੁਦਾ ਆਦਮੀ ਹਾਂ।”

ਜ਼ੋਲਾ ਨਾ ਤਾਂ ਮਜ਼ਦੂਰ ਲਹਿਰ ਦਾ ਸਿਧਾਂਤਕਾਰ ਸੀ, ਨਾ ਹੀ ਕੋਈ ਮਜ਼ਦੂਰ ਆਗੂ, ਪਰ ‘ਜਰਮਿਨਲ’ ਨਾਵਲ ਵਿੱਚ ਆਪਮੁਹਾਰਤਾ ਤੋਂ ਸੰਗਠਨ ਤੱਕ ਦੇ ਪੜਾਅ ਤੱਕ ਹੜਤਾਲ ਦੇ ਵਿਕਾਸ ਦਾ ਅਤੇ ਫਿਰ ਉਸਦੀ ਹਾਰ ਦੀ ਵਿਸਤਾਰਪੂਰਵਕ ਪ੍ਰਮਾਣਿਕ ਵਿਆਖਿਆ ਪੇਸ਼ ਕਰਦੇ ਹੋਏ ਉਸਨੇ ਆਮ ਹੜਤਾਲੀ ਮਜ਼ਦੂਰਾਂ ਦੇ ਮਨੋਵਿਗਿਆਨ ਦਾ- ਉਹਨਾਂ ਦੀ ਗਤਿਕੀ (Dynamism) ਦਾ ਜੋ ਚਿੱਤਰਣ ਪੇਸ਼ ਕੀਤਾ ਹੈ ਉਸਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਮੁਕਾਮ ਤੱਕ ਆਉਂਦੇ ਆਉਂਦੇ ਉਸਦੀ ਰਚਨਾ ਵਿੱਚੋਂ ਅਨੁਵੰਸ਼ਿਕਤਾ ਅਤੇ ਜੈਵਿਕ ਹੋਣੀਵਾਦ ਦਾ ਸਥਾਨ ਮੂਲ ਚਾਲਕ ਸ਼ਕਤੀ ਦੇ ਰੂਪ ਵਿੱਚ ਨਹੀਂ ਰਹਿ ਗਿਆ ਸੀ। ਉਹਨਾਂ ਦੀ ਥਾਂ ਸਮਾਜਿਕ ਮਨੁੱਖ ਬਾਰੇ ਇਤਿਹਾਸਕ ਦ੍ਰਿਸ਼ਟੀਕੋਣ ਨੇ ਲੈ ਲਈ ਸੀ। ਮਜ਼ਦੂਰ ਜਮਾਤ ਨੂੰ ਜ਼ੋਲਾ ਹੁਣ ਇੱਕ ਅਜਿਹੇ ਸਮਾਜਿਕ ਸਮੂਹ ਦੇ ਰੂਪ ਵਿੱਚ ਦੇਖ ਰਿਹਾ ਸੀ ਜੋ ਉਹਨਾਂ ਵਿਰੁੱਧ ਵਿਦਰੋਹ ਕਰਨ ਵਿੱਚ ਸੱਮਰਥ ਸੀ। 

‘ਜਰਮੀਨਲ’ ਮਜ਼ਦੂਰ ਲਹਿਰ ਦੀ ਆਪਮੁਹਾਰਤਾ ਦੀ ਮਹੱਤਤਾ ਸਪੱਸ਼ਟ ਕਰਦੇ ਹੋਏ ਸੰਘਰਸ਼ ਵਿੱਚ ਸਚੇਤਨਤਾ ਦੇ ਜਨਮ ਅਤੇ ਕ੍ਰਮਵਾਰ ਵਿਕਾਸ ਦੀ ਜਟਿਲ ਅਤੇ ਮੰਥਰ ਪ੍ਰਕਿਰਿਆ ਨੂੰ ਅਤੇ ਸੰਘਰਸ਼ ਦੇ ਅਲੱਗ-ਅਲੱਗ ਪੜਾਵਾਂ ਨੂੰ ਏਨੇ ਪ੍ਰਭਾਵੀ ਢੰਗ ਨਾਲ਼ ਦਰਸਾਉਂਦਾ ਹੈ ਕਿ ਮਜ਼ਦੂਰ ਲਹਿਰ ਵਿੱਚ ਸਰਗਰਮ ਕਾਰਕੁਨਾਂ ਲਈ ਅੱਜ ਵੀ ਇਹ ਇੱਕ ਜ਼ਰੂਰੀ ਅਧਿਐਨ ਸਮੱਗਰੀ ਲੱਗਣ ਲੱਗਦਾ ਹੈ। ਜ਼ੋਲਾ ਨੇ ਇਸ ਪ੍ਰਕਿਰਿਆ ਦਾ ਪ੍ਰਭਾਵਸ਼ਾਲੀ ਚਿੱਤਰਣ ਕੀਤਾ ਹੈ ਕਿ ਕਿਸ ਪ੍ਰਕਾਰ ਘੱਟ ਵਿਕਸਿਤ ਚੇਤਨਾ ਵਾਲ਼ੇ ਮਜ਼ਦੂਰ ਨਵੇਂ ਵਿਚਾਰਾਂ ਦੇ ਕਾਇਲ ਹੁੰਦੇ ਹਨ, ਕਿਸ ਪ੍ਰਕਾਰ ਆਪਣੀ ਜੀਵਨ-ਸਥਿਤੀ ਨੂੰ ਹੋਣੀ ਮੰਨ ਕੇ ਜਿਉਣ ਵਾਲ਼ੇ ਮਜ਼ਦੂਰਾਂ ਦੇ ਸੋਚਣ-ਸਮਝਣ ਦਾ ਢੰਗ ਹੜਤਾਲ ਦੇ ਪ੍ਰਭਾਵ ਵਿੱਚ ਬਦਲਣ ਲੱਗ ਪੈਂਦਾ ਹੈ ਅਤੇ ਕਿਸ ਪ੍ਰਕਾਰ ਉਹ ਲਹਿਰ ਦੁਆਰਾ ਉਠਾਏ ਪ੍ਰਸ਼ਨਾਂ ਨੂੰ ਸਮਝਣ ਅਤੇ ਉਹਨਾਂ ਦੇ ਹੱਲ ਬਾਰੇ ਸੋਚਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਨਾਵਲ ਮਜ਼ਦੂਰਾਂ ਦੀ ਹੜਤਾਲ ਦੀ ਦੌਰਾਨ ਯੁੱਧਨੀਤੀ ਅਤੇ ਦਾਅਪੇਚਾਂ ਨਾਲ਼ ਜੁੜੇ ਪ੍ਰਸ਼ਨਾਂ ਉੱਤੇ ਵੀ ਵਿਸਤਾਰ ਵਿੱਚ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ ਇਸ ਵਿੱਚ ਹੜਤਾਲ ਦੌਰਾਨ ਭੰਨ-ਤੋੜ ਦੀ ਕਾਰਵਾਈ ਅਤੇ ‘ਫਲਾਈਂਗ ਪਿਕੇਟਸ’ ਦੀਆਂ ਸੰਭਾਵਿਤ ਭੂਮਿਕਾਵਾਂ ਉੱਤੇ ਵੀ ਵਿਚਾਰ ਕੀਤਾ ਗਿਆ ਹੈ। ‘ਫਲਾਈਂਗ ਪਿਕੇਟਸ’ ਦੀ ਹੜਤਾਲ ਦੌਰਾਨ ਇੱਕ ਵਿਸ਼ੇਸ਼ ਭੂਮਿਕਾ ਦਰਸਾਈ ਗਈ ਹੈ। ਇਹ ਇਤਿਹਾਸ ਦਾ ਤੱਥ ਹੈ ਕਿ ਫਰਾਂਸੀਸੀ ਕੋਇਲਾ ਖਾਣਾਂ ਵਿੱਚ ਇਹਨਾਂ ਦੀ ਸਥਾਪਿਤ ਪ੍ਰੰਪਰਾ ਰਹੀ ਹੈ ਅਤੇ 1869 ਦੀ ਲਵਾਰ ਹੜਤਾਲ ਦੌਰਾਨ ਇਹਨਾਂ ਦਾ ਵਿਸ਼ੇਸ਼ ਰੂਪ ਵਿੱਚ ਇਸਤੇਮਾਲ ਕੀਤਾ ਗਿਆ ਸੀ। ਹੜਤਾਲ ਦੌਰਾਨ, ਉਸਦੇ ਅਲੱਗ-ਅਲੱਗ ਪੜਾਆਂ ਵਿੱਚ, ਮਜ਼ਦੂਰ ਜਮਾਤ ਦੀ ਅਗਵਾਈ ਦੇ ਸਵਾਲ ਨੂੰ ਵੀ ਜ਼ੋਲਾ ਨੇ ਅਮਲੀ ਧਰਾਤਲ ‘ਤੇ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਉਸਤੋਂ ਕੁਝ ਸਿਧਾਂਤਕ ਨਤੀਜੇ ਵੀ ਕੱਢੇ ਜਾ ਸਕਦੇ ਹਨ। ਮਜ਼ਦੂਰ ਲੀਡਰਸ਼ਿਪ ਨੂੰ ਜ਼ੋਲਾ ਨੇ ਇੱਕ ਤੈਅਸ਼ੁਦਾ ਸੋਪਾਨਬੱਧ (Hierachical) ਸੰਬੰਧ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਨਿਰੰਤਰ ਪਰਿਵਰਤਨਸ਼ੀਲ ਅੰਤਰਸੰਬੰਧ ਦੇ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। 

ਹੜਤਾਲ ਵਿੱਚ ਔਰਤਾਂ ਦੀ ਭੂਮਿਕਾ ਉੱੇਤੇ ਜ਼ੋਲਾ ਨੇ ਵਿਸ਼ੇਸ਼ ਰੂਪ ਵਿੱਚ ਧਿਆਨ ਦਿੱਤਾ ਹੈ। ਇਹਨਾਂ ਔਰਤਾਂ ਵਿੱਚ ਖਾਣ ਮਜ਼ਦੂਰਾਂ ਦੀਆਂ ਪਤਨੀਆਂ ਅਤੇ ਖਾਣ ਮਜ਼ਦੂਰ ਔਰਤਾਂ-ਦੋਨੋਂ ਹੀ ਸ਼ਾਮਿਲ ਹਨ। ਉਸ ਸਮੇਂ ਤੱਕ ਖਾਣਾਂ ਵਿੱਚ ਔਰਤਾਂ ਤੋਂ ਮਜ਼ਦੂਰੀ ਕਰਵਾਉਣ ਉੱਪਰ ਰੋਕ ਨਹੀਂ ਸੀ ਲੱਗੀ। ਉਸ ਸਮੇਂ ਤੱਕ ਲਗਭਗ ਸਾਰਿਆਂ ਦੁਆਰਾ ਮੰਨੀ ਜਾਂਦੀ ‘ਵੀਕਰ ਸੈਕਸ’ ਦੀ ਧਾਰਨਾ ਦੇ ਉਲਟ ‘ਜਰਮਿਨਲ’ ਦੀਆਂ ਔਰਤਾਂ ਅਸਧਾਰਨ ਰੂਪ ਵਿੱਚ ਦ੍ਰਿੜ ਸੰਕਲਪ ਅਜ਼ਾਦ ਵਿਅਕਤੀਤਵ ਅਤੇ ਸੰਘਰਸ਼ ਦੀ ਭਾਵਨਾ ਨਾਲ਼ ਭਰਪੂਰ ਚਰਿੱਤਰ ਵਾਲ਼ੀਆਂ ਹਨ ਅਤੇ ਇਹਨਾਂ ਵਿੱਚ ਵੀ ਮੇਹੂਦ ਵਿਸ਼ੇਸ਼ ਰੂਪ ਵਿੱਚ ਵਰਣਨਯੋਗ ਹੈ। ਸਦਾ ਅਪਮਾਨ, ਅਤਿਸ਼ੋਸ਼ਣ ਅਤੇ ਯੌਨ-ਅੱਤਿਆਚਾਰ ਝੱਲਣ ਵਾਲ਼ੀਆਂ ਔਰਤਾਂ ਵਿਦਰੋਹ ਦੀ ਜੁਆਲਾ ਭੜ੍ਹਕ ਉੱਠਣ ‘ਤੇ ਕਿਸ ਕਦਰ ਕਰੂਰ ਬਦਲਾ ਲੈ ਸਕਦੀਆਂ ਹਨ, ਇਹ ਦੁਕਾਨਦਾਰ ਮੇਗਰਾ ਦੀ ਹੱਤਿਆ ਤੋਂ ਬਾਅਦ ਵਾਲ਼ੇ ਪ੍ਰਸੰਗ ਤੋਂ ਸਪੱਸ਼ਟ ਹੋ ਜਾਂਦਾ ਹੈ। ਮੇਗਰਾ ਕਰਜਾ ਨਾ ਮੋੜ ਸਕਣ ਵਾਲੀਆਂ ਔਰਤਾਂ ਦਾ ਅਕਸਰ ਯੌਨ-ਸ਼ੋਸ਼ਣ ਕਰਦਾ ਸੀ। ਇੱਕ ਹਮਲੇ ਵਿੱਚ ਜਦੋਂ ਉਹ ਮਾਰਿਆ ਜਾਂਦਾ ਹੈ ਤਾਂ ਔਰਤਾਂ ਉਸਦਾ ਗੁਪਤ ਅੰਗ ਕੱਟ ਕੇ ਇੱਕ ਡੰਡੇ ਉੱਤੇ ਟੰਗ ਕੇ ਸੜਕਾਂ ਉੱਤੇ ਜਲੂਸ ਕੱਢਦੀਆਂ ਹਨ।

‘ਜਰਮਿਨਲ’ ਇੱਕ ਤਰ੍ਹਾਂ ਨਾਲ਼ ਉਨੀਂਵੀਂ ਸਦੀ ਦੇ ਦੂਜੇ ਅੱਧ ਦੀ ਯੂਰਪੀ ਮਜ਼ਦੂਰ ਲਹਿਰ ਦਾ ਇੱਕ ਲਘੂ ਪ੍ਰਤੀਰੂਪ ਪੇਸ਼ ਕਰਦਾ ਹੈ। ਖਾਣ ਮਜ਼ਦੂਰਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਤਿੰਨ ਰਾਜਨੀਤਕ ਧਾਰਾਵਾਂ ਦੇ ਸੁਸਪਸ਼ਟ-ਸਟੀਕ ਪ੍ਰਤੀਨਿਧੀਆਂ ਦੀ ਹਾਜ਼ਰੀ ਸਾਨੂੰ ਵੇਖਣ ਨੂੰ ਮਿਲ਼ਦੀ ਹੈ। ਰਾਸੇਨੋਰ ਇੱਕ ਸੁਧਾਰਵਾਦੀ ਹੈ ਜੋ ਟਕਰਾਓ ਦੀ ਬਜਾਇ ਗਲਬਾਤ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ। ਸੁਵਾਰੀਨ ਅਰਾਜਕਤਾਵਾਦੀ ਹੈ। ਏਤੀਏਨ ਦੀ ਸੋਚ ਇਹਨਾਂ ਦੋਹਾਂ ਦੇ ਵਿਚਕਾਰ ਬਣੀ ਰਹਿੰਦੀ ਹੈ। ਅਨੁਭਵੀ ਢੰਗ ਨਾਲ਼ ਉਹ ਜੁਝਾਰੂ ਜਮਾਤੀ ਸੰਘਰਸ਼ ਦੀ ਸੋਚ ਦੀ ਅਤੇ ਇਨਕਲਾਬੀ ਜਨਤਕ ਲੀਹ ਦੀ ਸੋਚ ਵੱਲ ਅੱਗੇ ਵੱਧਦਾ ਹੋਇਆ ਕਿਰਦਾਰ ਹੈ। ਪੇਰਿਸ ਕਮਿਊਨ ਤੋਂ ਪਹਿਲਾਂ, ਪਹਿਲੇ ਇੰਟਰਨੈਸ਼ਨਲ ਵਿੱਚ ਵੀ ਇਹੋ ਤਿੰਨ ਰਾਜਨੀਤਕ ਧਾਰਾਵਾਂ ਘੱਟ-ਵੱਧ ਪ੍ਰਭਾਵੀ ਰੂਪ ਵਿੱਚ ਮੌਜੂਦ ਸਨ। 

ਸੁਵਾਰੀਨ ਨਾਵਲ ਦੇ ਸਭ ਤੋਂ ਦਿਲਚਸਪ ਕਿਰਦਾਰਾਂ ਵਿਚੋਂ ਇੱਕ ਹੈ। ਉਹ ਇੱਕ ਰੂਸੀ ਅਰਾਜਕਤਾਵਾਦੀ ਇਨਕਲਾਬੀ ਹੈ ਜਿਸਨੇ ਜ਼ਾਰ ਦੀ ਟ੍ਰੇਨ ਉਡਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਅਤੇ ਹੁਣ ਫਰਾਂਸ ਵਿੱਚ ਸ਼ਰਣਾਰਥੀ ਦੇ ਰੂਪ ਵਿੱਚ ਰਹਿ ਰਿਹਾ ਸੀ। ਉਸਦੀ ਪ੍ਰੇਮਿਕਾ ਜ਼ਾਰ ਦੀ ਪੁਲਿਸ ਦੀ ਪਕੜ ਵਿੱਚ ਆ ਗਈ ਸੀ ਅਤੇ ਉਸਨੂੰ ਸੁਵਾਰੀਨ ਦੀਆਂ ਅੱਖਾਂ ਸਾਹਮਣੇ ਫਾਂਸੀ ਦਿੱਤੀ ਗਈ ਸੀ। ਸੁਵਾਰੀਨ ਸਾਰੀਆਂ ਟ੍ਰੇਡਯੂਨੀਅਨ ਕਾਰਵਾਈਆਂ ਨੂੰ ਫਾਲਤੂ ਮੰਨਦਾ ਸੀ। ਉਸਦੀ ਇੱਕੋ-ਇੱਕ ਆਸ ਸੀ ‘ਅਰਾਜਕਤਾ, ਹਰੇਕ ਚੀਜ਼ ਦਾ ਅੰਤ, ਜਦੋਂ ਸਾਰੀ ਦੁਨੀਆਂ ਖੂਨ ਨਾਲ਼ ਨਹਾਏਗੀ ਅਤੇ ਅੱਗ ਦੁਆਰਾ ਸ਼ੁੱਧ ਕੀਤੀ ਜਾਵੇਗੀ।’ ਬਹਾਦਰੀ ਅਤੇ ਕੁਰਬਾਨੀ ਦੇ ਸਾਰੇ ਜਜ਼ਬੇ ਦੇ ਬਾਵਜੂਦ, ਸੁਵਾਰੀਨ ਦੁਆਰਾ ਜਮਾਤੀ ਸੰਘਰਸ਼ ਨੂੰ ਪ੍ਰਵਾਨ ਨਾ ਕਰਨ ਪਿੱਛੇ ਆਮ ਲੋਕਾਂ ਪ੍ਰਤੀ ਗਹਿਰੇ ਅਵਿਸ਼ਵਾਸ ਨਾਲ ਭਰੀ ਹੋਈ ਉਹੀ ਕੁਲੀਨਤਾਵਾਦੀ ਅਤੇ ਨਾਇਕ ਪੂਜਾ ਦੀ ਉਹੀ ਭਾਵਨਾ ਹੈ  ਜੋ ਹਰ ਕਿਸਮ ਦੀ ਦਹਿਸ਼ਤਗਰਦੀ ਵਿੱਚ ਸਮੋਈ ਹੁੰਦੀ ਹੈ। ਪਰ ਹੜਤਾਲ ਦੀ ਹਾਰ ਤੋਂ ਬਾਅਦ ਹੀ ਉਹ ਬਦਲਵੀਂ ਕਾਰਵਾਈ ਬਾਰੇ ਸੋਚਦਾ ਹੈ ਅਤੇ ਖਾਣ ਵਿੱਚ ਤੋੜ-ਫੋੜ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ। ਜ਼ੋਲਾ ਨੇ ਦਹਿਸ਼ਤਗਰਦੀ ਨੂੰ ਕਮਜ਼ੋਰੀ ਦੀ ਨਿਸ਼ਾਨੀ ਦੇ ਤੌਰ ‘ਤੇ, ਸਮੂਹਿਕ ਕਾਰਵਾਈ ਵਿੱਚ ਭਰੋਸੇ ਦੀ ਕਮੀ ਦੇ ਤੌਰ ‘ਤੇ ਅਤੇ ਲਹਿਰ ਦੀ ਗਿਰਾਵਟ ਦੇ ਦੌਰ ਵਿੱਚੋਂ ਪੈਦਾ ਹੋਣ ਵਾਲ਼ੀ ਨਿਰਾਸ਼ਾ ਦੇ ਪ੍ਰਗਟਾਵੇ ਦੇ ਰੂਪ ਵਿੱਚ ਦੇਖਿਆ ਹੈ, ਪਰ ਵਰਣਵਯੋਗ ਗੱਲ ਇਹ ਹੈ ਕਿ ਉਸਦੀ ਭੰਡੀ ਕਰਨ ਦੀ ਬਜਾਇ ਉਸਨੇ ਇੱਕ ਰਾਜਨੀਤਕ ਪ੍ਰਵਿਰਤੀ ਜਾਂ ਵਰਤਾਰੇ ਦੇ ਤੌਰ ‘ਤੇ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। 

‘ਜਰਮਿਨਲ’ ਮਜ਼ਦੂਰ ਹੜਤਾਲ ਦੇ ਅਲੱਗ-ਅਲੱਗ ਪੱਖਾਂ ਦਾ ਪ੍ਰਮਾਣਿਕ ਵੇਰਵਾ ਪੇਸ਼ ਕਰਦੇ ਹੋਏ ਇਥੋਂ ਤੱਕ ਹੀ ਸੀਮਤ ਨਹੀਂ ਰਹਿੰਦਾ। ਉਹ ਤਾਕਤਵਰ ਕਲਾਤਮਕਤਾ ਨਾਲ਼ ਪੂੰਜੀਵਾਦੀ ਸਮਾਜ ਦੇ ਮਨੁੱਖ ਦੋਖੀ ਚਰਿੱਤਰ ਦੀ ਇਤਿਹਾਸਕ ਅਲੋਚਨਾ ਪੇਸ਼ ਕਰਦਾ ਹੈ। ਜ਼ੋਲਾ ਨੇ ਕੁਦਰਤ ਅਤੇ ਜੀਵਨ ਦੇ ਤਾਕਤਵਰ ਬਿੰਬਾਂ ਅਤੇ ਰੂਪਕਾਂ ਦੇ ਮਾਧਿਅਮ ਨਾਲ਼ ਉਸ ਪੂੰਜੀਵਾਦ ਦੀ ਅਮਾਨਵੀਕਾਰੀ (Dehumanising) ਤਾਕਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਅਣਗਿਣਤ ਆਮ ਔਰਤ-ਮਰਦ ਆਪਣੀ ਅਜ਼ਾਦੀ , ਮਨੁੱਖੀ ਸੰਪੂਰਣਤਾ ਅਤੇ ਕੁਦਰਤੀਪਣ ਗਵਾ ਕੇ ਇੱਕ ਗੈਰ ਕੁਦਰਤੀ ਤਰਕ-ਵਰਤਾਰੇ ਦੇ ਵੱਸ ਵਿੱਚ ਹੋ ਕੇ ਜਿਉਣ ਲੱਗਦੇ ਹਨ ਜਿਸ ਵਿੱਚ ਜਿਣਸ ਉਤਪਾਦਨ ਮਨੁੱਖ ਦੀ ਜਿੰਦਗੀ ਤੋਂ ਹਜ਼ਾਰਾਂ ਗੁਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ, ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖੁਦ ਮਨੁੱਖ ਦੁਆਰਾ ਬਣਾਈਆਂ ਮਸ਼ੀਨਾਂ ਅਤੇ ਉਤਪਾਦਿਤ ਜਿਣਸਾਂ ਮਨੁੱਖ ਦੇ ਜੀਵਨ ਉੱਤੇ ਰਾਜ ਕਰਨ ਲੱਗਦੀਆਂ ਹਨ ਅਤੇ ਮਨੁੱਖ ਮਸ਼ੀਨ ਰੂਪੀ ਆਦਮਖੋਰ ਦੈਂਤ ਦਾ ਨਿਰਜੀਵ ਚਾਰਾ ਬਣ ਜਾਂਦਾ ਹੈ। ਜ਼ੋਲਾ ਨੇ ਭੂਮੀਗਤ ਕੋਇਲਾ ਖਾਣ ਦੀ ਤੁਲਨਾ ਇੱਕ ਜਿਉਂਦੇ ਦੈਂਤ ਨਾਲ ਕੀਤੀ ਹੈ ਜੋ ਮਨੁੱਖਾਂ ਨੂੰ ਲਗਾਤਾਰ ਨਿਗਲ਼ਦਾ ਰਹਿੰਦਾ ਹੈ ਅਤੇ ਫਿਰ ਵੀ ਉਸਦੀ ਭੁੱਖ ਮਿਟਣ ਦਾ ਨਾਂ ਨਹੀਂ ਲੈਂਦੀ। 

ਆਪਣੀ ਇੱਕ ਚਿੱਠੀ ਵਿੱਚ ਜ਼ੋਲਾ ਨੇ ਲਿਖਿਆ ਹੈ ਕਿ ‘ਜਰਮਿਨਲ’ ਇਨਕਲਾਬ ਦੀ ਹੀ ਨਹੀਂ ਸਗੋਂ ਕਰੁਣਾ ਦੀ ਰਚਨਾ ਹੈ, ਪਰ ਨਾਲ਼ ਹੀ, ਇਸੇ ਚਿੱਠੀ ਵਿੱਚ ਉਸਨੇ ਲਿਖਿਆ-”ਮੈਂ ਚਾਹੁੰਦਾ ਇਹ ਸੀ ਕਿ ਜੋ ਇਸ ਦੁਨੀਆਂ ਦੇ ਖੁਸ਼ਕਿਸਮਤ ਲੋਕ ਹਨ, ਜੋ ਮਾਲਕ ਲੋਕ ਹਨ, ਉਹਨਾਂ ਨੂੰ ਚੀਕ ਚੀਕ ਕੇ ਕਹਾਂ-”ਸਾਵਧਾਨ ਹੋ ਜਾਓ, ਧਰਤੀ ਦੇ ਥੱਲੇ ਵੇਖੋ, ਉਹਨਾਂ ਸਰਾਪਿਆਂ ਨੂੰ ਵੇਖੋ ਜੋ ਕੰਮ ਕਰ ਰਹੇ ਹਨ ਅਤੇ ਤਕਲੀਫਾਂ ਝੱਲ ਰਹੇ ਹਨ। ਸ਼ਾਇਦ ਅਜੇ ਵੀ ਅੰਤਿਮ ਮਹਾਂਸੰਕਟ ਨੂੰ ਟਾਲ਼ਿਆ ਜਾ ਸਕਦਾ ਹੈ। ਪਰ ਨਿਆਂਕਾਰੀ ਬਣਨ ਵਿੱਚ ਦੇਰ ਨਾ ਕਰੋ ਨਹੀਂ ਤਾਂ ਖਤਰਾ ਇਹ ਹੈ ਕਿ ਧਰਤੀ ਫਟ ਜਾਵੇਗੀ ਤੇ ਇਤਿਹਾਸ ਦੇ ਸਭ ਤੋਂ ਭਿਅੰਕਰ ਮਹਾਂਵਿਦਰੋਹਾਂ ਵਿੱਚੋਂ ਇੱਕ, ਸਾਰੀਆਂ ਕੌਮਾਂ ਨੂੰ ਨਿਗਲ਼ ਜਾਵੇਗਾ।” ਕਿਹਾ ਜਾ ਸਕਦਾ ਹੈ ਕਿ ਇਹ ਇੱਕ ਇਨਕਲਾਬੀ ਦੁਆਰਾ ਇਨਕਲਾਬ ਦਾ ਸੱਦਾ ਨਹੀਂ, ਸਗੋਂ ਇੱਕ ਮੱਧਵਰਗੀ ਸੁਧਾਰਕ ਦੀ ਚੇਤਾਵਨੀ ਹੈ, ਪਰ ਨਾਲ਼ ਹੀ ਏਨਾ ਜ਼ਰੂਰ ਜੋੜ ਦੇਣਾ ਚਾਹੀਦਾ ਹੈ ਕਿ ਇਸ ਸੁਧਾਰਕ ਦੇ ਇਤਿਹਾਸਕ ਪਰਿਪੇਖ ਵਿੱਚ ਇਨਕਲਾਬ ਦੀ ਸੰਭਾਵਨਾ ਸ਼ਾਮਿਲ ਹੈ। ‘ਜਰਮਿਨਲ’ ਨੂੰ ਲਿਖਣ ਸਮੇਂ, (ਅਤੇ ਉਸਤੋਂ ਬਾਅਦ ਲਗਭਗ ਇੱਕ ਦਹਾਕੇ ਦੇ ਸਮੇਂ ਤੱਕ) ਜ਼ੋਲਾ ਦੀ ਵਿਚਾਰਕ ਸੋਚ ਦਰਅਸਲ ਇਸੇ ਮੁਕਾਮ ਤੱਕ ਹੀ ਵਿਕਸਿਤ ਹੋਈ ਸੀ। ਫਲਾਬੇਅਰ ਅਤੇ ਗੋਂਕੁਰ ਭਰਾਵਾਂ ਦੀ ਹੀ ਤਰਾਂ ਉਹ ਬੁਰਜੁਆਜ਼ੀ ਨਾਲ਼ ਅਤੇ ਮੁਦਰਾ ਦੀ ਸੱਤਾ ਨਾਲ਼ ਗਹਿਰੀ ਨਫਰਤ ਕਰਦਾ ਸੀ, ਪਰ ਉਹਨਾਂ ਦੀ ਤਰਾਂ ਮਜ਼ਦੂਰ ਜਮਾਤ ਦੀ ਇਤਿਹਾਸ-ਨਿਰਮਾਤਾ ਤਾਕਤ ‘ਤੇ ਉਸਨੂੰ ਭੋਰਾ ਵੀ ਭਰੋਸਾ ਨਹੀਂ ਸੀ। ਉਹ ਉਸਨੂੰ ਰੋਗੀ ਸਮਾਜ ਦੇ ਵਿਨਾਸ਼ ਦੇ ਰੂਪ ਵਿੱਚ ਦੇਖਦਾ ਸੀ ਅਤੇ ਇਸਦੇ ਲਈ ਪੂੰਜੀਵਾਦੀ ਅਨਿਆਂ ਨੂੰ ਜਿੰਮੇਵਾਰ ਮੰਨਦਾ ਸੀ। ਪਰ ਇੱਥੇ ਹੀ ਸਾਨੂੰ ਇਹ ਵਿਰੋਧਤਾਈ ਵੀ ਤਿੱਖੇ ਰੂਪ ਵਿੱਚ ਵੇਖਣ ਨੂੰ ਮਿਲਦੀ ਹੈ ਜੋ ਜ਼ੋਲਾ ਦੀ ਵਿਚਾਰਕ ਸੋਚ ਅਤੇ ਉਸ ਦੁਆਰਾ ਯਥਾਰਥ ਦੇ ਕਲਾਤਮਕ ਪੁਨਰਸਿਰਜਣ ਦੇ ਰੂਪ ਵਿੱਚ ਮੌਜੂਦ ਹੈ। ਕਹਿਣਾ ਨਹੀਂ ਹੋਵੇਗਾ ਕਿ ਅਜਿਹੀਆਂ  ਹੀ ਵਿਰੋਧਤਾਈਆਂ ਸਾਨੂੰ ਅਲੱਗ-ਅਲੱਗ ਰੂਪਾਂ ਵਿੱਚ ਤਾਲਸਤਾਏ, ਬਾਲਜ਼ਾਕ ਜਾਂ ਦੋਸਤੋਵਸਕੀ ਜੇਹੇ। ਅਲੋਚਨਾਤਮਕ ਯਥਾਰਥਵਾਦ ਦੇ ਹੋਰ ਮੋਹਰੀਆਂ ਵਿੱਚ ਵੀ ਵੇਖਣ ਨੂੰ ਮਿਲਦੀਆਂ ਹਨ। ਹੜਤਾਲ਼ ਦੀ ਹਾਰ ਦੇ ਬਾਵਜੂਦ ‘ਜਰਮਿਨਲ’ ਦੀ ਕਹਾਣੀ ਪੂੰਜੀਵਾਦੀ ਉਤਪਾਦਨ-ਪ੍ਰਕਿਰਿਆ ਨੂੰ ਬਾਹਰਮੁਖੀ ਢੰਗ ਨਾਲ਼ ਪੇਸ਼ ਕਰਦੀ ਹੋਈ ਕੁਲ ਪ੍ਰਭਾਵ ਦੇ ਤੌਰ ‘ਤੇ ਪਾਠਕ ਨੂੰ ਇਸ ਤਰਕਸ਼ੀਲ ਨਤੀਜੇ ਤੱਕ ਪਹੁੰਚਾਉਂਦੀ ਪ੍ਰਤੀਤ ਹੁੰਦੀ ਹੈ ਕਿ ਪੂੰਜੀਵਾਦ ਨੂੰ ‘ਨਿਆਂਕਾਰੀ’ ਬਣਾਉਣਾ ਪੂੰਜੀਵਾਦੀ ਸਮਾਜ ਦੇ ਸੂਤਰਧਾਰਾਂ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦਾ ਅਤੇ ਇਹ ਕਿ ਸਮਾਜਿਕ ਇਨਕਲਾਬ ਦਾ ਮਹਾਂਵਿਸਫੋਟ ਹੀ ਇਸ ਦੀ ਅੰਦਰੂਨੀ ਗਤੀ ਦਾ ਅੰਤਿਮ ਪੜਾਅ ਹੈ। ਨਾਲ਼ ਹੀ, ਇਸਦੇ ਮਜ਼ਦੂਰ ਚਰਿੱਤਰ ਸਾਨੂੰ ਲਹਿਰ ਦੇ ਤੂਫਾਨ ਦੇ ਦੌਰਾਨ ਕ੍ਰਮਵਾਰ ਚੇਤਨਸ਼ੀਲ ਹੁੰਦੀ ਜਾਣ ਵਾਲ਼ੀ ਸਰਗਰਮ ਤਾਕਤ ਦੇ ਰੂਪ ਵਿੱਚ ਦੇਖਣ ਨੂੰ ਮਿਲ਼ਦੇ ਹਨ, ਜੋ ਗੱਲ ਜ਼ੋਲਾ ਦੀ ਉਸ ਸਮੇਂ ਦੀ ਵਿਚਾਰਕ ਸੋਚ ਨਾਲ਼ ਮੇਲ ਨਹੀਂ ਖਾਂਦੀ। ਇੱਥੇ ਹੀ ਨਾਵਲ ਦੇ ਅੰਤਿਮ ਨੁਕਤੇ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਏਤੀਏਨ ਖਾਣ ਮਜਦੂਰਾਂ ਦਾ ਪਿੰਡ ਛੱਡ ਦਿੰਦਾ ਹੈ, ਇਸ ਲਈ ਨਹੀਂ ਕਿ ਮਜ਼ਦੂਰ ਜਮਾਤ ਤੋਂ ਉਸਨੇ ਉਮੀਦ ਕਰਨੀ ਛੱਡ ਦਿੱਤੀ ਹੈ, ਸਗੋਂ ਇਸ ਲਈ ਕਿ ਪਲੂਸ਼ਾਰ ਨੇ ਉਸਦੇ ਸਾਹਮਣੇ ਪੇਰਿਸ ਵਿੱਚ ਨੋਕਰੀ ਦਾ ਪ੍ਰਸਤਾਵ ਰੱਖਿਆ ਹੈ। ਕਿਉਂ ਕਿ ਪਲੂਸ਼ਾਰ ਪਹਿਲੇ ਇੰਟਰਨੈਸ਼ਨਲ ਦਾ ਇੱਕ ਸੰਗਠਨਕਰਤਾ ਹੈ ਅਤੇ ਕਿਉਂ ਕਿ ਨਾਵਲ ਦਾ ਸਮਾਂ 1867 ਦੇ ਆਸਪਾਸ ਦਾ ਹੈ, ਇਸ ਲਈ ਅਜਿਹਾ ਸੋਚਣਾ ਤਰਕਸੰਗਤ ਹੈ ਕਿ ਜ਼ੋਲਾ ਪੇਰਿਸ ਕਮਿਊਨ ਦੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ ਦੀ ਦਿਸ਼ਾ ਵਿੱਚ ਏਤੀਏਨ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਨਾ ਚਾਹੁੰਦਾ ਹੈ। 

ਸੋਚਣ ਦੀ ਗੱਲ ਹੈ ਕਿ ਮੱਧਵਰਗੀ ਜੀਵਨ ਅਤੇ ਸੋਚ ਵਾਲ਼ਾ ਇੱਕ ਨਾਵਲਕਾਰ ਇੱਕ ਉਦਯੋਗਿਕ ਹੜਤਾਲ ਅਤੇ ਉਸਦੇ ਅਲੱਗ-ਅਲੱਗ ਪੜਾਵਾਂ ਦਾ ਪ੍ਰਮਾਣਿਕ ਬੋਧਮਈ ਵੇਰਵਾ ਪੇਸ਼ ਕਰਨ ਵਿੱਚ ਕਿਸ ਤਰਾਂ ਸਫਲ ਹੋ ਸਕਿਆ? 1884 ਤੱਕ ਫਰਾਂਸੀਸੀ ਮਜ਼ਦੂਰ ਜਮਾਤ ਕਮਿਊਨ ਦੀ ਹਾਰ ਦੇ ਝਟਕੇ ਤੋਂ ਉਭਰਨ ਲੱਗੀ ਸੀ। ਆਂਜਾਂ ਦੇ ਖਾਣ ਮਜ਼ਦੂਰ ਜਦੋਂ ਹੜਤਾਲ ਉੱਤੇ ਗਏ, ਤਾਂ ‘ਜਰਮਿਨਲ’ ਦੀ ਸਮੱਗਰੀ ਇਕੱਠੀ ਕਰਨ ਲਈ ਜ਼ੋਲਾ ਨੇ ਖੁਦ ਨੂੰ ਇੱਕ ਖੱਬੇਪੱਖੀ ਸੰਸਦ ਮੈਂਬਰ ਜਿਆਰ ਦਾ ਸੈਕਟਰੀ ਦਿਖਾਉਂਦੇ ਹੋਏ ਹੜਤਾਲ਼ ਪ੍ਰਭਾਵਿਤ ਖਾਣ ਖੇਤਰ ਦਾ ਦੌਰਾ ਕੀਤਾ ਅਤੇ ਹੜਤਾਲ਼ ਦੌਰਾਨ ਮਜ਼ਦੂਰਾਂ ਦੇ ਜੀਵਨ ਅਤੇ ਉਸਦੀਆਂ ਸਾਰੀਆਂ ਸਰਗਰਮੀਆਂ ਨੂੰ ਨੇੜੇ ਤੋਂ ਅਤੇ ਬਰੀਕੀ ਨਾਲ ਵੇਖਿਆ। ਮੈਨੇਜਮੈਂਟ ਦੀ ਇਜ਼ਾਜਤ ਨਾਲ਼ 675 ਮੀਟਰ ਥੱਲੇ ਤੱਕ ਗੋਡਿਆਂ ਭਾਰ ਰੀਂਘਦੇ ਹੋਏ ਭੂਮੀਗਤ ਖਾਣ ਅੰਦਰ ਗਿਆ। ਆਂਜ਼ਾਂ ਵਿੱਚ ਜ਼ੋਲਾ ਦੀ ਮੁਲਾਕਾਤ ਏਮੀਲ ਬਾਸਲੀ ਨਾਮਕ ਇੱਕ ਸਾਬਕਾ ਖਾਣ ਮਜ਼ਦੂਰ ਨਾਲ਼ ਵੀ ਹੋਈ। ‘ਜਰਮਿਨਲ’ ਦਾ ਸੁਧਾਰਵਾਦੀ ਰਾਸੇਨੋਰ ਦਾ ਕਿਰਦਾਰ ਬਾਸਲੀ ਨੂੰ ਹੀ ਮਾਡਲ ਮੰਨ ਕੇ ਘੜਿਆ ਗਿਆ ਹੈ। ਇਸ ਦੀਆਂ ਪਰਤੱਖ ਅਨੁਭਵ ਦੇ ਨਾਲ਼ ਹੀ ‘ਜਰਮਿਨਲ’ ਦੇ ਵੇਰਵਿਆਂ ਬਰੀਕੀਆਂ ਅਤੇ ਪ੍ਰਮਾਣਿਕਤਾ ਦਾ ਇੱਕ ਸਰੋਤ ਜ਼ੋਲਾ ਦਾ ਜੂਲ ਵਾਲੇ ਨਾਲ਼ ਨਜ਼ਦੀਕ ਸੰਪਰਕ ਸੀ। ਜੂਲ ਵਾਲੇ ਇਸ ਦੌਰ ਦਾ ਇੱਕ ਮਹੱਤਵਪੂਰਣ ਸਮਾਜਵਾਦੀ ਲੇਖਕ ਸੀ, ਭਾਵੇਂ ਫਰਾਂਸ ਵਿੱਚ ਖੱਬੇਪੱਖੀ ਧਾਰਾ ਦੇ ਸਾਹਿਤਕ ਇਤਿਹਾਸ ਦੇ ਲੇਖਕਾਂ ਅਤੇ ਸਮਾਲੋਚਕਾਂ ਦੁਆਰਾ ਵੀ ਉਸਦੀ ਅਕਸਰ ਹੀ ਅਣਦੇਖੀ ਕੀਤੀ ਜਾਂਦੀ ਰਹੀ ਹੈ। ਨਾਲ਼ ਹੀ, ਉਹ ਪੇਰਿਸ ਕਮਿਊਨ ਦਾ ਇੱਕ ਆਗੂ ਸੰਗਠਨਕਰਤਾ ਵੀ ਸੀ। 1880 ਵਿੱਚ ਆਮ ਮੁਆਫੀ ਦਿੱਤੇ ਜਾਣ ਤੱਕ ਵਾਲੇ ਨੇ ਲੰਡਨ ਵਿੱਚ ਜਲਾਵਤਨ ਜੀਵਨ ਬਿਤਾਇਆ। ਜ਼ੋਲਾ ਨੇ ਔਖੇ ਦਿਨਾਂ ਵਿੱਚ ਉਸਨੂੰ ਅਖਬਾਰਾਂ ਵਿੱਚ ਕੁਝ ਕੰਮ ਦਵਾਇਆ ਸੀ। ਵਾਲੇ ਦੀ ਤਾਕਤਵਰ ਆਤਮਕਥਾਤਮਕ ਨਾਵਲ-ਤਿੱਕੜੀ ਦੇ ਲੇਖਣ ਪਿੱਛੇ ਜ਼ੋਲਾ ਦੇ ਨਿਰੰਤਰ ਪ੍ਰੋਤਸਾਹਨਾਂ ਦਾ ਕਾਫੀ ਹੱਥ ਰਿਹਾ ਸੀ। ਵਾਲੇ ਨੇ 1869 ਅਤੇ 1870 ਦੀਆਂ ਖਾਣ ਮਜ਼ਦੂਰਾਂ ਦੀਆਂ ਹੜਤਾਲਾਂ ਉੱਤੇ ਕਈ ਲੇਖ ਲਿਖੇ ਸਨ, ਜਿਸਦੇ ਦਮਨ ਲਈ ਫੌਜ ਤੱਕ ਦਾ ਇਸਤੇਮਾਲ ਕਰਨਾ ਪਿਆ ਸੀ। 12 ਮਾਰਚ 1884 ਨੂੰ ਵੀ ਵਾਲੇ ਨੇ ਆਂਜ਼ਾਂ ਦੇ ਖਾਣ ਮਜ਼ਦੂਰਾਂ ਦੇ ਸਮਰਥਨ ਵਿੱਚ ਇੱਕ ਜਨਸਭਾ ਵਿੱਚ ਭਾਸ਼ਣ ਦਿੱਤਾ ਸੀ। ਉਸੇ ਵਰ੍ਹੇ ਗਰਮੀਆਂ ਵਿੱਚ, ‘ਜਰਮਿਨਲ’ ਦੇ ਲੇਖਣ ਦੌਰਾਨ ਜੋਲਾ ਮੋਂਤ-ਦੋਰ ਵਿੱਚ ਜੂਲ ਵਾਲੇ ਨਾਲ਼ ਰੋਜ ਹੀ ਘੰਟਿਆਂ ਬੱਧੀ ਇਸ ਵਿਸ਼ੇ ਉੱਤੇ ਗੱਲਬਾਤ ਕਰਦਾ ਰਹਿੰਦਾ ਸੀ। 

‘ਜਰਮਿਨਲ’ ਦੀ ਜਿਸ ਮਹੱਤਤਾ ਨੂੰ ਅਕਾਦਮਿਕ ਸਾਹਿਤਕ ਦੁਨੀਆਂ ਵਿੱਚ ਖੱਬੇ ਪੱਖੀ ਧਾਰਾ ਦੇ ਲੋਕ ਵੀ ਸਮਝ ਨਾ ਸਕੇ, ਉਸਨੂੰ ਮਜ਼ਦੂਰ ਲਹਿਰ ਵਿੱਚ ਸਰਗਰਮ ਕਾਰਕੁਨਾਂ ਨੇ ਆਪਣੇ ਕੁਦਰਤੀ ਜਮਾਤੀ ਦ੍ਰਿਸ਼ਟੀਕੋਣ ਤੋਂ ਪਹਿਚਾਣ ਲਿਆ। 1984-85 ਦੌਰਾਨ ਮਾਰਗਰੇਟ ਥੈਚਰ ਦੇ ਸ਼ਾਸਨਕਾਲ ਵਿੱਚ ਜਦੋਂ ਬ੍ਰਿਟੇਨ ਦੀਆਂ ਕੋਇਲਾ-ਖਾਣਾਂ ਦੀ ਪ੍ਰਸਿੱਧ ਲੰਬੀ ਹੜਤਾਲ ਜਾਰੀ ਸੀ ਤਾਂ ਇੱਕ ਜੁਝਾਰੂ ਖਾਣ ਮਜਦੂਰ ਨੇ ਆਪਣੇ ਸੰਘਰਸ਼ ਅਤੇ ‘ਜਰਮਿਨਲ’ ਦੀਆਂ ਘਟਨਾਵਾਂ ਵਿੱਚ ਕਈ ਮਹੱਤਵਪੂਰਨ ਇੱਕੋ ਜਿਹੇ ਦ੍ਰਿਸ਼ਾਂ ਨੂੰ ਰੇਖਾਂਕਿਤ ਕਰਦੇ ਹੋਏ ਲਿਖਿਆ-”ਇਸ ਕਿਤਾਬ ਦੀਆਂ ਘਟਨਾਵਾਂ ਅਤੇ ਵਰਤਮਾਨ ਖਾਣ ਮਜ਼ਦੂਰ ਹੜਤਾਲ ਦੌਰਾਨ ਵਾਪਰ ਰਹੀਆਂ ਘਟਨਾਵਾਂ ਵਿੱਚ ਕਈ ਸਮਾਨਤਾਵਾਂ ਹਨ। ਦੋਨੋਂ ਹੀ ਮਾਮਲਿਆਂ ਵਿੱਚ ਮੈਨੇਜ਼ਮੈਂਟ ਨੇ ਜਾਣਬੁਝ ਕੇ ਹੜਤਾਲ ਨੂੰ ਭੜਕਾਉਣ ਦਾ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਮਜ਼ਦੂਰਾਂ ਦੀ ਹਾਰ ਹੋਵੇਗੀ ਅਤੇ ਉਸਦੇ ਬਾਅਦ ਉਹ ਆਪਣੀ ਸੱਤਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਫਲ ਹੋਣਗੇ। ਦੋਨਾਂ ਹੀ ਮਾਮਲਿਆਂ ਵਿੱਚ, ਮਜ਼ਦੂਰਾਂ ਨੇ ਇੱਕ ਵਿਅਕਤੀ ਉੱਤੇ, ਏਤੀਏਨ ਅਤੇ ਸਕਾਰਗਿਲ ਉੱਤੇ, ਜ਼ਰੂਰਤ ਤੋਂ ਜਿਆਦਾ ਭਰੋਸਾ ਕੀਤਾ। ਭਾਵੇਂ ਜੱਥੇਬੰਦੀ ਦੀ ਕਮੀ, ਭੁੱਖ ਅਤੇ ਗੋਲੀ ਦੁਆਰਾ ਮਜ਼ਦੂਰ ਹਰਾ ਦਿੱਤੇ ਗਏ ਸਨ ਪਰ ਸੰਘਰਸ਼ ਦੁਆਰਾ ਉਹ ਬਦਲ ਦਿੱਤੇ ਗਏ ਸਨ। ਹੁਣ ਜਿੰਦਗੀ ਦੇ ਆਪਣੇ ਹਿੱਸੇ ਨੂੰ ਉਹ ਉਸੇ ਰੂਪ ਵਿੱਚ ਪ੍ਰਵਾਨ ਕਰਨ ਲਈ ਤਿਆਰ ਨਹੀਂ ਸਨ, ਵਿਦਰੋਹ ਦੇ ਬੀਜ਼ ਬੋਏ ਜਾ ਚੁੱਕੇ ਸਨ (ਨਾਰਮਨ ਸਟਰਾਈਕ, ‘ਸੋਸ਼ਲਿਸਟ ਵਰਕਰ’ 21 ਜੁਲਾਈ 1984) 

ਸੰਘਰਸ਼ ਦੁਆਰਾ ਮਜ਼ਦੂਰਾਂ ਦੀ ਚੇਤਨਾ ਵਿੱਚ ਆਈ ਤਬਦੀਲੀ ਹੀ ਨਾਵਲ ਦਾ ਉਹ ਸਕਾਰਾਤਮਕ ਪੱਖ ਹੈ ਜੋ ਹੜਤਾਲ ਦੀ ਹਾਰ ਦੇ ਨੁਕਤੇ ਉੱਤੇ ਕਹਾਣੀ ਦੀ ਸਮਾਪਤੀ ਦੇ ਬਾਵਜੂਦ ਇਸਨੂੰ ਹਾਰਵਾਦੀ ਨਹੀਂ ਹੋਣ ਦਿੰਦਾ ਅਤੇ ਪੂੰਜੀਵਾਦੀ ਸਮਾਜਿਕ-ਆਰਥਿਕ ਸਰੰਚਨਾ ਦੀ ਤਿੱਖੀ ਅਲੋਚਨਾ ਦੇ ਨਾਲ਼ ਜੁੜਕੇ ਇਹ ਪੱਖ ਪਾਠਕ ਦੀ ਚੇਤਨਾ ਨੂੰ ਇੱਕ ਨਿਆਂਸੰਗਤ ਬਦਲਵੇਂ ਸਮਾਜਿਕ ਢਾਂਚੇ ਦੀ ਪਰਿਕਲਪਨਾ ਦੀ ਦਿਸ਼ਾ ਵਿੱਚ ਮੌੜਦਾ ਹੈ। ਕੁਲ ਮਿਲ਼ਾ ਕੇ, ਇਹ ਨਾਵਲ ਮਜਦੂਰਾਂ ਦੇ ਕਸ਼ਟਾਂ ਅਤੇ ਆਪਮੁਹਾਰੇ ਵਿਦਰੋਹ ਤੋਂ ਅੱਗੇ ਵੱਧਕੇ, ਉਹਨਾਂ ਨੂੰ ਜਮਾਤੀ ਤੌਰ ‘ਤੇ ਚੇਤੰਨ ਬਣਾਉਣ ਅਤੇ ਉਹਨਾਂ ਦੇ ਪ੍ਰਤੀਰੋਧ ਨੂੰ ਜੱਥੇਬੰਦ ਕਰਨ ਦੇ ਰਾਹ ਦਾ ਵੀ ਵਰਣਨ ਕਰਦਾ ਹੈ, ਜਾਂ ਘੱਟੋ-ਘੱਟ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲ਼ੇ ਕੁਝ ਯਤਨਾਂ ਦਾ ਨਮੂਨਾ ਪੇਸ਼ ਕਰਦਾ ਹੈ। 

ਕੋਇਲਾ ਖਾਣਾਂ ਦੇ ਮਜ਼ਦੂਰਾਂ ਦੀ ਜਿੰਦਗੀ ਨੂੰ ਨਾਵਲ ਦਾ ਵਿਸ਼ਾ ਬਣਾਉਣ ਵਾਲ਼ਾ ਜ਼ੋਲਾ ਕੋਈ ਪਹਿਲਾ ਫਰਾਂਸੀਸੀ ਲੇਖਕ ਨਹੀਂ ਸੀ। ‘ਜਰਮਿਨਲ’ ਲੇਖਣ ਤੋਂ ਲਗਭਗ ਇੱਕ ਦਹਾਕੇ ਪਹਿਲਾਂ ਕੋਇਲਾ ਖਾਣਾਂ ਦੀ ਜਿੰਦਗੀ ਦੇ ਵੱਖ-ਵੱਖ ਪੱਖਾਂ ਉੱਤੇ ਘੱਟੋ-ਘੱਟ ਛੇ ਨਾਵਲ ਲਿਖੇ ਗਏ ਸਨ। ਭਾਂਵੇ ਇਹ ਵੀ ਸੱਚ ਹੈ ਕਿ ਉਨੀਂਵੀਂ ਸਦੀ ਵਿੱਚ ਉਦਯੋਗਿਕ ਇਨਕਲਾਬ ਦੇ ਦੇਸ਼ ਬ੍ਰਿਟੇਨ ਦੇ ਮੁਕਾਬਲੇ ਫਰਾਂਸ ਵਿੱਚ ਮਜ਼ਦੂਰ ਜਮਾਤ ਦੀ ਜਿੰਦਗੀ ਉੱਪਰ ਕੇਂਦਰਤ ਨਾਵਲਾਂ ਦੀ ਪਰੰਪਰਾ ਕਮਜੋਰ ਸੀ। 1880 ਵਿੱਚ ਕਮਿਊਨਾਰਡਾਂ ਨੂੰ ਆਮ ਮੁਆਫੀ ਦਿੱਤੇ ਜਾਣ ਤੋਂ ਬਾਅਦ ਦੇ ਚਾਰ ਵਰ੍ਹਿਆਂ ਦੌਰਾਨ, ਜਦੋਂ ਫਰਾਂਸੀਸੀ  ਮਜ਼ਦੂਰ ਲਹਿਰ ਨਵੇਂ ਸਿਰੇ ਤੋਂ ਉੱਠ ਖੜ੍ਹੇ ਹੋਣ ਦੀ ਪ੍ਰਕਿਰਿਆ ਵਿੱਚ ਸੀ, ਫਰਾਂਸ ਵਿੱਚ ‘ਜਰਮਿਨਲ’ ਤੋਂ ਇਲਾਵਾ ਤਿੰਨ ਹੋਰ ਅਜਿਹੇ ਨਾਵਲ ਪ੍ਰਕਾਸ਼ਿਤ ਹੋਏ ਜੋ ਖਾਣ ਮਜ਼ਦੂਰਾਂ ਦੇ ਜੀਵਨ ਉੱਤੇ ਕੇਂਦਰਤ ਸਨ। ਇਹ ਸਨ-ਮੋਰਿਸ ਤਾਲਮੀਰ ਦਾ ਨਾਵਲ ‘ਗ੍ਰਿਸੂ’ (1880), ਯੀਵਸ ਗੁਦੋ ਦਾ ਨਾਵਲ ‘ਲਾ ਫੈਮਿਲ ਪਿਸ਼ੋ’ (1882) ਅਤੇ ਜੀ. ਮੇਸਨੋਵ ਦਾ ਨਾਵਲ ‘ਪਲੇਬਿਅਨ’ (1884)। ਜ਼ੋਲਾ ਦਾ ਉਦੇਸ਼ ਜਿੱਥੇ ਮੱਧਵਰਗੀ ਪਾਠਕ ਤਬਕੇ ਦੀ ਚੇਤਨਾ ਨੂੰ ਜਾਗਰਤ ਕਰਦੇ ਹੋਏ ਉਹਨਾਂ ਨੂੰ ਮਜ਼ਦੂਰਾਂ ਦੇ ਅਮਾਨਵੀ ਜੀਵਨ ਅਤੇ ਬਰਬਰ ਸ਼ੋਸ਼ਣ ਦੀ ਸਮੱਸਿਆ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਅਤੇ ਪੂੰਜੀਵਾਦੀ ਸਮਾਜ ਦੀ ਮਨੁੱਖਦੋਖੀ ਪ੍ਰਕਿਰਤੀ ਦੀ ਅਲੋਚਨਾ ਪੇਸ਼ ਕਰਦੇ ਹੋਏ ਇਸਦੇ ਮਾਨਵੀ ਅਤੇ ਨਿਆਂਸੰਗਤ ਬਦਲ ਦੀ ਦਿਸ਼ਾ ਵਿੱਚ ਸੋਚਣ ਲਈ ਪ੍ਰੇਰਿਤ ਕਰਨਾ ਸੀ-ਉੱਥੇ ਤਾਲਮੀਰ, ਗੁਦੋ ਅਤੇ ਮੇਸਨੋਵ ਦੇ ਨਾਵਲ ਕਿਸੇ ਨਾ ਕਿਸੇ ਰੂਪ ਵਿੱਚ ਮਜ਼ਦੂਰਾਂ ਬਾਰੇ ਮੱਧਵਰਗੀ ਤੁਅਸਬਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਦਾ ਹੀ ਕੰਮ ਕਰਦੇ ਸਨ। 

ਤਾਲਮੀਰ ਪੇਰਿਸ ਕਮਿਊਨ ਨੂੰ ਕੁਚਲਣ ਵਾਲ਼ੀ ਥਿਏਰ ਦੀ ਫੌਜ ਵਿੱਚ ਸ਼ਾਮਿਲ ਸੀ। ਬਾਅਦ ਵਿੱਚ ਉਸਨੇ ਪੱਤਰਕਾਰ ਦੇ ਰੂਪ ਵਿੱਚ ਕੁਝ ਸਮਾਜਵਾਦੀ ਅਤੇ ਗਣਤੰਤਰਵਾਦੀ ਅਖਬਾਰਾਂ ਵਿੱਚ ਲਿਖਿਆ। ਉਸਦਾ ਨਾਵਲ ਮੁੱਖ ਤੌਰ ‘ਤੇ ਜਾਕਮਿਨ ਨਾਮਕ ਖਾਣ ਮਜ਼ਦੂਰ ਦੀ ਅਤਿ ਨਾਟਕੀ ਜੀਵਨ-ਕਹਾਣੀ ਉੱਤੇ ਕੇਂਦਰਤ ਹੈ। ਖਾਣ ਮਜ਼ਦੂਰਾਂ ਦੀ ਜਿੰਦਗੀ ਅਤੇ ਹੜਤਾਲ ਦਾ ਇਸਤੇਮਾਲ ਇੱਕ ਤਰ੍ਹਾਂ ਪਿੱਠਭੂਮੀ ਦੇ ਰੂਪ ਵਿੱਚ ਕੀਤਾ ਗਿਆ ਹੈ। ਤਾਲਮੀਰ ਅਲੱਗ-ਅਲੱਗ ਤਰਾਂ ਤੋਂ ਸ਼ੋਸ਼ਣ ਦੇ ਅਮਾਨਵੀਕਾਰੀ ਪ੍ਰਭਾਵ ਨੂੰ ਪ੍ਰਵਾਨ ਕਰਦਾ ਹੈ, ਪਰ ਉਹ ਮਜ਼ਦੂਰਾਂ ਨੂੰ ਆਤਮ-ਮੁਕਤੀ ਤੋਂ ਅਸਮਰੱਥ ਇੱਕ ਅਮਾਨਵੀਕ੍ਰਿਤ ਸਮਾਜਿਕ ਤਬਕੇ ਦੇ ਰੂਪ ਵਿੱਚ ਹੀ ਦੇਖਦਾ ਹੈ। 

ਗੁਦੋ ਮੂਲ ਤੌਰ ‘ਤੇ ਆਰਥਿਕ ਮਾਮਲਿਆਂ ਦਾ ਇੱਕ ਮਾਹਰ ਲੇਖਕ ਅਤੇ ਇੱਕ ਉਦਾਰਵਾਦੀ ਰਾਜਨੀਤੀਵਾਨ ਸੀ ਜੋ ਸਮਾਜਵਾਦੀ ‘ਅਤਿਆਚਾਰ’ ਵਿਰੁੱਧ ਪਹਿਲਾਂ ਹੀ ਕੁਝ ਕਿਤਾਬਾਂ ਲਿਖ ਚੁੱਕਿਆ ਸੀ ਅਤੇ ਹਰ ਤਰ੍ਹਾਂ ਦੀ ਹੜਤਾਲ ਦਾ ਘੋਰ ਵਿਰੋਧੀ ਸੀ। ਉਸਦਾ ਨਾਵਲ ਇੱਕ ਖਾਣ ਦੁਰਘਟਨਾ ਅਤੇ ਫੇਰ ‘ਮਿਉਚੁਅਲ ਏਡ ਫੰਡ’ ਦੇ ਸਵਾਲ ਉੱਪਰ ਹੋਈ ਇੱਕ ਅਸਫਲ ਹੜਤਾਲ ਦੀ ਪਿੱਠਭੂਮੀ ਵਿੱਚ ਖਾਣ ਮਜ਼ਦੂਰ ਦੀ ਕਹਾਣੀ ਬਿਆਨ ਕਰਦੇ ਹੋਏ ਸਮਾਜਿਕ ਵਿਵਸਥਾ ਦੀਆਂ ਕੁਝ ਆਮ ਅਲੋਚਨਾਵਾਂ ਪੇਸ਼ ਕਰਦਾ ਹੈ, ਪਰ ਕੋਈ ਸਕਾਰਾਤਮਕ ਬਦਲ ਪੇਸ਼ ਨਹੀਂ ਕਰਦਾ। ਗੁਦੋ ਅਗਿਆਨ ਨੂੰ ਸਾਰੀ ਸਮੱਸਿਆ ਦੀ ਜੜ੍ਹ ਮੰਨਦਾ ਹੈ ਅਤੇ ਇਸਦਾ ਹੱਲ ਗਿਆਨ-ਪ੍ਰਸਾਰ ਦੇ ਢੰਗ-ਤਰੀਕਿਆਂ ਵਿੱਚ ਲੱਭਦਾ ਹੈ। 

ਮੇਸਨੋਵ ਦਾ ਨਾਵਲ ਕਈ ਨਕਲੀ ਨਾਵਾਂ ਵਾਲ਼ੇ ਇੱਕ ਮਜ਼ਦੂਰ ਅੰਦੋਲਨਕਰਤਾ ਜੂਲੀਏ ਦੀ ਜੀਵਨ ਕਹਾਣੀ ਹੈ, ਜਿਸਦੀ ਤਬਾਹੀਵਾਦੀ ਸੋਚ ਉਸਦੇ ਬਚਪਨ ਅਤੇ ਪਰਿਵਾਰਕ ਪਿੱਠਭੂਮੀ ਦੀ ਦੇਣ ਹੈ। 1870 ਦੇ ਦਹਾਕੇ ਵਿੱਚ ਜਨੇਵਾ-ਯਾਤਰਾ ਦੌਰਾਨ ਜਲਾਵਤਨ ਕਮਿਊਨਾਰਡਾਂ ਨਾਲ਼ ਮਿਲਣ ਤੋਂ ਬਾਅਦ ਉਹ ਕਿਸੇ ਰਹੱਸਮਈ ਗੁਪਤ ਜੱਥੇਬੰਦੀ ਦਾ ਮੈਂਬਰ ਬਣ ਜਾਂਦਾ ਹੈ ਅਤੇ ਕਿਸੇ ਗੁਪਤ ਬੌਸ ਨੁਮਾ ਵਿਅਕਤੀ ਦੇ ਨਿਰਦੇਸ਼ ਉੱਤੇ ਮਾਸੂਮ ਖਾਣ ਮਜ਼ਦੂਰਾਂ ਨੂੰ ਰਾਹ ਤੋਂ ਭਟਕਾਉਣ ਅਤੇ ਹੜਤਾਲ ਉਕਸਾਉਣ ਦਾ ਕੰਮ ਕਰਦਾ ਹੈ। ਮੇਸਨੋਵ ਸਾਰੇ ਇਨਕਲਾਬੀਆਂ ਅਤੇ ਮਜ਼ਦੂਰ ਆਗੂਆਂ ਨੂੰ ਖਰਾਬ ਦਿਮਾਗ ਵਾਲ਼ੇ ਸਾਜਿਸ਼ੀਆਂ ਦੇ ਰੂਪ ਵਿੱਚ ਅਤੇ ਸਾਰੀਆਂ ਹੜਤਾਲਾਂ ਨੂੰ ਤਬਾਹੀ ਮਚਾਉ ਕਾਰਵਾਈ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਉਹ ਇਸ ਸੱਚਾਈ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਕਿ ਜਮਾਤੀ ਹਿੱਤਾਂ ਦੀ ਟੱਕਰ ਵਿੱਚ ਕੋਈ ਸਮਝੌਤਾ ਸੰਭਵ ਨਹੀਂ ਹੁੰਦਾ। ਖਾਣ ਮਜ਼ਦੂਰਾਂ ਨੂੰ ਉਹ ਅਜਿਹੇ ਨੇਕ ਦਿਲ ਮਾਸੂਮ ਲੋਕਾਂ ਦੇ ਰੂਪ ਵਿੱਚ ਪੇਸ਼ ਕਰਦਾ ਹੈ ਜੋ ਦੁਸ਼ਟ-ਆਤਮਾ ਵਾਲ਼ੇ ਇਨਕਲਾਬੀਆਂ ਦੁਆਰਾ ਭਰਮਾ ਲਏ ਜਾਂਦੇ ਹਨ। 

ਬੁਨਿਆਦੀ ਤੌਰ ‘ਤੇ ਸਮਾਜਵਾਦ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਇਹਨਾਂ ਤਿੰਨਾਂ ਨਾਵਲਾਂ ਵਿੱਚ ਮਜ਼ਦੂਰ ਜਮਾਤ ਦੀ ਜਿੰਦਗੀ ਅਤੇ ਸੰਘਰਸ਼ ਬਾਰੇ ਮੱਧਵਰਗੀ ਮਾਨਤਾਵਾਂ ਦੇ ਅਧਾਰ ਉੱਤੇ ਕੁਝ ‘ਸਟੀਰੀਓਟਾਈਪ’ ਕਿਰਦਾਰ ਘੜੇ ਗਏ ਹਨ ਅਤੇ ਇਹਨਾਂ ਸਾਰਿਆਂ ਵਿੱਚ ਜੋ ਚੀਜ਼ ਸਿਰੇ ਤੋਂ ਗਾਇਬ ਹੈ ਉਹ ਹੈ ਮਜ਼ਦੂਰਾਂ ਦੀ ਜਮਾਤੀ ਚੇਤਨਾ। ਤਿਨੋਂ ਨਾਵਲ ਖਾਣ ਮਜ਼ਦੂਰਾਂ ਨੂੰ ਜਾਲ਼ਮ-ਬਰਬਰ ਜੰਗਲੀ ਲੋਕਾਂ ਜਾਂ ਫਿਰ ਇੱਕ ਦਮ ਭੇਡਚਾਲ ਮਾਨਸਿਕਤਾ ਦੀ ਸ਼ਿਕਾਰ ਜਮਾਤ ਦੇ ਰੂਪ ਵਿੱਚ ਦਿਖਾਉਂਦੇ ਹਨ ਜੋ ਮਾਲਕਾਂ ਨਾਲ਼ ਆਪਣੇ ਹਿੱਤਾਂ ਦੀ ਸਾਂਝ ਨੂੰ ਸਮਝ ਨਹੀਂ ਪਾਉਂਦੇ ਅਤੇ ਅਕਸਰ ਅੰਦੋਲਨਕਾਰੀਆਂ ਦੇ ਉਕਸਾਵੇ ਵਿੱਚ ਆ ਜਾਂਦੇ ਹਨ। 

 ਇਹਨਾਂ ਨਾਵਲਾਂ ਦੇ ਨਾਲ਼ ਜ਼ੋਲਾ ਦਾ ਨਾਵਲ ‘ਜਰਮਿਨਲ’ ਪ੍ਰਕਾਸ਼ਿਤ ਹੋਇਆ ਜਿਸਨੇ ਮਜ਼ਦੂਰ ਜਮਾਤ ਦੀ ਇਤਿਹਾਸਕ ਇਨਕਲਾਬੀ ਭੂਮਿਕਾ ਦੀ ਪਹਿਚਾਣ ਨਾ ਕਰਨ ਦੇ ਬਾਵਜੂਦ, ਉਸਦੇ ਅਮਾਨਵੀਕਰਨ ਲਈ ਪੂੰਜੀਵਾਦੀ ਆਰਥਿਕ-ਸਮਾਜਿਕ ਢਾਂਚੇ ਨੂੰ ਜਿੰਮੇਵਾਰ ਠਹਿਰਾਇਆ ਅਤੇ ਮਜ਼ਦੂਰ ਜਮਾਤ ਦੇ ਨਰਕੀ ਜੀਵਨ ਨੂੰ ਉਸਦੀ ਹੋਣੀ ਮੰਨਣ ਦੀ ਬਜਾਇ ਉਸ ਲਈ ਪੂੰਜੀਵਾਦ ਸਮਾਜ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਜ਼ੋਲਾ ਨੇ ਹੜਤਾਲ ਨੂੰ ਸ਼ੋਸ਼ਣ-ਅਤਿਆਚਾਰ ਦੇ ਤਾਰਕਿਕ ਨਤੀਜੇ ਦੇ ਰੂਪ ਵਿੱਚ ਚਿਤਰਿਤ ਕੀਤਾ ਅਤੇ ਉਸ ਮਜ਼ਦੂਰ ਸੰਘਰਸ਼ ਦੀਆਂ ਅਲੱਗ-ਅਲੱਗ ਰਾਜਨੀਤਕ ਦਿਸ਼ਾਵਾਂ ਦੀ ਜ਼ਿੰਮੇਵਾਰੀ ਆਪਣੇ ਪਾਠਕਾਂ ਉੱਤੇ ਪਾ ਦਿੱਤੀ। ਜਿਵੇਂ ਕਿ ਉਸਨੇ ਖੁਦ ਲਿਖਿਆ, ‘ਜਰਮਿਨਲ’ ਸਭਿਆ ਸਮਾਜ ਤੋਂ ਨਿਆਂਸ਼ੀਲ ਹੋਣ ਦੀ ਪੁਰਜੋਰ ਅਪੀਲ ਕਰਦਾ ਹੈ ਅਤੇ ਇਸ ਗੱਲ ਦੀ ਚੇਤਾਵਨੀ ਵੀ ਦਿੰਦਾ ਹੈ ਕਿ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਸਮਾਜਿਕ ਇਨਕਲਾਬਾਂ ਵਿੱਚ ਸਭ ਕੁਝ ਤਬਾਹ ਹੋ ਜਾਣਾ ਟਾਲ਼ਿਆ ਨਹੀਂ ਜਾ ਸਕੇਗਾ। 

‘ਜਰਮਿਨਲ’ ਦੇ ਪ੍ਰਕਾਸ਼ਨ ਦੇ ਅਗਲੇ ਹੀ ਵਰ੍ਹੇ, 1886 ਵਿੱਚ ‘ਰੂਜੋਂ-ਮਕਾਰ’ ਲੜੀ ਦਾ ਅਗਲਾ ਨਾਵਲ ‘ਦਿ ਮਾਸਟਰਪੀਸ’ ਪ੍ਰਕਾਸ਼ਿਤ ਹੋਇਆ। ਸੱਭਿਆ ਸਮਾਜ ਦੇ ਤਲਘਰ ਵਿੱਚ ਜਿਉਣ ਵਾਲ਼ੇ ਉਜਰਤੀ ਗੁਲਾਮਾਂ ਦੀ ਦੁਨੀਆਂ ਦੇ ਇੱਕਦਮ ਉਲ਼ਟ, ਇਸ ਨਾਵਲ ਦਾ ਵਿਸ਼ਾਵਸਤੂ ਪੇਰਿਸ ਦਾ ਕਲਾਜਗਤ ਅਤੇ ਕਲਾਕਾਰਾਂ ਦੀ ਜਿੰਦਗੀ ਹੈ। ਜ਼ੋਲਾ ਦੀ ਮੁਕਾਬਲਤਨ ਬਹੁਤ ਘੱਟ ਚਰਚਾ ਵਿੱਚ ਆਈ ਇਹ ਰਚਨਾ ਇਸ ਮਾਅਨੇ ਵਿੱਚ ਇੱਕ ਪ੍ਰਯੋਗਸ਼ੀਲ ਰਚਨਾ ਹੈ ਕਿ ਇਸ ਵਿੱਚ 1860 ਤੋਂ ਲੈ ਕੇ 1880 ਦੇ ਦਹਾਕੇ ਦੇ ਮੱਧ ਤੱਕ ਇੱਕ ਫਰਾਂਸੀਸੀ ਕਲਾਕਾਰ ਦੀ ਜਿੰਦਗੀ ਦਾ ਚਿੱਤਰਣ ਕਰਦੇ ਹੋਏ ਜ਼ੋਲਾ ਕਲਾ ਅਤੇ ਜੀਵਨ ਦੇ ਅੰਤਰਸੰਬੰਧਾਂ ਬਾਰੇ ਆਪਣੇ ਵਿਚਾਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਦਾ ਹੈ। ਨਾਵਲ ਵਿੱਚ ਵਰਣਨ ਵਿੱਚ ਆਏ ਇੰਮਪ੍ਰੇਸ਼ਨਿਸਟ ਚਿੱਤਰਕਾਰ ਕਲੋਦ ਲੇਂਤੀਏ ਅਤੇ ਪ੍ਰਕਿਰਤੀਵਾਦੀ ਨਾਵਲਕਾਰ ਪਿਏਰ ਸੇਂਦੋਜ਼ ਦੀ ਦੋਸਤੀ ਵਿੱਚ ਜ਼ੋਲਾ ਅਤੇ ਪਾਲ ਸੇਜ਼ਾਂ ਅਤੇ ਹੋਰਨਾਂ ਇਮਪ੍ਰੈਸ਼ਨਿਸਟ ਚਿੱਤਰਕਾਰਾਂ ਵਿਚਕਾਰ ਦੋਸਤੀ ਦੀ ਝਲਕ ਸਹਿਜ ਹੀ ਵੇਖੀ ਜਾ ਸਕਦੀ ਹੈ। ਏਦੁਆਰ ਮਾਨੇ ਤੇ ਹੋਰ ਇਮਪ੍ਰੇਸ਼ਨਿਸਟ ਚਿੱਤਰਕਾਰਾਂ ਦੇ ਸ਼ੁਰੂਆਤੀ ਚਿੱਤਰਾਂ ਵਿੱਚ ਅਸਲ ਜੀਵਨ ਦੀ ਆਪਮੁਹਾਰਤਾ ਅਤੇ ‘ਬੋਲਡਨੈਸ’ ਦੇ ਚਿੱਤਰਣ ਦਾ ਜ਼ੋਲਾ ਜਬਰਦਸਤ ਪ੍ਰਸ਼ੰਸਕ ਸੀ, ਜਦ ਕਿ ਉਹਨਾਂ ਦੀਆਂ ਬਾਅਦ ਵਾਲੀਆਂ ਰਚਨਾਵਾਂ ਵਿੱਚ ਇਹਨਾਂ ਗੁਣਾਂ ਦੇ ਨਾ ਹੋਣ ਦਾ ਉਹ ਕਰੜਾ ਅਲੋਚਕ ਸੀ। 1860 ਦੇ ਦਹਾਕੇ ਵਿੱਚ ਕਲਾ-ਅਲੋਚਨਾ ਵਿਸ਼ੇ ਸੰਬੰਧੀ ਆਪਣੇ ਲੇਖਾਂ ਵਿੱਚ ਜ਼ੋਲਾ ਆਪਣੇ ਇਹਨਾਂ ਵਿਚਾਰਾਂ ਨੂੰ ਪੇਸ਼ ਕਰ ਚੁੱਕਿਆ ਸੀ। ‘ਦਿ ਮਾਸਟਰਪੀਸ’ ਵਿੱਚ ਉਸਨੇ ਇੱਕ ਵਾਰ ਫੇਰ ਇਸ ਵਿਸ਼ੇ ਨੂੰ ਉਠਾਇਆ ਅਤੇ ਯਥਾਰਥਵਾਦੀ ਕਲਾ ਦੇ ਪੱਖ ਵਿੱਚ ਆਪਣੇ ਵਿਚਾਰ ਪੁਰਜੋਰ ਢੰਗ ਨਾਲ਼ ਪੇਸ਼ ਕੀਤੇ। 

ਆਪਣੇ ਅਗਲੇ ਨਾਵਲ ‘ਦਿ ਅਰਥ’ (1887) ਵਿੱਚ ਜ਼ੋਲਾ ਨੇ ਉਦਯੋਗਿਕ ਮਜ਼ਦੂਰਾਂ, ਬੁਰਜੂਆਵਾਂ ਅਤੇ ਸ਼ਹਿਰੀ ਮੱਧਵਰਗ ਦੀ ਦੁਨੀਆਂ ਤੋਂ ਅਲੱਗ ਪਿੰਡਾਂ ਅਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਵਿਸ਼ਾ-ਵਸਤੂ ਬਣਾਇਆ। ‘ਜਰਮਿਨਲ’ ਦੀ ਤਰ੍ਹਾਂ ਹੀ ‘ਦਿ ਅਰਥ’ ਵੀ ਜ਼ੋਲਾ ਦੇ ਸਭ ਤੋਂ ਵੱਧ ਸਫਲ ਨਾਵਲਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸ ਸਮੇਂ ਜਿਆਦਾਤਰ ਫਰਾਂਸੀਸੀ ਅਤੇ ਅੰਗਰੇਜੀ ਨਾਵਲਾਂ ਵਿੱਚ ਕਿਸਾਨਾਂ ਦੀ ਜਿੰਦਗੀ ਨੂੰ ਗਵਾਰਪੁਣੇ-ਉਜੱਡਪੁਣੇ ਅਤੇ ਫੂਹੜਪਣ ਦੇ ਪ੍ਰਤੀਨਿਧੀ ਉਦਾਹਰਨ ਦੇ ਰੂਪ ਵਿੱਚ ਚਿੱਤਰਣ ਕਰਨ ਦੀ ਪ੍ਰੰਪਰਾ ਆਮ ਸੀ। ਦੂਜੇ ਪਾਸੇ, ਜਿਆਦਾਤਰ ਰੂਸੀ ਨਾਵਲਾਂ ਵਿੱਚ ਪੇਂਡੂ-ਤਬਕਿਆਂ ਦੇ ਜੀਵਨ ਨੂੰ ਆਦਰਸ਼ ਰੂਪ ਵਿੱਚ, ਅਤੇ ਸਾਰੀਆਂ ਪੂੰਜੀਵਾਦੀ ਬੁਰਾਈਆਂ ਦੇ ਖਾਤਮੇ ਦੇ ਰੂਪ ਵਿੱਚ ਪੇਸ਼ ਕਰਨ ਦਾ ਆਮ ਚਲਣ ਸੀ। ਕੇਵਲ ਬਾਲਜਾਕ ਅਤੇ ਤਾਲਸਤਾਏ ਨੂੰ ਹੀ ਇਹਨਾਂ ਦੋ ਪ੍ਰਵਿਰਤੀਆਂ ਦਾ ਮਹੱਤਵਪੂਰਣ ਅਪਵਾਦ ਮੰਨਿਆਂ ਜਾ ਸਕਦਾ ਹੈ। ਇਸਤੋਂ ਬਾਅਦ ਜੇਕਰ ਕਿਸੇ ਲੇਖਕ ਨੇ ਪਿੰਡਾਂ ਵਿੱਚ ਪੂੰਜੀ ਦੇ ਪ੍ਰਵੇਸ਼ ਤੋਂ ਬਾਅਦ ਹੋਣ ਵਾਲ਼ੀ ਤਬਦੀਲੀ ਦੇ ਅਲੱਗ-ਅਲੱਗ ਆਯਾਮਾਂ ਦੇ ਠੋਸ ਪ੍ਰੇਖਣ ਅਤੇ ਯਥਾਰਥ ਚਿੱਤਰਣ ਦੀ ਕੋਸ਼ਿਸ਼ ਕੀਤੀ, ਤਾਂ ਨਿਰਸੰਦੇਹ ਉਹ ਜ਼ੋਲਾ ਹੀ ਸੀ। ਇਸ ਮਾਅਨੇ ਵਿੱਚ ਜ਼ੋਲਾ ਦੇ ‘ਦਿ ਅਰਥ’ ਨੂੰ ਬੇਹਿਚਕ ਬਾਲਜਾਕ ਦੇ ‘ਕਿਸਾਨ’ ਦੀ ਪ੍ਰੰਪਰਾ ਦੀ ਅਗਲੀ ਕੜੀ ਮੰਨਿਆ ਜਾ ਸਕਦਾ ਹੈ। ‘ਕਿਸਾਨ’ ਵਿੱਚ ਭੂਮੀ-ਸੰਬੰਧਾਂ ਦੇ ਪੂੰਜੀਵਾਦੀ ਰੂਪਾਂਤਰਣ ਦਾ ਚਿਤਰਣ ਕਰਦੇ ਹੋਏ ਬਾਲਜਾਕ ਨੇ ਸੂਦਖੋਰੀ ਦੁਆਰਾ ਕਿਸਾਨਾਂ ਨੂੰ ਦੂਹਰੇ ਪੱਧਰ ਉੱਤੇ ਨਿਚੋੜਨ ਦੀ ਪ੍ਰਕਿਰਿਆ ਅਤੇ ਜਗੀਰੂ ਲੁੱਟ ਦੇ ਜਾਲ਼ ਤੋਂ ਮੁਕਤ ਹੋਕੇ ਪੂੰਜੀਵਾਦੀ ਲੁੱਟ ਦੇ ਜਾਲ਼ ਵਿੱਚ ਫਸ ਚੁੱਕੇ ਕਿਸਾਨ ਦੀ ਤਰਾਸਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਹੈ। ਜ਼ੋਲਾ ਨੇ  ‘ਦਿ ਅਰਥ’ ਵਿੱਚ ਇਸ ਯਥਾਰਥ ਦਾ ਪ੍ਰਮਾਣਿਕ ਵਰਣਨ ਪੇਸ਼ ਕੀਤਾ ਹੈ ਕਿ ਭੂਮੀ-ਸੰਬੰਧਾਂ ਵਿੱਚ ਪੂੰਜੀਵਾਦੀਕਰਨ ਦੇ ਨਾਲ਼ ਹੀ ਮੁਨਾਫੇ ਦੀ ਅਮਿੱਟ ਹਵਸ ਨੇ ਕਿਸਾਨੀ ਸਮਾਜ ਨੂੰ ਵੀ ਉਸੇ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਤਰ੍ਹਾਂ ਕਿ ਸ਼ਹਿਰੀ ਜਿੰਦਗੀ ਨੂੰ। ਇਸਦੇ ਨਾਲ਼ ਹੀ ਜ਼ੋਲਾ ਨੇ ਜ਼ਮੀਨ ਲਈ ਕਿਸਾਨਾਂ ਦੀ ਭੁੱਖ ਅਤੇ ਉਸਦੇ ਤਰਕਸ਼ੀਲ ਨਤੀਜਿਆਂ ਦਾ ਵੀ ਨਾਵਲ ਵਿੱਚ ਕਾਫੀ ਪ੍ਰਭਾਵਸ਼ਾਲੀ ਚਿੱਤਰਣ ਕੀਤਾ ਹੈ। 

‘ਜਰਮਿਨਲ’ ਦੇ ਲੇਖਣ ਨੇ ਜ਼ੋਲਾ ਦੇ ਰਾਜਨੀਤਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਆਪਣੇ ਸਮੇਂ ਦੇ ਸਮਾਜਿਕ ਸਵਾਲਾਂ ਦੇ ਹੱਲ ਦੀ ਤਲਾਸ਼ ਵਿੱਚ ਉਸਨੇ ਫਰਾਂਸ ਵਿੱਚ ਪ੍ਰਚਲਿਤ ਸਮਾਜਵਾਦ ਦੀਆਂ ਅਲੱਗ-ਅਲੱਗ ਧਾਰਾਵਾਂ ਦਾ ਅਧਿਐਨ ਸ਼ੁਰੂ ਕੀਤਾ। ਪਰ ਇਹਨਾਂ ਸਾਰਿਆਂ ਦੁਆਰਾ ਪੇਸ਼ ਹੱਲ ਅਤੇ ਇਹਨਾਂ ਦੀ ਵਿਵਹਾਰਕ ਰਾਜਨੀਤੀ ਜ਼ੋਲਾ ਨੂੰ ਸਤੁੰਸ਼ਟ ਨਾ ਕਰ ਸਕੀ। ‘ਦਿ ਅਰਥ’ ਨਾਵਲ ਨੂੰ ਲਿਖਣ ਦੀ ਤਿਆਰੀ ਕਰਦੇ ਹੋਏ ਜ਼ੋਲਾ ਨੇ ਫਰਾਂਸ ਦੀ ਮਾਰਕਸਵਾਦੀ ਧਾਰਾ ਦੇ ਪ੍ਰਮੁੱਖ ਆਗੂ ਜੂਲ ਗੇਦ ਨਾਲ਼ ਵੀ ਲੰਬੀ ਗੱਲਬਾਤ ਕੀਤੀ। ਜ਼ੋਲਾ ਦੇ ਨੋਟਸ ਅਨੁਸਾਰ, ਜੂਲ ਗੇਦ ਫਰਾਂਸ ਦੇ ਪਿੰਡਾਂ ਵਿੱਚ ਤਕਨੀਕੀ ਤਰੱਕੀ ਦੇ ਅਧਾਰ ਉੱਤੇ ਸਮਾਜਵਾਦ ਦੇ ਨਿਰਮਾਣ ਦੀ ਵਕਾਲਤ ਕਰ ਰਹੇ ਸਨ। ਉਸ ਸਮੇਂ ਅਮਰੀਕਾ ਦੇ ਉੱਨਤ ਮਸ਼ੀਨਰੀ ਵਾਲ਼ੇ ਫਾਰਮ ਏਨਾ ਜਿਆਦਾ ਉਤਪਾਦਨ ਕਰ ਰਹੇ ਸਨ ਕਿ ਆਪਣੇ ਖੇਤੀ-ਉਤਪਾਦਾਂ ਦਾ ਨਿਰਯਾਤ ਕਰਕੇ ਉਹਨਾਂ ਨੇ ਯੂਰਪੀ ਮੰਡੀਆਂ ਨੂੰ ਭਰ ਦਿੱਤਾ ਸੀ। ਗੇਦ ਦੇ ਵਿਚਾਰ ਅਨੁਸਾਰ ਮੁਕਾਬਲੇ ਦੁਆਰਾ ਫਰਾਂਸੀਸੀ ਕਿਸਾਨਾਂ ਨੂੰ ਮਜ਼ਬੂਰ ਕਰ ਦਿੱਤਾ ਜਾਣਾ ਸੀ ਕਿ ਆਪਣਾ ਉਤਪਾਦਨ ਵਧਾ ਕੇ ਮੰਡੀ ਵਿੱਚ ਟਿਕੇ ਰਹਿਣ ਲਈ ਉਹ ਜ਼ਮੀਨ ਦੇ ਕੌਮੀਕਰਨ ਨੂੰ ਪ੍ਰਵਾਨ ਕਰ ਲੈਣ। ਦਰਅਸਲ, ਇੱਕ ਮਾਰਕਸਵਾਦੀ ਹੋਣ ਦੇ ਬਾਵਜੂਦ ਵੀ, ਗੇਦ ਦਾ ਦ੍ਰਿਸ਼ਟੀਕੋਣ ‘ਵਿਗਿਆਨਕ ਕ੍ਰਮ ਵਿਕਾਸਵਾਦੀ’ ਸੀ। ਉਹਨਾਂ ਦਾ ਮਾਰਕਸਵਾਦ ਜਮਾਤੀ ਸੰਘਰਸ਼ ਅਤੇ ਜਮਾਤੀ ਚੇਤਨਾ ਤੋਂ ਸੱਖਣਾ ਸੀ। ਜ਼ੋਲਾ ਅਨੁਸਾਰ ਉਹ ਕੇਵਲ ਟੈਕਸਾਂ ਅਤੇ ਜ਼ਰੂਰੀ ਸੈਨਿਕ ਸੇਵਾ ਦੇ ਖ਼ਾਤਮੇ ਦਾ ਐਲਾਨ ਕਰਨ ਵਾਲ਼ੇ ਪੋਸਟਰਾਂ ਜ਼ਰੀਏ ਹੀ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਲਿਆ ਖੜ੍ਹਾ ਕਰਨਾ ਚਾਹੁੰਦੇ ਸਨ। ਜ਼ੋਲਾ ਲਈ ਜਮਾਤੀ ਸੰਘਰਸ਼ ਜੀਵਨ ਦੀ ਇੱਕ ਸੱਚਾਈ ਸੀ,  ਪਰ ਉਹ ਸਮਾਜਵਾਦ ਲਈ ਜਮਾਤੀ ਸੰਘਰਸ਼ ਨੂੰ ਨਾ ਤਾਂ ਅਟੱਲ ਮੰਨਦਾ ਸੀ, ਨਾ ਹੀ ਮਜ਼ਦੂਰਾਂ ਦੀ ਪਹਿਲਕਦਮੀ ਅਤੇ ਸਵੈ-ਮੁਕਤੀਕਾਰੀ ਤਾਕਤ ਵਿੱਚ ਹੀ ਉਸਦਾ ਵਿਸ਼ਵਾਸ਼ ਸੀ। ਜਮਾਤੀ ਸੰਘਰਸ਼ ਉਸ ਲਈ ਪੂੰਜੀਵਾਦੀ ਜ਼ੁਲਮਾਂ ਦਾ ਨਕਾਰਾਤਮਕ ਨਤੀਜਾ ਸੀ ਨਾ ਕਿ ਇਤਿਹਾਸ-ਨਿਰਮਾਣ ਦੀ ਮੂਲ ਚਾਲਕ ਸ਼ਕਤੀ। ਉਸਦੇ ਸਮਾਜਵਾਦੀ ਵਿਸ਼ਵਾਸ਼ ਯੁਟੋਪਿਆਈ ਸਨ ਅਤੇ ਸਮਾਜਵਾਦ ਨਿਰਮਾਣ ਦੇ ਰਾਹ ਬਾਰੇ ਸਪੱਸ਼ਟਤਾ ਦੀ ਘਾਟ ਕਾਰਨ ਉਸ ਦੁਆਰਾ ਪੇਸ਼ ਪੂੰਜੀਵਾਦ ਦੀ ਕਰੜੀ ਅਲੋਚਨਾ ਵੀ ਅੰਤ ਵਿੱਚ ਨੈਤਿਕਤਾਵਾਦ ਦੇ ਟੋਏ ਵਿੱਚ ਡਿੱਗ ਪੈਂਦੀ ਹੈ। ਜ਼ੋਲਾ ਆਪਣੇ ਵਿਚਾਰ ਜਗਤ ਅੰਦਰ ਸਮੋਈ ਵਿਰੋਧਤਾਈ ਨਾਲ਼ ਜੂਝ ਰਿਹਾ ਸੀ, ਉਸਦਾ ਹੱਲ ਉਸਨੂੰ ਗੇਦ ਦੇ ‘ਮਾਰਕਸਵਾਦ’ ਤੋਂ ਨਹੀਂ ਮਿਲ਼ਿਆ, ਪਰ ਘੱਟੋ-ਘੱਟ ਉਹ ਉਹਨਾਂ ਦੀ ਇੱਕ ਗੱਲ ਨਾਲ਼ ਸਹਿਮਤ ਸੀ ਕਿ ਫਰਾਂਸੀਸੀ ਮੁਸੀਬਤਾਂ ਦਾ ਖਾਤਮਾ ਸਿਰਫ ਸਮਾਜਵਾਦ ਦੁਆਰਾ ਹੀ ਹਾਸਿਲ ਕੀਤਾ ਜਾ ਸਕਦਾ ਹੈ। ‘ਦਿ ਅਰਥ’ ਵਿੱਚ ਪੂੰਜੀਵਾਦ ਦੀ ਅਲੋਚਨਾ ਤੋਂ ਇੱਕਦਮ ਅੱਗੇ ਜ਼ੋਲਾ ਦੇ ਇਸ ਯੁਟੋਪਿਆਈ ਸਕਾਰਾਤਮਕ ਚਿੰਤਨ ਦੇ ਵੱਖ-ਵੱਖ ਪੱਖਾਂ ਦੀ ਸਹਿਜ ਹੀ ਪਹਿਚਾਣ ਕੀਤੀ ਜਾ ਸਕਦੀ ਹੈ। ਪਰ ਸਮਾਜਵਾਦ ਪ੍ਰਤੀ ਆਪਣੇ ਇਸ ਨਵੇਂ ਰੁਝਾਨ ਦੇ ਬਾਵਜੂਦ ਜ਼ੋਲਾ ਆਪਣੇ ਦੇਸ਼ ਦੇ ਸਮਾਜਵਾਦੀਆਂ ਦੇ ਰਵੱਈੇਏ ਦਾ ਕਰੜਾ ਅਲੋਚਕ ਸੀ ਅਤੇ ‘ਦਿ ਅਰਥ’ ਵਿੱਚ ਉਸਨੇ ਕੈਨੋ ਨੂੰ ਇੱਕ ਅਜਿਹੀ ਸਮਾਜਵਾਦੀ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜਿਸਦਾ ਸਮਾਜਵਾਦ ਮਸ਼ੀਨੀ, ਅਤਿਸਰਲੀਕ੍ਰਿਤ, ਹੋਣੀਵਾਦੀ ਤੇ ਨਿਰੰਕੁਸ਼ ਕਿਸਮ ਦਾ ਸੀ। 

1890 ਦੇ ਦਹਾਕੇ ਵਿੱਚ ਯੂਰਪੀ ਮਜ਼ਦੂਰ ਲਹਿਰ ਵਿੱਚ ਸਮਾਜਵਾਦੀ ਪ੍ਰਵਿਰਤੀਆਂ ਨੇ ਸਮਾਜਵਾਦ ਦੇ ਭਵਿੱਖ ਪ੍ਰਤੀ ਜ਼ੋਲਾ ਦੇ ਵਿਸ਼ਵਾਸ ਨੂੰ ਹੋਰ ਜਿਆਦਾ ਮਜ਼ਬੂਤ ਬਣਾਉਣ ਦਾ ਕੰਮ ਕੀਤਾ। 1893 ਵਿੱਚ ਨੌਜਵਾਨਾਂ ਦੀ ਇੱਕ ਸਭਾ ਵਿੱਚ ਉਸਨੇ ਕਿਹਾ ਸੀ ਕਿ ‘ਉਭਰਦੇ ਹੋਏ ਸਮਾਜਵਾਦ ਦੇ ਭਵਿੱਖ ਵਿੱਚ ਸਮਾਜਿਕ ਨਿਯਮ ਦੇ, ਸਭ ਦੇ ਲਈ ਕਿਰਤ ਦੇ ਨਿਯਮ ਦੇ ਭਰੂਣ’ ਦੀ ਪਹਿਚਾਣ ਕੀਤੀ ਜਾ ਸਕਦੀ ਹੈ। 

1892 ਵਿੱਚ ਪ੍ਰਕਾਸ਼ਤ ਰੂਜੋਂ-ਮਕਾਰ ਲੜੀ ਦੇ ਅਗਲੇ ਨਾਵਲ ‘ਦਿ ਡਿਬੇਕਲ’ ਦੀ ਪੂਰੀ ਥੀਮ, ਅਤੇ ਖਾਸ ਤੌਰ ‘ਤੇ ਉਸਦੇ ਨਰ ਸੰਹਾਰ ਵਾਲ਼ੇ ਪ੍ਰਸੰਗ, ਉਸ ਪੂੰਜੀਵਾਦ ਦੀ ਇੱਕ ਅਨੁਭਵੀ ਪਰ ਦੂਰਦਰਸ਼ੀ ਅਲੋਚਨਾ ਪੇਸ਼ ਕਰਦੇ ਹਨ ਜੋ ਸਾਮਰਾਜਵਾਦ ਦੇ ਪੜਾਅ ਵਿੱਚ ਦਾਖਲ ਹੋਣ ਤੇਂ ਬਾਅਦ ਜੰਗ ਦਾ ਭੁੱਖਾ ਅਤੇ ਨਿਰੰਕੁਸ਼ ਲੋਕ ਵਿਰੋਧੀ ਚਰਿੱਤਰ ਵਾਲ਼ਾ ਹੋ ਗਿਆ ਹੈ। ਭਾਵੇਂ ਇਸ ਨਾਵਲ ਦੀਆਂ ਘਟਨਾਵਾਂ ਫਰਾਂਸ-ਪ੍ਰਸ਼ਾ ਯੁੱਧ ਅਤੇ ਦੂਜੇ ਸਾਮਰਾਜ ਦੇ ਫੈਸਲਾਕੁਨ ਪਤਣ ਤੋਂ ਲੈ ਕੇ ਪੇਰਿਸ ਕਮਿਊਨ ਤੱਕ ਦੇ ਇਤਿਹਾਸਕ ਕਾਲਖੰਡ ਵਿੱਚੋਂ ਲਈਆਂ ਗਈਆਂ ਹਨ ਪਰ ਇਸਦੇ ਮਾਧਿਅਮ ਨਾਲ਼ ਜ਼ੋਲਾ ਪੂੰਜੀਵਾਦ ਦੀਆਂ ਉਹਨਾਂ ਬੁਰਾਈਆਂ ਅਤੇ ਵਿਪੱਤੀਆਂ ਦਾ ਵੀ ਇੱਕ ਚਿੱਤਰ ਪੇਸ਼ ਕਰਦਾ ਹੈ ਜਿਹਨਾਂ ਨੂੰ 1880 ਅਤੇ 1890 ਦੇ ਦਹਾਕੇ ਵਿੱਚ ਉਸਨੇ ਅੱਖੀਂ ਵੇਖਿਆ ਸੀ ਅਤੇ ਜੋ ਭਵਿੱਖ ਵਿੱਚ, 20 ਵੀਂ ਸਦੀ ਵਿੱਚ, ਹੋਰ ਵੀ ਜਿਆਦਾ ਨੰਗੇ-ਭਿਆਨਕ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਣ ਵਾਲ਼ੀਆਂ ਸਨ। ਵਿਨਾਸ਼ਕਾਰੀ ਫਰਾਂਸ-ਪ੍ਰਸ਼ਾ ਯੁੱਧ ਉੱਤੇ ਕੇਂਦਰਤ ਨਾਵਲ ਦਾ ਪਹਿਲਾ ਭਾਗ ਆਧੁਨਿਕ ਯੁੱਧਾਂ ਦੀ ਭਿਆਨਕਤਾ ਦਾ ਪ੍ਰਭਾਵਸ਼ਾਲੀ ਚਿੱਤਰਣ ਕਰਦਾ ਹੈ। ਇਸ ਸੰਦਰਭ ਵਿੱਚ ਇਸਦੀ ਤੁਲਨਾ ਪਹਿਲੀ ਸੰਸਾਰ ਜੰਗ (1914-19) ਤੋਂ ਬਾਅਦ ਲਿਖੇ ਗਏ ਯੁੱਧ ਦੀ ਵਿਸ਼ਾ ਵਸਤੂ ਵਾਲ਼ੇ ਕੁਝ ਸਭ ਤੋਂ ਵੱਧ ਵਧੀਆ ਨਾਵਲਾਂ ਨਾਲ਼ ਕੀਤੀ ਜਾ ਸਕਦੀ ਹੈ। ਨਾਵਲ ਦਾ ਦੂਜਾ ਭਾਗ ਪੇਰਿਸ ਕਮਿਊਨ ਦੀਆਂ ਘਟਨਾਵਾਂ ਉੱਪਰ ਕੇਂਦਰਤ ਹੈ। ਸਮਾਜਿਕ ਇਨਕਲਾਬ ਅਤੇ ਰਾਜਸੱਤਾ ਦੀ ਤਬਾਹੀ ਕਿਉਂਕਿ ਇਸ ਭਾਗ ਦਾ ਕੇਂਦਰੀ ਤੱਤ ਹੈ, ਇਸ ਲਈ ਜ਼ੋਲਾ ਦੇ ਰਾਜਨੀਤਕ ਦ੍ਰਿਸ਼ਟੀਕੋਣ ਦੀਆਂ ਵਿਰੋਧਤਾਈਆਂ ਇੱਥੇ ਇੱਕਦਮ ਉੱਭਰ ਕੇ ਸਾਹਮਣੇ ਆ ਗਈਆਂ ਹਨ ਅਤੇ ਉਹ ਵੀ ਆਪਣੇ ਨਕਾਰਾਤਮਕ ਪੱਖ ਉੱਤੇ ਵਿਸ਼ੇਸ਼ ਜ਼ੋਰ ਨਾਲ਼। ਆਪਣੇ ਸਮੇਂ ਦੇ ਸਮਾਜਿਕ (ਜਿਵੇਂ ਔਰਤ ਪ੍ਰਸ਼ਨ, ਕੁਲੀਨਾਂ ਦਾ ਭ੍ਰਿਸ਼ਟ ਜੀਵਨ ਆਦਿ), ਆਰਥਿਕ (ਜਿਵੇਂ ਕਿ ਭੂਮੀ-ਸੰਬੰਧਾਂ ਦਾ ਪੂੰਜੀਵਾਦੀਕਰਨ, ਵਪਾਰ ਦੀ ਦੁਨੀਆਂ, ਕਾਰਖਾਨਿਆਂ-ਖਾਣਾਂ ਵਿੱਚ ਲੁੱਟ ਅਤੇ ਆਰਥਿਕ ਸੰਘਰਸ਼) ਅਤੇ ਸੱਭਿਆਚਾਰਕ (ਜਿਵੇਂ ਪੂੰਜੀਵਾਦੀ ਸਮਾਜ ਵਿੱਚ ਕਲਾ ਅਤੇ ਕਲਾਕਾਰਾਂ ਦੀ ਜਿੰਦਗੀ) ਸਵਾਲ ਉਠਾਉਂਦੇ ਹੋਏ ਜ਼ੋਲਾ ਮੋਜੂਦਾ ਫਰਾਂਸ ਦੇ ਪੂੰਜੀਵਾਦੀ ਸਮਾਜ ਦੀਆਂ ਵਿਰੋਧਤਾਈਆਂ ਦਾ ਬਾਹਰਮੁਖੀ ਚਿੱਤਰਣ ਕਰਦਾ ਹੈ ਅਤੇ ਆਪਣੇ ਸੰਸਾਰ ਦ੍ਰਿਸ਼ਟੀਕੋਣ ਅਤੇ ਰਾਜਨੀਤਕ ਦ੍ਰਿਸ਼ਟੀਕੋਣ ਦੇ ਪਿਛਾਖੜੀ ਪੱਖ ਦੇ ਬਾਵਜੂਦ ਉਦੋਂ ਉਸਦੀਆਂ ਰਚਨਾਵਾਂ ਆਪਣੇ ਦੇਸ਼ਕਾਲ ਦੇ ਯਥਾਰਥ ਨੂੰ ਮੂਲ ਤੌਰ ‘ਤੇ ਅਤੇ ਮੁੱਖ ਤੌਰ ‘ਤੇ ਸਹੀ ਢੰਗ ਨਾਲ਼ ਪ੍ਰਤੀਬਿੰਬਤ ਕਰਦੀਆਂ ਹਨ। ਯਥਾਰਥਵਾਦ ਦੀ ਮਹੱਤਵਪੂਰਨ ਜਿੱਤ ਦਾ ਵਰਤਾਰਾ ਜਿਨ੍ਹਾਂ ਅਰਥਾਂ ਵਿੱਚ ਲੈਜਿਸਟਿਮਿਸਟ ਬਾਲਜ਼ਾਕ ਅਤੇ ਧਰਮਪ੍ਰਾਣ ਕਾਉਂਟ ਤਾਲਸਤਾਏ ਨਾਲ਼ ਵਾਪਰਿਆ ਸੀ, ਕੁਝ-ਕੁਝ ਉਹਨਾਂ ਹੀ ਅਰਥਾਂ ਵਿੱਚ ਜ਼ੋਲਾ ਨਾਲ਼ ਵੀ ਹੁੰਦਾ ਪ੍ਰਤੀਤ ਹੁੰਦਾ ਹੈ, ਪਰ ਜਿੱਥੇ ਜ਼ੋਲਾ ਰਾਜ ਅਤੇ ਇਨਕਲਾਬ ਜਾਂ ਮਜ਼ਦੂਰ ਵਿਦਰੋਹ ਦੇ ਵਿਸ਼ੇ ਨਾਲ਼ ਸਿੱਧਾ ਟਕਰਾਉਂਦਾ ਹੈ, ਉੱਥੇ ਉਸਦੇ ਰਾਜਨੀਤਕ ਦ੍ਰਿਸ਼ਟੀਕੋਣ ਵਿੱਚ ਸਮੋਇਆ ਯੁਟੋਪੀਆ, ਗੈਰ ਇਤਿਹਾਸਕ ਅਤੇ ਮਜ਼ਦੂਰ ਜਮਾਤ ਪ੍ਰਤੀ ਸ਼ੱਕ ਅਤੇ ਅਵਿਸ਼ਵਾਸ ਇੱਕਦਮ ਉੱਭਰ ਕੇ ਸਾਹਮਣੇ ਆ ਜਾਂਦਾ ਹੈ ਅਤੇ ਆਪਣੀਆਂ ਸੁਧਾਰਵਾਦੀ ਅਪੀਲਾਂ ਕਾਰਨ ਯਥਾਰਥ ਦੀ ਦਿਸ਼ਾ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਜਾਂਦਾ ਹੈ। ਸਮਾਜਿਕ-ਆਰਥਿਕ-ਰਾਜਨੀਤਕ ਜੀਵਨ ਦਾ ਜੋ ਤਰਕ ਇਨਕਲਾਬ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ, ਜ਼ੋਲਾ ਦਾ ਯਥਾਰਥ ਚਿੱਤਰਣ ਉਹਨੂੰ ਦਿਖਾਉਣ ਵਿੱਚ ਕੋਈ ਢਿੱਲ ਨਹੀਂ ਵਰਤਦਾ, ਪਰ ਇਨਕਲਾਬ ਦੇ ਪ੍ਰਬਲ ਵੇਗਮਈ ਤੂਫਾਨ ਦੀ ਅਟੱਲਤਾ ਤੋਂ ਜ਼ੋਲਾ ਨਜ਼ਰਾਂ ਚਰਾਉਂਦਾ ਹੈ, ਘਬਰਾਉਂਦਾ ਹੈ, ਉਸਨੂੰ ਸਿਰਫ ਤਬਾਹੀ ਦੇ ਰੁਪ ਵਿੱਚ ਵੇਖਦਾ ਹੈ ਅਤੇ ਉਸਦੀ ਇਤਿਹਾਸ-ਨਿਰਮਾਤਾ ਤਾਕਤ ਦੀ ਪਹਿਚਾਣ ਨਹੀਂ ਕਰ ਪਾਉਂਦਾ। ‘ਦਿ ਡਿਬੇਕਲ’ ਵਿੱਚ ਪੇਰਿਸ ਕਮਿਊਨ ਦਾ ਚਿੱਤਰਣ ਵੀ ਕੁਝ ਅਜਿਹੇ ਹੀ ਪਰਿਪੇਖ ਵਿੱਚ ਉਸਨੇ ਕੀਤਾ ਹੈ। ਕਮਿਊਨ ਦੀਆਂ ਘਟਨਾਵਾਂ ਦੇ ਠੋਸ ਚਿੱਤਰਣ ਉੱਤੇ ਜ਼ੋਲਾ ਦਾ ਅੰਤਰਮੁਖੀ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਹਾਵੀ ਹੁੰਦਾ ਦਿਖਾਈ ਦਿੰਦਾ ਹੈ। ਨਿਰਸੰਦੇਹ ਜ਼ੋਲਾ ਇਸ ਨਾਵਲ ਨੂੰ ਲਿਖਣ ਤੱਕ ਸਮਾਜਵਾਦ ਦਾ ਪੱਕਾ ਸਮਰਥਕ ਬਣ ਚੁੱਕਿਆ ਸੀ। ਮਜ਼ਦੂਰ ਜਮਾਤ ਪ੍ਰਤੀ ਉਸਦੀ ਗਹਿਰੀ ਹਮਦਰਦੀ ਸੀ, ਪਰ ਇਸ ਜਮਾਤ ਦੀ ਪਹਿਲਕਦਮੀ, ਸਿਰਜਣਾਤਮਕਤਾ ਅਤੇ ਇਤਿਹਾਸ-ਨਿਰਮਾਤਾ ਸਮੂਹਿਕ ਤਾਕਤ ਵਿੱਚ ਉਸਦਾ ਭੋਰਾ ਵੀ ਵਿਸ਼ਵਾਸ ਨਹੀਂ ਸੀ। ਸਮਾਜਵਾਦੀ ਆਦਰਸ਼ਾਂ ਦੇ ਪੱਖ ਵਿੱਚ ਖੜ੍ਹਨ ਦੇ ਸੰਦਰਭ ਵਿੱਚ ਉਹ ਗੋਤੀਏ, ਫਲਾਬੇਅਰ ਅਤੇ ਗੋਂਕੁਰ ਭਰਾਵਾਂ ਤੋਂ ਵੀ ਅੱਗੇ ਸੀ, ਪਰ ਮਜ਼ਦੂਰ ਜਮਾਤ ਪ੍ਰਤੀ ਅਵਿਸ਼ਵਾਸ ਦੇ ਮਾਮਲੇ ਵਿੱਚ ਉਹ ਉਹਨਾਂ ਵਰਗਾ ਹੀ ਸੀ। ‘ਦਿ ਡਿਬੇਕਲ’ ਵਿੱਚ ਮੋਰਿਸ ਅਤੇ ਸ਼ੂਤੋ- ਇਹ ਦੋ ਕਿਰਦਾਰ ਕਮਿਊਨਾਰਡਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹਨਾਂ ਵਿੱਚੋਂ ਮੋਰਿਸ ਇਮਾਨਦਾਰ ਪਰ ਬਚਕਾਨਾ ਅਤੇ ਅਤਿ ਉਤਸ਼ਾਹਵਾਦੀ ਹੈ ਜਦ ਕਿ ਸ਼ੂਤੋ ਭ੍ਰਿਸ਼ਟ ਅਤੇ ਹਿੰਸਕ ਪ੍ਰਵਿਰਤੀ ਦਾ ਹੈ। ਜ਼ੋਲਾ ਦੁਆਰਾ ਚਿੱਤਰੇ ਖੱਬੇਪੱਖੀ ਅੰਦੋਲਨਕਾਰੀਆਂ ਵਿੱਚ ਸ਼ਾਇਦ ਇਹ ਸਭ ਤੋਂ ਵੱਧ ਵਿਰੂਪਤ ਕਿਰਦਾਰ ਹਨ। ਵਿਡੰਬਨਾਂ ਤਾਂ ਇਹ ਹੈ ਕਿ ਇੱਕ ਮੂਹਰੈਲ ਕਮਿਊਨਾਰਡ ਜੂਲ ਵਾਲ਼ੇ, ਜ਼ੋਲਾ ਦੇ ਬਹੁਤ ਨਜ਼ਦੀਕ ਸਨ ਅਤੇ ਜ਼ੋਲਾ ਦੇ ਵਿਚਾਰਕ ਵਿਕਾਸ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਸੀ, ਪਰ ‘ਦਿ ਡਿਬੇਕਲ’ ਵਿੱਚ ਪੈਰਿਸ ਕਮਿਊਨ ਦੇ ਭੱਦੇ ਮਜ਼ਾਕ ਉਡਾਊ ਚਿੱਤਰ ਵਿੱਚ ਉਹਨਾਂ ਵਰਗੇ ਕਿਸੇ ਕਿਰਦਾਰ ਦੀ ਪਰਛਾਈ ਵੀ ਨਜ਼ਰ ਨਹੀਂ ਆਈ। 

ਉਨੀਂਵੀਂ ਸਦੀ ਦੇ ਆਖਰੀ ਦਹਾਕੇ ਦੇ ਪਤਣਸ਼ੀਲ ਪੂੰਜੀਵਾਦ ਦੀਆਂ ਸਾਰੀਆਂ ਬਰਬਰਤਾਵਾਂ ਦਾ ਹੱਲ ਤਾਰਕਿਕ ਧਰਾਤਲ ‘ਤੇ ਜ਼ੋਲਾ ਨੂੰ ਸਮਾਜਵਾਦ ਵਿੱਚ ਦਿਖਾਈ ਦੇ ਰਿਹਾ ਸੀ ਪਰ ਇਸਦੇ ਲਈ ਜ਼ਰੂਰੀ ਜਮਾਤੀ ਸੰਘਰਸ਼ ਦੇ ਰਾਹ ਨਾਲ਼ ਭੋਰਾ ਵੀ ਸਹਿਮਤੀ ਨਹੀਂ ਸੀ। ਮਜ਼ਦੂਰ ਜਮਾਤ ਪ੍ਰਤੀ ਅਵਿਸ਼ਵਾਸ ਉਸਨੂੰ ਗੋਤੀਏ, ਫਲਾਬੇਅਰ ਅਤੇ ਗੋਂਕੁਰ ਭਰਾਵਾਂ ਤੋਂ ਵਿਰਾਸਤ ਵਿੱਚ ਮਿਲਿਆ ਸੀ। ਇਸ ਕਰਕੇ, ਇਕ ਪਾਸੇ ਉਹ ਸਮਾਜਵਾਦ ਵੱਲ ਆਕਰਸ਼ਿਤ ਹੁੰਦਾ ਦਿਖਾਈ ਦਿੰਦਾ, ਦੂਜੇ ਪਾਸੇ ਯਥਾਰਥ ਚਿੱਤਰਣ ਦੀ ਬਾਹਰਮੁਖਤਾ ਲਈ ਆਪਣੀਆਂ ਰਚਨਾਵਾਂ ਵਿੱਚ, ਆਪਣੇ ਸਮੇਂ ਦੇ ਜਮਾਤੀ ਸੰਘਰਸ਼ਾਂ ਦਾ ਵੇਰਵਾ ਵੀ ਪੇਸ਼ ਕਰਦਾ ਸੀ ਅਤੇ ਤੀਜੇ ਪਾਸੇ, ਜਮਾਤੀ ਸੰਘਰਸ਼ ਅਤੇ ਮਜ਼ਦੂਰ ਜਮਾਤ ਵਿੱਚ ਅਵਿਸ਼ਵਾਸ ਕਾਰਨ ਆਪਣੀ ਪੁਰਾਣੀ ਫਲਸਫਾਨਾ ਸੋਚ ਤੋਂ ਵੀ ਉਹ ਮੁਕਤ ਨਹੀਂ ਹੋ ਪਾ ਰਿਹਾ ਸੀ। ਆਪਣੇ ਅੰਦਰੂਨੀ ਜਗਤ ਦੀ ਇਸੇ ਲਾਇਲਾਜ ਵਿਰੋਧਤਾਈ ਕਾਰਨ ਰੂਜੋਂ-ਮਕਾਰ ਲੜੀ ਵਿੱਚ ਉਹ ਕਈ ਵਾਰ ਅਨੁਵੰਸ਼ਿਕਤਾ ਦੇ ਸਿਧਾਂਤ ਵੱਲ ਵਾਪਸ ਚਲਾ ਜਾਂਦਾ ਹੈ, ਭਾਵੇਂ ਉਦੋਂ ਵੀ ਉਹ ਸਮਾਜਿਕ ਪਿਛੋਕੜ ਅਤੇ ਮਨੁੱਖ ਦੀਆਂ ਸਚੇਤਨ ਕੋਸ਼ਿਸ਼ਾਂ ਦੀ ਭੂਮਿਕਾ ਦੀ ਪੂਰੀ ਤਰ੍ਹਾਂ ਅਣਦੇਖੀ ਨਹੀਂ ਕਰਦਾ। ‘ਦਿ ਡਿਬੇਕਲ’ ਵਿੱਚ ਪੇਰਿਸ ਕਮਿਊਨ ਦਾ ਮਜ਼ਾਕ ਉਡਾਉਂਦਾ ਜਿਹਾ ਨਕਾਰਾਤਮਕ ਚਿੱਤਰ ਪੇਸ਼ ਕਰਨ ਤੋਂ ਬਾਅਦ ਲੜੀ ਦੇ ਆਖਰੀ ਨਾਵਲ ‘ਡਾਕਟਰ ਪਾਸਕਲ’ (1893) ਵਿੱਚ ਜ਼ੋਲਾ ਇੱਕ ਵਾਰ ਫੇਰ ਅਨੁਵੰਸ਼ਿਕਤਾ ਦੇ ਸਿਧਾਂਤ ਦੀ ਵਕਾਲਤ ਕਰਦਾ ਨਜ਼ਰ ਆਉਂਦਾ ਹੈ, ਪਰ ਇੱਥੇ ਉਹ ਉਸਨੂੰ ਜੀਵ-ਸ਼ਾਸਤਰੀ ਹੋਣੀਵਾਦ ਦੇ ਨਤੀਜੇ ਤੱਕ ਅੱਗੇ ਨਹੀਂ ਲੈ ਜਾਂਦਾ।

ਇੱਕ ਪਰਿਵਾਰ ਦੀ ਕਹਾਣੀ ਜ਼ਰੀਏ ਦੂਜੇ ਸਾਮਰਾਜ ਦੇ ਫਰਾਂਸ ਦੇ ਬੁਰਜੂਆ ਸਮਾਜ ਦੀ ਪਤਣਸ਼ੀਲਤਾ ਅਤੇ ਬੁਰਜੂਆ ਕੁਲੀਨਾਂ ਦੇ ਸਾਰੇ ਛਲ-ਕਪਟ ਨੂੰ ਉਜ਼ਾਗਰ ਕਰਨ ਵਾਲ਼ੇ ਪ੍ਰੋਜੈਕਟ ਦੀ ਸਮਾਪਤੀ ਤੋਂ ਬਾਅਦ ਜ਼ੋਲਾ ਨੇ ਆਪਣੀ ਅਗਲੀ ਨਾਵਲ-ਤਿੱਕੜੀ ‘ਤਿੰਨ ਸ਼ਹਿਰ’ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲੜੀ ਦਾ ਪਹਿਲਾ ਨਾਵਲ ‘ਲੁਰਦ’ 1894 ਵਿੱਚ, ‘ਰੋਮ’ 1896 ਵਿੱਚ ਅਤੇ ‘ਪੇਰਿਸ’ 1889 ਵਿੱਚ ਪ੍ਰਕਾਸ਼ਿਤ ਹੋਇਆ। ਤਿਨੋਂ ਨਾਵਲਾਂ ਦਾ ਮੁੱਖ ਪਾਤਰ ਪਿਏਰ ਫਰੋਮੇਂ ਨਾਮਕ ਪਾਦਰੀ ਹੈ। ਤਿੰਨ ਸ਼ਹਿਰਾਂ ਦੇ ਉਸਦੇ ਅਨੁਭਵਾਂ ਦੇ ਅਧਾਰ ਉੱਤੇ ਜ਼ੋਲਾ ਨੇ ਗਿਰਜ਼ੇ ਦੇ ਧਾਰਮਿਕ ਧੰਦਿਆਂ ਅਤੇ ਬੁਰਜੂਆ ਰਾਜਨੀਤੀ ਅਤੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਪਤਣਸ਼ੀਲਤਾ ਦੀ ਤਿੱਖੀ ਅਲੋਚਨਾ ਪੇਸ਼ ਕੀਤੀ ਹੈ। ਆਪਣੇ ਇਹਨਾਂ ਤਿੰਨ ਨਾਵਲਾਂ ਵਿੱਚ ਜ਼ੋਲਾ ਮੰਨੋ ਨਵੇਂ ਸਿਰੇ ਤੋਂ ਆਪਣੀ ਵਿਚਾਰਕ ਵਿਰੋਧਤਾਈ ਨੂੰ ਹੱਲ ਕਰਨ ਲਈ ਪ੍ਰਬੋਧਨਕਾਲੀਨ ਫਲਾਸਫਰਾਂ ਦੀ ਵਿਰਾਸਤ ਵੱਲ ਵਾਪਸ ਆਉਂਦਾ ਹੈ। ਇਸਾਈ ਧਾਰਮਿਕ ਵਿਸ਼ਵਾਸ਼ਾਂ ਨੂੰ ਉਹ ਵਿਗਿਆਨਕ ਤਰਕ ਦੀ ਕਸੌਟੀ ਉੱਤੇ ਕਸਦਾ ਹੈ ਅਤੇ ਇਸ ਸੱਚਾਈ ਨੂੰ ਉਜਾਗਰ ਕਰਦਾ ਹੈ ਕਿ ਧਾਰਮਿਕ ਵਿਸ਼ਵਾਸਾਂ ਦੇ ਪ੍ਰਚਾਰ ਅਤੇ ‘ਚਮਤਕਾਰਾਂ ਦੇ ਵਪਾਰ’ ਦਾ ਇੱਕੋ-ਇੱਕ ਉਦੇਸ਼ ਅਗਿਆਨੀ ਲੋਕਾਂ ਨੂੰ ਮੂਰਖ ਬਣਾਉਣਾ ਅਤੇ ਉਹਨਾਂ ਦੀ ਲੁੱਟ ਕਰਨਾ ਹੈ। ਪਾਦਰੀ ਪਿਏਰ ਫਰੋਮੇਂ ਲੁਰਦ ਸ਼ਹਿਰ ਵਿੱਚ ਫੈਲੇ ਅੰਧਵਿਸ਼ਵਾਸ ਤੋਂ ਤੰਗ ਆ ਕੇ ਰੋਮ ਆ ਜਾਂਦਾ ਹੈ। ਉੱਥੇ ਧਰਮ ਸੱਤਾ ਦੇ ਚਾਰੇ ਪਾਸੇ ਫੈਲੇ ਕੈਰੀਅਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਵੇਖਣ ਤੋਂ ਬਾਅਦ ਧਰਮ ਦੀ ਵਿਵਸਥਾ ਅਤੇ ਕਰਮ ਕਾਂਡਾਂ ਤੋਂ ਉਸਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਜਾਂਦਾ ਹੈ ਅਤੇ ਗਿਰਜਾ ਛੱਡ ਕੇ ਪੇਰਿਸ ਵਾਪਸ ਆ ਜਾਂਦਾ ਹੈ। ਉੱਥੇ ਅਮੀਰ ਅਤੇ ਗਰੀਬ ਵਿਚਕਾਰ ਡੂੰੰਘੀ ਅਤੇ ਚੋੜੀ ਖੱਡ ਹੈ, ਹੰਝੂਆਂ ਦੇ ਸਾਗਰ ਵਿੱਚ ਵਿਲਾਸਤਾ ਦੇ ਜਗਮਗ ਕਰਦੇ ਟਾਪੂ ਹਨ, ਸੰਸਦੀ ਰਾਜਨੀਤੀ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਅਤੇ ‘ਚੈਰਿਟੀ’ ਦਾ ਕੰਮ ਇੱਕ ਧੰਦੇ ਤੋਂ ਵੱਧ ਕੁਝ ਵੀ ਨਹੀਂ ਹੈ। ਤਿੱਕੜੀ ਦੀ ਆਖਰੀ ਕੜੀ ‘ਪੇਰਿਸ’ ਵਿੱਚ ਜ਼ੋਲਾ ਇੱਕ ਵਾਰ ਫਿਰ ਸਾਲਵਾ ਅਤੇ ਗੇਲੇਮ ਦੇ ਪ੍ਰਸੰਗਾਂ ਜ਼ਰੀਏ ਦਹਿਸ਼ਤਗਰਦੀ ਦੇ ਸਵਾਲ ਨੂੰ ਉਠਾਉਂਦਾ ਹੈ ਅਤੇ ਇਹ ਸਥਾਪਨਾ ਪੇਸ਼ ਕਰਦਾ ਹੈ ਕਿ ਦਹਿਸ਼ਤਵਾਦੀ ਹਿੰਸਾ ਅਸਹਿ ਗਰੀਬੀ ਅਤੇ ਭਿਅੰਕਰ ਲੁੱਟ ਦੀ ਪੈਦਾਵਾਰ ਹੁੰਦੀ ਹੈ ਅਤੇ ਇਸਦੇ ਲਈ ਰਾਜਨੀਤੀ ਦੀ ਨਪੁੰਸਕਤਾ ਅਤੇ ‘ਚੈਰਿਟੀ’ ਦੀ ਅਰਥਹੀਣਤਾ ਮੁੱਖ ਤੌਰ ‘ਤੇ ਜਿੰਮੇਵਾਰ ਹੁੰਦੀ ਹੈ। ਨਾਲ਼ ਹੀ ਜ਼ੋਲਾ ਦਹਿਸ਼ਤਗਰਦੀ ਨੂੰ ਹੱਲ ਨਾ ਹੋ ਸਕੀ ਨਿਰਾਸ਼ਾ ਦਾ ਪ੍ਰਗਟਾਵਾ ਮੰਨਦਾ ਹੈ। ਵਰਣਨਯੋਗ ਹੈ ਕਿ ਇਸ ਨਾਵਲ ਵਿੱਚ ਜ਼ੋਲਾ ਨੇ ਫਾਂਸੀ ਦੀ ਸਜਾ ਦਾ ਵਿਰੋਧ ਇਹ ਕਹਿੰਦੇ ਹੋਏ ਕੀਤਾ ਹੈ ਕਿ-”ਇਹ ਲਹੂ ਬਦਲੇ ਲਹੂ ਦਾ ਤਰੀਕਾ ਹੈ, ਇਹ ਮਾਨਵੀ ਕੰਜੂਸੀ ਦੁਆਰਾ ਅਮਰ ਕਰਜ ਤੋਂ ਮੁਕਤੀ ਦੀ ਕੋਸ਼ਿਸ਼ ਹੈ, ਪਰ ਇਸ ਤੋਂ ਮਨੁੱਖਤਾ ਆਪਣੇ ਆਪ ਨੂੰ ਕਸ਼ਟਾਂ ਤੋਂ ਕਦੇ ਵੀ ਮੁਕਤ ਨਹੀਂ ਕਰ ਸਕਦੀ।”

ਇਸ ਨਾਵਲ-ਤਿੱਕੜੀ ਦੀ ਆਖਰੀ ਕੜੀ ‘ਪੇਰਿਸ’ ਦਾ ਲੇਖਣ ਸਮਾਪਤ ਹੁੰਦੇ ਹੀ ਜ਼ੋਲਾ ਨੇ ਆਪਣੀ ਜਿੰਦਗੀ ਦੇ ਆਖਰੀ ਪ੍ਰੋਜੈਕਟ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਚਾਰ ਨਾਵਲਾਂ-‘ਫੇਕੰਡਿਟੀ'(1899), ‘ਲੇਬਰ'(1901), ‘ਟਰੁਥ'(1903, ਮੌਤ ਤੋਂ ਬਾਅਦ ਪ੍ਰਕਾਸ਼ਤ), ‘ਜਸਟਿਸ'(ਅਧੂਰਾ)— ਦੀ ਇੱਕ ਲੜੀ ਸੀ, ਜਿਸ ਵਿੱਚ ਜ਼ੋਲਾ ਨੇ ਤਰਕ ਅਤੇ ਕਿਰਤ ਦੀ ਜਿੱਤ ਨੂੰ ਆਪਣੇ ਸੁਪਨੇ ਦੇ ਇੱਕ ਸਮਾਜਿਕ ਯੁਟੋਪੀਆ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ-ਚੌਕੜੀ ਦੇ ਚਾਰ ਨਾਇਕ ਮੈਥਿਉ, ਮਾਰਕ, ਲਿਊਕ ਅਤੇ ਜੌਨ ਬੁਨਿਆਦੀ ਗੁਣਾਂ- ਉਪਜਾਇਕਤਾ, ਕਿਰਤ, ਸੱਚਾਈ ਅਤੇ ਨਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ‘ਲੇਬਰ’ ਨਾਵਲ ਵਿੱਚ ਜ਼ੋਲਾ ਯੂਟੋਪਿਆਈ ਸਮਾਜਵਾਦ ਦੇ ਆਦਰਸ਼ਾਂ ਨੂੰ ਕਥਾਤਮਕ ਸਾਂਚੇ ਵਿੱਚ ਢਾਲਣ ਦੀ ਪ੍ਰਭਾਵਸ਼ਾਲੀ ਕੋਸ਼ਿਸ਼ ਕਰਦਾ ਹੈ। ਲਿਊਕ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਸਟੀਲ ਮਿਲ ਖਰੀਦਦਾ ਹੈ ਅਤੇ ਫੁਰੀਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਮਜ਼ਦੂਰਾਂ ਦੇ ਸਹਿਕਾਰੀ ਅਦਾਰੇ ਵਿੱਚ ਬਦਲ ਦਿੰਦਾ ਹੈ। ਇਸਤੋਂ ਬਾਅਦ ਸਹਿਕਾਰਤਾ ਉੱਤੇ ਅਧਾਰਤ ਜੀਵਨ-ਪ੍ਰਣਾਲ਼ੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਤਰਕਸੰਗਤ ਚਿੱਤਰ ਪੇਸ਼ ਕੀਤਾ ਗਿਆ ਹੈ ਅਤੇ ਦਿਖਾਇਆ ਗਿਆ ਹੈ ਕਿ ਕਿਸ ਪ੍ਰਕਾਰ, ਬਿਨਾਂ ਕਿਸੇ ਦਬਾਅ ਅਤੇ ਲਾਲਚ ਤੋਂ, ਕੇਵਲ ਮਿਸਾਲ ਪੇਸ਼ ਕਰਕੇ, ਅਮਲੀ ਉਦਾਹਰਨ ਸਹਾਰੇ ਕਾਇਲ ਕਰਕੇ, ਲੋਕਾਂ ਨੂੰ ਸਹਿਕਾਰੀ ਜੀਵਨ ਅਪਣਾਉਣ ਲਈ ਤਿਆਰ ਕੀਤਾ ਜਾਂਦਾ ਹੈ। ਲੈਨਿਨ ਦੁਆਰਾ ਇਸ ਨਾਵਲ ਨੂੰ ਪਸੰਦ ਕੀਤੇ ਜਾਣ ਦਾ ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ (‘Zola : Genies et Realities ਨਾਮਕ ਲੇਖ ਸੰਕਲਨ ਵਿੱਚ ਏ.ਵੁਰਮਸੇ ਦਾ ਲੇਖ)। ਕਹਿਣ ਦੀ ਜ਼ਰੂਰਤ ਨਹੀਂ ਕਿ ਯੂਟੋਪਿਆਈ ਸਮਾਜਵਾਦੀ ਵਿਚਾਰਾਂ ਦੀਆਂ ਸਾਰੀਆਂ ਵਿਰੋਧਤਾਈਆਂ ਅਤੇ ਸਾਰੀਆਂ ਕਮਜੋਰੀਆਂ ਵੀ ਨਾਵਲ ਵਿੱਚ ਮੌਜੂਦ ਹਨ। ਮਜ਼ਦੂਰ ਜਮਾਤ ਦੁਆਰਾ ਖੁਦ ਆਪਣੀਆਂ ਕੋਸ਼ਿਸ਼ਾਂ ਦੁਆਰਾ ਖੁਦ ਨੂੰ ਮੁਕਤ ਕਰਨ ਦੇ ਵਿਗਿਆਨਕ ਸਮਾਜਵਾਦੀ ਸਿਧਾਂਤ ਦੇ ‘ਐਟੀਂਥੀਸਸ’ ਦੇ ਰੂਪ ਵਿੱਚ ਇੱਥੇ ਲਿਊਕ ਦੀ ਪਿੱਤਰਸੱਤਾਤਮਕ ਸੁਰੱਖਿਆ ਮੋਜੂਦ ਹੈ। ਰਾਜਸੱਤਾ ਦਾ ਸਵਾਲ ਇੱਥੇ ਸਿਰੇ ਤੋਂ ਗੈਰ-ਹਾਜਰ ਹੈ। ‘ਇੱਕ ਨਗਰ ਵਿੱਚ ਸਮਾਜਵਾਦ’ ਦਾ ਵਿਕਾਸ ਹੁੰਦਾ ਹੈ ਅਤੇ ਬਾਕੀ ਫਰਾਂਸ ਇਸ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰਦਾ। ਨਾ ਹੀ ਕੌਮੀ ਮੰਡੀ ਅਤੇ ਜਿਣਸ ਉਤਪਾਦਨ ਦੀ ਦੇਸ਼ਵਿਆਪੀ ਵਿਵਸਥਾ ਉੱਤੇ ਹਾਵੀ ਪੂੰਜੀ ਦੀ ਸਰਵਵਿਆਪੀ ਅਤੇ ਚਾਰੇ ਪਾਸੇ ਫੈਲੀ ਸੱਤਾ ਦੀ ਆਰਥਿਕ ਤਾਕਤ ਅਤੇ ਨਾ ਹੀ ਬੁਰਜੂਆ ਰਾਜਸੱਤਾ ਦੀ ਰਾਜਨੀਤਕ ਤਾਕਤ ਕੋਈ ਰੁਕਾਵਟ ਪੈਦਾ ਕਰਦੀ ਹੈ। ਸਪੱਸ਼ਟ ਹੈ ਕਿ ਜ਼ੋਲਾ ਪੇਰਿਸ ਕਮਿਊਨ ਦਾ ਸਹੀ ਨਿਚੋੜ ਕੱਢ ਸਕਣ ਵਿੱਚ ਪੂਰੀ ਤਰਾਂ ਅਸਫਲ ਰਿਹਾ ਸੀ ਅਤੇ ਉਸਤੋਂ ਉਹਨੇ ਸਿਰਫ ਕੁਝ ਗਲਤ ਨਕਾਰਤਾਮਕ ਸਿੱਖਿਆਵਾਂ ਹੀ ਲਈਆਂ ਸਨ। ਉਸ ਸਮੇਂ ਤੱਕ ਸਮਾਜਵਾਦੀ ਬਸਤੀ ਵਸਾਉਣ ਦੀਆਂ ਰਾਬਰਟ ਓਵੇਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਹੋਏ ਦਹਾਕੇ ਬੀਤ ਚੁੱਕੇ ਸਨ, ਪਰ ਇਸ ਤੱਥ ਦੇ ਵੀ ਵਿਗਿਆਨਕ ਅਧਿਐਨ ਦੀ ਜ਼ੋਲਾ ਨੇ ਕੋਈ ਕੋਸ਼ਿਸ਼ ਨਹੀਂ ਕੀਤੀ।

ਇਸ ਅੰਤਿਮ ਲੜੀ ਉੱਤੇ ਕੰਮ ਸ਼ੁਰੂ ਕਰਨ ਦੇ ਦੌਰਾਨ ਹੀ ਜ਼ੋਲਾ ਡਰਾਈਫਸ-ਮੁਕੱਦਮਾ ਪ੍ਰਕਰਣ ਵਿੱਚ ਜਾ ਫਸਿਆ। ਇਸ ਪੂਰੇ ਪ੍ਰਕਰਣ ਵਿੱਚ ਜ਼ੋਲਾ ਦੀ ਇਤਿਹਾਸਕ ਭੂਮਿਕਾ ਨੇ ਸਿੱਧ ਕਰ ਦਿੱਤਾ ਕਿ ਆਪਣੀ ਵਿਚਾਰਧਾਰਕ ਪਹੁੰਚ ਦੀਆਂ ਵਿਰੋਧਤਾਈਆਂ ਅਤੇ ਪਿਛਾਖੜੀ ਪੱਖਾਂ ਦੇ ਬਾਵਜੂਦ ਉਹ ਸੱਚੇ ਅਰਥਾਂ ਵਿੱਚ ਨਿਡਰ ਅਤੇ ਨਿਆਂ ਲਈ ਦ੍ਰਿੜ ਇਨਕਲਾਬੀ ਜਮਹੂਰੀਅਤਪਸੰਦ ਸੀ। 1894 ਵਿੱਚ ਫਰਾਂਸੀਸੀ ਫੌਜੀਤੰਤਰ ਦੇ ਉਲਟ ਇਨਕਲਾਬੀ-ਰਾਜਤੰਤਰਵਾਦੀ ਹਲਕਿਆਂ ਦੁਆਰਾ ਫਰਾਂਸੀਸੀ ਜਨਰਲ ਸਟਾਫ ਦੇ ਇੱਕ ਯਹੂਦੀ ਅਫਸਰ ਡਰਾਈਫਸ ਉੱਤੇ ਜਾਸੂਸੀ ਅਤੇ ਦੇਸ਼ ਧ੍ਰੋਹ ਦੇ ਝੂਠੇ ਆਰੋਪ ਵਿੱਚ ਮੁਕੱਦਮਾ ਚਲਾਕੇ ਉਸਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ। ਫੌਜੀ ਉਲਟ ਇਨਕਲਾਬੀਆਂ ਅਤੇ ਪੁਰੋਹਿਤਵਾਦੀਆਂ ਨੇ ਇਸ ਮਾਮਲੇ ਦਾ ਪੂਰੇ ਦੇਸ਼ ਵਿੱਚ ਯਹੂਦੀ-ਵਿਰੋਧੀ ਭਾਵਨਾਵਾਂ ਭੜਕਾਉਣ ਲਈ ਅਤੇ ਗਣਤੰਤਰਿਕ ਸ਼ਾਸਨ ਅਤੇ ਜਮਹੂਰੀ ਸੁਤੰਤਰਤਾ ਉੱਤੇ ਹਮਲਾ ਕਰਨ ਲਈ ਭਰਪੂਰ ਇਸਤੇਮਾਲ ਕੀਤਾ। ਪੂਰਾ ਦੇਸ਼ ਲੱਗਭਗ ਗ੍ਰਹਿਯੁੱਧ ਦੇ ਕਿਨਾਰੇ ਉੱਤੇ ਜਾ ਪਹੁੰਚਿਆ। ਅਜਿਹੇ ਸਮੇਂ ਵਿੱਚ ਕੁਝ ਪ੍ਰਗਤੀਸ਼ੀਲ ਬੁਰਜੂਆ ਜਮਹੂਰੀਅਤਪਸੰਦਾਂ ਅਤੇ ਕੁਝ ਸਮਾਜਵਾਦੀਆਂ ਨੇ ਡਰਾਈਫਸ ਮੁਕੱਦਮੇ ਦੀ ਫਿਰ ਤੋਂ ਸੁਣਵਾਈ ਲਈ ਇੱਕ ਵਿਆਪਕ ਮੁਹਿੰਮ ਚਲਾਈ ਅਤੇ ਸਾਰੇ ਮਾਮਲੇ ਨੇ ਇੱਕ ਵਿਸਫੋਟਕ ਰਾਜਨੀਤਕ ਸ਼ਕਲ ਅਖਤਿਆਰ ਕਰ ਲਈ। ਇਹ ਪੂਰਾ ਅੰਦੋਲਨ ਚਲਾਉਣ ਵਿੱਚ ਜ਼ੋਲਾ, ਜੌਨ ਜੋਰੇਸ, ਗੇਦ, ਅਨਾਤੋਲ ਫਰਾਂਸ ਆਦਿ ਦੀ ਮੋਹਰੀ ਭੂਮਿਕਾ ਸੀ। ਪਰ ਬਾਅਦ ਵਿੱਚ ਗੇਦ ਅਤੇ ਲਫਾਰਗ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਅਤੇ ਸੰਘਵਾਦੀ (ਸਿਡੀਕੇਲਿਸਟ) ਸਮਾਜਵਾਦੀਆਂ ਦੀ ਪਾਰਟੀ ਨੇ ਖੁਦ ਨੂੰ ਡਰਾਈਫਸ ਦੇ ਮਸਲੇ ਨੂੰ ਜਮਹੂਰੀ ਅਧਿਕਾਰ ਦਾ ਸਵਾਲ ਮੰਨਣ ਦੀ ਬਜਾਇ ਇਹ ਪਹੁੰਚ ਅਪਣਾਈ ਕਿ ਇਸ ‘ਬੁਰਜੂਆ ਗ੍ਰਹਿਯੁੱਧ’ ਵਿੱਚ ਮਜ਼ਦੂਰਾਂ ਨੂੰ ਕਿਸੇ ਵੀ ਪੱਖ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਨਿਰਸੰਦੇਹ, ਇਹ ਹਿਮਾਲਿਆ ਵਰਗੀ ਭੁੱਲ ਸੀ। ਗੇਦ ਅਤੇ ਜੋਰੇਸ ਨੇ ਵੀ ਆਪਣੀ-ਆਪਣੀ ਪਾਰਟੀ ਦੀ ਅਧਿਕਾਰਿਕ ਪਹੁੰਚ (ਬਹੁਮਤ ਦੀ ਪਹੁੰਚ) ਨੂੰ ਮੰਨ ਲਿਆ ਅਤੇ ਮੁਹਿੰਮ ਤੋਂ ਪਿੱਛੇ ਹੱਟ ਗਏ। 

ਇਸ ਘਟਨਾ ਨੇ ਸਮਾਜਵਾਦ ਦੀ ਮਾਰਕਸਵਾਦੀ ਧਾਰਾ ਪ੍ਰਤੀ ਜ਼ੋਲਾ ਦੇ ਤੁਅੱਸਬਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਭੂਮਿਕਾ ਨਿਭਾਈ। ਡਰਾਈਫਸ ਮੁਕੱਦਮੇ ਦੇ ਫੈਸਲੇ ਦੇ ਖਿਲਾਫ ਮੁਹਿੰਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, 1896 ਵਿੱਚ ਜ਼ੋਲਾ ਨੇ ਫਰਾਂਸ ਵਿੱਚ ਫੈਲੇ ਯਹੂਦੀ-ਵਿਰੋਧ ਦੀ ਨਸਲਵਾਦੀ ਮੁਹਿੰਮ ਖਿਲਾਫ਼ ਇੱਕ ਤਿੱਖਾ ਲੇਖ ਲਿਖਿਆ ਸੀ। ਇਸਤੋਂ ਬਾਅਦ ਹੀ ਕੁਝ ਬੁੱਧੀਜੀਵੀਆਂ ਨੇ ਜ਼ੋਲਾ ਨੂੰ ਡਰਾਈਫਸ ਮਾਮਲੇ ਵਿੱਚ ਹਿੱਸਾ  ਲੈਣ ਦੀ ਅਪੀਲ ਕੀਤੀ। ਜ਼ੋਲਾ ਦੀ ਮੁਹਿੰਮ ਵਿੱਚ ਸ਼ਮੂਲੀਅਤ ਕੇਵਲ ਜਮਹੂਰੀ ਅਧਿਕਾਰ ਰੱਖਿਆ ਦੀ ਭਾਵਨਾ ਤੋਂ ਹੀ ਪ੍ਰੇਰਿਤ ਨਹੀਂ ਸੀ। ਇਹ ਨਸਲਵਾਦ, ਅੰਨ੍ਹੀ ਕੌਮਪ੍ਰਸਤੀ, ਫੌਜੀਵਾਦ, ਰਾਜ ਮਸ਼ੀਨਰੀ ਦੇ ਲੋਕ ਵਿਰੋਧੀ ਚਰਿਤਰ ਅਤੇ ਸਮਾਜਿਕ ਅਸਹਿਣਸ਼ੀਲਤਾ ਦੇ ਸਭਿਆਚਾਰ ਦੇ ਬਹੁਮੁਖੀ ਵਿਰੋਧ ਉੱਤੇ ਅਧਾਰਿਤ ਸੀ। 13 ਜਨਵਰੀ 1898 ਨੂੰ ਪੈਰਿਸ ਦੇ ਸਾਹਿਤਕ ਅਖਬਾਰ ‘ਲ ਔਰੋਰ’ ਵਿੱਚ ਜ਼ੋਲਾ ਦਾ ਇਤਿਹਾਸ ਪ੍ਰਸਿੱਧ ਲੇਖ ‘ਆਈ ਐਕਸਕਿਊਜ’ ਪ੍ਰਕਾਸ਼ਤ ਹੋਇਆ। ਯੂਰਪ ਅਤੇ ਅਮਰੀਕਾ ਦੇ ਕਈ ਪੱਤਰਕਾਰਾਂ ਅਤੇ ਇਤਿਹਾਸਕਾਰਾਂ ਨੇ ਇਸ ਨੂੰ ਇਤਿਹਾਸ ਦੇ ਮਹਾਨਤਮ ਅਖਬਾਰੀ ਲੇਖ ਦਾ ਨਾਂ ਦਿੱਤਾ ਹੈ। ਫਰਾਂਸੀਸੀ ਇਤਿਹਾਸਕਾਰ ਜਯਾ-ਦੋਨੀ ਬਰੇਦਾਂ ਫਰਾਂਸ ਦੇ ਰਾਸ਼ਟਰਪਤੀ ਦੇ ਨਾਮ ਖੁੱਲ੍ਹੀ ਚਿੱਠੀ ਦੇ ਰੂਪ ਵਿੱਚ ਲਿਖੇ ਗਏ 4000 ਸ਼ਬਦਾਂ ਦੇ ਇਸ ਲੇਖ ਦੇ ਪ੍ਰਕਾਸ਼ਨ ਕਾਰਨ 13 ਜਨਵਰੀ 1898 ਦੀ ਤਰੀਕ ਨੂੰ ਪੱਤਰਕਾਰਿਤਾ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਦਿਨ ਦੱਸਦੇ ਹਨ। ਅੱਜ ਵੀ ਇਹ ਲੇਖ ਨਾ ਕੇਵਲ ‘ਪਾਲਿਮਿਕਸ ਦਾ ਮਾਸਟਰਪੀਸ’ ਮੰਨਿਆ ਜਾਂਦਾ ਹੈ ਸਗੋਂ ਸਾਹਿਤਕ ਸ਼ੈਲੀ ਦੀ ਨਜ਼ਰ ਤੋਂ ਵੀ ਬੇਜੋੜ ਮੰਨਿਆ ਜਾਂਦਾ ਹੈ। ਇਸ ਲੇਖ ਦੇ ਪ੍ਰਕਾਸ਼ਨ ਨੂੰ ਅਨਾਤੋਲ ਫਰਾਂਸ ਨੇ ‘ਸਦੀ ਦੀਆਂ ਸਭ ਤੋਂ ਵੱਧ ਸਾਹਸਪੂਰਨ ਕਾਰਵਾਈਆਂ ਵਿੱਚੋਂ ਇੱਕ’ ਕਿਹਾ ਸੀ। 13 ਜਨਵਰੀ 1898 ਨੂੰ ‘ਲ ਔਰੋਰ’ ਅਖਬਾਰ ਦੀਆਂ ਤਿੰਨ ਲੱਖ ਕਾਪੀਆਂ ਛਪੀਆਂ। ਇਸ ਪ੍ਰਸਿੱਧ ਲੇਖ ਵਿੱਚ ਜ਼ੋਲਾ ਨੇ ਕਿਹਾ ਸੀ-”ਜੇਕਰ ਸੱਚਾਈ ਛੁਪਾਈ ਜਾਵੇਗੀ, ਉਸਨੂੰ ਉਹਲੇ ਰੱਖਿਆ ਜਾਵੇਗਾ ਤਾਂ ਉਹ ਇਕੱਠੀ ਹੁੰਦੀ ਜਾਵੇਗੀ ਅਤੇ ਏਨੀ ਵਿਸਫੋਟਕ ਤਾਕਤ ਹਾਸਲ ਕਰ ਲਵੇਗੀ ਕਿ ਜਦੋਂ ਉਹ ਫਟੇਗੀ ਤਾਂ ਆਪਣੇ ਨਾਲ਼ ਹਰ ਚੀਜ਼ ਨੂੰ ਉੱਡਾ ਦੇਵੇਗੀ……….. ਮੈਂ ਇੱਥੇ ਜੋ ਕਾਰਵਾਈ ਕਰ ਰਿਹਾ ਹਾਂ, ਉਹ ਸੱਚਾਈ ਅਤੇ ਨਿਆਂ ਦੇ ਵਿਸਫੋਟ ਨੂੰ ਤੇਜ਼ ਕਰਨ ਦਾ ਇਨਕਲਾਬੀ ਸਾਧਨ ਹੀ ਹੈ।”

ਇਸ ਲੇਖ ਦੇ ਪ੍ਰਕਾਸ਼ਨ ਦੇ ਨਾਲ਼ ਹੀ ਪੂਰੇ ਫਰਾਂਸ ਵਿੱਚ ਮੰਨੋ ਹੰਗਾਮਾ ਹੋ ਗਿਆ। ਨਾ ਕੇਵਲ ਫੌਜੀ ਅਧਿਕਾਰੀ ਅਤੇ ਸਾਰੇ ਨਸਲਵਾਦੀ ਉਲਟ-ਇਨਕਲਾਬੀ ਜ਼ੋਲਾ ਉੱਤੇ ਟੁੱਟ ਪਏ ਸਗੋਂ ਪੂਰੀ ਹਕੂਮਤ ਨੂੰ ਉਸਦਾ ‘ਦੁਸਾਹਸ’ ਗਵਾਰਾ ਨਹੀਂ ਲੱਗਿਆ। ਜ਼ੋਲਾ ਉੱਤੇ ਅਵੱਗਿਆ ਦਾ ਮੁਕੱਦਮਾ ਚੱਲਿਆ ਅਤੇ ਉਸਨੂੰ ਦੋਸ਼ੀ ਠਹਿਰਾਇਆ ਗਿਆ। ਮੁਕੱਦਮੇ ਦੌਰਾਨ ਅਦਾਲਤ ਅੰਦਰ ਅਤੇ ਬਾਹਰ ਉਲ਼ਟ-ਇਨਕਲਾਬੀ ਗੁੰਡੇ ਇਕੱਠੇ ਹੋ ਕੇ ‘ਜ਼ੋਲਾ ਮੁਰਦਾਬਾਦ!’ ਦੇ ਨਾਅਰੇ ਲਾਉਂਦੇ ਰਹਿੰਦੇ ਸਨ। ਸਜ਼ਾ ਤੋਂ ਬਚਣ ਲਈ ਜ਼ੋਲਾ ਇੰਗਲੈਂਡ ਚਲਾ ਗਿਆ। ਇਸ ਪੂਰੇ ਪ੍ਰਕਰਣ ਕਾਰਨ ਲੋਕਮਤ ਦਾ ਦਬਾ ਏਨਾ ਵਧ ਗਿਆ ਕਿ 1898 ਵਿੱਚ ਡਰਾਈਫਸ ਮੁਕੱਦਮਾ ਮੁੜ-ਵਿਚਾਰ ਲਈ ਖੋਲ੍ਹਿਆ ਗਿਆ। ਇੱਕ ਵਾਰ ਫੇਰ ਉਸਨੂੰ ਦੋਸ਼ੀ ਠਹਿਰਾਇਆ ਗਿਆ, ਪਰ ਹਵਾ ਦਾ ਰੁਖ ਦੇਖਦੇ ਹੋਏ ਉਸਨੂੰ ਮਾਫ਼ੀ ਦੇ ਕੇ ਰਿਹਾ ਕਰ ਦਿੱਤਾ ਗਿਆ। ਹੁਣ ਡਰਾਈਫਸ ਤੋਂ ਵੀ ਜਿਆਦਾ ਜ਼ੋਲਾ ਉਲਟ-ਇਨਕਲਾਬੀਆਂ ਦੀ ਨਫਰਤ ਦਾ ਪਾਤਰ ਬਣ ਚੁੱਕਿਆ ਸੀ। ਪ੍ਰਸੰਗ ਵਜੋਂ, ਡਰਾਈਫਸ ਮੁਕੱਦਮੇ ਬਾਰੇ ਇੱਥੇ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ 1906 ਵਿੱਚ, ਭਾਵ ਜ਼ੋਲਾ ਦੀ ਮੌਤ ਦੇ ਚਾਰ ਵਰ੍ਹਿਆਂ ਬਾਅਦ ਅਪੀਲ ਅਦਾਲਤ ਨੇ ਡਰਾਈਫਸ ਨੂੰ ਨਿਰਦੋਸ਼ ਠਹਿਰਾਇਆ ਅਤੇ ਫੌਜ ਵਿੱਚ ਉਸਦੇ ਅਹੁਦੇ ਉੱਤੇ ਫਿਰ ਤੋਂ ਬਹਾਲ ਕਰ ਦਿੱਤਾ ਗਿਆ। 

 1899 ਵਿੱਚ ਡਰਾਈਫਸ ਨੂੰ ਮਾਫੀ ਮਿਲਣ ਤੋਂ ਬਾਅਦ ਜੋਲਾ ਫਰਾਂਸ ਵਾਪਸ ਆ ਗਿਆ ਸਾਰੇ ਖਤਰਿਆਂ ਦੇ ਬਾਵਜੂਦ ਜਮਹੂਰੀ ਅਧਿਕਾਰਾਂ ਪ੍ਰਤੀ ਜ਼ੋਲਾ ਦੀ ਪ੍ਰਤੀਬੱਧਤਾ ਨਾ ਕੇਵਲ ਬਰਕਰਾਰ ਰਹੀ ਸਗੋਂ ਪਹਿਲਾਂ ਤੋਂ ਵੀ ਜਿਆਦਾ ਮਜ਼ਬੂਤ ਹੋ ਗਈ। ਫਰਾਂਸ ਵਾਪਸ ਆਉਂਦੇ ਹੀ ਉਹ ਜੇਲ੍ਹਾਂ ਵਿੱਚ ਬੰਦ ਅਰਾਜਕਤਾਵਾਦੀਆਂ ਦੀ ਰਿਹਾਈ ਲਈ ਜਾਰੀ ਇੱਕ ਮੁਹਿੰਮ ਵਿੱਚ ਸ਼ਾਮਲ ਹੋ ਗਿਆ। ਪਰ ਉਸਦਾ ਲਿਖਣ-ਕਾਰਜ ਪਹਿਲਾਂ ਵਾਂਗ ਹੀ ਲਗਾਤਾਰਤਾ ਨਾਲ਼ ਜ਼ਾਰੀ ਰਿਹਾ। ਡਰਾਈਫਸ ਪ੍ਰਕਰਣ ਨੇ ਜ਼ੋਲਾ ਦੇ ਰਾਜਨੀਤਕ ਦ੍ਰਿਸ਼ਟੀਕੋਣ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਰਾਜਸੱਤਾ ਦੇ ਸਵਾਲ ਉੱਤੇ ਉਸਨੇ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕੀਤਾ। ਇਸ ਅਨੁਮਾਨ ਦਾ ਲੋੜੀਦਾਂ ਅਧਾਰ ਹੈ ਕਿ ਰਾਜਸੱਤਾ ਦੀ ਭੂਮਿਕਾ ਉੱਤੇ ਜ਼ੋਲਾ ਦੇ ਨਵੇਂ ਚਿੰਤਨ ਦਾ ਉਸਦੇ ਯੂਟੋਪਿਆਈ ਸਮਾਜਵਾਦੀ ਪ੍ਰੋਜੈਕਟ ਨਾਲ਼ ਸੁਮੇਲ ਉਸਨੂੰ ਆਉਣ ਵਾਲ਼ੇ ਦਿਨਾਂ ਵਿੱਚ ਵਿਗਿਆਨਕ ਸਮਾਜਵਾਦ ਅਤੇ ਮਜ਼ਦੂਰ ਇਨਕਲਾਬ ਦੇ ਸੰਕਲਪ ਦੇ ਨਜ਼ਦੀਕ ਲਿਆ ਸਕਦਾ ਸੀ, ਪਰ ਮੌਤ ਨੇ ਉਸਨੂੰ ਇਸਦਾ ਮੌਕਾ ਨਾ ਦਿੱਤਾ। ਜ਼ੋਲਾ ਦੀ ਆਖਰੀ ਨਾਵਲ-ਲੜੀ ਦੀ ਤੀਸਰੀ ਕੜੀ ‘ਟਰੁੱਥ’ (1902) ਕਾਫੀ ਹੱਦ ਤੱਕ ਡਰਾਈਫਸ-ਪ੍ਰਕਰਣ ਦਾ ਨਾਵਲੀ ਰੂਪਾਂਤਰਣ ਮੰਨਿਆ ਜਾ ਸਕਦਾ ਹੈ। ਇੱਥੇ ਜ਼ੋਲਾ ਇੱਕ ਵਾਰ ਫਿਰ ਆਪਣੀ ਉਸੇ ਪੁਰਾਣੀ ‘ਪੋਲੇਮਿਕਲ’, ਉਸੇ ਬੇਕਿਰਕ ਤੇਜ਼ਾਬੀ ਅਲੋਚਨਾ ਦੀ ਧਾਰ ਅਤੇ ਕਰੜੀ ਤੋਂ ਕਰੜੀ ਅਤੇ ਸਭ ਤੋਂ ਵੱਧ ਨੰਗੇ ਯਥਾਰਥ ਦੇ ਬੇਲਾਗਲਪੇਟ ਬਿਆਨ ਦੇ ਉਸੇ ਸਾਹਸ ਨਾਲ਼ ਸਾਹਮਣੇ ਆਉਂਦਾ ਹੈ ਜੋ ਰੂਜੋਂ-ਮਕਾਰ ਲੜੀ ਦੇ ਕੁਝ ਸਭ ਤੋਂ ਚੰਗੇ ਨਾਵਲਾਂ ਦਾ ਵਿਸ਼ੇਸ਼ ਲੱਛਣ ਸੀ। ਧਰਮ ਨਾਲ਼ ਉਸਦੀ ਦੁਸ਼ਮਣੀ ਹੁਣ ਹੋਰ ਵੀ ਪ੍ਰਚੰਡ ਹੋ ਚੁੱਕੀ ਸੀ। ‘ਟਰੁੱਥ’ ਵਿੱਚ ਉਹ ਲਿਖਦਾ ਹੈ-”ਉਹਨਾਂ ਸਾਰੇ ਦੇਸ਼ਾਂ ਵਿੱਚ, ਜਿੱਥੇ ਕੈਥੋਲਿਕਵਾਦ ਦੀ ਜਿੱਤ ਹੋਈ ਹੈ, ਗੰਦਗੀ ਅਤੇ ਜ਼ਹਿਰੀਲੇ ਕੀੜਿਆਂ ਦਾ ਦਬਦਬਾ ਕਾਇਮ ਹੈ।”

ਆਪਣੀ ਅੰਤਿਮ ਨਾਵਲ ਲੜੀ ਦੇ ਆਖਰੀ ਨਾਵਲ ‘ਜਸਟਿਸ’ ਨੂੰ ਜ਼ੋਲਾ ਪੂਰਾ ਨਾ ਕਰ ਸਕਿਆ। ਅਪਾਰਮੈਂਟ ਦੀ ਚਿਮਨੀ ਬੰਦ ਹੋ ਜਾਣ ਕਰਕੇ ਕਾਰਬਨ ਮੋਨੋਆਕਸਾਈਡ ਗੈਸ ਨਾਲ਼ ਦਮ ਘੁਟਣ ਨਾਲ਼ 29 ਸਤੰਬਰ 1902 ਨੂੰ ਜ਼ੋਲਾ ਦੀ ਮੌਤ ਹੋ ਗਈ। ਉਸਦੀ ਰਹੱਸਮਈ ਮੌਤ ਦੀਆਂ ਹਾਲਤਾਂ ਕਦੇ ਵੀ ਸਪੱਸ਼ਟ ਨਹੀਂ ਹੋ ਸਕੀਆਂ ਪਰ ਸ਼ੱਕ ਉਸ ਸਮੇਂ ਤੋਂ ਲੈ ਕੇ ਅੱਧੀ ਸਦੀ ਬਾਅਦ ਤੱਕ ਪ੍ਰਗਟ ਕੀਤਾ ਜਾਂਦਾ ਰਿਹਾ ਕਿ ਜ਼ੋਲਾ ਨਾਲ਼ ਨਫਰਤ ਕਰਨ ਵਾਲ਼ੇ ਕਿਸੇ ਗੁਟ ਨੇ ਹੀ ਉਸਦੇ ਫਲੈਟ ਦੀ ਚਿਮਨੀ ਬੰਦ ਕਰ ਦਿੱਤੀ ਸੀ ਅਤੇ ਉਸਦੀ ਮੌਤ ਦੁਰਘਟਨਾ ਨਹੀਂ ਸੀ ਸਗੋਂ ਉਹ ਕਤਲ ਦੀ ਸਾਜਿਸ਼ ਦਾ ਸ਼ਿਕਾਰ ਹੋਇਆ ਸੀ। ਜ਼ੋਲਾ ਦੀ ਮੌਤ ਦੀ ਖਬਰ ਫੈਲਦੇ ਹੀ ਨਗਰ ਦੀਆਂ ਦੁਕਾਨਾਂ ਬੰਦ ਹੋ ਗਈਆਂ। ਲੋਕ ਦਫਤਰਾਂ-ਘਰਾਂ ਤੋਂ ਬਾਹਰ ਨਿੱਕਲ਼ ਆਏ। ਛੇ ਦਿਨਾਂ ਬਾਅਦ ਉਸਨੂੰ ਦਫਨਾਉਣ ਲਈ ਲੈ ਜਾਇਆ ਜਾ ਰਿਹਾ ਸੀ, ਸੜਕਾਂ ਦੇ ਕਿਨਾਰੇ ਖੜ੍ਹੇ ਖਾਣ ਮਜ਼ਦੂਰ ”ਜਰਮਿਨਲ! ਜਰਮਿਨਲ” ਚੀਕ ਰਹੇ ਸਨ। ਦਫਨਾਉਣ ਲਈ ਲੈ ਕੇ ਜਾਣ ਵਾਲ਼ਿਆਂ ਵਿੱਚ ਅਨਾਤੋਲ ਫਰਾਂਸ ਅਤੇ ਕਈ ਲੋਕਪ੍ਰਿਅ ਲੇਖਕਾਂ-ਕਲਾਕਾਰਾਂ ਤੋਂ ਵੀ ਇਲਾਵਾ ਕੈਪਟਨ ਡਰਾਈਫਸ ਵੀ ਸ਼ਾਮਲ ਸੀ। ਆਪਣੀ ਮੌਤ ਸਮੇਂ ਤੱਕ ਜ਼ੋਲਾ ਨਾ ਸਿਰਫ ਯੂਰਪ ਦੇ ਮਹਾਨਤਮ ਨਾਵਲਕਾਰਾਂ ਵਿੱਚ ਮੰਨਿਆਂ ਜਾਣ ਲੱਗ ਪਿਆ ਸੀ, ਸਗੋਂ ਸੱਚਾਈ ਅਤੇ ਨਿਆਂ ਦੀ ਰੱਖਿਆ ਲਈ ਤਿਆਰ ਬਹਾਦਰ ਬੁੱਧੀਜੀਵੀ ਅਤੇ ਕਿਰਤੀਆਂ ਦੇ ਪੱਖ ਵਿੱਚ ਖੜ੍ਹਾ ਹੋਣ ਦੇ ਰੂਪ ਵਿੱਚ ਉਸਦੀ ਪ੍ਰਸਿੱਧੀ ਫਰਾਂਸ ਦੀਆਂ ਹੱਦਾਂ ਤੋਂ ਬਾਹਰ ਪੂਰੇ ਯੂਰਪ ਅਤੇ ਅਮਰੀਕਾ ਤੱਕ ਫੈਲ ਚੁੱਕੀ ਸੀ। ਛੇ ਵਰ੍ਹਿਆਂ ਬਾਅਦ 1908 ਵਿੱਚ ਜ਼ੋਲਾ ਦੀਆਂ ਅਸਥੀਆਂ ਨੂੰ ਪੈਂਥਿਅਨ ਲਜਾਇਆ ਗਿਆ ਅਤੇ ਉੱਥੇ ਹੀ ਵੋਲਤੇਅਰ, ਰੂਸੋ, ਵਿਕਟਰ ਹਿਊਗੋ, ਵਰਗੇ ਅਜਿਹੇ ਫਰਾਂਸੀਸੀ ਲੇਖਕਾਂ ਦੀਆਂ ਸਮਾਧੀਆਂ ਸੰਗ ਹੀ ਉਸਦੀ ਸਮਾਧੀ ਬਣਾਈ ਗਈ, ਜਿਹਨਾਂ ਨੇ ਜ਼ੋਲਾ ਦੀ ਤਰ੍ਹਾਂ ਹੀ ਫਰਾਂਸੀਸੀ ਸਮਾਜ ਅਤੇ ਸਾਹਿਤ ਦੇ ਇਤਿਹਾਸ ਦੀ ਦਿਸ਼ਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਆਪਣੀ ਆਖਰੀ ਨਾਵਲ ਲੜੀ ਉੱਤੇ ਕੰਮ ਕਰਦੇ ਸਮੇਂ ਜ਼ੋਲਾ ਇੱਕ ਨਵੇਂ ਕਿਸਮ ਦੇ ਲੋਕਪ੍ਰਿਅ ਥਿਏਟਰ ਦੇ ਪ੍ਰਯੋਗ ਦਾ ਮਹੱਤਵਅਕਾਂਕਸ਼ੀ ਸੁਫਨਾ ਵੀ ਵੇਖ ਰਿਹਾ ਸੀ। ‘ਫਰਾਂਸ ਮਾਰਚੇਜ਼ ਆਨ’ ਨਾਮਕ ਨਾਟਕਾਂ ਦੀ ਲੜੀ ਜ਼ਰੀਏ ਉਹ ਉਸ ਤੀਸਰੀ ਜਮਹੂਰੀਅਤ ਵਿਰੁੱਧ ਆਪਣਾ ਸੰਘਰਸ਼ ਜ਼ਾਰੀ ਰੱਖਣਾ ਚਾਹੁੰਦਾ ਸੀ ਜਿਸਦੇ ਇਨਕਲਾਬੀ ਮਖੌਟੇ ਪਿੱਛੇ ਰਾਜਤੰਤਰਵਾਦੀ ਸਪਿਰਿਟ ਲਗਾਤਾਰ ਮੌਜੂਦ ਰਹੀ। ਸਮੇਂ ਤੋਂ ਪਹਿਲਾਂ ਮੌਤ ਨੇ ਜ਼ੋਲਾ ਦਾ ਇਹ ਸੁਪਨਾ ਵੀ ਪੂਰਾ ਨਹੀਂ ਹੋਣ ਦਿੱਤਾ। 

ਏਮਿਲ ਜ਼ੋਲਾ ਦੀ ਸਾਹਸਪੂਰਨ ਲੋਕਪੱਖਤਾ ਬਾਰੇ ਭਾਵੇਂ ਕੋਈ ਸਵਾਲ ਨਾ ਉਠਾਇਆ ਜਾਂਦਾ ਹੋਵੇ ਪਰ ਖੱਬੇਪੱਖੀ ਧਾਰਾ ਦੇ ਜ਼ਿਆਦਾਤਰ ਸਭ ਤੋਂ ਉੱਚੇ ਸਮਾਲੋਚਕਾਂ ਨੇ ਵੀ ਉਸਦੇ ਸਾਹਿਤ ਦਾ ਮੁਲਾਂਕਣ ਕਰਦੇ ਹੇਏ ਅਕਸਰ ਉਸਦੀ ਵਿਚਾਰਕ ਵਿਕਾਸ-ਪ੍ਰਕਿਰਿਆ ਦੀ ਦਿਸ਼ਾ ਦੀ ਅਣਦੇਖੀ ਕੀਤੀ ਹੈ ਅਤੇ ਇਕਹਿਰੇਪਣ ਅਤੇ ਸਥੈਤਿਕਤਾ (ਸਟੈਟਿਕ) ਦੀ ਪਹੁੰਚ ਪੱਧਤੀ ਅਪਣਾਈ ਹੈ।

ਜ਼ੋਲਾ ਦੀ ਅਲੋਚਨਾ ਅਕਸਰ ਪ੍ਰਕਿਰਤੀਵਾਦ ਦੇ ਉਸਦੇ ਸਿਧਾਂਤ ਅਤੇ ਪੇਸ਼ਕਾਰੀ ਪੱਧਤੀ ਨੂੰ ਲੈ ਕੇ ਕੀਤੀ ਜਾਂਦੀ ਹੈ। ਜ਼ੋਲਾ ਦੀਆਂ ਰਚਨਾਵਾਂ ਵਿੱਚ ਬਾਲਜ਼ਾਕ ਅਤੇ ਸਤਾਂਧਾਲ ਦੇ ਮਹਾਨ ਯਥਾਰਥਵਾਦ ਦੇ ਖੁਰਨ ਖਿੰਡਣ ਵਿੱਚ ਜ਼ੋਲਾ ਘੱਟ ਅਤੇ ਪੂੰਜੀਵਾਦ ਦੇ ਇਤਿਹਾਸ ਦਾ ਉਹ ਦੌਰ ਜਿਆਦਾ ਜਿੰਮੇਵਾਰ ਸੀ, ਜਿਸ ਵਿੱਚ ਜ਼ੋਲਾ ਨੇ ਆਪਣਾ ਜੀਵਨ ਬਿਤਾਇਆ ਅਤੇ ਲਿਖਿਆ। ਗਿਓਰਗੀ ਪਲੇਖਾਨੋਵ ਲਿਖਦੇ ਹਨ-”ਸ਼ੁਰੂਆਤੀ ਯਥਾਰਥਵਾਦੀਆਂ ਦੀ ਸੰਕੀਰਣਤਾਵਾਦੀ, ਅਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਪਿਛਾਖੜੀ ਮਨੋਦਸ਼ਾ ਆਪਣੇ ਵਾਤਾਵਰਨ ਦਾ ਭਰਵਾਂ ਅਧਿਐਨ ਕਰਨ ਅਤੇ ਮਹਾਨ ਕਲਾਤਮਕ ਮੁੱਲ ਦੀਆਂ ਚੀਜਾਂ ਸਿਰਜਣ ਵਿੱਚ ਉਹਨਾਂ ਅੱਗੇ ਨਹੀਂ ਖਲੋਦੀਆਂ ਸਨ। ਨਿਰਸੰਦੇਹ ਇਸ ਨਾਲ਼ ਉਹਨਾਂ ਦੀ ਦ੍ਰਿਸ਼ਟੀ ਦੀ ਹੱਦ ਕਾਫੀ ਤੰਗ ਹੋ ਗਈ। ਆਪਣੇ ਸਮੇਂ ਦੀਆਂ ਮਹਾਨ ਮੁਕਤੀ ਲਹਿਰਾਂ ਤੋਂ ਖਿੱਝ ਕੇ ਮੁੰਹ ਫੇਰ ਲੈਣ ਕਰਕੇ, ਉਹਨਾਂ ਨੇ ਆਪਣੇ ਪ੍ਰੇਖਣ ਸਿੱਪੀਆਂ ਵਿੱਚ ‘ਮਗਰਮੱਛਾਂ’ ਵਿੱਚੋਂ ਸਭ ਤੋਂ ਦਿਲਚਸਪ ਨਮੂਨਿਆਂ ਨੂੰ ਛਾਂਟਕੇ ਅਲੱਗ ਕਰ ਲਿਆ, ਉਹਨਾਂ ਲੋਕਾਂ ਨੂੰ ਜਿਹਨਾਂ ਦਾ ਅੰਦਰੂਨੀ ਜੀਵਨ ਸਭ ਤੋਂ ਖੁਸ਼ਹਾਲ ਸੀ। ਤੱਤ ਰੂਪ ਵਿੱਚ ਉਹਨਾਂ ਨੇ ਜਿਸ ਵਾਤਾਵਰਨ ਦਾ ਅਧਿਐਨ ਕੀਤਾ, ਉਸ ਪ੍ਰਤੀ ਉਹਨਾਂ ਦੇ ਬਾਹਰਮੁਖੀ ਦ੍ਰਿਸ਼ਟੀਕੋਣ ਵਿੱਚ, ਹਮਦਰਦੀ ਦੀ ਘਾਟ ਸੀ। ਜਦੋਂ ਇਹ ਸੁਭਾਵਿਕ ਹੀ ਸੀ ਕਿ ਉਹਨਾਂ ਨੂੰ, ਆਪਣੇ ਰੂੜ੍ਹੀਵਾਦ ਕਾਰਨ, ਸਿਰਫ ਘਿਸੇ-ਪਿਟੇ ਮੱਧਵਰਗੀ ਜੀਵਨ ਦੇ ‘ਗੰਦਗੀ ਭਰੇ ਚਿੱਕੜ’ ਵਿੱਚ ਪੈਦਾ ਹੋਣ ਵਾਲ਼ੇ ‘ਨੀਚ ਵਿਚਾਰ’ ਹੀ ਦਿਖਾਈ ਦਿੱਤੇ, ਜਿਸ ਨਾਲ਼ ਉਹ ਹਮਦਰਦੀ ਨਹੀਂ ਰੱਖ ਸਕਦੇ ਸਨ। ਪਰ ਜਿਹਨਾਂ ਨੂੰ ਉਹ ਦੇਖ ਜਾਂ ਸਿਰਜ ਰਹੇ ਸਨ ਉਹਨਾਂ ਪ੍ਰਤੀ ਹਮਦਰਦੀ ਦੀ ਘਾਟ ਜਲਦੀ ਹੀ ਉਹਨਾਂ ਦੀ ਦਿਲਚਸਪੀ ਨੂੰ ਘਟਾ ਦੇਣ ਵਾਲ਼ੀ ਸੀ ਅਤੇ ਅਜਿਹਾ ਹੋਇਆ ਵੀ। ਇਸ ਪ੍ਰਕਾਰ, ਪ੍ਰਕਿਰਤੀਵਾਦ, ਜਿਸਦੀ ਸ਼ੁਰੂਆਤ ਉਹਨਾਂ ਦੀਆਂ ਆਕਰਸ਼ਕ ਰਚਨਾਵਾਂ ਤੋਂ ਹੋਈ, ਜਲਦੀ ਹੀ ਹੁਈਸਮਾਨ ਦੇ ਸ਼ਬਦਾਂ ਵਿੱਚ, ”ਇੱਕ ਅੰਨੀ ਗਲ੍ਹੀ, ਇੱਕ ਬੰਦ ਸੁਰੰਗ ਵਿੱਚ” ਜਾ ਪਹੁੰਚਿਆ। ਹੁਣ ਇਹ, ਹੁਈਸਮਾਨ ਦੇ ਸ਼ਬਦਾਂ ਵਿੱਚ, ਸਿਫਲਿਸ ਸਮੇਤ ਹਰੇਕ ਚੀਜ ਨੂੰ ਆਪਣੀ ਵਿਸ਼ਾਵਸਤੂ ਬਣਾ ਸਕਦਾ ਸੀ। ਪਰ ਆਧੁਨਿਕ ਮਜ਼ਦੂਰ ਜਮਾਤੀ ਲਹਿਰ ਉਹਨਾਂ ਦੇ ਘੇਰੇ ਤੋਂ ਬਾਹਰ ਹੀ ਰਹੀ। ਬੇਸ਼ੱਕ, ਮੈਂ ਇਹ ਨਹੀਂ ਭੁੱਲਿਆਂ ਹਾਂ ਕਿ ਜ਼ੋਲਾ ਨੇ ‘ਜਰਮਿਨਲ’ ਵੀ ਲਿਖਿਆ। ਪਰ ਇਸ ਨਾਵਲ ਦੇ ਕਮਜ਼ੋਰ ਨੁਕਤਿਆਂ ਨੂੰ ਵੀ ਛੱਡ ਦਈਏ ਤਾਂ ਵੀ, ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਜ਼ੋਲਾ, ਜਿਵੇਂ ਕਿ ਉਸਨੇ ਕਿਹਾ ਸੀ, ਸਮਾਜਵਾਦ ਵੱਲ ਝੁੱਕਣ ਲੱਗਾ ਸੀ, ਉੱਥੇ ਉਸਦੀ ਕਥਿਤ ਪ੍ਰਯੋਗਾਤਮਕ ਵਿਧੀ ਮਹਾਨ ਸਮਾਜਿਕ ਲਹਿਰਾਂ ਦੇ ਕਲਾਤਮਕ ਅਧਿਐਨ ਅਤੇ ਵਰਣਨ ਲਈ ਅਢੁੱਕਵੀਂ ਸੀ ਅਤੇ ਅਢੁੱਕਵੀਂ ਹੀ ਬਣੀ ਰਹੀ। ਇਹ ਵਿਧੀ ਉਸ ਭੌਤਿਕਵਾਦ ਦੇ ਦ੍ਰਿਸ਼ਟੀਕੋਣ ਨਾਲ਼ ਨਜ਼ਦੀਕੀ ਤੌਰ ‘ਤੇ ਜੁੜੀ ਹੋਈ ਸੀ ਜਿਸਨੂੰ ਮਾਰਕਸ ਨੇ ਪ੍ਰਕਿਰਤਿਕ-ਵਿਗਿਆਨ ਕਿਹਾ ਸੀ, ਜੋ ਇਹ ਸਮਝ ਪਾਉਣ ਵਿੱਚ ਅਸਫਲ ਹੁੰਦਾ ਹੈ ਕਿ ” ਸਮਾਜਿਕ ਮਨੁੱਖ ਦੀਆਂ ਕਾਰਵਾਈਆਂ, ਮਾਨਸਿਕ ਰੁਝਾਨਾਂ, ਦਿਲਚਸਪੀਆਂ ਅਤੇ ਆਦਤਾਂ ਦੀ ਸਰੀਰ-ਕ੍ਰਿਆ ਵਿਗਿਆਨ ਜਾਂ ਰੋਗ ਵਿਗਿਆਨ ਦੁਆਰਾ ਸਮੁੱਚੇ ਰੂਪ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ, ਕਾਰਨ ਇਹ ਕਿ ਉਹ ਸਮਾਜਿਕ ਸੰਬੰਧਾਂ ਦੁਆਰਾ ਨਿਰਧਾਰਿਤ ਹੁੰਦੀਆਂ ਹਨ।”(‘ਕਲਾ ਅਤੇ ਸਮਾਜਿਕ ਜੀਵਨ’)

ਰਾਲਫ ਫਾਕਸ ਜ਼ੋਲਾ ਦੀ ਪ੍ਰਤਿਭਾ ਅਤੇ ਪ੍ਰਯੋਗਾਂ ਦੇ ਕੁਝ ਵੱਧ ਮੁਰੀਦ ਦਿਖਾਈ ਦਿੰਦੇ ਹਨ। ਉਹ ਆਪਣੀ ਰਚਨਾ ‘ਨਾਵਲ ਅਤੇ ਲੋਕ ਜੀਵਨ’ ਵਿੱਚ 19 ਵੀਂ ਸਦੀ ਦੇ ਪੂੰਜੀਵਾਦੀ ਸਮਾਜ ਦੇ ਉਸ ਮਨੁੱਖ ਦੋਖੀ,ਕਲਾ ਦੋਖੀ ਚਰਿੱਤਰ ਦੀ ਖੁੱਲ੍ਹ ਕੇ ਚਰਚਾ ਕਰਦੇ ਹਨ ਜੋ ਜੇਰੋਰ ਲਾਬੂਰਇਨ, ਆਰਥਰ ਰਿੰਬੂ, ਪਾਲ ਗੋਗਾਂ, ਪਾਲ ਸੇਜਾਂ, ਵਿਨਸੇਟ ਵੈਨ ਗਾਗ ਆਦਿ ਲੇਖਕ-ਕਲਾਕਾਰਾਂ ਦੀ ਆਤਮਹੱਤਿਆ, ਪਾਗਲਪਨ, ਸਮਾਜਿਕ ਜੀਵਨ ਤੋਂ ਪਲਾਇਨ ਜਾਂ ਫਿਰ ਆਪਣੀਆਂ ਰਚਨਾਵਾਂ ਨੂੰ ਨਸ਼ਟ ਕਰ ਦੇਣ ਲਈ ਮਜ਼ਬੂਰ ਕਰ ਦਿੰਦਾ ਹੈ। ਉਹ ਫੇਰ ਅੱਗੇ ਲਿਖਦੇ ਹਨ-”ਪਰ ਠੀਕ ਉਸੇ ਸਮੇਂ ਵਿੱਚ ਉਹਨਾਂ ਦਾ ਮਿੱਤਰ ਅਤੇ ਹਿਮਾਇਤੀ ਏਮਿਲ ਜ਼ੋਲਾ, ਅਸਪੱਸ਼ਟ ਪਰ ਸੱਚੇ ਮਾਅਨੇ ਵਿੱਚ ਪ੍ਰਤਿਭਾਵਾਨ ਹਨ੍ਹੇਰੇ ਵਿੱਚ ਟਟੋਲਦਾ ਹੋਇਆ ਰੋਸ਼ਨੀ ਵੱਲ ਵੱਧਦਾ ਹੈ ਅਤੇ ਜਿਉਂ ਜਿਉਂ ਮਜ਼ਦੂਰ ਜਮਾਤ ਦੇ ਕਠੋਰ ਅਤੇ ਕਰੜੇ, ਪਰ ਉਮੰਗ ਭਰੇ ਜੀਵਨ ਦੇ ਨੇੜੇ ਪਹੁੰਚਦਾ ਹੈ, ਉਸਨੂੰ ਆਪਣੇ ਅੰਦਰ ਇੱਕ ਨਵੀਂ ਅੱਗ ਦਾ ਅਹਿਸਾਸ ਹੁੰਦਾ ਹੈ। ਜ਼ੋਲਾ ਸਫਲ ਨਹੀਂ ਹੋ ਪਾਉਂਦਾ, ਆਪਣੇ ਪੂਰਵਜਾਂ ਦੇ ਗਲਤ ਸਿਧਾਂਤਾਂ ਨਾਲ਼ ਦਬਿਆ ਹੋਇਆ ਉਹ ਉਹਨਾਂ ਹੀ ਸਿਧਾਂਤਾਂ ਦੇ ਅਧਾਰ ਉੱਤੇ, ਪ੍ਰਕਿਰਤੀਵਾਦ ਦੇ ਘਾਤਕ ਅਤੇ ਮਸ਼ੀਨੀ ਸਿਧਾਂਤ ਦੀ ਰਚਨਾ ਕਰਦਾ ਹੈ। ਪਰ ਉਸਦੀ ਅਸਫਲਤਾ ਵੀ ਸ਼ਾਨਦਾਰ ਅਸਫਲਤਾ ਹੈ ਜਿਸਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ” (‘ਨਾਵਲ ਅਤੇ ਲੋਕ ਜੀਵਨ’)

ਜਾਰਜ ਲੁਕਾਚ ਅਲੋਚਨਾਤਮਕ ਯਥਾਰਥਵਾਦ ਦੇ ਮਹਾਨ ਮੋਹਰੀਆਂ ਦੀ ਜ਼ੋਲਾ ਤੋਂ ਪਹਿਲਾਂ ਵਾਲ਼ੀ ਪੀੜ੍ਹੀ ਨਾਲ਼ ਉਸਦੀ ਤੁਲਨਾ ਕਰਦੇ ਹੋਏ ਮੁੱਖ ਜ਼ੋਰ ‘ਸਮੁੱਚਤਾ’ ਦੀ ਧਾਰਨਾ ਉੱਤੇ ਦਿੰਦੇ ਹਨ ਅਤੇ ਜ਼ੋਲਾ ਦੀ ਇਸ ਗੱਲ ਲਈ ਅਲੋਚਨਾ ਕਰਦੇ ਹਨ ਕਿ ਉਹ ਸਿਰਫ ਤੱਥਾਂ ਦੇ ਵਿਸਤਾਰ ਵਿੱਚ ਜਾਂਦਾ ਹੈ ਅਤੇ ਉਹਨਾਂ ਨੂੰ ਇੱਕਠਾ ਕਰਨ ਦਾ ਕੰਮ ਕਰਦਾ ਹੈ। ਉਹ ਮੰਨਦੇ ਹਨ ਕਿ ਜ਼ੋਲਾ ਆਧੁਨਿਕ ਜੀਵਨ ਦੇ ਬਾਹਰੀ ਪਰਦੇ ਦਾ ਚਿੱਤਰਣ ਕਰਨ ਵਿੱਚ ਸਫਲ ਹੋਇਆ ਹੈ, ”ਪਰ ਸਿਰਫ ਬਾਹਰੀ ਪਰਦੇ ਦਾ ਹੀ। ਉਹ ਇੱਕ ਵਿਰਾਟ ਪੰਨਿਆਂ ਦੀ ਪੱਟੀ ਬਣਾਉਂਦੇ ਹਨ ਜਿਸ ਸਾਹਮਣੇ ਬੌਣੇ, ਖਿੰਡੇ-ਪੁੰਡੇ ਲੋਕ ਇੱਧਰ-ਉੱਧਰ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਆਪਣਾ ਖਿੰਡਿਆ ਪੁੰਡਿਆ ਜੀਵਨ ਜਿਉਂ ਰਹੇ ਹਨ। ਜ਼ੋਲਾ ਉਹ ਕਦੇ ਵੀ ਹਾਸਲ ਨਹੀਂ ਕਰ ਸਕਿਆ, ਜੋ ਮਹਾਨ ਯਥਾਰਥਵਾਦੀ ਬਾਲਜ਼ਾਕ, ਤਾਲਤਸਾਏ ਜਾਂ ਡਿਕੇਂਸ ਕਰ ਪਾਉਣ ਵਿੱਚ ਸਫਲ ਰਹੇ— ਸਮਾਜਿਕ ਸੰਬੰਧਾਂ ਨੂੰ ਮਨੁੱਖੀ ਸੰਬੰਧਾਂ ਦੇ ਰੂਪ ਵਿੱਚ ਅਤੇ ਸਮਾਜਿਕ ਵਸਤੂਆਂ ਦੇ ਇਹਨਾਂ ਸੰਬੰਧਾਂ ਦੇ ਵਾਹਕ ਦੇ ਰੂਪ ਵਿੱਚ ਪੇਸ਼ ਕਰਨਾ” (‘ਸਟੱਡੀਜ਼ ਇਨ ਯੂਰਪਿਅਨ ਰਿਅਲਿਜ਼ਮ’ ਵਿੱਚ ਸੰਕਲਿਤ ਲੇਖ ‘ਦਿ ਜ਼ੋਲਾ ਸੇਂਟੇਨਰੀ’)

ਇਹਨਾਂ ਅਲੋਚਨਾਵਾਂ ਦੀ ਅਲੋਚਨਾ ਦੇ ਕ੍ਰਮ ਵਿੱਚ ਸਭ ਤੋਂ ਪਹਿਲਾਂ ਅਸੀਂ ਜ਼ੋਲਾ ਦੇ ‘ਪ੍ਰਕਿਰਤੀਵਾਦ ਦੇ ਸਿਧਾਂਤ’ ਅਤੇ ਪੇਸ਼ਕਾਰੀ ਪੱਧਤੀ ਦੀ ਚਰਚਾ ਕਰਾਂਗੇ। ਜ਼ੋਲਾ 1867 ਤੋਂ ਲੈ ਕੇ ਮੌਤ ਤੱਕ ਆਪਣੇ ਆਪ ਨੂੰ ਪ੍ਰਕਿਰਤੀਵਾਦੀ ਕਹਿੰਦਾ ਰਿਹਾ ਪਰ 19 ਵੀਂ ਸਦੀ ਦੇ ਦੂਜੇ ਅੱਧ ਅਤੇ ਵੀਂਹਵੀ ਸਦੀ ਦੇ ਪਹਿਲੇ ਅੱਧ ਦੇ ਪ੍ਰਕਿਰਤੀਵਾਦੀ ਲੇਖਕਾਂ ਤੋਂ ਉਹ ਇਸ ਮਾਅਨੇ ਵਿੱਚ ਭਿੰਨ ਸੀ ਕਿ ਪ੍ਰਕਿਰਤੀਵਾਦੀ ਕਹਿੰਦੇ ਹੋਏ ਵੀ ਉਸਦੀਆਂ ਸਿਧਾਂਤਕ ਮਾਨਤਾਵਾਂ ਵਿੱਚ ਲੱਗਭਗ ਤਿੰਨ ਦਹਾਕਿਆਂ ਦੌਰਾਨ ਲਗਾਤਾਰ ਤਬਦੀਲੀਆਂ ਹੁੰਦੀਆਂ ਰਹੀਆਂ। ਦੂਜੀ ਗੱਲ ਇਹ ਕਿ ਜ਼ੋਲਾ ਦੀਆਂ ਜੋ ਸਿਧਾਂਤਕ ਮਾਨਤਾਵਾਂ ਸਨ, ਅਕਸਰ ਉਸਦੇ ਨਾਵਲਾਂ ਵਿੱਚ ਸਾਹਮਣੇ ਆਈ ਯਥਾਰਥ ਚਿੱਤਰਣ ਦੀ ਪੱਧਤੀ ਉਸਦੇ ਅਨੁਰੂਪ ਹੋਣ ਦੀ ਬਜਾਇ ਉਹਨਾਂ ਨੂੰ ਉਲੰਘਦੀ ਨਜ਼ਰ ਆਉਂਦੀ ਹੈ। 1860 ਦੇ ਦਹਾਕੇ ਵਿੱਚ ਜ਼ੋਲਾ ਨੇ ਬਾਲਜ਼ਾਕ ਨੂੰ ਆਦਰਸ਼ ਅਤੇ ਫਲਾਬੇਅਰ ਨੂੰ ਉਸਤਾਦ ਮੰਨਦੇ ਅਸਲ ਜੀਵਨ ਦੇ ਸਾਹਸਪੂਰਨ ਆਪਮੁਹਾਰੇ ਕੁਦਰਤੀ ਚਿੱਤਰਣ ਦੀ ਕੋਸ਼ਿਸ਼ ਕੀਤੀ। ਪਰ ਬਾਲਜ਼ਾਕ ਦੇ ਉਲਟ-ਇਨਕਲਾਬੀ ਰਾਜਤੰਤਰਵਾਦੀ ਵਿਚਾਰਾਂ ਤੋਂ ਉਲਟ ਜ਼ੋਲਾ ਗਣਤੰਤਰਵਾਦੀ ਸੀ ਅਤੇ ਤਰਕ ਦਾ ਪ੍ਰਬਲ ਸਮਰਥਕ ਵੀ। ਤਰਕ ਪ੍ਰਤੀ ਇਸੇ ਸਮਰਥਨ ਕਾਰਨ ਸਮਾਜਿਕ ਜਿੰਦਗੀ ਦੀ ਦਿਸ਼ਾ ਦੇ ਨਿਯਮਾਂ ਅਤੇ ਸਮਾਜਿਕ ਵਰਤਾਰਿਆਂ ਦੇ ਕਾਰਨ-ਕਾਰਜ ਸੰਬੰਧਾਂ ਦੀ ਤਲਾਸ਼ ਕਰਦੇ ਹੋਏ ਉਹ ਪਰਤੱਖਵਾਦੀ ਦਰਸ਼ਨ ਅਤੇ ਸਰੀਰਕ ਵਿਗਿਆਨ ਅਤੇ ਅਨੁਵੰਸ਼ਿਕਤਾ ਦੇ ਸਿਧਾਂਤ ਤੱਕ ਜਾ ਪਹੁੰਚਿਆ ਸੀ। ਉਸਨੇ ਸਮਾਜਿਕ ਰਾਜਨੀਤਕ ਜੀਵਨ ਦੇ ਯਥਾਰਥ ਦਾ ਚਿੱਤਰਣ ਕਰਦੇ ਹੋਏ ਆਪਣੀਆਂ ਸਿਧਾਂਤਕ ਮਾਨਤਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਪੂਰੀ ਤਰ੍ਹਾਂ ਕਦੇ ਵੀ ਸਫਲ ਨਹੀਂ ਹੋ ਸਕਿਆ। ਅਕਸਰ ਅਨੁਭਵੀ ਪ੍ਰੇਖਣ ਦੇ ਅਧਾਰ ਉੱਤੇ ਚਿੱਤਰਤ ਯਥਾਰਥ ਉਸਦੀਆਂ ਆਪਣੀਆਂ ਸਿਧਾਂਤਕ ਮਾਨਤਾਵਾਂ ਦੇ ਵਿਰੋਧੀ ਪੱਲੜੇ ਵਿੱਚ ਜਾ ਖਲੋਂਦਾ ਸੀ ਅਤੇ ਅਨੁਵੰਸ਼ਿਕਤਾ ਜਿਹੇ ਕਾਰਕਾਂ ਦੀ ਬਜਾਇ ਵਿਅਕਤੀਤਵਾਂ ਅਤੇ ਘਟਨਾਵਾਂ ਦੇ ਵਿਕਾਸ ਵਿੱਚ ਸਮਾਜਿਕ-ਆਰਥਿਕ ਫੈਕਟਰਾਂ ਦੀ ਭੂਮਿਕਾ ਵੱਧ ਪ੍ਰਭਾਵੀ ਹੋ ਕੇ ਸਾਹਮਣੇ ਆਉਂਦੀ ਸੀ। ਹੌਲ਼ੀ-ਹੌਲ਼ੀ ਅਜਿਹਾ ਜਿਆਦਾ ਤੋਂ ਜਿਆਦਾ ਹੋਣ ਲੱਗ ਪਿਆ, ਪਰ ਬਹੁਤ ਬਾਅਦ ਦੇ ਦਿਨਾਂ ਵਿੱਚ ਵੀ ਜ਼ੋਲਾ ਆਪਣੀ ਕਿਸੇ-ਕਿਸੇ ਰਚਨਾ ਵਿੱਚ ਬਹੁਤ ਥੋਪੇ ਹੋਏ ਢੰਗ ਨਾਲ਼ ਪ੍ਰਕਿਰਤੀਵਾਦੀ ਵਿਚਾਰਕ ਮਾਨਤਾਵਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦਾ ਸੀ, ਜਿਹਾ ਕਿ ‘ਲਾ ਬੇਤ ਹਿਊਮੇਨ'(1890) ਵਿੱਚ ਜਾਂ ‘ਡਾਕਟਰ ਪਾਸਕਲ’ ਵਿੱਚ ਵੇਖਣ ਨੂੰ ਮਿਲਦਾ ਹੈ। 

ਬੋਨਾਪਾਰਤਵਾਦੀ ਸੱਤਾ ਦੀ ਰਾਜਨੀਤਕ ਅਲਹਿਦਗੀ ਪ੍ਰਕਿਰਤੀਵਾਦ ਦੇ ਸਹੁਜਸ਼ਾਸਤਰ ਤੋਂ ਜ਼ੋਲਾ ਦੇ ਠੋਸ ਤੌਰ ‘ਤੇ ਪਾਸੇ ਹੱਟਣ ਦੇ ਵਿਚਾਰਧਾਰਕ ਕਾਰਨਾਂ ਵਿੱਚੋਂ ਇੱਕ ਸੀ। 1870 ਤੋਂ ਬਾਅਦ ‘ਪ੍ਰਕਿਰਤੀਵਾਦ’ ਨਾਂ ਦਾ ਪ੍ਰਯੋਗ ਕਰਦੇ ਹੋਏ ਵੀ ਜ਼ੋਲਾ ਯਥਾਰਥਵਾਦੀ ਕਿਰਿਆ-ਵਿਧਾਨ ਦੇ ਹੋਰ ਨੇੜੇ ਆਉਂਦਾ ਪ੍ਰਤੀਤ ਹੁੰਦਾ ਹੈ। ‘ਸਵੈ’ ਦੀ ਸਰੰਚਨਾ ਦਾ ਨਿਰਧਾਰਨ ਕਰਨ ਵਾਲ਼ੇ ਸਮਾਜਿਕ ਅਤੇ ਮਨੋਵਿਗਿਆਨਕ ਫੈਕਟਰਜ਼ ਦਾ ਕਲਾਤਮਕ ਵਿਸ਼ਲੇਸ਼ਣ ਕਰਦੇ ਹੋਏ ਅਕਸਰ ਉਹ ਜੀਵਸ਼ਾਸਤਰੀ ਹੋਣੀਵਾਦ ਨੂੰ ਖਾਰਜ ਕਰਦਾ ਨਜ਼ਰ ਆਉਂਦਾ ਹੈ। ‘ਸੈਵੇਜ ਪੇਰਿਸ'(1873) ਨਾਵਲ ਨੂੰ ਇਸ ਗੱਲ ਦੇ ਪ੍ਰਤੀਨਿਧੀ ਉਦਾਹਰਣ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ। ‘ਜਰਮਿਨਲ’ ਤੱਕ ਆਉਂਦੇ ਆਉਂਦੇ ਅਨੁਵੰਸ਼ਿਕਤਾ ਸਿਧਾਂਤ ਉੱਤੇ ਇਤਿਹਾਸਕ-ਸਮਾਜਿਕ ਫੈਕਟਰਜ਼ ਦੀ ਪ੍ਰਧਾਨਤਾ ਸਾਫ ਦਿਖਾਈ ਦੇਣ ਲੱਗਦੀ ਹੈ। 

‘ਪ੍ਰਕਿਰਤੀਵਾਦ ਦੇ ਸਿਧਾਂਤ’ ਨੂੰ ਪੇਸ਼ ਕਰਦੇ ਹੋਏ 1880 ਦੇ ਦਹਾਕੇ ਵਿੱਚ ਜ਼ੋਲਾ ਨੇ ਮੁੱਖ ਤੌਰ ‘ਤੇ ਤਿੰਨ ਸਿਧਾਂਤਕ ਕਿਤਾਬਾਂ ਲਿਖੀਆਂ— ‘ਦਿ ਐਕਸਪੈਰੀਮੈਂਟਲ ਨਾਵਲ'(1880), ‘ਨੇਚੂਰਲੀਸਟਸ ਨਾਵਲਿਸਟਸ'(1881), ਅਤੇ ‘ਲਿਟਰੇਰੀ ਡਾਕੁਮੇਂਟਸ'(1881)। ਪਰ ਇੱਥੇ ਉਸਦੀਆਂ ਸਿਧਾਂਤਕ ਮਾਨਤਾਵਾਂ ਵਿੱਚ ਵੀ ਸਾਨੂੰ 1860 ਦੇ ਦਹਾਕੇ ਦੀ ਤੁਲਨਾ ਵਿੱਚ ਸਪੱਸ਼ਟ ਭਿੰਨਤਾ ਨਜ਼ਰ ਆਉਂਦੀ ਹੈ। ਅਨੁਵੰਸ਼ਿਕਤਾ ਦੇ ਸਿਧਾਂਤ ਨੂੰ ਖੁੱਲ੍ਹੇ ਤੌਰ ‘ਤੇ ਖਾਰਿਜ ਨਾ ਕਰਨ ਅਤੇ ‘ਪ੍ਰਕਿਰਤੀਵਾਦ’ ਨਾਂ ਦਾ ਇਸਤੇਮਾਲ ਕਰਨ ਦੇ ਬਾਵਜੂਦ ਜ਼ੋਲਾ ਕੁਲ ਮਿਲਾ ਕੇ ਇਸਨੂੰ ਯਥਾਰਥਵਾਦ ਦੇ ਨਜ਼ਦੀਕੀ ਅਰਥਾਂ ਵਿੱਚ ਪ੍ਰਯੋਗ ਕਰਦਾ ਨਜ਼ਰ ਆਉਂਦਾ ਹੈ। ਨਾਲ਼ ਹੀ ਰੂਜੋਂ-ਮਕਾਰ ਲੜੀ ਦੇ 1890 ਦੇ ਦਹਾਕੇ ਵਿੱਚ ਲਿਖੇ ਗਏ ਜਿਆਦਾਤਰ ਨਾਵਲਾਂ ਵਿੱਚ ਵਿਅਕਤੀਗਤ-ਵਿਕਾਸ ਦੀ ਦਿਸ਼ਾ ਨੂੰ ਉਹ ਸਮਾਜ ਵਿਕਾਸ ਦੀ ਦਿਸ਼ਾ ਦੇ ਨਾਲ਼-ਨਾਲ਼ ਜਾਂ ਅਨੁਸਾਰੀ ਰੂਪ ਵਿੱਚ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਨਾਲ਼ ਹੀ, ਇਹਨਾਂ ਵਿੱਚ ਉਹ ਰੇਲਵੇ, ਖਾਣ, ਸਟਾਕ ਐਕਸਚੇਂਜ ਜਿਹੇ ਪੂੰਜੀਵਾਦ ਦੇ ਦੈਂਤ ਅਕਾਰੀ ‘ਆਰਥਿਕ ਅੰਗਾਂ’ ਦਾ ਬਹੁਤ ਜਿਆਦਾ ਪ੍ਰਮਾਣਿਕ ਯਥਾਰਥ ਚਿੱਤਰਣ ਪੇਸ਼ ਕਰਦਾ ਹੈ। ਇਸ ਵਿੱਚ ਸੰਦੇਹ ਨਹੀਂ ਕਿ ਜ਼ੋਲਾ ਦੇ ਕਿਰਦਾਰ ਜਿਆਦਾਤਰ ਆਪਣੇ ਸਰੀਰ ਕਿਰਿਆ-ਵਿਗਿਆਨ ਪੱਖਾਂ ਦੇ ਕਾਰਨ ਬਾਲਜ਼ਾਕ ਦੇ ਨਾਇਕਾਂ ਤੋਂ ਬੌਧਿਕ ਤੌਰ ‘ਤੇ ਘੱਟ ਤਾਕਤਵਰ ਪ੍ਰਤੀਤ ਹੁੰਦੇ ਹਨ, ਪਰ ਇਸ ਦਾ ਮੁੱਖ ਕਾਰਨ ਜ਼ੋਲਾ ਦੀ ਸਿਰਜਣਾਤਮਕ ਅਸਫਲਤਾ ਨਹੀਂ, ਸਗੋਂ ਯੁੱਗ-ਤਬਦੀਲੀ ਦੀ ਬਾਹਰਮੁਖੀ ਸੱਚਾਈ ਵਿੱਚ ਸਮੋਇਆ ਹੋਇਆ ਹੈ। ਬਾਲਜ਼ਾਕ ਦੇ ਯੁੱਗ ਤੋਂ ਪੂਰੀ ਤਰ੍ਹਾਂ ਅਲੱਗ ਜ਼ੋਲਾ ਪਤਣਸ਼ੀਲ-ਖੁਰ ਖਿੰਡ ਰਹੇ ਪੂੰਜੀਵਾਦੀ ਯੁੱਗ ਦਾ ਲੇਖਕ ਸੀ। ਕਿਹਾ ਜਾ ਸਕਦਾ ਹੈ ਕਿ ਉਸਦੇ ਨਾਵਲ ਮੁੱਖ ਤੌਰ ‘ਤੇ ਅਤੇ ਮੂਲ ਤੌਰ ‘ਤੇ ਪੂੰਜੀਵਾਦ ਦੇ ਸੁਤੰਤਰ ਮੁਕਾਬਲੇ ਦੇ ਦੌਰ ਤੋਂ ਸਾਮਰਾਜਵਾਦ ਦੇ ਦੌਰ ਵਿੱਚ ਟਰਾਂਜੀਸ਼ਨ ਦੌਰਾਨ ਫਰਾਂਸੀਸੀ ਸਮਾਜ ਦਾ ਸਮਾਜਿਕ ਮਨੋਵਿਗਿਆਨਕ ਅਧਿਐਨ ਪੇਸ਼ ਕਰਦੇ ਹਨ। ਅਜਿਹਾ ਕਰਦੇ ਹੇਏ ਜ਼ੋਲਾ ਪ੍ਰਕਿਰਤੀਵਾਦ ਤੋਂ ਅਲੱਗ ਹੁੰਦਾ ਹੋਇਆ ਯਥਾਰਥਵਾਦੀ ਪੱਧਤੀ ਦੀ ਦਿਸ਼ਾ ਵਿੱਚ ਅੱਗੇ ਵੱਧਦਾ ਹੋਇਆ ਦਿਖਾਈ ਦਿੰਦਾ ਹੈ। ਨਾਲ਼ ਹੀ ਉਸਦਾ ਰਾਜਨੀਤਕ ਦ੍ਰਿਸ਼ਟੀਕੋਣ ਗਣਤੰਤਰਵਾਦੀ ਪਹੁੰਚ ਤੋਂ ਅੱਗੇ ਯੂਟੋਪਿਆਈ ਸਮਾਜਵਾਦੀ ਪਹੁੰਚ ਤੱਕ ਅਤੇ ਫਿਰ ਉਸਤੋਂ ਵੀ ਅੱਗੇ ਵਿਕਸਿਤ ਹੁੰਦਾ ਦਿਖਾਈ ਦਿੰਦਾ ਹੈ। 

ਰਾਲਫ ਫਾਕਸ ਦਾ ਇਹ ਪ੍ਰੇਖਣ ਇਕਦਮ ਸਹੀ ਹੈ ਕਿ ਯਥਾਰਥਵਾਦ ਦੇ ਮਹਾਨ ਦੌਰ ਵਿੱਚ, ਬਾਲਜ਼ਾਕ, ਸਤਾਂਧਾਲ ਆਦਿ ਦੇ ਨਾਵਲਾਂ ਵਿੱਚ ਸਾਡੀ ਮੁਲਾਕਾਤ ਇੱਕ ਅਜਿਹੇ ਨੌਜਵਾਨ ਨਾਇਕ ਨਾਲ਼ ਹੁੰਦੀ ਹੈ ” ਜੋ ਸਮਾਜ ਵਿੱਚ ਸੰਘਰਸ਼ਸ਼ੀਲ ਹੈ, ਅੰਤ ਵਿੱਚ ਜਿਸਦੇ ਸਾਰੇ ਭਰਮ ਨਸ਼ਟ ਹੋ ਜਾਂਦੇ ਹਨ, ਜਾਂ ਜੋ ਸਮਾਜ ਦੁਆਰਾ ਹਰਾ ਦਿੱਤਾ ਜਾਂਦਾ ਹੈ। ਬੇਸ਼ੱਕ ਜ਼ੋਲਾ ਦੇ (ਅਤੇ ਉਸਦੇ ਸਮਕਾਲ਼ੀ ਯਥਾਰਥਵਾਦੀਆਂ ਦੇ ਵੀ) ਨਾਵਲਾਂ ਵਿੱਚ ਅਜਿਹੇ ਨਾਇਕ ਦੀ ਹਾਜ਼ਰੀ ਵੇਖਣ ਨੂੰ ਨਹੀਂ ਮਿਲ਼ਦੀ। ਪਰ ਇਸਦਾ ਕਾਰਨ ਇਹ ਹੈ ਕਿ ਬੁਰਜੂਆ ਸਮਾਜ ਦੇ ਨਾਇਕ ਦੀ ਜ਼ੋਲਾ ਦੇ ਸਮੇਂ ਤੱਕ ਮੌਤ ਹੋ ਚੁੱਕੀ ਸੀ। ਉਸ ਸਮੇਂ ਤੱਕ ਬੁਰਜੂਆ ਸਮਾਜ ਵਿੱਚ ਵਿਅਕਤੀਤਵ ਦੇ ਖਿੰਡਾਅ ਦੀ ਮਹਾਂਗਾਥਾ ਆਪਣੇ ਅੰਤਿਮ ਦੌਰ ਵਿੱਚ ਪਹੁੰਚ ਚੁੱਕੀ ਸੀ। ਸਮੂਹਿਕ ਸਿਰਜਣਾ ਦੀ ਨੁਮਾਇੰਦਗੀ ਕਰਨ ਵਾਲ਼ਾ ਜੋ ਨਾਇਕ ਇਤਿਹਾਸ ਦੇ ਰੰਗਮੰਚ ਉੱਤੇ ਹਾਜ਼ਰ ਸੀ, ਉਸ ਨੂੰ ਕੇਵਲ ਪੂੰਜੀਵਾਦ ਦੀ ਤਿੱਖੀ ਅਲੋਚਨਾ ਕਰਨ ਵਾਲ਼ਾ ਜਾਂ ਯੁਟੋਪਿਆਈ ਸਮਾਜਵਾਦ ਦੀ ਜਮੀਨ ਉੱਤੇ ਖੜੋਤਾ ਕੋਈ ਸਿਰਜਕ ਪਹਿਚਾਣ ਨਹੀਂ ਸਕਦਾ ਸੀ। ਇਹ ਕੰਮ ਅੱਗੇ ਚੱਲਕੇ ਸਮਾਜਵਾਦੀ ਯਥਾਰਥਵਾਦ ਨੂੰ ਪੇਸ਼ ਕਰਨ ਵਾਲ਼ਿਆਂ ਅਤੇ ਮੋਹਰੀਆਂ ਦੇ ਹੱਥੋਂ ਹੀ ਪੂਰਾ ਹੋਣਾ ਸੀ। ਏਮਿਲ ਜ਼ੋਲਾ ਦੀ ਇਹ ਇਤਿਹਾਸਕ ਤਰਾਸਦੀ ਸੀ। ਪੂੰਜੀਵਾਦ ਦੇ ਕਲਾਦੋਖੀ-ਮਨੁੱਖਦੋਖੀ ਚਰਿੱਤਰ ਦੇ ਸਿਖਰਲੇ ਉਦਘਾਟਨ ਦੇ ਇਸ ਦੌਰ ਵਿੱਚ, ਜਦੋਂ, ਰਾਲਫ ਫਾਕਸ ਅਨੁਸਾਰ, ਕੁਝ ਲੇਖਕ ਸੰਘਰਸ਼ ਵਿੱਚ ਸਮਝੋਤੇ ਦਾ ਸਫੇਦ ਝੰਡਾ ਲਹਿਰਾ ਕੇ ‘ਕਲਾ ਕਲਾ ਲਈ’ ਦਾ ਸਿਧਾਂਤ ਅਪਣਾ ਰਹੇ ਸਨ ਅਤੇ ਜਦੋਂ, ਪਲੇਖਾਨੋਵ ਅਨੁਸਾਰ, ਜਿਆਦਾਤਰ ਲੇਖਕ ਰਹੱਸਵਾਦ ਦੀ ਸ਼ਰਨ ਵਿੱਚ ਜਾ ਰਹੇ ਸਨ, ਉਸ ਸਮੇਂ ਏਮਿਲ ਜ਼ੋਲਾ ਲਗਾਤਾਰ ਨਵੇਂ ਯਥਾਰਥ ਦੇ ਕਲਾਤਮਕ ਮੁੜ ਸਿਰਜਣ ਦੀ ਸਮੱਸਿਆ ਨਾਲ਼ ਸਾਹਸਪੂਰਵਕ ਜੂਝ ਰਿਹਾ ਸੀ ਅਤੇ ਯਥਾਰਥਵਾਦ ਦੀਆਂ ਹੱਦਾਂ ਨੂੰ ਨਵਾਂ ਵਿਸਤਾਰ ਦੇ ਰਿਹਾ ਸੀ। ਜ਼ੋਲਾ ਦਾ ਪ੍ਰਕਿਰਤੀਵਾਦ ਕੋਈ ਜੜ੍ਹ ਚੀਜ ਨਹੀਂ ਸੀ। ਉਸਦੀ ਵਿਚਾਰਕ ਪਹੁੰਚ ਲਗਾਤਾਰ ਵਿਕਾਸਮਾਨ ਰਹੀ। ਉਸਦੀ ਦਿਸ਼ਾ ਦੀ ਅਣਦੇਖੀ ਕਰਨਾ ਇਕਹਰੇਪਣ ਅਤੇ ਮਸ਼ੀਨੀ ਸੋਚ ਦਾ ਸ਼ਿਕਾਰ ਹੋਣਾ ਹੋਵੇਗਾ। ਦਵੰਦਵਾਦ ਇਸਦੀ ਆਗਿਆ ਨਹੀਂ ਦਿੰਦਾ। ਨਾਲ਼ ਹੀ, ਜ਼ੋਲਾ ਦੇ ਯਥਾਰਥਵਾਦ ਦੀਆਂ ਹੱਦਾਂ ਉੱਤੇ ਅਸੀਂ ਉਸਦੇ ਸਮੇਂ ਦੀ ਪਿੱਠਭੂਮੀ ਦੀ ਅਣਦੇਖੀ ਕਰਕੇ ਚਰਚਾ ਨਹੀਂ ਕਰ ਸਕਦੇ। 

ਜ਼ੋਲਾ ਦੀਆਂ ਕਲਾਤਮਕ-ਵਿਚਾਰਕ ਵਿਰੋਧਤਾਈਆਂ ਦਾ ਉਸਦੇ ਯੁੱਗ ਦੀਆਂ ਵਿਰੋਧਤਾਈਆਂ ਦੇ ਪ੍ਰਤੀਬਿੰਬਨ ਦੇ ਰੂਪ ਵਿੱਚ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਮਹਾਨ ਲੇਖਕਾਂ ਦੀ ਇੱਕ ਦੂਜੇ ਨਾਲ਼ ਤੁਲਨਾ ਉਹਨਾਂ ਦੇ ਇਤਿਹਾਸਕ ਸਮਿਆਂ ਨੂੰ ਅੱਖਾਂ ਤੋਂ ਉਹਲੇ ਕਰਕੇ ਨਹੀਂ ਕੀਤੀ ਜਾ ਸਕਦੀ। 

ਜਿਵੇਂ ਕਿ ਮਿਖਾਈਲ ਖਰਾਪਚੇਂਕੋ ਨੇ ਲਿਖਿਆ ਹੈ— ”ਯਥਾਰਥਵਾਦ ਸਦਾ ਵਾਸਤਵਿਕਤਾ ਅਤੇ ਮਨੁੱਖ ਦੀ ਜਗਿਆਸਾਪੂਰਨ ਸਮਝਦਾਰੀ, ਜਿੰਦਗੀ ਦੇ ਡੂੰਘੇ ਵਰਤਾਰਿਆਂ ਅਤੇ ਲੋਕਾਂ ਦੀ ਅੰਦਰੂਨੀ ਦੁਨੀਆਂ ਦੀ ਜਟਿਲਤਾ ਦਾ ਉਦਘਾਟਨ ਕਰਨ ਵਾਲ਼ੀ ਸਮਝਦਾਰੀ ਸੀ ਅਤੇ ਹੈ। ਠੀਕ ਇਸੇ ਲਈ ਕਿ ਮਹਾਨ ਯਥਾਰਥਵਾਦੀ ਕਲਾਕਾਰ ਇਸ ਉਦੇਸ਼ ਨੂੰ ਪੂਰੀ ਤਰ੍ਹਾਂ ਹਾਸਲ ਕਰ ਲੈਂਦੇ ਹਨ, ਉਹਨਾਂ ਦੀਆਂ ਰਚਨਾਵਾਂ ਵਿੱਚ ਅਜਿਹੀ ਊਰਜਾ ਹੁੰਦੀ ਹੈ ਕਿ ਜੋ ਅਨੇਕਾਂ ਪੀੜ੍ਹੀਆਂ ਨੂੰ ਦੇ ਜਜ਼ਬਾਤਾਂ ਨੂੰ ਟੁੰਬਦੀ ਹੈ। ਉਹਨਾਂ ਦੇ ਕਲਾਤਮਕ ਸਧਾਰਨੀਕਰਨ ਵੱਖ-ਵੱਖ ਯੁੱਗਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਵਿਕਾਸਸ਼ੀਲ ਜੀਵਨ ਨੂੰ ਸੋਚਣ-ਸਮਝਣ ਵਿੱਚ ਸਹਾਇਤਾ ਕਰਦੇ ਹਨ। ਦੱਸਣ ਦੀ ਜ਼ਰੂਰਤ ਨਹੀਂ ਕਿ ਯਥਾਰਥ ਦੇ ਬਾਹਰੀ ਰੂਪ ਚਿੱਤਰਣ ਨਾਲ਼ ਅਤੇ ਨਕਲ ਨਾਲ਼ ਅਜਿਹੇ ਪਰਿਣਾਮ ਹਾਸਿਲ ਨਹੀਂ ਕੀਤੇ ਜਾ ਸਕਦੇ” (ਸਾਹਿਤ ਅਤੇ ਸਹੁਜ ਸ਼ਾਸਤਰ, ਵੀਹਵੀਂ ਸਦੀ ਦਾ ਸਾਹਿਤ-1, ਰਦੂਗਾ ਪ੍ਰਕਾਸ਼ਨ, ਵਿੱਚ ਸੰਕਲਿਤ ਲੇਖ ‘ਸਮਕਾਲੀਨ ਸਹੁਜ ਸ਼ਾਸਤਰ ਦੀਆਂ ਸਮੱਸਿਆਵਾਂ’)। ਜ਼ੋਲਾ ਦੀ ਲੇਖਣੀ ਅਜਿਹੀ ਹੀ ਲੇਖਣੀ ਸੀ। ਇਸ ਲਈ ਲੁਕਾਚ ਦੇ ਇਸ ਵਿਚਾਰ ਨਲ ਸਹਿਮਤ ਹੋਣਾ ਅੋਖਾ ਹੈ ਕਿ ਉਸਨੇ ਸਿਰਫ ਆਧੁਨਿਕ ਜੀਵਨ ਦੇ ਬਾਹਰੀ ਰੂਪ ਦਾ ਹੀ ਚਿੱਤਰਣ ਕੀਤਾ।

ਬ੍ਰੈਖਤ ਨੇ ਲਿਖਿਆ ਸੀ ਕਿ ਬਦਲਦੇ ਜੀਵਨ ਦੇ ਨਾਲ਼ ਉਸਦੇ ਚਿੱਤਰਣ ਵੀ ਬਦਲਦੇ ਰਹਿੰਦੇ ਹਨ ਅਤੇ ਇਹ ਕਿ ” ਕੋਈ ਰਚਨਾ ਯਥਾਰਥ ਦੇ ਨਜ਼ਦੀਕ ਹੈ ਜਾਂ ਨਹੀਂ, ਇਹ ਉਸਦੀ ਯਥਾਰਥਵਾਦੀ ਮੰਨੀਆਂ ਜਾਣ ਵਾਲ਼ੀਆਂ ਅਤੇ ਆਪਣੇ ਸਮੇਂ ਲਈ ਸਹੀ ਤੌਰ ‘ਤੇ ਅਜਿਹੀਆਂ ਮੰਨੀਆਂ ਜਾਣ ਵਾਲ਼ੀਆਂ— ਰਚਨਾਵਾਂ ਨਾਲ਼ ਸਮਾਨਤਾ ਅਤੇ ਅਸਮਾਨਤਾ ਸਿੱਧ ਕਰਕੇ ਤੈਅ ਨਹੀਂ ਕੀਤਾ ਜਾ ਸਕਦਾ ਹੈ। ਹਰ ਰਚਨਾ ਦੇ ਮਾਮਲੇ ਵਿੱਚ ਜੀਵਨ ਦੇ ਪ੍ਰਤੀਬਿੰਬ ਦੀ ਕੇਵਲ ਹੋਰਨਾਂ ਪ੍ਰਤੀਬਿੰਬਾਂ ਨਾਲ਼ ਨਹੀਂ, ਸਗੋਂ ਇਸਤੋਂ ਵੀ ਵਧਕੇ ਖੁਦ ਪ੍ਰਤੀਬਿੰਬਤ ਜੀਵਨ ਨਾਲ਼ ਤੁਲਨਾ ਕੀਤੀ ਜਾਣੀ ਚਾਹੀਦੀ ਹੈ। …”

ਜ਼ੋਲਾ ਇੱਕ ਸੱਚੇ ਯਥਾਰਥਵਾਦੀ ਵਾਂਗ ਯਥਾਰਥ ਦੇ ਪ੍ਰਤੀਬਿੰਬਨ ਦੇ ਪਹਿਲਾਂ ਤੋਂ ਵਰਤੀਆਂ ਜਾਂਦੀਆਂ ਵਿਧੀਆਂ-ਢੰਗਾਂ ਤੱਕ ਸੀਮਤ ਰਹਿਣ ਦੀ ਬਜਾਇ ਕਲਾਤਮਕ ਸਧਾਰਨੀਕਰਨ ਦੀਆਂ ਨਵੀਂਆਂ ਵਿਧੀਆਂ ਦੀ ਖੋਜ਼ ਕਰਦਾ ਰਿਹਾ। ਨਾਲ਼ ਹੀ, ਨਿਆਂ ਅਤੇ ਮਾਨਵ-ਮੁਕਤੀ ਦੀ ਰਾਹ ਦੀ ਤਲਾਸ਼ ਦੀ ਬੇਚੈਨੀ ਲਗਾਤਾਰ ਉਸਦੇ ਵਿਚਾਰਕ ਵਿਕਾਸ ਨੂੰ ਅੱਗੇ ਵੱਲ ਪ੍ਰੇਰਦੀ ਰਹੀ। ਆਪਣੇ ਸੰਸਾਰ ਦ੍ਰਿਸ਼ਟੀਕੋਣ ਵਿੱਚ ਸਮੋਈ ਹੋਈ ਪਿਛਾਖੜਤਾ ਅਤੇ ਸਾਹਿਤਕ ਸਿਧਾਂਤਾਂ ਵਿੱਚ ਸਮੋਈਆਂ ਵਿਰੋਧਤਾਈਆਂ ਦੇ ਬਾਵਜੂਦ ਜ਼ੋਲਾ ਦਾ ਲੋਕਾਂ ਦੇ ਪੱਖ ਵਿੱਚ ਭੁਗਤਣਾ ਨਿਰਭੈ ਅਤੇ ਅਟੁੱਟ ਸੀ। ਪੂੰਜੀਵਾਦ ਦੀ ਕਰੂਰਤਾ, ਪਾਖੰਡ ਅਤੇ ਲੋਭ-ਲਾਲਚ ਦੇ ਸਭਿਆਚਾਰ ਨਾਲ਼ ਉਹ ਜਿੰਦਗੀ ਭਰ ਨਫਰਤ ਕਰਦਾ ਰਿਹਾ ਅਤੇ ਕਿਰਤ ਦੀ ਗਰਿਮਾ ਨਾਲ਼ ਭਰਪੂਰ ਸਮਾਜਿਕ ਸਰੰਚਨਾ ਦੇ ਨਿਰਮਾਣ ਬਾਰੇ ਅੰਤਿਮ ਸਾਹ ਤੱਕ ਸੋਚਦਾ ਰਿਹਾ। ਜਦੋਂ ਤੱਕ ਪੂੰਜੀਵਾਦ ਇਤਿਹਾਸ ਦੇ ਰੰਗਮੰਚ ਉੱਤੇ ਮੌਜੂਦ ਰਹੇਗਾ ਜ਼ੋਲਾ ਦੁਆਰਾ ਉਸਦੀਆਂ ਅਲੋਚਨਾਵਾਂ ਦੀ ਅਤੇ ਜ਼ੋਲਾ ਦੇ ਭਵਿੱਖ ਸੁਪਨਿਆਂ ਦੀ ਪ੍ਰਸੰਗਿਕਤਾ ਬਣੀ ਰਹੇਗੀ। 

 

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s