ਕਿਊਬਾ – ਸਮਾਜਵਾਦ ਤੋਂ ਕਿੰਨਾ ਦੂਰ, ਕਿੰਨਾ ਕੁ ਨੇੜੇ? •ਅੰਮਿਰ੍ਤ

1ਪੀ.ਡੀ.ਐਫ਼ ਡਾਊਨਲੋਡ ਕਰੋ

ਕਿਊਬਾ ਅਮਰੀਕਾ ਤੋਂ ਸਿਰਫ਼ 90 ਮੀਲ ਦੂਰ ਸਥਿਤ ਇੱਕ ਛੋਟਾ ਜਿਹਾ ਟਾਪੂ-ਦੇਸ਼ ਹੈ। ਇਸ ਦੇਸ਼ ਵਿੱਚ 1959 ਵਿੱਚ ਫਿਦੇਲ ਕਾਸਤਰੋ ਦੀ ਅਗਵਾਈ ਥੱਲੇ ਇਨਕਲਾਬ ਹੋਇਆ ਜਿਸਨੇ ਇੱਕ ਵਾਰ ਤਾਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਹੈਰਾਨੀ ਦੇ ਕਈ ਕਾਰਨ ਸਨ  ਅਮਰੀਕਾ ਤੋਂ ਇੱਕ ਸੌ ਮੀਲ ਤੋਂ ਵੀ ਘੱਟ ਦੂਰੀ ਉੱਤੇ ਸਥਿਤ ਦੇਸ਼ ਵਿੱਚ ਹੀ ਅਮਰੀਕਾ ਦੇ ਕੱਠਪੁਤਲੀ ਹਾਕਮ ਜਨਰਲ ਬੈਤਿਸਤਾ ਦਾ ਤਖਤਾਪਲਟ ਹੋ ਜਾਣਾ ਤੇ ਅਮਰੀਕਾ ਵੱਲੋਂ ਇਨਕਲਾਬੀਆਂ ਖਿਲਾਫ ਕੁਝ ਵੀ ਕਰ ਨਾ ਸਕਣਾ (ਜਾਂ ਨਾ ਕਰਨਾ) ਜਿੱਥੇ ਹੈਰਾਨੀ ਦਾ ਇੱਕ ਕਾਰਨ ਸੀ, ਉੱਥੇ ਇਹ ਇਨਕਲਾਬ ਇਸ ਗੱਲੋਂ ਵੀ ਹੈਰਾਨੀ ਭਰਿਆ ਸੀ ਕਿ ਇਹ ਬਹੁਤ ਥੋੜੇ ਸਮੇਂ ਅੰਦਰ ਹੀ ਹਕੂਮਤ ਦਾ ਤਖਤਾਪਲਟ ਕਰਨ ਦੀ ਮੰਜ਼ਿਲ ਤੱਕ ਪਹੁੰਚ ਗਿਆ ਸੀ ਅਤੇ ਇਹ ਇਨਕਲਾਬ ਸੰਸਾਰ ਵਿੱਚ ਮੁਕਾਬਲਤਨ ਸ਼ਾਂਤਮਈ ਦੌਰ ਵਿੱਚ ਹੋ ਰਿਹਾ ਸੀ। ਇਸ ਦੇ ਨਾਲ਼ ਹੀ ਅਮਰੀਕੀ ਮਹਾਂਦੀਪਾਂ ਅੰਦਰ ਇਹ ਆਪਣੀ ਤਰ੍ਹਾਂ ਦਾ ਪਹਿਲਾ ਇਨਕਲਾਬ ਸੀ ਅਤੇ ਇਹ ਇਨਕਲਾਬ ਕਿਸੇ ਕਮਿਊਨਿਸਟ ਪਾਰਟੀ ਦੀ ਅਗਵਾਈ ਥੱਲੇ ਨਹੀਂ ਹੋਇਆ ਸੀ ਸਗੋਂ ਕੁਝ ਮੁੱਠੀਭਰ ਗੁਰੀਲਾ ਲੜਾਕਿਆਂ ਨੇ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਵੀ ਅੱਗੇ, ਇਨਕਲਾਬ ਤੋਂ ਦੋ ਸਾਲਾਂ ਬਾਅਦ ਕਿਊਬਾ ਦੇ ਇਨਕਲਾਬੀਆਂ ਨੇ ਆਪਣੇ ਇਨਕਲਾਬ ਨੂੰ ਸਮਾਜਵਾਦੀ ਇਨਕਲਾਬ ਐਲਾਨ ਦਿੱਤਾ ਭਾਵੇਂ ਕਿ ਅਜੇ ਵੀ ਉੱਥੇ ਸਹੀ ਮਾਅਨਿਆਂ ਵਿੱਚ ਕਮਿਊਨਿਸਟ ਪਾਰਟੀ ਦੀ ਕੋਈ ਹੋਂਦ ਨਹੀਂ ਸੀ। ਅਮਰੀਕਾ ਨੇ ਦੇਰ ਨਾਲ਼ ਸਹੀ, ਪਰ ਇਨਕਲਾਬ ਉੱਤੇ ਆਪਣੇ ਫੌਜੀ ਦਖਲ ਨਾਲ਼ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ, ਜਿਸ ਤੋਂ ਬਾਅਦ ਉਸਨੇ ਕਿਊਬਾ ਨਾਲ਼ੋਂ ਕੂਟਨੀਤਕ ਤੇ ਵਪਾਰਕ ਸਬੰਧ ਤੋੜ ਲਏ ਅਤੇ ਕਿਊਬਾ ਉੱਤੇ ਵਪਾਰਕ ਪਾਬੰਦੀਆਂ ਲਗਾ ਦਿੱਤੀਆਂ ਜੋ ਅੱਧੀ ਸਦੀ ਤੋਂ ਵੀ ਵੱਧ ਸਮੇਂ ਲਈ ਲਾਗੂ ਚੱਲੀਆਂ ਆ ਰਹੀਆਂ ਹਨ ਭਾਵੇਂ ਦਸੰਬਰ, 2014 ਵਿੱਚ ਅਮਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਦੇ ਐਲਾਨ ਤੋਂ ਬਾਅਦ ਇਹਨਾਂ ਪਾਬੰਦੀਆਂ ਦੇ ਨਰਮ ਹੋਣ ਜਾਂ ਉੱਕਾ ਹੀ ਖਤਮ ਹੋਣ ਦੇ ਇਮਕਾਨ ਦਿਖ ਰਹੇ ਹਨ। ਕਿਊਬਾ ਦੇ ਇਨਕਲਾਬ ਨੇ ਜਿੱਥੇ ਇੱਕ ਪਾਸੇ ਅਰਨੈਸਟੋ ਚੇ ਗੁਵੇਰਾ ਜਿਹਾ ਇਨਕਲਾਬੀ ਨਾਇਕ ਸਥਾਪਤ ਕੀਤਾ ਜਿਹੜਾ ਸੰਸਾਰ ਭਰ ਵਿੱਚ ਇਨਕਲਾਬ ਦਾ ਚਿੰਨ੍ਹ ਬਣ ਗਿਆ ਅਤੇ ਅੱਜ ਤੱਕ ਬਣਿਆ ਹੋਇਆ ਹੈ, ਉੱਥੇ ਉਸਨੇ ਆਮ ਲੋਕਾਈ ਨੂੰ ਸਿੱਖਿਆ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਿਸਾਲੀ ਕੰਮ ਕੀਤੇ, ਖਾਸ ਕਰਕੇ ਸਿਹਤ ਦੇ ਖੇਤਰ ਵਿੱਚ ਕਿਊਬਾ ਦੁਨੀਆਂ ਭਰ ਲਈ ਇੱਕ ਮਿਸਾਲ ਬਣ ਕੇ ਉੱਭਰਿਆ। ਪਰ ਸਾਡੇ ਲੇਖ ਦਾ ਮੁੱਖ ਵਿਸ਼ਾ ਇਹ ਨਹੀਂ ਹੈ ਸਗੋਂ ਕਿਊਬਾ ਦੇ ਇਨਕਲਾਬ ਨਾਲ਼ ਜੁੜੇ ਸੰਸਾਰ ਕਮਿਊਨਿਸਟ ਲਹਿਰ ਨਾਲ਼ ਸਬੰਧਿਤ ਵਿਚਾਰਧਾਰਾ ਸਬੰਧੀ ਕਈ ਅਹਿਮ ਸਵਾਲ ਹਨ। ਸਭ ਤੋਂ ਪਹਿਲਾ ਸਵਾਲ ਜਿਹੜਾ ਅਸੀਂ ਵਿਚਾਰ ਅਧੀਨ ਰੱਖਾਂਗੇ ਉਹ ਇਹ ਹੈ ਕਿ ਕਿਊਬਾ ਦੇ ਇਨਕਲਾਬ ਦਾ ਖਾਸਾ ਕੀ ਸੀ। ਇਸ ਤੋਂ ਬਾਅਦ ਕਿਊਬਾ ਨਾਲ਼ ਜੁੜਿਆ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਭਾਵੇਂ ਕਿਊਬਾ ਦੇ ਇਨਕਲਾਬੀਆਂ ਨੇ ਆਪਣੇ ਇਨਕਲਾਬ ਨੂੰ ਸਮਾਜਵਾਦੀ ਇਨਕਲਾਬ ਜਰੂਰ ਐਲਾਨਿਆ ਪਰ ਕੀ ਕਿਊਬਾ 1959 ਵਿੱਚ ਇਨਕਲਾਬ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਜਾਂ ਕਿਸੇ ਅਰਸੇ ਦੌਰਾਨ ਵਾਕਈ ਹੀ ਸਮਾਜਵਾਦੀ ਦੇਸ਼ ਰਿਹਾ ਜਾਂ ਨਹੀਂ। ਇਹ ਸਵਾਲ ਅੱਜ ਪਹਿਲਾਂ ਨਾਲ਼ੋਂ ਹੋਰ ਵੀ ਵਧੇਰੇ ਮਹੱਤਵਪੂਰਨ ਰੂਪ ਧਾਰ ਚੁੱਕਿਆ ਹੈ ਕਿਉਂਕਿ ਵੈਨਜ਼ੂਏਲਾ, ਬੋਲੀਵੀਆ ਵਿੱਚ “ਪਿੰਕ ਟਾਈਡ” (ਗੁਲਾਬੀ ਲਹਿਰ) ਸਦਕਾ ਸਥਾਪਤ ਹੋਈਆਂ ਸਰਕਾਰਾਂ ਨੂੰ ਆਮ ਕਰਕੇ ਸਮਾਜਵਾਦੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਹਿਊਗੋ ਸ਼ਾਵੇਜ, ਇਵੋ ਮੋਰਾਲਜ ਨੂੰ ਇੱਕੀਵੀਂ ਸਦੀ ਦੇ ਸਮਾਜਵਾਦ ਦੇ ਝੰਡਾਬਰਦਾਰ ਦੱਸਿਆ ਜਾ ਰਿਹਾ ਹੈ ਜਿਹਨਾਂ ਨੂੰ ਇਸ ਭੂਮਿਕਾ ਵਿੱਚ ਮਾਨਤਾ ਦਵਾਉਣ ਲਈ “ਸਮਾਜਵਾਦੀ” ਫਿਦੇਲ ਕਾਸਤਰੋ ਦਾ ਆਸ਼ੀਰਵਾਦ ਦਵਾ ਕੇ ਬਪਤਿਸਮਾ ਕਰਵਾਇਆ ਜਾਂਦਾ ਹੈ। ਸ਼ਾਵੇਜ ਤੇ ਮੋਰਾਲਜ ਦੇ ਸਮਾਜਵਾਦ ਦੇ ਪਰਦੇ ਪਿੱਛੇ ਦੇਖਣ ਲਈ ਕਿਊਬਾ ਦੇ ਸਮਾਜਵਾਦ ਦਾ ਵਿਸ਼ਲੇਸ਼ਣ ਕਰਨਾ ਵੀ ਜਰੂਰੀ ਹੋ ਜਾਂਦਾ ਹੈ। ਸਿਹਤ ਸੁਵਿਧਾਵਾਂ ਦੇ ਮਾਮਲੇ ਵਿੱਚ ਬਥੇਰੇ ਦੇਸ਼ ਕਿਊਬਾ ਨੂੰ ਟੱਕਰ ਦਿੰਦੇ ਹਨ, ਭਾਰਤ ਵਿੱਚ ਕੇਰਲਾ ਸੂਬਾ ਵੀ ਕਾਫੀ ਨੇੜੇ ਹੈ ਪਰ ਇਹਨਾਂ ਵਿੱਚੋਂ ਕੋਈ ਵੀ ਦੇਸ਼ ਸਮਾਜਵਾਦੀ ਨਹੀਂ ਕਿਹਾ ਜਾ ਸਕਦਾ, ਇਸ ਲਈ ਅਸੀਂ ਬਿਨਾਂਸ਼ੱਕ ਸਿਰਫ਼ ਸਿਹਤ ਸੁਵਿਧਾਵਾਂ ਨੂੰ ਅਧਾਰ ਬਣਾ ਕੇ ਕਿਊਬਾ ਨੂੰ ਸਮਾਜਵਾਦੀ ਦੇਸ਼ ਨਹੀਂ ਐਲਾਨ ਸਕਦੇ।

ਇਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਕਿਊਬਾ “ਸਮਾਜਵਾਦ”, ਫਿਰ “ਸਪੈਸ਼ਲ ਪੀਰੀਅਡ” ਵਿੱਚੋਂ ਲੰਘਦਾ ਹੋਇਆ ਅੱਜ “ਮਾਰਕੀਟ ਸ਼ੋਸ਼ਲਿਜਮ” (ਬਾਜ਼ਾਰ ਸਮਾਜਵਾਦ) ਨੂੰ ਵੀ ਪਿੱਛੇ ਛੱਡਦਾ ਹੋਇਆ ਉਸਤੋਂ ਵੀ ਅੱਗੇ ਦੀ ਜਿਸ ਮੰਜ਼ਿਲ ਵੱਲ ਤੇਜ਼ੀ ਨਾਲ਼ ਦੌੜ ਰਿਹਾ ਹੈ, ਕੀ ਉਸ ਦੇ ਕਾਰਨ ਕਿਊਬਾ ਤੋਂ ਬਾਹਰੀ, ਭਾਵ ਅਮਰੀਕਾ ਵੱਲੋਂ ਲਗਾਈਆਂ ਵਪਾਰਕ ਪਾਬੰਦੀਆਂ ਹਨ ਜਾਂ ਫਿਰ ਇਸਦੇ ਕਾਰਨ ਕਿਊਬਾ ਦੇ ਇਨਕਲਾਬ ਦੇ ਅੰਦਰ ਹੀ ਵਜੂਦਸਮੋਏ ਹਨ ਅਤੇ ਕਿਊਬਾ ਦੀ ਅੱਜ ਦੀ ਹਾਲਤ ਮੁੱਖ ਰੂਪ ਵਿੱਚ ਇਨਕਲਾਬ ਤੋਂ ਬਾਅਦ ਉੱਥੇ ਲਾਗੂ ਹੋਈਆਂ ਨੀਤੀਆਂ ਦਾ ਸਿੱਟਾ ਹੈ। ਨਾਲ਼ ਹੀ ਅਸੀਂ ਕਿਊਬਾ ਵੱਲੋਂ ਮਹਾਨ ਬਹਿਸ ਵਿੱਚ ਮੱਲ੍ਹੀ ਗਈ ਪੋਜ਼ੀਸ਼ਨ ਅਤੇ ਇਸਦੇ ਕਾਰਨਾਂ ਦੀ ਵੀ ਚਰਚਾ ਕਰਾਂਗੇ।

1959 ਦੇ ਇਨਕਲਾਬ ਤੱਕ ਕਿਊਬਾ

ਜਿਵੇਂ ਕਿ ਉੱਪਰ ਜ਼ਿਕਰ ਆਇਆ ਹੈ, ਕਿਊਬਾ ਅਮਰੀਕਾ ਤੋਂ 90 ਕੁ ਮੀਲ ਦੂਰ ਐਟਲਾਂਟਿਕ ਮਹਾਂਸਾਗਰ ਵਿੱਚ ਕੈਰੀਬੀਅਨ ਦੇਸ਼ਾਂ ਵਿੱਚੋਂ ਇੱਕ ਦੇਸ਼ ਹੈ। ਇਸਨੂੰ ਕੋਲੰਬਸ ਨੇ ਬਾਕੀ ਦੁਨੀਆਂ ਸਾਹਮਣੇ ਲਿਆਂਦਾ ਅਤੇ ਉਸ ਤੋਂ ਬਾਅਦ ਬਾਕੀ ਲਾਤੀਨੀ ਅਮਰੀਕੀ ਦੇਸ਼ਾਂ ਵਾਂਗ ਕਿਊਬਾ ਵੀ ਸਪੇਨੀਆਂ ਦੀ ਬਸਤੀ ਬਣਿਆ। ਸਪੇਨੀਆਂ ਦੇ ਆਉਣ ਸਮੇਂ ਇਸ ਦੇਸ਼ ਵਿੱਚ ਇੱਕ ਲੱਖ ਦੇ ਕਰੀਬ ਮੂਲ ਇੰਡੀਅਨ ਲੋਕ ਰਹਿੰਦੇ ਸਨ ਜਿਹਨਾਂ ਨੂੰ ਸਪੇਨੀ ਬਸਤੀਵਾਦੀਆਂ ਨੇ ਜਲਦੀ ਹੀ ਖਤਮ ਕਰ ਦਿੱਤਾ। ਕਿਊਬਾ ਲਾਤੀਨੀ ਅਮਰੀਕਾ ਵਿੱਚ ਸਪੇਨੀਆਂ ਦਾ ਮੁੱਖ ਸਮੁੰਦਰੀ ਤੇ ਫੌਜੀ ਅੱਡਾ ਬਣਿਆ। ਕਿਊਬਾ ਲਾਤੀਨੀ ਅਮਰੀਕਾ ਦੀਆਂ ਬਾਕੀ ਸਪੇਨੀ ਬਸਤੀਆਂ ਨਾਲ਼ੋਂ ਵੱਖਰਾ ਸੀ। ਕਿਊਬਾ ਵਿੱਚ ਸਪੇਨੀ ਲੋਕਾਂ ਦੇ ਨਾਲ਼-ਨਾਲ਼ ਅਫਰੀਕਾ ਤੋਂ ਗੁਲਾਮ ਬਣਾ ਕੇ ਲਿਆਂਦੇ ਗਏ ਕਾਲੇ ਲੋਕਾਂ ਦੀ ਅਬਾਦੀ ਗੋਰੇ ਲੋਕਾਂ ਤੋਂ ਜ਼ਿਆਦਾ ਸੀ, ਉਹਨਾਂ ਤੋਂ ਕਿਊਬਾ ਦੇ ਗੰਨੇ ਦੇ ਖੇਤਾਂ ਅਤੇ ਖੰਡ-ਮਿੱਲਾਂ ਵਿੱਚ ਕੰਮ ਲਿਆ ਜਾਂਦਾ ਸੀ ਜਦਕਿ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਜ਼ਿਆਦਾ ਗਿਣਤੀ ਸਪੇਨੀ ਮੂਲ ਦੇ ਲੋਕਾਂ ਦੀ ਸੀ ਜਿਵੇਂ ਉਰੂਗੁਏ ਵਿੱਚ ਤਾਂ ਲੱਗਭੱਗ ਪੂਰੀ ਅਬਾਦੀ ਹੀ ਗੋਰੇ ਲੋਕਾਂ ਦੀ ਸੀ। ਇਹਨਾਂ ਦੇਸ਼ਾਂ ਵਿੱਚ ਸਪੇਨ ਦਾ ਮੁੱਖ ਉਦੇਸ਼ ਉੱਥੋਂ ਦੀ ਕੁਦਰਤੀ ਖਣਿਜ ਦੌਲਤ ਲੁੱਟਣਾ ਸੀ। ਇਹਨਾਂ ਦੇਸ਼ਾਂ ਦੀ ਅਜਿਹੀ ਅਬਾਦੀ-ਬਣਤਰ ਕਰਕੇ ਇੱਥੇ ਸਪੇਨੀ ਬਸਤੀਵਾਦੀ ਸਲਤਨਤ ਖਿਲਾਫ ਬਗਾਵਤ ਵੀ ਕਿਊਬਾ ਦੇ ਮੁਕਾਬਲੇ ਜਲਦੀ ਹੋਈ ਅਤੇ ਇਹ ਦੇਸ਼ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੀ ਸਪੇਨੀ ਬਸਤੀਵਾਦ ਤੋਂ ਅਜ਼ਾਦ ਹੋਣ ਲੱਗੇ ਸਨ ਪਰ ਕਿਊਬਾ ਦੀਆਂ ਹਾਲਤਾਂ ਵੱਖਰੀਆਂ ਸਨ। ਇੱਥੋਂ ਦੀ ਜਮੀਨ ਦੇ ਮਾਲਕ ਵੱਡੇ ਭੂਮੀਪਤੀ ਸਪੇਨੀ ਮੂਲ ਦੇ ਕਿਊਬਾਈ ਸਨ ਜਿਹੜੇ ਗੁਲਾਮਾਂ ਦੀ ਬਗਾਵਤ ਤੋਂ ਡਰਦੇ ਸਨ ਤੇ ਅਜ਼ਾਦੀ ਲਹਿਰ ਸ਼ੁਰੂ ਹੋਣ ਨਾਲ਼ ਉਹਨਾਂ ਨੂੰ ਗੁਲਾਮੀ ਦਾ ਪ੍ਰਬੰਧ ਖਤਮ ਹੋ ਜਾਣ ਦਾ ਖਤਰਾ ਸੀ, ਇਸ ਲਈ ਸਪੇਨੀ ਬਸਤੀਵਾਦ ਵੱਲੋਂ ਦਾਬੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਸ ਨਾਲ਼ ਗੱਠਜੋੜ ਨੂੰ ਕਾਇਮ ਰੱਖ ਰਹੇ ਸਨ। ਪਰ ਇਸੇ ਸਮੇਂ ਹੀ ਅਮਰੀਕਾ ਵਿੱਚ ਗੁਲਾਮੀ ਖਤਮ ਕਰਨ ਲਈ ਇਤਿਹਾਸਕ ਲਹਿਰ ਚੱਲ ਰਹੀ ਸੀ ਜਿਸਦਾ ਅਸਰ ਕਿਊਬਾ ਉੱਤੇ ਪੈਣਾ ਸੁਭਾਵਿਕ ਹੀ ਸੀ। ਇਸਦੇ ਸਿੱਟੇ ਵਜੋਂ ਕਿਊਬਾ ਵਿੱਚ 1865 ਵਿੱਚ ਗੁਲਾਮਾਂ ਦੇ ਵਪਾਰ ਨੂੰ ਖਤਮ ਕਰ ਦਿੱਤਾ ਗਿਆ ਪਰ ਗੁਲਾਮੀ ਦਾ ਪ੍ਰਬੰਧ ਉਵੇਂ ਹੀ ਰਹਿਣ ਦਿੱਤਾ ਗਿਆ। ਇਸ ਲਈ ਕਿਊਬਾ ਵਿੱਚ ਸਪੇਨ ਤੋਂ ਅਜ਼ਾਦੀ ਲਈ ਲਹਿਰ ਦੇਰ ਨਾਲ਼ ਜਾ ਕੇ ਸ਼ੁਰੂ ਹੋਈ।

ਕਿਊਬਾ ਦੀ ਪਹਿਲੀ ਅਜ਼ਾਦੀ ਲਹਿਰ 1868 ਵਿੱਚ ਸ਼ੁਰੂ ਹੋਈ ਜਿਸਦੇ ਆਗੂ ਕੁਲੀਨ ਲੋਕ ਸਨ। ਸਪੇਨੀ ਹਕੂਮਤ ਨੇ ਇਸ ਲਹਿਰ ਉੱਤੇ ਜਬਰਦਸਤ ਜਬਰ ਕੀਤਾ ਜਿਸ ਕਾਰਨ ਇਹ ਅਜ਼ਾਦੀ ਲਹਿਰ ਲੰਬੀ ਖਿੱਚੀ ਗਈ ਅਤੇ ਇਹ ਮੁਕਤੀ ਯੁੱਧ 10 ਸਾਲ ਤੱਕ ਚੱਲਿਆ। ਇਸ ਯੁੱਧ ਦੇ ਕੁਝ ਆਰੰਭਿਕ ਸਾਲਾਂ ਤੋਂ ਬਾਅਦ ਕੁਲੀਨ ਲੋਕਾਂ ਦੀ ਅਗਵਾਈ ਕਮਜ਼ੋਰ ਪੈ ਗਈ ਅਤੇ ਅਗਵਾਈ ਕਿਸਾਨਾਂ, ਦਸਤਕਾਰਾਂ ਦੇ ਨੁਮਾਇੰਦਿਆਂ ਹੱਥ ਆ ਗਈ ਪਰ ਆਪਸੀ ਫੁੱਟ, ਨਸਲੀ ਭੇਦਭਾਵ ਕਾਰਨ ਅਜ਼ਾਦੀ ਲਈ ਲੜ ਰਹੀਆਂ ਤਾਕਤਾਂ ਸਪੇਨੀ ਫੌਜੀ ਤਾਕਤ ਅੱਗੇ ਟਿਕ ਨਾ ਸਕੀਆਂ ਜਿਸ ਕਾਰਨ ਪਹਿਲੀ ਕਿਊਬਾਈ ਅਜ਼ਾਦੀ ਲਹਿਰ ਬਿਨਾਂ ਅਜ਼ਾਦੀ ਹਾਸਲ ਕੀਤੇ ਹੀ ਖਤਮ ਹੋ ਗਈ। ਪਰ ਇਸ ਲਹਿਰ ਨੇ ਸਮੁੱਚੀ ਕਿਊਬਾਈ ਅਬਾਦੀ ਦੇ ਹਰੇਕ ਤਬਕੇ ਨੂੰ ਹਲੂਣ ਕੇ ਰੱਖ ਦਿੱਤਾ, ਇਸ ਲਹਿਰ ਨੇ ਕਿਊਬਾ ਦੇ ਲੋਕਾਂ ਵਿੱਚ ਅਜਿਹੀ ਰੂਹ ਫੂਕੀ ਕਿ ਉਹ 1959 ਦੇ ਇਨਕਲਾਬ ਤੱਕ ਲੱਗਭੱਗ ਇੱਕ ਸਦੀ ਲਗਾਤਾਰ ਲੜਦੇ ਰਹੇ। ਇਸੇ ਲਹਿਰ ਦੇ ਸਿੱਟੇ ਵਜੋਂ ਕੁਝ ਸਾਲਾਂ ਬਾਅਦ ਹੀ ਕਿਊਬਾ ਵਿੱਚੋਂ 1881-86 ਦੌਰਾਨ ਗੁਲਾਮ-ਪ੍ਰਥਾ ਦਾ ਖਾਤਮਾ ਕਰ ਦਿੱਤਾ ਗਿਆ। ਗੁਲਾਮ ਪ੍ਰਥਾ ਦੇ ਖਾਤਮੇ ਨੇ ਕਿਊਬਾਈ ਲੋਕਾਂ ਦੀ ਇੱਕਮੁੱਠਤਾ ਨੂੰ ਹੋਰ ਮਜਬੂਤ ਕੀਤਾ। ਛੋਟੇ-ਮੋਟੇ ਵਿਰੋਧ ਇਕੱਠੇ ਹੋ ਕੇ 1895 ਵਿੱਚ ਦੂਸਰੀ ਅਜ਼ਾਦੀ ਲਹਿਰ ਦੇ ਰੂਪ ਵਿੱਚ ਫੁੱਟ ਤੁਰੇ। ਇਸ ਵਾਰ ਲਹਿਰ ਦੀ ਅਗਵਾਈ ਕਿਊਬਾ ਦੇ ਮਹਾਨ ਆਗੂ ਜੋਸ ਮਾਰਤੀ ਦੇ ਹੱਥਾਂ ਵਿੱਚ ਸੀ ਜਿਸ ਦੀ ਮੌਤ ਇਸੇ ਲਹਿਰ ਦੌਰਾਨ ਲੜਦੇ ਹੋਏ ਹੋਈ। ਜੋਸ ਮਾਰਤੀ ਨੇ ਲਹਿਰ ਦੀ ਅਗਵਾਈ ਕਰਨ ਲਈ ਇੱਕ ਪਾਰਟੀ ਦਾ ਅਸੂਲ ਅੱਗੇ ਲਿਆਂਦਾ ਅਤੇ ਇੱਕ ਪਾਰਟੀ ਜਥੇਬੰਦ ਕੀਤੀ। ਜਲਦੀ ਹੀ ਬਾਗੀਆਂ ਨੇ ਕਿਊਬਾ ਦੇ ਸਮੁੱਚੇ ਪੇਂਡੂ ਹਿੱਸੇ ਉੱਤੇ ਕਬਜ਼ਾ ਕਰ ਲਿਆ, ਸਪੇਨ ਦੀ ਫੌਜ ਸ਼ਹਿਰਾਂ ਵਿੱਚ ਸਿਮਟ ਗਈ। ਉਧਰ ਅਮਰੀਕਾ ਹੁਣ ਇੱਕ ਸਾਮਰਾਜੀ ਤਾਕਤ ਦੇ ਰੂਪ ਵਿੱਚ ਉੱਭਰ ਚੁੱਕਾ ਸੀ ਅਤੇ ਉਹ ਵੀ ਬਸਤੀਆਂ ਲਈ ਕੁੱਤਾਭੇੜ ਵਿੱਚ ਸ਼ਾਮਲ ਹੋ ਗਿਆ ਸੀ। ਕਿਊਬਾ ਵਿੱਚ ਸਪੇਨ ਦੀ ਹਾਲਤ ਕਮਜ਼ੋਰ ਦੇਖ ਕੇ ਅਮਰੀਕਾ ਨੇ ਬਾਗੀਆਂ ਦੀ ਮਦਦ ਕਰਨ ਦੇ ਬਹਾਨੇ ਸਪੇਨੀ ਇਲਾਕਿਆਂ ਵਿੱਚ ਫੌਜੀ ਦਖਲਅੰਦਾਜੀ ਸ਼ੁਰੂ ਕਰ ਦਿੱਤੀ ਜਿਸਦੇ ਸਿੱਟੇ ਵਜੋਂ ਸਪੇਨੀ-ਅਮਰੀਕੀ ਯੁੱਧ ਸ਼ੁਰੂ ਹੋ ਗਿਆ।

ਦੂਸਰੀ ਅਜ਼ਾਦੀ ਲਹਿਰ ਦਾ ਅੰਤ 1898 ਵਿੱਚ ਅਮਰੀਕੀ ਦਖਲਅੰਦਾਜੀ ਨਾਲ਼ ਹੋਇਆ, 1898-1902 ਤੱਕ ਅਮਰੀਕੀ ਫੌਜ ਨੇ ਕਿਊਬਾ ਉੱਤੇ ਕਬਜ਼ਾ ਬਣਾਈ ਰੱਖਿਆ। ਇਸ ਤੋਂ ਬਾਅਦ 1902 ਵਿੱਚ ਜਦੋਂ ਕਿਊਬਾ ਨੂੰ ਗਣਰਾਜ ਬਣਾਉਣ ਦਾ ਐਲਾਨ ਹੋਇਆ ਤਾਂ ਅਮਰੀਕਾ ਕਿਊਬਾ ਦੇ ਨਵੇਂ ਸੰਵਿਧਾਨ ਵਿੱਚ ਪਲੈੱਟ ਸਮਝੌਤੇ ਤਹਿਤ ਸੋਧਾਂ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਇਹਨਾਂ ਸੋਧਾਂ ਨਾਲ਼ ਅਮਰੀਕਾ ਨੂੰ ਕਿਊਬਾ ਵਿੱਚ ਅਮਰੀਕੀ ਲੋਕਾਂ ਦੇ ਜੀਵਨ ਜਾਂ ਜਾਇਦਾਦ ਨੂੰ ਖਤਰੇ ਦਾ ਅਧਾਰ ਬਣਾ ਕੇ ਕਿਊਬਾ ਵਿੱਚ ਦਖਲਅੰਦਾਜੀ ਕਰਨ ਦਾ ਹੱਕ ਮਿਲ ਗਿਆ ਅਤੇ ਨਾਲ਼ ਹੀ ਅਮਰੀਕੀ ਸਰਮਾਏਦਾਰਾਂ ਦਾ ਪੱਖੀ ਆਰਥਕ-ਕਾਨੂੰਨੀ ਪ੍ਰਬੰਧ ਕਾਇਮ ਕਰਨ ਦਾ ਮੌਕਾ ਮਿਲ ਗਿਆ ਤੇ ਕਿਊਬਾ ਅਮਰੀਕਾ ਦੀ ਨਵ-ਬਸਤੀ ਬਣ ਗਿਆ। ਇਸੇ ਸਮਝੌਤੇ ਅਧੀਨ ਕਿਊਬਾ ਨੂੰ ਗੁਆਟਾਨਾਮੋ ਬੇਅ ਅਮਰੀਕੀ ਜਲਸੈਨਾ ਨੂੰ ਅੱਡਾ ਬਣਾਉਣ ਲਈ ਦੇਣਾ ਪਿਆ ਜਿਹੜਾ ਅੱਜ ਤੱਕ ਅਮਰੀਕੀ ਕਬਜ਼ੇ ਹੇਠ ਹੈ। ਗਣਰਾਜ ਬਣਨ ਤੋਂ ਬਾਅਦ ਕਿਊਬਾ ਵਿੱਚ ਹਰ ਵਾਰ ਚੋਣਾਂ ਹੋਣ ਤੋਂ ਬਾਅਦ ਅਮਰੀਕਾ ਵੱਲੋਂ ਫੌਜੀ ਦਖਲਅੰਦਾਜੀ ਹੁੰਦੀ ਰਹੀ, ਕਦੇ ਚੋਣਾਂ ਦੇ ਤਮਾਸ਼ੇ ਰਾਹੀਂ ਤੇ ਕਦੇ ਸਿੱਧਾ ਤਖਤਪਲਟ ਕਰਕੇ ਅਮਰੀਕਾ ਦੇ ਕੱਠਪੁਤਲੀ ਤਾਨਾਸ਼ਾਹ ਕਿਊਬਾ ਉੱਤੇ ਰਾਜ ਕਰਦੇ ਰਹੇ। ਇਸ ਦੇ ਨਾਲ਼ੋ-ਨਾਲ਼, ਕਿਊਬਾ ਵਿੱਚ ਅਮਰੀਕੀ ਸਰਮਾਏ ਦਾ ਕਬਜ਼ਾ ਵਧਦਾ ਗਿਆ। ਕਿਊਬਾ ਸਪੇਨੀ ਕਬਜੇ ਦੌਰਾਨ ਹੀ ਮੁੱਖ ਰੂਪ ਵਿੱਚ ਖੰਡ ਅਤੇ ਤੰਬਾਕੂ ਪੈਦਾ ਕਰਨ ਵਾਲ਼ਾ ਦੇਖ ਬਣ ਚੁੱਕਾ ਸੀ ਪਰ ਤਦ ਇਸ ਕਾਰੋਬਾਰ ਉੱਤੇ ਸਪੈਨਿਸ਼ ਮੂਲ ਦੇ ਕਿਊਬਾਈ ਭੂਮੀਪਤੀਆਂ ਦਾ ਕਬਜ਼ਾ ਸੀ ਪਰ ਹੁਣ ਅਮਰੀਕੀ ਕੰਪਨੀਆਂ ਵੀ ਇਸ ਕਾਰੋਬਾਰ ਵਿੱਚ ਵੱਡੀ ਪੱਧਰ ਉੱਤੇ ਸਰਮਾਇਆ ਲਗਾਉਣ ਲੱਗੀਆਂ। ਦੂਜੀ ਅਜ਼ਾਦੀ ਲਹਿਰ ਸ਼ੁਰੂ ਹੋਣ ਮੌਕੇ ਕਿਊਬਾ ਵਿੱਚ ਅਮਰੀਕੀ ਸਰਮਾਇਆ ਨਿਵੇਸ਼ ਕੁਝ ਕੁ ਦਹਿ ਲੱਖ ਤੱਕ ਸੀਮਤ ਸੀ, ਪਰ 1913 ਆਉਂਦੇ ਆਉਂਦੇ ਅਮਰੀਕੀ ਸਰਮਾਇਆ ਨਿਵੇਸ਼ 22 ਕਰੋੜ ਅਮਰੀਕੀ ਡਾਲਰ ਪਹੁੰਚ ਗਿਆ ਸੀ, ਜੋ 1929 ਤੱਕ ਵਧਕੇ 152।5 ਕਰੋੜ ਡਾਲਰ ਹੋ ਗਿਆ। 1925-26 ਤੱਕ ਕਿਊਬਾ ਦੇ ਗੰਨੇ ਦੀ ਫਸਲ ਹੇਠਲੇ ਕੁਲ ਰਕਬੇ ਦਾ ਲੱਗਭੱਗ 80% ਅਮਰੀਕੀ ਕੰਪਨੀਆਂ ਦੇ ਕਬਜ਼ੇ ਹੇਠ ਆ ਚੁੱਕਾ ਸੀ। ਇਸੇ ਦੌਰਾਨ 1929 ਦੀ ਮਹਾਂਮੰਦੀ ਨੇ ਕਿਊਬਾ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਖੰਡ ਦਾ ਕਾਰੋਬਾਰ ਬੁਰੀ ਤਰ੍ਹਾਂ ਡੋਲਿਆ। ਕਿਉਂਕਿ ਗੰਨੇ ਦੇ ਖੇਤਾਂ ਤੇ ਖੰਡ-ਮਿੱਲਾਂ ਵਿੱਚ ਮਿਲਦਾ ਸੀਜ਼ਨਲ ਕੰਮ ਕਿਊਬਾ ਦੇ ਬਹੁਗਿਣਤੀ ਲੋਕਾਂ ਦੇ ਗੁਜ਼ਾਰੇ ਦਾ ਇਕੂ-ਇੱਕ ਸਾਧਨ ਸੀ, ਸਿੱਟੇ ਵਜੋਂ ਮੰਦੀ ਨਾਲ਼ ਆਮ ਲੋਕਾਂ ਦੀ ਆਰਥਕ ਤੇ ਜੀਵਨ ਹਾਲਤਾਂ ਭਿਅੰਕਰ ਹੱਦ ਤੱਕ ਮਾੜੀਆਂ ਹੋ ਗਈਆਂ। ਇਹਨਾਂ ਹਾਲਤਾਂ ਕਾਰਨ ਹੀ 1933 ਵਿੱਚ ਅਮਰੀਕੀ ਹੱਥਠੋਕੇ ਤਾਨਾਸ਼ਾਹ ਰਾਸ਼ਟਰਪਤੀ ਗ੍ਰੈਨਡੋ ਮਕੈਡੋ ਖਿਲਾਫ ਆਮ ਬਗਾਵਤ ਫੁੱਟ ਪਈ।

ਕਿਊਬਾ ਦੀ ਅਬਾਦੀ ਦਾ ਦੋ-ਤਿਹਾਈ ਹਿੱਸਾ ਪੇਂਡੂ ਇਲਾਕਿਆਂ ਵਿੱਚ ਰਹਿੰਦਾ ਸੀ। ਪੇਂਡੂ ਇਲਾਕੇ ਵਿੱਚ ਰਹਿੰਦੇ ਕਾਮਿਆਂ ਵਿੱਚੋਂ ਬਹੁਤ ਥੋੜੀ ਗਿਣਤੀ ਨੂੰ ਢਿੱਡ ਭਰਨ ਯੋਗਾ ਰੁਜ਼ਗਾਰ ਮਿਲਦਾ ਸੀ। ਵੱਡੀ ਬਹੁਗਿਣਤੀ ਅਮਰੀਕੀ ਕੰਪਨੀਆਂ ਤੇ ਕੁਝ ਬਚੇ ਹੋਏ ਸਪੇਨੀ ਭੂਮੀਪਤੀਆਂ ਦੇ ਗੰਨੇ ਦੇ ਖੇਤਾਂ ਅਤੇ ਖੰਡ-ਮਿੱਲਾਂ ਵਿੱਚ ਕੰਮ ਕਰਦੇ ਸਨ। ਸੀਜ਼ਨਲ ਕੰਮ ਹੋਣ ਕਰਕੇ ਇਹਨਾਂ ਕਾਮਿਆਂ ਦਾ ਜਥੇਬੰਦ ਹੋਣਾ ਕਾਫੀ ਔਖਾ ਸੀ। ਕਿਰਤੀਆਂ ਦੇ ਇਸ ਹਿੱਸੇ ਦਾ ਕਿਊਬਾ ਵਿੱਚ ਸਭ ਤੋਂ ਭੈੜੀ ਜੀਵਨ ਹਾਲਤ ਸੀ। ਗੰਨੇ ਦੇ ਖੇਤਾਂ ਉੱਤੇ ਕਾਬਜ ਕੰਪਨੀਆਂ ਤੇ ਭੂਮੀਪਤੀ ਵਿਹਲੀ ਪਈ ਜਮੀਨ ਨੂੰ ਪੇਂਡੂ ਮਜਦੂਰਾਂ ਨੂੰ ਨਹੀਂ ਵਾਹੁਣ ਦਿੰਦੇ ਸਨ ਕਿਉਂਕਿ ਇਸ ਨਾਲ਼ ਉਹਨਾਂ ਨੂੰ ਮਿਲਣ ਵਾਲ਼ੀ ਕਿਰਤ-ਸ਼ਕਤੀ ਦੀ ਉਪਲਬਧਤਾ ਵਿੱਚ ਕਮੀ ਆ ਸਕਦੀ ਸੀ ਅਤੇ ਉਜਰਤਾਂ ਵਧ ਸਕਦੀਆਂ ਸਨ। ਪੇਂਡੂ ਮਜਦੂਰਾਂ ਦਾ ਇੱਕ ਹੋਰ ਹਿੱਸਾ ਤੰਬਾਕੂ ਮਜਦੂਰਾਂ ਦਾ ਸੀ, ਇਹ ਮਜਦੂਰ ਮੁੱਖ ਰੂਪ ਵਿੱਚ ਪੂਰਬੀ ਕਿਊਬਾ ਵਿੱਚ ਕੇਂਦਰਤ ਸਨ। ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਸੀਜ਼ਨਲ ਮਜਦੂਰਾਂ ਤੋਂ ਇਲਾਵਾ ਇੱਕ ਹਿੱਸਾ ਛੋਟੇ ਕਿਸਾਨਾਂ ਦਾ ਸੀ ਜੋ ਆਪਣੇ ਛੋਟੇ-ਛੋਟੇ ਜਮੀਨ ਦੇ ਟੁਕੜਿਆਂ ਉੱਤੇ ਗੰਨੇ ਦੀ ਥਾਂ ਹੋਰ ਖੁਰਾਕੀ ਫਸਲਾਂ ਦੀ ਖੇਤੀ ਕਰਦੇ ਸਨ। ਪਰ ਖੁਰਾਕੀ ਫਸਲਾਂ ਦੀ ਪੈਦਾਵਾਰ ਕਿਊਬਾ ਦੀ ਪੂਰੀ ਅਬਾਦੀ ਲਈ ਨਾਕਾਫੀ ਸੀ, ਸਿੱਟੇ ਵਜੋਂ ਕਿਊਬਾ ਨੂੰ ਅਨਾਜ ਤੇ ਹੋਰ ਖੁਰਾਕੀ ਪਦਾਰਥਾਂ ਦਾ ਵੱਡਾ ਹਿੱਸਾ ਦਰਾਮਦ ਹੀ ਕਰਨਾ ਪੈਦਾ ਸੀ। ਇੱਕ ਤਿਹਾਈ ਅਬਾਦੀ ਜਿਹੜੀ ਸ਼ਹਿਰਾਂ ਵਿੱਚ ਰਹਿੰਦੀ ਸੀ, ਉਸਦਾ ਇੱਕ ਹਿੱਸਾ ਸਨਅਤੀ ਮਜਦੂਰਾਂ ਦਾ ਸੀ ਜਿਹੜਾ ਗਿਣਤੀ ਪੱਖੋਂ ਤਾਂ ਜ਼ਿਆਦਾ ਨਹੀਂ ਸੀ, ਪਰ ਵਧੇਰੇ ਚੰਗੀ ਤਰ੍ਹਾਂ ਜਥੇਬੰਦ ਹੋਣ ਕਾਰਨ ਸਿਆਸਤ ਵਿੱਚ ਅੱਛੀ ਖਾਸੀ ਭੂਮਿਕਾ ਨਿਭਾਉਣ ਲੱਗਾ ਸੀ। ਸ਼ਹਿਰਾਂ ਦੀ ਅਬਾਦੀ ਇੱਕ ਵੱਡਾ ਹਿੱਸਾ ਮੱਧਵਰਗੀ ਭਾਵ ਨਿੱਕ-ਬੁਰਜੂਆ ਜਮਾਤ ਸੀ, ਇਸ ਵਿੱਚ ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਸਟਾਫ, ਡਾਕਟਰ, ਵਕੀਲ, ਅਧਿਆਪਕ, ਕਲਰਕ, ਤਕਨੀਕੀ ਕਾਮੇ ਆਦਿ ਸ਼ਾਮਲ ਸਨ। ਕਿਊਬਾ ਵਿੱਚ ਇਹ ਜਮਾਤ ਅੱਛੀ ਖਾਸੀ ਅਸਰਦਾਰ ਸਮਾਜਕ ਤਬਕੇ ਵਜੋਂ ਉੱਭਰ ਕੇ ਸਾਹਮਣੇ ਆਈ। ਕਿਉਂਕਿ ਕਿਊਬਾ ਵਿੱਚ ਬੁਰਜੂਆ ਜਮਾਤ ਦਾ ਆਰਥਿਕ ਅਧਾਰ ਬਹੁਤ ਕਮਜ਼ੋਰ ਸੀ ਅਤੇ ਇਹ ਅਮਰੀਕੀ ਸਰਮਾਏ ਨਾਲ਼ ਬੁਰੀ ਤਰ੍ਹਾਂ ਨੱਥੀ ਸੀ; ਇਸ ਲਈ ਨਿੱਕ-ਬੁਰਜੂਆ ਜਮਾਤ ਇੱਥੇ ਕੌਮੀ ਭਾਵਨਾਵਾਂ ਤੇ ਸਾਮਰਾਜੀ-ਵਿਰੋਧੀ ਭਾਵਨਾਵਾਂ ਦੇ ਇੱਕ ਮੁੱਖ ਬੁਲਾਰੇ ਵਜੋਂ ਉੱਭਰ ਕੇ ਸਾਹਮਣੇ ਆਈ।

ਇੱਥੇ ਹੀ ਕਿਊਬਾ ਵਿੱਚ ਕਮਿਊਨਿਸਟ ਪਾਰਟੀ ਅਤੇ ਮਜਦੂਰ ਜਮਾਤੀ ਲਹਿਰ ਬਾਰੇ ਕੁਝ ਗੱਲ ਕਰਨੀ ਬਣਦੀ ਹੈ। ਕਿਊਬਾ ਵਿੱਚ ਮਜਦੂਰਾਂ ਦੀ ਪਹਿਲੀ ਸੰਸਥਾ 1866 ਵਿੱਚ ਤੰਬਾਕੂ ਮਜਦੂਰਾਂ ਨੇ ਬਣਾਈ। ਪਹਿਲੀ ਅਹਿਮ ਹੜਤਾਲ 1883 ਵਿੱਚ ਹਵਾਨਾ ਵਿੱਚ ਹੋਈ। ਇਸ ਤੋਂ ਬਾਅਦ ਨਵਜੰਮੀ ਪ੍ਰੋਲੇਤਾਰੀ ਜਮਾਤ ਦੀ ਸਾਰੀ ਊਰਜਾ ਅਜ਼ਾਦੀ ਦੀ ਦੂਸਰੀ ਲਹਿਰ ਵਿੱਚ ਖਰਚ ਹੋਈ। ਦੂਜੀ ਅਜ਼ਾਦੀ ਲਹਿਰ ਅਤੇ ਫਿਰ ਉਸਤੋਂ ਬਾਅਦ ਅਮਰੀਕੀ ਫੌਜੀ ਕਬਜ਼ੇ ਦੇ ਖਤਮ ਹੋਣ ਤੋਂ ਬਾਅਦ, “ਲੀਗ ਆਫ ਕਿਊਬਨ ਵਰਕਰ” ਨਾਮ ਦੀ ਮਜਦੂਰ ਜਥੇਬੰਦੀ ਕਾਇਮ ਹੋਈ। ਅਗਲੇ ਦੋ ਦਹਾਕਿਆਂ ਵਿੱਚ ਕਿਊਬਾ ਦੇ ਮਜਦੂਰਾਂ ਨੇ ਕਈ ਛੋਟੀਆਂ ਤੇ ਵੱਡੀਆਂ ਹੜਤਾਲਾਂ ਕੀਤੀਆਂ ਅਤੇ ਕਈ ਹੱਕ ਹਾਸਲ ਕੀਤੇ ਤੇ ਕਾਨੂੰਨ ਪਾਸ ਕਰਵਾਏ; ਇਹਨਾਂ ਵਿੱਚ ਕਿਊਬਾਈ ਮਜਦੂਰਾਂ ਨੂੰ ਵਿਦੇਸ਼ੀ ਮਜਦੂਰਾਂ ਦੇ ਬਰਾਬਰ ਹੱਕ ਮਿਲਣੇ, ਹਵਾਨਾ ਦੇ ਤੇਲ ਖੇਤਰ ਤੇ ਬੰਦਰਗਾਹ ਦੇ ਮਜਦੂਰਾਂ ਵੱਲੋਂ ਉਜਰਤਾਂ ਦੇ ਵਾਧੇ ਦੀ ਲੜਾਈ ਜਿਸ ਨੇ ਇੰਨਾ ਵਿਆਪਕ ਰੂਪ ਧਾਰ ਲਿਆ ਕਿ ਮਜਦੂਰਾਂ ਨਾਲ਼ ਸਬੰਧਿਤ ਮਾਮਲਿਆਂ ਨੂੰ ਸੁਲਝਾਉਣ ਲਈ ਸਰਕਾਰ ਨੂੰ ਕਮਿਸ਼ਨ ਕਾਇਮ ਕਰਨਾ ਪਿਆ, ਹੋਟਲ, ਰੈਸਟੋਰੈਂਟ ਤੇ ਕੈਫਿਆਂ ਦੇ ਕਾਮਿਆਂ ਲਈ ਅੱਠ ਘੰਟੇ ਕੰਮ-ਦਿਹਾੜੀ ਲਾਗੂ ਕਰਵਾਉਣ ਦਾ ਸੰਘਰਸ਼, ਘੱਟੋ ਘੱਟ ਉਜਰਤ ਤੈਅ ਕਰਨ ਲਈ ਕਾਨੂੰਨ ਬਣਵਾਉਣ ਦਾ ਸੰਘਰਸ਼ ਪ੍ਰਮੁੱਖ ਸੰਘਰਸ਼ ਰਹੇ। 1914 ਵਿੱਚ ਪਹਿਲੀ ਕੌਮੀ ਮਜਦੂਰ ਕਾਂਗਰਸ ਹੋਈ, ਪਰ ਕਿਉਂਕਿ ਕਿਊਬਾ ਦੀ ਮਜਦੂਰ ਅਬਾਦੀ ਦਾ ਵੱਡਾ ਹਿੱਸਾ ਖੰਡ-ਮਿੱਲਾਂ ਦਾ ਸੀਜ਼ਨਲ ਮਜਦੂਰ ਸੀ ਅਤੇ ਗੰਨੇ ਦੀ ਖੇਤੀ ਨਾਲ਼ ਜੁੜਿਆ ਖੰਡ-ਮਿੱਲਾਂ ਦਾ ਕੰਮ ਖਿੰਡਿਆ ਹੋਇਆ ਤੇ ਅਬਾਦੀ ਤੋਂ, ਖਾਸ ਕਰਕੇ ਸ਼ਹਿਰਾਂ ਤੋਂ ਦੂਰ ਸਥਿਤ ਸੀ ਜਿੰਨਾ ਨੂੰ ਜਥੇਬੰਦ ਕਰਨਾ ਉਸ ਸਮੇਂ ਅਤਿਅੰਤ ਮੁਸ਼ਕਿਲ ਸੀ, ਦੂਸਰਾ, ਸਨਅਤ ਦਾ ਆਮ ਕਰਕੇ ਘੱਟ ਵਿਕਾਸ ਤੇ ਭਾਰੀ ਸਨਅਤ ਦਾ ਖਾਸ ਕਰਕੇ ਬਹੁਤ ਘੱਟ ਵਿਕਾਸ ਹੋਣ ਕਾਰਨ ਜਥੇਬੰਦ ਚੇਤੰਨ ਮਜਦੂਰ ਅਬਾਦੀ ਬਹੁਤ ਥੋੜੀ ਸੀ। ਪਰ ਫਿਰ ਵੀ ਕਿਊਬਾ ਦੀ ਮਜਦੂਰ ਜਮਾਤ ਆਪਣੀਆਂ ਮੰਗਾਂ ਤੋਂ ਅੱਗੇ ਸਿਆਸੀ ਮੰਗਾਂ ਵੱਲ ਵਧ ਰਹੀ ਸੀ। 1920 ਵਿੱਚ ਹੋਈ ਦੂਜੀ ਮਜਦੂਰ ਕਾਂਗਰਸ ਵਿੱਚ ਅਮਰੀਕੀ ਦਖਲਅੰਦਾਜੀ ਖਿਲਾਫ ਵਿਚਾਰ-ਚਰਚਾ ਵੀ ਹੋਈ। ਉਧਰ 1917 ਵਿੱਚ ਰੂਸੀ ਇਨਕਲਾਬ ਹੋ ਚੁੱਕਾ ਸੀ ਜਿਸਦੇ ਪ੍ਰਭਾਵ ਕਾਰਨ ਮਾਰਕਸਵਾਦ ਤੇ ਕਮਿਊਨਿਜਮ ਪੂਰੀ ਦੁਨੀਆਂ ਵਿੱਚ ਮਜਦੂਰ ਤੇ ਹੋਰ ਦੱਬੇ-ਕੁਚਲੇ ਲੋਕਾਂ ਦੀਆਂ ਲਹਿਰਾਂ ਨੂੰ ਨਵੀਂ ਊਰਜਾ ਗ੍ਰਹਿਣ ਕਰ ਰਹੀਆਂ ਸਨ। 1920 ਦੇ ਆਸ-ਪਾਸ ਹੀ ਕਿਊਬਾ ਵਿੱਚ ਵੀ ਕਮਿਊਨਿਸਟ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਸਨ। ਵੱਖ-ਵੱਖ ਕਮਿਊਨਿਸਟ ਗਰੁੱਪ 1925 ਵਿੱਚ ਏਕਤਾਬੱਧ ਹੋ ਕੇ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਰਦੇ ਹਨ। ਇਸ ਦੇ ਪ੍ਰਧਾਨ ਕਾਰਲੋਸ ਵਾਲਿਨੋ ਸਨ ਅਤੇ ਜਨਰਲ ਸਕੱਤਰ ਜੂਲਿਓ ਅਨਤੋਨੀਓ ਮੇਲਾ ਸਨ। ਇਹ ਬਿਲਕੁਲ ਉਹ ਸਮਾਂ ਸੀ ਜਦੋਂ ਅਮਰੀਕਾ ਦੀ ਕੱਠਪੁਤਲੀ, ਕਿਊਬਾ ਦਾ ਇੱਕ ਬਦਨਾਮ ਤਾਨਾਸ਼ਾਹ ਗ੍ਰੈਨਡੋ ਮਕੈਡੋ ਸੱਤ੍ਹਾ ਸੰਭਾਲ ਰਿਹਾ ਸੀ। ਪਾਰਟੀ ਦੀ ਸਥਾਪਨਾ ਹੁੰਦੇ ਸਾਰ ਹੀ ਇਸ ਉੱਤੇ ਜ਼ਬਰ ਸ਼ੁਰੂ ਹੋ ਗਿਆ। ਪਾਰਟੀ ਦੇ ਜਨਰਲ ਸਕੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਉਸਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਜੂਲਿਓ ਮੇਲਾ ਨੂੰ 1929 ‘ਚ ਮੈਕਸੀਕੋ ਵਿੱਚ ਮਕੈਡੋ ਦੇ ਏਜੰਟਾਂ ਨੇ ਕਤਲ ਕਰ ਦਿੱਤਾ ਗਿਆ। ਕਾਰਲੋਸ ਵਾਲਿਨੋ ਦੀ 1926 ਵਿੱਚ ਮੌਤ ਹੋ ਗਈ। ਇਸ ਤਰ੍ਹਾਂ ਪਾਰਟੀ ਨੂੰ ਆਰੰਭ ਵਿੱਚ ਹੀ ਵੱਡੇ ਨੁਕਸਾਨ ਉਠਾਉਣੇ ਪਏ। ਇਸ ਦੇ ਨਾਲ਼ ਹੀ ਕਿਊਬਾ ਦੀ ਮਜਦੂਰ ਜਮਾਤ ਦੀ ਬਣਤਰ ਅਜਿਹੀ ਸੀ ਕਿ ਮਜਦੂਰਾਂ ਦੀ ਵੱਡੀ ਗਿਣਤੀ ਖੰਡ-ਮਿੱਲਾਂ ਨਾਲ਼ ਜੁੜੀ ਹੋਣ ਕਰਕੇ ਖਿੰਡੀ ਹੋਈ ਸੀ ਜੋ ਉਸ ਸਮੇਂ ਜਥੇਬੰਦ ਨਹੀਂ ਸੀ ਤੇ ਉਸਨੂੰ ਜਥੇਬੰਦ ਕਰਨਾ ਵਿਚਾਰਧਾਰਕ ਕਮਜ਼ੋਰੀ ਅਤੇ ਕਮਜ਼ੋਰ ਜਥੇਬੰਦਕ ਹਾਲਤ ਕਰਕੇ ਕਮਿਊਨਿਸਟ ਪਾਰਟੀ ਦੇ ਵੱਸ ਦਾ ਕੰਮ ਨਹੀਂ ਸੀ, ਸ਼ਹਿਰੀ ਮਜਦੂਰ ਅਬਾਦੀ ਦੀ ਗਿਣਤੀ ਜ਼ਿਆਦਾ ਨਹੀਂ ਸੀ। ਪਰ ਇਸ ਦੇ ਬਾਵਜੂਦ ਪਾਰਟੀ ਨੇ ਕਿਊਬਾ ਦੇ ਸਿਆਸੀ ਸੀਨ ਉੱਤੇ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ।

1929 ਵਿੱਚ ਸੰਸਾਰ ਅਰਥਚਾਰੇ ਦੇ ਸੰਕਟ ਸ਼ੁਰੂ ਹੋਣ ਨਾਲ਼ ਕਿਊਬਾ ਦਾ ਅਰਥਚਾਰਾ ਡੋਲ ਰਿਹਾ ਸੀ, ਉਸੇ ਸਮੇਂ ਹੀ ਤਾਨਾਸ਼ਾਹ ਮਕੈਡੋ ਨੇ ਆਪਣੇ ਕਾਰਜਕਾਲ ਨੂੰ ਸੰਵਿਧਾਨ ਦੀ ਉਲੰਘਣਾ ਕਰਕੇ ਛੇ ਸਾਲ ਵਧਾ ਲਿਆ। ਇਸ ਆਰਥਕ-ਸਿਆਸੀ ਮਾਹੌਲ ਨੇ ਇੱਕ ਦੇਸ਼ਵਿਆਪੀ ਲੋਕ-ਉਭਾਰ ਨੂੰ ਜਨਮ ਦਿੱਤਾ। ਮਜਦੂਰ, ਕਿਸਾਨ, ਵਿਦਿਆਰਥੀ ਤੇ ਸਮਾਜ ਦੇ ਹੋਰ ਤਬਕੇ ਮਕੈਡੋ ਦੇ ਖਿਲਾਫ ਸੜਕਾਂ ਉੱਤੇ ਉਤਰ ਰਹੇ ਸਨ। ਇਸ ਲੋਕ ਉਭਾਰ ਦਾ ਖਾਸਾ ਮੁੱਖ ਰੂਪ ਵਿੱਚ ਸਾਮਰਾਜ ਵਿਰੋਧੀ ਸੀ। ਰੈਵੋਲੂਸ਼ਨਰੀ ਸਟੂਡੈਂਟ ਡਾਇਰੈਕਟੋਰੇਟ, ਕਿਊਬਾ ਦੀ ਕਮਿਊਨਿਸਟ ਪਾਰਟੀ ਦੇ ਕਈ ਹੋਰ ਜਥੇਬੰਦੀਆਂ ਲੋਕ-ਉਭਾਰ ਦੀ ਅਗਵਾਈ ਕਰ ਰਹੀਆਂ ਸਨ। ਕਮਿਊਨਿਸਟ ਪਾਰਟੀ ਦਾ ਅਧਾਰ ਹੋਰ ਵਿਆਪਕ ਹੋਇਆ ਅਤੇ ਉਹ ਮਜਦੂਰਾਂ ਦੀ ਜਥੇਬੰਦੀ ਨੂੰ ਆਪਣੇ ਪ੍ਰਭਾਵ ਅਧੀਨ ਲਿਆਉਣ ਵਿੱਚ ਕਾਮਯਾਬ ਰਹੀ। ਕਮਿਊਨਿਸਟ ਪਾਰਟੀ ਨੇ ਆਮ ਹੜਤਾਲਾਂ ਦੀ ਲੜੀ ਸ਼ੁਰੂ ਕੀਤੀ ਅਤੇ ਕਰੀਬ 36 ਖੰਡ-ਮਿੱਲਾਂ ਉੱਤੇ ਕਬਜ਼ਾ ਕਰਕੇ ਉੱਥੇ ਇਨਕਲਾਬੀ ਕਮੇਟੀਆਂ ਦੀ ਸਥਾਪਨਾ ਕੀਤੀ ਪਰ ਆਪਣੇ ਜੁਝਾਰੂ ਸੰਘਰਸ਼ਾਂ ਤੇ ਅਧਾਰ ਦੇ ਫੈਲਣ ਦੇ ਬਾਵਜੂਦ ਪਾਰਟੀ ਸਮੁੱਚੀ ਲੋਕ-ਲਹਿਰ ਨੂੰ ਆਪਣੀ ਅਗਵਾਈ ਥੱਲੇ ਨਾ ਲਿਆ ਸਕੀ। ਲੋਕ-ਬਗਾਵਤ ਜਾਰੀ ਰਹੀ ਜੋ 1933 ਵਿੱਚ ਆਪਣੇ ਸਿਖਰ ਉੱਤੇ ਪੁੱਜ ਗਈ। ਆਮ ਹੜਤਾਲ ਅੱਗੇ ਮਕੈਡੋ ਦੀ ਸਰਕਾਰ ਟਿਕ ਨਾ ਸਕੀ, ਉਸਦੀ ਥਾਂ ਅਮਰੀਕੀ ਦਖਲਅੰਦਾਜੀ ਨਾਲ਼ ਇੱਕ ਹੋਰ ਆਰਜ਼ੀ ਸਰਕਾਰ ਬਣੀ ਪਰ ਉਹ ਵੀ ਬਣੀ ਨਾ ਰਹਿ ਸਕੀ। ਫਿਰ ਇੱਕ ਹੋਰ ਆਰਜ਼ੀ ਸਰਕਾਰ ਬਣੀ ਜਿਸਨੇ ਲੋਕਾਂ ਅੱਗੇ ਝੁਕਦੇ ਹੋਏ ਪਲੈੱਟ ਸਮਝੌਤੇ ਨੂੰ ਰੱਦ ਕਰ ਦਿੱਤਾ। 1933 ਤੋਂ ਅਗਾਂਹਵਧੂ ਤੇ ਇਨਕਲਾਬੀ ਤਾਕਤਾਂ ਦੀ ਏਕਤਾ ਕਮਜ਼ੋਰ ਪੈਣ ਲੱਗੀ ਅਤੇ ਲੋਕ-ਉਭਾਰ ਵੀ ਠੰਡਾ ਪੈਣ ਲੱਗਾ। ਜਨਵਰੀ, 1934 ਵਿੱਚ ਫੁਲਜੀਨਿਓ ਬਤਿਸਤਾ ਨੇ ਰਾਜਪਲਟਾ ਕਰ ਦਿੱਤਾ ਅਤੇ ਰਾਸ਼ਟਰਪਤੀ ਰਮੋਨ ਗਰ ਸਨ ਮਾਰਟਿਨ ਨੂੰ ਸੱਤ੍ਹਾ ਤੋਂ ਲਾਂਭੇ ਕਰ ਦਿੱਤਾ। ਬਤਿਸਤਾ ਭਾਵੇਂ ਸਾਮਰਾਜ-ਵਿਰੋਧੀ ਲੱਫਾਜੀ ਕਰਦਾ ਸੀ ਪਰ ਉਹ ਅਮਰੀਕੀ ਦੀ ਹੀ ਸ਼ਹਿ ਪ੍ਰਾਪਤ ਇੱਕ ਹੋਰ ਫੌਜੀ ਤਾਨਾਸ਼ਾਹ ਸੀ। ਉਸਨੇ ਆਉਂਦੇ ਹੀ ਅਗਾਂਹਵਧੂ ਤੇ ਇਨਕਲਾਬੀ ਤਾਕਤਾਂ ਉੱਤੇ ਜਬਰ ਕਰਨਾ ਸ਼ੁਰੂ ਕਰ ਦਿੱਤਾ। ਉਧਰ ਕਮਿਊਨਿਸਟ ਪਾਰਟੀ ਨੇ ਬਤਿਸਤਾ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਕਿਉਂਕਿ ਬਤਿਸਤਾ ਨੇ ਆਪਣੀ ਪੋਜ਼ੀਸ਼ਨ ਨੂੰ ਮਜਬੂਤ ਕਰਨ ਲਈ ਮਜਦੂਰਾਂ ਲਈ ਕੁਝ ਰਿਆਇਤਾਂ ਦੇਣੀਆਂ ਮੰਨ ਲਈਆਂ ਸਨ ਤੇ ਨਾਲ਼ ਹੀ ਕਮਿਊਨਿਸਟ ਪਾਰਟੀ ਨੂੰ ਕਾਨੂੰਨੀ ਮਾਨਤਾ ਦੇਣੀ ਮੰਨ ਲਈ। ਪਾਰਟੀ ਦੇ ਇਸ ਫੈਸਲੇ ਕਰਕੇ ਉਸਦੀ ਸਾਖ ਨੂੰ ਬਹੁਤ ਵੱਡਾ ਧੱਕਾ ਲੱਗਾ। ਅਸਲ ਵਿੱਚ ਇਸ ਪੈਂਤੜੇ ਦੇ ਕਾਰਨ ਪਾਰਟੀ ਦੀ ਵਿਚਾਰਧਾਰਕ ਕਮਜ਼ੋਰੀ ਸੀ। ਕਮਿਊਨਿਸਟ ਪਾਰਟੀ ਕਿਊਬਾ ਦੇ ਹਾਲਤਾਂ ਠੀਕ ਵਿਸ਼ਲੇਸ਼ਣ ਨਾ ਕਰ ਸਕੀ ਅਤੇ ਇਹ ਨਾ ਸਮਝ ਸਕੀ ਕਿ ਦੇਸ਼ ਜਮਹੂਰੀ ਇਨਕਲਾਬ ਦੀ ਮੰਜ਼ਿਲ ਉੱਤੇ ਹੈ। ਸਿੱਟੇ ਵਜੋਂ ਪਾਰਟੀ ਸਭਨਾਂ ਸਾਮਰਾਜੀ-ਵਿਰੋਧੀ ਜਥੇਬੰਦੀਆਂ ਨੂੰ ਇਕਮੁੱਠ ਕਰਕੇ ਪ੍ਰਭਾਵਕਾਰੀ ਅਗਵਾਈ ਨਾ ਦੇ ਸਕੀ। ਇਸ ਭਟਕਾਅ ਕਾਰਨ ਕਮਿਊਨਿਸਟ ਪਾਰਟੀ ਇਕੱਲੇ ਚੱਲਣ ਦੇ ਅਸੂਲ ਉੱਤੇ ਡਟੀ ਰਹੀ ਅਤੇ ਫਿਰ ਬਤਿਸਤਾ ਨੂੰ ਹਮਾਇਤ ਦੇਣ ਦੇ ਫੈਸਲੇ ਤੱਕ ਪਹੁੰਚ ਗਈ। ਫਿਰ ਫਾਸੀਵਾਦ ਦੇ ਉਭਾਰ ਹੋਣ ਨਾਲ਼ ਬਤਿਸਤਾ ਨੇ ਖੁਦ ਨੂੰ ਫਾਸੀਵਾਦ-ਵਿਰੋਧੀ ਐਲਾਨ ਦਿੱਤਾ ਅਤੇ ਕਮਿਊਨਿਸਟ ਪਾਰਟੀ ਨੇ ਬਤਿਸਤਾ ਨਾਲ਼ ਫਾਸੀਵਾਦ-ਵਿਰੋਧੀ ਸਾਂਝਾ ਮੋਰਚਾ ਬਣਾਇਆ। ਇਸਤੋਂ ਬਾਅਦ ਪਾਰਟੀ ਆਪਣਾ ਇਨਕਲਾਬੀ ਖਾਸਾ ਗੁਆ ਬਹਿੰਦੀ ਹੈ ਅਤੇ ਆਰਥਕ ਸੰਘਰਸ਼ਾਂ ਨੂੰ ਆਪਣਾ ਮੁੱਖ ਕੰਮ ਬਣਾ ਕੇ ਸੋਧਵਾਦ ਪਾਰਟੀ ਦਾ ਰੂਪ ਧਾਰ ਲੈਂਦੀ ਹੈ। ਬਤਿਸਤਾ ਦੀ ਹਕੂਮਤ 1934-44 ਦੇ ਅਰਸੇ ਦੌਰਾਨ ਪੂਰਾ ਇੱਕ ਦਹਾਕਾ ਬਣੀ ਰਹੀ। ਇਸ ਦੌਰਾਨ ਕਿਊਬਾ ਦੇ ਅਰਥਚਾਰੇ ਉੱਤੇ ਅਮਰੀਕੀ ਸਰਮਾਏ ਦਾ ਗਲਬਾ ਹੋਰ ਮਜਬੂਤ ਹੋਇਆ। ਗੰਨੇ ਤੇ ਖੰਡ ਦੇ ਕਾਰੋਬਾਰ ਤੋਂ ਇਲਾਵਾ, ਕਿਊਬਾ ਦੇ ਬਾਕੀ ਅਰਥਚਾਰੇ ਉੱਤੇ ਅਮਰੀਕੀ ਗਲਬਾ ਕਾਇਮ ਹੋ ਚੁੱਕਾ ਸੀ। 1939 ਵਿੱਚ ਰੇਲਵੇ ਨੈੱਟਵਰਕ ਦਾ 50%, ਟੈਲੀਫੋਨ ਨੈੱਟਵਰਕ ਤੇ ਬਿਜਲੀ ਸਪਲਾਈ ਦਾ 90%, ਗੈਰ-ਖੰਡ ਅਧਾਰਤ ਸਨਅਤ ਦਾ 25% ਅਮਰੀਕੀ ਕਬਜ਼ੇ ਹੇਠ ਸੀ। 1939 ਵਿੱਚ ਕਿਊਬਾ ਦੇ ਵਸਨੀਕਾਂ ਦੇ ਬੈਂਕਾਂ ਵਿੱਚ ਜਮ੍ਹਾ ਪੈਸੇ ਵਿੱਚੋਂ 83% ਵਿਦੇਸ਼ੀ ਬੈਂਕਾਂ ਅਧੀਨ ਸੀ। ਕਿਊਬਾ ਦਾ ਅਰਥਚਾਰਾ ਖੰਡ ਤੇ ਤੰਬਾਕੂ ਤਕ ਸੀਮਤ ਹੋ ਗਿਆ ਜਿਸ ਕਾਰਨ ਕਿਊਬਾ ਦਾ ਵਿਕਾਸ ਬੁਰੀ ਤਰ੍ਹਾਂ ਖੜੋਤ ਦਾ ਸ਼ਿਕਾਰ ਹੋ ਗਿਆ।

ਇਸ ਪੂਰੇ ਅਰਸੇ ਦੌਰਾਨ ਜਦੋਂ ਸਾਮਰਾਜ-ਵਿਰੋਧੀ ਤਾਕਤਾਂ ਬਤਿਸਤਾ ਖਿਲਾਫ ਲੜ ਰਹੀਆਂ ਸਨ ਤਾਂ ਕਮਿਊਨਿਸਟ ਪਾਰਟੀ ਬਤਿਸਤਾ ਦੀ ਹਮਾਇਤ ਕਰ ਰਹੀ ਸੀ ਜਿਸ ਕਾਰਨ ਉਹ ਲੋਕਾਂ ਤੋਂ ਬੁਰੀ ਤਰ੍ਹਾਂ ਟੁੱਟ ਗਈ। 1944 ਵਿੱਚ ਕਮਿਊਨਿਸਟ ਪਾਰਟੀ ਨੇ ਆਪਣਾ ਨਾਮ ਬਦਲ ਕੇ ਪਾਪੂਲਰ ਸੋਸ਼ਲਿਸਟ ਪਾਰਟੀ ਰੱਖ ਲਿਆ। ਉਧਰ ਬਤਿਸਤਾ ਵੱਲੋਂ ਸੱਤ੍ਹਾ ਤੋਂ ਲਾਂਭੇ ਕੀਤੇ ਰਮੋਨ ਮਾਰਟਿਨ ਨੇ ਕਿਊਬਨ ਰੈਵੋਲੂਸ਼ਨਰੀ ਪਾਰਟੀ ਬਣਾ ਲਈ ਅਤੇ ਸੰਘਰਸ਼ ਜਾਰੀ ਰੱਖਿਆ। 1944 ਵਿੱਚ ਬਤਿਸਤਾ ਨੂੰ ਆਮ ਚੋਣਾਂ ਦਾ ਐਲਾਨ ਕਰਨਾ ਪਿਆ ਜਿਸ ਵਿੱਚ ਰਮੋਨ ਮਾਰਟਿਨ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਜਿੱਤਣ ਵਿੱਚ ਕਾਮਯਾਬ ਰਿਹਾ। ਇਹਨਾਂ ਚੋਣਾਂ ਵਿੱਚ ਵੀ ਕਮਿਊਨਿਸਟ ਪਾਰਟੀ ਨੇ ਬਤਿਸਤਾ ਦੀ ਹਮਾਇਤ ਕੀਤੀ। ਰਮੋਨ ਮਾਰਟਿਨ ਦੀ ਲੋਕਾਂ ਚੰਗੀ ਸਾਖ ਸੀ ਪਰ ਸੱਤ੍ਹਾ ਸੰਭਾਲਣ ਤੋਂ ਬਾਅਦ ਮਾਰਟਿਨ ਤੇ ਉਸਦੀ ਪਾਰਟੀ ਦਾ ਪਤਨ ਵੀ ਸਾਹਮਣੇ ਆ ਗਿਆ। ਸਰਕਾਰ ਬਦਇੰਤਜ਼ਾਮੀ ਤੇ ਭ੍ਰਿਸ਼ਟਾਚਾਰ ਵਿੱਚ ਡੁੱਬ ਗਈ ਤੇ ਲੋਕਾਂ ਦੀ ਹਾਲਤ ਵਿੱਚ ਕੋਈ ਜ਼ਿਕਰਯੋਗ ਸੁਧਾਰ ਕਰਨ ਵਿੱਚ ਨਾਕਾਮਯਾਬ ਰਹੀ। ਨਤੀਜੇ ਵਜੋਂ ਲੋਕ ਉਸ ਤੋਂ ਦੂਰ ਹੋਣ ਲੱਗੇ। 1946 ਵਿੱਚ ਇੱਕ ਹੋਰ ਪਾਰਟੀ ਆਰਥੋਡਾਕਸ ਪਾਰਟੀ ਹੋਂਦ ਵਿੱਚ ਆਈ ਜਿਹੜੀ ਜਲਦੀ ਹੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਮਾਇਤ ਜੁਟਾਉਣ ਵਿੱਚ ਸਫਲ ਰਹੀ, ਪਰ ਇਸਦੇ ਬਾਵਜੂਦ 1948 ਦੀਆਂ ਚੋਣਾਂ ਵਿੱਚ ਫਿਰ ਤੋਂ ਕਿਊਬਨ ਰੈਵੋਲੂਸ਼ਨਰੀ ਪਾਰਟੀ ਹੀ ਜੇਤੂ ਰਹੀ। ਆਪਣੇ ਦੂਜੇ ਕਾਰਜਕਾਲ ਦੌਰਾਨ ਕਿਊਬਨ ਰੈਵੋਲੂਸ਼ਨਰੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਗਰਕ ਗਈ ਅਤੇ ਉਸ ਖਿਲਾਫ ਵਿਆਪਕ ਲੋਕ ਰੋਹ ਪੈਦਾ ਹੋਣ ਲੱਗਾ। ਇਹਨਾਂ ਹਾਲਤਾਂ ਦਾ ਫਾਇਦਾ ਉਠਾ ਕੇ 1952 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਬਤਿਸਤਾ ਨੇ ਇੱਕ ਵਾਰ ਰਾਜਪਲਟਾ ਕਰ ਦਿੱਤਾ ਅਤੇ ਅਮਰੀਕਾ ਦੀ ਸ਼ਹਿ ਉੱਤੇ ਦੇਸ਼ ਦਾ ਤਾਨਾਸ਼ਾਹ ਬਣ ਬੈਠਾ। ਸੱਤ੍ਹਾ ਸੰਭਾਲਦੇ ਹੀ ਉਸਨੇ ਕਮਿਊਨਿਸਟ ਪਾਰਟੀ ਸਮੇਤ ਬਾਕੀ ਸਾਰੀਆਂ ਪਾਰਟੀਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਅਤੇ ਜਬਰ ਦਾ ਨਿਸ਼ਾਨਾ ਬਣਾਇਆ। ਬਤਿਸਤਾ ਅਮਰੀਕੀ ਸਰਮਾਏ ਦਾ ਚਾਕਰ ਬਣਿਆ ਰਿਹਾ ਅਤੇ ਲੋਕਾਂ ਦੀ ਹਾਲਤ ਹੋਰ ਖਰਾਬ ਹੁੰਦੀ ਗਈ।

1933 ਦੀ ਲੋਕ-ਬਗਾਵਤ ਤੋਂ ਕਿਊਬਾ ਵਿੱਚ ਕਈ “ਐਕਸ਼ਨ ਗਰੁੱਪ” ਤੇ “ਰੈਵੋਲੂਸ਼ਨਰੀ ਗਰੁੱਪ” ਵੀ ਬਣਦੇ ਰਹੇ। ਇਹਨਾਂ ਗਰੁੱਪਾਂ ਦਾ ਖਾਸਾ ਸਾਮਰਾਜ-ਵਿਰੋਧੀ ਸੀ ਪਰ ਇਹ ਗਰੁੱਪ ਕਿਸੇ ਵਿਚਾਰਧਾਰਾ, ਪ੍ਰੋਗਰਾਮ ਤੋਂ ਆਮ ਕਰਕੇ ਵਿਰਵੇ ਹੀ ਹੁੰਦੇ ਸਨ। ਕਮਿਊਨਿਸਟ ਪਾਰਟੀ ਦੇ ਬਤਿਸਤਾ-ਹਮਾਇਤੀ ਬਣ ਜਾਣ ਤੋਂ ਬਾਅਦ ਇਹਨਾਂ ਵਿੱਚੋਂ ਬਹੁਤੇ ਗਰੁੱਪ ਕਮਿਊਨਿਸਟ ਵਿਰੋਧੀ ਬਣ ਚੁੱਕੇ ਸਨ। ਇਹਨਾਂ ਗਰੁੱਪਾਂ ਦੇ ਮੁੱਖ ਰੂਪ ਵਿੱਚ ਦੋ ਧੜੇ ਸਨ – ਪਹਿਲਾ ਰੈਵੋਲੂਸ਼ਨਰੀ ਸੋਸ਼ਲਿਸਟ ਮੂਵਮੈਂਟ ਅਤੇ ਦੂਜਾ ਰੈਵੋਲੂਸ਼ਨਰੀ ਇਨਸਰੱਕਸ਼ਨਲ ਯੂਨੀਅਨ। ਫਿਦੇਲ ਕਾਸਤਰੋ ਨੇ ਆਪਣਾ ਸਿਆਸੀ ਜੀਵਨ 1946 ਵਿੱਚ ਰੈਵੋਲੂਸ਼ਨਰੀ ਇਨਸਰੱਕਸ਼ਨਲ ਯੂਨੀਅਨ ਦੇ ਮੈਂਬਰ ਵਜੋਂ ਸ਼ੁਰੂ ਕੀਤਾ ਪਰ ਜਲਦੀ ਹੀ ਕਾਸਤਰੋ ਨੇ ਇਹਨਾਂ ਗਰੁੱਪਾਂ ਦੇ ਢੰਗ-ਤਰੀਕਿਆਂ ਦੀ ਨਿਰਾਰਥਕਤਾ ਨੂੰ ਸਮਝ ਲਿਆ, ਸਿੱਟੇ ਵਜੋਂ 1952 ਵਿੱਚ ਉਹ ਚੋਣਾਂ ਵਿੱਚ ਆਰਥੋਡਾਕਸ ਪਾਰਟੀ ਵੱਲੋਂ ਉਮੀਦਵਾਰ ਵਜੋਂ ਖੜਾ ਹੋਇਆ ਪਰ ਇਹ ਚੋਣਾਂ ਬਤਿਸਤਾ ਦੇ ਰਾਜਪਲਟੇ ਕਰਕੇ ਹੋਈਆਂ ਹੀ ਨਹੀਂ। ਇਸ ਤਰ੍ਹਾਂ ਕਾਸਤਰੋ ਦੇ ਕਿਊਬਾ ਦੇ ਸਿਆਸੀ ਸੀਨ ਉੱਤੇ ਉਭਰਨ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਸਨ  ਕਮਿਊਨਿਸਟ ਪਾਰਟੀ (ਹੁਣ ਪਾਪੂਲਰ ਸੋਸ਼ਲਿਸਟ ਪਾਰਟੀ) ਆਪਣੀ ਗਲਤ ਲੀਹ, ਗਲਤ ਦਾਅਪੇਚਾਂ ਅਤੇ ਬਤਿਸਤਾ ਦੇ ਜਬਰ ਕਰਕੇ ਕਮਜ਼ੋਰ ਪੈ ਚੁੱਕੀ ਸੀ ਤੇ ਇਸ ਹਾਲਤ ਵਿੱਚ ਨਹੀਂ ਸੀ ਕਿ ਉਹ ਕਿਸੇ ਲੋਕ-ਉਭਾਰ ਦੀ ਅਗਵਾਈ ਕਰਦੀ ਜਾਂ ਲੋਕ-ਉਭਾਰ ਪੈਦਾ ਕਰਦੀ। ਕਿਊਬਨ ਰੈਵੋਲੂਸ਼ਨਰੀ ਪਾਰਟੀ ਦਾ ਪਹਿਲਾਂ ਹੀ ਪਤਨ ਹੋ ਚੁੱਕਾ ਸੀ ਅਤੇ ਆਰਥੋਡਾਕਸ ਪਾਰਟੀ ਦੀ ਇੰਨੀ ਤਾਕਤ ਨਹੀਂ ਸੀ ਕਿ ਉਹ ਅਮਰੀਕੀ ਸ਼ਹਿ ਪ੍ਰਾਪਤ ਬਤਿਸਤਾ ਨੂੰ ਸੱਤ੍ਹਾ ਤੋਂ ਲਾਂਭੇ ਕਰ ਸਕਦੀ। ਇਹਨਾਂ ਹਾਲਤਾਂ ਵਿੱਚ ਕਾਸਤਰੋ ਨੇ ਸੰਘਰਸ਼ ਸ਼ੁਰੂ ਕੀਤਾ।

ਕਾਸਤਰੋ ਨੇ ਸੰਘਰਸ਼ ਦੀ ਸ਼ੁਰੂਆਤ ਲਈ ਓਰੀਐਂਟੇ ਪ੍ਰਦੇਸ਼ ਚੁਣਿਆ ਕਿਉਂਕਿ ਇਹ ਸੱਤ੍ਹਾ ਦੇ ਕੇਂਦਰ ਹਵਾਨਾ ਤੋਂ ਕਾਫੀ ਦੂਰ ਸੀ ਅਤੇ ਬਤਿਸਤਾ ਦੀ ਫੌਜ ਨੂੰ ਉੱਥੇ ਪਹੁੰਚਣ ਲਈ ਚੋਖੀ ਦੂਰੀ ਤੈਅ ਕਰਨੀ ਪੈਣੀ ਸੀ। ਕਾਸਤਰੋ ਦੀ ਅਗਵਾਈ ਥੱਲੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਕੁਝ ਮਜਦੂਰਾਂ ਦਾ 120 ਕੁ ਦੀ ਗਿਣਤੀ ਦਾ ਗਰੁੱਪ ਲੜਾਈ ਸ਼ੁਰੂ ਕਰਨ ਲਈ ਪਹੁੰਚਿਆ। 26 ਜੁਲਾਈ, 1953 ਨੂੰ ਉਹਨਾਂ ਨੇ ਮੋਨਕੌਡਾ ਫੌਜੀ ਬੈਰਕ ਉੱਤੇ ਹਮਲਾ ਕੀਤਾ। ਕਾਸਤਰੋ ਦਾ ਵਿਚਾਰ ਸੀ ਕਿ ਇਸ ਹਮਲੇ ਨਾਲ਼ ਉਸਨੂੰ ਹਥਿਆਰ ਵੀ ਮਿਲ ਜਾਣਗੇ ਅਤੇ ਹਮਲਾ ਸਫਲ ਹੋਣ ਨਾਲ਼ ਲੋਕਾਂ ਵਿੱਚ ਬਤਿਸਤਾ ਦਾ ਖੌਫ ਟੁੱਟੇਗਾ ਅਤੇ ਬਤਿਸਤਾ ਖਿਲਾਫ  ਇੱਕ ਉਭਾਰ ਪੈਦਾ ਹੋਵੇਗਾ। ਪਰ ਇਹ ਹਮਲਾ ਅਸਫਲ ਰਿਹਾ। ਕਾਸਤਰੋ ਦੇ ਕਈ ਸਾਥੀ ਮਾਰੇ ਗਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖੁਦ ਕਾਸਤਰੋ ਵੀ ਫੜਿਆ ਗਿਆ। ਉਸ ਉੱਤੇ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਹੀ ਫਿਦੇਲ ਕਾਸਤਰੋ ਨੇ ਆਪਣਾ ਇਤਿਹਾਸਕ ਭਾਸ਼ਣ “ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ” ਦਿੱਤਾ ਜਿਸ ਵਿੱਚ ਉਸਨੇ ਆਪਣੇ ਸੰਘਰਸ਼ ਦੇ ਉਦੇਸ਼ਾਂ ਨੂੰ ਕਾਫੀ ਚੰਗੀ ਤਰ੍ਹਾਂ ਪੇਸ਼ ਕੀਤਾ। ਇਹਨਾਂ ਉਦੇਸ਼ਾਂ ਵਿੱਚ 1940 ਦੇ ਸੰਵਿਧਾਨ ਦੀ ਮੁੜ-ਸਥਾਪਨਾ, ਭ੍ਰਿਸ਼ਟਾਚਾਰੀਆਂ ਦੀਆਂ ਜਾਇਦਾਦਾਂ ਜਬਤ ਕਰਨਾ, ਮਜਦੂਰਾਂ ਨੂੰ ਕਾਰੋਬਾਰਾਂ ਦੇ ਮੁਨਾਫੇ ਵਿੱਚੋਂ 30% ਹਿੱਸਾ ਦੇਣਾ ਸ਼ਾਮਲ ਸਨ। ਥੋੜਾ ਸਮਾਂ ਜੇਲ੍ਹ ਵਿੱਚ ਬੰਦ ਰਹਿਣ ਪਿੱਛੋਂ ਫਿਦੇਲ ਕਾਸਤਰੋ ਮਈ, 1955 ਵਿੱਚ ਰਿਹਾ ਹੋਣ ਵਿੱਚ ਸਫਲ ਰਿਹਾ ਅਤੇ ਉਹ ਮੈਕਸੀਕੋ ਚਲਾ ਗਿਆ। ਇੱਥੇ ਆ ਕੇ ਉਹ ਨਵੇਂ ਸਿਰੇ ਤੋਂ ਆਪਣਾ ਦਲ ਜਥੇਬੰਦ ਕਰਨ ਲੱਗਾ। ਉਸਦੇ ਅੰਦੋਲਨ ਦਾ ਨਾਂ ਮੋਨਕੌਡਾ ਹਮਲੇ ਦੀ ਤਰੀਖ ਦੇ ਨਾਮ ਉੱਤੇ 26 ਜੁਲਾਈ ਲਹਿਰ ਪੈ ਗਿਆ। ਮੋਨਕੌਡਾ ਦਾ ਹਮਲਾ ਭਾਵੇਂ ਅਸਫਲ ਰਿਹਾ ਪਰ ਇਸਨੇ ਫਿਦੇਲ ਕਾਸਤਰੋ ਨੂੰ ਲੋਕਾਂ ਵਿੱਚ, ਖਾਸ ਕਰਕੇ ਨੌਜਵਾਨਾਂ ਵਿੱਚ ਸਥਾਪਤ ਕਰ ਦਿੱਤਾ। ਫਿਦੇਲ ਕਾਸਤਰੋ ਅਤੇ 26 ਜੁਲਾਈ ਲਹਿਰ ਨੇ ਆਰਥੋਡਾਕਸ ਪਾਰਟੀ ਨੂੰ ਛੱਡ ਦਿੱਤਾ ਅਤੇ ਕਾਸਤਰੋ ਨੇ ਅਜ਼ਾਦਾਨਾ ਰੂਪ ਵਿੱਚ 26 ਜੁਲਾਈ ਲਹਿਰ ਨੂੰ ਜਥੇਬੰਦ ਕਰਨਾ ਸ਼ੁਰੂ ਕੀਤਾ। ਦਸੰਬਰ, 1956 ਨੂੰ ਕਾਸਤਰੋ ਤੇ ਉਸਦੇ ਸਾਥੀਆਂ ਨੇ ਜਿਹਨਾਂ ਵਿੱਚ ਚੇ ਗਵੇਰਾ ਅਤੇ ਕਾਸਤਰੋ ਦਾ ਛੋਟਾ ਭਾਈ ਰਾਊਲ ਕਾਸਤਰੋ ਵੀ ਸ਼ਾਮਲ ਸਨ, ਇੱਕ ਕਿਸ਼ਤੀ ਰਾਹੀਂ ਕਿਊਬਾ ਦਾ ਰੁਖ ਕੀਤਾ ਪਰ ਉਹਨਾਂ ਵਿੱਚੋਂ ਬਹੁਗਿਣਤੀ ਤੱਟ ਉੱਤੇ ਹੀ ਬਤਿਸਤਾ ਦੀ ਫੌਜ ਵੱਲੋਂ ਕੀਤੇ ਗਏ ਹਵਾਈ ਵਿੱਚ ਮਾਰੇ ਗਏ, ਸਿਰਫ਼ 12 ਇਨਕਲਾਬੀ ਹੀ ਬਚ ਸਕੇ। ਬਚੇ ਹੋਏ ਇਨਕਲਾਬੀਆਂ ਨੇ ਸਿਏਰਾ ਮਿਸਤਰਾ ਦੇ ਪਹਾੜਾਂ ਵਿੱਚ ਬਾਗੀ ਗੁਰੀਲਾ ਇਲਾਕਾ ਕਾਇਮ ਕਰਨਾ ਸੀ। ਉਹ ਸਥਾਨਕ ਕਿਸਾਨਾਂ ਦੀ ਹਮਾਇਤ ਜੁਟਾਉਣ ਵਿੱਚ ਸਫਲ ਰਹੇ। ਸ਼ਹਿਰਾਂ ਵਿੱਚ ਵੀ 26 ਜੁਲਾਈ ਲਹਿਰ ਦਾ ਪ੍ਰਚਾਰ ਹੋ ਰਿਹਾ ਸੀ ਅਤੇ ਉਹ ਕੁਝ ਸਮਰਥਨ ਹਾਸਲ ਕਰਨ ਵਿੱਚ ਵੀ ਸਫਲ ਰਹੇ।

1957 ਦੇ ਸਾਲ ਦੌਰਾਨ 26 ਜੁਲਾਈ ਲਹਿਰ ਬਹੁਤ ਘੱਟ ਅੱਗੇ ਵਧੀ, ਇਸ ਪੂਰੇ ਸਾਲ ਦੌਰਾਨ ਤਾਂ ਕਾਸਤਰੋ ਤੇ ਉਸਦੇ ਸਾਥੀਆਂ ਲਈ ਹੋਂਦ ਬਣਾਏ ਰੱਖਣ ਦਾ ਸਵਾਲ਼ ਸੀ। ਪਰ 1958 ਵਿੱਚ ਇਹ ਕਾਸਤਰੋ ਦੀ ਗੁਰੀਲਾ ਫੌਜ ਬਿਜਲੀ ਦੀ ਤੇਜ਼ੀ ਨਾਲ਼ ਅੱਗੇ ਵਧੀ। ਸਿਏਰਾ ਮਿਸਤਰਾ ਵਿੱਚ ਬਤਿਸਤਾ ਦੀ ਭੇਜੀ ਤਕੜੀ ਫੌਜ ਨੂੰ ਕਾਸਤਰੋ ਦੀ ਅਗਵਾਈ ਵਾਲ਼ੀ ਗੁਰੀਲਾ ਫੌਜ ਹਰਾਉਣ ਵਿੱਚ ਕਾਮਯਾਬ ਰਹੀ। ਇਸ ਕਾਮਯਾਬੀ ਨਾਲ਼ ਹੋਰਨਾਂ ਗੁਰੀਲਾ ਗਰੁੱਪਾਂ ਜਿਹਨਾਂ ਵਿੱਚ ਸਟੂਡੈਂਟ ਡਾਇਰੈਕਟੋਰੇਟ, ਕਮਿਊਨਿਸਟ ਪਾਰਟੀ ਤੇ ਕਿਊਬਨ ਰੈਵੋਲੂਸ਼ਨਰੀ ਪਾਰਟੀ ਦੇ ਗੁਰੀਲਾ ਗਰੁੱਪ ਸ਼ਾਮਲ ਸਨ, ਵੱਲੋਂ ਕਾਸਤਰੋ ਨੂੰ ਹਮਾਇਤ ਮਿਲੀ। ਜੁਲਾਈ, 1958 ਵਿੱਚ 26 ਜੁਲਾਈ ਲਹਿਰ, ਪੀਪਲਜ ਸੋਸ਼ਲਿਸਟ ਪਾਰਟੀ ਅਤੇ ਰੈਵੋਲੂਸ਼ਨਰੀ ਸਟੂਡੈਂਟ ਡਾਇਰੈਕਟੋਰੇਟ ਨੇ ਮਿਲ ਕੇ ਸਾਂਝਾ ਮੋਰਚਾ ਕਾਇਮ ਕਰ ਲਿਆ। ਸ਼ਹਿਰਾਂ ਵਿੱਚ 26 ਜੁਲਾਈ ਲਹਿਰ ਦਾ ਅਧਾਰ ਦਿਨਾਂ ਵਿੱਚ ਹੀ ਚੋਖਾ ਫੈਲ ਗਿਆ। ਸਿਏਰਾ ਮਿਸਤਰਾ ਵਿੱਚ ਬਤਿਸਤਾ ਦੀ ਫੌਜ ਦੇ ਪੈਰ ਉਖਾੜਨ ਤੋਂ ਬਾਅਦ ਕਾਸਤਰੋ ਦੀ ਬਾਗੀ ਗੁਰੀਲਾ ਫੌਜ ਤੇਜ਼ੀ ਨਾਲ਼ ਅੱਗੇ ਵਧੀ ਅਤੇ ਦਸੰਬਰ ਮਹੀਨਾ ਖਤਮ ਹੋਣ ਤੱਕ ਉਹ ਹਵਾਨਾ ਦੀਆਂ ਬਰੂਹਾਂ ਤੱਕ ਪਹੁੰਚ ਚੁੱਕੇ ਸਨ ਅਤੇ ਜਨਵਰੀ ਦੇ ਪਹਿਲੇ ਹਫਤੇ ਵਿੱਚ ਬਾਗੀਆਂ ਨੇ ਹਵਾਨਾ ਉੱਤੇ ਕਬਜ਼ਾ ਕਰ ਲਿਆ। ਬਤਿਸਤਾ ਪਹਿਲਾਂ ਹੀ ਦਸੰਬਰ ਦੇ ਅਖੀਰ ਵਿੱਚ ਦੇਸ਼ ਵਿੱਚੋਂ ਦੌੜ ਗਿਆ ਸੀ। ਦੇਸ਼ ਛੱਡਣ ਤੋਂ ਪਹਿਲਾਂ ਬਤਿਸਤਾ ਨੇ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਥੱਲੇ ਆਰਜ਼ੀ ਸਰਕਾਰ ਕਾਇਮ ਕੀਤੀ, ਇਸ ਸਰਕਾਰ ਨੂੰ ਕਾਇਮ ਕਰਨ ਪਿੱਛੇ ਅਮਰੀਕਾ ਦਾ ਵੀ ਹੱਥ ਸੀ। ਆਰਜ਼ੀ ਸਰਕਾਰ ਕੁਝ ਵੀ ਕਰਨ ਤੋਂ ਇਨਕਾਰੀ ਸੀ, ਸਿੱਟੇ ਵਜੋਂ ਕਾਸਤਰੋ ਦੀ ਅਗਵਾਈ ਵਾਲ਼ੇ ਸਾਂਝੇ ਮੋਰਚੇ ਨੇ ਉਸਦਾ ਵਿਰੋਧ ਕੀਤਾ ਅਤੇ ਆਮ ਹੜਤਾਲ ਦਾ ਸੱਦਾ ਦਿੱਤਾ ਜਿਸ ਵਿੱਚ ਉਹਨਾਂ ਨੂੰ ਵਿਆਪਕ ਹਮਾਇਤ ਮਿਲੀ। ਆਰਜ਼ੀ ਸਰਕਾਰ ਦਾ ਭੋਗ ਪੈ ਗਿਆ ਅਤੇ ਬਾਗੀਆਂ ਦੀ ਦੇਖ-ਰੇਖ ਵਿੱਚ ਓਰੇਟਾ ਦੀ ਪ੍ਰਧਾਨਗੀ ਹੇਠ ਨਵੀਂ ਸਰਕਾਰ ਕਾਇਮ ਹੋਈ। ਬਤਿਸਤਾ ਦੀ ਫੌਜ ਨੂੰ ਤੋੜ ਦਿੱਤਾ ਗਿਆ ਅਤੇ ਬਾਗੀ ਫੌਜ ਦੇਸ਼ ਦੀ ਨਵੀਂ ਰੱਖਿਆ ਫੌਜ ਸੀ। ਫੌਜ ਦੇ ਨਾਲ਼ ਹੀ ਵੱਡੀ ਗਿਣਤੀ ਵਿੱਚ ਆਮ ਲੋਕਾਂ ਵਿੱਚੋਂ ਹਥਿਆਰਬੰਦ ਮਿਲਸ਼ੀਆ ਜਥੇਬੰਦ ਕੀਤਾ ਗਿਆ। ਪਰ ਨਵੀਂ ਸਰਕਾਰ ਵੀ ਸਰਕਾਰੀ ਮਸ਼ੀਨਰੀ ਨੂੰ ਸਰਗਰਮ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਸੀ, 16 ਫਰਵਰੀ 1959 ਵਿੱਚ ਫਿਦੇਲ ਕਾਸਤਰੋ ਸਰਕਾਰ ਦੀ ਕਮਾਨ ਖੁਦ ਆਪਣੇ ਹੱਥਾਂ ਵਿੱਚ ਲੈਂਦਾ ਹੈ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਇਸ ਤੋਂ ਬਾਅਦ ਘਟਨਾਵਾਂ ਤੇਜ਼ੀ ਨਾਲ਼ ਵਾਪਰਦੀਆਂ ਹਨ ਜਿਸਦਾ ਵਰਣਨ ਅਸੀਂ ਅੱਗੇ ਜਾ ਕੇ ਕਰਾਂਗੇ। ਇੱਥੇ ਆਕੇ ਅਸੀਂ ਉਹਨਾਂ ਅਹਿਮ ਸਵਾਲਾਂ ਵਿੱਚੋਂ ਇੱਕ ਵੱਲ ਮੁੜ ਸਕਦੇ ਹਾਂ ਜਿੰਨ੍ਹਾਂ ਬਾਰੇ ਅਸੀਂ ਲੇਖ ਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ 1959 ਦੇ ਕਿਊਬਾ ਦੇ ਇਨਕਲਾਬ ਦਾ ਖਾਸਾ ਕੀ ਸੀ, ਕੀ ਇਹ ਸਮਾਜਵਾਦੀ ਇਨਕਲਾਬ ਸੀ ਜਾਂ ਕੁਝ ਹੋਰ, ਕੀ ਇਹ ਪ੍ਰੋਲੇਤਾਰੀ ਜਮਾਤ ਦੀ ਅਗਵਾਈ ਵਿੱਚ ਹੋਇਆ ਇਨਕਲਾਬ ਸੀ ਜਾਂ ਬੁਰਜੂਆਜ਼ੀ ਦੀ ਅਗਵਾਈ ਵਿੱਚ ਹੋਇਆ ਇਨਕਲਾਬ? ਇਸ ਦੇ ਨਾਲ਼ ਇਹ ਸਵਾਲ ਹੀ ਉੱਠਦਾ ਹੈ ਕਿ ਅਮਰੀਕਾ ਦੇ ਬਿਲਕੁਲ ਨੱਕ ਥੱਲੇ ਜਦੋਂ ਇਹ ਇਨਕਲਾਬ ਹੋ ਰਿਹਾ ਸੀ ਜਿਸ ਨੇ ਬਾਅਦ ਵਿੱਚ ਜਾ ਕੇ ਬਹੁਤ ਤਿੱਖਾ ਅਮਰੀਕੀ ਸਾਮਰਾਜ-ਵਿਰੋਧੀ ਪੈਂਤੜਾ ਲਿਆ, ਤਦ ਅਮਰੀਕਾ ਨੇ ਕੋਈ ਫੌਜੀ ਦਖਲਅੰਦਾਜੀ ਕਿਉਂ ਨਹੀਂ ਕੀਤੀ ਜਦਕਿ ਕਿਊਬਾ ਵਿੱਚ ਅਮਰੀਕਾ ਸਮੇਂ-ਸਮੇਂ ਫੌਜੀ ਦਖਲ ਦਿੰਦਾ ਆ ਰਿਹਾ ਸੀ।

ਪਹਿਲਾਂ ਅਸੀਂ ਪਿਛਲੇਰੇ ਸਵਾਲ ਨੂੰ ਲੈਂਦੇ ਹਾਂ। ਅਮਰੀਕਾ ਲਈ ਕਿਊਬਾ ਅਤੇ ਹੋਰ ਲਾਤੀਨੀ ਅਮਰੀਕਾ ਵਿੱਚ ਉੱਠਣ ਵਾਲ਼ੇ ਲੋਕ-ਵਿਦਰੋਹ ਕੋਈ ਨਵੀਂ ਗੱਲ ਨਹੀਂ ਸਨ। ਲਾਤੀਨੀ ਅਮਰੀਕਾ ਦੇ ਅਮਰੀਕਾ ਦੀਆਂ ਨਵ-ਬਸਤੀਆਂ ਬਣੇ ਦੇਸ਼ਾਂ ਵਿੱਚ ਸਾਮਰਾਜੀ ਲੁੱਟ ਕਾਰਨ ਵਿਆਪਕ ਲੋਕਾਈ ਦੀਆਂ ਜੀਵਨ-ਹਾਲਤਾਂ ਭਿਅੰਕਰ ਸਨ ਅਤੇ ਨਾਲ਼ ਹੀ ਅਮਰੀਕੀ ਸਾਮਰਾਜ-ਵਿਰੋਧੀ ਭਾਵਨਾਵਾਂ ਵੀ ਲਾਤੀਨੀ ਅਮਰੀਕਾ ਦੇਸ਼ਾਂ ਅੰਦਰ ਬਹੁਤ ਤਿੱਖੀਆਂ ਸਨ, ਇਹ ਭਾਵਨਾਵਾਂ ਅੱਜ ਵੀ ਓਨੀਆਂ ਹੀ ਤਿੱਖੀਆਂ ਬਣੀਆਂ ਹੋਈਆਂ ਹਨ। ਇਸ ਕਰਕੇ ਇਹਨਾਂ ਦੇਸ਼ਾਂ ਅੰਦਰ ਥੋੜੇ-ਥੋੜੇ ਅਰਸੇ ਬਾਅਦ ਲੋਕ-ਬਗਾਵਤਾਂ ਉੱਠਦੀਆਂ ਰਹਿੰਦੀਆਂ ਸਨ। ਪਰ ਇਹਨਾਂ ਲੋਕ-ਬਗਾਵਤਾਂ ਦਾ ਹਸ਼ਰ ਹਰ ਵਾਰ ਇੱਕੋ ਹੁੰਦਾ ਰਿਹਾ ਕਿ ਨਵੀਂ ਬਣੀ ਸਰਕਾਰ ਵੀ ਪਹਿਲੀਆਂ ਦੀ ਤਰ੍ਹਾਂ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਦਿੰਦੀ ਅਤੇ ਅਮਰੀਕੀ ਸਾਮਰਾਜ ਦੇ ਵਿਰੋਧ ਵਿੱਚ ਲੱਫਾਜ਼ੀ ਕਰਨ ਤੋਂ ਅੱਗੇ ਨਾ ਜਾਂਦੀ। ਕਿਊਬਾ ਦਾ ਇਤਿਹਾਸ ਵੀ ਇਸ ਤੋਂ ਕੋਈ ਛੋਟ ਨਹੀਂ ਹੈ। ਕਾਸਤਰੋ ਦੀ 26 ਜੁਲਾਈ ਲਹਿਰ ਦਾ ਉਭਾਰ ਅਮਰੀਕਾ ਲਈ ਅਜਿਹੀ ਹੀ ਇੱਕ ਹੋਰ ਲੋਕ-ਬਗਾਵਤ ਸੀ। ਕਾਸਤਰੋ ਦੇ ਇਤਿਹਾਸਕ ਭਾਸ਼ਣ “ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ” ਅਤੇ 26 ਜੁਲਾਈ ਲਹਿਰ ਦੇ “ਪ੍ਰੋਗਰਾਮ ਮੈਨੀਫੈਸਟੋ” ਵਿੱਚ ਵੀ ਅਜਿਹਾ ਕੁਝ ਨਹੀਂ ਸੀ ਜਿਹੜਾ ਕਾਸਤਰੋ ਤੋਂ ਪਹਿਲਾਂ ਦੇ ਬਾਗੀਆਂ ਨੇ ਨਾ ਕਿਹਾ ਹੋਵੇ ਅਤੇ ਨਾ ਹੀ ਇਹ ਸਮਾਜਵਾਦ ਜਾਂ ਕਮਿਊਨਿਜਮ ਦੀ ਕੋਈ ਗੱਲ ਕਰਦੇ ਹਨ, ਮੋਟੇ ਤੌਰ ‘ਤੇ ਤਾਂ ਇਹ ਅਮਰੀਕੀ ਸਾਮਰਾਜ ਦੇ ਹਿਤਾਂ ਦੇ ਵੀ ਖਿਲਾਫ ਨਹੀਂ ਸਨ। ਇਸ ਲਈ ਅਮਰੀਕਾ ਨੂੰ ਇਹ ਉਮੀਦ ਸੀ ਕਿ ਕਿਊਬਾ ਦੀ ਨਵੀਂ ਸਰਕਾਰ ਨੂੰ ਵੀ ਉਹ ਕਿਵੇਂ ਨਾ ਕਿਵੇਂ ਆਪਣੇ ਅਧੀਨ ਕਰ ਹੀ ਲਵੇਗਾ। ਦੂਸਰਾ, ਬਤਿਸਤਾ ਦੀ ਹਕੂਮਤ ਦੇ ਆਖਰੀ ਮਹੀਨਿਆਂ ਦੌਰਾਨ ਉਸਨੂੰ ਮਿਲਦੀ ਅਮਰੀਕੀ ਸਰਪ੍ਰਸਤੀ ਵੀ ਘਟ ਗਈ ਸੀ ਕਿਉਂਕਿ ਬਤਿਸਤਾ ਆਮ ਲੋਕਾਂ ਦੀਆਂ ਨਜਰਾਂ ਵਿੱਚ ਰਸੂਖ ਉੱਕਾ ਹੀ ਗਵਾ ਚੁੱਕਾ ਸੀ ਅਤੇ ਅਮਰੀਕਾ ਲਈ ਉਸ ਦੀ ਥਾਂ ਕੋਈ ਹੋਰ ਚੇਹਰਾ ਸਾਹਮਣੇ ਕਰਨਾ ਵਧੇਰੇ ਜਰੂਰੀ ਹੁੰਦਾ ਜਾ ਰਿਹਾ ਸੀ। ਇਸ ਮਕਸਦ ਲਈ ਬਤਿਸਤਾ ਤੇ ਕਾਸਤਰੋ ਦੇ ਵਿਚਾਲੇ ਤੀਜਾ ਚੇਹਰਾ ਅੱਗੇ ਕਰਨ ਦੇ ਜਤਨ ਵਜੋਂ ਬਤਿਸਤਾ ਦੇ ਬਾਅਦ ਆਰਜ਼ੀ ਹਕੂਮਤ ਕਾਇਮ ਕਰਵਾਈ ਸੀ ਭਾਵੇਂ ਕਿ ਅਮਰੀਕਾ ਦਾ ਇਹ ਦਾਅ ਸਫਲ ਨਹੀਂ ਹੋਇਆ। ਕੁਲ ਮਿਲਾ ਕੇ ਅਮਰੀਕਾ ਲਈ ਕਿਊਬਾ ਦਾ ਇਨਕਲਾਬ ਕੋਈ ਅਜਿਹੀ ਘਟਨਾ ਨਹੀਂ ਸੀ ਜਿਸ ਨੂੰ ਉਹ ਹਰ ਹੀਲੇ ਅੱਗੇ ਵਧਣ ਤੋਂ ਰੋਕਦਾ। ਸੱਤ੍ਹਾ ਸੰਭਾਲਣ ਤੋਂ ਬਾਅਦ ਕਾਸਤਰੋ ਵੱਲੋਂ ਉਠਾਏ ਗਏ ਕਦਮ ਵੀ ਇਸ ਦੀ ਪ੍ਰੋੜ੍ਹਤਾ ਕਰਦੇ ਹਨ। ਕਾਸਤਰੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਠਾਏ ਗਏ ਕਦਮਾਂ ਵਿੱਚ ਵੀ ਜਮਹੂਰੀ ਇਨਕਲਾਬ ਅਤੇ ਕੌਮੀ ਮੁਕਤੀ ਨੂੰ ਮੁੱਖ ਰੱਖਦਾ ਕੋਈ ਕਦਮ ਨਹੀਂ ਸੀ, ਸਾਰੇ ਦੇ ਸਾਰੇ ਲੋਕ-ਲੁਭਾਊ ਕਦਮ ਹੀ ਸਨ ਅਤੇ ਸਿਰਫ਼ ਇੱਕ ਕਦਮ ਨੂੰ ਛੱਡ ਕੇ ਕੋਈ ਵੀ ਅਮਰੀਕੀ ਸਾਮਰਾਜ ਦੇ ਹਿਤਾਂ ਦੇ ਖਿਲਾਫ ਨਹੀਂ ਸੀ ਜਿਸ ਅਧੀਨ ਅਮਰੀਕੀ ਏਕਾਧਿਕਾਰ ਵਾਲ਼ੀ ਕਿਊਬਨ ਟੈਲੀਫੋਨ ਕੰਪਨੀ ਵਿੱਚ ਸਰਕਾਰ ਨੇ ਦਖਲ ਦੇਣ ਦਾ ਫੈਸਲਾ ਕੀਤਾ ਅਤੇ ਲੋਕਾਂ ਦੁਆਰਾ ਅਦਾ ਕੀਤੇ ਜਾਣ ਵਾਲ਼ੇ ਬਿਲ ਵਿੱਚ 50% ਕਟੌਤੀ ਦਾ ਐਲਾਨ ਕੀਤਾ ਗਿਆ। ਇਹਨਾਂ ਸਾਰੇ ਕਦਮਾਂ ਦਾ ਉਦੇਸ਼ ਲੋਕਾਂ ਵਿੱਚ ਨਵੀਂ ਸਰਕਾਰ ਦਾ ਅਧਾਰ ਬਣਾਈ ਰੱਖਣਾ ਤੇ ਲੋਕਾਂ ਦਾ ਮੋਹਭੰਗ ਹੋਣ ਤੋਂ ਰੋਕਣਾ ਸੀ ਕਿਉਂਕਿ ਆਮ ਲੋਕਾਂ ਦੀਆਂ ਇਨਕਲਾਬ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ ਅਤੇ ਦੂਸਰਾ, ਪੁਰਾਣੀਆਂ ਪਾਰਟੀਆਂ 1940 ਦਾ ਸੰਵਿਧਾਨ ਬਹਾਲ ਕਰਕੇ ਚੋਣਾਂ ਕਰਵਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਜਮਹੂਰੀ ਇਨਕਲਾਬ ਤੇ ਕੌਮੀ ਮੁਕਤੀ ਦੇ ਕਾਰਜਾਂ ਨੂੰ ਪੂਰਾ ਕਰਨ ਲਈ ਭੂਮੀਪਤੀਆਂ ਦੀ ਜਮੀਨ ਜਬਤੀ ਕਰਨੀ ਅਤੇ ਕਿਸਾਨਾਂ ਵਿੱਚ ਜਮੀਨ ਵੰਡਣ ਦਾ ਕਾਰਜ ਨੇਪਰੇ ਚਾੜ੍ਹਿਆ ਜਾਣਾ ਸੀ ਪਰ ਅਪ੍ਰੈਲ, 1959 ਦੇ ਅੰਤ ਤੱਕ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਫਿਦੇਲ ਕਾਸਤਰੋ ਇਸ ਗੱਲੋਂ ਵੱਖਰੇ ਸਨ ਕਿ ਉਹ ਕੌਮੀ ਹਿਤਾਂ ਨੂੰ ਅਮਰੀਕੀ ਸਾਮਰਾਜ ਦੇ ਅੱਗੇ ਵੇਚਣ ਵਾਲ਼ੇ ਨਹੀਂ ਸਨ ਪਰ ਉਹ ਵੀ ਅਮਰੀਕਾ ਨਾਲ਼ ਸਹਿਯੋਗ ਕਰਦੇ ਹੋਏ ਹੀ ਚੱਲਣਾ ਚਾਹੁੰਦੇ ਸਨ ਪਰ ਉਹ ਇਹ ਸਹਿਯੋਗ ਦੋ ਦੇਸ਼ਾਂ ਵਿੱਚ ਬਰਾਬਰੀ ਦੇ ਅਧਾਰ ਉੱਤੇ ਚਾਹੁੰਦੇ ਸਨ। ਪ੍ਰਧਾਨ ਮੰਤਰੀ ਬਣਨ ਤੋਂ ਤੁਰੰਤ ਬਾਅਦ ਕਾਸਤਰੋ ਐਸੋਸੀਏਸ਼ਨ ਆਫ ਨਿਊਜ ਪੇਪਰ ਪਬਲਿਸ਼ਰਜ਼ ਦੇ ਸੱਦੇ ਉੱਤੇ ਅਮਰੀਕਾ ਜਾਂਦੇ ਹਨ ਜਿੱਥੇ ਕਾਸਤਰੋ ਨੇ ਸਪੱਸਟ ਕਿਹਾ ਕਿ ਜਮਹੂਰੀਅਤ ਅਤੇ ਕਮਿਊਨਿਜਮ ਵਿੱਚੋਂ ਉਹ ਜਮਹੂਰੀਅਤ ਚੁਣਨਗੇ ਅਤੇ ਨਿਊਯਾਰਕ ਇਹ ਸਪੱਸਟ ਕਿਹਾ  “ਮੈਂ ਇਹ ਸਪੱਸਟ ਤੇ ਨਿਸ਼ਚਿਤ ਰੂਪ ਵਿੱਚ ਕਿਹਾ ਹੈ ਕਿ ਅਸੀਂ ਕਮਿਊਨਿਸਟ ਨਹੀਂ ਹਾਂ, ਨਾ ਹੀ ਮੈਂ ਕਮਿਊਨਿਜਮ ਨਾਲ਼ ਸਹਿਮਤ ਹਾਂ… ਅਜਿਹੇ ਨਿੱਜੀ ਨਿਵੇਸ਼ ਲਈ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹੇ ਹਨ ਜਿਹੜਾ ਕਿਊਬਾ ਦੇ ਵਿਕਾਸ ਵਿੱਚ ਹਿੱਸਾ ਪਾਉਂਦਾ ਹੋਵੇ।” ਕਾਸਤਰੋ ਨੇ ਇੱਥੋਂ ਤੱਕ ਕਿਹਾ ਕਿ “ਕਮਿਊਨਿਜਮ ਦੇ ਖਤਰੇ ਨੂੰ ਸਿੱਝਣ ਲਈ” ਲਾਤੀਨੀ ਅਮਰੀਕਾ ਲਈ ਭਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਦੇ ਪ੍ਰੋਗਰਾਮ ਦੀ ਲੋੜ ਹੈ। ਪਰ ਕਾਸਤਰੋ ਦੇ ਇੰਨੇ ਭਰੋਸੇ ਅਮਰੀਕੀ ਸਾਮਰਾਜ ਲਈ ਕਾਫੀ ਨਹੀਂ ਸਨ ਅਤੇ ਅਮਰੀਕਾ ਨੇ ਕਿਊਬਾ ਨੂੰ ਆਰਥਕ ਮਦਦ ਦੇਣ ਲਈ ਹੱਥ ਅੱਗੇ ਨਾ ਵਧਾਇਆ। ਹੁਣ ਫਿਦੇਲ ਕਾਸਤਰੋ ਅੱਗੇ ਦੋ ਹੀ ਰਸਤੇ ਸਨ  ਜਾਂ ਤਾਂ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕਦੇ ਜਿਵੇਂ ਲੋਕ ਬਗਾਵਤਾਂ ਤੋਂ ਬਣੀਆਂ ਪਹਿਲਾਂ ਦੀਆਂ ਸਰਕਾਰਾਂ ਨੇ ਕੀਤਾ ਸੀ, ਜਾਂ ਫਿਰ ਅਮਰੀਕਾ ਦਾ ਵਿਰੋਧ ਤੇ ਦੁਸ਼ਮਣੀ ਮੁੱਲ ਲੈਂਦੇ ਹੋਏ ਜਮਹੂਰੀ ਇਨਕਲਾਬ ਤੇ ਕੌਮੀ ਮੁਕਤੀ ਦੇ ਕਾਰਜਾਂ ਨੂੰ ਪੂਰਾ ਕਰਦੇ। ਕਾਸਤਰੋ ਨੇ ਦੂਸਰਾ ਰਸਤਾ ਚੁਣਿਆ।

ਹੁਣ ਅਸੀਂ ਕਿਊਬਾ ਦੇ ਇਨਕਲਾਬ ਦੇ ਖਾਸੇ ਦੇ ਸਵਾਲ ਵੱਲ ਪਰਤਦੇ ਹਾਂ। ਕਿਊਬਾ ਦਾ ਇਨਕਲਾਬ ਕਿਊਬਾ ਦੇ ਖਾਸ ਇਤਿਹਾਸਕ ਵਿਕਾਸ ਕਾਰਨ ਨਿੱਕ-ਬੁਰਜੂਆ ਜਮਾਤ ਦੀ ਅਗਵਾਈ ਵਾਲ਼ਾ ਬੁਰਜੂਆ ਜਮਹੂਰੀ ਇਨਕਲਾਬ ਸੀ, ਇਹ ਤਾਂ ਪ੍ਰੋਲੇਤਾਰੀ ਜਮਾਤ ਦੀ ਅਗਵਾਈ ਵਿੱਚ ਹੋਣ ਵਾਲ਼ਾ ਨਵ-ਜਮਹੂਰੀ ਇਨਕਲਾਬ ਵੀ ਨਹੀਂ ਸੀ, ਇੱਕ ਸਮਾਜਵਾਦੀ ਇਨਕਲਾਬ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਬੁਰਜੂਆ ਜਮਹੂਰੀ ਇਨਕਲਾਬ ਦੇ ਕਾਰਜ ਪੂਰੇ ਕਰਨ ਲਈ ਇਸਦੇ ਆਗੂਆਂ ਨੇ ਅਮਰੀਕੀ ਸਾਮਰਾਜ ਦੀ ਨੀਤੀ ਨੂੰ ਦੇਖ ਕੇ ਕਦਮ ਉਠਾਏ, ਨਾ ਕਿ ਅਮਰੀਕੀ ਨੀਤੀ ਦੀ ਪ੍ਰਵਾਹ ਨਾ ਕਰਦੇ ਹੋਏ ਜਮਹੂਰੀ ਇਨਕਲਾਬ ਦੇ ਕਾਰਜਾਂ ਨੂੰ ਪੂਰੇ ਕਰਨ ਵੱਲ ਵਧੇ, ਜਿਵੇਂ ਕਿ ਅਸੀਂ ਹੁਣੇ ਉੱਪਰ ਦੇਖਿਆ ਹੈ। ਕਿਊਬਾ ਦਾ ਇਨਕਲਾਬ ਜਦੋਂ ਸਮਾਜਵਾਦ ਵੱਲ ਮੋੜਾ ਖਾਂਦਾ ਦਿਖਦਾ ਵੀ ਹੈ, ਜਿਸਦਾ ਜ਼ਿਕਰ ਲੇਖ ਵਿੱਚ ਅੱਗੇ ਆਵੇਗਾ, ਤਦ ਵੀ ਇਹ ਅਸਲ ਵਿੱਚ ਸਮਾਜਵਾਦੀ ਇਨਕਲਾਬ ਨਹੀਂ ਸੀ ਸਗੋਂ ਰਾਜਕੀ ਸਰਮਾਏਦਾਰੀ ਦੀ ਸਥਾਪਨਾ ਵੱਲ ਵਧ ਰਿਹਾ ਸੀ। ਕਿਊਬਾ ਦੇ ਇਨਕਲਾਬ ਦੇ ਪੂਰੇ ਇਤਿਹਾਸ ਤੋਂ ਸਪੱਸਟ ਹੈ ਕਿ ਕਾਸਤਰੋ ਦੀ ਅਗਵਾਈ ਵਾਲ਼ੀ 26 ਜੁਲਾਈ ਲਹਿਰ ਕੋਈ ਪ੍ਰੋਲੇਤਾਰੀ ਖਾਸੇ ਵਾਲ਼ੀ ਲਹਿਰ ਨਹੀਂ ਸੀ, ਨਾ ਹੀ ਇਸਦਾ ਸਮਾਜਕ ਅਧਾਰ ਪ੍ਰੋਲੇਤਾਰੀ ਜਮਾਤ ਸੀ ਅਤੇ ਨਾ ਹੀ ਇਸਦੀ ਵਿਚਾਰਧਾਰਾ, ਪ੍ਰੋਗਰਾਮ ਤੇ ਯੁੱਧਨੀਤੀ ਪ੍ਰੋਲੇਤਾਰੀ ਖਾਸੇ ਵਾਲ਼ੀ ਸੀ। ਇਹ ਮੁੱਢ ਤੋਂ ਅੰਤ ਤੱਕ ਨਿੱਕ-ਬੁਰਜੂਆ ਖਾਸੇ ਵਾਲ਼ੀ ਲਹਿਰ ਸੀ। ਕਿਊਬਾ ਦੀ ਕੌਮੀ ਬੁਰਜੂਆ ਜਮਾਤ ਬਹੁਤ ਕਮਜ਼ੋਰ ਅਤੇ ਸਾਮਰਾਜੀ ਸਰਮਾਏ ਨਾਲ਼ ਨੱਥੀ ਜਮਾਤ ਸੀ ਕਿਉਂਕਿ ਕਿਊਬਾ ਵਿੱਚ ਸਨਅਤੀ ਵਿਕਾਸ ਬਹੁਤ ਘੱਟ ਸੀ ਅਤੇ ਅਰਥਚਾਰੇ ਉੱਤੇ ਅਮਰੀਕੀ ਸਾਮਰਾਜੀ ਸਰਮਾਏ ਦਾ ਗਲਬਾ ਸੀ। ਸਿੱਟੇ ਵਜੋਂ ਕਿਊਬਾ ਦੀ ਬੁਰਜੂਆ ਜਮਾਤ ਦੀ ਸਮਾਜਕ-ਆਰਥਕ ਹੈਸੀਅਤ ਅਜਿਹੀ ਨਹੀਂ ਸੀ ਕਿ ਉਹ ਕਿਸੇ ਜਮਹੂਰੀ ਇਨਕਲਾਬ ਤੇ ਕੌਮੀ-ਮੁਕਤੀ ਲਹਿਰ ਦੀ ਅਗਵਾਈ ਕਰ ਸਕਦੀ। ਪ੍ਰੋਲੇਤਾਰੀ ਜਮਾਤ ਦੀ ਪਾਰਟੀ ਲੰਮਾ ਸਮਾਂ ਪਹਿਲਾਂ ਹੀ ਵਿਚਾਰਧਾਰਕ ਕਮਜ਼ੋਰੀ ਦੇ ਕਾਰਨ ਇਨਕਲਾਬ ਦੇ ਰਸਤੇ ਤੋਂ ਭਟਕ ਚੁੱਕੀ ਸੀ, ਅਤੇ ਉਹ ਤਾਂ ਹੁਣ ਖੁਦ ਨੂੰ ਕਮਿਊਨਿਸਟ ਪਾਰਟੀ ਦੀ ਥਾਂ ਪਾਪੂਲਰ ਸੋਸ਼ਲਿਸਟ ਪਾਰਟੀ ਅਖਵਾਉਣਾ ਵਧੇਰੇ ਆਰਾਮਦੇਹ ਸਮਝਦੀ ਸੀ। ਇਸ ਪਾਰਟੀ ਤੋਂ ਬਿਨਾਂ ਕੋਈ ਹੋਰ ਖਰੀ ਕਮਿਊਨਿਸਟ ਪਾਰਟੀ ਅਜੇ ਉੱਭਰ ਨਹੀਂ ਸਕੀ ਸੀ। ਸਿੱਟੇ ਵਜੋਂ ਪ੍ਰੋਲੇਤਾਰੀ ਜਮਾਤ ਵੀ ਇਨਕਲਾਬ ਦੀ ਅਗਵਾਈ ਦੇ ਸਮਰੱਥ ਨਹੀਂ ਰਹਿ ਗਈ ਸੀ ਅਤੇ ਉਹ ਆਪਣੀਆਂ ਆਰਥਕ ਮੰਗਾਂ ਦੁਆਲੇ ਸੰਘਰਸ਼ ਕਰਨ ਤੱਕ ਸੀਮਤ ਸੀ। ਦੂਜੇ ਪਾਸੇ ਕਿਊਬਾ ਦੀ ਅਬਾਦੀ ਦਾ ਲੱਗਭੱਗ 25% ਹਿੱਸਾ ਨਿੱਕ-ਬੁਰਜੂਆ ਜਮਾਤ ਦਾ ਸੀ ਜਿਸ ਵਿੱਚ ਛੋਟੇ ਕਾਰੋਬਾਰੀ ਜਿਵੇਂ ਦੁਕਾਨਦਾਰ, ਵਪਾਰੀ ਆਦਿ, ਸਰਕਾਰੀ ਦਫਤਰਾਂ ਵਿੱਚ ਕਲਰਕੀ ਤੇ ਹੋਰ ਛੋਟੀ-ਮੋਟੀ ਨੌਕਰੀ ਕਰਨ ਵਾਲ਼ੇ, ਡਾਕਟਰ, ਵਕੀਲ, ਇੰਜਨੀਅਰ, ਅਧਿਆਪਕ ਆਦਿ ਸ਼ਹਿਰਾਂ ਵਿੱਚ ਰਹਿੰਦੀ ਨਿੱਕ-ਬੁਰਜੂਆ ਜਮਾਤ ਦਾ ਹਿੱਸਾ ਸਨ ਅਤੇ ਪਿੰਡਾਂ ਵਿੱਚ ਨਿੱਕ-ਬੁਰਜੂਆ ਜਮਾਤ ਕਿਸਾਨਾਂ ਦੀ ਅਬਾਦੀ ਸੀ। 26 ਜੁਲਾਈ ਲਹਿਰ ਦਾ ਸਮਾਜਕ ਅਧਾਰ ਇਹੀ ਤਬਕੇ ਸਨ। ਅਸਲ ਵਿੱਚ ਕਿਊਬਾ ਵਿੱਚ ਸਪੇਨ ਖਿਲਾਫ ਅਜ਼ਾਦੀ ਦੀ ਦੂਜੀ ਲਹਿਰ ਤੋਂ ਲੈ ਕੇ 1959 ਤੱਕ ਦੀ ਹਰੇਕ ਬਗਾਵਤ ਵਿੱਚ ਇਹੀ ਨਿੱਕ-ਬੁਰਜੂਆ ਜਮਾਤ ਆਗੂ ਭੂਮਿਕਾ ਵਿੱਚ ਰਹੀ, ਭਾਵੇਂ ਕਿ ਕਿਊਬਾ ਦੀ ਮਜਦੂਰ ਜਮਾਤ ਤੇ ਕਮਿਊਨਿਸਟ ਪਾਰਟੀ ਜਦ ਤੱਕ ਇਨਕਲਾਬ ਦੇ ਰਸਤੇ ਤੋਂ ਭਟਕੀ ਨਹੀਂ ਸੀ (1933 ਤੱਕ), ਤਦ ਤੱਕ ਅਜਿਹੀਆਂ ਲਹਿਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਸੀ ਪਰ ਉਹ ਕਦੇ ਵੀ ਆਗੂ ਭੂਮਿਕਾ ਵਿੱਚ ਨਹੀਂ ਆ ਸਕੀ। ਹਰੇਕ ਲੋਕ ਬਗਾਵਤ ਦੇ ਨਿੱਕ-ਬੁਰਜੂਆ ਖਾਸੇ ਕਾਰਨ ਹੀ ਬਣਨ ਵਾਲ਼ੀ ਨਵੀਂ ਸਰਕਾਰ ਅਮਰੀਕੀ ਸਰਮਾਏ ਦਾ ਹੁਕਮ ਵਜਾਉਣ ਲੱਗਦੀ ਅਤੇ ਆਮ ਲੋਕਾਂ ਦੀਆਂ ਹਾਲਤਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਸੀ। ਨਿੱਕ-ਬੁਰਜੂਆ ਜਮਾਤ ਦੀ ਅਗਵਾਈ ਦੀ ਇਸ ਕਮਜ਼ੋਰੀ ਨੂੰ ਫਿਦੇਲ ਕਾਸਤਰੋ ਦੀ 26 ਜੁਲਾਈ ਲਹਿਰ ਨੇ ਕੁਝ ਹੱਦ ਤੱਕ ਤੋੜਿਆ ਪਰ ਉਹ ਵੀ ਆਪਣੇ ਨਿੱਕ-ਬੁਰਜੂਆ ਖਾਸੇ ਤੋਂ ਪਿੱਛਾ ਨਾ ਛੁਡਾ ਸਕੀ ਅਤੇ ਉਹ ਅਜਿਹਾ ਕਰ ਵੀ ਨਹੀਂ ਸਕਦੀ ਸੀ ਕਿਉਂਕਿ ਸਿਰਫ਼ ਪ੍ਰੋਲੇਤਾਰੀ ਦੀ ਅਗਵਾਈ ਵਿੱਚ ਹੀ ਨਿੱਕ-ਬੁਰਜੂਆ ਜਮਾਤ ਆਪਣੇ ਖਾਸੇ ਤੋਂ ਪਿੱਛਾ ਛੁਡਾ ਸਕਦੀ ਹੈ।  

26 ਜੁਲਾਈ ਲਹਿਰ ਦਾ ਪ੍ਰੋਗਰਾਮ ਇੱਕ ਵਿਚਾਰਵਾਦੀ ਯੂਟੋਪੀਆ ਸੀ। ਇਸਦੇ 1956 ਦਾ “ਪ੍ਰੋਗਰਾਮ ਮੈਨੀਫੈਸਟੋ” ਦੱਸਦਾ ਹੈ ਕਿ ਇਹ ਲਹਿਰ “ਜੈਫਰਸਨਵਾਦੀ ਜਮਹੂਰੀਅਤ (ਦੇ)…… ਜਮਹੂਰੀਅਤ, ਕੌਮਪ੍ਰਸਤੀ ਅਤੇ ਸਮਾਜਕ ਨਿਆਂ ਦੇ ਆਦਰਸ਼ਾਂ ਤੋਂ ਅਗਵਾਈ ਲੈਂਦੀ ਹੈ” ਅਤੇ ਇਹ ਐਲਾਨ ਕਰਦਾ ਹੈ ਕਿ “ਜਮਹੂਰੀਅਤ ਕਿਸੇ ਨਸਲ, ਜਮਾਤ ਜਾਂ ਧਰਮ ਦੀ ਸਰਕਾਰ ਨਹੀਂ ਹੋ ਸਕਦੀ, ਇਸ ਲਈ ਸਾਰੇ ਲੋਕਾਂ ਦੀ ਸਰਕਾਰ ਹੋਣਾ ਲਾਜਮੀ ਹੈ।” ਇਹ ਨਿੱਕ-ਬੁਰਜੂਆ ਵਿਚਾਰਵਾਦੀ ਯੂਟੋਪੀਏ ਦਾ ਬਹੁਤ ਸਪੱਸਟ ਬਿਆਨ ਹੈ ਜਿਹੜੀ ਇੱਕ ਪਾਸੇ ਵੱਡੇ ਸਰਮਾਏ ਨੂੰ ਨਫਰਤ ਕਰਦੀ ਹੈ, ਉੱਥੇ ਪ੍ਰੋਲੇਤਾਰੀਏ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੀ ਹੈ। ਇਹ ਜਮਾਤਾਂ ਤੋਂ ਉੱਪਰ ਉੱਠੀ ਹੋਈ ਜਮਹੂਰੀਅਤ ਦੀ ਕਲਪਨਾ ਕਰਦੀ ਹੈ। ਇਸਦਾ ਪ੍ਰੋਗਰਾਮ ਅਮਰੀਕੀ ਸਾਮਰਾਜੀ ਸਰਮਾਏ ਅਤੇ ਵੱਡੇ ਭੂਮੀਪਤੀਆਂ ਉੱਤੇ ਨਕੇਲ ਪਾਉਣ, ਉਹਨਾਂ ਦੇ ਮੁਨਾਫਿਆਂ ਨੂੰ ਕੰਟਰੋਲ ਕਰਨ ਅਤੇ ਉਹਨਾਂ ਵਿੱਚੋਂ ਆਪਣੇ ਹਿੱਸੇ ਨੂੰ ਵੱਡਾ ਕਰਨ ਤੱਕ ਸੀਮਤ ਹੈ। ਅਜਿਹਾ ਕਰਨ ਲਈ ਉਹ ਵੱਡੇ ਭੂਮੀਪਤੀਆਂ ਤੇ ਅਮਰੀਕੀ ਸਾਮਰਾਜੀ ਸਰਮਾਏ ਦੇ ਗਲਬੇ ਵਾਲ਼ੀ ਗੰਨੇ ਦੀ ਖੇਤੀ ਤੇ ਖੰਡ-ਸਨਅਤ ਵਿੱਚ ਅਮਰੀਕਾ ਦੁਆਰਾ ਸਥਾਪਤ ਕੋਟਾ-ਸਿਸਟਮ ਨੂੰ ਖਤਮ ਕਰਨ ਦਾ ਟੀਚਾ ਮਿੱਥਦੀ ਹੈ, ਨਾਲ਼ ਹੀ ਇਹ ਅਣਵਰਤੀ ਤੇ ਬੇਆਬਾਦ ਪਈ ਜਮੀਨ ਨੂੰ ਛੋਟੇ ਕਿਸਾਨਾਂ ਵਿੱਚ ਵੰਡਣ ਤੇ ਵੱਡੇ ਭੂਮੀਪਤੀਆਂ ਦੇ ਦਰਮਿਆਨੇ ਪੈਦਾਕਾਰਾਂ ਉੱਤੇ ਪਾਏ ਜਾਂਦੇ ਦਬਾਅ ਨੂੰ ਖਤਮ ਕਰਨ ਦਾ ਟੀਚਾ ਮਿੱਥਦੀ ਹੈ। ਸ਼ਹਿਰਾਂ ਦੇ ਮਜਦੂਰਾਂ ਲੋਈ ਇਹ ਮੁਨਾਫਾ ਸਾਂਝਾ ਕਰਨ ਦਾ ਪ੍ਰਬੰਧ ਕਾਇਮ ਕਰਨ ਦਾ ਯੂਟੋਪੀਆ ਸਿਰਜਦੀ ਹੈ ਤਾਂ ਕਿ ਦੇਸੀ ਸਨਅਤੀ ਪੈਦਾਕਾਰਾਂ ਲਈ ਅਤੇ ਨਵੇਂ ਦੇਸੀ ਨਿਵੇਸ਼ ਲਈ ਮੰਡੀ ਪੈਦਾ ਹੋ ਸਕੇ। ਇਸ ਤਰ੍ਹਾਂ ਇਹ ਨਿੱਕ-ਬੁਰਜੂਆ ਜਮਾਤ ਦਾ ਆਦਰਸ਼ੀਕ੍ਰਿਤ ਸੰਸਾਰ ਹੈ ਜਿਹੜੀ ਸਮਾਜਕ ਹੈਸੀਅਤ ਦੇ ਅਗਲੇ ਡੰਡੇ ਉੱਤੇ ਚੜਨਾ ਚਾਹੁੰਦੀ ਹੈ, ਆਪਣੇ ਤੋਂ ਉੱਪਰਲੀਆਂ ਜਮਾਤਾਂ ਦੇ ਆਰਥਕ ਹਿਤਾਂ ਉੱਤੇ ਕਟੌਤੀ ਲਾਉਂਦੇ ਹੋਏ, ਉਸ ਵਿੱਚ ਆਪਣਾ ਹਿੱਸਾ ਵਧਾਉਂਦੇ ਹੋਏ ਅਤੇ ਨਾਲ਼ ਦੀ ਨਾਲ਼ ਆਪਣੇ ਤੋਂ ਹੇਠਲੀ ਜਮਾਤ ਭਾਵ ਮਜਦੂਰ ਜਮਾਤ ਲਈ ਕੁਝ ਰਾਹਤਾਂ ਦਿੰਦੇ ਹੋਏ ਪਰ ਉਸਨੂੰ ਆਪਣੇ ਅਧੀਨ ਰੱਖਦੇ ਹੋਏ। ਇਸ ਪ੍ਰੋਗਰਾਮ ਨੂੰ ਅੱਗੇ ਰੱਖ ਕੇ ਕਾਸਤਰੋ ਦੀ ਜਥੇਬੰਦੀ ਇਨਕਲਾਬ ਲਈ ਯੁੱਧਨੀਤੀ ਤਿਆਰ ਕਰਦੀ ਹੈ। ਇਸ ਯੁੱਧਨੀਤੀ ਵਿੱਚ ਪ੍ਰੋਲੇਤਾਰੀ ਦੀ ਪਾਰਟੀ ਖੜੀ ਕਰਨ, ਪ੍ਰੋਲੇਤਾਰੀ ਜਮਾਤ ਨੂੰ ਜਥੇਬੰਦ ਕਰਨ, ਜਨਤਕ ਜਥੇਬੰਦੀਆਂ ਕਾਇਮ ਕਰਨ ਅਤੇ ਹੋਰਨਾਂ ਜਮਾਤਾਂ ਨਾਲ਼ ਪ੍ਰੋਲੇਤਾਰੀ ਜਮਾਤ ਦੇ ਪੈਂਤੜੇ ਤੋਂ ਸਾਂਝਾ ਮੋਰਚਾ ਕਾਇਮ ਕਰਨ ਦਾ ਕੋਈ ਜਤਨ ਨਹੀਂ ਹੈ। ਪ੍ਰੋਲੇਤਾਰੀ ਜਮਾਤ ਦੀ ਸਚੇਤਨ ਸਿਆਸੀ ਕਾਰਵਾਈ ਅਤੇ ਸਮਾਜਵਾਦ ਲਈ ਸੰਘਰਸ਼ ਕਾਸਤਰੋ ਦੀ ਯੱਧਨੀਤੀ ਵਿੱਚੋਂ ਉੱਕਾ ਹੀ ਗਾਇਬ ਹੈ। ਕਾਸਤਰੋ ਦੀ ਅਗਵਾਈ ਹੇਠ ਗਿਣਤੀ ਦੇ ਬਹਾਦਰਾਂ ਦੁਆਰਾ ਸਿਏਰਾ ਮਿਸਤਰਾ ਦੇ ਪਹਾੜਾਂ ਵਿੱਚ ਗੁਰੀਲਾ ਜੋਨ ਸਥਾਪਤ ਕਰਕੇ ਇਨਕਲਾਬ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਜਲਦ ਹੀ ਕਿਊਬਾ ਦੇ ਲੱਗਭੱਗ ਸਾਰੇ ਲੋਕਾਂ ਤੋਂ ਹਮਾਇਤ ਮਿਲਦੀ ਹੈ ਜਿਸ ਸਦਕਾ ਦੋ ਸਾਲਾਂ ਦੇ ਅਰਸੇ ਵਿੱਚ ਹੀ ਉਹ ਬਤਿਸਤਾ ਦਾ ਤਖਤਾਪਲਟ ਕਰਨ ਵਿੱਚ ਕਾਮਯਾਬ ਰਹਿੰਦੇ ਹਨ। ਇਨਕਲਾਬ ਦੇ ਤੇਜ਼ੀ ਨਾਲ਼ ਕਾਮਯਾਬ ਹੋਣ ਪਿੱਛੇ ਅਮਰੀਕਾ ਵੱਲੋਂ ਬਤਿਸਤਾ ਦੀ ਥਾਂ ਨਵੇਂ ਚੇਹਰੇ ਸਥਾਪਤ ਕਰਨ ਅਤੇ 26 ਜੁਲਾਈ ਲਹਿਰ ਦੇ ਸੱਤ੍ਹਾ ਵਿਚਚ ਆਉਣ ਤੇ ਉਸ ਨਾਲ਼ ਯਾਰੀ ਗੰਢ ਲੈਣ ਦੇ ਮਨਸੂਬਿਆਂ ਦਾ ਵੀ ਇੱਕ ਯੋਗਦਾਨ ਹੈ ਜਿਸ ਕਾਰਨ ਅਮਰੀਕੀ ਸਾਮਰਾਜ ਵੱਲੋਂ ਇਸ ਇਨਕਲਾਬ ਨੂੰ ਹਰਾਉਣ ਲਈ ਕਿਸੇ ਕਿਸਮ ਦਾ ਫੌਜੀ ਦਖਲ ਨਹੀਂ ਕੀਤਾ ਗਿਆ। ਕਿਊਬਾ ਦੀਆਂ ਉਸ ਸਮੇਂ ਦੀਆਂ ਖਾਸ ਹਾਲਤਾਂ ਕਾਰਨ ਕਾਸਤਰੋ ਦੀ ਗੁਰੀਲਾ ਫੌਜ ਨੂੰ ਸਫਲਤਾ ਮਿਲਦੀ ਹੈ ਜਿਸਨੂੰ ਉਹਨਾਂ ਨੇ ਬਾਅਦ ਵਿੱਚ “ਫੋਕੋ ਸਿਧਾਂਤ” ਦੇ ਰੂਪ ਵਿੱਚ ਲਾਤੀਨੀ ਅਮਰੀਕਾ ਦੇ ਹੋਰਨਾਂ ਦੇਸ਼ਾਂ ਵਿੱਚ ਕਮਿਊਨਿਸਟ ਇਨਕਲਾਬ ਕਰਨ ਲਈ ਅਜਮਾਇਆ ਪਰ ਇਹ ਸਿਧਾਂਤ ਬੁਰੀ ਤਰ੍ਹਾਂ ਫਲਾਪ ਹੋਇਆ। ਇਸ ਨੇ ਇੱਕ ਵਾਰ ਫਿਰ ਸਿੱਧ ਕੀਤਾ ਕਿ ਕੁਝ ਬਹਾਦਰਾਂ ਦੁਆਰਾ ਇਨਕਲਾਬ ਕਰਨ ਦਾ ਸਿਧਾਂਤ ਨਿੱਕ-ਬੁਰਜੂਆ ਇਨਕਲਾਬ ਕਰ ਸਕਦਾ ਹੈ, ਪ੍ਰੋਲੇਤਾਰੀ ਇਨਕਲਾਬ ਨਹੀਂ; ਪ੍ਰੋਲੇਤਾਰੀ ਇਨਕਲਾਬ ਪ੍ਰੋਲੇਤਾਰੀ ਜਮਾਤ ਦਾ ਸਿਆਸੀ ਐਕਸ਼ਨ ਹੁੰਦੇ ਹਨ ਨਾ ਕਿ ਕੁਝ ਗਿਣੇ-ਚੁਣੇ ਮੱਧਵਰਗੀ, ਰੈਡੀਕਲ ਬੁੱਧੀਜੀਵੀਆਂ ਦੀ ਕੁਰਬਾਨੀ ਤੇ ਬਹਾਦਰੀ ਭਰੀਆਂ ਕਾਰਵਾਈਆਂ। ਇਸ ਤਰ੍ਹਾਂ ਕਿਊਬਾ ਦੇ ਇਨਕਲਾਬ ਦਾ ਵਿਚਾਰਧਾਰਾ, ਸਿਆਸੀ ਲੀਹ ਅਤੇ ਯੁੱਧਨੀਤੀ ਦੇ ਮਾਮਲੇ ਵਿੱਚ ਇਨਕਲਾਬ ਤੱਕ ਮਾਰਕਸਵਾਦ-ਲੈਨਿਨਵਾਦ ਨਾਲ਼ ਕੋਈ ਦੂਰ-ਦੂਰ ਦਾ ਸਬੰਧ ਨਹੀ ਸੀ।

ਇਨਕਲਾਬ ਕਰਨ ਵਾਲ਼ੀਆਂ ਸ਼ਕਤੀਆਂ ਦੇ ਜਮਾਤੀ ਖਾਸੇ ਤੋਂ ਹੀ ਇਹ ਸਮਝਿਆ ਜਾ ਸਕਦਾ ਹੈ ਕਿ ਇਨਕਲਾਬ ਤੋਂ ਬਾਅਦ ਕਾਇਮ ਹੋਈ ਰਾਜਸੱਤ੍ਹਾ ਵੀ ਨਾ ਤਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਸੀ ਅਤੇ ਨਾ ਹੀ ਪ੍ਰੋਲੇਤਾਰੀ ਤੇ ਕਿਸਾਨੀ ਦੇ ਸਾਂਝੇ ਮੋਰਚੇ ਦੀ ਜਮਹੂਰੀ ਤਾਨਾਸ਼ਾਹੀ ਸੀ ਕਿਉਂਕਿ ਇਸ ਵਿੱਚ ਪ੍ਰੋਲੇਤਾਰੀ ਜਮਾਤ ਦੀ ਕੋਈ ਹਿੱਸੇਦਾਰੀ ਹੀ ਨਹੀਂ ਸੀ। ਇਹ ਇੱਕ ਬੁਰਜੂਆ ਰਾਜਸੱਤ੍ਹਾ ਸੀ ਜਿਸ ਉੱਤੇ ਨਿੱਕ-ਬੁਰਜੂਆ ਜਮਾਤ ਦਾ ਕਬਜ਼ਾ ਸੀ। ਪ੍ਰੋਲੇਤਾਰੀ ਜਮਾਤ ਨੇ ਇਸ ਇਨਕਲਾਬ ਦੀ ਹਮਾਇਤ ਕੀਤੀ ਸੀ ਪਰ ਸੱਤ੍ਹਾ ਵਿੱਚ ਸ਼ਮੂਲੀਅਤ ਲਈ ਉਸ ਕੋਲ ਆਪਣੀ ਜਮਾਤੀ ਜਥੇਬੰਦੀ ਹੀ ਨਹੀਂ ਸੀ। ਰਾਜਸੱਤ੍ਹਾ ਉੱਤੇ ਕਬਜ਼ਾ ਕਰਨ ਵਾਲ਼ੇ ਸਾਂਝੇ ਮੋਰਚੇ ਦੀਆਂ ਦੋ ਧਿਰਾਂ ਤਾਂ ਹਨ ਹੀ ਨਿੱਕ-ਬੁਰਜੂਆ ਖਾਸੇ ਦੀਆਂ, ਤੀਜੀ ਧਿਰ ਪਾਪੂਲਰ ਸੋਸ਼ਲਿਸਟ ਪਾਰਟੀ ਇੱਕ ਸੋਧਵਾਦੀ ਪਾਰਟੀ ਸੀ। ਇਸ ਤਰ੍ਹਾਂ ਇਨਕਲਾਬ ਤੋਂ ਬਾਅਦ ਮਈ, 1961 ਤੱਕ ਜਦੋਂ ਕਿਊਬਾ ਨੂੰ ਇੱਕ ਸਮਾਜਵਾਦੀ ਮੁਲਕ ਐਲਾਨਿਆ ਗਿਆ, ਉਠਾਏ ਗਏ ਇਨਕਲਾਬੀ ਕਦਮ ਜਿਵੇਂ ਅਮਰੀਕੀ ਕੰਪਨੀਆਂ ਕਬਜ਼ੇ ਹੇਠਲੇ ਜਮੀਨ ਦੀ ਜਬਤੀ, ਵੱਡੇ ਭੂਮੀਪਤੀਆਂ ਉੱਤੇ ਲੈਂਡਸੀਲਿੰਗ ਤੇ ਜ਼ਮੀਨਾਂ ਦੀ ਜਬਤੀ, ਖਾਲੀ ਪਈ ਜਮੀਨ ਦੀ ਕਿਸਾਨਾਂ ਵਿੱਚ ਵੰਡ, ਉਠਾਏ ਗਏ, ਉਹ ਇੱਕ ਬੁਰਜੂਆ ਰਾਜਸੱਤ੍ਹਾ ਵੱਲੋਂ ਉਠਾਏ ਗਏ ਕਦਮ ਸਨ। ਇੱਕ ਬੁਰਜੂਆ ਰਾਜਸੱਤ੍ਹਾ ਅਧੀਨ ਇਹ ਕਦਮ ਵੱਧ ਤੋਂ ਵੱਧ ਸਾਮਰਾਜੀ ਦਾਬੇ ਨੂੰ ਖਤਮ ਕਰਕੇ ਦੇਸੀ ਸਰਮਾਏਦਾਰਾ ਵਿਕਾਸ ਨੂੰ ਉਗਾਸਾ ਦੇ ਸਕਦੇ ਹਨ, ਪਰ ਦੇਸ਼ ਨੂੰ ਸਮਾਜਵਾਦ ਦੇ ਰਸਤੇ ਉੱਤੇ ਨਹੀਂ ਲਿਜਾ ਸਕਦੇ ਚਾਹੇ ਸਾਮਰਾਜੀ ਕੰਪਨੀਆਂ ਤੇ ਵੱਡੇ ਭੂਮੀਪਤੀਆਂ ਦੇ ਕਬਜ਼ੇ ਵਾਲ਼ੀ ਜਮੀਨ ਦੀ ਜਬਤੀ ਕਰਕੇ ਇਸਨੂੰ ਰਾਜਕੀ ਕੰਟਰੋਲ ਅਧੀਨ ਲੈ ਆਂਦਾ ਜਾਵੇ। ਇਸੇ ਤਰ੍ਹਾਂ ਸਾਮਰਾਜੀ ਸਨਅਤਾਂ ਨੂੰ ਰਾਜਕੀ ਕੰਟਰੋਲ ਹੇਠ ਲੈ ਆਉਣਾ ਵੀ ਆਪਣੇ ਆਪ ਵਿੱਚ ਸਮਾਜਵਾਦੀ ਕਦਮ ਨਹੀਂ ਹਨ।

ਕਿਊਬਾ ਸਮਾਜਵਾਦ ਵੱਲ?

ਮਈ, 1961 ਨੂੰ ਫਿਦੇਲ ਕਾਸਤਰੋ ਨੇ ਕਿਊਬਾ ਨੂੰ ਇੱਕ ਸਮਾਜਵਾਦੀ ਮੁਲਕ ਐਲਾਨਿਆ ਅਤੇ ਖੁਦ ਨੂੰ ਮਾਰਕਸਵਾਦੀ-ਲੈਨਿਨਵਾਦੀ ਐਲਾਨ ਦਿੱਤਾ। ਪਰ ਕਿਸੇ ਦੇਸ਼ ਵੱਲੋਂ ਖੁਦ ਨੂੰ ਸਮਾਜਵਾਦੀ ਐਲਾਨ ਦੇਣ ਨਾਲ਼ ਉਹ ਦੇਸ਼ ਸਮਾਜਵਾਦੀ ਨਹੀਂ ਹੋ ਜਾਂਦਾ। ਕੋਈ ਦੇਸ਼ ਸਮਾਜਵਾਦੀ ਹੈ, ਜਾਂ ਸਰਮਾਏਦਾਰਾ, ਇਹ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਉੱਥੇ ਰਾਜਸੱਤ੍ਹਾ ਉੱਤੇ ਕਿਸ ਜਮਾਤ ਦਾ ਕਬਜ਼ਾ ਹੈ। ਜੇ ਰਾਜਸੱਤ੍ਹਾ ਉੱਤੇ ਪ੍ਰੋਲੇਤਾਰੀ ਦਾ ਕਬਜ਼ਾ ਹੈ ਤਾਂ ਦੇਸ਼ ਸਮਾਜਵਾਦੀ ਹੈ, ਜੇ ਰਾਜਸੱਤ੍ਹਾ ਉੱਤੇ ਬੁਰਜੂਆ ਜਮਾਤ ਦਾ ਕਬਜ਼ਾ ਹੈ ਤਾਂ ਦੇਸ਼ ਸਰਮਾਏਦਾਰਾ ਹੈ। ਇਸ ਪੈਮਾਨੇ ਨੂੰ ਅੱਗੇ ਰੱਖ ਕੇ ਅਸੀਂ ਕਿਊਬਾ ਨੂੰ ਸਮਾਜਵਾਦੀ ਐਲਾਨੇ ਜਾਣ ਤੋਂ ਬਾਅਦ ਕਿਊਬਾ ਦੇ ਖਾਸੇ ਨੂੰ ਘੋਖਦੇ ਹਾਂ।

ਕਈ ਕਮਿਊਨਿਸਟ ਗਰੁੱਪਾਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਮਈ, 1961 ਤੋਂ ਲੈ ਕੇ 1963 ਤੱਕ ਕਿਊਬਾ ਇੱਕ ਸਮਾਜਵਾਦੀ ਦੇਸ਼ ਰਿਹਾ ਪਰ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਉੱਠਦਾ ਹੈ ਕਿ ਸਮਾਜਵਾਦੀ ਕਿਊਬਾ ਵਿੱਚ ਇਸ ਸਮੇਂ ਦੌਰਾਨ ਸੱਤ੍ਹਾ ਦਾ ਖਾਸਾ ਕੀ ਸੀ? ਕੀ ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਸੀ? ਕੀ ਦੋ ਨਿੱਕ-ਬੁਰਜੂਆ ਜਥੇਬੰਦੀਆਂ ਤੇ ਇੱਕ ਸੋਧਵਾਦੀ ਪਾਰਟੀ ਵੱਲੋਂ ਏਕਾ ਕਰਕੇ ਇੱਕ ਇੰਟਗ੍ਰੇਟਡ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ (Integrated Revolutionary Organization) ਬਣਾ ਲੈਣ ਨਾਲ਼ ਹੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਮੰਨੀ ਜਾ ਸਕਦੀ ਹੈ ਜਿਹੜੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਰੂਪ ਵਿੱਚ ਪ੍ਰੋਲੇਤਾਰੀ ਜਮਾਤ ਦੀ ਸੱਤ੍ਹਾ ਸੰਭਾਲ ਰਹੀ ਸੀ? ਇਸ ਪਾਰਟੀ (ਕਮਿਊਨਿਸਟ ??) ਦੇ ਕੌਮੀ ਡਾਇਰੈਕਟੋਰੇਟ ਦਾ ਐਲਾਨ 8 ਮਾਰਚ, 1962 ਨੂੰ ਹੁੰਦਾ ਹੈ, ਫਿਰ 1963 ਵਿੱਚ ਇਸਦਾ ਨਵਾਂ ਨਾਮਕਰਨ ਯੁਨਿਟੀ ਪਾਰਟੀ ਆਸ ਸੋਸ਼ਲਿਸਟ ਰੈਵੋਲੂਸ਼ਨ ਕੀਤਾ ਜਾਂਦਾ ਹੈ। 1965 ਵਿੱਚ ਇੱਕ ਵਾਰ ਫਿਰ ਨਾਮਬਦਲੀ ਹੁੰਦੀ ਹੈ ਅਤੇ ਕਮਿਊਨਿਸਟ ਪਾਰਟੀ ਆਫ ਕਿਊਬਾ ਦੇ ਗਠਨ ਦਾ ਐਲਾਨ ਹੁੰਦਾ ਹੈ ਅਤੇ ਇਸ ਪਾਰਟੀ ਦੀ ਪਹਿਲੀ ਕਾਂਗਰਸ 1975 ਵਿੱਚ ਹੁੰਦੀ ਹੈ। ਇੱਕ ਸਮਾਜਵਾਦੀ ਦੇਸ਼ ਦੀ ਕਮਿਊਨਿਸਟ ਪਾਰਟੀ ਨੂੰ, ਆਪਣੀ ਰਾਜਸੱਤ੍ਹਾ ਵਾਲ਼ੇ ਦੇਸ਼ ਵਿੱਚ ਪਹਿਲੀ ਕਾਂਗਰਸ ਕਰਨ ਲਈ 13 ਸਾਲ ਦਾ ਸਮਾਂ ਲੱਗ ਜਾਂਦਾ ਹੈ। ਜਦੋਂ ਕਿਊਬਾ ਵਿੱਚ ਸਮਾਜਵਾਦ ਦੀ ਉਸਾਰੀ ਲਈ ਰਸਤੇ ਸਬੰਧੀ ਬਹਿਸ ਹੋ ਰਹੀ ਸੀ, ਦੁਨੀਆਂ ਭਰ ਵਿੱਚ ਕਮਿਊਨਿਸਟ ਲਹਿਰ ਇਨਕਲਾਬੀ ਤੇ ਸੋਧਵਾਦੀ ਖੇਮੇ ਵਿੱਚ ਵੰਡੀ ਜਾ ਚੁੱਕੀ ਸੀ, ਕਿਊਬਾ ਦੀ ਪਾਰਟੀ ਇੱਕ ਵੀ ਕਾਂਗਰਸ ਕਰਨੀ ਜਰੂਰੀ ਨਹੀਂ ਸਮਝਦੀ। ਇਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਊਬਾ ਦੀ ਕਮਿਊਨਿਸਟ ਪਾਰਟੀ ਅਸਲ ਵਿੱਚ ਪ੍ਰੋਲੇਤਾਰੀ ਪਾਰਟੀ ਹੈ ਹੀ ਨਹੀਂ ਸੀ, ਇਹ ਇੱਕ ਸੋਧਵਾਦੀ ਪਾਰਟੀ ਸੀ। ਦੂਸਰਾ, 1959 ਦਾ ਕਿਊਬਨ ਇਨਕਲਾਬ ਇੱਕ ਬੁਰਜੂਆ ਜਮਹੂਰੀ ਇਨਕਲਾਬ ਸੀ। ਇਸ ਲਈ ਕਿਊਬਾ ਵਿੱਚ ਜਮਹੂਰੀ ਇਨਕਲਾਬ ਦਾ ਸਮਾਜਵਾਦੀ ਇਨਕਲਾਬ ਵਿੱਚ ਬਦਲ ਜਾਣਾ ਚੀਨ ਵਾਂਗ ਸਿੱਧਾ-ਸਿੱਧਾ ਨਹੀਂ ਸੀ। ਇੱਥੇ ਇੱਕ ਬੁਰਜੂਆ ਇਨਕਲਾਬ ਨੇ ਪ੍ਰੋਲੇਤਾਰੀ ਇਨਕਲਾਬ ਵਿੱਚ, ਇੱਕ ਬੁਰਜੂਆ ਰਾਜਸੱਤ੍ਹਾ ਨੇ ਪ੍ਰੋਲੇਤਾਰੀ ਰਾਜਸੱਤ੍ਹਾ ਵਿੱਚ ਬਦਲਣਾ ਸੀ, ਪਰ ਅਜਿਹੀ ਕਿਸੇ ਤਬਦੀਲੀ ਦਾ ਕੋਈ ਠੋਸ ਅਧਾਰ ਕਿਊਬਾ ਵਿੱਚ ਨਹੀਂ ਦਿਖਦਾ।

ਹੁਣ ਅਸੀਂ ਕਿਊਬਾ ਨੂੰ ਸਮਾਜਵਾਦੀ ਐਲਾਨੇ ਜਾਣ ਤੋਂ ਬਾਅਦ ਉੱਥੇ ਦੇ ਅਰਥਚਾਰੇ ਦੇ ਵਿਕਾਸ ਬਾਰੇ ਦੇਖਾਂਗੇ। ਇੱਕ ਸਮਾਜਵਾਦੀ ਦੇਸ਼ ਲਈ ਜਰੂਰੀ ਹੁੰਦਾ ਹੈ ਕਿ ਉਹ ਸਵੈ-ਨਿਰਭਰਤਾ ਹਾਸਲ ਕਰਨ ਵੱਲ ਵਧੇ, ਭਾਰੀ ਸਨਅਤ ਦਾ ਵਿਕਾਸ ਅਤੇ ਅਰਥਚਾਰਾ ਵਿਭਿੰਨਤਾ ਭਰਪੂਰ ਬਣਾਉਣ ਵੱਲ ਵਧਿਆ ਜਾਵੇ। ਇਨਕਲਾਬ ਤੋਂ ਪਹਿਲਾਂ ਕਿਊਬਾ ਇਕੋ ਫਸਲ ਗੰਨੇ ਦੀ ਖੇਤੀ ਅਤੇ ਖੰਡ ਦੇ ਕਾਰੋਬਾਰ ਉੱਤੇ ਨਿਰਭਰ ਅਰਥਚਾਰਾ ਸੀ ਜਿਸ ਕਾਰਨ ਬਾਕੀ ਖੇਤੀ ਦਾ ਵਿਕਾਸ ਅਤੇ ਹੋਰਨਾਂ ਸਨਅਤਾਂ ਦਾ ਵਿਕਾਸ ਬਹੁਤ ਪਛੜਿਆ ਹੋਇਆ ਸੀ। ਇਨਕਲਾਬ ਤੋਂ ਬਾਅਦ ਸ਼ੁਰੂ ਵਿੱਚ ਇੱਕ ਫਸਲ ਅਧਾਰਤ ਅਰਥਚਾਰੇ ਦੀ ਥਾਂ ਉੱਤੇ ਅਰਥਚਾਰੇ ਨੂੰ ਵਿਭਿੰਨਤਾ ਭਰਿਆ ਬਣਾਉਣ ਲਈ ਜਤਨ ਹੋਏ ਪਰ 1963 ਤੋਂ ਬਾਅਦ ਇਹਨਾਂ ਜਤਨਾਂ ਨੂੰ ਅੱਗੇ ਵਧਾਉਣ ਦੀ ਥਾਂ ਕਿਊਬਾ ਮੁੜ ਤੋਂ ਪੁਰਾਣੇ ਢੰਗ ਦੇ ਅਰਥਚਾਰੇ ਵੱਲ ਮੁੜ ਆਇਆ। ਇਸ ਪਿਛਲਮੋੜੇ ਪਿੱਛੇ ਕਿਊਬਾ ਦੀ ਸੋਵੀਅਤ ਯੂਨੀਅਨ ਉੱਤੇ ਵਧ ਰਹੀ ਨਿਰਭਰਤਾ ਸੀ। ਸੋਵੀਅਤ ਯੂਨੀਅਨ ਉਸ ਸਮੇਂ ਤੱਕ ਸਮਾਜਕ ਸਾਮਰਾਜੀ ਦੇਸ਼ ਬਣ ਚੁੱਕਾ ਸੀ ਅਤੇ ਉਹ ਇੱਕ ਸਮਾਜਵਾਦੀ ਦੇਸ਼ ਵਜੋਂ ਨਹੀਂ, ਇੱਕ ਲੁਟੇਰੇ ਵਿਕਸਤ ਦੇਸ਼ ਵਜੋਂ ਨਵੇਂ ਅਜ਼ਾਦ ਹੋਏ ਦੇਸ਼ਾਂ ਨਾਲ਼ ਵਪਾਰਕ ਸਬੰਧ ਕਾਇਮ ਕਰਦਾ ਸੀ। ਕਿਊਬਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਖਰੁਸ਼ਚੇਵੀ ਸੋਧਵਾਦੀਆਂ ਲਈ ਕਿਊਬਾ ਤਾਂ ਹੋਰ ਵੀ ਅਹਿਮ ਸੀ ਕਿਉਂਕਿ ਉਹ ਅਮਰੀਕੀ ਮਹਾਂਦੀਪਾਂ ਵਿੱਚ ਸੋਵੀਅਤ ਯੂਨੀਅਨ ਦੀ ਬਾਹਰਲੀ ਚੌਂਕੀ ਦੀ ਭੂਮਿਕਾ ਨਿਭਾ ਸਕਦਾ ਸੀ ਤੇ ਸੋਵੀਅਤ ਸਾਮਰਾਜੀਆਂ ਦਾ ਇੱਕ ਫੌਜੀ ਅੱਡਾ ਬਣ ਸਕਦਾ ਸੀ। ਸੋਵੀਅਤ ਯੂਨੀਅਨ ਨੇ ਕਿਊਬਾ ਦੀ ਲੀਡਰਸ਼ਿਪ ਅੱਗੇ “ਕੌਮਾਂਤਰੀ ਸਮਾਜਵਾਦੀ ਕਿਰਤ ਵੰਡ” ਦਾ ਆਪਣਾ ਸੋਧਵਾਦੀ ਸਿਧਾਂਤ ਪੇਸ਼ ਕੀਤਾ ਜਿਸ ਤਹਿਤ ਕਿਊਬਾ ਨੂੰ ਆਪਣਾ ਅਰਥਚਾਰਾ ਵਿਭਿੰਨਤਾ ਭਰਪੂਰ ਕਰਨ ਦੀ ਲੋੜ ਨਹੀਂ ਸੀ, ਕਿਊਬਾ ਨੂੰ ਬੱਸ ਗੰਨੇ ਦੀ ਖੇਤੀ ਤੇ ਖੰਡ-ਮਿੱਲਾਂ ਦੀ ਸਨਅਤ ਨੂੰ ਵਧੇਰੇ ਤੋਂ ਵਧੇਰੇ ਵਿਕਸਤ ਕਰਦੇ ਜਾਣ ਦੀ ਲੋੜ ਸੀ ਤਾਂ ਕਿ ਇਸ ਨਾਲ਼ ਕਿਊਬਾ ਵਧੇਰੇ ਤੋਂ ਵਧੇਰੇ ਮੁਨਾਫਾ ਕਮਾ ਸਕੇ। ਕਿਊਬਾ ਨੂੰ ਆਪਣੀ ਖੰਡ ਦੇ ਬਦਲੇ ਸੋਵੀਅਤ ਯੂਨੀਅਨ ਨੇ ਮਸ਼ੀਨਰੀ, ਖਾਦਾਂ, ਕੀਟਨਾਸ਼ਕ ਅਤੇ ਤੇਲ ਦੇਣਾ ਦਾ ਸਮਝੌਤਾ ਕੀਤਾ ਅਤੇ ਨਾਲ਼ ਹੀ ਕਿਊਬਾ-ਸੋਵੀਅਤ ਯੂਨੀਅਨ ਵਿਚਾਲੇ ਬਜਟ ਘਾਟੇ ਨੂੰ ਪੂਰਨ ਲਈ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਅਸਲ ਵਿੱਚ ਸੋਵੀਅਤ ਯੂਨੀਅਨ ਕਿਊਬਾ ਨੂੰ ਆਪਣੇ ਲਈ ਕੱਚਾ ਮਾਲ ਬਣਾਉਣ ਅਤੇ ਸੋਵੀਅਤ ਯੂਨੀਅਨ ਦੀ ਵਿਕਸਤ ਸਨਅਤ ਦਾ ਤਿਆਰ ਮਾਲ ਖਪਤ ਕਰਨ ਵਾਲ਼ੀ ਮੰਡੀ ਬਣਾ ਦੇਣਾ ਚਾਹੁੰਦਾ ਸੀ ਅਤੇ ਉਹ ਅਜਿਹਾ ਕਰਨ ਵਿੱਚ ਕਾਮਯਾਬ ਰਿਹਾ। ਕਿਊਬਾ ਦੇ ਗੰਨੇ ਦੀ ਖੇਤੀ ਤੇ ਖੰਡ-ਮਿੱਲਾਂ ਉੱਤੇ ਇਕਪਾਸੜ ਜ਼ੋਰ ਦੇਣ ਨਾਲ਼ ਅਰਥਚਾਰੇ ਦੇ ਬਾਕੀ ਹਿੱਸੇ ਬਹੁਤ ਪਛੜ ਗਏ। ਕਿਊਬਾ ਅਨਾਜ ਦੀ ਪੈਦਾਵਾਰ ਵਿੱਚ ਵੀ ਸਵੈ-ਨਿਰਭਰ ਨਾ ਬਣ ਸਕਿਆ, ਅਨਾਜ ਦੀਆਂ ਲੋੜਾਂ ਪੂਰਿਆਂ ਕਰਨ ਲਈ ਉਹ ਸੋਵੀਅਤ ਯੂਨੀਅਨ ਤੋਂ ਪ੍ਰਾਪਤ ਹੋਣ ਵਾਲ਼ੇ ਤੇਲ ਨੂੰ ਮੁੜ ਤੋਂ ਨਿਰਯਾਤ ਕਰਕੇ ਮਿਲੀ ਮੁਦਰਾ ਦੁਆਰਾ ਦਰਾਮਦ ਕਰਨ ਉੱਤੇ ਨਿਰਭਰ ਹੋ ਗਿਆ। ਖੰਡ-ਅਧਾਰਤ ਅਰਥਚਾਰੇ ਦਾ ਇਹ ਹਾਲ ਸੀ ਕਿ ਕਿਊਬਾ ਦੇ ਕੁਲ ਨਿਰਯਾਤ ਦਾ 74-90% ਹਿੱਸਾ ਖੰਡ ਦਾ ਹੁੰਦਾ ਸੀ। ਇਸ ਤੋਂ ਵੀ, ਅੱਗੇ ਨਿਰਯਾਤ ਲਈ ਉਹ ਇੱਕ ਦੇਸ਼ ਸੋਵੀਅਤ ਯੂਨੀਅਨ ਉੱਤੇ ਬਹੁਤ ਜ਼ਿਆਦਾ ਨਿਰਭਰ ਸੀ, ਖੰਡ ਦੇ ਕੁਲ ਨਿਰਯਾਤ ਵਿੱਚੋਂ ਸੋਵੀਅਤ ਯੂਨੀਅਨ ਅੱਧਾ ਹਿੱਸਾ ਖਰੀਦਦਾ ਸੀ। ਇਸ ਤਰ੍ਹਾਂ ਇੱਕ ਪਾਸੇ ਤਾਂ ਸੰਸਾਰ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਸ਼ ਦੀ ਆਰਥਕਤਾ ਨੂੰ ਹਿਲਾ ਕੇ ਰੱਖ ਦਿੰਦੀ ਸੀ। ਦੂਸਰਾ, ਇਕ ਦੇਸ਼ ਉੱਤੇ ਨਿਰਭਰਤਾ ਕਾਰਨ ਕਿਊਬਾ ਉਸ ਦੇਸ਼ ਦੇ ਹੱਥਾਂ ਦੀ ਕੱਠਪੁਤਲੀ ਬਣਦਾ ਗਿਆ। ਖੰਡ-ਅਧਾਰਤ ਅਰਥਚਾਰੇ ਕਾਰਨ ਕਿਊਬਾ ਵਿੱਚ ਸਨਅਤ ਦਾ ਵਿਕਾਸ ਵੀ ਬਹੁਤ ਪਛੜ ਗਿਆ, ਭਾਰੀ ਸਨਅਤ ਤਾਂ ਲੱਗਭੱਗ ਗੈਰ ਹਾਜ਼ਰ ਹੀ ਸੀ। ਇਸ ਤਰ੍ਹਾਂ ਸਮਾਜਵਾਦੀ ਦੇਸ਼ ਦੀ ਤਰ੍ਹਾਂ ਕਿਊਬਾ ਨੇ ਆਪਣੇ ਸਾਧਨ ਵਿਕਸਤ ਕਰਨ ਦੀ ਥਾਂ ਇੱਕ ਸੋਧਵਾਦੀ ਸਮਾਜਕ ਸਾਮਰਾਜੀ ਦੇਸ਼ ਉੱਤੇ ਨਿਰਭਰਤਾ ਬਣਾ ਲਈ ਜੋ ਕਿ ਕਿਸੇ ਸਮਾਜਵਾਦੀ ਦੇਸ਼ ਦਾ ਲੱਛਣ ਉੱਕਾ ਹੀ ਨਹੀਂ ਹੈ।

ਕਿਊਬਾ ਵਿੱਚ ਵੱਡੇ ਭੂਮੀਪਤੀਆਂ ਦੀ ਜਮੀਨ ਉੱਤੇ ਲੈਂਡ ਸੀਲਿੰਗ ਲਗਾ ਕੇ ਅਤੇ ਅਮਰੀਕੀ ਕੰਪਨੀਆਂ ਦੀ ਕਬਜ਼ੇ ਹੇਠਲੇ ਜਮੀਨ ਨੂੰ ਜਬਤ ਕਰਕੇ ਇਸ ਜਮੀਨ ਨੂੰ ਰਾਜਕੀ ਫਾਰਮਾਂ ਵਿੱਚ ਬਦਲ ਦਿੱਤਾ ਸੀ। ਪਰ ਛੋਟੇ ਕਿਸਾਨਾਂ ਨੂੰ ਸਮੂਹਕੀਕਰਨ ਦੀ ਪ੍ਰਕਿਰਿਆ ਵਿੱਚ ਲਿਆਉਣ ਲਈ ਇਨਕਲਾਬੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਸਪੱਸਟ ਹੈ ਕਿ ਸਰਕਾਰ ਦਾ ਪੈਦਾਵਾਰ ਦੇ ਸਾਧਨਾਂ ਦਾ ਸਮਾਜੀਕਰਨ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਜੋ ਇੱਕ ਪ੍ਰੋਲੇਤਾਰੀ ਅਗਵਾਈ ਵਾਲ਼ੀ ਇਨਕਲਾਬੀ ਸਰਕਾਰ ਜਿਹੜੀ ਸਮਾਜਵਾਦ ਦੀ ਉਸਾਰੀ ਵੱਲ ਵਧਦੀ ਹੈ, ਦਾ ਹੁੰਦਾ ਹੈ। ਸਮਾਜਵਾਦ ਵਿੱਚ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਕੋਈ ਰੁਕੀ ਹੋਈ ਪ੍ਰਕਿਰਿਆ ਨਹੀਂ ਹੁੰਦੀ, ਇਹ ਵੱਖ-ਵੱਖ ਪੜਾਵਾਂ ਵਿੱਚ ਗੁਜਰਦੀ ਹੋਈ ਸਮਾਜੀਕਰਨ ਵੱਲ ਵਧਦੀ ਹੈ। ਜਮੀਨ ਦੇ ਮਾਮਲੇ ਵਿੱਚ ਇਹ ਪੜਾਅ ਵਧੇਰੇ ਸਪੱਸਟ ਦਿਖਾਈ ਦਿੰਦੇ ਹਨ। ਪਰ ਕਿਊਬਾ ਦੀ ਇਨਕਲਾਬ ਤੋਂ ਬਾਅਦ ਸਥਾਪਤ ਹੋਈ ਰਾਜਸੱਤ੍ਹਾ ਬੱਸ ਕੌਮੀਕਰਨ ਤੱਕ ਸੀਮਤ ਰਹਿੰਦੀ ਹੈ, ਇਸ ਤੋਂ ਅੱਗੇ ਨਹੀਂ ਵਧਦੀ। ਛੋਟੇ ਮਾਲਕਾਂ ਨਾਲ਼ ਵੀ ਉਹ ਕੌਮੀਕਰਨ ਰਾਹੀਂ ਹੀ ਸਿੱਝਦੀ ਹੈ। ਇਹ ਪੂਰਾ ਅਮਲ ਵੀ ਕਿਊਬਾ ਦੀ ਰਾਜਸੱਤ੍ਹਾ ਦਾ ਖਾਸਾ ਹੀ ਸਪੱਸਟ ਕਰਦਾ ਹੈ।

ਕਿਊਬਾ ਦੇ ਅਰਥਚਾਰੇ ਵਿੱਚ ਪੈਦਾਵਾਰ ਨੂੰ ਨਿਰਦੇਸ਼ਤ ਕਰਨ ਵਾਲ਼ਾ ਪੈਮਾਨਾ ਮੁਨਾਫੇ ਦਾ ਪੈਮਾਨੇ ਸੀ, ਜਿਹੜੇ ਖੇਤਰ ਵਧੇਰੇ ਮੁਨਾਫਾ ਦਿੰਦੇ ਸਨ ਉਹਨਾਂ ਵਿੱਚ ਪੈਦਾਵਾਰ ਨੂੰ ਉਤਸ਼ਾਹਤ ਕੀਤਾ ਜਾਂਦਾ ਸੀ। ਇਸ ਤਰ੍ਹਾਂ ਪੈਦਾਵਾਰ ਨੂੰ ਨਿਰਦੇਸ਼ਤ ਕਰਨ ਵੇਲੇ ਸਮਾਜ ਦੀਆਂ ਲੋੜਾਂ ਨਹੀਂ ਸਗੋਂ ਮੁਨਾਫੇ ਦਾ ਸਰਮਾਏਦਾਰਾ ਨਿਯਮ ਹੀ ਕੰਮ ਕਰਦਾ ਸੀ ਜਿਸਨੂੰ ਸੋਵੀਅਤ ਸੋਧਵਾਦੀ ਮਾਰਕਸਵਾਦੀ ਸਿਧਾਂਤ ਬਣਾ ਕੇ ਪੇਸ਼ ਕਰਦੇ ਸਨ। ਸਮਾਜਵਾਦ ਅਧੀਨ ਪੈਦਾਵਾਰ ਨੂੰ ਨਿਰਦੇਸ਼ਤ ਕਰਨ ਦਾ ਕੰਮ ਪ੍ਰੋਲੇਤਾਰੀ ਦੀ ਸਿਆਸੀ ਲੀਹ ਕਰਦੀ ਹੈ, ਇਹ ਪ੍ਰੋਲੇਤਾਰੀ ਦੀ ਪਾਰਟੀ ਤੇ ਰਾਜਸੱਤ੍ਹਾ ਦਾ ਸਚੇਤਨ ਫੈਸਲਾ ਹੁੰਦਾ ਹੈ ਕਿ ਆਰਥਕ ਪਾਲਿਸੀ ਕੀ ਹੋਵੇਗੀ ਅਤੇ ਪੈਦਾਵਾਰ ਦੀ ਯੋਜਨਾਬੰਦੀ ਸਮਾਜ ਦੀਆਂ ਪਦਾਰਥਕ ਜਰੂਰਤਾਂ ਤੈਅ ਕਰਦੀਆਂ ਹਨ। ਸਮਾਜਵਾਦ ਵਿੱਚ “ਮੁਨਾਫੇ” ਨੂੰ ਗਿਣਤੀਆਂ-ਮਿਣਤੀਆਂ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਗਣਨਾ ਸੌਖੀ ਤਰ੍ਹਾਂ ਹੋ ਸਕੇ ਪਰ ਸਮਾਜਵਾਦ ਵਿੱਚ ਪੈਦਾਵਾਰ ਦਾ ਉਦੇਸ਼ ਮੁਨਾਫਾ ਕਮਾਉਣਾ ਬਿਲਕੁਲ ਨਹੀਂ ਹੁੰਦਾ। ਇਸੇ ਤਰ੍ਹਾ ਸਮਾਜਵਾਦ ਦੀ ਉਸਾਰੀ ਬਾਹਰੀ ਸਹਾਇਤਾ ਨਾਲ਼ ਨਹੀਂ ਹੋ ਸਕਦੀ, ਇਹ ਉਸ ਦੇਸ਼ ਦੇ ਆਪਣੇ ਸਾਧਨਾਂ ਦੇ ਮੁਕੰਮਲ ਵਿਕਾਸ ਨਾਲ਼ ਹੀ ਸੰਭਵ ਹੋ ਸਕਦਾ ਹੈ। ਇੱਥੇ ਹੀ ਕਿਊਬਾ ਵਿੱਚ ਆਰਥਕ ਵਿਕਾਸ ਦੀ ਦਿਸ਼ਾ ਨੂੰ ਲੈ ਕੇ ਚੱਲੀ ਇੱਕ ਬਹਿਸ ਦਾ ਜ਼ਿਕਰ ਕਰਨਾ ਵੀ ਕਿਊਬਾ ਦੀ ਲੀਡਰਸ਼ਿਪ ਦੇ ਜਮਾਤੀ ਖਾਸੇ ਉੱਤੇ ਹੋਰ ਵਧੇਰੇ ਰੌਸ਼ਨੀ ਪਾਵੇਗਾ। ਕਿਊਬਾ ਦਾ ਆਰਥਕ ਵਿਕਾਸ ਦਾ ਰਸਤਾ ਕੀ ਹੋਵੇ, ਇਸ ਨੂੰ ਲੈ ਕੇ ਕਿਊਬਾ ਦੀ ਲੀਡਰਸ਼ਿਪ ਵਿੱਚ ਦੋ ਧੜੇ ਸਨ। ਇੱਕ ਧੜੇ ਦੀ ਅਗਵਾਈ ਚੇ ਗਵੇਰਾ ਕਰ ਰਿਹਾ ਸੀ ਅਤੇ ਦੂਜੇ ਧੜੇ ਦੀ ਅਗਵਾਈ ਰਾਉਲ ਕਾਸਤਰੋ ਤੇ ਰਾਫੇਲ ਰੌਡਰਿਗਜ (ਉਹ ਸਾਂਝੇ ਮੋਰਚੇ ਦੀਆਂ ਧਿਰਾਂ ਦੇ ਇੱਕ ਪਾਰਟੀ ਬਣ ਜਾਣ ਤੋਂ ਪਹਿਲਾਂ ਪਾਪੂਲਰ ਸੋਸ਼ਲਿਸਟ ਪਾਰਟੀ ਦਾ ਮੈਬਰ ਸੀ) ਕਰ ਰਹੇ ਸਨ। ਇਹਨਾਂ ਧੜਿਆਂ ਦੀ ਹੋਰ ਵੀ ਕਈ ਮਾਮਲਿਆਂ ਵਿੱਚ ਵੱਖਰੀ-ਵੱਖਰੀ ਪੋਜ਼ੀਸ਼ਨ ਸੀ। ਚੇ ਗਵੇਰਾ ਨੂੰ ਚੀਨ-ਪੱਖੀ ਅਤੇ ਦੂਜਿਆਂ ਨੂੰ ਸੋਵੀਅਤ-ਪੱਖੀ ਗਿਣਿਆ ਜਾਂਦਾ ਸੀ। ਚੇ ਗਵੇਰਾ ਸੋਵੀਅਤ ਯੂਨੀਅਨ ਵੱਲੋਂ ਕਿਊਬਾ ਨਾਲ਼ ਵਪਾਰ ਸਮੇਂ ਵਰਤੇ ਜਾਂਦੇ ਢੰਗ ਤਰੀਕਿਆਂ ਦਾ ਆਲੋਚਕ ਤਾਂ ਸੀ ਹੀ, ਉਹ ਸੋਵੀਅਤ ਪਾਰਟੀ ਦੇ ਸਮਾਜਵਾਦੀ ਉਸਾਰੀ ਦੇ ਸਿਧਾਂਤ ਨਾਲ਼ ਵੀ ਸਹਿਮਤ ਨਹੀਂ ਸੀ ਅਤੇ ਉਸਨੇ ਸੋਵੀਅਤ ਯੂਨੀਅਨ ਦੇ ਇਸ ਸੋਧਵਾਦੀ ਸਿਧਾਂਤ ਦੇ ਕਿਊਬਾ ਵਿੱਚ ਲਾਗੂ ਹੋਣ ਦਾ ਵਿਰੋਧ ਕੀਤਾ। ਉਸ ਦੇ ਕਿਊਬਾ ਦੇ ਸਿਆਸੀ ਸੀਨ ਉੱਤੇ ਬਣੇ ਰਹਿਣ ਤੇ ਸਨਅਤ ਵਿਭਾਗ ਤੇ ਕਿਊਬਨ ਨੈਸ਼ਨਲ ਬੈਂਕ ਦੇ ਇੰਚਾਰਜ ਰਹਿਣ ਤੱਕ ਸੋਵੀਅਤ ਸੋਧਵਾਦੀਆਂ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਲਾਗੂ ਵੀ ਨਹੀਂ ਕੀਤਾ ਜਾ ਸਕਿਆ। ਕਿਊਬਾ ਵਿੱਚ ਇਸ ਬਹਿਸ ਨੂੰ ਵੱਡੀ ਆਰਥਕ ਬਹਿਸ ਕਿਹਾ ਜਾਂਦਾ ਹੈ ਅਤੇ ਇਹ ਬਹਿਸ ਕਿਊਬਾ ਦੇ ਅਖਬਾਰ ਦੇ ਪੰਨਿਆਂ ਉੱਤੇ ਵੀ ਚੱਲੀ।

ਇਹ ਬਹਿਸ ਦੋ ਤਰ੍ਹਾਂ ਦੇ ਆਰਥਿਕ ਮਾਡਲਾਂ ਵਿਚਕਾਰ ਸੀ। ਇਹ ਮਾਡਲ ਸਨ – ਕੇਂਦਰੀ ਬਜਟ ਵਿੱਤੀ ਪ੍ਰਬੰਧ (Central Budgetary Finance System) ਅਤੇ ਆਰਥਕ ਲੇਖਾ ਪ੍ਰਬੰਧ (Economic Iudit System)। ਚੇ ਗਵੇਰਾ ਦੀ ਅਗਵਾਈ ਵਾਲ਼ਾ ਧੜਾ ਪਹਿਲੇ ਮਾਡਲ ਦਾ ਹਮਾਇਤੀ ਸੀ ਅਤੇ ਕਾਸਤਰੋ-ਰੌਡਰਿਗਜ ਦਾ ਧੜਾ ਦੂਜੇ ਮਾਡਲ ਦਾ ਹਮਾਇਤੀ ਸੀ। ਪਹਿਲੇ ਮਾਡਲ ਅਧੀਨ ਅਰਥਚਾਰਾ ਇੱਕ ਕੇਂਦਰੀਕ੍ਰਿਤ ਕੰਟਰੋਲ ਤੇ ਯੋਜਨਾਬੰਦੀ ਅਧੀਨ ਵਿਕਸਤ ਹੁੰਦਾ ਹੈ। ਇਸ ਵਿੱਚ ਵੱਖ ਉੱਦਮਾਂ ਨੂੰ ਆਪਣੇ ਅਲੱਗ ਤੋਂ ਖਾਤੇ ਰੱਖਣ ਦੀ ਇਜਾਜਤ ਨਹੀਂ ਹੁੰਦੀ ਸੀ ਅਤੇ ਉਹ ਸਿੱਧਾ ਬੈਂਕ ਤੋਂ ਕਰਜ਼ਾ ਨਹੀਂ ਲੈ ਸਕਦੇ ਸਨ। ਉੱਦਮਾਂ ਲਈ ਆਰਥਕ ਸ੍ਰੋਤ, ਮਸ਼ੀਨਰੀ, ਕੱਚਾ ਮਾਲ ਅਤੇ ਕਿਰਤ ਸ਼ਕਤੀ ਦਾ ਵੰਡਾਰਾ ਕੇਂਦਰੀ ਕਮਾਨ ਥੱਲੇ ਹੁੰਦਾ ਸੀ ਜੋ ਕੁਲ ਯੋਜਨਾ ਨੂੰ ਧਿਆਨ ਵਿੱਚ ਕੀਤਾ ਜਾਂਦਾ ਸੀ। ਵੱਖ ਉੱਦਮ ਆਪਣੀ ਪੈਦਵਾਰ ਰਾਜ ਦੇ ਹਵਾਲ਼ੇ ਕਰਦੇ ਸਨ ਅਤੇ ਕਾਮਿਆਂ ਨੂੰ ਭੁਗਤਾਨ ਸਿੱਧਾ ਰਾਜ ਵੱਲੋਂ ਕੀਤਾ ਜਾਂਦਾ ਸੀ। ਇਸ ਵਿਵਸਥਾ ਤਹਿਤ ਭੌਤਿਕ ਹੱਲਾਸ਼ੇਰੀ ਦੀ ਥਾਂ ਨੈਤਿਕ ਹੱਲਾਸ਼ੇਰੀ ਉੱਤੇ ਜ਼ੋਰ ਹੁੰਦਾ ਸੀ। ਇਸ ਪ੍ਰਬੰਧ ਅਧੀਨ ਕਦਰ ਦਾ ਕਿਰਤ ਸਿਧਾਂਤ ਕੰਟਰੋਲ ਦਾਇਰੇ ਅਧੀਨ ਕੰਮ ਕਰਨ ਲੱਗਦਾ ਹੈ, ਉਹ ਗਣਨਾਵਾਂ ਲਈ ਜਰੂਰੀ ਰਹਿ ਜਾਂਦਾ ਹੈ ਪਰ ਵਟਾਂਦਰੇ ਦੇ ਦਾਇਰੇ ਵਿੱਚ ਉਸਦੀ ਭੂਮਿਕਾ ਘਟਣ ਲੱਗਦੀ ਹੈ। ਦੂਜੀ ਤਰ੍ਹਾਂ ਦੇ ਮਾਡਲ ਵਿੱਚ, ਵੱਖ-ਵੱਖ ਉੱਦਮਾਂ ਉੱਤੇ ਕੰਟਰੋਲ ਤਾਂ ਕੇਂਦਰੀਕ੍ਰਿਤ ਹੀ ਰੱਖਿਆ ਜਾਂਦਾ ਹੈ ਪਰ ਉਹਨਾਂ ਨੂੰ ਆਪਣੀਆਂ ਪੈਦਾਵਾਰੀ ਸਰਗਰਮੀਆਂ ਨੂੰ ਚਲਾਉਣ ਦੀ ਅਜ਼ਾਦੀ ਦਿੱਤੀ ਜਾਂਦੀ ਹੈ। ਉਹ ਆਪਣਾ ਅਲੱਗ ਖਾਤਾ ਰੱਖ ਸਕਦੇ ਹਨ, ਬੈਂਕ ਤੋਂ ਕਰਜ਼ੇ ਲੈ ਸਕਦੇ ਹਨ। ਇਸ ਪ੍ਰਬੰਧ ਅਧੀਨ ਭੌਤਿਕ ਹੱਲਾਸ਼ੇਰੀ ਮੁੱਖ ਬਣ ਜਾਂਦੀ ਹੈ ਜਿਸ ਵਿੱਚ ਮੁਦਰਾ ਨੂੰ ਮੁੱਖ ਹੱਲਾਸ਼ੇਰੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਵੱਖ-ਵੱਖ ਉੱਦਮ ਆਪਣੀ ਪੈਦਾਵਾਰ ਨੂੰ ਦੂਜੇ ਉੱਦਮਾਂ ਨਾਲ਼ ਕਦਰ ਦੇ ਕਿਰਤ ਸਿਧਾਂਤ ਅਨੁਸਾਰ ਵਟਾਉਂਦੇ ਹਨ, ਇਸ ਤਰ੍ਹਾਂ ਇਸ ਪ੍ਰਬੰਧ ਅਧੀਨ ਸਰਮਾਏਦਾਰਾ ਸਮਾਜ ਦੀ ਤਰ੍ਹਾਂ ਹੀ ਕਦਰ ਸਿਧਾਂਤ ਲਾਗੂ ਰਹਿੰਦਾ ਹੈ। ਇਹ ਪ੍ਰਬੰਧ ਸੋਵੀਅਤ ਸੋਧਵਾਦੀਆਂ ਨੇ ਸਮਾਜਵਾਦੀ ਪ੍ਰਬੰਧ ਨੂੰ ਸਰਮਾਏਦਾਰੀ ਵਿੱਚ ਬਦਲ ਦੇਣ ਲਈ ਖੋਜਿਆ ਅਤੇ ਇਸੇ ਪ੍ਰਬੰਧ ਨੂੰ ਉਹ ਆਪਣੇ ਪ੍ਰਭਾਵ ਹੇਠ ਆਉਣ ਵਾਲ਼ੇ ਨਵੇਂ ਕਮਿਊਨਿਸਟ ਦੇਸ਼ਾਂ ਵਿੱਚ ਨਿਰਯਾਤ ਕਰਦੇ ਸਨ। ਇਹੀ ਕੁਝ ਕਿਊਬਾ ਨਾਲ਼ ਹੋਇਆ। ਇਸ ਤੋਂ ਵੀ, ਅੱਗੇ ਚੇ ਗਵੇਰਾ ਅਰਥਚਾਰੇ ਨੂੰ ਵਿਭਿੰਨਤਾ ਭਰਪੂਰ ਬਣਾਉਣ, ਆਰਥਕ ਰੂਪ ਵਿੱਚ ਸਵੈ-ਨਿਰਭਰਤਾ ਵੱਲ ਵਧਣ ਅਤੇ ਭਾਰੀ ਸਨਅਤ ਕਾਇਮ ਕਰਨ ਉੱਤੇ ਜ਼ੋਰ ਦੇ ਰਿਹਾ ਸੀ ਜਦਕਿ ਉਸਦੇ ਵਿਰੋਧੀ ਬਿਲਕੁਲ ਉਲਟ ਪੋਜ਼ੀਸ਼ਨ ਲੈ ਰਹੇ ਸਨ। ਅੰਤ ਵਿੱਚ ਚੇ ਗਵੇਰਾ ਦੇ ਕਿਊਬਾ ਵਿੱਚੋਂ ਚਲੇ ਜਾਣ ਤੋਂ ਬਾਅਦ ਇਹ ਬਹਿਸ ਆਪਣੇ ਆਪ ਖਤਮ ਹੋ ਗਈ ਅਤੇ ਕਿਊਬਾ ਪੂਰੀ ਤਰ੍ਹਾਂ ਸੋਵੀਅਤ ਸੋਧਵਾਦੀਆਂ ਦੇ ਇਸ਼ਾਰਿਆਂ ਉੱਤੇ ਚੱਲਣ ਲੱਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਊਬਾ ਦੇ ਅਰਥਚਾਰੇ ਵਿੱਚ ਸਮਾਜਵਾਦ ਦਾ ਕੋਈ ਅੰਸ਼ ਨਹੀਂ ਸੀ। ਬਹੁਤ ਸਾਰੇ ਲੋਕ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਕਿਊਬਾ ਦੇ ਸੰਕਟ ਨੂੰ ਅਮਰੀਕੀ ਆਰਥਿਕ ਨਾਕਾਬੰਦੀ ਸਿਰ ਸੁੱਟ ਦਿੰਦੇ ਹਨ, ਇਸੇ ਤਰ੍ਹਾਂ ਕਿਊਬਾ ਦੀਆਂ ਪਛੜੀਆਂ ਪੈਦਾਵਾਰੀ ਤਾਕਤਾਂ ਲਈ ਵੀ ਬਹੁਤ ਸਾਰੇ ਮਾਰਕਸਵਾਦੀ ਆਰਥਿਕ ਨਾਕਾਬੰਦੀ ਨੂੰ ਜ਼ਿੰਮੇਵਾਰ ਠਹਿਰਾਅ ਦਿੰਦੇ ਹਨ ਪਰ ਅਸਲ ਵਿੱਚ ਆਰਥਿਕ ਨਾਕਾਬੰਦੀ ਇੱਕ ਗੌਣ ਕਾਰਨ ਹੈ। ਮੁੱਖ ਕਾਰਨ ਕਿਊਬਾ ਦੀ ਪਾਰਟੀ ਦੀਆਂ ਨੀਤੀਆਂ ਹਨ ਜਿਹੜੀਆਂ ਉਸਨੇ ਇਨਕਲਾਬ ਤੋਂ ਬਾਅਦ ਕਿਊਬਾ ਲਈ ਬਣਾਈਆਂ। ਇਹ ਪਹੁੰਚ ਵੈਸੇ ਵੀ ਗੈਰ-ਮਾਰਕਸਵਾਦੀ ਪਹੁੰਚ ਹੈ ਕਿਉਂਕਿ ਇਹ ਬਾਹਰੀ ਕਾਰਕ ਨੂੰ ਮੁੱਖ ਕਾਰਕ ਬਣਾ ਧਰਦੀ ਹੈ ਜਦਕਿ ਕਿਸੇ ਪ੍ਰਕਿਰਿਆ ਦੀ ਅੰਦਰੂਨੀ ਗਤੀ ਨੂੰ ਪਰਖਣ ਤੋਂ ਬਚਦੀ ਹੈ।

ਕਿਊਬਾ ਦੇ ਇਨਕਲਾਬ ਸਮੇਂ ਕੌਮਾਂਤਰੀ ਹਾਲਤਾਂ ਅਤੇ
ਇਨਕਲਾਬ ਤੋਂ ਬਾਅਦ ਕਿਊਬਾ ਦੀ ਵਿਦੇਸ਼ ਨੀਤੀ

ਜਿਸ ਸਮੇਂ ਕਿਊਬਾ ਵਿੱਚ ਇਨਕਲਾਬ ਹੁੰਦਾ ਹੈ, ਉਸ ਸਮੇਂ ਇੱਕ ਪਾਸੇ ਸੋਵੀਅਤ ਯੂਨੀਅਨ ਤੇ ਅਮਰੀਕੀ ਸਾਮਰਾਜ ਵਿਚਾਲੇ ਸ਼ੀਤ ਯੁੱਧ ਛਿੜਿਆ ਹੋਇਆ ਸੀ, ਦੂਜੇ ਪਾਸੇ ਸੰਸਾਰ ਕਮਿਊਨਿਸਟ ਲਹਿਰ ਸੋਧਵਾਦੀ ਅਤੇ ਇਨਕਲਾਬੀ ਧੜਿਆਂ ਵਿੱਚ ਵੰਡੀ ਜਾ ਚੁੱਕੀ ਸੀ। ਸੰਸਾਰ ਹਾਲਤਾਂ ਦੇ ਇਹਨਾਂ ਦੋ ਪੱਖਾਂ ਨੇ ਕਿਊਬਾ ਦੇ ਇਨਕਲਾਬ ਦੇ ਭਵਿੱਖੀ ਰਾਹ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ, ਭਾਵੇਂ ਇਹ ਪ੍ਰਭਾਵ ਕਿਊਬਾ ਦੇ ਇਨਕਲਾਬ ਦੇ ਆਪਣੀ ਅੰਦਰੂਨੀ ਗਤੀ ਦੇ ਰਾਹੀਂ ਹੀ ਪਏ। ਦੂਸਰਾ, ਇਹਨਾਂ ਸੰਸਾਰ ਹਾਲਤਾਂ ਵਿੱਚ ਕਿਊਬਾ ਦੀ ਲੀਡਰਸ਼ਿਪ ਵੱਲੋਂ ਅਪਣਾਏ ਗਏ ਪੈਂਤੜੇ ਨਾਲ਼ ਕਿਊਬਾ ਦੇ ਇਨਕਲਾਬ ਦਾ ਖਾਸਾ ਅਤੇ ਇਸਦੇ ਸਮਾਜਵਾਦ ਦੇ ਰੰਗ ਦੀ ਅਸਲੀਅਤ ਹੋਰ ਵਧੇਰੇ ਸਪੱਸਟਤਾ ਨਾਲ਼ ਉੱਘੜ ਕੇ ਸਾਹਮਣੇ ਆ ਜਾਂਦੀ ਹੈ।

ਕਿਊਬਾ ਵਿੱਚ ਇਨਕਲਾਬ ਆਉਣ ਸਮੇਂ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਸੋਧਵਾਦ ਦਾ ਰਾਹ ਪੱਕੀ ਤਰ੍ਹਾਂ ਅਖਤਿਆਰ ਕਰ ਚੁੱਕੀ ਸੀ। ਸਤਾਲਿਨ ਦੀ ਮੌਤ ਤੋਂ ਬਾਅਦ ਸੋਵੀਅਤ ਯੂਨੀਅਨ ਅੰਦਰ ਸੋਧਵਾਦੀਆਂ ਵੱਲੋਂ ਕੀਤੇ ਤਖਤਾਪਲਟ ਨੂੰ ਟੱਕਰ ਦੇਣ ਵਾਲ਼ੀ ਕੋਈ ਵੀ ਖਰੀ ਇਨਕਲਾਬੀ ਧਿਰ ਨਹੀਂ ਬਚੀ ਸੀ ਅਤੇ 1956 ਦੀ 20ਵੀਂ ਪਾਰਟੀ ਕਾਂਗਰਸ ਵਿੱਚ ਖਰੁਸ਼ਚੇਵ ਵੱਲੋਂ ਸਤਾਲਿਨ ਉੱਤੇ ਚਿੱਕੜ ਸੁੱਟਣ ਦੇ ਨਾਲ਼ ਹੀ ਖਰੁਸ਼ਚੇਵੀ ਸੋਧਵਾਦੀਆਂ ਦਾ ਪਾਰਟੀ ਉੱਤੇ ਮੁਕੰਮਲ ਕਬਜ਼ਾ ਹੋ ਚੁੱਕਾ ਸੀ ਅਤੇ ਖਰੁਸ਼ਚੇਵ ਦਾ ਆਧੁਨਿਕ ਸੋਧਵਾਦ ਖੁੱਲ੍ਹੇਆਮ ਪ੍ਰਗਟ ਹੋ ਗਿਆ ਸੀ। ਜਿਵੇਂ ਕਿ ਮਾਓ ਨੇ ਕਿਹਾ ਹੈ, ਸੋਧਵਾਦ ਦਾ ਸੱਤ੍ਹਾ ਵਿੱਚ ਆਉਣ ਦਾ ਮਤਲਬ ਹੈ ਬੁਰਜੂਆਜ਼ੀ ਦਾ ਸੱਤ੍ਹਾ ਵਿੱਚ ਆਉਣਾ। ਇਸ ਤਰ੍ਹਾਂ ਸੋਵੀਅਤ ਯੂਨੀਅਨ ਵਿੱਚ ਰਾਜਸੱਤ੍ਹਾ ਪ੍ਰੋਲੇਤਾਰੀ ਜਮਾਤ ਦੇ ਹੱਥਾਂ ਵਿੱਚੋਂ ਨਿਕਲ ਕੇ ਬੁਰਜੂਆਜ਼ੀ ਦੇ ਹੱਥਾਂ ਵਿੱਚ ਆ ਚੁੱਕੀ ਸੀ ਅਤੇ ਸਮਾਜਵਾਦੀ ਦੌਰ ਅੰਦਰ ਸਮਾਜਿਕ ਗਤੀ ਕਮਿਊਨਿਜਮ ਵੱਲ ਹੋਣ ਦੀ ਥਾਂ ਸਰਮਾਏਦਾਰੀ ਵੱਲ ਪਿਛਲਮੋੜਾ ਖਾ ਚੁੱਕੀ ਸੀ। ਚੀਨ ਦੀ ਪਾਰਟੀ ਨੇ ਸ਼ੁਰੂ ਵਿੱਚ ਭਾਵੇਂ ਸੋਵੀਅਤ ਪਾਰਟੀ ਪ੍ਰਤੀ ਆਪਣੀ ਆਲੋਚਨਾਤਮਕ ਸੁਰ ਨਰਮ ਰੱਖੀ ਅਤੇ ਸੋਵੀਅਤ ਪਾਰਟੀ ਦੇ ਵਾਪਸ ਸਹੀ ਰਾਹ ਉੱਤੇ ਮੁੜ ਆਉਣ ਦੀ ਉਮੀਦ ਰੱਖੀ ਪਰ ਜਿਸ ਸਮੇਂ ਕਿਊਬਾ ਦਾ ਇਨਕਲਾਬ ਹੁੰਦਾ ਹੈ ਤਦ ਤੱਕ ਸੋਵੀਅਤ ਪਾਰਟੀ ਦੀ ਅਗਵਾਈ ਵਾਲ਼ੇ ਸੰਸਾਰ ਕਮਿਊਨਿਸਟ ਲਹਿਰ ਦੇ ਧੜੇ ਅਤੇ ਚੀਨੀ ਪਾਰਟੀ ਦੇ ਅਗਵਾਈ ਵਾਲ਼ੇ ਸੰਸਾਰ ਕਮਿਊਨਿਸਟ ਲਹਿਰ ਦੇ ਧੜੇ ਵਿਚਾਲੇ ਨਿਖੇੜੇ ਦੀ ਲੀਹ ਕਾਫੀ ਸਪੱਸਟ ਹੋ ਚੁੱਕੀ ਸੀ। ਸੋਵੀਅਤ ਪਾਰਟੀ ਅਤੇ ਚੀਨ ਦੀ ਪਾਰਟੀ ਵਿੱਚ ਵਿਚਾਰਧਾਰਕ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਸੀ, ਇਸ ਦੇ ਨਾਲ਼ ਸੋਵੀਅਤ ਸੋਧਵਾਦੀਆਂ ਵੱਲੋਂ ਸਮਾਜਵਾਦੀ ਚੀਨ ਖਿਲਾਫ ਸਾਜਿਸ਼ਾਂ ਤੇ ਧਮਕੀਆਂ ਦੇਣ ਦੇ ਘਟੀਆ ਕੰਮ ਸ਼ੁਰੂ ਕੀਤੇ ਜਾ ਚੁੱਕੇ ਸਨ। ਸੋਵੀਅਤ ਯੂਨੀਅਨ ਹੁਣ ਇੱਕ ਸਮਾਜਕ ਸਾਮਰਾਜੀ ਤਾਕਤ ਬਣ ਚੁੱਕਾ ਸੀ ਅਤੇ ਉਹ ਸੰਸਾਰ ਉੱਤੇ ਚੌਧਰ ਸਥਾਪਤ ਕਰਨ ਲਈ ਅਮਰੀਕੀ ਸਾਮਰਾਜ ਨਾਲ਼ ਟੱਕਰ ਦੇ ਰਸਤੇ ਉੱਤੇ ਚੱਲ ਪਿਆ ਸੀ। ਨਵੇਂ ਅਜ਼ਾਦ ਹੋ ਰਹੇ ਦੇਸ਼ਾਂ ਲਈ ਜਿੱਥੇ ਅਮਰੀਕਾ ਦੀ ਅਗਵਾਈ ਵਾਲ਼ੇ ਸਰਮਾਏਦਾਰ ਸਾਮਰਾਜੀ ਧੜੇ ਅਤੇ ਸਮਾਜਵਾਦੀ ਕੈਂਪ ਵਿੱਚੋਂ ਇੱਕ ਵੱਲ ਝੁਕਣਾ ਪੈ ਰਿਹਾ ਸੀ (ਭਾਵੇਂ ਇਸੇ ਸਮੇਂ ਹੀ ਅਖੌਤੀ ਨਾਨ-ਅਲਾਈਂਡ ਮੂਵਮੈਂਟ ਵੀ ਹੋਂਦ ਵਿੱਚ ਆਈ ਸੀ, ਪਰ ਇਸ ਨਿਰਪੱਖਤਾ ਦਾ ਵੀ ਅਕਸਰ ਇੱਕ ਪੱਖ ਹੁੰਦਾ ਸੀ, ਜਿਵੇਂ ਖੁਦ ਕਿਊਬਾ ਜਿਹੜਾ ਇਸ ਨਿਰਪੱਖ ਧੜੇ ਦਾ ਮੈਂਬਰ ਵੀ ਸੀ), ਉੱਥੇ ਇਹਨਾਂ ਦੇਸ਼ਾਂ, ਖਾਸ ਕਰਕੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਕੌਮੀ ਮੁਕਤੀ ਲਹਿਰਾਂ ਚੱਲੀਆਂ ਸਨ ਤੇ ਜਮਹੂਰੀ ਇਨਕਲਾਬ ਹੋਏ ਸਨ, ਸੋਵੀਅਤ ਸੋਧਵਾਦੀਆਂ ਤੇ ਇਨਕਲਾਬੀ ਚੀਨ ਵਿੱਚੋਂ ਇੱਕ ਵੱਲ ਝੁਕਣਾ ਪੈ ਰਿਹਾ ਸੀ। ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ ਇੱਕ ਜਾਂ ਦੂਸਰੇ ਖੇਮੇ ਵਿੱਚ ਜਾ ਚੁੱਕੀਆਂ ਸਨ ਜਾਂ ਜਾ ਰਹੀਆਂ ਸਨ। ਇਨਕਲਾਬ ਤੋਂ ਬਾਅਦ ਕਿਊਬਾ ਅੱਗੇ ਵੀ ਇਹ “ਚੋਣ” ਸਵਾਲ ਬਣ ਕੇ ਖੜੀ ਹੋਈ ਸੀ।

ਜਿਵੇਂ ਕਿ ਅਸੀਂ ਉੱਪਰ ਦੇਖਿਆ, ਕਾਸਤਰੋ ਸ਼ੁਰੂ ਵਿੱਚ ਅਮਰੀਕਾ ਨਾਲ਼ ਮਿਲ ਕੇ ਹੀ ਚੱਲਣਾ ਚਾਹ ਰਿਹਾ ਸੀ ਅਤੇ ਅਮਰੀਕਾ ਤੋਂ ਸਹਾਇਤਾ ਦੀ ਉਮੀਦ ਵਿੱਚ ਸੀ ਪਰ ਅਮਰੀਕਾ ਵੱਲੋਂ ਨਾਂਹ ਹੋਣ ਉੱਤੇ ਅਤੇ ਘਰੇਲੂ ਹਾਲਤਾਂ ਦੇ ਮੱਦੇਨਜਰ ਉਸ ਅੱਗੇ ਜਮੀਨੀ ਸੁਧਾਰ ਕਰਨ ਅਤੇ ਕਿਊਬਾ ਵਿੱਚ ਅਮਰੀਕੀ ਸਰਮਾਏ ਦੇ ਹਿਤਾਂ ਦੇ ਉਲਟ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ। ਜਦੋਂ ਇਹ ਕਦਮ ਚੁੱਕੇ ਗਏ ਤਾਂ ਅਮਰੀਕਾ ਨੇ ਪਹਿਲਾਂ ਫੌਜੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ‘ਤੇ ਉਸਨੇ ਆਰਥਕ ਹਮਲਾ ਵਿੱਢਿਆ ਅਤੇ ਕਿਊਬਾ ਨਾਲ਼ ਵਪਾਰਕ ਤੇ ਕੂਟਨੀਤਕ ਸਬੰਧ ਤੋੜ ਲਏ ਅਤੇ ਕਿਊਬਾ ਉੱਤੇ ਸਖਤ ਵਪਾਰਕ ਪਾਬੰਦੀਆਂ ਥੋਪ ਦਿੱਤੀਆਂ। ਅਜਿਹੇ ਵਿੱਚ ਕਿਊਬਾ ਵੱਲੋਂ ਆਪਣੀ ਹੋਂਦ ਬਣਾਈ ਰੱਖਣ ਲਈ ਅਮਰੀਕਾ ਵਿਰੋਧੀ ਖੇਮੇ ਤੋਂ ਸਹਾਇਤਾ ਲੈਣ ਲਈ ਜਤਨ ਕਰਨੇ ਸੁਭਾਵਿਕ ਹੀ ਸੀ। ਅਮਰੀਕੀ ਸਾਮਰਾਜ ਦਾ ਵਿਰੋਧ ਕਰਦਾ ਹੋਇਆ ਕਿਊਬਾ ਸੋਵੀਅਤ ਸਮਾਜਕ-ਸਾਮਰਾਜੀਆਂ ਦੀ ਸ਼ਰਨ ਵਿੱਚ ਆ ਖੜਾ ਹੋਇਆ। ਕਿਊਬਾ ਲਈ ਇਹ ਪੈਂਤੜਾ ਕੋਈ ਵਿਚਾਰਧਾਰਾ ਦਾ ਸਵਾਲ ਨਹੀਂ ਸੀ, ਸਗੋਂ ਇੱਕ ਵਿਵਹਾਰਵਾਦੀ ਪੈਂਤੜਾ ਸੀ। ਜਿਸ ਸਮੇਂ ਫਿਦੇਲ ਕਾਸਤਰੋ ਨੇ ਸੋਵੀਅਤ ਯੂਨੀਅਨ ਨਾਲ਼ ਮਿੱਤਰਤਾ ਸ਼ੁਰੂ ਕੀਤੀ ਉਸ ਸਮੇਂ ਤੱਕ ਉਸਦੇ ਸਮਾਜਵਾਦੀ ਜਾਂ ਕਮਿਊਨਿਸਟ ਹੋਣ ਦਾ ਕੋਈ ਵੀ ਪ੍ਰਮਾਣ ਨਹੀਂ ਹੈ ਅਤੇ ਨਾ ਹੀ 26 ਜੁਲਾਈ ਲਹਿਰ ਦੇ ਕਿਸੇ ਦਸਤਾਵੇਜ ਵਿੱਚ ਸਮਾਜਵਾਦ ਵੱਲ ਕੋਈ ਝੁਕਾਅ ਹੈ। ਉਸ ਤੋਂ ਬਾਅਦ, ਮਈ, 1961 ਵਿੱਚ ਜਦੋਂ ਫਿਦੇਲ ਕਾਸਤਰੋ ਨੇ ਕਿਊਬਾ ਨੂੰ ਇੱਕ ਸਮਾਜਵਾਦੀ ਦੇਸ਼ ਐਲਾਨ ਦਿੱਤਾ ਤਾਂ ਦੁਨੀਆਂ ਭਰ ਵਿੱਚ ਸਮਾਜਵਾਦੀ ਕੈਂਪ ਅੰਦਰ ਸੋਧਵਾਦੀ ਤੇ ਇਨਕਲਾਬੀ ਖੇਮੇ ਵਿੱਚੋ ਇੱਕ ਦਾ ਪੱਖ ਲੈਣ ਦਾ ਸਵਾਲ ਵੀ ਕਿਊਬਾ ਦੀ ਲੀਡਰਸ਼ਿਪ ਦੇ ਅੱਗੇ ਆ ਖੜਾ ਹੋਇਆ ਅਤੇ ਇਸਨੂੰ ਲੈ ਕੇ ਕਿਊਬਾ ਦੀ ਲੀਡਰਸ਼ਿਪ ਅੰਦਰ ਵੀ ਤਿੱਖੇ ਮਤਭੇਦ ਸਨ ਜੋ ਕਿਊਬਾ ਦੇ ਅਗਲੇਰੇ ਰਸਤੇ ਨੂੰ ਲੈ ਕੇ ਪੈਦਾ ਹੋਏ ਵਡੇਰੇ ਮਤਭੇਦਾਂ ਦਾ ਹੀ ਇੱਕ ਪ੍ਰਗਟਾਵਾ ਸਨ। ਸ਼ੁਰੂ ਵਿੱਚ ਕਿਊਬਾ ਦੀ ਲੀਡਰਸ਼ਿਪ ਨੇ ਦੋਹਾਂ ਧੜਿਆਂ ਦੇ ਮਤਭੇਦਾਂ ਤੋਂ ਅਲੱਗ ਰਹਿਣ ਅਤੇ ਦੋਹਾਂ ਦੇ ਮਤਭੇਦਾਂ ਨੂੰ ਸੰਸਾਰ ਕਮਿਊਨਿਸਟ ਲਹਿਰ ਲਈ ਮੰਦਭਾਗਾ ਕਹਿ ਕੇ ਸਾਲਸ ਬਣਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸਮਾਂ ਅਜਿਹਾ ਸਟੈਂਡ ਬਣਾਈ ਰੱਖਣਾ ਸੰਭਵ ਨਹੀਂ ਸੀ ਅਤੇ ਕਿਊਬਾ ਨੇ ਖੁੱਲ੍ਹੇਆਮ ਸੋਵੀਅਤ ਸੋਧਵਾਦੀਆਂ ਦੇ ਪੱਖ ਵਿੱਚ ਪੈਂਤੜਾ ਮੱਲ੍ਹ ਲਿਆ ਜਿਸ ਬਾਰੇ ਅਸੀਂ ਥੋੜਾ ਅੱਗੇ ਜਾ ਕੇ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਕਿਊਬਾ ਅਮਰੀਕੀ ਤੇ ਸੋਵੀਅਤ ਸਾਮਰਾਜੀਆਂ ਦੇ ਆਪਸੀ ਸੰਘਰਸ਼ ਵਿੱਚ ਸੋਵੀਅਤਾਂ ਦਾ ਮੋਹਰਾ ਬਣਿਆ।

ਸੋਵੀਅਤ ਯੂਨੀਅਨ ਲਈ ਨਾ ਸਿਰਫ਼ ਕਿਊਬਾ ਵਪਾਰਕ ਹਿਤਾਂ ਲਈ ਅਹਿਮ ਸੀ, ਸਗੋਂ ਅਮਰੀਕਾ ਦੇ ਨੇੜੇ ਸਥਿਤ ਹੋਣ ਕਰਕੇ ਕਿਊਬਾ ਦੀ ਇਸ ਤੋਂ ਕਿਤੇ ਜ਼ਿਆਦਾ ਉਸਦੇ ਸੰਸਾਰਿਕ ਸਿਆਸੀ ਹਿਤਾਂ ਲਈ ਅਹਿਮੀਅਤ ਸੀ। ਕਿਉਂਕਿ ਅਮਰੀਕਾ ਲਗਾਤਾਰ ਕਿਊਬਾ ਵਿੱਚ ਅਸ਼ਾਂਤੀ ਫੈਲਾਉਣ ਤੇ ਕਾਸਤਰੋ ਦੀ ਸਰਕਾਰ ਪਲਟਾਉਣ ਲਈ ਕੰਮ ਰਿਹਾ ਸੀ ਅਤੇ ਫੌਜੀ ਦਖਲਅੰਦਾਜੀ ਦੀ ਧਮਕੀ ਦੇ ਰਿਹਾ ਸੀ, ਇਸ ਲਈ ਕਿਊਬਾ ਨੂੰ ਫੌਜੀ ਸਾਜੋਸਮਾਨ ਦੀ ਲੋੜ ਸੀ ਜਿਸਦਾ ਸੋਵੀਅਤ ਯੂਨੀਅਨ ਦੇ ਸਮਾਜਕ ਸਾਮਰਾਜੀਆਂ ਨੇ ਭਰਪੂਰ ਲਾਹਾ ਲਿਆ। ਖਰੁਸ਼ਚੇਵ ਨੇ ਕਿਊਬਾ ਉੱਤੇ ਹਮਲਾ ਕਰਨ ਦੀ ਸੂਰਤ ਵਿੱਚ ਅਮਰੀਕਾ ਨੂੰ ਆਪਣੇ ਰਾਕੇਟ ਹਥਿਆਰਾਂ ਦਾ ਡਰਾਵਾ ਦਿੱਤਾ ਪਰ ਅਮਰੀਕਾ ਨੇ ਇਸਦੇ ਬਾਵਜੂਦ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ। ਉਸ ਦੇ ਭਾੜੇ ਦੇ ਏਜੰਟਾਂ ਨੇ ‘ਬੇਅ ਆਫ ਪਿਗਜ’ ਦੇ ਸਮੁੰਦਰੀ ਤੱਟ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਊਬਾ ਦੀ ਜਨਤਾ ਨੇ ਇਸ ਹਮਲੇ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਹੀ ਪਛਾੜ ਦਿੱਤਾ। ਇਸ ਹਮਲੇ ਤੋਂ ਪੈਦਾ ਹੋਈ ਸਥਿਤੀ ਨੂੰ ਅਧਾਰ ਬਣਾ ਕੇ ਸੋਵੀਅਤ ਯੂਨੀਅਨ ਨੇ ਅਮਰੀਕਾ ਉੱਤੇ ਕੂਟਨੀਤਕ ਦਬਾਅ ਬਣਾਉਣ ਲਈ ਕਿਊਬਾ ਵਿੱਚ ਆਪਣੀਆਂ ਮਿਜ਼ਾਈਲਾਂ ਬੀੜ ਦਿੱਤੀਆਂ। 1962 ਵਿੱਚ ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਾਕਰ ਤਣਾਅ ਬੇਹੱਦ ਵਧ ਗਿਆ ਅਤੇ ਦੋਵੇਂ ਦੇਸ਼ ਫੌਜੀ ਟਕਰਾਅ ਦੇ ਬਿੰਦੂ ਤੱਕ ਪਹੁੰਚ ਗਏ ਸਨ। ਇਸ ਸੰਕਟ ਦੇ ਕੇਂਦਰ ਵਿੱਚ ਕਿਊਬਾ ਵਿੱਚ ਬੀੜੀਆਂ ਗਈਆਂ ਸੋਵੀਅਤ ਮਿਜ਼ਾਈਲਾਂ ਸਨ। ਸੋਵੀਅਤ ਯੂਨੀਅਨ ਨੇ ਇਹ ਮਿਜ਼ਾਈਲਾਂ ਹਟਾਉਣ ਲਈ ਅਮਰੀਕਾ ਸਾਹਮਣੇ ਤੁਰਕੀ ਵਿੱਚੋਂ ਤੇ ਪੂਰਬੀ ਯੂਰਪੀ ਦੇਸ਼ਾਂ ਦੇ ਨਾਲ਼ ਬੀੜੀਆਂ ਗਈਆਂ ਅਮਰੀਕੀ ਮਿਜ਼ਾਈਲਾਂ ਨੂੰ ਹਟਾਉਣ ਦੀ ਸ਼ਰਤ ਰੱਖੀ। ਸੋਵੀਅਤ ਯੂਨੀਅਨ ਦੀਆਂ ਇਹਨਾਂ ਸ਼ਰਤਾਂ ਦੇ ਨਾਲ਼ ਹੀ ਕਿਊਬਾ ਨੇ ਅਮਰੀਕਾ ਅੱਗੇ ਆਰਥਕ ਨਾਕਾਬੰਦੀ ਖਤਮ ਕਰਨ, ਕਿਊਬਾ ਵਿੱਚ ਤੋੜ-ਫੋੜ ਦੀਆਂ ਕਾਰਵਾਈਆਂ ਬੰਦ ਕਰਨ, ਏਜੰਟਾਂ ਰਾਹੀਂ ਹਮਲੇ ਕਰਵਾਉਣੇ ਬੰਦ ਕਰਨ ਅਤੇ ਗੁਆਟਾਨਾਮੋ ਬੇਅ ਜਲਸੈਨਾ ਅੱਡਾ ਵਾਪਸ ਕਰਨ ਦੀਆਂ ਸ਼ਰਤਾਂ ਰੱਖੀਆਂ, ਕਿਊਬਾ ਦੀਆਂ ਇੰਨ੍ਹਾਂ ਮੰਗਾਂ ਦੀ ਚੀਨ ਨੇ ਵੀ ਹਮਾਇਤ ਕੀਤੀ ਸੀ। ਪਰ ਸੋਵੀਅਤ ਯੂਨੀਅਨ ਨੇ ਸਿਰਫ਼ ਆਪਣੀਆਂ ਸ਼ਰਤਾਂ ਨੂੰ ਅਮਰੀਕਾ ਨਾਲ਼ ਸਮਝੌਤੇ ਦਾ ਅਧਾਰ ਬਣਾਇਆ, ਉਸਨੇ ਕਿਊਬਾ ਦੀਆਂ ਮੰਗਾਂ ਨੂੰ ਨਜਰਅੰਦਾਜ ਕਰਦੇ ਹੋਏ ਅਮਰੀਕਾ ਨਾਲ਼ ਸਮਝੌਤਾ ਕਰ ਲਿਆ ਜਿਸ ਤਹਿਤ ਅਮਰੀਕਾ ਤੁਰਕੀ ਵਿੱਚੋਂ ਆਪਣੀਆਂ ਮਿਜ਼ਾਈਲਾਂ ਹਟਾਉਣੀਆਂ ਮੰਨ ਗਿਆ। ਇਹ ਇੱਕ ਤਰ੍ਹਾਂ ਨਾਲ਼ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕਣਾ ਸੀ ਅਤੇ ਕਿਊਬਾ ਦੀ ਭੂਮਿਕਾ ਸੋਵੀਅਤ ਯੂਨੀਅਨ ਦੇ ਇੱਕ ਪਿਆਦੇ ਜਿਹੀ ਬਣ ਕੇ ਰਹਿ ਗਈ ਸੀ। ਕਾਸਤਰੋ ਅਤੇ ਚੇ ਗਵੇਰਾ ਨੇ ਇਸ ਲਈ ਸੋਵੀਅਤਾਂ ਦੀ ਅਲੋਚਨਾ ਕੀਤੀ ਅਤੇ ਮਿਜ਼ਾਈਲਾਂ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਕੁਝ ਸਮੇਂ ਲਈ ਕਿਊਬਾ ਤੇ ਸੋਵੀਅਤ ਯੂਨੀਅਨ ਦੇ ਰਿਸ਼ਤੇ ਖਰਾਬ ਵੀ ਰਹੇ ਭਾਵੇਂ ਥੋੜੇ ਚਿਰ ਬਾਅਦ ਕਿਊਬਾ ਦਾ ਸੋਵੀਅਤ ਯੂਨੀਅਨ ਵੱਲ ਝੁਕਾਅ ਫਿਰ ਤੇਜ਼ੀ ਫੜਨ ਲੱਗਾ ਅਤੇ 1966 ਤੱਕ ਜਾਂਦੇ ਜਾਂਦੇ ਕਿਊਬਾ ਇੱਕ ਤਰ੍ਹਾਂ ਨਾਲ਼ ਸੋਵੀਅਤ ਯੂਨੀਅਨ ਦਾ ਦੁਮਛੱਲਾ ਬਣ ਚੁੱਕਾ ਸੀ। 1975 ਦੀ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਦੌਰਾਨ ਕਾਸਤਰੋ “ਮਿਜ਼ਾਈਲ ਸੰਕਟ” ਸਮੇਂ ਕੀਤੀ ਗਈ ਸੋਵੀਅਤ ਯੂਨੀਅਨ ਦੀ ਅਲੋਚਨਾ ਤੋਂ ਵੀ ਪਿੱਛੇ ਹਟ ਗਿਆ ਅਤੇ ਇਸ ਅਲੋਚਨਾ ਨੂੰ ਇੱਕ ਗਲਤੀ ਵਜੋਂ ਪੇਸ਼ ਕਰਕੇ ਆਤਮਅਲੋਚਨਾ ਰੱਖੀ ਜਦਕਿ ਉਸ ਸਮੇਂ ਕਾਸਤਰੋ ਤੇ ਚੇ ਗਵੇਰਾ ਦਾ ਸਟੈਂਡ ਬਿਲਕੁਲ ਸਹੀ ਸੀ। ਇਹ ਕਿਊਬਾ ਦੀ ਲੀਡਰਸ਼ਿਪ ਦੇ ਇਨਕਲਾਬੀਪਣ ਦੇ ਚੰਗੀ ਤਰ੍ਹਾਂ ਦਰਸ਼ਨ ਕਰਵਾ ਦਿੰਦਾ ਹੈ।

ਕੌਮਾਂਤਰੀ ਪੱਧਰ ਉੱਤੇ ਕਿਊਬਾ ਸੋਵੀਅਤ ਸਾਮਰਾਜ ਦੇ ਹਿਤਾਂ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣ ਰਿਹਾ ਸੀ। ਕਿਊਬਾ ਸੋਵੀਅਤ “ਸਮਾਜਵਾਦ” ਦਾ ਗੁਣਗਾਨ ਕਰਨ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਸੋਵੀਅਤ “ਸਮਾਜਵਾਦ” ਦੇ ਪ੍ਰਭਾਵ ਹੇਠ ਲਿਆਉਣ ਵਾਲ਼ੇ ਏਜੰਟ ਵਜੋਂ ਵਿਚਰਨ ਲੱਗਾ। ਕਿਊਬਾ ਸੋਵੀਅਤ ਯੂਨੀਅਨ ਦੀ ਸਹਾਇਤਾ ਨਾਲ਼ ਕਿਊਬਾ ਵਿੱਚ ਉਸਾਰੇ ਜਾ ਰਹੇ “ਸਮਾਜਵਾਦ” ਦੀ ਵਡਿਆਈ ਕਰਦੇ ਹੋਏ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ “ਸਮਾਜਵਾਦ” ਨੂੰ ਵੇਚਣ ਲਈ ਪ੍ਰਚਾਰਨ ਲਈ ਸੋਵੀਅਤ ਯੂਨੀਅਨ ਦਾ ਸੇਲਜ਼ਮੈਨ ਬਣ ਕੇ ਘੁੰਮ ਰਿਹਾ ਸੀ। ਕਿਊਬਾ ਕਹਿਣ ਨੂੰ ਗੁੱਟ-ਨਿਰਲੇਪ ਧੜੇ ਦਾ ਮੈਂਬਰ ਸੀ, ਪਰ ਉਹ ਇੱਥੇ ਮੁੱਖ ਰੂਪ ਵਿੱਚ ਸੋਵੀਅਤ ਯੂਨੀਅਨ ਦਾ ਰਸੂਖ ਵਧਾਉਣ ਲਈ ਕੰਮ ਰਿਹਾ ਸੀ। ਉਹ ਇਸ ਮੰਚ ਉੱਤੇ ਸੋਵੀਅਤ ਯੂਨੀਅਨ ਦੇ ਆਰਥਕ, ਕੂਟਨੀਤਕ ਤੇ ਫੌਜੀ ਹਮਲਾਵਰ ਰੁਖ ਦੇ ਸਾਮਰਾਜੀ ਖਾਸੇ ਨੂੰ ਇਨਕਲਾਬੀ ਲੱਫਾਜ਼ੀ ਰਾਹੀਂ ਸਮਾਜਵਾਦੀ ਮੁਲੰਮਾ ਚੜਾ ਕੇ ਪੇਸ਼ ਕਰਦਾ ਸੀ। ਕਿਊਬਾ ਨੇ 1968 ਵਿੱਚ ਸੋਵੀਅਤ ਯੂਨੀਅਨ ਵੱਲੋਂ ਚੈਕੋਸਲਵਾਕੀਆ ਉੱਤੇ ਕੀਤੇ ਹਮਲੇ ਦੀ ਹਮਾਇਤ ਕੀਤੀ ਗਈ। ਇਸੇ ਤਰ੍ਹਾਂ ਜਦੋਂ 1973 ਵਿੱਚ ਗੁੱਟ-ਨਿਰਲੇਪ ਧੜੇ ਦੀ ਚੌਥੀ ਕਾਨਫਰੰਸ ਵਿੱਚ ਪੇਸ਼ ਹੋਏ ਦੋ ਸਾਮਰਾਜਾਂ – ਅਮਰੀਕੀ ਸਾਮਰਾਜ ਤੇ ਸੋਵੀਅਤ ਸਾਮਰਾਜ – ਦਾ ਸਿਧਾਂਤ ਪੇਸ਼ ਹੋਇਆ ਤਾਂ ਫਿਦੇਲ ਕਾਸਤਰੋ ਨੇ ਇਸ ਸਿਧਾਂਤ ਨੂੰ ਰੱਦ ਕਰਨ ਲਈ ਭਾਸ਼ਣ ਦਿੱਤਾ ਅਤੇ ਸੋਵੀਅਤ ਯੂਨੀਅਨ ਦੇ ਪੱਖ ਵਿੱਚ ਸਟੈਂਡ ਲੈਂਦੇ ਹੋਏ ਅਜਿਹੇ ਸਿਧਾਂਤ ਨੂੰ ਅਤੇ ਇਸਨੂੰ ਪੇਸ਼ ਕਰਨ ਵਾਲ਼ਿਆਂ ਨੂੰ ਉਲਟ-ਇਨਕਲਾਬੀ ਗਰਦਾਨ ਦਿੱਤਾ ਜਿਸ ਉੱਤੇ ਕੰਬੋਡੀਆ ਤੇ ਲਿਬੀਆ ਨੇ ਤਿੱਖਾ ਇਤਰਾਜ ਜਤਾਇਆ ਸੀ। ਇਸੇ ਤਰ੍ਹਾਂ ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਦੀ ਕਾਨਫਰੰਸ ਵਿੱਚ ਕਿਊਬਾ ਦੀ ਪਾਰਟੀ ਦਾ ਕਹਿਣਾ ਸੀ ਕਿ ਅਜਿਹੀ ਕਾਨਫਰੰਸ ਕਮਿਊਨਿਸਟ ਖੇਮੇ ਨੂੰ ਕਮਜ਼ੋਰ ਕਰਦੀ ਹੈ ਅਤੇ ਇਹ ਸੋਵੀਅਤ ਪਾਰਟੀ (ਜੋ ਉਸ ਸਮੇਂ ਸੋਧਵਾਦੀ ਬੁਰਜੂਆ ਪਾਰਟੀ ਵਿੱਚ ਬਦਲ ਚੁੱਕੀ ਸੀ) ਦੀ ਸਮਕਾਲੀਨ ਇਤਿਹਾਸ ਵਿੱਚ ਨਿਭਾਈ ਭੂਮਿਕਾ ਨੂੰ ਕਲੰਕਿਤ ਕਰਦੀ ਹੈ। ਅਸਲ ਵਿੱਚ ਇਸ ਪੂਰੀ ਲੱਫਾਜ਼ੀ ਦਾ ਮਨੋਰਥ ਸੋਵੀਅਤ ਯੂਨੀਅਨ ਦੀ ਪਾਰਟੀ ਦੇ ਸੋਧਵਾਦੀ ਖਾਸੇ ਨੂੰ ਲੁਕਾਉਣਾ ਸੀ। ਇਸ ਤੋਂ ਪਹਿਲਾਂ ਕਿਊਬਾ ਦੀ ਲੀਡਰਸ਼ਿਪ ਚੀਨ ਉੱਤੇ ਕਿਊਬਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿੱਚ ਕਮਿਊਨਿਸਟ ਏਕਤਾ ਨੂੰ ਤੋੜਨ, ਸੋਵੀਅਤ ਪਾਰਟੀ ਖਿਲਾਫ ਪ੍ਰਾਪੇਗੰਡਾ ਕਰਨ ਦੇ ਦੋਸ਼ ਲਗਾ ਚੁੱਕੀ ਸੀ ਅਤੇ ਇਸਨੂੰ ਬੰਦ ਕਰਨ ਲਈ ਕਹਿ ਚੁੱਕੀ ਸੀ ਜਦਕਿ ਚੀਨ ਦੀ ਪਾਰਟੀ ਸੋਵੀਅਤ ਯੂਨੀਅਨ ਦੀ ਪਾਰਟੀ ਦੇ ਸੋਧਵਾਦੀ ਖਾਸੇ ਨੂੰ ਨੰਗਾ ਕਰਨ ਲਈ ਆਪਣਾ ਸਾਹਿਤ ਪ੍ਰਚਾਰ ਰਹੀ ਸੀ ਅਤੇ ਲਾਤੀਨੀ ਅਮਰੀਕੀ ਪਾਰਟੀਆਂ ਵਿੱਚ ਸੋਵੀਅਤ ਸੋਧਵਾਦੀਆਂ ਦੀ ਅਲੋਚਨਾ ਕਰਨ ਵਾਲ਼ੇ ਧੜਿਆਂ ਜਾਂ ਪਾਰਟੀਆਂ ਦੀ ਹਮਾਇਤ ਕਰ ਰਹੀ ਸੀ। 1970ਵੇਂ ਤੇ 1980ਵੇਂ ਦਹਾਕੇ ਵਿੱਚ ਕਿਊਬਾ ਦੀ ਪਾਰਟੀ ਸੋਵੀਅਤ ਯੂਨੀਅਨ ਦੇ ਸਾਰੇ ਹਮਲਿਆਂ ਤੇ ਕਾਰਵਾਈਆਂ ਨੂੰ ਨਿਰਵਿਵਾਦ ਹਮਾਇਤ ਦਿੰਦੀ ਰਹੀ ਜਦਕਿ ਇਹਨਾਂ ਦਹਾਕਿਆਂ ਵਿੱਚ ਸੋਵੀਅਤ ਸਮਾਜਕ ਸਾਮਰਾਜੀ ਪੂਰੀ ਤਰ੍ਹਾਂ ਨੰਗੇ ਹੋ ਚੁੱਕੇ ਸਨ। ਕਿਊਬਾ ਨੇ ਸੋਵੀਅਤ ਯੂਨੀਅਨ ਦੇ ਸੋਧਵਾਦੀਆਂ ਦੀ ਸਿਰਫ਼ ਬੋਲ ਕੇ ਰਖਿਆ ਤੇ ਗੁਣਗਾਨ ਨਹੀਂ ਕੀਤਾ, ਸਗੋਂ ਕਿਊਬਾ ਨੇ ਆਪਣੀ ਫੌਜ ਰਾਹੀਂ ਸੋਵੀਅਤ ਯੂਨੀਅਨ ਦੇ ਸਾਮਰਾਜੀ ਹਿਤਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਜ਼ਾਦੀ ਦੀ ਲਹਿਰਾਂ ਦੀ ਮਦਦ ਕਰਨ ਦੇ ਲਿਬਾਦੇ ਥੱਲੇ ਕਿਊਬਾ ਸੋਵੀਅਤ ਟੈਂਕਾਂ ਤੇ ਮਿਜ਼ਾਈਲਾਂ ਉੱਤੇ ਆਪਣੇ ਫੌਜੀ ਬਿਠਾ ਕੇ ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿੱਚ “ਸਮਾਜਵਾਦ” ਨਿਰਯਾਤ ਕਰਦਾ ਰਿਹਾ, ਬਿਲਕੁਲ ਉਵੇਂ ਜਿਵੇਂ ਅਮਰੀਕਾ ਆਪਣੇ ਪਿੱਠੂਆਂ ਦੀ ਮਦਦ ਨਾਲ਼ ਦੁਨੀਆਂ ਭਰ ਵਿੱਚ ਜਮਹੂਰੀਅਤ ਨਿਰਯਾਤ ਕਰ ਰਿਹਾ ਹੈ।

ਮਹਾਨ ਬਹਿਸ ਦੌਰਾਨ ਕਿਊਬਾ ਦਾ ਸਟੈਂਡ ਅਤੇ
ਕਿਊਬਾ ਦੇ ਇਨਕਲਾਬੀ ਚੀਨ ਨਾਲ਼ ਸਬੰਧ

ਇਨਕਲਾਬ ਤੋਂ ਬਾਅਦ 1960 ਵਿੱਚ ਕਿਊਬਾ ਦੇ ਚੀਨ ਨਾਲ਼ ਕੂਟਨੀਤਕ ਤੇ ਵਪਾਰਕ ਸਬੰਧ ਕਾਇਮ ਹੋਏ। 1960 ਵਿੱਚ ਚੀਨ ਨੇ ਕਿਊਬਾ ਨੂੰ ਬਿਨਾ ਵਿਆਜ ਤੋਂ ਅਤੇ ਵਾਪਸੀ ਲਈ ਕੋਈ ਸ਼ਰਤ ਲਗਾਉਣ ਤੋਂ ਬਿਨਾਂ ਕਰਜ਼ਾ ਦਿੱਤਾ ਅਤੇ ਪੰਜ ਸਾਲਾਂ ਲਈ ਖੰਡ ਬਦਲੇ ਕਿਊਬਾ ਨੂੰ ਚੌਲ ਭੇਜਣ ਦਾ ਸਮਝੌਤਾ ਕੀਤਾ। ਚੀਨ ਨੇ ਕਿਊਬਾ ਨੂੰ ਮਿਲਟਰੀ ਸਾਜੋਸਮਾਨ ਅਤੇ ਫਾਜੀ ਸਿਖਲਾਈ ਮੁਹੱਈਆ ਕਰਵਾਈ। ਕਿਊਬਾ ਦੇ ਪਹਿਲੇ 100 ਪਾਇਲਟ ਚੀਨ ਵਿੱਚ ਸਿਖਲਾਈ ਹਾਸਲ ਕਰਕੇ ਗਏ। ਪਰ ਚੀਨ ਦੇ ਕਿਊਬਾ ਨਾਲ਼ ਸਬੰਧ ਵੱਖਰੇ ਧਰਾਤਲ ਦੇ ਸਨ, ਇਹ ਇੱਕ ਸਮਾਜਵਾਦੀ ਦੇਸ਼ ਦੇ ਇੱਕ ਭਰਾਤਰੀ ਦੇਸ਼ ਨਾਲ਼ ਸਬੰਧ ਸਨ ਨਾ ਕਿ ਸੋਵੀਅਤ ਸੋਧਵਾਦੀਆਂ ਦੇ ਘੱਟ ਵਿਕਸਤ ਦੇਸ਼ਾਂ ਦੀ ਵਪਾਰ ਤੇ ਸਹਾਇਤਾ ਦੇ ਪਰਦੇ ਹੇਠ ਲੁੱਟ-ਖਸੁੱਟ ਕਰਨ ਦੇ ਰਿਸ਼ਤੇ ਸਨ। 1963 ਵਿੱਚ ਚੀਨ ਨੇ ਕਿਊਬਾ ਨੂੰ ਖੁਰਾਕੀ ਫਸਲਾਂ ਪੈਦਾ ਕਰਨ ਲਈ ਜ਼ੋਰ ਦਿੱਤਾ ਅਤੇ ਚੀਨ ਨੇ ਕਿਊਬਾ ਨੂੰ ਖੁਰਾਕੀ ਪਦਾਰਥਾਂ ਦੀ ਪੈਦਾਵਾਰ ਵਿੱਚ ਸਵੈ-ਨਿਰਭਰ ਹੋਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਬਿਨਾ ਸ਼ੱਕ ਚੀਨੀ ਪਾਰਟੀ ਕਿਊਬਾ ਨੂੰ ਇਹ ਸਲਾਹ ਇੱਕ ਜ਼ਿਆਦਾ ਤਜ਼ਰਬੇਕਾਰ ਸਾਥੀ ਵਜੋਂ ਇਹ ਜਾਣਦੇ ਹੋਏ ਦੇ ਰਹੀ ਸੀ ਕਿ ਇੱਕ ਸਮਾਜਵਾਦੀ ਦੇਸ਼ ਲਈ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਹੋਣਾ ਕਿੰਨਾ ਜਰੂਰੀ ਸੀ। ਕਿਉਂਕਿ ਕਿਊਬਾ ਨੂੰ  ਖੁਰਾਕੀ ਪਦਾਰਥਾਂ ਲਈ ਸੋਵੀਅਤ ਯੂਨੀਅਨ ਨੂੰ ਖੰਡ ਦੇ ਨਿਰਯਾਤ ਉੱਤੇ ਨਿਰਭਰ ਹੋਣਾ ਪੈ ਰਿਹਾ ਸੀ, ਇਸ ਲਈ ਸਾਫ ਸੀ ਕਿ ਓਨਾ ਚਿਰ ਕਿਊਬਾ ਸੋਵੀਅਤਾਂ ਦੇ ਚੁੰਗਲ ਵਿੱਚੋਂ ਨਿਕਲ ਹੀ ਨਹੀਂ ਸੀ ਸਕਦਾ ਜਿੰਨਾ ਚਿਰ ਤੱਕ ਕਿਊਬਾ ਦੀ ਸੋਵੀਅਤ ਯੂਨੀਅਨ ਉੱਤੇ ਇਹ ਨਿਰਭਰਤਾ ਬਣੀ ਰਹਿਣੀ ਸੀ। ਚੀਨੀ ਪਾਰਟੀ ਦੀ ਇਸ ਸਲਾਹ ਦੇ ਪੱਖ ਵਿੱਚ ਕਿਊਬਾ ਦੀ ਪਾਰਟੀ ਦਾ ਚੇ ਗਵੇਰਾ ਵਾਲ਼ਾ ਧੜਾ ਸੀ ਜਦਕਿ ਰੌਡਰਿਗਜ ਤੇ ਰਾਉਲ ਕਾਸਤਰੋ ਦਾ ਸੋਵੀਅਤ-ਪੱਖੀ ਧੜਾ ਇਸਨੂੰ ਫਾਲਤੂ ਸਮਝਦਾ ਸੀ ਅਤੇ ਸੋਵੀਅਤ ਸੋਧਵਾਦੀਆਂ ਦੀ “ਸਮਾਜਵਾਦੀ ਕਿਰਤ ਵੰਡ” ਦੇ ਸਿਧਾਂਤ ਨੂੰ ਸਹੀ ਮੰਨਦਾ ਸੀ। ਇਹ ਮਸਲਾ ਕਿਊਬਾ ਵਿੱਚ ਉਸ ਸਮੇਂ ਚੱਲ ਰਹੀ ਵੱਡੀ ਬਹਿਸ ਜਿਸਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਆਏ ਹਾਂ, ਦਾ ਇੱਕ ਹੋਰ ਪ੍ਰਗਟਾਵਾ ਸੀ। ਕਿਊਬਾ ਦੀ ਲੀਡਰਸ਼ਿਪ ਦਾ ਵਿਚਾਰਧਾਰਕ ਦਿਵਾਲ਼ੀਆਪਣ ਇੱਥੋਂ ਇਕ ਵਾਰ ਫੇਰ ਸਪੱਸਟ ਹੁੰਦਾ ਹੈ। ਉਲਟਾ ਕਾਸਤਰੋ ਨੇ ਚੀਨ ਨਾਲ਼ ਵੀ ਖੰਡ ਬਦਲੇ ਚੌਲ ਭੇਜਣ ਲਈ ਜ਼ੋਰ ਪਾਇਆ ਜਦਕਿ ਚੀਨ ਲਈ ਇਹ ਇੱਕ ਭਰਾਤਰੀ ਦੇਸ਼ ਨਾਲ਼ ਭਾਈਚਾਰੇ ਦਾ ਮਸਲਾ ਸੀ। ਇਸ ਸਲਾਹ ਨੂੰ ਨਾ ਮੰਨਣ ਦਾ ਕਿਊਬਾ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ ਉਹ ਸਮੇਂ ਨਾਲ਼ ਸਪੱਸਟ ਹੋ ਗਿਆ ਪਰ ਕਿਊਬਾ ਦੀ ਸੋਧਵਾਦੀ ਨਿੱਕ-ਬੁਰਜੂਆ ਲੀਡਰਸ਼ਿਪ ਅਜਿਹਾ ਹੀ ਕਰ ਸਕਦੀ ਸੀ।

ਇਨਕਲਾਬ ਤੋਂ ਬਾਅਦ ਦੇ ਕੁਝ ਸਾਲਾਂ ਤੱਕ, ਖਾਸ ਕਰਕੇ 1963 ਤੱਕ ਕਿਊਬਾ ਤੇ ਚੀਨ ਦੇ ਸਬੰਧ ਸੁਖਾਵੇਂ ਹੀ ਰਹੇ ਪਰ ਜਦੋਂ 1963 ਵਿੱਚ ਸੋਵੀਅਤ ਪਾਰਟੀ ਤੇ ਚੀਨੀ ਪਾਰਟੀ ਵਿੱਚ ਵਿਚਾਰਧਾਰਕ ਸੰਘਰਸ਼ ਖੁੱਲ੍ਹਾ ਹੋ ਗਿਆ ਜੋ ਕਿ ਮਹਾਨ ਬਹਿਸ ਦੇ ਨਾਮ ਨਾਲ਼ ਜਾਣਿਆ ਗਿਆ, ਕਿਊਬਾ ਚੀਨ ਤੇ ਸੋਵੀਅਤ ਯੂਨੀਅਨ ਦੇ ਵਿਚਾਲੇ ਫਸ ਗਿਆ ਅਤੇ ਮਾਰਕਸਵਾਦ ਦੀ ਕੋਈ ਸਮਝ ਨਾ ਹੋਣ ਕਾਰਨ, ਇੱਕ ਨਿੱਕ-ਬੁਰਜੂਆ ਇਨਕਲਾਬੀ ਹੋਣ ਕਰਕੇ ਇੱਕ ਤਾਂ ਕਿਊਬਾ ਦੀ ਲੀਡਰਸ਼ਿਪ ਮਹਾਨ ਬਹਿਸ ਨੂੰ ਸਮਝ ਹੀ ਨਹੀਂ ਸਕੀ, ਉਸ ਲਈ ਇਹ ਇੱਕ ਝਗੜਾ ਸੀ ਜੋ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਨੁਕਸਾਨ ਪੁਚਾ ਰਿਹਾ ਸੀ, ਦੂਸਰਾ, ਪਹਿਲਾਂ ਤਾਂ ਉਸਨੇ ਕੋਈ ਧਿਰ ਨਾ ਮੱਲ੍ਹੀ ਅਤੇ ਜਦੋਂ ਧਿਰ ਮੱਲ੍ਹਣੀ ਪਈ ਤਾਂ ਉਸਨੇ ਵਿਚਾਰਧਾਰਾ ਤੇ ਪ੍ਰੋਲੇਤਾਰੀ ਜਮਾਤ ਦੇ ਹਿਤਾਂ ਦੀ ਥਾਂ ਆਪਣੇ ਹਿਤ ਦੇਖੇ ਤੇ ਸੋਵੀਅਤ ਪੱਖੀ ਸਟੈਂਡ ਲਿਆ ਭਾਵੇਂ ਕਿ 1962 ਦੇ ਮਿਜ਼ਾਈਲ ਸੰਕਟ ਸਮੇਂ ਕਿਊਬਾ ਨੂੰ ਆਪਣੇ ਅਸਲੀ ਰੰਗ ਵਿਖਾ ਚੁੱਕਾ ਸੀ। ਕਿਊਬਾ ਦੀ ਲੀਡਰਸ਼ਿਪ (ਉਸ ਸਮੇਂ ਤੱਕ ਕਿਊਬਾ ਵਿੱਚ ਕਮਿਊਨਿਸਟ ਪਾਰਟੀ ਹੋਂਦ ਵਿੱਚ ਨਹੀਂ ਆਈ ਸੀ) ਨੇ ਖੁਦ ਨੂੰ ਇਸ ਬਹਿਸ ਤੋਂ ਅਲੱਗ ਤੇ ਉੱਪਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਿਊਬਾ ਦੀ ਅਧਿਕਾਰਤ ਪੋਜ਼ੀਸ਼ਨ ਅਗਸਤ, 1963 ਵਿੱਚ ਚੇ ਗਵੇਰਾ ਵੱਲੋਂ ਜਾਰੀ ਬਿਆਨ ਤੋਂ ਸਪੱਸਟ ਹੁੰਦੀ ਹੈ:

“ਚੀਨੀ-ਸੋਵੀਅਤ ਝਗੜਾ ਇੱਕ ਉਦਾਸ ਕਰਨ ਵਾਲ਼ੀ ਗੱਲ ਹੈ, ਪਰ ਕਿਉਂਕਿ ਇਹ ਇੱਕ ਤੱਥ ਹੈ, ਇਸ ਲਈ ਅਸੀਂ ਆਪਣੇ ਲੋਕਾਂ ਨੂੰ ਇਸ ਬਾਰੇ ਦੱਸਾਂਗੇ। ਸਾਡੀ ਪਾਰਟੀ ਦਾ ਵਤੀਰਾ ਇਹ ਵਿਸ਼ਲੇਸ਼ਣ ਕਰਨ ਤੋਂ ਬਚਣ ਦਾ ਹੈ ਕਿ ਕੌਣ ਠੀਕ ਹੈ ਤੇ ਕੌਣ ਗਲਤ। ਸਾਡੀ ਆਪਣੀ ਖੁਦ ਦੀ ਪੋਜ਼ੀਸ਼ਨ ਹੈ ਅਤੇ ਜਿਵੇਂ ਕਿ ਅਮਰੀਕੀ ਫਿਲਮਾਂ ਵਿੱਚ ਕਿਹਾ ਜਾਂਦਾ ਹੈ, ਜੇ ਕਿਸੇ ਨਾਲ਼ ਸਾਡੀ ਪੋਜ਼ੀਸ਼ਨ ਦਾ ਕੁਝ ਮੇਲ ਖਾਂਦਾ ਹੈ ਤਾਂ ਇਹ ਇਤਫਾਕਨ ਹੈ।”

ਪਰ ਅਸਲੀਅਤ ਇਹ ਹੈ ਕਿ ਚੀਨੀ ਪਾਰਟੀ ਤੇ ਸੋਵੀਅਤ ਪਾਰਟੀ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਿਊਬਾ ਦੀ ਪਾਰਟੀ ਵਿੱਚ ਅਲੱਗ-ਅਲੱਗ ਰਾਵਾਂ ਸਨ। ਚੇ ਗਵੇਰਾ ਨੂੰ ਚੀਨ-ਪੱਖੀ ਸਮਝਿਆ ਜਾਂਦਾ ਸੀ, ਜਦਕਿ ਰਾਉਲ ਕਾਸਤਰੋ ਤੇ ਰਾਫੇਲ ਰੌਡਰਿਗਜ ਸੋਵੀਅਤ-ਪੱਖੀ ਸਮਝੇ ਜਾਂਦੇ ਸਨ। ਫਿਦੇਲ ਕਾਸਤਰੋ 1964 ਤੱਕ ਇਸ ਮੁੱਦੇ ਉੱਤੇ ਚੁੱਪ ਰਿਹਾ। ਪਰ ਕਿਊਬਾ ਦੀ ਪਾਰਟੀ ਮਹਾਨ ਬਹਿਸ ਦੇ ਵਿਚਾਰਧਾਰਕ ਸੰਘਰਸ਼ ਨੂੰ ਸਮਝਣ ਦੀ ਥਾਂ ਚੀਨ ਤੇ ਸੋਵੀਅਤ ਯੂਨੀਅਨ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੀ। ਅਕਤੂਬਰ, 1964 ਵਿੱਚ ਖਰੁਸ਼ਚੇਵ ਨੂੰ ਸੋਵੀਅਤ ਪਾਰਟੀ ਵੱਲੋ ਲਾਂਭੇ ਕਰਨ ਤੋਂ ਤੁਰੰਤ ਬਾਅਦ ਕਾਸਤਰੋ ਨੇ ਇੱਕ ਵਾਰ ਫਿਰ ਚੀਨੀ ਤੇ ਸੋਵੀਅਤ ਪਾਰਟੀ ਵਿੱਚ ਸੁਲਹ-ਸਫਾਈ ਕਰਵਾਉਣ ਲਈ ਚੀਨੀ ਪਾਰਟੀ ਨੂੰ ਸੰਦੇਸ਼ ਭੇਜਿਆ ਪਰ ਚੀਨੀ ਪਾਰਟੀ ਨੇ ਇਸ ਨੂੰ ਬੇਧਿਆਨਾ ਕਰ ਦਿੱਤਾ ਕਿਉਂਕਿ ਕਾਸਤਰੋ ਸੋਧਵਾਦ ਅਤੇ ਮਾਰਕਸਵਾਦ ਵਿੱਚ ਸੁਲਹ-ਸਫਾਈ ਕਰਾਉਣ ਦੇ ਜਤਨ ਕਰ ਰਿਹਾ ਸੀ, ਜੋ ਕਿ ਸੰਭਵ ਨਹੀਂ ਸੀ। ਇਸ ਤੋਂ ਬਾਅਦ ਕਾਸਤਰੋ ਦਾ ਚੀਨੀ ਪਾਰਟੀ ਵੱਲ ਰੁਖ ਸਖਤ ਹੁੰਦਾ ਗਿਆ। ਨਵੰਬਰ, 1964 ਵਿੱਚ ਹਵਾਨਾ ਵਿੱਚ ਲਾਤੀਨੀ ਅਮਰੀਕਾ ਦੀਆਂ ਕਮਿਊਨਿਸਟ ਪਾਰਟੀਆਂ ਦੀ ਕਾਨਫਰੰਸ ਵਿੱਚ ਕਾਸਤਰੋ ਨੇ ਕਮਿਊਨਿਸਟ ਪਾਰਟੀਆਂ ਵਿੱਚ ਚੱਲ ਰਹੀ ਖੁੱਲ੍ਹੀ ਬਹਿਸ ਨੂੰ ਬੰਦ ਕਰਨ ਲਈ ਕਿਹਾ ਅਤੇ ਚੀਨ ਦੀਆਂ ਸਰਗਰਮੀਆਂ ਨੂੰ ਫੁੱਟਪਾਊ ਦੱਸਿਆ। 1965 ਦੇ ਸ਼ੁਰੂ ਵਿੱਚ ਚੇ ਗਵੇਰਾ ਨੂੰ ਅਚਾਨਕ ਚੀਨ ਯਾਤਰਾ ਉੱਤੇ ਭੇਜਿਆ ਗਿਆ ਪਰ ਇਸਦਾ ਕੋਈ ਨਤੀਜਾ ਸਾਹਮਣਾ ਨਾ ਆਇਆ। ਚੀਨ ਤੋਂ ਮੁੜਨ ਤੋਂ ਤੁਰੰਤ ਬਾਅਦ ਚੇ ਗਵੇਰਾ ਨੇ ਅਲਜੀਰੀਆ ਵਿੱਚ ਅਫਰੀਕਾ-ਏਸ਼ੀਆ ਦੇ ਦੇਸ਼ਾਂ ਦੇ ਦੂਸਰੇ ਆਰਥਕ ਸੈਮੀਨਾਰ ਵਿੱਚ ਬੋਲਦੇ ਹੋਏ ਸੋਵੀਅਤ ਯੂਨੀਅਨ ਦੀ ਤਿੱਖੀ ਅਲੋਚਨਾ ਕੀਤੀ ਅਤੇ ਸੋਵੀਅਤ ਯੂਨੀਅਨ ਦੇ ਵਿਕਾਸਸ਼ੀਲ ਦੇਸ਼ਾਂ ਨਾਲ਼  ਵਪਾਰਕ ਸਬੰਧਾਂ ਨੂੰ ਸਾਮਰਾਜੀ ਲੁੱਟ ਦੇ ਸਬੰਧ ਕਿਹਾ। ਚੇ ਗਵੇਰਾ ਇਸ ਤੋਂ ਪਹਿਲਾਂ ਵੀ ਸੋਵੀਅਤ ਯੂਨੀਅਨ ਦੇ ਤਿੱਖੇ ਆਲੋਚਕਾਂ ਵਿੱਚੋਂ ਇੱਕ ਸੀ। ਇਸ ਤਰ੍ਹਾਂ ਚੇ ਗਵੇਰਾ ਅਤੇ ਕਿਊਬਾ ਦੀ ਬਾਕੀ ਲੀਡਰਸ਼ਿਪ ਵਿੱਚ ਵੀ ਮਤਭੇਦ ਵਧਦੇ ਜਾ ਰਹੇ ਸਨ। ਚੇ ਗਵੇਰਾ ਦੇ ਕਿਊਬਾ ਦੇ ਸਿਆਸੀ ਸੀਨ ਤੋਂ ਅਲਹਿਦਾ ਹੋਣ ਪਿੱਛੇ ਇੱਕ ਮੁੱਖ ਕਾਰਨ ਇਹ ਮਤਭੇਦ ਵੀ ਮੰਨੇ ਜਾਂਦੇ ਹਨ।

13 ਮਾਰਚ, 1965 ਨੂੰ ਇੱਕ ਜਨਤਕ ਰੈਲੀ ਵਿੱਚ ਭਾਸ਼ਣ ਦੌਰਾਨ ਫਿਦੇਲ ਕਾਸਤਰੋ ਨੇ ਚੀਨੀ ਪਾਰਟੀ ਅਤੇ ਮਾਓ ਉੱਤੇ ਸਿੱਧਾ ਹਮਲਾ ਬੋਲਿਆ। ਕਾਸਤਰੋ ਨੇ ਚੀਨ ਉੱਤੇ ਪ੍ਰਾਪੇਗੰਡਾ ਲਿਖਤਾਂ ਵੰਡਣ ਅਤੇ ਕਿਊਬਾ ਅੰਦਰ ਫੁੱਟਪਾਊ ਸਰਗਰਮੀਆਂ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਿਊਬਾ ਵਿੱਚ ਚੀਨ ਦੇ ਕਮਿਊਨਿਜਮ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਇੱਕ ਮਹੀਨਾ ਬਾਅਦ ਰਾਉਲ ਕਾਸਤਰੋ ਨੇ ਵੀਅਤਨਾਮ ਵਿੱਚ ਜਾਰੀ ਜੰਗ ਦਾ ਹਵਾਲਾ ਦਿੰਦੇ ਸਾਮਰਾਜਵਾਦ ਦੇ “ਕਾਗਜ਼ੀ ਸ਼ੇਰ” ਹੋਣ ਦੇ ਮਾਓਵਾਦੀ ਸਿਧਾਂਤ ਨੂੰ ਰੱਦ ਕੀਤਾ। ਸਪੱਸਟ ਹੈ ਕਿ ਰਾਉਲ ਕਾਸਤਰੋ ਨੂੰ “ਕਾਗਜ਼ੀ ਸ਼ੇਰ” ਦੇ ਸਿਧਾਂਤ ਦੀ ਉੱਕਾ ਹੀ ਸਮਝ ਨਹੀਂ ਸੀ, ਅਸਲ ਵਿੱਚ ਇਹ ਕੁਝ ਮਹੀਨਾ ਪਹਿਲਾਂ ਚੀਨੀ ਪਾਰਟੀ ਵੱਲੋਂ ਕਿਊਬਾ ਦੀ ਲੀਡਰਸ਼ਿਪ ਨੂੰ “ਸਾਮਰਾਜਵਾਦ” ਅਤੇ “ਪਰਮਾਣੂ ਬੰਬ” ਨਾਂ ਦੇ ਦੋ ਸ਼ੈਤਾਨਾਂ ਤੋਂ ਡਰ ਕੇ ਇੱਕ ਤੀਜੇ ਸ਼ੈਤਾਨ “ਸੋਧਵਾਦ” ਦੇ ਚੁੰਗਲ ਵਿੱਚ ਫਸਣ ਤੋਂ ਸਾਵਧਾਨ ਕਰਨ ਵਾਲ਼ੇ ਬਿਆਨ ਦਾ ਜਵਾਬ ਸੀ। ਇਸ ਤੋਂ ਬਾਅਦ ਕਾਸਤਰੋ ਵੱਲੋਂ ਚੀਨ-ਵਿਰੋਧੀ ਬਿਆਨਬਾਜ਼ੀ ਜਾਰੀ ਰਹੀ ਪਰ ਚੀਨੀ ਪਾਰਟੀ ਵੱਲੋਂ ਇਸਦਾ ਕੋਈ ਜਵਾਬ ਨਾ ਦਿੱਤਾ ਗਿਆ। ਉਧਰ ਕਾਸਤਰੋ ਭਰਾਵਾਂ ਤੇ ਕਿਊਬਾ ਦੀ ਹੋਰ ਲੀਡਰਸ਼ਿਪ (ਚੇ ਗਵੇਰਾ ਨੂੰ ਛੱਡ ਕੇ) ਨੂੰ ਵਧੇਰੇ ਤੋਂ ਵਧੇਰ ਸੋਵੀਅਤ ਬਲਾਕ ਦੇ ਦੇਸ਼ਾਂ ਦੇ ਦੌਰਿਆਂ ਅਤੇ ਸਮਝੌਤਿਆਂ ਦਰਮਿਆਨ ਦੇਖਿਆ ਜਾਣ ਲੱਗਾ। ਚੀਨ-ਕਿਊਬਾ ਸਬੰਧਾਂ ਵਿੱਚ ਦੂਰੀ ਜਨਵਰੀ, 1966 ਵਿੱਚ ਬਹੁਤ ਵਧ ਗਈ ਜਦੋਂ ਚੀਨ ਤੇ ਕਿਊਬਾ ਵਿਚਾਲੇ ਵਪਾਰਕ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਚੀਨ ਨੇ ਕਿਊਬਾ ਵੱਲੋਂ 2।5 ਲੱਖ ਟਨ ਚੌਲ ਭੇਜਣ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਉਸਦੀ ਥਾਂ 1।5 ਲੱਖ ਟਨ ਚੌਲ ਭੇਜਣ ਦੀ ਹੀ ਸਮਰੱਥਤਾ ਜ਼ਾਹਰ ਕੀਤੀ। ਉਸ ਸਮੇਂ ਤੱਕ ਕਿਊਬਾ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਸੋਧਵਾਦੀ ਨਕਸ਼ੇ ਕਦਮਾਂ ਉੱਤੇ ਆ ਚੁਕੀ ਸੀ ਅਤੇ ਚੀਨ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਨੂੰ ਇੱਕ ਸਮਾਜਵਾਦੀ ਉਸਾਰੀ ਦੀ ਥਾਂ ਰਾਜਕੀ ਸਰਮਾਏਦਾਰੀ ਢਾਂਚਾ ਖੜਾ ਕਰਨ ਲਈ ਵਰਤ ਰਹੀ ਸੀ ਅਤੇ ਕੌਮਾਂਤਰੀ ਪੱਧਰ ਉੱਤੇ ਪੂਰੀ ਤਰ੍ਹਾਂ ਸੋਵੀਅਤ ਸੋਧਵਾਦੀਆਂ ਦੇ ਪੱਖ ਵਿੱਚ ਵਿਛੀ ਜਾ ਰਹੀ ਸੀ। ਸਾਫ ਸੀ ਕਿ ਹੁਣ ਚੀਨ ਘਰੇਲੂ ਪੱਧਰ ਉੱਤੇ ਮੁਸ਼ਕਿਲਾਂ ਝਾਗ ਕੇ ਕਿਊਬਾ ਨੂੰ ਇੱਕ ਭਰਾਤਰੀ ਦੇਸ਼ ਦਾ ਦਰਜਾ ਦੇਣ ਲਈ ਤਿਆਰ ਨਹੀਂ ਸੀ। ਵਪਾਰਕ ਗੱਲਬਾਤ ਖਤਮ ਹੋਣ ਤੋਂ ਪਹਿਲਾਂ ਹੀ ਫਿਦੇਲ ਕਾਸਤਰੋ ਨੇ 2 ਜਨਵਰੀ, 1966 ਇਨਕਲਾਬ ਦੀ ਸੱਤਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਸੋਵੀਅਤ ਟੈਂਕਾਂ ਤੇ ਮਿਗ ਜਹਾਜ਼ਾਂ ਦੀ ਨੁਮਾਇਸ਼ ਦਰਮਿਆਨ ਕਿਊਬਾ ਦੇ ਦੁਸ਼ਮਣਾਂ ਦੀ ਗਿਣਤੀ ਕੀਤੀ ਅਤੇ ਇੱਕ ਨਵੇਂ ਖਤਰੇ, ਚੌਲ ਦੀ ਘੱਟ ਸਪਲਾਈ ਕਾਰਨ ਚੌਲ ਦੇ ਰਾਸ਼ਨ ਦਾ ਘੱਟ ਹੋਣ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਸਨੇ ਚੀਨ ਉੱਤੇ ਅਮਰੀਕੀ ਆਰਥਿਕ ਨਾਕਾਬੰਦੀ ਦਾ ਹਿੱਸਾ ਬਣਨ ਦਾ ਇਲਜ਼ਾਮ ਲਗਾਇਆ। ਕਿਊਬਾ ਵਿੱਚੋਂ ਚੀਨੀ ਪ੍ਰਕਾਸ਼ਨਾਵਾਂ ਨੂੰ ਉੱਕਾ ਹੀ ਹਟਾ ਦਿੱਤਾ ਗਿਆ ਜਦਕਿ ਰੂਸੀ ਪ੍ਰਕਾਸ਼ਨਾਵਾਂ ਉੱਤੇ ਅਜਿਹੀ  ਕੋਈ ਪਾਬੰਦੀ ਨਹੀਂ ਸੀ। 14 ਜਨਵਰੀ, 1966 ਨੂੰ ਪੀਕਿੰਗ ਰਿਵਿਊ ਵਿੱਚ ਚੀਨੀ ਪਾਰਟੀ ਨੇ ਕਾਸਤਰੋ ਦੇ ਚੌਲ ਭੇਜਣ ਦੇ ਵਾਅਦੇ ਤੋਂ ਮੁਕਰਨ ਦੇ ਇਲਜ਼ਾਮ ਦਾ ਤੱਥਾਂ ਸਹਿਤ ਉੱਤਰ ਦਿੱਤਾ ਪਰ ਕਾਸਤਰੋ ਵੱਲੋਂ ਬਿਆਨਬਾਜ਼ੀ ਜਾਰੀ ਰਹੀ। 22 ਫਰਵਰੀ, 1966 ਨੂੰ ਚੀਨੀ ਪਾਰਟੀ ਨੇ ਆਖਰ ਪੀਕਿੰਗ ਰੀਵਿਊ ਵਿੱਚ ਸੰਪਾਦਕੀ ਲਿਖ ਲਿਖ ਕੇ ਕਾਸਤਰੋ ਤੇ ਕਿਊਬਾ ਦੀ ਪਾਰਟੀ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਕਾਸਤਰੋ ਚੀਨ ਵਿਰੋਧੀ ਪ੍ਰਾਪੇਗੰਡਾ ਕਰਨ ਵਿੱਚ ਅਮਰੀਕੀ ਅਤੇ ਸੋਵੀਅਤ ਸਾਮਰਾਜ ਦੇ ਚੀਨ ਵਿਰੋਧੀ ਪ੍ਰਚਾਰ ਦਾ ਹਿੱਸਾ ਬਣ ਗਿਆ ਹੈ। ਕਿਊਬਾ ਦੀਆਂ ਆਰਥਕ ਤੇ ਅਨਾਜ ਸਬੰਧੀ ਸਮੱਸਿਆਵਾਂ ਲਈ ਚੀਨ ਦੀ ਪਾਰਟੀ ਨੇ ਸਪੱਸਟ ਕਿਹਾ:

“ਪਿਛਲੇ ਕੁਝ ਸਾਲਾਂ ਵਿੱਚ, ਨਾ ਸਿਰਫ਼ ਕਿਊਬਾ ਦੀ ਗੰਨੇ ਦੀ ਖੇਤੀ ਉੱਤੇ ਇਕਪਾਸੜ ਨਿਰਭਰਤਾ ਬਣੀ ਹੋਈ ਹੈ ਜੋ ਕਿ ਬਸਤੀਵਾਦ ਦਾ ਵਿਰਸਾ ਹੈ, ਸਗੋਂ ਖਰੁਸ਼ਚੇਵੀ ਸੋਧਵਾਦੀਆਂ ਦੇ “ਕਿਰਤ ਦੇ ਕੌਮਾਂਤਰੀ ਵੰਡ ਦੇ ਸਿਧਾਂਤ” ਨੂੰ ਵੀ ਲਾਗੂ ਕੀਤਾ ਗਿਆ ਹੈ ਜਿਸਨੇ ਕਿਊਬਾ ਅੰਦਰ ਇਸ ਇੱਕਪਾਸੜ ਨਿਰਭਰਤਾ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਤੇ ਵੱਡੀਆਂ ਆਰਥਕ ਸਮੱਸਿਆਵਾਂ ਨੂੰ ਪੈਦਾ ਕਰ ਦਿੱਤਾ ਹੈ। ਕੀ ਇਹ ਚੀਨ ਦੇ ਲੋਕਾਂ ਦੀ ਦਿੱਤੀ ਸਲਾਹ ਦਾ ਨਤੀਜਾ ਹੈ? ਕੀ ਇਸ ਲਈ ਚੀਨ ਦੋਸ਼ੀ ਹੈ?”

13 ਮਾਰਚ, 1966 ਨੂੰ ਆਪਣੇ ਇੱਕ ਜਨਤਕ ਭਾਸ਼ਣ ਵਿੱਚ ਕਾਸਤਰੋ ਨੇ ਚੀਨ ਉੱਤੇ ਅਮਰੀਕੀ ਢੰਗ ਨਾਲ਼ ਪ੍ਰਾਪੇਗੰਡਾ ਕਰਨ ਦਾ ਇਲਜ਼ਾਮ ਲਗਾਇਆ ਪਰ ਕਾਸਤਰੋ ਇਸ ਵਾਰ ਅਤਿਅੰਤ ਬੜਬੋਲਾ ਹੋ ਗਿਆ ਅਤੇ ਉਸਨੇ ਸਿੱਧਾ ਸੰਸਾਰ ਕਮਿਊਨਿਸਟ ਲਹਿਰ ਦੇ ਮਹਾਨ ਆਗੂ ਮਾਓ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ -“ਮੈਂ ਇਸ ਆਦਮੀ ਨੂੰ ਏਂਗਲਜ ਦੀ ਦ ਡਾਇਆਲੈਕਟਿਕ ਆਫ ਨੇਚਰ ਪੜ੍ਹਨ ਦੀ ਸਲਾਹ ਦੇਵਾਂਗਾ। ਸਾਲਾਂ ਦੇ ਬੀਤਣ ਨਾਲ਼ ਸੂਰਜ ਵੀ ਬੁੱਝ ਜਾਵੇਗਾ।” ਕਾਸਤਰੋ ਇੱਥੇ ਚੀਨੀ ਲੋਕਾਂ ਵੱਲੋਂ ਮਾਓ ਨੂੰ ਲਾਲ ਸੂਰਜ ਦੇ ਦਿੱਤੇ ਗਏ ਨਾਂ ਦਾ ਮਜ਼ਾਕ ਉਡਾ ਰਿਹਾ ਸੀ। ਉਸਨੇ ਕਿਹਾ ਕਿ ਕਿਊਬਾ ਦੇ ਆਗੂ 60 ਸਾਲ ਤੋਂ ਜ਼ਿਆਦਾ ਨਹੀਂ ਜੀਣਗੇ, ਮਾਓ ਦੀ ਉਮਰ ਉਸ ਸਮੇਂ 73 ਸਾਲ ਹੋ ਚੁੱਕੀ ਸੀ, ਸਾਫ ਸੀ ਕਿ ਉਹ ਮਾਓ ਨੂੰ ਵੱਡੀ ਉਮਰ ਕਾਰਨ ਮੂਰਖ ਸਿੱਧ ਕਰ ਰਿਹਾ ਸੀ। (ਗ੍ਰਾਨਮਾ ਵੀਕਲੀ ਰਿਵਿਊ, 15 ਮਾਰਚ, 1966, ਸਫਾ 2)

ਕਾਸਤਰੋ ਦੇ ਇਸ ਭਾਸ਼ਣ ਨੇ ਕਿਊਬਾ ਤੇ ਚੀਨ ਦੀਆਂ ਪਾਰਟੀਆਂ ਵਿਚਾਲੇ ਸਬੰਧ ਲੰਮੇ ਲਈ ਖਤਮ ਕਰ ਦਿੱਤੇ। ਚੀਨ ਨੇ ਆਪਣੇ ਰਾਜਦੂਤ ਵਾਪਸ ਬੁਲਾ ਪਰ ਫਿਰ ਵੀ ਕਿਊਬਾ ਤੇ ਚੀਨ ਵਿਚਾਲੇ ਦੇਸ਼ਾਂ ਵਜੋਂ ਖੰਡ ਤੇ ਚੌਲ ਦਾ ਵਪਾਰ ਹੁੰਦਾ ਰਿਹਾ। ਇਸ ਤਰ੍ਹਾਂ ਚੀਨ ਨਾਲ਼ ਸਬੰਧਾਂ ਵਿੱਚ ਕਿਊਬਾ ਦੀ ਲੀਡਰਸ਼ਿਪ ਦਾ ਜਮਾਤੀ ਖਾਸਾ ਤੇ ਵਿਚਾਰਧਾਰਕ ਦੀਵਾਲ਼ੀਆਪਣ ਸਪੱਸਟ ਹੋ ਜਾਂਦਾ ਹੈ।

ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਕਿਊਬਾ ਦਾ ਅਰਥਚਾਰਾ

1989-91 ਵਿੱਚ ਸੋਵੀਅਤ ਯੂਨੀਅਨ ਅਤੇ ਪੂਰਬੀ ਬਲੌਕ ਦੇ ਦੇਸ਼ਾਂ ਵਿੱਚ ਨਕਲੀ ਸਮਾਜਵਾਦ ਦਾ ਖੋਲ ਉਤਰਨ ਲੱਗਾ ਅਤੇ ਤੇਜ਼ੀ ਨਾਲ਼ ਇਹਨਾਂ ਦੇਸ਼ਾਂ ਵਿੱਚ ਖੁਲ੍ਹੇ ਸਰਮਾਏਦਾਰਾ ਢਾਂਚੇ ਦੀ ਸਥਾਪਨਾ ਹੋ ਗਈ ਜਿਸਦੇ ਸਿੱਟੇ ਵਜੋਂ ਕਿਊਬਾ ਦੇ ਵਪਾਰਕ ਭਾਈਵਾਲ ਇਕਦਮ ਲੁਪਤ ਹੋ ਗਏ। ਕਿਊਬਾ ਖੰਡ ਦੇ ਨਿਰਯਾਤ ਉੱਤੇ ਅਧਾਰਤ ਅਰਥਚਾਰਾ ਬਣ ਚੁੱਕਾ ਸੀ, ਸੋਵੀਅਤ ਯੂਨੀਅਨ ਤੇ ਪੂਰਬੀ ਬਲੌਕ ਦੇ ਦੇਸ਼ਾਂ ਵਿੱਚ ਨਕਲੀ ਸਮਾਜਵਾਦ ਦੇ ਢਹਿਢੇਰੀ ਹੋਣ ਨਾਲ਼ ਕਿਊਬਾ ਦੀ ਖੰਡ ਦੇ ਗਾਹਕ ਖਤਮ ਹੋ ਗਏ। ਕਿਉਂਕਿ ਪੈਟਰੋਲੀਅਮ ਉਤਪਾਦਾਂ, ਮਸ਼ੀਨਰੀ ਲਈ ਵੀ ਕਿਊਬਾ ਇਹਨਾਂ ਹੀ ਮੁਲਕਾਂ ਉੱਤੇ ਨਿਰਭਰ ਸੀ, ਇਸ ਲਈ ਨਕਲੀ  ਸਮਾਜਵਾਦੀ ਖੇਮਾ ਖਿੰਡਣ ਨਾਲ਼ ਉਸ ਲਈ ਇਹ ਸਪਲਾਈ ਵੀ ਰੁਕ ਗਈ, ਇਸ ਨਾਲ਼ ਕਿਊਬਾ ਨੂੰ ਸਿਰਫ਼ ਤੇਲ ਦੀ ਪੂਰਤੀ ਅਤੇ ਮਸ਼ੀਨਰੀ ਦੀ ਸੰਕਟ ਹੀ ਨਹੀਂ ਖੜਾ ਹੋਇਆ, ਸਗੋਂ ਇਸ ਨਾਲ਼ ਕਿਊਬਾ ਲਈ ਵਿਦੇਸ਼ੀ ਮੁਦਰਾ ਹਾਸਲ ਕਰਨ ਦਾ ਇੱਕ ਅਹਿਮ ਜਰੀਆ ਵੀ ਖਤਮ ਹੋ ਗਿਆ ਕਿਉਂਕਿ ਕਿਊਬਾ ਸੋਵੀਅਤ ਬਲਾਕ ਤੋਂ ਦਰਾਮਦ ਕੀਤੇ ਪੈਟਰੋਲੀਅਮ ਪਦਾਰਥਾਂ ਵਿੱਚੋਂ ਇੱਕ ਵੱਡੇ ਹਿੱਸੇ ਨੂੰ ਮੁੜ-ਬਰਾਮਦ ਕਰਕੇ ਵਿਦੇਸ਼ੀ ਮੁਦਰਾ ਹਾਸਲ ਕਰਦਾ ਸੀ। ਤੇਲ ਦੇ ਆਯਾਤ ਵਿੱਚ 53% ਕਮੀ ਆਉਣ ਨਾਲ਼ ਇਹ ਪ੍ਰਬੰਧ ਠੱਪ ਹੋ ਗਿਆ।  ਕਿਊਬਾ ਇਸ ਵਿਦੇਸ਼ੀ ਮੁਦਰਾ ਨੂੰ ਖੁਰਾਕੀ ਵਸਤਾਂ ਆਯਾਤ ਕਰਨ ਲਈ ਇਸਤੇਮਾਲ ਕਰਦਾ ਸੀ। ਗੰਨੇ ਦੀ ਖੇਤੀ ਹੇਠ ਰਕਬਾ ਬਹੁਤ ਵੱਧ ਜਾਣ ਕਾਰਨ ਕਿਊਬਾ ਖੁਰਾਕੀ ਵਸਤਾਂ ਪੈਦਾ ਕਰਨ ਦੇ ਮਾਮਲੇ ਵਿੱਚ ਬੇਹੱਦ ਪਿੱਛੇ ਸੀ। ਕਿਊਬਾ ਦੇ ਲੋਕਾਂ ਦੀ ਕੁਲ ਕੈਲੋਰੀ ਖਪਤ ਦਾ 57% ਦਰਾਮਦ ਕਰਨਾ ਪੈਂਦਾ ਸੀ। ਇੱਕ ਪਾਸੇ ਖੁਰਾਕੀ ਪਦਾਰਥਾਂ ਦੇ ਆਯਾਤ ਵਿੱਚ ਕਮੀ ਆਈ, ਉੱਥੇ ਕੀਟਨਾਸ਼ਕ ਦਵਾਈਆਂ ਤੇ ਰਸਾਇਣਿਕ ਖਾਦਾਂ ਦੀ ਪੂਰਤੀ ਵਿੱਚ 80% ਤੋਂ ਵਧੇਰੇ ਕਮੀ ਆ ਗਈ ਕਿਉਂਕਿ ਸੋਵੀਅਤ ਬਲਾਕ ਤੋਂ ਦਰਾਮਦ ਰਾਹੀਂ ਹੀ ਹੁੰਦੀ ਸੀ, ਇਸ ਨਾਲ਼ ਖੇਤੀ ਦੀ ਪੈਦਾਵਾਰਤਾ ਘੱਟ ਗਈ ਅਤੇ ਖੁਰਾਕੀ ਪਦਾਰਥਾਂ ਦੀ ਕਮੀ ਹੋਰ ਵੱਧ ਗਈ। ਲੋਕਾਂ ਦੀ ਖੁਰਾਕੀ ਪਦਾਰਥਾਂ ਦੀ ਖਪਤ ਵੀ ਬਹੁਤ ਥੱਲੇ ਆ ਗਈ, ਸੋਵੀਅਤ ਯੂਨੀਅਨ ਦੇ ਟੁੱਟਣ ਦੇ ਬਾਅਦ ਦੇ ਕੁਝ ਕੁ ਸਾਲਾਂ ਵਿੱਚ ਹੀ ਪ੍ਰਤੀ ਵਿਅਕਤੀ ਕੈਲੋਰੀ ਖਪਤ 1,500 ਕੈਲੋਰੀ ਰਹਿ ਗਈ ਸੀ ਅਤੇ ਪ੍ਰੋਟੀਨ ਦੀ ਖਪਤ ਵਿੱਚ 30% ਫੀਸਦੀ ਘੱਟ ਗਈ।

ਕਿਉਂਕਿ ਕਿਊਬਾ ਦਾ ਅਰਥਚਾਰਾ ਗੰਨੇ ਅਤੇ ਖੰਡ ਦੇ ਨਿਰਯਾਤ ਨੂੰ ਵੱਧ ਤੋਂ ਵੱਧ ਮੁਨਾਫਾ ਦੇਣ ਵਾਲ਼ਾ ਬਣਾਉਣ ਲਈ ਬਹੁਤ ਜ਼ਿਆਦਾ ‘ਬਹੁਤ ਜ਼ਿਆਦਾ ਵਿਸ਼ੇਸ਼ੀਕ੍ਰਿਤ’ ਹੋ ਚੁੱਕਾ ਸੀ, ਇਸ ਲਈ ਕਿਊਬਾ ਵੱਲੋਂ ਵਧੇਰੇ ਤੋਂ ਵਧੇਰੇ ਸਰਮਾਇਆ ਇਸ ਖੇਤਰ ਵਿੱਚ ਹੀ ਲਗਾਇਆ ਗਿਆ ਸੀ; ਜਦੋਂ ਸੋਵੀਅਤ ਬਲਾਕ ਖਿੰਡ ਗਿਆ ਅਤੇ ਖੰਡ ਦੀ ਮੰਗ ਇਕਦਮ ਥੱਲੇ ਆ ਗਈ ਤਾਂ ਇਹ ਸਾਰਾ ਨਿਵੇਸ਼ ਇਕਦਮ ਬੇਕਾਰ ਹੋ ਗਿਆ। ਗੰਨੇ ਦੀ ਖੇਤੀ ਤੇ ਖੰਡ-ਪੈਦਾਵਾਰ ਵਿੱਚ ਲੱਗੀ ਹੋਈ ਮਸ਼ੀਨਰੀ ਕਿਸੇ ਹੋਰ ਪੈਦਾਵਾਰੀ ਸਰਗਰਮੀ ਦੇ ਕੰਮ ਨਹੀਂ ਸੀ ਅਤੇ ਖੇਤਾਂ ਨੂੰ ਵੀ ਦੂਜੀਆਂ ਫਸਲਾਂ ਦੀ ਪੈਦਾਵਾਰ ਕਰਨ ਲਈ ਢਾਲਣ ਲਈ ਸਮਾਂ ਲੱਗਣਾ ਸੀ। ਕਿਰਤ ਸ਼ਕਤੀ ਦਾ ਵੱਡਾ ਹਿੱਸਾ ਵੀ ਇਸੇ ਖੇਤਰ ਵਿੱਚ ਮੁਹਾਰਤ ਪ੍ਰਾਪਤ ਸੀ, ਉਹਨਾਂ ਲਈ ਹੋਰ ਕਿੱਤਿਆਂ ਨੂੰ ਅਪਣਾਉਣਾ ਤੇ ਪੈਦਾਵਾਰ ਦਾ ਉੱਚ ਪੱਧਰ ਹਾਸਲ ਕਰਨਾ ਇੰਨਾ ਅਸਾਨ ਨਹੀਂ ਸੀ। ਸਭ ਤੋਂ ਵੱਡੀ ਗੱਲ ਇਹ ਕਿ ਨਵੀਂ ਮਸ਼ੀਨਰੀ ਮਿਲਣ ਦੇ ਸ੍ਰੋਤ ਨਹੀਂ ਸਨ ਅਤੇ ਦੇਸ਼ ਵਿੱਚ ਮਸ਼ੀਨਰੀ ਬਣਾਉਣ ਲਈ ਭਾਰੀ ਸਨਅਤ ਦਾ ਵਿਕਾਸ ਹੀ ਨਹੀਂ ਕੀਤਾ ਗਿਆ ਸੀ। ਖਾਦਾਂ ਅਤੇ ਕੀਟਨਾਸ਼ਕ ਪੈਦਾ ਕਰਨ ਦੇ ਕਾਰਖਾਨੇ ਨਹੀਂ ਸਨ। ਜਿਹੜੇ ਰਾਜਕੀ ਫਾਰਮਾਂ ਵਿੱਚ ਅਜੇ ਵੀ ਗੰਨੇ ਦੀ ਖੇਤੀ ਹੋ ਰਹੀ ਸੀ ਤੇ ਖੰਡ-ਮਿੱਲਾਂ ਪੈਦਾਵਾਰ ਵਿੱਚ ਲੱਗੀਆਂ ਹੋਈਆਂ ਸਨ, ਉੱਥੇ ਵੀ ਮਸ਼ੀਨਰੀ ਦੀ ਮੁਰੰਮਤ, ਕਲ-ਪੁਰਜ਼ੇ ਅਤੇ ਨਵੀਂ ਮਸ਼ੀਨਰੀ ਦੀ ਪੂਰਤੀ ਨਾ ਹੋਣ ਕਰਕੇ ਪੈਦਾਵਾਰ ਪ੍ਰਭਾਵਿਤ ਹੋ ਰਹੀ ਸੀ ਕਿਉਂਕਿ ਕਲ-ਪੁਰਜ਼ੇ ਵੀ ਦਰਾਮਦ ਕੀਤੇ ਜਾਂਦੇ ਸਨ। ਇੱਥੋਂ ਤੱਕ ਮਨੁੱਖੀ ਵਰਤੋਂ ਲਈ ਦਵਾਈਆਂ ਬਣਾਉਣ ਲਈ ਵੀ ਲੋੜੀਂਦੀ ਸਨਅਤ ਵਿਕਸਤ ਨਹੀਂ ਕੀਤੀ ਗਈ ਸੀ। 1996 ਵਿੱਚ ਇੱਕ ਨੌਬਤ ਇਹ ਆ ਗਈ ਸੀ ਕਿ ਸ਼ੂਗਰ ਦੇ ਮਰੀਜ਼ਾਂ ਲਈ ਇਨਸੂਲਿਨ ਦੇ ਟੀਕਿਆਂ ਦਾ ਸਿਰਫ਼ ਇੱਕ ਮਹੀਨੇ ਦਾ ਸਟਾਕ ਬਾਕੀ ਰਹਿ ਗਿਆ ਸੀ। ਕੁਝ ਕਿਊਬਨ ਇਨਕਲਾਬ ਪੱਖੀ ਜਥੇਬੰਦੀਆਂ ਦੁਆਰਾ ਇਨਸੂਲਿਨ ਦੇ ਟੀਕਿਆਂ ਦੇ 20 ਲੱਖ ਤੋਂ ਉੱਪਰ ਟੀਕੇ ਇਕੱਠੇ ਕਰਕੇ ਭੇਜਣ ਨਾਲ਼ ਇਹ ਸੰਕਟ ਟਾਲਿਆ ਜਾ ਸਕਿਆ। ਕਿਊਬਾ ਦਾ ਅਰਥਚਾਰਾ ਬਹੁਤ ਬੁਰੇ ਸੰਕਟ ਵਿੱਚ ਫਸ ਚੁੱਕਾ ਸੀ। ਕੁਲ ਸਮਾਜਕ ਪੈਦਾਵਾਰ ਵਿੱਚ 1991 ਵਿੱਚ 24% ਅਤੇ 1992 ਵਿੱਚ 15% ਕਮੀ ਆਈ। ਖੰਡ ਦੀ ਪੈਦਾਵਾਰ 1989 ਦੀ 71 ਲੱਖ ਟਨ ਤੋਂ ਘਟ ਕੇ 1992 ਵਿੱਚ 42 ਲੱਖ ਟਨ ਰਹਿ ਗਈ, ਇਸ ਦੇ ਨਾਲ਼ ਹੀ ਖੰਡ ਦੀਆਂ ਕੌਮਾਂਤਰੀ ਕੀਮਤਾਂ ਥੱਲੇ ਆਉਣ ਨਾਲ਼ ਖੰਡ ਦੇ ਨਿਰਯਾਤ ਤੋਂ ਹੋਣ ਵਾਲ਼ੀ ਆਮਦਨ ਇਸ ਤੋਂ ਵੀ ਕਿਤੇ ਥੱਲੇ ਗਈ। ਕਿਊਬਾ ਦਾ ਕੁਲ ਆਯਾਤ 1989 ਦੇ 8 ਅਰਬ ਡਾਲਰ ਤੋਂ ਘਟ ਕੇ 1993 ਵਿੱਚ 1।7 ਅਰਬ ਡਾਲਰ ਰਹਿ ਗਿਆ। ਇਸ ਨਾਲ਼ ਨਜਿੱਠਣ ਲਈ ਕਾਸਤਰੋ ਸਰਕਾਰ ਵੱਲੋਂ “ਸ਼ਾਂਤੀ ਸਮੇਂ ਦਾ ਵਿਸ਼ੇਸ਼ ਦੌਰ” ਐਲਾਨ ਕੀਤਾ ਗਿਆ ਜਿਸ ਤਹਿਤ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਕਦਮ ਉਠਾਏ ਜਾਣੇ ਸਨ।

ਸੰਕਟ ਤੋਂ ਬਾਹਰ ਨਿਕਲਣ ਲਈ ਸਨਅਤ ਵਿੱਚ ਸਰਮਾਏ ਦਾ ਨਿਵੇਸ਼ ਬਹੁਤ ਜਰੂਰੀ ਸੀ ਅਤੇ ਦੂਸਰਾ ਖੇਤੀ ਦੀ ਪੈਦਾਵਾਰ ਵਧਾਉਣੀ ਜਰੂਰੀ ਸੀ। ਸਨਅਤ ਵਿੱਚ ਜਾਨ ਪਾਉਣ ਲਈ ਵਿਦੇਸ਼ੀ ਨਿਵੇਸ਼ ਨੂੰ ਆਗਿਆ ਦੇ ਦਿੱਤੀ ਗਈ। ਮਾਈਨਿੰਗ, ਤੇਲ ਖੇਤਰ, ਟੂਰਿਜਮ, ਉਸਾਰੀ ਖੇਤਰ, ਤਕਨੀਕ, ਊਰਜਾ, ਗੈਸ, ਵਿੱਤੀ ਖੇਤਰ, ਸਿਗਾਰ ਦੀ ਵਿਕਰੀ ਦਾ ਖੇਤਰ ਆਦਿ ਵਿੱਚ ਵਿਦੇਸ਼ੀ ਨਿਵੇਸ਼ ਨੂੰ 1990ਵਿਆਂ ਦੇ ਪਹਿਲੇ ਅੱਧ ਵਿੱਚ ਆਗਿਆ ਦਿੱਤੀ ਜਾ ਚੁੱਕੀ ਸੀ। ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਕਿਊਬਾ ਦੀ ਸਰਕਾਰ ਨੇ ਟੈਕਸ ਛੋਟਾਂ, ਵਿਦੇਸ਼ੀ ਸਰਮਾਏ ਦੀ ਰੱਖਿਆ ਕਰਨ ਦੇ ਵਾਅਦੇ, ਮਾਲ ਦੇ ਭੰਡਾਰ ਲਈ ਗੁਦਾਮਾਂ ਦੀ ਸਥਾਪਨਾ ਆਦਿ ਜਿਹੇ ਕਦਮ ਉਠਾਏ। ਸਾਲ 2000 ਤੱਕ ਕਿਊਬਾ ਵਿੱਚ ਵਿਦੇਸ਼ੀ ਸਰਮਾਏ ਨਾਲ਼ ਜੁੜੇ 392 ਆਰਥਕ ਸਿੰਡੀਕੇਟ ਸਰਗਰਮ ਸਨ। ਰੂਸ, ਇਟਲੀ, ਜਰਮਨੀ, ਕੈਨੇਡਾ, ਸਪੇਨ, ਫਰਾਂਸ ਆਦਿ ਦੇਸ਼ਾਂ ਸਮੇਤ 46 ਦੇਸ਼ਾਂ ਦਾ ਸਰਮਾਇਆ ਕਿਊਬਾ ਵਿੱਚ ਲੱਗ ਚੁੱਕਾ ਸੀ। ਇਸ ਪ੍ਰਕਾਰ ਕਿਊਬਾ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਹੀ ਆਪਣੇ ਅਰਥਚਾਰੇ ਨੂੰ ਬਹੁਤ ਹੱਦ ਤੱਕ ਖੋਲ੍ਹ ਚੁੱਕਾ ਸੀ ਭਾਵੇਂ ਕਾਸਤਰੋ ਤੇ ਉਸਦੇ ਕਾਮਰੇਡ ਸਮਾਜਵਾਦ ਬਾਰੇ ਵੱਡੇ-ਵੱਡੇ ਬਿਆਨ ਅੱਜ ਵੀ ਦਾਗ ਰਹੇ ਹਨ। ਖੇਤੀ ਖੇਤਰ ਵਿੱਚ ਪੈਦਾਵਾਰ ਵਧਾਉਣ, ਖਾਸ ਕਰਕੇ ਖੁਰਾਕੀ ਪਦਾਰਥਾਂ ਦੀ ਪੈਦਾਵਾਰ ਵਧਾਉਣ ਲਈ ਕਿਊਬਾ ਦੀ ਸਰਕਾਰ ਨੇ ਰਾਜਕੀ ਕੰਟਰੋਲ ਹੇਠਲੀ ਜਮੀਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ। ਕਿਊਬਾ ਵਿੱਚ 1990 ਤੱਕ ਕਿਊਬਾ ਦੀ ਕੁਲ ਜਮੀਨ ਵਿੱਚੋਂ 80% ਰਾਜਕੀ ਕੰਟਰੋਲ ਹੇਠ ਸੀ ਜਿਸਦੇ ਲੱਗਭੱਗ ਦੋ-ਤਿਹਾਈ ਹਿੱਸੇ ਉੱਤੇ ਗੰਨੇ ਦੀ ਖੇਤੀ ਹੁੰਦੀ ਸੀ। ਬਾਕੀ ਬਚੀ ਜਮੀਨ ਉੱਤੇ ਛੋਟੇ ਕਿਸਾਨ ਖੇਤੀ ਕਰਦੇ ਸਨ। ਹੁਣ ਰਾਜਕੀ ਖੇਤਾਂ ਦੀ ਜਮੀਨ ਨੂੰ ਕਿਸਾਨਾਂ ਅਤੇ ਗੰਨੇ ਦੀ ਖੇਤੀ ਅਤੇ ਖੰਡ-ਮਿੱਲਾਂ ਵਿੱਚ ਰੁਜ਼ਗਾਰ ਘਟਣ ਨਾਲ਼ ਵਿਹਲੇ ਹੋਏ ਕਾਮਿਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਸੀ। ਭਾਵੇਂ ਜਮੀਨ ਦੀ ਮਾਲਕੀ ਰਾਜ ਕੋਲ ਹੀ ਰਹਿਣੀ ਸੀ, ਪਰ ਉਸ ਤੋਂ ਹੋਣ ਵਾਲ਼ੀ ਪੈਦਾਵਾਰ ਖੇਤੀ ਕਰਨ ਵਾਲ਼ੇ ਦੀ ਹੋਣੀ ਸੀ ਅਤੇ ਉਹ ਆਪਣੀ ਪੈਦਾਵਾਰ ਨੂੰ ਖੁਲ੍ਹ੍ਹੀ ਮੰਡੀ ਵਿੱਚ ਵੇਚਣ ਲਈ ਅਜ਼ਾਦ ਸੀ। ਦੂਸਰਾ, ਵੱਡੇ ਫਾਰਮਾਂ ਦੇ ਇੱਕ ਹਿੱਸੇ ਨੂੰ ਛੋਟੀਆਂ ਟੀਮਾਂ ਨੂੰ ਸੌਂਪਿਆ ਜਾ ਰਿਹਾ ਸੀ ਅਤੇ ਇਸਦੇ ਪ੍ਰਬੰਧ ਦਾ ਜ਼ਿੰਮਾ ਤੇ ਮੁਨਾਫਾ ਕਮਾਉਣ ਦਾ ਹੱਕ ਉਸ ਟੀਮ ਨੂੰ ਮਿਲਣਾ ਸੀ। ਕਿਉਂਕਿ ਖੇਤੀ ਲਈ ਮਸ਼ੀਨਰੀ, ਖਾਦਾਂ ਤੇ ਕੀਟਨਾਸ਼ਕ ਬਹੁਤ ਥੋੜੇ ਉਪਲਬਧ ਸਨ ਇਸ ਲਈ ਖੇਤੀ ਲਈ ਰਵਾਇਤੀ ਤਰੀਕਿਆਂ ਵੱਲ ਵਾਪਸੀ ਕਰਨੀ ਪਈ। ਪਸ਼ੂਆਂ ਨੂੰ ਵੱਡੀ ਪੱਧਰ ਉੱਤੇ ਖੇਤੀ ਵਿੱਚ ਇਸਤੇਮਾਲ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ। ਆਰਗੈਨਿਕ ਖੇਤੀ ਵਿਕਸਤ ਕਰਨ ਲਈ ਯੋਜਨਾ ਬਣਾਈ ਗਈ। ਇਸ ਨਾਲ਼ ਖੇਤੀ ਖੇਤਰ ਵਿੱਚ ਪੈਦਾਵਾਰ ਕੁਝ ਹੱਦ ਵਧੀ ਪਰ ਪਛੜੇ ਸਾਧਨਾਂ ਨਾਲ਼ ਖੇਤੀ ਦੀ ਪੈਦਾਵਾਰ ਦਾ ਪੱਧਰ ਬਹੁਤਾ ਉੱਪਰ ਜਾਣਾ ਹੀ ਨਹੀਂ ਸੀ, ਸਿੱਟੇ 1990 ਦਾ ਦਹਾਕਾ ਖਤਮ ਹੋਣ ਤੋਂ ਪਹਿਲਾਂ ਖੇਤੀ ਵਿੱਚ ਇੱਕ ਵਾਰ ਫਿਰ ਖੜੋਤ ਆ ਗਈ।

ਤੀਸਰਾ ਅਹਿਮ ਕਦਮ ਇਹ ਚੁੱਕਿਆ ਗਿਆ ਕਿ ਸਵੈ-ਰੁਜ਼ਗਾਰ ਨੂੰ ਕਾਨੂੰਨੀ ਆਗਿਆ ਦੇਣੀ ਅਤੇ ਪਹਿਲਾਂ ਤੋਂ ਚੱਲ ਰਹੇ ਅਜਿਹੇ ਛੋਟੇ ਕਾਰੋਬਾਰਾਂ ਨੂੰ ਮਾਨਤਾ ਦੇਣੀ। ਵਧ ਰਹੀ ਬੇਰੁਜ਼ਗਾਰੀ ਨੂੰ ਕੰਟਰੋਲ ਕਰਨ ਲਈ ਇਹ ਕਦਮ ਉਠਾਉਣਾ ਲਾਜਮੀ ਹੋ ਗਿਆ ਸੀ। ਕਿਊਬਾ ਦੇ “ਸਮਾਜਵਾਦੀਆਂ” ਦਾ ਖੰਡ ਦੇ ਕਾਰੋਬਾਰ ਪ੍ਰਤੀ ਖਬਤ ਇੰਨਾ ਵਧ ਗਿਆ ਸੀ ਕਿ ਛੋਟੇ-ਮੋਟੇ ਸਟੋਰ ਚਲਾਉਣ ਵਾਲ਼ੇ, ਬਰਗਰ-ਹਾਟ ਡਾਗ ਆਦਿ ਵੇਚਣ ਵਾਲ਼ਿਆਂ ਨੂੰ 1968 ਵਿੱਚ “ਉਲਟ-ਇਨਕਲਾਬੀ” ਐਲਾਨ ਦਿੱਤਾ ਗਿਆ ਸੀ (ਫਿਦੇਲ ਕਾਸਤਰੋ ਦਾ 13 ਮਾਰਚ, 1968 ਦਾ ਭਾਸ਼ਣ) ਕਿਉਂਕਿ ਗੰਨੇ ਦੇ ਖੇਤਾਂ ਵਿੱਚ ਲੇਬਰ ਦੀ ਘਾਟ ਸੀ ਅਤੇ ਉਹ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਸਨ। ਸਿੱਟੇ ਵਜੋਂ ਤਦ 55,000 ਅਜਿਹੇ ਛੋਟੇ ਕਾਰੋਬਾਰ ਬੰਦ ਕਰਵਾਏ ਗਏ ਸਨ ਅਤੇ ਉਸ ਤੋਂ ਬਾਅਦ ਸਵੈ-ਰੁਜ਼ਗਾਰ ਨੂੰ ਕਾਨੂੰਨੀ ਮਾਨਤਾ ਨਹੀਂ ਸੀ।  

ਚੌਥਾ ਕਦਮ ਸੀ ਕਿਊਬਾ ਦੇ ਨਾਗਰਿਕਾਂ ਲਈ ਅਮਰੀਕੀ ਡਾਲਰ ਨੂੰ ਕੋਲ ਰੱਖਣਾ ਗੈਰ-ਅਪਰਾਧਿਕ ਬਣਾ ਦਿੱਤਾ ਗਿਆ ਅਤੇ ਕਿਊਬਾ ਤੋਂ ਬਾਹਰ ਬੈਠੇ ਕਿਊਬਾ ਦੇ ਲੋਕਾਂ ਨੂੰ ਵਧੇਰੇ ਧਨ ਰਾਸ਼ੀ ਕਿਊਬਾ ਭੇਜਣ ਦੀ ਖੁਲ੍ਹ ਦੇ ਦਿੱਤੀ ਗਈ। ਤੀਜੇ ਤੇ ਚੌਥੇ ਕਿਸਮ ਦੇ ਕਦਮਾਂ ਨੇ ਟੂਰਿਜਮ ਨੂੰ ਤੇਜ਼ੀ ਬਖਸ਼ੀ ਕਿਉਂਕਿ ਹੁਣ ਕਿਊਬਾ ਦੇ ਲੋਕ ਵਿਦੇਸ਼ੀ ਲੋਕਾਂ ਤੋਂ ਡਾਲਰ ਦੇ ਰੂਪ ਵਿੱਚ ਅਦਾਇਗੀ ਲੈ ਸਕਦੇ ਸਨ ਪਰ ਇਸ ਨਾਲ਼ ਕਿਊਬਾ ਵਿੱਚ ਵੇਸ਼ਵਾਗਮਨੀ, ਨਸ਼ੇ ਤੇ ਜੂਏਬਾਜ਼ੀ ਜਿਹੀਆਂ ਕੁਰੀਤੀਆਂ ਜਿੰਨ੍ਹਾਂ ਉੱਤੇ ਇਨਕਲਾਬ ਤੋਂ ਬਾਅਦ ਕਾਬੂ ਪਾ ਲਿਆ ਗਿਆ ਸੀ, ਇੱਕ ਵਾਰ ਸਿਰ ਚੁੱਕਣ ਲੱਗੀਆਂ ਹਨ। ਇਹ ਵੀ ਕਿਊਬਾ ਦੇ ਸਮਾਜਵਾਦ ਦੇ ਪਤਨ ਵੱਲ ਸੰਕੇਤ ਕਰਦਾ ਹੈ। ਇਹਨਾਂ ਸਾਰੇ ਕਦਮਾਂ ਨੇ ਭਾਵੇਂ ਵਕਤੀ ਤੌਰ ‘ਤੇ ਕਿਊਬਾ ਦੇ ਅਰਥਚਾਰੇ ਨੂੰ ਸਾਹ ਲੈਣ ਯੋਗਾ ਜਰੂਰ ਕੀਤਾ ਪਰ ਇਸਨੇ ਲੰਮੇ ਦਾਅ ਤੋਂ ਅਰਥਚਾਰੇ ਦੇ ਸੰਕਟ ਨੂੰ ਹੋਰ ਗੰਭੀਰ ਕਰਨਾ ਸੀ ਅਤੇ ਸਮਾਜ ਵਿੱਚ ਧਨ ਦੀ ਵੰਡ ਨੂੰ ਵਧੇਰੇ ਤੋਂ ਵਧੇਰ ਗੈਰ-ਬਰਾਬਰ ਕਰਦੇ ਜਾਣਾ ਸੀ ਜਿਸ ਨਾਲ਼ ਰਾਜਕੀ ਸਰਮਾਏਦਾਰਾ ਢਾਂਚੇ ਦਾ ਖੋਲ੍ਹ ਕਿਊਬਾ ਲਈ ਸਦਾ ਵਧੇਰੇ ਅਸਹਿਣਯੋਗ ਹੁੰਦਾ ਜਾਣਾ ਸੀ। ਇਹੀ ਹੁਣ 2006-07 ਦੇ ਸਾਲਾਂ ਤੋਂ ਹੋ ਰਿਹਾ ਹੈ ਅਤੇ ਇਸਦੇ ਸਿੱਟੇ ਵਜੋਂ ਕਿਊਬਾ ਦਿਨੋਂ-ਦਿਨ ਖੁੱਲ੍ਹੇ ਸਰਮਾਏਦਾਰਾ ਢਾਂਚੇ ਵੱਲ ਵਧ ਰਿਹਾ ਹੈ। 2011 ਦੀ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਵਿੱਚ ਪਾਸ ਕੀਤੀ ਗਈ ਯੋਜਨਾ ਨੀਤੀ ਇਸ ਵੱਲ ਸਪੱਸਟ ਇਸ਼ਾਰਾ ਕਰਦੀ ਹੈ।

ਇੱਕੀਵੀਂ ਸਦੀ ਵਿੱਚ ਕਿਊਬਾ

ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਕੀਤੇ ਗਏ ਸੁਧਾਰਾਂ ਅਤੇ “ਸਮਾਜਵਾਦ” ਨੂੰ “ਬਚਾਉਣ” ਲਈ ਉਠਾਏ ਗਏ ਸਾਰੇ ਕਦਮਾਂ ਦੇ ਬਾਵਜੂਦ ਕਿਊਬਾ ਦੇ ਅਰਥਚਾਰੇ ਨੂੰ ਲੀਹ ਉੱਤੇ ਲਿਆਉਣਾ ਸੰਭਵ ਨਹੀਂ ਹੋਇਆ। ਖੰਡ-ਅਧਾਰਤ ਐਗਰੋ-ਇੰਡਸਟਰੀ ਦਾ ਪਤਨ ਲਗਾਤਾਰ ਜਾਰੀ ਹੈ। 2007 ਤੱਕ ਆਉਂਦੇ-ਆਉਂਦੇ ਕਿਊਬਾ ਦੇ ਕੁਲ ਨਿਰਯਾਤ ਵਿੱਚ ਖੰਡ ਦਾ ਹਿੱਸਾ 10% ਰਹਿ ਗਿਆ ਹੈ ਜੋ ਕਦੇ 70-90% ਤੱਕ ਹੁੰਦਾ ਸੀ। 2002 ਵਿੱਚ ਖੰਡ ਦੀ ਪੈਦਾਵਾਰ ਨੂੰ ਸੰਕਟ ਤੋਂ ਪਹਿਲਾਂ ਦੇ ਪੱਧਰ ਤੱਕ ਲੈ ਜਾਣ ਦਾ ਟੀਚਾ ਤਿਆਗ ਦਿੱਤਾ ਗਿਆ ਕਿਉਂਕਿ ਇੱਕ ਤਾਂ ਕੌਮਾਂਤਰੀ ਮੰਡੀ ਵਿੱਚ ਖੰਡ ਦੀ ਮੰਗ ਤੇ ਕੀਮਤ ਵਧਣ ਦੇ ਕੋਈ ਆਸਾਰ ਨਹੀਂ ਸਨ, ਦੂਸਰਾ ਪੈਦਾਵਾਰ ਵਧਾਉਣ ਲਈ ਨਵੇਂ ਨਿਵੇਸ਼ ਦੀ ਲੋੜ ਹੈ ਜੋ ਕਿ ਕਿਊਬਾ ਦੀ ਸਰਕਾਰ ਦੇ ਵੱਸ ਦਾ ਕੰਮ ਨਹੀਂ ਹੈ। ਇਸ ਲਈ ਇਸ ਦੀ ਥਾਂ 2002 ਵਿੱਚ “ਮੁੜਉਸਾਰੀ ਯੋਜਨਾ” ਬਣਾਈ ਗਈ ਜਿਸ ਅਧੀਨ ਖੰਡ-ਮਿੱਲਾਂ ਦੇ ਬੰਦ ਹੋਣ ਦੀ ਰਫਤਾਰ ਪਹਿਲਾਂ ਨਾਲ਼ੋਂ ਵੀ ਤੇਜ ਹੋ ਗਈ। ਜਿਸ ਕਾਰਨ ਖੰਡ-ਮਿੱਲਾਂ ਦੀ ਗਿਣਤੀ 154 ਤੋਂ ਘਟ ਕੇ 85 ਰਹਿ ਗਈ ਅਤੇ 1,00,000 ਕਾਮੇ ਬੇਰੁਜ਼ਗਾਰ ਹੋ ਗਏ ਜਿਹੜੇ ਰੁਜ਼ਗਾਰ ਲਈ ਸਵੈ-ਰੁਜ਼ਗਾਰ ਅਪਣਾਉਣ ਵੱਲ ਚਲੇ ਜਾਣਗੇ ਜਾਂ ਅੱਗੇ ਵਧ ਰਹੇ ਨਿੱਜੀ ਖੇਤਰ ਵਿੱਚ ਕੰਮ ਕਰਨ ਲੱਗੇ। ਖੰਡ-ਅਧਾਰਤ ਖੇਤੀ ਤੇ ਸਨਅਤ ਦੇ ਪਤਨ ਹੋਣ ਦੇ ਨਾਲ਼ ਗੈਰ ਖੰਡ ਅਧਾਰਤ ਖੇਤੀ ਵੀ ਕੋਈ ਅੱਗੇ ਨਹੀਂ ਵਧ ਸਕੀ ਜਿਸ ਕਾਰਨ 2000-06 ਦੇ ਅਰਸੇ ਦੌਰਾਨ ਖੰਡ ਤੋਂ ਇਲਾਵਾ ਦੂਜੀਆਂ ਖੇਤੀ ਵਸਤਾਂ ਜਿਵੇਂ ਤੰਬਾਕੂ, ਮੱਛੀ ਆਦਿ ਦਾ ਨਿਰਯਾਤ ਵੀ ਥੱਲੇ ਆਇਆ ਹੈ। ਦੁੱਧ, ਮੀਟ, ਅੰਡੇ, ਅਨਾਜ, ਫਲ ਆਦਿ ਸਭ ਦੀ ਪੈਦਾਵਾਰ ਥੱਲੇ ਆਈ ਹੈ ਜਿਸਦਾ ਕਾਰਨ ਖੇਤੀ ਵਿੱਚ ਸਰਮਾਇਆ ਨਿਵੇਸ਼ ਨਾ ਹੋ ਸਕਣਾ ਹੈ। ਪੈਦਾਵਾਰ ਵਿੱਚ ਕਮੀ ਆਉਣ ਨਾਲ਼ ਖੁਰਾਕੀ ਪਦਾਰਥਾਂ ਦੀ ਦਰਾਮਦ ਪਹਿਲਾਂ ਨਾਲ਼ੋਂ ਵੀ ਵਧ ਗਈ ਹੈ। ਕਿਊਬਾ ਨੂੰ ਫਿਲਹਾਲ ਜੇ ਕੋਈ ਚੀਜ ਬਚਾ ਰਹੀ ਹੈ ਤਾਂ ਉਹ ਹੈ ਇਸ ਦੁਆਰਾ ਸੇਵਾਵਾਂ ਦੀ ਬਰਾਮਦਗੀ ਜੋ ਕੁਲ ਬਰਾਮਦ ਦਾ 70% ਹੈ ਅਤੇ ਕਿਊਬਾ ਦੇ ਅਰਥਚਾਰੇ ਨੂੰ ਹੂਗੋ ਸ਼ਾਵੇਜ ਦੇ ਵੈਨਜੂਏਲਾ ਵੱਲੋਂ ਸੇਵਾਵਾਂ ਦੇ ਬਦਲੇ ਤੇਲ ਤੇ ਮੁਦਰਾ ਦੀ ਸਪਲਾਈ। ਸੇਵਾਵਾਂ ਦੀ ਬਰਾਮਦਗੀ ਵਿੱਚ ਮੁੱਖ ਮੈਡੀਕਲ ਸੇਵਾਵਾਂ ਤੇ ਵਿੱਦਿਅਕ ਸੇਵਾਵਾਂ ਹਨ। ਇਸ ਤੋਂ ਬਿਨਾਂ ਵਿਦੇਸ਼ੀ ਮੁਦਰਾ ਦਾ ਮੁੱਖ ਸ੍ਰੋਤ ਸੈਰ-ਸਪਾਟਾ ਸਨਾਅਤ ਦਾ ਵਿਕਸਤ ਹੋਣਾ ਹੈ ਭਾਵੇਂ ਇਹ ਆਪਣੇ ਨਾਲ਼ ਆਪਣੀਆਂ ਬਿਮਾਰੀਆਂ ਵੀ ਲੈ ਕੇ ਆਈ ਹੈ।

ਪਰ ਇਹਨਾਂ ਸੁਧਾਰਾਂ ਦੇ ਬਾਵਜੂਦ ਕਿਊਬਾ ਦੇ ਅਰਥਚਾਰੇ ਦੀ ਹਾਲਤ ਜਸ ਦੀ ਤਸ ਬਣੀ ਹੋਈ ਸੀ। ਇਸ ਲਈ ਰਾਉਲ ਕਾਸਤਰੋ ਦੀ ਅਗਵਾਈ ਵਾਲ਼ੀ ਸਰਕਾਰ ਨੇ ਦਸੰਬਰ, 2010 ਵਿੱਚ ਹੋਰ ਵਧੇਰੇ ਵੱਡੇ ੍ਹਸੁਧਾਰ ਕਰਨ ਦੀ ਠਾਣ ਲਈ। ਇਹਨਾਂ ਤਜਵੀਜਾਂ ਨੂੰ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਵਿੱਚ ਪੇਸ਼ ਕੀਤਾ। 2011 ਦੀ ਇਹ ਕਾਂਗਰਸ 1997 ਤੋਂ ਬਾਅਦ ਪਾਰਟੀ ਦੀ ਪਹਿਲੀ ਕਾਂਗਰਸ ਸੀ। ਇਸ ਵਿੱਚ ਸਰਕਾਰ ਵੱਲੋਂ ਰਾਜਕੀ ਖੇਤਰ ਵਿੱਚੋਂ 5,00,000 ਕਾਮਿਆਂ ਦੀ ਛਾਂਟੀ ਕਰਨ ਦੀ ਯੋਜਨਾ ਪੇਸ਼ ਕੀਤੀ ਗਈ ਅਤੇ ਨਾਲ਼ ਹੀ ਨਿੱਜੀ ਖੇਤਰ ਲਈ ਹੋਰ ਛੋਟਾਂ ਦੇਣ ਦਾ ਪ੍ਰਬੰਧ ਕੀਤਾ ਗਿਆ। ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਉੱਦਮਾਂ ਦੀ ਪੂਰੀ ਮਾਲਕੀ ਨਿਵੇਸ਼ਕਾਂ ਨੂੰ ਦੇਣ, ਵੱਖ-ਵੱਖ ਟੈਕਸ ਛੋਟਾਂ ਦੇਣ ਅਤੇ ਨਿੱਜੀ ਉੱਦਮਾਂ ਲਈ ਸਰਕਾਰ ਵੱਲੋਂ ਬਾਜ਼ਾਬਤਾ ਕਿਰਤ ਮੁਹੱਈਆ ਕਰਵਾਉਣ ਲਈ ਲੇਬਰ ਕੰਟਰੈਕਟਰ ਤੱਕ ਬਣ ਜਾਣ ਦੀ ਆਫਰ ਦਿੱਤੀ ਜਾ ਰਹੀ ਹੈ। ਇਸ ਪਲਾਨ ਤਹਿਤ ਛਾਂਟੀ ਕੀਤੇ ਸਰਕਾਰੀ ਖੇਤਰ ਦੇ ਕਾਮਿਆਂ ਨੂੰ ਨਿੱਜੀ ਖੇਤਰ ਵਿੱਚ ਰੁਜ਼ਗਾਰ ਹਾਸਲ ਕਰਨ ਲਈ ਛੱਡ ਦਿੱਤਾ ਗਿਆ ਹੈ ਤਾਂ ਕਿ ਨਿੱਜੀ ਖੇਤਰ ਲਈ ਕਿਰਤ ਸ਼ਕਤੀ ਦੀ ਘਾਟ ਨਾ ਰਹੇ। ਚੀਨ ਦੀ ਤਰਜ਼ ਉੱਤੇ “ਸਪੈਸ਼ਲ ਆਰਥਿਕ ਜੋਨ” ਖੜੇ ਕਰਨ ਦੀ ਤਜਵੀਜ ਵੀ ਪੇਸ਼ ਕੀਤੀ ਗਈ ਅਤੇ 2015 ਤੱਕ ਨਿੱਜੀ ਖੇਤਰ ਦਾ ਅਰਥਚਾਰੇ ਵਿੱਚ ਹਿੱਸਾ ਵਧਾ ਕੇ 40% ਤੱਕ ਕਰਨ ਦਾ ਟੀਚਾ ਰੱਖਿਆ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਕੁਝ “ਕਿਊਬਾ ਵਿੱਚ ਸਮਾਜਵਾਦ ਨੂੰ ਸਥਿਰ ਅਤੇ ਅਮੋੜ ਬਣਾਉਣ” ਦੀ ਲੱਫਾਜ਼ੀ ਥੱਲੇ ਹੋ ਰਿਹਾ ਹੈ ਅਤੇ ਇਹਨਾਂ ਤਜਵੀਜਾਂ ਦਾ ਖਰੜਾ ਰਾਉਲ ਕਾਸਤਰੋ ਨੇ “ਕਾਸਤਰੋ ਬਰਾਂਡ” ਦੇ ਇੱਕ ਹੋਰ ਸਮਾਜਵਾਦੀ ਹੂਗੋ ਸ਼ਾਵੇਜ ਨੂੰ ਕਾਂਗਰਸ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹੀ ਪੜ੍ਹ ਕੇ ਸੁਣਾਇਆ ਭਾਵੇਂ ਇਸ ਉੱਤੇ ਅਜੇ ਪਾਰਟੀ ਦੇ ਅੰਦਰ ਵਿਚਾਰ-ਚਰਚਾ ਸ਼ੁਰੂ ਵੀ ਨਹੀਂ ਹੋਈ ਸੀ। ਇਹਨਾਂ ਤਜਵੀਜਾਂ ਨੂੰ ਅਮਲ ਵਿੱਚ ਉਤਾਰਨ ਲਈ ਮੈਰੀਅਲ ਵਿੱਚ ਨਵੀਂ ਬੰਦਰਗਾਹ ਖੋਲ੍ਹੀ ਗਈ ਹੈ ਅਤੇ 180 ਵਰਗਮੀਲ ਦਾ ਵਿਸ਼ੇਸ਼ ਆਰਥਿਕ ਜ਼ੋਨ ਬਣਾਇਆ ਜਾ ਰਿਹਾ ਹੈ। ਕਿਊਬਾ ਵੱਲੋਂ ਨਿੱਜੀ ਸਰਮਾਏ ਲਈ ਅਰਥਚਾਰੇ ਨੂੰ ਖੋਲਣ ਅਤੇ ਦਿੱਤੀਆਂ ਜਾ ਰਹੀਆਂ ਛੋਟਾਂ ਕਿਊਬਾ ਦੇ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਵਪਾਰਕ ਪਾਬੰਦੀਆਂ ਲਗਾਉਣ ਵਾਲ਼ੇ ਅਮਰੀਕਾ ਦਾ ਦਿਲ ਵੀ ਪਿਘਲਾ ਦਿੱਤਾ ਹੈ।

ਨਵੀਆਂ ਹਾਲਤਾਂ ਵਿੱਚ ਅਮਰੀਕੀ ਸਰਮਾਇਆ ਵੀ ਕਿਊਬਾ ਨਾਲ਼ ਸਭ ਦੁਸ਼ਮਣੀਆਂ ਭੁਲਾ ਕੇ ਮੁਨਾਫਾ ਕੁੱਟਣ ਖਾਤਰ ਸਮਾਂ ਜ਼ਾਇਆ ਨਹੀਂ ਕਰਨਾ ਚਾਹੁੰਦਾ, ਸਿੱਟੇ ਵਜੋਂ ਅਮਰੀਕੀ ਸਰਕਾਰ ਪਿਛਲੇ ਡੇਢ ਸਾਲ ਤੋਂ ਗੁਪਤ ਰੂਪ ਵਿੱਚ ਕਿਊਬਾ ਨਾਲ਼ ਵਾਰਤਾਵਾਂ ਵਿੱਚ ਲੱਗੀ ਹੋਈ ਸੀ। ਕਿਊਬਾ ਵੀ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਨਾਲ਼ ਨੇੜਤਾ ਬਣਾਉਣ ਦੇ ਜਤਨ ਕਰ ਰਿਹਾ ਸੀ ਕਿਉਂਕਿ ਵੈਨਜੂਏਲਾ ਤੋਂ ਮਿਲਣ ਵਾਲ਼ੇ ਤੇਲ ਅਤੇ ਡਾਲਰਾਂ ਦੀ ਚਮਕ ਫਿੱਕੀ ਪੈਂਦੀ ਜਾ ਰਹੀ ਸੀ ਅਤੇ ਹੂਗੋ ਸ਼ਾਵੇਜ ਦੀ ਮੌਤ ਤੋਂ ਬਾਅਦ ਵੈਨਜੂਏਲਾ ਵੱਲੋਂ ਵੀ ਕਿਊਬਾ ਦੇ ਸਹਾਇਤਾ ਵਿੱਚ ਕਟੌਤੀ ਹੋ ਰਹੀ ਹੈ ਅਤੇ ਕਿਸੇ ਸਮੇਂ ਵੀ ਕਿਊਬਾ ਫਿਰ ਤੋਂ ਹੋਂਦ ਕਾਇਮ ਰੱਖਣ ਦੇ ਸੰਕਟ ਵਿੱਚ ਫਸ ਸਕਦਾ ਹੈ। ਕਿਊਬਾ ਤੇ ਅਮਰੀਕਾ ਦੀਆਂ ਹਾਕਮ ਜਮਾਤਾਂ ਦੇ ਹਿਤ ਉਹਨਾਂ ਨੂੰ ਨੇੜੇ ਲੈ ਆਏ ਹਨ ਜਿਸ ਦਾ ਨਤੀਜਾ 17 ਦਸੰਬਰ, 2014 ਨੂੰ ਰਾਉਲ ਕਾਸਤਰੋ ਤੇ ਉਬਾਮਾ ਦੇ ਇੱਕੋ ਸਮੇਂ ਪ੍ਰਸਾਰਤ ਹੋਏ ਭਾਸ਼ਣ ਅਤੇ ਉਬਾਮਾ ਵੱਲੋਂ ਕਿਊਬਾ ਨਾਲ਼ ਕੂਟਨੀਤਕ ਰਿਸ਼ਤੇ ਬਹਾਲ ਕਰਨ ਅਤੇ ਪਾਬੰਦੀਆਂ ਨੂੰ ਰੈਲਾ ਕਰਨ ਤੇ ਹੋਰ ਕਈ ਛੋਟਾਂ ਦੇਣ ਦਾ ਐਲਾਨ ਵਿੱਚ ਸਾਹਮਣੇ ਆਇਆ ਹੈ। ਇਸ ਨਾਲ਼ ਕਿਊਬਾ ਉੱਤੇ ਅੱਧੀ ਸਦੀ ਤੋਂ ਵਧੇਰੇ ਸਮੇਂ ਤੋਂ ਲੱਗੀਆਂ ਹੋਈਆਂ ਵਪਾਰਕ ਪਾਬੰਦੀਆਂ ਦੇ ਖਤਮ ਹੋਣ ਦੇ ਆਸਾਰ ਪੈਦਾ ਹੋ ਗਏ ਹਨ। ਇਸ ਐਲਾਨ ਤੋਂ “ਕਿਊਬਾਈ ਸਮਾਜਵਾਦ” ਦੇ ਦੁਨੀਆਂ ਭਰ ‘ਚ ਬੈਠੇ ਸ਼ੁਭਚਿੰਤਕ ਤੇ ਹਮਾਇਤੀ ਖੁਸ਼ੀ ਵਿੱਚ ਕਿਲਕਾਰੀਆਂ ਮਾਰ ਰਹੇ ਹਨ ਅਤੇ ਕੁਝ-ਕੁਝ ਤੌਖਲੇ ਵੀ ਪ੍ਰਗਟ ਕਰ ਰਹੇ ਹਨ। ਕਿਊਬਾਈ ਸਮਾਜਵਾਦ ਨੇ ਅਮਰੀਕੀ ਸਾਮਰਾਜਵਾਦ ਨੂੰ ਝੁਕਾ ਦਿੱਤਾ, ਸਰਮਾਏਦਾਰੀ ਨੂੰ ਸਮਾਜਵਾਦ ਅੱਗੇ ਝੁਕਣਾ ਪਿਆ, ਜਿਹੇ ਵੱਡੇ-ਵੱਡੇ ਗੁਬਾਰੇ ਹਵਾਵਾਂ ਵਿੱਚ ਉਡਾਉਣ ਦੇ ਜਤਨ ਸ਼ੁਰੂ ਹੋ ਗਏ ਹਨ। ਕੁਝ ਹੋਰ ਹਨ ਜਿਹਨਾਂ ਨੂੰ ਇਸ ਐਲਾਨ ਵਿੱਚ ਕੁਝ ਕਾਲਾ ਦਿਖ ਰਿਹਾ ਹੈ ਅਤੇ ਡਰ ਹੈ ਕਿ ਕਿਤੇ ਕਿਊਬਾ ਅਮਰੀਕੀ ਸਾਮਰਾਜ ਨਾਲ਼ ਸਬੰਧ ਬਹਾਲ ਕਰਕੇ “ਸਮਾਜਵਾਦੀ ਰਸਤੇ” ਤੋਂ ਭਟਕ ਨਾ ਜਾਵੇ। ਪਰ ਮਾਰਕਸਵਾਦ ਦੀ ਜਰਾ ਜਿੰਨੀ ਜਾਣਕਾਰੀ ਅਤੇ ਇਸ ਤਰੀਕਾਕਾਰ ਦੀ ਵਰਤੋਂ ਕਰਦੇ ਹੋਏ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਊਬਾ ਦਾ ਅਰਥਚਾਰਾ ਕਦੇ ਸਮਾਜਵਾਦੀ ਖਾਸੇ ਦਾ ਹੈ ਹੀ ਨਹੀਂ ਸੀ, ਕਿਊਬਾ ਇੱਕ ਰਾਜਕੀ ਸਰਮਾਏਦਾਰਾ ਖਾਸੇ ਵਾਲ਼ਾ ਮੁਲਕ ਸੀ ਜਿਹੜਾ ਸੋਵੀਅਤ ਯੂਨੀਅਨ ਉੱਤੇ ਬੁਰੀ ਤਰ੍ਹਾਂ ਨਾਲ਼ ਨਿਰਭਰ ਸੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਇਸਦਾ ਅਰਥਚਾਰਾ ਗੰਭੀਰ ਸੰਕਟ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਕਾਰਨ ਇਸ ਅੱਗੇ ਇੱਕੋ ਇੱਕ ਰਸਤਾ ਖੁੱਲ੍ਹੇ ਸਰਮਾਏਦਾਰਾ ਢਾਂਚੇ ਵੱਲ ਵਾਪਸੀ ਦਾ ਹੈ, ਅਤੇ ਬਿਲਕੁਲ ਇਹੀ ਕਿਊਬਾ ਕਰ ਵੀ ਰਿਹਾ ਹੈ। ਕਿਊਬਾ ਨਾ ਕਦੇ ਸਮਾਜਵਾਦੀ ਦੇਸ਼ ਸੀ, ਅਤੇ ਨਾ ਹੀ ਅੱਜ ਹੈ।

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s