ਸੱਭਿਆਚਾਰਕ ਇਨਕਲਾਬ ਦੇ ਸਿਧਾਂਤਕ ਆਧਾਰ ਬਾਰੇ -ਜਾਰਜ ਥਾਮਸਨ

cul revo

(ਪੀ.ਡੀ.ਐਫ਼ ਡਾਊਨਲੋਡ ਕਰੋ)

 ਚੀਨ ਵਿਚ ਸੱਭਿਆਚਾਰਕ ਇਨਕਲਾਬ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਸਭ ਤੋਂ ਵੱਡੀ ਇਤਿਹਾਸਕ ਘਟਨਾ ਹੈ। ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਪੈਰੀਂ ਕਰਨ, ਪੂੰਜੀਵਾਦੀ ਮੁੜ-ਬਹਾਲੀ ਨੂੰ ਰੋਕਣ ਅਤੇ ਸਮਾਜਵਾਦ ਦੀ ਉਸਾਰੀ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਇਸ ਇਨਕਲਾਬ ਦੀ ਅਗਵਾਈ ਕਮਿਊਨਿਸਟ ਪਾਰਟੀ ਅਤੇ ਮਾਓ ਜੇ ਤੁੰਗ ਨੇ ਕੀਤੀ। ਇਹ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤਹਿਤ ਇਨਕਲਾਬ ਨੂੰ ਜਾਰੀ ਰੱਖਣ’ ਦੇ ਮਾਓ ਜੇ ਤੁੰਗ ਦੇ ਸਿਧਾਂਤ ‘ਤੇ ਆਧਾਰਿਤ ਹੈ। ਇਸ ਲੇਖ ਦਾ ਉਦੇਸ਼ ਇਹ ਦਰਸਾਉਣਾ ਕਿ ਕਿਸ ਤਰ੍ਹਾਂ ਮਾਓ ਦਾ ਇਹ ਸਿਧਾਂਤ ਲੈਨਿਨ ਦੁਆਰਾ 1917 ਦੇ ਇਨਕਲਾਬ ਦੌਰਾਨ ਅਤੇ ਉਸ ਤੋਂ ਬਾਅਦ ਲੈਨਿਨ  ਦੁਆਰਾ ਵਿਕਸਿਤ ਅਤੇ ਅਭਿਆਸ ਵਿੱਚ ਲਾਗੂ ਕੀਤੇ ਗਏ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਮਾਰਕਸਵਾਦੀ ਸਿਧਾਂਤ ‘ਤੇ ਆਧਾਰਿਤ ਹੈ। 

ਲੈਨਿਨ ਨੇ ਲਿਖਿਆ ਹੈ :

”ਉਹ ਲੋਕ ਅਜੇ ਵੀ ਮਾਰਕਸਵਾਦੀ ਨਹੀਂ ਬਣੇ ਜੋ ਸਿਰਫ਼ ਜਮਾਤੀ ਸੰਘਰਸ਼ ਨੂੰ ਪ੍ਰਵਾਨ ਕਰਦੇ ਹਨ… ਸਿਰਫ਼ ਉਹੀ ਇਕ ਮਾਰਕਸਵਾਦੀ ਹੈ ਜੋ ਜਮਾਤੀ ਸੰਘਰਸ਼ ਦੀ ਪ੍ਰਵਾਨਗੀ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਪ੍ਰਵਾਨਗੀ ਤੱਕ ਵਿਸਤਾਰਿਤ ਕਰਨਾ ਹੈ… ਇਹ ਉਹ ਕਸੌਟੀ ਹੈ ਜਿਸ ‘ਤੇ ਮਾਰਕਸਵਾਦ ਦੀ ਅਸਲ ਸਮਝਦਾਰੀ ਅਤੇ ਪ੍ਰਵਾਨਗੀ ਨੂੰ ਪਰਖਿਆ ਜਾਣਾ ਚਾਹੀਦਾ ਹੈ।”

(ਰਾਜ ਅਤੇ ਇਨਕਲਾਬ)

ਬੁਰਜੁਆਜ਼ੀ ਦੀ ਤਾਨਾਸ਼ਾਹੀ :

ਜਮਾਤੀ ਸਮਾਜ ਲੁੱਟ ‘ਤੇ ਆਧਾਰਿਤ ਹੁੰਦਾ ਹੈ। ਲੋਟੂ ਹੁਕਮਰਾਨ ਹੁੰਦੇ ਹਨ। ਲੁਟੇਰੀ ਜਮਾਤ ਆਪਣੀ ਹਕੂਮਤ ਰਾਜ ਦੇ ਸਾਧਨਾਂ ਰਾਹੀਂ ਕਾਇਮ ਕਰਦੀ ਹੈ ਜੋ ਕਿ ਇਕ ਜਮਾਤ ਦੁਆਰਾ ਦੂਜੀ ਜਮਾਤ ਜਾਂ ਜਮਾਤਾਂ ਦੇ ਬਲਪੂਵਰਕ ਦਾਬੇ ਦਾ ਸੰਦ ਹੁੰਦਾ ਹੈ। ਇਸ ਦੇ ਪ੍ਰਮੁੱਖ ਸੰਦ ਫੌਜ ਤੇ ਪੁਲਿਸ ਹੁੰਦੇ ਹਨ।

ਇਸ ਤਰ੍ਹਾਂ ਗੁਲਾਮਦਾਰੀ, ਜਗੀਰੂ ਅਤੇ ਪੂੰਜੀਵਾਦੀ ਜਮਾਤੀ ਸਮਾਜ ਦਾ ਹਰ ਰੂਪ ਹਾਕਮ ਜਮਾਤ ਦੀ ਤਾਨਾਸ਼ਾਹੀ ਹੁੰਦਾ ਹੈ। ਪੂੰਜੀਵਾਦੀ¸ਯਾਨੀ ਬੁਰਜ਼ੁਆ-ਸਮਾਜ ਵਿੱਚ ਇਹ ਥੋੜ੍ਹਾ ਜਾਂ ਬਹੁਤਾ ਜਮਹੂਰੀ ਹੋ ਸਕਦਾ ਹੈ, ਇਹ ਸਰਵਜਨਕ ਵੋਟ ਦੇ ਹੱਕ ‘ਤੇ ਆਧਾਰਿਤ ਸੰਸਦੀ ਚੋਣਾਂ ਦੀ ਆਗਿਆ ਵੀ ਦੇ ਸਕਦਾ ਹੈ, ਪਰ ਫਿਰ ਵੀ ਇਹ ਇਕ ਤਾਨਾਸ਼ਾਹੀ ਹੀ ਹੈ। ‘ਇਹ ਹਰ ਹਾਲ ਵਿੱਚ ਧਨੀ ਦੇ ਲਈ ਜਮਹੂਰੀ ਹੁੰਦਾ ਹੈ ਅਤੇ ਗ਼ਰੀਬ ਦੇ ਲਈ ‘ਧੋਖਾ’ (ਲੈਨਿਨ : ‘ਪ੍ਰੋਲੇਤਾਰੀ ਇਨਕਲਾਬ ਅਤੇ ਗ਼ਦਾਰ ਕਾਉਟਸਕੀ’) ਜਾਣੀ ਕਿ ਇਹ ‘ਸੰਸਦੀ ਪ੍ਰਣਾਲੀ ਦੇ ਮਖੌਟੇ ਵਾਲੀ ਬੁਰਜੁਆਜ਼ੀ ਦੀ ਤਾਨਾਸ਼ਾਹੀ ਹੁੰਦਾ ਹੈ (ਕਲੈਕਟਡ ਵਰਕਸ ਖੰਡ 30, ਪੰਨਾ-100)।

ਇਸ ਲਈ ਮਜ਼ਦੂਰਾਂ ਤੋਂ ਸਭ ਤੋਂ ਵਧੇਰੇ ਦ੍ਰਿੜ੍ਹ, ਅਟੱਲ ਇਨਕਲਾਬੀ ਜਮਹੂਰੀਅਤ ਦੀ ਸਪਿਰਟ ਦੇ ਨਾਲ ਬੁਰਜ਼ੂਆ ਜਮਹੂਰੀ ਅਧਿਕਾਰਾਂ ਦੀ ਵੱਧ ਤੋਂ ਵੱਧ ਵਰਤੋਂ ਦਾ ਜ਼ੋਰਦਾਰ ਸੱਦਾ ਦੇਣ (ਦੇਖੋ, ਕਲੈਕਟਡ ਵਰਕਸ ਖੰਡ-21, ਪੰਨਾ 409) ਦੇ ਨਾਲ ਹੀ ਲੈਨਿਨ ਨੇ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਇਸ ਭੁਲੇਖੇ ਵਿੱਚ ਨਾ ਆਉਣ ਕਿ ਉਹ ਸੰਸਦੀ ਸਾਧਨਾਂ ਨਾਲ ਸੱਤ੍ਹਾ ਹਾਸਿਲ ਕਰ ਸਕਦੇ ਹਨ (ਦੇਖੋ, ਕਲੈਕਟਡ ਵਰਕਸ, ਖੰਡ-25, ਪੰਨਾ 388, 400-4, ਖੰਡ 29, ਪੰਨਾ 510, ਖੰਡ-30, ਪੰਨਾ-263-4)। ਉਨ੍ਹਾਂ ਨੇ ਲਿਖਿਆ ਹੈ, ”ਸਮਾਜਵਾਦ ਦੀ ਜਿੱਤ ਦੀਆਂ ਬੁਨਿਆਦੀ ਸ਼ਰਤਾਂ ਵਿੱਚੋਂ ਇਕ ਇਹ ਹੈ ਕਿ ਮਜ਼ਦੂਰਾਂ ਨੂੰ ਹਥਿਆਰਬੰਦ ਕੀਤਾ ਜਾਵੇ ਅਤੇ ਬੁਰਜੂਆਜੀ ਨੂੰ ਨਿਹੱਥੀ ਕਰ ਦਿੱਤਾ ਜਾਵੇ।” (ਦੇਖੋ, ਕਲੈਕਟਡ ਵਰਕਸ, ਖੰਡ-29, ਪੰਨਾ-108, ਇਹ ਵੀ ਦੇਖੋ ਖੰਡ-23, ਪੰਨਾ 325-6)। ਮਾਓ ਜੇ ਤੁੰਗ ਦਾ ਇਹੋ ਮਤਲਬ ਹੈ ਜਦੋਂ ਉਹ ਕਹਿੰਦੇ ਹਨ ਕਿ ”ਰਾਜਨੀਤਕ ਸੱਤ੍ਹਾ ਦਾ ਜਨਮ ਬੰਦੂਕ ਦੀ ਨਲੀ ਵਿੱਚੋਂ ਹੁੰਦਾ ਹੈ।”

ਪ੍ਰੋਲੇਤਾਰੀ ਦੀ ਤਾਨਾਸ਼ਾਹੀ :

ਸੱਤ੍ਹਾ ਹਾਸਿਲ ਕਰਨ ਤੋਂ ਬਾਅਦ ਪ੍ਰੋਲੇਤਾਰੀਆ ਬੁਰਜੂਆ ਜਮਹੂਰੀਅਤ ਦਾ ਫਸਤਾ ਵੱਢ ਦਿੰਦਾ ਹੈ ਅਤੇ ਇਸ ਦੀ ਥਾਵੇਂ ਸਮਾਜਵਾਦੀ ਜਮਹੂਰੀ ਕਾਇਮ ਕਰਦਾ ਹੈ।

”ਪ੍ਰੋਲੇਤਾਰੀ ਸੱਤ੍ਹਾ ਹਾਸਿਲ ਕਰ ਲੈਂਦਾ ਹੈ, ਹਾਕਮ ਬਣ ਜਾਂਦਾ ਹੈ, ਬੁਰਜੂਆ ਸੰਸਦਵਾਦ ਅਤੇ ਬੁਰਜੂਆ ਜਮਹੂਰੀਅਤ ਨੂੰ ਕੁਚਲ ਦਿੰਦਾ ਹੈ, ਪੂੰਜੀਵਾਦ ਵੱਲ ਵਾਪਸ ਮੁੜਨ ਦੇ ਹੋਰ ਸਾਰੀਆਂ ਜਮਾਤਾਂ ਦੇ ਸਾਰੇ ਯਤਨਾਂ ਨੂੰ ਦਬਾ ਦਿੰਦਾ ਹੈ, ਕਿਰਤੀ ਅਵਾਮ ਨੂੰ ਅਸਲ ਆਜ਼ਾਦੀ ਅਤੇ ਜਮਹੂਰੀਅਤ ਦਿੰਦਾ ਹੈ (ਜੋ ਕੇਵਲ ਤਾਂ ਹੀ ਅਮਲ ਵਿੱਚ ਆ ਸਕਦੀ ਹੈ ਜਦੋਂ ਪੈਦਾਵਾਰ ਜੇ ਸਾਧਨਾਂ ‘ਤੇ ਨਿੱਜੀ ਮਲਕੀਅਤ ਦਾ ਖਾਤਮਾ ਕਰ ਦਿੱਤਾ ਜਾਵੇ) ਬੁਰਜੂਆਜ਼ੀ ਤੋਂ ਜੋ ਕੁਝ ਵੀ ਲੈ ਲਿਆ ਜਾਂਦਾ ਹੈ ਉਸ ਨੂੰ ਸਿਰਫ਼ ਪ੍ਰੋਲੇਤਾਰੀ ਦੇ ‘ਅਧਿਕਾਰ ਵਿਚ’ ਹੀ ਨਹੀਂ ਦਿੰਦਾ ਹੈ ਸਗੋਂ ਅਸਲ ਵਰਤੋਂ ਲਈ ਦਿੰਦਾ ਹੈ” (ਕਲੈਕਟਡ ਵਰਕਸ, ਖੰਡ 29, ਪੰਨਾ 511)।

ਇਸ ਤਰ੍ਹਾਂ ਪਹਿਲੀ ਵਾਰ ਅਜਿਹਾ ਹੁੰਦਾ ਹੈ ਕਿ ਜਮਹੂਰੀਅਤ ”ਥੈਲੀਸ਼ਾਹਾਂ ਲਈ ਜਮਹੂਰੀਅਤ ਨਹੀਂ ਸਗੋਂ ਗਰੀਬਾਂ ਲਈ ਜਮਹੂਰੀਅਤ ਹੋ ਜਾਂਦੀ ਹੈ, ਲੋਕਾਂ ਲਈ ਜਮਹੂਰੀਅਤ ਹੋ ਜਾਂਦੀ ਹੈ (ਕਲੈਕਟਡ ਵਰਕਸ ਖੰਡ 25, ਪੰਨਾ 461-2)।

ਬੁਰਜੂਆਜੀ ਨੂੰ ਸੱਤ੍ਹਾ ਤੋਂ ਲਾਹੁਣ ਤੋਂ ਬਾਅਦ ਜਮਾਤੀ ਸੰਘਰਸ਼ ਸਮਾਪਤ ਨਹੀਂ ਹੋ ਜਾਂਦਾ ਸਗੋਂ ਕਈ ਮਾਮਲਿਆਂ ਵਿੱਚੋਂ ਪਹਿਲਾਂ ਨਾਲੋਂ ਵੀ ਵੱਧ ਪ੍ਰਚੰਡ ਹੋ ਜਾਂਦਾ ਹੈ :

”ਪ੍ਰੋਲੇਤਾਰੀਆ ਦੀ ਤਾਨਾਸ਼ਾਹੀ ਦਾ ਅਰਥ ਹੈ ਨਵੀਂ ਜਮਾਤ ਰਾਹੀਂ ਇਕ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੁਸ਼ਮਣ, ਬੁਰਜੂਆਜੀ ਵਿਰੁੱਧ ਸਭ ਤੋਂ ਵੱਧ ਪੱਕੇ ਇਰਾਦੇ ਅਤੇ ਬੇਕਿਰਕ ਸੰਘਰਸ਼ ਜਿਸ ਦਾ ਪ੍ਰਤੀਰੋਧ ਸੱਤਾ ਤੋਂ ਲਾਹੇ ਜਾਣ (ਭਾਵੇਂ ਸਿਰਫ਼ ਇਕ ਦੇਸ਼ ਵਿੱਚ) ਦੇ ਬਾਅਦ ਦਸ ਗੁਣਾ ਵਧ ਗਿਆ ਹੈ ਅਤੇ ਜਿਸ ਦੀ ਤਾਕਤ ਸਿਰਫ਼ ਕੌਮਾਂਤਰੀ ਪੂੰਜੀ ਦੀ ਤਾਕਤ ਵਿੱਚ ਹੀ ਨਹੀਂ, ਸਿਰਫ਼ ਉਸ ਦੇ ਕੌਮਾਂਤਰੀ ਰਿਸ਼ਤਿਆਂ ਦੀ ਤਾਕਤ ਅਤੇ ਟਿਕਾਊਪਣ ਵਿੱਚ ਹੀ ਨਹੀਂ ਸਗੋਂ ਆਦਤਾਂ ਦੀ ਤਾਕਤ ਵਿੱਚ ਵੀ ਨਿਹਿਤ ਹੈ ਅਤੇ ਨਿੱਕ ਪੱਧਰੀ ਪੈਦਾਵਾਰ ਦੀ ਤਾਕਤ ਵਿੱਚ ਨਿਹਿਤ ਹੈ। ਬਦਕਿਸਮਤੀ ਨੂੰ ਛੋਟੇ ਪੈਮਾਨੇ ਦੀ ਪੈਦਾਵਾਰ ਅਜੇ ਵੀ ਦੁਨੀਆਂ ਵਿੱਚ ਵਿਆਪਕ ਤੌਰ ‘ਤੇ ਫੈਲੀ ਹੋਈ ਹੈ ਅਤੇ ਛੋਟੇ ਪੈਮਾਨੇ ਦੀ ਪੈਦਾਵਾਰ ਹਰ ਰੋਜ਼, ਹਰ ਘੰਟੇ, ਆਪ ਮੁਹਾਰੇ ਤੌਰ ‘ਤੇ ਹੋਰ ਵੱਡੇ ਪੈਮਾਨੇ ‘ਤੇ ਪੂੰਜੀਵਾਦ ਅਤੇ ਬੁਰਜੂਆਜੀ ਪੈਦਾ ਕਰਦੀ ਰਹਿੰਦੀ ਹੈ” (ਕਲੈਕਟਡ ਵਰਕਸ, ਖੰਡ 31, ਪੰਨਾ 23-24, ਨਾਲ ਹੀ ਇਹ ਵੀ ਦੇਖੋ, ਖੰਡ-29 ਪੰਨਾ 189, ਖੰਡ 30, ਪੰਨਾ 115)।

”ਸਾਡੇ ਦੇਸ਼ ਵਿਚ ਬੁਰਜੂਆਜੀ ‘ਤੇ ਜਿੱਤ ਹਾਸਿਲ ਹੋ ਗਈ ਹੈ, ਪਰ ਹਾਲੇ ਇਸ ਨੂੰ ਜੜ੍ਹੋਂ ਨਹੀਂ ਪੁੱਟਿਆ ਜਾ ਸਕਿਆ ਹੈ, ਹਾਲੇ ਇਸ ਨੂੰ ਨਸ਼ਟ ਨਹੀਂ ਕੀਤਾ ਜਾ ਸਕਿਆ ਹੈ ਅਤੇ ਇੱਥੋਂ ਤੱਕ ਕਿ ਹਾਲੇ ਇਸ ਨੂੰ ਪੂਰੀ ਤਰ੍ਹਾਂ ਤੋੜਿਆ ਨਹੀਂ ਜਾ ਸਕਿਆ ਹੈ। ਇਹੀ ਕਾਰਨ ਹੈ ਕਿ ਅੱਜ ਸਾਨੂੰ ਬੁਰਜੂਆਜੀ ਵਿਰੁੱਧ ਸੰਘਰਸ਼ ਦੇ ਇਕ ਨਵੇਂ ਅਤੇ ਉਚੇਰੇ ਰੂਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਰਮਾਏਦਾਰ ਜਮਾਤ ਦੇ ਸੰਪਤੀਹਰਨ ਦੇ ਅਤਿ ਸੌਖੇ ਕਾਰਜ ਨਾਲ ਅਜਿਹੀਆਂ ਸਥਿਤੀਆਂ ਤਿਆਰ ਕਰਨ ਦੇ ਬਹੁਤ ਜ਼ਿਆਦਾ ਗੁੰਝਲਦਾਰ ਅਤੇ ਬਹੁਤ ਮੁਸ਼ਕਿਲ ਕਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਸਥਿਤੀਆਂ ਵਿੱਚ ਬੁਰਜੂਆਜੀ ਦਾ ਜਿਉਂਦੀ ਰਹਿਣਾ ਜਾਂ ਇਕ ਨਵੀਂ ਬੁਰਜੂਆਜੀ ਦਾ ਜਨਮ ਲੈ ਸਕਣਾ ਅਸੰਭਵ ਹੋ ਜਾਵੇ” (ਕਲੈਕਟਡ ਵਰਕਸ, ਖੰਡ 27, ਪੰਨਾ 244-51)।
”ਇਹ ਤਾਨਾਸ਼ਾਹੀ ਲੋਟੂਆਂ, ਸਰਮਾਏਦਾਰਾਂ, ਭੂਮੀਪਤੀਆਂ ਅਤੇ ਉਨ੍ਹਾਂ ਦੇ ਕਾਰਕੁੰਨਾਂ ਦੇ ਪ੍ਰਤੀਰੋਧ ਨੂੰ ਕੁਚਲਣ ਲਈ ਤਾਕਤ ਦੇ ਬੇਕਿਰਕ, ਪ੍ਰਚੰਡ, ਤੀਬਰ ਅਤੇ ਫੌਲਾਦੀ ਇਰਾਦੇ ਨਾਲ ਪ੍ਰਯੋਗ ਦੀ ਮੰਗ ਕਰਦਾ ਹੈ… ਪਰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸਾਰ ਤੱਤ ਸਿਰਫ਼ ਤਾਕਤ ਵਿੱਚ, ਜਾਂ ਇੱਥੋਂ ਤੱਕ ਕਿ ਮੁੱਖ ਰੂਪ ਵਿੱਚ ਤਾਕਤ ਵਿੱਚ ਹੀ ਨਿਹਿਤ ਨਹੀਂ ਹੈ। ਇਸ ਦੀ ਮੁੱਖ ਖਾਸੀਅਤ ਕਿਰਤੀ ਅਵਾਮ ਦੇ ਹਿਮਵਲ ਦਸਤਿਆਂ ਨੂੰ, ਉਨ੍ਹਾਂ ਦੇ ਹਿਰਾਵਲ ਦਾ, ਉਨ੍ਹਾਂ ਦੇ ਇੱਕੋ ਇੱਕ ਆਗੂ ਪ੍ਰੋਲੇਤਾਰੀ ਦੀ ਜਥੇਬੰਦੀ ਅਤੇ ਅਨੁਸ਼ਾਸਨ ਹੈ, ਜਿਸ ਦਾ ਉਦੇਸ਼ ਸਮਾਜਵਾਦ ਦੀ ਉਸਾਰੀ ਕਰਨਾ, ਸਮਾਜ ਦੀ ਜਮਾਤੀ ਵੰਡ ਨੂੰ ਮਿਟਾ ਦੇਣਾ, ਸਮਾਜ ਦੇ ਸਾਰੇ ਮੈਂਬਰਾਂ ਨੂੰ ਕਿਰਤੀ ਲੋਕਾਂ ਦਾ ਹਿੱਸਾ ਬਣਾ ਦੇਣਾ ਅਤੇ ਮਨੁੱਖ ਦੁਆਰਾ ਮਨੁੱਖ ਦੀ ਹਰ ਪ੍ਰਕਾਰ ਦੇ ਲੁੱਟ ਦੇ ਆਧਾਰ ਨੂੰ ਖਤਮ ਕਰ ਦੇਣਾ ਹੈ” (ਕਲੈਕਟਡ ਵਰਕਸ, ਖੰਡ 29, ਪੰਨਾ 388)।

”ਜਮਾਤਾਂ ਦਾ ਖਾਤਮਾ ਇਕ ਲੰਬੇ, ਔਖੇ ਅਤੇ ਹਠੀ ਜਮਾਤੀ ਸੰਘਰਸ਼ ਦੀ ਮੰਗ ਕਰਦਾ ਹੈ, ਜੋ ਪੂੰਜੀਵਾਦੀ ਸੱਤਾ ਦੇ ਉਖਾੜੇ ਜਾਣ ਤੋਂ ਬਾਅਦ, ਬੁਰਜੂਆ ਰਾਜ ਦੀ ਤਬਾਹੀ ਤੋਂ ਬਾਅਦ, ਲੁਪਤ ਨਹੀਂ ਹੁੰਦਾ… ਸਗੋਂ ਸਿਰਫ਼ ਆਪਣਾ ਰੂਪ ਬਦਲ ਲੈਂਦਾ ਹੈ ਅਤੇ ਕਈ ਮਾਮਲਿਆਂ ਵਿੱਚ ਹੋਰ ਵੱਧ ਤਿੱਖਾ ਹੋ ਜਾਂਦਾ ਹੈ” (ਕਲੈਕਟਡ ਵਰਕਸ, ਖੰਡ 29, ਪੰਨਾ 389)।

”ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਅਰਥ ਜਮਾਤੀ ਸੰਘਰਸ਼ ਦੀ ਸਮਾਪਤੀ ਨਹੀਂ, ਸਗੋਂ ਨਵੇਂ ਰੂਪ ਵਿੱਚ ਅਤੇ ਨਵੇਂ ਹਥਿਆਰਾਂ ਨਾਲ ਇਸ ਦਾ ਜਾਰੀ ਰਹਿਣਾ ਹੈ। ਇਹ ਤਾਨਾਸ਼ਾਹੀ ਉਦੋਂ ਤੱਕ ਅਟੱਲ ਹੈ ਜਦੋਂ ਤੱਕ ਕਿ ਜਮਾਤ ਮੌਜੂਦ ਰਹਿੰਦੀਆਂ ਹਨ, ਜਦੋਂ ਤੱਕ ਕਿ ਇਕ ਦੇਸ਼ ਵਿੱਚ ਸੱਤ੍ਹਾ ਤੋਂ ਲਾਹੀ ਬੁਰਜੂਆਜੀ ਕੌਮਾਂਤਰੀ ਪੈਮਾਨੇ ‘ਤੇ ਆਪਣੇ ਹਮਲਿਆਂ ਨੂੰ ਦਸਗੁਣਾਂ ਤਿੱਖੇ ਰੂਪ ਵਿੱਚ ਜਾਰੀ ਰੱਖਦੀ ਹੈ” ‘ਕਲੈਕਟਡ ਵਰਕਸ, ਖੰਡ 32 ਪੰਨਾ 460)।

ਇਸ ਤਰ੍ਹਾਂ ਲੈਨਿਨ ਅਨੁਸਾਰ ਬੁਰਜੂਆਜੀ ਨੂੰ ਉਖਾੜ ਸੁੱਟਣ ਤੋਂ ਬਾਅਦ ਇੱਕ ਲੰਬੇ ਸਮੇਂ ਤੱਕ ਪ੍ਰੋਲੇਤਾਰੀ ਲਈ ਆਪਣੀ ਤਾਨਾਸ਼ਾਹੀ ਕਾਇਮ ਰੱਖਣਾ ਜ਼ਰੂਰੀ ਹੈ ਤਾਂ ਕਿ ਅਜਿਹੀਆਂ ਹਾਲਤਾਂ ਤਿਆਰ ਹੋ ਸਕਣ ਜਿਨ੍ਹਾਂ ਵਿਚ ”ਬੁਰਜੂਆਜੀ ਦਾ ਜਿਉਂਦੇ ਰਹਿਣਾ ਜਾਂ ਇਕ ਨਵੀਂ ਬੁਰਜੂਆਜੀ ਦਾ ਜਨਮ ਲੈਣਾ ਅਸੰਭਵ ਹੋ ਜਾਵੇ।” ਕੇਵਲ ਤਾਂ ਹੀ ਜਾ ਕੇ ਜਮਾਤੀ ਸੰਘਰਸ਼ ਦਾ ਖਾਤਮਾ ਹੋ ਸਕੇਗਾ।

ਮਾਓ ਜੇ ਤੁੰਗ ਨੇ ਲੈਨਿਨ ਦੀ ਪੋਜੀਸ਼ਨ ਦੀ ਇਕ ਵਾਰ ਫਿਰ ਪੁਸ਼ਟੀ ਕੀਤੀ :

”ਸਮਾਜਵਾਦੀ ਸਮਾਜ ਦਾ ਕਾਫੀ ਲੰਬਾ ਇਤਿਹਾਸਕ ਦੌਰ ਹੁੰਦਾ ਹੈ। ਸਮਾਜਵਾਦ ਦੇ ਇਸ ਪੂਰੇ ਇਤਿਹਾਸਕ ਦੌਰ ਵਿੱਚ, ਜਮਾਤਾਂ, ਜਮਾਤੀ ਵਿਰੋਧਤਾਈਆਂ ਅਤੇ ਜਮਾਤੀ ਸੰਘਰਸ਼ ਮੌਜੂਦ ਰਹਿੰਦੇ ਹਨ, ਸਮਾਜਵਾਦੀ ਰਸਤੇ ਅਤੇ ਪੂੰਜੀਵਾਦੀ ਰਸਤੇ ਵਿਚਕਾਰ ਸੰਘਰਸ਼ ਜਾਰੀ ਰਹਿੰਦਾ ਹੈ। ਸਾਨੂੰ ਇਸ ਸੰਘਰਸ਼ ਦੇ ਲਮਕਵੇਂ ਅਤੇ ਗੁੰਝਲਦਾਰ ਖਾਸੇ ਨੂੰ ਜ਼ਰੂਰ ਪਹਿਚਾਣਨਾ ਚਾਹੀਦਾ ਹੈ। ਸਾਨੂੰ ਸਮਾਜਵਾਦੀ ਸਿੱਖਿਆ ਦਾ ਸੰਚਲਨ ਕਰਨਾ ਚਾਹੀਦਾ ਹੈ। ਸਾਨੂੰ ਜਮਾਤੀ ਵਿਰੋਧਤਾਈਆਂ ਅਤੇ ਜਮਾਤੀ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣਾ ਅਤੇ ਸੰਚਾਲਿਤ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਅਤੇ ਦੁਸ਼ਮਣ ਦਰਮਿਆਨ ਵਿਰੋਧਤਾਈਆਂ ਅਤੇ ਲੋਕਾਂ ਦਰਮਿਆਨ ਵਿਰੋਧਤਾਈਆਂ ਵਿੱਚੋਂ ਫਰਕ ਕਰਨਾ ਚਾਹੀਦਾ ਹੈ। ਨਹੀਂ ਤਾਂ ਸਾਡੇ ਦੇਸ਼ ਜਿਹਾ ਇਕ ਸਮਾਜਵਾਦੀ ਦੇਸ਼ ਆਪਣੇ ਉਲਟ ਵਿੱਚ ਬਦਲ ਜਾਵੇਗਾ, ਨਿੱਘਰ ਜਾਵੇਗਾ ਅਤੇ ਪੂੰਜੀਵਾਦ ਦੀ ਮੁੜ ਬਹਾਲੀ ਹੋ ਜਾਵੇਗੀ।”

ਸੱਭਿਆਚਾਰਕ ਇਨਕਲਾਬ :

ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕਾਂਗਰਸ (1919) ਵਿੱਚ ਬੋਲਦੇ ਹੋਏ ਲੈਨਿਨ ਨੇ ਕਿਹਾ ਸੀ:

”ਨੌਕਰਸ਼ਾਹੀ ਵਿਰੁੱਧ ਅਸੀਂ ਅੰਤ ਤੱਕ ਕੇਵਲ ਤਾਂ ਹੀ ਲੜ ਸਕਦੇ ਹਾਂ ਜਦੋਂ ਪੂਰੀ ਅਬਾਦੀ ਸਰਕਾਰ ਦੇ ਕੰਮ ਵਿੱਚ ਸ਼ਮਲੀਅਤ ਕਰੇ। ਬੁਰਜੂਆ ਗਣਤੰਤਰਾਂ ਵਿੱਚ ਇਹ ਨਾ ਕੇਵਲ ਅਸੰਭਵ ਹੈ, ਸਗੋਂ ਕਾਨੂੰਨ ਆਪ ਇਸ ਨੂੰ ਰੋਕਦਾ ਹੈ। ਸਭ ਤੋਂ ਬਿਹਤਰ ਬੁਰਜੂਆ ਗਣਤੰਤਰਾਂ ਵਿੱਚ ਵੀ ਚਾਹੇ ਉਹ ਕਿੰਨੇ ਵੀ ਜਮਹੂਰੀ ਕਿਉਂ ਨਾ ਹੋਣ, ਹਜ਼ਾਰਾਂ ਅਜਿਹੇ ਕਾਨੂੰਨੀ ਬੰਧਨ ਹੁੰਦੇ ਹਨ ਜੋ ਕਿਰਤੀ ਲੋਕਾਂ ਨੂੰ ਸਰਕਾਰ ਦੇ ਕੰਮਾਂ ਵਿੱਚ ਹਿੱਸੇਦਾਰੀ ਤੋਂ ਰੋਕਦੇ ਹਨ। ਅਸੀਂ ਕੀਤਾ ਸਿਰਫ਼ ਇਹ ਹੈ ਕਿ ਇਨ੍ਹਾਂ ਰੁਕਾਵਟਾਂ ਨੂੰ ਖ਼ਤਮ ਕਰ ਦਿੱਤਾ ਹੈ, ਪਰ ਅਜੇ ਵੀ ਅਸੀਂ ਉਸ ਪੜਾਅ ‘ਤੇ ਨਹੀਂ ਪਹੁੰਚੇ ਹਾਂ ਜਿੱਥੇ ਕਿਰਤੀ ਲੋਕਾਂ ਸਰਕਾਰ ਦੇ ਕੰਮਾਂ ਵਿੱਚ ਹਿੱਸੇਦਾਰੀ ਕਰ ਸਕਣ। ਕਾਨੂੰਨ ਤੋਂ ਇਲਾਵਾ, ਅਜੇ ਵੀ ਸੱਭਿਆਚਾਰਕ ਪੱਧਰ ਦਾ ਸਵਾਲ ਮੌਜੂਦ ਹੈ, ਜਿਸ ਨੂੰ ਤੁਸੀਂ ਕਿਸੇ ਕਾਨੂੰਨ ਦੇ ਅਧੀਨ ਨਹੀਂ ਕਰ ਸਕਦੇ। ਇਸ ਹੇਠਲੇ ਸੱਭਿਆਚਾਰਕ ਪੱਧਰ ਦਾ ਨਤੀਜਾ ਇਹ ਹੈ ਕਿ ਸੋਵੀਅਤ, ਜੋ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਕਿਰਤੀ ਲੋਕਾਂ ਦੁਆਰਾ ਸਰਕਾਰ ਦਾ ਅੰਗ ਹੈ, ਉਹ ਅਸਲ ਵਿੱਚ ਪ੍ਰੋਲੇਤਾਰੀ ਦੇ ਸਭ ਤੋਂ ਵੱਧ ਉੱਨਤ ਹਿੱਸੇ ਦੁਆਰਾ ਕਿਰਤੀ ਲੋਕਾਂ ਦੇ ਲਈ ਸਰਕਾਰ ਦਾ ਅੰਗ ਹੈ, ਸਾਰੇ ਕਿਰਤੀ ਲੋਕਾਂ ਦੁਆਰਾ ਸਰਕਾਰ ਦਾ ਅੰਗ ਨਹੀਂ ਬਣ ਸਕੀ ਹੈ” (ਕਲੈਕਟਡ ਵਰਕਸ ਖੰਡ 29, ਪੰਨਾ 183)।

ਲੈਨਿਨ ਨੇ ਇਸ ਵਿਸ਼ੇ ਨੂੰ ਇਕ ਵਾਰ ਫਿਰ ਗਿਆਰਵੀਂ ਕਾਂਗਰਸ ਵਿਚ ਉਠਾਇਆ ਅਤੇ ਇਕ ”ਸੱਭਿਆਚਾਰਕ ਇਨਕਲਾਬ” ਦੇ ਲਈ ਸੱਦਾ ਦਿੰਦੇ ਹੋਏ ਨਾਰ੍ਹਾ ਪੇਸ਼ ਕੀਤਾ। ਉਸ ਤੋਂ ਬਾਅਦ ਇਸ ਨਾਰ੍ਹੇ ਦੇ ਭਾਵ ਦੀ ਵਿਆਖਿਆ ਸਟਾਲਿਨ ਦੁਆਰਾ ਇਸ ਪ੍ਰਕਾਰ ਕੀਤੀ ਗਈ।

”ਨੌਕਰਸ਼ਾਹੀ ਦਾ ਸਭ ਤੋਂ ਵੱਧ ਸੁਨਿਸ਼ਚਿਤ ਇਲਾਜ ਹੈ ਮਜ਼ਦੂਰਾਂ ਅਤੇ ਕਿਸਾਨਾਂ ਦੇ ਸੱਭਿਆਚਾਰਕ ਪੱਧਰ ਨੂੰ ਉੱਚਾ ਚੁੱਕਣਾ। ਰਾਜ ਦੇ ਢਾਂਚੇ ਵਿੱਚ ਨੌਕਰਸ਼ਾਹੀ ਨੂੰ ਲਾਅਨਤ ਪਾਈ ਜਾ ਸਕਦੀ ਹੈ ਅਤੇ ਉਸ ਦੀ ਭੰਡੀ ਕੀਤੀ ਜਾ ਸਕਦੀ ਹੈ, ਸਾਡੇ ਅਮਲੀ ਕੰਮਾਂ ਵਿੱਚ ਨੌਕਰਸ਼ਾਹੀ ਦੀ ਨਿੰਦਿਆ ਕੀਤੀ ਜਾ ਸਕਦੀ ਹੈ ਅਤੇ ਕੋਸਿਆ ਜਾ ਸਕਦਾ ਹੈ ਪਰ ਜਦੋਂ ਤੱਕ ਕਿਰਤੀ ਲੋਕ ਇਕ ਅਜਿਹਾ ਸੁਨਿਸ਼ਚਿਤ ਸੱਭਿਆਚਾਰਕ ਪੱਧਰ ਨਹੀਂ ਹਾਸਿਲ ਕਰ ਲੈਂਦੀ ਜੋ ਰਾਜ ਸੱਤ੍ਹਾ ਨੂੰ ਆਪਣੇ ਖ਼ੁਦ ਕਿਰਤੀ ਅਵਾਮ ਦੁਆਰਾ ਹੇਠਾਂ ਤੋਂ ਨਿਯੰਤਰਿਤ ਕਰਨ ਦੀ ਸੰਭਾਵਨਾ, ਇੱਛਾ ਅਤੇ ਸਮਰੱਥਾ ਪੈਦਾ ਕਰ ਦੇਵੇ, ਤਦ ਤੱਕ ਸਭ ਕੁਝ ਦੇ ਬਾਵਜੂਦ ਨੌਕਰਸ਼ਾਹੀ ਮੌਜੂਦ ਰਹੇਗੀ… ਸੱਭਿਆਚਾਰਕ, ਇਨਕਲਾਬ ਬਾਰੇ ਲੈਨਿਨ ਦੇ ਨਾਰ੍ਹੇ ਦਾ ਇਹੀ ਮਤਲਬ ਤੇ ਮਹੱਤਵ ਹੈ।” (ਸਟਾਲਿਨ : ਕਲੈਕਟਡ ਵਰਕਸ, ਖੰਡ 10, ਪੰਨਾ 330-1)।

”ਅਤੇ ਅੰਤ ਵਿੱਚ, ਸਾਡੀਆਂ ਆਰਥਿਕ ਜਥੇਬੰਦੀਆਂ… ਇਨ੍ਹਾਂ ਸਾਰੀਆਂ ਜਥੇਬੰਦੀਆਂ ਵਿੱਚ ਨੌਕਰਸ਼ਾਹੀ ਦੇ ਖਾਤਮੇ ਲਈ ਸਾਨੂੰ ਕੀ ਕਰਨਾ ਹੋਵੇਗਾ? ਇਸ ਦਾ ਕੇਵਲ ਇੱਕ ਹੀ ਹੱਲ ਹੈ ਅਤੇ ਉਹ ਇਹ ਕਿ ਹੇਠਾਂ ਤੋਂ ਕੰਟਰੋਲ ਨੂੰ ਜਥੇਬੰਦ ਕੀਤਾ ਜਾਵੇ, ਸਾਡੀਆਂ ਸੰਸਥਾਵਾਂ ਵਿੱਚ-ਨੌਕਰਸ਼ਾਹੀ ਦੀ ਅਲੋਚਨਾ ਜਥੇਬੰਦ ਕੀਤੀ ਜਾਵੇ, ਉਨ੍ਹਾਂ ਦੀਆਂ ਕਮੀਆਂ ਦੀ ਵਿਆਪਕ ਕਿਰਤੀ ਲੋਕਾਈ ਦੁਆਰਾ ਆਲੋਚਨਾ ਕੀਤੀ ਜਾਵੇ” (ਸਟਾਲਿਨ : ਕਲੈਕਟਡ ਵਰਕਸ, ਖੰਡ-11, ਪੰਨਾ-77)।

ਅਤੇ ਅੱਗੇ, ਕਮਿਊਨਿਯਮ ਦੀ ਸ਼ੁਰੂਆਤ ਤੱਕ ਦੀ ਸਥਿਤੀ ‘ਤੇ ਨਜ਼ਰ ਮਾਰਦੇ ਹੋਏ ਲੈਨਿਨ ਨੇ ਸਪੱਸ਼ਟ ਕੀਤਾ ਕਿ ਵੱਡੇ ਪੈਮਾਨੇ ਦੀ ਸਮਾਜਵਾਦੀ ਪੈਦਾਵਾਰ ਦੇ ਵਿਕਾਸ ਰਾਹੀਂ ਕਿਰਤ ਦੀ ਉਤਪਾਦਕਤਾ ਨੂੰ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਮਜ਼ਦੂਰ ਜਮਾਤ ਦੋ ਕੰਮਾਂ ਨੂੰ ਪੂਰਾ ਕਰੇ¸ਬੁਰਜੂਆਜੀ ਵਿਰੁੱਧ ਸੰਘਰਸ਼ ਨੂੰ ਅੰਤ ਤੱਕ ਚਲਾਵੇ ਅਤੇ ”ਇੱਕ ਨਵਾਂ ਵਧੇਰੇ ਵਿਕਸਿਤ ਸਮਾਜਿਕ ਬਾਂਡ, ਇਕ ਸਮਾਜਿਕ ਅਨੁਸ਼ਾਸਨ, ਜਮਾਤੀ ਤੌਰ ‘ਤੇ ਚੇਤੰਨ ਅਤੇ ਇੱਕਜੁੱਟ ਕਿਰਤੀ ਲੋਕਾਂ ਦਾ ਅਨੁਸ਼ਾਸਨ” ਪੈਦਾ ਕਰੇ। ਉਨ੍ਹਾਂ ਨੇ ਅੱਗੇ ਕਿਹਾ :

”ਇਹ ਦੂਜਾ ਕੰਮ ਪਹਿਲੇ ਕੰਮ ਨਾਲੋਂ ਵੱਧ ਔਖਾ ਹੈ ਕਿਉਂਕਿ ਇਸ ਨੂੰ ਮਹਿਜ਼ ਬਹਾਦਰੀ ਭਰੀਆਂ ਕਾਰਵਾਈਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ, ਇਸ ਲਈ ਸਿੱਧੇ ਸਾਦੇ, ਰੋਜਮੱਰ੍ਹਾ ਦੇ ਕੰਮਾਂ ਵਿੱਚ ਲੋਕ ਸਮੂਹਾਂ ਦੇ ਸਭ ਤੋਂ ਵੱਧ ਲਮਕਵੇਂ, ਸਭ ਤੋਂ ਵੱਧ ਦ੍ਰਿੜ੍ਹ, ਸਭ ਤੋਂ ਵੱਧ ਮੁਸ਼ਕਿਲ ਘੋਲ ਦੀ ਜ਼ਰੂਰਤ ਹੁੰਦੀ ਹੈ (ਕੈਲਕਟਡ ਵਰਕਸ ਭਾਗ 29, ਪੰਨਾ-423)।

ਨਵੇਂ ਕਮਿਊਨਿਸਟ ਸੁਬੋਤਨਿਕਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ :

”ਜ਼ਾਹਿਰਾ ਤੌਰ ‘ਤੇ, ਇਹ ਸਿਰਫ਼ ਇੱਕ ਸ਼ੁਰੂਆਤ ਹੈ ਪਰ ਇਹ ਇੱਕ ਛੋਟ ਵਜੋਂ ਮਹਾਨ ਮਹੱਤਵ ਵਾਲੀ ਸ਼ੁਰੂਆਤ ਹੈ। ਇਹ ਇਕ ਅਜਿਹੇ ਇਨਕਲਾਬ ਦੀ ਸ਼ੁਰੂਆਤ ਹੈ ਜੋ ਬੁਰਜੂਆਜ਼ੀ ਨੂੰ ਸੱਤ੍ਹਾ ਤੋਂ ਲਾਂਭੇ ਕਰਨ ਮੁਕਾਬਲੇ ਕਿੱਤੇ ਵੱਧ ਔਖੇ, ਵਧੇਰੇ ਸਖਤ, ਵਧੇਰੇ ਰੈਡੀਕਲ ਅਤੇ ਵਧੇਰੇ ਨਿਰਣਾਇਕ ਹੈ, ਕਿਉਂਕਿ ਇਹ ਸਾਡੇ ਖ਼ੁਦ ਦੇ ਪੱਛੜੇਪਣ, ਅਨੁਸ਼ਾਸਨਹੀਣਤਾ, ਨਿੱਕ ਬੁਰਜੂਆ ਹੰਕਾਰ ‘ਤੇ ਇੱਕ ਜਿੱਤ ਹੈ, ਸੜਾਂਦ ਮਾਰੇ ਪੂੰਜੀਵਾਦ ਤੋਂ ਮਜ਼ਦੂਰਾਂ-ਕਿਸਾਨਾਂ ਨੂੰ ਵਿਰਾਸਤ ਦੇ ਰੂਪ ਵਿੱਚ ਪ੍ਰਾਪਤ ਹੋਈਆਂ ਆਦਤਾਂ ‘ਤੇ ਇੱਕ ਜਿੱਤ ਹੈ। ਜਦੋਂ ਇਹ ਜਿੱਤ ਮੁਕੰਮਲ ਹੋ ਜਾਵੇਗੀ, ਤਾਂ ਹੀ ਜਾ ਕੇ ਨਵਾਂ ਸਮਾਜਿਕ ਅਨੁਸ਼ਾਸਨ, ਸਮਾਜਵਾਦੀ ਅਨੁਸ਼ਾਸਨ ਪੈਦਾ ਹੋ ਸਕੇਗਾ, ਤਾਂ ਹੀ ਅਤੇ ਕੇਵਲ ਤਾਂ ਹੀ ਪੂੰਜੀਵਾਦ ਦੀ ਵਾਪਸੀ ਅਸੰਭਵ ਹੋ ਸਕੇਗੀ ਅਤੇ ਕਮਿਊਨਿਜ਼ਮ ਅਸਲ ਵਿੱਚ ਅਜਿੱਤ ਹੋ ਸਕੇਗਾ” (ਕਲੈਕਟਡ ਵਰਕਸ ਖੰਡ 29, ਪੰਨਾ 411-12)।

ਚੀਨ ਵਿੱਚ ਜਾਰੀ ਸੱਭਿਆਚਾਰਕ ਇਨਕਲਾਬ ਨੇ ਬੁਨਿਆਦੀ ਤੌਰ ‘ਤੇ ਹਰ ਅਰਥ ਵਿੱਚ ਉਨ੍ਹਾਂ ਚੀਜ਼ਾਂ ਨੂੰ ਸਾਕਾਰ ਕਰ ਦਿਖਾਇਆ ਹੈ, ਜੋ ਲੈਨਿਨ ਨੇ 1917 ਦੇ ਬਾਅਦ ਦੇ ਸਾਲਾਂ ਵਿੱਚ ਸੋਵੀਅਤ ਸੰਘ ਦੇ ਲਈ ਸੋਚਿਆ ਸੀ। ਇਹ ਉਨ੍ਹਾਂ ਲੋੜਾਂ ਦੇ ਤਕਾਜ਼ੇ ਤੋਂ ਪ੍ਰੇਰਿਤ ਸੀ, ਉਨ੍ਹਾਂ ਖ਼ਤਰਿਆਂ ਨੂੰ ਦੂਰ ਕਰਨ ਲਈ ਇਸ ਦੀ ਯੋਜਨਾ ਬਣਾਈ ਗਈ ਸੀ ਅਤੇ ਇਹ ਉਸੇ ਸਿਧਾਂਤਕ ਆਧਾਰ ‘ਤੇ ਉਸਾਰਿਆ ਗਿਆ ਸੀ। ਨਾਲ ਹੀ ਮਾਓ ਜੇ ਤੁੰਗ ਦੀ ਅਗਵਾਈ ਦੇ ਜ਼ਰੀਏ ਇਹ ਉਨ੍ਹਾਂ ਸਾਰੇ ਹਾਂ-ਪੱਖੀ ਅਤੇ ਨਾਂਹ-ਪੱਖੀ ਇਤਿਹਾਸਕ ਤਜ਼ਰਬਿਆਂ ਨਾਲ ਅਮੀਰ ਅਤੇ ਨਰੋਆ ਵੀ ਬਣਾਇਆ ਗਿਆ ਹੈ, ਜੋ ਸੋਵੀਅਤ ਲੋਕਾਂ ਨੇ ਪਹਿਲੇ ਪੰਜਾਹ ਸਾਲਾਂ ਦੌਰਾਨ ਹਾਸਿਲ ਕੀਤੇ ਹਨ। ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਇਹ ਚੀਨ ਵਿੱਚ ਹੀ ਹੋਇਆ ਹੈ ਕਿ ਮਾਓ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਨੇ ਲਗਾਤਾਰ, ਸਮੂਹਿਕ ਆਲੋਚਨਾ ਅਤੇ ਆਤਮ ਆਲੋਚਨਾ ਵਿੱਚ ਲੱਗ ਜਾਣ ਦੇ ਲਈ, ਸੰਘਰਸ਼ ਦੇ ਹਰ ਪੜਾਅ ‘ਤੇ ਆਪਣੇ ਤਜ਼ਰਬਿਆਂ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਇਸ ਤਰ੍ਹਾਂ ਆਪਣਾ ਸੱਭਾਚਾਰਕ ਪੱਧਰ ਉਸ ਮੁਕਾਮ ਤੱਕ ਉੱਚਾ ਚੁੱਕਣ ਲਈ ਖ਼ੁਦ ਨੂੰ ਲਾਮਬੰਦ ਕਰ ਲਿਆ ਹੈ, ਜਿਸ ਮੁਕਾਮ ‘ਤੇ ਪਹੁੰਚ ਕੇ ”ਕਿਰਤੀ ਜਮਾਤਾਂ ਹਰ ਚੀਜ਼ ਵਿੱਚ ਆਪਣੀ ਅਗਵਾਈ ਲਾਗੂ ਕਰ ਸਕਣ।” ਪਰ ਸੰਘਰਸ਼ ਅਜੇ ਖਤਮ ਨਹੀਂ ਹੋਇਆ, ਜਿਵੇਂ ਕਿ ਮਾਓ ਜੇ ਤੁੰਗ ਨੇ ਕਿਹਾ ਹੈ :

”ਅਸੀਂ ਮਹਾਨ ਜਿੱਤ ਹਾਸਿਲ ਕੀਤੀ ਹੈ, ਪਰ ਹਾਰੀ ਹੋਈ ਜਮਾਤ ਅਜੇ ਵੀ ਸੰਘਰਸ਼ ਜਾਰੀ ਰੱਖੇਗੀ, ਉਹ ਲੋਕ ਅਜੇ ਵੀ ਆਲੇ ਦੁਆਲੇ ਹਨ ਅਤੇ ਇਹ ਜਮਾਤਾਂ ਅਜੇ ਵੀ ਮੌਜੂਦ ਹਨ। ਇਸ ਲਈ ਸੀਂ ਆਖਰੀ ਜਿੱਤ ਦੀ ਗੱਲ ਨਹੀਂ ਕਰ ਸਕਦੇ। ਸਾਨੂੰ ਆਪਣੀ ਚੌਕਸੀ ਕਦੇ ਵੀ ਢਿੱਲੀ ਨਹੀਂ ਕਰਨੀ ਚਾਹੀਦੀ। ਲੈਨਿਨਵਾਦੀ ਨਜ਼ਰੀਏ ਅਨੁਸਾਰ, ਇਕ ਸਮਾਜਵਾਦੀ ਦੇਸ਼ ਦੀ ਆਖਰੀ ਜਿੱਤ ਲਈ ਸਿਰਫ਼ ਘਰੇਲੂ ਪੱਧਰ ‘ਤੇ ਹੀ ਪ੍ਰੋਲੇਤਾਰੀਆ ਅਤੇ ਵਿਆਪਕ ਲੋਕਾਈ ਦੇ ਯਤਨਾਂ ਦੀ ਲੋੜ ਨਹੀਂ ਹੁੰਦੀ, ਸਗੋਂ ਪਰ ਇਸ ਲਈ ਸੰਸਾਰ ਇਨਕਲਾਬ ਦੀ ਜਿੱਤ ਅਤੇ ਪੂਰੀ ਧਰਤੀ ‘ਤੇ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਦੀ ਸਮਾਪਤੀ ਵੀ ਜ਼ਰੂਰੀ ਹੈ ਜਿਸ ਤੋਂ ਬਾਅਦ ਪੂਰੀ ਮਨੁੱਖਤਾ ਮੁਕਤ ਹੋ ਜਾਵੇਗੀ, ਇਸ ਲਈ ਸਾਡੇ ਦੇਸ਼ ਵਿੱਚ ਇਨਕਲਾਬ ਦੀ ਆਖਰੀ ਜਿੱਤ ਦੀ ਹਲਕੇ ਢੰਗ ਨਾਲ ਗੱਲ ਕਰਨਾ ਗ਼ਲਤ ਹੈ, ਇਹ ਲੈਨਿਨਵਾਦ ਦੇ ਉਲਟ ਹੈ ਅਤੇ ਤੱਥਾਂ ਨਾਲ ਮੇਲ ਨਹੀਂ ਖਾਂਦੀ।”

ਇਨ੍ਹਾਂ ਸਿੱਖਿਆਵਾਂ ‘ਤੇ ਦ੍ਰਿੜ੍ਹਤਾ ਨਾਲ ਅਮਲ ਕਰਦੇ ਹੋਏ ਚੀਨੀ ਜਨਤਾ ਨੇ ਪੂਰੀ ਦੁਨੀਆ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ।

(‘ਚਾਈਨਾ ਪਾਲਿਸੀ ਸਟੱਡੀ ਗਰੁੱਪ’ ਲੰਡਨ ਦੇ ਮਾਸਿਕ ਬੁਲੇਟਿਨ ‘ਬ੍ਰਾਡਸ਼ੀਟ’ ਦੇ ਅਕਤੂਬਰ 1969 ਅੰਕ ‘ਚੋਂ ਧੰਨਵਾਦ ਸਹਿਤ…)

-ਪੰਜਾਬੀ ਅਨੁਵਾਦ : ਲਾਲਜੀਤ

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s