ਜੀਵ ਵਿਕਾਸ ਦਾ ਸਿਧਾਂਤ – ਡਾਰਵਿਨ ਅਤੇ ਵਾਦ-ਵਿਵਾਦ —ਡਾ. ਅੰਮ੍ਰਿਤ

daevin

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੇ ਸਾਲ 2009 ਦੇ 12 ਫ਼ਰਵਰੀ ਦੇ ਦਿਨ, ਮਹਾਨ ਪ੍ਰਕਿਰਤੀ ਵਿਗਿਆਨੀ ਚਾਰਲਸ ਡਾਰਵਿਨ, ਦਾ ਦੋ ਸੌਵਾਂ ਜਨਮ ਦਿਨ ਸੀ ਅਤੇ ਸੰਯੋਗ ਨਾਲ਼ 150 ਸਾਲ ਪਹਿਲਾਂ ਹੀ ਨਵੰਬਰ 1859 ਵਿੱਚ ਹੀ ਮਨੁੱਖ ਦੀ ਵਿਗਿਆਨਕ ਸਮਝ ਦਾ ਇੱਕ ਮੀਲ ਪੱਥਰ, ਚਾਰਲਸ ਡਾਰਵਿਨ ਦੀ ਲਿਖੀ ਕਿਤਾਬ, ”ਜੀਵਾਂ ਦੀ ਉਤਪਤੀ” ਛਪੀ ਸੀ। ਇਹਨਾਂ ਦੋਵਾਂ ਹੀ ਇਤਿਹਾਸਕ ਦਿਨਾਂ ਦੀ ਯਾਦ ਨੂੰ ਸਮਰਪਿਤ 2009 ਦਾ ਵਰ੍ਹਾ, ਡਾਰਵਿਨ ਦੇ ਸਿਧਾਂਤ ਨੂੰ ਆਮ ਲੋਕਾਂ ‘ਚ ਪ੍ਰਚਾਰਨ ਅਤੇ ਇਸ ‘ਤੇ ਹੋ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ। ਇਹਨਾਂ ਪ੍ਰੋਗਰਾਮਾਂ ਦੀ ਸਮਾਪਤੀ 12 ਫ਼ਰਵਰੀ 2010 ਨੂੰ ਹੋਵੇਗੀ। ਇਸ ਤੋਂ ਇਲਾਵਾਂ ਪਿਛਲੇ ਕੁੱਝ ਸਾਲਾਂ ਤੋਂ, 12 ਫ਼ਰਵਰੀ ਦਾ ਦਿਨ ਡਾਰਵਿਨ ਦਿਵਸ ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ।

ਡਾਰਵਿਨ ਦਾ ਸੰਖੇਪ ਜੀਵਨ ਵੇਰਵਾ

ਚਾਰਲਸ ਡਾਰਵਿਨ ਦਾ ਜਨਮ 12 ਫ਼ਰਵਰੀ 1809 ਨੂੰ ਇੰਗਲੈਂਡ ਦੇ ਸ਼ਹਿਰ ਸਰਿਊਸਬਰੀ ਵਿੱਚ ਹੋਇਆ। ਉਸ ਦਾ ਪਿਤਾ ਪੇਸ਼ੇ ਵਜੋਂ ਡਾਕਟਰ ਸੀ ਅਤੇ ਦਾਦਾ ਇਰਾਸਮਸ ਡਾਰਵਿਨ ਇੱਕ ਪ੍ਰਕਿਰਤੀ ਫਿਲਾਸਫਰ, ਡਾਕਟਰ ਤੇ ਕਵੀ ਸੀ। ਪਿਤਾ ਦੀ ਇੱਛਾ ਸੀ ਕਿ ਡਾਰਵਿਨ ਡਾਕਟਰ ਬਣੇ ਪਰ ਉਸ ਦੀ ਰੁਚੀ ਪ੍ਰਕਿਰਤੀ ਵਿਗਿਆਨ ਵੱਲ ਸੀ। 1828 ਵਿੱਚ ਪਿਤਾ ਨੇ ਡਾਰਵਿਨ ਨੂੰ ਪਾਦਰੀ ਬਣਾਉਣ ਲਈ ਕਰਾਈਸਟ ਕਾਲਜ, ਕੈਂਬਰਿਜ ਵਿੱਚ ਦਾਖਲ ਕਰਵਾ ਦਿੱਤਾ। ਇੱਥੇ ਉਸ ਦਾ ਮੇਲ ਬਨਸਪਤੀ ਵਿਗਿਆਨ (Botany) ਦੇ ਪ੍ਰੋਫੈਸਰ ਸਟੀਵਨ ਹੈਂਸਲੋਅ ਨਾਲ਼ ਹੋਇਆ ਅਤੇ ਉਸ ਨਾਲ਼ ਕੰਮ ਕਰਨ ਲੱਗਿਆ। ਡਾਰਵਿਨ ਪਹਿਲਾਂ ਹੀ ਲਮਾਰਕ ਦੇ ਜੀਵ ਵਿਕਾਸ ਸਬੰਧੀ ਵਿਚਾਰਾਂ ਨੂੰ ਪੜ੍ਹ ਚੁੱਕਿਆ ਸੀ ਅਤੇ ਹੁਣ ਉਸ ਦੀ ਰੁਚੀ ਹੋਰ ਵੀ ਵੱਧ ਗਈ। ਇਸੇ ਦੌਰਾਨ ਉਹ ਕੁਦਰਤ ਦਾ ਧਿਆਨ ਨਾਲ਼ ਨਿਰੀਖਣ ਕਰਨ ਲੱਗ ਪਿਆ ਅਤੇ ਕੀੜੇ-ਮਕੌੜੇ ਤੇ ਪੌਦਿਆਂ ਨੂੰ ਇਕੱਠੇ ਕਰਨ ਲੱਗ ਪਿਆ। 1831 ਵਿੱਚ ਉਸ ਦੀ ਪੜ੍ਹਾਈ ਪੂਰੀ ਹੋ ਗਈ।

ਇੰਗਲੈਂਡ ਵਿੱਚ ਵੱਖ-ਵੱਖ ਥਾਂਵਾਂ ਤੇ ਕੁਦਰਤ ਦਾ ਨਿਰੀਖਣ ਕਰਨ ਲਈ ਘੁੰਮਦੇ-ਘੁੰਮਦੇ, ਉਸ ਦੇ ਪ੍ਰੋਫੈਸਰ ਹੈਂਸਲੋਅ, ਨੇ ਉਸ ਦੀ ਸਿਫਾਰਸ਼ ਇੱਕ ਸਰਵੇ ਕਰਨ ਜਾ ਰਹੇ ਜਹਾਜ਼ ‘ਤੇ ਬਤੌਰ ਪ੍ਰਕਿਰਤੀ ਵਿਗਿਆਨੀ ਕਰ ਦਿੱਤੀ। ਡਾਰਵਿਨ ਦੇ ਪਿਤਾ ਨੇ ਮਨ੍ਹਾ ਕਰ ਦਿੱਤਾ, ਪਰ ਆਖ਼ਰ ਡਾਰਵਿਨ ਨੇ ਕਿਵੇਂ ਨਾ ਕਿਵੇਂ ਆਪਣੀ ਯਾਤਰਾ ਦਾ ਖਰਚ ਚੁੱਕਣ ਲਈ ਆਪਣੇ ਪਿਤਾ ਨੂੰ ਮਨਾ ਲਿਆ ਅਤੇ 27 ਦਸੰਬਰ, 1831 ਨੂੰ ਡਾਰਵਿਨ ਐੱਚ. ਐੱਮ. ਐੱਸ. ਬੀਗਲ ਨਾਲ਼ ਜਹਾਜ਼ ‘ਤੇ ਸਫ਼ਰ ਲਈ ਨਿਕਲ ਪਿਆ। ਇਸ ਸਫ਼ਰ ਨੇ ਜੀਵ ਵਿਗਿਆਨ ਦੇ ਖੇਤਰ ਵਿੱਚ ਇਨਕਲਾਬ ਲੈ ਕੇ ਆਉਣਾ ਸੀ ਅਤੇ ਧਰਤੀ ‘ਤੇ ਪਸਰੇ ਜੀਵਾਂ ਤੇ ਪੌਦਿਆਂ ਦੀ ਉਤਪਤੀ ਤੇ ਵੰਨ-ਸੁਵੰਨਤਾ ਬਾਰੇ ਮਨੁੱਖਤਾ ਦੀਆਂ ਸਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਸਦਾ ਲਈ ਬਦਲ ਦੇਣਾ ਸੀ।

ਆਪਣੇ ਸਮੁੰਦਰੀ ਸਫ਼ਰ ਦੌਰਾਨ ਡਾਰਵਿਨ ਨੇ ਜਾਣਕਾਰੀਆਂ ਦਾ ਇੱਕ ਵੱਡਾ ਭੰਡਾਰ ਇਕੱਠਾ ਕਰ ਲਿਆ ਅਤੇ ਅਕਤੂਬਰ 1836 ਵਿੱਚ ਇੰਗਲੈਂਡ ਵਾਪਿਸ ਆਉਣ ਤੇ ਅਧਿਐਨ ਵਿੱਚ ਜੁੱਟ ਗਿਆ। ਉਸ ਦੁਆਰਾ ਧਰਤੀ ਦੀ ਬਣਤਰ ਸਬੰਧੀ ਲਿਖੇ ਗਏ ਲੇਖਾਂ ਕਾਰਨ, ਉਹ ਆਪਣੀ ਯਾਤਰਾ ਤੋਂ ਪਰਤਣ ਤੋਂ ਪਹਿਲਾਂ ਹੀ ਕਾਫ਼ੀ ਮਸ਼ਹੂਰ ਹੋ ਚੁੱਕਿਆ ਸੀ। ਵਾਪਸੀ ‘ਤੇ, ਉਸ ਦੇ ਸਬੰਧ ਉਸ ਸਮੇਂ ਦੇ ਕਈ ਵੱਡੇ-ਵੱਡੇ ਵਿਗਿਆਨੀਆਂ ਨਾਲ਼ ਬਣ ਗਏ ਅਤੇ ਉਹ ਕਈ ਸਾਇੰਸ ਸੁਸਾਇਟੀਆਂ ਦਾ ਮੈਂਬਰ ਚੁਣਿਆ ਗਿਆ। ਆਪਣੇ ਸਫ਼ਰਨਾਮੇ ਬਾਰੇ ਕਿਤਾਬ ਲਿਖਣ ਵੇਲ਼ੇ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਨਤੀਜੇ ਵਜੋਂ 1838 ਵਿੱਚ ਉਹ ਬਿਮਾਰ ਪੈ ਗਿਆ ਅਤੇ ਡਾਕਟਰਾਂ ਦੇ ਕਹਿਣ ‘ਤੇ ਉਸ ਨੂੰ ਲੰਡਨ ਤੋਂ ਵਾਪਸ ਆਪਣੇ ਪਿਤਰੀ ਘਰ ਜਾਣਾ ਪਿਆ। ਪਰ ਇੱਥੇ ਵੀ ਉਸ ਦੀ ਖੋਜੀ ਰੁਚੀ ਬਰਕਰਾਰ ਰਹੀ। ਉਹ ਆਪਣਾ ਜ਼ਿਆਦਾ ਸਮਾਂ ਦੁਧਾਰੂ ਪਸ਼ੂਆਂ ਨੂੰ ਪਾਲਣ ਵਾਲ਼ੇ ਕਿਸਾਨਾਂ ਨਾਲ਼ ਗੱਲਾਂ ਕਰਦੇ ਹੋਏ ਅਤੇ ਉਹਨਾਂ ਦੁਆਰਾ ਪਸ਼ੂਆਂ ਦੀ ਨਸਲ ਸੁਧਾਰ ਦੇ ਕੰਮਾਂ ਦਾ ਨਿਰੀਖਣ ਕਰਦੇ ਹੋਏ ਲੰਘਾਉਦਾ ਸੀ। ਦਿਲ ਦੀ ਧੜਕਣ ਵਧਣ ਅਤੇ ਮਿਹਦੇ ਦੀਆਂ ਦਰਦਾਂ ਦੀ ਇਹ ਬਿਮਾਰੀ ਇਸ ਤੋਂ ਬਾਅਦ ਡਾਰਵਿਨ ਦਾ ਉਮਰ ਭਰ ਪਿੱਛਾ ਕਰਦੀ ਰਹੀ।

ਆਪਣੇ ਅਧਿਐਨ ਦੇ ਆਰੰਭਿਕ ਸਾਲਾਂ ਵਿੱਚ ਹੀ, ਡਾਰਵਿਨ ਜੀਵ ਵਿਕਾਸ ਸਬੰਧੀ ਆਪਣੀਆਂ ਦੋ ਮਹੱਤਵਪੂਰਨ ਧਾਰਨਾਵਾਂ ਦਾ ਵਾਕਸ ਕਰ ਚੁੱਕਾ ਸੀ। ਇਹ ਦੋ ਧਾਰਨਾਵਾਂ – ‘ਕੁਦਰਤੀ ਚੋਣ’ (Natural Selection) ਅਤੇ ‘ਯੋਗਤਮ ਦਾ ਬਚਾਅ’ (Survival of the fittest) ਸਨ। ਡਾਰਵਿਨ ਦੀਆਂ ਧਾਰਨਾਵਾਂ ਨੇ ਇਹ ਪੱਕੇ ਤੌਰ ‘ਤੇ ਸਿੱਧ ਕਰ ਦੇਣਾ ਸੀ ਕਿ ਇਹ ਕੁਦਰਤ ਪਲ ਪਲ ਬਦਲਦੀ ਹੈ, ਇਹ ਆਪਣੇ ਆਰੰਭ ਤੋਂ ਇਕਸਾਰ ਨਹੀਂ ਰਹੀ ਜਿਵੇਂ ਕਿ ਉਸ ਸਮੇਂ ਦੀਆਂ ਧਾਰਮਿਕ ਸਿੱਖਿਆਵਾਂ ਵਿੱਚ ਪ੍ਰਚਾਰਿਆ ਜਾਂਦਾ ਸੀ। ਡਾਰਵਿਨ ਨੂੰ ਪਤਾ ਸੀ ਕਿ ਉਸ ਦੀਆਂ ਖੋਜ਼ਾਂ ਦਾ ਸਮਾਜ ਵਿੱਚ ਕਠਮੁੱਲਿਆਂ ਵੱਲੋਂ ਭਿਅੰਕਰ ਵਿਰੋਧ ਕੀਤਾ ਜਾਵੇਗਾ। ਕੁੱਝ ਇਸ ਡਰ ਕਰਕੇ ਅਤੇ ਕੁੱਝ ਆਪਣੀਆਂ ਖੋਜਾਂ ਨੂੰ ਹੋਰ ਪੱਕੇ ਪੈਰੀ ਕਰਨ ਲਈ ਕੁਦਰਤ ‘ਚੋਂ ਸਬੂਤ ਇਕੱਠੇ ਕਰਨ ਅਤੇ ਅਧਿਐਨ ਕਰਨ ਕਾਰਨ ਡਾਰਵਿਨ 1859 ਤੱਕ ਆਪਣੀ ਯੁੱਗ ਪਲਟਾਊ ਖੋਜ ਨੂੰ ਪ੍ਰਕਾਸ਼ਿਤ ਨਾ ਕਰ ਸਕਿਆ।

1856 ਦੇ ਸ਼ੁਰੂਆਤੀ ਦਿਨਾਂ ਵਿੱਚ ਚਾਰਲਸ ਡਾਰਵਿਨ ਦੇ ਦੋਸਤ ਚਾਰਲਸ ਲਿਲ ਨੂੰ ਇੱਕ ਹੋਰ ਵਿਗਿਆਨੀ ਅਲਫਰੈਡ ਵਾਲੈੱਸ ਦਾ ਪੱਤਰ ਮਿਲਿਆ ਜਿਸ ਵਿੱਚ ਵਾਲੈੱਸ ਨੇ ਡਾਰਵਿਨ ਦੀਆਂ ਧਾਰਨਾਵਾਂ ਨਾਲ਼ ਮੇਲ ਖਾਂਦੀਆਂ ਗੱਲਾਂ ਕਹੀਆਂ। ਇਸ ਤੇ ਲਿਲ ਨੇ ਡਾਰਵਿਨ ਨੂੰ ਆਪਣੀਆਂ ਖੋਜਾਂ ਨੂੰ ਛਪਾਉਣ ਲਈ ਕਿਹਾ ਅਤੇ ਉਸ ਦੇ ਕਹਿਣ ‘ਤੇ ਡਾਰਵਿਨ ਨੇ ‘ਜੀਵਾਂ ਦੀਆਂ ਪ੍ਰਜਾਤੀਆਂ ਦੀ ਉਤਪਤੀ (Origin of Species)’ ਸਬੰਧੀ ਇੱਕ ਖੋਜ-ਪੱਤਰ ਲਿਖਣਾ ਸ਼ੁਰੂ ਕੀਤਾ। ਜੂਨ, 1858 ਵਿੱਚ ਡਾਰਵਿਨ ਨੂੰ ਵਾਲੈੱਸ ਦਾ ਪੱਤਰ ਮਿਲਿਆ ਜਿਸ ਵਿੱਚ ਉਸ ਨੇ ‘ਕੁਦਰਤੀ ਚੋਣ’ ਦੀ ਧਾਰਨਾ ਦੀ ਗੱਲ ਕੀਤੀ। 1859 ਵਿੱਚ 1 ਜੁਲਾਈ ਦੇ ਦਿਨ, ਡਾਰਵਿਨ ਅਤੇ ਵਾਲੈੱਸ ਨੇ ਇਕੱਠਿਆਂ ਹੀ ਆਪਣੀਆਂ ਖੋਜਾਂ ਬਾਰੇ ਖੋਜ ਪੱਤਰ ਪੜ੍ਹਣ ਦਾ ਨਿਰਣਾ ਕੀਤਾ, ਪਰ ਆਪਣੇ ਪੁੱਤਰ ਦੀ ਮੌਤ ਕਾਰਨ ਡਾਰਵਿਨ ਇਸ ਵਿੱਚ ਸ਼ਾਮਿਲ ਨਾ ਹੋ ਸਕਿਆ। ਆਖ਼ਰਕਾਰ ਨਵੰਬਰ ਵਿੱਚ ਡਾਰਵਿਨ ਦੀ ਪੁਸਤਕ ‘ਜੀਵਾਂ ਦੀ ਉਤਪਤੀ’ ਛਪ ਕੇ ਲੋਕਾਂ ਵਿੱਚ ਪਹੁੰਚ ਗਈ।

ਜਿਵੇਂ ਕਿ ਆਸ ਹੀ ਸੀ, ਕਿਤਾਬ ਨੂੰ ਭਰਵਾਂ ਹੁੰਘਾਰਾਂ ਮਿਲ਼ਿਆ ਅਤੇ ਕੁੱਝ ਹੀ ਦਿਨਾਂ ਵਿੱਚ ਇਸ ਦੇ ਪਹਿਲੇ ਐਡੀਸ਼ਨ ਦੀਆਂ ਸਾਰੀਆਂ ਕਾਪੀਆਂ ਵਿਕ ਗਈਆਂ। ਵਿਗਿਆਨੀਆਂ ਵਿੱਚੋਂ ਬਹੁਤੇ ਡਾਰਵਿਨ ਦੀਆਂ ਖੋਜਾਂ ਨਾਲ਼ ਸਹਿਮਤੀ ਪ੍ਰਗਟਾਉਣ ਲੱਗੇ, ਭਾਵੇਂ ਕੁੱਝ ਵਿਗਿਆਨੀਆਂ ਨੇ ਡਾਰਵਿਨ ਦੀਆਂ ਧਾਰਨਾਵਾਂ ਦਾ ਤਕੜਾ ਵਿਰੋਧ ਕੀਤਾ। ਸਭ ਤੋਂ ਵੱਧ ਭਿਆਨਕ ਵਿਰੋਧ ਧਾਰਮਕ ਕਠਮੁੱਲਿਆਂ ਅਤੇ ਕੱਟੜਪੰਥੀਆਂ ਨੇ ਕੀਤਾ ਅਤੇ ਡਾਰਵਿਨ ਦੇ ਭੱਦੇ ਕਾਰਟੂਨ ਬਣਾ ਕੇ ਵੰਡੇ ਗਏ। ਜਦੋਂ ਡਾਰਵਿਨ ਨੇ ਇਹ ਖੁਲਾਸਾ ਕੀਤਾ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਦੀ ਇੱਕ ਨਸਲ ‘ਏਪ’ (Ape) ਤੋਂ ਹੋਇਆ ਹੈ ਤਾਂ ਤਰਥੱਲੀ ਮੱਚ ਗਈ। ਡਾਰਵਿਨ ਦਾ ਚਿਹਰਾ ਬਾਂਦਰ ਦੇ ਧੜ ਉੱਪਰ ਲਾ ਕੇ ਉਸ ਦੀ ਖਿੱਲੀ ਉਡਾਈ ਗਈ। ਪਰ ਉਸ ਦੀਆਂ ਖੋਜਾਂ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੱਟੜਪੰਥੀ ਚਰਚ ਨੇ ਹੁਣ ਉਸ ਦੀਆਂ ਖੋਜਾਂ ਨੂੰ ਆਪਣੇ ਧਾਰਮਿਕ ਲਬਾਦੇ ਵਿੱਚ ਫਿੱਟ ਕਰਨਾ ਸ਼ੁਰੂ ਕਰ ਦਿੱਤਾ।

ਆਪਣੇ ਖੋਜ ਕਾਰਜ ਜਾਰੀ ਰੱਖਦੇ ਹੋਏ, ਡਾਰਵਿਨ ਨੇ ਇਸ ਤੋਂ ਬਾਅਦ ‘ਮਨੁੱਖਾਂ ਦੀ ਉਤਪਤੀ (Descent of Man)’ ਅਤੇ ਹੋਰ ਕਈ ਕਿਤਾਬਾਂ ਲਿਖੀਆਂ। 19 ਅਪ੍ਰੈਲ, 1882 ਦੇ ਦਿਨ 73 ਸਾਲ ਦੀ ਉਮਰ ਭੋਗ ਕੇ ਇਹ ਮਹਾਨ ਵਿਗਿਆਨੀ ਚਲ ਵਸਿਆ ਅਤੇ ਪਿੱਛੇ ਛੱਡ ਗਿਆ — ਮਨੁੱਖਤਾ ਨੂੰ ਆਪਣੀਆਂ ਬੇਮਿਸਾਲ ਦੇਣਾਂ।

ਡਾਰਵਿਨ ਦੀ ਖੋਜਾਂ

ਐੱਚ. ਐੱਮ. ਐੱਸ. ਬੀਗਲ ਨਾਲ਼ ਆਪਣੇ ਸਮੁੰਦਰੀ ਸਫ਼ਰ ਦੌਰਾਨ ਡਾਰਵਿਨ ਨੇ ਬਹੁਤ ਮਹੱਤਵਪੂਰਨ ਜਾਣਕਾਰੀਆਂ ਇਕੱਠੀਆਂ ਕੀਤੀਆਂ। ਗੈਲਾਪੈਗੋਸ ਟਾਪੂਆਂ ਵਿੱਚ ਉਸ ਦਾ ਧਿਆਨ ਘਰੇਲੂ ਚਿੜੀਆਂ ਜਿਹੇ ਇੱਕ ਪੰਛੀਆਂ ਦੀ ਨਸਲ ‘ਤੇ ਗਿਆ। ਇਹਨਾਂ ਪੰਛੀਆਂ ਦੀ ਸ਼ਕਲੋ-ਸੂਰਤ ਆਪਸ ਵਿੱਚ ਕਾਫ਼ੀ ਮਿਲਦੀ ਸੀ ਅਤੇ ਇਹ ਪੰਛੀ ਮੁੱਖ ਧਰਤੀ ‘ਤੇ ਪਾਏ ਜਾਣ ਵਾਲ਼ੇ ਇਸੇ ਹੀ ਕਿਸਮ ਦੇ ਪੰਛੀਆਂ ਨਾਲ਼ ਵੀ ਮਿਲ਼ਦੇ-ਜੁਲ਼ਦੇ ਸਨ। ਪਰ ਟਾਪੂਆਂ ‘ਤੇ ਰਹਿਣ ਵਾਲ਼ੇ ਪੰਛੀ ਕੀੜੇ ਖਾ ਕੇ ਗੁਜ਼ਾਰਾ ਕਰਦੇ ਸਨ ਜਦ ਕਿ ਦੱਖਣੀ ਅਮਰੀਕਾ ਦੀ ਮੁੱਖ ਧਰਤੀ ਵਾਲ਼ੇ ਪੰਛੀ ਪੌਦਿਆਂ ਦੇ ਬੀਜ ਖਾਂਦੇ ਸਨ। ਕੀੜੇ ਖਾਣ ਵਾਲ਼ੇ ਪੰਛੀਆਂ ਦੀਆਂ ਚੁੰਝਾਂ ਬੀਜ ਖਾਣ ਵਾਲ਼ੇ ਪੰਛੀਆਂ ਤੋਂ ਲੰਮੀਆਂ ਸਨ। ਡਾਰਵਿਨ ਨੇ ਇਹ ਸਿੱਟਾ ਕੱਢਿਆ ਕਿ ਕਿਸੇ ਕਾਰਨ ਇਹ ਪੰਛੀ ਮੁੱਖ ਧਰਤੀ ਤੋਂ ਟਾਪੂਆਂ ‘ਤੇ ਆ ਗਏ। ਬਦਲੇ ਹਾਲਾਤ ‘ਚ ਜਿਊਂਦੇ ਰਹਿਣ ਲਈ ਉਹਨਾਂ ਨੂੰ ਕੀੜੇ ਖਾ ਕੇ ਜੀਣਾ ਪਿਆ। ਪਰ ਕੀੜੇ ਆਮ ਤੌਰ ‘ਤੇ ਦਰੱਖਤ ਦੇ ਤਣਿਆਂ ‘ਚ ਡੂੰਘੇ ਛੁਪੇ ਹੁੰਦੇ ਸਨ, ਸੋ ਸਮੇਂ ਨਾਲ਼ ਟਾਪੂਆਂ ‘ਤੇ ਲੰਬੀ ਚੁੰਝ ਵਾਲ਼ੇ ਪੰਛੀ ਹੋਂਦ ਵਿੱਚ ਆ ਗਏ।

ਇਸੇ ਤਰ੍ਹਾਂ ਉਸ ਨੇ ਦੱਖਣੀ ਅਮਰੀਕਾ ਦੇ ਤੱਟ ਦੇ ਨਾਲ਼ ਨਾਲ਼ ਇੱਕ ਦੱਖਣ ਅਮਰੀਕੀ ਜਾਨਵਰ ‘ਸਲੌਥ’ ਦੇ ਪਥਰਾਟਾਂ ਦਾ ਅਧਿਐਨ ਕੀਤਾ। ਇਹਨਾਂ ਅਲੋਪ ਹੋ ਚੁੱਕੇ ਜਾਨਵਰਾਂ ਦਾ ਆਕਾਰ ਹਾਥੀ ਜਿੱਡਾ ਸੀ, ਪਰੰਤੂ ਉਸ ਸਮੇਂ ਦੇ ਅਮਰੀਕੀ ਸਲੌਥਾਂ ਦਾ ਆਕਾਰ ਕਿਤੇ ਛੋਟਾ ਸੀ, ਡਾਰਵਿਨ ਨੇ ਆਪਣੇ ਅਧਿਐਨ ਤੋਂ ਸਿੱਟਾ ਕੱਢਿਆ ਕਿ ਛੋਟੇ ਆਕਾਰ ਦੇ ਸਲੌਥ ਅਲੋਪ ਹੋ ਚੁੱਕੇ ਸਲੌਥਾਂ ਤੋਂ ਹੀ ਵਿਕਸਤ ਹੋਏ ਹਨ।

ਇਸੇ ਤਰ੍ਹਾਂ, ਉਸ ਨੇ ਉਸ ਸਮੇਂ ਤੱਕ ਖੋਜੇ ਵੱਖ-ਵੱਖ ਪਥਰਾਟਾਂ ਦਾ ਅਧਿਐਨ ਕੀਤਾ। ਉਸ ਸਮੇਂ ਤੱਕ ਪਥਰਾਟਾਂ ‘ਤੇ ਖੋਜ ਕਰਨ ਵਾਲ਼ੇ ਵਿਗਿਆਨੀਆਂ ਨੂੰ ਧਰਤੀ ਦੀ ਸਤ੍ਹਾ ‘ਤੇ ਚਟਾਨਾਂ ਦੀਆਂ ਵੱਖ-ਵੱਖ ਤੈਹਾਂ ਮਿਲ਼ੀਆਂ ਅਤੇ ਹਰੇਕ ਤਹਿ ਵਿੱਚ ਵੱਖ-ਵੱਖ ਕਿਸਮ ਦੇ ਜਾਨਵਰਾਂ ਤੇ ਪੌਦਿਆਂ ਦੇ ਪਥਰਾਟ ਮਿਲ਼ੇ। ਡਾਰਵਿਨ ਨੇ ਆਪਣੇ ਅਧਿਐਨ ਵਿੱਚ ਪਾਇਆ ਕਿ ਹੇਠਲੀ ਤਹਿ ਤੋਂ ਉਪਰ ਵੱਲ ਆਉਂਦੇ ਹੋਏ, ਇਹਨਾਂ ਤੈਹਾਂ ਵਿੱਚ ਮਿਲ਼ੇ ਜਾਨਵਰਾਂ ਤੇ ਪੌਦਿਆਂ ਵਿੱਚ ਵਿਕਾਸ ਦਾ ਸਿਲਸਿਲਾ ਸਿੱਧਾ-ਸਿੱਧਾ ਵਿਖਾਈ ਦੇ ਰਿਹਾ ਸੀ। ਉਸ ਸਮੇਂ ਤੱਕ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਚੱਟਾਨਾਂ ਦੀ ਇੱਕ ਤਹਿ ਜੰਮਣ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ। ਇਸ ਤੋਂ ਡਾਰਵਿਨ ਦਾ ਇਹ ਨਿਸ਼ਚਾ ਪੱਕਾ ਹੋ ਗਿਆ ਕਿ ਧਰਤੀ ਤੇ ਜੀਵਨ ਹਮੇਸ਼ਾ ਇੱਕੋ ਜਿਹਾ ਨਹੀਂ ਰਿਹਾ ਹੈ, ਇਹ ਬਦਲਦਾ ਰਿਹਾ ਹੈ। ਡਾਰਵਿਨ ਇਸ ਸਿੱਟੇ ਤੱਕ ਵੀ ਪਹੁੰਚ ਗਿਆ ਕਿ ਜੀਵਨ ਦੀ ਉਤਪਤੀ ਕਿਸੇ ਸਰਲ ਰੂਪ ਵਿੱਚ ਹੋਈ ਅਤੇ ਇਸੇ ਸਰਲ ਰੂਪ ਤੋਂ ਵਿਕਾਸ ਹੁੰਦੇ ਹੋਏ ਜੀਵਾਂ ਅਤੇ ਪੌਦਿਆਂ ਦੀਆਂ ਵੱਖ ਵੱਖ ਪ੍ਰਜਾਤੀਆਂ ਹੋਂਦ ਵਿੱਚ ਆਈਆਂ ਅਤੇ ਅਜਿਹਾ ਹੋਣ ਲਈ ਲੱਖਾਂ ਸਾਲ ਲੱਗੇ। ਅੱਜ ਵਿਗਿਆਨੀ ਇਹ ਜਾਣ ਚੁੱਕੇ ਹਨ ਕਿ ਧਰਤੀ ਦੀ ਉਮਰ ਲੱਗਭਗ 4.5 ਬਿਲੀਅਨ ਸਾਲ ਹੈ ਅਤੇ ਜੀਵਨ ਦੇ ਪਹਿਲੇ ਰੂਪ 3.5 ਮਿਲੀਅਨ ਸਾਲ ਪਹਿਲਾਂ ਹੋਂਦ ‘ਚ ਆਏ। ਮਨੁੱਖਾਂ ਦਾ ਜਨਮ ਕੋਈ 1 ਲੱਖ ਸਾਲ ਪਹਿਲਾਂ ਹੀ ਹੋਇਆ ਹੈ।

ਆਪਣੇ ਪਿਤਰੀ ਘਰ ਵਿੱਚ ਰਹਿਣ ਸਮੇਂ ਡਾਰਵਿਨ ਨੇ ਦੇਖਿਆ ਕਿ ਕਿਸਾਨ ਵੱਧ ਦੁੱਧ ਦੇਣ ਵਾਲ਼ੇ ਪਸ਼ੂਆਂ ਨੂੰ ਚੋਣਵੇਂ ਤੌਰ ‘ਤੇ ਪ੍ਰਜਣਨ ਕਰਵਾ ਕੇ ਵੱਧ ਦੁੱਧ ਦੇਣ ਵਾਲ਼ੇ ਪਸ਼ੂਆਂ ਦੀ ਗਿਣਤੀ ਵਧਾ ਲੈਂਦੇ ਹਨ। ਉਸ ਨੇ ਇਸ ਨੂੰ ‘ਮਨਸੂਈ ਚੋਣ (Artificial Selection)’ ਦਾ ਨਾਂ ਦਿੱਤਾ। ਪਰ ਉਸਨੇ ਇਸ ਤੋਂ ਅੱਗੇ ਸੋਚਦੇ ਹੋਏ ਆਪਣੇ ਕੋਲ਼ ਉਪਲਭਧ ਹੋਰ ਜਾਣਕਾਰੀਆਂ ਦੇ ਆਧਾਰ ‘ਤੇ ਇਹ ਸਿਧਾਂਤ ਖੋਜਿਆ ਕਿ ਕੁਦਰਤ ਵਿੱਚ ਵੀ ਇੱਕ ਤਰ੍ਹਾਂ ਦੀ ‘ਕੁਦਰਤੀ ਚੋਣ’ ਦੀ ਪ੍ਰਕਿਰਿਆ ਚੱਲਦੀ ਹੈ।

ਇਸ ਨੂੰ ਇੱਕ ਸਰਲ ਉਦਾਹਰਣ ਨਾਲ਼ ਸਮਝਿਆ ਜਾ ਸਕਦਾ ਹੈ। ਇੱਕ ਖਾਸ ਕਿਸਮ ਦਾ ਉੱਡਣ ਵਾਲ਼ਾ ਕੀੜਾ ਪੰਛੀਆਂ ਦੁਆਰਾ ਖਾਧਾ ਜਾਂਦਾ ਹੈ। ਇਸ ਕੀੜੇ ਦੀਆਂ ਦੋ ਕਿਸਮਾਂ ਹਨ — ਇੱਕ ਚਿੱਟੇ ਖੰਭਾਂ ਵਾਲ਼ਾ ਜੋ ਜ਼ਹਿਰੀਲਾ ਨਹੀਂ ਹੈ ਤੇ ਦੂਜਾ ਚਮਕੀਲੇ ਰੰਗਾਂ ਵਾਲ਼ਾ ਜ਼ਹਿਰੀਲਾ ਕੀੜਾ। ਹੌਲ਼ੀ ਹੌਲ਼ੀ ਪੰਛੀ ਖੰਭਾਂ ਦੇ ਰੰਗ ਤੋਂ ਜ਼ਹਿਰੀਲੇ ਕੀੜੇ ਨੂੰ ਪਛਾਣਨ ਲੱਗਦੇ ਹਨ ਤੇ ਉਸ ਨੂੰ ਖਾਣਾ ਬੰਦ ਕਰ ਦਿੰਦੇ ਹਨ। ਸ਼ੁਰੂ ਵਿੱਚ ਚਮਕੀਲੇ ਖੰਭਾਂ ਵਾਲ਼ੇ ਕੀੜਿਆਂ ਦੀ ਗਿਣਤੀ ਘੱਟ ਸੀ, ਪਰ ਕੁੱਝ ਹੀ ਪੀੜ੍ਹੀਆਂ ਬਾਅਦ ਚਮਕੀਲੇ ਰੰਗ ਵਾਲ਼ੇ ਕੀੜਿਆਂ ਦੀ ਬਹੁਤਾਤ ਹੋ ਜਾਵੇਗੀ ਕਿਉਂਕਿ ਉਹਨਾਂ ਕੋਲ਼ ਪ੍ਰਜਣਨ ਕਰਨ ਦਾ ਅਤੇ ਆਪਣੇ ਤੋਂ ਅੱਗੇ ਨਵੇਂ ਕੀੜੇ ਪੈਦਾ ਕਰਨ ਦਾ ਮੌਕਾ ਚਿੱਟੇ ਖੰਭ ਵਾਲ਼ੇ ਕੀੜਿਆਂ ਦੇ ਮੁਕਾਬਲੇ ਜ਼ਿਆਦਾ ਹੈ। ਇਸ ਤਰ੍ਹਾਂ ਚਮਕੀਲੇ ਖੰਭਾਂ ਵਾਲ਼ੇ ਕੀੜੇ ‘ਕੁਦਰਤੀ ਚੋਣ’ ਰਾਹੀਂ ਬਹੁਤਾਤ ਵਿੱਚ ਆ ਜਾਂਦੇ ਹਨ।

ਇਸ ਤਰਾਂ ਡਾਰਵਿਨ ਨੇ ਦੇਖਿਆ ਕਿ ਕੁਦਰਤ ਵਿੱਚ ਜੀਵ ਜੰਤੂ ਬਹੁਤ ਜ਼ਿਆਦਾ ਗਿਣਤੀ ਵਿੱਚ ਬੱਚੇ ਪੈਦਾ ਕਰਦੇ ਹਨ ਪਰ ਹਰੇਕ ਜੀਵ ਪ੍ਰਜਾਤੀ ਦੀ ਸੰਖਿਆ ਨੂੰ ਕੰਟਰੋਲ ਵਿੱਚ ਰੱਖਣ ਲਈ ਕਿਸੇ ਕਿਸਮ ਦਾ ਨਿਯਮ ਹੋਣਾ ਜ਼ਰੂਰੀ ਹੈ। ਇੱਥੋਂ ਉਸ ਨੇ ਆਪਣੇ ਦੂਜੇ, ਜੋ ਕਿ ਮੁੱਖ ਰੂਪ ਵਿੱਚ ਵਿਵਾਦ ਦਾ ਕਾਰਨ ਬਣਿਆ, ‘ਯੋਗਤਮ ਦਾ ਬਚਾਅ’ ਦੇ ਸਿਧਾਂਤ ਨੂੰ ਰੂਪ ਦਿੱਤਾ। ਉਸ ਅਨੁਸਾਰ ਵਾਤਾਵਰਣ ਦੇ ਹਾਲਾਤਾਂ ਮੁਤਾਬਿਕ ਸਭ ਤੋਂ ਯੋਗ ਜੀਵ ‘ਜਿਊਂਦੇ ਰਹਿਣ ਦੇ ਸੰਘਰਸ਼’ ਵਿੱਚ ਕਾਮਯਾਬ ਹੋ ਜਾਂਦਾ ਹਨ ਅਤੇ ਪ੍ਰਜਣਨ ਕਰ ਪਾਉਂਦੇ ਹਨ, ਬਾਕੀ ਮਰ ਜਾਂਦੇ ਹਨ। ਇਸ ਤਰ੍ਹਾਂ ਜਿਉਂਦੇ ਰਹਿਣ ਲਈ ਲਾਭਕਾਰੀ ਗੁਣ ਚੋਣਵੇਂ ਰੂਪ ਵਿੱਚ ਅਗਲੀਆਂ ਪੀੜ੍ਹੀਆਂ ਵਿੱਚ ਚਲੇ ਜਾਂਦੇ ਹਨ। 

ਇਹਨਾਂ ਦੋਵਾਂ ਸਿਧਾਂਤਾਂ ਦੇ ਆਧਾਰ ‘ਤੇ, ਡਾਰਵਿਨ ਨੇ ਇਹ ਸਿੱਟਾ ਕੱਢਿਆ ਕਿ ਲਾਭਕਾਰੀ ਗੁਣ ਅਤੇ ਵਾਤਾਵਰਣ ਅਨੁਸਾਰ ਢਲਣ ਲਈ ਜੀਵਾਂ ਵਿੱਚ ਆਏ ਬਦਲਾਅ, ਜੋ ਕਿ ਪੀੜ੍ਹੀ ਦਰ ਪੀੜ੍ਹੀ ਜੀਵਾਂ ਵਿੱਚ ਸੰਚਾਰਿਤ ਹੋ ਸਕਦੇ ਹੋਣ, ਇਕੱਠੇ ਹੁੰਦੇ ਰਹਿੰਦੇ ਹਨ ਅਤੇ ਸਮਾਂ ਪੈਣ ‘ਤੇ ਇੱਕ ਬਿਲਕੁੱਲ ਹੀ ਨਵੀਂ ਪ੍ਰਜਾਤੀ ਦੇ ਹੋਂਦ ਵਿੱਚ ਆ ਜਾਣ ਦਾ ਕਾਰਨ ਬਣਦੇ ਹਨ।

ਡਾਰਵਿਨ ਦੇ ਸਿਧਾਂਤਾਂ ਦੀਆਂ ਆਪਣੀਆਂ ਕਮੀਆਂ ਵੀ ਹਨ, ਪਰ ਫਿਰ ਵੀ ਡਾਰਵਿਨ ਦੇ ਸਿਧਾਂਤ ਆਧੁਨਿਕ ਜੀਵ ਵਿਕਾਸ ਸਿਧਾਂਤ ਦਾ ਬੁਨਿਆਦੀ ਥੰਮ ਹਨ। ਉਸਦੇ ਦਿੱਤੇ ਸਿਧਾਂਤਾਂ ਤੋਂ ਬਿਨਾਂ ਅੱਜ ਵੀ ਕਿਸੇ ਜੀਵ ਵਿਕਾਸ ਸਿਧਾਂਤ ਦੀ ਕਲਪਨਾ ਸੰਭਵ ਨਹੀਂ। ਡਾਰਵਿਨ ਦੀ ਸਭ ਤੋਂ ਵੱਡੀ ਦੇਣ ਸੀ, ਸਦਾ ਸਦਾ ਲਈ ਸਥਿਰ ਇਕਸਾਰ ਰਹਿਣ ਵਾਲ਼ੇ ਸੰਸਾਰ ਦੀ ਧਾਰਨਾ ਦਾ ਸਦਾ ਸਦਾ ਲਈ ਅੰਤ। ਇਹੀ ਦੇਣ ਡਾਰਵਿਨ ਦੇ ਵਿਰੋਧੀਆਂ ਨੂੰ ਸਭ ਤੋਂ ਵੱਧ ਖੁਣਕਦੀ ਹੈ।

ਇਹਨਾਂ ਸਿਧਾਂਤਾਂ ਤੋਂ ਇਲਾਵਾਂ, ਡਾਰਵਿਨ ਦੀ ਮਨੁੱਖਤਾ ਨੂੰ ਹੋਰ ਵੀ ਮਹੱਤਵਪੂਰਨ ਅਤੇ ਇਨਕਲਾਬੀ ਦੇਣ ਹੈ। ਡਾਰਵਿਨ ਦੇ ਦੋਸਤ, ਟਾਮਸ ਹਕਸਲੇ ਨੇ ਉਸ ਸਮੇਂ ਦਿਖਾਇਆ ਕਿ ਸਰੀਰਕ ਰਚਨਾ ਦੇ ਪੱਖੋਂ ਮਨੁੱਖ ਬਹੁਤ ਹੱਦ ਤੱਕ ‘ਏਪ’ ਨਾਲ਼ ਮਿਲਦਾ ਜੁਲਦਾ ਹੈ। 1871 ਵਿੱਚ ਡਾਰਵਿਨ ਨੇ ਆਪਣੀ ਕਿਤਾਬ ‘ਮਨੁੱਖ ਦਾ ਵਿਕਾਸ’ ਛਾਪੀ। ਇਸ ਕਿਤਾਬ ਵਿੱਚ ਉਸ ਨੇ ਮਨੁੱਖੀ ਸੱਭਿਆਚਾਰਕ ਵਿਕਾਸ ਅਤੇ ਮਨੁੱਖਾਂ ਵਿੱਚ ਪਾਏ ਜਾਣ ਵਾਲ਼ੇ ਲੈਂਗਿਕ, ਸਰੀਰਕ ਅਤੇ ਸੱਭਿਆਚਾਰਕ ਵਖਰੇਵਿਆਂ ਦੀ ਵਿਆਖਿਆ ਲਈ ‘ਲੈਂਗਿਕ ਚੋਣ’ ਦਾ ਸਿਧਾਂਤ ਪੇਸ਼ ਕੀਤਾ। ਇਸ ਕਿਤਾਬ ਵਿੱਚ ਉਸ ਨੇ ਜ਼ੋਰ ਦਿੱਤਾ ਕਿ ਸਾਰੇ ਮਨੁੱਖ ਇੱਕ ਹੀ ਪੂਰਵਜ ਤੋਂ ਵਿਕਸਤ ਹੋਏ ਹਨ ਅਤੇ ਇਹ ਵਿਕਾਸ ਅਫ਼ਰੀਕਾ ਮਹਾਂਦੀਪ ਵਿੱਚ ਹੋਇਆ। ਉਸ ਸਮੇਂ ਵੱਖ ਵੱਖ ਨਸਲਾਂ ਦੇ ਮਨੁੱਖਾਂ ਨੂੰ ਵੱਖ ਵੱਖ ਪ੍ਰਜਾਤੀਆਂ ਮੰਨਣ ਅਤੇ ਕੁੱਝ ਨਸਲਾਂ ਨੂੰ ਦੂਜੀਆਂ ਨਸਲਾਂ ਤੋਂ ਵਧੀਆ ਮੰਨਣ ਅਤੇ ਅਲੱਗ-ਅਲੱਗ ਤੌਰ ‘ਤੇ ਵਿਕਸਤ ਹੋਣ ਦੇ ਸਿਧਾਂਤ ਦਾ ਕਾਫ਼ੀ ਬੋਲਬਾਲਾ ਸੀ, ਪਰ ਡਾਰਵਿਨ ਦੇ ਇੱਕ ਪੂਰਵਜ ਤੋਂ ਸਾਰੇ ਮਨੁੱਖਾਂ ਦੇ ਵਿਕਾਸ ਦੇ ਸਿਧਾਂਤ ਪੇਸ਼ ਕਰਨ ਤੋਂ ਬਾਅਦ ਇਹ ਸਿਧਾਂਤ ਹੌਲ਼ੀ ਹੌਲ਼ੀ ਪ੍ਰਭਾਵਹੀਣ ਹੋ ਗਿਆ। ਡਾਰਵਿਨ ਦੇ ਸਿਧਾਂਤ ਦੀ ਪ੍ਰੋੜਤਾ ਹੁਣ ਡੀ. ਐੱਨ. ਏ. ਦੇ ਅਧਿਐਨ ਤੋਂ ਵੀ ਹੋ ਚੁੱਕੀ ਹੈ।

ਡਾਰਵਿਨ ਦੇ ਆਲੋਚਕ

ਜਿਉਂ ਹੀ ਡਾਰਵਿਨ ਨੇ, ਬਾਈਬਲ ਦੀ ਧਾਰਨਾ, ਕਿ ਧਰਤੀ ਦੀ ਉਮਰ 6000 ਸਾਲ ਹੈ ਤੇ ਸੰਸਾਰ ਦੀ ਰਚਨਾ ‘ਪਰਮ-ਪ੍ਰਮੇਸ਼ਵਰ ਪ੍ਰਭੂ’ ਨੇ 6 ਦਿਨਾਂ ਵਿੱਚ ਕੀਤੀ ਸੀ ਤੇ ਸਦਾ ਸਦਾ ਲਈ ਕੀਤੀ ਸੀ, ਤੇ ਸੱਟ ਮਾਰੀ ਅਤੇ ਇਸ ਨੂੰ ਆਪਣੀਆਂ ਖੋਜਾਂ ਨਾਲ਼ ਤੂੰਬਾ ਤੂੰਬਾ ਕਰ ਦਿੱਤਾ। ਤਾਂ ਧਾਰਮਿਕ ਕੱਟੜਪੰਥੀਆਂ ਨੇ ਉਸ ਖ਼ਿਲਾਫ਼ ਜ਼ਿਹਾਦ ਵਿੱਢ ਦਿੱਤਾ। ਪਰ ਹੁਣ ਸਮਾਂ ਬਦਲ ਚੁੱਕਾ ਸੀ, ਹੁਣ ਮੱਧਯੁਗ ਦਾ ਜਾਗੀਰਦਾਰੀ ਢਾਂਚਾ ਨਹੀਂ ਰਿਹਾ ਸੀ, ਹੁਣ ਪੂੰਜੀਵਾਦੀ ਢਾਂਚਾ ਹੋਂਦ ਵਿੱਚ ਆ ਚੁੱਕਾ ਸੀ ਜਿਸ ਲਈ ਵਿਗਿਆਨ ਦੀ ਜ਼ਰੂਰਤ ਜਿਊਂਦੇ ਰਹਿਣ ਦਾ ਸਵਾਲ ਸੀ, ਇਸ ਲਈ ਥੋੜੇ ਸਮੇਂ ਵਿੱਚ ਹੀ ਡਾਰਵਿਨ ਦੇ ਸਿਧਾਂਤਾਂ ਨੂੰ ਵਿਗਿਆਨਕਾਂ ਵੱਲੋਂ ਮਾਨਤਾ ਮਿਲ਼ ਗਈ। ਹੁਣ ਡਾਰਵਿਨ ਦੇ ਸਿਧਾਂਤਾਂ ਦੀ ਵਰਤੋਂ ਪੂੰਜੀਵਾਦੀ ਢਾਂਚੇ ਨੂੰ ਸਹੀ ਸਾਬਿਤ ਕਰਨ ਲਈ ਹੋਣ ਲੱਗੀ ਅਤੇ ਉਸ ਵਿਚਲੇ ਇਨਕਲਾਬੀ ਅੰਸ਼ ਨੂੰ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ।

‘ਸਵੈ ਹੋਂਦ ਲਈ ਸੰਘਰਸ਼’ ਅਤੇ ‘ਯੋਗਤਮ ਦਾ ਬਚਾਅ’ ਦੀਆਂ ਡਾਰਵਿਨ ਦੀਆਂ ਧਾਰਨਾਵਾਂ ਨੂੰ ਪੂੰਜੀਵਾਦੀ ਢਾਂਚੇ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾਣ ਲੱਗੀ ਅਤੇ ਅੱਜ ਵੀ ਇਹੋ ਜਿਹੀਆਂ ਗੱਲਾਂ ਕਰਨ ਵਾਲ਼ਿਆਂ ਦੀ ਕਮੀ ਨਹੀਂ ਹੈ। ਪਰ ਅਜਿਹੇ ਸਿਧਾਂਤਕਾਰ ‘ਸਵੈ ਹੋਂਦ ਲਈ ਕਿਰਤੀਆਂ ਦੇ ਸੰਘਰਸ਼’ ਤੋਂ ਵੀ ਓਨਾ ਹੀ ਡਰਦੇ ਹਨ, ਜਿੰਨਾ ਜ਼ੋਰ ਪੂੰਜੀਵਾਦ ਨੂੰ ਜਾਇਜ਼ ਠਹਿਰਾਉਣ ਲਈ ਲਗਾਉਂਦੇ ਹਨ। ‘ਯੋਗਤਮ ਦਾ ਬਚਾਅ’ ਦੇ ਸਿਧਾਂਤ ਨੂੰ ਪੂੰਜੀਵਾਦੀ ਮਾਲਕੀ ਨੂੰ ਜਾਇਜ਼ ਠਹਿਰਾਉਣ ਅਤੇ ਕੁੱਝ ਲੋਕਾਂ ਦੁਆਰਾ ਬਹੁ-ਗਿਣਤੀ ਲੋਕਾਂ ਦੀ ਲੁੱਟ ਨੂੰ ਠੀਕ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਹਨ। ਪਰ ਇਹ ਢੰਡੋਰਾ ਪਿੱਟਣ ਵਾਲ਼ੇ ਲੋਕ ਸੰਘਰਸ਼ ਦੀ ਥਾਂ ਸ਼ਾਂਤੀਪੂਰਨ ਸੁਧਾਰਾਂ ਤੇ ਕਾਨੂੰਨੀ ਕਾਰਵਾਈ ਦੁਆਰਾ ਗਰੀਬੀ ਖਤਮ ਕਰਨ ਜਿਹੇ ਭੱਦੇ ਸਿਧਾਂਤ ਵੀ ਨਾਲ਼ੋਂ ਨਾਲ਼ ਹੀ ਪੇਸ਼ ਕਰਦੇ ਹਨ। ਇਹਨਾਂ ਤਰਕਾਂ ਤੋਂ ਬਿਨਾਂ ਵੀ ਦੇਖਿਆ ਜਾਵੇ ਤਾਂ ਦੂਸਰੇ ਜਾਨਵਰਾਂ ਅਤੇ ਮਨੁੱਖਾਂ ਵਿੱਚ ਬਹੁਤ ਅੰਤਰ ਹੈ। ਮਨੁੱਖ ਵਾਤਾਵਰਣ ਦੇ ਨਾਲ਼ ਖੁਦ ਵੀ ਬਦਲਦਾ ਹੈ ਅਤੇ ਆਪਣੇ ਆਲ਼ੇ ਦੁਆਲੇ ਨੂੰ ਵੀ ਆਪਣੇ ਅਨੁਸਾਰ ਢਾਲ਼ ਲੈਂਦਾ ਹੈ, ਜੋ ਕਿ ਦੂਸਰੇ ਜਾਨਵਰਾਂ ਵਿੱਚ ਬਹੁਤ ਘੱਟ ਵਿਕਸਤ ਹੈ ਅਤੇ ਮਨੁੱਖ ਉਤਪਾਦਨ ਦੀ ਪ੍ਰਕਿਰਿਆ ਵਿੱਚ ਕੁਦਰਤ ਨਾਲ਼ ਸੰਘਰਸ਼ ਕਰਦਾ ਹੈ ਅਤੇ ਜਿਊਂਦੇ ਰਹਿਣ ਲਈ ਸਾਧਨ ਪੈਦਾ ਕਰਦਾ ਹੈ। ਕਿਉਂਕਿ ਇਹ ਸਾਰਾ ਕੁੱਝ ਸਮੂਹਕ ਰੂਪ ਵਿੱਚ ਹੀ ਸੰਭਵ ਹੈ, ਇਸ ਲਈ ‘ਯੋਗਤਮ ਦਾ ਬਚਾਅ’ ਦੀ ਧਾਰਨਾ ਮਨੁੱਖਾਂ ‘ਤੇ ਲਾਗੂ ਹੀ ਨਹੀਂ ਹੁੰਦੀ। ਹੋਰ ਤਾਂ ਹੋਰ, ਪੂੰਜੀਵਾਦੀ ਪ੍ਰਣਾਲੀ ਵਿੱਚ ਇਹਨਾਂ ਸਾਧਨਾਂ ਦੀ (ਬਹੁਤਾਤ) ਹੋ ਜਾਂਦੀ ਹੈ ਤੇ ਸੰਕਟ ਆ ਜਾਂਦਾ ਹੈ, ਫਿਰ ਬਹੁਤਾਤ ਹੋਣ ਦੇ ਬਾਵਜੂਦ ਸੰਘਰਸ਼ ਦੀ ਧਾਰਨਾ ਦੀ ਤੁੱਕ ਹੀ ਕੀ ਰਹਿ ਜਾਂਦੀ ਹੈ।

ਇਸ ਤੋਂ ਵੀ ਵੱਧ, ਡਾਰਵਿਨ ਦੀ ਇਹ ਧਾਰਨਾ ਮੁੱਖ ਤੌਰ ‘ਤੇ ਵੱਖ ਵੱਖ ਜੀਵਾਂ ਦੀਆਂ ਪ੍ਰਜਾਤੀਆਂ ਅਤੇ ਕਿਸੇ ਜੀਵ ਪ੍ਰਜਾਤੀ ਦੀ ਜਨ-ਸੰਖਿਆ ਨੂੰ ਕੰਟਰੋਲ ਹੇਠ ਰੱਖਣ ਤੱਕ ਹੀ ਸੀਮਿਤ ਰਹਿੰਦੀ ਹੈ। ਪਹਿਲੀ ਹਾਲਤ ਵਿੱਚ ਇਹ ਧਾਰਨਾ ਮਨੁੱਖਾਂ ਵਿੱਚ ਆਪਸ ਵਿੱਚ ਲਾਗੂ ਨਹੀਂ ਹੁੰਦੀ, ਦੂਸਰੇ ਹਾਲਤ ਵਿੱਚ, ਜਿਹੜੇ ਯੂਰਪੀ ਮੁਲਕਾਂ ਦੀ ਜਨਸੰਖਿਆ ਦੀ ਵਾਧਾ ਦਰ ਜ਼ੀਰੋ ਹੋ ਚੁੱਕੀ ਹੈ ਪਰ ਪੂੰਜੀਵਾਦੀ ਦੈਂਤ ਉੱਥੇ ਵੀ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਿਹਾ ਹੈ। ਜਿਹਨਾਂ ਦੇਸ਼ਾਂ ਵਿੱਚ ਜਨ-ਸੰਖਿਆ ਵੱਧ ਰਹੀ ਹੈ, ਉੱਥੇ ਡਾਰਵਿਨ ਦੇ ‘ਯੋਗਤਮ ਦਾ ਬਚਾਅ’ ਸਿਧਾਂਤ ਮੁਤਾਬਿਕ ਪੂੰਜੀਪਤੀਆਂ ਦੀ ਸੰਖਿਆ ਵੱਧਣੀ ਚਾਹੀਦੀ ਹੈ, ਪਰ ਹੋ ਉਲਟ ਰਿਹਾ ਹੈ, ਗਰੀਬਾਂ (ਅਯੋਗ) ਦੀ ਸੰਖਿਆ ਵੱਧ ਰਹੀ ਹੈ ਅਤੇ ਪੂੰਜੀਪਤੀਆਂ ਦੀ ਸਥਿਰ ਹੈ ਜਾਂ ਘੱਟ ਰਹੀ ਹੈ।

ਚਰਚ ਅਤੇ ਹੋਰ ਧਾਰਮਿਕ ਕੱਟੜਪੰਥੀਆਂ, ਜਿਹਨਾਂ ਵਿੱਚ ਸਿਰਫ਼ ਇਸਾਈ ਹੀ ਨਹੀਂ, ਸਗੋਂ ਬਾਕੀ ਧਰਮਾਂ ਦੇ ਪਾਦਰੀ-ਪੁਜਾਰੀ ਵੀ ਸ਼ਾਮਿਲ ਹਨ, ਦੇ ਵਿਰੋਧ ਅਤੇ ਡਾਰਵਿਨ ਦੇ ਸਿਧਾਂਤਾਂ ਦੀਆਂ ਤੋੜ-ਮਰੋੜ ਕੇ ਕੀਤੀਆਂ ਵਿਆਖਿਆਵਾਂ ਤੋਂ ਵੀ ਪੂੰਜੀਵਾਦ ਦਾ ਕੁੱਝ ਨਹੀਂ ਸੌਰਿਆ। ਇਸ ਸਭ ਦੇ ਬਾਵਜੂਦ ਇਸ ਢਾਂਚੇ ਨੂੰ ਡਾਰਵਿਨ ਦੇ ਸਿਧਾਂਤਾਂ ‘ਤੇ ਪੂਰੇ ਜੀਵ ਵਿਕਾਸ ਦੇ ਸਿਧਾਂਤਾਂ ਤੋਂ ਹੀ ਖਤਰਾ ਬਣਿਆ ਹੋਇਆ ਹੈ। ਇੱਕ ਵਾਰ ਫੇਰ ਮੱਧ ਯੁੱਗੀ ਕਾਲ਼ੇ ਦੌਰ ਦੇ ਸਿਰੇ ਤੋਂ ਨਕਾਰੇ ਹੋਏ ਗੈਰ-ਵਿਗਿਆਨਕ ਈਸ਼ਵਰਵਾਦੀ ਸਿਰਜਣਾ ਦੇ ਸਿਧਾਂਤ ਨੂੰ ਨਵੇਂ ਲਬਾਦੇ ‘ਚ ਸਜਾ ਕੇ ਲੋਕਾਂ ‘ਤੇ ਥੋਪਿਆ ਜਾ ਰਿਹਾ ਹੈ ਤੇ ਲੋਕਾਂ ਵਿੱਚ ਭੌਤਿਕਵਾਦੀ ਵਿਗਿਆਨਕ ਨਜ਼ਰੀਏ ਦੀ ਪਕੜ ਨੂੰ ਕਮਜ਼ੋਰ ਕਰਨ ਦੀਆਂ ਕੌਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਸਭ ਕੋਸ਼ਿਸ਼ਾਂ ਦੇ ਪਿੱਛੇ ਹਰ ਤਰ੍ਹਾਂ ਦੇ ਧਾਰਮਿਕ ਕੱਟੜਪੰਥੀ ਅਤੇ ਫਾਸੀਵਾਦੀ ਲਾਣੇ ਤੋਂ ਲੈ ਕੇ ਸਰਕਾਰਾਂ, ਕਾਰਪੋਰੇਟ ਜਗਤ ਅਤੇ ਲੋਕ ਭਲਾਈ ਦਾ ਪਰਪੰਚ ਰਚਣ ਵਾਲੀਆਂ ਸੰਸਥਾਵਾਂ ਸ਼ਾਮਿਲ ਹਨ।

ਇਸ ਨਵੇਂ ਪ੍ਰਚਾਰੇ ਜਾ ਰਹੇ ਸਿਧਾਂਤ ਦਾ ਨਾਂ ਹੈ — ‘ਚੇਤੰਨ ਸਿਰਜਣਾ’ (Intelligent Design)। ਇਹਨਾਂ ਦੇ ਕਈ ਤਰਕ ਤਾਂ ਡਾਰਵਿਨ ਦੇ ਸਮਕਾਲੀ ਵਿਰੋਧੀ ਵਿਲੀਅਮ ਪੈਲੇ (William Paley) ਤੋਂ ਉਧਾਰੇ ਲਏ ਗਏ ਹਨ। ਇਸ ਦਲੀਲ ਅਨੁਸਾਰ, ਜਿਵੇਂ ਕਿਸੇ ਬਹੁਤ ਹੀ ਜਟਿਲ ਜ਼ੇਬ ਘੜੀ ਜਾਂ ਕਿਸੇ ਆਧੁਨਿਕ ਮਸ਼ੀਨ ਜਾਂ ਕੰਪਿਊਟਰ ਜਿਹੇ ਯੰਤਰ ਬਣਾਉਣ ਲਈ ਕਿਸੇ ਚੇਤੰਨ ਸ਼ਕਤੀ ਯਾਣੀ ਕਿ ਮਨੁੱਖੀ ਦਿਮਾਗ ਦੀ ਲੋੜ ਪੈਂਦੀ ਹੈ ਉਵੇਂ ਜਿਵੇਂ ਬਹੁਤ ਹੀ ਜਟਿਲ ਮਨੁੱਖੀ ਅੰਗਾਂ ਜਿਵੇਂ ਅੱਖ, ਦਿਮਾਗ ਜਾਂ ਹੋਰ ਜੀਵ-ਜੰਤੂਆਂ ਨੂੰ ਪੈਦਾ ਕਰਨ ਲਈ ਜਾਂ ਸਿਰਜਣ ਲਈ ਵੀ ਕਿਸੇ ਚੇਤੰਨ ਸ਼ਕਤੀ ਦੀ ਲੋੜ ਹੈ, ਜੋ ਕਿ ਇਹਨਾਂ ਅਨੁਸਾਰ ਈਸ਼ਵਰ ਹੀ ਹੋ ਸਕਦਾ ਹੈ। ਅਜਿਹੇ ਤਰਕਾਂ ‘ਤੇ ਹੱਸਿਆ ਹੀ ਜਾ ਸਕਦਾ ਹੈ। ਇਹ ਬਿਲਕੁੱਲ ਉਵੇਂ ਹੀ ਹੈ ਜਿਵੇਂ ਕੋਈ ਕਹੇ ਕਿਉਂਕਿ ਦੁੱਧ ਵੀ ਪਾਣੀ ਵਾਂਗ ਹੀ ਤਰਲ ਪਦਾਰਥ ਹੈ, ਇਹ ਵੀ ਜ਼ਰੂਰੀ ਹੀ ਧਰਤੀ ਵਿੱਚੋਂ ਨਲਕਾ ਲਾ ਕੱਢਿਆ ਗਿਆ ਹੋਵੇਗਾ ਜਾਂ ਫਿਰ ਪਾਣੀ ਵੀ ਦੁੱਧ ਵਾਂਗ ਕਿਸੇ ਗਾਂ-ਮੱਝ ਨੂੰ ਚੋਣ ‘ਤੇ ਮਿਲਦਾ ਹੋਵੇਗਾ। ਖੈਰ ਇਹਨਾਂ ਦੇ ਤਰਕ ਦੀ ਹੋਰ ਛਾਣਬੀਣ ਕਰੀਏ। ਘੜੀ ਜਾਂ ਮਸ਼ੀਨ ਜਾਂ ਕੰਪਿਊਟਰ ਬਣਾਉਣ ਲਈ ਬਹੁਤ ਸਾਰੇ ਮਨੁੱਖਾਂ ਨੂੰ ਇਕੱਠੇ ਹੋ ਕੇ ਜਾਂ ਅਲੱਗ-ਅਲੱਗ ਰਹਿ ਕੇ ਸੰਦਾਂ ਦੀ ਵਰਤੋਂ ਕਰਦੇ ਹੋਏ ਤੇ ਭੱਠੀਆਂ ‘ਚ ਲੋਹਾ ਢਾਲਦੇ ਹੋਏ ਕਿਰਤ ਕਰਨੀ ਪੈਂਦੀ ਹੈ, ਤੇ ਇਹਨਾਂ ਦੇ ਈਸ਼ਵਰ ਦੇ ਸੰਦ-ਸੰਦੇੜੇ ਤੇ ਭੱਠੀਆਂ ਕਿੱਥੇ ਹਨ ਤੇ ਉਹ ਦਿਖਾਈ ਕਿਉਂ ਨਹੀਂ ਦਿੰਦੇ, ਫਿਰ ਇਹ ਭੱਜ ਨਿਕਲਣਗੇ। 

ਇਸੇ ਤਰਕ ਨੂੰ ਥੋੜਾ ਹੋਰ ਅੱਗੇ ਲੈ ਕੇ ਜਾਓ — ਘੜੀ, ਮਸ਼ੀਨ ਜਾਂ ਕੰਪਿਊਟਰ ਨੂੰ ਬਣਾਉਣ ਵਾਲ਼ਾ ਚੇਤੰਨ ਮਨੁੱਖੀ ਦਿਮਾਗ ਬਹੁਤ ਜਟਿਲ ਹੈ, ਤੇ ਇਨੇ ਜਟਿਲ ਮਨੁੱਖੀ ਦਿਮਾਗ ਨੂੰ ਬਣਾਉਣ ਵਾਲ਼ੀ ਸ਼ਕਤੀ ਤਾਂ ਫੇਰ ਹੋਰ ਵੀ ਜਟਿਲ ਹੋਵੇਗੀ! ਫੇਰ ਇਸ ਹੋਰ ਵੀ ਜਟਿਲ ਸ਼ਕਤੀ ਨੂੰ ਬਣਾਉਣ ਲਈ ਹੋਰ ਵੀ ਜ਼ਿਆਦਾ ਜਟਿਲ ਸ਼ਕਤੀ ਦੀ— ਤੇ ਇੰਝ ਹੈ ਜਟਿਲਤਾ ਦਾ ਪਹਾੜਾ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਥੋਥਾ ਤਰਕ ਬਣ ਜਾਂਦਾ ਹੈ।

ਇੱਕ ਹੋਰ ਤਰਕ ਅਨੁਸਾਰ ਬੈਕਟੀਰੀਆਂ ਨੂੰ ਗਤੀ ਪ੍ਰਦਾਨ ਕਰਨ ਵਾਲ਼ੇ ਹਿੱਸੇ ਫਲੈਜੇਲਾ (Flagella), ਮਨੁੱਖ ਦਾ ਰੋਗਾਂ ਨਾਲ਼ ਲੜਣ ਦਾ ਸਿਸਟਮ ਜਾਂ ਮਨੁੱਖੀ ਅੱਖ ਜਿਹੇ ਅੰਗ ਇੰਨੇ ਜ਼ਿਆਦਾ ਵਿਕਸਤ ਹਨ ਕਿ ਇਹਨਾਂ ਨੂੰ ਕਿਸੇ ਹੋਰ ਘੱਟ ਵਿਕਸਤ ਰੂਪ ਤੋਂ ਵਿਕਸਤ ਹੋਇਆ ਸੋਚਿਆਂ ਹੀ ਨਹੀਂ ਜਾ ਸਕਦਾ ਅਤੇ ਆਪਣੇ ਘੱਟ ਵਿਕਸਤ ਰੂਪਾਂ ਵਿੱਚ ਇਹਨਾਂ ਦੀ ਕੋਈ ਵਰਤੋਂ ਸੰਭਵ ਹੀ ਨਹੀਂ ਹੋਵੇਗੀ। ਇਹ ਤਰਕ ਵੀ ਥੋਥਾ ਸਿੱਧ ਕੀਤਾ ਜਾ ਚੁੱਕਾ ਹੈ। ਜਿਵੇਂ ਅੱਖ ਦੇ ਕਈ ਧਰਾਤਲ ਦੇ ਵਿਕਸਤ ਰੂਪ ਜੀਵ ਸੰਸਾਰ ਵਿੱਚ ਪਾਏ ਜਾਂਦੇ ਹਨ। ਕੀਟ-ਪਤੰਗਾਂ ਵਿੱਚ ਅੱਖਾਂ ਦੀ ਵਰਤੋਂ ਹੁੰਦੀ ਹੈ ਅਤੇ ਉਸ ਤੋਂ ਘੱਟ ਵਿਕਸਤ ਪ੍ਰਾਣੀਆਂ ਵਿੱਚ ਵੀ। ਇਸੇ ਤਰ੍ਹਾਂ ਗਾਂਵਾਂ-ਮੱਝਾਂ ਦੀਆਂ ਅੱਖਾਂ ਬਣਤਰ ਪੱਖੋਂ ਕਾਫ਼ੀ ਹੱਦ ਤੱਕ ਮਨੁੱਖ ਦੀਆਂ ਅੱਖਾਂ ਨਾਲ਼ ਮੇਲ਼ ਖਾਂਦੀਆਂ ਹਨ, ਪਰ ਉਹਨਾਂ ਵਿੱਚ ਰੰਗ ਪਛਾਣਨ ਦੀ ਯੋਗਤਾ ਨਹੀਂ ਹੈ ਤੇ ਉਹ ਚੀਜ਼ਾਂ ਨੂੰ ਕਾਲ਼ੇ-ਚਿੱਟੇ ਰੰਗ ਦੀਆਂ ਵੱਖ ਸ਼ੇਡਾਂ ਵਿੱਚ ਹੀ ਦੇਖ ਸਕਦੀਆਂ ਹਨ। ਪਰ ਕੋਈ ਮੂਰਖ ਹੀ ਕਹੇਗਾ ਕਿ ਗਾਂਵਾਂ-ਮੱਝਾਂ ਨੂੰ ਅੱਖਾਂ ਦਾ ਕੋਈ ਲਾਭ ਨਹੀਂ ਜਾਂ ਗਾਂਵਾਂ-ਮੱਝਾਂ ਦੀਆਂ ਅੱਖਾਂ ਬੇਫਾਇਦਾ ਹਨ। ਰੋਗਾਂ ਨਾਲ਼ ਲੜਣ ਵਾਲ਼ਾ ਸਿਸਟਮ ਵੀ ਹਰ ਤਰਾਂ ਦੇ ਜੀਵ ਅੰਦਰ ਮਜੂਦ ਹੈ ਅਤੇ ਫਲੈਜੇਲਾ ਦੇ ਵੱਖ ਵੱਖ ਲੈਵਲ ਦੇ ਵਿਕਸਤ ਰੂਪ ਬੈਕਟੀਰੀਆ ਵਿੱਚ ਪਾਏ ਜਾਂਦੇ ਹਨ। ਪਰ ਜਿਵੇਂ ਕਿ ਹਰ ਵਿਚਾਰਵਾਦੀ ਦਾ ਕੰਮ ਹੁੰਦਾ ਹੈ, ਇੱਕ ਤਰਕ ਦੇ ਗਲਤ ਸਿੱਧ ਹੋਣ ‘ਤੇ ਕੋਈ ਹੋਰ ਕੁਤਰਕ ਲੱਭਣ ਦੀ ਬੌਧਿਕ ਕਸਰਤ ਕਰਨਾ। ਹੋਰ ਤਾਂ ਹੋਰ, ਇਹਨਾਂ ਦੀ ‘ਵਿਗਿਆਨ’ ਦੀ ਕਿਤਾਬ ਬਾਈਬਲ ਵਿੱਚ ਧਰਤੀ ਦੀ ਉਮਰ 6000 ਸਾਲ ਦੱਸੀ ਗਈ ਹੈ ਅਤੇ ਸ਼੍ਰਿਸ਼ਟੀ ਨੂੰ ਸਾਜਣ ਲਈ ਈਸ਼ਵਰ ਨੂੰ 6 ਕੁ ਦਿਨ ਲੱਗੇ। ਅੱਜ ਦੇ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਧਰਤੀ ਦੀ ਉਮਰ 4.5 ਬਿਲੀਅਨ ਸਾਲ ਜਾਂ ਇਸ ਤੋਂ ਵੀ ਵੱਧ ਆਂਕੀ ਗਈ ਹੈ ਅਤੇ ਜੀਵਨ ਦੀ ਉਤਪਤੀ ਦੇ ਆਰੰਭਿਕ ਸਬੂਤ ਵੀ 3.5 ਬਿਲੀਅਨ ਸਾਲ ਪੁਰਾਣੇ ਹਨ।

ਇੱਕ ਹੋਰ ਕੰਮ, ਜੋ ਇਹ ਈਸ਼ਵਰਵਾਦੀ ਸਿਰਜਣਾ ਦੇ ਸਿਧਾਂਤਾਰ ਕਰਦੇ ਹਨ, ਉਹ ਹੈ – ਵਿਗਿਆਨਕ ਸਿਧਾਂਤਾਂ ਵਿੱਚ ਕਿਸੇ ਛੋਟੀ ਜਿਹੀ ਤਰੁੱਟੀ ਨੂੰ ਲੱਭਣਾ ਤੇ ਫਿਰ ਉਸ ਆਧਾਰ ‘ਤੇ ਪੂਰੇ ਸਿਧਾਂਤ ‘ਤੇ ਵਿਵਾਦ ਪੈਦਾ ਕਰਨਾ। ਉਸ ਤਰੁੱਟੀ ਨੂੰ ਵਿਗਿਆਨ ਦੁਆਰਾ ਦੂਰ ਕਰ ਲੈਣ ਤੇ ਕੋਈ ਇਹੋ ਜਿਹੀ ਹੋਰ ਤੁੱਛ ਕੋਸ਼ਿਸ਼। ਇਹ ਹੈ ਨਵਾਂ ਵਿਗਿਆਨ— ਜੋ ਆਪਣੇ ਆਪ ਨੂੰ ਸਾਬਤ ਕਰਨ ਤੋਂ ਅਸਮਰੱਥ ਹੈ, ਪਰ ਦੂਸਰੇ ਸਿਧਾਂਤਾਂ ਦੀਆਂ ਕੁੱਝ ਕੁ ਤਰੁੱਟੀਆਂ ਨੂੰ ਆਧਾਰ ਬਣਾ ਕੇ ਹੋ ਹੱਲਾ ਖੜ੍ਹਾ ਕਰਦਾ ਹੈ। ਇੱਕ ਹੋਰ ਬਹੁਤ ਹੀ ‘ਸ਼ਾਨਦਾਰ’ ਵਿਚਾਰ, ਜੋ ਇਹ ਵਿਗਿਆਨੀ ਲੋਕ ਅਕਸਰ ਪ੍ਰਚਾਰਤ ਕਰਦੇ ਹਨ, ਹੈ — ਸਾਇੰਸ ਨੂੰ ਰੱਬ ਦਾ ਭਾਣਾ ਮੰਨਣ ਵਾਲ਼ੀ ‘ਆਸਤਿਕ ਸਾਇੰਸ’ ਬਣਾਉਣਾ ਜਿਸ ਨਾਲ਼ ਇਹ ਸੋਚਦੇ ਹਨ, ਵਿਗਿਆਨ ਨੂੰ ਤੇ ਵਿਗਿਆਨੀਆਂ ਨੂੰ ਬਹੁਤ ਫਾਇਦਾ ਮਿਲ਼ੇਗਾ ਤੇ ਵਿਗਿਆਨ ਨੂੰ ਸਹੀ ਸੇਧ ਮਿਲੇਗੀ।

ਇਸ ਪੂਰੇ ‘ਵਿਗਿਆਨ’ ਨੂੰ ਲੋਕਾਂ ਵਿੱਚ ਪ੍ਰਚਾਰਨ ਤੇ ਲੋਕਾਂ ਦੇ ਦਿਮਾਗਾਂ ਵਿੱਚ ਈਸ਼ਵਰਵਾਦੀ ਸਿਰਜਣਾ ਦਾ ਕੂੜ-ਕਬਾੜ ਠੂਸਣ ਦੇ ਕੰਮ ਨੂੰ ਸਿਰੇ ਚਾੜਨ ਲਈ ਅਮਰੀਕਾ ਅਤੇ ਇੰਗਲੈਂਡ ਵਿੱਚ ਸ਼ਕਤੀਸ਼ਾਲੀ ਰਾਜਨੀਤਕ ਲਾਬੀ ਹੈ, ਤੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਲਾਬੀ ਦਾ ਮੁੱਖ ਹਿੱਸਾ ਰਾਜਨੀਤਕ ਹਲਕਿਆਂ ਦੀ ਸੱਜੇ-ਪੱਖੀ ਫਾਸੀਵਾਦੀ ਧਾਰਾ ਹੈ। ਜਿਵੇਂ ਕਿ ਹੁੰਦਾ ਹੈ, ਫਾਸੀਵਾਦ ਨੂੰ ਮਾਇਕ ਸਹਾਇਤਾ ਦੀ ਵੀ ਕੋਈ ਕਮੀ ਨਹੀਂ ਹੈ।

ਇਹ ਪਿਛਾਖੜੀ ਤਾਕਤਾਂ ਅਮਰੀਕੀ ਸਰਕਾਰ’ਤੇ ਲਗਾਤਾਰ ਇਹ ਦਬਾਅ ਬਣਾਉਂਦੀਆਂ ਰਹੀਆਂ ਹਨ ਕਿ ਧਾਰਮਿਕ ਵਿਸ਼ਵਾਸ ‘ਤੇ ਆਧਾਰਿਤ ਸਕੂਲਾਂ ਦਾ ਖਰਚਾ ਸਰਕਾਰ ਚੁੱਕੇ, ਇਹਨਾਂ ਸਕੂਲਾਂ ਵਿੱਚ ਮੁੱਖ ਤੌਰ ‘ਤੇ ਈਸਾਈ ਮਿਸ਼ਨਰੀ ਸਕੂਲ ਹਨ। ਅਮੀਰ ਸੰਸਥਾਵਾਂ ਨੇ ਇਹ ਪ੍ਰਚਾਰ ਮੁਹਿੰਮ ਲਈ ਲੱਖਾਂ ਕਰੋੜਾਂ ਡਾਲਰ ਖਰਚੇ। ਇਕੱਲੀ ਵਾਲਟਨ ਫੈਮਿਲੀ ਫਾਊਂਡੇਸ਼ਨ ਨੇ 2006 ਵਿੱਚ 28 ਮਿਲੀਅਨ ਡਾਲਰ ਇਸ ਤਰ੍ਹਾਂ ਦਾ ਦਬਾਅ ਬਣਾ ਰਹੀਆਂ ਜਥੇਬੰਦੀਆਂ ‘ਤੇ ਖਰਚ ਕੀਤੇ। ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਇਹ ਫਾਊਂਡੇਸ਼ਨ ਵਾਲ-ਮਾਰਟ ਦੇ ਮੁਨਾਫੇ ਦੇ ਸਹਾਰੇ ਚਲਦੀ ਹੈ, ਜੋ ਕਿ ਟਰੇਡ ਯੂਨੀਅਨਾਂ ਦੇ ਸਭ ਤੋਂ ਖੂੰਖਾਰ ਵਿਰੋਧੀ ਵਜੋਂ ਜਾਣੀ ਜਾਂਦੀ ਹੈ। 

ਇੱਕ ਹੋਰ ਅਮਰੀਕੀ ਸੰਸਥਾ, ਟੈਂਪਲਟਨ ਫਾਊਂਡੇਸ਼ਨ ਨੇ ਸਾਲ 2006 ਵਿੱਚ 60 ਮਿਲੀਅਨ ਡਾਲਰ, ਉਹਨਾਂ ਵਿਅਕਤੀਆਂ ਤੇ ਪ੍ਰੋਜੈਕਟਾਂ ਨੂੰ ਵੰਡੇ, ਜੋ ਵਿਗਿਆਨ ਤੇ ‘ਅਧਿਆਤਮਵਾਦੀ’ ਕਦਰਾਂ ਕੀਮਤਾਂ ਦਾ ਮੇਲ-ਮਿਲਾਪ ਕਰਵਾਉਣ ਦੀਆਂ ਕੋਸ਼ਿਸ਼ਾਂ ‘ਚ ਜੁੱਟੇ ਹੋਏ ਹਨ। ਇਹਨਾਂ ਵਿਅਕਤੀਆਂ ਵਿਚ ਅਮਰੀਕਾ ਤੇ ਇੰਗਲੈਂਡ ਤੋਂ ਇਲਾਵਾਂ ਪੂਰੀ ਦੁਨੀਆਂ ਦੇ ਅਧਿਆਪਕ, ਵਿਦਿਆਰਥੀ, ਪੱਤਰਕਾਰ, ਖੋਜ ਕਰਤਾ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਅਕਾਦਮੀਸ਼ਨ ਸ਼ਾਮਿਲ ਸਨ। ਯੂ. ਐੱਸ. ਕਰੋਨੀਕਲ ਆਫ਼ ਹਾਇਰ ਐਜੁਕੇਸ਼ਨ ਵਿੱਚ ਛੱਪੇ ਇੱਕ ਲੇਖ ਅਨੁਸਾਰ ਉਪਰੋਕਤ ਸੰਸਥਾ ਨੇ 250 ਮਿਲੀਅਨ ਡਾਲਰ ਤੋਂ ਵੱਧ ਦੀ ਧਨ ਰਾਸ਼ੀ ਵਿਗਿਆਨ ਦੀ ਇਸ ਤਰ੍ਹਾਂ ਦੀ ‘ਸੇਵਾ’ ਲਈ ਖਰਚੀ। ਇਹ ਸੰਸਥਾ ਖੁਲ੍ਹੇਆਮ ਪੂੰਜੀਵਾਦ ਅਤੇ ਮੁਨਾਫੇ ਆਧਾਰਿਤ ਉੱਦਮ ਦੀ ਹਮਾਇਤ ਕਰਦੀ ਹੈ। 

ਇਸੇ ਤਰ੍ਹਾਂ ਦੀ ਇੱਕ ਸੰਸਥਾ ਵਾਰਡੀ ਫਾਊਂਡੇਸ਼ਨ ਬ੍ਰਿਟੇਨ ਵਿੱਚ ਕੰਮ ਕਰਦੀ ਹੈ। ਇਹ ਸੰਸਥਾ ਮੁੱਖ ਤੌਰ ‘ਤੇ ਵਾਰਡੀ ਕਾਰ ਬਿਜ਼ਨੈਸ ਦੇ ਮੁਨਾਫ਼ੇ ਸਿਰ ਚਲਦੀ ਹੈ। ਇਸ ਦਾ ਮੁੱਖ ਕੰਮ ਵੀ ਈਸਾਈ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ ਅਤੇ ਸਕੂਲ ਖੋਲ੍ਹਣਾ ਹੈ। ਇਸ ਸੰਸਥਾ ਦੇ ਸਕੂਲਾਂ ਵਿੱਚ ਈਸ਼ਵਰਵਾਦੀ ਸਿਰਜਣਾ ਨੂੰ ਵਿਗਿਆਨ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ।

ਭਾਰਤ ਵਿੱਚ ਵੀ ਅਜਿਹੀਆਂ ਸੰਸਥਾਵਾਂ ਹਨ। ਇਹਨਾਂ ਵਿੱਚੋਂ ਇੱਕ ਹੈ— ਕ੍ਰਿਸ਼ਨਾ ਕਾਨਸੈਂਸ (ਚੇਤਨਾ)। ਇਹ ਸੰਸਥਾ ਵੀ ਆਪਣੇ ਹੋਰ ਕੰਮਾਂ ਦੇ ਨਾਲ਼ ਨਾਲ਼ ਈਸ਼ਵਰਵਾਦੀ ਸਿਰਜਣਾ ਦਾ ਸਿਧਾਂਤ ਦਾ ਪ੍ਰਚਾਰ ਕਰਨ ਲਈ ਜਗ੍ਹਾ ਜਗ੍ਹਾ ਲੈਕਚਰਾਂ ਦਾ ਆਯੋਜਨ ਕਰਦੀ ਹੈ ਅਤੇ ਪਰਚੇ ਵੰਡਦੀ ਹੈ।

ਪੂੰਜੀਵਾਦੀ ਪਿਛਾਖ਼ੜੀ ਤਾਕਤਾਂ ਦੇ ਯਤਨ ਸਿਰਫ਼ ਨਵੇਂ ਸਿਧਾਂਤ ਘੜ੍ਹਨ ਤੇ ਉਹਨਾਂ ਦਾ ਪ੍ਰਚਾਰ ਕਰਨ ਤੱਕ ਹੀ ਸੀਮਤ ਨਹੀਂ, ਉਹ ਪੂੰਜੀਵਾਦੀ ਸੱਤ੍ਹਾ ਨੂੰ ਵੀ ਆਪਣੇ ‘ਵਿਗਿਆਨ’ ਨੂੰ ਲੋਕਾਂ ਸਿਰ ਥੋਪਣ ਲਈ ਇਸਤੇਮਾਲ ਕਰ ਰਹੇ ਹਨ। ਸਕੂਲਾਂ ਵਿੱਚ ‘ਚੇਤੰਨ ਸਿਰਜਣਾ’ ਦੇ ਸਿਧਾਂਤ ਨੂੰ ਪੜਾਉਣ ਲਈ ਇੱਕ ਅਮਰੀਕੀ ਅਦਾਲਤ ਵਿੱਚ ਕੇਸ ਪਾਇਆ ਗਿਆ। ਸਾਰੇ ਪੂੰਜੀਪਤੀ ਅਜਿਹੇ ਸਿਧਾਂਤਕਾਰਾਂ ਅਤੇ ਸਿਧਾਂਤਾ ਦੀ ਪਿੱਠ ‘ਤੇ ਹਨ। ਮਿਸਸਿਪੀ, ਉਕਲਹਾਮਾ ਤੇ ਨਿਊ ਮੈਕਸੀਕੋ ਦੀਆਂ ਪ੍ਰਤੀਨਿਧ ਸਭਾਵਾਂ ਵਿੱਚ 2009 ਦੇ ਸਾਲ ਦੌਰਾਨ ਜੀਵ ਵਿਕਾਸ ਦੇ ਡਾਰਵਿਨ ਦੇ ਸਿਧਾਂਤ ਨੂੰ ਇੱਕ ‘ਵਿਵਾਦਗ੍ਰਸਤ ਸਿਧਾਂਤ’ ਦਾ ਦਰਜਾ ਦੇਣ ਜਾਂ ਫਿਰ ‘ਦੂਸਰੇ ਸਿਧਾਂਤਾਂ’ ਦੀ ਸਿੱਖਿਆ ਦੇਣ ਦੇ ਬਿਲ ਦਾਖਲ ਹੋ ਚੁੱਕੇ ਹਨ। ਲੂਸੀਆਨਾ ਸਟੇਟ ਦੀ ਪ੍ਰਤੀਨਿਧ ਸਭਾ ਤਾਂ ਇੱਕ ਅਜਿਹਾ ਹੀ ਬਿਲ ਪਾਸ ਵੀ ਕਰ ਚੁੱਕੀ ਹੈ ਅਤੇ ਗਵਰਨਰ ਬਾਬੀ ਜਿੰਦਲ ਨੇ ਹਸਤਾਖਰ ਵੀ ਕਰ ਦਿੱਤੇ ਹਨ।

ਇਸ ਤਰ੍ਹਾਂ ਦੀ ਹੀ ਲੜਾਈ ਟੈਕਸਾਸ ਵਿੱਚ ਚੱਲ ਰਹੀ ਹੈ, ਜਿਸ ਅਨੁਸਾਰ ਜਮਾਤਾਂ ਵਿੱਚ ਅਧਿਆਪਕਾਂ ਨੂੰ ਜੀਵ ਵਿਕਾਸ ਦੇ ਡਾਰਵਿਨ ਦੇ ਸਿਧਾਂਤ ਦੀ ਆਲੋਚਨਾ ਕਰਨੀ ਜ਼ਰੂਰੀ ਬਣ ਜਾਵੇਗੀ। ਇਹ ਸਿਰਫ਼ ਅਮਰੀਕਾ ਤੱਕ ਹੀ ਸੀਮਤ ਨਹੀਂ, ਇੰਗਲੈਂਡ ‘ਚ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਬਾਈਬਲ ਦੀ ਉਤਪਤੀ ਦੀ ਧਾਰਨਾਂ ਨੂੰ ਸਕੂਲਾਂ ਦੇ ਸਿਲੇਬਸਾਂ ਵਿੱਚ ਪੜਾਉਣ ਲਈ ਉਪਰਾਲੇ ਹੋ ਰਹੇ ਹਨ। ਭਾਰਤ ਵਿੱਚ ਵੀ ਉਹ ਦਿਨ ਦੂਰ ਨਹੀਂ, ਇੱਥੇ ਵੀ ਜ਼ੋਤਿਸ਼ ਨੂੰ ਤਾਂ ਪਹਿਲਾਂ ਹੀ ਵਿਗਿਆਨ ਦਾ ਦਰਜਾ ਮਿਲ ਚੁੱਕਿਆ ਹੈ।

ਹੋਰ ਤਾਂ ਹੋਰ ਕਾਨਾਸ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਲ ਮਿਰੇਕੀ ਨੂੰ ਡਾਰਵਿਨ ਦੇ ਸਿਧਾਂਤਾਂ ਨੂੰ ਬੁਲੰਦ ਕਰਨ ਕਾਰਨ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਸ ਤੋਂ ਅਪਰਾਧੀਆਂ ਵਾਂਗ ਪੁਲਸੀਆ ਪੁੱਛਤਾਛ ਕੀਤੀ ਗਈ।

ਆਮ ਤੌਰ ‘ਤੇ ਕੋਈ ਵਿਗਿਆਨ ਨਾਲ਼ ਸਬੰਧਤ ਖੋਜ ਕਾਰਜ ਜਾਂ ਮਿਊਜੀਅਮ ਉਸਾਰਨ ਲਈ ਕਾਰਪੋਰੇਟ ਜਗਤ ਫੰਡ ਮੁਹੱਈਆ ਕਰਵਾਉਂਦਾ ਹੈ। ਪਰ ਜਦੋਂ 2005, ਨਵੰਬਰ ਵਿੱਚ ‘ਅਮੈਰੀਕਨ ਮਿਊਜੀਅਮ ਆਫ਼ ਨੇਚੁਰਲ ਹਿਸਟਰੀ’ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਜੀਵ ਵਿਕਾਸ ਦੇ ਸਿਧਾਂਤ ਨੂੰ ਲੋਕਾਂ ਵਿੱਚ ਪ੍ਰਚਾਰਨ ਦੀ ਗੱਲ ਹੋਈ ਤਾਂ ਕਿਸੇ ਵੀ ਕਾਰਪੋਰੇਟ ਘਰਾਣੇ ਨੇ ਫੰਡ ਦੇਣ ਦੀ ਜ਼ਹਿਮਤ ਨਹੀਂ ਉਠਾਈ ਅਤੇ ਇਸ ਮਿਊਜੀਅਮ ਵੱਲੋਂ ਲਗਾਈ ਪ੍ਰਦਰਸ਼ਨੀ ‘ਡਾਰਵਿਨ’ ਨੂੰ ਮੀਡੀਆ ਵਿੱਚ ਵੀ ਕੋਈ ਕਵਰੇਜ਼ ਨਹੀਂ ਦਿੱਤੀ ਗਈ। ਪਰ ਜਦੋਂ 25 ਮਿਲੀਅਨ ਡਾਲਰ ਦੀ ਲਾਗਤ ਨਾਲ਼ ‘ਈਸ਼ਵਰਵਾਦੀ ਉਤਪਤੀ’ ਦੇ ਮਿਊਜੀਅਮ ਨੂੰ ਬਣਾਉਣ ਦੀ ਗੱਲ ਤੁਰੀ ਤਾਂ ਕਾਰਪੋਰੇਟ ਜਗਤ ਨੇ ਦਿਲ ਖੋਲ੍ਹ ਕੇ ਫੰਡ ਮੁਹੱਈਆ ਕਰਵਾਏ। ਇਸ ਮਿਊਜੀਅਮ ਵਿੱਚ ਡਾਇਨਾਸੋਰਾਂ ਨੂੰ ਮਨੁੱਖਾਂ ਨਾਲ਼ ਰਹਿੰਦੇ ਦਿਖਾਇਆ ਜਾ ਰਿਹਾ ਹੈ। ਅਜਿਹਾ ਪੜ੍ਹਾਇਆ ਜਾਂਦਾ ਹੈ ਕਿ ਭਿਆਨਕ ਹੜ੍ਹ ਆਉਣ ਤੋਂ ਪਹਿਲਾਂ ਮਨੁੱਖ ਤੇ ਡਾਇਨਾਸੋਰ ਇਕੱਠੇ ਧਰਤੀ ‘ਤੇ ਵਿਚਰਦੇ ਸਨ। ਵਿਗਿਆਨਕ ਇਸ ਬਕਵਾਸ ਨੂੰ ਕਦੋਂ ਦੇ ਰੱਦ ਕਰ ਚੁੱਕੇ ਹਨ। ਡਾਇਨਾਸੋਰ ਕੋਈ 63 ਮਿਲੀਅਨ ਸਾਲ ਪਹਿਲਾਂ ਧਰਤੀ ਤੋਂ ਅਲੋਪ ਹੋ ਚੁੱਕੇ ਹਨ ਅਤੇ ਮਨੁੱਖ ਜਿਹੇ ਪਹਿਲੇ ਪ੍ਰਾਣੀ ਦੀ ਉਤਪਤੀ 4 ਤੋਂ 10 ਮਿਲੀਅਨ ਸਾਲ ਤੋਂ ਵੱਧ ਪੁਰਾਣੀ ਨਹੀਂ। ਇਹ ਹੈ ਉਹ ਵਿਗਿਆਨ ਜਿਸ ਨੂੰ ਪੂੰਜੀਵਾਦ ਪੜ੍ਹਾ ਰਿਹਾ ਹੈ ਅਤੇ ਫਾਇਨੈਂਸ ਕਰ ਰਿਹਾ ਹੈ। ਜਦ ਕਿ ਪੂੰਜੀਵਾਦੀ ਟਹਿਲੂਏ ਇਹ ਡੀਗਾਂ ਮਾਰਦੇ ਨਹੀਂ ਥੱਕਦੇ ਕਿ ਪੂੰਜੀਵਾਦ ਬਿਨਾਂ ਵਿਗਿਆਨ ਦਾ ਵਿਕਾਸ ਰੁਕ ਜਾਵੇਗਾ।

ਨਵ-ਡਾਰਵਿਨਵਾਦ

ਇੱਕ ਹੋਰ ਲੁਕਵਾਂ ਹਮਲਾ ਹੋਇਆ ਹੈ ਡਾਰਵਿਨ ਦੇ ਸਿਧਾਂਤ ‘ਤੇ। ਇਹ ਲੁਕਵਾਂ ਇਸ ਅਰਥ ‘ਚ ਹੈ ਕਿਉਂਕਿ ਇਹ ਆਪਣੇ ਆਪ ਨੂੰ ਡਾਰਵਿਨ ਨੂੰ ਮੰਨਣ ਅਤੇ ਫੈਲਾਉਣ ਦੇ ਚੋਗੇ ਵਿੱਚ ਲੁਕਾ ਕੇ ਰੱਖਦਾ ਹੈ, ਇਸ ਦਾ ਨਾਮ ਹੈ — ਨਵ-ਡਾਰਵਿਨਵਾਦ। ਇਸੇ ਦਾ ਹੀ ਵਿਸਥਾਰਿਤ ਰੂਪ ਹੈ, ਆਧੁਨਿਕ ਜੀਵ ਵਿਕਾਸ ਦਾ ਸਿਧਾਂਤ।

ਨਵ-ਡਾਰਵਿਨਵਾਦ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਵੀਜ਼ਮੈਨ (Weissman) ਨਾਂ ਦੇ ਵਿਗਿਆਨੀ ਦੇ ਸਿਧਾਂਤ ਦੇ ਅਨੁਯਾਈਆਂ ਲਈ ਕੀਤੀ ਗਈ। 19ਵੀਂ ਸਦੀ ਦੇ ਅੰਤ ਵਿੱਚ 1895 ਵਿੱਚ ਵੀਜ਼ਮੈਨ ਨੇ ਇਹ ਸਿੱਧ ਕੀਤਾ ਕਿ ਵਾਤਾਵਰਣ ਦੇ ਪ੍ਰਭਾਵਾਂ ਥੱਲੇ ਕਿਸੇ ਜੀਵ ਵਿੱਚ ਹੋਣ ਵਾਲ਼ੇ ਬਦਲਾਅ ਅਗਲੀ ਪੀੜ੍ਹੀ ਦੇ ਜੀਵਾਂ ਵਿੱਚ ਸੰਚਾਰਿਤ ਨਹੀਂ ਹੋ ਸਕਦੇ। ਇਸ ਨੂੰ ‘ਵੀਜ਼ਮੈਨ ਦੀ ਜਰਮ-ਪਲਾਜ਼ਮ ਥਿਊਰੀ’ ਕਿਹਾ ਜਾਂਦਾ ਹੈ। ਇਸ ਸਿਧਾਂਤ ਨੇ ਮੁੱਖ ਤੌਰ ‘ਤੇ ਲੈਮਾਰਕ ਦੇ ਜੀਵ ਵਿਕਾਸ ਸਿਧਾਂਤ ‘ਤੇ ਸੱਟ ਮਾਰੀ ਅਤੇ ਜੀਵ ਵਿਗਿਆਨੀਆਂ ਨੇ ਲੈਮਾਰਕ ਦੇ ‘ਵਾਤਾਵਰਣ ਦੇ ਪ੍ਰਭਾਵ ਥੱਲੇ ਆਉਣ ਵਾਲ਼ੇ ਬਦਲਾਅ ਕਾਰਨ ਜੀਵ ਵਿਕਾਸ ਹੋਣ ਦੇ ਸਿਧਾਂਤ’ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਆਪਣੇ ਸਿਧਾਂਤ ਨੂੰ ਸਹੀ ਸਿੱਧ ਕਰਨ ਲਈ ਵੀਜ਼ਮੈਨ ਨੇ ਕੁੱਝ ਪ੍ਰਯੋਗ ਕੀਤੇ ਜਿਹਨਾਂ ਵਿੱਚੋਂ ਚੂਹੇ ਦੀਆਂ ਪੂਛਾਂ ਕੱਟਣ ਵਾਲ਼ਾ ਪ੍ਰਯੋਗ ਸਭ ਤੋਂ ਵੱਧ ਮਸ਼ਹੂਰ ਹੈ।

ਵੀਜ਼ਮੈਨ ਦੇ ਇਸ ਪ੍ਰਯੋਗ ਵਿੱਚ, ਪੀੜ੍ਹੀ ਦਰ ਪੀੜ੍ਹੀ ਚੂਹਿਆਂ ਦੀਆਂ ਪੂਛਾਂ ਕੱਟੀਆਂ ਗਈਆਂ, ਪਰ ਹਰ ਵਾਰ ਚੂਹਿਆਂ ਦੀ ਅਗਲੀ ਪੀੜ੍ਹੀ ਵਿੱਚ ਪੂਛ ਉੱਗ ਆਉਂਦੀ ਸੀ। ਇਸ ਤੋਂ ਉਸ ਨੇ ਇਹ ਨਤੀਜਾ ਕੱਢਿਆ ਕਿ ਸਰੀਰ ‘ਤੇ ਪੈਣ ਵਾਲ਼ੇ ਪ੍ਰਭਾਵ ਜੱਦੀ ਪੁਸ਼ਤੀ ਤੌਰ ‘ਤੇ ਅਗਲੀਆਂ ਪੀੜ੍ਹੀਆਂ ਵਿੱਚ ਸੰਚਾਰਿਤ ਨਹੀਂ ਹੁੰਦੇ। ਪਹਿਲਾਂ ਤਾਂ ਇਸ ਪ੍ਰਯੋਗ ਵਿੱਚ ਬਹੁਤ ਵੱਡੀਆਂ ਉਣਤਾਈਆਂ ਹਨ – ਜਿਵੇਂ ਕਿ ਜੀਵ ਵਿਕਾਸ ਕੁਦਰਤੀ ਹਾਲਾਤਾਂ ਵਿੱਚ ਹੁੰਦਾ ਹੈ ਅਤੇ ਉਸ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ। ਦੂਸਰਾ ਉਸ ਗੁਣ ਦੀ, ਜੋ ਕੁਦਰਤ ਵਿੱਚ ਵਿਚਰਣ ਲਈ ਜੀਵ ਲਈ ਲਾਭਦਾਇਕ ਹੁੰਦਾ ਹੈ, ਕੁਦਰਤੀ ਦੇਣ ਹੁੰਦੀ ਹੈ। ਇਹ ਪ੍ਰਯੋਗ ਕਰਨ ਤੋਂ ਪਹਿਲਾਂ ਚੂਹੇ ਲਈ ਪੂਛ ਦੀ ਉਪਯੋਗਤਾ ਹੈ ਜਾਂ ਨਹੀਂ, ਬਾਰੇ ਕੁੱਝ ਵੀ ਨਿਰਧਾਰਤ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਨਵੇਂ ਅਧਿਐਨਾਂ ਅਤੇ ਖੋਜਾਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਸਰੀਰਿਕ ਤੌਰ ‘ਤੇ ਪੈਣ ਵਾਲ਼ੇ ਬਾਹਰੀ ਪ੍ਰਭਾਵ, ਇੱਕ ਜੀਵ ਤੋਂ ਉਸ ਦੀ ਅਗਲੀ ਪੀੜ੍ਹੀ ਇੱਥੋਂ ਤੱਕ ਕਈ ਪੀੜ੍ਹੀਆਂ ਤੱਕ ਵੀ ਸੰਚਾਰਿਤ ਹੋ ਸਕਦੇ ਹਨ ਅਤੇ ਇਸ ਨਾਲ਼ ਵਿਗਿਆਨ ਦੀ ਇੱਕ ਪੂਰੀ ਸ਼ਾਖਾ ‘ਏਪੀਜੈਨੇਟਿਕਸ’ ਹੋਂਦ ਵਿੱਚ ਆ ਗਈ ਹੈ। 

ਵੀਜ਼ਮੈਨ ਦੀ ‘ਜਰਮ ਪਲਾਜ਼ਮ ਥਿਊਰੀ’ ਅਤੇ ਡਾਰਵਿਨ ਦੀ ‘ਕੁਦਰਤੀ ਚੋਣ’ ਨੂੰ ਆਧਾਰ ਬਣਾ ਕੇ ਹੀ ਆਧੁਨਿਕ ਜੀਵ ਵਿਕਾਸ ਸਿਧਾਂਤ ਹੋਂਦ ਵਿੱਚ ਆਇਆ। ਇਸ ਸਿਧਾਂਤ ਅਨੁਸਾਰ ਜੀਵਾਂ ਵਿੱਚ ਆਏ ਵੱਖ ਵੱਖ ਬਦਲਾਵਾਂ ਵਿੱਚੋਂ ਕੁੱਝ ਬਦਲਾਅ, ਜੋ ਜੀਵ ਲਈ ਵਾਤਾਵਰਣ ਵਿੱਚ ਵਿਚਰਨ ਅਤੇ ਆਪਣੀ ਹੋਂਦ ਬਣਾਈ ਰੱਖਣ ਲਈ ਸਹਾਈ ਸਿੱਧ ਹੁੰਦੇ ਹਨ, ਕੁਦਰਤ ਦੁਆਰਾ ਚੁਣ ਲਏ ਜਾਂਦੇ ਹਨ। ਭਾਵ ਕਿ ਜਿਸ ਜੀਵ ਵਿੱਚ ਇਹ ਲਾਭਦਾਇਕ ਬਦਲਾਅ ਆਉਂਦੇ ਹਨ, ਉਹ ਜੀਵ ਨੂੰ ਵਾਤਾਵਰਣ ਵਿੱਚ ਜ਼ਿੰਦਾ ਰਹਿਣ ਦਾ ਜ਼ਿਆਦਾ ਮੌਕਾ ਮਿਲਦਾ ਹੈ ਅਤੇ ਸੋ ਉਸ ਦੁਆਰਾ ਪ੍ਰਜਣਨ ਕਰਨ ਦੇ ਮੌਕੇ ਵੀ ਜ਼ਿਆਦਾ ਹੁੰਦੇ ਹਨ ਅਤੇ ਹੌਲ਼ੀ ਹੌਲ਼ੀ ਬਦਲਾਵਾਂ ਵਾਲ਼ੇ ਜੀਵਾਂ ਦੀ ਗਿਣਤੀ ਮੁੱਖ ਹੋ ਜਾਂਦੀ ਹੈ ਅਤੇ ਸਮਾਂ ਪਾ ਕੇ ਹੋਰ ਬਦਲਾਵਾਂ ਦੇ ਜਮ੍ਹਾਂ ਹੁੰਦੇ ਜਾਣ ਨਾਲ਼ ਇੱਕ ਨਵੀਂ ਪ੍ਰਜਾਤੀ ਹੋਂਦ ਵਿੱਚ ਆ ਜਾਂਦੀ ਹੈ। ਇੱਥੇ ਤੱਕ ਬਿਲਕੁੱਲ ਡਾਰਵਿਨ ਦੇ ਸਿਧਾਂਤ ਅਨੁਸਾਰ ਹੈ। ਪਰ ਆਧੁਨਿਕ ਜੀਵ ਵਿਕਾਸੀ ਸਿਧਾਂਤ ਅਨੁਸਾਰ, ਬਦਲਾਵਾਂ ਦੇ ਆਉਣ ਦਾ ਕਾਰਨ ਵਾਤਾਵਰਣ ਅਤੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਜੀਵ ਦੀ ਜ਼ਰੂਰਤ ਨਹੀਂ, ਸਗੋਂ ਬਦਲਾਅ ਜੀਵ ਦੀਆਂ ਜੀਨਜ਼ ਵਿੱਚ ਇਤਫਾਕਨ ਹੋਣ ਵਾਲ਼ੀਆਂ ਅਚਾਨਕ ਤਬਦੀਲੀਆਂ ਹਨ। ਇਸ ਤਰ੍ਹਾਂ ਨਵ-ਡਾਰਵਿਨਵਾਦੀ ਕੁਦਰਤੀ ਹਾਲਾਤਾਂ ਦਾ ਜੀਵ ‘ਤੇ ਪੈਣ ਵਾਲ਼ੇ ਪ੍ਰਭਾਵਾਂ ਤੋਂ ਉੱਕਾ ਹੀ ਇਨਕਾਰੀ ਹੋ ਜਾਂਦੇ ਹਨ। ਇੱਥੋਂ ਸ਼ੁਰੂ ਹੋਇਆ ਇਹ ਵਿਚਾਰਵਾਦੀ ਤਰਕ ਵਧਦਾ ਹੋਇਆ ਇੱਥੋਂ ਤੱਕ ਚਲਾ ਜਾਂਦਾ ਹੈ ਕਿ ਮਨੁੱਖ ਦੀ ਬਣਤਰ ਅਤੇ ਸੁਭਾਅ ਸਭ ਕੁੱਝ ਪਹਿਲਾਂ ਹੀ ਨਿਸ਼ਚਿਤ ਹੈ ਅਤੇ ਇਸ ਨੂੰ ਮਨੁੱਖ ਦੀਆਂ ਸਮਾਜਿਕ ਹਾਲਤਾਂ ਨੂੰ ਬਦਲਣ ਨਾਲ਼ ਬਦਲਿਆ ਨਹੀਂ ਜਾ ਸਕਦਾ ਅਤੇ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਗੈਰ-ਵਿਗਿਆਨਕ ਤੇ ਕੁਦਰਤ ਦੇ ਖ਼ਿਲਾਫ਼ ਹਨ ਤੇ ਡਾਰਵਿਨ ਵਿਰੋਧੀ ਹਨ। ਨਵ-ਡਾਰਵਿਨਵਾਦੀ ਪਰਪਾਟੀ ਵਿੱਚੋਂ ਮੁੱਖ ਹਨ – ਰਿਚਰਡ ਡਾਕਿਨਜ਼ ਅਤੇ ਸਟੀਵਨ ਪਿੰਕਰ। 

ਵੀਹਵੀਂ ਸਦੀ ਦੇ ਦੂਜੇ ਅੱਧ ਦੀ ਮਹੱਤਵਪੂਰਨ ਖੋਜ ਪੀੜ੍ਹੀ ਦਰ ਪੀੜ੍ਹੀ ਜੀਵਾਂ ਦੀ ਬਣਤਰ ਅਤੇ ਹੋਰ ਲੱਛਣਾਂ ਸਬੰਧੀ ਸੂਚਨਾ ਸੰਚਾਰਿਤ ਕਰਨ ਵਾਲ਼ਾ ਕੈਮੀਕਲ ਡੀ. ਐਨ. ਏ. ਹੈ। 1953 ਵਿੱਚ ਵਾਟਸਨ ਅਤੇ ਕਰਿਕ ਨੇ ਡੀ. ਐਨ. ਏ. ਦੀ ਬਣਤਰ ਦਾ ਮਾਡਲ ਵਿਕਸਤ ਕਰ ਲਿਆ ਅਤੇ ਇਸ ਤੋਂ ਬਾਅਦ ਜੀਨਜ਼ ਦੀ ਖੋਜ ਹੋਈ। ਜੀਨ ਡੀ. ਐਨ. ਏ. ਇੱਕ ਖਾਸ ਤੌਰ ‘ਤੇ ਵਿਉਤਿਆਂ ਟੁਕੜਾ ਹੈ ਅਤੇ ਇਹ ਸਰੀਰ ਦੇ ਕਿਸੇ ਇੱਕ ਹਿੱਸੇ ਜਾਂ ਲੱਛਣ ਸਬੰਧੀ ਸੂਚਨਾ ਜਮ੍ਹਾ ਰੱਖਦਾ ਹੈ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਹ ਸੂਚਨਾ ਸੰਚਾਰਿਤ ਕਰਦਾ ਹੈ, ਜਿਵੇਂ ਅੱਖਾਂ ਦਾ ਰੰਗ, ਆਦਮੀ ਦਾ ਕੱਦ, ਚਮੜੀ ਦਾ ਰੰਗ, ਜੀਵ ਦੇ ਵਾਲਾਂ ਦਾ ਰੰਗ ਆਦਿ। ਜੀਨ ਸੈੱਲ ਦੇ ਕੇਂਦਰਕ (ਨਿਊਕਲੀਅਸ) ਵਿੱਚ ਪਏ ਰਹਿੰਦੇ ਹਨ ਅਤੇ ਸੈੱਲ ਦੀਆਂ ਕਿਰਿਆਵਾਂ ਨੂੰ ਰੈਗੂਲੇਟ ਕਰਦੇ ਹਨ। ਇਸ ਖੋਜ ਤੋਂ ਬਾਅਦ ਕੁੱਝ ਵਿਗਿਆਨੀਆਂ ਨੇ ਹਰ ਇੱਕ ਮਨੁੱਖੀ ਕਿਰਿਆ ਚਾਹੇ ਉਹ ਸਰੀਰਿਕ ਹੋਵੇ, ਮਾਨਸਿਕ ਜਾਂ ਸਮਾਜਿਕ, ਦਾ ਆਧਾਰ ਜੀਨ ਦੇ ਰੂਪ ਵਿੱਚ ਡੀ. ਐੱਨ. ਏ. ਦੇ ਟੁੱਕੜੇ ਨੂੰ ਬਣਾ ਦਿੱਤਾ। ਜੀਵ ਵਿਕਾਸ ਹੁੰਦਾ ਹੈ, ਤਾਂ ਜੀਨਾਂ ਵਿੱਚ ਇਤਫਾਕਨ ਬਦਲਾਵਾਂ ਕਰਕੇ ਹੁੰਦਾ ਹੈ, ਕੋਈ ਮਨੁੱਖ ਅਪਰਾਧ ਕਰਦਾ ਹੈ ਤਾਂ ਉਸ ਦੇ ਜੀਨ ਵਿੱਚ ਨੁਕਸ ਹੈ, ਜੇ ਕੋਈ ਉੱਚ ਵਿਦਿਆ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਦੇ ਜੀਨ ਬਿਹਤਰ ਹਨ, ਜੇ ਕੋਈ ਆਲੀਸ਼ਾਨ ਘਰ ‘ਚ ਰਹਿੰਦਾ ਹੈ, ਤਾਂ ਉਸ ਦੇ ਜੀਨ ਹੀ ਇੰਨੇ ਕਾਬਿਲ ਹਨ, ਜੇ ਕੋਈ ਪੂੰਜੀਪਤੀ ਅਮੀਰ ਬਣਦਾ ਜਾ ਰਿਹਾ ਹੈ ਤੇ ਮਜ਼ਦੂਰ ਦਿਨੋ ਦਿਨ ਗਰੀਬ ਤਾਂ ਅਮੀਰ ਪੂੰਜੀਪਤੀ ਦੇ ਜੀਨ ਗਰੀਬ ਮਜ਼ਦੂਰ ਨਾਲ਼ੋਂ ਬਿਹਤਰ ਹਨ, ਜੇ ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਉਸ ਵਿੱਚ ਗੁੱਸੇ ਵਾਲ਼ੇ ਜੀਨ ਜ਼ਿਆਦਾ ਹਨ ਇਤਿਆਦਿ। 

ਰਿਚਰਡ ਡਾਕਿਨਜ਼ ਨੇ ਮਨੁੱਖ ਦੇ ਸੱਭਿਆਚਾਰ ਅਤੇ ਸੁਭਾਅ ਦੀ ਵਿਆਖਿਆ ਕਰਨ ਲਈ ਇੱਕ ਨਵਾਂ ਸਿਧਾਂਤ ਪੇਸ਼ ਕੀਤਾ, ਕਿ ਹਰ ਵਿਅਕਤੀ ਵਿੱਚ ਸੁਭਾਅ ਦੇ ਵੱਖ ਵੱਖ ਲੱਛਣਾਂ ਲਈ, ਜਿਵੇਂ ਗੁੱਸਾ, ਲਾਲਚ, ਪਰਉਪਕਾਰ, ਖਿਝਣਾ, ਹਸਮੁੱਖ ਹੋਣਾ ਆਦਿ ਲਈ ਜੀਨਜ਼ ਦੀ ਤਰ੍ਹਾਂ ਹੀ ‘ਮੀਮਜ਼’ (Memes) ਹੁੰਦੇ ਹਨ। ਭਾਵੇਂ ਅਜੇ ਤੱਕ ਇਹਨਾਂ ‘ਮੀਮਜ਼’ ਦਾ ਕੋਈ ਥਹੁ ਪਤਾ ਨਹੀਂ ਮਿਲਿਆ। ਉਸ ਅਨੁਸਾਰ ‘ਮੀਮਜ਼’ ਹੀ ਮਨੁੱਖ ਦਾ ਸੁਭਾਅ ਅਤੇ ਸੱਭਿਆਚਾਰ ਤੈਅ ਕਰਦੀਆਂ ਹਨ ਅਤੇ ਇਹਨਾਂ ਨੂੰ ਬਾਹਰੀ ਵਾਤਾਵਰਣ ਤੇ ਮਨੁੱਖ ਦੇ ਹਾਲਾਤ ਬਦਲਣ ਨਾਲ਼ ਬਦਲਿਆ ਨਹੀਂ ਜਾ ਸਕਦਾ। ਪਰ ਜੇ ਥੋੜਾ ਬਾਰੀਕੀ ਵਿੱਚ ਜਾਈਏ, ਤਾਂ ਦੇਖਾਂਗੇ ਕਿ ਹਰ ਸਮਾਜ ਦਾ ਅਤੇ ਮਨੁੱਖੀ ਸਮੂਹ ਦਾ ਸੱਭਿਆਚਾਰ ਹਰ ਪੀੜ੍ਹੀ ਨਾਲ਼ ਬਦਲਦਾ ਰਹਿੰਦਾ ਹੈ, ਸਗੋਂ ਇੱਕ ਮਨੁੱਖ ਦੇ ਸੁਭਾਅ ਤੇ ਸੱਭਿਆਚਾਰ ਵਿੱਚ ਉਸ ਦੇ ਜੀਵਨ ਕਾਲ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੇ ਡਾਕਿਨਜ਼ ਦੇ ਅਨੁਸਾਰ ਚੱਲੀਏ ਤਾਂ ਹਰ ਅਪਰਾਧੀ ਦੀ ਸੰਤਾਨ ਅਪਰਾਧੀ ਹੋਵੇਗੀ, ਸ਼ਰਾਬੀ ਦੀ ਸ਼ਰਾਬੀ, ਗੁੱਸੈਲ ਦੀ ਸੰਤਾਨ ਗੁੱਸੈਲ, ਸ਼ਰਮਾਕਲ ਦੀ ਸੰਤਾਨ ਸਰਮਾਕਲ ਅਤੇ ਹਸਮੁੱਖ ਦੀ ਸੰਤਾਨ ਹਸਮੁੱਖ। ਅਤੇ ਹੋਰ ਤਾਂ ਹੋਰ ਮਨੁੱਖ ਸਾਰੀ ਉਮਰ ਇਕੋ ਜਿਹਾ ਹੀ ਬਣਿਆ ਰਹੇਗਾ। ਪਰ ਅਸੀਂ ਦੇਖਦੇ ਹਾਂ ਕਿ ਅਜਿਹਾ ਉੱਕਾ ਹੀ ਨਹੀਂ ਹੁੰਦਾ, ਹਰ ਰੋਜ਼ ਡਾਕਿਨਜ਼ ਸਾਬ੍ਹ ਦਾ ਸਿਧਾਂਤ ਮਨੁੱਖੀ ਜੀਵਨ ਦੁਆਰਾ ਗਲਤ ਸਿੱਧ ਕੀਤਾ ਜਾਂਦਾ ਹੈ। ਅਸਲ ਵਿੱਚ ਇਹੋ ਜਿਹੇ ਸਿਧਾਂਤ ਸਿਰਫ਼ ਇਸ ਲਈ ਘੜੇ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਦੂਜੇ ਮਹਾਂਰਥੀ ਸਟੀਵਨ ਪਿੰਕਰ ਦਾ ‘ਵਿਕਾਸਵਾਦੀ ਮਨੋਵਿਗਿਆਨ’ ਦਾ ਵਰਣਨ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੈ। ਬੱਸ ਪਿੰਕਰ ਹੁਰੀ ‘ਮੀਮਜ਼’ ਦੀ ਥਾਂ ‘ਮੌਡਿਊਲ’ (Module) ਸ਼ਬਦ ਦੀ ਵਰਤੋਂ ਕਰਦੇ ਹਨ। ਇਹਨਾਂ ਅਨੁਸਾਰ ਵੀ ਮਨੁੱਖੀ ਸੁਭਾਅ ਨੂੰ, ਇਸ ਕਰਕੇ ਮਨੁੱਖੀ ਸਮਾਜ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਸਿਧਾਂਤ ਨੂੰ ਮਨੋਵਿਗਿਆਨਕਾਂ ਵੱਲੋਂ ਪੂਰੀ ਤਰ੍ਹਾਂ ਰੱਦ ਕੀਤਾ ਜਾ ਚੁੱਕਾ ਹੈ। ਜ਼ਿਆਦਾਤਰ ਮਨੋਵਿਗਿਆਨਕ ਇਹ ਮੰਨਦੇ ਹਨ ਕਿ ਮਨੁੱਖੀ ਸੁਭਾਅ ਭਾਵੇਂ ਕੁੱਝ ਹੱਦ ਤੱਕ ਜੱਦੀ ਪੁਸ਼ਤੀ ਹੁੰਦਾ ਹੈ ਪਰ ਜ਼ਿਆਦਤਰ ਉਸ ਨੂੰ ਸਮਾਜਿਕ ਹਾਲਾਤ ਅਤੇ ਮਨੁੱਖ ਦੇ ਛੋਟੀ ਉਮਰ ਵਿੱਚ ਪਾਲਣ-ਪੋਸ਼ਣ, ਮਾਤਾ-ਪਿਤਾ ਦਾ ਪਿਆਰ, ਸਿਹਤ ਅਤੇ ਸਿੱਖਿਆ ‘ਤੇ ਨਿਰਭਰ ਕਰਦਾ ਹੈ। 

ਇਸੇ ਸੋਚ ਕਾਰਨ, ਬਹੁਤ ਚਿਰ ਇਹ ਸਮਝਿਆ ਜਾਂਦਾ ਰਿਹਾ ਕਿ ਮਨੁੱਖ ਦੇ ਵਿਕਾਸ ਦੌਰਾਨ ਸਭ ਤੋਂ ਪਹਿਲਾਂ ਦਿਮਾਗ ਦਾ ਆਕਾਰ ਵਧਿਆ, ਉਹਨੇ ਆਪਣੇ ਹੱਥ ਦੀ ਵਰਤੋਂ ਕਰਨਾ ਤੇ ਸਿੱਧਾ ਖੜ੍ਹਾ ਹੋਣ ਸਿੱਖਿਆ, ਇਸੇ ਕਾਰਨ ਹੀ ਉਹ ਭਾਸ਼ਾ ਦੀ ਵਰਤੋਂ ਕਰਨ ਲੱਗਿਆ ਅਤੇ ਆਪਣੇ ਦਿਮਾਗ ਤੋਂ ਸੋਚਣ ਕਾਰਨ ਹੀ ਉਹ ਸਮੂਹ ਬਣਾ ਕੇ, ਫਿਰ ਮਨੁੱਖੀ ਸਮਾਜ ਦੇ ਰੂਪ ਵਿੱਚ ਰਹਿਣ ਲੱਗਾ। ਪਰ, ਅਸਲ ਵਿੱਚ, ਜਿਵੇਂ ਕਿ ਏਂਗਲਜ਼ ਨੇ ਆਪਣੇ ਲੇਖ ‘ਮਨੁੱਖ ਤੋਂ ਬਾਂਦਰ ਤੱਕ ਤਬਦੀਲੀ ਵਿੱਚ ਕਿਰਤ ਵੱਲੋਂ ਪਾਇਆ ਹਿੱਸਾ’ ਵਿੱਚ ਪੇਸ਼ ਕੀਤਾ ਸੀ, ਸਭ ਤੋਂ ਪਹਿਲਾਂ ਮਨੁੱਖ ਦੇ ਪੂਰਵਜ ਦਰੱਖਤਾਂ ਤੋਂ ਉਤਰ ਕੇ ਧਰਤੀ ‘ਤੇ ਵਿਚਰਨ ਲੱਗੇ ਜਿਸ ਦੌਰਾਨ ਉਹ ਸਿੱਧੇ ਖੜ੍ਹੇ ਰਹਿ ਕੇ ਤੁਰਨਾ ਸਿੱਖੇ। ਇਸ ਤਰ੍ਹਾਂ ਅਗਲੇ ਪੰਜੇ ਤੁਰਨ ਤੋਂ ਮੁਕਤ ਹੋ ਕੇ ਹੋਰ ਕੰਮਾਂ ਲਈ ਵਰਤੋਂ ਵਿੱਚ ਆਉਣ ਲੱਗੇ, ਜਿਸ ਕਾਰਨ ਮਨੁੱਖ ਸੰਦਾਂ ਦੀ ਵਰਤੋਂ ਕਰਨ ਲੱਗਿਆ, ਜੋ ਬਾਅਦ ਵਿੱਚ ਭਾਸ਼ਾ ਤੇ ਸਮਾਜਿਕ ਉਤਪਾਦਨ ਦਾ ਕਾਰਨ ਬਣਿਆ। ਇਸ ਦੇ ਨਾਲ਼ ਹੀ ਹੱਥਾਂ ਦੀ ਵਰਤੋਂ ਹੋਣ ਨਾਲ਼ ਦਿਮਾਗ ਦਾ ਆਕਾਰ ਵੱਡਾ ਹੋਣ ਲੱਗਾ, ਜੋ ਹੱਥਾਂ ਦੇ ਵਿਕਾਸ ਹੋਣ ਤੋਂ ਕਿਤੇ ਬਾਅਦ ਜਾ ਕੇ ਹੋਇਆ। ਇਹਨਾਂ ਸੱਚਾਈਆਂ ਨੂੰ ਆਧੁਨਿਕ ਪਥਰਾਟ ਵਿਗਿਆਨ ਨੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ।

ਇਸ ਬਾਰੇ ਜ਼ਿਆਦਾ ਵਿਸਤਾਰ ਜੋਹਨ ਪਿਕਾਰਡ ਦੇ ਲੇਖ ‘ਏਂਗਲਜ਼ ਅਤੇ ਮਨੁੱਖੀ ਵਿਕਾਸ’ ਵਿੱਚ ਪੜਿਆ ਜਾ ਸਕਦਾ ਹੈ। ਜੀਨਜ਼ ਵਿੱਚ ਆਉਣ ਵਾਲ਼ੀਆਂ ਤਬਦੀਲੀਆਂ ਦੇ ਜੀਵ ਵਿਕਾਸ ਵਿੱਚ ਰੋਲ਼ ਬਾਰੇ ਵੀ ਬ੍ਰਿਟਿਸ਼ ਵਿਗਿਆਨੀ ਜੇ. ਬੀ. ਐੱਸ. ਹਾਲਡੇਲ ਨੇ ਆਪਣੇ ਲੇਖਾਂ ਵਿੱਚ ਵਿਸਥਾਰ ਸਹਿਤ ਚਾਣਨ ਪਾਇਆ ਹੈ।

ਹਾਲਡੇਲ ਨੇ 1929 ਵਿੱਚ ਜੀਵਨ ਦੇ ਪਹਿਲੇ ਰੂਪਾਂ ਦੀ ਉਤਪਤੀ ਦੇ ਰਹੱਸ ਤੋਂ ਵੀ ਪਰਦਾ ਉਠਾਇਆ। ਹਾਲਡੇਲ ਦੇ ਸਮੇਂ ਹੀ, ਇੱਕ ਸੋਵੀਅਤ ਵਿਗਿਆਨੀ, ਅਲੈਗਜੈਂਡਰ ਉਪਰੇਨ ਵੀ ਉਸੇ ਨਤੀਜੇ ‘ਤੇ ਪਹੁੰਚਿਆ, ਇਸ ਕਰਕੇ ਇਸ ਥਿਊਰੀ ਨੂੰ ਸਾਂਝੇ ਤੌਰ ‘ਤੇ ਉਪਰੇਨ-ਹਾਲਡੇਲ ਮਾਡਲ ਕਿਹਾ ਜਾਂਦਾ ਹੈ। ਇਹਨਾਂ ਦੋਵੇਂ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ਵਿੱਚ ਦਵੰਦਵਾਦੀ ਭੌਤਿਕਵਾਦ ਨੂੰ ਲਾਗੂ ਕਰਦੇ ਹੋਏ ਇਹ ਸਿਧਾਂਤ ਦੀ ਖੋਜ ਕੀਤੀ। 1953 ਵਿੱਚ ਮਿਲਰ ਅਤੇ ਯੁਰੇ ਨੇ ਪ੍ਰਯੋਗਸ਼ਾਲਾ ਵਿੱਚ ਇਸ ਥਿਊਰੀ ਨੂੰ ਸਹੀ ਸਿੱਧ ਕਰ ਦਿੱਤਾ। ਹੁਣ ਇਸੇ ਸਿਧਾਂਤ ਨੂੰ ਥੋੜਾ ਸੁਧਾਰ ਕੇ ਆਰ. ਐੱਨ. ਏ. ਮਾਡਲ ਦਾ ਰੂਪ ਦਿੱਤਾ ਗਿਆ ਹੈ।

ਦਵੰਦਵਾਦੀ ਭੌਤਿਕਵਾਦ ਅਤੇ ਜੀਵ-ਵਿਕਾਸ

ਦਵੰਦਾਤਮਕ ਭੌਤਿਕਵਾਦੀ ਨਜ਼ਰੀਏ ਦੇ ਜਨਮਦਾਤੇ, ਮਾਰਕਸ ਅਤੇ ਏਂਗਲਜ਼, ਨੇ ਡਾਰਵਿਨ ਦੀਆਂ ਖੋਜਾਂ ਦੀ ਪੁਰਜ਼ੋਰ ਹਮਾਇਤ ਕੀਤੀ, ਉਥੇ ਇਸੇ ਦੇ ਅਧੂਰੇਪਣ ਅਤੇ ਭਵਿੱਖ ਵਿੱਚ ਇਸ ਦੇ ਹੋਰ ਵਿਕਸਤ ਹੋਣ ਦੀ ਪੇਸ਼ਨਗੋਈ ਵੀ ਕੀਤੀ। ਡਾਰਵਿਨ ਦੀਆਂ ਖੋਜਾਂ ਨੇ ਮਾਰਕਸ-ਏਂਗਲਜ਼ ਦੇ ਭੌਤਿਕਵਾਦੀ ਨਜ਼ਰੀਏ ਨੂੰ ਕੁਦਰਤ ਵਿੱਚ ਹੋਰ ਸਪਸ਼ਟਤਾ ਨਾਲ਼ ਸਿੱਧ ਕੀਤਾ। ਜਨਵਰੀ 1861 ਵਿੱਚ ਮਾਰਕਸ ਨੇ ਏਂਗਲਜ਼ ਨੂੰ ਲਿਖਿਆ -”ਡਾਰਵਿਨ ਦੀ ਕਿਤਾਬ (ਜੀਵਾਂ ਦੀ ਉਤਪਤੀ —ਅਨੁ.) ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਨੇ ਮੈਨੂੰ ਜਮਾਤੀ ਸੰਘਰਸ਼ ਲਈ ਕੁਦਰਤੀ ਵਿਗਿਆਨਕ ਅਧਾਰ ਪ੍ਰਦਾਨ ਕੀਤਾ ਹੈ। ਪਰ ਇਸ ਵਿੱਚ ਸਾਨੂੰ ਵਿਕਾਸ ਦੇ ਕੱਚ-ਘਰੜ ਅੰਗਰੇਜ਼ੀ ਤਰੀਕੇ ਨੂੰ ਵੀ ਸਹਿਣ ਕਰਨਾ ਪੈਂਦਾ ਹੈ। ਆਪਣੀਆਂ ਸਾਰੀਆਂ ਸੀਮਤਾਈਆਂ ਦੇ ਬਾਵਜੂਦ, ਨਾ ਸਿਰਫ਼ ਉਦੇਸ਼ਵਾਦ (“Taleology) (ਹਰ ਚੀਜ਼ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। —ਅਨੁ.) ਦੀ ਕੁਦਰਤੀ ਵਿਗਿਆਨਾਂ ਵਿਚਲੀ ਧਾਰਨਾਂ ‘ਤੇ ਫੈਸਲਾਕੁਨ ਸੱਟ ਹੈ, ਸਗੋਂ ਆਪਣਾ ਤਾਰਕਿਕ ਮਤਲਬ ਵੀ ਚੰਗੀ ਤਰ੍ਹਾਂ ਵਿਆਖਿਤ ਕਰਦੀ ਹੈ।”

‘ਡਿਊਰਿੰਗ ਵਿਰੁੱਧ’ ਕਿਤਾਬ ਵਿੱਚ ਏਂਗਲਜ਼ ਨੇ ਲਿਖਿਆ —”ਜੀਵ ਵਿਕਾਸ ਦੀ ਥਿਊਰੀ ਹਾਲੇ ਆਪਣੇ ਮੁੱਢਲੇ ਪੜਾਵਾਂ ਵਿੱਚ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਭਵਿੱਖ ਦੀਆਂ ਖੋਜਾਂ ਸਾਡੀਆਂ ਹੁਣ ਦੀਆਂ ਜੀਵ ਵਿਕਾਸ ਸਬੰਧੀ ਧਾਰਨਾਵਾਂ, ਡਾਰਵਿਨ ਦੀਆਂ ਖੋਜਾਂ ਸਮੇਤ ਨੂੰ ਬਦਲਣਗੀਆਂ”।

ਇਸੇ ਤਰ੍ਹਾਂ ਏਂਗਲਜ਼ ਨੇ ‘ਡਾਇਲੈਕਟਸ ਆਫ਼ ਨੇਚਰ’ ਵਿੱਚ ਵੀ ਡਾਰਵਿਨ ਦੇ ‘ਜਿਊਂਦੇ ਰਹਿਣ ਲਈ ਸੰਘਰਸ਼’ ਦੇ ਸਿਧਾਂਤ ਦਾ ਮੁਲੰਕਣ ਕੁੱਝ ਇੰਝ ਕੀਤਾ —”ਡਾਰਵਿਨ ਤੋਂ ਪਹਿਲਾਂ ਤੱਕ, ਉਸ ਦੇ ਹੁਣ ਦੇ ਪੱਕੇ ਅਨੁਯਾਈ ਵੀ ਕੁਦਰਤ ਵਿੱਚ ਇਕਸੁਰ ਮਿਲਵਰਤਣ ਤੇ ਜ਼ੋਰ ਦਿੰਦੇ ਹਨ, ਕਿ ਕਿਵੇਂ ਪੌਦੇ ਜੀਵ ਜੰਤੂਆਂ ਨੂੰ ਖਾਦ ਖੁਰਾਕ ਤੇ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਜੀਵ ਜੰਤੂ ਪੌਦਿਆਂ ਨੂੰ ਬਦਲੇ ਵਿੱਚ ਖਾਦ, ਅਮੌਨੀਆਂ ਤੇ ਕਾਰਬੋਨਿਕ ਏਸਿਡ (ਕਾਰਬਨ ਡਾਇਆਕਸਾਈਡ -ਅਨੁ.) ਪ੍ਰਦਾਨ ਕਰਦੇ ਹਨ। ਜਿਉਂ ਹੀ ਡਾਰਵਿਨ ਦਾ ਸਿਧਾਂਤ ਸਾਹਮਣੇ ਆਇਆ, ਇਹਨਾਂ ਨੂੰ ਹਰ ਥਾਂ ਉੱਤੇ ‘ਸੰਘਰਸ਼’ ਹੀ ਵਿਖਾਈ ਦੇਣ ਲੱਗ ਪਿਆ। ਦੋਵੇਂ ਹੀ ਨਜ਼ਰੀਏ ਆਪਣੀਆਂ ਸੀਮਾਵਾਂ ਅੰਦਰ ਠੀਕ ਹਨ, ਪਰ ਦੋਵੇ ਹੀ ਬਰਾਬਰ ਤੌਰ ‘ਤੇ ਇੱਕ ਪਾਸੜ ਤੇ ਤੁਅਸਬ ਗ੍ਰਸਤ ਹਨ। ਜਿਵੇਂ ਕੁਦਰਤ ਵਿੱਚ ਨਿਰਜੀਵ ਚੀਜ਼ਾਂ ਦੇ ਸਬੰਧ ਇਕਸੁਰਤਾ ਤੇ ਟਕਰਾਅ ਦੋਵੇ ਤਰ੍ਹਾਂ ਦੇ ਹੁੰਦੇ ਹਨ, ਉਵੇਂ ਹੀ ਸਜੀਵ ਚੀਜ਼ਾਂ ਵਿੱਚ ਵੀ ਸੁਚੇਤ ਅਤੇ ਅਚੇਤ ਮਿਲਵਰਤਣ ਦੇ ਨਾਲ਼ ਨਾਲ਼ ਸੁਚੇਤ ਤੇ ਅਚੇਤ ਸੰਘਰਸ਼ ਵੀ ਹੁੰਦਾ ਹੈ। ਇਸ ਲਈ, ਕੁਦਰਤ ਦੇ ਸਬੰਧ ਵਿੱਚ ਵੀ, ਸਿਰਫ਼ ਸੰਘਰਸ਼ ਨੂੰ ਹੀ ਸਭ ਕੁੱਝ ਮੰਨ ਲੈਣਾ ਠੀਕ ਨਹੀਂ। ਸਗੋਂ ਇਤਿਹਾਸਕ ਜੀਵ ਵਿਕਾਸ ਤੇ ਜਟਿਲਤਾ ਦੀ ਪੂਰੀ ਦੌਲਤ ਨੂੰ ਇੱਕ ਛੋਟੇ ਜਿਹੇ ਤੇ ਇੱਕ ਪਾਸੜ ਵਾਕਅੰਸ਼ ‘ਜਿਊਂਦੇ ਰਹਿਣ ਲਈ ਸੰਘਰਸ਼’ ਵਿੱਚ ਬੰਨ੍ਹ ਦੇਣ ਦੀ ਇੱਛਾ ਕਰਨੀ ਬਚਪਨਾ ਹੀ ਹੋਵੇਗਾ। ਇਸ ਦਾ ਕੁੱਝ ਵੀ ਮਤਲਬ ਨਹੀਂ ਹੈ।”

”ਡਾਰਵਿਨ ਦਾ ‘ਜਿਊਂਦੇ ਰਹਿਣ ਲਈ ਸੰਘਰਸ਼’ ਦਾ ਸਿਧਾਂਤ ਸਮਾਜ ਵਿਚਲੀਆਂ ਪ੍ਰਚਲਿਤ ਧਾਰਨਾਵਾਂ ਜਿਵੇਂ ਸਭ ਦੀ ਸਭ ਖ਼ਿਲਾਫ਼ ਜੰਗ ਦੀ ਹੌਬੀਸ ਦੀ ਥਿਊਰੀ, ਮੁਕਾਬਲੇ ਦੀ ਬੁਰਜੂਆ ਅਰਥ-ਸ਼ਾਸਤਰ ਦੀ ਧਾਰਨਾ ਅਤੇ ਮਾਲਥਸ ਦੀ ਜਨਸੰਖਿਆ ਸਬੰਧੀ ਧਾਰਨਾ ਦਾ ਕੁਦਰਤ ਵਿਗਿਆਨ ਵਿੱਚ ਲਾਗੂ ਕਰਨ ਦਾ ਯਤਨ ਹੈ। ਜਦੋਂ ਅਜਿਹਾ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ ਗਈ ਹੈ (ਭਾਵੇਂ ਕਿ ਇਸ ਦੇ ਬੁਨਿਆਦੀ ਆਧਾਰ, ਮਾਲਥਸ ਦੀ ਥਿਊਰੀ ‘ਤੇ ਅਜੇ ਤੱਕ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ), ਇਹ ਆਸਾਨ ਹੋ ਜਾਂਦਾ ਹੈ ਕਿ ਕੁਦਰਤ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਾਜ ਦੇ ਇਤਿਹਾਸ ਤੇ ਲਾਗੂ ਕਰ ਦਿੱਤਾ ਜਾਵੇ ਅਤੇ ਇਹ ਬਿਲਕੁੱਲ ਸਿੱਧੜ ਜਿਹੇ ਤਰੀਕੇ ਨਾਲ਼ ਕਿਹਾ ਜਾਣਾ ਕਿ ਇਸ ਤਰ੍ਹਾਂ ਇਹ ਪੇਸ਼ਕਾਰੀਆਂ ਸਮਾਜ ਦੇ ਸਦੀਵੀ ਨਿਯਮਾਂ ਦੇ ਤੌਰ ‘ਤੇ ਸਿੱਧ ਕੀਤੇ ਜਾ ਚੁੱਕੇ ਹਨ।” (ਮਾਰਕਸ-ਏਂਗਲਜ਼, ਸੰਪੂਰਨ ਲਿਖਤਾਂ, ਸੈਂਚੀ-25, ਪੰਨਾ-583-84, ਅੰਗਰੇਜ਼ੀ ਛਾਪ 1987, ਪ੍ਰਗਤੀ ਪ੍ਰਕਾਸ਼ਨ।)

”ਜਿਊਂਦੇ ਰਹਿਣ ਲਈ ਸੰਘਰਸ਼ — ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਪੌਦਿਆਂ ਤੇ ਜੀਵਾਂ ਦੀ ਜਨਸੰਖਿਆ ਦੇ ਜ਼ਿਆਦਾ ਵਾਧੇ ਤੱਕ ਹੀ ਸੀਮਿਤ ਰੱਖਿਆ ਜਾਵੇ, ਜੋ ਕਿ ਪੌਦਿਆਂ ਅਤੇ ਹੇਠਲੇ ਜੰਤੂਆਂ ਦੇ ਵਿਕਾਸ ਦੇ ਕੁੱਝ ਪੜਾਵਾਂ ਵਿੱਚ ਅਸਲ ਵਿੱਚ ਹੁੰਦਾ ਵੀ ਹੈ। ਪਰੰਤੂ ਇਸ ਨੂੰ ਉਹਨਾਂ ਹਾਲਾਤਾਂ, ਜਿਵੇਂ ਕਿ ਜੀਵ ਜੰਤੂਆਂ ਤੇ ਪੌਦਿਆਂ ਦਾ ਨਵੇਂ ਵਾਤਾਵਰਣ ਤੇ ਭੂ-ਹਾਲਾਤਾਂ ਵਾਲ਼ੇ ਨਵੇਂ ਖਿਤਿਆ ਵਿੱਚ ਪਰਵਾਸ ਤੋਂ ਬਿਲਕੁੱਲ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਜਿਹਨਾਂ ਵਿੱਚ ਜੀਵਾਂ ਦੀਆਂ ਪ੍ਰਜਾਤੀਆਂ ਬਦਲਦੀਆਂ ਹਨ, ਪੁਰਾਣੀਆਂ ਮਰ ਜਾਂਦੀਆਂ ਹਨ ਤੇ ਨਵੀਆਂ ਵਿਕਸਤ ਉਹਨਾਂ ਦੀ ਥਾਂ ਲੈ ਲੈਂਦੀਆਂ ਹਨ, ਜਨਸੰਖਿਆ ਦੇ ਜ਼ਿਆਦਾ ਵਾਧਾ ਹੋਏ ਬਿਨਾਂ। ਨਵੇਂ ਵਾਤਾਵਰਣ ਵਿੱਚ ਜਿਹੜੇ ਜੀਵ ਆਪਣੇ ਆਪ ਨੂੰ ਢਾਲ਼ ਲੈਂਦੇ ਹਨ, ਜਿਊਂਦੇ ਰਹਿ ਜਾਂਦੇ ਹਨ ਅਤੇ ਲਗਾਤਾਰ ਬਦਲਾਵਾਂ ਨਾਲ਼ ਆਪਣੇ ਆਪ ਨੂੰ ਇੱਕ ਨਵੀਂ ਪ੍ਰਜਾਤੀ ਵਿੱਚ ਵਿਕਸਤ ਕਰ ਲੈਂਦੇ ਹਨ ਪਰ ਜ਼ਿਆਦਾ ਸਥਿਰ ਜੀਵ ਮਰ ਜਾਂਦੇ ਹਨ ਅਤੇ ਵਿਲੁਪਤ ਹੋ ਜਾਂਦੇ ਹਨ, ਨਾਲ ਹੀ ਵਿਚਕਾਰਲੇ ਜੀਵ-ਰੂਪ ਵੀ ਵਿਲੁਪਤ ਹੋ ਜਾਂਦੇ ਹਨ। ਇਹ ਸਭ ਕੁੱਝ ਕਿਸੇ ਵੀ ਮਾਲਥਸਵਾਦ ਤੋਂ ਬਿਨਾਂ ਸੰਭਵ ਹੈ ਅਤੇ ਹੁੰਦਾ ਵੀ ਹੈ, ਅਤੇ ਜੇ ਇਹ ਲਾਗੂ ਵੀ ਹੁੰਦਾ ਹੈ ਤਾਂ ਇਹ ਉਸ ਪ੍ਰਕਿਰਿਆ ਨੂੰ, ਜ਼ਿਆਦਾ ਤੋਂ ਜ਼ਿਆਦਾ ਥੋੜ੍ਹਾ ਤੇਜ਼ ਕਰ ਦਿੰਦਾ ਹੈ।” (ਉਹੀ ਪੰਨਾ 582-83)

”ਚਲੋ ਤਰਕ ਕਰਨ ਲਈ ‘ਜਿਊਂਦੇ ਰਹਿਣ ਲਈ ਸੰਘਰਸ਼’ ਨਾਂ ਦੇ ਵਾਕਅੰਸ਼ ਨੂੰ ਮੰਨ ਵੀ ਲਈਏ। ਇੱਕ ਜਾਨਵਰ ਵੱਧ ਤੋਂ ਵੱਧ ਇਕੱਠਾ ਕਰ ਸਕਦਾ ਹੈ, ਪਰ ਇਨਸਾਨ ਤਾਂ ਉਤਪਾਦਨ ਕਰਦਾ ਹੈ। ਉਹ ਜਿਊਂਦੇ ਰਹਿਣ ਦੇ ਸਾਧਨ ਤਿਆਰ ਕਰਦਾ ਹੈ, ਜ਼ਿਆਦਾ ਵਿਸਥਾਰਤ ਸ਼ਬਦਾਂ ਵਿੱਚ, ਜੋ ਕਿ ਕੁਦਰਤ ਨੇ ਉਸ ਤੋਂ ਬਿਨਾਂ ਨਾ ਬਣਾਏ ਹੁੰਦੇ। ਇਹ ਜਾਨਵਰਾਂ ਤੇ ਲਾਗੂ ਹੋਣ ਵਾਲ਼ੇ ਨਿਯਮਾਂ ਨੂੰ ਮਨੁੱਖੀ ਸਮਾਜ ‘ਤੇ ਕੱਚ-ਘਰੜ ਤਰੀਕੇ ਨਾਲ਼ ਲਾਗੂ ਕਰਨਾ ਮੁਸ਼ਕਿਲ ਬਣਾ ਦਿੰਦਾ ਹੈ। ਉਤਪਾਦਨ ਕਾਰਨ ਛੇਤੀ ਹੀ ‘ਜਿਊਂਦੇ ਰਹਿਣ ਦਾ ਸੰਘਰਸ਼’ ਸ਼ੁਰੂ ਹੋ ਜਾਂਦਾ ਹੈ, ਪਰ ਇਹ ਸੰਘਰਸ਼ ਜਿਊਂਦੇ ਰਹਿਣ ਦੇ ਸਾਧਨਾਂ ਲਈ ਨਹੀਂ, ਸਗੋਂ ਮਨੋਰੰਜਨ ਤੇ ਵਿਕਸਤ ਹੋਣ ਦੇ ਸਾਧਨਾਂ ਲਈ ਹੁੰਦਾ ਹੈ। ਇੱਥੇ-ਕਿਉਂਕਿ ਵਿਕਸਤ ਹੋਣ ਦੇ ਸਾਧਨ ਵੀ ਸਮਾਜਿਕ ਤੌਰ ‘ਤੇ ਪੈਦਾ ਹੁੰਦੇ ਹਨ— ਜਾਨਵਰਾਂ ‘ਤੇ ਲਾਗੂ ਹੋਣ ਵਾਲ਼ੇ ਨਿਯਮ ਪੂਰੀ ਤਰ੍ਹਾਂ ਨਾਲ਼ ਆਧਾਰਹੀਣ ਹੋ ਜਾਂਦੇ ਹਨ। ਅੰਤ ਵਿੱਚ, ਪੂੰਜੀਵਾਦੀ ਉਦਪਾਦਨ ਪ੍ਰਣਾਲੀ ਵਿੱਚ, ਉਤਪਾਦਨ ਦਾ ਪੱਧਰ ਇੰਨਾ ਉੱਚਾ ਹੋ ਜਾਂਦਾ ਹੈ ਕਿ ਸਮਾਜ ਜਿਊਂਦੇ ਰਹਿਣ, ਮਨੋਰੰਜਨ ਤੇ ਵਿਕਸਤ ਹੋਣ ਦੇ ਸਾਧਨਾਂ ਦਾ ਹੁਣ ਹੋਰ ਪੂਰੀ ਤਰ੍ਹਾਂ ਉਪਯੋਗ ਨਹੀਂ ਕਰ ਸਕਦਾ ਕਿਉਂਕਿ ਉਤਪਾਦਨ ਕਰਨ ਵਾਲਿਆਂ ਦੇ ਵੱਡੇ ਹਿੱਸੇ ਨੂੰ ਇਹਨਾਂ ਸਾਧਨਾਂ ਦੀ ਵਰਤੋਂ ਕਰਨ ਤੋਂ ਗੈਰ-ਕੁਦਰਤੀ ਤਰੀਕੇ ਤੇ ਧੱਕੇ ਨਾਲ਼ ਵਾਂਝੇ ਕਰ ਦਿੱਤਾ ਜਾਂਦਾ ਹੈ, ਅਤੇ ਇਸ ਕਰਕੇ ਸੰਤੁਲਨ ਕਾਇਮ ਰੱਖਣ ਲਈ ਇੱਕ ਸੰਕਟ (ਆਰਥਿਕ ਸੰਕਟ -ਅਨੁ.) ਹਰ ਦਸ ਸਾਲਾਂ ਬਾਅਦ ਨਾ ਸਿਰਫ਼ ਜਿਊਂਦੇ ਰਹਿਣ ਦੇ, ਮਨੋਰੰਜਨ ਤੇ ਵਿਕਸਤ ਹੋਣ ਦੇ ਸਾਧਨ, ਸਗੋਂ ਉਤਪਾਦਨ ਸ਼ਕਤੀਆਂ ਦੇ ਇੱਕ ਵੱਡੇ ਹਿੱਸੇ ਦਾ ਵੀ ਵਿਨਾਸ਼ ਕਰ ਦਿੰਦਾ ਹੈ। ਇਸ ਤਰ੍ਹਾਂ, ਇਹ ‘ਜਿਊਂਦੇ ਰਹਿਣ ਲਈ ਸੰਘਰਸ਼’ ਕੁੱਝ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ – ਬੁਰਜੂਆ ਸਮਾਜ ਦੁਆਰਾ ਪੈਦਾ ਕੀਤੀਆਂ ਗਈਆਂ ਵਸਤਾਂ ਅਤੇ ਉਤਪਾਦਕ ਸ਼ਕਤੀਆਂ ਦੀ ਪੂੰਜੀਵਾਦੀ ਪ੍ਰਣਾਲੀ ਦੇ ਵਿਨਾਸ਼ਕਾਰੀ, ਤਬਾਹਕਰੂ ਪ੍ਰਭਾਵਾਂ ਤੋਂ ਰਾਖੀ ਕਰਨ ਲਈ, ਸਮਾਜਿਕ ਉਤਪਾਦਨ ਤੇ ਵੰਡ ਦਾ ਅਧਿਕਾਰ, ਇਸ ਕੰਮ ਵਿੱਚ ਅਯੋਗ ਹੋ ਚੁੱਕੀ ਪੂੰਜੀਪਤੀ ਜਮਾਤ ਦੇ ਹੱਥਾਂ ਵਿੱਚੋਂ ਖੋਹ ਲੈਣਾ ਅਤੇ ਇਸ ਨੂੰ ਉਤਪਾਦਨ ਕਰਨ ਵਾਲ਼ੇ ਜਨ-ਸਮੂਹਾਂ ਨੂੰ ਸੌਂਪ ਦੇਣ- ਅਤੇ ਇਹ ਹੈ ਸਮਾਜਵਾਦੀ ਇਨਕਲਾਬ।

”ਜਮਾਤੀ ਸੰਘਰਸ਼ਾਂ ਦੇ ਕ੍ਰਮਬੱਧ ਸਿਲਸਿਲੇ ਦੇ ਤੌਰ ‘ਤੇ ਇਤਿਹਾਸ ਦਾ ਬੋਧ, ਇਸ ਨੂੰ ‘ਜਿਊਂਦੇ ਰਹਿਣ ਦੇ ਸੰਘਰਸ਼’ ਦੇ ਬਹੁਤ ਘੱਟ ਵਖਰੇਵੇਂ ਵਾਲ਼ੇ ਪੜਾਵਾਂ ਤੱਕ ਸੀਮਿਤ ਕਰ ਦੇਣ ਨਾਲੋਂ ਵਿਸ਼ਾ-ਵਸਤੂ ਅਤੇ ਗਹਿਰਾਈ ਪੱਖੋਂ ਕਿਤੇ ਜ਼ਿਆਦਾ ਅਮੀਰ ਹੈ।” (ਉਹੀ, ਪੰਨਾ-584-85)

”ਡਾਰਵਿਨ ਨੂੰ ਨਹੀਂ ਪਤਾ ਸੀ ਕਿ ਉਸ ਨੇ ਮਨੁੱਖਤਾ, ਖਾਸ ਕਰਕੇ ਆਪਣੇ ਦੇਸ਼ਵਾਸੀਆਂ ਤੇ ਕਿੰਨਾ ਕੌੜਾ ਵਿਅੰਗ ਲਿਖ ਮਾਰਿਆ ਸੀ, ਜਦੋਂ ਉਸ ਨੇ ਇਹ ਦਿਖਾ ਦਿੱਤਾ ਕਿ ‘ਮੁਕਤ ਮੁਕਾਬਲਾ’, ਜਿਊਂਦੇ ਰਹਿਣ ਲਈ ਸੰਘਰਸ਼ ਜਿਸ ਨੂੰ ਅਰਥ-ਸ਼ਾਸਤਰੀ ਸਭ ਤੋਂ ਉੱਚੀ ਇਤਿਹਾਸਕ ਪ੍ਰਾਪਤੀ ਸਮਝਦੇ ਹਨ, ਜਾਨਵਰਾਂ ਦੀ ਦੁਨੀਆ ਵਿੱਚ ਇੱਕ ਆਮ ਸਥਿਤੀ ਹੈ। ਜਿਵੇਂ ਉਤਪਾਦਨ ਦੀ ਕਿਰਿਆ ਨੇ ਮਨੁੱਖ ਨੂੰ ਬਾਕੀ ਜਾਨਵਰਾਂ ਤੋਂ ਜੀਵ-ਵਿਗਿਆਨਕ ਤੌਰ ‘ਤੇ ਵਖਰੇਵਾਂ ਪ੍ਰਦਾਨ ਕੀਤਾ, ਉਸੇ ਤਰ੍ਹਾਂ ਸਮਾਜਿਕ ਪੱਖ ਤੋਂ ਵੀ, ਸਿਰਫ਼ ਚੇਤੰਨ ਤੌਰ ‘ਤੇ ਸਮਾਜਿਕ ਉਤਪਾਦਨ ਦੇ ਢਾਂਚੇ, ਜਿਸ ਵਿੱਚ ਉਤਪਾਦਨ ਤੇ ਵੰਡ ਯੋਜਨਾਬੱਧ ਤਰੀਕੇ ਨਾਲ਼ ਹੋਵੇਗੀ, ਮਨੁੱਖਤਾ ਨੂੰ ਬਾਕੀ ਜਾਨਵਰਾਂ ਤੋਂ ਉੱਚਤਾ ਪ੍ਰਦਾਨ ਕਰੇਗੀ। ਇਤਿਹਾਸਕ ਵਿਕਾਸ ਇਸ ਤਰ੍ਹਾਂ ਦੀ ਵਿਵਸਥਾ ਨੂੰ ਦਿਨੋ ਦਿਨ ਜ਼ਰੂਰੀ ਹੀ ਨਹੀਂ ਬਣਾ ਰਿਹਾ, ਸਗੋਂ ਜ਼ਿਆਦਾ ਤੋਂ ਜ਼ਿਆਦਾ ਸੰਭਵ ਵੀ ਬਣਾ ਰਿਹਾ ਹੈ।” (ਉਹੀ, ਪੰਨਾ-331)

ਜਿਵੇਂ ਕਿ ਏਂਗਲਜ਼ ਨੇ ‘ਡਿਊਰਿੰਗ ਵਿਰੁੱਧ’ ਵਿੱਚ ਇਹ ਕਿਹਾ ਸੀ ਕਿ ਜੀਵ ਵਿਕਾਸ ਦੇ ਸਿਧਾਂਤ ਹਾਲੇ ਹੋਰ ਵਿਕਸਤ ਹੋਣਗੇ, ਉਸ ਤਰ੍ਹਾਂ ਡਾਰਵਿਨ ਨੂੰ ਵੀ ਆਪਣੇ ਸਿਧਾਂਤ ਵਿਚਲੀਆਂ ਕਮੀਆਂ ਦਾ ਅਹਿਸਾਸ ਸੀ।

ਪਥਰਾਟ ਵਿਗਿਆਨ ਅਨੁਸਾਰ, ਕੈਂਬਰੀਅਨ ਯੁੱਗ (600-700 ਮਿਲੀਅਨ ਸਾਲ) ਤੋਂ ਪਹਿਲਾਂ ਦੀਆਂ ਚੱਟਾਨਾਂ ਵਿੱਚ ਜੀਵਾਂ ਦੇ ਬਹੁਤ ਥੋੜ੍ਹੇ ਅੰਸ਼ ਮਿਲਦੇ ਹਨ ਤੇ ਉਹ ਵੀ ‘ਪਰੋਕੇਰੀਆਇਕ’ ਨਾਂ ਦੇ ਆਰੰਭਿਕ ਜੀਵ-ਰੂਪ ਹੀ ਮਿਲਦੇ ਹਨ। ਪਰ ਇਸ ਤੋਂ ਬਿਲਕੁਲ ਬਾਅਦ ਵਾਲ਼ੀਆਂ ਚੱਟਾਨਾਂ ਵਿੱਚ ਇੱਕਦਮ ਹੀ ਵੱਖ ਵੱਖ ਤਰ੍ਹਾਂ ਦੇ ਬਹੁਭਾਂਤੀ ਜੀਵ ਰੂਪ ਮਿਲ਼ਦੇ ਹਨ। ਇਹਨਾਂ ਵਿੱਚ ਅੱਜ ਹੋਂਦ ਵਿੱਚ ਹੋਣ ਵਾਲ਼ੇ ਜੀਵਾਂ ਦੇ ਲੱਗਭਗ ਬਹੁਤੇ ਜੀਵ-ਰੂਪ ਮਿਲ਼ ਜਾਂਦੇ ਹਨ। ਇਸ ਨੂੰ ‘ਕੈਂਬਰੀਅਨ ਧਮਾਕਾ’ ਕਿਹਾ ਜਾਂਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ‘ਕੈਂਬਰੀਅਨ ਧਮਾਕਾ’ ਕੋਈ ਰਾਤੋ-ਰਾਤ ਹੋ ਗਈ ਘਟਨਾ ਨਹੀਂ ਸੀ, ਸਗੋਂ ਕਈ ਮਿਲੀਅਨ ਸਾਲਾਂ ਵਿੱਚ ਹੋਣ ਵਾਲ਼ੀ ਘਟਨਾ ਸੀ, ਪਰ ਭੂ-ਵਿਗਿਆਨਕ ਤੌਰ ‘ਤੇ ਦੇਖਿਆ ਜਾਵੇ ਤਾਂ ਧਰਤੀ ਦੀ ਉਮਰ ਦੇ ਮੁਕਾਬਲੇ ਇਹ ਘਟਨਾ ਇੱਕ ਧਮਾਕੇ ਵਾਂਗ ਹੀ ਤੇਜ਼ੀ ਨਾਲ਼ ਹੋਣ ਵਾਲ਼ੀ ਘਟਨਾ ਸੀ। ਇਸ ਤੋਂ ਬਾਅਦ ਅਨੇਕਾਂ ਪ੍ਰਜਾਤੀਆਂ ਹੋਂਦ ਵਿੱਚ ਆ ਗਈਆਂ। ਡਾਰਵਿਨ ਦੇ ਸਮੇਂ ਵੀ ਇਸ ਤੱਥ ਦਾ ਗਿਆਨ ਸੀ। ਬਾਅਦ ਵਿੱਚ ਇਹ ਵੀ ਸਿੱਧ ਹੋ ਗਿਆ ਕਿ ਸਮੇਂ ਸਮੇਂ ਧਰਤੀ ‘ਤੇ ਕੁੱਝ ਅਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ, ਭਾਵੇਂ ਇਹ ਸਥਿਤੀਆਂ ਕਈ ਮਿਲੀਅਨ ਸਾਲ ਲੰਬੀਆਂ ਹੁੰਦੀਆਂ ਹਨ, ਪਰ ਫਿਰ ਵੀ ਭੂ-ਵਿਗਿਆਨਕ ਤੌਰ ‘ਤੇ ਬਹੁਤ ਛੋਟੀਆਂ ਹੁੰਦੀਆਂ ਹਨ, ਜਿਹਨਾਂ ਦੌਰਾਨ ਧਰਤੀ ‘ਤੇ ਉਸ ਸਮੇਂ ਮੌਜੂਦ ਬਹੁਤ ਸਾਰੀਆਂ ਪ੍ਰਜਾਤੀਆਂ ਵਿਲੁਪਤ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਥਾਂ ‘ਤੇ ਨਵੀਆਂ ਪ੍ਰਜਾਤੀਆਂ ਪੈਦਾ ਹੋ ਜਾਂਦੀਆਂ ਹਨ ਜੋ ਸਮੇਂ ਨਾਲ਼ ਹੌਲ਼ੀ ਹੌਲ਼ੀ ਵਿਕਾਸ ਕਰਦੀਆਂ ਹਨ, ਵਿਕਾਸ ਦੇ ਇਸ ਪੜਾਅ ਵਿੱਚ, ਜਦੋਂ ਨਵੀਆਂ ਪ੍ਰਜਾਤੀਆਂ ਦੇ ਹੋਂਦ ਵਿੱਚ ਆ ਜਾਣ ਤੋਂ ਬਾਅਦ ਦੇ ਸਮੇਂ ਵਿੱਚ ‘ਕੁਦਰਤੀ ਚੋਣ’ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਤਰ੍ਹਾਂ ਜੀਵਾਂ ਦੀਆਂ ਪ੍ਰਜਾਤੀਆਂ ਦੀਆਂ ਤੇਜ਼ੀ ਨਾਲ਼ ਵਿਲੁਪਤ ਹੋਣ ਦੀਆਂ ਹੁਣ ਤੱਕ ਛੇ ਕੁ ਘਟਨਾਵਾਂ ਹੋ ਚੁੱਕੀਆਂ ਹਨ।

ਸਭ ਤੋਂ ਵੱਡੀ ਵਿਲੁਪਤ ਹੋਣ ਵਾਲ਼ੀ ਸਥਿਤੀ 250 ਮਿਲੀਅਨ ਸਾਲ ਪਹਿਲਾਂ ਪੇਕੀਅਨਯੋਕ-ਮੀਜ਼ੋਯੋਕ ਯੁੱਗਾਂ ਦੇ ਵਿਚਕਾਰ ਪੈਦਾ ਹੋਈ ਜਦੋਂ ਪਾਣੀ ਤੇ ਧਰਤੀ ਦੋਵੇਂ ਜਗ੍ਹਾ ਵਾਲ਼ੇ 75 ਫੀਸਦੀ ਜੰਤੂਆਂ ਅਤੇ ਰੀਂਗਣ ਵਾਲੇ 80 ਫੀਸਦੀ ਜੰਤੂਆਂ ਦੀਆਂ ਪ੍ਰਜਾਤੀਆਂ ਵਿਲੁਪਤ ਹੋ ਗਈਆਂ। ਇਸ ਤਰ੍ਹਾਂ ਦੀ ਆਖਰੀ ਘਟਨਾ 63 ਮਿਲੀਅਨ ਸਾਲ ਪਹਿਲਾਂ ਹੋਈ ਜਿਸ ਦੇ ਸਿੱਟੇ ਵਜੋਂ ਹੋਰ ਅਨੇਕਾਂ ਪ੍ਰਜਾਤੀਆਂ ਸਮੇਤ ਡਾਇਨਾਸੋਰ ਵੀ ਵਿਲੁਪਤ ਹੋ ਗਏ। ਪਰ ਇਹ ਘਟਨਾਵਾਂ ਜੀਵ ਵਿਕਾਸ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੀਆਂ, ਸਗੋਂ ਜੀਵ ਵਿਕਾਸ ਨੂੰ ਨਵੇਂ ਤੇ ਉੱਚੇ ਧਰਾਤਲ ‘ਤੇ ਲੈ ਜਾਂਦੀਆਂ ਹਨ। ਕਿਉਂਕਿ ਇਹਨਾਂ ਘਟਨਾਵਾਂ ਨਾਲ਼ ਨਵੀਆਂ ਪ੍ਰਜਾਤੀਆਂ ਹੋਂਦ ਵਿੱਚ ਆਉਂਦੀਆਂ ਹਨ ਜੋ ਪਹਿਲੀਆਂ ਦੇ ਮੁਕਾਬਲੇ ਵੱਧ ਵਿਕਸਤ ਹੁੰਦੀਆਂ ਹਨ।

‘ਕੈਂਬਰੀਅਨ ਧਮਾਕੇ’ ਦੀ ਡਾਰਵਿਨ ਆਪਣੀਆਂ ਖੋਜਾਂ ਦੇ ਆਧਾਰ ‘ਤੇ ਵਿਆਖਿਆ ਕਰਨ ਵਿੱਚ ਅਸਫਲ ਸੀ, ਪਰ ਉਸ ਸਮੇਂ ਡਾਰਵਿਨ ਨੇ ਇਹ ਕਿਹਾ ਕਿ ਕਿਸੇ ਕਾਰਨ ਪਥਰਾਟਾਂ ਸਬੰਧੀ ਮਨੁੱਖੀ ਜਾਣਕਾਰੀ ਹਾਲੇ ਅਧੂਰੀ ਹੈ ਅਤੇ ਭਵਿੱਖ ਵਿੱਚ ਇਹ ਜਾਣਕਾਰੀ ਮੁਕੰਮਲ ਹੋ ਜਾਵੇਗੀ। ਪਰ ਸਮੇਂ ਨਾਲ਼ ਇਹ ਪਤਾ ਲੱਗਿਆ ਕਿ ਪਥਰਾਟ ਸਬੰਧੀ ਜਾਣਕਾਰੀ ਬਿਲਕੁੱਲ ਸਹੀ ਸੀ ਅਤੇ ਪਥਰਾਟਾਂ ਵਿੱਚ ਅਧੂਰਾਪਣ ਏਨਾ ਵੀ ਜ਼ਿਆਦਾ ਨਹੀਂ ਹੈ ਕਿ ‘ਕੈਂਬਰੀਅਨ ਧਮਾਕੇ’ ਨੂੰ ਸਿਰਫ਼ ਜਾਣਕਾਰੀ ਦਾ ਅਧੂਰਾਪਣ ਕਹਿ ਕੇ ਸਾਰ ਲਿਆ ਜਾਵੇ। ਇਸੇ ਤਰ੍ਹਾਂ ਹੀ ਕਈ ਵਾਰ ਪ੍ਰਜਾਤੀਆਂ ਦੇ ਵਿਚਕਾਰਲੇ ਰੂਪ ਭਾਵ ‘ਲਿੰਕ ਪ੍ਰਜਾਤੀ’ ਵੀ ਨਹੀਂ ਮਿਲਦੀ, ਉਹਨਾਂ ਹਾਲਾਤਾਂ ਵਿੱਚ ਡਾਰਵਿਨ ਦੇ ਸਿਧਾਂਤਾਂ ਅਨੁਸਾਰ ਨਵੀਂ ਪ੍ਰਜਾਤੀ ਦੀ ਉਤਪਤੀ ਦੀ ਵਿਆਖਿਆ ਕਰਨੀ ਮੁਸ਼ਕਿਲ ਹੋ ਜਾਂਦੀ ਹੈ।

ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰੀਕਾ ਦੇ ਭੂ-ਵਿਗਿਆਨੀ ਸਟੀਫਨ ਜੇ ਗੋਲਡ ਅਤੇ ਨੀਲਜ਼ ਐਲਡਰਿਜ  ਨੇ 1971 ਵਿੱਚ ਜੀਵ ਵਿਕਾਸ ਦਾ ਨਵਾਂ ਸਿਧਾਂਤ ਪੇਸ਼ ਕੀਤਾ, ਜੋ ਨਾ ਸਿਰਫ਼ ਡਾਰਵਿਨ ਦੇ ਸਿਧਾਂਤਾਂ ਦੀ ਮਹੱਤਤਾ ਨੂੰ ਬਣਾਈ ਰੱਖਦਾ ਹੈ, ਸਗੋਂ ਇਸ ਨੂੰ ਹੋਰ ਅਮੀਰ ਬਣਾਉਂਦਾ ਹੋਇਆ ਜੀਵ ਵਿਕਾਸ ਦੇ ਸਿਧਾਂਤ ਨੂੰ ਇਸ ਕਾਬਿਲ ਬਣਾ ਦਿੰਦਾ ਹੈ, ਜਿਸ ਨਾਲ਼ ‘ਕੈਂਬਰੀਅਨ ਧਮਾਕਾ’ ਤੇ ਹੋਰ ਤੇਜ਼ੀ ਨਾਲ਼ ਪ੍ਰਜਾਤੀਆਂ ਦੇ ਵਿਲੁਪਤ ਹੋਣ ਤੇ ਪੈਦਾ ਹੋਣ ਦੀਆਂ ਘਟਨਾਵਾਂ ਦੀ ਸਟੀਕ ਵਿਆਖਿਆ ਹੁੰਦੀ ਹੈ। ਇਸ ਸਿਧਾਂਤ ਦਾ ਨਾਮ ਹੈ — ‘ਪੰਕਚੂਏਟਿਡ ਇਕੂਲੇਬੀਰੀਅਮ’।

ਗੋਲਡ ਤੇ ਐਲਡਰਿਜ ਨੇ ਆਪਣੇ ਲੇਖਾਂ ਵਿੱਚ ਇਹ ਕਾਫ਼ੀ ਹੱਦ ਪੱਕੀ ਤਰ੍ਹਾਂ ਸਿੱਧ ਕਰ ਦਿੱਤਾ ਕਿ ਜੀਵ ਵਿਕਾਸ ਦੀ ਪ੍ਰਕਿਰਿਆ ਹਰ ਸਮੇਂ ਇਹੋ ਰਫ਼ਤਾਰ ਨਾਲ਼ ਸਿੱਧੀ ਲਾਈਨ ਵਿੱਚ ਨਹੀਂ ਚਲਦੀ ਸਗੋਂ ਇਸ ਪ੍ਰਕਿਰਿਆ ਵਿੱਚ ਧੀਮੇ ਅਤੇ ਲਮਕਵੇਂ ਅੰਤਰਾਲਾਂ ਵਿਚਕਾਰ ਕੁਝ ਪੜਾਅ ਅਜਿਹੇ ਆਉਂਦੇ ਹਨ ਜਦੋਂ ਜੀਵ ਵਿਕਾਸ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਇਸ ਤੇਜ਼ ਦੌਰ ਦੌਰਾਨ ਧੀਮੇ ਵਿਕਾਸ ਦੌਰਾਨ ਜਮ੍ਹਾ ਹੋਈਆਂ ਮਾਤਰਾਤਮਕ ਤਬਦੀਲੀਆਂ ਗੁਣਾਤਮਕ ਤਬਦੀਲੀਆਂ ਵਿੱਚ ਬਦਲ ਜਾਂਦੀਆਂ ਹਨ। ਗੋਲਡ ਅਨੁਸਾਰ ਜੀਵ ਵਿਕਾਸ ਸਦਾ ਹੀ ਅਗਾਂਹਵਧੂ ਨਹੀਂ ਹੁੰਦਾ, ਸਗੋਂ ਕਈ ਵਾਰ ਪਿੱਛੇਖਿਚੂ ਹੁੰਦਾ ਹੈ, ਕਿਉਂਕਿ ਕਈ ਜੀਵ ਜਿਊਂਦੇ ਰਹਿਣ ਲਈ ਦੂਸਰੇ ਜੀਵਾਂ ਤੇ ਪਰਜੀਵੀ ਬਣ ਜਾਂਦੇ ਹਨ, ਜਿਵੇਂ ਕਿ ਦਰੱਖਤਾਂ ਤੇ ਲਟਕਦੀ ਅਮਰ ਬੇਲ, ਵੱਖ ਵੱਖ ਪਰਜੀਵੀ ਕੀੜੇ ਆਦਿ।

ਡਾਰਵਿਨ ਇਸ ਤਰ੍ਹਾਂ ਦੀ ਸੰਭਾਵਨਾ ਤੋਂ ਅਣਜਾਣ ਨਹੀਂ ਸੀ। ‘ਜੀਵ ਦੀ ਉਤਪਤੀ’ ਦੇ ਪੰਜਵੇਂ ਐਡੀਸ਼ਨ ਵਿੱਚ ਡਾਰਵਿਨ ਲਿਖਦਾ ਹੈ, ”ਸਮੇਂ ਦੇ ਜਿਹਨਾਂ ਖੰਡਾਂ ਵਿੱਚ ਪ੍ਰਜਾਤੀਆਂ ਵਿੱਚ ਤਬਦੀਲੀਆਂ ਆਉਂਦੀਆਂ ਸਨ, ਉਹ ਪ੍ਰਜਾਤੀਆਂ ਦੇ ਲਗਭਗ ਸਥਿਰ ਰਹਿਣ ਵਾਲ਼ੇ ਸਮਾਂ ਖੰਡਾਂ ਦੇ ਮੁਕਾਬਲੇ ਛੋਟੇ ਹੁੰਦੇ ਹਨ।” (ਚਾਰਲਸ ਡਾਰਵਿਨ, ਜੀਵਾਂ ਦੀ ਉਤਪਤੀ, 1869 ਲੰਡਨ, ਜੌਹਨ ਮਰੇ, 5ਵਾਂ ਐਡੀਸ਼ਨ, ਪੰਨਾ-551)

ਇਸ ਸਿਧਾਂਤ ਦੇ ਪੇਸ਼ ਕਰਨ ਦੇ ਸਮੇਂ ਤੋਂ ਹੀ ਗੋਲਡ ਤੇ ਐਲਡਰਿਜ ਦਾ ਬਾਕੀ ਬਹੁਤ ਸਾਰੇ ਵਿਗਿਆਨਕਾਂ ਵੱਲੋਂ ਲਗਾਤਾਰ ਵਿਰੋਧ ਹੁੰਦਾ ਰਿਹਾ ਹੈ ਕਿਉਂਕਿ ਛਲਾਗਾਂ ਦੁਆਰਾ ਜੀਵ ਵਿਕਾਸ ਦਾ ਸਿਧਾਂਤ ਪੂੰਜੀਵਾਦੀ ਦੇ ਬੌਧਕ ਚਾਕਰਾਂ ਗੁਲਾਮ ਨੂੰ ਹਜ਼ਮ ਨਹੀਂ ਹੁੰਦੇ ਅਤੇ ਉਹ ਚਾਹੁੰਦੇ ਹਨ ਧੀਮੇ ਤੇ ਲਮਕਵੇਂ ਬਦਲਾਵਾਂ ਦੇ ਸਿਧਾਂਤ ਨੂੰ ਇੱਕੋ ਇੱਕ ਸਹੀ ਸਿਧਾਂਤ ਸਿੱਧ ਕਰਨ ਤੇ ਤੁਲੇ ਰਹਿੰਦੇ ਹਨ। ਇਸ ਵਿਰੋਧੀ ਕੈਂਪ ਵਿੱਚ ਇੱਕ ਵਾਰ ਰਿਚਰਡ ਡਾਕਿਨਜ਼ ਅਤੇ ਜੌਹਨ ਮੇਰੀਨਾਰਡ ਸਮਿੱਥ ਪ੍ਰਮੁੱਖ ਰਹੇ ਹਨ। ਆਪਣੀ ਮੌਤ ਦੇ ਸਾਲ, 2002 ਤੱਕ, ਗੋਲਡ ਨੇ ਆਪਣੇ ਸਿਧਾਂਤ ਦੀ ਡਟ ਕੇ ਹਿਮਾਇਤ ਕੀਤੀ ਅਤੇ ਹਰ ਤਰ੍ਹਾਂ ਦੇ ਸ਼ੰਕੇ ਨੂੰ ਸਪਸ਼ਟ ਕੀਤਾ। ਚਾਰਲਸ ਡਾਰਵਿਨ ਤੋਂ ਬਾਅਦ, ਸਟੀਫਨ ਜੇ ਗੋਲਡ ਨੂੰ ਜੀਵ ਵਿਕਾਸ ਦੇ ਖੇਤਰ ਵਿੱਚ ਦੂਜਾ ਸਭ ਤੋਂ ਵੱਡਾ ਨਾਮ ਮੰਨਿਆਂ ਜਾਂਦਾ ਹੈ। 

ਗੋਲਡ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਅੱਜ, ਛਲਾਗਾਂ ਦੁਆਰਾ ਜੀਵ ਵਿਕਾਸ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਨਤਾ ਮਿਲ ਰਹੀ ਹੈ ਅਤੇ ਜੀਵ ਵਿਕਾਸ ਵਿਗਿਆਨ ਦੇ ਖੇਤਰ ਅਜਿਹੇ ਤਰੀਕਿਆਂ ਦੀ ਖੋਜ ਹੋ ਰਹੀ ਹੈ ਜੋ ਇਸ ਸਿਧਾਂਤ ਨੂੰ ਹੋਰ ਸਪਸ਼ਟ ਕਰ ਰਹੇ ਹਨ।

ਗੋਲਡ ਆਪਣੀ ਕਿਤਾਬ ‘ਦਿ ਪਾਂਡਾਜ਼ ਥੰਬ’ ਵਿੱਚ ਲਿਖਦੇ ਹਨ — ”ਸੋਵੀਅਤ ਯੂਨੀਅਨ ਵਿੱਚ ਵਿਗਿਆਨਕਾਂ ਨੂੰ ਇੱਕ ਵੱਖਰੀ ਤਰ੍ਹਾਂ ਦੀ ਦਾਰਸ਼ਨਿਕ ਸਿੱਖਿਆ ਮਿਲਦੀ ਹੈ — ਏਂਗਲਜ਼ ਦੁਆਰਾ, ਹੀਗਲ ਤੋਂ ਲੈ ਕੇ, ਹੋਰ ਵਿਕਸਤ ਕੀਤੇ ਦਵੰਦਵਾਦੀ ਨਿਯਮਾਂ ਦੀ ਸਿੱਖਿਆ। ਦਵੰਦਵਾਦੀ ਨਿਯਮ ਸਪਸ਼ਟ ਤੌਰ ‘ਤੇ ਧੀਮੇ-ਤੇਜ਼ ਵਿਕਾਸ ਦੇ ਹਾਮੀ ਹਨ। ਉਹ ‘ਮਾਤਰਾ ਦੇ ਗੁਣਾਂ ਵਿੱਚ ਤਬਦੀਲੀ’ ਦੀ ਗੱਲ ਕਰਦੇ ਹਨ। ਇਹ ਅਜੀਬ ਲੱਗ ਸਕਦਾ ਹੈ, ਪਰ ਇਹ ਦੱਸਦੇ ਹਨ ਕਿ ਕਿਸੇ ਸਿਸਟਮ ਵਿੱਚ ਹੌਲ਼ੀ ਹੌਲ਼ੀ ਇਕੱਠੇ ਹੋਣ ਵਾਲ਼ੇ ਬਦਲਾਵਾਂ ਜਾਂ ਦਬਾਅ ਸਿੱਟੇ ਵਜੋਂ ਉਹ ਸਿਸਟਮ ਅਜਿਹੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ, ਜਦੋਂ ਇੱਕ ਦਮ ਛਲਾਂਗ ਨਾਲ਼ ਤਬਦੀਲੀ ਹੁੰਦੀ ਹੈ। ਪਾਣੀ ਨੂੰ ਗਰਮ ਕਰੋ, ਇਹ ਉੱਬਲ ਜਾਵੇਗਾ, ਮਜ਼ਦੂਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਬਾਓ, ਇਨਕਲਾਬ ਆ ਜਾਵੇਗਾ। ਐਲਡਰਿਜ ਤੇ ਮੈਨੂੰ ਇਹ ਜਾਣ ਕੇ ਕਾਫ਼ੀ ਹੈਰਾਨ ਹੋਈ ਕਿ ਬਹੁਤੇ ਰੂਸੀ ਪਥਰਾਟ ਵਿਗਿਆਨੀ ਵੀ ਸਾਡੇ ‘ਪੰਕਚੂਟੇਇਡ ਇਕੂਲਿਬੀਰੀਅਮ’ ਮਾਡਲ ਜਿਹੇ ਜੀਵ ਵਿਕਾਸੀ ਸਿਧਾਂਤ ਦੀ ਧਾਰਨਾ ਰੱਖਦੇ ਹਨ।”

ਆਪਣੀ ਕਿਤਾਬ ‘ਡਾਰਵਿਨ ਤੋਂ ਬਾਅਦ ਹੁਣ ਤੱਕ’ ਵਿੱਚ, ਗੋਲਡ, ਏਂਗਲਜ਼ ਦੇ ਲੇਖ ‘ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵੱਲੋਂ ਪਾਇਆ ਹਿੱਸਾ’ ਦਾ ਵਰਣਨ ਕਰਦੇ ਹੋਏ ਲਿਖਦੇ ਹਨ — ”ਅਸਲ ਵਿੱਚ, ਉਨੀਵੀਂ ਸਦੀ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਲੇਖ ਛਪਿਆ, ਜਿਸ ਦੇ ਲਿਖਣ ਵਾਲ਼ੇ ਬਾਰੇ ਜਾਣ ਕੇ ਬਹੁਤੇ ਪਾਠਕ ਹੈਰਾਨ ਹੋ ਜਾਣਗੇ— ਫ਼ਰੈਡਰਿਕ ਏਂਗਲਜ਼। (ਭਾਵੇਂ ਇਹ ਜਾਣ ਕੇ, ਕਿ ਏਂਗਲਜ਼ ਵੀ ਕੁਦਰਤੀ ਵਿਗਿਆਨਾਂ ਵਿੱਚ ਡੂੰਘੀ ਰੁਚੀ ਸੀ ਅਤੇ ਉਹ ਆਪਣੇ ਫਲਸਫੇ ‘ਦਵੰਦਵਾਦੀ ਭੌਤਿਕਵਾਦ’ ਨੂੰ ਇੱਕ ਮਜਬੂਤ ਬੁਨਿਆਦ ‘ਤੇ ਉਸਾਰਦਾ ਹੈ। ਉਹ ਆਪਣੀ ਕਿਤਾਬ ‘ਕੁਦਰਤ ਵਿੱਚ ਦਵੰਦਵਾਦ’ ਨੂੰ ਪੂਰਾ ਨਾ ਕਰ ਸਕਿਆ।) ਉਸ ਦੀ ਮੌਤ ਤੋਂ ਬਾਅਦ, 1896 ਵਿੱਚ ਏਂਗਲਜ਼ ਦਾ ਲਿਖਿਆ ਲੇਖ ‘ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵੱਲੋਂ ਪਾਇਆ ਹਿੱਸਾ’ ਛਪਿਆ ਪਰ ਪੱਛਮੀ ਵਿਗਿਆਨ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ।” ਕਿਉਂਕਿ ਉਸ ਅਨੁਸਾਰ ਪੱਛਮੀ ਸੋਚ ਵਿੱਚ ਪੱਖਪਾਤ ਬਹੁਤ ਗਹਿਰਾਈ ਤੱਕ ਸਮੋਇਆ ਹੋਇਆ ਸੀ। 

ਅਸਲ ਵਿੱਚ ਦੇਖਿਆ ਜਾਵੇ ਤਾਂ ਡਾਰਵਿਨ ਦੇ ਸਿਧਾਂਤਾਂ ‘ਤੇ ਹੋਣ ਵਾਲ਼ੇ ਸਿਧਾਂਤਕ ਹਮਲੇ ਅਸਲ ਵਿੱਚ ਦਵੰਦਾਤਮਕ ਭੌਤਿਕਵਾਦੀ ਫਲਸਫੇ ਨੂੰ ਨਕਾਰਨ ਦੇ ਨਾਕਾਮ ਪ੍ਰੰਤੂ ਯੋਜਨਾਬੱਧ ਯਤਨ ਹਨ। ਅੱਜ ਦੀਆਂ ਹਾਲਤਾਂ ਵਿੱਚ ਪ੍ਰਜੀਵੀ ਹੋ ਚੁੱਕੇ ਪੂੰਜੀਵਾਦ ਨੂੰ ਸਭ ਤੋਂ ਵੱਧ ਖਤਰਾ ਮਾਰਕਸਵਾਦੀ ਭੌਤਿਕਵਾਦੀ ਫਲਸਫੇ ਤੋਂ ਹੈ ਕਿਉਂਕਿ ਇਹੀ ਉਹ ਫਲਸਫਾ ਹੈ ਜੋ ਸਮਾਜ ਨੂੰ ਗਤੀ ਵਿੱਚ ਦਿਖਾਉਂਦਾ ਹੈ ਅਤੇ ਦੱਸਦਾ ਹੈ ਹਰ ਚੀਜ਼ ਗਤੀ ਵਿੱਚ ਹੈ। ਜਿਵੇਂ ਜੀਵ ਵਿਕਾਸ ਇੱਕ ਲਗਾਤਾਰ ਗਤੀਮਾਨ ਕਿਰਿਆ ਹੈ,  ਉਸੇ ਤਰ੍ਹਾਂ ਮਨੁੱਖੀ ਸਮਾਜ ਵੀ ਲਗਾਤਾਰ ਗਤੀਮਾਨ ਹੈ। ਮਨੁੱਖੀ ਸਮਾਜ ਵਿੱਚ ਵੀ ਪੁਰਾਣਾ ਮਿਟ ਜਾਂਦਾ ਹੈ ਅਤੇ ਨਵਾਂ ਉਸ ਦੀ ਥਾਂ ਲੈਂਦਾ ਹੈ। ਇਸੇ ਤਰ੍ਹਾਂ ਆਰੰਭਿਕ ਕਬੀਲਾਈ ਸਮਾਜਾਂ ਦੀ ਜਗ੍ਹਾ ਗੁਲਾਮਦਾਰੀ ਪ੍ਰਬੰਧ ਨੇ ਲਈ ਅਤੇ ਫਿਰ ਜਾਗੀਰਦਾਰੀ ਤੇ ਪੂੰਜੀਵਾਦੀ ਪ੍ਰਬੰਧ। ਹਰੇਕ ਪ੍ਰਬੰਧ ਆਪਣੀ ਉਮਰ ਭੋਗ ਕੇ ਇਤਿਹਾਸ ਦੇ ਰੰਗ ਮੰਚ ਤੋਂ ਵਿਦਾ ਹੋ ਗਿਆ ਅਤੇ ਉਸ ਦੀ ਥਾਂ ‘ਤੇ ਨਵੇਂ ਪ੍ਰਬੰਧ ਨੇ ਜਗ੍ਹਾ ਸੰਭਾਲ ਲਈ। ਪੂੰਜੀਵਾਦ ਦੇ ਚਾਕਰ ਇਸੇ ਇਤਿਹਾਸਕ ਸੱਚਾਈ ਨੂੰ ਨਕਾਰਨ ਲਈ ਹਰ ਉਸ ਸੋਚ, ਵਿਗਿਆਨਕ ਖੋਜ ਜਾਂ ਮਨੁੱਖੀ ਕੋਸ਼ਿਸ਼ ਨੂੰ ਸਭ ਤੋਂ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਜੇ ਅਜਿਹਾ ਨਾ ਹੋ ਸਕੇ ਤਾਂ ਉਸ ਨੂੰ ਇਸ ਤਰੀਕੇ ਨਾਲ਼ ਵਿਆਖਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਵਿਚਲਾ ਭੌਤਿਕਵਾਦੀ ਤੱਤ ਖਤਮ ਹੋ ਜਾਵੇ ਅਤੇ ਉਹ ਪੂੰਜੀਵਾਦੀ ਪ੍ਰਬੰਧ ਨੂੰ ਸਦੀਵੀ ਤੇ ਨਿਆਈ ਐਲਾਨ ਕਰਦਾ ਲੱਗੇ।

19ਵੀਂ ਸਦੀ ਵਿੱਚ, ਜਦੋਂ ਪੂੰਜੀਵਾਦ ਦਾ ਉਭਾਰ ਦਾ ਦੌਰ ਸੀ, ਉਸ ਸਮੇਂ ਪੂੰਜੀਵਾਦੀ ਚਾਕਰਾਂ ਦੀ ਕੋਸ਼ਿਸ਼ ਹੁੰਦੀ ਸੀ ਕਿ  ਕਿਸੇ ਵਿਗਿਆਨਕ ਖੋਜ ਤੋਂ ਹੋਣ ਵਾਲਾ ਆਰਥਿਕ ਫਾਇਦਾ ਵੱਧ ਤੋਂ ਵੱਧ ਲਿਆ ਜਾਵੇ ਅਤੇ ਇਸ ਖੋਜ ਤੋਂ ਆਮ ਲੋਕਾਂ ਤੱਕ ਪਹੁੰਚਣ ਵਾਲ਼ੀ ਭੌਤਿਕਵਾਦੀ ਚੇਤਨਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੂਰ ਕੀਤਾ ਜਾਵੇ। ਇਸ ਤੋਂ ਵੱਧ, ਜੇ ਹੋ ਸਕੇ ਤਾਂ ਉਹਨਾਂ ਖੋਜਾਂ ਨੂੰ ਪੂੰਜੀਵਾਦੀ ਸਦੀਵੀਪਣ ਨੂੰ ਲੋਕਾਂ ਦੀਆਂ ਨਜ਼ਰਾਂ ‘ਚ ਪ੍ਰਪੱਕ ਸਿਧਾਂਤ ਬਣਾਉਣ ਲਈ ਵਰਤਿਆ ਜਾਵੇ। ਇਸੇ ਤਰਾਂ ਫਾਸੀਵਾਦ ਨੂੰ ਵੀ ਜਾਇਜ਼ ਠਹਿਰਾਉਣ ਲਈ ਪੂੰਜੀਵਾਦੀ ਚਾਕਰਾਂ ਨੇ ਵਿਗਿਆਨ ਦੀ ਭਰਪੂਰ ਵਰਤੋਂ ਕੀਤੀ। ਨਸਲ ਸੁਧਾਰਨ ਨੂੰ ਇੱਕ ਵਿਗਿਆਨ ਦਾ ਦਰਜਾ ਦਿੱਤਾ ਗਿਆ। ਇਸ ਅਖੌਤੀ ਵਿਗਿਆਨ ਦੇ ਅਧਾਰ ‘ਤੇ 19ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਅਮਰੀਕਾ ਵਿੱਚ 20,000 ਲੋਕਾਂ ਦੀ ਜਬਰੀ ਨਸਬੰਦੀ ਕੀਤੀ ਗਈ ਅਤੇ ਨਾਜ਼ੀ ਜਰਮਨੀ ਵਿੱਚ 3,75,000 ਲੋਕਾਂ ਨੂੰ ਖਸੀ ਕਰ ਦਿੱਤਾ ਗਿਆ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬਾਕਾਇਦਾ ਕਾਨੂੰਨ ਬਣਾਏ ਗਏ। ਅਮਰੀਕਾ ਦੀਆਂ ਲਗਭਗ ਸਾਰੇ ਰਾਜਾਂ ਵਿੱਚ ਕਾਨੂੰਨ ਬਣਾ ਕੇ ਨਸਲ ਸੁਧਾਰਨ ਦੇ ਵਿਭਾਗ ਤੱਕ ਬਣਾਏ ਗਏ। 

ਵਿਗਿਆਨ ਦੇ ਨਾਂ ਹੇਠ ਅਜੇਹੇ ਮਨੁੱਖਤਾ ਵਿਰੋਧੀ ਕਾਰਨਾਮੇ ਬਾਅਦ ਵਿੱਚ ਵੀ ਜਾਰੀ ਰਹੇ। ਭਾਵੇਂ ਉਪਰੋਕਤ ਕਿਸਮ ਦੇ ਨਸਲ ਸੁਧਾਰ ਵਿਗਿਆਨ ਨੂੰ ਰੱਦ ਕਰ ਦਿੱਤਾ ਗਿਆ, ਪਰ ਇਹ ਵੱਖਰੇ ਰੂਪਾਂ ਵਿੱਚ ਸਾਹਮਣੇ ਆਉਣ ਲੱਗਾ ਜਿਵੇਂ ਕਿ ਮਾਈਰੋ ਸਰਜਰੀ। ਇਸ ਅਨੁਸਾਰ ਸਮਾਜਿਕ ਸਮੱਸਿਆਵਾਂ ਦਾ ਇਲਾਜ ਵੀ ਦਿਮਾਗ ਦਾ ਉਪਰੇਸ਼ਨ ਕਰਕੇ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਹੀ ਦੋ ਅਖੌਤੀ ਵਿਗਿਆਨੀਆਂ, ਵਰਨਾਨ ਮਾਰਕ ਅਤੇ ਫਰੈਂਕ ਇਰਵਨ ਨੇ ਇਹ ਸੁਝਾਅ ਵੀ ਪੇਸ਼ ਕਰ ਦਿੱਤਾ ਕਿ ਸ਼ਹਿਰਾਂ ਵਿੱਚ ਹੋਣ ਵਾਲ਼ੇ ਦੰਗੇ ਵੀ ਦਿਮਾਗੀ ਪਰੇਸ਼ਾਨੀ ਦੀ ਵਜ੍ਹਾ ਨਾਲ਼ ਹੁੰਦੇ ਹਨ ਅਤੇ ਇਸਦਾ ਇਲਾਜ ਝੁੱਗੀਆਂ ‘ਚ ਰਹਿਣ ਵਾਲ਼ੇ ਲੋਕਾਂ ਦੇ ਲੀਡਰਾਂ ਦੇ ਉਪਰੇਸ਼ਨ ਨਾਲ਼ ਹੋ ਸਕਦਾ ਹੈ ਅਤੇ ਅਜਿਹਾ ਕੀਤਾ ਵੀ ਗਿਆ। ਐਲਨ ਵੁੱਡਜ ਅਤੇ ਟੈੱਡ ਗਰਾਂਟ ਅਨੁਸਾਰ – 1971 ਵਿੱਚ, ਅਮਰੀਕਾ ਵਿੱਚ ਅਜਿਹੇ ਹੀ ਲੋਕਾਂ ਦਾ ਇਲਾਜ ਕਰਨ ਲਈ ਢੁੱਕਵੇਂ ‘ਬਿਮਾਰਾਂ’ ਦੀ ਸੂਚੀ ਮੰਗੀ ਗਈ। ਉਪਰੇਸ਼ਨ ਰਾਹੀਂ ਇਲਾਜ ਲਈ ਭੇਜੇ ਗਏ ਆਦਮੀਆਂ ਵਿੱਚ ਅਪ੍ਰੈਲ, 1971 ਕਾਮਿਆਂ ਦੀ ਹੜਤਾਲ ਦੇ ਲੀਡਰਾਂ ਵਿੱਚੋਂ ਵੀ ਇੱਕ ਸ਼ਾਮਿਲ ਸੀ। ਇਹ ਹਨ ਪੂੰਜੀਵਾਦੀ ਚਾਕਰਾਂ ਦੇ ਕਾਰਨਾਮੇ ਤੇ ਵਿਗਿਆਨਕ ਖੋਜ।

ਜੀਵ ਵਿਗਿਆਨ ਤੋਂ ਬਾਹਰ ਦੂਸਰੇ ਵਿਗਿਆਨਾਂ ਵਿੱਚ ਵੀ ਇਹੋ ਹਾਲ ਹੈ। ਕੁਆਂਟਮ ਭੌਤਿਕੀ ਦੇ ਫਲਸਫਾਨਾ ਨਤੀਜੇ ‘ਕੋਪਨਹੈਗਨ ਵਿਆਖਿਆ’ ਇਸ ਦੀ ਉਘੜਵੀ ਮਿਸਾਲ ਹੈ। ਜਿਉਂ ਜਿਉਂ ਪੂੰਜੀਵਾਦ ਹੋਰ ਵੱਧ ਪਰਜੀਵੀ ਹੁੰਦਾ ਜਾ ਰਿਹਾ ਹੈ, ਓਨਾ ਹੀ ਵੱਧ ਇਹ ਵਿਗਿਆਨ-ਵਿਰੋਧੀ ਵੀ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ ਇਹ ਸਿਰਫ਼ ਵਿਗਿਆਨ ਤੋਂ ਨਿਕਲਣ ਵਾਲ਼ੇ ਭੌਤਿਕਵਾਦੀ ਨਤੀਜਿਆਂ ਨੂੰ ਤੋੜਦਾ-ਮੜੋੜਦਾ ਸੀ, ਪਰ ਹੁਣ ਤਾਂ ਇਹ ਵਿਗਿਆਨ ਦੇ ਵਿਕਾਸ ਵਿੱਚ ਹੀ ਰੁਕਾਵਟ ਬਣਦਾ ਜਾ ਰਿਹਾ ਹੈ।

ਪੂੰਜੀਵਾਦ ਨੇ ਧਰਤੀ ਦੇ ਗਰਭ ‘ਚੋਂ ਨਿਕਲਣ ਵਾਲ਼ੇ ਪਥਰਾਟਾਂ ਨੂੰ ਜਿਣਸਾਂ ਬਣਾ ਦਿੱਤਾ ਹੈ। ਪਥਰਾਟਾਂ ਦੀ ਪੂਰੀ ਦੁਨੀਆਂ ‘ਚ ਫੈਲੀ ਹੋਈ ਆਪਣੀ ਇੱਕ ਮੰਡੀ ਹੈ। ਪੂਰੀ ਮਨੁੱਖਤਾ ਦੀ ਧਰੋਹਰ, ਇਹ ਪਥਰਾਟ ਕੁੱਝ ਲੋਕਾਂ ਦੀ ਨਿੱਜੀ ਸੰਪਤੀ ਬਣਦੇ ਜਾ ਰਹੇ ਹਨ। ਅਜਿਹੀ ਇੱਕ ਉਦਾਹਰਣ ਇੱਕ 47 ਮਿਲੀਅਨ ਸਾਲ ਪੁਰਾਣੇ ਇੱਕ ਕੈਮੂਰ ਦੇ ਪਥਰਾਟ ਦੀ ਹੈ। ਇਹ ਹੁਣੇ ਹੁਣੇ ‘ਲੱਭਿਆ’ ਗਿਆ। ਇਹ ਪਥਰਾਟ ਦੁੱਧ ਪਿਲਾਉਣ ਵਾਲ਼ੇ ਉਪਰਲੇ ਸ਼੍ਰੇਣੀ ਦੇ ਅਤੇ ਮੁੱਢਲੇ ਦੁੱਧ ਚੁੰਘਾਉਣ ਵਾਲ਼ੇ ਪ੍ਰਾਣੀਆਂ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਹੈ। ਪਰ ਇਹ ਪਥਰਾਟ 1983 ਤੋਂ ਲੈ ਕੇ 25 ਸਾਲ ਤੱਕ ਇੱਕ ਪਥਰਾਟ ਇਕੱਠੇ ਕਰਨ ਦੇ ਸ਼ੌਕੀਨ ਆਦਮੀ ਦੀ ਨਿੱਜੀ ਸੰਪਤੀ ਬਣਿਆ ਰਿਹਾ। ਇਸ ਤਰ੍ਹਾਂ ਹੋਰ ਵੀ ਕਈ ਪਥਰਾਟਾਂ ਨੂੰ, ਜੋ ਨਿੱਜੀ ਸੰਪਤੀ ਹਨ, ਕਿਰਾਏ ਤੇ ਖੋਜ-ਕਾਰਜਾਂ ਲਈ ਦਿੱਤਾ ਜਾਂਦਾ ਹੈ।

ਮੈਡੀਕਲ ਖਿੱਤੇ ਬਾਰੇ ਤਾਂ ਜਿੰਨਾ ਕਿਹਾ ਜਾਵੇ ਓਨਾ ਘੱਟ ਹੈ। ਦਵਾ ਕੰਪਨੀਆਂ, ਉਸ ਖੋਜ ਕਾਰਜ ਵਿੱਚ ਜਿਸ ਵਿੱਚੋਂ ਮੁਨਾਫੇ ਦੀ ਸੰਭਾਵਨਾ ਘੱਟ ਹੋਵੇ ਜਾਂ ਜੇ ਮੁਨਾਫੇ ‘ਤੇ ਸੱਟ ਮਾਰਦਾ ਹੋਵੇ, ਲਈ ਧੇਲਾ ਵੀ ਨਹੀਂ ਖਰਚਦੀਆਂ। ਅਜਿਹੇ ਕੰਮ ਲਈ ਅਕਸਰ ਲੋਕਾਂ ਨੂੰ ਪੱਲਿਉਂ ਪੈਸੇ ਖਰਚਣੇ ਪੈਂਦੇ ਹਨ ਜਾਂ ਫਿਰ ਸਰਕਾਰਾਂ ਅੱਗੇ ਲੇਲ੍ਹੜੀਆਂ ਕੱਢਣੀਆਂ ਪੈਂਦੀਆਂ ਹਨ। ਬਹੁਤ ਵਾਰ ਅਜਿਹੇ ਖੋਜ ਕਾਰਜ ਅੱਧ ਵਿਚਾਲੇ ਹੀ ਬੰਦ ਹੋ ਜਾਂਦੇ ਹਨ ਜਾਂ ਫਿਰ ਬਹੁਤ ਧੀਮੀ ਗਤੀ ਨਾਲ਼ ਅੱਗੇ ਵੱਧਦੇ ਹਨ।

ਸਟੈਮ ਸੈੱਲ ਰੀਸਰਚ ਦਾ ਵੀ ਇਸੇ ਕਰਕੇ ਵਿਰੋਧ ਹੋ ਰਿਹਾ ਹੈ ਭਾਵੇਂ ਇਹ ਵਿਰੋਧ ਨੈਤਿਕ ਅਤੇ ਧਰਮ ਦੇ ਚੋਗੇ ਹੇਠ ਹੋ ਰਿਹਾ ਹੈ। ਇਸ ਦਾ ਵਿਰੋਧ ਕਰਨ ਵਾਲ਼ੇ ਵੀ ਉਹੀ ਹਨ, ਜੋ ਸਮਲਿੰਗੀਆਂ ਅਤੇ ਗਰਭਪਾਤ ਸਬੰਧੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ। ਅਤੇ ਇਹਨਾਂ ਫਾਸੀਵਾਦੀ ਜੁੰਡਲੀਆਂ ਨੂੰ ਥਾਪੜਾ ਕਿਸ ਦਾ ਹੈ, ਉਹ ਵੀ ਸਭ ਨੂੰ ਪਤਾ ਹੈ।

 ਇਸੇ ਤਰ੍ਹਾਂ 1990 ਵਿੱਚ ਸ਼ੁਰੂ ਹੋਇਆ, ਬੈਟਰੀ ‘ਤੇ ਚੱਲਣ ਵਾਲ਼ੀ ਬਿਜਲਈ ਕਾਰ ਦਾ ਪ੍ਰੋਜੈਕਟ ਵੀ ਤੇਲ ਕੰਪਨੀਆਂ, ਆਟੋ ਕੰਪਨੀਆਂ ਅਤੇ ਅਮਰੀਕੀ ਸਰਕਾਰ ਨੇ ਮਿਲ਼ੀ ਭੁਗਤ ਕਰਕੇ ਠੱਪ ਕਰਵਾ ਦਿੱਤਾ ਅਤੇ ਇਹ ਕਾਰ ਕਦੇ ਵੀ ਸੜਕ ‘ਤੇ ਨਹੀਂ ਉਤਰ ਸਕੀ। ਇਸ ਬੈਟਰੀ ‘ਤੇ ਚੱਲਣ ਵਾਲੇ ਵਹੀਕਲ ਨੇ ਜਿੱਥੇ ਪ੍ਰਦੂਸ਼ਣ ਨੂੰ ਘੱਟ ਕਰਨਾ ਸੀ, ਉਥੇ ਤੇਲ ਦੀ ਖਪਤ ਵੀ ਘੱਟ ਕਰਨੀ ਸੀ, ਪਰ ਇਹ ਗੱਲ ਤੇਲ ਕੰਪਨੀਆਂ ਨੂੰ ਕਿੱਥੇ ਵਾਰਾ ਖਾਂਦੀ ਹੈ, ਸੋ ਮਿਲ਼ ਮਿਲ਼ਾ ਕੇ ਪੂਰੇ ਪ੍ਰੋਜੈਕਟ ਨੂੰ ਕੋਲ਼ਡ ਸਟੋਰ ਵਿੱਚ ਰੱਖ ਦਿੱਤਾ ਗਿਆ।

ਇਸ ਤਰ੍ਹਾਂ ਸਾਫ਼ ਹੈ ਕਿ ਲੋਕਾਂ ਵਿੱਚ ਭੌਤਿਕਵਾਦੀ ਚੇਤਨਤਾ ਦੇ ਪਸਾਰ ਨੂੰ ਰੋਕਣ ਲਈ ਅਤੇ ਇਸ ਨੂੰ ਖੁੰਡਾ ਕਰਨ ਦੀਆਂ ਕੋਸ਼ਿਸ਼ਾਂ ਦੀ ਇੱਕ ਮਹੱਤਵਪੂਰਨ ਕੜੀ ਵਜੋਂ ਜੀਵ ਵਿਕਾਸ ਦੇ ਸਿਧਾਂਤਾਂ ਉੱਪਰ, ਜੋ ਕਿ ਓਨੇ ਹੀ ਸਬੂਤਾਂ ਨਾਲ਼ ਸਿੱਧ ਹੋ ਚੁੱਕੇ ਹਨ ਜਿੰਨੇ ਸਬੂਤਾਂ ਨਾਲ਼ ਇਹ ਸਿੱਧ ਹੋ ਚੁੱਕਿਆ ਹੈ ਕਿ ਧਰਤੀ ਪਲੇਟ ਵਰਗੀ ਨਹੀਂ, ਸਗੋਂ ਗੇਂਦ ਵਰਗੀ, ਸੂਰਜ ਧਰਤੀ ਦੁਆਲ਼ੇ ਨਹੀਂ ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ ਅਤੇ ਸੂਰਜ ਤੇ ਚੰਨ ਗ੍ਰਹਿਣ ਕਿਸੇ ਰਾਹੂ-ਕੇਤੂ ਕਾਰਨ ਨਹੀਂ ਸਗੋਂ ਸੂਰਜ ਧਰਤੀ ਤੇ ਚੰਨ ਦੇ ਇੱਕ ਲਾਈਨ ਵਿੱਚ ਆ ਜਾਣ ਕਾਰਨ ਲੱਗਦਾ ਹੈ,  ਵਿਵਾਦ ਪੈਦਾ ਕਰਕੇ ਵਿਗਿਆਨਕ ਲੱਭਤਾਂ ਅਤੇ ਸਿਧਾਂਤਾਂ ਦੇ ਉਹਨਾਂ ਇਨਕਲਾਬੀ ਅੰਸ਼ਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜੋ ਕਿਸੇ ਵੀ ਚੀਜ਼ ਦੇ ਸਦੀਵੀ ਹੋਣ ਦੀ ਧਾਰਨਾ ਦੇ ਪਰਖਚੇ ਉਡਾ ਦਿੰਦੇ ਹਨ। ਇਸ ਦੇ ਨਾਲ਼ ਹੀ ਵਿਗਿਆਨ ਅਤੇ ਫਲਸਫੇ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਣ ਦੀ ਥਾਂ ਪੂੰਜੀਵਾਦ ਦਾ ਪੂਰਾ ਉਸਾਰ ਢਾਂਚਾ ਇਹਨਾਂ ਨੂੰ ਮੁਨਾਫੇ ਦੀਆਂ ਵਰਗਣਾਂ ਵਿੱਚ ਕੈਦ ਕਰਨ ਅਤੇ ਕਿਰਤੀ ਲੋਕਾਂ ਦੀ ਵੱਧ ਤੋਂ ਵੱਧ ਰੱਤ ਨਚੋੜਨ ਦੇ ਸਾਧਨ ਮਾਤਰ ਬਣਾਉਣ ਲਈ ਦਿਨ-ਰਾਤ ਪੱਬਾਂ ਭਾਰ ਹੋਇਆ ਰਹਿੰਦਾ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਨਿਆਂ ਅਤੇ ਬਰਾਬਰੀ ਆਧਾਰਿਤ ਲੁੱਟ-ਰਹਿਤ ਸਮਾਜ ਸਿਰਜਣ ਦਾ ਸੁਪਨਾ ਦੇਖਣ ਵਾਲ਼ੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਭੌਤਿਕਵਾਦੀ ਵਿਗਿਆਨਕ ਚੇਤਨਾ ਦੇ ਹੱਕ ਵਿੱਚ ਖਲੋਣ ਅਤੇ ਡਾਰਵਿਨ ਦੇ ਸਿਧਾਂਤਾਂ ਸਮੇਤ ਵਿਗਿਆਨ ਦੇ ਹਰ ਖੇਤਰ ਵਿੱਚ ਹੋ ਰਹੇ ਵਿਚਾਰਵਾਦੀ ਹਮਲਿਆਂ ਦਾ ਅਤੇ ਵਿਗਿਆਨਕ ਤੱਥਾਂ ਨੂੰ ਤੋੜ-ਮਰੋੜ ਕੇ ਪੂੰਜੀਵਾਦ ਦੀ ਸੇਵਾ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਦੀ ਤਿਆਰੀ ਕਰਨ। 

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

2 comments on “ਜੀਵ ਵਿਕਾਸ ਦਾ ਸਿਧਾਂਤ – ਡਾਰਵਿਨ ਅਤੇ ਵਾਦ-ਵਿਵਾਦ —ਡਾ. ਅੰਮ੍ਰਿਤ

  1. Balraj Shokar ਨੇ ਕਿਹਾ:

    ਅੱਜ ਵਿਗਿਆਨੀ ਇਹ ਜਾਣ ਚੁੱਕੇ ਹਨ ਕਿ ਧਰਤੀ ਦੀ ਉਮਰ ਲੱਗਭਗ 4.5 ਬਿਲੀਅਨ ਸਾਲ ਹੈ ਅਤੇ ਜੀਵਨ ਦੇ ਪਹਿਲੇ ਰੂਪ 3.5 ਮਿਲੀਅਨ ਸਾਲ ਪਹਿਲਾਂ ਹੋਂਦ ‘ਚ ਆਏ। ਮਨੁੱਖਾਂ ਦਾ ਜਨਮ ਕੋਈ 1 ਲੱਖ ਸਾਲ ਪਹਿਲਾਂ ਹੀ ਹੋਇਆ ਹੈ। Akhri line drust nahin hai.Lucy da khanjar, verge saboot han jo admi di hond bauhat pehlan di darsaunde han. janam nahin hoyia balke evolve hoyia hai .AUSTRAOPITHECHUS di eh shaka Chempanzees ton 60 lakh saal ton pehlan de saboot han . RICHARD dAWKINS DI KITAB The ancester’s Tale de Hawale vichon. Thanks.

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s